Wednesday, October 26, 2011

         ਏਥੇ ਦੀਵੇ ਬਲਦੇ ਦੁੱਖਾਂ ਦੇ...
                      ਚਰਨਜੀਤ ਭੁੱਲਰ
ਬਠਿੰਡਾ : ਜਦੋਂ ਸਰਕਾਰੀ ਇਰਾਦਾ ਮਾੜਾ ਹੋਵੇ ਤਾਂ ਕੇਸ ਇਰਾਦਾ ਕਤਲ ਦਾ ਹੀ ਬਣਦਾ ਹੈ। ਨਾ ਫਿਰ ਕਸੂਰ ਦੇਖਿਆ ਜਾਂਦਾ ਹੈ ਤੇ ਨਾ ਹੀ ਕਿਸੇ ਬੱਚੇ ਬੱਚੀ ਦਾ ਭਵਿੱਖ। ਸਕੂਲ ਪੜ੍ਹਦੀ ਬੱਚੀ ਸੁਖਦੀਪ ਨੂੰ ਥਾਣੇ ਦਾ ਮੂੰਹ ਦਿਖਾ ਦਿੱਤਾ ਗਿਆ ਹੈ। ਜਦੋਂ ਹੁਕਮ ਉਪਰੋਂ ਆਏ ਹੋਣ ਤਾਂ ਥਾਣੇਦਾਰ ਦੀ ਕਲਮ ਵੀ ਲੇਖ ਕਾਲੇ ਹੀ ਲਿਖਦੀ ਹੈ। ਬੱਚੀ ਸੁਖਦੀਪ ਕੌਰ 'ਤੇ  ਇਰਾਦਾ ਕਤਲ ਦਾ ਕੇਸ ਬਣਿਆ ਹੈ। ਉਹ ਵੀ ਬਿਨ੍ਹਾਂ ਕਸੂਰੋਂ। ਜੋ ਇਸ ਬੱਚੀ ਦੇ ਅਰਮਾਨ ਕਤਲ ਹੋਏ ਹਨ,ਉਨ੍ਹਾਂ ਦਾ ਕੋਈ ਲੇਖਾ ਨਹੀਂ। ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀ ਇਹ ਧੀਅ ਹੁਣ ਕਿਸ ਦਰ ਜਾਵੇ। ਏਨਾ ਕੁ ਕਸੂਰ ਉਸ ਦਾ ਹੈ ਕਿ ਉਹ 'ਜ਼ਮੀਨ ਨਹੀਂ ਦਿਆਂਗੇ' ਉਚੀ ਅਵਾਜ਼ 'ਚ ਆਖ ਬੈਠੀ। ਮਾਮਲਾ ਇਰਾਦਾ ਕਤਲ ਦਾ ਬਣ ਗਿਆ। ਉਸ ਦੇ ਬਾਪ ਸਿਰ ਪੰਜ ਲੱਖ ਦਾ ਖੇਤੀ ਕਰਜ਼ਾ ਹੈ। ਸਰਕਾਰੀ ਅੱਖ ਉਨ੍ਹਾਂ ਦੀ ਜ਼ਮੀਨ 'ਤੇ ਟਿਕੀ ਹੋਈ ਹੈ। ਇਸ ਬੱਚੀ ਨੂੰ ਹੁਣ ਫਿਕਰ ਪੜਣ ਲਿਖਣ ਦਾ ਨਹੀਂ,ਬਾਪ ਦੀ ਪੈਲੀ ਖੁਸਣ ਦਾ ਸਿਰ 'ਤੇ ਭਾਰ ਹੈ। ਬਾਪ ਦੀ ਪੱਗ ਲਈ ਉਸ ਨੇ ਹਵਾਲਾਤ ਵੀ ਵੇਖ ਲਿਆ ਹੈ। ਜਦੋਂ ਮਸਲੇ ਵੱਡੇ ਬਣ ਜਾਣ ਤਾਂ ਫਿਰ ਥਾਣੇ ਵੀ ਛੋਟੇ ਲੱਗਦੇ ਹਨ। ਲੋਕ ਰਾਜੀ ਸਰਕਾਰ ਲੋਕਾਂ ਦਾ ਚਿਹਰਾ ਪੜ੍ਹਦੀ ਤਾਂ ਇਸ ਬੱਚੀ ਨੂੰ ਥਾਣਾ ਨਾ ਦੇਖਣਾ ਪੈਂਦਾ। ਇਸ ਬੱਚੀ ਦਾ ਬਾਪ ਤਾਪ ਬਿਜਲੀ ਘਰ ਲਈ 'ਪਿਉਨਾ ਕੰਪਨੀ' ਨੂੰ ਆਪਣੇ ਖੇਤ ਨਹੀਂ ਦੇਣਾ ਚਾਹੁੰਦਾ। ਨਾ ਉਹ ਚੈਕ ਲੈਂਦਾ ਹੈ। ਤਾਹੀਂ ਉਹ ਪੁਲੀਸ ਦੀ ਅੱਖ ਦੀ ਰੜ੍ਹਕ ਬਣ ਗਿਆ ਹੈ।  ਸਬਕ ਸਿਖਾਉਣ ਖਾਤਰ ਇਹੋ ਰੜ੍ਹਕ ਉਸ ਦੀ ਬੱਚੀ 'ਤੇ ਕੱਢ ਦਿੱਤੀ ਗਈ ਹੈ। ਗੋਬਿੰਦਪੁਰਾ ਦੇ ਜ਼ਮੀਨੀ ਮਸਲੇ ਦਾ ਅੰਤ ਕੋਈ ਵੀ ਹੋਵੇ ਲੇਕਿਨ ਦਰਜ਼ਨਾਂ ਧੀਆਂ ਦੇ ਇਹ ਜਖਮ ਜ਼ਿੰਦਗੀ ਭਰ ਰਿਸਦੇ ਰਹਿਣਗੇ।
          ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੁਰਸੀ ਸੰਭਾਲਣ ਮਗਰੋਂ ਵਾਅਦਾ ਕੀਤਾ ਗਿਆ ਸੀ ਕਿ 'ਕਿਸੇ ਔਰਤ ਨੂੰ ਥਾਣੇ ਨਹੀਂ ਸੱਦਿਆ ਜਾਏਗਾ।' ਗੋਬਿੰਦਪੁਰਾ ਦੀ 19 ਵਰ੍ਹਿਆਂ ਦੀ ਜਵਾਨ ਧੀਅ ਅਮਨਪ੍ਰੀਤ ਕੌਰ ਨੂੰ ਜ਼ਿਲ੍ਹੇ ਦਾ ਹਰ ਥਾਣਾ ਦਿਖਾ ਦਿੱਤਾ ਗਿਆ ਹੈ। ਪੁਲੀਸ ਨੇ ਪੰਜ ਦਫਾ ਉਸ ਨੂੰ ਹਵਾਲਾਤ ਡੱਕਿਆ ਹੈ। ਉਸ ਮਗਰੋਂ ਬਠਿੰਡਾ ਜੇਲ੍ਹ ਦੀ ਵਿਖਾ ਦਿਤੀ ਹੈ। ਬੁਢਲਾਡਾ ਦੇ ਗੁਰੂ ਨਾਨਕ ਕਾਲਜ 'ਚ ਬੀ.ਏ ਭਾਗ ਦੂਜਾ 'ਚ ਪੜ੍ਹਦੀ ਅਮਨਪ੍ਰੀਤ 'ਤੇ ਹੁਣ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਹ ਆਖਦੀ ਹੈ ਕਿ ਮੁੱਖ ਮੰਤਰੀ ਤਾਂ ਆਪਣਾ ਵਾਅਦਾ ਭੁੱਲ ਗਏ ਪ੍ਰੰਤੂ ਉਹ ਪੁਲੀਸ ਕੇਸ ਦੇ ਦਾਗ ਨੂੰ ਕਦੇ ਨਹੀਂ ਭੁੱਲੇਗੀ। ਉਸ ਦੀ ਵੱਡੀ ਭੈਣ ਗਗਨਪ੍ਰੀਤ ਕੌਰ ਅਧਿਆਪਕ ਬਣਨਾ ਚਾਹੁੰਦੀ ਸੀ। ਪੁਲੀਸ ਨੇ ਉਸ ਨੂੰ ਮੁਜ਼ਰਮ ਬਣਾ ਦਿੱਤਾ ਹੈ। ਇਨ੍ਹਾਂ ਭੈਣਾਂ ਦੀ ਮਾਂ ਤੇ ਬਾਪ ਤੋਂ ਬਿਨ੍ਹਾਂ ਭਰਾ ਅਤੇ 70 ਵਰ੍ਹਿਆਂ ਦੀ ਦਾਦੀ 'ਤੇ ਵੀ ਪੁਲੀਸ ਕੇਸ ਬਣਾ ਦਿੱਤਾ ਗਿਆ ਹੈ। ਇਨ੍ਹਾਂ ਧੀਆਂ ਦਾ ਕਹਿਣਾ ਹੈ ਕਿ 'ਜ਼ਮੀਨ ਸਾਡੀ ਮਾਂ ਹੈ,ਜਦੋਂ ਮਾਂ ਹੀ ਹੱਥੋਂ ਚਲੀ ਗਈ,ਫਿਰ ਜੀਵਨ ਕਾਹਦਾ।' ਇਹ ਪਰਿਵਾਰ ਪਿਉਨਾ ਕੰਪਨੀ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਦੇ ਬਾਪ ਗੁਰਲਾਲ ਸਿੰਘ 'ਤੇ ਤਾਂ ਕਈ ਪਰਚੇ ਦਰਜ ਕੀਤੇ ਗਏ ਹਨ। ਇਸ ਪਿੰਡ ਦੀ ਸਕੂਲੀ ਬੱਚੀ ਹਰਪ੍ਰੀਤ ਕੌਰ ਨੇ ਮਈ 2009 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਆਪਣੇ ਪਿੰਡ 'ਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਔਰਤਾਂ ਨਾਲ ਚੁੰਨੀਆਂ ਵਟਾਉਂਦੀ ਨੂੰ ਦੇਖਿਆ ਹੈ। ਹੁਣ ਇਹ ਬੱਚੀ ਉਹੀ ਚੁੰਨੀ ਪੁਲੀਸ ਹੱਥੋਂ ਲੀਰੋ ਲੀਰ ਹੁੰਦੀ ਵੇਖ ਰਹੀ ਹੈ। ਬੱਚੀ ਆਖਦੀ ਹੈ ਕਿ ਨੰਨ੍ਹੀ ਛਾਂ ਸਾਡਾ ਨਹੀਂ ਤਾਂ ਸਾਡੀ ਚੁੰਨੀ ਦਾ ਹੀ ਵਚਨ ਨਿਭਾ ਦਿੰਦੀ। ਪੁਲੀਸ ਨੇ ਇਸ ਬੱਚੀ ਨੂੰ ਵੀ ਇਰਾਦਾ ਕਤਲ 'ਚ ਫਸਾ ਦਿੱਤਾ ਹੈ।
ਬਾਪ ਦੀ ਉਮਰ ਤੋਂ ਵੱਡੇ ਥਾਣੇਦਾਰਾਂ ਨੇ ਇਨ੍ਹਾਂ ਬੱਚੀਆਂ ਨਾਲ ਕੋਈ ਲਿਹਾਜ ਨਹੀਂ ਕੀਤੀ। ਇਸ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਪੁਲੀਸ ਨੇ ਉਨ੍ਹਾਂ ਦੇ ਦੋ ਏਕੜ ਹਰੇ ਝੋਨੇ 'ਤੇ ਦਵਾਈ ਛਿੜਕਾ ਦਿੱਤੀ। ਜਦੋਂ ਉਹ ਆਪਣੀ ਜੱਦੀ ਪੁਸ਼ਤੀ ਜਾਇਦਾਦ ਨੂੰ ਬਚਾਉਣ ਤੋਂ ਪਿਛੇ ਨਾ ਹਟੇ ਤਾਂ ਉਨ੍ਹਾਂ ਦੀ ਸਕੂਲ ਪੜ੍ਹਦੀ ਬੱਚੀ 'ਤੇ ਪੁਲੀਸ ਕੇਸ ਪਾ ਦਿੱਤਾ। ਏਦਾ ਹੀ 18 ਵਰ੍ਹਿਆਂ ਦੀ ਲੜਕੀ ਸੁਖਦੀਪ ਕੌਰ ਨਾਲ ਹੋਈ ਹੈ। ਉਹ ਤਾਂ ਕਿਸੇ ਸੰਘਰਸ਼ ਦੇ ਰਾਹ ਵੀ ਨਹੀਂ ਪਈ ਸੀ ਲੇਕਿਨ ਫਿਰ ਵੀ ਉਸ 'ਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ।
          ਪਿੰਡ ਗੋਬਿੰਦਪੁਰਾ ਦੀ ਜੂਹ ਤੋਂ ਇਹ ਸਭ ਕੁਝ ਝੱਲਿਆ ਨਹੀਂ ਜਾ ਰਿਹਾ ਹੈ। ਇਸ ਜੂਹ ਨੇ ਪਿੰਡ 'ਚ ਹਾਸੇ ਠੱਠੇ ਦੇਖੇ ਹਨ। ਖੇਤਾਂ 'ਚ ਫਸਲਾਂ ਦੇ ਚੋਝ ਦੇਖੇ ਹਨ। ਪਿਪਲਾਂ 'ਤੇ ਪੀਘਾਂ ਝੂਟਦੀਆਂ ਧੀਆਂ ਨੂੰ ਦੇਖਿਆ ਹੈ। ਸਕੂਲ ਜਾਂਦੀਆਂ ਬੱਚੀਆਂ ਦੀ ਪੈੜ ਚਾਲ ਵੀ ਨਿੱਤ ਸੁਣੀ ਹੈ। ਸਰਕਾਰਾਂ ਨੂੰ ਸ਼ਰਮ ਹੁੰਦੀ ਤਾਂ ਇਸ ਪਿੰਡ ਨਾਲ ਹਾਸੇ ਰੁੱਸਣੇ ਨਹੀਂ ਸਨ। ਗੋਬਿੰਦਪੁਰਾ ਸ਼ਰਮ 'ਚ ਜ਼ਰੂਰ ਡੁੱਬਾ ਹੋਇਆ ਹੈ। ਦਿਨ ਰਾਤ ਪੁਲੀਸ ਦਾ ਪਹਿਰਾ ਉਸ ਦਾ ਧਰਵਾਸ ਤੋੜ ਰਿਹਾ ਹੈ। ਧੀਆਂ ਭੈਣਾਂ ਪਿਛੇ ਦੌੜਦੀ ਪੁਲੀਸ ਨੂੰ ਦੇਖ ਕੇ ਉਹ ਵਾਰਸ ਸਾਹ ਨੂੰ ਸੱਦਣੋ ਬੇਵੱਸ ਹੈ। ਘੋੜ ਸਵਾਰ ਪੁਲੀਸ ਦੀ ਗਲੀਆਂ'ਚ ਨਿੱਤ ਹੁੰਦੀ ਦਗੜ ਦਗੜ ਦੇਖਣੀ ਉਸ ਦੇ ਭਾਗ ਹੀ ਬਣ ਗਏ ਹਨ। ਗੋਬਿੰਦਪੁਰਾ ਨੇ ਆਹ ਦਿਨ ਵੀ ਵੇਖਣੇ ਸਨ। ਗੋਬਿੰਦਪੁਰਾ ਨੂੰ ਮਾਣ ਵੀ ਜ਼ਰੂਰ ਹੈ ਕਿ ਉਸ ਦਾ ਹਰ ਨਿਆਣਾ ਸਿਆਣਾ ਹੱਕ ਲਈ ਲੜਣਾ ਜਾਣਦਾ ਹੈ। ਕਿਸਾਨ ਤੇ ਮਜ਼ਦੂਰ ਧਿਰਾਂ ਇਸ ਪਿੰਡ ਦੀ ਰਾਖੀ ਲਈ ਉਤਰੀਆਂ ਹਨ। ਹੁਣ ਸੋਖਾ ਨਹੀਂ ਖੇਤਾਂ ਦਾ ਪੁੱਤਾਂ ਨੂੰ ਖੇਤਾਂ ਤੋਂ ਵਿਰਵੇ ਕਰਨਾ। ਪੁਲੀਸ ਨੂੰ ਹੁਣ ਪਿੰਡ ਦੀ ਹਰ ਧੀਅ ਚੋਂ 'ਝਾਂਸੀ ਦੀ ਰਾਣੀ' ਦਾ ਝਉਲਾ ਪੈਂਦਾ ਹੈ।
          ਜ਼ਿੰਦਗੀ ਦੀ ਢਲਦਾ ਪ੍ਰਛਾਵਾ ਵੀ ਜੇਲ੍ਹ ਵੇਖ ਚੁੱਕਾ ਹੈ। 70 ਵਰ੍ਹਿਆਂ ਦੀ ਬੇਬੇ ਗੁਰਦੇਵ ਕੌਰ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ। ਪੁਲੀਸ ਆਖਦੀ ਹੈ ਕਿ ਉਸ ਨੇ ਤਾਂ ਕਤਲ ਕਰ ਦੇਣਾ ਸੀ। ਉਸ ਉਪਰ ਧਾਰਾ 307 ਦਾ ਕੇਸ ਦਰਜ ਕਰ ਦਿੱਤਾ ਹੈ। ਪੋਤਿਆਂ ਲਈ ਜ਼ਮੀਨ ਬਚ ਜਾਏ,ਇਹੋ ਉਸ ਦੀ ਆਖਰੀ ਇੱਛਾ ਹੈ। ਮੁਢ ਕਦੀਮ ਤੋਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਹਵਾਲਾਤ ਦੇਖਣੇ ਪੈਣਗੇ। ਉਹ ਤਾਂ ਪੁਲੀਸ ਦੀ ਡਾਂਗ ਵੀ ਝੱਲ ਚੁੱਕੀ ਹੈ। ਕਿਉਂਕਿ ਉਹ ਕਿਸਾਨ ਨੇਤਾ ਗੁਰਲਾਲ ਸਿੰਘ ਦੀ ਮਾਂ ਹੈ। 72 ਵਰ੍ਹਿਆਂ ਦੀ ਵਿਧਵਾ ਔਰਤ ਅਮਰਜੀਤ ਕੌਰ ਤੇ ਉਸ ਦੀ 56 ਸਾਲ ਦੀ ਵਿਧਵਾ ਭੈਣ ਸੁਖਦੇਵ ਕੌਰ ਲਈ ਇਹ ਦੁੱਖ ਕੋਈ ਨਵੇਂ ਨਹੀਂ ਹਨ। ਅਮਰਜੀਤ ਕੌਰ ਦਾ ਪਤੀ ਜੱਗਾ ਸਿੰਘ ਇਸ ਜਹਾਨੋ ਚਲਾ ਗਿਆ ਹੈ। ਜਦੋਂ ਅਮਰਜੀਤ ਕੌਰ ਦੇ ਘਰ ਔਲਾਦ ਨਾ ਹੋਈ ਤਾਂ ਉਹ ਆਪਣੀ ਛੋਟੀ ਭੈਣ ਨੂੰ ਸੁਖਦੇਵ ਕੌਰ ਨੂੰ ਆਪਣੇ ਘਰ ਲੈ ਆਈ। ਪਰ ਉਸ ਦੇ ਵੀ ਔਲਾਦ ਨਾ ਹੋਈ। ਹੁਣ ਵਿਧਵਾ ਭੈਣਾਂ ਦੀ ਸੱਤ ਏਕੜ ਜ਼ਮੀਨ ਐਕੁਆਇਰ ਕਰ ਲਈ ਗਈ ਹੈ। ਭਾਵੇਂ ਉਨ੍ਹਾਂ ਦੇ ਔਲਾਦ ਤਾਂ ਨਹੀਂ ਹੋਈ ਲੇਕਿਨ ਜੱਗੇ ਜੱਟ ਦੀ ਆਖਰੀ ਨਿਸ਼ਾਨੀ ਜ਼ਮੀਨ ਨੂੰ ਬਚਾਉਣ ਲਈ ਇਨ੍ਹਾਂ ਭੈਣਾਂ ਨੂੰ ਪੁਲੀਸ ਦਾ ਕੋਈ ਭੈਅ ਨਹੀਂ ਰਿਹਾ। ਇਰਾਦਾ ਕਤਲ ਦੇ ਕੇਸ ਵੀ ਉਨ੍ਹਾਂ ਦੇ ਜਜਬਾ ਨਹੀਂ ਤੋੜ ਸਕੇ ਹਨ। ਬਿਰਧ ਸੁਰਜੀਤ ਕੌਰ ਦਾ ਸਿਰੜ ਦੇਖੇ। ਉਹ ਆਖਦੀ ਹੈ ਕਿ 50 ਵਰ੍ਹੇ ਪਹਿਲਾਂ ਪਿੰਡ ਗੋਬਿੰਦਪੁਰਾ 'ਚ ਡੋਲੀ 'ਚ ਬੈਠ ਕੇ ਆਈ ਸੀ,ਹੁਣ ਅਰਥੀ ਵੀ ਇਸੇ ਪਿੰਡ ਚੋਂ ਉਠੇਗੀ ਪਰ ਜ਼ਮੀਨ ਨਹੀਂ ਛੱਡਾਂਗੇ।
           ਭਾਵੇਂ ਇਹ ਮਸਲਾ ਦੇਰ ਸਵੇਰ ਕਿਵੇਂ ਵੀ ਸੁਲਝ ਜਾਏ ਪ੍ਰੰਤੂ ਇਸ ਮਸਲੇ ਦੀ ਚੀਸ ਜਵਾਨ ਧੀਆਂ ਦੇ ਹਮੇਸ਼ਾ ਪੈਂਦੀ ਰਹੇਗੀ। ਇਹੋ ਚੀਸ ਬੁਢਾਪੇ ਦੇ ਅੰਤਲੇ ਸਾਹ ਤੱਕ ਸਾਹ ਬਣ ਕੇ ਹੀ ਚੱਲੇਗੀ। ਹੁਣ ਤੁਸੀਂ ਹੀ ਦੱਸੋ ਕਿ ਜਿਸ ਪਿੰਡ 'ਤੇ ਪਹਾੜ੍ਹ ਡਿੱਗੇ ਹੋਣ,ਉਹ ਕਿਵੇਂ ਬਨੇਰਿਆਂ 'ਤੇ ਦੀਪ ਬਾਲਣ। ਜਿਨ੍ਹਾਂ ਦੇ ਘਰ ਹੀ ਨਹੀਂ ਰਹੇ, ਉਹ ਦੀਵੇ ਕਿਥੇ ਰੱਖਣ। ਮਸਲੇ ਦੇ ਹੱਲ ਤੱਕ ਇਸ ਪਿੰਡ 'ਚ ਹਰ ਦੀਵਾਲੀ ਦੁੱਖਾਂ ਦੇ ਦੀਪ ਹੀ ਬਲਣਗੇ। ਲੋੜ ਇਸ ਗੱਲ ਦੀ ਹੈ ਕਿ ਦੀਵਾਲੀ ਦੀ ਰੋਸਨੀ ਤੋਂ ਹੀ ਸਰਕਾਰ ਕੁਝ ਸਿਖ ਲਵੇ। ਇਸ ਪਿੰਡ ਦੇ ਦੁੱਖਾਂ ਦਾ ਚਿਹਰਾ ਪੜ੍ਹ ਲਵੇ ਤਾਂ ਜੋ ਪੰਜਾਬ ਦੇ ਕਿਸੇ ਹੋਰ ਪਿੰਡ ਨੂੰ ਪੁਲੀਸ ਦਾ ਪਹਿਰਾ ਨਾ ਝੱਲਣਾ ਪਵੇ।

Sunday, October 23, 2011

     ਹੁਣ ਮਹਿਲਾ ਤਸਕਰੀ ਦੇ ਰਾਹ 'ਤੇ
                            ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ 'ਚ ਔਰਤਾਂ ਤਸਕਰ ਬਣਨ ਲਈ ਮਜ਼ਬੂਰ ਹਨ। ਪੰਜਾਬ 'ਚ ਕਰੀਬ ਤਿੰਨ ਹਜ਼ਾਰ ਔਰਤਾਂ ਹਨ ਜੋ ਨਸ਼ਿਆਂ ਦੇ ਕਾਰੋਬਾਰ 'ਚ ਕੁੱਦ ਪਈਆ ਹਨ। ਘਰਾਂ ਦੀ ਤੰਗੀ ਤੁਰਸ਼ੀ ਨੇ ਉਨ੍ਹਾਂ ਨੂੰ ਚੁਲ੍ਹੇ ਚੌਂਕੇ ਤੋਂ ਉਠਾ ਕੇ ਇਸ ਰਾਹ ਪਾ ਦਿੱਤਾ ਹੈ। ਇਨ੍ਹਾਂ 'ਚ 15 ਤੋਂ 20 ਫੀਸਦੀ ਔਰਤਾਂ ਤਾਂ ਵਿਧਵਾ ਹਨ। ਪੰਜਾਬ 'ਚ ਮਾਝੇ ਦੀ ਔਰਤ ਸ਼ਰਾਬ ਦੀ ਤਸ਼ਕਰੀ ਕਰਨ ਲੱਗੀ ਹੈ ਜਦੋਂ ਕਿ ਦੁਆਬੇ ਦੀ ਔਰਤ ਸਮੈਕ ਦਾ ਧੰਦਾ ਕਰਨ ਲੱਗ ਪਈ ਹੈ। ਪੇਂਡੂ ਮਾਲਵੇ ਦੀ ਔਰਤ ਭੁੱਕੀ ਪੋਸਤ ਵੇਚਣ ਲੱਗ ਪਈ ਹੈ। ਭਾਵੇਂ ਗਿਣਤੀ ਵੱਡੀ ਨਹੀਂ ਹੈ ਪ੍ਰੰਤੂ ਇਹ ਰੁਝਾਨ ਦਿਲ ਝੰਜੋੜਨ ਵਾਲਾ ਹੈ। ਪੰਜਾਬ 'ਚ ਸਮੁੱਚੇ ਅਰਥਚਾਰੇ ਦੇ ਬਣੇ ਸੰਕਟ ਨੇ ਏਦਾ ਦੇ ਰੁਝਾਨ ਪੈਦਾ ਕਰ ਦਿੱਤੇ ਹਨ। ਇੱਥੋਂ ਤੱਕ ਕਿ ਰਾਜਸਥਾਨ ਤੇ ਪੰਜਾਬ ਦੀਆਂ ਔਰਤਾਂ ਨੇ ਨਸ਼ਿਆਂ ਦੀ ਤਸਕਰੀ ਲਈ ਸਾਂਝੇ ਗਰੁਪ ਵੀ ਬਣਾ ਲਏ ਹਨ। ਬਹੁਤੇ ਪੁਰਸ਼ਾਂ ਨੇ ਤਸਕਰੀ ਲਈ ਔਰਤਾਂ ਨੂੰ ਆਪਣੇ ਨਾਲ ਜੋੜ ਲਿਆ ਹੈ। ਨਤੀਜਾ ਇਹ ਹੈ ਕਿ ਇਨ੍ਹਾਂ ਚੋਂ ਕਾਫੀ ਔਰਤਾਂ ਜੇਲ੍ਹਾਂ 'ਚ ਸਜ਼ਾ ਵੀ ਭੁਗਤ ਰਹੀਆਂ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹਾ ਮੁਕਤਸਰ 'ਚ  ਸਾਢੇ ਸੱਤ ਵਰ੍ਹਿਆਂ 'ਚ 156 ਪੁਲੀਸ ਕੇਸ ਇਕੱਲੇ ਔਰਤਾਂ 'ਤੇ ਨਸ਼ਿਆਂ ਦੀ ਤਸਕਰੀ ਦੇ ਦਰਜ ਹੋਏ ਹਨ। ਇਸ ਜ਼ਿਲ੍ਹੇ ਦੇ ਲੰਬੀ ਪੁਲੀਸ ਥਾਣੇ 'ਚ 33 ਪੁਲੀਸ ਕੇਸ ਔਰਤਾਂ 'ਤੇ ਤਸਕਰੀ ਦੇ ਦਰਜ ਹੋਏ ਹਨ। ਮਾਲਵੇ 'ਚ 80 ਫੀਸਦੀ ਪੁਲੀਸ ਕੇਸ ਭੁੱਕੀ ਪੋਸਤ ਦੇ ਔਰਤਾਂ 'ਤੇ ਦਰਜ ਹੋਏ ਹਨ। ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਦੇ ਦਰਜ਼ਨ ਪਿੰਡਾਂ ਦੀਆਂ ਔਰਤਾਂ ਇਸ ਕਾਰੋਬਾਰ 'ਚ ਪੈ ਗਈਆਂ ਹਨ।
           ਸੂਚਨਾ ਦੇ ਅਧਿਕਾਰ ਐਕਟ ਤਹਿਤ ਪੰਜਾਬ ਦੇ 10 ਪੁਲੀਸ ਜ਼ਿਲ੍ਹਿਆਂ ਵਲੋਂ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਦੇ ਰੁਝਾਨ ਤੋਂ ਇਹ ਗੱਲ ਉਭਰੀ ਹੈ ਕਿ ਪੰਜਾਬ 'ਚ ਕਰੀਬ ਤਿੰਨ ਹਜ਼ਾਰ ਔਰਤਾਂ ਇਸ ਰਾਹ 'ਤੇ ਚੱਲੀਆਂ ਹਨ। ਇਨ੍ਹਾਂ ਦਸ ਜ਼ਿਲ੍ਹਿਆਂ 'ਚ ਜਨਵਰੀ 2004 ਤੋਂ ਹੁਣ ਤੱਕ ਔਰਤਾਂ 'ਤੇ 1334 ਪੁਲੀਸ ਕੇਸ ਨਸ਼ਿਆਂ ਦੀ ਤਸਕਰੀ ਦੇ ਦਰਜ ਹੋਏ ਹਨ। ਇਨ੍ਹਾਂ ਪੁਲੀਸ ਕੇਸਾਂ 'ਚ 1500 ਦੇ ਕਰੀਬ ਔਰਤਾਂ ਸ਼ਾਮਲ ਹਨ।  ਜਲੰਧਰ ਦਿਹਾਤੀ ਇਨ੍ਹਾਂ ਚੋਂ ਪਹਿਲੇ ਨੰਬਰ 'ਤੇ ਹੈ ਜਿਥੇ ਕਿ 231 ਪੁਲੀਸ ਕੇਸ ਦਰਜ ਹੋਏ ਹਨ ਜਦੋਂ ਕਿ ਸ਼ਹੀਦ ਭਗਤ ਸਿੰਘ ਨਗਰ ਦੂਸਰੇ ਨੰਬਰ 'ਤੇ ਹਨ ਜਿਥੇ ਔਰਤਾਂ 'ਤੇ 228 ਪੁਲੀਸ ਕੇਸ ਦਰਜ ਹੋਏ ਹਨ। ਮਾਲਵੇ ਚੋਂ ਫਿਰੋਜਪੁਰ ਦਾ ਪਹਿਲਾ ਨੰਬਰ ਹੈ ਜਿਥੇ ਔਰਤਾਂ 'ਤੇ ਤਸਕਰੀ ਦੇ 181 ਪੁਲੀਸ ਕੇਸ ਦਰਜ ਹੋਏ ਹਨ। ਇਸ ਜ਼ਿਲ੍ਹੇ 'ਚ 196 ਔਰਤਾਂ ਤਸਕਰੀ ਦੇ ਕਾਰੋਬਾਰ 'ਚ ਹਨ। ਇਨ੍ਹਾਂ ਚੋਂ 46 ਔਰਤਾਂ ਵਲੋਂ ਸਮੈਕ ਦੀ ਤਸਕਰੀ ਕੀਤੀ ਜਾ ਰਹੀ ਸੀ। ਰਾਜਸਥਾਨ ਦੇ ਨੇੜੇ ਪੈਂਦੇ ਜ਼ਿਲ੍ਹਿਆਂ 'ਚ ਔਰਤਾਂ ਭੁੱਕੀ ਪੋਸਤ ਦਾ ਕੰਮ ਕਰਦੀਆਂ ਹਨ। ਮਾਲਵੇ ਦੀਆਂ ਔਰਤਾਂ ਰਾਜਸਥਾਨ ਤੋਂ ਭੁੱਕੀ ਲਿਆਉਂਦੀਆਂ ਹਨ। ਬਹੁਤੀਆਂ ਔਰਤਾਂ ਪ੍ਰਚੂਨ ਦਾ ਕਾਰੋਬਾਰ ਕਰਦੀਆਂ ਹਨ। ਬਠਿੰਡਾ ਜਿਲ੍ਹੇ 'ਚ 116 ਪੁਲੀਸ ਕੇਸ ਔਰਤਾਂ 'ਤੇ ਏਦਾ ਦੇ ਦਰਜ ਹੋਏ ਹਨ। ਇਸ ਜ਼ਿਲ੍ਹੇ ਦੇ ਬੀੜ ਤਲਾਬ ਪਿੰਡ 'ਚ ਵੱਡੀ ਗਿਣਤੀ 'ਚ ਔਰਤਾਂ ਸਮੈਕ ਤੇ ਸ਼ਰਾਬ ਦਾ ਧੰਦਾ ਕਰਦੀਆਂ ਹਨ। ਬਠਿੰਡਾ ਸ਼ਹਿਰ ਦੀ ਇੱਕ ਸਮੈਕ ਦੇ ਕਾਰੋਬਾਰ 'ਚ ਪਈ ਔਰਤ ਦੀ ਪੁਲੀਸ ਨੇ ਸੰਮਤੀ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ।     
           ਐਸ.ਐਸ.ਪੀ ਬਠਿੰਡਾ ਡਾ.ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਦੇ ਪਤੀਆਂ ਵਲੋਂ ਉਨ੍ਹਾਂ ਨੂੰ ਇਸ ਕਾਰੋਬਾਰ 'ਚ ਪਾਇਆ ਗਿਆ ਹੈ ਕਿਉਂਕਿ ਔਰਤਾਂ 'ਤੇ ਛੇਤੀ ਕਿਤੇ ਪੁਲੀਸ ਨੂੰ ਸ਼ੱਕ ਨਹੀਂ ਹੁੰਦਾ ਹੈ। ਸੂਚਨਾ ਅਨੁਸਾਰ ਮੁਕਤਸਰ ਜ਼ਿਲ੍ਹੇ 'ਚ 156 ਕੇਸਾਂ ਚੋਂ 149 ਕੇਸ ਇਕੱਲੇ ਭੁੱਕੀ ਪੋਸਤ ਦੇ ਹਨ। ਮੁਕਤਸਰ ਦੇ ਜ਼ਿਲ੍ਹੇ ਦੇ ਪਿੰਡ ਝੋਰੜ ਦੀਆਂ ਦੋ ਦਰਜ਼ਨ ਔਰਤਾਂ 'ਤੇ ਤਸਕਰੀ ਦੇ ਕੇਸ ਦਰਜ ਕੀਤੇ ਗਏ ਹਨ। ਇਸ ਪਿੰਡ ਦੀ ਤੇਜੋ ਨਾਮ ਦੀ ਔਰਤ 'ਤੇ ਤਿੰਨ ਪੁਲੀਸ ਕੇਸ ਦਰਜ ਹੋਏ ਹਨ। ਪਿੰਡ ਦੀਆਂ ਚਾਰ ਔਰਤਾਂ 'ਤੇ ਤਾਂ ਦੋ ਤੋਂ ਜਿਆਦਾ ਪੁਲੀਸ ਕੇਸ ਦਰਜ ਹਨ। ਬਰਨਾਲਾ ਜ਼ਿਲ੍ਹੇ 'ਚ 102 ਅਤੇ ਖੰਨਾ ਪੁਲੀਸ ਜ਼ਿਲ੍ਹੇ ਵਲੋਂ 49 ਕੇਸ ਔਰਤਾਂ 'ਤੇ ਤਸਕਰੀ ਦੇ ਦਰਜ ਕੀਤੇ ਹਨ। ਜ਼ਿਲ੍ਹਾ ਕਪੂਰਥਲਾ 'ਚ 67 ਅਤੇ ਜ਼ਿਲ੍ਹਾ ਰੋਪੜ 'ਚ 14 ਕੇਸ ਔਰਤਾਂ 'ਤੇ ਤਸਕਰੀ ਦੇ ਦਰਜ ਹੋਏ ਹਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਥਾਣਾ ਸਦਰ ਅਤੇ ਥਾਣਾ ਬੰਗਾ ਵਲੋਂ 63-63 ਪੁਲੀਸ ਕੇਸ ਤਸਕਰੀ ਦੇ ਔਰਤਾਂ 'ਤੇ ਦਰਜ ਕੀਤੇ ਹਨ। ਇਸ ਜ਼ਿਲੇ ਦੇ ਪਿੰਡ ਸੋਇਤਾ ਦੀ ਔਰਤ ਕਸ਼ਮੀਰੋ 'ਤੇ ਪੰਜ ਪੁਲੀਸ ਕੇਸ ਦਰਜ ਹਨ ਜਿਨ੍ਹਾਂ ਚੋਂ ਤਿੰਨ ਕੇਸਾਂ 'ਚ ਉਸ ਨੂੰ ਸਜ਼ਾ ਵੀ ਹੋ ਚੁੱਕੀ ਹੈ। ਹੁਸ਼ਿਆਰਪੁਰ ਜ਼ਿਲ੍ਹੇ 'ਚ ਔਰਤਾਂ ਤੇ ਤਸਕਰੀ ਦੇ 190 ਕੇਸ ਦਰਜ ਹੋਏ ਹਨ। ਇਸ ਜ਼ਿਲ੍ਹੇ ਦੇ ਥਾਣਾ ਗੜਸ਼ੰਕਰ 'ਚ ਸਭ ਤੋਂ ਜਿਆਦਾ 54 ਕੇਸ ਦਰਜ ਹੋਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਥਾਣੇ ਦੇ ਪਿੰਡ ਦੋਨਾਖੁਰਦ ਦੀਆਂ ਔਰਤਾਂ 'ਤੇ 52 ਪੁਲੀਸ ਕੇਸ ਦਰਜ ਹੋਏ ਹਨ। ਪੰਜਾਬ ਦਾ ਇਹ ਪਹਿਲਾ ਪਿੰਡ ਹੈ ਜਿਥੋ ਦੀਆਂ ਔਰਤਾਂ 'ਤੇ ਸਭ ਤੋਂ ਜਿਆਦਾ ਤਸਕਰੀ ਦੇ ਕੇਸ ਦਰਜ ਹੋਏ ਹਨ। ਇਸ ਪਿੰਡ ਦੀ ਪਰਮਜੀਤ ਕੌਰ ਅਤੇ ਛਿੰਦੋ 'ਤੇ ਛੇ ਛੇ ਪੁਲੀਸ ਕੇਸ ਤਸਕਰੀ ਦੇ ਦਰਜ ਹਨ।
          ਤੱਥ ਗਵਾਹ ਹਨ ਕਿ ਕਈ ਔਰਤਾਂ ਗਰੁੱਪਾਂ 'ਚ ਕੰਮ ਕਰਦੀਆਂ ਹਨ। ਇਨ੍ਹਾਂ ਨਾਲ ਕਈ ਰਾਜਸਥਾਨੀ ਔਰਤਾਂ 'ਤੇ ਵੀ ਪੁਲੀਸ ਕੇਸ ਦਰਜ ਹੋਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ,ਰਾਈਆ,ਮਹਿਮਾ ਸਰਜਾ,ਜੀਦਾ,ਜੰਡਾਵਾਲਾ ਦੀਆਂ ਅੱਧੀ ਦਰਜ਼ਨ ਔਰਤਾਂ ਤਸਕਰੀ ਦੇ ਕਾਰੋਬਾਰ 'ਚ ਹਨ ਜਿਨ੍ਹਾਂ ਨੂੰ ਘਰਾਂ ਦੀ ਮਜ਼ਬੂਰੀ ਨੇ ਇਸ ਰਸਤੇ ਤੇ ਤੋਰ ਦਿੱਤਾ। ਬਠਿੰਡਾ ਪੁਲੀਸ ਨੇ ਇੱਕ ਅਜਿਹੇ ਜੋੜੇ ਨੂੰ ਤਸਕਰੀ ਦੇ ਕਾਰੋਬਾਰ 'ਚ ਫੜਿਆ ਸੀ ਜਿਸ ਵਲੋਂ ਛੋਟੇ ਬੱਚੇ ਨੂੰ ਨਾਲ ਲੈ ਕੇ ਤਸਕਰੀ ਕੀਤੀ ਜਾਂਦੀ ਸੀ ਤਾਂ ਜੋ ਪੁਲੀਸ ਨੂੰ ਸ਼ੱਕ ਨਾ ਪਵੇ। ਆਖਰ ਉਸ ਛੋਟੇ ਬੱਚੇ ਨੂੰ ਵੀ ਜੇਲ੍ਹ ਜਾਣਾ ਪਿਆ ਸੀ। ਦੁਆਬੇ ਦੇ ਕਈ ਜ਼ਿਲ੍ਹਿਆਂ 'ਚ ਸੈਂਸੀ ਬਰਾਦਰੀ ਦੀਆਂ ਔਰਤਾਂ ਇਸ ਕਾਰੋਬਾਰ 'ਚ ਹਨ। ਮਾਲਵੇ 'ਚ ਦਲਿਤ ਭਾਈਚਾਰੇ ਚੋਂ ਕਾਫੀ ਗਿਣਤੀ 'ਚ ਔਰਤਾਂ ਤਸਕਰੀ ਕਰਨ ਲੱਗੀਆਂ ਹਨ। ਪੰਜਾਬ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਸੀ ਕਿ ਚਮਕ ਦਮਕ ਦੇ ਜ਼ਮਾਨੇ ਅਤੇ ਸ਼ਹਿਰੀਕਰਨ ਨੇ ਵੱਡੀਆਂ ਉਮੀਦਾਂ ਜਗਾ ਦਿੱਤੀਆਂ ਹਨ ਜਦੋਂ ਕਿ ਸਾਧਨ ਘੱਟ ਰਹੇ ਹਨ। ਇਸ ਵਜੋਂ ਨਵੇਂ ਪੈਦਾ ਹੋ ਰਹੇ ਸੰਕਟਾਂ ਨੇ ਔਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਨ੍ਹਾਂ ਆਖਿਆ ਕਿ ਔਰਤਾਂ ਦੀ ਤਸਕਰੀ ਦਾ ਕੰਮ ਵੀ ਪੁਲੀਸ ਦੀ ਪ੍ਰੋਟੈਕਸ਼ਨ ਤੋਂ ਬਿਨ੍ਹਾਂ ਸੰਭਵ ਨਹੀਂ ਹੈ।
                                   ਅਰਥਚਾਰੇ ਦਾ ਸੰਕਟ ਜਿਮੇਵਾਰ- ਡਾ.ਸੁਖਪਾਲ ਸਿੰਘ।
ਪੰਜਾਬ ਖੇਤੀਬਾੜੀ ਵਰਸਿਟੀ ਦੇ ਅਰਥਸਾਸਤਰੀ ਡਾ.ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਰਹੇ ਹਨ ਅਤੇ ਸਭ ਕਾਰੋਬਾਰ ਘਾਟੇ ਵਾਲੇ ਸੌਦੇ ਬਣ ਰਹੇ ਹਨ। ਇਸ ਸੰਕਟ ਨੇ ਮਾਨਸਿਕ ਤਣਾਓ ਨੂੰ ਪੈਦਾ ਹੋ ਰਿਹਾ ਹੈ। ਸਮੁੱਚੇ ਅਰਥਚਾਰੇ ਦੇ ਸੰਕਟ ਨੇ ਔਰਤਾਂ ਨੂੰ ਵੀ ਤਸਕਰੀ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਆਖਿਆ ਕਿ ਜਿਨ੍ਹਾਂ ਘਰ 'ਚ ਪੁਰਸ਼ਾਂ ਵਲੋਂ ਨਸ਼ੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਘਰਾਂ ਦੀਆਂ ਔਰਤਾਂ ਹੀ ਇਸ ਰਾਹ ਪਈਆਂ ਹਨ। ਉਨ੍ਹਾਂ ਇਹ ਵੀ ਆਖਿਆ ਕਿ ਆਰਥਿਕ ਸੰਕਟ ਨੇ ਹੀ ਪੰਜਾਬ ਵਿੱਚ ਇਸ ਨਵੇਂ ਰੁਝਾਨ ਨੂੰ ਜਨਮ ਦਿੱਤਾ ਹੈ।               

Friday, October 14, 2011

         ਸਰਕਾਰ ਨੂੰ 100 ਚੂਹਿਆਂ ਦੀ ਭਾਲ !
                            ਚਰਨਜੀਤ ਭੁੱਲਰ
ਬਠਿੰਡਾ : ਪਸ਼ੂ ਪਾਲਣ ਵਿਭਾਗ ਨੂੰ ਚੂਹਿਆਂ ਤੇ ਖਰਗੋਸ਼ਾਂ ਦੀ ਤਲਾਸ਼ 'ਚ ਹੈ। ਹਾਲਾਂਕਿ ਮਾਲਵੇ 'ਚ ਚੂਹਿਆਂ ਦੀ ਕੋਈ ਕਮੀ ਨਹੀਂ ਹੈ। ਫਿਰ ਵੀ ਪਸ਼ੂ ਪਾਲਣ ਮਹਿਕਮੇ ਕੋਲ ਚੂਹਿਆਂ ਦੀ ਤੋਟ ਪਈ ਹੋਈ ਹੈ। ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ ਲੁਧਿਆਣਾ ਨੂੰ ਚੂਹਿਆਂ ਅਤੇ ਖਰਗੋਸ਼ਾਂ ਦੀ ਜ਼ਰੂਰਤ ਹੈ। ਪਸ਼ੂ ਪਾਲਣ ਮਹਿਕਮੇ ਨੇ ਹੁਣ ਟੈਂਡਰ ਨੋਟਿਸ ਜਾਰੀ ਕਰਕੇ 100 ਚੂਹੇ ਦੀ ਮੰਗ ਰੱਖੀ ਹੈ। ਇਸੇ ਤਰ੍ਹਾਂ 300 ਖਰਗੋਸ਼ ਲੋੜੀਂਦੇ ਹਨ। ਉਂਝ ਤਾਂ ਚੂਹਿਆਂ ਦੀ ਖੇਤਾਂ ਵਿੱਚ ਭਰਮਾਰ ਹੈ ਪ੍ਰੰਤੂ ਪੰਜਾਬ ਵਿੱਚ ਚੂਹਿਆਂ } ਕੋਈ ਸਪਲਾਈ ਕਰਨ ਵਾਲਾ ਨਹੀਂ ਹੈ। ਬਹੁਤ ਘੱਟ ਹੁੰਦਾ ਹੈ ਕਿ ਇਸ ਤਰ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਚੂਹਿਆਂ ਦੀ ਮੰਗ ਪੂਰੀ ਕਰਨ ਵਾਸਤੇ ਟੈਂਡਰ ਨੋਟਿਸ ਦੇਣਾ ਪਿਆ ਹੋਵੇ। ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ ਨੂੰ ਦਵਾਈਆਂ ਦੀ ਪਰਖ ਲਈ ਚੂਹਿਆਂ, ਖਰਗੋਸ਼ਾਂ ਅਤੇ ਸੂਰਾਂ ਦੀ ਲੋੜ ਹੁੰਦੀ ਹੈ। ਇੰਸਟੀਚਿਊਟ ਵੱਲੋਂ ਪਹਿਲਾਂ ਵੈਕਸੀਨ ਦੀ ਪਰਖ ਇਨ੍ਹਾਂ ਜਾਨਵਰਾਂ 'ਤੇ ਕੀਤੀ ਜਾਂਦੀ ਹੈ। ਉਸ ਮਗਰੋਂ ਹੀ ਮਾਰਕੀਟ ਵਿੱਚ ਭੇਜੀ ਜਾਂਦੀ ਹੈ। ਇੰਸਟੀਚਿਊਟ ਕੋਲ ਪਰਖ ਲਈ ਇੰਨੇ ਕੁ ਜਾਨਵਰ ਤਾਂ ਹਨ ਜਿਸ ਨਾਲ ਪੰਜਾਬ ਵਿਚਲੀ ਵੈਕਸੀਨ ਦੀ ਲੋੜ ਪੂਰੀ ਹੋ ਸਕਦੀ ਹੈ। ਜਦੋਂ ਦੂਸਰੇ ਸੂਬਿਆਂ ਤੋਂ ਵੈਕਸੀਨ ਦੀ ਮੰਗ ਵੱਧ ਜਾਂਦੀ ਹੈ ਤਾਂ ਪਰਖ ਲਈ ਜਾਨਵਰਾਂ ਦੀ ਹੋਰ ਵਧੇਰੇ ਲੋੜ ਪੈਂਦੀ ਹੈ। ਵੈਕਸੀਨ ਇੰਸਟੀਚਿਊਟ ਵੱਲੋਂ ਦੂਸਰੇ ਸਰਕਾਰੀ ਅਦਾਰਿਆਂ ਤੋਂ ਵੀ ਜਾਨਵਰ ਲਏ ਜਾਂਦੇ ਹਨ। ਹੁਣ ਜਾਨਵਰਾਂ ਦੀ ਲੋੜ ਹੋਰ ਵੱਧ ਗਈ ਹੈ ਜਿਸ ਕਰਕੇ ਮਾਰਕੀਟ ਚੋਂ ਚੂਹੇ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ।
          ਪਸ਼ੂ ਪਾਲਣ ਵਿਭਾਗ ਨੂੰ 18 ਤੋਂ 20 ਗਰਾਮ ਦਾ ਚੂਹਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ 1 ਕਿਲੋਗਰਾਮ ਤੋਂ ਡੇਢ ਕਿਲੋਗਰਾਮ ਦੇ ਖਰਗੋਸ਼ ਦੀ ਜ਼ਰੂਰਤ ਹੈ। ਪੰਜਾਬ ਵਿੱਚ ਖਰਗੋਸ਼ ਦੇ ਬਰੀਡਿੰਗ ਫਾਰਮ ਤਾਂ ਹਨ ਪ੍ਰੰਤੂ ਵੈਕਸੀਨ ਇੰਸਟੀਚਿਊਟ ਨੂੰ ਸੋਵੀਅਤ ਚਿੰਚਲਾ ਨਸਲ ਦੇ ਖਰਗੋਸ਼ ਦੀ ਲੋੜ ਹੈ ਜੋ ਕਿ ਪ੍ਰਾਈਵੇਟ ਬਰੀਡਰਾਂ ਕੋਲ ਨਹੀਂ ਹੈ। ਵੈਕਸੀਨ ਇੰਸਟੀਚਿਊਟ ਨੂੰ ਹਰ ਵਰ੍ਹੇ 500 ਦੇ ਕਰੀਬ ਖਰਗੋਸ਼ਾਂ ਦੀ ਪਰਖ ਲਈ ਜ਼ਰੂਰਤ ਪੈਂਦੀ ਹੈ। ਬਾਹਰੋਂ ਵੈਕਸੀਨ ਦੇ ਆਰਡਰ ਮਿਲਣ 'ਤੇ ਖਰਗੋਸ਼ਾਂ ਦੀ ਮੰਗ ਹੋਰ ਵੀ ਵੱਧ ਜਾਂਦੀ ਹੈ। ਇਸ ਤੋਂ ਵੱਡੀ ਸਮੱਸਿਆ ਚੂਹਿਆਂ ਦੀ ਹੈ। ਆਮ ਚੂਹਾ 100 ਤੋਂ 150 ਗਰਾਮ ਦਾ ਹੁੰਦਾ ਹੈ ਜਦੋਂ ਕਿ ਵੈਕਸੀਨ ਇੰਸਟੀਚਿਊਟ ਨੂੰ 18 ਤੋਂ 20 ਗਰਾਮ ਦਾ ਚੂਹਾ ਲੋੜੀਂਦਾ ਹੈ। ਪੰਜਾਬ ਵਿੱਚ ਚੂਹਿਆਂ ਦੇ ਪ੍ਰਾਈਵੇਟ ਫਾਰਮ ਵੀ ਨਹੀਂ ਹਨ, ਜਿਸ ਕਰਕੇ ਜ਼ਿਆਦਾ ਮੁਸ਼ਕਲ ਆਉਂਦੀ ਹੈ। ਵੈਕਸੀਨ ਇੰਸਟੀਚਿਊਟ ਕੋਲ ਆਪਣਾ ਜਾਨਵਰ ਹਾਊਸ ਹੈ ਜਿੱਥੇ 100 ਦੇ ਕਰੀਬ ਚੂਹੇ ਹਨ। ਵੈਕਸੀਨ ਇੰਸਟੀਚਿਊਟ ਕਾਫੀ ਲੋੜ ਇੱਥੋਂ ਹੀ ਪੂਰੀ ਕਰਦਾ ਹੈ। ਇੰਸਟੀਚਿਊਟ ਦੇ ਡਾ. ਤਲਵਾੜ ਦਾ ਕਹਿਣਾ ਹੈ ਕਿ ਪਰਖ ਦੌਰਾਨ ਕਈ ਜਾਨਵਰ ਮਰ ਵੀ ਜਾਂਦੇ ਹਨ ਪ੍ਰੰਤੂ ਪਰਖ ਨਾਲ ਜੋ ਵੈਕਸੀਨ ਤਿਆਰ ਹੁੰਦੀ ਹੈ, ਉਹ ਸੈਂਕੜੇ–ਹਜ਼ਾਰਾਂ ਜਾਨਵਰਾਂ ਨੂੰ ਬਚਾਉਂਦੀ ਵੀ ਹੈ। ਉਨ੍ਹਾਂ ਦੱਸਿਆ ਕਿ ਚੂਹਿਆਂ ਦੇ ਪ੍ਰਾਈਵੇਟ ਬਰੀਡਰ ਨਹੀਂ ਮਿਲਦੇ ਹਨ।ਸੂਤਰ ਦੱਸਦੇ ਹਨ ਕਿ ਜੋ ਖੇਤਾਂ ਵਾਲੇ ਚੂਹੇ ਹਨ, ਉਹ ਵੈਕਸੀਨ ਇੰਸਟੀਚਿਊਟ ਦੇ ਕਿਸੇ ਕੰਮ ਦੇ ਨਹੀਂ ਹਨ। ਪੰਜਾਬ ਖੇਤੀਬਾੜੀ 'ਵਰਸਿਟੀ ਅਤੇ ਹੋਰ ਮੈਡੀਕਲ ਕਾਲਜਾਂ ਕੋਲ ਪਰਖ ਲਈ ਜਾਨਵਰ ਹਨ, ਜਿਨ੍ਹਾਂ 'ਚ ਚੂਹੇ ਵੀ ਸ਼ਾਮਲ ਹਨ। ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ ਦੀ ਮੰਗ ਸਰਕਾਰੀ ਕਾਲਜ ਅਤੇ ਪੰਜਾਬ ਖੇਤੀਬਾੜੀ 'ਵਰਸਿਟੀ ਵੀ ਪੂਰੀ ਕਰਨ ਵਿੱਚ ਮਦਦ ਕਰਦੇ ਹਨ।
         ਵੈਕਸੀਨ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਮੱਕੜ ਦਾ ਕਹਿਣਾ ਸੀ ਕਿ ਇੰਸਟੀਚਿਊਟ ਦਾ ਆਪਣਾ ਜਾਨਵਰ ਹਾਊਸ ਹੈ ਜੋ ਕਿ ਕਾਫੀ ਮੰਗ ਪੂਰੀ ਕਰ ਦਿੰਦਾ ਹੈ। ਜਦੋਂ ਮੰਗ ਵੱਧ ਜਾਂਦੀ ਹੈ ਤਾਂ ਬਾਹਰੋਂ ਮਾਰਕੀਟ 'ਚੋਂ ਜਾਨਵਰ ਖਰੀਦ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੂੰ 800 ਦੇ ਕਰੀਬ ਜਾਨਵਰਾਂ ਦੀ ਲੋੜ ਹੈ ਜਿਸ 'ਚ ਖਰਗੋਸ਼ ਤੇ ਚੂਹੇ ਵੀ ਸ਼ਾਮਲ ਹਨ। ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਐਸ.ਐਸ. ਸੰਧਾ ਦਾ ਕਹਿਣਾ ਸੀ ਕਿ ਜੋ ਬਾਹਰੋਂ ਮਾਰਕੀਟ 'ਚੋਂ ਜਾਨਵਰ ਖਰੀਦ ਕੀਤੇ ਜਾਣੇ ਹਨ, ਉਸ ਦੀ ਸਪਲਾਈ ਇੱਕ ਸਾਲ ਦੌਰਾਨ ਫਰਮਾਂ ਵੱਲੋਂ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਜਾਨਵਰਾਂ ਦੀ ਖਰੀਦ ਦੇ ਟੈਂਡਰ 4 ਨਵੰਬਰ ਨੂੰ ਖੋਲ੍ਹੇ ਜਾਣਗੇ। ਸੂਤਰ ਦੱਸਦੇ ਹਨ ਕਿ ਚੂਹਿਆਂ ਦੀ ਸਪਲਾਈ ਕਰਨ ਵਾਲੀਆਂ ਪੰਜਾਬ ਵਿੱਚ ਫਰਮਾਂ ਨਹੀਂ ਹਨ ਜਦੋਂ ਕਿ ਦੂਸਰੇ ਸੂਬਿਆਂ ਚੋਂ ਇੱਕਾ ਦੁੱਕਾ ਫਰਮਾਂ ਚੂਹਿਆਂ ਦੀ ਸਪਲਾਈ ਕਰਨ ਲਈ ਅੱਗੇ ਆਉਂਦੀਆਂ ਹਨ।

Wednesday, October 12, 2011

    ਧੂੰਆਂ ਧੂੰਆਂ ਹੋਈਆਂ ਪੰਜਾਬ ਦੀਆਂ ਜੇਲ੍ਹਾਂ  
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਕੈਦੀਆਂ ਲਈ ਜੇਲ੍ਹਾਂ 'ਚ ਥੋਕ 'ਚ ਬੀੜੀ/ਸਿਗਰਟ ਦੀ ਸਪਲਾਈ ਹੁੰਦੀ ਹੈ। ਪੰਜਾਬ ਸਰਕਾਰ ਤਰਫੋਂ ਖੁਦ ਜੇਲ੍ਹਾਂ 'ਚ ਕੈਦੀਆਂ ਨੂੰ ਇਸ ਨਸ਼ੇ ਦੀ ਸਹੂਲਤ ਦਿੱਤੀ ਗਈ ਹੈ। ਨਤੀਜੇ ਵਜੋਂ ਜੇਲ੍ਹਾਂ 'ਚ ਦਿਨ ਰਾਤ ਸਿਗਰਟਾਂ ਦਾ ਧੂੰਆਂ ਉਠਦਾ ਹੈ। ਇਹੋ ਧੂੰਆਂ ਜੇਲ੍ਹਾਂ ਦੀ ਕਮਾਈ ਦਾ ਸਾਧਨ ਬਣਦਾ ਹੈ। ਜੇਲ੍ਹ ਵਿਭਾਗ ਇਸ ਕਮਾਈ ਨੂੰ ਬੰਦੀਆਂ ਦੀ ਭਲਾਈ ਲਈ ਵਰਤਦਾ ਹੈ। ਪੰਜਾਬ 'ਚ ਸੱਤ ਕੇਂਦਰੀ ਜੇਲ੍ਹਾਂ ਹਨ ਜਦੋਂ ਕਿ ਅੱਧੀ ਦਰਜ਼ਨ ਜ਼ਿਲ੍ਹਾ ਜੇਲ੍ਹਾਂ ਹਨ ਜਿਨ੍ਹਾਂ 'ਚ ਕਰੀਬ 18 ਹਜ਼ਾਰ ਬੰਦੀ ਹਨ। ਜੇਲ੍ਹਾਂ 'ਚ ਨਸ਼ਿਆਂ ਦੀ ਸਪਲਾਈ ਦਾ ਪਹਿਲਾਂ ਹੀ ਰੌਲਾ ਰੱਪਾ ਪੈ ਚੁੱਕਾ ਹੈ। ਉਪਰੋਂ ਜੇਲ੍ਹ ਵਿਭਾਗ ਖੁਦ ਹੀ ਬੀੜੀ/ਸਿਗਰਟ ਦੇ ਤਰ੍ਹਾਂ ਤਰ੍ਹਾਂ ਦੇ ਬਰਾਂਡ ਜੇਲ੍ਹਾਂ 'ਚ ਵੇਚ ਰਿਹਾ ਹੈ। ਕੇਂਦਰ ਸਰਕਾਰ ਵਲੋਂ 2 ਅਕਤੂਬਰ 2008 ਤੋਂ ਜਨਤਿਕ ਥਾਵਾਂ 'ਤੇ ਬੀੜੀ/ਸਿਗਰਟ ਪੀਣ ਦੀ ਮਨਾਹੀ ਕੀਤੀ ਹੋਈ ਹੈ। ਜੇਲਾਂ੍ਹ ਵੀ ਇੱਕ ਤਰ੍ਹਾਂ ਨਾਲ ਜਨਤਿਕ ਥਾਂਵਾਂ ਹਨ। ਜੇਲ੍ਹਾਂ 'ਚ ਜੋ ਕੰਟੀਨਾਂ ਹਨ, ਉਨ੍ਹਾਂ ਤੋਂ ਬੀੜੀ/ਸਿਗਰਟ ਬੰਦੀਆਂ ਨੂੰ ਮਿਲਦੀ ਹੈ। ਜੇਲ੍ਹ ਦਾ ਭਲਾਈ ਅਫਸਰ ਜੇਲ੍ਹ ਕੰਟੀਨ ਦਾ ਇੰਚਾਰਜ ਹੁੰਦਾ ਹੈ।
          ਪੰਜਾਬ 'ਚ 9 ਜੇਲ੍ਹਾਂ 'ਚ ਬੀੜੀ/ਸਿਗਰਟ ਵਿਕ ਰਹੀ ਹੈ। ਇਨ੍ਹਾਂ ਜੇਲ੍ਹਾਂ 'ਚ 1 ਜਨਵਰੀ 2005 ਤੋਂ ਜੁਲਾਈ 2011 ਤੱਕ ਕਰੀਬ ਇੱਕ ਕਰੋੜ ਰੁਪਏ ਦੀ ਬੀੜੀ/ਸਿਗਰਟ ਦੀ ਵਿਕਰੀ ਹੋ ਚੁੱਕੀ ਹੈ। ਜੇਲ੍ਹਾਂ 'ਚ ਰੋਜ਼ਾਨਾਂ ਔਸਤਨ 4200 ਰੁਪਏ ਦੀ ਬੀੜੀ/ਸਿਗਰਟ ਬੰਦੀ ਪੀ ਜਾਂਦੇ ਹਨ। ਹਾਲ ਏਦਾ ਦਾ ਹੈ ਕਿ ਜੇਲ੍ਹਾਂ 'ਚ ਕਿਸੇ ਵਕਤ ਮੈਡੀਸ਼ਨ ਖਤਮ ਹੋ ਸਕਦੀ ਹੈ ਪ੍ਰੰਤੂ ਬੀੜੀ/ਸਿਗਰਟ ਹਮੇਸ਼ਾ ਮਿਲਦੀ ਹੈ। ਜੇਲ੍ਹ ਵਿਭਾਗ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜੋ ਵੇਰਵੇ ਭੇਜੇ ਹਨ,ਉਨ੍ਹਾਂ ਮੁਤਾਬਿਕ ਪੰਜਾਬ ਭਰ ਚੋਂ ਬੀੜੀ/ਸਿਗਰਟ ਦੀ ਵਿਕਰੀ 'ਚ ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਪਹਿਲੇ ਨੰਬਰ 'ਤੇ ਹੈ। ਇਸ ਜੇਲ੍ਹ ਵਲੋਂ ਲੰਘੇ ਸਾਢੇ ਛੇ ਵਰ੍ਹਿਆਂ 'ਚ ਜੇਲ੍ਹ ਕੰਟੀਨ ਵਾਸਤੇ 50.93 ਲੱਖ ਰੁਪਏ ਦਾ ਸਾਰਾ ਸਮਾਨ ਖਰੀਦ ਕੀਤਾ ਗਿਆ ਹੈ ਜਿਸ ਚੋਂ 17.79 ਲੱਖ ਦੀ ਇਕੱਲੀ ਬੀੜੀ/ਸਿਗਰਟ ਖਰੀਦ ਕੀਤੀ ਗਈ ਹੈ। ਇਸ ਜੇਲ੍ਹ ਵਲੋਂ ਤਾਂ ਬੀੜੀ/ਸਿਗਰਟ ਵੇਚ ਕੇ 1.77 ਲੱਖ ਰੁਪਏ ਦਾ ਮੁਨਾਫਾ ਕਮਾਇਆ ਗਿਆ ਹੈ। ਇਸ ਜੇਲ੍ਹ 'ਚ 11.52 ਲੱਖ ਰੁਪਏ ਦੀਆਂ ਬੀੜੀਆਂ ਦੀ ਵਿਕਰੀ ਕੀਤੀ ਗਈ ਅਤੇ ਏਦਾ ਹੀ 6.26 ਲੱਖ ਰੁਪਏ ਦੀਆਂ ਸਿਗਰਟਾਂ ਦੀ ਵਿਕਰੀ ਕੀਤੀ ਗਈ। ਪੰਜਾਬ ਸਰਕਾਰ ਇੱਕ ਪਾਸੇ ਤਾਂ ਬੰਦੀਆਂ ਦੀ ਸਿਹਤ ਸਹੂਲਤਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਤੇ ਦੂਸਰੇ ਬੰਨੇ ਨਸ਼ਿਆਂ ਦੀ ਸਹੂਲਤ ਦੇ ਰਹੀ ਹੈ। ਤੰਬਾਕੂ ਹੀ ਕੈਂਸਰ ਵਰਗੀ ਅਲਾਮਤ ਦਾ ਕਾਰਨ ਬਣਦਾ ਹੈ।
          ਜੇਲ੍ਹ ਸੂਤਰ ਦੱਸਦੇ ਹਨ ਕਿ ਬਹੁਤੇ ਬੰਦੀ ਤਾਂ ਬੀੜੀ/ਸਿਗਰਟ ਦੀ ਚਾਟ 'ਤੇ ਜੇਲ੍ਹ ਅੰਦਰ ਆ ਕੇ ਲੱਗਦੇ ਹਨ। ਬਹੁਤੇ ਇਕੱਲਤਾ ਕਰਕੇ ਇਸ ਨਸ਼ੇ 'ਤੇ ਲੱਗ ਜਾਂਦੇ ਹਨ। ਜੋ ਇਸ ਨਸ਼ੇ ਤੋਂ ਰਹਿਤ ਹੁੰਦੇ ਹਨ,ਉਨ੍ਹਾਂ ਲਈ ਜੇਲ੍ਹ ਅੰਦਰ ਰਹਿਣਾ ਦੁੱਭਰ ਹੋ ਜਾਂਦਾ ਹੈ। ਕਪੂਰਥਲਾ ਜੇਲ੍ਹ ਵਲੋਂ ਲੰਘੇ ਸਾਢੇ ਛੇ ਵਰ੍ਹਿਆਂ 'ਚ 15.37 ਲੱਖ ਰੁਪਏ ਦੀਆਂ ਬੀੜੀਆਂ ਤੇ ਸਿਗਰਟਾਂ ਦੀ ਵਿਕਰੀ ਕੀਤੀ ਗਈ ਹੈ ਜਿਸ ਚੋਂ ਜੇਲ੍ਹ ਪ੍ਰਬੰਧਕਾਂ ਨੇ 1.53 ਲੱਖ ਰੁਪਏ ਦਾ ਮੁਨਾਫਾ ਕਮਾਇਆ ਹੈ। ਕੇਂਦਰੀ ਜੇਲ੍ਹ ਫਿਰੋਜਪੁਰ ਵਲੋਂ ਇਸ ਸਮੇਂ ਦੌਰਾਨ 9.04 ਲੱਖ ਰੁਪਏ ਦੀ ਬੀੜੀ ਤੇ ਸਿਗਰਟ ਵੇਚੀ ਗਈ ਹੈ ਜਦੋਂ ਕਿ ਸੰਗਰੂਰ ਜੇਲ੍ਹ ਨੇ 6.75 ਲੱਖ ਰੁਪਏ ਦੀ ਬੀੜੀ/ਸਿਗਰਟ ਦੀ ਵਿਕਰੀ ਕੀਤੀ ਹੈ। ਸੰਗਰੂਰ ਜੇਲ੍ਹ ਨੇ 69023 ਰੁਪਏ ਇਨ੍ਹਾਂ ਚੋਂ ਕਮਾਏ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਲੋਂ 11.39 ਲੱਖ ਰੁਪਏ ਦੀ ਬੀੜੀ/ਸਿਗਰਟ ਵੇਚੀ ਗਈ ਹੈ ਜਿਸ ਚੋਂ ਜੇਲ੍ਹ ਪ੍ਰਬੰਧਕਾਂ ਨੇ 1.16 ਲੱਖ ਰੁਪਏ ਕਮਾਏ ਹਨ। ਬੋਰਸਟਲ ਜੇਲ੍ਹ ਲੁਧਿਆਣਾ ਵਲੋਂ ਵੀ 7.69 ਲੱਖ ਰੁਪਏ ਦੀ ਬੀੜੀ ਤੇ ਸਿਗਰਟ ਵੇਚੀ ਗਈ ਹੈ ਅਤੇ ਇਸ ਤੋਂ 80322 ਰੁਪਏ ਕਮਾਏ ਹਨ।
            ਜੇਲ੍ਹ ਪ੍ਰਬੰਧਕਾਂ ਨੇ ਲਿਖਤੀ ਸੂਚਨਾ ਦਿਤੀ ਹੈ ਕਿ ਜੇਲ੍ਹ ਕੰਟੀਨ ਦੀ ਕਮਾਈ ਨੂੰ ਬੰਦੀਆਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ। ਕੇਂਦਰੀ ਜੇਲ੍ਹ ਬਠਿੰਡਾ ਨੇ ਤਾਂ ਇੱਥੋਂ ਤੱਕ ਕਿ ਲਿਖਿਆ ਹੈ ਇਸ ਕਮਾਈ ਨੂੰ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਕਰਾਉਣ ਲਈ ਵਰਤਿਆ ਜਾਂਦਾ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਲੋਂ ਤਾਂ ਬੀੜੀ/ਸਿਗਰਟ ਤੋਂ ਹੋਈ ਆਮਦਨ ਨੂੰ ਬੰਦੀਆਂ ਨੂੰ ਯੋਗਾ ਕਰਾਉਣ ਵਾਸਤੇ ਵਰਤਿਆ ਜਾਂਦਾ ਹੈ ਤਾਂ ਜੋ ਬੰਦੀ ਸਿਹਤ ਪੱਖੋ ਤੰਦਰੁਸਤ ਰਹਿਣ। ਬਰਨਾਲਾ ਦੀ ਸਬ ਜੇਲ੍ਹ 'ਚ ਕੰਟੀਨ ਪਹਿਲੀ ਜੂਨ 2011 ਤੋਂ ਸ਼ੁਰੂ ਹੋਈ ਹੈ ਜਿਸ 'ਚ ਬੀੜੀ/ਸਿਗਰਟ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ।  ਰੋਪੜ ਜੇਲ੍ਹ 'ਚ ਪ੍ਰਬੰਧਕਾਂ ਵਲੌਂ ਬੀੜੀ/ਸਿਗਰਟ ਦੀ ਮੁਕੰਮਲ ਮਨਾਈ ਕੀਤੀ ਹੋਈ ਹੈ ਜਦੋਂ ਕਿ ਫਰੀਦਕੋਟ ਜੇਲ੍ਹ ਦੀ ਕੰਟੀਨ ਤੋਂ ਵੀ ਬੀੜੀ ਤੇ ਸਿਗਰਟ ਨਹੀਂ ਮਿਲਦੀ ਹੈ। ਜਨਾਨਾ ਜੇਲ੍ਹ ਲੁਧਿਆਣਾ 'ਚ ਇਸ ਦੀ ਮਨਾਹੀ ਕੀਤੀ ਹੋਈ ਹੈ। ਸਬ ਜੇਲ ਮੋਗਾ ਤੇ ਫਾਜਿਲਕਾ 'ਚ ਕੰਟੀਨ ਹੀ ਨਹੀਂ ਹੈ। ਸਰਕਾਰੀ ਸੂਤਰ ਦੱਸਦੇ ਹਨ ਕਿ ਕਈ ਜੇਲ੍ਹਾਂ 'ਚ 70 ਫੀਸਦੀ ਬੰਦੀ ਬੀੜੀ/ਸਿਗਰਟ ਪੀਂਦੇ ਹਨ।
                                               ਗ੍ਰਹਿ ਮੰਤਰਾਲੇ ਵਲੋਂ ਰਾਜਾਂ ਨੂੰ ਮਸ਼ਵਰਾ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਤਰ ਨੰਬਰ ਐਫ.ਐਨ 17013/13/2009/ਪੀ.ਆਰ ਮਿਤੀ 23 ਮਾਰਚ 2009 ਨੂੰ ਰਾਜਾਂ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰਾਂ ਨੂੰ ਲਿਖਿਆ ਕਿ ਸੂਬਾ ਸਰਕਾਰਾਂ ਜੇਲ੍ਹਾਂ 'ਚ ਤੰਬਾਕੂ 'ਤੇ ਪਾਬੰਦੀ ਲਗਾਉਣ ਸਬੰਧੀ ਫੈਸਲਾ ਲੈਣ ਲਈ ਆਜ਼ਾਦ ਹਨ। ਪੱਤਰ ਅਨੁਸਾਰ ਜੇਲ੍ਹਾਂ ਵਰਜਿਤ ਥਾਂ ਹਨ, ਨਾ ਕਿ ਜਨਤਿਕ ਥਾਂ। ਲਿਖਿਆ ਹੈ ਕਿ ਭਾਵੇਂ ਤੰਬਾਕੂ ਦੀ ਵਰਤੋਂ ਸੰਵਿਧਾਨਿਕ ਹੱਕ ਨਹੀਂ ਹੈ ਪ੍ਰੰਤੂ ਸ਼ੁਧ ਹਵਾ ਲੈਣਾ ਸੰਵਿਧਾਨਿਕ ਹੱਕ ਜ਼ਰੂਰ ਹੈ ਜਿਸ ਕਰਕੇ ਰਾਜ ਸਰਕਾਰ ਇਸ ਸਬੰਧੀ ਸਮਾਜਿਕ ਨਜ਼ਰੀਏ ਤੋਂ ਵੀ ਫੈਸਲਾ ਲੈ ਸਕਦੀਆਂ ਹਨ। ਜੇਲ ਮੈਨੂਅਲ ਵੀ ਜੇਲ੍ਹਾਂ 'ਚ ਤੰਬਾਕੂ 'ਤੇ ਪਾਬੰਦੀ ਲਗਾਉਣ ਦੀ ਗੱਲ ਨਹੀਂ ਕਰਦਾ ਹੈ।
                                               ਸਰਕਾਰੀ ਵਿਕਰੀ 'ਤੇ ਪਾਬੰਦੀ ਲੱਗੇ।
ਗੁਜਰਾਤ ਰਾਜ ਦੀਆਂ ਜੇਲ੍ਹਾਂ 'ਚ 2001 'ਚ ਤੰਬਾਕੂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਇਵੇਂ ਹੀ ਕੇਰਲਾ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਮਗਰੋਂ ਜੇਲ੍ਹਾਂ 'ਚ ਤੰਬਾਕੂ 'ਤੇ ਪਾਬੰਦੀ ਲਗਾ ਦਿੱਤੀ ਸੀ। ਮਹਾਰਾਸ਼ਟਰ ਸਰਕਾਰ ਵਲੋਂ ਵੀ ਇਸ ਪਾਸੇ ਕਦਮ ਉਠਾਏ ਜਾ ਰਹੇ ਹਨ। ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਸ੍ਰੀ ਮਨੋਹਰ ਲਾਲ ਬਾਂਸਲ ਦਾ ਕਹਿਣਾ ਸੀ ਕਿ ਇਹ ਆਪਾ ਵਿਰੋਧੀ ਗੱਲ ਹੈ ਕਿ ਇੱਕ ਪਾਸੇ ਸਰਕਾਰ ਬੰਦੀਆਂ ਦੀ ਭਲਾਈ ਦੀ ਗੱਲ ਕਰਦੀ ਹੈ ਤੇ ਦੂਸਰੀ ਤਰਫ ਉਨ੍ਹਾਂ ਨੂੰ ਜੇਲ੍ਹਾਂ 'ਚ ਤੰਬਾਕੂ ਮੁਹੱਈਆ ਕਰਾ ਰਹੀ ਹੈ। ਉਨ੍ਹਾਂ ਆਖਿਆ ਕਿ ਏਦਾ ਲੱਗਦਾ ਹੈ ਕਿ ਪੰਜਾਬ ਦੇ ਸੁਧਾਰ ਘਰ ਨਸ਼ਿਆਂ ਦੇ ਘਰ ਬਣ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਦੂਸਰੇ ਰਾਜਾਂ ਦੀ ਤਰ੍ਹਾਂ ਜੇਲ੍ਹਾਂ 'ਚ ਨਸ਼ਿਆਂ ਦੀ ਸਰਕਾਰੀ ਵਿਕਰੀ 'ਤੇ ਪਾਬੰਦੀ ਲਗਾਵੇ।

Monday, October 10, 2011

                              ਸਰਕਾਰੀ ਨਜ਼ਰ 'ਚ
       ਅੰਨਦਾਤਾ 'ਮਾੜਾ', ਅਪਰਾਧੀ 'ਚੰਗੇ'
                              ਚਰਨਜੀਤ ਭੁੱਲਰ
ਬਠਿੰਡਾ : ਅੰਨਦਾਤੇ ਨੂੰ ਜੇਲ•ਾਂ 'ਚ 'ਮੁੱਲ ਦੀ ਰੋਟੀ' ਖਾਣੀ ਪੈਂਦੀ ਹੈ। ਜਦੋਂ ਕਿ ਅਪਰਾਧੀ ਸਭ ਕੁਝ ਮੁਫਤ 'ਚ ਛੱਕਦੇ ਹਨ। ਜੇਲ•ਾਂ 'ਚ ਕਿਸਾਨਾਂ ਨੂੰ ਉਦੋਂ ਰੋਟੀ ਪਾਣੀ ਮਿਲਦਾ ਹੈ ਜਦੋਂ ਉਹ ਅਡਵਾਂਸ 'ਚ ਖਰਚਾ ਭਰਦੇ ਹਨ। ਇੱਕ ਤਾਂ ਕਿਸਾਨਾਂ ਨੂੰ ਕਰਜ਼ੇ 'ਚ ਜੇਲ• ਪੁੱਜਣ ਦਾ ਬੋਝ ਡਾਵਾਂਡੋਲ ਕਰ ਦਿੰਦਾ ਹੈ,ਉਪਰੋਂ ਉਸ ਦੇ ਕਰਜ਼ੇ 'ਚ ਨਵਾਂ ਰੋਟੀ ਪਾਣੀ ਦਾ ਖਰਚਾ ਵੀ ਚੜ• ਜਾਂਦਾ ਹੈ। ਸੂਚਨਾ ਦੇ ਅਧਿਕਾਰ ਤਹਿਤ ਜੇਲ•ਾਂ ਤੋਂ ਜੋ ਵੇਰਵੇ ਮਿਲੇ ਹਨ, ਉਨ•ਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਗੀਨ ਜ਼ੁਰਮ ਕਰਨ ਵਾਲੇ ਮੁਜ਼ਰਮਾਂ ਦਾ ਪੂਰਾ ਖਰਚਾ ਸਰਕਾਰ ਵਲੋਂ ਝੱਲਿਆ ਜਾਂਦਾ ਹੈ ਜਦੋਂ ਕਿ ਕਰਜ਼ਾਈ ਕਿਸਾਨ ਪਹਿਲਾਂ ਰੋਟੀ ਦਾ ਖਰਚਾ ਭਰਦੇ ਹਨ, ਫਿਰ ਜੇਲ• ਦੀ ਡਿਊਡੀ ਚੋਂ ਲੰਘਦੇ ਹਨ। ਪੰਜਾਬ ਸਰਕਾਰ ਵਲੋਂ ਲੰਘੇ ਛੇ ਵਰਿ•ਆਂ 'ਚ ਸੱਤ ਸੌ ਕਰਜ਼ਾਈ ਕਿਸਾਨਾਂ ਨੂੰ ਜੇਲ• ਦਿਖਾ ਦਿੱਤੀ ਹੈ। ਇਨ•ਾਂ ਦਾ ਏਨਾ ਕੁ ਕਸੂਰ ਸੀ ਕਿ ਉਹ ਖੇਤੀ ਅਰਥਚਾਰੇ ਦੇ ਮੰਦਵਾੜੇ ਕਾਰਨ ਵੇਲੇ ਸਿਰ ਬੈਂਕਾਂ ਦਾ ਕਰਜ਼ਾ ਨਹੀਂ ਮੋੜ ਸਕੇ ਸਨ। ਹਾਲਾਂਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੀ ਹੈ ਪ੍ਰੰਤੂ ਇਸ ਹਕੂਮਤ ਦੇ ਰਾਜ ਭਾਗ 'ਚ ਕਿਸਾਨਾਂ ਨੂੰ ਕਰਜ਼ਿਆਂ ਕਾਰਨ ਜੇਲ•ੀ ਡੱਕਿਆ ਜਾਂਦਾ ਰਿਹਾ ਹੈ। ਜੇਲ• ਦੇ ਨਿਯਮਾਂ ਅਨੁਸਾਰ ਕਰਜ਼ੇ 'ਚ ਜੇਲ• ਭੇਜੇ ਜਾਣ ਵਾਲੇ ਕਿਸਾਨਾਂ ਤੋਂ ਪ੍ਰਤੀ ਦਿਨ 40 ਰੁਪਏ ਡਾਈਟ ਮਨੀ ਵਜੋਂ ਅਡਵਾਂਸ ਵਿੱਚ ਭਰਾਏ ਜਾਂਦੇ ਹਨ। ਜਿਸ ਬੈਂਕ ਜਾਂ ਅਦਾਰੇ ਵਲੋਂ ਕਰਜ਼ਾਈ ਕਿਸਾਨ ਨੂੰ ਜੇਲ• ਭਿਜਵਾਇਆ ਜਾਂਦਾ ਹੈ, ਉਹ ਬੈਂਕ ਅਡਵਾਂਸ ਰਾਸ਼ੀ ਜੇਲ• 'ਚ ਰੋਟੀ ਪਾਣੀ ਦੀ ਜਮ•ਾਂ ਕਰਾਉਂਦੀ ਹੈ।
        ਸਹਿਕਾਰੀ ਬੈਂਕਾਂ ਵਲੋਂ ਮਗਰੋਂ ਜੇਲ• ਦੇ ਰੋਟੀ ਪਾਣੀ ਦੇ ਖਰਚ ਨੂੰ ਕਿਸਾਨ ਦੇ ਕਰਜ਼ ਵਿੱਚ ਜੋੜ ਦਿੱਤਾ ਜਾਂਦਾ ਹੈ। ਕਰਜ਼ਾਈ ਕਿਸਾਨਾਂ ਨੂੰ ਇਸ ਤਰ•ਾਂ ਰੋਟੀ ਪਾਣੀ ਦੇ ਖਰਚੇ ਦਾ ਵਿਆਜ ਵੀ ਝੱਲਣਾ ਪੈਂਦਾ ਹੈ। ਦੂਸਰੀ ਤਰਫ ਹਰ ਤਰ•ਾਂ ਦੇ ਅਪਰਾਧੀ ਨੂੰ ਮੁਫਤ 'ਚ ਰੋਟੀ ਪਾਣੀ ਮਿਲਦਾ ਹੈ। ਕਰਜ਼ਾਈ ਕਿਸਾਨਾਂ ਨੂੰ ਦੀਵਾਨੀ ਕੈਦੀ ਦੀ ਕੈਟਾਗਿਰੀ ਵਿੱਚ ਰੱਖਿਆ ਜਾਂਦਾ ਹੈ। ਕਰੀਬ 11 ਜੇਲ•ਾਂ 'ਚ ਜਨਵਰੀ 2005 ਤੋਂ ਹੁਣ ਤੱਕ 700 ਕਰਜ਼ਾਈ ਕਿਸਾਨਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ। ਇਨ•ਾਂ ਕਰਜ਼ਾਈ ਕਿਸਾਨਾਂ ਵਲੋਂ ਕਰੀਬ ਪੰਜ ਲੱਖ ਰੁਪਏ ਰੋਟੀ ਪਾਣੀ ਦਾ ਖਰਚਾ ਤਾਰ ਚੁੱਕੇ ਹਨ। ਸਬ ਜੇਲ• ਫਾਜਿਲਕਾ 'ਚ ਸਭ ਤੋਂ ਵੱਧ ਕਰਜ਼ਾਈ ਕਿਸਾਨ ਡੱਕੇ ਗਏ ਹਨ। ਫਾਜਿਲਕ ਜੇਲ• 'ਚ ਕਰਜ਼ਾਈ ਕਿਸਾਨਾਂ ਨੂੰ ਜੇਲ• ਦੇ ਸਮੇਂ ਦੌਰਾਨ ਦਾ ਰੋਟੀ ਪਾਣੀ ਦਾ 79710 ਰੁਪਏ ਦਾ ਖਰਚ ਵੀ ਤਾਰਨਾ ਪਿਆ ਹੈ।  ਪਟਿਆਲਾ ਦੀ ਕੇਂਦਰੀ ਜੇਲ• 'ਚ ਇਨ•ਾਂ ਛੇ ਵਰਿ•ਆਂ 'ਚ 200 ਦੀਵਾਨੀ ਕੈਦੀ ਆ ਚੁੱਕੇ ਹਨ ਜਿਨ•ਾਂ ਤੋਂ ਰੋਟੀ ਪਾਣੀ ਦਾ ਖਰਚਾ ਵੀ ਲਿਆ ਗਿਆ ਪ੍ਰੰਤੂ ਜੇਲ• ਪ੍ਰਬੰਧਕਾਂ ਵਲੋਂ ਖਰਚੇ ਦਾ ਵੇਰਵਾ ਦੱਸਿਆ ਨਹੀਂ ਗਿਆ ਹੈ। ਬਠਿੰਡਾ ਦੀ ਕੇਂਦਰੀ ਜੇਲ• 'ਚ ਇਨ•ਾਂ ਛੇ ਸਾਲਾਂ 'ਚ 97 ਕੈਦੀ ਆ ਚੁੱਕੇ ਹਨ ਜਿਨ•ਾਂ ਵਲੋਂ 83080 ਰੁਪਏ ਰੋਟੀ ਪਾਣੀ ਦਾ ਖਰਚਾ ਭਰਿਆ ਗਿਆ ਹੈ। ਖਰਚਾ ਕੇਵਲ ਕਰਜ਼ੇ ਕਰਕੇ ਜੇਲ• ਆਉਣ ਵਾਲੇ ਕਿਸਾਨਾਂ ਨੂੰ ਹੀ ਭਰਨਾ ਪੈਂਦਾ ਹੈ। ਜੋ ਕਿਸਾਨ ਸੰਘਰਸ਼ਾਂ ਦੌਰਾਨ ਜੇਲ•ੀ ਭੇਜੇ ਜਾਂਦੇ ਹਨ, ਉਨ•ਾਂ ਤੋਂ ਰੋਟੀ ਪਾਣੀ ਦਾ ਕੋਈ ਖਰਚ ਨਹੀਂ ਲਿਆ ਜਾਂਦਾ ਹੈ। ਬਰਨਾਲਾ ਦੀ ਸਬ ਜੇਲ• 'ਚ 11 ਕਿਸਾਨ ਕਰਜ਼ਿਆਂ ਕਾਰਨ ਆ ਚੁੱਕੇ ਹਨ। ਇਨ•ਾਂ ਕਿਸਾਨਾਂ ਦੀ ਰੋਟੀ ਪਾਣੀ ਦਾ ਖਰਚ 18350 ਰੁਪਏ ਬਣਿਆ ਹੈ ਜੋ ਕਿ ਉਨ•ਾਂ ਦੇ ਕਰਜਿਆਂ ਵਿੱਚ ਬੈਂਕ ਪ੍ਰਬੰਧਕਾਂ ਨੇ ਜੋੜ ਦਿੱਤਾ ਹੈ।
      ਕੇਂਦਰੀ ਜੇਲ• ਫਿਰੋਜਪੁਰ 'ਚ ਸਾਲ 2005 ਤੋਂ ਹੁਣ ਤੱਕ ਸਰਕਾਰ ਵਲੋਂ 59 ਕਰਜ਼ਾਈ ਕਿਸਾਨ ਭੇਜੇ ਜਾ ਚੁੱਕੇ ਹਨ ਜਿਨ•ਾਂ ਦੀ ਰੋਟੀ ਪਾਣੀ ਦਾ ਖਰਚਾ 41180 ਰੁਪਏ ਬਣਿਆ। ਜੇਲ• ਪ੍ਰਬੰਧਕਾਂ ਵਲੋਂ ਅਡਵਾਂਸ ਵਿੱਚ ਇਹ ਖਰਚਾ ਲਿਆ ਗਿਆ ਹੈ। ਇਸੇ ਤਰ•ਾਂ ਫਰੀਦਕੋਟ ਦੀ ਜ਼ਿਲ•ਾ ਜੇਲ• 'ਚ 39 ਕਰਜ਼ਾਈ ਕਿਸਾਨਾਂ ਨੂੰ ਹੁਣ ਤੱਕ ਭੇਜਿਆ ਜਾ ਚੁੱਕਾ ਹੈ। ਇਨ•ਾਂ ਕਰਜ਼ਾਈ ਕਿਸਾਨਾਂ ਵਲੋਂ 25800 ਰੁਪਏ ਰੋਟੀ ਦਾ ਮੁੱਲ ਤਾਰਿਆ ਗਿਆ ਹੈ। ਸਭ ਤੋਂ ਲੰਮਾ ਸਮਾਂ ਕਰਜ਼ਾਈ ਕਿਸਾਨ ਬਠਿੰਡਾ ਜੇਲ• 'ਚ ਹੀ ਠਹਿਰੇ ਹਨ। ਜਿਨ•ਾਂ ਸਮਾਂ ਇਹ ਕਰਜ਼ਾਈ ਕਿਸਾਨ ਕਿਸ਼ਤ ਨਹੀਂ ਤਾਰਦੇ ,ਉਨ•ਾਂ ਸਮਾਂ ਜੇਲ• 'ਚ ਰੱਖਿਆ ਜਾਂਦਾ ਹੈ। ਕਪੂਰਥਲਾ ਜੇਲ• 'ਚ ਤਾਂ ਇੱਕ ਕਰਜ਼ਾਈ ਕਿਸਾਨ ਦੀ ਵਿਧਵਾ ਔਰਤ ਬਲਵਿੰਦਰ ਕੌਰ ਨੂੰ ਵੀ ਸਰਕਾਰ ਨੇ ਜੇਲ• ਦੀ ਹਵਾ ਖੁਆ ਦਿੱਤੀਹੈ। ਇਸ ਵਿਧਵਾ ਔਰਤ ਨੂੰ ਵੀ ਜੇਲ• 'ਚ ਮੁੱਲ ਦੀ ਰੋਟੀ ਪਾਣੀ ਪਈ ਹੈ। ਇਸ ਨੂੰ ਸਹਿਕਾਰੀ ਬੈਂਕ ਵਲੋਂ ਜੇਲ• ਭੇਜਿਆ ਗਿਆ ਸੀ। ਮਲੇਰਕੋਟਲਾ ਦੀ ਸਬ ਜੇਲ• 'ਚ ਵੀ 26 ਕਰਜ਼ਾਈ ਕਿਸਾਨਾਂ ਤੋਂ 13440 ਰੁਪਏ ਰੋਟੀ ਪਾਣੀ ਦਾ ਖਰਚਾ ਭਰਾਇਆ ਗਿਆ ਹੈ। ਕੇਂਦਰੀ ਜੇਲ• ਲੁਧਿਆਣਾ 'ਚ ਵੀ 44 ਕਰਜ਼ਾਈ ਲੋਕਾਂ ਨੂੰ ਜੇਲ• ਭੇਜਿਆ ਗਿਆ ਹੈ ਜਿਨ•ਾਂ ਵਲੋਂ ਆਪਣੇ ਰੋਟੀ ਪਾਣੀ ਦਾ 38650 ਰੁਪਏ ਤਾਰਨੇ ਪਏ ਹਨ। ਹੁਸ਼ਿਆਰਪੁਰ ਦੀ ਜੇਲ• 'ਚ 52 ਕਰਜ਼ਾਈ ਕਿਸਾਨਾਂ ਨੂੰ ਜੇਲ• ਕੱਟਣੀ ਪਈ ਹੈ ਅਤੇ ਨਾਲੋਂ ਨਾਲ 34820 ਰੁਪਏ ਡਾਈਟ ਮਨੀ ਦੇ ਵੀ ਭਰਨੇ ਪਏ ਹਨ।
           ਸਹਿਕਾਰੀ ਖੇਤੀਬਾੜੀ ਬੈਂਕਾਂ ਦੇ ਜ਼ਿਲ•ਾ ਮੈਨੇਜਰ ਸ੍ਰੀ ਜੋਗਿੰਦਰਪਾਲ ਸਿੰਘ ਮਾਨ ਦਾ ਕਹਿਣਾ ਸੀ ਕਿ ਜਦੋਂ ਵੀ ਉਹ ਕਿਸੇ ਕਰਜ਼ਾਈ ਕਿਸਾਨ ਨੂੰ ਜੇਲ• ਛੱਡਣ ਜਾਂਦੇ ਹਨ ਤਾਂ ਜੇਲ ਪ੍ਰਬੰਧਕਾਂ ਵਲੋਂ ਅਡਵਾਂਸ 'ਚ ਰੋਟੀ ਪਾਣੀ ਦਾ ਡਾਈਟ ਮਨੀ ਵਜੋਂ ਖਰਚਾ ਭਰਾ ਲਿਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਹ ਡਾਈਟ ਮਨੀ ਵਾਲਾ ਖਰਚਾ ਮਗਰੋਂ ਕਿਸਾਨ ਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਹੈ। ਉਨ•ਾਂ ਆਖਿਆ ਕਿ ਇਹ ਤਾਂ ਜੇਲ ਵਿਭਾਗ ਦੇ ਹੀ ਨਿਯਮ ਹਨ ਜਿਸ ਕਰਕੇ ਉਨ•ਾਂ ਨੂੰ ਡਾਈਟ ਮਨੀ ਦੇਣੀ ਪੈਂਦੀ ਹੈ। ਦੂਸਰੀ ਤਰਫ ਕੇਂਦਰੀ ਜੇਲ• ਬਠਿੰਡਾ ਦੇ ਸੁਪਰਡੈਂਟ ਸ੍ਰੀ ਪ੍ਰੇਮ ਗਰਗ ਦਾ ਕਹਿਣਾ ਸੀ ਕਿ ਉਹ ਜੇਲ ਮੈਨੁਅਲ ਅਤੇ ਨਿਯਮਾਂ ਅਨੁਸਾਰ ਹੀ ਦੀਵਾਨੀ ਕੈਦੀਆਂ ਤੋਂ ਡਾਈਟ ਮਨੀ ਭਰਾਉਂਦੇ ਹਨ। ਉਨ•ਾਂ ਦੱਸਿਆ ਕਿ ਜਿਨ•ਾਂ ਦਿਨ•ਾਂ ਵਾਸਤੇ ਦੀਵਾਨੀ ਕੈਦੀਆਂ ਨੂੰ ਜੇਲ• ਭੇਜਿਆ ਜਾਂਦਾ ਹੈ, ਉਨ•ਾਂ ਦਿਨ•ਾਂ ਦੀ ਗਿਣਤੀ ਦੇ ਹਿਸਾਬ ਨਾਲ ਰਾਸ਼ੀ ਅਡਵਾਂਸ ਵਿੱਚ ਭਰਾ ਲਈ ਜਾਂਦੀ ਹੈ। ਅਗਰ ਦਿਨ•ਾਂ 'ਚ ਹੋਰ ਵਾਧਾ ਕੀਤਾ ਜਾਂਦਾ ਹੈ ਤਾਂ ਹੋਰ ਖਰਚਾ ਪਹਿਲਾਂ ਭਰਾ ਲਿਆ ਜਾਂਦਾ ਹੈ। ਉਨ•ਾਂ ਆਖਿਆ ਕਿ ਉਹ ਤਾਂ ਨਿਯਮਾਂ ਅਨੁਸਾਰ ਹੀ ਡਾਈਟ ਮਨੀ ਲੈਂਦੇ ਹਨ। ਉਨ•ਾਂ ਸਪੱਸ਼ਟ ਕੀਤਾ ਕਿ ਬਾਕੀਆਂ ਕੈਦੀਆ ਤੇ ਹਵਾਲਾਤੀਆਂ ਤੋਂ ਕੋਈ ਖਰਚ ਨਹੀਂ ਲਿਆ ਜਾਂਦਾ ਹੈ।
                                           ਕਿਸਾਨ ਪ੍ਰਤੀ ਵਤੀਰਾ ਦੁਸ਼ਮਣਾ ਵਾਲਾ- ਕੋਕਰੀ ਕਲਾਂ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਵਤੀਰਾ ਦੁਸ਼ਮਣਾ ਵਾਲਾ ਹੈ ਜਿਸ ਕਰਕੇ ਕਿਸਾਨਾਂ ਨੂੰ ਇਕੱਲਾ ਜੇਲ• ਹੀ ਡੱਕਿਆ ਨਹੀਂ ਜਾਂਦਾ ਬਲਕਿ ਉਨ•ਾਂ ਤੋਂ ਰੋਟੀ ਪਾਣੀ ਦੇ ਖਰਚੇ ਵੀ ਲਏ ਜਾਂਦੇ ਹਨ। ਜੇਲ• ਜਾਣ ਮਗਰੋਂ ਕਿਸਾਨਾਂ ਦੇ ਕਰਜ਼ੇ ਹੋਰ ਵੱਧ ਜਾਂਦੇ ਹਨ। ਉਨ•ਾਂ ਆਖਿਆ ਕਿ ਸਰਕਾਰ ਮੁਜ਼ਰਮਾਂ ਦਾ ਖਰਚਾ ਤਾਂ ਝੱਲ ਸਕਦੀ ਹੈ ਪ੍ਰੰਤੂ ਕਿਸਾਨਾਂ ਦਾ ਨਹੀਂ। ਉਨ•ਾਂ ਆਖਿਆ ਕਿ ਵੱਡੇ ਘਰਾਣਿਆਂ ਦੇ ਕਰਜ਼ੇ ਤਾਂ ਸਰਕਾਰ ਮੁਆਫ ਕਰ ਦਿੰਦੀ ਹੈ ਪ੍ਰੰਤੂ ਕਿਸਾਨਾਂ ਨੂੰ ਸਰਕਾਰ ਜੇਲ• ਭੇਜ ਦਿੰਦੀ ਹੈ। ਉਨ•ਾਂ ਆਖਿਆ ਕਿ ਕਿਸਾਨ ਧਿਰਾਂ ਇਸ ਮੁੱਦੇ 'ਤੇ ਆਪਣਾ ਸੰਘਰਸ਼ ਜਾਰੀ ਰੱਖਣਗੀਆਂ।
       

Friday, October 7, 2011

          ਕੁਝ ਤਾਂ ਬੋਲਦੇ ਐਮ.ਐਲ.ਏ ਸਾਹਿਬ !     
                                 ਚਰਨਜੀਤ ਭੁੱਲਰ
ਬਠਿੰਡਾ : ਏਦਾ ਦੇ ਪੰਜਾਬ ਦੇ ਸੱਤ ਵਿਧਾਇਕ ਹਨ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਹੈ। ਵਿਰੋਧੀ ਧਿਰ 'ਦੇ ਇਨ੍ਹਾਂ ਚੋਂ ਚਾਰ ਵਿਧਾਇਕ ਹਨ ਜਦੋਂ ਕਿ ਹਾਕਮ ਧਿਰ ਦੇ ਤਿੰਨ ਵਿਧਾਇਕ ਹਨ। ਇਸ ਤਰ੍ਹਾਂ ਦੇ ਸੱਤ ਹੋਰ ਵਿਧਾਇਕ ਹਨ ਜਿਨ੍ਹਾਂ ਨੇ ਵਿਧਾਨ ਸਭਾ 'ਚ ਸੁਆਲ ਪੁੱਛਣ ਤੋਂ ਸੰਕੋਚ ਹੀ ਕੀਤੀ ਹੈ। ਮੌਜੂਦਾ ਵਿਧਾਇਕਾਂ ਦੀ ਲੰਘੇ ਸਾਢੇ ਚਾਰ ਵਰ੍ਹਿਆਂ ਦੀ ਪੰਜਾਬ ਅਸੈਂਬਲੀ 'ਚ ਜੋ ਕਾਰਗੁਜ਼ਾਰੀ ਸੂਚਨਾ ਅਧਿਕਾਰ ਕਾਨੂੰਨ ਨਾਲ ਜੱਗ ਜ਼ਾਹਰ ਹੋਈ ਹੈ, ਉਸ 'ਚ 14 ਵਿਧਾਇਕਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ ਜਦੋਂ ਕਿ 14 ਵਿਧਾਇਕਾਂ ਦੀ ਅਸੈਂਬਲੀ 'ਚ ਰੋਲ ਅੱਵਲ ਦਰਜੇ ਦਾ ਰਿਹਾ ਹੈ। ਇਹ ਕਾਰਗੁਜ਼ਾਰੀ ਵਿਧਾਇਕਾਂ ਵਲੋਂ ਵਿਧਾਨ ਸਭਾ 'ਚ ਪੁੱਛੇ ਲਿਖਤੀ ਸੁਆਲਾਂ ਦੇ ਅਧਾਰ 'ਤੇ ਕੱਢੀ ਗਈ ਹੈ। ਮਾੜੀ ਕਾਰਗੁਜ਼ਾਰੀ ਵਾਲੇ 14 ਵਿਧਾਇਕਾਂ ਚੋਂ ਅੱਠ ਵਿਧਾਇਕ ਕਾਂਗਰਸ ਦੇ ਹਨ ਜਦੋਂ ਕਿ ਅੱਧੀ ਦਰਜਨ ਅਕਾਲੀ ਵਿਧਾਇਕ ਹਨ। ਅਜ਼ਾਦ ਵਿਧਾਇਕਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ ਹੈ। ਵਿਰੋਧੀ ਧਿਰ ਕਾਂਗਰਸ ਦੇ ਕਈ ਵਿਧਾਇਕਾਂ 'ਚ ਅਸੈਂਬਲੀ 'ਚ ਸੁਸਤੀ ਛਾਈ ਰਹੀ। ਵਿਧਾਇਕਾਂ ਵਲੋਂ ਅਸੈਂਬਲੀ ਸੈਸ਼ਨ ਦੌਰਾਨ ਲੋਕ ਮਸਲਿਆਂ 'ਤੇ ਅਧਾਰਿਤ ਸਟਾਰਡ ਅਤੇ ਅਣਸਟਾਰਡ ਸੁਆਲ ਪੁੱਛੇ ਜਾਣੇ ਹੁੰਦੇ ਹਨ। ਬਹੁਤੇ ਵਿਧਾਇਕਾਂ ਨੇ ਅਸੈਂਬਲੀ 'ਚ ਲੋਕ ਮੁੱਦੇ ਉਠਾਉਣ ਦੀ ਖੇਚਲਾ ਹੀ ਨਹੀਂ ਕੀਤੀ। ਇਨ੍ਹਾਂ 'ਚ ਤਿੰਨ ਮਹਿਲਾ ਵਿਧਾਇਕ ਵੀ ਸ਼ਾਮਲ ਹਨ। ਆਮ ਲੋਕ ਇਸ ਮਾਮਲੇ 'ਚ ਆਮ ਤੌਰ 'ਤੇ ਵਿਰੋਧੀ ਧਿਰ ਤੋਂ ਵਧੇਰੇ ਉਮੀਦ ਰੱਖਦੇ ਹਨ। ਲੇਕਿਨ ਇਹ ਵਿਧਾਇਕ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਹੀ ਨਹੀਂ ਉਤਰ ਸਕੇ ਹਨ।
          ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਪੱਤਰ ਨੰਬਰ 26/ਪੀ.ਆਈ.ਓ/2011/8798 ਤਹਿਤ ਦਿੱਤੀ ਸਰਕਾਰੀ ਸੂਚਨਾ ਅਨੁਸਾਰ ਮਾਝੇ ਤੇ ਦੁਆਬੇ ਦੇ ਵਿਧਾਇਕ ਅਸੈਂਬਲੀ 'ਚ ਢਿੱਲੇ ਰਹੇ ਹਨ। ਇਸ ਸੂਚਨਾ ਅਨੁਸਾਰ ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸੀ ਵਿਧਾਇਕ ਓ.ਪੀ.ਸੋਨੀ ਨੇ ਲੰਘੇ ਸਾਢੇ ਚਾਰ ਵਰ੍ਹਿਆਂ 'ਚ ਅਸੈਂਬਲੀ 'ਚ ਇੱਕ ਵੀ ਸੁਆਲ ਨਹੀਂ ਪੁੱਛਿਆ ਹੈ ਜਦੋਂ ਕਿ ਇਸੇ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆਂ ਵੀ ਅਸੈਂਬਲੀ 'ਚ ਸੁਆਲਾਂ ਦਾ ਖਾਤਾ ਨਹੀਂ ਖੋਲ ਸਕੇ ਹਨ। ਲੁਧਿਆਣਾ ਜ਼ਿਲ੍ਹੇ ਦੇ ਪਾਇਲ ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਅਸੈਂਬਲੀ 'ਚ ਸੁਆਲਾਂ ਦੀ ਗਿਣਤੀ 'ਜ਼ੀਰੋ' ਰਹੀ ਹੈ। ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਰਾਜਬੰਸ ਕੌਰ ਨੇ ਵੀ ਅਸੈਂਬਲੀ 'ਚ ਇੱਕ ਸੁਆਲ ਵੀ ਨਹੀਂ ਪੁੱਛਿਆ ਹੈ। ਵਿਰੋਧੀ ਧਿਰ ਦੇ ਇਹ ਵਿਧਾਇਕ ਸੁਆਲ ਪੁੱਛਣ ਦੇ ਮਾਮਲੇ 'ਚ ਚੁੱਪ ਹੀ ਰਹੇ ਹਨ। ਹਾਕਮ ਧਿਰ ਦੇ ਗੁਰਦਾਸਪੁਰ ਤੋਂ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵੀ ਇਸ ਮਾਮਲੇ 'ਚ ਪਿਛੇ ਨਹੀਂ ਰਹੇ ਹਨ। ਉਨ੍ਹਾਂ ਨੇ ਵੀ ਅਸੈਂਬਲੀ 'ਚ ਕੋਈ ਸੁਆਲ ਨਹੀਂ ਪੁੱਛਿਆ ਹੈ। ਤਰਨਤਾਰਨ ਤੋਂ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਸੁਆਲਾਂ ਦੀ ਗਿਣਤੀ ਵੀ 'ਜ਼ੀਰੋ' ਹੀ ਰਹੀ ਹੈ। ਜਲੰਧਰ ਦੇ ਨੂਰਮਹਿਲ ਹਲਕੇ ਤੋਂ ਮਹਿਲਾ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭੁੱਲਰ ਨੇ ਵੀ ਅਸੈਂਬਲੀ 'ਚ ਸੁਆਲ ਪੁੱਛਣ ਦੇ ਮਾਮਲੇ 'ਚ ਚਾਰ ਵਰ੍ਹੇ ਚੁੱਪ ਕਰਕੇ ਹੀ ਲੰਘਾਏ ਹਨ।
            ਏਦਾ ਹੀ ਰੋਪੜ ਦੇ ਮੋਰਿੰਡਾ ਹਲਕੇ ਤੋਂ ਅਕਾਲੀ ਵਿਧਾਇਕ ਉਜਾਗਰ ਸਿੰਘ ਬਡਾਲੀ ਦੀ ਸੁਆਲ ਪੁੱਛਣ 'ਚ ਕਾਰਗੁਜ਼ਾਰੀ 'ਜ਼ੀਰੋ' ਹੀ ਰਹੀ ਹੈ। ਇਸ ਤੋਂ ਸਾਫ ਹੈ ਕਿ ਇਨ੍ਹਾਂ ਵਿਧਾਇਕਾਂ ਦੇ ਹਲਕਿਆਂ ਦੇ ਲੋਕ ਮਸਲਿਆਂ ਦੀ ਅਸੈਂਬਲੀ 'ਚ ਕੋਈ ਗੱਲ ਹੀ ਨਹੀਂ ਚੱਲ ਸਕੀ ਹੈ। ਇਸੇ ਤਰ੍ਹਾਂ ਦੇ ਸੱਤ ਹੋਰ ਵਿਧਾਇਕ ਹਨ ਜਿਨ੍ਹਾਂ ਨੇ ਅਸੈਂਬਲੀ ਚੋਂ ਇੱਕ,ਦੋ ਜਾਂ ਤਿੰਨ ਸੁਆਲ ਹੀ ਪੁੱਛੇ ਹਨ। ਇਸ ਮਾਮਲੇ 'ਚ ਮਾਲਵੇ ਦੇ ਵਿਧਾਇਕ ਮੋਹਰੀ ਰਹੇ ਹਨ। ਬਨੂੜ ਹਲਕੇ ਤੋਂ ਅਕਾਲੀ ਵਿਧਾਇਕ ਜਸਜੀਤ ਸਿੰਘ ਬਨੀ ਅਤੇ ਮਲੇਰਕੋਟਲਾ ਹਲਕੇ ਤੋਂ ਮਹਿਲਾ ਕਾਂਗਰਸੀ ਵਿਧਾਇਕ ਸ੍ਰੀਮਤੀ ਰਜ਼ੀਆ ਸੁਲਤਾਨਾ ਸੁਆਲ ਪੁੱਛਣ ਦੇ ਮਾਮਲੇ 'ਚ ਇੱਕੋ ਜੇਹੇ ਹਨ। ਇਨ੍ਹਾਂ ਦੋਹਾਂ ਵਿਧਾਇਕਾਂ ਨੇ ਕੇਵਲ ਇੱਕ ਇੱਕ ਸੁਆਲ ਹੀ  ਵਿਧਾਨ ਸਭਾ 'ਚ ਕੀਤਾ ਹੈ। ਲੁਧਿਆਣਾ ਉੱਤਰੀ ਤੋਂ ਭਾਜਪਾ ਵਿਧਾਇਕ ਹਰੀਸ਼ ਬੇਦੀ ਅਤੇ ਸੰਗਰੂਰ ਤੋਂ ਕਾਂਗਰਸੀ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਅਸੈਂਬਲੀ 'ਚ ਕੇਵਲ ਦੋ ਦੋ ਸੁਆਲ ਹੀ ਪੁੱਛੇ ਹਨ। ਫਰੀਦਕੋਟ ਦੇ ਪੰਜਗਰਾਈ ਹਲਕੇ ਤੋਂ ਵਿਧਾਇਕ ਜੋਗਿੰਦਰ ਸਿੰਘ ਅਤੇ ਮਾਨਸਾ ਦੇ ਬੁਢਲਾਡਾ ਹਲਕੇ ਤੋਂ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਸਿਰਫ਼ ਤਿੰਨ ਤਿੰਨ ਸੁਆਲ ਇਸ ਸਮੇਂ ਦੌਰਾਨ ਅਸੈਂਬਲੀ 'ਚ ਉਠਾਏ ਹਨ। ਦੂਸਰੀ ਤਰਫ਼ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ 'ਚ ਮਾਲਵਾ ਖਿੱਤਾ ਮੋਹਰੀ ਹੈ। ਸੁਆਲ ਪੁੱਛਣ ਦੇ ਮਾਮਲੇ 'ਚ ਪੰਜਾਬ ਭਰ ਦੇ ਵਿਧਾਇਕਾਂ ਚੋਂ ਬਠਿੰਡਾ ਜ਼ਿਲ੍ਹੇ ਦੇ ਹਲਕਾ ਪੱਕਾ ਕਲਾਂ ਦੇ ਕਾਂਗਰਸੀ ਵਿਧਾਇਕ ਮੱਖਣ ਸਿੰਘ ਜੋ ਕਿ ਪੁਰਾਣੇ ਕਾਮਰੇਡ ਹਨ, ਨੇ ਬਾਜੀ ਮਾਰ ਲਈ ਹੈ। ਉਹ ਇਸ ਮਾਮਲੇ 'ਚ ਪੰਜਾਬ ਭਰ ਚੋਂ ਪਹਿਲੇ ਨੰਬਰ 'ਤੇ ਹਨ ਜਿਨ੍ਹਾਂ ਨੇ ਕਿ 141 ਸੁਆਲ ਪੁੱਛੇ ਹਨ। ਇਨ੍ਹਾਂ 'ਚ 120 ਸਟਾਰਡ ਸੁਆਲ ਹਨ ਜਦੋਂ ਕਿ 21 ਅਣਸਟਾਰਡ ਹਨ।
           ਪੰਜਾਬ ਭਰ ਚੋਂ ਸੁਆਲ ਪੁੱਛਣ 'ਚ ਦੂਸਰੇ ਨੰਬਰ 'ਤੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਤੋਂ ਆਜ਼ਾਦ ਵਿਧਾਇਕ ਅਜੀਤ ਸਿੰਘ ਸ਼ਾਂਤ ਹਨ ਜਿਨ੍ਹਾਂ ਨੇ 125 ਸੁਆਲ ਪੁੱਛੇ ਹਨ। ਤੀਸਰੇ ਨੰਬਰ 'ਤੇ ਸਰਦੂਲਗੜ ਹਲਕੇ ਤੋਂ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਤਰਨਤਾਰਨ ਦੇ ਵਲਟੋਹਾ ਹਲਕੇ ਤੋਂ ਵਿਰਸਾ ਸਿੰਘ ਵਲਟੋਹਾ ਹਨ ਜਿਨ੍ਹਾਂ ਨੇ ਅਸੈਂਬਲੀ 'ਚ 125-125 ਸੁਆਲ ਪੁੱਛੇ ਹਨ। ਕਾਂਗਰਸ ਦੇ ਤੇਜ ਤਰਾਰ ਅਤੇ ਹਲਕਾ ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਚੌਥੇ ਨੰਬਰ 'ਤੇ ਹਨ ਜਿਨ੍ਹਾਂ ਦੇ ਸੁਆਲਾਂ ਦੀ ਗਿਣਤੀ 121 ਹੈ। 118 ਸੁਆਲ ਪੁੱਛ ਕੇ ਖਰੜ ਤੋਂ ਕਾਂਗਰਸੀ ਵਿਧਾਇਕ ਬਲਵੀਰ ਸਿੰਘ ਸਿੱਧੂ ਪੰਜਵੇਂ ਨੰਬਰ 'ਤੇ ਰਹੇ ਹਨ। ਚੰਗੀ ਕਾਰਗੁਜ਼ਾਰੀ ਵਾਲੇ 14 ਵਿਧਾਇਕਾਂ ਚੋਂ ਅਕਾਲੀ ਦਲ ਦੇ ਚਾਰ ਵਿਧਾਇਕ,ਕਾਂਗਰਸ ਦੇ ਪੰਜ ,ਆਜ਼ਾਦ ਵਿਧਾਇਕ ਚਾਰ ਅਤੇ ਭਾਜਪਾ ਦਾ ਇੱਕ ਵਿਧਾਇਕ ਹੈ। ਭਾਜਪਾ ਦੇ ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਨੇ ਅਸੈਂਬਲੀ 'ਚ 94 ਸੁਆਲ ਪੁੱਛੇ ਹਨ ਜਦੋਂ ਕਿ ਧੂਰੀ ਤੋਂ ਆਜ਼ਾਦ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ 81 ਸੁਆਲ ਕੀਤੇ ਹਨ। ਸ੍ਰੀ ਹਰਗੋਬਿੰਦ ਸਾਹਿਬ ਹਲਕੇ ਤੋਂ ਅਕਾਲੀ ਵਿਧਾਇਕ ਕੈਪਟਨ ਬਲਵੀਰ ਸਿੰਘ ਬਾਠ ਨੇ 85 ਸੁਆਲ ਕੀਤੇ ਹਨ। ਸੂਤਰ ਆਖਦੇ ਹਨ ਕਿ ਵਿਧਾਇਕ ਹੁਣ ਆਪਣੇ ਫਰਜ਼ਾਂ ਨੂੰ ਭੁੱਲ ਬੈਠੇ ਹਨ ਜਿਸ ਕਰਕੇ ਉਹ ਲੋਕ ਹਿੱਤ ਨੂੰ ਭੁੱਲ ਬੈਠੇ ਹਨ। ਬਹੁਤੇ ਵਿਧਾਇਕ ਤਾਂ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਤਿਆਰੀ ਨਾਲ ਵੀ ਨਹੀਂ ਆਉਂਦੇ ਜਦੋਂ ਕਿ ਕਾਫੀ ਵਿਧਾਇਕ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹਨ।
        

Tuesday, October 4, 2011

           ਛੋਟੀਆਂ ਖਬਰਾਂ ਵੱਡੇ ਅਰਥ
                          ਚਰਨਜੀਤ ਭੁੱਲਰ
ਬਠਿੰਡਾ : ਕੋਈ ਖ਼ਬਰ ਛੋਟੀ ਨਹੀਂ ਹੁੰਦੀ ਹੈ। ਛੋਟੀ ਖ਼ਬਰ ਵੀ ਵੱਡੇ ਅਰਥ ਛੱਡਦੀ ਹੈ। ਬਹੁਤੇ ਖ਼ਬਰਾਂ 'ਤੇ ਤੈਰਵੀਂ ਨਜ਼ਰ ਮਾਰਦੇ ਹਨ। ਉਹ ਕਈ ਖ਼ਬਰਾਂ ਤੋਂ ਖੁੰਝ ਵੀ ਜਾਂਦੇ ਹਨ। ਛੋਟੀ ਜੇਹੀ ਖ਼ਬਰ ਵੀ ਹਿਲਾ ਕੇ ਰੱਖ ਦਿੰਦੀ ਹੈ। ਛੋਟਾ ਬੱਚਾ ਵੀ ਅਚਾਨਕ ਏਦਾ ਦੀ ਗੱਲ ਕਰ ਦਿੰਦਾ ਹੈ ਜੋ ਵੱਡਿਆਂ ਦੀ ਸਮਝੋ ਬਾਹਰ ਹੋ ਜਾਂਦੀ ਹੈ। ਵੱਡੀ ਖ਼ਬਰ ਦੀ ਤਾਂ ਗੱਲ ਹੀ ਹੋਰ ਹੁੰਦੀ ਹੈ। ਜੋ ਬੇਖ਼ਬਰ ਰਹਿੰਦੇ ਹਨ, ਉਨ੍ਹਾਂ ਨੂੰ ਝੰਜੋੜਨ ਲਈ ਨਿੱਕੀ ਖ਼ਬਰ ਹੀ ਕਾਫੀ ਹੁੰਦੀ ਹੈ। ਤਾਕਤ ਚ ਜੋ ਵੱਡੇ ਹੁੰਦੇ ਹਨ,ਉਨ੍ਹਾਂ ਨੂੰ ਤਾਂ ਵੱਡੀ ਖ਼ਬਰ ਵੀ ਛੋਟੀ ਲੱਗਦੀ ਹੈ। ਜੋ ਛੋਟੇ ਹੁੰਦੇ ਹਨ,ਉਨ੍ਹਾਂ ਦੀ ਜ਼ਿੰਦਗੀ ਤਾਂ ਹਰ ਸਤਰ ਨਾਲ ਜੁੜੀ ਹੁੰਦੀ ਹੈ। ਏਦਾ ਦੀ ਨਿੱਕੀ ਖ਼ਬਰ ਦੇਖਦੇ ਹਾਂ। ਪੰਜ ਸੱਤ ਲਾਈਨਾਂ ਦੀ ਖ਼ਬਰ ਇਉਂ ਛਪੀ ਹੋਈ ਸੀ। ਭਦੌੜ ਨੇੜੇ ਇੱਕ ਪਿੰਡ 'ਚ ਮੰਗਤਾ ਘਰੋਂ ਘਰੀਂ ਜਾ ਕੇ ਆਟਾ ਮੰਗਦਾ ਰਿਹਾ। ਸ਼ਾਮ ਹੋਣ ਤੱਕ ਉਸ ਦੀ ਪੋਟਲੀ 'ਚ 10 ਕਿਲੋਂ ਆਟਾ ਇਕੱਠਾ ਹੋ ਗਿਆ। ਛੋਟੇ ਜੇਹਾ ਬੱਚਾ ਉਸ ਦਾ ਰਾਹ ਦਸੇਰਾ ਸੀ।  ਜਿਉਂ ਹੀ ਪਿੰਡ ਦੀ ਜੂਹ ਚੋਂ ਬਾਹਰ ਹੋਇਆ। ਪਿਛਿਓਂ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਆਏ। ਉਨ੍ਹਾਂ ਮੰਗਤੇ ਦੀ ਪੋਟਲੀ ਖੋਹੀ ਤੇ ਅੋਂਹ ਗਏ। ਬੱਚਾ ਰੋਂਦਾ ਰਿਹਾ ਤੇ ਬਜ਼ੁਰਗ ਕੁਰਲਾਉਂਦਾ ਰਿਹਾ। ਨਿੱਕੀ ਜੇਹੀ ਖ਼ਬਰ ਪਿਛੇ ਸੱਚਮੁੱਚ ਵੱਡਾ ਮਸਲਾ ਖੜ੍ਹਾ ਹੈ। ਪੰਜਾਬ ਦੇ ਬੁਰੇ ਦਿਨਾਂ ਦਾ ਇਹ ਸਿਰਾ ਹੈ। ਭੁੱਖਿਆਂ ਨੂੰ ਰਜਾਉਣ ਵਾਲਾ ਇਹ ਸੂਬਾ ਕਿਥੋਂ ਦੀ ਲੰਘ ਰਿਹਾ ਹੈ। ਨੌਜਵਾਨਾਂ ਦੇ ਹੱਥ ਮੰਗਤੇ ਦੀ ਪੋਟਲੀ ਤੱਕ ਪੁੱਜ ਗਏ ਹਨ। ਜਿਨ੍ਹਾਂ ਵੱਡਿਆਂ ਨੂੰ ਹਰ ਮਸਲਾ ਛੋਟਾ ਲੱਗਦਾ ਹੈ,ਉਹ ਜਰੂਰ ਸੋਚਣ। ਪੰਜਾਬ 'ਚ ਹੁਣ ਮੰਗਤਾ ਵੀ ਸੁਰੱਖਿਅਤ ਨਹੀਂ,ਇੱਕ ਵਾਰੀ ਉਹ ਸਿਰ 'ਤੇ ਜ਼ਰੂਰ ਬੋਝ ਪਾਉਣ। ਵੱਡੇ ਸਮਝਦੇ ਹਨ ਕਿ ਸਿਰ ਤਾਂ ਪੈਸਿਆਂ ਨੂੰ ਜ਼ਰਬਾਂ ਦੇਣ ਲਈ ਹੁੰਦੇ ਹਨ। ਗੱਲ ਇਥੇ ਹੀ ਮੁੱਕਦੀ ਹੁੰਦੀ ਤਾਂ ਸਿਰਾਂ ਦੇ ਮੁੱਲ ਨਹੀਂ ਪੈਣੇ ਸਨ। ਕਿਸੇ ਨੇ ਬੰਦ ਬੰਦ ਨਹੀਂ ਕਟਾਉਣੇ ਸਨ। ਆਹ ਦਿਨ ਵੇਖਣ ਲਈ ਚਰਖੜੀਆਂ 'ਤੇ ਨਹੀਂ ਚੜ੍ਹੇ ਸਨ।
        ਚੰਡੀਗੜ੍ਹ ਤੋਂ ਇੱਕ ਖ਼ਬਰ ਪਿਛਲੇ ਦਿਨੀਂ ਛਪੀ ਕਿ ਇੱਕ ਮਹਿਲਾ ਦੀ ਚੇਨੀ ਝਪਟ ਕੇ ਭੱਜਣ ਲੱਗੇ ਨੌਜਵਾਨ ਫੜੇ ਗਏ। ਜਦੋਂ ਪੁਲੀਸ ਨੇ ਤਹਿਕੀਕਾਤ ਕੀਤੀ ਤਾਂ ਉਨ੍ਹਾਂ ਚੋਂ ਇੱਕ ਮੁੰਡਾ ਗਜ਼ਟਿਡ ਅਧਿਕਾਰੀ ਦਾ ਸੀ। ਉਸ ਦੇ ਘਰ ਹਰ ਐਸੋ ਇਸ਼ਰਤ ਦੀ ਵਸਤ ਮੌਜੂਦ ਹੈ। ਕੋਈ ਤੰਗੀ ਤੁਰਸ਼ੀ ਨਹੀਂ ਸੀ। ਏਦਾ ਦੇ ਹਜ਼ਾਰਾਂ ਮਸਲੇ ਦੇਖਣ ਨੂੰ ਮਿਲਦੇ ਹਨ। ਪੁਲੀਸ ਅਫਸਰਾਂ ਦੇ ਮੁੰਡਿਆਂ ਦੇ ਨਾਮ ਅਕਸਰ ਕਿਸੇ ਨਾ ਕਿਸੇ ਘਟਨਾ 'ਚ ਸੁਣੇ ਜਾਂਦੇ ਹਨ। ਏਦਾ ਹੀ ਇੱਕ ਪੀ.ਐਚ.ਡੀ ਮਹਿਲਾ ਰਾਜਧਾਨੀ 'ਚ ਠੱਗੀ ਦੇ ਮਾਮਲੇ 'ਚ ਫੜੀ ਗਈ ਹੈ। ਇਹ ਲੈਕਚਰਾਰ ਮਹਿਲਾ ਕਾਲਜ 'ਚ ਤਾਂ ਦਿਨ ਵੇਲੇ ਨਵੀਂ ਪੌਦ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਸੀ। ਰਾਤ ਨੂੰ ਖੁਦ ਨਵੀਂ ਠੱਗੀ ਦੀ ਵਿਉਂਤ ਬਣਾਉਂਦੀ ਸੀ। ਏਦਾ ਦਾ ਮਾਹੌਲ ਕੋਈ ਰਾਤੋਂ ਰਾਤ ਨਹੀਂ ਬਣਿਆ ਹੈ। ਅੱਗੇ ਮਹਿਮਾ ਸਰਜਾ ਤੋਂ ਛਪੀ ਹੋਈ ਇੱਕ ਖ਼ਬਰ ਵੱਲ ਧਿਆਨ ਮਾਰਦੇ ਹਾਂ। ਖ਼ਬਰ ਦੀ ਜਗ੍ਹਾ ਛੋਟੀ ਸੀ। ਮਾਅਨੇ ਵੱਡੇ ਸਨ। ਨਿੱਕੀ ਜੇਹੀ ਖ਼ਬਰ ਧਿਆਨ ਵੱਡਾ ਮੰਗਦੀ ਸੀ। ਖ਼ਬਰ ਅਨੁਸਾਰ ਇੱਕ ਪਿੰਡ 'ਚ ਸਿਆਸੀ ਧਿਰਾਂ ਨੇ ਸ਼ਮਸ਼ਾਨ ਘਾਟ ਵੀ ਵੱਖੋ ਵੱਖਰੇ ਬਣਾ ਲਏ ਹਨ। ਅਕਾਲੀਆਂ ਦਾ ਸ਼ਮਸ਼ਾਨਘਾਟ ਵੱਖਰਾ। ਕਾਂਗਰਸੀਆਂ ਦਾ ਵੱਖਰਾ। ਬਾਕੀ ਖ਼ਬਰਾਂ ਵਾਂਗ ਇਹ ਖ਼ਬਰ ਵੀ ਇੱਕ ਦਿਨ ਜ਼ਿੰਦਗੀ ਭੋਗ ਕੇ ਤੁਰ ਗਈ। ਖ਼ਬਰ ਦੇ ਅਰਥ ਇਹੋ ਹਨ ਕਿ ਹੁਣ ਜਦੋਂ ਇਸ ਪਿੰਡ 'ਚ ਕੋਈ ਵੀ ਮਰੇਗਾ। ਪਹਿਲਾਂ ਉਸ ਦੀ ਪਾਰਟੀ ਦੇਖੀ ਜਾਏਗੀ। ਦੁਨੀਆਂ ਛੱਡ ਕੇ ਜਾਣ ਵਾਲੇ ਬੱਚੇ ਦਾ ਵੀ ਪਿਛੋਕੜ ਵੇਖਿਆ ਜਾਏਗਾ। ਵੇਖਣਾ ਬਣਦਾ ਹੈ ਕਿ ਪਿੰਡਾਂ 'ਚ ਹੁਣ ਗੱਲ ਜਾਤਾਂ ਤੇ ਅਧਾਰਿਤ ਸ਼ਮਸ਼ਾਨਘਾਟਾਂ 'ਤੇ ਵੀ ਰੁਕੀ ਨਹੀਂ ਹੈ। ਸਿਆਸਤ ਸ਼ਮਸ਼ਾਨਘਾਟਾਂ ਤੱਕ ਚਲੀ ਗਈ ਹੈ। ਫਿਕਰ ਤਾਂ ਇਹੋ ਵੱਡਾ ਸੀ ਕਿ ਪਿੰਡਾਂ 'ਚ ਜ਼ਿਮੀਂਦਾਰਾਂ ਅਤੇ ਦਲਿਤ ਭਾਈਚਾਰੇ ਦੇ ਵੱਖੋ ਵੱਖਰੇ ਸ਼ਮਸ਼ਾਨਘਾਟ ਹਨ। ਕਈ ਪਿੰਡਾਂ 'ਚ ਵੱਡੇ ਸਰਦਾਰਾਂ ਦੇ ਸ਼ਮਸ਼ਾਨਘਾਟ ਵੀ ਵੱਖਰੇ ਹਨ। ਹੋਰ ਕਿਥੇ ਕਿਥੇ ਸਿਆਸਤ ਆਪਣਾ ਠੱਪਾ ਲਾਏਗੀ। ਜਿਨ੍ਹਾਂ ਸਮਾਂ ਲੋਕ ਆਪਣੇ ਠੱਪੇ ਦੇ ਮੂੰਹ ਇਨ੍ਹਾਂ ਵੱਲ ਨਹੀਂ ਕਰਦੇ,ਉਨ੍ਹਾਂ ਸਮਾਂ ਇਸ ਦਾ ਠੱਪਾ ਏਦਾ ਹੀ ਚੱਲੇਗਾ। ਬਰਨਾਲਾ ਜਿਲ੍ਹੇ ਚੋਂ ਖ਼ਬਰ ਛਪੀ ਹੋਈ ਸੀ ਕਿ ਇੱਕ ਪਿੰਡ 'ਚ ਪ੍ਰਾਇਮਰੀ ਸਕੂਲ ਸ਼ਮਸ਼ਾਨਘਾਟ 'ਚ ਲੱਗਦਾ ਹੈ। ਜਦੋਂ ਕੋਈ ਮੁਰਦਾ ਫੂਕਣ ਵਾਸਤੇ ਆਉਂਦਾ ਹੈ ਤਾਂ ਕਲਾਸ ਦੂਸਰੇ ਸੈੱਡ ਹੇਠ ਲੱਗਦੀ ਹੈ। ਜਦੋਂ ਫੁੱਲ ਚੁਗੇ ਜਾਂਦੇ ਹਨ ਤਾਂ ਮੁੜ ਕਲਾਸ ਪੁਰਾਣੇ ਸੈਡ 'ਚ ਆਣ ਲੱਗਦੀ ਹੈ। 64 ਵਰ੍ਹਿਆਂ ਮਗਰੋਂ ਵੀ ਕਲਾਸਾਂ ਸਮਸ਼ਾਨਘਾਟਾਂ 'ਚ ਲੱਗਣੀਆਂ ਹਨ ਤਾਂ ਫਿਟ ਲਾਅਹਣ ਹੈ। ਵੋਟਾਂ ਪਾਉਣ ਵਾਲਿਆਂ ਦਾ ਧਿਆਨ ਇਹ ਖ਼ਬਰ ਜਿਆਦਾ ਮੰਗਦੀ ਹੈ। ਖ਼ਬਰ ਆਖਦੀ ਹੈ ਕਿ ਜੇਹੋ ਜੇਹੇ ਚੁਣੋਗੇ,ਉਹੋ ਜੇਹਾ ਵੱਢੋਗੇ। ਖ਼ਬਰ ਨਿੱਕੀ ਜੇਹੀ ਛਪੀ ਸੀ, ਧਿਆਨ ਵੱਡਾ ਮੰਗਦੀ ਹੈ,ਕੋਈ ਅਣਜਾਣ ਨਹੀਂ ਹੈ।
         ਸ਼੍ਰੋਮਣੀ ਕਮੇਟੀ ਵੋਟਾਂ ਤੋਂ ਦੂਸਰੇ ਦਿਨ ਇੱਕ ਅੰਗਰੇਜ਼ੀ ਅਖ਼ਬਾਰ 'ਚ ਖ਼ਬਰ ਛਪੀ ਕਿ ਹੇਅਰ ਡਰੈਸਰਾਂ ਦੇ ਪੂਰਾ ਦਿਨ ਭੀੜ ਰਹੀ। ਲੀਡਰ ਵੀ ਦਾੜ੍ਹੀ ਕਟਾਉਂਦੇ ਰਹੇ। ਮੋਹਰੀ ਵਰਕਰ ਵੀ ਹੇਅਰ ਡਰੈਸਰਾਂ ਦੇ ਕਤਾਰਾਂ'ਚ ਖੜ੍ਹੇ ਰਹੇ। ਮਤਲਬ ਖ਼ਬਰ ਦਾ ਸਾਫ ਹੈ ਕਿ ਵੋਟਾਂ ਖਾਤਰ ਸਭ ਸਿੰਘ ਸਜੇ ਹੋਏ ਸਨ। ਕੋਈ ਬਾਹਰੋ ਆ ਕੇ ਪੀਹੜੀ ਹੇਠ ਸੋਟਾ ਨਹੀਂ ਫੇਰੂ। ਆਪ ਨੂੰ ਹੀ ਸੋਟਾ ਚੁੱਕਣਾ ਪਊ। ਧਾਰਮਿਕ ਚੋਣਾਂ 'ਚ ਜੋ ਹਾਕਮ ਧਿਰ ਨੇ ਸੋਟੇ ਚੁੱਕੇ ਸਨ, ਉਹੀ ਸੋਟੇ ਕਿਤੇ ਪੀਹੜੀ ਹੇਠ ਫੇਰੇ ਹੁੰਦੇ ਤਾਂ ਹੇਅਰ ਡਰੈਸਰਾਂ ਦੇ ਲਾਈਨਾਂ ਨਹੀਂ ਲੱਗਣੀਆਂ ਸਨ। ਸ਼੍ਰੋਮਣੀ ਕਮੇਟੀ ਚੋਣਾਂ ਦੇ ਦਿਨਾਂ 'ਚ ਸਭ ਅਕਾਲੀ ਲੀਡਰਾਂ ਨੇ ਦਾੜ੍ਹੀਆਂ ਖੋਲ੍ਹੀਆਂ ਹੋਈਆਂ ਸਨ। ਕਾਹਦੇ ਲਈ,ਸਭ ਜਾਣਦੇ ਹਨ। ਗੱਲ ਇੱਥੋਂ ਤੱਕ ਹੀ ਸਿਮਟ ਗਈ ਹੈ। ਹੁਣੇ ਜੇਹੇ ਹੀ ਟਰਾਂਟੋ ਤੋਂ ਖ਼ਬਰ ਛਪੀ ਹੈ ਕਿ ਇੱਕ ਬਜ਼ੁਰਗ ਟਰਾਂਟੋ 'ਚ ਦੇਸੀ ਸ਼ਰਾਬ ਕੱਢਦਾ ਪੁਲੀਸ ਨੇ ਕਾਬੂ ਕੀਤਾ ਹੈ। ਜੋ ਕਸਰ ਇੱਥੇ ਰਹਿ ਰਹੀ ਹੈ,ਬਾਹਰ ਜਾ ਕੇ ਉਹ ਵੀ ਕੱਢੀ ਜਾ ਰਹੇ ਹਨ। ਇਨਸਾਨਾਂ ਨੂੰ ਇਹੋ ਜੇਹੀਆਂ ਖ਼ਬਰਾਂ ਪ੍ਰੇਸ਼ਾਨ ਕਰਦੀਆਂ ਹਨ। ਨੇਤਾ ਲੋਕਾਂ ਲਈ ਇਨ੍ਹਾਂ ਦੇ ਕੋਈ ਮਾਅਨੇ ਨਹੀਂ। ਇਨ੍ਹਾਂ ਦੇ ਚੇਤੇ ਕਮਜ਼ੋਰ ਹਨ। ਕੇਵਲ ਉਹੋ ਹੀ ਯਾਦ ਰਹਿੰਦੀ ਹੈ ਜੋ ਖ਼ਬਰ ਸਿੱਧੀ ਵੋਟ ਨਾਲ ਜੁੜੀ ਹੁੰਦੀ ਹੈ।
          ਕਈ ਦਿਲਚਸਪ ਖ਼ਬਰਾਂ ਵੀ ਹੁੰਦੀਆਂ ਹਨ। ਮਿਸਾਲ ਦੇ ਤੌਰ 'ਤੇ ਕੇਰਲਾ ਦੇ ਇੱਕ ਸਰਕਾਰੀ ਸਕੂਲ ਦਾ ਪਿੰ੍ਰਸੀਪਲ ਇੱਕ ਦਿਨ ਦੀ ਛੁੱਟੀ 'ਤੇ ਚਲਾ ਗਿਆ। ਮਗਰੋਂ ਉਹ ਪਿੰ੍ਰਸੀਪਲ ਦਾ ਚਾਰਜ ਸਕੂਲ ਦੇ ਸੇਵਾਦਾਰ ਨੂੰ ਦੇ ਗਿਆ। ਕਾਰਨ ਇਹ ਸੀ ਕਿ ਪਿੰ੍ਰਸੀਪਲ ਦੀ ਸਕੂਲ ਦੇ ਕਿਸੇ ਵੀ ਸਟਾਫ ਮੈਂਬਰ ਨਾਲ ਬਣਦੀ ਨਹੀਂ ਸੀ। ਇਕੱਲਾ ਸੇਵਾਦਾਰ ਉਸ ਦਾ ਹਮਾਇਤੀ ਸੀ। ਸੇਵਾਦਾਰ ਨੇ ਏਨੀ ਵਫ਼ਾਦਾਰੀ ਨਿਭਾਈ ਕਿ ਪਿੰ੍ਰਸੀਪਲ ਦੀ ਕੁਰਸੀ 'ਤੇ ਬੈਠ ਕੇ ਉਸ ਨੇ ਕੁਝ ਅਧਿਆਪਕਾਂ ਦੀ ਝਾੜ ਝੰਬ ਤੱਕ ਕਰ ਦਿੱਤੀ। ਹਰ ਨਿੱਕੀ ਖ਼ਬਰ ਮਾੜੀ ਵੀ ਨਹੀਂ ਹੁੰਦੀ। ਚੰਗੀ ਹੋਵੇ ਤੇ ਚਾਹੇ ਮਾੜੀ, ਧਿਆਨ ਇੱਕੋ ਜਿਨ੍ਹਾਂ ਖਿੱਚਦੀ ਹੈ। ਝੰਜੋੜਦੀ ਵੀ ਇੱਕੋ ਜਿਨ੍ਹਾਂ ਹੈ। ਉਤਰ ਪ੍ਰਦੇਸ਼ ਚੋਂ ਛਪੀ ਇੱਕ ਹੈਡ ਲਾਈਨ ਵੀ ਜ਼ਿਕਰਯੋਗ ਹੈ। ਦੋ ਵਰ੍ਹੇ ਪਹਿਲਾਂ ਇੱਕ ਰਿਕਸ਼ਾ ਚਾਲਕ ਨੂੰ ਬੈਗ ਲੱਭਾ। ਬੈਗ 'ਚ ਸੋਨੇ ਦੇ ਗਹਿਣੇ ਸਨ। ਰਿਕਸ਼ਾ ਚਾਲਕ ਨੇ ਘਰ ਲਿਆ ਕੇ ਬੈਗ ਘਰ 'ਚ ਟੋਆ ਪੁੱਟ ਕੇ ਦੱਬ ਦਿੱਤਾ। ਦੋ ਸਾਲ ਸੋਚਦਾ ਰਿਹਾ। ਗਹਿਣੇ ਵਰਤਾ ਜਾਂ ਨਾ। ਪਿਛਲੇ ਦਿਨੀਂ ਉਸ ਨੇ ਟੋਏ 'ਚ ਦੱਬਿਆ ਬੈਗ ਕੱਢਿਆ। ਸਿੱਧਾ ਥਾਣੇ ਪੁੱਜ ਗਿਆ। ਪੂਰੀ ਵਾਰਤਾ ਸੁਣਾਉਣ ਮਗਰੋਂ ਕਹਿਣ ਲੱਗਾ ਕਿ ਇਸ ਨੂੰ ਸਰਕਾਰੀ ਖ਼ਜ਼ਾਨੇ 'ਚ ਜਮ੍ਹਾ ਕਰ ਲਓ। ਜਦੋਂ ਥਾਣੇ ਵਾਲਿਆਂ ਪੁੱਛਿਆ ਕਿ ਦੋ ਸਾਲ ਪਿਛੋਂ ਕਿਵੇਂ ਚੇਤਾ ਆ ਗਿਆ। ਉਸ ਦਾ ਜੁਆਬ ਸੀ ਕਿ ਪਿਛਲੇ ਦਿਨੀਂ ਅੰਨੇ ਹਜ਼ਾਰੇ ਦੇ ਇਕੱਠ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਨਾਹਰੇ ਮਾਰਨ ਵਾਲਿਆਂ 'ਚ ਉਹ ਵੀ ਸ਼ਾਮਲ ਸੀ। ਜਦੋਂ ਉਹ ਨਾਹਰੇ ਮਾਰਦਾ ਸੀ ਤਾਂ ਘਰੇ ਦੱਬਿਆ ਇਹੋ ਬੈਗ ਉਸ ਦੇ ਅੰਦਰ ਹੁੱਜਾਂ ਮਾਰਦਾ ਸੀ। ਉਸ ਨੇ ਆਖਿਆ,ਥਾਣੇਦਾਰ ਸਾਹਿਬ,ਮੈਥੋਂ ਜ਼ਮੀਰ ਦੇ ਲਫੇੜੇ ਝੱਲੇ ਨਹੀਂ ਗਏ। ਸਾਂਭੋ ਆਪਣੀ ਅਮਾਨਤ। ਹਾਲਾਂ ਕਿ ਉਸ ਗਰੀਬ ਰਿਕਸ਼ਾ ਚਾਲਕ ਦਾ ਪਰਿਵਾਰ ਇੱਕੋ ਇੱਕ ਰਿਕਸ਼ੇ 'ਤੇ ਹੀ ਪਲਦਾ ਹੈ। ਅਫਸੋਸ ਇਹੋ ਹੈ ਕਿ ਸਵਿਸ ਬੈਂਕਾਂ 'ਚ ਪਈ ਮਾਇਆ ਨੇ ਕਦੇ  ਉਨ੍ਹਾਂ ਦੀ ਜ਼ਮੀਰ ਨੂੰ ਧੱਕੇ ਨਹੀਂ ਮਾਰੇ ਜੋ ਮੁਲਕ ਚਲਾਉਂਦੇ ਹਨ। ਰਿਕਸ਼ਾ ਚਲਾਉਣ ਵਾਲੇ ਤੋਂ ਹੀ ਇਹ ਮੁਲਕ ਚਲਾਉਣ ਵਾਲੇ ਸੇਧ ਲੈ ਲੈਣ।
          ਇੱਕ ਖ਼ਬਰ ਗੁਜਰਾਤ ਤੋਂ ਹੈ। ਹੀਰਿਆਂ ਦਾ ਵਪਾਰੀ ਜਦੋਂ ਆਪਣਾ ਬੈਗ ਆਟੋ ਰਿਕਸ਼ਾ 'ਚ ਰੱਖ ਕੇ ਬੈਠਣ ਲੱਗਾ ਤਾਂ ਆਟੋ ਰਿਕਸ਼ਾ ਵਾਲੇ ਨੇ ਆਟੋ ਤੋਰ ਲਿਆ। ਇਹ ਸਮਝ ਕੇ ਕਿ ਸਵਾਰੀ ਪਿਛੇ ਬੈਠ ਗਈ ਹੈ। ਇੱਧਰ ਵਪਾਰੀ ਆਪਣਾ ਬੈਗ ਚਲੇ ਜਾਣ 'ਤੇ ਸਿੱਧਾ ਥਾਣੇ ਪੁੱਜ ਗਿਆ ਤਾਂ ਜੋ ਆਟੋ ਰਿਕਸ਼ਾ ਵਾਲੇ ਖ਼ਿਲਾਫ਼ ਕੇਸ ਦਰਜ ਕਰਾਇਆ ਜਾ ਸਕੇ। ਉਧਰ ਜਦੋਂ ਆਟੋ ਰਿਕਸ਼ਾ ਵਾਲੇ ਨੂੰ ਪਤਾ ਲੱਗਾ ਕਿ ਪਿਛੇ ਸਵਾਰੀ ਨਹੀਂ, ਇਕੱਲਾ ਬੈਗ ਪਿਆ ਤਾਂ ਉਸ ਨੇ ਬੈਗ ਖੋਲ੍ਹ ਲਿਆ। ਬੈਗ 'ਚ ਹੀਰੇ ਸਨ। ਉਹ ਸਿੱਧਾ ਰੇਲਵੇ ਸਟੇਸ਼ਨ ਗਿਆ। ਉਥੇ ਬੈਗ ਦੀ ਮੁਨਿਆਦੀ ਕਰਾ ਦਿੱਤੀ। ਜਦੋਂ ਬੈਗ ਦਾ ਮਾਲਕ ਨਾ ਆਇਆ ਤਾਂ ਉਹ ਸਿੱਧਾ ਥਾਣੇ ਗਿਆ। ਮੁਨਸ਼ੀ ਨੂੰ ਜਦੋਂ ਸਾਰੀ ਗੱਲ ਦੱਸੀ ਤਾਂ ਉਸ ਨੇ ਆਖਿਆ ਕਿ ਬੈਗ ਦਾ ਮਾਲਕ ਅੰਦਰ ਥਾਣੇਦਾਰ ਕੋਲ ਬੈਠਾ ਹੈ। ਆਟੋ ਵਾਲੇ ਖ਼ਿਲਾਫ਼ ਕੇਸ ਦਰਜ ਕਰਾਉਣ ਆਏ ਵਪਾਰੀ ਨੇ ਬੈਗ ਚੈਕ ਕੀਤਾ। ਹੀਰੇ ਸਹੀ ਸਲਾਮਤ ਸਨ। ਉਸ ਨੇ ਜਦੋਂ ਆਟੋ ਵਾਲੇ ਨੂੰ ਇਨਾਮ ਦੇਣ ਲਈ ਸਿਰ ਉਤਾਂਹ ਚੁੱਕਿਆ ਤਾਂ ਆਟੋ ਰਿਕਸ਼ਾ ਵਾਲਾ ਜਾ ਚੁੱਕਾ ਸੀ। ਇੰਝ ਲੱਗਦਾ ਹੈ ਕਿ ਇਮਾਨ ਤਾਂ ਹੁਣ ਇਕੱਲੇ ਕਿਰਤੀਆਂ 'ਚ ਹੀ ਬਚਿਆ ਹੈ। ਦੋ ਨੰਬਰ ਦੀ ਮਾਇਆ ਨੇ ਬਾਕੀ ਸਭ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਜੋ ਬੇਖ਼ਬਰ ਰਹਿੰਦੇ ਹਨ,ਉਹ ਵੀ ਇਨ੍ਹਾਂ ਖ਼ਬਰਾਂ ਦੇ ਪਾਤਰਾਂ ਦੀ ਹਕੀਕਤ 'ਤੇ ਝਾਤੀ ਮਾਰਨਗੇ। ਨਹੀਂ ਫਿਰ ਉਹ ਦਿਨ ਵੀ ਚੜ੍ਹੇਗਾ ਜਦੋਂ ਬੇਖ਼ਬਰਾ ਨੂੰ ਇਹੋ ਕਿਰਤੀ ਖ਼ਬਰ ਬਣਾ ਦੇਣਗੇ। ਤਿਹਾੜ ਜੇਲ੍ਹ ਵਾਲਿਆਂ ਦੀ ਖ਼ਬਰ ਵੀ ਫਿਰ ਵੱਡੀ ਬਣਦੀ ਹੈ, ਛੋਟੀ ਨਹੀਂ।