Wednesday, November 30, 2011

                                         ਸੋਹਣਾ ਪਿੰਡ ਜਲਾਲ ਅੱਜ ਉਦਾਸ ਹੈ...।
                                                                    ਚਰਨਜੀਤ ਭੁੱਲਰ
ਬਠਿੰਡਾ :  ਕੁਲਦੀਪ ਮਾਣਕ ਦਾ 'ਜਲਾਲ' ਅੱਜ ਉਦਾਸ ਹੈ। ਉਸ ਦੇ ਹਾਣੀ ਅੱਜ ਗਮ 'ਚ ਡੁੱਬ ਗਏ ਹਨ। ਪਿੰਡ ਦਾ ਹਰ ਨਿਆਣਾ ਸਿਆਣਾ ਸੋਗ ਵਿੱਚ ਹੈ। ਉਸ ਦੀ ਪੈੜ ਦੀ ਗੱਲ ਅੱਜ ਹਰ ਘਰ ਤੁਰੀ ਹੋਈ ਸੀ। 'ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ', ਜਦੋਂ ਇਹ ਖ਼ਬਰ ਪਿੰਡ 'ਚ ਪੁੱਜੀ ਤਾਂ ਇੱਕ ਤਰ੍ਹਾਂ ਨਾਲ ਜ਼ਿੰਦਗੀ ਹੀ ਰੁਕ ਗਈ। ਪਿੰਡ ਜਲਾਲ ਦੀ ਜੂਹ ਨੂੰ ਅੱਜ ਸੂਰਜ ਸਮੇਂ ਤੋਂ ਪਹਿਲਾਂ ਅਸਤ ਹੁੰਦਾ ਜਾਪਿਆ। ਜਿਨ੍ਹਾਂ ਗਲੀਆਂ 'ਚ ਕੁਲਦੀਪ ਮਾਣਕ ਖੇਡਿਆ, ਉਨ੍ਹਾਂ ਗਲੀਆਂ ਦਾ ਗੱਚ ਵੀ ਭਰਿਆ ਹੋਇਆ ਸੀ। ਪਿੰਡ ਜਲਾਲ 'ਚ ਮਾਣਕ ਦਾ ਛੋਟਾ ਜਿਹਾ ਘਰ ਹੈ ਜਿਥੇ ਅੱਜ ਉਸ ਦੇ ਪੁਰਾਣੇ ਬੇਲੀ ਮੌਤ ਦੀ ਖ਼ਬਰ ਮਗਰੋਂ ਜੁੜਨ ਲੱਗ ਪਏ। ਇਕੱਲੇ ਇੱਕ ਜਲਾਲ 'ਚ ਨਹੀਂ ਬਲਕਿ 'ਅੱਠ ਜਲਾਲਾਂ' 'ਚ ਸੋਗ ਦੀ ਲਹਿਰ ਦੌੜ ਗਈ। ਉਹ ਸਰਕਾਰੀ ਸਕੂਲ ਵੀ ਗਮ ਦੇ ਦਰਿਆ 'ਚ ਡੁੱਬ ਗਿਆ ਜਿਸ ਦੀ ਮਿੱਟੀ 'ਤੇ ਬੈਠ ਕੇ ਬਚਪਨ ਉਮਰੇ ਕੁਲਦੀਪ ਮਾਣਕ ਗਾਉਂਦਾ ਹੁੰਦਾ ਸੀ। ਸਕੂਲ ਦੀ ਬਾਲ ਸਭਾ 'ਚ ਗਾਏ ਗੀਤ ਅੱਜ ਉਸ ਦੇ ਹਾਣੀ ਚੇਤੇ ਕਰਦੇ ਰਹੇ। ਕਰੀਬ ਇੱਕ ਵਰ੍ਹਾ ਪਹਿਲਾਂ ਕੁਲਦੀਪ ਮਾਣਕ ਆਪਣੇ ਭਰਾ ਦੀ ਮੌਤ 'ਤੇ ਆਇਆ। ਅੱਜ ਇੱਕ ਵਰ੍ਹੇ ਮਗਰੋਂ ਖੁਦ ਉਸ ਦੀ ਮੌਤ ਦੀ ਖ਼ਬਰ ਪਿੰਡ ਪੁੱਜ ਗਈ ਹੈ।
          ਕੁਲਦੀਪ ਮਾਣਕ ਦਾ ਪੁਰਾਣਾ ਬੇਲੀ ਮਾਸਟਰ ਨਛੱਤਰ ਸਿੰਘ ਆਖਦਾ ਹੈ ਕਿ 'ਪਿੰਡ ਜਲਾਲ ਲਈ ਅੱਜ ਦਾ ਦਿਨ ਸਭ ਤੋਂ ਮਾੜਾ ਚੜ੍ਹਿਆ ਹੈ।' ਉਹ ਆਖਦਾ ਹੈ ਕਿ ਕੁਲਦੀਪ ਮਾਣਕ ਨੇ ਪਿੰਡ ਜਲਾਲ ਨੂੰ ਵਿਸ਼ਵ 'ਚ ਚਮਕਾ ਦਿੱਤਾ ਸੀ ਅਤੇ ਖੁਦ ਅੱਜ ਉਹ 'ਮਾਣਕ' ਨਹੀਂ ਰਿਹਾ। ਉਸ ਨੇ ਦੱਸਿਆ ਕਿ ਅੱਠ ਜਲਾਲਾਂ 'ਚ ਅੱਜ ਹਰ ਘਰ ਗਮ ਦਾ ਮਾਹੌਲ ਹੈ। ਪਿੰਡ ਜਲਾਲ ਦੀ ਹਰ ਦੇਹਲੀ ਤੋਂ 18 ਸਤੰਬਰ 1993 ਨੂੰ ਉਹ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਜਦੋਂ ਰਿਕਾਰਡ ਇਕੱਠ 'ਚ ਪਿੰਡ ਜਲਾਲ ਨੇ 'ਕੁਲਦੀਪ ਮਾਣਕ' ਨੂੰ ਕਾਰ ਨਾਲ ਸਨਮਾਨਿਤ ਕੀਤਾ ਸੀ। ਅੱਤਵਾਦ ਮਗਰੋਂ ਪੰਜਾਬ ਦਾ ਇਹ ਇੱਕ ਵੱਡਾ ਇਕੱਠ ਸੀ ਜਿਸ 'ਚ ਡੀ.ਜੀ.ਪੀ ਕੇ.ਪੀ.ਐਸ.ਗਿੱਲ ਪੁੱਜੇ ਸਨ। ਉਦੋਂ ਪਿੰਡ ਜਲਾਲ ਦੇ ਘਰ ਘਰ 'ਚ ਲੰਗਰ ਚੱਲਿਆ ਸੀ। ਪਿੰਡ ਜਲਾਲ ਅੱਜ ਤੱਕ ਉਹ ਖੁਸ਼ੀ ਦੇ ਪਲ ਨਹੀਂ ਭੁੱਲਾ ਹੈ। ਪਿੰਡ ਜਲਾਲ ਦੇ ਪ੍ਰਿਥੀਪਾਲ ਸਿੰਘ ਜਲਾਲ ਆਖਦੇ ਹਨ ਕਿ ਕੁਲਦੀਪ ਮਾਣਕ ਦੀ ਮੌਤ ਵੀ ਕਦੇ ਭੁੱਲ ਨਹੀਂ ਸਕੇਗੀ। ਉਨ੍ਹਾਂ ਆਖਿਆ ਕਿ ਮਾਣਕ ਨੇ ਪਿੰਡ ਜਲਾਲ ਦੇ ਕੱਦ ਬੁੱਤ ਨੂੰ ਆਪਣੇ ਨਾਲੋਂ ਉੱਚਾ ਚੁੱਕਿਆ। ਨੰਬਰਦਾਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਪਿੰਡ ਨੂੰ ਮਾਣਕ ਦਾ ਵਿਛੋੜਾ ਕਦੇ ਨਹੀਂ ਭੁੱਲੇਗਾ। ਉਸ ਨੇ ਪਿੰਡ ਦੇ ਹਰ ਵਸਨੀਕ ਦੀ ਹਰ ਵੇਲੇ ਬਾਂਹ ਫੜੀ।
          ਕੁਲਦੀਪ ਮਾਣਕ ਆਖਰੀ ਦਫ਼ਾ ਖੁਸ਼ੀ ਦੇ ਮੌਕੇ 'ਤੇ ਪਿੰਡ ਜਲਾਲ 'ਚ 14 ਫਰਵਰੀ 2010 ਨੂੰ ਆਏ ਸਨ। ਉਹ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਦੇ ਖੁਸ਼ੀ ਤੇ ਗਮ 'ਚ ਸਰੀਕ ਹੋਣਾ ਨਹੀਂ ਭੁੱਲਦੇ ਸਨ। ਉਹ ਆਪਣੇ ਪਿੰਡ ਜਲਾਲ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਕਲਾਸ ਤੱਕ ਪੜ੍ਹਿਆ। ਉਸ ਤੋਂ ਕਾਫੀ ਸਮੇਂ ਮਗਰੋਂ ਉਹ ਲੁਧਿਆਣਾ ਚਲੇ ਗਏ ਸਨ। ਜਦੋਂ ਉਹ ਸਕੂਲ ਦੀ ਬਾਲ ਸਭਾ ਵਿੱਚ ਗਾਉਂਦਾ ਸੀ ਤਾਂ ਉਦੋਂ ਹੈੱਡਮਾਸਟਰ ਕਸ਼ਮੀਰ ਸਿੰਘ ਅਕਸਰ ਥਾਪੀ ਦਿੰਦੇ ਸਨ। ਇਸੇ ਥਾਪੀ ਨੇ ਉਸ ਨੂੰ ਅਸਮਾਨ 'ਚ ਪਹੁੰਚਾ ਦਿੱਤਾ। ਪਿੰਡ ਦੇ ਲੋਕ ਦੱਸਦੇ ਹਨ ਕਿ ਉਸ ਨੇ 40 ਕੁ ਸਾਲ ਪਹਿਲਾਂ ਪਿੰਡ ਛੱਡ ਦਿੱਤਾ ਸੀ। ਭਾਵੇਂ ਉਹ ਪਿੰਡੋਂ ਚਲੇ ਗਏ ਸਨ ਪਰ ਭਾਵੁਕ ਤੌਰ 'ਤੇ ਉਹ ਪਿੰਡ ਨਾਲ ਜੁੜੇ ਹੋਏ ਸਨ। ਪਿੰਡ ਦੇ ਲੋਕ ਦੱਸਦੇ ਹਨ ਕਿ ਮਾਣਕ ਦੇ ਮਨ ਵਿਚ ਪਿੰਡ ਦੇ ਹਰ ਜੀਅ ਦਾ ਸਤਿਕਾਰ ਸੀ। ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਪੱਪੂ ਦਾ ਕਹਿਣਾ ਸੀ ਕਿ ਪੂਰਾ ਜਲਾਲ ਗਮ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਮਾਣਕ ਦੇ ਤੁਰ ਜਾਣ ਦਾ ਦੁੱਖ ਹਮੇਸ਼ਾ ਰਹੇਗਾ। ਉਨ੍ਹਾਂ ਦੱਸਿਆ ਕਿ ਪਿੰਡ ਜਲਾਲ 'ਚ ਅੱਜ ਉਨ੍ਹਾਂ ਦੇ ਚਲੇ ਜਾਣ ਦੀ ਖ਼ਬਰ ਕਰੀਬ ਤਿੰਨ ਕੁ ਵਜੇ ਪੁੱਜੀ। ਅੱਜ ਪਿੰਡ ਦੀ ਸੱਥ ਵਿੱਚ ਵੀ ਮਾਣਕ ਦੀਆਂ ਕਲੀਆਂ ਦੀ ਗੱਲ ਚੱਲਦੀ ਰਹੀ। ਜਿਸ ਪਿੰਡ ਨੇ ਕਲੀਆਂ ਦੇ ਬੇਤਾਜ ਬਾਦਸ਼ਾਹ ਨੂੰ ਜਨਮ ਦਿੱਤਾ ,ਅੱਜ ਉਹ ਪਿੰਡ ਖੁਦ ਖ਼ਾਮੋਸ਼ੀ ਦੀ ਬੁੱਕਲ ਵਿੱਚ ਬੈਠਾ ਸੀ। ਜਾਣਕਾਰੀ ਅਨੁਸਾਰ 2 ਦਸੰਬਰ ਨੂੰ ਪਿੰਡ ਜਲਾਲ 'ਚ ਕੁਲਦੀਪ ਮਾਣਕ ਨੂੰ ਦਫ਼ਨਾਇਆ ਜਾਵੇਗਾ।
ਕੁਲਦੀਪ ਮਾਣਕ ਨੇ ਦਰਜਨਾਂ ਗੀਤਾਂ 'ਚ ਆਪਣੇ ਪਿੰਡ ਨੂੰ ਮਾਣ ਦਿੱਤਾ ਜਿਨ੍ਹਾਂ ਚੋਂ ਇੱਕ ਦੋ ਇਸ ਤਰ੍ਹਾਂ ਹਨ।
                                          'ਸੋਹਣਾ ਪਿੰਡ ਜਲਾਲ ਮੇਰਾ , ਸਾਂਭ ਕੇ ਨਿਸ਼ਾਨੀ ਰੱਖ ਲਈ
                                                           ਲੈ ਜੀ ਨਾਲ ਰੁਮਾਲ ਮੇਰਾ।'
                                            ' ਝੰਗ ਸਿਆਲਾਂ ਨਾਲੋਂ ਸੋਹਣਾ, ਮੇਰਾ ਪਿੰਡ ਜਲਾਲ ਕੁੜੇ।'
 ਇਸੇ ਤਰ੍ਹਾਂ ਇੱਕ ਹੋਰ ਗੀਤ 'ਚ ਮਾਣਕ ਨੇ ਗਾਇਆ ...
                                          'ਸਕਿਆ ਭਾਈਆ ਦੇ ਮੁੱਲ, ਅੱਠ ਜਲਾਲਾਂ ਵਾਲਿਆ
                                              ਸਕਿਆ ਭਾਈਆ ਬਾਝੋਂ,ਕੋਈ ਨਹੀਂ ਉਤਾਰਦਾ'

                                              ਲਤੀਫ ਮੁਹੰਮਦ ਉਰਫ 'ਕੁਲਦੀਪ ਮਾਣਕ'
 ਜਾਣਕਾਰੀ ਅਨੁਸਾਰ ਕੁਲਦੀਪ ਮਾਣਕ ਦਾ ਅਸਲੀ ਨਾਮ ਲਤੀਫ਼ ਮੁਹੰਮਦ ਉਰਫ ਲੱਧਾ ਸੀ। ਸਕੂਲ 'ਚ ਉਸ ਨੂੰ ਕੁਲਦੀਪ ਮਣਕਾ ਵੀ ਆਖਦੇ ਸਨ। ਲੋਕ ਦੱਸਦੇ ਹਨ ਕਿ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਉਸ ਨੂੰ ਗਾਉਂਦੇ ਨੂੰ ਸੁਣਿਆ ਤਾਂ ਉਨ੍ਹਾਂ ਨੇ ਆਖਿਆ ਸੀ ਕਿ ' ਤੂੰ ਕੁਲਦੀਪ ਮਣਕਾ ਨਹੀਂ,ਤੂੰ ਤਾਂ ਕੁਲਦੀਪ ਮਾਣਕ ਹੈ।' ਉਦੋਂ ਤੋਂ ਹੀ ਉਸ ਦਾ ਨਾਮ ਕੁਲਦੀਪ ਮਾਣਕ ਪਿਆ। ਇਹ ਵੀ ਦੱਸਦੇ ਹਨ ਕਿ ਕੈਰੋਂ ਨੇ ਇਹ ਆਖਿਆ ਸੀ ਕਿ ' ਤੂੰ ਆਪਣੀ ਕੁੱਲ ਦਾ ਦੀਪ ਹੈ ਤੇ ਤੂੰ ਹੀਰਾ ਨਹੀਂ ਬਲਕਿ ਤੂੰ ਤਾਂ ਮਾਣਕ ਹੈ।' ਇਸ ਤਰ੍ਹਾਂ ਦੀ ਗੱਲ ਮਾਣਕ ਖੁਦ ਵੀ ਆਪਣੀ ਇੰਟਰਵਿਊ ਵਿੱਚ ਦੱਸਦੇ ਰਹੇ ਹਨ।
       
       

Wednesday, November 23, 2011

  ਭਾਜਪਾ ਭੱਤੇ ਛਕਣ 'ਚ  'ਨੰਬਰ ਵਨ'
                        ਚਰਨਜੀਤ ਭੁੱਲਰ
ਬਠਿੰਡਾ : ਭਾਜਪਾ ਵਿਧਾਇਕ ਸਰਕਾਰੀ ਖ਼ਜ਼ਾਨੇ ਚੋਂ ਭੱਤੇ ਲੈਣ 'ਚ 'ਨੰਬਰ ਵਨ' ਹਨ। ਦੂਸਰੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮਝੈਲ ਵਿਧਾਇਕ ਆਏ ਹਨ। ਉਂਝ ਤਾਂ ਵਿਰੋਧੀ ਧਿਰ ਦੇ ਵਿਧਾਇਕ ਵੀ ਭੱਤੇ ਲੈਣ 'ਚ ਪਿਛੇ ਨਹੀਂ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਦੇ ਖ਼ਜ਼ਾਨੇ ਚੋਂ ਭੱਤਿਆਂ ਦੇ ਰੂਪ ਵਿੱਚ ਧੇਲਾ ਵੀ ਨਹੀਂ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਵੱਧ ਭੱਤੇ ਲੈਣ 'ਚ ਵੀ ਕਾਂਗਰਸ ਅੱਗੇ ਹੈ। ਘੱਟ ਭੱਤੇ ਲੈਣ ਵਾਲਿਆਂ ਵਿੱਚ ਵੀ ਕਾਂਗਰਸੀ ਵਿਧਾਇਕ ਮੋਹਰੀ ਹਨ। ਮੌਜੂਦਾ ਰਾਜ ਭਾਗ ਦੇ ਸਵਾ ਚਾਰ ਵਰਿ•ਆਂ 'ਚ ਭੱਤਿਆਂ ਦੇ ਗੱਫੇ ਲੈਣ ਵਾਲੇ ਵਿਧਾਇਕਾਂ ਦਾ ਜਦੋਂ ਲੇਖਾ ਜੋਖਾ ਕੀਤਾ ਗਿਆ ਤਾਂ ਬਾਜੀ ਭਾਜਪਾ ਵਿਧਾਇਕ ਮਾਰ ਗਏ। ਪੰਜਾਬ ਵਿਧਾਨ  ਸਭਾ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਭੱਤੇ ਲੈਣ ਵਾਲੇ ਪੰਜਾਬ ਦੇ 'ਟੌਪ ਟੈਨ' ਵਿਧਾਇਕਾਂ ਦੀ ਸੂਚੀ ਦਿੱਤੀ ਗਈ ਹੈ, ਉਸ 'ਚ ਭਾਜਪਾ ਵਿਧਾਇਕ ਸੀਤਾ ਰਾਮ ਕਸ਼ਯਪ ਪੰਜਾਬ ਚੋਂ 'ਨੰਬਰ ਵਨ' ਆਏ ਹਨ ਜਿਨ•ਾਂ ਨੇ ਇਨ•ਾਂ ਵਰਿ•ਆਂ 'ਚ 17.96 ਲੱਖ ਰੁਪਏ ਇਕੱਲੇ ਟੀ.ਏ/ਡੀ.ਏ ਵਜੋਂ ਵਸੂਲ ਪਾਏ ਹਨ। ਜ਼ਿਲ•ਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਸ੍ਰੀ ਸੀਤਾ ਰਾਮ ਕਸ਼ਯਪ ਭਾਜਪਾ ਵਿਧਾਇਕ ਹਨ। ਭੱਤੇ ਲੈਣ 'ਚ ਤਾਂ ਉਹ ਬਾਜੀ ਮਾਰ ਗਏ ਹਨ ਲੇਕਿਨ ਵਿਧਾਨ ਸਭਾ 'ਚ ਸੁਆਲ ਪੁੱਛਣ 'ਚ ਉਹ ਪਿਛੇ  ਰਹਿ ਗਏ ਹਨ। ਉਨ•ਾਂ ਵਲੋਂ ਮਾਰਚ 2011 ਤੱਕ ਸਿਰਫ਼ ਚਾਰ ਸੁਆਲ ਹੀ ਪੰਜਾਬ ਅਸੈਂਬਲੀ 'ਚ ਪੁੱਛੇ ਗਏ ਹਨ। ਵਿਧਾਇਕ ਸੀਤਾ ਰਾਮ ਦਾ ਕਹਿਣਾ ਸੀ ਕਿ ਉਸ ਨੇ ਹਰ ਮੀਟਿੰਗ ਅਟੈਂਡ ਕੀਤੀ ਹੈ ਅਤੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਜਿਸ ਵਜੋਂ ਉਸ ਦੇ ਭੱਤੇ ਜਿਆਦਾ ਬਣੇ ਹਨ। ਉਨ•ਾਂ ਆਖਿਆ ਕਿ ਇਹ ਚੰਗਾ ਕੰਮ ਕਰਨ ਦਾ ਨਤੀਜਾ ਹੈ।
           ਪੰਜਾਬ ਦੇ 'ਟੌਪ ਟੈਨ' ਵਿਧਾਇਕਾਂ ਨੇ ਸਵਾ ਚਾਰ ਸਾਲਾਂ 'ਚ 1,46,45,076 ਰੁਪਏ ਟੀ.ਏ/ਡੀ.ਏ ਲਿਆ ਹੈ। ਪੰਜਾਬ ਸਰਕਾਰ ਵਲੋਂ ਹੁਣ ਤਾਂ ਇਨ•ਾਂ ਭੱਤਿਆਂ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਵਾਧੇ ਮਗਰੋਂ ਵਿਧਾਇਕਾਂ ਨੂੰ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਦਾ ਤੇਲ ਖਰਚ ਮਿਲੇਗਾ ਜਦੋਂ ਕਿ ਪਹਿਲਾਂ ਇਹ 12 ਰੁਪਏ ਪ੍ਰਤੀ ਕਿਲੋਮੀਟਰ ਸੀ। ਪਿਛਲੇ ਵਰੇ• ਤਾਂ ਇਹ ਸਿਰਫ਼ 6 ਰੁਪਏ ਪ੍ਰਤੀ ਕਿਲੋਮੀਟਰ ਹੀ ਹੁੰਦਾ ਸੀ। ਏਦਾ ਹੀ 1000 ਰੁਪਏ ਡੀ.ਏ ਮਿਲੇਗਾ ਜਦੋਂ ਕਿ ਵਾਧੇ ਤੋਂ ਪਹਿਲਾਂ ਇਹ ਡੀ.ਏ ਕੇਵਲ 500 ਰੁਪਏ ਸੀ। ਆਉਂਦੇ ਸਮੇਂ ਤਾਂ ਵਿਧਾਇਕਾਂ ਨੂੰ ਹੋਰ ਵੀ ਗੱਫਾ ਮਿਲ ਜਾਏਗਾ। ਸਰਕਾਰੀ ਸੂਚਨਾ ਅਨੁਸਾਰ ਟੀ.ਏ/ਡੀ.ਏ ਲੈਣ 'ਚ ਦੂਸਰਾ ਨੰਬਰ ਹਲਕਾ ਵਲਟੋਹਾ ਤੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਦਾ ਹੈ ਜਿਨ•ਾਂ ਨੇ ਸਵਾ ਚਾਰ ਸਾਲਾਂ 'ਚ 17.78 ਲੱਖ ਰੁਪਏ ਦਾ ਟੀ.ਏ/ਡੀ.ਏ ਵਸੂਲ ਕੀਤਾ ਹੈ। ਤੀਸਰਾ ਨੰਬਰ ਹਲਕਾ ਵੇਰਕਾ ਦੇ ਵਿਧਾਇਕ ਡਾ.ਦਲਬੀਰ ਸਿੰਘ ਦਾ ਹੈ ਜਿਨ•ਾਂ ਨੇ 15.60 ਲੱਖ ਰੁਪਏ ਟੀ.ਏ/ਡੀ.ਏ ਵਸੂਲਿਆ ਹੈ। ਚੌਥੇ ਨੰਬਰ 'ਤੇ ਬਠਿੰਡਾ ਜ਼ਿਲ•ੇ ਦੇ ਹਲਕਾ ਪੱਕਾ ਕਲਾਂ ਤੋਂ ਵਿਧਾਇਕ ਮੱਖਣ ਸਿੰਘ ਦਾ ਹੈ ਜਿਨ•ਾਂ ਨੇ ਖ਼ਜ਼ਾਨੇ ਚੋਂ 14.58 ਲੱਖ ਰੁਪਏ ਟੀ.ਏ/ਡੀ.ਏ ਪ੍ਰਾਪਤ ਕੀਤਾ ਹੈ। ਵਿਧਾਇਕ ਮੱਖਣ ਸਿੰਘ ਤਾਂ ਪੰਜਾਬ ਅਸੈਂਬਲੀ 'ਚ ਸੁਆਲ ਪੁੱਛਣ 'ਚ ਵੀ ਮੋਹਰੀ ਹਨ ਤੇ ਇੱਧਰ ਭੱਤੇ ਲੈਣ 'ਚ ਪਿਛੇ ਨਹੀਂ ਹਨ। ਪੰਜਾਬ ਭਰ ਦੇ ਵਿਧਾਇਕਾਂ ਚੋਂ ਸਭ ਤੋਂ ਵੱਧ ਟੀ.ਏ/ਡੀ.ਏ ਲੈਣ ਵਾਲੇ ਪਹਿਲੇ 10 ਵਿਧਾਇਕਾਂ 'ਚ ਭਾਜਪਾ ਦੇ ਚਾਰ ਵਿਧਾਇਕ ਸ਼ਾਮਲ ਹਨ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਦੇ ਤਿੰਨ ਤਿੰਨ ਵਿਧਾਇਕ ਹਨ। ਭਾਜਪਾ ਦੇ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਅਨਿਲ ਜੋਸ਼ੀ ਟੀ.ਏ/ਡੀ.ਏ ਲੈਣ 'ਚ ਪੰਜਾਬ ਚੋਂ ਸੱਤਵੇਂ ਨੰਬਰ ਹਨ ਜਿਨ•ਾਂ ਨੇ 13.59 ਲੱਖ ਰੁਪਏ ਦੇ ਭੱਤੇ ਵਸੂਲੇ ਹਨ। ਭਾਜਪਾ ਦੇ ਹਲਕਾ ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸਾਹੀ ਨੇ 12.51 ਲੱਖ ਰੁਪਏ ਅਤੇ ਭਾਜਪਾ ਦੇ ਹਲਕਾ ਨਿਰੋਟ ਮਹਿਰਾ ਤੋਂ ਵਿਧਾਇਕ ਸ੍ਰੀ ਬਿਸ਼ੰਬਰ ਦਾਸ ਨੇ 12.64 ਲੱਖ ਰੁਪਏ ਦਾ ਟੀ.ਏ/ਡੀ.ਏ ਪ੍ਰਾਪਤ ਕੀਤਾ ਹੈ। ਅਕਾਲੀ ਦਲ ਦੇ ਹਲਕਾ ਜੰਡਿਆਲਾ ਤੋਂ ਵਿਧਾਇਕ ਮਲਕੀਅਤ ਸਿੰਘ ਪੰਜਵੇਂ ਨੰਬਰ 'ਤੇ ਹਨ ਜਿਨ•ਾਂ ਨੇ 14.45 ਲੱਖ ਰੁਪਏ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਕਾਂਗਰਸ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਇਕਲੌਤੇ ਵਿਧਾਇਕ ਹਨ ਜਿਨ•ਾਂ ਨੇ ਟੀ.ਏ/ਡੀ.ਏ ਲੈਣ 'ਚ ਵੀ ਕਸਰ ਕੱਢ ਦਿੱਤੀ ਅਤੇ ਉਲਟਾ ਵਿਧਾਨ ਸਭਾ 'ਚ ਸੁਆਲ ਪੁੱਛਣ 'ਚ ਵੀ ਹਿੰਮਤ ਨਹੀਂ ਦਿਖਾਈ। ਕਾਂਗਰਸੀ ਵਿਧਾਇਕ ਸ੍ਰੀ ਕਾਂਗੜ ਪੰਜਾਬ ਚੋਂ ਅੱਠਵੇਂ ਨੰਬਰ ਹਨ ਜਿਨ•ਾਂ ਨੇ 12.94 ਲੱਖ ਰੁਪਏ ਟੀ.ਏ/ਡੀ.ਏ ਵਸੂਲ ਕੀਤਾ ਹੈ। ਇਸ ਦੇ ਉਲਟ ਪੰਜਾਬ ਅਸੈਂਬਲੀ 'ਚ 31 ਮਾਰਚ 2011 ਤੱਕ ਸਿਰਫ਼ 11 ਸੁਆਲ ਹੀ ਪੁੱਛੇ ਹਨ।
          ਜ਼ਿਲ•ਾ ਮਾਨਸਾ ਦੇ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਅਸੈਂਬਲੀ 'ਚ ਸੁਆਲ ਵੀ 125 ਦੇ ਕਰੀਬ ਪੁੱਛੇ ਹਨ। ਉਨ•ਾਂ ਟੀ.ਏ/ਡੀ.ਏ  ਵੀ 14.35 ਲੱਖ ਰੁਪਏ ਵਸੂਲਿਆ ਹੈ। ਉਹ ਪੰਜਾਬ ਭਰ ਚੋਂ ਛੇਵੇਂ ਨੰਬਰ 'ਤੇ ਆਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀ.ਏ/ਡੀ.ਏ ਵਜੋਂ ਕੋਈ ਪੈਸਾ ਨਹੀਂ ਲਿਆ ਹੈ। ਜਿਨ•ਾਂ ਵਿਧਾਇਕਾਂ ਨੇ ਸਭ ਤੋਂ ਘੱਟ ਟੀ.ਏ/ਡੀ.ਏ ਲਿਆ ਹੈ, ਉਨ•ਾਂ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਮਗਰੋਂ ਹਲਕਾ ਮੁਕਤਸਰ ਦੇ ਕਾਂਗਰਸੀ ਵਿਧਾਇਕ ਕੰਵਰਜੀਤ ਸਿੰਘ ਬਰਾੜ ਦਾ ਨੰਬਰ ਆਉਂਦਾ ਹੈ ਜਿਨ•ਾਂ ਨੇ ਕੇਵਲ 77,700 ਰੁਪਏ ਟੀ.ਏ/ਡੀ.ਏ ਵਜੋਂ ਲਏ ਹਨ। ਹਲਕਾ ਬਨੂੜ ਤੋਂ ਅਕਾਲੀ ਵਿਧਾਇਕ ਜਸਜੀਤ ਸਿੰਘ ਬਨੀ ਨੇ 79540 ਰੁਪਏ,ਅਕਾਲੀ ਵਿਧਾਇਕ ਮਨਜਿੰਦਰ ਸਿੰਘ ਕੰਗ ਨੇ 79,964 ਰੁਪਏ ਅਤੇ ਹਲਕਾ ਕਿਲਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਟੀ.ਏ/ਡੀ.ਏ ਵਜੋਂ 1.20 ਲੱਖ ਰੁਪਏ ਹੀ ਵਸੂਲੇ ਹਨ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਵੇਦ ਪ੍ਰਕਾਸ਼ ਦਾ ਕਹਿਣਾ ਸੀ ਕਿ ਜਿਨ•ਾਂ ਵਿਧਾਇਕਾਂ ਦੇ ਹਲਕੇ ਦੂਰ ਪੈਂਦੇ ਹਨ,ਉਨ•ਾਂ ਦਾ ਟੀ.ਏ ਜਿਆਦਾ ਬਣ ਜਾਂਦਾ ਹੈ। ਉਨ•ਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ ਜਿਸ ਕਰਕੇ ਉਨ•ਾਂ ਦੇ ਕੋਈ ਭੱਤੇ ਵੀ ਨਹੀਂ ਬਣੇ ਹਨ। ਉਨ•ਾਂ ਦੱਸਿਆ ਕਿ ਟੀ.ਏ/ਡੀ.ਏ ਸਿਰਫ਼ ਸਰਕਾਰੀ ਮੀਟਿੰਗ ਜਾਂ ਪੰਜਾਬ ਵਿਧਾਨ ਸਭਾ ਦੀ ਕਮੇਟੀ ਦੀ ਮੀਟਿੰਗ ਅਟੈਂਡ ਕੀਤੇ ਜਾਣ ਦਾ ਹੀ ਮਿਲਦਾ ਹੈ।
               

Sunday, November 20, 2011

   ਚੋਣਾਂ ਤੋਂ ਪਹਿਲਾਂ ਲੋਕਾਂ ਦਾ ਹੇਜ
                     ਚਰਨਜੀਤ ਭੁੱਲਰ
ਬਠਿੰਡਾ : ਚੋਣਾਂ ਦਾ ਮੌਸਮ ਹੁੰਦਾ ਹੀ ਐਸਾ ਹੈ। ਇਸ ਰੁੱਤ 'ਚ ਗਰੀਬਾਂ ਦਾ ਹੇਜ ਜਾਗਦਾ ਹੈ। ਰਾਤੋਂ ਰਾਤ ਦੁੱਖ ਕੱਟਣ ਦੀ ਗੱਲ ਹੁੰਦੀ ਹੈ। ਪੰਜ ਵਰਿ•ਆਂ ਮਗਰੋਂ ਮੁੜ ਹੱਥ ਜੁੜਨ ਲੱਗਦੇ ਹਨ। ਵਿਹੜਿਆਂ 'ਚ ਵੀ ਲਾਲ ਬੱਤੀ ਦਾ ਚਾਨਣ ਹੁੰਦਾ ਹੈ। ਕਿਸੇ ਦਾ ਮਿੰਨਤ ਤਰਲਾ ਹੁੰਦਾ ਹੈ। ਕਿਸੇ ਨੂੰ ਨੋਟ ਦਿਖਾਏ ਜਾਂਦੇ ਹਨ। ਬੋਤਲ ਵੀ ਵਿਖਾਈ ਜਾਂਦੀ ਹੈ। ਜੋ ਅੜਦਾ ਹੈ, ਉਸ ਨੂੰ ਹਵਾਲਾਤ ਵੀ ਦਿਖਾ ਦਿੱਤੀ ਜਾਂਦੀ ਹੈ। ਮੌਸਮ ਦਾ ਰੰਗ ਹੀ ਕੁਝ ਏਦਾ ਦਾ ਹੈ। ਕਿਸੇ ਨੂੰ ਘਰ ਦਾ ਰਾਹ ਦਿਖਾ ਦਿੱਤਾ ਜਾਂਦਾ ਹੈ। ਕਿਸੇ ਨੂੰ ਕੁਰਸੀ 'ਤੇ ਬਿਠਾ ਦਿੱਤਾ ਜਾਂਦਾ ਹੈ। ਇਸ ਰੁੱਤ 'ਚ ਹਰ ਨੇਤਾ ਚੋਂ ਗਿਰਗਟ ਦਾ ਝਉਲਾ ਪੈਂਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ। ਇਹ ਮੌਸਮ ਨਿੱਖਰਨ ਲੱਗਾ ਹੈ। ਲੋੜ ਤਾਂ  ਹੈ ਕਿ ਪੰਜਾਬ ਦੇ ਲੋਕਾਂ ਦੇ ਦੁੱਖ ਵੰਡੇ ਜਾਣ। ਅਕਾਲੀ ਭਾਜਪਾ ਸਰਕਾਰ ਸਾਈਕਲ ਵੰਡ ਰਹੀ ਹੈ। ਪੂਰੇ 34 ਕਰੋੜ ਦੇ ਸਾਈਕਲ ਵੰਡੇ ਜਾਣੇ ਹਨ। ਉਹ ਵੀ ਮੁੱਖ ਮੰਤਰੀ ਦੀ ਫੋਟੋ ਵਾਲੇ ਸਾਈਕਲ। ਸਕੂਲੀ ਬੱਚੇ ਪੁੱਛਦੇ ਹਨ ਕਿ ਸਾਈਕਲ ਚਲਾਈਏ ਕਿਥੇ ? ਵੰਡਣ ਤੋਂ ਪਹਿਲਾਂ ਸੜਕਾਂ ਤਾਂ ਬਣਾ ਦਿੰਦੇ। ਪੰਜਾਬ ਮੰਡੀ ਬੋਰਡ ਆਖਦਾ ਹੈ, ਬੱਚਿਓ ਧੀਰਜ ਰੱਖੋ ,ਸੜਕਾਂ ਵਾਸਤੇ ਹੀ ਤਾਂ 263 ਕਰੋੜ ਦਾ ਕਰਜ਼ਾ ਚੁੱਕਿਐ ਹੈ। ਕਿਸਾਨ ਪ੍ਰੇਸਾਨ ਹਨ ਕਿ ਸੜਕਾਂ ਵਾਸਤੇ ਕਰਜ਼ਾ ਕਿਉਂ? ਉਨ•ਾਂ ਵਲੋਂ ਤਾਰੀ ਕਰੋੜਾਂ ਦੀ ਮੰਡੀ ਫੀਸ ਕਿਥੇ ਗਈ ? ਕਿਤੇ ਨਹੀਂ ਗਈ, ਅਗਲਿਆਂ ਨੇ ਸੰਗਤ ਦਰਸ਼ਨ 'ਚ ਵੰਡ ਦਿੱਤੀ ਹੈ।
          ਆਉਂਦੇ ਦਿਨਾਂ 'ਚ ਪੰਜਾਹ ਕਰੋੜ ਦੇ ਭਾਂਡੇ ਵੰਡੇ ਜਾਣੇ ਹਨ। ਭਾਂਡਿਆਂ ਦੀਆਂ ਕਿੱਟਾਂ 'ਤੇ ਮੁੱਖ ਮੰਤਰੀ ਦੀ ਫੋਟੋ ਦਿਖੇਗੀ। ਫੁੱਟ ਪਾਥ 'ਤੇ ਸੌਣ ਵਾਲਿਆਂ ਨੂੰ ਇਹ ਭਾਂਡੇ ਨਹੀਂ ਮਿਲਨੇ। ਉਨ•ਾਂ ਦੀ ਵੋਟ ਹੁੰਦੀ ਤਾਂ ਗੱਲ ਵਿਚਾਰੀ ਜਾ ਸਕਦੀ ਸੀ। ਜਿਨ•ਾਂ ਨੂੰ ਭਾਂਡੇ ਮਿਲਨੇ ਹਨ, ਉਹ ਸੋਚਾਂ 'ਚ ਹੁਣੇ ਤੋਂ ਪੈ ਗਏ ਹਨ। ਖਾਲੀ ਭਾਂਡਿਆਂ ਦਾ ਉਹ ਕੀ ਕਰਨਗੇ ? ਚੰਗਾ ਹੁੰਦਾ,ਸਰਕਾਰ ਪਹਿਲਾਂ ਇਨ•ਾਂ ਭਾਂਡਿਆਂ 'ਚ ਲੋਕਾਂ ਨੂੰ ਕੁਝ ਪਾਉਣ ਜੋਗਾ ਕਰ ਦਿੰਦੀ। ਗਰੀਬ ਦੇ ਘਰ ਖਾਲੀ ਪਏ ਪੀਪੇ ਦਾ ਜੋ ਹਾਲ ਹੈ, ਉਹੀ ਇਨ•ਾਂ ਭਾਂਡਿਆਂ ਦਾ ਹੋਵੇਗਾ। ਦੇਖਦੇ ਜਾਓ,ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਹੁਤ ਵੰਡਾਰਾ ਹੋਣਾ ਹੈ। ਨੌਜਵਾਨਾਂ ਨੂੰ ਡੰਬਲ ਵੰਡੇ ਜਾਣੇ ਹਨ। ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ•ੇ 'ਚ ਤਾਂ ਦਰਜਨਾਂ ਪਿੰਡਾਂ 'ਚ ਡੰਬਲ ਪੁੱਜ ਗਏ ਹਨ। ਸਮਝਣ ਵਾਲੀ ਗੱਲ ਹੈ ਕਿ ਡੰਬਲ ਫੇਰੂ ਕੌਣ। ਲੰਘੇ ਵਰਿ•ਆਂ 'ਚ ਜੋ ਨਸ਼ੇ ਵੰਡੇ ਗਏ। ਉਨ•ਾਂ ਨੇ ਮੁੰਡੇ ਡੰਬਲ ਫੇਰਨ ਜੋਗੇ ਛੱਡੇ ਹੀ ਨਹੀਂ। ਮੁੱਖ ਮੰਤਰੀ ਪੰਜਾਬ ਦੇ ਆਪਣੇ ਜੱਦੀ ਹਲਕੇ ਲੰਬੀ 'ਚ ਦਰਜਨਾਂ ਮੈਡੀਕਲ ਸਟੋਰ ਜਾਅਲੀ ਚੱਲ ਰਹੇ ਹਨ। ਇਨ•ਾਂ ਤੋਂ ਥੋੜੀ ਬਹੁਤੀ ਦਵਾਈ ਵੀ ਮਿਲਦੀ ਹੈ। ਕੰਦੂਖੇੜਾ ਦੇ ਪਰਲੇ ਪਾਸੇ ਰਾਜਸਥਾਨ ਦੇ ਹਰੀਪੁਰਾ ਦੇ ਭੁੱਕੀ ਦੇ ਸਰਕਾਰੀ ਠੇਕੇ 'ਤੇ ਪੂਰਾ ਮੇਲਾ ਭਰਦਾ ਹੈ। ਇੱਥੇ ਮਲਵਈ ਰੌਣਕ ਨਹੀਂ ਘਟਣ ਦਿੰਦੇ। ਨਸ਼ਿਆਂ ਦੀ ਸਪਲਾਈ ਲਾਈਨ ਏਨੇ ਵਰਿ•ਆਂ ਮਗਰੋਂ ਵੀ ਕਿਉਂ ਨਹੀਂ ਕੱਟੀ ਜਾ ਸਕੀ। ਜਿਨ•ਾਂ ਦੇ ਘਰਾਂ 'ਚ ਨਸ਼ਿਆਂ ਨੇ ਸੱਥਰ ਵਿਛਾ ਦਿੱਤੇ ਹਨ,ਉਨ•ਾਂ ਦਾ ਇਹ ਸੁਆਲ ਹੈ। ਹੋਰ ਤਾਂ ਹੋਰ, ਹਾਕਮ ਧਿਰ ਨੇ ਤਾਂ ਐਤਕੀਂ ਗਰੀਬ ਘਰਾਂ 'ਚ ਬਣਾਏ ਪਖਾਨਿਆਂ ਦੇ ਤਖਤਿਆਂ 'ਤੇ ਵੀ 'ਰਾਜ ਨਹੀਂ ਸੇਵਾ' ਦਾ ਠੱਪਾ ਲਗਾ ਦਿਤਾ ਹੈ ਤਾਂ ਜੋ ਪਖਾਨੇ 'ਚ ਬੈਠਾ ਵਿਅਕਤੀ ਆਪਣਾ ਵੋਟਾਂ ਲਈ ਆਪਣਾ ਮਨ ਬਣਾ ਸਕੇ।
             ਖਾਂਦੇ ਪੀਂਦੇ ਪੰਜਾਬ ਨੂੰ ਅੰਗਹੀਣ ਕਰ ਦਿੱਤਾ ਹੈ ਵੰਡਾਰਾ ਕਰਨ ਵਾਲਿਆਂ ਨੇ। ਇਸ ਤੋਂ ਵੱਡਾ ਵੰਡਾਰਾ ਫਿਰ ਇਨ•ਾਂ ਨੇ ਕਰਨਾ ਹੈ। ਮੌਕਾ ਸੰਭਲਣ ਦਾ ਹੈ। ਹੁਣ ਤਾਂ ਅੰਗਰੇਜ਼ਾਂ ਨੂੰ ਵੀ ਮੁੜ ਸੱਦਣ ਦੀ ਲੋੜ ਨਹੀਂ ਰਹੀ। ਪਿੰਡਾਂ ਦਾ ਭਾਈਚਾਰਾ ਵੰਡ ਦਿੱਤਾ ਗਿਆ ਹੈ। ਭਾਈ ਭਾਈ ਵੰਡ ਦਿੱਤੇ ਹਨ। ਅੱਜ ਇੱਕ ਭਰਾ ਕਾਂਗਰਸੀ ਹੈ ਤਾਂ ਦੂਸਰਾ ਅਕਾਲੀ ਹੈ। ਬਾਪ ਅਕਾਲੀ ਹੈ ਤਾਂ ਬੱਚੇ ਕਾਂਗਰਸੀ ਨੇ। ਦਾਦਾ ਦਾਦੀ ਵੀ ਵੰਡ ਦਿੱਤੇ ਹਨ। ਉਹ ਪੁੱਤਾਂ ਦੀ ਮੰਨਣ ਜਾਂ ਫਿਰ ਪੋਤਿਆਂ ਦੀ। ਮੰਨਣ ਉਹ ਕਿਸੇ ਦੀ ਵੀ, ਏਨਾ ਉਹ ਜ਼ਰੂਰ ਮੰਨਦੇ ਹਨ ਕਿ ਹੁਣ ਬਾਹਰਲੇ ਧਾੜਵੀਆਂ ਦੀ ਲੋੜ ਨਹੀਂ। 'ਆਪਣੇ' ਹੀ ਕਾਫੀ ਹਨ। ਜੋ ਆਪਣੀ ਵੋਟ ਖਾਤਰ ਦੁਸ਼ਮਣੀ ਵੰਡ ਰਹੇ ਹਨ।  ਹੁਣ ਸਾਢੇ ਚਾਰ ਵਰਿ•ਆਂ ਮਗਰੋਂ ਕਾਂਗਰਸੀ ਵਿਧਾਇਕ ਵੀ ਨਿਕਲੇ ਹਨ। ਆਖਦੇ ਹਨ ਕਿ 'ਵਰਕਰਾਂ ਨਾਲ ਹੋਈ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਏਗਾ'। ਉਧਰ ਅਕਾਲੀ ਆਖਦੇ ਹਨ ਕਿ 'ਵਰਕਰਾਂ ਦਾ ਵਾਲ ਵਿੰਗਾ ਨਹੀਂ ਹੋਣ ਦਿਆਂਗੇ।' ਵੋਟਾਂ ਖਾਤਰ ਫਿਰ ਲਲਕਾਰੇ ਵੱਜਣ ਲੱਗੇ ਹਨ। ਆਮ ਲੋਕ ਫਿਰ ਕਿਥੇ ਜਾਣ ਜਿਨ•ਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਸਭ ਆਪੋ ਆਪਣੇ ਵਰਕਰਾਂ ਦੀ ਗੱਲ ਕਰ ਰਹੇ ਹਨ। ਬਠਿੰਡਾ ਜ਼ਿਲ•ੇ ਦੇ ਪਿੰਡ ਮਹਿਤਾ ਦੇ ਲੋਕਾਂ ਨੇ ਐਤਕੀਂ ਚੰਗੀ ਸਕੀਮ ਬਣਾਈ ਹੈ। ਹਰਤੇਜ ਮਹਿਤਾ ਹੋਰਾਂ ਦੀ ਸਕੀਮ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਇੱਕ ਸਟੇਜ ਤੋਂ ਹਰ ਸਿਆਸੀ ਧਿਰ ਨੂੰ ਪਿੰਡ 'ਚ ਬੋਲਣ ਦਾ ਮੌਕਾ ਦਿੱਤਾ ਜਾਏਗਾ। ਲੋਕਾਂ ਨੇ ਧਾਰ ਲਈ ਹੈ ਕਿ ਭਾਈਚਾਰਾ ਨਹੀਂ ਵੰਡਣ ਦੇਣਾ।
            ਜਦੋਂ ਕੈਪਟਨ ਦਾ ਰਾਜ ਭਾਗ ਸੀ। ਵੰਡਾਰਾ ਉਦੋਂ ਵੀ ਏਵੇਂ ਹੀ ਹੋਇਆ ਸੀ। ਹੱਥੋਂ ਹੱਥ ਪਹਿਲਾਂ ਕਲੱਬ ਬਣਾਏ ਗਏ, ਫਿਰ ਉਨ•ਾਂ ਨੂੰ ਗੱਫੇ ਵੰਡ ਦਿੱਤੇ ਗਏ। ਪ੍ਰਸ਼ਾਸਨ ਹੁਣ ਤੱਕ ਇਨ•ਾਂ ਕਲੱਬਾਂ ਨੂੰ ਲੱਭੀ ਜਾ ਰਿਹਾ ਹੈ। ਲੱਖ ਵਖਰੇਵੇਂ ਹੋਣ,ਅਕਾਲੀ ਤੇ ਕਾਂਗਰਸੀ ਇੱਕ ਗੱਲੋਂ ਇੱਕੋ ਜੇਹੇ ਹਨ। ਬੇਰੁਜ਼ਗਾਰਾਂ ਨੂੰ ਡਾਂਗਾਂ ਵੰਡਣ ਅਤੇ ਵਿਧਾਨ ਸਭਾ 'ਚ ਆਪਣੇ ਭੱਤਿਆਂ 'ਚ ਵਾਧਾ ਕਰਾਉਣ 'ਚ ਇੱਕੋ ਮੋਰੀ ਲੰਘੇ ਹਨ। ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਨੌਜਵਾਨ ਧੀਆਂ ਨੂੰ ਮਾਪਿਆਂ ਨੇ ਹਵਾਲਾਤ ਭੇਜਣ ਲਈ ਤਾਂ ਨਹੀਂ ਪੜਾਇਆ ਹੈ। ਜ਼ਿੰਦਗੀ ਦੇ ਆਖਰੀ ਮੋੜ ਤੇ ਖੜ•ੇ ਬਜ਼ੁਰਗਾਂ ਨੂੰ ਵੀ ਮਰਨ ਵਰਤ ਤੇ ਬੈਠਣਾ ਪੈ ਰਿਹੈ ਹੈ। ਹੁਣ ਤਾਂ ਪੰਜਾਬ ਵੀ ਨਾਜ਼ਕ ਮੋੜ 'ਤੇ ਖੜ•ਾ ਹੈ। ਕਾਂਗਰਸੀ ਨੇਤਾ ਹਾਕਮ ਧਿਰ ਤੋਂ ਵੀ ਅੱਗੇ ਨਿਕਲ ਗਏ ਹਨ। ਮਾਲਵਾ ਪੱਟੀ 'ਚ ਕਈ ਕਾਂਗਰਸੀ ਨੇਤਾ ਤਾਂ ਪਹਿਲਾਂ ਮਰੀਜ਼ਾਂ ਦਾ ਕੈਂਸਰ ਟੈਸਟ ਕਰਾਉਂਦੇ ਹਨ। ਟੈਸਟ ਮਗਰੋਂ ਰਿਪੋਰਟਾਂ ਮਰੀਜ਼ਾਂ ਨੂੰ ਵੰਡਦੇ ਹਨ। ਅਕਾਲੀ ਦਲ ਦਾ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਬਰਨਾਲਾ ਜ਼ਿਲ•ੇ 'ਚ ਐਤਕੀਂ ਪਿੰਡੋਂ ਪਿੰਡ ਗਰੀਬ ਲੋਕਾਂ ਨੂੰ ਆਟੇ ਦੀਆਂ ਥੈਲੀਆਂ ਵੰਡ ਰਿਹਾ ਹੈ। ਗਰੀਬ ਪੁੱਛਦੇ ਹਨ ਕਿ ਚੋਣਾਂ ਮਗਰੋਂ ਉਹ ਆਟਾ ਕਿਥੋਂ ਲਿਆਉਣ ?ਚੋਣਾਂ ਵੇਲੇ ਤਾਂ ਸਭ ਰਾਜਾਂ 'ਚ ਏਦਾ ਹੀ ਚੱਲਦਾ ਹੈ। ਤਾਮਿਲਨਾਡੂ 'ਚ ਪਿਛਲੀ ਚੋਣ 'ਚ ਜਦੋਂ ਕਰੁਨਾਨਿਧੀ ਨੇ ਘਰ ਘਰ ਟੀ.ਵੀ ਵੰਡ ਦਿੱਤੇ ਤਾਂ ਕੁਮਾਰੀ ਜੈਜਲਿਤਾ ਨੇ ਟੀ.ਵੀ ਦੇ ਨਾਲ ਮਿਕਸਰ ਵੀ ਵੰਡੇ ਸਨ। ਜਦੋਂ ਵੋਟਰਾਂ ਨੇ ਮੋਟਰ ਸਾਇਕਲ ਦੀ ਮੰਗ ਰੱਖ ਦਿੱਤੀ ਤਾਂ ਉਹ ਵੀ ਪੂਰੀ ਕੀਤੀ ਗਈ। ਕੁਮਾਰੀ ਜੈਜਲਿਤਾ ਪਹਿਲਾਂ ਸਾੜੀਆਂ ਵੀ ਵੰਡ ਚੁੱਕੀ ਹੈ। ਆਂਧਰਾ ਪ੍ਰਦੇਸ਼ 'ਚ ਢਾਈ ਰੁਪਏ ਕਿਲੋ ਚੌਲ ਵੰਡੇ ਗਏ ਸਨ। ਛਤੀਸਗੜ 'ਚ ਤਾਂ ਭਾਜਪਾ ਨੇ ਕਾਫੀ ਸਾਲ ਪਹਿਲਾਂ ਚੋਣਾਂ ਤੋਂ ਪਹਿਲਾਂ ਗਰੀਬ ਪ੍ਰਵਾਰਾਂ ਨੂੰ ਇੱਕ ਇੱਕ ਗਾਂ ਦੇਣ ਦਾ ਐਲਾਨ ਵੀ ਕੀਤਾ ਸੀ।
           ਚੋਣਾਂ ਵੇਲੇ ਹੀ ਨਹੀਂ, ਬਲਕਿ ਭਾਜਪਾ ਨੂੰ ਐਲ.ਕੇ.ਅਡਵਾਨੀ ਦੀ ਰੱਥ ਯਾਤਰਾ ਨੂੰ ਖਬਰਾਂ 'ਚ ਘੱਟ ਥਾਂ ਮਿਲਦੀ ਦਿਖੀ ਤਾਂ ਮੱਧ ਪ੍ਰਦੇਸ਼ 'ਚ ਭਾਜਪਾ ਨੇ ਲਿਫਾਫਿਆਂ 'ਚ ਪਾ ਕੇ ਪੱਤਰਕਾਰਾਂ ਨੂੰ ਨੋਟ ਵੰਡ ਦਿੱਤੇ। ਸਿਆਸੀ ਧਿਰਾਂ ਕੁਰਸੀ ਖਾਤਰ ਸਭ ਕੁਝ ਕਰਦੀਆਂ ਹਨ। ਇਹੋ ਰੰਗ ਪੰਜਾਬ ਨੂੰ ਚੜਿਆ ਹੋਇਆ ਹੈ। ਹਰ ਕੋਈ ਆਪਣੀ ਡਫਲੀ ਵਜਾ ਰਿਹਾ ਹੈ। ਇੰਝ ਵੀ ਲੱਗਦਾ ਹੈ ਕਿ ਜਿਵੇਂ ਇਕੱਲੇ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਪੰਜਾਬ ਦਾ ਫਿਕਰ ਹੈ। ਇਹੋ ਚਿੰਤਾ ਉਹ ਪਹਿਲਾਂ ਕਰਦੇ ਤਾਂ ਸ਼ਾਇਦ ਲੋਕ ਵਧੇਰੇ ਭਰੋਸਾ ਕਰਦੇ। ਮਨਪ੍ਰੀਤ 16 ਸਾਲ  ਵਿਧਾਇਕ ਰਹੇ ਹਨ। ਖ਼ਜ਼ਾਨਾ ਮੰਤਰੀ ਵੀ ਰਹੇ ਹਨ ਤੇ ਇਹ ਕੋਈ ਸਮਾਂ ਵੀ ਘੱਟ ਨਹੀਂ ਸੀ। ਸਮੇਂ ਦੀ ਤੋਟ ਤਾਂ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਥੋੜਾ ਸਮਾਂ ਪਹਿਲਾਂ ਹੀ ਉਨ•ਾਂ ਨੇ ਮਹਿਲਾ ਚੋਂ ਨਿਕਲਣਾ ਸ਼ੁਰੂ ਕੀਤਾ ਹੈ।
         ਲੋਕ ਭੰਬਲਭੂਸੇ 'ਚ ਹਨ ਕਿ ਇੱਕ ਤਾਂ ਮਹਿਲਾਂ ਚੋਂ ਨਹੀਂ ਨਿਕਲਦਾ। ਦੂਸਰਾ ਘਰੋਂ ਘਰੀ ਤੁਰਿਆ ਫਿਰਦਾ ਹੈ। ਆਖਦੇ ਹਨ ਕਿ ਬਾਦਲ ਸਾਹਿਬ ਲਈ ਪਿੰਡ ਦੀ ਸਹਿਕਾਰੀ ਸਭਾ ਦੀ ਚੋਣ ਅਤੇ ਸੰਸਦੀ ਚੋਣ ਦਾ ਇੱਕੋ ਜਿਨ•ਾਂ ਮਹੱਤਵ ਹੁੰਦਾ ਹੈ। ਤਕੜੇ  ਚੋਣ ਮੈਨੇਜਰ ਨੇ ਬਾਦਲ ਸਾਹਿਬ, ਲੋਕ ਇਹ ਗੱਲ ਜਾਣਦੇ ਹਨ। ਜਾਣਦੇ ਤਾਂ ਉਨ•ਾਂ ਕਾਂਗਰਸੀ ਵਿਧਾਇਕਾਂ ਨੂੰ ਵੀ ਹਨ,ਜੋ ਸਰਕਾਰ ਤੋਂ ਹਲਕਾ ਭੱਤਾ ਤਾਂ ਲੈਣਾ ਭੁੱਲੇ ਨਹੀਂ,ਹਲਕਾ ਜ਼ਰੂਰ ਭੁੱਲੇ ਰਹੇ ਹਨ। ਕਾਂਗਰਸੀ ਵਿਧਾਇਕ ਮਤ ਸਮਝਣ ਕਿ ਲੋਕ ਏਨੇ ਹਲਕੇ ਹਨ,ਜਦੋਂ ਦਿਲ ਕੀਤਾ ਛੱਤਰੀ ਤਾਣ ਲਈ। ਵੋਟਰ ਕਿਸ ਦੀ ਛੱਤਰੀ 'ਤੇ ਬੈਠਦਾ,ਇਹ ਤਾਂ ਸਮਾਂ ਦੱਸੂ। ਇਹ ਦੱਸ ਦਿੰਦੇ ਹਾਂ ਕਿ ਜੋ ਲੋਕਾਂ ਦੀ ਤੰਗੀ ਤੁਰਸ਼ੀ ਅਤੇ ਦੁੱਖ ਦਰਦ ਕੱਟਣ ਵਾਸਤੇ ਵੰਡਿਆ ਜਾਣਾ ਸੀ। ਉਹ ਤਾਂ ਅੰਦਰੋਂ ਅੰਦਰੀਂ ਵੱਡਿਆ ਨੂੰ ਵੰਡ ਦਿੱਤਾ ਗਿਆ ਹੈ। ਏਡੀ ਵੱਡੀ ਰਿਫਾਈਨਰੀ ਆਉਂਦੇ ਦਿਨਾਂ 'ਚ ਚੱਲਣੀ ਹੈ। 15 ਸਾਲਾਂ ਲਈ ਟੈਕਸਾਂ ਤੋਂ ਛੋਟ ਦੇ ਦਿੱਤੀ ਗਈ ਹੈ। ਏਡੀ ਵੱਡੀ ਰਿਆਇਤ ਵੀ ਦਿੱਤੀ ਲੇਕਿਨ ਫਿਰ ਵੀ ਪ੍ਰਬੰਧਕਾਂ ਨਾਲ ਪੰਜਾਬੀ ਮੁੰਡਿਆਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕੀਤੀ ਗਈ। ਮਾਨਸਾ ਦੇ ਗੋਬਿੰਦਪੁਰਾ 'ਚ ਤਾਪ ਬਿਜਲੀ ਘਰ ਲਾਉਣ ਵਾਲੀ ਪਿਓਨਾ ਕੰਪਨੀ ਨਾਲ ਵੀ ਇਹ ਗੱਲ ਕਰਨੀ ਵੀ ਸਰਕਾਰ ਭੁੱਲ ਗਈ ਹੈ। ਪਿਉਨਾ ਕੰਪਨੀ ਉਸ ਅਫਸਰ ਦੇ ਪੁੱਤ ਨੂੰ 50 ਹਜ਼ਾਰ ਪ੍ਰਤੀ ਮਹੀਨਾ ਰੁਪਏ ਵਾਲੀ ਨੌਕਰੀ ਦੇਣਾ ਨਹੀਂ ਭੁੱਲੀ ਜਿਸ ਨੇ ਜ਼ਮੀਨ ਐਕਵਾਇਰ ਕਰਨ 'ਚ ਦਿਨ ਰਾਤ ਮਦਦ ਕੀਤੀ। ਲੋਕਾਂ ਦੇ ਪੁੱਤਾਂ ਬਾਰੇ ਕੌਣ ਸੋਚੂ ? ਆਖਰ ਕਿਸਾਨ ਤੇ ਮਜ਼ਦੂਰਾਂ ਨੇ ਇਨ•ਾਂ ਦੇ ਖੇਤ ਬਚਾਉਣ ਲਈ ਝੰਡੇ ਚੁੱਕੇ ਹਨ। ਲੰਘੇ ਇੱਕ ਦਹਾਕੇ 'ਚ ਲੋਕ ਸੰਘਰਸ਼ਾਂ 'ਚ 16 ਕਿਸਾਨ ਤੇ ਮਜ਼ਦੂਰ ਸ਼ਹੀਦ ਹੋਏ ਹਨ।
           ਇਹ ਮੌਸਮ ਨੇਤਾਵਾਂ ਲਈ ਚੋਣਾਂ ਦਾ ਹੋ ਸਕਦਾ ਹੈ ਲੇਕਿਨ ਆਮ ਲੋਕਾਂ ਲਈ ਜਾਗਣ ਵਾਲੇ ਦਿਨ ਹਨ। ਚਾਰ ਦਿਨਾਂ ਦਾ ਲਾਲਚ ਛੱਡ ਕੇ ਲੋਕਾਂ ਨੂੰ ਆਪਣੀ ਚਾਲ ਬਦਲਣੀ ਪਏਗੀ ਜਿਸ ਤੋਂ ਇਨ•ਾਂ ਲੀਡਰਾਂ ਨੂੰ ਅੰਦਾਜ਼ਾ ਹੋ ਸਕੇ। ਗੱਲ ਸਮਝਣੀ ਪਏਗੀ ਕਿ ਗਰੀਬ ਦੇ ਪੀਪੇ 'ਚ ਉਨ•ਾਂ ਆਟਾ ਨਹੀਂ ਹੁੰਦਾ ਜਿਨ•ਾਂ ਇਨ•ਾਂ ਲੀਡਰਾਂ ਦੇ ਘਰਾਂ 'ਚ ਸੋਨਾ ਹੈ। ਲੀਡਰਾਂ ਨੂੰ ਜਨਤਕ ਤੌਰ 'ਤੇ ਖੜ•ੇ ਕਰਕੇ ਪੁੱਛਣ ਦੀ ਲੋੜ ਹੈ। ਲਾਮਬੰਦੀ ਦੀ ਲੋੜ ਹੈ। ਚੰਗੀ ਸੋਚ ਰੱਖਣ ਦੀ ਲੋੜ ਹੈ। ਚੇਤੰਨ ਹੋਣ ਦੀ ਲੋੜ ਹੈ। ਇਨ•ਾਂ ਤੋਂ ਭਾਂਡੇ ਲੈਣ ਦੀ ਲੋੜ ਨਹੀਂ, ਦੋ ਵਕਤ ਦੀ ਰੋਟੀ ਮੰਗੀ ਜਾਵੇ। ਉਨ•ਾਂ ਤੋਂ ਹੱਕ ਮੰਗੇ ਜਾਣ। ਸਾਈਕਲ ਨਹੀਂ,ਸਾਈਕਲ ਖੁਦ ਰੱਖਣ ਦੀ ਪਹੁੰਚ ਮੰਗੀ ਜਾਵੇ। ਆਰਜ਼ੀ ਨਹੀਂ, ਚੰਗੇਰੇ ਭਵਿੱਖ ਵਾਲੀ ਟਿਕਾਊ ਨੀਤੀ ਦੀ ਮੰਗ ਕੀਤੀ ਜਾਵੇ। ਏਦਾ ਹੀ ਭਟਕੇ ਰਹੇ ਤਾਂ ਇਨ•ਾਂ ਮੌਸਮੀ ਲੋਕਾਂ ਨੇ ਇਵੇਂ ਹੀ ਲੋਕਾਂ ਨੂੰ ਚੁਰਾਸੀ ਤੇ ਗੇੜ 'ਚ ਪਾਈ ਰੱਖਣਾ ਹੈ। ਪੰਜਾਬ ਦਾ ਤਾਂ ਫਿਰ ਰੱਬ ਹੀ ਰਾਖਾ ਹੈ।
      

Saturday, November 19, 2011

         ਮਨਪ੍ਰੀਤ ਵਲੋਂ ਡੇਰਾ ਸਿਰਸਾ ਦੀ ਫੇਰੀ
                                ਚਰਨਜੀਤ ਭੁੱਲਰ
ਬਠਿੰਡਾ : ਸਾਂਝਾ ਮੋਰਚਾ ਪੰਜਾਬ ਦੇ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆ ਰਹੀ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਸਿਰਸਾ ਦੀ ਫੇਰੀ ਪਾਈ।  ਮਨਪ੍ਰੀਤ ਸਿੰਘ ਬਾਦਲ ਦੀ ਫੇਰੀ ਤੋਂ ਲੱਗਦਾ ਹੈ ਕਿ ਸਾਂਝਾ ਮੋਰਚਾ ਨੇ ਵੀ ਡੇਰਾ ਸਿਰਸਾ ਦੀਆਂ ਵੋਟਾਂ 'ਤੇ ਟੇਕ ਰੱਖੀ ਹੋਈ ਹੈ। ਸਾਬਕਾ ਖਜ਼ਾਨਾ ਮੰਤਰੀ ਪਹਿਲਾਂ ਡੇਰਾ ਸਿਰਸਾ ਵਿਚ ਸ਼ਾਮ ਦੀ ਮਜਲਿਸ 'ਚ ਸ਼ਾਮਲ ਹੋਏ। ਉਸ ਮਗਰੋਂ ਉਨ੍ਹਾਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਆਗੂ ਮਨਪ੍ਰੀਤ ਸਿੰਘ ਬਾਦਲ ਕਰੀਬ ਚਾਰ ਕੁ ਦਿਨ ਪਹਿਲਾਂ ਸ਼ਾਮ ਵੇਲੇ ਡੇਰਾ ਸਿਰਸਾ ਗਏ ਸਨ।  ਪੀ.ਪੀ.ਪੀ. ਦੇ ਗਠਨ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਡੇਰਾ ਸਿਰਸਾ ਦੀ ਫੇਰੀ ਹੈ।  ਮਨਪ੍ਰੀਤ ਨੇ ਡੇਰਾ ਮੁਖੀ ਤੋਂ ਆਸ਼ੀਰਵਾਦ ਲਿਆ ਤੇ ਸਾਂਝੇ  ਮੋਰਚੇ ਦੀ ਹਮਾਇਤ ਲਈ ਅਪੀਲ ਕੀਤੀ।   ਉਨ੍ਹਾਂ ਕਰੀਬ 20 ਮਿੰਟ ਡੇਰਾ ਸਿਰਸਾ ਦੇ ਸਿਆਸੀ ਵਿੰਗ ਨਾਲ ਵੀ ਮੀਟਿੰਗ ਕੀਤੀ।  ਮੀਟਿੰਗ ਵਿੱਚ ਡੇਰੇ ਦੇ ਸਿਆਸੀ ਵਿੰਗ ਪੰਜਾਬ ਦੇ ਚੇਅਰਮੈਨ ਰਾਮ ਸਿੰਘ ਤੋਂ ਇਲਾਵਾ ਚਾਰ ਹੋਰ ਮੈਂਬਰ ਵੀ ਮੌਜੂਦ ਸਨ।       
            ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਨਪ੍ਰੀਤ ਦੀ ਫੇਰੀ ਕਾਫੀ ਅਹਿਮ ਸਮਝੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸਾਬਕਾ ਖਜ਼ਾਨਾ ਮੰਤਰੀ ਨੇ ਅਸਿੱਧੇ ਤੌਰ 'ਤੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਾਂਝੇ ਮੋਰਚੇ ਦੇ ਉਮੀਦਵਾਰਾਂ ਲਈ ਡੇਰਾ ਸਿਰਸਾ ਤੋਂ ਹਮਾਇਤ ਦੀ ਮੰਗ ਕੀਤੀ। ਭਾਵੇਂ ਡੇਰੇ  ਵੱਲੋਂ ਕੋਈ ਹੁੰਗਾਰਾ ਤਾਂ ਨਹੀਂ ਭਰਿਆ ਗਿਆ ਪ੍ਰੰਤੂ ਏਨਾ ਜ਼ਰੂਰ ਆਖਿਆ ਗਿਆ ਕਿ ਡੇਰਾ  ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦਾ ਹਾਮੀ ਹੈ।  ਡੇਰਾ ਦੇ ਮੁਖੀ ਨੇ ਸਾਬਕਾ ਖਜ਼ਾਨਾ ਮੰਤਰੀ ਨੂੰ ਆਸ਼ੀਰਵਾਦ ਦਿੱਤਾ।  ਉਨ੍ਹਾਂ ਕੋਈ ਸਿਆਸੀ ਗੱਲ ਨਹੀਂ ਕੀਤੀ। ਸੂਤਰਾਂ ਅਨੁਸਾਰ ਸਾਬਕਾ ਖਜ਼ਾਨਾ ਮੰਤਰੀ ਨੇ ਸਿਆਸੀ ਵਿੰਗ ਨਾਲ ਮੀਟਿੰਗ 'ਚ ਆਖਿਆ ਕਿ ਦੇਸ਼ ਨੂੰ ਬਚਾਉਣ ਖਾਤਰ ਚੰਗੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਨੇ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਵਧ ਰਹੀ ਬੇਚੈਨੀ ਦਾ ਮਸਲਾ ਵੀ ਰੱਖਿਆ। ਇਹ ਪਤਾ ਨਹੀਂ ਲੱਗ ਸਕਿਆ ਕਿ  ਮਨਪ੍ਰੀਤ ਇਕੱਲੇ ਹੀ ਗਏ ਸਨ ਜਾਂ ਫਿਰ ਉਨ੍ਹਾਂ ਨਾਲ ਹੋਰ ਵੀ ਸਿਆਸੀ ਨੇਤਾ ਸਨ। ਉਨ੍ਹਾਂ ਨੇ ਇਹ ਫੇਰੀ ਗੁਪਤ ਹੀ ਰੱਖੀ। ਇਹ ਫੇਰੀ ਇਸ ਗੱਲੋਂ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿ ਡੇਰੇ  ਵੱਲੋਂ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਇੱਕੋ ਜਿੰਨੀ ਦੂਰੀ ਰੱਖੀ ਜਾ ਰਹੀ ਹੈ। ਇੱਥੋਂ ਤੱਕ ਕਿ ਡੇਰੇ ਦੇ ਅਖਬਾਰ ਵਿਚ ਵੀ ਕਾਂਗਰਸ ਦੀ ਪਿਛਲੇ ਸਮੇਂ ਤੋਂ ਕਵਰੇਜ ਮੱਧਮ ਹੋ ਗਈ ਹੈ।
            ਡੇਰੇ ਦੇ ਸਿਆਸੀ ਵਿੰਗ (ਪੰਜਾਬ) ਦੇ ਚੇਅਰਮੈਨ ਰਾਮ ਸਿੰਘ ਨੇ  ਇਸ ਪੱਤਰਕਾਰ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਕੁਝ ਦਿਨ ਪਹਿਲਾਂ ਡੇਰਾ ਸਿਰਸਾ ਆਏ ਸਨ ਤੇ ਉਨ੍ਹਾਂ ਨੇ ਮਜਲਿਸ ਸੁਣਨ ਮਗਰੋਂ ਡੇਰਾ ਸਿਰਸਾ ਦੀ ਮੈਨੇਜਮੈਂਟ ਅਤੇ ਸਿਆਸੀ ਵਿੰਗ ਨਾਲ ਸਾਂਝੀ ਮੀਟਿੰਗ ਵੀ ਕੀਤੀ ਸੀ। ਮਨਪ੍ਰੀਤ ਨੇ ਵੋਟਾਂ ਦੀ ਸਿਆਸਤ ਦੀ ਗੱਲ ਨਹੀਂ ਕੀਤੀ ਅਤੇ ਸਿਰਫ਼ ਦੇਸ਼ ਨੂੰ ਬਚਾਉਣ ਲਈ ਸਹਿਯੋਗ ਦੀ ਮੰਗ ਕੀਤੀ ਸੀ। ਉਨ੍ਹਾਂ ਮੀਟਿੰਗ ਵਿੱਚ ਆਖਿਆ ਕਿ ਦੇਸ਼ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਰਾਮ ਸਿੰਘ ਨੇ ਦੱਸਿਆ ਕਿ ਗੁਰੂ ਜੀ (ਡੇਰਾ ਮੁਖੀ) ਵੱਲੋਂ ਮਨਪ੍ਰੀਤ ਨੂੰ ਆਸ਼ੀਰਵਾਦ ਜ਼ਰੂਰ ਦਿੱਤਾ ਗਿਆ, ਪਰ ਕੋਈ ਗੱਲ ਨਹੀਂ ਕੀਤੀ ਗਈ। ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਡੇਰਾ ਸਿਰਸਾ ਆਏ ਸਨ। ਰਾਮ ਸਿੰਘ ਦੇ ਦੱਸਣ ਅਨੁਸਾਰ ਡੇਰਾ ਸਿਰਸਾ ਨੇ ਹਾਲੇ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ ਹੈ।
                                                          ਮਨਪ੍ਰੀਤ ਵੱਲੋਂ ਪੁਸ਼ਟੀ
ਸ੍ਰੀ ਮਨਪ੍ਰੀਤ ਸਿੰਘ ਬਾਦਲ ਦਾ ਡੇਰਾ ਫੇਰੀ ਬਾਰੇ ਕਹਿਣਾ ਸੀ ਕਿ ਉਹ ਤਾਂ ਆਪਣੇ ਹਲਕੇ ਦੀ ਸੰਗਤ ਨਾਲ ਉੱਥੇ ਗਏ ਸਨ, ਜਿਸ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਸੀ। ਉਨ੍ਹਾਂ ਆਖਿਆ ਕਿ ਹਲਕੇ ਦੇ ਲੋਕਾਂ 'ਤੇ ਕਹਿਣ 'ਤੇ ਹੀ ਉਹ ਉਨ੍ਹਾਂ ਨਾਲ ਡੇਰਾ ਸਿਰਸਾ ਚਲੇ ਗਏ ਸਨ। ਉਹ ਤਾਂ ਪਹਿਲਾਂ ਹਲਕੇ ਦੇ ਲੋਕਾਂ ਨਾਲ ਚਿੰਤਪੁਰਨੀ ਵੀ ਜਾ ਕੇ ਆਏ ਹਨ। ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ।    

Friday, November 18, 2011

                                                                             ਪਿੰਡ ਬਾਦਲ 'ਚ ਚੱਲੀ ਸ਼ਾਹੀ ਦਾਅਵਤ 
                                  ਚਰਨਜੀਤ ਭੁੱਲਰ
ਬਠਿੰਡਾ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਜੱਦੀ ਪਿੰਡ ਬਾਦਲ ਵਿੱਚ ਸ਼ਾਹੀ ਦਾਅਵਤ ਦਿੱਤੀ ਗਈ ਜਿਸ 'ਚ ਅੱਧੀ ਦਰਜ਼ਨ ਵਜ਼ੀਰ ਵੀ ਸ਼ਾਮਲ ਹੋਏ। ਦੇਰ ਸ਼ਾਮ ਤੱਕ ਸ਼ਾਹੀ ਦਾਅਵਤ ਚੱਲਦੀ ਰਹੀ ਜਦੋਂ ਕਿ ਇੱਧਰ ਬਠਿੰਡਾ ਵਿੱਚ ਹੋਏ ਸੜਕ ਹਾਦਸੇ ਵਿੱਚ ਦਰਦਾਂ ਦੀ ਚੀਸ ਝੱਲ ਰਹੀਆਂ ਜ਼ਖ਼ਮੀ ਖਿਡਾਰਨਾਂ ਦਾ ਕਿਸੇ ਨੂੰ ਚੇਤਾ ਨਾ ਆਇਆ। ਖਿਡਾਰਨਾਂ ਦਾ ਹਾਲਚਾਲ ਪੁੱਛਣ ਲਈ ਕੋਈ ਮੰਤਰੀ ਨਹੀਂ ਪੁੱਜਿਆ, ਜਦੋਂ ਕਿ ਪਿੰਡ ਬਾਦਲ ਦੀ ਦਾਅਵਤ ਵਿੱਚ ਕਈ ਮੰਤਰੀਆਂ ਅਤੇ ਅਫਸਰਾਂ ਨੇ ਹਾਜ਼ਰੀ ਲਵਾਈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੌਮਾਂਤਰੀ ਖਿਡਾਰੀਆਂ ਨੂੰ ਇਹ ਰਾਤਰੀ ਭੋਜ ਦਿੱਤਾ ਗਿਆ ਸੀ। ਹਾਦਸੇ ਮਗਰੋਂ ਸ਼ਾਮ ਵਕਤ ਪਿੰਡ ਬਾਦਲ ਵਿੱਚ ਬਾਦਲ ਪਰਿਵਾਰ ਦੀ ਨਵੀਂ ਕੋਠੀ ਵਿੱਚ ਕੌਮਾਂਤਰੀ ਟੀਮਾਂ ਦੇ ਖਿਡਾਰੀ ਪੁੱਜ ਗਏ ਸਨ। ਪਹਿਲਾਂ ਚਰਚਾ ਇਹ ਸੀ ਕਿ ਹਾਦਸਾ ਹੋਣ ਕਰਕੇ ਬਾਦਲ ਪਰਿਵਾਰ ਵੱਲੋਂ ਇਹ ਭੋਜ ਮੁਲਤਵੀ ਕਰ ਦਿੱਤਾ ਜਾਵੇਗਾ ਪਰ ਇਹ ਪ੍ਰੋਗਰਾਮ ਆਪਣੇ ਮਿੱਥੇ ਪ੍ਰੋਗਰਾਮ  ਅਨੁਸਾਰ ਚੱਲਿਆ।
             ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਖੇਡ ਵਿਭਾਗ ਦੇ ਡਾਇਰੈਕਟਰ ਪ੍ਰਗਟ ਸਿੰਘ ਤੋਂ ਇਲਾਵਾ ਉੱਚ ਪੁਲੀਸ ਅਧਿਕਾਰੀ ਅਤੇ ਸਿਵਲ ਅਧਿਕਾਰੀ ਇਸ ਸਮਾਗਮ ਵਿੱਚ ਮੌਜੂਦ ਸਨ। ਪਤਾ ਲੱਗਿਆ ਹੈ ਕਿ 10 ਕੌਮਾਂਤਰੀ ਟੀਮਾਂ ਦੇ ਖਿਡਾਰੀਆਂ ਤੋਂ ਇਲਾਵਾ ਟੀਮਾਂ ਦੇ ਕੋਚ ਵੀ ਦਾਅਵਤ ਵਿੱਚ ਸ਼ਾਮਲ ਸਨ। ਦੋ ਜ਼ਿਲ੍ਹਿਆਂ ਦੇ ਐਸ.ਐਸ.ਪੀ. ਵੀ ਮੌਜੂਦ ਸਨ।ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਸਿੰਘ ਬਾਬਾ ਦਾ ਕਹਿਣਾ ਸੀ ਕਿ ਹਾਦਸੇ ਕਾਰਨ ਉਨ੍ਹਾਂ ਨੂੰ ਕਾਫੀ ਸਦਮਾ ਲੱਗਿਆ ਹੈ ਅਤੇ ਉਹ ਤਾਂ ਕੇਵਲ ਰਸਮੀ ਤੌਰ 'ਤੇ ਹੀ ਪਿੰਡ ਬਾਦਲ ਗਏ ਸਨ। ਉਪ ਮੁੱਖ ਮੰਤਰੀ ਵੱਲੋਂ ਸਾਰੇ ਖਿਡਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ। ਦੂਜੇ ਪਾਸੇ ਅੱਜ ਆਦੇਸ਼ ਹਸਪਤਾਲ ਵਿੱਚ ਰਾਤ ਦੇ 9 ਵਜੇ ਤੱਕ ਤਿੰਨ ਜ਼ਖ਼ਮੀ ਖਿਡਾਰਨਾਂ ਦਾਖ਼ਲ ਸਨ। ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਕੇਵਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਪੁੱਜੇ ਹੋਏ ਸਨ।
           ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੀ ਹਾਦਸੇ ਤੋਂ ਤੁਰੰਤ ਮਗਰੋਂ ਆਏ ਸਨ ਅਤੇ ਫਿਰ ਚਲੇ ਗਏ ਸਨ। ਖੇਡ ਵਿਭਾਗ ਪੰਜਾਬ ਦਾ ਕੋਈ ਵੀ ਅਧਿਕਾਰੀ ਜ਼ਖ਼ਮੀ ਖਿਡਾਰਨਾਂ ਦਾ ਪਤਾ ਲੈਣ ਨਹੀਂ ਆਇਆ। ਜਿਨ੍ਹਾਂ ਲੜਕੀਆਂ ਦਾ ਅੱਜ ਹਾਦਸੇ ਵਿੱਚ ਸਾਮਾਨ ਸੜ ਗਿਆ, ਉਹ ਦੇਰ ਸ਼ਾਮ ਤੱਕ ਬਾਜ਼ਾਰ ਵਿੱਚੋਂ ਕੱਪੜਿਆਂ ਦੀ ਖਰੀਦ ਕਰਨ ਵਿੱਚ ਲੱਗੀਆਂ ਰਹੀਆਂ। ਉਨ੍ਹਾਂ ਕੋਲ ਤਾਂ ਚੱਪਲਾਂ ਵੀ ਨਹੀਂ ਸਨ। ਖਿਡਾਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਵੇਂ ਕੱਪੜੇ ਅਤੇ ਸਰਟੀਫਿਕੇਟ ਵੀ ਸੜ ਗਏ ਹਨ। ਦੂਜੇ ਪਾਸੇ ਹਾਦਸੇ ਵਿੱਚ ਜਿਸ ਸਿਪਾਹੀ ਅਤੇ ਬੱਸ ਡਰਾਈਵਰ ਦੀ ਮੌਤ ਹੋਈ ਹੈ, ਉਨ੍ਹਾਂ ਦੇ ਘਰਾਂ ਵਿੱਚ ਜਿਉਂ ਹੀ ਖਬਰ ਪੁੱਜੀ ਤਾਂ ਉਨ੍ਹਾਂ ਦੇ ਪਰਿਵਾਰ ਗ਼ਮ ਵਿੱਚ ਡੁੱਬ ਗਏ। ਇਨ੍ਹਾਂ ਪਰਿਵਾਰਾਂ ਦੇ ਕਮਾਊ ਜੀਅ ਚਲੇ ਗਏ ਹਨ। ਇਨ੍ਹਾਂ ਦੇ ਪਰਿਵਾਰ ਵੀ ਦੇਰ ਰਾਤ ਬਠਿੰਡਾ ਪੁੱਜ ਗਏ ਸਨ।
                                                             ਜਦੋਂ ਨੇੜਿਓ ਤੱਕੀ ਮੌਤ
ਬਠਿੰਡਾ ਛਾਉਣੀ ਕੋਲ ਜ਼ਿੰਦਗੀ ਨੇ ਮੌਤ ਨੂੰ ਨੇੜਿਓ ਤੱਕਿਆ। ਪਲਾਂ ਦਾ ਫਾਸਲਾ ਹੀ ਰਹਿ ਗਿਆ ਸੀ। ਖਿਡਾਰਨਾਂ ਫੁਰਤੀ ਨਾ ਦਿਖਾਉਂਦੀਆਂ ਤਾਂ ਮੌਤ ਨੇ ਜਿੱਤ ਜਾਣਾ ਸੀ। ਇਸ ਸੜਕ ਹਾਦਸੇ ਨੇ ਤਾਂ ਭਾਰਤੀ ਮਹਿਲਾ ਕਬੱਡੀ ਟੀਮ ਦੀਆਂ ਖਿਡਾਰਨਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਕੌਮਾਂਤਰੀ ਕਬੱਡੀ ਵਿੱਚ ਜਿੱਤਾਂ ਦਰਜ ਕਰਨ ਵਾਲੀਆਂ ਇਹ ਖਿਡਾਰਨਾਂ ਅੱਜ ਹਾਦਸੇ ਮਗਰੋਂ ਹਿੱਲ ਗਈਆਂ। ਦੱਸਣਯੋਗ ਹੈ ਕਿ ਬਠਿੰਡਾ ਛਾਉਣੀ ਕੋਲ ਸੜਕ ਹਾਦਸੇ ਮਗਰੋਂ ਉਸ ਏ.ਸੀ. ਬੱਸ ਨੂੰ ਅੱਗ ਲੱਗ ਗਈ, ਜਿਸ ਵਿੱਚ ਭਾਰਤੀ ਕਬੱਡੀ ਖਿਡਾਰਨਾਂ ਦੀ ਟੀਮ ਲੁਧਿਆਣਾ ਤੋਂ ਪਿੰਡ ਬਾਦਲ ਜਾ ਰਹੀ ਸੀ। ਹਾਦਸੇ ਵਿੱਚ ਦੋ ਡਰਾਈਵਰਾਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਜਣੇ ਜ਼ਖਮੀ ਹੋ ਗਏ ਹਨ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਖਿਡਾਰਨਾਂ ਨੇ ਬੱਸ ਦੇ ਸ਼ੀਸ਼ੇ ਤੋੜੇ ਅਤੇ ਬਾਹਰ ਨਿਕਲ ਆਈਆਂ। ਹਾਦਸੇ ਤੋਂ ਅੱਧੇ ਘੰਟੇ ਮਗਰੋਂ ਵੀ ਇਨ੍ਹਾਂ ਮਹਿਲਾ ਖਿਡਾਰਨਾਂ ਤੋਂ ਚੰਗੀ ਤਰ੍ਹਾਂ ਗੱਲ ਨਹੀਂ ਹੋ ਰਹੀ ਸੀ।ਖਿਡਾਰਨ ਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਅੱਜ ਤਾਂ ਉਨ੍ਹਾਂ ਨੇ ਮੌਤ ਕਰੀਬ ਤੋਂ ਦੇਖੀ ਹੈ। ਇਕ ਪਲ ਦਾ ਫਾਸਲਾ ਰਹਿ ਜਾਂਦਾ ਤਾਂ ਉਸ ਨੇ ਜ਼ਿੰਦਗੀ ਦੀ ਜੰਗ ਹਾਰ ਜਾਣੀ ਸੀ। ਮਹਿਲਾ ਕੋਚ ਅਤੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਵਾਰ ਵਾਰ ਹੌਸਲਾ ਦਿੱਤਾ ਜਾ ਰਿਹਾ ਸੀ। ਖਿਡਾਰਨਾਂ ਨੂੰ ਆਪਣੇ ਮਾਪਿਆਂ ਦਾ ਫਿਕਰ ਵੀ ਸਤਾ ਰਿਹਾ ਸੀ। ਉਨ੍ਹਾਂ ਕੋਲ ਮੋਬਾਈਲ ਫੋਨ ਵੀ ਨਹੀਂ ਸਨ ਕਿਉਂਕਿ ਫੋਨ ਤਾਂ ਬੱਸ 'ਚ ਲੱਗੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ। ਖਿਡਾਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਦੇ ਸ਼ੀਸ਼ੇ ਤੋੜਨ ਮਗਰੋਂ ਨੰਗੇ ਪੈਰੀਂ ਹੀ ਛਾਲਾਂ ਮਾਰ ਦਿੱਤੀਆਂ।
         ਖਿਡਾਰਨ ਸੁਮਨ ਨੇ ਦੱਸਿਆ ਕਿ ਬੱਸ ਅੱਜ ਜ਼ਿੰਦਗੀ ਬਚ ਗਈ। ਉਸ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੇ ਛਾਲਾਂ ਮਾਰ ਦਿੱਤੀਆਂ ਤਾਂ ਤੁਰੰਤ ਮਗਰੋਂ ਬੱਸ ਵਿੱਚ ਧਮਾਕਾ ਹੋ ਗਿਆ। ਖਿਡਾਰਨਾਂ ਕਾਫੀ ਸਦਮੇ ਵਿੱਚ ਸਨ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਫਸਟ ਏਡ ਦੇਣ ਮਗਰੋਂ ਬਠਿੰਡਾ ਵਿਖੇ ਹੋਟਲ ਵਿੱਚ ਭੇਜ ਦਿੱਤਾ ਗਿਆ। ਹਾਦਸੇ ਤੋਂ ਕਾਫੀ ਮਗਰੋਂ ਵੀ ਇਹ ਖਿਡਾਰਨਾਂ ਗੁੰਮ ਸੁੰਮ ਸਨ, ਜਦੋਂ ਕਿ ਤਿੰਨ ਖਿਡਾਰਨਾਂ ਤਾਂ ਖਬਰ ਲਿਖਣ ਤੱਕ ਹਸਪਤਾਲ ਵਿੱਚ ਹੀ ਭਰਤੀ ਸਨ। ਫੌਜੀ ਟਰੱਕ ਨਾਲ ਟੱਕਰ ਮਗਰੋਂ ਸੜੀ ਬੱਸ ਜਿਸ ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਸਵਾਰ ਸੀ ਖਿਡਾਰਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਛਾਲਾਂ ਮਾਰੀਆਂ ਸਨ ਤਾਂ ਉਦੋਂ ਬੱਸ ਦੇ ਅਗਲੇ ਹਿੱਸੇ ਨੂੰ ਅੱਗ ਪੈ ਚੁੱਕੀ ਸੀ। ਇਨ੍ਹਾਂ ਲੜਕੀਆਂ ਦਾ ਸਭ ਕੁਝ ਬੱਸ ਵਿੱਚ ਹੀ ਰਹਿ ਗਿਆ। ਜਦੋਂ ਇਹ ਖਿਡਾਰਨਾਂ ਹਸਪਤਾਲ ਪੁੱਜੀਆਂ ਤਾਂ ਉਦੋਂ ਉਨ੍ਹਾਂ ਦੇ ਨੰਗੇ ਪੈਰ ਸਨ। ਕਈ ਖਿਡਾਰਨਾਂ ਦੇ ਮਾਪੇ ਵੀ ਹਸਪਤਾਲ ਪੁੱਜ ਗਏ ਸਨ। ਖਿਡਾਰਨ ਪ੍ਰਿਅੰਕਾ ਨੇ ਦੱਸਿਆ ਕਿ ਉਹ ਤਾਂ ਬੱਸ ਵਿੱਚ ਸੁੱਤੀਆਂ ਪਈਆਂ ਸਨ ਅਤੇ ਅਚਾਨਕ ਜਦੋਂ ਖੜਾਕ ਹੋਇਆ ਤਾਂ ਉਹ ਇਕਦਮ ਉਠੀਆਂ। ਉਸ ਨੇ ਦੱਸਿਆ ਕਿ ਬੱਸ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਕਈਆਂ ਨੇ ਬੱਸ ਵਿੱਚ ਉਲਟੀਆਂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਮਜ਼ਬੂਤ ਸ਼ੀਸ਼ੇ ਭੰਨ ਦਿੱਤੇ, ਜਿਸ ਕਰਕੇ ਉਨ੍ਹਾਂ ਦੀ ਜਾਨ ਬਚ ਗਈ। ਰਾਹਗੀਰਾਂ ਨੇ ਦੱਸਿਆ ਕਿ ਖਿਡਾਰਨਾਂ ਨੇ ਬਚਾਓ ਦਾ ਚੀਕ ਚਿਹਾੜਾ ਪਾਇਆ। ਰਾਹਗੀਰਾਂ ਨੇ ਵੀ ਸ਼ੀਸ਼ੇ ਤੋੜਨ ਵਿੱਚ ਲੜਕੀਆਂ ਦੀ ਮਦਦ ਕੀਤੀ। ਬੱਸ ਦੀ ਡਿੱਗੀ ਵਿੱਚ ਲੜਕੀਆਂ ਦਾ ਸਾਰਾ ਸਾਮਾਨ ਪਿਆ ਸੀ, ਜੋ ਸੜ ਗਿਆ।
         ਦੱਸਣਯੋਗ ਹੈ ਕਿ ਇਨ੍ਹਾਂ ਲੜਕੀਆਂ ਵੱਲੋਂ ਭਲਕੇ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ। ਅੱਜ ਜਦੋਂ ਤਿੰਨ ਖਿਡਾਰਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਸੀ ਤਾਂ ਉਦੋਂ ਮੌਕੇ 'ਤੇ ਮੌਜੂਦ ਪ੍ਰੋਫੈਸਰ ਸੁਰਜੀਤ ਸਿੰਘ ਨੇ ਖਿਡਾਰਨਾਂ ਲਈ ਚੱਪਲਾਂ ਵਗੈਰਾ ਦਾ ਪ੍ਰਬੰਧ ਕੀਤਾ।ਹਾਦਸੇ ਮਗਰੋਂ ਬਠਿੰਡਾ-ਬਰਨਾਲਾ ਸੜਕ 'ਤੇ ਟਰੈਫਿਕ ਜਾਮ ਹੋ ਗਿਆ। ਦੂਰ ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਪੁਲੀਸ ਨੇ ਕਾਫੀ ਸਮੇਂ ਲਈ ਰਸਤਾ ਰੋਕ ਦਿੱਤਾ, ਜਿਸ ਕਰਕੇ ਲੰਮੇ ਰੂਟ ਵਾਲੀਆਂ ਬੱਸਾਂ ਵੀ ਰੁਕ ਗਈਆਂ। ਖਿਡਾਰਨਾਂ ਦੀ ਭਰੀ ਦੂਸਰੀ ਬੱਸ ਨੂੰ ਵੀ ਬਦਲਵੇਂ ਰੂਟਾਂ ਤੋਂ ਬਠਿੰਡਾ ਪਹੁੰਚਾਇਆ ਗਿਆ। ਬਠਿੰਡਾ ਦੇ ਬੀਬੀ ਵਾਲਾ ਚੌਕ ਤੋਂ ਵੀ ਟਰੈਫਿਕ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਦੇਰ ਸ਼ਾਮ ਤੱਕ ਮੁੱਖ ਸੜਕ 'ਤੇ ਜਾਮ ਲੱਗਿਆ ਰਿਹਾ।

Thursday, November 17, 2011

             ਏ.ਸੀ.ਬੱਸਾਂ ਨੂੰ 'ਓਪਰੀ' ਹਵਾ ਲੱਗੀ
                                  ਚਰਨਜੀਤ ਭੁੱਲਰ
ਬਠਿੰਡਾ :  ਪੀ.ਆਰ.ਟੀ.ਸੀ. ਦੀਆਂ ਏ.ਸੀ. ਬੱਸਾਂ ਨੂੰ ਬਰੇਕ ਲੱਗ ਗਈ ਹੈ। ਪੀ.ਆਰ.ਟੀ.ਸੀ. ਦੀ ਮੰਦਹਾਲੀ ਨੇ ਏ.ਸੀ. ਬੱਸਾਂ ਨੂੰ ਰੂਟਾਂ ਤੋਂ ਲਾਹ ਦਿੱਤਾ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਪੀ.ਆਰ.ਟੀ.ਸੀ. ਨੂੰ ਰੋਜ਼ਾਨਾ ਲੱਖਾਂ ਦਾ ਘਾਟਾ ਪੈ ਰਿਹਾ ਹੈ। ਪੀ.ਆਰ.ਟੀ.ਸੀ. ਕੋਲ ਸਪੇਅਰ ਪਾਰਟਸ ਦੀ ਤੋਟ ਹੈ। ਬਠਿੰਡਾ ਡਿਪੂ ਨੂੰ ਸਪੇਅਰ ਪਾਰਟਸ ਨਹੀਂ ਮਿਲ ਰਿਹਾ ਹੈ ਜਿਸ ਕਰਕੇ ਏ.ਸੀ. ਬੱਸਾਂ ਨੂੰ ਵਰਕਸ਼ਾਪ 'ਚ ਹੀ ਰੋਕਣਾ ਪੈ ਰਿਹਾ ਹੈ।ਦੱਸਣਯੋਗ ਹੈ ਕਿ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ਕੋਲ ਇੱਕ ਦਰਜਨ ਏ.ਸੀ. ਬੱਸਾਂ ਹਨ। ਇਨ੍ਹਾਂ 'ਚੋਂ ਰੋਜ਼ਾਨਾ ਚਾਰ ਤੋਂ ਪੰਜ ਬੱਸਾਂ ਵਰਕਸ਼ਾਪ 'ਚ ਹੀ ਖੜ੍ਹੀਆਂ ਰਹਿੰਦੀਆਂ ਹਨ। ਡਿਪੂ ਦੀਆਂ ਤਿੰਨ ਏ.ਸੀ. ਬੱਸਾਂ ਤਾਂ ਪੱਕੇ ਤੌਰ 'ਤੇ ਹੀ ਰੂਟਾਂ 'ਤੇ ਨਹੀਂ ਹਨ। ਏ.ਸੀ. ਬੱਸਾਂ ਰੁਕਣ ਕਰਕੇ ਸਰਕਾਰੀ ਰੂਟ ਮਿਸ ਹੋ ਰਹੇ ਹਨ ਜਿਸ ਦਾ ਲਾਹਾ ਪ੍ਰਾਈਵੇਟ ਕੰਪਨੀਆਂ ਨੂੰ ਮਿਲ ਰਿਹਾ ਹੈ। ਪੀ.ਆਰ.ਟੀ.ਸੀ. ਨੂੰ ਪ੍ਰਤੀ ਏ.ਸੀ. ਬੱਸ ਰੋਜ਼ਾਨਾ ਕਰੀਬ 20 ਹਜ਼ਾਰ ਰੁਪਏ ਆਮਦਨ ਹੁੰਦੀ ਹੈ ਜਿਸ ਦਾ ਹੁਣ ਘਾਟਾ ਪੈ ਰਿਹਾ ਹੈ। ਏ.ਸੀ. ਬੱਸਾਂ ਦਾ ਸਪੇਅਰ ਪਾਰਟਸ ਕਾਫੀ ਮਹਿੰਗਾ ਹੁੰਦਾ ਹੈ ਜਿਸ ਨੂੰ ਡਿਪੂ ਆਪਣੇ ਪੱਧਰ 'ਤੇ ਖਰੀਦ ਨਹੀਂ ਸਕਦਾ ਹੈ।
            ਬਠਿੰਡਾ ਡਿੱਪੂ 'ਚ ਅੱਜ ਚਾਰ ਏ.ਸੀ. ਬੱਸਾਂ ਰੁਕੀਆਂ ਹੋਈਆਂ ਸਨ। ਕਦੇ ਕਦੇ ਤਾਂ ਪੰਜ ਤੋਂ ਛੇ ਏ.ਸੀ. ਬੱਸਾਂ ਵੀ ਪ੍ਰਬੰਧਕਾਂ ਨੂੰ ਰੋਕਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਸਪੇਅਰ ਪਾਰਟਸ ਦੀ ਕਮੀ ਕਾਰਨ ਰੋਜ਼ਾਨਾ ਕਰੀਬ ਇੱਕ ਦਰਜਨ ਬੱਸਾਂ ਰੋਕਣੀਆਂ ਪੈਂਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਡਿਪੂ ਨੂੰ ਮਈ,2011 ਦੇ ਮਹੀਨੇ 'ਚ ਏ.ਸੀ. ਬੱਸਾਂ ਤੋਂ 26.98 ਲੱਖ ਰੁਪਏ ਦੀ ਕਮਾਈ ਹੋਈ ਸੀ ਜੋ ਕਿ ਸਤੰਬਰ 2011 ਦੇ ਮਹੀਨੇ 'ਚ 21.92 ਲੱਖ ਰੁਪਏ ਹੀ ਰਹਿ ਗਈ। ਅਗਸਤ ਮਹੀਨੇ 'ਚ ਇਹ ਆਮਦਨ 21.71 ਲੱਖ ਰੁਪਏ ਹੀ ਸੀ। ਨਵੰਬਰ ਦੇ ਪਹਿਲੇ 15 ਦਿਨਾਂ 'ਚ ਏ.ਸੀ. ਬੱਸਾਂ ਤੋਂ ਆਮਦਨ 11.77 ਲੱਖ ਰੁਪਏ ਹੀ ਹੈ। ਏ.ਸੀ. ਬੱਸਾਂ ਤਾਂ ਪਹਿਲਾਂ ਹੀ ਮਾਰ ਝੱਲ ਰਹੀਆਂ ਸਨ ਕਿਉਂਕਿ ਏ.ਸੀ ਬੱਸਾਂ ਨੂੰ ਪ੍ਰਮੁੱਖ ਰੂਟਾਂ 'ਤੇ ਸਮੇਂ ਸਿਰ ਭੇਜਣ ਦੀ ਥਾਂ ਉਲਟ ਦਿਸ਼ਾ ਵੱਲ ਭੇਜ ਦਿੱਤਾ ਜਾਂਦਾ ਹੈ। ਠੀਕ ਦਿਸ਼ਾ ਵੱਲ ਉਸ ਸਮੇਂ ਪ੍ਰਾਈਵੇਟ ਘਰਾਣਿਆਂ ਦੀਆਂ ਏ.ਸੀ. ਬੱਸਾਂ ਚੱਲਦੀਆਂ ਹਨ।
           ਬਠਿੰਡਾ ਡਿਪੂ ਦੀ ਇੱਕ ਹੀ ਏ.ਸੀ. ਬੱਸ ਹੈ ਜੋ ਕਿ ਬਠਿੰਡਾ ਚੰਡੀਗੜ੍ਹ ਸਿੱਧੀ ਚੱਲਦੀ ਹੈ। ਇੱਕ ਏ.ਸੀ. ਬੱਸ ਬਠਿੰਡਾ ਤੋਂ ਦਿੱਲੀ ਵਾਇਆ ਡੱਬਵਾਲੀ ਜਾਂਦੀ ਹੈ। ਇਸੇ ਤਰ੍ਹਾਂ ਇੱਕ ਬੱਸ ਬਠਿੰਡਾ ਚੰਡੀਗੜ੍ਹ ਵਾਇਆ ਮਾਨਸਾ ਚੱਲਦੀ ਹੈ। ਤਿੰਨ ਏ.ਸੀ. ਬੱਸਾਂ ਪਹਿਲਾਂ ਬਠਿੰਡਾ ਤੋਂ ਡੱਬਵਾਲੀ ਜਾਂਦੀਆਂ ਹਨ ਅਤੇ ਵਾਪਸੀ 'ਤੇ ਬਠਿੰਡਾ ਹੋ ਕੇ ਚੰਡੀਗੜ੍ਹ ਜਾਂਦੀਆਂ ਹਨ। ਪੀ.ਆਰ.ਟੀ.ਸੀ. ਦੀ ਇੱਕ ਬੱਸ ਡੱਬਵਾਲੀ ਤੋਂ ਵਾਪਸ ਆ ਕੇ ਬਠਿੰਡਾ ਤੋਂ ਸਵੇਰੇ 9.40 ਵਜੇ ਚੰਡੀਗੜ੍ਹ ਲਈ ਰਵਾਨਾ ਹੁੰਦੀ ਹੈ। ਉਸ ਤੋਂ ਪਹਿਲਾਂ ਬਠਿੰਡਾ ਚੰਡੀਗੜ੍ਹ ਪ੍ਰਾਈਵੇਟ ਘਰਾਣਿਆਂ ਦੀਆਂ ਏ.ਸੀ. ਬੱਸਾਂ ਚੱਲਦੀਆਂ ਹਨ। ਡੱਬਵਾਲੀ ਤੋਂ ਆ ਕੇ ਇੱਕ ਸਰਕਾਰੀ ਏ.ਸੀ. ਬੱਸ ਦੁਪਹਿਰ ਨੂੰ ਇਥੋਂ 12.35 'ਤੇ ਚੰਡੀਗੜ੍ਹ ਨੂੰ ਜਾਂਦੀ ਹੈ। ਹਾਲਾਂਕਿ ਬਠਿੰਡਾ ਤੋਂ ਜ਼ਿਆਦਾ ਸਵਾਰੀ ਸਵੇਰ ਸਮੇਂ ਹੀ ਚੰਡੀਗੜ੍ਹ ਦੀ ਹੁੰਦੀ ਹੈ। ਪ੍ਰਮੁੱਖ ਸਮੇਂ 'ਤੇ ਪੀ.ਆਰ.ਟੀ.ਸੀ. ਦੀ ਬੱਸ ਬਠਿੰਡਾ ਤੋਂ ਚੰਡੀਗੜ੍ਹ ਚੱਲਦੀ ਹੀ ਨਹੀਂ। ਪ੍ਰਮੁੱਖ ਸਮੇਂ 'ਤੇ ਮੇਲਾ ਪ੍ਰਾਈਵੇਟ ਕੰਪਨੀਆਂ ਵੱਲੋਂ ਲੁੱਟਿਆ ਜਾਂਦਾ ਹੈ। ਬਠਿੰਡਾ ਡਿਪੂ ਕੋਲ 177 ਬੱਸਾਂ ਹਨ। ਇਨ੍ਹਾਂ 'ਚ ਇੱਕ ਦਰਜਨ ਏ.ਸੀ. ਬੱਸਾਂ ਅਤੇ 45 ਬੱਸਾਂ ਕਿਲੋਮੀਟਰ ਸਕੀਮ ਵਾਲੀਆਂ ਹਨ।
        ਸਰਕਾਰੀ ਸੂਤਰਾਂ ਮੁਤਾਬਕ ਸਪੇਅਰ ਪਾਰਟਸ ਕਈ ਮਹੀਨਿਆਂ ਤੋਂ ਮਿਲ ਨਹੀਂ ਰਿਹਾ ਹੈ। ਸਪੇਅਰ ਪਾਰਟਸ ਦੀ ਖਰੀਦ ਹੈਡਕੁਆਰਟਰ ਪੱਧਰ 'ਤੇ ਹੁੰਦੀ ਹੈ। ਡਿਪੂ ਪੱਧਰ 'ਤੇ ਖਰੀਦ ਕੇਵਲ ਪ੍ਰਤੀ ਕਿਲੋਮੀਟਰ ਪਿਛੇ 6 ਪੈਸਿਆਂ ਦੀ ਕਰਨ ਦੀ ਪ੍ਰਵਾਨਗੀ ਹੈ। ਡਿਪੂ ਦੇ ਪ੍ਰਬੰਧਕ ਆਪਣੇ ਪੱਧਰ 'ਤੇ ਖਰੀਦ ਕਰਨ ਤੋਂ ਡਰਦੇ ਹਨ। ਪ੍ਰਬੰਧਕ ਸਪੇਅਰ ਪਾਰਟਸ ਲਈ ਉਚ ਅਧਿਕਾਰੀਆਂ ਨੂੰ ਲਿਖਦੇ ਰਹਿੰਦੇ ਹਨ। ਜਦੋਂ ਕੋਈ ਸਪੇਅਰ ਪਾਰਟਸ ਨਹੀਂ ਮਿਲਦਾ ਤਾਂ ਅਧਿਕਾਰੀ ਬੱਸ ਨੂੰ ਹੀ ਵਰਕਸ਼ਾਪ ਵਿੱਚ ਡੱਕ ਦਿੰਦੇ ਹਨ। ਸਰਕਾਰੀ ਪੱਖ ਲੈਣ ਖਾਤਰ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਐਮ.ਐਸ.ਹੁੰਦਲ ਨਾਲ ਵਾਰ ਵਾਰ ਸੰਪਰਕ ਕੀਤਾ ਗਿਆ ਪ੍ਰੰਤੂ ਉਨ੍ਹਾਂ ਫੋਨ ਨਹੀਂ ਚੁੱਕਿਆ।

Wednesday, November 16, 2011

    ਅੰਗਰੇਜ਼ਾਂ ਦੇ ਹਥਿਆਰਾਂ ਨਾਲ ਪਹਿਰੇਦਾਰੀ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀਆਂ ਜੇਲ੍ਹਾਂ 'ਚ ਰਾਖੀ  ਅੰਗਰੇਜ਼ਾਂ ਦੇ ਜ਼ਮਾਨੇ ਦੇ ਹਥਿਆਰਾਂ ਨਾਲ ਹੋ ਰਹੀ ਹੈ। ਜੇਲ੍ਹਾਂ 'ਚ ਇਕੱਲਾ ਕਾਨੂੰਨ ਹੀ ਅੰਗਰੇਜ਼ਾਂ ਵਾਲਾ ਨਹੀਂ ਹੈ ਬਲਕਿ ਹਥਿਆਰ ਵੀ ਉਨ੍ਹਾਂ ਦੇ ਵੇਲੇ ਦੇ ਹੀ ਹਨ। ਬਹੁਤੀਆਂ ਜੇਲ੍ਹਾਂ ਤਾਂ ਬਣੀਆਂ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹਨ। ਜ਼ਮਾਨਾ ਬਦਲ ਗਿਆ ਹੈ ਅਤੇ ਅਪਰਾਧੀਆਂ ਦੇ ਅਪਰਾਧ ਕਰਨ ਦੇ ਤੌਰ ਤਰੀਕੇ ਵੀ ਬਦਲ ਗਏ ਹਨ। ਆਧੁਨਿਕ ਜ਼ਮਾਨੇ 'ਚ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਜੇਲ੍ਹਾਂ 'ਚ ਆਧੁਨਿਕ ਹਥਿਆਰ ਮੁਹੱਈਆ ਨਹੀਂ ਕਰਵਾਏ ਗਏ ਹਨ। ਜੇਲ੍ਹਾਂ ਦੇ ਪ੍ਰਬੰਧਕ ਸਰਕਾਰ ਨੂੰ ਚਿੱਠੀਆਂ ਲਿਖ ਲਿਖ ਥੱਕ ਗਏ ਹਨ ਪਰ ਕਿਧਰੋਂ ਕੋਈ ਖੈਰ ਨਹੀਂ ਪਈ। ਜੇਲ੍ਹਾਂ 'ਚ ਜੋ ਏ.ਕੇ-47 ਰਾਈਫਲਾਂ ਹਨ, ਉਹ ਵੀ ਜੇਲ੍ਹ ਵਿਭਾਗ ਨੇ ਪੰਜਾਬ ਪੁਲੀਸ ਤੋਂ ਉਧਾਰ ਲਈਆਂ ਹਨ।
          ਪੰਜਾਬ ਦੀਆਂ ਕਈ ਜੇਲ੍ਹਾਂ ਨੂੰ ਏ.ਕੇ-47 ਵੀ ਨਸੀਬ ਨਹੀਂ ਹੋਈ ਹੈ। ਜੇਲ੍ਹਾਂ 'ਚ ਜੋ ਬਾਕੀ ਹਥਿਆਰ ਹਨ, ਉਹ ਵੀ 26 ਸਾਲ ਪੁਰਾਣੇ ਹਨ। ਇਕੱਲੇ ਰਿਵਾਲਵਰ ਹਨ ਜੋ ਕਿ ਚੰਗੀ ਹਾਲਤ 'ਚ ਹਨ ਅਤੇ ਯੂ.ਐਸ.ਏ. ਦੇ ਬਣੇ ਹੋਏ ਹਨ। ਜੇਲ੍ਹਾਂ 'ਚ ਪਹਿਲਾਂ ਨਾਲੋਂ ਕੈਦੀਆਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ ਪ੍ਰੰਤੂ ਇਸ ਦੇ ਬਾਵਜੂਦ ਸਰਕਾਰ ਸੁਰੱਖਿਆ ਵੱਲ ਧਿਆਨ ਨਹੀਂ ਦਿੰਦੀ। ਜੇਲ੍ਹ ਗਾਰਦ ਪੁਰਾਣੇ ਹਥਿਆਰਾਂ ਨਾਲ ਹੀ ਜੇਲ੍ਹ ਦੀ ਰੱਖਿਆ ਕਰਦੀ ਹੈ। ਹੁਣ ਤਾਂ ਜੇਲ੍ਹ ਗਾਰਦ ਵੀ ਪੁਰਾਣੇ ਹੀ ਹਨ ਕਿਉਂਕਿ ਲੰਮੇ ਸਮੇਂ ਤੋਂ ਸਰਕਾਰ ਨੇ ਜੇਲ੍ਹ ਗਾਰਦਾਂ ਦੀ ਭਰਤੀ ਹੀ ਨਹੀਂ ਕੀਤੀ। ਅੱਧੀ ਦਰਜਨ ਜੇਲ੍ਹਾਂ 'ਚ ਮਾਸਕਟ ਰਾਈਫਲਾਂ ਹਨ। ਇਨ੍ਹਾਂ ਦੀ ਵਰਤੋਂ ਹਾਲੇ ਵੀ ਕੀਤੀ ਜਾ ਰਹੀ ਹੈ। ਇਹ ਮਾਸਕਟ ਰਾਈਫਲਾਂ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਹਨ। ਕਈ ਜੇਲ੍ਹਾਂ ਨੇ ਤਾਂ ਇਹ ਮਾਸਕਟ ਰਾਈਫਲਾਂ ਵਾਪਸ ਜਮ੍ਹਾਂ ਵੀ ਕਰਵਾ ਦਿੱਤੀਆਂ ਹਨ।
           ਸਬ ਜੇਲ੍ਹ ਫਾਜ਼ਿਲਕਾ ਨੇ ਸੂਚਨਾ ਦੇ ਅਧਿਕਾਰ ਤਹਿਤ ਦੱਸਿਆ ਹੈ ਕਿ ਉਨ੍ਹਾਂ ਕੋਲ 10 ਮਾਸਕਟ ਰਾਈਫਲਾਂ ਹਨ ਜਿਨ੍ਹਾਂ ਨੂੰ ਜੇਲ੍ਹ ਦੀ ਸੁਰੱਖਿਆ ਲਈ ਵਰਤਿਆ ਜਾ ਰਿਹਾ ਹੈ। ਇਸ ਜੇਲ੍ਹ ਕੋਲ 25 ਸਾਲ ਪੁਰਾਣੀਆਂ 303 ਰਾਈਫਲਾਂ ਵੀ ਚਾਰ ਹਨ ਅਤੇ ਦੋ ਐਸ.ਐਲ.ਆਰ. ਹਨ। 38 ਬੋਰ ਦਾ ਇੱਕ ਰਿਵਾਲਵਰ ਵੀ ਹੈ। ਫਾਜ਼ਿਲਕਾ ਜੇਲ੍ਹ ਨੇ ਸਰਕਾਰ ਤੋਂ 10 ਐਸ.ਐਲ.ਆਰ. ਰਾਈਫਲਾਂ ਦੀ ਮੰਗ ਕੀਤੀ ਹੈ। ਪਠਾਨਕੋਟ ਦੀ ਸਬ ਜੇਲ੍ਹ 'ਚ 7 ਮਾਸਕਟ ਰਾਈਫਲਾਂ ਹਨ। ਜੇਲ੍ਹ ਪ੍ਰਬੰਧਕਾਂ ਨੇ ਦੱਸਿਆ ਕਿ ਮਾਸਕਟ ਰਾਈਫਲਾਂ ਪੁਰਾਣੀਆਂ ਹਨ ਅਤੇ ਟੁੱਟੀਆਂ ਹੋਈਆਂ ਹਨ। ਸੰਗਰੂਰ ਜੇਲ੍ਹ ਕੋਲ ਵੀ ਮਾਸਕਟ ਰਾਈਫਲਾਂ ਸਨ ਪਰ ਉਹ ਹੁਣ ਜਮ੍ਹਾਂ ਕਰਾ ਦਿੱਤੀਆਂ ਗਈਆਂ ਹਨ। ਬਠਿੰਡਾ ਜੇਲ੍ਹ, ਫਿਰੋਜ਼ਪੁਰ ਅਤੇ ਪਟਿਆਲਾ ਜੇਲ੍ਹ 'ਚ ਤਾਂ ਮਾਸਕਟ ਰਾਈਫਲਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚੋਂ ਬਹੁਤੀਆਂ ਰਾਈਫਲਾਂ ਦੀ ਹਾਲਤ ਖਸਤਾ ਹੀ ਹੈ। ਜੋ 303 ਰਾਈਫਲਾਂ ਹਨ, ਉਨ੍ਹਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ।
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਪ੍ਰੇਮ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਹਥਿਆਰਾਂ ਦੀ ਮੰਗ ਕੀਤੀ ਹੈ। ਕਈ ਜੇਲ੍ਹਾਂ ਨੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਠਿੰਡਾ ਜੇਲ੍ਹ ਕੋਲ 25 ਦੇ ਕਰੀਬ 303 ਰਾਈਫਲਾਂ ਹਨ ਅਤੇ 2 ਸਟੇਨਗੰਨਾਂ ਹਨ। ਇਸ ਜੇਲ੍ਹ ਕੋਲ ਤਾਂ ਏ.ਕੇ.-47 ਰਾਈਫਲ ਵੀ ਨਹੀਂ ਹੈ।
           ਹਰੇਕ ਜੇਲ੍ਹ ਵੱਲੋਂ ਆਪੋ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਉਧਾਰੀ ਏ.ਕੇ.-47 ਲਈ ਜਾਂਦੀ ਹੈ। ਬਠਿੰਡਾ ਜੇਲ੍ਹ ਵੱਲੋਂ ਵੀ ਜ਼ਿਲ੍ਹਾ ਪੁਲੀਸ ਤੋਂ ਏ.ਕੇ.-47 ਦੀ ਮੰਗ ਕੀਤੀ ਹੋਈ ਹੈ। ਫਿਰੋਜ਼ਪੁਰ ਜੇਲ੍ਹ ਨੇ ਜ਼ਿਲ੍ਹਾ ਪੁਲੀਸ ਤੋਂ ਦੋ ਏ.ਕੇ.-47 ਅਤੇ ਪਟਿਆਲਾ ਜੇਲ੍ਹ ਨੇ ਜ਼ਿਲ੍ਹਾ ਪੁਲੀਸ ਤੋਂ ਇੱਕ ਏ.ਕੇ.-47 ਉਧਾਰੀ ਲਈ ਹੋਈ ਹੈ। ਇਸੇ ਤਰ੍ਹਾਂ ਸੰਗਰੂਰ ਜੇਲ੍ਹ ਨੇ ਦੋ, ਨਾਭਾ ਜੇਲ੍ਹ ਨੇ ਇੱਕ ਅਤੇ ਬਰਨਾਲਾ ਜੇਲ੍ਹ ਨੇ ਵੀ ਇੱਕ ਏ.ਕੇ.-47 ਜ਼ਿਲ੍ਹਾ ਪੁਲੀਸ ਤੋਂ ਉਧਾਰੀ ਲਈ ਹੋਈ ਹੈ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਦਾ ਕਹਿਣਾ ਹੈ ਕਿ ਛੋਟਾ ਹਥਿਆਰ ਹੋਣ ਕਰਕੇ ਜੇਲ੍ਹਾਂ 'ਚ ਏ.ਕੇ.-47 ਦੀ ਵੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਆਧੁਨਿਕ ਹਥਿਆਰਾਂ ਦੀ ਲੋੜ ਹੈ।
         ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹਾਂ ਦੀ ਇਸ ਵੇਲੇ ਬੰਦੀ ਰੱਖਣ ਦੀ ਸਮਰੱਥਾਂ ਤਾਂ ਘੱਟ ਹੈ ਪਰ ਜੇਲ੍ਹਾਂ 'ਚ ਸਮਰੱਥਾਂ ਤੋਂ ਕਈ ਗੁਣਾ ਜ਼ਿਆਦਾ ਬੰਦੀ ਰੱਖੇ ਹੋਏ ਹਨ। ਜੇਲ੍ਹਾਂ 'ਚ ਕੈਦੀਆਂ ਦਾ ਘੜਮੱਸ ਪਿਆ ਹੋਇਆ ਹੈ। ਜੇਲ੍ਹਾਂ ਵਿੱਚ ਸਭ ਕੁਝ ਪੁਰਾਣਾ ਹੀ ਚੱਲ ਰਿਹਾ ਹੈ ਅਤੇ ਬੱਸ ਕੇਵਲ ਅਪਰਾਧੀ ਹੀ ਨਵੇਂ ਹਨ ਜਾਂ ਉਨ੍ਹਾਂ ਦੇ ਅਪਰਾਧ ਕਰਨ ਦੇ ਢੰਗ ਤਰੀਕੇ ਨਵੇਂ ਹਨ। ਜਨਾਨਾ ਜੇਲ੍ਹ ਲੁਧਿਆਣਾ ਤਾਂ ਇਸ ਵੇਲੇ ਸੁਰੱਖਿਆ ਤੋਂ ਬਿਨ੍ਹਾਂ ਹੀ ਹੈ। ਜੇਲ ਪ੍ਰਬੰਧਕਾਂ ਨੇ ਸਰਕਾਰ ਨੂੰ ਕਈ ਵਾਰ ਲਿਖਿਆ ਹੈ ਕਿ ਜੇਲ੍ਹ 'ਚ ਪੁਰਸ਼ ਸੰਤਰੀ ਲਗਾ ਦਿੱਤਾ ਜਾਵੇ ਪਰ ਹਾਲੇ ਤੱਕ ਜੇਲ੍ਹ 'ਚ ਪੁਰਸ਼ ਸੰਤਰੀ ਨਹੀਂ ਤਾਇਨਾਤ ਕੀਤਾ ਗਿਆ। ਜੇਲ੍ਹ 'ਚ ਗਾਰਦ ਲਗਾਉਣ ਬਾਰੇ ਵੀ ਲਿਖਿਆ ਗਿਆ ਹੈ।
                                                      ਜਿਪਸੀਆਂ ਵੀ ਕੰਡਮ ਹੋਈਆਂ
    ਜੇਲ੍ਹਾਂ ਕੋਲ ਤਾਂ ਸਰਕਾਰੀ ਗੱਡੀ ਵੀ ਨਹੀਂ ਹੈ। ਜੇਲ੍ਹ ਅਧਿਕਾਰੀ ਪ੍ਰਾਈਵੇਟ ਵਾਹਨ ਹੀ ਵਰਤਦੇ ਹਨ। ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਨੂੰ 1986 ਵਿੱਚ 15 ਦੇ ਕਰੀਬ ਜਿਪਸੀਆਂ ਦਿੱਤੀਆਂ ਗਈਆਂ ਸਨ। ਇਹ ਜਿਪਸੀਆਂ ਹੁਣ ਕੰਡਮ ਹੋ ਚੁੱਕੀਆਂ ਹਨ। ਕਰੀਬ ਪੰਜ ਵਰ੍ਹਿਆਂ ਤੋਂ ਇਹ ਜਿਪਸੀਆਂ ਕੰਡਮ ਹਾਲਤ ਵਿੱਚ ਜੇਲ੍ਹਾਂ 'ਚ ਖੜ੍ਹੀਆਂ ਹਨ। ਕਿਸੇ ਵੀ ਜੇਲ੍ਹ ਵੱਲੋਂ ਸਰਕਾਰੀ ਜਿਪਸੀ ਕੰਡਮ ਹੋਣ ਕਰਕੇ ਵਰਤੀ ਨਹੀਂ ਜਾ ਰਹੀ। ਬਠਿੰਡਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ ਤੇ ਨਾਭਾ ਸਮੇਤ ਸਾਰੀਆਂ ਜੇਲ੍ਹਾਂ 'ਚ ਇਹ ਜਿਪਸੀਆਂ ਕੰਡਮ ਹਾਲਤ ਵਿੱਚ ਖੜ੍ਹੀਆਂ ਹਨ। ਜੇਲ੍ਹ ਸੁਪਰਡੈਂਟਾਂ ਵੱਲੋਂ 9 ਨਵੰਬਰ ਨੂੰ ਡੀ.ਜੀ.ਪੀ. ਜੇਲ੍ਹਾਂ ਕੋਲ ਮੀਟਿੰਗ ਦੌਰਾਨ ਇਹ ਮੁੱਦਾ ਵੀ ਉਠਾਇਆ ਸੀ ਕਿ ਉਨ੍ਹਾਂ ਨੂੰ ਸਰਕਾਰੀ ਗੱਡੀਆਂ ਦਿੱਤੀਆਂ ਜਾਣ। ਸੁਪਰਡੈਂਟਾਂ ਨੇ ਕਿਹਾ ਕਿ ਉਹ ਜਦੋਂ ਮੀਟਿੰਗਾਂ ਜਾਂ ਅਦਾਲਤਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਵਾਹਨ ਵਰਤਣੇ ਪੈਂਦੇ ਹਨ।

Monday, November 14, 2011

                                    ਜੇਲ੍ਹਾਂ 'ਚ ਕੈਦ ਬਚਪਨ
                                               ਚਰਨਜੀਤ ਭੁੱਲਰ
ਬਠਿੰਡਾ  : ਜੇਲ•ਾਂ 'ਚ ਬਚਪਨ ਵੀ ਕੈਦ ਹੈ ਜਿਸ ਦਾ ਕੋਈ ਕਸੂਰ ਵੀ ਨਹੀਂ ਹੈ। ਏਦਾ ਦੇ ਦਰਜ਼ਨ ਮਾਸੂਮ ਹਨ ਜੋ ਜੇਲ•ਾਂ 'ਚ ਬੰਦ ਹਨ। ਕੋਈ ਵੀ ਬਾਲ ਦਿਵਸ ਇਨ•ਾਂ ਬੱਚਿਆਂ ਦੀ ਢਾਰਸ ਨਹੀਂ ਬਣ ਸਕਿਆ ਹੈ। ਇਹ ਉਹ ਮਾਸੂਮ ਬੱਚੇ ਹਨ ਜਿਨ•ਾਂ ਨੂੰ ਮਾਪਿਆਂ ਦੇ ਕੀਤੇ ਦਾ ਫਲ ਭੁਗਤਣਾ ਪੈ ਰਿਹਾ ਹੈ। ਅੱਧੀ ਦਰਜ਼ਨ ਜੇਲ•ਾਂ 'ਚ 53 ਮਾਸੂਮ ਬੱਚੇ ਬੰਦ ਹਨ ਜਿਨ•ਾਂ ਦੀ ਬੰਦੀ ਦੇ ਕੋਈ ਵਰੰਟ ਨਹੀਂ ਹਨ। ਕਿਸੇ ਵੀ ਬਾਲ ਦਿਵਸ ਦੇ ਮੌਕੇ 'ਤੇ ਇਨ•ਾਂ ਬੱਚਿਆਂ ਬਾਰੇ ਸੋਚਿਆ ਨਹੀਂ ਗਿਆ ਹੈ। ਇਨ•ਾਂ ਬੱਚਿਆਂ ਦੀ ਗਿਣਤੀ ਜੇਲ•ਾਂ ਵਿੱਚ ਘੱਟਦੀ ਵੱਧਦੀ ਰਹਿੰਦੀ ਹੈ। ਬਹੁਤੇ ਤਾਂ ਉਹ ਬਦਨਸੀਬ ਬੱਚੇ ਵੀ ਹਨ ਜਿਨ•ਾਂ ਦਾ ਜਨਮ ਹੀ ਜੇਲ• ਦੀਆਂ ਕੰਧਾਂ ਦੇ ਅੰਦਰ ਹੁੰਦਾ ਹੈ। ਬਿਨ•ਾਂ ਕਸੂਰ ਤੋਂ ਹੀ ਉਨ•ਾਂ ਮਾਸੂਮਾਂ ਦੇ ਮੱਥੇ 'ਤੇ ਬਚਪਨ ਉਮਰੇ ਹੀ ਜੇਲ• ਦਾ ਦਾਗ ਲੱਗ ਜਾਂਦਾ ਹੈ ਜੋ ਪੂਰੀ ਜ਼ਿੰਦਗੀ ਉਨ•ਾਂ ਦਾ ਪ੍ਰਛਾਵਾਂ ਬਣ ਕੇ ਨਾਲ ਚੱਲਦਾ ਹੈ। ਪੰਜਾਬ ਸਰਕਾਰ ਵਲੋਂ ਜੇਲ•ਾਂ 'ਚ ਕਰੈਚ ਖੋਲ•ੇ ਗਏ ਹਨ ਪ੍ਰੰਤੂ ਇਹ ਕਰੈਚ ਹਰ ਜੇਲ• ਵਿੱਚ ਨਹੀਂ ਖੋਲ•ੇ ਗਏ ਹਨ। ਇਹ ਉਹ ਬੱਚੇ ਹਨ ਜਿਨ•ਾਂ ਦੇ ਮਾਵਾਂ ਜੇਲ•ਾਂ ਵਿੱਚ ਬੰਦ ਹਨ। ਪਿਛੇ ਘਰਾਂ 'ਚ ਉਨ•ਾਂ ਦੀ ਕੋਈ ਸਾਂਭ ਸੰਭਾਲ ਵਾਲਾ ਬਚਿਆ ਨਹੀਂ ਜਿਸ ਕਰਕੇ ਉਹ ਮਾਵਾਂ ਨਾਲ ਹੀ ਜੇਲ• 'ਚ ਰਹਿ ਰਹੇ ਹਨ। ਮਾਪਿਆਂ ਦੀ ਰਿਹਾਈ ਦੇ ਨਾਲ ਹੀ ਉਨ•ਾਂ ਦੇ ਭਾਗ ਜੁੜੇ ਹੋਏ ਹਨ।
          ਬਠਿੰਡਾ ਦੀ ਕੇਂਦਰੀ ਜੇਲ• 'ਚ ਇੱਕ ਵੇਲੇ ਤਾਂ ਦਰਜ਼ਨਾਂ ਬੱਚੇ ਸਨ ਪ੍ਰੰਤੂ ਹੁਣ ਇਸ ਵੇਲੇ ਕਰੀਬ ਤਿੰਨ ਬੱਚੇ ਹਨ। ਸੂਚਨਾ ਦੇ ਅਧਿਕਾਰ ਤਹਿਤ ਜੇਲ•ਾਂ ਵਲੋਂ ਵੇਰਵੇ ਦਿੱਤੇ ਗਏ ਹਨ, ਉਨ•ਾਂ ਅਨੁਸਾਰ ਬਠਿੰਡਾ ਜੇਲ• 'ਚ ਦੋ ਬੱਚੇ ਹਨ ਲੇਕਿਨ 20 ਕੁ ਦਿਨ ਪਹਿਲਾਂ ਇੱਕ ਬੱਚੇ ਨੇ ਜੇਲ• ਵਿੱਚ ਜਨਮ ਲਿਆ ਹੈ। ਇਸ ਜੇਲ• 'ਚ 68 ਔਰਤਾਂ ਬੰਦ ਹਨ ਜਿਨ•ਾਂ ਚੋਂ ਤਿੰਨ ਮਾਵਾਂ ਨਾਲ ਉਨ•ਾਂ ਦੇ ਬੱਚੇ ਵੀ ਰਹਿ ਰਹੇ ਹਨ। ਕੇਂਦਰੀ ਜੇਲ• ਦੇ ਸੁਪਰਡੈਂਟ ਸ੍ਰੀ ਪ੍ਰੇਮ ਗਰਗ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਇੱਕ ਮਹਿਲਾ ਬੰਦੀ ਨੇ ਜੇਲ• 'ਚ ਬੱਚੇ ਨੂੰ ਜਨਮ ਦਿੱਤਾ ਹੈ। ਉਨ•ਾਂ ਦੱਸਿਆ ਕਿ ਸੱਤ ਸਾਲ ਦੀ ਉਮਰ ਤੱਕ ਬੱਚੇ ਨੂੰ ਮਾਂ ਨਾਲ ਰਹਿਣ ਦੀ ਇਜਾਜਤ ਹੈ। ਉਸ ਮਗਰੋਂ ਨਹੀਂ ਰੱਖਿਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫਿਰੋਜਪੁਰ ਜੇਲ• 'ਚ ਕਰੈਚ ਵੀ ਖੋਲਿ•ਆ ਗਿਆ ਹੈ। ਉਨ•ਾਂ ਦੱਸਿਆ ਕਿ ਇੱਕ ਬੱਚੇ ਨੂੰ ਕਰੈਚ 'ਚ ਭੇਜ ਦਿੱਤਾ ਸੀ ਪ੍ਰੰਤੂ ਉਸ ਦੀ ਮਾਂ ਨੇ ਮੁੜ ਬੱਚਾ ਵਾਪਸ ਬਠਿੰਡਾ ਜੇਲ• 'ਚ ਬੁਲਾ ਲਿਆ ਹੈ। ਉਨ•ਾਂ ਦੱਸਿਆ ਕਿ ਜੋ ਬੱਚੇ ਮਾਵਾਂ ਨਾਲ ਰਹਿੰਦੇ ਹਨ,ਉਨ•ਾਂ ਨੂੰ ਵੀ ਬਣਦੀ ਡਾਈਟ ਦਿੱਤੀ ਜਾਂਦੀ ਹੈ। ਜੇਲ• ਅੰਦਰਲੇ ਸੂਤਰ ਆਖਦੇ ਹਨ ਕਿ ਇਹ ਬਚਪਨ ਤਾਂ ਜੇਲ• ਦੀਆਂ ਕੰਧਾਂ ਅੰਦਰ ਹੀ ਕੈਦ ਹੋ ਕੇ ਰਹਿ ਜਾਂਦਾ ਹੈ ਕਿਉਂਕਿ ਇਹ ਬੱਚੇ ਆਪਣੀ ਮਰਜ਼ੀ ਨਾਲ ਜੇਲ• ਅੰਦਰ ਖੇਲ ਕੁੱਦ ਨਹੀਂ ਸਕਦੇ ਹਨ। ਜੇਲ• ਅੰਦਰ ਜਨਾਨਾ ਅਹਾਤਾ ਬਹੁਤਾ ਖੁੱਲ•ਾ ਨਹੀਂ ਹੈ ਜਿਸ ਕਰਕੇ ਉਥੇ ਹੀ ਇਹ ਬੱਚੇ ਆਪਣੇ ਦਿਨ ਪੂਰੇ ਕਰਦੇ ਹਨ।
           ਸਰਕਾਰੀ ਸੂਚਨਾ ਅਨੁਸਾਰ ਅੱਧੀ ਦਰਜ਼ਨ ਜੇਲ•ਾਂ 'ਚ 630 ਔਰਤਾਂ ਬੰਦ ਹਨ ਜਿਨ•ਾਂ ਚੋਂ ਔਰਤਾਂ ਦੇ ਨਾਲ ਉਨ•ਾਂ ਦੇ 53 ਬੱਚੇ ਵੀ ਰਹਿ ਰਹੇ ਹਨ। ਫਿਰੋਜਪੁਰ ਦੀ ਜੇਲ• 'ਚ 130 ਔਰਤਾਂ ਬੰਦ ਹਨ। ਇਸ ਜੇਲ• 'ਚ ਇੱਕ ਦਰਜ਼ਨ ਬੱਚੇ ਵੀ ਮਾਵਾਂ ਨਾਲ ਬੰਦ ਹਨ। ਇਸ ਜੇਲ• ਅੰਦਰ ਤਾਂ ਕਰੈਚ ਦੀ ਸਹੂਲਤ ਵੀ ਹੈ। ਬਹੁਤੇ ਬੱਚੇ ਉਮਰ ਵਿੱਚ ਕਾਫੀ ਛੋਟੇ ਹਨ। ਸੰਗਰੂਰ ਦੀ ਜ਼ਿਲ•ਾ ਜੇਲ• 'ਚ 79 ਔਰਤਾਂ ਬੰਦ ਹਨ ਅਤੇ ਇਸ ਜੇਲ• ਵਿੱਚ ਸਿਰਫ ਇੱਕ ਔਰਤ ਨਾਲ ਹੀ ਇੱਕ ਬੱਚਾ ਰਹਿ ਰਿਹਾ ਹੈ। ਸੂਤਰ ਦੱਸਦੇ ਹਨ ਕਿ ਜਦੋਂ ਇਹ ਔਰਤਾਂ ਅਦਾਲਤਾਂ ਵਿੱਚ ਪੇਸ਼ੀ 'ਤੇ ਜਾਂਦੀਆਂ ਹਨ ਤਾਂ ਉਦੋਂ ਹੀ ਇਨ•ਾਂ ਬੱਚਿਆਂ ਨੂੰ ਬਾਹਰਲਾ ਸੰਸਾਰ ਦੇਖਣ ਦਾ ਮੌਕਾ ਮਿਲਦਾ ਹੈ। ਜਾਣਕਾਰੀ ਅਨੁਸਾਰ ਪਟਿਆਲਾ ਜੇਲ• 'ਚ ਵੀ 10 ਛੋਟੇ ਬੱਚੇ ਹਨ ਜੋ ਮਾਵਾਂ ਨਾਲ ਰਹਿ ਰਹੇ ਹਨ। ਇਸ ਜੇਲ• ਵਿੱਚ 94 ਔਰਤਾਂ ਬੰਦ ਹਨ। ਇਸੇ ਤਰ•ਾਂ ਲੁਧਿਆਣਾ ਦੀ ਜਨਾਨਾ ਜੇਲ• ਵਿੱਚ 26 ਬੱਚੇ ਆਪਣੀਆਂ ਮਾਵਾਂ ਨਾਲ ਬੰਦ ਹਨ। ਇਸ ਜੇਲ• ਵਿੱਚ 228 ਔਰਤਾਂ ਬੰਦ ਹਨ। ਇਸ ਤੋਂ ਇਲਾਵਾ ਰੋਪੜ ਦੀ ਜੇਲ• 'ਚ 31 ਔਰਤਾਂ ਬੰਦ ਹਨ ਪ੍ਰੰਤੂ ਇਥੇ ਕੇਵਲ ਇੱਕ ਮਾਂ ਹੀ ਆਪਣੇ ਬੱਚੇ ਨੂੰ ਨਾਲ ਰੱਖ ਰਹੀ ਹੈ। ਸੂਤਰ ਦੱਸਦੇ ਹਨ ਕਿ ਇਨ•ਾਂ ਬੱਚਿਆਂ ਦੇ ਮਾਂ ਅਤੇ ਬਾਪ ਦੋਹੇ ਹੀ ਜੇਲ• 'ਚ ਹੁੰਦੇ ਹਨ ਜਿਸ ਕਰਕੇ ਇਨ•ਾਂ ਦਾ ਪਿਛੇ ਕੋਈ ਸਹਾਰਾ ਨਹੀਂ ਬਚਦਾ। ਕੁਝ ਵੀ ਹੋਵੇ ਪ੍ਰੰਤੂ ਇਹ ਬੱਚੇ ਬਿਨ•ਾਂ ਜੁਰਮ ਤੋਂ ਸਜ਼ਾ ਭੁਗਤਦੇ ਹਨ। ਜਿਨ•ਾਂ ਸਮਾਂ ਇਹ ਬੱਚੇ 'ਚ ਰਹਿਣਗੇ, ਉਨ•ਾਂ ਸਮਾਂ ਇਹ ਬੱਚੇ ਵੀ ਕੋਈ ਬਾਲ ਦਿਵਸ ਨਹੀਂ ਮਨਾ ਸਕਣਗੇ।
       

Friday, November 11, 2011

    ਵਿਦੇਸ਼ੀ ਹਥਿਆਰ ਵੰਡਣ ਦੀ ਤਿਆਰੀ !  
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਚੋਣ ਜ਼ਾਬਤੇ ਤੋਂ ਪਹਿਲਾਂ 'ਆਪਣਿਆਂ' ਨੂੰ ਵਿਦੇਸ਼ੀ ਹਥਿਆਰ ਵੰਡੇ ਜਾਣਗੇ। ਗ੍ਰਹਿ ਵਿਭਾਗ ਪੰਜਾਬ ਕੋਲ 1091 ਵੀ.ਆਈ.ਪੀਜ ਵਲੋਂ ਇਹ ਹਥਿਆਰ ਲੈਣ ਵਾਸਤੇ ਅਪਲਾਈ ਕੀਤਾ ਹੋਇਆ ਹੈ। ਗ੍ਰਹਿ ਵਿਭਾਗ ਨੇ ਇਨ•ਾਂ ਲੋਕਾਂ ਨੂੰ ਹਥਿਆਰਾਂ ਦੀ ਅਲਾਟਮੈਂਟ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਪੁਲੀਸ ਵਲੋਂ ਜ਼ਬਤ ਕੀਤੇ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਕਰਨ ਦੀ ਕਾਹਲ ਵਿੱਚ ਹੈ। ਕੈਪਟਨ ਹਕੂਮਤ ਨੇ ਆਪਣੇ ਸਮੇਂ 'ਚ ਵੀ.ਆਈ.ਪੀ ਲੋਕਾਂ ਨੂੰ ਕੌਡੀਆਂ ਦੇ ਭਾਅ ਵਿਦੇਸ਼ੀ ਹਥਿਆਰ ਵੰਡ ਦਿੱਤੇ ਸਨ। ਇਹ ਉਹ ਹਥਿਆਰ ਸਨ ਜੋ ਪੁਲੀਸ ਨੇ ਅੱਤਵਾਦੀਆਂ ਅਤੇ ਹੋਰਨ•ਾਂ ਅਨਸਰਾਂ ਤੋਂ ਫੜ•ੇ ਹੋਏ ਸਨ। ਅਕਾਲੀ ਹਕੂਮਤ ਹੁਣ ਪਹਿਲਾਂ ਵਾਂਗ ਮਾਰ ਨਹੀਂ ਖਾਣਾ ਚਾਹੁੰਦੀ। ਜਦੋਂ ਸਾਲ 1997-2002 'ਚ ਅਕਾਲੀ ਰਾਜ ਭਾਗ ਸੀ ਤਾਂ ਉਦੋਂ ਚੋਣਾਂ ਤੋਂ ਪਹਿਲਾਂ 16 ਅਕਤੂਬਰ 2001 ਨੂੰ ਅਕਾਲੀ ਸਰਕਾਰ ਨੇ ਜ਼ਬਤ ਕੀਤੇ ਹੋਏ ਹਥਿਆਰਾਂ ਦੀ ਅਲਾਟਮੈਂਟ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ। ਪਿਛੋਂ ਚੋਣ ਜ਼ਾਬਤਾ ਲੱਗਣ ਕਰਕੇ ਮਾਮਲਾ ਲਟਕ ਗਿਆ ਸੀ। ਕੈਪਟਨ ਹਕੂਮਤ ਨੇ ਥੋੜੇ ਸਮੇਂ ਮਗਰੋਂ ਹੀ ਵਿਦੇਸ਼ੀ ਹਥਿਆਰ ਅਲਾਟ ਕਰਨੇ ਸ਼ੁਰੂ ਕਰ ਦਿੱਤੇ ਸਨ। ਅਕਾਲੀ ਮੌਕਾ ਖੁੰਝਾ ਗਏ ਸਨ।
ਗ੍ਰਹਿ ਵਿਭਾਗ ਪੰਜਾਬ ਵਲੋਂ ਸੂਚਨਾ ਅਧਿਕਾਰ ਐਕਟ ਤਹਿਤ ਜੋ ਸੂਚਨਾ ਮੀਮੋ ਨੰਬਰ 10/7/2011-2 ਗ 2/5408 ਮਿਤੀ 10 ਅਕਤੂਬਰ 2011 ਰਾਹੀਂ ਦਿੱਤੀ ਗਈ ਹੈ, ਉਸ ਮੁਤਾਬਿਕ ਗ੍ਰਹਿ ਵਿਭਾਗ ਨੇ ਹਥਿਆਰਾਂ ਦੀ ਅਲਾਟਮੈਂਟ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
            ਗ੍ਰਹਿ ਵਿਭਾਗ ਨੇ ਦੱਸਿਆ ਹੈ ਕਿ ਹਥਿਆਰ ਅਲਾਟ ਕਰਾਉਣ ਸਬੰਧੀ ਜੋ ਦਰਖਾਸਤਾਂ ਪੁੱਜੀਆਂ ਹਨ,ਉਨ•ਾਂ ਦੀ ਸੂਚੀ ਬਣਾਉਣ ਉਪਰੰਤ ਅਗਲੇਰੀ ਕਾਰਵਾਈ ਲਈ ਮਿਸਲ ਅਧਿਕਾਰੀਆਂ ਨੂੰ ਭੇਜੀ ਗਈ ਹੈ। ਦੱਸਿਆ ਗਿਆ ਹੈ ਕਿ ਜਮ•ਾਂ/ਜ਼ਬਤ ਕੀਤੇ ਹਥਿਆਰਾਂ ਦੀ ਅਲਾਟਮੈਂਟ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਪੱਤਰ ਨੰਬਰ ਵੀ-11020/7/97-ਆਰਮਜ਼ (ਐਨ.ਪੀ.ਬੀ) ਮਿਤੀ 16 ਅਕਤੂਬਰ 2001 ਅਨੁਸਾਰ ਕੀਤੀ ਜਾਂਦੀ ਹੈ। ਮੌਜੂਦਾ ਸਰਕਾਰ ਕੋਲ ਛੇ ਕੈਟਾਗਿਰੀ ਦੇ ਹਥਿਆਰ ਲੈਣ ਲਈ ਸਾਲ 2007 ਤੋਂ ਹੁਣ ਤੱਕ 1091 ਲੋਕਾਂ ਨੇ ਪਹੁੰਚ ਕੀਤੀ ਹੈ। ਪੰਜਾਬ ਸਰਕਾਰ ਨੂੰ ਸਾਲ 2009 'ਚ 600 ਦਰਖਾਸਤਾਂ ਇਸ ਸਬੰਧੀ ਮਿਲੀਆਂ ਸਨ ਜਦੋਂ ਕਿ ਸਾਲ 2010 'ਚ 233 ਲੋਕਾਂ ਨੇ ਪਹੁੰਚ ਕੀਤੀ। ਇਸ ਵਰੇ• 'ਚ ਹੁਣ ਤੱਕ 258 ਲੋਕ ਹਥਿਆਰ ਲੈਣ ਵਾਸਤੇ ਦਰਖਾਸਤਾਂ ਦੇ ਚੁੱਕੇ ਹਨ। ਸਭ ਤੋਂ ਵੱਧ ਦਰਖਾਸਤਾਂ ਐਫ ਕੈਟਾਗਿਰੀ ਤਹਿਤ 750 ਹਨ ਜਦੋਂ ਕਿ ਉਸ ਤੋਂ ਘੱਟ ਡੀ ਕੈਟਾਗਿਰੀ ਲਈ 282 ਦਰਖਾਸਤਾਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਿਕ ਆਮ ਪ੍ਰਾਈਵੇਟ ਲੋਕਾਂ ਦਾ ਅਲਾਟਮੈਂਟ ਕੋਟਾ ਕੇਵਲ 10 ਫੀਸਦੀ ਹੈ,ਉਹ ਵੀ ਨੇਤਾਵਾਂ ਦੇ ਨੇੜਲੇ ਲੋਕਾਂ ਦੇ ਹਿੱਸੇ ਹੀ ਆ ਜਾਂਦਾ ਹੈ।
           ਕੈਪਟਨ ਹਕੂਮਤ ਨੇ ਆਪਣੇ ਸਮੇਂ ਦੌਰਾਨ ਪੰਜ ਦਫਾ ਇਨ•ਾਂ ਹਥਿਆਰਾਂ ਦੀ ਅਲਾਟਮੈਂਟ ਲਈ ਨਿਲਾਮੀ ਕੀਤੀ ਸੀ। ਕਾਂਗਰਸ ਸਰਕਾਰ ਨੇ ਸਭ ਤੋਂ ਪਹਿਲਾਂ 7 ਨਵੰਬਰ 2003 ਅਤੇ ਉਸ ਮਗਰੋਂ 17 ਫਰਵਰੀ 2004 ਨੂੰ ਨਿਲਾਮੀ ਕੀਤੀ। ਇਸੇ ਤਰ•ਾਂ ਮੁੜ 1 ਜੂਨ 2004 ਅਤੇ 2 ਨਵੰਬਰ 2004 ਨੂੰ ਇਨ•ਾਂ ਹਥਿਆਰਾਂ ਦੀ ਨਿਲਾਮੀ ਕੀਤੀ ਗਈ ਸੀ। ਆਖਰੀ ਦਫਾ ਨਿਲਾਮੀ 7 ਜਨਵਰੀ 2011 ਨੂੰ ਕੀਤੀ ਗਈ ਸੀ। ਪੁਲੀਸ ਅਕੈਡਮੀ ਫਿਲੋਰ ਨੇ ਵੱਖਰੀ ਸੂਚਨਾ 'ਚ ਦੱਸਿਆ ਹੈ ਕਿ ਮੌਜੂਦਾ ਸਰਕਾਰ ਦੇ ਸਮੇਂ ਕੇਵਲ ਐਡੀਸ਼ਨਲ ਜ਼ਿਲ•ਾ ਤੇ ਸ਼ੈਸਨ ਜੱਜ ਚੰਡੀਗੜ• ਸ੍ਰੀ ਰਵੀ ਕੁਮਾਰ ਸੌਧੀ ਨੂੰ ਹੀ 7.65 ਐਮ.ਐਮ ਪਿਸਟਲ 50 ਹਜ਼ਾਰ ਰੁਪਏ ਦੀ ਕੀਮਤ ਵਿੱਚ ਅਲਾਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਆਪਣੇ ਨੇੜਲਿਆਂ ਨੂੰ ਕਰੀਬ 275 ਵਿਦੇਸ਼ੀ ਤੇ ਭਾਰਤੀ ਹਥਿਆਰ ਪੰਜ ਗੁਣਾ ਘੱਟ ਕੀਮਤ 'ਤੇ ਵੰਡੇ ਸਨ। ਉਦੋਂ ਮਾਲਵਾ ਪੱਟੀ ਦੇ 62 ਵੀ.ਆਈ.ਪੀ ਲੋਕਾਂ ਨੂੰ ਵਿਦੇਸ਼ੀ ਹਥਿਆਰ ਮਿਲੇ ਸਨ ਜਦੋਂ ਕਿ ਇਕੱਲੇ ਅੰਮ੍ਰਿਤਸਰ ਜ਼ਿਲੇ ਦੇ 65 ਵੀ.ਆਈ.ਪੀ ਲੋਕਾਂ ਨੇ ਸਭ ਤੋਂ ਵੱਧ ਹਥਿਆਰ ਅਲਾਟ ਕਰਾਏ ਸਨ। ਜ਼ਿਲਾ ਬਠਿੰਡਾ ਦੇ 10 ਵੀ.ਆਈ.ਪੀ ਲੋਕਾਂ ਨੂੰ ਹਥਿਆਰ ਅਲਾਟ ਹੋਏ ਸਨ। ਬਠਿੰਡਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਕੇ.ਏ.ਪੀ ਸਿਨਹਾ ਨੂੰ ਜਰਮਨੀ ਦਾ 32 ਬੋਰ ਪਿਸਟਲ ਮਾਊਜ਼ਰ ਸਿਰਫ 60 ਹਜ਼ਾਰ ਰੁਪਏ ਵਿੱਚ ਮਿਲ ਗਿਆ ਸੀ ਜਦੋਂ ਕਿ ਫਰੀਦਕੋਟ ਦੇ ਤਤਕਾਲੀ ਡਿਪਟੀ ਕਮਿਸ਼ਨਰ ਹੁਸਨ ਲਾਲ ਨੇ 32 ਬੋਰ ਪਿਸਟਲ 30 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਜ਼ਿਲਾ ਬਠਿੰਡਾ ਦੇ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਚੀਨ ਦਾ ਪਿਸਤੌਲ ਮਾਊਜ਼ਰ 7.62 ਐਮ.ਐਮ 25 ਹਜ਼ਾਰ ਦਾ ਖਰੀਦਿਆ ਸੀ।
            ਪਿੰਡ ਜੋਧਪੁਰ ਪਾਖਰ ਦੇ ਵਾਸੀ ਅਤੇ ਤਤਕਾਲੀ ਸ੍ਰੋਮਣੀ ਕਮੇਟੀ ਮੈਂਬਰ ਗੁਰਤੇਜ ਸਿੰਘ ਨੇ ਵੀ ਚੀਨ ਦਾ 32 ਬੋਰ ਪਿਸਤੌਲ 40 ਹਜ਼ਾਰ ਦਾ ਅਤੇ ਤਤਕਾਲੀ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਚੈਕੋਸਲਵਾਕੀਆਂ ਦੀ 12 ਬੋਰ ਗੰਨ 15 ਹਜ਼ਾਰ ਦੀ ਖਰੀਦੀ ਸੀ। ਗੌਰਤਲਬ ਹੈ ਕਿ ਚੀਨ ਦੇ ਪਿਸਟਲ ਮਾਊਜ਼ਰ 7.62 ਐਮ.ਐਮ ਦੀ ਉਂਜ ਬਜ਼ਾਰੂ ਕੀਮਤ ਤਿੰਨ ਲੱਖ ਤੋਂ ਉਪਰ ਹੈ ਪ੍ਰੰਤੂ ਸਰਕਾਰ ਨੇ 25 ਹਜ਼ਾਰ 'ਚ ਹੀ ਅਲਾਟ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਇਹ ਹਥਿਆਰ ਪੰਜਾਬ ਪੁਲੀਸ ਅਕੈਡਮੀ ਫਿਲੌਰ ਦੇ ਮਾਲਖਾਨੇ ਵਿੱਚ ਜਮ•ਾਂ ਪਏ ਸਨ। ਨਿਯਮਾਂ ਅਨੁਸਾਰ ਜੋ ਅਸਲਾ ਅਲਾਟ ਕੀਤਾ ਜਾਂਦਾ ਹੈ, ਉਸ ਦੇ ਅਲਾਟੀ ਉਸਨੂੰ ਅਗਾਂਹ ਵੇਚ ਨਹੀਂ ਸਕਦੇ ਅਤੇ ਨਾ ਹੀ ਉਹ ਅਸਲਾ ਕਿਸੇ ਦੂਸਰੇ ਦੇ ਨਾਮ 'ਤੇ ਤਬਦੀਲ ਕਰਾ ਸਕਦੇ ਹਨ। ਵਿਦੇਸ਼ੀ ਹਥਿਆਰ ਅਲਾਟ ਕਰਾਉਣ ਵਾਲਿਆਂ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਰਾਜਨ ਕਸਯਪ ਅਤੇ ਉਸਦਾ ਪੁੱਤਰ ਅਨੁਰਾਗ ਕਸਯਪ ਵੀ ਸ਼ਾਮਲ ਹੈ। ਤਤਕਾਲੀ ਮੰਤਰੀ ਚੌਧਰੀ ਸੰਤੋਖ ਸਿੰਘ ਅਤੇ ਭੁਪਿੰਦਰ ਸਿੰਘ ਨੇ ਵੀ ਅਮਰੀਕਾ ਤੇ ਜਰਮਨੀ ਦੇ ਰਿਵਾਲਵਰ ਅਲਾਟ ਕਰਾਏ ਸਨ। ਪ੍ਰਤਾਪ ਸਿੰਘ ਬਾਜਵਾ ਨੇ ਵੀ ਅਮਰੀਕਾ ਦਾ 32 ਬੋਰ ਦਾ ਰਿਵਾਲਵਰ 50 ਹਜ਼ਾਰ 'ਚ ਖਰੀਦਿਆ ਸੀ। ਇਵੇਂ ਹੀ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਿਜੇ ਇੰਦਰ ਸਿੰਗਲਾ ਨੇ ਵੀ ਚੀਨ ਦਾ ਪਿਸਟਲ ਮਾਊਜਰ 7.62 ਐਮ.ਐਮ 25 ਹਜ਼ਾਰ 'ਚ ਖਰੀਦਿਆ ਸੀ। ਇੱਕ ਦਰਜ਼ਨ ਦੇ ਕਰੀਬ ਡੀ.ਐਸ.ਪੀਜ਼ ਅਤੇ ਐਸ.ਡੀ.ਐਮਜ਼ ਨੇ ਵੀ ਹਥਿਆਰ ਲਏ ਹਨ।
                                                     ਚੀਨ ਦੇ ਹਥਿਆਰ ਛਾਏ।
ਪੰਜਾਬ ਸਰਕਾਰ ਵਲੋਂ 'ਆਪਣਿਆ' ਨੂੰ ਮਿੱਟੀ ਦੇ ਭਾਅ 79 ਹਥਿਆਰ ਚੀਨ ਦੇ ਬਣੇ ਹੋਏ ਵੰਡੇ ਸਨ ਜਦੋਂ ਕਿ ਅਮਰੀਕਾ ਦੇ 7 ਹਥਿਆਰਾਂ ਦੀ ਅਲਾਟਮੈਂਟ ਕੀਤੀ ਗਈ ਸੀ। ਇਸੇ ਤਰ•ਾਂ ਜਰਮਨੀ ਦੇ 11 ਹਥਿਆਰ ਅਤੇ ਇੰਗਲੈਂਡ ਦੇ 3 ਹਥਿਆਰਾਂ ਨੂੰ ਅਸਲੀ ਕੀਮਤ ਨਾਲੋਂ ਕਈ ਗੁਣਾ ਘੱਟ ਕੀਮਤ 'ਤੇ ਲੀਡਰਾਂ ਨੂੰ ਦੇ ਦਿੱਤੇ। ਕਾਫੀ ਹਥਿਆਰ ਭਾਰਤ ਦੇ ਵੀ ਸਨ ਪ੍ਰੰਤੂ ਤਰਜੀਹ ਵਿਦੇਸ਼ੀ ਹਥਿਆਰਾਂ ਨੂੰ ਦਿੱਤੀ ਗਈ ਹੈ। ਸਪੇਨ ਦੇ ਵੀ ਦੋ ਹਥਿਆਰ ਦਿੱਤੇ ਗਏ ਹਨ। ਇਸੇ ਤਰ•ਾਂ ਬੈਲਜੀਅਮ,ਲੰਡਨਅਤੇ ਚੈਕੋਸਲਵਾਕੀਆਂ ਦੇ ਹਥਿਆਰਾਂ ਨੂੰ ਵੀ ਲੀਡਰਾਂ ਤੇ ਅਫਸਰਾਂ ਨੇ ਖਰੀਦਣ ਵਿੱਚ ਤਰਜ਼ੀਹ ਦਿੱਤੀ ਹੈ। ਕਾਂਗਰਸੀ ਤਾਂ ਮਿਲੇ ਗੱਫਿਆ ਤੋਂ ਖੁਸ਼ ਹਨ ਤੇ ਹੁਣ ਅਕਾਲੀਆਂ ਦੀ ਵਾਰੀ ਹੈ।
             

Thursday, November 10, 2011

                                                 ਬਾਬਾ ! ਤੇਰੇ ਲਾਲੋ ਅੱਜ ਵੀ ਰੁਲਦੇ
                                                                ਚਰਨਜੀਤ ਭੁੱਲਰ
ਬਠਿੰਡਾ :  ਬਾਬਾ ! ਤੂੰ ਤਾਂ ਕਿਹਾ ਸੀ ਕਿ ਕਿਰਤ ਕਰੀ। ਮੈਂ ਤਾਂ ਉਹੀ ਕੀਤਾ ਜੋ ਤੂੰ ਆਖਿਆ। ਸਿਵਾਏ ਕਿਰਤ ਤੋਂ ਮੈਂ ਤਾਂ ਹੋਰ ਕੁਝ ਕੀਤਾ ਵੀ ਨਹੀਂ। ਯਕੀਨ ਨਹੀਂ ਤਾਂ ਆ ਕੇ ਦੇਖ ਲੈ। ਦੇਖ ਲੈ ਮੇਰੀ ਹਰ ਡਿਗਰੀ। ਹਰ ਡਿਗਰੀ 'ਤੇ ਲਿਖਿਆ 'ਪਹਿਲਾ ਦਰਜਾ'। ਇਕੱਲੀ ਡਿਗਰੀ ਨਾ ਦੇਖੀ। ਡਿਗਰੀ ਪਿਛਲੀ ਮਿਹਨਤ ਮਸ਼ੱਕਤ ਵੀ ਦੇਖੀ। ਰਾਤ ਨੂੰ ਚੌਕੀਦਾਰੀ ਨਾ ਕਰਦਾ ਤਾਂ ਫਿਰ ਫੀਸਾਂ ਕਿਥੋਂ ਭਰਦਾ। ਮੈਂ ਨਾ ਦਿਨ ਵੇਖਿਆ ਤੇ ਨਾ ਰਾਤ। ਜ਼ਿੰਦਗੀ ਨੇ ਤਾਂ ਪੈਰ ਪੈਰ ਤੇ ਪ੍ਰੀਖਿਆ ਲਈ। ਤੇਰੀ ਗੱਲ ਲੜ ਬੰਨ• ਕੇ ਤੁਰਿਆ ਸੀ। ਤਾਹੀਂ ਹਰ ਪ੍ਰੀਖਿਆ ਨੂੰ ਬੌਣੀ ਬਣਾ ਦਿੱਤਾ। ਬਾਬਾ ! ਤੂੰ ਤਾਂ ਮਾਣ ਕਰ। ਤੇਰੇ ਇਸ ਕਿਰਤੀ ਕੋਲ ਹੁਣ ਹਰ ਡਿਗਰੀ ਹੈ। ਵੇਖਦਾ ਜਾਈ, ਜਲਦੀ ਹੀ ਤੇਰਾ ਇਹ ਕਿਰਤੀ 'ਪੋਸਟ ਗਰੈਜੂਏਟ ਰਿਕਸ਼ਾ ਚਾਲਕ' ਬਣ ਜਾਏਗਾ। ਬੜੇ ਪਾਪੜ ਵੇਲਣੇ ਪਏ ਨੇ ਬਾਬਾ। ਨਹੀਂ ਬਾਬਾ, ਹੁਣ ਸ਼ਰਮ ਨਹੀਂ ਲੱਗਦੀ। ਪਹਿਲਾਂ ਲੱਗਦੀ ਸੀ। ਤਾਹੀਂ ਉਦੋਂ ਰਾਤ ਨੂੰ ਰਿਕਸ਼ਾ ਚਲਾਉਂਦਾ ਸੀ। ਹੁਣ ਤਾਂ ਦਿਨ ਰਾਤ ਚੱਲਦੈ ਮੇਰਾ ਰਿਕਸ਼ਾ। ਰਿਕਸ਼ਾ ਰੁਕ ਗਿਆ ਤਾਂ ਅੰਗਰੇਜ਼ੀ ਦੀ ਐਮ.ਏ ਦਾ ਦੂਜਾ ਸਾਲ ਪੂਰਾ ਨਹੀਂ ਹੋਣਾ। ਨਾ ਬਾਬਾ ਨਾ, ਮਾਂ ਬਾਰੇ ਨਾ ਪੁੱਛ। ਹਾਂ ਉਹ ਤਾਂ ਬੜਾ ਰੋਈ ਸੀ। ਜਦੋਂ ਮੈਂ ਪਹਿਲੇ ਦਿਨ ਨੌਕਰੀ ਦੀ ਥਾਂ ਰਿਕਸ਼ਾ ਘਰ ਲੈ ਕੇ ਗਿਆ ਸੀ। ਉਸ ਨੇ ਕਦੇ ਸੰਦੂਕ ਚੋਂ ਕੱਢ ਕੇ ਮੇਰੀ ਡਿਗਰੀ ਦੇਖੀ ਤੇ ਕਦੇ ਮੇਰਾ ਕਿਸ਼ਤਾਂ ਵਾਲਾ ਰਿਕਸ਼ਾ। ਮਨ ਤਾਂ ਮੇਰਾ ਵੀ ਅੰਦਰੋਂ ਰੋਇਆ ਸੀ। ਪਰ ਮਾਂ ਨੂੰ ਦੱਸਿਆ ਨਹੀਂ। ਮਾਂ ਨੂੰ ਦੱਸਾਂ ਵੀ ਕਿਉਂ,ਉਹ ਕਿਹੜਾ ਸੌਖੀ ਹੈ। ਕੈਂਸਰ ਨੇ ਉਸ ਨੂੰ ਕੱਖੋਂ ਹੌਲੀ ਕਰ ਦਿੱਤਾ ਹੈ।
          ਬਾਬਾ ! ਦਿਲ ਕਰਦੈ ਕਿ ਅੱਜ ਖੁੱਲ• ਕੇ ਗੱਲਾਂ ਕਰਾਂ। ਕਿਵੇਂ ਬੀਤੀ ਤੇਰੀ ਕਿਰਤੀ ਨਾਲ। ਲੱਗਦੈ, ਤੈਨੂੰ ਹੁਣ ਇੱਕ ਹੋਰ ਉਦਾਸੀ ਕਰਨੀ ਪਊ। ਤੂੰ ਤਾਂ ਬਾਬਾ ਹਰ ਕਿਸੇ ਦੀ ਸੁਣੀ ਹੈ। ਆਪਣੇ ਕਿਰਤੀਆਂ ਦੀ ਵੀ ਸੁਣ ਲੈ। ਇੱਕ ਗੱਲ ਯਾਦ ਰੱਖੀ, ਜੇ ਤੂੰ ਮੁੜ ਕੇ ਨਾ ਆਇਆ ਤਾਂ ਫਿਰ ਇਕੱਲਾ ਮੈਂ ਨਹੀਂ,ਇੱਥੇ ਹਰ ਰਿਕਸ਼ੇ ਵਾਲਾ ਪੋਸਟ ਗਰੈਜੂਏਟ ਹੋਵੇਗਾ। ਬਾਬਾ ! ਮੈਂ ਕਿਹੜਾ ਪਹਿਲੇ ਦਿਨ ਰਿਕਸ਼ਾ ਚੁੱਕ ਲਿਆ ਸੀ। ਸਰਕਾਰ ਦੇ ਬੂਹੇ 'ਤੇ ਵੀ ਗਿਆ ਸੀ। ਪ੍ਰਾਈਵੇਟ ਮਾਲਕਾਂ ਕੋਲ ਵੀ। ਚਾਹੁੰਦਾ ਸੀ ਕਿ ਅਧਿਆਪਕ ਬਣ ਜਾਵਾਂ। ਬੀ.ਐਡ ਚੋਂ 78 ਫੀਸਦੀ ਨੰਬਰ ਲਏ ਸੀ। ਬੜਾ ਮਾਣ ਸੀ ਮੈਨੂੰ। ਅਧਿਆਪਕ ਰੱਖਣ ਲਈ ਜੋ ਮੈਰਿਟ ਲਿਸਟ ਬਣੀ, ਉਸ 'ਚ ਤੇਰੇ ਕਿਰਤੀ ਦਾ ਪੰਜਾਬ ਭਰ ਚੋਂ 16 ਵਾਂ ਨੰਬਰ ਸੀ। ਗੱਲ ਨਹੀਂ ਬਣੀ,ਬਾਬਾ ਅੱਜ ਤੱਕ ਨਹੀਂ ਬਣ ਸਕੀ। ਛੱਡ ਬਾਬਾ ਮੈਰਿਟ ਨੂੰ, ਤੂੰ ਤਾਂ  ਭਲੇ ਵੇਲੇ ਦੀ ਗੱਲ ਕਰਦੈ। ਪ੍ਰਾਈਵੇਟ ਸਕੂਲਾਂ ਵਾਲੇ,ਹਾਂ ਕਹਿੰਦੈ ਸੀ ਕਿ ਪੂਰੇ 1500 ਰੁਪਏ ਦੇਵਾਂਗੇ। ਬਾਬਾ ! ਕੀ ਇਸ ਨੂੰ ਸੱਚਾ ਸੌਦਾ ਕਹਾ। ਇਸ ਤੋਂ ਵੱਧ ਤਾਂ ਮੇਰਾ ਰਿਕਸ਼ਾ ਦੇ ਦਿੰਦਾ ਹੈ। ਬਾਬਾ ! ਹੁਣ ਤੂੰ ਹੀ ਦੱਸ,ਕਿਸ ਬੂਹੇ ਜਾਵਾਂ। ਇੱਥੇ ਤਾਂ ਸਭ ਦਰਵਾਜੇ ਬੰਦ ਹਨ। ਸਰਕਾਰ ਦਿਨ ਦੇ ਚਾਨਣ ਦੇ ਮਾਅਣੇ ਸਮਝਦੀ ਤਾਂ ਅੱਜ ਮੈਨੂੰ ਰਾਤ ਦੇ ਹਨੇਰੇ 'ਚ ਰਿਕਸ਼ਾ ਨਾ ਚਲਾਉਣਾ ਪੈਂਦਾ। ਹਾਂ,ਸੰਗਤ ਦਰਸ਼ਨ 'ਚ ਜਾ ਕੇ ਵੀ ਫਰਿਆਦ ਕੀਤੀ ਸੀ। ਨਹੀਂ ਸੁਣੀ ਕਿਸੇ ਨੇ। ਬੁਝਾਰਤਾਂ ਨਾ ਪਾ ਬਾਬਾ,ਮੁੜ ਆਏਗਾ ਤਾਂ ਤੈਨੂੰ ਪਤਾ ਲੱਗੂ।
           ਹੁਣ ਤਾਂ ਕਿੰਨੇ ਹੀ ਕੌਡੇ ਰਾਖਸ਼ ਪੈਦਾ ਹੋ ਗਏ ਨੇ। ਸੱਜਣ ਠੱਗਾਂ ਦੀ ਵੀ ਕੋਈ ਕਮੀ ਨਹੀਂ। ਨਾਲੇ ਦੇਖ ਲਈ ਸਰਕਾਰੀ ਮੋਦੀਖਾਨਾ। ਭਰ ਕੌਣ ਰਿਹੈ ਤੇ ਛੱਕ ਕੌਣ ਰਿਹਾ। ਮੇਰੇ ਵਰਗਿਆਂ ਦੀ ਫੌਜ ਵੀ ਤਾਂ ਹੁਣ ਵੱਡੀ ਹੋ ਗਈ ਹੈ। ਬਾਬਾ ! ਮੈਨੂੰ ਤੇਰੇ ਕੋਈ ਗਿਲ•ਾ ਨਹੀਂ। ਮੈਂ ਤਾਂ ਸਮਝ ਲਿਐ, ਕਿ ਲੇਖਾਂ 'ਚ ਹੀ ਇਹੋ ਲਿਖਿਐ। ਮੈਂ ਤਾਂ ਤੇਰਾ ਵਚਨ ਨਿਭਾਇਐ। ਬਾਬਾ ਤੇਰੇ ਤੇ ਮਾਣ ਹੈ। ਤੂੰ ਤਾਂ ਹਰ ਕਿਸੇ ਦੀ ਸੁਣੀ ਹੈ। ਮੇਰੀ ਵੀ ਇਸ ਕਲਮ ਤੋਂ ਸੁਣ ਲੈ। 31 ਵਰਿ•ਆਂ ਦਾ ਸੇਵਕ ਸਿੰਘ ਬਠਿੰਡਾ ਦੀ ਅਮਰਪੁਰਾ ਬਸਤੀ 'ਚ ਰਹਿੰਦਾ ਹੈ। ਜਦੋਂ ਸਾਲ 1998 'ਚ ਉਸ ਨੇ ਜਮ•ਾਂ ਦੋ ਦੀ ਪੜ•ਾਈ 62 ਫੀਸਦੀ ਅੰਕਾਂ ਨਾਲ ਪੂਰੀ ਕੀਤੀ ਤਾਂ ਉਸ ਦੇ ਬਾਪ ਗੁਰਦੇਵ ਸਿੰਘ ਦੀ ਮੌਤ ਹੋ ਗਈ। ਬਾਪ ਨੂੰ ਬਚਾਉਣ ਖਾਤਰ ਪੰਜ ਸਾਲ ਬੜੀ ਭੱਜ ਨੱਠ ਕੀਤੀ। ਉਸ ਦੀ ਭੈਣ ਅਪਾਹਜ ਹੈ। ਇੱਕ ਭੈਣ ਤੇ ਭਰਾ ਵਿਆਹੇ ਹੋਏ ਹਨ। ਸਾਲ 1998 ਤੋਂ ਉਸ ਦੇ ਦੁੱਖਾਂ ਦੇ ਦਿਨਾਂ ਦਾ ਮੁੱਢ ਬੱਝ ਗਿਆ। ਬਾਪ ਦਾ ਸੁਪਨਾ ਪੂਰਾ ਕਰਨ ਵਾਸਤੇ ਉਹ ਅਧਿਆਪਕ ਬਣਨ ਲਈ ਜ਼ਿੰਦਗੀ ਦੇ ਰਾਹ 'ਤੇ ਤੁਰਿਆ। ਉਸ ਨੇ ਤਲਵੰਡੀ ਸਾਬੋ ਦੇ ਕਾਲਜ 'ਚ ਦਾਖਲਾ ਲੈ ਲਿਆ। ਕਾਲਜ ਦੀ ਪੜ•ਾਈ ਦਾ ਖਰਚਾ ਕੱਢਣ ਲਈ ਉਹ ਬਠਿੰਡਾ ਦੀ ਇੱਕ ਪ੍ਰਾਈਵੇਟ ਸਨਅਤ ਵਿੱਚ ਚੌਕੀਦਾਰ ਲੱਗ ਗਿਆ। ਪੂਰੀ ਪੂਰੀ ਰਾਤ ਉਹ ਚੌਕੀਦਾਰੀ ਕਰਦਾ। ਬਦਲੇ 'ਚ ਜੋ 3500 ਰੁਪਏ ਮਿਲਦੇ, ਉਸ ਚੋਂ ਅੱਧੇ ਮਾਂ ਨੂੰ ਦੇ ਦਿੰਦਾ। ਬਾਕੀ ਆਪਣੀ ਪੜਾਈ 'ਤੇ ਖ਼ਰਚਦਾ। ਨਾਲੋਂ ਨਾਲ ਥੋੜੇ ਬਹੁਤੇ ਬਚਾ ਕੇ ਰੱਖ ਲੈਂਦਾ। ਪੁਰਾਣੀਆਂ ਕਿਤਾਬਾਂ ਤੇ ਪੁਰਾਣੇ ਕੱਪੜੇ ਹੀ ਉਸ ਦੇ ਸਾਥੀ ਬਣੇ ਰਹੇ। ਉਹ ਅੱਧੇ ਮੁੱਲ ਵਿੱਚ ਪੁਰਾਣੀਆਂ ਕਿਤਾਬਾਂ ਖਰੀਦ ਖਰੀਦ ਕੇ ਪੜਿ•ਆ। ਜਦੋਂ ਰਾਤ ਨੂੰ ਵਿਹਲ ਮਿਲਦੀ ਤਾਂ ਉਹ ਇਨ•ਾਂ ਕਿਤਾਬਾਂ ਨੂੰ ਪੜਦਾ। ਜਦੋਂ ਉਸ ਨੇ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਇੱਕ ਕਾਲਜ 'ਚ ਬੀ.ਐਡ ਕਰਨ ਵਾਸਤੇ ਦਾਖਲਾ ਲਿਆ ਤਾਂ ਉਸ ਲਈ 80 ਹਜ਼ਾਰ ਰੁਪਏ ਫੀਸ ਵੱਡਾ ਮਸਲਾ ਸੀ। ਬੱਚਤ ਦੀ ਰਾਸ਼ੀ ਉਸ ਦਾ ਸਹਾਰਾ ਬਣ ਗਈ।
         ਸੇਵਕ ਸਿੰਘ ਦਾ ਸਿਰੜ ਦੇਖੋ ਕਿ ਉਹ ਕਦੇ ਚੌਕੀਦਾਰੀ ਤੋਂ ਵੀ ਨਹੀਂ ਖੁੰਝਿਆ ਸੀ। ਨਾ ਹੀ ਕਦੇ ਕੋਈ ਕਲਾਸ ਲਗਾਉਣ ਤੋਂ। ਜਦੋਂ ਉਸ ਨੇ 78 ਫੀਸਦੀ ਨੰਬਰਾਂ ਨਾਲ ਬੀ.ਐਡ ਦੀ ਡਿਗਰੀ ਲਈ। ਹੌਸਲਾ ਹੋਇਆ ਕਿ ਦਿਨ ਬਦਲਣ ਵਾਲੇ ਨੇ। ਇਸ ਤੋਂ ਪਹਿਲਾਂ ਉਸ ਨੇ ਈ.ਟੀ.ਟੀ ਕਰਨ ਵਾਸਤੇ ਦਾਖਲਾ ਪ੍ਰੀਖਿਆ ਵੀ ਸਾਲ 1999 ਵਿੱਚ ਦਿੱਤੀ। ਇੱਕ ਵਾਰੀ ਨਹੀਂ, ਤਿੰਨ ਵਾਰੀ ਇਹੋ ਪ੍ਰੀਖਿਆ ਦਿੱਤੀ। ਪ੍ਰੀਖਿਆ ਚੋਂ ਚੰਗੇ ਨੰਬਰ ਲੈ ਜਾਂਦਾ ਸੀ ਪ੍ਰੰਤੂ ਉਦੋਂ ਦਾਖਲਾ ਪ੍ਰੀਖਿਆ ਲਈ ਇੰਟਰਵਿਊ ਦੇ 25 ਨੰਬਰ ਹੁੰਦੇ ਸਨ, ਜੋ ਉਸ ਨੂੰ ਨਸੀਬ ਨਹੀਂ ਹੁੰਦੇ ਸਨ। ਅਖੀਰ ਉਸ ਨੇ ਜੰਮੂ ਤੋਂ 74 ਫੀਸਦੀ ਅੰਕਾਂ ਨਾਲ ਈ.ਟੀ.ਟੀ ਵੀ ਕਰ ਲਈ। ਉਸ ਨੇ ਤਾਂ ਗਿਆਨੀ ਵੀ ਕੀਤੀ ਹੋਈ ਹੈ। ਦੱਸਦਾ ਹੈ ਕਿ ਜਦੋਂ ਉਸ ਨੇ ਮੈਟ੍ਰਿਕ ਚੋਂ 67 ਫੀਸਦੀ ਨੰਬਰ ਲਏ ਸਨ ਤਾਂ ਬਾਪ ਨੇ ਇੱਕੋ ਗੱਲ ਆਖੀ ਸੀ, 'ਸੇਵਕ ਤੈਨੂੰ ਅਧਿਆਪਕ ਬਣਾਉਣੈ'। ਉਸਦਾ ਅੱਜ ਬਾਪ ਜਿਉਂਦਾ ਹੁੰਦਾ ਤਾਂ ਉਸ ਦੇ ਦਿਲ 'ਤੇ ਕੀ ਬੀਤਣੀ ਸੀ। ਜਦੋਂ ਉਹ ਦੇਖਦਾ ਕਿ ਉਸ ਦਾ ਬੱਚਾ ਅਧਿਆਪਕ ਨਹੀਂ ,ਰਿਕਸ਼ਾ ਚਾਲਕ ਬਣ ਗਿਆ ਹੈ। ਸਾਲ 2008 'ਚ ਉਸ ਦੀ ਮਾਂ ਨੂੰ ਕੈਂਸਰ ਹੋ ਗਿਆ। ਘਰ ਦੇ ਅੱਗੇ ਵਾਲੀ ਕੁਝ ਜਗ•ਾਂ ਵੇਚਣੀ ਪਈ। ਪੂਰੇ ਪੌਣੇ ਤਿੰਨ ਲੱਖ ਦਾ ਖਰਚ ਆਇਆ ਇਲਾਜ 'ਤੇ। ਸੇਵਕ ਸਿੰਘ ਦੇ ਅੱਜ ਢਾਈ ਸਾਲ ਦਾ ਬੱਚਾ ਹੈ। ਉਸ ਨੇ ਬੱਚੇ ਦਾ ਨਾਮ 'ਹੈਪੀ ਸਿੰਘ' ਰੱਖਿਆ ਹੈ। ਉਹ ਦੱਸਦਾ ਹੈ ਕਿ ਉਸ ਦਾ ਬੱਚਾ ਪੂਰੀ ਜ਼ਿੰਦਗੀ ਖੁਸ਼ ਰਹੇ ਜਿਸ ਕਰਕੇ ਉਸ ਨੇ ਇਹੋ ਨਾਮ ਰੱਖਿਆ ਹੈ। ਉਸ ਦੀ ਬੱਚੇ ਨੂੰ ਚੰਗੇ ਸਕੂਲ 'ਚ ਪੜਾਉਣ ਦੀ ਸੱਧਰ ਹੈ। ਤਾਂ ਜੋ ਉਸ ਨੂੰ ਰਿਕਸ਼ਾ ਨਾ ਚਲਾਉਣਾ ਪਵੇ।
           ਸੇਵਕ ਸਿੰਘ ਆਖਦਾ ਹੈ ਕਿ ਉਸ ਨੂੰ ਕੋਈ ਅਫਸੋਸ ਨਹੀਂ ਹੈ। ਉਸ ਨੇ ਤਾਂ ਕਿਰਤ ਕੀਤੀ ਹੈ, ਭੀਖ ਤਾਂ ਨਹੀਂ ਮੰਗੀ। ਉਹ ਆਪਣੇ ਤੋਂ ਨੀਵਿਆਂ ਵੱਲ ਦੇਖ ਕੇ ਜਿਉਂਦਾ ਹੈ। ਉਹ ਦੱਸਦਾ ਹੈ ਕਿ ਉਸ ਨੇ ਕਦੇ ਵੀ ਕੋਈ ਟਿਊਸ਼ਨ ਨਹੀਂ ਰੱਖੀ। ਨਾ ਹੀ ਕਦੇ ਮਾਂ ਬਾਪ ਨੂੰ ਕੋਈ ਮੁਸ਼ਕਲ ਦਾ ਅਹਿਸਾਸ ਹੋਣ ਦਿੱਤਾ ਹੈ। ਜਦੋਂ ਪਾਵਰਕੌਮ ਦੇ ਨਿਗਮੀਕਰਨ ਮਗਰੋਂ ਬਠਿੰਡਾ ਦੀ ਉਸ ਸਨਅਤ ਦਾ ਕਾਰੋਬਾਰ ਮੰਦੇ 'ਚ ਚਲਾ ਗਿਆ ਤਾਂ ਉਸ ਦੀ ਚੌਕੀਦਾਰੀ ਵੀ ਜਾਂਦੀ ਰਹੀ। ਉਸ ਅੱਗੇ ਰੋਜ਼ੀ ਰੋਟੀ ਦਾ ਮਸਲਾ ਖੜ•ਾ ਹੋ ਗਿਆ। ਸਾਲ 2008 ਵਿੱਚ ਸਰਬ ਸਿੱਖਿਆ ਅਭਿਐਨ ਤਹਿਤ ਜੋ ਅਧਿਆਪਕ ਭਰਤੀ ਕੀਤੇ ਜਾਣੇ ਸਨ, ਉਸ 'ਚ ਜੋ ਸਾਂਝੀ ਮੈਰਿਟ ਬਣੀ, ਉਸ 'ਚ ਉਸ ਦਾ 16 ਵਾਂ ਨੰਬਰ ਸੀ। ਉਸ ਦੀ ਕੌਸਲਿੰਗ ਵੀ ਹੋ ਗਈ ਸੀ ਤੇ ਦਸਤਾਵੇਜ਼ ਵੀ ਚੈੱਕ ਹੋ ਗਏ ਸਨ।  ਅੱਜ ਤੱਕ ਉਸ ਦਾ ਕੋਈ ਨਤੀਜਾ ਨਹੀਂ ਆਇਆ ਹੈ। ਅਧਿਆਪਕ ਬਣਨ ਦੀ ਵੀ ਨਾਲੋਂ ਨਾਲ ਉਮੀਦ ਟੁੱਟ ਗਈ। ਉਸ ਨੂੰ ਪ੍ਰਾਈਵੇਟ ਸਕੂਲਾਂ ਕੋਲੋਂ ਵੀ ਕੋਈ ਹੁੰਗਾਰਾ ਨਾ ਮਿਲਿਆ। ਅਖੀਰ ਉਸ ਨੇ 50 ਰੁਪਏ ਪ੍ਰਤੀ ਦਿਨ ਕਿਰਾਏ 'ਤੇ ਰਿਕਸ਼ਾ ਲੈ ਲਿਆ।  ਪੂਰੀ ਪੂਰੀ ਰਾਤ ਉਹ ਰਿਕਸ਼ਾ ਚਲਾਉਂਦਾ। ਇੱਕ ਰਾਤ 'ਚ ਉਹ 200 ਰੁਪਏ ਕਮਾ ਲੈਂਦਾ ਸੀ। ਉਹ ਆਖਦਾ ਹੈ ਕਿ ਜਦੋਂ ਉਸ ਨੇ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ ਤਾਂ ਉਹ ਕਈ ਦਿਨ ਉਦਾਸ ਰਿਹਾ ਸੀ। ਫਿਰ ਉਸ ਨੇ ਕਿਸ਼ਤਾਂ 'ਤੇ ਰਿਕਸ਼ਾ ਖਰੀਦ ਲਿਆ। ਜਿਸ ਦੀ ਕਿਸ਼ਤ ਉਹ ਹਰ ਮਹੀਨੇ ਭਰਦਾ ਹੈ। ਉਹ ਦੱਸਦਾ ਹੈ ਕਿ ਜ਼ਿੰਦਗੀ ਦਾ ਬੁਰਾ ਦਿਨ ਉਹ ਸੀ ਜਦੋਂ ਇੱਕ ਪੁਲੀਸ ਥਾਣੇਦਾਰ ਨੇ ਬੱਸ ਅੱਡੇ ਕੋਲ ਪਹਿਲਾਂ ਉਸ ਦੇ ਰਿਕਸ਼ੇ ਦੀ ਹਵਾ ਕੱਢ ਦਿੱਤੀ। ਉਸ ਮਗਰੋਂ ਉਸ ਦੀ ਕੁੱਟਮਾਰ ਕੀਤੀ। ਉਹ ਆਪਣਾ ਕਸੂਰ ਪੁੱਛਦਾ ਰਿਹਾ ਪ੍ਰੰਤੂ ਥਾਣੇਦਾਰ ਦੇ ਹੱਥ ਰੁਕੇ ਨਾ। ਉਸ ਨੂੰ ਅਹਿਸਾਸ ਹੋਇਆ ਕਿ ਇੱਥੇ ਮਾਰ ਕਿਰਤੀ ਨੂੰ ਹੀ ਪੈਂਦੀ ਹੈ। ਸੜਕਾਂ 'ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕੋਈ ਵੱਡੀ ਕਾਰ ਵਾਲਾ ਕਰੇ ਤੇ ਚਾਹੇ ਛੋਟੀ ਕਾਰ ਵਾਲਾ,ਭੁਗਤਣਾ ਰਿਕਸ਼ੇ ਵਾਲੇ ਨੂੰ ਹੀ ਪੈਂਦਾ ਹੈ।
            ਉਹ ਤਾਂ ਦੋਹਰਾ ਸੰਘਰਸ਼ ਕਰ ਰਿਹਾ ਹੈ। ਉਹ ਆਪਣੇ ਬੇਰੁਜ਼ਗਾਰ ਸਾਥੀਆਂ ਨਾਲ ਰੁਜ਼ਗਾਰ ਖਾਤਰ ਸੰਘਰਸ਼ ਵੀ ਲੜ ਰਿਹਾ ਹੈ। ਇਸੇ ਸੰਘਰਸ਼ 'ਚ ਉਹ ਲੁਧਿਆਣਾ ਅਤੇ ਫਿਰੋਜ਼ਪੁਰ ਦੀ ਜੇਲ• ਵੀ ਕੱਟ ਚੁੱਕਾ ਹੈ। ਜਦੋਂ ਉਹ ਦਿਨ ਵੇਲੇ ਸੰਘਰਸ਼ 'ਚ ਜਾਂਦਾ ਹੈ ਤਾਂ ਉਹ ਰਾਤ ਵਕਤ ਰਿਕਸ਼ਾ ਚਲਾਉਂਦਾ ਹੈ ਤਾਂ ਜੋ ਪਰਿਵਾਰ ਚੱਲਦਾ ਰਹੇ। ਉਹ ਦੱਸਦਾ ਹੈ ਕਿ ਉਸ ਨੇ ਤਾਂ ਸੇਵਾਦਾਰ ਲੱਗਣ ਵਾਸਤੇ ਵੀ ਕਾਫੀ ਜੱਦੋਜਹਿਦ ਕੀਤੀ ਹੈ। ਉਸ ਦਾ ਸਪਨਾ ਪੀ.ਐਚ.ਡੀ ਕਰਨ ਦਾ ਹੈ। ਹੁਣ ਉਹ ਪੰਜਾਬੀ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਐਮ.ਏ (ਅੰਗਰੇਜ਼ੀ) ਦਾ ਦੂਜਾ ਭਾਗ ਕਰ ਰਿਹਾ ਹੈ। ਉਸ ਦੀ ਜੀਵਨ ਸਾਥਣ ਮਨਦੀਪ ਕੌਰ ਇਸ ਗੱਲੋਂ ਧਰਵਾਸ 'ਚ ਹੈ ਕਿ ਉਸ ਦਾ ਪਤੀ ਦ੍ਰਿੜ•ਤਾ ਨਾਲ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਦਿਨ ਚੜ•ਦੇ ਹੀ ਉਸ ਦਾ ਰਿਕਸ਼ਾ ਚੱਲਦਾ ਹੈ ਜੋ ਕਿ ਕਦੇ ਕਦੇ ਦਿਨ ਰਾਤ ਵੀ ਨਹੀਂ ਰੁਕਦਾ ਹੈ। ਬਾਬਾ ! ਮੁਆਫ਼ ਕਰੀਂ ,ਮੈਂ ਤਾਂ ਤੈਨੂੰ ਆਪਣੀ ਹੀ ਰਾਮ ਕਹਾਣੀ 'ਚ ਉਲਝਾ ਲਿਆ। ਬੱਸ ਏਨੀ ਕੁ ਮਿਹਰ ਕਰੀਂ। ਮੁੜ ਫੇਰਾ ਜ਼ਰੂਰ ਪਾਈ। ਦੇਖੀ ਕਿ ਕਿਵੇਂ ਇੱਥੇ ਮਲਕ ਭਾਗੋ ਛੱਕ ਰਹੇ ਹਨ ਤੇ ਭਾਈ ਲਾਲੋ ਠੱਗੇ ਜਾ ਰਹੇ ਹਨ। ਸਰਕਾਰੀ ਮੋਦੀਖ਼ਾਨੇ ਵਾਲੇ 'ਆਪਣਿਆਂ' ਦੀ ਝੋਲੀ ਭਰੀ ਜਾ ਰਹੇ ਹਨ। ਹੁਣ ਵੀ। ਕਿਸੇ ਨੂੰ ਦਰਦ ਨਹੀਂ ਆ ਰਿਹਾ। ਤੇਰੇ ਨਾਮ 'ਤੇ ਪੰਥ ਚਲਾਉਣ ਵਾਲਿਆਂ ਨੂੰ ਵੀ ਨਹੀਂ। ਇੱਕ ਗੱਲ ਚੇਤੇ ਰੱਖੀ, ਕਿਤੇ ਪੈਦਲ ਆਇਐ ਤਾਂ ਫਿਰ ਤੇਰੀ ਵੀ ਖੈਰ ਨਹੀਂ। ਇੱਥੇ ਪੈਰ ਪੈਰ 'ਤੇ ਲੋਟੂ ਬੈਠੇ ਹਨ। ਹੁਣ ਤਾਂ ਤੇਰਾ ਸੱਚ ਦਾ ਹੋਕਾ ਸਮੇਂ ਦੇ ਬਾਬਰਾਂ ਨੂੰ ਚੰਗਾ ਵੀ ਨਹੀਂ ਲੱਗਣਾ। ਚੰਗਾ ਬਾਬਾ ! ਤੇਰੇ ਨਾਲ ਚਾਰ ਗੱਲਾਂ ਕਰਕੇ ਦਿਲ ਹੌਲਾ ਹੋ ਗਿਆ। ਨਾਲੇ ਔਹ ਸਾਹਮਣੇ ਬਜ਼ੁਰਗ ਮਾਈ ਮੇਰੇ ਰਿਕਸ਼ੇ ਵੱਲ ਤੁਰੀ ਆਉਂਦੀ ਹੈ, ਉਸ ਨੂੰ ਵੀ ਛੱਡ ਆਵਾਂ। ਸੱਚ ਮੈਂ ਤਾਂ ਭੁੱਲ ਹੀ ਗਿਆ ਸੀ ਬਾਬਾ, ਤੇਰਾ ਤਾਂ ਅੱਜ ਜਨਮ ਦਿਨ ਹੈ,ਸਾਰੇ ਕਿਰਤੀਆਂ ਵਲੋਂ ਬਾਬਾ ਤੈਨੂੰ ਜਨਮ ਦਿਨ ਮੁਬਾਰਕ।
   

Monday, November 7, 2011

           ਮਰਸਰੀ ਕਾਰਾਂ ਤੋਂ ਮਹਿੰਗੀ 'ਸੁੰਦਰੀ'
                                ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੀ 'ਸੁੰਦਰੀ' ਨੇ ਲਗਜ਼ਰੀ ਕਾਰਾਂ ਦੇ ਸੌਕੀਨਾਂ ਦੀ ਮੜਕ ਭੰਨ ਦਿੱਤੀ ਹੈ। ਸੁੰਦਰੀ ਦੀ ਕੌਮੀ ਪੱਧਰ ਦੇ ਪੁਸ਼ਕਰ ਮੇਲੇ 'ਚ ਬੱਲੇ ਬੱਲੇ ਹੋ ਰਹੀ ਹੈ। ਬਠਿੰਡਾ ਦੀ 'ਸੁੰਦਰੀ' ਦਾ ਮੁੱਲ ਚਾਰ ਲਗਜ਼ਰੀ ਕਾਰਾਂ ਨਾਲੋਂ ਵੀ ਮਹਿੰਗਾ ਹੈ। ਪੁਸ਼ਕਰ ਮੇਲੇ ਦਾ ਸ਼ਿੰਗਾਰ ਬਣੀ 'ਸੁੰਦਰੀ' ਦਾ ਮੁੱਲ ਸਵਾ ਕਰੋੜ ਰੁਪਏ ਹੈ ਜਿਸ ਨੂੰ ਖਰੀਦਣ ਲਈ ਬਾਲੀਵੁੱਡ ਦੇ ਲੋਕ ਤਰਲੋਮੱਛੀ ਹੋ ਰਹੇ ਹਨ। ਪੁਸ਼ਕਰ ਮੇਲੇ 'ਚ ਕਰੀਬ ਇੱਕ ਹਫਤੇ ਤੋਂ ਚਾਰ ਸਾਲ ਦੀ ਘੋੜੀ 'ਸੁੰਦਰੀ' ਨੂੰ ਦੇਖਣ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ ਹੈ।  ਘੋੜੀ ਦੇ ਮਾਲਕ ਬਠਿੰਡੇ ਦੇ ਸੁਖਜਿੰਦਰ ਸਿੰਘ ਤੇ ਸੁਖਦੀਪ ਸਿੰਘ ਹਨ ਜਿਨ•ਾਂ ਵਲੋਂ ਪਹਿਲੀ ਨਵੰਬਰ ਤੋਂ ਪੁਸਕਰ ਮੇਲੇ ਵਿੱਚ ਸਿਰਕਤ ਕੀਤੀ ਹੋਈ ਹੈ। ਪਿਛਲੇ ਸਾਲ ਦੇ ਪੁਸ਼ਕਰ ਮੇਲੇ 'ਚ ਸੁੰਦਰੀ ਦਾ ਮੁੱਲ 51 ਲੱਖ ਰੁਪਏ ਲੱਗਿਆ ਸੀ ਪ੍ਰੰਤੂ ਮਾਲਕਾਂ ਨੇ ਇਸ ਭਾਅ ਵਿੱਚ ਘੋੜੀ ਨੂੰ ਵੇਚਣੋ ਨਾਂਹ ਕਰ ਦਿੱਤੀ ਸੀ। ਜੋ ਮੁੱਲ ਐਤਕੀਂ ਮਾਲਕਾਂ  ਵਲੋਂ ਰੱਖਿਆ ਗਿਆ ਹੈ,ਉਹ ਸਵਾ ਕਰੋੜ ਰੁਪਏ ਹੈ। ਸੁੰਦਰੀ ਦਾ ਮੁੱਲ ਮਹਿੰਗੀਆਂ ਕਾਰਾਂ ਰੱਖਣ ਵਾਲੇ ਮਾਲਕਾਂ ਨੂੰ ਅੰਗੂਠਾ ਦਿਖਾਉਣ ਵਾਲਾ ਹੈ। ਇੱਕ ਨਾਮੀ ਕਾਰ ਕੰਪਨੀ ਦੇ ਮੈਨੇਜਰ ਸ੍ਰੀ ਦਵਿੰਦਰ ਦਾਨੇਵਾਲੀਆ ਦਾ ਕਹਿਣਾ ਸੀ ਕਿ 1.20 ਕਰੋੜ ਰੁਪਏ ਵਿੱਚ ਚਾਰ ਮਹਿੰਗਿਆਂ ਲਗਜਰੀ ਕਾਰਾਂ ਖਰੀਦੀਆਂ ਜਾ ਸਕਦੀਆਂ ਹਨ। ਉਨ•ਾਂ ਦੱਸਿਆ ਕਿ 1.20 ਕਰੋੜ ਰੁਪਏ ਵਿੱਚ ਬੀ.ਐਮ.ਡਬਲਿਊ,ਮਰਸਡੀਜ਼,ਔਡੀ ਅਤੇ ਲੈਂਡ ਰੋਵਰ ਕਾਰ ਖਰੀਦੀ ਜਾ ਸਕਦੀ ਹੈ। ਇੱਧਰ 'ਸੁੰਦਰੀ' ਇਨ•ਾਂ ਚਾਰੋਂ ਕਾਰਾਂ ਨਾਲੋਂ ਮਹਿੰਗੀ ਹੈ। ਕਾਰਾਂ ਦੇ ਕਾਰੋਬਾਰੀ ਦੱਸਦੇ ਹਨ ਕਿ ਇਸ ਘੋੜੀ ਦਾ ਮੁੱਲ 'ਚ ਚਾਰ ਮਸਡਰੀਜ ਕਾਰਾਂ ਦੀ ਖਰੀਦ ਹੋ ਸਕਦੀ ਹੈ।
          ਘੋੜੀ ਦੇ ਮਾਲਕ ਸ੍ਰੀ ਸੁਖਦੀਪ ਸਿੰਘ ਨੇ ਪੰਜਾਬੀ ਟ੍ਰਿਬਿਊਨ ਨੂੰ ਫੋਨ 'ਤੇ ਦੱਸਿਆ ਕਿ 'ਸੁੰਦਰੀ' ਦਾ 80 ਲੱਖ ਰੁਪਏ ਮੁੱਲ ਦੇਣ ਲਈ ਤਾਂ ਕਈ ਗ੍ਰਾਹਕ ਆ ਚੁੱਕੇ ਹਨ ਪ੍ਰੰਤੂ ਉਹ ਸਵਾ ਕਰੋੜ ਤੋਂ ਘੱਟ ਨਹੀਂ ਦੇਣਗੇ। ਉਨ•ਾਂ ਦੱਸਿਆ ਕਿ ਇੱਕ ਸਾਬਕਾ ਮੁੱਖ ਮੰਤਰੀ ਦਾ ਲੜਕਾ ਵੀ ਉਨ•ਾਂ ਦੀ ਘੋੜੀ ਦੇਖ ਚੁੱਕਾ ਹੈ ਜਿਸ ਵਲੋਂ ਸਵਾ ਕਰੋੜ ਰੁਪਏ ਖਰੀਦਣ ਦੀ ਹਾਮੀ ਭਰ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਸੁੰਦਰੀ ਦਾ ਕੱਦ 68 ਇੰਚ ਹੈ ਜੋ ਕਿ ਪੂਰੇ ਭਾਰਤ ਚੋਂ ਜਿਆਦਾ ਹੈ। ਉਨ•ਾਂ ਦੱਸਿਆ ਕਿ ਉਹ ਸੁੰਦਰੀ 'ਤੇ ਰੋਜ਼ਾਨਾਂ ਇੱਕ ਹਜ਼ਾਰ ਰੁਪਏ ਖਰਚ ਕਰਦੇ ਹਨ ਅਤੇ ਰੋਜ਼ਾਨਾਂ 15 ਤੋਂ 20 ਲੀਟਰ ਦੁੱਧ ਪਿਲਾਇਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਰੋਜ਼ਾਨਾਂ ਲੱਖਾਂ ਲੋਕ ਦੇਖ ਰਹੇ ਹਨ। ਸੁੰਦਰੀ ਦੀ ਖਾਸੀਅਤ ਇਹੋ ਹੈ ਕਿ ਇਹ ਘੋੜੀ ਕੱਦ ਕਾਠ ਵਿੱਚ ਚੰਗੀ ਹੈ ਅਤੇ ਸੁੰਦਰ ਵੀ ਹੈ। ਮਾਲਕਾਂ ਦਾ ਕਹਿਣਾ ਹੈ ਕਿ ਇਹੋ ਕਾਰਨ ਹੈ ਕਿ ਉਹ ਸਵੇਰ ਵਕਤ ਹੀ ਸੁੰਦਰੀ ਦੇ ਮੱਥੇ 'ਤੇ ਕਾਲਾ ਟਿੱਕਾ ਲਗਾ ਦਿੰਦੇ ਹਨ। ਘੋੜੀ ਦੇ ਮੱਥੇ 'ਤੇ ਸਫੈਦ ਟਿੱਕਾ ਹੈ। ਬਹੁਤੇ ਲੋਕ ਘੋੜੀ ਦੇਖ ਕੇ ਜਦੋਂ ਮੁੱਲ ਪੁੱਛਦੇ ਹਨ ਤਾਂ ਉਹ ਅੱਗਿਓ ਮੁੱਲ ਸੁਣਕੇ ਪਿਛਾਂਹ ਹੀ ਮੁੜ ਜਾਂਦੇ ਹਨ। ਪਤਾ ਲੱਗਾ ਹੈ ਕਿ ਐਤਕੀਂ ਪੁਸ਼ਕਰ ਮੇਲੇ ਵਿੱਚ 25 ਹਜ਼ਾਰ ਦੇ ਕਰੀਬ ਘੋੜੇ ਘੋੜੀਆਂ ਵਿਕਰੀ ਲਈ ਆਈਆਂ ਹਨ ਜਿਨ•ਾਂ ਚੋਂ ਬਹੁਤੇ ਘੋੜਿਆਂ ਦੀ ਕੀਮਤ 30 ਹਜ਼ਾਰ ਤੋਂ 70 ਹਜ਼ਾਰ ਦਰਮਿਆਨ ਹੀ ਰਹਿ ਜਾਂਦੀ ਹੈ। ਪੁਸ਼ਕਰ ਮੇਲੇ ਵਿੱਚ ਸੁਲਤਾਨ ਨਾਮ ਦੇ ਘੋੜੇ ਦੀ ਕੀਮਤ ਵੀ 75 ਲੱਖ ਰੁਪਏ ਤੋਂ ਉਪਰ ਲੱਗ ਗਈ ਹੈ। ਸੁੰਦਰੀ ਦੇ ਮਾਲਕਾਂ ਨੇ ਦੱਸਿਆ ਕਿ ਉਨ•ਾਂ ਦੀ ਘੋੜੀ ਸੁੰਦਰੀ ਬਾਲੀਵੁੱਡ ਦੀ ਜਿਆਦਾ ਪਸੰਦ ਬਣੀ ਹੋਈ ਹੈ। ਇਸ ਘੋੜੀ ਦਾ ਚਾਰ ਮਹੀਨੇ ਦਾ ਇੱਕ ਬੱਚਾ ਵੀ ਹੈ।
           ਇਵੇਂ ਹੀ ਇਨ•ਾਂ ਭਰਾਵਾਂ ਦਾ ਘੋੜਾ 'ਬਾਦਲ' ਵੀ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਬਾਦਲ ਘੋੜੇ ਦੀਆਂ ਨੀਲੀਆਂ ਅੱਖਾਂ ਹੋਣ ਕਰਕੇ ਅੰਗਰੇਜ ਲੋਕ ਬਹੁਤ ਪਸੰਦ ਕਰ ਰਹੇ ਹਨ। ਉਨ•ਾਂ ਵਲੋਂ ਬਾਦਲ ਦਾ ਮੁੱਲ 75 ਲੱਖ ਰੁਪਏ ਰੱਖਿਆ ਗਿਆ ਹੈ। ਇਹ ਘੋੜਾ ਨਿਰੋਲ ਚਿੱਟੇ ਰੰਗ ਦਾ ਹੈ ਅਤੇ ਅੱਖਾਂ ਨੀਲੀਆਂ ਹੋਣ ਕਰਕੇ ਬਾਕੀ ਸਭ ਨਾਲੋਂ ਅਲਹਿਦਾ ਹੈ। ਇਹ ਨੁੱਕਰਾ ਘੋੜਾ ਦੋ ਵਰਿ•ਆਂ ਦਾ ਹੈ ਅਤੇ ਉਸ ਦਾ ਕੱਦ 66 ਇੰਚ ਹੈ। ਸੁਖਦੀਪ ਸਿੰਘ ਨੇ ਦੱਸਿਆ ਕਿ ਬਾਦਲ ਦਾ ਕੱਦ 70 ਇੰਚ ਤੱਕ ਜਾਏਗਾ। ਉਨ•ਾਂ ਦੱਿਸਆ ਕਿ ਭਾਵੇਂ ਉਨ•ਾਂ ਨੇ ਬਾਦਲ ਦਾ ਮੁੱਲ 75 ਲੱਖ ਰੁਪਏ ਰੱਖ ਦਿੱਤਾ ਹੈ ਪ੍ਰੰਤੂ ਉਹ ਐਤਕੀਂ ਬਾਦਲ ਨੂੰ ਪੁਸਕਰ ਮੇਲੇ ਵਿੱਚ ਨਹੀਂ ਵੇਚਣਗੇ। ਉਨ•ਾਂ ਦੱਸਿਆ ਕਿ ਇਸ ਵਾਰ ਪੁਸਕਰ ਮੇਲੇ ਵਿੱਚ ਪੰਜਾਬੀ ਲੋਕਾਂ ਦੀ ਗਿਣਤੀ ਕਾਫੀ ਜਿਆਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਅੰਗਰੇਜ ਲੋਕ ਵੀ ਪੁੱਜੇ ਹੋਏ ਹਨ। ਉਨ•ਾਂ ਦੱਸਿਆ ਕਿ ਉਹ ਪੁਸਕਰ ਮੇਲੇ ਤੋਂ 8 ਨਵੰਬਰ ਨੂੰ ਵਾਪਸ ਆ ਰਹੇ ਹਨ।
     

Saturday, November 5, 2011

     ਚੋਣਾਂ ਨੇ ਕਬੱਡੀ ਕੱਪ ਮਹਿੰਗਾ ਕੀਤਾ।
                             ਚਰਨਜੀਤ ਭੁੱਲਰ
ਬਠਿੰਡਾ : ਚੋਣਾਂ ਦੀ ਰੁੱਤ ਨੇ ਦੂਸਰਾ ਵਿਸ਼ਵ ਕਬੱਡੀ ਕੱਪ ਮਹਿੰਗਾ ਕਰ ਦਿੱਤਾ ਹੈ। ਤਾਹੀਓ ਐਤਕੀਂ ਕਲਾਕਾਰਾਂ 'ਤੇ ਸੱਤ ਗੁਣਾ ਤੋਂ ਵੱਧ ਪੈਸਾ ਖਰਚਿਆ ਜਾ ਰਿਹਾ ਹੈ ਜਦੋਂ ਕਿ ਖਿਡਾਰੀਆਂ ਦੇ ਇਨਾਮਾਂ ਤੇ ਖਰਚਾ ਢਾਈ ਗੁਣਾ ਵੱਧ ਕੀਤਾ ਜਾ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਖਿੱਚਣ ਵਾਸਤੇ ਉਦਘਾਟਨੀ ਸਮਾਰੋਹਾਂ ਤੇ ਵੱਡਾ ਖਰਚਾ ਕੀਤਾ ਗਿਆ ਹੈ। ਬਠਿੰਡਾ 'ਚ ਹੋਏ ਉਦਘਾਟਨੀ ਸਮਾਰੋਹਾਂ ' ਚ ਸ਼ਾਹਰੁਖ ਖਾਨ ਨੇ 19 ਮਿੰਟ ਦਾ ਸਟੇਜ ਸ਼ੋਅ ਕੀਤਾ ਜਿਸ ਦੇ ਬਦਲੇ ਵਿੱਚ ਉਸ ਨੇ ਦੋ ਕਰੋੜ ਰੁਪਏ ਲਏ ਹਨ। ਕਰੀਬ 3.50 ਕਰੋੜ ਰੁਪਏ ਇਕੱਲੇ ਉਦਘਾਟਨੀ ਸਮਾਗਮਾਂ ਤੇ ਖਰਚੇ ਗਏ ਹਨ। ਲੁਧਿਆਣਾ 'ਚ ਸਮਾਪਤੀ ਸਮਾਰੋਹ ਹੋਏ ਹਨ ਜਿਨ੍ਹਾਂ 'ਚ ਕੈਟਰੀਨਾ ਕੈਫ ਪੁੱਜ ਰਹੀ ਹੈ। ਸ਼ਾਹਰੁਖ ਖਾਨ ਨਾਲ ਬਠਿੰਡਾ 'ਚ ਸਟੇਜ 'ਤੇ ਜੋ ਅੱਧੇ ਕੱਪੜੇ ਪਾ ਕੇ ਡਾਂਸਰਾਂ ਨੱਚੀਆਂ, ਉਨ੍ਹਾਂ ਨੇ ਜੋ ਚਰਚਾ ਛੇੜੀ ਹੈ, ਉਹ ਵੱਖਰੀ ਹੈ।
          ਸੂਚਨਾ ਦੇ ਅਧਿਕਾਰ ਤਹਿਤ ਜੋ ਪਹਿਲੇ ਵਿਸ਼ਵ ਕਬੱਡੀ ਕੱਪ ਦੇ ਵੇਰਵੇ ਮਿਲੇ ਹਨ, ਉਨ•ਾਂ ਤੋਂ ਐਤਕੀਂ ਵਧੇ ਖਰਚਿਆਂ ਦੀ ਗੱਲ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਪਹਿਲੇ ਵਿਸ਼ਵ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ 'ਤੇ 74,99,772 ਰੁਪਏ ਖਰਚ ਕੀਤੇ ਸਨ ਜਦੋਂ ਕਿ ਐਤਕੀਂ ਇਨ•ਾਂ ਸਮਾਰੋਹਾਂ 'ਤੇ 5.74 ਕਰੋੜ ਰੁਪਏ ਖਰਚੇ ਜਾ ਰਹੇ ਹਨ ਜੋ ਕਿ ਪਿਛਲੇ ਸਾਲ ਨਾਲੋਂ ਸੱਤ ਗੁਣਾ ਤੋਂ ਜਿਆਦਾ ਹਨ। ਸਪੋਰਟਸ ਵਿਭਾਗ ਵਲੋਂ ਵਿਜ ਕਰਾਫਟ ਕੰਪਨੀ ਨੂੰ 5.74 ਕਰੋੜ 'ਚ ਇਨ•ਾਂ ਸਮਾਰੋਹਾਂ ਦਾ ਜਿੰਮਾ ਦਿੱਤਾ ਗਿਆ ਹੈ।  ਇਨ•ਾਂ ਸਮਾਗਮਾਂ ਲਈ ਸਪੋਰਟਰ ਵਿਭਾਗ ਕੋਲ ਅੱਧੀ ਦਰਜ਼ਨ ਕੰਪਨੀਆਂ ਨੇ ਪਹੁੰਚ ਕੀਤੀ ਸੀ ਜਿਸ ਚੋਂ ਵਿਜ ਕਰਾਫਟ ਕੰਪਨੀ ਦੀ ਚੋਣ ਕੀਤੀ ਗਈ ਹੈ।
             ਸਰਕਾਰੀ ਸੂਚਨਾ ਅਨੁਸਾਰ ਪਹਿਲੇ ਵਿਸ਼ਵ ਕਬੱਡੀ ਦੇ ਉਦਘਾਟਨੀ ਅਤੇ ਸਮਾਪਤੀ ਸਮਾਗਮਾਂ 'ਤੇ ਐਨ.ਜੈਡ.ਸੀ.ਸੀ ਵਲੋਂ ਪੂਰਾ ਪ੍ਰਬੰਧ ਕੀਤਾ ਗਿਆ ਸੀ ਜਿਸ ਨੇ ਸਰਕਾਰ ਤੋਂ 57 ਲੱਖ ਰੁਪਏ ਲਏ ਸਨ। ਇਸ ਤੋਂ ਬਿਨ•ਾਂ ਗਾਇਕਾਂ 'ਤੇ 17.99 ਲੱਖ ਰੁਪਏ ਖਰਚ ਆਇਆ ਸੀ। ਐਤਕੀਂ ਇਹ ਖਰਚਾ ਸਮੇਤ ਕਲਾਕਾਰਾਂ ਦੇ 5.74 ਕਰੋੜ ਰੁਪਏ ਹੋ ਗਿਆ ਹੈ। ਪਹਿਲੇ ਕਬੱਡੀ ਕੱਪ 'ਤੇ ਸਰਕਾਰ ਨੇ ਕੁੱਲ 5.66 ਕਰੋੜ ਰੁਪਏ ਖਰਚ ਕੀਤੇ ਸਨ ਜਦੋਂ ਕਿ ਐਤਕੀਂ 17 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਜਿਆਦਾ ਹੈ। ਪਹਿਲੇ ਵਿਸ਼ਵ ਕੱਪ 'ਤੇ ਸਰਕਾਰ ਨੇ ਖਿਡਾਰੀਆਂ ਨੂੰ 2.19 ਕਰੋੜ ਰੁਪਏ ਦੇ ਇਨਾਮ ਦਿੱਤੇ ਸਨ ਜਦੋਂ ਕਿ ਹੁਣ ਦੂਸਰੇ ਕੱਪ 'ਤੇ ਖਿਡਾਰੀਆਂ ਨੂੰ 5.25 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣੇ ਹਨ। ਭਾਵੇਂ ਖਿਡਾਰੀਆਂ ਦੇ ਇਨਾਮਾਂ ਦੀ ਰਾਸ਼ੀ 'ਚ ਢਾਈ ਗੁਣਾ ਦੇ ਕਰੀਬ ਦਾ ਵਾਧਾ ਹੋਇਆ ਹੈ ਪ੍ਰੰਤੂ ਕਲਾਕਾਰਾਂ ਨਾਲੋਂ ਫਿਰ ਵੀ ਖਿਡਾਰੀਆਂ ਨੂੰ ਕਾਫੀ ਰਾਸ਼ੀ ਘੱਟ ਨਸੀਬ ਹੋਣੀ ਹੈ। ਚੋਣਾਂ ਨੇੜੇ ਹੋਣ ਕਰਕੇ ਸਰਕਾਰ ਇਸ ਵਿਸ਼ਵ ਕਬੱਡੀ ਕੱਪ ਦਾ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੈ। ਭੀੜ ਖਿੱਚਣ ਲਈ ਅਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬਾਲੀਵੁੱਡ ਅਦਾਕਾਰ ਬੁਲਾਏ ਜਾ ਰਹੇ ਹਨ।
         ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਪਹਿਲੇ ਵਿਸ਼ਵ ਕੱਪ ਵਾਸਤੇ 3.32 ਕਰੋੜ ਰੁਪਏ ਦੀਆਂ ਸਪੌਸਰਾਂ ਲਈਆਂ ਗਈਆਂ ਸਨ ਜਦੋਂ ਕਿ ਐਤਕੀਂ ਸਰਕਾਰ ਨੇ ਸਪੌਸਰਾਂ ਤੋਂ 11 ਕਰੋੜ ਇਕੱਠੇ ਕਰਨ ਦਾ ਟੀਚਾ ਮਿਥਿਆ ਹੈ। ਪਹਿਲੇ ਵਿਸ਼ਵ ਕੱਪ ਲਈ 9 ਸਰਾਬ ਸਨਅਤਾਂ ਅਤੇ 8 ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੇ 3.32 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ। ਜਦੋਂ ਕਿ ਪੰਜਾਬ ਸਰਕਾਰ ਨੇ ਆਪਣੇ ਪੱਲਿਓ 2,33,98,929 ਰੁਪਏ ਖਰਚ ਕੀਤੇ ਸਨ। ਇਸ ਦੇ ਮੁਕਾਬਲੇ ਦੂਸਰੇ ਵਿਸ਼ਵ ਕੱਪ 'ਚ ਪੰਜਾਬ ਸਰਕਾਰ ਆਪਣੇ ਪੱਲਿਓ 5.25 ਕਰੋੜ ਰੁਪਏ ਖਰਚ ਕਰ ਰਹੀ ਹੈ। ਦੇਖਣਾ ਇਹ ਵੀ ਬਣਦਾ ਹੈ ਕਿ ਕਿਹੜੀਆਂ ਕੰਪਨੀਆਂ ਸਪੌਸਰਸ਼ਿਪ ਦਿੰਦੀਆਂ ਹਨ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ 28 ਅਕਤੂਬਰ ਤੱਕ 10 ਕਰੋੜ ਰੁਪਏ ਦੀ ਸਪੌਸ਼ਰਸ਼ਿਪ ਮਿਲ ਚੁੱਕੀ ਸੀ। ਉਨ•ਾਂ ਦੱਸਿਆ ਕਿ ਵਿਜ ਕਰਾਫਟ ਕੰਪਨੀ ਨੂੰ 5.74 ਕਰੋੜ ਦਿੱਤੇ ਜਾਣੇ ਹਨ ਅਤੇ ਬਾਲੀਵੁੱਡ ਕਲਾਕਾਰਾਂ ਦਾ ਖਰਚਾ ਇਸ ਕੰਪਨੀ ਵਲੋਂ ਹੀ ਇਸੇ ਰਾਸ਼ੀ ਚੋਂ ਹੀ ਖਰਚ ਕੀਤਾ ਜਾਣਾ ਹੈ। ਉਨ•ਾਂ ਆਖਿਆ ਕਿ ਖਿਡਾਰੀਆਂ ਦੇ ਇਨਾਮ ਇਸ ਵਾਰ ਦੁੱਗਣੀ ਰਾਸ਼ੀ ਦੇ ਕਰ ਦਿੱਤੇ ਗਏ ਹਨ ਤਾਂ ਜੋ ਕਬੱਡੀ ਖੇਡ ਨੂੰ ਹੋਰ ਬੁਲੰਦੀ 'ਤੇ ਲਿਜਾਇਆ ਜਾ ਸਕੇ।
        ਬਾਲੀਵੁੱਡ ਕਲਾਕਾਰ ਸੱਦਣ ਦੀ ਸ਼ੁਰੂਆਤ ਫਰਵਰੀ-ਮਾਰਚ 2011 'ਚ ਸ਼ਹੀਦੇ ਆਜ਼ਮ ਭਗਤ ਸਿੰਘ ਸਕੂਲ ਖੇਡਾਂ ਤੋਂ ਹੋਈ ਸੀ। ਇਨ•ਾਂ ਖੇਡਾਂ ਦੇ ਸਮਾਪਤੀ ਸਮਾਰੋਹਾਂ 'ਤੇ ਸਰਕਾਰ ਨੇ ਧਰਮਿੰਦਰ,ਬੌਬੀ ਦਿਉਲ ਅਤੇ ਸੰਨੀ ਦਿਉਲ ਨੂੰ ਸੱਦਿਆ ਗਿਆ ਸੀ ਜਿਸ ਕਰਕੇ ਐਨ.ਜੈਡ,ਸੀ.ਸੀ ਨੇ ਇਨ•ਾਂ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੇ 1.72 ਕਰੋੜ ਰੁਪਏ ਲਏ ਸਨ। ਇਨ•ਾਂ ਖੇਡਾਂ ਵਿੱਚ ਸਰਕਾਰ ਨੇ ਕਲਾਕਾਰਾਂ 'ਤੇ ਵੀ 21.50 ਲੱਖ ਰੁਪਏ ਖਰਚੇ ਸਨ। ਬਾਲੀਵੁੱਡ ਅਦਾਕਾਰ ਆਉਣ ਕਰਕੇ ਬਜਟ ਵੀ ਵੱਧ ਜਾਂਦਾ ਹੈ। ਬਠਿੰਡਾ 'ਚ ਪਹਿਲੀ ਨਵੰਬਰ ਨੂੰ ਸਾਹਰੁਖ 9 ਵਜੇ ਤੋਂ 9.30 ਵਜੇ ਤੱਕ ਪ੍ਰੋਗਰਾਮ ਪੇਸ਼ ਕਰਨਗੇ। ਸਮਾਪਤੀ ਸਮਾਰੋਹਾ 'ਤੇ ਕੈਟਰੀਨਾ ਕੈਫ ਪੁੱਜੇਗੀ। ਬਾਕੀ ਜਿਸ ਸ਼ਹਿਰ ਵਿੱਚ ਕਬੱਡੀ ਦਾ ਮੈਚ ਹੋਵੇਗਾ ,ਉਸ 'ਚ ਇੱਕ ਇੱਕ ਪੰਜਾਬੀ ਕਲਾਕਾਰ ਪੁੱਜੇਗਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਕਬੱਡੀ ਕੱਪ ਦਾ ਚੋਣਾਂ ਨਾਲ ਕੋਈ ਵਾਸਤਾ ਨਹੀਂ ਹੈ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਸਿਰਫ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਹੀ ਦਿੱਤੀ ਜਾ ਰਹੀ ਹੈ ਜਦੋਂ ਕਿ ਬਾਕੀ ਰਾਸ਼ੀ ਸਪੌਸ਼ਰਸ਼ਿਪ ਰਾਹੀਂ ਹੋ ਰਿਹਾ ਹੈ।