Tuesday, January 31, 2012

                                          ਉਮੀਦਵਾਰ ਖੁਦ ਵੋਟ ਪਾਉਣ ਤੋਂ ਭੱਜੇ  
                                                                 ਚਰਨਜੀਤ ਭੁੱਲਰ              
ਬਠਿੰਡਾ : ਚੋਣ ਪਿੜ ਵਿੱਚ ਦਰਜਨਾਂ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਅੱਜ ਖੁਦ ਆਪਣੀ ਵੋਟ ਹੀ ਨਹੀਂ ਪਾਈ ਹੈ। ਇਹ ਉਮੀਦਵਾਰ ਲੋਕਾਂ ਨੂੰ ਵੋਟਾਂ ਪਾਉਣ ਲਈ ਆਖਦੇ ਰਹੇ ਪਰ ਖੁਦ ਨੇ ਆਪਣੀ ਵੋਟ ਪਾਉਣ ਦੀ ਲੋੜ ਹੀ ਨਹੀਂ ਸਮਝੀ ਹੈ। ਇਸੇ ਦੌਰਾਨ ਆਪਣੇ ਜੱਦੀ ਹਲਕੇ ਤੋਂ ਚੋਣ ਨਾ ਲੜ ਰਹੇ ਹੋਣ ਕਾਰਨ ਬਹੁਤੇ ਉਮੀਦਵਾਰ ਆਪਣੇ ਆਪ ਨੂੰ ਵੋਟ ਪਾਉਣ ਤੋਂ ਬੇਵੱਸ ਰਹੇ ਹਨ। ਸਿਆਸੀ ਧਿਰਾਂ ਵੱਲੋਂ ਬਾਹਰਲੇ ਉਮੀਦਵਾਰ ਚੋਣ ਪਿੜ ਵਿੱਚ ਉਤਾਰੇ ਜਾਣ ਕਾਰਨ ਉਮੀਦਵਾਰ ਆਪਣੀ ਵੋਟ ਪਾਉਣ ਤੋਂ ਖੁੰਝੇ ਹਨ।ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਅੱਜ ਆਪਣੀ ਵੋਟ ਨਹੀਂ ਪਾਈ। ਉਨ੍ਹਾਂ ਦੀ ਵੋਟ ਫਿਰੋਜ਼ਪੁਰ ਸ਼ਹਿਰ ਵਿੱਚ ਬਣੀ ਹੋਈ ਹੈ ਜਦਕਿ ਉਨ੍ਹਾਂ ਨੇ ਚੋਣ ਹਲਕਾ ਮੌੜ ਤੋਂ ਲੜੀ। ਸ੍ਰੀ ਸੇਖੋਂ ਦੇ ਪੀ.ਏ. ਨੇ ਦੱਸਿਆ ਕਿ ਅੱਜ ਸ੍ਰੀ ਸੇਖੋਂ ਸਵੇਰੇ 6 ਵਜੇ ਹੀ ਮੌੜ ਹਲਕੇ ਵਿੱਚ ਆ ਗਏ ਸਨ ਅਤੇ ਵਾਪਸ ਫਿਰੋਜ਼ਪੁਰ ਜਾ ਹੀ ਨਹੀਂ ਸਕੇ ਹਨ। ਦੱਸਣਯੋਗ ਹੈ ਕਿ ਇਹ ਅਕਾਲੀ ਉਮੀਦਵਾਰ ਪਿਛਲੇ ਇੱਕ ਮਹੀਨੇ ਤੋਂ ਲੋਕਾਂ ਨੂੰ ਤਾਂ ਵੋਟਾਂ ਵਾਸਤੇ ਪ੍ਰੇਰ ਰਿਹਾ ਹੈ ਪਰ ਖੁਦ ਵੋਟ ਪਾਉਣ ਦੀ ਅਹਿਮੀਅਤ ਨਹੀਂ ਸਮਝੀ।
            ਇਸੇ ਤਰ੍ਹਾਂ ਮੌੜ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਵੀ ਵੋਟ ਨਹੀਂ ਪਾ ਸਕੇ ਹਨ। ਕਾਂਗਰਸੀ ਉਮੀਦਵਾਰ ਸ੍ਰੀ ਬਾਂਸਲ ਦੇ ਕਰੀਬੀ ਸੰਜੀਵ ਗੋਇਲ ਨੇ ਦੱਸਿਆ ਕਿ ਸ੍ਰੀ ਬਾਂਸਲ ਅੱਜ ਪੂਰਾ ਦਿਨ ਹਲਕਾ ਮੌੜ ਵਿੱਚ ਹੀ ਰਹੇ। ਸ੍ਰੀ ਬਾਂਸਲ ਦੀ ਵੋਟ ਹਲਕਾ ਬੁਢਲਾਡਾ ਵਿੱਚ ਬਣੀ ਹੋਈ ਹੈ ਜਦਕਿ ਉਨ੍ਹਾਂ ਨੂੰ ਕਾਂਗਰਸ ਨੇ ਹਲਕਾ ਮੌੜ ਤੋਂ ਟਿਕਟ ਦੇ ਦਿੱਤੀ ਹੈ। ਅੱਜ ਉਹ ਪੂਰਾ ਦਿਨ ਬੁਢਲਾਡਾ ਜਾ ਹੀ ਨਹੀਂ ਸਕੇ।ਹਲਕਾ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਮਿੱਤਲ ਅੱਜ ਆਪਣੀ ਵੋਟ ਨਹੀਂ ਪਾ ਸਕੇ। ਅਕਾਲੀ ਉਮੀਦਵਾਰ ਪ੍ਰੇਮ ਮਿੱਤਲ ਦੀ ਵੋਟ ਲੁਧਿਆਣਾ ਵਿਖੇ ਬਣੀ ਹੋਈ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਮਾਨਸਾ ਤੋਂ ਟਿਕਟ ਦਿੱਤੀ ਹੈ। ਉਹ ਅੱਜ ਮਾਨਸਾ ਵਿੱਚ ਹੀ ਰਹੇ ਅਤੇ ਵੋਟ ਪਾਉਣ ਲਈ ਲੁਧਿਆਣਾ ਨਹੀਂ ਗਏ। ਅਕਾਲੀ ਉਮੀਦਵਾਰ ਦੇ ਰਿਸ਼ਤੇਦਾਰ ਸਤੀਸ਼ ਮਿੱਤਲ ਦਾ ਕਹਿਣਾ ਸੀ ਕਿ ਉਹ ਟਿਕਟ ਮਿਲਣ ਮਗਰੋਂ ਲੁਧਿਆਣਾ ਗਏ ਹੀ ਨਹੀਂ ਹਨ।
          ਹਲਕਾ ਭਦੌੜ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਵੀ ਅੱਜ ਆਪਣੀ ਵੋਟ ਨਹੀਂ ਪਾ ਸਕੇ ਹਨ। ਮੁਹੰਮਦ ਸਦੀਕ ਦੀ ਵੋਟ ਲੁਧਿਆਣਾ ਵਿਖੇ ਬਣੀ ਹੋਈ ਹੈ ਜਦਕਿ ਉਹ ਅੱਜ ਆਪਣੇ ਚੋਣ ਹਲਕੇ ਭਦੌੜ ਵਿੱਚ ਹੀ ਰਹੇ। ਸ੍ਰੀ ਸਦੀਕ ਦੇ ਜਵਾਈ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੁਹੰਮਦ ਸਦੀਕ ਅੱਜ ਵੋਟ ਨਹੀਂ ਪਾ ਸਕੇ। ਅਜਿਹਾ ਹੀ ਹਲਕਾ ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਵੀ ਅੱਜ ਆਪਣੀ ਵੋਟ ਨਹੀਂ ਪਾ ਸਕੇ ਹਨ। ਬਲਵੰਤ ਸਿੰਘ ਰਾਮੂਵਾਲੀਆ ਦੀ ਵੋਟ ਉਨ੍ਹਾਂ ਦੇ ਜੱਦੀ ਪਿੰਡ ਰਾਮੂਵਾਲਾ, ਜ਼ਿਲ੍ਹਾ ਮੋਗਾ ਵਿਖੇ ਬਣੀ ਹੋਈ ਹੈ। ਉਨ੍ਹਾਂ ਦਾ ਪਿੰਡ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਪੈਂਦਾ ਹੈ। ਪਿੰਡ ਰਾਮੂਵਾਲਾ ਦੇ ਬੀ.ਐਲ.ਓ ਸ੍ਰੀ ਸਤਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਅੱਜ ਵੋਟ ਪਾਉਣ ਨਹੀਂ ਆਏ ਹਨ। ਹਲਕਾ ਮੌੜ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ। ਮਨਪ੍ਰੀਤ ਸਿੰਘ ਬਾਦਲ ਦੀ ਵੋਟ ਪਿੰਡ ਬਾਦਲ ਵਿੱਚ ਬਣੀ ਹੋਈ ਹੈ। ਉਹ ਪਹਿਲਾਂ ਚਾਰ ਵਾਰ ਵਿਧਾਇਕ ਬਣੇ ਹਨ ਪਰ ਉਹ ਕਦੇ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ ਕਿਉਂਕਿ ਪਿੰਡ ਬਾਦਲ ਹਲਕਾ ਗਿੱਦੜਬਹਾ ਤੋਂ ਬਾਹਰ ਹੈ। ਅੱਜ ਉਨ੍ਹਾਂ ਨੇ ਆਪਣੇ ਪਿੰਡ ਬਾਦਲ ਵਿਖੇ ਜਾ ਕੇ ਵੋਟ ਪਾਈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਅੱਜ ਖੁਦ ਆਪਣੇ ਆਪ ਨੂੰ ਆਪਣੀ ਵੋਟ ਨਹੀਂ ਪਾ ਸਕੇ ਹਨ। ਉਨ੍ਹਾਂ ਦੀ ਵੋਟ ਪਿੰਡ ਬਾਦਲ ਵਿੱਚ ਬਣੀ ਹੋਈ ਹੈ ਜੋ ਕਿ ਹਲਕਾ ਲੰਬੀ ਵਿੱਚ ਹੈ ਜਦਕਿ ਸੁਖਬੀਰ ਸਿੰਘ ਬਾਦਲ ਖੁਦ ਹਲਕਾ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ।
          ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦੀ ਵੋਟ ਹਲਕਾ ਬਠਿੰਡਾ ਸ਼ਹਿਰੀ ਵਿੱਚ ਬਣੀ ਹੋਈ ਹੈ ਜਦਕਿ ਉਹ ਖੁਦ ਹਲਕਾ ਭੁੱਚੋ ਤੋਂ ਚੋਣ ਲੜ ਰਹੇ ਹਨ। ਕਾਂਗਰਸੀ ਉਮੀਦਵਾਰ ਮੱਖਣ ਸਿੰਘ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ। ਹਲਕਾ ਧੂਰੀ ਤੋਂ ਚੋਣ ਲੜ ਰਹੇ ਅਰਵਿੰਦ ਖੰਨਾ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ ਕਿਉਂਕਿ ਉਨ੍ਹਾਂ ਦੀ ਵੋਟ ਸੰਗਰੂਰ ਵਿਖੇ ਬਣੀ ਹੋਈ ਹੈ ਜਦਕਿ ਉਹ ਚੋਣ ਧੂਰੀ ਤੋਂ ਲੜ ਰਹੇ ਹਨ। ਹਲਕਾ ਦਿੜ੍ਹਬਾ ਤੋਂ ਅਕਾਲੀ ਉਮੀਦਵਾਰ ਬਲਵੀਰ ਸਿੰਘ ਘੁੰਨਸ ਵੀ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਹਨ ਕਿਉਂਕਿ ਉਨ੍ਹਾਂ ਦੀ ਹਲਕਾ ਭਦੌੜ ਵਿੱਚ ਵੋਟ ਬਣੀ ਹੋਈ ਹੈ।ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਦਾ ਕਹਿਣਾ ਸੀ ਕਿ ਉਮੀਦਵਾਰਾਂ ਵੱਲੋਂ ਖੁਦ ਵੋਟ ਨਾ ਪਾਏ ਜਾਣ ਦਾ ਮਤਲਬ ਹੈ ਕਿ ਉਹ ਵੋਟ ਦੇ ਹੱਕ ਨੂੰ ਟਿੱਚ ਸਮਝਦੇ ਹਨ ਅਤੇ ਖੁਦ ਸਿਰਫ ਕੁਰਸੀ ਲੈਣ ਤੱਕ ਸੀਮਤ ਹਨ।
                       ਸ਼ੁਕਰੀਆ ਧੀਏ !
                           ਚਰਨਜੀਤ ਭੁੱਲਰ
ਬਠਿੰਡਾ :  'ਸ਼ੁਕਰੀਆ ਧੀਏ, ਤੂੰ ਪੂਰੇ ਪੰਜਾਬ ਦਾ ਸਿਰ ਉੱਚਾ ਕਰ ਦਿੱਤਾ ਹੇ।' ਪਿੰਡ ਮਹਿਰਾਜ ਦੇ ਬਜ਼ੁਰਗਾਂ ਨੇ ਮੁੱਖ ਚੋਣ ਅਫਸਰ ਕੁਸੁਮਜੀਤ ਕੌਰ ਸਿੱਧੂ ਨੂੰ ਅੱਜ ਪੱਤਰ ਭੇਜ ਕੇ ਇਹ ਸ਼ਬਦ ਆਖੇ ਹਨ। ਦੱਸਣਯੋਗ ਹੈ ਕਿ ਕੁਸੁਮਜੀਤ ਕੌਰ ਸਿੱਧੂ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦੀ ਧੀ ਹੈ। ਮਹਿਰਾਜ ਦੇ ਲੋਕਾਂ ਨੇ ਸਿਆਸਤ ਤੋਂ ਉਪਰ ਉਠ ਕੇ ਆਪਣੇ ਪਿੰਡ ਦੀ ਧੀ ਕੁਸੁਮਜੀਤ ਕੌਰ ਸਿੱਧੂ ਨੂੰ ਅੱਜ ਸ਼ਾਬਾਸ਼ ਦਿੱਤੀ ਹੈ। ਪੰਜਾਬ ਚੋਣਾਂ ਵਿੱਚ ਲਿਆਂਦੇ ਸੁਧਾਰ ਅਤੇ ਮਜ਼ਬੂਤ ਲੋਕ ਰਾਜ ਲਈ ਕੀਤੇ ਉਪਰਾਲੇ ਤੋਂ ਪਿੰਡ ਮਹਿਰਾਜ ਦੇ ਲੋਕ ਖੁਸ਼ ਹਨ ਅਤੇ ਉਹ ਇਸ ਦਾ ਸਿਹਰਾ ਆਪਣੇ ਪਿੰਡ ਦੀ ਧੀ ਕੁਸੁਮਜੀਤ ਕੌਰ ਸਿੱਧੂ ਦੇ ਸਿਰ ਬੰਨ੍ਹ ਰਹੇ ਹਨ। ਪਿੰਡ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਇੱਕ ਚੰਗੀ ਸ਼ੁਰੂਆਤ ਬਦਲੇ ਮੁੱਖ ਚੋਣ ਅਫਸਰ ਨੂੰ ਪਿੰਡ ਬੁਲਾ ਕੇ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਪਿੰਡ ਵਾਸੀਆਂ ਨੇ ਅੱਜ ਮੁੱਖ ਚੋਣ ਅਫਸਰ ਪੰਜਾਬ ਦਾ ਸ਼ੁਕਰੀਆ ਕਰਨ ਲਈ ਪੱਤਰ ਭੇਜਿਆ ਹੈ।
          ਸ਼੍ਰੋਮਣੀ ਅਕਾਲੀ ਦਲ ਮਹਿਰਾਜ ਦੇ ਪ੍ਰਧਾਨ ਬਾਬੂ ਸਿੰਘ ਨੇ ਆਖਿਆ ਕਿ ਪਿੰਡ ਦੀ ਧੀ ਨੇ ਚੋਣਾਂ 'ਚੋਂ ਲੜਾਈ ਝਗੜੇ ਖਤਮ ਕਰਕੇ ਸਵੱਛ ਲੋਕ ਰਾਜ ਦੀ ਨੀਂਹ ਰੱਖ ਦਿੱਤੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਿੰਡ ਦੀ ਧੀ 'ਤੇ ਮਾਣ ਹੈ। ਉਨ੍ਹਾਂ ਆਖਿਆ ਕਿ ਜਿੰਨਾ ਚੋਣ ਸੁਧਾਰ ਉਸ ਕੁਸੁਮਜੀਤ ਨੇ ਕੀਤਾ ਹੈ, ਉਹ ਪਹਿਲਾਂ ਕਦੇ ਨਹੀਂ ਹੋ ਸਕਿਆ ਹੈ।  ਜਥੇਦਾਰ ਸ਼ੇਰ ਸਿੰਘ ਮਹਿਰਾਜ ਅਤੇ ਹੋਰ ਬਜ਼ੁਰਗਾਂ ਨੇ ਪੱਤਰ 'ਚ ਲਿਖਿਆ, ''ਧੀਏ, ਤੂੰ ਸਾਡੇ ਪਿੰਡ ਦਾ ਮਾਣ ਵਧਾਇਆ ਹੈ, ਸਾਡੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਤੇਰਾ ਧੰਨਵਾਦ ਕਰ ਸਕੀਏ।'' ਦੱਸਣਯੋਗ ਹੈ ਕਿ ਕੁਸੁਮਜੀਤ ਕੌਰ ਸਿੱਧੂ ਦੀ ਪਿੰਡ ਮਹਿਰਾਜ 'ਚ ਜ਼ਮੀਨ ਜਾਇਦਾਦ ਹੈ ਅਤੇ ਉਹ ਪਿੰਡ ਵਿੱਚ ਗੇੜਾ ਮਾਰਦੀ ਰਹਿੰਦੀ ਹੈ। ਪਿੰਡ ਮਹਿਰਾਜ ਦੀ ਆਬਾਦੀ ਕਰੀਬ 20 ਹਜ਼ਾਰ ਹੈ। ਪਿੰਡ ਦੇ ਨੰਬਰਦਾਰ ਚੰਦ ਸਿੰਘ ਦਾ ਕਹਿਣਾ ਸੀ ਕਿ ਅਜਿਹਾ ਚੋਣ ਮਾਹੌਲ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਇੱਕ ਲੜਕੀ ਏਨਾ ਸੁਧਾਰ ਕਰ ਸਕਦੀ ਹੈ ਤਾਂ ਸਰਕਾਰਾਂ ਕਿਉਂ ਨਹੀਂ? ਉਨ੍ਹਾਂ ਆਖਿਆ ਕਿ ਨਵੀਂ ਪੀੜ੍ਹੀ ਨੂੰ ਚੰਗਾ ਰਾਹ ਦਿਖੇਗਾ। ਬਜ਼ੁਰਗਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੀ ਕੁੜੀ ਨੇ ਪੂਰਾ ਪ੍ਰਬੰਧ ਸੂਈ ਦੇ ਨੱਕੇ ਵਿੱਚੋਂ ਦੀ ਕੱਢ ਦਿੱਤਾ ਹੈ। ਯੂਥ ਅਕਾਲੀ ਦਲ ਬਲਾਕ ਰਾਮਪੁਰਾ ਦੇ ਪ੍ਰਧਾਨ ਅਤੇ ਪਿੰਡ ਮਹਿਰਾਜ ਦੇ ਵਸਨੀਕ ਕੁਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕੁਸੁਮਜੀਤ ਸਿੱਧੂ ਨੇ ਨਿਰਪੱਖ ਚੋਣਾਂ ਕਰਾਕੇ ਮਿਸਾਲ ਕਾਇਮ ਕਰ ਦਿੱਤੀ ਹੈ ਅਤੇ ਪਹਿਲੀ ਵਾਰ ਚੋਣਾਂ ਵਿੱਚ ਖਿੱਚ ਧੂਹ ਖਤਮ ਹੋਈ ਹੈ। ਉਨ੍ਹਾਂ ਆਖਿਆ ਕਿ ਉਹ ਮੁੱਖ ਚੋਣ ਅਧਿਕਾਰੀ ਦਾ ਪਿੰਡ 'ਚ ਸਨਮਾਨ ਕਰਨਗੇ।  ਬਜ਼ੁਰਗ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਚੋਣਾਂ ਵਿੱਚ ਪੈਸੇ ਅਤੇ ਨਸ਼ੇ ਦਾ ਵੰਡ ਘਟੀ ਹੈ ਅਤੇ ਇਹ ਮੁੱਖ ਚੋਣ ਅਧਿਕਾਰੀ ਦੀ ਸਖਤੀ ਨੇ ਸੰਭਵ ਕਰ ਦਿਖਾਇਆ ਹੈ।
          ਬਜ਼ੁਰਗ ਸਾਧੂ ਸਿੰਘ ਨੇ ਆਖਿਆ ਕਿ ਇਨ੍ਹਾਂ ਚੋਣ ਸੁਧਾਰਾਂ ਨਾਲ ਲੋਕ ਰਾਜ ਦੀ ਮਜ਼ਬੂਤੀ ਹੋਈ ਹੈ। ਲੋਕਾਂ ਨੂੰ ਨਿਰਪੱਖ ਹੋ ਕੇ ਵੋਟਾਂ ਪਾਉਣ ਦਾ ਮੌਕਾ ਮਿਲਿਆ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪਿੰਡ ਮਹਿਰਾਜ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ ਮਨਬੀਰ ਸਿੰਘ ਦਾ ਕਹਿਣਾ ਸੀ ਕਿ ਚੰਗੇ ਚੋਣ ਮਾਹੌਲ ਕਰਕੇ ਐਤਕੀਂ ਵੋਟ ਫੀਸਦੀ ਵਧੀ  ਹੈ।     ਉਨ੍ਹਾਂ ਆਖਿਆ ਕਿ ਸਿਆਸੀ ਉਮੀਦਵਾਰਾਂ ਦਾ ਪੈਸੇ ਦਾ ਜ਼ੋਰ ਨਹੀਂ ਚੱਲ ਸਕਿਆ ਹੈ ਅਤੇ ਚੋਣਾਂ ਦਾ ਸ਼ੋਰ ਪ੍ਰਦੂਸ਼ਣ ਘਟਾਉਣ ਵਿੱਚ ਮੁੱਖ ਚੋਣ ਅਧਿਕਾਰੀ ਨੇ ਵੱਡਾ ਰੋਲ ਅਦਾ ਕੀਤਾ ਹੈ।  ਪਿੰਡ ਮਹਿਰਾਜ ਦੇ ਹਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਪਿੰਡ ਪੱਧਰ 'ਤੇ ਪ੍ਰੋਗਰਾਮ ਬਣਾ ਰਹੇ ਹਨ ਕਿ ਸਾਂਝਾ ਸਮਾਗਮ ਕਰਕੇ  ਕੁਸੁਮਜੀਤ ਕੌਰ ਸਿੱਧੂ ਦਾ ਸਨਮਾਨ ਕੀਤਾ ਜਾਵੇ।

Monday, January 30, 2012

                             ਹਕੂਮਤ ਦਾ 
  ਨਵਾਂ ਸੂਰਜ ਕਿਸ ਪਿੰਡ ਚੋਂ  ਚੜੇਗਾ !
                        ਚਰਨਜੀਤ ਭੁੱਲਰ
ਬਠਿੰਡਾ : ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੇਖਣ ਲਈ ਪੱਬਾਂ ਭਾਰ ਹੈ ਜਦੋਂ ਕਿ ਪਿੰਡ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ 'ਤੇ ਰੱਬ ਜੇਡਾ ਮਾਣ ਹੈ। ਹਕੂਮਤ ਦਾ ਸੂਰਜ ਕਿਸ ਪਿੰਡ ਚੜ੍ਹੇਗਾ,ਇਸ ਦਾ ਫੈਸਲਾ ਲੋਕ ਭਲਕੇ ਕਰਨਗੇ। ਪਿੰਡ ਬਾਦਲ ਦੇ ਲੋਕ ਆਪਣੇ ਪਿੰਡ 'ਚ ਹੋਏ ਵਿਕਾਸ ਤੋਂ ਪੂਰੀ ਤਸੱਲੀ ਵਿੱਚ ਹਨ। ਪਿੰਡ ਵਾਲੇ ਮੁੜ ਮੁੱਖ ਮੰਤਰੀ ਦੀ ਕੁਰਸੀ ਪਿੰਡ 'ਚ ਰਹਿਣ ਦੀ ਉਮੀਦ ਲਗਾਈ ਬੈਠੇ ਹਨ। ਉਂਝ ਪਿੰਡ 'ਚ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਬਣੀ ਹੋਈ ਹੈ। ਚਾਰ ਚੁਫੇਰੇ ਚੁੱਪ ਪਸਰੀ ਹੋਈ ਹੈ। ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਏਨੀ ਦਾਦ ਜ਼ਰੂਰ ਦਿੰਦੇ ਹਨ ਕਿ ਮੁੱਖ ਮੰਤਰੀ ਨੇ ਪਿੰਡ ਦੇ ਭਲੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ।ਉਧਰ ਪਿੰਡ ਮਹਿਰਾਜ ਦੇ ਲੋਕ ਮੁੱਖ ਮੰਤਰੀ ਦਾ ਤਾਜ ਕੈਪਟਨ ਅਮਰਿੰਦਰ ਸਿੰਘ ਦੇ ਸਿਰ 'ਤੇ ਦੇਖਣ ਲਈ ਉਤਾਵਲੇ ਹਨ। ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਮਹਿਰਾਜ ਦਾ ਜਥੇਦਾਰ ਸ਼ੇਰ ਸਿੰਘ ਆਖਦਾ ਹੈ,'ਕਪਤਾਨ ਆਏਗਾ ਤਾਂ ਪਿੰਡ ਦੇ ਅਧੂਰੇ ਕੰਮ ਸਿਰੇ ਲੱਗਣਗੇ।' ਉਹ ਲੋੜੋਂ ਵੱਧ ਭਰੋਸੇ ਨਾਲ ਆਖਦਾ ਹੈ ਕਿ 'ਪਿੰਡ ਦੇ ਭਾਗ ਮੁੜ ਜਾਗਣ ਵਾਲੇ ਨੇ।' ਪਿੰਡ ਬਾਦਲ ਦੇ ਵੋਟਰ ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ 'ਤੇ ਖੜ੍ਹਦੇ ਹਨ ਜਦੋਂ ਕਿ ਮਹਿਰਾਜ ਦੇ ਲੋਕ ਕੈਪਟਨ ਦੀ ਲਾਜ ਵੋਟਾਂ ਵੇਲੇ ਜ਼ਰੂਰ ਰੱਖਦੇ ਹਨ।
         ਪਿੰਡ ਬਾਦਲ ਦੇ ਬਜ਼ੁਰਗ ਭਲਕੇ ਵੋਟਾਂ ਨੂੰ ਆਪਣੇ ਲਈ ਧਰਮ ਸੰਕਟ ਮੰਨਦੇ ਹਨ। ਉਹ ਆਖਦੇ ਹਨ ਕਿ ਦਾਸ ਤੇ ਪਾਸ਼ ਦੀ ਲੜਾਈ ਵਿੱਚ ਉਹ ਫਾਹੇ ਟੰਗੇ ਗਏ ਹਨ। ਏਦਾਂ ਪਹਿਲਾਂ ਕਦੇ ਨਹੀਂ ਹੋਇਆ ਸੀ ਕਿ ਵੋਟਾਂ ਵਾਲੇ ਦਿਨ ਲੋਕਾਂ ਨੂੰ ਸੋਚਣਾ ਪੈਂਦਾ ਹੋਵੇ। ਅਕਾਲੀ ਹੁੰਦੇ ਸਨ ਜਾਂ ਫਿਰ ਕਾਂਗਰਸੀ। ਹੁਣ ਦਾਸ ਤੇ ਪਾਸ਼ ਦੇ ਚੱਕਰ 'ਚ ਪਿੰਡ ਦੇ ਲੋਕ ਫਸ ਗਏ ਹਨ। ਸੱਥ ਵਿੱਚ ਬੈਠੇ ਲੋਕਾਂ ਨੇ ਆਪਣਾ ਨਾਮ ਜੱਗ ਜ਼ਾਹਰ ਕਰਨ ਤੋਂ ਪਾਸਾ ਵੱਟ ਲਿਆ। ਇੱਕ ਨੇ ਆਖਿਆ,ਅਗਲੇ ਪੰਜ ਵਰ੍ਹੇ ਵੀ ਬਾਜ਼ੀ ਪਿੰਡ ਬਾਦਲ ਦੇ ਹੱਥ ਹੀ ਰਹੇਗੀ।' ਦੂਸਰੇ ਨੇ ਆਖਿਆ ਕਿ,'ਮੁੱਖ ਮੰਤਰੀ ਦੀ ਕੁਰਸੀ ਪਿੰਡੋਂ ਬਾਹਰ ਜਾਣੀ ਮੁਸ਼ਕਲ ਹੈ।'ਜਦੋਂ ਇੱਕ ਨੌਜਵਾਨ ਪਿੰਡ ਦੇ ਵਿਕਾਸ ਕੰਮਾਂ ਦੀ ਸੂਚੀ ਗਿਣਾਉਂਦਾ ਹੈ ਤਾਂ ਇੱਕ ਬਜ਼ੁਰਗ ਗੱਲ ਕੱਟ ਕੇ ਆਖਦਾ ਹੈ,'ਪਿੰਡ ਦੇ 80-80 ਸਾਲ ਦੇ ਬਜ਼ੁਰਗਾਂ ਨੂੰ ਤਾਂ ਪੈਨਸ਼ਨ ਨਹੀਂ ਲੱਗੀ, ਮੂਹਰਲਿਆਂ ਨੇ ਨੌਜਵਾਨਾਂ ਨੂੰ ਬੁਢਾਪਾ ਪੈਨਸ਼ਨਾਂ ਦੇ ਦਿੱਤੀਆਂ।'ਲੋਕਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਵੀ ਅਸੈਂਬਲੀ ਚੋਣ ਆਉਂਦੀ ਤਾਂ ਪਿੰਡ ਵਿੱਚ ਇੱਕ ਦਿਨ ਪਹਿਲਾਂ ਰੌਣਕ ਬਣ ਜਾਂਦੀ ਸੀ। ਪਰ ਹੁਣ ਦੇਖਿਆ ਗਿਆ ਕਿ ਕਿਧਰੇ ਕੋਈ ਝੰਡੀ ਨਹੀਂ ਸੀ,ਪੋਸਟਰ ਨਹੀਂ ਸਨ। ਨਾ ਹੀ ਕੋਈ ਸਿਆਸੀ ਚਹਿਲ ਪਹਿਲ ਸੀ। ਨਵੀਂ ਉਮਰ ਦੇ ਮੁੰਡੇ ਮਜ਼ਾਹੀਆ ਲਹਿਜ਼ੇ 'ਚ ਆਖ ਰਹੇ ਸਨ, ਲੰਬੀ ਤੋਂ ਜਿੱਤੇ ਕੋਈ ਵੀ, ਪਰ ਜਿੱਤੇਗਾ ਤਾਂ ਬਾਦਲ ਪਿੰਡ ਦਾ ਹੀ। ਦੂਸਰੀ ਤਰਫ ਪਿੰਡ ਮਹਿਰਾਜ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਪਿੰਡ ਮਹਿਰਾਜ 'ਚ ਕਰੀਬ 12 ਹਜ਼ਾਰ ਵੋਟ ਹੈ। ਖਾਸ ਗੱਲ ਇਹ ਹੈ ਕਿ ਪਿੰਡ ਦੇ ਲੋਕ ਕਾਂਗਰਸ ਨਾਲ ਨਹੀਂ ਪ੍ਰੰਤੂ ਕੈਪਟਨ ਨਾਲ ਹਨ। ਸਾਲ 2007 ਦੀਆਂ ਚੋਣਾਂ ਵਿੱਚ ਮਹਿਰਾਜ ਵਿੱਚੋਂ ਕਾਂਗਰਸੀ ਉਮੀਦਵਾਰ ਦੀ ਲੀਡ 3485 ਵੋਟਾਂ ਦੀ ਸੀ ਜਦੋਂ ਕਿ ਲੋਕ ਸਭਾ ਚੋਣਾਂ 2009 ਵਿੱਚ ਕਾਂਗਰਸ ਦੀ ਲੀਡ 2500 ਵੋਟਾਂ ਦੀ ਸੀ।
         ਰਾਮਪੁਰਾ ਹਲਕੇ ਦੀ ਹਾਰ ਜਿੱਤ ਦੇ ਫੈਸਲੇ ਵਿੱਚ ਮਹਿਰਾਜ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਮਹਿਰਾਜ ਦੇ ਗੁਰੂ ਘਰ 'ਚੋਂ ਅਰਦਾਸ ਕਰਨ ਮਗਰੋਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਪਿੰਡ ਦੇ ਸਪੋਰਟਸ ਕਲੱਬ ਦੇ ਸੀਨੀਅਰ ਮੈਂਬਰ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਜਦੋਂ ਕੈਪਟਨ ਦਾ ਰਾਜ ਸੀ ਉਦੋਂ ਪਿੰਡ ਮਹਿਰਾਜ ਵਿਚ ਸੀਵਰੇਜ ਪਿਆ,ਦੋ ਜਲ ਘਰ ਨਵੇਂ ਬਣੇ,25 ਬਿਸਤਰਿਆਂ ਦਾ ਹਸਪਤਾਲ ਬਣਿਆ,ਕਿਸਾਨ ਸਿਖਲਾਈ ਕੇਂਦਰ ਣਿਆ,ਕਮਿਊਨਿਟੀ ਸੈਂਟਰ ਬਣਿਆ। ਪਿੰਡ ਦੇ ਸਾਬਕਾ ਸਰਪੰਚ ਲਖਰਾਜ ਸਿੰਘ ਦਾ ਕਹਿਣਾ ਸੀ ਕਿ ਜੋ ਕੰਮ ਅਧੂਰੇ ਰਹਿ ਗਏ ਹਨ,ਉਹ ਕੈਪਟਨ ਸਾਹਿਬ ਪੂਰੇ ਕਰਨਗੇ। ਪਿੰਡ ਦੇ ਕਾਂਗਰਸੀ ਨੇਤਾ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ ਤਾਂ ਕਾਂਗਰਸ ਦੀ ਹਕੂਮਤ ਦੇਖਣ ਲਈ ਕਾਹਲੇ ਹਨ। ਪਿੰਡ ਮਹਿਰਾਜ ਦੇ ਹਰਮੀਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਮਹਿਰਾਜ ਵੱਲੋਂ 29 ਮਾਰਚ ਨੂੰ ਮੋਹੜੀ ਗੱਡ ਦਿਹਾੜਾ ਮਨਾਇਆ ਜਾਂਦਾ ਹੈ,ਉਸ ਮੌਕੇ ਪੂਰੇ ਕੈਪਟਨ ਪਰਿਵਾਰ ਨੂੰ ਸੱਦਣ ਦਾ ਪ੍ਰੋਗਰਾਮ ਬਣਾ ਰਹੇ ਹਨ। ਦੇਖਣਾ ਇਹ ਹੈ ਕਿ ਪਿੰਡ ਬਾਦਲ ਜਾਂ ਮਹਿਰਾਜ 'ਚੋਂ ਕਿਥੋਂ ਦੇ ਲੋਕਾਂ ਦੀ ਦੁਆ ਕੰਮ ਕਰਦੀ ਹੈ ਅਤੇ ਹਕੂਮਤ ਦਾ ਨਵਾਂ ਸੂਰਜ ਕਿਸ ਪਿੰਡ ਵਿੱਚੋਂ ਚੜ੍ਹਦਾ ਹੈ।

Saturday, January 28, 2012

          ਇੱਕ ਦਿਨ ਦੇ 'ਬਾਦਸ਼ਾਹ'
                       ਚਰਨਜੀਤ ਭੁੱਲਰ
ਬਠਿੰਡਾ : ਲਾਲਟੈਨ ਦਾ ਚਾਨਣ ਕਮਲਾ ਦੇਵੀ ਦੀ ਜ਼ਿੰਦਗੀ ਦਾ ਹਨੇਰਾ ਦੂਰ ਨਹੀਂ ਸਕਿਆ ਹੈ। ਉਸ ਦੇ ਬੱਚੇ ਸੰਦੀਪ ਕੁਮਾਰ ਨੂੰ ਇਸੇ ਲਾਲਟੈਨ ਦੇ ਲੋਅ ਹੁਣ ਕੋਈ ਬਹੁਤੀ ਓਪਰੀ ਨਹੀਂ ਲੱਗਦੀ ਹੈ ਜੋ ਪੰਜਵੀਂ ਕਲਾਸ 'ਚ ਪੜ•ਦਾ ਹੈ। ਕੈਂਸਰ ਦੇ ਕਹਿਰ ਨੇ ਕਮਲਾ ਦੇਵੀ ਦਾ ਪਤੀ ਧੰਨਪੱਤ ਰਾਏ ਖੋਹ ਲਿਆ ਹੈ। ਉਹ ਖੁਦ ਟੀ.ਬੀ ਦੀ ਬਿਮਾਰੀ ਨਾਲ ਜੂਝ ਰਹੀ ਹੈ। ਇੱਕ ਕਮਰੇ ਦੇ ਘਰ ਵਿੱਚ ਉਹ ਆਪਣੇ ਚਾਰ ਬੱਚਿਆਂ ਨਾਲ ਦਿਨ ਕੱਟ ਰਹੀ ਹੈ। ਜਦੋਂ ਸਿਆਸੀ ਧਿਰਾਂ ਵਲੋਂ 'ਵਾਧੂ ਬਿਜਲੀ ਵਾਲਾ ਪੰਜਾਬ ਬਣਾਉਣ' ਦੇ ਦਮਗਜੇ ਵੱਜਦੇ ਹਨ ਤਾਂ ਉਹ ਘਰ ਪਈ ਲਾਲਟੈਨ ਦੀਆਂ ਬੱਤੀਆਂ ਨੂੰ ਮੁੜ ਸੰਵਾਰਨ ਲੱਗ ਜਾਂਦੀ ਹੈ। ਕਮਲਾ ਦੇਵੀ ਦੇ ਪਰਿਵਾਰ ਨੂੰ ਅੱਜ ਤੱਕ ਬਿਜਲੀ ਨਸੀਬ ਨਹੀਂ ਹੋ ਸਕੀ ਹੈ। 'ਸਿੰਗਲ ਬੱਤੀ ਸਕੀਮ' ਵਾਲਾ ਬੱਲਬ ਉਸ ਦੇ ਘਰ ਨਹੀਂ ਜਗ ਸਕਿਆ ਹੈ। ਆਜ਼ਾਦੀ ਦੇ 64 ਵਰਿ•ਆਂ ਮਗਰੋਂ ਵੀ ਉਹ ਲਾਲਟੈਨ ਦੀ ਗੁਲਾਮ ਹੈ। ਕੋਈ ਵੀ ਚੋਣ ਉਸ ਦੇ ਦੁੱਖਾਂ ਦੀ ਦਾਰੂ ਨਹੀਂ ਬਣ ਸਕੀ ਹੈ। ਗਿੱਦੜਬਹਾ ਹਲਕੇ ਦੇ ਪਿੰਡ ਖ਼ੂਨਣ ਖੁਰਦ ਦਾ ਇਹ ਮਜ਼ਦੂਰ ਪਰਿਵਾਰ ਵੋਟਾਂ ਵਾਲੀ ਕਤਾਰ 'ਚ ਹਰ ਦਫ਼ਾ ਇੱਕ ਨਵੀਂ ਉਮੀਦ ਲੈ ਕੇ ਖੜ•ਦਾ ਹੈ। ਲੋਕ ਰਾਜ ਅੱਜ ਤੱਕ ਉਸ ਦੇ ਘਰ ਇੱਕ ਬਿਜਲੀ ਦਾ ਲਾਟੂ ਨਹੀਂ ਜਗ•ਾ ਸਕਿਆ ਹੈ। ਜਦੋਂ ਕਮਲਾ ਦੇਵੀ ਦਾ ਪਤੀ ਚਲਾ ਗਿਆ ਤਾਂ ਉਸ ਦੇ ਵੱਡੇ ਲੜਕੇ ਰਮੇਸ਼ ਕੁਮਾਰ ਨੂੰ ਪੜਾਈ ਛੱਡ 'ਲੇਬਰ ਚੌਂਕ' 'ਚ ਖੜਨ ਲਈ ਮਜਬੂਰ ਹੋਣਾ ਪਿਆ। ਇਕੱਲੀ ਕਮਲਾ ਦੇਵੀ ਨਹੀਂ ਬਲਕਿ ਹਜ਼ਾਰਾਂ ਪਰਿਵਾਰ ਏਦਾ ਦੇ ਹਨ ਜਿਨ•ਾਂ ਦੇ ਘਰਾਂ 'ਚ ਅੱਜ ਵੀ ਦੁੱਖਾਂ ਦੇ ਦੀਵੇ ਬਲਦੇ ਹਨ। ਜਮਹੂਰੀਅਤ ਨੇ ਇਨ•ਾਂ ਪਰਿਵਾਰਾਂ ਨਾਲ ਵਫ਼ਾ ਨਹੀਂ ਕੀਤੀ ਹੈ।
         ਪੰਜਾਬ ਚੋਣਾਂ ਦੇ ਪਿੜ 'ਚ ਇਨ•ਾਂ ਕੋਲ ਮੁੜ ਨੇਤਾ ਆਏ ਹਨ। ਹੱਥ ਜੋੜੇ ਗਏ ਹਨ ਅਤੇ ਤਕਦੀਰ ਬਦਲਣ ਦੇ ਵਾਅਦੇ ਕੀਤੇ ਗਏ ਹਨ। ਕਮਲਾ ਦੇਵੀ ਵਾਂਗ ਕਿੰਨੇ ਹੀ ਮੁੜ ਭਰੋਸਾ ਕਰਕੇ ਫਿਰ ਵੋਟਾਂ ਵਾਲੀ ਕਤਾਰ ਵਿੱਚ ਲੱਗਦੇ ਹਨ। ਮਗਰੋਂ ਪੰਜ ਵਰੇ• ਮੁੜ ਫਿਰ ਇਨ•ਾਂ ਨੂੰ ਰਾਹ ਤੱਕਣੇ ਪੈਂਦੇ ਹਨ। ਏਦਾ ਹੀ 60 ਵਰਿ•ਆਂ ਦਾ ਕਾਲੂ ਸਿੰਘ ਉਂਝ ਤਾਂ ਆਮ ਆਦਮੀ ਹੈ ਲੇਕਿਨ ਉਸ ਦਾ ਜ਼ਿਲ•ਾ 'ਖਾਸ' ਹੈ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ•ੇ ਮੁਕਤਸਰ ਦੇ ਖੁੰਡੇ ਹਲਾਲ ਦਾ ਕਾਲੂ ਸਿੰਘ ਅਤੇ ਉਸ ਦੀ ਪਤਨੀ ਰਾਮ ਰੱਖੀ ਪਿੰਡ ਦੇ ਗੁਰੂ ਘਰ ਚੋਂ ਦੋ ਵਕਤ ਪ੍ਰਸ਼ਾਦਾ ਛਕਦੇ ਹਨ। ਇਹ ਉਨ•ਾਂ ਦੀ ਮਜਬੂਰੀ ਹੈ। ਤਾਹੀਓਂ ਕਾਲੂ ਸਿੰਘ ਆਖਦਾ ਹੈ ,'ਗੁਰੂ ਘਰ ਚੋਂ ਖਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ'। ਕਾਲੂ ਸਿੰਘ ਨੂੰ ਤਾਂ ਆਪਣੇ ਪਿੰਡ 'ਚ ਦੋ ਗਜ਼ ਜ਼ਮੀਨ ਵੀ ਨਸੀਬ ਨਹੀਂ ਹੋ ਸਕੀ ਹੈ। ਉਹ ਪਿੰਡ ਦੀ ਪੰਚਾਇਤੀ ਧਰਮਸਾਲਾ 'ਚ ਇੱਕ ਕਾਨਿਆਂ ਦਾ ਛੱਪਰ ਪਾ ਕੇ ਪਰਿਵਾਰ ਪਾਲ ਰਿਹਾ ਹੈ। ਉਸ ਦਾ ਲੜਕਾ ਮੰਗਾ ਸਿੰਘ ਦਿਹਾੜੀ ਕਰਦਾ ਹੈ। ਕਾਲੂ ਸਿੰਘ ਆਖਦਾ ਹੈ ਕਿ 'ਸਾਰਿਆਂ ਨੂੰ ਵੋਟ ਪਾ ਕੇ ਦੇਖ ਲਈ,ਕੋਈ ਉਨ•ਾਂ ਨੂੰ ਦੋ ਗਜ ਜਗ•ਾ ਨਹੀਂ ਦੇ ਸਕਿਆ।' ਪੰਜ ਪੰਜ ਮਰਲੇ ਤਾਂ ਦੂਰ ਦੀ ਗੱਲ। ਮਾਲਵਾ ਖ਼ਿੱਤੇ 'ਚ ਏਦਾ ਦੇ ਹਜ਼ਾਰਾਂ ਦਲਿਤ ਲੋਕ ਹਨ ਜਿਨ•ਾਂ ਨੂੰ ਇੱਕ ਦਹਾਕਾ ਪਹਿਲਾਂ ਪੰਜ ਪੰਜ ਮਰਲੇ ਦੇ ਪਲਾਂਟ ਦਿੱਤੇ ਜਾਣ ਵਾਲੀਆਂ ਸੰਨਦਾਂ ਤਾਂ ਦੇ ਦਿੱਤੀਆਂ ਗਈਆਂ ਸਨ ਪ੍ਰੰਤੂ ਪਲਾਟ ਅੱਜ ਤੱਕ ਨਹੀਂ ਮਿਲੇ ਹਨ। ਪਿੰਡ ਗੰਧੜ ਦਾ ਮਜ਼ਦੂਰ ਸੋਨੀ ਤਾਂ ਪਿੰਡ ਦੇ ਇੱਕ ਜਿਮੀਂਦਾਰ ਦੇ ਪਸ਼ੂਆਂ ਵਾਲੇ ਵਾੜੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਉਸ ਨੂੰ ਹੁਣ ਪਸ਼ੂ ਵੀ 'ਆਪਣੇ' ਹੀ ਲੱਗਦੇ ਹਨ।
            ਭਦੌੜ ਦਾ ਬਜ਼ੁਰਗ ਮਹਿੰਦਰ ਸਿੰਘ ਹੁਣ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਹੈ। 94 ਵਰਿ•ਆਂ ਦੇ ਮਹਿੰਦਰ ਸਿੰਘ ਨੇ ਹਰ ਚੋਣ ਦੇਖੀ ਹੈ। ਚੋਣਾਂ ਤੋਂ ਪਹਿਲਾਂ ਉਸ ਨੇ ਬਟਵਾਰੇ ਦੀ ਪੀੜ ਵੀ ਝੱਲੀ ਹੈ। ਸਾਲ 1918 ਵਿੱਚ ਜਨਮੇ ਮਹਿੰਦਰ ਸਿੰਘ ਕੋਲ ਜ਼ਮੀਨ ਤਾਂ ਹੈ ਪ੍ਰੰਤੂ ਉਹ ਆਪਣੀ ਪੈਲੀ ਦਾ ਆਜ਼ਾਦੀ ਤੋਂ 64 ਵਰਿ•ਆਂ ਮਗਰੋਂ ਵੀ ਮਾਲਕ ਨਹੀਂ ਬਣ ਸਕਿਆ ਹੈ। ਜਦੋਂ ਭਾਰਤ ਪਾਕਿ ਬਟਵਾਰਾ ਹੋਇਆ ਤਾਂ ਉਹ ਤਹਿਸੀਲ ਨਨਕਾਣਾ ਸਾਹਿਬ ਦੇ ਪਿੰਡ 23 ਚੱਕ ਚੋਂ ਆਪਣੇ ਮਾਂ ਬਾਪ ਤੋਂ ਵਿੱਛੜ ਗਿਆ ਸੀ। ਕਤਲੋਗਾਰਦ ਤੋਂ ਪੁੱਤ ਨੂੰ ਬਚਾਉਣ ਲਈ ਮਾਪਿਆਂ ਨੇ ਉਸ ਨੂੰ ਇੱਕ ਗੱਡੇ ਵਿੱਚ ਬਿਠਾ ਕੇ ਇੱਧਰ ਤੋਰ ਦਿੱਤਾ। ਉਹ ਇੱਕ ਮਹੀਨਾ ਕੱਟੀ ਭੁੱਖ ਤੇਹ ਨੂੰ ਅੱਜ ਵੀ ਭੁੱਲਦਾ ਨਹੀਂ। ਮਾਂ ਬਾਪ ਦਾ ਵਿਛੋੜਾ ਉਸ ਦੀ ਜ਼ਿੰਦਗੀ ਦੀ ਚੀਸ ਬਣ ਗਿਆ ਹੈ। ਬਟਵਾਰੇ ਤੋਂ ਪੰਜ ਵਰਿ•ਆਂ ਮਗਰੋਂ ਉਸ ਨੂੰ ਇੱਧਰ ਜ਼ਮੀਨ ਅਲਾਟ ਕਰ ਦਿੱਤੀ ਗਈ ਸੀ। ਉਹ ਦੱਸਦਾ ਹੈ ਕਿ ਉਹ ਦਹਾਕਿਆਂ ਵਰਿ•ਆਂ ਮਗਰੋਂ ਜ਼ਮੀਨ ਦਾ ਮਾਲਕ ਨਹੀਂ ਬਣ ਸਕਿਆ ਹੈ। ਬਟਵਾਰਾ ਦੇਖਣ ਵਾਲੇ ਹਜ਼ਾਰਾਂ ਪਰਿਵਾਰ ਏਦਾ ਦਾ ਸੰਕਟ ਝੱਲ ਰਹੇ ਹਨ। ਉਹ ਹਰ ਪੰਜ ਵਰਿ•ਆਂ ਮਗਰੋਂ ਬਦਲ ਬਦਲ ਕੇ ਵੋਟਾਂ ਪਾ ਰਹੇ ਹਨ। ਕੋਈ ਸਰਕਾਰ ਉਨ•ਾਂ ਨੂੰ 'ਮਾਲਕ' ਹੋਣ ਦਾ ਅਹਿਸਾਸ ਨਹੀਂ ਕਰਾ ਸਕੀ ਹੈ।
          ਜਮਹੂਰੀਅਤ ਦੇ ਹਾਕਮਾਂ ਨੇ ਪਿੰਡ ਬਣਾਂਵਾਲੀ ਦੇ ਹਾਕਮ ਸਿੰਘ ਨੂੰ ਪ੍ਰਵਾਸੀ ਬਣਾ ਦਿੱਤਾ ਹੈ। ਕਾਰਪੋਰੇਟ ਮਾਡਲ ਵਾਲੇ ਵਿਕਾਸ ਨੇ ਉਸ ਨੂੰ ਪੰਜਾਬ ਛੁਡਵਾ ਦਿੱਤਾ ਹੈ। ਉਸ ਦੀ ਪੂਰੀ ਦੀ ਪੂਰੀ ਜ਼ਮੀਨ 'ਬਣਾਂਵਾਲੀ ਥਰਮਲ ਪਲਾਂਟ' ਲਈ ਐਕਵਾਇਰ ਹੋ ਗਈ ਹੈ। ਜਦੋਂ ਉਹ ਪੈਲੀ ਤੋਂ ਵਾਂਝਾ ਹੋ ਗਿਆ ਤਾਂ ਉਸ ਨੂੰ ਪੰਜਾਬ ਛੱਡਣਾ ਪਿਆ। ਉਹ ਹੁਣ ਹਰਿਆਣਾ ਦਾ ਵਸਨੀਕ ਬਣ ਗਿਆ ਹੈ। ਉਸ ਨੇ ਆਪਣਾ ਪਿੰਡ ਵਾਲਾ ਜੱਦੀ ਘਰ ਵੇਚ ਦਿੱਤਾ ਹੈ। ਉਸ ਦਾ ਇੱਕ ਲੜਕਾ ਪਿੰਡ ਨਹੀਂ ਛੱਡ ਸਕਿਆ ਹੈ। ਉਹ ਟੈਕਸੀ ਡਰਾਇਵਰ ਬਣ ਗਿਆ ਹੈ। ਪਿੰਡ ਦਾ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ ਦੱਸਦਾ ਹੈ ਕਿ ਜਦੋਂ ਹਾਕਮ ਸਿੰਘ ਨੂੰ ਪਿੰਡ ਦਾ ਮੋਹ ਸਤਾਉਂਦਾ ਹੈ ਤਾਂ ਉਹ ਪਿੰਡ ਦਾ ਗੇੜਾ ਜ਼ਰੂਰ ਲਾਉਣ ਆਉਂਦਾ ਹੈ। ਇਵੇਂ ਦੇ ਕਿੰਨੇ ਹੀ ਕਿਸਾਨ ਪਰਿਵਾਰ ਹਨ ਜਿਨ•ਾਂ ਨੂੰ ਜ਼ਮੀਨਾਂ ਐਕਵਾਇਰ ਹੋਣ ਮਗਰੋਂ ਪਿੰਡ ਨਹੀਂ, ਪੰਜਾਬ ਛੱਡਣਾ ਪਿਆ ਹੈ। ਜਦੋਂ ਵੀ ਕੋਈ ਚੋਣ ਆਉਂਦੀ ਹੈ ਤਾਂ ਇਨ•ਾਂ ਦੁੱਖ ਝੱਲਦੇ ਲੋਕਾਂ ਨੂੰ ਲੋਕ ਰਾਜ ਦੇ 'ਬਾਦਸ਼ਾਹ' ਆਖਿਆ ਜਾਂਦਾ ਹੈ। ਮਗਰੋਂ ਪਤਾ ਲੱਗਦਾ ਹੈ ਕਿ ਇਹ 'ਬਾਦਸ਼ਾਹੀ' ਸਿਰਫ਼ ਇੱਕ ਦਿਨ ਦੀ ਸੀ। ਜੋ ਆਪਣੇ ਆਪ ਨੂੰ ਵੋਟਾਂ ਵੇਲੇ 'ਲੋਕ ਸੇਵਕ' ਦੱਸਦੇ ਹਨ, ਉਨ•ਾਂ ਦੀ ਜਾਇਦਾਦ ਅਮਰ ਵੇਲ ਵਾਂਗ ਵੱਧਦੀ ਹੈ ਜਦੋਂ ਕਿ ਇੱਕ ਦਿਨ ਦੀ 'ਬਾਦਸ਼ਾਹੀ' ਭੋਗਣ ਵਾਲਿਆਂ ਦੇ ਦੁੱਖ।
           ਬਠਿੰਡਾ ਜ਼ਿਲ•ੇ ਦੇ ਪਿੰਡ ਦੁੱਲੇਵਾਲਾ ਦੇ ਲੋਕਾਂ ਨੂੰ ਇੰਂਝ ਲੱਗਦਾ ਹੈ ਜਿਵੇਂ ਉਹ ਪੰਜਾਬ ਦਾ ਹਿੱਸਾ ਹੀ ਨਾ ਹੋਣ। ਉਨ•ਾਂ ਦੇ ਪਿੰਡ ਦੀ ਜੂਹ ਵਿੱਚ ਕੋਈ ਬੱਸ ਅੱਡਾ ਹੀ ਨਹੀਂ ਹੈ। ਆਜ਼ਾਦੀ ਤੋਂ ਮਗਰੋਂ ਉਨ•ਾਂ ਦੇ ਪਿੰਡ 'ਚ ਬੱਸ ਹੀ ਦਾਖਲ ਨਹੀਂ ਹੋਈ ਹੈ। ਪੰਜਾਬ ਦਾ ਇਹ ਟਾਂਵਾਂ ਪਿੰਡ ਹੈ ਜਿਥੋਂ ਦੇ ਲੋਕਾਂ ਨੂੰ ਆਜ਼ਾਦੀ ਮਗਰੋਂ ਵੀ ਬੱਸ ਸਰਵਿਸ ਹੀ ਨਹੀਂ ਮਿਲ ਸਕੀ ਹੈ। ਜਦੋਂ ਪੰਜਾਬ ਵਿੱਚ 'ਮੈਟਰੋ' ਚਲਾਉਣ ਦੇ ਭਾਸ਼ਨ ਹੁੰਦੇ ਹਨ ਤਾਂ ਇਸ ਪਿੰਡ ਦੇ ਲੋਕ ਆਪਣੇ ਕੰਨਾਂ 'ਤੇ ਹੱਥ ਧਰ ਲੈਂਦੇ ਹਨ। ਕੁਝ ਕਰਨ ਤੋਂ ਬੇਵੱਸ ਆਖਰ ਇਹ ਲੋਕ ਮੁੜ ਵੋਟਾਂ ਵਾਲੀ ਕਤਾਰ ਵਿੱਚ ਖੜ• ਜਾਂਦੇ ਹਨ। ਪਿੰਡ ਦੀ ਸੜਕ 'ਤੇ ਕੋਈ ਰਿਕਸ਼ਾ ਜਾਂ ਕਦੇ ਆਟੋ ਰਿਕਸ਼ਾ ਵੀ ਨਹੀਂ ਚੱਲਿਆ ਹੈ। ਪੱਕੀ ਸੜਕ ਤਾਂ ਹੈ ਪਰ ਬੱਸ ਸਰਵਿਸ ਨਹੀਂ। ਪਿੰਡ ਦੀ ਆਬਾਦੀ 2500 ਦੇ ਕਰੀਬ ਹੈ। ਪਿੰਡ ਦੇ ਲੋਕਾਂ ਨੂੰ ਬੱਸ 'ਤੇ ਚੜ•ਨ ਲਈ ਲਾਗਲੇ ਪਿੰਡ ਦੇ ਬੱਸ ਅੱਡੇ ਤੱਕ ਢਾਈ ਕਿਲੋਮੀਟਰ ਤੁਰਨਾ ਪੈਂਦਾ ਹੈ। ਪੰਜਾਬ ਹਰਿਆਣਾ ਸੀਮਾ 'ਤੇ ਵਸੇ ਪੰਜਾਬ ਦੇ ਪਿੰਡ ਗੋਲੇਵਾਲਾ 'ਚ ਜਦੋਂ ਕੋਈ ਢਿੱਲ ਮੱਠ ਹੋ ਜਾਂਦੀ ਹੈ ਤਾਂ ਲੋਕ ਹਰਿਆਣਾ 'ਚ ਇਲਾਜ ਕਰਾਉਣ ਜਾਂਦੇ ਹਨ। ਪਿੰਡ ਦਾ ਨੌਜਵਾਨ ਆਗੂ ਨਿਰਮਲ ਸਿੰਘ ਦੱਸਦਾ ਹੈ ਕਿ ਜਦੋਂ ਕੋਈ ਐਮਰਜੈਂਸੀ ਪੈ ਜਾਂਦੀ ਹੈ ਤਾਂ ਉਹ ਇਲਾਜ ਲਈ ਹਰਿਆਣਾ ਦੀ ਕਾਲਾਂਵਾਲੀ ਮੰਡੀ ਜਾਂਦੇ ਹਨ। ਏਦਾ ਹੀ ਉਨ•ਾਂ ਦੇ ਲਾਗਲੇ ਪਿੰਡ ਦੇ ਲੋਕ ਫੱਤਾ ਬਾਲੂ ਦੇ ਲੋਕ ਹਰਿਆਣਾ ਦਾ ਆਸਰਾ ਤੱਕਦੇ ਹਨ। ਇਨ•ਾਂ ਲੋਕਾਂ ਦਾ ਸ਼ਿਕਵਾ ਹੈ ਕਿ ਉਨ•ਾਂ ਦੀ ਵੋਟ ਪਰਚੀ ਨਾਲ ਸਰਕਾਰ ਤਾਂ ਪੰਜਾਬ ਵਿੱਚ ਬਣਦੀ ਹੈ ਪ੍ਰੰਤੂ ਉਨ•ਾਂ ਨੂੰ ਸਹੂਲਤਾਂ ਹਰਿਆਣਾ ਚੋਂ ਲੈਣੀਆਂ ਪੈਂਦੀਆਂ ਹਨ।
            ਭਾਰਤ ਪਾਕਿਸਤਾਨ ਸੀਮਾ 'ਤੇ ਪੈਂਦੇ ਜ਼ਿਲ•ਾ ਫਾਜਿਲਕਾ ਦੇ ਪਿੰਡ ਤੇਜਾ ਰੁਹੇਲਾ ਦੇ ਲੋਕ ਵੀ ਸਰਕਾਰ ਚੁਣਨ ਵਿੱਚ ਭਾਗੀਦਾਰ ਬਣਦੇ ਹਨ। ਪਿੰਡ ਦੇ ਇੱਕ ਪਾਸੇ ਕੰਡਿਆਲੀ ਤਾਰ ਹੈ ਅਤੇ ਦੂਸਰੇ ਪਾਸੇ ਸਤਲੁਜ। ਐਨ ਵਿਚਕਾਰ ਪਿੰਡ ਪੈਂਦਾ ਹੈ। ਸਰਕਾਰਾਂ ਤੋਂ ਦੁੱਖੀ ਇਸ ਪਿੰਡ ਦੇ ਲੋਕ ਆਖਦੇ ਹਨ ਕਿ,'ਪਤਾ ਨਹੀਂ ਲੱਗਦਾ ਕਿ ਵਿਰੋਧੀ ਮੁਲਕ ਕਿਹੜੇ ਪਾਸੇ ਹੈ।' ਪਿੰਡ ਦਾ ਧਰਤੀ ਹੇਠਲਾ ਪਾਣੀ ਏਨਾ ਦੂਸ਼ਿਤ ਹੈ ਕਿ ਪਿੰਡ ਵਿੱਚ ਵੀਲ ਚੇਅਰਜ਼ ਦੀ ਗਿਣਤੀ ਵੱਧ ਗਈ ਹੈ। ਏਦਾ ਹੀ ਫਾਜਿਲਕਾ ਦਾ ਦੋਨਾ ਨਾਨਕਾ ਪਿੰਡ ਹੈ ਜਿਥੋਂ ਦਾ ਪਾਣੀ ਨਵੀਂ ਪੀੜੀ ਨੂੰ ਅੰਨ•ਾ ਕਰ ਰਿਹਾ ਹੈ। ਇਸ ਪਿੰਡ 9-9 ਸਾਲ ਦੇ ਬੱਚੇ ਸ਼ੰਕਰ ਅਤੇ ਬਿਸਾਖਾ ਅੰਨੇ ਹੋ ਗਏ ਹਨ ਅਤੇ ਬੱਚੇ ਰੇਸ਼ਮ ਦੀ ਨਿਗ•ਾ ਵੀ ਘਟਣੀ ਸ਼ੁਰੂ ਹੋ ਗਈ ਹੈ। ਇਸ ਦੇ ਬਾਵਜੂਦ ਸਰਕਾਰਾਂ ਦੀ ਨਜ਼ਰ ਅੱਜ ਤੱਕ ਨਹੀਂ ਖੁੱਲ•ੀ ਹੈ। ਆਖਰ ਲੋਕ ਲਹਿਰ ਫਾਊਡੇਂਸਨ ਨੇ ਇਸ ਪਿੰਡ ਵਿੱਚ ਇੱਕ ਡੁੰਘਾ ਨਲਕਾ ਲਵਾਇਆ ਹੈ ਜਿਥੋਂ ਹੁਣ ਸਾਰਾ ਪਿੰਡ ਪਾਣੀ ਭਰਦਾ ਹੈ। ਘੱਗਰ ਦੀ ਮਾਰ ਝੱਲਣ ਵਾਲੇ ਪਟਿਆਲਾ ਅਤੇ ਸੰਗਰੂਰ ਜ਼ਿਲ•ੇ ਦੇ ਪਿੰਡਾਂ ਵਿੱਚ ਵੀ ਘੱਗਰ ਬਿਮਾਰੀਆਂ ਹੀ ਵੰਡ ਰਹੀ ਹੈ। ਪਾਣੀ ਦੂਸ਼ਿਤ ਹੋ ਗਏ ਹਨ ਤੇ ਜੋ ਫਸਲਾਂ ਦਾ ਉਜਾੜਾ ਹਰ ਵਰੇ• ਹੁੰਦਾ ਹੈ,ਉਹ ਵੱਖਰਾ ਹੈ। ਵੋਟਿੰਗ ਮਸ਼ੀਨਾਂ ਦਾ ਬਟਨ ਤਾਂ ਇਨ•ਾਂ ਪਿੰਡਾਂ ਦੇ ਲੋਕ ਦੀ ਦਬਦੇ ਹਨ। ਪਰ ਉਨ•ਾਂ ਦੀ ਕਿਸਮਤ ਕਦੇ ਖੁੱਲ• ਨਹੀਂ ਸਕੀ ਹੈ। ਪੰਜਾਬ ਦੇ ਤਕਲੀਫ਼ਾਂ ਝੱਲ ਰਹੇ ਲੋਕਾਂ ਦੀ ਇਹ ਇੱਕ ਤਸਵੀਰ ਹੈ। ਭਲਕੇ 30 ਜਨਵਰੀ ਨੂੰ ਇਹ ਲੋਕ ਮੁੜ ਪੋਲਿੰਗ ਬੂਥਾਂ 'ਤੇ ਕਤਾਰਾਂ ਬੰਨ ਖੜ•ਨਗੇ, ਇੱਕ ਨਵੀਂ ਆਸ ਨਾਲ, ਇੱਕ ਉਮੀਦ ਨਾਲ। ਮਗਰੋਂ ਫਿਰ ਪੰਜ ਵਰੇ• ਇਹੋ ਕਤਾਰਾਂ ਸਰਕਾਰਾਂ ਅੱਗੇ ਹੱਥ ਜੋੜਨਗੀਆਂ। ਫਿਰ ਵੀ ਇੱਥੇ 'ਆਮ ਆਦਮੀ' ਦਾ ਇਕੱਲਾ ਰੱਬ ਹੀ ਰਾਖਾ ਹੈ।
         
       ਹਾਲੋ ਬੇਹਾਲ ਹੋਈਆਂ ਗੋਗੜਾਂ
                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਬੋਝ ਕਾਰਨ ਉਮੀਦਵਾਰਾਂ ਦਾ ਭਾਰ ਘੱਟ ਰਿਹਾ ਹੈ। ਉਮੀਦਵਾਰ ਜਿੱਤ ਲਈ ਹੁਣ ਆਪਣੀ ਸਿਹਤ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਕੁਰਸੀ ਹਾਸਲ ਕਰਨ ਲਈ ਸਾਰੇ ਉਮੀਦਵਾਰ ਤਰਲੋਮੱਛੀ ਹੋ ਰਹੇ ਹਨ। ਨਿੱਤ ਕਸਰਤਾਂ ਕਰਨ ਵਾਲੇ ਉਮੀਦਵਾਰ ਹੁਣ ਸਭ ਕੁਝ ਭੁੱਲ ਗਏ ਹਨ। ਕੋਈ ਯੋਗਾ ਕਰਨਾ ਭੁੱਲ ਗਿਆ ਹੈ ਤੇ ਕੋਈ ਜੌਗਿੰਗ। ਦਿਨ ਰਾਤ ਦੀ ਦੌੜ-ਭੱਜ ਕਾਰਨ ਉਮੀਦਵਾਰਾਂ ਦਾ ਭਾਰ ਘੱਟ ਰਿਹਾ ਹੈ।
           ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਾ ਚੋਣ ਪ੍ਰਚਾਰ ਦੌਰਾਨ ਪੰਜ ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਜਿਸ ਦਿਨ ਘਰੋ ਘਰੀ ਮੁਹਿੰਮ 'ਤੇ ਨਿਕਲਦੇ ਹਨ ਉਸ ਦਿਨ 15 ਕਿਲੋਮੀਟਰ ਪੈਦਲ ਸਫਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਉਹ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਸੈਰ ਕਰਦੇ ਸਨ ਪਰ ਹੁਣ ਰੋਜ਼ਾਨਾ ਉਂਝ ਹੀ ਪੈਦਲ ਸਫਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਤਾਂ ਉਹ ਰੋਜ਼ਾਨਾ ਸਾਈਕਲ ਵੀ ਚਲਾਉਂਦੇ ਸਨ। ਦੱਸਣਯੋਗ ਹੈ ਕਿ ਹਲਕਾ ਰਾਮਪੁਰਾ ਫੂਲ 'ਚ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਰਮਿਆਨ ਮੁਕਾਬਲਾ ਸਖਤ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ 5.50 ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦਾ ਸਰੀਰਕ ਭਾਰ ਪਹਿਲਾਂ 77 ਕਿਲੋ ਸੀ ਜੋ ਹੁਣ 71.5 ਕਿਲੋ ਰਹਿ ਗਿਆ ਹੈ। ਸ੍ਰੀ ਸਿੰਗਲਾ ਨੇ ਦਸਿਆ ਕਿ ਉਹ ਸਵੇਰੇ ਸੇਬ ਅਤੇ ਦੋ ਫੁਲਕੇ ਖਾਂਦੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਕਰਕੇ ਉਨ੍ਹਾਂ ਦੇ ਸਵੇਰ ਵਕਤ ਦੇ ਕਸਰਤ ਅਤੇ ਯੋਗਾ ਦੇ ਪ੍ਰ੍ਰੋਗਰਾਮ ਵਿੱਚ ਵਿਘਨ ਪਿਆ ਹੈ। ਬਠਿੰਡਾ ਹਲਕੇ ਤੋਂ ਹੀ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਵੀ ਚਾਰ ਕਿਲੋ ਭਾਰ ਘੱਟ ਗਿਆ ਹੈ। ਉਨ੍ਹਾਂ ਦੇ ਕਰੀਬੀ ਇਕਬਾਲ ਸਿੰਘ ਢਿੱਲੋਂ ਉਰਫ਼ ਬਬਲੀ ਨੇ ਦੱਸਿਆ ਕਿ ਸ੍ਰੀ ਜੱਸੀ ਦਾ ਭਾਰ ਹੁਣ 100 ਕਿਲੋ ਦੇ ਨੇੜੇ ਹੈ।
          ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦਾ ਭਾਰ ਹੁਣ 80 ਕਿਲੋ ਹੈ। ਉਨ੍ਹਾਂ ਕਿਹਾ ਕਿ ਉਹ ਕਸਰਤ ਵਗੈਰਾ ਤਾਂ ਨਹੀਂ ਕਰ ਰਹੇ ਹਨ ਕਿਉਂਕਿ ਚੋਣਾਂ ਦਾ ਭਾਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ ਇਸ ਕਰਕੇ ਨਹੀਂ ਘਟਿਆ ਕਿਉਂਕਿ ਉਹ ਰੋਜ਼ਾਨਾ ਚਾਹ ਜ਼ਿਆਦਾ ਪੀ ਲੈਂਦੇ ਹਨ। ਇਸੇ ਤਰ੍ਹਾਂ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਮਠਿਆਈ ਬਹੁਤ ਖਾਂਦੇ ਹਨ ਜਿਸ ਕਰਕੇ ਉਨ੍ਹਾਂ ਦਾ ਭਾਰ ਵਧਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ 82 ਕਿਲੋ ਤੋਂ 84 ਕਿਲੋ ਹੋ ਗਿਆ ਹੈ। ਭਦੌੜ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਸਦੀਕ ਦਾ ਭਾਰ ਘੱਟ ਗਿਆ ਹੈ ਕਿਉਂਕਿ ਟਿਕਟ ਦੇ ਐਲਾਨ ਵਿੱਚ ਦੇਰੀ ਹੋਣ ਕਰਕੇ ਉਨ੍ਹਾਂ ਨੂੰ ਇੱਕਦਮ ਚੋਣ ਪ੍ਰਚਾਰ ਵਿੱਚ ਭੱਜ ਨੱਠ ਕਰਨੀ ਪਈ ਹੈ। ਦੱਸਣਯੋਗ ਹੈ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਦਾ ਭਾਰ ਜ਼ਿਆਦਾ ਘਟਿਆ ਹੈ ਜਦੋਂ ਕਿ ਕਈ ਨਵੇਂ ਅਕਾਲੀ ਉਮੀਦਵਾਰਾਂ ਦੀ ਸਿਹਤ 'ਤੇ ਵੀ ਅਸਰ ਪਿਆ ਹੈ।ਨਾਗਰਿਕ ਚੇਤਨਾ ਮੰਚ ਦੇ ਮੈਂਬਰ ਜਗਮੋਹਨ ਕੌਸ਼ਲ ਨੇ ਕਿਹਾ ਕਿ ਕੁਰਸੀ ਖਾਤਰ ਸਾਰੇ ਉਮੀਦਵਾਰ ਹੁਣ ਦੌੜ-ਭੱਜ ਕਰ ਰਹੇ ਹਨ। ਚਾਰ ਦਿਨਾਂ ਮਗਰੋਂ ਇਹ ਸਾਰੇ ਉਮੀਦਵਾਰ ਭਾਰ ਵਧਾਉਣ 'ਤੇ ਹੀ ਹਨ ਅਤੇ ਬਾਅਦ 'ਚ ਇਨ੍ਹਾਂ ਨੇ ਹੀ ਆਮ ਲੋਕਾਂ 'ਤੇ ਭਾਰ ਬਣਨਾ ਹੈ।
            ਕੈਪਟਨ ਡੇਰੇ ਦੀ ਸ਼ਰਨ 'ਚ
                       ਚਰਨਜੀਤ ਭੁੱਲਰ
ਬਠਿੰਡਾ  : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਅੱਜ ਡੇਰਾ ਸਿਰਸਾ ਮੁਖੀ ਨਾਲ ਬੰਦ ਦਰਵਾਜਾ ਮੀਟਿੰਗ ਕੀਤੀ ਅਤੇ ਪੰਜਾਬ ਚੋਣਾਂ ਲਈ ਹਮਾਇਤ ਦੀ ਮੰਗ ਕੀਤੀ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੀ ਅੱਜ ਹੋਈ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸਿਰਸਾ ਫੇਰੀ ਪਾਈ ਹੈ।  ਉਨ੍ਹਾਂ ਦੋ ਦਿਨ ਪਹਿਲਾਂ ਡੇਰਾ ਸਿਰਸਾ ਦੀ ਮੈਨੇਜਮੈਂਟ ਤੋਂ ਡੇਰਾ ਮੁਖੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ ਤੇ ਅੱਜ ਉਨ੍ਹਾਂ ਡੇਰਾ ਮੁਖੀ ਨੂੰ ਪੰਜਾਬ ਕਾਂਗਰਸ ਦੇ ਸਮਰਥਨ ਲਈ ਅਪੀਲ ਕੀਤੀ। ਅਹਿਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡੇਰਾ ਮੁਖੀ ਵੱਲੋਂ ਸਿੱਧੇ ਤੌਰ 'ਤੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਸ਼ੀਰਵਾਦ ਦੇ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ 25 ਮਿੰਟ ਮੀਟਿੰਗ ਕੀਤੀ ਸੀ ਜਿਸ ਵਿੱਚ ਡੇਰਾ ਮੁਖੀ ਤੇ ਡੇਰਾ ਮੈਨੇਜਮੈਂਟ ਦੇ  ਕੁਝ ਮੈਂਬਰ ਵੀ ਸ਼ਾਮਲ ਸਨ। ਕੈਪਟਨ ਨੇ ਡੇਰਾ ਮੁਖੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਡੇਰੇ ਦੇ ਹਰ ਦੁੱਖ -ਸੁੱਖ ਵਿੱਚ ਡਟ ਕੇ ਖੜਣਗੇ। ਸੂਤਰਾਂ ਅਨੁਸਾਰ ਬੀਤੀ ਰਾਤ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਡੇਰਾ ਮੁਖੀ ਨਾਲ ਮੀਟਿੰਗ ਕਰਕੇ ਆਏ ਹਨ ਅਤੇ ਉਸ ਤੋਂ ਪਹਿਲਾਂ 25 ਜਨਵਰੀ ਦੀ ਰਾਤ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਵੀ ਡੇਰਾ ਸਿਰਸਾ ਗਏ ਸਨ ਅਤੇ ਉਨ੍ਹਾਂ ਨੇ ਵੀ ਡੇਰਾ ਮੁਖੀ ਤੋਂ     ਅਸ਼ੀਰਵਾਦ ਲਿਆ ਹੈ।
          ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸ੍ਰੀ ਰਾਮਪਾਲ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਸਿਰਸਾ ਨੂੰ ਦਰਖਾਸਤ ਭੇਜ ਕੇ ਸਿਰਸਾ ਵਿਖੇ ਹੈਲੀਕਾਪਟਰ ਦੀ ਲੈਡਿੰਗ ਦੀ ਪ੍ਰਵਾਨਗੀ ਮੰਗੀ ਗਈ ਸੀ। ਸਿਰਸਾ ਦੇ ਐਸ.ਪੀ. ਵੱਲੋਂ ਹਰੀ ਝੰਡੀ ਦੇਣ ਮਗਰੋਂ ਜ਼ਿਲ੍ਹਾ ਮੈਜਿਸਟਰੇਟ ਸਿਰਸਾ ਵੱਲੋਂ ਲੈਡਿੰਗ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ ਜਿਸ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਰਾਹੀਂ ਅੱਜ ਸਵੇਰ 10.20 ਵਜੇ ਡੇਰਾ ਸਿਰਸਾ ਪਹੁੰਚੇ ਉਹ ਪਹਿਲਾਂ ਡੇਰਾ ਸਿਰਸਾ ਦੀ ਮੈਨੇਜਮੈਂਟ ਨੂੰ ਮਿਲੇ ਅਤੇ ਉਸ ਮਗਰੋਂ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਡੇਰਾ ਮੁਖੀ ਨਾਲ ਮੀਟਿੰਗ ਮਗਰੋਂ ਡੇਰਾ ਸਿਰਸਾ ਦੇ ਸਿਆਸੀ ਵਿੰਗ ਅਤੇ ਸੱਤ ਮੈਂਬਰੀ ਕਮੇਟੀ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਸਮਾਂ ਮੁਲਾਕਾਤ ਕੀਤੀ। ਸਿਆਸੀ ਵਿੰਗ ਵੱਲੋਂ ਕੈਪਟਨ ਦੀ ਡੇਰਾ ਫੇਰੀ ਮਗਰੋਂ ਹੀ ਆਪਣੀ ਮੀਟਿੰਗ ਸ਼ੁਰੂ ਕੀਤੀ ਗਈ। ਦੂਜੇ ਪਾਸੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਬੀਤੀ ਰਾਤ ਕਰੀਬ 9.30 ਵਜੇ ਡੇਰਾ ਸਿਰਸਾ ਗਏ ਜਿੱਥੇ ਉਨ੍ਹਾਂ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ।
         ਸੂਤਰਾਂ ਅਨੁਸਾਰ ਹਲਕਾ ਲਹਿਰਾਗਾਗਾ ਦੇ ਡੇਰਾ ਪੈਰੋਕਾਰ ਬੀਬੀ ਭੱਠਲ ਤੋਂ ਨਾਰਾਜ਼ ਸਨ ਅਤੇ ਉਨ੍ਹਾਂ ਕੁਝ ਦਿਨ ਪਹਿਲਾਂ ਆਪਣਾ ਵਿਰੋਧ ਵੀ ਪ੍ਰਗਟ ਕੀਤਾ ਸੀ। ਬੀਬੀ ਭੱਠਲ ਨੇ ਆਪਣੇ ਹਲਕੇ ਦੇ ਡੇਰਾ ਪੈਰੋਕਾਰਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਬੀਤੀ ਰਾਤ ਡੇਰਾ ਮੁਖੀ ਤੋਂ ਅਸ਼ੀਰਵਾਦ ਵੀ ਲਿਆ। ਇਸ ਤੋਂ ਇਲਾਵਾ ਰਾਜ ਵਿਦੇਸ਼ ਮੰਤਰੀ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਵੀ ਕੁਝ ਦਿਨ ਪਹਿਲਾਂ ਡੇਰਾ ਸਿਰਸਾ ਗਏ ਸਨ। ਬੀਤੀ ਰਾਤ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਵੀ ਡੇਰਾ ਸਿਰਸਾ ਪਹੁੰਚੇ ਹੋਏ ਸਨ ਜੋ ਫੇਰੇ ਵਿਖੇ ਉਨ੍ਹਾਂ ਦੀ ਦੂਸਰੀ ਫੇਰੀ ਸੀ। ਸੰਗਰੂਰ ਤੋਂ ਢੀਂਡਸਾ ਪਰਿਵਾਰ ਦੇ ਮੈਂਬਰ ਤਾਂ ਡੇਰਾ ਸਿਰਸਾ ਦੇ ਕਈ ਗੇੜੇ ਲਾ ਚੁੱਕੇ ਹਨ। ਸੀਨੀਅਰ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਨੇ ਆਪਣੇ ਭਰਾ ਰਿਪਜੀਤ ਸਿੰਘ ਬਰਾੜ ਖ਼ਾਤਰ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ ਹੈ। ਡੇਰਾ ਸਿਰਸਾ ਵਿਖੇ 25 ਜਨਵਰੀ ਨੂੰ ਸ਼ਾਹ ਸਤਨਾਮ ਜੀ ਦਾ ਜਨਮ ਦਿਹਾੜਾ ਸੀ ਅਤੇ ਇਸ ਦਿਹਾੜੇ ਮੌਕੇ ਡੇਰਾ ਸਿਰਸਾ ਵਿਖੇ ਭੰਡਾਰਾ ਹੁੰਦਾ ਹੈ ਜਿਸ ਵਿੱਚ ਲੱਖਾਂ ਪੈਰੋਕਾਰਾਂ ਸ਼ਾਮਲ ਹੁੰਦੇ ਹਨ।

Thursday, January 26, 2012

      ਖੜ੍ਹੇ ਉਮੀਦਵਾਰਾਂ ਦੇ ਗਲੇ ਬੈਠੇ
                       ਚਰਨਜੀਤ ਭੁੱਲਰ
ਬਠਿੰਡਾ : ਚੋਣ ਪਿੜ ਵਿਚ ਉਮੀਦਵਾਰ ਤਾਂ ਖੜ੍ਹੇ ਹਨ ਪ੍ਰੰਤੂ ਉਨ੍ਹਾਂ ਦੇ ਗਲੇ ਬੈਠ ਗਏ ਹਨ। ਹੁਣ ਨੇਤਾਵਾਂ ਨੂੰ ਪੂਰਾ ਪੂਰਾ ਦਿਨ ਭਾਸ਼ਣ ਦੇਣੇ ਪੈਂਦੇ ਹਨ ਜਾਂ ਫਿਰ ਦਿਨ ਰਾਤ ਵਾਂਗ ਹੀ ਬੋਲਣਾ ਪੈਂਦਾ ਹੈ ਜੋ ਚੋਣ ਪਿੜ ਵਿੱਚ ਨਵੇਂ ਉਮੀਦਵਾਰ ਹਨ,ਉਨ੍ਹਾਂ ਦੇ ਬੋਲ ਬੋਲ ਕੇ ਗਲੇ ਖਰਾਬ ਹੋ ਗਏ ਹਨ। ਮਾਲਵਾ ਖ਼ਿੱਤੇ ਵਿੱਚ ਸਭਨਾਂ ਉਮੀਦਵਾਰਾਂ ਦੀ ਆਵਾਜ਼ ਬਦਲ ਗਈ ਹੈ। ਜਿਨ੍ਹਾਂ ਉਮੀਦਵਾਰਾਂ ਦੇ ਬੋਲ ਬੋਲ ਕੇ ਗਲੇ ਖਰਾਬ ਹੋ ਗਏ ਹਨ, ਉਹ ਦੇਸੀ ਇਲਾਜ ਨਾਲ ਕੰਮ ਚਲਾ ਰਹੇ ਹਨ। ਕੋਈ ਉਮੀਦਵਾਰ ਗਰਮ ਪਾਣੀ ਪੀ ਰਿਹਾ ਹੈ ਅਤੇ ਕੋਈ ਪਾਣੀ ਦੇ ਗਰਾਰੇ ਕਰ ਰਿਹਾ ਹੈ। ਕਾਫ਼ੀ ਉਮੀਦਵਾਰਾਂ ਨਾਲ ਜਦੋਂ ਉਨ੍ਹਾਂ ਦੇ ਖਰਾਬ ਗਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਹ ਤਾਂ ਪੁੱਛੋ ਹੀ ਨਾ, ਬੁਰਾ ਹਾਲ ਹੋਇਆ ਪਿਆ ਹੈ।ਕਾਂਗਰਸ ਪਾਰਟੀ ਦੇ ਭਦੌੜ ਹਲਕੇ ਤੋਂ ਉਮੀਦਵਾਰ ਮੁਹੰਮਦ ਸਦੀਕ ਹਾਲਾਂਕਿ ਖੁਦ ਪੁਰਾਣੇ ਕਲਾਕਾਰ ਹਨ ਪ੍ਰੰਤੂ ਉਨ੍ਹਾਂ ਨੂੰ ਗਲੇ ਦੀ ਸਮੱਸਿਆ ਆ ਰਹੀ ਹੈ। ਮੁਹੰਮਦ ਸਦੀਕ ਆਪਣੇ ਕੋਲ ਛੋਟੀ ਲੈਚੀ ਅਤੇ ਮਿਸ਼ਰੀ ਰੱਖਦੇ ਹਨ ਜੋ ਕਿ ਥੋੜ੍ਹੇ ਥੋੜ੍ਹੇ ਸਮੇਂ ਮਗਰੋਂ ਲੈਂਦੇ ਰਹਿੰਦੇ ਹਨ। ਉਨ੍ਹਾਂ ਦੀ ਆਵਾਜ਼ ਵਿੱਚ ਸੁਣਨ ਤੇ ਬਹੁਤਾ ਫਰਕ ਨਹੀਂ ਲੱਗਦਾ ਪ੍ਰੰਤੂ ਉਹ ਦੱਸਦੇ ਹਨ ਕਿ ਲਗਾਤਾਰ ਬੋਲਣ ਕਰਕੇ ਗਲਾ ਖਰਾਬ ਹੋਇਆ ਹੈ।ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦੀ ਆਵਾਜ਼ ਦੀ ਪਛਾਣ ਆਉਣੋਂ ਹੀ ਹਟ ਗਈ ਹੈ। ਉਹ ਦੱਸਦੇ ਹਨ ਕਿ ਉਹ ਸਵੇਰ ਵਕਤ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਗਰਮ ਪਾਣੀ ਦੇ ਨਮਕ ਪਾ ਕੇ ਗਰਾਰਾ ਕਰਦਾ ਹੈ। ਦਿਨ ਵੇਲੇ ਜਿਥੇ ਵਕਤ ਮਿਲੇ,ਉਥੇ ਵੀ ਗਰਾਰੇ ਕਰ ਲੈਂਦੇ ਹਾਂ।
           ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪ੍ਰਚਾਰ ਦੇ ਨਾਲ ਨਾਲ ਕਾਫ਼ੀ ਕਾਫ਼ੀ ਸਮਾਂ ਫੋਨ ਵੀ ਸੁਣਨਾ ਪੈਂਦਾ ਹੈ। ਹਲਕਾ ਲੰਬੀ ਤੋਂ ਕਾਂਗਰਸ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਇਸ ਗੱਲੋਂ ਕਾਫ਼ੀ ਬੇਹਤਰ ਹਨ ਕਿਉਂਕਿ ਬਹੁਤ ਹੀ ਠਰੰਮੇ ਨਾਲ ਅਤੇ ਸੰਜਮ ਨਾਲ ਭਾਸ਼ਣ ਕਰਦੇ ਹਨ। ਉਹ ਥੋੜ੍ਹਾ ਬੋਲਦੇ ਹਨ ਜਿਸ ਕਰਕੇ ਉਹ ਗਲੇ ਦੀ ਸਮੱਸਿਆ ਤੋਂ ਬਚੇ ਹੋਏ ਹਨ। ਹਲਕਾ ਬਠਿੰਡਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹ ਨਿੱਤ ਸਵੇਰ ਵਕਤ ਗਰਮ ਪਾਣੀ ਵਿਚ ਲੂਣ ਪਾ ਕੇ ਗਰਾਰੇ ਕਰਦੇ ਹਨ ਅਤੇ ਦਿਨ ਵਕਤ ਜਦੋਂ ਗਲੇ ਦੀ ਸਮੱਸਿਆ ਵੱਧਦੀ ਹੈ ਤਾਂ ਉਹ ਦੇਸੀ ਦਵਾਈ ਲੈ ਲੈਂਦੇ ਹਨ। ਉਹ ਦੱਸਦੇ ਹਨ ਕਿ ਉਹ ਨਿੱਤ ਦਰਜਨਾਂ ਥਾਂਵਾਂ 'ਤੇ ਭਾਸ਼ਣ ਕਰਦੇ ਹਨ ਅਤੇ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕਰਦੇ ਹਨ ਜਿਸ ਕਰਕੇ ਗਲੇ ਦਾ ਕੋਈ ਕਸੂਰ ਨਹੀਂ ਹੈ।ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਮਲੱਠੀ ਦੀ ਵਰਤੋਂ ਕਰ ਰਹੇ ਹਨ। ਉਹ ਹਰ ਥਾਂ ਪਾਣੀ ਵੀ ਗਰਮ ਹੀ ਪੀਂਦੇ ਹਨ। ਉਹ ਦੱਸਦੇ ਹਨ ਕਿ ਉਹ ਗਲੇ ਦੇ ਡਰੋ ਬਹੁਤਾ ਖਾਂਦੇ ਪੀਂਦੇ ਵੀ ਨਹੀਂ ਹਨ। ਹਲਕਾ ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਗਲੇ ਦਾ ਸਭ ਤੋਂ ਮਾੜਾ ਹਾਲ ਹੈ ਕਿਉਂਕਿ ਰਾਮਪੁਰਾ ਹਲਕੇ ਵਿਚ ਤਾਂ ਇਹ ਹਾਲ ਹੈ ਕਿ ਇਥੇ ਟੱਕਰ ਏਨੀ ਸਖ਼ਤ ਹੈ ਕਿ ਹਲਕੇ ਦੇ ਬਹੁਤੇ ਲੋਕਾਂ ਦੇ ਗਲੇ ਖਰਾਬ ਹੋਏ ਪਏ ਹਨ। ਸ੍ਰੀ ਕਾਂਗੜ ਦੱਸਦੇ ਹਨ ਕਿ ਲੋਕ ਏਨਾ ਪਿਆਰ ਕਰਦੇ ਹਨ,ਜੋ ਚੋਣ ਪ੍ਰਚਾਰ ਦੌਰਾਨ ਦਿੰਦੇ ਹਨ, ਖਾ ਲੈਂਦੇ ਹਾਂ ਅਤੇ ਉਪਰੋਂ ਜ਼ਿਆਦਾ ਸਮਾਂ ਬੋਲਣਾ ਪੈਂਦਾ ਹੈ।
          ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਮੌੜ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਗਲੇ ਨੂੰ ਸਭ ਤੋਂ ਵੱਡੀ ਮਾਰ ਪੰਜਾਬ ਚੋਣਾਂ ਦੀ ਝੱਲਣੀ ਪੈ ਰਹੀ ਹੈ। ਉਨ੍ਹਾਂ ਵੱਲੋਂ ਆਪਣੇ ਗਲੇ ਦਾ ਇਲਾਜ ਕਰਾਉਣ ਦਾ ਮਾਮਲਾ ਚੋਣਾਂ ਕਰਕੇ ਅੱਗੇ ਪਾ ਦਿੱਤਾ ਹੈ। ਉਹ ਘੰਟਿਆਂਬੱਧੀ ਬੋਲਦੇ ਹਨ। ਉਨ੍ਹਾਂ ਦੇ ਪੀ ਏ ਜਸਵੀਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਰੋਜ਼ਾਨਾ ਸ਼ਹਿਦ ਲੈਂਦੇ ਹਨ ਅਤੇ ਗੱਡੀ ਵਿੱਚ ਸ਼ਹਿਦ ਰੱਖਦੇ ਹਨ। ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਹ ਤਾਂ ਦੇਸੀ ਦਵਾਈ ਲੈ ਰਹੇ ਹਨ ਜਿਸ ਕਰਕੇ ਗਲਾ ਥੋੜ੍ਹਾ ਠੀਕ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਦਵਾਈ ਦਾ ਇਸਤੇਮਾਲ ਕਰਦੇ ਹਨ।ਏਦਾਂ ਦਾ ਹਾਲ ਸਾਰੇ ਉਮੀਦਵਾਰਾਂ ਦਾ ਹੈ। ਪਿੰਡ ਰਾਈਆ ਦੇ ਵਸਨੀਕ ਅਤੇ ਪਰਵਾਸੀ ਭਾਰਤੀ ਕਮਲਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਮੀਦਵਾਰਾਂ ਦੇ ਗਲੇ ਏਨੀ ਬੁਰੀ ਤਰ੍ਹਾਂ ਬੈਠੇ ਹੋਏ ਹਨ ਕਿ ਫੋਨ 'ਤੇ ਤਾਂ ਉਨ੍ਹਾਂ ਦੀ ਅਵਾਜ਼ ਦੀ ਪਛਾਣ ਹੀ ਨਹੀਂ ਹੁੰਦੀ ਹੈ। ਕੁਝ ਵੀ ਹੋਵੇ, ਇਨ੍ਹਾਂ ਦਿਨਾਂ ਵਿੱਚ ਉਮੀਦਵਾਰਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਆਮ ਲੋਕ ਕਾਫ਼ੀ ਖੁਸ਼ ਹੁੰਦੇ ਹਨ। ਕਈ ਉਮੀਦਵਾਰ ਤਾਂ ਵੋਟਾਂ ਲੈਣ ਲਈ ਜਦੋਂ ਘਰੋ ਘਰੀ ਜਾਂਦੇ ਹਨ ਤਾਂ ਲੋਕਾਂ ਅੱਗੇ ਲੇਲ੍ਹੜੀਆਂ ਵੀ ਜ਼ਿਆਦਾ ਹੀ ਕੱਢਦੇ ਹਨ ਜਿਸ ਕਰਕੇ ਗਲੇ 'ਤੇ ਦਬਾਓ ਪੈਦਾ ਹੈ।

Wednesday, January 25, 2012

         ਅੰਗੂਠਾ ਛਾਪ ਉਮੀਦਵਾਰ
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਚੋਣ ਪਿੜ ਵਿੱਚ 20 ਪੰਜਵੀਂ ਪਾਸ ਉਮੀਦਵਾਰ ਡਟੇ ਹੋਏ ਹਨ ਜਦੋਂ ਕਿ ਸੱਤ ਅੰਗੂਠਾ ਛਾਪ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਜੋ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ, ਉਨ੍ਹਾਂ 'ਚੋਂ ਬਹੁਗਿਣਤੀ ਬਾਰਾਂ ਜਮਾਤਾਂ ਤੱਕ ਪੜ੍ਹੀ ਹੋਈ ਹੈ। ਕਾਂਗਰਸ ਵੱਲੋਂ ਸਾਰੇ ਪੜ੍ਹੇ-ਲਿਖੇ ਉਮੀਦਵਾਰ ਪਿੜ ਵਿਚ ਉਤਾਰੇ ਗਏ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਉਮੀਦਵਾਰ ਅਨਪੜ੍ਹ ਹਨ। ਜੈਤੋ ਤੋਂ ਅਕਾਲੀ ਉਮੀਦਵਾਰ ਗੁਰਦੇਵ ਸਿੰਘ ਬਾਦਲ ਅਤੇ ਬਰਨਾਲਾ ਤੋਂ ਅਕਾਲੀ ਉਮੀਦਵਾਰ ਮਲਕੀਤ ਸਿੰਘ ਕੀਤੂ ਨੇ ਅਨਪੜ੍ਹ ਹੋਣਾ ਆਪਣੇ ਹਲਫ਼ਨਾਮਿਆਂ ਵਿਚ ਸਵੀਕਾਰ ਕੀਤਾ ਹੈ। ਇਸੇ ਤਰ੍ਹਾਂ ਅਟਾਰੀ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਬੁਢਲਾਡਾ ਤੋਂ ਅਕਾਲੀ ਉਮੀਦਵਾਰ ਚਤਿੰਨ ਸਿੰਘ ਸਮਾਓਂ ਅੱਖਰਾਂ ਦੀ ਸੋਝੀ ਰੱਖਦੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਤਰਨ ਤਾਰਨ ਤੋਂ ਉਮੀਦਵਾਰ ਵਿਜੈ ਪਾਲ ਚੌਧਰੀ, ਦੀਨਾ ਨਗਰ ਤੋਂ ਕਮਿਊਨਿਸਟ ਉਮੀਦਵਾਰ ਸੁਭਾਸ਼ ਚੰਦਰ ਅਤੇ ਬਹੁਜਨ ਸਮਾਜ ਪਾਰਟੀ ਦੇ ਸਮਰਾਲਾ, ਡੇਰਾ ਬਾਬਾ ਨਾਨਕ ਅਤੇ ਅਮਲੋਹ ਦੇ ਬਸਪਾ ਉਮੀਦਵਾਰ ਸਿਰਫ਼ ਸਾਖਰ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਬੀਬੀ ਉਪਿੰਦਰਜੀਤ ਕੌਰ ਸਭ ਤੋਂ ਵੱਧ ਪੜ੍ਹੇ ਲਿਖੇ ਹਨ। ਉਹ ਅਰਥ ਸ਼ਾਸਤਰ ਵਿਚ ਪੀਐਚ.ਡੀ. ਹਨ।
           ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਸਾਂਝਾ ਮੋਰਚਾ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 20 ਪੰਜਵੀਂ ਪਾਸ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਪੰਜਵੀਂ ਪਾਸ ਉਮੀਦਵਾਰਾਂ 'ਚ ਕਾਂਗਰਸ ਦੇ ਭਦੌੜ ਹਲਕੇ ਤੋਂ ਮੁਹੰਮਦ ਸਦੀਕ, ਜੈਤੋ ਤੋਂ ਜੋਗਿੰਦਰ ਸਿੰਘ ਪੰਜਗਰਾਈਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਿੜਬਾ ਤੋਂ ਸੰਤ ਬਲਵੀਰ ਸਿੰਘ ਘੁੰਨਸ, ਗੜਸ਼ੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਜ਼ੀਰਾ ਤੋਂ ਹਰੀ ਸਿੰਘ ਜ਼ੀਰਾ ਸ਼ਾਮਲ ਹਨ। ਪੀਪਲਜ਼ ਪਾਰਟੀ ਦੇ ਪੰਜਵੀਂ ਪਾਸ ਉਮੀਦਵਾਰਾਂ ਵਿੱਚ ਬੁਢਲਾਡਾ ਤੋਂ ਬੀਬੀ ਰਣਜੀਤ ਕੌਰ, ਫਿਰੋਜ਼ਪੁਰ (ਦਿਹਾਤੀ) ਤੋਂ ਹੰਸਾ ਸਿੰਘ, ਗੁਰਦਾਸਪੁਰ ਤੋਂ ਹਰਦਿਆਲ ਸਿੰਘ, ਲੁਧਿਆਣਾ (ਪੂਰਬੀ) ਤੋਂ ਦਲਜੀਤ ਸਿੰਘ ਆਦਿ ਸ਼ਾਮਲ ਹਨ। ਬਾਕੀ ਪੰਜਵੀਂ ਪਾਸ ਉਮੀਦਵਾਰ ਬਸਪਾ ਦੇ ਹਨ। ਏਦਾਂ ਹੀ 32 ਅੱਠਵੀਂ ਪਾਸ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜਿਹੇ 11 ਉਮੀਦਵਾਰ, ਕਾਂਗਰਸ ਵੱਲੋਂ 7 ਅਤੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਵੱਲੋਂ 6 ਉਮੀਦਵਾਰ ਚੋਣ ਪਿੜ ਵਿੱਚ ਖੜ੍ਹੇ ਕੀਤੇ ਗਏ ਹਨ। ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ  ਉਮੀਦਵਾਰ ਸਰੂਪ ਚੰਦ ਸਿੰਗਲਾ, ਸ਼ਾਹਕੋਟ ਤੋਂ ਅਜੀਤ ਸਿੰਘ ਕੋਹਾੜ, ਖਰੜ ਤੋਂ ਉਜਾਗਰ ਸਿੰਘ ਬਡਾਲੀ, ਫਿਰੋਜ਼ਪੁਰ (ਦਿਹਾਤੀ) ਤੋਂ ਜੋਗਿੰਦਰ ਸਿੰਘ, ਭੁੱਚੋ ਤੋਂ ਪ੍ਰੀਤਮ ਸਿੰਘ ਕੋਟਭਾਈ ਅਦਿ ਉਮੀਦਵਾਰ ਅੱਠਵੀਂ ਪਾਸ ਅਕਾਲੀ ਉਮੀਦਵਾਰ ਹਨ।
ਦਸਵੀਂ ਪਾਸ ਉਮੀਦਵਾਰ ਦੇਖੀਏ ਤਾਂ ਕਾਂਗਰਸ ਨੇ ਸਭ ਤੋਂ ਵੱਧ ਅਜਿਹੇ 26 ਉਮੀਦਵਾਰ ਚੋਣ ਮੈਦਾਨ ਵਿੱਚ ਖੜ੍ਹੇ ਕੀਤੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ 23 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ 15 ਉਮੀਦਵਾਰ ਦਸਵੀਂ ਪਾਸ ਹਨ। ਬਾਕੀ ਬਸਪਾ ਅਤੇ ਕਮਿਊਨਿਸਟ ਉਮੀਦਵਾਰ ਹਨ।
          ਦੂਜੇ ਪਾਸੇ ਸਿਆਸੀ ਧਿਰਾਂ ਵੱਲੋਂ ਵੱਧ ਪੜ੍ਹੇ-ਲਿਖੇ ਉਮੀਦਵਾਰ ਵੀ ਮੈਦਾਨ ਵਿੱਚ ਉਤਾਰੇ ਗਏ ਹਨ। ਪੋਸਟ ਗਰੈਜੂਏਟ ਉਮੀਦਵਾਰਾਂ ਵਿੱਚ ਕਾਂਗਰਸ ਦੇ ਭੁੱਚੋ ਤੋਂ ਅਜਾਇਬ ਸਿੰਘ ਭੱਟੀ, ਨਿਹਾਲ ਸਿੰਘ ਵਾਲਾ ਤੋਂ ਅਜੀਤ ਸਿੰਘ ਸ਼ਾਂਤ, ਅਟਾਰੀ ਤੋਂ ਤਰਸੇਮ ਸਿੰਘ, ਬੰਗਾ ਤੋਂ ਤਰਲੋਚਨ ਸਿੰਘ ਸੂੰਢਾ, ਜਲੰਧਰ ਤੋਂ ਸੁਮਨ ਕੇ.ਪੀ., ਖਰੜ ਤੋਂ ਜਗਮੋਹਨ ਸਿੰਘ ਕੰਗ ਆਦਿ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੰਗਾ ਤੋਂ ਮੋਹਨ ਸਿੰਘ ਬਹਿਰਾਮ, ਫਤਹਿਗੜ੍ਹ ਚੂੜੀਆਂ ਤੋਂ ਨਿਰਮਲ ਸਿੰਘ ਕਾਹਲੋਂ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ, ਮੋਗਾ ਤੋਂ ਪਰਮਦੀਪ ਸਿੰਘ ਗਿੱਲ, ਮੁਹਾਲੀ ਤੋਂ ਬਲਵੰਤ ਸਿੰਘ ਰਾਮੂਵਾਲੀਆ, ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ, ਤਲਵੰਡੀ ਸਾਬੋ ਤੋਂ ਅਮਰਜੀਤ ਸਿੰਘ ਸਿੱਧੂ ਅਤੇ ਸੁਨਾਮ ਤੋਂ ਪਰਮਿੰਦਰ ਸਿੰਘ ਢੀਂਡਸਾ ਆਦਿ ਪੋਸਟ ਗਰੈਜੂਏਟ ਉਮੀਦਵਾਰ ਹਨ। ਇਸੇ ਤਰ੍ਹਾਂ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਐਡਵੋਕੇਟ ਸੁਖਦੀਪ ਸਿੰਘ ਭਿੰਡਰ, ਕੋਟਕਪੂਰਾ ਹਲਕੇ ਤੋਂ ਪਰਦੀਪ ਸਿੰਘ ਸਿਬੀਆ, ਭੁੱਚੋ ਤੋਂ ਹਰਵਿੰਦਰ ਸਿੰਘ ਲਾਡੀ ਅਤੇ ਮੁਹਾਲੀ ਤੋਂ ਬੀਰਦਵਿੰਦਰ ਸਿੰਘ ਆਦਿ ਪੋਸਟ ਗਰੈਜੂਏਟ ਉਮੀਦਵਾਰ ਹਨ।
ਕਿੰਨੇ ਪੜ੍ਹੇ-ਲਿਖੇ, ਕਿੰਨੇ ਅਨਪੜ੍ਹ
ਯੋਗਤਾ             ਉਮੀਦਵਾਰਾਂ ਦੀ ਗਿਣਤੀ
ਪੀਐਚ.ਡੀ    01
ਪੋਸਟ ਗਰੈਜੂਏਟ    55
ਗਰੈਜੂਏਟ (ਪ੍ਰੋਫੈਸ਼ਨਲ)    47
ਗਰੈਜੂਏਟ    85
10+2        58
ਅੱਠਵੀਂ        32
ਪੰਜਵੀਂ        20
ਅਨਪੜ੍ਹ     07
       ਡੇਰਾ ਕਰੇਗਾ ਖੁੱਲ੍ਹੀ ਹਮਾਇਤ 27 ਨੂੰ
                             ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਖੁੱਲ੍ਹੀ ਹਮਾਇਤ ਕੀਤੀ ਜਾਏਗੀ। ਡੇਰਾ ਸਿਰਸਾ ਦੇ ਸਿਆਸੀ ਵਿੰਗ ਵੱਲੋਂ 27 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ ਜਿਸ 'ਚ ਡੇਰੇ ਵੱਲੋਂ ਖੁੱਲ੍ਹੀ ਸਿਆਸੀ ਹਮਾਇਤ ਦਾ ਐਲਾਨ ਕੀਤਾ ਜਾਵੇਗਾ। ਡੇਰੇ ਦਾ ਸਿਆਸੀ ਵਿੰਗ ਵਿਧਾਨ  ਸਭਾ ਚੋਣਾਂ-2007 ਦੇ ਪੈਟਰਨ 'ਤੇ ਖੁੱਲ੍ਹੇਆਮ ਸਿਆਸੀ ਮੈਦਾਨ ਵਿੱਚ ਕੁੱਦੇਗਾ ਜਦੋਂ ਕਿ ਲੋਕ ਸਭਾ ਚੋਣਾਂ-2009 ਵਿੱਚ ਡੇਰਾ ਸਿਰਸਾ ਵੱਲੋਂ ਗੁਪਤ ਤੌਰ 'ਤੇ ਸਿਆਸੀ ਹਮਾਇਤ ਕੀਤੀ ਗਈ ਸੀ। ਡੇਰਾ ਸਿਰਸਾ ਵੱਲੋਂ ਪਹਿਲਾਂ ਵੀ ਸਿਆਸੀ ਹਮਾਇਤ ਗੁਪਤ ਤੌਰ 'ਤੇ ਦਿੱਤੀ ਜਾਂਦੀ ਰਹੀ ਹੈ ਪਰ ਸਾਲ 2007 ਦੀਆਂ ਚੋਣਾਂ ਵਿੱਚ ਪਹਿਲੀ ਦਫਾ ਸਿਆਸੀ ਵਿੰਗ ਬਣਾ ਕੇ ਕਾਂਗਰਸ ਪਾਰਟੀ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਸੀ। ਉਸ ਮਗਰੋਂ ਖੁੱਲ੍ਹੇਆਮ ਹਮਾਇਤ ਦੇਣ ਦਾ ਖ਼ਮਿਆਜਾ ਵੀ ਡੇਰਾ ਪੈਰੋਕਾਰਾਂ ਨੂੰ ਭੁਗਤਣਾ ਪਿਆ ਸੀ। ਨਤੀਜੇ ਵਜੋਂ ਲੋਕ ਸਭਾ ਚੋਣਾਂ ਵਿੱਚ ਫਿਰ ਗੁਪਤ ਹਮਾਇਤ ਦਾ ਰਾਹ ਅਖ਼ਤਿਆਰ ਕਰ ਲਿਆ ਗਿਆ ਸੀ।
          ਡੇਰਾ ਸਿਰਸਾ ਵੱਲੋਂ ਹਮਾਇਤ ਕਿਸ ਸਿਆਸੀ ਧਿਰ ਦੀ ਕੀਤੀ ਜਾਣੀ ਹੈ ਜਾਂ ਫਿਰ ਕਿਸ ਪਾਰਟੀ ਦੇ ਕਿਸ ਉਮੀਦਵਾਰ ਦੀ ਹਮਾਇਤ ਕੀਤੀ ਜਾਣੀ ਹੈ, ਇਸ ਦਾ ਫੈਸਲਾ 27 ਜਨਵਰੀ ਨੂੰ ਕੀਤਾ ਜਾਣਾ ਹੈ ਪਰ ਇਹ ਤੈਅ ਹੈ ਕਿ ਹੁਣ ਡੇਰਾ ਸਿਰਸਾ ਨੇ ਆਪਣੀ ਰਣਨੀਤੀ ਮੁੜ ਬਦਲ ਕੇ ਖੁੱਲ੍ਹੇਆਮ ਹਮਾਇਤ ਕਰਨ ਦਾ ਫੈਸਲਾ ਕਰ ਲਿਆ ਹੈ। ਡੇਰੇ ਦੇ ਸਿਆਸੀ ਵਿੰਗ ਦੀ ਬੀਤੇ ਕੱਲ੍ਹ ਸੱਤ ਘੰਟੇ ਮੀਟਿੰਗ ਚੱਲੀ ਜਿਸ ਵਿੱਚ ਪੰਜਾਬ ਭਰ ਚੋਂ ਡੇਰਾ ਸਿਰਸਾ ਦੇ ਅਹਿਮ ਪੈਰੋਕਾਰ ਸ਼ਾਮਲ ਹੋਏ। ਇਸ ਮੀਟਿੰਗ ਤੋਂ ਪਹਿਲਾਂ    ਹਲਕਿਆਂ ਦੇ ਪੈਰੋਕਾਰਾਂ ਵੱਲੋਂ ਆਪੋ-ਆਪਣੇ ਹਲਕੇ ਦੀ ਵੱਖਰੀ ਮੀਟਿੰਗ ਵੀ ਕੀਤੀ ਗਈ ਸੀ ਜਿਸ ਵਿੱਚ ਪੇਸ਼ ਕੀਤੇ ਗਏ ਸੁਝਾਅ ਲਿਖ ਲਏ ਗਏ ਸਨ।
            ਸੂਤਰਾਂ ਅਨੁਸਾਰ ਹਲਕਾਵਾਰ ਮੀਟਿੰਗ ਵਿੱਚ ਡੇਰਾ ਪੈਰੋਕਾਰਾਂ ਨੇ ਇਹ ਚਰਚਾ ਖੁੱਲ੍ਹੇਆਮ ਕੀਤੀ ਕਿ ਸਾਲ  2007 ਚੋਣਾਂ ਮਗਰੋਂ ਅਕਾਲੀਆਂ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਸਾਲ 2007 ਚੋਣਾਂ ਵਿੱਚ ਜਿਨ੍ਹਾਂ ਨੂੰ ਵੋਟਾਂ ਪਾਈਆਂ ਸਨ, ਉਨ੍ਹਾਂ ਨੇ ਵੀ ਇਸ ਧੱਕੇਸ਼ਾਹੀ ਨੂੰ ਨਹੀਂ ਰੋਕਿਆ। ਪਤਾ ਲੱਗਾ ਹੈ ਕਿ ਹਲਕਾ ਲਹਿਰਾਗਾਗਾ ਅਤੇ ਤਲਵੰਡੀ ਸਾਬੋ ਦੇ ਪੈਰੋਕਾਰਾਂ ਦੀ ਮੀਟਿੰਗ ਵਿੱਚ ਪੈਰੋਕਾਰਾਂ ਨੇ ਸਿਆਸੀ ਵਿੰਗ ਕੋਲ ਕਾਫੀ ਭੜਾਸ ਕੱਢੀ।ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਬੀਤੇ ਕੱਲ੍ਹ 114 ਹਲਕਿਆਂ ਦੀ ਮੀਟਿੰਗ ਹ ਚੁੱਕੀ ਹੈ ਅਤੇ 27 ਜਨਵਰੀ ਨੂੰ ਸਭ ਕੁਝ ਸਾਹਮਣੇ ਆ ਜਾਵੇਗਾ।ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਭਰ 'ਚੋਂ ਚੋਣ ਮੈਦਾਨ ਵਿੱਚ ਖੜੇ ਸਵਾ ਸੌ ਦੇ ਕਰੀਬ ਉਮੀਦਵਾਰ ਡੇਰਾ ਸਿਰਸਾ ਵਿਖੇ ਹਾਜ਼ਰੀ ਲਵਾ ਕੇ ਆਏ ਹਨ।
                                   ਡੇਰੇ ਦੀਆਂ ਸਿਆਸੀ ਸਰਗਰਮੀਆਂ 'ਤੇ ਪਾਬੰਦੀ ਲੱਗੇ: ਨੰਦਗੜ੍ਹ
ਬਠਿੰਡਾ: ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਚੋਣ ਕਮਿਸ਼ਨ ਤੋਂ ਡੇਰਾ ਸਿਰਸਾ ਦੀਆਂ ਸਿਆਸੀ ਗਤੀਵਿਧੀਆਂ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਧਾਰਮਿਕ ਸਥਾਨਾਂ ਵਿੱਚ ਸਿਆਸੀ ਇਕੱਠ ਹੋਣ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ ਤਾਂ ਡੇਰਿਆਂ ਵਿੱਚ ਹੁੰਦੇ ਸਿਆਸੀ ਇਕੱਠਾਂ ਅਤੇ ਲਏ ਜਾਣ ਵਾਲੇ ਸਿਆਸੀ ਫੈਸਲੇ ਵੀ ਚੋਣ ਜ਼ਾਬਤੇ ਦੀ ਉਲੰਘਣਾ ਹਨ।

Tuesday, January 24, 2012

                                ਰੁੱਤ ਵੋਟਾਂ ਦੀ
    ਮੁੱਖ ਮੰਤਰੀ ਨੇ ਵੰਡੇ 'ਬਿਜਲੀ ਮੀਟਰ'
                          ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨਾਂ 'ਚ ਬਿਜਲੀ ਮੀਟਰਾਂ ਲਈ ਵੀ ਪੈਸੇ ਵੰਡ ਦਿੱਤੇ ਹਨ। ਪੰਜਾਬ ਭਰ 'ਚੋਂ ਸਿਰਫ ਹਲਕਾ ਲੰਬੀ ਅਤੇ ਗਿੱਦੜਬਾਹਾ 'ਚ ਇਹ ਰਾਸ਼ੀ ਵੰਡੀ ਗਈ। ਪੰਜਾਬ ਸਰਕਾਰ ਦੀ ਅਜਿਹੀ ਕੋਈ ਸਕੀਮ ਨਹੀਂ ਹੈ ਜਿਸ ਤਹਿਤ ਖਪਤਕਾਰਾਂ ਦੇ ਘਰ ਸਰਕਾਰੀ ਰਾਸ਼ੀ ਨਾਲ ਬਿਜਲੀ ਮੀਟਰ ਲਗਵਾਏ ਜਾਂਦੇ ਹੋਣ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਲੋਕਾਂ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਨੇ ਹਲਕਾ ਲੰਬੀ ਅਤੇ ਗਿੱਦੜਬਾਹਾ 'ਚ ਬਿਜਲੀ ਮੀਟਰਾਂ ਲਈ ਰਾਸ਼ੀ ਦੇ ਦਿੱਤੀ। ਬਿਜਲੀ ਮੀਟਰਾਂ ਦੀ ਰਾਸ਼ੀ ਪਾਵਰਕੌਮ ਕੋਲ ਜਮ੍ਹਾਂ ਕਰਾਈ ਗਈ ਹੈ। ਹਲਕਾ ਗਿੱਦੜਬਾਹਾ 'ਤੇ ਖਾਸ 'ਮਿਹਰ' ਕੀਤੀ ਗਈ ਹੈ ਕਿਉਂਕਿ ਉਸ ਹਲਕੇ ਵਿੱਚ ਲੋਕਾਂ ਨੂੰ ਆਪਣੇ ਨਾਲ ਰੱਖਣ ਲਈ ਅਜਿਹਾ ਕਦਮ ਚੁੱਕਿਆ ਗਿਆ। ਸੂਚਨਾ  ਅਧਿਕਾਰ ਤਹਿਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੁਕਤਸਰ ਵੱਲੋਂ ਜੋ  ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਮੁੱਖ ਮੰਤਰੀ  ਵੱਲੋਂ ਹਲਕਾ ਗਿੱਦੜਬਾਹਾ ਦੇ ਦੋ ਦਰਜਨ ਪਿੰਡਾਂ ਵਿੱਚ ਬਿਜਲੀ ਮੀਟਰਾਂ ਲਈ ਰਾਸ਼ੀ ਦਿੱਤੀ ਗਈ ਹੈ। ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਜਿਨ੍ਹਾਂ ਲੋਕਾਂ ਨੇ ਬਿਜਲੀ ਮੀਟਰ ਨਾ ਹੋਣ ਦੀ ਮੰਗ ਰੱਖੀ,ਉਨ੍ਹਾਂ ਲਈ ਇਹ ਰਾਸ਼ੀ ਜਾਰੀ ਕੀਤੀ ਗਈ।
            ਹਲਕਾ ਲੰਬੀ ਦੇ ਸੱਤ ਪਿੰਡਾਂ 'ਚ ਬਿਜਲੀ ਮੀਟਰਾਂ ਲਈ ਰਾਸ਼ੀ ਜਾਰੀ ਕੀਤੀ ਗਈ। ਇਨ੍ਹਾਂ ਪਿੰਡਾਂ ਲਈ 455 ਘਰਾਂ ਵਿੱਚ ਬਿਜਲੀ ਦੇ ਮੀਟਰ ਲਗਵਾਉਣ ਲਈ ਸਰਕਾਰੀ ਰਾਸ਼ੀ ਦਿੱਤੀ ਗਈ। ਸਰਕਾਰ ਵੱਲੋਂ ਬਿਜਲੀ ਕੁਨੈਕਸ਼ਨ ਦੇ ਪੈਸੇ ਭਰਨ ਤੋਂ ਇਲਾਵਾ ਸਰਵਿਸ ਚਾਰਜਿਜ਼ ਦੀ ਰਾਸ਼ੀ ਵੀ ਭਰੀ ਗਈ। ਪਿੰਡ ਤਪਾ ਖੇੜਾ ਵਿੱਚ 100 ਘਰਾਂ 'ਚ ਬਿਜਲੀ ਮੀਟਰ ਲਗਵਾਉਣ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਪਾਵਰਕੌਮ ਨੂੰ ਦੇ ਦਿੱਤੀ ਗਈ। ਪਿੰਡ ਆਲਮਵਾਲਾ ਵਿੱਚ ਡੇਢ ਸੌ ਘਰਾਂ ਦੇ ਬਿਜਲੀ ਮੀਟਰਾਂ ਲਈ 2.25 ਲੱਖ ਰੁਪਏ ਜਾਰੀ ਕੀਤੇ ਗਏ। ਇਸੇ ਤਰ੍ਹਾਂ ਪਿੰਡ ਭਗਵਾਨਪੁਰਾ ਲਈ 60 ਮੀਟਰ ਅਤੇ ਪਿੰਡ ਬੋਦੀਵਾਲਾ ਵਿਚ 50 ਲੋਕਾਂ ਨੂੰ ਬਿਜਲੀ ਮੀਟਰਾਂ ਲਈ ਰਾਸ਼ੀ ਜਾਰੀ ਕੀਤੀ ਗਈ। ਇਸ ਹਲਕੇ ਦੇ ਪਿੰਡਾਂ 'ਚ ਬਿਜਲੀ ਮੀਟਰਾਂ ਲਈ ਪਾਵਰਕੌਮ ਨੂੰ 6.82 ਲੱਖ ਜਾਰੀ ਕੀਤੇ ਗਏ।         
          ਹਲਕਾ ਗਿੱਦੜਬਾਹਾ ਦੇ ਦੋ ਦਰਜਨ ਪਿੰਡਾਂ 'ਚ 1259 ਬਿਜਲੀ ਮੀਟਰਾਂ ਲਈ ਰਾਸ਼ੀ ਦਿੱਤੀ ਗਈ ਹੈ।  ਸੰਗਤ ਦਰਸ਼ਨਾਂ 'ਚ ਬਿਜਲੀ ਮੀਟਰਾਂ ਲਈ 18.88 ਲੱਖ ਰੁਪਏ ਜਾਰੀ ਕੀਤੇ ਗਏ।  ਹਲਕੇ ਵਿੱਚ ਸਭ ਤੋਂ ਜ਼ਿਆਦਾ ਪਿੰਡ ਕੋਟਭਾਈ ਵਿੱਚ ਡੇਢ ਸੌ ਬਿਜਲੀ ਮੀਟਰਾਂ ਲਈ ਰਾਸ਼ੀ ਦਿੱਤੀ ਗਈ। ਇਨ੍ਹਾਂ ਮੀਟਰਾਂ ਲਈ 2.25 ਲੱਖ ਰੁਪਏ ਪਾਵਰਕੌਮ ਨੂੰ ਦਿੱਤੇ ਗਏ ਹਨ। ਪਿੰਡ ਭਲਾਈਆਣਾ 'ਚ 110 ਮੀਟਰ ਲਗਵਾਉਣ ਲਈ 1.65 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।ਹਲਕਾ ਗਿੱਦੜਬਾਹਾ ਵਿੱਚ ਤਾਂ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਪਖਾਨੇ ਬਣਾਉਣ ਲਈ ਵੀ ਰਾਸ਼ੀ ਜਾਰੀ ਕੀਤੀ ਗਈ। ਇਹ ਰਾਸ਼ੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਦਿੱਤੀ ਗਈ ਹੈ। ਹਲਕਾ ਗਿੱਦੜਬਾਹਾ ਦੇ ਦੋ ਦਰਜਨ ਪਿੰਡਾਂ ਵਿੱਚ 2457 ਪਖਾਨੇ  ਬਣਾਉਣ ਲਈ 24.52 ਲੱਖ ਰੁਪਏ ਖਰਚ ਕੀਤੇ ਗਏ। ਇਨ੍ਹਾਂ ਘਰਾਂ ਵਿੱਚ ਪਖਾਨੇ ਬਣਾਉਣ ਲਈ ਪ੍ਰਤੀ ਪਖਾਨਾ 10 ਹਜ਼ਾਰ ਰੁਪਏ ਖਰਚ ਕੀਤੇ ਗਏ। ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨਾਂ ਵਿੱਚ ਆਖਰੀ ਵਰ੍ਹੇ ਦੌਰਾਨ ਕਾਫੀ ਖੁੱਲ੍ਹਦਿਲੀ ਨਾਲ ਰਾਸ਼ੀ ਵੰਡੀ ਗਈ ਹੈ ਜੋ ਕਿ ਬਾਕੀ ਪੰਜਾਬ ਵਿੱਚ ਨਹੀਂ ਵੰਡੀ ਗਈ ਹੈ ਖਾਸ ਕਰਕੇ ਬਿਜਲੀ ਮੀਟਰਾਂ ਲਈ।

Monday, January 23, 2012

                                         ਅਕਾਲੀਆਂ 'ਤੇ ਛੱਮਕ ਛੱਲੋ ਦੇ ਛਾਂਟੇ  
                                                                   ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਪੱਟੀ ਵਿੱਚ 'ਛੱਮਕ ਛੱਲੋ'ਅਕਾਲੀ ਉਮੀਦਵਾਰਾਂ ਦੇ ਪਿੱਛੇ ਪੈ ਗਈ ਹੈ। ਇਨ੍ਹਾਂ ਉਮੀਦਵਾਰਾਂ ਕੋਲ ਛਮਕ ਛੱਲੋ ਦਾ ਕੋਈ ਜੁਆਬ ਨਹੀਂ ਹੈ। ਦੱਸਣਯੋਗ ਹੈ ਕਿ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਵਿੱਚ ਹੋਏ ਉਦਘਾਟਨ ਮੌਕੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਸੱਦਿਆ ਗਿਆ ਸੀ ਜਿਸ ਵੱਲੋਂ 19 ਮਿੰਟ ਦੀ ਪੇਸ਼ਕਾਰੀ ਦੇ ਤਿੰਨ ਕਰੋੜ ਰੁਪਏ ਵਸੂਲੇ ਗਏ ਸਨ। ਉਨ੍ਹਾਂ ਨੇ ਸਟੇਜ ਤੋਂ ਰਾਵਣ ਫਿਲਮ ਦਾ ਗਾਣਾ ਛੱਮਕ ਛੱਲੋ ਗਾਇਆ ਸੀ। ਚਰਚਾ ਤਾਂ ਉਦੋਂ ਹੀ ਛਿੜ ਗਈ ਸੀ ਪ੍ਰੰਤੂ ਹੁਣ ਬਠਿੰਡਾ ਇਲਾਕੇ ਦੇ ਅਸੈਂਬਲੀ ਹਲਕਿਆਂ ਵਿੱਚ ਕਿਸੇ ਨਾ ਕਿਸੇ ਬਹਾਨੇ ਕਾਂਗਰਸੀ ਨੇਤਾ ਛਮਕ ਛੱਲੋ ਦੀ ਚਰਚਾ ਕਰ ਰਹੇ ਹਨ। ਚੋਣ ਪ੍ਰਚਾਰ ਵਿੱਚ ਕਾਂਗਰਸੀ ਆਪਣੇ ਵਿਰੋਧੀਆਂ ਨੂੰ ਰਗੜਾ ਲਾਉਣ ਲਈ ਸਟੇਜ ਤੋਂ ਛੱਮਕ ਛੱਲੋ ਦੀ ਗੱਲ ਕਰਨਾ ਨਹੀਂ ਭੁੱਲਦੇ।
           ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਆਪਣੇ ਜਲਸਿਆਂ ਵਿੱਚ ਜਿਥੇ ਬਠਿੰਡਾ ਸ਼ਹਿਰ ਦੀ ਸਰਕਾਰੀ ਸੰਪਤੀ ਦੀ ਵਿਕਰੀ ਦੀ ਗੱਲ ਕਰਦੇ ਹਨ, ਉਥੇ ਪਿਛਲੇ ਸਮੇਂ ਵਿੱਚ ਡੇਂਗੂ ਦੇ ਕਹਿਰ ਨਾਲ ਸ਼ਹਿਰ ਦੇ ਲੋਕਾਂ ਵੱਲੋਂ ਭੋਗੇ ਸੰਤਾਪ ਦਾ ਜ਼ਿਕਰ ਵੀ ਕਰਦੇ ਹਨ। ਉਹ ਆਖਦੇ ਹਨ ਕਿ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਅਕਾਲੀ ਸਰਕਾਰ ਛੱਮਕ ਛੱਲੋ ਵਿੱਚ ਉਲਝੀ ਰਹੀ। ਉਹ ਆਖਦੇ ਹਨ ਕਿ ਕਬੱਡੀ ਮਾਂ ਖੇਡ ਹੈ ਪ੍ਰੰਤੂ ਛੱਮਕ ਛੱਲੋ ਵਾਲੇ ਸ਼ਾਹਰੁਖ ਖਾਨ ਨੂੰ ਕਰੋੜਾਂ ਰੁਪਏ ਲੁਟਾ ਕੇ ਕਿਸ ਤਰ੍ਹਾਂ ਖੇਡ ਦੀ ਤਰੱਕੀ ਹੋਈ। ਉਹ ਆਖਦੇ ਹਨ ਕਿ ਬਠਿੰਡਾ ਇਲਾਕੇ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਤਾਂ ਸਰਕਾਰ ਕੋਲ ਰਾਸ਼ੀ ਨਹੀਂ ਪਰ ਸ਼ਾਹਰੁਖ ਨੂੰ ਖੁੱਲ੍ਹੇ ਗੱਫੇ ਦੇ ਦਿੱਤੇ।ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਛੱਮਕ ਛੱਲੋ ਵਾਲੇ ਮਾਮਲੇ 'ਤੇ ਤਾਂ ਕੁਝ ਜੁਆਬ ਨਹੀਂ ਦਿੰਦੇ ਪ੍ਰੰਤੂ ਉਹ ਸ਼ਹਿਰ ਵਿੱਚ ਬਣਾਏ ਸਟੇਡੀਅਮ ਦਾ ਜ਼ਿਕਰ ਕਰਦੇ ਹਨ। ਉਹ ਇਨ੍ਹਾਂ ਗੱਲਾਂ ਦੇ ਜੁਆਬ ਵਿੱਚ ਆਖਦੇ ਹਨ ਕਿ ਕਾਂਗਰਸੀ ਉਮੀਦਵਾਰ ਜੱਸੀ ਤਾਂ ਪੰਜ ਸਾਲ ਇੱਥੋਂ ਗਾਇਬ ਹੀ ਰਿਹਾ ਹੈ ਜਦੋਂ ਕਿ ਉਹ ਹਾਰਨ ਦੇ ਬਾਵਜੂਦ ਲੋਕਾਂ ਵਿੱਚ ਵਿਚਰਦੇ ਰਹੇ ਅਤੇ ਸ਼ਹਿਰ ਦਾ ਵਿਕਾਸ ਕਰਾਇਆ। ਬਠਿੰਡਾ ਦਿਹਾਤੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਵੀ ਸ਼ਾਹਰੁਖ ਖਾਨ ਦੀ ਗੱਲ ਪੇਂਡੂ ਲੋਕਾਂ ਨੂੰ ਸੁਣਾ ਰਹੇ ਹਨ ਅਤੇ ਆਖਦੇ ਹਨ ਕਿ 19 ਮਿੰਟ ਦੇ ਉਸ ਨੇ ਤਿੰਨ ਕਰੋੜ ਰੁਪਏ ਦਿੱਤੇ ਗਏ। ਏਨੀ ਰਾਸ਼ੀ ਨਾਲ ਤਾਂ ਸਾਰੇ ਕੈਂਸਰ ਮਰੀਜ਼ਾਂ ਦਾ ਭਲਾ ਹੋ ਸਕਦਾ ਸੀ।
           ਸਾਬਕਾ ਕਾਂਗਰਸੀ ਮੰਤਰੀ ਜਸਵੀਰ ਸਿੰਘ ਸੰਗਰੂਰ ਵੀ ਕਾਂਗਰਸੀ ਜਲਸਿਆਂ ਵਿੱਚ ਸ਼ਾਹਰੁਖ ਖਾਨ ਬਾਰੇ ਕਾਫ਼ੀ ਕੁਝ ਬੋਲਦੇ ਹਨ। ਉਹ ਜਲਸਿਆਂ ਵਿੱਚ ਆਖ ਰਹੇ ਹਨ ਕਿ ਛੱਮਕ ਛੱਲੋ ਪੰਜਾਬ ਦੇ ਲੋਕਾਂ ਨੂੰ ਤਿੰਨ ਕਰੋੜ ਵਿੱਚ ਪਈ ਹੈ। ਸੂਤਰ ਆਖਦੇ ਹਨ ਕਿ ਜੋ ਤਿੰਨ ਕਰੋੜ ਵਿੱਚ ਪਈ ,ਉਹ ਤਾਂ ਵੱਖਰੀ ਗੱਲ ਹੈ ਪ੍ਰੰਤੂ ਹੁਣ ਜੋ ਸਿਆਸੀ ਤੌਰ 'ਤੇ ਇਹ ਗੱਲ ਮਹਿੰਗੀ ਪੈ ਰਹੀ ਹੈ, ਉਹ ਉਮੀਦਵਾਰਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ। ਕਾਂਗਰਸੀ ਨੇਤਾ ਚਟਕਾਰੇ ਲੈ ਲੈ ਕੇ ਛਮਕ ਛੱਲੋ ਦੀਆਂ ਗੱਲਾਂ ਕਰ ਰਹੇ ਹਨ। ਇੱਥੋਂ ਤੱਕ ਕਿ ਹਲਕਾ ਲੰਬੀ ਵਿੱਚ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਉਮੀਦਵਾਰ ਗੁਰਦਾਸ ਸਿੰਘ ਬਾਦਲ ਵੀ ਕਿਸੇ ਨਾ ਕਿਸੇ ਚੋਣ ਜਲਸੇ ਵਿੱਚ ਸ਼ਾਹਰੁਖ ਖਾਨ ਦੀ ਚਰਚਾ ਕਰ ਜਾਂਦੇ ਹਨ।
                                            ਅੱਗੇ ਉਮੀਦਵਾਰ,ਪਿੱਛੇ ਪਿੱਛੇ ਕੈਮਰਾ
ਚੋਣ ਕਮਿਸ਼ਨ ਵੱਲੋਂ ਹੁਣ ਹਰ ਉਮੀਦਵਾਰ ਦੀ ਪੂਰਾ ਪੂਰਾ ਦਿਨ ਵੀਡੀਓਗਰਾਫੀ ਕਰਾਈ ਜਾ ਰਹੀ ਹੈ। ਉਮੀਦਵਾਰ ਦੇ ਸਵੇਰ ਤੋਂ ਸ਼ਾਮ ਤੱਕ ਦੇ ਪ੍ਰੋਗਰਾਮਾਂ ਦੀ ਮੂਵੀ ਬਣ ਰਹੀ ਹੈ। ਕਈ ਉਮੀਦਵਾਰ ਚੋਣ ਜਲਸਿਆਂ ਵਿੱਚ ਆਖ ਰਹੇ ਹਨ, ਏਨੀ ਮੂਵੀ ਤਾਂ ਵਿਆਹਾਂ ਵਿੱਚ ਨਹੀਂ ਬਣੀ ਹੋਈ,ਜਿੰਨੀ ਇਨ੍ਹਾਂ ਨੇ ਬਣਾ ਲੈਣੀ ਹੈ। ਉਡਣ ਦਸਤਿਆਂ ਕੋਲ ਵੀ ਮੂਵੀ ਕਮਰੇ ਹਨ ਅਤੇ ਚੈਕਿੰਗ ਟੀਮਾਂ ਕੋਲ ਵੀ। ਅਗਰ ਕਿਸੇ ਨੇ ਮੂਵੀ ਦੀ ਸੀ ਡੀ ਲੈਣੀ ਹੋਵੇ ਤਾਂ ਤਿੰਨ ਸੌ ਰੁਪਏ ਰੇਟ ਵੀ ਨਿਸ਼ਚਿਤ ਕੀਤਾ ਹੋਇਆ ਹੈ।

Sunday, January 22, 2012

                 ਨੀਂਦਰਾਂ ਨੀ ਆਉਂਦੀਆਂ…
                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ ਵਿੱਚ ਉਮੀਦਵਾਰਾਂ ਦੀ ਨੀਂਦ ਪੰਜਾਬ ਚੋਣਾਂ ਨੇ ਉਡਾ ਦਿੱਤੀ ਹੈ। ਚੋਣਾਂ ਦੇ ਬੋਝ ਕਾਰਨ ਉਮੀਦਵਾਰਾਂ ਨੂੰ ਪੂਰਾ ਸੌਣਾ ਨਸੀਬ ਨਹੀਂ ਹੋ ਰਿਹਾ ਹੈ। ਬਹੁਤੇ ਉਮੀਦਵਾਰ ਤਾਂ ਸੌਣ ਮਗਰੋਂ ਵੀ ਜਾਗਦੇ ਰਹਿੰਦੇ ਹਨ ਜਿਥੇ ਕਿਤੇ ਫਸਵੇਂ ਮੁਕਾਬਲੇ ਹਨ,ਉਥੋਂ ਦੇ ਉਮੀਦਵਾਰਾਂ ਲਈ ਨੀਂਦ ਦੂਰ ਦੀ ਗੱਲ ਹੈ।ਰਾਮਪੁਰਾ ਫੂਲ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ  ਜਦੋਂ ਤੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਉਹ ਰੋਜ਼ਾਨਾ ਢਾਈ ਘੰਟੇ ਹੀ ਸੌ ਰਹੇ ਹਨ। ਸ੍ਰੀ ਕਾਂਗੜ ਨੇ ਦੱਸਿਆ ਕਿ ਉਹ ਰਾਤ ਨੂੰ ਡੇਢ ਵਜੇ ਸੌਂਦੇ ਹਨ ਅਤੇ ਸਵੇਰ 4 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਅਗਰ ਕੋਈ ਕੰਮ ਨਾ ਹੋਵੇ ਤਾਂ ਰੂਟੀਨ ਵਿੱਚ ਰਾਤ ਨੂੰ ਸੱਤ ਵਜੇ ਸੌਂ ਜਾਂਦੇ ਹਨ ਅਤੇ ਸਵੇਰੇ 3.30 ਵਜੇ ਉਠਦੇ ਹਨ। ਉਹ ਦੱਸਦੇ ਹਨ ਕਿ ਚੋਣਾਂ ਕਰਕੇ ਹੁਣ ਨੀਂਦ ਨੂੰ ਤਰਜ਼ੀਹ ਨਹੀਂ ਹੈ। ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਤਾਂ ਸਿਰਫ ਤਿੰਨ ਘੰਟੇ ਹੀ ਸੌਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ ਢਾਈ ਵਜੇ ਸੌਂਦੇ ਹਨ ਅਤੇ ਸਵੇਰ 5.30 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿੱਚ ਉਹ 11 ਵਜੇ ਸੌਂਦੇ ਹਨ ਅਤੇ ਸਵੇਰੇ 5 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਉਹ ਤਿੰਨ ਘੰਟੇ ਵਿੱਚ ਹੀ ਆਪਣੀ ਨੀਂਦ ਪੂਰੀ ਕਰ ਲੈਂਦੇ ਹਨ।
           ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਇਨ੍ਹਾਂ ਦਿਨ੍ਹਾਂ ਵਿੱਚ ਕੇਵਲ ਚਾਰ ਘੰਟੇ ਹੀ ਸੌਂ ਰਹੇ ਹਨ ਜਦੋਂ ਕਿ ਰੂਟੀਨ ਵਿੱਚ ਉਹ ਸੱਤ ਘੰਟੇ ਨੀਂਦ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ 1 ਵਜੇ ਸੌਂਦੇ ਹਨ ਅਤੇ ਸਵੇਰੇ 5 ਵਜੇ ਉਠਦੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਸਿਰਫ ਪੰਜ ਘੰਟੇ ਸੌਂਦੇ ਹਨ। ਉਨ੍ਹਾਂ ਦੇ ਪੀ.ਏ ਜਸਵੀਰ ਸਿੰਘ ਨੇ ਦੱਸਿਆ ਕਿ ਉਹ 12.30 ਵਜੇ ਸੌਂਦੇ ਹਨ ਅਤੇ ਸਵੇਰ 5.30 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿਚ ਵੀ ਉਨ੍ਹਾਂ ਦਾ ਇਹੋ ਸ਼ਡਿਊਲ ਰਿਹਾ ਹੈ।ਮੋਗਾ ਤੋਂ ਕਾਂਗਰਸੀ ਉਮੀਦਵਾਰ ਜੋਗਿੰਦਰਪਾਲ ਜੈਨ ਸਿਰਫ ਚਾਰ ਘੰਟੇ ਸੌਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ ਇੱਕ ਵਜੇ ਸੌਂਦੇ ਹਨ ਅਤੇ ਸਵੇਰ 5 ਵਜੇ ਉਠਦੇ ਹਨ ਜਦੋਂ ਕਿ ਚੋਣਾਂ ਤੋਂ ਪਹਿਲਾਂ ਉਹ ਰਾਤ ਨੂੰ 10.30 ਵਜੇ ਸੌ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਉਹ ਦਿਨ ਵੇਲੇ ਆਪਣੀ ਗੱਡੀ ਵਿੱਚ ਕੁਝ ਕੁ ਨੀਂਦ ਪੂਰੀ ਕਰ ਲੈਂਦੇ ਹਨ। ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ 4.30 ਘੰਟੇ ਹੀ ਸੌਂ ਰਹੇ ਹਨ ਜਦੋਂ ਕਿ ਉਹ ਪਹਿਲਾਂ 7 ਘੰਟੇ ਸੌਂਦੇ ਰਹੇ ਹਨ। ਸੇਖੋਂ ਦੇ ਪੀ.ਏ ਸ੍ਰੀ ਜੇ.ਜੇ.ਸਿੰਘ ਨੇ ਦੱਸਿਆ ਕਿ ਉਹ ਦਿਨ ਵੇਲੇ ਨਹੀਂ ਸੌਂਦੇ ਹਨ। ਇਸੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਚਾਰ ਘੰਟੇ ਨੀਂਦ ਲੈਂਦੇ ਹਨ ਜਦੋਂ ਕਿ ਆਮ ਦਿਨਾਂ ਵਿੱਚ ਉਹ 6.30 ਘੰਟੇ ਸੌਂਦੇ ਹਨ।
          ਉਮੀਦਵਾਰਾਂ ਨੇ ਦੱਸਿਆ ਕਿ ਜਦੋਂ ਰਾਤ ਨੂੰ ਸੌਂ ਵੀ ਜਾਂਦੇ ਹਨ ਤਾਂ ਵੀ ਉਨ੍ਹਾਂ ਨੂੰ ਚੈਨ ਨਹੀਂ ਆਉਂਦੀ। ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਪੰਜ ਘੰਟੇ ਸੌਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਨੂੰ ਤਾਂ ਪੈਂਦੇ ਸਾਰ ਹੀ ਨੀਂਦ ਆ ਜਾਂਦੀ ਹੈ। ਉਨ੍ਹਾਂ ਆਖਿਆ ਕਿ ਥਕਾਵਟ ਤਾਂ ਹੁੰਦੀ ਹੈ ਪ੍ਰੰਤੂ ਨੀਂਦ ਟੀਚਾ ਨਹੀਂ ਹੈ। ਆਮ ਦਿਨਾਂ ਵਿੱਚ ਉਹ ਰਾਤ ਨੂੰ 10 ਵਜੇ ਸੌਂਦੇ ਹਨ ਅਤੇ ਸਵੇਰੇ 6 ਵਜੇ ਉਠਦੇ ਹਨ।ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਨੇ ਆਪਣੇ ਸੌਣ ਦੇ ਸ਼ਡਿਊਲ ਵਿੱਚ ਕੋਈ ਰੱਦੋ ਬਦਲ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ 10 ਵਜੇ ਆਮ ਦਿਨਾਂ ਵਾਂਗ ਸੌਂ ਜਾਂਦੇ ਹਨ ਅਤੇ ਸਵੇਰੇ ਹੁਣ 6 ਵਜੇ ਦੀ ਬਜਾਏ 5 ਵਜੇ ਉਠਦੇ ਹਨ। ਉਨ੍ਹਾਂ ਦੱਸਿਆ ਕਿ ਉਹ ਦਿਨ ਵਕਤ ਜ਼ਿਆਦਾ ਸਮਰੱਥਾ ਨਾਲ ਕੰਮ ਕਰਦੇ ਹਨ।

Saturday, January 21, 2012

         ਕਿਤਾਬਾਂ ਤੋਂ ਡਰਦੇ ਨੇ ਮੁੱਖ ਮੰਤਰੀ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਹੁਣ ਕਿਤਾਬਾਂ ਤੋਂ ਦੂਰ ਭੱਜਣ ਲੱਗੇ ਹਨ। ਹਾਲ ਵਿਧਾਇਕਾਂ ਦਾ ਵੀ ਇਹੋ ਹੈ। ਲੰਘੇ 40 ਵਰਿ•ਆਂ 'ਚ ਪੰਜਾਬ ਦੇ ਮੁੱਖ ਮੰਤਰੀਆਂ 'ਚ ਕਿਤਾਬਾਂ ਪੜ•ਨ ਦੀ ਰੁਚੀ ਘਟੀ ਹੈ। ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਘੇ ਚਾਰ ਵਰਿ•ਆਂ 'ਚ ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਚੋਂ ਇੱਕ ਵੀ ਕਿਤਾਬ ਨਹੀਂ ਲਈ ਹੈ। ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1977 'ਚ ਮੁੱਖ ਮੰਤਰੀ ਹੁੰਦਿਆਂ ਇਸੇ ਲਾਇਬਰੇਰੀ ਚੋਂ 23 ਕਿਤਾਬਾਂ ਇਸੂ ਕਰਾਈਆਂ ਸਨ। ਸਿਆਸਤ 'ਚ ਉਲਝੇ ਨੇਤਾ ਕਿਤਾਬਾਂ ਦੇ ਸ਼ੌਕ 'ਚ ਫਸ ਨਹੀਂ ਸਕੇ ਹਨ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਸਾਲ 1997 'ਚ ਸੰਭਾਲੀ ਸੀ ਤਾਂ ਉਦੋਂ ਪੰਜ ਵਰਿ•ਆਂ 'ਚ ਉਨ•ਾਂ ਵਲੋਂ ਸਿਰਫ਼ ਪੰਜ ਕਿਤਾਬਾਂ ਲਈਆਂ ਗਈਆਂ ਸਨ। ਮੌਜੂਦਾ ਹਕੂਮਤੀ ਵਰਿ•ਆਂ 'ਚ ਉਨ•ਾਂ ਇੱਕ ਵੀ ਕਿਤਾਬ ਲਾਇਬਰੇਰੀ ਚੋਂ ਨਹੀਂ ਲਈ ਹੈ। ਉਂਝ ਨੇਤਾਵਾਂ 'ਚ ਲੱਖ ਸਿਆਸੀ ਵਖਰੇਵੇਂ ਹੋਣ ਪ੍ਰੰਤੂ ਕਿਤਾਬਾਂ ਨਾ ਪੜ•ਨ ਦੇ ਮਾਮਲੇ 'ਚ ਇਨ•ਾਂ ਦੀ ਇੱਕੋ ਸੁਰ ਬਣਨ ਲੱਗੀ ਹੈ। ਏਦਾ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਦੂਰ ਹੀ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਲਾਇਬਰੇਰੀ ਦੀ ਚਰਚਾ ਤਾਂ ਕਾਫੀ ਹੁੰਦੀ ਹੈ ਪ੍ਰੰਤੂ ਉਨ•ਾਂ ਨੇ ਵੀ ਸਰਕਾਰੀ ਲਾਇਬਰੇਰੀ ਤੋਂ ਕੋਈ ਕਿਤਾਬ ਨਹੀਂ ਲਈ ਹੈ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਇਸ ਮਾਮਲੇ 'ਚ ਪਿਛੇ ਨਹੀਂ ਹੈ। ਉਸ ਨੇ ਵੀ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਬੀਬੀ ਭੱਠਲ ਨੇ ਬਤੌਰ ਮੁੱਖ ਮੰਤਰੀ ਹੁੰਦਿਆਂ ਇੱਕ ਵੀ ਕਿਤਾਬ ਲਾਇਬਰੇਰੀ ਚੋਂ ਨਹੀਂ ਲਈ ਸੀ। ਮਗਰੋਂ ਉਨ•ਾਂ ਨੇ ਸਿਰਫ਼ ਇੱਕ ਕਿਤਾਬ ਇਸੂ ਕਰਾਈ ਸੀ।
            ਵਿਧਾਨ ਸਭਾ ਪੰਜਾਬ ਵਲੋਂ ਜੋ ਸੂਚਨਾ ਦੇ ਅਧਿਕਾਰ ਤਹਿਤ ਤੱਥ ਦਿੱਤੇ ਗਏ ਹਨ,ਉਨ•ਾਂ ਅਨੁਸਾਰ ਮੌਜੂਦਾ ਵਜ਼ਾਰਤ ਦੇ  ਅੱਧੀ ਦਰਜਨ ਵਜ਼ੀਰ ਵੀ ਹਨ ਜਿਨ•ਾਂ ਨੇ ਕਿਤਾਬਾਂ ਪੜ•ਨ ਤੋਂ ਪਾਸਾ ਹੀ ਵੱਟੀ ਰੱਖਿਆ ਹੈ। ਇਨ•ਾਂ ਵਜ਼ੀਰਾਂ ਨੇ ਵਜ਼ਾਰਤ ਦੇ ਲੰਘੇ ਚਾਰ ਵਰਿ•ਆਂ ਦੌਰਾਨ ਇੱਕ ਵੀ ਕਿਤਾਬ ਵਿਧਾਨ ਸਭਾ ਦੀ ਲਾਇਬਰੇਰੀ ਚੋਂ ਇਸੂ ਨਹੀਂ ਕਰਾਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਕਿਤਾਬਾਂ ਨਾ ਇਸੂ ਕਰਾਉਣ ਦੇ ਮਾਮਲੇ ਵਿੱਚ ਵੀ ਆਪਣਾ ਗਠਜੋੜ ਨਿਭਾਇਆ ਹੈ। ਕਾਂਗਰਸੀ ਵਿਧਾਇਕਾਂ ਨੇ ਵੀ ਇਨ•ਾਂ ਵਿਧਾਇਕਾਂ ਦੇ ਪੈਰ 'ਚ ਪੈ ਧਰਿਆ ਹੈ। ਦੱਸਦੇ ਹਨ ਜੋ ਪੁਰਾਣੇ ਵਿਧਾਇਕ ਹੁੰਦੇ ਸਨ,ਉਹ ਕਿਤਾਬਾਂ ਚੋਂ ਹੀ ਰਾਹ ਲੱਭਦੇ ਸਨ। ਕੈਬਨਿਟ ਵਜ਼ੀਰ ਸੁੱਚਾ ਸਿੰਘ ਲੰਗਾਹ, ਭਾਜਪਾ ਨੇਤਾ ਤੇ ਵਜ਼ੀਰ ਤੀਕਸ਼ਣ ਸੂਦ,ਵਜ਼ੀਰ ਰਣਜੀਤ ਸਿੰਘ ਬ੍ਰਹਮਪੁਰਾ,ਵਜ਼ੀਰ ਪਰਮਿੰਦਰ ਸਿੰਘ ਢੀਂਡਸਾ,ਵਜ਼ੀਰ ਅਜੀਤ ਸਿੰਘ ਕੋਹਾੜ ਅਤੇ ਜਨਮੇਜਾ ਸਿੰਘ ਸੇਖੋਂ ਵਲੋਂ ਵਿਧਾਨ ਸਭਾ ਦੀ ਲਾਇਬਰੇਰੀ ਤੋਂ ਚਾਰ ਵਰਿ•ਆਂ ਦੌਰਾਨ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਮਹਿਲਾ ਵਿਧਾਇਕਾਂ ਚੋਂ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼,ਰਾਜਵਿੰਦਰ ਕੌਰ ਭੁੱਲਰ,ਰਾਜਬੰਸ ਕੌਰ ਅਤੇ ਰਜ਼ੀਆ ਸੁਲਤਾਨਾ ਨੇ ਇਸ ਸਮੇਂ ਦੌਰਾਨ ਕੋਈ ਕਿਤਾਬ ਇਸੂ ਨਹੀਂ ਕਰਾਈ ਹੈ। ਪੰਜਾਬ ਦੇ 117 ਵਿਧਾਇਕਾਂ ਚੋਂ ਏਦਾ ਦੇ 71 ਵਿਧਾਇਕ ਹਨ ਜਿਨ•ਾਂ ਨੇ ਕਿਤਾਬ ਇਸੂ ਕਰਾਉਣ ਲਈ ਕਦੇ ਅਸੈਂਬਲੀ ਦੀ ਲਾਇਬਰੇਰੀ ਦਾ ਮੂੰਹ ਨਹੀਂ ਦੇਖਿਆ ਹੈ।
            ਵੇਰਵਿਆਂ ਅਨੁਸਾਰ ਸਾਲ 1997-2002 ਦੀ ਅਕਾਲੀ ਹਕੂਮਤ ਦੌਰਾਨ 62 ਵਿਧਾਇਕਾਂ ਨੇ ਲਾਇਬਰੇਰੀ ਦਾ ਮੂੰਹ ਨਹੀਂ ਦੇਖਿਆ ਸੀ ਜਦੋਂ ਕਿ ਸਾਲ 2002-2007 ਦੀ ਕਾਂਗਰਸੀ ਹਕੂਮਤ ਦੌਰਾਨ 64 ਵਿਧਾਇਕਾਂ ਨੇ ਲਾਇਬਰੇਰੀ ਚੋਂ ਕੋਈ ਕਿਤਾਬ ਨਹੀਂ ਲਈ ਸੀ। ਹੁਣ ਮੌਜੂਦਾ ਅਕਾਲੀ ਵਜ਼ਾਰਤ 'ਚ ਇਹ ਗਿਣਤੀ ਵੱਧ ਕੇ 71 ਵਿਧਾਇਕਾਂ ਦੀ ਹੋ ਗਈ ਹੈ ਜੋ ਕਦੇ ਲਾਇਬਰੇਰੀ ਨਹੀਂ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਦੇ ਚੇਅਰਮੈਨ ਸਾਲ 2002-2007 ਦੌਰਾਨ ਵਿਧਾਇਕ ਤੇਜ ਪ੍ਰਕਾਸ਼ ਸਿੰਘ ਬਣੇ, ਉਨ•ਾਂ ਨੇ ਉਦੋਂ ਇੱਕ ਵੀ ਕਿਤਾਬ ਇਸੂ ਨਹੀਂ ਕਰਾਈ। ਉਸ ਤੋਂ ਪਹਿਲਾਂ ਸਾਲ 1997-2002 ਦੌਰਾਨ          ਲਾਇਬਰੇਰੀ ਕਮੇਟੀ ਦੇ ਚੇਅਰਮੈਨ ਗਿਰਧਾਰਾ ਸਿੰਘ ਬਣੇ ,ਉਨ•ਾਂ ਨੇ ਵੀ ਖੁਦ ਕੋਈ ਕਿਤਾਬ ਇਸੂ ਨਹੀਂ ਕਰਾਈ ਸੀ। ਇਵੇਂ ਹੀ ਲਾਇਬਰੇਰੀ ਕਮੇਟੀ ਦੇ ਜੋ ਵਿਧਾਇਕ ਮੈਂਬਰ ਬਣਦੇ ਹਨ,ਉਹ ਖੁਦ ਵੀ ਕਿਤਾਬਾਂ ਨਹੀਂ ਲੈਂਦੇ ਹਨ। ਜਿਆਦਾ ਪੜੇ ਲਿਖੇ ਵਿਧਾਇਕ ਵੀ ਕਿਤਾਬਾਂ ਨਾਲ ਸਾਂਝ ਪਾਉਣ ਤੋਂ ਡਰਦੇ ਰਹੇ ਹਨ। ਦੂਸਰੀ ਤਰਫ਼ ਉਹ ਵਿਧਾਇਕ ਵੀ ਹਨ ਜਿਨ•ਾਂ ਨੂੰ ਪੜ•ਨ ਲਿਖਣ ਦਾ ਕਾਫੀ ਸ਼ੌਕ ਹੈ ਜਿਨ•ਾਂ ਨੇ ਕਿਤਾਬਾਂ ਲੈਣ 'ਚ ਸਭ ਪਿਛਾਂਹ ਛੱਡ ਦਿੱਤੇ ਹਨ। ਸਾਲ 1997-2002 ਦੀ ਵਜ਼ਾਰਤ ਵਾਲੇ ਸਾਲਾਂ ਵਿੱਚ ਸਭ ਤੋਂ ਵੱਧ 84 ਕਿਤਾਬਾਂ ਵਿਧਾਇਕ ਚਰਨਜੀਤ ਸਿੰਘ ਅਟਵਾਲ ਨੇ ਵਿਧਾਨ ਸਭਾ ਲਾਇਬਰੇਰੀ ਚੋਂ ਲਈਆਂ ਸਨ ਜਦੋਂ ਕਿ ਸਾਲ 2002-2007 ਦੀ ਹਕੂਮਤ ਦੌਰਾਨ ਸਭ ਤੋਂ ਵੱਧ ਕਿਤਾਬਾਂ ਵਿਧਾਇਕ ਬਲਵੀਰ ਸਿੰਘ ਬਾਠ ਨੇ 39 ਲਾਇਬਰੇਰੀ ਚੋਂ ਇਸੂ ਕਰਾਈਆਂ ਸਨ। ਮੌਜੂਦਾ ਵਜ਼ਾਰਤ ਦੌਰਾਨ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਸਭ ਤੋਂ ਜਿਆਦਾ 122 ਕਿਤਾਬਾਂ ਲਾਇਬਰੇਰੀ ਚੋਂ ਲਈਆਂ ਹਨ।
                  ਮੁੱਖ ਮੰਤਰੀਆਂ ਦਾ ਕਿਤਾਬਾਂ ਨਾਲ ਮੋਹ
         ਮੁੱਖ ਮੰਤਰੀ ਦਾ ਨਾਮ           ਲਾਇਬਰੇਰੀ ਤੋਂ ਲਈਆਂ ਕਿਤਾਬਾਂ
1. ਗਿਆਨੀ ਜੈਲ ਸਿੰਘ   (1972-1977)  :  9 ਕਿਤਾਬਾਂ
2. ਪ੍ਰਕਾਸ਼ ਸਿੰਘ ਬਾਦਲ (1977-1980)  : 23 ਕਿਤਾਬਾਂ
3  ਦਰਬਾਰਾ  ਸਿੰਘ     (1980-1983)  : 10 ਕਿਤਾਬਾਂ
4  ਸੁਰਜੀਤ ਸਿੰਘ ਬਰਨਾਲਾ (1985-1987)  :  9 ਕਿਤਾਬਾਂ
5  ਬੇਅੰਤ ਸਿੰਘ           (1992-1995)  : 10 ਕਿਤਾਬਾਂ
6  ਹਰਚਰਨ ਸਿੰਘ ਬਰਾੜ   (1995-1996)  : 01 ਕਿਤਾਬ
7 ਰਜਿੰਦਰ ਕੌਰ ਭੱਠਲ    (1996-1997)  : ਜ਼ੀਰੋ ਕਿਤਾਬ
8 ਪ੍ਰਕਾਸ਼ ਸਿੰਘ ਬਾਦਲ    (1997-2002)  : 5 ਕਿਤਾਬਾਂ
9  ਕੈਪਟਨ ਅਮਰਿੰਦਰ ਸਿੰਘ (2002-2007)  : 11 ਕਿਤਾਬਾਂ
10 ਪ੍ਰਕਾਸ਼ ਸਿੰਘ ਬਾਦਲ  (2007-2011)  :  ਜ਼ੀਰੋ ਕਿਤਾਬ
                                                     ਲਾਇਬਰੇਰੀ ਦੇ ਨਿਯਮ ਕੀ ਹਨ
ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਦੇ ਨਿਯਮਾਂ ਮੁਤਾਬਿਕ ਹਰ ਵਿਧਾਇਕ ਨੂੰ ਇੱਕ ਪਾਸ ਬੁੱਕ ਇਸੂ ਕੀਤੀ ਜਾਂਦੀ ਹੈ ਜੋ ਲਾਇਬਰੇਰੀਅਨ ਆਪਣੇ ਕੋਲ ਰੱਖਦਾ ਹੈ। ਇੱਕ ਵਿਧਾਇਕ ਇੱਕੋ ਵੇਲੇ ਤਿੰਨ ਕਿਤਾਬਾਂ ਇਸੂ ਕਰਾ ਸਕਦਾ ਹੈ। ਨਾ ਮੋੜਨ ਦੀ ਸੂਰਤ ਵਿੱਚ ਅਗਲੀ ਕਿਤਾਬ ਇਸੂ ਨਹੀਂ ਕੀਤੀ ਜਾਂਦੀ। ਇੱਕ ਕਿਤਾਬ 30 ਦਿਨਾਂ ਲਈ ਇਸੂ ਕੀਤੀ ਜਾਂਦੀ ਹੈ। ਕਿਤਾਬ ਗੁਆਚ ਜਾਣ ਦੀ ਸੂਰਤ ਵਿੱਚ ਵਿਧਾਇਕ ਨੂੰ ਕਿਤਾਬਾਂ ਦੇ ਅਸਲੀ ਮੁੱਲ ਦੇ ਨਾਲ ਨਾਲ 25 ਫੀਸਦੀ ਵਾਧੂ ਚਾਰਜ ਦੇਣੇ ਪੈਂਦੇ ਹਨ। ਵਿਧਾਨ ਸਭਾ ਸਕੱਤਰੇਤ 'ਚ ਵਿਧਾਇਕਾਂ ਦੀ ਸਹੂਲਤ ਦੀ ਲਾਇਬਰੇਰੀ ਬਣਾਈ ਹੋਈ ਹੈ ਜਿਸ 'ਤੇ ਸਲਾਨਾ ਲੱਖਾਂ ਰੁਪਏ ਖਰਚੇ ਜਾਂਦੇ ਹਨ। ਲੰਘੇ 15 ਵਰਿ•ਆਂ 'ਚ ਲਾਇਬਰੇਰੀ ਦਾ ਖਰਚ 51 ਲੱਖ ਰੁਪਏ ਦੇ ਕਰੀਬ ਹੈ। ਇੱਥੋਂ ਤੱਕ ਕਿ ਬਕਾਇਦਾ ਇੱਕ ਲਾਇਬਰੇਰੀ ਕਮੇਟੀ ਵੀ ਬਣਾਈ ਹੋਈ ਹੈ ਜਿਸ ਦੇ ਮਸ਼ਵਰੇ ਨਾਲ ਕਿਤਾਬਾਂ ਦੀ ਖਰੀਦ ਹੁੰਦੀ ਹੈ। ਲਾਇਬਰੇਰੀ ਕਮੇਟੀ ਦੇ ਮੈਂਬਰਾਂ ਨੂੰ ਜੋ ਭੱਤੇ ਦਿੱਤੇ ਜਾਂਦੇ ਹਨ,ਉਹ ਵੱਖਰੇ ਹਨ।
     






Friday, January 20, 2012

                                                       ਚੋਣ ਅਖਾੜੇ ਦੇ  'ਸਿਕੰਦਰ'
                            ਚਰਨਜੀਤ ਭੁੱਲਰ
ਬਠਿੰਡਾ : ਕਿਤੇ ਸਿਕੰਦਰ ਖ਼ਿਲਾਫ਼ ਸਿਕੰਦਰ ਚੋਣ ਲੜ ਰਿਹਾ ਹੈ ਤੇ ਕਿਤੇ ਬਿਕਰਮ ਖ਼ਿਲਾਫ਼ ਬਿਕਰਮ ਡਟਿਆ ਹੋਇਆ ਹੈ। ਚੋਣ ਮੈਦਾਨ 'ਚ ਇਹ ਨਵਾਂ ਪੈਂਤੜਾ ਦੇਖਣ ਨੂੰ ਮਿਲ ਰਿਹਾ ਹੈ। ਉਮੀਦਵਾਰਾਂ ਦੇ ਨਾਵਾਂ ਬਾਰੇ ਭੰਬਲਭੂਸਾ ਪੈਦਾ ਕਰਨ ਲਈ ਵਿਰੋਧੀ ਉਮੀਦਵਾਰਾਂ ਨੇ ਇਹ ਨਵੀਂ ਖੇਡ ਖੇਡੀ ਹੈ। ਇਸ ਵਾਰ ਇੱਕੋ ਵਿਧਾਨ ਸਭਾ ਹਲਕੇ ਤੋਂ ਦੋ-ਦੋ ਜਾਂ ਤਿੰਨ-ਤਿੰਨ ਇੱਕੋ ਨਾਵਾਂ ਵਾਲੇ ਉਮੀਦਵਾਰ ਚੋਣ ਲੜ ਰਹੇ ਹਨ। ਪੰਜਾਬ 'ਚ ਡੇਢ ਦਰਜਨ ਹਲਕੇ ਇਸ ਤਰ੍ਹਾਂ ਦੇ ਹਨ ਜਿਥੋਂ ਇੱਕੋ ਨਾਂ ਵਾਲੇ ਦੋ-ਦੋ ਜਾਂ ਤਿੰਨ-ਤਿੰਨ ਉਮੀਦਵਾਰ ਖੜ੍ਹੇ ਹਨ। ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ  ਖ਼ਿਲਾਫ਼ ਇੱਕ ਸਿਕੰਦਰ ਸਿੰਘ ਆਜ਼ਾਦ ਉਮੀਦਵਾਰ ਵੀ ਖੜ੍ਹਾ ਹੈ। ਇੱਕੋ ਹਲਕੇ 'ਚ ਦੋ 'ਸਿਕੰਦਰ' ਹਨ। ਹਲਕਾ ਗਿੱਦੜਬਹਾ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ 27 ਵਰ੍ਹਿਆਂ ਦਾ ਮਨਪ੍ਰੀਤ ਸਿੰਘ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਿਹਾ ਹੈ। ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਖ਼ਿਲਾਫ਼ 55 ਵਰ੍ਹਿਆਂ ਦਾ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਵੀ ਮੈਦਾਨ 'ਚ ਹੈ। ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਖ਼ਿਲਾਫ਼ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਅਜੈਬ ਸਿੰਘ ਵੀ ਡਟਿਆ ਹੋਇਆ ਹੈ।
           ਕਈ ਤਾਂ  ਅਜਿਹੇ ਹਲਕੇ ਹਨ ਜਿਥੇ ਤਿੰਨ-ਤਿੰਨ ਉਮੀਦਵਾਰ ਇੱਕੋ ਨਾਵਾਂ ਵਾਲੇ ਹਨ। ਹਲਕਾ ਸ਼ੁਤਰਾਣਾ ਤੋਂ ਕਾਂਗਰਸ ਦਾ 60 ਵਰ੍ਹਿਆਂ ਦਾ ਉਮੀਦਵਾਰ ਨਿਰਮਲ ਸਿੰਘ ਹੈ ਜਿਸ ਖ਼ਿਲਾਫ਼ 34 ਵਰ੍ਹਿਆਂ ਦਾ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਵੀ ਚੋਣ ਲੜ ਰਿਹਾ ਹੈ ਤੇ ਤੀਜਾ 59 ਵਰ੍ਹਿਆਂ ਦਾ ਇੱਕ ਹੋਰ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਵੀ ਮੈਦਾਨ ਵਿੱਚ ਹੈ। ਸ਼ੁਤਰਾਣਾ ਹਲਕੇ ਤੋਂ ਤਿੰਨ ਨਿਰਮਲ ਸਿੰਘ ਚੋਣ ਲੜ ਰਹੇ ਹਨ। ਰਾਜਨੀਤੀ ਸਾਸਤਰ ਵਿਭਾਗ ਦੇ ਪ੍ਰੋ. ਸੋਇਬ ਜਫਰ ਦੱਸਦੇ ਹਨ ਕਿ ਅਸਲ ਵਿੱਚ ਉਮੀਦਵਾਰ ਇੱਕ ਦੂਜੇ ਨੂੰ ਵੋਟਾਂ ਦੀ ਢਾਹ ਲਾਉਣ ਖਾਤਰ ਇਹ ਚਾਲ ਚੱਲਦੇ ਹਨ ਤਾਂ ਜੋ ਵੋਟਰਾਂ ਨੂੰ ਭੰਬਲਭੂਸਾ ਪੈਦਾ ਹੋ ਜਾਵੇ ਤੇ ਵੋਟ ਇੱਕੋ ਨਾਂ ਦੇ ਦੋ ਉਮੀਦਵਾਰਾਂ ਵਿੱਚ ਵੰਡੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਰ ਕਈ ਦਫਾ ਕਾਹਲੀ ਵਿੱਚ ਨਾਂ ਦੇ ਮਾਮਲੇ ਵਿੱਚ ਧੋਖਾ ਵੀ ਖਾ ਜਾਂਦਾ ਹੈ। ਹਾਸਲ ਜਾਣਕਾਰੀ ਅਨੁਸਾਰ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਤਿੰਨ 'ਅਵਤਾਰ' ਹਨ। ਕਾਂਗਰਸ ਦੇ 74 ਸਾਲ ਦੇ ਅਵਤਾਰ ਸਿੰਘ ਬਰਾੜ ਉਮੀਦਵਾਰ ਹਨ ਜਦੋਂਕਿ ਇੱਕ 33 ਵਰ੍ਹਿਆਂ ਦਾ ਅਵਤਾਰ ਸਿੰਘ ਆਜ਼ਾਦ ਉਮੀਦਵਾਰ ਹੈ ਤੇ ਇਸੇ ਤਰ੍ਹਾਂ 36 ਵਰ੍ਹਿਆਂ ਦਾ ਆਜ਼ਾਦ ਉਮੀਦਵਾਰ ਵੀ ਅਵਤਾਰ ਸਿੰਘ ਹੀ ਹੈ।
         ਇਸੇ ਤਰ੍ਹਾਂ ਹੀ ਸੁਨਾਮ ਹਲਕੇ ਵਿੱਚ ਤਿੰਨ ਅਮਨ ਚੋਣ ਲੜ ਰਹੇ ਹਨ। ਕਾਂਗਰਸ ਦਾ ਅਮਨ ਅਰੋੜਾ ਹੈ ਜਦੋਂਕਿ ਦੋ ਅਜ਼ਾਦ ਉਮੀਦਵਾਰਾਂ ਦਾ ਨਾਂ ਵੀ ਅਮਨਦੀਪ ਹੈ। ਹਲਕਾ ਭਲੱਥ ਤੋਂ ਅਕਾਲੀ ਉਮੀਦਵਾਰ ਬੀਬੀ ਜੰਗੀਰ ਕੌਰ ਖ਼ਿਲਾਫ਼ ਇੱਕ 65 ਵਰ੍ਹਿਆਂ ਦੀ ਜੰਗੀਰ ਕੌਰ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਖ਼ਿਲਾਫ਼ ਇੱਕ 36 ਸਾਲ ਦਾ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਵੀ ਚੋਣ ਲੜ ਰਿਹਾ ਹੈ। ਉਮੀਦਵਾਰਾਂ ਵੱਲੋਂ ਆਪਣੇ ਵਿਰੋਧੀ ਨੂੰ ਚਿੱਤ ਕਰਨ ਲਈ ਚੱਲੀ ਇਹ ਚਾਲ ਕਿੰਨੀ ਕੁ ਕਾਮਯਾਬ ਹੁੰਦੀ ਹੈ, ਇਹ ਤਾਂ ਵੱਖਰੀ ਗੱਲ ਹੈ ਪਰ ਵੋਟਰਾਂ 'ਚ ਬਟਨ ਦਬਾਉਣ ਵੇਲੇ ਇੱਕ ਦਫਾ ਜ਼ਰੂਰ ਭੰਬਲਭੂਸਾ ਪੈਦਾ ਹੋਵੇਗਾ।
           ਹਲਕਾ ਘਨੌਰ ਤੋਂ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਹਨ ਜਦੋਂਕਿ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਮਦਨ ਲਾਲ ਠੇਕੇਦਾਰ ਵੀ ਚੋਣ ਮੈਦਾਨ ਵਿੱਚ ਹੈ। ਬਰਨਾਲਾ ਤੋਂ ਅਕਾਲੀ ਉਮੀਦਵਾਰ ਮਲਕੀਤ ਸਿੰਘ ਖ਼ਿਲਾਫ਼ ਵੀ ਇੱਕ 66 ਸਾਲ ਦਾ ਆਜ਼ਾਦ ਉਮੀਦਵਾਰ ਮਲਕੀਤ ਸਿੰਘ ਚੋਣ ਲੜ ਰਿਹਾ ਹੈ। ਬਾਘਾ ਪੁਰਾਣਾ ਹਲਕੇ ਤੋਂ ਦੋ ਦਰਸ਼ਨ ਬਰਾੜ ਚੋਣ ਲੜ ਰਹੇ ਹਨ। ਕਾਂਗਰਸੀ ਉਮੀਦਵਾਰ ਦਰਸ਼ਨ ਸਿੰਘ ਬਰਾੜ ਖ਼ਿਲਾਫ਼ ਆਜ਼ਾਦ ਉਮੀਦਵਾਰ ਵੀ ਦਰਸ਼ਨ ਸਿੰਘ ਬਰਾੜ ਹੀ ਹੈ। ਫਤਹਿਗੜ੍ਹ ਸਾਹਿਬ ਹਲਕੇ ਤੋਂ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਖ਼ਿਲਾਫ਼ ਵੀ ਪ੍ਰੇਮ ਸਿੰਘ ਨਾਂ ਦਾ ਅਜ਼ਾਦ ਉਮੀਦਵਾਰ ਖੜ੍ਹਾ ਹੈ। ਕਪੂਰਥਲਾ ਤੋਂ ਅਕਾਲੀ ਉਮੀਦਵਾਰ ਸਰਬਜੀਤ ਸਿੰਘ ਮੱਕੜ ਖ਼ਿਲਾਫ਼ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖੜ੍ਹਾ ਹੈ। ਅਟਾਰੀ ਤੋਂ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਖ਼ਿਲਾਫ਼ ਪੀਪਲਜ਼ ਪਾਰਟੀ ਦਾ ਗੁਲਜਾਰ ਸਿੰਘ ਚੋਣ ਲੜ ਰਿਹਾ ਹੈ। ਇਸੇ ਤਰ੍ਹਾਂ ਹੋਰ ਕਈ ਹਲਕਿਆਂ ਵਿੱਚ ਇਸੇ ਤਰ੍ਹਾਂ ਦਾ ਦੋ-ਦੋ ਨਾਂਵਾਂ ਵਾਲੇ ਉਮੀਦਵਾਰ ਖੜ੍ਹੇ ਹਨ।

Thursday, January 19, 2012

             ਫੁੱਫੜਾਂ ਦਾ ਕਿਹਾ ਕੌਣ ਮੌੜੂ !
                            ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਪੱਟੀ ਵਿੱਚ ਉਮੀਦਵਾਰ 'ਫੁੱਫੜਾਂ' ਤੱਕ ਪਹੁੰਚ ਕਰ ਰਹੇ ਹਨ। ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ 'ਤੇ ਰਿਸ਼ਤੇਦਾਰਾਂ ਦਾ ਦਬਾਅ ਪਵਾਇਆ ਜਾ ਰਿਹਾ ਹੈ। ਉਮੀਦਵਾਰਾਂ ਨੇ ਪ੍ਰਾਹੁਣਿਆਂ ਅਤੇ ਫੁੱਫੜਾਂ ਦੀ ਸ਼ਨਾਖਤ ਕਰਕੇ ਸੂਚੀਆਂ ਤਿਆਰ ਕੀਤੀਆਂ ਹਨ ਕਿਉਂਕਿ ਇਨ੍ਹਾਂ ਰਿਸ਼ਤਿਆਂ ਦਾ ਪ੍ਰਭਾਵ ਜ਼ਿਆਦਾ ਮੰਨਿਆ ਜਾਂਦਾ ਹੈ। ਫੁੱਫੜਾਂ ਤੋਂ ਆਖਰੀ ਹੰਭਲਾ ਵੋਟਾਂ ਪੈਣ ਤੋਂ ਹਫ਼ਤਾ ਪਹਿਲਾਂ ਮਰਵਾਇਆ ਜਾਣਾ ਹੈ। ਇਨ੍ਹਾਂ ਦਿਨਾਂ ਵਿੱਚ ਫੁੱਫੜਾਂ ਦੀ ਕਾਫੀ ਕਦਰ ਵੱਧ ਗਈ ਹੈ। ਉਮੀਦਵਾਰਾਂ ਵੱਲੋਂ ਆਪਣੇ ਵਾਹਨ ਭੇਜੇ ਜਾਂਦੇ ਹਨ ਤਾਂ ਜੋ ਫੁੱਫੜ ਨੂੰ ਲਿਆ ਕੇ ਵੋਟਾਂ ਵਾਸਤੇ ਅਖਵਾਇਆ ਜਾ ਸਕੇ। ਹਲਕਾ ਭੁੱਚੋ ਤੋਂ ਅਕਾਲੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਦੀ ਟੀਮ ਵੱਲੋਂ ਫੁੱਫੜਾਂ ਅਤੇ ਪ੍ਰਾਹੁਣਿਆਂ ਦੀ ਸ਼ਨਾਖਤ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦਾ ਪ੍ਰਭਾਵ ਵੋਟਾਂ ਵਾਸਤੇ ਵਰਤਿਆ ਜਾ ਸਕੇ। ਟੀਮ ਦੇ ਆਗੂ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਗੁਰਲਾਭ ਸਿੰਘ ਢੇਲਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰਾਹੁਣਿਆਂ ਅਤੇ ਫੁੱਫੜਾਂ ਤੋਂ ਇਲਾਵਾ ਪ੍ਰਭਾਵਸ਼ਾਲੀ ਰਿਸ਼ਤੇਦਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਹਨ ਤਾਂ ਜੋ ਚੋਣ ਜਿੱਤਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾ ਸਕੇ। ਸ੍ਰੀ ਢੇਲਵਾਂ ਨੇ ਦੱਸਿਆ ਕਿ ਵੋਟਾਂ ਦੇ ਦਿਨਾਂ ਵਿੱਚ ਫੁੱਫੜਾਂ ਦਾ ਮਾਣ ਤਾਣ ਕਾਫੀ ਵੱਧ ਗਿਆ ਹੈ।
           ਹਲਕੇ ਤੋਂ ਕਾਂਗਰਸੀ ਉਮੀਦਵਾਰ ਅਜਾਇਬ ਸਿੰਘ ਭੱਟੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕੋਈ ਸੂਚੀ ਵਗੈਰਾ ਤਾਂ ਤਿਆਰ ਨਹੀਂ ਕੀਤੀ ਗਈ ਪਰ ਉਨ੍ਹਾਂ ਦੇ ਰਿਸ਼ਤੇਦਾਰ ਇਹ ਡਿਊਟੀ ਨਿਭਾ ਰਹੇ ਹਨ। ਪ੍ਰਭਾਵਸ਼ਾਲੀ ਰਿਸ਼ਤੇਦਾਰਾਂ ਤੋਂ ਫੋਨ ਵੀ ਕਰਾ ਰਹੇ ਹਨ। ਸੂਤਰ ਦੱਸਦੇ ਹਨ ਕਿ ਬਹੁਤੇ ਫੁੱਫੜ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਨਿੱਤ ਫੋਨ ਖੜਕਾ ਰਹੇ ਹਨ। ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦਾ ਕਹਿਣਾ ਸੀ ਕਿ ਉਹ ਚੋਣ ਪ੍ਰਚਾਰ ਤਹਿਤ ਖਾਸ ਵੋਟਰਾਂ ਦੀ ਹਮਾਇਤ ਲੈਣ ਵਾਸਤੇ ਉਨ੍ਹਾਂ ਦੇ ਪ੍ਰਾਹੁਣਿਆਂ ਅਤੇ ਫੁੱਫੜਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਟੀਮ ਵੱਲੋਂ ਫੁੱਫੜਾਂ ਅਤੇ ਹੋਰ ਖਾਸ ਰਿਸ਼ਤੇਦਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਦੇ ਰਿਸ਼ੇਤਦਾਰ ਬਠਿੰਡਾ ਸ਼ਹਿਰੀ ਹਲਕੇ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਚੋਣਾਂ ਤੋਂ ਹਫਤਾ ਪਹਿਲਾਂ ਫੁੱਫੜਾਂ ਦੀ ਮਦਦ ਲੈਣੀ ਸ਼ੁਰੂ ਕਰਨਗੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿੱਚ ਤਾਂ ਹਰ ਤਰ੍ਹਾਂ ਦੀ ਸੂਚੀ ਤਿਆਰ ਹੋ ਰਹੀ ਹੈ। ਫੁੱਫੜਾਂ ਤੋਂ ਬਿਨਾਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵੀ ਤਿਆਰ ਹੋਈ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਲੰਬੀ ਹਲਕੇ ਵਿੱਚ ਰਹਿੰਦੇ ਹਨ।
         ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੋਗਾ ਇਸ ਮਾਮਲੇ ਵਿੱਚ ਵੱਖਰੀ ਰਾਏ ਰੱਖਦੇ ਹਨ। ਉਹ ਆਖਦੇ ਹਨ ਕਿ ਉਹ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਰਿਸ਼ਤੇਦਾਰਾਂ ਦੇ ਚੱਕਰ ਵਿੱਚ ਨਹੀਂ ਪੈ ਰਹੇ ਹਨ ਅਤੇ ਉਹ ਏਜੰਡੇ ਦੇ ਆਧਾਰ 'ਤੇ ਵੋਟਾਂ ਲਈ ਅਪੀਲ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅੱਜ ਦੇ ਜ਼ਮਾਨੇ ਵਿੱਚ ਪ੍ਰਾਹੁਣਿਆਂ ਅਤੇ ਫੁੱਫੜਾਂ ਦਾ ਬਹੁਤਾ ਪ੍ਰਭਾਵ ਨਹੀਂ ਰਿਹਾ ਕਿਉਂਕਿ ਲੋਕ ਸਿਆਸੀ ਤੌਰ 'ਤੇ ਕਾਫੀ ਚੇਤੰਨ ਹਨ। ਉਨ੍ਹਾਂ ਆਖਿਆ ਕਿ ਰਿਸ਼ਤੇਦਾਰਾਂ ਦਾ ਪ੍ਰਭਾਵ ਹੁਣ ਕਾਫੀ ਘਟਿਆ ਹੈ। ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਟੀਮ ਵੱਲੋਂ ਵੀ ਪ੍ਰਾਹੁਣਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਟੀਮ ਵੱਲੋਂ ਆਪਣੇ ਹਲਕੇ ਦੇ ਖਾਸ ਵੋਟਰਾਂ ਨੂੰੰ ਰਿਸ਼ਤੇਦਾਰਾਂ ਤੋਂ ਫੋਨ ਵੀ ਕਰਵਾਏ ਜਾ ਰਹੇ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰਾਂ ਵੱਲੋਂ ਵਿਦੇਸ਼ਾਂ ਵਿੱਚੋਂ ਪ੍ਰਾਹੁਣਿਆਂ ਦੀ ਮਦਦ ਲਈ ਜਾ ਰਹੀ ਹੈ। ਪੀਪਲਜ਼ ਪਾਰਟੀ ਦੇ ਕੋਟਕਪੂਰਾ ਤੋਂ ਉਮੀਦਵਾਰ ਪ੍ਰਦੀਪ ਸਿੰਘ ਸਿਵੀਆਂ ਦੀ ਹਮਾਇਤ ਵਿੱਚ ਪਰਵਾਸੀ ਭਾਰਤੀ ਕਾਫੀ ਜ਼ੋਰ ਲਾ ਰਹੇ ਹਨ। ਪਰਵਾਸੀ ਭਾਰਤੀ ਅਤੇ ਪਿੰਡ ਰਾਈਆ ਦੇ ਵਸਨੀਕ ਕਮਲਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਸ ਵੱਲੋਂ ਪੀਪਲਜ਼ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਰਿਸ਼ਤੇਦਾਰ ਵੋਟਰਾਂ ਨੂੰ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪ੍ਰਾਹੁਣਿਆਂ ਤੋਂ ਫੋਨ ਕਰਵਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਉਮੀਦਵਾਰਾਂ ਦੇ ਫੁੱਫੜ ਅਤੇ ਪ੍ਰਾਹੁਣੇ ਵੀ ਚੋਣ ਪ੍ਰਚਾਰ ਵਿੱਚ ਮੋਹਰੀ ਬਣੇ ਹੋਏ ਹਨ।

Wednesday, January 18, 2012

     ਚੇਅਰਮੈਨ ਪਤਨੀ ਦੇ ਘਰ 'ਕਿਰਾਏਦਾਰ'
                                   ਚਰਨਜੀਤ ਭੁੱਲਰ
ਬਠਿੰਡਾ : ਪੀ.ਆਰ.ਟੀ.ਸੀ. ਦਾ ਚੇਅਰਮੈਨ ਆਪਣੀ ਪਤਨੀ ਦੇ ਘਰ ਵਿਚ ਹੀ 'ਕਿਰਾਏਦਾਰ' ਹੈ। ਉਹ ਤਾਂ ਆਪਣੀ ਪਤਨੀ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਆਪਣਾ ਸਰਕਾਰੀ ਦਫ਼ਤਰ ਵੀ ਬਣਾਉਣਾ ਚਾਹੁੰਦਾ ਸੀ ਪ੍ਰੰਤੂ ਪੀ.ਆਰ.ਟੀ.ਸੀ. ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਭਾਵੇਂ ਚੇਅਰਮੈਨ ਨੇ ਸਰਕਾਰੀ ਨਿਯਮਾਂ ਅਨੁਸਾਰ ਹੀ ਆਪਣੀ ਪਤਨੀ ਦਾ ਘਰ ਸਰਕਾਰੀ ਰਿਹਾਇਸ਼ ਵਾਸਤੇ ਕਿਰਾਏ 'ਤੇ ਲਿਆ ਹੈ, ਫਿਰ ਵੀ ਮੰਦਹਾਲੀ ਝੱਲ ਰਹੀ ਪੀ.ਆਰ.ਟੀ.ਸੀ. ਨੂੰ ਉਸ ਦਾ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਤਾਰਨਾ ਪੈਦਾ ਹੈ।ਚੇਅਰਮੈਨ ਰਣਜੀਤ ਸਿੰਘ ਬਾਲੀਆਂ ਇਸ ਵੇਲੇ ਆਪਣੀ ਪਤਨੀ ਰਾਜਵੀਰ ਕੌਰ ਦੇ ਘਰ ਕੋਠੀ (ਨੰਬਰ 2319, ਫੇਜ਼-2, ਮੁਹਾਲੀ) ਵਿਖੇ ਰਹਿ ਰਹੇ ਹਨ। ਪੀ.ਆਰ.ਟੀ.ਸੀ. ਮਈ 2011 ਤੱਕ ਦਾ ਇਸ ਘਰ ਦਾ 2,81,935 ਰੁਪਏ ਕਿਰਾਇਆ ਵੀ ਤਾਰ ਚੁੱਕੀ ਹੈ। ਪੀ.ਆਰ.ਟੀ.ਸੀ. ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਜੋ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਪੰਜਾਬ ਸਰਕਾਰ ਵੱਲੋਂ ਰਣਜੀਤ ਸਿੰਘ ਬਾਲੀਆਂ ਦੀ ਬਤੌਰ ਚੇਅਰਮੈਨ ਨਿਯੁਕਤੀ 28 ਮਈ 2010 ਨੂੰ ਕੀਤੀ ਗਈ ਸੀ। ਮਗਰੋਂ ਉਨ੍ਹਾਂ ਦਾ ਦਫ਼ਤਰੀ ਹੈੱਡਕੁਆਰਟਰ ਨੋਟੀਫਿਕੇਸ਼ਨ ਨੰਬਰ 1/18/2010-3 ਟੀ 2/5561, ਮਿਤੀ 5 ਅਗਸਤ 2010 ਰਾਹੀਂ ਚੰਡੀਗੜ੍ਹ ਬਣਾ ਦਿੱਤਾ ਗਿਆ। ਪੀ.ਆਰ.ਟੀ.ਸੀ. ਦੀ ਚੰਡੀਗੜ੍ਹ ਜਾਂ ਮੁਹਾਲੀ ਵਿਚ ਆਪਣੀ ਕੋਈ ਇਮਾਰਤ ਨਹੀਂ ਹੈ, ਜਿਸ ਕਰਕੇ ਚੇਅਰਮੈਨ ਨੇ ਖੁਦ ਹੀ ਆਪਣੀ ਪਤਨੀ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਆਪਣਾ ਸਰਕਾਰੀ ਦਫ਼ਤਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ।
         ਲੋਕ ਨਿਰਮਾਣ ਵਿਭਾਗ ਦੀ ਪ੍ਰਾਂਤਕ ਡਿਵੀਜ਼ਨ ਚੰਡੀਗੜ੍ਹ ਨੇ ਪੱਤਰ (ਨੰਬਰ 3153 ਮਿਤੀ 13 ਸਤੰਬਰ 2010) ਰਾਹੀਂ ਪੀ.ਆਰ.ਟੀ.ਸੀ. ਨੂੰ ਸਰਕਾਰੀ ਰਿਹਾਇਸ਼ ਅਤੇ ਸਰਕਾਰੀ ਦਫ਼ਤਰ ਦੀ ਅਸੈੱਸਮੈਂਟ ਕਰਨ ਮਗਰੋਂ ਕਿਰਾਏ ਬਾਰੇ ਦੱਸਿਆ। ਇਸ ਵਿਭਾਗ ਨੇ ਘਰ ਦੀ ਗਰਾਊਂਡ ਫਲੋਰ ਦਾ ਕਿਰਾਇਆ 31700 ਰੁਪਏ ਪ੍ਰਤੀ ਮਹੀਨਾ ਅਤੇ ਪਹਿਲੀ ਮੰਜ਼ਿਲ ਦਾ ਕਿਰਾਇਆ 21800 ਰੁਪਏ ਅਸੈੱਸ ਕੀਤਾ। ਸਰਕਾਰੀ ਨੋਟੀਫਿਕੇਸ਼ਨ ਮੁਤਾਬਿਕ ਚੇਅਰਮੈਨ ਲਈ ਸਰਕਾਰੀ ਰਿਹਾਇਸ਼ ਦੀ ਕਿਰਾਏ ਦੀ ਸੀਮਾ ਵੱਧ ਤੋਂ ਵੱਧ 25 ਹਜ਼ਾਰ ਰੁਪਏ ਤੈਅ ਕੀਤੀ ਗਈ ਸੀ। ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਚੇਅਰਮੈਨ ਕੋਲ ਆਪਣਾ ਘਰ ਹੈ ਤਾਂ ਵੀ ਉਹ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਲੈ ਸਕਦੇ ਹਨ।
           ਚੇਅਰਮੈਨ ਕੋਲ ਆਪਣਾ ਘਰ ਤਾਂ ਨਹੀਂ ਸੀ ਪ੍ਰੰਤੂ ਉਨ੍ਹਾਂ ਨੇ ਆਪਣੀ ਪਤਨੀ ਰਾਜਵੀਰ ਕੌਰ ਦੇ ਘਰ ਨੂੰ ਆਪਣੀ ਸਰਕਾਰੀ ਰਿਹਾਇਸ਼ ਬਣਾ ਲਿਆ। ਪੀ.ਆਰ.ਟੀ.ਸੀ. ਤੋਂ ਚੇਅਰਮੈਨ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ। ਮਈ 2011 ਤੱਕ ਚੇਅਰਮੈਨ 3,03,226 ਰੁਪਏ ਤਨਖਾਹ ਲੈ ਚੁੱਕੇ ਸਨ। ਉਨ੍ਹਾਂ ਨੂੰ 7759 ਰੁਪਏ ਟੈਲੀਫੋਨ ਖਰਚਾ ਵੀ ਦਿੱਤਾ ਜਾ ਚੁੱਕਾ ਹੈ। ਪ੍ਰਾਹੁਣਚਾਰੀ ਲਈ ਉਨ੍ਹਾਂ ਨੂੰ 1500 ਰੁਪਏ ਤੱਕ ਦਾ ਖਰਚਾ ਪ੍ਰਮਾਣਿਤ ਹੈ। ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੇ ਬੋਰਡ ਆਫ਼ ਡਾਇਰੈਕਟਰਜ਼ ਦੀ 24 ਮਾਰਚ 2011 ਨੂੰ ਹੋਈ 211 ਮੀਟਿੰਗ ਦੇ ਏਜੰਡਾ ਆਈਟਮ ਨੰਬਰ 211.20 ਵਿਚ ਚੇਅਰਮੈਨ ਲਈ ਸਰਕਾਰੀ ਦਫ਼ਤਰ ਉਨ੍ਹਾਂ ਦੀ ਪਤਨੀ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਬਣਾਉਣ ਦਾ ਮਾਮਲਾ ਰੱਖਿਆ ਗਿਆ ਸੀ। ਬੋਰਡ ਵੱਲੋਂ ਇਹ ਮਤਾ ਪਾਸ ਨਾ ਕੀਤਾ ਗਿਆ। ਦਫ਼ਤਰ ਦੀ ਬਿਜਲੀ ਪਾਣੀ ਦਾ ਖਰਚਾ ਵੀ ਪੀ.ਆਰ.ਟੀ.ਸੀ. ਵੱਲੋਂ ਦਿੱਤਾ ਜਾਣਾ ਸੀ, ਪ੍ਰੰਤੂ ਇਹ ਗੱਲ ਸਿਰੇ ਨਾ ਲੱਗ ਸਕੀ।ਚੇਅਰਮੈਨ ਅਤੇ ਪੀ.ਆਰ.ਟੀ.ਸੀ. ਦੇ ਐਮ.ਡੀ. ਦਰਮਿਆਨ ਆਪਸ ਵਿੱਚ ਸਮੇਂ ਸਮੇਂ 'ਤੇ ਖੜਕਦੀ ਵੀ ਰਹੀ ਹੈ। ਸ੍ਰੀ ਰਣਜੀਤ ਸਿੰਘ ਬਾਲੀਆਂ ਪਿਛਲੇ ਸਮੇਂ ਵਿੱਚ ਵਿਦੇਸ਼ ਫੇਰੀ ਲਈ ਜਾਣਾ ਚਾਹੁੰਦੇ ਸਨ। ਆਪਣੇ ਨਾਲ ਦੋ ਸਹਾਇਕ ਵੀ ਲਿਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲ ਆਪਣੀ ਵਿਦੇਸ਼ ਫੇਰੀ ਦਾ ਕੇਸ ਭੇਜਿਆ ਸੀ, ਪ੍ਰੰਤੂ ਸਰਕਾਰ ਨੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ। ਸਰਕਾਰ ਨੇ ਇਹ ਕਿਹਾ ਸੀ ਕਿ ਪੀ.ਆਰ.ਟੀ.ਸੀ. ਹੀ ਵਿਦੇਸ਼ ਫੇਰੀ ਦਾ ਖਰਚਾ ਝੱਲੇ। ਮਗਰੋਂ ਪੀ.ਆਰ.ਟੀ.ਸੀ. ਨੇ ਵੀ ਖਰਚਾ ਝੱਲਣ ਤੋ ਨਾਂਹ ਕਰ ਦਿੱਤੀ ਸੀ ਜਿਸ ਕਰਕੇ ਚੇਅਰਮੈਨ ਦੀ ਵਿਦੇਸ਼ ਫੇਰੀ 'ਤੇ ਜਾਣ ਦਾ ਮਾਮਲਾ ਵਿਚਕਾਰੇ ਹੀ ਲਟਕ ਗਿਆ ਸੀ।
                                                 ਰਿਹਾਇਸ਼ ਨਿਯਮਾਂ ਅਨੁਸਾਰ: ਬਾਲੀਆਂ
ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੀਤ ਸਿੰਘ ਬਾਲੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਆਪਣੇ ਸਹੁਰੇ ਪਰਿਵਾਰ ਦਾ ਘਰ ਸਰਕਾਰੀ ਰਿਹਾਇਸ਼ ਲਈ ਕਿਰਾਏ ਤੇ ਲਿਆ। ਇਸ ਦੀ ਬਕਾਇਦਾ ਲੋਕ ਨਿਰਮਾਣ ਵਿਭਾਗ ਤੋਂ ਅਸੈੱਸਮੈਂਟ ਕਰਾਈ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਤਾਂ ਜਦੋਂ ਮੰਤਰੀ ਹੁੰਦੇ ਸਨ,ਉਦੋਂ ਵੀ ਇਸੇ ਘਰ ਨੂੰ ਸਰਕਾਰੀ ਰਿਹਾਇਸ਼ ਦੇ ਤੌਰ 'ਤੇ ਵਰਤਦੇ ਰਹੇ ਸਨ। ਇਸੇ ਘਰ ਦੀ ਪਹਿਲੀ ਮੰਜ਼ਿਲ ਤੇ ਸਰਕਾਰੀ ਦਫ਼ਤਰ ਬਣਾਏ ਜਾਣ ਦੀ ਅਸੈੱਸਮੈਂਟ ਤਾਂ ਹੋ ਗਈ ਸੀ, ਪ੍ਰੰਤੂ ਬਾਅਦ ਵਿੱਚ ਅੜਿੱਕਾ ਪੈ ਗਿਆ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਤਾਂ ਉਨ੍ਹਾਂ ਦੀ ਵਿਦੇਸ਼ ਫੇਰੀ ਤੇ ਜਾਣ ਦੀ ਫਾਈਲ ਨੂੰ ਵੀ ਪ੍ਰਵਾਨਗੀ ਨਹੀਂ ਸੀ ਦਿੱਤੀ। ਉਨ੍ਹਾਂ ਮੰਨਿਆ ਕਿ ਕਾਰਪੋਰੇਸ਼ਨ ਦੇ ਐਮ.ਡੀ. ਨਾਲ ਕੁਝ ਵਿਰੋਧ ਬਣਨ ਕਰਕੇ ਅਜਿਹੇ ਅੜਿੱਕੇ ਪਏ।

Tuesday, January 17, 2012

                                 ਸਵਾ ਸੌ ਉਮੀਦਵਾਰਾਂ ਨੇ ਡੇਰੇ ਦਾ ਆਸਰਾ ਤੱਕਿਆ
                                                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਵਿੱਚ ਕੁੱਦੇ ਕਰੀਬ ਸਵਾ ਸੌ ਉਮੀਦਵਾਰਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਮੁਲਾਕਾਤ ਕੀਤੀ। ਸ੍ਰ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਡੇਰਾ ਮੁਖੀ ਨੂੰ ਮਿਲਣ ਤੋਂ ਪਾਸਾ ਹੀ ਵੱਟਿਆ ਹੈ ਜਦੋਂ ਕਿ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਤੋਂ ਇਲਾਵਾ ਪੀਪਲਜ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਡੇਰਾ ਮੁਖੀ ਨੂੰ ਰਾਤ ਡੇਰਾ ਸਿਰਸਾ ਵਿੱਚ ਮਿਲੇ ਹਨ। ਮਾਲਵੇ ਖਿੱਤੇ ਦੇ ਕਰੀਬ 40 ਅਸੈਂਬਲੀ ਹਲਕਿਆਂ ਦੇ ਉਮੀਦਵਾਰਾਂ ਤੋਂ ਇਲਾਵਾ ਕਈ ਉਮੀਦਵਾਰਾਂ ਦੇ ਰਿਸ਼ਤੇਦਾਰ ਵੀ ਡੇਰਾ ਮੁਖੀ ਨੂੰ ਮਿਲਣ ਵਾਲਿਆਂ ਵਿੱਚ ਸ਼ਾਮਲ ਹਨ। ਕਰੀਬ ਅੱਧੀ ਦਰਜ਼ਨ ਉਮੀਦਵਾਰਾਂ ਨੇ ਇਕੱਲਿਆਂ ਮਿਲਣ ਦੀ ਡੇਰਾ ਮੁਖੀ ਨੂੰ ਅਪੀਲ ਕੀਤੀ ਪ੍ਰੰਤੂ ਡੇਰਾ ਮੁਖੀ ਨੇ ਕਿਸੇ ਨੂੰ ਵੀ ਵਿਅਕਤੀਗਤ ਤੌਰ 'ਤੇ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਉਮੀਦਵਾਰਾਂ ਵਲੋਂ ਡੇਰਾ ਮੁਖੀ ਵਲੋਂ ਦਿੱਤੇ ਪ੍ਰਤੀਗਿਆ ਫਾਰਮ ਵੀ ਭਰੇ ਹਨ। ਉਮੀਦਵਾਰਾਂ ਵਲੋਂ ਅਗਾਊ ਤੌਰ ਤੇ ਹੀ ਡੇਰਾ ਮੈਨੋਜਮੈਂਟ ਤੋਂ ਸਮੇਂ ਦੀ ਮੰਗ ਕੀਤੀ ਹੋਈ ਸੀ। ਕਰੀਬ ਸਵਾ ਪੰਜ ਵਜੇ ਸਾਰੇ ਉਮੀਦਵਾਰ ਡੇਰਾ ਸਿਰਸਾ ਵਿਖੇ ਪਹੁੰਚ ਗਏ ਸਨ।
           ਡੇਰਾ ਮੁਖੀ ਵਲੋਂ ਪਹਿਲਾਂ ਸਟੇਡੀਅਮ ਵਿੱਚ ਮਿਲਣ ਦਾ ਪ੍ਰੋਗਰਾਮ ਸੀ ਜਿਥੇ ਕਿ ਉਮੀਦਵਾਰਾਂ ਦੇ ਨਾਲ ਉਨ੍ਹਾਂ ਦੇ ਦੋ ਦੋ ਸਮਰਥਕ ਵੀ ਚਲੇ ਗਏ ਸਨ ਪ੍ਰੰਤੂ ਮੌਕੇ ਤੇ ਬਾਰਸ਼ ਹੋਣ ਕਰਕੇ ਪ੍ਰੋਗਰਾਮ ਬਦਲ ਦਿੱਤਾ ਗਿਆ। ਡੇਰਾ ਮੁਖੀ ਸਾਰੇ ਉਮੀਦਵਾਰਾਂ ਨੂੰ ਮਗਰੋਂ ਜੂਡੋ ਹਾਲ ਵਿੱਚ ਮਿਲੇ ਜਿਥੇ ਕਿ ਸਿਰਫ ਉਮੀਦਵਾਰ ਹੀ ਸਨ। ਕਰੀਬ ਸੱਤ ਵਜੇ ਡੇਰਾ ਮੁਖੀ ਨਾਲ ਮਿਲਣੀ ਸ਼ੁਰੂ ਹੋਈ ਅਤੇ ਅੱਠ ਵਜੇ ਸਾਰੇ ਉਮੀਦਵਾਰ ਡੇਰੇ ਚੋ ਵਾਪਸ ਪਰਤ ਆਏ ਸਨ। ਡੇਰਾ ਮੁਖੀ ਵਲੋਂ ਕਰੀਬ 20 ਮਿੰਟ ਸੰਦੇਸ਼ ਦਿੱਤਾ ਗਿਆ ਜਿਸ ਚ ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨੂੰ ਸਮਾਜਿਕ ਅਲਾਮਤਾਂ ਵਿਰੁਧ ਲੜਣ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਸਾਰਿਆਂ ਨੂੰ ਮਨੁੱਖਤਾ ਦੀ ਭਲਾਈ, ਨਸ਼ਿਆਂ ਖਿਲਾਫ ਅਤੇ ਭਰੂਣ ਹੱਤਿਆ ਖਿਲਾਫ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨੂੰ ਹੀ ਅਸ਼ੀਰਵਾਦ ਦਿੱਤਾ। ਇਸ ਮੌਕੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਅਤੇ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਡੇਰਾ ਮੈਨੇਜਮੈਂਟ ਵਲੋਂ ਉਮੀਦਵਾਰਾਂ ਦੀ ਮਿਲਣੀ ਦੀ ਵੀਡੀਓਗਰਾਫੀ ਵੀ ਕੀਤੀ ਗਈ ਹੈ। ਡੇਰਾ ਸਿਰਸਾ ਤੋਂ ਮਿਲੇ ਤੱਥਾਂ ਅਨੁਸਾਰ ਡੇਰਾ ਮੁਖੀ ਨੂੰ ਮਿਲਣ ਵਾਲਿਆਂ ਵਿੱਚ ਵੱਡੇ ਨੇਤਾਵਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਲਾਲ ਸਿੰੰਘ ਸ਼ਾਮਲ ਹਨ। ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦੀ ਪਤਨੀ ਅਤੇ ਨੂੰਹ ਵੀ ਮਿਲਣ ਵਾਲਿਆਂ ਵਿੱਚ ਸ਼ਾਮਲ ਹਨ।
            ਜੋ ਹੋਰ ਅਕਾਲੀ ਉਮੀਦਵਾਰ ਜਾਂ ਅਕਾਲੀ ਨੇਤਾ ਮਿਲੇ ਹਨ, ਉਨ੍ਹਾਂ 'ਚ ਬਠਿੰਡਾ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਤੋ ਅਕਾਲੀ ਉੋਮੀਦਵਾਰ ਅਮਰਜੀਤ ਸਿੰਘ ਸਿੱਧੂ,ਦਿਲਰਾਜ ਸਿੰਘ ਭੂੰਦੜ,ਅਜੈਬ ਸਿੰਘ ਮੁਖਮੈਲਪੁਰ,ਮਨਤਾਰ ਸਿੰਘ ਬਰਾੜ,ਅਕਾਲੀ ਉਮੀਦਵਾਰ ਵਰਦੇਵ ਸਿੰਘ ਮਾਨ ਦਾ ਰਿਸ਼ਤੇਦਾਰ ਗੁਰਸੇਵਕ ਸਿੰਘ ਮਾਨ, ਬਰਨਾਲਾ ਤੋਂ ਮਲਕੀਤ ਸਿੰ ਕੀਤੂ,ਫਿਰੋਜਪੁਰ ਦਿਹਾਤੀ ਤੋ ਅਕਾਲੀ ਉਮੀਦਵਾਰ ਜੋਗਿੰਦਰ ਸਿੰਘ ਦਾ ਲੜਕਾ ਬੱਬੂ ਆਦਿ ਸ਼ਾਮਲ ਸਨ। ਡੇਰਾ ਮੁਖੀ ਨੂੰ ਮਿਲਣ ਵਾਲੇ ਕਾਂਗਰਸੀ ਉਮੀਦਵਾਰਾਂ ਵਿੱਚ ਰਾਮਪੁਰਾ ਤੋਂ ਗੁਰਪ੍ਰੀਤ ਸਿੰਘ ਕਾਂਗੜ,ਭੁੱਚੋ ਤੋਂ ਅਜਾਇਬ ਸਿੰਘ ਭੱਟੀ,ਮੌੜ ਤੋਂ ਮੰਗਤ ਰਾਏ ਬਾਂਸਲ,ਬਰਨਾਲਾ ਤੋਂ ਕੇਵਲ ਸਿੰਘ ਢਿਲੋਂ,ਭਦੌੜ ਤੋਂ ਮੁਹੰਮਦ ਸਦੀਕ,ਫਰੀਦਕੋਟ ਤੋ ਅਵਤਾਰ ਸਿੰਘ ਬਰਾੜ,ਕੋਟਕਪੂਰਾ ਤੋਂ ਰਿਪਜੀਤ ਸਿੰਘ ਬਰਾੜ,ਮੋਗਾ ਤੋਂ ਜੋਗਿੰਦਰਪਾਲ ਜੈਨ,ਗਿੱਦੜਬਹਾ ਤੋਂ ਰਾਜਾ ਵੜਿੰਗ,ਬਾਘਾ ਪੁਰਾਣਾ ਤੋ ਦਰਸ਼ਨ ਸਿੰਘ,ਸੰਗਰੂਰ ਤੋ ਸੁਰਿੰਦਰਪਾਲ ਸਿਬੀਆਂ,ਨਿਹਾਲ ਸਿੰਘ ਵਾਲਾ ਤੋਂ ਅਜੀਤ ਸਿੰਘ ਸ਼ਾਂਤ,ਜੈਤੋ ਤੋਂ ਜੋਗਿੰਦਰ ਸਿੰਘ ਪੰਜਗਰਾਈ,ਮਲੋਟ ਤੋਂ ਨੱਥੂ ਰਾਮ,ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਧੀਮਾਨ,ਨਾਭਾ ਤੋਂ ਰਣਦੀਪ ਨਾਭਾ ਆਦਿ ਸ਼ਾਮਲ ਹਨ। ਪੀਪਲਜ ਪਾਰਟੀ ਆਫ ਪੰਜਾਬ ਤਰਫੋਂ ਸਾਂਝੇ ਮੋਰਚੇ ਦੇ ਧੂਰੀ ਤੋਂ ਉਮੀਦਵਾਰ ਗਗਨਜੀਤ ਸਿੰਘ ਬਰਨਾਲਾ ਅਤੇ ਹਲਕਾ ਤਲਵੰਡੀ ਸਾਬੋ ਤੋਂ ਪੀਪਲਜ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚਹਿਲ ਸ਼ਾਮਲ ਸਨ। ਬਾਦਲ ਪਰਿਵਾਰ ਵਲੋਂ ਹਾਲੇ ਤੱਕ ਡੇਰਾ ਮੁਖੀ ਤੋਂ ਦੂਰੀ ਹੀ ਰੱਖੀ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣ ਕਰਕੇ ਅਕਾਲੀ ਲੀਡਰਾਂ ਨੇ ਪਾਸਾ ਹੀ ਵੱਟਿਆ ਹੈ।
      

Monday, January 16, 2012

    ਡੇਰਾ ਮੁਖੀ ਨੂੰ ਨੇਤਾ ਮਿਲਣ ਲਈ ਕਾਹਲੇ !
                               ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਪੰਜਾਬ ਦੇ ਤਿੰਨ ਦਰਜਨ ਨੇਤਾ ਮਿਲਣਾ ਚਾਹੁੰਦੇ ਹਨ। ਡੇਰਾ ਮੁਖੀ ਵਲੋਂ ਇਨ੍ਹਾਂ ਨੇਤਾਵਾਂ ਨੂੰ ਹਾਲੇ ਸਮਾਂ ਨਹੀਂ ਦਿੱਤਾ ਗਿਆ। ਪਹਿਲੀ ਵਾਰ ਹੈ ਜਦੋਂ ਚੋਣਾਂ ਮੌਕੇ ਡੇਰਾ ਮੁਖੀ ਨੂੰ ਕਿਸੇ ਵੀ ਉਮੀਦਵਾਰ ਜਾਂ ਸਿਆਸੀ ਨੇਤਾ ਨੂੰ ਸਿੱਧੇ ਤੌਰ 'ਤੇ ਮਿਲਣ ਤੋਂ ਪਾਸਾ ਵੱਟਿਆ ਹੈ। ਪਹਿਲਾਂ ਚੋਣਾਂ ਸਮੇਂ ਕੋਈ ਵੀ ਉਮੀਦਵਾਰ ਜਾਂ ਸਿਆਸੀ ਨੇਤਾ ਬਿਨਾਂ ਸਮਾਂ ਲਏ ਹੀ ਡੇਰਾ ਸਿਰਸਾ ਚਲਾ ਜਾਂਦਾ ਸੀ ਅਤੇ ਡੇਰਾ ਮੁਖੀ ਨੂੰ ਮਿਲਣ ਦੀ ਕੋਈ ਮੁਸ਼ਕਲ ਨਹੀਂ  ਸੀ ਹੁੰਦੀ। ਐਤਕੀਂ ਪੰਜਾਬ ਚੋਣਾਂ ਕਰਕੇ ਡੇਰਾ ਮੁਖੀ ਨੇ ਕਿਸੇ ਵੀ ਨੇਤਾ ਨੂੰ ਸਿੱਧੇ ਨਾ ਮਿਲਣ ਦਾ ਫੈਸਲਾ ਕੀਤਾ ਹੈ। ਡੇਰਾ ਮੁਖੀ ਨੇ ਡੇਰਾ ਮੈਨੇਜਮੈਂਟ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਨੇਤਾ ਨੂੰ ਬਿਨਾਂ ਸਮਾਂ ਲਏ ਉਨ੍ਹਾਂ ਨਾਲ ਨਾ ਮਿਲਾਇਆ ਜਾਵੇ। ਜਿਨ੍ਹਾਂ ਨੇਤਾਵਾਂ ਨੇ ਡੇਰਾ ਮੁਖੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ, ਉਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਨੇਤਾ ਅਤੇ ਉਮੀਦਵਾਰ ਸ਼ਾਮਲ ਦੱਸੇ ਜਾਂਦੇ ਹਨ। ਡੇਰਾ ਮੈਨੇਜਮੈਂਟ ਵਲੋਂ ਇਨ੍ਹਾਂ ਨੇਤਾਵਾਂ ਨੂੰ ਆਖਿਆ ਗਿਆ ਹੈ ਕਿ ਜਦੋਂ ਡੇਰਾ ਮੁਖੀ ਸਮਾਂ ਦੇਣਗੇ, ਉਨ੍ਹਾਂ ਨੂੰ ਫੋਨ 'ਤੇ ਸੂਚਿਤ ਕਰ ਦਿੱਤਾ ਜਾਵੇਗਾ।
ਡੇਰੇ ਅੰਦਰ ਇੱਕ ਵੱਖਰਾ ਸੈੱਲ ਹੈ ਜਿਸ ਵਲੋਂ ਡੇਰਾ ਮੁਖੀ ਤੋਂ ਸਮਾਂ ਲੈ ਕੇ ਦਿੱਤਾ ਜਾਂਦਾ ਹੈ।
          ਡੇਰੇ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ ਡੇਰਾ ਮੁਖੀ ਦੇ ਰੁਝੇਵੇਂ ਬਹੁਤ ਹਨ ਜਿਸ ਕਰਕੇ ਉਮੀਦਵਾਰਾਂ ਨੂੰ ਸਿੱਧਾ ਨਹੀਂ ਮਿਲਾਇਆ ਜਾ ਰਿਹਾ। ਉਨ੍ਹਾਂ ਪੁਸ਼ਟੀ ਕੀਤੀ ਕਿ ਪੰਜਾਬ ਦੇ ਬਹੁਤ ਸਾਰੇ ਆਗੂ ਡੇਰਾ ਮੁਖੀ ਨੂੰ ਮਿਲਣ ਲਈ 'ਬਿਹਬਲ' ਹਨ। ਉਨ੍ਹਾਂ ਨੇ ਨਾਮ ਦੱਸਣ ਤੋਂ ਗੁਰੇਜ਼ ਕੀਤਾ ਪ੍ਰੰਤੂ ਇਹ ਜ਼ਰੂਰ ਕਿਹਾ ਕਿ ਇਨ੍ਹਾਂ ਵਿੱਚ ਸਭਨਾਂ ਪਾਰਟੀਆਂ ਦੇ ਆਗੂ ਸ਼ਾਮਲ ਹਨ। ਡੇਰੇ ਦੇ ਕਰੀਬੀਆਂ ਅਨੁਸਾਰ ਐਤਕੀਂ ਡੇਰਾ ਮੁਖੀ ਸਭਨਾਂ ਨੂੰ ਇੱਕੋ ਸਮੇਂ ਮਿਲਣਗੇ ਅਤੇ ਇਹ ਘੱਟ ਸੰਭਾਵਨਾ ਹੈ ਕਿ ਇਕੱਲੇ ਇਕੱਲੇ ਨੇਤਾ ਨੂੰ ਵੱਖੋ ਵੱਖਰਾ ਸਮਾਂ ਦਿੱਤਾ ਜਾਵੇ। ਡੇਰਾ ਮੁਖੀ ਅੱਜ-ਕੱਲ੍ਹ ਰਾਜਸਥਾਨ ਅਤੇ ਯੂ.ਪੀ. ਵਿੱਚ ਸਤਿਸੰਗਾਂ ਵਿੱਚ ਰੁੱਝੇ ਹੋਏ ਹਨ। ਉਂਜ, ਡੇਰੇ ਦੇ ਸਿਆਸੀ ਵਿੰਗ ਨੇ ਆਪਣੀ ਸਰਗਰਮੀ ਕਾਫੀ ਵਧਾਈ ਹੋਈ ਹੈ। ਇਸ ਵੱਲੋਂ ਡੇਰਾ ਪੈਰੋਕਾਰਾਂ ਤੋਂ ਸੁਝਾਅ ਲੈਣ ਦਾ ਪਹਿਲਾ ਗੇੜ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੁਣ ਦੂਸਰਾ ਗੇੜ ਚੱਲ ਰਿਹਾ ਹੈ। ਬਲਾਕ ਅਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਵਿੱਚ ਵਿੰਗ ਵਲੋਂ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਚੋਣਾਂ ਵਿੱਚ ਇੱਕਮੁਠਤਾ ਰੱਖੀ ਜਾਵੇ। ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਹਫਤੇ ਦੇ ਅੰਦਰ ਦੂਸਰਾ ਗੇੜ ਵੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਅੰਤਿਮ ਫੈਸਲਾ ਚੋਣਾਂ ਦੇ ਨੇੜੇ ਲਿਆ ਜਾਵੇਗਾ।
                                         ਪਾਰਟੀ ਦੀ ਥਾਂ ਉਮੀਦਵਾਰਾਂ ਦੀ ਹਮਾਇਤ ?
ਚੰਡੀਗੜ੍ਹ ਵਿਚ ਖੁਫ਼ੀਆ ਵਿਭਾਗ, ਪੰਜਾਬ ਦਾ ਅਨੁਮਾਨ ਹੈ ਕਿ ਡੇਰਾ ਸੱਚਾ ਸੌਦਾ ਕਿਸੇ ਇਕ ਸਿਆਸੀ ਧਿਰ ਦੀ ਹਮਾਇਤ ਕਰਨ ਦੀ ਥਾਂ ਵਿਅਕਤੀਗਤ ਪੱਧਰ 'ਤੇ ਉਮੀਦਵਾਰ ਦੀ ਹਮਾਇਤ ਕਰਨ ਜਾਂ ਨਾ ਕਰਨ ਦਾ ਫੈਸਲਾ ਲਵੇਗਾ। 2009 ਵਿਚ ਲੋਕ ਸਭਾ ਚੋਣਾਂ ਸਮੇਂ ਵੀ ਡੇਰੇ ਨੇ ਅਜਿਹਾ ਹੀ ਕੀਤਾ ਸੀ।

Sunday, January 15, 2012

          ਦੇਖਿਓ ! ਕਿਤੇ ਹਾਰ ਨਾ ਪਾ ਦਿਓ
                               ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਖਿੱਤੇ ਵਿੱਚ ਨੇਤਾ ਹੁਣ ਗਲ ਵਿੱਚ ਹਾਰ ਪਾਉਣ ਤੋਂ ਬਚਦੇ ਫਿਰਦੇ ਹਨ। ਉਮੀਦਵਾਰਾਂ ਨੇ ਆਪਣੇ ਨਾਲ ਵਿਸ਼ੇਸ਼ ਆਦਮੀ ਰੱਖੇ ਹੋਏ ਹਨ ਜੋ ਹਾਰਾਂ ਵਾਲਿਆਂ ਨੂੰ ਪਹਿਲਾਂ ਹੀ ਰੋਕ ਦਿੰਦੇ ਹਨ। ਚੋਣ ਕਮਿਸ਼ਨ ਦੀ ਸਖ਼ਤੀ ਦੇ ਡਰੋਂ ਉਮੀਦਵਾਰ ਬੋਚ ਬੋਚ ਕੇ ਪੈਰ ਧਰ ਰਹੇ ਹਨ। ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਮੱਖਣ ਸਿੰਘ ਜਦੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਇਆ ਤਾਂ ਲੋਕਾਂ ਨੇ ਉਨ੍ਹਾਂ ਦੇ ਅੱਧੀ ਦਰਜਨ ਹਾਰ ਪਾ ਦਿੱਤੇ। ਮਗਰੋਂ ਪਤਾ ਲੱਗਿਆ ਕਿ ਚੋਣ ਅਬਜ਼ਰਵਰ (ਖਰਚ) ਨੇ ਉਮੀਦਵਾਰ ਦੇ ਖਾਤੇ ਵਿੱਚ ਛੇ ਹਾਰਾਂ ਦਾ ਖਰਚਾ ਵੀ ਜੋੜ ਦਿੱਤਾ ਹੈ। ਹੁਣ ਉਮੀਦਵਾਰ ਮੱਖਣ ਸਿੰਘ ਹਾਰਾਂ ਨੂੰ ਦੂਰੋਂ ਦੇਖ ਕੇ ਆਖਦਾ ਹੈ, ”ਦੇਖਿਓ ਭਾਈ ਕਿਤੇ ਹਾਰ ਨਾ ਪਾ ਦਿਓ।” ਏਦਾਂ ਦਾ ਹਾਲ ਸਭ ਉਮੀਦਵਾਰਾਂ ਦਾ ਹੈ। ਉਮੀਦਵਾਰ ਮੱਖਣ ਸਿੰਘ ਦੱਸਦਾ ਹੈ ਕਿ ਜੇ ਕੋਈ ਨੋਟਾਂ ਵਾਲਾ ਹਾਰ ਲੈ ਕੇ ਆ ਜਾਵੇ ਤਾਂ ਉਹ ਪਹਿਲਾਂ ਹੀ ਹਾਰ ਫੜ ਕੇ ਉਸ ਵਿਅਕਤੀ ਦੇ ਗਲ ਵਿੱਚ ਪਾ ਦਿੰਦਾ ਹੈ। ਉਸ ਦਾ ਕਹਿਣਾ ਸੀ ਕਿ ਪਿੰਡਾਂ ਵਿੱਚ ਪਹਿਲਾਂ ਹੀ ਲੋਕਾਂ ਨੂੰ ਆਖ ਦਿੱਤਾ ਹੈ ਕਿ ਹਾਰ ਨਾ ਲੈ ਕੇ ਆਇਓ। ਪਿਛਲੇ ਦਿਨਾਂ ਵਿੱਚ ਜਿਹੜੇ ਉਮੀਦਵਾਰਾਂ ਦੇ ਗਲਾਂ ਵਿੱਚ ਹਾਰ ਪਾਏ ਹੋਏ ਸਨ, ਉਨ੍ਹਾਂ ਦੀ ਰਾਸ਼ੀ ਚੋਣ ਖਰਚ ਵਿੱਚ ਜੋੜ ਦਿੱਤੀ ਗਈ ਹੈ।ਉਮੀਦਵਾਰ ਮੱਖਣ ਸਿੰਘ ਨੇ ਦੱਸਿਆ ਕਿ ਉਹ ਤਾਂ ਹੁਣ ਪਿੰਡਾਂ ਵਿੱਚ ਕੁਰਸੀਆਂ ਵੀ ਚੋਣ ਜਲਸਿਆਂ ਵਿੱਚ ਨਹੀਂ ਲਾਉਂਦੇ ਹਨ। ਪਿੰਡਾਂ ਦੇ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕੁਰਸੀਆਂ ਦੀ ਥਾਂ ਮੰਜੇ ਲੈ ਕੇ ਆਉਣ।
         ਰਾਮਪੁਰਾ ਤੋਂ ਕਾਂਗਰਸੀ  ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਖਰਚੇ ਦੇ ਡਰੋਂ ਪਿੰਡਾਂ ਵਿੱਚ ਚੋਣ ਜਲਸਿਆਂ ਦੌਰਾਨ ਸੋਫੇ 'ਤੇ ਵੀ ਨਹੀਂ ਬੈਠਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਤਾਂ ਵਰਕਰਾਂ ਨੂੰ ਪਹਿਲਾਂ ਆਖ ਦਿੰਦੇ ਹਨ ਕਿ ਚੋਣ ਜਲਸੇ ਦੀ ਥਾਂ ਪਿੰਡ ਦੀ ਸੱਥ ਵਿੱਚ ਰੱਖ ਲਓ ਅਤੇ ਪੱਲੀਆਂ ਵਿਛਾ ਲੈਣਾ। ਉਸ ਦਾ ਕਹਿਣਾ ਸੀ ਕਿ ਉਹ ਤਾਂ ਕਿਸੇ ਵੀ ਪਿੰਡ ਕੁਰਸੀ 'ਤੇ ਨਹੀਂ ਬੈਠਦਾ। ਚੋਣ ਕਮਿਸ਼ਨ ਵੱਲੋਂ ਪ੍ਰਤੀ ਕੁਰਸੀ 7 ਰੁਪਏ ਦਾ ਖਰਚਾ ਪਾਇਆ ਜਾ ਰਿਹਾ ਹੈ। ਅੱਜ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ ਅਤੇ ਉਨ੍ਹਾਂ ਵੱਲੋਂ ਜੋ ਪਹਿਲਾਂ ਇਕੱਠ ਕੀਤਾ ਗਿਆ ਸੀ, ਉਸ ਵਿੱਚ ਢੋਲ ਵਾਲੇ ਵੀ ਪੁੱਜੇ ਹੋਏ ਸਨ ਅਤੇ ਇਨ੍ਹਾਂ ਢੋਲੀਆਂ ਦਾ ਖਰਚਾ ਵੀ ਉਸ ਦੇ ਚੋਣ ਖਰਚੇ ਵਿੱਚ ਜੋੜ ਦਿੱਤਾ ਗਿਆ ਹੈ। ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਵੀ ਹਾਰ ਪਵਾਉਣ ਤੋਂ ਗੁਰੇਜ਼ ਹੀ ਕਰਦੇ ਹਨ। ਉਨ੍ਹਾਂ ਵੱਲੋਂ ਵੀ ਆਪਣੀ ਚੋਣ ਮੁਹਿੰਮ ਨੂੰ ਸਾਦਾ ਢੰਗ ਨਾਲ ਹੀ ਚਲਾਇਆ ਜਾ ਰਿਹਾ ਹੈ।
           ਚੋਣ ਪ੍ਰਸ਼ਾਸਨ ਨੇ ਇੱਥੋਂ ਦੇ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਹਮਾਇਤੀਆਂ ਵੱਲੋਂ ਲੱਡੂ ਖੁਆਏ ਜਾਣ 'ਤੇ ਨੋਟਿਸ ਦੇ ਦਿੱਤਾ ਹੈ। ਹੁਣ ਉਮੀਦਵਾਰਾਂ ਨੇ ਆਪੋ ਆਪਣੇ ਵਰਕਰਾਂ ਨੂੰ ਆਖ ਦਿੱਤਾ ਹੈ ਕਿ ਉਹ ਲੱਡੂਆਂ ਤੋਂ ਗੁਰੇਜ਼ ਕਰਨ। ਜ਼ਿਲ੍ਹਾ ਬਠਿੰਡਾ ਦੇ ਅੱਧੀ ਦਰਜਨ ਵਿਧਾਨ ਸਭਾ ਹਲਕਿਆਂ ਵਿੱਚ ਟਾਵੇਂ ਹੀ ਪੋਸਟਰ ਨਜ਼ਰ ਪੈ ਰਹੇ ਹਨ। ਚੋਣ ਜਲਸਿਆਂ ਦੀਆਂ ਸਟੇਜਾਂ ਦੇ ਪਿਛਲੇ ਪਾਸੇ ਹੁਣ ਬੈਨਰ ਵੀ ਨਹੀਂ ਦਿਖ ਰਹੇ ਹਨ। ਹਲਕਾ ਬਠਿੰਡਾ ਦਿਹਾਤੀ ਦੇ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦਾ ਕਹਿਣਾ ਸੀ ਕਿ ਉਹ ਤਾਂ ਪਹਿਲਾਂ ਹੀ ਚੋਣ ਕਮਿਸ਼ਨ ਤੋਂ ਖ਼ੁਸ਼ ਹਨ, ਜਿਸ ਕਰਕੇ ਉਹ ਤਾਂ ਕਿਤੇ ਵੀ ਅਜਿਹਾ ਕੁਝ ਨਹੀਂ ਕਰ ਰਹੇ, ਜਿਸ 'ਤੇ ਕੋਈ ਖਰਚਾ ਹੁੰਦਾ ਹੋਵੇ। ਉਨ੍ਹਾਂ ਦੱਸਿਆ ਕਿ ਉਹ ਚੋਣ ਜਲਸਿਆਂ ਵਿੱਚ ਦਰੀਆਂ 'ਤੇ ਹੀ ਬੈਠਦੇ ਹਨ। ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਖਰਚੇ ਤੋਂ ਬਚਣ ਖਾਤਰ ਵਿਸ਼ੇਸ਼ ਗੱਡੀ ਭਾਸ਼ਨ ਵਾਸਤੇ ਬਣਾਈ ਹੈ, ਜਿਸ ਉਪਰ ਦੋ ਸਪੀਕਰ ਲਾਏ ਗਏ ਹਨ ਅਤੇ ਗੱਡੀ ਨੂੰ ਸਟੇਜ ਦੇ ਤੌਰ 'ਤੇ ਹੀ ਵਰਤਿਆ ਜਾਂਦਾ ਹੈ।

Saturday, January 14, 2012

                                ਸਾਰੰਗੀ ਸ਼੍ਰੋਮਣੀ ਕਮੇਟੀ ਦੀ, ਰਾਗ ਅਕਾਲੀਆਂ ਦਾ
                                                                  ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਚੋਣ ਪ੍ਰਚਾਰ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਢਾਡੀ ਕਰ ਰਹੇ ਹਨ। ਚੋਣ ਜ਼ਾਬਤਾ ਇਸ ਦੀ ਇਜਾਜ਼ਤ ਨਹੀਂ ਦਿੰਦਾ। ਸ਼੍ਰੋਮਣੀ ਕਮੇਟੀ ਦੇ ਢਾਡੀਆਂ ਦੀ ਅਸਲੀ ਡਿਊਟੀ ਧਰਮ ਪ੍ਰਚਾਰ ਦੀ ਹੈ ਪਰ ਉਹ ਅੱਜ ਕੱਲ੍ਹ ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਦੀਆਂ ਸਿਆਸੀ ਸਟੇਜਾਂ 'ਤੇ ਰੰਗ ਬੰਨ੍ਹ ਰਹੇ ਹਨ। ਚੋਣ ਕਮਿਸ਼ਨ ਪੰਜਾਬ ਦੀ ਸਪੱਸ਼ਟ ਹਦਾਇਤ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਚੋਣ ਪ੍ਰਚਾਰ ਵਿੱਚ ਸ਼ਮੂਲੀਅਤ ਨਹੀਂ ਕਰ ਸਕਦੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਹਲਕਾ ਮੌੜ ਦੇ ਪਿੰਡਾਂ ਵਿੱਚ ਜਦੋਂ ਚੋਣ ਦੌਰਾ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਢਾਡੀਆਂ ਨੇ ਲੋਕਾਂ ਨੂੰ ਬਿਠਾਉਣ ਲਈ ਵਾਰਾਂ ਗਾਈਆਂ।
           ਅੱਜ ਸ਼੍ਰੋਮਣੀ ਕਮੇਟੀ ਦਾ ਢਾਡੀ ਜਥਾ ਪਿੰਡ ਕਰਾੜਵਾਲਾ, ਚਾਉਕੇ, ਮੰਡੀ ਕਲਾਂ, ਬਾਲਿਆਂ ਵਾਲੀ ਅਤੇ ਪਿੰਡ ਘੁੰਮਣ ਕਲਾਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮਾਗਮਾਂ ਵਿੱਚ ਗਿਆ। ਸ੍ਰੋਮਣੀ ਕਮੇਟੀ ਦੇ ਜੁਗਰਾਜ ਸਿੰਘ ਮੌਜੀ ਦਾ ਢਾਡੀ ਜਥਾ ਧਰਮ ਪ੍ਰਚਾਰ ਕਰਨ ਦੀ ਥਾਂ ਅਕਾਲੀ ਉਮੀਦਵਾਰ ਲਈ ਵੋਟਾਂ ਮੰਗ ਰਿਹਾ ਹੈ। ਇਨ੍ਹਾਂ ਵਲੋਂ ਪਹਿਲਾਂ ਸਟੇਜਾਂ ਤੋਂ ਵਾਰਾਂ ਗਾਈਆਂ ਜਾਂਦੀਆਂ ਹਨ ਅਤੇ ਉਸ ਮਗਰੋਂ ਕਾਂਗਰਸ ਨੂੰ ਭਜਾਉਣ ਅਤੇ ਅਕਾਲੀ ਦਲ ਨੂੰ ਲਿਆਉਣ ਦੀ ਗੱਲ ਕੀਤੀ ਜਾਂਦੀ ਹੈ। ਪਿਛਲੇ 15 ਦਿਨ੍ਹਾਂ ਤੋਂ ਇਹ ਜਥਾ ਅਕਾਲੀ ਉਮੀਦਵਾਰ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਏਦਾ ਹੀ ਹੋਰਨਾਂ ਥਾਵਾਂ ਤੇ ਵੀ ਸ੍ਰੋਮਣੀ ਕਮੇਟੀ ਦੇ ਢਾਡੀ ਅਕਾਲੀ ਦਲ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਪਿਛਲੀਆਂ ਚੋਣਾਂ ਵਿੱਚ ਤਾਂ ਸ੍ਰੋਮਣੀ ਕਮੇਟੀ ਅਕਾਲੀ ਦਲ ਦੀ ਚੋਣ ਮੁਹਿੰਮ ਦੌਰਾਨ ਲੰਗਰ ਦਾ ਪ੍ਰਬੰਧ ਵੀ ਕਰਦੀ ਰਹੀ ਹੈ। ਹੁਣ ਢਾਡੀ ਆਪਣੀ ਡਿਊਟੀ ਛੱਡ ਕੇ ਅਕਾਲੀ ਉਮੀਦਵਾਰ ਦੇ ਗੁਣ ਗਾ ਰਹੇ ਹਨ।
            ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਤਲਵੰਡੀ ਸਾਬੋ ਦਫ਼ਤਰ ਦੇ ਮੈਨੇਜਰ ਭਰਪੂਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਾਰੇ ਮੁਲਾਜ਼ਮਾਂ ਨੂੰ ਚੋਣ ਜ਼ਾਬਤਾ ਲੱਗਣ ਸਮੇਂ ਇਹ ਨੋਟ ਕਰਵਾ ਦਿੱਤਾ ਸੀ ਕਿ ਕਿਸੇ ਵੱਲੋਂ ਵੀ ਸਿਆਸੀ ਸਮਾਗਮਾਂ ਵਿੱਚ ਸ਼ਮੂਲੀਅਤ ਨਾ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਮੌਜੀ ਦਾ ਜਥਾ ਸ਼੍ਰੋਮਣੀ ਕਮੇਟੀ ਦਾ ਹੈ ਅਤੇ ਇਨ੍ਹਾਂ ਵੱਲੋਂ ਕੋਈ ਛੁੱਟੀ ਵਗੈਰਾ ਵੀ ਨਹੀਂ ਲਈ ਗਈ। ਉਨ੍ਹਾਂ ਆਖਿਆ, ''ਮੈਨੂੰ ਇਹ ਜਾਣਕਾਰੀ ਨਹੀਂ ਹੈ ਕਿ ਇਹ ਢਾਡੀ ਜਥਾ ਅਕਾਲੀ ਦਲ ਦੇ ਪ੍ਰਚਾਰ ਵਿੱਚ ਲੱਗਿਆ ਹੋਇਆ ਹੈ।'' ਪੀਪਲਜ਼ ਪਾਰਟੀ ਆਫ ਪੰਜਾਬ ਦੇ ਹਲਕਾ ਮੌੜ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਭੁੱਲਰ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਢਾਡੀ ਜਥਾ ਅਕਾਲੀ ਉਮੀਦਵਾਰ ਦੀ ਹਮਾਇਤ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। ਪਤਾ ਲੱਗਿਆ ਹੈ ਕਿ ਢਾਡੀ ਜਥੇ ਵੱਲੋਂ ਪ੍ਰਚਾਰ ਕਰਨ ਦੇ ਸਬੂਤ ਵੀ ਭੇਜੇ ਗਏ ਹਨ। ਕਾਂਗਰਸ ਨੇ ਵੀ ਇਸ ਦੀ ਸ਼ਿਕਾਇਤ ਕੀਤੀ ਹੈ।ਜ਼ਿਲ੍ਹਾ ਚੋਣ ਅਫਸਰ ਸ੍ਰੀ ਕੇ.ਕੇ.ਯਾਦਵ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਇਸ ਦੀ ਪੜਤਾਲ ਕਰਾਉਣਗੇ। ਸ਼੍ਰੋਮਣੀ ਕਮੇਟੀ ਦੇ ਇਸ ਢਾਡੀ ਜਥੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਾ ਹੋ ਸਕਿਆ।

Thursday, January 12, 2012

                                    ਐਮ.ਐਲ.ਏ ਸਾਹਿਬ !
                        ਤੁਹਾਡਾ 'ਲਾਡਲਾ' ਹਾਜ਼ਰ ਹੈ।
                                      ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ 'ਚ ਏਦਾ ਦੇ ਐਮ.ਐਲ.ਏ ਵੀ ਹਨ ਜਿਨ•ਾਂ ਨੇ ਆਪਣੇ ਧੀਆਂ ਪੁੱਤਾਂ ਨੂੰ ਹੀ ਪੀ.ਏ ਰੱਖਿਆ ਹੋਇਆ ਹੈ। ਵਿਧਾਇਕ ਏਦਾ ਦੇ ਵੀ ਹਨ ਜਿਨ•ਾਂ ਨੇ ਆਪਣੇ ਤੋਂ ਘੱਟ ਪੜ•ੇ ਲਿਖਿਆ ਨੂੰ ਆਪਣੇ ਪੀ.ਏ ਬਣਾਇਆ ਹੋਇਆ ਹੈ। ਬਹੁਤਿਆਂ ਦੇ ਪੀ.ਏ ਵੀ ਵੱਧ ਪੜੇ• ਲਿਖੇ ਹਨ। ਦਰਜਨ ਕੁ ਏਦਾ ਦੇ ਐਮ.ਐਲ.ਏ ਵੀ ਹਨ ਜਿਨ•ਾਂ ਨੇ ਪੀ.ਏ ਰੱਖੇ ਹੀ ਨਹੀਂ ਹਨ। ਪਤਾ ਇਹ ਵੀ ਲੱਗਾ ਹੈ ਕਿ ਕਈ ਵਿਧਾਇਕਾਂ ਨੇ ਕਾਗਜਾਂ 'ਚ ਆਪਣੇ ਨੌਕਰਾਂ ਨੂੰ ਵੀ ਪੀ.ਏ ਰੱਖਿਆ ਹੋਇਆ ਹੈ ਜਿਸ ਦੀ ਭਾਫ ਬਾਹਰ ਨਿਕਲਣ ਨਹੀਂ ਦਿੱਤੀ ਗਈ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਹੋਈ ਸੂਚਨਾ ਚੋਂ ਪੀ.ਏ ਰੱਖਣ ਦੇ ਮਾਮਲੇ 'ਚ ਵਿਧਾਇਕਾਂ ਦੇ ਕਈ ਰੰਗ ਦੇਖਣ ਨੂੰ ਮਿਲੇ ਹਨ। ਮੁੱਖ ਮੰਤਰੀ,ਉਪ ਮੁੱਖ ਮੰਤਰੀ ਤੋਂ ਇਲਾਵਾ 19 ਕੈਬਨਿਟ ਵਜ਼ੀਰ ਹਨ। ਮੁੱਖ ਸੰਸਦੀ ਸਕੱਤਰਾਂ ਦੀ ਗਿਣਤੀ 16 ਹੈ। ਬਾਕੀ 80 ਵਿਧਾਇਕ ਬਚਦੇ ਹਨ ਜਿਨ•ਾਂ ਚੋਂ 9 ਵਿਧਾਇਕਾਂ ਨੇ ਤਾਂ ਆਪਣੇ ਪੀ.ਏ ਰੱਖੇ ਹੀ ਨਹੀਂ ਹਨ। ਹਾਲਾਂ ਕਿ ਪੰਜਾਬ ਵਿਧਾਨ ਸਭਾ ਵਲੋਂ ਪੀ.ਏ ਰੱਖਣ ਖਾਤਰ ਬਕਾਇਦਾ ਤਨਖਾਹ ਦਿੱਤੀ ਜਾਂਦੀ ਹੈ। ਕਈ ਵਿਧਾਇਕ ਤਾਂ ਪੀ.ਏ ਵਾਲੀ ਤਨਖਾਹ ਜੇਬ ਵਿੱਚ ਪਾ ਲੈਂਦੇ ਹਨ ਅਤੇ ਕਿਸੇ ਨੂੰ ਪੀ.ਏ ਆਦਿ ਕਾਗ਼ਜ਼ਾਂ 'ਚ ਦਿਖਾ ਕੇ ਕੰਮ ਚਲਾਈ ਜਾਂਦੇ ਹਨ। ਵਿਧਾਇਕ ਪੀ.ਏ ਰੱਖਣ ਵੇਲੇ ਵੱਡੀ ਯੋਗਤਾ ਵਾਲੇ ਨੂੰ ਪੀ.ਏ ਰੱਖਣ ਤੋਂ ਗੁਰੇਜ਼ ਹੀ ਕਰਦੇ ਹਨ। ਜਾਂ ਫਿਰ ਇੰਝ ਵੀ ਹੁੰਦਾ ਹੈ ਕਿ ਵੱਧ ਪੜਿਆਂ ਲਿਖਿਆ ਪੀ.ਏ ਲੱਗਣ ਤੋਂ ਪਾਸਾ ਵੱਟਦਾ ਹੈ। ਜਿਨ•ਾਂ ਨੂੰ ਹੋਰਨਾਂ 'ਤੇ ਭਰੋਸਾ ਨਹੀਂ,ਉਹ ਵਿਧਾਇਕ ਪੀ.ਏ ਵੀ ਆਪਣੇ ਧੀ ਪੁੱਤਾਂ ਨੂੰ ਬਣਾ ਲੈਂਦੇ ਹਨ।
         ਸਰਕਾਰੀ ਸੂਚਨਾ ਅਨੁਸਾਰ ਜ਼ਿਲ•ਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਅਜੀਤ ਸਿੰਘ ਸ਼ਾਂਤ ਨੇ ਆਪਣੇ ਲੜਕੇ ਲਾਲ ਇੰਦਰ ਪਾਲ ਸਿੰਘ ਸ਼ਾਂਤ ਨੂੰ ਹੀ ਆਪਣਾ ਪੀ.ਏ ਰੱਖਿਆ ਹੋਇਆ ਹੈ। ਉਸਦੇ ਲੜਕੇ ਦੀ ਯੋਗਤਾ ਜਮ•ਾਂ ਦੋ ਹੈ ਜਦੋਂ ਕਿ ਵਿਧਾਇਕ ਖੁਦ ਗਰੈਜੂਏਟ ਹੈ। ਵਿਧਾਇਕ ਨੂੰ ਆਪਣੇ ਪੁੱਤ ਦੇ ਪੀ.ਏ ਹੋਣ ਦਾ ਫਾਇਦਾ ਵੀ ਕਾਫੀ ਹੈ। ਜ਼ਿਲ•ਾ ਜਲੰਧਰ ਦੇ ਹਲਕਾ ਨੂਰਮਹਿਲ ਤੋਂ ਮਹਿਲਾ ਵਿਧਾਇਕ ਰਾਜਵਿੰਦਰ ਕੌਰ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਮਹਿਲਾ ਵਿਧਾਇਕ ਨੇ ਆਪਣੀ ਧੀ ਕੁਮਾਰੀ ਗੁਰਿੰਦਰ ਨੂੰ ਆਪਣੀ ਪੀ.ਏ ਰੱਖਿਆ ਹੋਇਆ ਹੈ। ਕੁਮਾਰੀ ਗੁਰਿੰਦਰ ਹੀ ਆਪਣੀ ਵਿਧਾਇਕ ਮਾਂ ਦੀ ਪੀ.ਏ ਬਣ ਕੇ ਸਭ ਡਿਊਟੀ ਨਿਭਾਉਂਦੀ ਹੈ। ਇਹ ਵਿਧਾਇਕ ਪਿੰਡ ਭੁੱਲਰ ਦੀ ਵਸਨੀਕ ਹੈ। ਇਸੇ ਤਰ•ਾਂ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਵਿਧਾਇਕ ਸੀਤਾ ਰਾਮ ਹਨ ਜਿਨ•ਾਂ ਨੇ ਆਪਣੇ ਪੁੱਤਰ ਨੂੰ ਹੀ ਆਪਣਾ ਪੀ.ਏ ਰੱਖਿਆ ਹੋਇਆ ਹੈ। ਵਿਧਾਇਕ ਦਾ ਲੜਕਾ ਵਿਕਾਸ ਚੰਦਰ ਕਸਯਪ ਆਪਣੇ ਬਾਪ ਨਾਲ ਪੀ.ਏ ਦੀ ਡਿਊਟੀ ਨਿਭਾਉਂਦਾ ਹੈ। ਵਿਧਾਇਕ ਦੇ ਲੜਕੇ ਦੀ ਯੋਗਤਾ ਬੀ.ਏ,ਬੀ.ਐਡ ਹੈ। ਕਈ ਵਿਧਾਇਕਾਂ ਦੇ ਪੀ.ਏ ਦੇ ਅਡਰੈਸ ਤੋਂ ਇਹ ਸ਼ੱਕ ਪੈਂਦਾ ਹੈ ਕਿ ਉਨ•ਾਂ ਵਿਧਾਇਕਾਂ ਨੇ ਆਪਣੇ ਨੌਕਰਾਂ ਨੂੰ ਹੀ ਪੀ.ਏ ਬਣਾਇਆ ਹੋਇਆ ਹੈ ਪ੍ਰੰਤੂ ਲਿਖਤੀ ਰੂਪ ਵਿੱਚ ਇਸ ਦੀ ਪੁਸ਼ਟੀ ਨਹੀਂ ਹੁੰਦੀ ਹੈ।
          ਇਸ ਤੋਂ ਇਲਾਵਾ ਪੰਜਾਬ ਦੇ 15 ਵਿਧਾਇਕਾਂ ਦੀ ਖੁਦ ਦੀ ਵਿੱਦਿਅਕ ਯੋਗਤਾ ਜਿਆਦਾ ਹੈ ਜਦੋਂ ਕਿ ਉਨ•ਾਂ ਦੇ ਪੀ.ਏ ਕਾਫੀ ਘੱਟ ਪੜ•ੇ ਲਿਖੇ ਹਨ। ਦੂਸਰੀ ਤਰਫ਼ 25 ਵਿਧਾਇਕ ਅਜਿਹੇ ਹਨ ਜਿਨ•ਾਂ ਦੀ ਖੁਦ ਦੀ ਯੋਗਤਾ ਤਾਂ ਘੱਟ ਹੈ ਜਦੋਂ ਕਿ ਉਨ•ਾਂ ਦੇ ਪੀ.ਏ ਵੱਧ ਪੜ•ੇ ਲਿਖੇ ਹਨ। ਕੇਵਲ 17 ਵਿਧਾਇਕ ਹੀ ਏਦਾ ਦੇ ਹਨ ਜਿਨ•ਾਂ ਦੀ ਖੁਦ ਦੀ ਅਤੇ ਪੀ.ਏ ਦੀ ਯੋਗਤਾ ਇੱਕੋ ਜਿੰਨੀ ਹੈ। ਵਿਧਾਇਕਾਂ ਦੇ ਪੀ.ਏਜ਼ ਦੀ ਵਿੱਦਿਅਕ ਯੋਗਤਾ ਦੇਖੀਏ ਤਾਂ 15 ਵਿਧਾਇਕਾਂ ਦੇ ਪੀ.ਏਜ ਦੀ ਵਿੱਦਿਅਕ ਯੋਗਤਾ ਜਮ•ਾਂ ਦੋ ਹੀ ਹੈ। 13 ਵਿਧਾਇਕਾਂ ਦੇ ਪੀ.ਏ ਸਿਰਫ਼ ਮੈਟ੍ਰਿਕ ਪਾਸ ਹੀ ਹਨ। ਇਵੇਂ ਹੀ ਇੱਕ ਵਿਧਾਇਕ ਰਾਜ ਖੁਰਾਣਾ ਜੋ ਕਿ ਹਲਕਾ ਰਾਜਪੁਰਾ ਤੋਂ ਹਨ, ਦੇ ਪੀ.ਏ ਰੂਪ ਕੁਮਾਰ ਦੀ ਵਿੱਦਿਅਕ ਯੋਗਤਾ ਅੱਠਵੀਂ ਪਾਸ ਹੈ। ਇਸ ਤੋਂ ਇਲਾਵਾ 34 ਵਿਧਾਇਕਾਂ ਦੇ ਪੀ.ਏ ਗਰੈਜੂਏਟ ਵੀ ਹਨ। ਸਿਰਫ਼ ਦੋ ਵਿਧਾਇਕ ਅਜਿਹੇ ਹਨ ਜਿਨ•ਾਂ ਦੇ ਪੀ.ਏ ਪੋਸਟ ਗਰੈਜੂਏਟ ਹਨ। ਭੁਲੱਥ ਤੋਂ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਦਾ ਪੀ.ਏ ਮੁਨੀਸ਼ ਕੁਮਾਰ ਤਾਂ ਬੀ.ਟੈਕ ਹੈ। ਅਬੋਹਰ ਤੋਂ ਵਿਧਾਇਕ ਸੁਨੀਲ ਕੁਮਾਰ ਜਾਖੜ ਦਾ ਪੀ.ਏ ਰਜਿੰਦਰ ਕੁਮਾਰ ਬੀ.ਏ,ਐਲ.ਐਲ.ਬੀ ਹੈ ਜਦੋਂ ਕਿ ਵਿਧਾਇਕ ਜਗਦੀਸ਼ ਰਾਜ ਦਾ ਪੀ.ਏ ਹਰਭਜਨ ਸਿੰਘ ਬੀ.ਏ,ਬੀ.ਐਡ ਅਤੇ ਐਮ.ਐਡ ਹੈ।
                                                   ਵਿਧਾਇਕਾਂ ਦੇ ਦਸਵੀਂ ਪਾਸ ਪੀ.ਏ
      ਵਿਧਾਇਕ ਰਾਣਾ ਕੰਵਰਪਾਲ ਸਿੰਘ ਦਾ ਪੀ.ਏ ਦਸਵੀਂ ਪਾਸ ਹੀ ਹੈ। ਇਸੇ ਤਰ•ਾਂ ਵਿਧਾਇਕ ਲਖਵੀਰ ਸਿੰਘ ਲੋਧੀਨੰਗਲ,ਵਿਧਾਇਕ ਮੋਹਣ ਲਾਲ ਅਤੇ ਵਿਧਾਇਕ ਮਲਕੀਤ ਸਿੰਘ ਦਾ ਪੀ.ਏ ਵੀ ਦਸਵੀਂ ਪਾਸ ਹੀ ਹੈ। ਵਿਧਾਇਕ ਓਮ ਪ੍ਰਕਾਸ਼ ਸੋਨੀ ਦਾ ਪੀ.ਏ ਸਤੀਸ਼ ਜੇਤਲੀ ਹਾਇਰ ਸੈਕੰਡਰੀ ਪਾਸ ਹੈ। ਇਵੇਂ ਹੀ ਵਿਧਾਇਕ ਸੁਰਜੀਤ ਸਿੰਘ ਧੀਮਾਨ,ਵਿਧਾਇਕ ਸੁਰਿੰਦਪਾਲ ਸਿੰਘ ਸਿਬੀਆ ਅਤੇ ਵਿਧਾਇਕ ਸਵਰਨਾ ਰਾਮ ਦਾ ਪੀ.ਏ ਵੀ ਦਸਵੀਂ ਪਾਸ ਹੀ ਹੈ। ਸੂਚਨਾ ਤੋਂ ਇਹ ਵੀ ਅੰਦਾਜ਼ਾ ਹੋਇਆ ਹੈ ਕਿ ਕਈ ਵਿਧਾਇਕਾਂ ਨੇ ਆਪਣੇ ਰਿਸ਼ਤੇਦਾਰ ਵੀ ਪੀ.ਏ ਰੱਖੇ ਹੋਏ ਹਨ। ਕਈ ਵਿਧਾਇਕਾਂ ਨੇ ਆਪਣੇ ਪਿੰਡ ਜਾਂ ਸ਼ਹਿਰ ਚੋਂ ਹੀ ਪੀ.ਏ ਰੱਖੇ ਹਨ। ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣੇ ਜੱਦੀ ਪਿੰਡ ਪਥਰਾਲਾ ਦੇ ਲੜਕੇ ਜਸਵੀਰ ਸਿੰਘ ਨੂੰ ਆਪਣਾ ਪੀ.ਏ ਰੱਖਿਆ ਹੋਇਆ ਹੈ।
     

Wednesday, January 11, 2012

                                                                   ਕੁਰਸੀ ਦੇ ਰੰਗ
                                     ਬਾਦਲਾਂ ਦੇ ਬੱਚਿਆਂ ਦੀ ਬੋਲਬਾਣੀ ਬੰਦ
                                                                ਚਰਨਜੀਤ ਭੁੱਲਰ
ਬਠਿੰਡਾ : ਸਿਆਸੀ ਜੰਗ ਨੇ ਬਾਦਲ ਪਰਿਵਾਰ ਦੇ ਬੱਚੇ ਵੀ ਵੰਡ ਦਿੱਤੇ ਹਨ। ਵੱਡਿਆਂ ਦੀ ਦੁਆ ਸਲਾਮ ਹੀ ਖ਼ਤਮ ਨਹੀਂ ਹੋਈ। ਬੱਚਿਆਂ ਦੀ ਬੋਲਬਾਣੀ ਵੀ ਬੰਦ ਹੋ ਗਈ ਹੈ। ਜਦੋਂ ਤੋਂ ਦਾਸ ਤੇ ਪਾਸ਼ ਦੀ ਮੁਹੱਬਤ ਟੁੱਟੀ ਹੈ। ਉਸ ਮਗਰੋਂ ਬੱਚਿਆਂ ਦੇ ਬਚਪਨ ਵਿੱਚ ਵੀ ਲੀਕ ਖਿੱਚੀ ਗਈ ਹੈ। ਸਿਆਸੀ ਲੜਾਈ ਵਿੱਚ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਆਹਮੋ ਸਾਹਮਣੇ ਹੋ ਗਏ ਸਨ। ਉਸ ਪਿੱਛੋਂ ਦਾਸ ਤੇ ਪਾਸ਼ ਦੇ ਰਾਹ ਵੀ ਵੱਖੋ ਵੱਖਰੇ ਹੋ ਗਏ। ਹੁਣ ਜਦੋਂ ਲੰਬੀ ਦਾ ਸਿਆਸੀ ਯੁੱਧ ਸ਼ੁਰੂ ਹੋਇਆ ਹੈ ਤਾਂ ਸਭ ਰਿਸ਼ਤੇ ਨਾਤੇ ਵੀ ਖ਼ਤਮ ਹੋ ਗਏ ਹਨ। ਸੁਖਬੀਰ ਅਤੇ ਮਨਪ੍ਰੀਤ ਦੇ ਬੱਚੇ ਹੁਣ ਆਪਸ ਵਿੱਚ ਮਿਲਣੋਂ ਹਟ ਗਏ ਹਨ। ਮਨਪ੍ਰੀਤ ਸਿੰਘ ਬਾਦਲ ਦੇ ਦੋ ਬੱਚੇ ਹਨ। ਵੱਡਾ ਲੜਕਾ ਅਰਜੁਨ ਗਿਆਰਵੀਂ ਜਮਾਤ ਵਿੱਚ ਹੈ, ਜਦੋਂ ਕਿ ਲੜਕੀ ਰੀਆ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ। ਅਰਜੁਨ ਵਿਦੇਸ਼ ਪੜ੍ਹਦਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਦੋ ਲੜਕੀਆਂ ਅਤੇ ਇਕ ਲੜਕਾ ਹੈ। ਮਨਪ੍ਰੀਤ ਦੀ ਲੜਕੀ ਰੀਆ ਅਤੇ ਸੁਖਬੀਰ ਦੀ ਲੜਕੀ ਹਰਕੀਰਤ ਇੱਕੋ ਜਮਾਤ ਵਿੱਚ ਪੜ੍ਹਦੀਆਂ ਹਨ। ਜਦੋਂ ਬਾਦਲ ਪਰਿਵਾਰ ਇਕ ਸੀ ਤਾਂ ਉਦੋਂ ਇਹ ਬੱਚੇ ਇਕ ਦੂਜੇ ਦੇ ਘਰ ਜਾਂਦੇ ਸਨ। ਇਕੱਠੇ ਖੇਡਦੇ ਸਨ। ਸੁਖਬੀਰ ਦੀ ਬੱਚੀ ਮਨਪ੍ਰੀਤ ਦੇ ਘਰ ਆ ਜਾਂਦੀ ਸੀ।
          ਮਨਪ੍ਰੀਤ ਬਾਦਲ ਦਾ ਲੜਕਾ ਅਰਜੁਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੇਹੱਦ ਪਿਆਰ ਕਰਦਾ ਸੀ। ਮਨਪ੍ਰੀਤ ਦੀ ਪਤਨੀ ਵੀਨੂੰ ਬਾਦਲ ਦੱਸਦੀ ਹੈ ਕਿ ਪਹਿਲਾਂ ਹਰਕੀਰਤ ਅਕਸਰ ਰੀਆ ਕੋਲ ਆ ਜਾਂਦੀ ਸੀ। ਉਸ ਦਾ ਕਹਿਣਾ ਸੀ ਕਿ ਬੱਚੇ ਤਾਂ ਸਾਂਝੇ ਹੁੰਦੇ ਹਨ ਅਤੇ ਉਹ ਬੱਚਿਆਂ ਵਿੱਚ ਨਫਰਤ ਨਹੀਂ ਦੇਖਣਾ ਚਾਹੁੰਦੇ ਸਨ। ਨਾਲ ਇਹ ਵੀ ਆਖਦੀ ਹੈ ਕਿ ਪਿਛਲੇ ਸਮੇਂ ਵਿੱਚ ਤਾਂ ਜਦੋਂ ਅਰਜੁਨ ਵਿਦੇਸ਼ ਤੋਂ ਮਨਪ੍ਰੀਤ ਨਾਲ ਗੱਲ ਕਰਦਾ ਸੀ ਤਾਂ ਉਦੋਂ ਵੀ ਉਨ੍ਹਾਂ ਦੇ ਫੋਨ ਟੇਪ ਹੁੰਦੇ ਰਹੇ ਹਨ। ਬੱਚਿਆਂ ਵਿੱਚ ਆਪਸ ਵਿੱਚ ਕੋਈ ਕੁੜੱਤਣ ਨਾ ਆਵੇ। ਇਸ ਕਰਕੇ ਬੱਚੇ ਵਿਦੇਸ਼ ਪੜ੍ਹਨ ਪਾਏ ਹਨ। ਵੀਨੂੰ ਬਾਦਲ ਆਖਦੀ ਹੈ ਕਿ ਬੱਚਿਆਂ ਵਿੱਚ ਪਹਿਲਾਂ ਕਦੇ ਕੋਈ ਫਰਕ ਨਹੀਂ ਸੀ ਅਤੇ ਮੁੱਖ ਮੰਤਰੀ ਖ਼ੁਦ ਅਰਜੁਨ ਨੂੰ ਬਹੁਤ ਪਿਆਰ ਕਰਦੇ ਸਨ। ਮਨਪ੍ਰੀਤ ਸਿੰਘ ਬਾਦਲ ਦੇ ਘਰ 25 ਵਰ੍ਹਿਆਂ ਤੋਂ ਕੰਮ ਕਰ ਰਹੇ ਬਜ਼ੁਰਗ ਨੌਕਰ ਨਰੈਣ ਦਾ ਕਹਿਣਾ ਸੀ ਕਿ ਜਦੋਂ ਪਰਿਵਾਰਾਂ ਵਿੱਚ ਕੋਈ ਖਟਾਸ ਨਹੀਂ ਸੀ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਦੇ ਬੱਚੇ ਅਰਜੁਨ ਕੋਲ ਆ ਜਾਂਦੇ ਸਨ। ਇਕੱਠੇ ਬੈਠਦੇ ਸਨ ਅਤੇ ਇਕੱਠੇ ਖੇਡਦੇ ਵੀ ਸਨ। ਉਹ ਦੱਸਦਾ ਹੈ ਕਿ ਜਦੋਂ ਤੋਂ ਆਪਸਦਾਰੀ ਬੰਦ ਹੋਈ ਹੈ, ਉਸ ਮਗਰੋਂ ਬੱਚੇ ਇੱਧਰ ਨਹੀਂ ਆਏ ਹਨ। ਅਰਜੁਨ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਮਿਲਣ ਜਾਂਦਾ ਸੀ, ਉਹ ਵੀ ਜਾਣੋਂ ਬੰਦ ਹੋ ਗਿਆ ਹੈ। ਜਿਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਨਾਲੋਂ ਜ਼ਿਆਦਾ ਮਨਪ੍ਰੀਤ ਨੂੰ ਪਿਆਰ ਕਰਦੇ ਰਹੇ ਹਨ, ਉਵੇਂ ਅਰਜੁਨ ਵੀ ਗੁਰਦਾਸ ਸਿੰਘ ਬਾਦਲ ਨਾਲੋਂ ਜ਼ਿਆਦਾ ਪਿਆਰ ਪ੍ਰਕਾਸ਼ ਸਿੰਘ ਬਾਦਲ ਨੂੰ ਕਰਦਾ ਸੀ।
          ਹੁਣ ਬੱਚਿਆਂ ਦੇ ਮਨਾਂ ਵਿੱਚ ਵੀ ਵਿਰੋਧ ਪੈਦਾ ਹੋ ਗਿਆ ਹੈ। ਅਰਜੁਨ ਤਾਂ ਹੁਣ ਚੋਣ ਪ੍ਰਚਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਵੀ ਬੋਲਣ ਲੱਗਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਦੌਰਾਨ ਅਰਜੁਨ ਨੇ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਵੀ ਗ਼ਲਤ ਲੋਕਾਂ ਵਿੱਚ ਰਹਿ ਕੇ ਹੁਣ ਗ਼ਲਤ ਹੋ ਗਏ ਹਨ। ਅਰਜੁਨ ਦੀ ਇਸ ਟਿੱਪਣੀ 'ਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਕਾਫੀ ਖ਼ਫ਼ਾ ਹੋਈ। ਹਰਸਿਮਰਤ ਬਾਦਲ ਨੇ ਆਖਿਆ ਕਿ ਅਰਜੁਨ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਉਸ ਦੇ ਮਾਪੇ ਸਿਖਾ ਰਹੇ ਹਨ, ਉਸੇ ਤਰ੍ਹਾਂ ਉਹ ਬੋਲ ਰਿਹਾ ਹੈ। ਉਨ੍ਹਾਂ ਆਖਿਆ ਕਿ 84 ਸਾਲ ਦੇ ਬਜ਼ੁਰਗ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਬੋਲਣਾ ਸੋਭਾ ਨਹੀਂ ਦਿੰਦਾ। ਪਿੰਡ ਬਾਦਲ ਦੇ ਲੋਕ ਇਸ ਮਾਮਲੇ ਵਿੱਚ ਅੰਦਰੋਂ ਅੰਦਰੀ ਕਾਫੀ ਔਖ ਮਹਿਸੂਸ ਕਰ ਰਹੇ ਹਨ। ਕੋਈ ਵੀ ਪਿੰਡ ਵਾਸੀ ਕਿਸੇ ਖ਼ਿਲਾਫ਼ ਬੋਲਣ ਨੂੰ ਤਿਆਰ ਨਹੀਂ ਹੁੰਦਾ। ਪਿੰਡ ਦੇ ਲੋਕ ਇਹ ਜਾਣਦੇ ਹਨ ਕਿ ਸਿਰਫ ਕੁਰਸੀ ਖਾਤਰ ਇਨ੍ਹਾਂ ਪਰਿਵਾਰਾਂ ਵਿੱਚ ਇਹ ਬਖੇੜਾ ਹੋਇਆ ਹੈ ਪਰ ਉਹ ਦਾਸ ਤੇ ਪਾਸ਼ ਨੂੰ ਮੁਕਾਬਲੇ ਵਿੱਚ ਦੇਖਣਾ ਨਹੀਂ ਚਾਹੁੰਦੇ ਸਨ। ਇਸ ਤੋਂ ਵੀ ਵੱਧ ਕੇ ਬਚਪਨ 'ਤੇ ਪਈ ਨਫ਼ਰਤ ਦੀ ਲਕੀਰ ਤੋਂ ਦੁਖੀ ਹਨ। ਸਿਆਸੀ ਵਿਰੋਧ ਨੇ ਬੱਚਿਆਂ ਦੇ ਪਿਆਰ ਨੂੰ ਵੀ ਸੱਟ ਮਾਰ ਦਿੱਤੀ ਹੈ। ਪਿੰਡ ਦਾ ਬਜ਼ੁਰਗ ਜਰਨੈਲ ਸਿੰਘ ਆਖਦਾ ਹੈ ਕਿ ਇਹ ਭਰਾ ਤਾਂ ਪਿਆਰ ਦੀ ਮਿਸਾਲ ਸਨ ਪਰ ਇਸ ਬਖੇੜੇ ਨੇ ਬੱਚਿਆਂ ਦੇ ਆਪਸੀ ਪਿਆਰ ਨੂੰ ਵੀ ਝੰਜੋੜ ਦਿੱਤਾ ਹੈ, ਜੋ ਹੋਣਾ ਨਹੀਂ ਚਾਹੀਦਾ ਸੀ।

Sunday, January 8, 2012

                                                          ਵੱਡੇ ਘਰਾਂ ਦੀਆਂ ਨੂੰਹਾਂ
                                                                    ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਵਿੱਚ ਵੱਡੇ ਘਰਾਂ ਦੀਆਂ ਨੂੰਹਾਂ ਪਰਿਵਾਰਾਂ ਲਈ ਸਟਾਰ ਪ੍ਰਚਾਰਕ ਬਣ ਗਈਆਂ ਹਨ। ਜਦੋਂ ਕੋਈ ਛੋਟੀ ਵੱਡੀ ਚੋਣ ਆਉਂਦੀ ਹੈ ਤਾਂ ਇਹ ਨੂੰਹਾਂ ਵੋਟਾਂ ਖਾਤਰ ਘਰੋਂ ਘਰੀਂ ਜਾਂਦੀਆਂ ਹਨ। ਹੁਣ ਫਿਰ ਇਹ ਨੂੰਹਾਂ ਆਪਣਿਆਂ ਦੀ ਜਿੱਤ ਲਈ ਮੈਦਾਨ ਵਿੱਚ ਕੁੱਦ ਪਈਆਂ ਹਨ। ਕੋਈ ਸਹੁਰੇ ਦੀ ਜਿੱਤ ਲਈ ਅਤੇ ਕੋਈ ਪਤੀ ਦੀ ਜਿੱਤ ਲਈ ਦਿਨ ਰਾਤ ਜਾਗ ਰਹੀ ਹੈ। ਬਾਦਲ ਪਰਿਵਾਰ ਦੀਆਂ ਨੂੰਹਾਂ ਨੂੰ ਆਪੋ ਆਪਣੇ ਪਤੀ ਦਾ ਹੀ ਨਹੀਂ, ਸਗੋਂ ਸਹੁਰਿਆਂ ਦਾ ਵੀ ਫਿਕਰ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਲਈ ਕੋਈ ਨਵੀਂ ਸਟਾਰ ਨਹੀਂ ਹੈ। ਲੰਮਾ ਸਮਾਂ ਉਸ ਨੇ ਆਪਣੇ ਪਤੀ ਲਈ ਘਰੋਂ ਘਰੀਂ ਜਾ ਕੇ ਵੋਟਾਂ ਮੰਗੀਆਂ। ਉਸ ਮਗਰੋਂ ਆਪਣੇ ਲਈ ਅਤੇ ਹੁਣ ਸਹੁਰੇ ਲਈ ਵੋਟਾਂ ਮੰਗ ਰਹੀ ਹੈ।ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਹੁਣ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਵੀ ਖੁੱਲ੍ਹ ਕੇ ਬੋਲਣ ਲੱਗੀ ਹੈ। ਮਾਮਲਾ ਜਦੋਂ ਕੁਰਸੀ ਦਾ ਹੋਵੇ ਤਾਂ ਰਿਸ਼ਤੇ ਛੋਟੇ ਪੈ ਜਾਂਦੇ ਹਨ। ਜਦੋਂ ਸੁਖਬੀਰ ਸਿੰਘ ਬਾਦਲ ਨੇ ਫ਼ਰੀਦਕੋਟ ਹਲਕੇ ਤੋਂ ਪਹਿਲੀ ਦਫ਼ਾ ਚੋਣ ਲੜੀ ਸੀ ਤਾਂ ਉਦੋਂ ਹੀ ਉਸ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਉਹ ਮੁਕਤਸਰ ਹਲਕੇ ਵਿੱਚ ਜ਼ਿਆਦਾ ਸਮਾਂ ਪ੍ਰਚਾਰ ਵਿੱਚ ਰਹੀ ਹੈ। ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੀ ਨੂੰਹ ਵੀਨੂੰ ਬਾਦਲ ਵੀ ਆਪਣੇ ਪਤੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਲਈ ਘਰੋਂ ਘਰੀਂ ਜਾ ਰਹੀ ਹੈ। ਨਾਲੋਂ ਨਾਲ ਆਪਣੇ ਸਹੁਰੇ ਗੁਰਦਾਸ ਸਿੰਘ ਬਾਦਲ ਲਈ ਵੀ ਚੋਣ ਪ੍ਰਚਾਰ ਕਰ ਰਹੀ ਹੈ। ਵੀਨੂੰ ਬਾਦਲ ਨਾਲ ਜਦੋਂ ਹਰਸਿਮਰਤ ਕੌਰ ਬਾਦਲ ਬਾਰੇ ਗੱਲ ਕੀਤੀ ਤਾਂ ਉਸ ਨੇ ਏਨਾ ਕੁ ਆਖਿਆ ਕਿ ਉਹ ਤਾਂ ਹਰਸਿਮਰਤ ਨੂੰ ਸਿਰਫ਼ ਦੋ ਤਿੰਨ ਦਫ਼ਾ ਹੀ ਮਿਲੀ ਹੈ ਅਤੇ ਬਹੁਤਾ ਉਨ੍ਹਾਂ ਦੇ ਸੁਭਾਅ ਬਾਰੇ ਨਹੀਂ ਜਾਣਦੀ। ਉਨ੍ਹਾਂ ਹਰਸਿਮਰਤ ਬਾਰੇ ਕੋਈ ਹੋਰ ਟਿੱਪਣੀ ਨਾ ਕੀਤੀ। ਦਰਾਣੀ-ਜਠਾਣੀ ਦਾ ਐਤਕੀਂ ਵੱਕਾਰ ਦਾਅ 'ਤੇ ਲੱਗਿਆ ਹੋਇਆ ਹੈ।
          ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੂੰਹ ਰੇਸ਼ਮਾ ਵੀ ਚੋਣ ਪ੍ਰਚਾਰ ਦੇ ਖੇਤਰ ਵਿੱਚ ਕੋਈ ਨਵੀਂ ਨਹੀਂ ਹੈ। ਉਹ ਆਪਣੇ ਪਤੀ ਰਣਇੰਦਰ ਸਿੰਘ ਲਈ ਬਠਿੰਡਾ ਸੰਸਦੀ ਹਲਕੇ ਵਿੱਚ ਚੋਣ ਪ੍ਰਚਾਰ ਕਰ ਚੁੱਕੀ ਹੈ। ਹੁਣ ਰਣਇੰਦਰ ਸਿੰਘ ਹਲਕਾ ਸਮਾਣਾ ਤੋਂ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੇ ਚੋਣ ਪ੍ਰਚਾਰ ਲਈ ਉਨ੍ਹਾਂ ਦੀ ਪਤਨੀ ਫਿਰ ਡਟ ਰਹੀ ਹੈ। ਉਹ ਆਪਣੇ ਸਹੁਰੇ ਅਤੇ ਸੱਸ ਲਈ ਵੀ ਵੋਟਾਂ ਮੰਗ ਚੁੱਕੀ ਹੈ। ਏਦਾਂ ਹੀ ਢੀਂਡਸਾ ਪਰਿਵਾਰ ਦੀ ਨੂੰਹ ਗਗਨਦੀਪ ਕੌਰ ਢੀਂਡਸਾ ਵੀ ਚੋਣ ਪ੍ਰਚਾਰ ਵਿੱਚ ਡਟ ਗਈ ਹੈ। ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਨੂੰਹ ਵੀ ਚੋਣ ਪ੍ਰਚਾਰ ਕਰ ਰਹੀ ਹੈ। ਹੁਣ ਉਹ ਹਲਕਾ ਸੁਨਾਮ ਤੋਂ ਆਪਣੇ ਪਤੀ ਪਰਮਿੰਦਰ ਸਿੰਘ ਢੀਂਡਸਾ ਦਾ ਚੋਣ ਪ੍ਰਚਾਰ ਕਰ ਰਹੀ ਹੈ। ਉਹ ਆਪਣੇ ਸਹੁਰੇ ਸੁਖਦੇਵ ਸਿੰਘ ਢੀਂਡਸਾ ਲਈ ਵੀ ਵੋਟਾਂ ਮੰਗਦੀ ਰਹੀ ਹੈ।
          ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਖ਼ੁਦ ਚੋਣ ਮੈਦਾਨ ਵਿੱਚ ਹੈ। ਉਹ ਆਪਣੇ ਪਤੀ ਸਨੀ ਬਰਾੜ ਲਈ ਵੀ ਚੋਣ ਪ੍ਰਚਾਰ ਕਰਦੀ ਰਹੀ ਹੈ ਅਤੇ ਆਪਣੇ ਮਰਹੂਮ ਸਹੁਰੇ ਦੇ ਹੱਕ ਵਿੱਚ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਂਦੀ ਰਹੀ ਹੈ। ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਦੀ ਨੂੰਹ ਨੇਹਾ ਸਿੱਧੂ ਵੀ ਐਤਕੀਂ ਲਹਿਰਾਗਾਗਾ ਹਲਕੇ ਵਿੱਚ ਡਟ ਗਈ ਹੈ। ਬੀਬੀ ਭੱਠਲ ਦੇ ਲੜਕੇ ਅਤੇ ਨੂੰਹ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਇਹ ਨੂੰਹਾਂ ਜਿਥੇ ਹੁਣ ਆਪੋ ਆਪਣੇ ਪਰਿਵਾਰਾਂ ਲਈ ਪ੍ਰਚਾਰ ਕਰ ਰਹੀਆਂ ਹਨ, ਉਥੇ ਭਵਿੱਖ ਵਿੱਚ ਨੇਤਾ ਬਣਨ ਦੀ ਸਿਖਲਾਈ ਵੀ ਨਾਲੋਂ ਨਾਲ ਲੈ ਰਹੀਆਂ ਹਨ। ਵੱਡੇ ਲੀਡਰਾਂ ਵਾਲੇ ਦਾਅ ਪੇਚ ਇਹ ਨੂੰਹਾਂ ਵੀ ਸਿੱਖ ਗਈਆਂ ਹਨ।
          ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੀ ਨੂੰਹ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ ਅਤੇ ਉਹ ਵੀ ਹਲਕਾ ਸਰਦੂਲਗੜ੍ਹ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਹ ਪਹਿਲਾਂ ਆਪਣੇ ਸਹੁਰੇ ਲਈ ਅਤੇ ਹੁਣ ਆਪਣੇ ਪਤੀ ਦਿਲਰਾਜ ਸਿੰਘ ਭੂੰਦੜ ਲਈ ਵੋਟਾਂ ਮੰਗ ਰਹੀ ਹੈ। ਭੂੰਦੜ ਦੀ ਵੱਡੀ ਨੂੰਹ ਜਸਪਾਲ ਕੌਰ ਐਤਕੀਂ ਚੋਣ ਪ੍ਰਚਾਰ ਤੋਂ ਦੂਰ ਹੈ ਕਿਉਂਕਿ ਉਹ ਸੂਚਨਾ ਕਮਿਸ਼ਨਰ ਦੇ ਅਹੁਦੇ 'ਤੇ ਹੈ। ਕਾਂਗਰਸੀ ਨੇਤਾ ਲਾਲ ਸਿੰਘ ਦੀ ਨੂੰਹ ਵੀ ਐਤਕੀਂ ਚੋਣ ਪ੍ਰਚਾਰ ਤੋਂ ਦੂਰ ਹੈ ਕਿਉਂਕਿ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰ ਹੈ। ਪਹਿਲਾਂ ਇਹ ਨੂੰਹਾਂ ਵੀ ਪ੍ਰਚਾਰ ਵਿੱਚ ਹਿੱਸਾ ਲੈਂਦੀਆਂ ਰਹੀਆਂ ਹਨ। ਜ਼ਿਲ੍ਹਾ ਜਲੰਧਰ ਤੋਂ ਚੌਧਰੀ ਜਗਜੀਤ ਸਿੰਘ ਦੀ ਨੂੰਹ ਵੀ ਪ੍ਰਚਾਰ ਵਿੱਚ ਉਤਰੀ ਹੋਈ ਹੈ। ਇਸ ਤਰ੍ਹਾਂ ਪੰਜਾਬ ਦੇ ਹੋਰ ਕਾਫ਼ੀ ਸੀਨੀਅਰ ਆਗੂਆਂ ਦੀਆਂ ਨੂੰਹਾਂ ਵੀ ਪਰਿਵਾਰਾਂ ਦੀ ਸਫ਼ਲਤਾ ਲਈ ਹੱਥ ਵਟਾ ਰਹੀਆਂ ਹਨ।