Wednesday, March 28, 2012

                                       ਪੈਲੀਆਂ ਦੇ ਵਾਰਸ਼
                              ਦੁੱਲਾ ਜੱਟ ਪੰਜਾਬ ਦਾ....
                                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਦੁੱਲਾ ਜੱਟ ਹੁਣ ਲੇਬਰ ਚੌਂਕ 'ਚ ਖੜ•ਦਾ ਹੈ। ਕਸੂਰ ਲੱਧੀ ਮਾਂ ਦਾ ਨਹੀਂ,ਹਕੂਮਤਾਂ ਦਾ ਹੈ। ਤਾਹੀਓ ਉਸ ਨੂੰ ਲੇਬਰ ਚੌਂਕ ਦਾ ਮਜ਼ਦੂਰ ਬਣਨਾ ਪਿਆ ਹੈ। ਪੈਲੀਆਂ ਦੇ ਵਾਰਸ਼ ਹੁਣ ਖੇਤਾਂ ਨੂੰ ਤਰਸ ਗਏ ਹਨ। ਪੇਂਡੂ ਮਾਲਵਾ ਤਾਂ ਦੁੱਲੇ ਭੱਟੀ ਦੀ 'ਪਿੰਡੀ' ਵਾਂਗ ਜਰਖੇਜ ਸੀ। ਸਮੇਂ ਦੀ ਮਾਰ ਝੱਲਣੋਂ ਬੇਵੱਸ ਕੁਝ ਤਾਂ ਖੇਤਾਂ ਦੀ ਮਿੱਟੀ 'ਚ ਹੀ ਮਿਲ ਗਏ। ਬਾਕੀ ਕਿਸਾਨ ਸਮੇਂ ਦੇ 'ਅਕਬਰਾਂ' ਨੂੰ ਜਗਾਉਣ ਲਈ ਕਦੇ ਸੜਕਾਂ 'ਤੇ ਬੈਠਦੇ ਹਨ ਤੇ ਕਦੇ ਰੇਲ ਮਾਰਗਾਂ 'ਤੇ ਪੈਂਦੇ ਹਨ। ਅੱਜ ਦੇ ਦੁੱਲੇ ਜੱਟ ਤਾਂ ਜੰਮਦੇ ਹੀ ਕਰਜ਼ੇ 'ਚ ਹਨ। ਭਲਕੇ 26 ਮਾਰਚ ਨੂੰ ਉਸ ਦੁੱਲੇ ਭੱਟੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੇ ਆਪਣੇ ਪਿਉ ਦਾਦੇ ਵਾਂਗ ਅਕਬਰ ਬਾਦਸ਼ਾਹ ਨਾਲ ਟੱਕਰ ਲਈ ਸੀ। ਠੀਕ ਇਸ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਦੁੱਲੇ ਜੱਟ ਦੀ ਵੀ ਜ਼ਿੰਦਗੀ ਫਰੋਲਣੀ ਬਣਦੀ ਹੈ। ਬਠਿੰਡਾ ਜ਼ਿਲ•ੇ ਦੇ ਪਿੰਡ ਬੁਰਜ ਮਹਿਮਾ ਦਾ ਕਾਲਾ ਸਿੰਘ ਹੁਣ ਬਠਿੰਡਾ ਦੇ ਲੇਬਰ ਚੌਂਕ ਦਾ ਇੱਕ ਮਜ਼ਦੂਰ ਹੈ। ਕਦੇ ਉਹ ਖੇਤਾਂ ਦਾ ਮਾਲਕ ਸੀ। ਜਦੋਂ ਖੇਤ ਰੁੱਸ ਗਏ ਤੇ ਹਕੂਮਤਾਂ ਨੇ ਢਾਰਸ ਨਾ ਦਿੱਤੀ, ਉਸ ਦੀ ਜ਼ਿੰਦਗੀ ਦਾ ਪਿਛਲਾ ਪਹਿਰ ਸ਼ੁਰੂ ਹੋ ਗਿਆ। ਉਸ ਦੇ ਬਾਪ ਦੀ ਮੌਤ ਹੋ ਗਈ। ਕਰਜ਼ਿਆਂ ਵਿੱਚ ਉਸ ਹੱਥੋਂ ਛੇ ਏਕੜ ਜ਼ਮੀਨ ਨਿਕਲ ਗਈ। ਖੇਤਾਂ ਦੀ ਸੁੱਖ ਲਈ ਉਸ ਨੇ ਸਾਹੂਕਾਰਾਂ ਕੋਲ ਵੀ ਲੇਲੜੀਆਂ ਕੱਢੀਆਂ।
        ਇਸ ਦੁੱਲੇ ਜੱਟ ਦੇ ਟਰੈਕਟਰ ਵੀ ਵਿਕ ਗਏ ਤੇ ਪਸ਼ੂ ਵੀ। ਜਦੋਂ ਉਸ ਨੇ ਜ਼ਿੰਦਗੀ ਤੋਰਨ ਲਈ ਦਿਹਾੜੀ ਕਰਨੀ ਸ਼ੁਰੂ ਕੀਤੀ ਤਾਂ ਉਸਨੂੰ ਪਿੰਡ ਦੇ ਲੋਕਾਂ ਵਲੋਂ ਮਾਰੇ ਤਾਹਣਿਆਂ ਚੋਂ ਨੰਦੀ ਮਰਾਸਣ ਦੇ ਤਾਹਣੇ ਵਰਗਾ ਝਉਲਾ ਪਿਆ ਜਿਸ ਨੰਦੀ ਮਰਾਸਣ ਨੇ ਦੁੱਲੇ ਭੱਟੀ ਦੀ ਅਣਖ ਜਗਾਉਣ ਲਈ ਬੋਲੀ ਮਾਰੀ ਸੀ। ਕਾਲਾ ਸਿੰਘ ਹੁਣ ਨਿੱਤ ਨਵੇਂ ਘਰ ਦਾ ਮਜ਼ਦੂਰ ਬਣਦਾ ਹੈ। ਉਸ ਨੇ ਪਹਿਲਾਂ ਹਵਾਈ ਅੱਡੇ 'ਤੇ ਵੀ ਮਜ਼ਦੂਰੀ ਕੀਤੀ। ਪਿੰਡ ਮਾੜੀ ਦੀ ਅੱਜ ਦੀ ਲੱਧੀ ਮਾਂ ਬਚਨ ਕੌਰ ਦੇ ਤਾਂ ਪੰਜ ਦੁੱਲੇ ਸਨ। ਰੁੱਸੇ ਹੋਏ ਖੇਤਾਂ ਨੇ ਚਾਰ ਪੁੱਤਾਂ ਤੋਂ ਜ਼ਿੰਦਗੀ ਹੀ ਖੋਹ ਲਈ। ਇੱਕ ਪੁੱਤ ਸੜਕ ਹਾਦਸੇ 'ਚ ਚਲਾ ਗਿਆ ਜਦੋਂ ਤਿੰਨ ਪੁੱਤ ਖੁਦਕਸ਼ੀ ਦੇ ਰਾਹ ਚਲੇ ਗਏ। 70 ਵਰਿ•ਆਂ ਦੀ ਮਾਂ ਬਚਨ ਕੌਰ ਦੀ ਚਾਰ ਏਕੜ ਜ਼ਮੀਨ ਕਰਜ਼ਿਆਂ ਵਿੱਚ ਵਿਕ ਗਈ ਹੈ। ਡੇਢ ਏਕੜ ਜ਼ਮੀਨ ਗਹਿਣੇ ਹੈ। ਚਾਰ ਪੁੱਤਾਂ ਦੀ ਮੌਤ ਵੀ ਕਰਜ਼ਿਆਂ ਦਾ ਬੋਝ ਘਟਾ ਨਹੀਂ ਸਕੀ। ਇੱਕ ਮ੍ਰਿਤਕ ਪੁੱਤ ਦਾ ਬਿਜਲੀ ਵਾਲੇ ਮੀਟਰ ਵੀ ਪੁੱਟ ਕੇ ਲੈ ਗਏ ਹਨ। ਇਸ ਮਾਂ ਦੀ ਇੱਕ ਧੀਅ ਵੀ ਜਹਾਨੋ ਚਲੀ ਗਈ ਹੈ। ਇਸ ਲੱਧੀ ਮਾਂ ਦਾ ਦੋਹਤਾ ਨਾਇਬ ਸਿੰਘ ਹੁਣ ਪੈਲੀਆਂ ਦਾ ਵਾਰਸ ਬਣਨ ਦੀ ਥਾਂ ਲੇਬਰ ਚੌਂਕ ਦਾ ਮਜ਼ਦੂਰ ਬਣ ਗਿਆ। ਜਦੋਂ ਇਸ ਬਜ਼ੁਰਗ ਨੂੰ ਪੁੱਛਿਆ ਕਿ 'ਜੱਟਾਂ ਦਾ ਪੁੱਤ ਹੋ ਕੇ ਦਿਹਾੜੀ ? ਉਸ ਦਾ ਜੁਆਬ ਸੀ,' ਭੁੱਖਾ ਮਰਦਾ ਬੰਦਾ ਕੀ ਨਹੀਂ ਕਰਦਾ'।
          ਪਿੰਡ ਤੁੰਗਵਾਲੀ ਦੀ ਮਾਂ ਪਰਮਜੀਤ ਕੌਰ ਜਦੋਂ ਨੌਜਵਾਨ ਪੁੱਤ ਬਲਵਿੰਦਰ ਸਿੰਘ  ਨੂੰ ਦਿਹਾੜੀ ਜਾਂਦੇ ਨੂੰ ਦੇਖਦੀ ਹੈ ਤਾਂ ਉਸ ਦੇ ਧੂਹ ਕਲੇਜੇ ਪੈਂਦੀ ਹੈ। ਕਦੇ ਬਲਵਿੰਦਰ ਦੇ ਪਿਉ ਦਾਦੇ ਮੁਰੱਬਿਆਂ ਦੇ ਮਾਲਕ ਸਨ। ਵਕਤ ਨੇ ਏਦਾ ਦੀ ਮਾਰ ਪਾਈ ਕਿ ਅੱਜ ਉਹ ਪਿੰਡਾਂ ਵਿੱਚ ਦਿਹਾੜੀ ਕਰਦਾ ਹੈ। ਉਸ ਦੇ ਬਾਪ ਗੁਰਬਚਨ ਸਿੰਘ ਨੂੰ ਕੈਂਸਰ ਦੀ ਬਿਮਾਰੀ ਸੀ ਜਿਸ ਦੇ ਇਲਾਜ ਲਈ ਦੋ ਲੱਖ ਰੁਪਏ ਦਾ ਕਰਜ਼ਾ ਵੀ ਚੁੱਕਿਆ ਪ੍ਰੰਤੂ ਉਹ ਬਚ ਨਾ ਸਕਿਆ। ਹੁਣ ਪੁੱਤ ਦਿਹਾੜੀ ਕਰਕੇ ਬੈਂਕ ਦੀਆਂ ਕਿਸਤਾਂ ਤਾਰਦਾ ਹੈ। ਉਹ ਦੱਸਦਾ ਹੈ ਕਿ ਜਦੋਂ ਪਹਿਲੇ ਦਿਨ ਦਿਹਾੜੀ ਕਰਨੀ ਪਈ ਤਾਂ ਕਈ ਦਿਨ ਨੀਂਦ ਨਾ ਆਈ। ਹੁਣ ਕੋਈ ਚਾਰਾ ਨਹੀਂ ਬਚਿਆ। ਮਾਂ ਆਖਦੀ ਹੈ ਕਿ ਉਨ•ਾਂ ਨੂੰ ਸਮੇਂ ਨੇ ਆਹ ਦਿਨ ਵਿਖਾ ਦਿੱਤੇ ਹਨ। ਬਲਵਿੰਦਰ ਸਿੰਘ ਦਾ ਦੂਸਰਾ ਅਣਪੜ ਭਰਾ ਅਮਰੂਦਾਂ ਦੇ ਬਾਗ ਦੀ ਰਾਖੀ ਕਰਦਾ ਹੈ। ਪਿੰਡ ਕੋਟੜਾ ਕੌੜਿਆਂ ਤੋਂ ਕਰੀਬ ਇੱਕ ਦਰਜ਼ਨ ਜੱਟਾਂ ਦੇ ਮੁੰਡੇ ਲਹਿਰਾ ਥਰਮਲ ਵਿੱਚ ਦਿਹਾੜੀ ਕਰਨ ਜਾਂਦੇ ਹਨ। ਬਹੁਤੇ ਮੁੰਡੇ ਸ਼ਹਿਰਾਂ ਵਿੱਚ ਕਾਰੀਗਰਾਂ ਨਾਲ ਲੱਗੇ ਹੋਏ ਹਨ। ਲਹਿਰਾ ਮੁਹੱਬਤ ਪਿੰਡ ਦਾ ਭੋਲਾ ਸਿੰਘ ਵੀ ਹੁਣ ਥਰਮਲ ਵਿੱਚ ਮਜ਼ਦੂਰੀ ਕਰਦਾ ਹੈ।
        ਪਿੰਡ ਸੰਦੋਹਾ ਦਾ ਦੁੱਲਾ ਜੱਟ ਬਲਵੀਰ ਸਿੰਘ ਹੁਣ ਪਿੰਡਾਂ ਵਿੱਚ ਦਿਹਾੜੀ ਕਰਦਾ ਹੈ। ਉਸ ਦੇ ਬਾਪ ਕੋਲ 10 ਏਕੜ ਜ਼ਮੀਨ ਸੀ। ਖੇਤਾਂ ਨੇ ਜਦੋਂ ਭਾਰ ਨਾ ਝੱਲਿਆ ਤਾਂ ਇਸ ਪਰਿਵਾਰ ਨੂੰ ਮਜ਼ਬੂਰੀ ਵਿੱਚ ਕਰਜ਼ੇ ਚੁੱਕਣੇ ਪਏ। ਪੰਜ ਭੈਣਾਂ ਦੇ ਵਿਆਹ ਸਾਹੇ ਕਰਨੇ ਵੀ ਪਰਿਵਾਰ ਨੂੰ ਕਿਹੜਾ ਸੌਖੇ ਸਨ। ਹੁਣ ਇਸ ਪਰਿਵਾਰ ਕੋਲ ਸਿਰਫ ਡੇਢ ਏਕੜ ਜ਼ਮੀਨ ਬਚੀ ਹੈ। ਜੋ ਬੈਂਕ ਵਲੋਂ ਕਿਸੇ ਵੇਲੇ ਵੀ ਕੁਰਕ ਕੀਤੀ ਜਾ ਸਕਦੀ ਹੈ। ਬਲਵੀਰ ਸਿੰਘ ਖੁਦ ਹੁਣ ਮੌੜ ਮੰਡੀ ਜਾਂ ਫਿਰ ਪਿੰਡਾਂ ਵਿੱਚ ਦਿਹਾੜੀ ਕਰਨ ਜਾਂਦਾ ਹੈ। ਇਸੇ ਪਿੰਡ ਦਾ ਤਾਰ ਸਿੰਘ ਵੀ ਦਿਹਾੜੀ ਕਰਦਾ ਹੈ। ਉਸ ਦੀ ਢਾਈ ਏਕੜ ਜ਼ਮੀਨ ਵਿਕ ਚੁੱਕੀ ਹੈ। ਉਸ ਦਾ ਕਹਿਣਾ ਸੀ ਕਿ, ਜੁਆਕ ਪਾਲਣ ਖਾਤਰ, ਦਿਹਾੜੀ ਕਰਨ ਦਾ ਕੋਈ ਮਿਹਣਾ ਨਹੀਂ। ਇਸ ਪਿੰਡ ਦੇ ਦਰਜ਼ਨ ਦੇ ਕਰੀਬ ਕਿਸਾਨ ਹੁਣ ਦਿਹਾੜੀ ਕਰਦੇ ਹਨ। ਪੰਜਾਬ ਖੇਤੀਬਾੜੀ ਵਰਸਿਟੀ ਦੇ ਡਾ.ਸੁਖਪਾਲ ਸਿੰਘ ਵਲੋਂ ਕੀਤੀ ਸਟੱਡੀ ਅਨੁਸਾਰ ਕਰੀਬ ਡੇਢ ਦਹਾਕੇ ਦੌਰਾਨ ਪੰਜਾਬ ਦੇ 2 ਲੱਖ ਕਿਸਾਨ ਖੇਤੀ ਚੋਂ ਬਾਹਰ ਹੋ ਗਏ ਹਨ। ਇਨ•ਾਂ ਖੇਤੀਂ ਚੋਂ ਵਿਰਵੇ ਹੋਏ ਪੰਜਾਬ ਦੇ ਇਨ•ਾਂ ਕਿਸਾਨਾਂ ਚੋਂ 22 ਫੀਸਦੀ ਮਜ਼ਦੂਰ ਬਣ ਗਏ ਹਨ ਜਿਨ•ਾਂ ਦੀ ਗਿਣਤੀ ਇਸ ਹਿਸਾਬ ਨਾਲ 44 ਹਜ਼ਾਰ ਬਣਦੀ ਹੈ।
        ਬਠਿੰਡਾ ਦੇ ਲੇਬਰ ਚੌਂਕ ਵਿੱਚ ਖੜਨ ਵਾਲੇ ਦਰਜ਼ਨਾਂ ਮਜ਼ਦੂਰ ਕਿਸਾਨ ਪਰਿਵਾਰਾਂ ਚੋਂ ਹੀ ਸਨ। ਜਦੋਂ ਗੱਲ ਕੀਤੀ ਤਾਂ ਸ਼ਰਮ ਦੇ ਮਾਰੇ ਬਹੁਤੇ ਨਾਮ ਦੱਸਣ ਤੋਂ ਹੀ ਟਾਲਾ ਵੱਟ ਗਏ। ਇੱਕ ਕਿਸਾਨ ਦਾ ਕਹਿਣਾ ਸੀ ਕਿ ਸੁੰਡੀ ਨੇ ਉਨ•ਾਂ ਦੇ ਘਰ ਕੰਗਾਲ ਕਰ ਦਿੱਤਾ। ਨਰਮੇ ਕਪਾਹ 'ਤੇ ਕਰਜ਼ੇ ਚੁੱਕ ਕੇ ਸਪਰੇਆਂ ਕਰਦੇ ਰਹੇ ਪ੍ਰੰਤੂ ਪੱਲੇ ਕੁਝ ਨਾ ਪਿਆ। ਆਖਰ ਪੈਲੀ ਵੇਚਣੀ ਪਈ। ਉਸ ਨੇ ਆਖਿਆ ਕਿ 'ਕਾਹਦੇ ਦੁੱਲੇ ਜੱਟ ਹਾਂ, ਕਰਜ਼ੇ ਨੇ ਮਾਰ ਦਿੱਤੀਆਂ ਅਣਖਾਂ।' ਏਦਾ ਦੇ ਹਜ਼ਾਰਾਂ ਕਿਸਾਨ ਹਨ, ਜੋ ਖੇਤਾਂ ਚੋਂ ਬਾਹਰ ਹੋ ਗਏ ਹਨ ਅਤੇ ਉਨ•ਾਂ ਨੂੰ ਦਿਹਾੜੀ ਕਰਨੀ ਪੈ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਮੌਜੂਦਾ ਦੁੱਲਾ ਜੱਟ ਦੀ ਇਸ ਤਰਾਸਦੀ ਲਈ ਸਰਕਾਰਾਂ ਜਿੰਮੇਵਾਰ ਹਨ ਜੋ ਉਸ ਦੀ ਬਦਹਾਲੀ ਨੂੰ ਦੇਖਦੀਆਂ ਤਾਂ ਰਹੀਆਂ ਪ੍ਰੰਤੂ ਕੋਈ ਇਲਾਜ ਨਹੀਂ ਕੀਤਾ। ਉਨ•ਾਂ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਦੁੱਲੇ ਜੱਟ ਹੋਰ ਸਮਾਂ ਟਿੱਕ ਕੇ ਨਹੀਂ ਬੈਠਣਗੇ। ਇਨਕਲਾਬੀ ਗਾਇਕ ਜਗਸੀਰ ਜੀਦਾ ਨੇ ਅੱਜ ਦੇ ਦੁੱਲੇ ਜੱਟ ਦੀ ਤਰਾਸਦੀ ਇੰਝ ਬਿਆਨ ਕੀਤੀ ਹੈ
                                                  ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕਸ਼ੀਆਂ ਦੇ ਰਾਹ              
                                                      ਸਰਕਾਰੀ ਸਰਵੇ ਜਾਰੀ ਹੈ…
ਕਈ ਵਰਿ•ਆਂ ਤੋਂ ਪੰਜਾਬ ਸਰਕਾਰ ਦਾ ਖੁਦਕਸ਼ੀ ਕਰਨ ਵਾਲੇ ਪ੍ਰਵਾਰਾਂ ਦਾ ਸਰਵੇ ਚੱਲ ਰਿਹਾ ਹੈ। ਪੀੜਤ ਕਿਸਾਨ ਪਰਿਵਾਰ ਇੱਕ ਦਹਾਕੇ ਤੋਂ ਮਾਲੀ ਮੱਦਦ ਦੀ ਉਡੀਕ ਕਰ ਰਹੇ ਹਨ। ਬਠਿੰਡਾ ਜ਼ਿਲ•ੇ ਦੇ ਸਿਰਫ ਪੰਜ ਪੀੜਤ ਕਿਸਾਨਾਂ ਨੂੰ ਮਾਲੀ ਮੱਦਦ ਮਿਲੀ ਹੈ। ਪੰਜਾਬ ਖੇਤੀਬਾੜੀ ਵਰਸਿਟੀ ਦੇ ਸਰਵੇ ਮੁਤਾਬਿਕ ਬਠਿੰਡਾ ਅਤੇ ਸੰਗਰੂਰ ਦੇ 1757 ਕਿਸਾਨਾਂ ਅਤੇ 1133 ਮਜ਼ਦੂਰਾਂ ਨੇ ਖੁਦਕਸ਼ੀ ਕੀਤੀ ਹੈ। ਬਾਕੀ ਜ਼ਿਲਿ•ਆਂ ਦਾ ਸਰਵੇ ਚੱਲ ਰਿਹਾ ਹੈ। ਕਾਫੀ ਸਮਾਂ ਤਾਂ ਸਰਕਾਰ ਨੇ ਸਰਵੇ ਲਈ ਫੰਡ ਹੀ ਜਾਰੀ ਨਹੀਂ ਕੀਤੇ ਜਿਸ ਕਰਕੇ ਸਰਵੇ ਦਾ ਕੰਮ ਹੋ ਪਛੜ ਗਿਆ। ਹੁਣ ਜਦੋਂ ਪੀੜਤ ਪ੍ਰਵਾਰਾਂ ਦੀ ਮਾਲੀ ਮੱਦਦ ਬਾਰੇ ਸਰਕਾਰ ਨੂੰ ਪੁੱਛਿਆ ਜਾਂਦਾ ਹੈ ਤਾਂ ਸਰਕਾਰ ਦਾ ਇੱਕੋ ਜੁਆਬ ਹੁੰਦਾ ਹੈ ਕਿ ਸਰਵੇ ਚੱਲ ਰਿਹਾ ਹੈ। ਸਰਵੇ ਮੁਕੰਮਲ ਹੋਣ ਵਿੱਤੀ ਮੱਦਦ ਦਿਆਂਗੇ। ਦੱਸਣਯੋਗ ਹੈ ਕਿ ਬਹੁਤੇ ਪੀੜਤ ਤਾਂ ਉਡੀਕ ਕਰਦੇ ਹੀ ਮੁੱਕ ਗਏ ਹਨ ਪ੍ਰੰਤੂ ਸਰਕਾਰ ਦਾ ਸਰਵੇ ਨਹੀਂ ਮੁੱਕਿਆ ਹੈ।
                                                       ਕੋਈ ਕੇਂਦਰੀ ਰਾਹਤ ਨਹੀਂ
ਪੰਜਾਬ ਵਿੱਚ ਲੰਘੇ ਡੇਢ ਦਹਾਕੇ ਵਿੱਚ ਹਜ਼ਾਰਾਂ ਕਿਸਾਨ ਕਰਜ਼ਿਆਂ ਦੀ ਭੇਟ ਚੜ• ਗਏ ਹਨ। ਪੰਜਾਬ ਸਰਕਾਰ ਹਾਲੇ ਤੱਕ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦਾ ਪਤਾ ਨਹੀਂ ਲਗਾ ਸਕੀ ਹੈ। ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੀ ਰਿਪੋਰਟ ਭੇਜੀ ਗਈ ਹੈ, ਉਸ ਅਨੁਸਾਰ ਲੰਘੇ ਪੰਜ ਵਰਿ•ਆਂ ਵਿੱਚ ਪੰਜਾਬ ਵਿੱਚ ਸਿਰਫ 74 ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ। ਭੇਜੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2006 ਵਿੱਚ 19 ਕਿਸਾਨਾਂ,ਸਾਲ 2007 ਵਿੱਚ 24 ਕਿਸਾਨਾਂ, ਸਾਲ 2008 ਵਿੱਚ 12 ਕਿਸਾਨਾਂ,ਸਾਲ 2009 ਵਿੱਚ 15 ਕਿਸਾਨਾਂ ਅਤੇ ਸਾਲ 2010 ਵਿੱਚ 4 ਕਿਸਾਨਾਂ ਨੇ ਕਰਜ਼ਿਆਂ ਕਾਰਨ ਖੁਦਕਸ਼ੀ ਕੀਤੀ ਹੈ। ਕੇਂਦਰ ਸਰਕਾਰ ਇਨ•ਾਂ ਅੰਕੜਿਆਂ ਦੇ ਅਧਾਰ 'ਤੇ ਕੋਈ ਰਾਹਤ ਪੈਕੇਜ ਕਿਸਾਨਾਂ ਨੂੰ ਦੇਣ ਲਈ ਤਿਆਰ ਨਹੀਂ। ਕੇਂਦਰ ਸਰਕਾਰ ਨੇ ਹੁਣ ਤੱਕ ਮਹਾਂਰਾਸ਼ਟਰ,ਕਰਨਾਟਕਾ,ਆਂਧਰਾ ਪ੍ਰਦੇਸ਼ ਅਤੇ ਕੇਰਲਾ ਦੇ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਮੁੜ ਬਸੇਵੇ ਲਈ ਰਾਹਤ ਪੈਕੇਜ ਦਿੱਤਾ ਹੈ।

Tuesday, March 27, 2012

                                     ਪੰਥਕ ਸਰਕਾਰ
                  500 ਠੇਕਿਆਂ ਦਾ ਨਵਾਂ ਤੋਹਫਾ
                                 ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਦੇ ਪਿੰਡਾਂ ਵਿੱਚ ਐਤਕੀਂ ਠੇਕਿਆਂ ਦੀ ਕੋਈ ਤੋਟ ਨਹੀਂ ਰਹਿਣੀ। ਏਨੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਣੇ ਹਨ ਕਿ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਹੋ ਸਕਦੀ ਹੈ ਪਰ ਸ਼ਰਾਬ ਹਰ ਥਾਂ ਤੋਂ ਮਿਲੇਗੀ। ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਵਿੱਚ ਦੋ ਦਰਜਨ ਨਵੇਂ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਪਹਿਲੀ ਅਪਰੈਲ ਤੋਂ ਬਠਿੰਡਾ ਜ਼ਿਲ੍ਹੇ ਦੇ ਹਰ ਪਿੰਡ 'ਚ ਸ਼ਰਾਬ ਦੀ ਸੁਵਿਧਾ ਹੋ ਜਾਵੇਗੀ। ਇੱਥੋਂ ਤੱਕ ਕਿ ਡੇਢ ਦਰਜਨ ਪਿੰਡਾਂ ਵਿੱਚ ਤਾਂ ਸ਼ਰਾਬ ਦੇ ਦੋ-ਦੋ ਠੇਕੇ ਹਨ। ਨਵੇਂ ਮਾਲੀ ਵਰ੍ਹੇ ਤੋਂ ਕਈ ਪਿੰਡਾਂ ਨੂੰ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੀ 'ਸਹੂਲਤ' ਵੀ ਦੇ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ 'ਚ ਹੁਣ ਸ਼ਰਾਬ ਦੇ ਠੇਕਿਆਂ ਦੀ ਗਿਣਤੀ 521 ਹੋ ਗਈ ਹੈ ਜਿਨ੍ਹਾਂ 'ਚੋਂ 279 ਸ਼ਰਾਬ ਦੇ ਠੇਕੇ ਦਿਹਾਤੀ ਖੇਤਰ ਵਿੱਚ ਹੋਣਗੇ। ਐਤਕੀਂ ਉਨ੍ਹਾਂ ਪਿੰਡਾਂ 'ਚ ਵੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ ਜੋ ਪਿੰਡ ਹਾਲੇ ਤੱਕ ਸ਼ਰਾਬ ਤੋਂ ਬਚੇ ਹੋਏ ਸਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਵਿੱਚ ਪਹਿਲਾਂ ਹੀ ਸ਼ਰਾਬ ਦੇ ਤਿੰਨ ਠੇਕੇ ਸਨ। ਹੁਣ ਇਸ ਪਿੰਡ ਵਿੱਚ ਇੱਕ ਹੋਰ ਨਵਾਂ ਠੇਕਾ ਹੋਵੇਗਾ। ਪਿੰਡ ਭਾਈਰੂਪਾ ਵਿੱਚ ਪਿਛਲੇ ਪੰਜ ਵਰ੍ਹਿਆਂ 'ਚ ਐਨੇ ਸਕੂਲ ਨਹੀਂ ਖੁੱਲ੍ਹੇ ਜਿੰਨੇ ਸ਼ਰਾਬ ਦੇ ਠੇਕੇ ਖੁੱਲ ਗਏ ਹਨ। ਪਿੰਡ ਮਹਿਰਾਜ ਵਿੱਚ ਪਹਿਲਾਂ ਹੀ ਸ਼ਰਾਬ ਦੇ ਚਾਰ ਠੇਕੇ ਹਨ। ਲਹਿਰਾ ਮੁਹੱਬਤ 'ਚ ਪਹਿਲਾਂ ਦੋ ਠੇਕੇ ਸਨ। ਹੁਣ ਇਥੇ ਇੱਕ ਹੋਰ ਨਵਾਂ ਠੇਕਾ ਖੁੱਲ੍ਹੇਗਾ। ਪਿੰਡ ਭਾਗੀ ਵਾਂਦਰ,ਰਾਮਸਰਾ ਅਤੇ ਜੀਦਾ ਵਿੱਚ ਸ਼ਰਾਬ ਦੇ ਤਿੰਨ ਤਿੰਨ ਠੇਕੇ ਹਨ। ਪਿੰਡ ਕੋਟਸ਼ਮੀਰ ਵਿੱਚ ਵੀ ਹੁਣ ਠੇਕਿਆਂ ਦੀ ਗਿਣਤੀ ਤਿੰਨ ਹੋ ਗਈ ਹੈ।
           ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਅਪਰੈਲ ਤੋਂ ਪਿੰਡ ਮਾੜੀ, ਪਿਪਲੀ, ਰਾਈਆ, ਦੁੱਨੇਵਾਲਾ, ਕੁੱਟੀ ਕਿਸ਼ਨਪੁਰਾ, ਲਹਿਰਾ ਸੌਂਧਾ, ਲਹਿਰਾ ਬੇਗਾ ਅਤੇ ਧਿੰਗੜ ਵਿੱਚ ਵੀ ਸ਼ਰਾਬ ਦੇ ਨਵੇਂ ਠੇਕੇ ਖੁੱਲ੍ਹ ਜਾਣਗੇ ਜਦੋਂ ਕਿ ਪਹਿਲਾਂ ਇਨ੍ਹਾਂ ਪਿੰਡਾਂ ਵਿੱਚ ਠੇਕੇ ਨਹੀਂ ਸਨ। ਇਸੇ ਤਰ੍ਹਾਂ ਪਿੰਡ ਸੰਦੋਹਾ, ਜੇਠੂਕੇ, ਮਲਕਾਣਾ, ਗਿਆਨਾ, ਜਲਾਲ, ਗੁਰੂਸਰ ਸੈਣੇਵਾਲਾ, ਗਹਿਰੀ ਭਾਗੀ, ਰਾਜਗੜ੍ਹ ਕੁੱਬੇ, ਨਥਾਣਾ, ਨਰ ਸਿੰਘ ਕਲੋਨੀ ਵਿੱਚ ਹੁਣ ਇੱਕ ਇੱਕ ਨਵਾਂ ਸ਼ਰਾਬ ਦਾ ਠੇਕਾ ਖੁੱਲਣਾ ਹੈ ਜਦੋਂ ਕਿ ਇਨ੍ਹਾਂ ਪਿੰਡਾਂ ਵਿੱਚ ਪਹਿਲਾਂ ਵੀ ਇੱਕ ਇੱਕ ਠੇਕਾ ਸੀ।ਪਿੰਡ ਮਲਕਾਣਾ ਅਤੇ ਗਿਆਨਾ ਤਾਂ ਕੈਂਸਰ ਦੇ ਝੰਬੇ ਹੋਏ ਪਿੰਡ ਹਨ ਜਿਨ੍ਹਾਂ ਨੂੰ ਲੰਮਾ ਅਰਸਾ ਨਵਾਂ ਜਲਘਰ ਵੀ ਨਸੀਬ ਨਹੀਂ ਹੋਇਆ। ਸਰਕਾਰ ਨੇ ਹੁਣ ਇਨ੍ਹਾਂ ਪਿੰਡਾਂ ਨੂੰ ਦੋ ਦੋ ਸ਼ਰਾਬ ਦੇ ਠੇਕੇ ਦਿੱਤੇ ਹਨ। ਪਿੰਡ ਲਹਿਰਾ ਸੌਧਾ ਦੇ ਲੋਕਾਂ ਨੇ ਸਰਕਾਰ ਤੋਂ ਖਰੀਦ ਕੇਂਦਰ ਪੱਕਾ ਕਰਨ ਦੀ ਮੰਗ ਕੀਤੀ ਪਰ ਸਰਕਾਰ ਨੇ ਖਰੀਦ ਕੇਂਦਰ ਪੱਕਾ ਕਰਨ ਦੀ ਥਾਂ ਹੁਣ ਪਿੰਡ ਦੇ ਲੋਕਾਂ ਨੂੰ ਸ਼ਰਾਬ ਦਾ ਨਵਾਂ ਠੇਕਾ ਦੇ ਦਿੱਤਾ ਹੈ। ਪਿੰਡ ਗਹਿਰੀ ਭਾਗੀ ਦੇ ਕੈਂਸਰ ਪੀੜਤਾਂ ਨੂੰ ਹਾਲੇ ਤੱਕ ਸਰਕਾਰੀ ਰਾਸ਼ੀ ਤਾਂ ਨਹੀਂ ਮਿਲੀ ਪਰ ਪਿੰਡ ਦੇ ਲੋਕਾਂ ਨੂੰ ਸ਼ਰਾਬ ਦੇ ਨਵੇਂ ਠੇਕੇ ਦਾ ਇੱਕ ਹੋਰ ਤੋਹਫਾ ਜ਼ਰੂਰ ਮਿਲ ਗਿਆ।  ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਪਿੰਡ ਜਲਾਲ ਨੂੰ ਸਰਕਾਰ ਨੇ ਇੱਕ ਹੋਰ ਠੇਕਾ ਦੇ ਦਿੱਤਾ ਹੈ।
              ਪਿੰਡ ਦੇ ਲੋਕ ਕੁਲਦੀਪ ਮਾਣਕ ਦੀ ਪਿੰਡ ਵਿੱਚ ਯਾਦਗਾਰ ਦੀ ਮੰਗ ਕਰਦੇ ਸਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ,ਜਗ੍ਹਾ ਰਾਮ ਤੀਰਥ,ਸੇਖਪੁਰਾ,ਜੈ ਸਿੰਘ ਵਾਲਾ, ਪੱਕਾ ਕਲਾਂ, ਘੁੱਦਾ, ਕਣਕਵਾਲ, ਬੱਲੂਆਣਾ, ਕੋਠਾ ਗੁਰੂ,ਗੁੰਮਟੀ ਕਲਾਂ,ਚੱਕ ਖੜਕ ਸਿੰਘ ਵਾਲਾ, ਪਥਰਾਲਾ, ਮਾਈਸਰਖਾਨਾ, ਝੁੰਬਾ, ਕਲਿਆਣ ਸੁੱਖਾ,ਰਾਈਆ,ਬੁਰਜ ਮਹਿਮਾ,ਦਿਉਣ ਅਤੇ ਪਿੰਡ ਜੰਡਾਵਾਲਾ ਵਿੱਚ ਤਾਂ ਪਹਿਲਾਂ ਹੀ ਸ਼ਰਾਬ ਦੇ ਦੋ ਦੋ ਠੇਕੇ ਹਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ 8 ਸ਼ਰਾਬ ਦੇ ਨਵੇਂ ਠੇਕੇ ਖੁਲਣਗੇ। ਫਰੀਦਕੋਟ ਦੇ ਪਿੰਡਾਂ 'ਚ ਨਵੇਂ 16 ਸ਼ਰਾਬ ਦੇ ਠੇਕੇ ਖੁਲਣੇ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹੇ ਮੁਕਤਸਰ ਦੇ ਪਿੰਡਾਂ ਵਿੱਚ 16 ਸ਼ਰਾਬ ਦੇ ਨਵੇਂ ਠੇਕੇ ਖੋਲ੍ਹੇ ਜਾਣੇ ਹਨ।   ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੁਣ ਠੇਕਿਆਂ ਦੀ ਗਿਣਤੀ 674 ਹੋ ਜਾਣੀ ਹੈ। ਐਤਕੀਂ ਪਹਿਲੀ ਅਪਰੈਲ ਤੋਂ ਇਸ ਜ਼ਿਲ੍ਹੇ ਵਿੱਚ 74 ਸ਼ਰਾਬ ਦੇ ਨਵੇਂ ਠੇਕੇ ਖੁਲ੍ਹ ਜਾਣੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿੱਚ 38 ਸ਼ਰਾਬ ਦੇ ਨਵੇਂ ਠੇਕੇ ਖੋਲ੍ਹੇ ਜਾ ਰਹੇ ਹਨ ਜਦੋਂ ਕਿ ਜ਼ਿਲ੍ਹਾ ਪਟਿਆਲਾ ਵਿੱਚ ਸ਼ਰਾਬ ਦੇ 92 ਨਵੇਂ ਠੇਕੇ ਖੋਲ੍ਹੇ ਜਾਣੇ ਹਨ। ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਹੋਰ ਠੇਕੇ ਖੋਲ੍ਹੇ ਜਾ ਰਹੇ ਹਨ ਅਤੇ ਦੂਜੇ ਪਾਸੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਪਿੰਡਾਂ ਵਿੱਚ ਵੱਡੀ ਪੱਧਰ 'ਤੇ ਸਰਕਾਰ ਨੇ ਜਿੰਮ ਦਾ ਸਾਮਾਨ ਵੰਡਿਆ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਵਿਸ਼ਵ ਕਬੱਡੀ ਕੱਪ ਵੀ ਇਸ ਨਜ਼ਰ ਤੋਂ ਹੀ ਕਰਾਏ ਗਏ ਹਨ ਤਾਂ ਜੋ ਨੌਜਵਾਨ ਖੇਡਾਂ ਵਿੱਚ ਪੈ ਕੇ ਨਸ਼ਿਆਂ ਤੋਂ ਦੂਰ ਹੋ ਸਕਣ। ਇਸੇ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ 16 ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਜਿਨ੍ਹਾਂ 'ਚੋਂ ਕੁਝ ਸਟੇਡੀਅਮ ਤਾਂ ਤਿਆਰ ਵੀ ਹੋ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬਠਿੰਡਾ ਵਿੱਚ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਹੋਇਆ ਹੈ। ਇਹ ਕੇਂਦਰ ਤਾਂ ਨਹੀਂ ਖੁਲ੍ਹਿਆ ਪਰ ਸ਼ਰਾਬ ਦੇ ਨਵੇਂ ਠੇਕੇ ਪਹਿਲੀ ਅਪਰੈਲ ਤੋਂ ਖੁੱਲ੍ਹ ਜਾਣੇ ਹਨ।
                                                        ਸ਼ਰਾਬ ਸਨਅਤਾਂ ਦਾ ਤੋਹਫਾ
ਜ਼ਿਲ੍ਹਾ ਬਠਿੰਡਾ ਨੂੰ ਤਾਂ ਸਰਕਾਰ ਨੇ ਦੋ ਸ਼ਰਾਬ ਫੈਕਟਰੀਆਂ ਦਾ ਤੋਹਫਾ ਵੀ ਦਿੱਤਾ ਹੈ। ਇਹ ਸ਼ਰਾਬ ਸਨਅਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਨੇੜੇ ਹੀ ਹਨ ਜਿਨ੍ਹਾਂ 'ਚੋਂ ਇੱਕ ਤਾਂ ਸ਼ੁਰੂ ਹੋਣ ਦੇ ਨੇੜੇ ਹੀ ਹੈ। ਬਲਾਕ ਸੰਗਤ ਵਿੱਚ ਦੋ ਸ਼ਰਾਬ ਫੈਕਟਰੀਆਂ ਜਲਦੀ ਹੀ ਸ਼ੁਰੂ ਹੋ ਜਾਣੀਆਂ ਹਨ। ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹਾ ਸ਼ਰਾਬ ਦੀਆਂ ਫੈਕਟਰੀਆਂ ਤੋਂ ਬਚਿਆ ਹੋਇਆ ਸੀ। ਪੰਜਾਬ ਭਰ ਵਿੱਚ 19 ਨਵੀਆਂ ਸ਼ਰਾਬ ਸਨਅਤਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਬਠਿੰਡਾ ਰਿਫਾਈਨਰੀ ਦੇ ਇਲਾਕੇ ਦੇ ਆਸ ਪਾਸ ਹੀ ਬਠਿੰਡਾ ਜ਼ਿਲ੍ਹੇ ਵਿੱਚ ਦੋ ਸ਼ਰਾਬ ਫੈਕਟਰੀਆਂ ਲੱਗ ਰਹੀਆਂ ਹਨ। ਇੱਕ ਸ਼ਰਾਬ ਸਨਅਤ ਦਾ ਇਲਾਕੇ ਦੇ ਲੋਕਾਂ ਵਲੋਂ ਵਿਰੋਧ ਵੀ ਕੀਤਾ ਗਿਆ ਸੀ ਪਰ ਲੋਕਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਲੋਕਾਂ ਨੂੰ ਡਰ ਹੈ ਕਿ ਇਨ੍ਹਾਂ ਸਨਅਤਾਂ ਦਾ ਪ੍ਰਦੂਸ਼ਣ ਉਨ੍ਹਾਂ ਦਾ ਜਿਉਣਾ ਮੁਹਾਲ ਕਰ ਦੇਵੇਗਾ।

Saturday, March 24, 2012

                                ਸਸਤਾ ਸੌਦਾ 
           ਜੇਲ੍ਹ ਯਾਤਰਾ ਨੇ ਨੌ ਬਰ ਨੌ ਕੀਤੇ 
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਸੈਂਕੜੇ ਲੋਕਾਂ ਦੇ ਦੁੱਖ ਜੇਲ• ਯਾਤਰਾ ਨੇ ਕੱਟ ਦਿੱਤੇ ਹਨ। ਉਨ•ਾਂ ਲਈ ਜੇਲ• ਜਾਣਾ ਘਾਟੇ ਦਾ ਸੌਦਾ ਨਹੀਂ ਰਿਹਾ ਹੈ। ਖਾਸ ਕਰਕੇ ਜਿਨ•ਾਂ ਦੀ ਜਾਨ ਬਿਮਾਰੀ ਨੇ ਸੁੱਕਣੀ ਪਾਈ ਹੋਈ ਸੀ, ਉਨ•ਾਂ ਦੀ ਜੇਲ• ਨੇ ਉਮਰ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੂੰ ਬਿਮਾਰ ਲੋਕਾਂ ਦੀ ਜੇਲ• ਯਾਤਰਾ ਕਾਫੀ ਮਹਿੰਗੀ ਪੈ ਰਹੀ ਹੈ। ਸਰਕਾਰੀ ਖਜ਼ਾਨੇ ਦੀ ਸਿਹਤ ਏਦਾ ਦੇ ਬਿਮਾਰ ਬੰਦੀ ਤੇ ਕੈਦੀ ਵਿਗਾੜ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਆਮ ਆਦਮੀ ਤਾਂ ਇਲਾਜ ਬਿਨ•ਾਂ ਹੀ ਤੜਫ ਕੇ ਮਰ ਜਾਂਦਾ ਹੈ ਜਦੋਂ ਕਿ ਜੇਲ•ਾਂ ਵਿੱਚ ਬੰਦੀਆਂ ਦੇ ਇਲਾਜ ਲਈ ਖੁੱਲ•ਾ ਬਜਟ ਰੱਖਿਆ ਜਾਂਦਾ ਹੈ। ਜੇਲ• ਅੰਦਰ ਅਗਰ ਕੋਈ ਕੈਦੀ ਜਾਂ ਬੰਦੀ ਬਿਮਾਰ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ 'ਤੇ ਆਉਣ ਵਾਲੇ ਖਰਚ ਦੀ ਕੋਈ ਸੀਮਾ ਨਹੀਂ ਹੈ। ਸੂਚਨਾ ਦੇ ਅਧਿਕਾਰ ਤਹਿਤ ਜੋ ਪੰਜਾਬ ਦੀਆਂ ਕੁਝ ਜੇਲ•ਾਂ ਤੋਂ ਸੂਚਨਾ ਪ੍ਰਾਪਤ ਹੋਈ ਹੈ, ਉਸ ਵਿੱਚ ਸਪੱਸ਼ਟ ਹੋਇਆ ਹੈ ਕਿ ਸੈਂਕੜੇ ਬੰਦੀਆਂ ਦੇ ਇਲਾਜ 'ਤੇ ਸਰਕਾਰ ਨੂੰ ਇੱਕ ਲੱਖ ਤੋਂ ਜਿਆਦਾ ਦਾ ਖਰਚ ਕਰਨਾ ਪਿਆ ਹੈ। ਜਿਨ•ਾਂ ਬੰਦੀਆਂ ਜਾਂ ਕੈਦੀਆਂ ਦੇ ਇਲਾਜ 'ਤੇ ਇੱਕ ਲੱਖ ਰੁਪਏ ਤੋਂ ਘੱਟ ਦਾ ਖਰਚ ਆਇਆ ਹੈ, ਉਨ•ਾਂ ਦੀ ਗਿਣਤੀ ਤਾਂ ਕਾਫੀ ਜਿਆਦਾ ਹੈ। ਇੱਥੇ ਸਿਰਫ ਉਨ•ਾਂ ਬੰਦੀਆਂ ਦੀ ਗੱਲ ਕਰ ਰਹੇ ਹਨ ਜਿਨ•ਾਂ ਦਾ ਇਲਾਜ ਲੱਖਾਂ ਵਿੱਚ ਪਿਆ ਹੈ। ਏਦਾ ਲੱਗਾ ਹੈ ਕਿ ਜੇਲ•ਾਂ ਦਾ ਸਿਹਤ ਬਜਟ ਜੇਲ•ੋਂ ਬਾਹਰਲੇ ਪ੍ਰਤੀ ਵਿਅਕਤੀ ਤੋਂ ਕਿਤੇ ਜਿਆਦਾ ਹੈ।
           ਜ਼ਿਲ•ਾ ਜੇਲ• ਸੰਗਰੂਰ ਵਿੱਚ ਬੰਦ ਜੰਗ ਸਿੰਘ ਦੀ ਬਿਮਾਰੀ ਦੇ ਇਲਾਜ 'ਤੇ ਸਰਕਾਰ ਦੇ 2,27,923 ਰੁਪਏ ਖਰਚ ਆਏ ਹਨ। ਜੇਲ• ਪ੍ਰਸ਼ਾਸਨ ਵਲੋਂ ਪਹਿਲਾਂ ਉਨ•ਾਂ ਦਾ ਇਲਾਜ ਸੰਗਰੂਰ ਤੋਂ ਕਰਾਇਆ ਗਿਆ। ਉਸ ਮਗਰੋਂ ਪਟਿਆਲਾ ਤੋਂ ਕਰਾਇਆ ਗਿਆ। ਜਦੋਂ ਗੱਲ ਨਾ ਬਣ ਸਕੀ ਤਾਂ ਇਸ ਬੰਦੀ ਦਾ ਇਲਾਜ ਪੀ.ਜੀ.ਆਈ ਤੋਂ ਕਰਾਇਆ ਗਿਆ। ਜੇਲ• ਪ੍ਰਸ਼ਾਸਨ ਨੂੰ ਇਕੱਲੇ ਗੇੜੇ ਹੀ ਨਹੀਂ ਲਾਉਣੇ ਪਏ ਬਲਕਿ ਪੀ.ਜੀ.ਆਈ ਵਿੱਚ ਇਸ ਬੰਦੀ ਦੇ ਇਲਾਜ ਲਈ ਪੂਰਾ ਪਹਿਰਾ ਵੀ ਦੇਣਾ ਪਿਆ ਹੈ। ਇਸ ਬੰਦੀ ਨੂੰ ਜਿਗਰ ਦੀ ਬਿਮਾਰੀ ਸੀ। ਜੇਲ• ਪ੍ਰਸ਼ਾਸਨ ਵਲੋਂ ਇਸ ਬੰਦੀ ਦੀ ਆਪਣੀ ਦੇਖ ਰੇਖ ਵਿੱਚ ਇਲਾਜ ਕਰਾਇਆ ਗਿਆ ਹੈ। ਜੇਲ•ਾਂ ਵਿੱਚ ਜੋ ਕੈਦੀ ਹਨ,ਉਨ•ਾਂ ਦੇ ਇਲਾਜ ਤੋਂ ਜਿਆਦਾ ਖਰਚ ਹਵਾਲਾਤੀਆਂ ਦੇ ਇਲਾਜ 'ਤੇ ਆਉਂਦਾ ਹੈ। ਦੱਸਦੇ ਹਨ ਕਿ ਬਹੁਤੇ ਲੋਕ ਤਾਂ ਇਲਾਜ ਖਾਤਰ ਵੀ ਜੇਲ• ਚਲੇ ਜਾਂਦੇ ਹਨ। ਖਾਸ ਕਰਕੇ ਜੋ ਬਾਹਰ ਇਲਾਜ ਕਰਾਉਣ ਤੋਂ ਬੇਵੱਸ ਹੁੰਦੇ ਹਨ। ਲੁਧਿਆਣਾ ਦੀ ਬੋਰਸਟਲ ਜੇਲ• ਦੇ ਹਵਾਲਾਤੀ ਯੋਗੇਸ਼ ਸ਼ਰਮਾ ਪੁੱਤਰ ਨਰਿੰਦਰ ਸ਼ਰਮਾ ਦੇ ਇਲਾਜ 'ਤੇ ਸਰਕਾਰ ਨੂੰ ਦੋ ਲੱਖ ਰੁਪਏ ਖਰਚ ਕਰਨੇ ਪਏ ਹਨ। ਯੋਗੇਸ਼ ਸ਼ਰਮਾ ਨੂੰ ਦਿਲ ਦੀ ਬਿਮਾਰੀ ਸੀ। ਉਸ ਦਾ ਇਲਾਜ ਤਾਂ ਪਹਿਲਾਂ ਸਥਾਨਿਕ ਹਸਪਤਾਲਾਂ ਚੋਂ ਚੱਲਦਾ ਰਿਹਾ। ਮਗਰੋਂ ਦਿਲ ਦੀ ਬਿਮਾਰੀ ਦੇ ਇਲਾਜ ਲਈ ਪੀ.ਜੀ.ਆਈ ਚੋਂ ਇਲਾਜ ਕਰਾਇਆ ਗਿਆ। ਜ਼ਿਲ•ਾ ਜੇਲ• ਗੁਰਦਾਸਪੁਰ ਵਿੱਚ ਬੰਦ ਇੱਕ ਬੰਦੀ ਦੀ ਹਾਰਟ ਦੀ ਬਾਈਪਾਸ ਸਰਜਰੀ ਵੀ ਪੰਜਾਬ ਸਰਕਾਰ ਨੇ ਕਰਾਈ ਹੈ। ਜੇਲ• ਪ੍ਰਸ਼ਾਸਨ ਨੇ ਇਸ ਬੰਦੀ ਬਲਵੀਰ ਸਿੰਘ ਦੀ ਹਾਰਟ ਦੀ ਬਾਈਪਾਸ ਸਰਜਰੀ 'ਤੇ 2.10 ਲੱਖ ਰੁਪਏ ਖਰਚ ਕਰਨੇ ਪਏ ਹਨ।
            ਜ਼ਿਲ•ਾ ਜੇਲ• ਸੰਗਰੂਰ ਨੇ ਹੋਰਨਾਂ ਚਾਰ ਬੰਦੀਆਂ ਦਾ ਇਲਾਜ ਵੀ ਪੀ.ਜੀ.ਆਈ ਚੋਂ ਕਰਾਇਆ ਹੈ। ਬੰਦੀ ਕਰਮਜੀਤ ਸਿੰਘ ਦੇ ਇਲਾਜ 'ਤੇ ਜੇਲ• ਪ੍ਰਸ਼ਾਸਨ ਨੂੰ 1.72 ਲੱਖ ਰੁਪਏ, ਇੰਦਰਜੀਤ ਸਿੰਘ ਦੇ ਇਲਾਜ 'ਤੇ 1.62 ਲੱਖ ਰੁਪਏ ਖਰਚਣੇ ਪਏ ਹਨ ਜਿਸ ਦੇ ਹਰਟ ਦੀ ਬਾਈਪਾਸ ਸਰਜਰੀ ਹੋਈ ਹੈ। ਇਸੇ ਤਰ•ਾਂ ਦਰਸ਼ਨ ਸਿੰਘ ਦੇ ਇਲਾਜ 'ਤੇ ਸੰਗਰੂਰ ਜੇਲ• ਨੂੰ 1.82 ਲੱਖ ਰੁਪਏ ਖਰਚ ਕਰਨੇ ਪਏ ਹਨ ਜਦੋਂ ਕਿ ਕਾਕਾ ਸਿੰਘ ਇਲਾਜ 'ਤੇ 1.72 ਲੱਖ ਰੁਪਏ ਖਰਚ ਆਏ ਹਨ। ਜੇਲ• ਵਿਭਾਗ ਨੂੰ ਸਭ ਤੋਂ ਵੱਧ ਖਰਚ ਤਾਂ ਬੰਦੀ ਜਗਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ 'ਤੇ ਕਰਨਾ ਪਿਆ ਹੈ। ਕੇਂਦਰੀ ਜੇਲ• ਲੁਧਿਆਣਾ ਦਾ ਬੰਦੀ ਜਗਜੀਤ ਸਿੰਘ ਦੇ ਇਲਾਜ 'ਤੇ 11.51 ਲੱਖ ਰੁਪਏ ਖਰਚ ਆਏ ਹਨ। ਬੰਦੀ ਜਗਜੀਤ ਸਿੰਘ ਕੈਂਸਰ ਤੋਂ ਪੀੜਤ ਸੀ। ਉਸ ਦਾ ਇਲਾਜ ਜੇਲ• ਪ੍ਰਸ਼ਾਸਨ ਪੀ.ਜੀ.ਆਈ ਚੋਂ ਕਰਾਉਂਦਾ ਰਿਹਾ ਹੈ। ਦੱਸਣਯੋਗ ਹੈ ਕਿ ਆਮ ਕੈਂਸਰ ਪੀੜਤ ਨੂੰ ਸਰਕਾਰ ਵਲੋਂ ਵੱਧ ਤੋਂ ਵੱਧ ਰਾਸ਼ੀ ਕੇਵਲ 1.50 ਲੱਖ ਰੁਪਏ ਦਿੱਤੀ ਜਾਂਦੀ ਹੈ। ਇਸੇ ਜੇਲ• ਵਲੋਂ ਕੈਦੀ ਗਰੀਬ ਦਾਸ ਅਤੇ ਕੈਦੀ ਧਰਮ ਸਿੰਘ ਦੀ ਦਿਲ ਦੀ ਬਿਮਾਰੀ ਦੇ ਇਲਾਜ ਲਈ ਪੌਣੇ ਤਿੰਨ ਲੱਖ ਰੁਪਏ ਖਰਚ ਕਰਨੇ ਪਏ ਹਨ। ਹਵਾਲਾਤੀ ਕੁਲਵੰਤ ਸਿੰਘ ਨੂੰ ਵੀ ਦਿਲ ਦੀ ਬਿਮਾਰੀ ਸੀ ਜਿਸ ਦੇ ਇਲਾਜ 'ਤੇ ਜੇਲ• ਪ੍ਰਸ਼ਾਸਨ ਨੇ 1.54 ਲੱਖ ਰੁਪਏ ਖਰਚ ਕੀਤੇ ਹਨ। ਇਸ ਹਵਾਲਾਤੀ ਦਾ ਇਲਾਜ ਸੀ.ਐਮ.ਸੀ ਲਿਧਆਣਾ ਵਿੱਚ ਇਲਾਜ ਚੱਲਦਾ ਰਿਹਾ ਹੈ।
          ਕੇਂਦਰੀ ਜੇਲ• ਪਟਿਆਲਾ ਵਿੱਚ ਬੰਦ ਹਵਾਲਾਤੀ ਜਗਜੀਤ ਸਿੰਘ ਦਾ ਇਲਾਜ ਖਰਚ ਵੀ ਕਾਫੀ ਹੈ। ਜੇਲ• ਪ੍ਰਸ਼ਾਸਨ ਤਰਫੋਂ ਉਸ ਦਾ ਇਲਾਜ ਪੀ.ਜੀ.ਆਈ ਚੰਡੀਗੜ• ਤੋਂ ਕਰਾਇਆ ਹੈ ਅਤੇ ਇਲਾਜ 'ਤੇ ਪ੍ਰਸ਼ਾਸਨ ਨੇ 1.35 ਲੱਖ ਰੁਪਏ ਖਰਚ ਕੀਤੇ ਹਨ। ਇਸੇ ਜੇਲ• ਵਲੋਂ ਇਸੇ ਤਰ•ਾਂ ਕੈਦੀ ਹਰਵਿੰਦਰ ਸਿੰਘ ਦੇ ਇਲਾਜ 'ਤੇ 1.50 ਲੱਖ ਰੁਪਏ ਖਰਚ ਕੀਤੇ ਹਨ। ਪਤਾ ਲੱਗਾ ਹੈ ਕਿ ਇਨ•ਾਂ ਬੰਦੀਆਂ ਦੀ ਖੁਦ ਇਲਾਜ ਕਰਾਉਣ ਦੀ ਪਹੁੰਚ ਵੀ ਨਹੀਂ ਸੀ। ਜ਼ਿਲ•ਾ ਜੇਲ• ਗੁਰਦਾਸਪੁਰ ਵਲੋਂ ਬੰਦੀ ਲਖਵਿੰਦਰ ਸਿੰਘ ਦੀ ਬਿਮਾਰੀ ਦੇ ਇਲਾਜ ਲਈ 1.03 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਬੰਦੀ ਨੂੰ ਕਾਲਾ ਪੀਲੀਆ ਸੀ। ਇਸੇ ਤਰ•ਾਂ ਜੇਲ• ਪ੍ਰਸ਼ਾਸਨ ਨੇ ਬੰਦੀ ਸ਼ੰਕਰ ਪੁੱਤਰ ਵਿਜੇ ਕੁਮਾਰ ਦੇ ਇਲਾਜ 'ਤੇ ਇੱਕ ਲੱਖ ਰੁਪਏ ਖਰਚ ਕੀਤੇ ਹਨ। ਇਹ ਬੰਦੀ ਟੀ.ਬੀ ਦੀ ਬਿਮਾਰੀ ਤੋਂ ਪੀੜਤ ਸੀ। ਜੇਲ• ਵਿਭਾਗ ਵਲੋਂ ਇਨ•ਾਂ ਬਿਮਾਰ ਬੰਦੀਆਂ ਨੂੰ ਇਲਾਜ ਵਾਸਤੇ ਲਿਜਾਣ ਦਾ ਸਾਰਾ ਖਰਚਾ ਵੀ ਖੁਦ ਹੀ ਚੁੱਕਦਾ ਹੈ। ਜੋ ਪੁਲੀਸ ਦਾ ਪਹਿਰਾ ਲੱਗਦਾ ਹੈ ,ਉਹ ਵੱਖਰਾ ਹੈ। ਪੰਜਾਬ ਸਰਕਾਰ ਵਲੋਂ ਜੇਲ•ਾਂ ਨੂੰ ਸਿਹਤ ਬਜਟ ਦਿੱਤਾ ਜਾਂਦਾ ਹੈ, ਉਹ ਘੱਟਦਾ ਵੱਧਦਾ ਰਹਿੰਦਾ ਹੈ। ਜੋ ਸਥਾਨਿਕ ਹਸਪਤਾਲਾਂ ਵਿੱਚ ਇਲਾਜ 'ਤੇ ਖਰਚਾ ਹੁੰਦਾ ਹੈ, ਉਹ ਵੱਖਰਾ ਹੈ। ਸੂਤਰ ਦੱਸਦੇ ਹਨ ਕਿ ਬਹੁਤੇ ਬੰਦੀ ਤਾਂ ਜੇਲ•ਾਂ ਵਿੱਚ ਜਦੋਂ ਰਿਹਾਅ ਹੁੰਦੇ ਹਨ ਤਾਂ ਉਦੋਂ ਨੌ ਬਰ ਨੌ ਹੁੰਦੇ ਹਨ। ਬਹੁਤੇ ਤਾਂ ਛੋਟੇ ਮੋਟੇ ਜੁਰਮਾਂ ਵਿੱਚ ਖੁਦ ਹੀ ਤਰਕੀਬ ਲਗਾ ਕੇ ਚਲੇ ਜਾਂਦੇ ਹਨ। ਇਲਾਜ ਹੋਣ ਮਗਰੋਂ ਜ਼ਮਾਨਤ ਕਰਾ ਲੈਂਦੇ ਹਨ। ਇਸ ਗੱਲ ਦੀ ਕਿਸੇ ਨੂੰ ਭਿਨਕ ਵੀ ਨਹੀਂ ਪੈਂਦੀ ਹੈ। ਕਈ ਬੰਦੀ ਤਾਂ ਬਿਮਾਰੀ ਚੋਂ ਨਿਕਲ ਵੀ ਨਹੀਂ ਸਕੇ ਅਤੇ ਬਹੁਤੇ ਇਲਾਜ ਮਗਰੋਂ ਤੰਦਰੁਸਤ ਹਨ।
                                                       ਲੀਡਰਾਂ ਅਤੇ ਕੈਦੀਆਂ 'ਤੇ 'ਮਿਹਰ'
ਪੰਜਾਬ ਵਿੱਚ ਨੇਤਾਵਾਂ ਤੇ ਜੇਲ•ਾਂ ਵਿੱਚ ਬੰਦ ਲੋਕਾਂ ਦੇ ਇਲਾਜ ਤੇ ਖਰਚ ਹੋਣ ਵਾਲੀ ਰਾਸ਼ੀ ਦੀ ਕੋਈ ਸੀਮਾ ਨਹੀਂ ਹੈ। ਪੰਜਾਬ ਸਰਕਾਰ ਵਲੋਂ ਵਿਧਾਇਕਾਂ ਨੂੰ ਇਹ ਸਹੂਲਤ ਦਿੱਤੀ ਹੋਈ ਹੈ ਕਿ ਉਹ ਖੁਦ ਅਤੇ ਉਨ•ਾਂ ਦੇ ਪਰਿਵਾਰ ਦੇ ਮੈਂਬਰ ਆਪਣਾ ਇਲਾਜ ਦੇਸ਼ ਜਾਂ ਵਿਦੇਸ਼ ਵਿੱਚ ਕਰਾ ਸਕਦੇ ਹਨ। ਸਾਰਾ ਇਲਾਜ ਖਰਚ ਸਰਕਾਰ ਚੁੱਕਦੀ ਹੈ। ਏਦਾ ਹੀ ਜੇਲ•ਾਂ ਵਿੱਚ ਬੰਦ ਬੰਦੀਆਂ ਅਤੇ ਕੈਦੀਆਂ ਦੇ ਇਲਾਜ ਤੇ ਆਉਣ ਵਾਲੇ ਖਰਚ ਦੀ ਵੀ ਕੋਈ ਸੀਮਾ ਨਹੀਂ ਹੈ। ਸਰਕਾਰੀ ਮੁਲਾਜ਼ਮਾਂ ਦੇ ਬਿਮਾਰ ਪੈਣ ਦੀ ਸੂਰਤ ਵਿੱਚ ਸਰਕਾਰ ਸੀਮਾ ਵਿੱਚ ਰਹਿ ਕੇ ਇਲਾਜ ਖਰਚਾ ਦਿੰਦੀ ਹੈ। ਆਮ ਆਦਮੀ ਦੇ ਇਲਾਜ ਲਈ ਤਾਂ ਖਜ਼ਾਨਾ ਹੀ ਖਾਲ•ੀ ਹੋ ਜਾਂਦਾ ਹੈ।
         

Friday, March 23, 2012

                              ਸਰਕਾਰੀ ਜਲਵਾ
          ਅਠਾਰਾਂ ਕਰੋੜ ਨੂੰ ਸੁਸਰੀ ਲੱਗੀ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਰਾਜ ਗੁਦਾਮ ਨਿਗਮ ਨੇ ਸੁਸਰੀ ਤੇ ਚੂਹੇ ਮਾਰਨ ਤੇ ਅਨਾਜ ਦੀ ਸਾਂਭ ਸੰਭਾਲ ਲਈ ਛੇ ਵਰ੍ਹਿਆਂ ਵਿੱਚ 18 ਕਰੋੜ ਰੁਪਏ ਕੀਟਨਾਸ਼ਕ ਦਵਾਈਆਂ 'ਤੇ ਹੀ ਖਰਚ ਦਿੱਤੇ ਗਏ ਹਨ। ਬਾਕੀ ਖਰੀਦ ਏਜੰਸੀਆਂ ਵੱਲੋਂ ਜੋ ਦਵਾਈ 'ਤੇ ਖਰਚਾ ਕੀਤਾ ਜਾਂਦਾ ਹੈ, ਉਹ ਵੱਖਰਾ ਹੈ।ਪੰਜਾਬ ਰਾਜ ਗੋਦਾਮ ਨਿਗਮ ਵੱਲੋਂ ਹਰ ਸਾਲ ਸੂਬਾ ਪੱਧਰ 'ਤੇ ਕੀਟਨਾਸ਼ਕ ਦਵਾਈ ਖਰੀਦੀ ਜਾਂਦੀ ਹੈ। ਕਣਕ ਤੇ ਚੌਲਾਂ ਨੂੰ ਜਨੌਰਾਂ ਤੇ ਕੀੜੇ ਮਕੌੜਿਆਂ ਤੋਂ ਬਚਾਉਣ ਖਾਤਰ ਗੋਦਾਮਾਂ ਵਿੱਚ ਦਵਾਈ ਦਾ ਛਿੜਕਾਓ ਕੀਤਾ ਜਾਂਦਾ ਹੈ। ਗੋਦਾਮ ਨਿਗਮ ਰੋਜ਼ਾਨਾ 85 ਹਜ਼ਾਰ ਰੁਪਏ ਇਕੱਲੀ ਕੀੜੇਮਾਰ ਦਵਾਈ 'ਤੇ ਖਰਚ ਕਰਦਾ ਹੈ। ਦੂਜੇ ਪਾਸੇ ਇੰਨੀ ਵੱਡੀ ਮਾਤਰਾ ਵਿੱਚ ਛਿੜਕੀ ਗਈ ਕੀਟਨਾਸ਼ਕ ਦਵਾਈ ਅਨਾਜ ਵਿੱਚ ਵੀ ਦਾਖਲ ਹੁੰਦੀ ਹੈ ਜੋ ਹਾਨੀਕਾਰਕ ਹੈ। ਸੂਚਨਾ ਦੇ ਅਧਿਕਾਰ ਤਹਿਤ ਮਿਲੇ ਵੇਰਵਿਆਂ ਮੁਤਾਬਕ ਗੋਦਾਮ ਨਿਗਮ ਨੇ ਪਿਛਲੇ ਛੇ ਵਰ੍ਹਿਆਂ ਵਿੱਚ ਅਨਾਜ ਨੂੰ ਸੁਸਰੀ ਅਤੇ ਚੂਹਿਆਂ ਤੋਂ ਬਚਾਉਣ ਲਈ 18.33 ਕਰੋੜ ਰੁਪਏ ਇਕੱਲੀ ਦਵਾਈ 'ਤੇ ਹੀ ਖਰਚ ਦਿੱਤੇ ਹਨ। ਗੋਦਾਮ ਨਿਗਮ ਔਸਤਨ ਹਰ ਸਾਲ 3.05 ਕਰੋੜ ਰੁਪਏ ਅਨਾਜ ਦੀ ਚੂਹਿਆਂ ਤੇ ਸੁਸਰੀ ਦੇ ਹਮਲੇ ਤੋਂ ਰੱਖਿਆ ਲਈ ਖਰਚ ਕਰਦਾ ਹੈ  ਤੇ ਪ੍ਰਤੀ ਮਹੀਨਾ ਇਹ ਖਰਚ 25.45 ਲੱਖ ਰੁਪਏ ਬਣ ਜਾਂਦੇ ਹਨ।ਗੋਦਾਮ ਨਿਗਮ ਨੂੰ ਔਸਤਨ 10 ਤੋਂ 12 ਪੈਸੇ ਪ੍ਰਤੀ ਕਿਲੋ ਅਨਾਜ ਦੀ ਸੰਭਾਲ ਲਈ ਦਵਾਈ ਦਾ ਖਰਚਾ ਪੈ ਜਾਂਦਾ ਹੈ।              
            ਜਾਣਕਾਰੀ ਅਨੁਸਾਰ ਜਨਵਰੀ ਤੋਂ ਅਪਰੈਲ ਮਹੀਨੇ ਤੱਕ ਦਵਾਈ ਦਾ ਪ੍ਰਤੀ ਕਿਲੋ ਖਰਚ ਔਸਤਨ 2 ਤੋਂ ਤਿੰਨ ਪੈਸੇ ਪੈਂਦਾ ਹੈ। ਮਈ ਵਿੱਚ ਇਹ ਖਰਚਾ ਵੱਧ ਕੇ 7 ਤੋਂ 8 ਪੈਸੇ ਪ੍ਰਤੀ ਕਿਲੋ ਹੋ ਜਾਂਦਾ ਹੈ। ਜੂਨ ਮਹੀਨੇ ਤੋਂ ਸਤੰਬਰ ਮਹੀਨੇ ਤੱਕ ਦਵਾਈ ਦਾ ਪ੍ਰਤੀ ਕਿਲੋ ਪਿਛੇ ਖਰਚ 8 ਪੈਸੇ ਤੋਂ ਲੈ ਕੇ 15 ਪੈਸੇ ਤੱਕ ਚਲਾ ਜਾਂਦਾ ਹੈ। ਉਸ ਮਗਰੋਂ ਇਹ ਖਰਚ ਪ੍ਰਤੀ ਕਿਲੋ ਪਿਛੇ ਮੁੜ 5 ਤੋਂ 7 ਪੈਸੇ ਰਹਿ ਜਾਂਦਾ ਹੈ। ਅਨਾਜ ਦੀ ਸਾਂਭ ਸੰਭਾਲ ਲਈ ਐਲੂਮੀਨੀਅਮ ਫਾਸਫਾਈਡ, ਡੀ.ਡੀ.ਵੀ.ਪੀ,ਮੈਲਾਥੀਨ ਅਤੇ ਡੈਲਟਾ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ 113 ਦੇ ਕਰੀਬ ਵੇਅਰਹਾਊਸ ਹਨ।
           ਗੋਦਾਮ ਨਿਗਮ ਵੱਲੋਂ ਸਾਲ 2004 ਵਿੱਚ ਐਲੂਮੀਨੀਅਮ ਫਾਸਫਾਈਡ 281 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆਂ ਜਾਂਦਾ ਸੀ ਜਿਸ ਦਾ ਭਾਅ ਹੁਣ 400 ਰੁਪਏ ਤੋਂ ਵੱਧ ਗਿਆ ਹੈ। ਬਾਕੀ ਦਵਾਈਆਂ ਦੀ ਕੀਮਤ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ।  ਮਿਸਾਲ ਦੇ ਤੌਰ 'ਤੇ ਇੱਕਲੇ ਜ਼ਿਲ੍ਹਾ ਬਠਿੰਡਾ ਵਿੱਚ ਹਰ ਸਾਲ ਔਸਤਨ 7 ਕੁਇੰਟਲ ਡੈਲਟਾ ਦੀ ਲਾਗਤ ਹੈ ਤੇ ਸਵਾ ਸੌ ਲੀਟਰ ਦੇ ਕਰੀਬ ਡੀ.ਡੀ.ਵੀ.ਪੀ ਦੀ ਵਰਤੋਂ ਹੋ ਜਾਂਦੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਕਰੀਬ 70 ਗੋਦਾਮ ਹਨ। ਇੱਥੇ ਬਹੁਤੇ ਗੋਦਾਮਾਂ ਵਿੱਚ ਚੂਹਿਆਂ ਦੀ  ਵੱਡੀ ਸਮੱਸਿਆ ਹੈ। ਮਾਲਵਾ ਇਲਾਕੇ ਵਿੱਚ ਜਦੋਂ ਤੋਂ ਸਰਕਾਰ ਨੇ ਚੂਹੇ ਮਾਰ ਮੁਹਿੰਮ ਬੰਦ ਕੀਤੀ ਹੈ,ਉਦੋਂ ਤੋਂ ਚੂਹਿਆਂ ਦੀ ਸਮੱਸਿਆ ਵਿੱਚ ਵੱਡਾ ਵਾਧਾ ਹੋਇਆ ਹੈ। ਬਹੁਤਾ ਅਨਾਜ ਤਾਂ ਚੂਹੇ ਖੇਤਾਂ ਵਿੱਚ ਹੀ ਬਰਬਾਦ ਕਰ ਦਿੰਦੇ ਹਨ। ਪਹਿਲਾਂ ਸਰਕਾਰ ਵੱਲੋਂ ਹਾੜੀ ਸਾਉਣੀ ਕਿਸਾਨਾਂ ਨੂੰ ਚੂਹੇ ਮਾਰਨ ਵਾਸਤੇ ਦਵਾਈ ਦਿੱਤੀ ਜਾਂਦੀ ਹੈ ਜਿਸ ਸਦਕਾ ਚੂਹਿਆਂ ਦੀ ਆਬਾਦੀ 'ਤੇ ਕੰਟਰੋਲ ਸੀ ਪਰ ਹੁਣ ਕਰੀਬ 10 ਵਰ੍ਹਿਆਂ ਤੋਂ ਇਹ ਮੁਹਿੰਮ ਬੰਦ ਹੈ ਜਿਸ ਕਰਕੇ ਚੂਹਿਆਂ ਦੀ ਮਾਰ ਗੋਦਾਮਾਂ 'ਤੇ ਵੀ ਵੱਧ ਗਈ ਹੇ। ਸੂਤਰਾਂ ਮੁਤਾਬਕ ਦਵਾਈ ਦਾ ਜ਼ਿਆਦਾ ਛਿੜਕਾਅ ਸਿਰਫ ਕਾਗਜ਼ਾਂ ਵਿੱਚ ਹੀ ਰਹਿ ਜਾਂਦਾ ਹੈ।
                                    ਨਿਯਮਾਂ ਅਨੁਸਾਰ ਹੁੰਦੀ ਹੈ ਦਵਾਈ ਦੀ ਵਰਤੋਂ : ਜ਼ਿਲ੍ਹਾ ਮੈਨੇਜਰ
ਪੰਜਾਬ ਰਾਜ ਗੋਦਾਮ ਨਿਗਮ ਦੇ ਜ਼ਿਲ੍ਹਾ ਮੈਨੇਜਰ ਬਠਿੰਡਾ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਅਨਾਜ ਦੀ ਸਾਂਭ ਸੰਭਾਲ ਲਈ ਸਟੇਟ ਹੈਡਕੁਆਰਟਰ 'ਤੇ ਹੀ ਦਵਾਈ ਆਦਿ ਦੀ ਇਕੱਠੀ ਖਰੀਦ ਕੀਤੀ ਜਾਂਦੀ ਹੈ ਅਤੇ ਲੋੜ ਅਤੇ ਮੰਗ ਅਨੁਸਾਰ ਸਾਰੇ ਜ਼ਿਲ੍ਹਿਆਂ ਨੂੰ ਦਵਾਈ ਭੇਜ ਦਿੱਤੀ ਜਾਂਦੀ ਹੈ। ਨਿਰਧਾਰਤ ਨਿਯਮਾਂ ਅਤੇ ਮਿਆਰਾਂ ਮੁਤਾਬਕ ਹੀ ਗੋਦਾਮਾਂ ਵਿੱਚ ਅਨਾਜ ਦੀ ਸੰਭਾਲ ਲਈ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ।

Thursday, March 22, 2012

                                      ਉਲਟੀ ਗੰਗਾ
    ਕਾਤਲ 'ਗਰੰਥੀ' ਤੇ ਤਸਕਰ 'ਪੁਜਾਰੀ'
                                  ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ 'ਚ ਬੰਦ ਕਾਤਲ ਗੁਰੂ ਘਰਾਂ ਦੇ ਗਰੰਥੀ ਬਣ ਗਏ ਹਨ ਜਦੋਂ ਕਿ ਤਸਕਰ ਮੰਦਰਾਂ ਦੇ ਪੁਜਾਰੀ ਬਣ ਗਏ ਹਨ। ਖੁਦ ਮਾੜੇ ਕੰਮਾਂ ਵਿੱਚ ਸਜ਼ਾ ਕੱਟਣ ਵਾਲੇ ਹੁਣ ਦੂਸਰਿਆਂ ਨੂੰ ਰਾਹ ਦਿਖਾ ਰਹੇ ਹਨ। ਉਂਝ ਤਾਂ ਜੇਲ੍ਹੋਂ ਬਾਹਰ ਦੇ ਗੁਰੂ ਘਰਾਂ ਵਿੱਚ ਉਸ ਵਿਅਕਤੀ ਨੂੰ ਗਰੰਥੀ ਲਾਇਆ ਜਾਂਦਾ ਹੈ ਜਿਸ ਦਾ ਕਿਰਦਾਰ ਸਾਫ ਸੁਥਰਾ ਹੋਵੇ ਅਤੇ ਜੋ ਦੂਸਰਿਆਂ ਲਈ ਰੋਲ ਮਾਡਲ ਬਣ ਸਕਦਾ ਹੋਵੇ। ਵੈਸੇ ਤਾਂ ਗੁਰੂ ਘਰਾਂ ਲਈ ਚੰਗੇ ਗਰੰਥੀਆਂ ਦੀ ਕਮੀ ਸ਼ੁਰੂ ਤੋਂ ਹੀ ਰੜਕ ਰਹੀ ਹੈ ਪ੍ਰੰਤੂ ਫਿਰ ਵੀ ਗਰੰਥੀ ਦੀ ਨਿਯੁਕਤੀ ਸਮੇਂ ਚਰਿੱਤਰ ਦਾ ਖਿਆਲ ਰੱਖਿਆ ਜਾਂਦਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਉਲਟ ਗੰਗਾ ਵਹਿ ਰਹੀ ਹੈ। ਜੇਲ੍ਹਾਂ ਅੰਦਰ ਜੋ ਧਾਰਮਿਕ ਸਥਾਨ ਹਨ, ਉਨ੍ਹਾਂ ਦੀ ਅਗਵਾਈ ਤਸਕਰ ਅਤੇ ਕਾਤਲ ਕਰ ਰਹੇ ਹਨ। ਦੂਸਰੀ ਤਰਫ ਇਸ ਦਾ ਚੰਗਾ ਪੱਖ ਇਹ ਆਖਿਆ ਜਾ ਸਕਦਾ ਹੈ ਕਿ ਮਾੜੇ ਧੰਦੇ 'ਚ ਸਜ਼ਾ ਕੱਟਣ ਵਾਲੇ ਸੁਧਰੇ ਤਾਂ ਹਨ। ਤਾਹੀਓਂ ਜੇਲ੍ਹਾਂ ਵਿੱਚ ਬੰਦ ਕਾਤਲ ਤੇ ਤਸਕਰ ਹੁਣ ਪੂਜਾ ਪਾਠ ਕਰਨ ਲੱਗੇ ਹਨ। ਜੇਲ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵਾਂ ਮੋੜਾ ਦਿੱਤਾ ਹੈ ਜਿਸ ਕਾਰਨ ਉਹ ਹੁਣ ਗੁਰੂ ਦੇ ਲੜ ਲੱਗ ਗਏ ਹਨ। ਇੱਥੋਂ ਤੱਕ ਕਿ ਉਹ ਦੂਜੇ ਕੈਦੀਆਂ ਨੂੰ ਵੀ ਧਰਮ ਦਾ ਪਾਠ ਪੜ੍ਹਾ ਰਹੇ ਹਨ। ਜੇਲ੍ਹਾਂ ਵਿੱਚ ਸਥਿਤ ਗੁਰੂ ਘਰਾਂ ਦੇ ਗ੍ਰੰਥੀ ਤਸਕਰ ਅਤੇ ਮੰਦਰਾਂ ਦੇ ਪੁਜਾਰੀ ਕਾਤਲ ਹਨ। ਸੂਚਨਾ ਅਧਿਕਾਰ ਤਹਿਤ ਜੇਲ੍ਹਾਂ ਤੋਂ ਪ੍ਰਾਪਤ ਵੇਰਵਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ।ਜੇਲ੍ਹਾਂ ਅੰਦਰ ਗੁਰਦੁਆਰੇ ਅਤੇ ਮੰਦਰ ਬਣੇ ਹੋਏ ਹਨ। ਕਈ ਜੇਲ੍ਹਾਂ ਅੰਦਰ ਤਾਂ ਮਸੀਤਾਂ ਵੀ ਹਨ। ਜੇਲ੍ਹਾਂ ਦੇ ਭਲਾਈ ਵਿਭਾਗ ਅਧੀਨ ਇਹ ਧਾਰਮਿਕ ਅਸਥਾਨ ਆਉਂਦੇ ਹਨ। ਗੁਰੂ ਘਰਾਂ ਦਾ ਪ੍ਰਬੰਧ ਕੈਦੀਆਂ ਦੀ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ।
              ਕੇਂਦਰੀ ਜੇਲ੍ਹ ਪਟਿਆਲਾ ਵਿੱਚ ਗੁਰਦੁਆਰਾ ਵੀ ਹੈ ਅਤੇ ਮੰਦਰ ਵੀ। ਸਰਕਾਰੀ ਸੂਚਨਾ ਅਨੁਸਾਰ ਇਸ ਜੇਲ੍ਹ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗੁਰਦਿਆਲ ਸਿੰਘ ਹੈ ਜੋ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। ਇਸੇ ਜੇਲ੍ਹ ਦੇ ਮੰਦਰ ਦਾ ਪੁਜਾਰੀ ਮਹੇਸ਼ਇੰਦਰ ਹੈ ਜੋ ਧਾਰਾ 302 ਤਹਿਤ ਸਜ਼ਾ ਭੋਗ ਰਿਹਾ ਹੈ। ਪੂਜਾ ਪਾਠ ਦੀ ਜ਼ਿੰਮੇਵਾਰੀ ਇਹ ਕੈਦੀ ਹੀ ਨਿਭਾਉਂਦੇ ਹਨ। ਚੰਗਾ ਪੱਖ ਇਹ ਹੈ ਕਿ ਧਰਮ ਨੇ ਇਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਇਹ ਗ੍ਰੰਥੀ ਤੇ ਪੁਜਾਰੀ ਹੁਣ ਦੂਜੇ ਕੈਦੀਆਂ ਨੂੰ ਰਾਹ ਵਿਖਾ ਰਹੇ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਅੱਠ ਧਾਰਮਿਕ ਅਸਥਾਨ ਹਨ ਜਿਨ੍ਹਾਂ ਵਿੱਚ ਤਿੰਨ ਗੁਰਦੁਆਰੇ,4 ਮੰਦਰ ਅਤੇ ਇੱਕ ਮਸਜਿਦ ਹੈ। ਜੇਲ੍ਹ ਅੰਦਰ ਜੋ ਸਜ਼ਾ ਯਾਫਤਾ ਖਾਸ ਕਰਕੇ ਕਤਲ ਕੇਸ ਵਿੱਚ ਸ਼ਾਮਲ ਹਨ। ਇਨ੍ਹਾਂ ਧਾਰਮਿਕ ਅਸਥਾਨਾਂ ਵਿੱਚ ਸੇਵਾ ਨਿਭਾ ਰਹੇ ਹਨ।  ਕੇਂਦਰੀ ਜੇਲ੍ਹ ਸੰਗਰੂਰ ਵਿੱਚ ਜੋ ਗੁਰੂ ਘਰ ਹੈ, ਉਸ ਦਾ ਗ੍ਰੰਥੀ ਰਜਿੰਦਰ ਸਿੰਘ ਹੈ ਜੋ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। ਇਸੇ ਤਰ੍ਹਾਂ ਜੇਲ੍ਹ ਅੰਦਰਲੇ ਮੰਦਰ ਦਾ ਪੁਜਾਰੀ ਸੁਰੇਸ਼ ਕੁਮਾਰ ਹੈ ਅਤੇ ਉਹ ਵੀ ਧਾਰਾ 302 ਤਹਿਤ ਸਜ਼ਾ ਕੱਟ ਰਿਹਾ ਹੈ। ਜੇਲ੍ਹ ਅੰਦਰ ਜੋ ਧਾਰਮਿਕ ਉਤਸਵ ਮਨਾਏ ਜਾਂਦੇ ਹਨ,ਉਨ੍ਹਾਂ ਦੀ ਸਾਰੀ ਦੇਖ ਰੇਖ ਇਹ ਗ੍ਰੰਥੀ ਅਤੇ ਪੁਜਾਰੀ ਕਰਦੇ ਹਨ। ਇਹ ਗ੍ਰੰਥੀ ਕੈਦੀਆਂ ਦੇ ਚੰਗੇ ਜੀਵਨ ਅਤੇ ਸੁਧਾਰ ਲਈ ਜੇਲ੍ਹ ਅੰਦਰਲੇ ਗੁਰੂ ਘਰਾਂ ਵਿੱਚ ਇਹ ਨਿੱਤ ਅਰਦਾਸ ਕਰਦੇ ਹਨ। ਇਹ ਗ੍ਰੰਥੀ ਲੰਗਰ ਵੀ ਲਾਉਂਦੇ ਹਨ ਜਿਸ ਵਿੱਚ ਸਾਰੇ ਕੈਦੀ ਅਤੇ ਬੰਦੀ ਯੋਗਦਾਨ ਪਾਉਂਦੇ ਹਨ। ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿੱਚ ਗੁਰਦੁਆਰੇ ਦਾ ਗ੍ਰੰਥੀ ਰਤਨ ਸਿੰਘ ਹੈ ਜੋ ਕਿ ਕਤਲ ਕੇਸ 'ਚ ਸਜ਼ਾ ਭੋਗ ਰਿਹਾ ਅਤੇ ਇਸੇ ਤਰ੍ਹਾਂ ਮੰਦਰ ਦਾ ਪੁਜਾਰੀ ਰਾਮਜੀ ਹੈ ਅਤੇ ਉਹ ਵੀ ਕਤਲ ਕੇਸ ਵਿੱਚ ਬੰਦ ਹੈ। ਜੇਲ੍ਹ ਸੂਤਰਾਂ ਮੁਤਾਬਕ ਜਦੋਂ ਗ੍ਰੰਥੀ ਅਤੇ ਪੁਜਾਰੀ ਛੁੱਟੀ ਕੱਟਣ ਜਾਂਦੇ ਹਨ ਤਾਂ ਉਨ੍ਹਾਂ ਦੀ ਥਾਂ ਆਰਜ਼ੀ ਤੌਰ 'ਤੇ ਕੋਈ ਦੂਜਾ ਕੈਦੀ ਪ੍ਰਬੰਧ ਸੰਭਾਲਦਾ ਹੈ।
           ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਜੇਲ੍ਹਾਂ ਵਿੱਚ ਗੁਰੂ ਘਰ ਹੋਣ ਕਰਕੇ ਕੈਦੀਆਂ ਦੀ ਜ਼ਿੰਦਗੀ ਸੁਧਰ ਰਹੀ ਹੈ। ਬਹੁਤੇ ਕੈਦੀਆਂ ਨੇ ਗੁਰੂ ਘਰਾਂ ਵਿੱਚ ਪਸ਼ਚਾਤਾਪ ਕੀਤਾ ਹੈ। ਜੇਲ੍ਹ ਲੁਧਿਆਣਾ ਵਿਚਲੇ ਗੁਰੂ ਘਰ ਦਾ ਗ੍ਰੰਥੀ ਦਰਸ਼ਨ ਸਿੰਘ ਹੈ ਜੋ ਕਿ ਕਤਲ ਕੇਸ 'ਚ ਸਜ਼ਾ ਕੱਟ ਰਿਹਾ ਹੈ। ਇਸੇ ਤਰ੍ਹਾਂ ਕਤਲ ਕੇਸ ਦੀ ਸਜ਼ਾ ਕੱਟ ਰਿਹਾ ਰਾਜੂ ਇਸ ਜੇਲ੍ਹ ਵਿਚਲੇ ਮੰਦਰ ਦਾ ਪੁਜਾਰੀ ਹੈ। ਕਪੂਰਥਲਾ ਜੇਲ੍ਹ ਵਿਚਲੇ ਮੰਦਰ ਦਾ ਪੁਜਾਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੈ ਜਦੋਂ ਕਿ ਗੁਰੂ ਘਰ ਦਾ ਗ੍ਰੰਥੀ ਕਤਲ ਦੀ ਸਜ਼ਾ ਕੱਟ ਰਿਹਾ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਤਾਂ ਚਰਚ ਵੀ ਹੈ ਜਿਸ ਦੀ ਦੇਖ ਰੇਖ ਇੱਕ ਕਾਤਲ ਕਰ ਰਿਹਾ ਹੈ। ਇਸ ਜੇਲ੍ਹ ਦੇ ਗੁਰਦੁਆਰਾ ਸਾਹਿਬ ਅਤੇ ਮੰਦਰ ਦੀ ਜ਼ਿੰਮੇਵਾਰੀ ਵੀ ਕਤਲ ਕੇਸ ਵਿੱਚ ਸਜ਼ਾ ਭੁਗਤਣ ਵਾਲੇ ਨਿਭਾ ਰਹੇ ਹਨ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਕੋਈ ਧਾਰਮਿਕ ਸਥਾਨ ਨਹੀਂ ਹੈ ਅਤੇ ਇਹ ਜੇਲ੍ਹ 7 ਜੁਲਾਈ,2011 ਨੂੰ ਚਾਲੂ ਹੋਈ ਹੈ। ਕਈ ਸਬ ਜੇਲ੍ਹਾਂ 'ਚ ਧਾਰਮਿਕ ਸਥਾਨ ਨਹੀਂ ਹਨ। ਸਬ ਜੇਲ੍ਹ ਮਲੇਰਕੋਟਲਾ ਵਿੱਚ ਪੀਰ ਦੀ ਦਰਗਾਹ ਹੈ। ਇਸ ਜੇਲ੍ਹ ਦੇ ਸੁਪਰਡੈਂਟ ਦੀ ਸੂਚਨਾ ਅਨੁਸਾਰ ਇਸ ਦਰਗਾਹ 'ਤੇ ਕੈਦੀ ਹੀ ਸੇਵਾ ਅਤੇ ਜੋਤ ਬੱਤੀ ਕਰਦੇ ਹਨ। ਇਥੇ ਕੋਈ ਗੋਲਕ ਨਹੀਂ ਹੈ। ਜੇਲ੍ਹਾਂ ਦੇ ਸੁਪਰਡੈਂਟਾਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨ ਕੈਦੀਆਂ ਨੂੰ ਸੁਧਾਰਨ ਵਿਚ ਸਹਾਈ ਹੋ ਰਹੇ ਹਨ।
                                                                  ਗੁਰੂ ਦੀ ਗੋਲਕ
ਜੇਲ੍ਹਾਂ ਵਿੱਚ ਜੋ ਧਾਰਮਿਕ ਸਥਾਨ ਹਨ,ਉਨ੍ਹਾਂ ਵਿਚਲੀ ਗੁਰੂ ਦੀ ਗੋਲਕ ਦਾ ਹਿਸਾਬ ਕਿਤਾਬ ਜੇਲ੍ਹ ਦਾ ਭਲਾਈ ਵਿਭਾਗ ਰੱਖਦਾ ਹੈ। ਸੂਚਨਾ ਅਨੁਸਾਰ ਗੋਲਕ ਦੀ ਆਮਦਨ ਨੂੰ ਧਾਰਮਿਕ ਸਥਾਨ ਦੀ ਭਲਾਈ ਅਤੇ ਧਾਰਮਿਕ ਸਮਾਗਮ ਕਰਾਉਣ ਵਾਸਤੇ ਵਰਤਿਆ ਜਾਂਦਾ ਹੈ। ਗੁਰਪੁਰਬ ਮਨਾਏ ਜਾਣ ਵੇਲੇ ਗੋਲਕ 'ਚੋਂ ਖਰਚ ਕੀਤਾ ਜਾਂਦਾ ਹੈ। ਲੁਧਿਆਣਾ ਜੇਲ੍ਹ ਵਿਚਲੇ ਗੁਰੂ ਘਰ ਦੀ ਗੋਲਕ 'ਚੋਂ ਸੱਤ ਵਰ੍ਹਿਆਂ ਵਿੱਚ 41,500 ਰੁਪਏ ਅਤੇ ਮੰਦਰ ਦੀ ਗੋਲਕ 'ਚੋਂ 24,900 ਰੁਪਏ ਦੀ ਆਮਦਨ ਹੋਈ ਹੈ। ਗੁਰੂ ਘਰਾਂ ਵਿੱਚ ਜੋ ਲੰਗਰ ਲਗਾਏ ਜਾਂਦੇ ਹਨ,ਉਨ੍ਹਾਂ 'ਚ ਕੈਦੀ ਸ਼ਰਧਾ ਅਨੁਸਾਰ ਯੋਗਦਾਨ ਪਾਉਂਦੇ ਹਨ।

Monday, March 19, 2012

                            ਕੁਵੇਲੇ ਦੀਆਂ ਟੱਕਰਾਂ
           ਬਾਬਾ ਜੀ ਤਾਂ ਪੇਪਰ ਦੇਣ ਗਏ ਨੇ...
                              ਚਰਨਜੀਤ ਭੁੱਲਰ
ਬਠਿੰਡਾ : ਜ਼ਿੰਦਗੀ ਦੀ ਢਲਦੀ ਸ਼ਾਮ ਵਿੱਚ ਹੁਣ ਬਾਬੇ ਪੇਪਰ ਦੇ ਰਹੇ ਹਨ, ਜੋ ਬਚਪਨ ਉਮਰੇ ਪੜ੍ਹਨੋਂ ਖੁੰਝ ਗਏ ਹਨ, ਉਹ ਹੁਣ ਬੁਢਾਪੇ ਵਿੱਚ ਪੜ੍ਹਨ ਦੇ ਰਾਹ ਪਏ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤੇ ਬਜ਼ੁਰਗਾਂ ਦੇ ਪੁੱਤ ਪੋਤੇ ਵੀ ਪੜ੍ਹ ਲਿਖ ਕੇ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹੇ ਹਨ। ਕੇਂਦਰ ਸਰਕਾਰ ਵੱਲੋਂ ਭਾਰਤ ਸਾਖਰ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਬਠਿੰਡਾ ਜ਼ਿਲ੍ਹਾ ਵੀ ਸ਼ਾਮਲ ਹੈ। ਭਾਰਤ ਸਾਖਰ ਮਿਸ਼ਨ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਵਿੱਚ ਬਜ਼ੁਰਗਾਂ ਦੀ ਪ੍ਰੀਖਿਆ ਲਈ ਗਈ ਤਾਂ ਜੋ ਉਨ੍ਹਾਂ ਨੂੰ ਸਾਖਰ ਬਣਾਇਆ ਜਾ ਸਕੇ। ਲਰਨਰ ਅਸੈਸਮੈਂਟ ਟੈਸਟ ਵਿੱਚ ਅੱਜ ਜ਼ਿਲ੍ਹੇ ਭਰ ਵਿੱਚ ਕਰੀਬ 10 ਹਜ਼ਾਰ ਵਿਅਕਤੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।ਪਿੰਡ ਤੁੰਗਵਾਲੀ ਦੇ 87 ਵਰ੍ਹਿਆਂ ਦੇ ਬਜ਼ੁਰਗ ਹਰਭਜਨ ਸਿੰਘ ਨੇ ਅੱਜ ਪ੍ਰੀਖਿਆ ਦਿੱਤੀ ਹੈ, ਉਹ ਹੁਣ ਪੜ੍ਹਨਾ ਚਾਹੁੰਦਾ ਹੈ। ਉਸ ਦਾ ਇਕ ਲੜਕਾ ਸਾਬਕਾ ਵਿਧਾਇਕ (ਗੁਰਾਂ ਸਿੰਘ ਤੁੰਗਵਾਲੀ) ਹੈ, ਜਦੋਂ ਕਿ ਉਸ ਦੀ ਪੋਤੀ ਬੀ.ਐੱਡ ਕਰ ਰਹੀ ਹੈ। ਬਾਬੇ ਦਾ ਇਕ ਲੜਕਾ ਸਕੂਲ ਵੀ ਚਲਾ ਰਿਹਾ ਹੈ। ਇਸ ਬਾਬੇ ਦੀ ਇੱਛਾ ਹੁਣ ਪੜ੍ਹਨ ਲਿਖਣ ਦੀ ਹੈ। ਅੱਜ ਤੁੰਗਵਾਲੀ ਦੇ ਪ੍ਰੀਖਿਆ ਕੇਂਦਰ ਵਿੱਚ 35 ਦੇ ਕਰੀਬ ਵਿਅਕਤੀ ਸਨ।
           ਪਿੰਡ ਖੋਖਰ ਦੇ ਪ੍ਰੀਖਿਆ ਕੇਂਦਰ ਵਿੱਚ ਅੱਜ 60 ਸਾਲ ਦੀ ਬਜ਼ੁਰਗ ਔਰਤ ਸੱਤਿਆ ਦੇਵੀ ਅਤੇ 58 ਸਾਲ ਦੀ ਬਜ਼ੁਰਗ ਮਹਿੰਦਰ ਕੌਰ ਨੇ ਵੀ ਪ੍ਰੀਖਿਆ ਦਿੱਤੀ। ਅਧਿਆਪਕ ਨਾਜ਼ਮ ਸਿੰਘ ਨੇ ਦੱਸਿਆ ਕਿ ਬਜ਼ੁਰਗਾਂ ਵਿੱਚ ਪ੍ਰੀਖਿਆ ਦੇਣ ਦੀ ਕਾਫੀ ਰੁਚੀ ਸੀ।ਪਿੰਡ ਮੰਡੀ ਕਲਾਂ ਵਿੱਚ ਅੱਜ 67 ਸਾਲ ਦੀ ਔਰਤ ਕਰਨੈਲ ਕੌਰ ਨੇ ਪ੍ਰੀਖਿਆ ਦਿੱਤੀ। ਇਥੋਂ ਦੇ ਹੀ 62 ਸਾਲ ਦੇ ਮੱਖਣ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਪੜ੍ਹ ਲਿਖ ਨਹੀਂ ਸਕੇ ਪਰ ਹੁਣ ਦੋ ਚਾਰ ਅੱਖਰ ਪੜ੍ਹ ਜਾਵਾਂਗੇ ਤਾਂ ਘੱਟੋ ਘੱਟ ਬੱਸ ਅੱਡਿਆਂ ਤੇ ਬੱਸ ਤਾਂ ਨਹੀਂ ਪੁੱਛਣੀ ਪਵੇਗੀ। 60 ਸਾਲ ਦੇ ਸਤਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਹੁਣ ਪੜ੍ਹਨ ਦੀ ਇੱਛਾ ਜਾਗੀ ਹੈ। ਪ੍ਰੀਖਿਆ ਡਿਊਟੀ 'ਤੇ ਤਾਇਨਾਤ ਪ੍ਰੇਰਕ ਰਾਜਵਿੰਦਰ ਕੌਰ ਦਾ ਕਹਿਣਾ ਸੀ ਕਿ ਇਹ ਪ੍ਰੀਖਿਆ ਕੇਵਲ ਅਸੈਸਮੈਂਟ ਲੈਣ ਲਈ ਹੀ ਹੈ। ਪਿੰਡ ਚਾਉਕੇ ਵਿੱਚ ਅੱਜ 65 ਵਰ੍ਹਿਆਂ ਦੇ ਮਿੱਠੂ ਸਿੰਘ ਨੇ ਵੀ ਪ੍ਰੀਖਿਆ ਦਿੱਤੀ। ਪ੍ਰੀਖਿਆ ਵਿੱਚ ਤਸਵੀਰਾਂ ਦੀ ਪਛਾਣ, ਅੱਖਰ ਲਿਖਣ ਅਤੇ ਕੁਝ ਗਣਿਤ ਦੇ ਸਵਾਲ ਸਨ।ਭਗਤਾ ਭਾਈ ਦੇ ਪ੍ਰੀਖਿਆ ਕੇਂਦਰ ਵਿੱਚ ਬਜ਼ੁਰਗ ਔਰਤ ਜਸਵਿੰਦਰ ਕੌਰ ਨੇ ਵੀ ਪ੍ਰੀਖਿਆ ਦਿੱਤੀ ਹੈ। ਉਹ ਬਚਪਨ ਉਮਰੇ ਸਿਰਫ਼ ਤਿੰਨ ਜਮਾਤਾਂ ਪੜ੍ਹੀ ਸੀ। ਉਸ ਦੇ ਲੜਕੇ ਸਵਰਨਜੀਤ ਸਿੰਘ ਨੇ ਵੀ ਬੀ.ਏ. ਅਤੇ ਈ.ਟੀ.ਟੀ. ਕੀਤੀ ਹੋਈ ਹੈ, ਜੋ ਬੇਰੁਜ਼ਗਾਰ ਹੈ। ਉਸ ਦਾ ਕਹਿਣਾ ਸੀ ਕਿ ਇਹ ਤਾਂ ਅਫਸੋਸ ਹੈ ਕਿ ਇੱਥੇ ਡਿਗਰੀਆਂ ਦਾ ਕੋਈ ਮੁੱਲ ਨਹੀਂ ਪੈਂਦਾ ਪਰ ਪੜ੍ਹਨ ਲਿਖਣ ਨਾਲ ਜ਼ਿੰਦਗੀ ਜਿਊਣ ਦੀ ਜਾਂਚ ਆ ਜਾਂਦੀ ਹੈ। ਏਦਾਂ ਦੇ ਹਜ਼ਾਰਾਂ ਬਜ਼ੁਰਗ ਸਨ, ਜਿਨ੍ਹਾਂ ਪ੍ਰੀਖਿਆ ਵੀ ਦਿੱਤੀ ਤੇ ਨਾਲੋਂ ਨਾਲ ਸਰਕਾਰਾਂ ਨੂੰ ਵੀ ਕੋਸਿਆ ਕਿ ਇਥੇ ਪੜ੍ਹਾਈ ਲਿਖਾਈ ਦਾ ਕੋਈ ਮੁੱਲ ਨਹੀਂ ਪੈਂਦਾ। ਬਜ਼ੁਰਗਾਂ ਦਾ ਕਹਿਣਾ ਸੀ ਕਿ ਜੋ ਪੜ੍ਹੇ ਲਿਖੇ ਹਨ, ਉਹ ਤਾਂ ਵਿਹਲੇ ਫਿਰਦੇ ਹਨ ਅਤੇ ਬਜ਼ੁਰਗਾਂ ਨੂੰ ਪੜ੍ਹਾਉਣ ਲਈ ਸੈਂਟਰ ਖੋਲ੍ਹ ਰਹੀ ਹੈ।
           ਸਾਖਰ ਭਾਰਤ ਮਿਸ਼ਨ ਤਹਿਤ ਬਠਿੰਡਾ ਜ਼ਿਲ੍ਹੇ ਦੇ ਹਰ ਪਿੰਡ ਵਿੱਚ 5000 ਦੀ ਆਬਾਦੀ ਪਿੱਛੇ ਇਕ ਅਡਲਟ ਐਜ਼ੂਕੇਸ਼ਨ ਸੈਂਟਰ ਖੋਲ੍ਹਿਆ ਗਿਆ ਹੈ। ਇਸ ਜ਼ਿਲ੍ਹੇ ਵਿੱਚ 337 ਐਜ਼ੂਕੇਸ਼ਨ ਸੈਂਟਰ ਖੋਲ੍ਹੇ ਗਏ ਹਨ। ਹਰ ਸੈਂਟਰ ਵਿੱਚ ਬਜ਼ੁਰਗਾਂ ਨੂੰ ਪੜ੍ਹਾਉਣ ਖਾਤਰ ਦੋ ਦੋ ਪ੍ਰੇਰਕ ਰੱਖੇ ਗਏ ਹਨ। ਕੇਂਦਰ ਸਰਕਾਰ ਵੱਲੋਂ ਸਾਲ 2009 ਵਿੱਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਪਰ ਬਠਿੰਡਾ ਜ਼ਿਲ੍ਹੇ ਵਿੱਚ ਇਹ ਪ੍ਰਾਜੈਕਟ ਸਾਲ 2011 ਵਿੱਚ ਸ਼ੁਰੂ ਹੋਇਆ। ਹੁਣ ਤੱਕ ਕਰੀਬ 29 ਲੱਖ ਰੁਪਏ ਦੀ ਰਾਸ਼ੀ ਆ ਚੁੱਕੀ ਹੈ, ਜਿਸ ਵਿੱਚੋਂ 10 ਲੱਖ ਰੁਪਏ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ।
                                              ਪਹਿਲੀ ਤਨਖਾਹ ਨਸੀਬ ਨਹੀਂ ਹੋਈ
ਸਾਖਰ ਭਾਰਤ ਮਿਸ਼ਨ ਤਹਿਤ ਰੱਖੇ ਪੌਣੇ ਸੱਤ ਸੌ ਪ੍ਰੇਰਕਾਂ ਨੂੰ ਹਾਲੇ ਪਹਿਲੀ ਤਨਖਾਹ ਵੀ ਨਹੀਂ ਮਿਲ ਸਕੀ। ਇਹ ਪ੍ਰੇਰਕ ਪਿੰਡਾਂ ਵਿੱਚ ਕੰਮ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਾਢੇ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ, ਜਿਸ ਕਰਕੇ ਉਨ੍ਹਾਂ ਵਿੱਚ ਰੋਸ ਹੈ। ਸਰਕਾਰ ਵੱਲੋਂ ਜੋ ਫੰਡ ਦਿੱਤੇ ਗਏ ਹਨ, ਉਹ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਤਾਂ ਪੁੱਜ ਗਏ ਹਨ ਪਰ ਪਿੰਡਾਂ ਨੂੰ ਹਾਲੇ ਫੰਡ ਜਾਰੀ ਨਹੀਂ ਕੀਤੇ ਗਏ, ਜਿਸ ਕਰਕੇ ਪ੍ਰੇਰਕਾਂ ਨੂੰ ਤਨਖਾਹ ਨਹੀਂ ਮਿਲ ਸਕੀ। ਹਰ ਪ੍ਰੇਰਕ ਨੂੰ ਦੋ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਣੀ ਹੈ। ਅੱਜ ਇਨ੍ਹਾਂ ਪ੍ਰੇਰਕਾਂ ਨੇ ਵੀ ਬਜ਼ੁਰਗਾਂ ਦਾ ਅਸੈਸਮੈਂਟ ਟੈਸਟ ਲਿਆ।

Sunday, March 18, 2012

                                         ਭਰਤੀ  
                ਟੈਸਟਾਂ ਚੋਂ ਗਰੰਥੀ ਸਿੰਘ ਹੋਏ ਫੇਲ੍ਹ
                                   ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਕਮੇਟੀ ਵੱਲੋਂ ਲਏ ਜਾਣ ਵਾਲੇ ਟੈਸਟਾਂ ਵਿੱਚੋਂ ਬਹੁਤੇ ਗ੍ਰੰਥੀ ਫੇਲ੍ਹ ਹੋ ਜਾਂਦੇ ਹਨ। ਏਦਾਂ ਹੀ ਰਾਗੀ ਜਥੇ ਵੀ ਟੈਸਟ ਵਿੱਚ ਬਰੇਕ ਲਾ ਜਾਂਦੇ ਹਨ। ਬਹੁਤੇ ਤਾਂ ਟੈਸਟ ਤੋਂ ਡਰ ਦੇ ਮਾਰੇ ਹਾਜ਼ਰ ਹੀ ਨਹੀਂ ਹੁੰਦੇ।ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਪੰਜ ਪ੍ਰੀਖਿਆਵਾਂ ਦੇ ਨਤੀਜੇ ਦਿੱਤੇ ਗਏ ਹਨ, ਉਨ੍ਹਾਂ ਵਿੱਚ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਦਾ ਟੈਸਟ ਪਾਸ ਕਰਨਾ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਲਈ ਸੌਖਾ ਨਹੀਂ ਹੈ। ਮਾਲਵਾ ਅਤੇ ਦੁਆਬੇ ਵਿੱਚੋਂ ਇਸ ਟੈਸਟ ਵਿੱਚ ਬੈਠਣ ਵਾਲਿਆਂ ਦੀ ਕਮੀ ਬਹੁਤ ਜ਼ਿਆਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲਏ ਜਾਂਦੇ ਟੈਸਟਾਂ ਵਿੱਚ ਜ਼ਿਆਦਾ ਦਬਦਬਾ ਮਾਝੇ ਦਾ ਹੀ ਹੁੰਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਬਾਕਾਇਦਾ ਟੈਸਟ ਲਿਆ ਜਾਂਦਾ ਹੈ। ਰਾਗੀ ਸਿੰਘਾਂ ਦਾ ਟੈਸਟ ਗੁਰਮਤਿ ਸੰਗੀਤ ਅਕੈਡਮੀ ਆਨੰਦਪੁਰ ਸਾਹਿਬ ਵੱਲੋਂ ਲਿਆ ਜਾਂਦਾ ਹੈ।ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਸੂਚਨਾ ਅਨੁਸਾਰ ਪਿਛਲੇ ਅਰਸੇ ਦੌਰਾਨ ਜੋ ਪੰਜ ਟੈਸਟ ਲਏ ਗਏ ਹਨ, ਉਨ੍ਹਾਂ ਵਿੱਚੋਂ ਚਾਰ ਟੈਸਟ ਤਾਂ ਰਾਗੀ ਸਿੰਘਾਂ ਅਤੇ ਤਬਲਾ ਵਾਦਕਾਂ ਦੇ ਲਏ ਗਏ ਹਨ। ਰਾਗੀ ਸਿੰਘਾਂ ਅਤੇ ਤਬਲਾ ਵਾਦਕਾਂ (ਜੋੜੀ ਵਾਲਿਆਂ ਦੇ) ਦੇ ਜੋ ਚਾਰ ਟੈਸਟ ਲਏ ਗਏ ਹਨ, ਉਨ੍ਹਾਂ ਵਿੱਚੋਂ 42 ਫੀਸਦੀ ਰਾਗੀ ਸਿੰਘ ਫੇਲ੍ਹ ਹੋ ਗਏ ਹਨ।
            ਸਮੇਂ ਸਮੇਂ 'ਤੇ ਹੋਈਆਂ ਚਾਰ ਪ੍ਰੀਖਿਆਵਾਂ ਵਿੱਚ 293 ਰਾਗੀ ਸਿੰਘਾਂ ਨੇ ਪ੍ਰੀਖਿਆ ਦਿੱਤੀ, ਜਿਸ ਵਿੱਚੋਂ 124 ਰਾਗੀ ਸਿੰਘ ਫੇਲ੍ਹ ਹੋ ਗਏ ਅਤੇ ਉਹ ਸ਼੍ਰੋਮਣੀ ਕਮੇਟੀ ਦੇ ਮਿਆਰ 'ਤੇ ਖਰੇ ਨਾ ਉਤਰ ਸਕੇ। ਇਸ ਤੋਂ ਇਲਾਵਾ 75 ਰਾਗੀ ਸਿੰਘ ਤਾਂ ਟੈਸਟ ਦੇ ਡਰੋਂ ਗ਼ੈਰਹਾਜ਼ਰ ਹੀ ਹੋ ਗਏ ਸਨ। ਰਾਗੀ ਸਿੰਘਾਂ ਦੇ ਇਕ ਟੈਸਟ ਵਿੱਚ 193 ਰਾਗੀ ਸਿੰਘਾਂ ਨੇ ਬਿਨੈ ਕੀਤਾ ਅਤੇ ਇਸ ਟੈਸਟ ਵਿੱਚੋਂ 44 ਰਾਗੀ ਸਿੰਘ ਗ਼ੈਰਹਾਜ਼ਰ ਹੋ ਗਏ। ਬਾਕੀ 149 ਰਾਗੀ ਸਿੰਘਾਂ ਦਾ ਜਦੋਂ ਟੈਸਟ ਲਿਆ ਗਿਆ ਤਾਂ ਉਨ੍ਹਾਂ ਵਿੱਚੋਂ 65 ਫੇਲ੍ਹ ਹੋ ਗਏ। ਟੈਸਟ ਦੇਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ 80, ਤਰਨ ਤਾਰਨ ਤੋਂ 38 ਅਤੇ ਗੁਰਦਾਸਪੁਰ ਤੋਂ 16 ਰਾਗੀ ਸਿੰਘ ਸਨ, ਜਦੋਂ ਕਿ ਪੂਰੇ ਮਾਲਵੇ ਵਿੱਚੋਂ ਸਿਰਫ 30 ਰਾਗੀ ਸਿੰਘ ਸਨ।ਸ਼੍ਰੋਮਣੀ ਕਮੇਟੀ ਵੱਲੋਂ ਇਕ ਹੋਰ ਟੈਸਟ ਦਾ ਨਤੀਜਾ ਦਿੱਤਾ ਗਿਆ ਹੈ ਅਤੇ ਇਸ ਟੈਸਟ ਵਿੱਚ 110 ਰਾਗੀ ਸਿੰਘਾਂ ਅਤੇ ਜੋੜੀ ਵਾਲਿਆਂ ਵੱਲੋਂ ਬਿਨੈ ਕੀਤਾ ਗਿਆ ਸੀ। ਇਸ ਵਿੱਚੋਂ 26 ਤਾਂ ਗੈਰਹਾਜ਼ਰ ਹੀ ਹੋ ਗਏ, ਜਦੋਂ ਕਿ 84 ਵਿੱਚੋਂ 38 ਫੇਲ੍ਹ ਹੋ ਗਏ, ਜੋ 45 ਫੀਸਦੀ ਬਣਦੇ ਹਨ। ਇਸ ਟੈਸਟ ਵਿੱਚ ਸਭ ਤੋਂ ਜ਼ਿਆਦਾ ਰਾਗੀ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ 54 ਸਨ, ਜਦੋਂ ਕਿ ਤਰਨ ਤਾਰਨ ਦੇ 12 ਸਨ। ਬਠਿੰਡਾ ਜ਼ਿਲ੍ਹੇ ਦੇ ਸਿਰਫ ਦੋ ਰਾਗੀ ਸਿੰਘ ਸਨ। ਮੋਗਾ ਅਤੇ ਬਰਨਾਲਾ ਦਾ ਇਕ ਇਕ ਰਾਗੀ ਸਿੰਘ ਸੀ। ਇਕ ਹੋਰ ਪ੍ਰੀਖਿਆ ਵਿੱਚ 20 ਰਾਗੀ ਸਿੰਘਾਂ ਵੱਲੋਂ ਬਿਨੈ ਕੀਤਾ ਗਿਆ ਅਤੇ ਦੋ ਰਾਗੀ ਸਿੰਘ ਗ਼ੈਰਹਾਜ਼ਰ ਹੋ ਗਏ। ਬਾਕੀ 18 ਵਿੱਚੋਂ 7 ਫੇਲ੍ਹ ਹੋ ਗਏ। ਇਨ੍ਹਾਂ ਵਿੱਚ ਵੀ ਸਭ ਤੋਂ ਜ਼ਿਆਦਾ ਜ਼ਿਲ਼੍ਹਾ ਅੰਮ੍ਰਿਤਸਰ ਦੇ 11 ਰਾਗੀ ਸਿੰਘ ਸਨ।
          ਸ਼੍ਰੋਮਣੀ ਕਮੇਟੀ ਵੱਲੋਂ ਗ੍ਰੰਥੀ ਸਿੰਘਾਂ ਦੇ ਟੈਸਟ ਦਾ ਵੀ ਨਤੀਜਾ ਦਿੱਤਾ ਗਿਆ ਹੈ। ਗ੍ਰੰਥੀ ਸਿੰਘਾਂ ਦੀ ਅਸਾਮੀ ਲਈ 174 ਸਿੰਘਾਂ ਵੱਲੋਂ ਅਪਲਾਈ ਕੀਤਾ ਗਿਆ ਸੀ ਪਰ ਟੈਸਟ 125 ਵੱਲੋਂ ਦਿੱਤਾ ਗਿਆ। ਇਸ ਵਿੱਚੋਂ 72 ਫੀਸਦੀ ਉਮੀਦਵਾਰ ਫੇਲ੍ਹ ਹੋ ਗਏ ਅਤੇ ਸਿਰਫ 34 ਹੀ ਪਾਸ ਹੋ ਸਕੇ ਹਨ। ਇਹ ਟੈਸਟ ਰਾਜਸਥਾਨ ਦੇ ਇਕ, ਹਰਿਆਣਾ ਦੇ ਤਿੰਨ ਅਤੇ ਜੰਮੂ ਦੇ ਤਿੰਨ ਗ੍ਰੰਥੀ ਸਿੰਘਾਂ ਨੇ ਦਿੱਤਾ ਸੀ। ਇਹ ਟੈਸਟ ਸਭ ਤੋਂ ਜ਼ਿਆਦਾ ਜ਼ਿਲ੍ਹਾ ਅੰਮ੍ਰਿਤਸਰ ਦੇ 98, ਤਰਨ ਤਾਰਨ ਦੇ 36 ਅਤੇ ਗੁਰਦਾਸਪੁਰ ਦੇ 7 ਗ੍ਰੰਥੀ ਸਿੰਘਾਂ ਵੱਲੋਂ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਸੁਖਦੇਵ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਜੋ ਸ਼੍ਰੋਮਣੀ ਕਮੇਟੀ ਦਾ ਟੈਸਟ ਦੇਣ ਵਾਸਤੇ ਜਾਂਦੇ ਹਨ, ਉਨ੍ਹਾਂ ਕੋਲ ਢੁਕਵੀਂ ਟਰੇਨਿੰਗ ਨਹੀਂ ਹੁੰਦੀ ਜਾਂ ਫਿਰ ਉਹ ਘੱਟ ਪੜ੍ਹੇ ਲਿਖੇ ਹੁੰਦੇ ਹਨ, ਜਿਸ ਕਰਕੇ ਉਹ ਮਿਆਰ 'ਤੇ ਖਰੇ ਨਹੀਂ ਉਤਰਦੇ। ਉਨ੍ਹਾਂ ਆਖਿਆ ਕਿ ਬਹੁਤੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਟੈਸਟਾਂ ਵਿੱਚੋਂ ਫੇਲ੍ਹ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੋ ਚੰਗੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਭਰਤੀ ਹੋ ਜਾਂਦੇ ਹਨ, ਉਨ੍ਹਾਂ ਵਿੱਚੋਂ ਕਈ ਵਿਦੇਸ਼ ਵੀ ਚਲੇ ਜਾਂਦੇ ਹਨ।

Friday, March 16, 2012

                                     ਖਾਸ ਖ਼ਬਰ  
         ਸ਼ਗਨ ਸਕੀਮ 'ਚ ਲੱਖਾਂ ਦਾ ਘਪਲਾ
                                ਚਰਨਜੀਤ ਭੁੱਲਰ
ਬਠਿੰਡਾ : ਸੰਸਦੀ ਹਲਕਾ ਬਠਿੰਡਾ 'ਚ ਸ਼ਗਨ ਸਕੀਮ 'ਚ ਲੱਖਾਂ ਰੁਪਏ ਦਾ ਸਕੈਂਡਲ ਬੇਪਰਦ ਹੋਇਆ ਹੈ। ਜ਼ਿਲ੍ਹਾ ਭਲਾਈ ਅਫਸਰ ਮਾਨਸਾ ਸੈਂਕੜੇ ਗਰੀਬ ਧੀਆਂ ਦਾ ਸਰਕਾਰੀ ਸ਼ਗਨ ਛੱਕ ਗਿਆ ਹੈ। ਸਰਕਾਰੀ ਰਿਕਾਰਡ 'ਚ ਇਨ੍ਹਾਂ ਧੀਆਂ ਨੂੰ ਸ਼ਗਨ ਦਿੱਤਾ ਜਾ ਚੁੱਕਾ ਹੈ ਜਦੋਂ ਕਿ ਮਾਪਿਆਂ ਨੂੰ ਕੋਈ ਇਲਮ ਹੀ ਨਹੀਂ ਹੈ। ਸਤਲਜ ਗ੍ਰਾਮੀਣ ਬੈਂਕ ਮਾਨਸਾ ਦੇ ਬਰਾਂਚ ਮੈਨੇਜਰ ਨਾਲ ਮਿਲ ਕੇ ਇਸ ਜ਼ਿਲ੍ਹਾ ਭਲਾਈ ਅਫਸਰ ਨੇ ਖੁਦ ਹੀ ਸ਼ਗਨ ਸਕੀਮ ਦੇ ਚੈੱਕ ਕੱਟ ਦਿੱਤੇ ਅਤੇ ਮਗਰੋਂ ਖੁਦ ਹੀ ਚੈੱਕਾਂ ਦੀ ਅਦਾਇਗੀ ਆਪਣੀ ਜ਼ੇਬ ਵਿੱਚ ਪਾ ਲਈ। ਇਕੱਲੀ ਸ਼ਗਨ ਸਕੀਮ ਨਹੀਂ ਬਲਕਿ ਹੋਰ ਭਲਾਈ ਸਕੀਮਾਂ ਦੀ ਰਾਸ਼ੀ ਵੀ ਖੁਰਦ ਬੁਰਦ ਕਰ ਦਿੱਤੀ ਗਈ। ਸਤਲਜ ਗ੍ਰਾਮੀਣ ਬੈਂਕ ਦੇ ਮੁੱਖ ਦਫਤਰ ਬਠਿੰਡਾ ਦੇ ਇੰਚਾਰਜ (ਇੰਸਪੈਕਸ਼ਨ) ਸ੍ਰੀ ਰਾਕੇਸ਼ ਕੁਮਾਰ ਵਲੋਂ ਤੱਥ ਖੋਜ ਰਿਪੋਰਟ 16 ਫਰਵਰੀ 2012 ਨੂੰ ਗ੍ਰਾਮੀਣ ਬੈਂਕ ਦੇ ਚੇਅਰਮੈਨ ਨੂੰ ਸੌਂਪੀ ਹੈ, ਉਸ ਵਿੱਚ ਇਹ ਸਕੈਂਡਲ ਸਾਹਮਣੇ ਆਇਆ ਹੈ। ਦਿਲਚਸਪ ਗੱਲ ਹੈ ਕਿ ਰਿਪੋਰਟ ਮਗਰੋਂ ਬੈਂਕ ਦੇ ਚੇਅਰਮੈਨ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ। ਇੰਸਪੈਕਸ਼ਨ ਇੰਚਾਰਜ ਵਲੋਂ ਫੁਰਤੀ ਵਰਤ ਕੇ 8.44 ਲੱਖ ਦੇ ਸ਼ਗਨ ਦੀ ਰਾਸ਼ੀ ਬਚਾ ਵੀ ਲਈ ਗਈ ਹੈ। ਰਿਪੋਰਟ ਅਨੁਸਾਰ ਜ਼ਿਲ੍ਹਾ ਭਲਾਈ ਅਫਸਰ ਮਾਨਸਾ ਸ੍ਰੀ ਕੁਲਦੀਪ ਸਿੰਘ ਨੇ ਬੈਂਕ ਮੈਨੇਜਰ ਸ੍ਰੀ ਅਤੁਲ ਸ੍ਰੀ ਵਾਸਤਵ ਨਾਲ ਮਿਲੀਭੁਗਤ ਕਰਕੇ ਵੱਡਾ ਘਪਲਾ ਕੀਤਾ ਹੈ ਜਿਸ 'ਚ ਭਲਾਈ ਅਫਸਰ ਵਲੋਂ ਬੈਕਿੰਗ ਪ੍ਰਬੰਧ ਦੀ ਦੁਰਵਰਤੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਫਰੀਦਕੋਟ ਜ਼ਿਲ੍ਹੇ ਮਗਰੋਂ ਹੁਣ ਮਾਨਸਾ ਜ਼ਿਲ੍ਹੇ 'ਚ ਇਹ ਸਕੈਂਡਲ ਹੋਇਆ ਹੈ।  ਜੋ ਤੱਥ ਖੋਜ ਰਿਪੋਰਟ ਪ੍ਰਾਪਤ ਹੋਈ ਹੈ, ਉਸ ਰਿਪੋਰਟ ਅਨੁਸਾਰ ਜ਼ਿਲ੍ਹਾ ਭਲਾਈ ਅਫਸਰ ਵਲੋਂ ਸਤਲਜ ਗ੍ਰਾਮੀਣ ਬੈਂਕ ਵਿੱਚ ਡੰਮੀ ਖਾਤੇ ਖੁਲਵਾਏ ਗਏ ਅਤੇ ਸਰਕਾਰੀ ਰਾਸ਼ੀ ਨੂੰ ਇਨ੍ਹਾਂ ਖਾਤਿਆਂ ਵਿੱਚ ਫੇਰ ਬਦਲ ਕੇ ਫਰਾਡ ਨੂੰ ਅੰਜਾਮ ਦੇ ਦਿੱਤਾ ਗਿਆ। ਹੁਣ ਤੱਕ 36.56 ਲੱਖ ਰੁਪਏ ਦਾ ਸਕੈਂਡਲ ਲੱਭਾ ਹੈ ਜਦੋਂ ਕਿ ਡੂੰਘਾਈ 'ਚ ਜਾਂਚ ਪੜਤਾਲ ਮਗਰੋਂ ਇਹ ਸਕੈਂਡਲ ਕਰੋੜਾਂ ਵਿੱਚ ਵੀ ਪੁੱਜਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਨਿਯਮਾਂ ਅਨੁਸਾਰ ਸ਼ਗਨ ਸਕੀਮ ਦੀ ਰਾਸ਼ੀ ਦਾ ਚੈੱਕ ਲਾਭਪਾਤਰੀ ਦੇ ਨਾਮ 'ਤੇ ਚੈੱਕ ਕੱਟਿਆ ਜਾਂਦਾ ਹੈ। ਲਾਭਪਾਤਰੀ ਦਾ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਨਗਦ ਅਦਾਇਗੀ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਜ਼ਿਲ੍ਹਾ ਭਲਾਈ ਅਫਸਰ ਮਾਨਸਾ ਨੇ ਸ਼ਗਨ ਸਕੀਮ ਦੇ 51 ਚੈੱਕ ਖੁਦ ਹੀ ਲਾਭਪਾਤਰੀਆਂ ਦੇ ਨਾਮ 'ਤੇ ਕੱਟ ਦਿੱਤੇ ਅਤੇ ਇਹ ਸਾਰੇ ਚੈੱਕ ਸਤਲਜ ਗ੍ਰਾਮੀਣ ਬੈਂਕ ਨੂੰ ਦੇ ਦਿਤੇ ਜਦੋਂ ਕਿ ਗ੍ਰਾਮੀਣ ਬੈਂਕ ਵਿੱਚ ਕਿਸੇ ਲਾਭਪਾਤਰੀ ਦਾ ਖਾਤਾ ਹੀ ਨਹੀਂ ਸੀ।            
            ਰਿਜਰਵ ਬੈਂਕ ਆਫ ਇੰਡੀਆਂ ਵਲੋਂ 19 ਅਕਤੂਬਰ 2010 ਨੂੰ ਸਰਕੂਲਰ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਤੀਜੀ ਧਿਰ (ਥਰਡ ਪਾਰਟੀ) ਚੈੱਕ ਬੈਂਕ ਲੈ ਨਹੀਂ ਸਕਦਾ ਹੈ। ਗ੍ਰਾਮੀਣ ਬੈਂਕ ਦੇ ਮੈਨੇਜਰ ਨੇ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਕੇ 51 ਚੈਕ ਸਟੇਟ ਬੈਂਕ ਆਫ ਪਟਿਆਲਾ ਵਿੱਚ ਕਲੀਅਰੈਂਸ ਵਾਸਤੇ ਭੇਜ ਦਿੱਤੇ। ਜਦੋਂ ਕਲੀਅਰੈਂਸ ਹੋ ਗਈ ਤਾਂ ਜ਼ਿਲ੍ਹਾ ਭਲਾਈ ਅਫਸਰ ਨੇ ਇਸ ਮੈਨੇਜਰ ਨੂੰ ਇੱਕ ਅਣਅਧਿਕਾਰਤ ਪੱਤਰ ਲਿਖਿਆ ਕਿ 51 ਚੈੱਕਾਂ ਦੀ ਰਾਸ਼ੀ ਦਾ ਇੱਕ ਚੈਕ ਬਣਾ ਦਿੱਤਾ ਜਾਵੇ। ਬੈਂਕ ਮੈਨੇਜਰ ਨੇ ਇਨ੍ਹਾਂ ਚੈੱਕਾਂ ਦੀ 7.65 ਲੱਖ ਰੁਪਏ ਦੀ ਰਾਸ਼ੀ ਦਾ ਇੱਕ ਚੈੱਕ ਨੰਬਰ 45917 ਮਿਤੀ 28 ਜੂਨ 2011 ਨੂੰ ਜ਼ਿਲ੍ਹਾ ਭਲਾਈ ਅਫਸਰ ਮਾਨਸਾ ਦੇ ਨਾਮ ਬਣਾ ਦਿੱਤਾ। ਜ਼ਿਲ੍ਹਾ ਭਲਾਈ ਅਫਸਰ ਨੇ 8 ਜੁਲਾਈ 2011 ਨੂੰ 7.65 ਲੱਖ ਰੁਪਏ ਖੁਦ ਬੈਂਕ ਚੋਂ ਨਗਦ ਕਢਵਾ ਕੇ ਆਪਣੀ ਜ਼ੇਬ ਵਿੱਚ ਪਾ ਲਏ। ਇਵੇਂ ਹੀ ਜ਼ਿਲ੍ਹਾ ਭਲਾਈ ਅਫਸਰ ਦਾ ਇੱਕ ਸਹੀ ਖਾਤਾ ਨੰਬਰ ਸੀ.ਏ-247 ਸਤਲਜ ਗ੍ਰਾਮੀਣ ਬੈਂਕ ਵਿੱਚ ਵੀ ਹੈ। ਜ਼ਿਲ੍ਹਾ ਭਲਾਈ ਅਫਸਰ ਮਾਨਸਾ ਨੇ ਦੋ ਦਰਜ਼ਨ ਚੈੱਕ ਵੱਖ ਵੱਖ ਲਾਭਪਾਤਰੀਆਂ ਦੇ ਨਾਮ 'ਤੇ ਕੱਟੇ ਅਤੇ 25 ਜੂਨ 2011 ਨੂੰ ਬੈਂਕ ਮੈਨੇਜਰ ਨੂੰ ਲਿਖਤੀ ਬੇਨਤੀ ਕੀਤੀ ਕਿ ਇਹ ਚੈੱਕ ਕੈਂਸਲ ਕਰ ਦਿਓ। ਜਦੋਂ ਕਿ ਬੈਂਕ ਕੋਲ ਲਾਭਪਾਤਰੀ ਦਾ ਚੈੱਕ ਕੈਂਸਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਬੈਂਕ ਵਿੱਚ ਇਨ੍ਹਾਂ ਲਾਭਪਾਤਰੀਆਂ ਦੇ ਖਾਤੇ ਵੀ ਨਹੀਂ ਹਨ। ਬੈਂਕ ਮੈਨੇਜਰ ਨੇ ਏਨੀ ਹਿੰਮਤ ਦਿਖਾਈ ਕਿ ਉਸ ਨੇ ਇਹ ਦੋ ਦਰਜ਼ਨ ਚੈੱਕ ਪਾਸ ਕਰ ਦਿੱਤੇ ਅਤੇ ਮਗਰੋਂ ਇਨ੍ਹਾਂ ਚੈੱਕਾਂ ਦੀ ਰਾਸ਼ੀ ਦਾ ਇੱਕ ਚੈੱਕ ਜ਼ਿਲ੍ਹਾ ਭਲਾਈ ਅਫਸਰ ਦੇ ਨਾਮ 'ਤੇ ਬਣਾ ਦਿੱਤਾ। ਜ਼ਿਲ੍ਹਾ ਭਲਾਈ ਅਫਸਰ ਨੇ 3 ਅਕਤੂਬਰ 2011 ਨੂੰ ਇਸ ਚੋਂ ਡੇਢ ਲੱਖ ਰੁਪਏ ਦੀ ਨਗਦ ਰਾਸ਼ੀ ਕਢਵਾ ਲਈ। ਇਸ ਤੋਂ ਇਲਾਵਾ ਜ਼ਿਲ੍ਹਾ ਭਲਾਈ ਅਫਸਰ ਵਲੋਂ 56 ਹੋਰ ਲਾਭਪਾਤਰੀਆਂ ਦੇ ਨਾਮ 'ਤੇ ਸ਼ਗਨ ਸਕੀਮ ਦੇ ਚੈੱਕ ਕੱਟੇ ਅਤੇ ਇਹ ਚੈੱਕ ਲਾਭਪਾਤਰੀਆਂ ਨੂੰ ਦੇਣ ਦੀ ਥਾਂ ਗ੍ਰਾਮੀਣ ਬੈਂਕ ਦੇ ਮੈਨੇਜਰ ਨੂੰ ਦੇ ਦਿੱਤੇ। ਇਸ ਬੈਂਕ ਵਿੱਚ ਲਾਭਪਾਤਰੀਆਂ ਦੇ ਖਾਤੇ ਹੀ ਨਹੀਂ ਹਨ। ਬੈਂਕ ਮੈਨੇਜਰ ਨੇ ਸਾਰੇ ਚੈੱਕ ਸਟੇਟ ਬੈਂਕ ਆਫ ਪਟਿਆਲਾ ਕੋਲ ਕਲੀਅਰੈਂਸ ਵਾਸਤੇ ਭੇਜ ਦਿੱਤੇ। ਕਲੀਅਰੈਂਸ ਮਗਰੋਂ ਇਸ ਕੁੱਲ ਰਾਸ਼ੀ 8.46 ਲੱਖ ਚੋਂ 5.46 ਲੱਖ ਰੁਪਏ ਦੀ ਰਾਸ਼ੀ ਬੈਂਕ ਮੈਨੇਜਰ ਨੇ ਸਤਲਜ ਗ੍ਰਾਮੀਣ ਬੈਂਕ ਵਿੱਚ ਕੁਲਦੀਪ ਸਿੰਘ (ਜ਼ਿਲ੍ਹਾ ਭਲਾਈ ਅਫਸਰ) ਦੇ ਨਾਮ 'ਤੇ 4 ਅਕਤੂਬਰ 2011 ਨੂੰ ਖੋਲੇ ਖਾਤਾ ਨੰਬਰ 107000005260 ਵਿੱਚ ਪਾ ਦਿੱਤੀ ਅਤੇ ਬਾਕੀ ਤਿੰਨ ਲੱਖ ਦੀ ਰਾਸ਼ੀ ਬੈਂਕ ਦੇ ਫੁੱਟਕਲ ਖਾਤੇ ਵਿੱਚ ਪਾ ਦਿੱਤੀ। ਜ਼ਿਲ੍ਹਾ ਭਲਾਈ ਅਫਸਰ ਵਲੋਂ ਹਾਲੇ ਇਹ ਰਾਸ਼ੀ ਕਢਵਾਈ ਜਾਣੀ ਸੀ ਕਿ ਇਹ 16 ਜਨਵਰੀ 2012 ਨੂੰ ਇਹ ਖਾਤਾ ਫਰੀਜ ਕਰ ਦਿੱਤਾ ਗਿਆ।
           ਸ਼ਗਨ ਸਕੀਮ ਤੋਂ ਇਲਾਵਾ ਹੋਰਨ੍ਹਾਂ ਭਲਾਈ ਸਕੀਮਾਂ ਦੀ ਰਾਸ਼ੀ ਵੀ ਹੜੱਪ ਹੋਈ ਹੈ। ਸਤਲਜ ਗ੍ਰਾਮੀਣ ਬੈਂਕ ਵਲੋਂ 5.61 ਲੱਖ ਰੁਪਏ ਦੇ 6 ਮੈਨੇਜਰ ਚੈੱਕ ਜੋ ਕਿ 18 ਮਾਰਚ 2009 ਨੂੰ ਮਾਨਸਾ,ਭਿਖੀ,ਬੁਢਲਾਡਾ,ਝੁਨੀਰ ਅਤੇ ਸਰਦੂਲਗੜ ਦੇ ਕਾਰਜਕਾਰੀ ਅਫਸਰਾਂ ਦੇ ਨਾਮ ਬਣਾਏ ਸਨ, ਉਹ ਵੀ ਸਹੀ ਸੰਸਥਾਵਾਂ ਕੋਲ ਨਹੀਂ ਪੁੱਜੇ ਸਕੇ ਹਨ। ਇਹ ਚੈੱਕ ਸਰਕਾਰੀ ਰਾਸ਼ੀ ਚੋਂ ਬੈਂਕ ਨੇ ਬਣਾਏ ਸਨ। ਜ਼ਿਲ੍ਹਾ ਭਲਾਈ ਅਫਸਰ ਮਾਨਸਾ ਨੇ 14 ਫਰਵਰੀ 2011 ਨੂੰ ਇਨ੍ਹਾਂ ਚੈੱਕਾਂ ਦੀ ਅਦਾਇਗੀ ਰੋਕਣ ਲਈ ਬੈਂਕ ਨੂੰ ਲਿਖ ਦਿੱਤਾ। ਮਗਰੋਂ 8 ਮਾਰਚ 2011 ਨੂੰ ਇਸੇ 5.61 ਲੱਖ ਦੀ ਰਾਸ਼ੀ ਦਾ ਇੱਕ ਚੈੱਕ ਬੈਂਕ ਨੇ ਜ਼ਿਲ੍ਹਾ ਭਲਾਈ ਅਫਸਰ ਦੇ ਨਾਮ 'ਤੇ ਬਣਾ ਦਿੱਤਾ ਅਤੇ ਬੈਂਕ ਨੇ ਮੈਨੇਜਰ ਚੈੱਕ ਬਣਾ ਕੇ ਜ਼ਿਲ੍ਹਾ ਭਲਾਈ ਅਫਸਰ ਦੇ ਬੈਂਕ 'ਚ ਹੀ ਖੋਲੇ ਇੱਕ ਹੋਰ ਬੈਂਕ ਖਾਤੇ ਨੰਬਰ 5423 ਵਿੱਚ ਇਹ ਰਾਸ਼ੀ ਪਾ ਦਿੱਤੀ। ਜ਼ਿਲ੍ਹਾ ਭਲਾਈ ਅਫਸਰ ਨੇ ਮਗਰੋਂ ਇਸ ਬੈਂਕ ਖਾਤੇ ਚੋਂ 11 ਮਾਰਚ 2011 ਨੂੰ 1,20,800 ਰੁਪਏ,ਮਿਤੀ 18 ਮਾਰਚ 2011 ਨੂੰ 64,350 ਰੁਪਏ,13 ਅਪਰੈਲ 2011 ਨੂੰ 2,31,100 ਰੁਪਏ, 1 ਜੂਨ 2011 ਨੂੰ 50,000 ਰੁਪਏ ਅਤੇ ਫਿਰ 29 ਜੂਨ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਨਗਦ ਕਢਵਾ ਲਈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬੈਂਕ ਮੈਨੇਜਰ ਨੇ ਸਰਕਾਰੀ ਰਾਸ਼ੀ ਚੋਂ ਪੰਜ ਹਜ਼ਾਰ ਰੁਪਏ ਦੀ ਰਾਸ਼ੀ 8 ਜੁਲਾਈ 2011 ਨੂੰ ਜ਼ਿਲ੍ਹਾ ਭਲਾਈ ਅਫਸਰ ਦੇ ਨਿੱਜੀ ਕਰਜ਼ਾ ਖਾਤਾ ਨੰਬਰ 145/6 ਵਿੱਚ ਵੀ ਟਰਾਂਸਫਰ ਕਰ ਦਿੱਤੀ। ਇਹ ਸਾਰੀ ਰਾਸ਼ੀ ਦਲਿਤ ਲੋਕਾਂ ਦੀ ਭਲਾਈ ਵਾਸਤੇ ਸਰਕਾਰ ਵਲੋਂ ਭੇਜੀ ਗਈ ਸੀ।
          ਇਸ ਤੋਂ ਇਲਾਵਾ ਸਤਲਜ ਗ੍ਰਾਮੀਣ ਬੈਂਕ ਵਲੋਂ ਜ਼ਿਲ੍ਹਾ ਭਲਾਈ ਅਫਸਰ ਦੀ ਬੇਨਤੀ 'ਤੇ 7 ਸਤੰਬਰ 2010 ਨੂੰ 7,08,385 ਰੁਪਏ ਦੀ ਰਾਸ਼ੀ ਦੇ ਜ਼ਿਲ੍ਹਾ ਭਲਾਈ ਅਫਸਰ ਦੇ ਨਾਮ ਦੋ ਮੈਨੇਜਰ ਚੈੱਕ ਬਣਾਏ ਗਏ। ਉਦੋ ਜ਼ਿਲ੍ਹਾ ਭਲਾਈ ਅਫਸਰ ਕੋਈ ਹੋਰ ਸੀ। ਮੌਜੂਦਾ ਜ਼ਿਲ੍ਹਾ ਭਲਾਈ ਅਫਸਰ ਨੇ 29 ਦਸੰਬਰ 2010 ਨੂੰ ਬੈਂਕ ਨੂੰ ਪੱਤਰ ਲਿਖ ਕੇ 7,08,385 ਰੁਪਏ ਦੀ ਰਾਸ਼ੀ ਖਾਤਾ ਨੰਬਰ ਸੀ.ਏ-239 ਵਿੱਚ ਜਮ੍ਹਾਂ ਕਰਨ ਲਈ ਆਖ ਦਿੱਤਾ। ਇਸ ਰਾਸ਼ੀ ਚੋਂ ਕੁਝ ਚੈੱਕ ਵੀ ਸੰਸਥਾਵਾਂ ਨੂੰ ਕੱਟੇ ਗਏ ਜੋ ਕਿ ਅਦਾਰਿਆਂ ਨੂੰ ਮਿਲ ਵੀ ਗਏ ਹਨ। ਸੀ.ਏ-230 ਖਾਤਾ ਨੰਬਰ ਵਿੱਚ ਹੋਰ ਵੀ ਭਲਾਈ ਸਕੀਮਾਂ ਦੀ ਪਹਿਲਾਂ ਹੀ ਰਾਸ਼ੀ ਪਈ ਸੀ। ਜ਼ਿਲ੍ਹਾ ਭਲਾਈ ਦਫਤਰ ਵਲੋਂ ਬੈਂਕ ਨੂੰ ਇੱਕ ਪੱਤਰ ਲਿਖਿਆ ਕਿ ਇਸ ਖਾਤੇ ਵਿੱਚ ਬਚਦੀ ਰਾਸ਼ੀ ਡਾਇਰੈਕਟਰ,ਭਲਾਈ ਵਿਭਾਗ ਪੰਜਾਬ ਨੂੰ ਭੇਜ ਦਿੱਤੀ ਜਾਵੇ। ਮਗਰੋਂ ਪੱਤਰ ਵਿੱਚ ਕਟਿੰਗ ਕਰਕੇ ਡਾਇਰੈਕਟਰ ਦੀ ਥਾਂ ਜ਼ਿਲ੍ਹਾ ਭਲਾਈ ਵਿਭਾਗ ਮਾਨਸਾ ਕਰ ਦਿੱਤਾ ਗਿਆ। ਬੈਂਕ ਮੈਨੇਜਰ ਨੇ ਬਿਨ੍ਹਾਂ ਕੁਝ ਦੇਖੇ ਹੀ 29 ਦਸੰਬਰ 2010 ਨੂੰ 6,27,635 ਰੁਪਏ ਦਾ ਇੱਕ ਹੋਰ ਮੈਨੇਜਰ ਚੈੱਕ ਬਣਾ ਦਿੱਤਾ। ਮਗਰੋਂ ਚੈੱਕ ਕੈਂਸਲ ਕਰਕੇ ਬੈਂਕ ਮੈਨੇਜਰ ਨੇ ਇਹ ਰਾਸ਼ੀ ਸੇਵਿੰਗ ਦੇ ਇੱਕ ਹੋਰ ਖਾਤਾ ਨੰਬਰ 5423 ਵਿੱਚ ਪਾ ਦਿੱਤੀ। ਜ਼ਿਲ੍ਹਾ ਭਲਾਈ ਅਫਸਰ ਨੇ ਇਹ ਰਾਸ਼ੀ 20 ਜੁਲਾਈ 2011 ਨੂੰ ਚੈੱਕ ਨੰਬਰ 337786 ਰਾਹੀਂ ਕਢਵਾ ਲਈ। ਇੱਥੇ ਹੀ ਬੱਸ ਨਹੀਂ ਕਿ ਜ਼ਿਲ੍ਹਾ ਭਲਾਈ ਅਫਸਰ ਵਲੋਂ ਗਰਾਮ ਪੰਚਾਇਤ ਮੀਆਂ ਅਤੇ ਗਰਾਮ ਪੰਚਾਇਤ ਭੂੰਦੜ ਦੇ ਨਾਮ 'ਤੇ 25 ਜੂਨ 2011 ਨੂੰ 50-50 ਹਜ਼ਾਰ ਦੇ ਦੋ ਮੈਨੇਜਰ ਚੈੱਕ ਬਣਵਾਏ ਗਏ। ਮਗਰੋਂ ਇਹੋ ਇੱਕ ਲੱਖ ਦੀ ਰਾਸ਼ੀ 4 ਅਕਤੂਬਰ 2011 ਨੂੰ ਇੱਕ ਖਾਤਾ ਨੰਬਰ ਸੀ.ਏ-107000005260 ਵਿੱਚ ਪਵਾ ਲਈ ਗਈ। ਇਸੇ ਤਰ੍ਹਾਂ ਗਰਾਮ ਪੰਚਾਇਤ ਬਾਜੇਵਾਲਾ ਦੇ ਨੂੰ ਦਿੱਤੀ ਜਾਣ ਵਾਲੀ 50 ਹਜ਼ਾਰ ਰੁਪਏ ਦੀ ਰਾਸ਼ੀ ਵੀ 15 ਅਕਤੂਬਰ 2011 ਨੂੰ ਉਕਤ ਖਾਤੇ ਨੰਬਰ ਵਿੱਚ ਪਵਾ ਲਿਆ ਗਿਆ। ਇਸੇ ਤਰ੍ਹਾਂ ਹੋਰ ਰਾਸ਼ੀ ਵੀ ਇਸ ਖਾਤੇ ਵਿੱਚ ਪਵਾਈ ਗਈ। ਮਗਰੋਂ ਜ਼ਿਲ੍ਹਾ ਭਲਾਈ ਅਫਸਰ ਨੇ ਇੱਕ ਚੈੱਕ ਨਾਲ 3.61 ਲੱਖ ਰੁਪਏ ਦੀ ਰਾਸ਼ੀ ਖਾਤੇ ਚੋਂ ਨਗਦ ਕਢਵਾ ਲਈ ਗਈ। ਲੰਮਾ ਸਮਾਂ ਸਰਕਾਰੀ ਰਾਸ਼ੀ ਨੂੰ ਖੁਰਦ ਬੁਰਦ ਕਰਨ ਦਾ ਗੋਰਖ ਧੰਦਾ ਚੱਲਦਾ ਰਿਹਾ ਤੇ ਸਰਕਾਰ ਨੇ ਅੱਖਾਂ ਮੀਟੀ ਰੱਖੀਆਂ।
                                                 ਬੈਂਕ ਦੇ ਮੁੱਖ ਦਫਤਰ ਨੇ ਚੁੱਪ ਵੱਟੀ ਰੱਖੀ
ਸਤਲਜ ਗ੍ਰਾਮੀਣ ਬੈਂਕ ਮਾਨਸਾ ਨੂੰ ਕੰਟਰੋਲ ਕਰਨ ਵਾਲੇ ਮੁੱਖ ਦਫਤਰ ਨੇ ਕਾਫੀ ਸਮਾਂ ਚੁੱਪ ਵੱਟੀ ਰੱਖੀ। ਜਦੋਂ ਇੰਸਪੈਕਟਰ (ਇੰਨਸਪੈਕਸ਼ਨ) ਨਰੇਸ਼ ਕੁਮਾਰ ਨੇ ਗ੍ਰਾਮੀਣ ਬੈਂਕ ਮਾਨਸਾ ਦੀ ਇੰਸਪੈਕਸ਼ਨ ਸ਼ੁਰੂ ਕੀਤੀ ਤਾਂ ਉਸ ਨੂੰ ਮੁੱਖ ਦਫਤਰ ਦੇ ਚੇਅਰਮੈਨ ਨੇ 11 ਜਨਵਰੀ 2012 ਨੂੰ ਵਾਪਸ ਬੁਲਾ ਲਿਆ। 12 ਜਨਵਰੀ ਨੂੰ ਇੰਸਪੈਕਟਰ ਨੇ ਥਰਡ ਪਾਰਟੀ ਚੈੱਕ ਕੱਟੇ ਜਾਣ ਦੇ ਮਾਮਲੇ ਤੋਂ ਜਾਣੂ ਕਰਾਇਆ ਪ੍ਰੰਤੂ ਪ੍ਰਬੰਧਕਾਂ ਨੇ ਕੋਈ ਨੋਟਿਸ ਲਿਆ। ਡੂੰਘਾਈ ਵਿੱਚ ਜਾਂਚ ਕਰਨ ਦੀ ਥਾਂ ਇੰਸਪੈਕਸ਼ਨ ਮੁਕੰਮਲ ਕਰ ਦਿੱਤੀ ਗਈ। ਇੰਨਸਪੈਕਸ਼ਨ ਇੰਚਾਰਜ ਰਾਕੇਸ਼ ਕੁਮਾਰ ਨੇ 16 ਜਨਵਰੀ 2012 ਨੂੰ ਬੈਂਕ ਦੇ ਚੇਅਰਮੈਨ ਨੂੰ ਨੋਟ ਲਿਖਿਆ ਕਿ ਗ੍ਰਾਮੀਣ ਬੈਂਕ ਮਾਨਸਾ ਵਿੱਚ ਵੱਡਾ ਫਰਾਡ ਹੋਣ ਦੇ ਤੱਥ ਨਜ਼ਰ ਆਉਂਦੇ ਹਨ ਜਿਸ ਕਰਕੇ ਉਸ ਦੀ ਪੜਤਾਲ ਜ਼ਰੂਰੀ ਹੈ। ਮਗਰੋਂ ਰਾਕੇਸ਼ ਕੁਮਾਰ ਨੇ ਪੜਤਾਲ ਕਰਕੇ ਤੱਥ ਖੋਜ ਰਿਪੋਰਟ ਪੇਸ਼ ਕੀਤੀ। ਚੇਅਰਮੈਨ ਵਲੋਂ ਕਾਫੀ ਸਮੇਂ ਮਗਰੋਂ ਵੀ ਇਸ ਮਾਮਲੇ 'ਤੇ ਕੋਈ ਐਫ.ਆਈ.ਆਰ ਕਰਾਉਣ ਦੀ ਲੋੜ ਨਹੀਂ ਸਮਝੀ। ਬੈਂਕ ਦੇ ਚੇਅਰਮੈਨ ਸ੍ਰੀ ਕੇ.ਜੇ.ਐਸ.ਢਿਲੋਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਬੰਧਿਤ ਦੇ ਮਾਮਲਾ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਐਕਸ਼ਨ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਆਖਿਆ ਕਿ ਐਕਸ਼ਨ ਲੈਣ ਨੂੰ ਕੁਝ ਸਮਾਂ ਤਾਂ ਲੱਗਦਾ ਹੀ ਹੈ। ਦੱਸਣਯੋਗ ਹੈ ਕਿ ਇਸ ਬੈਂਕ ਵਿੱਚ ਪਹਿਲਾਂ ਵੀ ਫਰਾਡ ਹੋ ਚੁੱਕੇ ਹਨ ਅਤੇ ਬੈਂਕ ਦੇ ਵਿਜੀਲੈਂਸ ਵਿਭਾਗ ਨੇ ਹਦਾਇਤ ਕੀਤੀ ਹੋਈ ਹੈ ਕਿ ਮਾਨਸਾ ਬਰਾਂਚ ਦੀ ਇੰਨਸਪੈਕਸ਼ਨ ਕੁਆਟਰਲੀ ਕਰਾਈ ਜਾਵੇ ਪ੍ਰੰਤੂ ਇਹ ਹਦਾਇਤ ਲਾਗੂ ਨਹੀਂ ਹੋ ਸਕੀ ਹੈ। ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੇ ਡਾਇਰੈਕਟਰ ਸ੍ਰੀ ਪ੍ਰਦੀਪ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਾਮਲਾ ਧਿਆਨ ਵਿੱਚ ਨਹੀਂ ਹੈ।
                                     ਮਾਮਲੇ ਵਿੱਚ ਕੋਈ ਸਚਾਈ ਨਹੀਂ ਹੈ- ਜ਼ਿਲ੍ਹਾ ਭਲਾਈ ਅਫਸਰ।
ਜ਼ਿਲ੍ਹਾ ਭਲਾਈ ਅਫਸਰ ਮਾਨਸਾ ਸ੍ਰੀ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਆਡਿਟ ਮਹਿਕਮੇ ਦੇ ਕੁਝ ਲੋਕਾਂ ਦੀ ਬੈਂਕ ਮੈਨੇਜਰ ਨਾਲ ਰੰਜਿਸ਼ ਹੈ ਜਿਸ ਕਰਕੇ ਇਹ ਝੂਠੀ ਕਹਾਣੀ ਘੜੀ ਗਈ ਹੈ। ਉਨ੍ਹਾਂ ਆਖਿਆ ਕਿ ਕੋਈ ਫਰਾਡ ਨਹੀਂ ਹੋਇਆ ਹੈ ਅਤੇ ਇਸ ਵਿੱਚ ਭੋਰਾ ਭਰ ਵੀ ਸਚਾਈ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਚੈਕ ਦੀ ਥਾਂ ਨਗਦ ਰਾਸ਼ੀ ਲਾਭਪਾਤਰੀਆਂ ਨੂੰ ਦੇ ਦਿੱਤੀ ਹੈ। ਉਨ੍ਹਾਂ ਆਖਿਆ ਕਿ ਕਿਸੇ ਰਾਸ਼ੀ ਦੀ ਦੁਰਵਰਤੋਂ ਨਹੀਂ ਹੋਈ ਹੈ ਅਤੇ ਉਹ ਸਕੀਮ ਵਾਈਜ ਬੈਂਕ ਵਿੱਚ ਖਾਤੇ ਖੁਲਵਾ ਸਕਦੇ ਹਨ। ਸਤਲਜ ਗ੍ਰਾਮੀਣ ਬੈਂਕ ਦੇ ਬਰਾਂਚ ਮੈਨੇਜਰ ਸ੍ਰੀ ਅਤਲ ਵਾਸਤਵ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਥੋੜੀ ਜੇਹੀ ਗਲਤੀ ਹੈ ਕਿ ਉਨ੍ਹਾਂ ਦੇ ਬੈਂਕ ਨੂੰ ਡਿਪਾਜਿਟ ਮਿਲਣ ਦੇ ਚੱਕਰ ਵਿੰਚ ਏਦਾ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਜਿਵੇਂ ਜ਼ਿਲ੍ਹਾ ਭਲਾਈ ਅਫਸਰ ਨੇ ਲਿਖ ਕੇ ਦਿੱਤਾ, ਉਸ ਨੇ ਕਰ ਦਿੱਤਾ।
       

Tuesday, March 13, 2012

                                   ਲੋਕ ਰਾਜ
                .....ਬਾਹਲੇ ਪੜ੍ਹੇ ਵੇਖਣ ਖੜ੍ਹੇ
                                ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਖਿੱਤੇ ਦੇ ਕਰੀਬ ਦੋ ਦਰਜਨ ਵਿਧਾਇਕਾਂ ਨੇ ਕਾਲਜ ਦਾ ਮੂੰਹ ਨਹੀਂ ਵੇਖਿਆ। ਭਾਵੇਂ ਇਹ ਉਮੀਦਵਾਰ ਘੱਟ ਪੜ੍ਹੇ ਲਿਖੇ ਹਨ ਪਰ ਮਾਲਵੇ ਦੇ ਲੋਕਾਂ ਨੇ ਇਨ੍ਹਾਂ ਉਮੀਦਵਾਰਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦਿੱਤਾ ਹੈ। ਇਨ੍ਹਾਂ 'ਚੋਂ ਬਹੁਤੇ ਉਮੀਦਵਾਰ ਪੁਰਾਣੇ ਸਿਆਸੀ ਧੁਨੰਤਰ ਹਨ। ਇਨ੍ਹਾਂ ਵਿਧਾਇਕਾਂ 'ਚੋਂ ਤਿੰਨ ਵਿਧਾਇਕ ਤਾਂ ਪੰਜ ਜਮਾਤਾਂ ਹੀ ਪਾਸ ਹਨ ਜਦੋਂ ਕਿ ਇੱਕ ਵਿਧਾਇਕ ਤਾਂ ਸਿਰਫ ਪੜ੍ਹ ਲਿਖ ਹੀ ਸਕਦਾ ਹੈ,ਉਸ ਕੋਲ ਕੋਈ ਰਸਮੀ ਵਿੱਦਿਅਕ ਯੋਗਤਾ ਨਹੀਂ ਹੈ।ਪ੍ਰਾਪਤ  ਜਾਣਕਾਰੀ ਅਨੁਸਾਰ ਹਲਕਾ ਭਦੌੜ ਤੋਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਪੰਜ ਜਮਾਤਾਂ ਪਾਸ ਹਨ ਅਤੇ ਉਨ੍ਹਾਂ ਨੇ ਸਾਬਕਾ ਆਈ.ਏ.ਐਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਹੈ। ਮੁਹੰਮਦ ਸਦੀਕ ਕਾਂਗਰਸ ਦੇ ਪੁਰਾਣੇ ਵਰਕਰ ਹਨ। ਹਲਕਾ ਬੁਢਲਾਡਾ ਤੋਂ ਵਿਧਾਇਕ ਚਤਿੰਨ ਸਿੰਘ ਸਮਾਓ ਕੋਲ ਵੀ ਕੋਈ ਰਸਮੀ ਵਿੱਦਿਅਕ ਯੋਗਤਾ ਨਹੀਂ ਹੈ। ਉਹ ਪਹਿਲਾਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਐਤਕੀਂ ਪਹਿਲੀ ਵਾਰ ਵਿਧਾਇਕ ਬਣੇ ਹਨ। ਉਹ ਸਿਰਫ ਪੜ੍ਹ ਲਿਖ ਹੀ ਸਕਦੇ ਹਨ। ਉਨ੍ਹਾਂ ਨੇ ਕਾਂਗਰਸ ਦੇ ਸਤਪਾਲ ਸਿੰਘ ਨੂੰ ਹਰਾਇਆ ਹੈ।  ਹਲਕਾ ਜੈਤੋ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਵੀ ਪੰਜ ਜਮਾਤਾਂ ਹੀ ਪਾਸ ਹਨ। ਉਨ੍ਹਾਂ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਗੁਰਦੇਵ ਸਿੰਘ ਬਾਦਲ ਨੂੰ ਦੋ ਵਾਰ ਹਰਾਇਆ ਹੈ। ਹਾਲਾਂਕਿ ਗੁਰਦੇਵ ਸਿੰਘ ਬਾਦਲ ਵੀ ਪੜ੍ਹਾਈ ਲਿਖਾਈ ਵਾਲੇ ਪਾਸਿਓਂ ਦੂਰ ਹੀ ਹਨ। ਹਲਕਾ ਜ਼ੀਰਾ ਤੋਂ ਅਕਾਲੀ ਵਿਧਾਇਕ ਹਰੀ ਸਿੰਘ ਜ਼ੀਰਾ ਵੀ ਪੰਜ ਜਮਾਤਾਂ ਪਾਸ ਹਨ ਅਤੇ ਉਨ੍ਹਾਂ ਨੇ ਕਾਂਗਰਸ ਦੇ ਨਰੇਸ਼ ਕਟਾਰੀਆ ਨੂੰ ਹਰਾਇਆ ਹੈ।
           ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਅੱਠ ਜਮਾਤਾਂ ਪਾਸ ਹੀ ਹਨ। ਉਹ ਐਤਕੀਂ ਹਿੰਦੂ ਕੋਟੇ 'ਚੋਂ ਮੰਤਰੀ ਬਣਨ ਦੀ ਦੌੜ ਵਿੱਚ ਹਨ। ਉਹ ਵਪਾਰੀ ਵਰਗ ਨਾਲ ਸਬੰਧਿਤ ਹਨ ਅਤੇ ਬਾਦਲ ਪਰਿਵਾਰ ਦੇ ਕਰੀਬੀ ਹਨ। ਉਨ੍ਹਾਂ ਦੇ ਮੁਕਾਬਲੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਜੋ ਕਿ ਗਰੈਜੂਏਟ ਹਨ, ਚੋਣ ਹਾਰ ਗਏ। ਸਿੰਗਲਾ ਦੇ ਮੁਕਾਬਲੇ ਪੀਪਲਜ਼ ਪਾਰਟੀ ਦੇ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਵੀ ਖੜ੍ਹੇ ਸਨ। ਸੰਗਰੂਰ ਤੋਂ ਅਕਾਲੀ ਵਿਧਾਇਕ ਪ੍ਰਕਾਸ਼ ਚੰਦ ਗਰਗ ਵੀ ਅੱਠ ਜਮਾਤਾਂ ਪਾਸ ਹੀ ਹਨ ਅਤੇ ਉਹ ਵੀ ਮੰਤਰੀ ਬਣਨ ਦੀ ਦੌੜ ਵਿੱਚ ਹਨ। ਫਰੀਦਕੋਟ ਹਲਕੇ ਤੋਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਵੀ ਅੱਠ ਜਮਾਤਾਂ ਪੜ੍ਹੇ ਹਨ। ਉਹ ਵੀ ਮੰਤਰੀ ਬਣਨ ਦੇ ਚੱਕਰ ਵਿੱਚ ਹਨ। ਉਨ੍ਹਾਂ ਨੇ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਨੂੰ ਹਰਾਇਆ ਹੈ।ਹਲਕਾ ਮਾਨਸਾ ਤੋਂ ਅਕਾਲੀ ਵਿਧਾਇਕ ਪ੍ਰੇਮ ਮਿੱਤਲ ਵੀ ਅੱਠ ਜਮਾਤਾਂ ਹੀ ਪੜ੍ਹੇ ਹਨ ਅਤੇ ਉਨ੍ਹਾਂ ਨੇ ਪਹਿਲੀ ਵਾਰ ਚੋਣ ਲੜੀ ਹੈ। ਫਾਜ਼ਿਲਕਾ ਤੋਂ ਜੇਤੂ ਰਹੇ ਸੁਰਜੀਤ ਜਿਆਣੀ ਵੀ ਅੱਠ ਜਮਾਤਾਂ ਪਾਸ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਵੀ ਅੱਠ ਜਮਾਤਾਂ ਪਾਸ ਹਨ। ਹਲਕਾ ਧਰਮਕੋਟ ਤੋਂ ਜੇਤੂ ਅਕਾਲੀ ਵਿਧਾਇਕ ਤੋਤਾ ਸਿੰਘ ਦਸ ਜਮਾਤਾਂ ਪਾਸ ਹਨ ਅਤੇ ਉਹ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਮਹਿਲ ਕਲਾਂ ਤੋਂ ਕਾਂਗਰਸੀ ਵਿਧਾਇਕ ਹਰਚੰਦ ਕੌਰ ਵੀ 10 ਜਮਾਤਾਂ ਪਾਸ ਹਨ।
          ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੀ ਮੈਟ੍ਰਿਕ ਪਾਸ ਹਨ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 13 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਨਾਲ ਹੀ ਉਨ੍ਹਾਂ ਨੇ ਵਿਦੇਸ਼ 'ਚੋਂ ਪੜ੍ਹੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਹੈ। ਪੰਜਾਬ ਦੇ ਸਾਬਕਾ ਡੀ.ਜੀ.ਪੀ. ਪੀ.ਐਸ.ਗਿੱਲ ਨੂੰ ਬਾਰਾਂ ਜਮਾਤਾਂ ਪਾਸ ਕਾਂਗਰਸੀ ਉਮੀਦਵਾਰ ਜੋਗਿੰਦਰਪਾਲ ਜੈਨ ਨੇ ਹਰਾ ਦਿੱਤਾ ਹੈ।ਹਲਕਾ ਨਿਹਾਲ ਸਿੰਘ ਵਾਲਾ ਤੋਂ ਜੇਤੂ ਰਹੀ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਵੀ 12 ਜਮਾਤਾਂ ਪਾਸ ਹੈ। ਹਲਕਾ ਘਨੌਰ ਤੋਂ ਜੇਤੂ ਅਕਾਲੀ ਵਿਧਾਇਕ ਹਰਪ੍ਰੀਤ ਕੌਰ ਵੀ 12 ਜਮਾਤਾਂ ਪਾਸ ਹੈ। ਹਲਕਾ ਰਾਏਕੋਟ ਤੋਂ ਕਾਂਗਰਸੀ ਉਮੀਦਵਾਰ ਗੁਰਚਰਨ ਸਿੰਘ ਅਤੇ ਹਲਕਾ ਗਿੱਲ ਤੋਂ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਵੀ ਦਸ ਜਮਾਤਾਂ ਹੀ ਪਾਸ ਹਨ। ਇਸੇ ਤਰ੍ਹਾਂ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਕੁਮਾਰ ਅਤੇ ਹਲਕਾ ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ ਵੀ 10 ਜਮਾਤਾਂ ਹੀ ਪਾਸ ਹਨ। ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ ਵੀ 12 ਜਮਾਤਾਂ ਪਾਸ ਹਨ।  ਇਸ ਸਬੰਧੀ ਉੱਘੇ ਕਹਾਣੀਕਾਰ ਅਤੇ ਕਾਲਮਨਵੀਸ ਗੁਰਬਚਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਵਿੱਦਿਅਕ ਯੋਗਤਾ ਕੋਈ ਮਾਇਨੇ ਨਹੀਂ ਰੱਖਦੀ ਬਲਕਿ ਕਈ ਵਾਰ ਤਾਂ ਇਹ ਯੋਗਤਾ ਪੁੱਠੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੋਟਰ ਅਪਣੱਤ ਰੱਖਣ ਵਾਲੇ ਅਤੇ ਕੀਤੇ ਕੰਮ ਕਾਰਾਂ ਨੂੰ ਵੇਖ ਕੇ ਵੋਟ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤੇ ਪੜ੍ਹੇ ਲਿਖੇ ਲੋਕਾਂ ਤੋਂ ਵਿੱਥ ਪਾ ਕੇ ਰਹਿੰਦੇ ਹਨ ਜਿਸ ਕਰਕੇ ਉਹ ਵੋਟਾਂ ਵਿੱਚ ਪੱਛੜ ਜਾਂਦੇ ਹਨ।

Monday, March 12, 2012

              
                                  ਸਤਯੁੱਗੀ ਲੋਕ
            ਜ਼ਿਨ੍ਹਾਂ ਦਾ ਖੂਨ 'ਸਫੈਦ' ਨਹੀਂ...
                                  ਚਰਨਜੀਤ ਭੱਲਰ
ਬਠਿੰਡਾ :  ਜਦੋਂ ਗੁਰਮੀਤ ਕੌਰ ਨੂੰ ਭਰਾ ਦੀ ਜ਼ਿੰਦਗੀ ਛੋਟੀ ਲੱਗੀ ਤਾਂ ਉਸ ਨੇ ਆਪਣੇ ਭਰਾ ਛਿੰਦਰ ਸਿੰਘ ਨੂੰ ਬਚਾਉਣ ਲਈ ਆਪਣਾ ਗੁਰਦਾ ਦੇ ਦਿੱਤਾ। ਪਿੰਡ ਰੁਹੇਲਾ ਦੀ ਗੁਰਮੀਤ ਕੌਰ ਲਈ ਮਾਂ ਜਾਏ ਤੋਂ ਉਪਰ ਕੁਝ ਵੀ ਨਹੀਂ ਸੀ। ਉਸ ਨੇ ਰਿਸ਼ਤਾ ਨਿਭਾਅ ਦਿੱਤਾ ਹੈ। ਜਦੋਂ ਮੌਜੂਦਾ ਜ਼ਮਾਨੇ 'ਚ ਰਿਸ਼ਤੇ ਤਾਰ ਤਾਰ ਹੋ ਰਹੇ ਹਨ ਤਾਂ ਏਦਾ ਦੇ ਰਿਸ਼ਤੇ ਨਾਤੇ ਵੀ ਹਨ ਜਿਨ੍ਹਾਂ ਦੇ ਖ਼ੂਨ ਸਫੈਦ ਨਹੀਂ ਹੋਇਆ ਹੈ। ਧਰਮਕੋਟ ਵਾਸੀ ਇੱਕ ਮਾਂ ਰੇਖਾ ਨੇ ਆਪਣੇ ਪੁੱਤ ਵਿਕਰਮ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਾ ਦਿੱਤੀ। ਉਸ ਨੇ ਪੁੱਤ ਦੀ ਜਾਨ ਲਈ ਇੱਕ ਗੁਰਦਾ ਦੇ ਦਿੱਤਾ। ਮੌੜ ਮੰਡੀ ਦੇ ਗੁਰਦੇਵ ਸਿੰਘ ਨੇ ਆਪਣੀ ਨੂੰਹ ਪਰਮਜੀਤ ਕੌਰ ਲਈ ਆਪਣਾ ਗੁਰਦਾ ਦਿੱਤਾ ਹੈ। ਜੋਧਪੁਰ ਪਾਖਰ ਵਾਸੀ ਦਲੀਪ ਕੌਰ ਨੇ ਆਪਣੇ ਭਤੀਜੇ ਮੱਘਰ ਸਿੰਘ ਦੀ ਲੰਮੀ ਉਮਰ ਖਾਤਰ ਆਪਣਾ ਗੁਰਦਾ ਦਿੱਤਾ ਹੈ। ਸਮਾਲਸਰ ਦੇ ਦਰਸ਼ਨ ਸਿੰਘ ਨੇ ਆਪਣੇ ਮਾਮੇ ਜੁਗਰਾਜ ਸਿੰਘ ਲਈ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਕੀਤੀ। ਹੋਰ ਤਾਂ ਹੋਰ ,ਫਿਰੋਜ਼ਪੁਰ ਦੇ ਇੱਕ ਨੌਕਰ ਮਿੱਠੂ ਸਿੰਘ ਨੇ ਆਪਣੇ ਮਾਲਕ ਮੋਹਨਜੀਤ ਸਿੰਘ ਦੀ ਜ਼ਿੰਦਗੀ ਲਈ ਗੁਰਦਾ ਦਿੱਤਾ ਹੈ।ਪੰਜਾਬ ਦੇ ਮੈਡੀਕਲ ਕਾਲਜਾਂ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਤੋਂ ਸਪੱਸ਼ਟ ਹੋਇਆ ਹੈ ਕਿ ਇਸ ਕਲਯੁੱਗੀ ਜ਼ਮਾਨੇ ਵਿੱਚ ਸਤਯੁੱਗੀ ਲੋਕ ਵੀ ਹਨ। ਹਾਲਾਂਕਿ ਨਿੱਤ ਕਿਤੇ ਨਾ ਕਿਤੇ ਖੂਨ ਦੇ ਰਿਸ਼ਤੇ ਹੀ ਇੱਕ ਦੂਸਰੇ ਦੀ ਜ਼ਿੰਦਗੀ ਵੀ ਖੋਹ ਰਹੇ ਹਨ ਪਰ ਏਦਾ ਦੇ ਇਨਸਾਨ ਵੀ ਹਨ ਜੋ ਜ਼ਿੰਦਗੀ ਵਾਰ ਕੇ ਰਿਸ਼ਤੇ ਨਿਭਾ ਰਹੇ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਧੀਨ ਮਾਲਵੇ ਦੇ ਅੱਧੀ ਦਰਜਨ ਜ਼ਿਲ੍ਹੇ ਪੈਂਦੇ ਹਨ। ਕਰੀਬ ਡੇਢ ਵਰ੍ਹੇ ਦੌਰਾਨ ਇਸ ਮੈਡੀਕਲ ਕਾਲਜ ਦੀ ਗੁਰਦਾ ਦਾਨ ਸਬੰਧੀ ਬਣੀ ਕਮੇਟੀ ਵੱਲੋਂ 26 ਕੇਸਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਮੁਕੰਮਲ ਪੜਤਾਲ ਮਗਰੋਂ 26 ਕੇਸਾਂ ਵਿੱਚ ਗੁਰਦੇ ਦਾਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
          ਇਨ੍ਹਾਂ ਕੇਸਾਂ 'ਚੋਂ ਪੰਜ ਭੈਣਾਂ ਨੇ ਆਪਣੇ ਗੁਰਦੇ ਦਾਨ ਕਰਕੇ ਆਪਣੇ ਭਰਾਵਾਂ ਦੀ ਜ਼ਿੰਦਗੀ ਬਚਾਈ ਹੈ। ਇਸੇ ਤਰ੍ਹਾਂ ਪੰਜ ਪਤਨੀਆਂ ਨੇ ਆਪਣੇ ਸੁਹਾਗ ਖਾਤਰ ਇੱਕ ਇੱਕ ਗੁਰਦਾ ਦਾਨ ਕੀਤਾ ਹੈ। ਪਿੰਡ ਕੰਧਵਾਲਾ (ਫਿਰੋਜ਼ਪੁਰ) ਦੇ ਨਿਰਮਲ ਸਿੰਘ ਨੇ ਆਪਣੇ ਭਰਾ ਸਾਧੂ ਦਾਸ ਲਈ ਆਪਣਾ ਗੁਰਦਾ ਦਾਨ ਕੀਤਾ ਹੈ। ਪਿੰਡ ਬਹਾਵਲਪੁਰ ਦੇ ਸੁਖਵਿੰਦਰ ਸਿੰਘ ਨੇ ਆਪਣੇ ਪੁੱਤ ਸਾਹਿਬ ਸਿੰਘ ਦੀ ਜ਼ਿੰਦਗੀ ਲਈ ਗੁਰਦਾ ਦਿੱਤਾ ਹੈ। ਮਾਈ ਗੋਦੜੀ ਦੇ ਪ੍ਰਤਾਪ ਸਿੰਘ ਨੇ ਆਪਣੇ ਦੋਸਤ ਅਮਰਜੀਤ ਸਿੰਘ ਦੀ ਜ਼ਿੰਦਗੀ ਲਈ ਆਪਣਾ ਇੱਕ ਗੁਰਦਾ ਦਿੱਤਾ ਹੈ।ਸ੍ਰੀ ਗੁਰੂ ਤੇਗ ਬਹਾਦਰ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਅਨੁਸਾਰ ਕਰੀਬ ਡੇਢ ਸਾਲ ਦੇ ਅਰਸੇ ਦੌਰਾਨ 103 ਵਿਅਕਤੀਆਂ ਨੇ ਗੁਰਦੇ ਦਾਨ ਕੀਤੇ ਹਨ ਜਿਨ੍ਹਾਂ ਨੂੰ ਪੜਤਾਲ ਮਗਰੋਂ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ 'ਚੋਂ 16 ਭੈਣਾਂ ਅਤੇ 23 ਪਤਨੀਆਂ ਨੇ ਗੁਰਦੇ ਦਿੱਤੇ ਹਨ। ਭਾਵੇਂ ਨੂੰਹ ਸੱਸ ਦਾ ਰਿਸ਼ਤਾ ਖਟਾਸ ਵਾਲਾ ਮੰਨਿਆ ਜਾਂਦਾ ਹੈ ਪਰ ਗੁਰਦਾਸਪੁਰ ਜ਼ਿਲ੍ਹੇ ਦੀ ਸੱਸ ਜਸਬੀਰ ਕੌਰ ਨੇ ਆਪਣੀ ਨੂੰਹ ਅਮਨਪ੍ਰੀਤ ਕੌਰ ਦੀ ਜਾਨ ਬਚਾਉਣ ਲਈ ਆਪਣਾ ਇੱਕ ਗੁਰਦਾ ਦੇ ਦਿੱਤਾ। ਜਲੰਧਰ ਦੇ ਜੀਤ ਸਿੰਘ ਨੇ ਆਪਣੀ ਨੂੰਹ ਆਸ਼ਾ ਰਾਣੀ ਲਈ ਆਪਣੀ ਜ਼ਿੰਦਗੀ ਦੀ ਬਾਜ਼ੀ ਖੇਡੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਾਸੀ ਇਕ ਨੂੰਹ ਰਾਜਬੀਰ ਕੌਰ ਨੇ ਆਪਣੇ ਚਾਚੇ ਸਹੁਰੇ ਦੀ ਜ਼ਿੰਦਗੀ ਲਈ ਆਪਣਾ ਇੱਕ ਗੁਰਦਾ ਦਾਨ ਕੀਤਾ ਹੈ। ਅੰਮ੍ਰਿਤਸਰ ਦੀ ਪ੍ਰੀਤੀ ਚੱਡਾ ਨੇ ਆਪਣੇ ਜੇਠ ਰਜਿੰਦਰ ਚੱਡਾ ਲਈ  ਗੁਰਦਾ ਦਿੱਤਾ। ਇਸੇ ਜ਼ਿਲ੍ਹੇ 'ਚ ਸਵਰਨਾ ਨੇ ਆਪਣੇ ਭਰਾ ਸਿਰੰਦਰ ਕੁਮਾਰ 'ਚੋਂ ਆਪਣੀ ਜ਼ਿੰਦਗੀ ਦੇਖੀ ਹੈ।
             ਜ਼ਿਲ੍ਹਾ ਪੱਧਰੀ ਆਥੋਰਾਈਜੇਸ਼ਨ ਕਮੇਟੀ ਨੇ ਗੁਰਦਾ ਦਾਨ ਵਾਲੇ ਪੰਜ ਕੇਸ ਰੱਦ ਵੀ ਕਰ ਦਿੱਤੇ ਹਨ ਜਿਨ੍ਹਾਂ 'ਚੋਂ ਤਿੰਨ ਕੇਸ ਤਾਂ ਬਾਹਰਲੇ ਰਾਜਾਂ ਦੇ ਸਨ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਜੋ ਸੂਚਨਾ ਦਿੱਤੀ ਗਈ ਹੈ ਉਸ ਅਨੁਸਾਰ ਜ਼ਿਲ੍ਹਾ ਪੱਧਰੀ ਕਮੇਟੀ ਕੋਲ 15 ਕੇਸ ਗੁਰਦਾ ਦਾਨ ਦੇ ਆਏ ਸਨ ਜਿਨ੍ਹਾਂ ਵਿੱਚ ਡੋਨਰ ਦਾ ਮਰੀਜ਼ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ। ਡੋਨਰਾਂ ਦਾ ਕਹਿਣਾ ਸੀ ਕਿ ਉਹ ਇਨਸਾਨੀਅਤ ਨਾਤੇ ਆਪਣਾ ਗੁਰਦਾ ਦਾਨ ਕਰਨਾ ਚਾਹੁੰਦੇ ਹਨ ਜਿਨ੍ਹਾਂ 'ਚੋਂ ਸਿਰਫ 7 ਕੇਸਾਂ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ। ਇੱਕ ਮਾਮਲਾ ਵਿੱਤੀ ਜਾਪਦਾ ਹੋਣ ਕਰਕੇ ਹਾਈਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਸੀ।ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਕਿਡਨੀ ਸਕੈਂਡਲ ਵੀ ਵਾਪਰ ਚੁੱਕਾ ਹੈ ਜਿਸ ਕਰਕੇ ਹੁਣ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਛਾਣਬੀਣ ਮਗਰੋਂ ਗੁਰਦਾ ਦਾਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ 16 ਮਈ, 2005 ਮਗਰੋਂ ਗੁਰਦਾ ਦਾਨ ਦਾ ਕੋਈ ਕੇਸ ਨਹੀਂ ਵਿਚਾਰਿਆ ਗਿਆ। ਪੰਜਾਬ ਸਰਕਾਰ ਨੇ 17 ਜੁਲਾਈ,2009 ਨੂੰ ਜ਼ਿਲ੍ਹਾ ਪੱਧਰ ਦੀ ਹਿਊਮੈਨ ਆਰਗਨ ਟਰਾਂਸਪਲਾਂਟ ਐਕਟ ਤਹਿਤ ਗੁਰੂ ਤੇਗ ਬਹਾਦਰ ਕਾਲਜ ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਵੀ ਦੋ ਕੇਸ ਗੁਰਦਾ ਦਾਨ ਦੇ ਰੱਦ ਕੀਤੇ ਗਏ ਹਨ ਜੋ ਕਿ ਸ਼ੱਕੀ ਜਾਪਦੇ ਸਨ।
                                                           ਗੁਰਦਾ ਦਾਨ ਦੀ ਪ੍ਰਕਿਰਿਆ
ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰਬਰ 11/15/09-5 ਐਚ.ਬੀ 111/2914 ਮਿਤੀ 17 ਜੂਨ,2009 ਰਾਹੀਂ ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ 1994 ਤਹਿਤ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਹਰ ਕਮੇਟੀ ਅਧੀਨ ਕਈ ਕਈ ਜ਼ਿਲ੍ਹੇ ਹਨ ਅਤੇ ਕਮੇਟੀ ਵੱਲੋਂ ਅੰਗ ਦਾਨੀ ਦੀ ਪੜਤਾਲ ਬਾਅਦ ਪ੍ਰਵਾਨਗੀ ਦਿੱਤੀ ਜਾਂਦੀ ਹੈ। ਮਰੀਜ਼ ਅਤੇ ਦਾਨੀ ਵੱਲੋਂ ਜ਼ਿਲ੍ਹਾ ਕਮੇਟੀ ਕੋਲ ਆਪਣੀ ਗੁਰਦਾ ਦਾਨ ਅਤੇ ਲੈਣ ਲਈ ਦਰਖਾਸਤ ਦਿੱਤੀ ਜਾਂਦੀ ਹੈ। ਕਮੇਟੀ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਰਾਹੀਂ ਦਾਨੀ ਦਾ ਮੂਲ ਨਿਵਾਸ ਸਰਟੀਫਿਕੇਟ ਪ੍ਰਾਪਤ ਕੀਤਾ ਜਾਂਦਾ ਹੈ। ਜ਼ਿਲ੍ਹਾ ਪੜਤਾਲੀਆ ਕਮੇਟੀ ਦੀ ਮੀਟਿੰਗ ਵਿੱਚ ਸਾਰਾ ਕੇਸ ਵਿਚਾਰਿਆ ਜਾਂਦਾ ਹੈ ਜਿਸ ਵਿੱਚ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਂਦੀ ਹੈ। ਮਰੀਜ਼ ਅਤੇ ਦਾਨੀ ਦੇ ਨੇੜਲੇ ਰਿਸ਼ਤੇਦਾਰਾਂ ਦਾ ਬਿਆਨ ਰਿਕਾਰਡ ਕੀਤੇ ਜਾਂਦੇ ਹਨ ਅਤੇ ਪੂਰੀ ਕਾਰਵਾਈ ਦੀ ਵੀਡੀਓਗਰਾਫੀ ਕੀਤੀ ਜਾਂਦੀ ਹੈ। ਮੀਟਿੰਗ ਤੋਂ 24 ਘੰਟੇ ਦੇ ਅੰਦਰ ਅੰਦਰ ਪ੍ਰਵਾਨਗੀ ਦੇਣ ਜਾਂ ਨਾ ਦੇਣ ਬਾਰੇ ਫੈਸਲਾ ਕੀਤਾ ਜਾਂਦਾ ਹੈ।

Monday, March 5, 2012

                            ਕਾਹਦੀ ਜ਼ਿੰਦਗੀ
   ਤੋਲੇ ਤੋਂ ਮਾਸਾ ਰਹੇ ਸਰਕਾਰੀ ਅਮਲੀ
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਸਰਕਾਰੀ ਅਮਲੀ ਹੁਣ ਜਹਾਨੋਂ ਕੂਚ ਕਰਨ ਲੱਗੇ ਹਨ। ਦੋ ਦਹਾਕੇ ਪਹਿਲਾਂ ਪੰਜਾਬ ਵਿੱਚ ਅਮਲੀ ਸਾਲਾਨਾ 50 ਕਿੱਲੋ ਅਫੀਮ ਛਕ ਜਾਂਦੇ ਸਨ। ਹੁਣ ਸਰਕਾਰੀ ਅਫੀਮ ਦੀ ਪੰਜਾਬ ਵਿੱਚ ਖਪਤ ਸਿਰਫ ਅੱਠ ਕਿੱਲੋ ਹੀ ਰਹਿ ਗਈ ਹੈ। ਮਾਲਵਾ ਖਿੱਤਾ ਤਾਂ ਰਵਾਇਤੀ ਨਸ਼ੇ ਭੁੱਕੀ ਤੇ ਅਫੀਮ ਲਈ ਕਿਸੇ ਵੇਲੇ ਮਸ਼ਹੂਰ ਰਿਹਾ ਹੈ। ਹੁਣ ਇਹੋ ਖਿੱਤਾ ਆਧੁਨਿਕ ਨਸ਼ਿਆਂ ਦੀ ਮਾਰ ਹੇਠ ਆ ਗਿਆ ਹੈ। ਪੰਜਾਬ ਵਿੱਚ ਇਨ੍ਹਾਂ ਅਮਲੀਆਂ ਦੇ ਬਾਕਾਇਦਾ ਸਰਕਾਰੀ ਲਾਇਸੈਂਸ ਬਣੇ ਹੋਏ ਸਨ ਅਤੇ ਮਗਰੋਂ ਸਰਕਾਰ ਨੇ ਲਾਇਸੈਂਸ ਬੰਦ ਕਰ ਦਿੱਤੇ ਸਨ। ਲਾਇਸੈਂਸੀ ਅਮਲੀਆਂ ਨੂੰ ਸਰਕਾਰ ਹੁਣ ਵੀ ਸਰਕਾਰੀ ਅਫੀਮ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਦੇ ਰਹੀ ਹੈ।  ਜ਼ਿਲ੍ਹਾ ਮੁਕਤਸਰ ਵਿੱਚ ਤਾਂ ਸਾਲ 2004 ਤੋਂ ਅਮਲੀਆਂ ਨੂੰ ਸਰਕਾਰੀ ਅਫ਼ੀਮ ਦੇਣੀ ਬੰਦ ਹੀ ਕਰ ਦਿੱਤੀ ਗਈ, ਜਦੋਂ ਕਿ ਜ਼ਿਲ੍ਹਾ ਮਾਨਸਾ ਵਿੱਚ ਸਾਰੇ ਲਾਇਸੈਂਸੀ ਅਮਲੀ ਦੁਨੀਆਂ ਛੱਡ ਚੁੱਕੇ ਹਨ।
         ਬਠਿੰਡਾ ਜ਼ਿਲ੍ਹੇ ਵਿੱਚ 10 ਸਾਲ ਪਹਿਲਾਂ 19 ਲਾਇਸੈਂਸੀ ਅਮਲੀ ਸਨ ਪਰ ਹੁਣ ਸਿਰਫ ਤਿੰਨ ਲਾਇਸੈਂਸੀ ਅਮਲੀ ਰਹਿ ਗਏ ਹਨ। ਆਬਕਾਰੀ ਅਤੇ ਕਰ ਵਿਭਾਗ ਪੰਜਾਬ ਵੱਲੋਂ ਜੋ ਸਰਕਾਰੀ ਸੂਚਨਾ ਦਿੱਤੀ ਗਈ ਹੈ, ਉਸ ਮੁਤਾਬਕ ਸਾਲ 2011-12 ਦੌਰਾਨ ਪੰਜਾਬ ਵਿੱਚ ਲਾਇਸੈਂਸੀ ਅਮਲੀਆਂ ਨੂੰ ਸਿਰਫ 8 ਕਿੱਲੋ ਅਫੀਮ ਸਪਲਾਈ ਕੀਤੀ ਗਈ, ਜਦੋਂ ਕਿ ਸਾਲ 2010-11 ਵਿੱਚ ਸਰਕਾਰ ਨੇ ਅਮਲੀਆਂ ਨੂੰ 10 ਕਿੱਲੋ ਅਫੀਮ ਸਪਲਾਈ ਕੀਤੀ ਸੀ। ਸਾਲ 2004-05 ਵਿੱਚ ਸਰਕਾਰ ਨੇ 17.600 ਕਿੱਲੋ ਅਫੀਮ ਸਪਲਾਈ ਕੀਤੀ ਸੀ। ਉਸ ਮਗਰੋਂ ਸਾਲ 2005-06 ਵਿੱਚ ਅਮਲੀਆਂ ਨੂੰ 16.400 ਕਿੱਲੋ ਅਫੀਮ ਦਿੱਤੀ ਗਈ ਸੀ।ਇਵੇਂ ਹੀ ਸਾਲ 2007-08 ਵਿੱਚ 14 ਕਿੱਲੋ ਅਫੀਮ ਸਪਲਾਈ ਕੀਤੀ ਗਈ। ਜਿਵੇਂ ਜਿਵੇਂ ਅਮਲੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ, ਉਵੇਂ ਹੀ ਅਫੀਮ ਦੀ ਮਾਤਰਾ ਵਿੱਚ ਵੀ ਕਟੌਤੀ ਹੋ ਰਹੀ ਹੈ। ਲਾਇਸੈਂਸੀ ਅਮਲੀ ਜੋ ਬਚੇ ਹਨ, ਉਹ ਏਨੇ ਬੁੱਢੇ ਹੋ ਗਏ ਹਨ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚੋਂ ਅਫੀਮ ਲੈਣ ਉਨ੍ਹਾਂ ਦੇ ਪੋਤੇ ਆਉਂਦੇ ਹਨ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ 11 ਲਾਇਸੈਂਸੀ ਅਮਲੀ ਬਚੇ ਹਨ। ਆਬਕਾਰੀ ਅਤੇ ਕਰ ਵਿਭਾਗ ਨੇ 19 ਜੁਲਾਈ 2004 ਨੂੰ ਪੱਤਰ ਜਾਰੀ ਕਰਕੇ ਜ਼ਿਲ੍ਹਾ ਮੁਕਤਸਰ ਦੇ ਅਮਲੀਆਂ ਨੂੰ ਅਫੀਮ ਦੀ ਸਪਲਾਈ ਰੋਕ ਦਿੱਤੀ। ਤਰਕ ਇਹ ਦਿੱਤਾ ਕਿ ਜ਼ਿਲ੍ਹਾ ਮੁਕਤਸਰ ਦੇ ਅਮਲੀ 16 ਜੂਨ 1979 ਤੋਂ ਪਹਿਲਾਂ ਦੇ ਰਜਿਸਟਰਡ ਹਨ।
          ਜ਼ਿਲ੍ਹਾ ਮਾਨਸਾ ਵਿੱਚ ਕੋਈ ਅਮਲੀ ਹੁਣ ਨਹੀਂ ਰਿਹਾ। ਜ਼ਿਲ੍ਹੇ ਵਿੱਚ ਅਫ਼ੀਮ ਦਾ ਕੋਟਾ ਲੈਣ ਵਾਲਾ ਆਖਰੀ ਅਮਲੀ ਹਰਫੂਲ ਸਿੰਘ ਪਿੰਡ ਉਡਤ ਭਗਤ ਰਾਮ ਸੀ, ਜਿਸ ਨੂੰ ਚਾਰ ਗਰਾਮ ਅਫੀਮ ਮਿਲਦੀ ਸੀ। ਜ਼ਿਲ੍ਹਾ ਬਠਿੰਡਾ ਵਿੱਚ ਇਕ ਮਹੰਤ ਚਾਰ ਗਰਾਮ ਅਫੀਮ ਦੀ ਸਪਲਾਈ ਲੈ ਰਿਹਾ ਹੈ, ਜਦੋਂ ਕਿ ਦੋ ਅਮਲੀ ਗੋਬਿੰਦਪੁਰਾ ਅਤੇ ਪਥਰਾਲਾ ਪਿੰਡ ਦੇ ਹਨ। ਜ਼ਿਲ੍ਹਾ ਪਟਿਆਲਾ ਵਿੱਚ ਜਦੋਂ ਸਾਲ 1959 ਵਿੱਚ ਲਾਇਸੈਂਸ ਬਣੇ ਸਨ ਤਾਂ ਉਦੋਂ 283 ਅਮਲੀਆਂ ਨੂੰ ਅਫੀਮ ਦਾ ਕੋਟਾ ਮਿਲਿਆ ਸੀ ਅਤੇ ਹੁਣ ਇਸ ਜ਼ਿਲ੍ਹੇ ਵਿੱਚ ਸਿਰਫ 18 ਅਮਲੀ ਰਹਿ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਪਟਿਆਲਾ ਦੇ ਪਿੰਡ ਜਾਹਲਾ ਦੀ ਇਕ ਔਰਤ ਵੀ ਲਾਇਸੈਂਸੀ ਅਫੀਮ ਲੈ ਰਹੀ ਹੈ। ਹਰ ਅਮਲੀ ਦੀ ਸਮਰੱਥਾ ਮੁਤਾਬਕ ਅਫੀਮ ਦਾ ਕੋਟਾ ਤੈਅ ਸੀ। ਕਿਸੇ ਦਾ ਕੋਟਾ 3 ਗਰਾਮ ਦਾ ਵੀ ਸੀ ਅਤੇ ਕਿਸੇ ਨੂੰ 50 ਗਰਾਮ ਦਾ ਕੋਟਾ ਸੀ। ਪਟਿਆਲਾ ਦੇ ਪਿੰਡ ਜਾਖੜ ਅਤੇ ਪਿੰਡ ਮੂਡਖੇੜਾ ਦੇ ਅਮਲੀਆਂ ਦੇ ਕੋਟੇ ਪੰਜਾਹ ਪੰਜਾਹ ਗਰਾਮ ਦੇ ਸਨ। ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹੁਣ ਸਰਕਾਰੀ ਅਮਲੀਆਂ ਦੀ ਗਿਣਤੀ 19 ਰਹਿ ਗਈ ਹੈ ਅਤੇ ਇਹ ਗਿਣਤੀ ਸਾਲ 2004-05 ਵਿੱਚ 29 ਸੀ।ਸੂਤਰ ਦੱਸਦੇ ਹਨ ਕਿ ਜਦੋਂ ਮਹੀਨਾ ਚੜ੍ਹਦਾ ਹੈ, ਉਦੋਂ ਹੀ ਅਮਲੀਆਂ ਦੇ ਵਾਰਸ ਹਸਪਤਾਲਾਂ ਵਿੱਚ ਚੱਕਰ ਕੱਟਣੇ ਸ਼ੁਰੂ ਕਰ ਦਿੰਦੇ ਹਨ।  ਜ਼ਿਲ੍ਹਾ ਸੰਗਰੂਰ ਵਿੱਚ ਲਾਇਸੈਂਸੀ ਅਮਲੀ ਸਿਰਫ 13 ਰਹਿ ਗਏ ਹਨ, ਜਦੋਂ ਕਿ ਸਾਲ 1988-89 ਵਿੱਚ ਇਸ ਜ਼ਿਲ੍ਹੇ ਵਿੱਚ ਲਾਇਸੈਂਸੀ ਅਮਲੀਆਂ ਦੀ ਗਿਣਤੀ 66 ਸੀ। ਪਿੰਡ ਗੁੱਜਰਾਂ ਦੇ ਇਕ ਅਮਲੀ ਨੂੰ 35 ਗਰਾਮ ਅਫੀਮ ਦਾ ਕੋਟਾ ਹੈ, ਜਦੋਂ ਕਿ ਪਿੰਡ ਕਨੋਈ ਦੇ ਇਕ ਅਮਲੀ ਨੂੰ 20 ਗਰਾਮ ਦਾ ਕੋਟਾ ਲੱਗਿਆ ਹੋਇਆ ਹੈ।
                                                           ਅਫੀਮ ਦੀ ਸਪਲਾਈ ਗਾਜ਼ੀਪੁਰ ਤ
 ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਲਾਇਸੈਂਸੀ ਅਮਲੀਆਂ ਲਈ ਸਰਕਾਰੀ ਅਫੀਮ ਫੈਕਟਰੀ ਗਾਜੀਪੁਰ ਤੋਂ ਹਰ ਸਾਲ ਅਫੀਮ ਖਰੀਦੀ ਜਾਂਦੀ ਹੈ ਅਤੇ ਸਿਹਤ ਵਿਭਾਗ ਵੱਲੋਂ ਅਮਲੀਆਂ ਨੂੰ ਅਫੀਮ ਵੰਡੀ ਜਾਂਦੀ ਹੈ। ਸਿਹਤ ਮਹਿਕਮੇ ਵੱਲੋਂ ਸਾਲਾਨਾ ਮੰਗ ਆਬਕਾਰੀ ਮਹਿਕਮੇ ਨੂੰ ਭੇਜੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਅਫੀਮ ਦੇ ਲਾਇਸੈਂਸ ਬਣਾਉਣ ਦੀ ਸਕੀਮ 30 ਜੂਨ 1959 ਤੋਂ ਲਾਗੂ ਕੀਤੀ ਗਈ ਸੀ। ਭਾਰਤ ਸਰਕਾਰ ਦੇ ਸੈਂਟਰਲ ਬਿਉਰੋ ਨਾਰਕੋਟਿਕਸ ਕਮਿਸ਼ਨਰ ਇੰਡੀਆ ਗਵਾਲੀਅਰ (ਐਮ.ਪੀ.) ਦੇ ਪੱਤਰ ਨੰਬਰ ਐਫ.ਨੰ 16/1/ਟੈਕ/78-8486 ਮਿਤੀ 12 ਅਕਤੂਬਰ 1979 ਰਾਹੀਂ ਅਮਲੀਆਂ ਨੂੰ ਨਵੇਂ ਅਫੀਮ ਦੇ ਲਾਇਸੈਂਸ ਦੀ ਰਜਿਸਟਰੇਸ਼ਨ ਬੰਦ ਕਰ ਦਿੱਤੀ ਗਈ ਸੀ। ਸਾਲ 2005-06 ਵਿੱਚ ਸਰਕਾਰੀ ਅਫੀਮ ਦਾ ਰੇਟ ਵਧਾ ਕੇ 1400 ਤੋਂ 2000 ਰੁਪਏ ਪ੍ਰਤੀ ਕਿੱਲੋ ਦਾ ਹੋ ਗਿਆ ਸੀ।
                                                     ਵਾਧੂ ਅਫੀਮ ਵਾਪਸ ਲੈਂਦੇ ਹਾਂ: ਖਾਨ
ਆਬਕਾਰੀ ਤੇ ਕਰ ਵਿਭਾਗ ਦੇ ਡੀ.ਟੀ.ਸੀ. ਐਲ.ਏ.ਖਾਨ ਦਾ ਕਹਿਣਾ ਸੀ ਕਿ ਅਮਲੀਆਂ ਦੀ ਗਿਣਤੀ ਘਟਣ ਕਰਕੇ ਹੁਣ ਅਮਲੀਆਂ ਨੂੰ ਦਿੱਤੀ ਜਾਣ ਵਾਲੀ ਅਫੀਮ ਦੀ ਮਾਤਰਾ ਵੀ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕੋਲ ਜੋ ਵਾਧੂ ਸਟਾਕ ਸਾਲ ਮਗਰੋਂ ਬਚ ਜਾਂਦਾ ਹੈ, ਉਹ ਵਾਪਸ ਮੰਗਵਾ ਲਿਆ ਜਾਂਦਾ ਹੈ ਅਤੇ ਹਰ ਸਾਲ ਦੇ ਸ਼ੁਰੂ ਵਿੱਚ ਸਿਹਤ ਵਿਭਾਗ ਤੋਂ ਅਫੀਮ ਦੀ ਮੰਗ ਲੈ ਲਈ ਜਾਂਦੀ ਹੈ। ਸੂਤਰਾਂ ਅਨੁਸਾਰ ਆਬਕਾਰੀ ਵਿਭਾਗ ਬਠਿੰਡਾ ਨੇ ਸਿਵਲ ਸਰਜਨ ਬਠਿੰਡਾ ਨੂੰ ਪੱਤਰ ਲਿਖ ਕੇ ਵਾਧੂ ਪਈ ਅਫੀਮ ਹੁਣ ਵਾਪਸ ਮੰਗ ਲਈ ਹੈ।

Sunday, March 4, 2012

                              ਬਿਗਾਨੇ ਧੰਨ ਨਾਲ
       ਵਲੈਤੀ ਪ੍ਰਾਹੁਣੇ ਲੁੱਟ ਗਏ ਮੌਜ ਮੇਲਾ !
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਪ੍ਰਾਹੁਣਚਾਰੀ ਦਾ ਮੌਜ ਮੇਲਾ ਅਨਸਾਰ ਬਰਨੀ ਤੇ ਰੂਬੀ ਢੱਲਾ ਨੇ ਲੁੱਟ ਲਿਆ ਹੈ। ਪੌਣੇ ਪੰਜ ਵਰਿ•ਆਂ ਦੌਰਾਨ ਪੰਜਾਬ 'ਚ ਵਲੈਤੀ ਪ੍ਰਾਹੁਣਿਆਂ ਵਲੋਂ 110 ਗੇੜੇ ਲਾਏ ਗਏ ਹਨ ਜਿਨ•ਾਂ ਨੂੰ 'ਸਟੇਟ ਗੈਸਟ' ਦਾ ਰੁਤਬਾ ਦਿੱਤਾ ਗਿਆ ਸੀ। ਵਿਦੇਸ਼ੀ ਪ੍ਰਾਹੁਣੇ ਵਫ਼ਦਾਂ ਦੇ ਰੂਪ ਵਿੱਚ ਵੀ ਆਏ ਅਤੇ ਇਕੱਲੇ ਇਕੱਲੇ ਵੀ ਪੰਜਾਬ ਪੁੱਜੇ ਸਨ। ਸਭਨਾਂ ਵਿਦੇਸ਼ੀ ਪ੍ਰਾਹੁਣਿਆਂ ਚੋਂ ਜੋ ਟਹਿਲ ਸੇਵਾ ਪਾਕਿਸਤਾਨ ਦੇ ਸਾਬਕਾ ਕੇਂਦਰੀ ਅਨਸਾਰ ਬਰਨੀ ਅਤੇ ਕਨੇਡਾ ਦੀ ਐਮ.ਪੀ ਰੂਬੀ ਢੱਲਾ ਦੀ ਹੋਈ ਹੈ, ਉਸ ਖ਼ਾਤਰਦਾਰੀ ਦਾ ਲੁਤਫ਼ ਹੋਰਨਾਂ ਵਿਦੇਸ਼ੀ ਪ੍ਰਾਹੁਣਿਆਂ ਦੇ ਹਿੱਸੇ ਨਹੀਂ ਆ ਸਕਿਆ ਹੈ। ਅਕਾਲੀ ਸਰਕਾਰ ਵਲੋਂ ਇਨ•ਾਂ ਪ੍ਰਵਾਸੀ ਪ੍ਰਾਹੁਣਿਆਂ ਲਈ ਪੰਜ ਤਾਰਾ ਹੋਟਲਾਂ 'ਚ ਖਾਣ ਪੀਣ ਅਤੇ ਰਹਿਣ ਸਹਿਣ ਦਾ ਇੰਤਜ਼ਾਮ ਕੀਤਾ ਗਿਆ। ਲੰਮੀਆਂ ਗੱਡੀਆਂ ਕਿਰਾਏ 'ਤੇ ਘੁੰਮਣ ਫਿਰਨ ਲਈ ਦਿੱਤੀਆਂ ਗਈਆਂ। ਫੁੱਲਾਂ ਨਾਲ ਸਵਾਗਤ ਅਤੇ ਮਹਿੰਗੇ ਤੋਹਫ਼ੇ ਵੀ ਇਨ•ਾਂ ਪ੍ਰਾਹੁਣਿਆਂ ਨੂੰ ਸਰਕਾਰ ਵਲੋਂ ਭੇਟ ਕੀਤੇ ਗਏ। ਅਕਾਲੀ ਭਾਜਪਾ ਸਰਕਾਰ ਵਲੋਂ ਲੰਘੇ ਪੌਣੇ ਪੰਜ ਵਰਿ•ਆਂ ਇਨ•ਾਂ ਵਿਦੇਸ਼ੀ ਮਹਿਮਾਨਾਂ ਦੀ ਟਹਿਲ ਸੇਵਾ 'ਤੇ ਕਰੀਬ 45 ਲੱਖ ਰੁਪਏ ਖਰਚ ਦਿੱਤੇ ਗਏ ਹਨ ਜਦੋਂ ਕਿ ਫੁੱਲਾਂ ਅਤੇ ਤੋਹਫ਼ਿਆਂ 'ਤੇ 7.26 ਲੱਖ ਰੁਪਏ ਖਰਚੇ ਗਏ ਹਨ। ਵਿਅਕਤੀਗਤ ਰੂਪ ਵਿੱਚ ਸਭ ਤੋਂ ਜਿਆਦਾ ਟਹਿਲ ਸੇਵਾ ਦਾ ਖਰਚਾ ਅਨਸਾਰ ਬਰਨੀ ਦਾ ਆਇਆ ਹੈ ਜੋ ਕਿ 9.91 ਲੱਖ ਰੁਪਏ ਬਣਦਾ ਹੈ ਜਦੋਂ ਕਿ ਦੂਸਰੇ ਨੰਬਰ 'ਤੇ ਐਮ.ਪੀ ਰੂਬੀ ਢੱਲਾ ਹੈ ਜਿਸ ਦਾ ਖਰਚਾ 4.83 ਲੱਖ ਰੁਪਏ ਬਣਦਾ ਹੈ।
           ਪ੍ਰਾਹੁਣਚਾਰੀ ਵਿਭਾਗ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ•ਾਂ ਮੁਤਾਬਿਕ ਪਾਕਿਸਤਾਨੀ ਵਫ਼ਦਾਂ ਅਤੇ ਪ੍ਰਾਹੁਣਿਆਂ ਵਲੋਂ ਪੰਜਾਬ ਦੇ 31 ਗੇੜੇ ਲਾਏ ਗਏ ਹਨ। ਪਾਕਿਸਤਾਨੀ ਪ੍ਰਾਹੁਣਿਆਂ 'ਤੇ ਸਰਕਾਰ ਵਲੋਂ 15,08,904 ਰੁਪਏ ਦਾ ਖਰਚਾ ਕੀਤਾ ਗਿਆ ਹੈ। ਸਭ ਤੋਂ ਮਹਿੰਗਾ ਦੌਰਾ ਪਾਕਿਸਤਾਨ ਦੇ ਅਨਸਾਰ ਬਰਨੀ ਦਾ ਪੰਜਾਬ ਦਾ 6 ਅਪਰੈਲ 2008 ਤੋਂ 17 ਅਪਰੈਲ 2008 ਤੱਕ ਦਾ ਰਿਹਾ ਹੈ। ਅਨਸਾਰ ਬਰਨੀ 9 ਅਪਰੈਲ ਤੋਂ 11 ਅਪਰੈਲ ਤੱਕ ਆਗਰਾ ਅਤੇ ਰਾਜਸਥਾਨ ਗਏ ਅਤੇ ਉਥੋਂ ਦੇ ਖਾਣ ਪੀਣ ਦਾ ਖਰਚਾ 11054 ਰੁਪਏ ਪੰਜਾਬ ਸਰਕਾਰ ਵਲੋਂ ਕੀਤਾ ਗਿਆ। ਅਨਸਾਰ ਬਰਨੀ ਦੀ ਟਰਾਂਸਪੋਰਟ ਦਾ ਖਰਚਾ 2 ਲੱਖ ਰੁਪਏ ਆਇਆ। ਅਨਸਾਰ ਬਰਨੀ ਦੇ ਚੰਡੀਗੜ• ਅਤੇ ਅੰਮ੍ਰਿਤਸਰ ਦੇ ਤਿੰਨ ਦਿਨਾਂ ਦੌਰੇ ਦਾ ਖਰਚਾ 4,64,609 ਰੁਪਏ ਆਇਆ। ਇਸ 'ਚ ਐਮ.ਕੇ.ਹੋਟਲ ਅੰਮ੍ਰਿਤਸਰ ਦਾ ਖਰਚਾ ਵੀ ਸ਼ਾਮਲ ਹੈ। ਚੰਡੀਗੜ• ਦੇ ਮਾਊਂਟ ਵਿਊ ਹੋਟਲ 'ਚ ਉਨ•ਾਂ ਦੀ ਠਹਿਰ ਅਤੇ ਖਾਣ ਪੀਣ ਦਾ ਖਰਚਾ 1,86,415 ਰੁਪਏ ਵੱਖਰਾ ਆਇਆ ਹੈ। ਪੰਜਾਬ ਭਵਨ ਚੰਡੀਗੜ• ਅਤੇ ਪੰਜਾਬ ਭਵਨ ਦਿੱਲੀ 'ਚ ਉਨ•ਾਂ ਦੀ ਟਹਿਲ ਸੇਵਾ 'ਤੇ 10464 ਰੁਪਏ ਖਰਚ ਕੀਤੇ ਗਏ।
           ਤੋਹਫ਼ਿਆਂ ਦੀ ਗੱਲ ਕਰੀਏ ਤਾਂ ਅਨਸਾਰ ਬਰਨੀ ਨੂੰ ਸਰਕਾਰ ਤਰਫ਼ੋਂ  12,179 ਰੁਪਏ ਦਾ ਸਿਲਵਰ ਦਾ ਮੈਮੈਂਟੋ ਦਿੱਤਾ ਗਿਆ। 13 ਪੋਰਟਰੇਟ ਆਫ਼ ਪੰਜਾਬ ਵਿਦ ਫਰੇਮ ਤੋਹਫ਼ੇ ਵਜੋਂ ਦਿੱਤੇ ਗਏ ਜਿਨ•ਾਂ 'ਤੇ 63,700 ਰੁਪਏ ਖਰਚ ਆਏ। 6 ਗੋਲਡਨ ਟੈਂਪਲ (ਤੋਹਫ਼ਾ) ਦਿੱਤੇ ਗਏ ਜਿਨ•ਾਂ ਦਾ ਖਰਚਾ 39540 ਰੁਪਏ ਆਇਆ। ਅਕਾਲੀ ਸਰਕਾਰ ਨੇ ਅਨਸਾਰ ਬਰਨੀ ਨੂੰ 16 ਅਪਰੈਲ 2008 ਨੂੰ ਦੋ ਚੈੱਸ ਬਾਕਸ ਤੋਹਫ਼ੇ ਵਿੱਚ ਦਿੱਤੇ ਜਿਨ•ਾਂ 'ਤੇ 2200 ਰੁਪਏ ਖਰਚ ਆਏ। ਇਸੇ ਦਿਨ ਹੀ ਸਰਕਾਰ ਨੇ ਅਨਸਾਰ ਬਰਨੀ ਨੂੰ ਤੋਹਫ਼ੇ ਵਜੋਂ 4700 ਰੁਪਏ ਦੀ ਫੁਲਕਾਰੀ ਭੇਟ ਕੀਤੀ ਗਈ। ਏਨੀ ਟਹਿਲ ਸੇਵਾ ਕਿਸੇ ਹੋਰ ਪ੍ਰਵਾਸੀ ਪ੍ਰਾਹੁਣੇ ਦੀ ਵਿਅਕਤੀਗਤ ਰੂਪ ਵਿੱਚ ਨਹੀਂ ਹੋਈ। ਵਿਦੇਸ਼ੀ ਪ੍ਰਾਹਿਣਆ ਚੋਂ ਦੂਸਰੇ ਨੰਬਰ 'ਤੇ ਰਹਿਣ ਵਾਲੀ ਰੂਬੀ ਢੱਲਾ 'ਤੇ ਸਰਕਾਰੀ ਖਰਚਾ 4,83,436 ਰੁਪਏ ਹੋਇਆ ਹੈ। ਰੂਬੀ ਢੱਲਾ 16 ਜਨਵਰੀ 2008 ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ। ਮੁੱਖ ਮੰਤਰੀ ਪੰਜਾਬ ਵਲੋਂ ਰੂਬੀ ਢੱਲਾ ਨੂੰ 4200 ਰੁਪਏ ਦੀ ਕੀਮਤ ਦੇ ਦੋ ਦੁਪੱਟੇ ਤੋਹਫ਼ੇ ਵਜੋਂ ਦਿੱਤੇ ਗਏ ਅਤੇ 6090 ਰੁਪਏ ਦੀ ਗੋਲਡਨ ਟੈਂਪਲ ਦੀ ਤਸਵੀਰ ਆਦਿ ਦਾ ਤੋਹਫ਼ਾ ਦਿੱਤਾ ਗਿਆ। ਉਸ ਤੋਂ ਪਹਿਲਾਂ ਰੂਬੀ ਢੱਲਾ 3 ਜਨਵਰੀ ਤੋਂ 4 ਜਨਵਰੀ 2008 ਤੱਕ ਅੰਮ੍ਰਿਤਸਰ ਦੇ ਮੋਹਨ ਇੰਟਰਨੈਸ਼ਨਲ ਹੋਟਲ ਵਿੱਚ ਠਹਿਰੀ ਜਿਥੋਂ ਦੇ ਖਾਣੇ ਆਦਿ ਦਾ ਖਰਚਾ 16893 ਰੁਪਏ ਪੰਜਾਬ ਸਰਕਾਰ ਤਰਫ਼ੋਂ ਦਿੱਤਾ ਗਿਆ। ਉਸ ਮਗਰੋਂ ਰੂਬੀ ਢੱਬਾ ਫਿਰ ਆਪਣੇ ਪਰਿਵਾਰ ਸਮੇਤ 6 ਜਨਵਰੀ 2011 ਨੂੰ ਪੰਜਾਬ ਆਈ। ਉਹ ਕਾਫੀ ਸਮਾਂ ਪੰਜਾਬ ਰਹੀ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਉਨ•ਾਂ ਦੀ ਟਰਾਂਸਪੋਰਟ ਦਾ ਖਰਚਾ 3,00,656 ਰੁਪਏ ਤਾਰਿਆ ਗਿਆ ਜਦੋਂ ਕਿ ਇਸ ਤੋਂ ਇਲਾਵਾ 1,55,597 ਰੁਪਏ ਦਾ ਵੱਖਰਾ ਬਿੱਲ ਤਾਰਿਆ ਗਿਆ। ਇਵੇਂ ਹੀ ਕੈਨੇਡਾ ਦੇ ਐਮ.ਪੀ ਗੁਰਬਖਸ ਸਿੰਘ ਮੱਲੀ ਦੀ ਟਹਿਲ ਸੇਵਾ 'ਤੇ ਸਰਕਾਰ ਨੇ 1,53,236 ਰੁਪਏ ਖਰਚ ਕੀਤੇ ਹਨ। ਉਹ ਆਪਣੇ ਡੈਲੀਗੇਸ਼ਨ ਸਮੇਤ ਚੰਡੀਗੜ• ਦੇ ਤਾਜ ਹੋਟਲ ਵਿੱਚ ਠਹਿਰਾਇਆ ਜਿਸ ਦਾ ਖਰਚਾ 82908 ਰੁਪਏ ਆਇਆ ਸੀ।
            ਪੰਜਾਬ ਸਰਕਾਰ ਨੂੰ ਸਭ ਤੋਂ ਸਸਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰਿਮੀਅਰ ਉੱਜਲ ਦੁਸਾਂਝ ਅਤੇ ਟਿੱਮ ਉਪਲ ਪਏ ਹਨ। ਦੁਸਾਂਝ ਦੇ ਦੋ ਪੰਜਾਬ ਗੇੜਿਆਂ 'ਤੇ ਸਿਰਫ਼ 20,488 ਰੁਪਏ ਖਰਚ ਆਏ ਜਦੋਂ ਕਿ ਟਿੱਮ ਉਪਲ ਦੇ ਦੌਰੇ 'ਤੇ ਸਿਰਫ਼ 1218  ਰੁਪਏ ਹੀ ਖਰਚ ਕਰਨੇ ਪਏ। ਡੈਲੀਗੇਸ਼ਨ ਦੇ ਰੂਪ ਵਿੱਚ ਸਭ ਤੋਂ ਜਿਆਦਾ ਖਰਚਾ ਅਮਰੀਕੀ ਡੈਲੀਗੇਸ਼ਨ 'ਤੇ ਆਇਆ ਹੈ ਜੋ ਕਿ 10 ਅਕਤੂਬਰ 2007 ਨੂੰ ਪੰਜਾਬ ਆਇਆ ਸੀ। ਇਸ ਡੈਲੀਗੇਸ਼ਨ 'ਤੇ ਸਰਕਾਰ ਵਲੋਂ 8,63,609 ਰੁਪਏ ਖਰਚ ਕੀਤੇ ਗਏ ਸਨ । ਤੋਹਫ਼ਿਆਂ ਦੀ ਗੱਲ ਕਰੀਏ ਤਾਂ 5 ਨਵੰਬਰ 2007 ਨੂੰ ਆਏ ਕਨੇਡੀਅਨ ਡੈਲੀਗੇਸ਼ਨ ਨੂੰ 60682 ਰੁਪਏ ਦੇ ਛੇ ਮੈਮੈਂਟੋ ਦਿੱਤੇ ਗਏ ਹਨ ਜਦੋਂ ਕਿ ਉਸੇ ਦਿਨ ਹੀ ਪਾਕਿਸਤਾਨ ਡੈਲੀਗੇਸ਼ਨ ਨੂੰ ਛੇ ਮੈਮੈਂਟੋ 49909 ਰੁਪਏ ਦੇ ਦਿੱਤੇ ਗਏ।  ਜਪਾਨੀ ਡੈਲੀਗੇਸ਼ਨ ਨੂੰ 92380 ਰੁਪਏ ਦੇ 18 ਮੈਮੈਂਟੋ ਦਿੱਤੇ ਗਏ ਅਤੇ ਕੈਨੇਡਾ ਦੇ ਡੈਲੀਗੇਸ਼ਨ ਨੂੰ 14958 ਰੁਪਏ ਦੀਆਂ 5 ਫੁਲਕਾਰੀਆਂ ਦਿੱਤੀਆਂ ਸਨ। ਪ੍ਰਵਾਸੀ ਪ੍ਰਾਹੁਣਿਆਂ ਨੂੰ ਖੁਸ਼ ਕਰਨ ਵਾਸਤੇ ਸਰਕਾਰ ਨੇ ਪੈਸੇ ਦੀ ਪ੍ਰਵਾਹ ਨਹੀਂ ਕੀਤੀ ਹੈ।
                                                ਡਿਪਟੀ ਕਮਿਸ਼ਨਰਾਂ ਦੀ ਮੁਰਗਿਆਂ ਨਾਲ ਸੇਵਾ
ਮੁੱਖ ਸਕੱਤਰ ਪੰਜਾਬ ਵਲੋਂ ਲੋਕ ਮਸਲਿਆਂ 'ਤੇ ਵਿਚਾਰ ਵਟਾਂਦਰਾ ਕਰਨ ਆਏ ਡਿਪਟੀ ਕਮਿਸ਼ਨਰਾਂ ਦੀ ਸੇਵਾ ਮੁਰਗਿਆਂ ਨਾਲ ਕੀਤੀ ਗਈ ਸੀ। ਮੁੱਖ ਸਕੱਤਰ ਨੇ 8 ਸਤੰਬਰ 2009 ਨੂੰ ਡਿਪਟੀ ਕਮਿਸ਼ਨਰਾਂ ਦੀ ਚੰਡੀਗੜ• 'ਚ ਮੀਟਿੰਗ ਸੱਦੀ ਸੀ ਤਾਂ ਜੋ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਚਾਰਿਆ ਜਾ ਸਕੇ। ਇਸ ਮੀਟਿੰਗ ਵਿੱਚ 70 ਜਣਿਆਂ ਦੀ ਖ਼ਾਤਰਦਾਰੀ 'ਤੇ 12,460 ਰੁਪਏ ਖਰਚ ਆਏ ਸਨ। ਸਰਕਾਰੀ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਡਿਪਟੀ ਕਮਿਸ਼ਨਰਾਂ ਨੂੰ ਹਾਈ ਟੀ,ਮਿਨਰਲ ਵਾਟਰ ਅਤੇ ਨਾਨ ਵੈੱਜ ਵਰਤਾਇਆ ਗਿਆ ਸੀ। ਇਸੇ ਤਰ•ਾਂ ਇੰਡੀਅਨ ਐਸੋਸੀਏਸ਼ਨ ਆਫ਼ ਬਾਇਓ ਮੈਡੀਕਲ ਸਾਇੰਸਟੈਸ ਦੀ 30ਵੀਂ ਸਲਾਨਾ ਕਾਨਫਰੰਸ 19 ਨਵੰਬਰ 2009 ਨੂੰ ਪੰਜਾਬ ਭਵਨ ਚੰਡੀਗੜ• ਵਿੱਚ ਹੋਈ ਜਿਸ ਵਿੱਚ 325 ਮਹਿਮਾਨਾਂ ਨੂੰ ਨਾਨ ਵੈੱਜ ਵਰਤਿਆ ਗਿਆ ਜਿਸ 'ਤੇ ਸਰਕਾਰ ਨੇ 58500 ਰੁਪਏ ਖਰਚ ਕੀਤੇ ਸਨ।
     

   

Friday, March 2, 2012

                       ਕਾਹਲੇ ਉਮੀਦਵਾਰ
             ਮੰਨ ਗਏ ਥੋਡੇ ਟਸ਼ਨ ਨੂੰ !
                        ਚਰਨਜੀਤ ਭੁੱਲਰ
ਬਠਿੰਡਾ : ਦਰਜਨਾਂ ਉਮੀਦਵਾਰਾਂ ਨੇ ਚੋਣ ਨਤੀਜੇ ਤੋਂ ਪਹਿਲਾਂ ਹੀ ਤਿਆਰੀ ਖਿੱਚ ਲਈ ਹੈ। ਕੋਈ ਦਫਤਰ ਸ਼ਿੰਗਾਰ ਰਿਹਾ ਹੈ ਅਤੇ ਕੋਈ ਨਵੀਆਂ ਪੁਸ਼ਾਕਾਂ ਤਿਆਰ ਕਰਵਾ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਮੁਕਤਸਰ ਦੇ ਪ੍ਰਿੰਸ ਟੇਲਰਜ਼ ਕੋਲ ਕਾਫੀ ਭੀੜ ਹੈ, ਜੋ ਖਾਸ ਕਰਕੇ ਨੇਤਾਵਾਂ ਦੀਆਂ ਪੁਸ਼ਾਕਾਂ ਦੀ ਸਿਲਾਈ ਲਈ ਮਸ਼ਹੂਰ ਹੈ। ਕਰੀਬ ਚਾਰ ਦਰਜਨ ਉਮੀਦਵਾਰਾਂ ਵੱਲੋਂ ਇਸ ਦਰਜ਼ੀ ਤੋਂ ਫਰਵਰੀ ਮਹੀਨੇ ਵਿੱਚ ਕੱਪੜੇ ਸਿਲਾਏ ਗਏ ਹਨ। ਕਰੀਬ ਇਕ ਦਰਜਨ ਉਮੀਦਵਾਰਾਂ ਨੇ 4 ਮਾਰਚ ਤੱਕ ਕੱਪੜੇ ਮੰਗੇ ਹਨ।ਬਠਿੰਡਾ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣੇ ਦਫਤਰ ਨੂੰ ਰੰਗ ਰੋਗਨ ਕਰਾ ਲਿਆ ਹੈ ਅਤੇ ਚੋਣਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀਆਂ ਸੂਚੀਆਂ ਵੀ ਤਿਆਰ ਕਰ ਲਈਆਂ ਹਨ। ਸ੍ਰੀ ਸਿੰਗਲਾ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਪੁਸ਼ਾਕਾਂ ਤਾਂ ਪਹਿਲਾਂ ਹੀ ਹਨ ਅਤੇ ਹੁਣ ਦਫਤਰ ਨੂੰ ਰੰਗ ਰੋਗਨ ਕਰਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੂਰੀ ਤਿਆਰ ਕਰ ਲਈ ਹੈ ਅਤੇ ਚੋਣ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਜਾਣਗੇ। ਬਠਿੰਡਾ ਜ਼ਿਲ੍ਹੇ ਦੇ ਦੋ ਕਾਂਗਰਸੀ ਉਮੀਦਵਾਰਾਂ ਵੱਲੋਂ ਦਰਜਨ ਨਵੀਆਂ ਪੁਸ਼ਾਕਾਂ ਸਿਲਵਾਈਆਂ ਗਈਆਂ ਹਨ, ਜਿਨ੍ਹਾਂ ਦੀ ਡਲਿਵਰੀ ਕੱਲ੍ਹ ਹੋਈ ਹੈ। ਬਠਿੰਡਾ ਜ਼ਿਲ੍ਹੇ ਦੇ ਇਕ ਅਕਾਲੀ ਉਮੀਦਵਾਰ ਨੇ ਇਸ ਹਫਤੇ ਇਕ ਗੁਰਦੁਆਰੇ ਵਿੱਚ ਆਪਣੇ ਵਰਕਰਾਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਜਿੱਤ ਦੇ ਜਸ਼ਨ ਮਨਾਉਣ ਵਾਸਤੇ ਤਿਆਰ ਰਹਿਣ ਲਈ ਆਖ ਦਿੱਤਾ ਹੈ। ਅਕਾਲੀ ਉਮੀਦਵਾਰ ਨੇ ਆਪਣੇ ਵਰਕਰਾਂ ਨੂੰ ਆਖ ਦਿੱਤਾ ਹੈ ਕਿ ਉਹ ਆਪੋ ਆਪਣੇ ਘਰਾਂ ਵਿੱਚ ਆਤਿਸ਼ਬਾਜ਼ੀ ਅਤੇ ਗੁਲਾਲ ਮੰਗਵਾ ਲੈਣ ਤਾਂ ਜੋ 6 ਮਾਰਚ ਨੂੰ ਜਿੱਤ ਦੇ ਜਸ਼ਨਾਂ ਨੂੰ ਰੰਗੀਨ ਬਣਾਇਆ ਜਾ ਸਕੇ। ਹਲਕਾ ਮੌੜ ਤੋਂ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਤਾਂ ਤਿਆਰੀ ਹੀ ਹੈ ਅਤੇ ਵਰਕਰ 6 ਮਾਰਚ ਨੂੰ ਮੌਕੇ 'ਤੇ ਗੁਲਾਲ ਵਗੈਰਾ ਖੇਡਣਗੇ। ਉਨ੍ਹਾਂ ਦੱਸਿਆ ਕਿ ਉਹ ਆਪਣਾ ਦਫ਼ਤਰ ਮੌੜ ਮੰਡੀ ਵਿਖੇ ਰੱਖਣਗੇ ਅਤੇ ਦਫਤਰ ਵਗੈਰਾ ਦੇਖ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੁਸ਼ਾਕ ਤਾਂ ਪਹਿਲਾਂ ਹੀ ਹੈ।
           ਹਲਕਾ ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਉਨ੍ਹਾਂ ਕਦੇ ਖਾਸ ਤਿਆਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਜਿੱਤ ਮਗਰੋਂ ਪਿੰਡ ਮਹਿਰਾਜ ਦੇ ਗੁਰਦੁਆਰੇ ਜਾਂਦੇ ਹਨ। ਸ਼ਹਿਰ ਦੇ ਢੋਲੀ ਵੀ 6 ਮਾਰਚ ਦਾ ਦਿਨ ਉਡੀਕ ਰਹੇ ਹਨ।ਮੁਕਤਸਰ ਦੇ ਪ੍ਰਿੰਸ ਟੇਲਰਜ਼ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵੋਟਾਂ ਵਾਲੇ ਦਿਨਾਂ ਵਿੱਚ ਉਨ੍ਹਾਂ ਕੋਲ ਆਗੂਆਂ ਦਾ ਕੰਮ ਘਟ ਗਿਆ ਸੀ। ਉਨ੍ਹਾਂ ਦੱਸਿਆ ਕਿ ਵੋਟਾਂ ਮਗਰੋਂ ਇਕਦਮ ਫਰਵਰੀ ਮਹੀਨੇ ਵਿੱਚ ਨਵੀਆਂ ਪੁਸ਼ਾਕਾਂ ਸਿਲਵਾਉਣ ਵਾਲੇ ਆਗੂਆਂ ਦੀ ਆਮਦ ਵਧ ਗਈ। ਉਨ੍ਹਾਂ ਦੱਸਿਆ ਕਿ 50 ਦੇ ਕਰੀਬ ਉਮੀਦਵਾਰਾਂ ਨੇ ਕਮੀਜ਼ ਪਜ਼ਾਮੇ ਅਤੇ ਜੈਕਟਾਂ ਸਿਲਵਾਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੇ 6 ਮਾਰਚ ਤੋਂ ਪਹਿਲਾਂ ਆਪਣੀਆਂ ਪੁਸ਼ਾਕਾਂ ਤਿਆਰ ਮੰਗੀਆਂ ਹਨ। ਇਹ ਵੀ ਦੱਸਿਆ ਕਿ ਅਕਾਲੀ ਅਤੇ ਕਾਂਗਰਸੀ ਉਮੀਦਵਾਰ ਦੋਵੇਂ ਤਿਆਰੀ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਦਰਜ਼ੀ ਦੀ ਮਸ਼ਹੂਰੀ ਕਰਕੇ ਲੁਧਿਆਣਾ, ਬਠਿੰਡਾ, ਮਾਨਸਾ, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਦੇ ਸਿਆਸੀ ਲੀਡਰ ਮੁਕਤਸਰ ਵਿੱਚ ਪੁਸ਼ਾਕਾਂ ਦੀ ਸਿਲਾਈ ਲਈ ਪੁੱਜਦੇ ਹਨ।
           ਪ੍ਰਿੰਸ ਟੇਲਰਜ਼ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਕੱਪੜੇ ਤਿਆਰ ਮੰਗਣ ਵਾਲੇ ਲੀਡਰਾਂ ਦੀ ਗਿਣਤੀ ਵਧਣ ਕਰਕੇ ਉਨ੍ਹਾਂ ਨੂੰ ਫਰਵਰੀ ਮਹੀਨੇ ਵਿੱਚ ਦਿਨ ਰਾਤ ਕੰਮ ਚਾਲੂ ਰੱਖਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ ਦੋ ਹਫ਼ਤੇ ਤੋਂ ਤਾਂ ਰੋਜ਼ਾਨਾ 5 ਤੋਂ 7 ਵੀ.ਵੀ.ਆਈ.ਪੀ. ਵਿਸ਼ੇਸ਼ ਪੁਸ਼ਾਕਾਂ ਤਿਆਰ ਕਰਵਾਉਣ ਵਾਸਤੇ ਆ ਰਹੇ ਹਨ। ਕਈ ਉਮੀਦਵਾਰਾਂ ਵੱਲੋਂ ਤਾਂ 10-10 ਕਮੀਜ਼ ਪਜ਼ਾਮੇ ਸਿਲਵਾਏ ਗਏ ਹਨ। ਪਤਾ ਲੱਗਿਆ ਹੈ ਕਿ ਪਟਿਆਲਾ ਅਤੇ ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ ਅਤੇ ਜਲੰਧਰ ਦੇ ਦਰਜ਼ੀਆਂ ਕੋਲ ਵੀ ਉਮੀਦਵਾਰਾਂ ਦੇ ਕੱਪੜਿਆਂ ਦੀ ਸਿਲਾਈ ਦਾ ਕਾਫੀ ਕੰਮ ਵੱਧ ਗਿਆ ਹੈ। ਪਤਾ ਲੱਗਿਆ ਹੈ ਕਿ ਅੰਦਰੋਂ ਅੰਦਰੀ ਤਾਂ ਕਈ ਉਮੀਦਵਾਰਾਂ ਨੇ ਹਲਵਾਈਆਂ ਨੂੰ ਲੱਡੂਆਂ ਦੇ ਆਰਡਰ ਵੀ ਦੇ ਰੱਖੇ ਹਨ ਪਰ ਇਸ ਬਾਰੇ ਕੋਈ ਵੀ ਉਮੀਦਵਾਰ ਨਹੀਂ ਦੱਸ ਰਿਹਾ ਹੈ। ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਗੁਲਾਲ ਦਾ ਪ੍ਰਬੰਧ ਕਰਨ ਵਾਸਤੇ ਆਖ ਰੱਖਿਆ ਹੈ। ਇੱਥੋਂ ਤੱਕ ਕਿ ਬਹੁਤੇ ਉਮੀਦਵਾਰਾਂ ਨੇ ਤਾਂ ਚੋਣ ਨਤੀਜੇ ਦੇ ਐਲਾਨ ਮਗਰੋਂ ਜੇਤੂ ਜਲੂਸ ਦਾ ਰੂਟ ਪ੍ਰੋਗਰਾਮ ਵੀ ਬਣਾ ਰੱਖਿਆ ਹੈ। ਦੇਖਣਾ ਇਹ ਹੈ ਕਿ ਚੋਣ ਨਤੀਜੇ ਕੀ ਆਖਦੇ ਹਨ।
                                                    ਗਿਣਤੀ ਏਜੰਟਾਂ ਦੀਆਂ ਸੂਚੀਆਂ ਦੀ ਤਿਆਰੀ
ਉਮੀਦਵਾਰਾਂ ਨੇ ਗਿਣਤੀ ਏਜੰਟਾਂ ਦੀਆਂ ਸੂਚੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ ਗਿਣਤੀ ਏਜੰਟਾਂ ਅਤੇ ਸੁਪਰਵਾਈਜ਼ਰਾਂ ਦੀਆਂ ਸੂਚੀਆਂ ਜਮ੍ਹਾਂ ਕਰਾਉਣ ਲਈ 2 ਮਾਰਚ ਦੀ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਹੋਇਆ ਹੈ, ਜਿਸ ਕਰਕੇ ਉਮੀਦਵਾਰ ਗਿਣਤੀ ਕੇਂਦਰਾਂ 'ਤੇ ਬੈਠਣ ਵਾਲੇ ਆਪਣੇ ਗਿਣਤੀ ਏਜੰਟਾਂ ਦੀਆਂ ਸੂਚੀਆਂ ਤਿਆਰ ਕਰ ਰਹੇ ਹਨ। ਮੌੜ ਦੇ ਉਮੀਦਵਾਰ ਮੰਗਤ ਰਾਏ ਬਾਂਸਲ ਨੇ ਏਜੰਟਾਂ ਦੀ ਸੂਚੀ ਜਮ੍ਹਾਂ ਕਰਾ ਦਿੱਤੀ ਹੈ, ਜਦੋਂ ਕਿ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਅਤੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਸੂਚੀਆਂ ਤਿਆਰ ਕੀਤੀਆਂ ਹਨ।

Thursday, March 1, 2012

           ਵਿਜੀਲੈਂਸ ਦੇ ਰੰਗ ਹੋਏ 'ਬਦਰੰਗ'
                              ਚਰਨਜੀਤ ਭੁੱਲਰ
ਬਠਿੰਡਾ : ਪਟਵਾਰੀ ਖ਼ਿਲਾਫ਼ ਕਾਰਵਾਈ ਤੋਂ ਪਾਸਾ ਵੱਟ ਕੇ ਵਿਜੀਲੈਂਸ ਰੇਂਜ ਬਠਿੰਡਾ ਨੇ ਇਕ ਕਿਸਾਨ ਨੂੰ ਹੀ ਚੱਕਰ ਵਿੱਚ ਫਸਾ ਦਿੱਤਾ ਹੈ। ਅੱਕੇ ਹੋਏ ਕਿਸਾਨ ਨੇ ਅੱਜ ਵਿਜੀਲੈਂਸ ਦਫਤਰ ਅੱਗੇ ਧਰਨਾ ਲਾ ਦਿੱਤਾ।ਪਿੰਡ ਬਾਲਿਆਂਵਾਲੀ ਦੇ ਕਿਸਾਨ ਕੁਲਦੀਪ    ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਮਗਰੋਂ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਜ਼ਮੀਨ ਨਾਂ ਕਰਾਉਣ ਲਈ ਪਟਵਾਰੀ ਕੋਲ ਗਿਆ ਸੀ, ਜਿਸ ਨੇ ਕਥਿਤ ਤੌਰ 'ਤੇ ਰਿਸ਼ਵਤ ਮੰਗੀ। ਉਸ ਦਾ ਕਹਿਣਾ ਸੀ ਕਿ ਉਸ ਨੇ ਵਿਜੀਲੈਂਸ ਅਫਸਰਾਂ ਦੇ ਕਹਿਣ 'ਤੇ ਪਟਵਾਰੀ ਨਾਲ ਛੇ ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕੀਤਾ ਅਤੇ ਦੋ ਹਜ਼ਾਰ ਰੁਪਏ ਪੇਸ਼ਗੀ ਦੇ ਦਿੱਤੀ। ਫਰਵਰੀ ਮਹੀਨੇ ਦੇ ਤੀਜੇ ਹਫ਼ਤੇ ਉਹ ਵਿਜੀਲੈਂਸ ਦੇ ਡੀ.ਐਸ.ਪੀ. ਬਲਜੀਤ ਸਿੰਘ ਸਿੱਧੂ ਕੋਲ ਗਿਆ, ਜੋ ਪਟਵਾਰੀ ਨੂੰ ਫੜਨ ਲਈ ਤਿਆਰ ਹੋ ਗਏ ਸਨ ਪਰ ਜਦੋਂ ਉਨ੍ਹਾਂ ਨੇ ਐਸ.ਪੀ. ਵਿਜੀਲੈਂਸ ਨਾਲ ਗੱਲ ਕੀਤੀ ਤਾਂ ਉਸ ਮਗਰੋਂ ਮਾਮਲਾ ਢਿੱਲਾ ਪੈ ਗਿਆ। ਉਸ ਨੇ ਵਿਜੀਲੈਂਸ ਅਫਸਰਾਂ ਨੂੰ ਚਾਰ ਹਜ਼ਾਰ ਰੁਪਏ ਵੀ ਦੇ ਦਿੱਤੇ ਤਾਂ ਜੋ ਉਨ੍ਹਾਂ ਉਤੇ ਰੰਗ ਲਾ ਕੇ ਪਟਵਾਰੀ ਨੂੰ ਰੰਗੇ ਹੱਥੀਂ ਫੜਾਇਆ ਜਾ ਸਕੇ ਪਰ ਕੁਝ ਦਿਨਾਂ ਮਗਰੋਂ ਵਿਜੀਲੈਂਸ ਅਫਸਰਾਂ ਨੇ ਪਟਵਾਰੀ ਨੂੰ ਫੜਨ ਦੀ ਥਾਂ ਮੁੱਦਈ ਕਿਸਾਨ ਨੂੰ ਹੀ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ।ਇਸ ਉਤੇ ਕੁਲਦੀਪ ਸਿੰਘ ਨੇ ਮਾਮਲਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਕੋਲ ਉਠਾ ਦਿੱਤਾ। ਕਿਸਾਨ ਕੁਲਦੀਪ ਸਿੰਘ ਆਖਦਾ ਹੈ ਕਿ ਵਿਜੀਲੈਂਸ ਅਫਸਰ, ਪਟਵਾਰੀ ਨੂੰ ਫੜਨ ਦੀ ਥਾਂ ਉਸ ਤੋਂ ਰੰਗ ਲਾਉਣ ਵਾਸਤੇ ਲਏ ਚਾਰ ਹਜ਼ਾਰ ਰੁਪਏ ਵਾਪਸ ਕਰ ਰਹੇ ਹਨ, ਜੋ ਉਸ ਨੇ ਵਾਪਸ ਨਹੀਂ ਲਏ। ਅੱਜ ਜਦੋਂ ਕਿਸਾਨ ਨੇ ਦਫਤਰ ਅੱਗੇ ਧਰਨਾ ਮਾਰ ਦਿੱਤਾ ਤਾਂ ਵਿਜੀਲੈਂਸ ਅਫਸਰਾਂ ਨੇ ਇਸ ਕਿਸਾਨ ਨੂੰ ਪਟਵਾਰੀ ਖ਼ਿਲਾਫ਼ ਹਲਫੀਆ ਬਿਆਨ ਦੇਣ ਲਈ ਆਖ ਦਿੱਤਾ।
           ਪਤਾ ਲੱਗਿਆ ਹੈ ਕਿ ਬਠਿੰਡਾ ਦੇ ਵਿਜੀਲੈਂਸ ਅਫਸਰਾਂ ਨੂੰ ਉਪਰੋਂ ਪ੍ਰਵਾਨਗੀ ਨਹੀਂ ਮਿਲ ਸਕੀ ਸੀ, ਜਿਸ ਕਰਕੇ ਪਟਵਾਰੀ ਨੂੰ ਰੰਗੇ ਹੱਥੀਂ ਫੜਨ ਤੋਂ ਸਥਾਨਕ ਵਿਜੀਲੈਂਸ ਅਫਸਰਾਂ ਨੇ ਪਾਸਾ ਵੱਟ ਲਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪਿੰਡ ਬਾਲਿਆਂਵਾਲੀ ਦੇ ਆਗੂ ਗੁਰਜੰਟ ਸਿੰਘ ਅਤੇ ਜਗਸੀਰ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਵਿਜੀਲੈਂਸ ਅਫਸਰ ਪਟਵਾਰੀ ਨਾਲ ਮਿਲ ਗਏ ਹਨ, ਜਿਸ ਕਰਕੇ ਹੁਣ ਮਾਮਲਾ ਰਫਾ ਦਫਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਵਿਜੀਲੈਂਸ ਅਫਸਰ ਹੁਣ ਆਖ ਰਹੇ ਹਨ ਕਿ ਥੋਡਾ ਕੰਮ ਪਟਵਾਰੀ ਤੋਂ ਕਰਾ ਦਿੰਦੇ ਹਾਂ ਅਤੇ ਵੱਧ ਪੈਸੇ ਮੁੜਵਾ ਦਿੰਦੇ ਹਾਂ। ਉਨ੍ਹਾਂ ਆਖਿਆ ਕਿ ਉਹ ਵਿਜੀਲੈਂਸ ਅਫਸਰਾਂ ਦੀ ਸ਼ਿਕਾਇਤ ਪੰਜਾਬ ਦੇ ਰਾਜਪਾਲ ਨੂੰ ਕਰਨਗੇ ਕਿ ਉਹ ਵੱਢੀਖੋਰਾਂ ਦਾ ਪੱਖ ਪੂਰ ਰਹੇ ਹਨ। ਅੱਜ ਵੀ ਵਿਜੀਲੈਂਸ ਅਫਸਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਰਹੇ।ਇਸ ਬਾਰੇ ਪਿੰਡ ਬਾਲਿਆਂਵਾਲੀ ਦੇ ਪਟਵਾਰੀ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਅਸਲ ਵਿੱਚ ਕਿਸਾਨ ਆਗੂਆਂ ਨੂੰ ਇਕ ਜ਼ਮੀਨ ਕੁਰਕੀ ਦੇ ਮਾਮਲੇ ਵਿੱਚ ਉਸ ਨਾਲ ਰੰਜ਼ਿਸ਼ ਹੈ, ਜਿਸ ਕਰਕੇ ਉਹ ਮਾਮਲਾ ਉਛਾਲ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨ ਕੁਲਦੀਪ ਸਿੰਘ ਨਾਲ ਉਸ ਦਾ ਕੋਈ ਰੌਲਾ ਨਹੀਂ ਹੈ ਅਤੇ ਨਾ ਹੀ ਉਸ ਨੇ ਇਸ ਕਿਸਾਨ ਤੋਂ ਪੈਸੇ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਉਸ ਨੇ ਤਾਂ ਵਿਰਾਸਤ ਦਾ ਇੰਤਕਾਲ ਵੀ 27 ਫਰਵਰੀ ਨੂੰ ਕਰ ਦਿੱਤਾ ਸੀ ਅਤੇ ਪਹਿਲਾਂ ਕਿਸਾਨ ਵੱਲੋਂ ਲੋੜੀਂਦੇ ਦਸਤਾਵੇਜ਼ ਪੂਰੇ ਨਹੀਂ ਦਿੱਤੇ ਗਏ ਸਨ। ਉਸ ਦਾ ਕਹਿਣਾ ਸੀ ਕਿ ਉਸ 'ਤੇ ਰਿਸ਼ਵਤ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ।ਵਿਜੀਲੈਂਸ ਦੇ ਡੀ.ਐਸ.ਪੀ. ਬਲਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਹ ਪਟਵਾਰੀ ਨੂੰ ਫੜਨ ਤੋਂ ਪਹਿਲਾਂ ਨਿਯਮਾਂ ਅਨੁਸਾਰ ਅਗਾਊਂ ਪੜਤਾਲ ਕਰ ਰਹੇ ਸਨ ਅਤੇ ਕਿਸਾਨ ਆਗੂਆਂ ਵੱਲੋਂ ਕਾਹਲ ਦਿਖਾਈ ਜਾ ਰਹੀ ਸੀ।
                                       ਬਿਨਾਂ ਪੜਤਾਲ ਤੋਂ ਕੇਸ ਦਰਜ ਨਹੀਂ ਹੋ ਸਕਦਾ: ਐਸ.ਐਸ.ਪੀ
ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਐਸ.ਪੀ. ਖੁਸ਼ੀ ਮੁਹੰਮਦ ਦਾ ਕਹਿਣਾ ਸੀ ਕਿ ਕੋਈ ਵੀ ਐਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਮਾਮਲੇ ਨੂੰ ਪੜਤਾਲਣਾ ਜ਼ਰੂਰੀ ਹੁੰਦਾ ਹੈ ਅਤੇ ਉਹ ਪੜਤਾਲ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਉੱਚ ਅਫਸਰਾਂ ਤੋਂ ਵੀ ਪਹਿਲਾਂ ਅਗਾਊਂ ਪ੍ਰਵਾਨਗੀ ਲੈਣੀ ਪੈਂਦੀ ਹੈ। ਉਨ੍ਹਾਂ ਮੁੱਦਈ ਤੋਂ ਰੰਗ ਲਾਉਣ ਵਾਸਤੇ ਪੈਸੇ ਲਏ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਕਦੇ ਵੀ ਪਟਵਾਰੀ ਨੂੰ ਨਹੀਂ ਬੁਲਾਇਆ ਅਤੇ ਨਾ ਹੀ ਮੁੱਦਈ ਦਾ ਪਟਵਾਰੀ ਨਾਲ ਸਮਝੌਤਾ ਕਰਾਉਣ ਦੀ ਕੋਈ ਗੱਲ ਆਖੀ ਹੈ। ਉਨ੍ਹਾਂ ਆਖਿਆ ਕਿ ਉਹ ਕਾਨੂੰਨ ਤੋਂ ਬਾਹਰ ਜਾ ਕੇ ਬਿਨਾਂ ਪੜਤਾਲ ਤੋਂ ਕੋਈ ਕੇਸ ਦਰਜ ਨਹੀਂ ਕਰ ਸਕਦੇ ਹਨ।