Thursday, November 30, 2017

                                ਬੇਦਰਦ ਹਕੂਮਤ
             ਰੋਲ ਦਿੱਤਾ ਮਰਨਾ ਪੁੱਤ ਸ਼ੇਰ ਬੱਗੇ ਦਾ
                                ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਹੁਣ ਮਾਂ ਸੁਖਜੀਤ ਕੌਰ ਦੇ ਜੇਰੇ ਨੂੰ ਪਰਖ ਰਹੀ ਹੈ। ਇਸ ਮਾਂ ਨੇ ਪਹਿਲਾਂ ਖੇਤਾਂ 'ਚ ਰੁਲਦਾ ਪੁੱਤ ਵੇਖਿਆ ਤੇ ਹੁਣ ਨੌ ਦਿਨਾਂ ਤੋਂ ਪੁੱਤ ਦੀ ਰੁਲਦੀ ਲਾਸ਼ ਦੇਖ ਰਹੀ ਹੈ। ਜਦੋਂ ਸਰਕਾਰ 'ਬੁੱਤ' ਬਣ ਜਾਏ ਤਾਂ ਮਾਂਵਾਂ ਦੇ ਪੁੱਤਾਂ ਦਾ ਮਰਨਾ ਵੀ ਰੁਲ ਜਾਂਦਾ ਹੈ। ਪੂਰੇ ਨੌ ਦਿਨਾਂ ਤੋਂ ਜਵਾਨ ਕਿਸਾਨ ਭੁਪਿੰਦਰ ਸਿੰਘ ਦੀ ਲਾਸ਼ ਰੁਲ ਰਹੀ ਹੈ। ਸਰਕਾਰ ਇਨਸਾਫ ਲੈਣ ਲਈ ਮੈਦਾਨ 'ਚ ਕੁੱਦੇ ਕਿਸਾਨਾਂ ਦਾ ਸਿਰੜ ਵੀ ਤੋਲ ਰਹੀ ਹੈ। ਹਾਲੇ ਤੱਕ ਕਿਸੇ ਅਫਸਰ ਦਾ ਵੀ ਮਨ ਸਭ ਕੁਝ ਦੇਖ ਕੇ ਨਹੀਂ ਉੱਛਲਿਆ। ਮਾਂ ਸੁਖਜੀਤ ਕੌਰ ਹੁਣ ਚਲਦੀ ਫਿਰਦੀ 'ਲਾਸ਼' ਤੋਂ ਵੱਧ ਕੇ ਕੁਝ ਨਹੀਂ। ਰਾਤ ਨੂੰ ਜਦੋਂ ਖੜਾਕ ਹੁੰਦਾ ਹੈ ਤਾਂ ਬੂਹੇ ਵੱਲ ਦੇਖਦੀ ਹੈ। ਨਿਆਂ ਦੇਣ ਦੀ ਥਾਂ ਪੁਲੀਸ ਇਸ ਮਾਂ ਦੇ ਸਬਰ ਨੂੰ ਗਜ਼ਾਂ ਨਾਲ ਨਾਪਣ ਲੱਗੀ ਹੈ। ਬਾਪ ਦਰਸ਼ਨ ਸਿੰਘ ਆਖਦਾ ਹੈ ਕਿ ਜੋ ਪੁੱਤ ਦੀ ਮੌਤ ਲਈ ਜਿੰਮੇਵਾਰ ਹਨ, ਉਨ•ਾਂ ਤੇ ਕੇਸ ਦਰਜ ਹੋਵੇ। ਪਿੰਡ ਮੰਡੀ ਕਲਾਂ ਦੇ ਭੁਪਿੰਦਰ ਸਿੰਘ ਨੇ 20 ਨਵੰਬਰ ਦੀ ਰਾਤ ਨੂੰ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਨੋਟ 'ਚ ਉਸ ਨੇ ਇੱਕ ਏ.ਐਸ.ਆਈ ਦਾ ਨਾਮ ਲਿਖਿਆ ਜੋ ਉਸ ਨੂੰ ਡਰਾ ਧਮਕਾ ਰਿਹਾ ਸੀ। ਘਰੋਂ ਮਾਂ ਨੂੰ ਉਹ ਇਹੋ ਆਖ ਕੇ ਗਿਆ ਕਿ ' ਤੜਕੇ ਨਰਮਾ ਮੰਡੀ ਲੈ ਕੇ ਜਾਵਾਂਗੇ'। ਤੜਕਸਾਰ ਮਾਪਿਆਂ ਨੂੰ ਭੁਪਿੰਦਰ ਦੀ ਲਾਸ਼ ਮੰਡੀ ਰਾਮਪੁਰਾ ਦੇ ਹਸਪਤਾਲ ਲਿਜਾਣੀ ਪੈ ਗਈ।
                   ਆੜ•ਤੀਆਂ ਤਾਂ ਕਿਸਾਨ ਭੁਪਿੰਦਰ ਦੇ ਰਾਹ ਦੇਖ ਰਿਹਾ ਸੀ ਪ੍ਰੰਤੂ ਉਸ ਤੋਂ ਪਹਿਲਾਂ ਹੀ ਇਹ ਕਿਸਾਨ ਕਿਸੇ ਹੋਰ 'ਮੰਡੀ' ਚਲਾ ਗਿਆ। ਜਮ•ਾਂ ਦੋ ਦੀ ਪੜਾਈ ਮਗਰੋਂ ਉਸ ਨੇ ਪਾਸਪੋਰਟ ਬਣਾਇਆ ਤੇ ਵਿਦੇਸ਼ ਜਾਣ ਦੇ ਸੁਫਨੇ ਵੇਖਣ ਲੱਗਾ। ਉਸ ਤੋਂ ਪਹਿਲਾਂ ਪੁਲੀਸ ਨੇ ਇੱਕ ਕੇਸ ਦਰਜ ਕਰ ਦਿੱਤਾ ਜਿਸ ਦੀ ਪੜਤਾਲ 'ਚ ਉਹ ਨਿਰਦੋਸ਼ ਨਿਕਲਿਆ। ਛੋਟੀ ਕਿਸਾਨੀ ਵਾਲੇ ਇਸ ਪਰਿਵਾਰ ਨੂੰ ਪੁਲੀਸ ਦੀ ਡਰਾਉਣੀ ਚੁੱਪ ਹੁਣ ਰੜਕ ਰਹੀ ਹੈ। ਬਾਪ ਦਰਸ਼ਨ ਸਿੰਘ ਆਖਦਾ ਹੈ ,' ਏਨੀ ਨਿਰਦਈ ਸਰਕਾਰ, ਕਿਸੇ ਨੇ ਫੋਕਾ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ।'  ਭੁਪਿੰਦਰ ਸਿੰਘ ਨੇ 20 ਨਵੰਬਰ ਦੀ ਰਾਤ ਨੂੰ ਮੌਤ ਨੂੰ ਜੱਫੀ ਪਾ ਲਈ ਅਤੇ ਮਾਂ ਸੁਖਜੀਤ ਕੌਰ ਨੂੰ ਨਾ ਦਿਨੇ ਚੈਨ ਹੈ ਅਤੇ ਨਾ ਰਾਤ ਨੂੰ ਅੱਖ ਲੱਗਦੀ ਹੈ। ਮਾਂ ਆਖਦੀ ਹੈ ' ਜਿਹਦੇ ਪੁੱਤ ਦੀ ਲਾਸ਼ ਰੁਲ ਜਾਏ, ਉਸ ਨੂੰ ਨੀਂਦਾਂ ਕਿਥੇ'। 'ਜਦੋਂ ਰੋਟੀ ਦੀ ਬੁਰਕੀ ਮੂੰਹ 'ਚ ਪਾਉਂਦੀ ਹਾਂ ਤਾਂ ਲੰਘਦੀ ਨਹੀਂ।' ਮਾਂ ਨੇ ਰੋਂਦੀ ਹੋਈ ਨੇ ਦੱਸਿਆ। ਇਸ ਘਰ ਦਾ ਦੀਵਾ ਹੀ ਬੁੱਝ ਗਿਆ ਹੈ ਅਤੇ ਪੂਰੇ ਪਿੰਡ ਦੇ ਚੁੱਲ•ੇ ਠੰਢੇ ਹੋ ਗਏ ਹਨ। ਪਿੰਡ ਵਾਲਿਆਂ ਦੇ ਇਸ ਸ਼ੇਰ ਬੱਗੇ ਦੀ ਲਾਸ਼ ਨੂੰ ਵੀ ਹੁਣ ਲਮਕਣਾ ਪੈ ਰਿਹਾ ਹੈ। ਇਸ ਪਰਿਵਾਰ ਕੋਲ ਛੇ ਏਕੜ ਜ਼ਮੀਨ ਹੈ ਅਤੇ ਸਿਰ ਸੱਤ ਲੱਖ ਦਾ ਕਰਜ਼ਾ ਹੈ। ਭੁਪਿੰਦਰ ਸਿੰਘ ਦਾ ਇੱਕ ਛੋਟਾ ਭਰਾ ਪ੍ਰਲਾਦ ਸਿੰਘ ਹੈ ਜਿਸ ਨੂੰ ਹੁਣ ਕਦੇ ਵੀ ਸੱਜੀ ਬਾਂਹ ਦਾ ਅਹਿਸਾਸ ਨਹੀਂ ਹੋਵੇਗਾ।
                     ਭਰਾ ਦੱਸਦਾ ਹੈ ਕਿ ਭੁਪਿੰਦਰ ਨੇ ਖੇਤ ਜਾਣ ਤੋਂ ਪਹਿਲਾਂ ਮਾਂ ਤੋਂ ਰੋਟੀ ਖਾਧੀ ਤੇ ਰਾਤ ਨੂੰ ਖੁਦਕੁਸ਼ੀ ਦਾ ਸੁਨੇਹਾ ਆ ਗਿਆ। ਮਾਂ ਸੁਖਜੀਤ ਕੌਰ ਕੋਲ ਹੁਣ ਕੋਈ ਢਾਰਸ ਨਹੀਂ ਬਚੀ। ਕਿਸਾਨ ਆਗੂ ਕਈ ਦਿਨਾਂ ਤੋਂ ਸੜਕਾਂ ਤੇ ਧਰਨੇ ਮਾਰ ਰਹੇ ਹਨ। ਉਧਰ, ਸਰਕਾਰ ਵਲੋਂ ਵੱਟੀ ਚੁੱਪ ਨੇ ਕਿਸਾਨ ਸੰਘਰਸ਼ ਨੂੰ ਐਸਾ ਝੋਕਾ ਲਾਇਆ ਹੈ ਕਿ ਹੁਣ ਕਿਸਾਨ ਉਬਾਲੇ ਖਾਣ ਲੱਗੇ ਹਨ। ਮਾਂ ਸੁਖਜੀਤ ਕੌਰ ਪੁੱਤ ਦੇ ਚਲੇ ਜਾਣ ਮਗਰੋਂ ਵੀ ਮਿੱਟੀ ਫਰੋਲ ਰਹੀ ਹੈ। ਕਿਧਰੋਂ ਵੀ ਕੋਈ ਸਰਕਾਰੀ ਹੁੰਗਾਰਾ ਨਹੀਂ ਮਿਲਿਆ, ਹਾਲਾਂਕਿ ਜ਼ਿੰਦਗੀ ਨੇ ਇਸ ਕਿਸਾਨ ਪ੍ਰਵਾਰ ਨੂੰ ਏਡੀ ਫੇਟ ਮਾਰ ਦਿੱਤੀ ਹੈ। ਹਕੂਮਤ ਇਸ ਮਾਂ ਨੂੰ ਲਿਫਾਉਣਾ ਚਾਹੁੰਦੀ ਹੈ। ਜਦੋਂ ਕਿ ਮਾਂ ਆਪਣਾ ਕਸੂਰ ਪੁੱਛ ਰਹੀ ਹੈ। ਉਹ ਪੁੱਤ ਦੀ ਮੌਤ ਲਈ ਨਿਆਂ ਮੰਗ ਰਹੀ ਹੈ। ਦੂਸਰੀ ਤਰਫ਼ ਸਰਕਾਰ ਇਸ ਮਾਂ ਦੇ ਜਜ਼ਬਾਤਾਂ ਨਾਲ ਕਲੋਲਾਂ ਕਰ ਰਹੀ ਹੈ।
                                ਮੋਤੀ ਮਹਿਲ ਅੱਗੇ ਲਾਸ਼ ਰੱਖਾਂਗੇ : ਕਿਸਾਨ ਯੂਨੀਅਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਅਤੇ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਅੱਜ ਐਲਾਨ ਕੀਤਾ ਹੈ ਕਿ ਮ੍ਰਿਤਕ ਕਿਸਾਨ ਭੁਪਿੰਦਰ ਸਿੰਘ ਦੀ ਲਾਸ਼ ਨੂੰ 3 ਦਸੰਬਰ ਨੂੰ ਮੋਤੀ ਮਹਿਲ ਪਟਿਆਲਾ ਅੱਗੇ ਲਿਜਾਇਆ ਜਾਵੇਗਾ ਅਤੇ ਇਸ ਮੌਕੇ ਲਾਸ਼ ਰੱਖ ਕੇ ਧਰਨਾ ਦਿੱਤਾ ਜਾਵੇਗਾ। ਸਰਕਾਰ ਨੇ ਏਨੀ ਬੇਸ਼ਰਮੀ ਧਾਰ ਲਈ ਹੈ ਕਿ ਕਿਸੇ ਨੇ ਇਸ ਪ੍ਰਵਾਰ ਦੀ ਬਾਤ ਤੱਕ ਨਹੀਂ ਪੁੱਛੀ ਹੇ। ਹੁਣ ਪਟਿਆਲੇ ਤੋਂ ਸੁੱਕੇ ਨਹੀਂ ਮੁੜਾਂਗੇ। ਉਨ•ਾਂ ਮੰਗ ਕੀਤੀ ਕਿ ਸਰਕਾਰ ਫੌਰੀ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰੇ, ਪੀੜਤ ਪ੍ਰਵਾਰ ਨੂੰ ਮੁਆਵਜ਼ਾ ਦੇਵੇ। ਬਿਨ•ਾਂ ਇਨਸਾਫ ਤੋਂ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ। 

Wednesday, November 29, 2017

                   ਮੋਤੀਆਂ ਵਾਲੀ ਸਰਕਾਰ
           ਸੱਤ ਲੱਖ ਦਾ ਪਾਣੀ ਪੀ ਗਈ… 
                       ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ 'ਅੰਮ੍ਰਿਤ' ਵਰਗਾ ਪਾਣੀ ਪੀਂਦੀ ਹੈ। ਜਦੋਂ ਮਾਮਲਾ ਵੀ.ਆਈ.ਪੀਜ਼ ਦਾ ਹੋਵੇ ਤਾਂ ਸਰਕਾਰ ਵਲੋਂ ਪੀਣ ਵਾਲੇ ਪਾਣੀ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ। ਤਾਹੀਂਓ ਪ੍ਰਾਹੁਣਚਾਰੀ ਮਹਿਕਮੇ ਵਲੋਂ ਰੋਜ਼ਾਨਾ ਔਸਤਨ ਚਾਰ ਹਜ਼ਾਰ ਰੁਪਏ ਇਕੱਲੇ ਪੀਣ ਵਾਲੇ ਪਾਣੀ ਤੇ ਖਰਚੇ ਜਾ ਰਹੇ ਹਨ। ਲੰਘੇ ਸਾਢੇ ਛੇ ਮਹੀਨਿਆਂ 'ਚ 7.09 ਲੱਖ ਰੁਪਏ ਦਾ ਖਰਚਾ ਇਕੱਲੇ ਪੀਣ ਵਾਲੇ ਪਾਣੀ ਦਾ ਹੈ। ਜਦੋਂ ਅਕਾਲੀ ਹਕੂਮਤ ਸਾਲ 2007-12 'ਚ ਬਣੀ ਸੀ ਤਾਂ ਉਦੋਂ ਪੰਜ ਵਰਿ•ਆਂ 'ਚ ਪੀਣ ਵਾਲੇ ਪਾਣੀ ਦਾ ਖਰਚਾ 10.29 ਲੱਖ ਰੁਪਏ ਦਾ ਸੀ ਜਦੋਂ ਕਿ ਹੁਣ ਸਾਢੇ ਛੇ ਮਹੀਨਿਆਂ 'ਚ ਪਾਣੀ ਦਾ ਖਰਚਾ ਸੱਤ ਲੱਖ ਨੂੰ ਪਾਰ ਕਰ ਗਿਆ ਹੈ। ਪੰਜਾਬ ਦੇ ਆਮ ਲੋਕਾਂ ਨੂੰ ਸ਼ੁੱਧ ਪਾਣੀ ਨਹੀਂ ਮਿਲਦਾ ਹੈ ਤੇ ਮਾਲਵਾ ਖ਼ਿੱਤਾ ਕੈਂਸਰ ਤੇ ਹੈਪੇਟਾਈਟਸ-ਸੀ ਦੀ ਅਲਾਮਤ ਨਾਲ ਦੋ ਚਾਰ ਹੋ ਰਿਹਾ ਹੈ। ਆਰ.ਟੀ.ਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਪ੍ਰਾਹੁਣਚਾਰੀ ਮਹਿਕਮੇ ਤਰਫ਼ੋਂ  1 ਅਪਰੈਲ 2017 ਤੋਂ 15 ਅਕਤੂਬਰ 2017 ਤੱਕ ਇਕੱਲੇ ਪੀਣ ਵਾਲੇ ਪਾਣੀ 'ਤੇ 7.09 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਹੈ। ਮਤਲਬ ਕਿ ਪ੍ਰਤੀ ਦਿਨ ਔਸਤਨ ਚਾਰ ਹਜ਼ਾਰ ਰੁਪਏ ਦਾ ਖਰਚਾ ਇਕੱਲੇ 'ਬੋਤਲਾਂ ਵਾਲੇ ਪਾਣੀ' ਤੇ ਕੀਤਾ ਗਿਆ ਹੈ। ਸਰਕਾਰ ਤਰਫ਼ੋਂ ਬਿਸਲੇਰੀ ,ਕਿਨਲੇ ਆਦਿ ਕੰਪਨੀ ਦਾ ਪਾਣੀ ਪੀਤਾ ਜਾਂਦਾ ਹੈ।
                    ਕੁਝ ਅਰਸਾ ਪਹਿਲਾਂ ਦੱਸਿਆ ਗਿਆ ਸੀ ਕਿ ਪੰਜਾਬ ਸਰਕਾਰ ਕੈਚ ਕੰਪਨੀ ਦਾ 25 ਰੁਪਏ ਲੀਟਰ ਵਾਲਾ ਪਾਣੀ ਵਰਤਦੀ ਰਹੀ ਹੈ। ਭਾਵੇਂ ਪੰਜਾਬ ਦੇ ਮਾਲਵੇ ਦੇ ਲੋਕਾਂ ਨੂੰ ਅਜਿਹਾ ਪਾਣੀ ਨਸੀਬ ਨਹੀਂ ਪ੍ਰੰਤੂ ਇਸ ਮਾਮਲੇ 'ਚ ਵੀ.ਆਈ.ਪੀਜ਼ ਖ਼ੁਸ਼ਨਸੀਬ ਹਨ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦਾ ਖ਼ਜ਼ਾਨਾ ਮਾਲੀ ਸੰਕਟ ਵਿਚੋਂ ਗੁਜਰ ਰਿਹਾ ਹੈ। ਭਾਵੇਂ ਇਹ ਖਰਚਾ ਵੱਡਾ ਨਹੀਂ ਹੈ ਪ੍ਰੰਤੂ ਸਰਫਾ ਮੁਹਿੰਮ 'ਤੇ ਉਂਗਲ ਜਰੂਰ ਉਠਾਉਂਦਾ ਹੈ। ਉਂਜ, ਨਜ਼ਰ ਮਾਰੀਏ ਤਾਂ ਕੈਪਟਨ ਸਰਕਾਰ ਨੇ 'ਨਾਨ ਵੈਜ' ਤੇ ਪੌਣੇ ਤਿੰਨ ਲੱਖ ਰੁਪਏ ਖਰਚੇ ਹਨ ਜਿਸ 'ਚ 87,268 ਰੁਪਏ ਦਾ ਚਿਕਨ,52,440 ਰੁਪਏ ਦੀ ਮੱਛੀ ਅਤੇ 1.01 ਲੱਖ ਰੁਪਏ ਦੇ ਆਂਡੇ ਵੀ ਸ਼ਾਮਿਲ ਹਨ।  ਜਦੋਂ ਵਰ•ਾ 2002-07 ਦੌਰਾਨ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਤਾਂ ਉਦੋਂ ਇਨ•ਾਂ ਪੰਜ ਵਰਿ•ਆਂ 'ਚ ਸਰਕਾਰ ਨੇ ਚਾਹ ਪਾਣੀ ਅਤੇ ਕਾਜੂ ਬਦਾਮਾਂ 'ਤੇ 2.39 ਕਰੋੜ ਰੁਪਏ ਖਰਚ ਕੀਤੇ ਸਨ।  ਪ੍ਰਾਹੁਣਚਾਰੀ ਮਹਿਕਮੇ ਨੇ ਦੱਸਿਆ ਹੈ ਕਿ ਲੰਘੇ ਸਾਢੇ ਛੇ ਮਹੀਨਿਆਂ ਵਿਚ ਮੁੱਖ ਮੰਤਰੀ, ਵਜ਼ੀਰਾਂ,ਸਲਾਹਕਾਰਾਂ,ਓ.ਐਸ.ਡੀਜ਼ ਦੇ ਚਾਹ ਪਾਣੀ,ਖਾਣਿਆਂ ਅਤੇ ਸਨੈਕਸ ਦਾ ਖਰਚਾ 48.54 ਲੱਖ ਰੁਪਏ ਆਇਆ ਹੈ।
                   ਇਨ•ਾਂ ਵੀ.ਆਈ.ਪੀਜ਼ ਦਾ ਵੱਖੋ ਵੱਖਰਾ ਖਰਚਾ ਦੱਸਣ ਤੋਂ ਮਹਿਕਮੇ ਨੇ ਟਾਲ਼ਾ ਵੱਟਿਆ ਹੈ। ਏਨਾ ਜਰੂਰ ਦੱਸਿਆ ਹੈ ਕਿ ਇਸ ਚਾਹ ਪਾਣੀ ਤੇ ਸਨੈਕਸ ਆਦਿ ਲਈ ਕੋਈ ਵੱਖਰਾ ਬਜਟ ਨਹੀਂ ਮਿਲਦਾ ਹੈ ਅਤੇ ਇਹ ਖਰਚਾ ਸਲਾਨਾ ਬਜਟ ਚੋਂ ਹੀ ਕੀਤਾ ਜਾਂਦਾ ਹੈ। ਕੈਪਟਨ ਹਕੂਮਤ ਨੂੰ ਇਨ•ਾਂ ਮਹੀਨਿਆਂ 'ਚ ਕਰਾਏ ਚਾਰ ਸਮਾਗਮ ਕਾਫ਼ੀ ਖ਼ਰਚੀਲੇ ਪਏ ਹਨ। 12 ਮਈ ਨੂੰ ਗਲੋਬਲ ਪਾਊਂਡ ਕਾਨਫਰੰਸ ਦੇ ਮਹਿਮਾਨਾਂ ਦੀ ਖ਼ਾਤਰਦਾਰੀ 'ਤੇ 12.29 ਲੱਖ ਰੁਪਏ ਅਤੇ ਇਸੇ ਦਿਨ ਨਾਰਦਨ ਜ਼ੋਨਲ ਕਾਨਫਰੰਸ ਦੇ ਮਹਿਮਾਨਾਂ 'ਤੇ 14.99 ਲੱਖ ਰੁਪਏ ਦਾ ਖਰਚਾ ਆਇਆ ਹੈ। 18 ਜੁਲਾਈ ਨੂੰ ਇੰਡੀਅਨ ਹੈਰੀਟੇਜ ਅਤੇ ਹੋਟਲ ਐਸੋਸੀਏਸ਼ਨ ਕਾਨਫਰੰਸ 'ਤੇ 6.13 ਲੱਖ ਰੁਪਏ ਦਾ ਖਰਚਾ ਆਇਆ ਹੈ। ਮਹਿਕਮੇ ਨੇ ਦੱਸਿਆ ਕਿ ਇਹ 6.13 ਲੱਖ ਦੀ ਅਦਾਇਗੀ ਹਾਲੇ ਕੀਤੀ ਨਹੀਂ ਜਾ ਸਕੀ ਹੈ। ਬਜਟ ਮਿਲਣ ਮਗਰੋਂ ਹੀ ਇਹ ਬਕਾਏ ਤਾਰੇ ਜਾਣੇ ਹਨ। ਸੂਤਰ ਆਖਦੇ ਹਨ ਕਿ ਜਦੋਂ ਆਮ ਲੋਕਾਂ ਲਈ ਸਰਕਾਰ ਹੱਥ ਘੁੱਟ ਕੇ ਖਰਚੇ ਕਰ ਰਹੀ ਹੈ ਤਾਂ ਵੀਆਈਪੀਜ਼ ਲਈ ਕਾਹਤੋਂ ਹੱਥ ਖੋਲਿ•ਆ ਹੋਇਆ ਹੈ। 

Tuesday, November 28, 2017

                    ਝੁਕ ਗਈ ਪੁਲੀਸ 
     ਉੱਡਤਾ ਪੰਜਾਬ ਨੂੰ ਲਾ ਦਿੱਤੇ 'ਖੰਭ'
                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ 'ਉੜਤਾ ਪੰਜਾਬ' ਨੂੰ ਖੰਭ ਲਾ ਦਿੱਤੇ ਹਨ। ਪੁਲੀਸ ਅਫਸਰਾਂ ਨੇ ਸਵਾ ਲੱਖ ਬੋਤਲਾਂ ਦੀ ਤਸਕਰੀ ਵਾਲੇ ਪੁਲੀਸ ਕੇਸ ਨੂੰ ਕੈਂਸਲ ਕਰ ਦਿੱਤਾ ਹੈ ਜਿਸ ਨਾਲ ਮੁੱਖ ਮੰਤਰੀ ਦੀ 'ਨਸ਼ਾ ਮੁਕਤ ਪੰਜਾਬ' ਮੁਹਿੰਮ 'ਤੇ ਉਂਗਲ ਉੱਠੀ ਹੈ। ਸਿਆਸੀ ਲੀਡਰਾਂ ਦੇ ਨੇੜਲੇ ਸ਼ਰਾਬ ਠੇਕੇਦਾਰ ਜਸਵਿੰਦਰ ਸਿੰਘ ਉਰਫ ਜੁਗਨੂੰ ਦੇ ਗ਼ੈਰਕਨੂੰਨੀ ਗੋਦਾਮ ਚੋਂ ਪੁਲੀਸ ਨੇ 28 ਜਨਵਰੀ 2017 ਨੂੰ ਚੋਣਾਂ ਮੌਕੇ ਕਰੀਬ 1.26 ਲੱਖ ਬੋਤਲਾਂ ਸ਼ਰਾਬ ਫੜੀ ਸੀ ਜਿਸ ਦੀ ਕੀਮਤ 1.30 ਕਰੋੜ ਰੁਪਏ ਦੱਸੀ ਗਈ। ਥਾਣਾ ਕੈਨਾਲ ਬਠਿੰਡਾ ਵਿਚ ਇਸ ਸਬੰਧੀ ਐਫ.ਆਈ.ਆਰ ਨੰਬਰ 14 ,ਧਾਰਾ 420,61/1/14 ਆਫ ਐਕਸਾਈਜ ਐਕਟ ਤਹਿਤ ਦਰਜ ਹੋਈ ਸੀ ਅਤੇ ਠੇਕੇਦਾਰ ਜਸਵਿੰਦਰ ਜੁਗਨੂੰ ਨੂੰ ਉਸ ਮਗਰੋਂ ਪੁਲੀਸ ਨੇ 20 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਦੀ ਜ਼ਮਾਨਤ ਮਾਰਚ ਦੇ ਅਖੀਰਲੇ ਦਿਨਾਂ ਵਿਚ ਹੋ ਗਈ ਸੀ। ਵੇਰਵਿਆਂ ਅਨੁਸਾਰ ਮੈਸਰਜ ਅਡਵਾਂਸ ਵਾਈਨਜ਼ ਨੂੰ ਸਾਲ 2016-17 ਦਾ ਬਠਿੰਡਾ ਜ਼ਿਲ•ੇ ਦੇ ਸ਼ਰਾਬ ਕਾਰੋਬਾਰ ਦਾ ਕੰਮ ਮਿਲਿਆ ਸੀ ਜਿਸ ਵਿਚ ਠੇਕੇਦਾਰ ਜੁਗਨੂੰ ਹਿੱਸੇਦਾਰ ਸੀ। ਬਠਿੰਡਾ ਦੇ ਸਨਅਤੀ ਖੇਤਰ ਦੇ ਗੋਦਾਮ ਨੰਬਰ ਏ-7 ਅਤੇ ਈ-10 ਚੋਂ ਪੁਲੀਸ ਨੇ ਚੋਣ ਪ੍ਰਚਾਰ ਦੇ ਦਿਨਾਂ 'ਚ ਕਰੀਬ 1.26 ਲੱਖ ਬੋਤਲਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਸੀ ਜੋ ਕਿ ਪੰਜਾਬ,ਹਰਿਆਣਾ ਅਤੇ ਅਰੁਨਾਚਲ ਪ੍ਰਦੇਸ਼ ਦੀ ਸੀ।
                      ਆਬਕਾਰੀ ਮਹਿਕਮੇ ਨੇ ਅਡਵਾਂਸ ਵਾਈਨਜ ਤੋਂ ਕਰੀਬ 22 ਕਰੋੜ ਰੁਪਏ ਕਿਸ਼ਤਾਂ ਦੇ ਲੈਣੇ ਹਨ ਜਿਸ ਦੇ ਬਦਲੇ ਵਿਚ ਆਬਕਾਰੀ ਅਫਸਰਾਂ ਨੇ ਠੇਕੇਦਾਰ ਜੁਗਨੂੰ ਦੀ ਜ਼ਮੀਨ ਦੀ ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈੱਡ ਐਂਟਰੀ ਵੀ ਪਾਈ ਹੈ। ਸੂਤਰਾਂ ਅਨੁਸਾਰ ਬਠਿੰਡਾ ਜ਼ੋਨ ਦੇ ਤਤਕਾਲੀ ਆਈ.ਜੀ ਨੇ ਪਰਚਾ ਦਰਜ ਹੋਣ ਤੋਂ ਥੋੜਾ ਸਮਾਂ ਮਗਰੋਂ ਹੀ ਇਸ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (ਸਿਟ) ਤਤਕਾਲੀ ਐਸ.ਪੀ ਸਿਟੀ ਦੇਸ ਰਾਜ ਦੀ ਅਗਵਾਈ ਵਿਚ ਬਣਾ ਦਿੱਤੀ ਸੀ ਜਿਸ ਦੀ ਰਿਪੋਰਟ ਨੂੰ ਮਗਰੋਂ ਆਈ.ਜੀ ਨੇ ਪ੍ਰਵਾਨ ਵੀ ਕਰ ਲਿਆ ਹੈ। ਤਤਕਾਲੀ ਸਿੱਟ ਇੰਚਾਰਜ ਐਸ.ਪੀ ਦੇਸ ਰਾਜ ਦਾ ਕਹਿਣਾ ਸੀ ਕਿ ਉਨ•ਾਂ ਨੇ ਇਸ ਮਾਮਲੇ ਵਿਚ ਕਾਨੂੰਨੀ ਰਾਇ ਲੈਣ ਮਗਰੋਂ ਹੀ ਰਿਪੋਰਟ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਸਿਟ ਦੀ ਸਿਫਾਰਸ਼ ਤੇ ਹੀ ਐਫ.ਆਈ.ਆਰ ਕੈਂਸਲ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਸਿਟ ਤਰਫ਼ੋਂ ਆਬਕਾਰੀ ਮਹਿਕਮੇ ਨੂੰ ਪੜਤਾਲ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ ਹੈ। ਆਈ.ਜੀ ਬਠਿੰਡਾ ਸ੍ਰੀ ਮੁਖਵਿੰਦਰ ਸਿੰਘ ਛੀਨਾ ਦਾ ਪ੍ਰਤੀਕਰਮ ਸੀ ਕਿ ਉਨ•ਾਂ ਦੇ ਅਜਿਹਾ ਕੋਈ ਪੁਲੀਸ ਕੇਸ ਕੈਂਸਲ ਕਰਨ ਦਾ ਮਾਮਲਾ ਧਿਆਨ ਵਿਚ ਨਹੀਂ ਹੈ। ਉਹ ਰਿਕਾਰਡ ਦੇਖਣ ਮਗਰੋਂ ਹੀ ਕੁਝ ਦੱਸ ਸਕਦੇ ਹਨ।
                  ਸੂਤਰ ਦੱਸਦੇ ਹਨ ਕਿ ਪੁਲੀਸ ਨੇ ਕੈਂਸਲੇਸ਼ਨ ਰਿਪੋਰਟ ਅਦਾਲਤ ਨੂੰ ਦੇ ਦਿੱਤੀ ਹੈ ਜਿਸ 'ਤੇ ਅਦਾਲਤ ਤਰਫ਼ੋਂ ਫ਼ੈਸਲਾ ਲਿਆ ਜਾਣਾ ਬਾਕੀ ਹੈ। ਦੱਸਣਯੋਗ ਹੈ ਕਿ ਜਿਸ ਗੋਦਾਮ ਚੋਂ ਸ਼ਰਾਬ ਫੜੀ ਗਈ ਸੀ, ਉਹ ਗੁਦਾਮ ਨੀਲਮ ਰਾਣੀ ਦਾ ਸੀ ਜਿਸ ਤੋਂ ਜਸਵਿੰਦਰ ਜੁਗਨੂੰ ਨੇ ਗੋਦਾਮ ਕਿਰਾਏ ਤੇ ਲਿਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਨਾਲ ਜੁਗਨੂੰ ਦੀ ਨੇੜਤਾ ਰਹੀ ਹੈ ਅਤੇ ਜੁਗਨੂੰ ਦਾ ਪਿਤਾ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਆਗੂ ਰਿਹਾ ਹੈ। ਜਦੋਂ ਮਾਮਲਾ ਅਦਾਲਤ ਵਿਚ ਗਿਆ ਸੀ ਤਾਂ ਆਬਕਾਰੀ ਮਹਿਕਮੇ ਨੇ ਅਸਹਿਮਤੀ ਜ਼ਾਹਰ ਕੀਤੀ ਸੀ। ਤਤਕਾਲੀ ਈ.ਟੀ.ਓ ਵਿਕਰਮ ਠਾਕੁਰ ਦਾ ਕਹਿਣਾ ਸੀ ਕਿ ਉਨ•ਾਂ ਨੇ ਅਦਾਲਤ ਵਿਚ ਬਿਆਨ ਦਰਜ ਕਰਾ ਕੇ ਪੁਲੀਸ ਦੀ ਰਿਪੋਰਟ ਨਾਲ ਅਸਹਿਮਤੀ ਜਿਤਾ ਦਿੱਤੀ ਸੀ ਕਿਉਂਕਿ ਫੜੀ ਸ਼ਰਾਬ ਦੂਸਰੇ ਰਾਜਾਂ ਦੀ ਸੀ।  ਥਾਣਾ ਕੈਨਾਲ ਦੇ ਮੁੱਖ ਥਾਣਾ ਅਫਸਰ ਸ੍ਰੀ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਐਫ.ਆਈ.ਆਰ ਨੰਬਰ 14 ਨੂੰ ਸਿੱਟ ਦੀ ਸਿਫਾਰਸ਼ 'ਤੇ ਕੈਂਸਲ ਕਰ ਦਿੱਤਾ ਹੈ ਅਤੇ ਕੈਂਸਲੇਸ਼ਨ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ ਹੈ ਜਿਸ ਨੂੰ ਨਾ ਅਦਾਲਤ ਨੇ ਹਾਲੇ ਸਵੀਕਾਰ ਕੀਤਾ ਹੈ ਅਤੇ ਨਾ ਹੀ ਇਸ 'ਤੇ ਕੋਈ ਅਗਲਾ ਹੁਕਮ ਸੁਣਾਇਆ ਹੈ।
                ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੜਤਾਲ ਰਿਪੋਰਟ ਵਿਚ ਇਹੋ ਆਖਿਆ ਗਿਆ ਹੈ ਕਿ ਸਬੰਧਿਤ ਵਿਅਕਤੀ ਨੇ ਐਕਸਾਈਜ ਫੀਸ ਭਰ ਦਿੱਤੀ ਹੈ।  ਦੂਸਰੀ ਤਰਫ਼ ਮੌਜੂਦਾ ਈ.ਟੀ.ਓ ਬਠਿੰਡਾ ਸ੍ਰੀ ਆਰ.ਐਸ.ਰੋਮਾਣਾ ਦਾ ਕਹਿਣਾ ਸੀ ਕਿ ਅਡਵਾਂਸ ਵਾਈਨ ਦੇ ਗ਼ੈਰਕਨੂੰਨੀ ਗੋਦਾਮ ਚੋਂ ਸ਼ਰਾਬ ਫੜੀ ਗਈ ਸੀ ਜਿਸ ਦੀ ਕੋਈ ਕਿਸੇ ਵਲੋਂ ਨਾ ਐਕਸਾਈਜ ਡਿਊਟੀ ਭਰੀ ਗਈ ਹੈ ਅਤੇ ਨਾ ਹੀ ਭਰੀ ਜਾ ਸਕਦੀ ਹੈ। ਉਨ•ਾਂ ਨੂੰ ਨਾ ਕਿਸੇ ਪੜਤਾਲ ਵਿਚ ਸੱਦਿਆ ਗਿਆ ਹੈ ਅਤੇ ਨਾ ਅਦਾਲਤ ਦੇ ਕੋਈ ਸੰਮਨ ਆਏ ਹਨ। ਉਨ•ਾਂ ਦੱਸਿਆ ਕਿ ਅਡਵਾਂਸ ਵਾਈਨ ਵੱਲ 22 ਕਰੋੜ ਦੇ ਬਕਾਏ ਖੜ•ੇ ਹਨ ਜਿਸ ਕਰਕੇ ਉਨ•ਾਂ ਦੀ ਸੰਪਤੀ ਦੀ ਰੈਡ ਐਂਟਰੀ ਮਾਲ ਵਿਭਾਗ ਦੇ ਰਿਕਾਰਡ ਵਿਚ ਪਾ ਦਿੱਤੀ ਗਈ ਹੈ।

Sunday, November 26, 2017

                               ਲੀਡਰ ਫਸੇ
            ਹੁਣ 'ਵੱਡੇ ਡਿਫਾਲਟਰਾਂ' ਨੂੰ ਘੇਰਾ
                             ਚਰਨਜੀਤ ਭੁੱਲਰ
ਬਠਿੰਡਾ : ਸਹਿਕਾਰੀ ਬੈਂਕਾਂ ਨੇ ਹੁਣ 'ਵੱਡੇ ਡਿਫਾਲਟਰਾਂ' ਨੂੰ ਹੱਥ ਪਾਉਣਾ ਸ਼ੁਰੂ ਕੀਤਾ ਹੈ ਜਿਨ••ਾਂ ਵੱਲ ਕਰੋੜਾਂ ਰੁਪਏ ਵਰਿ•ਆਂ ਤੋਂ ਅੜ•ੇ ਹੋਏ ਹਨ। ਜਦੋਂ ਵਸੂਲੀ ਦਰ ਨੂੰ ਕਿਧਰੋਂ ਢਾਰਸ ਨਾ ਮਿਲੀ ਤਾਂ ਬੈਂਕ ਅਫਸਰਾਂ ਨੇ 'ਵੱਡਿਆਂ' ਦੇ ਬੂਹੇ ਖੜਕਾਉਣੇ ਸ਼ੁਰੂ ਕੀਤੇ ਹਨ। ਖੇਤੀ ਵਿਕਾਸ ਬੈਂਕਾਂ ਨੇ ਹੁਣ ਹਰ ਜ਼ਿਲ••ੇ ਦੇ 'ਟੌਪ-50' (ਵੱਡੇ ਪੰਜਾਹ ਡਿਫਾਲਟਰਾਂ) ਦੀ ਸ਼ਨਾਖ਼ਤ ਕੀਤੀ ਹੈ ਜਿਨ••ਾਂ ਕੋਲ ਹੁਣ ਬੈਂਕ ਦੇ ਮੁੱਖ ਅਫਸਰਾਂ ਨੂੰ ਭੇਜਣਾ ਸ਼ੁਰੂ ਕੀਤਾ ਹੈ। ਪੰਜਾਬ ਭਰ ਵਿਚ 89 ਖੇਤੀ ਵਿਕਾਸ ਬੈਂਕਾਂ ਦੇ 4450 ਵੱਡੇ ਡਿਫਾਲਟਰਾਂ ਦੀ ਸ਼ਨਾਖ਼ਤ ਹੋਈ ਹੈ ਜਿਨ••ਾਂ ਵੱਲ 233 ਕਰੋੜ ਰੁਪਏ ਫਸੇ ਹੋਏ ਹਨ ਜੋ ਕਿ ਕੁੱਲ ਵਸੂਲੀ ਦਾ 13 ਫੀਸਦੀ ਬਣਦਾ ਹੈ। ਵੱਡੇ ਡਿਫਾਲਟਰਾਂ ਵਿਚ ਹਾਕਮ ਧਿਰ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਨੇਤਾ ਵੀ ਸ਼ਾਮਲ ਹਨ ਜੋ ਬੈਂਕਾਂ ਦਾ ਕਰਜ਼ਾ ਮੋੜ ਨਹੀਂ ਰਹੇ ਹਨ। ਵੇਰਵਿਆਂ ਅਨੁਸਾਰ ਖੇਤੀ ਵਿਕਾਸ ਬੈਂਕਾਂ ਨੇ ਐਤਕੀਂ 1800 ਕਰੋੜ ਦੀ ਵਸੂਲੀ ਕਰਨੀ ਹੈ ਜਿਸ ਚੋਂ ਹੁਣ ਤੱਕ ਸਿਰਫ਼ 178 ਕਰੋੜ ਦੀ ਵਸੂਲੀ ਹੋਈ ਹੈ ਜੋ ਕਿ ਪਿਛਲੇ ਵਰੇ• ਦੀ ਵਸੂਲੀ ਦਰ 9.8 ਫੀਸਦੀ ਦੇ ਮੁਕਾਬਲੇ ਕਰੀਬ 10 ਫੀਸਦੀ ਬਣਦੀ ਹੈ। ਖੇਤੀ ਵਿਕਾਸ ਬੈਂਕਾਂ ਨੂੰ ਰੋਜ਼ਾਨਾ 5 ਕਰੋੜ ਦੀ ਵਸੂਲੀ ਆ ਰਹੀ ਹੈ। ਹਰ ਖੇਤੀ ਵਿਕਾਸ ਬੈਂਕ ਤਰਫ਼ੋਂ ਬੈਂਕ ਵਾਈਜ ਅਤੇ ਫਿਰ ਜ਼ਿਲ•ਾ ਵਾਈਜ ਉਪਰਲੇ ਵੱਡੇ ਪੰਜਾਹ ਡਿਫਾਲਟਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ।
                    ਬਠਿੰਡਾ ਜ਼ਿਲ••ੇ ਵਿਚ ਇੱਕ ਸਾਬਕਾ ਅਕਾਲੀ ਮੰਤਰੀ ਦਾ ਸਾਲਾ ਵੀ 16.13 ਲੱਖ ਰੁਪਏ ਦਾ ਡਿਫਾਲਟਰ ਹੈ ਜਿਸ ਨੇ ਸਾਲ 1997 ਵਿਚ ਪੋਲਟਰੀ ਲਈ ਲੋਨ ਲਿਆ ਸੀ। ਜ਼ਿਲ••ਾ ਬਠਿੰਡਾ 'ਚ ਜੋ ਟੌਪ-50 ਦੀ ਸੂਚੀ ਤਿਆਰ ਹੋਈ ਹੈ, ਉਸ ਵਿਚ ਸਾਬਕਾ ਮੰਤਰੀ ਦਾ ਸਾਲਾ ਚੌਥੇ ਸਥਾਨ 'ਤੇ ਹੈ। ਬਠਿੰਡਾ ਜ਼ਿਲ••ੇ 'ਚ ਖੇਤੀ ਵਿਕਾਸ ਬੈਂਕਾਂ ਦੇ ਉਪਰਲੇ ਵੱਡੇ ਪੰਜਾਹ ਡਿਫਾਲਟਰਾਂ ਵੱਲ 6.43 ਕਰੋੜ ਰੁਪਏ ਖੜ•ੇ ਹਨ ਜਿਨ•ਾਂ ਚੋਂ ਕਈ ਲੋਨ 21-21 ਸਾਲ ਪੁਰਾਣੇ ਹਨ। ਰਾਮਾਂ ਇਲਾਕੇ ਦਾ ਇੱਕ ਕਾਂਗਰਸੀ ਨੇਤਾ ਵੀ 11.33 ਲੱਖ ਰੁਪਏ ਦਾ ਡਿਫਾਲਟਰ ਹੈ ਜਿਸ ਨੇ ਬਾਗ ਲਾਉਣ ਵਾਸਤੇ ਲੋਨ ਲਿਆ ਸੀ। ਖੇਤੀ ਵਿਕਾਸ ਬੈਂਕਾਂ ਬਠਿੰਡਾ ਦੇ ਏਜੀਐਮ ਸ੍ਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਨਿੱਜੀ ਤੌਰ ਤੇ ਟੌਪ-50 ਡਿਫਾਲਟਰਾਂ ਦੇ ਘਰਾਂ ਵਿਚ ਵਸੂਲੀ ਵਾਸਤੇ ਗਏ ਹਨ ਪ੍ਰੰਤੂ ਹਾਲੇ ਤੱਕ ਕਿਸੇ ਨੇ ਕਿਸ਼ਤ ਭਰੀ ਨਹੀਂ ਹੈ। ਸੂਤਰਾਂ ਅਨੁਸਾਰ ਮੁਕਤਸਰ ਜ਼ਿਲ•ੇ 'ਚ ਇਨ•ਾਂ ਬੈਂਕਾਂ ਨੇ 150 ਕਰੋੜ ਵਸੂਲ ਕਰਨੇ ਸਨ ਜਿਨ•ਾਂ ਚੋਂ ਟੌਪ-50 ਵੱਲ 7.05 ਕਰੋੜ ਰੁਪਏ ਖੜ•ੇ ਹਨ।
                  ਮੁਕਤਸਰ ਜ਼ਿਲ••ੇ  ਦੀ ਜੋ ਟੌਪ-50 ਡਿਫਾਲਟਰਾਂ ਦੀ ਸੂਚੀ ਹੈ, ਉਸ 'ਚ ਸਭ ਤੋਂ ਉਪਰ ਸਾਬਕਾ ਅਕਾਲੀ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦਾ ਨਾਮ ਹੈ ਜਿਨ•ਾਂ ਨੇ ਸਾਲ 2004 ਵਿਚ ਕੰਬਾਇਨ ਲਈ ਕਰਜ਼ਾ ਲਿਆ ਸੀ ਜੋ ਕਿ ਹੁਣ ਕਰੀਬ 35 ਲੱਖ ਰੁਪਏ ਬਣ ਗਿਆ ਹੈ। ਕੋਲਿਆਂਵਾਲੀ ਨੇ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ। ਹਲਕਾ ਲੰਬੀ ਦੇ ਖੇਤੀ ਵਿਕਾਸ ਬੈਂਕ ਦੀ ਵਸੂਲੀ ਦਰ ਐਤਕੀਂ ਹੁਣ ਤੱਕ 8.7 ਫੀਸਦੀ ਹੈ ਜੋ ਕਿ ਪਿਛਲੇ ਸਾਲ 9.7 ਫੀਸਦੀ ਸੀ। ਪਿੰਡ ਬਾਦਲ ਦੇ ਦਰਜਨ ਦੇ ਕਰੀਬ ਕਿਸਾਨਾਂ ਨੇ ਇਸ ਬੈਂਕ ਤੋਂ ਕਰਜ਼ਾ ਚੁੱਕਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਬਰਨਾਲਾ ,ਸੰਗਰੂਰ ਤੇ ਮਾਨਸਾ ਦੇ ਵੀ ਕਈ ਸਿਆਸੀ ਆਗੂ ਇਨ•ਾਂ ਡਿਫਾਲਟਰਾਂ ਵਿਚ ਸ਼ਾਮਿਲ ਹਨ।  ਵੇਰਵਿਆਂ ਅਨੁਸਾਰ ਪੰਜਾਬ ਭਰ ਵਿਚ 1.21 ਲੱਖ ਕਿਸਾਨਾਂ ਤੋਂ ਕਰਜ਼ਾ ਵਸੂਲੀ ਕਰਨੀ ਹੈ ਜਿਸ ਚੋਂ 93,778 ਕਿਸਾਨ ਡਿਫਾਲਟਰ ਹਨ। ਜੋ 4450 ਵੱਡੇ ਡਿਫਾਲਟਰ ਹਨ, ਉਨ•ਾਂ ਨੇ ਹੁਣ ਤੱਕ 8 ਕਰੋੜ ਭਰੇ ਹਨ। ਫਿਰੋਜ਼ਪੁਰ ਡਵੀਜ਼ਨ ਦੀ ਵਸੂਲੀ ਦਰ ਹੁਣ ਤੱਕ 6.5 ਫੀਸਦੀ ਹੈ ਜੋ ਕਿ ਪਿਛਲੇ ਵਰੇ• 7.4 ਫੀਸਦੀ ਸੀ। ਬੀ.ਕੇ.ਯੂ (ਉਗਰਾਹਾਂ) ਮਾਨਸਾ ਦੇ ਜ਼ਿਲ•ਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਆਮ ਕਿਸਾਨਾਂ ਦੀ ਥਾਂ ਸਿਆਸੀ ਪਾਰਟੀਆਂ ਦੇ ਵੱਡੇ ਡਿਫਾਲਟਰ ਨੇਤਾਵਾਂ ਦੇ ਬੈਂਕ ਨਾਮ ਜਨਤਿਕ ਕਰਨ ਜੋ ਸਿਆਸੀ ਆੜ ਹੇਠ ਵਸੂਲੀ ਨਹੀਂ ਦੇ ਰਹੇ ਹਨ।
                         ਵੱਡੇ ਡਿਫਾਲਟਰਾਂ ਦੇ ਦਰਵਾਜੇ ਖੜ•ਕਾ ਰਹੇ ਹਾਂ : ਐਮ.ਡੀ
ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਹਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹਰ ਜ਼ਿਲ••ੇ ਦੇ ਟਾਪ-50 ਵੱਡੇ ਡਿਫਾਲਟਰਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ•ਾਂ ਦੇ ਘਰਾਂ 'ਚ  ਵਸੂਲੀ ਲਈ ਅਫਸਰਾਂ ਨੂੰ ਭੇਜਣਾ ਸ਼ੁਰੂ ਕੀਤਾ ਹੈ। ਸਰਦੇ ਪੁੱਜਦੇ ਡਿਫਾਲਟਰਾਂ ਤੋਂ ਪੈਸਾ ਕਢਵਾਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ ਜਿਸ ਦੇ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਉਨ•ਾਂ ਆਖਿਆ ਕਿ ਆਉਂਦੇ ਦਿਨਾਂ ਵਿਚ ਵਸੂਲੀ ਦਰ ਵਿਚ ਸੁਧਾਰ ਦੀ ਆਸ ਹੈ ਕਿਉਂਕਿ ਵੇਚੀ ਜਿਣਸ ਦਾ ਪੈਸਾ ਆੜ•ਤੀਆਂ ਤੋਂ ਕਿਸਾਨਾਂ ਨੂੰ ਹੁਣ ਮਿਲਿਆ ਹੈ। 

Saturday, November 25, 2017

                  ਉੜਤਾ ਪੰਜਾਬ 
     ਬੀਬੀਆਂ ਨੇ ਵੀ ਖੰਭ ਖਿਲਾਰੇ
                  ਚਰਨਜੀਤ ਭੁੱਲਰ
ਬਠਿੰਡਾ  : ਫਾਜਿਲਕਾ ਦਾ ਪਿੰਡ ਸੁਖੇਰਾ ਬੋਦਲਾ ਹੁਣ ਪੰਜਾਬ ਦੇ ਕੌੜੇ ਸੱਚ ਨੂੰ ਦੱਸਣ ਲਈ ਕਾਫ਼ੀ ਹੈ। ਸੁਖੇਰਾ ਬੋਦਲਾ 'ਚ ਜਦੋਂ ਔਰਤਾਂ ਨੇ ਤਸਕਰੀ ਵਿੱਢੀ ਤਾਂ ਪੁਲੀਸ ਦੀ ਹੈਰਾਨੀ ਪ੍ਰੇਸ਼ਾਨੀ ਵੀ ਵਧੀ। ਭਾਵੇਂ ਪੂਰਾ ਪਿੰਡ ਤਸਕਰੀ 'ਚ ਨਹੀਂ ਡੁੱਬਾ ਪ੍ਰੰਤੂ ਇਸ ਪਿੰਡ ਦੇ ਮੱਥੇ 'ਤੇ ਤਸਕਰੀ ਦਾ ਦਾਗ ਔਰਤਾਂ ਨੇ ਲਾਇਆ ਹੈ। ਜਲਾਲਾਬਾਦ (ਸਦਰ) ਥਾਣੇ ਦੇ ਇਸ ਪਿੰਡ 'ਚ ਔਰਤਾਂ 'ਤੇ 34 ਪੁਲੀਸ ਕੇਸ ਨਸ਼ਾ ਤਸਕਰੀ ਦੇ ਦਰਜ ਹੋਏ ਹਨ। ਲੰਘੇ ਦਸ ਵਰਿ•ਆਂ 'ਚ ਇਸ ਪਿੰਡ ਦੀਆਂ ਔਰਤਾਂ 'ਤੇ 21 ਕੇਸ ਐਨ. ਡੀ. ਪੀ. ਐਸ ਐਕਟ ਅਤੇ 13 ਕੇਸ ਆਬਕਾਰੀ ਐਕਟ ਤਹਿਤ ਦਰਜ ਹੋਏ ਹਨ। ਵਜਾ ਕੋਈ ਵੀ ਹੋਵੇ, ਔਰਤਾਂ ਵਲੋਂ ਤਸਕਰੀ ਦੇ ਰਾਹ ਪੈਣਾ ਪੰਜਾਬ ਲਈ ਖੈਰ ਨਹੀਂ। ਮੁਕਤਸਰ ਦਾ ਪਿੰਡ ਝੋਰੜ ਕਦੇ ਨਰਮੇ ਦੀ ਦੇਸੀ ਕਿਸਮ 'ਝੋਰੜ' ਵਜੋਂ ਮਸ਼ਹੂਰ ਸੀ। ਹੁਣ ਕੁਝ ਔਰਤਾਂ ਨੇ ਪਿੰਡ ਝੋਰੜ ਨੂੰ ਸ਼ਰਮਸਾਰ ਕਰ ਦਿੱਤਾ ਹੈ। ਲੰਘੇ ਦਹਾਕੇ 'ਚ ਝੋਰੜ ਦੇ ਵਸਨੀਕਾਂ 'ਤੇ ਤਸਕਰੀ ਦੇ 24 ਪੁਲੀਸ ਕੇਸ ਦਰਜ ਹੋਏ ਹਨ ਜਿਨ•ਾਂ ਚੋਂ 13 ਕੇਸ ਇਕੱਲੇ ਔਰਤਾਂ ਦੇ ਦਰਜ ਹੋਏ ਹਨ। ਕਿਸੇ ਔਰਤ ਨੂੰ ਸਜ਼ਾ ਅਤੇ ਕੋਈ ਬਰੀ ਹੋ ਗਈ ਹੈ। ਇਕੱਲੀ ਰਾਣੀ ਨਾਮ ਦੀ ਔਰਤ 'ਤੇ ਕਰੀਬ ਪੰਜ ਪੁਲੀਸ ਕੇਸ ਦਰਜ ਹੋਏ ਹਨ।
                     ਹੁਸ਼ਿਆਰਪੁਰ ਜ਼ਿਲ•ੇ ਵਿਚ ਪਿੰਡ ਦੋਨਾਖੁਰਦ ਹੈ ਜਿਥੇ ਔਰਤਾਂ 'ਤੇ ਤਸਕਰੀ ਦੇ ਕਰੀਬ 65 ਕੇਸ ਦਰਜ ਹੋਏ ਹਨ। ਫਿਰੋਜ਼ਪੁਰ ਦੇ ਪਿੰਡ ਖਿਲਚੀਆਂ ਕਦੀਮ ਦੀ ਇੱਕ ਔਰਤ ਛਿੰਦੋ 'ਤੇ ਐਕਸਾਈਜ ਐਕਟ ਤੇ 9 ਕੇਸ ਦਰਜ ਹੋਏ ਹਨ। ਮੋਗਾ ਜ਼ਿਲ•ੇ ਦਾ ਪਿੰਡ ਦੌਲੇਵਾਲਾ ਤਾਂ ਤਸਕਰਾਂ ਦੀ ਰਾਜਧਾਨੀ ਹੈ। ਪਿੰਡ ਦੇ 75 ਫੀਸਦੀ ਘਰ ਤਸਕਰੀ ਦੇ ਕਾਰੋਬਾਰ ਵਿਚ ਪਏ ਹੋਏ ਹਨ। ਇਸ ਪਿੰਡ ਵਿਚ ਕਰੀਬ 80 ਪੁਲੀਸ ਕੇਸ ਇਕੱਲੇ ਔਰਤਾਂ ਤੇ ਦਰਜ ਹਨ ਜਿਨ•ਾਂ ਚੋਂ ਦਰਜਨ ਕੇਸ ਇਕੱਲੀ ਸਮੈਕ ਤਸਕਰੀ ਦੇ ਹਨ। ਪਿੰਡ ਵਿਚ ਕਰੀਬ 400 ਘਰ ਹਨ। ਥਾਣਾ ਮਮਦੋਟ ਦੇ ਪਿੰਡ ਛਾਂਗਾ ਖੁਰਦ 'ਚ ਚਾਰ ਔਰਤਾਂ 'ਤੇ 10 ਕੇਸ ਐਕਸਾਈਜ ਐਕਟ ਦੇ ਦਰਜ ਹਨ। ਲੰਘੇ ਦਹਾਕੇ ਦੌਰਾਨ ਬਠਿੰਡਾ ਦੇ ਥਾਣਾ ਸੰਗਤ 'ਚ 26 ਕੇਸ ਅਤੇ ਥਾਣਾ ਸਦਰ ਵਿਚ 16 ਕੇਸ ਔਰਤਾਂ ਤੇ ਦਰਜ ਹੋਏ ਹਨ। ਫਿਕਰਮੰਦੀ ਇਹੋ ਹੈ ਕਿਵੇਂ ਇਹ ਔਰਤਾਂ ਘਰਾਂ ਦੇ ਚੁੱਲ•ੇ ਚੌਂਕੇ ਤੋਂ ਉਠ ਕੇ ਤਸਕਰੀ ਦੇ ਰਾਹ ਪੈ ਗਈਆਂ ਹਨ।  ਨਰਮਾ ਪੱਟੀ ਦੀ ਸੀਮਾ ਰਾਜਸਥਾਨ ਨਾਲ ਲੱਗਦੀ ਹੈ ਜਿਥੋਂ ਔਰਤਾਂ ਭੁੱਕੀ ਦੀ ਤਸਕਰੀ ਕਰਦੀਆਂ ਹਨ। ਤਸਕਰੀ 'ਚ ਅੰਦਾਜ਼ਨ 20 ਫੀਸਦੀ ਔਰਤਾਂ ਵਿਧਵਾ ਹਨ ਅਤੇ 30 ਫੀਸਦੀ ਔਰਤਾਂ ਉਹ ਹਨ ਜਿਨ•ਾਂ ਦੇ ਪਤੀ ਵੀ ਤਸਕਰੀ ਦੇ ਧੰਦੇ ਵਿਚ ਹਨ।
                     ਇਕੱਲੇ ਮੁਕਤਸਰ ਜ਼ਿਲ•ੇ 'ਚ ਲੰਘੇ ਦਹਾਕੇ ਦੌਰਾਨ ਕਰੀਬ 160 ਤਸਕਰੀ ਦੇ ਕੇਸ ਔਰਤਾਂ ਤੇ ਦਰਜ ਹੋਏ ਹਨ ਜਦੋਂ ਕਿ ਜ਼ਿਲ•ਾ ਫਿਰੋਜ਼ਪੁਰ ਵਿਚ ਕਰੀਬ 200 ਕੇਸ ਔਰਤਾਂ 'ਤੇ ਦਰਜ ਹੋਏ ਹਨ। ਦੁਆਬੇ ਚੋਂ ਜਲੰਧਰ (ਦਿਹਾਤੀ) ਅਤੇ ਸ਼ਹੀਦ ਭਗਤ ਸਿੰਘ ਨਗਰ ਅੱਗੇ ਹਨ ਜਿਥੇ ਕਰੀਬ 500 ਤਸਕਰੀ ਦੇ ਕੇਸ ਇਕੱਲੇ ਔਰਤਾਂ 'ਤੇ ਦਰਜ ਹੋਏ ਹਨ। ਬਠਿੰਡਾ ਜ਼ਿਲ•ੇ ਵਿਚ ਕਰੀਬ ਸਵਾ ਸੌ ਕੇਸ ਔਰਤਾਂ 'ਤੇ ਤਸਕਰੀ ਦੇ ਦਹਾਕੇ ਦੌਰਾਨ ਦਰਜ ਹੋਏ ਹਨ। ਇਵੇਂ ਬਰਨਾਲਾ ਜ਼ਿਲ•ੇ ਵਿਚ ਔਰਤਾਂ ਤੇ ਤਸਕਰੀ ਦੇ ਦਰਜ ਕੇਸਾਂ ਦੀ ਗਿਣਤੀ 100 ਤੋਂ ਉਪਰ ਹੈ। ਰੁਝਾਨ ਇਹੋ ਸਾਹਮਣੇ ਹੈ ਕਿ ਦੁਆਬੇ ਵਿਚ ਸੈਂਸੀ ਭਾਈਚਾਰੇ ਅਤੇ ਮਾਲਵੇ ਵਿਚ ਦਲਿਤ ਵਰਗ ਦੀਆਂ ਔਰਤਾਂ 'ਤਸਕਰੀ' ਕਰਨ ਲਈ ਮਜਬੂਰ ਹੋਈਆਂ ਹਨ। ਫੌਜਦਾਰੀ ਕੇਸਾਂ ਦੇ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਦਾ ਪ੍ਰਤੀਕਰਮ ਸੀ ਕਿ ਖਾਸ ਕਰਕੇ ਮਾਲਵੇ 'ਚ ਔਰਤਾਂ ਨੇ ਖੁਦ ਤਸਕਰੀ ਦੇ ਰਾਹ 'ਤੇ ਪੈਰ ਨਹੀਂ ਪੁੱਟਿਆ ਬਲਕਿ ਉਨ•ਾਂ ਦੇ ਪਤੀ ਪਹਿਲੋਂ ਤਸਕਰੀ ਕਰਦੇ ਸਨ ਜਿਨ•ਾਂ ਦੇ ਜੇਲ• ਜਾਣ ਮਗਰੋਂ ਉਹ ਤਸਕਰੀ ਕਰਨ ਲੱਗ ਪਈਆਂ।
                     ਵੇਰਵਿਆਂ ਅਨੁਸਾਰ ਥਾਣਾ ਨੰਦਗੜ• ਵਿਚ ਹਰਬੰਸ ਕੌਰ ਤੇ ਜਸਵੀਰ ਕੌਰ ਅਤੇ ਇਸੇ ਥਾਣੇ ਵਿਚ ਇੱਕੋ ਕੇਸ ਵਿਚ ਮਲਕੀਤ ਕੌਰ ਤੇ ਸਿਮਰਜੀਤ ਕੌਰ ਸ਼ਾਮਿਲ ਸਨ।  ਸੂਤਰ ਦੱਸਦੇ ਹਨ ਕਿ ਔਰਤਾਂ ਗਰੁੱਪ ਬਣਾ ਕੇ ਵੀ ਤਸਕਰੀ ਕਰਦੀਆਂ ਹਨ। ਜਦੋਂ ਤੋਂ ਪੁਲੀਸ ਨੇ ਤਸਕਰੀ ਰੋਕਣ ਲਈ ਤੇਵਰ ਤਿੱਖੇ ਕੀਤੇ ਹਨ, ਉਦੋਂ ਤੋਂ ਔਰਤਾਂ ਨੂੰ ਪੁਰਸ਼ ਤਸਕਰੀ ਲਈ ਵਰਤਣ ਲੱਗੇ ਹਨ। ਸਮਾਜਿਕ ਕਾਰਕੁੰਨ ਸ੍ਰੀ ਲੋਕ ਬੰਧੂ (ਰਾਮਪੁਰਾ) ਦਾ ਪ੍ਰਤੀਕਰਮ ਸੀ ਕਿ ਸਮੁੱਚੇ ਅਰਥਚਾਰੇ ਦੇ ਸੰਕਟ ਨੇ ਔਰਤਾਂ ਨੂੰ ਇਸ ਮੋੜ ਤੇ ਖੜ•ਾ ਕੀਤਾ ਹੈ। ਰੁਜ਼ਗਾਰ ਦੇ ਮੌਕੇ ਘਟੇ ਹਨ ਤੇ ਕਾਰੋਬਾਰ ਸੁੰਗੜੇ ਹਨ ਜਿਸ ਦੇ ਵਜੋਂ ਤਣਾਓ ਵਧੇ ਹਨ। ਇਸ ਵਰਤਾਰੇ ਚੋਂ ਇਹ ਰੁਝਾਨ ਸਾਹਮਣੇ ਆਇਆ ਹੈ।
                                         ਰੁਝਾਨ ਫਿਕਰਮੰਦੀ ਵਾਲਾ ਨਹੀਂ : ਛੀਨਾ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਔਰਤਾਂ ਵਲੋਂ ਤਸਕਰੀ ਕਰਨ ਦਾ ਰੁਝਾਨ ਬਹੁਤ ਹੀ ਘੱਟ ਹੈ ਅਤੇ ਤਸਕਰੀ ਕਾਰੋਬਾਰ ਵਿਚ ਔਰਤਾਂ ਦੀ ਗਿਣਤੀ ਨਾਮਾਤਰ ਵਰਗੀ ਹੈ। ਉਨ•ਾਂ ਆਖਿਆ ਕਿ ਉਹੀ ਔਰਤਾਂ ਹੀ ਇਸ ਪਾਸੇ ਆਈਆਂ ਹਨ ਜਿਨ•ਾਂ ਦੇ ਪਤੀ ਪਹਿਲਾਂ ਤੋਂ ਤਸਕਰੀ ਦੇ ਧੰਦੇ ਵਿਚ ਲਿਪਤ ਸਨ। ਉਨ•ਾਂ ਆਖਿਆ ਕਿ ਦੌਲੇਵਾਲਾ ਪਿੰਡ 'ਚ ਔਰਤਾਂ ਦੀ ਸ਼ਮੂਲੀਅਤ ਵੱਡੀ ਹੈ ਜਿਥੇ ਪੁਲੀਸ ਚੌਂਕੀ ਸਥਾਪਿਤ ਕੀਤੀ ਗਈ ਹੈ। 

Wednesday, November 22, 2017

                   'ਲਾਲ ਪਰੀ ਐਕਸਪ੍ਰੈਸ'
          ਸ਼ਰਾਬੀ ਬਣ ਜਾਂਦੇ ਨੇ 'ਟੀਟੀ'
                       ਚਰਨਜੀਤ ਭੁੱਲਰ
ਬਠਿੰਡਾ :  ਕਪਾਹ ਪੱਟੀ 'ਚ ਹੁਣ 'ਲਾਲ ਪਰੀ ਐਕਸਪ੍ਰੈਸ' ਧੂੜਾਂ ਪੁੱਟਣ ਲੱਗੀ ਹੈ। ਬਠਿੰਡਾ-ਮਾਨਸਾ ਦੇ ਪਿਆਕੜਾਂ ਨੇ ਹੁਣ 'ਰੇਲ ਰੂਟ' ਫੜਿਆ ਹੈ ਜੋ ਹਰਿਆਣਾ 'ਚ ਸਸਤੀ ਸ਼ਰਾਬ ਪੀਣ ਜਾਂਦੇ ਹਨ। ਬੁਢਲਾਡਾ-ਬਰੇਟਾ ਦੇ ਪਿੰਡਾਂ 'ਚ ਜਾਖਲ ਤੋਂ ਮਾਨਸਾ ਆਉਂਦੀ ਪਸੰਜਰ ਟਰੇਨ 'ਲਾਲ ਪਰੀ ਐਕਸਪ੍ਰੈਸ' ਵਜੋਂ ਆਮ ਬੋਲਚਾਲ 'ਚ ਮਸ਼ਹੂਰ ਹੋ ਗਈ ਹੈ। ਜਾਖਲ ਤੋਂ ਚੱਲਦੀ ਇਹ ਟਰੇਨ ਬਰੇਟਾ ਦੇ ਪਿੰਡਾਂ 'ਚ ਕਰੀਬ 6.30 ਵਜੇ ਪੁੱਜਦੀ ਹੈ ਜਿਸ 'ਚ ਬਹੁਤੇ ਉਹ ਸ਼ਰਾਬੀ ਹੁੰਦੇ ਹਨ ਜੋ ਹਰਿਆਣਾ ਚੋਂ ਸ਼ਰਾਬ ਪੀ ਕੇ ਵਾਪਸ ਮੁੜਦੇ ਹਨ। ਪਸੰਜਰ ਟਰੇਨ 'ਚ ਸ਼ਾਮ ਵਕਤ ਸ਼ਰਾਬੀਆਂ ਦਾ ਮੇਲਾ ਭਰਿਆ ਹੁੰਦਾ ਹੈ। ਸੂਤਰ ਦੱਸਦੇ ਹਨ ਕਿ ਇਹ ਬਿਨ•ਾਂ ਟਿਕਟ ਤੋਂ ਹੀ ਸਫ਼ਰ ਕਰਦੇ ਹਨ। ਪੰਜਾਬ ਪੁਲੀਸ ਵਲੋਂ ਦਿਨ ਰਾਤ ਦੀ ਨਾਕੇਬੰਦੀ ਕਰਕੇ ਸ਼ਰਾਬੀਆਂ ਤੇ ਤਸਕਰਾਂ ਤੇ ਰੇਲ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ।  ਨਰਮਾ ਪੱਟੀ 'ਚ ਬੀਕਾਨੇਰ ਚੱਲਦੀ ਟਰੇਨ ਨੂੰ 'ਕੈਂਸਰ ਐਕਸਪ੍ਰੈਸ' ਆਖਿਆ ਜਾਂਦਾ ਸੀ ਜੋ ਕੈਂਸਰ ਪੀੜਤਾਂ ਦੇ ਦਰਦ ਦੀ ਪ੍ਰਤੀਕ ਸੀ। ਇੱਧਰ 'ਲਾਲ ਪਰੀ ਐਕਸਪ੍ਰੈਸ' ਮਾਲਵਾ ਖਿੱਤੇ ਦੇ ਮੱਥੇ 'ਤੇ ਦਾਗ ਲਾ ਰਹੀ ਹੈ। ਬੁਢਲਾਡਾ ਇਲਾਕੇ ਦੇ ਪਿੰਡ ਕਾਨਗੜ•, ਦਾਤੇਵਾਸ,ਨਰਿੰਦਰਪੁਰਾ,ਬਰੇਟਾ ਅਤੇ ਹੋਰਨਾਂ ਪਿੰਡਾਂ ਦੇ ਬਹੁਤੇ ਪਿਆਕੜ ਸਸਤੀ ਸ਼ਰਾਬ ਦੇ ਲਾਲਚ 'ਚ ਹਰਿਆਣਾ ਦੇ ਜਾਖਲ ਨੇੜਲੇ ਪਿੰਡ ਹਿੰਮਤਪੁਰਾ 'ਚ ਜਾਂਦੇ ਹਨ ਜਿਥੇ ਉਨ•ਾਂ ਨੂੰ ਸ਼ਰਾਬ ਦੀ ਬੋਤਲ ਪੰਜਾਹ ਰੁਪਏ ਵਿਚ ਮਿਲਦੀ ਹੈ।
                      ਫਿਰੋਜ਼ਪੁਰ-ਦਿੱਲੀ ਪਸੰਜਰ ਟਰੇਨ ਤੇਂ ਇਹ ਪਿਆਕੜ ਹਰਿਆਣਾ ਜਾਣ ਲਈ ਰਵਾਨਾ ਹੁੰਦੇ ਹਨ ਅਤੇ ਉਧਰੋਂ 'ਲਾਲ ਪਰੀ ਐਕਸਪ੍ਰੈਸ' 'ਚ ਵਾਪਸ ਪਰਤਦੇ ਹਨ। ਦਾਤੇਵਾਸ ਰੇਲਵੇ ਸਟੇਸ਼ਨ ਦੇ ਬੁਕਿੰਗ ਮੁਲਾਜ਼ਮ ਜੋਗਿੰਦਰ ਸਿੰਘ ਨੇ ਦੱਸਿਆ ਕਿ ਬਹੁਤੇ ਪਿਆਕੜ ਜਾਖਲ ਤੋਂ ਸਸਤੀ ਸ਼ਰਾਬ ਪੀਣ ਜਾਂਦੇ ਹਨ ਅਤੇ ਸ਼ਾਮ ਵਕਤ ਵਾਪਸ ਆਉਂਦੀ ਟਰੇਨ ਵਿਚ ਇਨ•ਾਂ ਦੀ ਮਹਿਫਲ ਲੱਗੀ ਹੁੰਦੀ ਹੈ। ਹੁਣ ਕੁਝ ਦਿਨ•ਾਂ ਤੋਂ ਪੁਲੀਸ ਨੇ ਸਖ਼ਤੀ ਕੀਤੀ ਹੈ ਜਿਸ ਕਰਕੇ ਥੋੜਾ ਫਰਕ ਵੀ ਪਿਆ ਹੈ। ਸੂਤਰ ਦੱਸਦੇ ਹਨ ਕਿ ਰੇਲਵੇ ਪੁਲੀਸ ਨੇ ਅੱਕ ਕੇ ਇੱਕ ਰਾਤ ਇਨ•ਾਂ ਸ਼ਰਾਬੀਆਂ ਦੀ ਹਰਿਆਣਾ ਦੇ ਸਟੇਸ਼ਨ ਤੇ ਕਟਾ ਦਿੱਤੀ ਹੈ ਜਿਸ ਮਗਰੋਂ ਪਿਆਕੜ ਥੋੜਾ ਡਰੇ ਹਨ। ਬੁਢਲਾਡਾ ਇਲਾਕੇ ਦੇ ਨੌਜਵਾਨ ਹਰਦੇਵ ਸਿੰਘ ਨੇ ਦੱਸਿਆ ਕਿ ਸ਼ਾਮ ਵਕਤ ਆਉਂਦੀ ਪੈਸੰਜਰ ਟਰੇਨ ਨੂੰ ਸ਼ਰਾਬੀ 'ਲਾਲਪਰੀ ਐਕਸਪ੍ਰੈਸ' ਆਖਦੇ ਹਨ। ਇੱਕ ਪੰਚਾਇਤੀ ਆਗੂ ਨੇ ਦੱਸਿਆ ਕਿ ਪਿਆਕੜਾ ਦੇ ਘਰਾਂ ਵਿਚ ਉਦੋਂ ਚੁੱਲ•ਾ ਤਪਦਾ ਹੈ ਜਦੋਂ ਔਰਤਾਂ ਪਸੰਜਰ ਟਰੇਨ ਦੀ ਕੂਕ ਸੁਣਦੀਆਂ ਹਨ। ਰੇਲਵੇ ਦੇ ਟੀ.ਟੀ ਵੀ ਇਨ•ਾਂ ਨਾਲ ਪੰਗਾ ਲੈਣ ਤੋਂ ਡਰਦੇ ਹਨ। ਇੱਕ ਵਿਅਕਤੀ ਦਾ ਪ੍ਰਤੀਕਰਮ ਸੀ ਕਿ 'ਸ਼ਾਮ ਵਕਤ ਇਹ ਸਾਰੇ ਪਿਆਕੜ ਖੁਦ 'ਟੀਟੀ' ਬਣੇ ਹੁੰਦੇ ਹਨ।
                      ਕਾਨਗੜ• (ਮਾਨਸਾ) ਰੇਲਵੇ ਸਟੇਸ਼ਨ ਦੇ ਬੁਕਿੰਗ ਮੁਲਾਜ਼ਮ ਕਾਕਾ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਬੁਕਿੰਗ ਔਸਤਨ 700 ਰੁਪਏ ਦੀ ਹੈ ਅਤੇ ਉਹ ਸ਼ਰਾਬੀਆਂ ਨੂੰ ਸਟੇਸ਼ਨ ਤੇ ਖੜ•ਨ ਨਹੀਂ ਦਿੰਦੇ ਹਨ। ਪਿੰਡ ਕਾਨਗੜ• ਦੇ ਪੰਚਾਇਤ ਮੈਂਬਰ ਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਵਕਤ ਟਰੇਨ ਸ਼ਰਾਬੀਆਂ ਨਾਲ ਲੱਦੀ ਆਉਂਦੀ ਹੈ ਅਤੇ ਮੇਲਾ ਲੱਗਿਆ ਰਹਿੰਦਾ ਹੈ। ਉਨ•ਾਂ ਦੱਸਿਆ ਕਿ ਕੁਝ ਹਫਤੇ ਪਹਿਲਾਂ ਤਾਂ ਜਾਖਲ ਦੇ ਠੇਕੇਦਾਰਾਂ ਨੇ 100 ਰੁਪਏ ਵਿਚ ਤਿੰਨ ਬੋਤਲਾਂ ਦੇਣ ਦੀ ਸੇਲ ਹੀ ਲਾ ਦਿੱਤੀ ਸੀ। ਉਨ•ਾਂ ਦੱਸਿਆ ਕਿ ਟਰੇਨ ਰਾਹੀਂ ਕਈ ਲੋਕ ਤਸਕਰੀ ਵੀ ਕਰਦੇ ਹਨ। ਰੇਲਵੇ ਪੁਲੀਸ ਦਾ ਬਠਿੰਡਾ ਮਾਨਸਾ ਨੂੰ ਥਾਣਾ ਬਠਿੰਡਾ ਲੱਗਦਾ ਹੈ ਜਿਥੇ ਬਰੇਟਾ ਇਲਾਕੇ ਦੇ ਤਸਕਰਾਂ 'ਤੇ ਡੇਢ ਮਹੀਨੇ 'ਚ ਸੱਤ ਪੁਲੀਸ ਕੇਸ ਦਰਜ ਹੋਏ ਹਨ।  ਜੀਆਰਪੀ ਦੇ ਥਾਣਾ ਬਠਿੰਡਾ ਦੇ ਮੁੱਖ ਥਾਣਾ ਅਫਸਰ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਬਰੇਟਾ ਇਲਾਕੇ ਬਹੁਤ ਲੋਕ ਹਰਿਆਣਾ 'ਚ ਸਸਤੀ ਸ਼ਰਾਬ ਪੀਣ ਜਾਂਦੇ ਹਨ ਪ੍ਰੰਤੂ ਉਨ•ਾਂ ਵਲੋਂ ਤਸਕਰਾਂ ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਉਨ•ਾਂ ਦੱਸਿਆ ਕਿ ਇਸੇ ਮਹੀਨੇ ਬਰੇਟਾ ਇਲਾਕੇ ਦੇ ਤਸਕਰਾਂ ਤੇ ਤਿੰਨ ਕੇਸ ਦਰਜ ਕੀਤੇ ਹਨ ਜੋ ਟਰੇਨ ਰਾਹੀਂ ਹਰਿਆਣਾ ਚੋਂ ਸ਼ਰਾਬ ਲਿਆ ਰਹੇ ਸਨ।
                      ਉਨ•ਾਂ ਦੱਸਿਆ ਕਿ ਜਿਆਦਾ ਪਿਆਕੜ ਸ਼ਾਮ ਵਕਤ ਜਾਖਲ ਜਾਂਦੇ ਹਨ। ਰੇਲਵੇ ਪੁਲੀਸ ਨੇ ਰਾਮਾਂ ਇਲਾਕੇ ਦੇ ਵੀ ਇੱਕ ਵਿਅਕਤੀ ਤੋਂ ਹਰਿਆਣਾ ਦੀ ਸ਼ਰਾਬ ਫੜੀ ਹੈ।  ਇਸੇ ਦੌਰਾਨ ਮਾਨਸਾ ਪੁਲੀਸ ਦੇ ਡੀ.ਐਸ.ਪੀ ਬੁਢਲਾਡਾ ਰਛਪਾਲ ਸਿੰਘ ਨੇ ਦੱਸਿਆ ਕਿ ਅੰਤਰਰਾਜੀ ਸੜਕਾਂ ਤੇ ਉਨ•ਾਂ ਨੇ ਦਿਨ ਰਾਤ ਦੇ ਨਾਕੇ ਲਾਏ ਹੋਏ ਹਨ ਅਤੇ ਹਾਲ ਹੀ ਵਿਚ ਹਰਿਆਣਾ ਦੀ 40 ਪੇਟੀਆਂ ਸ਼ਰਾਬ ਫੜੀ ਹੈ। ਅਗਰ ਇਹ ਲੋਕ ਵਾਇਆ ਟਰੇਨ ਜਾਂਦੇ ਹਨ ਤਾਂ ਉਸ ਦਾ ਪਤਾ ਰੇਲਵੇ ਨੂੰ ਹੀ ਹੋਵੇਗਾ। ਦੱਸਣਯੋਗ ਹੈ ਕਿ ਹਰਿਆਣਾ ਵਿਚ ਐਤਕੀਂ ਸ਼ਰਾਬ ਕਾਫੀ ਸਸਤੀ ਹੈ ਜਿਸ ਕਰਕੇ ਪੰਜਾਬ ਦੇ ਠੇਕੇਦਾਰ ਪ੍ਰਭਾਵਿਤ ਹੋ ਰਹੇ ਹਨ। 

Tuesday, November 14, 2017

                                    ਰੋਹੀ ਦੇ ਰੁਖ਼ 
               ਜ਼ਿੰਦਗੀ ਤੋਂ ਹਾਰੇ ਬੇਕਸੂਰ 'ਸਿਕੰਦਰ'
                                  ਚਰਨਜੀਤ ਭੁੱਲਰ
ਬਠਿੰਡਾ : ਪਿੰਡ ਗਿੱਦੜ ਦਾ ਸਿਕੰਦਰ ਹੁਣ ਹਾਰ ਗਿਆ ਹੈ। ਵਿਰਾਸਤ 'ਚ ਇਕੱਲੇ ਦੁੱਖ ਨਹੀਂ ਮਿਲੇ, ਕਰਜ਼ੇ ਦੀ ਪੰਡ ਵੀ ਮਿਲੀ । ਅਪਾਹਜ ਸਿਕੰਦਰ ਹੁਣ ਇਹ ਪੰਡ ਕਿਵੇਂ ਚੁੱਕੇ, ਕੋਈ ਢਾਰਸ ਦੇਣ ਵਾਲਾ ਨਹੀਂ। ਪਹਿਲੋਂ ਬਾਪ ਬਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਤੇ ਫਿਰ ਚਾਚਾ ਬਾਦਲ ਸਿੰਘ ਇਹੋ ਰਾਹ ਚਲਾ ਗਿਆ। ਮਾਂ ਵੀਰਾਂ ਕੌਰ ਦਾ ਸੁਹਾਗ ਦੋ ਵਾਰ ਲੁੱਟਿਆ ਗਿਆ। ਜਦੋਂ 'ਚਾਚਾ ਨਹਿਰੂ' ਦਾ ਜਨਮ ਦਿਨ ਆਉਂਦਾ ਹੈ ਤਾਂ ਉਦੋਂ ਉਸ ਨੂੰ ਬਾਲ ਦਿਵਸ ਨਹੀਂ, ਸਿਰ ਚੜੇ• ਪੰਜ ਲੱਖ ਦੇ ਕਰਜ਼ ਦਾ ਚੇਤਾ ਆਉਂਦਾ ਹੈ। ਬਰਨਾਲਾ ਦੇ ਪਿੰਡ ਬਦਰਾ ਦੇ ਸਕੂਲ ਪੜ•ਦੇ ਹਰਮਨਦੀਪ ਤੇ ਕਰਨਦੀਪ ਸਿੰਘ ਦਾ ਚਾਚਾ ਗੁਰਤੇਜ ਸਿੰਘ ਕਦੇ ਸਰਦਾ ਪੁੱਜਦਾ ਕਿਸਾਨ ਸੀ। ਦੋ ਏਕੜ ਜ਼ਮੀਨ ਵਿਕਣ ਮਗਰੋਂ ਇਹ ਚਾਚਾ ਹੁਣ ਲੇਬਰ ਚੌਂਕ ਦਾ ਮਜ਼ਦੂਰ ਬਣ ਗਿਆ ਹੈ। ਜਦੋਂ ਦੋਵੇਂ ਬੱਚਿਆਂ ਦਾ ਬਾਪ ਖੁਦਕੁਸ਼ੀ ਕਰ ਗਿਆ ਤਾਂ ਉਸ ਮਗਰੋਂ ਇਨ•ਾਂ ਦੀ ਮਾਂ ਛੱਡ ਕੇ ਚਲੀ ਗਈ। ਚਾਚੇ ਗੁਰਤੇਜ ਨੇ ਇਨ•ਾਂ ਬੱਚਿਆਂ ਦੇ ਸਿਰ ਤੇ ਹੱਥ ਤਾਂ ਰੱਖਿਆ ਪ੍ਰੰਤੂ  ਚਾਚੇ ਨੂੰ ਖੁਦ ਜ਼ਿੰਦਗੀ ਪੰਜੀ ਦਾ ਭੌਣ ਦਿਖਾ ਰਹੀ ਹੈ। ਨਰਮਾ ਪੱਟੀ 'ਚ ਹਜ਼ਾਰਾਂ ਬੱਚੇ ਹਨ ਜਿਨ•ਾਂ ਨੂੰ ਜ਼ਿੰਦਗੀ ਨੇ ਰੋਹੀ ਦੇ ਰੁੱਖ ਬਣਾ ਦਿੱਤਾ ਹੈ ਜੋ ਹੁਣ ਅਜਿਹੇ 'ਚਾਚੇ' ਦਾ ਰਾਹ ਤੱਕ ਰਹੇ ਹਨ ਜੋ ਉਨ•ਾਂ ਦੇ ਦੁੱਖਾਂ ਦੀ ਦਾਰੂ ਬਣ ਸਕੇ। ਹਕੂਮਤਾਂ ਦੇ ਜਰਨੈਲ ਇਨ•ਾਂ ਬੱਚਿਆਂ ਦੀ ਹੰਝੂ ਨਹੀਂ ਸਮਝ ਸਕੇ ਹਨ।
                   ਉਂਜ, ਪਿੰਡ ਲਹਿਰਾ ਖਾਨਾ ਦਾ ਸਿਕੰਦਰ ਸਿੰਘ ਉਸ ਬੱਚੀ ਗੁਰਬਿੰਦਰ ਕੌਰ ਲਈ ਕਿਸੇ ਜਰਨੈਲ ਤੋਂ ਘੱਟ ਨਹੀਂ ਜਿਸ ਦਾ ਬਾਪ ਸਤਪਾਲ ਸਿੰਘ ਖੁਦਕੁਸ਼ੀ ਕਰ ਗਿਆ ਅਤੇ ਮਾਂ ਉਸ ਨੂੰ ਛੱਡ ਕੇ ਚਲੀ ਗਈ। ਨਾ ਕੋਈ ਚਾਚਾ ਤੇ ਨਾ ਤਾਇਆ, ਉਹ ਜ਼ਿੰਦਗੀ ਚੋਂ ਹੀ ਖਾਰਜ ਹੋ ਗਈ। ਗੁਆਂਢੀ ਸਿਕੰਦਰ ਸਿੰਘ ਨੇ ਮ੍ਰਿਤਕ ਮਜ਼ਦੂਰ ਦੀ ਇਸ ਇਕੱਲੀ ਬੱਚੀ ਨੂੰ ਆਪਣੀ ਧੀ ਹੀ ਸਮਝਿਆ। ਉਸ ਨੂੰ ਪੜ•ਾ ਰਿਹਾ ਹੈ ਤੇ ਦਾਨੀ ਸੱਜਣ ਇਸ ਬੱਚੀ ਦਾ ਸਹਾਰਾ ਬਣ ਰਹੇ ਹਨ। ਮਾਨਸਾ ਦੇ ਪਿੰਡ ਬਰਨਾਲਾ ਦੇ ਗੁਰਪਿਆਰ ਲਈ ਕੋਈ ਬਾਲ ਦਿਵਸ ਢਾਰਸ ਨਹੀਂ ਬਣ ਸਕਿਆ। ਉਸ ਲਈ ਦਾਦੀ ਹੀ ਸਭ ਕੁਝ ਹੈ। ਗੁਰਪਿਆਰ ਦੇ ਬਾਪ ਕੁਲਦੀਪ ਸਿੰਘ ਦੀ ਮੌਤ ਹੋ ਗਈ ਤੇ ਮਾਂ ਨੇ ਖੁਦਕੁਸ਼ੀ ਕਰ ਲਈ। ਹੁਣ ਇਸ ਬੱਚੇ ਦੇ ਸਿਰ ਤੇ ਦੋ ਲੱਖ ਦਾ ਕਰਜ਼ ਹੈ। ਉਸ ਦੀ ਇਕਲੌਤੀ ਭੈਣ ਨਾਨਕੇ ਘਰ ਪੜ•ਨ ਲੱਗੀ ਹੈ। ਜ਼ਿੰਦਗੀ ਦੇ ਕੌੜੇ ਘੁੱਟ ਮਿੱਠੇ ਕਰਕੇ ਪੀਣ ਦੀ ਇਨ•ਾਂ ਨਿੱਕਿਆਂ ਦੀ ਆਦਤ ਬਣ ਗਈ ਹੈ। ਮਾਈਸਰਖਾਨਾ ਪਿੰਡ ਦੇ ਬੱਚੇ ਮਹਿਕਦੀਪ ਸਿੰਘ ਤੇ ਉਸ ਦੀ ਭੈਣ ਹਰਮਨਜੋਤ ਕੌਰ ਲਈ ਦਾਦੀ ਹੀ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਜੋ ਇਨ•ਾਂ ਬੱਚਿਆਂ ਲਈ ਜ਼ਿੰਦਗੀ ਦੇ ਪੱਤਣ ਤਲਾਸ਼ ਰਹੀ ਹੈ।
                  ਭੁੱਚੋ ਖੁਰਦ ਦੀ ਛੇ ਵਰਿ•ਆਂ ਦੀ ਅਰਸ਼ਦੀਪ ਦੂਸਰੀ ਜਮਾਤ ਵਿਚ ਪੜ•ਦੀ ਹੈ ਪ੍ਰੰਤੂ ਵਕਤ ਦੇ ਹੱਲੇ ਨੇ ਉਸ ਨੂੰ ਵੱਡੇ ਸਬਕ ਸਿਖਾ ਦਿੱਤੇ ਹਨ। ਜਦੋਂ ਇਸ ਬੱਚੀ ਦਾ ਬਾਪ ਸਤਨਾਮ ਸਿੰਘ ਖੁਦਕੁਸ਼ੀ ਕਰ ਗਿਆ ਤਾਂ ਮਾਂ ਉਸ ਨੂੰ ਛੱਡ ਕੇ ਚਲੀ ਗਈ। ਦਾਦੀ ਨਸੀਬ ਕੌਰ ਹੁਣ ਇਸ ਛੋਟੀ ਬੱਚੀ ਦੇ ਖੰਭ ਬਣੀ ਹੋਈ ਹੈ। ਗੁਜ਼ਾਰੇ ਦਾ ਕੋਈ ਸਾਧਨ ਨਹੀਂ ਹੈ। ਪਿੰਡ ਪੂਹਲਾ ਦੀਆਂ ਤਿੰਨ ਬੱਚੀਆਂ ਮਨਦੀਪ,ਨਵਨੀਤ ਤੇ ਸੁਖਜੀਤ ਕੌਰ ਦਾ ਬਾਪ ਬਿਮਾਰੀ ਨੇ ਖੋਹ ਲਿਆ ਜਦੋਂ ਕਿ ਮਾਂ ਲਾਪਤਾ ਹੋ ਗਈ ਹੈ। ਹੁਣ ਦਾਦੀ ਹੀ ਇਨ•ਾਂ ਬੱਚੀਆਂ ਨੂੰ ਪਾਲ ਰਹੀ ਹੈ। 'ਚਾਚਾ ਨਹਿਰੂ' ਨੂੰ ਭਲਕੇ ਜਨਮ ਦਿਨ 'ਤੇ ਚੇਤੇ ਕਰਨ ਵਾਲਿਆਂ ਨੂੰ ਇਹ ਬੱਚੇ ਹਲੂਣਾ ਦੇਣ ਲਈ ਕਾਫ਼ੀ ਹਨ। ਇਨ•ਾਂ ਬੱਚਿਆਂ ਨੇ ਬਚਪਨ ਉਮਰੇ 'ਬਾਲ ਦਿਵਸ' ਨਹੀਂ ਦੇਖੇ, ਜਦੋਂ ਵੇਖੇ, ਤਾਂ ਉਦੋਂ ਸਿਰਫ਼ ਆੜ•ਤੀਆਂ ਹੱਥੋਂ ਜਲੀਲ ਹੁੰਦੇ ਬਾਪ ਹੀ ਦੇਖੇ ਹਨ।

Thursday, November 9, 2017

                               ਲਾਲ ਗੁਆਚੇ
                 ਜਦੋਂ ਰੂਹ ਅੰਬਰਾਂ ਤੱਕ ਰੋਈ…
                              ਚਰਨਜੀਤ ਭੁੱਲਰ
ਬਠਿੰਡਾ  : ਦਰਜਨਾਂ ਮਾਪਿਆਂ ਦੇ ਆਲ•ਣੇ ਅੱਜ ਤੀਲਾ ਤੀਲਾ ਹੋ ਗਏ ਜਦੋਂ ਬਾਹਰੋ ਸੁਨੇਹਾ ਆਇਆ ਕਿ ਉਨ•ਾਂ ਦੇ ਜਾਏ ਹੁਣ ਕਦੇ ਘਰ ਨਹੀਂ ਪਰਤਣਗੇ। ਤੇਜ ਰਫ਼ਤਾਰ ਟਿੱਪਰ ਨੇ ਇਨ•ਾਂ ਮਾਪਿਆਂ ਦੇ ਅਰਮਾਨਾਂ ਨੂੰ ਵੀ ਇੱਕੋ ਪਲ 'ਚ ਕੁਚਲ ਦਿੱਤਾ। ਮਾਪਿਆਂ ਦੇ ਸੁਪਨੇ ਇੱਕ ਛਿਣ 'ਚ ਹੀ ਲਹੂ ਲੁਹਾਨ ਹੋ ਗਏ ਜਿਨ•ਾਂ ਨੇ ਧੀਆਂ ਦੇ ਸਿਰ ਪਲੋਸ ਕੇ ਘਰੋਂ ਤੋਰਿਆ ਸੀ। ਦਿਨ ਚੜਿ•ਆ ਤਾਂ ਨਵੇਂ ਖਿਆਲਾਂ ਨਾਲ ਸੀ ਪ੍ਰੰਤੂ ਬੋਹਲ਼ ਦਿਨ ਦਿਹਾੜੇ ਲੁੱਟੇ ਜਾਣਗੇ, ਮਾਂਵਾਂ ਨੂੰ ਇਸ ਦਾ ਇਲਮ ਨਹੀਂ ਸੀ। ਅੱਜ ਜ਼ਿਲ•ੇ ਦੇ ਦਸ ਘਰਾਂ ਵਿਚ ਦਰਦਾਂ ਦਾ ਦਰਿਆ ਵਗਿਆ ਅਤੇ ਹੰਝੂਆਂ ਤੇ ਹੌਕਿਆਂ ਦੀ ਝੜੀ ਲੱਗੀ। ਬਠਿੰਡਾ ਕੈਂਟ ਲਾਗੇ ਇੱਕ ਤੇਜ ਰਫ਼ਤਾਰ ਟਿੱਪਰ ਨੇ ਅੱਠ ਨੌਜਵਾਨ ਬੱਚਿਆਂ ਨੂੰ ਕੁਚਲ ਦਿੱਤਾ ਜੋ ਘਰੋਂ ਭਵਿੱਖ ਦੇ ਨੈਣ ਨਕਸ਼ ਦੇਖਣ ਲਈ ਤੁਰੇ ਸਨ। ਭੁੱਚੋ ਮੰਡੀ ਦੇ ਬਾਪ ਗੋਪਾਲ ਕ੍ਰਿਸ਼ਨ ਲਈ ਹੁਣ ਭਵਿੱਖ ਹਨੇਰਾ ਗੁਫਾ ਵਾਂਗ ਹੈ ਜਿਸ ਦਾ ਇਕਲੌਤਾ ਬੱਚਾ ਈਸ਼ਵਰ ਇਸ ਹਾਦਸੇ 'ਚ ਫੌਤ ਹੋ ਗਿਆ ਹੈ। ਬਠਿੰਡਾ 'ਚ ਮੈਡੀਕਲ ਸਟੋਰ ਚਲਾ ਰਹੇ ਗੋਪਾਲ ਕ੍ਰਿਸ਼ਨ ਦਾ ਇਹ ਲੜਕਾ ਗੁਰੂ ਨਾਨਕ ਸਕੂਲ ਭੁੱਚੋ ਮੰਡੀ ਵਿਚ ਜਮ•ਾ ਦੋ (ਮੈਡੀਕਲ) ਦਾ ਵਿਦਿਆਰਥੀ ਸੀ।
                    ਮਾਪੇ ਉਸ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖ ਰਹੇ ਸਨ ਪ੍ਰੰਤੂ ਵਕਤ ਨੇ ਉਨ•ਾਂ ਨੂੰ ਸੁਪਨਿਆਂ ਦੇ ਹਾਣ ਦਾ ਹੋਣ ਦਾ ਮੌਕਾ ਹੀ ਨਹੀਂ ਦਿੱਤਾ। ਮੌਤ ਦੇ ਮੂੰਹ ਗਏ ਈਸ਼ਵਰ ਦੀ ਇੱਕੋ ਇੱਕ ਭੈਣ ਤੋਂ ਰੱਖੜੀ ਦਾ ਤਿਉਹਾਰ ਸਦਾ ਲਈ ਦੂਰ ਹੋ ਗਿਆ ਹੈ। ਲਹਿਰਾ ਖਾਨਾ ਦੇ ਕਿਸਾਨ ਬਾਪ ਜਗਰੂਪ ਸਿੰਘ ਨੇ ਆਪਣੀ ਧੀਅ ਮਨਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦੇਖਿਆ ਸੀ ਪ੍ਰੰਤੂ ਇੱਕ ਹਾਦਸੇ ਨੇ ਉਸ ਦੀ ਸੱਧਰ ਨੂੰ ਹੀ ਖਾਕ ਕਰ ਦਿੱਤਾ। ਮਨਪ੍ਰੀਤ ਕੌਰ ਆਪਣੀ ਕੈਨੇਡਾ ਵਸਦੀ ਸਹੇਲੀ ਕੋਲ ਜਾਣ ਲਈ ਆਈਲੈਟਸ ਕਰ ਰਹੀ ਸੀ। ਜਦੋਂ ਉਸ ਦੀ ਪਹਿਲੀ ਪ੍ਰੀਖਿਆ ਵਿਚ ਬੈਂਡ ਘਟ ਗਏ ਤਾਂ ਮਾਪਿਆਂ ਨੇ ਹੱਲਾਸ਼ੇਰੀ ਦਿੱਤੀ ਜਿਸ ਵਜੋਂ ਉਸ ਨੇ ਮੁੜ ਬਠਿੰਡਾ ਵਿਖੇ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ। ਹੁਣ ਇਕਲੌਤਾ ਭਰਾ ਆਪਣੀ ਭੈਣ ਦੀ ਘਰ ਵਿਚ ਕਦੇ ਪੈੜ ਚਾਲ ਨਹੀਂ ਸੁਣ ਸਕੇਗਾ।  ਰਾਮਪੁਰਾ ਦੇ 18 ਵਰਿ•ਆਂ ਦਾ ਵਿਨੋਦ ਕੁਮਾਰ ਮਿੱਤਲ ਅੱਜ ਘਰੋਂ ਨਵੀਂ ਆਸ ਨਾਲ ਤੁਰਿਆ ਪ੍ਰੰਤੂ ਸਭ ਉਮੀਦਾਂ ਨੂੰ ਟਿੱਪਰ ਨੇ ਇੱਕੋ ਹੱਲੇ ਖੇਰੂੰ ਖੇਰੂੰ ਕਰ ਦਿੱਤਾ। ਬਾਪ ਮੁਨੀਸ਼ ਕੁਮਾਰ ਖ਼ਬਰ ਸੁਣਦੇ ਸਾਰ ਹੀ ਹੋਸ਼ ਗੁਆ ਬੈਠਾ। ਵਿਨੋਦ ਦੀ ਮੌਤ ਮਗਰੋਂ ਉਸ ਦੇ ਇੱਕੋ ਇੱਕ ਭਰਾ ਨੂੰ ਹੁਣ ਆਪਣੀ ਸੱਜੀ ਬਾਂਹ ਦਾ ਕਦੇ ਅਹਿਸਾਸ ਨਹੀਂ ਹੋਵੇਗਾ।
                   ਰਾਮਪੁਰਾ ਦੀਆਂ ਦੋਵੇਂ ਭੈਣਾ ਸ਼ਿਖਾ ਤੇ ਤਾਨੀਆਂ ਬਾਂਸਲ ਅੱਜ ਘਰੋਂ ਇਕੱਠੀਆਂ ਚੱਲੀਆਂ ਪ੍ਰੰਤੂ ਕੁਦਰਤ ਨੂੰ ਇਹ ਸਾਥ ਮਨਜ਼ੂਰ ਨਾ ਹੋਇਆ। ਸ਼ਿਖਾ ਜ਼ਿੰਦਗੀ ਤੋਂ ਹੱਥ ਧੋ ਬੈਠੀ ਜਦੋਂ ਕਿ ਉਸ ਦੀ ਭੈਣ ਤਾਨੀਆਂ ਬਾਂਸਲ ਜ਼ਖਮੀ ਹਾਲਤ ਵਿਚ ਹੈ। ਰਾਮਪੁਰਾ ਦੀ ਹੀ ਲਵਪ੍ਰੀਤ ਕੌਰ ਦੀ ਮਾਂ ਦੀਆਂ ਉਦੋਂ ਆਂਦਰਾ ਠੰਢੀਆਂ ਹੋਈਆਂ ਸਨ ਜਦੋਂ ਧੀਅ ਨੂੰ ਸਰਕਾਰੀ ਨੌਕਰੀ ਮਿਲਣ ਦਾ ਸੁਨੇਹਾ ਆਇਆ ਸੀ। ਖੁਰਾਕ ਤੇ ਸਪਲਾਈਜ ਵਿਭਾਗ ਬਠਿੰਡਾ ਵਿਚ ਕਲਰਕ ਵਜੋਂ ਤਾਇਨਾਤ ਲਵਪ੍ਰੀਤ ਕੌਰ ਨੂੰ ਸਿਰਫ਼ ਇੱਕ ਸਾਲ ਹੀ ਨੌਕਰੀ ਕਰਨੀ ਨਸੀਬ ਹੋਈ ਅਤੇ ਉਹ ਵੀ ਅੱਜ ਜ਼ਿੰਦਗੀ ਅਲਵਿਦਾ ਆਖ ਗਈ। ਸਰਕਾਰੀ ਸਕੂਲ ਪਿਥੋਂ ਦੀ ਅਧਿਆਪਕਾ ਮਨਦੀਪ ਕੌਰ ਅੱਜ ਬਠਿੰਡਾ ਤੋਂ ਰੋਜ਼ਾਨਾ ਦੀ ਤਰ•ਾਂ ਸਕੂਲ ਲਈ ਰਵਾਨਾ ਹੋਈ ਪ੍ਰੰਤੂ ਉਹ ਸਕੂਲ 'ਚ ਬੱਚਿਆਂ ਕੋਲ ਪੁੱਜਣ ਦੀ ਥਾਂ ਮੌਤ ਦੀ ਗੋਦ ਵਿਚ ਚਲੀ ਗਈ। ਇੱਕ ਵਰ•ਾ ਪਹਿਲਾਂ ਹੀ ਉਸ ਨੂੰ ਇਹ ਨੌਕਰੀ ਮਿਲੀ ਸੀ।
                    ਸਭ ਘਰਾਂ ਦੀ ਅੱਜ ਇੱਕੋ ਚੀਸ ਦੀ ਸਾਂਝ ਸੀ ਜਿਨ•ਾਂ ਨੂੰ ਧਰਵਾਸ ਦੇਣ ਲਈ ਨੇੜਲਿਆਂ ਨੇ ਦਿਲਾਸੇ ਵੀ ਦਿੱਤੇ ਪ੍ਰੰਤੂ ਦੂਰ ਤੁਰ ਗਈਆਂ ਧੀਆਂ ਦਾ ਗਮ ਇਨ•ਾਂ ਮਾਪਿਆਂ ਨੂੰ ਕਦੇ ਨਹੀਂ ਭੁੱਲ ਸਕੇਗਾ। ਜਿਨ•ਾਂ ਨੇ ਦਿਨ ਚੜ•ਦੇ ਨਵੀਂ ਆਸ ਦਾ ਸੂਰਜ ਦੇਖਿਆ ਸੀ ਪ੍ਰੰਤੂ ਕਿਸਮਤ ਨੇ ਉਨ•ਾਂ ਨੂੰ ਸਮੇਂ ਤੋਂ ਪਹਿਲਾਂ ਹੀ ਜ਼ਿੰਦਗੀ ਦੀ ਢਲਦੀ ਸ਼ਾਮ ਦਿਖਾ ਦਿੱਤੀ। ਹੁਣ ਇਨ•ਾਂ ਘਰਾਂ 'ਚ ਕਦੇ ਚਿੜੀਆਂ ਦੀ ਚਹਿਕਣ ਬੰਦ ਹੋ ਗਈ ਜਿਨ•ਾਂ ਦਾ ਵਕਤ ਨੇ ਸਮੇਂ ਤੋਂ ਪਹਿਲਾਂ ਹੀ ਚੋਗਾ ਮੁਕਾ ਦਿੱਤਾ ਹੈ।

Tuesday, November 7, 2017

                      ...ਖਾਤੇ 'ਚ ਡਿੱਗੇ
     ਪੰਜਾਹ ਲੱਖ ਗੋਲੀ ਛਕ ਗਏ ਨਸ਼ੇੜੀ !
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਭਰ ਦੇ ਨਸ਼ੇੜੀ 'ਟਰੈਮਾਡੋਲ' ਦੀ ਪੰਜਾਹ ਲੱਖ ਗੋਲੀ ਛਕ ਗਏ ਹਨ ਜੋ ਨਸ਼ਾ ਛੱਡਣ ਆਏ ਸਨ। ਨਸ਼ੇੜੀਆਂ ਲਈ 'ਟਰੈਮਾਡੋਲ' ਸਰਕਾਰੀ ਗੱਫੇ ਤੋਂ ਘੱਟ ਨਹੀਂ ਸੀ। ਮੁਫਤੋਂ ਮੁਫ਼ਤ 'ਚ ਮਿਲਦੀ 'ਟਰੈਮਾਡੋਲ' ਨੇ ਨਸ਼ੇੜੀਆਂ ਨੂੰ ਮੌਜ ਲਾਈ ਰੱਖੀ। ਬਹੁਤੇ ਨਸ਼ੇੜੀ ਨਸ਼ਾ ਤਾਂ ਛੱਡ ਗਏ ਹਨ ਪ੍ਰੰਤੂ ਹੁਣ ਉਹ 'ਟਰੈਮਾਡੋਲ' ਤੇ ਲੱਗ ਗਏ ਹਨ। ਪੰਜਾਬ ਸਰਕਾਰ ਨੇ ਵਿਵਾਦਾਂ 'ਚ ਘਿਰੀ 'ਟਰੈਮਾਡੋਲ' ਦਾ ਨਵਾਂ ਆਰਡਰ ਵੀ ਜੂਨ ਮਹੀਨੇ 'ਚ ਕੀਤਾ ਹੈ। ਗਠਜੋੜ ਸਰਕਾਰ ਸਮੇਂ ਅਗਸਤ 2014 'ਚ ਨਸ਼ਾ ਛੁਡਾਊ ਮੁਹਿੰਮ ਚੱਲੀ ਸੀ ਅਤੇ ਉਦੋਂ 'ਟਰੈਮਾਡੋਲ' ਦੀ ਸਪਲਾਈ ਇਕਦਮ ਵਧਾ ਦਿੱਤੀ ਗਈ ਸੀ। ਮੁਹਿੰਮ ਦੇ ਸ਼ੁਰੂਆਤੀ ਤਿੰਨ ਮਹੀਨਿਆਂ 'ਚ ਮਾਲਵਾ ਖ਼ਿੱਤੇ ਦੇ ਨਸ਼ੇੜੀ ਟਰੈਮਾਡੋਲ ਦੀ 4.65 ਲੱਖ ਗੋਲੀ ਛਕ ਗਏ ਸਨ।  ਕੈਪਟਨ ਸਰਕਾਰ ਨੇ ਹੁਣ ਅੰਮ੍ਰਿਤਸਰ, ਤਰਨਤਾਰਨ ਤੇ ਮੋਗਾ ਜ਼ਿਲ•ੇ ਵਿਚ ਨਵੀਂ ਨਸ਼ਾ ਛੁਡਾਊ ਮੁਹਿੰਮ ਵਿੱਢੀ ਹੈ ਜਿਸ ਤਹਿਤ ਹੁਣ ਟਰੈਮਾਡੋਲ ਦੀ ਥਾਂ 'ਤੇ ਦੋ ਹੋਰ ਨਵੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਨਵੀਂ ਸਰਕਾਰ ਨੇ ਵੀ ਲੰਘੇ ਜੂਨ ਮਹੀਨੇ ਵਿਚ ਹੀ ਟਰੈਮਾਡੋਲ ਦੀ 15 ਲੱਖ ਗੋਲੀ ਦਾ ਆਰਡਰ ਕੀਤਾ ਹੈ ਜਿਸ ਚੋਂ ਕਰੀਬ ਢਾਈ ਲੱਖ ਗੋਲੀ ਜ਼ਿਲਿ•ਆਂ ਵਿਚ ਪੁੱਜ ਚੁੱਕੀ ਹੈ। ਲੰਘੇ ਤਿੰਨ ਵਰਿ•ਆਂ 'ਚ ਟਰੈਮਾਡੋਲ ਦੀ ਕਰੀਬ 50 ਲੱਖ ਗੋਲੀ ਦੀ ਲਾਗਤ ਹੋਈ ਹੈ।
                  ਵੇਰਵਿਆਂ ਅਨੁਸਾਰ ਜਨਵਰੀ 2017 ਵਿਚ ਕਰੀਬ 15 ਹਜ਼ਾਰ ਟਰੈਮਾਡੋਲ ਦਾ ਆਰਡਰ ਦਿੱਤਾ ਗਿਆ ਸੀ ਅਤੇ ਉਸ ਤੋਂ ਪਹਿਲਾਂ ਨਵੰਬਰ 2016 ਵਿਚ ਸਿਹਤ ਵਿਭਾਗ ਨੇ ਟਰੈਮਾਡੋਲ ਦੀ 20 ਲੱਖ ਗੋਲੀ ਖਰੀਦ ਕੀਤੀ ਸੀ। ਸਾਲ 2015 ਵਿਚ ਵੀ ਟਰੈਮਾਡੋਲ ਦੀ ਕਰੀਬ 15 ਲੱਖ ਗੋਲੀ ਦਾ ਆਰਡਰ ਦਿੱਤਾ ਗਿਆ ਸੀ ਅਤੇ ਇਸੇ ਤਰ•ਾਂ ਸਾਲ 2014 ਵਿਚ ਵੀ 15 ਲੱਖ ਟਰੈਮਾਡੋਲ ਦੀ ਲਾਗਤ ਹੋਈ ਸੀ। ਸਿਹਤ ਵਿਭਾਗ ਤਰਫ਼ੋਂ ਹੁਣ ਦਿੱਲੀ ਦੀ ਫਰਮ ਮੈਡੀਕਾਮਿੰਨ ਤੋਂ 2.10 ਰੁਪਏ ਪ੍ਰਤੀ ਪੱਤਾ ਦੇ ਹਿਸਾਬ ਨਾਲ ਟਰੈਮਾਡੋਲ ਖਰੀਦ ਕੀਤੀ ਜਾ ਰਹੀ ਹੈ। ਪਿਛਲੇ ਅਰਸੇ ਦੌਰਾਨ ਮਾਰਕੀਟ ਵਿਚ ਟਰੈਮਾਡੋਲ ਬਲੈਕ ਵਿਚ ਵਿਕਦੀ ਰਹੀ ਹੈ। ਸਿਹਤ ਵਿਭਾਗ ਵਲੋਂ ਨਸ਼ੇੜੀਆਂ ਨੂੰ ਟਰੈਮਾਡੋਲ ਮੁਫ਼ਤ ਦਿੱਤੀ ਜਾਂਦੀ ਹੈ। ਸਿਹਤ ਵਿਭਾਗ ਦੇ ਪੰਜਾਬ ਭਰ ਵਿਚ ਤਿੰਨ ਵੱਡੇ ਗੋਦਾਮ ਬਠਿੰਡਾ,ਵੇਰਕਾ ਅਤੇ ਖਰੜ• ਵਿਖੇ ਹਨ ਜਿਥੋਂ ਪੂਰੀ ਪੰਜਾਬ ਨੂੰ ਦਵਾਈ ਦੀ ਸਪਲਾਈ ਹੁੰਦੀ ਹੈ। ਸੂਤਰਾਂ ਅਨੁਸਾਰ ਲੰਘੇ ਤਿੰਨ ਵਰਿ•ਆਂ ਦੌਰਾਨ ਪ੍ਰਤੀ ਸਾਲ 15 ਲੱਖ ਟਰੈਮਾਡੋਲ ਆਰਡਰ ਕੀਤੀ ਜਾ ਰਹੀ ਹੈ। ਮਾਲਵਾ ਖ਼ਿੱਤੇ ਦੇ ਇੱਕ ਪੁਰਾਣੇ ਡਾਕਟਰ ਨੇ ਦੱਸਿਆ ਕਿ ਬਹੁਤੇ ਨਸ਼ੇੜੀ ਹੁਣ ਟਰੈਮਾਡੋਲ ਦੀ ਆਦੀ ਹੋ ਗਏ ਹਨ ਜੋ ਕਿ ਬਾਜ਼ਾਰ ਵਿਚ ਮਿਲਣੀ ਮੁਸ਼ਕਲ ਹੋ ਗਈ ਹੈ।
                   ਮਾਲਵਾ ਪੱਟੀ 'ਚ ਟਰੈਮਾਡੋਲ ਦੀ ਸਭ ਤੋਂ ਵੱਡੀ ਮੰਗ ਰਹੀ ਹੈ ਅਤੇ ਤਿੰਨ ਵਰਿ•ਆਂ ਦੌਰਾਨ ਟਰੈਮਾਡੋਲ ਤੋਂ ਕਾਫ਼ੀ ਲੋਕਾਂ ਨੇ ਹੱਥ ਰੰਗੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਹਸਪਤਾਲ ਨੂੰ ਲੰਘੇ ਵਰਿ•ਆਂ ਵਿਚ ਕਰੀਬ ਟਰੈਮਾਡੋਲ ਦੀ ਕਰੀਬ 2 ਲੱਖ ਗੋਲੀ ਦਿੱਤੀ ਜਾ ਚੁੱਕੀ ਹੈ। ਪਿਛਲੀ ਸਰਕਾਰ ਨੇ ਉਦੋਂ ਨਸ਼ਾ ਛੁਡਾਊ ਮੁਹਿੰਮ ਤਹਿਤ ਛੋਟੇ ਮੋਟੇ ਤਸਕਰਾਂ ਤੇ ਵੱਡੀ ਗਿਣਤੀ ਵਿਚ ਪੁਲੀਸ ਕੇਸ ਦਰਜ ਕੀਤੇ ਸਨ ਅਤੇ ਟਰੈਮਾਡੋਲ ਵੀ ਸਪਲਾਈ ਕੀਤੀ ਸੀ ਜਿਸ 'ਤੇ ਹੁਣ ਉਂਗਲ ਉਠ ਰਹੀ ਹੈ। ਪੰਜਾਬ ਦੀਆਂ ਜੇਲ•ਾਂ ਵਿਚ 'ਟਰੈਮਾਡੋਲ' ਪਹਿਲੀ ਪਸੰਦ ਬਣੀ ਹੋਈ ਹੈ। ਬਠਿੰਡਾ, ਮਾਨਸਾ, ਸੰਗਰੂਰ ਆਦਿ ਜੇਲ•ਾਂ ਵਿਚ ਟਰੈਮਾਡੋਲ ਦੀ ਸਪਲਾਈ ਜ਼ਿਕਰਯੋਗ ਰਹੀ ਹੈ।
                                ਨਵੀਂ ਮੁਹਿੰਮ ਚੋਂ 'ਟਰੈਮਾਡੋਲ' ਆਊਟ : ਐਮ.ਡੀ
ਪੰਜਾਬ ਸਿਹਤ ਸਿਸਟਮਜ਼ ਨਿਗਮ ਦੇ ਐਮ.ਡੀ ਸ੍ਰੀ ਵਰੁਣ ਰੂਜਮ ਦਾ ਕਹਿਣਾ ਸੀ ਕਿ ਡਾਕਟਰ ਵਲੋਂ ਸਿਫਾਰਸ਼ ਹਿੱਤ ਹੀ ਮਰੀਜ਼ਾਂ ਨੂੰ 'ਟਰੈਮਾਡੋਲ' ਦਿੱਤੀ ਜਾਂਦੀ ਹੈ ਪ੍ਰੰਤੂ ਹੁਣ ਜੋ ਨਵਾਂ ਪ੍ਰੋਗਰਾਮ ਤਿੰਨ ਜ਼ਿਲਿ•ਆਂ ਵਿਚ ਸ਼ੁਰੂ ਕੀਤਾ ਗਿਆ ਹੈ, ਉਸ 'ਚ 'ਟਰੈਮਾਡੋਲ' ਸ਼ਾਮਲ ਨਹੀਂ ਹੈ। ਜਿਥੇ ਕਿਤੇ ਡਾਕਟਰ 'ਟਰੈਮਾਡੋਲ' ਸਿਫਾਰਸ਼ ਕਰਦੇ ਹਨ, ਉਥੇ ਸਪਲਾਈ ਮੰਗ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਨਵੇਂ ਪ੍ਰੋਗਰਾਮ ਦਾ ਹਿੱਸਾ ਹੁਣ 'ਟਰੈਮਾਡੋਲ' ਨਹੀਂ ਰਹੀ ਹੈ। ਨਿਗਮ ਵਲੋਂ ਸਿਰਫ਼ ਦਵਾਈਆਂ ਦੀ ਸਪਲਾਈ ਦਿੱਤੀ ਜਾਂਦੀ ਹੈ। 

Sunday, November 5, 2017

                         ਸਰਕਾਰੀ ਲੁੱਟ
    ਮੁਫਤ ਫਾਰਮ ਦੀ ਕੀਮਤ ਵੀਹ ਹਜ਼ਾਰ !
                         ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪ੍ਰਸ਼ਾਸਨ ਨੇ ਅਸਲਾ ਲਾਇਸੈਂਸ ਵਾਲੇ ਫਾਰਮ ਦੀ ਕੀਮਤ ਵੀਹ ਹਜ਼ਾਰ ਰੁਪਏ ਕਰ ਦਿੱਤੀ ਹੈ ਜੋ ਫਾਰਮ ਮੁਫ਼ਤ ਦਿੱਤਾ ਜਾਣਾ ਹੁੰਦਾ ਹੈ। ਵੈਸੇ ਇਸ ਫਾਰਮ ਵਾਲੀ ਫਾਈਲ ਦੀ ਲਾਗਤ ਕੀਮਤ 20 ਰੁਪਏ ਤੋਂ ਜਿਆਦਾ ਨਹੀਂ ਜਿਸ ਦੇ 20 ਹਜ਼ਾਰ ਵਸੂਲੇ ਜਾ ਰਹੇ ਹਨ। ਪਿਛਲੀ ਸਰਕਾਰ ਨੇ ਇਹੋ ਕੀਮਤ 10 ਹਜ਼ਾਰ ਰੱਖੀ ਸੀ ਜਦੋਂ ਕਿ ਨਵੀਂ ਹਕੂਮਤ ਨੇ ਕੀਮਤ ਦੁੱਗਣੀ ਕਰ ਦਿੱਤੀ ਹੈ ਜੋ ਕਿ ਪੰਜਾਬ ਭਰ ਚੋਂ ਸਭ ਤੋਂ ਵੱਧ ਹੈ। ਰੈਡ ਕਰਾਸ ਬਠਿੰਡਾ ਨੂੰ 20 ਹਜ਼ਾਰ ਦਾ ਚੰਦਾ ਦੇਣ ਵਾਲਾ ਹੀ ਅਸਲਾ ਲਾਇਸੈਂਸ ਲਈ ਅਪਲਾਈ ਕਰ ਸਕਦਾ ਹੈ। ਰੈਡ ਕਰਾਸ ਵਲੋਂ ਸਸਤੀ ਰੋਟੀ ਸਕੀਮ ਤਹਿਤ ਖਾਣਾ ਖੁਆਇਆ ਜਾ ਰਿਹਾ ਹੈ। ਸੂਤਰ ਆਖਦੇ ਹਨ ਕਿ ਜਬਰੀ ਚੰਦਾ ਇਸ ਸਕੀਮ ਖਾਤਰ ਹੀ ਲਿਆ ਜਾਂਦਾ ਹੈ। ਕਾਂਗਰਸੀ ਖੁਦ ਇਸ ਗੱਲੋਂ ਔਖੇ ਹੋ ਗਏ ਹਨ। ਬਠਿੰਡਾ ਜ਼ਿਲ•ਾ ਪੰਜਾਬ ਭਰ ਚੋਂ ਅਸਲਾ ਲਾਇਸੈਂਸਾਂ 'ਚ ਮੋਹਰੀ ਰਿਹਾ ਹੈ। ਗਠਜੋੜ ਸਰਕਾਰ ਸਮੇਂ ਆਗੂ ਨੌਜਵਾਨਾਂ ਨੂੰ ਨੌਕਰੀ ਦੀ ਥਾਂ ਅਸਲਾ ਲਾਇਸੈਂਸ ਵੰਡਦੇ ਰਹੇ ਹਨ। ਭਾਵੇਂ ਨਵੇਂ ਅਸਲਾ ਲਾਇਸੈਂਸ ਬਣਾਏ ਜਾਣ ਦੀ ਰਫ਼ਤਾਰ ਬਹੁਤ ਘਟੀ ਹੈ ਪ੍ਰੰਤੂ ਇਨ•ਾਂ ਲਾਇਸੈਂਸਾਂ ਵਾਲੇ ਫਾਰਮ ਦੀ ਕੀਮਤ ਦੁੱਗਣੀ ਕਰ ਦਿੱਤੀ ਗਈ ਹੈ।
                     ਮਾਨਸਾ ਜ਼ਿਲ•ੇ ਵਿਚ ਇਹੋ ਫੀਸ 15 ਹਜ਼ਾਰ ਰੁਪਏ ਹੈ ਪ੍ਰੰਤੂ ਹੁਣ ਬਠਿੰਡਾ ਜ਼ਿਲ•ੇ ਨੇ ਮੱਲ ਮਾਰ ਲਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਨਵੀਂ ਗੰਨ/ਰਿਵਾਲਵਰ/ਪਿਸਟਲ ਦੀ ਸਰਕਾਰੀ ਫੀਸ ਇੱਕ ਹਜ਼ਾਰ ਰੁਪਏ ਹੈ ਜਦੋਂ ਇਨ•ਾਂ ਦੀ ਰੀਨਿਊ ਫੀਸ 1500 ਰੁਪਏ ਹੈ। ਹੈਰਾਨੀ ਵਾਲੇ ਤੱਥ ਹਨ ਕਿ ਫਾਰਮ ਦੀ ਕੀਮਤ 20 ਹਜ਼ਾਰ ਹੈ ਤੇ ਲਾਇਸੈਂਸ ਦੀ ਸਰਕਾਰੀ ਫੀਸ ਇੱਕ ਹਜ਼ਾਰ ਰੁਪਏ ਹੈ। ਫੌਜਦਾਰੀ ਕੇਸਾਂ ਦੇ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਦਾ ਪ੍ਰਤੀਕਰਮ ਸੀ ਕਿ ਰੈਡ ਕਰਾਸ ਚੰਦਾ ਵਸੂਲ ਨਹੀਂ ਸਕਦਾ ਹੈ ਪ੍ਰੰਤੂ ਨਾ ਹੀ ਕਿਸੇ ਨੂੰ ਚੰਦਾ ਲੈਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਤਰਫ਼ੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਹਰ ਤਰ•ਾਂ ਦੇ ਫਾਰਮ ਸਮੇਤ ਅਸਲਾ ਲਾਇਸੈਂਸ ਫਾਰਮ ਮੁਫ਼ਤ ਦੇਣ ਦੀ ਵਿਵਸਥਾ ਕੀਤੀ ਹੋਈ ਹੈ। ਦੂਸਰੀ ਤਰਫ਼ ਰੈਡ ਕਰਾਸ ਦੇ ਸਕੱਤਰ ਸ੍ਰੀ ਨਵੀਨ ਗਡਵਾਲ ਦਾ ਕਹਿਣਾ ਸੀ ਕਿ ਅਸਲਾ ਲਾਇਸੈਂਸ ਲਈ ਅਪਲਾਈ ਕਰਨ ਵਾਲੇ ਖੁਦ ਹੀ ਰੈਡ ਕਰਾਸ ਦਫ਼ਤਰ ਆ ਕੇ 20 ਹਜ਼ਾਰ ਦੀ ਦਾਨ ਵਜੋਂ ਪਰਚੀ ਕਟਵਾਉਂਦੇ ਹਨ ਅਤੇ ਕਿਸੇ ਨੂੰ ਦਾਨ ਲਈ ਨਹੀਂ ਆਖਿਆ ਜਾਂਦਾ ਬਲਕਿ ਲੋਕ ਸਵੈ ਇੱਛਾ ਨਾਲ ਹੀ ਦਾਨ ਦਿੰਦੇ ਹਨ।
                    ਦੱਸਣਯੋਗ ਹੈ ਕਿ ਪਹਿਲਾਂ ਸੁਵਿਧਾ ਕੇਂਦਰ ਇਹੋ 'ਦਾਨ' ਵਸੂਲਦੇ ਸਨ ਪ੍ਰੰਤੂ 3 ਅਕਤੂਬਰ 2016 ਤੋਂ ਸੇਵਾ ਕੇਂਦਰ ਚਾਲੂ ਹੋਏ ਹਨ। ਸੇਵਾ ਕੇਂਦਰ ਤਰਫ਼ੋਂ ਪਹਿਲਾਂ ਅਸਲਾ ਲਾਇਸੈਂਸ ਦੀ ਫਾਈਲ ਲੈਣ ਵਾਲੇ ਨੂੰ ਰੈਡ ਕਰਾਸ ਕੋਲ ਭੇਜਿਆ ਜਾਂਦਾ ਹੈ। ਚੋਣਾਂ ਤੋਂ ਪਹਿਲਾਂ ਸਾਲ 2016 ਦੇ ਆਖਰੀ ਚਾਰ ਮਹੀਨਿਆਂ ਵਿਚ ਅਸਲਾ ਲਾਇਸੈਂਸ ਵਾਲੀਆਂ ਕਰੀਬ 700 ਫਾਈਲਾਂ ਦੀ ਵਿਕਰੀ ਹੋਈ ਸੀ। ਬਠਿੰਡਾ ਪ੍ਰਸ਼ਾਸਨ ਤਰਫ਼ੋਂ ਹਰ ਹਫਤੇ ਪੰਜ ਸੱਤ ਨਵੇਂ ਅਸਲਾ ਲਾਇਸੈਂਸ ਬਣਾਏ ਜਾ ਰਹੇ ਹਨ। ਏਨਾ ਕੁ ਫਿਲਹਾਲ ਫਰਕ ਹੈ ਕਿ ਪਹਿਲਾਂ ਪ੍ਰਸ਼ਾਸਨ ਕੋਲ ਵਿਧਾਇਕਾਂ/ਹਲਕਾ ਇੰਚਾਰਜਾਂ ਤੋਂ ਲਾਇਸੈਂਸਾਂ ਦੀ ਸੂਚੀ ਆਉਂਦੀ ਸੀ ਜੋ ਹੁਣ ਨਹੀਂ ਆਉਂਦੀ ਹੈ।  ਪੰਜਾਬ ਭਰ 'ਚ 3.44 ਲੱਖ ਲਾਇਸੈਂਸੀ ਹਥਿਆਰ ਹਨ ਅਤੇ ਪੰਜਾਬ 'ਚ 80 ਵਿਅਕਤੀਆਂ ਪਿਛੇ ਇੱਕ ਲਾਇਸੈਂਸੀ ਹਥਿਆਰ ਹੈ। ਬਠਿੰਡਾ ਜ਼ਿਲ•ੇ ਵਿਚ ਕਰੀਬ 24 ਹਜ਼ਾਰ ਅਸਲਾ ਲਾਇਸੈਂਸ ਹਨ ਜਦੋਂ ਕਿ 32 ਹਜ਼ਾਰ ਲਾਇਸੈਂਸੀ ਹਥਿਆਰ ਹਨ।
                                ਦੌੜ ਨੂੰ ਠੱਲ•ਣ ਲਈ ਫੀਸ ਵਧਾਈ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਲੋਕਾਂ ਨੂੰ ਅਸਲਾ ਲਾਇਸੈਂਸਾਂ ਪ੍ਰਤੀ ਨਿਰਉਤਸ਼ਾਹ ਕਰਨ ਵਾਸਤੇ 20 ਹਜ਼ਾਰ ਰੁਪਏ ਫਾਈਲ ਫੀਸ ਰੱਖੀ ਗਈ ਹੈ ਜਿਸ 'ਚ ਹੋਰ ਵਾਧੇ ਬਾਰੇ ਵੀ ਸੋਚ ਰਹੇ ਹਾਂ। ਜੋ ਫਾਈਲ ਫੀਸ ਦੀ ਕਮਾਈ ਹੈ, ਉਹ ਹੋਰ ਭਲਾਈ ਕੰਮਾਂ ਤੋਂ ਇਲਾਵਾ ਸਸਤੀ ਰੋਟੀ ਸਕੀਮ ਵਾਸਤੇ ਵੀ ਵਰਤੀ ਜਾ ਰਹੀ ਹੈ। ਉਨ•ਾਂ ਆਖਿਆ ਕਿ ਹਥਿਆਰਾਂ ਵਾਸਤੇ ਦੌੜ ਵਿਚ ਕਮੀ ਲਈ ਫੀਸ ਵਧਾਈ ਗਈ ਹੈ ਪ੍ਰੰਤੂ ਅਸਲਾ ਲਾਇਸੈਂਸਾਂ ਦੇ ਸ਼ੌਕੀਨ ਹਾਲੇ ਵੀ ਅਪਲਾਈ ਕਰ ਰਹੇ ਹਨ। 

Saturday, November 4, 2017

                                                         ਰੁਲ ਗਏ ਤੇਰੇ ਲਾਲੋ
                       ਰਿਕਸ਼ੇ ਵਾਲਾ ਗਰੈਜੂਏਟ,ਰੇਹੜੀ ਵਾਲਾ ਬੀ.ਟੈੱਕ !
                                                           ਚਰਨਜੀਤ ਭੁੱਲਰ
ਬਠਿੰਡਾ : ਬਾਬੇ ਨਾਨਕ ਦੇ ਕਿਰਤੀ ਅੱਜ ਵੀ ਰੁਲ ਰਹੇ ਹਨ ਜਿਨ•ਾਂ ਕੋਲ ਗੁਆਉਣ ਲਈ ਸਿਰਫ਼ ਗੁਰਬਤ ਬਚੀ ਹੈ। ਕੋਈ ਵੀ ਗਲ ਲਾਉਣ ਵਾਲਾ ਨਹੀਂ ਹੈ। ਗਰੈਜੂਏਟ ਮੇਜਰ ਸਿੰਘ ਪੂਰੇ 20 ਵਰੇ• ਰਿਕਸ਼ਾ ਚਲਾਉਂਦਾ ਰਿਹਾ। ਦਿਲ ਦੀ ਸਮੱਸਿਆ ਤੇ ਉਪਰੋਂ ਰੀੜ• ਦੀ ਹੱਡੀ ਦੇ ਨੁਕਸ ਨੇ ਉਸ ਦਾ ਰਿਕਸ਼ਾ ਰੋਕ ਦਿੱਤਾ ਹੈ। ਮੁਕਤਸਰ ਦੇ ਪਿੰਡ ਭਾਗਸਰ ਦੇ ਮੇਜਰ ਸਿੰਘ ਦੇ ਭਾਗ ਹੁਣ ਬਿਮਾਰੀ ਨੇ ਖਾ ਲਏ ਹਨ। ਦੱਸਦਾ ਹੈ ਕਿ ਉਸ ਨੇ ਸਰਕਾਰੀ ਕਾਲਜ 'ਚ ਪੜਾਈ ਦੌਰਾਨ ਹੀ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਨਾ ਕਿਧਰੇ ਡਿਗਰੀ ਦਾ ਮੁੱਲ ਪਿਆ ਤੇ ਨਾ ਕਿਰਤ ਦਾ। ਸਰਕਾਰੀ ਮੋਦੀਖ਼ਾਨੇ ਚੋਂ ਉਨ•ਾਂ ਦੇ ਹਿੱਸੇ ਕੁਝ ਨਹੀਂ ਆਇਆ। ਹੁਣ ਉਸ ਦੇ ਦਸਵੀਂ ਕਲਾਸ 'ਚ ਪੜ•ਦੇ ਲੜਕੇ ਗੁਰਪ੍ਰੀਤ ਨੇ ਕਿਰਤ ਦਾ ਲੜ ਫੜਿਆ ਹੈ। 70 ਫੀਸਦੀ ਤੋਂ ਵੱਧ ਅੰਕ ਲੈਣ ਵਾਲਾ ਗੁਰਪ੍ਰੀਤ ਦਿਨੇ ਸਕੂਲ 'ਚ ਪੜਦਾ ਹੈ ਅਤੇ ਰਾਤ ਨੂੰ ਪਿੰਡ ਦੇ ਖਰੀਦ ਕੇਂਦਰ ਵਿਚ ਦਿਹਾੜੀ ਕਰਦਾ ਹੈ। ਬਦਲੇ ਵਿਚ ਰੋਜ਼ਾਨਾ 400 ਰੁਪਏ ਮਿਲਦੇ ਹਨ ਜਿਨ•ਾਂ ਨਾਲ ਘਰ ਚੱਲਦਾ ਹੈ। ਗੁਰਪ੍ਰੀਤ ਦਿਹਾੜੀ ਕਰ ਕਰ ਕੇ ਆਪਣੀ ਭੈਣ ਅਤੇ ਭਰਾ ਨੂੰ ਵੀ ਪੜਾ ਰਿਹਾ ਹੈ। ਬਾਪ ਨੇ ਦੱਸਿਆ ਕਿ ਉਸ ਨੂੰ ਡਾਕਟਰਾਂ ਨੇ ਰਿਕਸ਼ਾ ਚਲਾਉਣ ਤੋਂ ਰੋਕ ਦਿੱਤਾ ਹੈ। ਪਿਉ ਪੁੱਤ ਪੁੱਛਦੇ ਹਨ ਕਿ ਬਾਬਾ, ਅਸੀਂ ਤਾਂ ਦਿਨ ਰਾਤ ਕਿਰਤ ਵੀ ਕੀਤੀ, ਸਾਡੀ ਤਕਦੀਰ ਕਿਉਂ ਨਹੀਂ ਬਦਲੀ।
                      ਦਸਵੀਂ ਵਿਚ ਪੜਦਾ ਗੁਰਪ੍ਰੀਤ ਹੁਣ ਆਪਣੇ ਮਾਪਿਆਂ ਅਤੇ ਭੈਣ ਭਰਾ ਦਾ ਬੋਝ ਚੁੱਕ ਰਿਹਾ ਹੈ। ਕਿਸੇ ਮਲਕ ਭਾਗੋ ਦੀ ਨਜ਼ਰ ਅੱਜ ਤੱਕ ਉਸ ਤੇ ਨਹੀਂ ਪਈ ਹੈ। ਮੋਗਾ ਦੇ ਪਿੰਡ ਕਾਲੇਕੇ ਦੇ ਨੌਜਵਾਨ ਰਾਜਦੀਪ ਦੀ ਜਦੋਂ ਸੁਰਤ ਸੰਭਲੀ ਸੀ ਤਾਂ ਉਦੋਂ ਹੀ ਜ਼ਿੰਦਗੀ ਨੇ ਕਿਰਤ ਦੇ ਲੜ ਲਾ ਦਿੱਤਾ। ਦਿਹਾੜੀਆਂ ਕਰ ਕਰ ਕੇ ਉਸ ਨੇ ਬੀ.ਕਾਮ ਕਰ ਲਈ ਹੈ। ਹੁਣ ਰਾਜਦੀਪ ਆਪਣੀ ਪੜਾਈ ਲਈ ਬਾਘਾਪੁਰਾਣਾ ਦੀ ਮੰਡੀ ਵਿਚ ਪੱਲੇਦਾਰੀ ਕਰ ਰਿਹਾ ਹੈ। ਜ਼ਿੰਦਗੀ ਦੇ ਸਫ਼ਰ ਤੇ ਚੱਲਣ ਤੋਂ ਪਹਿਲਾਂ ਹੀ ਉਸ ਨੂੰ ਬੋਰੀਆਂ ਚੁੱਕਣੀਆਂ ਪੈ ਗਈਆਂ ਹਨ। ਬਠਿੰਡਾ ਦੇ ਪਿੰਡ ਲਾਲੇਆਣਾ ਦਾ ਜਸਵੰਤ ਸਿੰਘ 71 ਫੀਸਦੀ ਅੰਕਾਂ ਨਾਲ ਲਾਈਨਮੈਨ ਦਾ ਕੋਰਸ ਕਰਨ ਮਗਰੋਂ ਦਿਹਾੜੀ ਕਰ ਰਿਹਾ ਹੈ। ਬਠਿੰਡਾ ਜ਼ਿਲ•ੇ ਦਾ ਇੱਕ ਨੌਜਵਾਨ ਜੋ ਬੀ.ਐਡ ਤੋਂ ਇਲਾਵਾ ਪੋਸਟ ਗਰੈਜੂਏਟ ਵੀ ਹੈ। ਸੁਪਨਾ ਅਧਿਆਪਕ ਬਣਨ ਦਾ ਲਿਆ ਪ੍ਰੰਤੂ ਹੁਣ ਉਸ ਦੀ ਪੈਂਚਰਾਂ ਦੀ ਦੁਕਾਨ ਹੈ। ਡਿਗਰੀਆਂ ਦਾ ਕੋਈ ਮੁੱਲ ਨਾ ਪੈਣ ਕਰਕੇ ਉਸ ਨੇ ਸ਼ਰਮ ਵਿਚ ਜੱਗ ਜ਼ਾਹਰ ਤੋਂ ਵੀ ਪਾਸਾ ਵੱਟ ਲਿਆ। ਫਰੀਦਕੋਟ ਦੇ ਪਿੰਡ ਵਾੜਾ ਦਰਾਕਾ ਦਾ 77 ਫੀਸਦੀ ਅੰਕਾਂ ਨਾਲ ਬੀ.ਟੈੱਕ ਕਰਨ ਵਾਲਾ ਲੜਕਾ ਗੁਰਪ੍ਰੀਤ ਸਿੰਘ ਬਾਜਾਖਾਨਾ ਕੋਟਕਪੂਰਾ ਸੜਕ 'ਤੇ ਜੂਸ ਦੀ ਰੇਹੜਾ ਲਾ ਰਿਹਾ ਹੈ। ਪਹਿਲਾਂ ਉਸ ਦੇ ਬਾਪ ਈਸ਼ਰ ਸਿੰਘ ਨੇ ਵੀ ਬੇਰੁਜ਼ਗਾਰੀ ਦੀ ਸੱਟ ਝੱਲੀ ਹੈ।
                     ਲੰਬੀ ਦੇ ਪਿੰਡ ਫਤੂਹੀਵਾਲਾ ਦੀ 60 ਵਰਿ•ਆਂ ਦੀ ਜਗੀਰ ਕੌਰ ਕੋਲ ਸਿਰਫ਼ ਗੁਰਬਤ ਦੀ ਜੰਗੀਰ ਬਚੀ ਹੈ। ਪਹਿਲਾਂ ਨੂੰਹ ਦੀ ਮੌਤ ਹੋ ਗਈ ਤੇ ਫਿਰ ਲੜਕੇ ਦੀ। ਹੁਣ ਪਿਛੇ ਤਿੰਨ ਪੋਤੀਆਂ ਤੇ ਪੋਤਾ ਬਚਿਆ ਹੈ। ਨਿੱਕੀ ਉਮਰੇ ਹੀ ਇਨ•ਾਂ ਬੱਚਿਆਂ ਨੇ ਜ਼ਿੰਦਗੀ ਨਾਲ ਸੌਦਾ ਕਰ ਲਿਆ ਹੈ। ਪੜਾਈ ਛੱਡ ਕੇ 13 ਵਰਿ•ਆਂ ਦਾ ਗੁਰਤੇਜ ਪਿੰਡ ਵਿਚ ਕਿਸੇ ਵੱਡੇ ਘਰ ਨਾਲ ਸੀਰੀ ਰਲ ਗਿਆ ਹੈ। ਇੱਕ ਭੈਣ ਨੇ ਲੋਕਾਂ ਘਰਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦੋ ਛੋਟੀਆਂ ਭੈਣਾਂ ਨੂੰ ਪੜਾਇਆ ਜਾ ਸਕੇ। ਇਨ•ਾਂ ਬੱਚਿਆਂ ਦੇ ਹਿੱਸੇ ਆਸ਼ਰਿਤ ਪੈਨਸ਼ਨ ਵੀ ਨਹੀਂ ਆਈ ਹੈ । ਗਿੱਦੜਬਹਾ ਦਾ ਅੰਗਹੀਣ ਹਰਦਵਿੰਦਰ ਸਿੰਘ ਬਾਬੇ ਦੇ ਕਿਰਤ ਦੇ ਸੁਨੇਹੇ ਤੇ ਪਹਿਰਾ ਦੇ ਰਿਹਾ ਹੈ। ਸਮੇਂ ਦੇ ਹਾਕਮਾਂ ਨੇ ਉਸ ਨੂੰ ਪੈਨਸ਼ਨ ਜੋਗਾ ਵੀ ਨਹੀਂ ਸਮਝਿਆ ਹੈ। ਸੌ ਫੀਸਦੀ ਅੰਗਹੀਣ ਹਰਦਵਿੰਦਰ ਹੁਣ ਅਦਾਲਤ ਦੀ ਕੰਟੀਨ ਵਿਚ ਭਾਂਡੇ ਧੋ ਕੇ ਆਪਣੀ ਜ਼ਿੰਦਗੀ ਦਾ ਬੋਝ ਆਪ ਚੁੱਕ ਰਿਹਾ ਹੈ। ਸੱਤਵੀਂ ਕਲਾਸ ਚੋਂ ਇਸ ਕਰਕੇ ਹਟਣਾ ਪੈ ਗਿਆ ਕਿ ਘਰ ਵਿਚ ਖਾਣ ਜੋਗਾ ਆਟਾ ਵੀ ਨਹੀਂ ਸੀ। ਬਾਪ ਦਿਹਾੜੀ ਕਰਦਾ ਹੈ ਅਤੇ ਮਾਂ ਲੋਕਾਂ ਦੇ ਘਰਾਂ ਵਿਚ ਝਾੜੂ ਪੋਚੇ ਲਾਉਂਦੀ ਹੈ। ਉਹ ਆਖਦਾ ਹੈ ਕਿ 'ਕਿਰਤ ਅਸੀਂ ਕਰਦੇ ਹਾਂ, ਛਕਦਾ ਕੋਈ ਹੋਰ ਹੈ'।
                   ਪਿੰਡ ਤੁੰਗਵਾਲੀ ਦੀ ਜਸਵੰਤ ਕੌਰ ਤਾਂ ਆਪਣੇ ਮਾਪਿਆਂ ਅਤੇ ਭੈਣ ਭਰਾਵਾਂ ਲਈ ਜ਼ਿੰਦਗੀ ਜੀਅ ਰਹੀ ਹੈ। ਜਦੋਂ ਘਰ ਦਾ ਬੋਝ ਭੈਣਾਂ ਤੋਂ ਵੱਡਾ ਦਿੱਖਿਆ ਤਾਂ ਉਸ ਨੇ ਖੁਦ ਲੜਕਿਆਂ ਵਾਲਾ ਪਹਿਰਾਵਾ ਪਾ ਲਿਆ। ਬਾਪ ਕੌਰ ਸਿੰਘ ਖੁਦ ਬੱਕਰੀਆਂ ਚਾਰਦਾ ਹੈ ਤਾਂ ਉਸ ਦੀ ਇਹ ਧੀਅ ਉਸ ਦਾ ਕਮਾਊ ਪੁੱਤ ਬਣ ਗਈ ਹੈ। ਮਾਪਿਆਂ ਦਾ ਬੋਝ ਵੰਡਾਉਣ ਲਈ ਦਸਵੀਂ ਮਗਰੋਂ ਪੜਾਈ ਛੱਡ ਦਿੱਤੀ । ਉਹ ਚਾਰ ਵਰਿ•ਆਂ ਤੋਂ ਮਗਨਰੇਗਾ ਵਿਚ ਦਿਹਾੜੀ ਕਰਦੀ ਹੈ। ਕਿਸੇ ਕੋਈ ਕੰਮ ਹੋਵੇ ,ਜਸਵੰਤ ਨੂੰ ਹਾਕ ਪੈਂਦੀ ਹੈ। ਉਸ ਨੇ ਖੁਦ ਜ਼ਿੰਦਗੀ ਵਿਚ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਹੈ।          

Friday, November 3, 2017

                                                         ਬਾਦਲ 'ਚ ਕਿਸਾਨ
                                 ਸ਼ਮਸ਼ਾਨਘਾਟ 'ਚ ਰਾਤਾਂ ਕੱਟਣ ਲਈ ਮਜਬੂਰ
                                                          ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਕਿਸਾਨਾਂ ਨੂੰ ਐਤਕੀਂ ਸ਼ਮਸ਼ਾਨਘਾਟ 'ਚ ਝੋਨਾ ਸੁੱਟਣਾ ਪਿਆ ਹੈ। ਮਜਬੂਰੀ 'ਚ ਕਿਸਾਨਾਂ ਨੂੰ ਸ਼ਮਸ਼ਾਨਘਾਟ ਵਿਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਹਕੂਮਤ ਬਦਲਣ ਮਗਰੋਂ ਐਤਕੀਂ ਪਿੰਡ ਬਾਦਲ ਦੇ ਖਰੀਦ ਕੇਂਦਰ ਦੇ ਰੰਗ ਵੀ ਬਦਲੇ ਹੋਏ ਹਨ। ਖਰੀਦ ਕੇਂਦਰ ਨੱਕੋਂ ਨੱਕ ਝੋਨੇ ਦੀ ਫਸਲ ਨਾਲ ਭਰਿਆ ਹੋਇਆ ਹੈ। ਹਾਲਾਂਕਿ ਪਿੰਡ ਬਾਦਲ ਦੇ ਵੱਡੇ ਘਰਾਂ ਵਲੋਂ ਆਪੋ ਆਪਣੇ ਖੇਤਾਂ ਜਾਂ ਘਰਾਂ ਵਿਚ ਝੋਨਾ ਢੇਰੀ ਕੀਤਾ ਜਾਂਦਾ ਹੈ। ਖਰੀਦ ਏਜੰਸੀਆਂ ਵਲੋਂ ਇਨ੍ਹਾਂ ਵੱਡੇ ਘਰਾਂ ਦੇ ਖੇਤਾਂ ਚੋਂ ਹੀ ਜੀਰੀ ਖਰੀਦ ਕੀਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਐਤਕੀਂ ਬਾਦਲ ਪਰਿਵਾਰ ਨੇ ਪਿੰਡ ਦੇ ਖਰੀਦ ਕੇਂਦਰ ਵਿਚ ਝੋਨਾ ਸੁੱਟਿਆ ਸੀ। ਪਿੰਡ ਬਾਦਲ ਦੇ ਖਰੀਦ ਕੇਂਦਰ ਦੇ ਨਾਲ ਸ਼ਮਸ਼ਾਨਘਾਟ ਪੈਂਦਾ ਹੈ। ਤਿੰਨ ਦਿਨ ਪਹਿਲਾਂ ਇਹ ਹਾਲ ਸੀ ਕਿ ਖਰੀਦ ਕੇਂਦਰ ਦੀ ਮੁੱਖ ਸੜਕ ਹੀ ਬੰਦ ਹੋ ਗਈ ਸੀ। ਸੜਕਾਂ ਦੇ ਕਿਨਾਰਿਆਂ 'ਤੇ ਝੋਨਾ ਕਿਸਾਨਾਂ ਨੂੰ ਸੁੱਟਣਾ ਪਿਆ। ਖਰੀਦ ਕੇਂਦਰ ਕਾਫ਼ੀ ਛੋਟਾ ਹੈ ਅਤੇ ਕਈ ਲਾਗਲੇ ਪਿੰਡਾਂ ਦੀ ਫਸਲ ਵੀ ਪਿੰਡ ਬਾਦਲ ਦੇ ਹੀ ਖਰੀਦ ਕੇਂਦਰ ਵਿਚ ਆਉਂਦੀ ਹੈ। ਕਰੀਬ ਚਾਰ ਪੰਜ ਕਿਸਾਨਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਫਸਲ ਸੁੱਟੀ ਹੋਈ ਹੈ ਅਤੇ ਉਨ੍ਹਾਂ ਵਲੋਂ ਝੋਨਾ ਸੁਕਾਇਆ ਜਾ ਰਿਹਾ ਹੈ।
                   ਕਿਸਾਨਾਂ ਨੇ ਦੱਸਿਆ ਕਿ ਖਰੀਦ ਏਜੰਸੀ ਵਲੋਂ ਸ਼ਮਸ਼ਾਨਘਾਟ ਦੇ ਅੰਦਰ ਹੀ ਫਸਲ ਦੀ ਬੋਲੀ ਲਗਾ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੈਠੇ ਹਨ ਅਤੇ ਸ਼ਮਸ਼ਾਨਘਾਟ ਵਿਚ ਹੀ ਰਾਤਾਂ ਕੱਟ ਰਹੇ ਹਨ। ਭਾਰਤੀ ਖੁਰਾਕ ਨਿਗਮ ਅਤੇ ਪਨਸਪ ਤਰਫੋਂ ਪਿੰਡ ਬਾਦਲ ਦੇ ਖਰੀਦ ਕੇਂਦਰ ਚੋਂ ਫਸਲ ਖਰੀਦ ਕੀਤੀ ਜਾ ਰਹੀ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਗਠਜੋੜ ਸਰਕਾਰ ਸਮੇਂ ਕਦੇ ਬਹੁਤੀ ਦਿੱਕਤ ਨਹੀਂ ਬਣੀ ਸੀ ਅਤੇ ਐਤਕੀਂ ਲਿਫਟਿੰਗ ਦੀ ਥੋੜੀ ਦਿੱਕਤ ਦੱਸ ਰਹੇ ਹਨ। ਮਾਰਕੀਟ ਕਮੇਟੀ ਮਲੋਟ ਦੇ ਰਿਕਾਰਡ ਅਨੁਸਾਰ ਪਿੰਡ ਬਾਦਲ ਦੇ ਖਰੀਦ ਕੇਂਦਰ ਵਿਚ ਇਸ ਵੇਲੇ 17 ਹਜ਼ਾਰ ਬੋਰੀ ਫਸਲ ਪਈ ਹੈ ਜਦੋਂ ਕਿ ਮੰਡੀ ਵਿਚ 30 ਹਜ਼ਾਰ ਦੇ ਕਰੀਬ ਬੋਰੀ ਝੋਨਾ ਪਿਆ ਹੈ। ਕਿਧਰੇ ਵੀ ਮੰਡੀ ਵਿਚ ਕੋਈ ਖਾਲੀ ਨਹੀਂ ਹੈ। ਇਸ ਖਰੀਦ ਕੇਂਦਰ ਚੋਂ ਹੁਣ ਤੱਕ 8525 ਮੀਟਰਿਕ ਟਨ ਫਸਲ ਦੀ ਖਰੀਦ ਹੋ ਚੁੱਕੀ ਹੈ। ਪਿਛਲੇ ਸੀਜ਼ਨ ਵਿਚ ਇਸ ਮੰਡੀ ਵਿਚ 3.10 ਲੱਖ ਬੋਰੀ ਫਸਲ ਆਈ ਸੀ ਜੋ ਕਿ ਐਤਕੀਂ 3.50 ਲੱਖ ਨੂੰ ਪਾਰ ਕਰਨ ਦਾ ਅਨੁਮਾਨ ਹੈ। ਖਰੀਦ ਕੇਂਦਰ ਵਿਚ ਵਿਕੀ ਤੇ ਅਣਵਿਕੀ ਫਸਲ ਦਾ ਕਰੀਬ 30 ਹਜ਼ਾਰ ਗੱਟਾ ਪਿਆ ਹੈ ਅਤੇ ਖੁਰਾਕ ਨਿਗਮ ਵਲੋਂ ਮਾਪਦੰਡਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ ਹੈ।
                  ਮਾਰਕੀਟ ਕਮੇਟੀ ਮਲੋਟ ਅਧੀਨ ਪੈਂਦੇ ਕਰੀਬ 45 ਖਰੀਦ ਕੇਂਦਰਾਂ ਵਿਚ ਹੁਣ ਤੱਕ 2.43 ਲੱਖ ਮੀਟਰਿਕ ਟਨ ਝੋਨਾ ਆ ਚੁੱਕਾ ਹੈ ਜਿਸ ਚੋਂ 2.39 ਲੱਖ ਐਮਟੀ ਦੀ ਖਰੀਦ ਹੋ ਚੁੱਕੀ ਹੈ। ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਇੱਕ ਦੋ ਕਿਸਾਨਾਂ ਨੇ ਪਿੰਡ ਬਾਦਲ ਵਿਚਲੇ ਕਾਲਜਾਂ ਦੇ ਲਾਗੇ ਹੀ ਝੋਨਾ ਉਤਾਰ ਦਿੱਤਾ ਸੀ। ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਸ੍ਰੀ ਅਜੇਪਾਲ ਸਿੰਘ ਦਾ ਕਹਿਣਾ ਸੀ ਕਿ ਪਿੰਡ ਬਾਦਲ ਦੇ ਖਰੀਦ ਕੇਂਦਰ ਵਿਚ 8625 ਐਮਟੀ ਚੋਂ 8525 ਐਮਟੀ ਦੀ ਖਰੀਦ ਹੋ ਚੁੱਕੀ ਹੈ ਅਤੇ 8025 ਐਮ.ਟੀ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲਾਗਲੇ ਪਿੰਡਾਂ ਦੇ ਕਿਸਾਨ ਬਾਸਮਤੀ ਖਰੀਦ ਕੇਂਦਰ ਵਿਚ ਸੁਕਾਉਣ ਲਈ ਲਿਆਉਂਦੇ ਹਨ ਜਿਸ ਕਰਕੇ ਜਗ੍ਹਾ ਘੱਟ ਜਾਂਦੀ ਹੈ। ਜਗ੍ਹਾ ਦੀ ਕਮੀ ਕਰਕੇ ਕਿਸਾਨਾਂ ਨੂੰ ਹੋਰ ਤਰੱਦਦ ਕਰਨੇ ਪੈਂਦੇ ਹਨ। 

Wednesday, November 1, 2017

                         ਕਰੋੜਾਂ ਦਾ ਚੂਨਾ 
     ਕੈਪਟਨ ਦੇ ਪਿੰਡ 'ਚ 'ਜ਼ਮੀਨ ਸਕੈਂਡਲ' !
                         ਚਰਨਜੀਤ ਭੁੱਲਰ
ਬਠਿੰਡਾ  : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ 'ਚ ਕਰੋੜਾਂ ਰੁਪਏ ਦੇ 'ਜ਼ਮੀਨੀ ਸਕੈਂਡਲ' ਦਾ ਧੂੰਆਂ ਉਠਿਆ ਹੈ। ਇਸ ਪਿੰਡ ਦੀ ਪੰਚਾਇਤੀ ਜ਼ਮੀਨ ਕਰੀਬ ਚਾਰ ਵਰਿ•ਆਂ 'ਚ ਭੇਤ ਭਰੇ ਢੰਗ ਨਾਲ ਗਾਇਬ ਹੋ ਗਈ ਹੈ। ਜਦੋਂ ਪਿੰਡ ਮਹਿਰਾਜ ਨੂੰ ਚਾਰ ਵ•ਰੇ• ਪਹਿਲਾਂ ਨਗਰ ਪੰਚਾਇਤ ਦਾ ਦਰਜਾ ਦਿੱਤਾ  ਗਿਆ ਤਾਂ ਉਸ ਮਗਰੋਂ ਜ਼ਮੀਨ ਗਾਇਬ ਹੋਣ ਦਾ ਮੁੱਢ ਬੱਝ ਗਿਆ। ਪਿੰਡ ਮਹਿਰਾਜ 'ਚ ਚਾਰ ਪੰਚਾਇਤਾਂ ਸਨ ਜਿਨ•ਾਂ ਵਲੋਂ ਆਖਰੀ ਸਮੇਂ ਸਾਲ 2013-14 ਵਿਚ ਕਰੀਬ 92 ਏਕੜ ਵਾਹੀਯੋਗ ਜ਼ਮੀਨ ਠੇਕੇ ਤੇ ਦਿੱਤੀ ਗਈ ਸੀ। ਨਗਰ ਪੰਚਾਇਤ ਬਣਨ ਮਗਰੋਂ ਮਹਿਰਾਜ ਦੀ ਸਾਰੀ ਸੰਪਤੀ ਪੰਚਾਇਤਾਂ ਦੀ ਥਾਂ ਨਗਰ ਪੰਚਾਇਤ ਕੋਲ ਆ ਗਈ ਸੀ।  ਵੇਰਵਿਆਂ ਅਨੁਸਾਰ ਨਗਰ ਪੰਚਾਇਤ ਵਲੋਂ ਸਾਲ 2014-15 ਵਿਚ ਪਹਿਲੇ ਵ•ਰੇ• ਦੌਰਾਨ 59 ਏਕੜ ਜ਼ਮੀਨ ਠੇਕੇ ਤੇ ਦਿੱਤੀ ਗਈ ਸੀ ਜਿਸ ਤੋਂ ਨਗਰ ਪੰਚਾਇਤ ਨੂੰ ਕਰੀਬ 7.94 ਲੱਖ ਰੁਪਏ ਆਮਦਨ ਹੋਈ ਸੀ। ਪਹਿਲੇ ਵ•ਰੇ• ਵਿਚ ਹੀ ਕਰੀਬ 31 ਏਕੜ ਜ਼ਮੀਨ ਗਾਇਬ ਹੋ ਗਈ। ਦੋ ਵ•ਰੇ• • ਮਗਰੋਂ ਇਸ ਜ਼ਮੀਨ ਚੋਂ ਕਰੀਬ 12 ਏਕੜ ਜ਼ਮੀਨ ਇੱਕ ਵੱਖਰੀ ਹੋਰ ਪੰਚਾਇਤ ਨੂੰ ਚਲੀ ਗਈ। ਨਗਰ ਪੰਚਾਇਤ ਨੇ ਚਾਲੂ ਮਾਲੀ ਵ•ਰੇ• ਦੌਰਾਨ 25 ਏਕੜ 4 ਕਨਾਲ ਜ਼ਮੀਨ ਠੇਕੇ ਤੇ ਦਿੱਤੀ ਹੈ ਜਿਸ ਤੋਂ ਕਰੀਬ 4.50 ਲੱਖ ਰੁਪਏ ਦੀ ਆਮਦਨ ਹੋਈ ਹੈ।
                   ਸੂਤਰ ਹੈਰਾਨ ਹਨ ਕਿ ਚਾਰ ਵਰਿ•ਆਂ 'ਚ ਕਰੀਬ 55 ਏਕੜ ਜ਼ਮੀਨ ਗਾਇਬ ਹੋ ਗਈ ਹੈ ਜਿਸ ਦਾ ਕੋਈ ਥਹੁ ਪਤਾ ਨਹੀਂ ਹੈ। ਕੋਈ ਆਖ ਰਿਹਾ ਹੈ ਕਿ ਨਗਰ ਪੰਚਾਇਤ ਨੇ ਗਾਇਬ ਕੀਤੀ ਹੈ ਅਤੇ ਕੋਈ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਦੀ ਗੱਲ ਆਖ ਰਿਹਾ ਹੈ। ਸੂਤਰ ਦੱਸਦੇ ਹਨ ਕਿ ਮਹਿਰਾਜ ਪਿੰਡ ਵਿਚ ਖੇਤੀ ਵਾਲੀ ਜ਼ਮੀਨ ਦਾ ਬਜ਼ਾਰੂ ਭਾਅ 18 ਤੋਂ 22 ਲੱਖ ਰੁਪਏ ਪ੍ਰਤੀ ਏਕੜ ਹੈ ਅਤੇ ਇਸ ਹਿਸਾਬ ਨਾਲ ਇਹ ਗਾਇਬ ਹੋਈ ਜ਼ਮੀਨ ਦੀ ਕੀਮਤ ਕਰੀਬ 11 ਕਰੋੜ ਰੁਪਏ ਬਣ ਜਾਂਦੀ ਹੈ। ਸਰਕਾਰੀ ਤੱਥਾਂ ਅਨੁਸਾਰ ਮਹਿਰਾਜ ਦੀ ਪੱਤੀ ਸੰਦਲੀ ਦੀ ਵਾਹੀਯੋਗ ਜ਼ਮੀਨ ਕਰੀਬ 29 ਏਕੜ, ਪੱਤੀ ਸੌਲ ਦੀ ਜ਼ਮੀਨ 25 ਏਕੜ ਤੇ ਸੱਤ ਕਨਾਲ,ਪੱਤੀ ਕਰਮਚੰਦ ਦੀ 18 ਏਕੜ ਦੋ ਕਨਾਲ ਅਤੇ ਪੱਤੀ ਕਾਲਾ ਦੀ 11 ਏਕੜ 4 ਕਨਾਲ ਸੀ ਜੋ ਕਿ ਆਖਰੀ ਦਫਾ ਸਾਲ 2013-14 ਵਿਚ ਠੇਕੇ ਤੇ ਦਿੱਤੀ ਗਈ ਸੀ। ਦਿਲਚਸਪ ਤੱਥ ਹਨ ਕਿ ਜਦੋਂ ਪੰਚਾਇਤਾਂ ਕੋਲ ਜ਼ਮੀਨ ਸੀ ਤਾਂ ਉਦੋਂ ਆਖਰੀ ਦਫ਼ਾ ਠੇਕੇ ਤੋਂ ਆਮਦਨ 11.07 ਲੱਖ ਰੁਪਏ ਸੀ। ਨਗਰ ਪੰਚਾਇਤ ਬਣਨ ਮਗਰੋਂ ਪਹਿਲੇ ਵਰੇ• ਆਮਦਨ 7.94 ਲੱਖ ਰੁਪਏ, ਦੂਸਰੇ ਵ•ਰੇ• 6.59 ਲੱਖ ਅਤੇ ਤੀਸਰੇ ਵਰੇ• 2.97 ਲੱਖ ਰੁਪਏ ਆਮਦਨ ਰਹਿ ਗਈ। ਹਕੂਮਤ ਬਦਲੀ ਮਗਰੋਂ ਚਾਲੂ ਮਾਲੀ ਵਰੇ• ਤੋਂ ਫਿਰ ਆਮਦਨ ਵਧਣ ਲੱਗੀ ਹੈ।
                    ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਦਾ ਕਹਿਣਾ ਸੀ ਕਿ ਨਗਰ ਪੰਚਾਇਤ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੰਚਾਇਤਾਂ ਵਾਲੀ ਜ਼ਮੀਨ ਦਾ ਇੰਤਕਾਲ ਨਗਰ ਪੰਚਾਇਤ ਦੇ ਨਾਮ ਕਰਨ ਵਾਸਤੇ ਲਿਖਿਆ ਹੈ। ਉਨ•ਾਂ ਨੇ ਤਾਂ ਐਤਕੀਂ 25 ਏਕੜ ਜ਼ਮੀਨ ਦੀ ਬੋਲੀ ਕੀਤੀ ਹੈ ਅਤੇ ਮਹਿਰਾਜ ਦੀ ਬਹੁਤੀ ਜ਼ਮੀਨ ਨਾਜਾਇਜ਼ ਕਬਜ਼ਿਆਂ ਹੇਠ ਹੈ। ਉਨ•ਾਂ ਆਖਿਆ ਕਿ ਜ਼ਮੀਨ ਦੇ ਗਾਇਬ ਹੋਣ ਦਾ ਪਤਾ ਨਹੀਂ ਹੈ ਪ੍ਰੰਤੂ ਨਗਰ ਪੰਚਾਇਤ ਕੋਲ ਜਿੰਨੀ ਜ਼ਮੀਨ ਸੀ, ਉਸ ਦੀ ਬੋਲੀ ਕਰਾਈ ਗਈ ਹੈ। ਉਨ•ਾਂ ਇਹ ਵੀ ਆਖਿਆ ਕਿ ਪੰਚਾਇਤ ਵਿਭਾਗ ਵਲੋਂ ਨਗਰ ਪੰਚਾਇਤ ਨੂੰ ਜ਼ਮੀਨ ਸੌਂਪੀ ਹੀ ਨਹੀਂ ਗਈ ਹੈ।  ਮਹਿਰਾਜ ਦੇ ਜਨਤਿਕ ਆਗੂ ਹਰਮੀਤ ਸਿੰਘ ਮਹਿਰਾਜ ਦਾ ਕਹਿਣਾ ਸੀ ਕਿ ਪੰਚਾਇਤੀ ਜ਼ਮੀਨ ਵਿਚ ਵੱਡਾ ਘਪਲਾ ਹੋਇਆ ਹੈ ਜਿਸ ਦੀ Àੁੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।
                    ਦੂਸਰੀ ਤਰਫ਼ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਹਰਜਿੰਦਰ ਸਿੰਘ ਜੱਸਲ ਦਾ ਕਹਿਣਾ ਸੀ ਕਿ ਨਗਰ ਪੰਚਾਇਤ ਦੇ ਹੋਏ ਨੋਟੀਫਿਕੇਸ਼ਨ ਅਨੁਸਾਰ ਉਦੋਂ ਹੀ ਸਾਰੀ ਪੰਚਾਇਤੀ ਜ਼ਮੀਨ ਦੀ ਮਾਲਕ ਨਗਰ ਪੰਚਾਇਤ ਬਣ ਗਈ ਸੀ ਅਤੇ ਸਾਰੀ ਜ਼ਮੀਨ ਨਗਰ ਪੰਚਾਇਤ ਦੇ ਹਵਾਲੇ ਕੀਤੀ ਗਈ ਹੈ। ਜੋ ਇੰਤਕਾਲ ਵਗੈਰਾ ਦਾ ਕੰਮ ਹੈ, ਉਹ ਨਗਰ ਪੰਚਾਇਤ ਨੇ ਹੀ ਕਰਾਉਣਾ ਸੀ। ਇਸੇ ਦੌਰਾਨ ਵਿਧਾਇਕ ਗੁਰਪ੍ਰੀਤ ਕਾਂਗੜ ਨੇ ਆਖਿਆ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਉਣਗੇ