Tuesday, February 28, 2017

                         ਆਟਾ ਦਾਲ ਦਾ ਸੱਚ
       ਕੌਣ ਤਾਰੂ 1900 ਕਰੋੜ ਦਾ ਕਰਜ਼ਾ !
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦੀ 'ਆਟਾ ਦਾਲ ਸਕੀਮ' ਨੇ ਖਰੀਦ ਏਜੰਸੀਆਂ ਨੂੰ ਮਲੰਗ ਕਰ ਦਿੱਤਾ ਹੈ ਜਿਨ•ਾਂ ਨੇ ਹੁਣ ਆਟਾ ਦਾਲ ਦਾ ਹੋਰ ਬੋਝ ਚੁੱਕਣ ਤੋਂ ਹੱਥ ਖੜ•ੇ ਕਰ ਦਿੱਤੇ ਹਨ। 'ਆਟਾ ਦਾਲ ਸਕੀਮ' ਲਈ ਹੁਣ ਕੋਈ ਬੈਂਕ ਕਰਜ਼ਾ ਦੇਣ ਨੂੰ ਤਿਆਰ ਨਹੀਂ ਹੈ। ਪੰਜਾਬ ਸਰਕਾਰ ਤਰਫੋਂ ਪਹਿਲੀ ਅਗਸਤ 2007 ਨੂੰ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਤੇ ਅਕਤੂਬਰ 2016 ਤੱਕ 2644.78 ਕਰੋੜ ਰੁਪਏ ਦਾ ਕੁੱਲ ਖਰਚ ਆਇਆ ਹੈ। ਪੰਜਾਬ ਸਰਕਾਰ ਨੇ ਖ਼ਜ਼ਾਨੇ ਚੋਂ ਆਟਾ ਦਾਲ ਸਕੀਮ ਲਈ ਇੱਕ ਦਹਾਕੇ ਦੌਰਾਨ ਸਿਰਫ਼ 763.10 ਕਰੋੜ ਰੁਪਏ ਜਾਰੀ ਕੀਤੇ ਹਨ ਜਦੋਂ ਕਿ ਬਾਕੀ ਸਾਰਾ ਕਰਜ਼ਾ ਚੁੱਕਣਾ ਪਿਆ ਹੈ। ਸਰਕਾਰ ਹੁਣ ਇਸ ਸਕੀਮ ਦੀ 1881.68 ਕਰੋੜ ਦੀ ਅਦਾਇਗੀ ਨਹੀਂ ਕਰ ਰਹੀ ਹੈ। ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪਨਸਪ ਸਿਰ ਆਟਾ ਦਾਲ ਸਕੀਮ ਨੇ 1178.38 ਕਰੋੜ ਰੁਪਏ ਦਾ ਕਰਜ਼ਾ ਚਾੜ ਦਿੱਤਾ ਹੈ ਜਿਸ ਦਾ ਪਨਸਪ ਨੂੰ ਪ੍ਰਤੀ ਮਹੀਨਾ 17 ਕਰੋੜ ਰੁਪਏ ਵਿਆਜ ਤਾਰਨਾ ਪੈ ਰਿਹਾ ਹੈ। ਪਨਸਪ ਨੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਪੱਤਰ ਲਿਖ ਕੇ ਦੁਹਾਈ ਪਾਈ ਹੈ ਕਿ ਹੁਣ ਤਾਂ ਕੋਈ ਬੈਂਕ ਕਰਜ਼ਾ ਦੇਣ ਨੂੰ ਵੀ ਤਿਆਰ ਨਹੀਂ ਹੈ। ਕਿਸ਼ਤ ਨਾ ਭਰੀ ਪਈ ਤਾਂ ਬੈਂਕਾਂ ਵਲੋਂ ਖਾਤਾ ਐਨਪੀਏ ਕੀਤਾ ਜਾ ਸਕਦਾ ਹੈ।
                             ਪਨਸਪ ਨੇ ਵੱਖ ਵੱਖ ਬੈਂਕਾਂ ਤੋਂ ਸ਼ਾਰਟ ਟਰਮ ਲੋਨ/ਲਿਮਟਾਂ ਤਹਿਤ 778.38 ਕਰੋੜ ਰੁਪਏ ਕਰਜ਼ੇ ਵਿਚ ਚੁੱਕੇ ਹਨ ਜਦੋਂ ਕਿ 400 ਕਰੋੜ ਰੁਪਏ ਯੂਕੋ ਬੈਂਕ ਤੋਂ ਕਰਜ਼ਾ ਚੁੱਕਿਆ ਹੈ। ਮਾਰਕਫੈਡ ਦੀ 'ਆਟਾ ਦਾਲ ਸਕੀਮ' ਵਿਚ 331.48 ਕਰੋੜ,ਪੰਜਾਬ ਐਗਰੋ ਦੇ 230 ਕਰੋੜ ਅਤੇ ਵੇਅਰਹਾਊਸ ਕਾਰਪੋਰੇਸ਼ਨ ਦੇ 141.29 ਕਰੋੜ ਦੀ ਰਾਸ਼ੀ ਲੱਗੀ ਹੋਈ ਹੈ ਜੋ ਪੰਜਾਬ ਸਰਕਾਰ ਨੇ ਹਾਲੇ ਤੱਕ ਮੋੜੀ ਨਹੀਂ ਹੈ। ਪੰਜਾਬ ਸਰਕਾਰ ਹੁਣ ਕੇਂਦਰ ਸਰਕਾਰ ਤੋਂ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਮਿਲਦੀ ਸਬਸਿਡੀ ਨਾਲ 'ਨਵੀਂ ਆਟਾ ਦਾਲ ਸਕੀਮ' ਚਲਾ ਰਹੀ ਹੈ। ਕੇਂਦਰ ਸਰਕਾਰ ਨਵੀਂ ਆਟਾ ਦਾਲ ਸਕੀਮ ਲਈ 2014-15 ਤੋਂ ਹੁਣ ਤੱਕ 1855.02 ਕਰੋੜ ਦੀ ਸਬਸਿਡੀ ਦੇ ਚੁੱਕਾ ਹੈ। ਸਾਲ 2014-15 ਵਿਚ ਕੇਂਦਰ  ਸਰਕਾਰ ਨੇ 677.05 ਕਰੋੜ ਅਤੇ ਸਾਲ 2015-16 ਦੌਰਾਨ 1177.97 ਕਰੋੜ ਰੁਪਏ ਸਬਸਿਡੀ ਵਜੋਂ ਜਾਰੀ ਕੀਤੇ ਹਨ। ਪੰਜਾਬ ਸਰਕਾਰ ਤਰਫ਼ੋਂ ਦਸ ਵਰਿ•ਆਂ 'ਚ ਆਟਾ ਦਾਲ ਸਕੀਮ ਤਹਿਤ ਸਿਰਫ਼ 763 ਕਰੋੜ ਰੁਪਏ ਹੀ ਖਰਚੇ ਗਏ ਹਨ। ਫੰਡ ਨਾ ਹੋਣ ਕਰਕੇ ਸਰਕਾਰ ਹੁਣ ਆਟਾ ਦਾਲ ਸਕੀਮ ਤਹਿਤ ਦਾਲ ਨਹੀਂ ਦੇ ਰਹੀ ਹੈ। ਅਕਤੂਬਰ 2016 ਤੋਂ ਮਾਰਚ 2017 ਤੱਕ ਦੀ ਅਡਵਾਂਸ ਕਣਕ ਤਾਂ ਵੰਡ ਦਿੱਤੀ ਹੈ ਜਦੋਂ ਕਿ ਦਾਲ ਸਿਰਫ਼ ਦਸੰਬਰ 2016 ਦੇ ਮਹੀਨੇ ਦੀ ਵੰਡੀ ਹੈ।
                            ਅਪਰੈਲ 2016 ਤੋਂ ਮਗਰੋਂ ਸਰਕਾਰ ਨੇ ਦਾਲ ਸਪਲਾਈ ਨਹੀਂ ਕੀਤੀ ਹੈ ਅਤੇ ਚੋਣਾਂ ਤੋਂ ਪਹਿਲਾਂ ਵੀ ਸਿਰਫ਼ ਇੱਕ ਮਹੀਨੇ ਦੀ ਦਾਲ ਦਿੱਤੀ ਹੈ। ਅਪਰੈਲ 2016 ਤੋਂ ਪਹਿਲਾਂ ਵੀ 20 ਮਹੀਨੇ ਸਰਕਾਰ ਨੇ ਦਾਲ ਸਪਲਾਈ ਨਹੀਂ ਕੀਤੀ ਸੀ। ਪੰਜਾਬ ਵਿਚ ਆਟਾ ਦਾਲ ਸਕੀਮ ਦੇ ਕੁੱਲ ਲਾਭਪਾਤਰੀਆਂ ਦੀ ਗਿਣਤੀ ਹੁਣ 36.08 ਲੱਖ ਹੋ ਗਈ ਹੈ। ਇਨ•ਾਂ ਵਿਚ ਦੂਸਰੇ ਪੜਾਅ ਤਹਿਤ 8.68 ਲੱਖ ਨਵੇਂ ਕਾਰਡ ਬਣਾਏ ਗਏ ਹਨ। ਨਵੀਂ ਹਕੂਮਤ ਲਈ 'ਆਟਾ ਦਾਲ ਸਕੀਮ' ਦਾ ਪੁਰਾਣਾ ਬੋਝ ਚੁੱਕਣਾ ਹੀ ਮੁਸ਼ਕਲ ਹੋ ਜਾਣਾ ਹੈ। ਪਿਛਲੇ ਦੋ ਵਰਿ•ਆਂ ਤੋਂ ਇਹ ਆਟਾ ਦਾਲ ਸਕੀਮ ਕੇਂਦਰ ਦੇ ਸਾਹਾਂ ਨਾਲ ਹੀ ਚੱਲ ਰਹੀ ਹੈ ਜਦੋਂ ਕਿ ਪਹਿਲਾਂ ਕਰਜ਼ੇ ਨਾਲ ਸਕੀਮ ਚੱਲਦੀ ਰਹੀ ਹੈ। ਇੱਥੋਂ ਤੱਕ ਕਿ ਪਨਸਪ ਨੇ ਤਾਂ ਕੇਂਦਰੀ ਫੰਡਾਂ ਨੂੰ ਵੀ ਇਹ ਸਕੀਮ ਚਲਾਉਣ ਲਈ ਡਾਈਵਰਟ ਕਰ ਦਿੱਤਾ ਸੀ। ਵੱਡਾ ਬੋਝ ਖਰੀਦ ਏਜੰਸੀਆਂ ਤੇ ਵਿਆਜ ਦਾ ਪੈ ਗਿਆ ਹੈ। ਆਡਿਟ ਵਿਭਾਗ ਤਰਫ਼ੋਂ ਵੀ ਇਸ ਤੇ ਇਤਰਾਜ਼ ਉਠਾਏ ਗਏ ਹਨ। ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਅਤੇ ਪਨਸਪ ਦੇ ਐਮ.ਡੀ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਚੁੱਕਿਆ ਨਹੀਂ।

Sunday, February 26, 2017

                            ਕਾਹਦਾ ਜੱਗਾ ਜੱਟ 
        ਸਰਕਾਰੀ ਢਿੱਡ ਨਾ ਭਰ ਸਕੇ ਸਬੂਤ !
                             ਚਰਨਜੀਤ ਭੁੱਲਰ
ਬਠਿੰਡਾ : ਡਿਪਟੀ ਕਮਿਸ਼ਨਰਾਂ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਕਰੀਬ 70 ਫੀਸਦੀ ਕੇਸ ਸਰਕਾਰੀ ਮੁਆਵਜ਼ੇ ਲਈ 'ਅਣਫਿੱਟ' ਐਲਾਨ ਦਿੱਤੇ ਹਨ। ਪੀੜਤ ਪਰਿਵਾਰਾਂ ਲਈ ਇਹ ਵੱਡਾ ਝਟਕਾ ਹੈ ਜਿਨ•ਾਂ ਨੇ ਸਰਕਾਰੀ ਇਮਦਾਦ ਦੀ ਝਾਕ ਲਾਈ ਹੋਈ ਸੀ। ਚਿੱਟੀ ਮੱਖੀ ਦੇ ਝੰਬੇ ਕਿਸਾਨ ਮਜ਼ਦੂਰ ਤਾਂ ਹਾਲੇ ਤੱਕ ਤਾਬ ਨਹੀਂ ਆਏ ਹਨ। ਲੰਘੇ ਸਾਢੇ ਤਿੰਨ ਵਰਿ•ਆਂ ਦੌਰਾਨ ਇਨ•ਾਂ ਪੀੜਤ ਪਰਿਵਾਰਾਂ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਮੁਆਵਜ਼ੇ ਰਾਸ਼ੀ ਲਈ ਦਰਖਾਸਤਾਂ ਦਿੱਤੀਆਂ ਗਈਆਂ ਸਨ। ਬਹੁਤੇ ਕੇਸਾਂ ਵਿਚ ਪੋਸਟਮਾਰਟਮ ਅਤੇ ਪੁਲੀਸ ਰਿਪੋਰਟ ਦੀ ਕਮੀ ਕਰਕੇ ਕੇਸ ਰੱਦ ਕੀਤੇ ਗਏ ਹਨ ਜਦੋਂ ਕਿ ਕਈ ਕੇਸਾਂ ਵਿਚ ਮੌਤ ਦਾ ਕਾਰਨ ਕਰਜ਼ਾ ਹੋਣ ਕਰਕੇ ਮੁਆਵਜ਼ੇ ਲਈ ਕੇਸ ਪ੍ਰਵਾਨ ਨਹੀਂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰਾਂ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਬਠਿੰਡਾ,ਮਾਨਸਾ,ਬਰਨਾਲਾ ਤੇ ਸੰਗਰੂਰ ਜ਼ਿਲ•ੇ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ 1095 ਕੇਸ ਪ੍ਰਾਪਤ ਹੋਏ ਸਨ ਜਿਨ•ਾਂ ਚੋਂ ਸਿਰਫ਼ 336 ਕੇਸਾਂ ਨੂੰ ਹੀ ਮੁਆਵਜ਼ੇ ਦੇ ਯੋਗ ਪਾਇਆ ਗਿਆ ਹੈ ਜੋ ਕਿ 30.68 ਫੀਸਦੀ ਬਣਦੇ ਹਨ। ਬਾਕੀ 759 ਕੇਸਾਂ ਨੂੰ ਵੱਖ ਵੱਖ ਅਧਾਰਾਂ ਤੇ ਰੱਦ ਕਰ ਦਿੱਤਾ ਗਿਆ ਹੈ।
                           ਪੰਜਾਬ ਸਰਕਾਰ ਵਲੋਂ ਖੁਦਕੁਸ਼ੀ ਪੀੜਤਾਂ ਲਈ ਮੁਆਵਜ਼ੇ ਦੇਣ ਲਈ ਜ਼ਿਲ•ਾ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਨ•ਾਂ ਵਲੋਂ ਖੁਦਕੁਸ਼ੀ ਵਾਲੇ ਕੇਸਾਂ ਨੂੰ ਵਿਚਾਰਿਆ ਜਾਂਦਾ ਹੈ ਅਤੇ ਪੜਤਾਲ ਮਗਰੋਂ ਯੋਗ ਕੇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫ਼ੋਂ 1 ਅਪਰੈਲ 2013 ਤੋਂ 22 ਜੁਲਾਈ 2015 ਤੱਕ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਪ੍ਰਤੀ ਕੇਸ ਦੋ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਂਦੀ ਸੀ। ਉਸ ਮਗਰੋਂ ਇਹ ਰਾਸ਼ੀ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ। ਬਠਿੰਡਾ ਜ਼ਿਲ•ੇ ਵਿਚ ਸਾਢੇ ਤਿੰਨ ਵਰਿ•ਆਂ ਦੌਰਾਨ 471 ਪੀੜਤਾਂ ਨੇ ਸਹਾਇਤਾ ਰਾਸ਼ੀ ਲਈ ਦਰਖਾਸਤਾਂ ਦਿੱਤੀਆਂ ਸਨ ਜਿਨ•ਾਂ ਚੋਂ 262 ਕੇਸਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 209 ਕੇਸਾਂ 'ਚ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਮਾਨਸਾ ਜ਼ਿਲ•ੇ ਵਿਚ ਇਸੇ ਸਮੇਂ ਦੌਰਾਨ 262 ਪੀੜਤਾਂ ਨੇ ਦਰਖਾਸਤਾਂ ਦਿੱਤੀਆਂ ਪ੍ਰੰਤੂ ਇਸ ਜ਼ਿਲ•ੇ ਵਿਚ ਸਿਰਫ਼ 34 ਕੇਸ ਹੀ ਯੋਗ ਪਾਏ ਗਏ ਜਦੋਂ ਕਿ ਬਾਕੀ 228 ਕੇਸ ਰੱਦ ਕਰ ਦਿੱਤੇ ਗਏ। ਬਹੁਤੇ ਕੇਸ ਸਬੂਤਾਂ ਦੀ ਕਮੀ ਕਰਕੇ ਰੱਦ ਕੀਤੇ ਗਏ ਹਨ। ਕਈ ਕੇਸਾਂ ਵਿਚ ਮੌਤ ਹਰਟ ਅਟੈਕ ਜਾਂ ਸੂਗਰ ਦੀ ਬਿਮਾਰੀ ਕਾਰਨ ਹੋਈ ਦੱਸੀ ਗਈ ਹੈ।
                           ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਬਹੁਤੇ ਕਿਸਾਨ ਮਜ਼ਦੂਰ ਪਰਿਵਾਰ ਅਨਪੜ•ਤਾ ਕਰਕੇ ਪੋਸਟ ਮਾਰਟਮ ਵਗੈਰਾ ਜਾਂ ਫਿਰ ਪੁਲੀਸ ਕੇਸ ਦਰਜ ਨਹੀਂ ਕਰਾਉਂਦੇ ਹਨ ਜਦੋਂ ਕਿ ਉਨ•ਾਂ ਕੋਲ ਬਾਕੀ ਹੋਰ ਸਬੂਤ ਮੌਜੂਦ ਹੁੰਦੇ ਹਨ। ਉਨ•ਾਂ ਆਖਿਆ ਕਿ ਪਿੰਡ ਚੋਂ ਤਸਦੀਕ ਕਰਨ ਮਗਰੋਂ ਇਹ ਕੇਸ ਮੁੜ ਵਿਚਾਰੇ ਜਾਣ। ਸਰਕਾਰੀ ਵੇਰਵਿਆਂ ਅਨੁਸਾਰ ਜ਼ਿਲ•ਾ ਬਰਨਾਲਾ ਵਿਚ 173 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿਨ•ਾਂ ਚੋਂ 75 ਕੇਸਾਂ ਨੂੰ ਹੀ ਜ਼ਿਲ•ਾ ਕਮੇਟੀ ਵਿਚ ਵਿਚਾਰਿਆ ਗਿਆ। ਵਿਚਾਰੇ ਗਏ 75 ਕੇਸਾਂ ਚੋਂ ਸਿਰਫ਼ 26 ਕੇਸ ਪ੍ਰਵਾਨ ਕੀਤੇ ਗਏ ਹਨ ਜਦੋਂ ਕਿ 49 ਕੇਸ ਰੱਦ ਕਰ ਦਿੱਤੇ ਗਏ। ਇਵੇਂ ਹੀ ਜ਼ਿਲ•ਾ ਸੰਗਰੂਰ ਵਿਚ 287 ਦਰਖਾਸਤਾਂ ਚੋਂ ਸਿਰਫ਼ 67 ਕੇਸਾਂ ਨੂੰ ਹੀ ਮੁਆਵਜ਼ੇ ਲਈ ਪ੍ਰਵਾਨ ਕੀਤਾ ਗਿਆ ਜਦੋਂ ਕਿ ਬਾਕੀ 220 ਕੇਸਾਂ ਨੂੰ ਰੱਦ ਕਰ ਦਿੱਤਾ ਗਿਆ।
                            ਕਿਸਾਨ ਆਗੂ ਗੁਰਦੀਪ ਸਿੰਘ ਦਾ ਪ੍ਰਤੀਕਰਮ ਸੀ ਕਿ ਅਗਰ ਕਿਸਾਨ ਦੀ ਮੌਤ ਹਰਟ ਅਟੈਕ ਨਾਲ ਹੁੰਦੀ ਹੈ ਤਾਂ ਉਸ ਪਿਛੇ ਵੀ ਕਾਰਨ ਤਾਂ ਕਰਜ਼ਾ ਹੀ ਹੁੰਦਾ ਹੈ ਜਿਸ ਦੇ ਤਣਾਓ ਪੈਦਾ ਹੁੰਦਾ ਹੈ। ਉਨ•ਾਂ ਆਖਿਆ ਕਿ ਕਰਜ਼ੇ ਕਾਰਨ ਬਹੁਤੇ ਕਿਸਾਨ ਬਿਮਾਰੀਆਂ ਦੇ ਜਾਲ ਵਿਚ ਫਸੇ ਹੋਏ ਹਨ ਅਤੇ ਉਨ•ਾਂ ਕੋਲ ਇਲਾਜ ਲਈ ਵੀ ਪੈਸਾ ਨਹੀਂ ਹੈ। ਉਨ•ਾਂ ਮੰਗ ਕੀਤੀ ਕਿ ਸਰਕਾਰ ਇਨ•ਾਂ ਕੇਸਾਂ ਦੇ ਮਾਮਲੇ ਵਿਚ ਸ਼ਰਤਾਂ ਵਿਚ ਢਿੱਲ ਦੇਵੇ ਅਤੇ ਹਮਦਰਦੀ ਨਾਲ ਵਿਚਾਰੇ। ਪਤਾ ਲੱਗਾ ਹੈ ਕਿ ਕਈ ਪ੍ਰਵਾਨ ਹੋਏ ਕੇਸਾਂ ਵਿਚ ਵੀ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਨਹੀਂ ਮਿਲੀ ਹੈ। ਸਰਕਾਰੀ ਪੱਖ ਜਾਣਨ ਲਈ ਡਿਪਟੀ ਕਮਿਸ਼ਨਰ ਬਠਿੰਡਾ ਤੇ ਮਾਨਸਾ ਨੂੰ ਫੋਨ ਕੀਤਾ ਪ੍ਰੰਤੂ ਉਨ•ਾਂ ਅਟੈਂਂਡ ਨਹੀਂ ਕੀਤਾ।

Saturday, February 25, 2017

                               ਪੰਜਾਬ ਪੁਲੀਸ ਡਰੀ
            ਚੌਟਾਲਾ ਪਰਿਵਾਰ ਤੋਂ ਗੰਨਮੈਨ ਖੋਹੇ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਨੇ ਰਾਤੋਂ ਰਾਤ ਹਰਿਆਣਾ ਦੇ ਚੌਟਾਲਾ ਪਰਿਵਾਰ ਤੋਂ ਕਰੀਬ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਗਠਜੋੜ ਹਕੂਮਤ ਤਰਫ਼ੋਂ ਲੰਮੇ ਅਰਸੇ ਤੋਂ ਚੌਟਾਲਾ ਪਰਿਵਾਰ ਨੂੰ ਸੁਰੱਖਿਆ ਗਾਰਦ ਦਿੱਤੇ ਹੋਏ ਸਨ। ਇੰਡੀਅਨ ਨੈਸ਼ਨਲ ਲੋਕ ਦਲ ਤਰਫ਼ੋਂ ਐਸ. ਵਾਈ. ਐਲ ਦੀ ਖੁਦਾਈ ਕਰਨ ਦੇ ਐਲਾਨ ਮਗਰੋਂ ਗੰਨਮੈਨ ਵਾਪਸ ਲੈਣ ਵਾਰੇ ਪੰਜਾਬ ਦੇ ਪੁਲੀਸ ਅਫਸਰ ਸੰਜੀਦਾ ਹੋ ਗਏ ਸਨ। ਅਹਿਮ ਸੂਤਰ ਦੱਸਦੇ ਹਨ ਕਿ ਦੋ ਹਫਤੇ ਪਹਿਲਾਂ ਚੌਟਾਲਾ ਪਰਿਵਾਰ ਦੇ ਨਾਲ ਲੱਗੇ ਗੰਨਮੈਨ ਵਾਪਸ ਬੁਲਾ ਲਏ ਗਏ ਸਨ ਪ੍ਰੰਤੂ ਮਗਰੋਂ ਪੰਜਾਬ ਸਰਕਾਰ ਦੇ ਮੁੜ ਦਬਾਓ ਪੈਣ ਕਰਕੇ ਦੋ ਨੰਬਰ ਵਿਚ ਹੀ ਮੁੜ ਚੌਟਾਲਾ ਪਰਿਵਾਰ ਨਾਲ ਇਨ•ਾਂ ਦੀ ਤਾਇਨਾਤੀ ਕਰ ਦਿੱਤੀ ਸੀ। ਜਦੋਂ ਨਹਿਰ ਦੀ ਖੁਦਾਈ ਦਾ ਮਾਮਲਾ ਉਠਿਆ ਤਾਂ 22 ਫਰਵਰੀ ਦੀ ਰਾਤ ਨੂੰ ਹੀ ਇਹ ਗੰਨਮੈਨ ਵਾਪਸ ਲੈਣ ਦੇ ਮਾਮਲੇ ਤੇ ਪੁਲੀਸ ਅਫਸਰਾਂ ਵਿਚ ਭਾਜੜ ਪੈ ਗਈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਦੀ ਚੌਟਾਲਾ ਪਰਿਵਾਰ ਨਾਲ ਨੇੜਤਾ ਹੈ ਜਿਸ ਦੇ ਵਜੋਂ ਗਠਜੋੜ ਹਕੂਮਤ ਨੇ ਪੰਜਾਬ ਹਰਿਆਣਾ ਸੀਮਾ ਤੇ ਚੌਧਰੀ ਦੇਵੀ ਲਾਲ ਦੀ ਸਮਾਰਕ ਬਣਾਈ।ਸੂਤਰਾਂ ਨੇ ਦੱਸਿਆ ਕਿ ਇਸ ਸਮਾਰਕ ਤੇ ਲੱਗੇ ਇੱਕ ਸਬ ਇੰਸਪੈਕਟਰ ਸਮੇਤ ਪੰਜ ਮੁਲਾਜ਼ਮਾਂ ਦੀ ਗਾਰਦ ਹਟਾਉਣ ਦੀ ਗੱਲ ਵੀ ਚੱਲੀ ਸੀ ਪ੍ਰੰਤੂ ਪੁਲੀਸ ਅਫਸਰਾਂ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਕਿ ਪੰਜਾਬ ਵਿਚ ਸਮਾਰਕ ਹੋਣ ਕਰਕੇ ਗਾਰਦ ਨਹੀਂ ਹਟਾਈ ਜਾਵੇਗੀ।
                         ਸੂਤਰ ਦੱਸਦੇ ਹਨ ਕਿ ਚੌਟਾਲਾ ਪਰਿਵਾਰ ਨੂੰ ਹੋਰ ਸਮਾਂ ਗੰਨਮੈਨ ਦੇਣ ਨੂੰ ਪੰਜਾਬ ਪੁਲੀਸ ਦੇ ਅਫਸਰਾਂ ਨੇ ਆਪਣੀ ਨੌਕਰੀ ਲਈ ਖਤਰਾ ਦੱਸਿਆ। ਸੂਤਰ ਦੱਸਦੇ ਹਨ ਕਿ ਗਠਜੋੜ ਦੇ ਕਾਫ਼ੀ ਨੇਤਾਵਾਂ ਦੇ ਨਾਮ ਤੇ ਇਹ ਸਕਿਊਰਿਟੀ ਜਾਰੀ ਹੋਈ ਸੀ ਜੋ ਕਿ ਫਿਜੀਕਲੀ ਚੌਟਾਲਾ ਪਰਿਵਾਰ ਨਾਲ ਤਾਇਨਾਤ ਸੀ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਅਭੈ ਚੌਟਾਲਾ ਦੇ ਵੱਡੇ ਲੜਕੇ ਕਰਨ ਸਿੰਘ ਚੌਟਾਲਾ ਦਾ ਕਹਿਣਾ ਸੀ ਕਿ ਬਤੌਰ ਵਿਰੋਧੀ ਧਿਰ ਦੇ ਨੇਤਾ ਚੌਟਾਲਾ ਪਰਿਵਾਰ ਕੋਲ ਸੁਰੱਖਿਆ ਹੈ। ਉਨ•ਾਂ ਆਖਿਆ ਕਿ ਪੰਜਾਬ ਪੁਲੀਸ ਦਾ ਉਨ•ਾਂ ਕੋਲ ਕੋਈ ਗੰਨਮੈਨ ਨਹੀਂ ਹੈ ਜਿਸ ਕਰਕੇ ਗੰਨਮੈਨ ਵਾਪਸੀ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ।ਸੂਤਰ ਆਖਦੇ ਹਨ ਕਿ ਨਹਿਰ ਦੀ ਖੁਦਾਈ ਦੇ ਐਲਾਨ ਕਰਕੇ ਪੁਲੀਸ ਅਫਸਰ ਡਰ ਗਏ ਸਨ ਕਿ ਕੋਈ ਨਵਾਂ ਪੰਗਾ ਖੜ•ਾ ਹੋ ਸਕਦਾ ਹੈ ਜਿਸ ਕਰਕੇ ਪੁਲੀਸ ਅਫਸਰਾਂ ਨੇ 22 ਫਰਵਰੀ ਦੀ ਰਾਤ ਨੂੰ ਦਿੱਲੀ ਵਿਖੇ ਵਿਸ਼ੇਸ਼ ਗੱਡੀ ਭੇਜ ਕੇ ਚੌਟਾਲਾ ਪਰਿਵਾਰ ਦੇ ਫਾਰਮ ਹਾਊਸ ਤੋਂ ਗੰਨਮੈਨ ਵਾਪਸ ਲਿਆਂਦੇ।
                         ਸੂਤਰਾਂ ਅਨੁਸਾਰ ਇਹ ਗੰਨਮੈਨ ਪੀਏਪੀ ਬਟਾਲੀਅਨ ਪਟਿਆਲਾ ਦੇ ਸਨ ਜੋ ਕਿ ਹੁਣ ਬਟਾਲੀਅਨ ਵਿਚ ਵਾਪਸ ਆ ਗਏ ਹਨ। ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮਗਰੋਂ ਆਊਟ ਆਫ਼ ਸਟੇਟ ਜੋ ਵੀ ਗੰਨਮੈਨ ਸਨ, ਉਹ ਵਾਪਸ ਲੈ ਲਏ ਗਏ ਸਨ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਬਹੁਤੇ ਗੰਨਮੈਨ ਚੌਟਾਲਾ ਫਾਰਮ ਵਿਚ ਤਾਇਨਾਤ ਸਨ ਜਦੋਂ ਕਿ ਬਾਕੀ ਗੰਨਮੈਨ ਚੌਟਾਲਾ ਪਰਿਵਾਰ ਦੇ ਵੱਖ ਵੱਖ ਮੈਂਬਰਾਂ ਨਾਲ ਲੱਗੇ ਹੋਏ ਸਨ। ਵੇਰਵਿਆਂ ਅਨੁਸਾਰ ਇੱਧਰ 'ਚੌਧਰੀ ਦੇਵੀ ਲਾਲ ਦੀ ਸਮਾਰਕ' ਤੇ ਪੰਜਾਬ ਪੁਲੀਸ ਦੀ ਸਾਲ 2008 ਤੋਂ ਗਾਰਦ ਤਾਇਨਾਤ ਹੈ ਅਤੇ ਦਸੰਬਰ 2016 ਤੱਕ ਸਰਕਾਰ ਇਸ ਸਮਾਰਕ ਤੇ ਕਰੀਬ ਸਵਾ ਤਿੰਨ ਕਰੋੜ ਰੁਪਏ ਖਰਚ ਕਰ ਚੁੱਕੀ ਹੈ। 

Tuesday, February 21, 2017

                               ਬੈਂਕਾਂ ਕਿਧਰ ਜਾਣ..
     ਸਿਆਸੀ ਦਮਖ਼ਮ ਵਾਲੇ ਵੱਡੇ ਡਿਫਾਲਟਰ
                               ਚਰਨਜੀਤ ਭੁੱਲਰ
ਬਠਿੰਡਾ :  ਖੇਤੀ ਵਿਕਾਸ ਬੈਂਕਾਂ ਵਲੋਂ ਹੁਣ ਸਿਆਸੀ ਦਮਖਮ ਵਾਲੇ ਡਿਫਾਲਟਰ ਲੀਡਰਾਂ ਦੀ ਘੇਰਾਬੰਦੀ ਕੀਤੀ ਜਾਵੇਗੀ ਜਿਨ•ਾਂ ਨੇ ਸਿਆਸੀ ਪੈਂਠ ਕਰਕੇ ਕੋਈ ਕਿਸ਼ਤ ਨਹੀਂ ਤਾਰੀ ਹੈ। ਇਨ•ਾਂ ਬੈਂਕਾਂ ਤਰਫ਼ੋਂ ਜੋ ਵੱਡੇ ਤੇ ਜਾਣ ਬੁੱਝ ਕੇ ਕਿਸ਼ਤਾਂ ਨਾ ਤਾਰਨ ਵਾਲੇ ਡਿਫਾਲਟਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਉਨ•ਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਵੀ ਸ਼ਾਮਿਲ ਹਨ। ਖੇਤੀ ਵਿਕਾਸ ਬੈਂਕਾਂ ਨੇ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਆਪਣਾ 'ਹੋਮ ਵਰਕ' ਸ਼ੁਰੂ ਕਰ ਦਿੱਤਾ ਹੈ। ਨਵੀਂ ਹਕੂਮਤ ਨੇ ਇਜਾਜ਼ਤ ਦਿੱਤੀ ਤਾਂ ਬੈਂਕ ਅਧਿਕਾਰੀ ਇਨ•ਾਂ ਪੁਰਾਣੇ ਡਿਫਾਲਟਰਾਂ ਦੇ ਗ੍ਰਿਫਤਾਰੀ ਵਰੰਟ ਤਿਆਰ ਕਰਨਗੇ। ਨੋਟਬੰਦੀ ਅਤੇ ਚੋਣਾਂ ਨੇ ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦਰ ਇੱਕਦਮ ਹੇਠਾਂ ਸੁੱਟ ਦਿੱਤੀ ਹੈ। ਵੇਰਵਿਆਂ ਅਨੁਸਾਰ ਖੇਤੀ ਵਿਕਾਸ ਬੈਂਕ ਮਲੋਟ ਦੇ ਪੁਰਾਣੇ ਤੇ ਵੱਡੇ ਡਿਫਾਲਟਰਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਦਾ ਨਾਮ ਬੋਲਦਾ ਹੈ। ਕੋਲਿਆਂ ਵਾਲੀ ਨੇ ਕੰਬਾਇਨ ਅਤੇ ਉਨ•ਾਂ ਦੀ ਪਤਨੀ ਨੇ ਟਰੈਕਟਰ ਦਾ ਲੋਨ ਲਿਆ ਸੀ। ਹੁਣ ਇਹ ਪਰਿਵਾਰ 70 ਲੱਖ ਰੁਪਏ ਦਾ ਡਿਫਾਲਟਰ ਹੈ। ਬੈਂਕ ਸੂਤਰ ਦੱਸਦੇ ਹਨ ਕਿ ਕੋਲਿਆਂ ਵਾਲੀ ਨੇ ਕਰੀਬ ਇੱਕ ਦਹਾਕੇ ਤੋਂ ਲੋਨ ਦੀ ਕੋਈ ਕਿਸ਼ਤ ਤਾਰੀ ਹੀ ਨਹੀਂ ਹੈ। ਪੱਖ ਜਾਣਨ ਵਾਸਤੇ ਫੋਨ ਕੀਤਾ ਜੋ ਉਨ•ਾਂ ਚੁੱਕਿਆ ਨਹੀਂ।
                         ਖੇਤੀ ਵਿਕਾਸ ਬੈਂਕ ਜਲਾਲਾਬਾਦ ਤੋਂ ਅਕਾਲੀ ਐਮ.ਪੀ ਸ਼ੇਰ ਸਿੰਘ ਘੁਬਾਇਆ ਨੇ ਸਾਲ 2014 ਵਿਚ ਵਰਮੀਕਲਚਰ ਦਾ ਪੰਜ ਲੱਖ ਦਾ ਲੋਨ ਅਤੇ ਇਸੇ ਤਰ•ਾਂ ਅੰਡਰਗਰਾਊਂਡ ਪਾਈਪਾਂ ਪਾਉਣ ਵਾਸਤੇ ਪੰਜ ਲੱਖ ਰੁਪਏ ਦਾ ਹੋਰ ਕਰਜ਼ਾ ਲਿਆ ਸੀ। ਘੁਬਾਇਆ ਦੋ ਕਿਸ਼ਤਾਂ ਨਾ ਤਾਰਨ ਕਰਕੇ ਹੁਣ ਡਿਫਾਲਟਰ ਬਣ ਗਏ ਹਨ। ਐਮ.ਪੀ ਘੁਬਾਇਆ ਦਾ ਭਰਾ ਜੰਗੀਰ ਸਿੰਘ ਘਰ ਮੁਰੰਮਤ ਦੇ ਸਾਲ 2011 ਵਿਚ ਲਏ ਚਾਰ ਲੱਖ ਦੇ ਕਰਜ਼ੇ ਵਿਚ ਹੁਣ ਬੈਂਕ ਦਾ 6.50 ਲੱਖ ਰੁਪਏ ਦਾ ਡਿਫਾਲਟਰ ਹੈ ਜਦੋਂ  ਘੁਬਾਇਆ ਦਾ ਦੂਸਰਾ ਭਰਾ ਮੁਨਸ਼ਾ ਸਿੰਘ ਕੈਟਲ ਸੈੱਡ ਦੇ ਸਾਲ 2004 ਵਿਚ ਲਏ ਕਰਜ਼ੇ ਵਿਚ ਢਾਈ ਲੱਖ ਰੁਪਏ ਦਾ ਡਿਫਾਲਟਰ ਹੈ। ਪੱਖ ਜਾਣਨਾ ਚਾਹਿਆ ਤਾਂ ਐਮ.ਪੀ ਨੇ ਰੁਝੇਵੇਂ ਵਿਚ ਹੋਣ ਕਰਕੇ ਗੱਲ ਨਹੀਂ ਕੀਤੀ। ਇਵੇਂ ਹੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਵਰਦੇਵ ਮਾਨ ਉਰਫ ਨੋਨੀ ਮਾਨ ਨੇ ਖੇਤੀ ਵਿਕਾਸ ਬੈਂਕ ਜਲਾਲਾਬਾਦ ਤੋਂ ਮਈ 2015 ਵਿਚ ਲਏ 10 ਲੱਖ ਦੇ ਕਰਜ਼ੇ ਦੀ ਕੋਈ ਕਿਸ਼ਤ ਨਹੀਂ ਭਰੀ ਹੈ। ਸ ਨੇ ਪੁਰਾਣਾ ਕਰਜ਼ਾ ਕਲੀਅਰ ਕਰ ਦਿੱਤਾ ਸੀ। ਨੋਨੀ ਮਾਨ ਨੇ ਵੀ ਫੋਨ ਨਹੀਂ ਚੁੱਕਿਆ।
                        ਅਕਾਲੀ ਆਗੂ ਨੋਨੀ ਮਾਨ ਦੇ ਚਚੇਰੇ ਭਰਾ ਹਿੰਮਤ ਸਿੰਘ ਨੇ ਖੇਤੀ ਵਿਕਾਸ ਬੈਂਕ ਤੋਂ ਸਾਲ 2007 ਵਿਚ 2.47 ਲੱਖ ਦਾ ਕਰਜ਼ਾ ਲਿਆ ਸੀ ਜੋ ਕਿ ਹੁਣ 2.99 ਲੱਖ ਦਾ ਡਿਫਾਲਟਰ ਹੋ ਗਿਆ ਹੈ। ਜਲਾਲਾਬਾਦ  ਬੈਂਕ ਦੇ ਮੈਨੇਜਰ ਦਾ ਕਹਿਣਾ ਸੀ ਕਿ ਦੋ ਕਿਸ਼ਤਾਂ ਨਾ ਤਾਰਨ ਵਾਲਾ ਵਿਅਕਤੀ ਡਿਫਾਲਟਰ ਬਣ ਜਾਂਦਾ ਹੈ। ਹੁਣ ਉਹ ਪਹਿਲਾਂ ਇਨ•ਾਂ ਡਿਫਾਲਟਰਾਂ ਨੂੰ ਨੋਟਿਸ ਦੇਣਗੇ, ਉਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਨੋਟਬੰਦੀ ਅਤੇ ਚੋਣਾਂ ਕਰਕੇ ਐਂਤਕੀ ਕਪਾਹ ਪੱਟੀ ਦੇ 24 ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦਰ 14 ਫੀਸਦੀ ਰਹਿ ਗਈ ਹੈ ਜੋ ਕਿ ਪਿਛਲੇ ਵਰੇ• 36 ਫੀਸਦੀ ਸੀ। ਪੰਜਾਬ ਵਿਚ ਇਨ•ਾਂ ਬੈਂਕਾਂ ਦੇ 37 ਹਜ਼ਾਰ ਡਿਫਾਲਟਰ ਹਨ ਜਿਨ•ਾਂ ਵੱਲ 936 ਕਰੋੜ ਦਾ ਕਰਜ਼ਾ ਖੜ•ਾ ਹੈ। ਖੇਤੀਬਾੜੀ ਵਿਕਾਸ ਬੈਂਕ ਤਲਵੰਡੀ ਸਾਬੋ ਦਾ ਕਾਂਗਰਸੀ ਨੇਤਾ ਗੁਰਮੀਤ ਸਿੰਘ ਜੋ ਪਹਿਲਾਂ ਅਕਾਲੀ ਦਲ ਵਿਚ ਸੀ, ਵੀ ਟਰੈਕਟਰ ਦੇ ਕਰਜ਼ੇ ਵਿਚ 12.50 ਲੱਖ ਦਾ ਡਿਫਾਲਟਰ ਹੈ।
                                               ਸਖਤ ਕਦਮ ਚੁੱਕਾਂਗੇ : ਐਮ.ਡੀ
ਖੇਤੀ ਵਿਕਾਸ ਬੈਂਕਾਂ ਦੇ ਐਮ.ਡੀ ਸ੍ਰੀ ਹਰਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਨੋਟਬੰਦੀ ਅਤੇ ਚੋਣਾਂ ਕਰਕੇ ਐਤਕੀਂ ਬੈਂਕਾਂ ਦੀ ਵਸੂਲੀ ਘਟੀ ਹੈ। ਵੱਡੇ ਡਿਫਾਲਟਰਾਂ ਚੋਂ ਕੁਝ ਤਾਂ ਕਿਸ਼ਤਾਂ ਭਰ ਗਏ ਹਨ ਅਤੇ ਜੋ ਪੁਰਾਣੇ ਤੇ ਹੋਰ ਬਾਕੀ ਵੱਡੇ ਡਿਫਾਲਟਰ ਹਨ, ਉਨ•ਾਂ ਖ਼ਿਲਾਫ਼ ਸਖ਼ਤ ਕਦਮ ਚੁੱਕਾਂਗੇ। ਉਨ•ਾਂ ਆਖਿਆ ਕਿ ਨਵੀਂ ਸਰਕਾਰ ਨੇ ਇਜਾਜ਼ਤ ਦਿੱਤੀ ਤਾਂ ਅਜਿਹੇ ਡਿਫਾਲਟਰਾਂ ਦੇ ਗ੍ਰਿਫਤਾਰੀ ਵਰੰਟ ਤਿਆਰ ਕਰਾਏ ਜਾਣਗੇ। 

Monday, February 20, 2017

                                  ਨੋਟਾਂ ਵਾਲੇ ਟਰੱਕ
                   ਏਹ ਭੇਤ ਤਾਂ ਨਹੀਂ ਦੱਸ ਸਕਦੇ...
                                   ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਦਫ਼ਤਰ ਨੇ 'ਮੋਦੀ ਤੇ ਬਾਦਲ' ਦੀ ਸਰਕਾਰੀ ਮਿਲਣੀ ਦਾ ਭੇਤ ਜੱਗ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਦੱਸਣ ਤੋਂ ਪਾਸਾ ਵੱਟ ਲਿਆ ਹੈ ਕਿ ਲੰਘੇ ਵਰਿ•ਆਂ 'ਚ ਮੁੱਖ ਮੰਤਰੀ ਪੰਜਾਬ ਵਲੋਂ ਕਿੰਨੀ ਦਫ਼ਾ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਿਆ ਗਿਆ। ਕਿੰਨੀ ਦਫ਼ਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ। ਆਰ.ਟੀ.ਆਈ ਦਰਖਾਸਤ 'ਚ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾ ਮੰਗੀ ਗਈ ਕਿ ਮੁੱਖ ਮੰਤਰੀ ਪੰਜਾਬ ਨੇ ਕਿੰਨੀ ਦਫ਼ਾ ਪ੍ਰਧਾਨ ਮੰਤਰੀ ਨਾਲ ਕਿੰਨਾ ਕਿੰਨਾਂ ਸਮਾਂ ਮਿਲਣੀ ਕੀਤੀ ਹੈ ਅਤੇ ਇਸ ਮਿਲਣੀ 'ਚ ਕਿਹੜੇ ਕਿਹੜੇ ਏਜੰਡੇ ਵਿਚਾਰੇ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਆਰ.ਟੀ.ਆਈ ਦੇ ਪੱਤਰ ਦੇ ਜੁਆਬ ਵਿਚ ਅਜਿਹੀ ਸੂਚਨਾ ਪ੍ਰਧਾਨ ਮੰਤਰੀ ਦਫ਼ਤਰ ਕੋਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਜੁਆਬੀ ਪੱਤਰ ਵਿਚ ਪ੍ਰਧਾਨ ਮੰਤਰੀ ਦਫ਼ਤਰ ਦੇ ਅੰਡਰ ਸੈਕਟਰੀ ਪ੍ਰਵੀਨ ਕੁਮਾਰ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਰੋਜ਼ਾਨਾ ਹਰ ਤਰ•ਾਂ ਦੇ ਲੋਕ ਮਿਲਦੇ ਹਨ ਅਤੇ ਇਹ ਜਰੂਰੀ ਨਹੀਂ ਕਿ ਪ੍ਰਧਾਨ ਮੰਤਰੀ ਨੂੰ ਰਸਮੀ ਅਗਾਊਂ ਸਮਾਂ ਲੈ ਕੇ ਹੀ ਮਿਲਿਆ ਜਾਵੇ।
                        ਏਦਾ ਦੀ ਮਿਲਣੀ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਹੈ ਅਤੇ ਮੰਗੀ ਗਈ ਸੂਚਨਾ ਇਸ ਰੂਪ ਵਿਚ ਦੇਣੀ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਆਰ.ਟੀ.ਆਈ ਤਹਿਤ ਮੁੱਖ ਮੰਤਰੀ ਪੰਜਾਬ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰਾਂ ਦੀਆਂ ਕਾਪੀਆਂ ਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ। ਸੂਤਰ ਆਖਦੇ ਹਨ ਕਿ ਜਦੋਂ ਵੀ ਦਿੱਲੀ ਵਿਚ ਕੋਈ ਰਸਮੀ ਮੀਟਿੰਗ ਕਰਨੀ ਹੁੰਦੀ ਹੈ ਤਾਂ ਹਰ ਰਾਜ ਦੇ ਮੁੱਖ ਮੰਤਰੀ ਵਲੋਂ ਅਗਾਊਂ ਮੀਟਿੰਗ ਨਿਸ਼ਚਿਤ ਕੀਤੀ ਜਾਂਦੀ ਹੈ ਜਿਸ ਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਪਿਛਲੇ ਸਮੇਂ ਦੌਰਾਨ ਇਹ ਰੌਲਾ ਪਾਉਂਦੀ ਰਹੀ ਹੈ ਕਿ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ ਜਦੋਂ ਕਿ ਪਿਛਲੇ ਪ੍ਰਧਾਨ ਮੰਤਰੀ ਡਾ.ਮਨਮੋਹਣ ਸਿੰਘ ਅਕਸਰ ਹੀ ਮੁੱਖ ਮੰਤਰੀ ਪੰਜਾਬ ਨੂੰ ਸਮਾਂ ਦਿੰਦੇ ਸਨ।
                      ਵਿਰੋਧੀ ਧਿਰ ਇਹ ਦੱਸਣਾ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁੱਖ ਮੰਤਰੀ ਪੰਜਾਬ ਹੁਣ ਤਰਜੀਹੀ ਨਹੀਂ ਹੈ। ਹਾਕਮ ਧਿਰ ਆਖਦੀ ਹੈ ਕਿ ਜਦੋਂ ਵੀ ਸਮਾਂ ਮੰਗਿਆ ਤਾਂ ਉਦੋਂ ਹੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਮਾਂ ਮਿਲਿਆ ਹੈ। ਸਮਾਜਿਕ ਕਾਰਕੁੰਨ ਡਾ. ਅਮਰਜੀਤ ਸਿੰਘ ਮਾਨ ਦਾ ਪ੍ਰਤੀਕਰਮ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਦੋਂ ਵਿਦੇਸ਼ੀ ਅਤੇ ਦੇਸ਼ ਵਿਚਲੇ ਦੌਰਿਆਂ ਨੂੰ ਜਨਤਿਕ ਤੌਰ ਤੇ ਨਸ਼ਰ ਕਰ ਰਹੇ ਹਨ ਤਾਂ ਮੁੱਖ ਮੰਤਰੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ ਤੇ ਪਰਦਾ ਪਾਉਣ ਦੀ ਕੋਈ ਤੁਕ ਨਹੀਂ ਬਣਦੀ ਹੈ। ਇਸ ਤੋਂ ਦਾਲ ਵਿਚ ਕੁੱਝ ਕਾਲਾ ਜਾਪਦਾ ਹੈ। ਪ੍ਰੋਟੋਕਾਲ ਅਨੁਸਾਰ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਾਂ ਦਫ਼ਤਰ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀ ਦਾ ਨਾਮ,ਅਡਰੈਸ ਅਤੇ ਸਮਾਂ ਨੋਟ ਕੀਤਾ ਜਾਂਦਾ ਹੈ। 

Sunday, February 19, 2017

                                       ਦੇਰ ਆਏ..
                     ਹੁਣ ਲੀਡਰਾਂ ਨੂੰ ਹੱਥ ਪਾਇਆ
                                   ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਦੇ ਅਫਸਰਾਂ ਨੇ ਹੁਣ ਬਿਜਲੀ ਦੇ ਡਿਫਾਲਟਰ ਹੋਏ ਸਿਆਸੀ ਲੀਡਰਾਂ ਨੂੰ ਹੱਥ ਪਾ ਲਿਆ ਹੈ। ਦਰਜਨਾਂ ਲੀਡਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ ਕਸ ਲਈ ਹੈ। ਉੱਚ ਅਫਸਰ ਚੋਣ ਜ਼ਾਬਤੇ ਨੂੰ ਲੀਡਰਾਂ ਤੋਂ ਵਸੂਲੀ ਦਾ ਢੁਕਵਾਂ ਸਮਾਂ ਮੰਨ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਐਮ.ਪੀ ਸ਼ੇਰ ਸਿੰਘ ਘੁਬਾਇਆ ਦਾ 'ਘੁਬਾਇਆ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ'  ਕਰੀਬ 28 ਲੱਖ ਰੁਪਏ ਦਾ ਬਿਜਲੀ ਦਾ ਡਿਫਾਲਟਰ ਹੈ ਜਿਸ ਦਾ ਪਾਵਰਕੌਮ ਨੇ ਹੁਣ ਕੁਨੈਕਸ਼ਨ ਕੱਟ ਦਿੱਤਾ ਹੈ। ਐਕਸੀਅਨ ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਕਾਲਜ ਵੱਲ ਕਾਫੀ ਸਮੇਂ ਤੋਂ ਬਕਾਇਆ ਖੜ•ਾ ਸੀ ਜਿਸ ਦਾ ਕੁਨੈਕਸ਼ਨ ਕੱਟਿਆ ਗਿਆ ਹੈ। ਪਤਾ ਲੱਗਾ ਹੈ ਕਿ ਜਲਾਲਾਬਾਦ ਦਾ ਸਰਕਾਰੀ ਕਾਲਜ ਵੀ ਚਾਰ ਲੱਖ ਰੁਪਏ ਦਾ ਡਿਫਾਲਟਰ ਹੈ। ਵੇਰਵਿਆਂ ਅਨੁਸਾਰ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਕਾਂਗਰਸੀ ਉਮੀਦਵਾਰ ਕਰਨ ਬਰਾੜ ਦੇ ਪਿੰਡ ਸਰਾਏਨਾਗਾ ਵਿਚਲੀ ਰਿਹਾਇਸ਼ ਦੇ ਤਿੰਨ ਬਿਜਲੀ ਕੁਨੈਕਸ਼ਨਾਂ ਦਾ ਕਰੀਬ 25 ਲੱਖ ਰੁਪਏ ਦਾ ਬਿੱਲ ਬਕਾਇਆ ਖੜ•ਾ ਹੈ। ਕਾਫੀ ਸਮੇਂ ਤੋਂ ਇਨ•ਾਂ ਕੁਨੈਕਸ਼ਨ ਦਾ ਬਿੱਲ ਭਰਿਆ ਨਹੀਂ ਗਿਆ ਹੈ। ਉਪ ਮੰਡਲ ਬਰੀਵਾਲਾ ਦੇ ਐਸ.ਡੀ.ਓ ਸ੍ਰੀ ਸੰਜੇ ਸ਼ਰਮਾ ਦਾ ਕਹਿਣਾ ਸੀ ਕਿ ਬਰਾੜ ਪਰਿਵਾਰ ਨੇ ਮੰਗਲਵਾਰ ਤੱਕ ਬਿਜਲੀ ਦਾ ਬਿੱਲ ਨਾ ਤਾਰਿਆ ਤਾਂ ਉਹ ਕੁਨੈਕਸ਼ਨ ਕੱਟਣਗੇ।
                           ਇਵੇਂ ਹੀ ਮੁਕਤਸਰ ਵਿਚਲੇ ਸ਼੍ਰੋਮਣੀ ਅਕਾਲੀ ਦਲ ਦਾ ਕੋਟਕਪੂਰਾ ਰੋਡ ਸਥਿਤ ਦਫਤਰ ਦਾ ਬਿਜਲੀ ਦਾ ਬਿੱਲ ਵਰਿ•ਆਂ ਤੋਂ ਨਹੀਂ ਭਰਿਆ ਜਾ ਰਿਹਾ ਹੈ। ਕਾਗਜਾਂ ਵਿਚ ਅਕਾਲੀ ਦਲ ਦਾ ਕੁਨੈਕਸ਼ਨ ਕੱਟਿਆ ਹੋਇਆ ਹੈ ਪਰ ਅਮਲੀ ਤੌਰ ਤੇ ਅਜਿਹਾ ਨਹੀਂ ਹੋਇਆ ਹੈ। ਹਲਕਾ ਮੁਕਤਸਰ ਤੋਂ ਅਕਾਲੀ ਉਮੀਦਵਾਰ ਰੋਜ਼ੀ ਬਰਕੰਦੀ ਦੇ ਇਸ ਦਫਤਰ ਦਾ ਖਾਤਾ ਨੰਬਰ ਜੀਟੀ 62-0214 ਹੈ ਜਿਸ ਦਾ ਲੋਡ 20 ਕਿਲੋਵਾਟ ਹੈ। ਅਕਾਲੀ ਉਮੀਦਵਾਰ ਨੇ ਮਨੋਹਰ ਸਿੰਘ ਦੇ ਘਰ ਆਪਣਾ ਦਫਤਰ ਬਣਾਇਆ ਹੋਇਆ ਹੈ। ਵੇਰਵਿਆਂ ਅਨੁਸਾਰ ਫਰਵਰੀ 2015 ਵਿਚ ਇਸ ਦਫਤਰ ਦਾ ਕੁਨੈਕਸ਼ਨ ਕੱਟਣ ਦੇ ਆਰਡਰ ਕਾਗਜ਼ਾਂ ਵਿਚ ਹੋ ਗਏ ਸਨ ਪ੍ਰੰਤੂ ਅੱਜ ਤੱਕ ਇਸ ਦਾ ਕੁਨੈਕਸ਼ਨ ਕੱਟਿਆ ਨਹੀਂ ਗਿਆ। ਅਕਾਲੀ ਦਲ ਦਾ ਇਹ ਦਫਤਰ 3.69 ਲੱਖ ਰੁਪਏ ਦਾ ਡਿਫਾਲਟਰ ਹੈ। ਅਕਾਲੀ ਨੇਤਾ ਰੋਜ਼ੀ ਬਰਕੰਦੀ ਦੇ ਪੀ.ਏ ਸ੍ਰੀ ਬਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਜਲਦੀ ਹੀ ਬਿੱਲ ਭਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਮੁਕਤਸਰ ਦੇ ਜ਼ਿਲ•ਾ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਦੇ ਨਾਮ ਲੱਗਾ ਬਿਜਲੀ ਦਾ ਮੀਟਰ ਵੀ 23 ਲੱਖ ਰੁਪਏ ਦਾ ਡਿਫਾਲਟਰ ਹੈ ਜਿਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਸੇ ਤਰ•ਾਂ ਜੀਰਾ ਵਿਚਲੇ ਅਕਾਲੀ ਨੇਤਾ ਦੇ ਪਰਿਵਾਰ ਦੇ  'ਹਰਬੀਰ ਪੈਟਰੋ' ਵੱਲ 3.84 ਲੱਖ ਰੁਪਏ ਦਾ ਬਿਜਲੀ ਦਾ ਬਕਾਇਆ ਖੜ•ਾ ਹੈ।
                         ਐਸ.ਡੀ.ਓ ਜੀਰਾ ਸ੍ਰੀ ਸੰਤੋਖ ਸਿੰਘ ਦਾ ਕਹਿਣਾ ਸੀ ਕਿ ਅਗਰ ਸੋਮਵਾਰ ਤੱਕ ਰਿਕਵਰੀ ਨਾ ਆਈ ਤਾਂ ਉਹ ਕੁਨੈਕਸ਼ਨ ਕੱਟਣਗੇ। ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਅਤੇ ਅਕਾਲੀ ਨੇਤਾ ਸ੍ਰੀ ਅਵਤਾਰ ਸਿੰਘ ਜੀਰਾ ਦਾ ਕਹਿਣਾ ਸੀ ਕਿ ਇਹ ਕੁਨੈਕਸ਼ਨ ਉਨ•ਾਂ ਦੇ ਲੜਕੇ ਦੇ ਨਾਮ ਤੇ ਹੈ ਅਤੇ ਉਹ ਰੈਗੂਲਰ ਬਿੱਲ ਤਾਰ ਰਹੇ ਹਨ। ਉਨ•ਾਂ ਆਖਿਆ ਕਿ ਬਕਾਇਆ ਰਾਸ਼ੀ ਖੜ•ੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਬਠਿੰਡਾ ਜ਼ਿਲ•ੇ ਦਾ ਵੀ ਇੱਕ ਕਾਂਗਰਸੀ ਉਮੀਦਵਾਰ ਪਾਵਰਕੌਮ ਦਾ ਡਿਫਾਲਟਰ ਹੈ ਜਿਸ ਦਾ ਨਾਮ ਪਾਵਰਕੌਮ ਨੇ ਜੱਗ ਜ਼ਾਹਰ ਨਹੀਂ ਕੀਤਾ। ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ ਚੋਣ ਲੜਨ ਤੋਂ ਪਹਿਲਾਂ ਹੀ ਪਾਵਰਕੌਮ ਦੇ ਕਰੀਬ ਸਾਢੇ ਸੱਤ ਲੱਖ ਰੁਪਏ ਦਾ ਬਿਜਲੀ ਬਿੱਲ ਕਲੀਅਰ ਕੀਤਾ ਹੈ। ਐਸ.ਡੀ.ਓ ਗਿੱਦੜਬਹਾ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪ੍ਰੀਤਮ ਕੋਟਭਾਈ ਨੇ ਨਾਮਜ਼ਾਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਬਕਾਏ ਕਲੀਅਰ ਕਰ ਦਿੱਤੇ ਸਨ ਅਤੇ ਹੁਣ ਉਨ•ਾਂ ਦੇ ਭਰਾ ਸੁਖਦੀਪ ਸਿੰਘ ਨੇ ਵੀ 78 ਹਜ਼ਾਰ ਦਾ ਬਿੱਲ ਕਲੀਅਰ ਕਰ ਦਿੱਤਾ ਹੈ। ਪਾਵਰਕੌਮ ਦੇ ਅਫਸਰਾਂ ਦਾ ਕਹਿਣਾ ਸੀ ਕਿ ਸਿਆਸੀ ਧਿਰਾਂ ਦੇ ਬਹੁਤੇ ਉਮੀਦਵਾਰ ਚੋਣ ਲੜਣ ਤੋਂ ਪਹਿਲਾਂ ਬਕਾਏ ਕਲੀਅਰ ਕਰਕੇ ਐਨ.ਓ.ਸੀ ਲੈ ਗਏ ਸਨ। ਬਹੁਤੇ ਉਮੀਦਵਾਰਾਂ ਵੱਲ ਕਾਫੀ ਸਮੇਂ ਤੋਂ ਬਕਾਏ ਖੜ•ੇ ਸਨ। ਹਲਕਾ ਜੈਤੋ ਤੋਂ ਅਕਾਲੀ ਉਮੀਦਵਾਰ ਸੂਬਾ ਸਿੰਘ ਨੇ ਵੀ ਚੋਣ ਲੜਣ ਤੋਂ ਪਹਿਲਾਂ ਬਕਾਏ ਕਲੀਅਰ ਕਰ ਦਿੱਤੇ ਸਨ। 

Saturday, February 18, 2017

                            ਸ਼ਰਾਬੀਆਂ ਦੀ 'ਨੇਕੀ'
       ਸ਼ਰਾਬ ਦੀ ਕਮਾਈ, ਸਮਾਰਕਾਂ ਤੇ ਲਾਈ !
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਯਾਦਗਾਰਾਂ ਤੇ ਸਮਾਰਕਾਂ ਦੀ ਉਸਾਰੀ ਤੇ ਕਰੀਬ 1200 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ•ਾਂ ਸਮਾਰਕਾਂ ਤੇ ਸ਼ਰਾਬੀਆਂ ਦੀ 'ਨੇਕੀ' ਦਾ ਪੈਸਾ ਲੱਗ ਰਿਹਾ ਹੈ। ਸਰਕਾਰ ਤਰਫੋਂ ਜੋ ਪ੍ਰਤੀ ਪਰੂਫ ਲੀਟਰ 10 ਰੁਪਏ ਕਲਚਰਲ ਸੈੱਸ ਲਾਇਆ ਗਿਆ ਹੈ, ਉਸ ਦੀ ਵਰਤੋਂ ਯਾਦਗਾਰਾਂ ਤੇ ਸਮਾਰਕ ਉਸਾਰਨ ਤੇ ਹੋ ਰਹੀ ਹੈ। ਸ਼ਰਾਬ ਦੇ ਪਿਆਕੜ ਵਲੋਂ ਪਹਿਲਾਂ ਪ੍ਰਤੀ ਪਰੂਫ ਲੀਟਰ ਪਿਛੇ 8 ਰੁਪਏ ਕਲਚਰਲ ਸੈੱਸ ਦਿੱਤਾ ਜਾਂਦਾ ਸੀ ਪ੍ਰੰਤੂ ਚਾਲੂ ਮਾਲੀ ਵਰੇ• ਦੌਰਾਨ ਇਹ ਕਲਚਰਲ ਸੈੱਸ 10 ਰੁਪਏ ਪ੍ਰਤੀ ਪਰੂਫ ਲੀਟਰ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਤਰਫ਼ੋਂ ਸੱਤ ਸਮਾਰਕਾਂ ਤੇ ਯਾਦਗਾਰਾਂ ਤੇ ਕਲਚਰਲ ਸੈੱਸ ਦਾ ਪੈਸਾ ਖਰਚ ਕੀਤਾ ਜਾ ਰਿਹਾ ਹੈ। ਕਰੀਬ 662 ਰੁਪਏ ਕਲਚਰਲ ਸੈੱਸ ਚੋਂ ਖਰਚ ਹੋ ਰਹੇ ਹਨ।ਕਲਚਰਲ ਮਾਮਲੇ, ਪੁਰਾਤਤਵ ਤੇ ਅਜਾਇਬ ਘਰ ਵਿਭਾਗ ਪੰਜਾਬ ਤਰਫ਼ੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਕਰਤਾਰਪੁਰ 'ਚ ਜੰਗ-ਏ-ਅਜ਼ਾਦੀ ਯਾਦਗਾਰ ਉਪਰ 315 ਕਰੋੜ ਖਰਚ ਕੀਤੇ ਗਏ ਹਨ ਅਤੇ ਇਹ ਪੈਸਾ ਕਲਚਰਲ ਸੈੱਸ ਚੋਂ ਲਾਇਆ ਗਿਆ ਹੈ।
                           ਅੰਮ੍ਰਿਤਸਰ ਦੇ ਭਗਵਾਨ ਵਾਲਮੀਕ ਤੀਰਥ ਸਥਲ ਤੇ 200 ਕਰੋੜ ਦਾ ਫੰਡ ਵੀ ਇਸੇ ਕਲਚਰਲ ਸੈੱਸ ਚੋਂ ਖਰਚ ਕੀਤਾ ਜਾ ਰਿਹਾ ਹੈ। ਇਸੇ ਤਰ•ਾਂ ਖੁਰਾਲਗੜ• ਵਿਚ ਸ੍ਰੀ ਗੁਰੂ ਰਵੀਦਾਸ ਸਮਾਰਕ ਤੇ 100 ਕਰੋੜ ਰੁਪਏ, ਫਤਹਿਗੜ• ਸਾਹਿਬ ਵਿਚ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਤੇ 7.32 ਕਰੋੜ,ਸ੍ਰੀ ਆਨੰਦਪੁਰ ਸਾਹਿਬ ਵਿਚ ਬਾਬਾ ਜੀਵਨ ਸਿੰਘ ਸਮਾਰਕ ਤੇ 22 ਕਰੋੜ,ਫਿਰੋਜ਼ਪੁਰ ਵਿਚ ਭਾਈ ਮਰਦਾਨਾ ਯਾਦਗਾਰ ਤੇ 8.40 ਕਰੋੜ ਅਤੇ ਕਰਤਾਰਪੁਰ ਵਿਚ ਗੁਰੂ ਵਿਰਜਾਨੰਦ ਸਮਾਰਕ ਲਈ 9.40 ਕਰੋੜ ਦਾ ਬਜਟ ਕਲਚਰਲ ਸੈੱਸ ਚੋਂ ਹੀ ਰੱਖਿਆ ਗਿਆ ਹੈ। ਵੇਰਵਿਆਂ ਅਨੁਸਾਰ ਵਿਰਾਸਤ ਏ ਖਾਲਸਾ ਸ੍ਰੀ  ਆਨੰਦਪੁਰ ਸਾਹਿਬ ਤੇ 270 ਰੁਪਏ, ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੱਪੜਚਿੜੀ ਦੀ ਉਸਾਰੀ ਤੇ 46.02 ਕਰੋੜ, ਵੱਡਾ ਘੱਲੂਘਾਰਾ ਸਮਾਰਕ ਕੁੱਪ ਰੋਹੀੜਾ ਤੇ 23.99 ਕਰੋੜ ਅਤੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਤੇ 17.99 ਕਰੋੜ ਰੁਪਏ ਕੇਂਦਰ ਤੇ ਰਾਜ ਸਰਕਾਰ ਨੇ ਖਰਚ ਕੀਤੇ ਹਨ ਜਦੋਂ ਕਿ ਵਾਰ ਮੈਮੋਰੀਅਲ ਅੰਮ੍ਰਿਤਸਰ ਤੇ 145 ਕਰੋੜ ਅਤੇ ਭਾਈ ਰਣਧੀਰ ਸਿੰਘ ਮੈਮੋਰੀਅਲ ਨਾਰੰਗਵਾਲ ਤੇ 1.47 ਕਰੋੜ ਦੇ ਫੰਡ ਪੀ.ਆਈ.ਡੀ.ਬੀ ਦੇ ਖਰਚ ਕੀਤੇ ਜਾ ਰਹੇ ਹਨ।
                        ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੀ ਸਾਂਭ ਸੰਭਾਲ ਲਈ ਸਲਾਨਾ ਇੱਕ ਕਰੋੜ, ਵੱਡਾ ਘੱਲੂਘਾਰਾ ਸਮਾਰਕ ਲਈ 70 ਲੱਖ ਰੁਪਏ ਅਤੇ ਛੋਟਾ ਘੱਲੂਘਾਰਾ ਸਮਾਰਕ ਲਈ ਸਲਾਨਾ 47.70 ਲੱਖ ਰੁਪਏ ਰੱਖੇ ਗਏ ਹਨ। ਪਹਿਲਾਂ ਬਣੀਆਂ ਸਮਾਰਕਾਂ ਦੀ ਮੁਰੰਮਤ ਆਦਿ ਵੀ ਇਸੇ ਰਾਸ਼ੀ ਨਾਲ ਕਰਾਈ ਜਾਂਦੀ ਹੈ। ਕਰ ਅਤੇ ਆਬਕਾਰੀ ਵਿਭਾਗ ਵਲੋਂ ਸ਼ਰਾਬ ਤੇ ਪ੍ਰਤੀ ਪਰੂਫ ਲੀਟਰ ਤੇ ਪਹਿਲਾਂ 23 ਰੁਪਏ ਸੈੱਸ ਲਾਇਆ ਗਿਆ ਸੀ ਜਿਸ ਵਿਚ ਚਾਲੂ ਮਾਲੀ ਵਰੇ• ਦੌਰਾਨ ਵਾਧਾ ਕਰਕੇ 29 ਰੁਪਏ ਕਰ ਦਿੱਤਾ ਗਿਆ ਹੈ। ਕਲਚਰਲ ਸੈੱਸ 8 ਰੁਪਏ ਤੋਂ ਵਧਾ ਕੇ 10 ਰੁਪਏ ਕੀਤਾ ਗਿਆ ਹੈ। ਨਵੇਂ ਵਾਧੇ ਮਗਰੋਂ ਸਲਾਨਾ ਕਰੀਬ 100 ਕਰੋੜ ਰੁਪਏ ਕਲਚਰਲ ਸੈੱਸ ਵਜੋਂ ਇਕੱਠੇ ਹੋਣ ਦਾ ਅਨੁਮਾਨ ਹੈ। ਸਰਕਾਰ ਨੇ ਪਹਿਲਾਂ ਇਕੱਲਾ ਸਿੱਖਿਆ ਸੈੱਸ ਅਤੇ ਸਪੋਰਟਸ ਸੈੱਸ ਹੀ ਲਾਇਆ ਹੋਇਆ ਸੀ ਅਤੇ ਮਗਰੋਂ ਕਲਚਰਲ ਸੈੱਸ ਵੀ ਲੈਣਾ ਸ਼ੁਰੂ ਕਰ ਦਿੱਤਾ। ਕਰ ਅਤੇ ਆਬਕਾਰੀ ਵਿਭਾਗ ਵਲੋਂ ਐਡੀਸ਼ਨਲ ਫੀਸ ਵਜੋਂ ਇਹ ਸੈੱਸ ਇਕੱਤਰ ਕੀਤਾ ਜਾਂਦਾ ਹੈ। ਸਭਿਆਰਕ ਮਾਮਲਿਆਂ ਵਾਰੇ ਵਿਭਾਗ ਦੇ ਡਾਇਰੈਕਟਰ ਦਾ ਪੱਖ ਲੈਣ ਲਈ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਅਟੈਂਡ ਨਹੀਂ ਕੀਤਾ।

Thursday, February 16, 2017

                               ਮੋਦੀ ਦਾ ਛਾਪਾ
             ਇੱਕ ਲੱਖ ਨੀਲੇ ਕਾਰਡ ਫ਼ਰਜ਼ੀ
                              ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਸਰਕਾਰ ਨੇ ਪੰਜਾਬ 'ਚ ਆਟਾ ਦਾਲ ਸਕੀਮ ਦੇ ਕਰੀਬ ਇੱਕ ਲੱਖ ਰਾਸ਼ਨ ਕਾਰਡ ਜਾਅਲੀ ਫੜੇ ਹਨ ਜੋ ਵਰਿ•ਆਂ ਤੋਂ ਰਾਸ਼ਨ ਲੈ ਰਹੇ ਸਨ। ਕੇਂਦਰ ਨੇ ਇਨ•ਾਂ ਰਾਸ਼ਨ ਕਾਰਡਾਂ ਤੇ ਹੁਣ ਕਾਟਾ ਫੇਰ ਦਿੱਤਾ ਹੈ। ਪੰਜਾਬ ਵਿਚ ਜਨਵਰੀ 2013 ਤੋਂ ਨਵੰਬਰ 2016 ਦੌਰਾਨ ਇਹ ਰਾਸ਼ਨ ਕਾਰਡ ਜਾਅਲੀ ਸ਼ਨਾਖ਼ਤ ਹੋਏ ਹਨ। ਜਦੋਂ ਰਾਸ਼ਨ ਕਾਰਡਾਂ ਨੂੰ ਅਧਾਰ ਕਾਰਡ ਨਾਲ ਜੋੜਨ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਉਦੋਂ ਇਹ ਜਾਲ•ਸਾਜੀ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਰਾਸ਼ਨ ਕਾਰਡਾਂ ਦਾ ਕੰਪਿਊਟੀਕਰਨ ਕੀਤਾ ਜਾ ਰਿਹਾ ਹੈ ਅਤੇ ਕਰੀਬ 73 ਰਾਸ਼ਨ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਜੋੜ ਦਿੱਤਾ ਗਿਆ ਹੈ। ਜਾਅਲੀ ਫੜੇ ਗਏ ਰਾਸ਼ਨ ਕਾਰਡਾਂ ਵਿਚ ਬਹੁਤੇ ਅਯੋਗ ਪਾਏ ਗਏ ਹਨ ਅਤੇ ਕਾਫ਼ੀ ਮ੍ਰਿਤਕ ਵੀ ਸਨ। ਕੇਂਦਰੀ ਖਪਤਕਾਰ ਮਾਮਲੇ,ਖੁਰਾਕ ਅਤੇ ਜਨਤਿਕ ਵੰਡ ਮੰਤਰਾਲੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿਚ ਤਿੰਨ ਵਰਿ•ਆਂ ਦੌਰਾਨ 1,01,249 ਰਾਸ਼ਨ ਕਾਰਡ ਗਲਤ ਪਾਏ ਗਏ ਹਨ ਜਿਨ•ਾਂ ਵਲੋਂ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਅਨਾਜ ਲਿਆ ਜਾ ਰਿਹਾ ਸੀ। ਇਵੇਂ ਹਰਿਆਣਾ ਵਿਚ 1.92 ਲੱਖ ਰਾਸ਼ਨ ਕਾਰਡ ਜਾਅਲੀ ਫੜੇ ਗਏ ਹਨ। ਪੰਜਾਬ ਵਿਚ ਕੁੱਲ 34.02 ਲੱਖ ਰਾਸ਼ਨ ਕਾਰਡ ਹਨ।
                         ਪੰਜਾਬ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਆਟਾ ਦਾਲ ਸਕੀਮ ਦੇ ਨਵੇਂ ਨੀਲੇ ਕਾਰਡ ਵੀ ਬਣਾਏ ਗਏ ਹਨ। ਪੰਜਾਬ ਸਰਕਾਰ ਵਲੋਂ ਕਰਾਈਆਂ ਪੜਤਾਲਾਂ ਵਿਚ ਕਾਫੀ ਨਰਮੀ ਵਰਤੀ ਗਈ ਸੀ ਪ੍ਰੰਤੂ ਹੁਣ ਜਦੋਂ ਕੇਂਦਰ ਦੀ ਡਿਜੀਟਲਾਈਜੇਸ਼ਨ ਦਾ ਕੰਮ ਸ਼ੁਰੂ ਹੋਇਆ ਤਾਂ ਸਭ ਕੁਝ ਨੰਗਾ ਹੋ ਗਿਆ। ਕੇਂਦਰ ਸਰਕਾਰ ਕੋਲ ਪੰਜਾਬ ਦੀ ਆਟਾ ਦਾਲ ਸਕੀਮ ਦੀਆਂ ਚਾਰ ਵਰਿ•ਆਂ ਵਿਚ 28 ਸ਼ਿਕਾਇਤਾਂ ਪੁੱਜੀਆਂ ਹਨ ਜਿਨ•ਾਂ ਦੀ ਪੜਤਾਲ ਰਾਜ ਸਰਕਾਰ ਤੋਂ ਕਰਾਈ ਗਈ ਹੈ। ਸਾਲ 2016 ਵਿਚ 7 ਅਤੇ ਸਾਲ 2015 ਵਿਚ 10 ਸ਼ਿਕਾਇਤਾਂ ਮਿਲੀਆਂ ਹਨ ਜਦੋਂ ਕਿ ਉਸ ਤੋਂ ਪਹਿਲਾਂ ਸਾਲ ਸਾਲ 2013 ਅਤੇ 2014 ਵਿਚ ਕੇਂਦਰ ਨੂੰ 11 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਮੰਤਰਾਲੇ ਨੇ ਇਨ•ਾਂ ਸ਼ਿਕਾਇਤਾਂ ਦੇ ਵਿਸਥਾਰ ਦਾ ਖੁਲਾਸਾ ਨਹੀਂ ਕੀਤਾ ਹੈ। ਪੰਜਾਬ ਦੀ ਜੋ ਨਵੀਂ ਆਟਾ ਦਾਲ ਸਕੀਮ ਹੈ, ਉਸ ਦਾ ਸਾਰਾ ਅਨਾਜ ਹੁਣ ਕੇਂਦਰ ਸਰਕਾਰ ਵਲੋਂ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਦਿੱਤਾ ਜਾ ਰਿਹਾ ਹੈ। ਇਕੱਲੀ ਦਾਲ ਦੀ ਸਪਲਾਈ ਰਾਜ ਸਰਕਾਰ ਵਲੋਂ ਦਿੱਤੀ ਜਾ ਰਹੀ ਹੈ। ਦੇਸ਼ ਦੇ ਬਾਕੀ ਸੂਬਿਆਂ ਵਿਚ ਇਹ ਸਕੀਮ ਐਨਐਫਐਸਏ ਤਹਿਤ ਚੱਲ ਰਹੀ ਹੈ ਜਦੋਂ ਕਿ ਪੰਜਾਬ ਵਿਚ ਇਸ ਨੂੰ ਆਟਾ ਦਾਲ ਸਕੀਮ ਦਾ ਨਾਮ ਦਿਤਾ ਗਿਆ ਹੈ।
                            ਰਾਜ ਸਰਕਾਰ ਵਲੋਂ ਇਸ ਨੂੰ ਸੂਬੇ ਦੀ ਸਕੀਮ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਜਦੋਂ ਰਾਸ਼ਨ ਕਾਰਡਾਂ ਦੀ ਡਿਜੀਟਲਾਈਜੇਸ਼ਨ ਦਾ ਕੰਮ ਸਮਾਪਤ ਹੋ ਗਿਆ ਤਾਂ ਉਦੋਂ ਹੋਰ ਵੀ ਜਾਅਲੀ ਰਾਸ਼ਨ ਕਾਰਡ ਸਾਹਮਣੇ ਆਉਣਗੇ। ਪੰਜਾਬ ਵਿਚ ਇਹ ਚਰਚੇ ਜ਼ੋਰਾਂ ਤੇ ਹਨ ਕਿ ਸਰਕਾਰ ਨੇ ਧਨਾਢ ਲੋਕਾਂ ਦੇ ਵੀ ਆਟਾ ਦਾਲ ਸਕੀਮ ਦੇ ਨੀਲੇ ਕਾਰਡ ਬਣਾਏ ਹੋਏ ਹਨ ਅਤੇ ਮੁਲਾਜ਼ਮ ਵੀ ਇਸ ਸਕੀਮ ਦਾ ਲਾਭ ਲੈ ਰਹੇ ਹਨ। ਭਾਵੇਂ ਪੰਜਾਬ ਸਰਕਾਰ ਨੇ ਆਪਣੀਆਂ ਪੜਤਾਲਾਂ ਵਿਚ ਕੁਝ ਨੀਲੇ ਕਾਰਡ ਕੱਟੇ ਵੀ ਹਨ ਪਰ ਹੁਣ ਅਧਾਰ ਕਾਰਡ ਨਾਲ ਲਿੰਕ ਕੀਤੇ ਜਾਣ ਮਗਰੋਂ ਬੋਗਸ ਕਾਰਡ ਆਪਣੇ ਆਪ ਬੇਪਰਦ ਹੋ ਗਏ ਹਨ।  ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਨਵੀਂ ਸਰਕਾਰ ਸਭ ਤੋਂ ਪਹਿਲਾਂ ਆਟਾ ਦਾਲ ਸਕੀਮ ਦੇ ਕਾਰਡਾਂ ਦੀ ਜਾਂਚ ਕਰੇ ਤਾਂ ਜੋ ਰਾਸ਼ਨ ਅਸਲ ਲੋੜਵੰਦਾਂ ਤੱਕ ਪਹੁੰਚ ਸਕੇ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਅਧਿਕਾਰੀਆਂ ਨਾਲ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ।

Wednesday, February 15, 2017

                                 ਗੇੜੇ ਤੇ ਗੇੜਾ
          ਹਲਕਾ ਲੰਬੀ 'ਚ 600 ਸੰਗਤ ਦਰਸ਼ਨ !
                                ਚਰਨਜੀਤ ਭੁੱਲਰ
ਬਠਿੰਡਾ  : ਮੁੱਖ ਮੰਤਰੀ ਪੰਜਾਬ ਨੇ ਆਪਣੇ ਹਲਕਾ ਲੰਬੀ 'ਚ ਹੀ 'ਸੰਗਤ ਦਰਸ਼ਨ' ਪ੍ਰੋਗਰਾਮਾਂ ਦਾ ਮੇਲਾ ਲਾਈ ਰੱਖਿਆ ਜਦੋਂ ਕਿ ਬਾਕੀ ਪੰਜਾਬ ਰਾਹ ਤੱਕਦਾ ਰਿਹਾ। ਮੁੱਖ ਮੰਤਰੀ ਨੇ ਲੰਘੇ 10 ਵਰਿ•ਆਂ 'ਚ ਕਰੀਬ 600 ਸੰਗਤ ਦਰਸ਼ਨ ਪ੍ਰੋਗਰਾਮ ਇਕੱਲੇ ਹਲਕਾ ਲੰਬੀ 'ਚ ਕੀਤੇ ਹਨ। ਮਤਲਬ ਕਿ ਹਲਕਾ ਲੰਬੀ 'ਚ ਔਸਤਨ ਹਰ ਹਫਤੇ ਇੱਕ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ। ਬੇਸ਼ੱਕ ਉਹ ਮੁੱਖ ਮੰਤਰੀ ਪੰਜਾਬ ਦੇ ਹਨ ਪਰ ਉਨ•ਾਂ ਜਿਆਦਾ ਗੇੜਾ ਲੰਬੀ 'ਚ ਹੀ ਰੱਖਿਆ। ਹਲਕਾ ਲੰਬੀ 'ਚ ਕਰੀਬ 80 ਪਿੰਡ ਤੇ ਢਾਣੀਆਂ ਹਨ ਜਿਥੋਂ ਦੀ ਹਰ ਪਿੰਡ ਦੀ ਸੰਗਤ ਦੇ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਪ੍ਰੋਗਰਾਮ ਰੱਖ ਕੇ ਛੇ ਤੋਂ ਅੱਠ ਦਫ਼ਾ ਦਰਸ਼ਨ ਕੀਤੇ ਹਨ। ਮੁੱਖ ਮੰਤਰੀ ਨੇ ਇਨ•ਾਂ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ 261 ਕਰੋੜ ਰੁਪਏ ਹਲਕਾ ਲੰਬੀ 'ਚ ਵੰਡੇ ਹਨ। ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ (ਡੀਡੀਪੀਓ) ਮੁਕਤਸਰ ਤੋਂ ਆਰ.  ਟੀ. ਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਨੇ ਸਾਲ 2007 ਤੋਂ ਦਸੰਬਰ 2016 ਤੱਕ ਹਲਕਾ ਲੰਬੀ 'ਚ 618 ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਹਨ। ਔਸਤਨ ਹਰ ਪਿੰਡ 'ਚ ਸੱਤ ਦਫ਼ਾ ਇਹ ਪ੍ਰੋਗਰਾਮ ਹੋਏ। ਮੁੱਖ ਮੰਤਰੀ ਨੇ ਪਹਿਲਾ ਸੰਗਤ ਦਰਸ਼ਨ ਪ੍ਰੋਗਰਾਮ 16 ਜੁਲਾਈ 2007 ਨੂੰ ਹਲਕਾ ਲੰਬੀ ਵਿਚ ਕੀਤਾ। ਦੂਸਰੀ ਦਫ਼ਾ ਹਕੂਮਤ ਬਣਨ ਮਗਰੋਂ ਪਹਿਲਾ ਸੰਗਤ ਦਰਸ਼ਨ ਪ੍ਰੋਗਰਾਮ 14 ਜੁਲਾਈ 2012 ਨੂੰ ਹਲਕਾ ਲੰਬੀ ਵਿਚ ਕੀਤਾ।
                          ਹਲਕਾ ਲੰਬੀ ਦੇ ਕਰੀਬ 40 ਪਿੰਡਾਂ 'ਚ ਮੁੱਖ ਮੰਤਰੀ ਨੇ ਇੱਕ ਦਹਾਕੇ 'ਚ ਪ੍ਰਤੀ ਪਿੰਡ ਅੱਠ-ਅੱਠ ਸੰਗਤ ਦਰਸ਼ਨ ਪ੍ਰੋਗਰਾਮ ਵੀ ਕੀਤੇ ਹਨ। ਸੰਗਤ ਦਰਸ਼ਨ ਪ੍ਰੋਗਰਾਮ ਤੇ ਸਰਕਾਰੀ ਮਸ਼ੀਨਰੀ ਅਤੇ ਹੋਰ ਪ੍ਰਬੰਧਾਂ ਤੇ ਕਰੀਬ ਔਸਤਨ ਪੰਜ ਲੱਖ ਰੁਪਏ ਪ੍ਰਤੀ ਪ੍ਰੋਗਰਾਮ ਖਰਚ ਆਇਆ ਅਤੇ ਇਸ ਹਿਸਾਬ ਨਾਲ ਇਕੱਲੇ ਪ੍ਰਬੰਧਾਂ ਤੇ ਮੁੱਖ ਮੰਤਰੀ ਦੀ ਆਮਦ ਕਰੀਬ 31 ਕਰੋੜ ਰੁਪਏ ਵੱਖਰਾ ਖਰਚਾ ਆਇਆ ਹੈ। ਸਾਲ 2007-2012 ਦੌਰਾਨ ਮੁੱਖ ਮੰਤਰੀ ਦੇ ਹਲਕਾ ਲੰਬੀ ਵਿਚ 306 ਸੰਗਤ ਦਰਸ਼ਨ ਪ੍ਰੋਗਰਾਮ ਹੋਏ ਜਿਨ•ਾਂ 'ਚ 93 ਕਰੋੜ ਰੁਪਏ ਵੰਡੇ ਗਏ। ਇਵੇਂ ਸਾਲ 2012-2017 ਦੌਰਾਨ ਮੁੱਖ ਮੰਤਰੀ ਨੇ ਇਸ ਹਲਕੇ 'ਚ 312 ਪ੍ਰੋਗਰਾਮ ਕੀਤੇ ਜਿਨ•ਾਂ 'ਚ 168.77 ਕਰੋੜ ਰੁਪਏ ਵੰਡੇ ਗਏ। ਹਲਕੇ ਦੇ ਪਿੰਡ ਕੰਗਣਖੇੜਾ ਨੂੰ ਲੰਘੇ ਪੰਜ ਵਰਿ•ਆਂ ਵਿਚ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ 6.02 ਕਰੋੜ ਦਾ ਗੱਫਾ ਮਿਲਿਆ ਜਦੋਂ ਕਿ ਰੱਤਾ ਖੇੜਾ (ਪੱਛਮੀ) ਨੂੰ 4.60 ਕਰੋੜ ਦੇ ਫੰਡ ਮਿਲੇ। ਜੋ ਕੇਂਦਰੀ ਤੇ ਰਾਜ ਸਕੀਮਾਂ ਦੇ ਫੰਡ ਹਲਕਾ ਲੰਬੀ ਨੂੰ ਮਿਲੇ, ਉਹ ਇਸ ਤੋਂ ਵੱਖਰੇ ਹਨ। ਹਲਕੇ ਦੇ 34 ਪਿੰਡਾਂ ਨੂੰ ਦੋ ਦੋ ਕਰੋੜ ਤੋਂ ਜਿਆਦਾ ਦੇ ਫੰਡ ਮਿਲੇ ਹਨ। ਮੁੱਖ ਮੰਤਰੀ ਪੰਜਾਬ ਦੇ ਇਨ•ਾਂ ਪ੍ਰੋਗਰਾਮਾਂ 'ਚ ਚੰਡੀਗੜ•• ਤੋਂ ਅਫਸਰਾਂ ਦੀ ਟੀਮ ਪੁੱਜਦੀ ਰਹੀ ਹੈ।
                      ਮੈਂਬਰ ਪਾਰਲੀਮੈਂਟ ਭਗਵੰਤ ਮਾਨ ਆਖਦੇ ਹਨ ਕਿ ਸਰਕਾਰੀ ਖ਼ਜ਼ਾਨੇ ਦਾ ਪੈਸਾ ਹਲਕਾ ਲੰਬੀ 'ਚ ਖਾਸ ਲੋਕਾਂ ਨੂੰ ਲੁਟਾਇਆ ਗਿਆ ਹੈ ਕਿਉਂਕਿ ਏਨੇ ਪੈਸੇ ਦੇਣ ਦੇ ਬਾਵਜੂਦ ਹਲਕਾ ਲੰਬੀ ਦੇ ਆਮ ਲੋਕਾਂ ਦੇ ਜੀਵਨ ਪੱਧਰ 'ਚ ਕੋਈ ਸੁਧਾਰ ਨਹੀਂ ਹੋਇਆ ਹੈ। ਵੱਡੀ ਪੱਧਰ ਤੇ ਗੜਬੜ ਹੋਈ ਹੈ। ਦੱਸਣਯੋਗ ਹੈ ਕਿ ਐਤਕੀਂ ਹਲਕਾ ਲੰਬੀ 'ਚ ਹੀ ਮੁੱਖ ਮੰਤਰੀ ਨੂੰ ਸਿਆਸੀ ਦੰਗਲ 'ਚ ਹਰ ਤਰ•ਾਂ ਦੇ ਪਾਪੜ ਵੇਲਣੇ ਪਏ ਹਨ। ਇਨ•ਾਂ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਜਿਆਦਾ ਪੈਸਾ ਗਲੀਆਂ ਨਾਲੀਆਂ,ਖੜਵੰਜੇ,ਆਂਗਣਵਾੜੀ ਕੇਂਦਰਾਂ, ਸਮਸਾਨਘਾਟਾਂ,ਛੱਪੜਾਂ ਅਤੇ ਧਰਮਸਾਲਾਵਾਂ ਲਈ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਹਰ ਹਲਕੇ ਵਿਚ ਹੀ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਹਨ  ਅਤੇ ਹਲਕਾ ਲੰਬੀ ਉਨ•ਾਂ ਦਾ ਆਪਣਾ ਹਲਕਾ ਹੈ ਜਿਥੇ ਉਹ ਰੁਟੀਨ ਵਿਚ ਹੀ ਜਾਂਦੇ ਹਨ ਜਿਨ•ਾਂ ਨੂੰ ਸੰਗਤ ਦਰਸ਼ਨ ਪ੍ਰੋਗਰਾਮਾਂ ਦਾ ਨਾਮ ਦੇ ਦਿੱਤਾ ਜਾਂਦਾ ਹੈ। ਇਨ•ਾਂ ਪ੍ਰੋਗਰਾਮਾਂ ਵਿਚ ਆਮ ਲੋਕਾਂ ਦੇ ਮਸਲੇ ਹੱਲ ਹੋਏ ਹਨ।
                                              ਪਿੰਡ ਬਾਦਲ ਤੇ ਫੰਡਾਂ ਦੀ ਵਰਖਾ
ਮੁੱਖ ਮੰਤਰੀ ਪੰਜਾਬ ਦੇ ਆਪਣੇ ਜੱਦੀ ਪਿੰਡ ਬਾਦਲ ਵਿਚ ਵੀ ਅੱਠ ਦੇ ਕਰੀਬ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਹਨ। ਇਨ•ਾਂ ਤੋਂ ਬਿਨ•ਾਂ ਦੂਸਰੀ ਪਾਰੀ ਦਾ ਆਖਰੀ ਸੰਗਤ ਦਰਸ਼ਨ ਪ੍ਰੋਗਰਾਮ ਉਨ•ਾਂ ਨੇ ਵਾਰਡ ਵਾਈਜ ਹੀ ਪਿੰਡ ਬਾਦਲ ਕੀਤਾ। ਇੱਕ ਦਹਾਕੇ ਦੌਰਾਨ ਸੰਗਤ ਦਰਸ਼ਨ ਪ੍ਰੋਗਰਾਮਾਂ 'ਚ ਪਿੰਡ ਬਾਦਲ ਨੂੰ 7.53 ਕਰੋੜ ਦੇ ਫੰਡ ਦਿੱਤੇ ਹਨ। ਉਂਜ, ਲੰਘੇ 10 ਸਾਲਾਂ ਦੌਰਾਨ ਕਰੀਬ 40 ਕਰੋੜ ਰੁਪਏ ਪਿੰਡ ਬਾਦਲ 'ਚ ਖਰਚ ਕੀਤੇ ਗਏ ਹਨ।
                                 

Monday, February 13, 2017

                              ਕੌਣ ਸਾਹਿਬ ਨੂੰ ਆਖੇ...
          ਲੰਬੀ 'ਚ ਹਰ ਦੂਜਾ ਘਰ ਡਿਫਾਲਟਰ !
                                 ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ 'ਚ ਔਸਤਨ ਹਰ ਦੂਸਰਾ ਘਰ ਘਰੇਲੂ ਬਿਜਲੀ ਦਾ ਡਿਫਾਲਟਰ ਹੈ ਜਦੋਂ ਕਿ ਪੰਜਾਬ 'ਚ ਹੋਰ ਕਿਸੇ ਹਲਕੇ 'ਚ ਏਦਾ ਦੇ ਮਾਹੌਲ ਨਹੀਂ ਹਨ। ਇਵੇਂ ਬਿਜਲੀ ਚੋਰੀ 'ਚ ਵੀ ਹਲਕਾ ਲੰਬੀ ਪੰਜਾਬ ਚੋਂ ਮੋਹਰੀ ਬਣ ਗਿਆ ਹੈ। ਪੰਜਾਬ ਚੋਣਾਂ 'ਚ ਟੱਕਰ ਕਾਂਟੇ ਦੀ ਹੋਣ ਕਰਕੇ ਲੰਬੀ ਦੇ ਲੋਕਾਂ ਨੂੰ ਐਤਕੀਂ ਬਿਜਲੀ ਚੋਰੀ ਦੀ ਅਣਐਲਾਨੀ ਖੁੱਲ•ੀ ਛੁੱਟੀ ਮਿਲੀ ਹੋਈ ਸੀ। ਉਂਜ, ਚੋਣਾਂ ਕਰਕੇ ਪਾਵਰਕੌਮ ਐਤਕੀਂ ਵੱਡਾ ਮਾਲੀ ਰਗੜਾ ਲੱਗਾ ਹੈ। ਪਾਵਰਕੌਮ ਦੇ ਵੰਡ ਘਾਟੇ ਸਭ ਤੋਂ ਜਿਆਦਾ ਇਸ ਹਲਕੇ ਦੇ ਹਨ ਜੋ ਬਿਜਲੀ ਚੋਰੀ ਹੋਣ ਦੀ ਗਵਾਹੀ ਭਰਦੇ ਹਨ। ਪਾਵਰਕੌਮ ਦੇ ਅਫਸਰ ਆਖਦੇ ਹਨ ਕਿ ਉਨ•ਾਂ ਦੇ ਤਾਂ ਹੱਥ ਬੰਨ•ੇ ਹੋਏ ਹਨ। ਪਾਵਰਕੌਮ ਤੋਂ ਆਰ.ਟੀ.ਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ  ਵੰਡ ਹਲਕਾ ਲੰਬੀ ਦੇ 30,821 ਘਰਾਂ ਚੋਂ 14,897 ਘਰ ਘਰੇਲੂ ਬਿਜਲੀ ਦੇ ਡਿਫਾਲਟਰ ਹਨ ਜੋ ਕਿ 48.33 ਫੀਸਦੀ ਬਣਦੇ ਹਨ। ਉਪ ਮੰਡਲ ਲੰਬੀ 'ਚ 11271 ਘਰੇਲੂ ਕੁਨੈਕਸ਼ਨਾਂ ਚੋਂ 5606 ਖਪਤਕਾਰ ਡਿਫਾਲਟਰ ਹਨ ਜੋ ਕਿ 49.73 ਫੀਸਦੀ ਬਣਦੇ ਹਨ। ਉਪ ਮੰਡਲ ਬਾਦਲ ਦੇ 8526 ਕੁਨੈਕਸ਼ਨਾਂ ਚੋਂ 4269 ਖਪਤਕਾਰ ਡਿਫਾਲਟਰ ਹੈ ਜਿਨ•ਾਂ ਦੀ ਦਰ 50 ਫੀਸਦੀ ਬਣਦੀ ਹੈ ਅਤੇ ਇਨ•ਾਂ ਵੱਲ ਪੌਣੇ ਛੇ ਕਰੋੜ ਰੁਪਏ ਬਕਾਇਆ ਖੜ•ੇ  ਹਨ।
                           ਹਲਕਾ ਲੰਬੀ ਵਿਚ ਪੈਂਦੇ ਉਪ ਮੰਡਲ ਡਬਵਾਲੀ ਦੇ ਕੁੱਲ 11024 ਘਰੇਲੂ ਖਪਤਕਾਰਾਂ ਚੋਂ 5022 ਖਪਤਕਾਰ ਡਿਫਾਲਟਰ ਹਨ ਜੋ ਕਿ 45.55 ਫੀਸਦੀ ਬਣਦੇ ਹਨ। ਪਾਵਰਕੌਮ ਦੇ ਅਫਸਰ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣ ਤੋਂ ਪਾਸਾ ਵੱਟ ਲੈਂਦੇ ਹਨ।  1ਅਪਰੈਲ 2012 ਤੋਂ ਹੁਣ ਤੱਕ ਡਬਵਾਲੀ ਉਪ ਮੰਡਲ 'ਚ ਸਿਰਫ 452 ਕੁਨੈਕਸ਼ਨ ਕੱਟੇ ਗਏ ਹਨ ਜਦੋਂ ਕਿ 3826 ਪ੍ਰਕਿਰਿਆ ਅਧੀਨ ਹਨ। ਦੂਸਰੇ ਬੰਨ•ੇ ਲੰਬੀ ਦੇ ਨੇੜਲੇ ਉਪ ਮੰਡਲ ਮਲੋਟ (ਦਿਹਾਤੀ) ਵਿਚ ਘਰੇਲੂ ਬਿਜਲੀ ਦੇ ਸਿਰਫ਼ 17 ਫੀਸਦੀ ਡਿਫਾਲਟਰ ਹਨ ਅਤੇ ਉਪ ਮੰਡਲ ਖੂਹੀਆਂ ਸਰਵਰ ਵਿਚ ਸਿਰਫ 2.8 ਫੀਸਦੀ ਡਿਫਾਲਟਰ ਹਨ। ਇਵੇਂ ਪਾਵਰਕੌਮ ਦੇ ਵੰਡ ਘਾਟੇ ਜਿਨ•ਾਂ 'ਚ ਮੁੱਖ ਤੌਰ ਤੇ ਬਿਜਲੀ ਚੋਰੀ ਸ਼ਾਮਿਲ ਹੁੰਦੀ ਹੈ, 'ਚ ਵੀ ਹਲਕਾ ਲੰਬੀ ਮੋਹਰੀ ਹੈ। ਚੋਣਾਂ ਵਾਲੇ ਵਰੇ• ਵਿਚ ਬਿਜਲੀ ਚੋਰੀ ਹੋਰ ਵੀ ਵਧੀ ਹੈ। ਡਵੀਜ਼ਨ ਲੰਬੀ ਵਿਚ ਸਾਲ 2015-16 ਵਿਚ ਵੰਡ ਘਾਟੇ 32 ਫੀਸਦੀ ਸਨ ਜੋ ਕਿ ਸਾਲ 2016-17 (ਸਤੰਬਰ ਤੱਕ) 'ਚ ਵੱਧ ਕੇ 47 ਫੀਸਦੀ ਹੋ ਗਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਵਿਚ ਐਤਕੀਂ ਸਤੰਬਰ ਤੱਕ ਵੰਡ ਘਾਟੇ 37 ਫੀਸਦੀ ਹੋ ਗਏ ਹਨ ਜੋ ਕਿ ਲੰਘੇ ਮਾਲੀ ਵਰੇ• ਦੌਰਾਨ 28.94 ਫੀਸਦੀ ਸਨ।
                           ਪਾਵਰਕੌਮ ਨੇ ਪੰਜਾਬ ਚੋਣਾਂ ਕਰਕੇ ਛਾਪੇਮਾਰੀ ਵੀ ਘਟਾ ਦਿੱਤੀ ਹੈ। ਪੰਜਾਬ ਵਿਚ ਸਾਲ 2015-16 ਦੇ ਸਤੰਬਰ ਮਹੀਨੇ ਤੱਕ ਪੰਜਾਬ ਵਿਚ 126 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਸੀ ਜਦੋਂ ਕਿ ਐਤਕੀਂ ਸਾਲ 2016-17 ਦੇ ਸਤੰਬਰ ਮਹੀਨੇ ਤੱਕ ਸਿਰਫ਼ 86 ਕਰੋੜ ਦੀ ਬਿਜਲੀ ਚੋਰੀ ਫੜੀ ਹੈ। ਪੱਛਮੀ ਜ਼ੋਨ ਬਠਿੰਡਾ ਜਿਸ 'ਚ ਬਾਦਲਾਂ ਦੇ ਹਲਕੇ ਪੈਂਦੇ ਹਨ, 'ਚ ਪਿਛਲੇ ਵਰੇ• ਸਤੰਬਰ ਤੱਕ 32 ਕਰੋੜ ਦੀ ਅਤੇ ਚਾਲੂ ਮਾਲੀ ਵਰੇ• ਦੇ ਸਤੰਬਰ ਮਹੀਨੇ ਤੱਕ ਸਿਰਫ਼ 13 ਕਰੋੜ ਦੀ ਬਿਜਲੀ ਚੋਰੀ ਫੜੀ ਗਈ ਹੈ। ਪੱਛਮੀ ਜ਼ੋਨ 'ਚ ਕਰੀਬ 236 ਕਰੋੜ ਦੀ ਬਕਾਇਆ ਰਾਸ਼ੀ ਖੜ•ੀ ਹੈ। ਚੋਣਾਂ ਕਰਕੇ ਵਰਤੀ ਢਿੱਲ ਵਜੋਂ ਖਪਤਕਾਰਾਂ ਵੱਲ ਚਾਲੂ ਮਾਲੀ ਵਰ•ੇ ਦੇ ਸਤੰਬਰ ਮਹੀਨੇ ਤੱਕ 1195 ਕਰੋੜ ਰੁਪਏ ਹੋ ਗਈ ਹੈ ਜੋ ਕਿ ਪਿਛਲੇ ਮਾਲੀ ਵਰੇ• ਦੇ ਸਤੰਬਰ ਤੱਕ 937 ਕਰੋੜ ਰੁਪਏ ਸੀ। ਚੋਣਾਂ ਵਾਲੇ ਦਿਨਾਂ ਵਿਚ ਤਾਂ ਬਿਜਲੀ ਚੋਰਾਂ ਨੂੰ ਮੌਜ ਲੱਗੀ ਰਹੀ। ਇੰਪਲਾਈਜ ਜੁਆਇੰਟ ਫੋਰਮ ਦੇ ਜਨਰਲ ਸਕੱਤਰ ਬਲਜੀਤ ਸਿੰਘ ਬੋਦੀਵਾਲਾ ਦਾ ਕਹਿਣਾ ਸੀ ਕਿ ਸਿਆਸੀ ਮੁਲਾਹਜੇ ਪੂਰਨ ਲਈ ਮੈਨੇਜਮੈਂਟ ਨੇ ਪਾਵਰਕੌਮ ਦੇ ਹਿੱਤਾਂ ਦੀ ਬਲੀ ਦੇ ਦਿੱਤੀ ਹੈ।
                                       ਵਸੂਲੀ ਲਈ ਮੁਹਿੰਮ ਵਿੱਢੀ ਹੈ : ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ (ਵੰਡ) ਸ੍ਰੀ ਕੇ.ਐਲ.ਸ਼ਰਮਾ ਦਾ ਕਹਿਣਾ ਸੀ ਕਿ ਹਮੇਸ਼ਾ ਹੀ ਪਾਵਰਕੌਮ ਵਲੋਂ ਮਾਲੀ ਵਰੇ• ਦੇ ਅਖੀਰਲੇ ਦੋ ਮਹੀਨਿਆਂ ਵਿਚ ਮਿਹੰਮ ਚਲਾ ਕੇ ਵਸੂਲੀ ਕੀਤੀ ਜਾਂਦੀ ਹੈ ਅਤੇ ਚੋਣਾਂ ਕਰਕੇ ਵਸੂਲੀ ਪ੍ਰਭਾਵਿਤ ਨਹੀਂ ਹੋਈ ਹੈ। 500 ਕਰੋੜ ਦੀ ਬਕਾਇਆ ਰਾਸ਼ੀ ਤਾਂ ਇਕੱਲੇ ਸਰਕਾਰੀ ਵਿਭਾਗਾਂ ਦੀ ਹੈ। ਬਕਾਇਆ ਰਾਸ਼ੀ ਸਭ ਪੇਂਡੂ ਖੇਤਰਾਂ ਵਿਚ ਤਕਰੀਬਨ ਇਕਸਾਰ ਹੀ ਹੈ ਅਤੇ ਲੰਘੇ ਪੰਜ ਵਰਿ•ਆਂ ਵਿਚ ਵੰਡ ਘਾਟਿਆਂ ਵਿਚ ਵੀ ਕਾਫੀ ਸੁਧਾਰ ਹੋਇਆ ਹੈ। ਹੁਣ ਵਸੂਲੀ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
      (3artoon by 7urpreet 1rtist)

Saturday, February 11, 2017

                                  ਦਿੱਲੀ ਕਮੇਟੀ
             ਤਿੱਕੜੀ ਤੋਂ ਉੱਡੀ ਸੁਰੱਖਿਆ ਛਤਰੀ
                                 ਚਰਨਜੀਤ ਭੁੱਲਰ
ਬਠਿੰਡਾ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਤੋਂ ਪੰਜਾਬ ਪੁਲੀਸ ਨੇ ਜਿਪਸੀਆਂ ਅਤੇ ਗੰਨਮੈਨ ਵਾਪਸ ਲੈ ਲਏ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਤੋਂ ਪੁਲੀਸ ਨੇ ਤਿੰਨ ਜਿਪਸੀਆਂ ਅਤੇ ਕਰੀਬ ਦੋ ਦਰਜਨ ਗੰਨਮੈਨ ਵਾਪਸ ਲੈ ਲਏ ਹਨ। ਇਨ•ਾਂ ਜਿਪਸੀਆਂ ਸਮੇਤ ਗੰਨਮੈਨ ਵਾਪਸ ਪੰਜਾਬ ਪੁੱਜ ਗਏ ਹਨ ਜੋ ਕਿ ਕਾਫ਼ੀ ਸਮੇਂ ਤੋਂ ਦਿੱਲੀ ਵਿਚ ਹੀ ਇਨ•ਾਂ ਨੇਤਾਵਾਂ ਨਾਲ ਤਾਇਨਾਤ ਸਨ। ਚੋਣ ਕਮਿਸ਼ਨ ਨੇ ਕੁਝ ਸਮਾਂ ਪਹਿਲਾਂ ਦਿੱਲੀ ਦੇ ਨੇਤਾਵਾਂ ਤੋਂ ਗੰਨਮੈਨ ਵਾਪਸ ਲੈਣ ਦੀ ਹਦਾਇਤ ਕੀਤੀ ਸੀ ਲੇਕਿਨ ਪੰਜਾਬ ਪੁਲੀਸ ਦੇ ਕੁਝ ਸੀਨੀਅਰ ਅਫਸਰਾਂ ਨੇ ਇਸ ਤੋਂ ਟਾਲਾ ਵੱਟ ਲਿਆ। 8 ਫਰਵਰੀ ਨੂੰ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਜਿਸ ਦੇ ਵਜੋਂ ਬੀਤੇ ਕੱਲ ਇਹ ਗੰਨਮੈਨ ਅਤੇ ਜਿਪਸੀਆਂ ਵਾਪਸ ਲੈ ਲਈਆਂ ਹਨ। ਅਹਿਮ ਸੂਤਰਾਂ ਨੇ ਦੱਸਿਆ ਕਿ ਦਿੱਲੀ ਕਮੇਟੀ ਦਾ ਇੱਕ ਆਗੂ ਇਸ ਗੱਲੋਂ ਪੁਲੀਸ ਅਫਸਰਾਂ ਨਾਲ ਔਖਾ ਵੀ ਹੋਇਆ ਹੈ। ਮਾਮਲਾ ਉਪ ਮੁੱਖ ਮੰਤਰੀ ਤੱਕ ਵੀ ਪੁੱਜਾ। ਸੁਖਬੀਰ ਬਾਦਲ ਨੇ ਵੀ ਪੁਲੀਸ ਅਫਸਰਾਂ ਨੂੰ ਸੁਰੱਖਿਆ ਵਾਪਸ ਨਾ ਲੈਣ ਲਈ ਜ਼ੋਰ ਪਾਇਆ ਪਰ ਕਿਸੇ ਅਫਸਰ ਨੇ ਇਸ ਮਾਮਲੇ ਵਿਚ ਨਹੀਂ ਸੁਣੀ।
                           ਸੂਤਰ ਦੱਸਦੇ ਹਨ ਕਿ ਸਿਆਸੀ ਆਗੂਆਂ ਨੇ ਤਾਂ ਪੁਲੀਸ ਅਫਸਰਾਂ ਨੂੰ ਇੱਥੋਂ ਤੱਕ ਸਲਾਹ ਦਿੱਤੀ ਕਿ ਕਾਗਜਾਂ ਵਿਚ ਗੰਨਮੈਨਾਂ ਦੀ ਵਾਪਸੀ ਪਾ ਲਓ, ਉਂਜ ਦਿੱਲੀ ਹੀ ਰਹਿਣ ਦਿਓ। ਕਿਸੇ ਪੁਲੀਸ ਅਫਸਰ ਨੇ ਖਤਰਾ ਮੁੱਲ ਲੈਣ ਦੀ ਹਿੰਮਤ ਨਹੀਂ ਦਿਖਾਈ। ਪੰਜਾਬ ਸਰਕਾਰ ਵਲੋਂ ਦਿੱਲੀ ਦੇ ਵਸਨੀਕ ਆਗੂਆਂ ਨੂੰ ਜਿਪਸੀਆਂ ਤੇ ਗੰਨਮੈਨ ਦਿੱਤੇ ਹੋਏ ਸਨ ਜਿਨ•ਾਂ ਦਾ ਖਰਚਾ ਪੰਜਾਬ ਸਰਕਾਰ ਝੱਲ ਰਹੀ ਸੀ। ਏ.ਡੀ.ਜੀ.ਪੀ (ਸੁਰੱਖਿਆ) ਸ੍ਰੀ ਬੀ.ਕੇ.ਬਾਵਾ ਨੇ ਫੋਨ ਨਹੀਂ ਚੁੱਕਿਆ ਪਰ ਇੱਕ ਹੋਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦਿੱਲੀ ਤੋਂ ਗੰਨਮੈਨ ਤੇ ਜਿਪਸੀਆਂ ਵਾਪਸ ਲੈ ਲਈਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਪ੍ਰਤੀ ਜਿਪਸੀ 290 ਲੀਟਰ ਪ੍ਰਤੀ ਮਹੀਨਾ ਤੇਲ ਦੀ ਸੁਵਿਧਾ ਦਿੱਤੀ ਹੋਈ ਸੀ। ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਦੀ ਹਦਾਇਤ ਮਗਰੋਂ ਪੂਰੇ ਪੰਜਾਬ ਚੋਂ ਕਰੀਬ 30 ਜਿਪਸੀਆਂ ਵਾਪਸ ਲਈਆਂ ਗਈਆਂ ਹਨ। ਇਹ ਜਿਪਸੀਆਂ ਨਿਯਮਾਂ ਤੋਂ ਉਲਟ ਜਾ ਕੇ ਸਿਆਸੀ ਲੋਕਾਂ ਨੂੰ ਅਲਾਟ ਕੀਤੀਆਂ ਹੋਈਆਂ ਸਨ। ਚੋਣ ਕਮਿਸ਼ਨ ਵਲੋਂ ਜਿਨ•ਾਂ ਆਗੂਆਂ ਤੋਂ ਗੰਨਮੈਨ ਵਾਪਸ ਲਏ ਗਏ ਹਨ, ਉਨ•ਾਂ ਨੇ ਮੁੜ ਗੰਨਮੈਨ ਲੈਣ ਲਈ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ।
                       ਐਸ.ਐਸ.ਪੀ ਬਠਿੰਡਾ ਸਵੱਪਨ ਸ਼ਰਮਾ ਨੇ ਦੱਸਿਆ ਕਿ ਜਿਨ•ਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ,ਉਹ ਮੁੜ ਸੁਰੱਖਿਆ ਮੰਗ ਰਹੇ ਹਨ। ਏ.ਡੀ.ਜੀ.ਪੀ ਸ੍ਰੀ ਵੀ.ਕੇ.ਭਾਵਰਾ ਨੇ ਦੱਸਿਆ ਕਿ ਜਿਨ•ਾਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ, ਉਹ ਮੁੜ ਸੁਰੱਖਿਆ ਮੰਗਣ ਲੱਗੇ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ•ਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਤੋਂ ਦਰਜਨ ਦੇ ਕਰੀਬ ਗੰਨਮੈਨ ਵਾਪਸ ਲੈ ਗਏ ਸਨ। ਪ੍ਰਧਾਨ ਕੋਲਿਆਂ ਵਾਲੀ ਨੇ ਹੁਣ ਚੋਣ ਕਮਿਸ਼ਨ ਅਤੇ ਡੀ.ਜੀ.ਪੀ ਨੂੰ ਪੱਤਰ ਭੇਜ ਕੇ ਮੁੜ ਗੰਨਮੈਨ ਮੰਗੇ ਹਨ। ਅਕਾਲੀ ਦਲ ਦੇ ਜ਼ਿਲ•ਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਦਾ ਕਹਿਣਾ ਸੀ ਕਿ ਉਸ ਤੋਂ ਗੰਨਮੈਨ ਵਾਪਸ ਲੈ ਲਏ ਸਨ ਪਰ ਹੁਣ ਉਸ ਨੂੰ ਅਤੇ ਉਸ ਦੇ ਲੜਕੇ ਨੂੰ ਸਿਆਸੀ ਲੋਕਾਂ ਤੋਂ ਧਮਕੀਆਂ ਮਿਲ ਰਹੀਆਂ ਹਨ ਜਿਸ ਕਰਕੇ ਉਸ ਨੇ ਪੁਰਾਣੀ ਸੁਰੱਖਿਆ ਬਹਾਲ ਕਰਨ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ।

Friday, February 10, 2017

                                    ਅਲੋਕਾਰੀ ਵਾਹਨ
              ਬਠਿੰਡਾ ਪੁਲੀਸ ਨੇ ਕੀਤਾ ਗੋਲਮਾਲ!
                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਕੋਲ ਅਲੋਕਾਰੀ ਮੋਟਰਸਾਇਕਲ ਹਨ ਜਿਨ•ਾਂ ਦਾ ਕੀਮਤ ਤੋਂ ਜਿਆਦਾ ਮੁਰੰਮਤ ਖਰਚਾ ਹੈ। ਇਨ•ਾਂ ਦੇ ਮੁਰੰਮਤ ਖਰਚੇ 'ਚ ਗੋਲਮਾਲ ਜਾਪਦਾ ਹੈ ਪਰ ਮੁਲਾਜ਼ਮ ਇਨ•ਾਂ ਨੂੰ ਗਲ ਪਿਆ ਢੋਲ ਦੱਸ ਰਹੇ ਹਨ। ਇਵੇਂ ਪੁਲੀਸ ਅਫਸਰਾਂ ਦੀਆਂ ਗੱਡੀਆਂ ਦਾ ਤੇਲ ਖਰਚਾ ਘੱਟ ਤੇ ਮੁਰੰਮਤ ਖਰਚਾ ਜਿਆਦਾ ਹੈ। ਇਨ•ਾਂ ਦੀ ਤੇਲ ਦੀ ਐਵਰੇਜ ਵੀ ਬਹੁਤ ਘੱਟ ਹੈ। ਨਵੀਆਂ ਗੱਡੀਆਂ ਦਾ ਮੁਰੰਮਤ ਖਰਚਾ ਪੈ ਰਿਹਾ ਹੈ। ਪੁਲੀਸ ਮੁਲਾਜ਼ਮ ਜੋ ਪੈਟਰੋਲਿੰਗ ਲਈ ਪਲਸਰ ਮੋਟਰ ਸਾਇਕਲ ਦੌੜਾ ਰਹੇ ਹਨ, ਉਸ ਦੀ ਖਰੀਦ ਕੀਮਤ ਕਰੀਬ 71 ਹਜ਼ਾਰ ਹੈ ਜਦੋਂ ਕਿ ਮੁਰੰਮਤ ਖਰਚਾ 90 ਹਜ਼ਾਰ ਤੋਂ ਜਿਆਦਾ ਆ ਚੁੱਕਾ ਹੈ। ਏਦਾ ਦੇ ਪੰਜ ਪਲਸਰ ਮੋਟਰਸਾਇਕਲ ਹਨ ਜੋ ਸਾਲ 2008 ਮਾਡਲ ਹਨ। ਆਰ.ਟੀ.ਆਈ ਦੇ ਵੇਰਵਿਆਂ ਅਨੁਸਾਰ ਪਲਸਰ ਮੋਟਰ ਸਾਇਕਲ ਪੀ.ਬੀ 03 ਆਰ 0262 ਦੀ ਮੁਰੰਮਤ ਤੇ ਹੁਣ ਤੱਕ 94,244 ਰੁਪਏ ਖਰਚਾ ਆ ਚੁੱਕਾ ਹੈ ਅਤੇ ਪਲਸਰ ਪੀ.ਬੀ 03 ਐਸ 4163 ਦੀ ਮੁਰੰਮਤ ਦਾ ਖਰਚਾ ਹੁਣ ਤੱਕ 92,329 ਰੁਪਏ ਬਣਦਾ ਹੈ। ਇਵੇਂ ਮੋਟਰ ਸਾਇਕਲ ਪੀ.ਬੀ 03 ਐਸ 4152 ਦਾ ਮੁਰੰਮਤ ਖਰਚਾ 78,209 ਰੁਪਏ ਹੈ ਅਤੇ ਪਲਸਰ ਪੀ.ਬੀ 03 ਐਸ 4165 ਦੀ ਮੁਰੰਮਤ ਤੇ 67,177 ਰੁਪਏ ਖਰਚਾ ਕੀਤਾ ਜਾ ਚੁੱਕਾ ਹੈ। ਪੀ.ਬੀ 03 ਐਸ 4154 ਤੇ ਵੀ 64,919 ਰੁਪਏ ਮੁਰੰਮਤ ਖਰਚ ਆਇਆ ਹੈ।
                          ਬਜਾਜ ਕੰਪਨੀ ਦੇ ਸੇਲਜ ਅਧਿਕਾਰੀ ਦੱਸਦੇ ਹਨ ਕਿ ਸਾਲ 2008 ਵਿਚ ਇਸ ਪਲਸਰ ਮੋਟਰ ਸਾਇਕਲ ਦੀ ਕੀਮਤ ਕਰੀਬ 71 ਹਜ਼ਾਰ ਰੁਪਏ ਸੀ।  ਏਦਾ ਲੱਗਦਾ ਹੈ ਕਿ ਜਿਵੇਂ ਖਰੀਦਣ ਮਗਰੋਂ ਹੀ ਪੁਲੀਸ ਨੇ ਇਨ•ਾਂ ਦੀ ਮੁਰੰਮਤ ਕਰਾਉਣੀ ਸ਼ੁਰੂ ਕਰ ਦਿੱਤੀ ਹੋਵੇ। ਸੂਤਰ ਸ਼ੱਕ ਕਰਦੇ ਹਨ ਕਿ ਦਾਲ ਵਿਚ ਕੁਝ ਕਾਲਾ ਹੈ ਕਿਉਂਕਿ ਦੂਸਰੇ ਕਿਸੇ ਜ਼ਿਲ•ੇ ਵਿਚ ਏਨਾ ਮੁਰੰਮਤ ਖਰਚਾ ਨਹੀਂ ਪੈ ਰਿਹਾ ਹੈ। ਬਠਿੰਡਾ ਪੁਲੀਸ ਦੇ ਐਸ.ਪੀ ਦੀ ਗੱਡੀ ਪੀ.ਬੀ 08 ਸੀਬੀ 0052 ਦਾ ਵੀ ਆਲਮ ਨਿਆਰਾ ਹੈ ਜੋ ਕਿ ਸਾਲ 2011 ਮਾਡਲ ਹੈ। 1 ਜਨਵਰੀ 2014 ਤੋਂ ਇਸ ਗੱਡੀ ਦਾ ਤੇਲ ਖਰਚ 1.22 ਲੱਖ ਰੁਪਏ ਰਿਹਾ ਹੈ ਜਦੋਂ ਕਿ ਮੁਰੰਮਤ ਖਰਚਾ 1.37 ਲੱਖ ਹੈ। ਇਸੇ ਤਰ•ਾਂ ਦੂਸਰੇ ਇੱਕ ਪੁਲੀਸ ਅਫਸਰ ਦੀ ਗੱਡੀ ਦਾ ਮੁਰੰਮਤ ਖਰਚਾ 1.28 ਲੱਖ ਰੁਪਏ ਆ ਚੁੱਕਾ ਹੈ।ਡੀ.ਐਸ.ਪੀ ਮੌੜ ਕੋਲ ਸਾਲ 2016 ਮਾਡਲ ਨਵੀਂ ਬਲੈਰੋ ਗੱਡੀ ਹੈ ਜਿਸ ਦਾ ਇੱਕ ਵਰੇ• ਵਿਚ ਹੀ ਮੁਰੰਮਤ ਖਰਚਾ 19,638 ਰੁਪਏ ਆ ਚੁੱਕਾ ਹੈ ਜਦੋਂ ਕਿ ਤੇਲ ਖਰਚਾ 53,901 ਆਇਆ ਹੈ। ਡੀ.ਐਸ.ਪੀ ਦਿਹਾਤੀ ਦੀ ਬਲੈਰੋ ਗੱਡੀ ਹਾਲੇ ਏ.ਐਫ ਹੀ ਹੈ ਜਿਸ ਦੀ ਮੁਰੰਮਤ ਤੇ 12,560 ਰੁਪਏ ਦਾ ਖਰਚ ਹੋ ਚੁੱਕਾ ਹੈ।
                    ਬਠਿੰਡਾ ਪੁਲੀਸ ਦੇ ਇੱਕ ਐਸ.ਪੀ ਦੀ ਸਕਾਰਪੀਓ ਗੱਡੀ ਹਾਲੇ ਏ.ਐਫ ਹੈ ਅਤੇ ਰਜਿਸਟ੍ਰੇਸ਼ਨ ਵੀ ਨਹੀਂ ਕਰਾਈ ਹੈ ਪਰ ਉਸ ਦਾ ਮੁਰੰਮਤ ਖਰਚਾ 11080 ਰੁਪਏ ਆ ਚੁੱਕਾ ਹੈ। ਇਵੇਂ ਦੂਸਰੇ ਐਸ.ਪੀ ਦੀ ਏ.ਐਫ ਗੱਡੀ ਦਾ ਮੁਰੰਮਤ ਖਰਚਾ 10,400 ਰੁਪਏ ਆ ਚੁੱਕਾ ਹੈ। ਬਠਿੰਡਾ ਜ਼ਿਲ•ੇ ਦੇ ਨੌ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਦੀਆਂ ਗੱਡੀਆਂ ਦੀ ਮੁਰੰਮਤ ਨੇ ਵੀ ਖਜ਼ਾਨੇ ਦਾ ਧੂੰਆਂ ਕੱਢ ਦਿੱਤਾ ਹੈ। ਥਾਣੇਦਾਰਾਂ ਕੋਲ 2010 ਮਾਡਲ ਸਕਾਰਪੀਓ ਗੈਟਵੇ ਗੱਡੀਆਂ ਹਨ। ਲੰਘੇ ਦੋ ਵਰਿ•ਆਂ ਵਿਚ ਇਨ•ਾਂ 19 ਥਾਣਿਆਂ ਦੇ ਥਾਣੇਦਾਰਾਂ ਦੀਆਂ ਗੱਡੀਆਂ ਕਰੀਬ 90 ਲੱਖ ਰੁਪਏ ਦਾ ਤੇਲ ਛੱਕ ਗਈਆਂ ਹਨ। ਥਾਨਾ ਬਾਲਿਆਂ ਵਾਲੀ ਦੀ ਗੱਡੀ ਦਾ ਮੁਰੰਮਤ ਖਰਚਾ ਸਭ ਤੋਂ ਜਿਆਦਾ 1.58 ਲੱਖ ਰੁਪਏ ਹੈ ਜਿਸ ਦਾ ਮਤਲਬ ਹੈ ਕਿ ਪ੍ਰਤੀ ਮਹੀਨਾ 6500 ਰੁਪਏ ਮੁਰੰਮਤ ਖਰਚਾ ਆ ਰਿਹਾ ਹੈ। ਸਰਕਾਰੀ ਵੇਰਵਿਆਂ ਅਨੁਸਾਰ ਥਾਣਾ ਸਿਵਲ ਲਾਈਨ ਬਠਿੰਡਾ ਦੀ ਗੱਡੀ ਦਾ ਮੁਰੰਮਤ ਖਰਚਾ ਦੋ ਵਰਿ•ਆਂ ਵਿਚ 1.51 ਲੱਖ ਰੁਪਏ ਆਇਆ ਹੈ ਜਦੋਂ ਕਿ ਥਾਣਾ ਸਦਰ ਬਠਿੰਡਾ ਦੀ ਗੱਡੀ ਤੇ ਇਨ•ਾਂ ਦੋ ਸਾਲਾਂ ਵਿਚ 1.45 ਲੱਖ ਮੁਰੰਮਤ ਤੇ ਖਰਚੇ ਗਏ ਹਨ।
                         ਇਸੇ ਤਰ•ਾਂ ਥਾਨਾ ਨੇਹੀਆਂ ਵਾਲਾ ਦੇ ਥਾਣੇਦਾਰ ਦੀ ਗੱਡੀ ਦੀ ਮੁਰੰਮਤ 1.36 ਲੱਖ ਰੁਪਏ ਵਿਚ ਪਈ ਹੈ। ਸੂਤਰ ਆਖਦੇ ਹਨ ਕਿ ਮੁਰੰਮਤ ਦੇ ਨਾਮ ਹੇਠ ਗੜਬੜ ਹੋ ਰਹੀ ਹੈ। ਨਵੀਆਂ ਗੱਡੀਆਂ ਦਾ ਵੀ ਏਡਾ ਵੱਡਾ ਮੁਰੰਮਤ ਖਰਚਾ ਹੋਣਾ ਸ਼ੱਕ ਖੜ•ੇ ਕਰਦਾ ਹੈ। ਪੜਤਾਲ ਵਿਚ ਸਭ ਕੁਝ ਸਾਹਮਣੇ ਆ ਸਕਦਾ ਹੈ। ਐਸ.ਪੀ (ਸਥਾਨਿਕ) ਬਠਿੰਡਾ ਸ੍ਰੀ ਦੇਸ ਰਾਜ ਦਾ ਕਹਿਣਾ ਸੀ ਕਿ ਮੋਟਰਸਾਇਕਲ ਕਾਫੀ ਪੁਰਾਣੇ ਹੋ ਗਏ ਹਨ ਜਿਸ ਕਰਕੇ ਇਨ•ਾਂ ਦੀ ਮੁਰੰਮਤ ਜਿਆਦਾ ਪੈ ਰਹੀ ਹੈ। ਉਨ•ਾਂ ਆਖਿਆ ਕਿ ਮੁਰੰਮਤ ਵਗੈਰਾ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਹੀ ਕਰਾਈ ਗਈ ਹੈ। ਕਿਲੋਮੀਟਰ ਪੂਰੇ ਹੋਣ ਮਗਰੋਂ ਹੀ ਇਨ•ਾਂ ਨੂੰ ਕੰਡਮ ਕੀਤਾ ਜਾਂਦਾ ਹੈ
                                      ਜਥੇਦਾਰ ਭੜਕੇ
                 ਡੇਰਾ ਮੁਖੀ ਦੀ ਫਿਲਮ ਤੋਂ ਨਵਾਂ ਰੌਲਾ
                                      ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋ੍ਰਮਣੀ ਕਮੇਟੀ ਤੇ ਜਥੇਦਾਰ ਨੇ ਹੁਣ 'ਰੱਬ ਦੇ ਫਰਿਸ਼ਤੇ' ਦੀ ਨਵੀਂ ਫਿਲਮ  'ਤੇ ਸਰਜੀਕਲ ਸਰਟਰਾਈਕ ਕਰ ਦਿੱਤਾ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਦੀ ਸਰਜੀਕਲ ਸਟਰਾਈਕ ਤੇ ਬਣੀ ਨਵੀਂ ਫਿਲਮ 'ਤੇ ਪੰਜਾਬ 'ਚ ਪਾਬੰਦੀ ਦੀ ਮੰਗ ਉਠੀ ਹੈ। ਚੋਣਾਂ ਤੋਂ ਪਹਿਲਾਂ ਚੁੱਪ ਬੈਠੇ ਧਾਰਮਿਕ ਆਗੂ ਹੁਣ ਅਚਾਨਕ ਤੇਵਰ ਦਿਖਾਉਣ ਲੱਗੇ ਹਨ। ਡੇਰਾ ਮੁਖੀ ਦੀ ਫਿਲਮ ਅੱਜ ਰਲੀਜ਼ ਹੋ ਰਹੀ ਹੈ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਸਿੱਖ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਫਿਲਮ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਫਿਲਮ ਤੇ ਪੰਜਾਬ ਵਿਚ ਪਾਬੰਦੀ ਲਗਾਈ ਜਾਵੇ। ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਨਵੀਂ ਫਿਲਮ 'ਐਮਐਸਜੀ ਹਿੰਦ ਕਾ ਨਾਪਾਕ ਕੋ ਜੁਆਬ' ਭਲਕੇ ਪੰਜਾਬ ਦੇ ਸਿਨੇਮਾ ਘਰਾਂ ਵਿਚ ਰਲੀਜ਼ ਹੋ ਰਹੀ ਹੈ। ਅਕਾਲੀ ਉਮੀਦਵਾਰਾਂ ਵਲੋਂ ਵੋਟਾਂ ਖਾਤਰ ਡੇਰਾ ਸਿਰਸਾ ਜਾਣ ਮਗਰੋਂ ਡੇਰਾ ਵਿਵਾਦ ਮੁੜ ਖੜ•ਾ ਹੋਣ ਲੱਗਾ ਹੈ।  ਪੰਜਾਬ ਸਰਕਾਰ ਨੇ ਕੁਝ ਅਰਸਾ ਪਹਿਲਾਂ ਡੇਰਾ ਮੁਖੀ ਦੀ ਫਿਲਮ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਮਗਰੋਂ ਪੁਲੀਸ ਪਹਿਰਾ ਲਾ ਕੇ ਸਰਕਾਰ ਨੇ ਇਹ ਫਿਲਮਾਂ ਸਿਨੇਮਾ ਘਰਾਂ ਵਿਚ ਰਲੀਜ਼ ਕਰਾ ਦਿੱਤੀਆਂ ਸਨ।
                           ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਖਿਲਾਫ ਹੁਕਮਨਾਮਾ ਜਾਰੀ ਹੋਇਆ ਹੈ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਆਖਿਆ ਕਿ ਗੁਰੂ ਦੀ ਬਾਣੀ ਅਤੇ ਪੰਜਾਬੀ ਮਾਨਸਕਿਤਾ ਪੰਜਾਬ ਦੀ ਅਣਖ ਦੀ ਗਵਾਹ ਹੈ ਅਤੇ ਕੋਈ ਵੀ ਸਿੱਖ ਫਿਲਮਾਂ ਨੂੰ ਪ੍ਰਵਾਨ ਨਹੀਂ ਕਰੇਗਾ, ਦੇਖਣਾ ਤਾਂ ਦੂਰ ਦੀ ਗੱਲ। ਉਨ•ਾਂ ਆਖਿਆ ਕਿ ਸਿੱਖ ਭਾਈਚਾਰਾ ਫਿਲਮ ਦਾ ਖੁੱਲ•ਮਖੁੱਲਾ ਬਾਈਕਾਟ ਕਰੇ। ਜਥੇਦਾਰ ਨੇ ਆਖਿਆ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਹਨ ਅਤੇ ਫਿਲਮ ਲੱਗਣ ਨਾਲ ਕੋਈ ਹਾਲਾਤ ਖਰਾਬ ਹੁੰਦੇ ਹਨ ਤਾਂ ਉਸ ਲਈ ਡੇਰਾ ਜਿੰਮੇਵਾਰ ਹੋਵੇਗਾ। ਇਸੇ ਤਰ•ਾਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਨੇ ਆਖਿਆ ਕਿ ਕੋਈ ਵੀ ਸਿੱਖ ਇਸ ਫਿਲਮ ਨੂੰ ਦੇਖਣ ਨਾ ਜਾਵੇ ਅਤੇ ਪੰਜਾਬ ਦੇ ਲੋਕ ਇਸ ਦਾ ਬਾਈਕਾਟ ਕਰਨ। ਉਨ•ਾਂ ਆਖਿਆ ਕਿ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦਾ ਹੈ, ਉਹ ਫਿਲਮ ਤੋਂ ਦੂਰ ਰਹੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੇ ਤਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਫਿਲਮ ਤੇ ਪੰਜਾਬ ਵਿਚ ਪਾਬੰਦੀ ਲਗਾਈ ਜਾਵੇ।
                          ਬਾਬਾ ਬੂਟਾ ਸਿੰਘ ਨੇ ਆਖਿਆ ਕਿ ਫਿਲਮ ਲੱਗਣ ਤੋਂ ਲੋਕ ਭੜਕ ਸਕਦੇ ਹਨ ਜਿਸ ਕਰਕੇ ਇਸ ਤੇ ਪਾਬੰਦੀ ਲਾਉਣੀ ਬਣਦੀ ਹੈ। ਉਨ•ਾਂ ਆਖਿਆ ਕਿ ਸਿੱਖ ਫਿਲਮ ਦੇਖਣੀ ਤਾਂ ਦੂਰ ਦੀ ਗੱਲ, ਇਸ ਦੇ ਪੋਸਟਰ ਵੱਲ ਵੀ ਨਾ ਵੇਖਣ। ਤਖਤ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਪ੍ਰਤੀਕਰਮ ਸੀ ਕਿ ਇਨ•ਾਂ ਫਿਲਮਾਂ ਨੂੰ ਪਹਿਲਾਂ ਵੀ ਸਿਰਫ ਡੇਰੇ ਜਾਣ ਵਾਲੇ ਪ੍ਰੇਮੀ ਹੀ ਦੇਖਦੇ ਹਨ, ਪੰਜਾਬ ਦੇ ਲੋਕਾਂ ਨੇ ਕਦੇ ਇਹ ਫਿਲਮ ਨਹੀਂ ਵੇਖੀ। ਦੂਸਰੀ ਤਰਫ ਐਸ.ਐਸ.ਪੀ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਫਿਲਮ ਦੇ ਰਲੀਜ਼ ਦੇ ਮਾਮਲੇ ਨੂੰ ਲੈ ਕੇ ਕੋਈ ਕਿਸੇ ਵੀ ਤਰ•ਾਂ ਦਾ ਤਣਾਓ ਨਹੀਂ ਹੈ। ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਇਸ ਫਿਲਮ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਬਲਕਿ ਇਹ ਫਿਲਮ ਦੇਸ਼ ਭਗਤੀ ਦੇ ਜ਼ਜ਼ਬੇ ਨੂੰ ਹੋਰ ਵਧਾਏਗੀ। ਉਨ•ਾਂ ਆਖਿਆ ਕਿ ਭਲਕੇ ਪੰਜਾਬ ਭਰ ਵਿਚ ਫਿਲਮ ਲੱਗ ਰਹੀ ਹੈ ਅਤੇ ਚੰਗਾ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ। 

Thursday, February 9, 2017

                             ਪਾਣੀਆਂ ਦੇ ਰਾਖੇ
         ਬਾਦਲ ਪਰਿਵਾਰ ਦਾ 'ਚੌਟਾਲਾ ਮੋਹ'
                               ਚਰਨਜੀਤ ਭੁੱਲਰ
ਬਠਿੰਡਾ  : ਬਾਦਲ-ਚੌਟਾਲਾ ਪਰਿਵਾਰ ਦੀ ਦੋਸਤੀ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਦੁਸ਼ਮਣ ਬਣ ਗਈ ਹੈ। ਚੌਟਾਲਾ ਪਰਿਵਾਰ ਨੇ ਹੁਣ ਸਤਲੁਜ ਯਮਨਾ ਲਿੰਕ ਨਹਿਰ ਨੂੰ ਖੋਦਣ ਦਾ ਐਲਾਨ ਕੀਤਾ ਹੈ। ਇੱਧਰ ਬਾਦਲ ਸਰਕਾਰ ਨੇ 'ਚੌਧਰੀ ਦੇਵੀ ਲਾਲ ਯਾਦਗਾਰ' ਦੀ ਰਾਖੀ ਲਈ ਖ਼ਜ਼ਾਨਾ ਪੁੱਟ ਦਿੱਤਾ ਹੈ। ਭਾਵੇਂ ਚੌਟਾਲਾ ਪਰਿਵਾਰ ਚੋਣਾਂ ਮੌਕੇ ਪੰਜਾਬ ਤੋਂ ਦੂਰ ਰਿਹਾ ਲੇਕਿਨ ਅਕਾਲੀ ਸਰਕਾਰ ਰਾਖੀ ਲਈ 'ਚੌਧਰੀ ਦੀ ਯਾਦਗਾਰ' ਦੇ ਨੇੜੇ ਰਹੀ ਹੈ। 'ਹੂਸੈਨੀਵਾਲ ਸਮਾਰਕ' ਅਤੇ 'ਮੁਕਤੇ ਮੀਨਾਰ' ਨੂੰ ਏਦਾ ਦੀ ਸੁਰੱਖਿਆ ਨਹੀਂ ਮਿਲੀ ਹੈ। ਮੁੱਖ ਮੰਤਰੀ 'ਦੇਵੀ ਲਾਲ ਯਾਦਗਾਰ' ਦੀ ਚਮਕ ਦਮਕ ਰੱਖ ਕੇ ਦੋਸਤੀ ਪੁਗਾ ਰਹੇ ਹਨ ਅਤੇ ਨਾਲੋ ਨਾਲ ਹਲਕਾ ਲੰਬੀ ਦਾ ਬੁੱਤਾ ਵੀ ਸਾਰ ਰਹੇ ਹਨ। ਪੰਜਾਬ ਹਰਿਆਣਾ ਸੀਮਾ ਤੇ ਪਿੰਡ ਕਿੱਲਿਆਂ ਵਾਲੀ 'ਚ ਚੌਧਰੀ ਦੇਵੀ ਲਾਲ ਦੀ ਯਾਦਗਾਰ ਉਸਾਰਨ ਲਈ ਪਾਵਰਕੌਮ ਦੇ ਦਫ਼ਤਰ ਨੂੰ ਢਾਹਿਆ ਗਿਆ ਸੀ ਜਿਥੇ ਚੌਧਰੀ ਦੇਵੀ ਲਾਲ ਦਾ ਬੁੱਤ ਲੱਗਾ ਹੈ। ਤਤਕਾਲੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ 25 ਸਤੰਬਰ 2001 ਨੂੰ ਇਸ ਯਾਦਗਾਰ ਦਾ ਉਦਘਾਟਨ ਕੀਤਾ ਸੀ। ਪੰਜਾਬ ਸਰਕਾਰ ਨੇ ਅੱਜ ਤੱਕ ਪਾਵਰਕੌਮ ਨੂੰ 6 ਕਨਾਲ ਜਗ•ਾ ਦਾ 42.03 ਲੱਖ ਦਾ ਮੁਆਵਜ਼ਾ ਨਹੀਂ ਦਿੱਤਾ ਹੈ। ਜਦੋਂ ਗਠਜੋੜ ਸਰਕਾਰ ਨੇ ਹਕੂਮਤ ਸੰਭਾਲੀ ਤਾਂ ਉਦੋਂ ਹੀ ਸਾਲ 2008 ਵਿਚ ਇਸ ਯਾਦਗਾਰ ਤੇ ਪੁਲੀਸ ਦੀ ਗਾਰਦ ਲਗਾ ਦਿੱਤੀ।
                        ਦਸੰਬਰ 2016 ਤੱਕ ਇਸ ਯਾਦਗਾਰ ਦੀ ਰਾਖੀ ਤੇ ਸਰਕਾਰ ਸਵਾ ਤਿੰਨ ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਜੋ ਯਾਦਗਾਰ ਤੇ ਗਾਰਦ ਲਾਈ ਹੈ, ਉਸ ਵਿਚ ਇੱਕ ਸਬ ਇੰਸਪੈਕਟਰ ਸੁਖਦੇਵ ਸਿੰਘ ਹਾਕੂਵਾਲਾ,ਹੌਲਦਾਰ ਰਵਿੰਦਰ ਸਿੰਘ ਲੁਹਾਰਾ,ਗੁਰਤੇਜ ਸਿੰਘ ਥਰਾਜਵਾਲਾ, ਮੱਖਣ ਸਿੰਘ ਭਿਟੀਵਾਲਾ,ਸਿਵਰਾਜ਼ ਸਿੰਘ ਰਾਏਕੇ ਕਲਾਂ ਸ਼ਾਮਿਲ ਹਨ ਅਤੇ ਇੱਕ ਤੋਂ ਬਿਨ•ਾਂ ਬਾਕੀ ਸਾਰੇ ਮੁਲਾਜ਼ਮ ਹਲਕਾ ਲੰਬੀ ਦੇ ਵਸਨੀਕ ਹਨ। ਡਿਪਟੀ ਕਮਿਸ਼ਨਰ ਮੁਕਤਸਰ ਵਲੋਂ ਸਾਲ 2011-12 ਵਿਚ ਇਸ ਯਾਦਗਾਰ ਲਈ ਪਿੰਡ ਬਾਦਲ ਦੇ ਵਸਨੀਕ ਦੋ ਮਾਲੀ ਗੁਰਦੀਪ ਸਿੰਘ ਤੇ ਸੁਖਜੀਤ ਸਿੰਘ ਤਾਇਨਾਤ ਕੀਤੇ ਅਤੇ ਇਵੇਂ ਦੋ ਸਕਿਊਰਿਟੀ ਮੈਨ ਭਗਵੰਤ ਸਿੰਘ ਤਰਮਾਲਾ ਤੇ ਰੁਪਿੰਦਰ ਸਿੰਘ ਕੰਦੂਖੇੜਾ ਇਸ ਯਾਦਗਾਰ ਵਾਸਤੇ ਰੱਖੇ ਗਏ ਜੋ ਕਿ ਹਲਕਾ ਲੰਬੀ ਦੇ ਹੀ ਵਸਨੀਕ ਹਨ। ਗਾਰਦ ਅਤੇ ਮੁਲਾਜ਼ਮਾਂ ਦੀ ਤਨਖਾਹ ਕਰੀਬ 35.40 ਲੱਖ ਰੁਪਏ ਸਲਾਨਾ ਬਣਦੀ ਹੈ। ਯਾਦਗਾਰ ਦੀ ਬਿਜਲੀ ਪਾਣੀ ਦਾ ਖਰਚਾ ਮਾਰਕੀਟ ਕਮੇਟੀ ਮਲੋਟ ਚੁੱਕਦੀ ਹੈ ਜੋ ਵੱਖਰਾ ਹੈ।  ਪਾਵਰਕੌਮ ਤੋਂ ਆਰ.ਟੀ.ਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਇਸ ਯਾਦਗਾਰ ਦਾ 19.98 ਕਿਲੋਵਾਟ ਲੋਡ ਹੈ।ਸਾਲ 2008 ਤੋਂ ਦਸੰਬਰ 2016 ਤੱਕ ਦਾ ਇਸ ਯਾਦਗਾਰ ਦਾ 11.18 ਲੱਖ ਰੁਪਏ ਬਿਜਲੀ ਦਾ ਖਰਚਾ ਆ ਚੁੱਕਾ ਹੈ। ਦੋ ਪਾਣੀ ਦੇ ਕੁਨੈਕਸ਼ਨ ਵੀ ਹਨ।
                        ਪੰਜਾਬ ਮੰਡੀ ਬੋਰਡ ਨੇ ਇਸ ਯਾਦਗਾਰ ਦੀ ਉਸਾਰੀ ਤੇ 66.40 ਲੱਖ ਰੁਪਏ ਖਰਚ ਕੀਤੇ ਸਨ। ਮਗਰੋਂ ਮਾਰਕੀਟ ਕਮੇਟੀ ਮਲੋਟ ਨੇ ਇਸ ਯਾਦਗਾਰ 'ਚ ਬਿਜਲੀ ਦੇ ਕੰਮਾਂ ਤੇ 6.19 ਲੱਖ ਵੱਖਰੇ ਖਰਚੇ ਹਨ। ਕਮੇਟੀ ਦੇ ਸਕੱਤਰ ਅਜੈਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਬਿੱਲ ਲਗਾਤਾਰ ਭਰ ਰਹੇ ਹਨ ਪਰ ਹੁਣ ਯਾਦਗਾਰ ਦਾ ਮੀਟਰ ਸੜ ਗਿਆ ਹੈ ਜਿਸ ਵਾਰੇ ਵਿਚਾਰ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ 'ਚ ਕਿਸੇ ਵੀ ਯਾਦਗਾਰ ਜਾਂ ਸਮਾਰਕ ਵਿਚ ਏਡੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਹੋਏ ਹਨ। ਦੂਸਰੀ ਤਰਫ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਅਭੈ ਚੌਟਾਲਾ ਨੇ ਐਲਾਨ ਕੀਤਾ ਹੈ ਕਿ ਉਹ 23 ਫਰਵਰੀ ਤੋਂ ਪੰਜਾਬ ਹਰਿਆਣਾ ਸੀਮਾ ਤੇ ਪੈਂਦੇ ਪਿੰਡ ਇਸਮੇਲਪੁਰ ਤੋਂ ਐਸ.ਵਾਈ.ਐਲ ਦੀ ਖੁਦਾਈ ਸ਼ੁਰੂ ਕਰਨਗੇ। ਇੱਧਰ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਣੀਆਂ ਦੀ ਰਾਖੀ ਦਾ ਅਹਿਦ ਲਿਆ ਹੋਇਆ ਹੈ ਪਰ ਨਾਲੋਂ ਨਾਲ ਅਕਾਲੀ ਸਰਕਾਰ 'ਚੌਧਰੀ ਦੇਵੀ ਲਾਲ ਯਾਦਗਾਰ' ਦੀ ਰਾਖੀ ਪ੍ਰਤੀ ਵੀ ਵਚਨਬੱਧ ਹੈ। ਜਦੋਂ ਕੈਪਟਨ ਹਕੂਮਤ ਸੀ, ਉਦੋਂ ਯਾਦਗਾਰ ਸੁੰਨੀ ਸੀ ਅਤੇ ਮਗਰੋਂ ਗਠਜੋੜ ਸਰਕਾਰ ਨੇ ਹੀ ਇਸ ਯਾਦਗਾਰ 'ਚ ਲਹਿਰ ਬਹਿਰ ਲਾਈ ਜੋ ਹੁਣ ਤੱਕ ਖਜ਼ਾਨੇ ਤੇ ਬੋਝ ਬਣੀ ਹੋਈ ਹੈ।
                                        ਗਾਰਦ ਵਾਪਸ ਨਹੀਂ ਲਈ : ਐਸ.ਐਸ.ਪੀ          
ਐਸ.ਐਸ.ਪੀ ਮੁਕਤਸਰ ਸ੍ਰੀ ਧਰੂਮਨ ਐਚ.ਨਿਬਲੇ ਦਾ ਕਹਿਣਾ ਸੀ ਕਿ ਚੋਣ ਕਮਿਸ਼ਨ ਦੀ ਹਦਾਇਤ ਤੇ ਵੀ.ਆਈ.ਪੀਜ਼ ਤੋਂ ਤਾਂ ਗੰਨਮੈਨ ਵਾਪਸ ਲੈ ਲਏ ਗਏ ਸਨ ਪਰ ਯਾਦਗਾਰ ਤੇ ਲਾਈ ਗਾਰਦ ਸਬੰਧੀ ਕੋਈ ਹਦਾਇਤ ਨਹੀਂ ਹੋਈ ਸੀ। ਉਨ•ਾਂ ਦੱਸਿਆ ਕਿ ਇਹ ਗਾਰਦ ਪਹਿਲਾਂ ਤੋਂ ਹੀ ਲੱਗੀ ਹੋਈ ਹੈ।  

Wednesday, February 8, 2017

                                  ਨਵਾਂ ਖ਼ੁਲਾਸਾ
          ਜ਼ਮਾਨਤਾਂ ਜ਼ਬਤ ਹੋਣੋ ਬਚਾਏਗਾ ਡੇਰਾ
                                ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਵੋਟਾਂ ਪੈਣ ਮਗਰੋਂ ਭਵਿੱਖਬਾਣੀ ਕੀਤੀ ਹੈ ਕਿ ਐਤਕੀਂ ਡੇਰਾ ਸਿਰਸਾ ਇਨ•ਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਵਾਲੀ ਹਾਰ ਤੋਂ ਬਚਾ ਲਵੇਗਾ। ਜਦੋਂ ਹੁਣ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ 'ਚ ਵੋਟਾਂ ਖਾਤਰ ਗਏ ਉਮੀਦਵਾਰਾਂ ਖਿਲਾਫ ਜਾਂਚ ਕਮੇਟੀ ਬਣਾ ਦਿੱਤੀ ਹੈ ਤਾਂ ਡੇਰਾ ਸਿਰਸਾ ਨੇ ਵੀ ਇਸੇ ਦੌਰਾਨ ਆਪਣੀ ਅਹਿਮੀਅਤ ਦਾ ਖੁਲਾਸਾ ਕੀਤਾ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਵੀ ਆਖ ਚੁੱਕੇ ਹਨ ਕਿ ਉਨ•ਾਂ ਨੇ ਤਾਂ ਡੇਰਾ ਸਿਰਸਾ ਤੋਂ ਕੋਈ ਸਿਆਸੀ ਹਮਾਇਤ ਮੰਗੀ ਹੀ ਨਹੀਂ ਹੈ ਜਦੋਂ ਕਿ ਸਿਆਸੀ ਵਿੰਗ ਇਸ ਨਾਲ ਸਹਿਮਤ ਨਹੀਂ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਪੰਜਾਬੀ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ 'ਚ ਆਖਿਆ ਕਿ ਪੰਜਾਬ ਚੋਣਾਂ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਵਲੋਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਵਿਚ ਵੋਟਾਂ ਪਾਈਆਂ ਗਈਆਂ ਹਨ ਅਤੇ ਇਨ•ਾਂ ਵੋਟਾਂ ਸਦਕਾ ਅਕਾਲੀ ਦਲ ਦੇ ਉਮੀਦਵਾਰ ਨਮੋਸ਼ੀ ਭਰੀ ਹਾਰ ਤੋਂ ਬਚ ਜਾਣਗੇ। ਚੇਅਰਮੈਨ ਨੇ ਇਹ ਤਾਂ ਨਹੀਂ ਦੱਸਿਆ ਕਿ ਡੇਰੇ ਦੀ ਹਮਾਇਤ ਨਾਲ ਕਿੰਨੇ ਅਕਾਲੀ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ ਪਰ ਏਨਾ ਜ਼ਰੂਰ ਆਖਿਆ ਕਿ ਹੁਣ ਵੱਡੀ ਹਾਰ ਤੋਂ ਅਕਾਲੀ ਬਚ ਜਾਣਗੇ।
                         ਉਨ•ਾਂ ਆਖਿਆ ਕਿ ਸਿਆਸੀ ਵਿੰਗ ਦੀ ਅਪੀਲ ਮਗਰੋਂ 80 ਫੀਸਦੀ ਡੇਰਾ ਪੈਰੋਕਾਰਾਂ ਨੇ ਅਕਾਲੀ ਉਮੀਦਵਾਰਾਂ ਨੂੰ ਵੋਟ ਪਾਈ ਹੈ। ਚੇਅਰਮੈਨ ਰਾਮ ਸਿੰਘ ਦਾ ਧਿਆਨ ਜਦੋਂ ਮੁੱਖ ਮੰਤਰੀ ਪੰਜਾਬ ਦੀ ਹਮਾਇਤ ਨਾ ਮੰਗਣ ਦੀ ਟਿੱਪਣੀ ਵੱਲ ਦਿਵਾਇਆ ਤਾਂ ਉਨ•ਾਂ ਆਖਿਆ ਕਿ ਬਿਨ•ਾਂ ਮੰਗੇ ਤੋਂ ਕੁਝ ਨਹੀਂ ਮਿਲਦਾ, ਸਮੁੱਚੇ ਅਕਾਲੀ ਦਲ ਨੇ ਹਮਾਇਤ ਮੰਗੀ, ਤਾਹੀਂ ਹੀ ਡੇਰਾ ਸਿਰਸਾ ਨੇ ਸਾਰੇ ਅਕਾਲੀ ਉਮੀਦਵਾਰਾਂ ਨੂੰ ਸਿਆਸੀ ਹਮਾਇਤ ਦਾ ਫੈਸਲਾ ਕੀਤਾ। ਉਨ•ਾਂ ਆਖਿਆ ਕਿ ਡੇਰਾ ਸਿਰਸਾ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਅਤੇ 'ਆਪ' ਦੇ ਉਮੀਦਵਾਰ ਵੀ ਹਮਾਇਤ ਮੰਗਣ ਆਏ ਸਨ। ਸਾਰੇ ਅਕਾਲੀ ਉਮੀਦਵਾਰ ਨੂੰ ਸਿਆਸੀ ਹਮਾਇਤ ਦੇਣ ਦਾ ਮਤਲਬ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮਾਇਤ ਮੰਗੀ ਹੈ। ਰਾਮ ਸਿੰਘ ਨੇ ਆਖਿਆ ਕਿ ਜੋ ਮੰਗੇਗਾ, ਉਸ ਨੂੰ ਹੀ ਹਮਾਇਤ ਮਿਲੇਗੀ। ਜਦੋਂ ਇਹ ਆਖਿਆ ਕਿ ਹੁਣ ਮੁੱਖ ਮੰਤਰੀ ਇਸ ਗੱਲੋਂ ਮੁੱਕਰ ਰਹੇ ਹਨ ਤਾਂ ਉਨ•ਾਂ ਆਖਿਆ ਕਿ ਹੁਣ ਕੀ ਕਹਿ ਸਕਦੇ ਹਾਂ। ਰਾਮ ਸਿੰਘ ਨੇ ਦਾਅਵਾ ਕੀਤਾ ਕਿ ਡੇਰਾ ਪੈਰੋਕਾਰ ਇੱਕਜੁੱਟ ਰਹੇ ਹਨ ਅਤੇ ਡੇਰਾ ਪੈਰੋਕਾਰਾਂ ਨੇ ਸਿਆਸੀ ਵਿੰਗ ਦੀ ਹਦਾਇਤ ਤੇ ਫੁੱਲ ਚੜਾਏ ਹਨ।
                         ਦੱਸਣਯੋਗ ਹੈ ਕਿ ਸਿਆਸੀ ਹਮਾਇਤ ਦੇ ਫੈਸਲੇ ਮਗਰੋਂ ਕੁਝ ਥਾਵਾਂ ਤੇ ਡੇਰਾ ਪੈਰੋਕਾਰਾਂ ਨੇ ਬਾਗੀ ਸੁਰ ਵੀ ਦਿਖਾਏ ਸਨ। ਡੇਰਾ ਸਿਰਸਾ ਦੇ ਇੱਕ ਹੋਰ ਆਗੂ ਨੇ ਮੰਨਿਆ ਕਿ ਕਰੀਬ 35 ਫੀਸਦੀ ਡੇਰਾ ਪੈਰੋਕਾਰਾਂ ਨੇ ਹਾਕਮ ਧਿਰ ਦੀ ਥਾਂ ਦੂਸਰੀ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਮਾਨਸਾ ਦੇ ਉੁਮੀਦਵਾਰਾਂ ਦੀ ਤਰਫੋਂ ਤਾਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਤਾਂ ਬਠਿੰਡਾ ਵਿਚ ਚੋਣਾਂ ਤੋਂ ਐਨ ਪਹਿਲਾਂ ਐਲਾਨ ਹੀ ਕਰ ਦਿੱਤਾ ਸੀ ਕਿ ਹਾਲਾਤ ਬਣੇ ਤਾਂ ਉਹ ਪੰਜਾਬ ਵਿਚ ਡੇਰਾ ਸਿਰਸਾ ਦੀ ਸਤਿਸੰਗ ਕਰਾਉਣਗੇ ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਖਿਲਾਫ ਹੁਕਮਨਾਮਾ ਜਾਰੀ ਹੋਇਆ ਹੈ।
                                                                         (ਡੇਰਾ ਸਿਰਸਾ ਗਏ ਉਮੀਦਵਾਰਾਂ ਦੀ ਫਾਈਲ ਤਸਵੀਰ)
                              ਚੋਣ ਕਮਿਸ਼ਨ ਬੇਵੱਸ
             ਕਮੇਟੀ ਦਿੱਲੀ ਦੀ, ਬੋਝ ਪੰਜਾਬ 'ਤੇ
                                 ਚਰਨਜੀਤ ਭੁੱਲਰ
ਬਠਿੰਡਾ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਦੀ ਸੁਰੱਖਿਆ ਦਾ ਬੋਝ ਪੰਜਾਬ ਸਰਕਾਰ ਚੁੱਕ ਰਹੀ ਹੈ। ਪੰਜਾਬ ਪੁਲੀਸ ਨੇ ਇਨ•ਾਂ ਆਗੂਆਂ ਨੂੰ ਚਾਰ ਜਿਪਸੀਆਂ ਵੀ ਦਿੱਤੀਆਂ ਹੋਈਆਂ ਹਨ ਅਤੇ ਇਨ•ਾਂ ਦੇ ਤੇਲ ਵੀ ਪੰਜਾਬ ਦੇ ਖ਼ਜ਼ਾਨੇ ਚੋਂ ਪੈ ਰਿਹਾ ਹੈ। ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਹਨ ਜਿਸ ਕਰਕੇ ਇਨ•ਾਂ ਨੇਤਾਵਾਂ ਨੂੰ ਦਿੱਤੀਆਂ ਜਿਪਸੀਆਂ ਦਾ ਤੇਲ ਖਰਚਾ ਵੀ ਵੱਧ ਜਾਣਾ ਹੈ। ਚੋਣ ਕਮਿਸ਼ਨ ਨੇ ਇਨ•ਾਂ ਆਗੂਆਂ ਤੋਂ ਗੰਨਮੈਨ ਵਾਪਸ ਲੈਣ ਦੀ ਹਦਾਇਤ ਕਰ ਦਿੱਤੀ ਸੀ ਪਰ ਸਿਆਸੀ ਦਬਾਓ ਕਰਕੇ ਇਨ•ਾਂ ਆਗੂਆਂ ਤੋਂ ਸੁਰੱਖਿਆ ਵਾਪਸ ਲੈਣ ਵਾਲੀ ਫਾਈਲ ਪੰਜਾਬ ਪੁਲੀਸ ਦੇ ਉੱਚ ਅਫਸਰਾਂ ਨੇ ਦੱਬ ਲਈ ਹੈ। ਪੰਜਾਬ ਪੁਲੀਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਦੇ ਨਾਲ ਕਰੀਬ ਦੋ ਦਰਜਨ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਡੀ.ਜੀ.ਪੀ ,ਸੁਰੱਖਿਆ ਪੰਜਾਬ ਨੇ 29 ਨਵੰਬਰ 2011 ਨੂੰ ਪੱਤਰ ਨੰਬਰ 31683 ਜਾਰੀ ਕਰਕੇ ਅਵਤਾਰ ਸਿੰਘ ਹਿੱਤ ਨੂੰ ਬਤੌਰ ਪ੍ਰਧਾਨ ,ਸ਼੍ਰੋਮਣੀ ਅਕਾਲੀ ਦਲ ਦਿੱਲੀ, ਪੀ.ਬੀ 12 ਐਫ 7184 ਜਿਪਸੀ ਅਲਾਟ ਕੀਤੀ ਸੀ ਜਿਸ ਲਈ ਪ੍ਰਤੀ ਮਹੀਨਾ 290 ਲੀਟਰ ਤੇਲ ਵੀ ਫਿਕਸ਼ ਕੀਤਾ ਗਿਆ।
                      ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਇੱਕ ਸਰਕਾਰੀ ਜਿਪਸੀ ਅਤੇ ਕਰੀਬ ਪੰਜ ਸੁਰੱਖਿਆ ਮੁਲਾਜ਼ਮ ਦਿੱਤੇ ਹਨ। ਵਾਰ ਵਾਰ ਸੰਪਰਕ ਕਰਨ ਤੇ ਸ੍ਰੀ ਜੀ.ਕੇ ਨੇ ਫੋਨ ਨਹੀਂ ਚੁੱਕਿਆ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਕਰੀਬ ਦਰਜਨ ਗੰਨਮੈਨ ਅਤੇ ਦੋ ਜਿਪਸੀਆਂ ਦਿੱਤੀਆਂ ਹੋਈਆਂ ਹਨ। ਪੰਜਾਬ ਪੁਲੀਸ ਨੇ ਪਹਿਲਾਂ ਇੱਕ ਜਿਪਸੀ ਦਿੱਲੀ ਵਾਸਤੇ ਦਿੱਤੀ ਹੋਈ ਸੀ ਅਤੇ ਕੁਝ ਸਮੇਂ ਮਗਰੋਂ ਇੱਕ ਜਿਪਸੀ ਚੰਡੀਗੜ• ਵਾਸਤੇ ਉਨ•ਾਂ ਨੂੰ ਹੋਰ ਦਿੱਤੀ ਗਈ। ਮਨਜਿੰਦਰ ਸਿਰਸਾ ਦਾ ਕਹਿਣਾ ਸੀ ਕਿ ਉਨ•ਾਂ ਨੂੰ ਪੰਜਾਬ ਸਰਕਾਰ ਤਰਫ਼ੋਂ ਕੈਬਨਿਟ ਰੈਂਕ ਦਿੱਤਾ ਹੋਇਆ ਹੈ ਜਿਸ ਕਰਕੇ ਸੁਰੱਖਿਆ ਮਿਲੀ ਹੈ। ਸੂਤਰ ਆਖਦੇ ਹਨ ਕਿ ਜਿਨ•ਾਂ ਹੋਰਨਾਂ ਨੂੰ ਕੈਬਨਿਟ ਰੈਂਕ ਦਿੱਤੇ ਗਏ ਹਨ, ਉਨ•ਾਂ ਤੋਂ ਸੁਰੱਖਿਆ ਵਾਪਸ ਹੋਈ ਹੈ ਪਰ ਸਿਰਸਾ ਤੋਂ ਸੁਰੱਖਿਆ ਵਾਪਸ ਕਿਉਂ ਨਹੀਂ ਲਈ ਗਈ ?  ਇਸੇ ਤਰ•ਾਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਅਵਤਾਰ ਸਿੰਘ ਹਿੱਤ ਨੂੰ ਵੀ ਇੱਕ ਜਿਪਸੀ ਤੋਂ ਇਲਾਵਾ ਕਰੀਬ ਪੰਜ ਮੁਲਾਜ਼ਮ ਵੀ ਦਿੱਤੇ ਹੋਏ ਹਨ।
                      ਅਵਤਾਰ ਸਿੰਘ ਹਿੱਤ ਦਾ ਪ੍ਰਤੀਕਰਮ ਸੀ ਕਿ ਜਿਪਸੀ ਖਰਾਬ ਹੋਈ ਖੜ•ੀ ਹੈ ਅਤੇ ਉਸ ਨੇ ਚਾਰ ਗੰਨਮੈਨ ਵਾਪਸ ਭੇਜ ਦਿੱਤੇ ਹਨ ਅਤੇ ਇੱਕ ਬਾਕੀ ਰਹਿ ਗਿਆ ਹੈ। ਉਨ•ਾਂ ਆਖਿਆ ਕਿ ਉਹ ਸਭਿਆਚਾਰਕ ਬੋਰਡ ਦੇ ਚੇਅਰਮੈਨ ਰਹੇ ਹਨ, ਜਿਸ ਕਰਕੇ ਇਹ ਸੁਰੱਖਿਆ ਮਿਲੀ ਹੈ। ਸੂਤਰ ਦੱਸਦੇ ਹਨ ਕਿ ਜਦੋਂ ਇਨ•ਾਂ ਆਗੂਆਂ ਤੋਂ ਗੰਨਮੈਨ ਵਾਪਸੀ ਲਈ ਚੋਣ ਕਮਿਸ਼ਨ ਨੇ ਹਦਾਇਤ ਕੀਤੀ ਤਾਂ ਪੁਲੀਸ ਦੇ ਹੇਠਲੇ ਅਫਸਰਾਂ ਨੇ ਫੌਰੀ ਗੰਨਮੈਨ ਵਾਪਸੀ ਲਈ ਨੋਟਿੰਗ ਲਗਾ ਦਿੱਤੀ ਪਰ ਉਪਰਲੇ ਅਫਸਰਾਂ ਕੋਲ ਇਸ ਫਾਈਲ ਨੂੰ ਬਰੇਕ ਲੱਗ ਗਈ।  ਸੂਤਰ ਆਖਦੇ ਹਨ ਕਿ ਇਹ ਨੇਤਾ ਦਿੱਲੀ ਦੇ ਵਸਨੀਕ ਹਨ ਅਤੇ ਇਨ•ਾਂ ਨੂੰ ਪੰਜਾਬ ਚੋਂ ਸੁਰੱਖਿਆ ਮਿਲ ਨਹੀਂ ਸਕਦੀ ਹੈ। ਏ.ਡੀ.ਜੀ.ਪੀ (ਸੁਰੱਖਿਆ) ਸ੍ਰੀ ਬਲਵੀਰ ਬਾਵਾ ਨੇ ਫੋਨ ਨਹੀਂ ਚੁੱਕਿਆ ਜਦੋਂ ਕਿ ਏ.ਡੀ.ਜੀ.ਪੀ ਭਾਵਰਾ ਦਾ ਕਹਿਣਾ ਸੀ ਕਿ ਉਨ•ਾਂ ਦੇ ਯਾਦ ਨਹੀਂ ਹੈ ਕਿ ਦਿੱਲੀ ਦੇ ਆਗੂ ਸੁਰੱਖਿਆ ਵਾਪਸੀ ਵਾਲੀ ਸੂਚੀ ਵਿਚ ਸਨ ਜਾਂ ਨਹੀਂ।
                                              ਡੇਰਾ ਪ੍ਰਬੰਧਕਾਂ ਨੂੰ ਵੀ ਜਿਪਸੀਆਂ
ਸਰਕਾਰੀ ਸੂਚਨਾ ਅਨੁਸਾਰ ਪੰਜਾਬ ਪੁਲੀਸ ਨੇ ਡੇਰਾ ਸਿਰਸਾ ਦੇ ਸਲਾਬਤਪੁਰਾ ਡੇਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਨੂੰ ਵੀ ਜਿਪਸੀ ਪੀ.ਬੀ 12 ਡੀ 0052 ਦਿੱਤੀ ਗਈ ਅਤੇ ਉਸ ਦਾ ਪ੍ਰਤੀ ਮਹੀਨਾ 290 ਲੀਟਰ ਤੇਲ ਵੀ ਫਿਕਸ ਹੋਇਆ। ਇਸੇ ਤਰ•ਾਂ ਸੰਤ ਬਾਬਾ ਗੁਰਬਚਨ ਸਿੰਘ ਡੇਰਾ ਬੱਦੋ ਅਤੇ ਸੰਤ ਬਾਬਾ ਨਿਰਮਲ ਦਾਸ ਜੌੜੇ ਵਾਲਾ ਨੂੰ ਵੀ ਜਿਪਸੀ ਅਲਾਟ ਕੀਤੀ ਗਈ ਅਤੇ ਪ੍ਰਤੀ ਜਿਪਸੀ 290 ਲੀਟਰ ਤੇਲ ਅਲਾਟ ਕੀਤਾ ਗਿਆ।                                                                                                                                                                                   (ਕਾਰਟੂਨਿਸਟ : ਟੋਨੀ ਕਲੇਰ)

Saturday, February 4, 2017

                                     ਨਾ ਘਰ ਨਾ ਬਾਰ
                   ਖ਼ਾਲੀ ਜੇਬ ਚੋਣ ਪਿੜ 'ਚ ਉਤਰੇ...
                                     ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਚੋਣ ਪਿੜ 'ਚ 'ਖਾਕੀ ਨੰਗ' ਵੀ ਡਟੇ ਹੋਏ ਹਨ ਜਿਨ•ਾਂ ਕੋਲ ਸਿਰਫ਼ ਉਮੀਦਾਂ ਦਾ ਹੀ ਖ਼ਜ਼ਾਨਾ ਹੈ। ਉਨ•ਾਂ ਦੀ ਜੇਬ ਵੀ ਖਾਲੀ ਹੈ ਅਤੇ ਨਾ ਕੋਈ ਘਰ ਬਾਰ ਹੈ। ਕਰੋੜਪਤੀ ਉਮੀਦਵਾਰਾਂ ਨਾਲ ਉਨ•ਾਂ ਨੇ ਟੱਕਰ ਲਾਈ ਹੈ। ਦੋ ਉਮੀਦਵਾਰ ਏਦਾ ਦੀ ਚੋਣ ਮੈਦਾਨ ਵਿਚ ਖੜ•ੇ ਹਨ ਜਿਨ•ਾਂ ਦੀ ਕਮਾਈ ਘੱਟ, ਕਰਜ਼ਾ ਸਿਰ ਜਿਆਦਾ ਹੈ। ਵੇਰਵਿਆਂ ਅਨੁਸਾਰ ਫਿਰੋਜ਼ਪੁਰ (ਸ਼ਹਿਰੀ) ਤੋਂ ਅਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਕੋਲ ਸਿਰਫ਼ ਭਰੋਸੇ ਦੀ ਪੰਡ ਹੈ। ਉਸ ਦੀ ਜੇਬ ਖਾਲੀ ਖੜਕ ਰਹੀ ਹੈ ਅਤੇ ਨਾ ਹੀ ਕੋਈ ਬੈਂਕ ਬੇਲੈਂਸ ਹੈ। ਜ਼ਮੀਨ ਜਾਇਦਾਦ ਤਾਂ ਹੋਣੀ ਦੂਰ ਦੀ ਗੱਲ। ਬਠਿੰਡਾ (ਦਿਹਾਤੀ) ਤੋਂ ਆਪਨਾ ਪੰਜਾਬ ਪਾਰਟੀ ਦੇ ਉਮੀਦਵਾਰ ਜਸਵਿੰਦਰ ਗਿੱਲ ਕੋਲ 58 ਹਜ਼ਾਰ ਦੀ ਸੰਪਤੀ ਹੈ ਜਦੋਂ ਕਿ ਸਿਰ ਡੇਢ ਲੱਖ ਦਾ ਕਰਜ਼ਾ ਹੈ ਇਨ•ਾਂ ਉਮੀਦਵਾਰਾਂ ਨੂੰ ਸੰਪਤੀ ਦੇ ਵੇਰਵੇ ਦੇਣ 'ਚ ਕੋਈ ਬਹੁਤੀ ਔਖ ਨਹੀਂ ਆਈ ਹੈ। ਹਲਕਾ ਸਨੌਰ ਤੋਂ ਅਜ਼ਾਦ ਉਮੀਦਵਾਰ ਕੁਲਵੰਤ ਕੌਰ ਅਣਪੜ ਹੈ ਅਤੇ ਉਸ ਕੋਲ ਕੋਈ ਸੰਪਤੀ ਹੀ ਨਹੀਂ ਹੈ। ਇਸ ਹਲਕੇ ਤੋਂ ਚੋਣ ਲੜ ਰਹੇ ਅਜ਼ਾਦ ਉਮੀਦਵਾਰ ਤਰਸੇਮ ਸਿੰਘ ਕੋਲ ਸਿਰਫ਼ 2400 ਰੁਪਏ ਦੀ ਹੀ ਸੰਪਤੀ ਹੈ। ਜਦੋਂ ਕਿ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੋਲ 18 ਕਰੋੜ ਅਤੇ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਕੋਲ 9 ਕਰੋੜ ਦੀ ਜਾਇਦਾਦ ਹੈ।
                          ਹਲਕਾ ਮਜੀਠਾ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਕੁਲਵੰਤ ਸਿੰਘ ਹੈ ਜਿਸ ਕੋਲ ਕੋਈ ਸੰਪਤੀ ਹੀ ਨਹੀਂ ਹੈ। ਜਦੋਂ ਕਿ ਉਸ ਦੇ ਹਲਕੇ ਵਿਚ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਕੋਲ 25 ਕਰੋੜ ਦੀ ਜਾਇਦਾਦ ਹੈ। ਹਲਕਾ ਪੱਟੀ 'ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਕੋਈ ਸੰਪਤੀ ਹੀ ਨਹੀਂ ਹੈ। ਉਸ ਕੋਲ ਨਾ ਨਗਦੀ ਹੈ ਅਤੇ ਨਾ ਬੈਂਕ 'ਚ ਕੋਈ ਰਾਸ਼ੀ। ਇਸੇ ਹਲਕੇ ਤੋਂ ਬੀ.ਐਸ.ਪੀ (ਅੰਬੇਦਕਰ) ਦੇ ਜਤਿੰਦਰ ਪੰਨੂ ਕੋਲ 11 ਹਜ਼ਾਰ ਦੀ ਜਾਇਦਾਦ ਹੈ। ਇਵੇਂ ਹੀ ਹਲਕਾ ਪਾਇਲ ਤੋਂ ਆਪਨਾ ਪੰਜਾਬ ਪਾਰਟੀ ਦੇ ਉਮੀਦਵਾਰ ਰਾਮਪਾਲ ਸਿੰਘ ਕੋਈ ਜਾਇਦਾਦ ਨਹੀਂ ਹੈ। ਇਸੇ ਹਲਕੇ ਦੇ ਏਆਈਟੀਸੀ ਦੇ ਉਮੀਦਵਾਰ ਸੰਦੀਪ ਸਿੰਘ ਦੀ ਸੰਪਤੀ ਵੀ ਜ਼ੀਰੋ ਹੀ ਹੈ। ਗੁਰਦਾਸਪੁਰ  ਜ਼ਿਲ•ੇ ਦੇ ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਵੀ ਖਾਲੀ ਜੇਬ ਹੀ ਚੋਣ ਲੜ ਰਿਹਾ ਹੈ। ਕਈ ਉਮੀਦਵਾਰਾਂ ਦਾ ਪ੍ਰਤੀਕਰਮ ਸੀ ਕਿ ਉਹ ਚੰਗੀ ਵੋਟ ਲਿਜਾਣਗੇ। ਇਹ ਉਮੀਦਵਾਰ ਵੋਟਰਾਂ ਨੂੰ ਵੋਟ ਨਾ ਵੇਚਣ ਦੀ ਅਪੀਲ ਵੀ ਕਰ ਰਹੇ ਹਨ
                        ਬਠਿੰਡਾ ਸ਼ਹਿਰੀ ਹਲਕੇ ਤੋਂ ਚੜ• ਲੜ ਰਹੇ ਬਹੁਜਨ ਮੁਕਤੀ ਪਾਰਟੀ ਦੇ ਸੰਤ ਲਾਲ ਕੋਲ ਸਿਰਫ਼ 7109 ਰੁਪਏ ਦੀ ਜਾਇਦਾਦ ਹੈ ਜਦੋਂ ਕਿ ਦਿੜਬਾ ਤੋਂ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਉਮੀਦਵਾਰ ਘੁਮੰਢ ਸਿੰਘ ਕੋਲ 10 ਹਜ਼ਾਰ ਦੀ ਸੰਪਤੀ ਹੈ। ਬਹੁਤੇ ਉਮੀਦਵਾਰ ਪੈਦਲ ਹੀ ਚੋਣ ਪ੍ਰਚਾਰ ਕਰ ਰਹੇ ਹਨ। ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਲੋਕ ਰਾਜ 'ਚ ਇਹ ਉਮੀਦਵਾਰ ਮਿਸ਼ਾਲ ਹਨ ਕਿ ਚੋਣਾਂ ਲੜਨ ਲਈ ਪੈਸਾ ਹੋਣਾ ਜਰੂਰੀ ਹੈ। ਭਾਵੇਂ ਇਨ•ਾਂ ਨੂੰ ਕਾਮਯਾਬੀ ਹਾਸਲ ਨਾ ਹੋਵੇ ਪਰ ਇਨ•ਾਂ ਦਾ ਜਿਗਰਾ ਤਾਂ ਹੈ। ਸੂਤਰ ਦੱਸਦੇ ਹਨ ਕਿ ਜਾਇਦਾਦ ਵਿਹੂਣੇ ਇਨ•ਾਂ ਉਮੀਦਵਾਰਾਂ ਨੇ ਉਧਾਰ ਪੈਸਾ ਫੜ ਕੇ ਹੀ ਆਪਣੀ ਸਕਿਊਰਿਟੀ ਦੀ ਰਾਸ਼ੀ ਰਿਟਰਨਿੰਗ ਅਫਸਰਾਂ ਕੋਲ ਭਰੀ ਹੈ। ਦੇਖਣਾ ਇਹ ਹੈ ਕਿ ਇਹ ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਬਚਾ ਪਾਉਣਗੇ ਜਾਂ ਨਹੀਂ। ਮੁਕਤਸਰ ਤੋਂ ਚੋੜ ਲੜ ਰਹੇ ਆਜ਼ਾਦ ਉਮੀਦਵਾਰ ਅਲਵਿੰਦਰ ਸਿੰਘ ਕੋਲ 5500 ਰੁਪਏ ਦੀ ਅਤੇ ਮਲੋਟ ਤੋਂ ਆਜ਼ਾਦ ਚੋਣ ਲੜ ਰਹੇ ਬਲਦੇਵ ਸਿੰਘ ਕੋਲ 7184 ਰੁਪਏ ਦੀ ਜਾਇਦਾਦ ਹੈ। 
                               ਅਕਾਲੀ ਪਰੇਮ
               ਡੇਰਾ ਪਰੇਮੀ ਦੀ ਸ਼ਰਾਬ ਫੜੀ
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ (ਦਿਹਾਤੀ) ਹਲਕੇ ਦੇ ਪਿੰਡ ਕੋਟਸ਼ਮੀਰ ਵਿਚ ਅੱਜ ਡੇਰਾ ਸਿਰਸਾ ਦੇ ਪ੍ਰੇਮੀ ਗੁਰਤੇਜ ਸਿੰਘ ਦੀ ਕਰੀਬ ਢਾਈ ਸੌ ਬੋਤਲਾਂ ਸ਼ਰਾਬ ਫੜੀ ਗਈ ਹੈ ਜੋ ਵੋਟਰਾਂ ਨੂੰ ਵੰਡਣ ਵਾਸਤੇ ਲਿਜਾਈ ਜਾ ਰਹੀ ਸੀ। ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਅੱਜ ਸ਼ੱਕ ਪੈਣ ਮਗਰੋਂ ਤੁੰਗਵਾਲੀ ਰੋਡ 'ਤੇ ਡੇਰਾ ਪ੍ਰੇਮੀ ਦਾ ਟਰੈਕਟਰ ਟਰਾਲੀ ਘੇਰ ਲਿਆ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਚੋਂ ਕਰੀਬ 15 ਡੱਬੇ ਸ਼ਰਾਬ ਦੇ ਮਿਲੇ। ਡੇਰਾ ਪ੍ਰੇਮੀ ਦਾ ਸੀਰੀ ਟਰੈਕਟਰ ਚਲਾ ਰਿਹਾ ਸੀ ਜੋ ਮੌਕੇ ਤੇ ਹੀ ਫਰਾਰ ਹੋ ਗਿਆ। 'ਆਪ' ਵਲੰਟੀਅਰਾਂ ਨੇ ਪੁਲੀਸ ਨੂੰ ਫੋਨ ਖੜ•ਕਾ ਦਿੱਤਾ ਅਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਸ਼ਰਾਬ ਕਬਜ਼ੇ ਵਿਚ ਲੈ ਲਈ। ਜਦੋਂ ਟਰੈਕਟਰ ਟਰਾਲੀ ਨੂੰ ਘੇਰਿਆ ਗਿਆ ਤਾਂ ਡੇਰਾ ਪੈਰੋਕਾਰ ਨੇ ਘਰ ਵਿਚ ਰੱਖੀ ਸ਼ਰਾਬ ਆਪਣੇ ਕਣਕ ਦੇ ਖੇਤਾਂ ਵਿਚ ਸੁੱਟ ਦਿੱਤੀ।  ਪੁਲੀਸ ਦੇ ਪੁੱਜਣ ਮਗਰੋਂ 'ਆਪ' ਦੇ ਵਲੰਟੀਅਰਾਂ ਨੇ ਕਣਕ ਦੇ ਖੇਤਾਂ ਦੀ ਤਲਾਸ਼ੀ ਲਈ ਤਾਂ ਖੇਤਾਂ ਵਿਚ ਸੁੱਟੇ ਡੱਬੇ ਇੱਕ ਥਾਂ ਇਕੱਠੇ ਕਰ ਲਏ। ਅੱਜ ਇਸ ਮੌਕੇ 'ਆਪ' ਵਲੰਟੀਅਰਾਂ ਨੇ ਉਦੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਦੋਂ ਪੁਲੀਸ ਨੇ ਗੁਰਤੇਜ ਸਿੰਘ ਦੀ ਰਿਹਾਇਸ਼ ਦੀ ਤਲਾਸ਼ੀ ਲੈਣ ਤੋਂ ਪਾਸਾ ਵੱਟਣਾ ਚਾਹਿਆ।
                       ਚੋਣ ਕਮਿਸ਼ਨ ਦੀ ਟੀਮ ਵੀ ਮੌਕੇ ਤੇ ਪੁੱਜ ਗਈ ਅਤੇ ਪੂਰੀ ਤਲਾਸ਼ੀ ਮੁਹਿੰਮ ਦੀ ਵੀਡੀਓਗਰਾਫੀ ਕੀਤੀ ਗਈ। 'ਆਪ' ਦੀ ਪਿੰਡ ਇਕਾਈ ਦੇ ਪ੍ਰਧਾਨ ਮਲਕੀਤ ਸਿੰਘ, ਬੂਥ ਇੰਚਾਰਜ ਰਣਜੀਤ ਸਿੰਘ,ਸੁਖਰਾਜ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਟਰਾਲੀ ਵਿਚ ਡੱਬੇ ਰੱਖ ਕੇ ਉਪਰ ਛਟੀਆ ਵਗੈਰਾ ਸੁੱਟੀਆਂ ਹੋਈਆਂ ਸਨ ਅਤੇ ਇਹ ਸ਼ਰਾਬ ਪਿੰਡ ਵਿਚ ਵੰਡੀ ਜਾਣੀ ਸੀ। ਵਲੰਟੀਅਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਰਾਬ ਨੂੰ ਡੇਰਾ ਪ੍ਰੇਮੀ ਦੇ ਘਰ ਭੰਡਾਰ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ। ਡੀ.ਐਸ.ਪੀ (ਦਿਹਾਤੀ) ਕੁਲਦੀਪ ਸਿੰਘ ਨੇ ਦੱਸਿਆ ਕਿ ਥਾਣਾ ਕੋਟਫੱਤਾ ਵਿਚ ਕੋਟਸ਼ਮੀਰ ਦੇ ਗੁਰਤੇਜ ਸਿੰਘ ਖਿਲਾਫ ਆਬਕਾਰੀ ਐਕਟ ਤਹਿਤ ਦੋ ਪੁਲੀਸ ਕੇਸ ਦਰਜ ਕੀਤੇ ਗਏ ਹਨ। ਗੁਰਤੇਜ ਸਿੰਘ ਦਾ ਸੀਰੀ ਫਰਾਰ ਹੋ ਗਿਆ ਹੈ ਅਤੇ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਉਨ•ਾਂ ਦੱਸਿਆ ਕਿ 158 ਬੋਤਲਾਂ ਟਰਾਲੀ ਚੋਂ ਮਿਲੀਆਂ ਹਨ ਜਦੋਂ ਕਿ 82 ਬੋਤਲਾਂ ਗੁਰਤੇਜ ਸਿੰਘ ਦੇ ਖੇਤਾਂ ਚੋਂ ਮਿਲੀਆਂ ਹਨ।
                      ਅੱਜ ਡੇਰਾ ਪ੍ਰੇਮੀ ਤੋਂ ਸ਼ਰਾਬ ਮਿਲਣ ਦੇ ਕਾਫੀ ਚਰਚੇ ਛਿੜ ਗਏ ਹਨ।  ਦੂਸਰੀ ਤਰਫ ਡੇਰਾ ਪ੍ਰੇਮੀ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਲੜਕੀ ਦਾ ਹਾਲ ਹੀ ਵਿਚ ਵਿਆਹ ਹੋਇਆ ਹੈ ਅਤੇ ਇਸ ਸਮਾਗਮ ਵਾਸਤੇ ਸ਼ਰਾਬ ਲਿਆਂਦੀ ਗਈ ਸੀ ਜਿਸ ਨੂੰ ਅੱਜ ਟਰਾਲੀ ਵਿਚ ਰੱਖ ਕੇ ਵਾਪਸ ਕਰਨ ਜਾ ਰਹੇ ਹਨ। ਚੋਣਾਂ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ। ਖੇਤਾਂ ਵਿਚ ਕਿਸੇ ਨੇ ਸ਼ਰਾਬ ਸੁੱਟ ਦਿੱਤੀ ਹੋਵੇਗੀ। ਡੇਰਾ ਪ੍ਰੇਮੀ ਹੋਣ ਕਰਕੇ ਸ਼ਰਾਬ ਦੀ ਵਰਤੋਂ ਦੇ ਸੁਆਲ ਦੇ ਜੁਆਬ ਵਿਚ ਉਨ•ਾਂ ਆਖਿਆ ਕਿ ਦੁਨੀਆਦਾਰੀ ਵਿਚ ਮਜ਼ਬੂਰੀ ਵਿਚ ਕਈ ਦਫਾ ਕਰਨਾ ਪੈਂਦਾ ਹੈ।

Friday, February 3, 2017

                             ਚੋਣ ਹਿੰਸਾ 
          ਅਸੀਂ ਆਪਣੇ ਲਾਲ ਗੁਆ ਬੈਠੇ...
                          ਚਰਨਜੀਤ ਭੁੱਲਰ
ਬਠਿੰਡਾ : ਹਰਜੀਤ ਕੌਰ ਦੇ ਘਰ ਦਾ ਚਿਰਾਗ ਸਦਾ ਲਈ ਬੁੱਝ ਗਿਆ ਹੈ। ਉਮੀਦਾਂ ਦੇ ਸਹਾਰੇ ਸਦਾ ਲਈ ਟੁੱਟ ਗਏ। ਚੋਣ ਹਿੰਸਾ ਦਾ ਸੇਕ ਕੋਈ ਇਸ ਮਾਂ ਤੋਂ ਪੁੱਛ ਕੇ ਦੇਖੇ ਜਿਸ ਦਾ ਘਰ ਮੌੜ ਬੰਬ ਧਮਾਕੇ ਨੇ ਸਦਾ ਲਈ ਸੁੰਨਾ ਕਰ ਦਿੱਤਾ ਹੈ। ਨੌਵੀਂ ਕਲਾਸ 'ਚ ਪੜਦਾ ਜਪਸਿਮਰਨ ਸਿੰਘ ਇਸ ਧਮਾਕੇ 'ਚ ਦੁਨੀਆਂ ਤੋਂ ਰੁਖਸਤ ਹੋ ਗਿਆ। ਪਰਿਵਾਰ 'ਚ ਪਿਛੇ ਹੁਣ ਜਪਸਿਮਰਨ ਦੀ ਛੋਟੀ ਭੈਣ ਪਰੀ ਬਚੀ ਹੈ। ਭਰਾ ਦੀ ਮੌਤ ਨੇ ਇਸ ਨੰਨ•ੀ ਪਰੀ ਤੋਂ ਸਦਾ ਲਈ  ਹਾਸੇ ਖੋਲ ਲਏ ਹਨ। ਪੰਜਾਬ ਚੋਣਾਂ 'ਚ ਕੋਈ ਵੀ ਜਿੱਤੇ ਪਰ ਇਹ ਮਾਪੇ ਅੱਜ ਹੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਮੌੜ ਧਮਾਕੇ 'ਚ ਤਿੰਨ ਬੱਚੇ ਮੌਤ ਦੇ ਮੂੰਹ ਵਿਚ ਜਾ ਪਏ ਹਨ ਜੋ ਇਕੱਠੇ ਦੋਸਤੀ ਦੇ ਰਾਹ 'ਤੇ ਚੱਲਣ ਤੋਂ ਪਹਿਲਾਂ ਹੀ ਵਿਦਾ ਹੋ ਗਏ। ਇਨ•ਾਂ ਦਾ ਚੌਥਾ ਦੋਸਤ ਅੰਕੁਸ਼ ਮੌਤ ਦੇ ਜ਼ਿੰਦਗੀ ਦਰਮਿਆਨ ਜੂਝ ਰਿਹਾ ਹੈ। ਜਪਸਿਮਰਨ ਪੁਲੀਸ ਪਬਲਿਕ ਸਕੂਲ 'ਚ ਪੜ ਰਿਹਾ ਸੀ ਅਤੇ ਉਸ ਦੇ ਬਾਪ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ ਜਿਸ ਦੇ ਪਰਿਵਾਰ ਨੂੰ ਇਸ ਧਮਾਕੇ ਨੇ ਤੀਲਾ ਤੀਲਾ ਕਰ ਦਿੱਤਾ ਹੈ।
                          ਰਾਕੇਸ਼ ਕੁਮਾਰ ਦੀ ਕਰਿਆਣੇ ਦੀ ਛੋਟੀ ਦੁਕਾਨ ਹੈ ਪਰ ਉਸ ਦਾ ਦੁੱਖ ਹੁਣ ਸਭ ਤੋਂ ਵੱਡਾ ਹੈ। ਉਸ ਦਾ ਸੱਤਵੀਂ ਕਲਾਸ 'ਚ ਪੜਦਾ ਲੜਕਾ ਸੌਰਵ ਸਿੰਗਲਾ ਵੀ ਚੋਣ ਹਿੰਸਾ ਦੇ ਸੇਕ ਵਿਚ ਜਲ ਗਿਆ ਹੈ। ਮਾਂ ਸ਼ਸ਼ੀ ਬਾਲਾ ਨੂੰ ਹਰ ਪਾਸਿਓ ਪੁੱਤ ਦੇ ਝਓਲੇ ਪੈਂਦੇ ਹਨ। ਵੱਡੀ ਭੈਣ ਨੋਨੂੰ ਨੂੰ ਹੁਣ ਕਦੇ ਟੱਪੂ ਟੱਪੂ ਕਰਦਾ ਸੌਰਵ ਨਹੀਂ ਦਿਖੇਗਾ। ਪਿੰਡ ਸੰਦੋਹਾ ਦਾ ਰਿਪਨਦੀਪ ਸਿੰਘ ਦੀ ਆਪਣੇ ਇਨ•ਾਂ ਦੋਸਤਾਂ ਨਾਲ ਦੋਸਤੀ ਨਿਭਾ ਗਿਆ। ਚੌਥੀ 'ਚ ਪੜ•ਦੇ ਇਸ ਬੱਚੇ ਨੇ ਬਚਪਨ ਤੋਂ ਹੀ ਦੁੱਖਾਂ ਨੂੰ ਗਲ ਨਾਲ ਲਾ ਲਿਆ ਸੀ।  ਰਿਪਨਦੀਪ ਸਿੰਘ ਨੇ ਜਦੋਂ ਹੋਸ਼ ਸੰਭਾਲੀ ਤਾਂ ਉਸ ਤੋਂ ਪਹਿਲਾਂ ਹੀ ਬਾਪ ਜਹਾਨੋਂ ਚਲਾ ਗਿਆ। ਬਾਪ ਦੀ ਇੱਕ ਤਸਵੀਰ ਹੀ ਉਸ ਕੋਲ ਬਚੀ ਹੈ। ਮਾਂ ਹਰਪ੍ਰੀਤ ਕੌਰ ਕੋਲੋਂ ਇੱਕ ਤਸਵੀਰ ਝੱਲੀ ਨਹੀਂ ਜਾਂਦੀ ਸੀ ਤੇ ਹੁਣ ਤਸਵੀਰਾਂ ਦੋ ਹੋ ਗਈਆਂ ਹਨ, ਇੱਕ ਪਤੀ ਦੀ ਤੇ ਦੂਸਰੀ ਰਿਪਨਦੀਪ ਦੀ। 11 ਮਹੀਨੇ ਦੀ ਛੋਟੀ ਭੈਣ ਰੀਤ ਜਦੋਂ ਸੁਰਤ ਸੰਭਾਲੇਗੀ ਤਾਂ ਉਦੋਂ ਭਰਾ ਦੀ ਤਸਵੀਰ ਚੋਂ ਹੀ ਪਿਆਰ ਤਲਾਸੇਗੀ। ਸਮਾਜ ਸੇਵੀ ਵਿੱਕੀ ਦੱਸਦਾ ਹੈ ਕਿ ਉਨ•ਾਂ ਦੀ ਗਲੀ ਦੇ ਪੰਜ ਬੱਚੇ ਬਚਪਨ ਦੇ ਦੋਸਤ ਸਨ ਜਿਨ•ਾਂ ਚੋਂ ਤਿੰਨ ਸਾਥ ਛੱਡ ਗਏ ਤੇ ਚੌਥਾ ਅੰਕੁਸ਼ ਜ਼ਿੰਦਗੀ ਨਾਲ ਲੜ ਰਿਹਾ ਹੈ। ਇਹ ਬੱਚੇ ਗਲੀ ਦੀ ਨੁੱਕਰ ਤੇ ਖੇਡ ਰਹੇ ਸਨ ਪਰ ਬੰਬ ਧਮਾਕੇ ਨੇ ਉਨ•ਾਂ ਦੀ ਖੇਡ ਸਦਾ ਲਈ ਵਿਗਾੜ ਦਿੱਤੀ।
                        ਪੰਜਵਾਂ ਦੋਸਤ ਕਰਿਸ਼ ਵੀ ਹਾਦਸੇ ਤੋਂ ਚੰਦ ਮਿੰਟ ਪਹਿਲਾਂ ਹੀ ਗਲੀ ਚੋਂ ਘਰ ਵਾਪਸ ਪਰਤ ਗਿਆ ਸੀ। ਕਰਿਸ਼ ਨੂੰ ਹੁਣ ਆਪਣੇ ਦੋਸਤ ਨਹੀਂ ਲੱਭ ਰਹੇ ਹਨ। ਉਹ ਬਠਿੰਡਾ ਵਿਖੇ ਤੀਸਰੀ ਕਲਾਸ ਵਿਚ ਪੜ•ਦਾ ਹੈ।  ਕਰਿਸ਼ ਏਨਾ ਸਦਮੇ ਵਿਚ ਹੈ ਕਿ ਉਹ ਸਕੂਲ ਨਹੀਂ ਜਾ ਰਿਹਾ ਹੈ। ਇੱਥੋਂ ਤੱਕ ਕਿ ਕਰਿਸ਼ ਨੇ ਅੱਜ ਸਕੂਲ ਪ੍ਰੀਖਿਆ ਵੀ ਛੱਡ ਦਿੱਤੀ ਹੈ। ਮਾਪੇ ਦੱਸਦੇ ਹਨ ਕਿ ਕਰਿਸ਼ ਨੂੰ ਹੌਲ ਪੈ ਰਹੇ ਹਨ ਅਤੇ ਉਹ ਡੌਰ ਭੌਰ ਹੈ। ਅੱਜ ਹਾਦਸੇ ਵਿਚ ਜਾਨ ਗੁਆਉਣ ਵਾਲੇ ਬੱਚਿਆਂ ਦੇ ਜਦੋਂ ਸਿਵੇ ਬਲੇ ਤਾਂ ਮਾਪਿਆਂ ਦੇ ਅਰਮਾਨ ਦੀ ਇਨ•ਾਂ ਸਿਵਿਆਂ ਵਿਚ ਹੀ ਰਾਖ ਹੋ ਗਏ। ਸਿਵਿਆਂ ਚੋਂ ਵੋਟਾਂ ਤਲਾਸਣ ਵਾਲਿਆਂ ਨੇ ਇਨ•ਾਂ ਘਰਾਂ ਦੀ ਤਲਾਸ਼ ਸਦਾ ਲਈ ਖਤਮ ਕਰ ਦਿੱਤੀ ਹੈ। 

Thursday, February 2, 2017

                                ਗੁਪਤ ਡੀਲ
                  ਗੁਰੂ ਤੋਂ ਦੂਰ, ਡੇਰੇ ਦੇ ਨੇੜੇ
                              ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ 'ਚ ਸ਼੍ਰੋਮਣੀ ਅਕਾਲੀ ਦਲ 'ਚ ਗੁਪਤ ਸਮਝੌਤਾ ਉਦੋਂ ਜੱਗ ਜ਼ਾਹਰ ਹੋਇਆ ਜਦੋਂ ਕਿ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੱਧੂ ਨੇ ਡੇਰਾ ਸਿਰਸਾ ਦੀ ਬਠਿੰਡਾ 'ਚ ਸਿਆਸੀ ਸਟੇਜ ਤੋਂ ਐਲਾਨ ਕੀਤਾ ਕਿ ਉਹ ਪੰਜਾਬ 'ਚ ਡੇਰਾ ਮੁਖੀ ਦੀ ਸਤਸੰਗ ਕਰਾਉਣਗੇ ਅਤੇ ਉਹ ਡੇਰਾ ਮੁਖੀ ਨਾਲ ਉਥੇ ਵਾਅਦਾ ਕਰਕੇ ਆਏ ਹਨ। ਸਿੱਧੂ ਡੇਰਾ ਸਿਰਸਾ ਗਏ ਅਕਾਲੀ ਉਮੀਦਵਾਰਾਂ ਨਾਲ ਡੇਰਾ ਸਿਰਸਾ 'ਚ ਹੋਈ ਗੱਲਬਾਤ ਦਾ ਹਵਾਲਾ ਦੇ ਰਹੇ ਸਨ। ਸਿੱਧਾ ਇਸ਼ਾਰਾ ਦਿੱਖਿਆ ਕਿ ਡੇਰਾ ਪੈਰੋਕਾਰ ਇਨ•ਾਂ ਚੋਣਾਂ 'ਚ ਦੱਬ ਕੇ ਤੱਕੜੀ ਵਾਲਾ ਬਟਨ ਦਬਾਉਣਗੇ, ਬਦਲੇ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ 'ਚ ਡੇਰਾ ਮੁਖੀ ਦੀ ਸਤਸੰਗ ਕਰਾਈ ਜਾਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਨਾਮੇ ਦੀ ਉਲੰਘਣਾ ਹੋਈ ਹੈ ਪਰ ਸਭ ਤਖਤ ਦੇ ਜਥੇਦਾਰ ਇਸ ਮਾਮਲੇ ਤੇ ਚੁੱਪ ਹਨ। ਡੇਰਾ ਸਿਰਸਾ ਤੋਂ ਚੋਣਾਂ 'ਚ ਹਮਾਇਤ ਲੈਣ ਲਈ ਅੱਜ ਬਠਿੰਡਾ 'ਚ ਅਕਾਲੀ ਉਮੀਦਵਾਰਾਂ ਨੇ 'ਧੰਨ ਧੰਨ ਸਤਿਗੁਰੂ..' ਦੇ ਜੈਕਾਰੇ ਛੱਡੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਸਮੇਤ ਬਠਿੰਡਾ ਮਾਨਸਾ ਦੇ ਅਕਾਲੀ ਉਮੀਦਵਾਰਾਂ ਨੂੰ ਚੋਣਾਂ 'ਚ ਸਿਆਸੀ ਹਮਾਇਤ ਦੇਣ ਦਾ ਐਲਾਨ ਇੱਥੇ ਖੁੱਲ•ੀ ਮੀਟਿੰਗ 'ਚ ਕੀਤਾ। ਇੱਥੋਂ ਤੱਕ ਅਕਾਲੀ ਉਮੀਦਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਬਿਨ•ਾਂ ਪ੍ਰਵਾਹ ਕੀਤੇ ਡੇਰਾ ਮੁੱਖੀ ਦੀ ਪੰਜਾਬ 'ਚ ਸਤਸੰਗ ਕਰਾਉਣ ਦਾ ਵੀ ਐਲਾਨ ਕਰ ਦਿੱਤਾ।
                         ਚੋਣਾਂ ਦੇ ਐਨ ਮੌਕੇ 'ਤੇ ਅਕਾਲੀ ਉਮੀਦਵਾਰਾਂ ਨੇ ਪੰਥਕ ਵੋਟ ਦੀ ਥਾਂ ਡੇਰਾ ਵੋਟ ਨੂੰ ਤਰਜੀਹ ਦਿੱਤੀ ਹੈ। ਅਕਾਲੀ ਉਮੀਦਵਾਰਾਂ ਨੇ ਡੇਰਾ ਸਿਰਸਾ ਦੀ ਸ਼ਲਾਘਾ ਕੀਤੀ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੈਂਬਰ ਜਗਜੀਤ ਸਿੰਘ ਵਿਜੇਪੁਰ,ਬਲਰਾਜ ਸਿੰਘ ਅਤੇ ਛਿੰਦਰਪਾਲ ਸਿੰਘ ਦੀ ਤਰਫ਼ੋਂ ਖੁੱਲ•ੇ ਪੰਡਾਲ 'ਚ ਅਕਾਲੀ ਉਮੀਦਵਾਰਾਂ ਨੂੰ ਸਿਆਸੀ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੰਘ ਸਿੱਧੂ, ਅਮਿਤ ਰਤਨ, ਸਰੂਪ ਚੰਦ ਸਿੰਗਲਾ, ਹਰਪ੍ਰੀਤ ਕੋਟਭਾਈ, ਜਗਦੀਪ ਨਕਈ, ਡਾ.ਨਿਸ਼ਾਨ ਸਿੰਘ ਅਤੇ ਦਿਲਰਾਜ ਭੂੰਦੜ ਅੱਜ ਡੇਰੇ ਸਿਰਸਾ ਦੀ ਸਿਆਸੀ ਸਟੇਜ ਤੇ ਪੁੱਜੇ ਹੋਏ ਸਨ। ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਸਭ ਅਕਾਲੀ ਉਮੀਦਵਾਰਾਂ ਤਰਫ਼ੋਂ ਸਟੇਜ ਤੋਂ ਇਹ ਵਾਅਦਾ ਕੀਤਾ ਕਿ ਉਹ ਜਲਦੀ ਹੀ ਹਾਲਾਤ ਬਣਨ 'ਤੇ ਪੰਜਾਬ 'ਚ ਡੇਰਾ ਸਿਰਸਾ ਦੀ ਸਤਸੰਗ ਕਰਾਉਣਗੇ। ਜੀਤਮਹਿੰਦਰ ਨੇ ਸਟੇਜ ਤੋਂ ਦੋ ਵਾਰ 'ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ' ਦੇ ਜੈਕਾਰੇ ਛੱਡੇ। ਜਦੋਂ ਸਿੱਧੂ ਨੇ ਸਤਸੰਗ ਕਰਾਉਣ ਦਾ ਐਲਾਨ ਕੀਤਾ ਤਾਂ ਪੰਡਾਲ 'ਚ ਜੁੜੇ ਡੇਰਾ ਪ੍ਰੇਮੀ ਕਾਫ਼ੀ ਸਮਾਂ ਭੰਗੜੇ ਪਾਉਂਦੇ ਰਹੇ। ਡੇਰਾ ਪ੍ਰਬੰਧਕਾਂ ਨੇ ਪੈਰੋਕਾਰਾਂ ਨੂੰ ਅਕਾਲੀ ਦਲ ਦੀ ਹਮਾਇਤ ਵਿਚ ਹਨੇਰੀ ਲਿਆਉਣ ਦਾ ਸੱਦਾ ਦਿੱਤਾ।
                       ਉਦੋਂ ਡੇਰਾ ਪ੍ਰੇਮੀ ਭਾਰੂ ਪੈਂਦੇ ਜਾਪੇ ਜਦੋਂ ਕਿ ਜੀਤਮਹਿੰਦਰ ਨੂੰ ਉਨ•ਾਂ ਨੇ ਦੁਬਾਰਾ ਸਟੇਜ ਤੋਂ 'ਧੰਨ ਧੰਨ ਸਤਿਗੁਰੂ..' ਦੇ ਉਚਾਰਨ ਦੀ ਹਦਾਇਤ ਕੀਤੀ। ਸਿੱਧੂ ਨੇ ਦੋ ਵਾਰੀ 'ਧੰਨ ਧੰਨ ਸਤਿਗੁਰੂ.. ਉਚਾਰਨ ਕੀਤਾ।  ਅਕਾਲੀ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ਡੇਰਾ ਸਿਰਸਾ ਵਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਡੇਰੇ ਦੇ ਸਮਾਜਿਕ ਕੰਮਾਂ ਵਿਚ ਉਹ ਯੋਗਦਾਨ ਕਰਨਗੇ ਅਤੇ ਤੀਸਰੀ ਵਾਰ ਸਰਕਾਰ ਬਣਨ ਦੀ ਸੂਰਤ ਵਿਚ ਡੇਰਾ ਪੈਰੋਕਾਰਾਂ ਨੂੰ ਮਾਣ ਸਨਮਾਨ ਦੇਣ ਦਾ ਐਲਾਨ ਕੀਤਾ। ਮਲੂਕਾ ਨੇ ਡੇਰਾ ਸਿਰਸਾ ਦੇ ਹਮਾਇਤ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ। ਹਲਕਾ ਲੰਬੀ ਤੋਂ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਹੋਇਆ ਪਰ ਬਾਦਲ ਖੁਦ ਮੌਜੂਦ ਨਹੀਂ ਸਨ। ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਡੇਰਾ ਪੈਰੋਕਾਰਾਂ ਦੇ ਹਰ ਦੁੱਖ ਸੁੱਖ ਵਿਚ ਖੜਨ ਦਾ ਭਰੋਸਾ ਦਿੱਤਾ ਅਤੇ ਭਵਿੱਖ ਵਿਚ ਪਿੰਡਾਂ ਵਿਚ ਕੈਂਪ ਲਗਾ ਕੇ ਸਮਾਜਿਕ ਕੁਰੀਤੀਆਂ ਦੂਰ ਕਰਨ ਦੀ ਗੱਲ ਆਖੀ। ਉਨ•ਾਂ ਸਿਆਸੀ ਹਮਾਇਤ ਦੇਣ ਦੇ ਐਲਾਨ ਤੇ ਧੰਨਵਾਦ ਵੀ ਕੀਤਾ। ਸਿਆਸੀ ਵਿੰਗ ਦੇ ਆਖਿਆ ਕਿ ਅਕਾਲੀ ਦਲ ਨੇ ਨਸ਼ਿਆਂ ਦੇ ਖ਼ਾਤਮੇ ਦਾ ਭਰੋਸਾ ਦਿੱਤਾ ਹੈ ਜਿਸ ਕਰਕੇ ਇਹ ਹਮਾਇਤ ਦਿੱਤੀ ਗਈ ਹੈ।
                                      ਅਕਾਲ ਤਖਤ ਨੂੰ ਪਿੱਠ ਦਿਖਾਈ : ਦਾਦੂਵਾਲ।
ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਸੀ ਕਿ ਅੱਜ ਅਕਾਲੀ ਉਮੀਦਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪਿੱਠ ਦਿਖਾ ਦਿੱਤੀ ਹੈ ਜਿਸ ਕਰਕੇ ਹੁਣ ਪੰਜਾਬ ਦੇ ਲੋਕ ਗੁਰੂ ਤੋਂ ਬੇਮੁੱਖ ਹੋਣ ਵਾਲੇ ਇਨ•ਾਂ ਲੀਡਰਾਂ ਨੂੰ ਸਬਕ ਸਿਖਾਉਣ। ਉਨ•ਾਂ ਆਖਿਆ ਕਿ ਡੇਰਾ ਸਿਰਸਾ ਹੁਣ ਅਕਾਲੀਆਂ ਦੀ ਡੁੱਬਦੀ ਬੇੜੀ ਪਾਰ ਨਹੀਂ ਲਾ ਸਕੇਗਾ। ਉਨ•ਾਂ ਚੁਣੌਤੀ ਦਿੱਤੀ ਕਿ ਡੇਰਾ ਮੁਖੀ ਵਿਚ ਦਮ ਹੈ ਤਾਂ ਉਹ ਮੌੜ ਤੋਂ ਆਪਣੇ ਕੁੜਮ ਨੂੰ ਜਿਤਾ ਕੇ ਦਿਖਾਂਵੇ।  
                                      ਡੇਰਾ ਮੁਖੀ ਨੇ ਕੁੜਮ ਜੱਸੀ ਤੋਂ ਮੂੰਹ ਫੇਰਿਆ।
ਡੇਰਾ ਸਿਰਸਾ ਐਤਕੀਂ ਡੇਰਾ ਮੁਖੀ ਦੇ ਕੁੜਮ ਅਤੇ ਹਲਕਾ ਮੌੜ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਖਿਲਾਫ ਭੁਗਤੇਗਾ। ਅੱਜ ਸਿਆਸੀ ਵਿੰਗ ਨੇ ਜੱਸੀ ਦੇ ਖਿਲਾਫ ਲੜ ਰਹੇ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੂੰ ਚੋਣਾਂ ਵਿਚ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਜੱਸੀ ਤੇ ਅੱਜ ਇਹ ਵੱਡੀ ਸਿਆਸੀ ਸੱਟ ਵੱਜੀ ਹੈ। ਡੇਰਾ ਮੁਖੀ ਦੇ ਇਸ ਫੈਸਲੇ ਨੇ ਕਈ ਸੁਆਲ ਖੜ•ੇ ਕਰ ਦਿੱਤੇ ਹਨ।