Thursday, October 29, 2020

                                           ਛੋਟਾ ਪਿੰਡ, ਵੱਡੀ ਪੈੜ
                       ਰਣਸੀਂਹ ਕਲਾਂ ਨੇ ਭੰਨੀ ਸਰਕਾਰੀ ਮੜ੍ਹਕ
                                             ਚਰਨਜੀਤ ਭੁੱਲਰ          

ਚੰਡੀਗੜ੍ਹ : ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਅੱਜ ਨਵੀਂ ਪੈੜ ਪਾ ਕੇ ਸਰਕਾਰ ਦੀ ਮੜ੍ਹਕ ਭੰਨ ਦਿੱਤੀ ਹੈ। ਜੋ ਕੁਝ ਸਰਕਾਰ ਨਹੀਂ ਕਰ ਸਕੀ, ਉਸ ਨੂੰ ਇਸ ਪਿੰਡ ਦੀ ਪੰਚਾਇਤ ਨੇ ਖੱਬੇ ਹੱਥ ਦੀ ਖੇਡ ਸਮਝਿਆ। ਪਿੰਡ ਦੀ ਪੰਚਾਇਤ, ਦਲਿਤ ਵਿਧਵਾ ਅੌਰਤਾਂ ਦੀ ਢਾਰਸ ਬਣੀ ਹੈ ਅਤੇ ਉਨ੍ਹਾਂ ਲਈ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ  ਹੈ, ਜਿਸ ਤਹਿਤ 750 ਰੁਪਏ ਪ੍ਰਤੀ ਮਹੀਨਾ ਪੰਚਾਇਤ ਦੇਵੇਗੀ। ਅੱਜ ਪੰਜ ਲਾਭਪਾਤਰੀਆਂ ਨੂੰ ਪੈਨਸ਼ਨ ਵੰਡ ਕੇ ਇਸ ਦੀ ਸ਼ੁਰੂਆਤ ਕੀਤੀ ਗਈ। ਰਣਸੀਂਹ ਕਲਾਂ ਦੀ ਅਬਾਦੀ 2700 ਦੇ ਕਰੀਬ ਹੈ ਅਤੇ 1301 ਏਕੜ ਰਕਬਾ ਹੈ। ਲੰਘੇ ਵਰ੍ਹੇ ਪਿੰਡ ਦੇ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ। ਡਿਪਟੀ ਕਮਿਸ਼ਨਰ ਮੋਗਾ ਖ਼ੁਦ ਪਿੰਡ ਪੁੱਜੇ ਅਤੇ ਕਿਸਾਨਾਂ ਨੂੰ ਸਾਬਾਸ਼ ਦਿੱਤੀ। ਪੰਜਾਬ ਸਰਕਾਰ ਨੇ ਪ੍ਰਤੀ ਏਕੜ ਇੱਕ ਹਜ਼ਾਰ  ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਦੋਂ ਕਿਸੇ ਕਿਸਾਨ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਪਿੰਡ ਦੀ ਪੰਚਾਇਤ ਨੇ ਫ਼ੈਸਲਾ ਲਿਆ ਕਿ ਦੋ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ 500 ਰੁਪਏ ਪ੍ਰਤੀ ਏਕੜ ਮੁਆਵਜ਼ਾ ਗ੍ਰਾਮ ਪੰਚਾਇਤ ਦੇਵੇਗੀ। ਪਿੰਡ ਦੇ ਅਜਿਹੇ 100 ਛੋਟੇ ਕਿਸਾਨ ਹਨ, ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਪੁੱਜੇਗਾ।

               ਪਿੰਡ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਆਖਦੀ ਹੈ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਕੰਮ ਲਈ ਦੋ ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਨੌਜਵਾਨ ਜਨੂੰਨੀ ਹਨ, ਜਿਨ੍ਹਾਂ ਨੇ ਪਿੰਡ ਵਿਚ ਖ਼ੁਦ ਸੀਵਰੇਜ ਪਾਇਆ ਅਤੇ ਪਿੰਡ ਦੇ ਛੱਪੜ ਨੂੰ ਝੀਲ ਵਿਚ ਬਦਲ ਦਿੱਤਾ।   ਪੰਚਾਇਤ ਨੇ ਅੱਜ ਪਿੰਡ ਦੇ ਗਰਾਮ ਸਭਾ ਮੈਂਬਰਾਂ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ ਇੱਕ ਰੁਪਏ ਵਿਚ ਹਰ ਗਰਾਮ ਸਭਾ ਮੈਂਬਰ ਦਾ ਇੱਕ ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ, ਜੋ ਇੱਕ ਸਾਲ ਲਈ ਹੋਵੇਗਾ। ਸੱਤ ਪਰਵਾਸੀ ਭਾਰਤੀ ਇਸ ਬੀਮਾ ਸਕੀਮ ਦਾ ਸਾਰਾ ਖਰਚਾ ਚੁੱਕਣਗੇ। ਸਾਬਕਾ ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਆਖਦਾ ਹੈ ਕਿ ਦਾਨੀ ਸੱਜਣ ਹੀ ਉਨ੍ਹਾਂ ਦਾ ਬੈਂਕ ਹਨ। ਪੰਚਾਇਤ ਨੇ ਅੱਜ ਗਰਾਮ ਸਭਾ ਦਾ ਇਜਲਾਸ ਸੱਦਿਆ ਹੋਇਆ ਸੀ। ਗਰਾਮ ਸਭਾ ਦੀ ਸੌ ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਪੰਚਾਇਤ ਨੇ ਨਵਾਂ ਫਾਰਮੂਲਾ ਕੱਢਿਆ। ਗਰਾਮ ਸਭਾ ਵਿਚ ਭਾਗ ਲੈਣ ਵਾਲੇ ਹਰ ਵਿਅਕਤੀ ਨੂੰ ਲੱਕੀ ਕੂਪਨ ਜਾਰੀ ਕੀਤਾ ਗਿਆ। ਲੱਕੀ ਡਰਾਅ ਵਿਚ 17 ਆਈਟਮਾਂ ਰੱਖੀਆਂ ਗਈਆਂ, ਜੋ ਰੋਜ਼ਮਰ੍ਹਾ ਦੇ ਜੀਵਨ ਵਿਚ ਕੰਮ ਆਉਣ ਵਾਲੀਆਂ ਸਨ। ਇਜਲਾਸ ਦੀ ਸਮਾਪਤੀ ਮੌਕੇ ਲੱਕੀ ਡਰਾਅ ਕੱਢਿਆ ਗਿਆ।  ਲੋਕ ਆਖਦੇ ਹਨ ਕਿ ਅਸਲ ਵਿਚ ਪਿੰਡ ਦੀ ਪੰਚਾਇਤ ਹੀ ਉਨ੍ਹਾਂ ਦੀ ਅਸਲ ਸਰਕਾਰ ਹੈ, ਜੋ ਦੁੱਖ-ਸੁੱਖ ਵਿਚ ਖੜ੍ਹਦੀ ਹੈ। ਨਤੀਜੇ ਵਜੋਂ ਪਿੰਡ ਦੇ ਲੋਕ ਸਰਬਸੰਮਤੀ ਨਾਲ ਪੰਚਾਇਤ ਚੁਣਦੇ ਹਨ। ਅੱਜ ਗਰਾਮ ਸਭਾ ਦੇ ਇਜਲਾਸ ਵਿਚ ਰਿਕਾਰਡ ਇਕੱਠ ਹੋਇਆ ਹੈ                                                                                                                                                               ਦੱਸਣਯੋਗ ਹੈ ਕਿ ਇਸ ਪੰਚਾਇਤ ਨੇ ਪਿਛਲੇ ਸਾਲਾਂ ਵਿਚ ਕਈ ਅਹਿਮ ਕੰਮ ਕੀਤੇ ਹਨ, ਜਿਨ੍ਹਾਂ ਵਿਚ ਲੋਕਾਂ ਨੂੰ ਕਬਾੜ ਦੇ ਸਾਮਾਨ ਦੇ ਬਦਲੇ ਖੰਡ ਦੇਣਾ ਵੀ ਸ਼ਾਮਲ ਹੈ। ਪਾਣੀ ਦੀ ਸੰਭਾਲ ਲਈ ਪੰਚਾਇਤ ਨੇ ਘਰ-ਘਰ ਪਲਾਸਟਿਕ ਦੀਆਂ ਬਾਲਟੀਆਂ ਵੰਡੀਆਂ ਹੋਈਆਂ ਹਨ। ਪਿੰਡ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਲਾਇਆ ਗਿਆ ਹੈ, ਜਿਸ ਦਾ ਸੋਧਿਆ ਪਾਣੀ ਕਰੀਬ ਸੌ ਏਕੜ ਖੇਤਾਂ ਨੂੰ ਦਿੱਤਾ ਜਾਂਦਾ ਹੈ। ਪਿੰਡ ਦੀ ਵਿਕਾਸ ਕਮੇਟੀ ਤੇ ਪੰਚਾਇਤ ਦੇ ਇਨ੍ਹਾਂ ਕੰਮਾਂ ਦੀ ਬਦੌਲਤ ਪਿੰਡ ਦੀ ਝੋਲੀ ਕੌਮੀ ਐਵਾਰਡ ਵੀ ਪਏ ਹਨ।ਗਰਾਮ ਸਭਾ ਦੇ ਇਜਲਾਸ ਵਿਚ ਅੱਜ ਮੁੱਖ ਮਹਿਮਾਨ ਵਜੋਂ ਪੁੱਜੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਰਣਸੀਂਹ ਕਲਾਂ ਪਿੰਡ ਦੀ ਆਪਣੀ ਸਰਕਾਰ ਹੈ, ਜਿਸ ਨੇ ਸਭ ਸਰਕਾਰਾਂ ਨੂੰ ਮਾਤ ਪਾ ਦਿੱਤੀ ਹੈ। ਬਾਕੀ ਪਿੰਡਾਂ ਨੂੰ ਵੀ ਇਸ ਪੰਚਾਇਤ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪੰਚਾਇਤ ਨੇ ਲੋਕਾਂ ਕੋਲ ਬਦਲ ਪੇਸ਼ ਕੀਤੇ ਹਨ, ਜੋ ਸਰਕਾਰ ਵੀ ਮੁਹੱਈਆ ਨਹੀਂ ਕਰਾ ਸਕੀ।

 

Wednesday, October 28, 2020

                                                      ਖੇਤਾਂ ਦਾ ਰਾਜਾ
                                    ਕਿਸਾਨ ਸੰਘਰਸ਼ ਨੇ ਲਾਏ ਪਹੀਏ
                                                     ਚਰਨਜੀਤ ਭੁੱਲਰ                                

ਚੰਡੀਗੜ੍ਹ : ਪੰਜਾਬ ਦੇ ਕਿਸਾਨ ਅੰਦੋਲਨ ’ਚ ‘ਖੇਤਾਂ ਦਾ ਰਾਜਾ’ ਭੱਲ ਖੱਟ ਗਿਆ ਹੈ। ਕੇਂਦਰੀ ਖੇਤੀ ਕਾਨੂੰਨਾਂ ਦਾ ਭਵਿੱਖ ਕੁਝ ਵੀ ਹੋਵੇ ਪ੍ਰੰਤੂ ਪੰਜਾਬ ’ਚ ਟਰੈਕਟਰ ਪ੍ਰਤੀ ਖਿੱਚ ਵਧੀ ਹੈ। ਕੋਵਿਡ ਦੇ ਬਾਵਜੂਦ ਪੰਜਾਬ ’ਚ ਟਰੈਕਟਰਾਂ ਦੀ ਸੇਲ ਇਕਦਮ ਵਾਧਾ ਇਸ ਦਾ ਗਵਾਹ ਹੈ। ਹਾਲਾਂਕਿ ਵਿਕਰੀ ’ਚ ਵਾਧੇ ਦੇ ਕਾਰਨ ਹੋਰ ਵੀ ਹਨ ਪ੍ਰੰਤੂ ਟਰੈਕਟਰਾਂ ਮਾਰਚਾਂ ਅਤੇ ਕਿਸਾਨ ਅੰਦੋਲਨਾਂ ’ਚ ਟਰੈਕਟਰ ਦਾ ਉਭਾਰ ਵੀ ਵੱਡਾ ਕਾਰਨ ਬਣਿਆ ਹੈ।  ਵੇਰਵਿਆਂ ਅਨੁਸਾਰ ਦੇਸ਼ ਭਰ ਵਿਚ 21 ਟਰੈਕਟਰ ਕੰਪਨੀਆਂ ਹਨ ਜਿਨ੍ਹਾਂ ਕੋਲ ਟਰੈਕਟਰ ਸਟਾਕ ਵਿਚ ਵੀ ਨਹੀਂ ਹਨ। ਟਰੈਕਟਰ ਹੁਣ ਬੁਕਿੰਗ ’ਤੇ ਮਿਲਣ ਲੱਗਾ ਹੈ। ਵੱਡੇ ਟਰੈਕਟਰਾਂ ਦੀ ਮੰਗ ਕੋਵਿਡ ਮਗਰੋਂ ਦੇਖਣ ’ਚ ਆਈ ਹੈ। ਪੰਜਾਬ ਵਿਚ ਜਨਵਰੀ 2020 ਤੋਂ ਹੁਣ ਤੱਕ (ਦਸ ਮਹੀਨੇ) ਦੌਰਾਨ 17611 ਟਰੈਕਟਰਾਂ ਦੀ ਵਿਕਰੀ ਹੋਈ ਹੈ ਜਦੋਂ ਕਿ ਅਪਰੈਲ, ਮਈ ਤੇ ਜੂਨ ਮਹੀਨੇ ’ਚ ਕੋਵਿਡ ਕਰਕੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ।   

                 ਪੰਜਾਬ ਵਿਚ ਰੁਟੀਨ ਵਿਚ ਰੋਜ਼ਾਨਾ ਅੌਸਤਨ 55 ਟਰੈਕਟਰਾਂ ਦੀ ਵਿਕਰੀ ਹੈ। ਰਾਮਪੁਰਾ ਫੂਲ ਦੇ ਟਰੈਕਟਰ ਡੀਲਰ ਸ੍ਰੀ ਮੁਕੇਸ਼ ਗਰਗ ਦਾ ਪ੍ਰਤੀਕਰਮ ਸੀ ਕਿ ਕੋਵਿਡ ਮਗਰੋਂ ਸੁਪਰਸੀਡਰ ਕਰਕੇ ਵੱਡੇ ਟਰੈਕਟਰਾਂ ਦੀ ਮੰਗ ਵਧੀ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਟਰੈਕਟਰ ਆਕਰਸ਼ਣ ਵੀ ਬਣਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਕੱਲੇ ਸਤੰਬਰ ਮਹੀਨੇ ’ਚ 3037 ਟਰੈਕਟਰ ਵਿਕੇ ਹਨ ਜੋ ਆਪਣੇ ਆਪ ’ਚ ਰਿਕਾਰਡ ਹੈ।  ਵਰ੍ਹਾ 2020 ਦੇ ਅਕਤੂਬਰ ਮਹੀਨੇ ਤੱਕ ਦੇਸ਼ ਭਰ ਵਿਚ 4.01 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ ਅਤੇ ਸਾਲ 2019 ਵਿਚ ਇਹ ਵਿਕਰੀ 4.52 ਲੱਖ ਰਹੀ ਹੈ। ਕੋਵਿਡ ਦਾ ਵੱਡਾ ਅਸਰ ਦੇਸ਼ ਵਿਚ ਵੇਖਣ ਨੂੰ ਮਿਲਿਆ ਹੈ। ਪੂਰੇ ਮੁਲਕ ਵਿਚ ਸਾਲ 2018 ਵਿਚ 4.36 ਲੱਖ, ਸਾਲ 2017 ਵਿਚ 3.91 ਲੱਖ ਅਤੇ ਸਾਲ 2016 ਵਿਚ 3.33 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ। ਦੇਸ਼ ਚੋਂ ਉੱਤਰੀ ਭਾਰਤ ਦੀ ਹਮੇਸ਼ਾ ਇਸ ਵਿਕਰੀ ’ਚ ਝੰਡੀ ਰਹੀ ਹੈ। ਤੱਥ ਗਵਾਹ ਹਨ ਕਿ ਪੰਜਾਬ ਵਿਚ ਸਾਲ 2016 ਵਿਚ 19,216 ਟਰੈਕਟਰ ਵਿਕੇ ਸਨ ਅਤੇ ਸਾਲ 2017 ਵਿਚ ਇਹ ਵਿਕਰੀ 20,334 ਟਰੈਕਟਰਾਂ ਦੀ ਹੋ ਗਈ। ਉਸ ਮਗਰੋਂ ਸਾਲ 2018 ਵਿਚ ਪੰਜਾਬ ਵਿਚ ਟਰੈਕਟਰਾਂ ਦੀ ਵਿਕਰੀ 19,698 ਰਹੀ ਜਦੋਂ ਕਿ ਸਾਲ 2019 ਵਿਚ ਪੰਜਾਬ ਵਿਚ 21,321 ਟਰੈਕਟਰ ਵਿਕੇ ਹਨ। ਐਤਕੀਂ ਇਹ ਅੰਕੜਾ ਪਾਰ ਹੋਣ ਦੀ ਸੰਭਾਵਨਾ ਹੈ ਪ੍ਰੰਤੂ ਟਰੈਕਟਰ ਕੰਪਨੀਆਂ ਕੋਲ ਸਟਾਕ ਮੁੱਕਿਆ ਪਿਆ ਹੈ। ਕੋਵਿਡ ਕਰਕੇ ਕੰਪਨੀਆਂ ਨੂੰ ਸਪੇਅਰ ਪਾਰਟਸ ਵੀ ਨਹੀਂ ਮਿਲ ਰਿਹਾ ਹੈ। ਕਈ ਕੰਪਨੀਆਂ ਨੂੰ ਆਪਣੇ ਪਲਾਂਟ ਬੰਦ ਵੀ ਕਰਨੇ ਪਏ ਸਨ।

        ਦੱਸਣਯੋਗ ਹੈ ਕਿ ਸਿਆਸੀ ਧਿਰਾਂ ਵੱਲੋਂ ਦੋ ਵੱਡੇ ਟਰੈਕਟਰ ਮਾਰਚ ਕੱਢੇ ਗਏ ਅਤੇ ਵਿਧਾਨ ਸਭਾ ਵੱਲ ਵੀ ਵਿਧਾਇਕ ਟਰੈਕਟਰਾਂ ’ਤੇ ਆਏ ਸਨ। ਕਿਸਾਨ ਅੰਦੋਲਨ ਦੌਰਾਨ ਚਾਰੇ ਪਾਸੇ ਟਰੈਕਟਰ ਦੀ ਗੱਲ ਚੱਲੀ ਹੈ। ਬਰਨਾਲਾ ਦੇ ਪਿੰਡ ਠੂਲੇਵਾਲ ਦੇ ਕਿਸਾਨ ਸਰਬਜੀਤ ਸਿੰਘ ਢਿੱਲੋਂ ਆਖਦੇ ਹਨ ਕਿ ਟਰੈਕਟਰ ਕਿਸਾਨੀ ਦਾ ਪ੍ਰਤੀਕ ਹੈ ਅਤੇ ਕਿਸਾਨੀ ਘੋਲ ਨਾਲ ਇਸ ਪ੍ਰਤੀਕ ਪ੍ਰਤੀ ਨੂੰ ਵੀ ਵੱਡੀ ਮਾਨਤਾ ਮਿਲੀ ਹੈ। ਪੰਜਾਬ ’ਚ ਪੁਰਾਣੇ ਟਰੈਕਟਰਾਂ ਦੀ ਖਰੀਦੋ ਫਰੋਖਤ ਦਾ ਕੰਮ ਵੀ ਵਧਿਆ ਹੈ। ਕਿਸਾਨ ਅੰਦੋਲਨ ’ਚ ਟਰੈਕਟਰ ’ਤੇ ਲੋੜੋਂ ਵੱਧ ਟੈਕਸ ਹੋਣ ਦੀ ਵੀ ਚਰਚਾ ਚੱਲੀ ਹੈ। ਟਰੈਕਟਰ ’ਤੇ ਪਹਿਲਾਂ 6.5 ਫੀਸਦੀ ਟੈਕਸ ਹੁੰਦਾ ਸੀ ਪ੍ਰੰਤੂ ਜੀਐਸਟੀ ਮਗਰੋਂ ਇਹ ਟੈਕਸ ਵਧ ਕੇ 12 ਫੀਸਦੀ ਹੋ ਗਿਆ ਹੈ ਜਿਸ ਦਾ ਬੋਝ ਕਿਸਾਨ ਨੁੂੰ ਹੀ ਝੱਲਣਾ ਪੈਂਦਾ ਹੈ। ਟਰੈਕਟਰ ਦੇ ਸਪੇਅਰ ਪਾਰਟਸ ’ਤੇ ਤਾਂ 18 ਤੋਂ 28 ਫੀਸਦੀ ਤੱਕ ਜੀਐਸਟੀ ਹੈ। ਟਰੈਕਟਰ ਦੀ ਖਰੀਦ ਲਈ ਛੋਟੀ ਕਿਸਾਨੀ ਨੂੰ ਕੋਈ ਸਰਕਾਰੀ ਮਦਦ ਵੀ ਨਹੀਂ ਮਿਲਦੀ ਹੈ। ਗੁਜਰਾਤ ਸਰਕਾਰ ਵੱਲੋਂ 25 ਤੋਂ 35 ਫੀਸਦੀ ਤੱਕ ਟਰੈਕਟਰ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਆਂਧਰਾ ਪ੍ਰਦੇਸ਼ ਅਤੇ ਤੈਲੰਗਾਨਾ ਵਿਚ ਵੀ ਟਰੈਕਟਰ ਖਰੀਦ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਅਸਾਮ ਵਿਚ ਕਾਫ਼ੀ ਲੰਮੇ ਅਰਸੇ ਤੋਂ ਸਬਸਿਡੀ ਦੇਣ ਦਾ ਸਰਕਾਰੀ ਪ੍ਰੋਗਰਾਮ ਹੈ। ਮੱਧ ਪ੍ਰਦੇਸ਼ ਵਿਚ ਪਹਿਲਾਂ ਸਬਸਿਡੀ ਮਿਲਦੀ ਰਹੀ ਹੈ। 

      ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਜਨਰਲ ਸਕੱਤਰ ਉਪਕਾਰ ਸਿੰਘ ਆਖਦੇ ਹਨ ਕਿ ਪੰਜਾਬ ਦੀ ਛੋਟੀ ਤੇ ਦਰਮਿਆਨੀ ਕਿਸਾਨੀ ਲਈ ਵੀ ਸਰਕਾਰ ਸਬਸਿਡੀ ਪ੍ਰੋਗਰਾਮ ਸ਼ੁਰੂ ਕਰੇ ਅਤੇ ਟਰੈਕਟਰ ਨੂੰ ਟੈਕਸਾਂ ਤੋਂ ਮੁਕਤ ਕੀਤਾ ਜਾਵੇ। ਦੱਸਣਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤਾਂ ਟਰੈਕਟਰ ਨੂੰ ‘ਜੱਟ ਦਾ ਗੱਡਾ’ ਦੱਸਦੇ ਰਹੇ ਹਨ।ਮਹਿੰਦਰਾ ਐਂਡ ਮਹਿੰਦਰਾ ਦੇ ਖੇਤਰੀ ਜਨਰਲ ਮੈਨੇਜਰ ਸ੍ਰੀ ਜੈ ਚੰਦਰ ਆਖਦੇ ਹਨ ਕਿ ਕੋਵਿਡ ਮਗਰੋਂ ਟਰੈਕਟਰ ਦੀ ਪੰਜਾਬ ਵਿਚ ਵਿਕਰੀ ਵਧੀ ਹੈ ਅਤੇ ਟਰੈਕਟਰ ਦੀ ਉਡੀਕ ਸੂਚੀ ਚੱਲ ਰਹੀ ਹੈ। ਉਨ੍ਹਾਂ ਵਿਕਰੀ ਲਈ ਮੋਟੇ ਤੌਰ ’ਤੇ ਤਿੰਨ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਕਿਸਾਨ ਘਰਾਂ ਵਿਚ ਕੋਵਿਡ ਕਰਕੇ ਵਿਆਹ ਸਾਹੇ ਰੁਕੇ ਹਨ ਅਤੇ ਨਵੀਂ ਉਸਾਰੀ ਵੀ ਸ਼ੁਰੂ ਨਹੀਂ ਹੋਈ। ਉਪਰੋਂ ਮੁੰਡਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਪੈਂਡਿੰਗ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਦੌਰਾਨ ਵੀ ਟਰੈਕਟਰ ਦਾ ਉਭਾਰ ਹੋਇਆ ਹੈ ਅਤੇ ਵੱਡੇ ਟਰੈਕਟਰਾਂ ਪ੍ਰਤੀ ਨਵੀਂ ਪੀੜੀ ਉਲਾਰ ਹੋਈ ਹੈ। 

  ਪੰਜਾਬ ’ਚ ਟਰੈਕਟਰਾਂ ਦੀ ਵਿਕਰੀ 

ਸਾਲ          ਟਰੈਕਟਰਾਂ ਦੀ ਗਿਣਤੀ

2020 (ਅਕਤੂਬਰ ਤੱਕ) 17,611

2019 21,321

2018 19,698

2017 20,334

2016 19,216

 

Sunday, October 25, 2020

                                                   ਵਿਚਲੀ ਗੱਲ 
                                    ਲੇਖਾ ਰੱਬ ਮੰਗੇਸੀਐ..!  
                                                  ਚਰਨਜੀਤ ਭੁੱਲਰ      

ਚੰਡੀਗੜ੍ਹ : ਹੰਸ ਰਾਜ ਨੂੰ ਕਿਸੇ ਪੁੱਛਿਆ, ਅਸਤੀਫ਼ਾ ਦਿਓਗੇ? ਅੱਗਿਓਂ ਬੋਲੇ, ਹਜ਼ੂਰ-ਏ-ਆਲਾ! ਕਿੱਦਾਂ ਦੀ ਗੱਲ ਪਏ ਕਰਦੇ ਹੋ, ਅਸਾਂ ਨੂੰ ਮਸਾਂ ਤਾਂ ਕੁਰਸੀ ਮਿਲੀ ਏ..! ਫੱਕਰਾਂ ਦੀ ਖ਼ੈਰ ਮੰਗ ਛੱਡੋ, ਮੌਲਾ ਭਲੀ ਕਰੇਗਾ। ਭਲਿਓ ਤੁਸਾਂ ਕੋਈ ਕਸਰ ਨਹੀਂ ਛੱਡੀ। ਦਿੱਲੀ ਵਾਲਿਆਂ ਮੁੱਲ ਪਾਇਆ ਏ..! ਸਾਡੇ ਆਲੇ ਨਵਜੋਤ ਸਿੱਧੂ ਨੇ ਤਾਂ ਮਿੰਟ ਲਾਇਆ ਏ, ਅੌਹ ਵਗਾਹ ਮਾਰਿਆ ਅਸਤੀਫ਼ਾ। ਅਖੇ ਕੋਈ ਵੱਡੀ ਸਾਰੀ ਕੁਰਸੀ ਦਿਖਾਓ। ਬੀਬਾ ਬਾਦਲ ਦਾ ਧੰਨ ਜਿਗਰਾ। ਕੁਰਸੀ ਤਿਆਗ ਦਿੱਤੀ। ‘ਬਾਦਸ਼ਾਹ ਸਲਾਮਤ’ ਕਾ ਅੰਦਾਜ਼-ਏ-ਬਿਆਂ। ਸ਼ਾਹੀ ਮੜਕ, ਆਵਾਜ਼-ਏ-ਗੜ੍ਹਕ..! ਵਿਧਾਨ ਸਭਾ ਦਾ ਪਵਿੱਤਰ ਸਦਨ। ਸਦਰ-ਏ-ਪੰਜਾਬ ਖੜ੍ਹੇ ਹੋਏ। ਲਿਬਾਸ ਚਿੱਟੇ ਦੁੱਧ ਵਰਗਾ। ਕੁੜਤੇ ’ਤੇ ਲੱਗੀ ਸ਼ਾਹੀ ਜੇਬ। ਜੇਬ ’ਚ ਪਿਆ ਅਸਤੀਫ਼ਾ। ਨਵਰਤਨ ਅਸ਼-ਅਸ਼ ਕਰ ਉੱਠੇ, ਜਦੋਂ ਲੋਕ ਰਾਜ ਦੇ ਬਾਦਸ਼ਾਹ ਬੋਲੇ, ‘ਮੈਂ ਤਾਂ ਅਸਤੀਫ਼ਾ ਜੇਬ ’ਚ ਰੱਖਦਾਂ’। ਦੋ ਦਫ਼ਾ ਪਹਿਲਾਂ ਵੀ ਦਿੱਤੈ। ਅੰਨਦਾਤੇ ਨੂੰ ਆਪਣੇ ਹਾਲ ’ਤੇ ਨਹੀਂ ਛੱਡਾਂਗਾ। ‘ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ।’

               ਸੰਧਵਾਂ ਵਾਲਾ ਕੁਲਤਾਰ ਕੀ ਜਾਣੇ, ਕੁਰਸੀ ਦੀਆਂ ਬਾਤਾਂ। ਡੌਂਡੀ ਪਿੱਟਣ ਲੱਗਾ, ਮਹਾਰਾਜੇ ਦੀ ਜੇਬ ਤਾਂ ਖਾਲੀ ਸੀ, ਸਭ ਗੱਲਾਂ ਝੂਠ। ਐਵੇਂ ਜੇਬਾਂ ਨਾ ਫਰੋਲੋ, ਅੌਹ ਦੇਖੋ, ਪੰਡਾਲ ਕਿਵੇਂ ਭਰੇ ਨੇ। ਢਾਡੀ ਗਾ ਰਹੇ ਨੇ, ਮੁੱਕੇ ਤਣੇ ਨੇ, ਨਾਅਰੇ ਗੂੰਜਦੇ ਨੇ, ਝੰਡੇ ਝੂਲਦੇ ਨੇ। ਕਿਸਾਨਾਂ ਦਾ ਜੋਸ਼ ਵੇਖ... ਨਾਲੇ ਹੋਸ਼ ਵੇਖ। ਕੋਈ ਦੁੱਧ ਲਿਆ ਰਿਹਾ ਏ, ਕੋਈ ਲੰਗਰ ਛਕਾ ਰਿਹਾ ਏ। ‘ਅਸਤੀਫਾ-ਅਸਤੀਫਾ’ ਵਾਲੀ ਖੇਡ ਨੂੰ ਕੌਣ ਭੁੱਲਿਐ। ਅੰਨਦਾਤੇ ਨੇ, ਭੁਲੱਕੜਦਾਸ ਨਹੀਂ, ਹੁਣ ਅੌਖਾ ਹੀ ਧਿਜਣਗੇ। ਫ਼ਿਲਮ ‘ਰੋਟੀ’ ਦਾ ਗਾਣਾ ਇੰਨ ਬਿੰਨ ਢੁੱਕਦੈ। ‘ਅਰੇ ਭੀਖ ਨਾ ਮਾਂਗੇ, ਕਰਜ਼ ਨਾ ਮਾਂਗੇ/ਯੇ ਆਪਣਾ ਹੱਕ ਮਾਂਗਤੀ ਹੈ, ਯੇ ਜੋ ਪਬਲਿਕ ਹੈ, ਸਭ ਜਾਨਤੀ ਹੈ।’ ਕਿਸਾਨ ਭਰਾਵੋ! ਲੱਖ ਰੁਪਏ ਦੀ ਗੱਲ ਕੀਤੀ ਐ। ਮਜੀਠੇ ਵਾਲਿਆਂ ਦੀ ਨਵੀਂ ਆਫਰ ਤੋਂ ਬਲਿਹਾਰੇ ਜਾਵਾਂ। ਅਖ਼ੇ, ‘ਸਭ ਵਿਧਾਇਕ ਅਸਤੀਫ਼ੇ ਦੇ ਦੇਣਗੇ।’ ਅਸਤੀਫ਼ੇ ਦੀ ਗੂੰਜ ਕਿੱਧਰੋਂ ਵੀ ਪਵੇ। ਧੁੜਕੂ ਸਾਧ ਸੁਭਾਅ ਵਾਲੇ ਮੰਤਰੀ ਨੂੰ ਲੱਗ ਜਾਂਦੈ। ਪਿਆਰੇ ਸੁਆਮੀ! ਹੁਣ ਫਿਕਰ ਨੂੰ ਛੱਡੋ, ਮਹਾਰਾਜੇ ਦੀ ਜੇਬ ’ਚ ’ਕੱਲਾ ਅਸਤੀਫ਼ਾ ਨਹੀਂ, ਕਲੀਨ ਚਿੱਟ ਵੀ ਐ।

               ਬਠਿੰਡੇ ਵਾਲਾ ਟੋਨੀ ਜੇਬਕਤਰਾ । ਰੱਬ ਦਾ ਬੰਦਾ ਪਰਲੋਕ ’ਚ ਬੈਠੈ। ਚੇਲਿਆਂ ਦੀ ਚੰਗੀ ਜੈ-ਜੈ ਕਾਰ ਐ। ਟੋਨੀ ਦੇ ਵਾਰਸੋ! ਸਾਡੇ ਮੁੱਖ ਮੰਤਰੀ ਨੂੰ ਬਖ਼ਸ਼ ਦੇਣਾ। ਕਿਤੇ ਜੇਬ ਨੂੰ ਪੈ ਨਿਕਲੋ। ਜੇਬ ’ਚੋਂ ਬੱਸ ਅਸਤੀਫ਼ਾ ਨਿਕਲੂ। ਥੋਡੇ ਕਿਸੇ ਕੰਮ ਨਹੀਂ ਆਉਣਾ। ਸਾਡਾ ਰਹਿਣਾ ਕੱਖ ਨਹੀਂ। ਟਕਸਾਲੀ ਦੱਸਦੇ ਹਨ...ਟੌਹੜਾ ਸਾਹਿਬ ਦੀ ਜੇਬ ਕਈ ਵਾਰੀ ਕੱਟੀ ਗਈ। ਵੱਡੇ ਬਾਦਲ ਉਦੋਂ ਤੋਂ ਜੇਬ ’ਚ ਕੋਈ ਪੈਸਾ ਨਹੀਂ ਰੱਖਦੇ।‘ਫਸੀ ਤਾਂ ਫਟਕਣ ਕੀ।’ ਹੁਕਮ ਤਾਂ ਛੱਡੋ... ਸਲੀਬ ’ਤੇ ਕੀ ਨਾ ਚੜ੍ਹ ਜਾਣ। ਹੁਣ ਭਾਵੇਂ ਜ਼ਹਿਰ ਦਾ ਪਿਆਲਾ ਪਿਆ ਦਿਓ। ਵਕਤ ਦਾ ਚੱਕਾ ਤੇਜ਼ੀ ਨਾਲ ਘੁੰਮਦੈ। ਵਰ੍ਹਾ 2022 ਤਾਂ ਅੱਖ ਦੇ ਫੌਰੇ ਆਜੂ। ‘ਪਹਿਲਾਂ ਅਸਤੀਫ਼ਾ, ਫਿਰ ਭਾਜਪਾ ਨੂੰ ਬਾਏ-ਬਾਏ’, ਇੰਝ ਸੁਖਬੀਰ ਬਾਦਲ ਨੇ ਲਕੀਰ ਖਿੱਚਤੀ। ‘ਪਹਿਲਾਂ ਖੇਤੀ ਸੋਧ ਬਿੱਲ ਲਿਆਂਦੇ, ਉਪਰੋਂ ਅਸਤੀਫ਼ੇ ਵਾਲਾ ਗਿਫਟ ਵਾਊਚਰ।’ ਏਹ ਨਵੀਂ ਲਕੀਰ ਅਮਰਿੰਦਰ ਨੇ ਖਿੱਚਤੀ। ਇੰਝ ਲੱਗਦੈ, ਬਈ ਹੁਣ ਲਕੀਰੋ-ਲਕੀਰੀ ਹੋਣਗੇ।

               ‘ਆਪ’ ਨੇ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਓਹ ਵੀ ਵਾਜਾ ਚੁੱਕੀ ਫਿਰਦੇ ਨੇ। ਲੋਕਾਂ ਨੂੰ ਤਾਂ ਰੱਬ ਵੀ ਖੁਸ਼ ਨਹੀਂ ਕਰ ਸਕਿਆ। ਬਾਹਲੇ ਅਧਰਮੀ ਲੋਕ ਨੇ...ਰੱਬ ਦਾ ਖ਼ੌਫ ਖਾਣੋਂ ਵੀ ਹਟ ਗਏ। ਲੱਗਦੈ, ਕੇਜਰੀਵਾਲ ਦਾ ਰਾਹ ਬਿੱਲੀ ਕੱਟ ਗਈ। ‘ਮਿਲੇ ਸੁਰ ਮੇਰਾ ਤੁਮਾਰਾ’... ਅਮਿਤ ਸ਼ਾਹ ਬਾਗੋ ਬਾਗ ਹੋਇਐ। ਭੁਲੱਥ ਆਲੇ ਸੁਖਪਾਲ ਖਹਿਰੇ ਦੇ ਜ਼ਰੂਰ ਨੰਬਰਦਾਰ ਮੱਥੇ ਲੱਗਿਆ ਹੋਊ। ਕਿਸਾਨਾਂ ਨੇ ਮੱਥਾ ਸਿੱਧਾ ਦਿੱਲੀ ਨਾਲ ਲਾਇਐ। ਪ੍ਰਧਾਨ ਮੰਤਰੀ ਨੇ ਮਨ ਦੀ ਬਾਤ ਸੁਣਾਤੀ...ਖੇਤੀ ਕਾਨੂੰਨ ਨਹੀਂ ਹੋਣਗੇ ਵਾਪਸ। ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ‘ਪੰਚ ਪ੍ਰਮੇਸ਼ਵਰ’ ਪੜ੍ਹੀ ਹੁੰਦੀ, ਏਨੇ ਕੋਰੇ ਨਾ ਹੁੰਦੇ। ਜਪਾਨੀ ਆਖਦੇ ਨੇ, ‘ਜਿਸ ਕੋਲ ਕੁਝ ਗੁਆਉਣ ਲਈ ਨਾ ਹੋਵੇ, ਉਸ ਕੋਲੋਂ ਡਰਨਾ ਚਾਹੀਦੈ।’ ਮਹਾਭਾਰਤ ਕਿਸੇ ਧਰਤੀ ’ਤੇ ਵੀ ਹੋ ਸਕਦੈ। ਰਾਗ ਮੁੱਕ ਗਿਆ ਕਿ ਤਾਰ ਟੁੱਟ ਗਈ। ਦਸੌਂਧਾ ਸਿਓਂ ਗੱਲ ਗੱਲ ’ਤੇ ਆਖਦੈ..‘ਅਮਲਾਂ ਦੇ ਹੋਣਗੇ ਨਿਬੇੜੇ..!’

               ਅਰਸਤੂ ਦਾ ਪ੍ਰਵਚਨ ਸੁਣੋ, ‘ਚੁਟਕਲੇ ਸੁਣਨ ਦੇ ਤਾਂ ਦੇਵਤੇ ਵੀ ਸ਼ੌਕੀਨ ਹੁੰਦੇ ਨੇ।’ ਟੋਟਕਿਆਂ ਨੂੰ ਛੱਡੋ, ਚਾਣਕਯ ਦੀ ਗੱਲ ’ਚ ਦਮ ਐ, ਉਹ ਸੁਣ ਲਓ, ‘ਪਰਜਾ ਦਾ ਗੁੱਸਾ ਹਰ ਤਰ੍ਹਾਂ ਦੇ ਗੁੱਸੇ ਤੋਂ ਭਿਅੰਕਰ ਹੁੰਦਾ ਹੈ।’ ਖੇਤੀ ਕਾਨੂੰਨ ਕਾਹਦੇ ਆਏ, ਲੱਗਦੈ ਜਵਾਰਭਾਟਾ ਆ ਗਿਆ। ਰੱਬ ਝੂਠ ਨਾ ਬੁਲਾਵੇ, ਪੰਜਾਬ ਤਾਂ ਇੱਕੋ ਮੋਰੀ ਨਿਕਲੂ। ‘ਕਾਲੀਆਂ ਇੱਟਾਂ ਕਾਲੇ ਰੋੜ’, ਚਾਰੇ ਪਾਸੇ ਸੰਘਰਸ਼ੀ ਹੜ੍ਹ ਆਇਐ। ਭਾਜਪਾ ਆਗੂ ਕਿਥੋਂ ਤਵੀਤ ਕਰਾਉਣ। ਅਡਵਾਨੀ ਨੇ ਜ਼ਰੂਰ ਠੰਢਾ ਸਾਹ ਲਿਆ ਹੋਊ... ‘ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ।’ ਸਿਸਰੋ ਇੰਝ ਫਰਮਾ ਗਏ, ‘ਗ਼ਲਤੀ ਤਾਂ ਹਰ ਮਨੁੱਖ ਤੋਂ ਹੁੰਦੀ ਐ, ਉਸ ’ਤੇ ਅੜੇ ਰਹਿਣ ਦੀ ਜ਼ਿੱਦ ਸਿਰਫ਼ ਮੂਰਖ ਕਰਦੇ ਨੇ।’ ਕੇਂਦਰ ਨੇ ਤਾਂ ਹੁਣ ਬੂਹੇ ਹੀ ਭੇੜ ਲਏ। ਤਾਹੀਂ ਘੋਲ ਖੇਡ ਲਈ ਪੰਜਾਬ ਨੇ ਝੰਡੀ ਫੜੀ ਐ। ਸਿਆਸਤ ਦਾ ਸਿੰਘਾਸਣ ਡੋਲਣ ਲੱਗੈ। ਕਾਸ਼! ਏਹ ਸਰ ਛੋਟੂ ਰਾਮ ਦਾ ਜੂਠਾ ਖਾ ਲੈਂਦੇ। ਨਾ ਅਸਤੀਫ਼ੇ ਦੇਣੇ ਪੈਂਦੇ, ਨਾ ਅਸਤੀਫ਼ਾ ਜੇਬ ’ਚ ਰੱਖਣਾ ਪੈਂਦਾ। ਮੁੱਖ ਮੰਤਰੀ ਤਾਂ ਕਿਤਾਬਾਂ ਦੇ ਸ਼ੌਕੀਨ ਨੇ। ਅਸਤੀਫ਼ਾ ਤਜੋਰੀ ’ਚ ਰੱਖ ਦੇਣ। ਪ੍ਰੋ. ਬਸੰਤ ਸਿੰਘ ਬਰਾੜ ਦੀ ਕਿਤਾਬ ‘ਕਿਸਾਨਾਂ ਦੇ ਮਸੀਹਾ-ਸਰ ਛੋਟੂ ਰਾਮ’ ਜ਼ਰੂਰ ਪੜ੍ਹਨ। ਪ੍ਰੋਫੈਸਰ ਸਾਹਿਬ, ਪਿੰਡ ਬਾਦਲ ਵੀ ਕਿਤਾਬਾਂ ਦਾ ਸੈੱਟ ਭੇਜਿਓ।

               ਆਓ ਹੁਣ ਸਰ ਛੋਟੂ ਰਾਮ ਦਾ ਵਾਕ ਲਈਏ। ਜ਼ਿਲ੍ਹਾ ਰੋਹਤਕ ਦਾ ਇੱਕ ਬੱਚਾ... ਨਾਮ ‘ਰਾਮ ਰਿਛਪਾਲ’। ਮਾਸਟਰ ਨੇ ਨਾਮ ਲਿਖਿਆ, ਛੋਟੂ ਰਾਮ। ਬਾਪ ਸੁਖੀ ਰਾਮ ਦੀ ਜੇਬ ਖਾਲੀ, ਛੋਟੂ ਰਾਮ ਨੂੰ ਕਿਵੇਂ ਪੜ੍ਹਾਵੇ। ਬਾਪ ਸ਼ਾਹੂਕਾਰ ਘਾਸੀ ਰਾਮ ਦੇ ਚਰਨੀ ਲੱਗਾ। ਬਾਪ ਪੂਰਾ ਦਿਨ ਰੱਸੀ ਵਾਲਾ ਪੱਖਾ ਖਿੱਚਦਾ ਰਿਹਾ। ਛੋਟੂ ਰਾਮ ਕੋਲ ਬੈਠਾ ਰਿਹਾ। ਘਾਸੀ ਰਾਮ ਦੀ ਜਾਗ ਖੁੱਲ੍ਹੀ। ਕਰਜ਼ੇ ਤੋਂ ਕੋਰਾ ਜਵਾਬ ਦੇ ਦਿੱਤਾ। ਵਜ਼ੀਫੇ ਨਾਲ ਲਾਹੌਰ ਅਤੇ ਦਿੱਲੀ ਪੜ੍ਹਿਆ। ਵਕਾਲਤ ਪੜ੍ਹੀ, ਕਾਲਾ ਕੋਟ ਪਾ ਲਿਆ। ਕਰਜ਼ਈ ਕਿਸਾਨਾਂ ਦੇ ਰਾਜ਼ੀਨਾਮੇ ਕਰਾਉਣੇ, ਮੁਫ਼ਤ ਕੇਸ ਲੜਨੇ, ਇਹੋ ਨਿੱਤਨੇਮ ਰਿਹਾ। ‘ਜਾਟ ਐਜੂਕੇਸ਼ਨ ਸੁਸਾਇਟੀ ਬਣਾਈ’। ਵਿੱਦਿਆ ਦੀ ਜੋਤ ਜਗਾਈ। 22 ਹਜ਼ਾਰ ਮੁੰਡੇ ਫੌਜ ’ਚ ਭਰਤੀ ਕਰਾਏ। ਛੋਟੂ ਰਾਮ ਨੇ ‘ਜਾਟ ਗਜ਼ਟ’ ਅਖ਼ਬਾਰ ਕੱਢਿਆ। ‘ਵਿਚਾਰਾ ਜਿਮੀਂਦਾਰ’ ਕਾਲਮ ਹੇਠ ਸਤਾਰਾਂ ਲੇਖ ਲਿਖੇ। ਕਿਸਾਨ ਜਗਾਏ, ਬਦਲੇ ’ਚ ਮਿਲੇ ਦੇਸ਼ਧ੍ਰੋਹ ਦੇ ਪਰਚੇ। ਹੋਏ। ਦੇਸ਼ ਨਿਕਾਲ਼ਾ ਵੱਖਰਾ ਮਿਲਿਆ।

               ਪੰਜਾਬ ਵਿਧਾਨਕਾਰ ਕੌਂਸਲ ’ਚ ਛੋਟੂ ਰਾਮ ਖੇਤੀ ਮੰਤਰੀ, ਫੇਰ ਮਾਲ ਮੰਤਰੀ ਬਣੇ। ਅੰਗਰੇਜ਼ ਅੌਖੇ ਭਾਰੇ ਹੋਏ, ਮਹਾਜਨ ਤਾਂ ਟੁੱਟ ਕੇ ਪੈ ਗਏ... ਛੋਟੂ ਰਾਮ ਨੇ 22 ਕਾਨੂੰਨ ਬਣਾਏ। ਕਿਸਾਨਾਂ ਦੀ ਜੂਨ ਸੌਖੀ ਕਰਤੀ। ਕਿਸਾਨ ਭਲਾਈ ਫੰਡ ਬਣਿਆ। ਡਾ. ਅਬਦੁਸ ਸਲਾਮ, ਜੋ ਮਗਰੋਂ ਨੋਬੇਲ ਇਨਾਮ ਵਿਜੇਤਾ ਬਣਿਆ, ਇਸੇ ਫੰਡ ’ਚੋਂ ਪੜ੍ਹਿਆ। ਕਰਜ਼ਦਾਤਾ ਲਈ ਵਿਧਾਨ, ਕਰਜ਼ੇ ’ਚ ਗ੍ਰਿਫ਼ਤਾਰੀ ਨਹੀਂ ਹੋਵੇਗੀ, ਜ਼ਮੀਨ ਕੁਰਕ ਨਹੀਂ ਹੋਵੇਗੀ, ਮਾਰਕੀਟ ਕਮੇਟੀਆਂ, ਸਹਿਕਾਰੀ ਸਭਾਵਾਂ, ਸਭ ਕਾਨੂੰਨ ਬਣਾਤੇ। 3.65 ਲੱਖ ਕਿਸਾਨਾਂ ਦੀ ਜ਼ਮੀਨ ਵਾਪਸ ਕਰਵਾਈ।ਕਿਸਾਨਾਂ ਦੇ ਦਿਲਾਂ ਦਾ ਰਾਜਾ ਬਣਿਆ। ਕੋਈ ਛੋਟੂ ਰਾਮ ਆਖਦਾ, ਕੋਈ ਛੋਟੂ ਸਿੰਘ ਤੇ ਕੋਈ ਛੋਟੂ ਖਾਨ। ਤਾਹੀਂ ਸਵੀਡਨ ਵਾਲੇ ਆਖਦੇ ਨੇ...‘ਇੱਜ਼ਤ ਦਾ ਪਰਛਾਵਾਂ ਵੱਡਾ ਹੁੰਦੈ।’ ਛੋਟੂ ਰਾਮ ਨੇ ਭਾਖੜਾ ਡੈਮ ਦਾ ਮੁੱਢ ਬੰਨ੍ਹਿਆ। 8 ਜਨਵਰੀ 1945 ਨੂੰ ਡੈਮ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ। 9 ਜਨਵਰੀ ਨੂੰ ਚਲ ਵਸਿਆ। ਆਖਰੀ ਬੋਲ ਸਨ, ‘ਮੈਂ ਚੱਲਿਆ, ਰਾਮ ਭਲਾ ਕਰੇ।’

              ਛੋਟੂ ਰਾਮ ਦੀ ਸੋਚ ਨੂੰ ਸੱਤ ਸਲਾਮਾਂ। ਇੰਝ ਕਿਸਾਨਾਂ ਨੂੰ ਹਲੂਣਾ ਦਿੰਦਾ, ‘ਚੁੱਪ ਨੂੰ ਤਿਆਗ, ਗੂੰਗੇਪਣ ਨੂੰ ਛੱਡ, ਮੇਰੇ ਕਿਸਾਨ ਭਾਈ! ਮਿੰਨਤਾਂ ਨਹੀਂ, ਵਿਰੋਧ ਕਰ, ਨੀਂਦ ’ਚੋਂ ਜਾਗ, ਮੂੰਹ ’ਤੇ ਛਿੱਟੇ ਮਾਰ, ਘੋਲ ਨੂੰ ਹਥਿਆਰ ਬਣਾ।’ ਛੋਟੂ ਰਾਮ ਵੋਟਾਂ ਲਈ ਨਹੀਂ, ਖੇਤਾਂ ਲਈ ਜਾਗਿਆ। ਅੱਜ ਦਸਹਿਰਾ ਹੈ। ਕਿਸਾਨੀ ਹਕੂਮਤ ਦੇ ਦਿਓਕੱਦ ਬੁੱਤ ਸਾੜੇਗੀ। ਛੋਟੂ ਰਾਮ ਦੀ ਫੋਟੋ ਛੱਜੂ ਰਾਮ ਚੁੱਕੀ ਫਿਰਦੈ। ਪ੍ਰਤਾਪੀ ਇਨਸਾਨ ਦੇ ਦਰਸ਼ਨ ਕਰਾ ਰਿਹੈ। ਚੀ ਗਵੇਰਾ ਦਾ ਮਸ਼ਵਰਾ ਹੈ.. ‘ਇਨਕਲਾਬ ਕੋਈ ਸੇਬ ਨਹੀਂ ਹੁੰਦਾ ਜੋ ਪੱਕਣ ’ਤੇ ਆਪਣੇ ਆਪ ਡਿੱਗ ਪਏਗਾ, ਇਸ ਲਈ ਉੱਦਮ ਕਰਨਾ ਪੈਂਦੈ। ਦਾਦਿਆਂ ਨੇ ਹਲ਼ ਨਾਲ ਬੰਜਰ ਭੰਨੇ, ਪਿਓਆਂ ਨੇ ਸੱਪ ਮਿੱਧੇ, ਮੁੰਡਿਆਂ ਨੂੰ ਡਰ ਐ.. ਕਿਤੇ ਕਾਰਪੋਰੇਟ ਖੇਤਾਂ ਨੂੰ ਡੰਗ ਨਾ ਜਾਣ। ਉਪਰੋਂ ਸ਼ਹਿਰੀ ਵੀ ਨਾਲ ਡਟ ਗਏ..!


 

Saturday, October 24, 2020

                              ਫਸਲ ਬੀਮਾ ਸਕੀਮ 
               ਰਿਲਾਇੰਸ ਦੇ ਹੋਏ ਵਾਰੇ ਨਿਆਰੇ !
                               ਚਰਨਜੀਤ ਭੁੱਲਰ   

ਚੰਡੀਗੜ੍ਹ : ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੇ ਕਾਰਪੋਰੇਟਾਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ ਜਦੋਂ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ । ਰਿਲਾਇੰਸ ਜਨਰਲ ਬੀਮਾ ਕੰਪਨੀ ਇਸ ਸਕੀਮ ’ਚੋਂ ਕਰੋੜਾਂ ਰੁਪਏ ਖੱਟ ਗਈ ਹੈ। ਹਾਲਾਂਕਿ ਪ੍ਰਾਈਵੇਟ ਬੀਮਾ ਕੰਪਨੀਆਂ ਨੇ ਚੰਗੀ ਕਮਾਈ ਕੀਤੀ ਹੈ ਜਦੋਂ ਕਿ ਫਸਲੀ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੇ ਹੱਥ ਖਾਲੀ ਹਨ। ਦੇਸ਼ ਭਰ ਦੇ 27 ਸੂਬਿਆਂ ਵਿਚ ਇਹ ਫਸਲ ਬੀਮਾ ਯੋਜਨਾ ਲਾਗੂ ਹੈ ਜਦੋਂ ਕਿ ਪੰਜਾਬ ਨੇ ਇਸ ਸਕੀਮ ਨੂੰ ਘਾਟੇ ਦਾ ਸੌਦਾ ਮੰਨਿਆ ਹੈ। ਕੇਂਦਰੀ ਖੇਤੀ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ 11 ਬੀਮਾ ਕੰਪਨੀਆਂ ਸੇਵਾਵਾਂ ਦੇ ਰਹੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਸਾਲ 2016-17 ਤੋਂ 2019-20 ਦੇ ਚਾਰ ਵਰ੍ਹਿਆਂ ਦੌਰਾਨ 28,068 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਚੋਂ ਚਾਰ ਸਾਲਾਂ ’ਚ ਰਿਲਾਇੰਸ ਜਨਰਲ ਬੀਮਾ ਕੰਪਨੀ ਵੱਲੋਂ 4068 ਕਰੋੜ ਰੁਪਏ ਦਾ ਮੁਨਾਫ਼ਾ ਖੱਟਿਆ ਗਿਆ ਹੈ। ਰਿਲਾਇੰਸ ਕੰਪਨੀ ਵੱਲੋਂ ਸੱਤ ਸੂਬਿਆਂ ਵਿਚ ਫਸਲਾਂ ਦਾ ਬੀਮਾ ਕੀਤਾ ਗਿਆ ਸੀ। 

       ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 18 ਫਰਵਰੀ 2016 ਨੂੰ ‘ਵਨ ਨੇਸ਼ਨ ਵਨ ਸਕੀਮ’ ਤਹਿਤ ਲਾਗੂ ਕੀਤਾ ਗਿਆ ਸੀ ਜਿਸ ਤਹਿਤ ਤਕਰੀਬਨ ਸਾਰੀਆਂ ਫਸਲਾਂ ਨੂੰ ਕਵਰ ਕੀਤਾ ਗਿਆ ਹੈ। ਦੇਸ਼ ਦੇ 27 ਸੂਬਿਆਂ ਨੇ ਇਹ ਸਕੀਮ ਲਾਗੂ ਕੀਤੀ ਹੈ ਜਿਨ੍ਹਾਂ ਵੱਲੋਂ ਕਿਸਾਨਾਂ ਨੂੰ ਜਦੋਂ ਫਸਲੀ ਕਰਜ਼ਾ ਦਿੱਤਾ ਜਾਂਦਾ ਹੈ ਤੇ ਉਸ ਦੇ ਨਾਲ ਹੀ ਬੀਮਾ ਸਕੀਮ ਦਾ ਕਿਸਾਨਾਂ ਤੋਂ ਪ੍ਰੀਮੀਅਮ ਕੱਟ ਲਿਆ ਜਾਂਦਾ ਹੈ। ਕੇਂਦਰੀ ਕੈਬਨਿਟ ਵੱਲੋਂ ਹੁਣ 19 ਫਰਵਰੀ 2020 ਤੋਂ ਇਹ ਫਸਲੀ ਬੀਮਾ ਯੋਜਨਾ ਸਵੈ ਇੱਛੁਕ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਦੇਸ਼ ਵਿਚ 5.75 ਕਰੋੜ ਕਿਸਾਨ ਇਸ ਸਕੀਮ ਤਹਿਤ ਕਵਰ ਕੀਤੇ ਗਏ ਹਨ ਜਿਨ੍ਹਾਂ ਦਾ 5.24 ਕਰੋੜ ਹੈਕਟੇਅਰ ਰਕਬਾ ਕਵਰ ਕੀਤਾ ਹੈ। ਸਾਲ 2018-19 ਦੌਰਾਨ ਇਸ ਸਕੀਮ ਦਾ 2.08 ਕਰੋੜ ਕਿਸਾਨਾਂ ਨੂੰ ਲਾਭ ਮਿਲਿਆ ਸੀ। ਕਿਸਾਨਾਂ ਦਾ ਸ਼ਿਕਵਾ ਹੈ ਕਿ ਇਸ ਸਕੀਮ ਤਹਿਤ ਫਸਲ ਦੇ ਖ਼ਰਾਬੇ ਮਗਰੋਂ ਉਨ੍ਹਾਂ ਨੂੰ ਸਮੇਂ ਸਿਰ ਅਤੇ ਪੂਰਾ ਮੁਆਵਜ਼ਾ ਨਹੀਂ ਮਿਲਦਾ ਹੈ। ਪੰਜਾਬ ਸਰਕਾਰ ਨੇ ਤਿੰਨ ਸਾਲ ਪਹਿਲਾਂ ਇਹ ਸਕੀਮ ਇਹ ਆਖ ਕੇ ਰੱਦ ਕਰ ਦਿੱਤੀ ਸੀ ਕਿ ਰਾਜ ਸਰਕਾਰ ਖੁਦ ਕਾਰਪੋਰੇਸ਼ਨ ਬਣਾ ਕੇ ਸਕੀਮ ਲਾਗੂ ਕਰੇਗੀ।

        ਖੇਤੀ ਮੰਤਰਾਲੇ ਦੇ ਤੱਥਾਂ ਅਨੁਸਾਰ ਪ੍ਰਾਈਵੇਟ ਬੀਮਾ ਕੰਪਨੀਆਂ ਨੇ ਸਾਲ 2019-20 ਵਿਚ 17,877 ਕਰੋੜ, ਸਾਲ 2018-19 ਵਿਚ 2608 ਕਰੋੜ, ਸਾਲ 2017-18 ਵਿਚ 2591 ਕਰੋੜ ਅਤੇ ਸਾਲ 2016-17 ਵਿਚ 4912 ਕਰੋੜ ਰੁਪਏ ਕਮਾਏ ਹਨ। ਇਨ੍ਹਾਂ ਚਾਰੋ ਵਰ੍ਹਿਆਂ ਵਿਚ ਕਿਸਾਨਾਂ ਨੇ 17,450 ਕਰੋੜ ਰੁਪਏ ਆਪਣੀ ਹਿੱਸੇਦਾਰੀ ਵਜੋਂ ਪ੍ਰੀਮੀਅਮ ਭਰਿਆ ਹੈ ਜਦੋਂ ਕਿ ਕੇਂਦਰ ਸਰਕਾਰ ਨੇ 44,144 ਕਰੋੜ ਅਤੇ ਰਾਜ ਸਰਕਾਰਾਂ ਨੇ 45843 ਕਰੋੜ ਰੁਪਏ ਪ੍ਰੀਮੀਅਮ ਵਜੋਂ ਭਰੇ ਹਨ। ਕੁੱਲ ਮਿਲਾ ਕੇ ਇਨ੍ਹਾਂ ਚਾਰਾਂ ਸਾਲਾਂ ਵਿਚ 107441 ਕਰੋੜ ਰੁਪਏ ਬੀਮਾ ਕੰਪਨੀਆਂ ਨੂੰ ਪ੍ਰੀਮੀਅਮ ਵਜੋਂ ਤਾਰੇ ਗਏ ਹਨ ਜਿਨ੍ਹਾਂ ਚੋਂ ਕਿਸਾਨਾਂ ਨੂੰ ਨੁਕਸਾਨੀ ਫਸਲ ਦਾ 79,369 ਕਰੋੜ ਰੁਪਏ ਮੁਆਵਜ਼ਾ ਮਿਲਿਆ ਹੈ। ਰਿਲਾਇੰਸ ਜਨਰਲ ਬੀਮਾ ਕੰਪਨੀ ਨੇ ਸਾਲ 2019-20 ਵਿਚ 2045 ਕਰੋੜ ,2018-19 ਵਿਚ 487 ਕਰੋੜ, ਸਾਲ 2017-18 ਵਿਚ 585 ਕਰੋੜ ਅਤੇ ਸਾਲ 2016-17 ਵਿਚ 951 ਕਰੋੜ ਰੁਪਏ ਇਸ ਫਸਲ ਬੀਮਾ ਯੋਜਨਾ ਚੋਂ ਕਮਾਏ ਹਨ। 

        ਪੰਜਾਬ ਸਰਕਾਰ ਨੇ ਇਸ ਸਕੀਮ ਵੱਲ ਮੁੜ ਕਦੇ ਗੌਰ ਨਹੀਂ ਕੀਤੀ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਆਖਦੇ ਹਨ ਕਿ ਖੇਤੀ ਪੂਰੀ ਤਰ੍ਹਾਂ ਕੁਦਰਤ ’ਤੇ ਨਿਰਭਰ ਹੈ। ਅਕਸਰ ਪੱਕੀ ਫਸਲ ’ਤੇ ਮਾਰ ਪੈਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਹਰ ਵਰੇ੍ਹ ਕਿਸੇ ਨਾ ਕਿਸੇ ਰੂਪ ਵਿਚ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਜਾਂ ਫਿਰ ਪੰਜਾਬ ਸਰਕਾਰ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ ਤਾਂ ਜੋ ਕਿਸਾਨਾਂ ਦੀ ਭਰਪਾਈ ਹੋ ਸਕੇ। ਰਿਲਾਇੰਸ ਕੰਪਨੀ ਵੱਲੋਂ ਇਨ੍ਹਾਂ ਵਰ੍ਹਿਆਂ ਦੌਰਾਨ ਉੜੀਸਾ,ਮਹਾਰਾਸ਼ਟਰ,ਗੁਜਰਾਤ,ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼,ਕਰਨਾਟਕ ਅਤੇ ਪੱਛਮੀ ਬੰਗਾਲ ਵਿਚ ਬੀਮਾ ਕਾਰੋਬਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਇਹ ਮਾੜਾ ਪੱਖ ਹੈ ਕਿ ਇਸ ਸਕੀਮ ਤਹਿਤ ਬਲਾਕ ਨੂੰ ਇਕਾਈ ਮੰਨਿਆ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਇੱਕ ਬਲਾਕ ਦੇ ਪੂਰੇ ਪਿੰਡਾਂ ਵਿਚ ਖ਼ਰਾਬਾ ਹੋਣ ਦੀ ਸੂਰਤ ਵਿਚ ਹੀ ਮੁਆਵਜ਼ਾ ਮਿਲਦਾ ਹੈ। ਅਗਰ ਕੁਝ ਪਿੰਡਾਂ ਵਿਚ ਹੀ ਫਸਲ ਕੁਦਰਤੀ ਆਫਤ ਦੀ ਭੇਂਟ ਚੜ੍ਹਦੀ ਹੈ ਤਾਂ ਬੀਮਾ ਕੰਪਨੀਆਂ ਉਸ ਨੂੰ ਮੁਆਵਜ਼ਾ ਰਾਸ਼ੀ ਨਹੀਂ ਦਿੰਦੀਆਂ ਹਨ। ਮਾਹਿਰ ਆਖਦੇ ਹਨ ਕਿ ਬਲਾਕ ਜਾਂ ਕਲਸਟਰ ਨੂੰ ਇਕਾਈ ਮੰਨਣ ਦੀ ਥਾਂ ਪਿੰਡ ਨੂੰ ਇਕਾਈ ਮੰਨਿਆ ਜਾਵੇ ਜਾਂ ਫਿਰ ਖ਼ਰਾਬੇ ਦੇ ਲਿਹਾਜ਼ ਨਾਲ ਮੁਆਵਜ਼ਾ ਦਿੱਤਾ ਜਾਵੇ। 

                    ਬੀਮਾ ਸਕੀਮ ਨੂੰ ਪੰਜਾਬ ਵੀ ਲਾਗੂ ਕਰੇ : ਪ੍ਰੋ. ਸੁਖਪਾਲ ਸਿੰਘ

ਇੰਡੀਅਨ ਇੰਸਟੀਚੂਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਪ੍ਰੋ. ਸੁਖਪਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਫਸਲ ਬੀਮਾ ਯੋਜਨਾ ਨੂੰ ਹੁਣ ਸਵੈ ਇੱਛੁਕ ਬਣਾ ਦਿੱਤਾ ਹੈ ਜਿਸ ਨਾਲ ਇਸ ਹੇਠ ਫਸਲੀ ਰਕਬਾ ਕਾਫ਼ੀ ਘੱਟ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਕੀਮ ਪੰਜਾਬ ਨੂੰ ਵੀ ਅਡਾਪਟ ਕਰਨੀ ਚਾਹੀਦੀ ਸੀ ਜਾਂ ਫਿਰ ਖੁਦ ਰਾਜ ਸਰਕਾਰ ਨੂੰ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ਸਰਕਾਰ ਨੇ ਇਸ ਸਾਲ ਰਾਜ ਸਰਕਾਰ ਦੀ ਬੀਮਾ ਯੋਜਨਾ ਲਾਗੂ ਕੀਤੀ ਹੈ। 

         


 

Sunday, October 18, 2020

                                                                      ਵਿਚਲੀ ਗੱਲ 
                                                      ਲਿਖਾਂਗੇ ਨਸੀਬਾ ਅਸੀਂ ਆਪ...
                                                                     ਚਰਨਜੀਤ ਭੁੱਲਰ 

ਚੰਡੀਗੜ੍ਹ : ਬੋਦੀ ਵਾਲਾ ਤਾਰਾ ਚੜ੍ਹਿਐ। ਸ਼ਾਸਤਰੀ ਜੀ! ਕੋਈ ਤਾਂ ਲੱਖਣ ਲਾਓ। ਗ੍ਰਹਿ ਚਾਲ ਤਾਂ ਲੀਹ ’ਤੇ ਸੀ। ਸਹੁਰੀ ਦੀ ਨੂੰ ਹੁਣ ਕੀ ਹੋਇਐ। ਚੰਗੀ ਭਲੀ ਚਾਲ ਵਿਗੜ ਗਈ। ‘ਚਲਤੀ ਕਾ ਨਾਮ ਗਾੜੀ..।’ ਬਰੇਕਾਂ ਤੋਂ ਪੈਰ ਚੁੱਕੋ, ਕੋਈ ਉਪਾਅ ਦੱਸੋ। ਆਹ ਨਵਾਂ ‘ਕਿਸਾਨਵਾਦ’ ਆਇਐ। ਸ਼ਾਸਤਰੀ ਪਾਤਸ਼ਾਹ, ਛੇਤੀ ਦੱਸੋ, ਏਹ ਹੁਣ ਜਾਊ ਕਿਵੇਂ। ਨਹਿਰ ’ਚ ਕਾਲੇ ਮਾਂਹ ਤਾਰਾਂ ਕਿ ਕਾਲੇ ਕੁੱਤੇ ਨੂੰ ਰੋਟੀ ਪਾਵਾਂ। ਭਲਾ ਨਰਿੰਦਰ ਮੋਦੀ ਇੰਝ ਕਿਉਂ ਸੋਚਦੇ ਨੇ। ਜ਼ਰੂਰ ਕਿਤੇ ਮੱਥਾ ਠਣਕਿਆ ਹੋਊ। ਕੋਈ ਯੂਨਾਨੀ ਵਿਚੋਂ ਬੋਲਿਐ..‘ਹਰ ਵੇਲੇ ਕਸੀ ਕਮਾਨ ਟੁੱਟ ਵੀ ਜਾਂਦੀ ਐ।’ ਅਹਿਮਦਾਬਾਦ ਵਾਲਾ ਵਿਪਿਨ ਚੌਹਾਨ। ਪ੍ਰਧਾਨ ਮੰਤਰੀ ਦਾ ਪੁਰਾਣਾ ਦਰਜੀ ਐ। ਚੌਹਾਨ ਬਾਬੂ ਨੇ ਕੰਨ ’ਚ ਦੱਸਿਐ.. ‘ਛਪੰਜਾ ਇੰਚ ਵਾਲਾ ਨਿਰਾ ਗੱਪ ਐਂ’। ਸ਼ਾਸਤਰੀ ਜੀ ਕਿਧਰ ਦੌੜ ਗਏ। ਕੇਰਾਂ ਲੋਕ ਚਰਚੇ ਛਿੜੇ ਸਨ। ਪੁਲਾੜ ਵਿਮਾਨ ’ਚ ਬੈਠ ਜੋ ਗ੍ਰਹਿ ’ਤੇ ਜਾਂਦੇ ਨੇ। ਉਨ੍ਹਾਂ ਦੇ ਸਭ ਗ੍ਰਹਿ.. ਛੂ ਮੰਤਰ। ਰਾਹੂ ਕੇਤੂ ਦੀ ਐਸੀ ਦੀ ਤੈਸੀ। ਆਹ ਐਲਨ ਮਾਸਕ ਦੀ ਵੀ ਸੁਣ ਲਓ। ਕੰਪਨੀ ‘ਸਪੇਸਐਕਸ’ ਦਾ ਮਾਲਕ ਐ। ਢੋਲ ਵਜਾਤੇ ਨੇ..ਅਖੇ ਮੰਗਲ ਗ੍ਰਹਿ ਦੀ ਯਾਤਰਾ ਕਰਾਊ। ਤੀਹ ਸਾਲਾਂ ’ਚ ਇੱਕ ਲੱਖ ਬੰਦੇ ਨੂੰ। ਮੋਦੀ ਜੀ.. ਪੂਰਾ ਜਹਾਨ ਘੁੰਮਿਐ। ਲੱਗਦੇ ਹੱਥ ਮੰਗਲ ਦੇ ਦਰਸ਼ਨ ਦੀਦਾਰੇ ਵੀ ਕਰ ਲਓ। ਸ਼ਾਇਦ ਗ੍ਰਹਿ ਟਲ ਜਾਣ, ਕਿਸਾਨਾਂ ਦਾ ਤਾਂ ਪਤਾ ਨਹੀਂ। ਸਮ੍ਰਿਤੀ ਇਰਾਨੀ ਕਿਧਰੋਂ ਆ ਬਹੁੜੇ। ਮੋਦੀ ਪਹਿਲਾਂ ਕਣੱਖੇ ਝਾਕੇ। ਫੇਰ ਬੋਲੇ ਹੋਣਗੇ..ਦੇਵੀ ਜੀ, ਤੁਸਾਂ ਪੰਜਾਬਣਾਂ ਬਾਰੇ ਕਿਹਾ.. ਕਮਾਲ ਦੀ ਕਿਕਲੀ ਪਾਉਂਦੀਆਂ ਨੇ। ਝੱਜੂ ਵੀ ਪਾਉਂਦੀਆਂ ਨੇ.. ਏਹ ਕਾਹਤੋਂ ਨਹੀਂ ਦੱਸਿਆ।

             ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ਲੜਨਾ ਤੇ ਮਰਨਾ, ਇਹੋ ਤਾਂ ਗੁੜ੍ਹਤੀ ਹੈ। ਬਿਜਲੀ ਪਾਣੀ ਮੁਫ਼ਤ ’ਚ ਲੈਂਦੇ ਨੇ। ਇਕੱਲੀ ਲੜਾਈ ਐ, ਜੋ ਮੁੱਲ ਲੈਂਣੋ ਨਹੀਂ ਟਲਦੇ। ਆਇਰਲੈਂਡੀ ਬਜ਼ੁਰਗਾਂ ਦੀ ਗੱਲ ’ਤੇ ਗੌਰ ਕਰੋ..‘ਗਲਤ ਟੋਪੀ ਚੁੱਕੀ ਹੈ ਤਾਂ ਪਹਿਲਾਂ ਦੇਖ ਲਓ ਕਿ ਇਹ ਕਿਸੇ ਭਲਵਾਨ ਦੀ ਤਾਂ ਨਹੀਂ।’ ਦਿੱਲੀ ਨੇ ‘ਖੇਤੀ ਕਾਨੂੰਨ’ ਕੱਢ ਮਾਰੇ। ਸਿੱਧਾ ਖੱਖਰ ’ਚ ਹੱਥ ਪਾਇਐ। ਅਗਲੇ ਬੰਦਾ ਬਹਾਦਰ ਦੇ ਵਾਰਸ ਨੇ। ਬਾਬੇ ਨਾਨਕ ਦੇ ਪੈਰੋਕਾਰ ਨੇ। ਧਰਤੀ ਨੂੰ ਮਾਂ ਦਾ ਰੁਤਬਾ ਦਿੱਤੈ। ਕੋਈ ਅੱਖ ਚੁੱਕ ਕੇ ਮਾਂ ਵੱਲ ਕਿਵੇਂ ਝਾਕ ਜਾਊ। ‘ਖੇਤੀ ਜੱਟ ਦੀ, ਬਾਜੀ ਨੱਟ ਦੀ’। ਪਰਮ ਪਿਆਰੇ ਮੋਦੀ ਜੀ! ਬੜੇ ਭੁਲੱਕੜ ਹੋ, ਬਦਾਮ ਖਾਇਆ ਕਰੋ। ਚੇਤੇ ਕਰੋ ਐਮਰਜੈਂਸੀ ਦੇ ਦਿਨ। ਜਦੋਂ ਤੁਸਾਂ ਪੱਗ ਬੰਨ੍ਹੀ ਸੀ, ਭੇਸ ਬਦਲ ਕੇ ਬਚੇ ਸੀ। ਕੁਝ ਤਾਂ ਸੋਚੋ, ਨਿਰਮੋਹੇ ਨਾ ਬਣੋ। ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਕਿਵੇਂ ਲਾਉਣ। ਗੁਜਰਾਤ ਦੇ ਪਥਰਾਟ ਭੰਨੇ, ਰੁਦਰਪੁਰ ਦੇ ਜੰਗਲ ਸਾਫ ਕੀਤੇ ਤੇ ਧਰਤੀ ਨੂੰ ਰੰਗ ਭਾਗ ਲਾ ਦਿੱਤੇ। ਖੇਤੀ ਕਾਨੂੰਨਾਂ ਨੇ ਭੰਗ ਪਾ ਦਿੱਤੀ। ਏਹ ਤਾਂ ਚੰਗੇਜ਼ ਤੇ ਤੈਮੂਰ ਝੱਲ ਗਏ..। ਪੰਜਾਬ ਦੇ ਬਾਗ ਦੀ ਮੂਲੀ ਨੇ। ਆਈ ’ਤੇ ਆ ਜਾਣ..ਗੰਦਲ ਨੂੰ ਹੱਥ ਨਹੀਂ ਪਾਉਣ ਦਿੰਦੇ। ਤੁਸੀਂ ਜ਼ਮੀਨ ਨੂੰ ਹੱਥ ਪਾ ਲਿਐ। ਸੂਫ਼ੀ ਕਵੀ ਬਾਬਾ ਵਜੀਦ ਸੱਚ ਆਖ ਗਏ..‘ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।’ ਇਬਰਾਹਮ ਲਿੰਕਨ ਨੇ ਹਿੰਮਤ ਕੀਤੀ ਐੈ..‘ਜੇ ਕਿਸੇ ਬਿਰਖ਼ ਨੂੰ ਕੱਟਣ ਲਈ ਅੱਠ ਘੰਟੇ ਦਾ ਵਕਤ ਹੋਵੇ ਤਾਂ ਮੈਂ ਛੇ ਘੰਟੇ ਕੁਹਾੜੀ ਤੇਜ਼ ਕਰਨ ’ਤੇ ਲਾ ਦਿਆਂਗਾ।’ ਕਿਸਾਨ ਅੰਦੋਲਨ ਸੰਭਲ ਕੇ ਚੱਲ ਰਿਹੈ। ਸੰਜਮ ਤੇ ਪੂਰੇ ਸੰਤੋਖ ਨਾਲ। ਕਿਸਾਨ ਲੰਮਾ ਦਮ ਰੱਖ ਉੱਤਰੇ ਨੇ।

               ਸੱਤ ਕਿਸਾਨ ਆਗੂ ਦਿੱਲੀ ਗਏ। ਸੱਤ ਬਿਗਾਨੇ ਸਮਝ ਲਏ, ਤਾਹੀਂ ਪੁੱਠੇ ਪੈਰੀਂ ਵਾਪਸ ਮੁੜੇ। ਅੱਠ ਵਜ਼ੀਰ ਪੰਜਾਬ ’ਚ ਲਾਤੇ। ਸੰਖ ਵਜਾ ਰਹੇ ਨੇ.. ਅਖ਼ੇ ਭਲੇ ਦਾ ਜ਼ਮਾਨਾ ਈ ਨਹੀਂ ਰਿਹਾ। ਮੋਦੀ ਭਲੇ ਦੀ ਪੰਡ ਚੁੱਕੀ ਫਿਰਦੇ ਨੇ..। ਕਿਸਾਨ ਹੱਥ ਜੋੜ ਰਹੇ ਨੇ.. ਭਲੇ ਵਾਲਾ ਤਵੀਤ ਕਿਸੇ ਹੋਰ ਡੋਲੇ ’ਤੇ ਬੰਨ੍ਹੋ। ‘ਖਾਰੇ ਖੂਹ ਨਾ ਹੋਵਣ ਮਿੱਠੇ’, ਹਕੂਮਤੀ ਜ਼ਿੱਦ ਨੂੰ ਭੁੱਲੇ ਨਹੀਂ ਪੰਜਾਬੀ। ਜਪਾਨੀ ਤਾਹੀਓਂ ਆਖਦੇ ਨੇ.. ‘ਬੋਧੀ ਮੰਦਰ ਕੋਲ ਰਹਿਣ ਵਾਲਾ ਬੱਚਾ ਬਿਨਾਂ ਪੜ੍ਹਾਏ ਮੰਤਰ ਸਿੱਖ ਲੈਂਦਾ ਹੈ।’  ਰੱਬ ਨੇ ਕੋਈ ਠੇਕੇ ’ਤੇ ਨਹੀਂ ਬਣਵਾਏ। ਪੰਜਾਬ ਦੀ ਮਿੱਟੀ ਦੇ ਜਾਏ ਨੇ..। ਦਿੱਲੀ ਦੀ ਅੱਖ ਪਛਾਣਦੇ ਨੇ। ਪੁਰਾਣੇ ਪੀਰ ਨੇ। ਅੰਤਰਜਾਮੀ ਨੇ.. ਬੁੱਝਣ ਜਾਣਦੇ ਨੇ ਸਮੇਂ ਦੀਆਂ ਚਾਲਾਂ ਨੂੰ। ਕੀ ਪਤੈ ਕਦੋਂ.. ਬੋਤਲ ‘ਚੋਂ ਹਿੰਦੂ-ਸਿੱਖ ਵਾਲਾ ਪੁਰਾਣਾ ਜਿੰਨ ਨਿਕਲ ਆਏ। ਬੋਲ ਮੇਰੇ ਆਕਾ..।ਕਿਸਾਨ ਅੰਦੋਲਨ ’ਚ ਕੌਣ ਬੈਠੇ ਨੇ। ਸਭ ਗਮਾਂ ਦੇ ਗਮੰਤਰੀ ਨੇ। ਕਿਸੇ ਦਾ ਪੁੱਤ, ਕਿਸੇ ਦਾ ਸਾਈਂ, ਖੇਤਾਂ ਦਾ ਸ਼ਹੀਦ ਬਣਿਐ। ਖੁਸ਼ੀਆਂ ਦਾ ਤਿਆਗ ਤੇ ਸੱਧਰਾਂ ਨੂੰ ਕੁਰਬਾਨ ਕੀਤੈ। ਲੱਗਦੈ ਗੱਲ ਤਿਲਕੂ.. ਕੁਰਬਾਨੀ ਤੋਂ ਜਥੇਦਾਰ ਸੁਖਬੀਰ ਬਾਦਲ ਚੇਤੇ ਆ ਗਏ। ਬੀਬਾ ਜੀ ਨੇ ਅਸਤੀਫ਼ਾ ਦਿੱਤਾ। ਪੰਜਾਬੀਓ.. ਤੁਸੀਂ ਖੁਸ਼ ਨਾ ਹੋਏ। ਨਹੁੰ ਨਾਲੋਂ ਮਾਸ ਅੱਡ ਹੋ ਗਿਆ। ਤੁਸੀਂ ਫੇਰ ਚੁੱਪ ਹੋ ਗਏੇ। ਦੇਖੋ, ਛੋਟੇ ਬਾਦਲ ਨੇ ਵੱਡਾ ਦਿੱਲ ਦਿਖਾਇਐ, ‘ਜਿਵੇਂ ਕਿਸਾਨ ਆਗੂ ਆਖਣਗੇ, ਉਵੇਂ ਹੀ ਕਰਾਂਗੇ।’ ਹਿੰਦ ਵਾਸੀਓ.. ਹੁਣ ਤਾਂ ਛੱਡੋ ਜੈਕਾਰੇ, ਭੁੱਲ ਚੁੱਕ ਕਰੋ ਮੁਆਫ਼। ਅਕਾਲੀ ਬੀਬੇ ਬੱਚੇ ਬਣੇ ਨੇ।

               ਨਰਿੰਦਰ ਮੋਦੀ ਵੀ ਜਨ ਸੰਘ ਦੇ ਟਕਸਾਲੀ ਨੇ। ਦਿਮਾਗਾਂ ’ਚ ਫਿਰਕੂ ਖੇਤੀ ਨਿਸਰ ਆਵੇ। ਉਦੋਂ ਤਾਲੀ ਨਹੀਂ.. ਮੱਥੇ ’ਤੇ ਹੱਥ ਵੱਜਦੈ। ਤਿਉਹਾਰ ਦੇ ਦਿਨ ਆਉਣੇ ਨੇ। ਇੱਕੋ ਧਾਗੇ ’ਚ ਪਰੋਣ ਦਾ ਵਾਕ ਪੜ੍ਹੋ। ਬਨੇਰਿਆਂ ’ਤੇ ਮੁਹੱਬਤਾਂ ਦੇ ਦੀਵੇ ਬਾਲਣ ਦਾ ਵੇਲਾ ਹੈ। ਨਾਲੇ ਜ਼ਹਿਰਾਂ ਦੇ ਝੱਖੜਾਂ ਨਾਲ ਦੋ ਹੱਥ ਕਰਨ ਦਾ। ਬਜਾਜ ਗਰੁੱਪ ਨੇ ਜੇਰਾ ਕੱਢਿਐ। ਚੇਤੇ ਕਰੋ 1989 ਦਾ ਸਮਾਂ ਜਦੋਂ ਦੂਰਦਰਸ਼ਨ ’ਤੇ ਗੂੰਜ ਪੈਂਦੀ ਸੀ. .‘ਹਮਾਰਾ ਕੱਲ, ਹਮਾਰਾ ਆਜ.. ਬੁਲੰਦ ਭਾਰਤ ਕੀ ਬੁਲੰਦ ਤਸਵੀਰ, ਹਮਾਰਾ ਬਜਾਜ।’ ਰਾਹੁਲ ਬਜਾਜ ਹੁਣ ਇੰਝ ਗੜ੍ਹਕੇ ਨੇ.. ਨਹੀਂ ਦਿਆਂਗੇ ਇਸ਼ਤਿਹਾਰ। ਅੱਗ ਉਗਲਦੇ ਚੈਨਲਾਂ ਨੂੰ। ਬਿਸਕੁਟ ਕੰਪਨੀ.. ਪਾਰਲੇ-ਜੀ ਨੇ ਬਜਾਜ ਨਾਲ ਸੁਰ ਮਿਲਾਈ ਐ। ਤਨਿਸ਼ਕ ਜਵੈਲਰੀ ਦੀ ਮਸ਼ਹੂਰੀ ਨੇ ਪੁਆੜਾ ਪਾਇਐ। ਇਸ਼ਤਿਹਾਰ ’ਚ ਮੁਸਲਿਮ ਸੱਸ, ਹਿੰਦੂ ਨੂੰਹ..। ਸੋਚ ਸੋਨੇ ਵਰਗੀ, ਐਂਕਰ ਲੋਹੇ ਵਰਗੇ.. ਪੈ ਗਏ ਟੁੱਟ ਕੇ..ਅਖੇ ਲਵ ਜਹਾਦ ਨਹੀਂ ਚੱਲੇਗਾ..। ਸੈਂਕੜੇ ਫਿਲਮੀ ਹਸਤੀਆਂ ਹਾਈ ਕੋਰਟ ਪੁੱਜੀਆਂ.. ਮਾਈ ਲਾਰਡ..ਇਨ੍ਹਾਂ ਐਂਕਰਾਂ ਨੇ ਕੀ ਮਜ਼ਾਕ ਬਣਾ ਰੱਖਿਐ। ਸੰਤੁਲਿਤ ਸੋਚ ਦਾ ਪਾਠ ਭੁੱਲੇ ਨੇ। ਬਾਬਾ ਰਾਮਦੇਵ ਚੇਤਿਆਂ ’ਚ ਘੁੰਮੇ ਨੇ। ਹਾਥੀ ’ਤੇ ਚੜ੍ਹ ਕੇ ਰਾਮਦੇਵੀ ਆਸਨ ਕਰਨ ਬੈਠ ਗਏ.. ਸੰਤੁਲਨ ਵਿਗੜ ਗਿਆ.. ਧੜੱਮ ਦੇਣੇ ਥੱਲੇ ਜਾ ਡਿੱਗੇ।

               ਬਾਬੇ ਨਾਲ ਜੀਡੀਪੀ ਵਾਲੀ ਹੋਈ। ਬੰਗਲਾਦੇਸ਼ ਵੀ ਅੱਗੇ ਨਿਕਲ ਗਿਐ। ਜਪਾਨੀਆਂ ਲਈ ਵੀ ਬੰਗਲਾਦੇਸ਼ ਨਿਆਰਾ ਬਣ ਗਿਐ। ਅੰਬਾਨੀ ਅਡਾਨੀ ਸਾਡਾ ਪਿਆਰਾ ਬਣਿਐ। ਅੰਬਾਨੀ ਨੇ ਬਿੱਗ ਬਜ਼ਾਰ ਖਰੀਦਿਐ। ਅਡਾਨੀ ਨੇ ਹਵਾਈ ਅੱਡੇ। ਰਿਲਾਇੰਸ ਨੂੰ 30 ਕਰੋੜ ਬਿਜਲੀ ਮੀਟਰਾਂ ਦਾ ਠੇਕਾ ਮਿਲਣੈ। ਸਮਾਰਟ ਮੀਟਰ ਲੱਗਣਗੇ। ਰਿਲਾਇੰਸ ਦਾ ਇਨਕਲਾਬ ਤਾਂ ਆ ਗਿਐ।ਅਮਰਵੇਲ ਵੀ ਸੁੱਕ ਚੱਲੀ। ਜਦੋਂ ਅੰਬਾਨੀ ਦੀ ਦੌਲਤ ਵੇਖੀ। 2015 ’ਚ ਇਸ ਨਿਤਾਣੇ ਕੋਲ 18.9 ਅਰਬ ਡਾਲਰ ਦਾ ਖਜ਼ਾਨਾ ਸੀ। ਹੁਣ 88.7 ਅਰਬ ਡਾਲਰ ਹੋ ਗਿਆ। ਦੇਖੀ ਕਿਤੇ ਦਸੌਧਾ ਸਿਆਂ, ਨਜ਼ਰ ਨਾ ਲਾ ਦੇਵੀਂ। ਮਿੱਤਰੋ! ਹਕੂਮਤ ਦੀ ਨਿਗ੍ਹਾ ਸਿੱਧੀ ਹੋਵੇ। ਮੇਲੇ ’ਚ ਫੇਰ ਚੱਕੀ ਰੌਣੇ ਨੂੰ ਕੌਣ ਪੁੱਛਦੈ। ਪੰਜਾਬ ਹੁਣ ਅੱਖ ’ਚ ਰੜਕਦੈ। ਨਿਆਣੇ ਸਿਆਣੇ ਦੀ ਜਾਗ ਖੁੱਲ੍ਹੀ ਹੈ। ਉਪਰੋਂ ਇਟਲੀ ਵਾਲੇ ਫ਼ਰਮਾ ਰਹੇ ਨੇ..‘ਦਾੜ੍ਹੀ ਰੱਖਣ ਨਾਲ ਬੰਦਾ ਫਿਲਾਸਫ਼ਰ ਨਹੀਂ ਬਣ ਜਾਂਦਾ।’

               ਜਾਰਜ ਬਰਨਜ ਵੀ ਸੋਲ਼ਾਂ ਆਨੇ ਸੱਚ ਸੁਣਾ ਗਏ। ‘ਜਿਨ੍ਹਾਂ ਲੋਕਾਂ ਨੂੰ ਇਹ ਪਤੈ ਕਿ ਦੇਸ਼ ਕਿੰਝ ਚਲਾਉਣਾ ਚਾਹੀਦੈ, ਉਹ ਲੋਕ ਟੈਕਸੀਆਂ ਚਲਾਉਣ ’ਚ ਰੁੱਝੇ ਹੋਏ ਹਨ ਜਾਂ ਫਿਰ ਹਜਾਮਤਾਂ ਕਰਨ ਵਿਚ।’ ਦੇਸ਼ ਦੀ ਮੋਟਰ ਚਲਾ ਰਹੇ ਡਰਾਈਵਰਾਂ ਦੇ ਪਿੱਛੇ ਲੱਖਾ ਲਹਿਰੀ ਪਿਐ। ਟੌਲ ਪਲਾਜ਼ਿਆਂ ’ਤੇ ਨਾਟਕ ਕਰਾ ਰਿਹੈ ‘ਸਿੱਧਾ ਰਾਹ, ਵਿੰਗਾ ਬੰਦਾ‘। ਡਾ. ਸਾਹਿਬ ਸਿੰਘ ‘ਸੰਮਾ ਵਾਲੀ ਡਾਂਗ’ ਚੁੱਕੀ ਫਿਰਦੈ। ਨਾਟਿਯਮ ਵਾਲੇ ‘ਮਦਾਰੀ’ ਦਾ ਖੇਡ ਦਿਖਾ ਰਹੇ ਨੇ।ਕਿਸਾਨ ਜੋਸ਼ ’ਚ ਨੇ, ਲੱਗਦੈ ਹੋਸ਼ ਵੀ ਰੱਖਣਗੇ.. ਕਦੇ ਤਾੜੀ ਮਾਰਦੇ ਨੇ ਤੇ ਕਦੇ ਨਾਅਰੇ। ਧਨੌਲੇ ਵਾਲੇ ਟੌਲ ’ਤੇ ਛੱਜੂ ਰਾਮ ਚੜ੍ਹਿਐ। ਐਨ ਉਪਰ ਸਪੀਕਰ ਲਾ ਰਿਹੈ। ਸਪੀਕਰ ’ਚ ਸੰਤ ਰਾਮ ਉਦਾਸੀ ਵੱਜ ਰਿਹੈ..‘ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, ਅਸੀਂ ਉਠਾਂਗੇ ਚੰਡੀ ਦੀ ਵਾਰ ਬਣਕੇ/ ਜਿਨ੍ਹਾਂ ਸੂਲ਼ਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣਕੇ।’ ਕੰਡਾ ਕੱਢਣਾ ਹੋਵੇ ਤਾਂ ਪੰਜਾਬੀਆਂ ਦਾ ਹੱਥ ਬੜਾ ਸਾਫ਼ ਹੈ।

 

Saturday, October 17, 2020

                      ਪੁੱਠਾ ਗੇੜ
         ਨਵਾਂ ਥਰਮਲ ਵੀ ‘ਵਿਕਰੀ’ ਤੇ ਲੱਗਾ
                          ਚਰਨਜੀਤ ਭੁੱਲਰ     

ਚੰਡੀਗੜ੍ਹ : ਜੀਵੀਕੇ ਪ੍ਰਾਈਵੇਟ ਲਿਮਟਿਡ ਨੇ ਵੀ ਗੋਇੰਦਵਾਲ ਪ੍ਰਾਈਵੇਟ ਥਰਮਲ ਨੂੰ ਵਿਕਰੀ ‘ਤੇ ਲਾ ਦਿੱਤਾ ਹੈ। ਪ੍ਰਾਈਵੇਟ ਕੰਪਨੀ ਨੇ ਪਾਵਰਕੌਮ ਨੂੰ ਆਪਣਾ ਥਰਮਲ ਦੇਣ ਦੀ ਪੇਸ਼ਕਸ਼ ਕੀਤੀ ਹੈ। ਰਾਜਪੁਰਾ ਥਰਮਲ ਮਗਰੋਂ ਹੁਣ ਗੋਇੰਦਵਾਲ ਥਰਮਲ ਦਾ ਵਿਕਰੀ ਲਈ ਲੱਗਣਾ ਦਾਲ ‘ਚ ਕਾਲਾ ਹੋਣ ਵੱਲ ਇਸ਼ਾਰਾ ਕਰਦਾ ਹੈ। ਚੇਤੇ ਰਹੇ ਕਿ ਪ੍ਰਾਈਵੇਟ ਥਰਮਲਾਂ ਨਾਲ ਹੋਏ ਮਹਿੰਗੇ ਬਿਜਲੀ ਸਮਝੌਤੇ ਰਾਜ ‘ਚ ਮਹਿੰਗੀ ਬਿਜਲੀ ਦਾ ਸਬੱਬ ਬਣੇ ਹੋਏ ਹਨ। ਵੇਰਵਿਆਂ ਅਨੁਸਾਰ ਜੀਵੀਕੇ ਪ੍ਰਾਈਵੇਟ ਲਿਮਟਿਡ ਦਾ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦਾ ਥਰਮਲ ਪਲਾਂਟ 1114 ਏਕੜ ਵਿਚ ਲੱਗਾ ਹੋਇਆ ਹੈ, ਜੋ ਸਾਲ 2016-17 ਵਿੱਚ ਹੀ ਚਾਲੂ ਹੋਇਆ ਹੈ। ਪ੍ਰਾਈਵੇਟ ਕੰਪਨੀ ਤਰਫੋਂ ਪਾਵਰਕੌਮ ਦੇ ਚੇਅਰਮੈਨ ਨੂੰ ਭੇਜੇ ਪੱਤਰ ਅਨੁਸਾਰ ਕੰਪਨੀ ਨੇ ਇਸ ਥਰਮਲ ਲਈ ਸਮੇਤ ਕਰਜ਼ ਕੁੱਲ ਕਰੀਬ 4103 ਕਰੋੜ ਰੁਪਏ ਖਰਚ ਕੀਤੇ ਦੱਸੇ ਹਨ, ਜਿਸ ਵਿੱਚ ਕੰਪਨੀ ਦੇ ਆਪਣੀ ਤਰਫੋਂ ਲਾਏ 1265 ਕਰੋੜ ਰੁਪਏ ਵੀ ਸ਼ਾਮਲ ਹਨ। ਜੀਵੀਕੇ ਕੰਪਨੀ ਤਰਫੋਂ 3200 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਸੀ, ਜਿਸ ‘ਤੇ 1200 ਕਰੋੜ ਰੁਪਏ ਦਾ ਵਿਆਜ ਵੀ ਬਣ ਗਿਆ ਹੈ। ਕੰਪਨੀ ਨੇ ਥਰਮਲ ਕਰੀਬ 4103 ਕਰੋੜ ਵਿਚ ਪਾਵਰਕੌਮ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਾਵਰਕੌਮ ਦੇ ਮੁੱਖ ਲੇਖਾ ਅਫ਼ਸਰ ਨੇ 15 ਅਕਤੂਬਰ ਨੂੰ ਪੱਤਰ ਨੰਬਰ 248 ਤਹਿਤ ਗੋਇੰਦਵਾਲ ਥਰਮਲ ਪਲਾਂਟ ਦੀ ਤਜਵੀਜ਼ ਨੂੰ ਵਿਚਾਰਨ ਲਈ ਮਾਮਲਾ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਹਵਾਲੇ ਕਰ ਦਿੱਤਾ ਹੈ, ਜੋ ਪਹਿਲਾਂ ਹੀ ਰਾਜਪੁਰਾ ਥਰਮਲ ਦਾ ਕੇਸ ਵਿਚਾਰ ਰਹੀ ਹੈ।                                               ਜੀਵੀਕੇ ਪਾਵਰ ਲਿਮਟਿਡ ਨੂੰ ਲੰਘੇ ਮਾਲੀ ਵਰ੍ਹੇ ਦੌਰਾਨ ਪਾਵਰਕੌਮ ਵੱਲੋਂ 672 ਕਰੋੜ ਰੁਪਏ ਫਿਕਸਿਡ ਚਾਰਜ ਵਜੋਂ ਦਿੱਤੇ ਗਏ ਅਤੇ ਇਸ ਪ੍ਰਾਈਵੇਟ ਪਲਾਂਟ ਤੋਂ ਲੰਘੇ ਸਾਲ 9.54 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਗਈ। ਇਸ ਕੰਪਨੀ ਵੱਲੋਂ ਪਹਿਲਾਂ ਪੰਜਾਬ ਰਾਜ ਪਾਵਰ ਰੈਗੂਲੇਟਰ ਕੋਲ ਕੇਸ ਪਾਇਆ ਗਿਆ ਸੀ ਜਿਸ ਵੱਲੋਂ ਇਸ ਕੰਪਨੀ ਦਾ ਫਿਕਸਿਡ ਚਾਰਜ 2.20 ਰੁਪਏ ਐਲਾਨ ਦਿੱਤਾ ਗਿਆ ਸੀ। ਰੈਗੂਲੇਟਰ ਨੇ ਮਗਰੋਂ ਪਾਵਰਕੌਮ ਦੀ ਪਟੀਸ਼ਨ ‘ਤੇ ਇਹ ਫਿਕਸਿਡ ਚਾਰਜ ਘਟਾ ਕੇ 1.45 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਜੀਵੀਕੇ ਪਾਵਰ ਲਿਮਟਿਡ ਨੂੰ ਆਪਣੇ ਥਰਮਲ ਨੂੰ ਚਾਲੂ ਕਰਨ ਲਈ ਕਰੀਬ 24 ਸਾਲ ਦੀ ਯਾਤਰਾ ਕਰਨੀ ਪਈ ਹੈ। ਬੇਅੰਤ ਸਿੰਘ ਸਰਕਾਰ ਸਮੇਂ ਸਾਲ 1991-92 ਵਿਚ ਇਹ ਪ੍ਰਾਈਵੇਟ ਕੰਪਨੀ ਨੇ ਪੰਜਾਬ ਵਿਚ ਪੈਰ ਰੱਖਿਆ ਸੀ ਪਰ ਲੰਮੀ ਵਿਚਾਰ ਚਰਚਾ ਮਗਰੋਂ 3 ਨਵੰਬਰ 1997 ਨੂੰ ਇਸ ਕੰਪਨੀ ਦੇ ਮੁੱਦੇ ਨੂੰ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ। ਪੰਜਾਬ ਸਰਕਾਰ ਨੇ 17 ਅਪਰੈਲ 2000 ਨੂੰ ਇਸ ਕੰਪਨੀ ਨਾਲ ਐੱਮਓਯੂ ਸਾਈਨ ਕੀਤਾ। ਸੱਤਾ ਤਬਦੀਲੀ ਮਗਰੋਂ ਕੈਪਟਨ ਸਰਕਾਰ ਨੇ ਜੀਵੀਕੇ ਪਾਵਰ ਲਿਮਟਿਡ ਨਾਲ ਦੁਬਾਰਾ 26 ਜੁਲਾਈ 2005 ਨੂੰ ਐੱਮਓਯੂ ਸਾਈਨ ਕੀਤਾ। ਮੁੜ ਹਕੂਮਤ ਬਦਲਣ ਕਰਕੇ ਗੱੱਠਜੋੜ ਸਰਕਾਰ ਨੇ ਤੀਸਰੀ ਦਫਾ ਇਸ ਕੰਪਨੀ ਨਾਲ ਐੱਮਓਯੂ ਸਾਈਨ ਕੀਤਾ ਅਤੇ 26 ਮਈ 2009 ਨੂੰ ਪਾਵਰ ਪਰਚੇਜ਼ ਐਗਰੀਮੈਂਟ ਕੀਤਾ।                                                                                            ਉਪਰੰਤ ਇਸ ਥਰਮਲ ਨੂੰ ਅਲਾਟ ਹੋਈ ਕੋਲਾ ਖਾਣ ਦਾ ਮਾਮਲਾ ਅਦਾਲਤ ਵਿਚ ਚਲਾ ਗਿਆ ਅਤੇ ਸਾਲ 2014 ਵਿਚ ਅਲਾਟਮੈਂਟ ਰੱਦ ਹੋ ਗਈ। ਆਖਰ ਇਸ ਥਰਮਲ ਦੇ ਦੋਵੇਂ ਯੂਨਿਟ 6 ਅਪਰੈਲ ਅਤੇ 16 ਅਪਰੈਲ 2016 ਨੂੰ ਚਾਲੂ ਹੋ ਗਏ। ਥਰਮਲ ਪਲਾਂਟ ਵੱਲੋਂ ਕੇਂਦਰ ਸਰਕਾਰ ਦੀ ‘ਸ਼ਕਤੀ ਸਕੀਮ‘ ਤਹਿਤ ਕੋਲਾ ਲਿਆ ਜਾ ਰਿਹਾ ਹੈ। ਜੀਵੀਕੇ ਨੇ ਪੇਸ਼ਕਸ਼ ਪੱਤਰ ‘ਚ ਕਿਹਾ ਕਿ ਕੋਲੇ ਦਾ ਪ੍ਰਵਾਨਿਤ ਰੇਟ 6000 ਰੁਪਏ ਪ੍ਰਤੀ ਟਨ ਹੈ ਜਦੋਂ ਕਿ ਉਹ 5500 ਰੁਪਏ ਪ੍ਰਤੀ ਟਨ ਕੋਲਾ ਖਰੀਦ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਪਾਵਰਕੌਮ ਇਸ ਪਲਾਂਟ ਨੂੰ ਲੈਂਦਾ ਹੈ ਤਾਂ ਪਾਵਰਕੌਮ ਆਪਣੀ ਪਛਵਾੜਾ ਖਾਣ ਤੋਂ ਕੋਲਾ ਲੈ ਸਕੇਗਾ ਅਤੇ ਫਿਰ ਇਹ ਕੋਲਾ 4500 ਰੁਪਏ ਪ੍ਰਤੀ ਟਨ ਹੀ ਪਵੇਗਾ। ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਸ ਥਰਮਲ ਪਲਾਂਟ ਨੂੰ ਖਰੀਦਣ ਲਈ ਕਿੰਨਾ ਭਾਅ ਤੈਅ ਕਰਦੀ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਬਿਜਲੀ ਸਮਝੌਤਿਆਂ ਦੇ ਟੁੱਟਣ ਦੇ ਡਰੋਂ ਪ੍ਰਾਈਵੇਟ ਕੰਪਨੀਆਂ ਨਵਾਂ ਦਾਅ ਖੇਡ ਰਹੀਆਂ ਹਨ। ਕੈਪਟਨ ਸਰਕਾਰ ਵੱਲੋਂ ਵ੍ਹਾਈਟ ਪੇਪਰ ਵੀ ਲਿਆਂਦਾ ਜਾਣਾ ਹੈ।

                                        ਥਰਮਲ ਕੰਪਨੀ ਮੰਦਹਾਲੀ ‘ਚ ਡੁੱਬੀ

ਜੀਵੀਕੇ ਸਮੂਹ ਇਸ ਵੇਲੇ ਮੰਦੇ ਦੇ ਦੌਰ ਚੋਂ ਗੁਜ਼ਰ ਰਿਹਾ ਹੈ। ਜੁਲਾਈ ਵਿਚ ਹੀ ਸੀਬੀਆਈ ਵੱਲੋਂ ਇਸ ਸਮੂਹ ਦੇ ਚੇਅਰਮੈਨ ਜੀਵੀਕੇ ਰੈੱਡੀ ਅਤੇ ਉਨ੍ਹਾਂ ਦੇ ਲੜਕੇ ਜੀਵੀ ਸੰਜੇ ਰੈੱਡੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ ਜੋ ਕਿ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਅਜਿਹੇ ਹਾਲਾਤ ਵਿੱਚ ਇਸ ਸਮੂਹ ਕੋਲੋਂ ਮੁੰਬਈ ਹਵਾਈ ਅੱਡਾ ਵੀ ਖੁੱਸ ਗਿਆ ਹੈ, ਜੋ ਹੁਣ ਅਡਾਨੀ ਗਰੁੱਪ ਕੋਲ ਚਲਾ ਗਿਆ ਹੈ। ਸੂਤਰ ਦੱਸਦੇ ਹਨ ਕਿ ਮਾਲੀ ਮੰਦੇ ਕਰਕੇ ਹੀ ਕੰਪਨੀ ਇਹ ਥਰਮਲ ਪਾਵਰਕੌਮ ਨੂੰ ਦੇਣ ਲਈ ਤਿਆਰ ਹੈ। ਪਾਵਰਕੌਮ ਦੇ ਡਾਇਰੈਕਟਰ (ਵਿੱਤ) ਜਤਿੰਦਰ ਗੋਇਲ ਦਾ ਕਹਿਣਾ ਸੀ ਕਿ ਜੀਵੀਕੇ ਪਾਵਰ ਲਿਮਟਿਡ ਨੇ ਗੋਇੰਦਵਾਲ ਥਰਮਲ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਸ ਦੇ ਮੁਲਾਂਕਣ ਲਈ ਉੱਚ ਪੱਧਰੀ ਕਮੇਟੀ ਨੂੰ ਮਾਮਲਾ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਰਿਪੋਰਟ ਲੈਣ ਲਈ ਕਮੇਟੀ ਨੂੰ ਸਮਾਂਬੱਧ ਕਰਨ ਬਾਰੇ ਸੋਚ ਰਹੇ ਹਨ। ਹਾਲੇ ਤਾਂ ਗੱਲਬਾਤ ਹੀ ਚੱਲੇਗੀ।

 

Friday, October 16, 2020

                         ਬਾਦਸ਼ਾਹੀ ਗੱਫ਼ਾ 
    ਇੱਕ ਰੁਪਏ ਲੀਜ਼ ’ਤੇ ਮਿਲੇਗੀ ਜ਼ਮੀਨ
                         ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਦੀ ਜ਼ਮੀਨ ਕਾਰਪੋਰੇਟਾਂ ਨੂੰ ਇੱਕ ਰੁਪਏ ਲੀਜ਼ ’ਤੇ ਦਿੱਤੀ ਜਾਏਗੀ ਜਿਸ ਜ਼ਮੀਨ ਦੀ ਬਾਜ਼ਾਰੀ ਕੀਮਤ ਕਰੀਬ  ਤਿੰਨ ਹਜ਼ਾਰ ਕਰੋੜ ਰੁਪਏ ਬਣਦੀ ਹੈ। ਪਾਵਰਕੌਮ ਹੱਥੋਂ ਇਹ ਜ਼ਮੀਨ ਖੁਸ ਗਈ ਹੈ ਅਤੇ ਜ਼ਮੀਨ ਦਾ ਇੰਤਕਾਲ 16 ਸਤੰਬਰ ਨੂੰ ਪੂਡਾ ਦੇ ਨਾਮ ਹੋ ਚੁੱਕਾ ਹੈ। ਪੰਜਾਬ ਕੈਬਨਿਟ ਨੇ ਥਰਮਲ ਜ਼ਮੀਨ ’ਤੇ ‘ਬਲਕ ਡਰੱਗ ਪਾਰਕ’ ਬਣਾਏ ਜਾਣ ਦਾ 17 ਸਤੰਬਰ ਨੂੰ ਫੈਸਲਾ ਲਿਆ ਸੀ। ਉਸ ਤੋਂ ਪਹਿਲਾਂ ਦੀ ਕੈਬਨਿਟ ਵਿਚ ਪਾਵਰਕੌਮ ਦੀ ਜ਼ਮੀਨ ਪੂਡਾ ਨੂੰ 80:20 ਸਕੀਮ ਤਹਿਤ ਦੇਣ ’ਤੇ ਮੋਹਰ ਲਾਈ ਸੀ। ਪਾਵਰਕੌਮ ਨੂੰ ਜ਼ਮੀਨ ਦੀ ਪੂਰੀ ਕੀਮਤ ਅਤੇ ਪੂਡਾ ਕੋਲੋ ਮੁਨਾਫ਼ੇ ਚੋ ਵੀ 80 ਫੀਸਦੀ ਹਿੱਸੇਦਾਰੀ ਮਿਲਣੀ ਸੀ। ਵੇਰਵਿਆਂ ਅਨੁਸਾਰ ਹੁਣ ਪਾਵਰਕੌਮ ਦੇ ‘ਬੋਰਡ ਆਫ ਡਾਇਰੈਕਟਰਜ਼’ ਦੀ ਬਿਨਾਂ ਪ੍ਰਵਾਨਗੀ ਅਤੇ ਬਿਨਾਂ ਕਿਸੇ ਐਗਰੀਮੈਂਟ ਤੋਂ ਬਠਿੰਡਾ ਥਰਮਲ ਦੀ ਜ਼ਮੀਨ ਦਾ ਇੰਤਕਾਲ ਪੂਡਾ ਦੇ ਨਾਮ ਚੜ  ਗਿਆ ਹੈ। 

              ਪਾਵਰਕੌਮ ਵੱਲੋਂ ਇਸ ਜ਼ਮੀਨ ’ਤੇ ਪਹਿਲਾਂ ਸੋਲਰ ਪਲਾਂਟ ਅਤੇ ਫਿਰ ਬਾਇਓਮਾਸ ਪਲਾਂਟ ਲਾਏ ਜਾਣ ਦੀ ਤਜਵੀਜ਼ ਸੀ ਜੋ ਸਰਕਾਰ ਨੇ ਰੱਦ ਕਰ ਦਿੱਤੀ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਥਰਮਲ ਜ਼ਮੀਨ ’ਤੇ ‘ਬਲਕ ਡਰੱਗ ਪਾਰਕ’ ਬਣਾਉਣਾ ਚਾਹੁੰਦੇ ਹਨ। ਕੇਂਦਰ ਸਰਕਾਰ ਨੇ 20 ਮਾਰਚ 2020 ਨੂੰ ‘ਬਲਕ ਡਰੱਗ ਪਾਰਕ’ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਸਕੀਮ ਅਨੁਸਾਰ ਜੋ ਰਾਜ ਸਰਕਾਰ ਸਭ ਤੋਂ ਵੱਧ ਸਹੂਲਤਾਂ ਦੇਵੇਗੀ, ਉਸ ਨੂੰ ਇਹ ਪ੍ਰੋਜੈਕਟ ਕੇਂਦਰ ਤੋਂ ਮਿਲੇਗਾ। ਬਲਕ ਡਰੱਗ ਪਾਰਕ ਲਈ ਕੇਂਦਰ ਸਰਕਾਰ ਨੇ ਦਿਸ਼ਾ ਨਿਰਦੇਸ਼ 27 ਜੁਲਾਈ ਨੂੰ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ 100 ਨੰਬਰ ਰੱਖੇ ਹਨ। ਵੱਧ ਸਹੂਲਤਾਂ ਦੇਣ ਵਾਲੇ ਸੂਬੇ ਦੀ ਮੈਰਿਟ ਉੱਚੀ ਬਣੇਗੀ। ਪੰਜਾਬ ਸਰਕਾਰ ਨੇ ਆਪਣੀ ਮੈਰਿਟ ਬਣਾਉਣ ਲਈ ਕਾਰਪੋਰੇਟਾਂ ਨੂੰ ਖੁੱਲ੍ਹੇ ਗੱਫੇ ਦੇਣ ਦਾ ਫੈਸਲਾ ਕਰਕੇ ਰਾਹ ਖੋਲ੍ਹਿਆ ਹੈ। ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ 10 ਸਤੰਬਰ ਨੂੰ ਹੋਈ ਮੀਟਿੰਗ ਵਿਚ ਡਰੱਗ ਪਾਰਕ ਲਈ ਸਹੂਲਤਾਂ ਦੇਣ ਦੀ ਤਜਵੀਜ਼ ’ਤੇ ਮੋਹਰ ਲੱਗੀ। ਉਸੇ ਦਿਨ ਕੇਂਦਰੀ ਫਰਮਾਸਿਊਟੀਕਲ ਵਿਭਾਗ ਨਾਲ ਵੀਡੀਓ ਕਾਨਫਰੰਸ ਵੀ ਹੋਈ।

        ਫੈਸਲਾ ਲਿਆ ਗਿਆ ਕਿ ਡਰੱਗ ਪਾਰਕ ਲਈ 1 ਰੁਪਏ ਲੀਜ਼ ’ਤੇ 33 ਸਾਲ ਲਈ ਇਹ ਜ਼ਮੀਨ ਦਿੱਤੀ ਜਾਵੇਗੀ ਅਤੇ ਇਸ ਲੀਜ਼ ਵਿਚ 99 ਸਾਲ ਤੱਕ ਦਾ ਵਾਧਾ ਹੋ ਸਕਦਾ ਹੈ। ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਅਤੇ ਇੱਕ ਰੁਪਏ ਵਿਚ ਪ੍ਰਤੀ ਹਜ਼ਾਰ ਲੀਟਰ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ। ਕੈਬਨਿਟ ਵੱਲੋਂ ਇਸ ਮਾਮਲੇ ਵਿਚ ਸਬ ਕਮੇਟੀ ਵੀ ਬਣਾਈ ਗਈ ਸੀ। ਕੌਮਾਂਤਰੀ ਸਲਾਹਕਾਰੀ ਕੰਪਨੀ ਤੋਂ ਵੀ ਸੇਵਾਵਾਂ ਲਈਆਂ ਹਨ। ਪੰਜਾਬ ਸਰਕਾਰ ਅਨੁਸਾਰ ਇਹ ਪ੍ਰੋਜੈਕਟ 1878 ਕਰੋੜ ਦਾ ਹੋਵੇਗਾ ਜਿਸ ਚੋਂ 1000 ਕਰੋੜ ਕੇਂਦਰ ਦੇਵੇਗੀ ਅਤੇ ਬਾਕੀ 878 ਕਰੋੜ ਦੀ ਹਿੱਸੇਦਾਰੀ ਪੰਜਾਬ ਸਰਕਾਰ ਪਾਏਗੀ। ਪੰਜਾਬ ਸਰਕਾਰ ਤਰਫ਼ੋਂ ਸਟੈਂਪ ਡਿਊਂਟੀ ਅਤੇ ਰਜਿਸਟਰੀ ਖਰਚੇ ਵੀ ਛੋਟ ਦਿੱਤੀ ਜਾਵੇਗੀ। ਥਰਮਲ ਜ਼ਮੀਨ ਚੋਂ ਹੁਣ ਅੰਬੂਜਾ ਸੀਮਿੰਟ ਫੈਕਟਰੀ ਨੂੰ ਉਠਾਇਆ ਜਾਣਾ ਹੈ। ਪਾਵਰਕੌਮ ਨੇ ਅੰਬੂਜਾ ਸੀਮਿੰਟ ਫੈਕਟਰੀ ਨੂੰ 1.17 ਲੱਖ ਰੁਪਏ ਪ੍ਰਤੀ ਏਕੜ ਦੇ ਕਿਰਾਏ ’ਤੇ ਜਗ੍ਹਾ ਦਿੱਤੀ ਹੋਈ ਸੀ। ਸਨਅਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕੋਲ ‘ਬਲਕ ਡਰੱਗ ਪਾਰਕ’ ਲਈ ਹਾਲੇ ਅਪਲਾਈ ਕੀਤਾ ਗਿਆ ਹੈ ਜਿਸ ਦੀ ਹਾਲੇ ਮਨਜ਼ੂਰੀ ਨਹੀਂ ਆਈ ਹੈ। 

               ਪਾਵਰਕੌਮ ਦੇ ਚੇਅਰਮੈਨ ਸ੍ਰੀ ਏ.ਵੀਨੂ ਪ੍ਰਸ਼ਾਦ ਦਾ ਪ੍ਰਤੀਕਰਮ ਸੀ ਕਿ ਥਰਮਲ ਜ਼ਮੀਨ ਦਾ ਇੰਤਕਾਲ ਪੂਡਾ ਨਾ ਹੋ ਚੁੱਕਾ ਹੈ ਅਤੇ ਕੈਬਨਿਟ ਦੇ ਫੈਸਲੇ ਅਨੁਸਾਰ ਪਾਵਰਕੌਮ ਨੂੰ ਜ਼ਮੀਨ ਦੀ ਕੀਮਤ ਮਿਲੇਗੀ। ਉਨ੍ਹਾਂ ਕਿਹਾ ਕਿ ਪਾਵਰਕੌਮ ਪੂਡਾ ਤੋਂ ਜ਼ਮੀਨ ਦਾ ਮੁੱਲ ਲੈਣ ਦੇ ਫੈਸਲਾ ਸਟੈਂਡ ਕਰਦਾ ਹੈ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤਰਫ਼ੋਂ ਕੇਂਦਰ ਸਰਕਾਰ ਕੋਲ ‘ਬਲਕ ਡਰੱਗ ਪਾਰਕ’ ਲਈ ਅਪਲਾਈ ਕਰ ਦਿੱਤਾ ਗਿਆ ਹੈ ਅਤੇ ਸਨਅਤੀ ਪਾਲਿਸੀ 2017 ਅਨੁਸਾਰ ਮੁਢਲੀਆਂ ਪ੍ਰਵਾਨਗੀਆਂ ਦਿੱਤੀਆਂ ਗਈਆਂ ਹਨ। ਬਾਕੀ ਕੇਂਦਰ ਤੋਂ ਪ੍ਰਵਾਨਗੀ ਮਿਲਣ ਮਗਰੋਂ ਤੈਅ ਹੋਵੇਗਾ। ਲੀਜ਼ ਮਨੀ ’ਤੇ ਉਨ੍ਹਾਂ ਕੁਝ ਨਹੀਂ ਕਿਹਾ।

               ਜ਼ਮੀਨ ’ਚ ਠੱਗੀ ਵੱਜੀ : ਧੀਮਾਨ

ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਜਸਵੀਰ ਸਿੰਘ ਧੀਮਾਨ ਦਾ ਕਹਿਣਾ ਸੀ ਕਿ ਪਾਵਰਕੌਮ ਦੀ ਕਰੀਬ ਚਾਰ ਹਜ਼ਾਰ ਕਰੋੜ ਦੀ ਜ਼ਮੀਨ ਨਾਲ ਯੋਜਨਾਬੱਧ ਤਰੀਕੇ ਨਾਲ ਠੱਗੀ ਮਾਰੀ ਗਈ ਹੈ ਅਤੇ ਹੁਣ ਪਾਵਰਕੌਮ ਨੂੰ ਜ਼ਮੀਨ ਦੀ ਕੀਮਤ ਨਹੀਂ ਮਿਲੇਗੀ। ਸਰਕਾਰ ਤਾਂ ਕਾਰਪੋਰੇਟਾਂ ਨੂੰ ਮੁਫ਼ਤ ਵਿਚ ਜ਼ਮੀਨ ਦੇ ਰਹੀ ਹੈ। ਇਸ ਜ਼ਮੀਨ ’ਤੇ ਸੋਲਰ ਜਾਂ ਬਾਇਓਮਾਸ ਪਲਾਂਟ ਲੱਗਦਾ ਤਾਂ ਖਪਤਕਾਰਾਂ ਨੂੰ ਲਾਹਾ ਮਿਲਣਾ ਸੀ। ਪਾਵਰਕੌਮ ਨੂੰ ਜ਼ਮੀਨ ਦਾ ਪੈਸਾ ਮਿਲਦਾ ਤਾਂ ਵੀ ਖਪਤਕਾਰਾਂ ਨੂੰ ਫਾਇਦਾ ਹੋਣਾ ਸੀ।

   

 

Wednesday, October 14, 2020

                                                                                  ਬੇਜ਼ਮੀਨੇ ਹਾਕਮ 
               ਖੇਤਾਂ ਦੀ ਹੋਣੀ ਲਿਖ ਗਏ..
                        ਚਰਨਜੀਤ ਭੁੱਲਰ

ਚੰਡੀਗੜ੍ਹ : ਜਿਨ੍ਹਾਂ ਨੇ ਖੇਤਾਂ ਦੀ ਹੋਣੀ ਲਿਖੀ, ਉਨ੍ਹਾਂ ਕੋਲ ਖੇਤੀ ਜ਼ਮੀਨ ਹੀ ਨਹੀਂ। ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ ਦਾ ਚੈਨ ਉਡਾ ਰੱਖਿਆ ਹੈ। ਕੇਂਦਰੀ ਕੈਬਨ ਵੱਲੋਂ ਖੇਤੀ ਕਾਨੂੰਨਾਂ ਬਾਰੇ ਫੈਸਲਾ ਲਿਆ ਗਿਆ ਜਿਨ੍ਹਾਂ ਦਾ ਕਿਸਾਨੀ ’ਚ ਵਿਰੋਧ ਉੱਠਿਆ ਹੈ। ਹੈਰਾਨੀ ਭਰੇ ਤੱਥ ਉਭਰੇ ਹਨ ਕਿ ਕੇਂਦਰੀ ਕੈਬਨਿਟ ਦੇ 60 ਫੀਸਦੀ ਵਜ਼ੀਰਾਂ ਕੋਲ ਤਾਂ ਖੇਤੀ ਜ਼ਮੀਨ ਹੀ ਨਹੀਂ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਲਈ ਹਰੀ ਝੰਡੀ ਦਿੱਤੀ ਹੈ। ਕੇਂਦਰੀ ਕੈਬਨਿਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਦੋ ਦਰਜਨ ਕੇਂਦਰੀ ਵਜ਼ੀਰ ਹਨ ਜਿਨ੍ਹਾਂ ਚੋਂ ਹਰਸਿਮਰਤ ਕੌਰ ਬਾਦਲ ਨੇ ਥੋੜਾ ਸਮਾਂ ਪਹਿਲਾਂ ਹੀ ਅਸਤੀਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਤਾਜ਼ਾ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਖੇਤੀ ਵਾਲੀ ਜ਼ਮੀਨ ਹੀ ਨਹੀਂ ਹੈ। ਉਨ੍ਹਾਂ ਕੋਲ ਗੈਰ ਖੇਤੀ ਵਾਲੀ ਅਤੇ ਵਪਾਰਿਕ ਸੰਪਤੀ ਵੀ ਨਹੀਂ ਹੈ। ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਭਲੇ ਵਾਲੇ ਦੱਸ ਰਹੇ ਹਨ, ਉਨ੍ਹਾਂ ਕੋਲ ਇੱਕ ਮਰਲਾ ਵੀ ਖੇਤ ਨਹੀਂ ਹਨ। ਇਸੇ ਤਰ੍ਹਾਂ ਜਲ ਸ਼ਕਤੀ ਮੰਤਰੀ ਗਜੇਂਦਰ ਸੇਖਾਵਤ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਪ੍ਰਧਾਨ ਮੰਤਰੀ ਅਤੇ ਇਹ ਦੋਵੇਂ ਵਜ਼ੀਰ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੇ ਸਭ ਦੁੱਖਾਂ ਦੀ ਦਾਰੂ ਦੱਸ ਰਹੇ ਹਨ। ਦੇਖਿਆ ਜਾਵੇ ਤਾਂ 17ਵੀਂ ਲੋਕ ਸਭਾ ਵਿਚ ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 191 ਬਣਦੀ ਹੈ। 

         ਤਾਜ਼ਾ ਸਰਕਾਰੀ ਤੱਥਾਂ ਅਨੁਸਾਰ ਦੋ ਦਰਜਨ ਕੇਂਦਰੀ ਵਜ਼ੀਰਾਂ ਚੋਂ 14 ਵਜ਼ੀਰਾਂ ਕੋਲ ਖੇਤ ਹੀ ਨਹੀਂ ਹਨ ਜਿਨ੍ਹਾਂ ਦਾ ਖੇਤੀ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 1.47 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ 80.23 ਲੱਖ ਦੀ 10.77 ਏਕੜ ਖੇਤੀ ਜ਼ਮੀਨ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਮੁਖਤਾਰ ਅਬਾਸ ਨਕਵੀ ਦੀ ਪਤਨੀ ਕੋਲ 13 ਬਿਘੇ ਜ਼ਮੀਨ ਹੈ।ਇਵੇਂ ਹੀ ਕੇਂਦਰੀ ਵਜ਼ੀਰ ਪ੍ਰਹਿਲਾਦ ਜੋਸ਼ੀ, ਮਹਿੰਦਰ ਨਾਥ ਪਾਂਡੇ, ਗਿਰੀਰਾਜ ਸਿੰਘ, ਪਿਯੂਸ ਗੋਇਲ, ਡਾ. ਹਰਸ਼ ਵਰਧਨ, ਅਰਜਨ ਮੁੰਡਾ, ਸੁਭਰਾਮਨੀਅਮ ਜੈਸ਼ੰਕਰ, ਥਾਵਰ ਚੰਦ ਗਹਿਲੋਤ ਆਦਿ ਕੋਲ ਵੀ ਖੇਤੀ ਵਾਲੀ ਜ਼ਮੀਨ ਨਹੀਂ ਹੈ। ਨਿੱਤਿਨ ਗਡਕਰੀ ਕੋਲ 2.06 ਕਰੋੜ ਦੀ 20 ਏਕੜ ਜ਼ਮੀਨ ਹੈ। ਸਮਿਰਤੀ ਇਰਾਨੀ ਕੋਲ ਵੀ 45 ਲੱਖ ਦੀ ਖੇਤੀ ਜ਼ਮੀਨ ਹੈ ਜਦੋਂ ਕਿ ਰਵੀ ਸ਼ੰਕਰ ਪ੍ਰਸ਼ਾਦ ਕੋਲ ਡੇਢ ਏਕੜ ਜ਼ਮੀਨ ਹੈ। ਮਰਹੂਮ ਰਾਮ ਵਿਲਾਸ ਪਾਸਵਾਨ ਕੋਲ ਦੇ ਨਾਮ ’ਤੇ ਵੀ 15 ਏਕੜ ਜ਼ਮੀਨ ਹੈ। ਬੇਸ਼ੱਕ ਹਰਸਿਮਰਤ ਕੌਰ ਬਾਦਲ ਨੇ ਹੁਣ ਅਸਤੀਫ਼ਾ ਦੇ ਦਿੱਤਾ ਹੈ ਪ੍ਰੰਤੂ ਕੇਂਦਰੀ ਕੈਬਨਿਟ ਵੱਲੋਂ ਫੈਸਲੇ ਲੈਣ ਸਮੇਂ ਉਹ ਵਜ਼ੀਰ ਸਨ। ਉਨ੍ਹਾਂ ਕੋਲ ਸਭ ਤੋਂ ਵੱਧ 49.97 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ ਜਿਸ ’ਚ ਸੁਖਬੀਰ ਬਾਦਲ ਦੇ ਨਾਮ ਵਾਲੀ ਜ਼ਮੀਨ ਵੀ ਸ਼ਾਮਿਲ ਹੈ। 

                ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਦਾ ਪ੍ਰਤੀਕਰਮ ਸੀ ਕਿ ਜਿਨ੍ਹਾਂ ਨੂੰ ਖੇਤੀ ਦੇ ਨਫੇ ਨੁਕਸਾਨ ਦਾ ਹੀ ਪਤਾ ਨਹੀਂ, ਉਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਇਬਾਰਤ ਲਿਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਦਾ ਦਰਦ ਕਿਸਾਨ ਹੀ ਜਾਣ ਸਕਦਾ ਹੈ, ਕੋਈ ਸਿਆਸੀ ਨੇਤਾ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨਾਂ ਨੇ ਕਿਸਾਨ ਨੂੰ ਅੱਜ ਸੜਕਾਂ ’ਤੇ ਲੈ ਆਂਦਾ ਹੈ। ਇਵੇਂ ਹੀ ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਫਾਜ਼ਿਲਕਾ ਨੇ ਕਿਹਾ ਕਿ ਖੇਤਾਂ ਦੀ ਮਿੱਟੀ ਨਾਲ ਜੁੜਿਆ ਆਗੂ ਹੀ ਖੇਤਾਂ ਦੇ ਭਵਿੱਖ ਵਾਲੇ ਫੈਸਲੇ ਲੈ ਸਕਦੇ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਨੇ ਖੇਤੀ ਕਾਨੂੰਨ ਕਾਰਪੋਰੇਟਾਂ ਦੇ ਹਿੱਤਾਂ ਦੀ ਰੱਖਿਆ ਲਈ ਘੜੇ ਹਨ। 

                               ਨਰੇਂਦਰ ਮੋਦੀ ਪਤਨੀ ਦੀ ਸੰਪਤੀ ਬਾਰੇ ਬੇਖ਼ਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਸ ਵੇਲੇ 2.85 ਕਰੋੜ ਦੀ ਜਾਇਦਾਦ ਹੈ ਅਤੇ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਉਨ੍ਹਾਂ ਕੋਲ 1.10 ਕਰੋੜ ਰੁਪਏ ਦੀ ਸੰਪਤੀ ਸੀ। 30 ਜੂਨ 2020 ਨੂੰ ਦਿੱਤੇ ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਕੋਲ 45 ਗਰਾਮ ਸੋਨਾ ਹੈ ਜਿਸ ਦੀ ਕੀਮਤ 1.51 ਲੱਖ ਦੱਸੀ ਗਈ ਹੈ। ਪ੍ਰਧਾਨ ਮੰਤਰੀ ਕੋਲ 1.10 ਕਰੋੜ ਦੀ ਅਵੱਲ ਸੰਪਤੀ ਹੈ ਜਿਸ ਵਿਚ ਗਾਂਧੀਨਗਰ (ਗੁਜਰਾਤ) ’ਚ ਇੱਕ ਰਿਹਾਇਸ਼ੀ ਪਲਾਟ ਹੈ। ਨਰਿੰਦਰ ਮੋਦੀ ਆਪਣੀ ਪਤਨੀ ਜਸ਼ੋਦਾਬੇਨ ਦੀ ਪਤਨੀ ਬਾਰੇ ਬੇਖ਼ਬਰ ਹਨ, ਉਨ੍ਹਾਂ ਖੁਦ ਲਿਖਿਆ ਹੈ ਕਿ ਉਨ੍ਹਾਂ ਨੂੰ ਪਤੀ ਦਾ ਸੰਪਤੀ ਦਾ ਪਤਾ ਨਹੀਂ ਹੈ। 

     

 

Sunday, October 11, 2020

                             ਵਿਚਲੀ ਗੱਲ
                   ਸਾਧ ਬਚਨਾਂ ਦੇ ਪੱਕੇ..!
                            ਚਰਨਜੀਤ ਭੁੱਲਰ   

ਚੰਡੀਗੜ੍ਹ : ਓਹ ਗੁਰੂ! ਤੇਰਾ ਗੁਰੂ ਕੌਣ ਹੈ? ਸੋਚਾਂ ’ਚ ਖੌਰੂ ਪਿਐ, ਛੇਤੀ ਪਤਾ ਕਰੋ। ਨਵਜੋਤ ਸਿੱਧੂ ਟੱਕਰੇ ਤਾਂ ਸਹੀ, ਟਿਕਾ ਕੇ ਠੋਕੋ ਤਾਲੀ, ਏਨਾ ਆਖ ਤੁਰ ਜਾਂਦੈ। ਲੋਕਾਂ ਦੇ ਅੱਟਣ ਪੈ ਗਏ, ਤਾੜੀਆਂ ਮਾਰਨੋਂ ਨੀਂ ਹਟੇ। ਖਾਲਸਾ ਜੀ! ਉੱਠੋ, ਪੰਥ ਖ਼ਤਰੇ ’ਚ ਹੈ, ਸਿੰਘ ਜਾਨ ਹੂਲ ਗਏ। ਸੰਗਤੋ! ਰਾਜ ਦਿਆਂਗੇ ਰਣਜੀਤ ਸਿੰਘ ਵਰਗਾ, ਪੂਰੇ ਪੰਡਾਲ ’ਚ ਤਾੜੀਆਂ ਗੂੰਜੀਆਂ। ਪੰਜਾਬੀਓ! ਪੂਰੇ ਪੱਚੀ ਸਾਲ ਰਾਜ ਕਰਾਂਗੇ, ਚਾਰੋਂ ਕੂਟਾਂ ਕੰਬ ਗਈਆਂ। ਦਮਦਮੇ ਵੱਲ ਮੂੰਹ ਕੀਤਾ, ਹੱਥ ’ਚ ਫੜ ਗੁਟਕਾ, ਸਟੇਜ ਤੋਂ ਇੰਝ ਗੜਕੇ, ਚਾਰ ਹਫ਼ਤੇ ’ਚ ਕਰਾਂਗੇ ਨਸ਼ਾ ਖ਼ਤਮ। ਹੱਥ ਥੱਕ ਗਏ ਤਾੜੀਆਂ ਨਾ ਰੁਕੀਆਂ। ਸੋਨੀਆ ਗਾਂਧੀ ਦਾ ਕਾਕਾ ਰਾਹੁਲ, ਬੱਧਨੀ ਕਲਾਂ ਆਇਆ, ਨਵਜੋਤ ਸਿੱਧੂ ਨੂੰ ਹਰੀਸ਼ ਰਾਵਤ ਲੱਭ ਲਿਆਇਆ। ‘ਬਹੁਤਾ ਬੋਲਣ ਝੱਖਣ ਹੋਇ’। ਨਵਜੋਤ ਸਿੱਧੂ ਕਿੱਥੇ ਟਲਦੈ। ਕਿਸਾਨਾਂ ਦੇ ਘਰਾਂ ’ਚ ਸੋਗ, ਖੇਤਾਂ ’ਚ ਉਦਾਸੀ ਹੈ। ਵਿਆਹ ’ਚ ਬੀ ਦਾ ਲੇਖਾ। ਸਿੱਧੂ ਨੂੰ ਕੌਣ ਆਖੇ, ਬਈ ਚੁੱਪ ਕਰ। ਸਟੇਜ ਤੋਂ ਜਨਾਬ ਕਦੇ ਬੋਲਣ, ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ, ਕਦੇ ਆਖਣ, ‘ਗੰਨੇ ਚੂਪਣ ਨੂੰ ਬਾਂਦਰੀ..!’ ਅਖੀਰ ’ਚ ਸ਼ੇਅਰ ਸੁਣਾ ਕੇ ਬੋਲੇ...‘ਉਡਾ ਦਿਓ ਤੋਤੇ, ਪਾ ਦਿਓ ਮੋਛੇ’। ਠੋਕੋ ਤਾਲੀ, ਖਟੈਕ..!                                                                                                                                                       ਤੁਰਕੀ ਅਖਾਣ ਐ, ‘ਵੱਡੇ ਦਰਿਆ ਆਵਾਜ਼ ਨਹੀਂ ਕਰਦੇ।’ ਸਿੱਧੂ ਸਾਹਬ, ਤੁਸੀਂ ਆਹ ਕੀ ਕਰ ਗਏ। ਸਿੱਧੂ ਦੇ ਫੈਨ ਤਾੜੀਆਂ ਮਾਰਨ ਲੱਗੇ। ਪਿਓ ਦਾਦਿਆਂ ਨੇ ਹੁੱਝ ਮਾਰੀ, ਮੌਕਾ ਬੇਮੌਕਾ ਤਾਂ ਦੇਖੋ। ਜੱਗ ਹਸਾਈ ਕਾਹਤੋਂ ਕਰਦੇ ਹੋ। ਬਿੰਨੂ ਢਿੱਲੋਂ ਕਿਤੇ ਕੋਲ ਹੁੰਦਾ, ਜ਼ਰੂਰ ਟਿੱਚਰ ਕਰਦਾ... ਸਿੱਧੂ ਬਾਈ, ਬਾਹਲਾ ਕੱਬਾ ਸੁਭਾਅ ਚੁੱਕੀ ਫਿਰਦੈ। ਬਾਬਾ ਸੱਚ ਬੋਲਦੈ, ਚਾਰ ਟੰਗੀ ਕੁਰਸੀ ਦੇ ਪੁਆੜੇ ਨੇ, ਤਾਹੀਓਂ ਦੋ ਟੰਗੇ ਪਾਪੜ ਵੇਲਦੇ ਨੇ। ਤਾੜੀਆਂ ਛੱਡੋ, ਭਲਿਓ ਅਕਲ ਨੂੰ ਹੱਥ ਮਾਰੋ। ਪੰਜਾਬ ਕੋਈ ਪ੍ਰਯੋਗਸ਼ਾਲਾ ਨਹੀਂ। ਨਵਜੋਤ ਸਿੱਧੂ ਦਾ ਜੂਠਾ ਖਾਧਾ ਲੱਗਦੈ। ਤਾਹੀਂ ਦਸੌਂਧਾ ਸਿਓਂ ਕਾਹਲਾ ਪਿਐ, ਨਵਜੋਤ ਸਿੱਧੂ ਦੇ ਗੁਰੂ ਬਾਰੇ ਪੁੱਛਦੈ। ‘ਪੀਰ ਵੱਡਾ ਕਿ ਯਕੀਨ’। ਇੰਝ ਲੱਗਦੈ ਜਿਵੇਂ ‘ਟੱਲਾਂ ਵਾਲੇ ਸਾਧ’ ਦਾ ਚੇਲਾ ਹੋਵੇ। ਸਾਧਾਂ ਦੀ ਇੱਕ ਵੰਨਗੀ ਹੈ। ਟੱਲਾਂ ਵਾਲੇ ਸਾਧ, ਮਜ਼ਾਲ ਐ ਕਿਤੇ ਟਿਕ ਜਾਣ। ਉਪਰੋਂ ਗੈਬੀ ਆਵਾਜ਼ ਆਈ, ਏਹ ਤਾਂ ‘ਲੌਂਗੋਵਾਲ ਵਾਲੇ ਸਾਧ’ ਦਾ ਗੜਵਈ ਲੱਗਦੈ। ਪਹਿਲਾਂ ਸਾਧ ਦੀ ਸੁਣੋ... ਕਿਸੇ ਨੇ ਕਿਹਾ, ਬਾਬਾ! ਅੱਧੀ ਲੌਂਗੋਵਾਲ ਤੈਨੂੰ ਟਿੱਚ ਜਾਣਦੀ ਐ... ਅੱਗਿਓਂ ਸਾਧੂ ਬੋਲੇ, ਭੁਜੰਗੀਆ, ਚਿੰਤਾ ਨਾ ਕਰ, ‘ਆਪਾਂ ਪੂਰੀ ਲੌਂਗੋਵਾਲ ਨੂੰ ਟਿੱਚ ਜਾਣਦੇ ਆਂ।’ ਸੁਖਜਿੰਦਰ ਰੰਧਾਵਾ ਪੁੱਛਦੈ..! ਨਵਜੋਤ ਸਿੱਧੂ ਨੇ ਇੰਝ ਕਿਉਂ ਕੀਤੀ। ਸ਼ੇਕਸਪੀਅਰ ਦੱਸ ਰਿਹੈ, ‘ਤੁਹਾਡੀ ਬੁੱਧੀ ਹੀ ਤੁਹਾਡੀ ਗੁਰੂ ਹੁੰਦੀ ਹੈ।’                                                                                                                               ਰੰਧਾਵਾ ਜੀ, ਸਿੱਧੂ ਨੂੰ ਛੱਡੋ ਤੇ ਗਾਣਾ ਸੁਣੋ, ‘ਤੇਰਾ ਵਿਕਦਾ ਜੈ ਕੁਰੇ ਪਾਣੀ..!’ ਕੇਜਰੀਵਾਲ ਦਿੱਲੀ ’ਚ ਵੇਚ ਗਿਐ, ਭਗਵੰਤ ਮਾਨ ਸੰਗਰੂਰ ’ਚ। ਡੋਲੂ ਹੁਣ ਨਵਜੋਤ ਸਿੱਧੂ ਚੁੱਕੀ ਫਿਰਦੈ। ਤਲੈਂਬੜ ਕਿਸਾਨ ਚੁੱਕੀ ਫਿਰਦੇ ਨੇ। ਨਿਆਣੇ ਝੰਡੇ ਚੁੱਕ ਲੈਣ, ਫੇਰ ਡੋਲੂ ਵੀ ਖੜਕ ਜਾਂਦੇ ਨੇ। ਮਲਾਇਆ ਵਾਲੇ ਐਵੇਂ ਨੀਂ ਆਖਦੇ,‘ਜੇ ਪਾਣੀ ਸ਼ਾਂਤ ਹੋਵੇ ਤਾਂ ਇਹ ਮਤ ਸਮਝੋ ਕਿ ਨਦੀ ’ਚ ਮਗਰਮੱਛ ਨਹੀਂ।’ ਪਾਸ਼ ਵੀ ਭੇਤੀ ਸੀ, ਤਾਹੀਂ ਕਵਿਤਾ ‘ਕਾਗਜ਼ੀ ਸ਼ੇਰਾਂ ਦੇ ਨਾਮ’ ਲਿਖ ਗਿਆ।  ਲਓ ਜੀ, ਪੇਚਾ ਸਿੱਧੂਆਂ ’ਚ ਪਿਐ। ਅਮਰਿੰਦਰ ਸਿਓਂ ਵੀ ਸਿੱਧੂ, ਨਵਜੋਤ ਵੀ ਸਿੱਧੂ। ਸੁਭਾਅ ਕਾਫ਼ੀ ਮਿਲਦੈ, ਰਾਸ਼ੀ ਨਾ ਵੀ ਮਿਲੇ, ਸ਼ਹਿਰ ਦੋਵਾਂ ਦਾ ਪਟਿਆਲਾ। ਅਮਰਿੰਦਰ ਨੇ ਦੋ ਵਾਰ ਅਸਤੀਫ਼ਾ ਦਿੱਤੈ। ਨਵਜੋਤ ਸਿੱਧੂ ਨੇ ਵੀ ਦੋਹਰ ਪਾਈ। ਅਮਰਿੰਦਰ ਅਕਾਲੀ ਦਲ ’ਚੋਂ ਆਏ, ਨਵਜੋਤ ਸਿੱਧੂ ਭਾਜਪਾ ’ਚੋਂ। ਦਰਸ਼ਨ ਕੈਪਟਨ ਦੇ ਵੀ ਮਹਿੰਗੇ ਨੇ, ਸਸਤੇ ਨਵਜੋਤ ਸਿੱਧੂ ਦੇ ਵੀ ਨਹੀਂ। ਲੋਕਾਈ ਨੂੰ ਟੁੱਕ ਤੇ ਡੇਲਾ ਸਮਝਦੇ ਨੇ। ਦੋਵੇਂ ਜੱਟ ਨੇ, ਬਿਨਾਂ ਖੇਤੀ ਤੋਂ। ਸਿਆਸੀ ਹਲ਼ ਜੋ ਚੱਲਦੇ ਨੇ। 25 ਮਾਰਚ 1987... ਵਿਧਾਇਕ ਦਲੀਪ ਸਿੰਘ ਪਾਂਧੀ ਅਸੈਂਬਲੀ ’ਚ ਬੋਲ ਬੈਠੇ, ਅਮਰਿੰਦਰ ਜੱਟ ਨਹੀਂ। ਕੈਪਟਨ ਨੇ ਤਫ਼ਸੀਲ ਕਰਤੀ, ਅਸੀਂ ਜੈਸਲਮੇਰ ਤੋਂ ਆਏ ਹਾਂ। 13ਵੀਂ ਸਦੀ ’ਚ ਜੱਟਾਂ ਨੇ ਸੌਂ ਸਾਲ ਰਾਜ ਕੀਤੈ। ਕਿਤੇ ਭੁਲੇਖੇ ’ਚ ਨਾ ਰਹਿਣਾ। ਪਹੁਤਾ ਪਾਂਧੀ ਸੁਸਰੀ ਬਣ ਗਿਆ। ਨਵਜੋਤ ਸਿੱਧੂ ਮੋਟਰ ਵਾਂਗੂ ਚੱਲਦੈ। ਪ੍ਰਤਾਪ ਬਾਜਵਾ ਵੀ ਬੁੜਬੁੜਾ ਰਿਹੈ। ਜਦੋਂ ਦਾ ਅਮਰਿੰਦਰ ਬੋਲਿਐ, ਅਗਲੀ ਚੋਣ ਵੀ ਲੜਾਂਗਾ।                                                           ਉੱਡਦਾ ਪੰਛੀ ਖ਼ਬਰ ਲਿਆਇਐ। ਹਿੰਦੂ ਮਤ ਦਾ ਉਪਾਸ਼ਕ ਐ ਸਿੱਧੂ। ਵਾਸਤੂ ਸ਼ਾਸਤਰ ਤੋਂ ਇੱਕ ਇੰਚ ਪਾਸੇ ਨਹੀਂ। ਦੱਸਦੇ ਨੇ, ਜੱਦੀ ਕੋਠੀ ’ਚ ਖੂਹ ਪੁੱਟਤਾ ਸੀ। ਨਵੀਂ ਕੋਠੀ ’ਚ ਦੋ ਪਾਸੇ ਖਾਲੀ ਜਗ੍ਹਾ ਛੱਡੀ ਐ। ਪੁਖਰਾਜ ਨਗ ਤਾਂ ਦੂਰੋਂ ਚਮਕਦੇ ਨੇ। ਕਈ ਘੰਟੇ ਸਾਧਨਾ ਕਰਦੇ ਨੇ, ਜਲੌਅ ਤੇ ਗੜਕ ਉਸੇ ਦਾ ਪ੍ਰਤਾਪ ਐ। ਵਰ੍ਹਾ 2007 ’ਚ ਕਿਸੇ ਦਿੱਲੀ ਦੇ ਗੁਰੂ ਨੇ ਟੇਵਾ ਲਾਇਆ। ਮਹਿਬੂਬਾ ਮੁਫ਼ਤੀ ਜੰਮੂ ਕਸ਼ਮੀਰ ਦੀ, ਨਵਜੋਤ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਣੂ। ਤਰਕਸ਼ੀਲ ਬੁੜਕ ਉਠੇ ਨੇ, ਪੰਜਾਬ ਏਡਾ ਸਸਤਾ ਨਹੀਂ, ਕੋਈ ਸ਼ੱਕ ਹੋਵੇ ਤਾਂ ਕਿਸਾਨ ਅੰਦੋਲਨ ’ਚ ਗੇੜਾ ਮਾਰ ਲੈਣਾ। ਪੰਜਾਬ ਪਹਿਲਾਂ ਪ੍ਰੀਖਿਆ ਲਏਗਾ, ਨਾਲੇ ਪੁੱਛੇਗਾ ਸਿੱਧੂ ਸਾਹਿਬ, ਲੋਕਾਂ ’ਚ ਕਿੰਨੇ ਕੁ ਦਿਨ ਵਿਚਰੇ। ਸ਼ੇਅਰੋ ਸ਼ਾਇਰੀ ਨਾਲ ਢਿੱਡ ਭਰਦਾ ਤਾਂ ਕਿਤੇ ਪੀਪਲਜ਼ ਪਾਰਟੀ ਮਾੜੀ ਸੀ। ਖੈਰ, ਸਿੱਧੂ ਦੀ ਪਿੱਠ ਸੁਣਦੀ ਹੈ। ਕੰਨ ਕੰਧਾਂ ਦੇ ਵੀ ਹੁੰਦੇ ਨੇ। ਇਮਾਨਦਾਰ ਤਾਂ ਹੈ ਸਿੱਧੂ। ਬਾਕੀ ਭੱਲ ਕਰਤਾਰਪੁਰ ਲਾਂਘੇ ਨੇ ਬਣਾਤੀ। ਕਿਰਦਾਰ ਦਾ ਸੱਚਾ ਸੁੱਚੈ। ਦਲੇਰੀ ’ਚ ਉਸ ਤੋਂ ਵੀ ਉਚੈ। ਨਿਰੋਲ ਸ਼ਾਕਾਹਾਰੀ ਐ। ਲਸਣ ਪਿਆਜ਼ ਮੂੰਹ ’ਤੇ ਨਹੀਂ ਧਰਦਾ। ਨਰਾਤਿਆਂ ਦੇ ਦਿਨਾਂ ’ਚ। ਬੱਸ ਇੱਕੋ ਐਬ ਐ, ਪੰਜਾਬ ਨੂੰ ਕਪਿਲ ਸ਼ਰਮਾ ਦਾ ਸ਼ੋਅ ਸਮਝਦੈ।                                                                                                                            ਕਦੇ ਕਦੇ ਕੰਧਾਂ ਬੋਲਦੀਆਂ ਵੀ ਨੇ। ਅਖੇ ਸਿੱਧੂ ਨੂੰ ਲੋਕਾਂ ’ਚ ਰਹਿਣਾ ਪਸੰਦ ਨਹੀਂ। ਮੁੱਖ ਮੰਤਰੀ ਬਣਨ ਲਈ ਕਾਹਲੈ। ਕਿਸੇ ’ਤੇ ਭਰੋਸਾ ਨਹੀਂ ਕਰਦਾ। ਟੀਮ ਲੀਡਰ ਵਾਲੇ ‘ਸੈੱਲ’ ਘਟੇ ਨੇ। ਖੁਦ ਨੂੰ ਪਾਰਸ ਸਮਝਦੈ, ਪੰਜਾਬ ਨੂੰ ਲੋਹਾ। ਅਨਿਲ ਜੋਸ਼ੀ ਕਦੇ ਸਿੱਧੂ ਦਾ ਚੇਲਾ ਸੀ। ਬੱਸ ਵਿਗੜ ਗਈ। ਸਿਆਸੀ ਗੁਰੂ ਅਰੁਣ ਜੇਤਲੀ ਸੀ। ਨਿਭਣਾ ਕਿਥੋਂ ਸੀ। ਈਰਾਨੀ ਮਤ ਵਾਲੇ ਆਖਦੇ ਨੇ, ‘ਬੇਸਬਰਾ ਬਿਨਾਂ ਰੋਸ਼ਨੀ ਵਾਲੇ ਦੀਵੇ ਵਾਂਗ ਹੁੰਦੈ।’ ਅਮਰਿੰਦਰ ਫੌਜੀ ਸੁਭਾਅ ਦੇ ਨੇ। ਪੰਜਾਬ ਦਾ ਗੇੜਾ ਮਾਰਨਾ ਭੁੱਲ ਬੈਠੇ ਨੇ। ਘਰੇ ਬੈਠ ਕੇ ਦਸ ਕਿਲੋ ਵਜ਼ਨ ਹੁਣੇ ਘਟਾਇਐ। ਅੱਜ-ਕੱਲ੍ਹ ਕੱਦੂ ਖਾ ਰਹੇ ਨੇ। ਖੇਤੀ ਕਾਨੂੰਨ ਕਿਤੇ ਪੰਜਾਬ ਨੂੰ ਹਜ਼ਮ ਨਾ ਕਰ ਜਾਣ, ਕਿਸਾਨ ਧਿਰਾਂ ਨੇ ਰੋਟੀ ਪਾਣੀ ਛੱਡਿਐ। ਬਾਦਲ ਤਾਂ ਧੋਖਾ ਖਾ ਬੈਠੇ ਨੇ। ਵੇਲਾ ਹੱਥ ਨਹੀਂ ਆ ਰਿਹਾ। ਵੱਡੇ ਬਾਦਲ ਅਕਸਰ ਆਖਦੇ ਨੇ, ‘ਮੈਂ ਤਾਂ ਤੁਰੀ ਜਾਂਦੀ ਕੀੜੀ ਦੱਸ ਦਿਆਂ..!’ ‘ਇੱਕ ਚੁੱਪ, ਸੌ ਸੁੱਖ’, ਇਹ ਬਾਦਲਈ ਫ਼ਾਰਮੂਲਾ ਸੀ। ਫ਼ਾਰਮੂਲਾ ਫ਼ੇਲ੍ਹ ਕਿਉਂ ਹੋਇਐ, ਚਲੋ ਛੱਡੋ ਜੀ! ਪੁਰਾਣੀਆਂ ਗੱਲਾਂ ’ਤੇ ਮਿੱਟੀ ਪਾਓ। ਹਰੀਸ਼ ਰਾਵਤ ਨੇ ਦਿਲ ਦੀ ਦੱਸੀ,‘ਨਵਜੋਤ ਸਿੱਧੂ ਤਾਂ ਰਾਫਾਲ ਐ... ਅਗਲੀ ਚੋਣ ’ਚ ਵਰਤਾਂਗੇ।’ ਇਕੱਲੇ ਸਾਧ ਦੇ ਬਚਨਾਂ ’ਤੇ ਨਾ ਰਹਿਣਾ। ਜਾਵੇਦ ਬਾਜਵਾ ਵਾਂਗੂ ਪੰਜਾਬ ਨੂੰ ਜੱਫੀ ਪਾਉਣੀ ਪਊ। ‘ਕੱਲੇ ਨਗਾਂ ਨਾਲ ਕੁਰਸੀ ਮਿਲਦੀ, ਸੁਖਬੀਰ ਬਾਦਲ ਕਦੋਂ ਦਾ ਮੁੱਖ ਮੰਤਰੀ ਹੋਣਾ ਸੀ। ਕੁਰਸੀ ’ਤੇ ਨਹੀਂ, ਦਿਲਾਂ ਤੇ ਰਾਜ ਕਰਨਾ ਹੋਵੇ, ਉਦੋਂ ਮੁੰਜ ਵਾਲਾ ਮੰਜਾ ਲੋਕਾਂ ’ਚ ਡਾਹੁਣਾ ਪੈਂਦੈ। ਜਦੋਂ ਦਾ ਰਾਬੜੀ ਦੇਵੀ ਦਾ ਦਾਅ ਲੱਗਿਐ, ਜਣਾ ਖਣਾ ਸਹੁੰ ਚੁੱਕਣ ਲਈ ਤੱਤੈ।                                                                                                                                       ਚਾਰਲੀ ਚੈਪਲਿਨ ਦਾ ਆਪਣਾ ਤਜਰਬੈ...‘ਤਾਕਤ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੋਵੇ, ਬਾਕੀ ਕੰਮਾਂ ਲਈ ਪਿਆਰ ਹੀ ਕਾਫੀ ਹੈ।’ ਅਖੀਰ ’ਚ ਓਸ਼ੋ ਦੇ ਗਿਆਨ ਦਾ ਪਿਆਲਾ। ਹਨੇਰੀ ਰਾਤ ਸੀ, ਉੱਲੂ ਮਹਾਰਾਜ ਟਾਹਣੀ ’ਤੇ ਬੈਠੇ ਸਨ। ਪੈਰ ਦਬਾ ਕੇ ਸਹਾ ਲੰਘਣ ਲੱਗਾ, ਉੱਲੂ ਨੇ ਪਛਾਣ ਲਿਆ। ਨਾਲੇ ਗਧੇ ਨੂੰ ਵੀ ਟਿੱਚਰ ਕਰਤੀ। ਸਹੇ ਤੇ ਗਧੇ ਨੇ ਉੱਲੂ ਦੀ ਅਕਲ ਦੇ ਢੋਲ ਵਜਾਤੇ। ਬਿਰਧ ਜਾਨਵਰ ਕਲਪ ਉੱਠੇ, ‘ਤਾਂ ਮੰਨੀਏ ਜੇ ਦਿਨੇ ਪਛਾਣੇ।’ ਪੈ ਗਏ ਸਾਰੇ ਟੁੱਟ ਕੇ। ਉੱਲੂ ਮਹਾਰਾਜ ਮੁਖੀਆ ਚੁਣੇ ਗਏ। ਰਾਹ ਦਸੇਰਾ ਬਣੇ। ਸੜਕ ’ਤੇ ਅੱਗੇ ਉੱਲੂ ਮਹਾਰਾਜ, ਪਿਛੇ ਜਾਨਵਰਾਂ ਦੀ ਪੰਚਾਇਤ। ਅੱਗਿਓਂ ਟਰੱਕ ਆਇਆ, ਲੂੰਬੜ ਬੋਲਿਆ, ਦੇਖੋ ਸਾਡਾ ਨੇਤਾ ਕਿੰਨਾ ਦਲੇਰ ਐ। ਰਫ਼ਤਾਰੀ ਟਰੱਕ ਪਲਾਂ ’ਚ ਦਰੜ ਗਿਆ। ਸਭ ਦੇ ਚੀਥੜੇ ਉੱਡ ਗਏ। ਰੇਲ ਮਾਰਗ ’ਤੇ ਝੰਡਿਆਂ ਦਾ ਹੜ੍ਹ ਆਇਐ। ਚਾਰੇ ਪਾਸੇ ਮੁੰਡੇ ਬੈਠੇ ਨੇ। ਵਿਚਾਲੇ ਛੱਜੂ ਰਾਮ ਸਜਿਐ। ਇਹੋ ਗੱਲ ਸਮਝਾ ਰਿਹੈ, ਦੇਖੋ ਅੱਗੇ ਚੋਣਾਂ ਨੇ, ਅੰਨ੍ਹੇਵਾਹ ਭਰੋਸਾ ਕਰੋਗੇ ਤਾਂ ਦਰੜੇ ਜਾਵੋਗੇ। ਨਾਲੇ ਹੁਣ ਤਾੜੀਆਂ ਨੂੰ ਛੱਡੋ, ਮੰਜੀ ਕਿਵੇਂ ਠੋਕਣੀ ਐ, ਵੇਲੇ ਸਿਰ ਗੁਰ ਸਿੱਖ ਲੈਣਾ।


 

Tuesday, October 6, 2020

                    ਕਿਸਾਨ ਅੰਦੋਲਨ 
         ਤੇਰਾ ਕਰਮ, ਮੇਰਾ ਧਰਮ
                    ਚਰਨਜੀਤ ਭੁੱਲਰ

ਚੰਡੀਗੜ੍ਹ : ਕਿਸਾਨ ਅੰਦੋਲਨ ਦੀ ਗੋਲਕ ‘ਚ ਅੱਜ ਪੁਲੀਸ ਮੁਲਾਜ਼ਮਾਂ ਨੇ 1600 ਰੁਪਏ ਦੀ ਭੇਟਾ ਪਾਈ। ਬਠਿੰਡਾ-ਅੰਮ੍ਰਿਤਸਰ ਸੜਕ ਮਾਰਗ ‘ਤੇ ਪਿੰਡ ਜੀਦਾ ਦੇ ਟੌਲ ਪਲਾਜ਼ਾ ‘ਤੇ ਕਿਸਾਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਪੁਲੀਸ ਮੁਲਾਜ਼ਮਾਂ ਦੀ ਇੱਥੇ ਕਈ ਦਿਨਾਂ ਤੋਂ ਤਾਇਨਾਤੀ ਹੈ ਜੋ ਆਪਣੇ ਪਿਓ ਦਾਦਿਆਂ ਸਿਰ ਪਈ ਬਿਪਤਾ ਨੂੰ ਨੇੜਿਓਂ ਤੱਕ ਰਹੇ ਹਨ। ਕਿਸਾਨ ਅੰਦੋਲਨ ਲਈ ਗੁਪਤ ਦਾਨ ਦੇਣ ਵਾਲੇ ਪੁਲੀਸ ਮੁਲਾਜ਼ਮ ਤਾਂ ਸੈਂਕੜੇ ਹਨ ਪ੍ਰੰਤੂ ਅੱਜ ਕੁਝ ਪੁਲੀਸ ਮੁਲਾਜ਼ਮਾਂ ਨੇ ਗੱਜ ਵੱਜ ਕੇ 1600 ਰੁਪਏ ਦਾ ਫ਼ੰਡ ਕਿਸਾਨ ਸੰਘਰਸ਼ ਲਈ ਦਿੱਤਾ। ਕਿਸਾਨ ਆਗੂਆਂ ਨੇ ਬਾਕਾਇਦਾ ਸਟੇਜ ਤੋਂ ਇਨ੍ਹਾਂ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਪੰਜਾਬ ਭਰ ਦੇ ਕਿਸਾਨ ਮਜ਼ਦੂਰ ਖੇਤੀ ਕਾਨੂੰਨਾਂ ਖ਼ਿਲਾਫ਼ ਰੇਲ ਮਾਰਗਾਂ ਅਤੇ ਟੌਲ ਪਲਾਜ਼ਿਆਂ ‘ਤੇ ਪਹਿਲੀ ਅਕਤੂਬਰ ਤੋਂ ਬੈਠੇ ਹਨÍ  ਸਮੁੱਚਾ ਸਮਾਜ ਇਸ ਸੰਕਟ ਦੀ ਘੜੀ ਵਿੱਚ ਹੁਣ ਕਿਸਾਨਾਂ ਦੀ ਬਾਂਹ ਬਣਨ ਲੱਗਾ ਹੈ। ਬਠਿੰਡਾ-ਜ਼ੀਰਕਪੁਰ ਅਤੇ ਬਠਿੰਡਾ-ਅੰਮ੍ਰਿਤਸਰ ਸੜਕ ਮਾਰਗਾਂ ‘ਤੇ ਪੈਂਦੇ ਟੌਲ ਪਲਾਜ਼ਿਆਂ ‘ਤੇ ਜੋ ਕਿਸਾਨ ਅੰਦੋਲਨ ਚੱਲ ਰਹੇ ਹਨ, ਉਨ੍ਹਾਂ ਅੰਦੋਲਨਾਂ ਲਈ ਰਾਹਗੀਰਾਂ ਨੇ ਹੱਥ ਖੋਲ੍ਹ ਕੇ ਭੇਟਾ ਦੇਣੀ ਸ਼ੁਰੂ ਕਰ ਦਿੱਤੀ ਹੈ।                                                                                                                                                      ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਦਾ ਕਹਿਣਾ ਸੀ ਕਿ ਪੁਲੀਸ ਮੁਲਾਜ਼ਮ ਗੁਪਤ ਦਾਨ ਦੇ ਰਹੇ ਹਨ। ਆਗੂ ਬਸੰਤ ਸਿੰਘ ਨੇ ਦੱਸਿਆ ਕਿ ਟੌਲ ਤੋਂ ਲੰਘਦੇ ਰਾਹਗੀਰ ਆਪ ਮੁਹਾਰੇ ਹੀ ਦਿਲ ਖੋਲ੍ਹ ਕੇ ਦਾਨ ਦੇ ਰਹੇ ਹਨ। ਰੋਜ਼ਾਨਾ ਇਸ ਟੌਲ ‘ਤੇ 15 ਹਜ਼ਾਰ ਦੀ ਰਾਸ਼ੀ ਇਕੱਠੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਸੂਬਿਆਂ ਦੇ ਟਰੱਕ ਚਾਲਕ ਵੀ ਰਾਤ ਨੂੰ ਗੱਡੀ ਰੋਕ ਦੇ 50 ਰੁਪਏ ਤੋਂ 200 ਰੁਪਏ ਤੱਕ ਦੇ ਜਾਂਦੇ ਹਨ। ਭਗਤਾ ਭਾਈਕਾ ਦੇ ਡਾ. ਦਿਉਲ ਨੇ ਕਿਸਾਨ ਅੰਦੋਲਨ ਵਿਚ ਕੇਲਿਆਂ ਅਤੇ ਸੇਬਾਂ ਦਾ ਲੰਗਰ ਲਾਇਆ ਜਦੋਂ ਕਿ ਬਠਿੰਡਾ ਦੇ ਟਰੱਕ ਅਪਰੇਟਰਾਂ ਨੇ ਕੇਲਿਆਂ ਦਾ ਲੰਗਰ ਲਾਇਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬਲਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ ‘ਚੋਂ ਸਮਾਜ ਸੇਵੀ ਹਰ ਰੋਜ਼ ਫ਼ਲ ਅੰਦੋਲਨ ਵਿੱਚ ਭੇਜ ਰਹੇ ਹਨ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਟੌਲ ਪਲਾਜ਼ਾ ‘ਤੇ 3 ਅਕਤੂਬਰ ਤੋਂ ਕਿਸਾਨ ਧਰਨਾ ਸ਼ੁਰੂ ਹੈ, ਜਿਥੇ ਰਾਹਗੀਰ ਰੋਜ਼ਾਨਾ ਪੰਜ ਹਜ਼ਾਰ ਰੁਪਏ ਦਾਨ ਵਜੋਂ ਦੇ ਰਹੇ ਹਨ। ਇਸੇ ਤਰ੍ਹਾਂ ਭਵਾਨੀਗੜ੍ਹ ਲਾਗੇ ਪਿੰਡ ਕਾਲਾਝਾੜ ਦੇ ਟੌਲ ਪਲਾਜ਼ੇ ‘ਤੇ ਕਿਸਾਨ ਧਰਨਾ ਲਾ ਕੇ ਬੈਠੇ ਹਨ।ਬੀਕੇਯੂ ਦੇ ਬਲਾਕ ਪ੍ਰਧਾਨ ਅਜਾਇਬ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਤੋਂ ਰੋਜ਼ਾਨਾ ਛੇ ਤੋਂ ਸੱਤ ਹਜ਼ਾਰ ਰੁਪਏ ਤੱਕ ਦੀ ਸਹਾਇਤਾ ਆ ਰਹੀ ਹੈ। ਕਈ ਸਾਈਕਲਾਂ ਅਤੇ ਫੜ੍ਹੀ ਰੇਹੜੀ ਵਾਲੇ ਵੀ ਦਸ ਦਸ ਰੁਪਏ ਦਾ ਦਾਨ ਦੇ ਕੇ ਲੰਘਦੇ ਹਨ। ਪਟਿਆਲਾ ਜ਼ਿਲ੍ਹੇ ਦੇ ਪਿੰਡ ਧਬਲਾਨ ਕੋਲ ਰੇਲ ਮਾਰਗ ‘ਤੇ ਕਿਸਾਨ ਬੈਠੇ ਹਨ, ਜਿਨ੍ਹਾਂ ਨੂੰ ਸ਼ਹਿਰੀ ਲੋਕਾਂ ਵੱਲੋਂ ਫਰੂਟ ਭੇਜੇ ਜਾ ਰਹੇ ਹਨ।                                                                                                                                                        ਪਾਤੜਾਂ ਵਿਖੇ ਰਿਲਾਇੰਸ ਪੰਪ ‘ਤੇ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਹੈ। ਪਿੰਡਾਂ ਚੋਂ ਰੋਜ਼ਾਨਾ ਲੰਗਰ ਇਸ ਧਰਨੇ ਵਿਚ ਪੁੱਜ ਰਿਹਾ ਹੈ। ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਦੁਕਾਨਦਾਰਾਂ ਵੱਲੋਂ ਭਲਕੇ ਕਿਸਾਨ ਅੰਦੋਲਨ ਵਿਚ ਛੋਲੇ ਪੂਰੀਆਂ ਦਾ ਲੰਗਰ ਲਾਇਆ ਜਾ ਰਿਹਾ ਹੈ। ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਪਹਿਲੀ ਦਫਾ ਹੈ ਕਿ ਕਿਸਾਨੀ ਅੰਦੋਲਨ ਵਿਚ ਯੋਗਦਾਨ ਪਾਉਣ ਨੂੰ ਹਰ ਕੋਈ ਆਪਣਾ ਧਰਮ ਸਮਝ ਰਿਹਾ ਹੈ। ਪਿੰਡਾਂ ਦੇ ਗੁਰੂ ਘਰਾਂ ਵਿਚ ਘਰ ਘਰ ਚੋਂ ਲੰਗਰ ਤਿਆਰ ਹੋ ਕੇ ਜਾਂਦਾ ਹੈ। ਅੱਗੇ ਗੁਰੂ ਘਰਾਂ ਦੇ ਪ੍ਰਬੰਧਕ ਧਰਨਿਆਂ ਵਿਚ ਰਸਦ ਦੇ ਲੰਗਰ ਪਹੁੰਚਾ ਰਹੇ ਹਨ।ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਕਿਸਾਨ ਨੇ ਆਪਣੇ ਘਰ ਜੰਮੇ ਬੱਚੇ ਦੀ ਖ਼ੁਸ਼ੀ ਵਿੱਚ ਕਿਸਾਨ ਅੰਦੋਲਨ ਲਈ ਪੰਜ ਸੌ ਰੁਪਏ ਦਿੱਤੇ ਹਨ। ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਕਿਸੇ ਵੀ ਸਿਆਸੀ ਧਿਰ ਦੇ ਆਗੂਆਂ ਵੱਲੋਂ ਕਿਸਾਨ ਅੰਦੋਲਨ ਲਈ ਹਾਲੇ ਤੱਕ ਜੇਬ੍ਹ ਨਹੀਂ ਢਿੱਲੀ ਕੀਤੀ ਗਈ। ਪਹਿਲੀ ਦਫ਼ਾ ਹੈ ਕਿ ਕਿਸਾਨ ਅੰਦੋਲਨ ਨੂੰ ਹਰ ਘਰ ਆਪਣੀ ਲੜਾਈ ਸਮਝ ਰਿਹਾ ਹੈ। ਕਿਸਾਨ ਆਖਦੇ ਹਨ ਕਿ ਕੇਂਦਰ ਸਰਕਾਰ ਨੂੰ ਵੀ ਇਹ ਰਮਜ਼ ਸਮਝ ਲੈਣੀ ਚਾਹੀਦੀ ਹੈ।