Tuesday, April 30, 2019

                                                           ਦਰਦ ਸੱਥਰਾਂ ਦੇ 
                          ਚਿੱਟੀ ਚੁੰਨੀ, ਚਿੱਟੀ ਤਖਤੀ, ਦਿਨ ਚਿੱਟੇ ਅੱਡੇ ਪੱਲੇ..
                                                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਹਲਕੇ ਤੋਂ ਅੱਜ ਖੁਦਕੁਸ਼ੀ ਪੀੜਤ ਪਰਿਵਾਰਾਂ ਚੋਂ ਦੋ ਵਿਧਵਾ ਅੌਰਤਾਂ ਵੀਰਪਾਲ ਕੌਰ ਅਤੇ ਮਨਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਦੀਆਂ ਚਿੱਟੀਆਂ ਚੁੰਨੀਆਂ ਤੇ ਚਿਹਰੇ ’ਤੇ ਛਾਈ ਉਦਾਸੀ ਦੱਸਣ ਲਈ ਕਾਫ਼ੀ ਸੀ ਕਿ ਉਹ ਕਿਉਂ ਇਸ ਰਾਹ ਤੁਰੀਆਂ ਨੇ। ਚਿੱਟੀਆਂ ਚੁੰਨੀਆਂ ਵਾਲਾ ਰੋਡ ਸ਼ੋਅ ਉਨ੍ਹਾਂ ਦੇ ਸਿਆਸੀ ਤਮਾਸ਼ੇ ’ਤੇ ਚਪੇੜ ਸੀ ਜੋ ਕਿਸਾਨਾਂ ਨੂੰ ਮਹਿਜ ਵੋਟ ਬੈਂਕ ਸਮਝਦੇ ਹਨ। ਜਦੋਂ ਵੀਰਪਾਲ ਕੌਰ ਤੇ ਮਨਜੀਤ ਕੌਰ ਨੇ ਚੋਣ ਪ੍ਰਚਾਰ ਖਾਤਰ ਚਿੱਟੀਆਂ ਚੁੰਨੀਆਂ ਦਾ ਪੱਲਾ ਅੱਡਿਆ ਤਾਂ ਕਿਸੇ ਜੇਬ ਚੋਂ ਪੰਜ ਰੁਪਏ ਨਿਕਲੇ ਤੇ ਕਿਸੇ ਚੋਂ ਦਸ ਰੁਪਏ। ਜੋ ਰਾਹਗੀਰ ਇਸ ਚਿੱਟੇ ਪੱਲੇ ਦੇ ਮਾਅਨੇ ਤੋਂ ਵਾਕਫ਼ ਸਨ, ਉਨ੍ਹਾਂ ਨੇ ਵੀ ਆਪਣੀ ਜੇਬ ਨੂੰ ਹੱਥ ਪਾਇਆ। ਤਾਮਿਲਨਾਡੂ ਦੇ 111 ਕਿਸਾਨਾਂ ਨੇ ਸਮੁੱਚੀ ਕਿਸਾਨੀ ਦੇ ਦਰਦਾਂ ਨੂੰ ਉੁਭਾਰਨ ਲਈ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਲੜਨ ਦਾ ਫੈਸਲਾ ਕੀਤਾ ਹੈ। ਇੱਧਰ, ਇਹ ਦੋ ਵਿਧਵਾ ਅੌਰਤਾਂ ਖੇਤਾਂ ਦੇ ਵਾਰਸਾਂ ਦੇ ਦੁੱਖਾਂ ਦੀ ਪੰਡ ਚੁੱਕ ਕੇ ਬਠਿੰਡਾ ਹਲਕੇ ਦੇ ਸਿਆਸੀ ਮੁਹਾਜ਼ ’ਤੇ ਉੱਤਰੀਆਂ ਹਨ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਦੱਸਦੀ ਹੈ ਕਿ ਹੁਣ ਵਿਧਵਾ ਅੌਰਤਾਂ ਦਾ ਇਕੱਠ ਹੋਵੇਗਾ ਜੋ ਫੈਸਲਾ ਕਰੇਗਾ ਕਿ ਚੋਣ ਵੀਰਪਾਲ ਲੜੇਗੀ ਜਾਂ ਮਨਜੀਤ।
                 ਇਨ੍ਹਾਂ ਵਿਧਵਾ ਅੌਰਤਾਂ ਕੋਲ ਕਾਗ਼ਜ਼ ਦਾਖਲ ਮੌਕੇ ਦਿੱਤੀ ਜਾਣ ਵਾਲੀ ਜ਼ਮਾਨਤ ਰਾਸ਼ੀ ਵੀ ਨਹੀਂ ਸੀ। ਪੰਜ ਪੰਜ ਰੁਪਏ ਪੀੜਤ ਪਰਿਵਾਰਾਂ ਨੇ ਇਕੱਠੇ ਕੀਤੇ ਜੋ ਜ਼ਮਾਨਤ ਰਾਸ਼ੀ ਵਜੋਂ ਜੁੜ ਸਕੇ। ਆਈ.ਡੀ.ਪੀ ਦੇ ਕਰਨੈਲ ਜਖੇਪਲ ਅੱਜ ਇਨ੍ਹਾਂ ਵਿਧਵਾ ਅੌਰਤਾਂ ਨਾਲ ਕਾਗ਼ਜ਼ ਦਾਖਲ ਕਰਾਉਣ ਆਏ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵਿਧਵਾ ਅੌਰਤਾਂ ਨੂੰ ਸਿਆਸੀ ਮੁਹਾਜ਼ ਤੇ ਏਦਾਂ ਦਾ ਹਾਲਾਤਾਂ ਵਿਚ ਆਉਣਾ ਪਵੇ ਤਾਂ ਸਮਝ ਲਓ ਕਿ ਪੰਜਾਬ ਵਿਚ ਹੁਣ ਸੁੱਖ ਨਹੀਂ। ਦੱਸਣਯੋਗ ਹੈ ਕਿ ਪਿੰਡ ਰੱਲਾ ਦੀ ਵੀਰਪਾਲ ਕੌਰ ਆਪਣੇ ਘਰ ਦੇ ਤਿੰਨ ਕਮਾਊ ਜੀਅ ਖੇਤੀ ਸੰਕਟਾਂ ਵਿਚ ਗੁਆ ਚੁੱਕੀ ਹੈ ਜਦੋਂ ਕਿ ਖਿਆਲਾ ਕਲਾਂ ਦੀ ਮਨਜੀਤ ਕੌਰ ਦਾ ਪਤੀ ਸੁਖਦੇਵ ਸਿੰਘ ਕਰਜ਼ੇ ਦੀ ਭੇਟ ਚੜ ਚੁੱਕਾ ਹੈ। ਇਨ੍ਹਾਂ ਵਿਧਵਾ ਅੌਰਤਾਂ ਨੂੰ ਕਿਧਰੋਂ ਕੋਈ ਇਮਦਾਦ ਨਹੀਂ ਮਿਲੀ ਹੈ। ਵੀਰਪਾਲ ਦੇ ਬੱਚਿਆਂ ਨੂੰ ਕੋਈ ਐਨ.ਆਰ.ਆਈ ਪੜਾ ਰਿਹਾ ਹੈ। ਬਠਿੰਡਾ ਹਲਕੇ ਵਿਚ ਕੈਪਟਨ ਦੇ ਰਾਜ ਦੌਰਾਨ ਕਰੀਬ 210 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਨ੍ਹਾਂ ਦਿਨਾਂ ਵਿਚ ਕਿਸਾਨਾਂ ਦਾ ਕਾਫੀ ਹੇਜ ਕਰ ਰਹੇ ਹਨ। ਇਨ੍ਹਾਂ ਦੋਵੇਂ ਵਿਧਵਾ ਅੌਰਤਾਂ ਨੇ ਹਰਸਿਮਰਤ ਕੌਰ ਨੂੰ ਹੀ ਚੁਣੌਤੀ ਦਿੱਤੀ ਹੈ।
                ਬਠਿੰਡਾ ਸ਼ਹਿਰ ਵਿਚ ਚਿੱਟੇ ਦਿਨ ਰੋਡ ਸ਼ੋਅ ਨਾਲ ਕਾਗ਼ਜ਼ ਦਾਖਲ ਕਰਨ ਪੁੱਜੀਆਂ ਵਿਧਵਾ ਅੌਰਤਾਂ ਦੇ ਹੱਥਾਂ ਵਿਚ ਬੈਨਰ ਤੇ ਤਖਤੀਆਂ ਫੜੀਆਂ ਹੋਈਆਂ ਸਨ। ਤਖਤੀਆਂ ਵੀ ਚਿੱਟੀਆਂ ਸਨ ਜਿਨ੍ਹਾਂ ਤੇ ਲਿਖੇ ਕਾਲੇ ਅੱਖਰ ਉਨ੍ਹਾਂ ਦੀ ਲੇਖਾਂ ਦਾ ਬਿਰਤਾਂਤ ਪੇਸ਼ ਕਰਦੇ ਸਨ। ਵੱਡਿਆਂ ਘਰਾਂ ਨੂੰ ਚੁਣੌਤੀ, ਖੇਤੀ ਨੀਤੀ ਕਿਉਂ ਨਹੀਂ, ਖੁਦਕੁਸ਼ੀ ਦਾ ਰਾਹ ਛੱਡ ਸੰਘਰਸ਼ ਦਾ ਪੱਲਾ ਫੜ ਆਦਿ ਨਾਅਰੇ ਇਨ੍ਹਾਂ ਤਖਤੀਆਂ ’ਤੇ ਉੱਕਰੇ ਹੋਏ ਸਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਨੂੰ ਸਭ ਤੋਂ ਵੱਡਾ ਸੇਕ ਖੇਤੀ ਸੰਕਟ ਦਾ ਲੱਗਾ ਹੈ। ਕੋਈ ਪਿੰਡ ਖੁਦਕੁਸ਼ੀ ਵਾਲੇ ਸੱਥਰਾਂ ਤੋਂ ਨਹੀਂ ਬਚਿਆ। ਹੁਣ ਕਿਧਰੇ ਤੀਆਂ ਵੀ ਨਹੀਂ ਲੱਗਦੀਆਂ ਹਨ। ਚਿੱਟੀ ਚੁੰਨੀ ਤਾਂ ਪ੍ਰਤੀਕ ਹੀ ਬਣ ਗਈ ਹੈ। ਜਿਸ ਘਰ ਵਿਚ ਜਿੰਨੀਆਂ ਚਿੱਟੀਆਂ ਚੁੰਨੀਆਂ, ਉਨ੍ਹਾਂ ਤੋਂ ਅੰਦਾਜ਼ੇ ਲਗਾ ਲਓ ਕਿ ਕਰਜ਼ ਦਾ ਫਾਹਾ ਕਿੰਨੇ ਜੀਆਂ ਦੇ ਗਲਾ ਵਿਚ ਪਿਆ। ਹੁਣ ਇਨ੍ਹਾਂ ਵਿਧਵਾ ਅੌਰਤਾਂ ਵਲੋਂ ਪਿੰਡ ਪਿੰਡ ਉਨ੍ਹਾਂ ਅੌਰਤਾਂ ਦੇ ਇਕੱਠ ਕੀਤੇ ਜਾਣਗੇ ਜਿਨ੍ਹਾਂ ਦੇ ਜੀਅ ਖੇਤੀ ਕਰਜ਼ ਦੇ ਬੋਝ ਹੇਠ ਦਬ ਕੇ ਖੁਦਕੁਸ਼ੀ ਦੇ ਰਾਹ ਚਲੇ ਗਏ। ਇਨ੍ਹਾਂ ਵਿਧਵਾ ਅੌਰਤਾਂ ਨੇ ਹੁਣ ਨਵਾਂ ਰਾਹ ਕੱਢਣ ਦਾ ਬੀੜਾ ਚੁੱਕਿਆ ਹੈ।
                                              ਜਾਇਦਾਦ ਘੱਟ, ਕਰਜ਼ਾ ਜਿਆਦਾ
ਬਠਿੰਡਾ ਹਲਕੇ ਤੋਂ ਉਮੀਦਵਾਰ ਵਿਧਵਾ ਅੌਰਤ ਵੀਰਪਾਲ ਕੌਰ ਪੌਣੇ ਤਿੰਨ ਲੱਖ ਰੁਪਏ ਦੀ ਜਾਇਦਾਦ ਹੈ ਜਦੋਂ ਕਿ 5.90 ਲੱਖ ਰੁਪਏ ਦਾ ਕਰਜ਼ਾ ਹੈ। ਹਲਫਨਾਮੇ ਅਨੁਸਾਰ ਇਸ ਵਿਧਵਾ ਕੋਲ ਕੋਈ ਘਰ ਨਹੀਂ ਅਤੇ ਸਿਰਫ ਦੋ ਲੱਖ ਰੁਪਏ ਦੀ ਕੀਮਤ ਵਾਲੀ ਜ਼ਮੀਨ ਹੈ।  ਇਸ ਵਿਧਵਾ ਨੇ ਦੋ ਜਣਿਆ ਦਾ 5.90 ਲੱਖ ਰੁਪਏ ਦਾ ਕਰਜ਼ਾ ਦੇਣਾ ਹੈ। ਇਵੇਂ ਦੂਸਰੀ ਵਿਧਵਾ ਮਨਜੀਤ ਕੌਰ ਕੋਲ ਕੋਈ ਜ਼ਮੀਨ ਹੀ ਨਹੀਂ। ਸਿਰਫ ਪੰਜ ਲੱਖ ਦੀ ਕੀਮਤ ਵਾਲਾ ਘਰ ਹੈ ਜਦੋਂ ਕਿ ਉਸ ਸਿਰ ਵੀ ਪੰਜ ਲੱਖ ਦਾ ਕਰਜ਼ਾ ਹੈ। ਦੂਸਰੀ ਤਰਫ ਅੱਜ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ 13.82 ਕਰੋੜ ਦੀ ਜਾਇਦਾਦ ਹੈ।











Sunday, April 28, 2019

                                                              ਵਿਚਲੀ ਗੱਲ
                           ਕਾਲੀ ਮੱਸਿਆ ਦੀ ਰਾਤ ਪਾਉਂਦੇ ਤਾਰਿਆਂ ਦੀ ਬਾਤ
                                                             ਚਰਨਜੀਤ ਭੁੱਲਰ
ਬਠਿੰਡਾ : ਗੁਜਰਾਤੀ ਪੰਡਿਤ ‘ਅਬ ਕੀ ਵਾਰ’ ਨਹੀਂ। ਇਸ ਵਾਰ ਵਾਰਾਨਸੀ ਦੇ ਪੰਡਿਤ। ਖੋਲ੍ਹ ਪੱਤਰੀ ਜਿਨ੍ਹਾਂ ਦੱਸਿਆ ‘ਭਗਤਾ, 26 ਲਾਏਗੀ ਬੇੜਾ ਪਾਰ’। ਆਏ, ਚਾਹੇ ਨਾ ਆਏ, ਮੋਦੀ ਸਰਕਾਰ। ਵਾਰਾਨਸੀ ਦੇ ਪੰਡਿਤ ਆਪਣੀ ਚਲਾ ਗਏ। ਪਿਛਲੀ ਵਾਰ, ਗੁਜਰਾਤੀ ਪੰਡਿਤਾਂ ਨੇ ਸ਼ੁਭ ਦਿਨ ਕੱਢਿਆ ਸੀ। ਹੁਣ ਛੱਬੀ ਅਪਰੈਲ ਨੂੰ ਹੀ ਭਰੇ ਕਾਗਜ਼। ਲੈ ਕੇ ਬਾਦਲ ਦਾ ਆਸ਼ੀਰਵਾਦ। ਸਿਆਸੀ ਜਜਮਾਨ ਡੁੱੁਬਣਗੇ ਜਾਂ ਫਿਰ ਤੈਰਣਗੇ, ਪਤਾ ਨਹੀਂ। ਪਹਿਲਾਂ ਪੂਜਾ ਅਰਚਨਾ ਕੀਤੀ। ਫਿਰ ਸਭ ਦੇਵੀ ਦੇਵਤੇ ਧਿਆਏ। ਨਰਿੰਦਰ ਮੋਦੀ ਭਰ ਕਾਗ਼ਜ਼, ਮੈਦਾਨ ’ਚ ਨਿੱਤਰ ਆਏ। ਸਹਿਮੇ ਲੋਕਾਂ ਦਾ ਕੀ ਬਣੂ। ਪੰਡਿਤਾਂ ਨੇ ਇਹ ਨਹੀਂ ਦੱਸਿਆ। ਉੱਚੀ ਸਟੇਜ ਤੋਂ ਮੋਦੀ ਹੱਸਿਆ। ਅਬ ਕੀ ਬਾਰ..ਆਖ ਕੇ ਜਿਉਂ ਹੀ ਹੱਥ ’ਤੇ ਹੱਥ ਮਾਰਿਐ। ਲੋਕਾਂ ਨੂੰ ਇੰਝ ਲੱਗਾ ਕਿ ਜਿਵੇਂ ਸਾਨੂੰ ਫਿਰ ਚਾਰਿਐ। ਗ੍ਰਹਿ ਚਾਲ ਤੇ ਦਸ਼ਾ ਸੋਨੀਆ ਗਾਂਧੀ ਨੇ ਵੀ ਪਹਿਲਾਂ ਵੇਖੀ। ਫਿਰ ਭਰੇ ਰਾਏ ਬਰੇਲੀ ਤੋਂ ਕਾਗ਼ਜ਼। ਭੈੜੀਆਂ ਨਜ਼ਰਾਂ ਤੋਂ ਕਿਵੇਂ ਬਚਣੇ, ਜੋਤਸ਼ੀ ਨੇ ਉਪਾਅ ਦੱਸਿਆ। ਤਾਂਹੀਓਂ ‘ਕਾਲਾ ਟਿੱਕਾ’ ਲਾ ਕੇ ਪ੍ਰਿਯੰਕਾ ਵਾਡੇਰਾ ਘਰੋਂ ਨਿਕਲੀ। ਮੁਲਾਇਮ ਦੀ ਨੂੰਹ ਡਿੰਪਲ ਯਾਦਵ ਨੇ ‘ਲਾਲ ਟਿੱਕਾ’ ਲਾਇਐ। ਕਰਨਾਟਕਾ ’ਚ ਭਾਜਪਾ ਨੇਤਾ ਬੀ. ਸਰੀਰਾਮੁਲੂ ਨੇ ਪਹਿਲਾਂ ਗਊ ਨੂੰ ਨੁਹਾਇਆ। ਫਿਰ ਕਾਗ਼ਜ਼ ਦਾਖਲ ਕੀਤੇ। ਸ਼ਨੀ ਦੇ ਗ੍ਰਹਿ ਤੋਂ ਗ੍ਰਹਿ ਮੰਤਰੀ ਵੀ ਡਰੇ ਨੇ। ‘ਭਗਤਾ, ਤੇਰੇ ਲਈ ਮੰਗਲ ਸ਼ੁਭ ਐ’। ਪੰਡਤਾਂ ਦਾ ਕਿਹਾ, ਕੌਣ ਮੋੜੂ, ਗ੍ਰਹਿ ਮੰਤਰੀ ਰਾਜਨਾਥ ਨੇ ਕਾਗ਼ਜ਼ ਮੰਗਲਵਾਰ ਨੂੰ ਭਰੇ।
                  ਸਾਧਵੀ ਪ੍ਰੱਗਿਆ ਕਾਗ਼ਜ਼ ਭਰਨ ਇਕੱਲੀ ਨਹੀਂ ਗਈ। ਗਿਆਰਾਂ ਪੰਡਿਤ ਵੀ ਨਾਲ ਗਏ। ਕਾਂਗਰਸੀ ਜਿਓਤਿਰਾਦਿਤੇ ਸਿੰਧੀਆ ਕਿਹੜਾ ਘੱਟ ਐ। ਚੋਣ ਪ੍ਰਚਾਰ ’ਚ ਨਿੰਬੂ ਮਿਰਚਾਂ ਨਾਲ ਚੁੱਕੀ ਫਿਰਦੈ। ਦਿੱਲੀ ਵਾਲਾ ਮਨੋਜ ਤਿਵਾੜੀ ਵੀ ਜੋਤਸ਼ੀ ਦੇ ਇਸ਼ਾਰੇ ’ਤੇ ਚੱਲਦੈ। ਮਹਾਰਾਣੀ ਪ੍ਰਨੀਤ ਕੌਰ ਦਾ ਸ਼ੁਭ ਮਹੂਰਤ ਕਿਸ ਨੇ ਕੱਢਿਆ। ਕੋਈ ਪਤਾ ਨਹੀਂ, ਮਹਾਰਾਣੀ ਨੇ ਕਾਗ਼ਜ਼ ਸਹੀ 12.15 ਵਜੇ ਦਾਖਲ ਕੀਤੇ, ਇਸ ਦਾ ਸਭ ਨੂੰ ਪਤਾ ਹੈ। ਚੋਣ ਕਮਿਸ਼ਨ ਦਾ ਫ਼ਰਮਾਨ ਸੁਣੋ, ਵੋਟਾਂ ਤੱਕ ਨਾ ਕੋਈ ਜੋਤਸ਼ੀ ਭਵਿੱਖਬਾਣੀ ਕਰੇਗਾ, ਨਾ ਹੀ ਉਸ ਦਾ ਤੋਤਾ। ਹੁਣ ਸਭ ਜੋਤਸ਼ੀ ਅੌਖੇ ਨੇ। ਭਿਵਾਨੀ ਦੇ ਐਮ.ਪੀ ਧਰਮਵੀਰ ਪੁਰਾਣੀ ਜੈੱਨ ਕਾਰ ’ਚ ਗਏ। ਮੁੱਖ ਮੰਤਰੀ ਨੂੰ ਉਡੀਕੇ ਬਿਨਾਂ ਹੀ ਕਾਗ਼ਜ਼ ਭਰ ਕੇ ਆਖਿਆ ‘ਸਮਾਂ ਵੀ ਲੱਕੀ ਐ ਤੇ ਕਾਰ ਵੀ।’ ਚੋਣਾਂ ਵੇਲੇ ਨੇਤਾ ਟੇਵੇ ਲਵਾਉਣ ਭੱਜਦੇ ਨੇ। ਕੋਈ ਹੱਥ ਦੀਆਂ ਲਕੀਰਾਂ ਤੇ ਕੋਈ ਮੱਥੇ ਦੀਆਂ ਪੜ੍ਹਾ ਰਿਹੈ। ਬਠਿੰਡਾ ਦੇ ਲੇਬਰ ਚੌਂਕ ’ਚ ਮਜ਼ਦੂਰ ਨਛੱਤਰ ਸਿੰਘ ਖੜ੍ਹਦੈ। ਮੀਂਹ ਆਵੇ, ਚਾਹੇ ਨੇਰ੍ਹੀ। ਨਛੱਤਰ ਨੇ ਹੱਥਾਂ ’ਤੇ ਪਏ ਅੱਟਣ ਦਿਖਾਏ। ਆਖਣ ਲੱਗਾ ‘ਸਾਡੇ ਨਛੱਤਰ ਤਾਂ ਸਦਾ ਮਾੜੇ ਨੇ’। ਡਾ. ਨਰਿੰਦਰ ਦਭੋਲਕਾਰ ਜਿਉਂਦਾ ਹੁੰਦਾ। ਨਛੱਤਰ ਨੂੰ ਜਰੂਰ ਬਹਿ ਸਮਝਾਉਂਦਾ। ਛੱਜੂ ਰਾਮ ਨੇ ਵਿਚੋਂ ਟੋਕਿਐ, ‘ਜੋ ਤਾਂਤਰਿਕਾਂ ਦੇ ਗੋਡੀ ਲੱਗੇ ਨੇ, ਪਹਿਲਾਂ ਉਨ੍ਹਾਂ ਨੂੰ ਸਮਝਾਓ।’
                 ਪੰਜਾਬ ’ਚ ਵੋਟਾਂ ਐਤਵਾਰ ਨੂੰ ਪੈਣੀਆਂ ਨੇ। ਅਕਾਲੀ ਪਹਿਲਾਂ ਹੀ ਸ਼ਨੀ ਦੇ ਪ੍ਰਕੋਪ ਤੋਂ ਡਰੇ ਬੈਠੇ ਨੇ। ਅੰਦਰੋਂ ਨਵਾਂ ਕਾਂਗਰਸੀ ਘੁਬਾਇਆ ਵੀ ਕੰਬਿਐ। ਸੰਨੀ ਦਿਓਲ ਇਕੱਲੇ ਨਲਕੇ ਪੁੱਟਦਾ ਹੁੰਦਾ, ਤਾਂ ਸੁਨੀਲ ਜਾਖੜ ਨੂੰ ਵੀ ਤਰੇਲੀ ਨਾ ਆਉਂਦੀ। ਸਾਰੇ ਉਮੀਦਵਾਰ ਬਣੇ ਹੋਏ ਹੁਣ ਬੀਬੇ ਬੱਚੇ ਨੇ। ਉਧਰ, ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਚੌਹਾਨ ਬੜੇ ਮੱਚੇ ਨੇ। ਉਨ੍ਹਾਂ ਨੂੰ ‘ਕੰਪਿਊਟਰ ਬਾਬਾ’ ਜੋ ਧੋਖਾ ਦੇ ਗਿਆ। ਚੌਹਾਨ ਨੇ ਪੰਜ ਸੰਤਾਂ ਨੂੰ ਮੰਤਰੀ ਦਾ ਦਰਜਾ ਦਿੱਤਾ। ਸਵਾਮੀ ਨਾਮਦੇਵ ਉਰਫ ਕੰਪਿਊਟਰ ਬਾਬਾ, ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇ ਗਿਆ। ਨਾਲੇ ਪੋਲ ਖੋਲ ਗਿਆ। ਪੁਜਾਰੀਆਂ ਨੂੰ ਦਿੱਤਾ ਮਾਣ ਭੱਤਾ ਵੀ ਕੰਮ ਨਾ ਆਇਆ। ਯੂ.ਪੀ ਵਾਲੇ ਯੋਗੀ ਨੇ ਸਾਧੂ ਨਿਹਾਲ ਕਰਤੇ। ਸਭ ਨੂੰ ਪੈਨਸ਼ਨ ਲਾਤੀ। ਉਧਰ ‘ਅਰਥੀ ਬਾਬਾ’ ਸਭ ਨੂੰ ਠੰਢੇ ’ਚ ਲਾ ਰਿਹੈ। ਯੂ.ਪੀ ’ਚ ਅਖਿਲੇਸ਼ ਯਾਦਵ ਦੇ ਖ਼ਿਲਾਫ਼ ਖੜੇ੍ਹ। ‘ਅਰਥੀ ਬਾਬਾ’ ਕਈ ਚੋਣਾਂ ਲੜ ਚੁੱਕੈ। ਅਰਥੀ ’ਤੇ ਕਾਗ਼ਜ਼ ਭਰਨ ਜਾਂਦੈ ਤਾਂ ਜੋ ਬਾਕੀ ਅਕਲ ਨੂੰ ਹੱਥ ਮਾਰ ਲੈਣ। ਚੋਣ ਦਫ਼ਤਰ ਸ਼ਮਸ਼ਾਨ ਘਾਟ ’ਚ ਚੱਲਦੈ।
                 ਆਓ ਥੋੜਾ ਅੰਧ ਵਿਸ਼ਵਾਸ਼ੀ ਬਾਜ਼ਾਰ ਦਾ ਗੇੜਾ ਲਾਉਂਦੇ ਹਾਂ। ਕਿਸੇ ਤੋਂ ਨਹੀਂ ਭੁੱਲਿਆ ਹੋਣਾ। ਨਹਿਰੂ ਨੇ ਦੋ ਸਵਾਮੀ ਰੱਖੇ ਹੋਏ ਸਨ। ਇੰਦਰਾ ਗਾਂਧੀ ਦੇ ਟੇਵੇ ਧੀਰੇਂਦਰ ਬ੍ਰਹਮਚਾਰੀ ਲਾਉਂਦਾ ਸੀ। ਨਰਸਿਮਾਰਾਓ ਦਾ ਤਕਦੀਰੀ ਸਲਾਹਦਾਰ ਚੰਦਰਾਸਵਾਮੀ ਸੀ। ਮਹੰਤ ਰਾਮਾਚੰਦਰਾ ਵਾਜਪਾਈ ਦੇ ਨੇੜੇ ਸਨ। ਠੀਕ ਉਨਾ ਹੀ, ਜਿੰਨਾ ਮੋਦੀ ਦੇ ਨੇੜੇ ਰਾਮਦੇਵ। ‘ਕਾਲੇ ਜਾਦੂ’ ਤੋਂ ਦੇਵਗੌੜਾ ਬਹੁਤ ਡਰਦੈ। ਸਰਕਾਰੀ ਘਰ ਦੀਆਂ ਖਿੜਕੀਆਂ ਪੁਟਾ ਦਿੱਤੀਆਂ ਸਨ। ਵਸੰਧੁਰਾ ਰਾਜੇ ਨੇ 13 ਅੰਕ ਨੂੰ ਲੱਕੀ ਮੰਨਿਐ। 13.13 ਵਜੇ ’ਤੇ ਸਹੁੰ ਚੁੱਕੀ ਸੀ। ਸਰਕਾਰੀ ਘਰ ਵੀ 13 ਨੰਬਰ ਲਿਆ। ਸ਼ੁਰੂ ’ਚ ਮੰਤਰੀ ਵੀ 13 ਹੀ ਬਣਾਏ। ਜਿਥੇ ਰਾਜਸਥਾਨ ਦੀ ਵਿਧਾਨ ਸਭਾ ਹੈ, ਉਥੇ ਪਹਿਲਾਂ ਸ਼ਮਸ਼ਾਨ ਘਾਟ ਸੀ। ਵਿਧਾਇਕ ਸੈਸ਼ਨ ’ਚ ਕੂਕੇ। ਇੱਥੇ ਤਾਂ ਰੂਹਾਂ ਦਾ ਵਾਸਾ ਹੈ, ਪਹਿਲਾਂ ਇਸ ਦੀ ਸ਼ੁੱਧੀ ਕਰਾਓ। ਪੰਜਾਬ ਵਿਧਾਨ ਸਭਾ ’ਚ ਐਤਕੀਂ ਵੱਖਰਾ ਰੰਗ ਦਿੱਖਿਆ। ਰਾਜਾ ਵੜਿੰਗ ਤੇ ਨਾਗਰਾ ਹੋਰਾਂ ਨੇ ਹੋਕਾ ਦਿੱਤਾ ਕਿ ਸਭ ਸਹੁੰ ਚੁੱਕੋ ਕਿ ਨਹੀਂ ਪੈਂਦੇ ਜੋਤਸ਼ ਗੇੜ ’ਚ ਤੇ ਹੁਣੇ ਲਾਹ ਸੁੱਟੋ ਹੱਥਾਂ ਦੇ ਨਗ। ਬਾਹਰ ਖੜ੍ਹੇ ਭੱਪੀ ਲਹਿਰੀ ਨੂੰ ਗੁੱਸਾ ਆਇਐ ‘ਪਹਿਲਾਂ ਮੈਂ ਕਿਉਂ ਲਾਹਾ, ਨਵਜੋਤ ਸਿੱਧੂ ਤੋਂ ਲੁਹਾਓ’।
                 ਛੱਜੂ ਰਾਮ ਨੇ ਤਾੜਿਐ, ਅਖੇ ਸੁਖਬੀਰ ਦੀ ਗੱਲ ਨਹੀਂ ਕਰਨੀ। ਨਾ ਹੀ ਅਮਰਿੰਦਰ ਦੀ ਜੋ ਨਦੀ ਦਾ ਪਾਣੀ ਨੱਥ ਚੜ੍ਹਾ ਕੇ ਉਤਾਰਦੈ। ਚੰਨੀ ਹਾਥੀ ’ਤੇ ਚੜ੍ਹਿਆ ਸੀ ਤੇ ਮਨਪ੍ਰੀਤ 786 ਸ਼ੁਭ ਮੰਨਦੈ, ਇਹ ਵੀ ਕਿਸੇ ਕੋਲ ਨਹੀਂ ਕਰਨੀ। ਚਲੋ ਨਹੀਂ ਕਰਦੇ, ਤੂੰ ਖੁਸ਼ ਰਹਿ ਛੱਜੂ ਰਾਮਾ। ਸਾਬਕਾ ਮੁੱਖ ਮੰਤਰੀ (ਕਰਨਾਟਕ) ਸਿੱਧਰਮਈਆ ਦੀ ਕਰ ਲੈਂਦੇ ਹਾਂ। ਸਰਕਾਰੀ ਕਾਰ ’ਤੇ ਕਾਂ ਬੈਠ ਗਿਆ। ਫੌਰੀ ਕਾਰ ਬਦਲੀ, ਬਦਸਗਨੀ ਜੋ ਹੋਈ। ਭਤੀਜਾ ਅਖਿਲੇਸ਼ ਯਾਦਵ ਬਤੌਰ ਮੁੱਖ ਮੰਤਰੀ ਨੋਇਡਾ ਨਹੀਂ ਗਿਆ। ਤਰਕ ਸੁਣੋ, ਜੋ ਨੋਇਡੇ ਜਾਂਦੈ, ਹਾਰ ਜਾਂਦੈ। ਇਹੋ ਗੱਲ ਭੂਆ ਨੇ ਲੜ ਬੰਨੀ। ਜਦੋਂ ਸਮਿਰਤੀ ਇਰਾਨੀ ਸਿੱਖਿਆ ਮੰਤਰੀ ਸੀ ਤਾਂ ਉਦੋਂ ਜੋਤਸ਼ੀ ਨੱਥੂ ਲਾਲ (ਭੀਲਵਾੜਾ) ਦੀ ਹਰ ਗੱਲ ਮੰਨੀ। ਨੱਥੂ ਲਾਲ ਕੋਈ ਐਰਾ ਗੈਰਾ ਨਹੀਂ। ਪ੍ਰਤਿਭਾ ਪਾਟਿਲ ਗਈ ਸੀ, ਰਾਸ਼ਟਰਪਤੀ ਬਣੀ, ਇਰਾਨੀ ਵੀ ਇਹੋ ਸੁਪਨੇ ਵੇਖਦੀ ਐ। ਵੱਡੇ ਬਾਦਲ ਚੋਣਾਂ ਵੇਲੇ ਅਕਸਰ ਆਖਦੇ ਨੇ ‘ਉਹ ਤਾਂ ਹਵਾ ਦਾ ਰੁਖ ਦੇਖ ਕੇ ਦੱਸ ਦਿੰਦੇ ਨੇ’। ‘ਆਪ’ ਵਾਲੇ ਹੁਣ ਵੱਡੇ ਬਾਦਲ ਨੂੰ ਹੀ ਹੱਥ ਦਿਖਾ ਲੈਣ। ਚਲੋ ਛੱਡੋ ਜੀ।
                ਖਗੋਲ ਸ਼ਾਸਤਰੀ ਦੱਸਦੇ ਹਨ ਕਿ ਸੌਰ ਮੰਡਲ ਵਿਚ ਅੱਠ ਗ੍ਰਹਿ ਹਨ ਤੇ ਤਿੰਨ ਬੌਣੇ ਗ੍ਰਹਿ ਵੀ ਨੇ। ਚੋਣ ਮੇਲੇ ਦੇ ਜੈਲਦਾਰਾਂ ਨੇ ਤਾਂ ਇਨ੍ਹਾਂ ਗ੍ਰਹਿਆਂ ਨੂੰ ਵੀ ਹੁਣ ਅੱਗੇ ਲਾ ਰੱਖਿਆ ਹੈ। ਕੌਮਾਂਤਰੀ ਖਗੋਲੀ ਰੱੁਝੇ ਹੋਏ ਹਨ। ਗ੍ਰਹਿਆਂ ’ਤੇ ਪਾਣੀ ਲੱਭਣ ਵਿਚ। ਦੁਨੀਆ ਚੰਨ ’ਤੇ ਪੈਰ ਪਾ ਆਈ ਹੈ। ਇੱਧਰ, ਸਾਡੇ ਨੇਤਾ ਜੋਤਸ਼ੀਆਂ ਦੇ ਪੈਰਾਂ ਵਿਚ ਬੈਠੇ ਹਨ। ਤਰਕਸ਼ੀਲੋ ਤੁਸੀਂ ਤਾਂ ਵਹਿਮਾਂ ਦੇ ਮੇਲੇ ’ਚ ਚੱਕੀ ਰੌਣੇ ਹੋ। ਇਹ ਤਾਂ ਬਾਬੇ ਫ਼ਰੀਦ ਤੇ ਕਬੀਰ ਨੂੰ ਟਿੱਚ ਕਰਕੇ ਜਾਣਦੇ ਨੇ। ਇਨ੍ਹਾਂ ਨਾ ਕਦੇ ਅਕਲ ਨੂੰ ਹੱਥ ਮਾਰਿਐ ਤੇ ਨਾ ਪ੍ਰੇਮ ਦੇ ਢਾਈ ਅੱਖਰ ਪੜ੍ਹੇ ਨੇ। ਤਾਹੀਂਓ ਅੰਦਰੋਂ ਹੁਣ ਡਰਦੇ ਨੇ। ‘ਕਮਲੇ’ ਲੋਕ 23 ਮਈ ਨੂੰ ਕਿਤੇ ਹੋਰ ਹੀ ਚੰਨ ਨਾ ਚਾੜ੍ਹ ਦੇਣ। ਬੋਦੀ ਵਾਲੇ ਤਾਰੇ ਦਾ ਤਾਂ ਸਰ ਜਾਊ। ਛੱਜੂ ਰਾਮ ਦਾ ਹਾਸਾ ਨਹੀਂ ਰੁਕ ਰਿਹੈ।






Saturday, April 27, 2019

                       ਸਿਆਸੀ ਸੋਨਪਰੀ
 ਬਾਦਲਾਂ ਦੀ ਨੂੰਹ ਕੋਲ ਇੱਕ ਪੰਡ ਗਹਿਣੇ !
                          ਚਰਨਜੀਤ ਭੁੱਲਰ
ਬਠਿੰਡਾ : ਇਹ ਗੱਲ ਪੂਰੇ ਚੌਵੀ ਕੈਰਟ ਸੱਚ ਹੈ ਕਿ ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਏਨੇ ਗਹਿਣੇ ਹਨ ਕਿ ਚਾਹੇ ਪੰਡ ਬੰਨ੍ਹ ਲਵੋ। ਮੁਲਕ ਭਰ ਚੋਂ ਬੀਬਾ ਬਾਦਲ ਨੇ ਜਵੈਲਰੀ ਦੇ ਮਾਮਲੇ ਵਿਚ ਝੰਡੀ ਲੈ ਲਈ ਹੈ। ਦੇਸ਼ ਭਰ ਦੇ ਚੋਣ ਪਿੜ ’ਚ ਹੁਣ ਤੱਕ 449 ਮਹਿਲਾ ਉਮੀਦਵਾਰ ਉੱਤਰੀਆਂ ਹਨ, ਜਿਨ੍ਹਾਂ ਚੋਂ ਸਭ ਤੋਂ ਵੱਧ ਗਹਿਣੇ ਹਰਸਿਮਰਤ ਕੌਰ ਬਾਦਲ ਕੋਲ ਹਨ। ਕੇਂਦਰੀ ਵਜ਼ਾਰਤ ’ਚ ਵੀ ਜੋ ਸੱਤ ਮਹਿਲਾ ਵਜ਼ੀਰ ਹਨ, ਉਹ ਵੀ ਗਹਿਣਿਆਂ ਦੇ ਮਾਮਲੇ ਵਿਚ ਬੀਬੀ ਬਾਦਲ ਦੇ ਨੇੜੇ ਤੇੜੇ ਨਹੀਂ ਹਨ। 16 ਵੀਂ ਲੋਕ ਸਭਾ ਵਿਚ ਕੁੱਲ 66 ਮਹਿਲਾ ਐਮ.ਪੀਜ ਹਨ ਜਿਨ੍ਹਾਂ ਚੋਂ ਸਭ ਤੋਂ ਵੱਧ ਗਹਿਣੇ ਬੀਬਾ ਬਾਦਲ ਕੋਲ ਹਨ। ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਕੋਲ ਇਸ ਵੇਲੇ 7.03 ਕਰੋੜ ਦੇ ਗਹਿਣੇ ਹਨ ਜਿਨ੍ਹਾਂ ਵਿਚ ਸੋਨਾ, ਸਿਲਵਰ,ਸਟੋਨ ਤੇ ਡਾਇਮੰਡ ਦੇ ਗਹਿਣੇ ਹਨ। ਬੀਬਾ ਬਾਦਲ ਨੇ ਕੁਝ ਗਹਿਣੇ ਖਰੀਦੇ ਹਨ ਤੇ ਕੁਝ ਵਿਰਾਸਤ ਵਿਚ ਮਿਲੇ ਹਨ। ਸੁਖਬੀਰ ਸਿੰਘ ਬਾਦਲ ਕੋਲ ਸਿਰਫ 9 ਲੱਖ ਦੇ ਗਹਿਣੇ ਹਨ। ਜਦੋਂ ਬੀਬੀ ਬਾਦਲ ਪਹਿਲੀ ਵਾਰ 2009 ਵਿਚ ਐਮ.ਪੀ ਬਣੇ ਸਨ ਤਾਂ ਉਦੋਂ ਉਨ੍ਹਾਂ ਕੋਲ 1.94 ਕਰੋੜ ਦੇ ਗਹਿਣੇ ਸਨ ਜਿਸ ਵਿਚ 14.93 ਕਿਲੋ ਸੋਨਾ ਤੇ ਸਿਲਵਰ ਸ਼ਾਮਿਲ ਹੈ। ਮੋਟੇ ਅੰਦਾਜ਼ੇ ਅਨੁਸਾਰ ਹੁਣ ਹਰਸਿਮਰਤ ਕੌਰ ਬਾਦਲ ਕੋਲ ਕਰੀਬ 21.50 ਕਿਲੋ ਸੋਨਾ/ਸਿਲਵਰ ਆਦਿ ਹੈ।
           ਦੇਖਿਆ ਜਾਵੇ ਤਾਂ ਇੰਨੇ ਗਹਿਣਿਆਂ ਦੀ ਪੂਰੀ ਪੰਡ ਬੱਝ ਜਾਵੇ। ਪੰਜਾਬ ਦੇ ਕਿਸਾਨਾਂ ਨੂੰ ਕਈ ਵਾਰ ਏਦਾਂ ਦੇ ਦਿਨ ਵੀ ਵੇਖਣੇ ਪੈਂਦੇ ਹਨ ਕਿ ਘਰ ’ਚ ਇੱਕ ਪੰਡ ਤੂੜੀ ਵੀ ਨਹੀਂ ਹੁੰਦੀ। ਵੇਰਵਿਆਂ ਅਨੁਸਾਰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਗਹਿਣਿਆਂ ਦਾ ਸ਼ੌਕ ਕਾਫ਼ੀ ਹੈ ਅਤੇ ਉਹ ਵੀ ਇਸ ਮਾਮਲੇ ਵਿਚ ਹਰਸਿਮਰਤ ਦੇ ਨੇੜੇ ਨਹੀਂ ਪੁੱਜੇ ਹਨ। ਕਿਰਨ ਖੇਰ ਕੋਲ ਇਸ ਵੇਲੇ 4.64 ਕਰੋੜ ਦੇ ਗਹਿਣੇ ਹਨ ਜਿਨ੍ਹਾਂ ਵਿਚ 16 ਕਿਲੋ ਸੋਨਾ ਵੀ ਸ਼ਾਮਿਲ ਹੈ। ਕੇਂਦਰੀ ਵਜ਼ੀਰਾਂ ’ਤੇ ਨਜ਼ਰ ਮਾਰੀਏ ਤਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਕੋਲ 7.87 ਲੱਖ ਦੇ ਗਹਿਣੇ ਹਨ ਜਦੋਂ ਕਿ ਅਨੁਪ੍ਰਿਆ ਪਟੇਲ ਕੋਲ 4.80 ਲੱਖ ਦੇ ਗਹਿਣੇ ਹਨ। ਕੇਂਦਰੀ ਵਜ਼ੀਰ ਸਮਿਰਤੀ ਇਰਾਨੀ ਕੋਲ 12.36 ਲੱਖ ਅਤੇ ਵਜ਼ੀਰ ਮੇਨਕਾ ਗਾਂਧੀ ਕੋਲ 1.24 ਕਰੋੜ ਦੇ ਗਹਿਣੇ ਹਨ। ਇੱਥੋਂ ਤੱਕ ਕਿ ਸੋਨੀਆ ਗਾਂਧੀ ਕੋਲ ਵੀ ਸਿਰਫ਼ 62 ਲੱਖ ਦੇ ਗਹਿਣੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਐਮ.ਪੀ ਨੂੰਹ ਡਿੰਪਲ ਯਾਦਵ ਕੋਲ ਵੀ 59 ਲੱਖ ਦੀ ਜਵੈਲਰੀ ਹੈ। ਐਮ.ਪੀ ਸੁਪ੍ਰੀਆ ਸੁਲੇ ਕੋਲ ਜਰੂਰ 4 ਕਰੋੜ ਦੇ ਗਹਿਣੇ ਹਨ। ਫਿਲਮੀ ਅਦਾਕਾਰਾ ਹੇਮਾ ਮਾਲਿਨੀ ਵੀ ਬੀਬਾ ਬਾਦਲ ਦੇ ਗਹਿਣਿਆਂ ਦੇ ਅੱਧ ਵਿਚ ਵੀ ਨਹੀਂ ਅੱਪੜ ਸਕੇ।
                 ਹੇਮਾ ਮਾਲਿਨੀ ਕੋਲ 3.46 ਕਰੋੜ ਦੇ ਗਹਿਣੇ ਹਨ ਜਦੋਂ ਕਿ ਉੱਤਰੀ ਮੁੰਬਈ ਤੋਂ ਕਾਂਗਰਸੀ ਉਮੀਦਵਾਰ ਤੇ ਫਿਲਮੀ ਅਦਾਕਾਰ ਓਰਮਿਲਾ ਮਾਤੋੜਕਰ ਕੋਲ ਵੀ ਸਿਰਫ਼ 1.47 ਕਰੋੜ ਦੀ ਜਵੈਲਰੀ ਹੈ। ਹਰਸਿਮਰਤ ਬਾਦਲ ਦੀ ਜਾਇਦਾਦ ਵਿਚ ਪੰਜ ਵਰ੍ਹਿਆਂ ਵਿਚ 7.80 ਕਰੋੜ ਦਾ ਵਾਧਾ ਹੋਇਆ ਹੈ। ਹਰਸਿਮਰਤ ਦੇ ਪਰਿਵਾਰ ਦੀ ਚੱਲ ਅਚੱਲ ਸੰਪਤੀ ਹੁਣ 115.95 ਕਰੋੜ ਹੋ ਗਈ ਹੈ ਜੋ ਕਿ ਮਈ 2014 ਵਿਚ 108 ਕਰੋੜ ਦੀ ਸੀ। ਸੁਖਬੀਰ ਬਾਦਲ (ਐਚ.ਯੂ.ਐਫ) ਵਾਲੇ ਕਾਲਮ ਵਿਚ ਵੱਖਰੀ 217.95 ਕਰੋੜ ਦੀ ਸੰਪਤੀ ਦਿਖਾਈ ਗਈ ਹੈ ਅਤੇ ਇਹ ਕਾਲਮ ਪਹਿਲੀ ਵਾਰ ਸ਼ਾਮਲ ਹੋਇਆ ਹੈ। ਦਸ ਵਰ੍ਹਿਆਂ ਵਿਚ ਗਹਿਣਿਆਂ ’ਚ 5.09 ਕਰੋੜ ਦਾ ਵਾਧਾ ਹੋਇਆ ਹੈ। ਦੋ ਪਿੰਡਾਂ ਵਿਚ ਤੋਹਫੇ ਵਿਚ ਜ਼ਮੀਨ ਵੀ ਮਿਲੀ ਹੈ।





Sunday, April 21, 2019

                                                            ਵਿਚਲੀ ਗੱਲ
            ਚਾਕੂ ਵਾਲਾ ਗੁੜ ਤੇ ਧਾਗੇ ਵਾਲੀ ਮਿਸ਼ਰੀ..!
                                                         ਚਰਨਜੀਤ ਭੁੱਲਰ
ਬਠਿੰਡਾ : ਸਿਆਣੇ ਆਖਦੇ ਹਨ ‘ਪਹਿਲਾਂ ਤੋਲੋ, ਫਿਰ ਬੋਲੋ’। ਸਿਆਸੀ ਕੋਕੋ ਦੇ ਨਿਆਣੇ ਆਖਦੇ ਨੇ, ਏਨੀ ਵਿਹਲ ਕਿਥੇ। ਚੋਣਾਂ ਦਾ ਕੁੰਭ ਸਜਿਆ ਹੈ। ਸਿਆਣੇ ਫਿਰ ਬੋਲੇ ਨੇ, ਕਮਲਿ਼ਓ ਗੱਲ ਤਾਂ ਸੁਣੋ। ਸਿਆਸੀ ਨਿਆਣੇ ਖਿਝ ਕੇ ਬੋਲੇ ਨੇ, ਹੁਣ ਨਾ ਪੁੱਛੋ ਮਸ਼ਕਾਂ ਦਾ ਭਾਅ। ਕੇਹਾ ਤਿਉਹਾਰ ਹੈ ਲੋਕ ਰਾਜ ਦਾ। ਸਿਆਸੀ ਜੁਆਕ ਬੁਲੇਟ ਟਰੇਨ ਬਣੇ ਹੋਏ ਨੇ। ਮੁਲਕ ਦੇ ਪੈਰਾਂ ਹੇਠ ਅੱਗ ਮਚਾ ਰੱਖੀ ਹੈ। ਬਜ਼ੁਰਗਾਂ ਦੀ ਕੌਣ ਸੁਣਦੈ। ਸਿਆਸੀ ਸੇਕ ਪਿੰਡੇ ਸਾੜ ਰਿਹੈ। ਆਲਮੀ ਤਪਸ਼ ਫਿਰ ਕਿਉਂ ਨਾ ਵਧੇਗੀ। ਚੋਣ ਕਮਿਸ਼ਨ ਪਿਚਕਾਰੀ ਚੁੱਕੀ ਫਿਰਦੈ। ਸੁਪਰੀਮ ਕੋਰਟ ਦੇ ਸਿਆਣੇ ਬੋਲੇ, ਨਾ ਡਰੋ ਕੋਕੋ ਤੋਂ, ਸੁੱਟੋ ਪਿਚਕਾਰੀ, ਪੀਪੇ ਚੁੱਕੋ। ਲੋਕ ਰਾਜ ਦਾ ਇੱਕ ਦਿਨ ਦਾ ਪ੍ਰਾਹੁਣਾ ਸਹਿਮਿਐ। ਸਿਆਣੇ ਬੁੜ ਬੁੜ ਕਰ ਰਹੇ ਨੇ। ਭਾਈ, ਧੀਆਂ ਭੈਣਾਂ ਵਾਲਾ ਘਰ ਐ। ਬੋਲਣ ਵੇਲੇ ਅੱਗਾ ਪਿੱਛਾ ਦੇਖ ਲਿਆ ਕਰੋ। ਐਵੇਂ ਮੂੰਹ ਦਾ ਸੁਆਦ ਖਰਾਬ ਨਾ ਕਰੋ। ਕੌਣ ਮੰਨਦੈ ਅੱਜ ਕੱਲ। ਸਿਆਸੀ ਨਿਆਣੇ ਝੁਰਲੂ ਚੁੱਕੀ ਫਿਰਦੇ ਹਨ। ਲੋਕ ਰਾਜ ਦੇ ਬਾਦਸ਼ਾਹ ਜਮੂਰਾ ਬਣੇ ਹੋਏ ਹਨ। ਅੌਰਤਾਂ ਨੇ ਮੂੰਹ ’ਚ ਚੁੰਨੀ ਲਈ ਹੋਈ ਹੈ। ਹਾਲੇ ਤਾਂ ਪੰਜ ਗੇੜ ਬਾਕੀ ਹਨ। ਮੀਂਹ ਨੇ ਫਸਲ ਝੰਬ ਦਿੱਤੀ ਐ। ਕਿਸਾਨ ਫਸਲ ਸੰਭਾਲ ਰਿਹੈ। ਨੇਤਾ ਜੀ, ਤੁਸੀਂ ਵੀ ਜ਼ੁਬਾਨ ਸੰਭਾਲੋ। ਮੂੰਹਾਂ ਚੋਂ ਅੱਗ ਵਰ੍ਹਨੋਂ ਫਿਰ ਨਹੀਂ ਹਟ ਰਹੀ। ਕੋਈ ਜ਼ਬਾਨਬੰਦੀ ਦੀ ਵੈਕਸੀਨ ਹੁੰਦੀ। ਅਮਿਤਾਭ ਬਚਨ ਜਰੂਰ ਪਿਲਾਉਂਦਾ ‘ਦੋ ਬੂੰਦਾਂ ’। ਨਿੱਕੇ ਹੁੰਦੇ ਜ਼ੁਬਾਨ ਦੀ ਵੈਕਸੀਨੇਸ਼ਨ ਹੋਈ ਹੁੰਦੀ। ਤਾਂ ਅੱਜ ਇਹ ਜ਼ਮੀਰ ਤੋਂ ਬਾਗੀ ਨਾ ਹੁੰਦੇ।
                  ਨਹੀਂ ਯਕੀਨ, ਤਾਂ ਦੋ ਗੇੜਾਂ ਦਾ ਖਾਤਾ ਫਰੋਲ ਲਓ। ਯੂਨੀਸੈਫ ਏਨੀ ਕੁ ਖੇਚਲਾ ਜਰੂਰ ਕਰੇ। ਸਿਆਸੀ ਜੁਆਕਾਂ ਲਈ ਵੈਕਸੀਨ ਜਰੂਰ ਘੱਲੇ। ਇਕੱਲੀ ਪੋਲੀਓ ਮੁਕਤੀ ਕਾਫ਼ੀ ਨਹੀਂ, ਵੱਧ ਲੋੜ ਹੁਣ ‘ਅੱਗ ਮੁਕਤ’ ਜ਼ੁਬਾਨ ਦੀ ਐ। ਕਿਤੇ ਜਨੇਵਾ ਤੋਂ ਜ਼ੁਬਾਨਬੰਦੀ ਦੀ ਕੋਈ ਵੈਕਸੀਨ ਆਏ। ਭੋਪਾਲ ਤਾਂ ਦੋ ਦੋ ਬੂੰਦਾਂ ਜਰੂਰ ਭੇਜੀਏ। ਸਾਧਵੀ ਪੱ੍ਰਗਿਆ ਨੂੰ ਵੱਧ ਲੋੜ ਐ। ਪ੍ਰੱਗਿਆ ਠਾਕੁਰ ਨੇ ਠੋਕ ਵਜਾ ਕੇ ਆਖਿਐ, ਹੇਮੰਤ ਕਰਕਰੇ ਨੂੰ ਕਰਮਾਂ ਦੀ ਸਜ਼ਾ ਮਿਲੀ ਐ। ਸਾਧੂ ਸੰਤਾਂ ਦਾ ਸਰਾਪ ਲੱਗਿਐ। ਕੈਪਟਨ ਅਮਰਿੰਦਰ ਨੂੰ ਗੁੱਸਾ ਆਇਆ, ਬੀਬੀ, ਜ਼ੁਬਾਨ ਸੰਭਾਲ ਕੇ ਗੱਲ ਕਰ, ਮੁੰਬਈ ਹਮਲੇ ਦਾ ਸ਼ਹੀਦ ਐ ਹੇਮੰਤ ਕਰਕਰੇ। ਭਾਜਪਾਈ ਸਾਕਸ਼ੀ ਮਹਾਰਾਜ ਕਿਹੜਾ ਘੱਟ ਨੇ। ਮਹਾਰਾਜ ’ਤੇ 34 ਕੇਸ ਦਰਜ ਨੇ। ਸੰਨਿਆਸੀ ਮਹਾਰਾਜ ਆਖਦੇ ਨੇੇ, ‘ਵੋਟਾਂ ਦੀ ਭੀਖ ਨਾ ਦਿੱਤੀ ਤਾਂ ਸਰਾਪ ਦੇਂਦੂ।’ ਬਚਨ ਸਾਹਿਬ, ਇਨ੍ਹਾਂ ਨੂੰ ਦੋ ਬੂੰਦਾਂ ਜਰੂਰ ਪਿਲਾਓ। ਯੂ.ਪੀ ਦਾ ਗੇੜਾ ਲੱਗੇ। ਆਜ਼ਮ ਖਾਂ ਨੂੰ ਚਾਰ ਬੂੰਦਾਂ ਪਿਲਾਉਣਾ। ਪੰਜ ਗੇੜ ਜੋ ਬਾਕੀ ਪਏ ਨੇ। ਸ਼ਰਮ ਦਾ ਹੀ ਘਾਟਾ ਲੱਗਦੈ, ਤਾਹੀਂ ਜਯਾ ਪ੍ਰਦਾ ਦੇ ਅੰਦਰੂਨੀ ਕੱਪੜਿਆਂ ਦਾ ਰੰਗ ਪਰਖਦੇ ਨੇ। ਭਾਜਪਾ ਨੇਤਾ ਜੈ ਕਰਨ ਗੁਪਤਾ ਦੀ ਮੇਰਠ ’ਚ ਜੈ ਜੈ ਕਾਰ ਹੋਈ ਹੈ। ਅਖੇ , ‘ਪ੍ਰਿਅੰਕਾ ਤਾਂ ‘ਸਰਕਟ ਵਾਲੀ ਬਾਈ’ ਐ।’ ਭਾਜਪਾਈ ਹਰੀਸ਼ ਦ੍ਰਿਵੇਦੀ ਇਸ ਤੋਂ ਵੱਧ ਕੇ ਬੋਲੇ, ‘ਪ੍ਰਿਅੰਕਾ ਦਿੱਲੀ ’ਚ ਜੀਨ-ਸਕਰਟ ਪਹਿਨਦੀ ਐ’।
                 ਆਂਧਰਾ ਦਾ ਨੇਤਾ ਜੈਦੀਪ ਕਵਾਡੇ ਇੰਝ ਬੋਲਿਆ ‘ਜਦੋਂ ਅੌਰਤ ਲਗਾਤਾਰ ਪਤੀ ਬਦਲੇ, ਬਿੰਦੀ ਦਾ ਸਾਈਜ਼ ਵੱਡਾ ਹੁੰਦੇ।’ ਸਮਿਰਤੀ ਇਰਾਨੀ ਨੇ ਨਹੀਂ, ਜੁਆਬ ਹੁਣ ਉਮਾ ਭਾਰਤੀ ਨੇ ਦਿੱਤੈ ‘ ਪ੍ਰਿਅੰਕਾ ਚੋਰ ਦੀ ਪਤਨੀ ਐ’। ਬਚਨ ਪਿਆਰੇ, ਇਨ੍ਹਾਂ ਦਾ ਦੋ ਦੋ ਬੰੂਦਾਂ ਨਾਲ ਨਹੀਂ ਸਰਨਾ। ਜਦੋਂ ਚੋਣ ਅਧਿਕਾਰੀ ਨੇ ਬੈਨਰ ਉਤਾਰ ਦਿੱਤਾ। ਕਲਕੱਤਾ ਦਾ ਭਾਜਪਾ ਪ੍ਰਧਾਨ ਦਲੀਪ ਘੋਸ਼ ਬੋਲਿਆ, ‘ਹੁਣ ਤੇਰੀ ਪੈਂਟ ਉਤਾਰੂ’। ਕਾਂਗਰਸੀ ਨੇਤਾ ਵਿਨੇ ਕੁਮਾਰ ਨੇ ਸ਼ਿਮਲੇ ਦੀ ਠੰਡ ਉਤਾਰੀ ਹੈ। ਵਿਨੇ ਦਾ ਐਲਾਨ ਸੁਣੋ, ‘ਭਾਜਪਾ ਪ੍ਰਧਾਨ ਸੱਤੀ ਦੀ ਜ਼ੁਬਾਨ ਕੱਟੋ, ਦਸ ਲੱਖ ਜਿੱਤੋ।’ ਇਸ ’ਚ ਮਾਂ ਦੀ ਗੁੜ੍ਹਤੀ ਦਾ ਕੀ ਕਸੂਰ। ਬਜ਼ੁਰਗ ਸਿਰ ਫੜੀ ਮੰਥਨ ਕਰ ਰਹੇ ਨੇ। ਪੰਜ ਸਾਲ ਦੇਸ਼ ’ਚ ਜ਼ੁਬਾਨਬੰਦੀ ਜੋ ਰਹੀ। ਹੁਣ ਖੁਦ ਹੱਥਾਂ ਚੋਂ ਨਿਕਲੇ ਫਿਰਦੇ ਨੇ। ਯੂ.ਪੀ ਵਾਲੇ ਯੋਗੀ ਨੇ ਚੋਣਾਂ ਨੂੰ  ‘ਅਲੀ’ ਤੇ ‘ਬਲੀ’ ਦੀ ਜੰਗ ਦੱਸਿਆ। ਕਨ੍ਹੱਈਆ ਕੁਮਾਰ ‘ਪੜਾਈ ਤੇ ਕੜਾਹੀ’ ਦੀ ਜੰਗ ਆਖਦੇ ਨੇ। ਨਵਜੋਤ ਸਿੱਧੂ ਥਾਂ ਥਾਂ ਹੋਕਾ ਦਿੰਦਾ ਫਿਰਦੈ ‘ਐਸਾ ਛਿੱਕਾ ਮਾਰੋ, ਮੋਦੀ ਨੂੰ ਬਾਊਂਡਰੀ ਪਾਰ ਕਰਾ ਦਿਓ’। ਨੇਤਾ ਸੱਜਣ ਵਰਮਾ ਨੇ ਵੀ ਸੀਰ ਪਾਇਆ ‘ ਮਥਰਾ ’ਚ ਹੇਮਾ ਮਾਲਿਨੀ ਠੁੰਮਕੇ ਲਗਾ ਕੇ ਵੋਟਾਂ ਮੰਗਦੀ ਐ।’ ਸਮਾਜਵਾਦੀ ਫਿਰੋਜ਼ ਖਾਂ ਨੇ ਜਯਾ ਪ੍ਰਦਾ ਵੱਲ ਵੇਖ ਕੇ ਚੌਕਾ ਲਾਇਆ ‘ ਰਾਮਪੁਰ ਦੀਆਂ ਸ਼ਾਮਾਂ ਰੰਗੀਨ ਬਣ ਗਈਆਂ ਨੇ।’
                  ਬਜ਼ੁਰਗ ਆਖਦੇ ਨੇ, ਕਰਤਾਰੋ ਡਰੋਂ, ਨਾ ਬੋਲੋ ਮੰਦੜੇ ਬੋਲ। ਰਾਜਾ ਵੜਿੰਗ ਜਰੂਰ ਬੋਲਿਐ, ‘ਬਜ਼ੁਰਗੋਂ ਡਰੋ ਨਾ, ਐਸੇ ਸ਼ਮਸ਼ਾਨ ਘਾਟ ਬਣਾਦੂ, ਥੋਡਾ ਮਰਨ ਨੂੰ ਦਿਲ ਕਰੂ’। ਵੱਡੇ ਬਾਦਲ ਆਖਣ ਲੱਗੇ ‘ਜੇਹੋ ਜੇਹੀ ਅਕਲ ਹੋਊ, ਉਹੋਂ ਜੇਹੀ ਆਵਾਜ਼ ਨਿਕਲੂ’। ਮੁਕਤਸਰ ਵਾਲੇ ‘ਅਵਾਜ਼-ਏ-ਪੰਜਾਬ’ ਹੁਣ ਅਕਾਲੀ ਤਰਜ਼ਾਂ ਕੱਢਣਗੇ। ਉਧਰ, ਬਚਨ ਸਾਹਿਬ, ਕਾਹਲੀ ਕਰ ਰਹੇ ਨੇ। ਅਖੇ, ਹੋਰ ਕਿਸ ਕਿਸ ਨੂੰ ਬੂੰਦਾਂ ਪਿਲਾਈਏ। ਕਰਨਾਟਕ ਦੇ ਭਾਜਪਾ ਆਗੂ ਰਾਜੂ ਕਾਗੇ ਨੇ ਤੀਰ ਚਲਾਇਆ ਮੁੱਖ ਮੰਤਰੀ ਕੁਮਾਰਾਸਵਾਮੀ ’ਤੇ। ਰਾਜੂ ਨੇ ਰਾਜ ਖੋਲਿਐ, ‘ਸਾਡਾ ਮੋਦੀ ਗੋਰਾ ਐ, ਕੁਮਾਰਾਸਵਾਮੀ ਕਾਲਾ ਮੱਝ ਵਰਗਾ।’ ਚਾਹੇ ਸੌ ਵਾਰੀ ਨਹਾ ਲਏ। ਮੁੱਖ ਮੰਤਰੀ ਦਾ ਜੁਆਬ ਸੁਣੋ, ‘ਮੋਦੀ ਤਾਂ ਨਿੱਤ ਮੇਕਅਪ ਕਰਦੈ।’ ਭਾਜਪਾਈ ਸੁਰੇਂਦਰ ਨਰਾਇਣ ਨੇ ਸਾਰਾ ਗੁੱਸਾ ਮਾਇਆਵਤੀ ’ਤੇ ਲਾਹਿਆ। ‘ਮਾਇਆਵਤੀ ਕਿਹੜਾ ਘੱਟ ਐ, ਰੋਜ਼ਾਨਾ ਫੇਸ਼ੀਅਲ ਕਰਦੀ ਐ, ਵਾਲ ਰੰਗਦੀ ਐ, ਸ਼ੌਕੀਨ ਸਾਡੇ ਲੀਡਰਾਂ ਨੂੰ ਆਖਦੀ ਐ।’ ਸਿਆਸੀ ਤੀਰ ਅੰਦਾਜ਼ ਚੋਭਾਂ ਤੇ ਬੋਲ ਕੁਬੋਲਾਂ ਨਾਲ ਏਦਾਂ ਵਿੰਨ ਰਹੇ ਹਨ। ਬਾਬਿਆਂ ਤੋਂ ਫਿਰ ਨਹੀਂ ਰਿਹਾ ਗਿਆ, ਸੱਜਣੋ, ‘ ਕਮਾਨ ਚੋਂ ਤੀਰ, ਜਬਾਨ ਚੋਂ ਸ਼ਬਦ, ਨਿਕਲੇ ਵਾਪਸ ਨਹੀਂ ਮੁੜਦੇ’। ਥੋੜਾ ਸੰਭਲ ਕੇ। ਸਿਆਸੀ ਨਿਆਣੇ ਇੱਕ ਦੂਸਰੇ ਦੇ ਪੋਤੜੇ ਫਰੋਲੀ ਜਾ ਰਹੇ ਨੇ। ਠਿੱਬੀ ਲਾਉਣ ਲਈ ਤੱਤਾ ਤੱਤਾ ਬੋਲਦੇ ਨੇ। ਲੱਗਦੈ, ਡੋਨਾਲਡ ਟਰੰਪ ਨੇ ਵੀ ਇਨ੍ਹਾਂ ਦੀ ਕੌਲੀ ’ਚ ਛੱਕ ਲਿਆ। ਐਂਗਰੀ ਯੰਗ ਮੈਨ, ਕਿਤੇ ਅਮਰੀਕਾ ਗਏ ਤਾਂ ਟਰੰਪ ਦੇ ਮੂੰਹ ’ਚ ਵੀ ਦੋ ਬੂੰਦਾਂ ਪਾ ਆਇਓ। ਪਰ ਜਲਦੀ ਮੁੜਨਾ, ਆਖਰੀ ਗੇੜ ਪੰਜਾਬ ਦਾ ਹੈ।
                ਪੰਜਾਬ ਆਲੇ ਕਾਂਗਰਸੀ ਅਕਾਲੀ ਵੀ ਮੁੱਠੀਆਂ ’ਚ ਥੁੱਕੀਂ ਫਿਰਦੇ ਨੇ। ਸੁਖਬੀਰ ਤੇ ਮਜੀਠੀਆ ਨੇ ਗਰਮੀ ਫੜੀ ਹੈ। ਸ਼ਾਇਦ ਅਮਰਿੰਦਰ ਨੂੰ ਤਾਂ ਬੂੰਦਾਂ ਦੀ ਲੋੜ ਨਾ ਪਵੇ, ਖੂੰਡਾ ਪਹਿਲਾਂ ਰੱਖਦੇ ਸਨ, ਹੁਣ ਤਾਂ ਇਕੱਲੀ ਤਹਿਜ਼ੀਬ ਰੱਖਦੇ ਨੇ। ਆਹ ਛੱਜੂ ਰਾਮ ਕੁਝ ਹੋਰ ਹੀ ਦੱਸ ਰਿਹੈ। ਅਖੇ, ਮਹਾਰਾਜੇ ਨੂੰ ਤਾਂ ਬਾਦਲ ਪਿੰਡ ਵਾਲੇ ‘ਡਾਕਟਰ’ ਹੀ ਬੂੰਦਾਂ ਪਿਲਾ ਆਏ ਨੇ। ਇੱਧਰ, ਇੱਕ ਦਿਨ ਦਾ ਮਹਾਰਾਜਾ ਪੁੱਛੀ ਜਾ ਰਿਹੈ, ਬਜ਼ੁਰਗੋ, ਕਿਸਾਨਾਂ ਦੀ ਆਮਦਨ ਦੁੱਗਣੀ ਕਦੋਂ ਹੋਊ। ਦੋ ਕਰੋੜ ਨੌਕਰੀਆਂ ਦਾ ਕਿਥੋਂ ਪਤਾ ਕਰੀਏ। ਨੋਟਬੰਦੀ ਤੇ ਜੀ.ਐਸ.ਟੀ ਦੇ ਜ਼ਖ਼ਮਾਂ ’ਤੇ ਕਿਹੜੀ ਮੱਲਮ ਲਾਈਏ। ਪੰਜ ਪੰਜ ਮਰਲੇ ਦੇ ਪਲਾਂਟ ਕਦੋਂ ਕੱਟੋਗੇ। ਗੁਟਕੇ ਵਾਲੀ ਸਹੁੰ ਦਾ ਕੀ ਬਣਿਆ। ਬੜ੍ਹਕ ਵਾਲਾ ਕੇਜਰੀਵਾਲ ਕਿਥੇ ਗਿਆ। ਤੱਤੇ ਭਾਸ਼ਣਾਂ ਨਾਲ ਢਿੱਡ ਨਹੀਂ ਭਰਦਾ। ਅੌਹ ਛੱਜੂ ਰਾਮ ਦੀ ਸੁਣੋ, ਅਖੇ ਬੱਚਾ ਤੇ ਰੰਭਾ, ਚੰਡੇ ਕੰਮ ਆਉਂਦੇ ਨੇ। ਕਿਤੇ ਚੰਡੇ ਹੁੰਦੇ, ਫਿਰ ਖੰਘ ਕੀ ਜਾਂਦੇ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਐ। ਪੰਜਾਬੀਓ, ਹੁਣ ਤੁਸੀਂ ਐਸਾ ਚੰਡਣਾ ਕਿ ਮੁੜ ਪੰਜਾਬ ਆਉਣ ਤਾਂ ਇਹੋ ਆਖਣ, ਭੈਣੋਂ ਅੌਰ ਭਾਈਓ, ਮਾਫ਼ ਕਰ ਦੇਣਾ, ਆਓ ਮੁਹੱਬਤਾਂ ਦੀ ਬਾਤ ਪਾਈਏ।


Thursday, April 18, 2019

                                                  ਹਲਕਾ ਬੇਗੂਸਰਾਏ
               ਨਾ ਜਾਣ ਤੇ ਨਾ ਪਛਾਣ, ਸਭ ਕਨ੍ਹੱਈਆ ਦੇ ਮਹਿਮਾਨ
                                        ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਨੀਲੀ ਦਸਤਾਰ ਤੇ ਬਾਣੇ ਵਾਲੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਬਰਜੰਗ ਸਿੰਘ ਦਾ ਕਨ੍ਹੱਈਆ ਕੁਮਾਰ ਦੀ ਹਮਾਇਤ 'ਚ ਬਿਹਾਰ ਦੇ ਬੇਗੂਸਰਾਏ ਹਲਕੇ ਵਿਚ ਪੁੱਜਣਾ ਸਹਿਜ ਨਹੀਂ। ਬੇਗੂਸਰਾਏ 'ਚ ਸੀਪੀਆਈ ਦੀ ਦਫ਼ਤਰੀ ਕੰਟੀਨ 'ਚ ਸਿੱਖ ਨੌਜਵਾਨ ਦੇ ਹੱਥਾਂ ਵਿਚ ਫੜੀ ਦਾਲ ਚੌਲ ਵਾਲੀ ਥਾਲ਼ੀ ਨਵੇਂ ਸਿਆਸੀ ਖੜਾਕ ਦਾ ਸੁਨੇਹਾ ਦੇ ਰਹੀ ਸੀ। ਹਜ਼ਾਰਾਂ ਮੀਲ ਦੇ ਫ਼ਾਸਲੇ ਤੈਅ ਕਰਕੇ ਇਹ ਨੌਜਵਾਨ ਸਿਰਫ਼ ਕਨ੍ਹੱਈਆ ਕੁਮਾਰ ਦੇ ਚੋਣ ਪ੍ਰਚਾਰ ਲਈ ਦੋ ਦਿਨ ਪਹਿਲਾਂ ਪੁੱਜਾ। ਬੇਗੂਸਰਾਏ 'ਚ ਉਸ ਦਾ ਕੋਈ ਆਪਣਾ ਨਹੀਂ। ਇੱਥੋਂ ਤੱਕ ਕਿ ਉਹ ਨਿੱਜੀ ਤੌਰ 'ਤੇ ਕਨ੍ਹੱਈਆ ਕੁਮਾਰ ਨੂੰ ਜਾਣਦਾ ਵੀ ਨਹੀਂ। ਇਸ ਸਿੱਖ ਨੌਜਵਾਨ ਨੂੰ ਦੇਖ ਕੇ ਬੇਗੂਸਰਾਏ ਦੇ ਲੋਕ ਉਤਸ਼ਾਹ ਵਿਚ ਹਨ। ਅੱਜ ਕਨ੍ਹੱਈਆ ਕੁਮਾਰ ਦੇ ਹਰ ਚੋਣ ਜਲਸੇ ਵਿਚ ਇਹ ਸਿੱਖ ਨੌਜਵਾਨ ਅੱਗੇ ਰਿਹਾ। ਕਨ੍ਹੱਈਆ ਕੁਮਾਰ ਦੇ ਪ੍ਰਚਾਰ 'ਚ ਸਿੱਖ ਨੌਜਵਾਨ ਦਾ ਪੁੱਜਣਾ ਇਸ਼ਾਰਾ ਕਰਦਾ ਹੈ ਕਿ ਮੁਲਕ ਦੇ ਵਿਹੜੇ ਵਿਚ ਸੁੱਖ ਨਹੀਂ। ਉਹ ਆਖਦਾ ਹੈ ਕਿ ਜਦੋਂ ਜੇਐਨਯੂ ਵਿਚਲਾ ਵਿਵਾਦ ਛਿੜਿਆ ਤਾਂ ਉਦੋਂ ਤੋਂ ਉਹ ਕਨ੍ਹੱਈਆ ਕੁਮਾਰ ਨੂੰ ਦੇਖ ਤੇ ਸੁਣ ਰਿਹਾ ਹੈ। ਸਿੱਖ ਨੌਜਵਾਨ ਤਰਕ ਦਿੰਦਾ ਹੈ ਕਿ 'ਮੇਰਾ ਧਰਮ ਵੀ ਬੇਇਨਸਾਫ਼ੀ ਖ਼ਿਲਾਫ਼ ਲੜਨਾ ਸਿਖਾਉਂਦਾ ਹੈ ਅਤੇ ਕਮਜ਼ੋਰ ਦੀ ਮਦਦ ਲਈ ਪ੍ਰੇਰਦਾ ਹੈ।' ਕਨ੍ਹੱਈਆ ਕੁਮਾਰ ਇਸੇ ਸੋਚ 'ਤੇ ਪਹਿਰਾ ਦੇ ਰਿਹਾ ਹੈ। ਬੇਗੂਸਰਾਏ ਦੇ ਪਿੰਡ ਬਾਘਾ ਵਿਚ ਇਹ ਨੌਜਵਾਨ ਵੋਟਰਾਂ ਦੇ ਘਰਾਂ ਤੱਕ ਪੁੱਜਿਆ।
           ਜ਼ਿਲ੍ਹਾ ਮੋਗਾ ਦੇ ਪਿੰਡ ਮਹੇਸ਼ਰੀ ਦੀ ਨੌਜਵਾਨ ਕੁੜੀ ਕਰਮਵੀਰ ਕੌਰ ਲਈ ਨਵ-ਵਿਆਹੁਤਾ ਜੀਵਨ ਨਾਲੋਂ ਬੇਗੂਸਰਾਏ ਦੀ ਚੋਣ ਕਿਤੇ ਵੱਧ ਅਹਿਮ ਹੈ। ਲਾਲ ਚੂੜਾ ਪਾਈ ਇਹ ਮੁਟਿਆਰ ਸ਼ਹਿਰ ਦੀਆਂ ਬਸਤੀਆਂ ਵਿਚ ਔਰਤਾਂ ਨੂੰ ਕਨ੍ਹੱਈਆ ਕੁਮਾਰ ਦੀ ਸੋਚ ਤੇ ਪਹੁੰਚ ਬਾਰੇ ਸਮਝਾ ਰਹੀ ਹੈ। ਅੱਜ ਦੇਰ ਸ਼ਾਮ ਇਹ ਲੜਕੀ ਹਲਕੇ ਦੇ ਪਿੰਡ ਲੱਖੀ ਵਿਚ ਕਨ੍ਹੱਈਆ ਕੁਮਾਰ ਦੇ ਚੋਣ ਜਲਸੇ ਦੀ ਤਿਆਰੀ ਕਰ ਰਹੀ ਸੀ। ਜਦੋਂ ਇਸ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਨੂੰ ਦਿਲੀ ਇੱਛਾ ਦੱਸੀ ਤਾਂ ਉਨ੍ਹਾਂ ਉਸ ਨੂੰ ਬੇਗੂਸਰਾਏ ਭੇਜ ਦਿੱਤਾ। ਕਰਮਵੀਰ ਕੌਰ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਫਿਲ (ਇਤਿਹਾਸ) ਕੀਤੀ ਹੈ। ਮੁਕਤਸਰ ਦੇ ਮਲੋਟ ਸ਼ਹਿਰ ਤੋਂ ਸੁਦੇਸ਼ ਕੁਮਾਰੀ ਇਕੱਲੀ ਨਹੀਂ ਆਈ, ਬਲਕਿ ਉਹ ਕਨ੍ਹੱਈਆ ਕੁਮਾਰ ਕੋਲ ਫੰਡ ਵੀ ਲੈ ਕੇ ਪੁੱਜੀ ਹੈ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਨੇ ਵੇਚੀ ਜ਼ਮੀਨ 'ਚੋਂ ਕੁਝ ਰਕਮ ਸਿਰਫ਼ ਕਨ੍ਹੱਈਆ ਕੁਮਾਰ ਦੀ ਚੋਣ ਲਈ ਬਚਾ ਕੇ ਰੱਖੀ ਸੀ। ਉਹ ਆਖਦੀ ਹੈ ਕਿ ਦੇਸ਼ ਨੂੰ ਮੌਜੂਦਾ ਦੌਰ 'ਚ ਕਨ੍ਹੱਈਆ ਕੁਮਾਰ ਵਰਗੇ ਨੌਜਵਾਨਾਂ ਦੀ ਲੋੜ ਹੈ। ਉਸ ਦੇ ਪੋਤਰੇ ਨੇ ਉਸ ਨੂੰ ਯੂ ਟਿਊਬ 'ਤੇ ਕਨ੍ਹੱਈਆ ਕੁਮਾਰ ਦੀਆਂ ਵੀਡੀਓਜ਼ ਦਿਖਾਈਆਂ ਸਨ, ਉਦੋਂ ਤੋਂ ਉਹ ਘਨ੍ਹੱਈਆ ਕੁਮਾਰ ਦੀ ਪ੍ਰਸ਼ੰਸਕ ਬਣ ਗਈ। ਸੁਦੇਸ਼ ਕੁਮਾਰੀ ਵੀ ਬੇਗੂਸਰਾਏ ਹਲਕੇ ਵਿਚ ਕਨ੍ਹੱਈਆ ਕੁਮਾਰ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਹੈ।
           ਇਸੇ ਤਰ੍ਹਾਂ ਹੋਰ ਕਾਫ਼ੀ ਨੌਜਵਾਨ ਬਿਨਾਂ ਕਿਸੇ ਸਿਆਸੀ ਬੰਧਨਾਂ ਤੋਂ ਬੇਗੂਸਰਾਏ ਦੀ ਜੂਹ ਵਿਚ ਪੁੱਜੇ ਹੋਏ ਹਨ। ਪੰਜਾਬ ਤੇ ਚੰਡੀਗੜ੍ਹ 'ਚੋਂ ਬਹੁਤੇ ਲੋਕ ਬੇਗੂਸਰਾਏ ਵਿਚ ਵਿਸ਼ੇਸ਼ ਤੌਰ 'ਤੇ ਕਨ੍ਹੱਈਆ ਕੁਮਾਰ ਨੂੰ ਫੰਡ ਦੇਣ ਵੀ ਪੁੱਜੇ। ਚੰਡੀਗੜ੍ਹ ਤੋਂ ਕੁਝ ਔਰਤਾਂ ਦੀ ਟੀਮ ਵੀ ਕਰੀਬ ਹਫ਼ਤਾ ਬੇਗੂਸਰਾਏ ਚੋਣ ਪ੍ਰਚਾਰ ਕਰਕੇ ਆਈ ਹੈ। ਮਹਾਰਾਸ਼ਟਰ 'ਚੋਂ ਆਈਆਂ ਦੋ ਨੌਜਵਾਨ ਕੁੜੀਆਂ ਵੀ ਕਨ੍ਹੱਈਆ ਕੁਮਾਰ ਲਈ ਵੋਟ ਮੰਗ ਰਹੀਆਂ ਹਨ। ਲੋਕ ਸਭਾ ਚੋਣਾਂ ਦੇ ਪਿੜ ਵਿਚ ਬੇਗੂਸਰਾਏ ਮਹੱਤਵਪੂਰਨ ਹਲਕਾ ਹੈ, ਜਿਥੋਂ ਸੀਪੀਆਈ ਨੇ ਕਨ੍ਹੱਈਆ ਕੁਮਾਰ ਨੂੰ ਮੈਦਾਨ ਵਿਚ ਉਤਾਰਿਆ ਹੈ। ਬੇਗੂਸਰਾਏ ਕਮਿਊਨਿਸਟਾਂ ਦਾ ਗੜ੍ਹ ਰਿਹਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦਾ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਦੇਸ਼ ਵਿਰੋਧੀ ਨਾਅਰੇ ਲਗਾਏ ਜਾਣ ਦੇ ਇਲਜ਼ਾਮਾਂ ਕਰਕੇ ਛਿੜੇ ਵਿਵਾਦ ਮਗਰੋਂ ਕੌਮੀ ਪੱਧਰ 'ਤੇ ਚਰਚਾ ਵਿਚ ਆਇਆ ਤੇ ਇਸ ਵਿਵਾਦ ਨੇ ਉਸ ਨੂੰ ਮੁੱਖ ਧਾਰਾ ਦੀ ਸਿਆਸਤ ਵਿਚ ਕੁੱਦਣ ਦੇ ਰਾਹ ਖੋਲ੍ਹ ਦਿੱਤੇ।

Monday, April 15, 2019

                                     ਸੇਕ ਨੋਟਬੰਦੀ ਦਾ
              ਅਸੀਂ ਬੁਢਾਪੇ ’ਚ ਹੁਣ ਕਿਧਰ ਜਾਈਏ ! 
                                     ਚਰਨਜੀਤ ਭੁੱਲਰ
ਬਠਿੰਡਾ  : ਪਿੰਡ ਸੰਧੂ ਖੁਰਦ ਦੀ ਬਜ਼ੁਰਗ ਦਲੀਪ ਕੌਰ ਦਾ ਨੋਟਬੰਦੀ ਨੇ ਬੁਢਾਪਾ ਰੋਲ ਦਿੱਤਾ ਹੈ। ਜ਼ਿੰਦਗੀ ਦੇ ਆਖਰੀ ਮੋੜ ’ਤੇ ਖੜ੍ਹੀ ਇਸ ਬਿਰਧ ਦੇ ਹੱਥ ਖਾਲੀ ਹਨ। ਚੋਣਾਂ ਵਿਚ ਹੁਣ ਜਦੋਂ ਮੋਦੀ ਦੇ ਜੁਮਲੇ ਕੰਨੀ ਪੈਣ ਲੱਗੇ ਹਨ ਤਾਂ ਇਸ ਬਜ਼ੁਰਗ ਦੇ ਮੂੰਹੋਂ ਬਦ-ਅਸੀਸਾਂ ਹੀ ਨਿਕਲਦੀਆਂ ਹਨ। 80 ਵਰ੍ਹਿਆਂ ਦੀ ਬਜ਼ੁਰਗ ਨੇ ਵਰ੍ਹਿਆਂ ’ਚ ਸਕੂਲ ਅੱਗੇ ਟਾਫੀਆਂ ਵੇਚ ਵੇਚ ਕੇ 9500 ਰੁਪਏ ਦੀ ਰਾਸ਼ੀ ਜਮ੍ਹਾ ਕੀਤੀ ਸੀ। ਬਜ਼ੁਰਗ ਦੱਸਦੀ ਹੈ ਕਿ ਨੋਟਬੰਦੀ ਨੇ ਸਾਲਾਂ ਦੀ ਕਮਾਈ ਸੰਦੂਕ ਵਿਚ ਪਈ ਹੀ ਰਾਖ ਕਰ ਦਿੱਤੀ। ਇਸ ਬਿਰਧ ਦੇ ਸਿਰੜ ਤੇ ਮਿਹਨਤ ਦੀ ਪੂਰਾ ਪਿੰਡ ਦਾਦ ਦਿੰਦਾ ਹੈ। ਪਤੀ ਦੀ ਮੌਤ ਮਗਰੋਂ ਇਸ ਬਜ਼ੁਰਗ ਮਾਈ ਨੇ ਖੁਦ ਖੇਤੀ ਕੀਤੀ ਅਤੇ ਗੋਹਾ ਕੂੜਾ ਕੀਤਾ। ਪੰਜ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਖੁਦ ਟਿੱਬੇ ਪੱਧਰ ਕਰਕੇ ਜ਼ਮੀਨ ਖੇਤੀਯੋਗ ਬਣਾਈ।  ਦਲੀਪ ਕੌਰ ਆਖਦੀ ਹੈ ਕਿ ਦਵਾਈ ਲੈਣ ਲਈ ਪੈਸੇ ਨਹੀਂ ਹਨ। ਉਸ ਨੇ ਤਾਂ ਇਸ ਨੋਟਬੰਦੀ ਚੋਂ ਘਾਟਾ ਹੀ ਖੱਟਿਆ ਹੈ। ਬਰਨਾਲਾ ਦੇ ਪਿੰਡ ਹਮੀਦੀ ਦੀ 90 ਵਰ੍ਹਿਆਂ ਦੀ ਮਾਈ ਦਾ ਨਾਮ ਵੀ ਦਲੀਪ ਕੌਰ ਹੈ। ਜਦੋਂ ਉਸ ਕੋਲ ਮੋਦੀ ਦੀ ਨੋਟਬੰਦੀ ਦੀ ਗੱਲ ਕੀਤੀ ਤਾਂ ਉਹ ਇੱਕੋ ਸਾਹ ਕਿੰਨਾ ਕੁਝ ਹੀ ਮੋਦੀ ਨੂੰ ਬੁਰਾ ਭਲਾ ਬੋਲ ਗਈ। ਬਜ਼ੁਰਗ ਦਲੀਪ ਕੌਰ ਨੇ ਬੁਢਾਪਾ ਪੈਨਸ਼ਨ ਦੇ ਪੈਸੇ ਬਚਾ ਬਚਾ ਕੇ ਰੱਖੇ ਸਨ। ਪਤਾ ਹੀ ਨਾ ਲੱਗਾ ਕਿ ਕਦੋਂ ਨੋਟਬੰਦੀ ਉਸ ਦੇ ਨੋਟਾਂ ਨੂੰ ਸੁਆਹ ਕਰ ਗਈ। ਉਹ ਆਖਦੀ ਹੈ ਕਿ ਬੁਢਾਪੇ ਵਾਸਤੇ ਪੈਨਸ਼ਨ ਜੋੜ ਕੇ ਰੱਖੀ ਸੀ ਜੋ ਬਿਨਾਂ ਕਸੂਰੋਂ ਮੋਦੀ ਨੇ ਖੋਹ ਲਈ।
                  ਦੱਸਣਯੋਗ ਹੈ ਕਿ ਪੇਂਡੂ ਬਜ਼ੁਰਗਾਂ ਨੇ ਸੰਜਮਾਂ ਨਾਲ ਪੈਸੇ ਜੋੜ ਕੇ ਰੱਖੇ ਹੋਏ ਸਨ ਜੋ ਸੰਦੂਕਾਂ ’ਚ ਹੀ ਬੰਦ ਰਹਿ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਜਿਸ ਮਗਰੋਂ ਲੋਕਾਂ ਵਿਚ ਹਾਹਾਕਾਰ ਮਚ ਗਈ। ਸਰਦੇ ਪੁੱਜਦੇ ਤਾਂ ਨੋਟ ਬਦਲੀ ਕਰਾ ਗਏ ਜੋ ਪੇਂਡੂ ਬਜ਼ੁਰਗ ਸਨ, ਉਨ੍ਹਾਂ ਦੀ ਬੱਚਤ ਪੂੰਜੀ ਸੰਦੂਕਾਂ ’ਚ ਹੀ ਪਈ ਰਹਿ ਗਈ। ਹੁਣ ਚੋਣਾਂ ਮੌਕੇ ਨਰਿੰਦਰ ਮੋਦੀ ਤਾਂ ਨੋਟਬੰਦੀ ਦੀ ਚਰਚਾ ਨਹੀਂ ਛੇੜਦੇ ਪ੍ਰੰਤੂ ਨੋਟਬੰਦੀ ਦੀ ਸੱਟ ਝੱਲਣ ਵਾਲੇ ਬਜ਼ੁਰਗਾਂ ਨੇ ਨੋਟਬੰਦੀ ਦਾ ਗੁੱਡਾ ਬੰਨ੍ਹ ਰੱਖਿਆ ਹੈ। ਮਾਨਸਾ ਦੇ ਪਿੰਡ ਅਨੂਪਗੜ ਮਾਖਾ ਦੀ ਮਾਤਾ ਚਤਿੰਨ ਕੌਰ ਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ। ਉਸ ਨੇ ਬੁਢਾਪੇ ਲਈ ਬੁਢਾਪਾ ਪੈਨਸ਼ਨ ਜੋੜ ਜੋੜ ਕੇ ਰੱਖੀ। ਜਦੋਂ ਮਾਈ ਬਿਮਾਰ ਹੋਈ ਤਾਂ ਉਸ ਨੇ ਸੰਦੂਕ ਚੋਂ ਪੈਸਾ ਕੱਢ ਲਏ। ਪੁੱਤਾਂ ਨੇ ਦੱਸਿਆ ਕਿ ‘ਬੇਬੇ ਇਹ ਤਾਂ ਹੁਣ ਫੋਕੇ ਕਾਗ਼ਜ਼ ਨੇ’। ਬਜ਼ੁਰਗ ਨੋਟਬੰਦੀ ’ਤੇ ਹੁਣ ਝੂਰ ਰਹੀ ਹੈ। ਬਠਿੰਡਾ ਮਾਨਸਾ ਦੇ ਕਈ ਬਜ਼ੁਰਗਾਂ ਨੇ ਇਹ ਗੱਲ ਆਖੀ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਉਨ੍ਹਾਂ ਦੇ ਪਿੰਡ ਆਈ ਤਾਂ ਉਹ ਨੋਟਬੰਦੀ ਦੇ ਨਫ਼ੇ ਬਾਰੇ ਜਰੂਰ ਪੁੱਛਣਗੇ। ਪਿੰਡ ਕੋਟਸ਼ਮੀਰ ਦੀ ਘਰੇਲੂ ਅੌਰਤ ਬਲਜੀਤ ਕੌਰ ਨੋਟਬੰਦੀ ਖਤਮ ਹੋਣ ਮਗਰੋਂ ਪੰਜ ਹਜ਼ਾਰ ਦੇ ਨੋਟ ਚੁੱਕ ਕੇ ਕਈ ਦਿਨ ਘੁੰਮਦੀ ਰਹੀ। ਆਖਰ ਉਸ ਨੇ ਚੁੱਲ੍ਹੇ ਵਿਚ ਫੂਕ ਦਿੱਤੇ। ਇਸ ਮਹਿਲਾ ਨੇ ਬੱਚਤ ਕਰ ਕਰ ਕੇ ਰਾਸ਼ੀ ਜੋੜੀ ਸੀ।
               ਇਵੇਂ ਬਾਲਿਆਂ ਵਾਲੀ ਦੀ ਮਜ਼ਦੂਰ ਅੌਰਤ ਦਿਆਲ ਕੌਰ ਦੇ ਤਿੰਨ ਹਜ਼ਾਰ ਕੂੜਾ ਹੋ ਗਏ। ਉਹ ਆਖਦੀ ਹੈ ਕਿ ਮੋਦੀ ਨੇ ਬੁਢਾਪੇ ਵਿਚ ਜੇਬਾਂ ਲੁੱਟ ਲਈਆਂ। ਜ਼ਿਲ੍ਹਾ ਮੁਕਤਸਰ ਦੇ ਪਿੰਡ ਭੁੱਟੀਵਾਲਾ ਦੇ ਬਜ਼ੁਰਗ ਮਹਿੰਦਰ ਸਿੰਘ ਦੀ 25 ਵਰ੍ਹਿਆਂ ਦੀ ਕਮਾਈ ਖਾਕ ਹੋ ਗਈ। ਉਹ ਦੱਸਦਾ ਹੈ ਕਿ ਦਿਹਾੜੀ ਕਰ ਕਰਕੇ ਇੱਕ ਲੱਖ ਰੁਪਏ ਜੋੜੇ ਸਨ। ਨੋਟਬੰਦੀ ਦੇ ਐਲਾਨ ਮਗਰੋਂ ਉਸ ਨੇ ਡਰ ਵਿਚ ਬੱਚਿਆਂ ਨੂੰ ਪੈਸੇ ਵੰਡ ਦਿੱਤੇ। ਹੁਣ ਜਦੋਂ ਉਸ ਨੂੰ ਇਲਾਜ ਲਈ ਪੈਸੇ ਲੋੜੀਂਦੇ ਹਨ ਤਾਂ ਖੀਸਾ ਖਾਲੀ ਹੈ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਨਗਰ ਛੰਨਾ ਦੀ ਮੁਖਤਿਆਰ ਕੌਰ (80 ਸਾਲ) ਨਾਲ ਵੀ ਨੋਟਬੰਦੀ ਨੇ ਜੱਗੋਂ ਤੇਰ੍ਹਵੀਂ ਕੀਤੀ। ਉਹ ਵੀ ਨੋਟ ਬਦਲਨੋਂ ਖੁੰਝ ਗਈ ਸੀ। ਹੁਣ ਉਹ ਰੱਬ ਦਾ ਭਾਣਾ ਮੰਨ ਕੇ ਬੈਠ ਗਈ ਹੈ। ਕਾਫ਼ੀ ਬਜ਼ੁਰਗ ਤਾਂ ਹੁਣ ਵੀ ਸੰਦੂਕਾਂ ਵਿਚ ਪਏ ਪੁਰਾਣੇ ਨੋਟਾਂ ਦਾ ਭੇਤ ਖੋਲ੍ਹਣ ਤੋਂ ਡਰ ਗਏ ਹਨ ਕਿ ਕਿਤੇ ਸਰਕਾਰ ਕੇਸ ਹੀ ਦਰਜ ਨਾ ਕਰ ਦੇਵੇ। ਏਦਾਂ ਦੇ ਵੀ ਕਾਫ਼ੀ ਬਜ਼ੁਰਗ ਹਨ ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਐਤਕੀਂ ਉਹ ਵੋਟ ਪਾਉਣ ਜ਼ਰੂਰ ਜਾਣਗੇ। ਨੋਟਬੰਦੀ ਦਾ ਚੇਤਾ ਵੀ ਨਹੀਂ ਭੁੱਲਣਗੇ।


Sunday, April 14, 2019

                                  ਵਿਚਲੀ ਗੱਲ     
       ਮੇਰੇ ਲੇਖਾਂ ਦਾ ਹਿਸਾਬ ਕਰਦੇ ਧਨੀ ਰਾਮਾ...!
                                  ਚਰਨਜੀਤ ਭੁੱਲਰ
ਬਠਿੰਡਾ : ਜੇ ਮੁਕੱਦਰ ਦਾ ਧਨੀ ਹੁੰਦਾ ‘ਸਿਕੰਦਰ’, ਫਿਰ ਖਾਲੀ ਹੱਥ ਨਾ ਜਾਂਦਾ। ਹੁਣ ਧਨੀ ਰਾਮ ਚਾਤ੍ਰਿਕ ’ਤੇ ਕਾਹਦਾ ਗਿਲਾ। ਤੂੜੀ ਤੰਦ ਸਾਂਭਦੇ ਵੇਖੇ, ਹਿਸਾਬ ਕੱਟਦੇ ਵੇਖੇ, ਸੰਮਾਂ ਵਾਲੀ ਡਾਂਗ ਵੇਖੀ, ਮਾਰਦੇ ਦਮਾਮੇ ਵੇਖੇ। ਜੋ ਵੇਖਿਆ, ਧਨੀ ਰਾਮ ਲਿਖ ਗਿਆ। ਤੂੰ ਤਾਂ ਚਲਾ ਗਿਆ ਧਨੀ ਰਾਮਾ। ਹੁਣ ਬਜ਼ੁਰਗ ਗੁਰਮੁਖ ਸਿੰਘ ਕਿਧਰ ਜਾਵੇ। ਚਿੜ੍ਹੀ ਜਨੌਰ ਦਾ ਦਸਵੰਧ ਵੀ ਕੱਢਿਆ। ਭੁੱਖੇ ਵੀ ਰਜਾ ਦਿੱਤੇ। ਨਾ ਮੀਂਹ ਦੇਖਿਆ, ਨਾ ਨੇ੍ਹਰੀ। ਦਿੱਲੀ ਦੀ ਪੈਂਠ ਬਣਾ ਦਿੱਤੀ। ਭਲਾ, ਹੁਣ ਪੁੱਛ ਕੇ ਤਾਂ ਦੇਖੋ। ਬਜ਼ੁਰਗ ਆਖੇਗਾ, ਭਲੇ ਵੇਲੇ ਤੁਰ ਗਏ ਪਿਉ ਦਾਦੇ। ਵਕਤੋਂ ਪਹਿਲਾਂ ਸਿਕੰਦਰ ਤੁਰ ਜਾਏਗਾ, ਚਿੱਤ ਚੇਤੇ ਨਹੀਂ ਸੀ। ਜੋਬਨ ਰੁੱਤੇ ਪੈਲੀ ਮਰ ਗਈ। ਕਰਜ਼ ਦਾ ਮਾਰਿਆ ਦਮਾਮੇ ਕਿਵੇਂ ਮਾਰਦਾ। ਜ਼ਿੰਦਗੀ ਦਾ ਮੇਲਾ ਖੇਤ ਵਾਲੀ ਟਾਹਲੀ ਨੇ ਲੁੱਟ ਲਿਆ। ਕਿਤੇ ਅੱਜ ਧਨੀ ਰਾਮ ਹੁੰਦਾ। ਪੰਜਾਬ ਨੂੰ ਗੁਰਮੁਖ ਸਿੰਘ ਦੇ ਘਰ ਚੋਂ ਹੀ ਤੱਕਦਾ। ਫਾਜ਼ਿਲਕਾ ਦੇ ਪਿੰਡ ਵਜ਼ੀਦਪੁਰ ਭੋਮਾ ਚੱਲਦੇ ਹਾਂ। ਸੋਚਦੇ ਹੋਵੋਗੇ, ਵਿਸਾਖੀ ਵਾਲੇ ਦਿਨ ਕਿਧਰ ਲੈ ਤੁਰਿਆ। ਅੌਹ ਬਜ਼ੁਰਗ ਵੇਖੋ, ਬੁੱਕਲ ’ਚ ਬੈਠੇ ਦੋ ਬੱਚੇ ਵੀ ਵੇਖੋ। ਅਪਾਹਜ ਪੋਤਰਾ ਅਰਮਾਨ, ਪੋਤਰੀ ਏਕਮਜੋਤ। ਸਿਰਫ਼ ਇੱਕ ਬੁੱਕਲ ਬਚੀ ਹੈ। ਇਸ ਬਾਬੇ ਦੇ ਮੂੰਹੋਂ ਸੁਣੋ। ਵੱਡੇ ਮੁੰਡੇ ਬੇਅੰਤ ਨੂੰ ਬਿਮਾਰੀ ਲੈ ਗਈ। ਖੇਤ ਵੀ ਗਏ ਤੇ ਪੈਲੀ ਵੀ। ਛੋਟਾ ਮੁੰਡਾ ਸਿਕੰਦਰ ਜ਼ਿੰਦਗੀ ਤੋਂ ਹਾਰ ਗਿਆ। ਖੁਦਕੁਸ਼ੀ ਵਿਸਾਖੀ ਵਾਲੇ ਦਿਨ ਕੀਤੀ। ਨੂੰਹ ਘਰ ਛੱਡ ਕੇ ਚਲੀ ਗਈ। ਹੁਣ ਵਿਸਾਖੀ ਇਸ ਬਜ਼ੁਰਗ ਨੂੰ ਧੂਹ ਪਾਉਂਦੀ ਹੈ। ਗਹਿਰੀ ਬਾਰਾ ਸਿੰਘ ਦੇ ਕਿਸਾਨ ਜਗਸੀਰ ਦਾ ਸੀਰ ਵੀ ਵਿਸਾਖੀ ਵਾਲੇ ਦਿਨ ਹੀ ਮੁੱਕਿਆ। ਦਮਦਮੇ ਗਿਆ, ਮੱਥਾ ਟੇਕਿਆ, ਘਰ ਆ ਕੇ ਖੁਦਕੁਸ਼ੀ ਕਰ ਲਈ।
                  ਵੈਸਾਖ ਮਹੀਨੇ ਕਿਸਾਨ ਫਿਕਰਮੰਦ ਹੁੰਦੈ। ਨੀਲੀ ਛੱਤ ਵਾਲੇ ਦੀ ਛੱਤਰੀ ਦਾ ਵੀ ਕੀ ਭਰੋਸਾ। ਤਾਹੀਓਂ ਕਿਸਾਨ ਹੁਣ ਦਮਦਮੇ ਘਰਾਂ ਦੀ, ਖੇਤਾਂ ਦੀ, ਸੁੱਖ ਮੰਗਣ ਜਾਂਦੈ। ਏਨਾ ਕੁ ਤਾਂ ਚੇਤਾ ਹੋਊ, ਗੁਟਕਾ ਸਾਹਿਬ ਦੀ ਸਹੁੰ ਵੀ ਇਸੇ ਦਮਦਮੇ ਵੱਲ ਮੂੰਹ ਕਰਕੇ ਚੁੱਕੀ ਸੀ। ਜਿਸ ਦੇ ਰਾਜ ਭਾਗ ’ਚ 1030 ਕਿਸਾਨ ਫੌਤ ਹੋਏ ਹਨ। ਯਾਦ ਹੋਵੇ ਤਾਂ ਦੱਸਣਾ ਕਿ ਜਹਾਨੋਂ ਤੁਰ ਗਏ ਕਿੰਨੇ ਕੁ ਕਿਸਾਨਾਂ ਦੇ ਸੱਥਰਾਂ ’ਤੇ ਵੱਡੇ ਬਾਦਲ ਬੈਠਣ ਗਏ। ਹੁਣ ਚੋਣਾਂ ਦਾ ਮਹਾਂ ਕੁੰਭ ਵੀ ਚੱਲ ਰਿਹੈ। ਚੋਣਾਂ ਦੇ ਪੰਜ ਗੇੜ ਇਕੱਲੇ ਵੈਸਾਖ ’ਚ ਨੇ। ਨੇਤਾ ਬਾਘੀਆਂ ਪਾ ਰਹੇ ਨੇ। ਕੋਈ ਜੈ ਜਵਾਨ ਆਖਦੈ, ਕੋਈ ਜੈ ਕਿਸਾਨ। ਬਘਲੀ ਪਾਈ ਰਾਮ ਰਾਮ ਕਰ ਰਹੇ ਨੇ। ਕਿੰਨੇ ਚਾਂਭਲੇ ਹੋਏ ਨੇ। ਕਿਵੇਂ ਪਾਪੜ ਵੇਲ ਰਹੇ ਨੇ। ਪੇੜਿਆਂ ਵਾਲੇ ਮਥਰਾ ਦੇ ਖੇਤਾਂ ਵੱਲ ਦੇਖੋ। ਅੌਹ, ਹੇਮਾ ਮਾਲਿਨੀ ਦਾਤੀ ਚੁੱਕੀ ਫਿਰਦੀ ਹੈ। ਜਦੋਂ ਵੋਟਾਂ ਨੂੰ ਦਾਤੀ ਫੇਰਨੀ ਹੋਵੇ, ਉਦੋਂ ਕਣਕ ਦੇ ਥੱਬੇ ਵੀ ਚੁੱਕਣੇ ਪੈਂਦੇ ਨੇ। ਥੋਨੂੰ ਯਾਦ ਤਾਂ ਇਹ ਵੀ ਹੋਊ। ਕੇਂਦਰੀ ਮੰਤਰੀ ਰਾਧਾ ਮੋਹਨ ਦੇ ਪੁਤਲੇ ਵੀ ਮਥਰਾ ਹਲਕੇ ’ਚ ਫੂਕੇ ਗਏ ਸਨ। ਆਪਣੇ ਮੁਖਾਰਬਿੰਦ ਚੋਂ ਰਾਧਾ ਮੋਹਨ ਪਾਰਲੀਮੈਂਟ ’ਚ ਇੰਝ ਬੋਲੇ, ‘ਕਿਸਾਨ ਪ੍ਰੇਮ ਪ੍ਰਸੰਗ ’ਚ ਖੁਦਕੁਸ਼ੀ ਕਰਦੇ ਨੇ’। ਪਹਿਲਾਂ ਭਾਜਪਾ ਐਮ.ਪੀ ਗੋਪਾਲ ਸ਼ੈਟੀ ਨੇ ਆਖਿਆ ‘ਖੁਦਕੁਸ਼ੀ ਤਾਂ ਫੈਸ਼ਨ ਬਣ ਗਈ ਹੈ’। ਮੱਧ ਪ੍ਰਦੇਸ਼ ਦੇ ਪੁਰਾਣੇ ਮੰਤਰੀ ਗੋਪਾਲ ਭਾਰਗਵ ਪਿਛੇ ਨਹੀਂ ਰਹੇ। ਕਹਿੰਦੇ, ‘ਵਿਧਾਇਕ ਵੀ ਤਾਂ ਮਰਦੇ ਨੇ, ਟੈਨਸ਼ਨਾਂ ਕੋਈ ਘੱਟ ਨੇ’।
                  ਹਰਿਆਣੇ ਦੇ ਖੇਤੀ ਮੰਤਰੀ ਧਨਕੜ ਨੇ ਇਹ ਫਰਮਾਇਆ ‘ਕਿਸਾਨ ਕਾਇਰ ਨੇ, ਕਾਹਤੋਂ ਸਾਥ ਦੇਈਏ’। ਸ਼ੁਕਰ ਐ, ਪੰਜਾਬ ’ਚ ਕੋਈ ਖੇਤੀ ਮੰਤਰੀ ਨਹੀਂ। ਚੇਤਾ ਕਮਜ਼ੋਰ ਨਹੀਂ ਤਾਂ ਕੇਰਾਂ ਅਮਰਿੰਦਰ ਵੀ ਨਰਮੇ ਦੇ ਖੇਤਾਂ ’ਚ ਗਏ ਸਨ। ਉਦੋਂ ਅਸੈਂਬਲੀ ਚੋਣਾਂ ਸਨ। ਮਨਪ੍ਰੀਤ ਬਾਦਲ ਦੀ ਨਸੀਹਤ ਹੈ, ‘ਕਿਸਾਨ ਇੱਕ ਰੋਟੀ ਘੱਟ ਖਾਣ’ । ਸੁਖਬੀਰ ਬਾਦਲ ਆਖਦੇ ਹਨ, ‘ਕਿਸਾਨ ਰੋਟੀ ਰੱਜ ਕੇ ਖਾਣ, ਖਪਤ ਵਧੂ, ਅੰਨ ਦੀ ਕਦਰ ਪਊ।’ ਹੁਣ ਤੁਸੀਂ ਕਹੋਗੇ, ਛੋਟਾ ਮੂੰਹ ਵੱਡੀ ਗੱਲ। ਚਾਚੇ ਤਾਏ ਦੇ ਪੁੱਤਾਂ ਨੂੰ ਬੇਨਤੀ ਐ, ਕਾਹਤੋਂ ਖੇਚਲਾ ਕਰਦੇ ਹੋ। ‘ਕਿਸ ਨੇ ਕਿੰਨਾ ਖਾਣੈ, ਕੀ ਖਾਣੈ, ਦੱਸਣ ਲਈ ਹੋਰ ਥੋੜੇ ਨੇ।’ ਲੱਗਦੈ, ਗੱਲ ਤਿਲਕ ਗਈ। ਚੋਣਾਂ ’ਚ ਵੀ ਤਿਲਕਣ ਘੱਟ ਨਹੀਂ ਹੁੰਦੀ। ਤਾਹੀਂ ਤਾਂ ਹੇਮਾ ਮਾਲਿਨੀ ਕਦੇ ਟਰੈਕਟਰ ’ਤੇ ਚੜ੍ਹਦੀ ਐ, ਕਦੇ ਕਣਕ ਵੱਢਦੀ ਹੈ। ਬਾਜ਼ਾਰ ’ਚ ਆਇਆ ਨਵਾਂ ਲਤੀਫ਼ਾ ਸੁਣੋ। ਅਖੇ ਕਿਸੇ ਜੱਟ ਨੇ ਧਰਮਿੰਦਰ ਦੇ ਘਰ ਫੋਨ ਕੀਤਾ। ਫੋਨ ਸ਼ਨੀ ਦਿਉਲ ਨੇ ਚੁੱਕਿਆ। ਜੱਟ ਕਹਿੰਦਾ, ‘ਮੁੰਡਿਆ, ਕਣਕ ਵਢਾਉਣੀ ਸੀ, ਮਿਲੂ ਵਿਹਲ’। ਅੱਗਿਓ ਸਨੀ ਦਿਉਲ ਕਹਿੰਦਾ, ‘ ਚਾਚਾ, ਮੰਮੀ ਨਾਲ ਗੱਲ ਕਰੋ, ਨਲਕਾ ਨਲ਼ਕਾ ਪਟਾਉਣੈ ਤਾਂ ਮੈਨੂੰ ਦੱਸੋ’। ਅਸਲ ਗੱਲ ’ਤੇ ਮੁੜੀਏ। ਚੋਣਾਂ ’ਚ ਮੁੜ ‘ਜੱਗੇ ਜੱਟ’ ਦੀ ਚਰਚਾ ਚੱਲੀ ਐ। ਕਿਸਾਨ ਦੀ ਆਮਦਨ ਦੁੱਗਣੀ ਕੀਤੀ ਹੁੰਦੀ। ਆਂਧਰਾ ਦੇ ਕਿਸਾਨ ਮਲੱਪਾ ਨੂੰ ਖੁਦਕੁਸ਼ੀ ਨਾ ਕਰਨੀ ਪੈਂਦੀ। ਸਸਕਾਰ ਕਿੰਨਾ ਮਹਿੰਗਾ ਐ, ਕਫ਼ਨ ਵੀ ਸਸਤਾ ਨਹੀਂ।
                 ਮਲੱਪਾ ਨੇ ਪਹਿਲਾਂ ਸਸਕਾਰ ਦਾ ਸਮਾਨ ਘਰ ਲਿਆਂਦਾ, ਫਿਰ ਚੁੱਕ ਲਿਆ ਕਦਮ। ਇੱਧਰ, ਪੂਰਾ ਕਰਜ਼ ਮਾਫ਼ ਕਰਨ ਦਾ ਕਦਮ ਚੁੱਕਣ ਤੋਂ ਕੈਪਟਨ ਵੀ ਭੱਜ ਗਿਆ ਹੈ। ਛੱਜੂ ਰਾਮ ਦਾ ਖੂਨ ਖੌਲਿਐ। ਕਹਿੰਦਾ, ਐਂ ਨੀਂ ਭੱਜਣ ਦਿੰਦੇ। ਹੁਣ ਭੱਜ ਕੇ ਦਿਖਾਵੇ ਕੋਈ। ਛੱਜੂ ਰਾਮਾਂ ਚੁੱਪ ਰਹਿ। ਵੋਟਾਂ ਮਗਰੋਂ ਤੈਨੂੰ ਅਗਲਿਆਂ ਨੇ ਲੰਮਾ ਪਾ ਲੈਣੈ। ਤੇਰੀ ਤਾਂ ਕਣਕ ਦੀ ਰਾਖੀ ਵੀ ਕਿਸੇ ਨੇ ਨਹੀਂ ਬੈਠਣਾ। ਖੈਰ, ਵਾਢੀ ਮੌਕੇ ਬੋਹਲ਼ਾਂ ਕੋਲ ਕਿੰਨੇ ਬਿੱਲੇ ਆ ਬੈਠਦੇ ਨੇ, ਕਿਸਾਨ ਤੋਂ ਵੱਧ ਕੌਣ ਜਾਣਦੈੇ। ਗੱਲ ਅੱਗੇ ਤੋਰੀਏ, ਪੂਰਾ ਜਹਾਨ ਜਾਣਦੈ ਜੋ 100 ਸਾਲ ਪਹਿਲਾਂ 13 ਅਪਰੈਲ ਨੂੰ ਜਲ੍ਹਿਆਂ ਵਾਲੇ ਬਾਗ ’ਚ ਹੋਇਆ, ਕੌਣ ਭੁੱਲ ਸਕਦੈ। ਚੰਗਾ ਹੁੰਦਾ, ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਇਸ ਭੁੱਲ ਨੂੰ ਬਖਸਾ ਲੈਂਦੀ। ਅੰਮ੍ਰਿਤਸਰ ’ਚ ਕਿਸਾਨਾਂ, ਮਜ਼ਦੂਰਾਂ ਤੇ ਜਵਾਨੀ ਦੇ ਹੱਥਾਂ ਵਿਚ ਬਲੀ ਮਸ਼ਾਲ ਦੇ ਮਾਅਨੇ ਲਾਟ ਸਾਹਬ ਜਰੂਰ ਸਮਝਣ। ਕਿਰਤੀ ਆਖਦੇ ਨੇ, ਡਾਇਰ ਮਰਿਆ ਨਹੀਂ।
                ਬਜ਼ੁਰਗ ਗੁਰਮੁਖ ਸਿੰਘ ਦੀ ਬੁੱਕਲ ’ਚ ਬੈਠੇ ਬੱਚੇ ਨਿਆਣੇ ਹਨ। ਘਰਾਂ ਵਿਚ ਛਾਈ ਉਦਾਸੀ ਤੇ ਪਸਰੀ ਚੁੱਪ ਨੂੰ ਤਾਂ ਸਮਝਦੇ ਹਨ ਪਰ ਬੇਵੱਸ ਹਨ। ਹੁਣ ਤਾਂ ਇਹ ਬੱਚੇ ਅੰਗੂਠਾ ਹੀ ਚੁੰਘਦੇ ਨੇ, ਵੱਡੇ ਹੋਣਗੇ ਤਾਂ ਅੱਕ ਵੀ ਚੱਭ ਸਕਦੇ ਨੇ। ਜਦੋਂ ਇਹ ਇਲਮ ਹੋਵੇਗਾ ਕਿ ਰੱਸੇ ਕਿਉਂ ਖੋਹ ਲੈਂਦੇ ਨੇ ਬਚਪਨ। ਸੱਪਾਂ ਦਾ ਲੜਨਾ, ਸਪਰੇਆਂ ਦਾ ਚੜ੍ਹਨਾ ਤੇ ਖੇਤਾਂ ’ਚ ਮਰਨਾ, ਸਾਡਾ ਮਕੱਦਰ ’ਚ ਹੀ ਕਿਉਂ। ਕੋਟਕਪੂਰਾ ਦੇ ਪ੍ਰਿੰਸ ਕੇ.ਜੇ.ਸਿੰਘ ਦਾ ਨਾਟਕ  ‘ਪੀਂਘ ਤੋਂ ਫਾਹੇ ਤੱਕ’ ਇਨ੍ਹਾਂ ਬੱਚਿਆਂ ਦੀ ਸੋਚ ਦੇ ਹਾਣ ਦਾ ਜਾਪਦਾ ਹੈ। ਨਾਟਕ ’ਚ ਬਾਪ ਦੀ ਖੁਦਕੁਸ਼ੀ ਮਗਰੋਂ ਉਸ ਦਾ ਬੱਚਾ ਪਾਗਲ ਹੋ ਜਾਂਦਾ ਹੈ ਜੋ ਘਰ ਘਰ ਦੇ ਬੂਹੇ ਖੜਕਾ ਕੇ ਰੱਸੇ ਮੰਗਦਾ ਫਿਰਦੈ ਹੈ। ਪਾਗਲ ਬੱਚੇ ਨੂੰ ਲੱਗਦਾ ਹੈ ਕਿ ਪੂਰੇ ਪਿੰਡ ਦੇ ਰੱਸੇ ਫੂਕੇ ਜਾਣ ਮਗਰੋਂ ਕੋਈ ਬਾਪ ਖੁਦਕੁਸ਼ੀ ਨਹੀਂ ਕਰੇਗਾ। ਇਵੇਂ ਸਿਕੰਦਰ ਦੇ ਬੱਚੇ ਵੀ ਮਨੋ ਮਨ ਸੋਚਦੇ ਜਰੂਰ ਹੋਣਗੇ। ਕਿਉਂ ਨਾ ਪੰਜਾਬ ਦੇ ਘਰ ਘਰ ਚੋਂ ਰੱਸੇ ਇਕੱਠੇ ਕਰਕੇ ਫੂਕ ਸੱੁਟੀਏ। ਛੱਜੂ ਰਾਮ ਫਿਰ ਲੀਡਰਾਂ ਅੱਗੇ ਹੱਥ ਜੋੜ ਖੜ੍ਹਾ ਹੋਇਆ ਹੈ, ‘ਮਾਈ ਬਾਪ, ਚੋਣਾਂ ’ਚ ਥੋੜਾ ਸੰਭਲ ਕੇ, ਕਿਸੇ ਕਿਸੇ ਘਰ ’ਚ ਹਾਲੇ ਖੂੰਡੇ ਵੀ ਪਏ ਨੇ’ ।
       

Sunday, April 7, 2019

                         ਵਿਚਲੀ ਗੱਲ   
         ਬੁੱਲ੍ਹਿਆ ! ਤੂੰ ਹੀ ਦੱਸ ਮੈਂ ਕੌਣ.. 
                         ਚਰਨਜੀਤ ਭੁੱਲਰ
ਬਠਿੰਡਾ : ਛੱਤੀ ਕਰੋੜ ਦੇਵੀ ਦੇਵਤੇ। ਚੁਰਾਸੀ ਲੱਖ ਜੂਨਾਂ ਨੇ। ਸਵਾ ਸੌ ਕਰੋੜ ਤੋਂ ਵੱਧ ਦੇਸ਼ ਵਾਸੀ। ਓਧਰ ਦੇਖੋ, ਸੁਰਤ ਧਿਆਈ ਕਿਰਤੀ ਖੜ੍ਹੇ ਨੇ। ਹੱਥ ਜੋੜ ਆਖਦੇ ਨੇ। ਬੱਸ ਬਾਬਾ, ਕਿਰਪਾ ਕਰ, ਹੁਣ ਹੋਰ ਨਹੀਂ। ਉਲਾਂਭੇ ਵੀ ਦਿੰਦੇ ਨੇ। ਹੱਥਾਂ ਦੇ ਅੱਟਣ ਦਿਖਾਉਂਦੇ ਨੇ। ਕੰਨਾਂ ਨੂੰ ਹੱਥ ਲਾਉਂਦੇ ਨੇ। ਰੱਜੇ ਤਿਹਾਏ ਇਸ ਜਾਮੇ ਤੋਂ। ਨਾ ਬਾਬੇ ਦੇ ਵਚਨਾਂ ਤੋਂ ਮੁੜੇ, ਨਾ ਜ਼ਮੀਰ ਤੋਂ ਆਕੀ ਹੋਏ। ਗਧੀਗੇੜ ’ਚ ਪਏ ਕਿਰਤੀ ਕਿਧਰ ਜਾਣ। ਰੱਤੀ ਫਰਕ ਨਹੀਂ ਜਾਪਦਾ। ਗਧੇ ਦੀ ਜੂਨ ਨਾਲੋ। ਬਾਹਰ ਖੜ੍ਹਾ ਗਧਾ ਹੱਸਿਐ। ਸਦੀਆਂ ਪੁਰਾਣਾ ਸਾਥੀ ਜੋ ਹੋਇਆ। ਪਿੱਛੋਂ ਅਵਾਜ਼ ਆਈ। ਬਾਬਾ, ਬਾਬਰ ਚਾਂਭਲੇ ਫਿਰਦੇ ਨੇ। ਕਿਸੇ ਕਿਰਤੀ ਦੀ ਕੀ ਮਜਾਲ। ਕੋਈ ਸ਼ੱਕ ਐ, ਤਾਂ ਆ ਤੱਕ ਉਨ੍ਹਾਂ ਦਾ ਹਾਲ। ਕਾਮਰੇਡਾਂ ਦੇ ਡਰਾਮੇ ਵਾਲਾ ਕਿਰਤੀ ਅੌਹ ਬੈਠਾ। ਭੱਠੇ ’ਤੇ ਜੰਮਿਆ। ਭੱਠੇ ’ਤੇ ਹੀ ਗੁੜ੍ਹਤੀ ਮਿਲੀ। ਇੱਟਾਂ ਪੱਥੀ ਜਾ ਰਿਹੈ। ਸ਼ੇਰੋ (ਸੰਗਰੂਰ) ਦਾ ਮੱਖਣ ਸਿੰਘ। ਏਹ ਜਾਮਾ ਮੇਚ ਨਹੀਂ ਆਇਆ। ਬਚਪਨ ਵੀ ਭੱਠੇ ’ਤੇ, ਜਵਾਨੀ ਵੀ। ਪਹਿਲਾਂ ਪੰਜ ਘੰਟੇ ਇੱਟਾਂ ਦੀ ਪਥਾਈ, ਫਿਰ ਸਕੂਲ ’ਚ ਪੜਾਈ। ਨਾ ਦਿਨ ਦੇਖਿਆ, ਨਾ ਰਾਤ। ਪੜ੍ਹਿਆ ਵੀ ਘੱਟ ਨਹੀਂ। ਐਮ.ਏ, ਐਮ.ਐਡ, ਟੈੱਟ ਪਾਸ ਐ। ਮਾਂ ਆਖਦੀ ਐ, ਸਰਕਾਰ ਦਾ ਭੱਠਾ ਬਹਿ ਗਿਆ। ‘ਨਾ ਭੱਠਾ ਮੁੱਕੇ, ਨਾ ਗਧਾ ਛੁੱਟੇ’ ਆਖ ਕੇ ਮੱਖਣ ਫਿਰ ਇੱਟਾਂ ਪੱਥਣ ਲੱਗੈ। ਅੱਗੇ ਅੌਹ ਸੂਰਜਾ ਰਾਮ ਵੱਲ ਵੇਖ। ਦੋਦਾ (ਮੁਕਤਸਰ) ਦਾ ਇਹ ਬਜ਼ੁਰਗ ਥੱਕਿਆ ਹੋਇਐ। ਕਾਹਦਾ ਹੀਰਾ ਜਨਮ ਅਨਮੋਲ। ਨੌਂ ਸਾਲ ਦੀ ਉਮਰ ’ਚ ਭੱਠੇ ਤੇ ਗਿਆ। 80 ਸਾਲ ਦਾ ਹੋ ਕੇ ਮੁੜਿਆ।
        ਗਧਿਆਂ ਤੇ ਇੱਟਾਂ ਢੋਂਹਦਾ ਰਿਹਾ। ਭਾਰ ਢੋਂਹਦੇ ਕਿੰਨੇ ਹੀ ਗਧੇ ਮਰੇ। ਅੱਜ ਹੱਥ ਖਾਲੀ ਨੇ। ਚੁੱਪ ਹੀ ਭਲੀ ਆਖ ਰਿਹੈ। ਨਹੋਰੇ ਦੇ ਰਿਹੈ, ਸਾਡੇ ਨਾਲੋਂ ਤਾਂ ਗਧੇ ਚੰਗੇ। ਸਭ ਤੁਰ ਗਏ, ਪਤਾ ਨਹੀਂ ਕਦੋਂ ਨੰਬਰ ਲੱਗੂ। ਫੂਲ ਚੰਦ ਅੰਮ੍ਰਿਤਸਰ ਵਾਲਾ। ਸੰਗਰੂਰ ਵਾਲਾ ਲਾਲ ਸਿੰਘ। ਸੱਚੀ ਕਿਰਤ ਦੇ ਜਰਨੈਲ ਸਨ। ਦੋਵਾਂ ਦਾ ਨੰਬਰ ਕਦੋਂ ਦਾ ਲੱਗਿਐ। ਕਿਰਤੀ ਦੋ, ਕਹਾਣੀ ਇੱਕ। ਕਫ਼ਨ ਤੇ ਲੱਕੜਾਂ ਲਈ ਪੈਸੇ ਨਹੀਂ ਸਨ। ਸਰਕਾਰ ਨੇ ਪੈਸੇ ਭੇਜੇ ਤਾਂ ਹੋਇਆ ਸਸਕਾਰ। ਤਾਹੀਂ ਗਧੇ ਹੱਸ ਰਹੇ ਨੇ। ਅੌਹ ਮੌੜ ਖੁਰਦ (ਬਠਿੰਡਾ) ਦਾ ਤੇਜਾ ਸਿਓਂ ਮੰਜੇ ’ਚ ਪਿਐ। ਸੁਣੋਗੇ ਤਾਂ ਉਸ ਦਾ ਢਿੱਡ ਹੌਲਾ ਹੋਜੂ। ਪੰਜ ਸਾਲ ਦਾ ਸੀ ਜਦੋਂ ਬਾਪ ਦਾ ਨੰਬਰ ਲੱਗ ਗਿਆ। ਕਬੀਲਦਾਰੀ ਆਈ ਤਾਂ ਬੇਟੀ ਤੁਰ ਗਈ। 21 ਸਾਲ ਪੱਲੇਦਾਰੀ ਕੀਤੀ। ਹੁਣ ਪੱਲੇ ਕੁਝ ਨਹੀਂ। ਨੇੜੇ ਹੋ ਕੇ ਸੁਣ। ਆਖਦੈ, ਪੰਜ ਪੰਜ ਸੌ ਬੋਰੀ ਲੱਦ ਦਿੰਦਾ ਸੀ ਜਵਾਨੀ ਪਹਿਰੇ। ਏਨੇ ਬੋਝ ਨੇ ਹੁਣ ਪਿੱਠ ਲਵਾ ਦਿੱਤੀ। ਤੁਰਨ ਫਿਰਨ ਤੋਂ ਆਹਰੀ ਐ। ਸਸਕਾਰ ਲਈ ਨਹੀਂ, ਇਲਾਜ ਲਈ ਪੈਸੇ ਮੰਗਦੈ। ਓਧਰ, ਗਧੇ ਦੀ ਹਾਸੀ ਨਹੀਂ ਰੁਕ ਰਹੀ।ਪਿੰਡ ਲੱਖੇਵਾਲੀ ਦੀ ਗਰੀਬਣੀ ਦੀ ਵੀ ਸੁਣ ਜਾਹ। ਆਖਦੀ ਐ, ਚਿੜੀਆਂ ਦਾ ਮਰਨ ਗਵਾਰਾ ਦਾ ਹਾਸਾ। ਬਿਰਧ ਉਮਰੇ ਵੀ ਸਿਰ ’ਤੇ ਗੋਹੇ ਦਾ ਬੱਠਲ। ਪੂਰਾ ਜਾਮਾ ਲੋਕਾਂ ਦੇ ਘਰਾਂ ਦਾ ਗੋਹਾ ਕੂੜਾ ਕਰਨ ’ਚ ਕੱਢ ਦਿੱਤੈ। ਨਜ਼ਰ ਕਮਜ਼ੋਰ ਪੈ ਗਈ ਹੈ। ਤਾਹੀਓਂ ਗੋਹੇ ਦਾ ਬੱਠਲ ਲੈ ਕੇ ਕਈ ਵਾਰੀ ਡਿੱਗੀ ਐ।
                ਇਸ ਉਮਰੇ ਕਿਰਤ ਦਾ ਮੁੱਲ ਕੌਣ ਦਿੰਦਾ। ਕੋਈ ਕਣਕ ਦੇ ਦਿੰਦੈ ਤੇ ਕੋਈ ਪਾਈਆ ਦੁੱਧ। ਸਿਰ ’ਚ ਗੰਜ ਪੈ ਗਿਆ। ਠੇਡਿਆਂ ਨੇ ਉਂਗਲਾਂ ਦੇ ਪੋਟੇ ਮੋੜਤੇੇ। ਨੰਬਰ ਲਵਾਉਣ ਲਈ ਕਾਹਲੀ ਐ। ਗਲੀ ’ਚ ਖੜ੍ਹਾ ਗਧਾ ਮੁੜ ਹੱਸਿਐ, ਪਤਾ ਨਹੀਂ ਕਾਹਦਾ ਚਾਅ ਚੜਿਐ। ਪਤਾ ਨਹੀਂ, ਕਿੰਨੇ ਕਿਰਤੀ ਨੇ, ਜਿਨ੍ਹਾਂ ਨੂੰ ਗਧੇ ਦੀ ਜ਼ਿੰਦਗੀ ’ਚੋ ਆਪਣਾ ਚਿਹਰਾ ਦਿੱਖਦਾ ਹੈ। ਬੁੱਲ੍ਹਿਆ ਤੂੰ ਵੀ ਕਲਮ ਝਰੀਟੀ, ਜੋ ਜਾਮੇ ਨੂੰ ਕਲਾਮ ਕਰ ਗਏ। ਬਾਬਾ, ਚੰਗਾ ਹੋਇਆ, ਚੋਣਾਂ ਦੇ ਦਿਨਾਂ ’ਚ ਆਇਐ। ਪਹਿਲਾਂ ਆਉਂਦਾ ਤਾਂ ਬਾਬਰ ਦੀ ਕੈਦ ’ਚ ਹੋਣਾ ਸੀ। ਹੁਣ ਫ਼ਤਿਹ ਬੁਲਾਓ ਬਾਬਾ। ਸੁਆਲ ਹੁਣ ਬਾਬੇ ਨੂੰ ਨਹੀਂ, ਤੁਹਾਨੂੰ ਹੈ। ਜਰਾ ਫਰਕ ਦੱਸਣਾ, ਕਿਵੇ ਭਿੰਨ ਐ ਗਧੇ ਤੇ ਮਜ਼ਦੂਰ ਦੀ ਜ਼ਿੰਦਗੀ। ਛੱਜੂ ਰਾਮ ਪ੍ਰਗਟ ਹੋਇਐ, ਆਖਦੈ, ਗਧਾ ਵੀ ਸਾਊ ਤੇ ਸਬਰ ਵਾਲਾ, ਕਿਰਤੀ ਵੀ। ਬੋਝ ਵੀ ਦੋਵੇਂ ਉਠਾਉਂਦੇ ਨੇ। ਜਿਨ੍ਹਾਂ ਦੇ ਅਰਮਾਨ ਫਾੜੀ ਫਾੜੀ ਹੋਏ, ਉਹ ਆਖਦੇ ਨੇ, ਗਧਾ ਸੌ ਗੁਣੇ ਚੰਗਾ। ਭਲੇ ਵੇਲਿਆਂ ’ਚ ਗਧਾ ਹੀ ਮਨੁੱਖ ਦਾ ਸੱਚਾ ਸਾਥੀ ਸੀ। ‘ਅੱਛੇ ਦਿਨ’ ਆਏ ਨੇ, ਕਿਰਤੀ ਹੁਣ ਬਾਬਰਾਂ ਦੇ ਮੈਨੀਫੈਸਟੋ ਜੋਗਾ ਰਹਿ ਗਿਆ।
               ਹੁਣ ਇੱਕ ਤੈਰਵੀਂ ਨਜ਼ਰ। ਪੰਜਾਬ ’ਚ ਸੱਤ ਲੱਖ ਇਕੱਲੇ ਰਜਿਸਟਰਡ ਉਸਾਰੀ ਕਿਰਤੀ ਨੇ। 907 ਕਰੋੜ ਦਾ ਭਲਾਈ ਫੰਡ ਕਿਰਤੀ ਹੱਥਾਂ ਤੱਕ ਨਹੀਂ ਪੁੱਜਾ। ਦੇਸ਼ ਦੀ ਵਹੀ ’ਤੇ ਨਜ਼ਰ ਮਾਰੋ। 22 ਵਰ੍ਹਿਆਂ ’ਚ ਕਿਰਤ ਭਲਾਈ ਸੈਸ ਦੇ ਇਕੱਠੇ ਹੋਏ 45 ਹਜ਼ਾਰ ਕਰੋੜ, ਖਰਚ ਕੀਤੇ 28 ਹਜ਼ਾਰ ਕਰੋੜ। ਮੋਟੀ ਨਜ਼ਰ ਗਧਿਆਂ ਦੇ ਸੰਸਾਰ ’ਤੇ ਵੀ। ਗੁਆਂਢੀ ਮੁਲਕ ਚੀਨ ਧੜਾ ਧੜ ਗਧੇ ਮੰਗਵਾ ਰਿਹਾ ਹੈ। ਨਿਹੰਗ ਸਿੰਘ ਆਪਣੀ ਭਾਸ਼ਾ ’ਚ ਗਧੇ ਨੂੰ ‘ਸੁਲਤਾਨ’ ਆਖਦੇ ਨੇ। ਪਾਕਿਸਤਾਨ ’ਚ 50 ਲੱਖ ‘ਸੁਲਤਾਨ’ ਨੇ, ਜੋ ਹੁਣ ਚੀਨ ਨੂੰ ਭੇਜੇ ਜਾਣੇ ਹਨ। ਗਧੇ ਦੀ ਚਮੜੀ ਤੋਂ ਦਵਾਈ ਬਣਦੀ ਹੈ। ਚੀਨ ਤਾਹੀਓ ਹਰ ਸਾਲ ਚਾਰ ਲੱਖ ਗਧਿਆਂ ਦਾ ਨੰਬਰ ਲਾਉਂਦੈ। ਇਥੋਪੀਆ ’ਚ 12 ਲੋਕਾਂ ਪਿਛੇ ਇੱਕ ਗਧਾ ਹੈ।  ਗਧਾ ਰੈਂਕਿੰਗ ’ਚ ਭਾਰਤ 25ਵੇਂ ਨੰਬਰ ’ਤੇ ਹੈ। ਦੇਸ਼ ’ਚ ਸੱਤ ਮਿਲੀਅਨ, ਪੰਜਾਬ ’ਚ ਅੱਠ ਹਜ਼ਾਰ ਖੱਚਰਾਂ/ਗਧੇ ਹਨ। ਤਰਨਤਾਰਨ ਨੰਬਰ ਵਨ। ਮੁਕਤਸਰ ’ਚ 450 ਗਧੇ ਨੇ, ਦੂਜੇ ਨੰਬਰ ’ਤੇ ਹੈ। ਲੰਬੀ ਵਿਚ ਪਿੰਡ ਘੁਮਿਆਰਾ ਵੀ ਹੈ। ਪੂਰਾ ਪਿੰਡ ਪਰਜਾਪਤ ਭਾਈਚਾਰੇ ਦਾ ਹੈ। ਭਾਰਤ ਚਮਕਣ ਲੱਗਾ ਹੈ। ਮਜ਼ਦੂਰਾਂ ਦੇ ਅਰਮਾਨ ਕਤਲ ਹੁੰਦੇ ਨੇ, ਕੋਈ ਕਾਨੂੰਨ ਨਹੀਂ। ਮੇਨਕਾ ਗਾਂਧੀ ਕਦੇ ਦਲਿਤ ਵਿਹੜਿਆਂ ਦਾ ਗੇੜਾ ਜਰੂਰ ਮਾਰੇ।
        ਭਾਰਤ ਦੀ ਨਿਹੱਥੀ ਜਵਾਨੀ ਫਰੰਗੀ ਮੁਲਕਾਂ ’ਚ ਵਾਇਆ ‘ਡੌਂਕੀ ਰੂਟ’ ਕਿਰਤ ਕਰਨ ਜਾਂਦੀ ਹੈ। ਜਦੋਂ ਗਧੇ ਘੋੜੇ ਦਾ ਇੱਕੋ ਮੁੱਲ ਹੋ ਜਾਵੇੇ, ਉਦੋਂ ਬਰੇਨ ਡਰੇਨ ਕਿਵੇਂ ਰੁਕੂ। ਚੋਣਾਂ ਵਾਲਾ ਤੰਦੂਰ ਤਪਿਐ। ਕੋਈ ਰੋਟੀਆਂ ਤਪਾਉਣ, ਕੋਈ ਸੇਕਣ ਲਈ ਕਾਹਲੈ। ਜਿੱਤਣ ਮਗਰੋਂ ਵੋਟਰ ਬਾਦਸ਼ਾਹ ਨੂੰ ਦੁਲੱਤੀ ਮਾਰ ਦਿੰਦੇ ਨੇ। ਉਨ੍ਹਾਂ ਨੂੰ ਵੋਟਰ ਗਧੇ ਵਾਂਗੂ ਢੀਠ ਲੱਗਦੇ ਨੇ। ਜੈਪੁਰ ਨੇੜਲਾ ਪਿੰਡ ਭਾਵਗੜ੍ਹ ਇਸ ਗੱਲੋਂ ਬਚਿਆ। ਜਿਥੇ ਗਧਿਆਂ ਦਾ ਮੇਲਾ ਲੱਗਦੈ। ਜੋ ਮੇਲੇ ਦਾ ਉਦਘਾਟਨ ਕਰਦੈ, ਹਾਰ ਜਾਂਦਾ ਹੈ। ਬਦਸਗਨੀ ਜੋ ਹੋਈ, ਲੀਡਰ ਛੇਤੀ ਕਿਤੇ ਮੂੰਹ ਨਹੀਂ ਕਰਦੇ ਭਾਵਗੜ੍ਹ ਵੱਲ। ਅਖਿਲੇਸ਼ ਯਾਦਵ ਦੀ ਅਮਿਤਾਬ ਬਚਨ ਨੂੰ ਨਸੀਹਤ ਸੁਣੋ ‘ ਆਪ ਗੁਜਰਾਤ ਕੇ ਗਧੋਂ ਕਾ ਪ੍ਰਚਾਰ ਮਤ ਕੀਝੀਏ’। ਬੜਾ ਰੌਲਾ ਪਿਆ ਸੀ।
                 ਵਿਹਲ ਮਿਲੇ ਤਾਂ ਸੈਮੂਅਲ ਜੌਹਨ ਦਾ ਨਾਟਕ ‘ਗਧਾ ਤੇ ਸ਼ੇਰ’ ਜਰੂਰ ਦੇਖਿਓ। ਨੰਬਰ ਲਵਾਉਣ ਦੀ ਨਹੀਂ, ਲਾਉਣ ਦੀ ਤਾਕਤ ਮਿਲੇਗੀ। ਆਖਰੀ ਸ਼ੀਨ ਦੇਖੋ। ਜੰਗਲ ਦਾ ਰਾਜਾ ਸ਼ੇਰ ਦਹਾੜਦੈ। ਵਾਰੋ ਵਾਰੀ ਸਭ ਨੂੰ ਛੱਕ ਜਾਂਦੈ। ਅਖੀਰ ’ਚ ਆਖਦੈ, ਗਧਿਆਂ ਦੀ ਕੀ ਅੌਕਾਤ। ਜਦੋਂ ਸਮਾਜ ਦਾ ਭਾਰ ਢੋਂਹਣ ਵਾਲੇ ਇਕੱਠੇ ਹੁੰਦੇ ਨੇ। ਫਿਰ ਦੁਲੱਤੀ ਮਾਰ ਮਾਰ ਕੇ ਸ਼ੇਰ ਦੀ ਬੁਥਾੜ ਭੰਨ ਦਿੰਦੇ ਨੇ। ਸਿਆਸਤਦਾਨਾਂ ਨੂੰ ਬਿਨ ਮੰਗੀ ਸਲਾਹ ਐ.. ਗਧੇ ਦੀ ਦੁਲੱਤੀ ਤੋਂ ਜਰਾ ਬਚ ਕੇ। ਭਾਵੇਂ ਸ਼ੇਰ ਨੂੰ ਪੁੱਛ ਲੋ, ਹੁਣ ਛੱਜੂ ਰਾਮ ਹੱਸੀ ਜਾ ਰਿਹੈ..।


Friday, April 5, 2019

                     ਸਿਆਸੀ ਹੱਟੀ
ਤਿੰਨ-ਤਿੰਨ ਪੈਨਸ਼ਨਾਂ ਵਾਲੇ ਸੰਸਦ ਮੈਂਬਰ !
                        ਚਰਨਜੀਤ ਭੁੱਲਰ  
ਬਠਿੰਡਾ : ਭਾਜਪਾ ਦੇ 115 ਸੰਸਦ ਮੈਂਬਰਾਂ ਦੇ ਦੋਵੇਂ ਹੱਥ ਲੱਡੂ ਹਨ ਜਿਨ੍ਹਾਂ ਨੂੰ ‘ਸਿਆਸੀ ਹੱਟੀ’ ਦੀ ਖੱਟੀ ਰਾਸ ਆਈ ਹੈ। ਭਾਵੇਂ ਸਿਆਸੀ ਮੈਦਾਨ ’ਚ ਚਿੱਤ ਵੀ ਹੋ ਜਾਣ, ਮਾਲੀ ਤੌਰ ’ਤੇ ਸੌਦਾ ਲਾਹੇ ਵਾਲਾ ਹੀ ਰਹੇਗਾ। 16ਵੀਂ ਲੋਕ ਸਭਾ ਦੇ 215 ਅਜਿਹੇ ਸੰਸਦ ਮੈਂਬਰ ਹਨ ਜੋ ਚੋਣਾਂ ਹਾਰਨ ਦੀ ਸੂਰਤ ਵਿਚ ਵੀ ਦੋ ਦੋ ਪੈਨਸ਼ਨਾਂ ਲੈਣਗੇ। ਮੌਜੂਦਾ ਲੋਕ ਸਭਾ ਵਿਚ ਇਹ ਐਮ.ਪੀ ਹਨ ਜਦੋਂ ਕਿ ਪਹਿਲਾਂ ਸੂਬਿਆਂ ਵਿਚ ਵਿਧਾਇਕ ਰਹਿ ਚੁੱਕੇ ਹਨ। ਮਿਸਾਲ ਦੇ ਤੌਰ ’ਤੇ ਉਹ ਐਤਕੀਂ ਚੋਣ ਹਾਰ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਪੈਨਸ਼ਨ ਬਤੌਰ ਸਾਬਕਾ ਐਮ.ਪੀ ਵਾਲੀ ਮਿਲੇਗੀ ਅਤੇ ਦੂਸਰੀ ਪੈਨਸ਼ਨ ਬਤੌਰ ਸਾਬਕਾ ਐਮ.ਐਲ.ਏ ਵਾਲੀ ਮਿਲੇਗੀ। ਚੋਣ ਜਿੱਤ ਕੇ ਮੁੜ ਐਮ.ਪੀ ਬਣਦੇ ਹਨ ਤਾਂ ਵੀ ਐਮ.ਪੀ ਵਜੋਂ ਤਨਖਾਹ/ਭੱਤੇ ਮਿਲਨਗੇ, ਬਤੌਰ ਸਾਬਕਾ ਐਮ.ਐਲ.ਏ ਪੈਨਸ਼ਨ ਵੀ ਮਿਲੇਗੀ। ਵੇਰਵਿਆਂ ਅਨੁਸਾਰ 16ਵੀਂ ਲੋਕ ਸਭਾ ਦੇ 543 ਸੰਸਦ ਮੈਂਬਰਾਂ ਚੋਂ 215 ਸੰਸਦ ਮੈਂਬਰ ਪਹਿਲਾਂ ਵਿਧਾਨ ਸਭਾਵਾਂ ’ਚ ਐਮ.ਐਲ.ਏ ਵੀ ਰਹਿ ਚੁੱਕੇ ਹਨ ਜਿਨ੍ਹਾਂ ਨੂੰ ਪਹਿਲਾਂ ਸਾਬਕਾ ਐਮ.ਐਲ.ਏ ਵਾਲੀ ਪੈਨਸ਼ਨ ਮਿਲ ਰਹੀ ਹੈ। ਪੰਜਾਬ ਦੇ ਚਾਰ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚੌਧਰੀ ਸੰਤੋਖ ਸਿੰਘ ਅਤੇ ਸ਼ੇਰ ਸਿੰਘ ਘੁਬਾਇਆ ਵੀ ਇਨ੍ਹਾਂ ਵਿਚ ਸ਼ਾਮਿਲ ਹਨ ਜਿਨ੍ਹਾਂ ਨੂੰ ਦੋ ਦੋ ਪੈਨਸ਼ਨਾਂ ਮਿਲਨਗੀਆਂ। ਮਾਲੀ ਤੌਰ ’ਤੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਮਲਾਈ ਹੀ ਮਿਲੇਗੀ। ਮੌਜੂਦਾ 215 ਐਮ.ਪੀਜ਼ ਚੋਂ ਸਭ ਤੋਂ ਜਿਆਦਾ ਭਾਜਪਾ ਦੇ 115 ਐਮ.ਪੀ ਹਨ ਜੋ ਪਹਿਲੋਂ ਵਿਧਾਇਕ ਵੀ ਰਹਿ ਚੁੱਕੇ ਹਨ। ਕਾਂਗਰਸ ਦੇ ਮੌਜੂਦਾ 21 ਐਮ.ਪੀ ਹਨ ਜੋ ਪਹਿਲਾਂ ਐਮ.ਐਲ.ਏ ਵੀ ਰਹੇ ਹਨ।
         ਹਰਿਆਣਾ ਦੇ ਮੌਜੂਦਾ 7 ਐਮ.ਪੀ ਉਹ ਹਨ ਜੋ ਪਹਿਲੋਂ ਵਿਧਾਇਕ ਸਨ ਅਤੇ ਰਾਜਸਥਾਨ ਦੇ ਅਜਿਹੇ ਹੀ 9 ਐਮ.ਪੀ ਹਨ ਜੋ ਨਾਲੋ ਨਾਲ ਸਾਬਕਾ ਐਮ.ਐਲ.ਏ ਵਾਲੀ ਵੀ ਪੈਨਸ਼ਨ ਲੈ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਐਮ.ਪੀ ਸ਼ਾਂਤਾ ਕੁਮਾਰ ਹੁਣ ਦੋ ਪੈਨਸ਼ਨਾਂ ਦੇ ਹੱਕਦਾਰ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ 30 ਐਮ.ਪੀ ਉਹ ਹਨ ਜੋ ਪਹਿਲਾਂ ਵਿਧਾਨ ਸਭਾ ਵਿਚ ਬੈਠ ਚੁੱਕੇ ਹਨ। ਇਨ੍ਹਾਂ ਚੋਂ 28 ਐਮ.ਪੀ ਇਕੱਲੀ ਭਾਜਪਾ ਦੇ ਹਨ। ਏਦਾਂ ਹੀ ਪੱਛਮੀ ਬੰਗਾਲ ਦੇ 17 ਅਤੇ ਬਿਹਾਰ ਦੇ 19 ਐਮ.ਪੀ ਹਨ ਜਿਨ੍ਹਾਂ ਨੂੰ ਚੋਣਾਂ ਹਾਰਨ ਦੀ ਸੂਰਤ ਵਿਚ ਦੋ ਦੋ ਪੈਨਸ਼ਨ ਮਿਲਨਗੀਆਂ। ਪੰਜਾਬ ਵਿਚ ਇੱਕ ਵਾਰ ਐਮ.ਐਲ.ਏ ਬਣਨ ਦੀ ਸੂਰਤ ਵਿਚ ਮੌਜੂਦਾ ਸਮੇਂ 70 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਜੋ ਜਿਆਦਾ ਵਾਰ ਐਮ.ਐਲ.ਏ ਬਣੇ ,ਉਨ੍ਹਾਂ ਦੀ ਰਾਸ਼ੀ ਹੋਰ ਵੱਧ ਜਾਣੀ ਹੈ। ਕੇਂਦਰ ਸਰਕਾਰ ਨੇ 1 ਅਪਰੈਲ 2018 ਤੋਂ ਸਾਬਕਾ ਐਮ.ਪੀਜ਼ ਦੀ ਪੈਨਸ਼ਨ ਵਿਚ ਵੀ ਵਾਧਾ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੌਜੂਦਾ ਲੋਕ ਸਭਾ ਦੇ 543 ਐਮ.ਪੀਜ਼ ਚੋਂ 30 ਐਮ.ਪੀ ਉਹ ਹਨ ਜੋ ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਗੱਲ ਦਾ ਭੇਤ ਹੈ ਕਿ ਇਨ੍ਹਾਂ 30 ਐਮ.ਪੀਜ਼ ਨੂੰ ਇੱਕ ਪੈਨਸ਼ਨ ਮਿਲੇਗੀ ਜਾਂ ਦੋਹਰੀ ਪੈਨਸ਼ਨ ਮਿਲੇਗੀ। ਇਕੱਲੀ ਪੈਨਸ਼ਨ ਨਹੀਂ, ਹੋਰ ਸਭ ਸਹੂਲਤਾਂ ਵੀ ਡਬਲ ਮਿਲਦੀਆਂ ਹਨ। ਆਸ਼ਰਿਤਾਂ ਨੂੰ ਉਸ ਤੋਂ ਜਿਆਦਾ ਮੌਜ ਲੱਗ ਜਾਂਦੀ ਹੈ।
        16ਵੀਂ ਲੋਕ ਸਭਾ ਵਿਚ 15 ਐਮ.ਪੀ ਪਹਿਲਾਂ ਕਿਸੇ ਨਾ ਕਿਸੇ ਸੂਬੇ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਵੀ ਦੋਹਰਾ ਗੱਫਾ ਮਿਲੇਗਾ। ਐਮ.ਪੀ ਫਾਰੂਕ ਅਬਦੁਲਾ,ਵੀਰੱਪਾ ਮੋਇਲੀ,ਸ਼ਾਂਤਾਂ ਕੁਮਾਰ, ਐਚ.ਡੀ.ਦੇਵਗੌੜਾ, ਨਰਿੰਦਰ ਮੋਦੀ,ਉਮਾ ਭਾਰਤੀ, ਸੁਸਮਾ ਸਵਰਾਜ  ਆਦਿ ਤਾਂ ਪਹਿਲਾਂ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਇਨ੍ਹਾਂ ਸਿਆਸਤਦਾਨਾਂ ਲਈ ਸਰਕਾਰੀ ਖ਼ਜ਼ਾਨੇ ਉਮਰ ਭਰ ਲਈ ਖੁੱਲ੍ਹਾ ਰਹੇਗਾ। ਜੋ ਸਰਕਾਰੀ ਅਧਿਕਾਰੀ ਐਮ.ਪੀ ਬਣੇ, ਉਨ੍ਹਾਂ ਦੇ ਦੋਵੇਂ ਹੱਥ ਲੱਡੂ ਹਨ। 16ਵੀਂ ਲੋਕ ਸਭਾ ਵਿਚ ਤਿੰਨ ਐਮ.ਪੀ ਉਹ ਹਨ ਜੋ ਪਹਿਲਾਂ ਆਈ.ਏ.ਐਸ ਅਧਿਕਾਰੀ ਸਨ। ਇਨ੍ਹਾਂ ਤੋਂ ਇਲਾਵਾ ਇੱਕ ਆਈ.ਪੀ.ਐਸ ਅਧਿਕਾਰੀ ਵੀ ਹੈ। ਕੇਂਦਰੀ ਵਜ਼ੀਰ ਰਾਜਵਰਧਨ ਰਾਠੌਰ ਭਾਰਤੀ ਫੌਜ ਵਿਚ ਕਰਨਲ ਸਨ। ਉਨ੍ਹਾਂ ਨੂੰ ਵੀ ਦੋ ਪੈਨਸ਼ਨਾਂ ਦਾ ਹੱਕ ਮਿਲੇਗਾ। ਵੱਧ ਦਿਲਚਸਪ ਉਹ ਐਮ.ਪੀ ਹਨ ਜੋ ਤਿੰਨ ਤਿੰਨ ਪੈਨਸ਼ਨਾਂ ਦੇ ਹੱਕਦਾਰ ਬਣ ਜਾਣੇ ਹਨ। ਮਿਸਾਲ ਦੇ ਤੌਰ ’ਤੇ ਉੱਤਰ ਪ੍ਰਦੇਸ਼ ਦੇ ਹਲਕਾ ਰਾਮਪੁਰ ਤੋਂ ਐਮ.ਪੀ ਡਾ.ਨੇਪਾਲ ਸਿੰਘ ਤਿੰਨ ਪੈਨਸ਼ਨਾਂ ਦੇ ਹੱਕਦਾਰ ਬਣ ਗਏ ਹਨ। ਪਹਿਲਾਂ ਉਹ ਪ੍ਰੋਫੈਸਰ ਸਨ, ਸੇਵਾ ਮੁਕਤੀ ਮਗਰੋਂ ਉਨ੍ਹਾਂ ਨੂੰ ਪ੍ਰੋਫੈਸਰ ਵਾਲੀ ਪੈਨਸ਼ਨ ਮਿਲ ਰਹੀ ਹੈ। ਉਸ ਮਗਰੋਂ ਉਹ ਯੂ.ਪੀ ਅਸੈਂਬਲੀ ਦੇ ਉਪਰਲੇ ਸਦਨ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਹੁਣ ਉਹ ਐਮ.ਪੀ ਹਨ।
                ਸਿਆਸਤ ਨੂੰ ਅਲਵਿਦਾ ਆਖ ਦੇਣ ਤਾਂ ਉਨ੍ਹਾਂ ਨੂੰ ਤਿੰਨ ਪੈਨਸ਼ਨਾਂ ਮਿਲਨਗੀਆਂ। ਕੇਰਲਾ ਦੀ ਐਮ.ਪੀ ਸ੍ਰੀਮਾਥੀ ਪਹਿਲਾਂ ਅਧਿਆਪਕ ਸਨ, ਫਿਰ ਕੇਰਲਾ ਦੀ ਵਿਧਾਨ ਪ੍ਰੀਸ਼ਦ ਦੀ ਮੈਂਬਰ ਰਹੀ ਅਤੇ ਹੁਣ ਐਮ.ਪੀ ਹਨ। ਇੱਕੋ ਸਮੇਂ ਤਿੰਨ ਪੈਨਸ਼ਨਾਂ ਦੀ ਹੱਕਦਾਰ ਬਣੀ ਹੈ ਸੂਤਰਾਂ ਅਨੁਸਾਰ ਜੋ ਸਿਆਸਤਦਾਨ ਵੱਖ ਵੱਖ ਸੂਬਿਆਂ ਦੇ ਰਾਜਪਾਲ ਬਣਦੇ ਹਨ, ਉਨ੍ਹਾਂ ਨੂੰ ਵੀ ਦੋ ਪੈਨਸ਼ਨਾਂ ਮਿਲਦੀਆਂ ਹਨ। ਜਿਆਦਾਤਾਰ ਰਾਜਪਾਲ ਪਹਿਲਾਂ ਕੇਂਦਰੀ ਵਜ਼ੀਰ, ਸੂਬਾਈ ਵਜ਼ੀਰ ਜਾਂ ਐਮ.ਪੀ ਵਗੈਰਾ ਰਹਿ ਚੁੱਕੇ ਹਨ। ਏਦਾਂ ਦੇ ਹਾਲਾਤਾਂ ਵਿਚ ਸਾਬਕਾ ਗਵਰਨਰਾਂ ਨੂੰ ਵੀ ਦੋ ਦੋ ਪੈਨਸ਼ਨਾਂ ਦਾ ਗੱਫਾ ਮਿਲਣ ਲੱਗਾ ਹੈ। ਸੂਤਰ ਆਖਦੇ ਹਨ ਕਿ ਦੇਸ਼ ਵਿਚ ਇਕੱਲੇ ਸਿਆਸਤਦਾਨ ਹਨ ਜਿਨ੍ਹਾਂ ਨੂੰ ਦੋ ਦੋ, ਤਿੰਨ ਤਿੰਨ ਪੈਨਸ਼ਨ ਦੀ ਸਹੂਲਤ ਹੈ। ਪੰਜਾਬ ਵਿਚ ਤਾਂ ਆਮ ਲੋਕ ਤੇ ਮੁਲਾਜ਼ਮ ਪੈਨਸ਼ਨ ਨੂੰ ਹੀ ਤਰਸ ਰਹੇ ਹਨ।


Thursday, April 4, 2019

                      ਡਰ ਕਾਹਦਾ
         ਤੱਕਿਆ ਬੁਲੇਟ ਪਰੂਫ਼ ਦਾ ਆਸਰਾ
                             ਚਰਨਜੀਤ ਭੁੱਲਰ
ਬਠਿੰਡਾ : ਜਦੋਂ ਹੁਣ ਚੋਣਾਂ ਦਾ ਪਿੜ ਭਖਿਆ ਹੈ ਤਾਂ ਲੀਡਰਾਂ ਨੇ ਬੁਲੇਟ ਪਰੂਫ਼ ਗੱਡੀਆਂ ਦਾ ਆਸਰਾ ਤੱਕਿਆ ਹੈ। ਭਾਸ਼ਣਾਂ ’ਚ ਸੇਕ ਕੱਢਣ ਵਾਲੇ ਨੇਤਾ ਹੁਣ ਲੋਕ ਸਭਾ ਚੋਣਾਂ ਮੌਕੇ ਭੈਅ ਖਾਣ ਲੱਗੇ ਹਨ। ਤਾਹੀਓਂ ਉੱਚ ਕੋਟੀ ਦੇ ਨੇਤਾਵਾਂ ਨੇ ਪ੍ਰਾਈਵੇਟ ਤੌਰ ’ਤੇ ਸੁਰੱਖਿਆ ਲਈ ਪਾਪੜ ਵੇਲਣੇ ਸ਼ੁਰੂ ਕੀਤੇ ਹਨ। ਬੁਲੇਟ ਪਰੂਫ਼ ਗੱਡੀਆਂ ਦੇ ਕਾਰੋਬਾਰ ਨੂੰ ਇਨ੍ਹਾਂ ਲੀਡਰਾਂ ਦੇ ਡਰ ਨੇ ਚਮਕਣ ਲਾ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਹੀ ਜੈਪੁਰ, ਕੋਟਾ, ਜਲੰਧਰ ਤੇ ਦਿੱਲੀ ਦੀਆਂ ਪ੍ਰਾਈਵੇਟ ਸਨਅਤਾਂ ਤੋਂ ਕਰੀਬ 100 ਵੱਡੇ ਲੀਡਰਾਂ ਨੇ ਬੁਲੇਟ ਪਰੂਫ਼ ਗੱਡੀਆਂ ਤਿਆਰ ਕਰਾਈਆਂ ਹਨ। ਉੱਤਰ ਪ੍ਰਦੇਸ਼,ਬਿਹਾਰ ਤੇ ਝਾਰਖੰਡ ਦੇ ਨੇਤਾਵਾਂ ਨੇ ਜਲੰਧਰ ਤੋਂ ਬੁਲਟ ਪਰੂਫ਼ ਵਾਹਣ ਤਿਆਰ ਕਰਾਏ ਹਨ।ਵੇਰਵਿਆਂ ਅਨੁਸਾਰ ਜਲੰਧਰ ਦੀ ਪੁਰਾਣੀ ਲੱਗਰ ਇੰਡਸਟਰੀਜ ਤੋਂ ਤਿੰਨ ਦਰਜਨ ਲੀਡਰਾਂ ਨੇ ਬੁਲੇਟ ਪਰੂਫ਼ ਵਾਹਨ ਤਿਆਰ ਕਰਾਏ ਹਨ ਜਿਨ੍ਹਾਂ ਦੀ ਚੋਣ ਪ੍ਰਚਾਰ ਵਿਚ ਵਰਤੋਂ ਹੋਣੀ ਹੈ। ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਲੀਡਰਾਂ ਨੇ ਇਹ ਵਾਹਨ ਜਲੰਧਰ ਤੋਂ ਬੁਲੇਟ ਪਰੂਫ਼ ਕਰਾਏ ਹਨ। ਜਲੰਧਰ ਦੀ ਇਸ ਫੈਕਟਰੀ ਵਿਚ ਕਰੀਬ ਇੱਕ ਸਾਲ ਪਹਿਲਾਂ ਹੀ ਲੀਡਰਾਂ ਨੇ ਆਪਣੀਆਂ ਐਸ.ਯੂ.ਵੀ ਗੱਡੀਆਂ ਭੇਜ ਦਿੱਤੀਆਂ ਸਨ। ਗੱਡੀ ਨੂੰ ਬੁਲੇਟ ਪਰੂਫ਼ ਕਰਾਉਣ ਲਈ 6 ਲੱਖ ਤੋਂ 40 ਲੱਖ ਤੱਕ ਦਾ ਖਰਚਾ ਆਉਂਦਾ ਹੈ। ਨੇਤਾਵਾਂ ਵੱਲੋਂ ਲੈਂਡ ਕਰੂਜ਼ਰ, ਟੋਆਇਟਾ ਫਾਰਚੂਨਰ,ਇਨੋਵਾ,ਇਡੈਂਵਰ ਆਦਿ ਗੱਡੀਆਂ ਬੁਲੇਟ ਪਰੂਫ਼ ਕਰਾ ਰਹੇ ਹਨ। ਇਨ੍ਹਾਂ ਸਨਅਤਾਂ ਵਿਚ ਸਾਲ ਭਰ ਤੋਂ ਕਾਫ਼ੀ ਭੀੜ ਹੈ।
           ਜਲੰਧਰ ਦੇ ਕਾਰੋਬਾਰੀ ਸੰਚਿਤ ਸੋਬਤੀ (ਲੱਗਰ ਇੰਡਸਟਰੀਜ) ਨੇ ਦੱਸਿਆ ਕਿ ਉਹ ਹੁਣ ਤੱਕ ਦੂਸਰੇ ਸੂਬਿਆਂ ਦੇ ਕਰੀਬ ਸਿਆਸੀ ਲੋਕਾਂ ਨੂੰ ਕਰੀਬ 32 ਗੱਡੀਆਂ ਬੁਲੇਟ ਪਰੂਫ਼ ਬਣਾ ਕੇ ਸਪਲਾਈ ਕਰ ਚੁੱਕੇ ਹਨ ਜਦੋਂ ਕਿ ਚਾਰ ਕੁ ਗੱਡੀਆਂ ਦੀ ਡਲਿਵਰੀ ਬਾਕੀ ਹੈ। ਉੁਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਕਰਕੇ ਕਰੀਬ ਇੱਕ ਸਾਲ ਪਹਿਲਾਂ ਹੀ ਬੁਲੇਟ ਪਰੂਫ਼ ਗੱਡੀਆਂ ਦੇ ਆਰਡਰ ਆ ਗਏ ਸਨ। ਉਨ੍ਹਾਂ ਦੱਸਿਆ ਕਿ ਸਿਆਸਤਦਾਨਾਂ ਤੋਂ ਇਲਾਵਾ ਕਾਰੋਬਾਰੀ ਲੋਕ ਵੀ ਸੁਰੱਖਿਆ ਖਾਤਰ ਵਾਹਣ ਬੁਲੇਟ ਪਰੂਫ਼ ਬਣਾ ਰਹੇ ਹਨ। ਪਤਾ ਲੱਗਾ ਹੈ ਕਿ ਕੇਂਦਰੀ ਵਜ਼ੀਰਾਂ ਅਤੇ ਸਾਬਕਾ ਮੰਤਰੀਆਂ ਤੋਂ ਇਲਾਵਾ ਮੌਜੂਦਾ ਐਮ.ਪੀਜ਼ ਨੇ ਵੀ ਇਹ ਵਾਹਨ ਤਿਆਰ ਕਰਾਏ ਹਨ। ਦਿੱਲੀ ਅਤੇ ਹਰਿਆਣਾ ਦੀਆਂ ਕਈ ਫੈਕਟਰੀਆਂ ਚੋਂ ਵੀ ਲੋਕ ਸਭਾ ਚੋਣਾਂ ਲਈ ਬੁਲੇਟ ਪਰੂਫ਼ ਵਾਹਨ ਤਿਆਰ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਬੁਲੇਟ ਪਰੂਫ਼ ਵਾਹਨ ਵਰਤ ਰਹੇ ਹਨ ਅਤੇ ਕੁਝ ਸਮਾਂ ਪਹਿਲਾਂ ਵਜ਼ੀਰ ਨਵਜੋਤ ਸਿੱਧੂ ਨੂੰ ਵੀ ਬੁਲੇਟ ਪਰੂਫ਼ ਲੈਂਡ ਕਰੂਜ਼ਰ ਮਿਲੀ ਹੈ। ਹੁਣ ਸਾਬਕਾ ਵਜ਼ੀਰ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਬੁਲੇਟ ਪਰੂਫ਼ ਗੱਡੀ ਦੀ ਪ੍ਰਵਾਨਗੀ ਮਿਲ ਗਈ ਹੈ। ਡੇਰਾ ਸਿਰਸਾ ਦੇ ਰਿਸ਼ਤੇਦਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਕੋਲ ਵੀ ਬੁਲੇਟ ਪਰੂਫ਼ ਗੱਡੀ ਹੈ।
                 ਜੀ.ਸੀ.ਬੀ.ਐਲ ਕੰਪਨੀ (ਲਾਲੜੂ ਪਲਾਂਟ) ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਆਰ.ਦੋਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮੁੱਖ ਕਾਰੋਬਾਰ ਸਰਕਾਰੀ ਵਾਹਣਾਂ ਦਾ ਹੈ ਅਤੇ ਹਰ ਸਾਲ ਉਹ ਅੌਸਤਨ 70 ਤੋਂ 80 ਸਰਕਾਰੀ ਵਾਹਣਾਂ ਨੂੰ ਬੁਲੇਟ ਪਰੂਫ ਕਰਦੇ ਹਨ। ਉਨ੍ਹਾਂ ਦੇ ਪਲਾਂਟ ਦੀ ਸਮਰੱਥਾ ਕਰੀਬ ਇੱਕ ਹਜ਼ਾਰ ਗੱਡੀਆਂ ਦੀ ਹੈ। ਚੋਣਾਂ ਦਾ ਬਹੁਤਾ ਲੋਡ ਉਨ੍ਹਾਂ ’ਤੇ ਨਹੀਂ ਹੈ ਪ੍ਰੰਤੂ ਬੁਲੇਟ ਪਰੂਫ ਗੱਡੀਆਂ ਦੀ ਸਰਕਾਰੀ ਸਪਲਾਈ ਕਾਫੀ ਸੂਬਿਆਂ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਸਾਲ 2016 ਵਿਚ ਪੰਜਾਬ ਸਰਕਾਰ ਨੂੰ ਵੀ ਬੁਲੇਟ ਪਰੂਫ ਲੈਂਡ ਕਰੂਜ਼ਰ ਦੀ ਸਪਲਾਈ ਦਿੱਤੀ ਸੀ। ਦੇਸ਼ ਵਿਚ ਜੈੱਡ ਪਲੱਸ ਅਤੇ ਜੈੱਡ ਸੁਰੱਖਿਆ ਵਾਲੇ ਵੀ.ਆਈ.ਪੀਜ਼ ਕੋਲ ਬੁਲੇਟ ਪਰੂਫ਼ ਗੱਡੀਆਂ ਹੀ ਹਨ।  ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ਵਿਚ 300 ਵੀ. ਆਈ.ਪੀਜ਼ ਨੂੰ ਕੇਂਦਰੀ ਸੁਰੱਖਿਆ (ਐਕਸ ਤੋਂ ਲੈ ਕੇ ਜੈੱਡ ਪਲੱਸ ਤੱਕ) ਦਿੱੱਤੀ ਗਈ ਹੈ। ਦੇਸ਼ ਦੇ ਢਾਈ ਦਰਜਨ ਵੀ.ਆਈ.ਪੀਜ਼ ਨੂੰ ਜੈੱਡ ਪਲੱਸ ਸੁਰੱਖਿਆ, ਕਰੀਬ 64 ਵੀ.ਆਈ.ਪੀਜ਼ ਨੂੰ ਜੈੱਡ ਸੁਰੱਖਿਆ, 115 ਵੀ.ਆਈ.ਪੀਜ਼ ਨੂੰ ਵਾਈ ਪਲੱਸ ਸੁਰੱਖਿਆ, ਕਰੀਬ 20 ਵੀ. ਆਈ. ਪੀਜ਼ ਨੂੰ ਵਾਈ ਸੁਰੱਖਿਆ ਅਤੇ ਕਰੀਬ 73 ਵੀ.ਆਈ.ਪੀਜ਼ ਨੂੰ ਐਕਸ ਸੁਰੱਖਿਆ ਦਿੱਤੀ ਗਈ ਹੈ। ਵੀ.ਆਈ.ਪੀਜ਼ ਦੀ ਸੁਰੱਖਿਆ ਲਈ ਕਰੀਬ 4300 ਜਵਾਨ ਤੇ ਅਫਸਰਾਂ ਦੀ ਤਾਇਨਾਤੀ ਕੀਤੀ ਹੋਈ ਹੈ। ਜੈੱਡ ਪਲੱਸ ਸੁਰੱਖਿਆ ਵਿਚ 55 ਜਵਾਨਾਂ ਦੀ ਤਾਇਨਾਤੀ ਹੁੰਦੀ ਹੈ ਜਿਨ੍ਹਾਂ ਵਿਚ 10 ਐਨ.ਐਸ.ਜੀ ਕਮਾਂਡੋ ਸ਼ਾਮਿਲ ਹੁੰਦੇ ਹਨ।
                             ਚੋਣ ਕਮਿਸ਼ਨ ਦੀ ਵਾਹਣਾਂ ’ਤੇ ਅੱਖ
ਚੋਣ ਕਮਿਸ਼ਨ ਦੀ ਨਜ਼ਰ ਵੀ ਇਨ੍ਹਾਂ ਬੁਲੇਟ ਪਰੂਫ਼ ਵਾਹਣਾਂ ’ਤੇ ਟਿਕੀ ਹੋਈ ਹੈ। ਪਤਾ ਲੱਗਾ ਹੈ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਜੋ ਵੀ ਬੁਲੇਟ ਪਰੂਫ਼ ਵਾਹਨ ਚੋਣ ਪ੍ਰਚਾਰ ਵਿਚ ਵਰਤੇ ਜਾਣਗੇ, ਉਨ੍ਹਾਂ ਦੀ ਖਰਚੇ ਦੇ ਬਿੱਲ ਉਮੀਦਵਾਰਾਂ ਜਾਂ ਸਬੰਧਿਤ ਲੀਡਰਾਂ ਦੀ ਪਾਰਟੀ ਨੂੰ ਭੇਜੇ ਜਾਣਗੇ। ਚੋਣ ਕਮਿਸ਼ਨ ਨੇ ਤੈਲੰਗਾਨਾ ਚੋਣਾਂ ਵਿਚ ਬੁਲੇਟ ਪਰੂਫ਼ ਵਾਹਣਾਂ ਦਾ ਖਰਚਾ ਉਮੀਦਵਾਰਾਂ ਦੇ ਖਰਚੇ ਵਿਚ ਸ਼ਾਮਿਲ ਕੀਤਾ ਗਿਆ ਸੀ।     
                         




Monday, April 1, 2019

                 ਗੁਜਰਾਤ 'ਚ ਗੇੜਾ
ਬਾਦਲ ਦੇ 'ਆਸ਼ੀਰਵਾਦ' ਤੋਂ ਕਿਸਾਨ ਔਖੇ
                    ਚਰਨਜੀਤ ਭੁੱਲਰ
ਬਠਿੰਡਾ : ਗੁਜਰਾਤ 'ਚ ਉਜਾੜੇ ਦੀ ਵੱਟ 'ਤੇ ਬੈਠੇ ਹਜ਼ਾਰਾਂ ਪੰਜਾਬੀ ਕਿਸਾਨ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 'ਆਸ਼ੀਰਵਾਦ ਫੇਰੀ' ਤੋਂ ਔਖੇ ਹਨ। ਵੱਡੇ ਬਾਦਲ ਹੁਣ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ 'ਆਸ਼ੀਰਵਾਦ' ਦੇਣ ਤਾਂ ਗੁਜਰਾਤ ਪੁੱਜ ਗਏ। ਉਨ•ਾਂ ਪੰਜਾਬੀ ਕਿਸਾਨਾਂ ਨੂੰ ਚੇਤੇ ਤੋਂ ਵਿਸਾਰ ਦਿੱਤਾ ਜਿਨ•ਾਂ ਨੂੰ ਵਰਿ•ਆਂ ਤੋਂ ਗੁਜਰਾਤ ਚੋਂ 'ਆਊਟ' ਕਰਨ ਲਈ ਗੁਜਰਾਤ ਸਰਕਾਰ ਕਾਹਲੀ ਹੈ। ਪੰਜਾਬੀ ਕਿਸਾਨ ਇਸ ਗੱਲੋਂ ਔਖ 'ਚ ਹਨ ਕਿ ਵੱਡੇ ਬਾਦਲ ਯਾਰੀ ਪੁਗਾਉਣ ਤਾਂ ਗੁਜਰਾਤ ਪੁੱਜੇ ਲੇਕਿਨ ਉਨ•ਾਂ ਨਾਲ ਕੀਤੇ ਵਾਅਦੇ ਭੁੱਲ ਗਏ। ਗੁਜਰਾਤ ਵਿਚ ਕਰੀਬ ਪੰਜ ਹਜ਼ਾਰ ਪੰਜਾਬੀ ਪ੍ਰਵਾਰ ਪੰਜ ਵਰਿ•ਆਂ ਤੋਂ ਗੁਜਰਾਤ ਸਰਕਾਰ ਦੇ ਵਿਤਕਰੇ ਦਾ ਸ਼ਿਕਾਰ ਹਨ। ਦੱਸਣਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿਚ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭੁਜ ਇਲਾਕੇ ਵਿਚ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਭੁਜ ਖ਼ਿੱਤੇ ਚੋਂ  ਕਾਫ਼ੀ ਕਿਸਾਨ ਪਰਿਵਾਰ ਪੰਜਾਬ ਵੀ ਮੁੜ ਆਏ ਹਨ। ਗੁਜਰਾਤ ਵਿਚ ਪੰਜਾਬੀ ਕਿਸਾਨਾਂ ਦੀ ਕਰੀਬ 20 ਹਜ਼ਾਰ ਏਕੜ ਜ਼ਮੀਨ ਤਾਂ ਖ਼ਤਰੇ ਵਿਚ ਘਿਰੀ ਹੋਈ ਹੈ ਅਤੇ ਭੌਂ ਮਾਫੀਏ ਵੱਲੋਂ ਇਸ ਜ਼ਮੀਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 
           ਪੰਜਾਬੀ ਕਿਸਾਨਾਂ ਨੇ ਗੁਜਰਾਤ ਦੀ ਹਾਈਕੋਰਟ ਵਿਚ ਪਟੀਸ਼ਨ ਪਾਈ ਸੀ ਅਤੇ ਫੈਸਲਾ ਉਨ•ਾਂ ਦੇ ਹੱਕ ਵਿਚ ਆ ਗਿਆ। ਗੁਜਰਾਤ ਸਰਕਾਰ ਇਨ•ਾਂ ਕਿਸਾਨਾਂ ਦੇ ਖ਼ਿਲਾਫ਼ ਸੁਪਰੀਮ ਕੋਰਟ ਚਲੀ ਗਈ ਜਿਥੇ ਫੈਸਲਾ ਪੈਂਡਿੰਗ ਪਿਆ ਹੈ। ਜਦੋਂ ਪੰਜ ਵਰੇ• ਪਹਿਲਾਂ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਭਖਿਆ ਸੀ ਤਾਂ ਉਦੋਂ ਨਰਿੰਦਰ ਮੋਦੀ ਨੇ 23 ਫਰਵਰੀ 2014 ਨੂੰ ਜਗਰਾਓ ਵਿਖੇ 'ਫਤਹਿ ਰੈਲੀ' ਵਿਚ ਐਲਾਨ ਕੀਤਾ ਸੀ ਕਿ ਕੋਈ ਸਿੱਖ ਕਿਸਾਨ ਗੁਜਰਾਤ ਚੋਂ ਉਜੜਨ ਨਹੀਂ ਦਿੱਤਾ ਜਾਵੇਗਾ।ਪੰਜਾਬੀ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਜ਼ਿਲ•ਾ ਭੁਜ ਦੇ ਪਿੰਡ ਮਾਂਡਵੀ ਦੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੁਪਰੀਮ ਕੋਰਟ ਵਿਚ ਗੁਜਰਾਤ ਸਰਕਾਰ ਪੂਰੀ ਤਰ•ਾਂ ਪੰਜਾਬੀ ਕਿਸਾਨਾਂ ਦੇ ਖ਼ਿਲਾਫ਼ ਖੜ•ੀ ਹੈ । ਉਨ•ਾਂ ਆਖਿਆ ਕਿ ਵੱਡੇ ਬਾਦਲ ਨੇ ਹੁਣ ਅਮਿਤ ਸ਼ਾਹ ਨੂੰ ਆਸ਼ੀਰਵਾਦ ਤਾਂ ਦਿੱਤਾ ਹੈ ਪਰ ਉਹ ਪੰਜਾਬੀ ਕਿਸਾਨਾਂ ਦੇ ਮਸਲੇ ਭੁੱਲ ਗਏ। ਉਨ•ਾਂ ਆਖਿਆ ਕਿ ਬਾਦਲ ਤਾਂ ਆਪਣੀ ਸਿਆਸੀ ਹਿੱਤਾਂ ਲਈ ਗੁਜਰਾਤ ਆਏ ਸਨ, ਨਾ ਕਿ  ਪੰਜਾਬੀ ਕਿਸਾਨਾਂ ਦੇ ਜ਼ਖ਼ਮਾਂ 'ਤੇ ਮੱਲਮ ਲਾਉਣ।
            ਪਿੰਡ ਨਰੌਣਾ ਦੇ ਕਿਸਾਨ ਬਿੱਕਰ ਸਿੰਘ ਦਾ ਕਹਿਣਾ ਸੀ ਕਿ ਨਰਿੰਦਰ ਮੋਦੀ ਪੰਜ ਵਰੇ• ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਗਏ ਹਨ ਅਤੇ ਹੁਣ ਤਾਂ ਬਾਦਲ ਵੀ ਪੰਜਾਬ ਦੇ ਗੁਜਰਾਤ ਬੈਠੇ ਕਿਸਾਨਾਂ ਦਾ ਦਰਦ ਭੁੱਲ ਗਏ ਹਨ। ਹੁਣ ਤਿਲ਼ਾਂ ਵਿਚ ਤੇਲ ਨਹੀਂ ਰਿਹਾ ਅਤੇ ਵੱਡੇ ਬਾਦਲ ਤਾਂ ਹੁਣ ਭਵਿੱਖ ਦੀ ਗੋਟੀ ਫਿੱਟ ਕਰਨ ਗੁਜਰਾਤ ਦੇ ਗੇੜੇ ਮਾਰ ਰਹੇ ਹਨ। ਪਿੰਡ ਜੁਰਾ ਦੇ ਕਿਸਾਨ ਸਾਧੂ ਸਿੰਘ ਤੇ ਚਮਕੌਰ ਸਿੰਘ ਦਾ ਕਹਿਣਾ ਸੀ ਕਿ ਗੁਜਰਾਤ ਸਰਕਾਰ ਨੇ ਪੰਜਾਬੀ ਕਿਸਾਨਾਂ 'ਤੇ 'ਬਾਹਰਲੇ' ਹੋਣ ਦਾ ਟੈਗ ਲਾ ਦਿੱਤਾ ਹੈ ਤੇ ਪੰਜ ਵਰਿ•ਆਂ ਵਿਚ ਗੁਜਰਾਤ ਸਰਕਾਰ ਜਾਂ ਕੇਂਦਰ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ। ਉਨ•ਾਂ ਆਖਿਆ ਕਿ ਵੱਡੇ ਬਾਦਲ ਆਸ਼ੀਰਵਾਦ ਦੇਣ ਵੇਲੇ ਅਮਿਤ ਸ਼ਾਹ ਨੂੰ ਪੰਜਾਬੀ ਕਿਸਾਨਾਂ ਦਾ ਚੇਤਾ ਤਾਂ ਕਰਾਉਂਦੇ।
           ਕੁਠਾਰਾ ਪਿੰਡ ਵਿਚ ਬੈਠੇ ਕਿਸਾਨ ਜਸਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਵੱਡੇ ਬਾਦਲ ਕਦੇ ਵੀ ਪੰਜਾਬੀ ਕਿਸਾਨਾਂ ਦੇ ਦੁੱਖ ਦਰਦ ਜਾਣਨ ਲਈ ਗੁਜਰਾਤ ਨਹੀਂ ਆਏ, ਆਸ਼ੀਰਵਾਦ ਦੇਣ ਲਈ ਰਾਤੋ ਰਾਤ ਪੁੱਜ ਗਏ। ਚੰਗਾ ਹੁੰਦਾ ,ਉਹ ਉਜਾੜੇ ਦੀ ਤਲਵਾਰ ਝੱਲ ਰਹੇ ਪੰਜਾਬੀ ਕਿਸਾਨਾਂ ਦੀ ਗੱਲ ਵੀ ਕਰਦੇ। ਦੱਸਣਯੋਗ ਹੈ ਕਿ ਇਕੱਲੇ ਕੁਠਾਰਾ ਕਸਬੇ ਵਿਚ ਕਰੀਬ ਤਿੰਨ ਹਜ਼ਾਰ ਪੰਜਾਬੀ ਕਿਸਾਨ ਪਰਿਵਾਰ ਹਨ। ਇਸੇ ਤਰ•ਾਂ ਨਲੀਆ ਵਿਧਾਨ ਸਭਾ ਹਲਕੇ ਵਿਚ ਵੀ ਕਾਫ਼ੀ ਪੰਜਾਬੀ ਹਨ। ਲੋਰੀਆ ਵਿਚ ਕਈ ਕਿਸਾਨ ਗੁਜਰਾਤੀ ਸਰਕਾਰ ਤੇ ਭੌਂ ਮਾਫੀਆ ਦਾ ਧੱਕਾ ਝੱਲ ਚੁੱਕੇ ਹਨ। ਹੁਣ ਲੋਕ ਸਭਾ ਚੋਣਾਂ ਵਿਚ ਇਹ ਕਿਸਾਨ ਮੁੜ ਸਿਆਸੀ ਤੌਰ 'ਤੇ ਮੁਸਤੈਦ ਹੋÂੈ ਹਨ। 
                                  ਪੰਜਾਬੀ ਕਿਸਾਨਾਂ ਨੂੰ ਕਰਜ਼ ਦੇਣੇ ਬੰਦ 
ਗੁਜਰਾਤ ਵਿਚ ਹੁਣ ਬੈਂਕਾਂ ਨੇ ਪੰਜਾਬੀ ਕਿਸਾਨਾਂ ਨੂੰ ਲੋਨ ਦੇਣੇ ਬੰਦ ਕਰ ਦਿੱਤੇ ਹਨ। ਕਿਸਾਨਾਂ ਨੂੰ ਮਾਲਕੀ ਵਾਲੀਆਂ ਜ਼ਮੀਨਾਂ 'ਤੇ ਹੁਣ ਕੋਈ ਕਰਜ਼ ਨਹੀਂ ਮਿਲਦਾ ਹੈ। ਨੌ ਮਹੀਨੇ ਤੋਂ ਬੈਂਕਾਂ ਨੇ ਆਨਾਕਾਨੀ ਸ਼ੁਰੂ ਕੀਤੀ ਹੈ ਪ੍ਰੰਤੂ ਢਾਈ ਮਹੀਨਿਆਂ ਤੋਂ ਪੰਜਾਬੀ ਕਿਸਾਨਾਂ ਨੂੰ ਕੋਈ ਬੈਂਕ ਦੇਹਲੀ ਨਹੀਂ ਚੜ•ਨ ਦੇ ਰਿਹਾ। ਪੰਜਾਬੀ ਕਿਸਾਨਾਂ ਨੇ ਦੱਸਿਆ ਕਿ ਉਨ•ਾਂ ਨੂੰ ਗੁਜਰਾਤ ਵਿਚ ਏਦਾਂ ਦੇ ਢੰਗ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਤੰਗੀ ਝੱਲਦੇ ਪੰਜਾਬੀ ਕਿਸਾਨ ਖੁਦ ਹੀ ਗੁਜਰਾਤ ਨੂੰ ਛੱਡਣ ਲਈ ਮਜਬੂਰ ਹੋ ਜਾਣ।