Thursday, April 18, 2019

                                                  ਹਲਕਾ ਬੇਗੂਸਰਾਏ
               ਨਾ ਜਾਣ ਤੇ ਨਾ ਪਛਾਣ, ਸਭ ਕਨ੍ਹੱਈਆ ਦੇ ਮਹਿਮਾਨ
                                        ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਨੀਲੀ ਦਸਤਾਰ ਤੇ ਬਾਣੇ ਵਾਲੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਬਰਜੰਗ ਸਿੰਘ ਦਾ ਕਨ੍ਹੱਈਆ ਕੁਮਾਰ ਦੀ ਹਮਾਇਤ 'ਚ ਬਿਹਾਰ ਦੇ ਬੇਗੂਸਰਾਏ ਹਲਕੇ ਵਿਚ ਪੁੱਜਣਾ ਸਹਿਜ ਨਹੀਂ। ਬੇਗੂਸਰਾਏ 'ਚ ਸੀਪੀਆਈ ਦੀ ਦਫ਼ਤਰੀ ਕੰਟੀਨ 'ਚ ਸਿੱਖ ਨੌਜਵਾਨ ਦੇ ਹੱਥਾਂ ਵਿਚ ਫੜੀ ਦਾਲ ਚੌਲ ਵਾਲੀ ਥਾਲ਼ੀ ਨਵੇਂ ਸਿਆਸੀ ਖੜਾਕ ਦਾ ਸੁਨੇਹਾ ਦੇ ਰਹੀ ਸੀ। ਹਜ਼ਾਰਾਂ ਮੀਲ ਦੇ ਫ਼ਾਸਲੇ ਤੈਅ ਕਰਕੇ ਇਹ ਨੌਜਵਾਨ ਸਿਰਫ਼ ਕਨ੍ਹੱਈਆ ਕੁਮਾਰ ਦੇ ਚੋਣ ਪ੍ਰਚਾਰ ਲਈ ਦੋ ਦਿਨ ਪਹਿਲਾਂ ਪੁੱਜਾ। ਬੇਗੂਸਰਾਏ 'ਚ ਉਸ ਦਾ ਕੋਈ ਆਪਣਾ ਨਹੀਂ। ਇੱਥੋਂ ਤੱਕ ਕਿ ਉਹ ਨਿੱਜੀ ਤੌਰ 'ਤੇ ਕਨ੍ਹੱਈਆ ਕੁਮਾਰ ਨੂੰ ਜਾਣਦਾ ਵੀ ਨਹੀਂ। ਇਸ ਸਿੱਖ ਨੌਜਵਾਨ ਨੂੰ ਦੇਖ ਕੇ ਬੇਗੂਸਰਾਏ ਦੇ ਲੋਕ ਉਤਸ਼ਾਹ ਵਿਚ ਹਨ। ਅੱਜ ਕਨ੍ਹੱਈਆ ਕੁਮਾਰ ਦੇ ਹਰ ਚੋਣ ਜਲਸੇ ਵਿਚ ਇਹ ਸਿੱਖ ਨੌਜਵਾਨ ਅੱਗੇ ਰਿਹਾ। ਕਨ੍ਹੱਈਆ ਕੁਮਾਰ ਦੇ ਪ੍ਰਚਾਰ 'ਚ ਸਿੱਖ ਨੌਜਵਾਨ ਦਾ ਪੁੱਜਣਾ ਇਸ਼ਾਰਾ ਕਰਦਾ ਹੈ ਕਿ ਮੁਲਕ ਦੇ ਵਿਹੜੇ ਵਿਚ ਸੁੱਖ ਨਹੀਂ। ਉਹ ਆਖਦਾ ਹੈ ਕਿ ਜਦੋਂ ਜੇਐਨਯੂ ਵਿਚਲਾ ਵਿਵਾਦ ਛਿੜਿਆ ਤਾਂ ਉਦੋਂ ਤੋਂ ਉਹ ਕਨ੍ਹੱਈਆ ਕੁਮਾਰ ਨੂੰ ਦੇਖ ਤੇ ਸੁਣ ਰਿਹਾ ਹੈ। ਸਿੱਖ ਨੌਜਵਾਨ ਤਰਕ ਦਿੰਦਾ ਹੈ ਕਿ 'ਮੇਰਾ ਧਰਮ ਵੀ ਬੇਇਨਸਾਫ਼ੀ ਖ਼ਿਲਾਫ਼ ਲੜਨਾ ਸਿਖਾਉਂਦਾ ਹੈ ਅਤੇ ਕਮਜ਼ੋਰ ਦੀ ਮਦਦ ਲਈ ਪ੍ਰੇਰਦਾ ਹੈ।' ਕਨ੍ਹੱਈਆ ਕੁਮਾਰ ਇਸੇ ਸੋਚ 'ਤੇ ਪਹਿਰਾ ਦੇ ਰਿਹਾ ਹੈ। ਬੇਗੂਸਰਾਏ ਦੇ ਪਿੰਡ ਬਾਘਾ ਵਿਚ ਇਹ ਨੌਜਵਾਨ ਵੋਟਰਾਂ ਦੇ ਘਰਾਂ ਤੱਕ ਪੁੱਜਿਆ।
           ਜ਼ਿਲ੍ਹਾ ਮੋਗਾ ਦੇ ਪਿੰਡ ਮਹੇਸ਼ਰੀ ਦੀ ਨੌਜਵਾਨ ਕੁੜੀ ਕਰਮਵੀਰ ਕੌਰ ਲਈ ਨਵ-ਵਿਆਹੁਤਾ ਜੀਵਨ ਨਾਲੋਂ ਬੇਗੂਸਰਾਏ ਦੀ ਚੋਣ ਕਿਤੇ ਵੱਧ ਅਹਿਮ ਹੈ। ਲਾਲ ਚੂੜਾ ਪਾਈ ਇਹ ਮੁਟਿਆਰ ਸ਼ਹਿਰ ਦੀਆਂ ਬਸਤੀਆਂ ਵਿਚ ਔਰਤਾਂ ਨੂੰ ਕਨ੍ਹੱਈਆ ਕੁਮਾਰ ਦੀ ਸੋਚ ਤੇ ਪਹੁੰਚ ਬਾਰੇ ਸਮਝਾ ਰਹੀ ਹੈ। ਅੱਜ ਦੇਰ ਸ਼ਾਮ ਇਹ ਲੜਕੀ ਹਲਕੇ ਦੇ ਪਿੰਡ ਲੱਖੀ ਵਿਚ ਕਨ੍ਹੱਈਆ ਕੁਮਾਰ ਦੇ ਚੋਣ ਜਲਸੇ ਦੀ ਤਿਆਰੀ ਕਰ ਰਹੀ ਸੀ। ਜਦੋਂ ਇਸ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਨੂੰ ਦਿਲੀ ਇੱਛਾ ਦੱਸੀ ਤਾਂ ਉਨ੍ਹਾਂ ਉਸ ਨੂੰ ਬੇਗੂਸਰਾਏ ਭੇਜ ਦਿੱਤਾ। ਕਰਮਵੀਰ ਕੌਰ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਫਿਲ (ਇਤਿਹਾਸ) ਕੀਤੀ ਹੈ। ਮੁਕਤਸਰ ਦੇ ਮਲੋਟ ਸ਼ਹਿਰ ਤੋਂ ਸੁਦੇਸ਼ ਕੁਮਾਰੀ ਇਕੱਲੀ ਨਹੀਂ ਆਈ, ਬਲਕਿ ਉਹ ਕਨ੍ਹੱਈਆ ਕੁਮਾਰ ਕੋਲ ਫੰਡ ਵੀ ਲੈ ਕੇ ਪੁੱਜੀ ਹੈ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਸ ਨੇ ਵੇਚੀ ਜ਼ਮੀਨ 'ਚੋਂ ਕੁਝ ਰਕਮ ਸਿਰਫ਼ ਕਨ੍ਹੱਈਆ ਕੁਮਾਰ ਦੀ ਚੋਣ ਲਈ ਬਚਾ ਕੇ ਰੱਖੀ ਸੀ। ਉਹ ਆਖਦੀ ਹੈ ਕਿ ਦੇਸ਼ ਨੂੰ ਮੌਜੂਦਾ ਦੌਰ 'ਚ ਕਨ੍ਹੱਈਆ ਕੁਮਾਰ ਵਰਗੇ ਨੌਜਵਾਨਾਂ ਦੀ ਲੋੜ ਹੈ। ਉਸ ਦੇ ਪੋਤਰੇ ਨੇ ਉਸ ਨੂੰ ਯੂ ਟਿਊਬ 'ਤੇ ਕਨ੍ਹੱਈਆ ਕੁਮਾਰ ਦੀਆਂ ਵੀਡੀਓਜ਼ ਦਿਖਾਈਆਂ ਸਨ, ਉਦੋਂ ਤੋਂ ਉਹ ਘਨ੍ਹੱਈਆ ਕੁਮਾਰ ਦੀ ਪ੍ਰਸ਼ੰਸਕ ਬਣ ਗਈ। ਸੁਦੇਸ਼ ਕੁਮਾਰੀ ਵੀ ਬੇਗੂਸਰਾਏ ਹਲਕੇ ਵਿਚ ਕਨ੍ਹੱਈਆ ਕੁਮਾਰ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੀ ਹੈ।
           ਇਸੇ ਤਰ੍ਹਾਂ ਹੋਰ ਕਾਫ਼ੀ ਨੌਜਵਾਨ ਬਿਨਾਂ ਕਿਸੇ ਸਿਆਸੀ ਬੰਧਨਾਂ ਤੋਂ ਬੇਗੂਸਰਾਏ ਦੀ ਜੂਹ ਵਿਚ ਪੁੱਜੇ ਹੋਏ ਹਨ। ਪੰਜਾਬ ਤੇ ਚੰਡੀਗੜ੍ਹ 'ਚੋਂ ਬਹੁਤੇ ਲੋਕ ਬੇਗੂਸਰਾਏ ਵਿਚ ਵਿਸ਼ੇਸ਼ ਤੌਰ 'ਤੇ ਕਨ੍ਹੱਈਆ ਕੁਮਾਰ ਨੂੰ ਫੰਡ ਦੇਣ ਵੀ ਪੁੱਜੇ। ਚੰਡੀਗੜ੍ਹ ਤੋਂ ਕੁਝ ਔਰਤਾਂ ਦੀ ਟੀਮ ਵੀ ਕਰੀਬ ਹਫ਼ਤਾ ਬੇਗੂਸਰਾਏ ਚੋਣ ਪ੍ਰਚਾਰ ਕਰਕੇ ਆਈ ਹੈ। ਮਹਾਰਾਸ਼ਟਰ 'ਚੋਂ ਆਈਆਂ ਦੋ ਨੌਜਵਾਨ ਕੁੜੀਆਂ ਵੀ ਕਨ੍ਹੱਈਆ ਕੁਮਾਰ ਲਈ ਵੋਟ ਮੰਗ ਰਹੀਆਂ ਹਨ। ਲੋਕ ਸਭਾ ਚੋਣਾਂ ਦੇ ਪਿੜ ਵਿਚ ਬੇਗੂਸਰਾਏ ਮਹੱਤਵਪੂਰਨ ਹਲਕਾ ਹੈ, ਜਿਥੋਂ ਸੀਪੀਆਈ ਨੇ ਕਨ੍ਹੱਈਆ ਕੁਮਾਰ ਨੂੰ ਮੈਦਾਨ ਵਿਚ ਉਤਾਰਿਆ ਹੈ। ਬੇਗੂਸਰਾਏ ਕਮਿਊਨਿਸਟਾਂ ਦਾ ਗੜ੍ਹ ਰਿਹਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦਾ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਦੇਸ਼ ਵਿਰੋਧੀ ਨਾਅਰੇ ਲਗਾਏ ਜਾਣ ਦੇ ਇਲਜ਼ਾਮਾਂ ਕਰਕੇ ਛਿੜੇ ਵਿਵਾਦ ਮਗਰੋਂ ਕੌਮੀ ਪੱਧਰ 'ਤੇ ਚਰਚਾ ਵਿਚ ਆਇਆ ਤੇ ਇਸ ਵਿਵਾਦ ਨੇ ਉਸ ਨੂੰ ਮੁੱਖ ਧਾਰਾ ਦੀ ਸਿਆਸਤ ਵਿਚ ਕੁੱਦਣ ਦੇ ਰਾਹ ਖੋਲ੍ਹ ਦਿੱਤੇ।

1 comment:

  1. ਮਹੇਸਰੀ ਪਿੰਡ ਦੀ ਬਹੁਤ ਵਡੀ ਦੇਣ ਹੈ ਇਨਕ਼ਲਾਬ ਨੂ.
    ਇਨਾ ਨੌਜਵਾਨਾ ਕਰਕੇ hope ਹੈ ਲੋਕਾ ਨੂ ਇੰਡੀਆ ਵਿਚ

    ReplyDelete