Friday, July 31, 2020

                                        ਖੇਤੀ ਆਰਡੀਨੈਂਸ
                    ਪੰਜਾਬ ਲਈ ਬਿਹਾਰ 'ਮਾਡਲ' ਖ਼ਤਰੇ ਦੀ ਘੰਟੀ
                                        ਚਰਨਜੀਤ ਭੁੱਲਰ
ਚੰਡੀਗੜ੍ਹ : ਕੇਂਦਰੀ ਖੇਤੀ ਆਰਡੀਨੈਂਸ ਪੰਜਾਬ ਦੀ ਖੇਤੀ ਮੰਡੀ ਨੂੰ ਬਿਹਾਰ ਵਾਂਗ ਝੰਬ ਦੇਣਗੇ। 'ਖੇਤੀ ਮੰਡੀ ਸੁਧਾਰਾਂ' ਨੇ ਜਿਵੇਂ ਬਿਹਾਰ ਦੇ ਖੇਤੀ ਅਰਥਚਾਰੇ ਨੂੰ ਲੀਹੋਂ ਲਾਹਿਆ ਹੈ, ਉਵੇਂ ਹੀ ਤਿੰਨੋਂ ਖੇਤੀ ਆਰਡੀਨੈਂਸ ਪੰਜਾਬ ਦੀ ਸਮੁੱਚੀ ਅਰਥ ਵਿਵਸਥਾ ਨੂੰ ਮਧੋਲ ਸਕਦੇ ਹਨ। ਮੰਡੀ ਪ੍ਰਬੰਧਾਂ ਦੇ ਖ਼ਾਤਮੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਿਹਾਰ ਵਾਂਗ ਡੂੰਘੀ ਸੱਟ ਵੱਜ ਸਕਦੀ ਹੈ। ਉੱਪਰੋਂ ਮਾਲੀਏ ਦੀ ਕਮੀ ਨੇ ਸਰਕਾਰੀ ਖ਼ਜ਼ਾਨੇ ਦਾ ਦਮ ਘੁੱਟ ਦੇਣਾ ਹੈ। ਪੰਜਾਬ ਮੰਡੀ ਬੋਰਡ ਵਲੋਂ ਬਿਹਾਰ ਵਿਚ 'ਖੇਤੀ ਬਾਜ਼ਾਰ ਸੁਧਾਰ' ਦੇ ਨਾਮ ਹੇਠ ਮੰਡੀ ਪ੍ਰਬੰਧ ਤੋੜੇ ਜਾਣ ਦੇ ਪ੍ਰਭਾਵ ਦੇਖਣ ਲਈ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਅਧਿਐਨ ਕਰਵਾਇਆ ਗਿਆ ਹੈ। ਪੀਏਯੂ ਦੇ ਪ੍ਰਮੁੱਖ ਅਰਥਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਇਹ ਰਿਪੋਰਟ ਪੰਜਾਬ ਮੰਡੀ ਬੋਰਡ ਨੂੰ ਦੇ ਦਿੱਤੀ ਹੈ, ਜਿਸ ਵਿਚ ਮੰਡੀ ਪ੍ਰਬੰਧ ਤੋੜੇ ਜਾਣ ਮਗਰੋਂ ਬਿਹਾਰ ਦੀ ਹਾਲਤ ਬਿਆਨੀ ਗਈ ਹੈ। 'ਖੇਤੀ ਬਾਜ਼ਾਰ ਸੁਧਾਰ: ਭਾਰਤੀ ਖੇਤੀ ਲਈ ਭਵਿੱਖ ਦੀ ਚਿੰਤਾ' ਨਾਂ ਦੇ ਇਸ ਅਧਿਐਨ 'ਚ ਇਹ ਤੱਥ ਉੱਭਰੇ ਹਨ ਕਿ ਜਦੋਂ ਬਿਹਾਰ ਸਰਕਾਰ ਨੇ ਸਾਲ 2006 ਵਿਚ 'ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ' ਭੰਗ ਕਰ ਦਿੱਤਾ, ਉਦੋਂ ਕਿਸਾਨੀ ਦੇ ਬੁਰੇ ਦਿਨ ਸ਼ੁਰੂਆਤ ਹੋ ਗਏ। ਐਕਟ ਤੋੜਨ ਸਮੇਂ ਪ੍ਰਾਈਵੇਟ ਨਿਵੇਸ਼ ਦਾ ਪ੍ਰਚਾਰ ਕੀਤਾ ਗਿਆ ਸੀ।
          ਐੱਨਸੀਏਈਆਰ-2019 ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਬਿਹਾਰ ਵਿਚ ਪ੍ਰਾਈਵੇਟ ਕੰਪਨੀਆਂ ਨੇ ਮੰਡੀਆਂ ਵਿਚ ਨਵਾਂ ਨਿਵੇਸ਼ ਤਾਂ ਕੀ ਕਰਨਾ ਸੀ, ਸਗੋਂ ਛੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਮੰਡੀਆਂ ਦਾ ਕੋਈ ਨਵਾਂ ਢਾਂਚਾ ਖੜ੍ਹਾ ਹੀ ਨਹੀਂ ਹੋ ਸਕਿਆ। ਰਿਪੋਰਟ ਅਨੁਸਾਰ ਬਿਹਾਰ ਵਿਚ 2006 ਵਿਚ ਸਰਕਾਰੀ ਮੰਡੀ ਪ੍ਰਬੰਧਾਂ ਨੂੰ ਤੋੜ ਦਿੱਤਾ ਗਿਆ। ਬਦਲ ਵਜੋਂ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਵੱਲੋਂ ਜਿਣਸਾਂ ਦੀ ਖ਼ਰੀਦ ਕੀਤੀ ਜਾਣੀ ਸੀ ਪ੍ਰੰਤੂ ਇਨ੍ਹਾਂ ਸਭਾਵਾਂ ਨੇ ਕੋਈ ਖ਼ਰੀਦ ਨਹੀਂ ਕੀਤੀ। ਬਿਹਾਰ 'ਚ 2015-16 ਵਿਚ ਮੰਡੀਆਂ ਦੀ ਗਿਣਤੀ 9035 ਸੀ, ਜੋ ਸਾਲ 2019-20 ਵਿਚ ਘੱਟ ਕੇ 1619 ਰਹਿ ਗਈ। ਐਕਟ ਤੋੜਨ ਤੋਂ ਪਹਿਲਾਂ ਬਿਹਾਰ ਦੇ ਕਿਸਾਨਾਂ ਦੀ ਕੌਮੀ ਔਸਤ ਦੇ ਮੁਕਾਬਲੇ ਆਮਦਨ 85 ਫ਼ੀਸਦੀ ਸੀ, ਜੋ ਮਗਰੋਂ ਘੱਟ ਕੇ 57 ਫ਼ੀਸਦੀ 'ਤੇ ਆ ਗਈ। ਸਰਕਾਰੀ ਮੰਡੀ ਪ੍ਰਬੰਧਾਂ ਦੇ ਖ਼ਾਤਮੇ ਮਗਰੋਂ ਬਿਹਾਰ ਵਿਚ 10 ਹੈਕਟੇਅਰ ਤੋਂ ਵੱਧ ਜ਼ਮੀਨਾਂ ਦੇ ਮਾਲਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ, ਜੋ ਪਹਿਲਾਂ ਜ਼ੀਰੋ ਸੀ। 'ਖੇਤੀ ਤੇ ਅਲਾਇਡ' ਦੀ ਬਿਹਾਰ ਵਿਚ ਵਿਕਾਸ ਦਰ ਪਹਿਲਾਂ 1.98 ਫ਼ੀਸਦੀ ਸੀ, ਜੋ ਮਗਰੋਂ ਘੱਟ ਕੇ 1.28 ਹੀ ਰਹਿ ਗਈ। ਫ਼ਸਲਾਂ ਦਾ ਭਾਅ ਵੀ ਪਹਿਲਾਂ ਨਾਲੋਂ ਘੱਟ ਮਿਲਣ ਲੱਗਿਆ। 
          ਐਕਟ ਤੋੜਨ ਮਗਰੋਂ ਇੱਕ ਵਾਰ ਤਾਂ ਹੁਲਾਰਾ ਮਿਲਿਆ ਪ੍ਰੰਤੂ ਛੇਤੀ ਹੀ ਜਿਣਸਾਂ ਦੇ ਭਾਅ ਡਿੱਗਣੇ ਸ਼ੁਰੂ ਹੋ ਗਏ। ਰਿਪੋਰਟ ਅਨੁਸਾਰ ਕਣਕ ਦਾ ਸਾਲ 2004-05 ਵਿਚ ਸਰਕਾਰੀ ਭਾਅ 640 ਰੁਪਏ ਸੀ ਪ੍ਰੰਤੂ ਬਿਹਾਰ ਵਿਚ ਕਿਸਾਨਾਂ ਦੀ ਜਿਣਸ 55 ਰੁਪਏ ਘੱਟ ਕੇ 585 ਰੁਪਏ ਵਿਚ ਵਿਕੀ ਸੀ। ਸਾਲ 2016-17 ਵਿਚ ਜਦੋਂ ਕਣਕ ਦਾ ਸਰਕਾਰੀ ਭਾਅ 1625 ਰੁਪਏ ਸੀ ਤਾਂ ਉਦੋਂ ਬਿਹਾਰ 'ਚ ਜਿਣਸ 326 ਰੁਪਏ ਘੱਟ ਕੇ 1299 ਰੁਪਏ ਵਿਕੀ। ਮਤਲਬ ਕਿ ਸਰਕਾਰੀ ਭਾਅ ਨਾਲੋਂ ਕਿਸਾਨਾਂ ਨੂੰ ਜਿਣਸ ਦਾ ਭਾਅ ਪਹਿਲਾਂ ਨਾਲੋਂ ਜ਼ਿਆਦਾ ਘੱਟ ਮਿਲਣ ਲੱਗਾ। ਇਸੇ ਤਰ੍ਹਾਂ ਝੋਨੇ ਦਾ ਸਾਲ 2004-05 ਵਿਚ ਸਰਕਾਰੀ ਭਾਅ 550 ਰੁਪਏ ਸੀ ਤਾਂ ਉਦੋਂ ਬਿਹਾਰ ਵਿਚ ਕਿਸਾਨਾਂ ਨੂੰ 117 ਰੁਪਏ ਘੱਟ ਕੇ 433 ਰੁਪਏ ਪ੍ਰਤੀ ਕੁਇੰਟਲ ਮਿਲਿਆ। ਮੰਡੀ ਪ੍ਰਬੰਧ ਤੋੜੇ ਜਾਣ ਮਗਰੋਂ ਸਾਲ 2016-17 ਵਿਚ ਸਰਕਾਰੀ ਭਾਅ 1410 ਰੁਪਏ ਸੀ ਪ੍ਰੰਤੂ ਬਿਹਾਰ ਦੇ ਕਿਸਾਨਾਂ ਨੂੰ 297 ਰੁਪਏ ਘਟ ਕੇ 1113 ਰੁਪਏ ਮਿਲਿਆ। ਮੱਕੀ ਦਾ ਭਾਅ ਬਿਹਾਰ ਵਿਚ 2016-17 ਵਿਚ ਸਰਕਾਰੀ ਭਾਅ ਤੋਂ 225 ਰੁਪਏ ਹੇਠਾਂ ਡਿੱਗ ਗਿਆ।
           ਬਿਹਾਰ ਵਿਚ ਮੁੱਖ ਫ਼ਸਲਾਂ ਦੇ ਹੇਠਲੇ ਰਕਬੇ ਵਿਚ ਵੀ ਕਟੌਤੀ ਹੋਈ ਹੈ। ਸਾਲ 2001-02 ਵਿਚ ਝੋਨੇ ਹੇਠ ਰਕਬਾ 3.55 ਮਿਲੀਅਨ ਹੈਕਟੇਅਰ ਸੀ, ਜੋ ਸਾਲ 2016-17 ਵਿਚ ਘੱਟ ਕੇ 3.34 ਮਿਲੀਅਨ ਹੈਕਟੇਅਰ ਰਹਿ ਗਿਆ। ਬਿਹਾਰ ਵਿਚ ਕਣਕ ਹੇਠ ਸਾਲ 2001-02 ਵਿਚ 2.13 ਮਿਲੀਅਨ ਹੈਕਟੇਅਰ ਰਕਬਾ ਸੀ, ਜੋ ਸਾਲ 2016-17 ਵਿਚ ਘਟ ਕੇ 2.11 ਲੱਖ ਹੈਕਟੇਅਰ ਰਹਿ ਗਿਆ। ਪੰਜਾਬ ਸਰਕਾਰ ਪਹਿਲਾਂ ਹੀ ਆਖ ਰਹੀ ਹੈ ਕਿ ਮੰਡੀ ਬੋਰਡ ਦੀ ਸਾਲਾਨਾ ਕਮਾਈ ਨੂੰ ਵੱਡੀ ਸੱਟ ਵੱਜੇਗੀ ਅਤੇ ਕਿਸਾਨ ਪੂਰੀ ਤਰ੍ਹਾਂ ਵਪਾਰੀ ਦੇ ਰਹਿਮੋ ਕਰਮ 'ਤੇ ਹੋਵੇਗਾ। ਦੂਜੇ ਪਾਸੇ, ਕੇਂਦਰ ਦਾ ਤਰਕ ਹੈ ਕਿ ਕਿਸਾਨਾਂ ਨੂੰ ਜਿਣਸਾਂ ਦਾ ਮੁਕਾਬਲੇ ਵਿਚ ਵਧੇਰੇ ਭਾਅ ਮਿਲੇਗਾ। ਭਾਵੇਂ ਫ਼ੈਸਲਾ ਭਵਿੱਖ ਦੇ ਹੱਥ ਹੈ ਪ੍ਰੰਤੂ ਬਿਹਾਰ ਦੇ ਨਤੀਜੇ ਪੰਜਾਬ ਨੂੰ ਖ਼ਬਰਦਾਰ ਕਰਨ ਵਾਲੇ ਹਨ

Thursday, July 30, 2020

                      ਮਾਵਾਂ ਵੀ ਬਣ ਗਈਆਂ
    ਮੁੱਖ ਮੰਤਰੀ ਕਦੋਂ ਦੇਣਗੇ ‘ਆਸ਼ੀਰਵਾਦ’
                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਤੋਂ ਪਿੰਡ ਢੋਲਣਵਾਲ ਦੀ ਬਲਜੀਤ ਕੌਰ ਨੂੰ ਸਰਕਾਰੀ ‘ਆਸ਼ੀਰਵਾਦ’ ਨਹੀਂ ਮਿਲਿਆ ਜਦੋਂ ਕਿ ਉਹ ਮਾਂ ਵੀ ਬਣ ਚੁੱਕੀ ਹੈ। ਲੁਧਿਆਣਾ ਦੇ ਇਸ ਪਿੰਡ ਦੀ ਬਲਜੀਤ ਕੌਰ ਦੀ ਬੱਚੀ ਵੀ ਚਾਰ ਮਹੀਨੇ ਦੀ ਹੋ ਗਈ ਹੈ। ਪਰਿਵਾਰ ਨੂੰ ਸਰਕਾਰੀ ਆਸ਼ੀਰਵਾਦ ਦੀ 21 ਹਜ਼ਾਰ ਰੁਪਏ ਦੀ ਰਾਸ਼ੀ ਦੀ ਉਡੀਕ ਬਣੀ ਹੋਈ ਹੈ। ਵਿਧਵਾ ਮਾਂ ਕਸ਼ਮੀਰ ਕੌਰ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਬਲਜੀਤ ਕੌਰ ਦਾ ਵਿਆਹ 12 ਮਈ 2019 ਨੂੰ ਕੀਤਾ ਸੀ। ਕਸ਼ਮੀਰ ਕੌਰ ਆਖਦੀ ਹੈ ਕਿ ਸਰਕਾਰੀ ਸ਼ਗਨ ਦੀ ਝਾਕ ਵਿਚ ਕਰਜ਼ ਚੁੱਕ ਲਿਆ। ਸਰਕਾਰੀ ਰਾਸ਼ੀ ਮਿਲੀ ਨਹੀਂ, ਕਰਜ਼ੇ ਦਾ ਵਿਆਜ ਪੈ ਰਿਹਾ ਹੈ। ਉਹ ਆਪਣੇ ਲੜਕੇ ਦੇ ਨਸ਼ਿਆਂ ਦੇ ਰਾਹ ਪੈਣ ਦਾ ਰੌਣਾ ਵੀ ਰੋ ਰਹੀ ਸੀ। ਲੁਧਿਆਣਾ ਦੇ ਦੀਪ ਨਗਰ ਦੇ ਮਜ਼ਦੂਰ ਨਿਰਮਲ ਕੁਮਾਰ ਨਾਲ ਜੱਗੋਂ ਤੇਰ੍ਹਵੀਂ ਹੋਈ ਹੈ। ਕਰੋਨਾ ਕਰਕੇ ਉਸ ਨੂੰ ਮਜ਼ਦੂਰੀ ਨਹੀਂ ਮਿਲ ਰਹੀ। ਉਸ ਨੇ ਆਪਣੀ ਬੇਟੀ ਰੁਬੀਨਾ ਦਾ ਵਿਆਹ ਕਰਜ਼ ਚੁੱਕ ਕੇ ਕੀਤਾ। ਨਿਰਮਲ ਕੁਮਾਰ ਦੱਸਦਾ ਹੈ ਕਿ 27 ਅਪਰੈਲ 2019 ਨੂੰ ਸ਼ਾਦੀ ਕੀਤੀ ਸੀ ਤੇ ਸਰਕਾਰ ਨੇ ਅੱਜ ਤੱਕ ਆਸ਼ੀਰਵਾਦ ਸਕੀਮ ਦੀ ਰਾਸ਼ੀ ਨਹੀਂ ਦਿੱਤੀ।ਨਿਰਮਲ ਕੁਮਾਰ ਆਖਦਾ ਹੈ ਕਿ ਉਸ ਦਾ ਮਜ਼ਦੂਰ ਬਾਪ ਵੀ ਹੁਣ ਬਿਮਾਰ ਪੈ ਗਿਆ ਹੈ। ਦਫ਼ਤਰਾਂ ਦੇ ਗੇੜੇ ਮਾਰ ਕੇ ਵੀ ਥੱਕ ਚੁੱਕਾ ਹਾਂ। ਜ਼ਿਲ੍ਹਾ ਭਲਾਈ ਅਫਸਰ ਲੁਧਿਆਣਾ ਰਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੇਸ ਪ੍ਰਵਾਨਗੀ ਲਈ ਭੇਜੇ ਹੋਏ ਹਨ ਅਤੇ ਜੂਨ 2019 ਤੋਂ ਪੈਸਾ ਨਹੀਂ ਆਇਆ ਹੈ।
               ਜਾਣਕਾਰੀ ਅਨੁਸਾਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੁਹਾੜਕਾ ਦਾ ਕਾਮਾ ਗੁਲਜ਼ਾਰ ਸਿੰਘ ਵੀ ਇਸ ਗੱਲੋਂ ਪ੍ਰੇਸ਼ਾਨ ਹੈ। ਇਸ ਮਜ਼ਦੂਰ ਦੀ ਬੇਟੀ ਕੋਮਲਪ੍ਰੀਤ ਕੌਰ ਕੋਲ ਤਿੰਨ ਮਹੀਨੇ ਦੀ ਬੱਚੀ ਹੈ ਜਿਸ ਨੂੰ ਸਰਕਾਰੀ ਸ਼ਗਨ ਹਾਲੇ ਤੱਕ ਨਹੀਂ ਮਿਲਿਆ।ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਸ ਨੇ ਤਾਂ ਸਰਕਾਰੀ ਰਾਸ਼ੀ ਦੀ ਝਾਕ ਵਿਚ ਬੇਟੀ ਨੂੰ ਦਾਜ ਵਗੈਰਾ ਦਾ ਸਮਾਨ ਵੀ ਨਹੀਂ ਦਿੱਤਾ ਹੈ। ਇਸੇ ਤਰ੍ਹਾਂ ਤਰਨਤਾਰਨ ਦੇ ਪਿੰਡ ਬਾਗੜੀਆ ਦਾ ਰਿਕਸ਼ਾ ਚਾਲਕ ਹਰਬੰਸ ਸਿੰਘ ਦੀ ਬੇਟੀ ਪ੍ਰਵੀਨ ਕੌਰ ਦੀ ਸ਼ਾਦੀ ਨੂੰ 13 ਮਹੀਨੇ ਬੀਤ ਚੱਲੇ ਹਨ ਲੇਕਿਨ ਉਸ ਨੂੰ ਸਰਕਾਰੀ ‘ਆਸ਼ੀਰਵਾਦ’ ਨਹੀਂ ਮਿਲਿਆ। ਜ਼ਿਲ੍ਹਾ ਭਲਾਈ ਅਫਸਰ ਤਰਨਤਾਰਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਰੀਬ 1300 ਕੇਸ ਹਾਲੇ ਬਕਾਇਆ ਪਏ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਨੈਣੇਵਾਲ ਦੀ ਰਜਿੰਦਰ ਕੌਰ ਦਾ ਵਿਆਹ 2 ਜੂਨ 2019 ਨੂੰ ਹੋਇਆ ਸੀ ਪ੍ਰੰਤੂ ਉਸ ਨੂੰ ਸਰਕਾਰੀ ਸ਼ਗਨ ਨਹੀਂ ਮਿਲਿਆ। ਭਰਾ ਤਰਸਪਾਲ ਸਿੰਘ ਨੇ ਦੱਸਿਆ ਕਿ ਵਿਆਹ ਵਾਸਤੇ 70 ਹਜ਼ਾਰ ਰੁਪਏ ਕਰਜ਼ਾ ਚੁੱਕਿਆ ਸੀ ਜਿਸ ਦਾ ਹੁਣ ਵਿਆਹ ਪੈ ਗਿਆ ਹੈ। ਉਸ ਦੀ ਮਾਂ ਲਖਵੀਰ ਕੌਰ ਕੈਂਸਰ ਦੀ ਮਰੀਜ਼ ਹੈ ਅਤੇ ਕਿਧਰੋਂ ਵੀ ਇਸ ਪਰਿਵਾਰ ਨੂੰ ਢਾਰਸ ਨਹੀਂ ਮਿਲ ਰਹੀ ਹੈ।
               ਪੰਜਾਬ ਖੇਤ ਮਜ਼ਦੂਰ ਯੂਨੀਅਨ ਮੁਕਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਸੈਂਕੜੇ ਕੇਸ ਬਕਾਇਆ ਖੜ੍ਹੇ ਹਨ ਜਿਨ੍ਹਾਂ ਬਾਰੇ ਉਹ ਭਲਕੇ ਜ਼ਿਲ੍ਹਾ ਭਲਾਈ ਅਫਸਰ ਨੂੰ ਮਿਲ ਰਹੇ ਹਨ। ਪਿੰਡ ਖੁੰਡੇ ਹਲਾਲ ਦੀ ਰਮਨਦੀਪ ਕੌਰ ਦੇ ਘਰ ਇੱਕ ਦੋ ਹਫਤੇ ਵਿਚ ਖ਼ੁਸ਼ਖ਼ਬਰੀ ਆਉਣ ਵਾਲੀ ਹੈ ਪ੍ਰੰਤੂ ਇਸ ਧੀ ਨੂੰ ਸਰਕਾਰੀ ਸ਼ਗਨ ਨਹੀਂ ਮਿਲਿਆ।ਜ਼ਿਲ੍ਹਾ ਮਾਨਸਾ ਦੇ 2019-20 ਦੇ ਕਰੀਬ 2033 ਕੇਸ ਪੈਂਡਿੰਗ ਪਏ ਹਨ ਜਿਨ੍ਹਾਂ ਵਾਸਤੇ 4.26 ਕਰੋੜ ਦੀ ਲੋੜ ਹੈ। ਇਸੇ ਤਰ੍ਹਾਂ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਕਰੀਬ 372 ਕੇਸ ਪੈਂਡਿੰਗ ਪਏ ਹਨ ਜਿਨ੍ਹਾਂ ਨੂੰ ਸਰਕਾਰੀ ਆਸ਼ੀਰਵਾਦ ਨਹੀਂ ਮਿਲਿਆ ਹੈ। ਜ਼ਿਲ੍ਹਾ ਮੁਕਤਸਰ ਵਿਚ ਕਰੀਬ 1300 ਕੇਸ ਬਕਾਇਆ ਪਏ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਕਰੀਬ 20 ਹਜ਼ਾਰ ਲਾਭਪਾਤਰੀਆਂ ਨੂੰ ਸਰਕਾਰੀ ਸਕੀਮ ਦੀ ਰਾਸ਼ੀ ਹਾਲੇ ਤੱਕ ਨਹੀਂ ਮਿਲੀ ਹੈ। ਕਰੀਬ 700 ਪਰਿਵਾਰਾਂ ਵਿਚ ਤਾਂ ਲੜਕੀਆਂ ਦੀ ਗੋਦ ਬੱਚੇ ਵੀ ਖੇਡਣ ਲੱਗ ਪਏ ਹਨ। ਮਾਰਚ ਮਹੀਨੇ ਤੋਂ ਕਰੋਨਾ ਕਰਕੇ ਇਨ੍ਹਾਂ ਦਰਖਾਸਤਾਂ ਵਿਚ ਕਮੀ ਆ ਗਈ ਹੈ।
                             ਸ਼ਗਨ ’ਚ ਤਿੰਨ ਵਾਰ ਵਾਧਾ
ਪੰਜਾਬ ਸਰਕਾਰ ਨੇ ਜੁਲਾਈ 2017 ਵਿਚ ਆਸ਼ੀਰਵਾਦ ਸਕੀਮ ਤਹਿਤ ਰਾਸ਼ੀ 15 ਹਜ਼ਾਰ ਤੋਂ ਵਧਾ ਕੇ 21 ਹਜ਼ਾਰ ਕਰ ਦਿੱਤੀ ਸੀ ਜਦੋਂ ਕਿ ਵਾਅਦਾ 51 ਹਜ਼ਾਰ ਦਾ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਇਹ ਸਕੀਮ 1 ਅਪਰੈਲ 1997 ਵਿਚ ਸ਼ੁਰੂ ਹੋਈ ਸੀ ਜਿਸ ’ਚ 5100 ਰੁਪਏ ਰਾਸ਼ੀ ਦਿੱਤੀ ਜਾਂਦੀ ਸੀ। ਜਨਵਰੀ 2004 ਵਿਚ ਇਹ ਰਾਸ਼ੀ 6100 ਰੁਪਏ ਕੀਤੀ ਗਈ ਅਤੇ 1 ਅਪਰੈਲ 2006 ਤੋਂ ਰਾਸ਼ੀ ਵਧਾ ਕੇ 15 ਹਜ਼ਾਰ ਕਰ ਦਿੱਤੀ ਗਈ ਸੀ। ਐਸ.ਐਸ ਅਤੇ ਬੀ.ਸੀ ਪਰਿਵਾਰਾਂ ਦੀਆਂ ਬੱਚੀਆਂ ਨੂੰ ਇਹ ਰਾਸ਼ੀ ਵਿਆਹ ਉਪਰੰਤ ਦਿੱਤੀ ਜਾਂਦੀ ਹੈ। 
                ਕਰੋਨਾ ਕਰਕੇ ਥੋੜੀ ਦੇਰੀ ਹੋਈ ਹੈ : ਧਰਮਸੋਤ
ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਆਖਦੇ ਹਨ ਕਿ ਮਹਿਕਮੇ ਤਰਫੋਂ ਹਰ ਤਿੰਨ ਮਹੀਨੇ ਮਗਰੋਂ ਸਰਕਾਰੀ ਰਾਸ਼ੀ ਭੇਜ ਦਿੱਤੀ ਜਾਂਦੀ ਹੈ ਪ੍ਰੰਤੂ ਹੁਣ ਕਰੋਨਾ ਕਰਕੇ ਥੋੜੀ ਦੇਰੀ ਹੋਈ ਹੈ। ਉਹ ਫਰਵਰੀ 2020 ਤੱਕ ਰਾਸ਼ੀ ਭੇਜ ਚੁੱਕੇ ਹਨ। ਕਈ ਕੇਸ ਤਕਨੀਕੀ ਅੜੱਚਨਾਂ ਕਰਕੇ ਫਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤਰਫ਼ੋਂ ਹਰ ਹੀਲੇ ਇਸ ਸਕੀਮ ਦੀ ਰਾਸ਼ੀ 51 ਹਜ਼ਾਰ ਕੀਤੀ ਜਾਵੇਗੀ।
         

Tuesday, July 28, 2020

                          ਬਠਿੰਡਾ ਥਰਮਲ
       ਪ੍ਰਧਾਨ ਮੰਤਰੀ ਨੇ ਦਿਖਾਈ ਆਸ !
                          ਚਰਨਜੀਤ ਭੁੱਲਰ
ਚੰਡੀਗੜ੍ਹ : ਪ੍ਰਧਾਨ ਮੰਤਰੀ ਨੇ ਹੁਣ ਬਠਿੰਡਾ ਥਰਮਲ ਨੂੰ ਪਰਾਲੀ ’ਤੇ ਚਲਾਏ ਜਾਣ ਬਾਰੇ ਹੁੰਗਾਰਾ ਭਰਿਆ ਹੈ। ਪੰਜਾਬ ਸਰਕਾਰ ਕੋਲ ਇਨਕਾਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਪਾਵਰਕੌਮ ਨੇ 13 ਫਰਵਰੀ 2019 ਨੂੰ ਕੇਂਦਰ ਸਰਕਾਰ ਤੋਂ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾਉਣ ਬਾਬਤ ਵਿੱਤੀ ਮੱਦਦ ਮੰਗੀ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਬਾਰੇ ਕੇਂਦਰੀ ਨਵਿਆਉਣਯੋਗ ਮੰਤਰਾਲੇ ਨੂੰ ਬਠਿੰਡਾ ਥਰਮਲ ਵਾਲੇ ਅਗਲੇਰੀ ਰਿਪੋਰਟ ਲੈਣ ਦੇ ਹੁਕਮ ਕੀਤੇ ਸਨ। ਕੇਂਦਰੀ ਨਵਿਆਉਣਯੋਗ ਮੰਤਰਾਲੇ ਨੇ ਪਾਵਰਕੌਮ ਨੂੰ 21 ਜੁਲਾਈ ਨੂੰ ਸੂਚਨਾ ਭੇਜ ਦਿੱਤੀ ਸੀ ਜਿਸ ਬਾਰੇ ਕੇਂਦਰੀ ਮੰਤਰਾਲੇ ਨੇ 24 ਜੁਲਾਈ 2020 ਨੂੰ ਵੀਡੀਓ ਕਾਨਫਰੰਸ ਜ਼ਰੀਏ ਮੀਟਿੰਗ ਕੀਤੀ ਜਿਸ ਵਿਚ ਪਾਵਰਕੌਮ ਦੇ ਉੱਚ ਅਫਸਰਾਂ ਤੋਂ ਇਲਾਵਾ ਪੰਜਾਬ ਐਨਰਜੀ ਵਿਕਾਸ ਏਜੰਸੀ ਦੇ ਨੁਮਾਇੰਦੇ ਵੀ ਬੈਠੇ। ਕੇਂਦਰੀ ਮੰਤਰਾਲੇ ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਹਵਾਲੇ ਨਾਲ ਪਾਵਰਕੌਮ ਤੋਂ ਬਠਿੰਡਾ ਥਰਮਲ ਦੀ ਮੌਜੂਦਾ ਸਥਿਤੀ ਬਾਰੇ ਪੁੱਛਗਿੱਛ ਕੀਤੀ।
     ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਠਿੰਡਾ ਥਰਮਲ ਨੂੰ ਪਰਾਲੀ ’ਤੇ ਚਲਾਏ ਜਾਣ ਬਾਰੇ ਇਸ ਦੇ ਆਰਥਿਕ, ਸਮਾਜਿਕ ਅਤੇ ਵਾਤਾਵਰਣ ਦੇ ਪੱਖਾਂ ਦਾ ਮੁਲਾਂਕਣ ਕਰਨ ਬਾਰੇ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਪਾਵਰਕੌਮ ਦੇ ਪ੍ਰਤੀਨਿਧਾਂ ਨੇ ਮੀਟਿੰਗ ਵਿਚ ਆਖਿਆ ਕਿ ਬਠਿੰਡਾ ਥਰਮਲ ਦੀ ਜ਼ਮੀਨ ਤਾਂ ਪੂਡਾ ਨੂੰ ਟਰਾਂਸਫਰ ਕੀਤੀ ਜਾ ਰਹੀ ਹੈ ਅਤੇ ਥਰਮਲ ਦੇ ਚਾਰੋਂ ਯੂਨਿਟ ਨੂੰ ਈ-ਨਿਲਾਮੀ ਰਾਹੀਂ 20 ਅਗਸਤ 2020 ਨੂੰ ਨਿਲਾਮ ਕੀਤਾ ਜਾਣਾ ਹੈ। ਕੇਂਦਰੀ ਮੰਤਰਾਲੇ ਨੇ ਇਸ ਬਾਰੇ ਲਿਖਤੀ ਰਿਪੋਰਟ ਪੰਜਾਬ ਸਰਕਾਰ ਤੋਂ ਮੰਗ ਲਈ ਹੈ। ਸੂਤਰ ਆਖਦੇ ਹਨ ਕਿ ਕੇਂਦਰ ਸਰਕਾਰ ਬਠਿੰਡਾ ਥਰਮਲ ਨੂੰ ਪਰਾਲੀ ’ਤੇ ਚਲਾਉਣ ਸਬੰਧੀ ਵਿੱਤੀ ਮਦਦ ਦੇਣ ਦੀ ਇੱਛੁਕ ਹੈ। ਪਾਵਰਕੌਮ ਤਰਫੋਂ 13 ਫਰਵਰੀ 2019 ਨੂੰ ਭੇਜੇ ਪੱਤਰ ਵਿਚ ਪ੍ਰਤੀ ਮੈਗਾਵਾਟ ਪਿਛੇ 2 ਕਰੋੜ ਦੀ ਕੇਂਦਰੀ ਮਦਦ ਮੰਗੀ ਸੀ।
              ਪੱਤਰ ਅਨੁਸਾਰ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾਏ ਜਾਣ ਵਾਸਤੇ 150 ਕਰੋੜ ਰੁਪਏ ਦੀ ਲੋੜ ਸੀ ਜਿਸ ਦੀ ਸਮਰੱਥ 60-62 ਮੈਗਾਵਾਟ ਹੋਣੀ ਸੀ।ਪਰਾਲੀ ਦਾ ਮਸਲਾ ਵੀ ਹੱਲ ਹੋਣਾ ਸੀ ਅਤੇ ਸਲਾਨਾ 4 ਲੱਖ ਮੀਟਰਿਕ ਟਨ ਪਰਾਲੀ ਦੀ ਖਪਤ ਹੋਣੀ ਸੀ। ਜਿਥੇ ਪ੍ਰਦੂਸ਼ਣ ਘਟਣਾ ਸੀ,  ਉਥੇ ਨਵਾਂ ਰੁਜ਼ਗਾਰ ਵੀ ਪੈਦਾ ਹੋਣਾ ਸੀ। ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ (ਵਾਧੂ ਚਾਰਜ) ਬਲਵੰਤ ਕੁਮਾਰ ਦਾ ਕਹਿਣਾ ਸੀ ਕਿ ਬਠਿੰਡਾ ਥਰਮਲ ਨੂੰ ਬਾਇਓਮਾਸ ਤੇ ਚਲਾਉਣ ਦੀ ਪੁਰਾਣੀ ਤਜਵੀਜ਼ ਕੇਂਦਰ ਨੂੰ ਭੇਜੀ ਹੋਈ ਸੀ ਜਿਸ ਬਾਰੇ ਉਨ੍ਹਾਂ ਮੀਟਿੰਗ ਵਿਚ ਦੱਸ ਦਿੱਤਾ ਕਿ ਥਰਮਲ ਹੁਣ ਸਰਕਾਰ ਨੂੰ ਤਬਦੀਲ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 1 ਜਨਵਰੀ 2018 ਨੂੰ ਬਠਿੰਡਾ ਥਰਮਲ ਬੰਦ ਕਰ ਦਿੱਤਾ ਸੀ ਅਤੇ ਪੰਜਾਬ ਕੈਬਨਿਟ ਨੇ ਥਰਮਲ ਦੀ ਕੁਝ ਜ਼ਮੀਨ ਪੂਡਾ ਨੂੰ ਤਬਦੀਲ ਕਰ ਦਿੱਤੀ ਹੈ।
      ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਨੇ ਥਰਮਲ ਵਾਰੇ 29 ਜੁਲਾਈ 2019 ਨੂੰ ਮੀਟਿੰਗ ਕੀਤੀ ਸੀ ਜਿਸ ਵਿਚ ਥਰਮਲ ਦੀ ਜ਼ਮੀਨ ਨੂੰ ਵਪਾਰਿਕ ਮਕਸਦ ਵਰਤਣ ਵਾਸਤੇ ਫੈਸਲਾ ਹੋਇਆ ਅਤੇ ਇੱਕ ਯੂਨਿਟ ਨੂੰ ਪਰਾਲੀ ਤੇ ਚਲਾਏ ਜਾਣ ਬਾਰੇ ਵੀ ਵਿਚਾਰ ਚਰਚਾ ਹੋਈ। ਪਾਵਰਕੌਮ ਇਸ ਤੋਂ ਪਹਿਲਾਂ ਬਠਿੰਡਾ ਥਰਮਲ ਦੀ ਜ਼ਮੀਨ ਵਿਚ 100 ਮੈਗਾਵਾਟ ਦਾ ਸੋਲਰ ਪਲਾਂਟ ਲਾਉਣ ਦੀ ਇੱਛੁਕ ਸੀ। ਪ੍ਰਮੁੱਖ ਸਕੱਤਰ (ਪਾਵਰ) ਨੇ 20 ਅਗਸਤ 2018 ਨੂੰ ਕੇਂਦਰੀ ਨਵਿਆਉਣਯੋਗ ਮੰਤਰਾਲੇ ਨੂੰ ਪੱਤਰ ਲਿਖ ਕੇ ਸੋਲਰ ਪ੍ਰੋਜੈਕਟ ਲਈ ਕੇਂਦਰੀ ਸਕੀਮ ਤਹਿਤ ਫੰਡ ਮੰਗੇ ਗਏ ਸਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਥਰਮਲ ਦੀ ਜ਼ਮੀਨ ਵਿਚ ਸਨਅਤੀ ਪਾਰਕ ਬਣਾਏ ਜਾਣ ਦੀ ਗੱਲ ਆਖ ਰਹੇ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ 27 ਸਤੰਬਰ 2018 ਨੂੰ ਹਾਊਸਿੰਗ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਥਰਮਲ ਦੀ 500 ਏਕੜ ਜ਼ਮੀਨ ਪੂਡਾ/ਬੀ.ਡੀ.ਏੇ/ਨਗਰ ਸੁਧਾਰ ਟਰੱਸਟ ਨੂੰ ਰਿਹਾਇਸ਼ੀ ਜਾਂ ਵਪਾਰਿਕ ਕੰਪਲੈਕਸ ਲਈ ਟਰਾਂਸਫਰ ਕਰਨ ਦੀ ਸਿਫਾਰਸ਼ ਕਰ ਦਿੱਤੀ ਸੀ।
                                  ਥਰਮਲ ਕਲੋਨੀ ; ਮਾਲਕ ਘਰ ਚੋਂ ਆਊਟ
ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰ ਨੇ ਮੀਟਿੰਗ ਵਿਚ ਮਤਾ ਪਾਸ ਕਰਕੇ ਪਾਵਰਕੌਮ ਦੇ ਮੁਲਾਜ਼ਮਾਂ/ਅਫਸਰਾਂ ਨੂੰ ਬਠਿੰਡਾ ਦੀ ਥਰਮਲ ਕਲੋਨੀ ਵਿਚ ਰਿਹਾਇਸ਼ ਦੇਣ ’ਤੇ ਰੋਕ ਲਾ ਦਿੱਤੀ ਹੈ। 10 ਜੁਲਾਈ ਨੂੰ ਹੋਈ ਮੀਟਿੰਗ ’ਚ ਫੈਸਲਾ ਹੋਇਆ ਹੈ ਕਿ ਪਾਵਰਕੌਮ ਮੁਲਾਜ਼ਮਾਂ/ਅਫਸਰਾਂ ਨੂੰ ਕਲੋਨੀ ’ਚ ਘਰ ਅਲਾਟਮੈਂਟ ਕਰਾਉਣ ਲਈ ਪੰਜਾਬ ਸਰਕਾਰ ਤੋਂ ਅਗਾਊ ਪ੍ਰਵਾਨਗੀ ਲੈਣੀ ਪਵੇਗੀ। ਇੰਜਨੀਅਰ ਐਸੋਸੀਏਸ਼ਨ ਨੇ ਇਨ੍ਹਾਂ ਨੂੰ ਨਾਦਰਸ਼ਾਹੀ ਹੁਕਮ ਦੱਸਿਆ ਹੈ। ਕਲੋਨੀ ’ਚ ਪੁਲੀਸ ਤੇ ਸਿਵਲ ਦੇ ਅਫਸਰਾਂ ਨੂੰ ਖੁੱਲ੍ਹ ਦਿੱਤੀ ਹੈ।
                      ਕੇਂਦਰ ਨੂੰ ਰਿਪੋਰਟ ਭੇਜੀ ਜਾਵੇਗੀ : ਡਾਇਰੈਕਟਰ
 ਪਾਵਰਕੌਮ ਦੇ ਡਾਇਰੈਕਟਰ (ਜਨਰੇਸ਼ਨ, ਵਾਧੂ ਚਾਰਜ) ਸ੍ਰੀ ਜਤਿੰਦਰ ਗੋਇਲ ਦਾ ਕਹਿਣਾ ਸੀ ਕਿ ਕੇਂਦਰੀ ਮੰਤਰਾਲੇ ਦੀ ਵਰਚੂਅਲ ਮੀਟਿੰਗ ਦੌਰਾਨ ਬਠਿੰਡਾ ਥਰਮਲ ਬਾਰੇ ਤਾਜਾ ਸਥਿਤੀ ਪੁੱਛੀ ਗਈ ਸੀ ਕਿਉਂਕਿ ਪ੍ਰਧਾਨ ਮੰਤਰੀ ਦਫ਼ਤਰ ਤਰਫ਼ੋਂ ਇਸ ਬਾਰੇ ਇੱਛਾ ਦਿਖਾਈ ਗਈ ਹੈ ਅਤੇ ਬਾਇਓਮਾਸ ਪ੍ਰੋਜੈਕਟ ਬਾਰੇ ਸੰਭਾਵਨਾ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਆਦਿ ਬਾਰੇ ਉਹ ਪੰਜਾਬ ਸਰਕਾਰ ਦੀ ਪ੍ਰਵਾਨਗੀ ਲੈ ਕੇ ਲਿਖਤੀ ਰਿਪੋਰਟ ਕੇਂਦਰ ਨੂੰ ਭੇਜਣਗੇ।

Monday, July 27, 2020

                              ਗੋਲਮਾਲ
      ਪੰਜਾਬ ’ਚ ਹੁਣ ‘ਜਿਪਸਮ ਸਕੈਂਡਲ’!
                           ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ’ਚ ਹੁਣ ਕੁਵੇਲੇ ਸਪਲਾਈ ਹੋਏ ‘ਜਿਪਸਮ ਸਕੈਂਡਲ’ ਦਾ ਧੂੰਆਂ ਉੱਠਿਆ ਹੈ ਜਿਸ ’ਤੇ ਪੰਜਾਬ ਸਰਕਾਰ ਮਿੱਟੀ ਪਾਉਣ ਲੱਗੀ ਹਨ। ਰਾਜਸਥਾਨ ਤੋਂ ਕਰੋੜਾਂ ਰੁਪਏ ਦਾ ਜਿਪਸਮ ਪੰਜਾਬ ਦੇ ਖੇਤੀ ਦਫ਼ਤਰਾਂ ’ਚ ਪੁੱਜਿਆ ਹੈ ਜਿਸ ਦੇ ਕਰੀਬ 60 ਫੀਸਦੀ ਨਮੂਨੇ ਫੇਲ੍ਹ ਹੋ ਗਏ ਹਨ। ਸਿਆਸੀ ਦਬਾਓ ਪੈਣ ਮਗਰੋਂ ਅਧਿਕਾਰੀ ਖੇਤੀ ਅਫਸਰਾਂ ’ਤੇ ਦਬਾਓ ਬਣਾ ਰਹੇ ਹਨ ਕਿ ਗੈਰ ਮਿਆਰੀ ਜਿਪਸਮ ਦੀ ਭਾਫ ਨਾ ਕੱਢੀ ਜਾਵੇ। ਜਿਪਸਮ ਝੋਨੇ ਦੀ ਲਵਾਈ ਤੋਂ ਪਹਿਲਾਂ ਜ਼ਮੀਨ ’ਚ ਪੈਂਦਾ ਹੈ। ਜਦੋਂ ਹੁਣ ਜਿਪਸਮ ਦੀ ਲੋੜ ਨਹੀਂ ਤਾਂ ਬੇਮੌਕੇ ਆਈ ਸਪਲਾਈ ਤੋਂ ਕਿਸਾਨ ਹੈਰਾਨ ਹਨ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਤਰਫ਼ੋਂ ਕਾਲੇ ਸ਼ੋਰੇ ਵਾਲੀ ਜ਼ਮੀਨ ਦੇ ਸਿਹਤ ਸੁਧਾਰ ਲਈ ਜਿਪਸਮ ਖਰੀਦ ਲਈ ਪੈਸਾ ਜਾਰੀ ਕੀਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਜ਼ਮੀਨਾਂ ਵਿਚ ਖੁਰਾਕੀ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ ਖੇਤੀ ਮਹਿਕਮੇ ਦੀ ਥਾਂ ਐਤਕੀਂ ਜਿਪਸਮ ਖਰੀਦ ਦਾ ਕੰਮ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਨੂੰ ਦਿੱਤਾ ਹੈ। ਖੇਤੀ ਮਹਿਕਮੇ ਨੇ ਮਾਰਚ ਮਹੀਨੇ ’ਚ ਪੰਜ ਕਰੋੜ ਰੁਪਏ ਪੰਜਾਬ ਐਗਰੋਂ ਨੂੰ ਤਬਦੀਲ ਕਰ ਦਿੱਤੇ ਸਨ। ਉਸ ਮਗਰੋਂ ਪੰਜਾਬ ਐਗਰੋ ਨੇ ਈ-ਟੈਂਡਰ ਜ਼ਰੀਏ ਤਿੰਨ ਫਰਮਾਂ ਨੂੰ ਟੈਂਡਰ ਅਲਾਟ ਕਰ ਦਿੱਤੇ ਜਿਨ੍ਹਾਂ ’ਚ ਸਿਰਸਾ, ਬੀਕਾਨੇਰ ਅਤੇ ਮੁਹਾਲੀ ਦੀ ਫਰਮ ਸ਼ਾਮਿਲ ਹੈ। ਪ੍ਰਤੀ ਥੈਲਾ (50 ਕਿਲੋ) ਦਾ ਰੇਟ 220 ਰੁਪਏ ਤੈਅ ਹੋਇਆ ਜਿਸ ਚੋਂ 110 ਰੁਪਏ (ਪੰਜਾਹ ਫੀਸਦੀ) ਸਬਸਿਡੀ ਕੇਂਦਰ ਨੇ ਦੇਣੀ ਹੈ।
         ਪੰਜਾਬ ਸਰਕਾਰ ਨੂੰ ਪ੍ਰਤੀ ਥੈਲਾ 184 ਰੁਪਏ ਦਾ ਪੈਣਾ ਹੈ ਜਿਸ ਵਿਚ ਜੀ.ਐਸ.ਟੀ ਅਤੇ ਪੰਜਾਬ ਐਗਰੋ ਦੇ ਖਰਚੇ ਸ਼ਾਮਿਲ ਕੀਤੇ ਜਾਣ ਮਗਰੋਂ ਇਹ ਕੀਮਤ 220 ਰੁਪਏ ਬਣਦੀ ਹੈ। ਖੇਤੀ ਮਹਿਕਮੇ ਨੇ ਪੰਜਾਬ ਭਰ ਲਈ 1.10 ਲੱਖ ਮੀਟਰਿਕ ਟਨ ਜਿਪਸਮ ਦੀ ਲੋੜ ਦੱਸੀ ਸੀ।ਜਿਆਦਾ ਸਪਲਾਈ ਬਰਨਾਲਾ, ਸੰਗਰੂਰ ਤੇ ਅੰਮ੍ਰਿਤਸਰ ਆਦਿ ’ਚ ਹੋਣੀ ਹੈ। ਮੰਗ ਅਨੁਸਾਰ 1.10 ਲੱਖ ਐਮ.ਟੀ ਦੀ ਖਰੀਦ ਲਈ 48.40 ਕਰੋੜ ਦੀ ਲੋੜ ਪੈਣੀ ਹੈ ਪ੍ਰੰਤੂ ਮੁਢਲੇ ਪੜਾਅ ’ਤੇ ਪੰਜ ਕਰੋੜ ਜਾਰੀ ਹੋਏ ਹਨ। ਅਹਿਮ ਸੂਤਰਾਂ ਅਨੁਸਾਰ ਦੋ ਤਿੰਨ ਦਿਨਾਂ ਤੋਂ ਪੰਜਾਬ ਦੇ ਖੇਤੀ ਦਫ਼ਤਰਾਂ ਵਿਚ ਜਿਪਸਮ ਦੇ ਭਰੇ ਟਰੱਕ ਪੁੱਜਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਕਰੀਬ ਤਿੰਨ ਹਜ਼ਾਰ ਮੀਟਰਿਕ ਟਨ ਜਿਪਸਮ ਦੀ ਸਪਲਾਈ ਹੋਈ ਹੈ। ਖੇਤੀ ਮਹਿਕਮੇ ਤਰਫ਼ੋਂ ਜਦੋਂ ਇਨ੍ਹਾਂ ਦੇ ਨਮੂਨੇ ਭਰ ਕੇ ਟੈਸਟ ਕਰਾਏ ਤਾਂ ਉੱਚ ਅਫਸਰਾਂ ਨੂੰ ਭਾਜੜਾਂ ਨੂੰ ਪੈ ਗਈਆਂ। ਵੇਰਵਿਆਂ ਅਨੁਸਾਰ ਵੱਖ ਵੱਖ ਜ਼ਿਲ੍ਹਿਆਂ ਚੋਂ ਜਿਪਸਮ ਦੇ 120 ਨਮੂਨੇ ਲਏ ਗਏ ਜਿਨ੍ਹਾਂ ਚੋਂ 70 ਨਮੂਨੇ ਫੇਲ੍ਹ ਹੋ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਛੇ ਚੋਂ ਛੇ ਨਮੂਨੇ ਫੇਲ੍ਹ ਹੋਏ ਹਨ ਜਦੋਂ ਕਿ ਫਿਰੋਜ਼ਪੁਰ ਦੇ ਵੀ ਦੋਵੇਂ ਨਮੂਨੇ ਫੇਲ੍ਹ ਹੋ ਗਏ ਹਨ। ਇਸੇ ਤਰ੍ਹਾਂ ਸੰਗਰੂਰ ਦੇ ਪੰਜ ਚੋਂ ਪੰਜ ਨਮੂਨੇ ਹੀ ਫੇਲ੍ਹ ਆਏ ਹਨ ਅਤੇ ਬਰਨਾਲਾ ਦੇ ਚਾਰ ਚੋਂ ਤਿੰਨ ਨਮੂਨੇ ਫੇਲ੍ਹ ਆਏ ਹਨ।
      ਜ਼ਿਲ੍ਹਾ ਮੋਗਾ ਦੇ 6 ਚੋਂ ਚਾਰ ਨਮੂਨੇ ਫੇਲ੍ਹ ਹੋ ਗਏ ਹਨ। ਜ਼ਿਲ੍ਹਾ ਖੇਤੀ ਅਫਸਰ ਮੋਗਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਟਰੱਕ ਜਿਪਸਮ ਦੇ ਆਏ ਸਨ ਜਿਨ੍ਹਾਂ ਦੇ ਨਮੂਨੇ ਫੇਲ੍ਹ ਹੋਏ ਹਨ। ਖੇਤੀ ਮਾਹਿਰਾਂ ਅਨੁਸਾਰ ਜਿਪਸਮ ਵਿਚ 70 ਫੀਸਦੀ ਕੈਲਸ਼ੀਅਮ ਸਲਫੇਟ ਹੋਣਾ ਚਾਹੀਦਾ ਹੈ ਪ੍ਰੰਤੂ ਸਪਲਾਈ ਚੋਂ ਬਹੁਤਾ ਜਿਪਸਮ ਇਸ ਮਿਆਰ ’ਤੇ ਖਰਾ ਨਹੀਂ ਉੱਤਰਿਆ। ਕਈ ਨਮੂਨਿਆਂ ਵਿਚ ਤਾਂ ਕੈਲਸ਼ੀਅਮ ਦੀ ਮਾਤਰਾ 20 ਫੀਸਦੀ ਤੱਕ ਹੀ ਨਿਕਲੀ ਹੈ। ਮੋਟੇ ’ਤੇ ਆਖ ਲਓ ਕਿ ਮਹਿਜ ਮਿੱਟੀ ਹੀ ਸਪਲਾਈ ਕਰ ਦਿੱਤੀ ਗਈ। ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਬਿਨਾਂ ਲੋੜ ਅਤੇ ਕੁਵੇਲੇ ’ਚ ਇਹ ਜਿਪਸਮ ਸਪਲਾਈ ’ਚ ਏਨੀ ਕਾਹਲ ਕਿਉਂ ਦਿਖਾਈ ਜਾ ਰਹੀ ਹੈ। ਦੱਸਦੇ ਹਨ ਕਿ ਤਿੰਨ ਚਾਰ ਦਿਨਾਂ ’ਚ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਧੜਾਧੜ ਜਿਪਸਮ ਦੇ ਟਰੱਕ ਭੇਜੇ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਐਗਰੋਂ ਨੇ ਮਹਿਕਮੇ ਨੂੰ ਬਾਈਪਾਸ ਕਰਕੇ ਸਿੱਧੇ ਤੌਰ ’ਤੇ ਜ਼ਿਲ੍ਹਾ ਖੇਤੀ ਅਫਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ। ਐਗਰੋ ਨੇ 23 ਜੁਲਾਈ ਨੂੰ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਕਿ ਕਿਹੜਾ ਜ਼ਿਲ੍ਹੇ ਨਮੂਨਿਆਂ ਨੂੰ ਕਿਸ ਲੈਬ ਵਿਚ ਭੇਜੇਗਾ ਜਿਸ ’ਤੇ ਮਾਹਿਰਾਂ ਨੇ ਸ਼ੰਕੇ ਖੜ੍ਹੇ ਕੀਤੇ ਹਨ। ਉਹ ਆਖਦੇ ਹਨ ਕਿ ਅਗਰ ਸਪਲਾਈ ਦੇਣ ਵਾਲੀਆਂ ਫਰਮਾਂ ਨੂੰ ਲੈਬ ਦਾ ਅਗਾਊ ਹੀ ਪਤਾ ਲੱਗ ਜਾਵੇਗਾ ਤਾਂ ਗੜਬੜੀ ਦੀ ਸੰਭਾਵਨਾ ਵਧ ਜਾਣੀ ਹੈ।
       ਪੰਜਾਬ ਐਗਰੋ ਨੇ ਪੱਤਰ ’ਚ ਤਰਕ ਦਿੱਤਾ ਹੈ ਕਿ ਖੇਤੀ ਮਹਿਕਮੇ ਤਰਫ਼ੋਂ ਟੈਸਟਿੰਗ ਰਿਪੋਰਟਾਂ ਸਮੇਂ ਸਿਰ ਨਹੀਂ ਭੇਜੀਆਂ ਜਾ ਰਹੀਆਂ ਹਨ। ਭਵਿੱਖ ਕੋਈ ਦੇਰੀ ਹੋਈ ਤਾਂ ਅਨੁਸ਼ਾਸਨੀ ਕਾਰਵਾਈ ਹੋਵੇਗੀ। ਬਲਾਕਾਂ ਵਿਚ ਜਿਪਸਮ ਭੰਡਾਰਨ ਵਾਰੇ ਵੀ ਹੁਕਮ ਕੀਤੇ ਗਏ ਹਨ। ਪੰਜਾਬ ਐਗਰੋ ਨੇ 24 ਜੁਲਾਈ ਨੂੰ ਫੇਰ ਜ਼ਿਲ੍ਹਾ ਖੇਤੀ ਅਫਸਰਾਂ ਨੂੰ ਸਿੱਧੇ ਤੌਰ ’ਤੇ ਪੱਤਰ ਲਿਖ ਕੇ ਸੁਸਤ ਚਾਲ ਕਰਕੇ ਖੇਤੀ ਮਹਿਕਮੇ ਨੂੰ ਤਾੜਿਆ ਹੈ।
                      ਪ੍ਰਤੀ ਟਨ ਪਿੱਛੇ 2148 ਰੁਪਏ ਮੁਨਾਫ਼ਾ ?
ਪੰਜਾਬੀ ਟ੍ਰਿਬਿਊਨ ਨੂੰ ਕੁਝ ਬਿੱਲ ਹੱਥ ਲੱਗੇ ਹਨ ਜਿਨ੍ਹਾਂ ਵਿਚ ਬੀਕਾਨੇਰ ਦੀ ਫਰਮ ਮੈਸਰਜ਼ ਪ੍ਰਭੂ ਪਲਾਸਟਰ ਵੱਲੋਂ ਸਪਲਾਇਰ ਕੰਪਨੀ ਨੂੰ ਜਿਪਸਮ ਪ੍ਰਤੀ ਟਨ 1102 ਰੁਪਏ (ਸਮੇਤ ਟੈਕਸ) ਦਿੱਤਾ ਹੈ। ਪ੍ਰਤੀ ਟਨ ਟਰੱਕ ਭਾੜਾ 1150 ਰੁਪਏ ਪਾਇਆ ਗਿਆ ਹੈ। ਰਾਜਸਥਾਨ ਤੋਂ ਸਮੇਤ ਟੈਕਸ ਅਤੇ ਭਾੜੇ ਦੇ ਪ੍ਰਤੀ ਟਨ ਜਿਪਸਮ 2252 ਰੁਪਏ ਸਪਲਾਇਰ ਕੰਪਨੀ ਨੂੰ ਪਿਆ ਹੈ ਜੋ ਅੱਗੇ ਕਿਸਾਨਾਂ ਨੂੰ 4400 ਰੁਪਏ ਪ੍ਰਤੀ ਟਨ ਦਿੱਤਾ ਜਾਵੇਗਾ। ਤਰਕ ਦਿੱਤਾ ਗਿਆ ਹੈ ਕਿ ਫਰਮਾਂ ਨੂੰ ਪੈਕਿੰਗ, ਲੋਡਿੰਗ ਅਤੇ ਅਣਲੋਡਿੰਗ ਦੇ ਖਰਚੇ ਵੀ ਪਏ ਹਨ।ਖੇਤੀ ਮਹਿਕਮੇ ਦੇ ਡਾਇਰੈਕਟਰ ਸੁਤੰਤਰ ਐਰੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਜਿਪਸਮ ਖਰੀਦ ਲਈ ਮਾਰਚ ਮਹੀਨੇ ’ਚ ਢੁਕਵੇਂ ਸਮੇਂ ’ਤੇ ਪੰਜਾਬ ਐਗਰੋਂ ਨੂੰ ਪੰਜ ਕਰੋੜ ਰੁਪਏ ਦੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਜਿਪਸਮ ਦੀ ਝੋਨਾ ਲਵਾਈ ਤੋਂ ਪਹਿਲਾਂ ਜ਼ਮੀਨਾਂ ਨੂੰ ਲੋੜ ਹੁੰਦੀ ਹੈ ਅਤੇ ਇਸ ਪੜਾਅ ’ਤੇ ਜਿਪਸਮ ਦੀ ਲੋੜ ਨਹੀਂ ਹੈ। ਉਨ੍ਹਾਂ ਅਣਜਾਣਤਾ ਜ਼ਾਹਰ ਕੀਤੀ ਕਿ ਪੰਜਾਬ ਐਗਰੋਂ ਨੇ ਜ਼ਿਲ੍ਹਾ ਖੇਤੀ ਅਫਸਰਾਂ ਨੂੰ ਕੋਈ ਪੱਤਰ ਜਾਰੀ ਕੀਤੇ ਹਨ
                              ਗੈਰ ਮਿਆਰੀ ਜਿਪਸਮ ਜ਼ਬਤ ਕੀਤਾ : ਬਰਾੜ
ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਜਿਪਸਮ ਦੇ ਹਰ ਟਰੱਕ ਚੋਂ ਨਮੂਨੇ ਲਏ ਜਾ ਰਹੇ ਹਨ। ਜੋ ਨਮੂਨੇ ਫੇਲ੍ਹ ਹੋਏ ਹਨ,ਉਹ ਜਿਪਸਮ ਜ਼ਬਤ ਕਰ ਲਿਆ ਹੈ ਅਤੇ ਅਦਾਇਗੀ ਰੋਕ ਦਿੱਤੀ ਹੈ। ਐਤਕੀਂ ਜਿਪਸਮ ਪਿਛਲੇ ਸਾਲ ਨਾਲੋਂ ਪੰਜਾਹ ਰੁਪਏ ਸਸਤਾ ਖ਼ਰੀਦਿਆ ਗਿਆ ਹੈ ਅਤੇ ਕਰੋਨਾ ਕਰਕੇ ਟੈਂਡਰ ਲੇਟ ਹੋਏ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਥਾਵਾਂ ’ਤੇ ਕਿਸਾਨ ਜਿਪਸਮ ਲੈ ਰਹੇ ਹਨ ਅਤੇ ਜ਼ਬਤ ਮਾਲ ਕਿਸਾਨਾਂ ’ਚ ਮੁਫ਼ਤ ਵੰਡਿਆ ਜਾ ਰਿਹਾ ਹੈ। ਜੋ ਲੈਬਜ਼ ਨੂੰ ਜ਼ਿਲ੍ਹਿਆਂ ਦੀ ਟੈਸਟਿੰਗ ਲਈ ਵੰਡ ਕੀਤੀ ਗਈ ਹੈ, ਉਹ ਬੇਲੋੜੀ ਦੇਰੀ ਘਟਾਉਣ ਲਈ ਹੈ। ਕੁਝ ਲੋਕ ਜਾਣ ਬੁੱਝ ਕੇ ਫਜ਼ੂਲ ਦਾ ਰੌਲਾ ਪਾ ਰਹੇ ਹਨ। ਹਾਲਾਂਕਿ ਪਹਿਲਾਂ ਤਾਂ ਹਰ ਟਰੱਕ ਦੀ ਟੈਸਟਿੰਗ ਵੀ ਨਹੀਂ ਹੁੰਦੀ ਸੀ।



Sunday, July 26, 2020

                            ਵਿਚਲੀ ਗੱਲ 
               ਤੇਰਾ ਕਿਹੜਾ ਨਾਂ ਚੱਲਦੈ..!
                            ਚਰਨਜੀਤ ਭੁੱਲਰ
ਚੰਡੀਗੜ੍ਹ : ਬਾਬਾ ਸ਼ੇਕਸਪੀਅਰ ਇਹ ਆਖਦੇ ਤੁਰ ਗਏ... ਨਾਮ ’ਚ ਕੀ ਪਿਐ? ਗੁਲਾਬ ਨੂੰ ਕੁਝ ਵੀ ਆਖੋ, ਖ਼ੁਸ਼ਬੋ ਨਹੀਂ ਬਦਲੇਗੀ। ਗੁਲਜ਼ਾਰ ਗੁਣਗੁਣਾ ਰਹੇ ਨੇ..‘ਨਾਮ ਗੁੰਮ ਜਾਏਗਾ’। ਸ਼ਿਵ ਬਟਾਲਵੀ ਲੱਭਦਾ ਮਰ ਗਿਆ...‘ਇੱਕ ਕੁੜੀ ਜੀਹਦਾ ਨਾਮ ਮੁਹੱਬਤ’। ਅੰਗਰੇਜ਼ ਬਾਬੇ ਦੀ ਗੱਲ ਦਾ ਕੋਈ ਤੋੜ ਨਹੀਂ। ਕਿੱਕਰ ਸਿਓਂ ਕਹੋ, ਚਾਹੇ ਚਾਨਣ ਰਾਮ, ਭਾਵੇਂ ਵਲੈਤੀ ਮੱਲ ਕਹਿ ਲਓ। ਘਾਹੀਆਂ ਨੇ ਤਾਂ ਘਾਹ ਹੀ ਖੋਤਣੈ। ਅੱਗਿਓਂ ਯਹੂਦੀ ਠਰ੍ਹੰਮਾ ਬੰਨ੍ਹ ਰਹੇ ਨੇ... ‘ਜੇ ਰੱਬ ਭਾਰ ਦਿੰਦੈ ਤਾਂ ਮੋਢੇ ਵੀ ਦਿੰਦੈ।’ ਸਦੀਆਂ ਤੋਂ ਪ੍ਰਚੱਲਿਤ ਹੈ... ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸਾ ਰਾਮ। ਛੱਜੂ ਰਾਮ ਦਾ ਮਨੀ ਰਾਮ ਕੌਣ ਬਦਲੂ। ਯੁਗ ਬੀਤ ਗਏ, ਨੈਣ ਪ੍ਰਾਣ ਚੱਲਦੇ ਨ੍ਹੀਂ। ਅੰਦਰੋਂ ਠਾਠਾਂ ਮਾਰਦੈ, ਅਖੇ ‘ਤਖ਼ਤ ਬਦਲ ਦਿਓ, ਤਾਜ ਬਦਲ ਦਿਓ..!’ ਤਖ਼ਤਾਂ ਬਖ਼ਤਾਂ ਨੂੰ ਛੱਡੋ, ਪਹਿਲਾਂ ਪਰਦੇ ਨਾਲ ਦੱਸੋ.. ਫਗਵਾੜੇ ਵਾਲੇ ਬੀਡੀਪੀਓ ਨੂੰ ਕੌਣ ਬਦਲੂ। ਆਓ ਦੱਸੀਏ, ਕਾਹਤੋਂ ਤੇ ਕਿਵੇਂ ਬੌਂ-ਬੌਂ ਹੋਈ। ਕੌਣ ਭੁੱਲਿਐ ਸਾਬਕਾ ਮੰਤਰੀ ਜੋਗਿੰਦਰ ਮਾਨ ਨੂੰ। ਜਿਹੜੇ ਭੁਲੱਕੜ ਨੇ, ਕੰਨ ਖੋਲ੍ਹ ਕੇ ਵਾਈਰਲ ਆਡੀਓ ਸੁਣਨ। ਬੀਡੀਪੀਓ ਸੁਖਦੇਵ ਸਿੰਘ ਹਾਲੇ ਹੁਣੇ ਫਗਵਾੜੇ ਲੱਗੇ ਨੇ। ਆਉਂਦੇ ਹੀ ਪੇਚਾ ਜੋਗਿੰਦਰ ਸਿਓਂ ਨਾਲ ਪੈ ਗਿਆ। ਸਾਬਕਾ ਮੰਤਰੀ ਫੋਨ ਲਾਈਨ ’ਤੇ ਆਏ। ਅੱਗਿਓਂ ਸੁਖਦੇਵ ਪਾਤਸ਼ਾਹ ਪੁੱਛ ਬੈਠੇ... ਕੌਣ ਬੋਲਦੇ ਹੋ? ਜੋਗਿੰਦਰ ਸਿਓਂ ਨੂੰ ਇੱਕ ਚੜ੍ਹੇ, ਇੱਕ ਉਤਰੇ... ‘ਤੂੰ ਮੈਨੂੰ ਨਹੀਂ ਜਾਣਦਾ’। ਕਿਤੇ ਦਸੌਂਧਾ ਸਿਓਂ ਹੁੰਦਾ, ਸਿੱਧੇ ਪੈਰ ਫੜ੍ਹਦਾ। ਸੁਖਦੇਵ ਜੀ ਧੁਰ ਅੰਦਰੋਂ ਜਾਗੇ, ‘ਮੈਂ ਵੀ ਕਲਾਸ ਵਨ ਅਫ਼ਸਰ ਹਾਂ’। ਫਿਰ ਸ਼ੁਰੂ ਹੋਈ ਪ੍ਰਵਚਨੀ ਭਾਸ਼ਾ... ਬੱਸ ਰਹੇ ਰੱਬ ਦਾ ਨਾਮ।
                 ਭਲਾ ਦੱਸੋ ਖਾਂ, ਸ਼ੇਕਸਪੀਅਰ ਕਿਵੇਂ ਸਮਝਾਏ... ਬਈ ਇਨ੍ਹਾਂ ਗੱਲਾਂ ’ਚ ਕੋਈ ਤੰਤ ਨਹੀਂ। ‘ਮੂਰਖ ਕੇ ਹਮ ਸੱਚੇ ਦਾਸ’।ਸੱਚਮੁੱਚ ਦਾਸਾਂ ਦਾ ਦਾਸ ਹੁੰਦਾ। ਵਿਧਾਇਕ ਹਰਿਮੰਦਰ ਗਿੱਲ ਵੀ ਥੋੜ੍ਹੀ ਠੰਢ ਰੱਖਦੇ। ਜਨਾਬ ਗਿੱਲ ਦੀ ਵਾਈਰਲ ਆਡੀਓ ਵੀ ਧੂਹ ਪਾ ਗਈ। ਐੱਮਐੱਲਏ ਗਿੱਲ ਨੇ ਨਵੇਂ ਥਾਣੇਦਾਰ ਦੇ ਥੌਲਾ ਪਾਇਐ। ‘ਬਈ ਕਾਕਾ, ਤੈਨੂੰ ਨਹੀਂ ਪਤੈ, ਪੱਟੀ ’ਚ ਵੀ ਕੋਈ ਐੱਮਐੱਲਏ ਐ, ਜੀਹਨੂੰ ਫੋਨ ਵੀ ਕਰਨਾ ਹੁੰਦੈ।’ ਥਾਣੇਦਾਰ ਪੋਲਾ ਪੈ ਗਿਆ। ਪੱਟੀ ਵਾਲੇ ਗਿੱਲ ਦਾ ਹੱਥ ਜ਼ਰੂਰ ਮੁੱਛਾਂ ’ਤੇ ਗਿਆ ਹੋਊ। ਲੱਗਦੇ ਹੱਥ ਘੰਡਾਬੰਨੇ ਵਾਲੇ ਸੁੱਖੇ ਦੀ ਵੀ ਸੁਣ ਲਓ। ਘਟਨਾ ਕਾਫ਼ੀ ਪੁਰਾਣੀ ਐ। ਘਰ ਨੇੜਲੇ ਤਪਾ ਥਾਣੇ ’ਚ ਡਿਊਟੀ ਸੀ। ਕਿਸੇ ਨੇ ਮਾਝੇ ਦੀ ਬਦਲੀ ਕਰਾਤੀ। ਅੱਗਿਓਂ ਟੱਕਰੇ ਮਝੈਲ ਮੰਤਰੀ ਦੇ ਸੱਜੇ ਹੱਥ। ਉਨ੍ਹਾਂ ਨੂੰ ਪੁੱਛ ਬੈਠਾ, ਤੁਸੀਂ ਕੌਣ ਹੋ? ਸੱਜਾ ਮਹਾਰਾਜ ਪੈ ਨਿਕਲੇ, ‘ਤੂੰ ਮੈਨੂੰ ਨਹੀਂ ਜਾਣਦਾ।‘ ਸੁੱਖਾ ਜੁਗਤੀ ਬੋਲਿਆ... ਹੋਏਗਾ ਤੂੰ ਕੋਈ ਲੱਲੀ-ਛੱਲੀ।ਸੱਜਾ ਮਹਾਰਾਜ ਵੱਟ ਖਾ ਗਏ... ਸਾਡੇ ਹੱਥ ਬੜੇ ਲੰਮੇ ਨੇ। ਮਹਾਤੜ ਸੁੱਖਾ ਕਿਥੋਂ ਲਿਫਦੈ, ‘ਏਨੇ ਹੱਥ ਲੰਮੇ ਨੇ ਤਾਂ ਲਾ ਲੈ ਜ਼ੋਰ, ਵੱਧ ਤੋਂ ਵੱਧ ਤਪੇ ਦੀ ਬਦਲੀ ਕਰਾਏਗਾ।’ ਤੂੰ ਕਰਾ ਬਦਲੀ, ਮੈਂ ਰੁਕਵਾ ਕੇ ਦਿਖਾਊ। ਚੁਣੌਤੀ ਕਬੂਲ, ਗੁੱਸੇ ’ਚ ਸੱਜਾ ਜੀ ਨੇ ਬਦਲੀ ਕਰਾਤੀ। ਸੁੱਖੇ ਨੇ ਮੁੜ ਤਪਾ ਥਾਣੇ ਜੁਆਇਨ ਕੀਤਾ, ਨਾਲੇ ਤਾੜੀ ਮਾਰ ਕੇ ਹੱਸਿਆ। ‘ਅਕਲ ਵੱਡੀ ਜਾਂ ਭੈਂਸ’, ਲਾਓ ਦਿਮਾਗ।
               ਬਾਬਾ ਸ਼ੇਕਸਪੀਅਰ ਪੁਨਰ ਜਨਮ ’ਚ ਮੁੜਨ। ਪੰਜਾਬੀ ਸਭ ਤੋਂ ਵੱਧ ਧਨੇਸੜੀ ਦੇਣ। ਐ ਮੂਰਖ ਬੰਦਿਆ, ਅਕਲ ਨੂੰ ਹੱਥ ਮਾਰ, ਸਾਰੇ ਨਾਮ ਦੇ ਟੰਟੇ ਪਏ ਨੇ। ਕਦੇ ਕਿਸੇ ਮਾਂ ਨੇ ਬੱਚੇ ਦਾ ਨਾਂ ‘ਹਿਟਲਰ’ ਜਾਂ ‘ਰਾਵਣ’ ਰੱਖਿਐ। ‘ਨਾਂ ਮੀਆਂ ਦਾ ਮਿਸਰੀ ਖਾਂ’।ਰੱਬ ਦੇ ਸਭ ਖਾਸ ਬਣੇ ਨੇ। ਹਕੂਮਤੀ ਬੁੱਲ੍ਹੇ ਲੁੱਟਦੇ ਨੇ। ਬੁੱਲ੍ਹਾ ਬਣਨਾ ਬਹੁਤ ਅੌਖੈ। ‘ਨਾ ਮੈਂ ਅਰਬੀ ਨਾ ਲਾਹੌਰੀ/ਨਾ ਮੈਂ ਹਿੰਦੀ ਸ਼ਹਿਰ ਨਗੌਰੀ/ਨਾ ਹਿੰਦੂ ਨਾ ਤੁਰਕ ਪਸ਼ੌਰੀ/ਨਾ ਮੈਂ ਰਹਿੰਦਾ ਵਿਚ ਨਦੌਣ, ਬੁੱਲ੍ਹਾ ਕੀ ਜਾਣਾ ਮੈਂ ਕੌਣ।’ ‘ਖ਼ਰਾ ਬੰਦਾ ਸੌ ਵਰਗਾ ਹੁੰਦੈ।’ ਨਾਮ ’ਚ ਤਾਂ ਪੂਰਾ ਪਤਾਲ ਪਿਐ। ਕਿਸੇ ਜੱਟ ਨੂੰ ਪੁੱਛਣਾ... ਪਟਵਾਰੀ ਕੌਣ ਹੁੰਦੈ। ਪੁਰਾਣਾ ਟੋਟਕਾ ਹੈ। ਕੇਰਾਂ ਹੜ੍ਹ ਆਏ। ਸਰਕਾਰੀ ਬਾਬੂ ਜਾਇਜ਼ਾ ਲੈਣ ਪੁੱਜੇ। ਪਾਣੀ ’ਚੋਂ ਲੰਘਣ ਲੱਗੇ। ਬਾਬੂ ਨੂੰ ਜੱਟ ਨੇ ਕੰਧਾੜੇ ਚੁੱਕ ਲਿਆ। ਬਾਬੂ ਜੀ ਏਨੇ ਧੰਨਭਾਗੀ ਹੋਏ। ਬੋਲਣੋ ਰਹਿ ਨਾ ਸਕੇ, ‘ਤੁਹਾਡਾ ਧੰਨਵਾਦ, ਕੋਈ ਕੰਮ ਹੋਵੇ, ਦੱਸਣਾ ਮੈਂ ਜ਼ਿਲ੍ਹੇ ਦਾ ਡੀਸੀ ਹਾਂ’। ਜੱਟ ਨੇ ਬਾਬੂ ਪਾਣੀ ’ਚ ਵਗਾਹ ਮਾਰਿਆ। ਭਲਿਆ ਲੋਕਾ, ‘ਮੈਂ ਸੋਚਿਆ ਕਿਤੇ ਪਟਵਾਰੀ ਐ।’ਨਰਿੰਦਰ ਮੋਦੀ ਸਿਆਸੀ ਬਰਾਂਡ ਹਨ। ਐਵੇਂ ਪੰਡਾਲ ਨਹੀਂ ਗੂੰਜਦੇ। ਆਹ ਕੋਵਿਡ ਨੇ ਰਾਹ ਰੋਕ ਲਏ। ਫ਼ਿਲਮ ਹਾਲੇ ਬਾਕੀ ਐ..! ਸ਼ਹਿਰਾਂ, ਸੜਕਾਂ, ਸਕੀਮਾਂ, ਪੁਰਸਕਾਰਾਂ ਦੇ ਨਾਮ ਬਦਲ ਦਿੱਤੇ ਨੇ। ਸ਼ਿਮਲਾ ਵੀ ਹੁਣ ‘ਸ਼ਿਆਮਲਾ’ ਬਣ ਸਕਦੈ।
               ਪਹਿਲਾਂ ਜਿਧਰ ਵੇਖੋ... ਨਹਿਰੂ ਤੇ ਉਹਦੇ ਵਾਰਸਾਂ ਦੇ ਨਾਮ ਗੂੰਜਦੇ ਰਹੇ। ਅਮਿਤ ਸ਼ਾਹ ਆਖਦੈ, ‘ਪੱਪੂ’ ਜਿਉਂਦਾ ਰਹੇ, ਜਵਾਨੀਆਂ ਮਾਣੇ।’ ਸ਼ਾਹ ਜੀ, ਘੱਟ ਗਿਣਤੀ ਕਿਵੇਂ ਦਿਨ ਕੱਟੇ, ਚਾਨਣਾ ਪਾਉਣ ਦੀ ਕਰੋ ਕਿਰਪਾ। ਇੰਦੌਰ ਦੀ ਪੀਐੱਚਡੀ ਰਈਸਾ ਅੰਸਾਰੀ ਬਹੁਤ ਕਿਰਲਾਪੀ। ਸਬਜ਼ੀ ਦਾ ਠੇਲ੍ਹਾ ਲਾਉਂਦੀ ਐ। ਹੁਕਮ ਆਏ, ਤੇਰਾ ਠੇਲ੍ਹਾ ਨਹੀਂ ਚੱਲੇਗਾ। ਨਾਮ ਹੀ ਇੰਦੌਰੀ ਬੱਚੀ ਦਾ ਵੈਰੀ ਬਣ ਗਿਆ।ਇਕੋ ਨਾਮ ਕਦੇ ਹਜੂਮੀ ਹਿੰਸਾ ਦਾ ਸ਼ਿਕਾਰ ਹੁੰਦੈ। ਕਦੇ ਉਹੀ ਨਾਮ ਦੰਗਿਆਂ ’ਚ ਘੜੀਸ ਲਿਆ ਜਾਂਦੈ। ਕਦੇ ਕਦੇ ਇਸ ਨਾਮ ਨੂੰ ਦੇਸ਼ ਨਿਕਾਲੇ ਦਾ ਰੁੱਕਾ ਵੀ ਆਉਂਦੈ। ਸਿਆਸੀ ਦਾਲ ਦਾ ਕੋਕੜੂ ਬਣੇ ਨੇ ਏਹ ਨਾਮ। ਅਫ਼ਰੀਕੀ ਇਸ਼ਾਰਾ ਸਮਝੋ ‘ਜਿਸ ਦੇ ਝੋਲੇ ’ਚ ਹਥੌੜੀ ਹੋਵੇ, ਉਸ ਨੂੰ ਹਰ ਮਸਲਾ ਮੇਖ ਲੱਗਦੈ।’ ਕਾਸ਼! ਅੱਜ ਬੁੱਧ, ਕਬੀਰ ਤੇ ਫ਼ਰੀਦ ਹੁੰਦੇ, ਇਨ੍ਹਾਂ ਦੇ ਠੰਢ ਪਾਉਂਦੇ। ਜੱਗੇ ਜੱਟ, ਦੁੱਲੇ ਭੱਟੀ ਤੇ ਸੁੱਚੇ ਸੂਰਮੇ ਹੁੰਦੇ। ਘੱਟੋ ਘੱਟ ਕੰਧ ਤਾਂ ਬਣਦੇ। ਕਿਥੋਂ ਲੱਭ ਲਿਆਈਏ, ਹੁਣ ਨਲੂਏ ਤੇ ਗਦਰੀ ਬਾਬੇ।ਸਿੱਧੂ ਮੂਸੇਵਾਲਾ ਪੰਜਾਬ ਦੀ ਹਿੱਕ ’ਤੇ ਨੱਚਦੈ। ਕਿਤੇ ਛੋਟਾ ਨਾਮ ਐ, ਪੁਲੀਸ ਅਫ਼ਸਰ ਭੁੰਜੇ ਬਿਠਾਏ ਨੇ। ਪੰਜਾਬੀ ਕਣ ਕੰਡਾ ਮਰ ਗਿਐ। ਕੇਂਦਰ ਨੇ ਕਾਨੂੰਨ ਤਾਂ ਬਦਲ ਦਿੱਤੇ, ਇਤਿਹਾਸ ਦੀ ਵਾਰੀ ਐ। ਚੇਹਨ ਚੱਕਰ ਤੋਂ ਲੱਗਦੈ, ਕਿਤੇ ਪੰਜਾਬ ਦਾ ਨਾਮ ਨਾ ਬਦਲ ਦੇਣ। ਨਾਮ ’ਚ ਹਾਲੇ ਬਹੁਤ ਕੁਝ ਪਿਐ। ਬਿਨਾਂ ਗੱਲੋਂ ਬਰਾਂਡ ਐਬੰਸਡਰ ਨਹੀਂ ਬਣਦੇ। ਵਰੱਪਨ ਤੇ ਫੂਲਨ ਦੇਵੀ ਰੋਲ ਮਾਡਲ ਨੇ। ਕਰੋਨਾ ਨਾਮ ਤੋਂ ਵਿਸ਼ਵ ਡਰਿਐ।
                ਕੁਝ ਪਲ ਭੁੱਲੋ ਕਰੋਨਾ ਤੇ ਆਹ ਗਾਣਾ ਸੁਣੋ... ‘ਮੁੰਨੀ ਬਦਨਾਮ ਹੁਈ, ਡਾਰਲਿੰਗ ਤੇਰੇ ਲੀਏ... ਲੇ ਜੰਡੂ ਬਾਮ ਹੁਈ..!’ ਜੰਡੂ ਬਾਮ ਬਰਾਂਡ ਨਾਮ ਹੈ। ਜੰਡੂ ਬਾਮ ਕੰਪਨੀ ਨੇ ਫਿਲਮ ਨਿਰਮਾਤਾ ਨੂੰ ਕਚਹਿਰੀ ’ਚ ਖਿੱਚ ਲਿਆ।ਨਾਵਾਂ ਦਾ ਆਪਣਾ ਸੰਸਾਰ ਹੈ। ਦੱਖਣ ਦੇ ਨਾਮ ’ਕੁੱਜੇ ’ਚ ਸਮੁੰਦਰ ਵਾਂਗ ਹਨ। ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ, ਪੀਵੀ ਨਰਸਿਮ੍ਹਾ ਰਾਓ। ਇੱਕੋ ਨਾਮ ’ਚ ਖੁਦ ਦਾ, ਬਾਪ ਦਾ ਤੇ ਪਿੰਡ ਦਾ ਨਾਮ ਆਉਂਦੈ। ਜੇ ਨਾਮ ’ਚ ਕੁਝ ਨਾ ਹੁੰਦਾ, ਆਈਏਐੱਸ ਅਧਿਕਾਰੀ ਰਹੇ ਕੂੜਾ ਰਾਮ ਲਖਨਪਾਲ ‘ਕੇਆਰ ਲਖਨਪਾਲ’ ਨਾ ਹੁੰਦੇ। ਸੁੱਚਾ ਰਾਮ ਲੱਧੜ ਕਦੇ ‘ਐੱਸਆਰ ਲੱਧੜ’ ਨਾ ਹੁੰਦੇ। ਪੰਜਾਬੀ ਭਾਸ਼ਾ ਦੇ ਸਕੇ ਪੁੱਤ ਰੌਲਾ ਪਾਉਂਦੇ ਨੇ। ਅਖੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਭੂਰਾ ਸਿੰਘ ਘੁੰਮਣ, ਅੰਗਰੇਜ਼ੀ ’ਚ ‘ਬੀਐੱਸ ਘੁੰਮਣ’ ਕਿਉਂ ਲਿਖਦੇ ਨੇ। ਪਾਗਲੋ, ਇਹ ਉਨ੍ਹਾਂ ਦਾ ਨਿੱਜੀ ਮਸਲੈ। ਗਾਇਕੀ ਦੀ ਗੱਲ ਹੋਰ ਐ। ਤੇਜਿੰਦਰ ਸਿੰਘ ਮਾਨ ‘ਬੱਬੂ ਮਾਨ’ ਬਣ ਗਿਐ। ਗੁਰਿੰਦਰ ਕੌਰ ਕੈਂਥ ‘ਮਿਸ ਪੂਜਾ’ ਬਣ ਗਈ।
                ਗੁਰਦੇਵ ਸਿੰਘ ‘ਦੇਬੀ ਮਖ਼ਸੂਸਪੁਰੀ’ ਬਣਿਐ। ਮਾਨਸਾ ਵਾਲਾ ਨੇਤ ਰਾਮ ਹੁਣ ‘ਆਰ. ਨੇਤ’ ਬਣਿਐ। ਪੁਰਾਣੇ ਵੇਲਿਆਂ ’ਚ ਨਾਵਾਂ ਦਾ ਗਣਿਤ ਵੱਖਰਾ ਸੀ। ਕਿੱਕਰ ਸਿਓਂ, ਬੋਹੜ ਸਿਓਂ, ਪਿੱਪਲ ਸਿੰਘ, ਵਿਸਾਖਾ ਸਿੰਘ, ਮਾਘੀ ਰਾਮ, ਆਦਿ। ਪਿੰਡਾਂ ਦੇ ਨਾਮ... ਕੁੱਤਿਆਂ ਵਾਲੀ, ਕੱਟਿਆਂ ਵਾਲੀ, ਬੋਤਿਆਂ ਵਾਲੀ ਤੇ ਝੋਟਿਆਂ ਵਾਲੀ..! ਕੇਜਰੀਵਾਲ ਅਸਲੀ ਨਾਮ ‘ਅਰਵਿੰਦ ਬਾਂਸਲ’ ਚੋਣ ਪਿੜ ’ਚ ਰੱਖਦਾ, ਸ਼ਾਇਦ ਏਨੀ ਭੱਲ ਨਾ ਖੱਟਦਾ। ਬਾਬਾ ਸ਼ੇਕਸਪੀਅਰ ਦੀ ਡੁਗਡੁਗੀ ਘੱਟ ਨਹੀਂ ਵੱਜੀ। ਬਜ਼ੁਰਗੋ ਤੁਸੀਂ ਹੀ ਸਮਝੋ, ਨਾਮ ਤੇ ਨਾਮੇ ਵਾਲੇ ਕਿਥੋਂ ਟਲਣ ਵਾਲੇ ਨੇ। ਅਖੀਰ ਸੁਨਾਮ ਵਾਲੇ ਭੋਲੇ ਉਰਫ਼ ਪਰਵੇਸ਼ ਸ਼ਰਮਾ ਵੱਲੋਂ ਸੁਣਾਏ ਪ੍ਰਸੰਗ ਨਾਲ, ਚੰਡੀਗੜ੍ਹ ’ਚ ‘ਸੜਕਨਾਮਾ’ ’ਤੇ ਚਰਚਾ ਸੀ। ਮਸ਼ਹੂਰ ਲੇਖਕ ਬਲਦੇਵ ਸਿੰਘ ਰਾਤੋ-ਰਾਤ ‘ਬਲਦੇਵ ਸੜਕਨਾਮਾ’ ਬਣ ਗਿਆ। ਸਟੇਜ ਤੋਂ ਕਿਸੇ ਨੇ ਮਸਖਰੀ ਕੀਤੀ। ‘ਮੈਨੂੰ ਡਰ ਹੈ ਕਿ ਕਿਤੇ ਬਲਦੇਵ ਸਿੰਘ ਅਗਲੇ ਨਾਵਲ ਦਾ ਸਿਰਲੇਖ ‘ਵੱਢਖਾਣਾ’ ਨਾ ਰੱਖ ਲੈਣ।’ ਬਲਦੇਵ ਸਿੰਘ ਸੜਕਨਾਮਾ ਉੱਠੇ ਤੇ ਹਾਸੇ ’ਚ ਆਖਣ ਲੱਗੇ, ‘ਐਨਾ ਮੂਰਖ ਨਾ ਜਾਣਿਓਂ ਮੈਨੂੰ। ਮੇਰਾ ਅਗਲਾ ਨਾਵਲ ‘ਜਵਾਈ’ ਦੇ ਸਿਰਲੇਖ ਹੇਠ ਆਉਣ ਵਾਲਾ ਹੈ।

Friday, July 24, 2020

                                                       ਐਵੇਂ ਮਾਣ ਨੀਂ ਕਰੀਦਾ..
                        ਨਤੀਜਾ ਸਾਡਾ ਸੌ ਫ਼ੀਸਦੀ ਬੱਚਾ ਭਾਵੇਂ ਇੱਕ ਪੜ੍ਹਦੈ
                                                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਵਿੱਚ ਐਤਕੀਂ ਜਿਨ੍ਹਾਂ ਸਕੂਲਾਂ ‘ਚ ਬਾਰ੍ਹਵੀਂ ਜਮਾਤ ਵਿੱਚ ਸੌ ਫੀਸਦੀ ਨਤੀਜੇ ਦੇ ਢੋਲ ਵੱਜੇ ਹਨ, ਉਨ੍ਹਾਂ ਦਾ ਅੰਦਰਲਾ ਸੱਚ ਵੀ ਸੌ ਫ਼ੀਸਦੀ ਬਾਹਰ ਆਇਆ ਹੈ। ਪੰਜਾਬ ਦੇ ਗਿਆਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਿਹੇ ਹਨ ਜਿਨ੍ਹਾਂ ਵਿਚ ਸੌ ਬੱਚੇ ਵੀ ਨਹੀਂ ਪੜ੍ਹਦੇ ਤੇ ਜਿਨ੍ਹਾਂ ਦਾ ਨਤੀਜਾ ਵੀ ਸੌ ਫ਼ੀਸਦੀ ਆਇਆ ਹੈ। ਸੈਂਕੜੇ ਪ੍ਰਾਈਵੇਟ ਸਕੂਲ, ਜਿਨ੍ਹਾਂ ਦੇ ਇੱਕ-ਇੱਕ ਜਾਂ ਦੋ-ਦੋ ਬੱਚੇ ਹੀ ਪ੍ਰੀਖਿਆ ਵਿੱਚ ਬੈਠੇ ਸਨ, ਨੇ ਸੌ ਫ਼ੀਸਦੀ ਨਤੀਜੇ ਦਾ ਨਾਮਣਾ ਖੱਟਿਆ ਹੈ।ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ 2094 ਸਕੂਲਾਂ ਦੇ ਨਤੀਜੇ ਸੌ ਫੀਸਦੀ ਆਏ ਹਨ। ਇਨ੍ਹਾਂ ਸਕੂਲਾਂ ਦੇ 98,256 ਬੱਚੇ ਪ੍ਰੀਖਿਆ ਵਿੱਚ ਬੈਠੇ ਸਨ। ਅੌਸਤਨ ਹਰ ਸਕੂਲ ਦੇ 46 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਦੋਂ ਇਨ੍ਹਾਂ ਸਕੂਲਾਂ ਦੀ ਘੋਖ ਕੀਤੀ ਗਈ ਤਾਂ ਕਈ ਦਿਲਚਸਪ ਤੱਥ ਉੱਭਰੇ। ਨਵਾਂ ਸ਼ਹਿਰ ਦੇ ਪਿੰਡ ਲਿੱਦੜ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸੌ ਫੀਸਦਾ ਆਇਆ ਹੈ ਜਿੱਥੋਂ ਦੇ ਤਿੰਨ ਬੱਚਿਆਂ ਨੇ ਹੀ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ। ਤਲਵੰਡੀ ਸਾਬੋ ਦੇ ਸਰਕਾਰੀ ਸਕੂਲ ਦਾ ਨਤੀਜਾ ਸੌ ਫ਼ੀਸਦੀ ਹੈ ਜਿੱਥੇ ਬੱਚਿਆਂ ਦੀ ਗਿਣਤੀ ਤਿੰਨ ਸੀ।
               ਗੁਰਦਾਸਪੁਰ ਦੇ ਪਿੰਡ ਧੰਦਿਆਲਾ ਨਜ਼ਰਾਂ ‘ਚ ਪੰਜ ਬੱਚੇ ਪ੍ਰੀਖਿਆ ਵਿੱਚ ਬੈਠੇ ਜਿਨ੍ਹਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਅੰਮ੍ਰਿਤਸਰ ਦੇ ਪਿੰਡ ਖੱਬਾ ਰਾਜਪੂਤਾਂ ‘ਚ 9 ਬੱਚੇ, ਬਠਿੰਡਾ ਦੇ ਗੁੰਮਟੀ ਕਲਾਂ ਤੇ ਫ਼ਾਜ਼ਿਲਕਾ ਦੇ ਕੋਰਿਆਂ ਵਾਲੀ ‘ਚ ਅੱਠ-ਅੱਠ ਬੱਚੇ, ਹੁਸ਼ਿਆਰਪੁਰ ਦੇ ਨੰਗਲ ਖੁਰਦ ਵਿੱਚ ਸੱਤ ਬੱਚੇ ਤੇ ਜਲਾਲਪੁਰ ‘ਚ ਅੱਠ ਬੱਚੇ, ਫ਼ਿਰੋਜ਼ਪੁਰ ਦੇ ਵਲੂਰ ‘ਚ ਦਸ ਬੱਚੇ ਤੇ ਹਜ਼ਾਰਾ ਸਿੰਘ ਵਾਲਾ ‘ਚ ਅੱਠ ਬੱਚੇ, ਬਰਨਾਲਾ ਦੇ ਖੁੱਡੀ ਖੁਰਦ ਵਿਚ ਅੱਠ ਬੱਚੇ ਤੇ ਹੁਸ਼ਿਆਰਪੁਰ ਦੇ ਨੰਗਲ ਖੁਰਦ ਦੇ ਲੜਕੀਆਂ ਦੇ ਸਕੂਲ ਦੇ 7 ਬੱਚਿਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਸਾਰੇ ਪਾਸ ਹੋ ਗਏ ਤੇ ਨਤੀਜੇ ਸੌ ਫ਼ੀਸਦੀ ਬਣ ਗਏ। ਸਿੱਖਿਆ ਮਹਿਕਮੇ ਤੋਂ ਇਨ੍ਹਾਂ ਸਕੂਲਾਂ ਨੇ ਵੱਡੀ ਭੱਲ ਖੱਟ ਲਈ ਹੈ। ਏਨੀ ਘੱਟ ਗਿਣਤੀ ਵਾਲੇ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀ ਗਿਣਤੀ ਕਿੰਨੀ ਸੀ, ਵਿਚਾਰਨ ਵਾਲੀ ਗੱਲ ਹੈ। ਹਾਲਾਂਕਿ ਐਤਕੀਂ ਸਰਕਾਰੀ ਸਕੂਲਾਂ ਦੀ ਨਤੀਜਿਆਂ ਵਿੱਚ ਝੰਡੀ ਰਹੀ ਹੈ।
               ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ‘ਚੋਂ ਅੰਮ੍ਰਿਤਸਰ ਦੇ ਮੁਧਲ ਦੇ ਮਾਡਲ ਸਕੂਲ ‘ਚ ਇੱਕ ਅਤੇ ਨਰਾਇਣਗੜ੍ਹ ਛੇਹਰਟਾ ਦੇ ਬ੍ਰਾਈਟਵੇਅ ਸਕੂਲ ਵਿਚ ਦੋ-ਦੋ ਬੱਚੇ ਬਾਰ੍ਹਵੀਂ ‘ਚ ਪੜ੍ਹਦੇ ਸਨ। ਬਠਿੰਡਾ ਦੇ ਕਲਿਆਣ ਮੱਲਕਾ ਦੇ ਪ੍ਰਾਈਵੇਟ ਸਕੂਲ ਵਿਚ 4 ਅਤੇ ਬੱਸੀ ਪਠਾਣਾ ਦੇ ਡੀਏਵੀ ਸਕੂਲ ਵਿਚ ਇੱਕ ਬੱਚਾ ਬਾਰ੍ਹਵੀਂ ਵਿਚ ਪੜ੍ਹਦਾ ਸੀ। ਗੁਰਦਾਸਪੁਰ ਦੇ ਪੰਨਵਾਂ ਤੇ ਕਾਦੀਆਂ, ਬਹਾਦਰ ਹੁਸ਼ੈਨ ਖੁਰਦ, ਕਪੂਰਥਲਾ ਦਾ ਕਾਹਲਵਾਂ ਦੋਨਾ ਤੇ ਫਗਵਾੜਾ ਦੇ ਪ੍ਰਾਈਵੇਟ ਸਕੂਲ ‘ਚੋਂ ਇੱਕ-ਇੱਕ ਬੱਚਾ ਹੀ ਪ੍ਰੀਖਿਆ ਵਿਚ ਬੈਠਿਆ ਤੇ ਸਭ ਪਾਸ ਹੋ ਗਏ। ਪ੍ਰਾਈਵੇਟ ਸਕੂਲ ਗੱਜ ਵੱਜ ਕੇ ਸੌ ਫ਼ੀਸਦੀ ਨਤੀਜੇ ਦੀ ਮਸ਼ਹੂਰੀ ਕਰਨਗੇ। ਜ਼ਿਲ੍ਹਿਆਂ ‘ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ 225 ਸਕੂਲਾਂ ਨੇ ਸੌ ਫ਼ੀਸਦੀ ਨਤੀਜੇ ਦਿੱਤੇ ਹਨ। ਅੰਮ੍ਰਿਤਸਰ ਦੇ 166 ਸਕੂਲਾਂ, ਬਠਿੰਡਾ 150, ਬਰਨਾਲਾ 43, ਫਰੀਦਕੋਟ 64, ਫਤਹਿਗੜ੍ਹ ਸਾਹਿਬ 60, ਮੋਗਾ 83, ਮਾਨਸਾ 60, ਫ਼ਿਰੋਜ਼ਪੁਰ 68, ਗੁਰਦਾਸਪੁਰ 140, ਹੁਸ਼ਿਆਰਪੁਰ 118, ਜਲੰਧਰ 164, ਕਪੂਰਥਲਾ 83 ਅਤੇ ਨਵਾਂ ਸ਼ਹਿਰ ਦੇ 62 ਸਕੂਲਾਂ ਦੇ ਨਤੀਜੇ ਸੌ ਫ਼ੀਸਦੀ ਰਹੇ ਹਨ।
                                   ਪੰਜਾਬ ਦੇ 66 ਸਰਕਾਰੀ ਸਕੂਲਾਂ ਨੂੰ ਐਵਾਰਡ
ਪੰਜਾਬ ਦੇ 66 ਸਰਕਾਰੀ ਸਕੂਲਾਂ ਨੂੰ ਸਭ ਤੋਂ ਵਧੀਆ ਸਕੂਲ ਹੋਣ ਲਈ ਐਵਾਰਡ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਹਰਕੇ ਜ਼ਿਲ੍ਹੇ ਦਾ ਇੱਕ ਮਿਡਲ, ਇੱਕ ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹੈ। ਇਸ ਐਵਾਰਡ ਵਿੱਚ ਹਰ ਮਿਡਲ ਸਕੂਲ ਨੂੰ 90,909 ਰੁਪਏ, ਹਾਈ ਸਕੂਲ ਨੂੰ 1,36,363 ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 2,27,272 ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

Thursday, July 23, 2020

                         ਨਵਾਂ ਸਵੇਰਾ
 ਦੀਪ ਬਣ ਜਗੇ ਕੰਮੀਆਂ ਦੇ ਨੌਨਿਹਾਲ
                         ਚਰਨਜੀਤ ਭੁੱਲਰ
ਚੰਡੀਗੜ੍ਹ :  ਪੰਜਾਬ ’ਚ ਐਤਕੀਂ ਕੰਮੀਆਂ ਦੇ ਵਿਹੜੇ ’ਚ ਦੀਪ ਜਗੇ ਹਨ। ਬੇਸ਼ੱਕ ਤੰਗੀ ਤੁਰਸ਼ੀ ਵਾਲੇ ਇਹ ਘਰ ਹਾਸ਼ੀਏ ਤੇ ਹਨ ਪ੍ਰੰਤੂ ਬਾਰ੍ਹਵੀਂ ਕਲਾਸ ਦੇ ਨਤੀਜੇ ’ਚ ਇਨ੍ਹਾਂ ਘਰਾਂ ਦੀਆਂ ਧੀਆਂ ਸਿਖਰ ’ਤੇ ਹਨ। ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ’ਚ ਕਿਸੇ ਦਾ ਪਹਿਲਾ, ਕਿਸੇ ਦਾ ਦੂਜਾ ਤੇ ਕਿਸੇ ਦਾ ਤੀਜਾ ਨੰਬਰ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਦੇ ਇੱਕ ਭਰਾ ਨੇ ‘ਮਿਸ਼ਨ ਫਤਿਹ’ ਕਰ ਲਿਆ ਹੈ। ਜਦੋਂ ਘਰ ’ਚ ਗੁਰਬਤ ਦਾ ਵਾਰੋਲਾ ਆਇਆ ਤਾਂ ਭਰਾ ਰਵੀ ਸਿੰਘ ਨੇ ਖੁਦ ਪੜ੍ਹਾਈ ਛੱਡ ਦਿੱਤੀ। ਉਸ ਨੇ ਆਪਣੀਆਂ ਭੈਣਾਂ ਨੂੰ ਪੜਾਉਣ ਦਾ ਫੈਸਲਾ ਕੀਤਾ। ਭੈਣਾਂ ਦੀ ਪੜਾਈ ਲਈ ਹਲਵਾਈ ਦੇ ਦੁਕਾਨ ’ਤੇ ਦਿਹਾੜੀ ਸ਼ੁਰੂ ਕਰ ਦਿੱਤੀ।ਜਸਪ੍ਰੀਤ ਕੌਰ ਨੇ ਬਾਰਵੀਂ ਚੋਂ 450 ਚੋਂ 448 ਨੰਬਰ ਹਾਸਲ ਕੀਤੇ ਹਨ। ਭਰਾ ਰਵੀ ਸਿੰਘ ਨੂੰ ਲੱਗਾ ਕਿ ਉਸ ਦੀ ਸੁਪਨੇ ਨੂੰ ਬੂਰ ਪੈਣ ਲੱਗਾ ਹੈ। ਲੜਕੀ ਦਾ ਬਾਪ ਬਲਦੇਵ ਸਿੰਘ ਜੋ ਹੇਅਰ ਡਰੈਸਰ ਹੈ, ਧੀ ’ਤੇ ਮਾਣ ਕਰ ਰਿਹਾ ਹੈ। ਮੁਹਾਲੀ ਦੇ ਪਿੰਡ ਕਨੌਲੀ ਦੀ ਰਜ਼ੀਆ ਨੇ ਆਪਣਾ ਹੁਨਰ ਦਿਖਾ ਦਿੱਤਾ। ਬਾਪ ਮਿੱਟੀ ਦੇ ਭਾਂਡੇ ਇੰਝ ਬਣਾਉਂਦਾ ਹੈ ਕਿ ਜਿਵੇਂ ਕਲਾ ਦਾ ਜਾਦੂਗਰ ਹੋਵੇ। ਇਸ ਬਾਪ ਦੀ ਧੀ ਰਜ਼ੀਆ ਨੇ ਬਾਰ੍ਹਵੀਂ ਕਲਾਸ ਚੋਂ 81.1 ਫੀਸਦੀ ਅੰਕ ਹਾਸਲ ਕੀਤੇ ਹਨ। ਜਦੋਂ ਵਿਹਲ ਮਿਲਦੀ ਤਾਂ ਬਾਪ ਨਾਲ ਹੱਥ ਵੀ ਵਟਾਉਂਦੀ ਹੈ। ਪੂਰੀ ਪੂਰੀ ਰਾਤ ਕਿਤਾਬਾਂ ਨਾਲ ਮੱਥਾ ਲਾਉਂਦੀ ਰਹੀ।
        ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਕਿਸ਼ਨਪੁਰਾ ਦੀ ਕਿਰਨਜੀਤ ਕੌਰ ਏਨਾ ਪੜ੍ਹੀ ਕਿ ਐਨਕ ਲੱਗ ਗਈ। ਜ਼ਿਲ੍ਹਾ ਬਠਿੰਡਾ ਚੋਂ ਉਸ ਨੇ 97.5 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਨੰਬਰ ਹਾਸਲ ਕੀਤਾ ਹੈ। ਜਦੋਂ ਬਿਜਲੀ ਚਲੀ ਜਾਂਦੀ ਤਾਂ ਦੀਵਾ ਬਾਲ ਲੈਂਦੀ। ਬਾਪ ਬਲਜੀਤ ਸਿੰਘ ਧੀ ਨੂੰ ਪੜਾਉਣ ਲਈ ਵਿਆਹ ਸ਼ਾਦੀਆਂ ਵਿਚ ਵੇਟਰ ਵਜੋਂ ਕੰਮ ਕਰ ਰਿਹਾ ਹੈ। ਮਾਂ ਬਲਜਿੰਦਰ ਕੌਰ ਨੇ ਖੇਤਾਂ ਅੱਗੇ ਹਾਰ ਨਾ ਮੰਨੀ ਤਾਂ ਜੋ ਧੀ ਦੀ ਸੁਪਨੇ ਉਡਾਣ ਭਰ ਸਕਣ। ਬਰਨਾਲਾ ਦੇ ਪਿੰਡ ਧੌਲਾ ਦੇ ਸਰਕਾਰੀ ਸਕੂਲ ਦੀ ਹਰਪ੍ਰੀਤ ਕੌਰ ਨੇ 98.22 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ। ਬਾਪ ਪਿੰਡ ਵਿਚ ਸੀਰੀ ਰਲਦਾ ਹੈ ਜਿਸ ਦੀ ਕਿਰਤ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਸੰਤ ਰਾਮ ਉਦਾਸੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਦੀ ਵਿਦਿਆਰਥਣ ਗਗਨਦੀਪ ਕੌਰ ਨੇ 97.78 ਨੇ ਅੰਕ ਪ੍ਰਾਪਤ ਕਰਕੇ ਮਰਹੂਮ ਕਵੀ ਉਦਾਸੀ ਦੇ ਬੋਲਾਂ ਨੂੰ ਆਵਾਜ਼ ਦੇ ਦਿੱਤੀ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨੌਲੱਖਾ ਦੇ ਹਰਸੰਗੀਤ ਸਿੰਘ ਉਦੋਂ ਛੇਵੀਂ ਕਲਾਸ ਵਿਚ ਸੀ ਜਦੋਂ ਬਾਪ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਨੇ ਹੌਸਲਾ ਨਾ ਛੱਡਿਆ ਅਤੇ ਸ਼ਿੱਦਤ ਨਾਲ ਪੜ੍ਹਾਈ ਵਿਚ ਡਟ ਗਿਆ। ਉਸ ਨੇ 81.11 ਫੀਸਦੀ ਅੰਕ ਲਏ ਹਨ ਤਾਂ ਮਾਂ ਦੀਆਂ ਅੱਖਾਂ ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ।
         ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਦੀ ਗਗਨਦੀਪ ਕੌਰ ਨੇ ਪਹਿਲਾਂ ਕੌਮੀ ਬੌਕਸਿੰਗ ’ਚ ਮੱਲ ਮਾਰੀ ਅਤੇ ਹੁਣ ਬਾਰ੍ਹਵੀਂ ਕਲਾਸ ’ਚ 450 ਚੋਂ 440 ਅੰਕ ਪ੍ਰਾਪਤ ਕੀਤੇ। ਬਾਪ ਜਗਰੂਪ ਸਿੰਘ ਕਿੱਤੇ ਵਜੋਂ ਉਸਾਰੀ ਕਾਮਾ ਹੈ ਜਿਸ ਨੇ ਧੀ ਦੀ ਪਰਵਰਿਸ਼ ਵਿਚ ਵੀ ਕੋਈ ਕਾਣ ਨਹੀਂ ਛੱਡਿਆ। ਜਲੰਧਰ ਦੇ ਨਹਿਰੂ ਗਾਰਡਨ ਸਕੂਲ ਦੀ ਧਾਰਾ ਵਿਸ਼ਨੂੰ ਪ੍ਰਿਆ ਨੇ ਨਾਨ ਮੈਡੀਕਲ ਚੋਂ 98.44 ਫੀਸਦੀ ਅੰਕ ਲਏ ਹਨ। ਬਾਪ ਗੁਜਰ ਗਿਆ ਤਾਂ ਮਾਂ ਨੇ ਧੀ ਖਾਤਰ ਘਰਾਂ ਵਿਚ ਪੋਚੇ ਲਾਏ। ਕਲਾਸ ਇੰਚਾਰਜ ਨੇ ਹੌਸਲਾ ਦਿੱਤਾ। ਨਤੀਜਾ ਆਇਆ ਮਾਂ ਨੂੰ ਲੱਗਾ ਕਿ ਦੁੱਖ ਧੋਤੇ ਗਏ। ਜ਼ੀਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਮਾਰਟ ਸਕੂਲ) ਦੀ ਵਿਦਿਆਰਥਣ ਪੂਜਾ ਨੇ 450 ਚੋਂ 423 ਅੰਕ ਲਏ ਹਨ। ਪਿਤਾ ਦਿਹਾੜੀਦਾਰ ਕਾਮਾ ਹੈ। ਭਰਾ ਪੜਦਾ ਵੀ ਹੈ ਅਤੇ ਦਿਹਾੜੀ ਵੀ ਕਰਦਾ ਹੈ। ਉਸ ਨੇ ਮਾਪਿਆਂ ਦਾ ਸਿਰ ਉੱਚਾ ਕਰ ਦਿੱਤਾ ਹੈ। ਫਾਜ਼ਿਲਕਾ ਦੇ ਪਿੰਡ ਚੱਕ ਬਨਵਾਲਾ ਸਕੂਲ ਦੀ ਵੀਨੂੰ ਨੇ 450 ਚੋਂ 449 ਅੰਕ ਲਏ ਹਨ। ਪਿਤਾ ਰਾਜ ਕੁਮਾਰ ਵੱਲੋਂ ਵਹਾਇਆ ਪਸੀਨਾ ਹੁਣ ਆਸ ਆ ਗਿਆ ਹੈ। ਇਵੇਂ ਦੇ ਹੋਰ ਵੀ ਅਨੇਕਾਂ ਬੱਚੇ ਹਨ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਪੈਂਠ ਨੂੰ ਵੀ ਮਜ਼ਬੂਤੀ ਬਖਸ ਦਿੱਤੀ ਹੈ। ਇਸ ਬਾਰ ਦਿਹਾਤੀ ਸਕੂਲਾਂ ਦੀ ਪਾਸ ਫੀਸਦੀ 93.39 ਫੀਸਦੀ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 94.30 ਫੀਸਦੀ ਰਹੀ ਹੈ।
                           ਹੱਲਾਸ਼ੇਰੀ ਲਈ ਨਵੀਂ ਤਜਵੀਜ਼ : ਸਕੱਤਰ
ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੱਲਾਂ ਮਾਰਨ ਵਾਲੇ ਇਨ੍ਹਾਂ ਬੱਚਿਆਂ ਦੀ ਸਫਲਤਾ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੁੂੰ ਸੌ ਫੀਸਦੀ ਨੰਬਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਸਹਿਯੋਗ ਅਤੇ ਅਧਿਆਪਕਾਂ ਵੱਲੋਂ ਕਰਾਈ ਮਿਹਨਤ ਅਤੇ ਹੱਲਾਸ਼ੇਰੀ ਸਦਕਾ ਅਜਿਹਾ ਸੰਭਵ ਹੋ ਸਕਿਆ ਹੈ। ਉਹ ਇਨ੍ਹਾਂ ਬੱਚਿਆਂ ਨੂੰ ਮਹਿਕਮੇ ਤਰਫ਼ੋਂ ਬਣਦਾ ਮਾਣ ਦੇਣ ਲਈ ਇੱਕ ਨਵੀਂ ਤਜਵੀਜ਼ ਬਣਾ ਰਹੇ ਹਨ।


Tuesday, July 21, 2020

                                                        ਬੁਢਾਪਾ ਪੈਨਸ਼ਨ 
                        ‘ਜਵਾਨ’ ਬਜ਼ੁਰਗਾਂ ਨੂੰ ਡੇਢ ਅਰਬੀ ਤੋਹਫਾ !
                                                         ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅਯੋਗ ਬੁਢਾਪਾ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਵੱਲ 162.35 ਕਰੋੜ ਰੁਪਏ ਦੇ ਬਕਾਏ ਕੱਢ ਦਿੱਤੇ ਗਏ ਹਨ ਜਿਨ੍ਹਾਂ ਨੂੰ ਹੁਣ ਬੁਢਾਪਾ ਪੈਨਸ਼ਨ ਦਾ ਪੈਸਾ ਵਾਪਸ ਮੋੜਨਾ ਪਵੇਗਾ। ਕੈਪਟਨ ਸਰਕਾਰ ਵੱਲੋਂ ਗਠਜੋੜ ਸਰਕਾਰ ਮੌਕੇ ਲੱਗੀਆਂ ਬੁਢਾਪਾ ਪੈਨਸ਼ਨਾਂ ਦੀ ਪੜਤਾਲ ਕਰਾਈ ਗਈ ਸੀ। ਸਰਕਾਰੀ ਪੜਤਾਲ ’ਚ 70,137 ਲਾਭਪਾਤਰੀ ਅਯੋਗ ਪਾਏ ਗਏ ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ। ਪੜਤਾਲ ਤੇ ਯਕੀਨ ਕਰੀਏ ਤਾਂ ਸਰਕਾਰੀ ਖ਼ਜ਼ਾਨੇ ਨੂੰ 162.35 ਕਰੋੜ ਦਾ ਚੂਨਾ ਲੱਗਿਆ ਹੈ। ਪੰਜਾਬ ਸਰਕਾਰ ਨੇ ਗਠਜੋੜ ਸਰਕਾਰ ਵੇਲੇ ਲੱਗੀਆਂ ਬੁਢਾਪਾ ਪੈਨਸ਼ਨ ਦੀ ਪੜਤਾਲ ਕਰਾਉਣ ਦਾ 13 ਜੂਨ 2017 ਨੂੰ ਨੋਟੀਫਿਕੇਸ਼ਨ ਕੀਤਾ ਸੀ। ਡਿਪਟੀ ਕਮਿਸ਼ਨਰਾਂ ਤਰਫ਼ੋਂ ਕੀਤੀ ਪੜਤਾਲ ’ਚ ਪੰਜਾਬ ਭਰ ਵਿਚ 70,137 ਅਯੋਗ ਲਾਭਪਾਤਰੀ ਨਿਕਲੇ ਸਨ। ਪੰਜਾਬ ਸਰਕਾਰ ਨੇ ਹੁਣ ਤਿੰਨ ਵਰ੍ਹਿਆਂ ਮਗਰੋਂ ਅਯੋਗ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਤੋਂ ਵਸੂਲੀ ਕਰਨ ਦਾ ਫੈਸਲਾ ਕੀਤਾ ਹੈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਸ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ।
      ਸਰਕਾਰੀ ਫੈਸਲੇ ਅਨੁਸਾਰ ਹਰ ਜ਼ਿਲ੍ਹੇ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੀ ਅਗਵਾਈ ਵਿਚ ਇੱਕ ਜ਼ਿਲ੍ਹਾ ਪੱਧਰੀ ਕਮੇਟੀ ਬਣੇਗੀ ਜਿਸ ਵੱਲੋਂ ਹਰ 15 ਦਿਨਾਂ ਮਗਰੋਂ ਰਿਕਵਰੀ ਦੀ ਸਮੀਖਿਆ ਕੀਤੀ ਜਾਵੇਗੀ। ਪੜਤਾਲ ਦੌਰਾਨ ਜੋ ਘੱਟ ਉਮਰ ਕਾਰਨ ਅਯੋਗ ਪਾਏ ਗਏ ਹਨ, ਉਨ੍ਹਾਂ ਦੀ ਉਮਰ ਦੇ ਸਬੂਤਾਂ ਨੂੰ ਘੋਖਣ ਮਗਰੋਂ ਜ਼ਿਲ੍ਹਾ ਕਮੇਟੀ ਰਿਕਵਰੀ ਦਾ ਫੈਸਲਾ ਕਰੇਗੀ। ਜਿਨ੍ਹਾਂ ਲਾਭਪਾਤਰੀਆਂ ਨੇ ਆਪਣੀ ਆਮਦਨ ਦੇ ਸਰੋਤ ਛੁਪਾ ਕੇ ਬੁਢਾਪਾ ਪੈਨਸ਼ਨ ਲਗਵਾ ਲਈ ਸੀ, ਉਨ੍ਹਾਂ ਤੋਂ ਪੈਨਸ਼ਨ ਦੀ ਰਾਸ਼ੀ ਵਸੂਲ ਕੀਤੀ ਜਾਵੇਗੀ। ਪੜਤਾਲ ’ਚ ਜੋ ਵੱਧ ਜ਼ਮੀਨ ਵਾਲੇ ਲਾਭਪਾਤਰੀ ਅਯੋਗ ਪਾਏ ਗਏ ਹਨ, ਉਨ੍ਹਾਂ ਤੋਂ ਭੌਂ ਮਾਲੀਆ ਐਕਟ ਤਹਿਤ ਵਸੂਲੀ ਕੀਤੀ ਜਾਵੇਗੀ।  ਪੜਤਾਲ ਨੇ ਗਲਤ ਤਰੀਕੇ ਨਾਲ ਲੱਗੀਆਂ ਅਯੋਗ ਪੈਨਸ਼ਨਾਂ ਤੋਂ ਪਰਦਾ ਚੁੱਕ ਦਿੱਤਾ ਹੈ। ਯੋਗ ਲਾਭਪਾਤਰੀਆਂ ਨੂੰ ਮਿਲਣ ਵਾਲੀ 162.35 ਕਰੋੜ ਦੀ ਰਾਸ਼ੀ ਅਯੋਗ ਹੱਥਾਂ ਵਿਚ ਚਲੀ ਗਈ। ਸਿਆਸੀ ਤੌਰ ’ਤੇ ਇਹ ਮਾਮਲਾ ਤੂਲ ਫੜ ਸਕਦਾ ਹੈ। ਆਉਂਦੇ ਦਿਨਾਂ ਵਿਚ ਅਯੋਗ ਕੇਸਾਂ ਨੂੰ ਵਸੂਲੀ ਨੋਟਿਸ ਜਾਰੀ ਹੋਣੇ ਸ਼ੁਰੂ ਹੋਣਗੇ।
             ਵੇਰਵਿਆਂ ਅਨੁਸਾਰ ਹਰ ਅਯੋਗ ਲਾਭਪਾਤਰੀ ਨੂੰ ਅੌਸਤਨ 23,137 ਰੁਪਏ ਸਰਕਾਰ ਨੂੰ ਵਾਪਸ ਕਰਨੇ ਹੋਣਗੇ। ਅਯੋਗ ਕੇਸਾਂ ਦੀ ਗਿਣਤੀ ਦੇਖੀਏ ਤਾਂ ਸਭ ਤੋਂ ਵੱਧ ਜ਼ਿਲ੍ਹਾ ਸੰਗਰੂਰ ਵਿਚ 12,573 ਅਯੋਗ ਪੈਨਸ਼ਨਾਂ ਪਾਈਆਂ ਗਈਆਂ ਜਿਨ੍ਹਾਂ ਤੋਂ 26.63 ਕਰੋੋੜ ਦੀ ਵਾਪਸੀ ਹੋਵੇਗੀ। ਸੰਗਰੂਰ ਜ਼ਿਲ੍ਹੇ ਦੇ ਹਰ ਅਯੋਗ ਲਾਭਪਾਤਰੀ ਨੂੰ ਅੌਸਤਨ 21,184 ਰੁਪਏ ਪ੍ਰਤੀ ਕੇਸ ਵਾਪਸ ਕਰਨੇ ਪੈਣਗੇ। ਦੂਜਾ ਨੰਬਰ ਜ਼ਿਲ੍ਹਾ ਬਠਿੰਡਾ ਦਾ ਹੈ ਜਿਥੇ 8762 ਕੇਸ ਅਯੋਗ ਪਾਏ ਗਏ ਜਿਨ੍ਹਾਂ ਤੋਂ 17 ਕਰੋੜ ਦੀ ਵਸੂਲੀ ਕੀਤੀ ਜਾਣੀ ਹੈ ਜੋ ਅੌਸਤਨ ਪ੍ਰਤੀ ਕੇਸ 19,401 ਰੁਪਏ ਬਣਦੀ ਹੈ। ਤੀਜਾ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਦਾ ਹੈ ਜਿਥੇ 78,53 ਕੇਸਾਂ ਤੋਂ 19.95 ਕਰੋੜ ਵਸੂਲਿਆ ਜਾਣਾ ਹੈ। ਪ੍ਰਤੀ ਕੇਸ ਅੌਸਤਨ 25,410 ਰੁਪਏ ਦੀ ਵਸੂਲੀ ਹੋਵੇਗੀ।
     ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 7441 ਕੇਸ ਅਯੋਗ ਪਾਏ ਗਏ ਹਨ ਜਿਨ੍ਹਾਂ ਤੋਂ 15.70 ਕਰੋੜ ਰੁਪਏ ਵਾਪਸ ਲਏ ਜਾਣੇ ਹਨ ਜੋ ਪ੍ਰਤੀ ਕੇਸ ਅੌਸਤਨ 21,101 ਰੁਪਏ ਬਣਦੇ ਹਨ। ਜ਼ਿਲ੍ਹਾ ਮਾਨਸਾ ਦੇ 6663 ਅਯੋਗ ਲਾਭਪਾਤਰੀਆਂ ਤੋਂ 18.87 ਕਰੋੜ ਰੁਪਏ ਵਸੂਲੇ ਜਾਣੇ ਹਨ। ਦੱਸਣਯੋਗ ਹੈ ਕਿ ਪੰਜਾਬ ਵਿਚ ਚਾਰ ਤਰ੍ਹਾਂ ਦੀਆਂ ਪੈਨਸ਼ਨਾਂ ਦੇ 25 ਲੱਖ ਲਾਭਪਾਤਰੀ ਹਨ ਜਿਨ੍ਹਾਂ ਚੋਂ ਕਰੀਬ 16 ਲੱਖ ਲਾਭਪਾਤਰੀ ਬੁਢਾਪਾ ਪੈਨਸ਼ਨ ਲੈ ਰਹੇ ਹਨ।  ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਤਹਿਤ ਹੁਣ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। 58 ਸਾਲ ਦੀ ਅੌਰਤ ਅਤੇ 65 ਸਾਲ ਦਾ ਪੁਰਸ਼ ਇਸ ਪੈਨਸ਼ਨ ਲਈ ਯੋਗ ਹੈ ਜਿਨ੍ਹਾਂ ਦੀ ਸਲਾਨਾ ਆਮਦਨ 60 ਹਜ਼ਾਰ ਤੋਂ ਹੇਠਾਂ ਹੋਣੀ ਲਾਜ਼ਮੀ ਹੈ।
               ਅਯੋਗ ਕੇਸਾਂ ਨੂੰ ਵਸੂਲੀ ਨੋਟਿਸ ਦਿਆਂਗੇ : ਵਿਸ਼ੇਸ਼ ਸਕੱਤਰ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਵਿਸ਼ੇਸ਼ ਸਕੱਤਰ ਰਾਜੀ.ਪੀ ਸ੍ਰੀਵਾਸਤਵਾ ਦਾ ਕਹਿਣਾ ਸੀ ਕਿ ਪੜਤਾਲ ’ਚ ਅਯੋਗ ਪਾਏ ਗਏ ਲਾਭਪਾਤਰੀਆਂ ਤੋਂ ਨਿਯਮਾਂ ਅਨੁਸਾਰ ਵਸੂਲੀ ਕੀਤੀ ਜਾਵੇਗੀ। ਪਹਿਲੇ ਪੜਾਅ ’ਤੇ ਰਿਕਵਰੀ ਨੋਟਿਸ ਦਿੱਤੇ ਜਾਣਗੇ। ਅਯੋਗ ਲਾਭਪਾਤਰੀਆਂ ਦੀ ਪੈਨਸ਼ਨ ਪਹਿਲਾਂ ਹੀ ਬੰਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਤਰਫ਼ੋਂ ਜੂਨ ਮਹੀਨੇ ਤੱਕ ਦੀ ਬੁਢਾਪਾ ਪੈਨਸ਼ਨ ਵੰਡ ਦਿੱਤੀ ਗਈ ਹੈ ਅਤੇ ਕੋਈ ਬੈਕਲਾਗ ਨਹੀਂ ਹੈ।
       ਅਯੋਗ ਲਾਭਪਾਤਰੀ : ਇੱਕ ਨਜ਼ਰ
   ਜ਼ਿਲ੍ਹਾ ਅਯੋਗ ਕੇਸਾਂ ਦੀ ਗਿਣਤੀ     ਵਸੂਲੀਯੋਗ ਰਾਸ਼ੀ
1. ਸੰਗਰੂਰ 12573 26.63 ਕਰੋੜ
2. ਅੰਮ੍ਰਿਤਸਰ 7853 19.95 ਕਰੋੜ
3. ਪਟਿਆਲਾ 6528 19.63 ਕਰੋੜ
4. ਗੁਰਦਾਸਪੁਰ 4120 11.67 ਕਰੋੜ
5. ਲੁਧਿਆਣਾ 1954 4.48 ਕਰੋੜ
6. ਹੁਸ਼ਿਆਰਪੁਰ 1025 3.02 ਕਰੋੜ
7. ਫਾਜ਼ਿਲਕਾ 2452 6.14 ਕਰੋੜ
8. ਮੁਕਤਸਰ 7441 15.70 ਕਰੋੜ
9. ਤਰਨਤਾਰਨ 3207 2.16 ਕਰੋੜ
10. ਬਠਿੰਡਾ 8762 17.00 ਕਰੋੜ
 


Monday, July 20, 2020

                       ਬੁਲੇਟ ਦੇ ਸ਼ੈਦਾਈ
       ਪੰਜਾਬੀਆਂ ਨੇ ਪੁਆਤੇ ਪਟਾਕੇ
                    ਚਰਨਜੀਤ ਭੁੱਲਰ
ਚੰਡੀਗੜ੍ਹ,: ‘ਬੁਲੇਟ’ ਦੇ ਸ਼ੌਕ ਨੇ ਪੰਜਾਬੀ ਸ਼ੈਦਾਈ ਕਰ ਦਿੱਤੇ ਹਨ। ਕੋਵਿਡ ਸੰਕਟ ’ਤੇ ਵੀ ਸ਼ੌਕ ਭਾਰੂ ਪਿਆ ਹੈ। ਭਾਵੇਂ ਪੰਜਾਬੀ ਵਿੱਤੀ ਆਫ਼ਤਾਂ ਦੀ ਵਲਗਣ ’ਚ ਹਨ ਪਰ ਊਹ ਖੁੱਲ੍ਹੇ ਹੱਥ ਨਾਲ ‘ਬੁਲੇਟ’ ਖ਼ਰੀਦ ਰਹੇ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਲੰਘੇ ਸਾਢੇ ਚਾਰ ਵਰ੍ਹਿਆਂ ਵਿੱਚ ਕਰੀਬ 2500 ਕਰੋੜ ਰੁਪਏ ਖ਼ਰਚ ਕੇ ਬੁਲੇਟ ਮੋਟਰਸਾਈਕਲ ਦਾ ਸ਼ੌਕ ਪੂਰਾ ਕੀਤਾ ਹੈ। ਵੇਰਵਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਕੋਲ ਪਹਿਲੀ ਜਨਵਰੀ 2016 ਤੋਂ 15 ਜੁਲਾਈ 2020 ਤੱਕ ਪੰਜਾਬ ’ਚ ਨਵੇਂ 1,87, 291 ਬੁਲੇਟ ਮੋਟਰਸਾਈਕਲ (ਰਾਇਲ ਐਨਫੀਲਡ) ਰਜਿਸਟਰਡ ਹੋਏ ਹਨ। ਔਸਤ ਵੇਖੀਏ ਤਾਂ ਪੰਜਾਬ ਵਿੱਚ ਇਨ੍ਹਾਂ ਲੰਘੇ ਸਾਢੇ ਚਾਰ ਵਰ੍ਹਿਆਂ ਦੌਰਾਨ ਰੋਜ਼ਾਨਾ 113 ਬੁਲੇਟ ਮੋਟਰਸਾਈਕਲਾਂ ਦੀ ਵਿੱਕਰੀ ਹੋਈ। ਮਤਲਬ, ਪੰਜਾਬੀ ਰੋਜ਼ਾਨਾ ਔਸਤਨ ਡੇਢ ਕਰੋੜ ਰੁਪਏ ਬੁਲੇਟ ਦੀ ਖ਼ਰੀਦ ’ਤੇ ਖ਼ਰਚ ਹੁੰਦੇ ਰਹੇ।ਪੰਜਾਬ ’ਚ ਸਾਲ 2019 ਦੌਰਾਨ 43,682 ਬੁਲੇਟ ਵਿਕੇ ਹਨ, ਜਿਨ੍ਹਾਂ ਦੀ ਰੋਜ਼ਾਨਾ ਵਿਕਰੀ ਔਸਤ 119 ਬਣਦੀ ਹੈ। ਸਾਲ 2018 ਵਿੱਚ ਇਹੋ ਔਸਤ ਰੋਜ਼ਾਨਾ 126 ਬੁਲੇਟ ਮੋਟਰਸਾਈਕਲਾਂ ਦੀ ਸੀ। ਚਾਲੂ ਕੈਲੰਡਰ ਵਰ੍ਹੇ ਦੌਰਾਨ ਪੰਜਾਬ ਵਿੱਚ 16,911 ਬੁਲੇਟ ਰਜਿਸਟਰਡ ਹੋਏ ਹਨ। ਬੁਲੇਟ ਦੀ ਕੀਮਤ ਵਿਚ ਹਰ ਵਰ੍ਹੇ ਕੰਪਨੀ ਵੱਲੋਂ ਪੰਜ ਤੋਂ ਸੱਤ ਹਜ਼ਾਰ ਰੁਪਏ ਵਾਧਾ ਕੀਤਾ ਜਾ ਰਿਹਾ ਹੈ।
                 ਬੁਲੇਟ ਦੇ ਸਟੈਂਡਰਡ ਮਾਡਲ ਦੀ ਕੀਮਤ ਸਮੇਤ ਸਭ ਟੈਕਸਾਂ ਦੇ 1,49,500 ਰੁਪਏ ਹੈ ਜੋ ਕਰੀਬ 90 ਫ਼ੀਸਦੀ ਵਿਕਦਾ ਹੈ। ਕਲਾਸਿਕ ਮਾਡਲ ਦੀ ਕੀਮਤ 1.90 ਲੱਖ ਰੁਪਏ ਹੈ।ਲੰਘੇ ਸਾਢੇ ਚਾਰ ਸਾਲਾਂ ਦੀ ਔਸਤਨ ਕੀਮਤ 1.30 ਲੱਖ ਰੁਪਏ ਵੀ ਰੱਖ ਲਈਏ ਤਾਂ ਵੀ ਇਨ੍ਹਾਂ ਵਰ੍ਹਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਬੁਲੇਟ ਦੀ ਖ਼ਰੀਦ ’ਤੇ 2434.78 ਕਰੋੜ ਰੁਪਏ ਖ਼ਰਚੇ ਹਨ। ਪਟਿਆਲਾ ’ਚ ਰਾਇਲ ਐਨਫੀਲਡ ਏਜੰਸੀ ਦੇ ਅਧਿਕਾਰੀ ਜਗਦੀਸ਼ ਚੰਦ ਆਖਦੇ ਹਨ ਕਿ ਬੁਲੇਟ ਦੀ ਛੇ ਛੇ ਮਹੀਨੇ ਦੀ ਪਹਿਲਾਂ ਵੇਟਿੰਗ ਹੁੰਦੀ ਸੀ ਜੋ ਹੁਣ ਦੋ ਹਫ਼ਤਿਆਂ ਦੀ ਹੈ। ਉਨ੍ਹਾਂ ਦੱਸਿਆ ਕਿ ਭਾਅ ਵਧਣ ਦੇ ਬਾਵਜੂਦ ਇਸ ਦਾ ਸ਼ੌਕ ਕਦੇ ਘਟਿਆ ਨਹੀਂ ਹੈ। ਨਾਭਾ ਦੇ ਸਕੂਲ ਲੈਕਚਰਾਰ ਦਲਜੀਤ ਸਿੰਘ ਆਖਦੇ ਹਨ ਕਿ ਨੌਜਵਾਨਾਂ ਲਈ ਬੁਲੇਟ ਹੁਣ ਸਟੇਟਸ ਸਿੰਬਲ ਬਣ ਗਿਆ ਹੈ। ਗੀਤਕਾਰ ਮਨਪ੍ਰੀਤ ਟਿਵਾਣਾ ਆਖਦੇ ਹਨ ਕਿ ਪੰਜਾਬੀ ਗੀਤਾਂ ’ਚ ਬੁਲੇਟ ਦੀ ਚਰਚਾ ਨੇ ਇਸ ਦੀ ਵਿੱਕਰੀ ਨੂੰ ਹੁਲਾਰਾ ਦਿੱਤਾ ਹੈ।  ਦੇਸ਼ ਭਰ ’ਚ ਵਿਕਦੇ ਬੁਲੇਟ ਮੋਟਰਸਾਈਕਲਾਂ ’ਚੋਂ ਕਰੀਬ 6.50 ਫ਼ੀਸਦੀ ਬੁਲੇਟ ਇਕੱਲੇ ਪੰਜਾਬ ਵਿੱਚ ਵਿਕਦੇ ਹਨ। ਸਾਲ 2019 ਵਿਚ ਦੇਸ਼ ਭਰ ਵਿਚ 6,41,314 ਬੁਲੇਟ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜਿਸ ’ਚੋਂ 6.81 ਫ਼ੀਸਦੀ ਇਕੱਲੇ ਪੰਜਾਬ ਦੇ ਹਨ। ਸਾਲ 2017 ਵਿੱਚ 6.55 ਫ਼ੀਸਦੀ ਬੁਲੇਟ ਇਕੱਲੇ ਪੰਜਾਬ ‘ਚ ਵਿਕਿਆ ਹੈ।
               ਸੂਤਰ ਦੱਸਦੇ ਹਨ ਕਿ ਪੰਜਾਬ ਵਿਚ ਲੜਕੀਆਂ ਵੀ ਬੁਲੇਟ ਦੀਆਂ ਸ਼ੌਕੀਨ ਹਨ। ਇੱਕ ਤੋਂ ਦੋ ਫ਼ੀਸਦੀ ਬੁਲੇਟ ਲੜਕੀਆਂ ਨੇ ਵੀ ਖ਼ਰੀਦੇ ਹਨ। ਦੂਸਰੇ ਪਾਸੇ ਦੇਖੀਏ ਤਾਂ ਪੰਜਾਬ ਵਿਚ ਸਾਢੇ ਚਾਰ ਵਰ੍ਹਿਆਂ ਦੌਰਾਨ 5,59,670 ਕਾਰਾਂ ਦੀ ਵਿੱਕਰੀ ਹੋਈ ਹੈ ਜਿਸ ਦੀ ਰੋਜ਼ਾਨਾ ਦੀ ਔਸਤਨ 337 ਕਾਰਾਂ ਦੀ ਬਣਦੀ ਹੈ ਅਤੇ ਇਸੇ ਤਰ੍ਹਾਂ ਇਨ੍ਹਾਂ ਸਾਢੇ ਚਾਰ ਸਾਲਾਂ ਵਿਚ 26.70 ਲੱਖ ਮੋਟਰਸਾਈਕਲ/ਸਕੂਟਰ ਵੀ ਵਿਕੇ ਹਨ ਜਿਨ੍ਹਾਂ ਦੀ ਰੋਜ਼ਾਨਾ ਦੀ ਔਸਤ 1611 ਦੀ ਬਣਦੀ ਹੈ।ਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ਵਿੱਚ 89,463 ਟਰੈਕਟਰ ਵੀ ਵਿਕੇ ਹਨ ਜਿਨ੍ਹਾਂ ਦੀ ਰੋਜ਼ਾਨਾ ਦੀ ਔਸਤ 53 ਹੈ। ਪੰਜਾਬ ਸਰਕਾਰ ਹੁਣ ਵਾਹਨਾਂ ਦੀ ਰਜਿਸਟਰੇਸ਼ਨ ਆਦਿ ਤੋਂ ਸਾਲਾਨਾ 1500 ਕਰੋੜ ਰੁਪਏ ਦੀ ਕਮਾਈ ਕਰਦੀ ਹੈ। ਭਾਵੇਂ ਕੋਵਿਡ ਦਾ ਸਮਾਂ ਚੱਲ ਰਿਹਾ ਹੈ ਪਰ ਪੰਜਾਬ ਵਿਚ ਚਾਲੂ ਸਾਲ ਦੌਰਾਨ 136 ਬੀ.ਐਮ.ਡਬਲਿਊ ਲਗਜ਼ਰੀ ਗੱਡੀਆਂ ਵੀ ਵਿਕੀਆਂ ਹਨ। ਸਾਲ 2019 ਦੌਰਾਨ 249 ਗੱਡੀਆਂ ਦੀ ਵਿੱਕਰੀ ਰਹੀ ਹੈ।
                             ‘ਸ਼ੌਕ ਲਈ ਅੱਗਾ-ਪਿੱਛਾ ਨਹੀਂ ਵੇਖਦੇ ਪੰਜਾਬੀ’
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਵੀ ਰਵਿੰਦਰ ਆਖਦੇ ਹਨ ਕਿ ਪੰਜਾਬੀ ਸੁਭਾਅ ਏਦਾਂ ਦਾ ਹੈ ਕਿ ਸ਼ੌਕ ਦੀ ਪੂਰਤੀ ਲਈ ਅੱਗਾ ਪਿੱਛਾ ਨਹੀਂ ਦੇਖਦੇ ਹਨ। ਆਮ ਦੁਪਹੀਆ ਅਤੇ ਚਾਰ ਪਹੀਆ ਵਾਹਨ ਤਾਂ ਹੁਣ ਮੌਜੂਦਾ ਦੌਰ ਦੀ ਲੋੜ ਬਣ ਗਏ ਹਨ ਪਰ ਮਹਿੰਗੇ ਵਾਹਨ ਸ਼ੌਕ ਦੀ ਪੂਰਤੀ ਲਈ ਰਸਦੇ ਪੁੱਜਦੇ ਪਰਿਵਾਰ ਜ਼ਿਆਦਾ ਖ਼ਰੀਦਦੇ ਹਨ।

Sunday, July 19, 2020

                          ਵਿਚਲੀ ਗੱਲ
     ਸ਼ਾਹ ਮੁਹੰਮਦਾ ਕੋਈ ਨਾ ਮੁੱਲ ਪਾਵੇ..!
                           ਚਰਨਜੀਤ ਭੁੱਲਰ
ਚੰਡੀਗੜ੍ਹ : ਬਲਿਹਾਰੇ ਜਾਵਾਂ ਜਨਾਬ ਮਹੇਸ਼ਵਰੀ ਤੋਂ। ਦਿੱਲ ਕਰਦੈ ਕਿਤੇ ‘ਕੱਲੇ ਮਿਲ ਜਾਣ। ਪਹਿਲਾਂ ਪਵਿੱਤਰ ਚਰਨ ਛੋਹਾਂ, ਫਿਰ ਦਰਸ਼ਨ ਦੀਦਾਰ ਕਰ ਧੰਨ ਹੋਵਾਂ। ਪਿਆਰਾ ਸੱਜਣ ਨਾ ਵੀ ਮਿਲੇ, ਬੱਸ ਚਰਨਾਂ ਦੀ ਧੂੜ ਨਸੀਬ ਹੋ ਜਾਵੇ। ਚਿਰਾਂ ਦੀ ਤਾਂਘ ਮਿਟ ਜਾਏ ਪਰ ਅਸੀਂ ਅਭਾਗੇ ਹਾਂ। ਉਹ ਤਾਂ ਪ੍ਰਭੂ ਦੀ ਮੂਰਤ ਨੇ। ਅਫ਼ਸੋਸ! ਅੱਗਿਓਂ ਟੱਕਰ ਗਏ ਮੂਰਖਾਂ ਦੇ ਜ਼ੈਲਦਾਰ। ਕਿਤੇ ਪਾਰਖੂ ਅੱਖ ਹੁੰਦੀ, ਜਨਾਬ ਦਾ ਮੁੱਲ ਪੈਂਦਾ। ਜੌਹਰੀ ਹੁਣ ਕਿਹੜੇ ਪਤਾਲ ‘ਚੋਂ ਲੱਭੀਏ। ਮਹੇਸ਼ਵਰੀ ਜੀ, ਦੁਨੀਆਂ ਰੰਗ-ਬਿਰੰਗੀ, ਫਿਕਰ ਛੱਡੋ, ਅੱਗੇ ਵਧੋ। ਪੂਰਾ ਪੰਜਾਬ ਥੋਡਾ ਸ਼ੈਦਾਈ ਐ।‘ਖਾਲੀ ਗੱਲਾਂ ਨਾਲ ਚੌਲ ਨਹੀਂ ਰਿੱਝਦੇ‘। ਬਠਿੰਡੇ ‘ਚ ਚੁੱਲ੍ਹਾ ਤਪਿਆ। ਬੇਵਕੂਫਾਂ ਤੋਂ ਝੱਲ ਨਾ ਹੋਇਆ। ਨਹੀਂ ਪਾਉਂਦੇ ਬੁਝਾਰਤਾਂ। ਲਓ ਸੁਣੋ ਜੱਗ ਬੀਤੀ। ਜਨਾਬ ਨੂੰ ਬੱਚਾ-ਬੱਚਾ ਜਾਣਦੈ। ਨਾਮ ਡਾਕਟਰ ਰਮੇਸ਼ ਕੁਮਾਰ ਮਹੇਸ਼ਵਰੀ। ਜ਼ਿਲ੍ਹਾ ਸਿਹਤ ਅਫ਼ਸਰ ਲੱਗਿਐ ਬਠਿੰਡੇ। ਅਲੋਕਾਰੀ ਸੋਚ, ਪ੍ਰਤਾਪੀ ਚਿਹਰਾ, ਵੱਡਾ ਮਿਸ਼ਨ। ਉਧਰ, ਭੁੱਚੋ ਵਾਲਾ ਵਿਨੋਦ ਕੁਮਾਰ, ਸਿਰੇ ਦਾ ਲੱਲੂ ਨਿਕਲਿਐ। ਤਾਹੀਂ ਮੂਰਖ ਹਲਦੀ ਦੇ ਨਮੂਨੇ ਭਰਵਾ ਬੈਠਾ। ‘ਗੱਲ ਸਹੇ ਦੀ ਨਹੀਂ, ਪਹੇ ਦੀ ਹੈ‘। ਕਮਲਾ ਵਿਨੋਦ ਆਖਦੈ, ਮੈਂ ਤਾਂ ਪਹੇ ‘ਤੇ ਚੱਲੂੰ।ਵਿਨੋਦ ਕੁਮਾਰ ਦਾ ਭਰਾ ਸਤੀਸ਼। ਉਹ ਵੀ ਖੂਹ ਦਾ ਡੱਡੂ ਹੈ। ਸਤੀਸ਼ ਨੇ ਮਹੇਸ਼ਵਰੀ ਨੂੰ ਫੋਨ ਖੜਕਾ ਦਿੱਤਾ। ਅਖੇ ਭਰਾ ਦੀ ਹਲਦੀ ਦੇ ਨਮੂਨੇ ਕਾਹਤੋਂ ਭਰੇ।
               ਅੱਗਿਓਂ ਖੁਦ ਸੁਣੋ ‘ਮਹੇਸ਼ਵਰੀ ਪ੍ਰਵਚਨ‘। ‘ਦੇਖੋ ਪਿਆਰੇ ਸਤੀਸ਼, ਸਾਡਾ ਇੱਕ ਸਿਸਟਮ ਬਣਿਐ। ਸਿਸਟਮ ਬਹੁਤਾ ਲੰਮਾ ਚੌੜਾ ਨਹੀਂ, ਬੱਸ ਮਹੀਨੇ ਦਾ ਆਹ ਸੌ ਦੋ ਸੌ ਵਾਲਾ। ਏਡੀ ਵੱਡੀ ਥੋਡੀ ਕਰਿਆਨੇ ਦੀ ਦੁਕਾਨ, ਭਲਾਂ 200 ਰੁਪਏ ਕਿੱਡੀ ਕੁ ਵੱਡੀ ਗੱਲ ਐ। ਜਦੋਂ ਬੰਦੇ ਸਿਸਟਮ ‘ਚ ਨਹੀਂ ਪੈਂਦੇ ਤਾਂ ਨਮੂਨੇ ਭਰਨੇ ਪੈਂਦੇ ਨੇ। ਤੇਰਾ ਭਰਾ ‘ਨੌਨਸੈਂਸ‘ ਐ, ਸਿਸਟਮ ਨਹੀਂ ਸਮਝਦਾ। ਜਦੋਂ ਪੰਜ ਸੱਤ ਬੰਦੇ ਸਿਸਟਮ ‘ਚ ਨਹੀਂ ਪੈਂਦੇ, ਬਾਕੀ ਵੀ ਅੱਖਾਂ ਦਿਖਾਉਂਦੇ ਨੇ। ਇਵੇਂ ਪੂਰਾ ਸਿਸਟਮ ਖ਼ਰਾਬ ਹੁੰਦੈ।‘ਜੀਓ ਸੱਜਣ ਜੀਓ। ਖਰੀ ਤੇ ਸੱਚੀ ਦੇਸ਼ ਭਗਤੀ। ਕੋਈ ਜਨਾਬ ਤੋਂ ਸਿੱਖੇ। ‘ਤੁਸੀਂ ਮੈਨੂੰ ਦੋ ਸੌ ਦਿਓ, ਮੈਂ ਤੁਹਾਨੂੰ ਸਿਸਟਮ ਦਿਆਂਗਾ‘। ਦਿਲ ਕਰਦੈ, ਜਨਾਬ ਤੋਂ ਸੌ ਜਾਨਾਂ ਵਾਰ ਦੇਵਾਂ। ਬਠਿੰਡਾ ਪੁਲੀਸ ਨੇ ਧਰੋਹ ਕਮਾਇਐ। ਮਹੇਸ਼ਵਰੀ ‘ਤੇ ਕੇਸ ਦਰਜ ਕਰ ਦਿੱਤੈ। ਜਨਾਬ ਨੇ ‘ਦੱਦਾ ਨਹੀਂ ਪੜ੍ਹਿਆ, ਲੱਲਾ ਪੜ੍ਹਿਆ ਏ‘। ਪਿਆਰੇ, ਦਿਲ ਹੌਲਾ ਨਾ ਕਰੋ। ਤੁਹਾਡੀ ਕੁਰਬਾਨੀ ਅਜਾਈਂ ਨਹੀਂ ਜਾਏਗੀ। ‘ਸਿਸਟਮ‘ ਖਾਤਰ ਜੇਲ੍ਹ ਜਾਣਾ ਪਿਆ। ਪਿੱਛੇ ਨਾ ਹਟਣਾ, ਹੱਸ ਕੇ ਜਾਣਾ। ਡਾਕਟਰ ਤਾਂ ਹੁੰਦੇ ਹੀ ਰੱਬ ਦਾ ਰੂਪ ਨੇ। ਐ ਪਾਪੀ ਵਿਨੋਦ, ਤੂੰ ਭੁਗਤੇਂਗਾ ਇੱਕ ਦਿਨ। ਜਸਟਿਸ ਜਸਵੰਤ ਸਿੰਘ ਦਾ ਜੱਸ ਕਿਵੇਂ ਗਾਈਏ। ‘ਸਿਸਟਮ‘ ‘ਤੇ ਟਕੋਰ ਕੀਤੀ, ਅਖੇ ਸ਼ਾਰਕ ਮੱਛੀ ਨਾ ਬਣੋ। ਕੱਲ੍ਹ ਨੂੰ ਕੋਈ ਆਖੂ, ਬੰਦੇ ਬਣੋ, ਭਲਾ ਦੱਸੋ, ਫਿਰ ‘ਸਿਸਟਮ‘ ਦਾ ਕੀ ਬਣੂ।
             ਅਖਾਣ ਅਟਪਟਾ ਨਾ ਲੱਗੇ, ‘ਮੂਤ ‘ਚੋਂ ਮੱਛੀਆਂ ਭਾਲਣਾ‘। ਮਹਾਨ ਡਾਕਟਰਾਂ ਨੂੰ ਪ੍ਰਣਾਮ। ਮਾਨਸਾ ‘ਚ ਸੱਚਮੁੱਚ ਚਮਤਕਾਰ ਕੀਤੈ। ਮੂਤ ‘ਚੋਂ ਕਿੰਨੀਆਂ ਮੱਛੀਆਂ ਲੱਭੀਆਂ, ਵਿਜੀਲੈਂਸ ਗਿਣਤੀ ਕਰਕੇ ਦੱਸੂ। ਡੋਪ ਟੈਸਟ ਦਾ ‘ਸਿਸਟਮ‘ ਅਨੋਖਾ ਐ। ‘ਸਿਸਟਮ‘ ‘ਚ ਬੱਝੇ ਭਗਤ ਆਉਂਦੇ ਨੇ। ਦਸ ਹਜ਼ਾਰ ‘ਸਿਸਟਮ‘ ਦੀ ਜੇਬ ‘ਚ ਪਾਉਂਦੇ ਨੇ। ਘਰੋਂ ਕਿਸੇ ਬੱਚੇ ਦਾ ਪਿਸ਼ਾਬ ਲਿਆਉਂਦੇ ਨੇ। ਡੋਪ ਟੈਸਟ ਕਰਾਉਂਦੇ ਨੇ। ਲਾਇਸੈਂਸ ਅਸਲੇ ਦਾ ਬਣਾਉਂਦੇ ਨੇ। ਐੱਸਐੱਸਪੀ (ਵਿਜੀਲੈਂਸ) ਦਾ ਢਿੱਡ ਪਤਾ ਨਹੀਂ ਕਿਉਂ ਦੁਖਿਐ। ‘ਸਿਸਟਮ‘ ਦੇ ਰਾਖੇ ਫੜ ਲਏ। ਰੋਮਨ ਆਖਦੇ ਨੇ, ‘ਰੋਗ ਤੋਂ ਵੱਧ ਡਾਕਟਰ ਤੋਂ ਡਰੋਂ।‘ ਪਰਮਜੀਤ ਸਿੰਘ ਵਿਰਕ ਕਾਹਤੋਂ ਨਹੀਂ ਡਰਦੇ। ਇਕੱਲੇ ਐੱਸਐੱਸਪੀ ਨਹੀਂ, ਕਵੀ ਵੀ ਚੰਗੇ ਨੇ। ਇੰਝ ਅਰਜ਼ ਕਰਦੇ ਨੇ, ‘ਅੱਜ ਕੱਲ੍ਹ ਸਾਰੇ ਚੋਰ ਸਿਆਣੇ, ਇਹੋ ਢੰਗ ਅਪਣਾ ਰਹੇ ਨੇ/ਚੋਰ ਤੇ ਕੁੱਤੀ ਦੋਵੇਂ ਰਲ ਕੇ, ਥਾਂ-ਥਾਂ ਲੁੱਟ ਮਚਾ ਰਹੇ ਨੇ।‘ ਮਿਲਾਵਟ ਰੋਕਣ ਲਈ ਲਾਏ ਡਾਕਟਰ, ਕਿਹੜੇ ਰਾਹੇ ਪੈ ਨਿਕਲੇ। ਬਰਨਾਲੇ ਤੇ ਅੰਮ੍ਰਿਤਸਰ ਵਾਲੇ ਅਫ਼ਸਰ ਵੀ ਅਨਾੜੀ ਨਿਕਲੇ, ਕਾਬੂ ਆ ਗਏ। ਜਦੋਂ ਗੱਦੀ ‘ਤੇ ‘ਸਿਸਟਮ‘ ਬੈਠ ਜਾਏ, ਉਦੋਂ ਇਮਾਨ ਬਣਵਾਸ ਕੱਟਦੈ। ਮੱਛੀ ਬਾਜ਼ਾਰ ‘ਚ ਕਵਿਤਾ ਕੌਣ ਸੁਣਦੈ। ਸ਼ਾਰਕ ਮੱਛੀ ਵੱਡੀ ਐ, ਛੋਟੀ ਵਿਚਾਰੀ ਕੀ ਕਰੇ। ਪੰਜਾਬ ਮੱਛੀ ਵਾਂਗ ਤੜਫ ਰਿਹੈ।
              ਚੀਨੀ ਦਾਦੇ ਆਖਦੇ ਨੇ, ‘ਪੈਸੇ ਦਾ ਝਲਕਾਰਾ ਅੰਨ੍ਹੇ ਨੂੰ ਵੀ ਦੇਖਣ ਲਾ ਦਿੰਦੈ।‘ ਪਤਾ ਨਹੀਂ, ਸਿਆਸਤਦਾਨ ਕਿਉਂ ਐਨਕਾਂ ਲਾਈ ਫਿਰਦੇ ਨੇ। ਵੱਢੀਖੋਰੀ ਖੂਨ ‘ਚ ਏਨੀ ਰਚ ਗਈ। ਬਿਨਾਂ ਖੂਨ ਬਦਲੀ ਕੀਤੇ ਹੁਣ ਸਰਨਾ ਨਹੀਂ। ਮਰਜ਼ਾਂ ਹੱਡੀਂ ਬੈਠੀਆਂ ਨੇ। ਆਜ਼ਾਦੀ ਮਗਰੋਂ ਤਿੰਨ ਸਾਲਾਂ ‘ਚ 230 ਵੱਢੀਖੋਰ ਗਜ਼ਟਿਡ ਅਫ਼ਸਰ ਫੜੇ ਗਏ ਸਨ। 1951-52 ‘ਚ ਮਿਲਾਵਟੀ ਦੁੱਧ ਦੇ 3429 ਕੇਸ ਫੜੇ, ਜਿਨ੍ਹਾਂ ‘ਚੋਂ 2096 ਨੂੰ ਸਜ਼ਾ ਹੋਈ। ਅੱਜ ਨਮੂਨੇ ਤਾਂ ਭਰਦੇ ਨੇ, ਸਜ਼ਾ ਨਹੀਂ ਹੁੰਦੀ। ਅਮਰਿੰਦਰ ਸਰਕਾਰ ਵਧੇ ਫੁੱਲੇ। ‘ਸ਼ਾਰਕ ਮੱਛੀ‘ ਬਾਗੋ-ਬਾਗ ਐ। ਖੂੰਡਾ ਗੁਆਚ ਗਿਐ, ਹਰ ਇੱਟ ‘ਤੇ ਛੁਰੀਮਾਰ ਬੈਠੈ। ਦਸੌਂਧਾ ਸਿਓਂ ਨੂੰ ਨਾ ਚੜ੍ਹੀ ਦੀ ਐ, ਨਾ ਲੱਥੀ ਦੀ। ਕੱਛਾਂ ਵਜਾ ਰਿਹੈ, ਦੇਖਿਓ, ਸਰਕਾਰ ਬਣਾਵਾਂਗੇ। ਹਮਾਮ ‘ਚ ਸਭ ਪ੍ਰਾਹੁਣੇ ਨੇ। ‘ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ-ਕਿਹੜੇ ਦਾ ਲਵਾਂ ਨਾਉਂ ਮੀਆਂ।‘ ਪਟਵਾਰੀ, ਕਲਰਕ, ਜੇਈ, ਸਿਪਾਹੀ, ਹੌਲਦਾਰ। ਸਭ ਛੋਟੀ ਮੱਛੀ ਦੀ ਪ੍ਰਜਾਤੀ ‘ਚ ਆਉਂਦੇ ਨੇ।ਕੈਪਟਨ ਹਕੂਮਤ ‘ਚ ਰੰਗੇ ਹੱਥੀ ਫੜੇ ਗਏ, ਕੇਵਲ 49 ਗਜ਼ਟਿਡ ਅਫਸਰ, ਨਾਨ ਗਜ਼ਟਿਡ 439। ਕਦੇ ਪੈਸੇ ਦਾ ਫੈਸ਼ਨ ਪੁਰਾਣਾ ਨਹੀਂ ਹੁੰਦਾ। ਸ਼ਾਰਕ ਮੱਛੀ ਸੰਦੂਕ ਦੀ ਰਾਖੀ ਬੈਠੀ ਹੈ। ਪੰਜਾਬ ਦੀ ਜਾਮਾ ਤਲਾਸ਼ੀ ਨਿੱਤ ਹੁੰਦੀ ਐ। ਬਾਬੇ ਨਾਨਕ ਦੀ ਕੌਣ ਸੁਣਦੇ, ‘ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ।‘
               ਧੰਨ ਉਹ ਵੀ ਡਾਕਟਰ ਨੇ ਜੋ ਕੋਵਿਡ ਖ਼ਿਲਾਫ਼ ਡਟੇ ਨੇ। ‘ਇੱਕ ਮੱਛੀ ਸਾਰਾ ਤਲਾਅ ਗੰਦਾ ਕਰ ਦਿੰਦੀ ਐ।‘ ਬਲਦੇਵ ਸਰਾ ਨੂੰ ਕਿਤੇ ਢੋਈ ਨਹੀਂ ਮਿਲਣੀ। ਅਮਰਿੰਦਰ ਨੇ ਪਾਵਰਕੌਮ ਦਾ ਚੇਅਰਮੈਨ ਲਾਤਾ। ਸਿਆਣੇ ਮੰਤਰੀ ਨੇ ਸਰਾ ਨੂੰ ‘ਸਿਸਟਮ‘ ਦਾ ਕਾਇਦਾ ਫੜਾ‘ਤਾ। ਬਲਦੇਵ ਸਿਓਂ ਅੜ ਗਏ... ਅਖੇ ਏਹ ਸਿਸਟਮ ਨਹੀਂ ਚੱਲਣਾ। ਇਮਾਨ ਦਾ ਭੂਤ ਸਵਾਰ ਸੀ। ਮੰਤਰੀ ਦੇ ਗੁਮਾਸ਼ਤੇ ਉਦੋਂ ਭੰਗੜੇ ਪਾਉਣ ਲੱਗੇ ਜਦੋਂ ਸਰਾ ਦੀ ਛੁੱਟੀ ਕਰਤੀ। ਪਿਉ ਦਾ ਪੁੱਤ ਮੂਰਖ ਨਿਕਲਿਆ। ‘ਸਿਸਟਮ‘ ਦਾ ਸਾਊ ਪੁੱਤ ਬਣਦਾ, ਹੁਣ ਕਿਰਾਏ ਦਾ ਘਰ ਨਾ ਵੇਖਣਾ ਪੈਂਦਾ। ਸਿਸਟਮ ਦਾ ਗੁਰ ਸਿੱਖਦਾ, ਪ੍ਰੀਤ ਪਾਉਂਦਾ। ਪੁੱਤ-ਪੋਤੇ ਮੌਜਾਂ ਲੁੱਟਦੇ। ਬਿਨਾਂ ਮੰਗਿਆ ਮਸ਼ਵਰਾ ਹੈ। ਕੋਵਿਡ ਦੀ ਟੈਸਟਿੰਗ ਵਧਾਓ। ਪੰਜਾਬ ਦੇ ਸਮੁੱਚੇ ਸਰੀਰ ਦਾ ਟੈੱਸਟ ਕਰਾਓ। ਹਾਲੇ ਸਾਫ ਖੂਨ ਵਾਲੇ ਬਚੇ ਨੇ। ਚੀਨ ਤੇ ਭਾਰਤ ਇੱਕ ਗੱਲੋਂ ਸਕੇ ਨੇ। ਟਰਾਂਸਪੇਰੈਂਸੀ ਇੰਟਰਨੈਸ਼ਨਲ ਕੁਰੱਪਸ਼ਨ ਰਿਪੋਰਟ-2020 ‘ਤੇ ਤੈਰਵੀਂ ਨਜ਼ਰ ਮਾਰੋ। ਕੁਰੱਪਸ਼ਨ ‘ਚ ਦੋਵੇਂ ਮੁਲਕ 80ਵੇਂ ਨੰਬਰ ‘ਤੇ ਹਨ। ਡੈਨਮਾਰਕ ਤੋਂ ਸਿੱਖ ਲਓ। ਇਮਾਨ ‘ਚ ਪਹਿਲਾ ਨੰਬਰ ਐ। ਮੱਛੀ ਦਾ ਵੱਡਾ ਕਾਰੋਬਾਰੀ ਵੀ ਹੈ। ‘ਕਾਲੇ ਧਨ‘ ਦਾ ਭਾਰਤ ‘ਚ ਕਾਰੋਬਾਰ ਐ। ਬੇਈਮਾਨੀ ਦਾ ਝਾੜ ਕਦੇ ਘਟਿਆ ਨਹੀਂ। ਸਵਿਸ ਬੈਂਕ ਭਰੇ ਪਏ ਨੇ। ਲੱਗਦੈ ਡੈਨਮਾਰਕ ਤੋਂ ਲਿਆ ਕੇ ਪਿਉਂਦ ਚੜ੍ਹਾਉਣੀ ਪਊ।
                 ਗੱਲ ਹੈ ਤਾਂ ਪੁਰਾਣੀ। ਰਾਮਪੁਰਾ ਫੂਲ ਦੇ ਇੱਕ ਐੱਸਡੀਓ ਨੇ ਟਿੱਬੇ ‘ਤੇ ਮੱਛੀਆਂ ਚਾੜ੍ਹੀਆਂ ਸਨ। ਖੇਤੀ ਮੋਟਰਾਂ ਦੇ ਕੁਨੈਕਸ਼ਨ ਵੰਡ ਦਿੱਤੇ, ਟਿੱਬਿਆਂ ‘ਤੇ ਮੱਛੀ ਫਾਰਮ ਦਿਖਾ ਕੇ। ਕੇਹਾ ਯੁੱਗ ਹੈ, ਦਸ ਨਹੁੰਆਂ ਦੀ ਕਮਾਈ ਨੂੰ ਵਿਹਲ ਨਹੀਂ। ਹਰਾਮ ਦੀ ਕਮਾਈ ਜੌਗਿੰਗ ਕਰ ਰਹੀ ਹੈ। ਪੁਰਾਣੀ ਵੀ ਸੁਣੋ, ਇੰਦਰਾ ਗਾਂਧੀ ਦੀ ਹਕੂਮਤ ‘ਚ ਤੇਲ ਦੀ ਕਿੱਲਤ ਹੋਈ। ਇੱਕ ਸੇਠ ਜਿਉਂਦੀ ਮਛਲੀ ਲੈ ਆਇਆ। ਤਲਣ ਬੈਠਣ ਲੱਗਾ। ਪਤਨੀ ਬੋਲੀ, ‘ਸਟੋਵ ‘ਚ ਤੇਲ ਨਹੀਂ‘। ਸੇਠ ਨੂੰ ਗੁੱਸਾ ਆਇਆ, ਖਿੜਕੀ ਖੋਲ੍ਹੀ, ਮੱਛੀ ਬਾਹਰ ਵਗਾਹ ਮਾਰੀ। ਮੱਛੀ ਸਮੁੰਦਰ ‘ਚ ਗੋਤੇ ਖਾਣ ਲੱਗੀ। ਸਮੁੰਦਰ ਗੂੰਜ ਉੱਠਿਆ, ‘ਇੰਦਰਾ ਗਾਂਧੀ ਜ਼ਿੰਦਾਬਾਦ‘। ਸੁਨੀਲ ਜਾਖੜ ਆਖਦੇ ਨੇ, ਪੁਰਾਣੀ ਛੱਡੋ, ਨਵੀਂ ਸੁਣੋ। ਪੰਜ ਵਰ੍ਹੇ ਪਹਿਲਾਂ ਨਰਮੇ ਦੇ ਮਾਮਲੇ ‘ਚ ਸਰਕਾਰ ਘਿਰੀ। ਵੱਡੇ ਬਾਦਲ ਨੇ ਖੇਤੀ ਚੀਫ਼ ਨੂੰ ਜਾਖੜ ਦੇ ਘਰ ਭੇਜਤਾ। ਚੀਫ਼ ਸਾਹਿਬ ਬੋਲੇ, ਜਾਖੜ ਸਾਹਿਬ ਤੁਸੀਂ ਹੁਕਮ ਕਰੋ। ‘ਆਇਆ ਹੁਕਮ ਲੈਣ ਸੀ, ਸ਼ਹਿਰ ‘ਚੋਂ ਜਾਂਦਾ ਹੋਇਆ ਲੈ ਗਿਆ ਪੰਜ-ਪੰਜ ਹਜ਼ਾਰ।‘ ਮਗਰੋਂ ਡੀਲਰ ਜਾਖੜ ਕੋਲ ਦੁਹੱਥੜ ਮਾਰਨ। ਜਾਖੜ ਨੇ ਬਾਦਲ ਨੂੰ ਉਲਾਂਭਾ ਦਿੱਤਾ, ‘ਥੋਡਾ ਚੀਫ਼ ਦੰਦ ਘਸਾਈ ਲੈ ਗਿਆ।‘ ਛੱਜੂ ਰਾਮ ਕਚੀਚੀਆਂ ਵੱਟ ਰਿਹੈ। ਵੱਡਾ ਵਹਿਮ ਪਾਲੀ ਬੈਠਾ। ਅਖੇ ਰੱਸੇ ਨਾਲ ‘ਸਿਸਟਮ‘ ਨੂੰ ਮਸ਼ਕਾਂ ਦੇਊ।

Sunday, July 12, 2020

                        ਵਿਚਲੀ ਗੱਲ
           ਬੁੱਲ੍ਹਿਆ ਅਸਾਂ ਦਾ ਰੋਗ ਅਵੱਲਾ..!
                       ਚਰਨਜੀਤ ਭੁੱਲਰ
ਚੰਡੀਗੜ੍ਹ : ਦਸੌਂਧਾ ਸਿਓ ਨਵਾਂ-ਨਵਾਂ ਜਥੇਦਾਰ ਬਣਿਐਂ। ਵਾਰ-ਵਾਰ ਇੱਕੋ ਗੱਲ ਆਖਦੈ, 'ਹੁਕਮ ਬਿਨਾਂ ਹਿੱਲੇ ਨਾ ਪੱਤਾ'। ਪੁਰਤਗਾਲੀ ਵੱਖਰਾ ਪ੍ਰਸੰਗ ਰੱਖਦੇ ਨੇ। ਜਥੇਦਾਰ ਜੀ, 'ਵਕਤ ਤਾਂ ਹਵਾ ਵਾਂਗ ਲੰਘ ਜਾਂਦੈ।' ਗੱਲ ਤਾਂ ਪਤੇ ਦੀ ਹੈ, ਸਮਝ ਫਿਰ ਨਹੀਂ ਪੈਂਦੀ। ਕੋਈ ਤਾਂ ਦੱਸ ਪਾਓ, ਪੰਜਾਬੀ ਕੰਡਾ ਕਿਵੇਂ ਕੱਢਣ। ਗੁਰੂ ਦੇ ਪਿਆਰੇ, ਕਿਤੇ ਬੁਰਾ ਨਾ ਮਨਾ ਜਾਈਂ। ਇੱਧਰ ਤਾਂ ਅਮਰਿੰਦਰ ਦਾ ਹੁਕਮ ਚੱਲਦੈ। ਮਜ਼ਾਲ ਐ, ਕੋਈ ਪੱਤਾ, ਕੋਈ ਟਾਹਣੀ, ਕੋਈ ਕਰੂੰਬਲ ਹਿੱਲ ਜਾਵੇ। ਬੇਸ਼ੱਕ ਮਝੈਲ ਸੁੱਖੀ ਰੰਧਾਵੇ ਨੂੰ ਪੁੱਛ ਲੈਣਾ। ਮਨੀ ਰਾਮ ਨਾ ਮੰਨੇ ਤਾਂ ਨਵਜੋਤ ਸਿੱਧੂ ਨੂੰ ਛੇੜ ਲੈਣਾ। ਜਰਮਨੀ ਵਾਲੇ ਇੰਝ ਮੱਤ ਦਿੰਦੇ ਨੇ। 'ਭਰੋਸਾ ਕਰਨ ਵਾਲੇ ਦੀ ਗਾਂ ਚੋਰੀ ਹੁੰਦੀ ਹੈ।' ਪੰਜਾਬ ਤਾਂ ਪੂਰਾ ਵੱਗ ਹੀ ਗੁਆ ਬੈਠੈ। ਸਿਆਸੀ ਸਿਰਾਂ 'ਤੇ ਭੂਤ ਸਵਾਰ ਹੈ। ਝਕਾਨੀ ਦੇ ਗਿਆ, ਕਿਤੋਂ ਤਾਂ ਲੱਭੋ, ਸਾਡਾ 'ਵਿਕਾਸ' ਫਰਾਰ ਹੈ। ਸਿਰ 'ਤੇ ਕਿੰਨਾ ਕੁ ਇਨਾਮ ਰੱਖੀਏ। ਯੂਪੀ ਵਾਲੇ ਯੋਗੀ ਨੂੰ ਪੁੱਛਦੇ ਹਾਂ। ਜੀਹਨੇ ਬਿਨਾਂ ਗੱਲੋਂ ਕੰਨ ਨਹੀਂ ਪੜਵਾਏ। ਕਾਨਪੁਰ ਵਾਲਾ ਬਦਮਾਸ਼ ਵਿਕਾਸ ਦੂਬੇ। ਅੱਠ ਪੁਲੀਸ ਵਾਲੇ ਮਾਰੇ, ਫਰਾਰ ਹੋ ਗਿਆ। ਸੰਖ ਯੋਗੀ ਨੇ ਵਜਾ ਦਿੱਤਾ, 'ਵਿਕਾਸ ਲੱਭੋ, ਇਨਾਮ ਪਾਓ।' ਯੂਪੀ ਪੁਲੀਸ ਨੇ ਗੁੱਭਗੁਭਾਟ ਕੱਢ ਲਈ। ਸੜਕ ਕਿਨਾਰੇ ਨਿਆਂ ਕੀਤਾ। ਪਿਆਦੇ ਹੱਸੇ, ਕਾਨੂੰਨ ਰੋਇਆ। ਖ਼ਬਰ ਛਪ ਗਈ 'ਵਿਕਾਸ ਦੂਬੇ ਪੁਲੀਸ ਮੁਕਾਬਲੇ 'ਚ ਢੇਰ।' ਕਾਨਪੁਰੀ ਵਿਕਾਸ ਦਾ ਤਾਂ ਪੋਸਟਮਾਰਟਮ ਹੋ ਗਿਐ। ਦੇਸ਼ ਪੰਜਾਬ ਦੇ 'ਵਿਕਾਸ' ਦਾ ਕੌਣ ਕਰੂ। ਆਓ ਹੰਭਲਾ ਮਾਰਦੇ ਹਾਂ।
             ਪੰਜਾਬ ਦੇ ਵਾਲ ਐਵੇਂ ਚਿੱਟੇ ਨਹੀਂ ਹੋਏ। ਰੋਗ ਅਵੱਲੇ ਨੇ, ਨਾਅਰੇ ਝੱਲੇ ਨੇ। ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਨਹਿਰੂ ਬੋਲੇ, ਆਰਾਮ ਹਰਾਮ ਹੈ। ਤਰਾਰਾ ਬੱਝਿਆ, 'ਗਊ ਵੱਛੇ ਕੋ ਵੋਟ ਦੋ, ਬਾਕੀ ਸਭ ਕੋ ਛੋੜ ਦੋ।' ਕੰਨਾਂ 'ਚ ਗੂੰਜ ਪਈ ਐ। 'ਜਨ ਸੰਘ ਕੋ ਵੋਟ ਦੋ, ਬੀੜੀ ਪੀਣਾ ਛੋੜ ਦੋ, ਬੀੜੀ ਮੇਂ ਤੰਬਾਕੂ ਹੈ, ਕਾਂਗਰਸ ਵਾਲਾ ਡਾਕੂ ਹੈ।' ਟਕਰਾ ਕੇ ਆਵਾਜ਼ ਆਈ, 'ਕਾਂਗਰਸ ਨਾਲ ਵਿਕਾਸ'। ਜਨ ਸੰਘੀ ਮੁੜ ਭੜਕੇ, 'ਯੇ ਦੇਖੋ ਇੰਦਰਾ ਕਾ ਖੇਲ, ਖਾ ਗਈ ਸ਼ੱਕਰ, ਪੀ ਗਈ ਤੇਲ।' ਕਾਂਗਰਸੀ ਚੇਲੇ ਸੰਘ ਪਾੜਨ ਲੱਗੇ। 'ਗਰੀਬੀ ਹਟਾਓ, ਇੰਦਰਾ ਲਿਆਓ।' 'ਜਬ ਤੱਕ ਸੂਰਜ ਚਾਂਦ ਰਹੇਗਾ, ਇੰਦਰਾ ਤੇਰਾ ਨਾਮ ਰਹੇਗਾ।' ਅੱਗੇ ਤੁਰਦੇ ਆਓ। 'ਗਾਲ਼ੋਂ ਮੇਂ ਲਾਲੀ ਹੈ, ਤੋਪੋਂ ਕੀ ਦਲਾਲੀ ਹੈ।' ਸਭ ਨੇ ਪਿੰਡੇ ਹੰਢਾਇਆ, 'ਬਾਰੀ ਬਾਰੀ, ਸਭ ਕੀ ਬਾਰੀ, ਅਬ ਕੀ ਬਾਰ ਅਟਲ ਬਿਹਾਰੀ।' ਸਫ਼ਰ ਥੋੜ੍ਹਾ ਲੰਮਾ ਹੈ। 'ਸੋਨੀਆ ਨਹੀਂ ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ।' ਵਾਟ ਮੁੱਕਣ ਵਾਲੀ ਐ। 'ਅਬ ਕੀ ਬਾਰ ਮੋਦੀ ਸਰਕਾਰ'। ਆਹ ਨਵਾਂ ਨਕੋਰ ਐ, 'ਸਭ ਕਾ ਸਾਥ, ਸਭ ਕਾ ਵਿਕਾਸ'। ਜਥੇਦਾਰਾ ਜ਼ਰਾ ਸੁਣ ਕੇ ਜਾਈਂ। 'ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿਆਂਗੇ'। 'ਰਾਜ ਨਹੀਂ ਸੇਵਾ'। 'ਕਾਂਗਰਸ ਭਜਾਓ, ਪੰਜਾਬ ਬਚਾਓ।' ਕਿਤੇ ਪੰਜਾਬ ਵਿਕਾਸ ਯਾਤਰਾ। ਕਿਤੇ ਜਾਗੋ ਪੰਜਾਬ ਯਾਤਰਾ। 'ਚਾਹੁੰਦਾ ਹੈ ਪੰਜਾਬ..!' ਬੱਸ ਭਾਈ ਬੱਸ, ਅੱਗੇ ਨਾ ਬੋਲੀਂ ਹੁਣ।
             ਮਾਲੇਰਕੋਟਲਾ ਵਾਲੇ ਐੱਸ. ਤਰਸੇਮ ਇੰਝ ਬੋਲੇ ਨੇ,' ਨਾ ਰੋਸ਼ਨਦਾਨ, ਨਾ ਬੂਹਾ, ਨਾ ਖਿੜਕੀ ਬਣਾਉਂਦਾ ਹੈ, ਮੇਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ।' ਏਹ ਗੱਲ ਐ...ਤਾਹੀਓਂ ਆਏ ਦਿਨ ਨਵਾਂ ਦਲ ਉਗਦੈ। ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ 'ਡੱਡਾ' (ਡੈਮੋਕਰੇਟਿਕ) ਬਣਾਇਐ। ਸਿਆਸਤ ਦੇ ਥੋਕ ਬਾਜ਼ਾਰ 'ਚ ਦਲਾਂ ਦਾ ਹਰ ਬਰਾਂਡ ਹੈ। ਸ਼੍ਰੋਮਣੀ ਅਕਾਲੀ ਦਲ, ਸੱਸਾ, ਲੱਲਾ, ਪੱਪਾ, ਫੱਫਾ, ਬੱਬਾ, ਮੱਮਾ, ਟੈਂਕਾ..! ਜਥੇਦਾਰੋ, ਕਿਤੇ ਪੈਂਤੀ ਨਾ ਮੁਕਾ ਦਿਓ। ਪਿਆਰੇ ਵਾਸੀਓ, ਨਹੀਂ ਪਸੰਦ ਤਾਂ ਹੋਰ ਗੇੜਾ ਕੱਢ ਲਓ। ਕੇਜਰੀਵਾਲ ਐ, ਬੈਂਸ ਭਰਾ ਨੇ, ਖਹਿਰਾ ਬੈਠਾ, ਬ੍ਰਹਮਪੁਰਾ ਪਿਐ, ਪਟਿਆਲੇ ਵਾਲਾ ਗਾਂਧੀ ਐ, ਕਾਮਰੇਡ ਨੇ। ਜਾਪਾਨੀ ਸਲਾਹ ਦਿੰਦੇ ਨੇ, 'ਬਹੁਤੇ ਮਲਾਹ ਬੇੜੀ ਨੂੰ ਪਹਾੜਾਂ 'ਚ ਲੈ ਜਾਂਦੇ ਨੇ।' ਦਲਾਂ ਦੀ ਦਲ ਦਲ ਏਨੀ ਹੈ, ਥਾਹ ਨਹੀਂ ਪੈ ਰਹੀ। 'ਮੇਰੇ ਰੋਗ ਦੀ ਸਮਝ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ।' ਪੰਜਾਬ ਦਾ ਗੁੱਟ ਕੌਣ ਛੱਡਦੈ। ਸਿਆਸੀ ਢਾਡੀ ਨੇ ਏਹ ਸਭ। ਤੁਸੀਂ ਵੋਟਾਂ ਵਾਰਦੇ ਮੁੱਕ ਜਾਓਗੇ। 'ਵਿਕਾਸ ਕਿਹੜੇ ਭੋਰੇ 'ਚ ਵੜਿਐ।' ਢੀਂਡਸਾ ਹਿੱਕ ਥਾਪੜਦੈ, ਦਾਸ ਨੂੰ ਮੌਕਾ ਦਿਓ, ਪਤਾਲ 'ਚੋਂ ਕੱਢ ਲਿਆਊਂ ਵਿਕਾਸ। ਕਿਤੇ ਗੁਜਰਾਤ ਨੇ ਤਾਂ ਅਗਵਾ ਨਹੀਂ ਕੀਤਾ। ਚੌਕੀਦਾਰ ਬੋਲਿਆ, 'ਯੇ ਮੇਰਾ ਵਿਕਾਸ ਹੈ।' ਗੁਜਰਾਤੀ ਮੁੰਡਾ ਸਾਗਰ ਬੇਖ਼ੌਫ ਬੋਲਿਆ, 'ਵਿਕਾਸ ਪਾਗਲ ਹੋ ਗਿਆ'। ਕਿਤੇ ਕੋਵਿਡ ਵਾਲਾ ਅੜਿੱਕੇ ਨਾ ਪੈਂਦਾ, ਅਮਰਿੰਦਰ ਲਾਉਂਦਾ 'ਵਿਕਾਸ' ਦੇ ਜੋਕਾਂ। ਕਿਥੇ ਭੁੱਲਦੇ ਨੇ ਸਾਨੂੰ ਸੁਖਬੀਰ ਬਾਦਲ। ਪਾਣੀ ਵਾਲੀ ਬੱਸ, ਬੰਬਾਂ ਵਾਲੀਆਂ ਸੜਕਾਂ
              ਛੋਟੇ ਬਾਦਲ ਢਿੱਡੋਂ ਮੀਸਣੇ ਨਹੀਂ। ਮੂੰਹ ਫੱਟ ਨੇ.., ਅਸੀਂ ਵਿਕਾਸ ਕੀਤੈ, ਸ਼ੇਅਰੋ ਸ਼ਾਇਰੀ ਨਹੀਂ। ਅਮਰਿੰਦਰ ਦੀ ਸੁਣੋ, ਘਰੋਂ ਨਾ ਨਿਕਲੋ, ਕੋਵਿਡ ਦੀ ਨੇਰ੍ਹੀ ਚੜ੍ਹੀ ਐ। ਵਿਕਾਸ ਨੂੰ ਛੱਡੋ, ਮਾਸਕ ਪਹਿਨੋ, ਨਾਲੇ ਵਾਰ-ਵਾਰ ਹੱਥ ਧੋਵੋ। ਧੋਆ-ਧੁਆਈ ਤੋਂ ਗੁਰਬਚਨ ਭੁੱਲਰ ਚੇਤੇ 'ਚ ਆ ਵੱਜੇ। ਜਿਨ੍ਹਾਂ ਦੀ ਕਿਤਾਬ 'ਸਾਹਿਤ ਦੀ ਸਰਘੀ' 'ਚੋਂ ਬਿਰਤਾਂਤ ਸੁਣੋ। ਗੂੰਜ 'ਸਿੱਖਾਂ ਦੇ ਹੋਮਲੈਂਡ' ਦੀ ਸੀ। ਪਿੱਥੋ ਵੱਲ ਦਾ ਜਥੇਦਾਰ ਭਾਸ਼ਨ ਕਰੇ, 'ਸੰਗਤੋਂ ਅਸੀਂ ਹੋਮਲੇਟ ਨਹੀਂ ਦੇਣਾ'। ਕਵੀਸ਼ਰ ਚੇਤ ਸਿਓਂ ਬੋਲੇ, 'ਜਥੇਦਾਰਾਂ ਹੋਮਲੇਟ ਦਾ ਕੀ ਕਰੋਗੇ, ਸਨਲੇਟ ਮੰਗੋ, ਲੀੜੇ ਧੋ ਲਿਆ ਕਰਾਂਗੇ।' ਪੰਡਾਲ 'ਚ ਹਾਸੜ ਮੱਚਿਆ। ਪੰਜਾਬ 'ਚ ਦੁੱਖਾਂ ਦੀ 'ਵਿਕਾਸ ਦਰ' ਵਧੀ ਹੈ। 'ਵਿਕਾਸ ਭਵਨ' ਨਾਲ ਧਰਵਾਸ ਨਹੀਂ ਹੁੰਦਾ। ਗਲੀਆਂ ਨਾਲੀਆਂ, ਸਿਵਿਆਂ ਦੀਆਂ ਕੰਧਾਂ, ਧਰਮਸ਼ਾਲ਼ਾਵਾਂ, ਛੱਪੜਾਂ ਦੀਆਂ ਦੀਵਾਰਾਂ, ਵਿਕਾਸ ਨਹੀਂ ਹੁੰਦਾ। ਕਿਤੇ ਗੱਲ ਨਾ ਭੁੱਲ ਜਾਈਏ, ਆਪਣੇ ਅੰਬਾਨੀ ਜੀ, ਦੁਨੀਆਂ ਦੇ ਅੱਠਵੇਂ ਦੌਲਤਮੰਦ ਬਣੇ ਨੇ, ਮਾਰੋ ਤਾੜੀਆਂ। ਮਾਈ ਭਾਈ ਨੂੰ ਅਰਜ਼ ਐ... 'ਨਾ ਲੱਭੀਏ ਹੁਣ ਵਿਕਾਸ, ਪਹਿਲਾਂ ਇਖ਼ਲਾਕ ਲੱਭੀਏ, ਇਮਾਨ ਲੱਭੀਏ, ਜੜ੍ਹ ਲੱਭੀਏ ਤੇ ਦਵਾ ਲੱਭੀਏ। ਦਰੱਖ਼ਤਾਂ ਨੂੰ ਮੌਲਣ ਦੀ ਖੁੱਲ੍ਹ ਮਿਲੇ ਤੇ ਪੱਤਿਆਂ ਨੂੰ ਹਿੱਲਣ ਦੀ। ਨੰਦ ਲਾਲ ਨੂਰਪੁਰੀ ਨੂੰ ਗਾਉਣਾ ਨਾ ਪਵੇ...'ਏਥੇ ਡਾਕੇ ਪੈਣ ਦੁਪਹਿਰ ਨੂੰ, ਤੇਰੇ ਆਲ੍ਹਣੇ ਦੇਣਗੇ ਢਾਹ।'
             ਬੱਸ, ਥੋਡਾ ਥੋੜ੍ਹਾ ਵਕਤ ਹੋਰ ਲੈਣੈ। ਇਨਾਮ ਤੁਸੀਂ ਲੈ ਲੈਣਾ, ਵਿਕਾਸ ਲੱਭ ਲਿਆ ਹੈ। ਜ਼ਰਾ ਗੌਰ ਨਾਲ ਵੇਖਣਾ। 2014-15 ਤੋਂ 2018-19 ਤੱਕ ਦੇ ਵਹੀ ਖਾਤੇ ਫਰੋਲੇ। ਪੰਜ ਵਰ੍ਹਿਆਂ ਦੇ ਬਜਟ ਖਰਚੇ ਦੀ ਔਸਤਨ ਸਿਰ ਚੜ੍ਹ ਬੋਲੀ। ਪੰਜਾਬ ਦਾ ਮਨੁੱਖੀ ਵਿਕਾਸ 'ਚ ਦੇਸ਼ 'ਚੋਂ ਨੰਬਰ 28ਵਾਂ ਹੈ। ਆਰਥਿਕ ਵਿਕਾਸ 'ਚ ਪੰਜਾਬ 25ਵੇਂ ਨੰਬਰ 'ਤੇ। ਕਰਜ਼ ਅਦਾਇਗੀ ਤੇ ਵਿਆਜ 'ਚ ਆਮਦਨੀ ਦਾ 84 ਫੀਸਦੀ ਚਲਾ ਜਾਂਦੈ। ਪੇਂਡੂ ਵਿਕਾਸ 'ਚ ਪੰਜਾਬ ਦਾ 28ਵਾਂ ਅਤੇ ਸ਼ਹਿਰੀ ਵਿਕਾਸ 'ਚ ਨੰਬਰ 29ਵਾਂ ਹੈ। ਸਿੱਖਿਆ ਖੇਤਰ 'ਚ 25ਵਾਂ ਤੇ ਸਿਹਤ ਸੇਵਾਵਾਂ 'ਚ 28ਵਾਂ। ਸੜਕਾਂ 'ਤੇ ਖਰਚੇ 'ਚ ਸਭ ਤੋਂ ਫਾਡੀ। ਭਲੇ ਵੇਲੇ ਹੁਣ ਕਿਥੇ ਰਹੇ ਨੇ। ਫਰਵਰੀ 1962 ਵਿੱਚ ਪੰਜ ਲੱਖ ਸਕੂਲੀ ਬੱਚਿਆਂ ਨੂੰ ਸਰਕਾਰ ਰੋਜ਼ਾਨਾ ਦੁੱਧ ਪਿਆਉਂਦੀ ਸੀ। ਪਿੰਡੋਂ ਪਿੰਡ ਹੁਣ ਠੰਢੀ ਬੀਅਰ ਮਿਲਦੀ ਐ, ਪੀਣ ਵਾਲਾ ਪਾਣੀ ਨਹੀਂ । ਇੰਝ ਲੱਗਦੈ, ਜਿਵੇਂ ਐਤਕੀਂ ਵਿਕਾਸ ਦਾ ਠੀਕਰਾ ਕਿਤੇ ਕੋਵਿਡ ਸਿਰ ਨਾ ਭੰਨ ਦੇਣ। 'ਕੱਚ ਘਰੜ ਹਕੀਮ, ਜਾਨ ਦਾ ਖੌਅ।' ਅਗਲੀ ਚੋਣ ਵੇਲੇ ਤੈਰਵੀਂ ਨਜ਼ਰ ਮਾਰਨਾ। ਸਿਆਸਤਦਾਨਾਂ ਦੀ ਜਾਇਦਾਦ 'ਤੇ ਕੋਵਿਡ ਦਾ ਕਿੰਨਾ ਕੁ ਅਸਰ ਪਿਐ। ਥੋੜ੍ਹਾ ਕੰਡੇ 'ਚ ਰਹਿਣਾ। ਦੀਪਕ ਜੈਤੋਈ ਵੀ ਥਾਪੀ ਦੇ ਰਿਹੈ, 'ਤੂਫ਼ਾਨਾਂ ਨੂੰ ਕਹਿ ਦਿਓ, ਵਧ ਵਧ ਕੇ ਆਓ, ਮੈਂ ਕਿਸ਼ਤੀ ਕਿਨਾਰੇ, ਲਗਾ ਕੇ ਹਟਾਂਗਾ।' ਚੋਣਾਂ ਵੇਲੇ ਆਖਦੇ ਨੇ, ਥੋਨੂੰ 'ਸੋਹਣਾ ਪੰਜਾਬ' ਬਣਾ ਕੇ ਦਿਆਂਗੇ। ਬਣ ਕੁਛ ਹੋਰ ਹੀ ਜਾਂਦੈ।
             ਜੱਟਾਂ ਦੇ ਮੁੰਡੇ ਨੇ ਕੇਰਾਂ ਤਰਖਾਣੀ ਕੰਮ ਸ਼ੁਰੂ ਕੀਤਾ। ਚਾਚੇ ਨੇ ਅੱਗੇ ਲੋਹਾ ਰੱਖਤਾ। ਭਤੀਜ, ਬਣਾ ਦੇ ਕਹੀ। ਭਤੀਜ ਨੇ ਆਹਰਨ ਤਪਾਈ, ਲੋਹੇ 'ਤੇ ਸੱਟ ਲਾਈ। ਗਲ ਨਾ ਬਣੀ। ਆਖਣ ਲੱਗਾ, ਚਾਚਾ, ਕਸੀਆ ਬਣਾ ਦਿਆਂ। ਅੱਗ ਤਪਾਈ, ਹਥੌੜੇ ਦੀ ਸੱਟ ਲਾਈ, ਗੱਲ ਗੇੜ 'ਚ ਨਾ ਆਈ। ਫੇਰ ਪੁੱਛਣ ਲੱਗਾ, ਚਾਚਾ, ਕਸੌਲੀ ਬਣਾ ਦਿਆਂ। ਗੱਲ ਸੂਤ ਨਾ ਆਵੇ, ਚਾਚਾ, ਖੁਰਪਾ ਨਾ ਬਣਾ ਦਿਆਂ।' ਫਸਿਆ ਚਾਚਾ ਸਿਰ ਹਿਲਾ ਛੱਡੇ। ਤਰਖਾਣੀ ਤੋਂ ਕੋਰਾ ਭਤੀਜ ਅਖੀਰ 'ਚ ਆਖਣ ਲੱਗਾ, ਚਾਚਾ, ਖੁਰਚਣੀ ਬਣਾ ਦਿਆਂ। ਕਹੀ ਬਣਾਉਣ ਆਇਆ ਚਾਚਾ ਕਦੇ ਖੁਰਚਣੀ ਵੱਲ ਵੇਖੇ ਤੇ ਕਦੇ ਭਤੀਜ ਵੱਲ। ਕੋਲ ਬੈਠੇ ਛੱਜੂ ਰਾਮ ਤੋਂ ਰਿਹਾ ਨਾ ਗਿਆ, ਲਾਣੇਦਾਰਾ, ਚੁੱਕ ਲੈ, ਕਿਤੇ ਖੁਰਚਣੀ ਤੋਂ ਵੀ ਨਾ ਜਾਈਂ। ਏਨਾ ਆਖ ਛੱਜੂ ਰਾਮ ਮੁੜ ਨਿੰਮ ਦਾ ਘੋਟਣਾ ਘੜਨ ਲੱਗ ਪਿਆ।

Friday, July 10, 2020

                           ਇਨੋਵਾ ਦਾ ਤੋਹਫਾ
           ਅਫਸਰ ਵੱਡੇ, ਵਿਧਾਇਕ ਛੋਟੇ
                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜ ਉੱਚ ਅਫ਼ਸਰਾਂ ਨੂੰ ਨਵੀਆਂ ਇਨੋਵਾ ਅਲਾਟ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸ ਤੋਂ ਉਹ ‘ਆਪ‘ ਵਿਧਾਇਕ ਭੜਕ ਉੱਠੇ ਹਨ ਜਿਨ੍ਹਾਂ ਕੋਲ ਖਟਾਰਾ ਵਾਹਨ ਹਨ। ਕੁਝ ਦਿਨ ਪਹਿਲਾਂ ਕਾਂਗਰਸੀ ਵਿਧਾਇਕਾਂ ਨੂੰ ਨਵੀਆਂ ਇਨੋਵਾ ਗੱਡੀਆਂ ਦਿੱਤੀਆਂ ਗਈਆਂ ਹਨ। ਟਰਾਂਸਪੋਰਟ ਵਿਭਾਗ ਨੇ 17 ਨਵੀਆਂ ਇਨੋਵਾ ਗੱਡੀਆਂ ਦੀ ਖ਼ਰੀਦ ਕੀਤੀ ਸੀ। ‘ਆਪ‘ ਦੇ ਇੱਕੋ ਵਿਧਾਇਕ ਅਮਨ ਅਰੋੜਾ ਨੂੰ ਨਵੀਂ ਇਨੋਵਾ ਦਿੱਤੀ ਗਈ ਹੈ ਜਦੋਂ ਕਿ ਬਾਕੀ ਨਵੇਂ ਵਾਹਨ ਹਾਕਮ ਧਿਰ ਦੇ ਵਿਧਾਇਕ ਲੈ ਗਏ ਹਨ।ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਉੱਚ ਅਫ਼ਸਰਾਂ ਨੂੰ ਨਵੀਆਂ ਇਨੋਵਾ ਅਲਾਟ ਕਰਨ ਲਈ ਲਿਖਿਆ ਹੋਇਆ ਹੈ। ਵਾਟਰ ਰੈਗੂਲੇਟਰੀ ਅਥਾਰਿਟੀ ਦੇ ਚੇਅਰਮੈਨ ਅਤੇ ਮੁੱਖ ਸਕੱਤਰ ਰਹਿ ਚੁੱਕੇ ਅਧਿਕਾਰੀ ਕਰਨ ਅਵਤਾਰ ਸਿੰਘ ਨੂੰ ਨਵੀਂ ਇਨੋਵਾ ਗੱਡੀ ਦੇ ਦਿੱਤੀ ਗਈ ਹੈ। ਨਵੇਂ ਹੁਕਮਾਂ ਅਨੁਸਾਰ ਨਵੀਂ ਸਟਾਫ਼ ਕਾਰ ਹੁਣ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਏ ਵੇਨੂੰ ਪ੍ਰਸ਼ਾਦ, ਪ੍ਰਮੁੱਖ ਸਕੱਤਰ (ਖੁਰਾਕ ਤੇ ਸਪਲਾਈ) ਕੇ ਏ ਪੀ ਸਿਨਹਾ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਆਦਿ ਨੂੰ ਅਲਾਟ ਹੋਣੀ ਹੈ।
                ਸੂਬਾ ਇਸ ਸਮੇਂ ਵਿੱਤੀ ਸੰਕਟ ਵਿਚੋਂ ਲੰਘ ਰਿਹਾ ਹੈ। ‘ਆਪ‘ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਉਹ ਖਟਾਰਾ ਗੱਡੀ ਵਿਚ ਜਾਨ ਜੋਖ਼ਮ ਵਿਚ ਪਾ ਕੇ ਸਫ਼ਰ ਕਰਦੇ ਹਨ ਅਤੇ ਉਹ ਸਰਕਾਰ ਨੂੰ ਗੱਡੀ ਦੀ ਸਥਿਤੀ ਬਾਰੇ ਜਾਣੂ ਵੀ ਕਰਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੁਣੇ ਪ੍ਰਤੀਨਿਧਾਂ ਨੂੰ ਨਜ਼ਰਅੰਦਾਜ਼ ਕਰ ਕੇ ਅਧਿਕਾਰੀਆਂ ਨੂੰ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਇਹ ਅਫ਼ਸਰਾਂ ਦੀ ਸਰਕਾਰ ਹੈ ਜਿਸ ‘ਚ ਵਿਧਾਇਕ ਭੁਗਤ ਰਹੇ ਹਨ। ਜਾਣਕਾਰੀ ਅਨੁਸਾਰ ਬਠਿੰਡਾ ਦਿਹਾਤੀ ਤੋਂ ‘ਆਪ‘ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਵੀ ਆਪਣਾ ਖਟਾਰਾ ਵਾਹਨ ਕਿਸੇ ਹੋਰ ਪੁਰਾਣੇ ਵਾਹਨ ਨਾਲ ਤਬਦੀਲ ਕਰਨਾ ਪਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਉੱਚ ਅਫ਼ਸਰਾਂ ਨੇ ਤਾਂ ਘਰ ਤੋਂ ਸਿਰਫ਼ ਦਫ਼ਤਰ ਤੱਕ ਹੀ ਜਾਣਾ ਹੁੰਦਾ ਹੈ ਅਤੇ ਕੋਈ ਟਾਵਾਂ ਅਧਿਕਾਰੀ ਹੋਵੇਗਾ ਜੋ ਪੰਜਾਬ ਵਿਚ ਵਿਚਰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ 24 ਘੰਟੇ ਦੀ ਡਿਊਟੀ ਕਰਦੇ ਹਨ ਪਰ ਉਨ੍ਹਾਂ ਕੋਲ ਮਿਆਦ ਪੁਗਾ ਚੁੱਕੇ ਵਾਹਨ ਹਨ। ਉਨ੍ਹਾਂ ਸਰਕਾਰ ਨੂੰ ਅਫ਼ਸਰਾਂ ਦੀ ਥਾਂ ‘ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਹਿਲ ਦੇਣ ਲਈ ਕਿਹਾ।
                ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਬਹੁਤੇ ਅਫ਼ਸਰਾਂ ਨੂੰ ਨਵੇਂ ਵਾਹਨ ਦੇਣ ਦੀ ਥਾਂ ਉਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਦੇ ਟਾਇਰ ਬਦਲ ਕੇ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅਫ਼ਸਰਾਂ ਤੇ ਵਿਭਾਗਾਂ ਨੂੰ ਅਲਾਟ 87 ਗੱਡੀਆਂ ਦੇ ਸਾਰੇ ਟਾਇਰ ਬਦਲ ਕੇ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 140 ਨਵੇਂ ਟਿਊਬਲੈੱਸ ਟਾਇਰ ਖ਼ਰੀਦੇ ਜਾ ਰਹੇ ਹਨ। ਇਨ੍ਹਾਂ ‘ਚ ਇੱਕ ਫਾਰਚੂਨਰ ਗੱਡੀ, 14 ਇਨੋਵਾ ਗੱਡੀਆਂ, 5 ਕਰੋਲਾ, ਛੇ ਹੌਂਡਾ ਸਿਟੀ, 33 ਹੌਂਡਾ ਸਿਟੀ ਪੁਰਾਣਾ ਮਾਡਲ, ਛੇ ਅੰਬੈਸਡਰ ਗੱਡੀਆਂ ਅਤੇ 16 ਮਾਰੂਤੀ ਕਾਰਾਂ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਮੁੱਖ ਮੰਤਰੀ ਦਫ਼ਤਰ ਲਈ ਵੀ ਗੱਡੀਆਂ ਦੀ ਖ਼ਰੀਦ ਕੀਤੀ ਗਈ ਸੀ। ਟਰਾਂਸਪੋਰਟ ਮੰਤਰੀ ਨੂੰ ਪਹਿਲਾਂ 28 ਲੱਖ ਰੁਪਏ ਦੀ ਨਵੀਂ ਫਾਰਚੂਨਰ ਗੱਡੀ ਖ਼ਰੀਦ ਕੇ ਦਿੱਤੀ ਗਈ ਅਤੇ ਉਸ ਮਗਰੋਂ ਨਵੀਂ ਇਨੋਵਾ ਗੱਡੀ ਦਿੱਤੀ ਗਈ ਹੈ। ਜੋ ਨਵੀਆਂ ਗੱਡੀਆਂ ਆਈਆਂ ਸਨ, ਉਨ੍ਹਾਂ ‘ਚੋਂ 7 ਗੱਡੀਆਂ ‘ਆਪ‘ ਵਿਧਾਇਕਾਂ ਨੂੰ ਦੇਣ ਦਾ ਲਾਰਾ ਲਾਇਆ ਗਿਆ ਸੀ ਪ੍ਰੰਤੂ ਸਿਰਫ਼ ਇੱਕ ਵਿਧਾਇਕ ਨੂੰ ਗੱਡੀ ਦੇ ਕੇ ਬੁੱਤਾ ਸਾਰ ਦਿੱਤਾ ਗਿਆ।

Tuesday, July 7, 2020

                          ਸਰਕਾਰੀ ਸੱਚ
      ਕਸ਼ਮੀਰ ਦਾ ਸੇਬ ਹੋਇਆ ‘ਬਿਮਾਰ’ !
                          ਚਰਨਜੀਤ ਭੁੱਲਰ
ਚੰਡੀਗੜ੍ਹ : ਕਸ਼ਮੀਰ ਦਾ ਸੇਬ ਹੁਣ ਖੁਦ ‘ਬਿਮਾਰ’ ਹੋ ਗਿਆ ਹੈ ਜਦੋਂ ਕਿ ਤੰਦਰੁਸਤੀ ਖਾਤਰ ਆਮ ਲੋਕ ਕਸ਼ਮੀਰੀ ਸੇਬ ਖਾਣ ਨੂੰ ਤਰਜੀਹ ਦਿੰਦੇ ਹਨ। ਤੰਦਰੁਸਤੀ ਵੰਡਣ ਵਾਲਾ ਕਸ਼ਮੀਰੀ ਸੇਬ ਰਸਾਇਣ ਭਰਪੂਰ ਪਾਇਆ ਗਿਆ ਹੈ ਜਦੋਂ ਕਿ ਜ਼ਹਿਰਾਂ ਤੋਂ ਪੰਜਾਬ ਦੇ ਚੌਲ ਤੇ ਨਰਮਾ ਵੀ ਨਹੀਂ ਬਚ ਸਕੇ ਹਨ। ਉੱਤਰੀ ਭਾਰਤ ’ਚ ਕਸ਼ਮੀਰੀ ਸੇਬ ਦੀ ਪੈਂਠ ਰਹੀ ਹੈ ਪ੍ਰੰਤੂ ਕਸ਼ਮੀਰ ਦਾ ਸੇਬ ਵੀ ਹੁਣ ਜ਼ਹਿਰੀਲਾ ਹੋ ਗਿਆ ਹੈ। ਕਸ਼ਮੀਰ ਵਾਦੀ ਹੁਣ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਵਾਲੇ ਖ਼ਿੱਤੇ ਵਜੋਂ ਉਭਰੀ ਹੈ।ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ ਦੇ ਕਾਸ਼ਤਕਾਰ ਰਸਾਇਣਾਂ ਦੀ ਲੋੜੋਂ ਵੱਧ ਵਰਤੋਂ ਕਰ ਰਹੇ ਹਨ ਜਿਸ ਵਜੋਂ ਕਾਸ਼ਤਕਾਰਾਂ ਦੀ ਸਿਹਤ ਵੀ ਦਾਅ ’ਤੇ ਲੱਗੀ ਹੈ। ਇਨ੍ਹਾਂ ਫਸਲਾਂ ’ਚ ਖਤਰਨਾਕ ਕਾਰਸਿਨੋਜੀਕ ਕੀਟਨਾਸ਼ਕ ਦੀ ਸਭ ਤੋਂ ਵੱਧ ਵਰਤੋਂ ਹੋਈ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਪੰਜਾਬ ਖੇਤੀ ਵਰਸਿਟੀ ਲੁਧਿਆਣਾ, ਐਮੀਟੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਅਤੇ ਸ਼ੇਰ ਏ ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਈਜ਼ ਐਂਡ ਟੈਕਨੌਲੋਜੀ ਜੰਮੂ ਤੋਂ ਤਾਜ਼ਾ ਸਹਿਯੋਗੀ ਅਧਿਐਨ ਕਰਾਇਆ ਹੈ ਜਿਸ ਵਿਚ ਇਹ ਨਵੇਂ ਖ਼ੁਲਾਸੇ ਹੋਏ ਹਨ।
              ‘ਵਾਤਾਵਰਣ ਪ੍ਰਬੰਧਨ’ ਵਿਚ ਇਸ ਅਧਿਐਨ ਦੇ ਵੇਰਵੇ ਦਰਜ ਕੀਤੇ ਗਏ ਹਨ। ਇਸ ਅਧਿਐਨ ਵਿਚ 1201 ਸੇਬ, ਕਪਾਹ ਅਤੇ ਚੌਲ ਉਤਪਾਦਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਧਿਐਨ ’ਚ ਮਾਹਿਰਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇੰਟੈਗਰੇਟਡ ਪੈੱਸਟ ਮੈਨੇਜਮੈਂਟ ਦੀ ਯੋਜਨਾਬੰਦੀ ਦੀ ਕਮੀ ਕਰਕੇ ਕਸ਼ਮੀਰ ਸੇਬ ਦੀ ਫਸਲ ਵਿਚ ਕੀਟਨਾਸ਼ਕਾਂ ਦੀ ਜਿਆਦਾ ਵਰਤੋਂ ਹੋਈ ਹੈ। ਅਧਿਐਨ ’ਚ ਖਤਰਨਾਕ ਤੱਥ ਉਭਰੇ ਹਨ ਕਸ਼ਮੀਰ ਦੇ ਸੇਬ ਦੀ ਫਸਲ ’ਚ ਪ੍ਰਤੀ ਹੈਕਟੇਅਰ ਪਿੱਛੇ 9.039 ਕਿਲੋਗਰਾਮ ਉਹ ਰਸਾਇਣ ਵਰਤੇ ਗਏ ਹਨ, ਜੋ ਕੈਂਸਰ ਦੀ ਬਿਮਾਰੀ ਨੂੰ ਸੱਦਾ ਦੇਣ ਵਾਲੇ ਹਨ। ਅਧਿਐਨ ਅਨੁਸਾਰ ਸੇਬ ਦੀ ਫਸਲ ਵਿਚ ਜੋ ਕੁੱਲ ਕੀਟਨਾਸ਼ਕ ਵਰਤੇ ਗਏ, ਉਨ੍ਹਾਂ ਚੋ 35.8 ਫੀਸਦੀ ਰਸਾਇਣ ਕੈਂਸਰ ਦੀ ਬਿਮਾਰੀ ਨੂੰ ਬੁਲਾਵਾ ਦੇਣ ਵਾਲੇ ਸਨ। ਪੰਜਾਬ ਵਿਚ ਅੱਠ ਖੇਤੀ ਮਾਹਿਰਾਂ ਨੇ ਕਪੂਰਥਲਾ, ਜਲੰਧਰ, ਮੋਗਾ ਅਤੇ ਮੁਕਤਸਰ ਵਿਚ ਝੋਨਾ ਕਾਸ਼ਤਕਾਰਾਂ ਵੱਲੋਂ ਫਸਲਾਂ ’ਚ ਵਰਤੇ ਕੀਟਨਾਸ਼ਕਾਂ ਦੀ ਸਟੱਡੀ ਕੀਤੀ ਹੈ। ਝੋਨਾ ਕਾਸ਼ਤਕਾਰਾਂ ਨੇ ਕਰੀਬ 20 ਤਰ੍ਹਾਂ ਦੇ ਕੀਟਨਾਸ਼ਕ ਆਦਿ ਦੀ ਵਰਤੋਂ ਕੀਤੀ ਜਿਨ੍ਹਾਂ ਚੋਂ ਕੁਝ ਕੀਟਨਾਸ਼ਕ ਅਜਿਹੇ ਸਨ ਜਿਨ੍ਹਾਂ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਖਤਰਨਾਕ ਸ਼ੇ੍ਰਣੀ ’ਚ ਰੱਖਿਆ ਹੋਇਆ ਹੈ।
                ਜੰਮੂ ਕਸ਼ਮੀਰ ਖੇਤਰ ’ਚ ਇਨ੍ਹਾਂ ਦੇ ਮੁਕਾਬਲੇ ਚੌਲਾਂ ਵਿਚ ਰਸਾਇਣ ਘੱਟ ਪਾਏ ਗਏ ਹਨ। ਅਧਿਐਨ ਵਿਚ ਨਰਮਾ ਪੱਟੀ ਦੇ ਜ਼ਿਲ੍ਹਾ ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਨੂੰ ਸ਼ਾਮਿਲ ਕੀਤਾ ਗਿਆ ਹੈ। ਬੇਸ਼ੱਕ ਇਨ੍ਹਾਂ ਜ਼ਿਲ੍ਹਿਆਂ ਵਿਚ ਇੰਟੈਗਰੇਟਡ ਪੈੱਸਟ ਮੈਨੇਜਮੈਂਟ ਪ੍ਰੋਗਰਾਮ ਕਈ ਵਰ੍ਹਿਆਂ ਤੋਂ ਚੱਲ ਰਹੇ ਹਨ ਪ੍ਰੰਤੂ ਇਸ ਦੇ ਬਾਵਜੂਦ ਨਰਮਾ ਕਾਸ਼ਤਕਾਰਾਂ ਵੱਲੋਂ 26 ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਸਾਹਮਣੇ ਆਈ ਹੈ। ਕਾਸ਼ਤਕਾਰਾਂ ਨੇ ਨਰਮੇ ਦੀ ਫਸਲ ਵਿਚ ਪ੍ਰਤੀ ਹੈਕਟੇਅਰ 2.660 ਕਿਲੋਗ੍ਰਾਮ ਦੀ ਵਰਤੋਂ ਕੀਤੀ ਹੈ। ਇਨ੍ਹਾਂ ’ਚ ਵਿਸ਼ਵ ਸਿਹਤ ਸੰਸਥਾ ਵੱਲੋਂ ਖਤਰਨਾਕ ਐਲਾਨੇ ਰਸਾਇਣ ਵੀ ਸ਼ਾਮਿਲ ਹਨ।ਅਧਿਐਨ ਦੇ ਪ੍ਰਮੁੱਖ ਜਾਂਚ ਅਧਿਕਾਰੀ ਰਜਿੰਦਰ ਪੇਸ਼ੀਨ ਨੇ ਦੱਸਿਆ ਕਿ ਭਾਰਤੀ ਖੇਤੀ ਵਿਚ 1990 ਦੇ ਦਹਾਕੇ ਦੇ ਅਖੀਰ ਅਤੇ 2000 ਦੇ ਸ਼ੁਰੂ ਕੀਟਨਾਸ਼ਕਾਂ ਦੀ ਵਰਤੋਂ ਘਟਦੀ ਰਹੀ ਸੀ। ਸਾਲ 2007 ਤੋਂ ਮਗਰੋਂ ਇਸ ਦੀ ਵਰਤੋਂ ਵਿਚ ਵਾਧਾ ਹੋਇਆ ਹੈ।
             ਉਨ੍ਹਾਂ ਦੱਸਿਆ ਕਿ ਇਸ ਅਧਿਐਨ ਲਈ ਬਾਰਾਮੁੱਲਾ, ਸ਼ੋਪੀਆਂ ਅਤੇ ਕੁਪਵਾੜਾ ਦੇ ਸੇਬ ਉਗਾਉਣ ਵਾਲੇ 22 ਪਿੰਡਾਂ ਚੋਂ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਜੰਮੂ ਖੇਤਰ ਵਿਚ ਸਬਜ਼ੀਆਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਦੇ ਅਧਿਐਨ ਲਈ ਕਠੂਆ, ਜੰਮੂ, ਸਾਂਬਾ ਆਦਿ ਦੇ 25 ਪਿੰਡਾਂ ਨੂੰ ਅਧਿਐਨ ਵਿਚ ਸ਼ਾਮਿਲ ਕੀਤਾ ਗਿਆ ਹੈ। ਭਿੰਡੀ, ਬੈਂਗਣ ਅਤੇ ਟਮਾਟਰ ਦੀ ਫਸਲ ’ਤੇ ਪ੍ਰਤੀ ਹੈਕਟੇਅਰ 1.447 ਕਿਲੋਗ੍ਰਾਮ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਜੋ ਆਮ ਨਾਲੋਂ ਕਾਫ਼ੀ ਜਿਆਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਕਈ ਕੀਟਨਾਸ਼ਕਾਂ ਤੇ ਪਾਬੰਦੀ ਬਾਰੇ ਕਿਹਾ ਗਿਆ ਹੈ ਤਾਂ ਜੋ ਮਨੁੱਖੀ ਸਿਹਤ, ਵਾਤਾਵਰਣ ਅਤੇ ਖੇਤੀ ’ਤੇ ਪੈਣ ਵਾਲੇ ਦੁਰ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ।
                           ਹਿਮਾਚਲੀ ਸੇਬ ਕਿਉਂ ਨਹੀਂ ?
ਚਰਚੇ ਹਨ ਕਿ ਕੇਂਦਰੀ ਸਟੱਡੀ ’ਚ ਸਿਰਫ ਕਸ਼ਮੀਰ ਦੇ ਸੇਬ ਦੀ ਫਸਲ ਨੂੰ ਹੀ ਅਧਿਐਨ ਵਿਚ ਕਿਉਂ ਸ਼ਾਮਿਲ ਕੀਤਾ ਗਿਆ ਹੈ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ ਸੇਬ ਦੀ ਫਸਲ ਭਰਪੂਰ ਹੁੰਦੀ ਹੈ। ਅਸਲੀਅਤ ਕੁਝ ਵੀ ਹੋਵੇ ਪ੍ਰੰਤੂ ਸਿਆਸੀ ਹਲਕੇ ਇਸ ਨੂੰ ਟੇਢੀ ਨਜ਼ਰ ਨਾਲ ਵੇਖ ਰਹੇ ਹਨ। ਗੱਲਾਂ ਹੋਣ ਲੱਗੀਆਂ ਹਨ ਕਿ ਕਿਤੇ ਇਸ ਕੇਂਦਰੀ ਸਟੱਡੀ ਪਿਛੇ ਕੋਈ ਖੇਡ ਤਾਂ ਨਹੀਂ ਹੈ।



Monday, July 6, 2020

                          ਪ੍ਰਾਈਵੇਟ ਥਰਮਲ
            ਮਹਿੰਗੀ ਬਿਜਲੀ, ਵੱਡੇ ਝਟਕੇ !
                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਪ੍ਰਾਈਵੇਟ ਥਰਮਲਾਂ ਦੀ ਮਹਿੰਗੀ ਬਿਜਲੀ ਹੁਣ ਪੰਜਾਬ ਸਰਕਾਰ ਨੂੰ ‘ਝਟਕਾ’ ਨਹੀਂ ਮਾਰਦੀ ਹੈ ਸਗੋਂ ਸਰਕਾਰ ਸਸਤੀ ਬਿਜਲੀ ਤੋਂ ਕਿਨਾਰਾ ਕਰਨ ਲੱਗੀ ਹੈ। ਪਾਵਰਕੌਮ ਦੇ 2019-20 ਦਾ ਬਿਜਲੀ ਖਰੀਦ ਅੰਕੜਾ ਸਰਕਾਰ ’ਤੇ ਉਂਗਲ ਚੁੱਕਣ ਲੱਗਾ ਹੈ। ਪਾਵਰਕੌਮ ਨੇ ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪਲਾਂਟਾਂ ਨੂੰ ਇੱਕੋਂ ਵਰੇ੍ਹ ਵਿਚ 4390 ਕਰੋੜ ਰੁਪਏ ਵਾਧੂ ਮਹਿੰਗੀ ਬਿਜਲੀ ਵਜੋਂ ਅਦਾ ਕਰ ਦਿੱਤੇ। ਦੂਸਰੇ ਸੂਬਿਆਂ ਤੋਂ ਇਹੋ ਬਿਜਲੀ ਖਰੀਦ ਕੀਤੀ ਜਾਂਦੀ ਤਾਂ ਇਹ ਪੈਸਾ ਬਚ ਸਕਦਾ ਸੀ। ਕਾਬਿਲੇਗੌਰ ਹੈ ਕਿ ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਆਖਦੇ ਹਨ ਕਿ ਬਠਿੰਡਾ ਥਰਮਲ ਤੋਂ ਬਿਜਲੀ ਮਹਿੰਗੀ ਪੈਂਦੀ ਸੀ ਅਤੇ ਬਾਹਰੋਂ ਬਿਜਲੀ ਸਸਤੀ ਪੈਂਦੀ ਹੈ ਜਿਸ ਕਰਕੇ ਇਹ ਥਰਮਲ ਬੰਦ ਕੀਤਾ ਹੈ। ਪੰਜਾਬੀ ਟ੍ਰਿਬਿਊਨ ਤਰਫ਼ੋਂ ਜਦੋਂ ਵਰ੍ਹਾ 2019-20 ਦੇ ਬਿਜਲੀ ਖਰੀਦ ਅੰਕੜੇ ਦੀ ਸਮੀਖਿਆ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ। ਵੇਰਵਿਆਂ ਅਨੁਸਾਰ ਪਾਵਰਕੌਮ ਵਲੋਂ ਬਾਹਰੋਂ ਖਰੀਦ ਕੀਤੀ ਬਿਜਲੀ ਪ੍ਰਤੀ ਯੂਨਿਟ 3.94 ਰੁਪਏ ਹੈ ਜਦੋਂ ਕਿ ਗੋਇੰਦਵਾਲ ਥਰਮਲ ਤੋਂ ਇਹੋ ਬਿਜਲੀ 9.54 ਰੁਪਏ ਪ੍ਰਤੀ ਯੂਨਿਟ ਖਰੀਦ ਕੀਤੀ ਗਈ ਹੈ।
       ਪਾਵਰਕੌਮ ਨੇ ਇਸੇ ਤਰ੍ਹਾਂ ਤਲਵੰਡੀ ਸਾਬੋ ਥਰਮਲ ਤੋਂ 6.63 ਰੁਪਏ ਪ੍ਰਤੀ ਯੂਨਿਟ ਅਤੇ ਰਾਜਪੁਰਾ ਥਰਮਲ ਪਲਾਂਟ ਤੋਂ 5.06 ਰੁਪਏ ਪ੍ਰਤੀ ਯੂਨਿਟ ਖਰੀਦ ਕੀਤੀ ਹੈ। ਸੋਲਰ ਅਤੇ ਬਾਇਓਮਾਸ ਪ੍ਰੋਜੈਕਟਾਂ ਤੋਂ ਇਹੋ ਬਿਜਲੀ 6.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦ ਕੀਤੀ ਗਈ। ਸੁਆਲ ਉਠੇ ਹਨ ਕਿ ਜਦੋਂ ਬਾਹਰੋ ਬਿਜਲੀ 3.94 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ ਤਾਂ ਪ੍ਰਾਈਵੇਟ ਥਰਮਲਾਂ ਤੋਂ ਵੱਧ ਭਾਅ ’ਤੇ ਬਿਜਲੀ ਕਿਉਂ ਖਰੀਦ ਕੀਤੀ ਗਈ। ਬਾਹਰੋਂ ਪੂਰੇ ਸਾਲ ’ਚ ਸਿਰਫ਼ 9455 ਕਰੋੜ ਦੀ ਬਿਜਲੀ ਹੀ ਖਰੀਦੀ ਗਈ। ਪਾਵਰਕੌਮ ਨੇ ਸਾਲ 2019-20 ਦੌਰਾਨ ਕੁੱਲ 21725 ਕਰੋੜ ਰੁਪਏ ਦੀ ਬਿਜਲੀ ਖਰੀਦ ਕੀਤੀ ਹੈ ਜਿਸ ਚੋਂ 12,270 ਕਰੋੜ ਦੀ ਬਿਜਲੀ ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪ੍ਰੋਜੈਕਟਾਂ ਆਦਿ ਤੋਂ ਖਰੀਦ ਕੀਤੀ ਗਈ। ਇਹੋ ਬਿਜਲੀ ਪੂਰੇ ਵਰੇ੍ਹ ਦੌਰਾਨ ਬਾਹਰੋਂ ਖਰੀਦ ਕੀਤੀ ਜਾਂਦੀ ਤਾਂ ਪਾਵਰਕੌਮ 4390 ਕਰੋੜ ਰੁਪਏ ਬਚਾ ਸਕਦੀ ਸੀ। ਥਰਮਲ ਇੰਪਲਾਈਜ ਯੂਨੀਅਨ ਦੇ ਗੁਰਸੇਵਕ ਸਿੰਘ ਸੰਧੂ ਆਖਦੇ ਹਨ ਕਿ ਅਗਰ ਮਹਿੰਗੀ ਬਿਜਲੀ ਕਰਕੇ ਬਠਿੰਡਾ ਥਰਮਲ ਬੰਦ ਕੀਤਾ ਹੈ ਤਾਂ ਕੀ ਸਰਕਾਰ ਮਹਿੰਗੀ ਬਿਜਲੀ ਪੈਦਾ ਕਰਨ ਵਾਲੇ ਪ੍ਰਾਈਵੇਟ ਥਰਮਲ ਵੀ ਬੰਦ ਕਰੇਗੀ।
      ਵੇਰਵਿਆਂ ਅਨੁਸਾਰ ਪਾਵਰਕੌਮ ਨੇ ਲੰਘੇ ਮਾਲੀ ਵਰੇ੍ਹ ਦੌਰਾਨ ਬੈਂਕਿੰਗ ਤੋਂ ਬਿਨਾਂ 55 ਹਜ਼ਾਰ ਮਿਲੀਅਨ ਯੂਨਿਟ ਬਿਜਲੀ ਹਾਸਲ ਕੀਤੀ ਹੈ ਜਿਸ ਚੋਂ 80 ਫੀਸਦੀ ਬਿਜਲੀ ਖਰੀਦ ਕੀਤੀ ਗਈ ਹੈ। ਪਾਵਰਕੌਮ ਨੇ ਆਪਣੇ ਜਨਤਿਕ ਸਰੋਤਾਂ ਤੋਂ ਸਿਰਫ਼ 20 ਫੀਸਦੀ ਬਿਜਲੀ ਪ੍ਰਾਪਤ ਕੀਤੀ ਹੈ। ਇਸੇ ਵਰੇ੍ਹ ਦੌਰਾਨ ਜਨਤਿਕ ਤਾਪ ਬਿਜਲੀ ਘਰਾਂ ਚੋਂ ਸਿਰਫ਼ 3.5 ਫੀਸਦੀ ਬਿਜਲੀ ਪ੍ਰਾਪਤ ਕੀਤੀ ਗਈ ਜਦੋਂ ਕਿ ਹਾਈ ਡਲ ਪ੍ਰੋਜੈਕਟਾਂ ਤੋਂ 8.8 ਫੀਸਦੀ ਬਿਜਲੀ ਹਾਸਲ ਕੀਤੀ ਗਈ। ਪੰਜਾਬ ਤੋਂ ਬਾਹਰੋਂ 24 ਹਜ਼ਾਰ ਮਿਲੀਅਨ ਯੂਨਿਟ ਬਿਜਲੀ ਖਰੀਦ ਕੀਤੀ ਗਈ ਹੈ। ਪਾਵਰਕੌਮ ਅਗਰ ਬਾਹਰੋਂ ਬਿਜਲੀ ਖਰੀਦ ਕਰਦੀ ਤਾਂ ਇਕੋ ਵਰੇ੍ਹ ਵਿਚ ਗੋਇੰਦਵਾਲ ਥਰਮਲ ਨੂੰ 672 ਕਰੋੜ, ਤਲਵੰਡੀ ਸਾਬੋ ਥਰਮਲ ਨੂੰ 2230 ਕਰੋੜ ਅਤੇ ਰਾਜਪੁਰਾ ਥਰਮਲ ਨੂੰ 940 ਕਰੋੜ ਰੁਪਏ ਵਾਧੂ ਨਾ ਦੇਣੇ ਪੈਂਦੇ। ਸਿਦਕ ਫੋਰਮ ਦੇ ਸਾਧੂ ਰਾਮ ਕੁਸ਼ਲਾ ਆਖ ਰਹੇ ਹਨ ਕੀ ਹੁਣ ਸਰਕਾਰ ਦੱਸੇਗੀ ਕਿ ਪ੍ਰਾਈਵੇਟ ਥਰਮਲਾਂ ਨੂੰ ਇਹ ਕਾਹਦਾ ਤੋਹਫ਼ਾ ਦਿੱਤਾ ਗਿਆ ਹੈ।
             ਤੱਥਾਂ ਅਨੁਸਾਰ ਬਠਿੰਡਾ ਥਰਮਸ ਨੇ 2007-08 ਵਿਚ ਇੱਕੋ ਸਾਲ ਵਿਚ 88 ਫੀਸਦੀ ਲੋਡ ’ਤੇ ਚੱਲ ਕੇ 2964 ਮਿਲੀਅਨ ਯੂਨਿਟ ਪੈਦਾ ਕੀਤੇ ਜਦੋਂ ਕਿ ਥਰਮਲ ਨੂੰ ਬੰਦ ਤੋਂ ਪਹਿਲਾਂ ਸਾਲ 2017-18 ਵਿਚ ਸਿਰਫ਼ 10 ਫੀਸਦੀ ਹੀ ਚਲਾਇਆ ਗਿਆ ਅਤੇ 300 ਮਿਲੀਅਨ ਯੂਨਿਟ ਪੈਦਾ ਕੀਤੇ। ਰੋਪੜ ਥਰਮਲ ਨੇ 2009-10 ਵਿਚ 10056 ਮਿਲੀਅਨ ਯੂਨਿਟ ਪੈਦਾ ਕੀਤੇ ਸਨ ਜਦੋਂ ਕਿ 2019-20 ਵਿਚ ਸਿਰਫ ਇੱਕ ਹਜ਼ਾਰ ਮਿਲੀਅਨ ਯੂਨਿਟ ਪੈਦਾ ਕੀਤੇ ਗਏ। ਇਸੇ ਤਰ੍ਹਾਂ ਲਹਿਰਾ ਥਰਮਲ ਨੇ 2011-12 ਵਿਚ 7621 ਮਿਲੀਅਨ ਯੂਨਿਟ ਪੈਦਾ ਕੀਤੇ ਜਦੋਂ ਕਿ ਲੰਘੇ ਮਾਲੀ ਵਰੇ੍ਹ ਦੌਰਾਨ ਪੈਦਾਵਾਰ 900 ਯੂਨਿਟ ’ਤੇ ਆ ਗਈ। ਪਾਵਰਕੌਮ ਦੇ ਇਨ੍ਹਾਂ ਥਰਮਲਾਂ ਨੂੰ ਜਿਆਦਾ ਸਮਾਂ ਬੰਦ ਰੱਖਿਆ ਗਿਆ ਜਿਸ ਕਰਕੇ ਉਹ ਆਪਣੇ ਸਮਰੱਥਾ ਮੁਤਾਬਿਕ ਚੱਲ ਹੀ ਨਹੀਂ ਸਕੇ। ਨਤੀਜੇ ਵਜੋਂ ਇਸ ਦੀ ਮਹਿੰਗੀ ਬਿਜਲੀ ਦਾ ਤਰਕ ਸਰਕਾਰ ਨੇ ਦੇਣਾ ਸ਼ੁਰੂ ਕਰ ਦਿੱਤਾ।
             ਪੰਜਾਬ ਵਿਚ ਜਿਉਂ ਜਿਉਂ ਪ੍ਰਾਈਵੇਟ ਥਰਮਲ ਚੱਲਦੇ ਗਏ ,ਤਿਉਂ ਤਿਉਂ ਜਨਤਿਕ ਸੈਕਟਰ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਦੀ ਕਟੌਤੀ ਹੁੰਦੀ ਗਈ। ਪ੍ਰਾਈਵੇਟ ਥਰਮਲਾਂ ਨੂੰ ਜੋ ਫਿਕਸ ਚਾਰਜ ਦਿੱਤੇ ਗਏ, ਉਹ ਵੱਖਰੇ ਹਨ।ਵਿੱਤ ਮੰਤਰੀ ਆਖ ਚੁੱਕੇ ਹਨ ਕਿ ਕੌਮੀ ਐਕਸਚੇਂਜ ਤੋਂ ਬਿਜਲੀ ਤਿੰਨ ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਸੂਤਰ ਆਖਦੇ ਹਨ ਕਿ ਸਰਕਾਰ ਸਸਤੀ ਬਿਜਲੀ ਨੂੰ ਤਰਜੀਹ ਦੇਵੇ। ਪ੍ਰਾਈਵੇਟ ਥਰਮਲਾਂ ਦੀ ਮਹਿੰਗੀ ਬਿਜਲੀ ਦੀ ਥਾਂ ਕੌਮੀ ਐਕਸਚੇਂਜ ਦੀ ਬਿਜਲੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।     
                                      ਖਪਤਕਾਰ ਬੋਝ ਕਿਉਂ ਝੱਲਣ : ਸੰਧਵਾਂ 
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਆਖਦੇ ਹਨ ਕਿ ਅਗਰ ਮਹਿੰਗੀ ਬਿਜਲੀ ਦਾ ਤਰਕ ਦੇ ਕੇ ਬਠਿੰਡਾ ਥਰਮਲ ਬੰਦ ਗਿਆ ਹੈ ਤਾਂ ਉਸ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਪ੍ਰਾਈਵੇਟ ਥਰਮਲ ਸਰਕਾਰ ਕਦੋਂ ਬੰਦ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਈਵੇਟ ਥਰਮਲਾਂ ਨੂੰ ਲਾਹਾ ਦੇਣ ਖਾਤਰ ਆਮ ਖਪਤਕਾਰਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ।
   

Sunday, July 5, 2020

                         ਵਿਚਲੀ ਗੱਲ
             ਜਾਵਾਂ ਤੇਰੇ ਤੋਂ ਕੁਰਬਾਨ..!
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬੀਓ! ਹੁਣ ਘੋੜੇ ਵੇਚ ਕੇ ਸੌਂ ਜਾਓ। ਛੱਡ ਦਿਓ ਅੱਚਵੀ, ਮਾਰੋ ਘੁਰਾੜੇ। ਇੰਤਜ਼ਾਰ ਦੀਆਂ ਘੜੀਆਂ ਖ਼ਤਮ। ਪੰਥ ਦੇ ਚਰਨਾਂ ਦੀ ਧੂੜ। ਤੁਹਾਡੇ ਦਿਲਾਂ ਦੀ ਧੜਕਣ। ਦਾਸਾਂ ਦੇ ਦਾਸ, ਹਾਜ਼ਰ ਹਨ, ਜਥੇਦਾਰ ਸੁਖਬੀਰ ਸਿੰਘ ਜੀ ਬਾਦਲ। ਪਿਆਰੀ ਸਾਧ ਸੰਗਤ ਜੀ, ਏਦਾਂ ਜੈਕਾਰੇ ਨਾ ਛੱਡੋ। ਪਹਿਲਾਂ ਪ੍ਰਧਾਨ ਜੀ ਦਾ ਜਜ਼ਬਾ ਤਾਂ ਦੇਖੋ। ‘ਕਿਸਾਨ ਵੀਰੋ, ਏਹ ਥੋਡੀ ਮਾਂ ਪਾਰਟੀ ਹੈ। ਛੱਡ ਦਿਓ ਫਿਕਰ ਫਾਕੇ, ਸਰ੍ਹਾਣੇ ਥੱਲੇ ਬਾਂਹ ਦੇ ਕੇ ਸੌਂ ਜਾਓ। ਕਿਤੇ ਭੀੜ ਪੈ ਗਈ ਤਾਂ ਅਸੀਂ ਦਿਆਂਗੇ ਕੁਰਬਾਨੀ।‘ ਲਓ ਜੀ, ਸੌ ਰੋਗਾਂ ਦੀ ਇੱਕ ਦਵਾ। ਭਰੇ ਪੰਡਾਲ ’ਚੋਂ ਦਸੌਂਧਾ ਸਿਓਂ ਉਠਿਐ। ‘ਪ੍ਰਧਾਨ ਜੀ, ਬੰਦਾ ਹਾਜ਼ਰ ਐ, ਜੇ ਮੋਰਚਾ ਲਾਉਣੈ।’ ਨੈਣ ਪ੍ਰਾਣ ਚੱਲਦੇ ਨੇ, ਅਮਰਿੰਦਰ ਕਿਤੇ ਘੱਟ ਨੇ। ਮਹਾਰਾਜ ਇੰਝ ਗੜ੍ਹਕੇ ‘ਕੋਈ ਤਿੜ ਫਿੜ ਹੋਈ, ਹਰ ਕੁਰਬਾਨੀ ਦਿਆਂਗੇ’। ਸਤੌਜ ਆਲੇ ਭਗਵੰਤ ਮਾਨ ਨੂੰ ਦੱਸੋ ਕੌਣ ਸਮਝਾਏ, ਇੱਕੋ ਤੋਤਾ ਰੱਟ ਲਾਈ ਐ...‘ਬੀਬਾ ਜੀ ਪਹਿਲਾਂ ਕੁਰਸੀ ਛੱਡੋ’। ਰੋਮਨਾਂ ਨੇ ਕਾਣ ਕੱਢਿਐ। ‘ਉੱਲੂ ਦਾ ਆਪਣਾ ਗੀਤ ਹੁੰਦਾ ਤੇ ਕਾਂ ਦਾ ਆਪਣਾ’। ਖੇਤਾਂ ਦੇ ਰਾਖਿਓ... ਫਿਕਰ ਛੱਡੋ। ਕੁਰਬਾਨੀ ਦੇ ਪੁੰਜ ਜਾਗੇ ਨੇ। ਤੁਸੀਂ ਸੌਂ ਜਾਓ, ਲਾਹ ਲਓ ਨੀਦਾਂ ਤੇ ਲੁੱਟ ਲਓ ਬੁੱਲ੍ਹੇ। ਆਲਮ ਲੁਹਾਰ ਵੀ ਇਹੋ ਆਖਦੈ। ‘ਏਹ ਜ਼ਿੰਦਗਾਨੀ ਚਾਰ ਦਿਹਾੜੇ, ਖੁਸ਼ੀਆਂ ਨਾਲ ਹੰਢਾਈਏ।’ ਹੱਡਾਂ ਦੀ ਮੁੱਠ ਬਣੀ ਹੋਵੇ ਤਾਂ ਨੀਂਦਰ ਕਿਥੇ? ਆਰਡੀਨੈਂਸਾਂ ਨੇ ਖੇਤਾਂ ਨੂੰ ਕਾਂਬਾ ਛੇੜਿਐ। ਕਿਸਾਨਾਂ ਦੀ ਤਣਾਮ ਕਸੀ ਐ। ਝੱਖੜ ਝੁੱਲਣ ਲੱਗੇ ਨੇ। ‘ਬਾਦਲ’ ਗਰਜ਼ੇ ਨੇ। ਤੇਲ ਦੀ ਧਾਰ ਨਾ ਵੇਖੋ। ਸਿਆਸੀ ਸ਼ਹੀਦਾਂ ਨੂੰ ਪ੍ਰਣਾਮ ਕਰੋ। ਚੀਚੀ ਨੂੰ ਖੂਨ ਹੁਣੇ ਲਾਇਐ। ਐਂਵੇ ਕੌਣ ਰੱਸੇ ਵੱਟਦੈ।
                ਨਾਟਕ ‘ਬਾਬਾ ਬੋਲਦਾ ਹੈ’ ’ਚ ਬਾਬਾ ਆਖਦੈ... ‘ਸਰਕਾਰ ਆਖਦੀ ਏ... ਦੇਸ਼ ਨੂੰ ਖਤਰੈ, ਜਥੇਦਾਰ ਕਹਿੰਦੇ ਨੇ... ਪੰਥ ਨੂੰ ਖਤਰੈ।’ ਵੱਡੇ ਬਾਦਲ ਨੇ ਕੇਰਾਂ ਗੱਲ ਸੁਣਾਈ। ‘ਨਵੀਂ-ਨਵੀਂ ਸਰਕਾਰ ਬਣੀ, ਪੁਰਾਣਾ ਜਥੇਦਾਰ ਆਖਣ ਲੱਗਾ, ‘ਬਾਦਲ ਸਾਹਿਬ, ਮੋਰਚਾ ਕਦੋਂ ਲਾਵਾਂਗੇ। ਅੱਗਿਓਂ ਬਾਦਲ ਬੋਲੇ, ਬਜ਼ੁਰਗੋ ਹਾਲੇ ਆਪਣੀ ਸਰਕਾਰ ਐ।’ ਖੈਰ, ਲੰਘ ਗਏ ਦਰਿਆ। ਮੋਰਚੇ ਦਾ ਬਿਗਲ ਵੱਜਦੈ, ਜਥੇਦਾਰਾਂ ਨੂੰ ਚਾਅ ਚੜ੍ਹ ਜਾਂਦਾ। ਚੋਣਾਂ ਦੀ ਛਿੰਝ ਨੇੜੇ ਹੋਵੇ, ਉਦੋਂ ਕੁਰਬਾਨੀ ਦਾ ਗੀਤ ਗੂੰਜਦੈ। ਪੂਰਬੀ ਲੱਦਾਖ ’ਚ ਜੋ ਸ਼ਹੀਦ ਹੋਏ ਉਨ੍ਹਾਂ ਦੇ ਘਰਾਂ ’ਚ ਮਾਤਮੀ ਧੁਨ ਗੂੰਜੀ ਐ। ਸ਼ਹੀਦ ਮੁੰਡੇ ਦੇ ਬਾਪ ਨੇ ਉਲਾਂਭਾ ਦਿੱਤੈ। ‘ਅਸੀਂ ਸਰਹੱਦਾਂ ਤੋਂ ਪੁੱਤ ਵਾਰੇ, ਹਾਕਮਾਂ ਨੇ ਆਰਡੀਨੈਂਸ ਕੱਢ ਮਾਰੇ।’ ਮਰਹੂਮ ਗੁਰਦੇਵ ਬਾਦਲ ਹੱਟੀ ਭੱਠੀ ਗੱਲ ਸੁਣਾਉਂਦੇ। ਜਿਵੇਂ ਖਟਾਰਾ ਟਰੱਕਾਂ ਪਿੱਛੇ ‘ਚੱਲ ਰਾਣੀ ਤੇਰਾ ਰੱਬ ਰਾਖਾ’ ਲਿਖਿਆ ਹੁੰਦੈ। ਉਵੇਂ ਕਿਸਾਨੀ ਦਾ ਵੀ ਹੁਣ ਰੱਬ ਹੀ ਰਾਖੈ। ਅਮਰਿੰਦਰ ਆਖਦੈ... ਮੈਂ ਪਾਣੀਆਂ ਦਾ ਰਾਖਾ। ਬਾਦਲ ਆਖਦੇ ਨੇ... ਅਸੀਂ ਕਿਸਾਨੀ ਦੇ ਰਾਖੇ। ਚੀਮਾ ਦਾ ਕਿਸਾਨ ਜੋਗਿੰਦਰ ਸਿੰਘ। ਬਠਿੰਡਾ ਥਰਮਲ ਅੱਗੇ ਜ਼ਿੰਦਗੀ ਦੇ ਗਿਆ। ਅਕਾਲੀ ਆਗੂ ਬੋਲੇ... ‘ਜੋਗਿੰਦਰ ਦੀ ਕੁਰਬਾਨੀ ਅਜਾਈਂ ਨਹੀਂ ਜਾਏਗੀ।’ ਗੱਲ ਸੁਣਨ ਵਾਲੀ ਐ। ਮਾਸਟਰ ਤਾਰਾ ਸਿੰਘ ਨੂੰ ਪੰਡਿਤ ਨਹਿਰੂ ਨੇ ਬੁਲਾਇਆ, ਇੰਝ ਚੋਗਾ ਪਾਇਆ। ਉਪ ਰਾਸ਼ਟਰਪਤੀ ਬਣਨਾ ਚਾਹੋਗੇ। ਚਾਰ ਟੰਗੀ ਨੂੰ ਲੱਤ ਮਾਰ ਆਏ। ਗਰੀਬਾਂ ਦੇ ਢਿੱਡ ਨੂੰ ਲੱਤ ਵੱਜਦੀ ਐ। ਕੌਣ ਲੱਤ ਮਾਰਦੈ ਨਵਾਬੀ ਨੂੰ। ਟੀਨੋਪਾਲ ਵਾਲੇ ਕੱਪੜੇ, ਫਾਰਚੂਨਰ ਗੱਡੀਆਂ, ‘ਕਿਆਨੋ’ ਦੇ ਬੂਟ। ਇਹ ਨਵੇਂ ਜਥੇਦਾਰ ਸਜੇ ਨੇ। ਜੇਲ੍ਹਾਂ ਨੂੰ ਛੱਡੋ, ਧੁੱਪ ਝੱਲਣ ਜੋਗੇ ਨਹੀਂ। ਕਿਥੋਂ ਬੈਠਣਗੇ ਅਗਨ ਕੁੰਢ ’ਚ।
               ‘ਰੱਬ ਬਣਾਏ ਬੰਦੇ, ਕੋਈ ਚੰਗੇ ਕੋਈ ਮੰਦੇ’। ਜ਼ਿੰਦਗੀ ਤੋਂ ਬੇਦਖ਼ਲਾਂ ਨੂੰ ਕੌਣ ਪੁੱਛਦੈ। ਨੜਿੱਨਵੇਂ ਦੇ ਗੇੜ ’ਚ ਪੰਜਾਬ ਪਿਐ। ਅਮਰਿੰਦਰ ਤੇ ਕਾਕਾ ਸੁਖਬੀਰ... 2022 ਵਾਲੇ ਗੇੜ ’ਚ ਉਲਝੇ ਨੇ। ਨਵਜੋਤ ਸਿੱਧੂ ਦਾ ਨਵਾਂ ਸ਼ਗੂਫਾ ਸੁਣੋ, ਆਓ, ਨਵਾਂ ਪੰਜਾਬ ਬਣਾਈਏ। ਓ ਗੁਰੂ! ਪੰਜਾਬ ਪ੍ਰਯੋਗਸ਼ਾਲਾ ਨਹੀਂ। ਅਮਰਿੰਦਰ ਤਾਂ ਬਾਦਲਾਂ ਦਾ ਗੁਰੂ ਨਿਕਲਐ। ਬਤੌਰ ਮੁੱਖ ਮੰਤਰੀ ਬਾਦਲ ਕੋਲ 13 ਮਹਿਕਮੇ ਸਨ। ਅਮਰਿੰਦਰ ਕੋਲ 22 ਮਹਿਕਮੇ ਨੇ। ਲੋਕ ’ਕੱਤੀ ਪਾਉਣ ਨੂੰ ਕਾਹਲੇ ਨੇ। ਫਰਾਂਸੀਸੀ ਕਹਾਵਤ ਐ ‘ਜਦੋਂ ਬਾਕੀ ਪਾਪ ਬੁੱਢੇ ਹੁੰਦੇ ਨੇ, ਲੋਭ ਉਦੋਂ ਵੀ ਜਵਾਨ ਹੁੰਦੈ।’ ਸਿਆਸੀ ਜਾਗੀਰਦਾਰਾਂ ਦੀ ਜਾਗੀਰ ਵਧੀ। ਪੰਜਾਬ ਸਿਰ ਕਰਜ਼ਾ। ਕਿੰਨਾ ਕੁ ਚੜ੍ਹਿਐ, ਮਗਰੋਂ ਦੱਸਦੇ ਹਾਂ। ਪਹਿਲਾਂ ਇਹ ਸੁਣੋ। ਸਰੋਵਰ ’ਚ ਨਿਹੰਗ ਸਿੰਘ ਜੀ ਕੁੱਦ ਪਏ। ਤੈਰਨਾ ਨਾ ਆਵੇ, ਡੁੱਬਣ ਲੱਗਾ, ਬਚਾਓ ਬਚਾਓ, ਰੌਲਾ ਪਾਇਆ। ਹੱਥ ਪੈਰ ਮਾਰਨ ਲੱਗਾ। ਬਚਾਓ ਲਈ ਲੋਕ ਅੱਗੇ। ਅੱਗਿਓਂ ਦੋ ਜਣਿਆਂ ਨੇ ਲੋਕਾਂ ਨੂੰ ਵਲ ਲਿਆ। ਅਖੇ, ‘ਸਿੰਘ ਜੀ ਜੂਝ ਰਹੇ ਨੇ’। ਆਖਰ ਸਿੰਘ ਜੀ ਚੜ੍ਹਾਈ ਕਰ ਗਏ। ਮੈਨੂੰ ਡੁੱਬਣਵਾਲਾ ਸੱਚਮੁੱਚ ‘ਪੰਜਾਬ ਸਿਓਂ’ ਜਾਪਿਆ। ਜਿਨ੍ਹਾਂ ਰੋਕਿਆ, ਉਨ੍ਹਾਂ ’ਚੋਂ ਇੱਕ ਦੇ ਨੀਲੀ ਤੇ ਦੂਜੇ ਦੇ ਚਿੱਟੀ ਬੰਨ੍ਹੀ ਹੋਈ ਸੀ। ਪਤਾ ਨਹੀਂ ਕੌਣ ਸਨ, ਜੋ ਡੁੱਬਦੇ ‘ਪੰਜਾਬ ਸਿਓਂ’ ਤੋਂ ਗੋਤਾ ਲਵਾ ਰਹੇ ਸਨ। ਕਿਸਾਨੀ ਨੂੰ ਰਾਤੋ ਰਾਤ ਮੋਛੇ ਨਹੀਂ ਪਏ। ਕਿਸਾਨ-ਮਜ਼ਦੂਰਾਂ ਦੇ ਚੁੱਲ੍ਹੇ ਕੀਹਨੇ ਠੰਢੇ ਕੀਤੇ। ਅਮਰਿੰਦਰ ਦੀ ਦੌਲਤ ਦਹਾਕੇ ’ਚ 38.49 ਕਰੋੜ ਤੋਂ 48.31 ਕਰੋੜ ਹੋਈ ਹੈ। ਵੱਡੇ ਬਾਦਲ ਦੀ ਪੰਜ ਵਰ੍ਹਿਆਂ ’ਚ 6.75 ਕਰੋੜ ਤੋਂ 14.49 ਕਰੋੜ ਹੋ ਗਈ।
              ਸੁਖਬੀਰ ਬਾਦਲ ਦੀ ਦਹਾਕੇ ’ਚ 67.98 ਕਰੋੜ ਤੋਂ ਵਧ ਕੇ 102 ਕਰੋੜ ਨੂੰ ਛੂਹੀ ਹੈ। ਇੱਕ ਪੁਰਾਣਾ 1986 ਦਾ ਸਰਕਾਰੀ ਵਰਕਾ ਲੱਭਿਐ। ਉਦੋਂ ਇੱਕ ‘ਡੱਬਵਾਲੀ ਟਰਾਂਸਪੋਰਟ ਕੰਪਨੀ’ ਹੁੰਦੀ ਸੀ, 675 ਰੁਪਏ ਦਾ ਯਾਤਰੀ ਟੈਕਸ ਨਾ ਤਾਰ ਸਕੀ। ਡਿਫਾਲਟਰ ਹੋ ਗਈ। ਕੰਪਨੀ ਦੇ ਮਾਲਕ ਕੌਣ ਸਨ, ਪਤਾ ਨਹੀਂ। ਪੁਰਾਣੀ ਕਬਰ ਨਾ ਖੋਦੀਏ।ਆਹ ਦੇਖੋ, ਪੰਜਾਬ ਕਰਜ਼ੇ ਨੇ ਵਿੰਨ੍ਹਿਐ। 1983-84 ’ਚ ਪੰਜਾਬ ਦੀ ਕਮਾਈ 59 ਕਰੋੜ ਸਰਪਲੱਸ ਸੀ। ਕਰਜ਼ਾ ਉਦੋਂ 1450 ਕਰੋੜ ਰੁਪਏ ਸੀ। ਫੇਰ ਅਮਰਵੇਲ ਵਾਂਗੂ ਕਰਜ਼ਾ ਵਧਿਆ। ‘ਕੁਰਬਾਨੀ’ ਵਾਲਿਆਂ ਦੀ ਦੌਲਤ। ਪੰਜਾਬ ’ਤੇ 2003-04 ਵਿੱਚ 41,412 ਕਰੋੜ, ਸਾਲ 2013-14 ’ਚ 1.01 ਲੱਖ ਕਰੋੜ ਅਤੇ ਮੌਜੂਦਾ ਸਮੇਂ 2.48 ਲੱਖ ਕਰੋੜ ਦਾ ਕਰਜ਼ਾ ਹੈ। ਪੰਜਾਬ ਸਰਕਾਰ ਕੋਲ ਇੱਕ ਫੋਟੋ ਬਚੀ ਹੈ ਮਹਾਰਾਜਾ ਰਣਜੀਤ ਸਿੰਘ ਦੀ। ਦੂਜੀ ਕਰਜ਼ੇ ਦੀ ਪੰਡ। ‘ਰਾਜਾ ਵਪਾਰੀ, ਜਨਤਾ ਭਿਖਾਰੀ’। ਕਾਮਰੇਡ ਤਾਂ ਨਹੀਂ ਮੰਨਦੇ। ਜਥੇਦਾਰਾਂ ਨੂੰ ਰੱਬ ’ਚ ਭਰੋਸੈ। ਸਿਆਸੀ ਨੇਤਾ ਲੱਖ ਲੁਕ ਲਪੇਟ ਰੱਖਣ। ਉਦੋਂ ਵੀ ਰੱਬ ਵੇਖ ਰਿਹਾ ਹੁੰਦੈ। ਕਮਾਲ ਦੇ ਮਹਾਰਾਜਾ ਰਣਜੀਤ ਸਿੰਘ, ਉਸ ਤੋਂ ਵੱਧ ਦਾਨਾ ਰਾਜਭਾਗ। ਕੇਰਾਂ ਕੋਈ ਵਿਦੇਸ਼ੀ ਪ੍ਰਾਹੁਣਾ ਰਾਜੇ ਦੇ ਮਹਿਲ ਆਇਆ। ਥਾਂ-ਥਾਂ ਤੋਂ ਸ਼ੀਸ਼ੇ ਟੁੱਟੇ ਵੇਖ ਪ੍ਰਾਹੁਣੇ ਦੀ ਪ੍ਰੇਸ਼ਾਨੀ ਵਧੀ। ਅੱਗਿਓਂ ਮਹਾਰਾਜ ਬੋਲੇ... ਘਬਰਾਓ ਨਾ, ਲੋਕ ਆਉਂਦੇ ਨੇ, ਰੋੜੇ ਮਾਰ ਸ਼ੀਸ਼ੇ ਭੰਨਦੇ ਨੇ... ਚੇਤਾ ਕਰਾਉਂਦੇ ਨੇ, ‘ਏਹ ਤੇਰਾ ਰਾਜ ਨਹੀਂ, ਖ਼ਾਲਸੇ ਦਾ ਰਾਜ ਐ।’
                ਖੈਰ, ਅੱਜ ਦੇ ਸਿਆਸੀ ਖਿਡਾਰੀ ਰੱਬ ਨੂੰ ਟੱਬ ਦੱਸਦੇ ਨੇ। ਸੋਚਣਾ ਤਾਂ ਦੂਰ ਦੀ ਗੱਲ। ਕਿਸੇ ਨੇ ਸੱਚ ਕਿਹੈ.. ‘ਸਿਰ ਪੱਗ ਬੰਨ੍ਹਣ ਲਈ ਨਹੀਂ, ਸੋਚਣ ਲਈ ਵੀ ਹੁੰਦੈ।’ ਸਿਆਸੀ ਰਹਿਬਰਾਂ ਨੂੰ ਵੀ ਝੱਲਣਾ ਪੈਣਾ। ‘ਪੱਗ ਵੇਚ ਕੇ ਘਿਓ ਕੌਣ ਖਾਂਦੈ’। ਠੋਕਰ ਫਿਸਲਣ ਤੋਂ ਬਚਾਉਂਦੀ ਹੈ। ਗੱਲ ਅੱਜ ਤਿਲਕਣੋਂ ਨਹੀਂ ਰੁਕ ਰਹੀ। ਤੇਲ ਦੀ ਧਾਰ ਦੇਖਣ ਤੁਰੇ ਸੀ। ਖੇਤੀ ਆਰਡੀਨੈਂਸਾਂ ਵਾਲਾ ਪੁਲ ਵੀ ਲੰਘ ਗਏ। ਪੁਲ ’ਤੇ ਖੜ੍ਹ ਕੇ ਹੁਣ ਦੇਖਣਾ ਪੈਣੈ। ਕੌਣ-ਕੌਣ ਕਿਸਾਨੀ ਖਾਤਰ ਮੋਦੀ ਨਾਲ ਆਢਾ ਲਾਉਂਦੈ। ਵੈਸੇ ਕੇਂਦਰ ਪੰਜਾਬ ਦਾ ਸਕਾ ਨਹੀਂ। ਭਾਰਤ-ਪਾਕਿ ਜੰਗ ਵੱਧ ਪੰਜਾਬ ਨੇ ਝੱਲੀ। ਕੇਂਦਰ ਨੇ ਕਸ਼ਮੀਰ ਨੂੰ ਉਦੋਂ ਚਾਰ ਕਰੋੜ ਭੇਜੇ। ਪੰਜਾਬ ਨੂੰ ਖਾਲੀ ਹੱਥ ਮੋੜਤਾ। ਬਲਰਾਮਜੀ ਦਾਸ ਟੰਡਨ ਨੇ ਉਦੋਂ ਪਤੇ ਦੀ ਗੱਲ ਆਖੀ, ‘ਤੁਸੀਂ ਦਿੱਲੀ ਮਰਸਿਡੀਜ਼ ’ਤੇ ਜਾਂਦੇ ਹੋ, ਕੇਂਦਰ ਸਮਝਦੈ, ਪੰਜਾਬ ਦਾ ਬੋਝਾ ਭਰਿਐ।’ ਟੰਡਨ ਦਾ ਮਸ਼ਵਰਾ ਵੀ ਸੁਣੋ,‘ ਦਿੱਲੀ ਟੁੱਟੀਆਂ ਕਾਰਾਂ ’ਤੇ ਜਾਓ, ਪੁਰਾਣੇ ਕੱਪੜੇ ਪਾ ਕੇ ਜਾਓ’। ਫੇਰ ਚਾਰ ਛਿੱਲੜ ਮਿਲਣਗੇ। ਹੁਣ ‘ਕੁਰਬਾਨੀ’ ਵਾਲਿਆਂ ਨੂੰ ਕੌਣ ਆਖੂ। ਇਸ ਗੱਲੋਂ ਛੱਜੂ ਰਾਮ ਖਰਾ ਹੈ। ਮੂੰਹ ’ਤੇ ਆਖ ਦਿੰਦੈ...‘ਸੱਪ ਮਰਿਆ ਨਾ ਹੋਵੇ ਤਾਂ ਸੋਟੀ ਨਹੀਂ ਸੁੱਟਣੀ ਚਾਹੀਦੀ।’ ਦਸੌਂਧਾ ਸਿਓਂ ਦੇ ਖ਼ਾਨੇ ਨਹੀਂ ਪੈ ਰਹੀ। ਛੱਜੂ ਰਾਮ ਤਾਹੀਓਂ ਚਿੜਦੈ, ਅਖੇ ਮੈਨੂੰ ਲਾਈਲੱਗ ਪਸੰਦ ਨਹੀਂ। ਪਹਿਲਾਂ ‘ਕੁਰਬਾਨੀ’ ਵਾਲਿਆਂ ਨੂੰ ਵੇਖਦੇ ਹਨ। ਫੇਰ ਵੇਖਾਂਗੇ, 2022 ਨੂੰ। ਕੀਹਦੀ ਕੁਰਬਾਨੀ ਦਾ ਮੁੱਲ ਪੈਂਦੈ। ਅਖੀਰ ਤੋਂ ਪਹਿਲਾਂ ਸ਼ੇਅਰ ਸੁਣੋ,‘ ਗੁਫ਼ਤਾਰ ਕਾ ਗਾਜ਼ੀ ਤੋਂ ਬਨ ਗਿਆ, ਕਿਰਦਾਰ ਕਾ ਗਾਜ਼ੀ ਬਨ ਨਾ ਸਕਾ।’


Friday, July 3, 2020

                        ਵਿਦੇਸ਼ੀ ਇਲਾਜ
     ਵੱਡੇ ਬਾਦਲ ਦੇ ਬਿੱਲਾਂ ਨੂੰ ਹਰੀ ਝੰਡੀ
                         ਚਰਨਜੀਤ ਭੁੱਲਰ
ਚੰਡੀਗੜ੍ਹ : ਕੈਪਟਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਦੇਸ਼ ਵਿਚ ਹੋਏ ਇਲਾਜ ਦੇ ਬਕਾਇਆ ਮੈਡੀਕਲ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਸਿਹਤ ਵਿਭਾਗ ਕੋਲ ਵੱਡੇ ਬਾਦਲ ਦੇ ਬਕਾਇਆ ਮੈਡੀਕਲ ਬਿੱਲ ਫਸੇ ਹੋਏ ਸਨ, ਜਿਨ੍ਹਾਂ ‘ਤੇ ਇਤਰਾਜ਼ ਲੱਗੇ ਸਨ। ਸਿਹਤ ਵਿਭਾਗ ਦੀ ਮੈਡੀਕਲ ਕਮੇਟੀ ਵਲੋਂ ਸਾਬਕਾ ਮੁੱਖ ਮੰਤਰੀ ਬਾਦਲ ਦੇ ਮੈਡੀਕਲ ਬਿੱਲਾਂ ਨੂੰ ਦੋ ਦਿਨ ਪਹਿਲਾਂ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਹੁਣ ਇਹ ਬਿੱਲ ਅਦਾਇਗੀ ਲਈ ਵਿੱਤ ਵਿਭਾਗ ਕੋਲ ਜਾਣਗੇ।  ਵੇਰਵਿਆਂ ਅਨੁਸਾਰ ਪੰਜਾਬ ਦੇ ਸਿਹਤ ਵਿਭਾਗ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਕਾਇਆ ਪਏ 18.25 ਲੱਖ ਰੁਪਏ ਦੇ ਬਿੱਲਾਂ ਨੂੰ ਪ੍ਰਵਾਨਗੀ ਦੇ ਕੇ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਦੇ 80 ਲੱਖ ਰੁਪਏ ਦੇ ਮੈਡੀਕਲ ਬਿੱਲ ਦੀ ਅਦਾਇਗੀ ਕੀਤੀ ਗਈ ਸੀ।
             ਲੰਮੇ ਅਰਸੇ ਤੋਂ ਬਕਾਇਆ ਮੈਡੀਕਲ ਬਿੱਲ ਦਫ਼ਤਰਾਂ ਦੀ ਘੁੰਮਣ-ਘੇਰੀ ਵਿਚ ਫਸਿਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਬਕਾਇਆ ਬਿੱਲ ‘ਤੇ ਇਤਰਾਜ਼ ਲੱਗੇ ਸਨ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 8 ਫਰਵਰੀ ਤੋਂ 20 ਫਰਵਰੀ 2017 ਤੱਕ ਅਮਰੀਕਾ ਵਿਚ ਆਪਣੇ ਇਲਾਜ ਵਾਸਤੇ ਗਏ ਸਨ। ਕੈਪਟਨ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਅਮਰੀਕਾ ਦੇ ਓਹਾਇਓ ਦੇ ਕਲੀਵਲੈਂਡ ਹਸਪਤਾਲ ਵਿਚ ਇਲਾਜ ਚੱਲਿਆ ਸੀ। ਉਨ੍ਹਾਂ ਨਾਲ ਤਤਕਾਲੀ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਡਾ. ਕੇ.ਕੇ. ਤਲਵਾੜ ਵੀ ਗਏ ਸਨ। ਉਨ੍ਹਾਂ ਦੇ ਵਿਦੇਸ਼ੀ ਇਲਾਜ ਦਾ ਕੁੱਲ ਮੈਡੀਕਲ ਬਿੱਲ ਕਰੀਬ ਇੱਕ ਕਰੋੜ ਰੁਪਏ ਬਣਿਆ ਸੀ, ਜਿਸ ‘ਚੋਂ 80 ਲੱਖ ਦੀ ਅਦਾਇਗੀ ਪਹਿਲਾਂ ਹੀ ਹੋ ਚੁੱਕੀ ਸੀ।
            ਵੱਡੇ ਬਾਦਲ ਜਦੋਂ ਤੀਜੀ ਵਾਰ ਦਫ਼ਾ ਮੁੱਖ ਮੰਤਰੀ ਬਣੇ ਸਨ, ਉਹ ਉਦੋਂ ਵੀ ਇਲਾਜ ਲਈ ਅਮਰੀਕਾ ਗਏ ਸਨ। ਬਾਦਲ ਪਰਿਵਾਰ ਦਾ ਲੰਘੇ 13 ਵਰ੍ਹਿਆਂ ਦਾ ਇਲਾਜ ਖਰਚਾ ਕਰੀਬ 4.60 ਕਰੋੜ ਰੁਪਏ ਰਿਹਾ ਹੈ, ਜਿਸ ਦੀ ਅਦਾਇਗੀ ਸਰਕਾਰੀ ਖ਼ਜ਼ਾਨੇ ‘ਚੋਂ ਹੋਈ ਹੈ। ਸੂਤਰ ਦੱਸਦੇ ਹਨ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਮੈਡੀਕਲ ਬਿੱਲ ਹਾਲੇ ਫਸੇ ਹੋਏ ਹਨ। ਪੰਜਾਬ ਸਰਕਾਰ ਨੇ ਕੁਝ ਅਰਸਾ ਪਹਿਲਾਂ ਵਜ਼ੀਰਾਂ ਲਈ ਸਿਹਤ ਬੀਮਾ ਸਕੀਮ ਲਿਆਉਣ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਉਹ ਸਕੀਮ ਸਿਰੇ ਨਹੀਂ ਲੱਗ ਸਕੀ ਸੀ।