Sunday, June 28, 2020

                             ਵਿਚਲੀ ਗੱਲ
    ਮਨਪ੍ਰੀਤ ਦਾ ਜੌਂਗਾ ਤੇ ਰੱਬ ਦਾ ਘੱਗਰਾ..!
                            ਚਰਨਜੀਤ ਭੁੱਲਰ
ਚੰਡੀਗੜ੍ਹ : ਬਲਵੰਤ ਗਾਰਗੀ ਜੀ! ਬੰਦੇ ਤਾਂ ਭੁੱਲਾਂ ਦੇ ਬੁੱਤ ਨੇ। ਚੇਤਿਆਂ ਨੂੰ ਫਰੋਲੋ, ਤੁਸੀਂ ਤਾਂ ਟਿੱਬਿਆਂ ਦੇ ਗਰਾਈਂ ਹੋ। ਇੰਜ ਨਾ ਕਰੋ, ਸਾਡੀ ਮਜਬੂਰੀ ਤਾਂ ਸਮਝੋ। ਕਿਤੇ ਹਾਜ਼ਰ ਨਾਜ਼ਰ ਹੁੰਦੇ, ਥੋਡੇ ਚਰਨਾਂ ’ਚ ਸਿਰ ਰੱਖਦਾ। ਸੱਤ ਲਕੀਰਾਂ ਵੀ ਕੱਢਦਾ। ਦਿਖਾਓ ਵਡੱਪਣ, ਕੱਢੋ ਵੱਡਾ ਦਿਲ, ਮੁਆਫ਼ ਕਰੋ ਗੁਰੂ ਦੀਆਂ ਸੰਗਤਾਂ ਨੂੰ। ਬਲਵੰਤ ਜੀ, ਨਾਲੇ ਹੁਣ ਕਿੱਥੋਂ ਭਾਲੋਗੇ ਕੱਕਾ ਰੇਤਾ ਤੇ ਕੌਡੀਆਂ ਵਾਲਾ ਸੱਪ।ਹਨੇਰਾ ਛਾਇਆ, ਬੱਦਲ ਗਰਜੇ, ਬਿਜਲੀ ਲਿਸ਼ਕੀ। ਕਿੱਧਰੋਂ ਗੈਬੀ ਆਵਾਜ਼ ਗੂੰਜੀ, ‘ਮੂਰਖੋ, ਖ਼ੁਦਾ ਦਾ ਖ਼ੌਫ਼ ਖਾਓ, ਤੁਸੀਂ ਤਾਂ ‘ਰੱਬ ਦਾ ਘੱਗਰਾ’ ਵੇਚਣ ਹੀ ਤੁਰ ਪਏ।‘ਯਾਦਾਂ ਦੀ ਪੋਟਲੀ ਹਿਲਾਓ। ਕਦੇ ਲਾਲਟੈਨਾਂ ਜੋਗੇ ਸੀ। ਉਦੋਂ ਮਿਹਣੇ ਵੱਜਦੇ, ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਗੈਬੀ ਤਾਕਤ ਦਾ ਗੱਚ ਭਰਿਆ। ‘ਵੇਲਣੇ ’ਚ ਬਾਂਹ ਐ, ਘੱਗਰਾ ਵੇਚਣ ਲੱਗੇ ਹੋ।’ ਵੱਡੇ ਸਿਆਣਿਓ, ਰੱਬ ਨਾਲ ਝੇਡਾਂ ਨਾ ਕਰੋ। ‘ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ।’ ਬੁਝਾਰਤਾਂ ਨਾ ਪਾਓ, ਗੱਲ ’ਤੇ ਆਓ। ਭਲਾ ਕੌਣ ਭੁੱਲਿਐ ਬਲਵੰਤ ਗਾਰਗੀ ਨੂੰ। ਕਿਸੇ ਨੇ ਗਾਰਗੀ ਨੂੰ ‘ਰੋਹੀ ਦਾ ਜੰਡ’ ਕਿਹਾ, ਕਿਸੇ ਨੇ ‘ਬਠਿੰਡੇ ਦਾ ਬਾਣੀਆ’। ਬਠਿੰਡਾ ਥਰਮਲ ਦੀਆਂ ਲੰਮੀਆਂ ਚੌੜੀਆਂ ਚਿਮਨੀਆਂ। ਆਸਮਾਨਾਂ ਨੂੰ ਛੂੰਹਦੀਆਂ। ਅੱਖਾਂ ਘੁਮਾ ਕੇ ਗਾਰਗੀ ਫੁਰਮਾਏ, ਸੱਚ ਪੁੱਛੋਂ ਤਾਂ ਬਈ ਏਹ ‘ਰੱਬ ਦਾ ਘੱਗਰਾ’ ਲੱਗਦੈ। ਗਾਰਗੀ ਨੇ ਡਾਂਗ ਵਰਗੇ ਅੱਖਰਾਂ ’ਚ ਵਸੀਅਤ ਲਿਖੀ। ‘ਬਠਿੰਡੇ ਨਹਿਰ ’ਚ ਪਾਇਓ ਮੇਰੇ ਫੁੱਲ’। ਜਦੋਂ ਸਾਹ ਤਿਆਗੇ। ਮਨੂ ਤੇ ਜੰਨਤ ਨੇ ਪਿਓ ਦੇ ਬੋਲ ਪੁਗਾਏ।
               ‘ਨੰਗੀ ਧੁੱਪ’ ਅੰਦਰੋਂ ਕਲਪੀ ਐ। ਅਮਰਿੰਦਰ ਸਿਓਂ ਨੇ ਰੱਬ ਹੀ ਨੰਗਾ ਕਰਤੈ। ਘੱਗਰਾ ਇੱਜ਼ਤ ਦਾ ਪ੍ਰਤੀਕ ਹੁੰਦੈ। ਭਲੇਮਾਣਸੋ, ਰੱਬ ਦੀ ਇੱਜ਼ਤ ਨੂੰ ਹੀ ਹੱਥ ਪਾ ਲਿਐ। ਹੁਣ ਤੂੰ ਆਪਣੀ ਬਣੀ ਨਿਬੇੜੀ ਮੌਲਾ। ਕੰਮ ਤਮਾਮ ਕਰਨਗੇ। ਸਪੀਕਰਾਂ ’ਚ ਕਦੇ ਗੌਣ ਵੱਜਦੇ ਸਨ। ‘ਕਾਲਾ ਘੱਗਰਾ ਸੂਫ ਦਾ..’,‘ਘੱਗਰਾ ਨੌਂ ਗਜ਼ ਦਾ’। ‘ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ..। ਬੱਸ ਆਹ ਗਾਣੇ ਬਚੇ ਨੇ। ਮਨਪ੍ਰੀਤ ਬਾਦਲ ਤਾਂ ਜਜ਼ਬਾਤ ਦੇ ਚਨਾਬ ਨੇ। ਬਠਿੰਡਾ ਚੋਣ ’ਚ ਮਨਪ੍ਰੀਤ ਅੱਖਾਂ ਭਰ ਲੈਂਦੇ। ਥਰਮਲ ਵੱਲ ਹੱਥ ਕਰਦੇ, ‘ਬਠਿੰਡੇ ਵਾਲਿਓ, ਏਨ੍ਹਾਂ ਚਿਮਨੀਆਂ ’ਚੋਂ ਧੂੰਆਂ ਕੱਢੂੰ।’ ‘ਅੰਨ੍ਹਾਂ ਕੀ ਭਾਲੇ..’। ਬੱਸ ਪੰਡਾਲ ਗੂੰਜਣੋਂ ਨਾ ਹਟਦਾ..‘ ਜਿੱਤੂਗਾ ਬਈ ਜਿੱਤੂਗਾ..’। ਮਨਪ੍ਰੀਤ ਜਿੱਤੇ, ਢੋਲ ਵੱਜੇ, ਨਾਅਰੇ ਗੱਜੇ। ਪਿੰਡ ਬਾਦਲ ਬੈਠਾ ਤਾਏ ਦਾ ਮੁੰਡਾ ਢਿੱਡੋਂ ਹੱਸਿਐ। ਕੌਣ ਸਮਝੇ ਸਿਆਸੀ ਹਾਸੇ ਨੂੰ। ਸ਼ਾਇਦ ਇਵੇਂ ਆਖਦੇ ਹੋਣ ‘ਅਸੀਂ ਕੋਕੇ ਜੜੇ ਨੇ, ਐਵੇਂ ਕਿਵੇਂ ਕੱਢੋਗੇ ਧੂੰਆਂ’। ਜਦੋਂ ਪ੍ਰਾਈਵੇਟ ਥਰਮਲਾਂ ਵੱਲ ਮੂੰਹ ਕੀਤਾ। ਗੱਲ ਉਦੋਂ ਸਮਝ ਪਈ। ਰੂਸੀ ਨੁਸਖ਼ਾ ਪੱਲੇ ਬੰਨ੍ਹੋ,‘ ਸਾਰੰਗੀ ਦਾ ਪਤਾ ਉਸ ਦੇ ਸੁਰਾਂ ਤੋਂ ਲੱਗਦੈ।’ ਬਠਿੰਡੇ ਵਾਲੇ ਨਿਰੇ ਬੋਲੇ ਕੁੱਕੜ ਨੇ। ਨਹੀਂ ਪਤਾ ਇੱਲ ’ਤੇ ਕੁੱਕੜ ਦਾ। ਅਗਲਿਆਂ ਨੇ ਮੰਜੀ ਦੀ ਦੌਣ ਵਾਂਗੂ ਕੱਸਤੇ। ਨਵੀਂ ਸਰਕਾਰ ਨੇ ਘੱਗਰੇ ਰੋਲ ਤੇ। ਬਾਬੇ ਨਾਨਕ ਦੀ ਯਾਦ, ਲੋਕਾਂ ਦੀ ਫ਼ਰਿਆਦ, ਢੱਠੇ ਖੂਹ ’ਚ ਪਾਤੀ। ਪਹਿਲੀ ਜਨਵਰੀ 2018 ਨੂੰ ਥਰਮਲ ਨੂੰ ਤਾਲਾ ਜੜਤਾ।
               ‘ਲੱਛੇ ਸਭ ਨੂੰ ਅੱਛੇ’, ਧੂੰਆਂ ਧਾਰ ਭਾਸ਼ਣ ਕੰਨਾਂ ’ਚ ਗੂੰਜਣੋਂ ਨਹੀਂ ਹਟ ਰਹੇ। ਭਾਗ ਲੱਛੀ ਦੇ ਹਾਰ ਗਏ। ਲੋਕ ਭਾਵੁਕਤਾ ਦੀ ਧੂਣੀ ਭਖੀ, ਸ਼ਰਮ ’ਚ ਝੀਲਾਂ ਡੁੱਬੀਆਂ, ਜਦੋਂ ਮੰਤਰੀ ਮੰਡਲ ਨੇ ਹੁਣੇ ਥਰਮਲ ਜ਼ਮੀਨ ’ਤੇ ਮੋਹਰ ਲਾਈ। ‘ਪਹਿਲਾਂ ਵਿਕਸਿਤ ਕਰਾਂਗੇ, ਫੇਰ ਵੇਚਾਂਗੇ ਜ਼ਮੀਨ।’ ਬਠਿੰਡੇ ਦੇ ਬਾਣੀਏ ਬੋਲੇ.. ‘ਕਰ ਲਓ ਘਿਓ ਨੂੰ ਭਾਂਡਾ।’ ਪਹਿਲਾਂ ਭਾਂਡੇ ’ਚ ਜਸਵਿੰਦਰ ਭੱਲੇ ਦੀ ਟਿੱਚਰ ਪਾ ਲਿਓ.. ‘ਅਖੇ ਬਠਿੰਡੇ ਵਾਲੇ ਤਾਂ ਛਿੱਲ ਕੇ ਕੇਲਾ ਖਾਂਦੇ ਨੇ।’ ਛੱਜੂ ਰਾਮ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ‘ਭੱਲਾ ਸਾਹਿਬ, ਤਪੇ ਨੂੰ ਨਾ ਤਪਾਓ, ਬਠਿੰਡੇ ਵਾਲੇ ਛਿੱਲ ਵੀ ਦਿੰਦੇ ਨੇ, ਨਾਲੇ ਛੁਲਕ ਵੀ।’ ਲੱਗਦੇ ਹੱਥ ਰਾਮ ਪ੍ਰਸਾਦ ਬਿਸਮਿਲ ਦੀ ਵੀ ਸੁਣੋ, ‘ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾਂ, ਹਮ ਅਭੀ ਸੇ ਕਯਾ ਬਤਾਏਂ, ਕਯਾ ਹਮਾਰੇ ਦਿਲ ਮੇਂ ਹੈ।’ ਖ਼ੈਰ ਚੋਣ ਬਹੁਤੀ ਦੂਰ ਨਹੀਂ। ਮਲਵਈ ਧੰਗੇੜ ਕਿੱਥੇ ਝੱਲਦੇ ਨੇ। ਹੈ ਤਾਂ ਸਿਰੇ ਦੇ ਲੱਲੂ। ਚਿੱਬੜ ਖਾਣ ਜੋਗੇ ਰਹਿ ਗਏ। ਕਮਲਿਆਂ ਦੇ ਅਗਵਾੜ ’ਚ ਸਿਆਣੇ ਦਾ ਕੀ ਕੰਮ। ਵਿੱਤ ਮੰਤਰੀ ਵੱਡੀ ਸੋਚ ਰੱਖਦੇ ਨੇ। ਲੰਡਨੋਂ ਪੜ੍ਹੇ ਨੇ, ਸਾਦ ਮੁਰਾਦੇ ਇਨਸਾਨ ਨੇ। ਲਿਸ਼ਕ ਪੁਸ਼ਕ ਤੋਂ ਦੂਰ। ਗੱਡੀ ਖ਼ੁਦ ਚਲਾਉਂਦੇ ਨੇ। ਕੋਈ ਗੰਨਮੈਨ ਨਹੀਂ ਲਿਆ। ਮਨਪ੍ਰੀਤ ਇੰਝ ਬੋਲੇ, ਸਭ ਝੂਠ ਐ, ਥਰਮਲ ਦੀ ਜ਼ਮੀਨ ਨਹੀਂ ਵੇਚਾਂਗੇ। ਨਵਾਂ ਸਨਅਤੀ ਪਾਰਕ ਬਣੇਗਾ। 50 ਹਜ਼ਾਰ ਮੁੰਡਿਆਂ ਨੂੰ ਨੌਕਰੀ ਮਿਲੂ।‘ਲਾਹੌਰੀ ਸ਼ੌਕੀਨ, ਬੋਝੇ ’ਚ ਗਾਜਰਾਂ।’ ਕਮਲਿਓ, ਯਕੀਨ ਕਰੋ.. ਬਾਦਲ ਆਈ ’ਤੇ ਆ ਜਾਣ, ਪਾਣੀ ’ਚ ਬੱਸਾਂ ਚਲਾ ਦਿੰਦੇ ਨੇ।’ ਕਿਤੇ ਤੀਜਾ ਮੌਕਾ ਦਿੰਦੇ ਤਾਂ ਚੰਦ ’ਤੇ ਰੈਲੀ ਕਰ ਕੇ ਵੀ ਦਿਖਾਉਂਦੇ। ਹੁਣ ਤਾਂ ਛੱਡ ਦਿਓ ਜੈਕਾਰੇ।
               ਚੰਡੀਗੜ੍ਹ ’ਚ 23 ਜੂਨ ਦੀ ਦੁਪਹਿਰ, ਮਨਪ੍ਰੀਤ ਨੇ ਪ੍ਰੈੱਸ ਕਾਨਫਰੰਸ ਬੁਲਾਈ, ਤਫ਼ਸੀਲ ’ਚ ਗੱਲ ਇੰਜ ਸਮਝਾਈ। ‘ਬਠਿੰਡਾ ਥਰਮਲ ਬੜਾ ਪੁਰਾਣੈ, ਬੰਦ ਕਰਨਾ ਪੈਣਾ ਸੀ, ਬਿਜਲੀ ਮਹਿੰਗੀ ਪੈਂਦੀ ਸੀ।’ ਵਿਚੋਂ ਕੋਈ ਅਨਾੜੀ ਬੋਲਿਆ, ‘ਉਹ ਕਿਵੇਂ ਜੀ’। ਅੱਗਿਓਂ ਮਨਪ੍ਰੀਤ ਨੇ ਗੱਲ ਏਦਾਂ ਪੱਲੇ ਪਾਈ। ‘ਅੌਹ ਮੇਰਾ ਪੁਰਾਣਾ ਜੌਂਗਾ ਖੜ੍ਹੈ, ਲਿਟਰ ’ਚ ਦੋ ਕਿਲੋਮੀਟਰ ਕੱਢਦੈ, ਭਲਾ ਤੁਸੀਂ ਦੱਸੋ, ਮੈਂ ਜੌਂਗਾ ਵਰਤੂੰ ਜਾਂ ਹੋਰ ਗੱਡੀ।’ ਬਠਿੰਡੇ ਵਾਲਿਆਂ ਦੇ ਖਾਨੇ ਫਿਰ ਨਾ ਪਈ। ਮੂਰਖੋ, ਸਰਕਾਰੀ ਸੋਚ ਦੇ ਅਸ਼ਕੇ ਜਾਓ। ‘ਵਣਜ ਕਰੇਂਦੇ ਬਾਣੀਏ, ਹੋਰ ਕਰੇਂਦੇ ਰੀਸ’। ਅਕਲੋਂ ਫੁੱਫੜ ਨਾ ਬਣੋ। ਬਠਿੰਡਾ ਥਰਮਲ ਚੱਲੂ, ਮਹਿੰਗੀ ਬਿਜਲੀ ਬਣਾਊ। ਬੋਝ ਸਿੱਧਾ ਥੋਡੇ ’ਤੇ ਆਊ। ਪੁਰਾਣੇ ਦਾ ਖਹਿੜਾ ਛੱਡੋ। ਤੁਸੀਂ ਕੀ ਲੈਣਾ, ਜੇ ਮੰਤਰੀ ਕੋਲ ਤਿੰਨ ਜੀਪਾਂ ਨੇ, ਇਕ ਪੁਰਾਣਾ ਜੌਂਗਾ ਐ। ਵਿਰਾਸਤੀ ਗੱਡੀਆਂ ਨੇ। ਕੋਈ ਵਿਰਾਸਤ ਵੀ ਵੇਚਦੈ। ਗਾਰਗੀ ਜੀ, ਤੁਸੀਂ ਸਮਝਾਓ। ‘ਘੱਗਰਾ’ ਕਾਹਤੋਂ ਵੇਚਣ ਲੱਗੇ ਨੇ। ਥਰਮਲ ਤਾਂ ਬਾਬੇ ਦੀ ਨਿਸ਼ਾਨੀ ਐ।‘ਵਹਿਣ ਪਏ ਦਰਿਆ, ਕਦੇ ਨਹੀਂ ਮੁੜਦੇ।’ ਵੱਡਿਆਂ ਦੀ ਰੀਸ ਨਾ ਕਰੋ, ਬੱਸ ਸੋਚ ’ਤੇ ਪਹਿਰਾ ਦਿਓ। ਨਾਲੇ ਇਕ ਹੋਰ ਜੈਕਾਰਾ ਛੱਡੋ। ਬਠਿੰਡੇ ਦੇ ਐਨ ਵਿਚਾਲੇ ਕਿਲਾ ਹੈ। ਮੱਧ ਕਾਲ ‘’ ਭੱਟੀ ਰਾਓ ਰਾਜਪੂਤ ਨੇ ਨਵੇਂ ਸਿਰਿਓਂ ਬਣਾਇਆ। ਉਂਜ, ਕਿਲਾ ਸਦੀਆਂ ਪੁਰਾਣੈ। ਪਰਲੋਕ ’ਚ ਬੈਠਾ ਭੱਟੀ ਰਾਓ, ਧੁਰ ਅੰਦਰੋਂ ਕੰਬ ਗਿਐ। ਧਰਮਰਾਜ ਨੂੰ ਪੁੱਛ ਰਿਹੈ, ਪੰਜਾਹ ਸਾਲ ਪੁਰਾਣੇ ‘ਘੱਗਰੇ’ ਨੂੰ ਹੱਥ ਪਾ ਲਿਐ, ਕਿਲਾ ਤਾਂ ਬਹੁਤ ਪੁਰਾਣੈ, ਥੋਨੂੰ ਕੀ ਲੱਗਦੈ। ਭੌਂ ਮਾਫੀਆ ਦਿਨੇ ਸੁਫਨੇ ਵੇਖਣ ਲੱਗਾ, ਕਿਤੇ ਕਿਲੇ ਵਾਲੀ ਥਾਂ ’ਤੇ ਕਲੋਨੀ ਕੱਟਣੀ ਹੋਵੇ..ਪੌਂ ਬਾਰਾਂ ਹੋ ਜਾਣ।
                 ਮਾਲਵਾ ’ਚ ਝੱਖੜ ਤੇ ਹਨੇਰੀ ਆਉਣੀ, ਸਭ ਇਹੋ ਆਖਦੇ, ‘ਬਠਿੰਡੇ ਵਾਲਾ ਦਿਓ’ ਆ ਗਿਆ। ਮੌਜੂਦਾ ਸਿਆਸਤ ਨੇ ਦਿਓ ਨੂੰ ਚੰਗਾ ਅਖਵਾ ਦਿੱਤਾ। ਲਹਿਰੇ ਵਾਲਾ ਤੇ ਰੋਪੜ ਵਾਲਾ ਥਰਮਲ, ਗੁਰੂਆਂ ਦੇ ਨਾਮ ‘ਤੇ ਬਣੇ ਨੇ। ਦੋਵੇਂ ਥਰਮਲ ਪਲਾਂਟ ਹੁਣ ਸਲਾਹੀਂ ਪਏ ਨੇ, ‘ਛੋਟਿਆ, ਹੁਣ ਆਪਣਾ ਕੀ ਬਣੂੰ।’ ਵਣਾਂਵਾਲਾ ਤੇ ਰਾਜਪੁਰਾ ਥਰਮਲ.. ਖਚਰੀ ਹਾਸੀ ਹੱਸੇ ਨੇ। ਲਹਿਰਾ ਥਰਮਲ ਲਈ 1095 ਕਿਸਾਨਾਂ ਅਤੇ ਰੋਪੜ ਥਰਮਲ ਲਈ 2397 ਕਿਸਾਨਾਂ ਨੇ ਜ਼ਮੀਨ ਦਿੱਤੀ ਸੀ।ਚਾਰੋਂ ਪ੍ਰਾਈਵੇਟ ਥਰਮਲਾਂ ਲਈ ਕਿਸਾਨਾਂ ਤੋਂ 5136 ਏਕੜ ਜ਼ਮੀਨ ਲਈ ਗਈ, ਦਿੱਤੀ ਨਹੀਂ ਸੀ। ਨਵੇਂ ਪ੍ਰਾਈਵੇਟ ਥਰਮਲ ਮੰਤਰੀ ਦੀ ਫਾਰਚੂਨਰ ਵਰਗੇ ਨੇ। ਸਰਕਾਰੀ ਥਰਮਲ ਪੁਰਾਣਾ ਜੌਂਗਾ ਨੇ। ਦਸੌਂਧਾ ਸਿਓਂ ਬੋਲਿਐ, ਭਾਈ ਕਿਤੇ ਬੁੱਢਾ ਜਾਣ ਕੇ ਮੈਨੂੰ ਨਾ ਵੇਚ ਦਿਓ। ਪਿੱਛਿਓਂ ਆਵਾਜ਼ ਪਈ ਐ, ਜਦੋਂ ਹਾਕਮਾਂ ਦੀ ਸੋਚ ਖੁੰਢੀ ਹੋ ਜਾਏ.. ਪੁਰਾਣੇ ਥਰਮਲਾਂ ਦੀ ਜਵਾਨ ਲਾਟ ਵੀ ਜਗਬੁੱਝ ਕਰਦੀ ਐ। ਦੀਵਾ ਮੱਥੇ ਲੱਗਦੈ.. ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਸ਼ਾਇਦ ਨਾ ਆਵੇ। ਬਠਿੰਡਾ ਥਰਮਲ ਇਕੱਲਾ ਨਹੀਂ, ਨਾਲ ਕੌਮੀ ਖਾਦ ਕਾਰਖਾਨਾ ਵੀ ਕੰਧਾੜੇ ਚੁੱਕ ਲਿਆਇਆ ਸੀ। ਹਕੂਮਤ ਜਰਵਾਣੀ ਹੋ ਜਾਏ, ਫਿਰ ਝੱਖੜ ਝੁੱਲਦੇ ਨੇ। ਘੱਗਰਾ ਤਾਂ ਛੱਡੋ, ਰੱਬ ਨੂੰ ਹੀ ਨਾ ਵੇਚ ਦੇਣ। ਅਗਲੀ ਚੋਣ ਦੂਰ ਨਹੀਂ। ਅਫ਼ਰੀਕੀ ਬਾਬੇ ਆਖਦੇ ਨੇ..‘ਮੂਰਖਾਂ ਦੀ ਭੀੜ ਨੂੰ ਕਦੇ ਘਟਾ ਕੇ ਨਾ ਦੇਖੋ।’ ਸਮਾਪਤੀ ਸਾਹਿਰ ਲੁਧਿਆਣਵੀ ਦੇ ਬੋਲਾਂ ਨਾਲ ਜੋ ਫਿਲਮ ‘ਪਿਆਸਾ’ ’ਚ ਗੂੰਜੇ। ‘ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ, ਯੇ ਕੂਚੇ, ਯੇ ਗਲੀਆਂ, ਯੇ ਮੰਜ਼ਰ ਦਿਖਾਓ, ਜਿਨ੍ਹੇਂ ਨਾਜ਼ ਹੈ, ਹਿੰਦ ਪਰ ਉਨਕੋ ਲਾਓ, ਜਿਨ੍ਹੇਂ ਨਾਜ਼ ਹੈ ਹਿੰਦ ਪਰ। ਵੋ ਕਹਾਂ ਹੈ, ਕਹਾਂ ਹੈ।

Saturday, June 27, 2020

                        ਨਵਾਂ ਕੇਂਦਰੀ ਹੱਲਾ
       ਖੇਤੀ ਮੋਟਰਾਂ ਦੇ ਤਾਰਨੇ ਪੈਣਗੇ ਬਿੱਲ
                           ਚਰਨਜੀਤ ਭੁੱਲਰ
ਚੰਡੀਗੜ੍ਹ : ਕੇਂਦਰ ਸਰਕਾਰ ਨੇ ਬਿਜਲੀ ਸੈਕਟਰ ’ਚ ਬਦਲਾਅ ਦੇ ਆੜ ’ਚ ਫੈਡਰਲ ਢਾਂਚੇ ’ਤੇ ਨਵਾਂ ਹੱਲਾ ਬੋਲੇ ਜਾਣ ਦੀ ਤਿਆਰੀ ਖਿੱਚੀ ਹੈ। ਕੇਂਦਰ ਤਰਫ਼ੋਂ ਪਾਰਲੀਮੈਂਟ ਦੇ ਅਗਲੇ ਸੈਸ਼ਨ ’ਚ ਬਿਜਲੀ (ਸੋਧ) ਬਿੱਲ 2020 ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਬਿਜਲੀ ਕਾਨੂੰਨ 2003 ’ਚ ਸੋਧ ਹੋਵੇਗੀ। ਜੋ ਨਵਾਂ ਖਰੜਾ ਪ੍ਰਸਤਾਵ ਤਿਆਰ ਕੀਤਾ ਹੈ, ਉਸ ਮੁਤਾਬਿਕ ਜਿਥੇ ਸੂਬਿਆਂ ਤੋਂ ਬਿਜਲੀ ਖੇਤਰ ਦੇ ਅਧਿਕਾਰ ਖੱੁਸਣਗੇ, ਉਥੇ ਪੰਜਾਬ ਵਿਚ ਖੇਤੀ ਮੋਟਰਾਂ ਦੀ ਬਿੱਲ ਖੁਦ ਕਿਸਾਨ ਭਰਨਗੇ। ਬਦਲੇ ਵਿਚ ਸਰਕਾਰ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ ’ਚ ਪਾਏਗੀ। ਪੰਜਾਬ ਸਰਕਾਰ ਨੇ ਥੋੜਾ ਸਮਾਂ ਪਹਿਲਾਂ ਹੀ ਖੇਤੀ ਸਬਸਿਡੀ ਸਿੱਧੀ ਖਾਤੇ ਵਿਚ ਤਬਦੀਲ ਕੀਤੇ ਜਾਣ ਦੀ ਕੇਂਦਰੀ ਮੰਗ ਨੂੰ ਠੁਕਰਾਇਆ ਹੈ ਪ੍ਰੰਤੂ ਬਿਜਲੀ ਸੋਧ ਬਿੱਲ ਪਾਸ ਹੋਣ ਦੀ ਸੂਰਤ ਵਿਚ ਪੰਜਾਬ ਕੋਲ ਕੋਈ ਰਾਹ ਨਹੀਂ ਬਚੇਗਾ। ਪੰਜਾਬ ’ਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਸਪਲਾਈ ਬੰਦ ਹੋ ਜਾਵੇਗੀ ਅਤੇ ਉਸ ਦੀ ਥਾਂ ਸਰਕਾਰ ਸਬਸਿਡੀ ਕਿਸਾਨਾਂ ਦੇ ਖਾਤੇ ਵਿਚ ਪਾਏਗੀ। ਬਿਜਲੀ ਕਾਨੂੰਨ 2003 ਦੀ ਸੈਕਸ਼ਨ 62 ਵਿਚ ਸੋਧ ਦਾ ਪ੍ਰਸਤਾਵ ਹੈ ਜਿਸ ਤਹਿਤ ਕਾਨੂੰਨ ਦੀ ਧਾਰਾ 65 ਤਹਿਤ ਮਿਲਦੀ ਸਬਸਿਡੀ ਕਿਸਾਨਾਂ ਨੂੰ ਸਿੱਧੀ ਦਿੱਤੇ ਜਾਣ ਦਾ ਪ੍ਰਸਤਾਵ ਹੈ। ਸਿਆਸੀ ਧਿਰਾਂ ਲਈ ਇਹ ਮਦ ਬਿਪਤਾ ਖੜੀ ਕਰ ਸਕਦੀ ਹੈ। 
               ਮਾਹਿਰਾਂ ਅਨੁਸਾਰ ਅਗਰ ਸਬਸਿਡੀ ਵੇਲੇ ਸਿਰ ਕਿਸਾਨਾਂ ਦੇ ਖਾਤਿਆਂ ਵਿਚ ਨਾ ਪੁੱਜੀ ਤਾਂ ਪਾਵਰਕੌਮ ਬਿਜਲੀ ਕੁਨੈਕਸ਼ਨ ਕੱਟਣ ਦੇ ਰਾਹ ਪਵੇਗਾ। ਕੇਂਦਰੀ ਤਰਕ ਹੈ ਕਿ ਸਬਸਿਡੀ ਲੇਟ ਹੋਣ ਦੀ ਸੂਰਤ ਵਿਚ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਇਵੇਂ ਹੀ ਕਾਨੂੰਨ ਦੀ ਧਾਰਾ 78 ਵਿਚ ਪ੍ਰਸਤਾਵਿਤ ਸੋਧ ਸੰਘੀ ਢਾਂਚੇ ਨੂੰ ਢਾਹ ਲਾਉਣ ਵਾਲੀ ਹੈ। ਸੂਬਿਆਂ ਦੇ ਜੋ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਬਣਦੇ ਹਨ, ਉਨ੍ਹਾਂ ਦੀ ਚੋਣ ਹੁਣ ਕੇਂਦਰ ਸਰਕਾਰ ਕਰੇਗੀ। ਕਮਿਸ਼ਨ ਦੇ ਚੇਅਰਪਰਸਨ ਅਤੇ ਮੈਂਬਰਾਂ ਲਈ ਜੋ ਚੋਣ ਕਮੇਟੀ ਬਣੇਗੀ, ਉਸ ਦਾ ਗਠਨ ਹੁਣ ਕੇਂਦਰ ਕਰੇਗਾ। ਕੇਂਦਰ ਸਰਕਾਰ ਚੋਣ ਕਮੇਟੀ ਬਣਾਏਗੀ ਜਿਸ ਦੀ ਅਗਵਾਈ ਸੁਪਰੀਮ ਕੋਰਟ ਦਾ ਇੱਕ ਮੌਜੂਦਾ ਜੱਜ ਕਰੇਗਾ ਜਿਸ ’ਚ ਅਲਫਾਬੈਟ ਦੇ ਹਿਸਾਬ ਨਾਲ ਦੋ ਸੂਬਿਆਂ ਦੇ ਮੁੱਖ ਸਕੱਤਰ ਵੀ ਸ਼ਾਮਿਲ ਹੋਣਗੇ। ਪਹਿਲਾਂ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਲਈ ਚੋਣ ਕਮੇਟੀ ਦਾ ਗਠਨ ਰਾਜ ਸਰਕਾਰ ਕਰ ਰਹੀ ਹੈ ਜਿਸ ਦੀ ਅਗਵਾਈ ਹਾਈਕੋਰਟ ਦਾ ਸਾਬਕਾ ਜੱਜ ਕਰਦਾ ਸੀ। ਚੋਣ ਕਮੇਟੀ ਦੇ ਗਠਨ ਦਾ ਅਧਿਕਾਰ ਹੁਣ ਕੇਂਦਰ ਕੋਲ ਚਲਾ ਗਿਆ ਜਿਸ ਵਿਚ ਪੰਜਾਬ ਦਾ ਮੁੱਖ ਸਕੱਤਰ ਕਦੇ ਸ਼ਾਮਿਲ ਨਹੀਂ ਹੋ ਸਕੇਗਾ।
              ਪਹਿਲਾਂ ਹਰ ਸੂਬੇ ਵਿਚ ਚੋਣ ਕਮੇਟੀ ਬਣਦੀ ਸੀ ਅਤੇ ਹੁਣ ਸਾਰੇ ਸੂਬਿਆਂ ਲਈ ਇੱਕੋ ਕੇਂਦਰੀ ਪੱਧਰ ’ਤੇ ਚੋਣ ਕਮੇਟੀ ਬਣੇਗੀ।ਕੇਂਦਰੀ ਬਿਜਲੀ ਮੰਤਰੀ ਸ੍ਰੀ ਆਰ.ਕੇ.ਸਿੰਘ ਸਪੱਸ਼ਟ ਕਰ ਚੁੱਕੇ ਹਨ ਕਿ ਬਿਜਲੀ ਕਾਨੂੰਨ 2003 ਵਿਚ ਸੋਧ ਦਾ ਪ੍ਰਸਤਾਵ ਅਗਲੇ ਸੈਸ਼ਨ ਵਿਚ ਰੱਖਿਆ ਜਾਣਾ ਹੈ। ਖਰੜਾ ਪ੍ਰਸਤਾਵ ਅਨੁਸਾਰ ਕੇਂਦਰ ਸਰਕਾਰ ਤਰਫ਼ੋਂ ਨਵੀਂ ਇਲੈਕਟ੍ਰੀਸਿਟੀ ਕੰਟਰੈਕਟ ਐਨਫੋਰਸਮੈਂਟ ਅਥਾਰਟੀ ਦਾ ਗਠਨ ਕੀਤਾ ਜਾਵੇਗਾ ਜਿਸ ਦੀ ਅਗਵਾਈ ਹਾਈਕੋਰਟ ਦਾ ਸੇਵਾ ਮੁਕਤ ਜੱਜ ਕਰੇਗਾ। ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਲਾਹਾ ਦੇਣ ਖਾਤਰ ਲਈ ਇਹ ਹੀਲੇ ਹੋਣ ਲੱਗੇ ਹਨ। ਮਿਸਾਲ ਦੇ ਤੌਰ ’ਤੇ ਪੰਜਾਬ ’ਚ ਪ੍ਰਾਈਵੇਟ ਕੰਪਨੀਆਂ ਨਾਲ ਹੋਏ ਬਿਜਲੀ ਸਮਝੌਤਿਆਂ ਦੀ ਗੱਲ ਕਰੀਏ ਤਾਂ ਇਹ ਕੰਪਨੀਆਂ ਵਿਵਾਦ ਉੱਠਣ ਦੀ ਸੂਰਤ ’ਚ ਸਿੱਧੇ ਤੌਰ ’ਤੇ ਨਵੀਂ ਐਨਫੋਰਸਮੈਂਟ ਅਥਾਰਟੀ ਕੋਲ ਜਾ ਸਕਣਗੀਆਂ। ਜੋ ਮੌਜੂਦਾ ਪ੍ਰਬੰਧ ਹੈ, ਉਸ ਅਨੁਸਾਰ ਕੋਈ ਝਗੜਾ ਉਤਪੰਨ ਹੋਣ ਦੀ ਸੂਰਤ ਵਿਚ ਪਹਿਲਾਂ ਉਜ਼ਰ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਹੁੰਦਾ ਹੈ, ਉਸ ਤੋਂ ਮਗਰੋਂ ਐਪੀਲਾਂਟ ਟ੍ਰਿਬਿਊਨਲ ਫਾਰ ਇਲੈਕਟ੍ਰੀਸਿਟੀ ’ਚ ਜਾਣਾ ਹੁੰਦਾ ਹੈ। ਫਿਰ ਸੁਪਰੀਮ ਕੋਰਟ ਆਖਰੀ ਰਾਹ ਬਚਦਾ ਹੈ।
               ਨਵੇਂ ਪ੍ਰਸਤਾਵ ’ਚ ਸੂਬਿਆਂ ਦੇ ਰੈਗੂਲੇਟਰਾਂ ਕਮਿਸ਼ਨਾਂ ਅਤੇ ਐਪੀਲਾਂਟ ਟ੍ਰਿਬਿਊਨਲਾਂ ਨੂੰ ਵਿਚੋਂ ਕੱਢ ਹੀ ਦਿੱਤਾ ਹੈ। ਪਹਿਲਾਂ ਸੂਬਿਆਂ ਦੇ ਰੈਗੂਲੇਟਰੀ ਕਮਿਸ਼ਨ ਪਬਲਿਕ ਅਦਾਰਿਆਂ ਦੇ ਹਿੱਤਾਂ ਨੂੰ ਵਾਚਦੇ ਸਨ। ਨਵਾਂ ਖਰੜਾ ਪ੍ਰਾਈਵੇਟ ਘਰਾਣਿਆਂ ਲਈ ਹੋਰ ਵੀ ਨਵੇਂ ਰਾਹ ਖੋਲ੍ਹ ਰਿਹਾ ਹੈ। ਜਿਵੇਂ ਪਾਵਰਕੌਮ ਪਹਿਲਾਂ ‘ਕਲੀਨ ਐਨਰਜੀ’ ਦੀ ਕੇਂਦਰੀ ਸ਼ਰਤ ਤਹਿਤ ਸੌਰ ਊਰਜਾ ਅਤੇ ਨਾਨ ਸੌਰ ਊਰਜਾ ਸੋਮਿਆਂ ਤੋਂ ਤੈਅ ਨਿਸ਼ਚਿਤ ਦਰ ’ਚ ਬਿਜਲੀ ਖਰੀਦਦਾ ਹੈ। ਨਵੇਂ ਪ੍ਰਸਤਾਵ ਵਿਚ ਹਾਈਡਰੋ ਪ੍ਰੋਜੈਕਟਾਂ ਤੋਂ ਘੱਟੋ ਘੱਟ ਇੱਕ ਫੀਸਦੀ ਬਿਜਲੀ ਖਰੀਦਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਦੀ ਕੋਈ ਸ਼ਰਤ ਨਹੀਂ ਹੈ। ਪ੍ਰਸਤਾਵਾਂ ’ਚ ਸੋਧਾਂ ਹੀ ਬਣਤਰ ਏਦਾਂ ਦੀ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਹਾਈਡਰੋਂ ਐਨਰਜੀ ਪਲਾਂਟਾਂ ਤੋਂ ਬਿਜਲੀ ਖਰੀਦ ਕਰਨੀ ਪਵੇਗੀ ਜੋ ਮਹਿੰਗੀ ਪਵੇਗੀ। ਪੰਜਾਬ ਦੇ ਹਾਈਡਰੋ ਪ੍ਰੋਜੈਕਟ ਰਣਜੀਤ ਸਾਗਰ ਡੈਮ ਜਾਂ ਭਾਖੜਾ ਵਗੈਰਾ ਹਨ, ਉਨ੍ਹਾਂ ਨੂੰ ਇਸ ਚੋਂ ਬਾਹਰ ਕੀਤਾ ਗਿਆ ਹੈ। ਜੇ ਪ੍ਰਸਤਾਵ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਪੰਜਾਬ ’ਤੇ ਇਹ ਵੀ ਬੋਝ ਪਵੇਗਾ ਕਿ ਪਾਵਰਕੌਮ ਇੱਕ ਪਾਸੇ ਪ੍ਰਾਈਵੇਟ ਹਾਈਡਰੋ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਕਰੇਗਾ ਅਤੇ ਨਾਲ ਦੂਸਰੀ ਤਰਫ਼ ਪ੍ਰਾਈਵੇਟ ਥਰਮਲਾਂ ਨੂੰ ਫਿਕਸਡ ਚਾਰਜ ਦਾ ਬੋਝ ਵੀ ਝੱਲੇਗਾ।
      ਪ੍ਰਸਤਾਵ ’ਚ ਕਰਾਸ ਸਬਸਿਡੀ ਘਟਾਉਣ ਦੀ ਮਦ ਪਾਈ ਗਈ ਹੈ ਜੋ ਕਿ ਪੰਜਾਬ ਵਿਚ ਹੁਣ 20 ਫੀਸਦੀ ਤੱਕ ਹੈ। ਪੰਜਾਬ ਵਿਚ ਵੱਡੇ ਲੋਡ ਵਾਲੇ ਖਪਤਕਾਰਾਂ ਲਈ ਰੇਟ ਦੇ ਸਲੈਬ ਵੱਖੋ ਵੱਖਰੇ ਸਨ। ਕਰਾਸ ਸਬਸਿਡੀ ਖਤਮ ਹੋਣ ਦੀ ਸੂਰਤ ਵਿਚ ਹਰ ਵੱਡੇ ਛੋਟੇ ਨੂੰ ਇੱਕੋ ਭਾਅ ’ਤੇ ਬਿਜਲੀ ਮਿਲੇਗੀ। ਇਵੇਂ ਹੀ ਵੰਡ ਸਬ ਲਾਇਸੈਂਸੀਜ਼ ਨਿਯੁਕਤ ਕਰਨ ਦਾ ਪ੍ਰਸਤਾਵ ਹੈ ਜਿਸ ਨਾਲ ਨਿੱਜੀਕਰਨ ਲਈ ਰਾਹ ਖੁੱਲ੍ਹਦਾ ਹੈ। ਪਾਵਰਕੌਮ ਪਹਿਲਾਂ ਵੰਡ ਦੇ ਕੰਮ  ਫਰੈਂਚਾਈਜ ਜ਼ਰੀਏ ਕਰਾੳਂੁਦਾ ਹੈ ਜਿਸ ਦੀ ਬਕਾਇਦਾ ਰੈਗੂਲੇਟਰ ਤੋਂ ਪ੍ਰਵਾਨਗੀ ਲਈ ਜਾਂਦੀ ਹੈ। ਸਬ ਲਾਇਸੈਂਸੀਜ਼ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਮਲਾਈ ਛਕਣ ਦਾ ਰਾਹ ਖੁੱਲ੍ਹੇਗਾ।ਪੀ.ਐਸ.ਈ.ਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਜਸਵੀਰ ਸਿੰਘ ਧੀਮਾਨ ਦਾ ਕਹਿਣਾ ਸੀ ਕਿ ਬਿਜਲੀ ਕਾਨੂੰਨ 2003 ਵਿਚ ਪ੍ਰਸਤਾਵਿਤ ਸੋਧ ਤੋਂ ਪਹਿਲਾਂ ਕੌਮੀ ਪੱਧਰ ’ਤੇ ਇਸ ’ਤੇ ਬਹਿਸ ਹੋਵੇ ਕਿਉਂਕਿ ਇਹ ਸੋਧ ਬਿੱਲ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਵਾਲਾ ਹੈ। ਬਿਜਲੀ ਖੇਤਰ ਨੂੰ ਪ੍ਰਾਈਵੇਟ ਹੱਥਾਂ ’ਚ ਲਿਜਾਣ ਵੱਲ ਕਦਮ ਹੈ ਅਤੇ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਬਿਜਲੀ ਸਮਝੌਤਿਆਂ ਦਾ ਖਮਿਆਜ਼ਾ ਭੁਗਤ ਰਹੇ ਹਨ।



Sunday, June 21, 2020

                         ਵਿਚਲੀ ਗੱਲ
                  ਰੋਏ ਅਸੀਂ ਵੀ ਹਾਂ..!
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੁੱਤ ਹੱਦਾਂ ’ਤੇ, ਬਾਪ ਵੱਟਾਂ ’ਤੇ। ਕਿੰਨਾ ਕੁ ਚਿਰ ਖੜ੍ਹਨਗੇ। ਪੁੱਤ ਜੰਗਾਂ ’ਚ, ਪਿਓ ਖੇਤਾਂ ’ਚ। ਕਦੋਂ ਤੱਕ ਸ਼ਹੀਦ ਹੋਣਗੇ। ਤਾਬੂਤਾਂ ਦਾ ਆਉਣਾ, ਰੱਸਿਆਂ ਦਾ ਫਾਹਾ। ਆਖ਼ਰ ਕਦੋਂ ਬੰਦ ਹੋਵੇਗਾ। ਮਾਤਮੀ ਧੁਨਾਂ ਦਾ ਵੱਜਣਾ, ਸ਼ਾਹੂਕਾਰਾਂ ਦਾ ਗੱਜਣਾ। ਕੋਈ ਰੋਕ ਸਕੇਗਾ। ਸਰਹੱਦਾਂ ਦਾ ਕਾਰੋਬਾਰ, ਚੁੰਨੀ ਚਿੱਟੀ ਦਾ ਵਪਾਰ। ਕਿੰਨ੍ਹੇ ਕੁ ਪਹਿਰ ਚੱਲੇਗਾ। ਢਿੱਡ ਦੀ ਜੰਗ ਸੰਤੋਖੇ ਜਾਣ ਤੱਕ..! ਉਦੋਂ ਤੱਕ ਵਿਛਦੇ ਰਹਿਣਗੇ, ਨੇਤਾਵਾਂ ਦੇ ਘਰਾਂ ’ਚ ਗਲੀਚੇ, ਕਿਸਾਨੀ ਘਰਾਂ ’ਚ ਸੱਥਰ। ਅਖਾਣ ਝੂਠੇ ਵੀ ਪੈਂਦੇ ਨੇ। ‘ਮਰੇ ਬੰਦੇ ਦਾ ਕੋਈ ਮਿੱਤਰ ਨਹੀਂ ਹੁੰਦਾ।’ ਜਿਉਂਦੇ ਦਾ ਕੌਣ ਐ? ਪਿਓ ਦੀ ਗਹਿਣੇ ਪਈ ਜ਼ਮੀਨ ਛੁੱਟ ਜਾਏ, ਪੁੱਤ ਸਰਹੱਦਾਂ ’ਤੇ ਜਾਂਦੇ ਨੇ। ਕਿਤੇ ਕੋਈ ਹੱਦਾਂ ਵਾਲੀ ਜ਼ਮੀਨ ਨਾ ਨੱਪ ਲਏ। ਪਿੰਡੋਂ ਤੋਰਿਆ ਪੁੱਤ, ਬੁੱਤ ਬਣ ਕੇ ਮੁੜਦੈ। ਮਾਨਸਾ ਦਾ ਪਿੰਡ ਬੀਰੇਵਾਲਾ ਡੋਗਰਾ। ਤਿੰਨਾਂ ’ਚੋਂ ਛੋਟਾ ਗੁਰਤੇਜ ਸਿੰਘ। ਬਾਪ ਸਿਰੋਂ ਕਰਜ਼ ਉਤਰ ਜਾਏ। ‘ਦੇਸ਼ ਭਗਤ’ ਬਣ ਗਿਆ। ਜਦੋਂ ਨਿੱਕਾ ਹੁੰਦਾ ਸੀ। ਬਾਪ ਨੇ ਲਾਡ ’ਚ ਕਿਤੇ ਘੁੱਟ ਦੇਣਾ। ਰੌਲਾ ਪਾ ਦਿੰਦਾ, ਬਾਪੂ ਸਾਹ ਘੁੱਟਦੈ। ਚਾਰੋਂ ਪਾਸਿਓਂ ਬੰਦ ਤਾਬੂਤ ਵੇਖਿਆ। ਬਾਪ ਨੇ ਦੁਹੱਥੜ ਮਾਰੀ, ‘ਓਏ, ਸਾਹ ਕਾਹਤੋਂ ਘੁੱਟ ਦਿੱਤਾ।’ ਭਾਰਤ-ਚੀਨ ਸੀਮਾ ਤੋਂ ਜੋ ਤਾਬੂਤਾਂ ’ਚ ਮੁੜੇ ਨੇ, ਇੱਕ ਤਾਬੂਤ ਗੁਰਤੇਜ ਦੇ ਹਿੱਸੇ ਆਇਐ। ਕਿਤੇ ਜਿਉਂਦਾ ਪਿੰਡ ਮੁੜਦਾ, ਵਿਰਾਸਤ ’ਚ ਪੌਣਾ ਏਕੜ ਜ਼ਮੀਨ ਮਿਲਦੀ। ਜੋ ਸੀਮਾ ’ਤੇ ਫੌਤ ਹੋਏ ਹਨ, ਬਹੁਤੇ ਕਿਸਾਨਾਂ, ਮਜ਼ਦੂਰਾਂ ਦੇ ਜਾਏ ਹਨ।
                  ਪਿੰਡ ਸੀਲ (ਪਟਿਆਲਾ) ਦਾ ਮਨਦੀਪ ਸਿੰਘ। ਤਿਰੰਗੇ ‘ਚ ਲਿਪਟੀ ਦੇਹ ਪੁੱਜੀ। ਪੂਰਾ ਪਿੰਡ ਭਿੱਜ ਗਿਆ। ਫਰੇਮ ’ਚ ਜੜੇ ਸਿਹਰੇ ਵੱਲ ਵਿਧਵਾ ਗੁਰਦੀਪ ਕੌਰ ਹੁਣ ਕਿਵੇਂ ਵੇਖੂ। ਸਿਹਰਾ ਵੇਖ ਤਿੰਨੋਂ ਭੈਣਾਂ ਦੇ ਕੰਨ ਗੂੰਜੇ ਹੋਣਗੇ, ‘ਸਿਹਰਾ ਬੰਨ੍ਹ ਮੇਰਿਆ ਵੀਰਾ, ਕਲਗੀ ਲਾਵਾਂ ਮੈਂ ਖੜ੍ਹੀ ਵੇ ਖੜ੍ਹੀ।’ ‘ਅਮਰ ਰਹੇ’ ਦੇ ਨਾਅਰੇ ਗੂੰਜੇ, ਭੈਣਾਂ ਦੀ ਸੋਚਾਂ ਦੀ ਲੜੀ ਟੁੱਟੀ। ਸਿਵਾ ਲਟ ਲਟ ਬਲਿਆ। ਤੋਲਾਵਾਲ (ਸੰਗਰੂਰ) ਦਾ ਗੁਰਵਿੰਦਰ ਸਿੰਘ। ਮੰਗੇਤਰ ਦੇ ਸਿਰ ਦਾ ਸਾਈਂ ਨਾ ਬਣ ਸਕਿਆ। ਜਿਨ੍ਹਾਂ ਮੋਢਿਆਂ ’ਤੇ ਬਾਪ ਨੇ ਕਬੀਲਦਾਰੀ ਚੁੱਕੀ, ਉਨ੍ਹਾਂ ਮੋਢਿਆਂ ’ਤੇ ਅੱਜ ਪੁੱਤ ਦੀ ਅਰਥੀ ਸੀ। ਚਾਰ ਏਕੜ ਪੈਲੀ ਵਾਲੇ ਬਾਪ ਨੂੰ ਖੇਤਾਂ ’ਚੋਂ ਪੁੱਤ ਦਾ ਝਾਉਲਾ ਪਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰਬਾਨੀ ’ਤੇ ਨਾਜ਼ ਕੀਤਾ। ਦੋ ਮਿੰਟ ਦਾ ਮੌਨ ਧਾਰਿਆ। ਮਾਂ, ਪੁੱਤ ਬਿਨਾਂ ਇੱਕ ਮਿੰਟ ਕਿਵੇਂ ਕੱਢੂ। ਕਿਵੇਂ ਆਠਰਨਗੇ ਏਹ ਜ਼ਖ਼ਮ। ਭੋਜਪੁਰ (ਗੁਰਦਾਸਪੁਰ) ਦਾ ਬਜ਼ੁਰਗ ਬਾਪ ਜਾਗੀਰ ਸਿੰਘ। ਆਖਣ ਲੱਗਾ, ਕੁੜੀਓ ਤੁਸੀਂ ਦਿਓ ਮੋਢਾ। ਪੁੱਤ ਸਤਨਾਮ ਦੀ ਅਰਥੀ ਹੁਣ ਚੁੱਕ ਨਹੀਂ ਹੋਣੀ। ਮਾਂ, ਪਤਨੀ ਤੇ ਬੇਟੀ ਨੇ ਮੋਢਾ ਦਿੱਤਾ। ਅਗਨੀ ਬੇਟੇ ਪ੍ਰਭਜੋਤ ਨੇ ਦਿਖਾਈ। ਸਤਨਾਮ ਦੇ ਦੋਸਤਾਂ ਦੇ ਗਚ ਭਰੇ। ਸਾਲ ਪਹਿਲਾਂ ਪੁਲਵਾਮਾ ਨੇ ਸੁਹਾਗ ਉਜਾੜੇ। ਬਾਬਾ ਫ਼ਰੀਦ ਪਤਾ ਨਹੀਂ ਕਿਹੜੇ ਹਰਨੀਂ ਚੜ੍ਹੇ ਨੇ। ਟੱਕਰੇ ਤਾਂ ਸਹੀ, ਪਹਿਲਾਂ ਕੋਠੇ ’ਤੇ ਚੜ੍ਹਾਵਾਂ। ਉਪਰੋਂ ਝਾਤ ਪੁਆਵਾਂ, ਅੌਹ ਦੇਖ ਬਾਬਾ, ਸ਼ਹਾਦਤਾਂ ਦੀ ਅੱਗ, ’ਕੱਲੇ ਮਹਾਤੜਾਂ ਦੇ ਘਰਾਂ ’ਚ ਕਿਉਂ ਧੁਖਦੀ ਐ। ਡਾਢਾ ਵਕਤ ਪੁੱਛ ਕੇ ਨਹੀਂ ਆਉਂਦਾ।
                ਸਿਆਣੇ ਆਖਦੇ ਨੇ, ਬਿਮਾਰ ਤਾਂ ਸੌ ਜਾਂਦੈ, ਕਰਜ਼ਾਈ ਨੂੰ ਨੀਂਦ ਕਿਥੇ। ਚੈਨ ਦੀ ਨੀਂਦ ਲਈ ਪੁੱਤ ਗਲਵਾਨ ਘਾਟੀ ਭੇਜੇ। ਜ਼ਿੰਦਗੀ ਦਾ ਤਖਤ ਹਜ਼ਾਰਾ ਹੀ ਲੁਟਾ ਬੈਠੇ।ਅਚਾਰੀਆ ਰਜਨੀਸ਼ ਚੌਕੰਨਾ ਕਰਦੇ ਨੇ। ‘ਜਿੰਨਾ ਸਮਾਂ ਘੂਕ ਸੁੱਤੇ ਰਹੋਗੇ, ਲੁੱਟੇ ਜਾਊਂਗੇ।’ ਧਨੀ ਰਾਮ ਚਾਤ੍ਰਿਕ ਨੇ ਹਲੂਣਾ ਦਿੱਤੈ। ‘ਬੰਦ ਨੇ ਅਮਨ ਦੇ ਰਾਹ, ਰੁਕ ਗਏ ਨੇ ਸਭ ਦੇ ਸਾਹ, ਹੋ ਗਿਆ ਵੀਰਾਨ ਬਾਗ, ਜਾਗ ਮੇਰੇ ਲਾਲ! ਜਾਗ।’ ਸਰੀਰਕ ਤੌਰ ’ਤੇ ਮਰਨਾ ਮੌਤ ਨਹੀਂ ਹੁੰਦਾ। ਜਿਉਣ ਜੋਗ ਹਾਲਾਤ ਦਾ ਨਾ ਰਹਿਣਾ। ਜਵਾਨੀ ਅੰਦਰੋਂ ਚੰਗਿਆੜੀ ਨਾ ਉੱਠੇ। ਫੇਰ ਬਾਗ ਉਜੜਦੇ ਨੇ। ਗਾਲ੍ਹੜ ਪਟਵਾਰੀ ਤਾੜੀ ਮਾਰ ਹੱਸਦੇ ਨੇ। ਯੂਨਾਨੀ ਲੋਕ ਇੰਜ ਦੱਸਦੇ ਨੇ, ‘ਚੰਗੇ ਮਲਾਹ ਦੀ ਪਛਾਣ ਤੂਫਾਨ ਆਏ ਤੋਂ ਹੁੰਦੀ ਹੈ।’ ਫਿਰ ਵੀ ਸਾਥੋਂ ਤਾਬੂਤ ਨਹੀਂ ਆ ਰਹੇ ਸੂਤ। ਮੋਦੀ  ਗੜ੍ਹਕੇ ਨੇ ‘ਕੋਈ ਸਾਡੀ ਇੱਕ ਸੂਤ ਜ਼ਮੀਨ ਵੱਲ ਵੀ ਅੱਖ ਚੁੱਕ ਕੇ ਤਾਂ ਵੇਖੇ।’ ਖੈਰ, ਪੰਜਾਬੀ ਹਮੇਸ਼ਾਂ ਸੂਤ ਆਏ ਨੇ। 1962 ਦੀ ਜੰਗ ਵੇਲੇ, ਪੰਜਾਬ ਨੇ 5.26 ਕਰੋੜ ‘ਰੱਖਿਆ ਫੰਡ’ ’ਚ ਭੇਜੇ ਸਨ। ਹੁਣ ਕਰੋਨਾ ਖ਼ਿਲਾਫ਼ ਜੰਗ ਵਿੱਢੀ ਹੈ। ਕੋਈ ਬਿਮਾਰੀ ਨਾਲ ਮਰ ਰਿਹੈ। ਕੋਈ ਭੁੱਖ ਨਾਲ ਤੇ ਕੋਈ ਗੋਲੀ ਨਾਲ। ਬਾਕੀ ਗੁਰਮੀਤ ਕੜਿਆਲਵੀ ਤੋਂ ਸੁਣ ਲਓ। ‘ਅਸੀਂ ਜੰਗ ਚਾਹੁੰਦੇ ਹਾਂ, ਉਸ ਵਿਵਸਥਾ ਖ਼ਿਲਾਫ਼, ਜੋ ਸਾਨੂੰ ਭੁੱਖ ਨਾਲ ਵਿਲਕਦਿਆਂ ਵੇਖ ਆਖਦੀ ਹੈ, ਵਰਤ ਰੱਖਣਾ ਸਿਹਤ ਲਈ ਅੱਛਾ ਹੁੰਦਾ ਹੈ।’ ਅੱਜ ਕੌਮਾਂਤਰੀ ਯੋਗ ਦਿਵਸ ਹੈ। ਅੱਗੇ ਆਖਦੈ, ‘ਭੁੱਖੇ ਪੇਟ ਕਪਾਲ ਭਾਤੀ ਕਰੋ, ਰੋਗ ਭਜਾਓ।’ ਚਨਾਰਥਲ ਕਲਾਂ (ਪਟਿਆਲਾ) ਦੀ ਬਜ਼ੁਰਗ ਮਾਈ ਕਿਥੇ ਭੱਜਦੀ। ਦੁੱਖਾਂ ਨੇ ਨਾਗਵਲ ਪਾ ਲਿਆ।
                ਆੜ੍ਹਤੀਆਂ ਨੇ ਠੱਗੀ ਮਾਰੀ। ਵੱਡਾ ਲੜਕਾ ਪਹਿਲਾਂ ਖੁਦਕੁਸ਼ੀ ਕਰ ਗਿਆ। ਪੁੱਤ ਵਾਲੇ ਰਾਹ ਪਿਓ ਵੀ ਤੁਰ ਗਿਆ। ਛੋਟਾ ਪੁੱਤ ਵੀ ਪਿਛੇ ਨਾ ਰਿਹਾ। ਨੂੰਹ ਪੇਕੇ ਚਲੀ ਗਈ। ਨਾ ਪਤੀ ਬਚਿਆ, ਨਾ ਪੁੱਤ ਬਚੇ, ਨਾ ਵਾਰਸ ਬਚੇ ਤੇ ਨਾ ਹੀ ਜ਼ਮੀਨ। ਜੋ ਕਿਵੇਂ ਨਾ ਕਿਵੇਂ ਬਚੇ ਨੇ, ਉਨ੍ਹਾਂ ਖ਼ਿਲਾਫ਼ ਦਿੱਲੀ ਦੇ ਨਿਸ਼ਾਨਚੀ ਨਿੱਤਰੇ ਨੇ। ਹਕੂਮਤ ਬੜੀ ਚੀੜ੍ਹੀ ਹੈ। ਨਵੇਂ ਆਰਡੀਨੈਂਸ ਕੱਢ ਮਾਰੇ ਨੇ। ਕੋਵਿਡ ਮੇਲਦਾ ਫਿਰਦੈ। ਲੋਕ ਘਰਾਂ ’ਚ ਤੁੰਨੇ ਨੇ। ਜ਼ਿੰਦਗੀ ਦਾ ਕੋਈ ਸਰਬਾਲਾ ਨਹੀਂ। ਕੀਹਦੀ ਮਾਂ ਨੂੰ ਮਾਸੀ ਕਹੀਏ। ਕਿਸਾਨ ਝੋਨੇ ’ਚ ਉਲਝੇ ਨੇ। ਚੋਰੀ ਛਿਪੇ ਕੇਂਦਰ ਨੇ ਕੱਦੂ ਕਰਤਾ।ਬੋਹਲ਼ਾਂ ਦਾ ਕੋਈ ਬੇਲੀ ਨਹੀਂ ਬਚਣਾ। ਕਿਸਾਨੀ ਨੂੰ ਅੰਦਾਜ਼ੇ ਕਿਥੇ। ਜਿਣਸਾਂ ਨਾ ਵਿਕੀਆਂ ਤਾਂ ਫਿਰ ਖੇਤ ਵਿਕਣਗੇ। ਬੋਲੀ ਦੇਣਗੇ ਅੰਬਾਨੀ ’ਤੇ ਅਡਾਨੀ, ਉਨ੍ਹਾਂ ਦੇ ਚਾਚੇ ਤਾਏ ਦੇ ਮੁੰਡੇ। ਸਰਹੱਦਾਂ ਦੇ ਰਾਖੇ, ਆਪਣੇ ਖੇਤ ਕਿਵੇਂ ਬਚਾਉਣਗੇ। ਛੱਜੂ ਰਾਮ ਹਾਜ਼ਰ ਹੋਇਐ, ਬਿਨਾਂ ਮੰਗੀ ਸਲਾਹ ਲਓ, ‘ਜਿੰਨਾ ਚਿਰ ਤੋਪਾ ਨਹੀਂ ਭਰਦੇ, ਹਕੂਮਤੀ ਤੋਪਾਂ ਦੇ ਮੂੰਹ ਨਹੀਂ ਮੁੜਨੇ।’ ਹਾਕਮਾਂ ਨੂੰ ਕਰੋਨਾ ਰਾਸ ਆਇਐ। 13 ਦਿਨਾਂ ’ਚ ਡੀਜ਼ਲ 7.56 ਰੁਪਏ ਲਿਟਰ ਵਧਿਐ। ਆਓ, ਭੂਤਕਾਲ ਦੇ ਘਰ ਚੱਲੀਏ। ਚੇਤੇ ਕਰੋ, ਕਦੇ ਤੇਲ ਦਾ ਤੋੜਾ ਬੇਹਿਸਾਬਾ ਸੀ। ਨਿਆਮੀਵਾਲੇ ਦਾ ਸ਼ਾਮ ਸਿੰਘ ਸਿਕੰਦਰ ਮੇਲਿਆਂ ’ਚ ਚਿੱਠੇ ਵੇਚਦਾ। ਨਾਲੇ ਹੋਕਾ ਲਾਉਂਦਾ, ‘ਟਰੈਕਟਰ ਖ਼ਰੀਦੇ ਸੀ ਜ਼ਮੀਨਾਂ ਧਰਕੇ, ਮਿਲਿਆ ਨਾ ਤੇਲ ਬਹਿਗੇ ਚੁੱਪ ਕਰਕੇ।’ ਸੜਕਾਂ ’ਤੇ ਨਾਅਰੇ ਗੂੰਜਦੇ, ‘ਇੰਦਰਾ ਤੇਰੀ ਸੜਕ ’ਤੇ, ਖਾਲੀ ਢੋਲ ਖੜਕਦੇ।’ ਗੰਗਾ ਵਾਲਾ ਗੁਰਦਰਸ਼ਨ ਦੱਸਦੈ। ਜਦੋਂ ਜੁਲਾਈ 1996 ’ਚ ਤੇਲ 7 ਰੁਪਏ ਵਧਿਆ। ਮੁਲਕ ’ਚ ਚੱਕਾ ਜਾਮ ਹੋਇਆ, ਸਰਕਾਰ ਨੂੰ ਝੁਕਣਾ ਪਿਆ।
              ਤੀਹ ਵਰ੍ਹੇ ਪਹਿਲਾਂ ਤੇਲ ਦਾ ਡਰੰਮ 700 ਰੁਪਏ ’ਚ ਭਰਦਾ ਸੀ। ਅੱਜ 14,360 ’ਚ ਡਰੰਮ ਭਰਦੈ। ਕਿਸਾਨੀ ਨੇ ਪਹਿਲਾਂ ਮੁਲਕ ਦਾ ਢਿੱਡ ਭਰਿਆ। ਅੰਨ ਦੇ ਭੰਡਾਰੇ ਭਰਪੂਰ ਕੀਤੇ। ਪੰਜਾਬੀ ਹੁਣ ਚੂੰ ਨਹੀਂ ਕਰਦੇ। ਸਿਆਣੇ ਲੋਕ ਕਲਪਦੇ ਮਰ ਗਏ। ਬੇਸਮਝੋ ਇੱਕ ਹੋ ਜਾਓ। 1981 ਵਿਚ ਬੱਝਵੀਂ ਕਿਸਾਨ ਧਿਰ ਨਹੀਂ ਸੀ। ਉਨ੍ਹਾਂ ਦਿਨਾਂ ਦੀ ਗੱਲ ਹੈ। ਦੇਸ਼ ਭਰ ਦੇ ਭਿਖਾਰੀ ਲਾਮਬੰਦ ਹੋਏ। ਜਥੇਬੰਦੀ ਬਣਾਈ ਤੇ ਦਿੱਲੀ ’ਚ ਭਿਖਾਰੀਆਂ ਨੇ ਵੱਡਾ ਇਕੱਠ ਕੀਤਾ। ‘ਦੁੱਕੀ ਤਿੱਕੀ ਚੁੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ।’ ਖੈਰ, ਭਿਖਾਰੀ ਦਾ ਕੌਣ ਦੀਵਾਲ਼ਾ ਕੱਢ ਸਕਦੈ। ਹਾਕਮਵਾਲੇ (ਬੋਹਾ) ਦਾ ਹਰਦੇਵ ਕਿਸਾਨਾਂ ਦੇ ਟਕੋਰਾਂ ਮਾਰਦਾ, ‘ਥੋਡੇ ਨਾਲੋਂ ਤਾਂ ਭਿਖਾਰੀ ਚੰਗੇ ਨੇ।’ ਅੱਜ ਮੁੱਦੇ ਏਕ, ਕਿਸਾਨ ਧਿਰਾਂ ਅਨੇਕ ਨੇ। ਏਕਾ ਕਿਧਰੇ ਨਹੀਂ ਰੜਕਦਾ। ਤਾਹੀਂ ਅਮਰਿੰਦਰ ਤੋਂ ਚਾਅ ਨਹੀਂ ਚੁੱਕਿਆ ਜਾ ਰਿਹੈ। ਜਨਾਬ ਮੋਦੀ ਤਾਂ ਥੋਡੀ ਰਗ ਰਗ ਤੋਂ ਜਾਣੂ ਨੇ। ਅਖੇ ਯੁੱਗ ਕਰੋਨਾ ਦਾ ਐ, ਨਾਅਰੇ ਮਾਰ ਕੇ ਦਿਖਾਓ।ਅੱਜ ਕੌਮਾਂਤਰੀ ਫਾਦਰਜ਼ ਡੇਅ ਵੀ ਹੈ। ਸੱਚੀ ਸ਼ਰਧਾ ਤਾਂ ਟਹਿਲ ਸਿਓਂ ਨੇ ਭੇਟ ਕੀਤੀ ਸੀ। ਡਸਕਾ (ਸੰਗਰੂਰ) ਦਾ ਨਾਇਕ ਗੁਰਬਚਨ ਸਿੰਘ ਸ਼ਹੀਦ ਹੋਇਆ। ਸੈਨਾ ਮੈਡਲ ਦਿੱਤਾ ਗਿਆ। ਪਿਓ ਦਾ ਬੁੱਤ ਲਾਉਣ ਲਈ, ਮੁੰਡੇ ਨੇ ਦਿਹਾੜੀਆਂ ਕੀਤੀਆਂ। ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੈ ਆਹੂਜਾ ਦਾ ਬਠਿੰਡਾ ’ਚ ਅੱਜ ਤੱਕ ਬੁੱਤ ਨਹੀਂ ਲੱਗਾ। ਕਾਸ਼! ਬੁੱਤ ਬੋਲਦੇ ਹੁੰਦੇ। ਹਾਕਮਾਂ ਨੂੰ ਅੌਕਾਤ ਦੱਸਦੇ। ਲੋਕਾਂ ਨੂੰ ਵੀ ਹਲੂਣਦੇ। ਅਖੀਰ ’ਚ ਉਸਤਾਦ ਦਾਮਨ ਜੀ,‘ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।’


Saturday, June 20, 2020

                       ਸਾਡੇ ਸ਼ੌਕ ਅਵੱਲੇ 
  ਫੈਂਸੀ ਨੰਬਰਾਂ ਨੇ ਖ਼ਜ਼ਾਨੇ ਦੀ ਗੱਡੀ ਰੋੜ੍ਹੀ !
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬੀ ਲੋਕਾਂ ਦਾ ਫੈਂਸੀ ਨੰਬਰਾਂ ਦਾ ਸ਼ੌਕ ਖ਼ਜ਼ਾਨੇ ਨੂੰ ਧੱਕਾ ਲਾਉਣ ਲੱਗਾ ਹੈ। ਆਖਿਆ ਜਾਂਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਸੇ ਚੱਕਰ ’ਚ ਫੈਂਸੀ ਨੰਬਰ ਲੱਖਾਂ ’ਚ ਵਿਕਦੇ ਹਨ। ਦੋ ਵਰ੍ਹਿਆਂ ਤੋਂ ਸਰਕਾਰੀ ਖ਼ਜ਼ਾਨੇ ਨੂੰ ਫੈਂਸੀ ਨੰਬਰਾਂ ਚੰਗੀ ਕਮਾਈ ਹੋਈ। ਲੋਕਾਂ ਦੀ ਫੈਂਸੀ ਨੰਬਰਾਂ ਦੀ ਪਸੰਦ ਵੱਖੋ ਵੱਖਰੀ ਹੈ। ਪੁਰਾਣੇ ਰਜਿਸਟ੍ਰੇਸ਼ਨ ਨੰਬਰ (ਵਿਨਟੇਜ ਨੰਬਰ) ਸਾਲ 2017 ਤੋਂ ਬੰਦ ਹੋ ਗਏ ਹਨ ਜਿਸ ਕਰਕੇ ਈ-ਨਿਲਾਮੀ ’ਚ ਨਵੇਂ ਨੰਬਰ ਮਹਿੰਗੇ ਵਿਕਣ ਲੱਗੇ ਹਨ। ਟਰਾਂਸਪੋਰਟ ਵਿਭਾਗ ਪੰਜਾਬ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਲੰਘੇ ਦੋ ਵਰ੍ਹਿਆਂ (2018 ਤੇ 2019) ’ਚ ਗੱਡੀਆਂ ਦੇ ਫੈਂਸੀ ਨੰਬਰਾਂ (ਰਜਿਸਟੇ੍ਰਸ਼ਨ ਨੰਬਰ) ਤੋਂ ਸਰਕਾਰੀ ਖ਼ਜ਼ਾਨੇ ਨੂੰ 41.48 ਕਰੋੜ ਦੀ ਆਮਦਨ ਹੋਈ ਹੈ। ਮਤਲਬ ਕਿ ਪੰਜਾਬੀ ਲੋਕ ਫੈਂਸੀ ਨੰਬਰਾਂ ’ਤੇ ਅੌਸਤਨ ਹਰ ਮਹੀਨੇ ਪੌਣੇ ਦੋ ਕਰੋੜ ਰੁਪਏ ਖ਼ਰਚਦੇ ਹਨ। ਪ੍ਰਤੀ ਦਿਨ ਦੀ ਅੌਸਤਨ ਪੌਣੇ ਛੇ ਲੱਖ ਰੁਪਏ ਬਣਦੀ ਹੈ। ਜਦੋਂ ਤੋਂ ਫੈਂਸੀ ਨੰਬਰਾਂ ਦੀ ਰਿਜ਼ਰਵ ਕੀਮਤ ਘਟਾਈ ਹੈ, ਉਦੋਂ ਤੋਂ ਆਮਦਨੀ ਦਾ ਗਰਾਫ ਉਤਾਂਹ ਚੜ੍ਹਿਆ ਹੈ। ਸਰਕਾਰੀ ਸੂਚਨਾ ਅਨੁਸਾਰ ਫੈਂਸੀ ਨੰਬਰਾਂ ਤੋਂ ਸਾਲ 2018 ਵਿਚ 16.41 ਕਰੋੜ ਰੁਪਏ ਅਤੇ ਸਾਲ 2019 ਵਿਚ 25.07 ਕਰੋੜ ਦੀ ਆਮਦਨ ਹੋਈ ਹੈ। ਜਨਵਰੀ 2020 ਦੇ ਇੱਕੋ ਮਹੀਨੇ ’ਚ ਇਹੋ ਆਮਦਨ 2.34 ਕਰੋੜ ਦੀ ਰਹੀ ਹੈ।
                ਫੈਂਸੀ ਨੰਬਰ 0001 ਦੀ ਪਹਿਲਾਂ ਰਾਖਵੀਂ ਕੀਮਤ ਪੰਜ ਲੱਖ ਰੁਪਏ ਸੀ ਜੋ ਦੋ ਸਾਲ ਪਹਿਲਾਂ ਘਟਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਹੈ। ਜਨਵਰੀ 2014 ਤੋਂ ਦਸੰਬਰ 2017 (ਚਾਰ ਸਾਲ) ਦੌਰਾਨ ਫੈਂਸੀ ਨੰਬਰਾਂ ਤੋਂ ਕਮਾਈ ਸਿਰਫ਼ 3.88 ਕਰੋੜ ਰਹੀ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੇ ਸਕੱਤਰ ਸ੍ਰੀ ਦਮਨਜੀਤ ਸਿੰਘ ਦਾ ਕਹਿਣਾ ਸੀ ਕਿ ਰਾਖਵੀਂ ਕੀਮਤ ਘਟਣ ਮਗਰੋਂ ਲੋਕਾਂ ਵਿਚ ਈ-ਨਿਲਾਮੀ ’ਚ ਫੈਂਸੀ ਨੰਬਰ ਲੈਣ ਦਾ ਕਰੇਜ ਇਕਦਮ ਵਧਿਆ ਹੈ। ਉਨ੍ਹਾਂ ਦੱਸਿਆ ਕਿ ਕਈ ਖਾਸ ਨੰਬਰਾਂ ਦੀ ਬੋਲੀ ਤਾਂ ਛੇ ਛੇ ਲੱਖ ਤੱਕ ਵੀ ਚਲੀ ਜਾਂਦੀ ਹੈ। ਜਾਣਕਾਰੀ ਅਨੁਸਾਰ ਜੋ ਪਹਿਲਾਂ ਵਿਨਟੇਜ ਨੰਬਰ (ਛੋਟੇ ਨੰਬਰ) ਕਾਫੀ ਮਹਿੰਗੇ ਵਿਕਦੇ ਸਨ, ਉਹ ਹੁਣ ਮਿਲਣੇ ਬੰਦ ਹੋ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਪੁਰਾਣਾ ਨੰਬਰ ਪੀ.ਬੀ 22 ਜੀ.. ਬਹੁਕੀਮਤੀ ਹੈ। ਜਦੋਂ ਵੀ ਨਵੀਂ ਸੀਰੀਜ਼ ਸ਼ੁਰੂ ਹੁੰਦੀ ਹੈ, ਲੋਕ ਆਨਲਾਈਨ ਈ-ਨਿਲਾਮੀ ਦੇਣੀ ਸ਼ੁਰੂ ਕਰ ਦਿੱਤੇ ਹਨ। ਫੈਂਸੀ ਨੰਬਰ 0001 ਤੋਂ 0009 ਤੱਕ ਤਾਂ ਹੱਥੋਂ ਹੱਥ ਵਿਕ ਜਾਂਦਾ ਹੈ। ਅਗਸਤ 2019 ਮਹੀਨੇ ਵਿਚ ਪੀ.ਬੀ 30 ਐਕਸ 0001 ਨੰਬਰ ਤਾਂ 5.47 ਲੱਖ ਰੁਪਏ ਵਿਕਿਆ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਦਰਬਾਰਾ ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਵਪਾਰੀ ਤਬਕਾ ਫੈਂਸੀ ਨੰਬਰ ਲੈਂਦਾ ਹੈ।
                ਉਨ੍ਹਾਂ ਦੱਸਿਆ ਕਿ ਸ਼ਰਧਾ ਵਜੋਂ ਲੋਕ ਆਮ ਤੌਰ ’ਤੇ ਫੈਂਸੀ ਨੰਬਰ 1313 ਜਾਂ ਫਿਰ 0013 ਨੂੰ ਵੀ ਤਰਜੀਹ ਦਿੰਦੇ ਹਨ।ਸ਼ਰਾਬ ਦੇ ਠੇਕੇਦਾਰਾਂ ਤੋਂ ਬਿਨਾਂ ਅਮੀਰ ਘਰਾਂ ਦੇ ਕਾਕੇ ਫੈਂਸੀ ਨੰਬਰਾਂ ਦੇ ਗ੍ਰਾਹਕ ਬਣਦੇ ਹਨ। 8055 ਨੰਬਰ ਕਾਫ਼ੀ ਮਹਿੰਗਾ ਵਿਕਦਾ ਹੈ ਜਿਸ ਦਾ ਭੁਲੇਖਾ ਅੰਗਰੇਜ਼ੀ ਲਫਜ਼ ‘ਬਾਸ’ ਦਾ ਪੈਂਦਾ ਹੈ। ਪੁਰਾਣਾ ਟਰੈਕਟਰ 5911 ਕਾਫ਼ੀ ਮਸ਼ਹੂਰ ਹੁੰਦਾ ਸੀ। ਪੇਂਡੂ ਨੌਜਵਾਨ 5911 ਨੰਬਰ ਨੂੰ ਲੈਣ ਲਈ ਤਰਲੋਮੱਛੀ ਹੁੰਦੇ ਹਨ। ਇੱਕੋ ਤਰ੍ਹਾਂ ਜਿਵੇਂ 9999, 2222 ਜਾਂ ਫਿਰ 7777 ਫੈਂਸੀ ਨੰਬਰ ਵੀ ਮਹਿੰਗੀ ਬੋਲੀ ’ਤੇ ਚੜਦੇ ਹਨ। ਜ਼ਿਲ੍ਹਾ ਸੰਗਰੂਰ ਵਿਚ 0786 ਨੰਬਰ ਦੀ ਜਿਆਦਾ ਮੰਗ ਰਹਿੰਦੀ ਹੈ। ਮਲੇਰਕੋਟਲਾ ਦੇ ਐਡਵੋਕੇਟ ਕਾਸ਼ਿਫ ਅਲੀ ਖਾਨ ਦਾ ਕਹਿਣਾ ਸੀ ਕਿ ਮੁਸਲਿਮ ਭਾਈਚਾਰਾ ਸ਼ਰਧਾ ਵਜੋਂ 0786 ਨੰਬਰ ਲੈਣ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਵਿਚ ਕਾਫ਼ੀ ਵਾਹਨਾਂ ਦੇ ਨੰਬਰ 0786 ਰਜਿਸਟ੍ਰੇਸ਼ਨ ਵਾਲੇ ਹਨ। ਪਿਛਲੇ ਸਮੇਂ ਤੋਂ ਗੈਰ ਮੁਸਲਿਮ ਲੋਕਾਂ ’ਚ ਵੀ ਇਹ ਨੰਬਰ ਪ੍ਰ੍ਰਚਲਿਤ ਹੋਇਆ ਹੈ। ਪਤਾ ਲੱਗਾ ਹੈ ਕਿ ਚੰਡੀਗੜ੍ਹ ਵਿਚ ਤਾਂ ਫੈਂਸੀ ਨੰਬਰਾਂ ’ਤੇ ਲੋਕ 15 ਲੱਖ ਰੁਪਏ ਤੱਕ ਵੀ ਖ਼ਰਚਦੇ ਹਨ। ਰਿਜ਼ਨਲ ਟਰਾਂਸਪੋਰਟ ਅਥਾਰਟੀ ਮੁਹਾਲੀ ਦੇ ਸਕੱਤਰ ਸੁਖਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਨਵੀਂ ਪੀੜੀ ਫੈਂਸੀ ਨੰਬਰਾਂ ਲਈ ਜਿਆਦਾ ਪੱਬਾਂ ਭਾਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਕਰਕੇ ਹੁਣ ਫੈਂਸੀ ਨੰਬਰਾਂ ਦਾ ਕੰਮ ਘਟਿਆ ਹੈ।
                            ਮਨਪ੍ਰੀਤ ਬਾਦਲ ਵੀ 0786 ਦੇ ਸ਼ੌਕੀਨ
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ 0786 ਨੰਬਰ ਦੇ ਸ਼ੌਕੀਨ ਹਨ। ਉਹ ਇਸ ਨੰਬਰ ਨੂੰ ਸ਼ੁੱਭ ਮੰਨਦੇ ਹਨ। ਉਨ੍ਹਾਂ ਦੀ ਹੌਂਡਾ ਕਾਰ ਦਾ ਨੰਬਰ : ਪੀ.ਬੀ 10ਬੀਐਸ 0786, ਫਾਰਚੂਨਰ ਗੱਡੀ ਦਾ ਨੰਬਰ : ਪੀ.ਜੇ.ਟੀ 0786 ਅਤੇ ਮੈਸੀ ਟਰੈਕਟਰ ਦਾ ਨੰਬਰ : ਪੀ.ਬੀ 60 ਏ 7860 ਹੈ। ਇਸੇ ਤਰ੍ਹਾਂ ਤਿੰਨ ਜੀਪਾਂ ਦੇ ਨੰਬਰ ਵੀ 0786 ਵਾਲੇ ਹੀ ਹਨ। ਇੱਕ ਜੌਂਗਾ ਵੀ ਪੀ.ਬੀ 10 ਏ.ਜੇ 0786 ਨੰਬਰ ਵਾਲਾ ਹੈ।


Friday, June 19, 2020

                      ਕੱਢ ਦਿੱਤਾ ਧੂੰਆਂ !
  ਬਠਿੰਡਾ ਥਰਮਲ ਦੀ ਜ਼ਮੀਨ ਵਿਕੇਗੀ
                         ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀ ਬਹੁਕੀਮਤੀ ਜ਼ਮੀਨ ਨੂੰ ਵਪਾਰਿਕ ਕੰਮਾਂ ਲਈ ਵੇਚਣ ਦਾ ਖਾਕਾ ਤਿਆਰ ਕਰ ਲਿਆ ਹੈ ਜਿਸ ’ਤੇ ਕੈਬਨਿਟ ਦੀ ਮੋਹਰ ਲੱਗਣੀ ਬਾਕੀ ਹੈ। ਪੰਜਾਬ ਮੰਤਰੀ ਮੰਡਲ ਦੀ 22 ਜੂਨ ਨੂੰ ਹੋਣ ਵਾਲੀ ਮੀਟਿੰਗ ’ਚ ਬਠਿੰਡਾ ਥਰਮਲ ਦੀ ਜ਼ਮੀਨ ਏਜੰਡੇ ’ਤੇ ਹੈ। ਕੈਬਨਿਟ ਦੀ ਮਨਜ਼ੂਰੀ ਮਗਰੋਂ ਇਸ ਥਰਮਲ ਦੀ ਆਖਰੀ ਨਿਸ਼ਾਨੀ ਨੂੰ ਮੇਟਣ ਲਈ ਰਾਹ ਪੱਧਰਾ ਹੋ ਜਾਵੇਗਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣ ਪ੍ਰਚਾਰ ’ਚ ਥਰਮਲ ਦੀਆਂ ਚਿਮਨੀਆਂ ਚੋਂ ਧੂੰਆਂ ਕੱਢਣ ਦੇ ਸੁਫਨੇ ਦਿਖਾਏ ਸਨ। ਵੇਰਵਿਆਂ ਅਨੁਸਾਰ ਪਾਵਰਕੌਮ ਦੇ ਬੋਰਡ ਆਫ਼ ਡਾਇਰੈਕਟਰਜ਼ ਤਰਫ਼ੋਂ 13 ਫਰਵਰੀ 2020 ਨੂੰ ਬਠਿੰਡਾ ਥਰਮਲ ਦੀ ਜ਼ਮੀਨ ਪੂਡਾ ਨੂੰ ਤਬਦੀਲ ਕਰ ਦਿੱਤੀ ਗਈ ਸੀ। ਪੂਡਾ ਵੱਲੋਂ ਇਸ ਜ਼ਮੀਨ ਨੂੰ ਵਿਕਸਿਤ ਕੀਤਾ ਜਾਵੇਗਾ ਅਤੇ ਉਸ ਮਗਰੋਂ ਜੋ ਮੁਨਾਫ਼ਾ ਹੋਵੇਗਾ, ਉਸ ’ਚ 80 ਫੀਸਦੀ ਹਿੱਸੇਦਾਰੀ ਪਾਵਰਕੌਮ ਦੀ ਹੋਵੇਗੀ ਜਦੋਂ ਕਿ 20 ਫੀਸਦੀ ਮੁਨਾਫ਼ਾ ਪੂਡਾ ਨੁੂੰ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਪੂਡਾ ਨੂੰ ਤਬਦੀਲ ਕੀਤੀ ਗਈ ਹੈ। ਇਸ ਜ਼ਮੀਨ ਵਿਚ 220 ਏਕੜ ਜ਼ਮੀਨ ਤਾਂ ਰੇਲਵੇ ਵਾਲੀ ਹੈ ਅਤੇ 250 ਏਕੜ ਥਰਮਲ ਏਰੀਏ ਦੀ ਜ਼ਮੀਨ ਹੈ। ਇਸੇ ਤਰ੍ਹਾਂ 850 ਏਕੜ ਜ਼ਮੀਨ ਵਿਚ ਰਾਖ ਡੰਪ ਹੈ ਜਦੋਂ ਕਿ 280 ਏਕੜ ਰਕਬੇ ਵਿਚ ਥਰਮਲ ਕਲੋਨੀ ਹੈ। ਇਸ ਤੋਂ ਇਲਾਵਾ 164 ਏਕੜ ਰਕਬਾ ਝੀਲਾਂ ਹੇਠ ਹੈ।
        ਪੂਡਾ ਵੱਲੋਂ ਮੁਢਲੇ ਪੜਾਅ ’ਤੇ 250 ਏਕੜ ਰਕਬੇ ਨੂੰ ਵਿਕਸਿਤ ਕੀਤਾ ਜਾਣਾ ਹੈ ਜਿਸ ਵਾਸਤੇ 100 ਕਰੋੜ ਰੁਪਏ ਦੀ ਲੋੜ ਹੈ। ਪੂਡਾ ਨੇ 100 ਕਰੋੜ ਰੁਪਏ ਦਾ ਲੋਨ ਲੈਣ ਦਾ ਫੈਸਲਾ ਕੀਤਾ ਹੈ ਜਿਸ ’ਤੇ ਗਰੰਟੀ ਪੰਜਾਬ ਸਰਕਾਰ ਵੱਲੋਂ ਪਾਈ ਜਾਵੇਗੀ। ਚਾਰ ਵਰ੍ਹਿਆਂ ’ਚ ਇਹ ਲੋਨ ਵਾਪਸ ਕਰਨਾ ਹੈ। ਪੂਡਾ ਅਧਿਕਾਰੀ ਆਖਦੇ ਹਨ ਕਿ ਉਨ੍ਹਾਂ ਕੋਲ ਕਰੀਬ 3400 ਕਰੋੜ ਦੀਆਂ ਵਿਕਰੀ ਵਾਲੀਆਂ ਜਾਇਦਾਦਾਂ ਹਨ ਪ੍ਰੰਤੂ ਮੰਦਾ ਹੋਣ ਕਰਕੇ ਹਾਲੇ ਵਿਕ ਨਹੀਂ ਰਹੀਆਂ ਹਨ। ਮੰਤਰੀ ਮੰਡਲ ਤਰਫ਼ੋਂ 22 ਜੂਨ ਨੂੰ ਹਰੀ ਝੰਡੀ ਮਿਲਣ ਮਗਰੋਂ ਥਰਮਲ ਜ਼ਮੀਨ ਦੇ ਖ਼ਾਤਮੇ ਦੀ ਸ਼ੁਰੂਆਤ ਹੋ ਜਾਵੇਗੀ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਨੇ ਸਾਲ 1968-69 ਵਿਚ ਥਰਮਲ ਵਾਸਤੇ ਪਿੰਡ ਸਿਵੀਆ, ਜੋਗਾਨੰਦ, ਕੋਠੇ ਕਾਮੇਕੇ, ਕੋਠੇ ਸੁੱਚਾ ਸਿੰਘ ਆਦਿ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਸੀ। ਕਿਸਾਨਾਂ ਨੂੰ ਪ੍ਰਤੀ ਏਕੜ 10 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ। ਹੁਣ ਇਨ੍ਹਾਂ ਕਿਸਾਨ ਪਰਿਵਾਰ ਦੇ ਵਾਰਸ ਆਖਦੇ ਹਨ ਕਿ ਅਗਰ ਥਰਮਲ ਨਹੀਂ ਚਲਾਉਣਾ ਤਾਂ ਜ਼ਮੀਨਾਂ ਵਾਪਸ ਕੀਤੀਆਂ ਜਾਣ। ਨੌਜਵਾਨ ਆਗੂ ਰਜਿੰਦਰ ਸਿਵੀਆ ਆਖਦਾ ਹੈ ਕਿ ਪੇਂਡੂ ਲੋਕਾਂ ਨੇ ਜਨਤਿਕ ਪ੍ਰੋਜੈਕਟ ਲਈ ਜ਼ਮੀਨਾਂ ਦਿੱਤੀਆਂ ਸਨ, ਨਾ ਕਿ ਕਲੋਨੀਆਂ ਕੱਟ ਕੇ ਵੇਚਣ ਲਈ।
         ਪਾਵਰਕੌਮ ਨੇ ਥਰਮਲ ਵਾਲੀ ਜਗ੍ਹਾ ’ਤੇ ਸੋਲਰ ਪ੍ਰੋਜੈਕਟ ਦੀ ਤਜਵੀਜ਼ ਵੀ ਬਣਾਈ ਸੀ। ਉਸ ਮਗਰੋਂ ਪਰਾਲੀ ’ਤੇ ਇੱਕ ਯੂਨਿਟ ਚਲਾਏ ਜਾਣ ਦੀ ਗੱਲ ਵੀ ਚੱਲੀ ਸੀ। ਸਰਕਾਰ ਨੇ ਕਿਸੇ ਦੀ ਨਹੀਂ ਚੱਲਣ ਦਿੱਤੀ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਹਲਕਾ ਬਠਿੰਡਾ ਸ਼ਹਿਰੀ ਦੀ ਕਾਫੀ ਜ਼ਮੀਨ ਵਿਕਰੀ ’ਤੇ ਲਾਉਣ ਦੀ ਵਿਉਂਤਬੰਦੀ ਹੈ। ਬਠਿੰਡਾ ਪ੍ਰਸ਼ਾਸਨ ਤਰਫ਼ੋਂ ਸਿਵਲ ਲਾਈਨ ਏਰੀਆ ਵਿਚ ਪੈਂਦੀਆਂ ਸਰਕਾਰੀ ਕੋਠੀਆਂ ਨੂੰ ਖਾਲੀ ਕਰਾ ਕੇ ਅਧਿਕਾਰੀ ਥਰਮਲ ਕਲੋਨੀ ਵਿਚ ਸ਼ਿਫਟ ਕੀਤੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਸਿਵਲ ਲਾਈਨ ਏਰੀਆ ਦੇ ਵੱਡੇ ਰਕਬੇ ਦਾ ਵੀ ਸਰਕਾਰ ਮੁੱਲ ਵੱਟਣਾ ਚਾਹੁੰਦੀ ਹੈ ਤਾਂ ਜੋ ਖ਼ਜ਼ਾਨਾ ਭਰਿਆ ਜਾ ਸਕੇ। ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਆਖਦੇ ਹਨ ਕਿ ਥਰਮਲ ਕੇਵਲ ਸਨਅਤੀ ਪ੍ਰੋਜੈਕਟ ਨਹੀਂ ਸੀ ਬਲਕਿ ਬਠਿੰਡਾ ਦੀ ਵਿਰਾਸਤ ਹੈ ਜਿਸ ਨੂੰ ਮੇਟਣ ਦੇ ਰਾਹ ਸਰਕਾਰ ਪੈ ਗਈ ਹੈ ਜਿਸ ਦਾ ਖਮਿਆਜ਼ਾ ਹਾਕਮ ਧਿਰ ਨੂੰ ਭੁਗਤਣਾ ਪਵੇਗਾ।
                     ਕੈਬਨਿਟ ਮੀਟਿੰਗ ਦੂਜੀ ਵਾਰ ਮੁਲਤਵੀ
ਮੰਤਰੀ ਮੰਡਲ ਦੀ ਮੀਟਿੰਗ ਅੱਜ ਦੂਸਰੀ ਵਾਰ ਮੁਲਤਵੀ ਹੋ ਗਈ ਹੈ। ਐਨ ਆਖਰੀ ਸਮੇਂ ’ਤੇ ਮੀਟਿੰਗ ਅੱਗੇ ਪਾਈ ਗਈ ਹੈ ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਹਿਲਾਂ ਇਹ ਮੀਟਿੰਗ 16 ਜੂਨ ਨੂੰ ਹੋਣੀ ਸੀ ਅਤੇ ਉਦੋਂ 18 ਜੂਨ ’ਤੇ ਰੱਖੀ ਗਈ ਸੀ। ਅੱਜ ਆਖਰੀ ਸਮੇਂ ’ਤੇ ਮੀਟਿੰਗ ਮੁਲਤਵੀ ਕਰਕੇ ਹੁਣ 22 ਜੂਨ ਲਈ ਰੱਖ ਦਿੱਤੀ ਹੈ।


Thursday, June 18, 2020

                      ਵਿਰਾਸਤੀ ਯਾਦਗਾਰਾਂ
  ਪ੍ਰਾਈਵੇਟ ਹੱਥਾਂ ’ਚ ਦੇਣ ਨੂੰ ਹਰੀ ਝੰਡੀ !
                          ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਵਿਰਾਸਤੀ ਯਾਦਗਾਰਾਂ ਤੇ ਸਰਕਟ ਹਾਊਸਾਂ ਦੇ ਰੱਖ ਰਖਾਓ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪੇਗੀ। ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੱਪੜਚਿੜੀ ਦੀ ਸਾਂਭ ਸੰਭਾਲ ਦਾ ਕੰਮ ਪਬਲਿਕ-ਪ੍ਰਾਈਵੇਟ ਭਾਈਵਾਲੀ ’ਚ ਦਿੱਤਾ ਜਾਵੇਗਾ। ਵਿਰਾਸਤੀ ਯਾਦਗਾਰਾਂ ਦਾ ਖੁਦ ਰੱਖ ਰਖਾਓ ਕਰਨ ਤੋਂ ਸਰਕਾਰ ਭੱਜ ਗਈ ਹੈ। ਗਠਜੋੜ ਸਰਕਾਰ ਸਮੇਂ ਇਹ ਵਿਰਾਸਤੀ ਪ੍ਰੋਜੈਕਟ ਬਣੇ ਸਨ ਜਿਨ੍ਹਾਂ ਦੀ ਸਾਂਭ ਸੰਭਾਲ ਵਾਸਤੇ ਸ਼ਰਾਬ ’ਤੇ ਕਲਚਰਲ ਸੈੱਸ  ਵੀ ਲੱਗਾ ਸੀ। ਮੁੱਖ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਦੀ ਕਾਰਜਕਾਰਨੀ ਦੀ ਮੀਟਿੰਗ ’ਚ ਇਹ ਫੈਸਲੇ ਹੋਏ ਹਨ। ਪੀ.ਆਈ.ਡੀ.ਬੀ ਵੱਲੋਂ 12 ਜੂਨ ਨੂੰ ਮੀਟਿੰਗ ਦੇ ਫੈਸਲੇ ਜਾਰੀ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੀ ਉਸਾਰੀ ’ਤੇ 46.02 ਕਰੋੜ ਰੁਪਏ ਖਰਚੇ ਗਏ ਹਨ। ਫੈਸਲੇ ਅਨੁਸਾਰ ਇਸ ਵਿਰਾਸਤੀ ਪ੍ਰੋਜੈਕਟ ਦੇ ਰੱਖ ਰਖਾਵ ਦਾ ਕੰਮ ਪਬਲਿਕ-ਪ੍ਰਾਈਵੇਟ ਭਾਈਵਾਲੀ ਤਹਿਤ ਦਿੱਤਾ ਜਾਵੇਗਾ ਜਿਸ ਵਾਸਤੇ ਟੈਂਡਰ ਕੀਤੇ ਜਾਣੇ ਹਨ। ਪ੍ਰੋਜੈਕਟ ’ਚ ਆਡੀਓ ਵਿਜ਼ੂਅਲ ਅਤੇ ਲਾਈਟਿੰਗ ਵਗੈਰਾ ਦੀ ਸਾਂਭ ਸੰਭਾਲ ਢੁਕਵੀਂ ਨਹੀਂ ਹੈ।
      ਵੱਡਾ ਘੱਲੂਘਾਰਾ ਸਮਾਰਕ ਕੁੱਪ ਰੋਹੀੜਾ ਅਤੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ’ਤੇ 42 ਕਰੋੜ ਦੀ ਲਾਗਤ ਆਈ ਸੀ ਪ੍ਰੰਤੂ ਇਹ ਪ੍ਰੋਜੈਕਟ ਪੀ.ਪੀ.ਪੀ ਮੋਡ ਲਈ ਯੋਗ ਨਹੀਂ ਬਣ ਸਕੇ। ਇਵੇਂ ਬਠਿੰਡਾ, ਜਲੰਧਰ, ਲੁਧਿਆਣਾ ਅਤੇ ਗੁਰਦਾਸਪੁਰ ਦੇ ਸਰਕਟ ਹਾਊਸ ਦੀ ਸਾਂਭ ਸੰਭਾਲ ਆਦਿ ਦਾ ਕੰਮ ਪਬਲਿਕ-ਪ੍ਰਾਈਵੇਟ ਭਾਈਵਾਲੀ ਤਹਿਤ ਹੋਵੇਗਾ। ਆਮ ਰਾਜ ਪ੍ਰਬੰਧ ਵਿਭਾਗ ਨੇ ਇਸ ਵਾਸਤੇ ਬੋਰਡ ਨੁੂੰ ਅਗਲੀ ਪ੍ਰਕਿਰਿਆ ਲਈ ਹਰੀ ਝੰਡੀ ਦਿੱਤੀ ਹੈ।  ਪਟਿਆਲਾ ਦੇ ਕਿਲਾ ਮੁਬਾਰਕ ਵਿਚਲੀ ਜਗ੍ਹਾ ਨੂੰ ਵੀ ਚਾਰ ਤਾਰਾ ਵਿਰਾਸਤੀ ਹੋਟਲ ’ਚ ਵਿਕਸਿਤ ਕੀਤਾ ਜਾਣਾ ਹੈ। ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ ਪੰਜ ਤਾਰਾ ਦੀ ਥਾਂ ਹੁਣ ਚਾਰ ਤਾਰਾ ਪ੍ਰੋਜੈਕਟ ਵਜੋਂ ਪੀ.ਪੀ.ਪੀ ਮੋਡ ਤਹਿਤ ਵਿਕਸਤ ਕੀਤਾ ਜਾਵੇਗਾ। ਕੋਵਿਡ ਕਰਕੇ ਲੇਟ ਹੋਏ ਉਸਾਰੀ ਅਧੀਨ ਪ੍ਰੋਜੈਕਟਾਂ ਨੂੰ ਕੁਝ ਢਿੱਲਾਂ ਦੇਣ ਦਾ ਫੈਸਲਾ ਹੋਇਆ ਹੈ। ਪਠਾਨਕੋਟ-ਡਲਹੌਜੀ ਰੋਡ ’ਤੇ ਕੌਮਾਂਤਰੀ ਮਿਆਰ ਵਾਲੇ ਸੈਰ ਸਪਾਟਾ ਕੇਂਦਰ ਨੂੰ ਸਿਧਾਂਤਿਕ ਤੌਰ ’ਤੇ ਜੰਗਲਾਤ ਮਹਿਕਮੇ ਤੋਂ ਹਰੀ ਝੰਡੀ ਮਿਲ ਗਈ ਹੈ।  ਪਟਿਆਲਾ ਦੇ ਭੁਪਿੰਦਰ ਰੋਡ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਨੂੰ ਵੀ ਵਿਰਾਸਤੀ ਹੋਟਲ ਵਜੋਂ ਵਿਕਸਿਤ ਕੀਤਾ ਜਾਣਾ ਹੈ।
              ਲੋਕ ਨਿਰਮਾਣ ਵਿਭਾਗ ਨੂੰ ਅਗਲੀ ਕਾਰਵਾਈ ਵਾਸਤੇ ਹਦਾਇਤ ਕੀਤੀ ਗਈ ਹੈ। ਇਵੇਂ ਦਰਜਨ ਬੱਸ ਅੱਡਿਆਂ ਦਾ ਏਜੰਡਾ ਵੀ ਲੱਗਾ ਸੀ। ਮਾਨਸਾ ਬੱਸ ਅੱਡੇ ਲਈ ਢੁਕਵੀਂ ਜਗ੍ਹਾ ਦੀ ਸ਼ਨਾਖ਼ਤ ਕੀਤੀ ਜਾਣੀ ਹੈ ਜਦੋਂ ਕਿ ਟਰਾਂਸਪੋਰਟ ਵਿਭਾਗ ਨੇ ਬਟਾਲਾ ਬੱਸ ਅੱਡੇ ਲਈ ਢੁਕਵੀਂ ਜਗ੍ਹਾ ਫਾਈਨਲ ਕਰਨੀ ਹੈ। ਪਟਿਆਲਾ ਬੱਸ ਅੱਡੇ ਦੀ ਉਸਾਰੀ ਟਰਾਂਸਪੋਰਟ ਵਿਭਾਗ ਨੇ ਫਾਈਨਲ ਕਰ ਲਈ ਹੈ। ਰੋਪੜ, ਕਰਤਾਰਪੁਰ ਅਤੇ ਲੁਧਿਆਣਾ ਦੇ ਬੱਸ ਅੱਡਿਆਂ ਦੇ ਮਾਮਲੇ ਵੀ ਵਿਚਾਰੇ ਗਏ। ਸਨਅਤਕਾਰਾਂ ਦੀ ਮੰਗ ’ਤੇ ਲੁਧਿਆਣਾ ’ਚ ਨੁਮਾਇਸ਼ ਸੈਂਟਰ ਬਣਾਇਆ ਜਾਣਾ ਹੈ ਜਦੋਂ ਕਿ ਅੰਮ੍ਰਿਤਸਰ ਵਿਚ ਕਨਵੈਨਸ਼ਨ ਹਾਲ ਬਣਾਉਣਾ ਹੈ। ਕੁਝ ਪੁਰਾਣੇ ਪ੍ਰੋਜੈਕਟਾਂ ਵਿਚ ਫੇਰ ਬਦਲ ਕੀਤੀ ਗਈ ਹੈ। ਏਦਾ ਜਾਪਦਾ ਹੈ ਕਿ ਮਾਲੀ ਤੰਗੀ ਕਰਕੇ ਸਰਕਾਰ ਨੇ ਇਹ ਪ੍ਰੋਜੈਕਟ ਪ੍ਰਾਈਵੇਟ ਹੱਥਾਂ ਵਿਚ ਦੇਣ ਦਾ ਫੈਸਲਾ ਕੀਤਾ ਹੈ। 
                  ਸ਼ਹਿਰੀ ਵਿਕਾਸ ਲਈ 300 ਕਰੋੜ ਦਾ ਕਰਜ਼ਾ ਚੁੱਕੇਗੀ ਸਰਕਾਰ
ਪੰਜਾਬ ਸਰਕਾਰ ਸ਼ਹਿਰੀ ਵਿਕਾਸ ਲਈ 300 ਕਰੋੜ ਰੁਪਏ ਦਾ ਕਰਜ਼ਾ ਚੁੱਕੇਗੀ। ‘ਅਰਬਨ ਇਨਵਾਇਰਨਮੈਂਟ ਇੰਮਪਰੂਵਮੈਂਟ ਪ੍ਰੋਗਰਾਮ ਫੇਜ਼-2’ ਤਹਿਤ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਣਾ ਹੈ ਜਿਸ ਵਾਸਤੇ ਬੈਂਕਾਂ ਤੋਂ ਲੋਨ ਲਿਆ ਜਾਣਾ ਹੈ। ਮੀਟਿੰਗ ਵਿਚ ਇਸ ਤਜਵੀਜ਼ ਨੂੰ ਵੀ ਪ੍ਰਵਾਨ ਕੀਤਾ ਗਿਆ ਹੈ।
                          ਟੈਂਡਰਾਂ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ : ਐਮ.ਡੀ
ਪੀ.ਆਈ.ਡੀ.ਬੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵੀ.ਐਨ.ਜ਼ਾਦੇ ਦਾ ਕਹਿਣਾ ਸੀ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਬਿਹਤਰ ਸਾਂਭ ਸੰਭਾਲ ਅਤੇ ਹੋਰ ਵਿਕਸਤ ਕਰਨ ਲਈ ਪਬਲਿਕ ਪ੍ਰਾਈਵੇਟ ਪਾਰਟਰਨਰਸ਼ਿਪ ਤਹਿਤ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਮਿਲੀ ਹੈ ਤਾਂ ਜੋ ਪ੍ਰੋਜੈਕਟ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਏ ਜਾ ਸਕਣ। ਬੋਰਡ ਵੱਲੋਂ ਅੱਗੇ ਹੁਣ ਟੈਂਡਰਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਵਿਰਾਸਤੀ ਯਾਦਗਾਰ ’ਤੇ ਕੋਈ ਦਾਖਲ ਟਿਕਟ ਨਹੀਂ ਹੋਵੇਗੀ।


Sunday, June 14, 2020

                         ਵਿਚਲੀ ਗੱਲ
       ...ਥਾਣੇਦਾਰ ਦੇ ਬਰੋਬਰ ਬੋਲੇ !
                        ਚਰਨਜੀਤ ਭੁੱਲਰ
ਚੰਡੀਗੜ੍ਹ : ਭਲਿਆ ਆਪਣੀ ਅੌਕਾਤ ਤਾਂ ਵੇਖ। ਛੋਟਾ ਮੂੰਹ, ਵੱਡੀ ਬਾਤ। ਗੱਲ ਪਤੇ ਦੀ ਕਰਦੈ, ਛੱਜੂ ਰਾਮ ਹੈ ਤਾਂ ਰੱਬ ਦਾ ਬੰਦਾ। ਇੰਜ ਆਖ ਰਿਹਾ ਹੈ, ਮੇਰਾ ਕਿਤੇ ਵਸ ਚੱਲੇ, ਝੂਲਾ ਲੱਦਾਖ ਵਾਲੀ ਪੈਗੌਂਗ ਝੀਲ ’ਤੇ ਰੱਖ ਆਵਾਂ। ਹੁਸੀਨ ਵਾਦੀ ਦੇ ਰੰਗ, ਠੰਢੀ ਹਵਾ ਦੇ ਬੁੱਲ੍ਹੇ, ਕਲੋਲਾਂ ਕਰਦੇ ਪੰਛੀ, ਧੁਨਾਂ ਕੱਢਦੇ ਝਰਨੇ, ਝੀਲ ਦਾ ਠੰਢਾ ਪਾਣੀ, ਪੈਰ ਪਾਣੀ ’ਚ ਹੋਣ, ਦੋਵੇਂ ਰੰਗਲੇ ਸੱਜਣ ਝੂਲੇ ’ਚ ਬੈਠੇ ਹੋਣ, ਸ਼ੀ ਜਿਨਪਿੰਗ ਤੇ ਨਰਿੰਦਰ ਮੋਦੀ। ‘ਇੱਕ ਤੂੰ ਹੋਵੇ ਇੱਕ ਮੈਂ ਹੋਵਾਂ.!’ ਖੈਰ ਦ੍ਰਿਸ਼ ਤਾਂ ਚੰਗਾ ਸਿਰਜਿਐ। ਓਹ ਦੇਖੋ, ਸ਼ਾਇਰ ਰਾਹੁਲ ਗਾਂਧੀ ਪਧਾਰੇ ਨੇ। ‘ਸਭ ਕੋ ਮਾਲੂਮ ਹੈ ‘ਸੀਮਾ’ ਦੀ ਹਕੀਕਤ ਲੇਕਿਨ ਦਿਲ ਕੋ ਖੁਸ਼ ਰਖਨੇ ਕੇ ਲੀਏ ਸ਼ਾਇਦ ਯੇ ਖਿਆਲ ਅੱਛਾ ਹੈ।’ ਮਹਿਫ਼ਲ ਸਜੀ ਹੋਵੇ, ਰੱਖਿਆ ਮੰਤਰੀ ਅਰਜ਼ ਨਾ ਕਰਨ, ਇਹ ਕਿਵੇਂ ਹੋ ਸਕਦੈ। ‘ਹਾਥ ਮੇਂ ਦਰਦ ਹੈ ਤੋ ਦਵਾ ਕੀਜੈ, ‘ਹਾਥ’ ਹੀ ਜਬ ਦਰਦ ਹੋ ਤੋਂ ਕਿਆ ਕੀਜੈ।’ ਵਾਹ ਪਿਆਰੇ ਰਾਜਨਾਥ, ਵਾਹ। ਮਿਰਜ਼ਾ ਗਾਲਿਬ ਦੀ ਰੂਹ ਨੂੰ ਤਰੇਲੀ ਆਈ ਹੋਊ। ਪੰਜਾਬ ਦਾ ‘ਮਿਰਜ਼ਾ ਗਾਲਿਬ’ ਮੌਕਾ ਖੁੰਝਾ ਬੈਠਾ। ਛੱਜੂ ਰਾਮਾ, ਦਿਨੇ ਕੌਣ ਸੁਫ਼ਨੇ ਵੇਖਦੈ। ਹਕੀਕਤ ਵੇਖ, ਛੇ ਸਾਲ ਪਿਛੇ ਚੱਲ, ਚੇਤਾ ਫਰੋਲ ਤੇ ਨਾਲੇ ਚੇਤੇ ਕਰ। ਉਹ ਭਾਗਾਂ ਭਰਿਆ ਦਿਨ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ। ਸਿੱਧੇ ਸਾਬਰਮਤੀ ਆਸ਼ਰਮ ਪੁੱਜੇ। ਲਾਲ ਗਲੀਚੇ ਵਿਛੇ, ਢੋਲ ਵੱਜੇ ਤੇ ਗੁਜਰਾਤੀ ਰੰਗ ਬੱਝੇ। ਮੋਦੀ ਦੇ ਕੁੱਕ ਬਦਰੀ ਨੇ ਡੇਢ ਸੌ ਗੁਜਰਾਤੀ ਪਕਵਾਨ ਬਣਾਏ।
             ਸਾਬਰਮਤੀ ਨਦੀ ਦਾ ਕਿਨਾਰਾ। ਕਿਨਾਰੇ ਸਜਿਆ ਝੂਲਾ। ਝੂਲੇ ’ਚ ਬੈਠੇ ਜ਼ਿਨਪਿੰਗ ਤੇ ਮੋਦੀ। ਪਲਾਂ ਲਈ ਬੱਚੇ ਬਣ ਗਏ, ਝੂਲਾ-ਝੂਲਦੇ ਰਹੇ। ਮਨ ਕੇ ਸੱਚੇ ਨਾ ਬਣ ਸਕੇ। ਜ਼ਿਨਪਿੰਗ ਕਨੱਖਾ ਝਾਕਿਆ। ਮੋਦੀ ਅੱਖ ਦੀ ਰਮਜ਼ ਨਾ ਜਾਣ ਸਕੇ। ਜ਼ਿਨਪਿੰਗ ਦੀ ਬੀਵੀ ਗਦ-ਗਦ ਹੋ ਉੱਠੀ। ਤੁਸੀਂ ਵੀ ਚੇਤਿਆਂ ’ਚੋਂ ਉੱਠੋ। ਕੱਲ੍ਹ ਨੂੰ ਛੱਡੋ, ਅੱਜ ਨੂੰ ਵਿਚਾਰੋ। ਭੋਲੇ ਪੰਛੀ ਨੂੰ ਦੱਸੋ, ਗੁਜਰਾਤੀ ਤਾਂ ਝੂਲੇ ਨੂੰ ਹੱਥ ਨੀਂ ਲਾਉਣ ਦਿੰਦੇ। ਲੱਦਾਖ ’ਚ ਕੌਣ ਲਿਜਾਣ ਦੇਊ। ਨਾਲੇ ਭੁਲੇਖਾ ਤੈਨੂੰ, ਜ਼ਿਨਪਿੰਗ ਪੌਗੈਂਗ ਝੀਲ ‘ਤੇ ਝੂਟੇ ਲੈਣ ਆਊ। ਛੱਜੂ ਦੀ ਸੋਚ ਨੂੰ ਸਲਾਮਾਂ। ਅਖੇ, ਨਹੀਂ ਆਊ ਤਾਂ ਨਾ ਆਵੇ। ਉਹ ਲੱਦਾਖ ’ਚ ਜਦੋਂ ਝੂਲਾ ਰੱਖੂ। ਝੂਲਾ ਦੇਖ ਉਹ ਨੂੰ ਕੁਝ ਤਾਂ ਸ਼ਰਮ ਆਊ। ਪੰਜਾਬੀ ਟੱਪਾ ਹੈ, ‘ਗਲ ਗਲ ਪਾਣੀ ਏਂ, ਭੈੜੇ ਸੱਜਣਾ ਵੇ, ਸਾਡੀ ਕਦਰ ਨਾ ਜਾਣੀ ਏਂ।’ ਕੁੱਕ ਬਦਰੀ ਆਖ ਰਿਹੈ, ਨ੍ਹੇਰ ਸਾਈਂ ਦਾ। ਲੂਣ ਹਰਾਮ ਕਰ ਗਿਆ ਜ਼ਿਨਪਿੰਗ। ਹੁਣ ਤਾਂ ਖ਼ਬਰਾਂ ਹੀ ਖ਼ਬਰਾਂ ਹਨ। ਪਹਿਲੀ ਖ਼ਬਰ ਸੁਣੋ। ਚੀਨੀ ਫੌਜ ਸਰਹੱਦ ਲੰਘ ਆਈ ਹੈ। ਭਾਰਤੀ ਜ਼ਮੀਨ ’ਤੇ ਕਬਜ਼ਾ ਜਮਾ ਲਿਐ। ਦੂਜੀ ਖ਼ਬਰ, ਚੀਨ ਨੂੰ ਇੱਕ ਸੂਤ ਅੰਦਰ ਨਹੀਂ ਆਉਣ ਦੇਵੇਗਾ ਭਾਰਤ। ਲੱਗਦੇ ਹੱਥ ਤੀਜੀ ਖ਼ਬਰ, ‘ਚੀਨ ਸਦਭਾਵਨਾ ਨਾਲ ਪਿਛਾਂਹ ਹੋ ਜੇ-ਭਾਰਤ।’ ਸਮਝੋਂ ਬਾਹਰ ਐ ਜੀ। ਪਿਛਾਂਹ ਦੀਆਂ ਨਸੀਹਤਾਂ ਕਾਹਤੋਂ, ਜੇ ਸੂਤ ਅੰਦਰ ਹੀ ਨਹੀਂ ਆਏ। ਭੇਤੀ ਬੋਲੇ ਨੇ, ਚੀਨੀ ਫੌਜ ਪੌਗੈਂਗ ਝੀਲ ’ਚ ਅੱਗੇ ਵਧੀ ਹੈ।
              ਚੀਨੀ ਕਹਾਵਤ ਹੈ, ‘ਫੌਜੀ ਪੁੱਤ ਨਾਲੋਂ ਬੇਅੌਲਾਦ ਹੋਣਾ ਬਿਹਤਰ।’ ਤਿੱਕੜੀ (ਮੋਦੀ/ਸ਼ਾਹ/ਡੋਵਾਲ) ਪਤੀਲਾ ਢਕੀ ਬੈਠੀ ਐ। ਭਾਫ ਕਿਥੋਂ ਬਾਹਰ ਨਿਕਲੂ। ਸਿਮਰਨਜੀਤ ਮਾਨ ਨੇ ਜੇਬ੍ਹ ’ਚੋਂ ਸੋਨ ਤਗਮਾ ਕੱਢਿਐ। ‘ਕਰੋ ਸਰਜੀਕਲ ਸਟ੍ਰਾਈਕ, ਨਾਲੇ ਤਗਮਾ ਦੇਊਂ, ਨਾਲੇ ਬਦਾਮ ਰੋਗਨ ਦੀ ਮਾਲਿਸ਼ ਕਰਾਂਗੇ, ਜੋ ਝਰੀਟੇ ਗਏ।’ ਮਾਨ ਸਾਹਿਬ, ਅੱਲ੍ਹੇ ਜ਼ਖ਼ਮ ਨਾ ਛੇੜੋ। ਹਾਲੇ ਤਾਂ 1962 ਵਾਲੇ ਜ਼ਖ਼ਮ ਨਹੀਂ ਭਰੇ। ਉਦੋਂ ਨੇਫ਼ਾ ਦੀਆਂ ਸਰਹੱਦਾਂ ’ਤੇ ਹਮਲਾ ਕੀਤਾ। ਜੰਗ ’ਚ ਚੀਨ ਨੂੰ ਜ਼ਮੀਨ ਮਿਲੀ। ਭਾਰਤ ਨੂੰ ਨਮੋਸ਼ੀ। ਉਪਰੋਂ ਚੀਨ ਫਰਮਾਇਆ, ਭਾਰਤੀ ਖ਼ਿੱਤੇ ’ਚ ਭੇਡਾਂ ਗੁਆਚੀਆਂ ਸੀ, ਉਹ ਲੱਭਣ ਗਏ ਸੀ। ਕਦੇ ਇਹ ਨਾਅਰੇ ਵੀ ਲੱਗੇ ਸਨ, ‘ਹਿੰਦ-ਚੀਨੀ ਭਾਈ ਭਾਈ’। ਹੁਣ ਪਤਾ ਲੱਗਿਐ, ਭਾਈ ਤਾਂ ਮਤਰੇਏ ਨਿਕਲੇ। ਮੌਤ ਨੂੰ ਲਲਕਾਰਾ ਪੰਜਾਬੀ ਹੀ ਮਾਰਦੇ ਨੇ। ਭਾਰਤ-ਚੀਨ ਜੰਗ ’ਚ, ਕਿੰਨੇ ਹੀ ਪੁੱਤ ਗੁਆਏ। ਐਕਸ ਗ੍ਰੇਸ਼ੀਆ ਗਰਾਂਟ ਸਿਰਫ਼ 500 ਰੁਪਏ ਸੀ। ਜੰਗ ਦੇ ਦਿਨਾਂ ’ਚ ਭੀੜ ਬਣੀ। ਅੰਮ੍ਰਿਤਸਰ ਜ਼ਿਲ੍ਹੇ ਨੇ ਸੋਨਾ ਇਕੱਠਾ ਕੀਤਾ। ਭਾਰਤ ਸਰਕਾਰ ਦਾ ਬੋਝਾ ਭਰਿਆ। ਨਵਾਬ ਹੈਦਰਾਬਾਦ ਤਾਂ ਨੰਗ ਨਿਕਲਿਆ। ਆਖਣ ਲੱਗਾ, ਮੈਂ ਤਾਂ ਗਰੀਬ ਹਾਂ, ਕਿਥੋਂ ਪੈਸੇ ਦੇਵਾਂ।’  ਮਰਹੂਮ ਕਾਮਰੇਡ ਜਗੀਰ ਸਿੰਘ ਜੋਗਾ ਦੱਸਦੇ ਸਨ। ਬਠਿੰਡਾ ਜ਼ਿਲ੍ਹੇ ’ਚੋਂ 25 ਲੱਖ ਭੇਜੇ ਸਨ। ਜੰਗ ਵੇਲੇ ਜੋਗਾ ਸਣੇ 45 ਕਾਮਰੇਡ ਜੇਲ੍ਹਾਂ ’ਚ ਡੱਕੇ। ਉਦੋਂ ਫੌਜੀ ਭਰਤੀ ਲਈ 32 ਇੰਚ ਸੀਨੇ ਦੀ ਸ਼ਰਤ ਸੀ। ਸਾਡੇ ਜਰਨੈਲ ਦਾ ਸੀਨਾ 56 ਇੰਚ ਐ। ਜ਼ਰਾ, ਕਰੋਨਾ ਨਾਲ ਸਿੱਝ ਲਈਏ। ਜਿਨਪਿੰਗ ਦਾ ਕੱਢਾਂਗੇ ਭੁਲੇਖਾ।
                1962 ’ਚ ਜੰਗੀ ਮਾਹੌਲ ਬਣਿਆ। ਕਵੀ ਵੀਰਾਂ ਨੇ ਰੜਕਾਂ ਕੱਢੀਆਂ। ਓਏ ਚੀਨ, ਸੁਧਰ ਜਾ, ਭਾਰਤ ਸੁੱਤਾ ਸ਼ੇਰ ਹੈ, ਪੂਛ ਨੂੰ ਹੱਥ ਨਾ ਲਾਈਂ। ਵੈਸੇ, ਜਦੋਂ 2014 ’ਚ ਮੋਦੀ ਨਵਾਂ ਸੁਨੇਹਾ ਲੈ ਗੁਜਰਾਤ ਪੁੱਜੇ। ਹਵਾਈ ਅੱਡੇ ’ਤੇ ਨਾਅਰੇ ਵੱਜੇ ‘ਦੇਖੋ ਦੇਖੋ ਕੌਣ ਆਇਆ, ਗੁਜਰਾਤ ਦਾ ਸ਼ੇਰ ਆਇਆ।’ ਮੋਦੀ ਨੇ ਹੁਣੇ ਦੱਸਿਐ, ਗੁਜਰਾਤ ’ਚ 29 ਫੀਸਦੀ ਸ਼ੇਰ ਵਧੇ ਹਨ। ਚੀਨ ਫਿਰ ਪੰਗੇ ਲੈਣੋਂ ਨਹੀਂ ਹਟਦਾ। ਮੌਤ ਕਿਤੇ ਖ਼ਾਲੀ ਹੱਥ ਮੁੜੀ ਐ। ਜਰਮਨੀ ਦਾ ਅਖਾਣ ਹੈ, ‘ਯੁੱਧ ਤੋਂ ਦੂਰ ਹਰ ਕੋਈ ਫੌਜੀ ਹੁੰਦਾ ਹੈ।’ ਚੀਨ ਦਾ ਅਖ਼ਬਾਰ ‘ਗਲੋਬਲ ਟਾਈਮਜ਼’। ਸੁਰਖ਼ੀ ਲੱਗੀ ਐ, ‘ਭਾਰਤ ਤਾਂ ਅਮਰੀਕਾ ਦੇ ਦਮ ’ਤੇ ਭੁੜਕ ਰਿਹੈ।’ ਸਾਡੇ ‘ਚ ਭਾਰਤ ਟੰਗ ਨਾ ਅੜਾਏ। ਪੰਜਾਬੀ ਕਹਾਵਤ ਹੈ, ‘ਚੁੱਕੀ ਹੋਈ ਲੰਬੜਾਂ ਦੀ..!’ ਭਾਰਤ ਹੁਣ ਅਮਰੀਕਾ ਦੇ ਕੰਧਾੜੇ ਚੜ੍ਹਿਐ। ‘ਟਰੰਪ-ਮੋਦੀ ਭਾਈ ਭਾਈ’। ਨਵਾਂ ਰਿਸ਼ਤਾ ਗੰਢਿਐ। ਚੀਨੀ ਮਾਲ ਨਹੀਂ ਲਵਾਂਗੇ, ਐਲਾਨ ਕਰਤੇ। ਸ਼ਮਸ਼ੇਰ ਸੰਧੂ ਤਸ਼ਰੀਫ਼ ਲਿਆਏ ਨੇ, ‘ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ..!’ ਅੱਗੇ ਵੀ ਸੁਣੋ, ‘ਜੀਹਦੀ ਪੱਚੀਆਂ ਪਿੰਡਾਂ ’ਤੇ ਸਰਦਾਰੀ ਨੀਂ।’ ਅਮਰੀਕਾ ਨੇ ਬੱਚਿਆਂ ਵਾਂਗੂ ਖਿਡਾਏ ਨੇ, ਤਾਲਿਬਾਨ ਤੇ ਲਾਦੇਨ। ਹੀਰੋਸ਼ੀਮਾ/ ਨਾਗਾਸਾਕੀ ’ਤੇ ਬੰਬ ਗਿਰਾਏ ਨੇ। ਕਿਊਬਾ, ਵੀਅਤਨਾਮ, ਅਫ਼ਗਾਨਿਸਤਾਨ, ਇਰਾਕ, ਇਰਾਨ ’ਚ ਪੰਗੇ ਪਾਏ ਨੇ। ਟਰੰਪ ਨੇ ਹੁਣ ਸਿੰਗ ਚੀਨ ਨਾਲ ਫਸਾਏ ਨੇ। ਭੂਤਰੇ ਹੋਏ ਸਾਨ੍ਹ ਤੋਂ ਹਰ ਕੋਈ ਬਚਦੈ। ‘ਤੌਬਾ ਤੌਬਾ ਕਰ, ਰੱਬ ਕੋਲੋਂ ਡਰ।’
              ਵਿਸ਼ਵ ਨੂੰ ਕਰੋਨਾ ਨੇ ਵੱਟੋ ਵੱਟ ਪਾਇਐ। ਭਾਰਤ ਸਿਖਰ ਵੱਲ ਹੋ ਚੱਲਿਐ। ਜਨਾਬ ਮੋਦੀ, ਕਿਹੜੀ ਡੰਡੀ ਪਏ ਨੇ। ਜੰਗ ਕਰੋਨਾ ਖ਼ਿਲਾਫ਼ ਲੜਨ। ਚੌਥੇ ਨੰਬਰ ’ਤੇ ਪੁੱਜ ਗਿਐ ਭਾਰਤ। ਕਾਂਗਰਸ ਆਖਦੀ ਐ, ਕਰੋਨਾ ਦੀ ਗਿਣਤੀ ਘਟਾਓ, ਸਾਡੇ ਵਿਧਾਇਕਾਂ ਦੀ ਨਹੀਂ। ਸ਼ਾਹ ਜੀ, ਚੋਣਾਂ ਦੇ ਗੇੜ ’ਚ ਪਏ ਨੇ। ਕੇਂਦਰੀ ਆਰਡੀਨੈਂਸਾਂ ਨੇ ਕਿਸਾਨ ਸੁੱਕਣੇ ਪਾਏ ਨੇ। ਯੂਪੀ ਵਾਲੇ ਯੋਗੀ ਗਊ ਰੱਖਿਅਕਾਂ ਦੀ ਰਾਖੀ ਲਈ ਆਰਡੀਨੈਂਸ ਲੈ ਆਏ ਨੇ। ਜ਼ਿੰਦਗੀ ਦੇ ਭਾਂਡੇ ਕਰੋਨਾ ਨੇ ਵਿਕਾਏ ਨੇ। ਟਰੰਪ ਤੇ ਮੋਦੀ ਆਪਣੀ ਦੁਨੀਆ ’ਚ ਗੁਆਚੇ ਨੇ। ਵਿਚਾਰਾਂ ਦੀ ਜੰਗ ਤੋਂ ਖ਼ਫ਼ਾ ਨੇ। ਗਰੀਬ ਬੰਦੇ ਲਈ ਰੋਟੀ ਹੀ ਜੰਗ ਹੈ। ਪਰਵਾਸੀ ਮਾਂ ਸੜਕ ਕੰਢੇ ਬੈਠੀ ਹੈ। ਚੁੰਨੀ ਦਾ ਝੂਲਾ ਬਣਾ ਕੇ ਬਾਹੀ ਨਾਲ ਬੰਨ੍ਹਿਐ। ਨੰਨ੍ਹਾ ਮੁੰਨਾ ਰਾਹੀ ਕੀ ਜਾਣੇ, ਕਿੰਨਾ ਰਾਹ ਪਿਐ ਹਾਲੇ। ਇਸ ਗੱਲੋਂ ਵੀ ਬੇਖ਼ਬਰ ਹੈ। ਚੀਨ ਢਿੱਡੋਂ ਕਿੰਨਾ ਦੁੱਖੀ ਹੈ। ਪੰਜਾਬੀ ਵੀ ਢਿੱਡ ਖਾਤਰ। ਕਦੇ ਚੀਨ, ਹਾਂਗਕਾਂਗ, ਸਿੰਗਾਪੁਰ ਜਾਂਦੇ ਸਨ। ਉਦੋਂ ਅਕਸਰ ਅੌਰਤਾਂ ਮਿਹਣੇ ਦਿੰਦੀਆਂ, ‘ਤੇਰੀ ਚੀਨ ਦੀ ਖੱਟੀ ਦਾ ਮੂੰਹ ਤੋੜ ਦੂੰ, ਜੰਮ ਕੇ ਨੌਂ ਕੁੜੀਆਂ।’ ਜੋ ਗੁਰਬਤ ’ਚ ਜੰਮੇ ਨੇ, ਉਨ੍ਹਾਂ ਲਈ ਰਿਜ਼ਕ ਵੱਡਾ ਮਸਲੈ। ਝੂਲੇ ਝੂਲਣੇ ਦਾ ਕਿਥੋਂ ਚੇਤਾ ਐ। ਨਾਲੇ ਚੀਨੀ ਮਾਲ ਦਾ ਕੌਣ ਭਰੋਸਾ ਕਰਦੈ। ਗੁਜਰਾਤੀ ਝੂਲੇ ਨੂੰ ਛੱਡੋ। ਤਿੰਨ ਗੁਲਾਬੀ ਝੂਲੇ ਲੱਗੇ ਨੇ, ਅਮਰੀਕਾ-ਮੈਕਸੀਕੋ ਸੀਮਾ ’ਤੇ। ਦੋ ਪ੍ਰੋਫੈਸਰਾਂ ਨੇ ਲਾਏ ਨੇ। ਦੋਵੇਂ ਦੇਸ਼ਾਂ ਦੇ ਬੱਚੇ ਝੂਲਦੇ ਨੇ, ਪਿਆਰ ਦੇ ਗੀਤ ਗਾਉਂਦੇ ਨੇ। ਪ੍ਰੋਫੈਸਰ ਸਾਹਿਬ, ਥੋੜ੍ਹੀ ਕਿਰਪਾ ਸਾਡੇ ’ਤੇ ਵੀ ਕਰੋ। ਬੱਸ ਸੌ ਕੁ ਝੂਲੇ ਭਾਰਤ ’ਚ ਵੀ ਰੱਖਜੋ। ਕੀ ਪਤੈ, ਝੂਲੇ ਵੇਖ ਕੇ ਕਿਸੇ ਨੂੰ ਮੁਹੱਬਤਾਂ ਦਾ ਝੂਟਾ ਲੈਣ ਦਾ ਹੀ ਖਿਆਲ ਆ ਜਾਵੇ। ਕਿਤੇ ਝੂਲੇ ਹੀ ਕਰਤਾਰੀ ਹੋ ਨਿਬੜਨ। ਬੰਗਲੌਰ ਦੀ ਬੱਚੀ ਅਮੁੱਲਿਆ ਫਿਰ ਕਿਲਕਾਰੀ ਮਾਰੇ, ਚਾਹੇ ਨਾਅਰੇ, ਜ਼ਮਾਨਤਾਂ ਤੋਂ ਤਾਂ ਖਹਿੜਾ ਸੁਟੂ।

Thursday, June 11, 2020

                        ਸ਼ੌਕ ਨਹੀਂ ਮਜਬੂਰੀ 
  ‘ਮਾਸਟਰ ਜੀ’ ਤਾਂ ਝੋਨਾ ਲਾਉਣ ਗਏ ਨੇ.. 
                          ਚਰਨਜੀਤ ਭੁੱਲਰ
ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਬਖ਼ਸ਼ੀ ਵਾਲਾ ਦੇ ਨੌਜਵਾਨ ਦਾ ਖੇਤਾਂ ’ਚ ਝੋਨਾ ਲਾਉਣਾ ਕੋਈ ਸ਼ੌਕ ਨਹੀਂ ਹੈ, ਸਗੋਂ ਮਜਬੂਰੀ ਹੈ। ਇਹ ਨੌਜਵਾਨ ਅੰਮ੍ਰਿਤਪਾਲ ਸਿੰਘ ਮੂੰਹ ਸਿਰ ਲਪੇਟ ਕੇ ਦੋ ਦਿਨਾਂ ਤੋਂ ਝੋਨਾ ਲੁਆਈ ’ਚ ਰੁੱਝਿਆ ਹੋਇਆ ਹੈ। ਪੜ੍ਹੇ ਲਿਖੇ ਨੌਜਵਾਨ ਨੇ ਕਰੋਨਾ ਤੋਂ ਬਚਣ ਲਈ ਅਤੇ ਉਸ ਤੋਂ ਵੱਧ ਟਿੱਚਰਾਂ ਤੋਂ ਬਚਣ ਲਈ ਪਛਾਣ ਲੁਕੋਈ ਹੈ। ਅੰਮ੍ਰਿਤਪਾਲ ਸਿੰਘ ਐਮ.ਏ, ਬੀ.ਐਡ ਅਤੇ ਟੈੱਟ ਪਾਸ ਬੇਰੁਜ਼ਗਾਰ ਨੌਜਵਾਨ ਹੈ। ਸ਼ਰਮ ਦੇ ਡਰੋਂ ਉਹ ਆਪਣੇ ਪਿੰਡ ਦੀ ਥਾਂ ਗੁਆਂਢੀ ਪਿੰਡ ਝੋਨਾ ਲਾਉਣ ਜਾਂਦਾ ਹੈ। ਅੰਮ੍ਰਿਤਪਾਲ ਆਖਦਾ ਹੈ ਕਿ ਜਦੋਂ ਰਾਹਗੀਰ ਉਸ ਨੂੰ ਝੋਨਾ ਲਾਉਂਦੇ ਵੇਖਦੇ ਹਨ ਤਾਂ ਉਸ ਨੂੰ ‘ਮਾਸਟਰ ਜੀ’ ਆਖ ਕੇ ਵਿਅੰਗ ਕਸਦੇ ਸਨ। ਉਸ ਮਗਰੋਂ ਹੀ ਮੂੰਹ ਸਿਰ ਬੰਨ੍ਹਣਾ ਸ਼ੁਰੂ ਕਰ ਦਿੱਤਾ। ਤਾਲਾਬੰਦੀ ਤੋਂ ਪਹਿਲਾਂ ਉਸ ਨੇ ਦੋ ਮਹੀਨੇ ਇੱਟਾਂ ਵਾਲੇ ਭੱਠੇ ’ਤੇ ਕੰਮ ਕੀਤਾ। ਹੁਣ ਪਰਿਵਾਰ ਪਾਲਣ ਲਈ ਝੋਨਾ ਠੇਕੇ ’ਤੇ ਲਾਉਣਾ ਸ਼ੁਰੂ ਕੀਤਾ ਹੈ। ਉਸ ਨੇ ਆਪਣੇ ਪਰਿਵਾਰ ਦੀ ਗੁਰਬਤ ਬਾਰੇ ਦੱਸਿਆ ਅਤੇ ਸਰਕਾਰੀ ਨੌਕਰੀ ਲਈ ਕੀਤੇ ਹੀਲੇ ਵਸੀਲੇ ਦੀ ਗੱਲ ਵੀ ਕੀਤੀ। ਜ਼ਿਲ੍ਹਾ ਪਠਾਨਕੋਟ ਦੇ ਪਿੰਡ ਬਾਰਠ ਸਾਹਿਬ ਦਾ ਨਰਿੰਦਰ ਸਿੰਘ ਵੀ ਇਨ੍ਹਾਂ ਦਿਨਾਂ ਵਿਚ ਠੇਕੇ ’ਤੇ ਝੋਨਾ ਲਾ ਰਿਹਾ ਹੈ। ਪਰਵਾਸੀ ਕਾਮਿਆਂ ਦੀ ਥਾਂ ਉਹ ਇੱੱਕ ਪਿੰਡ ’ਚ ਸਾਥੀਆਂ ਨਾਲ ਮਿਲ ਕੇ ਲੁਆਈ ’ਚ ਰੁੱਝਾ ਹੋਇਆ ਹੈ।
      ਨਰਿੰਦਰ ਦੱਸਦਾ ਹੈ ਕਿ ਜਦੋਂ ਪਿੰਡ ਦੇ ਹੋਰਨਾਂ ਮਜ਼ਦੂਰਾਂ ਨਾਲ ਝੋਨਾ ਲਾਉਂਦਾ ਹੈ ਤਾਂ ਪੂਰਾ ਦਿਨ ਟਿੱਚਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਈ ਆਖਦਾ ਹੈ ‘ ਖਿੱਚੀ ਆ ਮਾਸਟਰਾ’ ਤੇ ਕੋਈ ‘ ਕਿਵੇਂ ਮਾਸਟਰਾ ਆਉਂਦੇ ਪਸੀਨਾ’ ਆਖ ਕੇ ਛੇੜਦੇ ਨੇ। ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪਲ ਦਾ ਬਲਜਿੰਦਰ ਸਿੰਘ ਨੇ ਸੁਪਨਾ ਤਾਂ ਅਧਿਆਪਕ ਬਣਨ ਦਾ ਦੇਖਿਆ ਸੀ ਪ੍ਰੰਤੂ ਖੇਤ ਮਜ਼ਦੂਰ ਬਣ ਗਿਆ ਹੈ। ਉਸ ਨੇ ਕੇਂਦਰੀ ਟੈੱਟ ਅਤੇ ਪੰਜਾਬ ਟੈੱਟ ਪਾਸ ਕੀਤਾ ਹੈ। ਪੋਸਟ ਗਰੈਜੂਏਟ ਬਲਜਿੰਦਰ ਸਿੰਘ ਮੂੰਹ ਬੰਨ੍ਹ ਕੇ ਝੋਨਾ ਲਾ ਰਿਹਾ ਹੈ।ਬੇਰੁਜ਼ਗਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਖੇਤਾਂ ਵਿਚ ਜੁਟਦਾ ਹੈ ਤਾਂ ਪੜ੍ਹੇ ਲਿਖੇ ਤੇ ਅਨਪੜ੍ਹ ਵਿਚਲੇ ਸਭ ਭੇਦ ਮਿਟ ਜਾਂਦੇ ਹਨ। ਉਹ ਆਖਦਾ ਹੈ ਕਿ ਸਾਰਾ ਦਿਨ ਪੜ੍ਹੇ ਲਿਖੇ ਹੋਣ ਬਾਰੇ ਟਿੱਚਰਾਂ ਸੁਣਨੀਆਂ ਪੈਂਦੀਆਂ ਹਨ। ਉਸ ਨੇ 12 ਜਣਿਆ ਦਾ ਗਰੁੱਪ ਬਣਾ ਕੇ ਝੋਨਾ ਲਾਉਣਾ ਸ਼ੁਰੂ ਕੀਤਾ ਹੈ। ਇਵੇਂ ਹੀ ਜਸਵਿੰਦਰ ਸਿੰਘ ਨੂੰ ਸ਼ਰਮਿੰਦਗੀ ਝੱਲਣੀ ਪੈਂਦੀ ਹੈ। ਪਿੰਡ ਸ਼ੇਰਪੁਰ ਦਾ ਇਹ ਨੌਜਵਾਨ ਸਿਰ ਚੜ੍ਹੇ ਕਰਜ਼ ਨੂੰ ਉਤਾਰਨ ਖਾਤਰ ਝੋਨਾ ਲਾ ਰਿਹਾ ਹੈ। ਉਸ ਦੀ ਪੜ੍ਹੀ ਲਿਖੀ ਪਤਨੀ ਵੀ ਬੇਰੁਜ਼ਗਾਰ ਹੈ। ਉਹ ਦੱਸਦਾ ਹੈ ਕਿ ਦੋ ਵਾਰ ਟੈੱਟ ਪਾਸ ਕੀਤਾ ਪ੍ਰੰਤੂ ਸਰਕਾਰਾਂ ਨੇ ਕਦਰ ਨਹੀਂ ਪਾਈ। ਉਹ ਦੱਸਦਾ ਹੈ ਕਿ ਸਕੂਲਾਂ ਦੀ ਥਾਂ ਖੇਤਾਂ ਵਿਚ ਆਉਣਾ ਪੈਂਦਾ ਹੈ। ਉਸ ਨੂੰ ਆਸ ਹੈ ਕਿ ਝੋਨਾ ਲੁਆਈ ਦਾ ਕੰਮ ਐਤਕੀਂ ਮਹੀਨਾ ਭਰ ਚੱਲੇਗਾ।
              ਉਹ ਆਖਦਾ ਹੈ ਕਿ ਭਾਵੇਂ ਕੰਮ ਕੋਈ ਮਾੜਾ ਨਹੀਂ ਹੁੰਦਾ ਪ੍ਰੰਤੂ ਹੀਣ ਭਾਵਨਾ ਮਹਿਸੂਸ ਹੁੰਦੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਕਈ ਕਈ ਵਾਰ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਪ੍ਰੰਤੂ ਮਿਹਨਤ ਨੂੰ ਅੱਜ ਤੱਕ ਬੂਰ ਨਹੀਂ ਪਿਆ ਹੈ। ਏਦਾਂ ਦੇ ਸੈਂਕੜੇ ਬੇਰੁਜ਼ਗਾਰ ਨੌਜਵਾਨ ਹਨ ਜਿਨ੍ਹਾਂ ਨੂੰ ਯੋਗਤਾ ਮੁਤਾਬਿਕ ਕੰਮ ਨਹੀਂ ਮਿਲਿਆ ਹੈ। ਬਠਿੰਡਾ ਦਾ ਇੱਕ ਬੇਰੁਜ਼ਗਾਰ ਅਮਰੀਕ ਸਿੰਘ ਦਿਹਾੜੀ ਕਰਨ ਲਈ ਮਜਬੂਰ ਹੈ। ਲੁਧਿਆਣਾ ਜ਼ਿਲ੍ਹੇ ਦਾ ਇੱਕ ਬੇਰੁਜ਼ਗਾਰ ਮਕੈਨਿਕੀ ਦਾ ਕੰਮ ਕਰਨ ਲੱਗਾ ਹੈ। ਪਿੰਡ ਸ਼ੇਰੋ ਦਾ ਮੱਖਣ ਸਿੰਘ ਕਦੇ ਭੱਠੇ ’ਤੇੇ ਕੰਮ ਕਰਦਾ ਹੈ ਅਤੇ ਖੇਤਾਂ ਵਿਚ ਝੋਨਾ ਲਾਉਂਦਾ ਹੈ। ਇਨ੍ਹਾਂ ਨੌਜਵਾਨਾਂ ਨੇ ਸਰਕਾਰ ਵਲੋਂ ਲਾਈ ਸ਼ਰਤ ਨੂੰ ਪੂਰਾ ਕੀਤਾ ਹੈ। ਕਾਂਗਰਸ ਸਰਕਾਰ ਬਣਨ ਸਮੇਂ ਇਨ੍ਹਾਂ ਨੌਜਵਾਨਾਂ ਨੂੰ ਆਸ ਬੱਝੀ ਸੀ ਕਿ ਘਰ ਘਰ ਰੁਜ਼ਗਾਰ ਦਾ ਨਾਅਰਾ ਹਕੀਕਤ ਬਣੇਗਾ। ਜਦੋਂ ਮੌਜੂਦਾ ਸਰਕਾਰ ਨੇ ਵੀ ਬਾਂਹ ਨਾ ਫੜੀ ਤਾਂ ਇਨ੍ਹਾਂ ਨੌਜਵਾਨਾਂ ਨੂੰ ਆਪਣੀਆਂ ਉਮੀਦਾਂ ਦੇ ਦੀਵੇ ਬੁੱਝਦੇ ਨਜ਼ਰ ਆਏ। ਪਰਵਾਸੀ ਕਾਮਿਆਂ ਦੀ ਕਮੀ ਕਰਕੇ ਇਨ੍ਹਾਂ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਖੇਤਾਂ ਵਿਚ ਕੰਮ ਮਿਲ ਗਿਆ ਹੈ।
                                      ਸਰਕਾਰ ਖੇਤਾਂ ਦਾ ਗੇੜਾ ਮਾਰੇ : ਢਿਲਵਾਂ  
  ਟੈੱਟ ਪਾਸ ਬੇਰੁਜ਼ਗਾਰ ਬੀ.ਐਡ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦਾ ਪ੍ਰਤੀਕਰਮ ਸੀ ਕਿ ਭਾਵੇਂ ਕਿਰਤ ਕਰਨਾ ਕੋਈ ਸ਼ਰਮ ਵਾਲੀ ਗੱਲ ਨਹੀਂ ਪ੍ਰੰਤੂ ਸਰਕਾਰਾਂ ਨੇ ਯੋਗਤਾ ਮੁਤਾਬਿਕ ਕਿਰਤ ਕਰਨ ਦਾ ਮੌਕਾ ਜਵਾਨੀ ਤੋਂ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਸਕੂਲਾਂ ਵਿਚ ਹੋਣੇ ਚਾਹੀਦੇ ਸਨ, ਉਹ ਖੇਤਾਂ ਵਿਚ ਪਸੀਨਾ ਵਹਾ ਰਹੇ ਹਨ। ‘ਘਰ ਘਰ ਰੁਜ਼ਗਾਰ’ ਦਾ ਸੱਚ ਵੇਖਣਾ ਹੋਵੇ ਤਾਂ ਸਰਕਾਰ ਹੁਣ ਖੇਤਾਂ ਵਿਚ ਗੇੜਾ ਮਾਰੇ।

Sunday, June 7, 2020

                              ਵਿਚਲੀ ਗੱਲ  
        ਸੱਚਾ ਕਰ ਕੋਈ ਕੌਲ ਕਰਾਰ ਮੀਆਂ..!
                             ਚਰਨਜੀਤ ਭੁੱਲਰ
ਚੰਡੀਗੜ੍ਹ : ਬੰਦਾ ਸਹੁੰ ਤੋਂ ਉਖੜ ਜਾਵੇ। ਸਾਹਾਂ ਤੋਂ ਮੁੱਕ ਜਾਵੇ। ਫਿਰ ਜਹਾਨ ’ਚ ਕੋਈ ਦਵਾ ਨਹੀਂ। ਮਰੇ ਤੇ ਮੁੱਕਰੇ  ਦਾ ਕੋਈ ਵੈਦ ਨਹੀਂ। ਚੇਤੇ ਕਰੋਂ ਉਹ ਭਲਾ ਵੇਲਾ। ਨੇਕ ਬੰਦੇ, ਜ਼ੁਬਾਨ ਦੇ ਪੱਕੇ। ਵਚਨਾਂ ’ਚ ਉਮਰਾਂ ਪੁਗਾ ਜਾਂਦੇ। ਕਿਤੇ ਚੋਰੀ ਹੋ ਜਾਣੀ, ਘਰਾਂ ’ਚ ਝਗੜਾ ਹੋ ਜਾਣਾ। ਵੰਡ ਵੰਡਾਰਾ ਹੋਣਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ। ਕੋਈ ਗਊ ਦੀ ਪੂਛ ਫੜ ਕੇ। ਮਸਲਾ ਵਿਗੜ ਜਾਂਦਾ ਤਾਂ ਗੁਰੂ ਘਰ ਦੇ ਨਿਸ਼ਾਨ ਸਾਹਿਬ ਵੱਲ ਹੱਥ ਕਰਕੇ। ਕੋਈ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ। ਗੱਲ ਸਹੁੰ ਨਾਲ ਸਿਰੇ ਲੱਗ ਜਾਂਦੀ। ਅੰਕਲ ਸੈਮ (ਅਮਰੀਕਾ) ਨੂੰ ਇਹ ਗੱਲ ਕੌਣ ਸਮਝਾਏ। ਟਰੰਪ ਨੇ ਪੈਂਤੀ ਅੱਖਰਾਂ ਦੀ ਸਹੁੰ ਚੁੱਕੀ। ਹੁਣ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀਂ।’ ਵਿਸ਼ਵ ਟਿੰਡੀ ਦੇ ਬੀਅ ’ਤੇ ਜਰੂਰ ਚੜ੍ਹਿਐ। ਜੇਹੋ ਜੇਹੀ ਕੋਕੋ, ਉਹੋ ਜੇਹਾ ਡੈਰੇਕ ਚੌਵਿਨ। ਸਿਆਹਫਾਮ ਜੌਰਜ ਫਲਾਇਡ, ਜਾਅਲਸਾਜ਼ੀ ਦੇ ਸ਼ੱਕ ’ਚ ਫੜਿਆ। ਚਿੱਟੀ ਚਮੜੀ ਵਾਲੇ ਪੁਲੀਸ ਅਫਸਰ ਡੇਰੇਕ ਚੋਵਿਨ ਨੇ। ਜੌਰਜ ਫਲਾਇਡ ਦੀ ਕਾਲੀ ਧੌਣ ’ਤੇ ਗੋਢਾ ਧਰਿਆ। ਫਲਾਇਡ ਨੇ ਤਰਲੇ ਪਾਏ , ‘ਮੈਨੂੰ ਸਾਹ ਨਹੀਂ ਆ ਰਿਹਾ’। ਗੋਰੇ ਅਫਸਰ ਨੇ ਅੱਠ ਮਿੰਟ ਧੌਣ ’ਤੇ ਪਹਿਰਾ ਦਿੱਤਾ। ਕਿਤੇ ਡੈਰੇਕ ਸਹੁੰ ’ਤੇ ਪਹਿਰਾ ਦਿੰਦਾ। ਜੌਰਜ ਨੂੰ ਸਾਹ ਨਾ ਗੁਆਉਣੇ ਪੈਂਦੇ। ਅਮਰੀਕਾ ਦੇ ਵਿਹੜੇ ਨਸਲੀ ਅੱਗ ਭੜਕੀ ਐ। ਚੋਣਾਂ ’ਚ ਬਹੁਤਾ ਸਮਾਂ ਨਹੀਂ। ਸੜਕਾਂ ’ਤੇ ਨਾਅਰੇ ਗੰੂਜੇ ਨੇ।
             ‘ਕਬਰਾਂ ’ਚ ਸਭ ਬਰਾਬਰ’। ਟਰੰਪ ਚਾਚਾ ਭੁੱਲ ਬੈਠੇ ਚੁੱਕੀ ਸਹੁੰ ਨੂੰ, ਕੀਤੇ ਵਚਨਾਂ ਨੂੰ। ਨਸ਼ਾ ਕੋਈ ਵੀ ਹੋਵੇ, ਪਹਿਲਾਂ ਹੱਲਾ ਹੋਸ਼ ’ਤੇ ਕਰਦੈ। ਟਰੰਪ ਬੜ੍ਹਕਾਂ ਮਾਰਨੋਂ ਹਟ ਨਹੀਂ ਰਿਹਾ। ਸ਼ਰਮ ’ਚ ਪਾਣੀਓ ਪਾਣੀ ਹੋਇਐ ਆਰਟ ਅਕਵੇਡੋ। ਹਿਊਸਟਨ ਦੇ ਪੁਲੀਸ ਮੁਖੀ ਅਕਵੇਡੋ। ਪਿਛੋਕੜ ਕਿਊਬਾ ਦਾ ਸੁਣੀਦੈ। ਅਕਵੋਡੇ ਨੇ ਟਰੰਪ ਨੂੰ ਤਾੜਿਐ..‘ਤੂੰ ਆਪਣਾ ਮੂੰਹ ਬੰਦ ਰੱਖ।’ ਭਾਰਤੀ ਅਫਸਰਾਂ ਨੂੰ ਮੂੰਹ ਲਕੌਣ ਨੂੰ ਥਾਂ ਨਹੀਂ ਲੱਭੀ।ਨਰਿੰਦਰ ਮੋਦੀ ਅੰਦਰੋਂ ਖਿੜ ਖਿੜ ਹੱਸੇ। ਮਨ ’ਚ ਲੱਡੂ ਫੁੱਟੇ ਹੋਣਗੇ, ਸੋਚਦੇ ਪਏ ਹੋਣਗੇ, ਅਮਰੀਕਾ ਨੂੰ ਚੋਣਾਂ ਲਈ  ਆਖਰ ‘ਭਾਰਤੀ ਮਾਡਲ’ ਭਾਇਐ। ਏਸੇ ਨੂੰ ਤਾਂ ਆਖਦੇ ਨੇ ਛਾ ਜਾਣਾ। ਟਰੰਪ ਪੈਂਤੀ ਅੱਖਰੀ ਸਹੁੰ ਮੁੜ ਚੱੁਕਣਾ ਚਾਹੁੰਦੈ। ਵਾਈਟ ਹਾਊਸ ਦੀ ਲੋਈ ’ਤੇ ਕਿੰਨੇ ਛਿੱਟੇ ਪਏ ਨੇ, ਅੰਕਲ ਸੈਮ ਨੇੜੇ ਖੜ੍ਹ ਕੇ ਦੇਖੇ। ਕੰਧਾਂ ’ਤੇ ਲਿਖਿਆ ਵੀ ਪੜੇ। ਅਖਾਣ ਐਵੇਂ ਨਹੀਂ ਬਣਦੇ, ‘ਅੰਨ੍ਹੇ ਨੂੰ ਨਜ਼ਰ ਨਹੀਂ ਆਉਂਦਾ, ਹੰਕਾਰੀ ਵੇਖਣਾ ਨਹੀਂ ਚਾਹੁੰਦਾ।’ ਨਰਿੰਦਰ ਮੋਦੀ ਨੇ ਵਾਢਿਓ ਲਾ ਪੂਰਾ ਵਿਸ਼ਵ ਵੇਖਿਐ। ਵਿਧਾਤਾ ਸਿੰਘ ਤੀਰ ਵਾਲਾ ਵੇਲਾ ਗਿਆ, ‘ਮੈਂ ਗੁੰਗਾ, ਮੇਰੀ ਦੁਨੀਆ ਗੁੰਗੀ, ਤਾਹੀਏਂ ਗਾਏ ਗੁੰਗੇ ਗੀਤ।’ ਜੌਰਜ ਫਲਾਇਡ ਤੇਰੀ ਰੂਹ ਨੂੰ ਪ੍ਰਣਾਮ। ਬੱਸ ਝੁਰਨਾ ਨਹੀਂ, ਇੱਧਰ ਦੇਖ। ਸਾਡੇ ਲੋਕ ਰਾਜ ਦੀ ਗਿੱਚੀ ’ਤੇ। ਗੋਡਾ ਅੱਠ ਮਿੰਟਾਂ ਤੋਂ ਨਹੀਂ, ਕਿੰਨੇ ਵਰ੍ਹਿਆਂ ਤੋਂ ਟਿਕਿਐ। ਸੁੱਖ ਦਾ ਸਾਹ ਆਏ, ਇਹੋ ਸੋਚ ਦੂਜੀ ਵਾਰ ਸਹੁੰ ਚੁਕਾਈ। ਸਾਹ ਹੀ ਘੁੱਟਿਆ ਗਿਐ, ਕੀਤੀ ਰਾਸ ਨਾ ਆਈ।
                ਸਾਡੀ ਪੁਲੀਸ ਕੋਲ ਤਾਂ ਕੋਈ ਅਕਵੇਡੋ ਵੀ ਨਹੀਂ। ਦੁਖੜੇ ਕਿਥੇ ਰੋਈਏ। ‘ਬੁੱਲੇ੍ਹ ਸ਼ਾਹ ਸੌਂਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ, ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ।’ ਬੁੱਲ੍ਹੇ ਸ਼ਾਹ ਵੀ ਮੌਕਾ ਖੁੰਝਾ ਗਿਐ। ਕਿਤੇ ਦੂਜਾ ਸਹੁੰ ਚੁੱਕ ਸਮਾਗਮ ਵੇਖਦਾ, ਅਸ਼ ਅਸ਼ ਕਰ ਉੱਠਦਾ। ਛੇ ਹਜ਼ਾਰ ਮਹਿਮਾਨ ਬੁਲਾਏ ਸਨ। ਫਿਰ ਸਹੁੰ ਚੁੱਕੀ ਸੀ, ਮੈਂ ਨਰਿੰਦਰ ਮੋਦੀ...।ਸਾਹ ਤਾਂ ਸੂਤੇ ਪਏ ਨੇ। ਸੁੱਖ ਦਾ ਸਾਹ ਕਿਥੋਂ ਆਵੇ। ਸਹੁੰ ਨਾਲ ਕੌਣ ਨਿਭਦੈ। ਹਕੂਮਤੀ ਝਾਕਣੀ ’ਚ ਫਰਕ ਐ, ਨਾਲੇ ਨੀਅਤ ਵਿਚ। ਨੀਤਾਂ ਦਾ ਖੋਟ ਤਾਂ ਸਮੁੰਦਰ ਸੁੱਕਾ ਦਿੰਦੈ। ਬਾਦਸ਼ਾਹ ਜਹਾਂਗੀਰ ਦੀ ਸੁਣੋ। ਕੇਰਾਂ ਕਸ਼ਮੀਰੀ ਬਾਗ ਵਿਚ ਟਹਿਲਣ ਗਿਆ। ਰਾਜੇ ਤੋਂ ਮਾਲੀ ਅਣਜਾਣ। ਜਹਾਂਗੀਰ ਨੂੰ ਪਿਆਸ ਲੱਗੀ। ਮਾਲੀ ਨੇ ਇੱਕ ਅਨਾਰ ਤੋੜਿਆ। ਨੱਕੋਂ ਨੱਕ ਗਲਾਸ ਭਰ ਗਿਆ। ਪੁੱਛਣ ’ਤੇ ਮਾਲੀ ਨੇ ਦੱਸਿਆ, ਹਜ਼ੂਰ, ਬਾਗਾਂ ਤੇ ਕੋਈ ਟੈਕਸ ਨਹੀਂ। ਜਹਾਂਗੀਰ ਚਲਾ ਗਿਆ ਤੇੇ ਮਨੋ ਮਨ ਸੋਚਣ ਲੱਗਾ, ਕਿਉਂ ਨਾ ਬਾਗਾਂ ’ਤੇ ਟੈਕਸ ਲਾ ਦੇਈਏ।  ਬਾਦਸ਼ਾਹ ਮੁੜ ਬਾਗ ’ਚ ਪਧਾਰੇ। ਪਿਆਸ ਲੱਗੀ, ਮਾਲੀ ਹਾਜ਼ਰ ਹੋਇਆ। ਮਾਲੀ ਨੇ ਪੂਰੇ ਪੰਦਰਾਂ ਅਨਾਰ ਨਿਚੋੜੇ, ਫਿਰ ਕਿਤੇ ਪਿਆਲਾ ਭਰਿਆ। ਜਹਾਂਗੀਰ ਹੈਰਾਨ ਹੋਇਆ। ਅੱਜ ਏਨੇ ਅਨਾਰਾਂ ਨਾਲ ਕਿਉਂ ਪਿਆਲਾ ਭਰਿਐ। ਮਾਲੀ ਦਾ ਜੁਆਬ ਸੁਣੋ, ‘ਮੈਨੂੰ ਏਦਾਂ ਲੱਗਦੈ ਜਿਵੇਂ ਸਾਡੇ ਬਾਦਸ਼ਾਹ ਦੇ ਨੀਅਤ ’ਚ ਫਰਕ ਪੈ ਗਿਆ ਹੋਵੇ।’
               ਜਹਾਂਗੀਰ ਨੇ ਆਪਣੇ ਆਪ ਨਾਲ ਗੱਲ ਕੀਤੀ। ‘ਮੈਂ ਤਾਂ ਹਾਲੇ ਟੈਕਸ ਬਾਰੇ ਸੋਚਿਆ ਹੀ ਸੀ, ਜੇ ਕਿਤੇ ਲਾ ਦਿੰਦਾ ਤਾਂ ਬਾਗ ਹੀ ਸੁੱਕ ਜਾਣੇ ਸੀ।’ ਬਾਦਸ਼ਾਹ ਨੇ ਅੱਲਾ ਤੋਂ ਭੁੱਲ ਬਖ਼ਸ਼ਾਈ, ਟੈਕਸਾਂ ਦਾ ਖਿਆਲ ਤਿਆਗ ਦਿੱਤਾ।ਉਸੇ ਬਾਗ ’ਚ ਮੁੜ ਬਾਦਸ਼ਾਹ ਦਾ ਗੇੜਾ ਲੱਗਾ। ਮਾਲੀ ਨੇ ਇੱਕ ਅਨਾਰ ਤੋੜਿਆ। ਪਿਆਲਾ ਮੂੰਹ ਤੱਕ ਭਰ ਗਿਆ। ਰਾਜੇ ਨੇ ਜਦੋਂ ਹੈਰਾਨ ਹੋ ਕੇ ਜਾਣਨਾ ਚਾਹਿਆ। ਮਾਲੀ ਨੇ ਜੁਆਬ ਦਿੱਤਾ, ‘ਬਾਦਸ਼ਾਹ ਦੇ ਮਨ ਦੀਆਂ ਲਹਿਰਾਂ ਨੇ ,ਹੁਣ ਉਨ੍ਹਾਂ ਦਾ ਮਨ ਸਾਫ ਹੋ ਗਿਆ ਹੋਣੈ।’ ਇਸੇ ਨੂੰ ਤਾਂ ਆਖਦੇ ਨੇ, ਨੀਤਾਂ ਨੂੰ ਫਲ ਲੱਗਣੇ। ਮੈਨੂੰ ਤਾਂ ਟਰੰਪ ਤੇ ਮੋਦੀ, ਮਾਮੇ ਭੂਆ ਦੇ ਪੁੱਤ ਲੱਗਦੇ ਨੇ। ਚੋਣਾਂ ’ਚ ਸਾਡੇ ਵੀ ਅੱਗਾਂ ਲੱਗੀਆਂ, ਹੁਣ ਅਮਰੀਕਾ ’ਚ ਵੀ। ‘ਕਰੇ ਮਾਈ, ਭਰੇ ਜਾਈ।’ ਅਮਰਿੰਦਰ ਸਿਓ ਮੁੜ ਸਹੁੰ ਚੁੱਕਣ ਲਈ ਕਾਹਲੇ ਨੇ। ਨਵਜੋਤ ਸਿੱਧੂ ਤਾਂ ਉਸ ਤੋਂ ਵੀ ਕਾਹਲੈ। ਭਗਵੰਤ ਮਾਨ ਸੋਚਦਾ ਹੋਊ, ਮੈਂ ਰੱਬ ਦੇ ਮਾਂਹ ਮਾਰੇ ਨੇ..। ਇੱਕ ਵਾਰੀ ਸਹੁੰ ਦਾ ਮੌਕਾ ਤਾਂ ਦਿਓ।ਸਹੁੰਆਂ ਖਾਣ ਵਾਸਤੇ ਨਹੀਂ, ਨਿਭਾਉਣ ਲਈ ਵੀ ਹੁੰਦੀਆਂ ਨੇ। ਜਦੋਂ ਵੱਡੇ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। ਸਹੁੰ ਚੁੱਕ ਸਮਾਗਮਾਂ ਮਗਰੋਂ ਉਹ ਸਿੱਧੇ ਸ੍ਰੀ ਆਨੰਦਪੁਰ ਸਾਹਿਬ ਗਏ। ਉਥੇ ਸਹੁੰ ਖਾਧੀ ਸੀ, ‘ਬੇਈਮਾਨੀ- ਕੁਰੱਪਸ਼ਨ ਨੂੰ ਦੂਰ ਕਰਾਂਗੇ।’ ਠੀਕ ਉਵੇਂ ਹੀ ਜਿਵੇਂ ਪਿਛੇ ਜੇਹੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ। ਸ੍ਰੀ ਗੁਟਕਾ ਸਾਹਿਬ ਦੀ, ਦਮਦਮਾ ਸਾਹਿਬ ਵੱਲ ਮੂੰਹ ਕਰਕੇ। ਜੋ ਹੁਣ ਨਸ਼ਿਆਂ ਦਾ ਬਣਿਐ, ਉਦੋਂ ਉਹੀ ਕੁਰੱਪਸ਼ਨ ਦਾ ਬਣਿਆ ਸੀ। ਸੰਵਿਧਾਨ ਦੀ ਸਹੁੰ ਤੋਂ ਕੌਣ ਡਰਦੈ।
               ਵਿਧਾਇਕ ਜੋਗਿੰਦਰਪਾਲ ਨੇ ਵੀ ਮਾਂ ਦੀ ਸਹੁੰ ਖਾਧੀ ਸੀ। ਅਖੇ, ਸੁਨੀਲ ਜਾਖੜ ਹਾਰ ਗਿਆ ਤਾਂ ਸਿਆਸਤ ਛੱਡਦੂ। ਇਵੇਂ ਨਵਜੋਤ ਸਿੱਧੂ ਗਰਜੇ ਸਨ, ਅਮੇਠੀ ਤੋਂ ਰਾਹੁਲ ਗਾਂਧੀ ਹਾਰਿਆ, ਰਾਜਨੀਤੀ ਨੂੰ ਲੱਤ ਮਾਰਦੂ। ਸਹੁੰਆਂ ਦੀ ਪ੍ਰਵਾਹ ਕਿਸਨੂੰ। ‘ਡਾਢੇ ਦੀ ਮਾਰ, ਲਿੱਸੇ ਦੀ ਗਾਲ।’ ਲੋਕ ਜਾਣ ਵੀ ਕਿਧਰ। ਛੱਜੂ ਰਾਮ ਦੀ ਕੋਈ ਸੁਣਦੈ। ਕਿੰਨੇ ਵਰ੍ਹਿਆਂ ਤੋਂ ਵਿਲਕ ਰਿਹੈ, ‘ਸਹੁੰ ’ਤੇ ਨਿਭਣਾ ਨਹੀਂ, ਤਾਂ ਹਲਫ਼ਦਾਰੀ ਸਮਾਗਮਾਂ ਤੇ ਖਰਚੇ ਕਰਨੇ ਛੱਡੋ।’ ਗੱਲ ਤਾਂ ਪਤੇ ਦੀ ਹੈ, ਸੋਲਾਂ ਆਨੇ ਸੱਚ ਵੀ। ਮਹਾਰਾਸ਼ਟਰ ’ਚ ਊਧਵ ਠਾਕਰੇ ਨੇ ਸਹੁੰ ਚੁੱਕੀ। ਹਲਫ਼ਦਾਰੀ ਸਮਾਗਮਾਂ 2.79 ਕਰੋੜ ’ਚ ਪਏ। ਵੱਡੇ ਬਾਦਲ ਨੇ ਪੰਜਵੀਂ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕੀ। ਸਮਾਗਮਾਂ ’ਤੇ 91.68 ਲੱਖ ਖਰਚ ਆਏ। ਸੁਖਬੀਰ ਬਾਦਲ ਦੀ ਉਪ ਮੁੱਖ ਮੰਤਰੀ ਵਾਲੀ ਸਹੁੰ 70.63 ਲੱਖ ’ਚ ਪਈ ਸੀ। ਕਰੀਬ 2400 ਸਾਲ ਪਹਿਲਾਂ। ਵੈਦ ਚਾਚਾ ਹਿਪੋਕ੍ਰਾਈਸ ਨੇ ਸਹੁੰ ਸ਼ੁਰੂ ਕਰਾਈ। ਆਖਿਐ ਜਾਂਦੇ, ਪੜਾਈ ਸ਼ੁਰੂ ਕਰਨ ਵੇਲੇ ਮੈਡੀਕਲ ਵਿਦਿਆਰਥੀ ਜੋ ਸਹੁੰ ਚੁੱਕਦੇ ਨੇ, ਵੈਦ ਚਾਚੇ ਦੀ ਦੇਣ ਹੈ। ਵੈਦ ਜੀ, ਲੱਗਦੇ ਹੱਥ ਕੋਈ ਨੁਸਖ਼ਾ ਵੀ ਦੱਸਦੇ। ਪਾਰ ਨਿਤਾਰਾ ਹੋ ਜਾਂਦਾ। ਏਥੇ ਸਹੁੰ ਦੀ ਕਿਹਨੂੰ ਪ੍ਰਵਾਹ ਐ। ਵਹਿਮ ਕੱਢਣੈ ਤਾਂ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਬਾਜਾਂ ਵਾਲੇ ਦੀ ਸਹੁੰ’ ਪੜ ਲਿਓ। ਜਿਨ੍ਹਾਂ ਨੂੰ ਪੜ੍ਹਨਾ ਅੌਖਾ ਲੱਗਦੈ, ਉਹ ਸੋਸ਼ਲ ਮੀਡੀਆ ’ਤੇ ਬੀਬੀਆਂ ਦਾ ਗਿੱਧਾ ਸੁਣ ਲਓ, ‘ਸਹੁੰਆਂ ਖਾ ਕੇ ਮੱੁਕਰ ਗਿਐ, ਕੋਈ ਵਸ ਨਹੀਂ ਰਾਜਿਆ ਤੇਰੇ।’ ਤੂੰ ਅੰਕਲ ਸੈਮ ਹੈ, ਤਾਂ ਸਾਡੇ ਕੋਲ ਵੀ ਇੱਕ ਚਾਚੈ, ਭਤੀਜਾ ਕੌਣ ਹੈ, ਏਹ ਤੁਸੀਂ ਬੁੱਝੋ..। ਹੁਣ ਕਿਤੇ ਇਹ ਨਾ ਆਖਿਓ, ਚਾਚਾ ਭਤੀਜਾ ਘਿਓ ਖਿਚੜੀ ਨੇ।



Tuesday, June 2, 2020

                          ਸਰਕਾਰੀ ਯੂ-ਟਰਨ
           ਔਰਬਿਟ ਨੂੰ ਹਰੀ ਝੰਡੀ ਤੋਂ ਪੰਗਾ !
                             ਚਰਨਜੀਤ ਭੁੱਲਰ
ਚੰਡੀਗੜ੍ਹ : ਟਰਾਂਸਪੋਰਟ ਵਿਭਾਗ ਨੇ ਅੰਤਰਰਾਜੀ ਬੱਸ ਸੇਵਾ ਲਈ ਅੱਜ ਬਾਦਲਾਂ ਦੀ ਬੱਸ ਕੰਪਨੀ ਨੂੰ ਹੱਥੋਂ ਹੱਥ ਹਰੀ ਝੰਡੀ ਦੇ ਦਿੱਤੀ ਸੀ ਪਰ ਜਦੋਂ ਭਾਫ ਬਾਹਰ ਨਿਕਲਣ ਲੱਗੀ ਤਾਂ ਸਰਕਾਰ ਨੇ ਸਿਆਸੀ ਬਦਨਾਮੀ ਡਰੋ ਅੰਦਰੋਂ ਅੰਦਰੀ ਯੂ-ਟਰਨ ਲੈ ਲਿਆ। ਬਲੀ ਦਾ ਬੱਕਰਾ ਦਾ ਇੱਕ ਕਲਰਕ ਬਣ ਗਿਆ ਜਿਸ ਨੂੰ ਅੱਜ ਫੌਰੀ ਮੁਅੱਤਲ ਕਰ ਦਿੱਤਾ। ਕੋਵਿਡ-19 ਦੌਰਾਨ ਅੰਤਰਰਾਜੀ ਬੱਸ ਸੇਵਾ ਚਾਲੂ ਕਰਨ ਦਾ ਫੈਸਲਾ ਲੈਣ ਦਾ ਹੱਕ ਸੂਬਾ ਸਰਕਾਰਾਂ ਕੋਲ ਹੈ। ਕੋਈ ਵੀ ਟਰਾਂਸਪੋਰਟ ਅਧਿਕਾਰੀ ਆਪਣੇ ਪੱਧਰ ’ਤੇ ਫੈਸਲਾ ਨਹੀਂ ਲੈ ਸਕਦਾ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਦੇ ਦਫ਼ਤਰ ਨੇ ਅੱਜ ਪੱਤਰ ਨੰੰਬਰ 5204/ਆਰ.ਟੀ.ਏ ਤਹਿਤ ਸਟੇਟ ਟਰਾਂਸਪੋਰਟ ਅਥਾਰਟੀ ਯੂ.ਟੀ ਚੰਡੀਗੜ੍ਹ ਨੂੰ ਪੱਤਰ ਲਿਖ ਕੇ ਅੌਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਨੂੰ ਅੰਤਰਰਾਜੀ ਰੂਟਾਂ ’ਤੇ ਬੱਸਾਂ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਅੌਰਬਿਟ ਕੰਪਨੀ ਨੂੰ ਹਦਾਇਤ ਕਰ ਦਿੱਤੀ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਾੳਂੂਟਰ ਸਾਈਨ ਕਰਾ ਲੈਣ। ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਫੈਸਲਾ ਪੰਜਾਬ ਸਰਕਾਰ ਤਰਫ਼ੋਂ ਲਿਆ ਜਾਣਾ ਸੀ, ਉਹ ਖੇਤਰੀ ਟਰਾਂਸਪੋਰਟ ਦਫ਼ਤਰ ਨੇ ਲੈ ਲਿਆ। ਸੁਆਲ ਉੱਠੇ ਹਨ ਕਿ ਟਰਾਂਸਪੋਰਟ ਵਿਭਾਗ ਇਕੱਲੀ ਅੌਰਬਿਟ ਨੂੰ ਸੜਕਾਂ ’ਤੇ ਦੌੜਾਨ ਲਈ ਏਨਾ ਕਾਹਲਾ ਕਿਉਂ ਹੈ। ਬਾਕੀ ਪ੍ਰਾਈਵੇਟ ਟਰਾਂਸਪੋਰਟ ਹਾਲੇ ਬੰਦ ਹੈ। ਇੱਥੋਂ ਤੱਕ ਕਿ ਪਬਲਿਕ ਟਰਾਂਸਪੋਰਟ ਵੀ ਅੰਤਰਰਾਜੀ ਰੂਟਾਂ ’ਤੇ ਨਹੀਂ ਚੱਲੀ ਹੈ।
     ਦੱਸਣਯੋਗ ਹੈ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੰਘੀ ਕੈਬਨਿਟ ਮੀਟਿੰਗ ’ਚ ਮੁੱਦਾ ਚੁੱਕਿਆ ਸੀ ਕਿ ਟਰਾਂਸਪੋਰਟ ਵਿਭਾਗ ਬਾਦਲਾਂ ਦੀ ਬੱਸ ਕੰਪਨੀ ’ਤੇ ਏਨਾ ਕਿਉਂ ਮਿਹਰਬਾਨ ਹੈ ਜਦੋਂ ਕਿ ਕਾਂਗਰਸੀ ਟਰਾਂਸਪੋਰਟਰਾਂ ਨੂੰ ਨੋਟਿਸ ਜਾਰੀ ਕਰ ਰਿਹਾ ਹੈ। ਅੌਰਬਿਟ ਕੰਪਨੀ ਨੇ ਅੱਜ ਪੰਜਾਬ ਅੰਦਰ ਛੇ ਬੱਸਾਂ ਚਾਲੂ ਕਰ ਦਿੱਤੀਆਂ ਹਨ ਜਦੋਂ ਕਿ ਬਾਕੀ ਪ੍ਰਾਈਵੇਟ ਟਰਾਂਸਪੋਰਟ ਸੜਕਾਂ ਤੋਂ ਆਊਟ ਹੈ।  ਅੱਜ ਅੌਰਬਿਟ ਟਰਾਂਸਪੋਰਟ ਕੰਪਨੀ ਦੀਆਂ ਬਠਿੰਡਾ ਤੋਂ ਪਟਿਆਲਾ ਲਈ ਤਿੰਨ ਅਤੇ ਬਠਿੰਡਾ ਤੋਂ ਲੁਧਿਆਣਾ ਲਈ ਤਿੰਨ ਬੱਸਾਂ ਚੱਲੀਆਂ। ਸੂਤਰ ਦੱਸਦੇ ਹਨ ਕਿ ਭਲਕੇ ਦਰਜਨ ਬੱਸਾਂ ਅੌਰਬਿਟ ਕੰਪਨੀ ਚਲਾ ਰਹੀ ਹੈ। ਅੌਰਬਿਟ ਕੰਪਨੀ ਨੇ ਪੰਜਾਬ ਤੋਂ ਚੰਡੀਗੜ੍ਹ ’ਚ ਦਾਖਲ ਹੋਣ ਲਈ ਅੰਤਰਰਾਜੀ ਬੱਸ ਸੇਵਾ ਸ਼ੁਰੂ ਕਰਨ ਵਾਸਤੇ ਦਰਖਾਸਤ ਦਿੱਤੀ ਸੀ ਜਿਸ ਨੂੰ ਫੌਰੀ ਪ੍ਰਵਾਨ ਕਰ ਦਿੱਤਾ ਗਿਆ। ਬਾਦਲਾਂ ਦੀ ਟਰਾਂਸਪੋਰਟ ਦੀਆਂ ਕੁੱਲ 33 ਬੱਸਾਂ ਚੰਡੀਗੜ੍ਹ ਯੂ.ਟੀ ਵਿਚ ਇੰਟਰ ਹੁੰਦੀਆਂ ਹਨ। ਅੌਰਬਿਟ ਕੰਪਨੀ ਦੀਆਂ ਬਠਿੰਡਾ ਤੋਂ ਚੰਡੀਗੜ੍ਹ ਲਈ ਅੱਠ, ਮਾਨਸਾ ਤੋਂ ਦੋ,ਰਾਮਾਂ ਮੰਡੀ ਤੋਂ ਇੱਕ ਤੋਂ ਇਲਾਵਾ ਗੁਰਦਾਸਪੁਰ,ਪਠਾਨਕੋਟ ਤੇ ਫਾਜ਼ਿਲਕਾ ਤੋਂ ਵੀ ਚੰਡੀਗੜ੍ਹ ਲਈ ਬੱਸਾਂ ਚੱਲਦੀਆਂ ਹਨ।
               ਰਿਜ਼ਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਦੀ ਸਕੱਤਰ ਹਰਜੋਤ ਕੌਰ ਦਾ ਕਹਿਣਾ ਸੀ ਕਿ ਦਫਤਰ ਦੇ ਕਲਰਕ ਨੇ ਰੁਟੀਨ ’ਚ ਧਿਆਨ ਵਿਚ ਲਿਆ ਕੇ ਆਪਣੇ ਪੱਧਰ ’ਤੇ ਹੀ ਅੌਰਬਿਟ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਦੇ ਖ਼ਿਲਾਫ਼ ਕਾਰਵਾਈ ਲਈ ਰਿਪੋਰਟ ਬਣਾ ਕੇ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੌਰਬਿਟ ਨੂੰ ਪ੍ਰਵਾਨਗੀ ਰੱਦ ਕਰ ਦਿੱਤੀ ਗਈ ਹੈ।ਸੂਤਰ ਦੱਸਦੇ ਹਨ ਕਿ ਜਦੋਂ ਅੱਜ ਅੌਰਬਿਟ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਦੂਸਰੇ ਟਰਾਂਸਪੋਰਟਰਾਂ ਨੇ ਵੀ ਹਿਲਜੁੱਲ ਸ਼ੁਰੂ ਕਰ ਦਿੱਤੀ। ਦੋ ਘੰਟਿਆਂ ਵਿਚ ਹੀ ਮਾਮਲਾ ਬਾਹਰ ਆ ਗਿਆ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦਫ਼ਤਰ ਨੇ ਸਿਆਸੀ ਭੂਚਾਲ ਦੇ ਡਰੋਂ ਫੌਰੀ ਟਰਾਂਸਪੋਰਟ ਵਿਭਾਗ ਦੇ ਉੱਚ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਕਿ ਇਹ ਪ੍ਰਵਾਨਗੀ ਵਾਪਸ ਲਈ ਜਾਵੇ ਅਤੇ ਜਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
                             ਅੰਤਰਰਾਜੀ ਬੱਸਾਂ ਲਈ ਪ੍ਰਵਾਨਗੀ ਨਹੀਂ ਮਿਲੀ : ਕਮਿਸ਼ਨਰ।
ਸਟੇਟ ਟਰਾਂਸਪੋਰਟ ਕਮਿਸ਼ਨਰ ਡਾ.ਅਮਰਪਾਲ ਸਿੰਘ ਦਾ ਕਹਿਣਾ ਸੀ ਕਿ ਅੰਤਰਰਾਜੀ ਬੱਸ ਸੇਵਾ ਲਈ ਹਾਲੇ ਪੰਜਾਬ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਰ.ਟੀ.ਏ ਦਫ਼ਤਰ ਬਠਿੰਡਾ ਵੱਲੋਂ ਅੌਰਬਿਟ ਨੂੰ ਪੱਤਰ ਜਾਰੀ ਕਰਨ ਵਾਲੇ ਕਲਰਕ ਵਿਵੇਕ ਰਤਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਮਿਸ਼ਨਰ ਨੇ ਦੱਸਿਆ ਕਿ ਅੰਤਰਰਾਜੀ ਬੱਸ ਸੇਵਾ ਚਾਲੂ ਕਰਨ ਬਾਰੇ ਸਰਕਾਰ ਫੈਸਲਾ ਲੈ ਸਕਦੀ ਹੈ ,ਕੋਈ ਖੇਤਰੀ ਦਫ਼ਤਰ ਨਹੀਂ। ਅੌਰਬਿਟ ਬਾਰੇ ਉਨ੍ਹਾਂ ਆਖਿਆ ਕਿ ਕਲਰਕ ਵੱਲੋਂ ਅਣਜਾਣਤਾ ਵਿਚ ਇਹ ਹੋਇਆ ਹੈ, ਨਾ ਕਿ ਕਿਸੇ ਨੂੰ ਫੇਵਰ ਦੇਣ ਲਈ।