Tuesday, January 31, 2017

                                    ਡੇਰੇ ਨੂੰ ਡਰ
                   ਬਾਗੀ ਰੌਂਅ 'ਚ ਨੇ ਡੇਰਾ ਪ੍ਰੇਮੀ
                                  ਚਰਨਜੀਤ ਭੁੱਲਰ
ਬਠਿੰਡਾ :  ਡੇਰਾ ਸਿਰਸਾ ਦੇ ਪੈਰੋਕਾਰ ਐਤਕੀਂ ਸਿਆਸੀ ਹਮਾਇਤ ਦੇ ਮਾਮਲੇ 'ਚ ਬਾਗੀ ਰੌਂਅ ਵਿਚ ਹੋ ਗਏ ਹਨ ਜਿਸ ਤੋਂ ਸਿਆਸੀ ਵਿੰਗ ਫਿਕਰਮੰਦ ਹੋ ਗਿਆ ਹੈ। ਤਾਹੀਓ ਸਿਆਸੀ ਵਿੰਗ ਨੂੰ ਪੈਰੋਕਾਰਾਂ ਨੂੰ ਏਕਾ ਰੱਖਣ ਦੀ ਦੁਹਾਈ ਦੇਣੀ ਪੈ ਰਹੀ ਹੈ। ਉਂਜ, ਡੇਰਾ ਸਿਰਸਾ ਦੇ ਸਿਆਸੀ ਵਿੰਗ ਵਲੋਂ ਪਹਿਲੀ ਫਰਵਰੀ ਨੂੰ ਸਿਆਸੀ ਹਮਾਇਤ ਦਾ ਐਲਾਨ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਭਾਜਪਾ ਤਰਫੋਂ ਡੇਰਾ ਸਿਰਸਾ ਤੇ ਅਕਾਲੀ ਭਾਜਪਾ ਗਠਜੋੜ ਨੂੰ ਹਮਾਇਤ ਦੇ ਐਲਾਨ ਕਰਨ ਕਾਫ਼ੀ ਦਬਾਓ ਹੈ। ਦੂਸਰੀ ਤਰਫ਼ ਸਥਾਪਤੀ ਵਿਰੋਧੀ ਲਹਿਰ ਦੇ ਚੱਲਣ ਕਰਕੇ ਡੇਰਾ ਪੈਰੋਕਾਰ ਬਾਗੀ ਰੌਂਅ ਵਿਚ ਜਾਪਦੇ ਹਨ। ਸਿਆਸੀ ਵਿੰਗ ਨੇ ਇਸ਼ਾਰਾ ਕੀਤਾ ਹੈ ਕਿ ਗਠਜੋੜ ਨੂੰ ਹਮਾਇਤ ਦਿੱਤੀ ਜਾਵੇ ਪਰ ਡੇਰੇ ਦੇ ਪੈਰੋਕਾਰਾਂ ਦੇ ਕਾਫ਼ੀ ਨੌਜਵਾਨ 'ਆਪ' ਦੇ ਵਾਹਣਾਂ ਵਿਚ ਘੁੰਮਦੇ ਨਜ਼ਰ ਆਏ ਹਨ। ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ 'ਚ ਡੇਰਾ ਪੈਰੋਕਾਰਾਂ ਨੂੰ ਸਿਆਸੀ ਮਾਮਲੇ ਤੇ ਇੱਕਜੁੱਟ ਰਹਿਣ ਦਾ ਸੱਦਾ ਦਿੱਤਾ ਅਤੇ ਇੱਕ ਸੁਆਲ ਦੇ ਜੁਆਬ ਵਿਚ ਡੇਰਾ ਮੁਖੀ ਨੇ ਆਖਿਆ ਕਿ ਸਿਆਸੀ ਹਮਾਇਤ ਵਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ।
                       ਦੱਸਣਯੋਗ ਹੈ ਕਿ ਮਾਲਵਾ ਖ਼ਿੱਤੇ ਦੇ ਹਰ ਅਸੈਂਬਲੀ ਹਲਕੇ ਵਿਚ ਕਰੀਬ 10 ਹਜ਼ਾਰ ਵੋਟ ਡੇਰਾ ਸਿਰਸਾ ਦੀ ਹੈ। ਪਿਛਲੇ ਦਿਨੀ 80 ਦੇ ਕਰੀਬ ਅਕਾਲੀ ਕਾਂਗਰਸੀ ਉਮੀਦਵਾਰ ਡੇਰਾ ਸਿਰਸਾ ਵੀ ਵੋਟਾਂ ਦਾ ਅਸ਼ੀਰਵਾਦ ਲੈਣ ਲਈ ਗਏ ਸਨ।ਸਿਆਸੀ ਟੱਕਰ ਹੋਣ ਕਰਕੇ ਅਕਾਲੀ ਉਮੀਦਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਦੀ ਵੀ ਪ੍ਰਵਾਹ ਨਹੀਂ ਕੀਤੀ ਸੀ। ਸੂਤਰ ਦੱਸਦੇ ਹਨ ਕਿ ਡੇਰਾ ਪੈਰੋਕਾਰ ਅੰਦਰੋਂ ਅੰਦਰੀ ਅਕਾਲੀ ਭਾਜਪਾ ਗਠਜੋੜ ਨੂੰ ਹਮਾਇਤ ਦੇਣ ਦੇ ਮਾਮਲੇ ਤੇ ਖਫ਼ਾ ਹਨ ਅਤੇ ਉਹ ਨਰਾਜ਼ਗੀ ਜ਼ਾਹਰ ਕਰ ਰਹੇ ਹਨ ਕਿ ਨਸ਼ਿਆਂ ਦੇ ਪਸਾਰ ਕਰਕੇ ਗਠਜੋੜ ਕਟਹਿਰੇ ਵਿਚ ਹੈ ਤੇ ਡੇਰਾ ਸਿਰਸਾ ਦਾ ਮੂਲ ਏਜੰਡਾ ਵੀ ਨਸ਼ਿਆਂ ਦੇ ਖ਼ਿਲਾਫ਼ ਹੈ। ਕਈ ਡੇਰਾ ਕਮੇਟੀਆਂ ਨੇ ਚੇਤਾ ਵੀ ਕਰਾਇਆ ਹੈ ਕਿ ਮਈ 2007 ਵਿਚ ਅਕਾਲੀ ਦਲ ਵਲੋਂ ਉਨ•ਾਂ ਤੇ ਪਰਚੇ ਦਰਜ ਕੀਤੇ ਗਏ ਸਨ। ਉਧਰ ਡੇਰਾ ਸਿਰਸਾ ਦੀ ਮਜਬੂਰੀ ਬਣੀ ਹੋਈ ਹੈ ਅਤੇ ਭਾਜਪਾ ਨੂੰ ਇਨਕਾਰ ਕਰਨਾ ਔਖਾ ਲੱਗ ਰਿਹਾ ਹੈ। ਸਿਆਸੀ ਵਿੰਗ ਨੂੰ ਡਰ ਹੈ ਕਿ ਕਿਤੇ ਐਤਕੀਂ ਪੈਰੋਕਾਰ ਬਾਗੀ ਨਾ ਹੋ ਜਾਣ ਜਿਸ ਕਰਕੇ ਹਰ ਮੀਟਿੰਗ ਵਿਚ ਪੈਰੋਕਾਰਾਂ ਨੂੰ ਏਕਾ ਰੱਖਣ ਦੀ ਵਾਰ ਵਾਰ ਅਪੀਲ ਕੀਤੀ ਗਈ ਹੈ।
                        ਮੁੱਦਾ ਇਹ ਵੀ ਉਠਿਆ ਹੈ ਕਿ ਗਠਜੋੜ ਸਰਕਾਰ ਡੇਰਾ ਸਿਰਸਾ ਦੇ ਮੁਖੀ ਖਿਲਾਫ ਜਾਰੀ ਹੁਕਮਨਾਮਾ ਵਾਪਸ ਕਰਾਉਣ ਵਿਚ ਵੀ ਮਦਦ ਨਹੀਂ ਕਰ ਸਕੀ ਹੈ। ਡੇਰਾ ਪੈਰੋਕਾਰਾਂ ਨੂੰ ਜਦੋਂ ਗਠਜੋੜ ਦੀ ਹਮਾਇਤ ਦੀ ਭਿਣਕ ਪਈ ਤਾਂ ਉਨ•ਾਂ ਨੇ ਆਪਣੇ ਬਾਗੀ ਤੇਵਰ ਵੀ ਦਿਖਾਏ ਹਨ।  ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਪਹਿਲੀ ਫਰਵਰੀ ਤੱਕ ਸਿਆਸੀ ਹਮਾਇਤ ਦਾ ਐਲਾਨ ਹੋ ਜਾਵੇਗਾ ਅਤੇ ਫਿਲਹਾਲ ਵਿਚਾਰਾਂ ਚੱਲ ਰਹੀਆਂ ਹਨ। ਉਨ•ਾਂ ਆਖਿਆ ਕਿ ਬਹੁਗਿਣਤੀ ਪੈਰੋਕਾਰਾਂ ਨੇ ਅਕਾਲੀ ਭਾਜਪਾ ਗਠਜੋੜ ਦੀ ਹਮਾਇਤ ਕਰਨ ਵਾਰੇ ਆਖਿਆ ਹੈ ਅਤੇ ਹੋਰ ਅਲੱਗ ਮਸ਼ਵਰੇ ਵੀ ਆ ਰਹੇ ਹਨ। ਉਨ•ਾਂ ਆਖਿਆ ਕਿ ਪੈਰੋਕਾਰ ਪੂਰੀ ਤਰ•ਾਂ ਇੱਕਜੁੱਟ ਹਨ ਅਤੇ ਉਨ•ਾਂ ਦੇ ਬਾਗੀ ਹੋਣ ਦਾ ਮਤਲਬ ਹੀ ਨਹੀਂ। ਦੂਸਰੀ ਤਰਫ ਅਹਿਮ ਸੂਤਰਾਂ ਨੇ ਦੱਸਿਆ ਕਿ ਨੌਜਵਾਨ ਪੈਰੋਕਾਰਾਂ ਦਾ ਆਪਣੇ ਪਰਿਵਾਰਾਂ ਤੇ ਵੀ ਦਬਾਓ ਹੈ ਕਿ ਐਤਕੀਂ ਜ਼ਮੀਰ ਦੀ ਅਵਾਜ਼ ਮੁਤਾਬਿਕ ਵੋਟ ਪਾਈ ਜਾਵੇ। 

Monday, January 30, 2017

                                   ਖ਼ਾਕੀ ਦਾ ਖ਼ੌਫ
                  ਪਿੰਡ ਹੀ ਬੇਅਦਬ ਕਰ ਦਿੱਤਾ...
                                   ਚਰਨਜੀਤ ਭੁੱਲਰ
ਬਠਿੰਡਾ  : ਜਦੋਂ ਚੋਣਾਂ ਦੇ ਮਾਹੌਲ 'ਚ ਪੂਰਾ ਪੰਜਾਬ ਡੁੱਬਾ ਹੋਇਆ ਹੈ ਤਾਂ ਇਹ ਇਕਲੌਤਾ ਪਿੰਡ ਸਿਆਸੀ ਪੌਣ ਤੋਂ ਅਣਭਿੱਜ ਹੈ। ਓਪਰੇ ਆਦਮੀ ਦੀ ਪਿੰਡ 'ਚ ਦਸਤਕ ਹਰ ਨਿਆਣੇ ਸਿਆਣੇ ਭੈਅ ਭੀਤ ਕਰ ਦਿੰਦੀ ਹੈ। ਧਾਰਮਿਕ ਗਰੰਥਾਂ ਦੀ ਬੇਅਦਬੀ ਦਾ ਮੁਢ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਚੋਂ ਬੱਝਾ ਜਿਸ ਦਾ ਮਾਨਸਿਕ ਬੋਝ ਪੂਰਾ ਪਿੰਡ ਝੱਲ ਰਿਹਾ ਹੈ। ਪਹਿਲੀ ਜੂਨ 2015 ਨੂੰ ਪਿੰਡ ਦੇ ਗੁਰੂ ਘਰ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ। ਥੋੜੇ ਅਰਸੇ ਮਗਰੋਂ ਇਸ ਪਿੰਡ 'ਚ ਡੇਰਾ ਸਿਰਸਾ ਦੇ ਪੈਰੋਕਾਰ ਗੁਰਦੇਵ ਸਿੰਘ ਦਾ ਕਤਲ ਹੋ ਗਿਆ ਸੀ। ਧਾਰਮਿਕ ਗਰੰਥਾਂ ਦੀ ਬੇਅਦਬੀ ਦੇ ਜਿਸ ਮੁੱਦੇ ਨੇ ਇਨ•ਾਂ ਚੋਣਾਂ 'ਚ ਸਿਆਸੀ ਰੰਗ ਹੀ ਬਦਲ ਰੱਖੇ ਹਨ, ਉਸ ਦੀ ਪਹਿਲੀ ਘਟਨਾ ਦੇ ਗਵਾਹ ਇਸ ਪਿੰਡ 'ਚ ਹਾਲੇ ਵੀ ਪੁਲੀਸ ਦਹਿਸ਼ਤ ਦਾ ਰਾਜ ਹੈ। ਬਜ਼ੁਰਗ ਰੂਪ ਸਿੰਘ ਨੇ ਦੱਸਦਾ ਹੈ ਕਿ ਸਰੂਪ ਚੋਰੀ ਕਰਨ ਵਾਲੇ ਨੂੰ ਪੁਲੀਸ ਅੱਜ ਤੱਕ ਨਹੀਂ ਲੱਭ ਸਕੀ। ਪੁਲੀਸ ਨੇ ਪਿੰਡ ਦੇ ਦਰਜਨਾਂ ਨੌਜਵਾਨ ਕੁੱਟ ਕੁੱਟ ਨਕਾਰਾ ਕਰ ਦਿੱਤੇ ਹਨ। ਪਿੰਡ ਦੇ ਗੁਰੂ ਘਰ ਚੋਂ ਇੱਕ ਤਾਂ ਸਰੂਪ ਚੋਰੀ ਹੋਣ ਦਾ ਮਨ ਤੇ ਭਾਰ ਹੈ ਤੇ ਦੂਸਰਾ ਪੁਲੀਸ ਪਿੰਡ ਨੂੰ ਹੀ ਮੁਲਜ਼ਮ ਸਮਝ ਰਹੀ ਹੈ।
                       ਪੁਲੀਸ ਦੇ ਡਰੋਂ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੇ ਅਸਤੀਫ਼ਾ ਦੇ ਦਿੱਤਾ ਤੇ ਹੁਣ ਕੋਈ ਕਮੇਟੀ ਦਾ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੈ। ਜਦੋਂ ਬਾਹਰੋਂ ਕੋਈ ਪਿੰਡ 'ਚ ਕਿਸੇ ਨੂੰ ਸਧਾਰਨ ਫੋਨ ਵੀ ਆਉਂਦਾ ਹੈ ਤਾਂ ਫੋਨ ਟੇਪਿੰਗ ਹੋਣ ਕਰਕੇ ਉਸ ਪਰਿਵਾਰ ਲਈ ਬਿਪਤਾ ਖੜ•ੀ ਹੋ ਜਾਂਦੀ ਹੈ। ਪਿੰਡ ਦਾ ਪ੍ਰੇਮੀ ਗੁਰਦੇਵ ਸਿੰਘ ਦਿਨ ਦਿਹਾੜੇ ਕਤਲ ਹੋ ਗਿਆ, ਪੁਲੀਸ ਕੋਈ ਉਘ ਸੁੱਘ ਨਹੀਂ ਕੱਢ ਸਕੀ। ਨੌਜਵਾਨ ਚਰਨਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਪੁਲੀਸ ਦਾ ਭੈਅ ਲੋਕਾਂ ਦੇ ਮਨਾਂ ਚੋਂ ਨਿਕਲ ਨਹੀਂ ਰਿਹਾ। ਰਾਤ ਵਕਤ ਗੁਰੂ ਘਰ ਦੇ ਆਸ ਪਾਸ ਪੁਲੀਸ ਦਾ ਪਹਿਰਾ ਹਾਲੇ ਵੀ ਲੱਗਦਾ ਹੈ। ਗੁਰੂ ਘਰ ਅਤੇ ਪਿੰਡ ਦੇ ਮੁੱਖ ਰਾਹਾਂ ਤੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ। ਲੋਕਾਂ ਦਾ ਸ਼ਿਕਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਛੋਟੇ ਵੱਡੇ ਨੇਤਾ ਨੇ ਪਿੰਡ ਦਾ ਗੇੜਾ ਤੱਕ ਨਹੀਂ ਮਾਰਿਆ। ਪਿੰਡ ਦਾ ਦਲਿਤ ਬੰਸਾ ਸਿੰਘ ਪੁਲੀਸ ਦੀ ਕੁੱਟ ਮਗਰੋਂ ਦਿਹਾੜੀ ਜਾਣ ਜੋਗਾ ਨਹੀਂ ਰਿਹਾ ਹੈ। ਗੁਰੂ ਘਰ ਦੇ ਤਤਕਾਲੀ ਪ੍ਰਧਾਨ ਰਣਜੀਤ ਸਿੰਘ ਨੇ ਵਿਥਿਆ ਦੱਸੀ ਕਿ ਉਸ ਨੂੰ 24 ਘੰਟੇ ਸੀ.ਆਈ.ਏ ਰੱਖਿਆ ਗਿਆ। ਪੁਲੀਸ ਨੇ ਗੁਨਾਹਗਾਰਾਂ ਨੂੰ ਫੜਨ ਦੀ ਥਾਂ ਪੂਰਾ ਪਿੰਡ ਹੀ ਕਟਹਿਰੇ ਵਿਚ ਖੜ•ਾ ਕੀਤਾ ਹੋਇਆ ਹੈ।
                     ਦੱਸਣਯੋਗ ਹੈ ਕਿ ਪਿਛਲੇ 50 ਵਰਿ•ਆਂ ਵਿਚ ਕਦੇ ਵੀ ਇਸ ਪਿੰਡ ਵਿਚ ਕੋਈ ਵੱਡਾ ਜੁਰਮ ਨਹੀਂ ਹੋਇਆ ਹੈ ਲੋਕਾਂ ਨੇ ਦੱਸਿਆ ਕਿ ਗਰੰਥੀ ਸਿੰਘ ਵੀ ਡਰ ਚੋਂ ਨਹੀਂ ਨਿਕਲ ਸਕਿਆ। ਚੋਣ ਪ੍ਰਚਾਰ ਲਈ ਅਕਾਲੀ ਉਮੀਦਵਾਰ ਸੂਬਾ ਸਿੰਘ ਇਸ ਪਿੰਡ ਵਿਚ ਆਇਆ ਪਰ ਉਸ ਨੇ ਬੇਅਦਬੀ ਦੇ ਮੁੱਦੇ ਤੇ ਕੋਈ ਸਫਾਈ ਦੇਣ ਦੇ ਵੀ ਲੋੜ ਨਹੀਂ ਸਮਝੀ। ਬਜ਼ੁਰਗ ਗੁਰਚਰਨ ਸਿੰਘ ਨੇ ਗੱਲ ਮੁਕਾਈ ਕਿ ਉਹ ਤਾਂ ਹੁਣ ਕਿਸੇ ਓਪਰੇ ਆਦਮੀ ਕੋਲ ਬੇਅਦਬੀ ਦੇ ਮਾਮਲੇ ਮੂੰਹ ਖੋਲ•ਣ ਤੋਂ ਵੀ ਡਰਦੇ ਹਨ,ਪਤਾ ਨਹੀਂ ਕਦੋਂ ਪੁਲੀਸ ਬਹੁੜ ਪਏ। ਬਜ਼ੁਰਗ ਔਰਤਾਂ ਦਾ ਕਹਿਣਾ ਸੀ ਕਿ ਪਿੰਡ ਚੋਂ ਸਰੂਪ ਚੋਰੀ ਹੋਣ ਕਰਕੇ ਉਨ•ਾਂ ਦੇ ਮਨਾਂ ਤੇ ਬੋਝ ਹੈ। ਉਪਰੋਂ ਪੁਲੀਸ ਦੀ ਦਹਿਸ਼ਤ ਨੇ ਚੱਕੀ ਦੇ ਪੁੜਾਂ 'ਚ ਫਸਾ ਰੱਖਿਆ ਹੈ। ਇਹ ਵੀ ਦੱਸਿਆ ਕਿ ਜਦੋਂ ਡੇਢ ਸਾਲ ਪੁਲੀਸ ਪਿੰਡ ਵਿਚ ਰਹੀ ਤਾਂ ਗੁਰੂ ਘਰ ਚੋਂ ਹੀ ਉਹ ਲੰਗਰ ਛਕਾਉਂਦੇ ਰਹੇ। ਭਾਵੇਂ ਪੁਲੀਸ ਦੇ ਭੈਅ ਨੇ ਪਿੰਡ ਦੇ ਲੋਕਾਂ ਦੀ ਜੁਬਾਨ ਬੰਦ ਕੀਤੀ ਹੋਈ ਹੈ ਪਰ ਲੋਕਾਂ ਵਿਚ ਬੇਅਦਬੀ ਦੇ ਮਾਮਲੇ ਤੇ ਗੁੱਸਾ ਉਬਾਲੇ ਖਾ ਰਿਹਾ ਹੈ। ਆਂਢ ਗੁਆਂਢ ਦੇ ਪਿੰਡਾਂ ਦੇ ਵੀ ਕਾਫ਼ੀ ਨੌਜਵਾਨ ਪੁਲੀਸ ਨੇ ਕੁੱਟੇ ਹਨ। ਇੱਕ ਮੋਹਤਬਾਰ ਨੇ ਦੱਸਿਆ ਕਿ ਉਨ•ਾਂ ਨੂੰ ਮੁੰਡੇ ਛੁਡਵਾਉਣ ਲਈ ਧਰਨੇ ਮੁਜ਼ਾਹਰੇ ਕਰਨੇ ਪਏ ਹਨ।
                     ਪਿੰਡ ਦੇ ਲੋਕਾਂ ਦੇ ਕਾਰੋਬਾਰ ਅਤੇ ਖੇਤੀ ਦੇ ਕੰਮ ਵੀ ਪੁਲੀਸ ਦੇ ਡਰ ਕਾਰਨ ਪ੍ਰਭਾਵਿਤ ਹੋਏ ਹਨ। ਇਸ ਪਿੰਡ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਦੇ ਦੋ ਦਰਜਨ ਦੇ ਕਰੀਬ ਘਰ ਹਨ। ਪਿੰਡ ਵਿਚ ਕੋਈ ਵਖਰੇਵਾਂ ਨਹੀਂ ਹੈ ਪਰ ਪਿੰਡ ਚੁੱਪ ਹੈ ਤੇ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਦਾ ਮਾਹੌਲ ਹੈ। ਲੋਕ ਦੱਸਦੇ ਹਨ ਕਿ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਤਾਂ ਜਰੂਰ ਆਇਆ ਸੀ ਅਤੇ ਹੁਣ 'ਆਪ' ਅਤੇ ਕਾਂਗਰਸ ਦੇ ਉਮੀਦਵਾਰ ਨੇ ਵੀ ਪਿੰਡ ਦਾ ਗੇੜਾ ਮਾਰਿਆ ਹੈ। ਲੋਕ ਇਨ•ਾਂ ਉਮੀਦਵਾਰਾਂ ਨੂੰ ਸੁਣ ਤਾਂ ਰਹੇ ਹਨ ਪਰ ਹਾਲੇ ਕੋਈ ਵੀ ਬੋਲਣ ਜਾਂ ਸੁਆਲ ਕਰਨ ਦੀ ਜੁਰਅਤ ਨਹੀਂ ਕਰ ਰਿਹਾ ਹੈ। ਸਾਦੇ ਕੱਪੜਿਆਂ ਵਾਲਾ ਕੋਈ ਵੀ ਓਪਰਾ ਜਦੋਂ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਲੋਕ ਮੂੰਹ ਘੁਮਾ ਕੇ ਤੁਰ ਜਾਂਦੇ ਹਨ। ਇਸ ਪੱਤਰਕਾਰ ਨੇ ਜਦੋਂ ਸ਼ਨਾਖ਼ਤੀ ਕਾਰਡ ਦਿਖਾਇਆ ਤਾਂ ਉਸ ਮਗਰੋਂ ਹੀ ਲੋਕਾਂ ਨੇ ਇਹ ਗੱਲਾਂ ਸਾਂਝੀਆਂ ਕੀਤੀਆਂ।

Saturday, January 28, 2017

                                ਸਿਆਸੀ ਅਸ਼ੀਰਵਾਦ
                  ਡੇਰਾ ਸਿਰਸਾ ਪੁੱਜੇ ਉਮੀਦਵਾਰ
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ 'ਚ ਕੁੱਦੇ ਉਮੀਦਵਾਰਾਂ ਦਾ ਅੱਜ ਡੇਰਾ ਸਿਰਸਾ ਦੇ ਮੁਖੀ ਦੀ ਰਿਹਾਇਸ਼ ਤੇ ਮੇਲਾ ਲੱਗਾ ਰਿਹਾ ਅਤੇ ਇਨ੍ਹਾਂ ਉਮੀਦਵਾਰਾਂ ਨੇ ਅੱਜ ਡੇਰਾ ਮੁਖੀ ਦਾ ਆਸਰਾ ਤੱਕਿਆ। ਡੇਰਾ ਮੁਖੀ ਤੋਂ ਅੱਜ ਕਰੀਬ 80 ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਨੇ ਸਿਆਸੀ ਅਸ਼ੀਰਵਾਦ ਲਿਆ। ਇਨ੍ਹਾਂ ਉਮੀਦਵਾਰਾਂ ਵਲੋਂ ਕਈ ਦਿਨ ਪਹਿਲਾਂ ਡੇਰਾ ਮੁਖੀ ਤੋਂ ਸਮਾਂ ਮੰਗਿਆ ਜਾ ਰਿਹਾ ਸੀ। ਡੇਰਾ ਸਿਰਸਾ ਵਿਚ ਦੋ ਦਿਨ ਮੁੱਖ ਭੰਡਾਰਾ ਸੀ। ਅੱਜ ਦੁਪਾਹਿਰ ਮਗਰੋਂ ਡੇਰਾ ਮੁਖੀ ਨੇ ਕਰੀਬ ਪੌਣਾ ਘੰਟਾ ਇਨ੍ਹਾਂ ਉਮੀਦਵਾਰਾਂ ਨੂੰ ਸਮਾਂ ਦਿੱਤਾ। ਸਭਨਾਂ ਉਮੀਦਵਾਰਾਂ ਨੇ ਡੇਰਾ ਮੁਖੀ ਤੋਂ ਚੋਣਾਂ ਲਈ ਅਸ਼ੀਰਵਾਦ ਮੰਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵਾਪਸੀ ਮਗਰੋਂ ਅਕਾਲੀ ਉਮੀਦਵਾਰ ਅੱਜ ਪਹਿਲੀ ਦਫ਼ਾ ਡੇਰਾ ਸਿਰਸਾ ਗਏ। ਪਿਛਲੀ ਲੋਕ ਸਭਾ ਚੋਣ ਵਿਚ ਸਭ ਕੁਝ ਚੁੱਪ ਚੁਪੀਤੇ ਹੋਇਆ ਸੀ।  ਪ੍ਰਾਪਤ ਵੇਰਵਿਆਂ ਅਨੁਸਾਰ ਕੈਬਨਿਟ ਵਜ਼ੀਰ ਅਤੇ ਰਾਮਪੁਰਾ ਹਲਕੇ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਮੌੜ ਹਲਕੇ ਤੋਂ ਅਕਾਲੀ ਉਮੀਦਵਾਰ ਤੇ ਵਜ਼ੀਰ ਜਨਮੇਜਾ ਸਿੰਘ ਸੇਖੋਂ ਅਤੇ ਫਾਜਿਲਕਾ ਤੋਂ ਭਾਜਪਾ ਉਮੀਦਵਾਰ ਤੇ ਵਜ਼ੀਰ ਸੁਰਜੀਤ ਕੁਮਾਰ ਜਿਆਣੀ ਅੱਜ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਪ੍ਰਮੁੱਖ ਸਨ।
                    ਅਕਾਲੀ ਉਮੀਦਵਾਰ ਭੁੱਚੋ ਤੋਂ ਹਰਪ੍ਰੀਤ ਕੋਟਭਾਈ, ਬੱਲੂਆਣਾ ਤੋਂ ਪ੍ਰਕਾਸ਼ ਭੱਟੀ,ਹਲਕਾ ਕੋਟਕਪੂਰਾ ਤੋਂ ਮਨਤਾਰ ਬਰਾੜ,ਗਿੱਦੜਬਹਾ ਤੋਂ ਡਿੰਪੀ ਢਿਲੋਂ,ਹਲਕਾ ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੰਘ ਸਿੱਧੂ,ਹਲਕਾ ਸਰਦੂਲਗੜ੍ਹ ਤੋਂ ਦਿਲਰਾਜ ਭੂੰਦੜ,ਹਲਕਾ ਮੁਕਤਸਰ ਤੋਂ ਰੋਜ਼ੀ ਬਰਕੰਦੀ,ਹਲਕਾ ਨਾਭਾ ਤੋਂ ਕਬੀਰ ਦਾਸ,ਹਲਕਾ ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ,ਸਤਰਾਣਾ ਤੋਂ ਵਨਿੰਦਰ ਲੂਬਾ, ਦਿੜਬਾ ਤੋਂ ਗੁਲਜ਼ਾਰ ਸਿੰਘ ਆਦਿ ਨੇ ਵੀ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ। ਅੱਜ ਡੇਰਾ ਮੁਖੀ ਤੋਂ ਕਾਂਗਰਸੀ ਉਮੀਦਵਾਰਾਂ ਨੇ ਵੀ ਅਸ਼ੀਰਵਾਦ ਮੰਗਿਆ ਜਿਨ੍ਹਾਂ ਵਿਚ ਲਹਿਰਾਗਾਗਾ ਤੋਂ ਬੀਬੀ ਰਜਿੰਦਰ ਕੌਰ ਭੱਠਲ, ਬਰਨਾਲਾ ਤੋਂ ਕੇਵਲ ਢਿਲੋਂ,ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ,ਮਲੋਟ ਤੋਂ ਅਜਾਇਬ ਭੱਟੀ,ਮੁਕਤਸਰ ਤੋਂ ਕਰਨ ਬਰਾੜ,ਅਮਲੋਹ ਤੋਂ ਰਣਦੀਪ ਸਿੰਘ,ਦਰਸ਼ਨ ਬਰਾੜ, ਸੰਗਰੂਰ ਤੋਂ ਵਿਜੇਇੰਦਰ ਸਿੰਗਲਾ,ਗਿੱਦੜਬਹਾ ਤੋਂ ਰਾਜਾ ਵੜਿੰਗ,ਘਨੌਰ ਤੋਂ ਮਦਨ ਲਾਲ,ਨਾਭਾ ਤੋਂ ਸਾਧੂ ਸਿੰਘ ਧਰਮਸੋਤ,ਸਮਾਣਾ ਤੋਂ ਰਜਿੰਦਰ ਸਿੰਘ, ਸੁਨਾਮ ਤੋਂ ਦਮਨ ਬਾਜਵਾ, ਲੁਧਿਆਣਾ ਤੋਂ ਆਸੂ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦਾ ਲੜਕਾ ਅਰਜਨ ਬਾਦਲ ਆਦਿ ਸ਼ਾਮਿਲ ਸਨ।
                     ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਵੀ ਅੱਧੀ ਦਰਜਨ ਉਮੀਦਵਾਰ ਸ਼ਾਮਿਲ ਸਨ ਜਿਨ੍ਹਾਂ ਦੇ ਨਾਂਵਾਂ ਦਾ ਪਤਾ ਨਹੀਂ ਲੱਗ ਸਕਿਆ।  ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਉਕਤ ਉਮੀਦਵਾਰਾਂ ਦੇ ਡੇਰਾ ਮੁਖੀ ਤੋਂ ਅਸ਼ੀਰਵਾਦ ਲੈਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਡੇਰਾ ਮੁਖੀ ਨੇ ਸਾਰੇ ਉਮੀਦਵਾਰਾਂ ਨਾਲ ਇਕੱਠੇ ਹੀ ਗੱਲਬਾਤ ਕੀਤੀ ਹੈ ਅਤੇ ਇਕੱਲੇ ਇਕੱਲੇ ਨੂੰ ਡੇਰਾ ਮੁਖੀ ਨਹੀਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਹੋਰ ਉਮੀਦਵਾਰ ਵੀ ਡੇਰਾ ਮੁਖੀ ਤੋਂ ਸਮਾਂ ਮੰਗ ਰਹੇ ਹਨ ਪ੍ਰੰਤੂ ਹੋ ਸਕਦਾ ਹੈ ਕਿ ਡੇਰਾ ਮੁਖੀ ਵਿਦੇਸ਼ ਚਲੇ ਜਾਣ ਕਿਉਂਕਿ ਉਨ੍ਹਾਂ ਦੀ ਅਗਲੀ ਫਿਲਮ 10 ਫਰਵਰੀ ਨੂੰ ਰਲੀਜ਼ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਆਸੀ ਵਿੰਗ ਵਲੋਂ ਚੋਣਾਂ ਤੋਂ ਐਨ ਪਹਿਲਾਂ ਹਮਾਇਤ ਦਾ ਐਲਾਨ ਕੀਤਾ ਜਾਵੇਗਾ।

Thursday, January 26, 2017

                                          ਪੰਜਾਬ ਚੋਣਾਂ 
                            ਮਿੱਤਰਾਂ ਦਾ ਨਾਂਅ ਚੱਲਦੈ...
                                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਦੇ ਪਿੜ ਵਿੱਚ ਵੱਡਿਆਂ ਦੇ ਰੱਖੇ 'ਨਿੱਕੇ' ਨਾਮਾਂ ਦੇ ਚਰਚੇ ਹਨ। ਚੋਣ ਮੈਦਾਨ 'ਚ 'ਬਿੱਲਾ' ਵੀ ਹੈ ਤੇ 'ਕਿੱਕਰ' ਵੀ। ਇਵੇਂ ਚੋਣ ਪਿੜ 'ਚ 'ਗੁਰੂ' ਵੀ ਹੈ ਅਤੇ ਪ੍ਰਚਾਰ 'ਚ ਕੁੱਦਿਆ 'ਬਾਬਾ' ਵੀ। ਭਗਵੰਤ ਮਾਨ ਹਰ ਚੋਣ ਜਲਸੇ 'ਚ 'ਨੋਨੀ, ਬੋਨੀ,ਰੋਜ਼ੀ,ਬੰਟੀ,ਡਿੰਪੀ' ਦੀ ਗੱਲ ਕਰਦੇ ਹਨ। ਫਰੀਦਕੋਟ ਤੋਂ 'ਬੰਟੀ' ਚੋਣ ਲੜ ਰਿਹਾ ਹੈ ਤੇ ਗੁਰੂ ਹਰਸਹਾਏ ਤੋਂ 'ਨੋਨੀ'। ਗਿੱਦੜਬਹਾ ਤੋਂ 'ਡਿੰਪੀ' ਤੇ ਮੁਕਤਸਰ ਤੋਂ 'ਰੋਜ਼ੀ'। ਬਹੁਤੇ ਉਮੀਦਵਾਰਾਂ ਦੇ ਬਚਪਨ 'ਚ ਮਾਪਿਆਂ ਤੇ ਵੱਡਿਆਂ ਨੇ ਜੋ ਬਚਪਨ ਵਿਚ ਨਿੱਕੇ ਨਾਮ ਰੱਖੇ ਸਨ, ਉਹ ਅੱਜ ਚੋਣਾਂ ਵਿਚ ਚਰਚਾ ਵਿਚ ਹਨ। ਜਗਰਾਓ ਤੋਂ ਅਵਤਾਰ ਸਿੰਘ 'ਬਿੱਲਾ' ਚੋਣ ਲੜ ਰਿਹਾ ਹੈ ਜਦੋਂ ਕਿ ਫਿਰੋਜ਼ਪੁਰ ਤੋਂ ਜੋਗਿੰਦਰ 'ਜਿੰਦੂ'। 'ਆਪ' ਦੇ ਗੁਰਪ੍ਰੀਤ ਸਿੰਘ 'ਘੁੱਗੀ' ਦੇ ਹਲਕੇ ਤੋਂ ਗੁਰਪ੍ਰੀਤ ਸਿੰਘ 'ਘੁੱਲੀ' ਵੀ ਚੋਣ ਮੈਦਾਨ ਵਿਚ ਹੈ। ਫਰੀਦਕੋਟ ਤੋਂ 'ਕਿੱਕੀ' ਢਿਲੋਂ ਮੈਦਾਨ ਵਿਚ ਹੈ ਅਤੇ ਅੰਮ੍ਰਿਤਸਰ (ਦੱਖਣੀ) ਤੋਂ ਗੁਰਪ੍ਰਤਾਪ 'ਟਿੱਕਾ'। ਜੈਤੋਂ ਤੋਂ 'ਕਿੱਕਰ' ਸਿੰਘ ਬਸਪਾ ਉਮੀਦਵਾਰ ਹੈ ਜਦੋਂ ਕਿ ਧਰਮਕੋਟ ਤੋਂ 'ਤੋਤਾ' ਸਿੰਘ। ਬਠਿੰਡਾ ਦਿਹਾਤੀ ਤੋਂ 'ਰੂਬੀ' ਤੇ 'ਲਾਡੀ' ਆਹਮੋ ਸਾਹਮਣੇ ਹਨ। 
                       ਅਜਨਾਲਾ ਤੋਂ ਅਜ਼ਾਦ ਉਮੀਦਵਾਰ ਸੁਖਦੇਵ ਸਿੰਘ 'ਬਾਬਾ' ਹੈ ਜਦੋਂ ਕਿ ਭੁਲੱਥ ਤੋਂ ਰਜਿੰਦਰ ਸਿੰਘ 'ਫੌਜੀ'। ਗੜਸ਼ੰਕਰ ਤੋਂ ਅਕਾਲੀ ਦਲ ਦਾ 'ਹੀਰ' ਹੈ ਤੇ ਮੁਕਾਬਲੇ ਵਿਚ ਕਾਂਗਰਸ ਨੇ 'ਗੋਲਡੀ' ਉਤਾਰਿਆ ਹੈ। ਬਠਿੰਡਾ ਸ਼ਹਿਰੀ 'ਚ ਉਮੀਦਵਾਰ 'ਹੈਰੀ' ਕਿਸਮਤ ਅਜਮਾ ਰਿਹਾ ਹੈ ਜਦੋਂ ਕਿ ਮਾਨਸਾ ਤੋਂ ਜੌਨੀ ਪਿੜ ਵਿਚ ਹੈ ਚੋਣਾਂ ਵਿਚ ਫਿਰੋਜ਼ਪੁਰ ਤੋਂ ਪਰਮਿੰਦਰ 'ਪਿੰਕੀ' ਲੜਾਈ ਲੜ ਰਿਹਾ ਹੈ ਅਤੇ ਗੁਰੂ ਹਰਸਹਾਏ ਤੋਂ 'ਰੌਕੀ'। ਧੂਰੀ ਹਲਕੇ ਤੋਂ 'ਗੋਲਡੀ' ਤੇ 'ਜੱਸੀ' ਵੀ ਚੋਣ ਮੈਦਾਨ ਵਿਚ ਹਨ। ਸਰਦੂਲਗੜ ਤੋਂ 'ਆਪ' ਦਾ 'ਭੋਲਾ' ਮੈਦਾਨ ਵਿਚ ਹੈ ਜਦੋਂ ਕਿ ਸੁਨਾਮ ਤੋਂ ਅਜ਼ਾਦ ਉਮੀਦਵਾਰ ਰਜਿੰਦਰ 'ਦੀਪਾ' ਵੀ ਹੈ। ਇਨ•ਾਂ ਉਮੀਦਵਾਰਾਂ ਦੇ ਹਲਕਿਆਂ ਵਿਚ ਬਹੁਤੇ ਲੋਕ ਉਨ•ਾਂ ਨੂੰ 'ਨਿੱਕੇ ਨਾਵਾਂ' ਨਾਲ ਜਾਣਦੇ ਹਨ ਜਿਸ ਕਰਕੇ ਉਨ•ਾਂ ਨੇ ਕਾਗਜ਼ ਦਾਖਲ ਕਰਨ ਵਾਲੇ ਆਪਣੇ ਨਾਮ ਨਾਲ 'ਨਿੱਕੇ ਨਾਮ' ਦਾ ਜ਼ਿਕਰ ਵੀ ਜਰੂਰ ਕੀਤਾ ਹੋਇਆ ਹੈ। ਅੰਮ੍ਰਿਤਸਰ ਜ਼ਿਲ•ੇ 'ਚ ਸ਼ੈਰੀ, ਟਿੱਕਾ,ਲਾਲੀ,ਹਨੀ,ਸਿੱਕੀ ਆਦਿ ਚੋਣ ਮੈਦਾਨ ਵਿਚ ਡਟੇ ਹੋਏ ਹਨ ਜਦੋਂ ਕਿ ਦੁਆਬੇ ਵਿਚ ਰਾਣਾ, ਸ਼ਾਲੂ, ਰਿੰਕੂ, ਲਾਡੀ, ਬੱਬੀ, ਰਾਜਾ,ਬਿੱਟੂ,ਟੀਨੂੰ ਆਦਿ ਚੋਣਾਂ ਲੜ ਰਹੇ ਹਨ।
                     ਚਮਕੌਰ ਸਾਹਿਬ ਤੋਂ ਕਾਂਗਰਸ ਦੇ ਚਰਨਜੀਤ 'ਚੰਨੀ' ਡਟੇ ਹੋਏ ਹਨ ਜਦੋਂ ਕਿ ਬਰਨਾਲਾ ਤੋਂ 'ਆਪ' ਉਮੀਦਵਾਰ ਨੂੰ ਸਾਰੇ 'ਮੀਤ ਹੇਅਰ' ਵਜੋਂ ਜਾਣਦੇ ਹਨ। ਕਈ ਹਲਕਿਆਂ ਵਿਚ ਤਾਂ ਵੋਟਰ ਉਮੀਦਵਾਰਾਂ ਦੇ ਅਸਲੀ ਨਾਵਾਂ ਤੋਂ ਹੀ ਵਾਕਫ ਨਹੀਂ ਹਨ।  ਮੌੜ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ 'ਜੱਸੀ' ਮੈਦਾਨ ਵਿਚ ਹਨ। ਬਹੁਤੇ ਉਮੀਦਵਾਰ ਆਪਣੇ ਪਿੰਡ ਦੇ ਨਾਮ ਨਾਲ ਹੀ ਜਾਣੇ ਜਾਂਦੇ ਹਨ। ਰਾਮਪੁਰਾ ਹਲਕੇ ਤੋਂ ਸਿਕੰਦਰ ਸਿੰਘ ਦਾ ਪਿੰਡ ਮਲੂਕਾ ਹੈ ਜਦੋਂ ਕਿ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਦਾ ਪਿੰਡ ਕਾਂਗੜ ਹੈ। 'ਆਪ' ਦੇ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਦੇ ਨਾਮ ਨਾਲ 'ਸੰਧਵਾਂ' ਲੱਗਦਾ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਜਾਣੇ ਹੀ ਪਿੰਡ ਬਾਦਲ ਨਾਲ ਜਾਂਦੇ ਹਨ। ਦੇਖਣਾ ਇਹ ਹੈ ਕਿ ਛੋਟੇ ਨਾਵਾਂ ਵਾਲੇ ਕਿੰਨੇ ਕੁ ਉਮੀਦਵਾਰ ਚੋਣ ਜੰਗ ਵਿਚ ਸਫਲ ਹੁੰਦੇ ਹਨ।
                                      ਦਾਸ ਦੀ ਚੀਸ
                  ਸੁਖਬੀਰ ਨੇ ਸਾਡਾ ਘਰ ਪਾੜਿਆ
                                     ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਨੇ ਆਖਿਆ ਕਿ ਸੁਖਬੀਰ ਬਾਦਲ ਨੇ ਮਨਪ੍ਰੀਤ ਨੂੰ ਲਾਂਭੇ ਕਰਨ ਖਾਤਰ ਬਾਦਲ ਪਰਿਵਾਰ ਨੂੰ ਦੁਫਾੜ ਕੀਤਾ ਜਿਸ ਦਾ ਸਾਨੂੰ ਦੋਵੇਂ ਭਰਾਵਾਂ (ਦਾਸ਼ ਤੇ ਪਾਸ਼) ਨੂੰ ਅਫਸੋਸ ਹੈ। ਬਾਦਲ ਪਰਿਵਾਰ ਵਿਚ ਕੋਈ ਝਗੜਾ ਨਹੀਂ ਸੀ ਪਰ ਸੁਖਬੀਰ ਨੂੰ ਡਰ ਸੀ ਕਿ ਕਿਤੇ ਮਨਪ੍ਰੀਤ ਅੱਗੇ ਨਾ ਨਿਕਲ ਜਾਵੇ। ਮੁੱਖ ਮੰਤਰੀ ਨੇ ਵੀ ਸੁਖਬੀਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੱਠੇ ਰਹਿਣ 'ਚ ਹੀ ਪਰਿਵਾਰ ਦੀ ਤਾਕਤ ਹੈ ਪਰ ਸੁਖਬੀਰ ਸਮਝਿਆ ਨਹੀਂ। ਉਨ•ਾਂ ਆਖਿਆ ਕਿ ਸੁਖਬੀਰ ਤੇ ਹਰਸਿਮਰਤ ਸਿਆਣੇ ਨਹੀਂ ਹਨ ਅਤੇ ਉਨ•ਾਂ ਨੂੰ ਹੰਕਾਰ ਬਹੁਤ ਆ ਗਿਆ ਹੈ। ਹੁਣ ਤਾਂ ਮੁੰਡੇ ਭਾਰੂ ਪੈ ਗਏ ਹਨ ਅਤੇ ਮੁੱਖ ਮੰਤਰੀ ਦੇ ਕੁਝ ਵਸ ਵਿਚ ਨਹੀਂ ਹੈ। ਸਿਆਸਤ ਨੇ ਪਰਿਵਾਰ ਵੰਡ ਦਿੱਤਾ ਤੇ ਹੁਣ ਤਾਂ ਰਾਹ ਹੀ ਵੱਖ ਹੋ ਗਏ ਹਨ। ਕੁਝ ਕਰੁਪਟ ਜਥੇਦਾਰਾਂ ਨੇ ਹੀ ਮੁੱਖ ਮੰਤਰੀ ਨੂੰ ਕਮਜ਼ੋਰ ਕੀਤਾ ਹੈ। 
                         ਗੁਰਦਾਸ ਬਾਦਲ ਨੇ ਇੱਕ ਵਿਸ਼ੇਸ਼ ਇੰਟਰਵਿਊ 'ਚ ਇਹ ਵੀ ਖੁਲਾਸਾ ਕੀਤਾ ਕਿ ਮਨਪ੍ਰੀਤ ਬਾਦਲ ਅਸਲ ਵਿਚ ਅਧਿਆਪਕ ਬਣਨਾ ਚਾਹੁੰਦਾ ਸੀ ਤੇ ਸਿਆਸਤ ਤੋਂ ਦੂਰ ਰਹਿਣਾ ਚਾਹੁੰਦਾ ਸੀ। ਕਾਬਲ ਹੋਣ ਕਰਕੇ ਉਸ ਨੂੰ ਸਿਆਸਤ ਵਿਚ ਲੈ ਆਂਦਾ।  ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਉਸ ਵਿਚ ਕਾਬਲੀਅਤ ਨਹੀਂ। ਮਨਪ੍ਰੀਤ ਨੇ ਕਦੇ ਕਰੁਪਸ਼ਨ ਨਹੀਂ ਕੀਤੀ ਜਦੋਂ ਕਿ ਸੁਖਬੀਰ ਦੇ ਕਿੰਨੇ ਰੌਲੇ ਪੈ ਰਹੇ ਹਨ। ਗੁਰਦਾਸ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ•ਾਂ ਦਾ ਪੋਤਰਾ ਅਰਜਨ ਵੀ ਸਿਆਸਤ 'ਚ ਆਏਗਾ। ਉਹ ਤਾਂ ਚਾਹੁੰਦੇ ਹਨ ਕਿ ਪਹਿਲਾਂ ਆਪਣੀ ਲਾਅ ਦੀ ਡਿਗਰੀ ਮੁਕੰਮਲ ਕਰ ਲਵੇ ਪਰ ਉਹ ਹੁਣ ਮਨਪ੍ਰੀਤ ਦੀ ਚੋਣ ਵਿਚ ਕੁੱਦਿਆ ਹੋਇਆ ਹੈ।
                         ਉਨ•ਾਂ ਸੁਰੱਖਿਆ ਦੇ ਮੁੱਦੇ ਤੇ ਆਖਿਆ ਕਿ ਉਸ ਨੇ ਕਦੇ ਵੀ ਲਾਲ ਬੱਤੀ ਵਾਲੀ ਗੱਡੀ ਅਤੇ ਗੰਨਮੈਨਾਂ ਕੀ ਮੰਗ ਨਹੀਂ ਕੀਤੀ ਪਰ ਮੁੱਖ ਮੰਤਰੀ ਦਾ ਭਰਾ ਹੋਣ ਦੇ ਨਾਤੇ ਆਪਣੇ ਆਪ ਹੀ ਸੁਰੱਖਿਆ ਦੇ ਦਿੱਤੀ ਅਤੇ ਗੱਡੀ ਭੇਜ ਦਿੱਤੀ। ਉਸ ਨੇ ਕਦੇ ਮੰਗ ਨਹੀਂ ਕੀਤੀ ਸੀ। ਗੁਰਦਾਸ ਬਾਦਲ ਨੇ ਬਿਕਰਮ ਮਜੀਠੀਆ ਤੇ ਸਿੱਧੀ ਕੋਈ ਟਿੱਪਣੀ ਨਹੀਂ ਕੀਤੀ ਪਰ ਏਨਾ ਹੀ ਆਖਿਆ ਕਿ ਲੋਕ ਉਸ ਨੂੰ ਸਿਆਣਾ ਨਹੀਂ ਸਮਝਦੇ। ਉਨ•ਾਂ ਇਹ ਵੀ ਆਖਿਆ ਕਿ ਜਦੋਂ ਕਦੋਂ ਉਹ ਬਿਮਾਰ ਹੋ ਜਾਂਦਾ ਹੈ ਤਾਂ ਮੁੱਖ ਮੰਤਰੀ ਉਸ ਦਾ ਪਤਾ ਲੈਣ ਆਉਂਦੇ ਹਨ ਪਰ ਸਿਆਸਤ ਦੀ ਹੁਣ ਕਦੇ ਕੋਈ ਗੱਲ ਨਹੀਂ ਹੋਈ ਹੈ। ਉਨ•ਾਂ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰੀ ਸੀਟ ਤੋਂ ਮਨਪ੍ਰੀਤ ਜਿੱਤੇਗਾ ਅਤੇ ਕਾਂਗਰਸ ਸਰਕਾਰ ਬਣੇਗੀ। 
                                        ਚੋਣ 'ਸੇਵਾ'
               'ਬਰਫ਼ੀ ਗੁੜ' ਛੱਡਣ ਲੱਗਾ ਮਹਿਕਾਂ!
                                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਲਈ ਰੂੜੀ ਮਾਰਕਾ ਤਿਆਰ ਹੋਣ ਲੱਗੀ ਹੈ ਜਿਸ ਕਰਕੇ ਰੁੜਕੀ ਦੇ 'ਬਰਫ਼ੀ ਗੁੜ' ਦੀ ਮੰਗ ਵਧੀ ਹੈ। ਕਰੀਬ ਵੀਹ ਦਿਨਾਂ ਤੋਂ ਬਰਫ਼ੀ ਗੁੜ ਦੀ ਕੀਮਤ ਵਿਚ 150 ਰੁਪਏ ਦਾ ਵਾਧਾ ਹੋ ਗਿਆ ਹੈ। ਮਾਲਵਾ ਖ਼ਿੱਤੇ ਵਿਚ ਬਰਫ਼ੀ ਗੁੜ ਦੀ ਲਾਗਤ ਵਿਚ ਵਾਧਾ ਹੋਇਆ ਹੈ। ਰੁੜਕੀ ਦੇ ਲਾਗਿਓਂ ਗੁੜ ਵੱਡੀ ਪੱਧਰ ਤੇ ਮਾਲਵੇ ਦੀਆਂ ਮੰਡੀਆਂ ਵਿਚ ਪੁੱਜ ਰਿਹਾ ਹੈ ਜਿਥੋਂ ਅੱਗੇ ਲੋਕ ਲਿਜਾ ਰਹੇ ਹਨ। ਬਰਫ਼ੀ ਗੁੜ ਨੂੰ ਖਾਸ ਕਰਕੇ ਸ਼ਰਾਬ ਵਾਸਤੇ ਹੀ ਵਰਤਿਆ ਜਾਂਦਾ ਹੈ ਜੋ ਕਿ ਹਲਕੇ ਪੱਧਰ ਦਾ ਹੁੰਦਾ ਹੈ। ਬਠਿੰਡਾ ਜ਼ਿਲ•ੇ ਵਿਚ ਬੀੜ ਤਲਾਬ ਰੂੜੀ ਮਾਰਕਾ ਕੱਢਣ ਵਿਚ ਕਾਫ਼ੀ ਮਸ਼ਹੂਰ ਹੈ ਜਿਥੋਂ ਅੱਜ ਚੱਲਦੀ ਭੱਠੀ ਪੁਲੀਸ ਅਤੇ ਆਬਕਾਰੀ ਅਫਸਰਾਂ ਨੇ ਫੜੀ ਹੈ। ਬੀੜ ਤਲਾਬ ਦੀ ਬਸਤੀ ਨੰਬਰ ਤਿੰਨ ਵਿਚ ਦਿਨ ਦਿਹਾੜੇ ਅੱਜ ਰੂੜੀ ਮਾਰਕਾ ਤਿਆਰ ਹੋ ਰਹੀ ਸੀ ਜਿਥੋਂ 60 ਲੀਟਰ ਕੱਢੀ ਹੋਈ ਦਾਰੂ, ਬਰਫ਼ੀ ਗੁੜ ਦੇ ਦੋ ਗੱਟੇ ਅਤੇ ਦੋ ਕੁਇੰਟਲ ਲਾਹਣ ਬਰਾਮਦ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਤਿਉਣਾ ਪਿੰਡ ਦੀ ਜੂਹ ਚੋਂ 6.50 ਕੁਇੰਟਲ ਲਾਹਨ ਬਰਾਮਦ ਕੀਤਾ ਗਿਆ ਸੀ। ਅਹਿਮ ਸੂਤਰ ਦੱਸਦੇ ਹਨ ਕਿ ਪਿੰਡਾਂ ਵਿਚ ਬਹੁਤੇ ਲੋਕ ਲੀਡਰਾਂ ਤੋਂ ਚੋਣਾਂ ਵਿਚ 'ਰੂੜੀ ਮਾਰਕਾ' ਦੀ ਮੰਗ ਕਰਦੇ ਹਨ ਜਿਸ ਕਰਕੇ ਕਾਫ਼ੀ ਪਿੰਡਾਂ ਵਿਚ ਦੇਸੀ ਸ਼ਰਾਬ ਤਿਆਰ ਕੀਤੇ ਜਾਣ ਦੀ ਭਿਣਕ ਪਈ ਹੈ।
                           ਜ਼ਿਲ•ਾ ਫਾਜਿਲਕਾ ਦੇ ਪਿੰਡ ਚੰਨਣਵਾਲਾ ਵਿਚ ਅੱਜ ਹਜ਼ਾਰਾਂ ਲੀਟਰ ਸ਼ਰਾਬ ਫੜੀ ਹੈ। ਫਾਜਿਲਕਾ ਅਤੇ ਫਿਰੋਜ਼ਪੁਰ ਵਿਚ ਇਹ ਸ਼ਰਾਬ ਜਿਆਦਾ ਤਿਆਰ ਹੁੰਦੀ ਹੈ। ਮੁਕਤਸਰ ਜ਼ਿਲ•ੇ ਚੋਂ ਲਾਹਨ ਦੀ ਵੱਡੀ ਖੇਪ ਫੜੀ ਜਾ ਚੁੱਕੀ ਹੈ। ਇੱਕ ਗੁੜ ਵਪਾਰੀ ਨੇ ਦੱਸਿਆ ਕਿ ਬਰਫ਼ੀ ਗੁੜ ਦੀ ਜਿਆਦਾ ਲਾਗਤ ਸਰਹੱਦੀ ਜ਼ਿਲਿ•ਆਂ ਅਤੇ ਬਠਿੰਡਾ,ਮਾਨਸਾ,ਮੁਕਤਸਰ ਵਿਚ ਹੁੰਦੀ ਹੈ। ਉਨ•ਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜੋ ਗੁੜ 3200 ਰੁਪਏ ਕੁਇੰਟਲ ਵਿਕ ਰਿਹਾ ਸੀ, ਉਸ ਦੀ ਕੀਮਤ ਹੁਣ 3350 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਪਤਾ ਲੱਗਾ ਹੈ ਕਿ ਮੌੜ ਮੰਡੀ, ਰਾਮਪੁਰਾ, ਸੰਗਤ, ਤਲਵੰਡੀ ਅਤੇ ਰਾਮਾਂ ਮੰਡੀ ਦੇ ਇਲਾਕੇ ਵਿਚ ਬਰਫ਼ੀ ਗੁੜ ਦੀ ਜਿਆਦਾ ਵਿਕਰੀ ਹੋਈ ਹੈ। ਮਾਨਸਾ ਦੇ ਸਰਦੂਲਗੜ ਅਤੇ ਬੁਢਲਾਡਾ ਇਲਾਕੇ ਵਿਚ ਗੁੜ ਦੀ ਲਾਗਤ ਵਧੀ ਹੈ। ਗੁੜ ਵਪਾਰੀ ਪੁਸ਼ਟੀ ਤਾਂ ਕਰ ਰਹੇ ਹਨ ਪਰ ਕੋਈ ਆਪਣਾ ਨਾਮ ਜੱਗ ਜ਼ਾਹਰ ਨਹੀਂ ਕਰਨਾ ਚਾਹੁੰਦਾ ਹੈ। ਬਠਿੰਡਾ ਦੇ ਪਿੰਡ ਜੋ ਸ਼ਰਾਬ ਕੱਢਣ ਵਿਚ ਬਦਨਾਮ ਰਹੇ ਹਨ, ਉਨ•ਾਂ ਤੇ ਪੁਲੀਸ ਨੇ ਵਿਸ਼ੇਸ਼ ਤੌਰ ਤੇ ਨਜ਼ਰ ਰੱਖੀ ਹੋਈ ਹੈ। ਹੁਣ ਤੱਕ ਬਠਿੰਡਾ ਜ਼ਿਲ•ੇ ਵਿਚ ਅੱਠ ਕੇਸ ਧਿਆਨ ਵਿਚ ਆ ਚੁੱਕੇ ਹਨ। ਹਰਿਆਣਾ ਚੋਂ ਵੀ ਸ਼ਰਾਬ ਆ ਰਹੀ ਹੈ।
                         ਕਰ ਅਤੇ ਆਬਕਾਰੀ ਮਹਿਕਮੇ ਨੇ ਤਾਂ ਚੋਣਾਂ ਕਰਕੇ ਕਰੀਬ ਦਰਜਨ ਮੁਖ਼ਬਰ ਪਿੰਡਾਂ ਵਿਚ ਛੱਡ ਦਿੱਤੇ ਹਨ ਜਿਨ•ਾਂ ਨੂੰ ਬਕਾਇਦਾ ਠੇਕੇਦਾਰਾਂ ਤੋਂ ਤਨਖਾਹ ਦਿਵਾਈ ਜਾ ਰਹੀ ਹੈ। ਇਨ•ਾਂ ਮੁਖ਼ਬਰਾਂ ਨੂੰ ਇਲਾਕੇ ਵੰਡ ਦਿੱਤੇ ਗਏ ਹਨ ਜਿਨ•ਾਂ ਸਦਕਾ ਕਈ ਕੇਸ ਫੜੇ ਵੀ ਜਾ ਚੁੱਕੇ ਹਨ। ਬੀੜ ਤਲਾਬ ਵਿਚ ਫੜੀ ਸ਼ਰਾਬ ਵਾਰੇ ਵੀ ਮੁਖ਼ਬਰ ਨੇ ਹੀ ਸੂਚਨਾ ਦਿੱਤੀ ਸੀ। ਕਰ ਅਤੇ ਆਬਕਾਰੀ ਅਫਸਰ ਬਠਿੰਡਾ ਸ੍ਰੀ ਵਿਕਰਮ ਠਾਕੁਰ ਨੇ ਦੱਸਿਆ ਕਿ ਉਨ•ਾਂ ਨੇ ਐਤਕੀਂ ਚੋਣਾਂ ਕਰਕੇ ਮੁਖ਼ਬਰ ਪਿੰਡਾਂ ਵਿਚ ਛੱਡੇ ਹਨ ਜਿਨ•ਾਂ ਦੀ ਮਾਲੀ ਮਦਦ ਠੇਕੇਦਾਰ ਕਰ ਦਿੰਦੇ ਹਨ ਕਿਉਂਕਿ ਠੇਕਿਆਂ ਦੀ ਵਿਕਰੀ ਵਿਚ ਵਾਧਾ ਹੁੰਦਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਦੀ ਮਦਦ ਨਾਲ ਕਈ ਕੇਸ ਫੜੇ ਜਾ ਚੁੱਕੇ ਹਨ ਅਤੇ ਦਿਨ ਰਾਤ ਦੀ ਨਜ਼ਰ ਰੱਖੀ ਜਾ ਰਹੀ ਹੈ। 

Monday, January 23, 2017

                                ਬਦਲ ਗਏ ਰਾਹ
            ਗੈਂਗਸਟਰ ਦਾ ਹੀਰੋ ਹੁਣ ਚੀ ਗਵੇਰਾ !
                                ਚਰਨਜੀਤ ਭੁੱਲਰ
ਬਠਿੰਡਾ : ਗੈਂਗਸਟਰ ਲੱਖਾ ਸਧਾਣਾ ਦਾ ਹੀਰੋ ਹੁਣ ਚੀ ਗਵੇਰਾ ਹੈ। ਉਹ ਫੀਦਲ ਕਾਸਤਰੋ ਦੀ ਗੱਲ ਕਰਦਾ ਹੈ। ਨੌਜਵਾਨਾਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸੁਨੇਹਾ ਦੱਸਦਾ ਹੈ। ਗਦਰੀ ਬਾਬਿਆਂ ਦੀ ਕਹਾਣੀ ਸੁਣਾਉਂਦਾ ਹੈ। ਡਾ. ਭੀਮ ਰਾਓ ਅੰਬੇਦਕਰ ਦਾ ਫਲਸਫਾ ਦੱਸਣਾ ਨਹੀਂ ਭੁੱਲਦਾ। ਉਸ ਨੇ ਹੁਣ ਜ਼ਿੰਦਗੀ ਦੇ ਨਵੇਂ ਪੰਨੇ ਖੋਲ•ੇ ਹਨ। ਕਿਤਾਬਾਂ ਨੇ ਉਸ ਨੂੰ ਨਵੇਂ ਰਾਹ ਦਿਖਾ ਦਿੱਤੇ ਹਨ। ਕਦੇਂ ਗੈਂਗਸਟਰ ਲੱਖਾ ਸਧਾਣਾ ਸਿਰਫ ਗੋਲੀ ਦੀ ਭਾਸ਼ਾ ਜਾਣਦਾ ਹੁੰਦਾ ਸੀ। ਮਾਰ ਕੁੱਟ ਤੇ ਖੂਨ ਖ਼ਰਾਬਾ ਹੀ ਉਸ ਦਾ ਸੰਸਾਰ ਸੀ। ਮਹਿੰਗੀਆਂ ਗੱਡੀਆਂ ਤੇ ਲਾਮ ਲਸ਼ਕਰ ਉਸ ਦੀ ਪਹਿਚਾਣ ਬਣਦੇ ਸਨ। ਕਈ ਲੀਡਰਾਂ ਨੇ ਕੁਰਸੀ ਨੂੰ ਹੱਥ ਪਾਉਣ ਲਈ ਉਸ ਦਾ ਮੋਢਾ ਵਰਤਿਆ। ਹਲਕਾ ਰਾਮਪੁਰਾ ਦੇ ਪਿੰਡਾਂ 'ਚ ਲੱਗੇ ਗੈਂਗਸਟਰ ਲੱਖਾ ਸਧਾਣਾ ਦੇ ਪੋਸਟਰ ਹੁਣ  ਸਭ ਨੂੰ ਹੈਰਾਨ ਕਰਦੇ ਹਨ। ਇਨ•ਾਂ ਪੋਸਟਰਾਂ ਤੇ ਚੀ ਗਵੇਰਾ, ਫੀਦਲ ਕਾਸਤਰੋ, ਨੈਲਸ਼ਨ ਮੰਡੇਲਾ, ਡਾ. ਭੀਮ ਰਾਓ ਅੰਬੇਦਕਰ ਤੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਹਨ। ਇਹ ਪੋਸਟਰ ਲੋਕਾਂ ਦੀ ਸਮਝ ਤੋਂ ਬਾਹਰ ਹਨ। ਗੈਂਗਸਟਰ ਲੱਖਾ ਸਧਾਣਾ ਨੇ ਅੱਜ ਆਪਣੇ ਪਿੰਡ ਸਧਾਣਾ ਵਿਚ ਅੱਜ ਪਹਿਲੀ ਚੇਤਨਾ ਰੈਲੀ ਕਰਕੇ 'ਜਾਗ ਪੰਜਾਬੀ ਜਾਗ' ਦਾ ਸੁਨੇਹਾ ਦਿੱਤਾ।
                         ਲੋਕਾਂ ਦਾ ਭਰੋਸਾ ਲੱਖਾ ਜਿੱਤ ਸਕੇਗਾ ਜਾਂ ਨਹੀਂ,ਇਹ ਵੱਖਰੀ ਗੱਲ ਹੈ ਪ੍ਰੰਤੂ ਉਸ ਨੇ ਜੁਰਮ ਦੇ ਜਗਤ ਤੋਂ ਮੂੰਹ ਫੇਰਨ ਦਾ ਐਲਾਨ ਕਰ ਦਿੱਤਾ ਹੈ। ਉਹ ਹੁਣ ਆਪਣੇ ਪੁਰਾਣੇ ਦਾਗ ਧੋਣਾ ਚਾਹੁੰਦਾ ਹੈ। ਉਸ ਵਲੋਂ ਅਚਾਨਕ ਕੱਟੇ ਮੋੜੇ ਨੇ ਸਭਨਾਂ ਨੂੰ ਦੰਗ ਕੀਤਾ ਹੈ। ਦੱਸਣਯੋਗ ਹੈ ਕਿ ਲੱਖਾ ਸਧਾਣਾ ਕਬੱਡੀ ਦਾ ਚੰਗਾ ਖਿਡਾਰੀ ਰਿਹਾ ਹੈ ਅਤੇ ਉਸ ਨੇ ਜੁਰਮ ਦੀ ਦੁਨੀਆਂ ਵਿਚ ਪੈਰ ਪਾਉਣ ਮਗਰੋਂ ਮਾਲਵਾ ਖ਼ਿੱਤੇ ਵਿਚ ਪੂਰੀ ਦਹਿਸ਼ਤ ਬਣਾ ਲਈ ਸੀ। ਕਈ ਲੀਡਰਾਂ ਦੀ ਖਾਤਰ ਉਸ ਨੇ ਬੂਥਾਂ ਤੇ ਕਬਜ਼ੇ ਵੀ ਕੀਤੇ ਸਨ। ਉਸ ਨੇ ਔਸਤਨ ਤਿੰਨ ਚਾਰ ਮਹੀਨੇ ਹਰ ਸਾਲ ਜੇਲ•ਾਂ ਵਿਚ ਹੀ ਕੱਟੇ ਹਨ। ਆਦਮਪੁਰਾ ਕਾਂਡ ਵਿਚ ਉਸ ਦੇ ਗੋਲੀ ਲੱਗੀ ਅਤੇ ਉਸ ਮਗਰੋਂ ਪਿੰਡ ਸਿਧਾਣਾ ਵਿਚ ਉਸ ਤੇ ਹਮਲਾ ਹੋਇਆ ਸੀ। ਉਸ ਨੇ ਦੋ ਵਾਰੀ ਮੌਤ ਨੇੜਿਓਂ ਵੇਖੀ ਹੈ। ਪੰਜਾਬੀ ਟ੍ਰਿਬਿਊਨ ਨਾਲ ਗੱਲ ਕਰਦੇ ਹੋਏ ਲੱਖਾ ਸਧਾਣਾ ਨੇ ਪਛਤਾਵਾਂ ਕੀਤਾ ਕਿ ਉਸ ਨੇ ਲੀਡਰਾਂ ਦੇ ਹੱਥੀਂ ਚੜ• ਕੇ ਚੌਧਰ ਦੇ ਸੰਸਾਰ ਵਿਚ ਪੈਰ ਰੱਖ ਲਿਆ ਸੀ। ਉਹ ਆਖਦਾ ਹੈ ਕਿ ਕਿਤਾਬਾਂ ਨੇ ਮੈਨੂੰ ਹਲੂਣਾ ਦਿੱਤਾ ਹੈ। ਚੀ ਗਵੇਰਾ ਤੇ ਫੀਦਲ ਕਾਸਤਰੋ ਨੇ ਮੈਨੂੰ ਜਗਾ ਦਿੱਤਾ ਹੈ। ਉਹ ਦੱਸਦਾ ਹੈ ਕਿ ਉਸ ਨੇ ਜੇਲ• ਦੌਰਾਨ ਪੂਰੇ ਮਾਰਕਸਵਾਦ ਨੂੰ ਪੜਿ•ਆ ਤੇ ਸ਼ਹੀਦ ਭਗਤ ਸਿੰਘ ਦੀ ਜੋ ਕਿਤਾਬ ਹੱਥ ਲੱਗੀ, ਉਸ ਦਾ ਪਾਠ ਕੀਤਾ।
                      ਮੁਕਤਸਰ ਜੇਲ• 'ਚ ਊਰਦੂ ਭਾਸ਼ਾ ਸਿੱਖੀ ਅਤੇ ਰੂਸੀ ਤੇ ਭਾਰਤੀ ਸਾਹਿਤ ਦੀ ਹਰ ਚੰਗੀ ਪੁਸਤਕ ਨੂੰ ਪੜਿ•ਆ। ਉਹ ਦੱਸਦਾ ਹੈ ਕਿ ਜਦੋਂ ਕਿਤਾਬਾਂ ਨੇ ਉਸ ਨੂੰ ਰੋਸ਼ਨੀ ਦਿਖਾਈ ਤਾਂ ਉਸ ਨੂੰ ਰਾਤਾਂ ਦੀ ਨੀਂਦ ਇਨ•ਾਂ ਕਿਤਾਬਾਂ ਤੋਂ ਛੋਟੀ ਲੱਗੀ। ਦੱਸ ਦੇਈਏ ਕਿ ਸਾਲ 2012 ਦੀਆਂ ਚੋਣਾਂ ਵਿਚ ਲੱਖਾ ਸਧਾਣਾ ਨੇ ਪੀਪਲਜ਼ ਪਾਰਟੀ ਤਰਫ਼ੋਂ ਰਾਮਪੁਰਾ ਹਲਕੇ ਤੋਂ ਚੋਣ ਵੀ ਲੜੀ ਸੀ। ਉਹ ਦੱਸਦਾ ਹੈ ਕਿ ਹੁਣ ਚੋਣਾਂ ਵਿਚ ਵੀ ਸਭ ਧਿਰਾਂ ਵਲੋਂ ਹਮਾਇਤ ਮੰਗੀ ਜਾ ਰਹੀ ਹੈ ਪਰ ਉਸ ਨੇ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਹ ਆਖਦਾ ਹੈ ਕਿ ਚੋਣਾਂ ਨਾਲ ਮੂਲ ਮਸਲੇ ਹੱਲ ਨਹੀਂ ਹੋਣੇ ਜਿਸ ਲਈ ਹਰ ਆਦਮੀ ਨੂੰ ਜਾਗਣਾ ਪੈਣਾ ਹੈ। ਜਾਗਣ ਨਾਲ ਹੀ ਬੰਦਾ ਸੁਧਰਦਾ ਹੈ। ਜਾਗਣ ਮਗਰੋਂ ਲੋਕ ਕੀ ਕਰਨ, ਇਸ ਦਾ ਉਹ ਖੁਲਾਸਾ ਨਹੀਂ ਕਰਦਾ ਹੈ। ਲੱਖਾ ਸਧਾਣਾ ਨੂੰ ਅੱਜ ਵੀ ਆਪਣੇ ਸਾਹਾਂ ਦੀ ਗਿਣਤੀ ਦਾ ਪਤਾ ਨਹੀਂ ਪਰ ਉਹ ਚੌਕਸ ਰਹਿ ਕੇ ਜੁਰਮ ਦੀ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ। ਜੁਰਮ ਦਾ ਸੰਸਾਰ ਉਸ ਨੂੰ ਇਸ ਤੋਂ ਮੁਕਤ ਹੋਣ ਦਿੰਦਾ ਹੈ ਜਾਂ ਨਹੀਂ ,ਇਹ ਤਾਂ ਸਮਾਂ ਦੱਸੇਗਾ। ਜਦੋਂ ਲੱਖਾ ਨੂੰ ਪੁੱਛਿਆ ਕਿ ਤੁਸੀਂ ਹੁਣ 'ਕਾਮਰੇਡ' ਬਣ ਗਏ ਹੋ ਤਾਂ ਉਸ ਨੇ ਆਖਿਆ ਕਿ ਉਹ ਤਾਂ ਜਾਗਦੀ ਜ਼ਮੀਰ ਵਾਲਾ ਇਨਸਾਨ ਬਣਨਾ ਚਾਹੁੰਦਾ ਹੈ।
                     ਉਹ ਦੱਸਦਾ ਹੈ ਕਿ ਉਹ ਦੋ ਵਾਰ ਮੌਤ ਨੂੰ ਜੱਫੀ ਪਾ ਕੇ ਮੁੜਿਆ ਹੈ। ਉਹ ਹੁਣ ਪਿੰਡ ਦੀਵਾਨਾ (ਬਰਨਾਲਾ) ਦੀ ਲਾਇਬਰੇਰੀ ਵਿਚ ਨੌਜਵਾਨਾਂ ਨੂੰ ਕਿਤਾਬਾਂ ਲਿਆ ਕੇ ਪੜਨ ਲਈ ਪ੍ਰੇਰਦਾ ਹੈ। 'ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਪਰ ਬਾਕੀ ਸਮਾਂ ਹੁਣ ਲੋਕਾਂ ਲਈ ਲਾਵਾਂਗਾ।' ਲੱਖੇ ਦਾ ਇਹ ਕਹਿਣਾ ਹੈ। ਉਸ ਨੇ ਸਮਾਜਿਕ ਤੇ ਸਿਆਸੀ ਪ੍ਰਬੰਧ 'ਚ ਬਦਲਾਓ ਲਈ ਕੋਈ ਨਵਾਂ ਫ਼ਾਰਮੂਲਾ ਤਾਂ ਨਹੀਂ ਦੱਸਿਆ ਪਰ ਉਹ ਹੁਣ ਪਿੰਡ ਪਿੰਡ ਚੇਤਨਾ ਰੈਲੀਆਂ ਕਰਨ ਦਾ ਪ੍ਰੋਗਰਾਮ ਵੀ ਉਲੀਕ ਰਿਹਾ ਹੈ। ਹੁਣ ਖਾਸ ਗੱਲ ਇਹ ਵੇਖਣੀ ਹੋਵੇਗੀ ਕਿ ਉਹ ਨਵੇਂ ਰਾਹਾਂ ਤੇ ਕਿੰਨਾ ਕੁ ਪਹਿਰਾ ਦਿੰਦਾ ਹੈ ਅਤੇ ਲੋਕਾਂ ਦਾ ਦਿਲ ਜਿੱਤਣ ਵਿਚ ਕਿੰਨਾ ਕੁ ਸਫਲ ਹੁੰਦਾ ਹੈ। ਚਰਚੇ ਇਹ ਵੀ ਹੈ ਕਿ ਉਸ ਦੇ ਆਖਰੀ ਮਨਸੂਬੇ ਵਿਚ ਸਿਆਸਤ ਵਿਚ ਕੁੱਦਣ ਦੇ ਵੀ ਹੋ ਸਕਦੇ ਹਨ।

Sunday, January 22, 2017

                                 ਨੇਤਾ ਜੀ..
           ਸਾਡੀ ਜ਼ਿੰਦਗੀ ਨੂੰ ਕਚਰਾ ਨਾ ਕਰੋ !
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਕਣਵਾਲ 'ਚ ਹੁਣ ਜ਼ਿੰਦਗੀ ਧੜਕਦੀ ਨਹੀਂ। ਬੇਵਸੀ ਦੇ ਦਿਨ ਤੇ ਰਾਤਾਂ ਦੀ ਬੇਚੈਨੀ ਇਸ ਪਿੰਡ ਦੀ ਚਸ਼ਮਦੀਦ ਬਣ ਗਈ ਹੈ। ਅਕਾਲੀ ਹਕੂਮਤ ਦਾ 'ਵਿਕਾਸ ਮਾਡਲ' ਪਿੰਡ ਦੀ ਅੱਖ ਦੀ ਰੜਕ ਬਣ ਗਿਆ ਹੈ। ਬਠਿੰਡਾ ਰਿਫਾਈਨਰੀ ਦੇ ਪ੍ਰਦੂਸ਼ਣ ਨੇ ਇਸ ਪਿੰਡ 'ਚ ਸੁੰਨ ਵਰਤਾਈ ਹੋਈ ਹੈ। ਤਿੰਨ ਵਰਿ•ਆਂ ਤੋਂ ਪੂਰਾ ਪਿੰਡ ਇੱਥੋਂ ਸ਼ਿਫਟ ਹੋਣਾ ਚਾਹੁੰਦਾ ਹੈ। ਦੋ ਚੋਣਾਂ 'ਚ ਹਾਕਮਾਂ ਨੇ ਪਿੰਡ ਸ਼ਿਫਟ ਨੂੰ ਕਰਨ ਦਾ ਡਰਾਮਾ ਕੀਤਾ ਪਰ ਪਰਨਾਲਾ ਉਥੇ ਦਾ ਉਥੇ ਹਨ। ਹੁਣ ਚੋਣਾਂ 'ਚ ਰਿਫਾਈਨਰੀ ਮੁੜ ਮੁੱਦਾ ਬਣੀ ਹੈ। ਪੰਜਾਬ ਦੇ ਟੇਲ ਤੇ ਪੈਂਦੇ ਇਸ ਪਿੰਡ ਚੋਂ ਜੁਗਰਾਜ ਸਿੰਘ ਤੇ ਪ੍ਰਿਤਪਾਲ ਸਿੰਘ ਸਮੇਤ ਦਰਜਨ ਪਰਿਵਾਰ ਪ੍ਰਦੂਸ਼ਣ ਤੋਂ ਅੱਕੇ ਪਿੰਡ ਛੱਡ ਕੇ ਹਰਿਆਣਾ ਜਾ ਵਸੇ ਹਨ।  ਕਰੀਬ ਦੋ ਦਰਜਨ ਘਰਾਂ ਨੂੰ ਹੁਣ ਤਾਲੇ ਲਟਕਣ ਲੱਗੇ ਹਨ ਅਤੇ ਬਹੁਤੇ ਲੋਕ ਹੋਰਨਾਂ ਸ਼ਹਿਰਾਂ ਵਿਚ ਸ਼ਿਫਟ ਹੋ ਗਏ ਹਨ। ਪ੍ਰਦੂਸ਼ਣ ਤੋਂ ਅੱਕ ਕੇ ਸੁਖਮਿੰਦਰ ਸਿੰਘ ਤੇ ਅਰਜਨ ਸਿੰਘ ਨੇ ਰਿਫਾਈਨਰੀ ਤੋਂ ਦੂਰ ਮਕਾਨ ਵੀ ਬਣਾਇਆ ਪਰ ਮਾਮਲਾ ਫਿਰ ਨਹੀਂ ਹੱਲ ਹੋਇਆ। ਬਜ਼ੁਰਗ ਗੁਰਤੇਜ ਸਿੰਘ ਆਖਦਾ ਹੈ ਕਿ ਜਦੋਂ ਉਨ•ਾਂ ਦੇ ਪਿੰਡ ਪ੍ਰਕਾਸ਼ ਸਿੰਘ ਬਾਦਲ ਆਇਆ ਸੀ ਤਾਂ ਉਦੋਂ ਬਾਦਲ ਨੇ ਵੀ ਐਨਕ ਉਤਾਰਦੇ ਆਖਿਆ ਸੀ, 'ਥੋਡੀ ਗੱਲ ਤਾਂ ਸੱਚੀ ਹੈ, ਅੱਖਾਂ ਤਾਂ ਮੇਰੀਆਂ ਵੀ ਮੱਚਣ ਲੱਗ ਪਈਆਂ ਨੇ।' ਇਵੇਂ ਜਗਜੀਤ ਸਿੰਘ ਦੱਸਦਾ ਹੈ ਕਿ ਰਿਫਾਈਨਰੀ ਦੀ ਗੰਧਕ ਨੇ ਸਾਹ ਦਮੇ ਅਤੇ ਚਮੜੀ ਦੇ ਰੋਗ ਲਾ ਦਿੱਤੇ ਹਨ।
                           ਲੋਕ ਸਭਾ ਚੋਣਾਂ 'ਚ ਹਰਸਿਮਰਤ ਬਾਦਲ ਨੇ ਪਿੰਡ ਨੂੰ ਸ਼ਿਫਟ ਕਰਨ ਦਾ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ, ਉਸ ਮਗਰੋਂ ਜ਼ਿਮਨੀ ਚੋਣ ਮੌਕੇ ਫਿਰ ਵਾਅਦਾ ਕੀਤਾ। ਸੱਥ ਵਿਚ ਬੈਠੇ ਬਜ਼ੁਰਗਾਂ ਨੇ ਆਖਿਆ ਕਿ 'ਅਕਾਲੀ ਦੋ ਵਾਰੀ ਲਾਰੇ ਲਾ ਕੇ ਵੋਟਾਂ ਲੈ ਗਏ, ਉਨ•ਾਂ ਦੀ ਜ਼ਿੰਦਗੀ ਦਾ ਕਚਰਾ ਬਣਿਆ ਪਿਆ ਹੈ।' ਹੁਣ ਪਿੰਡ 'ਚ ਵੋਟਾਂ ਮੰਗਣ ਜਦੋਂ ਕਾਂਗਰਸੀ ਉਮੀਦਵਾਰ ਖੁਸ਼ਬਾਜ ਜਟਾਣਾ ਆਇਆ ਤਾਂ ਉਸ ਨੇ ਸਭ ਦੁੱਖ ਕੱਟਣ ਦਾ ਵਾਅਦਾ ਕੀਤਾ ਹੈ। 'ਆਪ' ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਨੇ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਪਿੰਡ ਦੀ ਮੁਸ਼ਕਲ ਦੂਰ ਕਰਨ ਦੀ ਗੱਲ ਆਖੀ ਹੈ। ਲੋਕਾਂ ਨੇ ਦੱਸਿਆ  ਕਿ ਦਲਿਤ ਔਰਤ ਅੰਗਰੇਜ਼ ਕੌਰ ਹਫਤਾ ਪਹਿਲਾਂ ਹੀ ਕੈਂਸਰ ਨਾਲ ਚੱਲ ਵਸੀ, ਪਹਿਲਾਂ ਉਸ ਦਾ ਪਤੀ ਮੌਤ ਦੇ ਰਾਹ ਚਲਾ ਗਿਆ। ਵਸਨੀਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸੱਤ ਵਰਿ•ਆਂ ਦੀ ਬੱਚੀ ਸੁਪਨਪ੍ਰੀਤ ਨੂੰ ਚਮੜੀ ਰੋਗ ਲੱਗ ਗਿਆ ਹੈ। ਇਵੇਂ ਦਰਸ਼ਨ ਸਿੰਘ ਨੇ ਆਖਿਆ ਕਿ ਚਮੜੀ ਰੋਗ ਨੇ ਪਿੰਡ ਨਰਕ ਬਣਾ ਦਿੱਤੀ ਹੈ। ਪੰਜਾਬ ਹਰਿਆਣਾ ਸੀਮਾ ਤੇ ਪੈਂਦੇ ਇਸ ਪਿੰਡ ਦੀ ਕਰੀਬ 2350 ਦੀ ਅਬਾਦੀ ਹੈ ਅਤੇ 1370 ਦੇ ਕਰੀਬ ਵੋਟਾਂ ਹਨ। ਲੋਕ ਇੱਕੋ ਸੁਰ 'ਚ ਆਖਦੇ ਹਨ ਕਿ 'ਰਿਫਾਈਨਰੀ ਦਾ ਪ੍ਰਦੂਸ਼ਣ ਏਦਾ ਹੀ ਵਰਿ•ਆਂ ਤਾਂ ਬਿਮਾਰੀਆਂ ਨੇ ਹੀ ਵੋਟਾਂ ਦੀ ਗਿਣਤੀ ਘਟਾ ਦੇਣੀ ਹੈ।'
                           ਜਦੋਂ ਕੁਝ ਅਰਸਾ ਪਹਿਲਾਂ ਰਿਫਾਈਨਰੀ 'ਚ ਬਲਾਸਟ ਵਰਗੀ ਘਟਨਾ ਵਾਪਰੀ ਤਾਂ ਉਦੋਂ ਦੇ ਲੋਕ ਦਹਿਲੇ ਹੋਏ ਹਨ। ਗੁਆਂਢੀ ਪਿੰਡ ਫੁੱਲੋਖਾਰੀ ਦਾ ਬਜ਼ੁਰਗਾਂ ਨੇ ਆਖਿਆ ਕਿ 'ਕਾਹਦਾ ਵਿਕਾਸ, ਅਸੀਂ ਤਾਂ ਢਿੱਡ ਨਾਲ ਬੰਬ ਬੰਨ ਲਿਆ ਹੈ।' ਕਣਕਵਾਲ ਦੇ ਨੌਜਵਾਨ ਅਰਸ਼ਪਿੰਦਰ ਆਖਦਾ ਹੈ ਕਿ ਦਰਜਨਾਂ ਮੁੰਡਿਆਂ ਨੇ ਰਿਫਾਈਨਰੀ ਦੀ ਝਾਕ ਵਿਚ ਡਿਪਲੋਮਾ ਕੋਰਸ ਕੀਤੇ ਪਰ ਕੋਈ ਪੁੱਛਦਾ ਨਹੀਂ। ਪਿੰਡ ਦੇ ਜਲ ਘਰ ਨੂੰ ਨਹਿਰੀ ਪਾਣੀ ਦਾ ਕੁਨੈਕਸ਼ਨ ਨਹੀਂ। ਕਿਸਾਨਾਂ ਨੇ ਆਪਣਾ ਖੇਤਾਂ ਦਾ ਪਾਣੀ ਜਲ ਘਰ ਦੀਆਂ ਟੈਂਕੀਆਂ ਵਿਚ ਪਾ ਕੇ ਮਸਲਾ ਹੱਲ ਕੀਤਾ ਹੈ। ਪਿੰਡ ਵਿਚਲੇ ਰੇਲ ਮਾਰਗ ਦੇ ਫਾਟਕਾਂ ਨੇ ਰਹਿੰਦੀ ਕਸਰ ਕੱਢ ਦਿੱਤੀ ਹੈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਕਈ ਦਫਾ ਤਾਂ ਫਾਟਕ ਬੰਦ ਹੋਣ ਕਰਕੇ ਅਰਥੀ ਨੂੰ ਲੈ ਕੇ ਲੋਕਾਂ ਨੂੰ ਕਾਫੀ ਕਾਫ਼ੀ ਸਮਾਂ ਖੜਨਾ ਪੈਂਦਾ ਹੈ। ਪਿੰਡ ਦਾ ਗੁਰੂ ਘਰ ਲਾਈਨੋਂ ਪਾਰ ਹੈ ਜਿਸ ਕਰਕੇ ਬਜ਼ੁਰਗ ਤਾਂ ਗੁਰੂ ਘਰ ਜਾ ਹੀ ਨਹੀਂ ਸਕਦੇ ਹਨ। ਰਿਫਾਈਨਰੀ ਵਾਲੀ ਗੱਡੀ ਜਦੋਂ ਆਉਂਦੀ ਹੈ ਤਾਂ ਲੰਮਾ ਸਮਾਂ ਫਾਟਕ ਬੰਦ ਰਹਿੰਦਾ ਹੈ। ਪਿੰਡ ਵਿਚ ਕੋਈ ਡਿਸਪੈਂਸਰੀ ਨਹੀਂ ਅਤੇ ਮਿਡਲ ਸਕੂਲ ਹੈ ਜਿਥੇ 45 ਬੱਚੇ ਹਨ ਅਤੇ ਚਾਰ ਅਧਿਆਪਕ ਹਨ। ਪਿੰਡ ਦੀ ਇੱਕੋ ਮੰਗ ਹੈ ਕਿ ਉਨ•ਾਂ ਨੂੰ ਰਿਫਾਈਨਰੀ ਦੀ ਜੜ• ਚੋਂ ਬਾਹਰ ਕੱਢ ਦਿਓ। ਇਹੋ ਹਾਲ ਰਿਹਾ ਤਾਂ ਉਨ•ਾਂ ਦੇ ਧੀਆਂ ਪੁੱਤਾਂ ਦੇ ਰਿਸ਼ਤਿਆਂ ਦਾ ਸੰਕਟ ਬਣ ਜਾਣਾ ਹੈ। ਪਿੰਡ ਫੁੱਲੋਖਾਰੀ,ਰਾਮਸਰਾ ਅਤੇ ਹੋਰ ਲਾਗਲੇ ਪਿੰਡਾਂ ਦੀ ਵੀ ਇਹੋ ਕਹਾਣੀ ਹੈ।
                                          ਏਦਾ ਦੀ ਕੋਈ ਗੱਲ ਨਹੀਂ : ਵਿਨਾਇਕ
ਰਿਫਾਈਨਰੀ ਦੇ ਲੋਕ ਸੰਪਰਕ ਅਫਸਰ ਸ੍ਰੀ ਪੰਕਜ ਵਿਨਾਇਕ ਦਾ ਪ੍ਰਤੀਕਰਮ ਸੀ ਕਿ ਪ੍ਰਦੂਸ਼ਣ ਕਾਰਨ ਕੋਈ ਸਰੀਰਕ ਮੁਸ਼ਕਲ ਆਉਣ ਵਾਲੀ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਉਨ•ਾਂ ਵਲੋਂ ਪਿੰਡਾਂ ਵਿਚ ਹੈਲਥ ਕੈਂਪ ਵੀ ਲਾਏ ਜਾਂਦੇ ਹਨ। ਕਿਧਰੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਏਅਰ ਮੌਨੀਟਰਿੰਗ ਵੈਨ ਵਗੈਰਾ ਵੀ ਭੇਜੀ ਜਾਂਦੀ ਹੈ। ਕੁਝ ਕੈਮੀਕਲਜ਼ ਦੀ ਗੰਧਕ ਹੋ ਸਕਦੀ ਹੈ। ਉਨ•ਾਂ ਦੱਸਿਆ ਕਿ ਕਿਸੇ ਨਾ ਕਿਸੇ ਰੂਪ ਵਿਚ ਰਿਫਾਈਨਰੀ ਵਿਚ ਕਰੀਬ 20 ਫੀਸਦੀ ਸਟਾਫ ਪੰਜਾਬ ਚੋਂ ਹੀ ਹੈ। 

Wednesday, January 11, 2017

                               ਬਾਦਲਾਂ ਦੇ ਹਲਕੇ 
                   ਚੱਟ ਗਏ ਚੇਅਰਮੈਨੀ ਕੋਟਾ
                                ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਐਤਕੀਂ ਬਾਦਲਾਂ ਦੇ ਹਲਕੇ ਹੀ ਟਿਊਬਵੈਲ ਕੁਨੈਕਸ਼ਨਾਂ ਦਾ ਚੇਅਰਮੈਨੀ ਕੋਟਾ ਚੱਟ ਗਏ ਹਨ। ਚੋਣ ਜ਼ਾਬਤੇ ਤੋਂ ਇੱਕ ਦਿਨ ਪਹਿਲਾਂ ਚੇਅਰਮੈਨੀ ਕੋਟੇ ਦੇ ਕਰੀਬ ਤਿੰਨ ਹਜ਼ਾਰ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਪੰਜਾਬ ਭਰ ਚੋਂ ਵਜ਼ੀਰ ਬਿਕਰਮ ਸਿੰਘ ਮਜੀਠੀਆ ਦਾ ਹਲਕਾ ਮਜੀਠਾ ਝੰਡੀ ਲੈ ਗਿਆ ਹੈ ਜਿਥੇ ਸਭ ਤੋਂ ਵੱਧ 2315 ਕੁਨੈਕਸ਼ਨ ਦਿੱਤੇ ਗਏ ਹਨ ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਵਿਚ 1465 ਕੁਨੈਕਸ਼ਨ ਦਿੱਤੇ ਗਏ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕਾ ਬਠਿੰਡਾ ਵਿਚ 8980 ਕੁਨੈਕਸ਼ਨ ਦਿੱਤੇ ਗਏ ਹਨ। ਇਕੱਲੀ ਇਸ ਸਿਆਸੀ ਤਿੱਕੜੀ ਨੂੰ ਚੇਅਰਮੈਨੀ ਕੋਟੇ ਚੋਂ 12,760 (21.87 ਫੀਸਦੀ) ਕੁਨੈਕਸ਼ਨ ਦਿੱਤੇ ਗਏ ਹਨ। ਮੌਜੂਦ ਰਿਕਾਰਡ ਅਨੁਸਾਰ ਚੇਅਰਮੈਨੀ ਕੋਟੇ ਦੇ ਕਰੀਬ 60 ਹਜ਼ਾਰ ਕੁਨੈਕਸ਼ਨ ਜਾਰੀ ਕੀਤੇ ਗਏ ਹਨ ਜਦੋਂ ਕਿ 25 ਵਰਿ•ਆਂ ਤੋਂ ਕੁਨੈਕਸ਼ਨਾਂ ਦੀ ਉਡੀਕ ਕਰਨ ਵਾਲੇ ਜਰਨਲ ਕੈਟਾਗਿਰੀ ਵਾਲੇ ਕਿਸਾਨਾਂ ਨੂੰ 30 ਹਜ਼ਾਰ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਪਾਵਰਕੌਮ ਨੇ ਪਾਲਿਸੀ ਵਿਚ ਸਾਲ 2015-16 ਅਤੇ 2016-17 ਲਈ ਚੇਅਰਮੈਨੀ ਕੋਟੇ ਦੇ 50 ਹਜ਼ਾਰ ਕੁਨੈਕਸ਼ਨਾਂ ਦਾ ਕੋਟਾ ਰੱਖਿਆ ਸੀ ਪ੍ਰੰਤੂ ਮਗਰੋਂ 21 ਦਸੰਬਰ 2016 ਨੂੰ ਇਸ ਵਿਚ ਪੰਜ ਹਜ਼ਾਰ ਹੋਰ ਕੁਨੈਕਸ਼ਨਾਂ ਦਾ ਵਾਧਾ ਕਰ ਦਿੱਤਾ।
                       ਇੱਥੋਂ ਤੱਕ ਕਿ ਚੋਣ ਜ਼ਾਬਤੇ ਤੋਂ ਇੱਕ ਦਿਨ ਪਹਿਲਾਂ 3 ਜਨਵਰੀ ਨੂੰ ਚੇਅਰਮੈਨੀ ਕੋਟੇ ਵਿਚ ਪੰਜ ਹਜ਼ਾਰ ਹੋਰ ਕੁਨੈਕਸ਼ਨ ਦਾ ਵਾਧਾ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪਾਵਰਕੌਮ ਦੇ ਸੀ.ਐਮ.ਡੀ ਸ੍ਰੀ ਕੇ.ਡੀ.ਚੌਧਰੀ ਦੀ ਮਿਆਦ ਵਿਚ ਸਰਕਾਰ ਨੇ ਹਾਲ ਹੀ ਵਿਚ ਦੋ ਵਰਿ•ਆਂ ਦਾ ਵਾਧਾ ਕੀਤਾ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਪੰਜ ਹਲਕਿਆਂ ਨੂੰ ਇਹ ਕੁਨੈਕਸ਼ਨ ਮਿਲੇ ਹੀ ਨਹੀਂ ਹਨ ਜਦੋਂ ਕਿ 6 ਹਲਕਿਆਂ ਨੂੰ ਪ੍ਰਤੀ ਹਲਕਾ 10 ਤੋਂ ਘੱਟ ਕੁਨੈਕਸ਼ਨ ਮਿਲੇ ਹਨ। ਪੰਜਾਬ ਦੇ ਦਰਜਨ ਹਲਕਿਆਂ ਨੂੰ ਪ੍ਰਤੀ ਹਲਕਾ 100 ਤੋਂ ਘੱਟ ਅਤੇ 60 ਹਲਕਿਆਂ ਵਿਚ ਪ੍ਰਤੀ ਹਲਕਾ ਪੰਜ ਸੌ ਤੋਂ ਘੱਟ ਕੁਨੈਕਸ਼ਨ ਮਿਲੇ ਹਨ। ਹਲਕਾ ਤਲਵੰਡੀ ਸਾਬੋ ਦਾ ਪੰਜਾਬ ਚੋਂ ਦੂਸਰਾ ਨੰਬਰ ਹੈ ਜਿਥੇ 2046 ਕੋਟੇ ਵਾਲੇ ਕੁਨੈਕਸ਼ਨ ਦਿੱਤੇ ਗਏ ਹਨ। ਵਜ਼ੀਰ ਆਦੇਸ਼ ਪ੍ਰਤਾਪ ਕੈਰੋਂ ਦੇ ਹਲਕਾ ਪੱਟੀ ਦੇ ਹਿੱਸੇ ਸਿਰਫ਼ 250 ਕੁਨੈਕਸ਼ਨ ਹੀ ਆਏ ਹਨ। ਬੀਬਾ ਬਾਦਲ ਦੇ ਹਲਕਾ ਲੋਕ ਸਭਾ ਵਿਚ ਵੰਡੇ 8990 ਕੁਨੈਕਸ਼ਨਾਂ ਚੋਂ ਹਲਕਾ ਬਠਿੰਡਾ ਦਿਹਾਤੀ ਨੂੰ 1521,ਬੁਢਲਾਡਾ ਨੂੰ 1139,ਮਾਨਸਾ ਨੂੰ 1020,ਸਰਦੂਲਗੜ ਨੂੰ 922 ਅਤੇ ਬਠਿੰਡਾ ਸ਼ਹਿਰੀ ਨੂੰ 745 ਕੁਨੈਕਸ਼ਨ ਦਿੱਤੇ ਗਏ ਹਨ। ਕੈਬਨਿਟ ਮੰਤਰੀ ਪਰਮਿੰਦਰ ਢੀਂਡਸਾ ਦੇ ਹਲਕਾ ਲਹਿਰਾਗਾਗਾ ਨੂੰ 1056 ਕੁਨੈਕਸ਼ਨ ਦਿੱਤੇ ਗਏ ਹਨ। ਭਾਵੇਂ ਪੰਜਾਬ ਸਰਕਾਰ ਨੇ 'ਆਪਣਿਆਂ' ਨੂੰ ਕੋਟੇ ਵਾਲੇ ਕੁਨੈਕਸ਼ਨ ਵੰਡੇ ਹਨ ਪਰ ਇਹ ਕਿਸਾਨੀ ਲਈ ਮਹਿੰਗਾ ਸੌਂਦਾ ਹੈ।
                         ਇੱਕ ਮੁਲਾਂਕਣ ਅਨੁਸਾਰ ਪੰਜ ਸੌ ਮੀਟਰ ਦੀ ਲੰਬਾਈ ਤੱਕ ਵਾਲਾ 10 ਹਾਰਸ ਪਾਵਰ ਦਾ ਕੁਨੈਕਸ਼ਨ ਜਨਰਲ ਕੈਟਾਗਿਰੀ ਵਿਚ ਸਿਰਫ਼ 45 ਹਜ਼ਾਰ ਰੁਪਏ ਦਾ ਪੈਂਦਾ ਹੈ ਜਦੋਂ ਕਿ ਕਿਸਾਨਾਂ ਨੂੰ ਇਹੋ 10 ਹਾਰਸ ਪਾਵਰ ਵਾਲਾ ਚੇਅਰਮੈਨੀ ਕੋਟੇ ਵਾਲਾ ਕੁਨੈਕਸ਼ਨ ਦਾ ਖਰਚਾ 1.70 ਲੱਖ ਰੁਪਏ ਪੈਂਦਾ ਹੈ। ਬਠਿੰਡਾ ਮਾਨਸਾ ਵਿਚ ਤਾਂ ਇਨ•ਾਂ ਕੁਨੈਕਸ਼ਨਾਂ ਨੇ ਕਿਸਾਨਾਂ ਸਿਰ ਕਰਜ਼ੇ ਚਾੜ• ਦਿੱਤੇ ਹਨ। ਦੇਖਣਾ ਇਹ ਹੈ ਕਿ ਇਹ ਕੁਨੈਕਸ਼ਨ ਕਿੰਨਾ ਕੁ ਹਾਕਮ ਧਿਰ ਨੂੰ ਸਿਆਸੀ ਲਾਹਾ ਦਿੰਦੇ ਹਨ। ਪਲਾਈਜ ਫੈਡਰੇਸ਼ਨ ਲਹਿਰਾ ਮੁਹੱਬਤ ਦਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਦਾ ਪ੍ਰਤੀਕਰਮ ਸੀ ਕਿ ਪਾਵਰਕੌਮ ਨੂੰ ਸਿਆਸੀ ਲਾਹੇ ਲਈ ਵਰਤਿਆ ਗਿਆ ਹੈ ਜਦੋਂ ਕਿ ਜਨਰਲ ਕੈਟਾਗਿਰੀ ਦੀ ਕਤਾਰ ਵਿਚ ਲੱਗੇ ਕਿਸਾਨ 25 ਵਰਿ•ਆਂ ਤੋਂ ਕੁਨੈਕਸ਼ਨ ਉਡੀਕ ਰਹੇ ਹਨ। ਸੀ.ਐਮ.ਡੀ ਨੇ ਆਪਣੀ ਮਿਆਦ ਵਿਚ ਵਾਧੇ ਖਾਤਰ ਪਾਵਰਕੌਮ ਨੂੰ ਦਾਅ ਤੇ ਲਾਇਆ ਹੈ। ਦੂਸਰੀ ਤਰਫ ਪਾਵਰਕੌਮ ਦੇ ਸੀ.ਐਮ.ਡੀ ਸ੍ਰੀ ਕੇ.ਡੀ.ਚੌਧਰੀ ਨੇ ਫੋਨ ਨਹੀਂ ਚੁੱਕਿਆ ਜਦੋਂ ਕਿ ਡਾਇਰੈਕਟਰ (ਕਮਰਸ਼ੀਅਲ) ਸ੍ਰੀ ਸੁਰਿੰਦਰਪਾਲ ਦਾ ਕਹਿਣਾ ਸੀ ਕਿ ਉਸ ਨੂੰ ਇਸ ਵਾਰੇ ਕੁਝ ਪਤਾ ਨਹੀਂ ਕਿਉਂਕਿ ਚੇਅਰਮੈਨੀ ਕੋਟੇ ਨੂੰ ਸਿੱਧਾ ਸੀ.ਐਮ.ਡੀ ਹੀ ਦੇਖ ਰਹੇ ਹਨ।

Sunday, January 8, 2017

                                ਅਫਸਰ ਹੋਏ 'ਰੈੱਡ'
         ਸ਼ਿਵ ਡੋਡਾ ਦੀ ਜ਼ਮੀਨ ਹੋਵੇਗੀ ਨਿਲਾਮ?
                                  ਚਰਨਜੀਤ ਭੁੱਲਰ
ਬਠਿੰਡਾ : ਫਾਜਿਲਕਾ ਜੇਲ ਵਿਚ ਦਰਬਾਰ ਲਾਉਣ ਵਾਲੇ ਸ਼ਿਵ ਲਾਲ ਡੋਡਾ ਹੁਣ ਕਰੋੜਾਂ ਰੁਪਏ ਦੇ ਡਿਫਾਲਟਰ ਹੋ ਗਏ ਹਨ ਜਿਨ•ਾਂ ਦੀ ਜ਼ਮੀਨ ਕੁਰਕ ਕਰਨ ਦੀ ਤਿਆਰੀ ਵਿੱਢੀ ਗਈ ਹੈ। ਚੋਣ ਜ਼ਾਬਤੇ ਮਗਰੋਂ ਅਫਸਰਾਂ ਨੇ ਡੋਡਾ ਪਰਿਵਾਰ ਨੂੰ 'ਦਿਨ ਪੁੱਗਣ' ਦਾ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਕਮ ਗਠਜੋੜ ਦੇ ਚਹੇਤਾ ਰਹੇ ਸ਼ਿਵ ਡੋਡਾ ਦੀ ਸ਼ਰਾਬ ਕੰਪਨੀ ਦੀ ਆਬਕਾਰੀ ਅਫਸਰ ਨੇ 'ਰੈੱਡ ਐਂਟਰੀ' ਪਾ ਦਿੱਤੀ ਹੈ। ਆਬਕਾਰੀ ਮਹਿਕਮੇ ਨੂੰ ਇਹ ਪੈਸਾ ਡੁੱਬਣ ਦਾ ਖਤਰਾ ਖੜ•ਾ ਹੋ ਗਿਆ ਹੈ। ਸ਼ਿਵ ਡੋਡਾ ਦੀਆਂ ਕੰਪਨੀਆਂ ਹੁਣ ਮਹੀਨਾਵਾਰ ਕਿਸ਼ਤਾਂ ਦੇਣ ਵਿਚ ਪਛੜ ਗਈਆਂ ਹਨ। ਮਾਲਵਾ ਖ਼ਿੱਤੇ ਵਿਚ ਡੋਡਾ ਦੀ ਮਾਲਕੀ ਵਾਲੀ ਗਗਨ ਵਾਈਨ ਅਤੇ ਉਸ ਦੀਆਂ ਹੋਰ ਸ਼ਰਾਬ ਫਰਮਾਂ ਕਰੀਬ 30 ਕਰੋੜ ਦੀਆਂ ਡਿਫਾਲਟਰ ਹੋ ਗਈਆਂ ਹਨ। ਇਸ ਖ਼ਿੱਤੇ ਵਿਚ ਤਾਂ ਅੱਧੀ ਦਰਜਨ ਸ਼ਰਾਬ ਦੇ ਕਾਰੋਬਾਰੀ ਅੱਧ ਵਿਚਾਲੇ ਕੰਮ ਛੱਡ ਕੇ ਭੱਜ ਵੀ ਗਏ ਹਨ। ਬਠਿੰਡਾ, ਫਾਜਿਲਕਾ,ਫਰੀਦਕੋਟ,ਮੋਗਾ ਅਤੇ ਬਰਨਾਲਾ ਵਿਚ ਸ਼ਰਾਬ ਕਾਰੋਬਾਰ ਦੇ ਜਿਆਦਾ ਡਿਫਾਲਟਰ ਹਨ। ਦੱਸਣਯੋਗ ਹੈ ਕਿ ਫਾਜਿਲਕਾ ਜੇਲ• ਵਿਚ ਸ਼ਿਵ ਡੋਡਾ ਨਾਲ ਅਕਾਲੀ ਆਗੂਆਂ ਦੀ ਮੀਟਿੰਗ ਦਾ ਮਾਮਲਾ ਹੁਣ ਚਰਚਾ ਵਿਚ ਆਇਆ ਹੈ।
                       ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ•ੇ ਵਿਚ ਸ਼ਿਵ ਡੋਡਾ ਦੀ 'ਗਗਨ ਵਾਈਨ' ਵਲੋਂ ਕਰੀਬ 20 ਕਰੋੜ ਰੁਪਏ ਦੇ ਬਕਾਏ ਹਾਲੇ ਤੱਕ ਤਾਰੇ ਨਹੀਂ ਗਏ ਹਨ ਜਿਸ ਦੇ ਵਜੋਂ ਅਬਕਾਰੀ ਅਫਸਰਾਂ ਨੇ ਡੋਡਾ ਪਰਿਵਾਰ ਦੀ ਅਬੋਹਰ ਵਿਚਲੀ 50 ਏਕੜ ਜ਼ਮੀਨ ਦੀ ਮਾਲ ਮਹਿਕਮੇ ਦੇ ਰਿਕਾਰਡ ਵਿਚ 'ਰੈਡ ਇੰਟਰੀ' ਪਵਾ ਦਿੱਤੀ ਹੈ ਤਾਂ ਜੋ ਉਹ ਇਸ ਜ਼ਮੀਨ ਨੂੰ ਵੇਚ ਨਾ ਸਕੇ। ਮਾਲੀ ਵਰ•ਾ 2016-17 ਦੇ ਕਾਰੋਬਾਰ ਦੇ ਸਿਰਫ਼ 83 ਦਿਨ ਬਚੇ ਹਨ। ਵਸੂਲੀ ਨਾ ਹੋਈ ਤਾਂ ਆਬਕਾਰੀ ਮਹਿਕਮੇ ਵਲੋਂ ਜ਼ਮੀਨ ਅਤੇ ਹੋਰ ਕਾਰੋਬਾਰ ਕੁਰਕ ਕੀਤੇ ਜਾਣਗੇ। ਬਠਿੰਡਾ ਜ਼ਿਲ•ੇ ਵਿਚ ਅਕਤੂਬਰ ਮਹੀਨੇ ਤੋਂ ਕਿਸ਼ਤ ਟੁੱਟਣੀ ਸ਼ੁਰੂ ਹੋ ਗਈ ਸੀ। ਚੋਣ ਜ਼ਾਬਤੇ ਮਗਰੋਂ ਅਫਸਰ ਮੁਸਤੈਦ ਹੋ ਗਏ ਹਨ। ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ•ੇ ਵਿਚ ਸ਼ਰਾਬ ਦਾ ਸਮੁੱਚਾ ਕਾਰੋਬਾਰ ਅਡਵਾਂਸ ਵਾਈ, ਏਕਮ ਵਾਈਨ ਅਤੇ ਗਗਨ ਵਾਈਨ ਨੂੰ ਦਿੱਤਾ ਹੈ। ਇਨ•ਾਂ ਤਿੰਨੋ ਫਰਮਾਂ ਵਲੋਂ ਕਰੀਬ 80 ਕਰੋੜ ਭਰੇ ਨਹੀਂ ਗਏ ਹਨ। ਇੱਥੋਂ ਤੱਕ ਆਟਾ ਦਾਲ ਦਾ ਸੈੱਸ ਵੀ ਇਨ•ਾਂ ਫਰਮਾਂ ਨੇ ਤਾਰਿਆ ਨਹੀਂ ਹੈ। ਆਬਕਾਰੀ ਮਹਿਕਮੇ ਨੇ ਇਨ•ਾਂ ਫਰਮਾਂ ਦੀ ਰੋਜ਼ਾਨਾ ਦੀ ਵਿਕਰੀ ਤੇ ਨਜ਼ਰ ਰੱਖਣ ਵਾਸਤੇ ਦੋ ਅਧਿਕਾਰੀ ਲਾ ਦਿੱਤੇ ਹਨ।
                     ਕਰ ਅਤੇ ਆਬਕਾਰੀ ਅਫਸਰ ਬਠਿੰਡਾ ਸ੍ਰੀ ਵਿਕਰਮ ਠਾਕੁਰ ਦਾ ਕਹਿਣਾ ਸੀ ਕਿ ਇਨ•ਾਂ ਫਰਮਾਂ ਦੀ ਕਰੀਬ 15 ਕਰੋੜ ਦੀ ਜਾਇਦਾਦ ਅਟੈਚ ਕਰ ਲਈ ਗਈ ਹੈ ਅਤੇ ਵਸੂਲੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਗਗਨ ਵਾਈਨ ਵੱਲ ਕਰੀਬ 20 ਕਰੋੜ ਤੋਂ ਜਿਆਦਾ ਰਾਸ਼ੀ ਖੜ•ੀ ਹੈ। ਦੱਸਣਯੋਗ ਹੈ ਕਿ ਬਠਿੰਡਾ ਜ਼ਿਲ•ੇ ਦੇ ਸ਼ਰਾਬ ਦੇ ਕਾਰੋਬਾਰੀ ਫਰਮਾਂ ਤੇ ਇੱਕ ਵਜ਼ੀਰ ਦਾ ਹੱਥ ਹੈ ਜਿਸ ਕਰਕੇ ਇਨ•ਾਂ ਤੋਂ ਵਸੂਲੀ ਕਰਨ ਵਿਚ ਹੁਣ ਤੱਕ ਪ੍ਰਸ਼ਾਸਨ ਢਿੱਲ ਵਰਤਦਾ ਰਿਹਾ। ਚੋਣ ਜ਼ਾਬਤਾ ਲੱਗਣ ਮਗਰੋਂ ਅਬਕਾਰੀ ਮਹਿਕਮੇ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਫਾਜਿਲਕਾ ਜ਼ਿਲ•ੇ ਵਿਚ ਡੋਡਾ ਦੀ ਸ਼ਰਾਬ ਕੰਪਨੀ ਵੱਲ ਕਰੀਬ 3.50 ਕਰੋੜ ਰੁਪਏ ਦੇ ਬਕਾਏ ਖੜ•ੇ ਹਨ। ਡੋਡਾ ਦੀ ਮਾਲਕੀ ਵਾਲੀ ਫਰਮ ਗਗਨ ਵਾਈਨ,ਡੀ ਵੰਸ਼ ਆਦਿ ਵੱਲ ਕਈ ਗਰੁੱਪਾਂ ਦੇ ਬਕਾਏ ਖੜ•ੇ ਹਨ। ਇਸ ਜ਼ਿਲ•ੇ ਵਿਚ ਠੇਕੇਦਾਰ ਕਰੀਬ 13 ਕਰੋੜ ਰੁਪਏ ਦੇ ਡਿਫਾਲਟਰ ਹਨ। ਕਰ ਅਤੇ ਅਬਕਾਰੀ ਅਫਸਰ ਸ੍ਰੀ ਰਜਿੰਦਰ ਤਨਵਰ ਨੇ ਦੱਸਿਆ ਕਿ ਤਿੰਨ ਠੇਕੇਦਾਰਾਂ ਦੀ ਜ਼ਮੀਨ ਅਤੇ ਮਕਾਨ ਅਟੈਚ ਕਰ ਲਏ ਗਏ ਹਨ।
                     ਵੇਰਵਿਆਂ ਅਨੁਸਾਰ ਫਰੀਦਕੋਟ ਜ਼ਿਲ•ੇ ਵਿਚ ਸ਼ਰਾਬ ਦੇ ਕਾਰੋਬਾਰੀ ਕਰੀਬ 30 ਕਰੋੜ ਰੁਪਏ ਦਾ ਡਿਫਾਲਟਰ ਹੋ ਗਏ ਹਨ। ਮੋਗਾ ਅਤੇ ਬਰਨਾਲਾ ਜ਼ਿਲ•ੇ ਵਿਚ ਡਿਫਾਲਟਰ ਠੇਕੇਦਾਰਾਂ ਦੀ ਸੂਚੀ ਲੰਮੀ ਹੋਣ ਲੱਗੀ ਹੈ। ਸ਼ਰਾਬ ਦੇ ਠੇਕੇਦਾਰਾਂ ਦਾ ਤਰਕ ਹੈ ਕਿ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਹੀ ਸ਼ਰਾਬ ਦੀ ਵਿਕਰੀ ਦਾ ਸੀਜ਼ਨ ਹੁੰਦਾ ਹੈ ਪ੍ਰੰਤੂ ਨੋਟਬੰਦੀ ਕਰਕੇ ਸ਼ਰਾਬ ਦੀ ਵਿਕਰੀ 30 ਤੋਂ 40 ਫੀਸਦੀ ਘੱਟ ਗਈ ਜਿਸ ਕਰੇ ਸਮੇਂ ਸਿਰ ਕਿਸ਼ਤਾਂ ਜਮ•ਾ ਕਰਾਉਣ ਵਿਚ ਮੁਸ਼ਕਲ ਆਈ ਹੈ। ਠੇਕੇਦਾਰਾਂ ਨੂੰ ਹੁਣ ਚੋਣਾਂ ਵਿਚ ਵਿਕਰੀ ਵਧਣ ਦੀ ਆਸ ਹੈ ਕਿਉਂਕਿ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਨੂੰ ਠੱਲ ਪੈਣ ਦੀ ਉਮੀਦ ਹੈ।
                                        ਸੰਪਤੀ ਦੀ ਸ਼ਨਾਖ਼ਤ ਕੀਤੀ : ਵਧੀਕ ਕਮਿਸ਼ਨਰ
ਕਰ ਅਤੇ ਆਬਕਾਰੀ ਵਿਭਾਗ ਪੰਜਾਬ ਦੇ ਵਧੀਕ ਕਮਿਸ਼ਨਰ ਸ੍ਰੀ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਕਿਸ਼ਤਾਂ ਤਾਰ ਨਾ ਤਾਰ ਸਕਣ ਵਾਲੇ ਠੇਕੇਦਾਰਾਂ ਦੀ ਸੰਪਤੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤਾਂ ਜੋ ਲੋੜ ਪੈਣ ਤੇ ਜ਼ਮੀਨ ਵਗੈਰਾ ਕੁਰਕ ਕੀਤਾ ਜਾ ਸਕੇ। ਫੀਲਡ ਅਧਿਕਾਰੀ ਹੀ ਇਸ ਕੰਮ ਵਿਚ ਜੁਟੇ ਹੋਏ ਹਨ। ਡਵੀਜ਼ਨਲ ਕਰ ਅਤੇ ਆਬਕਾਰੀ ਅਫਸਰ ਬਠਿੰਡਾ ਸ੍ਰੀ ਜੀ. ਐਸ.ਸੰਧੂ ਦਾ ਕਹਿਣਾ ਸੀ ਕਿ ਠੇਕੇਦਾਰਾਂ ਦੀ ਸੰਪਤੀ ਸ਼ਨਾਖ਼ਤ ਕਰਕੇ ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈਡ ਇੰਟਰੀ ਕਰਾਈ ਗਈ ਹੈ। 

Thursday, January 5, 2017

                          ਟੈਂਕੀਆਂ ਤੋਂ ਉੱਤਰੇ
     ਬਿਖਰ ਗਏ ਸੁਪਨੇ, ਟੁੱਟ ਗਈਆਂ ਤੰਦਾਂ
                            ਚਰਨਜੀਤ ਭੁੱਲਰ
ਬਠਿੰਡਾ :  ਚੋਣ ਜ਼ਾਬਤਾ ਲੱਗਣ ਨਾਲ ਹੀ ਹਜ਼ਾਰਾਂ ਬੇਰੁਜ਼ਗਾਰਾਂ ਦੀ ਉਮੀਦ ਦੀ ਆਖਰੀ ਤੰਦ ਵੀ ਟੁੱਟ ਗਈ ਹੈ ਜੋ ਰੋਜ਼ੀ ਰੋਟੀ ਖਾਤਰ ਟੈਂਕੀਆਂ ਤੇ ਚੜ•ੇ ਹੋਏ ਸਨ। ਜਦੋਂ ਤੱਕ ਨਵੀਂ ਸਰਕਾਰ ਬਣੇਗੀ, ਉਦੋਂ ਤੱਕ ਹਜ਼ਾਰਾਂ ਨੌਜਵਾਨ ਓਵਰਏਜ ਹੋ ਚੁੱਕੇ ਹੋਣਗੇ। ਪੰਜਾਬ ਚੋਣਾਂ ਵਿਚ ਕੋਈ ਵੀ ਜਿੱਤੇ ਪ੍ਰੰਤੂ ਇਹ ਨੌਜਵਾਨ ਅੱਜ ਹੀ ਜੰਗ ਹਾਰ ਗਏ ਹਨ। ਬਠਿੰਡਾ ਵਿਚ ਈ.ਜੀ.ਐਸ ਅਧਿਆਪਕ ਸਮਰਜੀਤ ਸਿੰਘ ਅੱਗ ਵਿਚ ਕੁੱਦਿਆ ਜਿਸ ਦੀ ਹੁਣ ਸੱਜੀ ਅੱਗ ਚਲੀ ਗਈ ਹੈ। ਰੈਗੂਲਰ ਨੌਕਰੀ ਲਈ ਸਮਰਜੀਤ ਲੰਘੇ 12 ਵਰਿ•ਆਂ ਦੌਰਾਨ ਪੰਜਾਬ ਵਿਚ 34 ਟੈਂਕੀਆਂ ਤੇ ਵਾਰੋ ਵਾਰੀ ਚੜਿ•ਆ ਪਰ ਅੱਜ ਉਸ ਦੇ ਹੱਥ ਖਾਲੀ ਹਨ। ਆਖਦਾ ਹੈ ਕਿ ਹੁਣ ਕਿਵੇਂ ਧਰਵਾਸ ਬੱਝੇ। ਪੰਜਾਬ ਸਰਕਾਰ ਨੇ ਜੋ ਭਰੋਸਾ ਦਿੱਤਾ, ਚੋਣ ਜ਼ਾਬਤਾ ਲੱਗਣ ਕਰਕੇ ਉਸ ਤੇ ਯਕੀਨ ਨਹੀਂ ਬੱਝ ਰਿਹਾ ਹੈ। ਪੰਜਾਬ ਵਿਚ ਟੈਂਕੀਆਂ ਤੇ ਚੜੇ ਬੇਰੁਜ਼ਗਾਰ ਤੇ ਸੰਘਰਸ਼ੀ ਆਗੂ ਚੋਣ ਜ਼ਾਬਤੇ ਮਗਰੋਂ ਟੈਂਕੀਆਂ ਤੋਂ ਉਤਰ ਗਏ ਹਨ ਈ.ਜੀ.ਐਸ ਅਧਿਆਪਕ ਯੂਨੀਅਨ ਵਿਚ 250 ਈ.ਟੀ.ਟੀ ਟੈੱਟ ਪਾਸ ਹਨ ਜੋ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਹੀ ਓਵਰਏਜ ਹੋ ਜਾਣਗੇ। ਯੂਨੀਅਨ ਦੀ ਮਹਿਲਾ ਆਗੂ ਕੁਲਵੰਤ ਕੁਮਾਰੀ ਆਖਦੀ ਹੈ ਕਿ ਉਨ•ਾਂ ਪੱਲੇ ਸਿਰਫ਼ ਪਰਚੇ ਪਏ ਹਨ। ਪਾਤੜਾ ਦੀ ਕਰਮਜੀਤ ਕੌਰ ਤੇ ਫਾਜਿਲਕਾ ਦਾ ਨਿਸ਼ਾਂਤ ਕੁਮਾਰ 6 ਨਵੰਬਰ ਤੋਂ ਬਠਿੰਡਾ ਵਿਚ ਪਾਣੀ ਵਾਲੀ ਟੈਂਕੀ ਤੇ ਚੜ•ੇ ਹੋਏ ਹਨ। ਚੋਣ ਜ਼ਾਬਤਾ ਲੱਗਣ ਮਗਰੋਂ ਵੀ ਉਨ•ਾਂ ਦੇ ਹੱਥ ਖਾਲੀ ਹਨ।
                      ਫਿਲਹਾਲ ਉਨ•ਾਂ ਕੋਲ ਕੋਈ ਸਰਕਾਰੀ ਕਾਗਜ ਨਹੀਂ ਜਿਸ ਤੋਂ ਉਮੀਦ ਯਕੀਨ ਵਿਚ ਬਦਲੇ। ਮਾਪੇ ਆਖਦੇ ਹਨ ਕਿ ਉਨ•ਾਂ ਨੇ ਧੀਆਂ ਪੁੱਤ ਟੈਂਕੀਆਂ ਤੇ ਚੜ•ਨ ਲਈ ਨਹੀਂ ਪੜਾਏ ਸਨ। ਜੋ ਕਦੇ ਥਾਣੇ ਕਚਹਿਰੀ ਦੇ ਅੱਗਿਓਂ ਨਹੀਂ ਲੰਘੇ ਸਨ, ਉਨ•ਾਂ ਨੂੰ ਇਸ ਰੁਜ਼ਗਾਰ ਦੀ ਜੰਗ ਨੇ ਜੇਲ•ਾਂ ਵਿਖਾ ਦਿੱਤੀਆਂ ਹਨ। ਬੇਰੁਜ਼ਗਾਰ ਲਾਈਨਮੈਨਾਂ ਦਾ ਦੁਖਾਂਤ ਇਸ ਤੋਂ ਵੀ ਭੈੜਾ ਹੈ। ਜਦੋਂ ਤੱਕ ਨਵੀਂ ਸਰਕਾਰ ਬਣੇਗੀ, ਉਦੋਂ ਤੱਕ ਕਰੀਬ 800 ਬੇਰੁਜ਼ਗਾਰ ਲਾਈਨਮੈਨ ਓਵਰਏਜ ਹੋ ਜਾਣਗੇ ਫਰੀਦਕੋਟ ਦੇ ਪਿੰਡ ਮੜਾਕ ਦੇ ਹਰਪ੍ਰੀਤ ਸਿੰਘ ਦਾ ਪੂਰਾ ਪਰਿਵਾਰ ਜੇਲ• ਵੇਖ ਚੁੱਕਾ ਹੈ। ਹਰਪ੍ਰੀਤ ਸਿੰਘ ਖੁਦ 11 ਦਫਾ ਜੇਲ• ਜਾ ਚੁੱਕਾ ਹੈ। ਉਸ ਦੀ ਪਤਨੀ ਸੁਖਬੀਰ ਕੌਰ ਤੇ ਪੌਣੇ ਦੋ ਵਰਿ•ਆਂ ਦਾ ਬੱਚਾ ਵੀ ਇਸੇ ਚੱਕਰ ਵਿਚ ਜੇਲ• ਵੇਖ ਚੁੱਕੇ ਹਨ। ਦੋ ਦਫ਼ਾ ਮਾਂ ਤੇ ਬਾਪ ਨੂੰ ਜੇਲ• ਜਾਣਾ ਪਿਆ। ਉਸ ਦੀ ਆਸ ਚੋਣ ਜ਼ਾਬਤੇ ਨੇ ਤੋੜ ਦਿੱਤੀ ਹੈ ਅਤੇ ਉਸ ਦੇ ਕੋਲ ਸਿਰਫ਼ ਪੁਲੀਸ ਕੇਸ ਬਚੇ ਹਨ। ਇਨ•ਾਂ ਬੇਰੁਜ਼ਗਾਰਾਂ ਨੇ ਚੰਡੀਗੜ• ਅਤੇ ਜਲਾਲਾਬਾਦ ਵਿਚ ਪਾਣੀਆਂ ਵਾਲੀਆਂ ਟੈਂਕੀਆਂ ਤੇ ਠੰਢੀਆਂ ਰਾਤਾਂ ਗੁਜ਼ਾਰੀਆਂ ਹਨ। ਸੁਵਿਧਾ ਕੇਂਦਰਾਂ ਚੋਂ ਹਟਾਏ 1100 ਮੁਲਾਜ਼ਮ ਅੱਜ ਚੋਣ ਜ਼ਾਬਤੇ ਮਗਰੋਂ ਢੇਰੀ ਹੋ ਗਏ ਹਨ। ਢਾਈ ਸੌ ਮੁਲਾਜ਼ਮਾਂ ਨੇ ਪਹਿਲਾਂ ਪੁਲੀਸ ਦੀ ਡਾਂਗ ਝੱਲੀ ਤੇ ਮਗਰੋਂ ਜੇਲ• ਵੀ ਜਾਣਾ ਪਿਆ।
                      ਦਰਜਾ ਚਾਰ ਮੁਲਾਜ਼ਮ ਸੁਮਨ ਨੂੰ ਆਪਣੇ ਦੋ ਬੱਚੇ ਫੀਸ ਨਾ ਹੋਣ ਕਰਕੇ ਸਕੂਲੋਂ ਹਟਾਉਣੇ ਪੈ ਗਏ ਹਨ ਜਦੋਂ ਕਿ ਬਠਿੰਡਾ ਦੇ ਅੰਗਹੀਣ ਗੁਰਿੰਦਰ ਸਿੰਘ ਕੋਲ ਹੁਣ ਕੋਈ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਰਿਹਾ। 10 ਵਰੇ• ਸੁਵਿਧਾ ਕੇਂਦਰ ਵਿਚ ਇੰਚਾਰਜ ਵਜੋਂ ਕੰਮ ਕਰਨ ਵਾਲੇ ਜਸਵਿੰਦਰ ਸਿੰਘ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਚੋਣ ਜ਼ਾਬਤੇ ਨੇ ਰਹਿੰਦੀ ਆਸ ਵੀ ਤੋੜ ਦਿੱਤੀ ਹੈ। ਉਨ•ਾਂ ਦੱਸਿਆ ਕਿ ਕਰੀਬ 500 ਮੁਲਾਜ਼ਮ ਓਵਰਏਜ ਹੋ ਜਾਣੇ ਹਨ।  ਇਵੇਂ ਹੀ ਬੀ.ਐਡ ਟੈੱਟ ਪਾਸ ਬੇਰੁਜ਼ਗਾਰਾਂ ਦੀ ਗਿਣਤੀ ਕਰੀਬ 10 ਹਜ਼ਾਰ ਬਣਦੀ ਹੈ ਜੋ ਕਦੇ ਸੜਕਾਂ ਤੇ ਬੈਠੇ ਤੇ ਪਾਣੀ ਵਾਲੀਆਂ ਟੈਂਕੀਆਂ ਤੇ ਚੜ•ੇ। ਅਧਿਆਪਕ ਆਗੂ ਰਘਬੀਰ ਭਵਾਨੀਗੜ• ਆਖਦਾ ਹੈ ਕਿ ਜਦੋਂ ਤੱਕ ਨਵੀਂ ਸਰਕਾਰ ਬਣੇਗੀ, ਉਦੋਂ ਤੱਕ ਸੈਂਕੜੇ ਬੇਰੁਜ਼ਗਾਰ ਅਧਿਆਪਕ ਓਵਰਏਜ ਹੋ ਜਾਣਗੇ। ਉਨ•ਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਜੋ ਭਰਤੀ ਪ੍ਰਕਿਰਿਆ ਅਧੀਨ ਹੈ, ਉਸ ਨੂੰ ਨੇਪਰੇ ਚਾੜ•ਨ ਦੀ ਇਜਾਜ਼ਤ ਦਿੱਤੀ ਜਾਵੇ।
                        

Wednesday, January 4, 2017

                                 ਸਿਆਸੀ ਮੋਹ
           ਰੋਜ਼ਾਨਾ ਸਵਾ ਸੌ ਬਜ਼ੁਰਗਾਂ ਨੂੰ ਪੈਨਸ਼ਨ !
                                 ਚਰਨਜੀਤ ਭੁੱਲਰ  
ਬਠਿੰਡਾ : ਬਠਿੰਡਾ ਜ਼ਿਲ•ੇ ਵਿਚ ਰੋਜ਼ਾਨਾ ਔਸਤਨ ਸਵਾ ਸੌ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲੱਗ ਰਹੀ ਹੈ ਤਾਂ ਜੋ ਚੋਣਾਂ ਵਿਚ ਲਾਹਾ ਲਿਆ ਜਾ ਸਕੇ। ਚੋਣ ਜ਼ਾਬਤੇ ਤੋਂ ਐਨ ਪਹਿਲਾਂ ਬਜ਼ੁਰਗਾਂ ਨੂੰ ਖੁਸ਼ ਕਰਨ ਖਾਤਰ ਬੁਢਾਪਾ ਪੈਨਸ਼ਨ ਧੜਾਧੜ ਮਨਜ਼ੂਰ ਕੀਤੀ ਜਾ ਰਹੀ ਹੈ। ਪੰਜਾਬ ਭਰ ਵਿਚ ਲੰਘੇ ਤਿੰਨ ਮਹੀਨਿਆਂ ਵਿਚ ਕਰੀਬ 1.30 ਲੱਖ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ  ਲਾਈ ਹੈ। ਉਂਜ, ਆਮ ਦਿਨਾਂ ਵਿਚ ਪ੍ਰਤੀ ਮਹੀਨਾ ਨਵੀਆਂ ਪੈਨਸ਼ਨਾਂ ਦੀ ਗਿਣਤੀ 10 ਹਜ਼ਾਰ ਦਾ ਅੰਕੜਾ ਪਾਰ ਨਹੀਂ ਕਰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਕੱਲੇ ਅਕਤੂਬਰ ਮਹੀਨੇ ਵਿਚ 33,500 ਨਵੀਆਂ ਬੁਢਾਪਾ ਪੈਨਸ਼ਨਾਂ ਲੱਗੀਆਂ ਹਨ ਜਦੋਂ ਕਿ ਨਵੰਬਰ ਮਹੀਨੇ ਵਿਚ 49,500 ਬੁਢਾਪਾ ਪੈਨਸ਼ਨਾਂ ਨਵੀਆਂ ਲੱਗੀਆਂ। ਦੱਸਦੇ ਹਨ ਕਿ ਦਸੰਬਰ ਮਹੀਨੇ ਇਹ ਨਵੀਆਂ ਪੈਨਸ਼ਨਾਂ ਦੀ ਗਿਣਤੀ 50 ਹਜ਼ਾਰ ਦਾ ਅੰਕੜਾ ਪਾਰ ਕਰਨ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ•ਾ ਇਸ ਮਾਮਲੇ ਵਿਚ ਮੋਹਰੀ ਬਣਦਾ ਜਾਪਦਾ ਹੈ ਜਿਥੇ ਲੰਘੇ ਤਿੰਨ ਮਹੀਨਿਆਂ ਵਿਚ 11,560 ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲਾ ਦਿੱਤੀ ਗਈ ਹੈ। ਸਤੰਬਰ ਮਹੀਨੇ ਵਿਚ ਸਿਰਫ਼ 2460 ਨਵੀਆਂ ਪੈਨਸ਼ਨਾਂ ਲੱਗੀਆਂ ਸਨ। ਅਕਤੁਬਰ ਵਿਚ ਗਿਣਤੀ ਵੱਧ ਕੇ 3554 ਹੋ ਗਈ ਜਦੋਂ ਕਿ ਨਵੰਬਰ ਵਿਚ ਇਹ ਗਿਣਤੀ 4012 ਹੋ ਗਈ।
                         ਦਸੰਬਰ ਮਹੀਨੇ ਵਿਚ ਨਵੀਆਂ ਪੈਨਸ਼ਨਾਂ ਦੀ ਗਿਣਤੀ 4200 ਦਾ ਅੰਕੜਾ ਪਾਰ ਕੀਤੇ ਜਾਣ ਦਾ ਅਨੁਮਾਨ ਹੈ। ਔਸਤਨ ਦੇਖੀਏ ਤਾਂ ਰੋਜ਼ਾਨਾ 128 ਪੈਨਸ਼ਨਾਂ ਲੱਗ ਰਹੀਆਂ ਹਨ। ਆਮ ਦਿਨਾਂ ਵਿਚ ਬਜ਼ੁਰਗਾਂ ਨੂੰ ਦਫ਼ਤਰਾਂ ਦੇ ਧੱਕੇ ਖਾਣੇ ਪੈਂਦੇ ਰਹੇ ਹਨ। ਪਿੰਡਾਂ ਦੇ ਸਰਪੰਚਾਂ ਵਲੋਂ ਧੜਾਧੜ ਬਜ਼ੁਰਗਾਂ ਦੇ ਫਾਰਮ ਭਰਵਾਏ ਜਾ ਰਹੇ ਹਨ। ਚੋਣ ਜ਼ਾਬਤੇ ਦੇ ਡਰੋਂ ਹੱਥੋਂ ਹੱਥੀ ਸਭ ਕੁਝ ਹੋ ਰਿਹਾ ਹੈ। ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਸ੍ਰੀ ਨਵੀਨ ਗੜ•ਵਾਲ ਦਾ ਪ੍ਰਤੀਕਰਮ ਸੀ ਕਿ ਪੈਨਸ਼ਨਾਂ ਲਈ ਕੋਈ ਮੁਹਿੰਮ ਨਹੀਂ ਚਲਾਈ ਜਾ ਰਹੀ ਬਲਕਿ ਰੁਟੀਨ ਵਿਚ ਹੀ ਪੈਨਸ਼ਨਾਂ ਲੱਗ ਰਹੀਆਂ ਹਨ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲ•ੇ ਵਿਚ ਸਭ ਤਰ•ਾਂ ਦੀਆਂ ਪੈਨਸ਼ਨਾਂ ਦੀ ਗਿਣਤੀ ਕਰੀਬ 87 ਹਜ਼ਾਰ ਬਣਦੀ ਹੈ। ਇਸ ਜ਼ਿਲ•ੇ ਵਿਚ ਨਵੰਬਰ ਮਹੀਨੇ ਵਿਚ ਸਿਰਫ਼ 1500 ਨਵੀਆਂ ਬੁਢਾਪਾ ਪੈਨਸ਼ਨਾਂ ਲੱਗੀਆਂ ਸਨ। ਹੁਣ ਇਕਦਮ ਹੜ• ਆ ਗਿਆ ਹੈ ਅਤੇ ਇਕੱਲੇ ਦਸੰਬਰ ਮਹੀਨੇ ਵਿਚ ਹੀ 4007 ਨਵੀਆਂ ਬੁਢਾਪਾ ਪੈਨਸ਼ਨਾਂ  ਲੱਗ ਗਈਆਂ ਹਨ। ਮਾਨਸਾ ਦੇ ਜ਼ਿਲ•ਾ ਸਮਾਜਿਕ ਤੇ ਸੁਰੱਖਿਆ ਅਫਸਰ ਸ੍ਰੀ ਸਤੀਸ਼ ਕਪੂਰ ਦਾ ਕਹਿਣਾ ਸੀ ਕਿ ਰੁਟੀਨ ਵਿਚ ਹੀ ਬਜ਼ੁਰਗਾਂ ਦੇ ਫਾਰਮ ਤਸਦੀਕ ਹੋ ਕੇ ਪੈਨਸ਼ਨਾਂ ਲਈ ਆ ਰਹੇ ਹਨ।
                        ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ•ੇ ਮੁਕਤਸਰ ਵਿਚ ਤਾਂ ਬੁਢਾਪਾ ਪੈਨਸ਼ਨਾਂ ਲਾਉਣ ਲਈ ਨਵੰਬਰ ਮਹੀਨੇ ਵਿਚ ਵਿਸ਼ੇਸ਼ ਕੈਂਪ ਲਾਏ ਗਏ ਸਨ ਜਿਨ•ਾਂ ਵਿਚ ਕਰੀਬ ਚਾਰ ਹਜ਼ਾਰ ਬਜ਼ੁਰਗਾਂ ਨੂੰ ਪੈਨਸ਼ਨ ਲਾਈ ਗਈ ਹੈ। ਹਾਲੇ ਹੋਰ ਫਾਰਮ ਵੀ ਆ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜਨਵਰੀ 2016 ਤੋਂ ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਸੀ ਅਤੇ ਫਰਵਰੀ ਮਹੀਨੇ ਵਿਚ ਹਰ ਜ਼ਿਲ•ੇ ਵਿਚ ਵਿਸ਼ੇਸ਼ ਸਮਾਗਮ ਕਰਕੇ ਇਹ ਪੈਨਸ਼ਨਾਂ ਵੰਡੀਆਂ ਗਈਆਂ ਸਨ। ਭਾਵੇਂ ਨਵੀਆਂ ਪੈਨਸ਼ਨਾਂ ਤਾਂ ਧੜਾਧੜ ਲੱਗ ਰਹੀਆਂ ਹਨ ਪਰ ਬਜ਼ੁਰਗਾਂ ਨੂੰ ਤਿੰਨ ਮਹੀਨੇ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ। ਅਕਤੂਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਤਾਂ ਨੋਟਬੰਦੀ ਕਰਕੇ ਸਰਪੰਚਾਂ ਦੇ ਖਾਤਿਆਂ ਵਿਚ ਫਸੀ ਹੋਈ ਹੈ।
                      ਪੰਜਾਬ ਸਰਕਾਰ ਨੇ ਸਰਪੰਚਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਲਾਭਪਾਤਰੀਆਂ ਨੂੰ ਚੈੱਕ ਕੱਟ ਦੇਣ ਪ੍ਰੰਤੂ ਬੈਂਕਾਂ ਤੋਂ ਹਾਲੇ ਤੱਕ ਚੈੱਕ ਬੁੱਕਾਂ ਨਹੀਂ ਮਿਲੀਆਂ ਹਨ। ਪੰਜਾਬ ਸਰਕਾਰ ਨੇ ਨਵੰਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਤਾਂ ਭੇਜ ਦਿੱਤੀ ਹੈ ਪਰ ਇਹ ਪੈਨਸ਼ਨ ਖ਼ਜ਼ਾਨਾ ਦਫ਼ਤਰਾਂ ਵਿਚ ਫਸੀ ਹੋਈ ਹੈ। ਦਸੰਬਰ ਮਹੀਨੇ ਦੇ ਬਿੱਲ ਹਾਲੇ ਭੇਜੇ ਜਾਣੇ ਹਨ। ਬਜ਼ੁਰਗਾਂ ਦੇ ਹੱਥ ਵਿਚ ਤਿੰਨ ਮਹੀਨੇ ਦੀ ਪੈਨਸ਼ਨ ਨਹੀਂ ਪੁੱਜੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਪ੍ਰਤੀਕਰਮ ਸੀ ਕਿ ਚੋਣਾਂ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ ਅਤੇ ਤਿੰਨ ਮਹੀਨਿਆਂ ਤੋਂ ਬਜ਼ੁਰਗ ਪੈਨਸ਼ਨ ਦੀ ਉਡੀਕ ਕਰ ਰਹੇ ਹਨ। ਲੋਕ ਹੁਣ ਕਿਸੇ ਝਾਂਸੇ ਵਿਚ ਨਹੀਂ ਆਉਣਗੇ। 

Tuesday, January 3, 2017

                               ਦਾਲ ਤੋਂ ਮੁਕਰੇ
                ਹੁਣ ਨੀਲੇ ਕਾਰਡਾਂ ਦਾ ਚੋਗਾ
                               ਚਰਨਜੀਤ ਭੁੱਲਰ
ਬਠਿੰਡਾ : ਬਾਦਲਾਂ ਦੇ ਹਲਕੇ ਵਿਚ ਚੋਣਾਂ ਤੋਂ ਪਹਿਲਾਂ ਨਵੇਂ 'ਨੀਲੇ ਕਾਰਡਾਂ' ਦੀ ਹਨੇਰੀ ਝੁਲ ਗਈ ਹੈ। ਇਵੇਂ ਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਇਆ ਸੀ। ਦੂਸਰੇ ਪੜਾਅ ਦੌਰਾਨ ਬਠਿੰਡਾ ਜ਼ਿਲ•ੇ ਵਿਚ 29,734 ਨਵੇਂ ਨੀਲੇ ਕਾਰਡ ਬਣਾਏ ਗਏ ਹਨ। ਇਕੱਲੇ ਨਵੰਬਰ ਦਸੰਬਰ ਮਹੀਨੇ ਵਿਚ ਹੀ ਕਰੀਬ ਨੌ ਹਜ਼ਾਰ ਨਵੇਂ ਕਾਰਡ ਬਣਾ ਦਿੱਤੇ ਗਏ ਹਨ। ਮੌੜ ਹਲਕਾ ਸਭ ਤੋਂ ਮੋਹਰੀ ਹੈ ਜਿਥੋਂ ਹਾਲੇ ਦੋ ਹਜ਼ਾਰ ਹੋਰ ਨਵੇਂ ਫਾਰਮ ਆਉਣੇ ਹਨ। ਪਿੰਡ ਚਾਉਕੇ ਵਿਚ ਧਨਾਢ ਲੋਕ ਵੀ 'ਆਟਾ ਦਾਲ' ਲੈ ਰਹੇ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ•ਾ ਮੁਕਤਸਰ ਵਿਚ 30,108 ਨਵੇਂ ਨੀਲੇ ਕਾਰਡ ਬਣੇ ਹਨ ਜਦੋਂ ਕਿ ਜ਼ਿਲ•ਾ ਮਾਨਸਾ ਵਿਚ ਨਵੇਂ ਕਾਰਡਾਂ ਦੀ 15,370 ਹੈ। ਵੇਰਵਿਆਂ ਅਨੁਸਾਰ ਖੁਰਾਕ ਤੇ ਸਪਲਾਈ ਵਿਭਾਗ ਤਰਫ਼ੋਂ ਨਵੇਂ ਫਾਰਮ ਅਪਲੋਡ ਕੀਤੇ ਜਾ ਰਹੇ ਹਨ। ਉਂਜ, ਨਜ਼ਰ ਮਾਰੀਏ ਤਾਂ ਪੰਜਾਬ ਵਿਚ ਦੂਸਰੇ ਪੜਾਅ ਤਹਿਤ 8.68 ਲੱਖ ਨਵੇਂ ਨੀਲੇ ਕਾਰਡ ਬਣਾਏ ਗਏ ਹਨ। ਇਨ•ਾਂ ਸਮੇਤ ਆਟਾ ਦਾਲ ਸਕੀਮ ਦੇ ਕੁੱਲ ਲਾਭਪਾਤਰੀਆਂ ਦੀ ਗਿਣਤੀ 36.08 ਲੱਖ ਹੋ ਗਈ ਹੈ। ਜ਼ਿਲ•ਾ ਮਾਨਸਾ ਵਿਚ ਹੁਣ ਧੜਾਧੜ ਨਵੇਂ ਨੀਲੇ ਕਾਰਡ ਬਣ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਚੋਣ ਜ਼ਾਬਤੇ ਦੇ ਡਰੋਂ ਰੋਜ਼ਾਨਾ ਨਵੇਂ ਕਾਰਡ ਬਣ ਰਹੇ ਹਨ। ਪਿੰਡਾਂ ਦੇ ਸਰਪੰਚ ਵੋਟਾਂ ਪੱਕੀਆਂ ਕਰਨ ਖਾਤਰ ਲੋਕਾਂ ਤੋਂ ਫਾਰਮ ਧੜਾਧੜ ਭਰਾ ਰਹੇ ਹਨ। ਖਾਸ ਕਰਕੇ ਸਾਬਕਾ ਫੌਜੀਆਂ ਤੋਂ ਆਟਾ ਦਾਲ ਦਾ ਫਾਰਮ ਭਰਾਏ ਜਾ ਰਹੇ ਹਨ।
                      ਪੰਜਾਬ ਸਰਕਾਰ ਨੇ ਸਾਬਕਾ ਫੌਜੀਆਂ ਦੇ ਨੀਲੇ ਕਾਰਡ ਬਣਾਉਣ ਦਾ ਫੈਸਲਾ ਕੀਤਾ ਹੈ ਜਿਨ•ਾਂ ਕੋਲ ਪੈਨਸ਼ਨ ਤੋਂ ਇਲਾਵਾ ਬਾਕੀ ਸਰੋਤਾਂ ਤੋਂ ਸਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਹੀਂ ਹੈ। ਪਿੰਡ ਬੁਰਜ ਰਾਜਗੜ• ਦਾ ਇੱਕ ਸਾਬਕਾ ਫੌਜੀ ਅੱਜ ਖੁਦ ਫਾਰਮ ਭਰ ਰਿਹਾ ਸੀ। ਵੱਡੇ ਪਿੰਡਾਂ ਵਿਚ ਇਹ ਜਿਆਦਾ ਹੋਇਆ ਹੈ। ਪਿੰਡ ਪੱਕਾ ਕਲਾਂ ਵਿਚ ਹੁਣ ਸਵਾ ਸੌ ਨਵੇਂ ਕਾਰਡ ਬਣਾਏ ਹਨ ਜਿਨ•ਾਂ ਵਿਚ 20 ਕਾਰਡ ਜ਼ਮੀਨਾਂ ਵਾਲਿਆਂ ਦੇ ਬਣਾਏ ਗਏ ਹਨ ਜਦੋਂ ਕਿ ਲੋੜਵੰਦ ਰਹਿ ਗਏ ਹਨ। ਪਿੰਡ ਬਾਲਿਆਂ ਵਾਲੀ ਵਿਚ ਵੀ ਕਈ ਜ਼ਮੀਨਾਂ ਵਾਲਿਆਂ ਦੇ ਹੁਣ ਕਾਰਡ ਬਣਾਏ ਗਏ ਹਨ। ਪਿੰਡ ਬਾਦਲ ਵਿਚ ਵੀ ਏਦਾ ਹੋਣ ਦੀ ਚਰਚਾ ਹੈ। ਪੰਜਾਬ ਸਰਕਾਰ ਵਲੋਂ ਹੁਣ ਅਕਤੂਬਰ ਤੋਂ ਮਾਰਚ 2017 ਤੱਕ ਦੀ ਅਡਵਾਂਸ ਕਣਕ ਵੰਡ ਦਿੱਤੀ ਹੈ ਜਦੋਂ ਕਿ ਖ਼ਜ਼ਾਨਾ ਖਾਲ•ੀ ਹੋਣ ਕਰਕੇ ਦਾਲ ਸਿਰਫ਼ ਇੱਕ ਮਹੀਨੇ ਦੀ ਦੇਣ ਦਾ ਫੈਸਲਾ ਹੈ। ਅਪਰੈਲ 2016 ਤੋਂ ਸਰਕਾਰ ਨੇ ਆਟਾ ਦਾਲ ਸਕੀਮ ਤਹਿਤ ਦਾਲ ਨਹੀਂ ਭੇਜੀ ਸੀ। ਹੁਣ ਚੋਣ ਜ਼ਾਬਤੇ ਤੋਂ ਪਹਿਲਾਂ ਇਕੱਲੇ ਦਸੰਬਰ ਮਹੀਨੇ ਦੀ ਦਾਲ ਦੀ ਐਲੋਕੇਸ਼ਨ ਕਰ ਦਿੱਤੀ ਹੈ। ਪੰਜਾਬ ਭਰ ਵਿਚ ਇਕੱਲੇ ਇੱਕ ਮਹੀਨੇ ਦੀ 6523 ਐਮ.ਟੀ ਦਾਲ ਦੀ ਐਲੋਕੇਸ਼ਨ ਕੀਤੀ ਗਈ ਹੈ ਅਤੇ ਬਠਿੰਡਾ ਜ਼ਿਲ•ੇ ਨੂੰ 402 ਐਮ.ਟੀ ਦਾਲ ਮਿਲੀ ਹੈ।
                   ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਨੇ ਅੱਠ ਮਹੀਨਿਆਂ ਦੀ ਦਾਲ ਖੂਹ ਖਾਤੇ ਪਾ ਦਿੱਤੀ ਹੈ ਜਦੋਂ ਕਿ 20 ਮਹੀਨੇ ਪਹਿਲਾਂ ਦਾਲ ਨਹੀਂ ਦਿੱਤੀ ਗਈ ਸੀ।  ਦੱਸਣਯੋਗ ਹੈ ਕਿ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਕਣਕ ਤੇ ਸਾਰਾ ਖਰਚਾ ਕੇਂਦਰ ਸਰਕਾਰ ਵਲੋਂ ਕੀਤਾ ਜਾ ਰਹਾ ਹੈ ਜਦੋਂ ਕਿ ਦਾਲ ਦੀ ਖਰੀਦ ਪੰਜਾਬ ਸਰਕਾਰ ਕਰਦੀ ਹੈ। ਸੂਤਰ ਦੱਸਦੇ ਹਨ ਕਿ ਫੰਡਾਂ ਦੀ ਕਮੀ ਹੋਣ ਕਰਕੇ ਸਰਕਾਰ ਦਾਲ ਦੇਣ ਤੋਂ ਭੱਜੀ ਹੈ। ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਨੇ ਫੋਨ ਨਹੀਂ ਚੁੱਕਿਆ ਜਦੋਂ ਕਿ ਜ਼ਿਲ•ਾ ਖੁਰਾਕ ਤੇ ਸਪਲਾਈਜ ਕੰਟਰੋਲਰ ਬਠਿੰਡਾ ਸ੍ਰੀ ਜਸਪ੍ਰੀਤ ਕਾਹਲੋਂ ਦਾ ਕਹਿਣਾ ਸੀ ਕਿ ਜੋ ਪੁਰਾਣੇ ਫਾਰਮ ਵੈਰੀਫਿਕੇਸ਼ਨ ਹੋ ਕੇ ਆ ਰਹੇ ਹਨ,ਉਨ•ਾਂ ਦੇ ਹੀ ਕਾਰਡ ਬਣ ਰਹੇ ਹਨ ਅਤੇ ਨਵੇਂ ਕਾਰਡਾਂ ਬਣਾਉਣੇ ਬੰਦ ਕੀਤੇ ਹੋਏ ਹਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਕਹਿਣਾ ਸੀ ਕਿ ਚੋਣਾਂ ਵੇਲੇ ਹੀ ਸਰਕਾਰ ਨੂੰ ਆਟਾ ਦਾਲ ਦਾ ਚੇਤਾ ਆਉਂਦਾ ਹੈ। ਹੁਣ ਵੀ ਜੋ ਕਾਰਡ ਬਣੇ ਰਹੇ ਹਨ, ਉਹ ਲੋੜਵੰਦਾਂ ਦੀ ਥਾਂ ਸਰਦੇ ਪੁੱਜਦੇ ਲੋਕਾਂ ਦੇ ਬਣਾਏ ਜਾ ਰਹੇ ਹਨ। 

Monday, January 2, 2017

                                  ਬਿਹਾਰੀ ਪੈਂਤੜਾ
                    ਚਾਹ ਤੋਂ ਅਕਾਲੀ 'ਉੱਬਲੇ' !
                                 ਚਰਨਜੀਤ ਭੁੱਲਰ
ਬਠਿੰਡਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਤਵਾਜ਼ੀ ਜਥੇਦਾਰਾਂ ਨੂੰ 'ਚਾਹ ਪਾਰਟੀ' ਦਾ ਸੱਦਾ ਦੇ ਦਿੱਤਾ ਹੈ ਜਿਸ ਤੋਂ ਪੰਜਾਬ ਦੀ ਹਾਕਮ ਧਿਰ ਅੰਦਰੋਂ ਅੰਦਰੀ ਖਫ਼ਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਠੀਕ ਉਦੋਂ ਇਹ ਸੱਦਾ ਦਿੱਤਾ ਹੈ ਜਦੋਂ ਪੰਜਾਬ ਪੁਲੀਸ ਨੇ ਮੁਤਵਾਜ਼ੀ ਜਥੇਦਾਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਹੈ। ਤਖਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਾਂ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪਤਾ ਲੱਗਾ ਹੈ ਕਿ ਉਨ•ਾਂ ਨੂੰ ਗੁਰਦਾਸਪੁਰ ਜੇਲ• ਭੇਜ ਦਿੱਤਾ ਗਿਆ ਹੈ। ਬਾਕੀ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ਦੇ ਘਰਾਂ ਤੇ ਵੀ ਛਾਪੇ ਮਾਰੇ ਗਏ ਹਨ। ਸੂਤਰ ਆਖਦੇ ਹਨ ਕਿ ਇਹ ਚਾਹ ਪਾਰਟੀ ਨਿਤੀਸ਼ ਕੁਮਾਰ ਦੀ ਮੁਤਵਾਜ਼ੀ ਜਥੇਦਾਰਾਂ ਨੂੰ ਮਾਨਤਾ ਦੇਣ ਦੀ ਮੋਹਰ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਤਵਾਜ਼ੀ ਜਥੇਦਾਰਾਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਉਤਸਵ ਦੇ ਮੁੱਖ ਸਮਾਗਮਾਂ ਤੋਂ ਇੱਕ ਦਿਨ ਪਹਿਲਾਂ 4 ਜਨਵਰੀ ਨੂੰ ਪਟਨਾ ਸਾਹਿਬ ਵਿਖੇ ਆਪਣੇ ਰਿਹਾਇਸ਼ ਤੇ 'ਚਾਹ ਪਾਰਟੀ' ਤੇ ਸੱਦਿਆ ਹੈ। ਨਿਤੀਸ਼ ਕੁਮਾਰ ਤਰਫ਼ੋਂ ਮੁਤਵਾਜ਼ੀ ਜਥੇਦਾਰਾਂ ਦੇ ਸਨਮਾਨ ਵਿਚ ਇਹ ਚਾਹ ਪਾਰਟੀ ਰੱਖੀ ਗਈ ਹੈ।
                       ਸੂਤਰ ਦੱਸਦੇ ਹਨ ਕਿ ਨਿਤੀਸ਼ ਕੁਮਾਰ ਤਰਫ਼ੋਂ 5 ਜਨਵਰੀ ਦੇ ਮੁੱਖ ਸਮਾਗਮਾਂ ਵਿਚ ਮੁਤਵਾਜ਼ੀ ਜਥੇਦਾਰਾਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ। ਦੂਸਰੀ ਤਰਫ਼ ਗਿਆਨੀ ਇਕਬਾਲ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਜਥੇਦਾਰਾਂ ਨੂੰ ਪਟਨਾ ਸਾਹਿਬ ਦੇ ਸਮਾਗਮਾਂ ਵਿਚ ਸੁਰੱਖਿਆ ਦੀ ਨਜ਼ਰ ਤੋਂ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ। ਸੂਤਰ ਦੱਸਦੇ ਹਨ ਕਿ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਅਤੇ ਭਾਈ ਮੋਹਕਮ ਸਿੰਘ ਨੇ ਹਫਤਾ ਪਹਿਲਾਂ ਜਨਤਾ ਦਲ (ਯੂਨਾਈਟਡ) ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸ੍ਰੀ ਕੇ.ਸੀ.ਤਿਆਗੀ ਨਾਲ ਦਿੱਲੀ ਵਿਚ ਦੋ ਮੀਟਿੰਗਾਂ ਕੀਤੀਆਂ ਸਨ ਜਿਨ•ਾਂ ਦੇ ਨਤੀਜੇ ਵਜੋਂ ਹੁਣ ਮੁੱਖ ਮੰਤਰੀ ਬਿਹਾਰ ਵਲੋਂ ਮੁਤਵਾਜ਼ੀ ਜਥੇਦਾਰਾਂ ਨੂੰ 4 ਜਨਵਰੀ ਨੂੰ ਚਾਹ ਪਾਰਟੀ ਦਾ ਸੱਦਾ ਭੇਜਿਆ ਹੈ। ਪੰਥਕ ਧਿਰਾਂ ਵਲੋਂ ਨਿਤੀਸ਼ ਕੁਮਾਰ ਦੀ ਪਾਰਟੀ ਨਾਲ ਸਿਆਸੀ ਨੇੜਤਾ ਵੀ ਬਣਾਈ ਜਾ ਰਹੀ ਹੈ। ਯੂਨਾਈਟਿਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਪੁਸ਼ਟੀ ਕੀਤੀ ਸੀ ਕਿ ਮੁਤਵਾਜ਼ੀ ਜਥੇਦਾਰਾਂ ਨੂੰ 4 ਜਨਵਰੀ ਨੂੰ ਨਿਤੀਸ਼ ਕੁਮਾਰ ਵਲੋਂ ਚਾਹ ਪਾਰਟੀ ਦਿੱਤੀ ਜਾ ਰਹੀ ਹੈ।
                      ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਇੱਧਰ ਪੰਜਾਬ ਸਰਕਾਰ ਪੰਥਕ ਆਗੂਆਂ ਨੂੰ ਪਟਨਾ ਸਾਹਿਬ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਰੋਕ ਰਹੀ ਹੈ ਜੋ ਕਿ ਨਿੰਦਣਯੋਗ ਕਾਰਵਾਈ ਹੈ। ਉਨ•ਾਂ ਆਖਿਆ ਕਿ ਪਟਨਾ ਸਾਹਿਬ ਦੇ ਸਮਾਗਮਾਂ ਵਿਚ ਉਹ ਬਤੌਰ ਸਿੱਖ ਪੰਥ ਦਾ ਇੱਕ ਹਿੱਸਾ ਹੋਣ ਦੇ ਨਾਤੇ ਮਾਣ ਸਨਮਾਨ ਚਾਹੁੰਦੇ ਹਨ ਜਿਸ ਦੀ ਹਾਮੀ ਨਿਤੀਸ਼ ਕੁਮਾਰ ਨੇ ਭਰੀ ਹੈ। ਉਨ•ਾਂ ਆਖਿਆ ਕਿ ਕਿਸੇ ਨੂੰ ਰੋਕਣਾ ਉਨ•ਾਂ ਦਾ ਏਜੰਡਾ ਨਹੀਂ ਹੈ। ਪਤਾ ਲੱਗਾ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਧਿਆਨ ਸਿੰਘ ਮੰਡ ਪੰਜਾਬ ਪੁਲੀਸ ਨੂੰ ਚਕਮਾ ਦੇ ਕੇ ਪੰਜਾਬ ਚੋਂ ਨਿਕਲਣ ਵਿਚ ਕਾਮਯਾਬ ਹੋ ਗਏ ਹਨ ਅਤੇ ਉਹ ਪਟਨਾ ਸਾਹਿਬ ਦੇ ਰਸਤੇ ਵਿਚ ਹਨ। ਦੂਸਰੀ ਤਰਫ਼ ਸ਼੍ਰੋਮਣੀ ਕਮੇਟੀ ਨੇ ਤਖਤਾਂ ਦੇ ਜਥੇਦਾਰਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ  ਫੋਰਸ ਦੀ ਚਾਰ ਸੌ ਮੈਂਬਰੀ ਟੀਮ ਪਟਨਾ ਸਾਹਿਬ ਭੇਜ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਤਰਫ਼ੋਂ ਧਾਰਮਿਕ ਸਮਾਗਮਾਂ ਦੀ ਪੂਰੀ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਹੈ ਅਤੇ ਉਨ•ਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਟਾਸਕ ਫੋਰਸ ਦੇ 400 ਮੈਂਬਰ ਭੇਜ ਦਿੱਤੇ ਹਨ ਜਿਨ•ਾਂ ਵਲੋਂ ਬਿਹਾਰ ਪੁਲੀਸ ਨਾਲ ਤਾਲਮੇਲ ਕਰ ਲਿਆ ਹੈ। ਉਨ•ਾਂ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਏਨਾ ਜਰੂਰ ਆਖਿਆ ਕਿ ਪੰਥਕ ਮਸਲਿਆਂ ਤੇ ਉਹ ਪੰਥਕ ਏਕਤਾ ਚਾਹੁੰਦੇ ਹਨ।

Sunday, January 1, 2017

                      ਲੰਬੀ ਤੇ ਖ਼ਜ਼ਾਨਾ ਢੇਰੀ
    ਵਿਆਹਾਂ ਲਈ ਟੈਂਟ, ਭੋਗਾਂ ਲਈ ਭਾਂਡੇ
                         ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਦੇ ਹਲਕਾ ਲੰਬੀ ਵਿਚ ਚੋਣਾਂ ਤੋਂ ਪਹਿਲਾਂ ਖ਼ਜ਼ਾਨਾ ਢੇਰੀ ਹੋ ਗਿਆ ਹੈ। ਵੋਟਰ ਖੁਸ਼ ਕਰਨ ਖਾਤਰ ਸਭ ਕੁਝ ਹੱਥੋਂ ਹੱਥੀ ਹਾਜ਼ਰ ਹੋ ਰਿਹਾ ਹੈ। ਏਦਾ ਜਾਪਦਾ ਹੈ ਕਿ ਇਨ•ਾਂ ਸਹੂਲਤਾਂ ਦੀ ਪੰਜਾਬ ਤੋਂ ਜਿਆਦਾ ਇਕੱਲੇ ਲੰਬੀ ਨੂੰ ਲੋੜ ਹੈ। ਚੋਣ ਜ਼ਾਬਤੇ ਤੋਂ ਪਹਿਲਾਂ ਪਹਿਲਾਂ ਪਿੰਡ ਪਿੰਡ ਸਮਾਨ ਪੁੱਜ ਰਿਹਾ ਹੈ। ਲੰਬੀ ਦੇ ਪਿੰਡਾਂ ਵਿਚ ਪੀਲੇ ਤੇ ਨੀਲੇ (ਅਕਾਲੀ ਕਲਰ) ਰੰਗ ਵਾਲੇ ਬੈਠਣ ਲਈ ਬੈਂਚ ਸਜਾਏ ਜਾ ਰਹੇ ਹਨ ਜੋ ਖਾਸ ਲੋਕਾਂ ਦੇ ਘਰਾਂ ਦੇ ਅੱਗੇ ਰੱਖੇ ਗਏ ਹਨ। ਹਲਕੇ ਦੇ 55 ਪਿੰਡਾਂ ਵਿਚ 6700 ਬੈਂਚ ਦਿੱਤੇ ਗਏ ਹਨ ਅਤੇ ਪ੍ਰਤੀ ਬੈਂਚ 3500 ਰੁਪਏ ਦਾ ਖਰਚਾ ਆਇਆ ਹੈ। ਬੈਂਚਾਂ ਤੇ ਹੁਣ ਤੱਕ 2.35 ਕਰੋੜ ਖਰਚੇ ਗਏ ਹਨ। ਛੋਟੇ ਪਿੰਡਾਂ ਨੂੰ 25 ਅਤੇ ਵੱਡੇ ਪਿੰਡਾਂ ਨੂੰ 50 ਬੈਂਚ ਦਿੱਤੇ ਗਏ ਹਨ। ਸਭ ਵੰਡਾਰਾ ਨਵੰਬਰ ਦਸੰਬਰ ਵਿਚ ਹੋਇਆ ਹੈ। ਪਿੰਡ ਘੁਮਿਆਰਾ ਦੇ ਕਈ ਲੋਕਾਂ ਨੇ ਇਹ ਬੈਂਚ ਚੁੱਕ ਕੇ ਆਪਣੇ ਖੇਤਾਂ ਵਿਚ ਹੀ ਰੱਖ ਲਏ ਹਨ ਅਤੇ ਸੱਥਾਂ ਇਨ•ਾਂ ਤੋਂ ਸੁੰਨੀਆਂ ਹਨ। ਵੇਰਵਿਆਂ ਅਨੁਸਾਰ ਲੰਬੀ ਹਲਕੇ ਦੇ ਪਿੰਡਾਂ ਨੂੰ ਸੋਲਰ ਲਾਈਟਾਂ ਨਾਲ ਚਮਕਾਇਆ ਜਾ ਰਿਹਾ ਹੈ। ਹਲਕੇ ਦੀਆਂ 83 ਪੰਚਾਇਤਾਂ ਨੂੰ 6749 ਸੋਲਰ ਲਾਈਟਾਂ ਦਿੱਤੀਆਂ ਗਈਆਂ ਹਨ ਜਿਨ•ਾਂ ਤੇ 10.05 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪ੍ਰਤੀ ਸੋਲਰ ਲਾਈਟ 14,900 ਦਾ ਖਰਚਾ ਆਇਆ ਹੈ।
                        ਦਿਲਚਸਪ ਤੱਥ ਹਨ ਕਿ ਪਿੰਡ ਮਿਡੂਖੇੜਾ ਵਿਚ ਇੱਕ ਢਾਣੀ ਵਿਚ 9 ਘਰਾਂ ਅੱਗੇ 10 ਸੋਲਰ ਲਾਈਟਾਂ ਲਾਈਆਂ ਹਨ ਅਤੇ ਇਵੇਂ ਪਿੰਡ ਕੱਖਾਵਾਲੀ ਦੀ ਇੱਕ ਢਾਣੀ ਵਿਚ ਤਿੰਨ ਘਰਾਂ ਦੇ ਅੱਗੇ ਤਿੰਨ ਸੋਲਰ ਲਾਈਟਾਂ ਲਾ ਦਿੱਤੀਆਂ ਹਨ। ਸੂਤਰ ਦੱਸਦੇ ਹਨ ਕਿ ਬੈਂਚ ਵੀ ਖਾਸ ਲੋਕਾਂ ਦੇ ਘਰ ਅੱਗੇ ਸਜੇ ਹਨ ਅਤੇ ਲਾਈਟਾਂ ਤੋਂ ਵਿਰੋਧੀ ਧਿਰ ਵਾਲੀਆਂ ਗਲੀਆਂ ਸੁੰਨੀਆਂ ਹਨ। ਪਿੰਡ ਹਾਕੂਵਾਲਾ ਵਿਚ ਇੱਕ ਇਕੱਲੇ ਘਰ ਨੂੰ ਹੀ ਸੋਲਰ ਲਾਈਟ ਦੇ ਦਿੱਤੀ ਗਈ ਹੈ। ਏਨੀਆਂ ਲਾਈਟਾਂ ਕਿਸੇ ਹੋਰ ਹਲਕੇ ਦੇ ਹਿੱਸੇ ਨਹੀਂ ਆਈਆਂ। ਪੇਡਾ ਮੁਕਤਸਰ ਦੇ ਜ਼ਿਲ•ਾ ਮੈਨੇਜਰ ਸ੍ਰੀ ਤ੍ਰਿਪਤਜੀਤ ਸਿੰਘ ਦਾ ਕਹਿਣਾ ਸੀ ਕਿ ਹਫਤਾ ਪਹਿਲਾਂ ਤੱਕ ਹਲਕਾ ਲੰਬੀ ਲਈ ਸੋਲਰ ਲਾਈਟਾਂ ਦਾ ਸਭ ਸਾਜੋ ਸਮਾਨ ਭੇਜਿਆ ਜਾ ਚੁੱਕਿਆ ਹੈ ਅਤੇ ਕਾਫੀ ਲਾਈਟਾਂ ਲੱਗ ਵੀ ਚੁੱਕੀਆਂ ਹਨ। ਉਨ•ਾਂ ਦੱਸਿਆ ਕਿ ਕੇਂਦਰ,ਰਾਜ ਸਰਕਾਰ ਅਤੇ ਪੰਚਾਇਤਾਂ ਦੀ ਰਾਸ਼ੀ ਨਾਲ ਲਾਈਟਾਂ ਲੱਗ ਰਹੀਆਂ ਹਨ।  ਵੇਰਵਿਆਂ ਅਨੁਸਾਰ ਹਲਕਾ ਲੰਬੀ ਦੇ ਪਿੰਡਾਂ ਵਿਚ ਕਰੀਬ 150 ਟੈਂਟ ਵੰਡੇ ਗਏ ਹਨ  ਅਤੇ ਹਰ ਪਿੰਡ ਨੂੰ ਦੋ ਤੋਂ ਤਿੰਨ ਟੈਂਟ ਦਿੱਤੇ ਗਏ ਹਨ। ਹਾਲਾਂਕਿ ਮੁੱਖ ਮੰਤਰੀ ਨੇ ਜਨਵਰੀ 2013 ਵਿਚ ਵੀ 18 ਪਿੰਡਾਂ ਨੂੰ ਅਤੇ ਅਕਤੂਬਰ 2014 ਵਿਚ 9 ਪਿੰਡਾਂ ਨੂੰ ਟੈਂਟ ਦਿੱਤੇ ਸਨ। ਇੱਥੋਂ ਤੱਕ ਕਿ ਪਿੰਡ ਮਾਹੂਆਣਾ ਨੂੰ ਤਾਂ 200 ਮੰਜੇ ਵੀ ਮੁੱਖ ਮੰਤਰੀ ਨੇ ਬੰਧਨ ਮੁਕਤ ਫੰਡਾਂ ਚੋਂ ਪੈਸਾ ਖਰਚ ਕਰਕੇ ਦਿੱਤੇ ਸਨ।
                    ਪਿੰਡਾਂ ਦੀਆਂ ਪੰਚਾਇਤਾਂ ਅਤੇ ਮਹਿਲਾ ਮੰਡਲਾਂ ਨੂੰ ਭਾਂਡੇ ਵੀ ਦਿੱਤੇ ਗਏ ਹਨ ਜਿਨ•ਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਹਲਕਾ ਲੰਬੀ ਵਿਚ ਨੌਜਵਾਨ ਕਲੱਬਾਂ ਨੂੰ 300 ਕ੍ਰਿਕਟ ਤੇ ਵਾਲੀਬਾਲ ਕਿੱਟਾਂ ਵੰਡੀਆਂ ਹਨ ਜਦੋਂ ਕਿ 50 ਜਿੰਮ ਦਿੱਤੇ ਗਏ ਹਨ। ਹਲਕਾ ਲੰਬੀ ਵਾਸਤੇ ਹੁਣ ਹੋਰ 50 ਜਿੰਮ ਤੇ ਪੰਜਾਹ ਕ੍ਰਿਕਟ ਕਿੱਟਾਂ ਭੇਜੀਆਂ ਗਈਆਂ ਹਨ। ਜ਼ਿਲ•ਾ ਖੇਡ ਅਫਸਰ ਮੁਕਤਸਰ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਜੋ ਲੰਬੀ ਚੋਂ ਹੋਰ ਡਿਮਾਂਡ ਆਈ ਸੀ, ਉਹ ਸਮਾਨ ਵੀ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਲੰਬੀ ਦੇ ਪਿੰਡਾਂ ਦੀਆਂ ਢਾਣੀਆਂ ਵਿਚ ਮੰਡੀ ਬੋਰਡ ਨੇ ਖੜਵੰਜੇ ਸਰਕਾਰੀ ਖਰਚੇ ਤੇ ਲਾ ਦਿੱਤੇ ਹਨ। ਜੋ ਕੁਝ ਸਮਾਂ ਪਹਿਲਾਂ ਪਿੰਡਾਂ ਵਿਚ ਮੈਰਿਜ ਪੈਲੇਸ ਅਤੇ ਆਧੁਨਿਕ ਸ਼ਮਸ਼ਾਨ ਘਾਟ ਬਣਾਏ ਹਨ, ਉਹ ਪੰਜਾਬ ਵਿਚ ਕਿਧਰੇ ਹੋਰ ਵੇਖਣ ਨੂੰ ਨਹੀਂ ਮਿਲਦੇ। ਸੂਤਰ ਦੱਸਦੇ ਹਨ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜ਼ਿਲ•ੇ ਦੇ ਇੱਕ ਵੱਡੇ ਅਧਿਕਾਰੀ ਵਲੋਂ ਇਸ ਸਮਾਨ ਦੀ ਖਰੀਦ ਵਿਚ ਘਾਲਾ ਮਾਲਾ ਕੀਤੇ ਜਾਣ ਦੇ ਕਾਫੀ ਚਰਚੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਇਹ ਸਾਜੋ ਸਮਾਨ ਹਾਕਮ ਧਿਰ ਨੇ ਆਪਣੇ ਖਾਸ ਲੋਕਾਂ ਨੂੰ ਵੰਡਿਆ ਹੈ ਜਦੋਂ ਕਿ ਦਲਿਤ ਵਿਹੜੇ ਇਨ•ਾਂ ਤੋਂ ਸੁੰਨੇ ਹਨ।
                                        ਲੰਬੀ ਤੋਂ ਸ਼ੁਰੂਆਤ ਕੀਤੀ ਹੈ : ਕੋਲਿਆਂ ਵਾਲੀ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ ਦਿਆਲ ਸਿੰਘ ਕੋਲਿਆਂ ਵਾਲੀ ਦਾ ਕਹਿਣਾ ਸੀ ਕਿ ਸੋਲਰ ਲਾਈਟਾਂ ਦੀ ਹਲਕਾ ਲੰਬੀ ਤੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਦੁਬਾਰਾ ਸਰਕਾਰ ਬਣਨ ਮਗਰੋਂ ਬਾਕੀ ਪੰਜਾਬ ਵਿਚ ਇਹ ਲਾਈਟਾਂ ਲੱਗਣਗੀਆਂ। ਉਨ•ਾਂ ਆਖਿਆ ਕਿ ਬੈਂਚ ਤਾਂ ਹਰ ਜਗ•ਾ ਹੀ ਹੁਣ ਸਰਕਾਰ ਦੇ ਰਹੀ ਹੈ। ਲੋੜਵੰਦਾਂ ਨੂੰ ਹੀ ਨਿਯਮਾਂ ਅਨੁਸਾਰ ਸਹੂਲਤ ਦਿੱਤੀ ਜਾ ਰਹੀ ਹੈ।