Wednesday, January 4, 2017

                                 ਸਿਆਸੀ ਮੋਹ
           ਰੋਜ਼ਾਨਾ ਸਵਾ ਸੌ ਬਜ਼ੁਰਗਾਂ ਨੂੰ ਪੈਨਸ਼ਨ !
                                 ਚਰਨਜੀਤ ਭੁੱਲਰ  
ਬਠਿੰਡਾ : ਬਠਿੰਡਾ ਜ਼ਿਲ•ੇ ਵਿਚ ਰੋਜ਼ਾਨਾ ਔਸਤਨ ਸਵਾ ਸੌ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲੱਗ ਰਹੀ ਹੈ ਤਾਂ ਜੋ ਚੋਣਾਂ ਵਿਚ ਲਾਹਾ ਲਿਆ ਜਾ ਸਕੇ। ਚੋਣ ਜ਼ਾਬਤੇ ਤੋਂ ਐਨ ਪਹਿਲਾਂ ਬਜ਼ੁਰਗਾਂ ਨੂੰ ਖੁਸ਼ ਕਰਨ ਖਾਤਰ ਬੁਢਾਪਾ ਪੈਨਸ਼ਨ ਧੜਾਧੜ ਮਨਜ਼ੂਰ ਕੀਤੀ ਜਾ ਰਹੀ ਹੈ। ਪੰਜਾਬ ਭਰ ਵਿਚ ਲੰਘੇ ਤਿੰਨ ਮਹੀਨਿਆਂ ਵਿਚ ਕਰੀਬ 1.30 ਲੱਖ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ  ਲਾਈ ਹੈ। ਉਂਜ, ਆਮ ਦਿਨਾਂ ਵਿਚ ਪ੍ਰਤੀ ਮਹੀਨਾ ਨਵੀਆਂ ਪੈਨਸ਼ਨਾਂ ਦੀ ਗਿਣਤੀ 10 ਹਜ਼ਾਰ ਦਾ ਅੰਕੜਾ ਪਾਰ ਨਹੀਂ ਕਰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਇਕੱਲੇ ਅਕਤੂਬਰ ਮਹੀਨੇ ਵਿਚ 33,500 ਨਵੀਆਂ ਬੁਢਾਪਾ ਪੈਨਸ਼ਨਾਂ ਲੱਗੀਆਂ ਹਨ ਜਦੋਂ ਕਿ ਨਵੰਬਰ ਮਹੀਨੇ ਵਿਚ 49,500 ਬੁਢਾਪਾ ਪੈਨਸ਼ਨਾਂ ਨਵੀਆਂ ਲੱਗੀਆਂ। ਦੱਸਦੇ ਹਨ ਕਿ ਦਸੰਬਰ ਮਹੀਨੇ ਇਹ ਨਵੀਆਂ ਪੈਨਸ਼ਨਾਂ ਦੀ ਗਿਣਤੀ 50 ਹਜ਼ਾਰ ਦਾ ਅੰਕੜਾ ਪਾਰ ਕਰਨ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ•ਾ ਇਸ ਮਾਮਲੇ ਵਿਚ ਮੋਹਰੀ ਬਣਦਾ ਜਾਪਦਾ ਹੈ ਜਿਥੇ ਲੰਘੇ ਤਿੰਨ ਮਹੀਨਿਆਂ ਵਿਚ 11,560 ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲਾ ਦਿੱਤੀ ਗਈ ਹੈ। ਸਤੰਬਰ ਮਹੀਨੇ ਵਿਚ ਸਿਰਫ਼ 2460 ਨਵੀਆਂ ਪੈਨਸ਼ਨਾਂ ਲੱਗੀਆਂ ਸਨ। ਅਕਤੁਬਰ ਵਿਚ ਗਿਣਤੀ ਵੱਧ ਕੇ 3554 ਹੋ ਗਈ ਜਦੋਂ ਕਿ ਨਵੰਬਰ ਵਿਚ ਇਹ ਗਿਣਤੀ 4012 ਹੋ ਗਈ।
                         ਦਸੰਬਰ ਮਹੀਨੇ ਵਿਚ ਨਵੀਆਂ ਪੈਨਸ਼ਨਾਂ ਦੀ ਗਿਣਤੀ 4200 ਦਾ ਅੰਕੜਾ ਪਾਰ ਕੀਤੇ ਜਾਣ ਦਾ ਅਨੁਮਾਨ ਹੈ। ਔਸਤਨ ਦੇਖੀਏ ਤਾਂ ਰੋਜ਼ਾਨਾ 128 ਪੈਨਸ਼ਨਾਂ ਲੱਗ ਰਹੀਆਂ ਹਨ। ਆਮ ਦਿਨਾਂ ਵਿਚ ਬਜ਼ੁਰਗਾਂ ਨੂੰ ਦਫ਼ਤਰਾਂ ਦੇ ਧੱਕੇ ਖਾਣੇ ਪੈਂਦੇ ਰਹੇ ਹਨ। ਪਿੰਡਾਂ ਦੇ ਸਰਪੰਚਾਂ ਵਲੋਂ ਧੜਾਧੜ ਬਜ਼ੁਰਗਾਂ ਦੇ ਫਾਰਮ ਭਰਵਾਏ ਜਾ ਰਹੇ ਹਨ। ਚੋਣ ਜ਼ਾਬਤੇ ਦੇ ਡਰੋਂ ਹੱਥੋਂ ਹੱਥੀ ਸਭ ਕੁਝ ਹੋ ਰਿਹਾ ਹੈ। ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਸ੍ਰੀ ਨਵੀਨ ਗੜ•ਵਾਲ ਦਾ ਪ੍ਰਤੀਕਰਮ ਸੀ ਕਿ ਪੈਨਸ਼ਨਾਂ ਲਈ ਕੋਈ ਮੁਹਿੰਮ ਨਹੀਂ ਚਲਾਈ ਜਾ ਰਹੀ ਬਲਕਿ ਰੁਟੀਨ ਵਿਚ ਹੀ ਪੈਨਸ਼ਨਾਂ ਲੱਗ ਰਹੀਆਂ ਹਨ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲ•ੇ ਵਿਚ ਸਭ ਤਰ•ਾਂ ਦੀਆਂ ਪੈਨਸ਼ਨਾਂ ਦੀ ਗਿਣਤੀ ਕਰੀਬ 87 ਹਜ਼ਾਰ ਬਣਦੀ ਹੈ। ਇਸ ਜ਼ਿਲ•ੇ ਵਿਚ ਨਵੰਬਰ ਮਹੀਨੇ ਵਿਚ ਸਿਰਫ਼ 1500 ਨਵੀਆਂ ਬੁਢਾਪਾ ਪੈਨਸ਼ਨਾਂ ਲੱਗੀਆਂ ਸਨ। ਹੁਣ ਇਕਦਮ ਹੜ• ਆ ਗਿਆ ਹੈ ਅਤੇ ਇਕੱਲੇ ਦਸੰਬਰ ਮਹੀਨੇ ਵਿਚ ਹੀ 4007 ਨਵੀਆਂ ਬੁਢਾਪਾ ਪੈਨਸ਼ਨਾਂ  ਲੱਗ ਗਈਆਂ ਹਨ। ਮਾਨਸਾ ਦੇ ਜ਼ਿਲ•ਾ ਸਮਾਜਿਕ ਤੇ ਸੁਰੱਖਿਆ ਅਫਸਰ ਸ੍ਰੀ ਸਤੀਸ਼ ਕਪੂਰ ਦਾ ਕਹਿਣਾ ਸੀ ਕਿ ਰੁਟੀਨ ਵਿਚ ਹੀ ਬਜ਼ੁਰਗਾਂ ਦੇ ਫਾਰਮ ਤਸਦੀਕ ਹੋ ਕੇ ਪੈਨਸ਼ਨਾਂ ਲਈ ਆ ਰਹੇ ਹਨ।
                        ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ•ੇ ਮੁਕਤਸਰ ਵਿਚ ਤਾਂ ਬੁਢਾਪਾ ਪੈਨਸ਼ਨਾਂ ਲਾਉਣ ਲਈ ਨਵੰਬਰ ਮਹੀਨੇ ਵਿਚ ਵਿਸ਼ੇਸ਼ ਕੈਂਪ ਲਾਏ ਗਏ ਸਨ ਜਿਨ•ਾਂ ਵਿਚ ਕਰੀਬ ਚਾਰ ਹਜ਼ਾਰ ਬਜ਼ੁਰਗਾਂ ਨੂੰ ਪੈਨਸ਼ਨ ਲਾਈ ਗਈ ਹੈ। ਹਾਲੇ ਹੋਰ ਫਾਰਮ ਵੀ ਆ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜਨਵਰੀ 2016 ਤੋਂ ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਸੀ ਅਤੇ ਫਰਵਰੀ ਮਹੀਨੇ ਵਿਚ ਹਰ ਜ਼ਿਲ•ੇ ਵਿਚ ਵਿਸ਼ੇਸ਼ ਸਮਾਗਮ ਕਰਕੇ ਇਹ ਪੈਨਸ਼ਨਾਂ ਵੰਡੀਆਂ ਗਈਆਂ ਸਨ। ਭਾਵੇਂ ਨਵੀਆਂ ਪੈਨਸ਼ਨਾਂ ਤਾਂ ਧੜਾਧੜ ਲੱਗ ਰਹੀਆਂ ਹਨ ਪਰ ਬਜ਼ੁਰਗਾਂ ਨੂੰ ਤਿੰਨ ਮਹੀਨੇ ਤੋਂ ਬੁਢਾਪਾ ਪੈਨਸ਼ਨ ਨਹੀਂ ਮਿਲੀ ਹੈ। ਅਕਤੂਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਤਾਂ ਨੋਟਬੰਦੀ ਕਰਕੇ ਸਰਪੰਚਾਂ ਦੇ ਖਾਤਿਆਂ ਵਿਚ ਫਸੀ ਹੋਈ ਹੈ।
                      ਪੰਜਾਬ ਸਰਕਾਰ ਨੇ ਸਰਪੰਚਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਲਾਭਪਾਤਰੀਆਂ ਨੂੰ ਚੈੱਕ ਕੱਟ ਦੇਣ ਪ੍ਰੰਤੂ ਬੈਂਕਾਂ ਤੋਂ ਹਾਲੇ ਤੱਕ ਚੈੱਕ ਬੁੱਕਾਂ ਨਹੀਂ ਮਿਲੀਆਂ ਹਨ। ਪੰਜਾਬ ਸਰਕਾਰ ਨੇ ਨਵੰਬਰ ਮਹੀਨੇ ਦੀ ਬੁਢਾਪਾ ਪੈਨਸ਼ਨ ਤਾਂ ਭੇਜ ਦਿੱਤੀ ਹੈ ਪਰ ਇਹ ਪੈਨਸ਼ਨ ਖ਼ਜ਼ਾਨਾ ਦਫ਼ਤਰਾਂ ਵਿਚ ਫਸੀ ਹੋਈ ਹੈ। ਦਸੰਬਰ ਮਹੀਨੇ ਦੇ ਬਿੱਲ ਹਾਲੇ ਭੇਜੇ ਜਾਣੇ ਹਨ। ਬਜ਼ੁਰਗਾਂ ਦੇ ਹੱਥ ਵਿਚ ਤਿੰਨ ਮਹੀਨੇ ਦੀ ਪੈਨਸ਼ਨ ਨਹੀਂ ਪੁੱਜੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਪ੍ਰਤੀਕਰਮ ਸੀ ਕਿ ਚੋਣਾਂ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ ਅਤੇ ਤਿੰਨ ਮਹੀਨਿਆਂ ਤੋਂ ਬਜ਼ੁਰਗ ਪੈਨਸ਼ਨ ਦੀ ਉਡੀਕ ਕਰ ਰਹੇ ਹਨ। ਲੋਕ ਹੁਣ ਕਿਸੇ ਝਾਂਸੇ ਵਿਚ ਨਹੀਂ ਆਉਣਗੇ। 

No comments:

Post a Comment