Sunday, May 31, 2020

                       ਵਿਚਲੀ ਗੱਲ
          ਬਗਲਾ ਭਗਤ ਮੱਛੀ ਦਾ ਰਾਖਾ..!
                              ਚਰਨਜੀਤ ਭੁੱਲਰ
ਚੰਡੀਗੜ੍ਹ : ਬਹੁਤਾ ਸੋਚਣ ਦੀ ਲੋੜ ਨਹੀਂ। ਤੁਸੀਂ ਸੋਚ ’ਤੇ ਪਹਿਰਾ ਦੇਣ ਵਾਲੇ ਤਾਂ ਬਣੋ। ਦੱਸੋ ਖਾਂ, ਸਰ ਛੋਟੂ ਰਾਮ ਕਿਵੇਂ ਰਹੂ। ਜਚਿਆ ਨਹੀਂ ਤਾਂ ਚੌਧਰੀ ਚਰਨ ਸਿੰਘ ਵੇਖ ਲਓ। ਲਾਲ ਬਹਾਦਰ ਸ਼ਾਸਤਰੀ ਬਾਰੇ ਕੀ ਖਿਆਲ ਐ। ‘ਜੱਟ ਕੀ ਜਾਣੇ ਲੌਂਗਾਂ ਦਾ ਭਾਅ’, ਬੜੇ ਪੀਰ ਹੋ ਤੁਸੀਂ। ਆਖਦੇ ਹੋ, ਜ਼ਿੰਦਾਬਾਦ ਇਨ੍ਹਾਂ ਦੀ ਕਿਉਂ ਕਰੀਏ। ਉਪਜਾਊ ਸੋਚ ਦਾ ਸਾਡੇ ਕਿਤੇ ਘਾਟੈ। ਸਾਡੇ ਕੋਲ ਜਥੇਦਾਰ ਤੋਤਾ ਸਿਓਂ ਹੈ। ਸੁੱਚਾ ਸਿੰਘ ਲੰਗਾਹ ਜੀ ਨੇ। ਗੁਰਦੇਵ ਸਿਓਂ ਬਾਦਲ ਦੀ ਸੋਚ ਨੂੰ ਕਿਵੇਂ ਭੁੱਲੀਏ। ਅਮਰਿੰਦਰ ਤਾਂ ਦਿਲੋ ਦਿਮਾਗ ’ਤੇ ਛਾਏ ਨੇ। ਤੁਸੀਂ ਤਾਂ ਅਕਲੋਂ ਪੈਦਲ ਹੀ ਨਿਕਲੇ। ਏਨੇ ਚੋਟੀ ਦੇ ਖੇਤੀ ਮੰਤਰੀ ਮਿਲੇ। ਤੁਸੀਂ ਮੌਕਾ ਗੁਆ ਬੈਠੇ। ਡੁੱਲ੍ਹੇ ਬੇਰ ਝੋਲੀ ’ਚ ਪਾ ਲਓ। ਬੱਸ ਆਹ ਕਰੋਨਾ ਦਾ ਫਸਤਾ ਵੱਢਿਆ ਜਾਏ। ਅਮਰਿੰਦਰ ਸਿਓਂ ਖੇਤੀ ਮੰਤਰੀ ਵੀ ਨੇ। ਖੇਤਾਂ ’ਚ ਥੋਡੇ ਕੋਲ ਸਿੱਧੇ ਪੁੱਜਣਗੇ। ਖੁੱਲ੍ਹ ਕੇ ਕਰਿਓ ਗੱਲਾਂ। ਸ਼ਾਇਦ ਨਾਲ ਪ੍ਰਸ਼ਾਂਤ ਕਿਸ਼ੋਰ ਵੀ ਆਊ। ਨੰਦ ਕਿਸ਼ੋਰ ਤਾਂ ਪੰਜਾਬ ’ਚੋਂ ਚਲੇ ਗਏ। ਝੋਨਾ ਤੁਸੀਂ ਆਪ ਲਾ ਲਿਓ। ਅਫਗਾਨੀ ਕਹਾਵਤ ਹੈ, ‘ਜੇ ਦੋਸਤੀ ਚੋਰ ਨਾਲ ਹੋਵੇ, ਪਹਿਲਾਂ ਆਪਣੀ ਮੱਝ ਨੂੰ ਰੱਸਾ ਪਾਓ’। ਫਿਰ ਪ੍ਰਸ਼ਾਂਤ ਕਿਸ਼ੋਰ ਨੂੰ ਵੱਟ ’ਤੇ ਬਿਠਾ ਲੈਣਾ। ਘਰੋਂ ਮੁੰਡੇ ਤੋਂ ਬੈਂਕ ਦੀ ਕਾਪੀ ਮੰਗਾ ਲੈਣਾ। ਝਾਤ ਕਰਜ਼ੇ ’ਤੇ ਪਵਾ ਦੇਣਾ। ਦੇਖੀ ਜਾਊ, ਭਾਵੇਂ ਵੱਟੋ-ਵੱਟ ਪਾ ਲੈਣਾ। ਵੋਟਾਂ ਵੇਲੇ ਕੌਣ ਗੁੱਸਾ ਕਰਦੈ। ਸੁਰਗਲੋਕ ’ਚ ਮਰਹੂਮ ਸ਼ਾਸਤਰੀ ਜੀ ਬੈਠੇ ਨੇ। ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਗੂੰਜਿਆ। ਜੰਗਲ ’ਚ ਮੰਗਲ ਲਾ ਦਿੱਤੇ। ਵਿਆਜ ’ਤੇ ਵਿਆਜ ਲਾਉਣਾ ਖ਼ਤਮ ਕਰਾਇਆ। ਨਵਾਂ ਐਕਟ ਬਣਾਇਆ, ਸਰ ਛੋਟੂ ਰਾਮ ਨੇ, ਸਿਜਦਾ ਕਰਦੇ ਹਾਂ। ਚੌਧਰੀ ਚਰਨ ਸਿੰਘ ਦੀ ਰੂਹ ਨੂੰ ਪ੍ਰਣਾਮ, ਜ਼ਮੀਨੀ ਸੁਧਾਰਾਂ ਬਾਰੇ ਕਾਨੂੰਨ ਜੋ ਬਣਾਏ।
                 ਜਥੇਦਾਰ ਗੁਰਦੇਵ ਸਿੰਘ ਬਾਦਲ ਵੀ ਪਰਲੋਕ ’ਚ ਬੈਠੇ ਨੇ। ‘ਫੁੱਲਾਂ ਦੀ ਖੇਤੀ’ ਦੇ ਸੁਫਨੇ ਦਿਖਾਏ। ਉਦੋਂ ਜਾਅਲੀ ਖਾਦਾਂ ਤੇ ਸਪਰੇਆਂ ਦਾ ਰੱਜ ਕੇ ਰੌਲਾ ਪਿਆ। ਇੱਕ ਮੰਤਰੀ ਦੀ ਫੈਕਟਰੀ ਖੇਤ ਚੱਟ ਗਈ। ਲਓ ਇੱਕ ਟੋਟਕਾ ਸੁਣੋ। ਗੰਢੇ ਅਸਮਾਨੀ ਚੜ੍ਹੇ ਹੋਏ ਸਨ। ਗੁਰਦੇਵ ਬਾਦਲ ਇੱਕ ਜਲਸੇ ’ਚ ਬੋਲੇ। ‘ਘਰੇ ਲਾਲ ਗੰਢੇ ਲਾਓ, ਮਹਿੰਗਾਈ ਭਜਾਓ, ਲਾਲ ਝੰਡੇ ਵਾਲੇ ਹਰਾਓ।’ ਪੰਡਾਲ ’ਚੋਂ ਕੋਈ ਬੋਲਿਆ। ਜਥੇਦਾਰ ਜੀ, ਲਾਲ ਰੰਗ ਤਾਂ ਕਾਮਰੇਡਾਂ ਦਾ ਐ, ਨੀਲੇ ਗੰਢੇ ਨਾ ਲਾ ਲਈਏ।’ ਜ਼ਰੂਰ ਕਿਸੇ ਖੇਤੀ ਵਿਗਿਆਨੀ ਨੇ ਗੱਲ ਪੱਲੇ ਬੰਨ੍ਹੀ ਹੋਊ। ਨੀਲੀ ਬੰਦ ਗੋਭੀ ਤਾਂ ਆ ਗਈ, ਨੀਲੇ ਗੰਢੇ ਹਾਲੇ ਨਹੀਂ ਆਏ। ਦੇਖਿਆ ਜਾਵੇ ਤਾਂ ਨੁਸਖ਼ਾ ਚੰਗੈ। ਭਾਜਪਾਈ ਕਿਤੇ ਕੇਸਰੀ ਗੰਢੇ ਨਾ ਤਿਆਰ ਕਰਾ ਲੈਣ। ਬੋਲੋ.. ਗੰਢਾ ਮਹਾਰਾਜ ਦੀ ਜੈ। ਖੈਰ, ਕਿਸਾਨ ਵਿਚਾਰਾ ’ਕੱਲੈ, ਗੰਢੇ ਗਾਲਣ ਵਾਲੇ ਲੱਖਾਂ ਨੇ। ਟਾਵਾਂ ਵਰ੍ਹਾ ਸੁੱਕਾ ਲੰਘਦੈ, ਨਾਸਿਕ ਦੇ ਕਿਸਾਨ ਮਿੱਟੀ ਦੇ ਭਾਅ ਵੇਚਦੇ ਨੇ। ਮੱਧ ਪ੍ਰਦੇਸ਼ ’ਚ ਮੱਕੀ ਮਿੱਟੀ ਬਣੀ ਹੈ। ਯੂਪੀ ’ਚ ਟਮਾਟਰ ਤੇ ਦੱਖਣ ’ਚ ਕੇਲਾ। ਫਾਰਸੀ ਅਖਾਣ ਐ, ‘ਜਦੋਂ ਊਠ ਰੁਪਏ ਦਾ ਵਿਕੇ, ਉਦੋਂ ਖੋਤੇ ਦਾ ਧੇਲਾ ਨਹੀਂ ਮਿਲਦਾ।’ ਅਮਰਿੰਦਰ ਨੇ ਜਦੋਂ ਪਹਿਲੀ ਵਾਰ ਗੱਦੀ ਸੰਭਾਲੀ। ਹਿੱਕ ਥਾਪੜਨ ਲੱਗੇ ਚੇਲੇ, ਹੁਣ ਬਣਿਐ, ‘ਟਕਸਾਲੀ ਜੱਟ ਮੁੱਖ ਮੰਤਰੀ’। ‘ਪਾਣੀਆਂ ਦਾ ਰਾਖਾ’ ਇਹ ਰਾਗ ਵੀ ਵਜਾਇਆ ਗਿਆ। ਨਕਲੀ ਬੀਜ, ਸਪਰੇਆਂ ਤੇ ਨਕਲੀ ਖਾਦਾਂ ਕਦੇ ਵਿਕਣੋਂ ਨਹੀਂ ਰੁਕੇ। ਅੰਨਦਾਤੇ ਦੀ ਜ਼ਿੰਦਗੀ ਨੂੰ ਕਦੇ ਕਾਂਗਿਆਰੀ ਪਈ ਅਤੇ ਕਦੇ ਗੁੱਲੀ ਡੰਡਾ। ਰਾਜਿਆਂ ਦੇ ਘਰ ਮੋਤੀਆਂ ਦਾ ਕਾਲ ਪਿਐ। ਤਾਹੀਓਂ ਕਰਜ਼ੇ ਸਿਰ ਨਹੀਂ ਚੁੱਕਣ ਦਿੰਦੇ।
                ਸੁੱਚਾ ਸਿੰਘ ਲੰਗਾਹ ਖੇਤੀ ਮੰਤਰੀ ਸਨ। ਉਦੋਂ ਸੀਡ ਕਾਰਪੋਰੇਸ਼ਨ ’ਚ ਘੁਟਾਲੇ ਦਾ ਧੂੰਆਂ ਉੱਠਿਆ। ਤੋਤਾ ਸਿੰਘ ਖੇਤੀ ਮੰਤਰੀ ਸਨ, ਕੀਟਨਾਸ਼ਕ ਘਪਲੇ ਗੂੰਜ ਅਸਮਾਨੀਂ ਪਈ। ਵੱਢੀ ਦੇਣ ਚੱਲੇ ਬੀਜਾਂ ਵਾਲੇ ਅਫ਼ਸਰ ਕੁੜਿੱਕੀ ’ਚ ਆਏ। ਅਮਰਿੰਦਰ ਖੇਤੀ ਮੰਤਰੀ ਵੀ ਹਨ। ਬੀਜ ਘਪਲੇ ਨੇ ਫਿਰ ਸਿਰ ਚੁੱਕਿਐ। ਦਾਦੀਆਂ ਤੋਂ ‘ਕਾਂ ਤੇ ਚਿੜੀ’ ਵਾਲੀ ਬਾਤ ਤਾਂ ਸੁਣੀ ਹੋਊ। ਚਿੜੀ ਆਪਾ ਖਪਾਉਂਦੀ, ਕਾਂ ਵਿਹਲਾ ਛਕਦਾ। ਪੁਰਾਣੀ ਕਵਿੱਤ ਚੇਤੇ ’ਚ ਘੁੰਮਾਓ, ‘ਮੋਰ ਪਾਵੇ ਪੈਲ, ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ..!’ ਜੇ ਬਗਲੇ ਭਗਤ ਘਾਤ ਨਾ ਲਾਉਂਦੇ। ਕਿਸੇ ਨੇ ਪਿਓ ਦਾ ਵੱਟਿਆ ਸਣ ਵਾਲਾ ਰੱਸਾ ਨਹੀਂ ਚੁੱਕਣਾ ਸੀ। ਕੋਈ ਕਿਉਂ ਫਿਰ ਮਾਂ ਦੀ ਚੁੰਨੀ ਭਾਲਦਾ। ਖੇਤ ਵਿਚਲੀ ਟਾਹਲੀ ਛਾਵਾਂ ਵੰਡਦੀ। ਸਰਕਾਰਾਂ ਬੇਕਿਰਕ, ਰੱਸੇ ਤੇ ਚੁੰਨੀਆਂ ਫਾਹੀਆਂ ਬਣੀਆਂ ਨੇ। ਬੱਕਰਾ ਜਾਨੋਂ ਗਿਆ… ਤੁਸੀਂ ਆਖਦੇ ਹੋ, ਘਟੀ ਦੀ ਕੋਈ ਦਾਰੂ ਨਹੀਂ। ਕਿਤੇ ਮੀਲੀ ਬੱਗ, ਚਿੱਟੀ ਮੱਖੀ, ਗੁਲਾਬੀ ਮੱਖੀ, ਕਿਤੇ ਤੰਬਾਕੂ ਸੁੰਡੀ, ਪਹਿਲਾਂ ਅਮਰੀਕਨ ਸੁੰਡੀ। ਹੁਣ ਟਿੱਡੀ ਦਲ। ਖੇਤਾਂ ’ਚ ਜਿੱਧਰ ਦੇਖੋ, ਮੜ੍ਹੀਆਂ ਦਿਖਦੀਆਂ ਨੇ। ਖੇਤਾਂ ਦਾ ਗਾਮਾ ਭਲਵਾਨ ਜ਼ਿੰਦਗੀ ਦਾ ਘੋਲ ਹਾਰ ਗਿਆ। ਕਿਵੇਂ ਹਾਰਿਐ, ਜਗਰੂਪ ਝੁਨੀਰ ਤੋਂ ਸੁਣੋ। ‘ਅੰਮੀਏ ਨੀ ਤੇਰੇ ਪੁੱਤ ਨੂੰ, ਚਿੱਟਾ ਸੋਨਾ ਵੀ ਰਾਸ ਨਾ ਆਇਆ/ਨਿੱਤ ਕਰੇ ਖੁਦਕੁਸ਼ੀਆਂ,ਬਾਜ਼ੀ ਹਾਰ ਗਿਆ ਮਿੱਟੀ ਦਾ ਜਾਇਆ।’ ਲੱਗਦੇ ਹੱਥ ਫ਼ਤਿਹ ਸ਼ੇਰਗਿੱਲ ਨੂੰ ਮੌਕਾ ਦਿਓ। ‘ਭਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ/ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫ਼ਸਲ ਵੇਚ ਕੇ ਲੱਖਾਂ ਦੀ।‘
               ਬਲਦੇਵ ਸਿੰਘ ਸੜਕਨਾਮਾ ਦਾ ਨਾਵਲ ‘ਅੰਨਦਾਤਾ’। ਸੀਮਾਂਤ ਕਿਸਾਨੀ ਦਾ ਕੌੜਾ ਯਥਾਰਥ ਪੇਸ਼ ਕਰਦੈ। ‘ਜ਼ਮੀਨ ਉਹੀ ਰਾਣੀ, ਜਿਸ ਦੇ ਸਿਰ ਪਾਣੀ’। ਤੁਸੀਂ ਫਿਕਰ ਛੱਡ ਕੇ ਜੈਕਾਰੇ ਛੱਡੋ। ਸਾਡੇ ਕੋਲ ਜਥੇਦਾਰ ਸੁਖਬੀਰ ਸਿੰਘ ਬਾਦਲ ਹਨ। ਮਜਾਲ ਐ, ਪਾਣੀ ਦੀ ਇੱਕ ਬੂੰਦ ਵੀ ਜਾਣ ਦੇਣ। ਨਾਲੇ ਕੋਈ ਖੇਤੀ ਮੋਟਰਾਂ ਦੇ ਬਿੱਲ ਲਾ ਕੇ ਦਿਖਾਵੇ। ਮੌਜੂਦਾ ਲੋਕ ਸਭਾ ’ਚ 167 ਸੰਸਦ ਮੈਂਬਰ ਨੇ। ਜੋ ‘ਕਿਸਾਨ ਪੁੱਤਰ’ ਅਖਵਾਉਂਦੇ ਨੇ। ਕਿਸਾਨੀ ਨੂੰ ਜਿਣਸਾਂ ਦੇ ਭਾਅ ਕਿਉਂ ਨਹੀਂ ਮਿਲਦੇ। ਗੱਲ ਪੰਜਾਹ ਸਾਲ ਪੁਰਾਣੀ ਐ। ਕਣਕ ਦਾ ਭਾਅ 115 ਰੁਪਏ ਕੁਇੰਟਲ ਸੀ। ਡਾ. ਕੇਵਲ ਕ੍ਰਿਸ਼ਨ ਟੱਕਰੇ, ਅੱਗਿਓਂ ਗੁਰਦੇਵ ਬਾਦਲ ਇੰਝ ਬੋਲੇ, ‘ਡਾ. ਸਾਹਿਬ ਥੋਡੀ ਟੋਪੀ ਦੀ ਕੀਮਤ ਵਧ ਗਈ, ਕਣਕ ਝੋਨੇ ਦਾ ਭਾਅ ਨਹੀਂ ਵਧਿਆ’। 1964-65 ਦੇ ਲਾਗੇ ਜਦੋਂ ਅੰਨ ਸੰਕਟ ਸੀ। ਬੱਚੇ ਵਿਲਕਦੇ ਸਨ। ਉਦੋਂ ਵੀ ਬਗਲੇ ਭਗਤ, ‘ਖਾਦ ਖਾਂਦੇ ਸਨ, ਬੀਜ ਖਾਂਦੇ ਸਨ, ਖੰਡ ਖਾਂਦੇ ਸਨ। ‘ਬਜਟ ’ਚ ਸੌ ਰੁਪਏ ਪਿਛੇ ਸਿਰਫ 6 ਰੁਪਏ ਖੇਤੀ ਲਈ ਸਨ। ਕਿਸਾਨੀ ਕਰਜ਼ੇ ’ਤੇ ਸੂਦ 4 ਫੀਸਦੀ ਸੀ। ਸਨਅਤਾਂ ਲਈ ਕਰਜ਼ ਦਰ ਡੇਢ ਫੀਸਦੀ। ਵੱਡਿਆਂ ਨੂੰ 3600 ਰੁਪਏ ਤੱਕ ਆਮਦਨ ਕਰ ਤੋਂ ਛੋਟ ਸੀ। ਕਿਸਾਨੀ ਨੂੰ 500 ਤੋਂ ਵੱਧ ਦੀ ਫਸਲ ’ਤੇ ਮਾਲੀਆ ਦੇਣਾ ਪੈਂਦਾ ਸੀ। ਮਜੀਠਾ ਤੋਂ ਐੱਮਐੱਲਏ ਡਾ. ਪ੍ਰਕਾਸ਼ ਕੌਰ ਮਾਰਚ 1965 ’ਚ ਭੜਕ ਉੱਠੇ ਸਨ। ਸੁਸਰੀ ਵਾਲੀ ਕਣਕ ਦਾ ਬੀਜ ਕਿਸਾਨਾਂ ਨੂੰ ਕਿਉਂ ਵੰਡਿਐ।
             1962 ’ਚ ਸਾਂਝੇ ਪੰਜਾਬ ਦਾ ਰਕਬਾ 3.3 ਕਰੋੜ ਹੈਕਟੇਅਰ ਸੀ। 62 ਲੱਖ ਮੀਟਰਿਕ ਟਨ ਅਨਾਜ ਪੈਦਾ ਹੁੰਦਾ ਸੀ। ਪੰਜਾਬ ਦੇ 21,269 ਪਿੰਡ ਸਨ। ਉਦੋਂ ਨਾਅਰਾ ਦਿੱਤਾ ਸੀ। 18 ਫੀਸਦੀ ਪੈਦਾਵਾਰ ਵਧਾਓ, ਇਨਾਮ ’ਚ ਟਰੈਕਟਰ ਪਾਓ। ਲਛਮਣ ਸਿੰਘ ਗਿੱਲ ਖੁੱਲ੍ਹ ਕੇ ਬੋਲੇ ਸਨ, ‘ਜੁੱਤੀ ਦੀ ਕੀਮਤ ਤਾਂ ਮੋਚੀ ਤੈਅ ਕਰਦੈ, ਜਿਣਸ ਦਾ ਮੁੱਲ ਕਿਸਾਨ ਨਹੀਂ, ਕੋਈ ਦੂਸਰਾ ਪਾਉਂਦੈ।’ਵੱਡੇ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਉਨ੍ਹਾਂ ਨਾਅਰਾ ਦਿੱਤਾ ਸੀ। ‘ਹਰ ਖੇਤ ’ਚ ਹਰਿਆਲੀ, ਹਰ ਘਰ ’ਚ ਖੁਸ਼ਹਾਲੀ, ਹਰ ਚਿਹਰੇ ’ਤੇ ਲਾਲੀ।’ ਇੱਕ ਨਾਅਰਾ ਹੋਰ ਗੁੰਜਿਆ ਸੀ। ‘ਉੱਤੇ ਜੱਟ, ਹੇਠਾਂ ਜੱਟ, ਨਰਮਾ ਵਿਕੇ 260।’ ਕੇਂਦਰ ’ਚ ਉਦੋਂ ਆਪਣੇ ਬੈਠੇ ਸਨ। ‘ਬਗਲੇ ਭਗਤ ਮੱਛੀਆਂ ਦੇ ਰਾਖੇ।’ ਜਾਪਾਨ ਵਾਲੇ ਪਰਮਿੰਦਰ ਸੋਢੀ, ਪ੍ਰਵਚਨਾਂ ਦੀ ਪੰਡ ਖੋਲ੍ਹੀ ਬੈਠੇ ਨੇ। ਇੱਕ ਵਿਚਾਰ ਘੱਲਿਐ, ‘ਜਿਸ ਦੇ ਨਹੁੰਆਂ ’ਚ ਮਿੱਟੀ ਫਸੀ ਹੋਵੇ, ਉਸ ਦੀ ਪ੍ਰਸੰਸਾ ਕਰੋ।’ ਕੋਟੇ ਤੋਂ ਭਾਜਪਾਈ ਵਿਧਾਇਕ ਹੀਰਾ ਲਾਲ ਸੀ। ਇਵੇਂ ਕੀਤੀ ਉਨ੍ਹਾਂ ਨੇ ਸਿਫ਼ਤ ‘ਮੁਆਵਜ਼ਾ ਲੈਣ ਲਈ ਖੁਦਕੁਸ਼ੀ ਕਰਦੈ ਕਿਸਾਨ।’ ਤਾਈ ਨਿਰਮਲਾ ਸੀਤਾਰਮਨ ਕਿਹੜਾ ਘੱਟ ਹੈ। ਕਹਿਣ ਲੱਗੀ, ‘ਬੱਚਿਓ ਮੈਂ ਤਾਂ ਪਿਆਜ਼ ਖਾਂਦੀ ਹੀ ਨਹੀਂ।’ ਫਿਕਰ ਤੌਂਸਵੀ ਜੀ ਹੁੰਦੇ, ਆਖ ਕੇ ‘ਪਿਆਜ਼ ਕੇ ਛਿਲਕੇ’ ਦਾ ਇੱਕ ਕਾਲਮ ਹੋਰ ਲਿਖਵਾਉਂਦੇ। ਕਰੋਨਾ ਦੀ ਆਫਤ ਸਿਰ ਹੈ। ਨੰਦ ਕਿਸ਼ੋਰ ਬਿਪਤਾ ’ਚ ਫਸਿਐ। ਅੰਨਦਾਤੇ ਦੇ ਭਰੇ ਗੁਦਾਮ ਹੁਣ ਕੰਮ ਆਏ ਨੇ। ਜੈਕਾਰੇ ਕਿਸੇ ਦੇ ਵੀ ਲਾਇਓ। ਛੱਜੂ ਰਾਮ ਨੂੰ ਜ਼ਰੂਰ ਦੱਸ ਕੇ ਜਾਇਓ। ‘ਲੋਕ ਆਪਣੀ ਚੀਜ਼ ਵੇਚਦੇ ਨੇ, ਕਿਸਾਨ ਸੁੱਟਦਾ ਹੈ।‘ ਛੋਟੀ ਮੋਟੀ ਗੁਲੇਲ ਵੀ ਦੇ ਜਾਇਓ…ਕਾਵਾਂ ਦੇ ਨਿਸ਼ਾਨੇ ਲਾਉਣ ਦਾ ਬੜਾ ਸ਼ੌਕ ਚੜਿਐ..!

Tuesday, May 26, 2020

                     ਕਰਨ ਦਾ ਨਵਾਂ ਅਵਤਾਰ 
    ਮੁੱਖ ਸਕੱਤਰ ਨੂੰ ਮਿਲੇਗੀ ਚੇਅਰਮੈਨੀ !
                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਨੂੰ ਸੇਵਾ ਮੁਕਤੀ ਮਗਰੋਂ ਚੇਅਰਮੈਨ ਲਾਉਣ ਲਈ ਅੰਦਰਖਾਤੇ ਤਿਆਰੀ ਆਰੰਭ ਦਿੱਤੀ ਹੈ। ਬਿਨਾਂ ਕਿਸੇ ਖਾਸ ਅੜਚਨ ਤੋਂ ਸਿਆਸੀ ਵਿਉਂਤ ਸਿਰੇ ਚੜ੍ਹੀ ਤਾਂ ਉਨ੍ਹਾਂ ਵਜ਼ੀਰਾਂ ਨੂੰ ਕਿਧਰੇ ਮੂੰਹ ਦਿਖਾਉਣਾ ਮੁਸ਼ਕਲ ਬਣੇਗਾ ਜਿਨ੍ਹਾਂ ਨੇ ਮੁੱਖ ਸਕੱਤਰ ਦੀ ਛੁੱਟੀ ਕਰਾਉਣ ਲਈ ਮੁਹਿੰਮ ਵਿੱਢੀ ਹੋਈ ਹੈ। ਅਹਿਮ ਸੂਤਰਾਂ ਅਨੁਸਾਰ ਮੁੱਖ ਸਕੱਤਰ ਨੂੰ ‘ਵਾਟਰ ਰੈਗੂਲੇਟਰੀ ਅਥਾਰਟੀ’ ਦਾ ਚੇਅਰਮੈਨ ਲਾਏ ਜਾਣ ਦੀ ਯੋਜਨਾ ਲਗਭਗ ਬਣ ਚੁੱਕੀ ਹੈ। ਦੱਸਣਯੋਗ ਹੈ ਕਿ ਕੈਬਨਿਟ ਵਜ਼ੀਰਾਂ ਦੀ ਤਿੱਕੜੀ ਤੇ ਮੁੱਖ ਸਕੱਤਰ ਪੰਜਾਬ ਦਾ ਪੇਚਾ ਪਿਆ ਹੋਇਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਮੁੱਖ ਸਕੱਤਰ ਦੀ ਪਿੱਠ ’ਤੇ ਹਨ ਜਿਸ ਕਰਕੇ ਵਿਰੋਧੀ ਸੁਰ ਵੀ ਹੁਣ ਮੱਠੇ ਪੈ ਗਏ ਹਨ। ਅਮਰਿੰਦਰ ਸਿੰਘ ਸਟੈਂਡ ਲੈਣ ’ਚ ਅੜਬ ਮੰਨੇ ਜਾਂਦੇ ਹਨ ਤੇ ਪਿੱਛੇ ਹਟਣਾ ਉਨ੍ਹਾਂ ਦੇ ਸੁਭਾਅ ’ਚ ਨਹੀਂ ਹੈ। ਪਤਾ ਲੱਗਾ ਹੈ ਕਿ ‘ਵਾਟਰ ਰੈਗੂਲੇਟਰੀ ਅਥਾਰਟੀ’ ਦੇ ਚੇਅਰਮੈਨ ਅਤੇ ਮੈਂਬਰਾਂ ਲਈ ਨਵੀਂ ਇਮਾਰਤ ਵੀ ਵੇਖਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਨੇ 4 ਦਸੰਬਰ 2019 ਨੂੰ ‘ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਮੈਂਟ ਅਥਾਰਟੀ’ ਬਣਾਏ ਜਾਣ ਨੂੰ ਹਰੀ ਝੰਡੀ ਦਿੱਤੀ ਸੀ। ਲੰਘੇ ਵਿਧਾਨ ਸਭਾ ਸੈਸ਼ਨ ’ਚ ਪੰਜਾਬ ਵਾਟਰ ਰਿਸੋਰਸਜ (ਮੈਨੇਜਮੈਂਟ ਐਂਡ ਰੈਗੂਲੇਸ਼ਨ) ਐਕਟ 2020 ਬਣਾ ਦਿੱਤਾ ਗਿਆ ਹੈ।
         ਨਵੇਂ ਐਕਟ ਤਹਿਤ ਹੀ ‘ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਮੈਂਟ ਅਥਾਰਟੀ’ ਬਣਾਈ ਜਾਣੀ ਹੈ ਜਿਸ ਵਲੋਂ ਗੈਰ ਖੇਤੀ ਕੰਮਾਂ ਲਈ ਪਾਣੀ ਦੀ ਵਰਤੋਂ ਬਾਰੇ ਅਤੇ ਪਾਣੀ ਦੇ ਬਚਾਓ ਤੇ ਸਾਂਭ ਸੰਭਾਲ ਬਾਰੇ ਕੰਮ ਕਰਨਾ ਹੈ। ਇਸੇ ਵਰ੍ਹੇ ਦੇ ਅਪਰੈਲ ਮਹੀਨੇ ਵਿਚ ਅਥਾਰਟੀ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਅਸਾਮੀ ਲਈ ਸਰਕਾਰ ਨੇ ਇਸ਼ਤਿਹਾਰ ਪ੍ਰਕਾਸ਼ਿਤ ਕਰਕੇ ਦਰਖਾਸਤਾਂ ਮੰਗੀਆਂ ਹਨ। 29 ਅਪਰੈਲ ਨੂੰ ਦਰਖਾਸਤਾਂ ਦੇਣ ਦੀ ਆਖਰੀ ਤਾਰੀਕ ਵਿਚ ਵਾਧਾ ਕਰਕੇ 15 ਮਈ 2020 ਕਰ ਦਿੱਤੀ ਗਈ।ਦੇਖਿਆ ਜਾਵੇ ਤਾਂ ਇਸੇ ਦੌਰਾਨ ਹੀ ਮੁੱਖ ਸਕੱਤਰ ਦਾ ਵਿਵਾਦ ਸ਼ੁਰੂ ਹੋ ਗਿਆ ਸੀ। ਆਖਰੀ ਤਾਰੀਕ ਤੋਂ ਪਹਿਲਾਂ ਹੀ  ਹੁਣ ਸਰਕਾਰ ਨੇ ਮੁੜ ਤਾਰੀਕ ਵਧਾ ਦਿੱਤੀ  ਹੈ ਅਤੇ ਦਰਖਾਸਤਾਂ ਦੇਣ ਦਾ ਆਖਰੀ ਸਮਾਂ 5 ਜੂਨ 2020 ਕਰ ਦਿੱਤਾ ਗਿਆ ਹੈ। ਨਵੇਂ ਐਕਟ ਅਨੁਸਾਰ ਅਥਾਰਟੀ ਦਾ ਚੇਅਰਮੈਨ ਬਣਨ ਲਈ ਵਾਟਰ ਮੈਨੇਜਮੈਂਟ ਦੇ ਫੀਲਡ ਦਾ ਤਜਰਬਾ ਜ਼ਰੂਰੀ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦਫ਼ਤਰ ਤੋਂ ਮੁੱਖ ਸਕੱਤਰ ਦੀ ਝੋਲੀ ਇਹ ਚੇਅਰਮੈਨੀ ਪਾਉਣ ਦਾ ਫੈਸਲਾ ਹੋ ਗਿਆ ਹੈ। ਪੰਜਾਬ ਦੇ ਨੌਕਰਸ਼ਾਹਾਂ ਵਿਚ ਇਸ ਦੇ ਖ਼ੂਬ ਚਰਚੇ ਹਨ। ਕਾਂਗਰਸੀ ਵਜ਼ੀਰ ਤੇ ਵਿਧਾਇਕ ਕਿਵੇਂ ਵੀ ਰੌਲਾ ਰੱਪਾ ਪਾਉਂਦੇ ਰਹਿਣ। ਮੁੱਖ ਸਕੱਤਰ ਲਈ ਨਵੇਂ ਜਿੰਮੇਵਾਰੀ ਦਾ ਰਾਹ ਪੱਧਰਾ ਹੋਣ ਲੱਗਾ ਹੈ।
                 ਇਹ ਫੈਸਲਾ ਵਿਰੋਧ ’ਚ ਨਿੱਤਰੇ ਵਜ਼ੀਰਾਂ ਦਾ ਹਾਜ਼ਮਾ ਖਰਾਬ ਕਰੇਗਾ ਜਿਸ ਨਾਲ ਅਫਸਰੀ ਰਾਜ ’ਤੇ ਵੀ ਮੋਹਰ ਲੱਗ ਜਾਵੇਗੀ। ਦੇਖਿਆ ਜਾਵੇ ਤਾਂ ਆਮ ਤੌਰ ’ਤੇ ਮੁੱਖ ਸਕੱਤਰਾਂ ਨੂੰ ਸੇਵਾ ਮੁਕਤੀ ਮਗਰੋਂ ਕੋਈ ਨਾ ਕੋਈ ਅਹੁਦਾ ਮਿਲਦਾ ਹੀ ਰਿਹਾ ਹੈ। ਏਨਾ ਕੁ ਫਰਕ ਹੈ ਕਿ ਮੌਜੂਦਾ ਮੁੱਖ ਸਕੱਤਰ ਲਈ ਸੇਵਾ ਮੁਕਤੀ ਤੋਂ ਪਹਿਲਾਂ ਹੀ ਨਵੇਂ ਰਾਹ ਤਿਆਰ ਹੋਣ ਲੱਗੇ ਹਨ। ਐਕਟ ਅਨੁਸਾਰ ਅਥਾਰਟੀ ਦੇ ਚੇਅਰਮੈਨ ਦੀ ਮਿਆਦ ਪੰਜ ਸਾਲ ਹੋਵੇਗੀ ਅਤੇ ਕੋਈ ਵੀ ਚੇਅਰਮੈਨ ਦੋ ਮਿਆਦ ਤੋਂ ਵੱਧ ਸਮਾਂ ਅਹੁਦੇ ’ਤੇ ਨਹੀਂ ਰਹਿ ਸਕਦਾ ਹੈ। ਉਮਰ ਹੱਦ 70 ਸਾਲ ਰੱਖੀ ਗਈ ਹੈ। ਮੁੱਖ ਇੰਜਨੀਅਰ (ਪਾਲਿਸੀ ਐਂਡ ਇੰਟਰ ਸਟੇਟ ਵਾਟਰਜ) ਸ੍ਰੀ ਐਸ.ਕੇ.ਸਲੂਜਾ ਦਾ ਕਹਿਣਾ ਸੀ ਕਿ ਵਾਟਰ ਅਥਾਰਟੀ ਦੇ ਦਫ਼ਤਰ ਲਈ ਚਾਰ ਪੰਜ ਇਮਾਰਤਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਚੋਂ ਆਖਰੀ ਚੋਣ ਬਾਰੇ ਸਰਕਾਰ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੇਅਰਮੈਨ ਅਤੇ ਮੈਂਬਰ ਲਗਾਏ ਜਾਣ ਵਾਰੇ ਜਨਤਿਕ ਇਸ਼ਤਿਹਾਰ ਦੇ ਕੇ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਜਿਸ ਦੀ ਆਖਰੀ ਤਾਰੀਖ਼ ਵਿਚ ਕੋਵਿਡ ਕਰਕੇ ਦੋ ਵਾਰ ਵਾਧਾ ਕਰਨਾ ਪਿਆ ਹੈ।
                                           ਅਹੁਦਾ ਦੇਣਾ ਜਾਇਜ਼ ਨਹੀਂ : ਚੀਮਾ
ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਰਕਾਰ ਅਸਲ ਵਿਚ ਸੇਵਾ ਮੁਕਤੀ ਮਗਰੋਂ ਨੌਕਰਸ਼ਾਹਾਂ ਨੂੰ ਅਹੁਦਿਆਂ ਨਾਲ ਬਿਰਾਜ ਕੇ ਜ਼ੁਬਾਨਬੰਦੀ ਕਰਨਾ ਚਾਹੁੰਦੀ ਹੈ । ਇਹ ਰਵਾਇਤ ਗਲਤ ਹੈ ਅਤੇ ਵੱਖ ਵੱਖ ਖੇਤਰਾਂ ਦੇ ਮਾਹਿਰ ਅਤੇ ਯੋਗ ਲੋਕਾਂ ਨੂੰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਸਕੱਤਰ ਵਿਵਾਦਾਂ ਵਿਚ ਘਿਰੇ ਹੋਏ ਹਨ ਜਿਸ ਕਰਕੇ ਉਨ੍ਹਾਂ ਨੂੰ ਸੇਵਾ ਮੁਕਤੀ ਮਗਰੋਂ ਕੋਈ ਅਹੁਦਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਵੇਗਾ।
                           ‘ਮੁੱਖ ਸਕੱਤਰ ਖ਼ਿਲਾਫ਼ ਮਤੇ ’ਤੇ ਕੈਬਨਿਟ ਨੂੰ ਫ਼ੈਸਲਾ ਲੈਣ ਦਿੱਤਾ ਜਾਵੇ
ਪੰਜਾਬ ਦੇ ਦੋ ਮੰਤਰੀਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿੱਤਾ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ‘ਅਸਵਿਕਾਰਯੋਗ ਵਿਵਹਾਰ’ ਖ਼ਿਲਾਫ਼ ਮਤੇ ’ਤੇ ਸੂਬਾ ਕੈਬਨਿਟ ਨੂੰ ਫ਼ੈਸਲਾ ਲੈਣ ਦਿੱਤਾ ਜਾਵੇ। ਸੂਬੇ ਦੇ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਇੱਥੋਂ ਨੇੜਲੇ ਸਿਸਵਾਂ ਫਾਰਮਹਾਊਸ ’ਤੇ ਮੀਟਿੰਗ ਦੌਰਾਨ ਆਪਣੇ ਇਹ ਵਿਚਾਰ ਪ੍ਰਗਟਾਏ। ਸਰਕਾਰੀ ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਮੌਜੂਦ ਸਨ। ਅੱਜ ਦੀ ਮੀਟਿੰਗ ਵਿੱਚ ਹੋਰ ਮੁੱਦਿਆਂ ਦੌਰਾਨ ਮੁੱਖ ਸਕੱਤਰ ਦਾ ਮੁੱਦਾ ਵੀ ਉੱਠਿਆ। ਮੁੱਖ ਮੰਤਰੀ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਸੁਝਾਅ ਮੰਗਿਆ ਤਾਂ ਪੰਜਾਬ ਦੇ ਦੋਵੇਂ ਮੰਤਰੀਆਂ ਨੇ ਇਸ ਮਾਮਲੇ ਦਾ ਫ਼ੈਸਲਾ ਕੈਬਨਿਟ ਵਿੱਚ ਲਏ ਜਾਣ ਲਈ ਆਖਿਆ। ਮਨਪ੍ਰੀਤ ਬਾਦਲ ਨੇ ਮੁੱਖ ਸਕੱਤਰ ਨੂੰ ਅੱਜ ਦੀ ਮੀਟਿੰਗ ਵਿੱਚ ਸੱਦੇ ਜਾਣ ’ਤੇ ਵੀ ‘ਇਤਰਾਜ਼’ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ ਮੀਟਿੰਗ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਮੋਸ਼ੀ ਝੱਲਣੀ ਪਵੇਗੀ। ਮੁੱਖ ਸਕੱਤਰ ਨੂੰ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ ਸੀ।
-ਪੀਟੀਆਈ

Sunday, May 24, 2020

                      ਵਿਚਲੀ ਗੱਲ
           ਤੁਮ ਕਿਉਂ ਭਏ ਉਦਾਸ..!
                      ਚਰਨਜੀਤ ਭੁੱਲਰ
ਚੰਡੀਗੜ੍ਹ : ਆਹਲਾ ਅਫਸਰ ਕਿਤੇ ਲਿਫ ਜਾਂਦਾ। ਬੈਂਡ ਵਾਜੇ ਕਿਥੋਂ ਵੱਜਣੇ ਸੀ। ਜ਼ਰੂਰ ਮਾਂ ਨੇ ਕੰਨ ਪੱਟੇ ਹੋਣਗੇ। ਬਾਪ ਨੇ ਝੰਡ ਕੀਤੀ ਹੋਊ। ਕਿਰਦਾਰ ਸੁਤੇ ਸਿੱਧ ਨਹੀਂ ਬਣਦੇ। ਮਾਲ ਮੰਤਰੀ ਦਾ ਰੁੱਕਾ ਆਇਆ। ਆਹਲਾ ਅਫਸਰ ਨੇ ਠੁਕਰਾ ਦਿੱਤਾ। ਨਾਲੇ ਫਾਈਲ ’ਤੇ ਵੇਰਵਾ ਪਾ ਦਿੱਤਾ। ‘ਨਿਰੇ ਪੁਰੇ ਭਾਸ਼ਣਾਂ ਨਾਲ ਕੁਰੱਪਸ਼ਨ ਦੂਰ ਨਹੀਂਓ ਹੋਣੀ।’ ਮਾਲ ਮੰਤਰੀ ਨੇ, ਫਾਈਲ ਦੇਖ ਕਚੀਚੀ ਵੱਟ ਲਈ। ਬੇਇੱਜ਼ਤ ਵੀ ਹੋਇਆ, ਅਹੁਦਾ ਵੀ ਗੁਆਇਆ। ਜਦੋਂ ਸਾਹਬ ਸੇਵਾ ਮੁਕਤ ਹੋਇਆ, ਸਕੱਤਰੇਤ ’ਚ ਬੈਂਡ ਵਾਜੇ ਵੱਜੇ। ਬਾਗੋ ਬਾਗ ਜ਼ਮੀਰ ਹੋ ਗਈ। ਏਹ ਗੱਲ 1977-78 ਦੀ ਹੈ। ਪਟਵਾਰੀ ਵੱਢੀਖੋਰਾਂ ਦਾ ਦਾਦਾ ਸੀ। ਮਾਲ ਮੰਤਰੀ ਨੇ ਸਿਫਾਰਸ਼ੀ ਘੁੱਗੀ ਮਾਰੀ। ਆਹਲਾ ਅਫਸਰ ਨੇ ਠੁਕਰਾ ਦਿੱਤੀ। ਕੱਲ ਨਾਮ ਕਾਲ ਦਾ, ਨਵੇਂ ਚੈਪਟਰ ਦੇਖੋ। ਮੌਜੂਦਾ ਮੁੱਖ ਸਕੱਤਰ ਪੰਜਾਬ। ਸੇਵਾ ਮੁਕਤ 31 ਅਗਸਤ ਨੂੰ ਹੋਣਗੇ। ਵਾਜਿਆਂ ਦਾ ਇਲਮ ਨਹੀਂ, ਪੰਗਾ ਵਜ਼ੀਰਾਂ ਨਾਲ ਪਿਐ। ਮੁੱਖ ਮੰਤਰੀ ਇੰਝ ਬੋਲੇ , ‘ਬੰਦਾ ਤਾਂ ਬਈ ਠੀਕ ਐ।’ ਵਜ਼ੀਰਾਂ ਦੀ ਦਾਲ ਡੁੱਲ ਗਈ। ਭੁੰਜਿਓਂ ਕਿਵੇਂ ਖਾਣਗੇ, ਵਕਤ ਹੀ ਦੱਸੂ। ਵਜ਼ੀਰਾਂ ਨੂੰ ਛੱਡੋ, ਤੁਸੀਂ ਦੱਸੋ ਖਾਂ। ਸਰਕਾਰ ਨੂੰ ਕੌਣ ਚਲਾਉਂਦੈ। ਰਾਜਨੇਤਾ ਅਫਸਰਾਂ ’ਤੇ ਠੀਕਰਾ ਭੰਨਦੇ ਨੇ। ਦਾਨੇ ਅਫਸਰ ਤੇ ਆਗੂ ਕਿਥੋਂ ਲੱਭੀਏ। ‘ਅੱਗ ਬਿਨਾਂ ਧੂੰਆਂ ਕਿਤੇ ਨਿਕਲਿਐ’। ਅਮਰਿੰਦਰ ਦੇ ਸ਼ਾਹੀ ਲੰਚ ’ਤੇ ਬੈਠੇ। ਐਮ.ਐਲ.ਏ ਬੋਲੇ, ਕੁਝ ਕਰੋ ਮੁੱਖ ਸਕੱਤਰ ਦਾ। ਸਿਰ ’ਤੇ ਖੜ੍ਹੇ ਅਫਸਰਾਂ ਦੇ ਕੰਨ ਹੱਸੇ।
              ਫਾਰਸੀ ਤੁਕ ਹੈ, ‘ਜਦੋਂ ਬਿੱਲੀ ਤੇ ਚੂਹੇ ’ਚ ਸਮਝੌਤਾ ਹੋ ਜੇ, ਸਮਝੋ ਹੱਟੀ ਵਾਲੇ ਦੀ ਸ਼ਾਮਤ ਆ ਗਈ।‘ ਪੰਜਾਬ ਤਾਂ ਕਦੋਂ ਦਾ ਝੱਲ ਰਿਹੈ, ਚੋਰ ਤੇ ਕੁੱਤੀ ਦੀ ਦੋਸਤੀ। ਬਿਜਲੀ ਸਮਝੌਤੇ ਕਿਥੋਂ ਰੱਦ ਹੋਣੇ ਨੇ। ਨੌਕਰਸ਼ਾਹ ‘ਪਬਲਿਕ ਸਰਵੈਂਟ’ ਮਤਲਬ ਨੌਕਰ ਹੁੰਦੈ। ਰਾਜਨੇਤਾ ਲੋਕਾਂ ਦੇ ‘ਸੇਵਕ’। ਨੌਕਰ ਤੇ ਸੇਵਕ ’ਚ ਕਦੋਂ ਇੱਟ ਖੜਿੱਕਾ ਹੁੰਦੈ। ਜਵਾਬ ਕਾਮਰੇਡ ਹਰਦੇਵ ਅਰਸ਼ੀ ਦਿੰਦੇ ਨੇ, ‘‘ਮਲਾਈ ਖਾਣ ਤੋਂ’’। ਪੰਜਾਬੀਓ ਅਕਲ ਨੂੰ ਹੱਥ ਮਾਰਿਓ, ਦੁੱਧ ਦੀ ਰਾਖੀ ਬਿਠਾਉਣ ਵੇਲੇ। ‘ਸੇਵਾ’ ਦੇ ਅਰਥ ਬਦਲੇ ਨੇ। ਨੌਕਰਸ਼ਾਹੀ ’ਚ ਦੌੜ ਐ। ਚੰਗੇ ਅਹੁਦੇ ਲੈਣ ਦੀ। ਯੁੱਗ ਨੂੰ ਯੁੱਗ ਟੱਕਰ ਜਾਏ। ਕਾਹਦੇ ਰੌਲ਼ੇ ਤੇ ਫਿਰ ਕਾਹਦੇ ਪੰਗੇ। ਆਹਲਾ ਅਫਸਰ ਸੁਰੇਸ਼ ਕੁਮਾਰ ਐ। ਇਮਾਨ ’ਚ ਕੋਈ ਕਾਣ ਨਹੀਂ। ਬੀਅ ਨਾਸ ਕਦੇ ਨਹੀਂ ਹੋਇਐ। ਮੋਗੇ ਵਾਲਾ ਵਿਜੇ ਸਾਥੀ ਆਖਦੈ। ਉਦੋਂ ਲੀਡਰਾਂ ’ਚ ਗਿਆਨ, ਅਫਸਰਾਂ ’ਚ ਜਾਨ ਹੁੰਦੀ ਸੀ। ਹਮਾਮ ’ਚ ਹੁਣ ਸਭ ਨੰਗੇ ਨੇ। ਜਿੱਦਾਂ ਦੇ ਸੇਵਕ, ਓਦਾਂ ਦੇ ਨੌਕਰ। ਵਿਨੋਬਾ ਭਾਵੇ ਦੀ ਕਹਾਣੀ ਸੁਣੋ। ਬੱਚਿਆਂ ਨੇ ਅੰਬ ਤੋੜੇ, ਮਾਂ ਨੇ ਕਿਹਾ, ਪੁੱਤਰੋ ਦੇਵਤਾ ਬਣੋ। ਬੱਚੇ ਬੋਲੇ, ਉਹ ਕਿਵੇਂ ਮਾਂ। ਵੰਡ ਖਾਓਗੇ, ਦੇਵਤੇ ਬਣੋਗੇ। ’ਕੱਲੇ ਖਾਓਗੇ, ਰਾਖਸ਼ਸ ਬਣੋਗੇ। ਇੰਝ ਜਾਪਦੈ, ਇਹ ਬੱਚੇ ਵੱਡੇ ਹੋਏ ਨੇ। ਕੋਈ ਨੇਤਾ ਬਣਿਐ ਤੇ ਕੋਈ ਅਫਸਰ। ਵੰਡ ਕੇ ਛੱਕ ਰਹੇ ਨੇ, ਮਾਅਨੇ ਹੀ ਬਦਲ ਦਿੱਤੇ। ਤੜਫਦੀ ਰਹੇ ਵਿਨੋਬਾ ਭਾਵੇ ਦੀ ਰੂਹ।
            ‘ਅੱਡ ਖਾਏ, ਹੱਡ ਖਾਏ’। ਤਾਹੀਓਂ ਮਹੀਨੇ ਚੱਲਦੇ ਨੇ। ਰੌਲਾ ਐਵੇਂ ਥੋਡਾ ਪੈਂਦੈ। ‘ਖਾਨਾਂ ਦੇ ਖਾਨ ਪ੍ਰਾਹੁਣੇ’। ਨੌਕਰਸ਼ਾਹ ਪੰਜਾਬ ਦੇ ਸਕੇ ਨਹੀਂ। ਵਫ਼ਾਦਾਰੀ ਲੀਡਰਾਂ ਨਾਲ ਪਾਲਦੇ ਨੇ। ਸੁਖਬੀਰ ਬਾਦਲ ਦੀ ਜੇਬ ’ਚ ‘ਲਾਲ ਡਾਇਰੀ’ ਹੈ। ਅਖੇ, ਸਭ ਅਫਸਰਾਂ ਦੇ ਨਾਮ ਨੋਟ ਨੇ। ਸਮਾਂ ਆਉਣ ’ਤੇ ਦੇਖਾਂਗੇ। ਕਦੇ ਅਮਰਿੰਦਰ ਨੇ ਵੀ ਖੂੰਡਾ ਚੁੱਕਿਆ ਸੀ। ਗੱਲ 1997 ਵਾਲੀ ਸਰਕਾਰ ਦੀ ਹੈ, ਐਲਾਨ ਹੋਏ। ਇਮਾਨਦਾਰ ਅਫਸਰਾਂ ਨੂੰ ਦਿਆਂਗੇ ਲੱਖ ਰੁਪਏ ਦਾ ਇਨਾਮ। ਭਲਾ ਲਾਲ ਡਾਇਰੀ ਖੋਲ ਕੇ ਦੱਸਿਓ, ਕਿੰਨੇ ਅਫਸਰਾਂ ਨੂੰ ਦਿੱਤੈ। ਸਦਾ ਦੀਵਾਲੀ ਨੌਕਰਸ਼ਾਹਾਂ ਦੀ ਐ। ਨੇਤਾ ਆਉਣੀ ਜਾਣੀ ਪ੍ਰਜਾਤੀ ਹੈ। ਜਿਗਰੇ ਤੇ ਹੱਡੀ ਵਾਲੇ, ਕਿੰਨੇ ਕੁ ਵੱਡੇ ਅਫਸਰ ਨੇ? ਆਈ.ਏ.ਐਸ ਅਧਿਕਾਰੀ ਹਰਸ਼ ਮੰਡੇਰ। ਗੁਜਰਾਤ ਦਾ ਕਤਲੇਆਮ ਦੇਖਿਆ। ਅਸਤੀਫ਼ਾ ਦੇ ਦਿੱਤਾ। ਇਸੇ ਜਨਵਰੀ ’ਚ ਸ਼ਾਹ ਫੈਜ਼ਲ ਨੇ। ਕਸ਼ਮੀਰੀ ਲੋਕ ਤਾੜੇ ਵੇਖੇ, ਕੁਰਸੀ ਨੂੰ ਲੱਤ ਮਾਰ ਦਿੱਤੀ। ਸ਼ਸ਼ੀ ਕਾਂਤ ਸੈਂਥਿਲ, ਕਰਨਾਟਕ ’ਚ ਡਿਪਟੀ ਕਮਿਸ਼ਨਰ ਸੀ। ਕੇਂਦਰੀ ਫੈਸਲੇ ਸੁਣੇ, ਅੱਗਾ ਪਿੱਛਾ ਨਾ ਵੇਖਿਆ, ਅਸਤੀਫ਼ਾ ਵਗਾਹ ਮਾਰਿਆ। ਕੇਰਲਾ ਦਾ ਜੰਮਪਲ ਆਈ.ਏ.ਐਸ ਗੋਪੀ ਨਾਥ ਕੰਨਨ। ਧਾਰਾ 370 ਟੁੱਟਦੀ ਵੇਖੀ। ਅਸਤੀਫਾ ਦੇ ਅੌਹ ਗਿਆ। ਕੋਈ ਆਤਮਾ ਪੰਜਾਬ ’ਚ ਜਾਗੀ ਹੋਵੇ, ਮਸਤਕ ’ਤੇ ਬੋਝ ਪਾ ਕੇ ਦੱਸਿਓ। ਕਈ ਅਫਸਰਾਂ ’ਚ ਇਮਾਨ ਤਾਂ ਹੈ। ਜ਼ੁਅਰਤ ਤੇ ਜਿਗਰਾ ਨਹੀਂ। ਹਰਿਆਣੇ ਵਾਲੇ ਅਸ਼ੋਕ ਖੇਮਕਾ ਬਾਰੇ ਕੀ ਖਿਆਲ ਹੈ।
             ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ। ਸ੍ਰ ਕਪੂਰ ਸਿੰਘ ਹੁੰਦੇ ਸਨ। ਸਿਆਸੀ ਦਾਬੇ ਵੀ ਝੱਲਣੇ ਪਏ। ਮਰਿਆਦਾ ਫਿਰ ਨਾ ਵੀ ਨਾ ਭੁੱਲੇ। ਕੇਰਾਂ ਕਪੂਰ ਸਿੰਘ ਨੇ ਆਪੇ ਆਪਣਾ ਅਸਲਾ ਲਾਇਸੈਂਸ ਬਣਾਇਆ। ਡਿਪਟੀ ਕਮਿਸ਼ਨਰ ਵਾਲੀ ਕੁਰਸੀ ਤੋਂ ਉੱਠਿਆ। ਦਰਖ਼ਾਸਤ ਲੈ ਕੁਰਸੀ ਅੱਗੇ ਖੜ੍ਹਾ ਹੋਇਆ। ‘ਜਨਾਬ, ਬੇਨਤੀ ਪ੍ਰਵਾਨ ਕਰੋ, ਲਾਇਸੈਂਸ ਚਾਹੀਦੈ।’ ਏਨਾ ਆਖ ਮੁੜ ਕੁਰਸੀ ’ਤੇ ਬੈਠ ਗਿਆ। ਲਾਇਸੈਂਸ ਵਾਲੀ ਫਾਈਲ ’ਤੇ ਖੁਦ ਦਸਤਖ਼ਤ ਕੀਤੇ। ‘ਲੋੜ ਪੈਣ ’ਤੇ ਵਰਤਣਾ’, ਆਪਣੀ ਜ਼ਮੀਰ ਨੂੰ ਹੁਕਮ ਦਿੱਤਾ, ਅਗਲੇ ਕੰਮ ’ਚ ਰੁੱਝ ਗਏ।  ਬਠਿੰਡੇ ਦਾ ਇੱਕ ਪੁਰਾਣਾ ਡੀਸੀ। ਇੱਕ ਵੱਡੇ ਨੇਤਾ ਦੀ ਪਤਨੀ ਨੂੰ ‘ਮੰਮੀ’ ਆਖਦਾ ਨਾ ਥੱਕਦਾ। ਰੱਬ ਦੀ ਸਹੁੰ ਪਵਾ ਕੇ ਫੈਸਲੇ ਸੁਣਾਉਂਦਾ ਰਿਹੈ। ਮੰਮੀ ਆਪੂੰ ਬਣੇ ਪੁੱਤ ਦੀ ਰਮਜ਼ ਫੜ ਗਈ। ਜਦੋਂ 2012 ’ਚ ਦੁਬਾਰਾ ਸੱਤਾ ਮਿਲੀ। ਵੱਡੇ ਬਾਦਲ ਨੇ ਗੱਲ ਚਟਕਾਰੇ ਲੈ ਸੁਣਾਈ। ਭਾਈ, ਵੱਡੇ ਵੱਡੇ ਅਫਸਰ, ਵੱਡੇ ਵੱਡੇ ਗੁਲਦਸਤੇ, ਹੱਥਾਂ ’ਚ ਮਠਿਆਈ ਵਾਲੇ ਡੱਬੇ, ਲੈ ਕੇ ਮਹਿਲਾਂ ’ਚ ਪੁੱਜ ਗਏ। ਚੋਣ ਨਤੀਜੇ ਪੁੱਠੇ ਪੈ ਗਏ। ਉਹੀ ਅਫਸਰ ਭੱਜੇ ਭੱਜੇ ਪਿੰਡ ਬਾਦਲ ਪੁੱਜੇ। ਡੱਬਿਆਂ ਤੋਂ ਸਟਿੱਕਰ ਪੁੱਟਣੇ ਭੁੱਲ ਗਏ।ਪਰਜਾ ਦਾ ਸੁੱਖ, ਰਾਜੇ ਦੀ ਸੋਚ ’ਚ ਪਿਐ। ਮੁੱਖ ਮੰਤਰੀ ਕਾਫ਼ੀ ਸਮੇਂ ਤੋਂ ਪੰਜਾਬ ਦਾ ਰਾਹ ਭੁੱਲੇ ਨੇ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਲੂਰੀਆਂ ਲਈ ਜਾਂਦੈ। ਅਧਿਆਪਕ ਅੌਖੇ ਹੋਣ, ਭਾਵੇਂ ਸੌਖੇ, ਪਤੰਦਰ ਟਿਕ ਨੀ ਨਹੀਂ ਬੈਠਦਾ।
                ਛੱਜੂ ਰਾਮ ਟੰਗ ਅੜਾਉਣੋਂ ਨਹੀਂ ਹਟਦਾ। ਪੁੱਛ ਰਿਹੈ, ਪੰਜਾਬ ਦਾ ਖਾਣ ਵਾਲੇ, ਚੰਡੀਗੜ੍ਹੋਂ ਕਿਉਂ ਨਹੀਂ ਨਿਕਲਦੇ। ਕਿੰਨੇ ਕੁ ਪ੍ਰਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਨੇ, ਜਿਨ੍ਹਾਂ ਪੰਜਾਬ ਗਾਹਿਐ।ਜਦੋਂ ਲੋਕ ਦੌਣ ਕਸ ਦੇਣ। ਨੇਤਾ ਉਦੋਂ ਪਿੰਡੋਂ ਪਿੰਡੀ ਹੋ ਤੁਰਦੇ ਨੇ। ਅਫਸਰ ਵੋਟਾਂ ਦੇ ਮੁਥਾਜ ਨਹੀਂ। ਰਾਜਨੇਤਾ ਅਕਲੋਂ ਕੋਰੇ ਨੇ। ਅਫਸਰੀ ਦਾਬਾ ਭਾਰੂ ਹੈ। ਭਲੇਮਾਣਸ ਆਗੂ ਵੀ ਨਹੀਂ।ਗੱਲ ਨੇੜੇ ਤੇੜੇ ਢੁਕਦੀ ਐ। ਘਰ ਖੁੱਲ੍ਹਾ ਸੀ, ਮਾਲਕ ਬਾਹਰ ਸੀ। ਬਾਂਦਰ ਆਸਾ ਪਾਸਾ ਦੇਖ ਦਾਅ ਲਾ ਗਿਆ। ਜਾਂਦਾ ਹੋਇਆ ਕੱਟੇ ਦਾ ਮੂੰਹ ਲਬੇੜ ਗਿਆ। ਮਾਲਕ ਰਸੋਈ ਖਾਲੀ ਦੇਖ ਲਾਲ ਪੀਲਾ ਹੋ ਗਿਆ। ਮੂੰਹ ਲਿਬੜਿਆ ਦੇਖਿਆ ਤਾਂ ਮਾਲਕ ਨੇ ਕੱਟਾ ਢਾਹ ਲਿਆ। ਹੁਣ ਕੱਟਾ ਕੌਣ ਐ ਤੇ ਬਾਂਦਰ ਕੌਣ ਹੈ। ਲੱਖਣ ਤੁਸੀਂ ਲਾ ਲਿਓ। ‘ਇੱਲ ਦਾ ਨਣਦੋਈਆ ਕਾਂ।’ ਕਿਸੇ ਨਿਚੋੜ ਕੱਢ ਦੱਸਿਐ। ਅਫਸਰਾਂ ਤੇ ਨੇਤਾਵਾਂ ਦਾ ਗਠਜੋੜ ਬਣਿਐ। ਪੰਜਾਬ ਢਿੱਡ ਨੂੰ ਗੱਠ ਦੇਈ ਬੈਠੈ। ਜ਼ਖ਼ਮੀ ਹਾਲ ’ਚ ਤੜਫ ਰਿਹੈ। ਪੰਜਾਬੀ ਨਵਾਂ ਡਾਕਟਰ ਲੱਭ ਰਹੇ ਨੇ। ਨਵਜੋਤ ਸਿੱਧੂ ਸਮਝੋਂ ਬਾਹਰ ਹੈ। ਗੱਲ ਗੱਲ ’ਤੇ ਪੰਜਾਬ ਨੂੰ ਚੇਤੇ ਕਰਦੈ। ਗੇੜਾ ਕਦੇ ਨਹੀਂ ਮਾਰਦਾ। ਸਨੀ ਦਿਓਲ ਕਿਹੜਾ ਘੱਟ ਐ। ਤਾਲਾਬੰਦੀ ਨੇ ਪੰਜਾਬੀ ਤੱਕਲੇ ਵਰਗੇ ਕਰਤੇ। ਰੈੱਡ ਜ਼ੋਨ ਵਾਲੇ ਡਿਪਟੀ ਕਮਿਸ਼ਨਰ। ਰਾਤ ਨੂੰ ਪੂਰਾ ਸੌਂਦੇ ਨਹੀਂ, ਆਤਮਾ ਨੇ ਤਾਂ ਕਿਥੋਂ ਸੌਣੈ। ਇੱਧਰ, ਵੱਢੀਖੋਰ ਕਰੋਨਾ ਤੋਂ ਵੀ ਝਿਪੇ ਨਹੀਂ। ਦੱਸਦੇ ਨੇ, ਤਾਲਾਬੰਦੀ ’ਚ ਵੱਢੀਖੋਰੀ ਘਟੀ ਨਹੀਂ, ਕੇਵਲ ਭਾਅ ਡਿੱਗੇ ਨੇ।
                ਛੇ ਦਹਾਕੇ ਪਿਛਾਂਹ ਵੇਖੋ। ਅਜਮੇਰ ਸਿੰਘ ਨੇ ਕੁਨੈਕਸ਼ਨ ਲੈਣਾ ਸੀ। ਬਿਜਲੀ ਅਧਿਕਾਰੀ ਨੇ 200 ਰੁਪਏ ਰਿਸ਼ਵਤ ਮੰਗੀ। ਅਜਮੇਰ ਸਿਓਂ ਅੜ ਗਿਆ। ਦੋ ਸਾਲ ਰਿਸ਼ਵਤ ਨਾ ਦਿੱਤੀ। ਮਗਰੋਂ ਅਜਮੇਰ ਸਿੰਘ ਮਾਲ ਮੰਤਰੀ ਬਣ ਗਿਆ। ਬਿਜਲੀ ਅਧਿਕਾਰੀ ਦੋ ਬੋਤਲਾਂ ਸ਼ਰਾਬ ਲੈ ਗਿਆ। 200 ਰੁਪਏ ਮੁਆਫ਼ ਕਰ ਦਿੱਤੇ। ਸੇਵਕ ਤੇ ਨੌਕਰ ਦਾ ਗਠਜੋੜ। ਨਾ ਕੋਈ ਛੋਟ ਦਿੰਦੈ, ਨਾ ਰਹਿਮ ਕਰਦੈ। ਸਭ ਪੰਜਾਬ ਨੂੰ ਦੱਦ ਲੱਗੇ ਨੇ। ਕਦੋਂ ਮਗਰੋਂ ਲਹਿਣਗੇ। ਨੁਸਖ਼ਾ ਓਸ਼ੋ ਤੋਂ ਲੈ ਲਓ। ‘ਜਦੋਂ ਅਰਥੀ ਲਿਜਾਂਦੇ ਨੇ, ਮੋਢੇ ਬਦਲੇ ਜਾਂਦੇ ਨੇ। ਲੱਗਦੈ ਕਿ ਬੋਝ ਘੱਟ ਗਿਐ। ਇਹੋ ਹਾਲ ਕੁਰਸੀ ਦਾ ਹੈ। ਇੱਕ ਨੇਤਾ ਉਠਾ ਦਿੰਦੇ ਹੋ, ਦੂਸਰਾ ਬਿਠਾ ਦਿੰਦੇ ਹੋ। ਮਾਲੂਮ ਅਰਥੀ ਵਾਂਗੂ ਹੀ ਹੁੰਦਾ ਹੈ। ਸੁਆਲ ਥੋਡੇ ਜਾਗਣ ਦਾ ਹੈ। ਜਦੋਂ ਮਨ ’ਚ ਦੀਵਾ ਜਗੇਗਾ। ਹਨੇਰਾ ਰਾਹ ਛੱਡੇਗਾ..।’ ਕਬੀਰ ਜੀ ਥੋੜਾ ਵੱਖਰਾ ਸੋਚਦੇ ਨੇ। ‘ਕਬੀਰਾ ਤੇਰੀ ਝੌਂਪੜੀ, ਗਲ ਕਟਿਅਨ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੁਮ ਕਿਉਂ ਭਏ ਉਦਾਸ..।’


Sunday, May 17, 2020

                      ਵਿਚਲੀ ਗੱਲ
           ਮਾਂ ! ਪਿੰਡ ਕਦੋਂ ਆਊ...
                     ਚਰਨਜੀਤ ਭੁੱਲਰ
ਚੰਡੀਗੜ੍ਹ : ਜੋਤਸ਼ੀ ਇੰਝ ਟੇਵੇਂ ਲਾ ਰਹੇ ਨੇ, ‘ਸਮਾਂ ਠੀਕ ਨਹੀਂ ਚੱਲ ਰਿਹਾ, ਗ੍ਰਹਿ ਚਾਲ ਨੂੰ ਸਮਝੋ।’ ਬਾਬਿਆਂ ਦੇ ਪ੍ਰਵਚਨ ਸੁਣੋ, ‘ਦੋ ਵਕਤ ਦੀ ਰੋਟੀ ਤੋਂ ਜੋ ਵੱਧ ਹੈ, ਉਹ ਸਭ ਪਾਪ ਦੀ ਪੰਡ ਏ।’ ਕਾਮਰੇਡੀ ਫਾਰਮੂਲਾ ਵੀ ਸਮਝੋ, ‘ਇੱਕ ਦੀ ਅਮੀਰੀ ਪਿੱਛੇ ਲੱਖਾਂ ਦੀ ਗਰੀਬੀ ਛੁਪੀ ਹੁੰਦੀ ਹੈ।’ ਦਿੱਲੀ ਦੀ ਨਸੀਹਤ ਪੱਲੇ ਬੰਨ੍ਹੋ, ‘ਘਰਾਂ ’ਚ ਰਹੋ, ਸੁਰੱਖਿਅਤ ਰਹੋ।’ ਘਰਾਂ ਦੇ ਸਿਰਨਾਵੇਂ ਗੁਆਚੇ ਨੇ, ਸੜਕਾਂ ’ਤੇ ਯਮਦੂਤ ਦਾ ਪਹਿਰੈ। ਵਸਦਿਆਂ ਦਾ ਪਿੰਡ ਹੁੰਦੈ। ਰਾਤਾਂ ਦੇ ਮੁਸਾਫ਼ਰਾਂ ਦੇ, ਦਿਲਾਂ ’ਚ ਤਾਂਘ, ਢਿੱਡ ਖਾਲੀ ਨੇ। ਰਾਮ ਨਾਮ ਕਿਥੋਂ ਜਪਣ। ਜਰਨੈਲੀ ਸੜਕਾਂ ’ਤੇ ਮੌਤ ਖੰਘੂਰੇ ਮਾਰ ਰਹੀ ਹੈ। ਸਿਰਾਂ ’ਤੇ ਗੱਠੜੀ, ਅੱਖਾਂ ’ਚ ਅੱਥਰੂ, ਦਿਲਾਂ ’ਚ ਹਉਕੇ, ਹਵਾਈ ਚੱਪਲਾਂ ਦੇ ਘਾਸੇ ਤੇ ਪੈਰਾਂ ’ਚ ਛਾਲੇ। ਕੰਧਾੜੇ ਚੁੱਕੇ ਬੱਚੇ, ਵਾਰ ਵਾਰ ਪੁੱਛਦੇ ਨੇ, ਮਾਂ! ਪਿੰਡ ਕਦੋਂ ਆਊ। ਕਾਲੀਆਂ ਸੜਕਾਂ ਮੁੱਕਣ ’ਚ ਨਹੀਂ ਆ ਰਹੀਆਂ। ਭੈਅ ਨੇ ਕਿਥੋਂ ਮੁੱਕਣੈ। ਇੱਕ ਕਰੋਨਾ ਦਾ ਖ਼ੌਫ, ਉਪਰੋਂ ਪੁਲੀਸ ਦਾ ਡੰਡਾ ਤੇ ਤੀਜਾ ਮੌਤ ਦਾ ਡਰ। ਆਲ੍ਹਣੇ ਉਡੀਕ ਰਹੇ ਨੇ, ਚੋਗਾ ਛੱਡ ਸਿਰਨਾਵੇਂ ਮੁੜ ਰਹੇ ਨੇ। ਸੜਕਾਂ ਉਦਾਸ ਨੇ, ਬੱਸ ਉਮੀਦ ਬਚੀ ਹੈ। ਯੂਪੀ, ਬਿਹਾਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ ਤੇ ਪੰਜਾਬ। ਜਿੱਧਰ ਵੀ ਦੇਖੋ, ਪਰਵਾਸੀ ਕਾਮਿਆਂ ਦਾ ਹੜ੍ਹ ਆਇਐ। ਲੰਘੇ ਬਾਰਾਂ ਘੰਟੇ, ਮੌਤ ਦੀ ਬਾਘੀ ਪਈ। ਯੂਪੀ ’ਚ 24 ਤੇ ਮੱਧ ਪ੍ਰਦੇਸ਼ ’ਚ ਛੇ ਮਜ਼ਦੂਰ ਜ਼ਿੰਦਗੀ ਤੋਂ ਹੱਥ ਧੋ ਬੈਠੇ। ਆਗਰਾ ’ਚ ਮਜ਼ਦੂਰ ਜੋੜੇ ਨੇ ਸਾਹ ਤਿਆਗੇ। ਬੱਚਾ ਲਾਸ਼ਾਂ ਕੋਲ ਵਿਲਕਦਾ ਰਿਹਾ। ਸੰਤਾਲੀ ਦਾ ਮੰਜ਼ਰ ਅੱਖਾਂ ਅੱਗੇ ਘੁੰਮਿਐ। ਪਣਡੁੱਬੀਆਂ ਸਰਕਾਰ ਬਣਾ ਸਕਦੀ ਹੈ। ਹਵਾ ਚੀਰਦੇ ਜਹਾਜ਼ ਬਣਾ ਸਕਦੀ ਹੈ। ਚੰਨ ’ਤੇ ਰਾਕੇਟ ਲਿਜਾ ਸਕਦੀ ਹੈ। ਕਾਮਿਆਂ ਨੂੰ ਘਰ ਪਹੁੰਚਾਉਣਾ ਅੌਖੈ।
                ਮਜਾਜ਼ ਲਖਨਵੀ ਨੇ ਹਾਅ ਦਾ ਨਾਅਰਾ ਮਾਰਿਐ, ‘ਮਿਹਨਤ ਸੇ ਯੇ ਮਾਨਾ ਚੂਰ ਹੈਂ ਹਮ, ਆਰਾਮ ਸੇ ਕੋਸੋ ਦੂਰ ਹੈਂ ਹਮ, ਪਰ ਚਲਨੇ ਪਰ ਮਜਬੂਰ ਹੈਂ ਹਮ, ਮਜ਼ਦੂਰ ਹੈਂ ਹਮ, ਮਜ਼ਦੂਰ ਹੈਂ ਹਮ।’ ਕੇਂਦਰੀ ਗ੍ਰਹਿ ਮੰਤਰਾਲਾ ਆਖਦੈ ‘ਕੋਈ ਸੜਕ ’ਤੇ ਨਹੀਂ ਚੱਲੇਗਾ।’ ਕਿਰਤੀ ਲਈ ਦੇਸ ਪਰਦੇਸ ਹੋਇਐ। ਉਲਾਂਭੇ ਰੱਬ ਨੂੰ ਵੀ ਕਾਹਦੇ।ਰੀਓ ਡੀ ਜਨੇਰੀਓ (ਬ੍ਰਾਜ਼ੀਲ) ’ਚ ਜੀਸਸ ਦੀ ਵੱਡੀ ਮੂਰਤੀ ਹੈ। ਮੂਰਤੀ ’ਤੇ ਕੋਈ ਵੱਡੇ ਅੱਖਰਾਂ ’ਚ ਲਿਖ ਗਿਐ ‘ਭੁੱਖ’। ਜੀਸਸ ਨੂੰ ਉਲਾਂਭਾ ਚੁਭਣ ਲੱਗੈ। ਦਿੱਲੀਓਂ ਜੋ ਸੜਕਾਂ ’ਤੇ ਤੁਰੇ ਨੇ। ਇਸੇ ਭੁੱਖ ਦੇ ਸਿਰਨਾਵੇਂ ਨੇ। ਕੇਂਦਰ ਦੇ ਰਾਡਾਰ ’ਤੇ ਕਿਉਂ ਨਹੀਂ ਆ ਰਹੇ। ਅਨਾਜ ਭਰੇ ਗੁਦਾਮ, ਅਫ਼ਸਰਾਂ ਦੇ ਦਬਕੇ, ਮੰਜ਼ਿਲਾਂ ਦੀ ਦੂਰੀ, ਇਹੋ ਬੇਗਾਨਗੀ ਦਾ ਅਹਿਸਾਸ, ਪਸਤ ਕਰ ਰਿਹਾ ਹੈ। ਕਿਸੇ ਲਈ ਬੱਸਾਂ ਕਿਸੇ ਲਈ ਟਰੇਨਾਂ। ਜਲੰਧਰੋਂ ਤੁਰਿਆਂ ਦੇ ਹਿੱਸੇ ਸਾਈਕਲ ਆਏ। ਇਨ੍ਹਾਂ ਸੜਕਾਂ ਨੇ ਬਟਵਾਰੇ ਝੱਲੇ, ਨਾਦਰ ਤੇ ਅਬਦਾਲੀ ਝੱਲੇ, ਹਜੂਮੀ ਹਿੰਸਾ, ਪਤਾ ਨਹੀਂ ਕਿੰਨੇ ਹੋਰ ਝੱਖੜ ਝੱਲੇ, ਹੁਣ ਨੰਨ੍ਹੇ-ਮੁੰਨੇ ਨਹੀਂ ਝੱਲੇ ਜਾ ਰਹੇ। ਨਾਸਿਕ ਤੋਂ ਗਰਭਵਤੀ ਸ਼ਕੁੰਤਲਾ ਮੱਧ ਪ੍ਰਦੇਸ਼ ਲਈ ਤੁਰੀ। 60 ਕਿਲੋਮੀਟਰ ਮਗਰੋਂ ਪੀੜਾਂ ਸ਼ੁਰੂ। ਸੜਕ ਕਿਨਾਰੇ ਬੱਚੇ ਨੂੰ ਜਨਮ ਦਿੱਤਾ। ਦੋ ਘੰਟਿਆਂ ਮਗਰੋਂ ਮੁੜ 160 ਕਿਲੋਮੀਟਰ ਚੱਲੀ। ਬੱਚੇ ਦਾ ਜਨਮ ਸਥਾਨ ‘ਜਰਨੈਲੀ ਸੜਕ’ ਬਣ ਗਈ। ਬੱਚਾ ਬੋਲ ਸਕਦਾ, ਰੱਬ ਨੂੰ ਜ਼ਰੂਰ ਮਿਹਣਾ ਦਿੰਦਾ, ‘ਤੇਰੀ ਦੁਨੀਆ ਲੱਭੀ ਨਹੀਂ, ਜਿੱਦਾਂ ਦੀ ਤੂੰ ਦੱਸਦੈਂ।’ ਚੰਡੀਗੜ੍ਹ ਤੋਂ ਗਰਭਵਤੀ ਮਾਨ ਕੁਮਾਰੀ ਤੁਰੀ। ਰੁੜਕੀ ਪੁੱਜੀ, ਦਰਦ ਸ਼ੁਰੂ ਹੋਇਆ, ਬੱਚੇ ਨੂੰ ਜਨਮ ਦਿੱਤਾ। ਗੋਦ ’ਚ ਲੈ ਕੇ 270 ਕਿਲੋਮੀਟਰ ਫਿਰ ਤੁਰਦੀ ਰਹੀ। ਜਦੋਂ ਅੱਖਾਂ ਖੁੱਲ੍ਹੀਆਂ, ਬੱਚਾ ਜ਼ਰੂਰ ਪੁੱਛੇਗਾ, ਮਾਂ ਕਦੋਂ ਤੱਕ ਚੱਲੇਂਗੀ।
                ਅੌਰੰਗਾਬਾਦ ’ਚ ਥੱਕ ਚੂਰ ਹੋਏ ਮਜ਼ਦੂਰ ਪਟੜੀ ’ਤੇ ਸੌਂ ਗਏ। ਰੇਲ ਜ਼ਿੰਦਗੀ ਫਨਾਹ ਕਰ ਗਈ। ਪੁਲੀਸ ਨੂੰ ਪਟੜੀ ਤੋਂ ਲੱਭੇ, ਬੇਹੀ ਰੋਟੀ ਦੇ ਟੁਕੜੇ। ਮੁਜ਼ੱਫਰਪੁਰ ’ਚ ਜ਼ਿੰਦਗੀ ਦਾ ਸਫ਼ਰ ਮੁਕਾ ਗਈ, ਰੋਡਵੇਜ਼ ਦੀ ਇੱਕ ਬੱਸ। ਛੇ ਮਜ਼ਦੂਰ ਫੌਤ ਹੋ ਗਏ, ਜੋ ਉਮੀਦਾਂ ਦੀ ਪੋਟਲੀ ਚੁੱਕ ਘਰਾਂ ਨੂੰ ਤੁਰੇ ਸਨ। ਵਾਰਿਸ ਤਮਾਮ ਉਮਰ ਸਿਰਨਾਵੇਂ ਲੱਭਣਗੇ। ਅਫ਼ਗਾਨੀ ਆਖਦੇ ਹਨ, ‘ਹਰੇਕ ਲਈ ਆਪਣਾ ਘਰ ਕਸ਼ਮੀਰ ਹੁੰਦਾ ਹੈ।’ ਕਿਤੇ ਪ੍ਰਧਾਨ ਮੰਤਰੀ ਇਹੋ ਖੁੰਦਕ ਤਾਂ ਨਹੀਂ ਕੱਢ ਰਹੇ। ਜਾਓ, ਕੋਈ ਮਾਅਨੇ ਸਮਝਾਓ।ਨਰਿੰਦਰ ਮੋਦੀ ਤਸਵੀਰਾਂ ’ਤੇ ਗੌਰ ਕਰਨ। ਗਰਭਵਤੀ ਮਾਂ ਕੋਲ ਬੈਠੀ ਐ, ਬ੍ਰੀਫਕੇਸ ’ਤੇ ਬੱਚਾ ਸੁੱਤੈ। ਇੰਝ ਲੱਗਦੈ ਜਿਵੇਂ ਬੱਚਾ ਨਹੀਂ, ਸਰਕਾਰ ਘੂਕ ਸੁੱਤੀ ਹੋਵੇ। ਦਿੱਲੀ ਦੇ ਪੁਲ ’ਤੇ ਬੈਠਾ ਰਾਮ ਗੋਪਾਲ, ਫੁੱਟ ਫੁੱਟ ਰੋਇਆ। ਘਰ ਲਈ ਤੁਰਿਆ, ਪੁਲੀਸ ਨੇ ਡੰਡੇ ਮਾਰ ਮੋੜ ਦਿੱਤਾ। ਘਰੋਂ ਖ਼ਬਰ ਆਈ, ਪੁੱਤ ਚੱਲ ਵਸਿਆ। ਬੇਵੱਸ ਮਜ਼ਦੂਰ ਕੋਲ ਇੱਕੋ ਹੱਕ ਬਚਿਐ। ਉਹ ਸਿਰਫ਼ ਰੋਣ ਦਾ ਹੱਕ। ਕਿਰਤਾਂ ਦੇ ਹੱਕਾਂ ਤੇ ਕਾਨੂੰਨਾਂ ’ਤੇ ਹੁਣੇ ਡਾਕੇ ਵੱਜੇ ਨੇ। ਅਗਲੀ ਤਸਵੀਰ ਵੀ ਵੇਖੋ..! ਭੁਪਾਲ ਦੇ ਮਜ਼ਦੂਰ ਰਾਹੁਲ ਦੀ। ਇੱਕ ਬਲਦ ਵਿਕ ਗਿਆ। ਇੰਦੌਰ ’ਚ ਗੱਡੇ ਦੇ ਇੱਕ ਪਾਸੇ ਬਲਦ ਜੁੜਿਆ, ਦੂਜੇ ਪਾਸੇ ਰਾਹੁਲ। ਗਊ ਦੇ ਜਾਏ ਨੂੰ ਧਰਤੀ ਵਿਹਲ ਨਾ ਦੇਵੇ।ਹੈਦਰਾਬਾਦ ਦਾ ਮਜ਼ਦੂਰ ਰਾਮੂ। ਸਭ ਵਸੀਲੇ ਮੁੱਕੇ ਤਾਂ ਇੱਕ ਲੱਕੜ ਤੇ ਬਾਂਸ ਦੀ ਛੋਟੀ ਗੱਡੀ ਬਣਾਈ। ਵਿਚ ਦੋ ਸਾਲ ਦੀ ਬੱਚੀ ਤੇ ਗਰਭਵਤੀ ਪਤਨੀ ਬਿਠਾਈ। 17 ਦਿਨ ਰੇਹੜੀ ਖਿੱਚਦਾ ਰਿਹਾ। 800 ਕਿਲੋਮੀਟਰ ਦਾ ਸਫ਼ਰ ਛੋਟਾ ਨਹੀਂ ਹੁੰਦਾ। ‘ਕਾਲ ਦੇ ਹੱਥ ਕਮਾਨ…’, ਬੱਚੇ ਤੇ ਬੁੱਢੇ ਬਿਨਾਂ ਕਸੂਰੋਂ ਉਖੇੜ ਦਿੱਤੇ।
               ਗੁਜਰਾਤ ਦਾ ਜ਼ਿਲ੍ਹਾ ਬਨਾਸਕਾਂਠਾ। ਜਿਥੇ ਇੱਕ ਲਾਵਾਰਿਸ ਬੱਚਾ, ਮੂਧੇ ਮੂੰਹ ਡਿੱਗਾ ਮਿਲਿਆ ਹੈ। ਸੈਂਕੜੇ ਮਜ਼ਦੂਰ ਜਹਾਨੋਂ ਰੁਖਸਤ ਹੋ ਗਏ, ਮੰਜ਼ਿਲ ਤੋਂ ਪਹਿਲਾਂ ਹੀ। ਪਿੰਡ ਦੀ ਮਿੱਟੀ ’ਚ ਖਾਕ ਹੋਈਏ, ਇੱਕੋ ਆਖਰੀ ਇੱਛਾ ਹੈ। ਮੌਤ ਲੱਕ ਨਾਲ ਬੰਨ੍ਹ ਤੁਰੇ ਜਾ ਰਹੇ ਨੇ। ਮਾਹੌਲ ਨੂੰ ਇੰਝ ਬਿਆਨ ਲਓ,‘ ਸ਼ਾਹ ਮੁਹੰਮਦਾ ਹੋਈ ਮੌਤ ਸਸਤੀ।’ ਯੂਨੀਸੈੱਫ ਨੇ ਡੱਗਾ ਲਾਇਐ। ਅਗਲੇ ਛੇ ਮਹੀਨੇ, ਪੰਜ ਸਾਲ ਤੱਕ ਦੇ ਬੱਚੇ, ਜ਼ਰਾ ਬਚ ਕੇ ਰਹਿਣ। ਭਾਰਤ ’ਚ ਤਿੰਨ ਲੱਖ ਬੱਚੇ ਸ਼ਿਕਾਰ ਹੋਣਗੇ। ਕੋਵਿਡ ਯੁੱਗ ’ਚ ਮਾਪੇ ਬੱਚਿਆਂ ਦਾ ਟੀਕਾਕਰਨ ਕਿਥੋਂ ਕਰਾਉਂਦੇ। ਗਰੀਬ ਦਾ ਖ਼ਜ਼ਾਨਾ ਤਾਂ ਬੱਚੇ ਹੁੰਦੇ ਹਨ। ਰੋਟੀ ਦੀ ਤਸਵੀਰ ਦਿਖਾ ਉਮੀਦ ਭਰ ਸਕਦੇ ਹੋ, ਬੱਚਿਆਂ ਦਾ ਢਿੱਡ ਨਹੀਂ। ਢਿੱਡ ਭਰਨ ਲਈ ਅੰਮ੍ਰਿਤਸਰ ’ਚ ਘੁੰਮਦੀ ਰਹੀ ਗਰਭਵਤੀ ਅੌਰਤ ਰਿਕਸ਼ਾ ਲੈ ਦਰ ਦਰ ਪੁੱਜੀ। ਨਿੱਕੇ ਨਿੱਕੇ ਪੈਰ ਵੀ ਰਾਹਾਂ ਦੇ ਪਾਂਧੀ ਬਣੇ ਹਨ। ਜਦੋਂ ਬੱਚੇ ਰੋਂਦੇ ਹਨ, ਚੱਲਣੋਂ ਨਾਂਹ ਕਰਦੇ ਹਨ। ਬਾਪ ਗੱਠੜੀ ਖੋਲ੍ਹਦੇ ਹਨ। ਰੇਡੀਓ ਕੱਢ ਚਲਾਉਂਦੇ ਹਨ। ਇਤਫ਼ਾਕ ਹੋ ਸਕਦੈ, ਅੱਗਿਓਂ ਗਾਣਾ ਵੱਜੇ, ‘ਨੰਨ੍ਹੇ-ਮੁੰਨੇ ਬੱਚੇ ਤੇਰੀ ਮੁੱਠੀ ਮੇ ਕਿਆ ਹੈ..!’ ਮਾਪੇ ਮਨੋ ਮਨ ਉਲਾਂਭਾ ਦਿੰਦੇ ਹੋਣਗੇ। ਮਜ਼ਦੂਰ ਦੀ ਮੁੱਠੀ ’ਚ ਕੀ ਹੋਣੈ, ਹੱਥਾਂ ’ਤੇ ਅੱਟਣ, ਉਂਗਲਾਂ ’ਤੇ ਜ਼ਖ਼ਮ। ਜੋਤਸ਼ੀ ਵੀ ਫੇਲ੍ਹ ਹੀ ਹੋਣਗੇ। ਰੁਜ਼ਗਾਰ ਖੁਸ ਗਏ, ਘਰਾਂ ਤੋਂ ਦੂਰ ਹਨ। ਬੱਚਿਆਂ ਦੇ ਅਰਮਾਨ ਵੀ ਛਿੱਲੇ ਗਏ ਹਨ। ਬੀਬੀ ਸੋਨੀਆ ਗਾਂਧੀ ਬੋਲੀ, ਕੋਈ ਦਿਲ ਹੌਲਾ ਨਾ ਕਰੇ। ਰੇਲ ਭਾੜਾ ਕਾਂਗਰਸ ਦੇਵੇਗੀ। ਬਾਕੀ ਪਤਾ ਨਹੀਂ, ਪੰਜਾਬ ’ਚ ਤਾਂ ਸਰਕਾਰ ਨੇ ਦਿੱਤੈ। ਬਠਿੰਡਾ ਜੰਕਸ਼ਨ ਤੋਂ ਜਦੋਂ ਟਰੇਨ ਚੱਲੀ। ਬੀਬੀ ਸੋਨੀਆ ਗਾਂਧੀ ਦਾ ਸਿਪਾਹੀ ਰਾਜਾ ਵੜਿੰਗ ਖੁਦ ਪੁੱਜਾ। ਕਾਂਗਰਸੀ ਮੇਅਰ ਪਟਿਆਲਾ ਸਟੇਸ਼ਨ ’ਤੇ ਡਟ ਗਿਆ। ’ਕੱਲੇ ’ਕੱਲੇ ਮਜ਼ਦੂਰ ਦੇ ਗੱਲ ਕੰਨੀ ਪਾਈ, ਥੋਡੇ ’ਤੇ ਏਹ ਕਿਰਪਾ ਬੀਬੀ ਜੀ ਦੀ ਹੋਈ ਹੈ, ਮੌਜਾਂ ਲੁੱਟੋ, ਬੁੱਲ੍ਹੇ ਵੰਡੋ।’
               ਪਿੰਡ ਬਾਦਲ ਵਾਲੇ ਬੀਬਾ ਜੀ ਭੜਕ ਉੱਠੇ। ਰੇਲ ਭਾੜੇ ’ਚ 85 ਫੀਸਦੀ ਛੋਟ ਤਾਂ ਸਾਡੇ ਮੋਦੀ ਜੀ ਨੇ ਦਿੱਤੀ ਹੈ, ਆਏ ਵੱਡੇ ਸਿਪਾਹੀ। ‘ਮਜ਼ਦੂਰਾਂ ਨੂੰ ਰਾਸ਼ਨ ਵੰਡੋ, ਮਸ਼ਹੂਰੀ ਵਾਲੇ ਪਰਚੇ ਨਹੀਂ।’ ਅਮਰਿੰਦਰ ਸਿਓਂ ਬੋਲੇ, ਬੀਬਾ ਜੀ, ਕੇਂਦਰ ਨੂੰ ਕਹੋ ਪਹਿਲਾਂ ਦਾਲ ਭੇਜੇ। ਅਕਾਲੀ ਸੋਚਣ ਲੱਗੇ, ਦਾਲ ’ਚ ਕੁਝ ਕਾਲੈ। ਖੁਰਾਕ ਮੰਤਰੀ ਆਸ਼ੂ ਕਹਿੰਦੇ, ਤੁਸੀਂ ਕਾਲੇ ਨੂੰ ਛੱਡੋ, ਦਾਲ ਦਾ ਪੂਰਾ ਟਰੱਕ ਹੀ ਖਰਾਬ ਨਿਕਲਿਐ। ਛੱਜੂ ਰਾਮ ਦਾ ਭੇਤ ਪਾਉਣਾ ਅੌਖੈ। ਜਰਨੈਲੀ ਸੜਕ ’ਤੇ ਟੈਂਟ ਲਾਇਐ। ਸੜਕਾਂ ’ਤੇ ਨਿਕਲੇ, ਭੁੱਖੇ ਨਾ ਜਾਣ, ਲੰਗਰ ਚਲਾਇਐ। ਲੰਗਰ ’ਚ ਕੀਰਤਨ ਚੱਲ ਰਿਹੈ। ਟੈਂਟ ਦੇ ਸਪੀਕਰਾਂ ’ਚ ਸੰਤ ਰਾਮ ਉਦਾਸੀ ਵੱਜ ਰਿਹੈ। ‘ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਵਡੇਰਾ ਪਾੜਾ ਏ, ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ।’ ਟੈਂਟ ਅੱਗਿਓਂ ਕੋਈ ਪੈਦਲ ਲੰਘ ਰਿਹੈ ਤੇ ਕੋਈ ਸਾਈਕਲ ’ਤੇ।

Wednesday, May 13, 2020

                          ਸ਼ਰਾਬ ਤੇ ਪੰਜਾਬ
           ਰੋਜ਼ਾਨਾ 14 ਕਰੋੜ ਦੀ ਕਮਾਈ !
                           ਚਰਨਜੀਤ ਭੁੱਲਰ
ਚੰਡੀਗੜ੍ਹ : ਆਬਕਾਰੀ ਅਤੇ ਕਰ ਵਿਭਾਗ ਹੁਣ ਕਟਹਿਰੇ ’ਚ ਖੜ੍ਹਾ ਹੋ ਗਿਆ ਹੈ। ਆਬਕਾਰੀ ਕਮਾਈ ਦੇ ਖੋਰੇ ਨੂੰ ਲੈ ਕੇ ਸਿੱਧੇ ਤੌਰ ’ਤੇ ਉੱਚ ਅਫਸਰਾਂ ’ਤੇ ਸੁਆਲ ਉੱਠਣ ਲੱਗੇ ਹਨ। ਆਬਕਾਰੀ ਅਫਸਰ ਇਸ ਗੱਲੋਂ ਸ਼ੱਕ ਦੇ ਘੇਰੇ ’ਚ ਹਨ ਕਿ ਉਨ੍ਹਾਂ ਨੇ ਲੰਘੇ ਤਿੰਨ ਵਰ੍ਹਿਆਂ ’ਚ ਡਿਫਾਲਟਰ ਠੇਕੇਦਾਰਾਂ ਤੋਂ ਵੀ ਵਸੂਲੀ ਲਈ ਕੋਈ ਹੱਥ ਪੱਲਾ ਹੀ ਨਹੀਂ ਹਿਲਾਇਆ। ਜਦੋਂ ਹੁਣ ਆਬਕਾਰੀ ਆਮਦਨ ਦੇ ਟੀਚਿਆਂ ਦੇ ਪੂਰੇ ਨਾ ਹੋਣ ਦਾ ਮਾਮਲਾ ਭਖਿਆ ਹੋਇਆ ਹੈ ਤਾਂ ਡਿਫਾਲਟਰਾਂ ਤੋਂ ਵਸੂਲੀ ਨਾ ਕਰਨ ਧੂੰਆਂ ਉੱਠਿਆ ਹੈ। ਆਬਕਾਰੀ ਵਿਭਾਗ ’ਤੇ ਕੰਟਰੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ’ਤੇ ਸੁਆਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਕੰਟਰੋਲ ਵਾਲੇ ਆਬਕਾਰੀ ਮਹਿਕਮੇ ਦੇ ਟੀਚੇ ਤਿੰਨ ਸਾਲਾਂ ਤੋਂ ਪੂਰੇ ਨਹੀਂ ਹੋ ਰਹੇ ਹਨ ਅਤੇ ਇਨ੍ਹਾਂ ਵਰ੍ਹਿਆਂ ਵਿਚ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਪੰਜਾਬ ਦੇ ਬਹੁਤੇ ਵਜ਼ੀਰ ਵੀ ਇਹੋ ਆਖ ਰਹੇ ਹਨ ਕਿ ਆਖਰ ਟੀਚਿਆਂ ਦੀ ਪੂਰਤੀ ਵਿਚ ਕਮੀ ਕਿਥੇ ਹੈ। ਵੇਰਵਿਆਂ ਅਨੁਸਾਰ ਗਠਜੋੜ ਸਰਕਾਰ ਦੇ ਆਖਰੀ ਵਰੇ੍ਹ ਸਾਲ 2016-17 ਵਿਚ ਬਹੁਤੇ ਸ਼ਰਾਬ ਠੇਕੇਦਾਰ ਡਿਫਾਲਟਰ ਹੋ ਗਏ ਸਨ ਜਿਨ੍ਹਾਂ ਵੱਲ ਅੱਜ ਵੀ ਕਰੀਬ 368 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ।
               ਹੈਰਾਨੀ ਵਾਲੀ ਗੱਲ ਇਹ ਹੈ ਕਿ ਆਬਕਾਰੀ ਮਹਿਕਮੇ ਨੇ ਕਦੇ ਵੀ ਉੱਚ ਪੱਧਰੀ ਮੀਟਿੰਗ ਵਿਚ ਡਿਫਾਲਟਰਾਂ ਤੋਂ ਵਸੂਲੀ ਦੇ ਮਾਮਲੇ ਨੂੰ ਤਿੰਨ ਵਰ੍ਹਿਆਂ ਵਿਚ ਏਜੰਡਾ ਹੀ ਨਹੀਂ ਬਣਾਇਆ ਹੈ। ਮਾਲ ਮਹਿਕਮੇ ਦੇ ਰਿਕਾਰਡ ਵਿਚ ਰੈੱਡ ਐਂਟਰੀਆਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਜੋ ਮਹਿਜ ਖਾਨਾਪੂਰਤੀ ਨਜ਼ਰ ਆ ਰਹੀ ਹੈ। ਬਠਿੰਡਾ ਜ਼ਿਲ੍ਹੇ ’ਚ ਚਾਰ ਫਰਮਾਂ ਵੱਲ ਕਰੀਬ 75  ਕਰੋੜ ਦਾ ਤਿੰਨ ਸਾਲਾਂ ਤੋਂ ਬਕਾਇਆ ਖੜ੍ਹਾ ਹੈ ਅਤੇ ਇਸ ਚੋਂ ਇੱਕ ਡਿਫਾਲਟਰ ਦੀ ਪਿੱਠ ਇੱਕ ਵਜ਼ੀਰ ਨਾਲ ਵੀ ਲੱਗਦੀ ਹੈ। ਉਸ ’ਤੇ ਲੌਕਡਾਊਨ ਦੌਰਾਨ ਸ਼ਰਾਬ ਚੋਂ ਕਮਾਈ ਕਰਨ ਦੀਆਂ ਆਵਾਜ਼ਾਂ ਵੀ ਉੱਠੀਆਂ ਹਨ। ਫਾਜ਼ਿਲਕਾ ਜ਼ਿਲ੍ਹੇ ’ਚ ਸਾਲ 2016-17 ਅਤੇ ਸਾਲ 2017-18 ਦੇ ਠੇਕੇਦਾਰ 68 ਕਰੋੜ ਦੇ ਡਿਫਾਲਟਰ ਹਨ ਅਤੇ ਇਨ੍ਹਾਂ ਤੋਂ ਦੋ ਵਰ੍ਹਿਆਂ ਦੌਰਾਨ ਸਿਰਫ਼ 31.50 ਲੱਖ ਰੁਪਏ ਦੀ ਵਸੂਲੀ ਹੀ ਕੀਤੀ ਗਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਪੁਰਾਣੇ ਡਿਫਾਲਟਰਾਂ ਵੱਲ 13 ਕਰੋੜ ਦੇ ਬਕਾਏ ਖੜੇ ਹਨ ਅਤੇ ਸਿਰਫ਼ 10 ਲੱਖ ਰੁਪਏ ਦੀ ਵਸੂਲੀ ਹੋਈ ਹੈ। ਜ਼ਿਲ੍ਹਾ ਮੋਗਾ ਵਿਚ 24.80 ਕਰੋੜ ਦੇ ਬਕਾਏ ਖੜ੍ਹੇ ਹਨ। ਆਬਕਾਰੀ ਅਤੇ ਕਰ ਅਫਸਰ ਮੋਗਾ ਪਿਆਰਾ ਸਿੰਘ ਦਾ ਕਹਿਣਾ ਸੀ ਕਿ ਚਾਰ ਫਰਮਾਂ ਵੱਲ ਇਹ ਬਕਾਏ ਖੜ੍ਹੇ ਹਨ ਜਿਨ੍ਹਾਂ ਚੋਂ ਇੱਕ ਕਰੋੜ ਦਾ ਅਦਾਲਤੀ ਕੇਸ ਚੱਲ ਰਿਹਾ ਹੈ ਅਤੇ ਬਾਕੀਆਂ ਤੋਂ ਵਸੂਲੀ ਲਈ ਪ੍ਰਕਿਰਿਆ ਚੱਲ ਰਹੀ ਹੈ।
       ਵੇਰਵਿਆਂ ਅਨੁਸਾਰ ਬਰਨਾਲਾ,ਫਰੀਦਕੋਟ ਤੇ ਪਟਿਆਲਾ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੀ ਬਕਾਇਆ ਰਾਸ਼ੀ ਫਸੀ ਹੋਈ ਹੈ। ਸੁਆਲ ਉੱਠ ਰਹੇ ਹਨ ਕਿ ਮੰਤਰੀ ਆਬਕਾਰੀ ਟੀਚੇ ਨਾ ਪੂਰੇ ਹੋਣ ਕਰਕੇ ਘਾਟੇ ਦਾ ਰੌਲਾ ਤਾਂ ਪਾ ਰਹੇ ਹਨ ਪ੍ਰੰਤੂ ਡਿਫਾਲਟਰ ਠੇਕੇਦਾਰਾਂ ਪ੍ਰਤੀ ਚੁੱਪ ਕਿਉਂ ਵੱਟ ਰਹੇ ਹਨ। ਦੂਸਰੀ ਤਰਫ਼ ਨਜ਼ਰ ਮਾਰੀਏ ਤਾਂ ਸਰਕਾਰੀ ਖ਼ਜ਼ਾਨੇ ਨੂੰ ਆਬਕਾਰੀ ਕਮਾਈ ਤੋਂ ਹੀ ਵੱਡੀ ਢਾਰਸ ਹੈ। ਤੱਥਾਂ ਅਨੁਸਾਰ ਪੰਜਾਬ ਸਰਕਾਰ ਨੂੁੰ ਸ਼ਰਾਬ ਤੋਂ ਲੰਘੇ 18 ਵਰ੍ਹਿਆਂ ਵਿਚ 54,835 ਕਰੋੜ ਰੁਪਏ ਦੀ ਕਮਾਈ ਹੋਈ ਹੈ। ਪੰਜਾਬ ਵਿਚ ਸ਼ਰਾਬ ਦੀ ਖਪਤ ਏਨੀ ਵੱਧ ਗਈ ਹੈ ਕਿ ਸਾਲ 2002-2007 ਦੌਰਾਨ ਸ਼ਰਾਬ ਦੀ ਪ੍ਰਤੀ ਦਿਨ ਅੌਸਤਨ 4.01 ਕਰੋੜ ਰੁਪਏ ਖਪਤ ਸੀ ਜੋ ਕਿ ਮੌਜੂਦਾ ਸਰਕਾਰ ਦੇ ਤਿੰਨ ਵਰ੍ਹਿਆਂ ਦੌਰਾਨ ਪ੍ਰਤੀ ਦਿਨ ਅੌਸਤਨ ਵੱਧ ਕੇ 14.07 ਕਰੋੜ ਦੀ ਹੋ ਗਈ ਹੈ। ਲੰਘੇ ਤਿੰਨ ਵਰ੍ਹਿਆਂ ’ਚ ਸਰਕਾਰ ਨੇ ਸ਼ਰਾਬ ਤੋਂ 15,407 ਕਰੋੜ ਕਮਾਏ ਹਨ ਜਦੋਂ ਕਿ ਕਾਂਗਰਸ ਸਰਕਾਰ ਨੇ ਸਾਲ 2002-07 ਦੌਰਾਨ 7326 ਕਰੋੜ ਕਮਾਏ ਸਨ।
       ਗਠਜੋੜ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸ਼ਰਾਬ ਤੋਂ ਪੰਜ ਵਰ੍ਹਿਆਂ ’ਚ 10,808 ਕਰੋੜ ਦੀ ਆਮਦਨੀ ਹੋਈ ਸੀ ਜਦੋਂ ਕਿ ਦੂਸਰੇ ਕਾਰਜਕਾਲ ਦੇ ਪੰਜ ਸਾਲਾਂ ਵਿਚ ਇਹੋ ਆਮਦਨੀ ਵੱਧ ਕੇ 21,294 ਕਰੋੜ ਦੀ ਹੋ ਗਈ ਸੀ। ਅਗਰ ਲੰਘੇ 18 ਵਰ੍ਹਿਆਂ ਦੀ ਅੌਸਤਨ ਵੇਖੀਏ ਤਾਂ ਪੰੰਜਾਬ ਵਿਚ ਰੋਜ਼ਾਨਾ 8.34 ਕਰੋੋੜ ਦੀ ਸ਼ਰਾਬ ਖਪ ਰਹੀ ਹੈ ਜੋ ਕਿ ਪ੍ਰਤੀ ਮਹੀਨਾ ਅੌਸਤਨ 253 ਕਰੋੜ ਬਣਦੀ ਹੈ। ਪੰਜਾਬ ਸਰਕਾਰ ਵਲੋਂ 2019-20 ਦੌਰਾਨ ਸ਼ਰਾਬ ਤੋਂ 6201 ਕਰੋੜ ਦੀ ਆਮਦਨੀ ਦਾ ਟੀਚਾ ਮਿਥਿਆ ਗਿਆ ਸੀ ਜੋ ਕਰੀਬ 5200 ਕਰੋੜ ’ਤੇ ਹੀ ਪੁੱਜ ਸਕਿਆ ਹੈ। ਹਰਿਆਣਵੀ ਸ਼ਰਾਬ ਦੀ ਤਸਕਰੀ ਵਿਚ ਪਹਿਲਾਂ ਹੀ ਕਾਂਗਰਸੀ ਆਗੂਆਂ ਦਾ ਵੱਜ ਰਿਹਾ ਹੈ।
    ਸ਼ਰਾਬ ਤੋਂ ਆਮਦਨ : ਇੱਕ ਨਜ਼ਰ
ਕਾਰਜਕਾਲ       ਆਮਦਨ (ਕਰੋੜਾਂ ’ਚ)       ਡੇਲੀ ਖਪਤ (ਅੌਸਤਨ)
2002-07       7326           4.01 ਕਰੋੜ
2007-2012            10808                   5.92 ਕਰੋੜ
2012-2017         21294            11.66 ਕਰੋੜ
2017-2019               15407            14.07 ਕਰੋੜ
ਕੁੱਲ :     54,835 ਕਰੋੜ




                 

Tuesday, May 12, 2020

                          ਸਿਆਸੀ ਘੇਰਾਬੰਦੀ
         ਮੁੱਖ ਸਕੱਤਰ ਦੀ ਦੌਲਤ ’ਚ ਸਰਦਾਰੀ
                            ਚਰਨਜੀਤ ਭੁੱਲਰ
ਚੰਡੀਗੜ੍ਹ : ਮੁੱਖ ਸਕੱਤਰ ਪੰਜਾਬ ਦੀ ਮਾਲੀ ਹੈਸੀਅਤ ਕਾਫ਼ੀ ਮਜ਼ਬੂਤ ਹੈ ਜਿਨ੍ਹਾਂ ਦੀ ਵਜ਼ੀਰਾਂ ਵੱਲੋਂ ਹੁਣ ਘੇਰਾਬੰਦੀ ਕੀਤੀ ਗਈ ਹੈ। ਬੇਸ਼ੱਕ ਉਨ੍ਹਾਂ ਦੀ ਸਿਆਸੀ ਪੈਂਠ ਅਦਿੱਖ ਹੈ ਲੇਕਿਨ ਉਨ੍ਹਾਂ ਦੀ ਚਾਰ ਸੂਬਿਆਂ ’ਚ ਚੱਲ-ਅਚੱਲ ਸੰਪਤੀ ਇਸ਼ਾਰਾ ਕਰਦੀ ਹੈ ਕਿ ਉਹ ਕਿਸੇ ਨਾਲੋਂ ਘੱਟ ਨਹੀਂ। ਮੁੱਖ ਸਕੱਤਰ ਤੇ ਉਨ੍ਹਾਂ ਦੇ ਪਰਿਵਾਰ ਕੋਲ ਇਸ ਵੇਲੇ ਕੁੱਲ 17 ਜਾਇਦਾਦਾਂ ਹਨ ਜਿਨ੍ਹਾਂ ਚੋਂ 11 ਸੰਪਤੀਆਂ ਦੀ ਮੌਜੂਦਾ ਕੀਮਤ 9.69 ਕਰੋੋੜ ਰੁਪਏ ਬਣਦੀ ਹੈ। ਛੇ ਸੰਪਤੀਆਂ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ।  ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਨੇ ਮੁੱਖ ਸਕੱਤਰ ਦੇ ਲੜਕੇ ਦੀ ਸ਼ਰਾਬ ’ਚ ਕਾਰੋਬਾਰੀ ਸਾਂਝ ਨੂੰ ਲੈ ਕੇ ਉਂਗਲ ਉਠਾਈ ਹੈ। ਸੱਚ ਕੀ ਹੈ, ਇਹ ਸਮਾਂ ਦੱਸੇਗਾ ਪ੍ਰੰਤੂ ਕੇਂਦਰੀ ਪਰਸੋਨਲ ਵਿਭਾਗ ਕੋਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਜੋ 31 ਜਨਵਰੀ 2020 ਨੂੰ ਸੰਪਤੀ ਦੀ ਰਿਟਰਨ ਭਰੀ ਹੈ, ਉਸ ਅਨੁਸਾਰ ਮੁੱਖ ਸਕੱਤਰ ਕੋਲ 10 ਪੇਂਡੂ ਜਾਇਦਾਦਾਂ, ਚਾਰ ਪਲਾਟ ਅਤੇ ਦੋ ਵਪਾਰਿਕ ਸੰਪਤੀਆਂ ਹਨ। ਮੁੱਖ ਸਕੱਤਰ ਦੀ ਇਸ ਵੇਲੇ ਤਨਖਾਹ 2.25 ਲੱਖ ਰੁਪਏ ਪ੍ਰਤੀ ਮਹੀਨਾ ਹੈ ਅਤੇ ਉਹ 1984 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ ਜੋ 31 ਅਗਸਤ 2020 ਨੂੰ ਸੇਵਾ ਮੁਕਤ ਹੋ ਰਹੇ ਹਨ।
                 ਰਿਟਰਨ ਮੁਤਾਬਿਕ ਮੁੱਖ ਸਕੱਤਰ ਦਾ ਜੋ ਚੰਡੀਗੜ੍ਹ ਦੇ ਸੈਕਟਰ 8-ਸੀ ’ਚ ਤਿੰਨ ਮੰਜ਼ਲਾਂ ਸ਼ਾਪ ਕਮ ਆਫਿਸ (ਐਸਸੀਓ) ਹੈ, ਉਸ ਦੀ ਮੌਜੂਦਾ ਕੀਮਤ ਸਿਰਫ਼ 24 ਲੱਖ ਰੁਪਏ ਦਰਸਾਈ ਗਈ ਹੈ ਜਿਸ ਤੋਂ ਸਲਾਨਾ 7.20 ਲੱਖ ਰੁਪਏ ਆਮਦਨੀ ਵੀ ਹੋ ਰਹੀ ਹੈ। ਦੂਸਰੀ ਤਰਫ਼ ਉਨ੍ਹਾਂ ਦੀ ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਪਿੰਡ ਖਤੇਲਾ ’ਚ ਕਨਾਲਾਂ ਵਿਚ ਦੋ ਜ਼ਮੀਨਾਂ ਹੈ, ਉਨ੍ਹਾਂ ਦੀ ਮੌਜੂਦਾ ਕੀਮਤ 1.65 ਕਰੋੜ ਰੁਪਏ ਦੱਸੀ ਗਈ ਹੈ। ਉਨ੍ਹਾਂ ਨੂੰ ਖੇਤੀ ਜਾਇਦਾਦਾਂ ਜੱਦੀ ਪੁਸ਼ਤੀ ਮਿਲੀਆਂ ਹਨ। ਗੁੜਗਾਓਂ ’ਚ ਇੱੱਕ ਹਜ਼ਾਰ ਵਰਗ ਗਜ਼ ਦਾ ਪਲਾਟ ਹੈ ਜਿਸ ਦੀ ਕੀਮਤ 3.60 ਕਰੋੜ ਦੱਸੀ ਗਈ ਹੈ ਅਤੇ ਗੁੜਗਾਓਂ ਦੇ ਸਿਵਲ ਲਾਈਨ ਵਿਚ 36 ਲੱਖ ਰੁਪਏ ਦਾ ਇੱਕ ਰਿਹਾਇਸ਼ੀ ਪਲਾਟ ਵੀ ਹੈ। ਮਹਾਰੌਲੀ ਨੇੜੇ ਪਿੰਡ ਦਿਓਲੀ ’ਚ 2.60 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ। ਗੁੜਗਾਓਂ ’ਚ 64.70 ਲੱਖ ਦਾ ਇੱਕ ਫਲੈਟ ਅਤੇ ਯੂ.ਪੀ ਦੇ ਜ਼ਿਲ੍ਹਾ ਬਦੌਣ ’ਚ ਵੀ 7.9 ਏਕੜ ਜ਼ਮੀਨ ਹੈ ਜਿਸ ਦੀ ਕੀਮਤ 16.45 ਲੱਖ ਰੁਪਏ ਦਰਸਾਈ ਗਈ ਹੈ। ਚੰਡੀਗੜ੍ਹ ਨੇੜੇ ਮੁੱਲਾਂਪੁਰ ’ਚ ਵੀ ਪਲਾਟ ਹੈ।
                ਸਰਕਾਰੀ ਵੇਰਵਿਆਂ ਅਨੁਸਾਰ ਗੁੜਗਾਓਂ ’ਚ ਇੱਕ ਹੋਰ ਪਲਾਟ ਤੋਂ ਇਲਾਵਾ ਮਹਾਰਾਸ਼ਟਰ ਦੇ ਜ਼ਿਲ੍ਹਾ ਨਾਸ਼ਿਕ ’ਚ ਇੱਕ ਜ਼ਮੀਨ ਅਤੇ ਫਲੈਟ ਵੀ ਹੈ। ਇਹ ਜਾਇਦਾਦਾਂ ਉਨ੍ਹਾਂ ਅਤੇ ਪਰਿਵਾਰ ਦੇ ਨਾਮ ’ਤੇ ਹਨ ਜਿਨ੍ਹਾਂ ਦੀ ਖਰੀਦੋ ਫਰੋਖਤ ਬਾਰੇ ਮੁੱਖ ਸਕੱਤਰ ਨੇ ਬਕਾਇਦਾ ਕੇਂਦਰ ਸਰਕਾਰ ਨੂੰ ਸਮੇਂ ਸਮੇਂ ’ਤੇ ਸੂਚਨਾ ਭੇਜੀ ਹੈ। ਉਨ੍ਹਾਂ ’ਤੇ ਜੋ ਹੁਣ ਸਿਆਸੀ ਲੋਕ ਉਂਗਲ ਉਠਾ ਰਹੇ ਹਨ, ਉਨ੍ਹਾਂ ਦਾ ਕਿਤੋਂ ਵੀ ਝਲਕਾਰਾ ਉਨ੍ਹਾਂ ਦੀ ਸੰਪਤੀ ਰਿਟਰਨ ਤੋਂ ਨਹੀਂ ਦਿੱਖ ਰਿਹਾ ਹੈ।
                             ਮੁੱਖ ਸਕੱਤਰ ਖੁਦ ਹੀ ਕੁਰਸੀ ਤੋਂ ਲਾਂਭੇ ਹੋਣ : ਜਾਖੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਨਸੀਹਤ ਦਿਤੀ ਹੈ ਕਿ ਉਹ ਰੁਤਬੇ ਦੀ ਸ਼ਾਨ ਦਾ ਖਿਆਲ ਰੱਖਦੇ ਹੋਏ ਮੁੱਖ ਸਕੱਤਰ ਦੀ ਕੁਰਸੀ ਤੋਂ ਖੁਦ ਹੀ ਲਾਂਭੇ ਹੋ ਜਾਣ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਤਰਫੋਂ ਅੱਜ ਮੁੱਖ ਸਕੱਤਰ ਨੂੰ ਕੈਬਨਿਟ ਮੀਟਿੰਗ ਵਿਚ ਨਾ ਬੁਲਾ ਕੇ ਜੋ ਇਸ਼ਾਰਾ ਕੀਤਾ ਹੈ, ਉਹ ਸਮਝਦਾਰ ਬਣ ਕੇ ਮੁੱਖ ਸਕੱਤਰ ਨੂੰ ਸਮਝਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਮੁੱਖ ਸਕੱਤਰ ਅਹੁਦੇ ਨਾਲ ਚਿੰਬੜ ਕੇ ਮੁੱਖ ਮੰਤਰੀ ਨੂੰ ਕਰੜਾ ਫੈਸਲਾ ਲੈਣ ਲਈ ਮਜਬੂਰ ਨਾ ਕਰਨ। ਹੁਣ ਹਾਲਾਤ ਇਹੋ ਮੰਗ ਕਰਦੇ ਹਨ ਅਤੇ ਮੁੱਖ ਸਕੱਤਰ ਨੂੰ ਸਮਝ ਲੈਣਾ ਚਾਹੀਦਾ ਹੈ।

   

Sunday, May 10, 2020

                         ਵਿਚਲੀ ਗੱਲ
             ਭਰੇ ਸਮੁੰਦਰੋਂ ਘੋਗਾ ਲੱਭਾ..!
                          ਚਰਨਜੀਤ ਭੁੱਲਰ
ਚੰਡੀਗੜ੍ਹ : ‘ਹੀਰੇ ਵੇਚ ਲਓ, ਮੋਤੀ ਵੇਚ ਲਓ’, ਗਲੀ ਮੁਹੱਲੇ ਇਹੋ ਹੋਕੇ ਵੱਜਦੇ। ਰਾਜ ਭਾਗ ਰਣਜੀਤ ਸਿਓਂ ਦਾ ਸੀ। ਸ਼ੇਰੇ ਪੰਜਾਬ ਦੀ ਸੋਚ ਤੋਂ ਸਦਕੇ ਜਾਵਾਂ। ‘ਚਾਂਦੀ ਵੇਚ ਲਓ, ਪਿੱਤਲ ਵੇਚ ਲਓ’, ਇੰਝ ਵੀ ਹੋਕੇ ਗੂੰਜੇ ਸਨ। ਉਦੋਂ ਹਕੂਮਤ ਅੰਗਰੇਜ਼ਾਂ ਕੋਲ ਸੀ। ਮਨਾਂ ’ਤੇ ਬੋਝ ਪਏ, ਅੱਖਾਂ ’ਚ ਰੜਕ। ਆਜ਼ਾਦੀ ਮਿਲੀ, ਨਾਲੇ ਹਉਕੇ ਵੀ। ਨਗਰ ਖੇੜੇ, ਹੋਕੇ ਦੂਰ ਦੂਰ ਤੱਕ ਸੁਣਦੇ,‘ਲੋਹਾ ਵੇਚ ਲਓ, ਭਾਂਡੇ ਵੇਚ ਲਓ’। ਯੁੱਗ ਦਾ ਘੋੜਾ ਤੇਜ਼ ਕਦਮੀ ਦੌੜਿਆ। ਨਕਸਲੀ ਵਰੋਲਾ ਕੀ ਉੱਠਿਆ, ਉਦੋਂ ਏਦਾਂ ਦੇ ਹੋਕੇ ਕੰਨੀਂ ਪਏ, ‘ਰੱਦੀ ਵੇਚ ਲਓ, ਕਿਤਾਬਾਂ ਵੇਚ ਲਓ’। ਗੱਜ ਵੱਜ ਕੇ ਵੱਡੇ ਬਾਦਲ ਜਿੱਤੇ। ਤਖ਼ਤ ਸਜੇ ਤੇ ਜੈਕਾਰੇ ਗੂੰਜੇ। ‘ਰਾਜ ਦਿਆਂਗੇ ਮਹਾਰਾਜਾ ਰਣਜੀਤ ਸਿਓਂ ਵਰਗਾ’। ਕਬਾੜੀਏ ਬਾਗੋ ਬਾਗ ਹੋ ਗਏ। ਹੋਕਾ ਪਿਛੋਂ ਦਿੰਦੇ, ਲੋਕ ਅੱਗੇ ਢੇਰ ਲਾ ਦਿੰਦੇ, ‘ਪੁਰਾਣੇ ਬੂਟਾਂ ਤੇ ਟੁੱਟੀਆਂ ਚੱਪਲਾਂ ਦੇ’। ਰੈਸਟ ਹਾਊਸ ਹਕੂਮਤ ਵੇਚ ਗਈ। ਖੂੰਡਾ ਖੜਕਣ ਲੱਗਾ, ਗੱਦੀ ’ਤੇ ਮਹਾਰਾਜਾ ਪਟਿਆਲਾ ਬਿਰਾਜੇ। ਬੱਸ ,ਓਹ ਦਿਨ ਤੇ ਆਹ ਦਿਨ। ਹੋਕੇ ਗੂੰਜਣੋਂ ਨਹੀਂ ਹਟ ਰਹੇ, ‘ਖਾਲੀ ਬੋਤਲਾਂ ਵੇਚ ਲਓ, ਅਧੀਏ ਪਊਏ ਵੇਚ ਲਓ’। ਜ਼ਮੀਨ ਵੇਚਣਾ ਕਿਸਾਨੀ ਦਾ ਸ਼ੌਕ ਨਹੀਂ। ਹਕੂਮਤੀ ਚੰਡਾਲ ਚੌਂਕੜੀ ਵਪਾਰੀ ਬਣ ਗਈ। ਜਨਤਾ ਵਿਚਾਰੀ ਤੇ ਸੋਚ ਭਿਖਾਰੀ ਬਣ ਗਈ।‘ਲੋਭ ਨੂੰ ਸੋਭ ਕਿਤੇ ਨਹੀਂ’। ਜ਼ਿੰਦਗੀ ਸਿਆਸੀ ਹਕੀਮਾਂ ਦੀ ਬਦਲੀ। ‘ਸਮਾਜਵਾਦ’ ਮਹਾਤੜ ਉਡੀਕ ਰਿਹੈ। ‘ਇਨਕਲਾਬ’ ਸਿਆਸੀ ਜਮਾਤ ਦਾ ਆਇਐ। ‘ਤਾਲੋਂ ਖੁੰਝੀ ਡੂਮਣੀ’ ਦੇ ਗੁਆਂਢੀ ਕਾਮਰੇਡ ਬਣੇ ਨੇ। ਕਰੋਨਾ ਨੇ ਤਾਂ ਹੁਣ ਡੰਗਿਐ। ਗਰੀਬੀ ਦੀ ਲਾਗ ਨੂੰ ਜੁਗੜੇ ਹੋ ਗਏ। ਸਿਰਫ਼ ਅਖ਼ਬਾਰੀ ਸਿਰਲੇਖ ਬਦਲੇ ਨੇ। ਪੁਰਾਣੀ ਸੁਰਖ਼ੀ ਸੀ, ‘ਨਾ ਦਾਈ, ਨਾ ਦਵਾਈ’। ਅੱਜ ਦੀ ਸੁਰਖ਼ੀ ਹੈ, ‘ਨਾ ਡਾਕਟਰ, ਨਾ ਮਾਸਟਰ’। ਉਦੋਂ ਟਾਟੇ ਬਿਰਲੇ ਸਨ। ਅੱਜ ਅੰਬਾਨੀ-ਅਡਾਨੀ।
                ਵਾਅਦੇ ਪੁਰਾਣੇ ਨੇ, ਕੋਈ ਹਲਕਾ, ਕੋਈ ਭਾਰਾ। ਪੰਜਾਹ ਸਾਲ ਪਹਿਲਾਂ 50 ਗਜ਼ ਦੇ ਪਲਾਟ ਐਲਾਨੇ। ਨਾ ਪੰਜਾਹ ਗਜ਼ ਦਾ, ਨਾ ਪੰਜ ਪੰਜ ਮਰਲੇ ਦਾ, ਦਲਿਤਾਂ ਨੂੰ ਕੋਈ ਪਲਾਟ ਨਹੀਂ ਲੱਭਾ। ਚਾਲੀ ਸਾਲ ਪਿਛਾਂਹ ਚੱਲੋ। ਉਦੋਂ 1.86 ਲੱਖ ਏਕੜ ਜ਼ਮੀਨ ਸਰਪਲੱਸ ਐਲਾਨੀ। ਕਾਂਗਰਸ ਗਰਜੀ, ਦਲਿਤਾਂ ਨੂੰ ਕਿੱਲੇ ਦਿਆਂਗੇ। ਅਕਾਲੀ ਟਿੱਚਰਾਂ ਕਰਨੋ ਨਾ ਹਟਣ, ਗਰੀਬ ਕਿੱਲੇ ਉਡੀਕਦੇ ਨੇ, ਚਾਹੇ ਪਸ਼ੂਆਂ ਵਾਲੇ ਦੇ ਦਿਓ। ਉਦੋਂ ਪਰਚੀ ਫੀਸ ਵਧੀ, 10 ਪੈਸੇ ਤੋਂ 25 ਪੈਸੇ। ਮਰੀਜ਼ ਅੌਖੇ ਹੋ ਗਏ, ਨੇਤਾ ਸੁਸਰੀ ਵਾਂਗੂ ਸੌਂ ਗਏ। ਵੀਹ ਹਜ਼ਾਰ ਅਮੀਰ ਕਿਸਾਨਾਂ ’ਤੇ ‘ਦੌਲਤ ਟੈਕਸ’ ਲੱਗਾ। ਸਿਆਸੀ ਦਲ ਸੜਕਾਂ ’ਤੇ ਵਾਹੋਦਾਹੀ ਭੱਜੇ ਆਏ। ਜ਼ਮਾਨਾ ਹੁਣ ਜਹਾਜ਼ਾਂ ਦਾ ਹੈ। ਉਦੋਂ ਗੱਡਿਆਂ ਦਾ ਸੀ। ਵਿਕਾਸ ਪਹੇ ਤੋਂ ਜਰਨੈਲੀ ਸੜਕ ਪਿਐ। ਗਰੀਬ ਦਾ ਮੁਕੱਦਰ ਇੱਕ ਸੂਤ ਨਹੀਂ ਰਿਸਕਐ। ਵੱਡੇ ਸਮੁੰਦਰਾਂ ’ਚੋਂ ਮੋਤੀ ਚੁਗ ਗਏ। ਛੋਟਿਆਂ ਪੱਲੇ ਘੋਗੇ ਪਏ ਨੇ। ਤੱਤਿਆਂ ਦੀ ਆਪਣੀ ਸੋਚ ਹੈ। ਜੋ ਆਖਦੇ ਨੇ, ਘੋਗਾ ਚਿੱਤ ਕਰਾਂਗੇ, ਤਾਂ ਹੀ ਜੂਨ ਸੁਧਰੂ। ਜਦੋਂ ਗੁਰਨਾਮ ਸਿੰਘ ਮੁੱਖ ਮੰਤਰੀ ਸੀ। ਸ਼ਰਾਬ ਠੇਕੇਦਾਰਾਂ ਦੇ ਪੰਜ ਕਰੋੜ ਮੁਆਫ਼ ਕੀਤੇ। ਹੁਣ ਸਰਕਾਰ ਹੀ ਠੇਕੇਦਾਰ ਚਲਾਉਂਦੇ ਨੇ। ਇਵੇਂ 1978 ਵਿੱਚ ਵਿਧਾਇਕਾਂ ਨੂੰ ਸਹੁੰ ਚੁਕਾਈ। ਸ਼ਰਾਬ ਨਾ ਪੀਣ ਦੀ। ਰਾਜੇ ਨੂੰ ਗੁਟਕੇ ਦੀ ਸਹੁੰ ਖਾਣੀ ਪਈ। ‘ਚਿੱਟਾ’ ਬੰਦ ਕਰੋਨਾ ਨੇ ਕੀਤੈ। ਉਦੋਂ ਦਰਿਆ ਨੱਪੇ, ਹੁਣ ਵੇਚੇ ਜਾਂਦੇ ਨੇ। ਕਦੇ ਰੈੱਡ ਕਰਾਸ ਲੁੱਟਾਂ ਦਾ ਘਰ ਸੀ। ਹੁਣ ਮਾਫੀਏ ਨਹੀਂ ਖੰਘਣ ਦਿੰਦੇ। ‘ਸਦਾ ਦੀਵਾਲ਼ੀ’ ਅਫਸਰਾਂ ਦੀ ਰਹੀ ਹੈ। ਗੱਲ ਬੰਗਲਾ ਦੇਸ਼ ਦੀ ਜੰਗ ਵੇਲੇ ਦੀ ਹੈ। ਇੱਕ ਡੀਆਈਜੀ ਨੂੰ ਕੰਟਰੋਲ ਰੂਮ ’ਤੇ ਬਿਠਾ ਦਿੱਤਾ। ਬੈਠਾ ਬੈਠਾ 1500 ਰੁਪਏ ਦੇ ਕਾਜੂ ਛਕ ਗਿਆ। 2500 ਦੀ ਕਰਾਕਰੀ ਖਰੀਦ ਲਈ। ਕਰਾ ਲਓ ਪੜਤਾਲ..!
                ਅਫਸਰੀ ਹਾਜ਼ਮੇ ਕਿੰਨੇ ਤਕੜੇ ਨੇ। ਭਲੇਮਾਣਸਾਂ ਕੋਲ ਸ਼ਰਾਫ਼ਤ ਮੁੱਢੋਂ ਐਂ। ਬਖ਼ਤਾਵਰਾਂ ਕੋਲ ਮੂਲੋਂ ਤਾਕਤ। ਮੁਹਾਂਦਰਾ ਸਮਾਜਵਾਦ ਦਾ ਦੇਖੋ। ਪੰਜਾਬੀ ਸੂਬਾ ਮਗਰੋਂ ਬਣਿਐ। ਪਹਿਲਾਂ ਵੀ ਮੌਜਾਂ ਸਨ। ਵਿਧਾਇਕਾਂ ਨੂੰ ਫੀਏਟ ਕਾਰਾਂ, ਨਾਲੇ ਸਕੂਟਰ ਮਿਲਦੇ ਸਨ। ਦੱਸਦੇ ਨੇ, ਹਰਚਰਨ ਬਰਾੜ ਨੇ ਲੰਬਰੇਟਾ ਸਕੂਟਰ ਲਿਆ। ਤਾਜ਼ਾ ਸੁਣੋ, ਹਰ ਵਿਧਾਇਕ ਨੂੰ, ਤਿੰਨ ਜੌਂਗੇ ਲੈਣ ਦੀ ਸਹੂਲਤ ਐ। ਭਾਰਤੀ ਫੌਜ ਦੇ ਕਬਾੜ ’ਚੋਂ, ਸਸਤੇ ਰੇਟਾਂ ’ਤੇ ਮਿਲਦੇ ਨੇ। ਵਜ਼ੀਰਾਂ ਦੇ ਝੂਟੇ ਥੋਨੂੰ ਪਤਾ ਹੀ ਨੇ। ਸਿਆਣੇ ਆਖਦੇ ਨੇ, ਇੱਕੋ ਖਾਈ ’ਚ ਜੋ ਦੋ ਵਾਰੀ ਡਿੱਗੇ, ਉਹ ਮੂਰਖ ਅਖਵਾਉਂਦੈ। ਪੰਜਾਬੀਓ ਤੁਸੀਂ ਤਾਂ ਫਿਰ ਮਹਾਮੂਰਖ ਹੋਏ। ਭਲਾ ਕਿੰਨੇ ਕੁ ਵਾਰ ਡਿੱਗੇ ਹੋ। ਪੜਪੋਤਾ ਸਰਕਾਰਾਂ ਗਿਣਨ ਲੱਗੈ। ਕਦੋਂ ਦਾ ਤੁਰ ਗਿਆ ਬਾਬਾ ਮਾਰਕਸ। ਆਲ਼ੇ ਭੋਲੇ ‘ਦਵੰਦਵਾਦ’ ਦੀ ਥਿਊਰੀ ਰਟੀ ਜਾਂਦੇ ਨੇ, ‘ਦੇਸ਼ ਕਾ ਨੇਤਾ ਕੈਸਾ ਹੋ’। ਲਾਲੂ ਵਰਗਾ, ਦੀਦੀ ਵਰਗਾ, ਮੋਦੀ ਵਰਗਾ, ਰਾਹੁਲ ਵਰਗਾ, ਯੋਗੀ ਵਰਗਾ, ਬਾਦਲ ਵਰਗਾ, ਅਮਰਿੰਦਰ ਵਰਗਾ। ਪੁੱਛਦੇ ਲੋਕਾਂ ਤੋਂ ਨੇ, ਦੱਸਦੇ ਖੁਦ ਨੇ। ਭਲੇ ਵੇਲੇ ਆਖਦੇ ਸਨ, ‘ਪੜ੍ਹੋਗੇ ਲਿਖੋਗੇ ਬਣੋਗੇ ਨਵਾਬ..!’ ਅੱਜ ਦੇ ‘ਨਵਾਬ’ ਦਿਹਾੜੀ ਕਰਦੇ ਨੇ। ਵਜ਼ੀਰਾਂ ਦੇ ਪੁੱਤ ਚੇਅਰਮੈਨ ਬਣਦੇ ਨੇ। ਤਾਹੀਓਂ ਉਹ ਪਸ਼ਤੋ ਬੋਲਦੇ ਨੇ। ਤੁਸੀਂ ਫਾਰਸੀ ਬੋਲਣ ਜੋਗੇ ਕਿੱਥੇ। ਮਾੜੇ ਦੀ ਧੌਣ ਬਿਮਾਰੀ ਨੇ ਮਰੋੜੀ ਐੇ। ਹੰਭੇ ਪਏ ਨੇ, ਸਮਾਜਵਾਦ ਨੂੰ ਉਡੀਕਦੇ। ਵਿੱਥਾਂ ਹੀ ਵਿੱਥਾਂ ਹਨ। ਅਮੀਰਾਂ ਦੇ ਸਕੂਲ, ਹਸਪਤਾਲ ਵੱਖੋ ਵੱਖਰੇ। ਕਾਮਿਆਂ ਲਈ ਹੋਰ। ਹੈਰਾਨ ਨਾ ਹੋਣਾ, ਵੱਡੇ ਬਾਦਲ ਨਾਲ ਸੱਤ ਮੈਂਬਰੀ ਡਾਕਟਰੀ ਅਮਲਾ ਹੈ। ਤਿੰਨ ਡਾਕਟਰ, ਦੋ ਫਰਮਾਸਿਸਟ ਤੇ ਦੋ ਫਿਜ਼ੀਓਥੈਰੇਪਿਸਟ। 108-ਐਂਬੂਲੈਂਸ ਇਸ ਤੋਂ ਵੱਖਰੀ। ਸਭ ਨੂੰ ਤਨਖਾਹ ਖ਼ਜ਼ਾਨਾ ਦਿੰਦੈ। ਮੀਂਹ ਆਵੇ, ਚਾਹੇ ਹਨੇਰੀ, ਡਾਕਟਰ ਸਾਬਕਾ ਮੁੱਖ ਮੰਤਰੀ ਦੀ ਖਿਦਮਤ ’ਚ ਰਹਿੰਦੇ ਨੇ।
              ਅਮਰਿੰਦਰ ਨਾਲ ਕਿੰਨੇ ਕੁ ਡਾਕਟਰ ਹੋਣਗੇ, ਅੰਦਾਜ਼ੇ ਤੁਸੀਂ ਲਗਾ ਲੈਣਾ। ਧੁਰ ਦਰਗਾਹੋਂ ਗਰੀਬਾਂ ਹਿੱਸੇ ਤਾਂ ਦਾਈ ਹੀ ਆਈ ਹੈ। ਕਰੋਨਾ ਕੀ ਵਿਗਾੜੇਗਾ ਕੰਮੀਆਂ ਦੇ ਵਿਹੜੇ ਦਾ। ਸਹਿਮੇ ਤਾਂ ਦੌਲਤਾਂ ਵਾਲੇ ਬੈਠੇ ਨੇ। ਬੂਹਿਓਂ ਪੈਰ ਨਹੀਂ ਪੁੱਟਦੇ। ਤਪੇ ਹੋਇਆਂ ਨੂੰ ਕਰੋਨਾ ’ਚੋਂ ਹੀ ਸਮਾਜਵਾਦ ਦਿਖਦੈ।  ਥੋਨੂੰ ਵੀ ਫਰਕ ਦੇਖਣਾ ਪੈਣਾ ਮਾਸਕ ਤੇ ਨਕਾਬ ’ਚ। ਥੋਡੇ ਮਾਸਕ ਤਾਂ ਥੋੜ੍ਹ ਚਿਰੇ ਨੇ। ਸਿਆਸੀ ਲੋਕਾਂ ਕੋਲ ਵੱਡੇ ਭੰਡਾਰ ਨੇ। ਨਵੇਂ ਤੋਂ ਨਵਾਂ ਨਕਾਬ ਪਿਐ। ਨਵੀਂ ਚੋਣ, ਨਵਾਂ ਮੁਖੌਟਾ। ਭੁਲੇਖੇ ’ਚ ਨਾ ਰਹਿਣਾ। ਕਰੋਨਾ ਨੇ ਸੁਰਤ ਭੰਵਾਈ ਹੈ। ਵਿਸ਼ਾਣੂ ਤਾਂ ਇਨ੍ਹਾਂ ਦੇ ਰਾਸ ਆਉਣੈ। ਸਭ ਨੰਗ ਢਕ ਲਏਗਾ ਕਰੋਨਾ। ਲੌਕਡਾਊਨ ਹੈ, ਤੁਸੀਂ ਧੌਣ ’ਤੇ ਗੋਡਾ ਕਿਵੇਂ ਰੱਖੋਗੇ। ਦੇਖਿਓ ਕਿਤੇ ਭੁੱਲ ਕਰੋਗੇ ਤਾਂ ਸਾਹ ਲੈਣ ਨੂੰ ਤਰਸੋਗੇ। ਵੈਟੀਲੈਂਟਰ ਵੀ ਨਹੀਂ ਲੱਭਣਾ। ਸੱਚ, ਵੈਂਟੀਲੇਟਰ ਤੋਂ ਚੇਤੇ ਆਇਆ। ਦੱਖਣੀ ਸੂਡਾਨ ’ਚ ਵੈਂਟੀਲੇਟਰ ਚਾਰ ਨੇ, ਉਪ ਰਾਸ਼ਟਰਪਤੀ ਪੰਜ। ਵਿਹੜੇ ਵਾਲਿਆਂ ’ਤੇ ਛੱਜੂ ਰਾਮ ਭਾਸ਼ਨ ਝਾੜ ਰਿਹੈ। ਅਖੇ, ਹੱਥਾਂ ਦੇ ਅੱਟਣ ਨਾ ਦੇਖੋ, ਪੰਜੇ ਉਂਗਲਾਂ ਦੀ ਤੜ ਪਛਾਣੋ। ਸ਼ੇਰ ਬੱਗਿਓ, ਸਭ ਹੋ ਕੇ ਇਕੱਠੇ, ਬਣੋ ਜਾਓ ਮੁੱਠੀ। ਬਾਕੀ ਜਾਣੀ ਜਾਣ ਹੋ..!
               ਸਮਾਪਤੀ ਇੱਕ ਸੱਜਣ ਵੱਲੋਂ ਭੇਜੇ ਸੁਨੇਹੇ ਨਾਲ। ਕੇਰਾਂ ਯਮਦੂਤ ਨੇ ਮਸ਼ਕਰੀ ਕੀਤੀ। ਇੱਕ ਧੋਬੀ ਦੇ ਗਧੇ ਖੋਲ੍ਹ ਦਿੱਤੇ। ਗਧਿਆਂ ਨੇ ਸਾਰੀ ਪੈਲੀ ਖ਼ਰਾਬ ਕਰਤੀ। ਗੁੱਸੇ ’ਚ ਆਏ ਕਿਸਾਨ ਨੇ ਗਧੇ ਮਾਰਤੇ। ਧੋਬੀ ਕਿਹੜਾ ਘੱਟ ਸੀ, ਘੋਟਣਾ ਮਾਰ ਕੇ ਕਿਸਾਨ ਮਾਰਤਾ। ਕਿਸਾਨ ਦੇ ਮੁੰਡੇ ਨੇ ਧੋਬੀ ਮਾਰਤਾ, ਆਪ ਖੁਦਕੁਸ਼ੀ ਕਰ ਲਈ। ਧਰਮਰਾਜ ਦੀ ਕਚਹਿਰੀ ਸਜੀ। ਸਭ ’ਕੱਠੇ ਪੇਸ਼ ਹੋਏ। ਅੱਗੇ ਯਮਦੂਤ ਖੜ੍ਹਾ। ਸਾਰੇ ਆਕੜ ਕੇ ਬੋਲੋ, ‘ਤੂੰ ਗਧੇ ਕਿਉਂ ਖੋਲ੍ਹੇ।’ ਯਮਦੂਤ ਖੁੱਲ੍ਹ ਕੇ ਹੱਸਿਆ, ‘ਮੈ ਤਾਂ ਗਧੇ ਖੋਲ੍ਹੇ ਸਨ, ਤੁਸੀਂ ਅੰਦਰਲੇ ਸ਼ੈਤਾਨ ਹੀ ਖੋਲ੍ਹ ਦਿੱਤੇ।’ ਸੱਜਣੋ, ਜਿੰਨੇ ਸਿਆਸੀ ਨੇ, ਇਨ੍ਹਾਂ ਦਾ ਕੰਮ ਹੀ ਗਧੇ ਖੋਲ੍ਹਣਾ ਹੈ, ਕਦੇ ਨਫ਼ਰਤ ਦੇ, ਕਦੇ ਜਾਤਾਂ ਦੇ। ਬੱਸ, ਤੁਸੀਂ ਅੰਦਰ ਦੇ ਸ਼ੈਤਾਨ ਬੰਨ੍ਹ ਕੇ ਰੱਖੋ।

Friday, May 8, 2020

                           ਲੇਬਰ ਦਾ ਸੰਕਟ 
               ਪੇਂਡੂ ਸਾਂਝ ਦਾ ਕੀਤਾ ‘ਕੱਦੂ’ 
                            ਚਰਨਜੀਤ ਭੁੱਲਰ
ਚੰਡੀਗੜ੍ਹ : ਪੇਂਡੂ ਪੰਜਾਬ ਚੋਂ ਹੁਣ ਲੇਬਰ ਸੰਕਟ ਨੂੰ ਲੈ ਕੇ ਬਾਈਕਾਟ ਦੇ ਹੋਕੇ ਗੂੰਜਣ ਲੱਗੇ ਹਨ। ਇਸ ਸੰਕਟ ਨੇ ਭਾਈਚਾਰੇ ’ਚ ਦੁਫੇੜ ਦਾ ਮੁੱਢ ਬੰਨ੍ਹ ਦਿੱਤਾ ਹੈ। ਦੁੱਖ ਸੁੱਖ ਦੀ ਸਾਂਝ ’ਚ ਨਵੀਂ ਕੰਧ ਉਸਰਨ ਦਾ ਮਾਹੌਲ ਭਵਿੱਖ ਲਈ ਚੰਗਾ ਨਹੀਂ ਹੈ। ਪਿੰਡਾਂ ਦੇ ਘੜੰਮ ਚੌਧਰੀ ਮੌਕੇ ਨੂੰ ਲਕੀਰਾਂ ਖਿੱਚਣ ਲਈ ਵਰਤਣ ਦੇ  ਰਾਹ ਤੁਰੇ ਹਨ। ਕਰੀਬ ਹਫਤੇ ਤੋਂ ਪਿੰਡਾਂ ਦੀ ਜੂਹ ’ਚ ਖੁੰਦਕੀ ਹਵਾ ਚੱਲਣ ਲੱਗੀ ਹੈ। ਪੰਚਾਇਤਾਂ ਨੇ ਸਿਆਣਪ ਨਾ ਵਰਤੀ ਅਤੇ ਸਰਕਾਰਾਂ ਨੇ ਦਾਖਲ ਨਾ ਦਿੱਤਾ ਤਾਂ ਪੇਂਡੂ ਸਾਂਝ ਨੂੰ ਨਵੀਂ ਲਾਗ ਤੋਂ ਕੌਣ ਬਚਾਏਗਾ। ਵੇਰਵਿਆਂ ਅਨੁਸਾਰ ਪੰਜਾਬ ਚੋਂ ਕਰੀਬ 11 ਲੱਖ ਮਜ਼ਦੂਰ ਹਿਜਰਤ ਦੇ ਰਾਹ ਪਏ ਹਨ। ਕਰੀਬ ਛੇ ਲੱਖ ਮਜ਼ਦੂਰ ਤਾਂ ਇਕੱਲੇ ਲੁਧਿਆਣਾ ਦੇ ਹਨ। ਸਨਅਤੀ ਸੈਕਟਰ ਦੇ ਇਸ ਮਜ਼ਦੂਰ ਤਬਕੇ ਦਾ ਪਰਵਾਸ ਇਵੇਂ ਦਾ ਪ੍ਰਭਾਵ ਸਿਰਜ ਰਿਹਾ ਹੈ ਕਿ ਜਿਵੇਂ ਖੇਤੀ ਸੈਕਟਰ ਦੀ ਲੇਬਰ ਨੇ ਵਾਪਸੀ ਕਰ ਲਈ ਹੋਵੇ। ਏਨਾ ਜਰੂਰ ਹੈ ਕਿ ਵਿਸਾਖੀ ਮੌਕੇ ਪੰਜਾਬ ਆਉਣ ਵਾਲੀ ਆਰਜ਼ੀ ਲੇਬਰ ਐਤਕੀਂ ਨਹੀਂ ਆ ਸਕੀ। ਸੂਤਰ ਦੱਸਦੇ ਹਨ ਕਿ ਕਿਸਾਨਾਂ ਵੱਲੋਂ ਮਤੇ ਪਾਸ ਕਰਕੇ ਨਿਸ਼ਚਿਤ ਮਜ਼ਦੂਰੀ ਦੇਣ ਲਈ ਮੁਨਿਆਦੀ ਕਰਾਈ ਜਾ ਰਹੀ ਹੈ ਜਦੋਂ ਕਿ ਮਜ਼ਦੂਰ ਭਾਈਚਾਰੇ ਨੇ ਵੀ ਅੰਦਰੋਂ ਅੰਦਰੀਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।
                 ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਮੁੱਕਰਨ ਲੱਗੇ ਹਨ ਅਤੇ ਕਿਸਾਨੀ ਦਰਮਿਆਨ ਹੀ ਇੱਕ ਨਵੀਂ ਲਕੀਰ ਖੜ੍ਹੀ ਹੋਣ ਲੱਗੀ ਹੈ। ਕਿਸਾਨ ਮਜ਼ਦੂਰ ਧਿਰਾਂ ਇਸ ਮਾਮਲੇ ’ਤੇ ਗੰਭੀਰ ਹਨ ਜੋ ਕਿਸੇ ਸੂਰਤ ਵਿਚ ਕੋਈ ਦਰਾੜ ਨਹੀਂ ਦੇਖਣਾ ਚਾਹੁੰਦੀਆਂ ਹਨ। ਕਿਸਾਨਾਂ ਨੂੰ ਡਰ ਹੈ ਕਿ ਕਿਤੇ ਸਥਾਨਿਕ ਮਜ਼ਦੂਰ ਪ੍ਰਤੀ ਏਕੜ ਭਾਅ ਉੱਚਾ ਨਾ ਮੰਗ ਲੈਣ। ਕਿਸਾਨ ਯੂਨੀਅਨ (ਉਗਰਾਹਾਂ) ਪਟਿਆਲਾ ਨੇ ਅੱਜ ਪਿੰਡ ਗੱਜੂਮਾਜਰਾ ’ਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸੰਜਮ ਵਰਤਣ ਲਈ ਆਖਿਆ ਹੈ। ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਆਖਦੇ ਹਨ ਕਿ ਲੇਬਰ ਦਾ ਸੰਕਟ ਆਰਜ਼ੀ ਹੈ ਪ੍ਰੰਤੂ ਪੱਕੀਆਂ ਲਕੀਰਾਂ ਖਿੱਚੇ ਜਾਣ ਦਾ ਡਰ ਵੀ ਹੈ। ਉਹ ਪਿੰਡ ਪਿੰਡ ਜਾ ਕੇ ਦੋਹਾਂ ਧਿਰਾਂ ਨੂੰ ਸਮਝਾਉਣਗੇ। ਮੁਕਤਸਰ ਜ਼ਿਲ੍ਹੇ ਦੇ ਬਲਾਕ ਗਿੱੱਦੜਬਾਹਾ ਨੇ ਇਸ ਦਾ ਮੁੱਢ ਬੰਨ੍ਹਿਆ ਹੈ ਅਤੇ ਹੁਣ ਸਮੁੱਚੇ ਮਾਲਵੇ ’ਚ ਹੋਕੇ ਵੱਜਣ ਲੱਗੇ ਹਨ। ਮਲੋਟ ਦੇ ਪਿੰਡ ਮਾਹੂਆਣਾ ’ਚ ਪੰਚਾਇਤੀ ਇਕੱਠ ਨੇ ਜ਼ਮੀਨਾਂ ਦਾ ਠੇਕਾ ਹੀ ਨਿਸ਼ਚਿਤ ਕਰ ਦਿੱਤਾ ਹੈ ਅਤੇ ਬਠਿੰਡਾ ਦੇ ਪਿੰਡ ਜੀਦਾ ਦੀ ਪੰਚਾਇਤ ਨੇ ਲੇਬਰ ਦਾ ਪ੍ਰਤੀ ਏਕੜ 3000 ਤੋਂ 3200 ਰੁਪਏ ਰੇਟ ਤੈਅ ਕੀਤਾ ਹੈ। ਜੋ ਪਾਲਣਾ ਨਹੀਂ ਕਰੇਗਾ, ਉਸ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਰੱਖਿਆ ਹੈ।
                ਪਿੰਡ ਗੁਰੂਸਰ (ਭਗਤਾ) ਨੇ ਪ੍ਰਤੀ ਏਕੜ ਝੋਨੇ ਦੀ ਲਵਾਈ ਦਾ ਭਾਅ ਤਿੰਨ ਹਜ਼ਾਰ ਨਿਸ਼ਚਿਤ ਕਰ ਦਿੱਤਾ ਹੈ। ਮੋਗਾ ਦੇ ਪਿੰਡ ਰਣੀਕੇ ਨੇ ਠੇਕੇ ਦਾ ਭਾਅ ਬੰਨ੍ਹ ਦਿੱਤਾ ਹੈ। ਪਿਛਲੇ ਸਾਲ ਪ੍ਰਤੀ ਏਕੜ ਝੋਨਾ ਲਵਾਈ ਦਾ ਭਾਅ 2700 ਤੋਂ 2900 ਰੁਪਏ ਤੱਕ ਰਿਹਾ ਹੈ। ਮਾਨਸਾ ਦੇ ਪਿੰਡ ਭੈਣੀ ਬਾਘਾ ਵਿਚ ਮਤਾ ਪਾਸ ਕੀਤਾ ਗਿਆ ਹੈ ਕਿ ਠੇਕੇ ਦੀ ਅਦਾਇਗੀ ਦੋ ਕਿਸ਼ਤਾਂ ਵਿਚ ਕਰਨੀ ਹੈ ਜਦੋਂ ਕਿ ਪਹਿਲੋਂ ਇੱਥੇ ਇੱਕੋ ਕਿਸ਼ਤ ਵਿਚ ਅਦਾਇਗੀ ਹੁੰਦੀ ਸੀ।  ਮਜ਼ਦੂਰੀ ਦਾ ਭਾਅ 3200 ਰੁਪਏ ਤੈਅ ਕੀਤਾ ਹੈ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਮੰਗ ਰੱਖੀ ਕਿ ਸਰਕਾਰ ਸਹਿਕਾਰੀ ਸਭਾਵਾਂ ਜ਼ਰੀਏ ਝੋਨੇ ਦੀ ਲਵਾਈ ਲਈ ਮਸ਼ੀਨਾਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਉਹ ਕਿਸੇ ਹਾਲ ’ਚ ਪਿੰਡਾਂ ਦੇ ਘੜੰਮ ਚੌਧਰੀਆਂ ਦੀ ਪੁੱਗਣ ਨਹੀਂ ਦੇਣਗੇ ਅਤੇ ਗੁੰਮਰਾਹ ਹੋਏ ਦੋਹਾਂ ਧੜਿਆਂ ਨੂੰ ਸਮਝਾਉਣਗੇ।  ਦੁਆਬੇ ਦੀ ਗੰਨਾ ਬੈਲਟ ’ਚ ਇਵੇਂ ਦਾ ਹਾਲੇ ਸੰਕਟ ਉਭਰਿਆ ਨਹੀਂ ਹੈ। ਬੀ.ਕੇ.ਯੂ (ਦੁਆਬਾ) ਦੇ ਸੀਨੀਅਰ ਆਗੂ ਸਤਨਾਮ ਸਿੰਘ ਆਖਦੇ ਹਨ ਕਿ ਆਉਂਦੇ ਦਿਨਾਂ ਵਿਚ ਦੁਆਬੇ ’ਚ ਵੀ ਇਹ ਲਾਗ ਆ ਸਕਦੀ ਹੈ ਜੋ ਸਮਾਜੀ ਤੌਰ ’ਤੇ ਘਾਤਕ ਹੋਵੇਗੀ। ਕਿਸਾਨ ਮੰਗ ਕਰਦੇ ਹਨ ਕਿ ਸਰਕਾਰ ਫੌਰੀ ਝੋਨੇ ਦੀ ਅਗੇਤੀ ਲਵਾਈ ਦੀ ਛੋਟ ਦੇਵੇ ਤਾਂ ਜੋ ਲੇਬਰ ਸੰਕਟ ਨਾਲ ਕਿਸਾਨ ਨਜਿੱਠ ਸਕਣ।
                ਵੇਰਵਿਆਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਦਰਜਨ ਪਿੰਡਾਂ ’ਚ ਕੁੜੱਤਣ ਬਣਨ ਲੱਗੀ ਹੈ। ਪਿੰਡ ਚੀਮਾ ਦੀ ਪੰਚਾਇਤ ਨੇ ਤਾਂ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਰੱਖ ਦਿੱਤਾ ਹੈ। ਅਫਵਾਹਾਂ ਦਾ ਬਾਜ਼ਾਰ ਵੀ ਸਿਖਰ ’ਤੇ ਹੈ। ਪਿੰਡ ਜੇਠੂਕੇ ’ਚ ਇੱਕ ਅਫਵਾਹ ਨੇ ਹੀ ਲਕੀਰ ਖਿੱਚ ਦੇਣੀ ਸੀ। ਕਿਸਾਨ ਆਗੂ ਝੰਡਾ ਸਿੰਘ ਨੇ ਮੌਕੇ ਸੰਭਾਲ ਲਿਆ। ਪਿੰਡ ਅਸਪਾਲ ਕਲਾਂ ਅਤੇ ਪਿੰਡ ਝਲੂਰ ਵੀ ਏਦਾਂ ਦੇ ਮਤੇ ਪਾਸ ਹੋ ਗਏ ਹਨ। ਸੰਗਰੂਰ ਦੇ ਪਿੰਡ ਲਾਡ ਵਣਜਾਰਾ ਅਤੇ ਕੌਹਰੀਆ ਆਦਿ ਪਿੰਡਾਂ ਚੋਂ ਅਜਿਹੀਆਂ ਖ਼ਬਰਾਂ ਮਿਲੀਆਂ ਹਨ। ਕਾਨੂੰਨੀ ਮਾਹਿਰ ਆਖਦੇ ਹਨ ਕਿ ਪੰਚਾਇਤਾਂ ਵੱਲੋਂ ਪਾਏ ਅਜਿਹੇ ਮਤੇ ਕਾਨੂੰਨੀ ਜ਼ੱਦ ਵਿਚ ਨਹੀਂ ਆਉਂਦੇ ਹਨ। ਭਾਵੇਂ ਇਹ ਆਰਜ਼ੀ ਸਮਾਜਿਕ ਸੰਕਟ ਹੈ ਪ੍ਰੰਤੂ ਜਾਤ ਪਾਤ ਦੀ ਕੰਧ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਕਤੀ ਬਖਸੇਗਾ।ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿਚ 15 ਲੱਖ ਦੇ ਕਰੀਬ ਖੇਤੀ ਮਜ਼ਦੂਰ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇੇਵੇਵਾਲਾ ਆਖਦੇ ਹਨ ਕਿ ਉਹ ਨਾ ਤਾਂ ਦਾਬੇ ਦੇ ਪੱਖ ਵਿਚ ਹਨ ਅਤੇ ਨਾ ਹੀ ਕਾਲਾਬਾਜ਼ਾਰੀ ਦੇ ਹੱਕ ਵਿਚ। ਲੇਬਰ ਸੰਕਟ ਕਰਕੇ ਜੋ ਸਮਾਜਿਕ ਸੰਕਟ ਉਭਰਿਆ ਹੈ, ਉਸ ਨੂੰ ਸੰਜਮ ਨਾਲ ਹੱਲ ਕਰਨ ਦੀ ਲੋੜ ਹੈ। ਦੋਹਾਂ ਧਿਰਾਂ ਦੇ ਹਿੱਤ ਸਾਂਝੇ ਹਨ ਅਤੇ ਮੁਸ਼ਕਲਾਂ ਇੱਕ ਹਨ। ਉਨ੍ਹਾਂ ਕਿਹਾ ਕਿ ਦੋਹੇਂ ਧਿਰਾਂ ਘੜੰਮ ਚੌਧਰੀਆਂ ਦੀ ਚਾਲ ਨੂੰ ਸਮਝਣ।

Thursday, May 7, 2020

                    ਬਿਪਤਾ ਕੌਣ ਸਮਝੇ
           ਫੰਡ ਸਰਕਾਰੀ,ਬੈਂਕ ਪ੍ਰਾਈਵੇਟ
                      ਚਰਨਜੀਤ ਭੁੱਲਰ
ਚੰਡੀਗੜ੍ਹ ਪੰਜਾਬ ਸਰਕਾਰ ਨੇ 'ਮੁੱਖ ਮੰਤਰੀ ਰਾਹਤ ਫੰਡ' ਦਾ ਪੈਸਾ ਰੱਖਣ ਲਈ ਪਬਲਿਕ ਬੈਂਕਾਂ ਨੂੰ ਨੁਕਰੇ ਲਾ ਦਿੱਤਾ ਹੈ ਜਦੋਂ ਕਿ ਇੱਕ ਪ੍ਰਾਈਵੇਟ ਬੈਂਕ ਇਸ ਬਿਪਤਾ ਦੇ ਮੌਕੇ 'ਤੇ ਨਿਹਾਲ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਵਿਚ ਮਹਿਜ਼ ਪੰਜ ਅਜਿਹੇ ਸੂਬੇ ਹਨ ਜਿਨ੍ਹਾਂ ਨੇ ਰਾਹਤ ਫੰਡਾਂ ਦੇ ਕਰੋੜਾਂ ਰੁਪਏ ਪ੍ਰਾਈਵੇਟ ਬੈਂਕਾਂ ਵਿੱਚ ਰੱਖੇ ਹਨ। ਵੀਹ ਸੂਬਿਆਂ ਨੇ 'ਮੁੱਖ ਮੰਤਰੀ ਰਾਹਤ ਫੰਡ' ਦਾ ਪੈਸਾ ਰੱਖਣ ਵਾਸਤੇ ਸਟੇਟ ਬੈਂਕ ਆਫ਼ ਇੰਡੀਆ ਨੂੰ ਤਰਜੀਹ ਦਿੱਤੀ ਹੈ।ਪੰਜਾਬ ਵਿੱਚ 'ਮੁੱਖ ਮੰਤਰੀ ਰਾਹਤ ਫੰਡ' ਦੀ ਰਾਸ਼ੀ ਲਈ ਐੱਚਡੀਐੱਫਸੀ ਬੈਂਕ 'ਚ ਖਾਤਾ ਖੁੱਲ੍ਹਵਾਇਆ ਗਿਆ ਹੈ। ਐੱਚਡੀਐੱਫਸੀ ਬੈਂਕਾਂ 'ਚ ਹਿਮਾਚਲ ਪ੍ਰਦੇਸ਼, ਮਿਜ਼ੋਰਮ ਅਤੇ ਪੰਜਾਬ ਨੇ ਹੀ ਰਾਹਤ ਫੰਡ ਸਾਂਭਣ ਲਈ ਖਾਤੇ ਖੁਲ੍ਹਵਾਏ ਹਨ ਜਦਕਿ ਪੱਛਮੀ ਬੰਗਾਲ ਨੇ ਆਈਸੀ ਆਈ ਸੀਆਈ ਬੈਂਕ ਅਤੇ ਬਿਹਾਰ ਸਰਕਾਰ ਨੇ ਆਈਡੀਬੀਆਈ ਬੈਂਕ ਵਿੱਚ ਰਾਹਤ ਫੰਡ ਰੱਖਿਆ ਹੈ। ਪੰਜਾਬ ਵਿੱਚ ਕਾਫ਼ੀ ਸਮੇਂ ਤੋਂ ਸਰਕਾਰੀ ਫੰਡਾਂ 'ਤੇ ਐੱਚਡੀਐੱਫਸੀ ਬੈਂਕ ਦਾ ਦਾਬਾ ਬਣਿਆ ਹੋਇਆ ਹੈ। ਪੰਜਾਬ ਪੁਲੀਸ ਦੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਇਸ ਪ੍ਰਾਈਵੇਟ ਬੈਂਕ ਵਿਚ ਖਾਤੇ ਖੁੱਲ੍ਹਵਾਉਣ ਲਈ ਦਬਾਅ ਪਾਇਆ ਗਿਆ ਸੀ।ਪਹਿਲਾਂ ਗੱਠਜੋੜ ਸਰਕਾਰ ਅਤੇ ਹੁਣ ਕਾਂਗਰਸ ਸਰਕਾਰ ਜਨਤਕ ਖੇਤਰ ਅਤੇ ਸਹਿਕਾਰੀ ਖੇਤਰ ਦੇ ਬੈਂਕਾਂ ਨੂੰ ਨੁੱਕਰੇ ਲਾ ਕੇ ਪ੍ਰਾਈਵੇਟ ਬੈਂਕਾਂ ਵਿਚ ਸਰਕਾਰੀ ਧਨ ਰੱਖਣ ਨੂੰ ਪਹਿਲ ਦੇ ਰਹੀ ਹੈ। 
            ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਵਿੱਚ ਹੈ। ਕੇਰਲਾ ਸਰਕਾਰ ਨੇ ਤਾਂ ਰਾਹਤ ਫੰਡ ਦੇ ਖਾਤੇ ਜਨਤਕ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਖੋਲ੍ਹੇ ਹਨ। ਮਨੀਪੁਰ ਸਰਕਾਰ ਨੇ ਤਾਂ ਰਾਹਤ ਫੰਡ ਰੱਖਣ ਲਈ ਸਹਿਕਾਰੀ ਬੈਂਕ ਨੂੰ ਚੁਣਿਆ ਹੈ। ਆਂਧਰਾ ਪ੍ਰਦੇਸ਼ ਨੇ ਆਂਧਰਾ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਵਿਚ ਰਾਹਤ ਫੰਡਾਂ ਦੇ ਖਾਤੇ ਖੁੱੱਲ੍ਹਵਾਏ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਮੈਂਬਰ ਹਰਰਾਜ ਸਿੰਘ ਚੰਨੂ ਆਖਦੇ ਹਨ ਕਿ ਜੇਕਰ ਸਰਕਾਰ ਜਨਤਕ ਤੇ ਸਹਿਕਾਰੀ ਖੇਤਰ ਦੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਨਹੀਂ ਕਰੇਗੀ ਤਾਂ ਹੋਰਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਹਰ ਤਰ੍ਹਾਂ ਦੇ ਸਰਕਾਰੀ ਫੰਡ ਜਨਤਕ ਤੇ ਸਹਿਕਾਰੀ ਬੈਂਕਾਂ ਵਿੱਚ ਰੱਖਣਾ ਲਾਜ਼ਮੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ।ਪੰਜਾਬ 'ਚ ਕਈ ਸਹਿਕਾਰੀ ਬੈਂਕ ਘਾਟੇ ਵਿਚ ਹਨ ਪਰ ਇਸ ਦੇ ਬਾਵਜੂਦ ਸਰਕਾਰੀ ਗਰਾਂਟਾਂ ਦਾ ਪੈਸਾ ਪ੍ਰਾਈਵੇਟ ਬੈਂਕਾਂ ਵਿਚ ਰੱਖਿਆ ਜਾਂਦਾ ਹੈ। ਸਾਬਕਾ ਬੈਂਕ ਅਧਿਕਾਰੀ ਐੱਮਐੱਮ ਬਹਿਲ ਆਖਦੇ ਹਨ ਕਿ ਅਸਲ ਵਿਚ ਪ੍ਰਾਈਵੇਟ ਬੈਂਕਾਂ ਵੱਲੋਂ ਸਰਕਾਰੀ ਡਿਪਾਜ਼ਿਟ ਲੈਣ ਲਈ ਸਿਆਸੀ ਜਮਾਤ ਅਤੇ ਅਫ਼ਸਰਾਂ ਨੂੰ ਚੋਗਾ ਪਾ ਦਿੱਤਾ ਜਾਂਦਾ ਹੈ ਜਦੋਂ ਕਿ ਜਨਤਕ ਖੇਤਰ ਦੇ ਬੈਂਕਾਂ ਕੋਲ ਅਜਿਹੇ ਸਾਧਨ ਨਹੀਂ ਹਨ। ਸੂਤਰ ਆਖਦੇ ਹਨ ਕਿ ਪੂਰੇ ਦੇਸ਼ ਵਿਚ ਕੋਵਿਡ ਕਰਕੇ ਆਰਥਿਕਤਾ ਝੰਬੀ ਗਈ ਹੈ ਅਤੇ ਲੋਕ ਸਹਿਮ ਵਿਚ ਹਨ। 
           ਅਜਿਹੇ ਮੌਕੇ 'ਤੇ ਰਾਹਤ ਫੰਡਾਂ ਦਾ ਡਿਪਾਜ਼ਿਟ ਵੀ ਪ੍ਰਾਈਵੇਟ ਬੈਂਕ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਸਰਕਾਰੀ ਸੂਤਰ ਆਖਦੇ ਹਨ ਕਿ ਪ੍ਰਾਈਵੇਟ ਬੈਂਕ ਵਧੇਰੇ ਰਿਆਇਤਾਂ ਅਤੇ ਸਹੂਲਤਾਂ ਦਿੰਦੇ ਹਨ, ਜਿਸ ਕਰਕੇ ਖਾਤੇ ਖੁੱੱਲ੍ਹਵਾਏ ਜਾਂਦੇ ਹਨ। ਨਜ਼ਰ ਮਾਰੀਏ ਤਾਂ ਪੰਜਾਬ ਦੇ ਪੇਂਡੂ ਖੇਤਰ ਵਿੱਚ ਸਭ ਤੋਂ ਵੱਧ ਜਨਤਕ ਖੇਤਰ ਦੀਆਂ ਬੈਂਕਾਂ ਹਨ। ਕੇਂਦਰੀ ਸਰਕਾਰੀ ਸਕੀਮਾਂ ਅਤੇ ਸਮਾਜਿਕ ਜ਼ਿੰਮੇਵਾਰੀ ਵਾਲਾ ਸਾਰਾ ਬੋਝ ਜਨਤਕ ਖੇਤਰ ਦੇ ਬੈਂਕ ਚੁੱਕਦੇ ਹਨ ਜਿਨ੍ਹਾਂ ਤੋਂ ਪ੍ਰਾਈਵੇਟ ਬੈਂਕ ਹਮੇਸ਼ਾ ਪਾਸਾ ਵੱਟਦੇ ਹਨ। ਸਰਕਾਰੀ ਡਿਪਾਜ਼ਿਟ ਲੈਣ ਲਈ ਪ੍ਰਾਈਵੇਟ ਬੈਂਕ ਅੱਗੇ ਆ ਜਾਂਦੇ ਹਨ। ਥੋੜ੍ਹੇ ਦਿਨ ਪਹਿਲਾਂ ਹੀ ਰੌਲਾ ਪਿਆ ਹੈ ਕਿ ਪੰਜਾਬ ਪੁਲੀਸ ਨੇ ਇੱਕ ਪ੍ਰਾਈਵੇਟ ਬੈਂਕ ਦੇ ਹੱਥ ਮਜ਼ਬੂਤ ਕੀਤੇ ਹਨ।ਯੂਟੀ ਜੰਮੂ ਐਂਡ ਕਸ਼ਮੀਰ ਨੇ ਰਾਹਤ ਫੰਡਾਂ ਲਈ ਜੇ ਐਂਡ ਕੇ ਬੈਂਕ ਵਿਚ ਖਾਤਾ ਖੁੱੱਲ੍ਹਵਾਇਆ ਹੈ ਜਦੋਂ ਕਿ ਤਿੰਨ ਸੂਬਿਆਂ ਨੇ ਰਾਹਤ ਫੰਡਾਂ ਲਈ ਇੱਕ ਤੋਂ ਵੱਧ ਬੈਂਕਾਂ ਵਿੱਚ ਖਾਤੇ ਖੁੱਲ੍ਹਵਾਏ ਹਨ ਤਾਂ ਜੋ ਲੋਕਾਂ ਨੂੰ ਦਾਨ ਵਿਚ ਕੋਈ ਮੁਸ਼ਕਲ ਨਾ ਆਵੇ।

Wednesday, May 6, 2020

                       ਘਰ-ਘਰ ਸ਼ਰਾਬ
    ਅੰਗਰੇਜ਼ੀ ਸ਼ਰਾਬ ਦੀ ਹੋਮ ਡਿਲਿਵਰੀ
                         ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਸ਼ਰਾਬ ਦੇ ਠੇਕੇ 7 ਮਈ ਨੂੰ ਖੁੱਲ੍ਹਣਗੇ ਜਦੋਂ ਕਿ ਕੋਵਿਡ ਕੰਟੇਨਮੈਂਟ ਜ਼ੋਨ ’ਚ ਹਾਲੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਰਾਜ ’ਚ ਸ਼ਰਾਬ ਦੇ ਠੇਕੇ ਰੋਜ਼ਾਨਾ ਚਾਰ ਘੰਟੇ ਲਈ ਸਵੇਰ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੇ। ਸ਼ਰਾਬ ਦੇ ਠੇਕਿਆਂ ਤੋਂ ਦੁਪਾਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਇਕੱਲੀ ਅੰਗਰੇਜ਼ੀ ਸ਼ਰਾਬ ਦੀ ਹੋਮ ਡਲਿਵਰੀ ਹੋਵੇਗੀ। ਮੁੱਖ ਮੰਤਰੀ ਪੰਜਾਬ 7 ਮਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਇਸ ਫੈਸਲੇ ਨੂੰ ਰੱਖਣਗੇ। ਅੱਜ ਸ਼ਰਾਬ ਦੇ ਠੇਕੇਦਾਰਾਂ ਨੂੰ ਸਟਾਕ ਬਾਰੇ ਹਦਾਇਤਾਂ ਦੇ ਦਿੱਤੀਆਂ ਹਨ। ਕੇਂਦਰ ਸਰਕਾਰ ਨੇ ਦੋ ਦਿਨ ਪਹਿਲਾਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਹਰੀ ਝੰਡੀ ਦੇ ਦਿੱਤੀ ਸੀ। ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿਚ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਠੇਕਿਆਂ ’ਤੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਹੋਏ ਘਾਣ ਮਗਰੋਂ ਪੰਜਾਬ ਸਰਕਾਰ ਦੇ ਫਿਕਰ ਵੀ ਵਧੇ ਹਨ। ਭਾਵੇਂ ਸਰਕਾਰ ਨੇ ਠੇਕਿਆਂ ’ਤੇ ਭੀੜਾਂ ਘਟਾਉਣ ਲਈ ਹੋਮ ਡਲਿਵਰੀ ਦੇਣ ਦਾ ਫੈਸਲਾ ਕੀਤਾ ਹੈ ਪ੍ਰੰਤੂ ਪੰਜਾਬ ਦੇ ਕਈ ਵਜ਼ੀਰਾਂ ਨੇ ਹੋਮ ਡਲਿਵਰੀ ਦੇ ਮਾਮਲੇ ’ਤੇ ਆਪਣਾ ਵਿਰੋਧ ਵੀ ਰੱਖਿਆ ਹੈ। ਆਬਕਾਰੀ ਅਤੇ ਕਰ ਵਿਭਾਗ ਤਰਫ਼ੋਂ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕੇ ਖੋਲ੍ਹਣ ਬਾਰੇ ਵਿਸਥਾਰਤ ਤਜਵੀਜ਼ ਭੇਜੀ ਗਈ ਸੀ ਜਿਸ ’ਤੇ ਅੱਜ ਸਿਧਾਂਤਿਕ ਤੌਰ ’ਤੇ ਫੈਸਲਾ ਹੋ ਗਿਆ।
                ਵਿਰੋਧੀ ਧਿਰਾਂ ਵੀ ਇਸ ’ਤੇ ਸਹਿਮਤ ਨਹੀਂ ਕਿ ਪੰਜਾਬ ’ਚ ਸ਼ਰਾਬ ਦੀ ਹੋਮ ਡਲਿਵਰੀ ਹੋਵੇ। ਪ੍ਰਾਪਤ ਵੇਰਵਿਆਂ ਅਨੁਸਾਰ ਆਬਕਾਰੀ ਵਿਭਾਗ ਨੇ ਸ਼ਰਾਬ ਦੀ ਹੋਮ ਡਲਿਵਰੀ ਦਾ ਸੁਝਾਓ ਦਿੱਤਾ ਸੀ ਜਿਸ ’ਤੇ ਹੁਣ ਉਂਗਲ ਉੱਠਣੀ ਸ਼ੁਰੂ ਹੋ ਸਕਦੀ ਹੈ। ਵਿਰੋਧੀ ਧਿਰਾਂ ਹੋਮ ਡਲਿਵਰੀ ਦੇ ਮਾਮਲੇ ’ਤੇ ਸਰਕਾਰ ਨੂੰ ਘੇਰ ਸਕਦੀਆਂ ਹਨ ਅਤੇ ਇਸ ਦਾ ਸਮਾਜਿਕ ਤੌਰ ’ਤੇ ਵੀ ਮਾੜਾ ਸੁਨੇਹਾ ਜਾਵੇਗਾ। ਸਰਕਾਰ ਨੂੰ ਡਰ ਹੈ ਕਿ ਠੇਕਿਆਂ ’ਤੇ ਭੀੜਾਂ ਨਾ ਜੁਟ ਜਾਣ। ਪਤਾ ਲੱਗਾ ਹੈ ਕਿ ਫਿਲਹਾਲ ਕੋਵਿਡ-19 ਦੇ ਪ੍ਰੋਟੋਕਾਲ ਦੇ ਮੱਦੇਨਜ਼ਰ ਸਰਕਾਰ ਸੀਮਿਤ ਥਾਵਾਂ ’ਤੇ ਠੇਕੇ ਖੋਲ੍ਹੇਗੀ। ਕੰਟੇਨਮੈਂਟ ਜ਼ੋਨ ’ਚ ਸ਼ਰਾਬ ਦੇ ਠੇਕੇ ਨਹੀਂ ਖੁੱਲ੍ਹਣਗੇ ਜਿਸ ਕਰਕੇ ਇਨ੍ਹਾਂ ਜ਼ੋਨਾਂ ਵਿਚਲੇ ਠੇਕੇਦਾਰਾਂ ਦੀ ਮਾਲੀ ਭਰਪਾਈ ਸਰਕਾਰ ਕਿਸੇ ਹੋਰ ਰੂਪ ਵਿਚ ਕਰਨ ਦੀ ਯੋਜਨਾ ਬਣ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਲੌਕਡਾਊਨ ਮਗਰੋਂ 23 ਮਾਰਚ ਨੂੰ ਸ਼ਰਾਬ ਦੇ ਠੇਕੇ ਬੰਦ ਹੋ ਗਏ ਸਨ। ਲੌਕਡਾਊਨ ਦੌਰਾਨ ਕਈ ਸ਼ਹਿਰਾਂ ਵਿਚ ਚੋਰੀ ਛਿਪੇ ਸ਼ਰਾਬ ਦੀ ਵਿਕਰੀ ਹੁੰਦੀ ਵੀ ਰਹੀ ਹੈ। ਏਨਾ ਜ਼ਰੂਰ ਹੈ ਕਿ ਹਰਿਆਣਾ ਚੋਂ ਹੁੰਦੀ ਸ਼ਰਾਬ ਤਸਕਰੀ ਨੂੰ ਠੱਲ ਪਈ ਹੈ। ਹੁਣ ਸਰਕਾਰ ਲਈ ਵੱਡਾ ਮਸਲਾ ਇਹ ਵੀ ਹੈ ਕਿ ਠੇਕਿਆਂ ’ਤੇ ਭੀੜਾਂ ਨੂੰ ਕਿਵੇਂ ਰੋਕਿਆ ਜਾਵੇ। ਪਤਾ ਲੱਗਾ ਹੈ ਕਿ ਠੇਕਿਆਂ ’ਤੇ ਪੁਲੀਸ ਦੀ ਤਾਇਨਾਤੀ ਕੀਤੀ ਜਾਵੇਗੀ।
                 ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਆਖਦੇ ਹਨ ਕਿ ਸ਼ਰਾਬ ਦੀ ਹੋਮ ਡਲਿਵਰੀ ਸੰਭਵ ਨਹੀਂ ਹੈ ਅਤੇ ਇਹ ਫੈਸਲਾ ਬੇਸਮਝੀ ਵਾਲਾ ਹੈ। ਉਨ੍ਹਾਂ ਕਿਹਾ ਕਿ ਹਾਲਾਤਾਂ ਨੂੰ ਵੇਖਦੇ ਹੋਏ ਸਰਕਾਰ ਮੁਢਲੇ ਪੜਾਅ ’ਤੇ ਲਾਗਤ ਦੇ ਹਿਸਾਬ ਨਾਲ ਕੋਟਾ ਚੁੱਕਣ ਦੀ ਇਜਾਜ਼ਤ ਦੇਵੇ ਅਤੇ ਜੋ ਵੀ ਫੀਸਾਂ ਦੇ ਰੂਪ ਵਿਚ ਬਕਾਏ ਰਹਿੰਦੇ ਹਨ, ਉਨ੍ਹਾਂ ਦੀ ਮਿਆਦ ਤਿੰਨ ਮਹੀਨੇ ਲਈ ਵਧਾਈ ਜਾਵੇ। ਉਹ ਕੋਵਿਡ ਪ੍ਰੋਟੋਕਾਲ ਦੇ ਦਾਇਰੇ ਵਿਚ ਰਹਿ ਕੇ ਸ਼ਰਾਬ ਦੀ ਵਿਕਰੀ ਯਕੀਨੀ ਬਣਾਉਣਗੇ। ਪੰਜਾਬ ਸਰਕਾਰ ਵਿੱਤੀ ਤੌਰ ’ਤੇ ਕਾਫ਼ੀ ਅੌਖ ਵਿਚ ਹੈ ਜਿਸ ਕਰਕੇ ਫੌਰੀ ਠੇਕੇ ਖੋਲ੍ਹਣਾ ਚਾਹੁੰਦੀ ਹੈ। ਇਕੱਲੇ ਅਪਰੈਲ ਮਹੀਨੇ ’ਚ ਹੀ ਸਰਕਾਰ ਨੂੰ ਕਰੀਬ 500 ਕਰੋੜ ਦਾ ਨੁਕਸਾਨ ਝੱਲਣਾ ਪਿਆ ਹੈ। ਜਿਨ੍ਹਾਂ ਠੇਕੇਦਾਰਾਂ ਨੇ ਚਾਲੂ ਮਾਲੀ ਵਰ੍ਹੇ ਵਾਸਤੇ ਪੁਰਾਣੇ ਠੇਕਿਆਂ ’ਚ 12.5 ਫੀਸਦੀ ਜਿਆਦਾ ਫੀਸ ਤਾਰ ਕੇ ਰੀਨਿਊ ਕਰਾ ਲਏ ਸਨ, ਉਨ੍ਹਾਂ ਤੋਂ ਲੌਕਡਾਊਨ ਕਰਕੇ ਫੀਸਾਂ ਦੀ ਆਖਰੀ ਕਿਸ਼ਤ ਵਸੂਲ ਨਹੀਂ ਕੀਤੀ ਜਾ ਸਕੀ।
                ਪਿਛਲੇ ਮਾਲੀ ਵਰੇ੍ਹ ਦੌਰਾਨ ਹੀ ਸਰਕਾਰ ਆਮਦਨੀ ਦਾ ਨਿਰਧਾਰਤ ਟੀਚਾ ਪੂਰਾ ਨਹੀਂ ਸਕੀ। ਪਤਾ ਲੱਗਾ ਹੈ ਕਿ ਸਰਕਾਰ ਠੇਕੇਦਾਰਾਂ ਨੂੰ ਮਾਰਚ ਮਹੀਨੇ ਦੇ ਆਖਰੀ 9 ਦਿਨਾਂ ਦਾ ਕੋਟਾ ਸਰੈਂਡਰ ਕਰਨ ਵਾਸਤੇ ਵੀ ਆਖੇਗੀ ਜਿਸ ਦੇ ਬਦਲੇ ਵਿਚ ਰੀਫਿੰਡ ਦਿੱਤੇ ਜਾਣ ਦੀ ਸਕੀਮ ਹੈ। ਮੁੱਖ ਮੰਤਰੀ ਪੰਜਾਬ ਦੇ ਸੂਤਰਾਂ ਨੇ ਦੱਸਿਆ ਕਿ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਸਿਧਾਂਤਿਕ ਤੌਰ ’ਤੇ ਹੋ ਗਿਆ ਹੈ। ਬਾਕੀ ਖਾਧ ਪਦਾਰਥਾਂ ਦੀ ਤਰ੍ਹਾਂ ਅੰਗਰੇਜ਼ੀ ਸ਼ਰਾਬ ਦੀ ਹੋਮ ਡਲਿਵਰੀ ਹੋਵੇਗੀ ਜਿਸ ਵਾਸਤੇ ਪੰਜ ਘੰਟੇ ਦਾ ਸਮਾਂ ਹੋਵੇਗੀ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
   

Monday, May 4, 2020

                             ਵਿਚਲੀ ਗੱਲ
            ਖ਼ੌਫ ਨਹੀਂ ਦਿਲ ਅੰਦਰ ਮਾਸਾ..!
                             ਚਰਨਜੀਤ ਭੁੱਲਰ
ਚੰਡੀਗੜ੍ਹ : ਸਿਆਣੇ ਆਖਦੇ ਨੇ ਵੈਲ ਤਾਂ ਚਾਹ ਦਾ ਵੀ ਮਾੜੈ। ਚੰਗੀ ਸੱਤਾ ਦੀ ਵੀ ਖੁਮਾਰੀ ਨਹੀਂ, ਕਿਸੇ ਨੂੰ ਮਰਜ਼ੀ ਪੁੱਛ ਲਓ। ਦੌਲਤਾਂ ਦਾ ਗਰੂਰ ਵੀ ਟਿਕਾਊ ਨਹੀਂ, ਬੱਚੇ-ਬੱਚੇ ਨੂੰ ਪਤੈ। ਜ਼ਿੰਦਗੀ ਕੌੜਾ ਘੁੱਟ ਬਣੀ ਹੈ, ਭੋਰਾ ਅਕਲ ਨੂੰ ਹੱਥ ਮਾਰੋ। ਅੰਗਰੇਜ਼ ਆਏ, ਪਹਿਲਾਂ ਮਹਾਤੜਾਂ ਨੂੰ ਮੁਫ਼ਤ ਚਾਹਟੇ ਛਕਾਏੇ, ਮਗਰੋਂ ‘ਪਟਿਆਲਾ ਪੈੱਗ’ ਚੱਲਿਆ। ਆ ਦੇਖੋ, ਕਿੰਨਾ ਨਿੱਕਾ ਜੇਹਾ ਵਿਸ਼ਾਣੂ ਹੈ, ਕਿਸੇ ਲਾਟ ਦੀ ਨਹੀਂ ਚੱਲਣ ਦੇ ਰਿਹਾ। ਮਾਇਆ ਦੇ ਲਲਾਰੀ ਕਿਵੇਂ ਖੂੰਜੇ ਲੱਗੇ ਨੇ, ਹੱਥ ਜੋ ਰੰਗੇ ਨੇ। ਦਰਸ਼ਨ ਅੌਕਾਤ ਦੇ ਕਰਾਏ ਨੇ, ਮਹਾਮਾਰੀ ਨੇ ਬੂਹਾ ਖੋਲ੍ਹ ਕੇ। ਬਲਿਹਾਰੇ ਜਾਈਏ, ਏਸ ਸਿਆਸੀ ਪ੍ਰਜਾਤੀ ਦੇ। ਰੱਬ ਨੂੰ ਟੱਬ ਦੱਸਣੋਂ ਕਿਥੋਂ ਹਟਦੀ ਐ। ਤੁਸੀਂ ਪੁੱਛਦੇ ਹੋ, ਆਫ਼ਤਾਂ ਤੋਂ ਕੀ ਸਿੱਖਿਐ। ਪਿਆਰਿਓ, ਸਿਗਨਲ ਜ਼ਿੰਦਗੀ ਦਾ ਲਾਲ ਹੋਇਐ। ਤੁਸੀਂ ਹਰੀ ਝੰਡੀ ਚੁੱਕ ਤੁਰੇ ਹੋ। ਨਾਂਦੇੜ ਸਾਹਿਬ ਲਈ ਬੱਸਾਂ ਤੁਰੀਆਂ। ਜੈਕਾਰੇ ਛੱਡੇ, ਝੰਡੀ ਮੰਤਰੀ ਨੇ ਦਿਖਾਈ। ਨਵੀਂ ਐਂਬੂਲੈਂਸ ਆਈ, ਜਥੇਦਾਰ ਐੱਮਪੀ ਝੰਡੀ ਲੈ ਕੇ ਭੱਜੇ ਆਉਣ। ਬੱਸ ਰਾਸ਼ਨ ਦਾ ਘਾਟੈ, ਸ਼ਰਮ ਦਾ ਨਹੀਂ। ਬੋਰੀਆਂ ਨੇ ਵੀ ਤਰਲੇ ਕੱਢੇ ਹੋਣੇ ਨੇ, ਬਾਜ਼ ਫਿਰ ਨਹੀਂ ਆਏ। ਮੁੱਖ ਮੰਤਰੀ ਦੀ ਫੋਟੋ ਸਜਾ ਕੇ ਹਟੇ। ਆਟਾ ਤਾਂ ਚਿੱਟਾ ਸੀ, ਸ਼ਰਮ ਨਾਲ ਲਾਲ ਹੋਇਐ। ਗਰੀਬ ਪੁੱਛਦੇ ਨੇ, ਕਿਸ ਨਾਲ ਲੜੀਏ। ਕਰੋਨਾ ਨਾਲ ਜਾਂ ਭੁੱਖ ਨਾਲ। ਤਾਕਤ ’ਚ ਟੁੰਨ ਬਖ਼ਤਾਵਰ ਆਖਦੇ ਨੇ। ਠੰਢੇ ਚੁੱਲ੍ਹੇ ਥੋਡੇ ਜਮਾਂਦਰੂ ਸਾਥੀ ਨੇ। ਹਾਲੇ, ਕਰੋਨਾ ਤੋਂ ਬਚੋ, ਘਰਾਂ ’ਚ ਵੜੋ। ਸੱਤਾ ਦਾ ਨਸ਼ਾ ਮੱਤ ਵੀ ਮਾਰਦੈ। ਲੋਕਾਂ ਨੂੰ ਛੱਡੋ, ਸਰਦਾਰ ਪੰਛੀ ਦੀ ਹੀ ਸੁਣ ਲਓ, ‘ਜੋ ਭੀ ਨਸ਼ੇ ਸੇ ਚੂਰ ਹੋਤਾ ਹੈ, ਰੂਹ ਆਪਨੀ ਸੇ ਦੂਰ ਹੋਤਾ ਹੈ।’
                ਕਰੋਏਸ਼ੀਆ ਦੇ ਬਾਬੇ ਕੀ ਬੋਲਦੇ ਨੇ। ‘ਜੀਭ ’ਤੇ ਦੋ ਬੂੰਦਾਂ ਸ਼ਰਾਬ ਪੈ ਜਾਵੇ, ਗੱਲਾਂ ਚੰਗੀਆਂ ਸੁਣਾਉਂਦੀ ਹੈ।’ ਜਿਨ੍ਹਾਂ ਨੂੰ ਵੋਟਾਂ ਪਾਈਆਂ, ਉਹ ਤਾਂ ਮੰਦੜਾ ਬੋਲ ਰਹੇ ਨੇ। ਆਖਦੇ ਪਏ ਨੇ, ਭਾਈ ਹੁਣ ਖ਼ਜ਼ਾਨਾ ਖ਼ਾਲੀ ਹੈ, ਤੁਸੀਂ ਦਾਨ ਪੁੰਨ ਕਰੋ। ਜੇਬ ਨੂੰ ਮਗਰੋਂ ਹੱਥ ਪਾਇਓ। ਪਹਿਲਾਂ ਜਲੰਧਰ ਦੇ ਪੁਰਾਣੇ ਸਮਾਗਮ ਦੀ ਗੱਲ ਸੁਣੋ। ਖ਼ਜ਼ਾਨਾ ਮੰਤਰੀ ਉਦੋਂ ਕੈਪਟਨ ਕੰਵਲਜੀਤ ਸਿੰਘ ਸਨ। ਕਾਮੇਡੀਅਨ ਰੌਣਕੀ ਰਾਮ ਸਟੇਜ ਤੋਂ ਇੰਝ ਫ਼ਰਮਾਏ; ਕੈਪਟਨ ਸਾਹਬ, ਜਿੱਦਾਂ ਦਾ ਥੋਡਾ ਸੁਭਾਅ, ਓਦਾਂ ਦਾ ਮੇਰੀ ਘਰਵਾਲੀ ਦਾ। ਉਹਦਾ ਵੀ ਕੱਦ ਲੰਮਾ, ਥੋਡਾ ਵੀ। ਸੋਹਣੀ ਬੜੀ ਐ, ਫਬਦੇ ਤੁਸੀਂ ਵੀ ਹੋ। ਉਹ ਵੀ ਖ਼ਜ਼ਾਨੇ ਦੀ ਮਾਲਕ ਐ, ਤੁਸੀਂ ਵੀ। ਪਰ ਜਦੋਂ ਪੈਸੇ ਮੰਗੋ, ਉਹ ਵੀ ਨਾਂਹ-ਨਾਂਹ ਕਰਦੀ ਐ ਤੇ ਤੁਸੀਂ ਵੀ। ਪੰਡਾਲ ’ਚ ਹਾਸਾ ਮੱਚਿਆ। ਖਿਲਾੜੀ ਸਮਝ ਗਏ। ਚੰਗਾ ਕੰਮ ਹੋਵੇ, ਚਾਹੇ ਅੌਖ ਦਾ ਵੇਲਾ, ਕਦੇ ਨਾਂਹ ਨਾ ਕਰੋ। ਛੱਜੂ ਰਾਮ ਬੁੜਬੁੜ ਕਰ ਰਿਹੈ, ‘ਭੁੱਜੇ ਮੋਠ ਵੀ ਕਦੇ ਉੱਗੇ ਨੇ।’ ਤਾਕਤ ਦਾ ਨਸ਼ਾ ਕਿੰਨਾ ਕੁ ਮਾੜੈ। ਸਿਰ ਚੜ੍ਹ ਜਾਏ ਤਾਂ ਦੌਲਤ ਤੋਂ ਵੱਧ। ਬਾਕੀ ਕੋਈ ਡੋਪ ਟੈਸਟ ਹੁੰਦਾ, ਜ਼ਰੂਰ ਚਾਨਣਾ ਪਾਉਂਦੇ। ਤੁਸੀਂ ‘ਮਨ ਦੀ ਬਾਤ’ ਸੁਣਾਈ। ਅਸੀਂ ‘ਦੋ ਗਜ਼ ਦੀ ਦੂਰੀ’ ਬਣਾਈ। ਗੱਲ ਭਲੇ ਦੀ ਜੋ ਹੈ। ਤੁਸੀਂ ਵੀ ਨਾ ਭੁੱਲਿਓ, ‘ਸਾਢੇ ਤਿੰਨ ਹੱਥ ਧਰਤੀ’। ਲੋਕ ਪੁੱਛਦੇ ਨੇ, ਬਾਤਾਂ ਸੁਣਾਉਣ ਵਾਲੇ, ਕਦੋਂ ਸਬਕ ਸਿੱਖਣਗੇ। ਭਾਈ ਸਿੱਖਣਾ ਹੁੰਦਾ ਤਾਂ ਸਿੱਖ ਲੈਂਦੇ। ਆਖਰੀ ਮੁਗਲ ਬਾਦਸ਼ਾਹ, ਬਹਾਦਰ ਸ਼ਾਹ ਜ਼ਫ਼ਰ ਤੋਂ। ਅੰਗਰੇਜ਼ਾਂ ਨੇ ਗਜ਼ ਚੁੱਕਿਆ, ਬਹਾਦਰ ਸ਼ਾਹ ਨੂੰ ਮਿਣ ਕੇ ਹੈਸੀਅਤ ਦਿਖਾਈ। ਇਸ ’ਤੇ ਗੌਰ ਕਰੋ, ‘ਕਿਤਨਾ ਹੈ ਬਦਨਸੀਬ ਜ਼ਫ਼ਰ ਦਫ਼ਨ ਕੇ ਲੀਏ, ਦੋ ਗਜ਼ ਜ਼ਮੀਨ ਭੀ ਨਾ ਮਿਲੀ, ਕੂਏ ਯਾਰ ਮੇਂ।’ ਸ਼ਾਇਦ ਕੋਈ ਸ਼ਾਇਰੀ ਦਾ ਸ਼ੌਕੀਨ ਮੰਤਰੀ ਗਲ ਪੱਲੇ ਬੰਨ੍ਹ ਲਵੇ।
              ਪਾਵਰਕੱਟ ਜ਼ਮੀਰਾਂ ਦਾ ਲੱਗ ਜਾਵੇ। ਝਾੜ ਸੋਚਾਂ ਦਾ ਘੱਟ ਜਾਵੇ, ਬੋਹਲ਼ਾਂ ਨੂੰ ਰੋਣਾ ਪੈਂਦੇ। ਯਾਦ ਕਰੋ ਪੰਜਾਬ ਦਾ ਉਹ ਵੇਲਾ। ਜਦੋਂ ਇੱਕ ਨਿਆਣਾ ਗੱਜਿਆ ਸੀ, ‘ਬੰਦੂਖਾਂ ਬੀਜ ਰਿਹਾ ਹਾਂ।’ ਅੰਗਰੇਜ਼ਾਂ ਦੀ ਪਦੀੜ ਪਾ ਦਿੱਤੀ। ਆਹ ਵਕਤ ਤੁਸੀਂ ਹੱਡੀ ਹੰਢਾ ਰਹੇ ਹੋ। ਕਿੰਨੀਆਂ ਨਸਲਾਂ ਲਈ ਕੰਡੇ ਬੀਜੇ ਗਏ। ਆਫਤ ਮਗਰੋਂ ਖੜ੍ਹਾ ਕੇ ਜ਼ਰੂਰ ਪੁੱਛਣਾ। ਕਾਰਲ ਮਾਰਕਸ ਨੇ, ਨਾ ਪੁੱਛਿਆ ਤੇ ਨਾ ਦੱਸਿਆ। ਵਿਸ਼ਵ ’ਚ ਹੋਕਾ ਗੂੰਜਿਆ, ‘ਦੁਨੀਆਂ ਭਰ ਦੇ ਕਾਮਿਓਂ ਇੱਕ ਹੋ ਜਾਓ’। ਗੁਰਬਤ ਦੀ ਲਾਗ ਜ਼ਿੰਦਗੀ ਚੱਟ ਗਈ। ਸੱਚਮੁੱਚ ਅੱਜ ਕਾਮਾ ’ਕੱਲਾ ਹੋ ਗਿਆ। ‘ਹਨੇਰੇ ’ਚ ਤਾਂ ਪਰਛਾਵਾਂ ਵੀ ਸਾਥ ਛੱਡ ਦਿੰਦੈ।’ ਰੁਜ਼ਗਾਰ ਖੁਸ ਗਏ। ਮਈ ਦਿਵਸ ਮੌਕੇ ਵੀ ਪੈਰ ਨਹੀਂ ਰੁਕੇ। ਚਲਦੇ ਹੀ ਜਾ ਰਹੇ ਸਨ। ਕੋਈ ਦਿੱਲੀਓਂ ਯੂਪੀ ਤੇ ਕੋਈ ਬਿਹਾਰ ਵੱਲ। ਪਿੱਛੋਂ ਦੁੱਖਾਂ ਨੇ ਕੂਹਣੀ ਮਰੋੜੀ ਹੋਈ ਹੈ। ਗੋਰਖਪੁਰ ਵੱਲ ਤੁਰੇ ਮਜ਼ਦੂਰਾਂ ਨੇ ਕਿਹਾ, ‘ਭੁੱਖ ਨਾਲੋਂ ਚੰਗਾ, ਸੜਕਾਂ ’ਤੇ ਮਰੀਏ’। ਅਲੀਗੜ੍ਹ ਦੇ ਮਜ਼ਦੂਰ ਮੁੰਡੇ ਕੋਲ ਪਾਣੀ ਤੱਕ ਨਹੀਂ ਸੀ, ਸਿਰਫ਼ ਆਧਾਰ ਕਾਰਡ ਸੀ। ਹਜ਼ਾਰਾਂ ਮਜ਼ਦੂਰਾਂ ਨੇ ਪੈਦਲ ਚਾਲੇ ਪਾਏ। ਵਿਸ਼ਵ ਖਾਧ ਪ੍ਰੋਗਰਾਮ ਦਾ ਅਨੁਮਾਨ ਹੈ, ਕਰੀਬ 26.5 ਕਰੋੜ ਲਈ ਢਿੱਡ ਦਾ ਸੰਕਟ ਬਣੇਗਾ। ਮਜ਼ਦੂਰ ਤੁਰੇ ਜਾ ਰਹੇ ਹਨ। ਉਨ੍ਹਾਂ ਕੋਲ ਉਦਾਸ ਹੋਣ ਦੀ ਵਿਹਲ ਕਿੱਥੇ। ਨੰਗੇ ਪੈਰ, ਜੇਬਾਂ ਖਾਲੀ। ਕਿਤੇ ਖਾਈ ’ਚ ਹੀ ਨਾ ਡਿੱਗ ਪੈਣ। ਹਰਿਆਣੇ ਨੇ ਦਿੱਲੀ ਵਾਲੇ ਪਾਸੇ, ਸੜਕ ’ਤੇ ਡੂੰਘੀ ਖਾਈ ਪੁੱਟੀ ਹੈ। ਆਂਧਰਾ ਨੇ ਤਾਮਿਲਨਾਡੂ ਵਾਲੇ ਪਾਸੇ। ਸੜਕਾਂ ’ਤੇ ਉੱਚੀਆਂ ਕੰਧਾਂ ਕੱਢੀਆਂ ਨੇ। ਬਚਾਅ ਤਾਂ ਠੀਕ ਹੈ। ਦੀਵਾਰਾਂ ਅੱਗੇ ਘੱਟ ਸਨ। ਚਮਗਿੱਦੜ ਛੇਤੀ ਪਿੱਛਾ ਛੱਡਣ ਵਾਲੇ ਨਹੀਂ। ‘ਸਾਡੀ ਮੌਤ ਟੋਡਰਾਂ ਦਾ ਹਾਸਾ’।
               ਤਾਲਾਬੰਦੀ ਕੀ ਹੋਈ, ਹਾਸੇ ਦਾ ਤਮਾਸ਼ਾ ਹੋ ਗਿਐ। ਸ਼ਰਾਬੀ ਅੰਤਾਂ ਦੇ ਤੰਗ ਨੇ। ‘ਨਾਭੇ ਦੀਏ ਬੰਦ ਬੋਤਲੇ..!’ ਲੱਗਦੇ ਸਭ ਦੇ ਭਾਗ ਖੋਟੇ ਪੈ ਗਏ। ਅਮਰਿੰਦਰ ਸਿਓਂ ਨੇ ਕੇਂਦਰ ਕੋਲ ਅਰਜ਼ੀ ਲਾਈ। ਅੱਗਿਓਂ ਟਕੇ ਵਰਗਾ ਜੁਆਬ ਮਿਲਿਆ, ‘ਹਾਲੇ ਨਹੀਂ ਖੋਲ੍ਹਣੇ ਠੇਕੇ।’ ਇੱਕ ਸ਼ਰਾਬੀ ਨੇ ਉਲਾਂਭਾ ਦਿੱਤਾ, ‘ਘੱਟ ਗਿਣਤੀ ਦੀ ਕੌਣ ਸੁਣਦੈ।’ ਸਾਰੇ ਦੁੱਧ ਲੱਸੀ ਵਾਲੇ ਤਾਂ ਨਹੀਂ ਹੁੰਦੇ। ਕੇਰਾਂ ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ ਬੋਲੇ ਸਨ। ‘ਸ਼ਰਾਬ ਨਸ਼ਾ ਨਹੀਂ, ਪਾਗਲ ਪਾਣੀ ਹੈ।’ ਸਰਕਾਰ ਇਸ ਗੱਲੋਂ ਤੰਗ ਹੈ। ਠੇਕੇ ਬੰਦ ਕਾਹਦੇ ਹੋਏ, ਖ਼ਜ਼ਾਨੇ ਦਾ ਦਮ ਪੁੱਟਿਆ ਗਿਐ। ਖ਼ਜ਼ਾਨਾ ਸ਼ਰਾਬ ਨਾਲ ਹੀ ਛਲਕਦੈ। ਵਰ੍ਹਾ 1965 ਵਿੱਚ ਸ਼ਰਾਬ ਤੋਂ 6.02 ਕਰੋੜ ਦੀ ਸਾਲਾਨਾ ਆਮਦਨੀ ਹੋਈ ਸੀ। ਹੁਣ 5500 ਕਰੋੜ ਨੂੰ ਟੱਪ ਗਈ ਹੈ। ਲੋਦਪੁਰਾ (ਰਾਜਸਥਾਨ) ਤੋਂ ਭਾਜਪਾਈ ਵਿਧਾਇਕ। ਭਵਾਨੀ ਸਿੰਘ ਕਿਤੇ ਕੋਲ ਹੁੰਦੇ, ਉਨ੍ਹਾਂ ਦੇ ਚਰਨ ਛੂੰਹਦਾ, ਨਾਲੇ ਸਦਕੇ ਜਾਂਦਾ। ਕਿਆ ਗਜ਼ਬ ਦੀ ਚਿੱਠੀ ਲਿਖੀ ਮੁੱਖ ਮੰਤਰੀ ਨੂੰ। ‘ਸਤਜੁਗ ’ਚ ਦੇਵਤਾ ਸੋਮਰਸ ਦਾ ਸੇਵਨ ਕਰਦੇ ਸਨ, ਯੋਧੇ ਪੀ ਕੇ ਦੁਸ਼ਮਣ ਨੂੰ ਢੇਰੀ ਕਰਦੇ ਸਨ, ਅੱਜ ਦੇ ਸ਼ਰਾਬੀ ਕੋਈ ਆਦੀ ਥੋੜ੍ਹਾ ਨੇ।’ ਅੱਗੇ ਕੀ ਲਿਖਦੇ ਨੇ। ‘ਠੇਕੇ ਖੋਲ੍ਹੋ, ਪੈਸੇ ਕਮਾਓ, ਕਰੋਨਾ ਭਜਾਓ’। ਭਵਾਨੀ ਸਿਓਂ ਦਾ ਤਰਕ ਸੁਣੋ, ‘ਸ਼ਰਾਬ ਗਲੇ ਦਾ ਵਾਇਰਸ ਸਾਫ਼ ਕਰਦੀ ਹੈ।’ ਕੋਟਾ ਜ਼ਿਲ੍ਹੇ ਦੇ ਕਾਂਗਰਸੀ ਐੱਮਐੱਲਏ ਭਰਤ ਸਿੰਘ। ਧੰਨਭਾਗ ਭਰਤ ਸਿਆਂ, ਵਿਗਿਆਨੀ ਤਾਂ ਤੇਰੇ ਪੈਰ ਵਰਗੇ ਨਹੀਂ। ਭਰਤ ਸਿਓਂ ਨੇ ਸਸਤਾ ਫਾਰਮੂਲਾ ਦੱਸਿਐ। ਅਖੇ ‘ਸ਼ਰਾਬ ਪੀਓ, ਗਲਾ ਸਾਫ਼ ਕਰੋ, ਨਾਲੇ ਹੱਥ ਧੋਵੋ, ਵਾਇਰਸ ਦੌੜਦੈ ਦੇਖਿਓ’। ਕਈ ਭਾਜਪਾਈ ਗਊ ਮੂਤਰ ਦੀ ਵੰਨਗੀ ਦੱਸ ਰਹੇ ਨੇ।
               ਅਕਲੋਂ ਕੋਰੇ ਡਾਕਟਰ ਆਖਦੇ ਨੇ, ਏਹ ਸਭ ਮਿੱਥਾਂ ਨੇ। ਭਲਿਓਂ ਕੱਲ੍ਹ ਨੂੰ ਕਹੋਗੇ, ਵਿੱਥਾਂ ਨੇ। ਮੱਧ ਪ੍ਰਦੇਸ਼ ’ਚ ਅਫ਼ੀਮ ਦੀ ਖੇਤੀ ਰੁਲ ਗਈ। ਚੀਨ ’ਚ ਕਿਸੇ ਵੇਲੇ 6 ਕਰੋੜ ਅਮਲੀ ਸਨ। ਰਾਤੋ-ਰਾਤ ਅਫੀਮ ਛੱਡ ਗਏ। ਸ਼ਰਾਬੀ ਨੂੰ ਸਭ ਦੁੱਖਾਂ ਦੀ ਦਾਰੂ ਪਊਏ ’ਚੋਂ ਦਿਖਦੀ ਹੈ। ਖੈਰ, ਕਿੰਨਾ ਮਰਜ਼ੀ ਨਿੰਦੋ ਪਰ ‘ਸ਼ਰਾਬ ਅੰਦਰ, ਸੱਚ ਬਾਹਰ’। ਗੁਰਜੀਏਫ ਕੋਲ ਕੋਈ ਵੀ ਨਵਾਂ ਸ਼ਿਸ਼ ਬਣਨ ਲਈ ਆਉਂਦਾ। ਪਹਿਲੋਂ ਉਹ ਸ਼ਰਾਬ ਪਿਲਾਉਂਦਾ। ਮਿਰਜ਼ਾ ਗ਼ਾਲਿਬ ਪਾਗਲ ਪਾਣੀ ਨਾਲ ਅਖੀਰ ਤੱਕ ਨਿਭੇ। ਆਖਰੀ ਤਨਖਾਹ ਠੇਕੇ ’ਤੇ ਢੇਰੀ ਕਰ ਦਿੱਤੀ। ਜਦੋਂ ਇਹ ਕੰਨੀ ਸੁਣ ਲਿਆ। ਰਿਜ਼ਕ ਤਾਂ ਅੱਲਾ ਦੇਏਗਾ, ਸ਼ਰਾਬ ਖੁਦ ਲੈ ਆਏ। ਪਤਨੀ ਨਿੱਤ ਲੜਦੀ। ਮਿਲੇਨੀਆ ਟਰੰਪ ਕਿਤੇ ਲੜਦੀ। ਡੋਨਾਲਡ ਟਰੰਪ ਨੇ ਜਣੇ-ਖਣੇ ਨਾਲ ਨਹੀਂ ਖਹਿਣਾ ਸੀ। ਸੱਤਾ ਦਾ ਨਸ਼ਾ ਪੈਰਾਂ ਹੇਠ ਅੱਗ ਮਚਾਉਂਦੈ। ਢਿੱਡ ਦੀ ਅੱਗ ਦੇਖਣ ਕਿਸੇ ਕੱਚੇ ਘਰ ਜਾਇਓ। ਏਹ ਮਹਾਮਾਰੀ ਨਹੀਂ, ਠੋਕਰ ਹੈ। ਅਨਾੜੀ ਨਾ ਬਣੇ ਰਹਿਓ। ਬਾਕੀ ਜਿਨ੍ਹਾਂ ਕੋਲ ਲਾਲ ਬੱਤੀ ਹੈ। ਉਨ੍ਹਾਂ ਦੇ ਇੱਕ ਹੱਥ ਹਰੀ ਝੰਡੀ ਹੈ। ਦੂਸਰਾ ਹੱਥ ਘੁੱਟ ਕੇ ਗੀਝੇ ਨੂੰ ਪਾਇਐ। ਤੁਸੀਂ ਪੁੱਛਣੋਂ ਨਹੀਂ ਹਟ ਰਹੇ, ਅਖੇ ਆਫਤ ਤੋਂ ਸਬਕ ਸਿੱਖਣਗੇ..!

Saturday, May 2, 2020

                                                        ਕੁਰਸੀ ਵੱਡੀ, ਦਿਲ ਛੋਟੇ
                          ਮੁੱਖ ਮੰਤਰੀ ਰਾਹਤ ਫੰਡ ਨਾਲ ਸਿਆਸੀ ਟਿੱਚਰਾਂ !
                                                             ਚਰਨਜੀਤ ਭੁੱਲਰ
ਚੰਡੀਗੜ੍ਹ : ਮੁੱਖ ਮੰਤਰੀ ਰਾਹਤ ਫੰਡ ਲਈ ਸਿਆਸੀ ਲੋਕ ਹੱਥ ਘੁੱਟ ਦਾਨ ਕਰ ਰਹੇ ਹਨ ਜਦੋਂ ਕਿ ਮੁਲਾਜ਼ਮਾਂ ਨੇ ਵੱਡਾ ਦਿਲ ਦਿਖਾਇਆ ਹੈ। ਪੰਜਾਬ ਚੋਂ ਸਵੈ ਇੱਛਾ ਨਾਲ ਮੁੱਖ ਮੰਤਰੀ ਰਾਹਤ ਫੰਡ ’ਚ ਵੱਡੀ ਰਾਸ਼ੀ ਨਹੀਂ ਪੁੱਜੀ ਹੈ। ਹੁਣ ਤੱਕ ਸਿਰਫ਼ ਤਿੰਨ ਵਿਧਾਇਕਾਂ ਅਤੇ ਤਿੰਨ ਆਈ.ਏ.ਐਸ ਅਫਸਰਾਂ ਨੇ ਰਾਹਤ ਫੰਡ ’ਚ ਯੋਗਦਾਨ ਪਾਇਆ ਹੈ। 23 ਮਾਰਚ ਨੂੰ ਵਜ਼ੀਰਾਂ ਨੇ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਸੀ। ਦੂਸਰੀ ਤਰਫ਼ ਮੁਲਾਜ਼ਮਾਂ ’ਤੇ ਤਨਖਾਹ ਕਟੌਤੀ ਦੀ ਤਲਵਾਰ ਹਾਲੇ ਲਟਕ ਰਹੀ ਹੈ। ਚਰਚਾ ਹੈ ਕਿ ਸਰਕਾਰ ਇਸ ਬਾਰੇ ਜਲਦੀ ਫੈਸਲਾ ਲਏਗੀ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨੂੰ ਪ੍ਰਤੀ ਮਹੀਨਾ 1.60 ਲੱਖ ਰੁਪਏ (ਸਮੇਤ ਬੱਝਵੇਂ ਭੱਤੇ) ਤਨਖਾਹ ਮਿਲਦੀ ਹੈ ਜਿਸ ਚੋਂ ਮੁੱਖ ਮੰਤਰੀ ਨੇ ਸਿਰਫ਼ ਬੇਸਿਕ ਪੇਅ ਵਜੋਂ ਇੱਕ ਲੱਖ ਰੁਪਏ ਰਾਹਤ ਫੰਡ ’ਚ ਦਾਨ ਵਜੋਂ ਭੇਜੇ ਹਨ। ਵਜ਼ੀਰਾਂ ਨੂੰ ਸਮੇਤ ਬੱਝਵੇਂ ਭੱਤੇ ਪ੍ਰਤੀ ਮਹੀਨਾ 1.10 ਲੱਖ ਰੁਪਏ ਤਨਖਾਹ ਮਿਲਦੀ ਹੈ ਜਿਸ ਚੋਂ ਹਰ ਵਜ਼ੀਰ ਨੇ ਸਿਰਫ਼ ਬੇਸਿਕ ਪੇਅ ਦੇ 50 ਹਜ਼ਾਰ ਰੁਪਏ ਦੇ ਚੈੱਕ ਭੇਜੇ ਹਨ। 16 ਮੰਤਰੀਆਂ ਨੇ ਕੇਵਲ 8 ਲੱਖ ਰੁਪਏ ਕੌਮੀ ਅੌਖ ਦੇ ਮੌਕੇ ਦਾਨ ਵਜੋਂ ਦਿੱਤੇ ਹਨ। ਸੂਤਰਾਂ ਅਨੁਸਾਰ 30 ਅਪਰੈਲ ਤੱਕ ਪੰਜਾਬ ਦੇ ਬਾਕੀ 100 ਵਿਧਾਇਕਾਂ ਚੋਂ ਸਿਰਫ਼ ਤਿੰਨ ਵਿਧਾਇਕ ਨਿੱਤਰੇ ਹਨ ਜਿਨ੍ਹਾਂ ਚੋਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਪਣੀ ਬੇਸਿਕ ਪੇਅ 25 ਹਜ਼ਾਰ ਰੁਪਏ ਰਾਹਤ ਫੰਡ ਲਈ ਦਿੱਤੀ ਹੈ।
             ਇਵੇਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇੱਕ ਸਾਲ ਭਰ ਲਈ ਆਪਣੀ ਬੇਸਿਕ ਪੇਅ ਰਾਹਤ ਫੰਡ ਨੂੰ ਦੇਣ ਲਈ ਲਿਖ ਦਿੱਤਾ ਹੈ। ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਲਿਖਤੀ ਰੂਪ ਵਿਚ ਦੇ ਦਿੱਤਾ ਹੈ ਕਿ ਦੋ ਵਰ੍ਹਿਆਂ ਦੀ ਬੇਸਿਕ ਪੇਅ ਰਾਹਤ ਫੰਡ ਵਿਚ ਪਾ ਦਿੱਤੀ ਜਾਵੇ। ਮਗਰੋਂ ਗੱਲ ਚੱਲੀ ਸੀ ਕਿ ਵਜ਼ੀਰ ਤਿੰਨ ਮਹੀਨੇ ਦੀ ਤਨਖਾਹ ਦੇਣਗੇ ਪ੍ਰੰਤੂ ਹਾਲੇ ਤੱਕ ਹਕੀਕੀ ਤੌਰ ’ਤੇ ਇਹ ਸਾਹਮਣੇ ਨਹੀਂ ਆਇਆ ਹੈ।ਪੰਜਾਬ ਸਰਕਾਰ ਨੇ ਕਲਾਸ ਵਨ ਤੇ ਟੂ ਅਫਸਰਾਂ ਨੂੰ 30 ਫੀਸਦੀ, ਕਲਾਸ ਤਿੰਨ ਨੂੰ 20 ਫੀਸਦੀ ਅਤੇ ਦਰਜਾ ਚਾਰ ਨੂੰ 10 ਫੀਸਦੀ ਤਨਖਾਹ ਰਾਹਤ ਫੰਡ ਵਜੋਂ ਦੇਣ ਲਈ ਅਪੀਲ ਕੀਤੀ ਸੀ। ਸੂਤਰਾਂ ਅਨੁਸਾਰ ਸਿਰਫ਼ ਤਿੰਨ ਆਈ. ਏ.ਐਸ ਅਫਸਰਾਂ ਹਾਲੇ ਤੱਕ ਅੱਗੇ ਆਏ ਹਨ ਜਿਨ੍ਹਾਂ ਚੋਂ ਇੱਕ ਅਧਿਕਾਰੀ ਨੇ 50 ਹਜ਼ਾਰ ਰੁਪਏ ਰਾਹਤ ਫੰਡ ਲਈ ਦਿੱਤੇ ਹਨ ਜਦੋਂ ਕਿ ਦੂਸਰੇ ਨੇ ਇੱਕ ਸਾਲ ਲਈ ਆਪਣੀ ਬੇਸਿਕ ਪੇਅ ਦੇਣ ਦਾ ਲਿਖ ਕੇ ਦਿੱਤਾ ਹੈ। ਤੀਸਰੇ ਅਧਿਕਾਰੀ ਨੇ ਇੱਕ ਦਿਨ ਦੀ ਪੇਅ ਹਰ ਮਹੀਨੇ (ਸਾਲ ਭਰ ਲਈ) ਕੱਟਣ ਵਾਰੇ ਲਿਖਿਆ ਹੈ। ਅਹਿਮ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ ਹੁਣ ਤੱਕ ਕਰੀਬ 20 ਕਰੋੜ ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ। ਪਾਵਰਕੌਮ ਦੀ ਮੈਨੇਜਮੈਂਟ, ਅਧਿਕਾਰੀਆਂ, ਮੁਲਾਜ਼ਮਾਂ ਅਤੇ ਪੈੱਨਸ਼ਨਰਾਂ ਤਰਫ਼ੋਂ ਅੱਜ ਇੱਕ ਦਿਨ ਦੀ ਤਨਖਾਹ ਵਜੋਂ 7.91 ਕਰੋੜ ਰੁਪਏ ਰਾਹਤ ਫੰਡ ਵਿਚ ਯੋਗਦਾਨ ਪਾਇਆ ਹੈ।
             ਪੰਜਾਬ ਪੁਲੀਸ ਦੇ ਅਫਸਰਾਂ ਤਰਫ਼ੋਂ 33 ਲੱਖ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵੀ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਸੀ।  ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਪਾਰਟੀ ਦੇ ਸਾਰੇ ਵਿਧਾਇਕ ਇੱਕ ਮਹੀਨੇ ਦੀ ਬੇਸਿਕ ਪੇਅ ਰਾਹਤ ਫੰਡਾਂ ਵਿਚ ਦੇਣਗੇ ਅਤੇ ਉਹ ਭਲਕੇ ਹੀ ਲਿਖਤੀ ਰੂਪ ਵਿਚ ਇਸ ਬਾਰੇ ਭੇਜ ਰਹੇ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਸੰਸਦ ਮੈਂਬਰਾਂ ਦੇ ਹਲਕਾ ਭੱਤਾ ਅਤੇ ਦਫ਼ਤਰੀ ਖਰਚੇ ਚੋਂ 30 ਫੀਸਦੀ ਦਾ ਕੱਟ ਲਗਾ ਦਿੱਤਾ ਹੈ। ਪ੍ਰਧਾਨ ਮੰਤਰੀ ਰਾਹਤ ਫੰਡਾਂ ਵਿਚ ਪੰਜਾਬ ਦੇ ਲੋਕ ਸਭਾ ਦੇ 13 ਅਤੇ ਰਾਜ ਸਭਾ ਦੇ 7 ਐਮ.ਪੀ ਸਲਾਨਾ 64.80 ਲੱਖ ਰੁਪਏ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦੇਣਗੇ। ਸੰਸਦ ਮੈਂਬਰ ਨੂੰ 70 ਹਜ਼ਾਰ ਰੁਪਏ ਹਲਕਾ ਭੱਤਾ ਅਤੇ 20 ਹਜ਼ਾਰ ਰੁਪਏ ਦਫ਼ਤਰੀ ਖਰਚਾ ਮਿਲਦਾ ਹੈ ਜਿਸ ਚੋਂ 30 ਫੀਸਦੀ ਦੇ ਹਿਸਾਬ ਨਾਲ ਪ੍ਰਤੀ ਮਹੀਨਾ 27 ਹਜ਼ਾਰ ਰੁਪਏ ਕੱਟੇ ਜਾਣਗੇ। ਇੱਕ ਸਾਲ ਦੌਰਾਨ ਹਰ ਐਮ.ਪੀ 3.24 ਲੱਖ ਰੁਪਏ ਦਾ ਰਾਹਤ ਫੰਡਾਂ ਵਿਚ ਯੋਗਦਾਨ ਪਾਏਗਾ। ਸੂਤਰ ਦੱਸਦੇ ਹਨ ਕਿ ਬਹੁਤਾ ਯੋਗਦਾਨ ਤਾਂ ਸਰਕਾਰੀ ਮੁਲਾਜ਼ਮ ਹੀ ਪਾ ਰਹੇ ਹਨ ਜਾਂ ਫਿਰ ਵੱਖ ਵੱਖ ਵਿਭਾਗ ਅਤੇ ਬੋਰਡ ਪਾ ਰਹੇ ਹਨ। ਆਮ ਲੋਕ ਮੁੱਖ ਮੰਤਰੀ ਰਾਹਤ ਫੰਡਾਂ ’ਚ ਦਿਲ ਖੋਲ ਕੇ ਦਾਨ ਨਹੀਂ ਕਰ ਰਹੇ ਹਨ।
                ਸਮਾਜਿਕ ਸੰਸਥਾ ‘ਸਿਦਕ’ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਆਖਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਸਿਆਸੀ ਲੋਕਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਜਿਸ ਕਰਕੇ ਉਹ ਮੁੱਖ ਮੰਤਰੀ ਰਾਹਤ ਫੰਡ ਵਿਚ ਚੰਦਾ ਦੇਣ ਦੀ ਥਾਂ ਸਿੱਧੀ ਸੇਵਾ ਕਰਨ ਵਿਚ ਜਿਆਦਾ ਯਕੀਨ ਰੱਖਦੇ ਹਨ।  ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਮਾਲ ਮਹਿਕਮੇ ਦੇ ਅਫਸਰਾਂ ਤਰਫ਼ੋਂ 15 ਲੱਖ ਰੁਪਏ ਦਾ ਰਾਹਤ ਫੰਡ ਵਿਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦਾ ਭਾਵੇਂ ਸਿੱਧੇ ਤੌਰ ’ਤੇ ਮੁੱਖ ਮੰਤਰੀ ਰਾਹਤ ਫੰਡ ਨਾਲ ਤਅੱਲਕ ਨਹੀਂ ਹੈ ਪ੍ਰੰਤੂ ਸਮਾਜ ਦਾ ਹਰ ਤਬਕਾ ਅਤੇ ਵਰਗ ਰਾਹਤ ਫੰਡਾਂ ਵਿਚ ਭਰਵਾਂ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਸਨਅਤੀ ਘਰਾਣਿਆਂ ਨੇ ਵੀ ਰਾਹਤ ਫੰਡਾਂ ਵਿਚ ਰਾਸ਼ੀ ਦਿੱਤੀ ਹੈ।
         

Friday, May 1, 2020

                          ਨਾਂਦੇੜ ਦਾ ਸੱਚ
        ਇੰਦੌਰ ਤੋਂ ਲੱਗੀ ਕਰੋਨਾ ਲਾਗ !
                          ਚਰਨਜੀਤ ਭੁੱਲਰ
ਚੰਡੀਗੜ੍ਹ : ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂਆਂ ਨੂੰ ਕਰੋਨਾਵਾਇਰਸ ਦੀ ਲਾਗ ਲੱਗਣ ਦਾ ਭੇਤ ਬਣ ਗਿਆ ਹੈ। ਪੰਜਾਬ ’ਚ ਪੁੱਜੇ ਜੋ ਸ਼ਰਧਾਲੂ ਹੁਣ ਟੈਸਟਾਂ ਦੌਰਾਨ ਪਾਜ਼ੇਟਿਵ ਨਿਕਲੇ ਹਨ, ਉਨ੍ਹਾਂ ਨੂੰ ਨਾਂਦੇੜ ਪ੍ਰਸ਼ਾਸਨ ਨੇ ਬਕਾਇਦਾ ਕਲੀਨ ਚਿੱਟ ਦਿੱਤੀ ਹੋਈ ਹੈ। ਬੇਸ਼ੱਕ ਮਹਾਰਾਸ਼ਟਰ ’ਚ ਕਰੋਨਾ ਦਾ ਕਹਿਰ ਸਿਖਰ ’ਤੇ ਹੈ ਪ੍ਰੰਤੂ ਜ਼ਿਲ੍ਹਾ ਨਾਂਦੇੜ ਵਿਚ ਹੁਣ ਤੱਕ ਕਰੋਨਾ ਦੇ ਸਿਰਫ਼ ਤਿੰਨ ਕੇਸ ਆਏ ਹਨ ਜਿਨ੍ਹਾਂ ਚੋਂ ਇੱਕ ਕਰੋਨਾ ਪਾਜ਼ੇਟਿਵ ਦੀ ਅੱਜ ਮੌਤ ਹੋ ਗਈ ਹੈ। ਨਾਂਦੇੜ ਪ੍ਰਸ਼ਾਸਨ ਨੇ ਉਲਟਾ ਅੱਜ ਪੰਜਾਬ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ।ਜ਼ਿਲ੍ਹਾ ਨਾਂਦੇੜ ਦੇ ਸਿਵਲ ਸਰਜਨ ਡਾ. ਨੀਲਕਾਂਤ ਭੋਸੀਕਰ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਜ਼ਿਲ੍ਹਾ ਨਾਂਦੇੜ ਵਿਚ ਕਰੋਨਾ ਦੇ ਤਿੰਨ ਪਾਜ਼ੇਟਿਵ ਕੇਸ ਆਏ ਹਨ ਜਿਨ੍ਹਾਂ ਚੋਂ ਅੱਜ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ 24 ਅਪਰੈਲ ਨੂੰ ਅਬਚਲ ਨਗਰ ਵਿਖੇ ਆਇਆ ਹਰਪ੍ਰੀਤ ਸਿੰਘ ਪਾਜ਼ੇਟਿਵ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜੋ ਸਿੱਖ ਸ਼ਰਧਾਲੂ ਪੰਜਾਬ ਵਾਪਸ ਪਰਤੇ ਹਨ, ਉਨ੍ਹਾਂ ਦਾ ਮੈਡੀਕਲ ਜਾਂਚ ਕੀਤੀ ਗਈ ਸੀ ਜਿਸ ’ਚ ਕੋਈ ਪਾਜ਼ੇਟਿਵ ਨਹੀਂ ਪਾਇਆ ਗਿਆ ਸੀ। ਨਾਂਦੇੜ ਕਾਰਪੋਰੇਸ਼ਨ ਦੇ ਡਾ. ਬਿਸ਼ੇਨ ਦਾ ਕਹਿਣਾ ਸੀ ਕਿ ਮੈਡੀਕਲ ਟੀਮ ਨੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਤਿੰਨ ਵਾਰ ਇਕੱਲੇ ਇਕੱਲੇ ਸ਼ਰਧਾਲੂ ਦੇ ਟੈਸਟ ਕੀਤੇ ਸਨ ਪ੍ਰੰਤੂ ਸਭ ਨੈਗੇਟਿਵ ਪਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਪਰਤੇ ਲੋਕਾਂ ਨੂੰ ਰਸਤੇ ਵਿਚ ਕਿਧਰੋਂ ਲਾਗ ਲੱਗੀ ਹੋ ਸਕਦੀ ਹੈ।
       ਦੱਸਣਯੋਗ ਹੈ ਕਿ ਪੰਜਾਬ ਚੋਂ 25 ਅਪਰੈਲ ਨੂੰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ 80 ਬੱਸਾਂ ਨਾਂਦੇੜ ਸਾਹਿਬ ਗਈਆਂ ਸਨ ਜਿਨ੍ਹਾਂ ’ਚ ਕਰੀਬ 2400 ਸ਼ਰਧਾਲੂ ਵਾਪਸ ਪਰਤੇ ਸਨ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ’ਚ ਵੱਖਰੇ 325 ਦੇ ਕਰੀਬ ਸ਼ਰਧਾਲੂ ਠਹਿਰੇ ਹੋਏ ਸਨ ਜਿਨ੍ਹਾਂ ਨੂੰ ਤਖਤ ਸਾਹਿਬ ਤਰਫ਼ੋਂ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕਰਕੇ ਅੰਮ੍ਰਿਤਸਰ,ਹਰਿਆਣਾ ਅਤੇ ਦਿੱਲੀ ਛੱਡਿਆ ਗਿਆ। ਗੁਰਦੁਆਰਾ ਲੰਗਰ ਸਾਹਿਬ ਵਿਚ ਕਰੀਬ ਤਿੰਨ ਹਜ਼ਾਰ ਸਰਧਾਲੂ ਠਹਿਰੇ ਹੋਏ ਸਨ ਜੋ 7 ਮਾਰਚ ਨੂੰ ਨਾਂਦੇੜ ਸਾਹਿਬ ਪੁੱਜੇ ਸਨ। ਪੰਜਾਬ ਦੇ ਸ਼ਰਧਾਲੂ ਵਾਪਸ ਪਰਤ ਆਏ ਹਨ ਜਦੋਂ ਕਿ ਦਿੱਲੀ, ਯੂ.ਪੀ ਅਤੇ ਹਰਿਆਣਾ ਦੇ ਕਰੀਬ 250 ਸਰਧਾਲੂ ਹਾਲੇ ਵੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਹਨ। ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਸਰਾਂਵਾਂ ਵਿਚ ਸਾਰੇ ਸਰਧਾਲੂ ਠਹਿਰਾਏ ਹੋਏ ਸਨ ਜੋ ਕਰੀਬ ਡੇਢ ਮਹੀਨੇ ਤੋਂ ਰਹਿ ਰਹੇ ਸਨ ਜਿਨ੍ਹਾਂ ਦੇ ਤਿੰਨ ਵਾਰ ਟੈਸਟ ਵੀ ਕਰਾਏ ਗਏ ਅਤੇ ਸਭ ਟੈਸਟ ਨੈਗੇਟਿਵ ਆਏ ਸਨ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੀ ਲਾਗ ਰਸਤੇ ਵਿਚ ਹੀ ਪੰਜਾਬ ਦੇ ਸਰਧਾਲੂਆਂ ਨੂੰ ਲੱਗੀ ਹੋਵੇਗੀ ਕਿਉਂਕਿ ਸਰਧਾਲੂਆਂ ਨੇ ਇੰਦੌਰ ਵਿਚ ਲੰਗਰ ਛਕਿਆ ਸੀ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕਰੋਨਾ ਦੀ ਵੱਡੀ ਮਾਰ ਪਈ ਹੋਈ ਹੈ।
                ਵੇਰਵਿਆਂ ਅਨੁਸਾਰ ਸਿਰਸਾ ਦੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਤਰਫ਼ੋਂ ਪੰਜਾਬ ਦੇ ਇਨ੍ਹਾਂ ਸ਼ਰਧਾਲੂਆਂ ਲਈ ਇੰਦੌਰ ਲਾਗੇ ਪਿੰਡ ਸ਼ਿਮਰੋਲ ਵਿਚ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ। ਪੀ.ਆਰ.ਟੀ.ਸੀ ਦੇ ਸਟਾਫ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਮਰੋਲ ਵਿਖੇ ਬੱਸ ਅੰਦਰ ਹੀ ਲੰਗਰ ਮਿਲ ਗਿਆ ਸੀ ਅਤੇ ਇਸ ਤੋਂ ਇਲਾਵਾ ਰਸਤੇ ਵਿਚ ਕਿਧਰੇ ਹੋਰ ਬੱਸਾਂ ਰੁਕੀਆਂ ਨਹੀਂ ਹਨ। ਸੂਤਰ ਆਖਦੇ ਹਨ ਕਿ ਜੋ ਸਰਧਾਲੂ ਨਾਂਦੇੜ ਸਾਹਿਬ ਵਿਖੇ ਨੌ ਬਰ ਨੌ ਸਨ, ਉਹ ਪੰਜਾਬ ਪਰਤਣ ਮਗਰੋਂ ਕਿਵੇਂ ਪਾਜ਼ੇਟਿਵ ਆ ਗਏ ਹਨ। ਇਸ ਤੋਂ ਭੇਤ ਬਣ ਜਾਂਦਾ ਹੈ ਕਿ ਕਰੋਨਾ ਦੀ ਲਾਗ ਫਿਰ ਕਿਥੋਂ ਲੱਗੀ।ਦੱਸਣਯੋਗ ਹੈ ਕਿ ਜਦੋਂ ਨਾਂਦੇੜ ਸਾਹਿਬ ਵਿਚ ਫਸੇ ਸਰਧਾਲੂਆਂ ’ਤੇ ਸਿਆਸਤ ਭਾਰੂ ਹੋ ਗਈ ਤਾਂ ਉਦੋਂ ਪੰਜਾਬ ਸਰਕਾਰ ਨੇ ਵੀ ਸਰਧਾਲੂ ਵਾਪਸ ਲਿਆਉਣ ਲਈ ਟਿੱਲ ਲਾ ਦਿੱਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਮੁੱਖ ਮੁੱਦੇ ਦੇ ਤੌਰ ’ਤੇ ਚੁੱਕਿਆ ਸੀ। ਹੁਣ ਜਦੋਂ ਬਹੁਤੇ ਸਰਧਾਲੂ ਪਾਜ਼ੇਟਿਵ ਆ ਗਏ ਹਨ ਤਾਂ ਪੰਜਾਬ ਵਿਚ ਖ਼ੌਫ ਬਣ ਗਿਆ ਹੈ।
               ਸਭ ਸਰਧਾਲੂ ਹੁਣ ਇਕਾਂਤਵਾਸ ਕੀਤੇ ਗਏ ਹਨ ਜਿਨ੍ਹਾਂ ਵਿਚ 270 ਦੇ ਕਰੀਬ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਮੁਲਾਜ਼ਮ ਵੀ ਸ਼ਾਮਿਲ ਹਨ। ਲੁਧਿਆਣਾ ਤੇ ਤਰਨਤਾਰਨ ਵਿਚ ਜੋ ਸਰਕਾਰੀ ਬੱਸਾਂ ਖੜ੍ਹੀਆਂ ਹਨ, ਉਨ੍ਹਾਂ ਦੇ ਡਰਾਈਵਰਾਂ ਕੰਡਕਟਰਾਂ ਦੀ ਕੋਈ ਪੁੱਛਗਿੱਛ ਨਹੀਂ ਹੈ ਅਤੇ ਉਹ ਪ੍ਰੇਸ਼ਾਨੀ ਝੱਲ ਰਹੇ ਹਨ। ਇਕਾਂਤਵਾਸ ਕੇਂਦਰਾਂ ਵਿਚ ਪਿਆ ਸਟਾਫ ਵੀ ਅੌਖ ਵਿਚ ਹੈ ਜਿਨ੍ਹਾਂ ਦੀ ਮੰਗ ਹੈ ਕਿ ਸਟਾਫ ਨੂੰ ਬਾਕੀਆਂ ਨਾਲੋ ਵੱਖਰੇ ਤੌਰ ’ਤੇ ਰੱਖਿਆ ਜਾਵੇ। ਪੰਜਾਬ ਸਰਕਾਰ ਦੀ ਵੀ ਵੱਡੀ ਕੁਤਾਹੀ ਸਾਹਮਣੇ ਆਈ ਹੈ ਜਿਨ੍ਹਾਂ ਨੇ ਮੈਡੀਕਲ ਜਾਂਚ ਕੀਤੇ ਬਿਨਾਂ ਹੀ ਸਭ ਸਰਧਾਲੂ ਘਰਾਂ ਵਿਚ ਹੀ ਸਿੱਧੇ ਭੇਜ ਦਿੱਤੇ। ਜਦੋਂ ਜਾਗ ਖੁੱਲ੍ਹੀ, ਉਦੋਂ ਤਾਂ ਵੇਲਾ ਬੀਤ ਚੁੱਕਾ ਸੀ। 
                                    ਸਭ ਸ਼ਰਧਾਲੂ ਤੰਦਰੁਸਤ ਭੇਜੇ : ਬਾਵਾ
ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਸ੍ਰ. ਗੁਰਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 150 ਬੱਸਾਂ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਸਾਰੇ ਸਰਧਾਲੂ ਵਾਪਸ ਪਹੁੰਚਾਏ ਜਾਣ। ਪ੍ਰਵਾਨਗੀ ਮਿਲਣ ਮਗਰੋਂ ਡਰਾਈਵਰ ਮਿਲ ਨਹੀਂ ਸਕੇ ਜਿਸ ਕਰਕੇ 10 ਬੱਸਾਂ ਜ਼ਰੀਏ ਹੀ ਸਰਧਾਲੂ ਵਾਪਸ ਭੇਜੇ ਗਏ। ਸ੍ਰ. ਬਾਵਾ ਨੇ ਦੱਸਿਆ ਕਿ ਸਾਰੇ ਸਰਧਾਲੂਆਂ ਦੇ ਟੈਸਟ ਕਰਾਏ ਗਏ ਅਤੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਪਾਈ ਗਈ। ਸਭ ਨੂੰ ਇੱਕ ਮਹੀਨੇ ਤੋਂ ਹੀ ਇਕਾਂਤਵਾਸ ’ਚ ਰੱਖਿਆ ਹੋਇਆ ਸੀ। ਉਨ੍ਹਾਂ ਨੇ ਖੁਦ ਪੱਲਿਓਂ 10 ਲੱਖ ਰੁਪਏ ਦੀ ਲਾਗਤ ਨਾਲ ਬੱਸਾਂ ਦਾ ਪ੍ਰਬੰਧ ਕੀਤਾ। ਸਰਾਂਵਾਂ ਵਿਚ ਸਮਾਜਿਕ ਦੂਰੀ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਹੋਇਆ ਸੀ।