Wednesday, March 29, 2023

                                                           ਇਲਾਜ ਖਰਚਾ
                         ਵਿਧਾਇਕਾਂ ਤੇ ਵਜ਼ੀਰਾਂ ਲਈ ਨਵਾਂ ਫ਼ਾਰਮੂਲਾ
                                                          ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਸਰਕਾਰ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਮੈਡੀਕਲ ਖਰਚਾ ਦੇਣ ਬਾਰੇ ਨਵਾਂ ਫ਼ਾਰਮੂਲਾ ਤਿਆਰ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਗੁਆਂਢੀ ਸੂਬਿਆਂ ਦਾ ਪੈਟਰਨ ਘੋਖਣ ਦੇ ਹੁਕਮ ਦਿੱਤੇ ਹਨ। ਜਿਵੇਂ ਗੁਆਂਢੀ ਸੂਬਿਆਂ ’ਚ ਵਿਧਾਇਕਾਂ ਤੇ ਵਜ਼ੀਰਾਂ ਨੂੰ ਮੈਡੀਕਲ ਖਰਚਾ ਦੇਣ ਦੀ ਵਿਵਸਥਾ ਹੈ, ਉਸੇ ਤਰਜ਼ ’ਤੇ ਪੰਜਾਬ ਸਰਕਾਰ ਫ਼ੈਸਲਾ ਕਰ ਸਕਦੀ ਹੈ। ਪੰਜਾਬ ਸਰਕਾਰ ਆਉਂਦੇ ਦਿਨਾਂ ’ਚ ਗੁਆਂਢੀ ਸੂਬਿਆਂ ਨੂੰ ਵੀ ਪੱਤਰ ਲਿਖ ਸਕਦੀ ਹੈ। ਸੂਤਰ ਆਖਦੇ ਹਨ ਕਿ ‘ਆਪ’ ਸਰਕਾਰ ਵਿਧਾਇਕਾਂ ਅਤੇ ਵਜ਼ੀਰਾਂ ਦੇ ਮੈਡੀਕਲ ਭੱਤੇ ਦੇਣ ’ਚ ਵੀ ਸਰਫ਼ਾ ਕਰਨ ਦੇ ਰੌਂਅ ਵਿਚ ਹੈ। ਵੇਰਵਿਆਂ ਅਨੁਸਾਰ ਕੈਬਨਿਟ ਵਜ਼ੀਰਾਂ ਨੂੰ ‘ਪੰਜਾਬ ਸਟੇਟ ਲੈਜਿਸਲੇਚਰ ਆਫ਼ੀਸਰਜ਼, ਮਨਿਸਟਰਜ਼ ਐਂਡ ਮੈਂਬਰਜ਼ (ਮੈਡੀਕਲ ਫੈਸਿਲਟੀਜ਼) ਰੂਲਜ਼-1966’ ਤਹਿਤ ਮੈਡੀਕਲ ਖ਼ਰਚੇ ਦੀ ਪ੍ਰਤੀ ਪੂਰਤੀ ਕੀਤੀ ਜਾਂਦੀ ਹੈ ਜਦੋਂ ਕਿ ਵਿਧਾਇਕਾਂ ਨੂੰ ‘ਪੰਜਾਬ ਸਟੇਟ ਲੈਜਿਸਲੇਚਰ ਮੈਂਬਰਜ਼ (ਪੈਨਸ਼ਨ ਐਂਡ ਮੈਡੀਕਲ ਫੈਸਿਲਟੀਜ਼ ਰੈਗੂਲੇਸ਼ਨ) ਰੂਲਜ਼-1984’ ਤਹਿਤ ਮੈਡੀਕਲ ਖਰਚਾ ਦਿੱਤਾ ਜਾਂਦਾ ਹੈ। ਵਿਧਾਇਕਾਂ ਅਤੇ ਵਜ਼ੀਰਾਂ ਨੂੰ ਵੱਖ-ਵੱਖ ਕਾਨੂੰਨਾਂ ਤਹਿਤ ਮੈਡੀਕਲ ਭੱਤਾ ਮਿਲਦਾ ਹੈ।

         ਅਮਰਿੰਦਰ ਸਰਕਾਰ ਸਮੇਂ ਪੰਜਾਬ ਕੈਬਨਿਟ ਨੇ 18 ਮਾਰਚ 2017 ਨੂੰ ਫ਼ੈਸਲਾ ਕੀਤਾ ਸੀ ਕਿ ਵਿਧਾਇਕਾਂ ਅਤੇ ਵਜ਼ੀਰਾਂ ਦਾ ਮੈਡੀਕਲ ਖਰਚਾ ‘ਸਿਹਤ ਬੀਮਾ ਸਕੀਮ’ ਜ਼ਰੀਏ ਕੀਤਾ ਜਾਵੇ ਤਾਂ ਕਿ ਖ਼ਜ਼ਾਨੇ ’ਤੇ ਬੋਝ ਘੱਟ ਕੀਤਾ ਜਾ ਸਕੇ। ਕਾਂਗਰਸ ਸਰਕਾਰ ਸਮੇਂ ਇਹ ਫ਼ੈਸਲਾ ਲਾਗੂ ਨਹੀਂ ਹੋ ਸਕਿਆ। ਅਮਰਿੰਦਰ ਸਿੰਘ ਨੇ ਆਖ਼ਰੀ ਦਿਨਾਂ ਵਿਚ ਵਜ਼ੀਰਾਂ ਦੇ ਮੈਡੀਕਲ ਖ਼ਰਚੇ ਦੀ ਪ੍ਰਤੀ ਪੂਰਤੀ ਵਿਧਾਇਕਾਂ ਵਾਂਗ ਕਰਨ ’ਤੇ ਮੁੜ ਮੋਹਰ ਲਗਾ ਦਿੱਤੀ ਸੀ। ਜਦੋਂ ‘ਆਪ’ ਸਰਕਾਰ ਬਣੀ ਤਾਂ ਇਸ ਸਰਕਾਰ ਨੇ ਪਹਿਲਾਂ ਕੋਈ ਫ਼ੈਸਲਾ ਨਾ ਕੀਤਾ। ਤਤਕਾਲੀ ਉਪ ਮੁੱਖ ਮੰਤਰੀ ਓ.ਪੀ. ਸੋਨੀ ਦੇ ਕਰੀਬ ਚਾਰ ਲੱਖ ਦੇ ਬਿੱਲ ਹਾਲੇ ਵੀ ਬਕਾਇਆ ਪਏ ਹਨ। ਹੁਣ ਮੁੱਖ ਮੰਤਰੀ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ, ਵਜ਼ੀਰਾਂ ਅਤੇ ਸਾਬਕਾ ਵਜ਼ੀਰਾਂ ਨੂੰ ਮੈਡੀਕਲ ਖਰਚਾ ਦੇਣ ਲਈ ਗੁਆਂਢੀ ਸੂਬਿਆਂ ਦੇ ਪੈਟਰਨ ਨੂੰ ਆਧਾਰ ਬਣਾ ਲਿਆ ਜਾਵੇ। ਕਾਂਗਰਸ ਸਰਕਾਰ ਨੇ ਐਨ ਆਖ਼ਰੀ ਸਮੇਂ ’ਤੇ ਤਤਕਾਲੀ ਵਜ਼ੀਰਾਂ ਦੇ ਕਰੀਬ 19 ਲੱਖ ਰੁਪਏ ਦੇ ਬਿੱਲ ਕਲੀਅਰ ਕੀਤੇ ਸਨ।

         ਮੌਜੂਦਾ ਸਰਕਾਰ ਦੇ ਵਜ਼ੀਰਾਂ ਵਿਚੋਂ ਹੁਣ ਤੱਕ ਸਿਰਫ਼ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕਰੀਬ 3.50 ਲੱਖ ਰੁਪਏ ਦੇ ਮੈਡੀਕਲ ਬਿੱਲ ਆਏ ਹਨ। ਲਾਲਜੀਤ ਭੁੱਲਰ ਨੇ ਆਪਣੀ ਮਾਤਾ ਦਾ ਇਲਾਜ ਕਰਵਾਇਆ ਹੈ। ਹੁਣ ਨਵਾਂ ਫ਼ਾਰਮੂਲਾ ਤੈਅ ਹੋਣ ਮਗਰੋਂ ਹੀ ਇਨ੍ਹਾਂ ਬਿੱਲਾਂ ਨੂੰ ਪ੍ਰਵਾਨਗੀ ਨੂੰ ਮਿਲੇਗੀ। ਚੇਤੇ ਰਹੇ ਕਿ ਵਜ਼ੀਰਾਂ ਅਤੇ ਵਿਧਾਇਕਾਂ ਲਈ ਮੈਡੀਕਲ ਬਿੱਲਾਂ ’ਤੇ ਕੋਈ ਬੰਦਿਸ਼ ਨਹੀਂ ਹੈ।ਜਾਣਕਾਰੀ ਅਨੁਸਾਰ ਗੁਜਰਾਤ ਸਰਕਾਰ ਨੇ ਵੀ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਮੈਡੀਕਲ ਖ਼ਰਚੇ ਲਈ ਫਰਵਰੀ 2019 ਵਿਚ ਨਵੀਂ ਨੀਤੀ ਬਣਾਈ ਸੀ ਜਿਸ ਤਹਿਤ ਮੈਡੀਕਲ ਖ਼ਰਚ ਦੀ ਸੀਮਾ 15 ਲੱਖ ਰੁਪਏ ਤੈਅ ਕੀਤੀ ਗਈ।‘ਆਪ’ ਸਰਕਾਰ ਵਿਧਾਇਕਾਂ ਅਤੇ ਵਜ਼ੀਰਾਂ ਦੇ ਮੈਡੀਕਲ ਖ਼ਰਚੇ ਦਾ ਬਿੱਲ ਘਟਾਉਣਾ ਚਾਹੁੰਦੀ ਹੈ। ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੈਡੀਕਲ ਖ਼ਰਚੇ ਦੇ ਬਿੱਲਾਂ ਦੀ ਵੀ ਘੋਖ ਕੀਤੀ ਹੈ।

                                           ਬਾਦਲਾਂ ਦਾ ਸਭ ਤੋਂ ਵੱਡਾ ਬਿੱਲ

 ਵਰ੍ਹਾ 2007-08 ਤੋਂ 2021-22 ਦੌਰਾਨ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਇਲਾਜ ’ਤੇ ਪੰਜਾਬ ਸਰਕਾਰ ਨੇ 23.50 ਕਰੋੜ ਰੁਪਏ ਖ਼ਰਚੇ ਹਨ। ਸਭ ਤੋਂ ਵੱਡਾ ਮੈਡੀਕਲ ਬਿੱਲ 1997-98 ਤੋਂ 2021-22 ਦੌਰਾਨ ਬਾਦਲ ਪਰਿਵਾਰ ਦਾ 4.98 ਕਰੋੜ ਦਾ ਰਿਹਾ ਹੈ। ਇਸ ਤੋਂ ਇਲਾਵਾ ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦੇ ਇਲਾਜ ’ਤੇ 3.43 ਕਰੋੜ ਰੁਪਏ ਖ਼ਰਚ ਆਏ ਸਨ। ਇਕ ਹੋਰ ਜਾਣਕਾਰੀ ਅਨੁਸਾਰ ਪੰਜਾਬ ਵਿਚ 1 ਜਨਵਰੀ 1998 ਤੋਂ ਅਪਰੈਲ 2003 ਤੱਕ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਸਿਰਫ਼ 250 ਰੁਪਏ ਮੈਡੀਕਲ ਭੱਤਾ ਮਿਲਦਾ ਸੀ। ਸਰਕਾਰ ਨੇ 20 ਫਰਵਰੀ 2004 ਨੂੰ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਅਤੇ ਉਨ੍ਹਾਂ ਦੇ ਚਾਰ ਆਸ਼ਰਿਤਾਂ ਦੇ ਇਲਾਜ ਦੀ ਖ਼ਰਚ ਸੀਮਾ ਹੀ ਖ਼ਤਮ ਕਰ ਦਿੱਤੀ ਸੀ। ਸਿਆਸੀ ਸ਼ਖ਼ਸੀਅਤਾਂ ਵੱਲੋਂ ਇਲਾਜ ਮਗਰੋਂ ਮੈਡੀਕਲ ਬਿੱਲ ਸਰਕਾਰ ਨੂੰ ਭੇਜਿਆ ਜਾਂਦਾ ਹੈ, ਜਿਸ ਦੀ ਪੜਤਾਲ ਸਿਹਤ ਵਿਭਾਗ ਪੰਜਾਬ ਕਰਦਾ ਹੈ।

Tuesday, March 28, 2023

                                                          ਕੈਬਨਿਟ ਵਜ਼ੀਰ
                              ਆਖ਼ਰੀ ਮਹੀਨੇ ਲਾਈ ਫੰਡਾਂ ਦੀ ਝੜੀ !
                                                           ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਵਜ਼ੀਰਾਂ ਨੇ ਆਖ਼ਰ ਅਖ਼ਤਿਆਰੀ ਕੋਟੇ ਦੇ ਫੰਡ ਲੈਪਸ ਹੋਣ ਦੇ ਡਰੋਂ ਹੱਥੋ ਹੱਥ ਵੰਡ ਦਿੱਤੇ ਹਨ। ਚਲੰਤ ਮਾਲੀ ਵਰ੍ਹੇ ਦੇ ਪਹਿਲੇ ਨੌਂ ਮਹੀਨੇ ਕੈਬਨਿਟ ਵਜ਼ੀਰਾਂ ਨੂੰ ਅਖ਼ਤਿਆਰੀ ਕੋਟੇ ਦੇ ਫੰਡਾਂ ਦਾ ਸੋਕਾ ਪਿਆ ਰਿਹਾ ਤੇ ਹੁਣ ਜਿਉਂ ਹੀ ਇਹ ਫੰਡ ਉਨ੍ਹਾਂ ਕੋਲ ਆਏ, ਉਨ੍ਹਾਂ ਬਿਨਾਂ ਦੇਰੀ ਇਨ੍ਹਾਂ ਦੀ ਵੰਡ ਕਰ ਦਿੱਤੀ ਹੈ। ਐਤਕੀਂ ਵਜ਼ੀਰਾਂ ਨੂੰ ਪਹਿਲਾਂ ਦੇ ਮੁਕਾਬਲੇ ਅਖ਼ਤਿਆਰੀ ਕੋਟੇ ਦੇ ਫੰਡ ਕਟੌਤੀ ਕਰਕੇ ਮਿਲੇ ਹਨ। ਪਹਿਲਾਂ ਕੈਬਨਿਟ ਵਜ਼ੀਰਾਂ ਨੂੰ ਅਖ਼ਤਿਆਰੀ ਕੋਟੇ ਵਜੋਂ ਸਾਲਾਨਾ ਤਿੰਨ ਕਰੋੜ ਰੁਪਏ ਮਿਲਦੇ ਸਨ, ਜਦਕਿ ਹੁਣ ਇਹ ਫੰਡ ਘਟਾ ਕੇ ਸਾਲਾਨਾ ਡੇਢ ਕਰੋੜ ਪ੍ਰਤੀ ਵਜ਼ੀਰ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਨੂੰ ਪਹਿਲਾਂ ਸਾਲਾਨਾ 10 ਕਰੋੜ ਰੁਪਏ ਦਾ ਅਖ਼ਤਿਆਰੀ ਕੋਟਾ ਤੈਅ ਸੀ, ਪਰ ਹੁਣ ਇਸ ’ਚ ਕਟੌਤੀ ਕਰ ਕੇ ਪੰਜ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਆਪਣੇ ਅਖ਼ਤਿਆਰੀ ਕੋਟੇ ਦੇ 4.69 ਕਰੋੜ ਦੇ ਫੰਡ ਜਾਰੀ ਕਰ ਦਿੱਤੇ ਹਨ, ਜਦਕਿ 31 ਲੱਖ ਰੁਪਏ ਹਾਲੇ ਬਕਾਇਆ ਪਏ ਹਨ। ਅਖ਼ਤਿਆਰੀ ਕੋਟਿਆਂ ਦੇ ਬਕਾਇਆ ਸਾਰੇ ਫੰਡ 31 ਮਾਰਚ ਨੂੰ ਲੈਪਸ ਹੋ ਜਾਣੇ ਹਨ।

         ਵਿੱਤ ਵਿਭਾਗ ਵੱਲੋਂ 8 ਦਸੰਬਰ 2022 ਨੂੰ ਅਖ਼ਤਿਆਰੀ ਗਰਾਂਟਾਂ ਲਈ 26 ਕਰੋੜ ਰੁਪਏ ਦੀ ਰਕਮ ਤੈਅ ਕੀਤੀ ਗਈ ਸੀ, ਜੋ ਮੁੱਖ ਮੰਤਰੀ ਤੇ 14 ਕੈਬਨਿਟ ਮੰਤਰੀਆਂ ਦੇ ਅਖ਼ਤਿਆਰੀ ਕੋਟੇ ਲਈ ਜਾਰੀ ਕੀਤੀ ਗਈ। ਸੂਤਰ ਦੱਸਦੇ ਹਨ ਕਿ ਬੀਤੇ ਦੋ ਹਫ਼ਤਿਆਂ ਵਿੱਚ ਹੀ ਵਜ਼ੀਰਾਂ ਨੇ ਕਰੀਬ 10 ਕਰੋੜ ਰੁਪਏ ਦੇ ਅਖ਼ਤਿਆਰੀ ਫੰਡ ਵੰਡੇ ਹਨ। ਉਸ ਤੋਂ ਪਹਿਲਾਂ ਵਜ਼ੀਰਾਂ ਅਤੇ ਮੁੱਖ ਮੰਤਰੀ ਨੇ 11.83 ਕਰੋੜ ਦੇ ਫੰਡ ਜਾਰੀ ਕੀਤੇ ਸਨ। ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਦੀ ਕੈਬਨਿਟ ਵਿੱਚ ਨੁਮਾਇੰਦਗੀ ਨਹੀਂ, ਉਨ੍ਹਾਂ ਦੇ ਹਿੱਸੇ ਅਖ਼ਤਿਆਰੀ ਕੋਟੇ ਦੇ ਫੰਡ ਬਹੁਤ ਘੱਟ ਆਏ ਹਨ। ਲੁਧਿਆਣਾ ਜ਼ਿਲ੍ਹੇ ਦੇ ਹਿੱਸੇ ਅਖ਼ਤਿਆਰੀ ਕੋਟੇ ਦੀ ਰਾਸ਼ੀ 30 ਲੱਖ ਤੋਂ ਵੀ ਘੱਟ ਆਈ ਹੈ, ਜਦਕਿ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹੇ ਨੂੰ ਇਹ ਫੰਡ ਜ਼ਿਆਦਾ ਮਿਲੇ ਹਨ ਕਿਉਂਕਿ ਇਨ੍ਹਾਂ ਦੋਵੇਂ ਜ਼ਿਲ੍ਹਿਆਂ ’ਚੋਂ ਚਾਰ ਵਜ਼ੀਰ ਨੁਮਾਇੰਦਗੀ ਕਰ ਰਹੇ ਹਨ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਆਪਣੇ ਹਲਕਾ ਪਟਿਆਲਾ ਦਿਹਾਤੀ ’ਚ ਕਰੀਬ 72 ਲੱਖ ਰੁਪਏ ਦੇ ਫੰਡ ਆਪਣੇ ਅਖ਼ਤਿਆਰੀ ਕੋਟੇ ’ਚੋਂ ਦਿੱਤੇ ਹਨ।

          ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ’ਚ ਅਖ਼ਤਿਆਰੀ ਕੋਟੇ ਦੀ ਗਰਾਂਟ ਸਵਾ ਦੋ ਕਰੋੜ ਰੁਪਏ ਜਾਰੀ ਹੋ ਚੁੱਕੀ ਹੈ। ਇਕੱਲੇ ਬਰਨਾਲਾ ਬਲਾਕ ’ਚ ਸਿੰਜਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 1.05 ਕਰੋੜ ਦੇ ਅਖ਼ਤਿਆਰੀ ਕੋਟੇ ਦੇ ਫੰਡ ਜਾਰੀ ਕੀਤੇ ਹਨ। ਹੁਸ਼ਿਆਰਪੁਰ ਦੇ ਦੋ ਬਲਾਕਾਂ ਵਿੱਚ ਕਰੀਬ 1.15 ਕਰੋੜ ਰੁਪਏ ਦੇ ਫੰਡ ਜਾਰੀ ਹੋਏ ਹਨ। ਕਈ ਵਜ਼ੀਰਾਂ ਨੇ ਦੱਸਿਆ ਕਿ ਅਖ਼ਤਿਆਰੀ ਫੰਡ ਦੇਰ ਨਾਲ ਮਿਲੇ ਸਨ ਤੇ 31 ਮਾਰਚ ਨੇੜੇ ਹੋਣ ਕਰਕੇ ਉਨ੍ਹਾਂ ਨੇ ਫ਼ੌਰੀ ਆਪਣੇ ਫੰਡ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਹਰੋਜਤ ਬੈਂਸ ਆਪਣੇ ਅਖ਼ਤਿਆਰੀ ਕੋਟੇ ਦੇ ਫੰਡ ਜਾਰੀ ਨਹੀਂ ਕਰ ਸਕੇ। ਯਾਦ ਰਹੇ ਕਿ ਇਸ ਵਾਰ ਅਖ਼ਤਿਆਰੀ ਕੋਟੇ ਦੇ ਫੰਡਾਂ ਲਈ ਨਵੀਂ ਪਾਲਿਸੀ ਬਣੀ ਹੈ, ਜਿਸ ਨੂੰ ਮੁੱਖ ਮੰਤਰੀ ਵੱਲੋਂ ਨਵੰਬਰ ਮਹੀਨੇ ’ਚ ਪ੍ਰਵਾਨਗੀ ਦਿੱਤੀ ਗਈ ਸੀ। ‘ਆਪ’ ਸਰਕਾਰ ਦੀ ਕੈਬਨਿਟ ’ਚ ਰਹੇ ਦੋ ਵਜ਼ੀਰਾਂ ਨੂੰ ਤਾਂ ਅਖ਼ਤਿਆਰੀ ਕੋਟੇ ਦੇ ਫੰਡ ਵੰਡਣੇ ਹੀ ਨਸੀਬ ਨਹੀਂ ਹੋਏ। ਮਾਨਸਾ ਤੋਂ ਵਿਜੈ ਸਿੰਗਲਾ ਇਸ ਕੋਟੇ ਦੇ ਫੰਡ ਵੰਡਣ ਤੋਂ ਪਹਿਲਾਂ ਹੀ ਕੈਬਨਿਟ ’ਚੋਂ ਬਰਖ਼ਾਸਤ ਕਰ ਦਿੱਤੇ ਗਏ। ਇਸੇ ਤਰ੍ਹਾਂ ਫੌਜਾ ਸਿੰਘ ਸਰਾਰੀ ਵੀ ਕੈਬਨਿਟ ’ਚੋਂ ਬਾਹਰ ਕਰ ਦਿੱਤੇ ਗਏ ਸਨ।

                               ਸਪੀਕਰ ਤੇ ਡਿਪਟੀ ਸਪੀਕਰ ਖੁਸ਼ਨਸੀਬ ਰਹੇ

ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ’ਤੇ ਸਰਕਾਰ ਦੀ ਅਖ਼ਤਿਆਰੀ ਕੋਟੇ ਦੀ ਨਵੀਂ ਨੀਤੀ ਦਾ ਕੋਈ ਅਸਰ ਨਹੀਂ ਪਿਆ ਹੈ। ਬੇਸ਼ੱਕ ਵਜ਼ੀਰਾਂ ਦੇ ਅਖ਼ਤਿਆਰੀ ਫੰਡ ਪੰਜਾਹ ਫ਼ੀਸਦ ਘਟ ਗਏ ਹਨ, ਪਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਖ਼ਤਿਆਰੀ ਕੋਟੇ ਦੇ ਫੰਡ ਤਿੰਨ ਤਿੰਨ ਕਰੋੜ ਹੀ ਰਹੇ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਸਪੀਕਰ ਨੂੰ ਜੈ ਕ੍ਰਿਸ਼ਨ ਰੋੜੀ ਨੂੰ ਫੰਡਾਂ ਵਿਚ ਕੋਈ ਮੁਸ਼ਕਲ ਨਹੀਂ ਆਈ ਹੈ। 

Monday, March 27, 2023

                                                        ਨਵੀਂ ਖੇਤੀ ਨੀਤੀ 
                            ਧਨਾਢ ਕਿਸਾਨਾਂ ਨੂੰ ਮੁਫ਼ਤ ਬਿਜਲੀ ਬੰਦ ਹੋਵੇਗੀ ? 
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਕੀ ਨਵੀਂ ਖੇਤੀ ਨੀਤੀ ’ਚ ਧਨਾਢ ਕਿਸਾਨਾਂ ਤੋਂ ਬਿਜਲੀ ਸਬਸਿਡੀ ਦੀ ਸਹੂਲਤ ਵਾਪਸ ਲਈ ਜਾਵੇਗੀ ? ਨਵੀਂ ਖੇਤੀ ਨੀਤੀ ਬਣਾ ਰਹੇ 11 ਮੈਂਬਰੀ ਗਰੁੱਪ ਅੱਗੇ ਸਭ ਤੋਂ ਵੱਡੀ ਇਹੋ ਚੁਣੌਤੀ ਹੈ। ‘ਆਪ’ ਸਰਕਾਰ ਲਈ ਸਿਆਸੀ ਤੌਰ ’ਤੇ ਇਹ ਮਸਲਾ ਵੱਡੀ ਇੱਛਾ ਸ਼ਕਤੀ ਦਾ ਹੈ। ਨਵੀਂ ਖੇਤੀ ਨੀਤੀ ਨੂੰ ਦੇਸ਼ ਦੀ ਇੱਕ ਮਾਡਲ ਖੇਤੀ ਨੀਤੀ ਬਣਾਏ ਜਾਣ ’ਤੇ ਸਰਕਾਰ ਕੰਮ ਕਰ ਰਹੀ ਹੈ ਅਤੇ ਹੁਣ ਨਵੀਂ ਖੇਤੀ ਨੀਤੀ ਜੁਲਾਈ ਮਹੀਨੇ ’ਚ ਜਾਰੀ ਹੋਣ ਦੀ ਸੰਭਾਵਨਾ ਹੈ। 11 ਮੈਂਬਰੀ ਗਰੁੱਪ ਨੂੰ ਨੀਤੀ ਤਿਆਰੀ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ। ਨੀਤੀ ਲਈ ਸੁਝਾਓ ਵੀ ਵੱਡੀ ਪੱਧਰ ’ਤੇ ਮਿਲਣ ਲੱਗੇ ਹਨ। 

        ਬੇਸ਼ੱਕ ਖੇਤੀ ਵਿਭਿੰਨਤਾ ਅਤੇ ਕਿਸਾਨਾਂ ਦੀ ਆਮਦਨੀ ’ਚ ਵਾਧੇ ਆਦਿ ਬਾਰੇ ਨੀਤੀ ਤਿਆਰ ਕਰਨ ਵਿਚ ਕੋਈ ਵੱਡੀ ਅੜਚਨ ਨਹੀਂ ਆਵੇਗੀ। ਵੱਡੀ ਚੁਣੌਤੀ ਬਿਜਲੀ ਸਬਸਿਡੀ ਬਣ ਰਹੀ ਹੈ।  ਨਵੀਂ ਖੇਤੀ ਨੀਤੀ ਵਿਚ ਜ਼ਮੀਨੀ ਪਾਣੀ ਬਚਾਉਣਾ ਮੁੱਖ ਫੋਕਸ ਹੈ ਜਿਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਕਣਕ ’ਤੇ ਝੋਨੇ ਦੇ ਗੇੜ ਚੋਂ ਬਾਹਰ ਕੱਢਣਾ। ਫਸਲ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ ਨੇ 23 ਮਾਰਚ ਨੂੰ ਖੇਤੀ ਮਾਹਿਰਾਂ ਦੀ ਮੀਟਿੰਗ ’ਚ ਸੁਝਾਓ ਵੀ ਦਿੱਤਾ ਹੈ ਕਿ ਮੁਫ਼ਤ ਦੀ ਬਿਜਲੀ ਦੀ ਸਹੂਲਤ ਜ਼ਮੀਨੀ ਪਾਣੀ ਮੁਕਾਉਣ ’ਚ ਮੋਹਰੀ ਬਣੀ ਹੈ। 

        ਕਾਂਗਰਸ ਸਰਕਾਰ ਸਮੇਂ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਨੇ ਖੇਤੀ ਨੀਤੀ ਦੀ ਡਰਾਫਟ ਪਾਲਿਸੀ-2018 ’ਚ 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਅਤੇ ਆਮਦਨ ਕਰ ਦੇਣ ਵਾਲੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕਰਨ ਦੀ ਸਿਫਾਰਸ਼ ਕੀਤੀ ਸੀ। ਤਤਕਾਲੀ ਸਰਕਾਰ ਇਨ੍ਹਾਂ ਸਿਫਾਰਸ਼ਾਂ ਤੋਂ ਟਾਲ਼ਾ ਵੱਟਣ ਲਈ ਹੀ ਖੇਤੀ ਨੀਤੀ ਨੂੰ ਲਿਆ ਨਹੀਂ ਸਕੀ ਸੀ। ਮੌਜੂਦਾ ਸਰਕਾਰ ਕੀ ਇੱਛਾ ਸ਼ਕਤੀ ਦਿਖਾ ਸਕੇਗੀ, ਵੱਡਾ ਸੁਆਲ ਇਹੋ ਹੈ। ਦੇਖਿਆ ਜਾਵੇ ਤਾਂ ਪੰਜਾਬ ਵਿਚ 1980 ਵਿਚ ਸਿਰਫ਼ 2.80 ਲੱਖ ਟਿਊਬਵੈੱਲ ਕੁਨੈਕਸ਼ਨ ਅਤੇ 1970-71 ਵਿਚ ਝੋਨੇ ਹੇਠ ਸਿਰਫ਼ 7 ਫੀਸਦੀ ਰਕਬਾ ਸੀ।

        ਪੰਜਾਬ ’ਚ ਇਸ ਵੇਲੇ 14.5 ਲੱਖ ਟਿਊਬਵੈੱਲ ਕੁਨੈਕਸ਼ਨ ਅਤੇ ਖਰੀਫ਼ ਦੀ ਫਸਲ ਚੋਂ 87 ਫੀਸਦੀ ਰਕਬਾ ਝੋਨੇ ਹੇਠ ਹੈ। ਵੇਰਵਿਆਂ ਅਨੁਸਾਰ ਵਿਚ 1.83 ਲੱਖ ਕਿਸਾਨਾਂ ਕੋਲ ਇੱਕ ਤੋਂ ਜਿਆਦਾ ਕੁਨੈਕਸ਼ਨ ਹਨ ਜਦੋਂ ਕਿ 1.42 ਲੱਖ ਕਿਸਾਨਾਂ ਕੋਲ ਦੋ ਦੋ ਟਿਊਬਵੈੱਲ ਕੁਨੈਕਸ਼ਨ ਹਨ। ਤਿੰਨ ਤਿੰਨ ਕੁਨੈਕਸ਼ਨਾਂ ਵਾਲੇ ਕਿਸਾਨਾਂ ਦਾ ਅੰਕੜਾ ਕਰੀਬ 29 ਹਜ਼ਾਰ ਹੈ ਜਦੋਂ ਕਿ ਚਾਰ ਜਾਂ ਚਾਰ ਤੋਂ ਜਿਆਦਾ ਕੁਨੈਕਸ਼ਨਾਂ ਵਾਲੇ ਕਿਸਾਨਾਂ ਦੀ ਗਿਣਤੀ 10 ਹਜ਼ਾਰ ਦੇ ਕਰੀਬ ਬਣਦੀ ਹੈ। ਇੱਕ ਤੋਂ ਜਿਆਦਾ ਕੁਨੈਕਸ਼ਨਾਂ ਵਾਲੇ ਕਿਸਾਨ ਕੁੱਲ ਸਬਸਿਡੀ ਦਾ ਕਰੀਬ 28 ਫੀਸਦੀ ਹਿੱਸਾ ਲੈ ਰਹੇ ਹਨ। 

         ਅਗਲੇ ਮਾਲੀ ਵਰ੍ਹੇ ਲਈ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਕਰੀਬ 9000 ਹਜ਼ਾਰ ਕਰੋੋੜ ਰੁਪਏ ਹੋ ਜਾਣੀ ਹੈ। 1997 ਤੋਂ 2022 ਤੱਕ ਪੰਜਾਬ ਸਰਕਾਰ ਕੁੱਲ ਇੱਕ ਲੱਖ ਕਰੋੜ ਦੀ ਬਿਜਲੀ ਸਬਸਿਡੀ ਦੇ ਚੁੱਕੀ ਹੈ ਜਿਸ ਚੋਂ 77 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ ਖੇਤੀ ਸੈਕਟਰ ਦੀ ਬਣਦੀ ਹੈ। ਮਾਹਿਰ ਇਹ ਮਸ਼ਵਰਾ ਹੁਣ ਦੇ ਰਹੇ ਹਨ ਕਿ ਧਨਾਢ ਕਿਸਾਨਾਂ ਦੀ ਬਿਜਲੀ ਸਬਸਿਡੀ ਬੰਦ ਕਰਕੇ ਦੂਸਰੇ ਕਿਸਾਨਾਂ ਨੂੰ ਇਹੋ ਪੈਸਾ ਦੇ ਦਿੱਤਾ ਜਾਵੇ ਜਿਨ੍ਹਾਂ ਕੋਲ ਕੋਈ ਮੋਟਰ ਕੁਨੈਕਸ਼ਨ ਹੀ ਨਹੀਂ ਹੈ। ਦੂਸਰਾ ਤਰਕ ਇਹ ਹੈ ਕਿ ਕਿਸਾਨਾਂ ਨੂੰ ਮੌਜੂਦਾ ਬਿਜਲੀ ਸਬਸਿਡੀ ਨਗਦ ਰੂਪ ਵਿਚ ਦੇ ਦਿੱਤੀ ਜਾਵੇ ਅਤੇ ਮੋਟਰਾਂ ਦੇ ਬਿੱਲ ਨਗਦ ਪੈਸਾ ਲੈਣ ਮਗਰੋਂ ਖੁਦ ਕਿਸਾਨ ਭਰਨ। ਇਸ ਨਾਲ ਜਿਥੇ ਕਿਸਾਨ ਬਿਜਲੀ ਤੇ ਪਾਣੀ ਸੰਜਮ ਨਾਲ ਵਰਤਣਗੇ, ਉਥੇ ਨਗਦ ਪੈਸੇ ਚੋਂ ਕੁਝ ਬੱਚਤ ਵੀ ਕਰ ਪਾਉਣਗੇ। ਸਰਕਾਰੀ ਸੂਤਰ ਆਖਦੇ ਹਨ ਕਿ ਕੋਈ ਫੈਸਲਾ ਲੈਣ ਤੋਂ ਪਹਿਲਾਂ ਕਿਸਾਨ ਧਿਰਾਂ ਦੀ ਰਜ਼ਾਮੰਦੀ ਲਾਜ਼ਮੀ ਹੋਵੇਗੀ। ਬਹੁਗਿਣਤੀ ਕਿਸਾਨ ਧਿਰਾਂ ਵੱਡੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਹੱਕ ਵਿਚ ਨਹੀਂ ਹਨ। 

ਦੇਸ਼ ਦੇ ਸੱਤ ਸੂਬਿਆਂ ਵਿਚ ਇਸ ਵੇਲੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ। ਜਦੋਂ ਪਹਿਲੀ ਵਾਰੀ ਤਤਕਾਲੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਮੁਫ਼ਤ ਬਿਜਲੀ ਦਾ ਐਲਾਨ 1996 ਵਿਚ ਕੀਤਾ ਸੀ ਤਾਂ ਉਨ੍ਹਾਂ ਨੇ ਸੱਤ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਇਹ ਸੁਵਿਧਾ ਦੇਣ ਦਾ ਫੈਸਲਾ ਕੀਤਾ ਸੀ। ਉਸ ਮਗਰੋਂ ਅਕਾਲੀ ਭਾਜਪਾ ਸਰਕਾਰ ਨੇ ਸਭ ਸ਼ਰਤਾਂ ਹਟਾ ਦਿੱਤੀਆਂ ਸਨ।  ਕਰਨਾਟਕ ਸਰਕਾਰ ਵੱਲੋਂ 10 ਹਾਰਸ ਪਾਵਰ ਤੱਕ ਦੇ ਲੋਡ ਵਾਲੇ ਕੁਨੈਕਸ਼ਨਾਂ ’ਤੇ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ ਜਦੋਂ ਕਿ ਮੱਧ ਪ੍ਰਦੇਸ਼ ਸਰਕਾਰ ਵੱਲੋਂ ਐਸ.ਸੀ/ਐਸ.ਟੀ ਕਿਸਾਨ ਜਿਨ੍ਹਾਂ ਕੋਲ ਇੱਕ ਹੈਕਟੇਅਰ ਜ਼ਮੀਨ ਦੀ ਮਾਲਕੀ ਹੈ ਅਤੇ ਪੰਜ ਹਾਰਸ ਪਾਵਰ ਦੀ ਮੋਟਰ ਹੈ, ਨੂੰ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵੱਲੋਂ ਸਾਰੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਦਿੱਤੀ ਜਾਂਦੀ ਹੈ ਜਦੋਂ ਕਿ ਤੈਲੰਗਾਨਾ ਵੱਲੋਂ ਕਾਰਪੋਰੇਟ ਕਿਸਾਨਾਂ ਤੋਂ ਬਿਨਾਂ ਬਾਕੀ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। 

       ਹਾਲੇ ਕੋਈ ਚਰਚਾ ਨਹੀਂ ਹੋਈ : ਧਾਲੀਵਾਲ

ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਖ ਚੁੱਕੇ ਹਨ ਕਿ ਬਿਜਲੀ ਸਬਸਿਡੀ ਬਾਰੇ ਹਾਲੇ ਕੋਈ ਚਰਚਾ ਨਹੀਂ ਹੋਈ ਹੈ ਅਤੇ ਕਿਸਾਨਾਂ ਤੋਂ ਕੋਈ ਸਹੂਲਤ ਵਾਪਸ ਲੈਣ ਦੀ ਵਿਚਾਰ ਨਹੀਂ ਹੈ। ਦੇਖਿਆ ਜਾਵੇ ਤਾਂ ਇੱਕ ਪਾਸੇ ਪੰਜਾਬ ਸਰਕਾਰ ਆਖ ਰਹੀ ਹੈ ਕਿ ਜ਼ਮੀਨੀ ਪਾਣੀ ਬਚਾਉਣਾ ਤਰਜੀਹੀ ਹੈ ਅਤੇ ਦੂਸਰੀ ਬੰਨ੍ਹੇ ਪੰਜਾਬ ਵਿਧਾਨ ਸਭਾ ਦੀ ਖੇਤੀ ਵਾਰੇ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਜਦੋਂ ਕਿਸੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਖੇਤੀ ਮੋਟਰ ਇੱਕ ਪੁੱਤ ਕੋਲ ਜਾਂਦੀ ਹੈ, ਦੂਸਰੇ ਪੁੱਤਰਾਂ ਨੂੰ ਵੀ ਨਵੇਂ ਮੋਟਰ ਕੁਨੈਕਸ਼ਨ ਦਿੱਤੇ ਜਾਣੇ ਚਾਹੀਦੇ ਹਨ। ਪੰਜਾਬ ਵਿਚ ਨਵੇਂ ਮੋਟਰ ਕੁਨੈਕਸ਼ਨ 2017 ਤੋਂ ਬੰਦ ਪਏ ਹਨ। 



Saturday, March 25, 2023

                                                          ਨਹੀਂ ਮੁੱਕੀ ਝਾਕ
                          ਐਲਾਨੇ ਰੁਜ਼ਗਾਰ ’ਚੋਂ 17 ਫ਼ੀਸਦੀ ਨੂੰ ਨੌਕਰੀ
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ‘ਆਪ’ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ ਦੌਰਾਨ ਪ੍ਰਕਾਸ਼ਿਤ ਅਸਾਮੀਆਂ ’ਚੋਂ ਸਿਰਫ਼ 17 ਫ਼ੀਸਦੀ ਨੂੰ ਹੀ ਨਿਯੁਕਤੀ ਪੱਤਰ ਜਾਰੀ ਹੋਏ ਹਨ। ਸਰਕਾਰ ਨੇ 5 ਮਈ 2022 ਨੂੰ ਸੂਬੇ ਦੇ ਵੱਖ-ਵੱਖ 25 ਵਿਭਾਗਾਂ ’ਚ 26,454 ਅਸਾਮੀਆਂ ਦਾ ਇੱਕ ਸਾਂਝਾ ਇਸ਼ਤਿਹਾਰ ਦਿੱਤਾ ਸੀ। ਇਨ੍ਹਾਂ ਅਸਾਮੀਆਂ ’ਚੋਂ 57 ਫ਼ੀਸਦੀ ਵਾਸਤੇ ਤਾਂ ਹਾਲੇ ਤੱਕ ਕੋਈ ਪ੍ਰੀਖਿਆ ਵੀ ਨਹੀਂ ਹੋਈ ਹੈ, ਜਦੋਂਕਿ 13,981 ਅਸਾਮੀਆਂ ਲਈ ਪ੍ਰੀਖਿਆ ਹੋ ਚੁੱਕੀ ਹੈ। ਜਿਨ੍ਹਾਂ ਅਸਾਮੀਆਂ ਦੀ ਪ੍ਰੀਖਿਆ ਹੋ ਚੁੱਕੀ ਹੈ, ਉਨ੍ਹਾਂ ’ਚੋਂ ਸਿਰਫ਼ 40 ਫ਼ੀਸਦੀ ਦਾ ਨਤੀਜਾ ਐਲਾਨਿਆ ਗਿਆ ਹੈ, ਜੋ ਕਿ 5478 ਅਸਾਮੀਆਂ ਦਾ ਬਣਦਾ ਹੈ। ਅੱਗੇ 5478 ਅਸਾਮੀਆਂ ਦੇ ਐਲਾਨੇ ਨਤੀਜੇ ’ਚੋਂ 4588 ਨਿਯੁਕਤੀ ਪੱਤਰ ਦਿੱਤੇ ਗਏ ਹਨ। ਕੁੱਲ 25 ਵਿਭਾਗਾਂ ਦੀਆਂ ਅਸਾਮੀਆਂ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ ’ਚੋਂ 10 ਵਿਭਾਗਾਂ ਦੀ ਪ੍ਰਕਿਰਿਆ ਹੀ ਸ਼ੁਰੂ ਨਹੀਂ ਹੋਈ ਹੈ।

         ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹ ਉਕਤ ਜਾਣਕਾਰੀ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ। ਸੂਤਰ ਆਖਦੇ ਹਨ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਤਰਸ ਦੇ ਆਧਾਰ ’ਤੇ ਵੱਖ-ਵੱਖ ਵਿਭਾਗਾਂ ਦੇ ਨਿਯੁਕਤੀ ਪੱਤਰ ਮੁੱਖ ਮੰਤਰੀ ਤੇ ਵਜ਼ੀਰਾਂ ਨੇ ਲੰਘੇ ਇੱਕ ਵਰ੍ਹੇ ਦੌਰਾਨ ਵੰਡੇ ਹਨ। ਪੰਜਾਬ ਚੋਣਾਂ 2022 ਲਈ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜੋ ਭਰਤੀ ਪ੍ਰਕਿਰਿਆ ਅਧੀਨ ਸੀ, ਉਸ ’ਚੋਂ ਵੀ ਕਾਫ਼ੀ ਅਸਾਮੀਆਂ ਭਰੀਆਂ ਗਈਆਂ ਹਨ।ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਪ੍ਰਾਪਤੀ ਵਜੋਂ ਰੁਜ਼ਗਾਰ ਦੇਣ ਨੂੰ ਉਭਾਰਿਆ ਜਾ ਰਿਹਾ ਹੈ। ਕਾਰਜਕਾਲ ਦੇ ਪਹਿਲੇ ਵਰ੍ਹੇ ਹੀ ਨੌਕਰੀਆਂ ਕੱਢੇ ਜਾਣ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

         ‘ਆਪ’ ਸਰਕਾਰ ਵੱਲੋਂ ਪ੍ਰਕਾਸ਼ਿਤ ਸਾਂਝੇ ਇਸ਼ਤਿਹਾਰ ਦੀਆਂ 26,454 ਅਸਾਮੀਆਂ ’ਚੋਂ ਇਸ ਵੇਲੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੀਆਂ 230 ਅਸਾਮੀਆਂ ਅਤੇ ਗ੍ਰਹਿ ਵਿਭਾਗ ਦੀਆਂ 4588 ਅਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਇਹ ਸਾਰੀਆਂ ਅਸਾਮੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਐੱਸਐੱਸਐੱਸ ਬੋਰਡ ਤੇ ਵਿਭਾਗੀ ਕਮੇਟੀਆਂ ਵੱਲੋਂ ਭਰੀਆਂ ਜਾ ਰਹੀਆਂ ਹਨ। ਬਿਜਲੀ ਵਿਭਾਗ ’ਚ ਸਹਾਇਕ ਲਾਈਨਮੈਨਾਂ ਦੀਆਂ 1690 ਅਸਾਮੀਆਂ ਲਈ 30 ਸਤੰਬਰ 2022 ਨੂੰ ਟੈਸਟ ਹੋਇਆ ਸੀ ਪਰ ਕਰੀਬ ਛੇ ਮਹੀਨੇ ਮਗਰੋਂ ਵੀ ਇਸ ਦਾ ਨਤੀਜਾ ਨਹੀਂ ਐਲਾਨਿਆ ਗਿਆ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀਆਂ 95 ਅਸਾਮੀਆਂ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 24 ਸਤੰਬਰ 2022 ਨੂੰ ਪ੍ਰੀਖਿਆ ਲਈ ਗਈ ਸੀ ਪਰ ਨਤੀਜਾ ਨਹੀਂ ਐਲਾਨਿਆ ਗਿਆ।

        ਇਸੇ ਤਰ੍ਹਾਂ 1156 ਸਿਪਾਹੀਆਂ, 560 ਸਬ-ਇੰਸਪੈਕਟਰਾਂ ਅਤੇ 787 ਹੌਲਦਾਰਾਂ ਦੀ ਭਰਤੀ ਲਈ ਪ੍ਰੀਖਿਆ 14 ਅਕਤੂਬਰ ਤੋਂ 16 ਅਕਤੂਬਰ 2022 ਤੱਕ ਹੋ ਚੁੱਕੀ ਹੈ ਪਰ ਇਸ ਦਾ ਨਤੀਜਾ ਵੀ ਉਡੀਕਿਆ ਜਾ ਰਿਹਾ ਹੈ।200 ਜੰਗਲਾਤ ਗਾਰਡਾਂ ਦੀ ਪ੍ਰੀਖਿਆ 13 ਨਵੰਬਰ 2022 ਨੂੰ ਹੋਈ ਸੀ, ਜਿਸ ਦਾ ਨਤੀਜਾ ਵੀ ਆ ਚੁੱਕਾ ਹੈ ਪਰ ਇਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਸਹਿਕਾਰਤਾ ਵਿਭਾਗ ਵਿਚ ਰੱਖੇ ਜਾਣ ਵਾਲੇ 738 ਕਲਰਕਾਂ ਲਈ ਪ੍ਰੀਖਿਆ ਲੰਮੇ ਸਮੇਂ ਮਗਰੋਂ 12 ਮਾਰਚ ਨੂੰ ਹੋਈ ਹੈ।

                                ਸਾਰਾ ਜ਼ੋਰ ਪ੍ਰਚਾਰ ’ਤੇ ਹੀ ਲਾਇਆ: ਰੰਧਾਵਾ

ਸਾਬਕਾ ਉੱਪ ਮੁੱਖ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਸਰਕਾਰ ਨੇ ਖ਼ੁਦ ਹੀ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪਹਿਲੇ ਵਰ੍ਹੇ ਵਿਚ 4588 ਉਮੀਦਵਾਰਾਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਕਰੀਆਂ ਦੇਣ ਲਈ ਪ੍ਰਚਾਰ ਕਰਨ ’ਤੇ ਹੀ ਸਾਰਾ ਜ਼ੋਰ ਲਗਾ ਦਿੱਤਾ, ਜਦੋਂ ਕਿ ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਅਤੇ ਇੰਟਰਵਿਊ ਲੈਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਪ੍ਰਕਿਰਿਆ ਆਖ਼ਰੀ ਪੜਾਅ ’ਤੇ ਸੀ, ਉਨ੍ਹਾਂ ਨੂੰ ਹੀ ਨਿਯੁਕਤੀ ਪੱਤਰ ਵੰਡੇ ਹਨ।

Friday, March 17, 2023

                                                       ਨਵੀਆਂ ਚੁਣੌਤੀਆਂ
                              ਤੂੜੀ ਵਾਂਗੂ ਤੁੰਨੀਆਂ ਪਈਆਂ ਨੇ ਜੇਲ੍ਹਾਂ
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਵਿੱਚ ਜੇਲ੍ਹਾਂ ਹੁਣ ਨੱਕੋ-ਨੱਕ ਭਰ ਗਈਆਂ ਹਨ। ਬੰਦੀਆਂ ਲਈ ਹੁਣ ਕਈ ਜੇਲ੍ਹਾਂ ਵਿਚ ਪੈਰ ਰੱਖਣ ਲਈ ਥਾਂ ਨਹੀਂ ਹੈ। ਜੇਲ੍ਹਾਂ ’ਚ ਸਮਰੱਥਾ ਘੱਟ ਹੈ, ਜਦਕਿ ਬੰਦੀਆਂ ਦਾ ਘੜਮੱਸ ਵੱਧ ਹੈ। ਵੱਡੀ ਗਿਣਤੀ ਵਿਚਾਰ ਅਧੀਨ ਬੰਦੀਆਂ ਦੀ ਹੈ। ਅੱਗੇ ਗਰਮੀ ਦਾ ਮੌਸਮ ਹੈ ਤੇ ਜੇਲ੍ਹਾਂ ਵਿਚ ਸਮਰੱਥਾ ਤੋਂ ਵੱਧ ਬੰਦੀ ਹਨ। ਸਰਕਾਰ ਨੂੰ ਨਵੀਆਂ ਮੁਸ਼ਕਲਾਂ ਤੇ ਚੁਣੌਤੀਆਂ ਨਾਲ ਨਜਿੱਠਣਾ ਪੈਣਾ ਹੈ। ਪੰਜਾਬ ਵਿਚ 25 ਜੇਲ੍ਹਾਂ ਹਨ, ਜਿਨ੍ਹਾਂ ਦੀ ਸਮਰੱਥਾ ਕੁੱਲ 26,904 ਬੰਦੀਆਂ ਦੀ ਹੈ, ਜਦੋਂਕਿ ਮੌਜੂਦਾ ਸਮੇਂ ਵਿੱਚ ਇਨ੍ਹਾਂ ਜੇਲ੍ਹਾਂ ’ਚ 30,477 ਬੰਦੀ ਹਨ। ‘ਆਪ’ ਸਰਕਾਰ ਦੇ ਇੱਕ ਵਰ੍ਹੇ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਖ਼ਿਲਾਫ਼ 13,094 ਪੁਲੀਸ ਕੇਸ ਦਰਜ ਕਰਕੇ 17,568 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੇਲ੍ਹਾਂ ਵਿੱਚ 85 ਫ਼ੀਸਦ ਕੈਦੀਆਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਨ੍ਹਾਂ ਦਾ ਅੰਕੜਾ 25,854 ਬਣਦਾ ਹੈ।

           ਪੰਜਾਬ ਦੀਆਂ ਜੇਲ੍ਹਾਂ ਵਿਚ ਕਰੀਬ 3573 ਬੰਦੀ ਸਮਰੱਥਾ ਤੋਂ ਵੱਧ ਹਨ। ਇੱਕ-ਇੱਕ ਬੈਰਕ ਵਿੱਚ ਸਮਰੱਥਾ ਤੋਂ ਦੁੱਗਣੀ ਗਿਣਤੀ ’ਚ ਬੰਦੀ ਬੰਦ ਕੀਤੇ ਗਏ ਹਨ। ਵੱਡੀ ਗਿਣਤੀ ਜੇਲ੍ਹਾਂ ਵਿਚ ਵਿਚਾਰ ਅਧੀਨ ਕੈਦੀਆਂ ਦੀ ਹੈ, ਜੋ ਕਿ 24,529 ਬਣਦੇ ਹਨ। ਜੇਲ੍ਹਾਂ ਵਿਚ ਇਸ ਵੇਲੇ 1511 ਔਰਤਾਂ ਅਤੇ 28,957 ਪੁਰਸ਼ ਬੰਦ ਹਨ। ਕਪੂਰਥਲਾ, ਲੁਧਿਆਣਾ, ਪਟਿਆਲਾ, ਸੰਗਰੂਰ, ਰੋਪੜ ਤੇ ਅੰਮ੍ਰਿਤਸਰ ਜੇਲ੍ਹ ਵਿਚ ਸਮਰੱਥਾ ਤੋਂ ਕਿਤੇ ਵੱਧ ਬੰਦੀ ਹਨ। ਕੁੱਝ ਸਮਾਂ ਪਹਿਲਾਂ ਹੀ ਗੋਇੰਦਵਾਲ ਜੇਲ੍ਹ ਸ਼ੁਰੂ ਹੋਈ ਹੈ, ਜਿੱਥੇ ਇਸ ਵੇਲੇ 1643 ਬੰਦੀ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿਚ 4354 ਬੰਦੀ ਹਨ, ਜਿਨ੍ਹਾਂ ’ਚੋਂ 3590 ਵਿਚਾਰ ਅਧੀਨ ਬੰਦੀ ਹਨ ਅਤੇ ਕਪੂਰਥਲਾ ਜੇਲ੍ਹ ਵਿਚ 3740 ਬੰਦੀ ਹਨ, ਜਿਨ੍ਹਾਂ ਚੋਂ 2994 ਵਿਚਾਰ ਅਧੀਨ ਹਨ। ਇਸੇ ਤਰ੍ਹਾਂ ਹੀ ਪਟਿਆਲਾ ਜੇਲ੍ਹ ਵਿਚ 2481 ਬੰਦੀਆਂ ’ਚੋਂ 1980 ਵਿਚਾਰ ਅਧੀਨ ਬੰਦੀ ਹਨ। 

         ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀ ਆਖਦੇ ਹਨ ਕਿ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰ ਵੱਡੀ ਗਿਣਤੀ ’ਚ ਫੜੇ ਗਏ ਹਨ, ਜਿਸ ਕਰ ਕੇ ਗਿਣਤੀ ਵਧੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਸ਼ਰ ਹੋਣ ਤੋਂ ਪੰਜਾਬ ਦੀਆਂ ਜੇਲ੍ਹਾਂ ਮੁੜ ਚਰਚਾ ਵਿਚ ਹਨ ਅਤੇ 26 ਫਰਵਰੀ ਨੂੰ ਗੋਇੰਦਵਾਲ ਜੇਲ੍ਹ ਵਿੱਚ ਦੋ ਗੈਂਗਸਟਰਾਂ ਦਾ ਕਤਲ ਹੋਣ ’ਤੇ ਵੀ ਜੇਲ੍ਹ ਵਿਭਾਗ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਇਸ ਵੇਲੇ ਕਈ ਜੇਲ੍ਹਾਂ ਵਿਚ ਬੰਦੀਆਂ ਨੂੰ ਸਾਹ ਨਹੀਂ ਆ ਰਿਹਾ। ਸੂਤਰ ਦੱਸਦੇ ਹਨ ਕਿ ਜੇਲ੍ਹਾਂ ਵਿਚ ਬਹੁਤੇ ਬੰਦੇ ਤਾਂ ਛੋਟੇ ਮੋਟੇ ਜੁਰਮਾਂ ਵਾਲੇ ਹੀ ਹਨ। ਮੁੱਖ ਮੰਤਰੀ ਭਗਵੰਤ ਮਾਨ ਆਖ ਰਹੇ ਹਨ ਕਿ ਉਹ ਜੇਲ੍ਹਾਂ ਨੂੰ ਅਸਲ ਵਿਚ ਸੁਧਾਰ ਘਰ ਬਣਾਉਣਾ ਚਾਹੁੰਦੇ ਹਨ। 

                                   ਪੰਜਾਬ ਦੇਸ਼ ਵਿੱਚੋਂ ਪੰਜਵੇਂ ਨੰਬਰ ’ਤੇ

ਦੇਸ਼ ਵਿੱਚ ਇਸ ਵੇਲੇ 5.79 ਲੱਖ ਕੁੱਲ ਬੰਦੀ ਜੇਲ੍ਹਾਂ ਵਿਚ ਬੰਦ ਹਨ। ਮੁਲਕ ਭਰ ’ਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਵਿਚ ਬੰਦੀ ਹਨ, ਜੋ ਕਿ 1.10 ਲੱਖ ਬਣਦੇ ਹਨ। ਦੂਸਰਾ ਨੰਬਰ ਬਿਹਾਰ ਦਾ ਹੈ, ਜਿੱਥੇ 61,848 ਬੰਦੀ ਬੰਦ ਹਨ, ਜਦੋਂਕਿ ਮੱਧ ਪ੍ਰਦੇਸ਼ ਦੀਆਂ ਜੇਲ੍ਹਾਂ ਵਿਚ 45,602 ਬੰਦੀ ਹਨ। ਚੌਥੇ ਨੰਬਰ ’ਤੇ ਮਹਾਰਾਸ਼ਟਰ ਹੈ, ਜਿੱਥੇ 43,718 ਬੰਦੀ ਹਨ। ਪੰਜਵਾਂ ਨੰਬਰ ਹੁਣ ਪੰਜਾਬ ਦਾ ਆ ਗਿਆ ਹੈ। ਨਜ਼ਰ ਮਾਰੀਏ ਤਾਂ ਪਿਛਲੇ 9 ਮਹੀਨਿਆਂ ਦੌਰਾਨ ਦੇਸ਼ ਦੀਆਂ ਜੇਲ੍ਹਾਂ ਵਿਚ ਬੰਦੀਆਂ ਦੇ ਅੰਕੜੇ ਵਿਚ 21 ਹਜ਼ਾਰ ਦੀ ਕਮੀ ਆਈ ਹੈ। ਹਰਿਆਣਾ ਵੀ ਹੁਣ ਪੰਜਾਬ ਨਾਲੋਂ ਪਿੱਛੇ ਚਲਾ ਗਿਆ ਹੈ।

Tuesday, March 14, 2023

                                                       ਕੌਣ ਦਿਲਾਂ ਦੀ ਜਾਣੇ 
                                 ਦਿਲ ਦੇ ਕਮਜ਼ੋਰ ਹੋ ਗਏ ਪੰਜਾਬੀ..! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬੀ ਹੁਣ ਦਿਲ ਦੇ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਹ ਨਾ ਤਾਂ ਦਬਾਅ ਝੱਲਣ ਜੋਗੇ ਰਹੇ ਨੇ ਅਤੇ ਨਾ ਹੀ ਹੱਥੀਂ ਕੰਮ ਕਰਨ ਦੇ ਜਨੂੰਨੀ ਰਹੇ ਹਨ। ਜ਼ਿੰਦਗੀ ਦੇ ਬਦਲੇ ਤੌਰ ਤਰੀਕੇ ਪੰਜਾਬ ਦੇ ਜੁੱਸੇ ਨੂੰ ਢਾਹੁਣ ਲੱਗੇ ਹਨ। ਸਿਹਤ ਵਿਭਾਗ ਵੱਲੋਂ ਪੇਸ਼ ਤਸਵੀਰ ਬੜੀ ਡਰਾਉਣੀ ਹੈ। ਲੰਘੇ 13 ਵਰ੍ਹਿਆਂ ਦਾ ਅੰਕੜਾ ਦੇਖੀਏ ਤਾਂ ਦਿਲ ਦਾ ਦੌਰਾ ਪੈਣ ਕਰਕੇ ਔਸਤਨ ਹਰ ਘੰਟੇ ਚਾਰ ਪੰਜਾਬੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਪ੍ਰਤੀ ਦਿਨ 98.5 ਮੌਤਾਂ ਅਤੇ ਹਰ ਮਹੀਨੇ ਔਸਤਨ 3038 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਦਾ ਹੈ।ਸਿਹਤ ਵਿਭਾਗ ਪੰਜਾਬ ਦੇ ‘ਮੌਤ ਰਜਿਸਟ੍ਰੇਸ਼ਨ’ ਰਿਕਾਰਡ ਅਨੁਸਾਰ ਪੰਜਾਬ ਵਿਚ ਇੱਕ ਜਨਵਰੀ 2010 ਤੋਂ 31 ਦਸੰਬਰ 2022 ਤੱਕ ਦਿਲ ਦੇ ਦੌਰੇ ਨੇ 4,67,559 ਲੋਕਾਂ ਦੀ ਜਾਨ ਲੈ ਲਈ ਹੈ। ਮਤਲਬ ਕਿ ਹਰ ਵਰ੍ਹੇ ਔਸਤਨ 35,959 ਲੋਕਾਂ ਦੀ ਜਾਨ ਦਿਲ ਦਾ ਦੌਰਾ ਲੈ ਰਿਹਾ ਹੈ। ਪਿਛਲੇ ਤਿੰਨ ਚਾਰ ਮਹੀਨੇ ’ਚ ਵਿਦੇਸ਼ਾਂ ਵਿਚ ਪੜਾਈ ਲਈ ਗਏ ਨੌਜਵਾਨ ਵੀ ਦਿਲ ਦਾ ਦੌਰਾ ਪੈਣ ਕਰਕੇ ਫ਼ੌਤ ਹੋ ਚੁੱਕੇ ਹਨ। 40 ਸਾਲ ਦੀ ਉਮਰ ਤੋਂ ਘੱਟ ਦੇ ਨੌਜਵਾਨ ਇਸ ਦੀ ਜਕੜ ’ਚ ਆਉਣ ਲੱਗੇ ਹਨ। ਪਹਿਲਾਂ ਅਜਿਹਾ ਬਹੁਤ ਹੀ ਘੱਟ ਹੁੰਦਾ ਸੀ। 

         ਇਸੇ ਫਰਵਰੀ ਮਹੀਨੇ ’ਚ ਤਲਵਾੜਾ ਦਾ ਤਲਵਿੰਦਰ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਉਹ ਅਮਰੀਕਾ ਵਿਚ ਪੜਾਈ ਲਈ ਗਿਆ ਹੋਇਆ ਸੀ। ਲੁਧਿਆਣਾ ਦਾ ਨੌਜਵਾਨ ਸ਼ਮਸ਼ੇਰ ਸਿੰਘ ਕੈਨੇਡਾ ਵਿਚ ਹਰਟ ਅਟੈਕ ਦੀ ਲਪੇਟ ਵਿਚ ਆਇਆ ਹੈ ਅਤੇ ਪਟਿਆਲਾ ਦਾ 25 ਵਰ੍ਹਿਆਂ ਦਾ ਲੜਕਾ ਹਰਸ਼ੀਸ਼ ਸਿੰਘ ਵੀ ਕੈਨੇਡਾ ਵਿਚ ਹਰਟ ਅਟੈਕ ਕਾਰਨ ਮੌਤ ਦੇ ਮੂੰਹ ਜਾ ਪਿਆ ਹੈ। ਲਹਿਰਾਗਾਗਾ ਦੇ ਇੱਕ ਪਿੰਡ ਵਿਚ 20 ਸਾਲ ਨੌਜਵਾਨ ਇਸੇ ਬਿਮਾਰੀ ਨਾਲ ਮੌਤ ਦਾ ਸ਼ਿਕਾਰ ਹੋ ਗਿਆ। ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਜਨਵਰੀ ਮਹੀਨੇ ਵਿਚ ਦਿਲ ਦਾ ਦੌਰਾ ਪੈਣ ਕਰਕੇ ਹੀ ਮੌਤ ਹੋਈ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸੁਆਲ ਦੇ ਜੁਆਬ ਵਿਚ ਵਿਧਾਨ ਸਭਾ ’ਚ ਜੋ ਲਿਖਤੀ ਜੁਆਬ ਆਇਆ ਹੈ, ਉਸ ਅਨੁਸਾਰ ਇਕੱਲੇ ਤਰਨਤਾਰਨ ਜ਼ਿਲ੍ਹੇ ਵਿਚ ਇਨ੍ਹਾਂ 13 ਸਾਲਾਂ ’ਚ 43,470 ਲੋਕਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਚੁੱਕੀ ਹੈ। ਇਸ ਜ਼ਿਲ੍ਹੇ ’ਚ ਵਰ੍ਹਾ 2010 ਵਿਚ ਸਿਰਫ਼ 811 ਮੌਤਾਂ ਦਿਲ ਦਾ ਦੌਰਾ ਪੈਣ ਕਰਕੇ ਹੋਈਆਂ ਸਨ ਜਦੋਂ ਕਿ 2022 ਵਿਚ 4239 ਮੌਤਾਂ ਦਾ ਕਾਰਨ ਦਿਲ ਦਾ ਦੌਰਾ ਬਣਿਆ ਹੈ।                                                                    

        ਮਾਹਿਰ ਡਾਕਟਰ ਆਖਦੇ ਹਨ ਕਿ ਇਸ ਦੀ ਮਾਰ ਵਿਸ਼ਵ ਪੱਧਰ ’ਤੇ ਹੀ ਹੈ। ਪੰਜਾਬ ’ਚ ਦਿਲ ਦਾ ਰੋਗਾਂ ਦੇ ਪ੍ਰਾਈਵੇਟ ਹਸਪਤਾਲ ਥਾਂ ਥਾਂ ਖੁੱਲ੍ਹ ਗਏ ਹਨ। ਛੋਟੀ ਉਮਰੇ ਹੀ ਸਟੈਂਟ ਪੈਣ ਲੱਗੇ ਹਨ। ਕੇਂਦਰੀ ਸਿਹਤ ਸਰਵੇ ’ਚ ਦਿਲ ਦਾ ਦੌਰਾ ਪੈਣ ਦੇ ਮੁੱਖ ਚਾਰ ਕਾਰਨ ਸ਼ਨਾਖ਼ਤ ਕੀਤੇ ਗਏ ਹਨ। ਦਿਲ ਦੇ ਦੌਰੇ ਦਾ ਖ਼ਤਰਾ ਤੰਬਾਕੂ ਦੀ ਵਧੇਰੇ ਵਰਤੋਂ ਹੈ। ਲੋੜੋਂ ਘੱਟ ਸਰੀਰਕ ਗਤੀਵਿਧੀ ਅਤੇ ਉੱਪਰੋਂ ਪੌਸ਼ਟਿਕ ਖ਼ੁਰਾਕ ਦੀ ਕਮੀ, ਵੱਡਾ ਕਾਰਨ ਬਣਦੀ ਹੈ। ਸ਼ਰਾਬ ਨੂੰ ਵੀ ਇਸ ਦਾ ਕਾਰਨ ਸਮਝਿਆ ਜਾਂਦਾ ਹੈ। ਪੰਜਾਬ ’ਚ ਵੇਖਣ ਨੂੰ ਮਿਲਿਆ ਹੈ ਕਿ ਜਿੰਮ ਅੰਦਰ ਵੀ ਨੌਜਵਾਨਾਂ ਨੂੰ ਦਿਲ ਦੇ ਦੌਰੇ ਪੈ ਜਾਂਦੇ ਹਨ। ਮਾਹਿਰ ਆਖਦੇ ਹਨ ਕਿ ਇਕਦਮ ਭਾਰੀ ਵਰਜ਼ਿਸ਼ ਕਰਨੀ ਵੀ ਘਾਤਕ ਹੈ ਅਤੇ ਉਸ ਤੋਂ ਪਹਿਲਾਂ ਹਲਕੀ ਵਰਜ਼ਿਸ਼ ਜ਼ਰੂਰੀ ਹੈ। ਫਲ਼ਾਂ ਤੇ ਸਬਜ਼ੀਆਂ ਦੀ ਮਾਤਰਾ ਘੱਟ ਹੋਣੀ ਅਤੇ ਜੰਕ ਫੂਡ ਵਧੇਰੇ ਲੈਣ ਦਾ ਰੁਝਾਨ ਵੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਵੀ ਪੰਜਾਬੀ ਜ਼ਿਆਦਾ ਹੋ ਰਹੇ ਹਨ। 

               ਮਨ ਤੇ ਤਨ ਵੀ ਗੁਆ ਲਏ : ਡਾ. ਰਵੀ ਰਵਿੰਦਰ

ਦਿੱਲੀ ’ਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਦਾ ਪ੍ਰਤੀਕਰਮ ਹੈ ਕਿ ਅਸਲ ਵਿਚ ਨਵੀਂ ਪੀੜੀ ਪੰਜਾਬੀ ਵਿਰਾਸਤ ਤੇ ਕਲਚਰ ਤੋਂ ਦੂਰ ਹੋ ਗਈ ਹੈ। ਬਾਬੇ ਨਾਨਕ ਦੇ ਕਿਰਤ ਦੇ ਹੋਕੇ ਨੂੰ ਵਿਸਾਰ ਦਿੱਤਾ ਹੈ ਅਤੇ ਖਾਣ ਪੀਣ ਪੁਰਾਣਾ ਹੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਦੌਰ ਨੇ ਮਾਨਸਿਕ ਵਿਹਲ ਵੀ ਖੋਹ ਲਈ ਹੈ। ਚੜ੍ਹਦੀ ਕਲਾ ਵਾਲਾ ਮਨ ਵੀ ਗੁਆ ਲਿਆ ਅਤੇ ਪੱਛਮੀ ਖਾਣਿਆਂ ਨੇ ਤਨ ਵੀ ਖਾ ਲਿਆ। ਨੌਜਵਾਨ ਬਿਪਤਾ ਨੂੰ ਝੱਲਣ ਜੋਗੇ ਹੀ ਨਹੀਂ ਰਹੇ ਹਨ ਜਿਸ ਦਾ ਨਤੀਜਾ ਸਾਹਮਣੇ ਹੈ। 


Monday, March 13, 2023

                                                         ‘ ਉੱਡਤਾ ਪੰਜਾਬ ’ 
                                     ਹੁਣ ਪੱਲਾ ਨਹੀਂ ਛੱਡ ਰਿਹਾ
                                                          ਚਰਨਜੀਤ ਭੁੱਲਰ   

ਚੰਡੀਗੜ੍ਹ :  ‘ਉੱਡਤਾ ਪੰਜਾਬ ’ ਦੇ ਦਾਗ਼ ਧੋਣ ਲਈ ਰਾਜ ਦੇ ਲੱਖਾਂ ਨੌਜਵਾਨ ਅੱਗੇ ਆਏ ਪਰ ਨਸ਼ਿਆਂ ਤੋਂ ਪਿੱਛਾ ਟਾਵੇਂ ਹੀ ਛੁਡਾ ਸਕੇ। ਨਵਾਂ ਅੰਕੜਾ ਫ਼ਿਕਰ ਖੜ੍ਹੇ ਕਰਨ ਵਾਲਾ ਹੈ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ’ਚ ਲੰਘੇ ਸਵਾ ਛੇ ਵਰ੍ਹਿਆਂ ’ਚ 8.82 ਲੱਖ ਮਰੀਜ਼ ਪੁੱਜੇ ਪ੍ਰੰਤੂ ਇਨ੍ਹਾਂ ਚੋਂ ਨਸ਼ੇ ਨੂੰ ਸਿਰਫ਼ 4106 ਵਿਅਕਤੀ ਹੀ ਅਲਵਿਦਾ ਆਖ ਸਕੇ। ਅੱਧਾ ਫ਼ੀਸਦੀ ਤੋਂ ਵੀ ਘੱਟ ਵਿਅਕਤੀ ਨਸ਼ਾ ਛੱਡਣ ’ਚ ਸਫਲ ਹੋਏ ਹਨ। ਵੱਡੀ ਗਿਣਤੀ ਉਨ੍ਹਾਂ ਦੀ ਹੈ ਜਿਨ੍ਹਾਂ ਨਸ਼ਾ ਛੱਡ ਦਿੱਤਾ ਲੇਕਿਨ ਉਹ ਓਟ ਸੈਂਟਰਾਂ ’ਚ ਮਿਲਦੀ ਗੋਲੀ ਦੀ ਚਾਟ ਤੇ ਲੱਗ ਗਏ ਹਨ। ਪੰਜਾਬ ’ਚ ਇਸ ਵਕਤ 26 ਸਰਕਾਰੀ ਅਤੇ 182 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ। ਇਸ ਤੋਂ ਬਿਨਾਂ 19 ਸਰਕਾਰੀ ਅਤੇ 75 ਪ੍ਰਾਈਵੇਟ ਮੁੜ ਵਸੇਬਾ ਸੈਂਟਰ ਹਨ। 26 ਅਕਤੂਬਰ 2017 ਤੋਂ ਇਨ੍ਹਾਂ ਕੇਂਦਰਾਂ ’ਚ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਦਾ ਰਿਕਾਰਡ ਮੇਨਟੇਨ ਕਰਨਾ ਸ਼ੁਰੂ ਕੀਤਾ ਸੀ। ਅਕਤੂਬਰ 2017 ਤੋਂ ਫਰਵਰੀ 2023 ਤੱਕ ਇਨ੍ਹਾਂ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ/ਓਟ ਕਲੀਨਿਕਾਂ ’ਚ 8.82 ਲੱਖ ਮਰੀਜ਼ ਰਜਿਸਟਰਡ ਹੋਏ ਹਨ ਜਿਨ੍ਹਾਂ ਚੋਂ 2.63 ਲੱਖ ਸਰਕਾਰੀ ਅਤੇ 6.19 ਲੱਖ ਮਰੀਜ਼ ਪ੍ਰਾਈਵੇਟ ਕੇਂਦਰਾਂ ਵਿਚ ਰਜਿਸਟਰਡ ਹੋਏ।   

        ਓਟ ਕਲੀਨਿਕਾਂ ਅਤੇ ਇਨ੍ਹਾਂ ਕੇਂਦਰਾਂ ਵਿਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਪਰੋਨੋਰਫਿਨ, ਨਾਲੇਕਸਨ, ਟਰਾਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਅਧਿਕਾਰੀ ਦੱਸਦੇ ਹਨ ਕਿ ਬਹੁਤੇ ਨਸ਼ੇੜੀ ਤਾਂ ਇਨ੍ਹਾਂ ਦਵਾਈਆਂ ’ਤੇ ਲੱਗ ਗਏ ਹਨ। ਪੰਜਾਬ ਵਿਧਾਨ ਸਭਾ ’ਚ ਵੀ ਇਹ ਮਸਲਾ ਉੱਠਿਆ ਸੀ ਕਿ ਓਟ ਕਲੀਨਿਕਾਂ ’ਚ ਮਿਲਦੀ ਗੋਲੀ ਨੂੰ ਬਤੌਰ ਨਸ਼ਾ ਹੀ ਮਰੀਜ਼ ਲੈ ਰਹੇ ਹਨ ਅਤੇ ਇਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ’ਚ ਸਿਆਸੀ ਸੱਤਾ ਦੇ ਬਦਲਾਓ ਪਿੱਛੋਂ ਵੀ ਇਨ੍ਹਾਂ ਕੇਂਦਰਾਂ ਵਿਚ ਮਰੀਜ਼ਾਂ ਦੇ ਅੰਕੜੇ ਵਿਚ ਕੋਈ ਫ਼ਰਕ ਨਹੀਂ ਆਇਆ ਹੈ। ਵਿਧਾਨ ਸਭਾ ’ਚ ਬਸਪਾ ਵਿਧਾਇਕ ਡਾ. ਨਛੱਤਰ ਪਾਲ ਦੇ ਲਿਖਤੀ ਸੁਆਲ ਦੇ ਜੁਆਬ ਵਿਚ ਪੰਜਾਬ ਸਰਕਾਰ ਨੇ ਦੱਸਿਆ ਕਿ ਵਰ੍ਹਾ 2023 ਦੇ ਪਹਿਲੇ ਦੋ ਮਹੀਨਿਆਂ ਵਿਚ ਇਨ੍ਹਾਂ ਕੇਂਦਰਾਂ ਵਿਚ 15978 ਮਰੀਜ਼ ਪੁੱਜੇ ਹਨ। ਕਾਂਗਰਸੀ ਰਾਜ ਭਾਗ ਆਉਣ ਸਮੇਂ ਪਹਿਲੇ ਵਰ੍ਹੇ 2017 ਵਿਚ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ 1790 ਰਹੀ।

          ਸਰਕਾਰੀ ਤੱਥਾਂ ਅਨੁਸਾਰ ਸਾਲ 2018 ਵਿਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ 1.20 ਲੱਖ, ਸਾਲ 2019 ਵਿਚ 2.43 ਲੱਖ, ਵਰ੍ਹਾ 2020 ਵਿਚ 2.47 ਲੱਖ, ਸਾਲ 2021 ਵਿਚ 1.26 ਲੱਖ ਅਤੇ ਸਾਲ 2022 ਵਿਚ ਇਹ ਅੰਕੜਾ 1.05 ਲੱਖ ਦੀ ਰਹੀ। ਸਰਕਾਰੀ ਨਸ਼ਾ ਛੁਡਾਊ ਕੇਂਦਰਾਂ/ਓਟ ਕਲੀਨਿਕਾਂ ’ਤੇ ਨਜ਼ਰ ਮਾਰੀਏ ਤਾਂ ਬਠਿੰਡਾ ਜ਼ਿਲ੍ਹੇ ਦਾ ਪਹਿਲਾ ਨੰਬਰ ਹੈ ਜਿੱਥੇ ਇਨ੍ਹਾਂ ਸਵਾ ਛੇ ਸਾਲਾਂ ਵਿਚ 24,328 ਮਰੀਜ਼ ਪੁੱਜੇ, ਦੂਸਰਾ ਨੰਬਰ ਤਰਨਤਾਰਨ ਦਾ ਹੈ ਜਿੱਥੇ 23,648 ਮਰੀਜ਼ ਰਜਿਸਟਰਡ ਹੋਏ। ਅੰਮ੍ਰਿਤਸਰ ਵਿਚ 20379, ਗੁਰਦਾਸਪੁਰ ਵਿਚ 20901, ਮੋਗਾ ਵਿਚ 19622 ਅਤੇ ਫ਼ਰੀਦਕੋਟ ਵਿਚ 11636 ਮਰੀਜ਼ ਇਨ੍ਹਾਂ ਕੇਂਦਰਾਂ ’ਚ ਪੁੱਜੇ। 

          ਬਦਨਾਮੀ ਦੇ ਡਰੋਂ ਬਹੁਤੇ ਨਸ਼ੇੜੀ ਪ੍ਰਾਈਵੇਟ ਕੇਂਦਰਾਂ ਨੂੰ ਤਰਜ਼ੀਹ ਦਿੰਦੇ ਹਨ ਜਿਸ ਕਰਕੇ ਸਰਕਾਰੀ ਨਾਲੋਂ ਚਾਰ ਗੁਣਾ ਵੱਧ ਭੀੜ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਰਹੀ ਹੈ। ਮੁਹਾਲੀ ਦੇ ਸਰਕਾਰੀ ਕੇਂਦਰਾਂ ਵਿਚ ਸਵਾ ਛੇ ਸਾਲਾਂ ਵਿਚ ਸਿਰਫ਼ 3246 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 31709 ਮਰੀਜ਼ ਪੁੱਜੇ ਹਨ। ਮਿਸਾਲ ਦੇ ਤੌਰ ’ਤੇ ਰੋਪੜ ਦੇ ਸਰਕਾਰੀ ਕੇਂਦਰਾਂ ਵਿਚ ਸਿਰਫ਼ 4716 ਮਰੀਜ਼ ਪੁੱਜੇ ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿਚ 11254 ਮਰੀਜ਼ ਇਲਾਜ ਲਈ ਰਜਿਸਟਰਡ ਹੋਏ। 

          ਪੰਜਾਬ ਦੇ ਪ੍ਰਾਈਵੇਟ ਕੇਂਦਰਾਂ ਦਾ ਅੰਕੜਾ ਵੇਖੀਏ ਤਾਂ ਜ਼ਿਲ੍ਹਾ ਲੁਧਿਆਣਾ ਵਿਚ ਲੰਘੇ ਸਵਾ ਛੇ ਸਾਲਾਂ ਵਿਚ 1.21 ਲੱਖ ਮਰੀਜ਼ ਰਜਿਸਟਰਡ ਹੋਏ ਹਨ ਜਦੋਂ ਕਿ ਪਟਿਆਲਾ ਜ਼ਿਲ੍ਹੇ ਵਿਚ 54933 ਮਰੀਜ਼ ਪੁੱਜੇ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਕੇਂਦਰਾਂ ਵਿਚ 25682, ਮੁਕਤਸਰ ਵਿਚ 42380, ਹੁਸ਼ਿਆਰਪੁਰ ਵਿਚ 31104 ਅਤੇ ਬਰਨਾਲਾ ਵਿਚ 19779 ਮਰੀਜ਼ ਰਜਿਸਟਰਡ ਹੋਏ ਹਨ। ਨਸ਼ਿਆਂ ਨੂੰ ਛੱਡਣ ਵਾਲੇ ਮਰੀਜ਼ਾਂ ਦੀ ਗਿਣਤੀ ਸਿਰਫ਼ 4106 ਹੈ ਜਿਸ ਚੋਂ ਸਰਕਾਰੀ ਕੇਂਦਰਾਂ ਵਿਚ 3810 ਅਤੇ ਪ੍ਰਾਈਵੇਟ ਕੇਂਦਰਾਂ ਵਿਚ 296 ਲੋਕਾਂ ਨੇ ਨਸ਼ਿਆਂ ਨੂੰ ਅਲਵਿਦਾ ਕਿਹਾ ਹੈ। 

                       ਸਮਾਜਿਕ ਦਬਾਓ ਵੀ ਵੱਡਾ ਕਾਰਨ : ਡਾ.ਨਿਧੀ ਗੁਪਤਾ

ਬਠਿੰਡਾ ਦੀ ਮਾਨਸਿਕ ਰੋਗਾਂ ਦੇ ਮਾਹਿਰ ਡਾ. ਨਿਧੀ ਗੁਪਤਾ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਉੱਚ ਤਬਕੇ ਦੇ ਮਰੀਜ਼ ਸਮਾਜਿਕ ਦਬਾਓ ਕਰਕੇ ਆਪਣੀ ਪਛਾਣ ਜੱਗ ਜ਼ਾਹਿਰ ਹੋਣ ਦੇ ਡਰੋਂ ਸਰਕਾਰੀ ਕੇਂਦਰਾਂ ਵਿਚ ਨਹੀਂ ਜਾਂਦੇ ਹਨ ਜਿਸ ਕਰਕੇ ਉਹ ਪ੍ਰਾਈਵੇਟ ਸੈਂਟਰਾਂ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ੇੜੀਆਂ ਦੇ ਇਲਾਜ ਲਈ ਬੁਪਰੋਨੋਰਫਿਨ ਦਿੱਤੀ ਜਾਂਦੀ ਹੈ ਜਿਸ ਨਾਲ ਭਿਆਨਕ ਨਸ਼ਿਆਂ ਦੀ ਲਤ ਤੋਂ ਛੁਟਕਾਰਾ ਤਾਂ ਮਿਲਦਾ ਹੈ ਪ੍ਰੰਤੂ ਕਈ ਵਾਰ ਮਰੀਜ਼ ਇਸ ਗੋਲੀ ’ਤੇ ਲੱਗ ਜਾਂਦਾ ਹੈ। 

                                   ‘ਮੁਫ਼ਤ ਦੀ ਗੋਲੀ’ ਦੀ ਚਾਟ ’ਤੇ ਲੱਗੇ

ਸਿਹਤ ਵਿਭਾਗ ਦੇ ਕਈ ਫ਼ੀਲਡ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਓਟ ਕਲੀਨਿਕਾਂ ਵਿਚ ‘ਬੁਪਰੋਨੋਰਫਿਨ’ ਮੁਫ਼ਤ ਵਿਚ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਚਾਟ ’ਤੇ ਹੀ ਬਹੁਤੇ ਲੱਗ ਗਏ ਹਨ। ਦਿਹਾਤੀ ਪੰਜਾਬ ’ਚ ਇਹ ‘ਮੁਫ਼ਤ ਦੀ ਗੋਲੀ’ ਵਜੋਂ ਮਸ਼ਹੂਰ ਹੈ। ਚਰਚੇ ਹਨ ਕਿ ਕਈ ਲੋਕਾਂ ਨੇ ਤਾਂ ਮੁਫ਼ਤ ਦੀ ਗੋਲੀ ਸਰਕਾਰ ਤੋਂ ਲੈ ਕੇ ਅੱਗੇ ਵੇਚਣੀ ਵੀ ਸ਼ੁਰੂ ਕਰ ਦਿੱਤੀ ਹੈ। ਸਿਹਤ ਮਹਿਕਮਾ ਇਸ ਗੋਲੀ ’ਤੇ ਕਰੋੜਾਂ ਰੁਪਏ ਖ਼ਰਚ ਰਿਹਾ ਹੈ। 

 


Wednesday, March 8, 2023

                                                          ਬਜਟ ਇਜਲਾਸ
               ਪੰਜਾਬ ਦਾ ਅਮਨ ਭੰਗ ਨਹੀਂ ਹੋਣ ਦੇਵਾਂਗੇ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਬਜਟ ਸੈਸ਼ਨ ਮੌਕੇ ਰਾਜਪਾਲ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ਦੀ ਸਮਾਪਤੀ ਦੌਰਾਨ ਹਾਕਮ ਧਿਰ ਨੇ ਅੱਜ ਹਮਲਾਵਰ ਰੁਖ਼ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਨੂੰ ਸਮੇਟਦਿਆਂ ਜਿੱਥੇ ਪੰਜਾਬ ਦੀ ਤ੍ਰਾਸਦੀ ਲਈ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ, ਉੱਥੇ ਉਨ੍ਹਾਂ ਨੇ ‘ਆਪ’ ਸਰਕਾਰ ਦੇ ਇੱਕ ਵਰ੍ਹੇ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਉਧਰ ਮੁੱਖ ਵਿਰੋਧੀ ਧਿਰ ਕਾਂਗਰਸ ਮੁੱਖ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਹੀ ਸਦਨ ’ਚੋਂ ਵਾਕਆਊਟ ਕਰ ਗਈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਧਾਇਕ ਨੇ ਬਹਿਸ ਨੂੰ ਗਹੁ ਨਾਲ ਸੁਣਿਆ। ਵਿਰੋਧੀ ਧਿਰ ਵੱਲੋਂ ਚੁੱਕੇ ਮੁੱਦਿਆਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਗੈਰਮੌਜੂਦਗੀ ਵਿੱਚ ਪੰਜਾਬ ਦੀ ਦੁਰਦਸ਼ਾ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਬਹਿਸ ਦੇ ਆਖ਼ਰੀ ਪੜਾਅ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਿੰਜਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ, ਪੰਚਾਇਤੀ ਜ਼ਮੀਨਾਂ ’ਤੇ ਕਬਜ਼ਿਆਂ, ਗ਼ੈਰਕਾਨੂੰਨੀ ਮਾਈਨਿੰਗ ਅਤੇ ‘ਗ਼ਲਤ ਸੂਚਨਾ ਨਾਲ ਗੁਮਰਾਹ ਕਰਨ ਨੂੰ ਲੈ ਕੇ ਨਿਸ਼ਾਨੇ ’ਤੇ ਰੱਖਿਆ।

         ਮਾਨ ਨੇ ਅੱਜ ਜਵਾਬੀ ਹਮਲੇ ’ਚ ਖੇਤੀ, ਕਾਨੂੰਨ ਵਿਵਸਥਾ, ਬੇਅਦਬੀ ਮਾਮਲੇ, ਸਨਅਤੀ ਵਿਕਾਸ, ਸਿੱਖਿਆ ਆਦਿ ’ਤੇ ਫੋਕਸ ਕੀਤਾ। ਮੁੱਖ ਮੰਤਰੀ ਨੇ ‘ਵਾਰਿਸ ਪੰਜਾਬ ਦੇ’ ਆਗੂ ਅੰਮ੍ਰਿਤਪਾਲ ਸਿੰਘ ਅਤੇ ਅਜਨਾਲਾ ਘਟਨਾ ਬਾਰੇ ਬੇਸ਼ੱਕ ਕੋਈ ਸ਼ਬਦ ਨਹੀਂ ਬੋਲਿਆ ਪ੍ਰੰਤੂ ਉਨ੍ਹਾਂ ਪੰਜਾਬ ਵਿਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਅਮਨ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਨੂੰ ਵੰਗਾਰਦਿਆਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖੀ ਜਾਵੇਗੀ ਅਤੇ ਇਸ ਨਾਲ ਕਿਸੇ ਨੂੰ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਉਨ੍ਹਾਂ ‘ਇੰਡੀਆ ਟੂਡੇ’ ਰਸਾਲੇ ਦੇ ਜਨਵਰੀ ਅੰਕ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਭਾਜਪਾ ਤੇ ਕਾਂਗਰਸ ਦੇ ਸ਼ਾਸਨ ਵਾਲੇ ਕਈ ਸੂਬਿਆਂ ਨਾਲੋਂ ਕਿਤੇ ਬਿਹਤਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਆਗੂ ਕਾਨੂੰਨ ਵਿਵਸਥਾ ਬਾਰੇ ਗੁੰਮਰਾਹਕੁਨ ਪ੍ਰਚਾਰ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਜਿਸ ਨਾਲ ਲੋਕਾਂ ਦੇ ਹਿਰਦੇ ਠਰਨਗੇ। ਉਨ੍ਹਾਂ ਕਿਹਾ ਕਿ ਸੂੁਬਾ ਸਰਕਾਰ ਨੇ ਕੇਂਦਰ ਨੂੰ ਲਿਖਿਆ ਹੈ ਕਿ ਭਵਿੱਖ ’ਚ ਬੇਅਦਬੀ ਕਰਨ ਵਾਲਿਆਂ ਲਈ ਫਾਂਸੀ ਜਾਂ 20 ਸਾਲ ਦੀ ਸਜ਼ਾ ਦੀ ਵਿਵਸਥਾ ਕੀਤੀ ਜਾਵੇ। 

         ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਐੱਸਵਾਈਐੱਲ ਸਮੇਤ ਲੋਕ ਵਿਰੋਧੀ ਫ਼ੈਸਲੇ ਲਏ, ਉਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਜਾਂਚ ਏਜੰਸੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਇਨ੍ਹਾਂ ਏਜੰਸੀਆਂ ਦੀ ਦੁਰਵਰਤੋਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਬਾਦਲ ਪਰਿਵਾਰ ਨੂੰ ਵੀ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਪੂਰਾ ਪੰਜਾਬ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਹੋ ਗਿਆ ਤਾਂ ਇਸ ਪਰਿਵਾਰ ਨੇ ਲੋਕਾਂ ਨੂੰ ਮੂਰਖ ਬਣਾਉਣ ਲਈ ਆਪਣਾ ਪੈਂਤੜਾ ਬਦਲ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਧਿਰਾਂ ਨੂੰ ਹੁਣ ਆਮ ਘਰ ਦੇ ਪੁੱਤ ਵੱਲੋਂ ਸੂਬੇ ਨੂੰ ਚਲਾਉਣਾ ਹਜ਼ਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖ਼ੂਨ ਦਾ ਹਰ ਕਤਰਾ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਨੂੰ ਸਮਰਪਿਤ ਹੈ। ਉਨ੍ਹਾਂ ਅਫ਼ਸੋਸ ਕੀਤਾ ਕਿ ਪਹਿਲਾਂ ਇਹ ਵਾਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿਚ ਸੀ, ਜੋ ਸੂਬੇ ਨੂੰ ਲੁੱਟਣ ਵਿੱਚ ਅੰਗਰੇਜ਼ਾਂ ਤੋਂ ਵੀ ਅੱਗੇ ਨਿਕਲ ਗਏ। ਉਨ੍ਹਾਂ ਵਾਅਦਾ ਕੀਤਾ ਕਿ ਸੂਬੇ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

                                     ਜਦੋਂ ਕਾਂਗਰਸ ਕਸੂਤੀ ਸਥਿਤੀ ’ਚ ਫਸੀ..

ਵਿਧਾਨ ਸਭਾ ’ਚ ਵਿਰੋਧੀ ਧਿਰ ਕਾਂਗਰਸ ਦੀ ਸਥਿਤੀ ਉਦੋਂ ਕਸੂਤੀ ਬਣ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ ਦਿੱਤਾ ਕਿ ‘ਹੁਣ ਤੁਸੀਂ ਆਪਣੇ ਲਏ ਫ਼ੈਸਲੇ ਮੁਤਾਬਿਕ ਸਦਨ ’ਚੋਂ ਗਏ ਕਿਉਂ ਨਹੀਂ।’ ਚੇਤੇ ਰਹੇ ਕਿ ਕਾਂਗਰਸ ਨੇ ਫ਼ੈਸਲਾ ਕੀਤਾ ਸੀ ਕਿ ਜਦੋਂ ਮੁੱਖ ਮੰਤਰੀ ਸਦਨ ਵਿਚ ਆਉਣਗੇ ਤਾਂ ਉਹ ਸਦਨ ’ਚੋਂ ਵਾਕਆਊਟ ਕਰਨਗੇ। ਮੁੱਖ ਮੰਤਰੀ ਆਏ ਤਾਂ ਬਹੁਤੇ ਕਾਂਗਰਸੀ ਵਾਕਆਊਟ ਦੇ ਰੌਂਅ ਵਿਚ ਨਹੀਂ ਜਾਪਦੇ ਸਨ। ਮੁੱਖ ਮੰਤਰੀ ਦੇ ਕਹਿਣ ਮਗਰੋਂ ਕਾਂਗਰਸੀ ਵਿਧਾਇਕ ਸਦਨ ’ਚੋਂ ਬਾਹਰ ਜਾਣੇ ਸ਼ੁਰੂ ਹੋ ਗਏ। ਸੁਖਪਾਲ ਖਹਿਰਾ ਪੰਚਾਇਤੀ ਜ਼ਮੀਨਾਂ ਦੇ ਮੁੱਦੇ ’ਤੇ ਹਾਲੇ ਜੁਆਬ ਦੇਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਨੂੰ ਇਕੱਲੇ ਨੂੰ ਖੜ੍ਹਾ ਛੱਡ ਕੇ ਬਾਕੀ ਕਾਂਗਰਸੀ ਵਿਧਾਇਕ ਬਾਹਰ ਚਲੇ ਗਏ। ਖਹਿਰਾ ਸਮਾਂ ਲੈਣ ਵਾਸਤੇ ਸਪੀਕਰ ਦੇ ਆਸਣ ਅੱਗੇ ਵੀ ਆਏ। ਜਦੋਂ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਖਹਿਰਾ ਸੀਟ ’ਤੇ ਆ ਗਏ। ਮੁੱਖ ਮੰਤਰੀ ਨੇ ਕਿਹਾ ਕਿ ‘ਖਹਿਰਾ ਆਪਣਾ ਸਮਾਨ ਚੁੱਕਣ ਲੱਗ ਪਏ ਹਨ’। ਜਦੋਂ ਸਪੀਕਰ ਤੋਂ ਖਹਿਰਾ ਸਮਾਂ ਮੰਗ ਰਹੇ ਸਨ ਤਾਂ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ‘ਤੁਸੀਂ ਵਾਅਦਾ ਕਰੋ ਕਿ ਬੋਲਣ ਮਗਰੋਂ ਸਦਨ ’ਚੋਂ ਨਹੀਂ ਜਾਵੋਗੇ।’ ਆਖ਼ਰ ਖਹਿਰਾ ਵਾਕਆਊਟ ਕਰ ਗਏ।

Tuesday, March 7, 2023

                                                       ਬਜਟ ਇਜਲਾਸ
                       ਮਿਹਣੋ-ਮਿਹਣੀ ਹੋਏ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ
                                                       ਚਰਨਜੀਤ ਭੁੱਲਰ    

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅੱਜ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਭ੍ਰਿਸ਼ਟਾਚਾਰ’ ਦੇ ਮੁੱਦੇ ’ਤੇ ਖਹਿਬੜ ਪਏ। ਦੋਵੇਂ ਆਗੂ ਪਹਿਲਾਂ ਮਿਹਣੋ-ਮਿਹਣੀ ਹੋਏ ਅਤੇ ਪਿੱਛੋਂ ਮਾਹੌਲ ਤਿੱਖੀ ਤਕਰਾਰ ਵਿੱਚ ਬਦਲ ਗਿਆ। ਦੋਵਾਂ ਨੇ ਇਕ ਦੂਜੇ ’ਤੇ ਜੰਮ ਕੇ ਹੱਲੇ ਬੋਲੇ। ਸਦਨ ਵਿੱਚ ਦੁਪਹਿਰ ਤੱਕ ਸ਼ਾਂਤਮਈ ਸੁਰ ’ਚ ਚੱਲ ਰਹੀ ਬਹਿਸ ਪਲਾਂ ’ਚ ਗਰਮਾ ਗਈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦਾ ਪੈਸਾ ਖਾਣ ਵਾਲਿਆਂ ਤੋਂ ਇਕ ਇਕ ਪੈਸੇ ਦਾ ਹਿਸਾਬ ਲੈਣਗੇ। ਉਧਰ ਬਾਜਵਾ ਨੇ ਮੁੱਖ ਮੰਤਰੀ ’ਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਧਮਕਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਸਪੀਕਰ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਲਈ ਸਦਨ ਵਿੱਚ ਮੁਆਫ਼ੀ ਮੰਗਣ। ਬਾਜਵਾ ਨੇ ਇੱਥੋਂ ਤੱਕ ਆਖ ਦਿੱਤਾ ਕਿ ਭਵਿੱਖ ’ਚ ਕਿਸੇ ਮੈਂਬਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕਿਸੇ ਕੇਸ ਦੇ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਅਕਾਲੀ ਦਲ, ਬਸਪਾ ਅਤੇ ਭਾਜਪਾ ਦੇ ਵਿਧਾਇਕ ਨੇ ਇਹ ਸਾਰਾ ਸਿਆਸੀ ਤਮਾਸ਼ਾ ਚੁੱਪਚਾਪ ਦੇਖਿਆ। ਵਿਰੋਧੀ ਧਿਰ ਦੀ ਗੈਰਹਾਜ਼ਰੀ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਦੇਰ ਸ਼ਾਮ ਤੱਕ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਬਾਰੇ ਚਰਚਾ ਕੀਤੀ।

         ਇਸ ਤੋਂ ਪਹਿਲਾਂ ਕਰੀਬ ਪੌਣੇ ਇੱਕ ਵਜੇ ਮੁੱਖ ਮੰਤਰੀ ਸਦਨ ਵਿਚ ਆਏ, ਉਦੋਂ ਪ੍ਰਿੰਸੀਪਲ ਬੁੱਧ ਰਾਮ ਬਹਿਸ ’ਤੇ ਬੋਲ ਰਹੇ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਸ ਮੱਠੇ ਸੁਰ ਨਾਲ ਸ਼ੁਰੂ ਕੀਤੀ ਤੇ ਕੇਂਦਰੀ ਵਿਤਕਰੇ ਖ਼ਿਲਾਫ਼ ਸਰਕਾਰ ਨਾਲ ਕਦਮ ਮਿਲਾ ਕੇ ਚੱਲਣ ਦੀ ਗੱਲ ਕੀਤੀ। ਉਨ੍ਹਾਂ ਜਿਉਂ ਹੀ ‘ਆਪ’ ਆਗੂ ਰਾਘਵ ਚੱਢਾ ਦੇ ਕੇਂਦਰੀ ਜਾਂਚ ਏਜੰਸੀਆਂ ਦੇ ਦਫ਼ਤਰਾਂ ’ਤੇ ਭਾਜਪਾ ਦਾ ਝੰਡਾ ਲਗਾਉਣ ਦੇ ਟਵੀਟ ਦੇ ਹਵਾਲੇ ਨਾਲ ਵਿਜੀਲੈਂਸ ਦਫ਼ਤਰ ’ਤੇ ‘ਆਪ’ ਦਾ ਝੰਡਾ ਲਾਉਣ ਦੀ ਗੱਲ ਕਹੀ ਤਾਂ ਸਦਨ ਵਿੱਚ ਤਿੱਖੀ ਬਹਿਸ ਦਾ ਮੁੱਢ ਬੱਝ ਗਿਆ। ਸਦਨ ਵਿੱਚ ਬੇਰੋਕ ਚੱਲੀ ਬਹਿਸ ‘ਤੂੰ ਤੂੰ ਮੈਂ ਮੈਂ’ ਉੱਤੇ ਉੱਤਰ ਆਈ। ਮੁੱਖ ਮੰਤਰੀ ਨੇ ਤਾਂ ਬਾਜਵਾ ਅੱਗੇ ‘ਕੁਰੱਪਟ’ ਲੋਕਾਂ ਨਾਲ ਨਜਿੱਠਣ ਦਾ ਰੋਡ ਮੈਪ ਹੀ ਰੱਖ ਦਿੱਤਾ। ਦੋਵਾਂ ਨੇ ਇੱਕ ਦੂਜੇ ਉੱਤੇ ਧਮਕੀ ਦਿੱਤੇ ਜਾਣ ਦੇ ਇਲਜ਼ਾਮ ਵੀ ਲਾਏ। ਮਾਨ ਨੇ ਤਿੱਖੇ ਅੰਦਾਜ਼ ’ਚ ਕਿਹਾ ਕਿ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਅਮਰਿੰਦਰ ਸਿੰਘ 40 ਜਣਿਆਂ ਦੀ ਸੂਚੀ ਸੋਨੀਆ ਗਾਂਧੀ ਕੋਲ ਲੈ ਕੇ ਗਏ ਸਨ ਤਾਂ ਅੱਗਿਓਂ ਪਾਰਟੀ ਦੀ ਬਦਨਾਮੀ ਦੇ ਡਰੋਂ ਚੁੱਪ ਕਰਾ ਦਿੱਤਾ ਗਿਆ ਸੀ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਬਦਨਾਮੀ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਜਦੋਂ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਬੈਂਚਾਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ‘ਤੁਸੀਂ ਆਪਣੀ ਪਾਰਟੀ ਬਚਾ ਲਓ, ਪਹਿਲੀ ਕਤਾਰ ਵਾਲੇ ਜਾਖੜ, ਮਨਪ੍ਰੀਤ ਬਾਦਲ, ਫਤਹਿਜੰਗ ਬਾਜਵਾ, ਕਾਂਗੜ ਤੇ ਬਲਬੀਰ ਸਿੱਧੂ ਅੱਜ ਕਿੱਥੇ ਨੇ।’ 

         ਅੱਗਿਓਂ ਬਾਜਵਾ ਨੇ ਆਖ ਦਿੱਤਾ ਕਿ ‘ਚੰਦ ਦਿਨ ਹੀ ਲੱਗਣੇ ਨੇ, ਦਿੱਲੀ ਆਲ਼ੇ ਤੁਹਾਡੇ ਗੁਆਂਢ ਬਹਿਣ ਵਾਲੇ ਨੇ ਤੇ ਤੁਸੀਂ ਵੀ ਆਪਣੀ ਤਿਆਰੀ ਰੱਖੋ।’ ਮੁੱਖ ਮੰਤਰੀ ਨੇ ਇਸ ’ਤੇ ਕਿਹਾ ਕਿ ‘ਸਾਡੀ ਕਮੀਜ਼ ’ਤੇ ਕੋਈ ਧੱਬੇ ਨਹੀਂ’। ਜਵਾਬ ’ਚ ਬਾਜਵਾ ਨੇ ਕਿਹਾ ਕਿ ‘ਤੁਹਾਡੀ ਕਮੀਜ਼ ਹੀ ਪਾਟ ਜਾਣੀ ਹੈ।’ ਸਰਾਰੀ ਦਾ ਮੁੱਦਾ ਉੱਠਿਆ ਤਾਂ ਮਾਨ ਨੇ ਕਿਹਾ ਕਿ ‘ਜਾਂਚ ’ਚ ਸਮਾਂ ਤਾਂ ਲੱਗਦਾ ਹੀ, ਸਬਰ ਕਰੋ, ਸਭ ਦੀ ਵਾਰੀ ਆਵੇਗੀ, ਪੰਜਾਬ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।’ ਬਾਜਵਾ ਨੇ ਰੇਤਾ ਬਜਰੀ ’ਚੋਂ 20 ਹਜ਼ਾਰ ਕਰੋੜ ਦੀ ਕਮਾਈ ਦੇ ਦਾਅਵੇ ’ਤੇ ਸੁਆਲ ਚੁੱਕਿਆ ਤਾਂ ਅੱਗਿਓਂ ਮੁੱਖ ਮੰਤਰੀ ਨੇ ਕਿਹਾ ਕਿ ‘ਕਿਹੜੇ ਕਿਹੜੇ ਮਾਫ਼ੀਆ ਫੜੇ ਨੇ, ਚਿੱਠੇ ਵੱਡੇ ਵੱਡੇ ਨੇ, ਚੰਨੀ ਦਾ ਵੀ ਨਾਮ ਹੈ।’ ਮੁੱਖ ਮੰਤਰੀ ਨੇ ਬਾਜਵਾ ਨੂੰ ਕਿਹਾ ਕਿ ‘ਤੁਸੀਂ ਭ੍ਰਿਸ਼ਟਾਚਾਰੀਆਂ ਨੂੰ ਬਚਾ ਰਹੇ ਹੋ।’ ਮੁੱਖ ਮੰਤਰੀ ਨੇ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਦੇ ਇਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ‘ਤੁਸੀਂ ਚਾਹੇ ਬੀਜੇਪੀ ’ਚ ਚਲੇ ਜਾਓ, ਕੋਈ ਬਖ਼ਸ਼ਿਆ ਨਹੀਂ ਜਾਵੇਗਾ।’ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਰਾਜਸਥਾਨ ਤੇ ਛੱਤੀਸਗੜ੍ਹ ਵਿਚ ਕਾਂਗਰਸੀ ਸਰਕਾਰਾਂ ਨੇ ਅਡਾਨੀ ਨੂੰ ਠੇਕੇ ਦੇ ਰੱਖੇ ਹਨ। ਬਾਜਵਾ ਨੇ ਕਿਹਾ ਕਿ ‘ਇੱਥੇ ਤੁਸੀਂ ਰੇਤ ਦੇ ਠੇਕੇ ਦੇ ਰੱਖੇ ਹਨ।’ ਮਾਹੌਲ ਉਦੋਂ ਭਖ ਗਿਆ ਜਦੋਂ ਬਾਜਵਾ ਦੇ ਪਿੱਛੇ ਸੁਖਪਾਲ ਸਿੰਘ ਖਹਿਰਾ ਖੜ੍ਹੇ ਹੋ ਕੇ ਬੋਲਣ ਲੱਗੇ। ਸੱਤਾਧਾਰੀ ਬੈਂਚ ਤੋਂ ਸਾਰੇ ਵਿਧਾਇਕ ਤੇ ਵਜ਼ੀਰ ਖਹਿਰਾ ਨੂੰ ਇਕਦਮ ਪੈ ਨਿਕਲੇ ਅਤੇ ਮੁੱਖ ਮੰਤਰੀ ਨੇ ਕਿਹਾ ਕਿ ‘ਖਹਿਰਾ ਟਵੀਟੋ ਟਵੀਟੀ ਖੇਡ ਲਵੇ, ਇਸ ਨਾਲ ਕੋਈ ਗੱਲ ਨਹੀਂ’।

        ਸਪੀਕਰ ਕੁਲਤਾਰ ਸਿੰਘ ਸੰਧਵਾਂ ਵਾਰ ਵਾਰ ਰੋਕਦੇ ਰਹੇ। ਅਖੀਰ ਜਦੋਂ ਮਾਹੌਲ ਸ਼ਾਂਤ ਹੋਇਆ ਤਾਂ ਬਾਜਵਾ ਮੁੜ ਬੋਲਣ ਲੱਗੇ। ਸਪੀਕਰ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ ਹੈ ਤੇ ਜਵਾਬ ’ਚ ਬਾਜਵਾ ਨੇ ਕਿਹਾ ਕਿ ‘ਮਾਹੌਲ ਤੋਂ ਤਾਂ ਹੁਣ ਕੋਈ ਲੰਚ ਵਾਲਾ ਪ੍ਰੋਗਰਾਮ ਲੱਗਦਾ ਨਹੀਂ।’ ਦੁਪਹਿਰ ਦੇ ਖਾਣੇ ਮਗਰੋਂ ਢਾਈ ਵਜੇ ਮੁੜ ਸਦਨ ’ਚ ਪ੍ਰਤਾਪ ਸਿੰਘ ਬਾਜਵਾ ਬੋਲਣ ਲੱਗੇ। ਬਾਜਵਾ ਨੇ ਸਪਸ਼ਟ ਲਫ਼ਜ਼ਾਂ ’ਚ ਆਖ ਦਿੱਤਾ ਕਿ ‘ਅੱਜ ਮੁੱਖ ਮੰਤਰੀ ਵੱਲੋਂ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਵੱਲ ਇਸ਼ਾਰਾ ਕਰਕੇ ਧਮਕੀ ਦਿੱਤੀ ਗਈ ਹੈ ਅਤੇ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ। ਮੁੱਖ ਮੰਤਰੀ ਦਾ ਲਹਿਜ਼ਾ ਧਮਕੀ ਵਾਲਾ ਸੀ।’ ਬਾਜਵਾ ਨੇ ਮੰਗ ਕੀਤੀ ਕਿ ਜਿੰਨਾ ਸਮਾਂ ਮੁੱਖ ਮੰਤਰੀ ਸਦਨ ਵਿਚ ਆ ਕੇ ਮੁਆਫ਼ੀ ਨਹੀਂ ਮੰਗ ਲੈਂਦੇ, ਉਸ ਸਮੇਂ ਤੱਕ ਉਨ੍ਹਾਂ ਦਾ ਸਦਨ ’ਚ ਬੈਠਣਾ ਔਖਾ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਸ਼ਬਦ ਵਾਪਸ ਲੈਣ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਭਵਿੱਖ ’ਚ ਕਿਸੇ ਮੈਂਬਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਨਾਮਜ਼ਦ ਕਰ ਦਿੱਤਾ। ਸਪੀਕਰ ਸੰਧਵਾ ਨੇ ਮੁੱਖ ਮੰਤਰੀ ਤਰਫ਼ੋਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਰੋਹ ਵਿਚ ਵਿਰੋਧੀ ਧਿਰ ਸਪੀਕਰ ਦੇ ਆਸਣ ਦੇ ਸਾਹਮਣੇ ਆ ਗਈ। 

         ਸਪੀਕਰ ਨੂੰ ਕਹਿਣਾ ਪਿਆ ਕਿ ਉਹ ਸਦਨ ਦੀ ਕਾਰਵਾਈ ਦੀ ਰਿਕਾਰਡਿੰਗ ਤੋਂ ਤਸਦੀਕ ਕਰ ਲੈਣਗੇ ਪ੍ਰੰਤੂ ਵਿਰੋਧੀ ਧਿਰ ਨਾ ਮੰਨੀ। ਅਖੀਰ ਸਪੀਕਰ ਨੂੰ ਸਦਨ ਤਿੰਨ ਵਜੇ ਤੱਕ ਮੁਲਤਵੀ ਕਰਨਾ ਪਿਆ। ਜਦੋਂ ਸਦਨ ਮੁੜ ਜੁੜਿਆ ਤਾਂ ਉਦੋਂ ਨਾ ਤਾਂ ਮੁੱਖ ਮੰਤਰੀ ਵਾਪਸ ਆਏ ਅਤੇ ਨਾ ਹੀ ਵਿਰੋਧੀ ਧਿਰ ਦਾ ਕੋਈ ਆਗੂ ਆਇਆ। ਵਿਰੋਧੀ ਧਿਰ ਦੀ ਗੈਰਹਾਜ਼ਰੀ ਵਿਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਦੇਰ ਸ਼ਾਮ ਤੱਕ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਬਾਰੇ ਚਰਚਾ ਕੀਤੀ। ਵਿਧਾਇਕ ਜੀਵਨਜੋਤ ਕੌਰ ਨੇ ਬਹਿਸ ਦੇ ਸ਼ੁਰੂ ਵਿਚ ਪ੍ਰਸਤਾਵ ਪੇਸ਼ ਕੀਤਾ ਅਤੇ ਕਿਹਾ ਕਿ ਰਾਜਪਾਲ ਵਿਰੋਧੀਆਂ ਦੀਆਂ ਹਲਕੀਆਂ ਗੱਲਾਂ ਵਿਚ ਨਹੀਂ ਆਏ। ਪ੍ਰਿੰਸੀਪਲ ਬੁੱਧ ਰਾਮ ਨੇ ਬੇਅਦਬੀ ਮਾਮਲੇ, ਗੈਂਗਸਟਰਾਂ ਦੇ ਖ਼ਾਤਮੇ, ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਦੀ ਗੱਲ ਕੀਤੀ। ਵਿਧਾਇਕ ਜਗਰੂਪ ਗਿੱਲ, ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ, ਸਰਵਜੀਤ ਕੌਰ ਮਾਣੂਕੇ, ਮਨਜੀਤ ਬਿਲਾਸਪੁਰ, ਕੁਲਜੀਤਪਾਲ ਰੰਧਾਵਾ, ਸ਼ੈਰੀ ਕਲਸੀ, ਜਗਦੀਪ ਗੋਲਡੀ ਆਦਿ ਨੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਦੋਂ ਕਿ ਬਸਪਾ ਵਿਧਾਇਕ ਨਛੱਤਰਪਾਲ, ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਅਕਾਲੀ ਵਿਧਾਇਕ ਡਾ.ਸੁਖਵਿੰਦਰ ਕੁਮਾਰ ਨੇ ਸਰਕਾਰ ਦੇ ਕੰਮਕਾਰ ’ਤੇ ਉਂਗਲ ਉਠਾਈ।

                                     ਰਾਜਪਾਲ ਨੂੰ ਅੱਜ ਮਿਲਣਗੇ ਬਾਜਵਾ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਦਾ ਵਫ਼ਦ ਮੰਗਲਵਾਰ ਨੂੰ ਦੁਪਹਿਰੇ 12:30 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ। ਬਾਜਵਾ ਨੇ ਦੱਸਿਆ ਕਿ ਉਹ ਰਾਜਪਾਲ ਤੋਂ ਪੰਜਾਬ ਦੀ ਆਬਕਾਰੀ ਨੀਤੀ ਦੀ ਈਡੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕਰਨਗੇ। ਇਸੇ ਤਰ੍ਹਾਂ ਰੇਤ ਮਾਫ਼ੀਏ ਦੇ ਪੁਰਾਣੇ ਬੰਦਿਆਂ ਨੂੰ ਕੰਮ ਦੇਣ, ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫ਼ਤਾਰੀ ਅਤੇ ਦੋ ਸੰਸਦ ਮੈਂਬਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦੀ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਦੱਸਿਆ ਕਿ ਭਲਕੇ ਸਦਨ ਦੀ ਬੈਠਕ ਤੋਂ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ। ਬਾਜਵਾ ਨੇ ਸਪੀਕਰ ਨੂੰ ਮਿਲ ਕੇ ਸਦਨ ’ਚੋਂ ਮੁੱਖ ਮੰਤਰੀ ਦੀ ਤਕਰੀਰ ਵਾਲਾ ਰਿਕਾਰਡ ਕਢਾਉਣ ਦੀ ਮੰਗ ਕੀਤੀ।

                              ਕੁੰਵਰ ਵਿਜੈ ਪ੍ਰਤਾਪ ਨੇ ‘ਸਿਟ’ ਉੱਤੇ ਉਠਾਈ ਉਂਗਲ

ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ’ਤੇ ਹੀ ਉਂਗਲ ਉਠਾ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚਾਰਜਸ਼ੀਟ ਦਾਇਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਪ੍ਰੰਤੂ ਜਾਂਚ ਟੀਮ ਪੁਰਾਣੀ ਸਰਕਾਰ ਨੇ ਬਣਾਈ ਹੋਈ ਹੈ ਜਿਸ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਰਾਣੀ ‘ਸਿਟ’ ਉੱਤੇ ਟੇਕ ਨਹੀਂ ਰੱਖਣੀ ਚਾਹੀਦੀ। ਵਿਧਾਇਕ ਨੇ ਦਫਤਰਾਂ ਵਿਚ ਅਜੇ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਦਾ ਦਾਅਵਾ ਕੀਤਾ।

                                    ਬਜਟ ਇਜਲਾਸ ਦੇ ਕੁਝ ਦਿਲਚਸਪ ਮੌਕੇ

* ਵਿਧਾਇਕ ਜੰਗੀ ਲਾਲ ਮਹਾਜਨ ਜਦੋਂ ਪ੍ਰਸ਼ਨ ਕਾਲ ’ਚ ਆਪਣੀ ਸੀਟ ਤੋਂ ਉੱਠ ਕੇ ਖੜ੍ਹੇ ਹੋਏ ਤਾਂ ਸਪੀਕਰ ਨੇ ਕਿਹਾ ਕਿ ਆਪਣਾ ਪ੍ਰਸ਼ਨ ਨੰਬਰ ਪੜ੍ਹੋ, ਅੱਗਿਓਂ ਮਹਾਜਨ ਨੇ ਜਦੋਂ ‘ਪ੍ਰਸ਼ਨ ਨੰਬਰ 420’ ਪੜਿ੍ਹਆ ਤਾਂ ਸਾਰੇ ਹਾਸਾ ਮੱਚ ਗਿਆ।

* ‘ਆਪ’ ਸਰਕਾਰ ਬਣਨ ਮਗਰੋਂ ਪਹਿਲੇ ਸੈਸ਼ਨ ’ਚ ਪੁੱਜੇ ਵਿਧਾਇਕ ਪੀਲੀਆਂ ਪੱਗਾਂ ਵਿੱਚ ਸਜੇ ਹੋਏ ਸਨ, ਪਰ ਅੱਜ ਸੈਸ਼ਨ ਵਿੱਚ ਪੁੱਜੇ ਵਿਧਾਇਕਾਂ ’ਚੋਂ ਸਿਰਫ਼ 9 ਵਿਧਾਇਕਾਂ ਨੇ ਹੀ ਪੀਲੀ ਪੱਗ ਬੰਨ੍ਹੀ ਹੋਈ ਸੀ।

* ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੇ ਲਾਈਵ ਪ੍ਰਸਾਰਨ ਦੀ ਗੱਲ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਤਾਂ ਦਿਖਾਇਆ ਹੀ ਨਹੀਂ ਜਾ ਰਿਹਾ, ਕੈਮਰੇ ਦੀ ਅੱਖ ਹੀ ਬੰਦ ਕਰ ਰੱਖੀ ਹੈ। ਜਦੋਂ ਬਾਜਵਾ ਇਹ ਗੱਲ ਰੱਖ ਰਹੇ ਸਨ ਤਾਂ ਸਾਹਮਣੇ ਸਕਰੀਨ ’ਤੇ ਬਾਜਵਾ ਦੀ ਕਲੋਜ਼ ਫ਼ੋਟੋ ਦਿਖ ਰਹੀ ਸੀ।

* ਰਾਜਾ ਵੜਿੰਗ ਸਦਨ ਵਿੱਚ ਪੁਰਾਣਾ ਜੋਸ਼ ਨਹੀਂ ਦਿਖਾ ਰਹੇ। ਜਦੋਂ ਬਾਜਵਾ ਭਿੜ ਰਹੇ ਸਨ ਤਾਂ ਰਾਜਾ ਵੜਿੰਗ ਮੋਹਰੀ ਭੂਮਿਕਾ ’ਚ ਨਜ਼ਰ ਨਹੀਂ ਆਏ। ਉਨ੍ਹਾਂ ਦੀ ਅਸਿੱਧੀ ਚੁੱਪ ਸਿਆਸੀ ਹਲਕਿਆਂ ’ਚ ਰੜਕੀ।

* ਸਪੀਕਰ ਵੱਲੋਂ ਦਿੱਤੇ ਦੁਪਹਿਰ ਦੇ ਖਾਣੇ ਵਿੱਚ ਕੋਈ ਕਾਂਗਰਸੀ ਵਿਧਾਇਕ ਨਾ ਪੁੱਜਿਆ। ਸਦਨ ਵਿੱਚ ਹੋਈ ਤਕਰਾਰ ਮਗਰੋਂ ਵਿਰੋਧੀ ਧਿਰ ਨੇ ਦੁਪਹਿਰ ਦੇ ਖਾਣੇ ਦਾ ਹੀ ਬਾਈਕਾਟ ਕਰ ਦਿੱਤਾ।

* ਵਿਧਾਇਕ ਦਿਨੇਸ਼ ਚੱਢਾ ਨੂੰ ਆਪਣੀ ਸੀਟ ਛੱਡ ਕੇ ਦੂਸਰੀ ਸੀਟ ’ਤੇ ਬੈਠਣਾ ਨਮੋਸ਼ੀ ਦਾ ਕਾਰਨ ਬਣਿਆ। ਸਪੀਕਰ ਨੇ ਬਿਗਾਨੀ ਸੀਟ ’ਤੋਂ ਉਸ ਨੂੰ ਬੋਲਣ ਨਾ ਦਿੱਤਾ।

* ਮਾਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ, ‘ਪੰਜਾਬੀ ਭਾਸ਼ਾ ਮੇਰੀ ਮਾਂ ਬੋਲੀ ਹੈ ਤੇ ਊਰਦੂ ਮੇਰੀ ਮਹਿਬੂਬਾ।’ ਉਨ੍ਹਾਂ ਉਰਦੂ ਜ਼ਬਾਨ ਲਈ ਬਣਦਾ ਹੱਕ ਮੰਗਿਆ।

* ਅੱਜ ਸਦਨ ਵਿੱਚ ਸ਼ੇਅਰੋ-ਸ਼ਾਇਰੀ ’ਚ ਸਪੀਕਰ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਸਪੀਕਰ ਕੁਲਤਾਰ ਸੰਧਵਾਂ ਨੇ ਸ਼ੇਅਰ ਸੁਣਨ ਲਈ ਉਚੇਚੇ ਤੌਰ ’ਤੇ ਵਜ਼ੀਰ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸੱਦਾ ਦਿੱਤਾ।

* ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਪੰਜਾਬ ਦੇ ਡਾਕਟਰਾਂ ਦੇ ਹਰਿਆਣਾ ਵਿੱਚ ਨੌਕਰੀ ਕਰਨ ’ਤੇ ਵਿਅੰਗ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਡਾਕਟਰ ਪੰਜਾਬ ’ਚੋਂ ਬਾਹਰ ਜਾਂਦੇ ਸਨ ਤੇ ਸ਼ਰਾਬ ਬਾਹਰੋਂ ਪੰਜਾਬ ’ਚ ਆਉਂਦੀ ਸੀ।

Monday, March 6, 2023

                                                          ਬਿੱਲ ਕੌਣ ਤਾਰੂ 
                                 ਸਿਆਸੀ ਭੱਲ ਖੱਟ ਕੇ ਕਾਂਗੜ ਔਹ ਗਏ..!
                                                     ਚਰਨਜੀਤ ਭੁੱਲਰ   


ਚੰਡੀਗੜ੍ਹ  : ਸਾਬਕਾ ਬਿਜਲੀ ਮੰਤਰੀ ਅਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ‘ਬਿਜਲੀ ਸਬਸਿਡੀ’ ਛੱਡ ਕੇ ਸਿਆਸੀ ਸ਼ੁਹਰਤ ਤਾਂ ਖੱਟ ਲਈ ਪ੍ਰੰਤੂ ਉਹ ਖੇਤੀ ਮੋਟਰਾਂ ਦਾ ਬਿੱਲ ਤਾਰਨ ਤੋਂ ਕਿਨਾਰਾ ਕਰ ਗਏ ਹਨ। ਪਾਵਰਕੌਮ ਦੇ ਵੀ ਹੱਥ ਖ਼ਾਲੀ ਹਨ ਜਿਸ ਨੇ ਸਾਬਕਾ ਮੰਤਰੀ ਕਾਂਗੜ ਤੋਂ ਮੋਟਰਾਂ ਦੇ ਬਿੱਲ ਦੀ ਵਸੂਲੀ ਲਈ ਕੋਈ ਕਾਰਵਾਈ ਵੀ ਨਹੀਂ ਕੀਤੀ। ਜਦੋਂ ਕਾਂਗਰਸ ਸਰਕਾਰ ਬਣੀ ਸੀ ਤਾਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਦੇ ਪੁੱਜਦਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਬਿਜਲੀ ਸਬਸਿਡੀ ਦਾ ਖ਼ਜ਼ਾਨੇ ’ਤੇ ਬੋਝ ਘਟਾਉਣ ਲਈ ਸਵੈ ਇੱਛਾ ਨਾਲ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕਰਨ।
       ਪੰਜਾਬ ਭਰ ਵਿਚ ਕੁੱਲ 13.88 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਜਿਨ੍ਹਾਂ ਚੋਂ ਸਿਰਫ਼ 10 ਕੁਨੈਕਸ਼ਨ ਮਾਲਕਾਂ ਨੇ ਬਿਜਲੀ ਸਬਸਿਡੀ ਛੱਡਣ ਦਾ ਫ਼ੈਸਲਾ ਕੀਤਾ ਸੀ। ਇਨ੍ਹਾਂ ਚੋਂ ਜ਼ਿਆਦਾ ਸਿਆਸੀ ਹਸਤੀਆਂ ਹੀ ਹਨ। ਪਾਵਰਕੌਮ ਦੇ ਫਰਵਰੀ 2018 ਦੇ ਨੋਟੀਫ਼ਿਕੇਸ਼ਨ ਅਨੁਸਾਰ ਪ੍ਰਤੀ ਹਾਰਸ ਪਾਵਰ 403 ਰੁਪਏ ਤੈਅ ਕੀਤਾ ਸੀ। ਸਾਬਕਾ ਮੰਤਰੀ ਕਾਂਗੜ ਨੇ ਕਰੀਬ ਸਾਢੇ ਚਾਰ ਵਰ੍ਹਿਆਂ ਮਗਰੋਂ ਵੀ ਬਿਜਲੀ ਬਿੱਲ ਨਹੀਂ ਤਾਰਿਆ ਹੈ। ਗੁਰਪ੍ਰੀਤ ਕਾਂਗੜ ਨੇ ਖਾਤਾ ਨੰਬਰ ਏ.ਪੀ 19/40 ਅਤੇ ਉਨ੍ਹਾਂ ਦੀ ਧਰਮ-ਪਤਨੀ ਸੁਖਪ੍ਰੀਤ ਕੌਰ ਨੇ ਖਾਤਾ ਨੰਬਰ ਏ.ਪੀ 19/183 ਤਹਿਤ 29 ਸਤੰਬਰ 2018 ਨੂੰ ਖੇਤੀ ਮੋਟਰਾਂ ਦੀ ਸਬਸਿਡੀ ਛੱਡ ਦਿੱਤੀ ਸੀ। 7.5-7.5 ਹਾਰਸ ਪਾਵਰ ਦੀਆਂ ਦੋਵਾਂ ਮੋਟਰਾਂ ਦਾ ਬਿਜਲੀ ਬਿੱਲ ਪ੍ਰਤੀ ਮਹੀਨਾ 6044 ਰੁਪਏ ਬਣਦਾ ਹੈ ਅਤੇ ਹੁਣ ਤੱਕ ਇਨ੍ਹਾਂ ਦੋਵਾਂ ਖੇਤੀ ਮੋਟਰਾਂ ਦਾ ਬਿਜਲੀ ਬਿੱਲ 3.51 ਲੱਖ ਰੁਪਏ ਤਾਰਿਆ ਨਹੀਂ ਹੈ।
        ਸੀਨੀਅਰ ਆਗੂ ਸੁਨੀਲ ਜਾਖੜ ਨੇ ਬਿਜਲੀ ਸਬਸਿਡੀ ਛੱਡਣ ਦੀ ਪਹਿਲ ਕੀਤੀ ਸੀ ਅਤੇ ਉਨ੍ਹਾਂ ਨੇ 9 ਮਈ 2017 ਨੂੰ ਸਬਸਿਡੀ ਛੱਡਣ ਦੀ ਲਿਖਤੀ ਸਹਿਮਤੀ ਦਿੱਤੀ ਸੀ। ਸੁਨੀਲ ਜਾਖੜ ਦੇ ਨਾਮ ’ਤੇ ਪੰਜ ਹਾਰਸ ਪਾਵਰ ਦੀ ਪਿੰਡ ਪੰਜਕੋਸੀ ਵਿਚ ਖੇਤੀ ਮੋਟਰ ਹੈ ਜਿਸ ਦਾ ਉਹ ਹੁਣ ਤੱਕ ਦਾ ਬਣਦਾ ਬਿਜਲੀ ਬਿੱਲ 1.43 ਲੱਖ ਰੁਪਏ ਤਾਰ ਚੁੱਕੇ ਹਨ ਅਤੇ ਜਾਖੜ ਦਾ ਭਤੀਜਾ ਅਜੇ ਵੀਰ ਜਾਖੜ ਵੀ ਆਪਣੇ ਪੂਰੇ ਬਿੱਲ 1.43 ਲੱਖ ਦਾ ਭੁਗਤਾਨ ਕਰ ਚੁੱਕਾ ਹੈ।
        ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ 3 ਮਈ 2018 ਨੂੰ ਆਪਣੀਆਂ ਤਿੰਨ ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਛੱਡਣ ਦੀ ਸਹਿਮਤੀ ਦਿੱਤੀ ਸੀ। ਮਨਪ੍ਰੀਤ ਬਾਦਲ ਦਾ ਇਨ੍ਹਾਂ ਤਿੰਨਾਂ ਮੋਟਰਾਂ ਦਾ ਬਿੱਲ ਹੁਣ ਤੱਕ 5.82 ਲੱਖ ਰੁਪਏ ਬਣਿਆ ਹੈ ਜਿਸ ਦਾ ਉਹ ਪੂਰਾ ਭੁਗਤਾਨ ਕਰ ਚੁੱਕੇ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੋ ਮੋਟਰਾਂ ਦਾ ਹੁਣ ਤੱਕ ਦਾ 1.16 ਲੱਖ ਰੁਪਏ ਬਿੱਲ ਭਰ ਦਿੱਤਾ ਹੈ। ਇਹ ਦੋਵੇਂ ਮੋਟਰਾਂ ਤਿੰਨ ਤਿੰਨ ਹਾਰਸ ਪਾਵਰ ਦੀਆਂ ਹਨ।
        ਹਲਕਾ ਰਾਮਪੁਰਾ ਦੇ ਪਿੰਡ ਮਹਿਰਾਜ ਦੇ ਕਮਲਜੀਤ ਦਿਓਲ ਨੇ ਵੀ 25 ਅਪਰੈਲ 2018 ਨੂੰ ਬਿਜਲੀ ਸਬਸਿਡੀ ਤਿਆਗ ਦਿੱਤੀ ਸੀ। ਉਨ੍ਹਾਂ ਦਾ ਹੁਣ ਤੱਕ ਦਾ ਬਿਜਲੀ ਬਿੱਲ 2.34 ਲੱਖ ਬਣਿਆ ਹੈ ਪ੍ਰੰਤੂ ਉਨ੍ਹਾਂ ਵੱਲ 68,523 ਰੁਪਏ ਦਾ ਬਕਾਇਆ ਖੜ੍ਹਾ ਹੈ। ਜਾਣਕਾਰੀ ਅਨੁਸਾਰ ਬਿਜਲੀ ਸਬਸਿਡੀ ਛੱਡਣ ਦਾ ਜਨਤਿਕ ਐਲਾਨ ਤਾਂ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਕੀਤਾ ਸੀ ਪ੍ਰੰਤੂ ਉਨ੍ਹਾਂ ਲਿਖਤੀ ਰੂਪ ਵਿਚ ਕੋਈ ਸਹਿਮਤੀ ਨਹੀਂ ਦਿੱਤੀ ਸੀ। ਖਹਿਰਾ ਪਰਿਵਾਰ ਕੋਲ ਕਰੀਬ 9 ਕੁਨੈਕਸ਼ਨ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਕੋਲ ਵੀ ਤਿੰਨ ਖੇਤੀ ਮੋਟਰ ਕੁਨੈਕਸ਼ਨ ਹਨ ਪ੍ਰੰਤੂ ਉਨ੍ਹਾਂ ਨੇ ਬਿਜਲੀ ਸਬਸਿਡੀ ਛੱਡਣ ਦਾ ਕੋਈ ਫ਼ੈਸਲਾ ਨਹੀਂ ਲਿਆ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਅਜਿਹੇ ਕਰੀਬ 10 ਹਜ਼ਾਰ ਕਿਸਾਨ ਹਨ ਜਿਨ੍ਹਾਂ ਕੋਲ ਚਾਰ ਜਾਂ ਚਾਰ ਤੋਂ ਜ਼ਿਆਦਾ ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ।
                                  ਸਾਰੀ ਰਾਸ਼ੀ ਭਰ ਦਿੱਤੀ ਸੀ : ਕਾਂਗੜ
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬਿਜਲੀ ਮੰਤਰੀ ਹੁੰਦਿਆਂ ਹੀ ਬਿਜਲੀ ਸਬਸਿਡੀ ਦੀ ਰਾਸ਼ੀ ਤਾਰ ਦਿੱਤੀ  ਸੀ ਅਤੇ ਇਸ ਵੇਲੇ ਉਨ੍ਹਾਂ ਵੱਲ ਕੋਈ ਬਕਾਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਪਾਵਰਕੌਮ ਦੇ ਹੇਠਲੇ ਦਫ਼ਤਰਾਂ ਵਿਚ ਬੁਰਾ ਹਾਲ ਹੈ ਅਤੇ ਕੋਈ ਹਿਸਾਬ ਕਿਤਾਬ ਰੱਖਿਆ ਹੀ ਨਹੀਂ ਜਾਂਦਾ ਹੈ। ਉਨ੍ਹਾਂ ਨੂੰ ਹਾਲ ’ਚ ਘਰੇਲੂ ਬਿਜਲੀ ਦਾ ਵੱਧ ਬਿੱਲ ਭੇਜ ਦਿੱਤਾ ਸੀ ਜੋ ਬਾਅਦ ਵਿਚ ਦਫ਼ਤਰਾਂ ਚੋਂ ਠੀਕ ਕਰਾਉਣਾ ਪਿਆ। ਦੂਸਰੀ ਤਰਫ਼ ਪਾਵਰਕੌਮ ਦੇ ਰਿਕਾਰਡ ਵਿਚ ਮੋਟਰਾਂ ਦੇ ਬਿੱਲਾਂ ਦੀ ਹਾਲੇ ਤੱਕ ਅਦਾਇਗੀ ਨਹੀਂ ਹੋਈ ਹੈ।

                                                         ਆਟਾ ਦਾਲ ਸਕੀਮ 
                                                   88 ਹਜ਼ਾਰ ਰਾਸ਼ਨ ਕਾਰਡ ਰੱਦ
                                                                   ਚਰਨਜੀਤ ਭੁੱਲਰ 

ਚੰਡੀਗੜ੍ਹ  : ‘ਆਪ’ ਸਰਕਾਰ ਨੇ ਪੰਜਾਬ ’ਚ ਸਾਢੇ ਤਿੰਨ ਲੱਖ ਲੋਕਾਂ ਨੂੰ ‘ਆਟਾ ਦਾਲ ਸਕੀਮ’ ਦਾ ਮੁਫ਼ਤ ਰਾਸ਼ਨ ਦੇਣਾ ਬੰਦ ਕਰ ਦਿੱਤਾ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਨੇ ਪਿਛਲੇ ਦਿਨਾਂ ਵਿਚ ਸਮਾਰਟ ਰਾਸ਼ਨ ਸਕੀਮ (ਆਟਾ ਦਾਲ ਸਕੀਮ) ਦੇ 88064 ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ ਜਿਸ ਕਰਕੇ ਹੁਣ 3,59,926 ਲਾਭਪਾਤਰੀਆਂ ਨੂੰ ਸਰਕਾਰੀ ਰਾਸ਼ਨ ਨਹੀਂ ਮਿਲੇਗਾ। ‘ਆਪ’ ਸਰਕਾਰ ਨੇ ਆਟਾ ਦਾਲ ਸਕੀਮ ਦੇ ਰਾਸ਼ਨ ਕਾਰਡਾਂ ਦੀ ਪੜਤਾਲ ਸ਼ੁਰੂ ਕੀਤੀ ਹੋਈ ਹੈ। ਜਿਹੜੇ ਰਾਸ਼ਨ ਕਾਰਡ ਹੋਲਡਰ ਅਯੋਗ ਪਾਏ ਜਾ ਰਹੇ ਹਨ, ਉਨ੍ਹਾਂ ਦੇ ਰਾਸ਼ਨ ਕਾਰਡ ਪੋਰਟਲ ਚੋਂ ਡਲੀਟ ਕੀਤੇ ਜਾ ਰਹੇ ਹਨ।
         ਵੇਰਵਿਆਂ ਅਨੁਸਾਰ ਖ਼ੁਰਾਕ ਤੇ ਸਪਲਾਈ ਵਿਭਾਗ ਕੋਲ ਡਿਪਟੀ ਕਮਿਸ਼ਨਰਾਂ ਤੋਂ ਪੜਤਾਲ ਦੀ 3 ਮਾਰਚ ਤੱਕ ਦੀ ਪੁੱਜੀ ਰਿਪੋਰਟ (ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ) ਅਨੁਸਾਰ ਪੰਜਾਬ ਵਿਚ ਕੁੱਲ 40.68 ਲੱਖ ਰਾਸ਼ਨ ਕਾਰਡ ਹਨ ਜਿਨ੍ਹਾਂ ਚੋਂ 37.79 ਲੱਖ ਕਾਰਡਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜੋ ਕਿ 92.89 ਫ਼ੀਸਦੀ ਬਣਦਾ ਹੈ। ਇਸ ਪੜਤਾਲ ’ਚ 3.30 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ ਜੋ ਕਿ 8.73 ਫ਼ੀਸਦੀ ਬਣਦੇ ਹਨ। ਅਯੋਗ ਰਾਸ਼ਨ ਕਾਰਡਾਂ ਚੋਂ 88064 ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ।
    ਪੰਜਾਬ ’ਚ ਇਨ੍ਹਾਂ ਰਾਸ਼ਨ ਕਾਰਡਾਂ ਦੇ ਕੱਟੇ ਜਾਣ ਤੋਂ ਵੱਡੀ ਹਲਚਲ ਸ਼ੁਰੂ ਹੋ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਇਸ ਮਾਮਲੇ ’ਤੇ ਸਰਕਾਰ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਯੋਗ ਰਾਸ਼ਨ ਕਾਰਡ ਕੱਟੇ ਗਏ ਹਨ, ਉੱਥੇ ਸਰਕਾਰ ਖ਼ਿਲਾਫ਼ ਰੋਸ ਵਧਣ ਲੱਗਾ ਹੈ। ਜਿਹੜੇ ਰਸੂਖਵਾਨਾਂ ’ਦੇ ਰਾਸ਼ਨ ਕਾਰਡ ਕੱਟੇ ਹਨ, ਉਨ੍ਹਾਂ ਤੋਂ ਲੋਕ ਖ਼ੁਸ਼ ਵੀ ਹਨ। ਬਹੁਤੇ ਅਯੋਗ ਕਾਰਡ ਹੋਲਡਰ ਉਹ ਹਨ ਜਿਨ੍ਹਾਂ ਦੇ ਕੋਠੀਆਂ ਕਾਰਾਂ ਹਨ। ਇਸ ਪੜਤਾਲ ’ਚ ਬਹੁਤਾ ਰਗੜਾ ਗ਼ਰੀਬ ਲੋਕਾਂ ਨੂੰ ਲੱਗ ਗਿਆ ਹੈ। ਕਈ ਜ਼ਿਲਿ੍ਹਆਂ ਵਿਚ ਮੁੜ ਪੜਤਾਲ ਲਈ ਵੀ ਦਬਾਓ ਪੈ ਰਿਹਾ ਹੈ। ਇਹ ਮੁੱਦਾ ਸਰਕਾਰ ’ਤੇ ਭਾਰੂ ਪੈ ਸਕਦਾ ਹੈ।
         ਪੜਤਾਲ ਰਿਪੋਰਟ ਅਨੁਸਾਰ ਤਰਨਤਾਰਨ ਜ਼ਿਲ੍ਹੇ ਔਸਤਨ ਹਰ ਚੌਥਾ ਰਾਸ਼ਨ ਕਾਰਡ ਹੀ ਅਯੋਗ ਪਾਇਆ ਗਿਆ ਹੈ। ਇਸ ਜ਼ਿਲ੍ਹੇ ਵਿਚ 1.41 ਲੱਖ ਕਾਰਡਾਂ ਦੀ ਪੜਤਾਲ ਹੋਈ ਹੈ ਜਿਸ ਚੋਂ 36,982 (26.08 ਫ਼ੀਸਦੀ) ਅਯੋਗ ਨਿਕਲੇ ਹਨ। ਦੂਸਰੇ ਨੰਬਰ ’ਤੇ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ 46 ਹਜ਼ਾਰ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ। ਤੀਜਾ ਨੰਬਰ ਜ਼ਿਲ੍ਹਾ ਬਠਿੰਡਾ ਹੈ ਜਿੱਥੇ ਦੋ ਲੱਖ ਕਾਰਡਾਂ ਦੀ ਪੜਤਾਲ ’ਚ 31,219 ਰਾਸ਼ਨ ਕਾਰਡ ਅਯੋਗ ਪਾਏ ਗਏ ਹਨ ਜੋ ਕਿ 15.34 ਫ਼ੀਸਦੀ ਬਣਦੇ ਹਨ।
    ਇਵੇਂ ਹੀ ਜ਼ਿਲ੍ਹਾ ਰੋਪੜ ਵਿਚ 13.11 ਫ਼ੀਸਦੀ, ਫ਼ਤਿਹਗੜ੍ਹ ਸਾਹਿਬ ਵਿਚ 12.98 ਫ਼ੀਸਦੀ, ਫ਼ਰੀਦਕੋਟ ਵਿਚ 13.42 ਫ਼ੀਸਦੀ, ਮੁਹਾਲੀ ਜ਼ਿਲ੍ਹੇ ਵਿਚ 11.14 ਫ਼ੀਸਦੀ, ਮਾਨਸਾ ਜ਼ਿਲ੍ਹੇ ਵਿਚ 9.99 ਫ਼ੀਸਦੀ, ਫ਼ਿਰੋਜ਼ਪੁਰ ਵਿਚ 9.05 ਫ਼ੀਸਦੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 9.74 ਫ਼ੀਸਦੀ ਰਾਸ਼ਨ ਕਾਰਡ ਅਯੋਗ ਪਾਏ ਹਨ। ਦੂਸਰੇ ਬੰਨ੍ਹੇ ਕੱਟੇ ਗਏ ਰਾਸ਼ਨ ਕਾਰਡਾਂ ’ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਲੁਧਿਆਣਾ ਵਿਚ ਸਭ ਤੋਂ ਵੱਧ 29,725 ਰਾਸ਼ਨ ਕਾਰਡ ਰੱਦ ਕੀਤੇ ਗਏ ਹਨ ਜਦੋਂ ਕਿ ਰੋਪੜ ਜ਼ਿਲ੍ਹੇ ਵਿਚ 8567 ਕਾਰਡ ਕੱਟੇ ਗਏ ਹਨ।
        ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿਚ 7445 ਕਾਰਡ, ਹੁਸ਼ਿਆਰਪੁਰ ਵਿਚ 6155, ਬਠਿੰਡਾ ਵਿਚ 6063 ਅਤੇ ਪਠਾਨਕੋਟ ਵਿਚ 4596 ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਕਰੀਬ ਅੱਠ ਲੱਖ ਲਾਭਪਾਤਰੀਆਂ ਅਯੋਗ ਪਾਏ ਹਨ ਜਿਨ੍ਹਾਂ ਚੋਂ 3.59 ਲੱਖ ਲਾਭਪਾਤਰੀਆਂ ਦਾ ਰਾਸ਼ਨ ਬੰਦ ਕਰ ਦਿੱਤਾ ਗਿਆ ਹੈ।  ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਪੰਜਾਬ ’ਤੇ ਕਰੀਬ 11 ਫ਼ੀਸਦੀ ਦਾ ਕੱਟ ਲਾ ਦਿੱਤਾ ਸੀ ਕਿਉਂਕਿ ਕੇਂਦਰ ਵੱਲੋਂ ਨਿਸ਼ਚਿਤ ਕੋਟੇ ਤੋਂ ਲਾਭਪਾਤਰੀਆਂ ਦੀ ਗਿਣਤੀ ਪੰਜਾਬ ਵਿਚ ਕਿਤੇ ਜ਼ਿਆਦਾ ਹੈ।
                     ਯੋਗ ਕੇਸਾਂ ’ਤੇ ਮੁੜ ਵਿਚਾਰ ਕਰਾਂਗੇ : ਕਟਾਰੂਚੱਕ
ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਜਿੱਥੇ ਕਿਤੇ ਯੋਗ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ’ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਯੋਗ ਲੋਕਾਂ ਨੂੰ ਅਨਾਜ ਮਿਲ ਸਕੇ। ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਲੱਖ ਲਾਭਪਾਤਰੀਆਂ ਦੇ ਨਾਮ ਕੱਟੇ ਗਏ ਹਨ ਅਤੇ ਪੜਤਾਲ ਦਾ ਕੰਮ ਦਸ ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਸਕੀਮ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ।

Saturday, March 4, 2023

                                                         ਸਿਆਸੀ ਖਿੱਚੜੀ
                            ਮੁੱਖ ਮੰਤਰੀ  ਤੇ ਰਾਜਪਾਲ ਵਿਚ ਠੰਢੀ ਜੰਗ
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਚੱਲ ਰਹੀ ਠੰਢੀ ਜੰਗ ਦਾ ਪਰਛਾਵਾਂ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਤੇ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸੈਸ਼ਨ ਦੇ ਪਹਿਲੇ ਦਿਨ ਕੋਈ ਵੱਡੀ ਅਣਬਣ ਤਾਂ ਨਹੀਂ ਉੱਭਰੀ, ਪਰ ਮਨਾਂ ਅੰਦਰਲੀ ਤਲਖ਼ੀ ਵੀ ਗੁੱਝੀ ਨਹੀਂ ਰਹਿ ਸਕੀ। ਜਿੰਨੀ ਤੇਜ਼ੀ ਨਾਲ ਰਾਜਪਾਲ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਮੰਨ ਕੇ ‘ਮੇਰੀ ਸਰਕਾਰ’ ਕਹਿਣ ਤੋਂ ਕਿਨਾਰਾ ਕਰ ਲਿਆ ਸੀ, ਉਸ ਤੋਂ ਜਾਪਦਾ ਸੀ ਕਿ ਅੰਦਰੋਂ ਕੁਝ ਹੋਰ ਹੀ ਸਿਆਸੀ ਖਿੱਚੜੀ ਰਿੱਝ ਰਹੀ ਹੈ। ਰਾਜਪਾਲ ਪੁਰੋਹਿਤ ਨੇ ਜਿਸ ਤਰੀਕੇ ਨਾਲ ਪੰਜਾਬ ਕੈਬਨਿਟ ਵੱਲੋਂ ਪ੍ਰਵਾਨ ਭਾਸ਼ਣ ’ਚ ਇੱਕ ਦਫ਼ਾ ਭੰਨ-ਤੋੜ ਕਰਨ ਦੀ ਗੱਲ ਸਵੀਕਾਰੀ, ਉਸ ਨੇ ਨਵੀਂ ਸਿਆਸੀ ਘੁਸਰ ਮੁਸਰ ਨੂੰ ਵੀ ਜਨਮ ਦਿੱਤਾ ਹੈ। ਬੇਸ਼ੱਕ ਰਾਜਪਾਲ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੀ ਇਕੱਲੀ ਇਕੱਲੀ ਗਿਣਤੀ ਕਰਾਈ, ਪਰ ਉਨ੍ਹਾਂ ਵੱਲੋਂ ਅਖੀਰ ’ਚ ਦਿੱਤੀ ਨਸੀਹਤ ਤੋਂ ਗੱਲ ਢਕੀ ਨਾ ਰਹਿ ਸਕੀ ਕਿ ਰਾਜਪਾਲ ਦੇ ਮਨ ’ਚ ਅਜੇ ਵੀ ਨਾਰਾਜ਼ਗੀ ਹੈ। 

        ਰਾਜਪਾਲ ਦੀਆਂ ਇਹ ਗੱਲਾਂ ਤਾਂ ਖਰੀਆਂ ਸਨ, ‘ਸਾਰੇ ਵਡੱਪਣ ਦਿਖਾਓ, ਛੋਟੀਆਂ ਗੱਲਾਂ ਵਿੱਚ ਨਾ ਪਓ’। ਮੁੱਖ ਮੰਤਰੀ ਭਗਵੰਤ ਮਾਨ ਵੀ ਉਦੋਂ ਗੁੱਸਾ ਖਾ ਗਏ ਜਦੋਂ ਬਾਜਵਾ ਦੀ ਸਲਾਹ ਨੂੰ ਮੰਨ ਕੇ ਕੈਬਨਿਟ ਦੇ ਪ੍ਰਵਾਨ ਭਾਸ਼ਣ ਨੂੰ ਹੀ ਲਾਂਭੇ ਰੱਖ ਦਿੱਤਾ ਗਿਆ। ਸਿਆਸੀ ਹਲਕੇ ਆਖਦੇ ਹਨ ਕਿ ਇਹ ਸਭ ਕੁਝ ਸਹਿਜੇ ਨਹੀਂ ਹੋਇਆ ਹੈ। ਪ੍ਰਵਾਨਿਤ ਭਾਸ਼ਣ ਦੇ ਇੱਕ ਸ਼ਬਦ ਤੋਂ ਵੀ ਰਾਜਪਾਲ ਬਾਹਰ ਨਹੀਂ ਜਾ ਸਕਦੇ ਹਨ ਪਰ ਅੱਜ ਇੱਥੇ ਤਾਮਿਲਨਾਡੂ ਦੀ ਵਿਧਾਨ ਸਭਾ ਵਾਲੀ ਕਹਾਣੀ ਦਾ ਦੁਹਰਾਅ ਹੋਣ ਤੋਂ ਬਚਾਅ ਹੋ ਗਿਆ। ਤਾਮਿਲਨਾਡੂ ਦੇ ਰਾਜਪਾਲ ਨੇ ਪਿਛਲੇ ਦਿਨੀਂ ਆਪਣੇ ਭਾਸ਼ਣ ਵਿੱਚੋਂ ਕੁਝ ਹਿੱਸੇ ਹੀ ਛੱਡ ਦਿੱਤੇ ਸਨ। ਅੱਜ ਰਾਜਪਾਲ ਨੇ ਭਾਸ਼ਣ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ੍ਹਣ ਲਈ ਕੀਤੇ ਕੰਮਾਂ ਦਾ ਖ਼ੁਲਾਸਾ ਵੀ ਕੀਤਾ, ਜਿਸ ਬਾਰੇ ਸਦਨ ਤੋਂ ਬਾਹਰ ਆ ਕੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਰਾਜਪਾਲ ਨੂੰ ਸਰਕਾਰ ਵੱਲੋਂ ਤਿਆਰ ਕੀਤਾ ਝੂਠ ਦਾ ਪੁਲੰਦਾ ਪੜ੍ਹਨਾ ਪਿਆ ਹੈ ਤੇ ਅਜਿਹਾ ਸਭ ਕੁਝ ਰਾਜਪਾਲ ਨੂੰ ਆਪਣੀ ਜ਼ਮੀਰ ਮਾਰ ਕੇ ਕਰਨਾ ਪਿਆ। 

         ਬਾਜਵਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਮੌਕੇ ਰਾਜਪਾਲ ਆਖ ਚੁੱਕੇ ਸਨ ਕਿ ਕਰਿਆਨਾ ਸਟੋਰਾਂ ’ਤੇ ਨਸ਼ੇ ਵਿਕਦੇ ਹਨ। ‘ਆਪ’ ਸਰਕਾਰ ਲਈ ਅੱਜ ਸਦਨ ਵਿਚ ਉਹ ਪਲ ਤਸੱਲੀ ਵਾਲੇ ਸਨ ਜਦੋਂ ਰਾਜਪਾਲ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਵਜੋਂ ਵਡਿਆ ਰਹੇ ਸਨ। ਦੱਸਣਯੋਗ ਹੈ ਕਿ 13 ਫਰਵਰੀ ਨੂੰ ਰਾਜਪਾਲ ਨੇ ਪੱਤਰ ਲਿਖ ਕੇ ਮੁੱਖ ਮੰਤਰੀ ਤੋਂ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੋਣ ਅਤੇ ਖ਼ਰਚੇ ਬਾਰੇ ਸੂਚਨਾ ਮੰਗੀ ਸੀ, ਜਿਸ ਦੀ ਜਾਣਕਾਰੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਸੀ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਇੱਕ ਦੂਸਰੇ ਨਾਲ ਦਾਨਸ਼ਮੰਦਾਂ ਵਾਲਾ ਵਿਹਾਰ ਕਰਨ ਦੀ ਨਸੀਹਤ ਦਿੱਤੀ ਸੀ। ਪਤਾ ਲੱਗਿਆ ਹੈ ਕਿ ਅੱਜ ਸਦਨ ਵਿੱਚ ਰਾਜਪਾਲ ਦੇ ਭਾਸ਼ਣ ਦੌਰਾਨ ਪਏ ਰੌਲੇ ਵਾਲਾ ਹਿੱਸਾ ਲਾਈਵ ਨਹੀਂ ਦਿਖਾਇਆ ਗਿਆ। ਇਸੇ ਦੌਰਾਨ ਜਦੋਂ ਬਾਜਵਾ ਵੱਲੋਂ ਸਦਨ ’ਚ ਵਾਕਆਊਟ ਮੌਕੇ ਜਦੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਧ-ਚੜ੍ਹ ਕੇ ਸਾਥ ਦੇ ਰਹੇ ਸਨ ਤਾਂ ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਸ਼ਾਂਤ ਰਹੇ।

                                       ਬਾਜਵਾ ਵੱਲੋਂ ਸਪੀਕਰ ਨੂੰ ਪੱਤਰ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਪੀਕਰ ਨੂੰ ਪੱਤਰ ਲਿਖ ਕੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਲਈ ਸੁਝਾਅ ਭੇਜੇ ਹਨ। ਉਨ੍ਹਾਂ ਲਿਖਿਆ ਹੈ ਕਿ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਲਈ ਇੱਕ ਬੈਠਕ ਹੀ ਰੱਖੀ ਹੈ ਤੇ ਇਸੇ ਤਰ੍ਹਾਂ ਬਜਟ ਸੈਸ਼ਨ ਵਾਲੇ ਦਿਨ ਹੀ ਬਹਿਸ ਕਰਾਏ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਹੈ ਕਿਉਂਕਿ ਉਸੇ ਦਿਨ ਬਹਿਸ ਤੋਂ ਪਹਿਲਾਂ ਪੂਰਾ ਬਜਟ ਪੜ੍ਹਨਾ ਕੋਈ ਛੋਟਾ ਕੰਮ ਨਹੀਂ ਹੈ। ਉਨ੍ਹਾਂ ਸੈਸ਼ਨ ਦੇ ਬਿਜ਼ਨਸ ਨੂੰ ਅੰਤਿਮ ਰੂਪ ਦੇਣ ਸਮੇਂ ਇਨ੍ਹਾਂ ਸਲਾਹਾਂ ਨੂੰ ਵਿਚਾਰਨ ਲਈ ਕਿਹਾ ਹੈ।

                                    ਮੁੱਖ ਮੰਤਰੀ ਨੇ ਮੌਕਾ ਖੁੰਝਾਇਆ: ਭਾਜਪਾ

ਭਾਜਪਾ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਸਦਨ ਤੋਂ ਬਾਹਰ ਆ ਕੇ ਕਿਹਾ ਕਿ ਅੱਜ ਸਦਨ ਅੰਦਰ ਕਾਂਗਰਸੀ ਵਿਧਾਇਕਾਂ ਨੂੰ ਰਾਜਪਾਲ ਦਾ ਭਾਸ਼ਣ ਸੁਣਨਾ ਚਾਹੀਦਾ ਸੀ ਤੇ ਵਾਕਆਊਟ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਅੱਜ ਸਦਨ ਵਿੱਚ ਮੁੱਦਾ ਠੀਕ ਚੁੱਕਿਆ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਾਊਸ ਦੇ ਨੇਤਾ ਕੋਲ ਅੱਜ ਕੁੜੱਤਣ ਖ਼ਤਮ ਕਰਨ ਦਾ ਚੰਗਾ ਮੌਕਾ ਸੀ, ਜੋ ਉਨ੍ਹਾਂ ਨੇ ਖੁੰਝਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਛੋਟਾਪਣ ਦਿਖਾਇਆ ਹੈ।

                                                         ਬਜਟ ਇਜਲਾਸ
                                          ਰਾਜਪਾਲ ਦੇ ਭਾਸ਼ਣ ਮੌਕੇ ਹੰਗਾਮਾ
                                                          ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਦੌਰਾਨ ਹੀ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਮੌਕੇ ਹੰਗਾਮਾ ਖੜ੍ਹਾ ਹੋ ਗਿਆ। ਜਿਉਂ ਹੀ ਰਾਜਪਾਲ ‘ਮੇਰੀ ਸਰਕਾਰ’ ਆਖ ਕੇ ਸਦਨ ਦੇ ਮੁਖ਼ਾਤਬ ਹੋਏ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਨੂੰ ‘ਮੇਰੀ ਸਰਕਾਰ’ ਕਹਿਣ ’ਤੇ ਇਤਰਾਜ਼ ਕਰ ਦਿੱਤਾ। ਹੰਗਾਮੇ ਭਰੇ ਮਾਹੌਲ ’ਚ ਰਾਜਪਾਲ ਨੂੰ ਭਾਸ਼ਣ ਰੋਕਣਾ ਪਿਆ। ਬਾਜਵਾ ਨੇ ਇਸ਼ਾਰਾ ਕਰਕੇ ਕਿਹਾ ਕਿ ‘ਆਪ’ ਸਰਕਾਰ ‘ਤੁਹਾਨੂੰ ‘ਸਿਲੈੱਕਟਿਡ’ ਆਖਦੀ ਹੈ ਤੇ ਤੁਹਾਡਾ ਸਤਿਕਾਰ ਨਹੀਂ ਕਰਦੀ ਤਾਂ ਤੁਸੀਂ ਵੀ ‘ਮੇਰੀ ਸਰਕਾਰ’ ਸ਼ਬਦ ਨਾ ਵਰਤੋ। ਸਦਨ ’ਚ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਬੈਂਚਾਂ ਨੇ ਇੱਕ ਦੂਸਰੇ ਖ਼ਿਲਾਫ਼ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ। ਬਾਜਵਾ ਨੇ ਇੱਥੋਂ ਤੱਕ ਆਖ ਦਿੱਤਾ ਕਿ ‘ਜਿਹੜਾ ਪੁੱਤਰ ਆਪਣੇ ਬਾਪ ਨੂੰ ਕਬੂਲਣ ਲਈ ਤਿਆਰ ਨਹੀਂ, ਉਸ ਪੁੱਤਰ ਨੂੰ ਬੇਦਖ਼ਲ ਹੀ ਕਰ ਦੇਣਾ ਚਾਹੀਦਾ ਹੈ।’ ਰਾਜਪਾਲ ਪੁਰੋਹਿਤ ਨੇ ਬਾਜਵਾ ਦੀ ਗੱਲ ਸਵੀਕਾਰੀ ਅਤੇ ਕਿਹਾ ਕਿ ‘ਠੀਕ ਹੈ, ਮੈਂ ਸਰਕਾਰ ਕਹਾਂਗਾ, ਮੇਰੀ ਸਰਕਾਰ ਨਹੀਂ’। 

          ਉਧਰ ਰਾਜਪਾਲ ਨੇ ਵਿਰੋਧੀ ਧਿਰ ਦੇ ਨੇਤਾ ਦੀ ਸਲਾਹ ’ਤੇ ‘ਮੇਰੀ ਸਰਕਾਰ’ ਨਾ ਕਹੇ ਜਾਣ ਦੀ ਹਾਮੀ ਭਰੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੈਸ਼ ਵਿਚ ਆ ਗਏ ਅਤੇ ਸੱਤਾਧਾਰੀ ਧਿਰ ਨੇ ਰਾਜਪਾਲ ਨੂੰ ਨਿਸ਼ਾਨੇ ’ਤੇ ਲੈ ਲਿਆ। ਹਾਕਮ ਧਿਰ ਨੇ ਉਦੋਂ ਤੱਕ ਦਬਾਓ ਬਣਾਇਆ ਜਦੋਂ ਤੱਕ ਰਾਜਪਾਲ ਨੇ ਮੋੜਾ ਨਾ ਕੱਟਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦੀ ਪ੍ਰਣਾਲੀ ਦੇ ਹਵਾਲਿਆਂ ਨਾਲ ਰਾਜਪਾਲ ਨੂੰ ਸੰਬੋਧਿਤ ਹੋ ਕੇ ਕਿਹਾ ਕਿ ‘ਭਾਸ਼ਣ’ ਕੈਬਨਿਟ ਨੇ ਪ੍ਰਵਾਨ ਕੀਤਾ ਹੈ ਅਤੇ ਉਹ (ਰਾਜਪਾਲ) ‘ਮੇਰੀ ਸਰਕਾਰ’ ਕਹਿਣ ਲਈ ਪਾਬੰਦ ਹਨ। ਇਸ ਦੌਰਾਨ ਰਾਜਪਾਲ ਨੇ ਥੋੜ੍ਹੀ ਤਲਖ਼ੀ ਦਿਖਾਈ ਕਿ ਉਹ ਪਹਿਲੀ ਵਾਰ ਗਵਰਨਰ ਨਹੀਂ ਬਣੇ ਬਲਕਿ ਪਹਿਲਾਂ ਅਸਾਮ, ਮੇਘਾਲਿਆ ਤੇ ਤਾਮਿਲਨਾਡੂ ਵਿਚ ਰਾਜਪਾਲ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਸ਼ਣ ਵਿੱਚ ‘ਮੇਰੀ ਸਰਕਾਰ’ ਅਤੇ ਕਿਤੇ ‘ਸਰਕਾਰ’ ਦਾ ਵੀ ਜ਼ਿਕਰ ਹੈ। ਭਗਵੰਤ ਮਾਨ ਨੇ ਰਾਜਪਾਲ ਨੂੰ ਕਿਹਾ ਕਿ ਉਹ ਵਿਰੋਧੀਆਂ ਦੀਆਂ ਗੱਲਾਂ ਵਿਚ ਨਾ ਆਉਣ। ਰਾਜਪਾਲ ਨੇ ਸੰਵਿਧਾਨਕ ਰਵਾਇਤਾਂ ਨੂੰ ਚੇਤੇ ਕਰਦਿਆਂ ਮੌਕਾ ਸੰਭਾਲਦਿਆਂ ਕਿਹਾ ਕਿ ਜੋ ਕੈਬਨਿਟ ਨੇ ਪਾਸ ਕੀਤਾ ਹੈ, ਉਹ ਠੀਕ ਹੈ। 

         ਰਾਜਪਾਲ ਨੂੰ ਫ਼ੌਰੀ ਹਾਕਮ ਧਿਰ ਅੱਗੇ ਝੁਕਣਾ ਪਿਆ ਅਤੇ ਰਾਜਪਾਲ ਨੇ ਮੁੜ ਭਾਸ਼ਣ ’ਚ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਸੱਤਾਧਾਰੀ ਧਿਰ ਇਸ ਮੌਕੇ ਜੇਤੂ ਅੰਦਾਜ਼ ’ਚ ਨਜ਼ਰ ਆਈ। ਜਦੋਂ ਰਾਜਪਾਲ ‘ਮੇਰੀ ਸਰਕਾਰ’ ਆਖ ਕੇ ‘ਆਪ’ ਸਰਕਾਰ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਤਾਂ ਸੱਤਾਧਾਰੀ ਧਿਰ ਵਾਰ ਵਾਰ ਮੇਜ਼ ਥਾਪੜਦੀ ਰਹੀ। ਉਂਜ, ਅੱਜ ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਤਾਮਿਲਨਾਡੂ ਵਿਧਾਨ ਸਭਾ ਵਾਲਾ ਇਤਿਹਾਸ ਦੁਹਰਾਏ ਜਾਣ ਤੋਂ ਬਚਾਓ ਹੋ ਗਿਆ ਜਿੱਥੋਂ ਦੇ ਰਾਜਪਾਲ ਨੇ ਪ੍ਰਵਾਨਿਤ ਭਾਸ਼ਣ ’ਚੋਂ ਕੁਝ ਹਿੱਸੇ ਨੂੰ ਹੀ ਛੱਡ ਦਿੱਤਾ ਸੀ। ਅੱਜ ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ’ਚ ਮੁੜ ਉਦੋਂ ਅੜਿੱਕਾ ਖੜ੍ਹਾ ਹੋ ਗਿਆ ਜਦੋਂ ਰਾਜਪਾਲ ਨੇ ‘ਮੇਰੀ ਸਰਕਾਰ’ ਆਖ ਕੇ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਨੂੰ ਇੱਕ ਪ੍ਰਾਪਤੀ ਵਜੋਂ ਚਿਤਵਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁੜ ਉੱਠ ਖੜ੍ਹੇ ਹੋਏ ਤੇ ਇਸ ’ਤੇ ਇਤਰਾਜ਼ ਕਰਦਿਆਂ ਸੁਆਲ ਕੀਤਾ ਕਿ ਕੀ ਉਨ੍ਹਾਂ (ਰਾਜਪਾਲ) ਨੂੰ ਸੂਬਾ ਸਰਕਾਰ ਨੇ ਸਿੰਗਾਪੁਰ ਸਿਖਲਾਈ ਲਈ ਭੇਜੇ ਪ੍ਰਿੰਸੀਪਲਾਂ ਦੀ ਚੋਣ ਤੇ ਖ਼ਰਚੇ ਬਾਰੇ ਜਵਾਬ ਦੇ ਦਿੱਤੇ ਹਨ?

          ਇਸ ’ਤੇ ਰਾਜਪਾਲ ਨੇ ਕਿਹਾ ਕਿ ‘ਜਦੋਂ ਮੈਂ ਹੁਣ ‘ਮੇਰੀ ਸਰਕਾਰ’ ਆਖ ਰਿਹਾ ਹਾਂ ਤਾਂ ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਜਾਣਕਾਰੀ ਮੰਗਾਂਗਾ, ਉਹ ਮੈਨੂੰ ਦੇਣਗੇ।’ ਇਹ ਵੀ ਕਿਹਾ ਕਿ ‘ਮੈਨੂੰ ਭਾਸ਼ਣ ਪੜ੍ਹਨ ਦਿਓ, ਇਹ ਸਦਨ ਤੋਂ ਬਾਹਰ ਦਾ ਮਾਮਲਾ ਹੈ।’ ਵਿਰੋਧੀ ਧਿਰ ਇਸ ਮੌਕੇ ਉੱਠ ਖੜ੍ਹੀ ਤੇ ਸਦਨ ’ਚੋਂ ਵਾਕ ਆਊਟ ਕਰ ਗਈ। ਹਾਲਾਂਕਿ ਰਾਜਪਾਲ ਨੇ ਉਨ੍ਹਾਂ ਨੂੰ ਰੋਕਿਆ ਵੀ ਅਤੇ ਕਿਹਾ ਵੀ ਕਿ ਇਨ੍ਹਾਂ ਗੱਲਾਂ ਬਾਰੇ ਚਰਚਾ ਕਰਨ ਲਈ ਬਾਕੀ ਦਿਨ ਪਏ ਹਨ। ਵਾਕਆਊਟ ਮਗਰੋਂ ਰਾਜਪਾਲ ਨੇ ਸਰਕਾਰੀ ਪ੍ਰਾਪਤੀਆਂ ਨੂੰ ‘ਮੇਰੀ ਸਰਕਾਰ’ ਦੇ ਸੰਬੋਧਨ ਨਾਲ ਨਿਰਵਿਘਨ ਪੜ੍ਹਿਆ। ਅੱਜ ਰਾਜਪਾਲ ਦੇ ਭਾਸ਼ਣ ’ਚ ਪਏ ਵਿਘਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਰਾਜਪਾਲ ਕੋਲ ਜਾ ਕੇ ਉਚੇਚੇ ਤੌਰ ’ਤੇ ਕੁਝ ਕਿਹਾ। ਇਸ ਤੋਂ ਪਹਿਲਾਂ ਬਜਟ ਇਜਲਾਸ ਦਾ ਆਗਾਜ਼ ਰਾਸ਼ਟਰੀ ਗਾਣ ਨਾਲ ਹੋਇਆ ਅਤੇ ਰਾਜਪਾਲ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਆਖ ਕੇ ਆਪਣਾ ਭਾਸ਼ਣ ਸਮਾਪਤ ਕੀਤਾ। 16ਵੀਂ ਵਿਧਾਨ ਸਭਾ ਦਾ ਇਹ ਬਜਟ ਸੈਸ਼ਨ ਉਦੋਂ ਹੋ ਰਿਹਾ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਸਬੰਧ ਸੁਖਾਵੇਂ ਨਹੀਂ ਹਨ। 

         ਪੰਜਾਬ ਸਰਕਾਰ ਨੂੰ ਬਜਟ ਸੈਸ਼ਨ ਦੀ ਪ੍ਰਵਾਨਗੀ ਲਈ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਿਆ ਹੈ। ਅੱਜ ਸੈਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਸਪਾ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਨੂੰ ਨੀਝ ਲਾ ਕੇ ਸੁਣਿਆ।‘ਆਪ’ ਸਰਕਾਰ ਨੇ ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਚੱਲ ਰਹੀ ਠੰਢੀ ਜੰਗ ਦਰਮਿਆਨ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲਈ ਵਿਧਾਨ ਸਭਾ ’ਚ ਰੈੱਡ ਕਾਰਪੈੱਟ ਵਿਛਾਇਆ। ਆਮ ਤੌਰ ’ਤੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਹੀ ਰਾਜਪਾਲ ਨੂੰ ਰਿਸੀਵ ਕਰਦੇ ਹਨ ਪ੍ਰੰਤੂ ਅੱਜ ਮੁੱਖ ਮੰਤਰੀ ਤੇ ਸਪੀਕਰ ਤੋਂ ਇਲਾਵਾ ਕਈ ਵਜ਼ੀਰਾਂ ਨੇ ਵੀ ਰਾਜਪਾਲ ਨੂੰ ‘ਜੀ ਆਇਆਂ’ ਆਖਿਆ। ਹਾਕਮ ਧਿਰ ਨੇ ਰਾਜਪਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

                               ਰਾਜਪਾਲ ਦੀ ਗੁੱਝੇ ਮਾਅਨੇ ਵਾਲੀ ਨਸੀਹਤ

ਰਾਜਪਾਲ ਨੇ ਆਪਣੇ ਭਾਸ਼ਣ ਦੇ ਅਖੀਰ ਵਿੱਚ ਨਸੀਹਤ ਦਿੱਤੀ ਕਿ ਸਦਨ ’ਚ ਉਸਾਰੂ ਬਹਿਸ ਕੀਤੀ ਜਾਵੇ ਅਤੇ ਗੈਰ-ਸੰਸਦੀ ਅਤੇ ਨਿੱਜੀ ਹਮਲਿਆਂ ਵਾਲੀ ਭਾਸ਼ਾ ਤੋਂ ਗੁਰੇਜ਼ ਕੀਤਾ ਜਾਵੇ। ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਥਾਂ ਇੱਕ ਦੂਸਰੇ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਦੋਵੇਂ ਧਿਰਾਂ ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਨਗੀਆਂ। ਰਾਜਪਾਲ ਨੇ ਗੁੱਝੇ ਤਰੀਕੇ ਨਾਲ ਇੱਥੋਂ ਤੱਕ ਕਿਹਾ ਕਿ ਨਿੱਜੀ ਜ਼ਿੰਦਗੀ ’ਚ ਵੀ ਪਾਰਦਰਸ਼ਤਾ ਬਣੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਜੇ ਤੁਹਾਡੇ ’ਚ ਖ਼ਰਾਬ ਆਦਤਾਂ ਵੀ ਹਨ, ਉਨ੍ਹਾਂ ਨੂੰ ਵੀ ਦੋਸਤਾਂ ਨਾਲ ਸਾਂਝਾ ਕਰੋ। ਫਿਰ ਹੀ ਉਹ ਰੋਕਣਗੇ।’’

                                     ਰਵਾਇਤ ਤੋਂ ਲਾਂਭੇ ਹੋਏ ਰਾਜਪਾਲ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਭਾਸ਼ਣ ਮੌਕੇ ਕਈ ਰਵਾਇਤਾਂ ਨੂੰ ਵੀ ਖੋਰਾ ਲਾਇਆ। ਪੁਰਾਣਾ ਇਤਿਹਾਸ ਦੇਖੀਏ ਤਾਂ ਪਹਿਲਾਂ ਕਦੇ ਵੀ ਕਿਸੇ ਰੌਲ਼ੇ-ਰੱਪੇ ਦੌਰਾਨ ਰਾਜਪਾਲ ਨੇ ਭਾਸ਼ਣ ਨਹੀਂ ਰੋਕਿਆ ਸੀ। ਨਾ ਹੀ ਕਿਸੇ ਰਾਜਪਾਲ ਨੇ ਵਿਰੋਧੀ ਧਿਰ ਦੇ ਕਹੇ ’ਤੇ ਕੈਬਨਿਟ ਵੱਲੋਂ ਪਾਸ ਕੀਤੇ ਭਾਸ਼ਣ ਵਿਚ ਫੇਰਬਦਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜਪਾਲ ਨੇ ਅੱਜ ਆਪਣੇ ਭਾਸ਼ਣ ਦੌਰਾਨ ਵਿਰੋਧੀ ਤੇ ਹਾਕਮ ਧਿਰ ਨਾਲ ਇੱਕ ਤਰੀਕੇ ਨਾਲ ਗੱਲਬਾਤ ਵੀ ਜਾਰੀ ਰੱਖੀ।