Thursday, August 31, 2017

                     ਪੰਜਾਬ ਪੁਲੀਸ
    ਡੇਰਾ ਮੁਖੀ ਨੂੰ ਅਸਾਲਟਾਂ ਦਾ ਗੱਫਾ !
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਨੇ ਹੱਦ ਟੱਪ ਕੇ ਡੇਰਾ ਮੁਖੀ 'ਤੇ ਹਥਿਆਰਾਂ ਦੀ ਛਾਂ ਕੀਤੀ। ਪੰਜਾਬ ਸਰਕਾਰ ਨੇ ਡੇਰਾ ਮੁਖੀ ਦੀ ਸੁਰੱਖਿਆ 'ਤੇ ਅੱਠ ਮੈਂਬਰੀ ਸੁਰੱਖਿਆ ਦਸਤਾ ਲਾਇਆ ਸੀ ਜੋ ਡੇਰਾ ਮੁਖੀ ਦੇ ਜੇਲ• ਜਾਣ ਮਗਰੋਂ ਰਾਤੋਂ ਰਾਤ ਵਾਪਸ ਬੁਲਾ ਲਿਆ। ਪੰਜਾਬ ਪੁਲੀਸ ਤਾਂ ਡੇਰਾ ਮੁਖੀ ਦੀ ਸੁਰੱਖਿਆ ਪ੍ਰਤੀ ਏਨੀ ਫਿਕਰਮੰਦ ਸੀ ਕਿ ਡੇਰਾ ਮੁਖੀ ਨਾਲ ਲਾਏ ਹਰ ਗੰਨਮੈਨ ਨੂੰ ਦੋ ਦੋ ਹਥਿਆਰ ਵੀ ਦਿੱਤੇ ਹੋਏ ਸਨ। ਹਾਲਾਂਕਿ ਪੰਜਾਬ ਦੇ ਥਾਣੇ ਤੇ ਥਾਣੇਦਾਰ ਅਸਾਲਟਾਂ ਤੇ ਪਿਸਟਲਾਂ ਬਿਨ•ਾਂ ਖਾਲੀ ਹੱਥ ਹਨ ਪ੍ਰੰਤੂ ਪੰਜਾਬ ਪੁਲੀਸ ਨੇ ਡੇਰਾ ਮੁਖੀ ਨਾਲ ਲਾਏ ਹਰ ਗੰਨਮੈਨ ਨੂੰ ਇੱਕ ਇੱਕ ਏਕੇ-47 ਅਤੇ ਇੱਕ ਇੱਕ ਪਿਸਟਲ ਦਿੱਤਾ ਹੋਇਆ ਸੀ। ਸੂਤਰ ਆਖਦੇ ਹਨ ਕਿ ਇੱਕ ਗੰਨਮੈਨ ਇੱਕੋ ਸਮੇਂ ਦੋ ਹਥਿਆਰ ਕਿਵੇਂ ਚਲਾ ਸਕੇਗਾ। ਵੇਰਵਿਆਂ ਅਨੁਸਾਰ ਪਿਛਲੀ ਗਠਜੋੜ ਸਰਕਾਰ ਸਮੇਂ ਡੇਰਾ ਮੁਖੀ ਨੂੰ ਸਮੇਂ ਸਮੇਂ 'ਤੇ ਸੁਰੱਖਿਆ ਦਿੱਤੀ ਗਈ। ਪੁਲੀਸ ਦੇ ਦੋ ਗੰਨਮੈਨ ਜਦੋਂ ਡੇਰਾ ਮੁਖੀ ਦੇ ਜੇਲ• ਜਾਣ ਮਗਰੋਂ ਵੀ ਸਿਰਸਾ ਵਿਖੇ ਘੁੰਮ ਰਹੇ ਸਨ ਤਾਂ ਉਨ•ਾਂ ਨੂੰ ਸਿਰਸਾ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਬਠਿੰਡਾ ਪੁਲੀਸ ਨੇ ਸਿਰਸੇ ਤੋਂ ਵਾਪਸ ਨਾ ਆਉਣ ਵਾਲੇ ਗੰਨਮੈਨ ਰੋਹਿਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਸੂਤਰ ਆਖਦੇ ਹਨ ਕਿ ਪੰਜਾਬ ਪੁਲੀਸ ਨੇ ਹਰਿਆਣਾ ਦੇ ਵਸਨੀਕ ਡੇਰਾ ਮੁਖੀ ਨੂੰ ਕਿਹੜੇ ਨਿਯਮਾਂ ਤਹਿਤ ਹੱਦ ਟੱਪ ਕੇ ਸੁਰੱਖਿਆ ਦਸਤਾ ਦਿੱਤੀ ਹੈ।
                     ਏਡੀਜੀਪੀ (ਸੁਰੱਖਿਆ) ਦੇ ਹੁਕਮਾਂ 'ਤੇ ਇਹ ਗੰਨਮੈਨ ਦਿੱਤੇ ਹੋਏ ਸਨ। ਹੁਣ ਸੁਰੱਖਿਆ ਵਿੰਗ ਨੂੰ ਚਿੰਤਾ ਹੋ ਗਈ ਹੈ ਕਿ ਕਿਤੇ ਹਾਈਕੋਰਟ ਇਸ ਮਾਮਲੇ ਦਾ ਨੋਟਿਸ ਨਾ ਲੈ ਲਵੇ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਇਹ ਬਹੁਤੇ ਗੰਨਮੈਨ ਤਾਂ 'ਡੇਰਾ ਪ੍ਰੇਮੀ' ਹੀ ਸਨ ਜਿਨ•ਾਂ ਨੇ ਡੇਰੇ ਵਿਚ ਹੀ ਰਿਹਾਇਸ਼ ਕੀਤੀ ਹੋਈ ਸੀ। ਪੁਲੀਸ ਨੇ ਪੰਜਾਬ ਚੋਣਾਂ ਮੌਕੇ ਦੂਸਰੇ ਰਾਜਾਂ ਚੋਂ ਚੋਟਾਲਾ ਪਰਿਵਾਰ ਦੇ ਗੰਨਮੈਨਾਂ ਸਮੇਤ ਸਭ ਵਾਪਸ ਬੁਲਾ ਲਏ ਸਨ ਪ੍ਰੰਤੂ ਡੇਰਾ ਮੁਖੀ ਨਾਲ ਤਾਇਨਾਤ ਗੰਨਮੈਨ ਵਾਪਸ ਨਹੀਂ ਆਏ ਸਨ। ਐਸ.ਐਸ.ਪੀ ਬਠਿੰਡਾ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਏਡੀਜੀਪੀ ਸੁਰੱਖਿਆ ਦੇ ਹੁਕਮਾਂ 'ਤੇ ਇੱਕ ਗੰਨਮੈਨ ਰੋਹਿਤ ਕੁਮਾਰ ਡੇਰਾ ਮੁਖੀ ਨਾਲ ਸੀ ਜੋ ਵਾਪਸ ਬੁਲਾਏ ਜਾਣ ਤੇ ਵੀ ਨਹੀਂ ਆਇਆ, ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਗੰਨਮੈਨ ਨੂੰ ਅਸਾਲਟ ਤੇ ਪਿਸਟਲ ਜਾਰੀ ਕੀਤੇ ਹੋਏ ਸਨ। ਮਾਨਸਾ ਪੁਲੀਸ ਦੇ ਤਿੰਨ ਗੰਨਮੈਨ ਡੇਰਾ ਮੁਖੀ ਨਾਲ ਤਾਇਨਾਤ ਸਨ ਜਿਨ•ਾਂ ਵਿਚ ਸੁਖਦਰਸ਼ਨ ਸਿੰਘ ਤੇ ਪਰਦਰਸ਼ਨ ਸਿੰਘ (ਸਕੇ ਭਰਾ) ਅਤੇ ਜੀਵਨ ਸਿੰਘ ਸ਼ਾਮਿਲ ਹਨ। ਐਸ.ਐਸ.ਪੀ ਮਾਨਸਾ ਪਰਮਬੀਰ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਡੇਰਾ ਮੁਖੀ ਦੇ ਜੇਲ• ਜਾਣ ਮਗਰੋਂ ਤਿੰਨੋ ਗੰਨਮੈਨ ਵਾਪਸ ਬੁਲਾ ਲਏ ਸਨ।
                   ਐੇਸ.ਪੀ (ਸਥਾਨਿਕ) ਮਾਨਸਾ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਪਰੋਂ ਸੁਰੱਖਿਆ ਵਿੰਗ ਦੇ ਹੁਕਮਾਂ 'ਤੇ ਹੀ ਹਰ ਗੰਨਮੈਨ ਨੂੰ ਦੋ ਦੋ ਹਥਿਆਰ (ਕਾਰਬਾਈਨ ਤੇ ਪਿਸਟਲ) ਦਿੱਤੇ ਹੋਏ ਸਨ, ਜੋ ਹੁਣ ਵਾਪਸ ਜਮ•ਾ ਕਰਾ ਲਏ ਗਏ ਹਨ। ਸੰਗਰੂਰ ਪੁਲੀਸ ਦਾ ਯਾਦਵਿੰਦਰ ਸਿੰਘ ਵੀ ਅਸਾਲਟ ਤੇ ਪਿਸਟਲ ਸਮੇਤ ਡੇਰਾ ਮੁਖੀ ਨਾਲ ਤਾਇਨਾਤ ਸੀ ਜੋ 26 ਅਗਸਤ ਨੂੰ ਵਾਪਸ ਆ ਗਿਆ ਹੈ।  ਇਵੇਂ ਪਟਿਆਲਾ ਪੁਲੀਸ ਦੇ ਦੋ ਗੰਨਮੈਨ ਸਤਬੀਰ ਸਿੰਘ ਅਤੇ ਕਰਮਜੀਤ ਸਿੰਘ ਡੇਰਾ ਮੁਖੀ ਨਾਲ ਤਾਇਨਾਤ ਸੀ ਅਤੇ ਇਨ•ਾਂ ਦੋਵਾਂ ਗੰਨਮੈਨਾਂ ਨੂੰ ਚਾਰ ਹਥਿਆਰ ਜਾਰੀ ਕੀਤੇ ਹੋਏ ਸਨ। ਐਸ.ਪੀ (ਸਥਾਨਿਕ) ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗੰਨਮੈਨ ਕਰਮਜੀਤ ਸਿੰਘ ਵਾਪਸ ਆ ਗਿਆ ਹੈ ਜਦੋਂ ਕਿ ਸਤਬੀਰ ਸਿੰਘ 26 ਅਗਸਤ ਤੋਂ ਗੈਰਹਾਜ਼ਰ ਹੋ ਗਿਆ ਹੈ। ਏ.ਡੀ.ਜੀ.ਪੀ (ਸੁਰੱਖਿਆ) ਤਰਫ਼ੋਂ ਹੀ ਇਨ•ਾਂ ਦੇ ਹੁਕਮ ਜਾਰੀ ਹੋਏ ਸਨ। ਸੂਤਰ ਦੱਸਦੇ ਹਨ ਕਿ ਇਨ•ਾਂ ਤੋਂ ਬਿਨ•ਾਂ ਦੋ ਹੋਰ ਗੰਨਮੈਨਾਂ ਸਮੇਤ ਕੁਝ ਕਮਾਂਡੋਜ ਵੀ ਤਾਇਨਾਤ ਸਨ, ਜਿਨ•ਾਂ ਦੀ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ।  ਦੂਸਰੀ ਤਰਫ਼ ਪੰਜਾਬ ਦੇ ਬਹੁਤੇ ਥਾਣੇ ਏਕੇ-47 ਬਿਨ•ਾਂ ਖਾਲੀ ਪਏ ਹਨ ਅਤੇ ਬਠਿੰਡਾ ਜ਼ਿਲ•ੇ ਦੇ ਕਿਸੇ ਵੀ ਥਾਣੇ ਵਿਚ ਅਸਾਲਟ ਨਹੀਂ ਹੈ। ਹਾਕਮ ਧਿਰ ਤਰਫ਼ੋਂ ਨਿਯਮਾਂ ਦੀ ਅਣਦੇਖੀ ਕਰਕੇ ਡੇਰਾ ਮੁਖੀ 'ਤੇ ਹਰ ਤਰ•ਾਂ ਦੀ 'ਮਿਹਰ' ਕੀਤੀ ਜਾਂਦੀ ਰਹੀ ਹੈ।

Wednesday, August 30, 2017

                          ਡੇਰਾ ਮੁਖੀ ਦੇ
    ਬੋਲ ਪੁਗਾਉਂਦੇ ਰਹੇ ਕੈਪਟਨ ਤੇ ਬਾਦਲ
                        ਚਰਨਜੀਤ ਭੁੱਲਰ
ਬਠਿੰਡਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਬੋਲ ਅਮਰਿੰਦਰ ਤੇ ਬਾਦਲ ਹਮੇਸ਼ਾ ਪੁਗਾਉਂਦੇ ਰਹੇ ਹਨ। ਪਹਿਲਾਂ ਕੈਪਟਨ ਹਕੂਮਤ ਨੇ ਡੇਰਾ ਮੁਖੀ ਨੂੰ ਖੁਸ਼ ਕਰਨ ਖਾਤਰ ਪਿੰਡ ਕੈਲੇ ਵਾਂਦਰ ਦਾ ਨਾਮ ਬਦਲ ਕੇ ਨਸੀਬਪੁਰਾ ਰੱਖਿਆ। ਮਗਰੋਂ ਬਾਦਲਾਂ ਨੇ ਪ੍ਰੇਮੀਆਂ ਦੀ ਪਿੰਡ ਕੋਟਲੀ ਖੁਰਦ ਦਾ ਨਾਮ ਬਦਲ ਕੇ 'ਪ੍ਰੇਮ ਕੋਟਲੀ' ਰੱਖਿਆ। ਬਠਿੰਡਾ ਜ਼ਿਲ•ੇ ਦੇ ਪਿੰਡ ਕੈਲੇ ਵਾਂਦਰ ਵਿਚ ਬਹੁਗਿਣਤੀ ਡੇਰਾ ਪ੍ਰੇਮੀਆਂ ਦੀ ਹੈ ਅਤੇ  ਕੈਪਟਨ ਹਕੂਮਤ ਨੇ ਸਾਲ 2004-05 ਦੌਰਾਨ ਪਿੰਡ ਦਾ ਨਾਮ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਜੀ ਦੇ ਨਾਮ ਤੇ ਰੱਖਿਆ। ਕਾਂਗਰਸ ਹੂਕਮਤ ਸਮੇਂ ਕੈਲੇ ਵਾਂਦਰ ਨੂੰ ਨਸੀਬਪੁਰਾ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਸੂਤਰ ਆਖਦੇ ਹਨ ਕਿ ਪ੍ਰਮੁੱਖ ਸਿਆਸੀ ਧਿਰਾਂ ਹਮੇਸ਼ਾ ਡੇਰਾ ਮੁਖੀ ਨੂੰ ਖੁਸ਼ ਕਰਨ ਦੇ ਚੱਕਰ ਵਿਚ ਰਹੀਆਂ ਹਨ। ਪਿੰਡ ਨਸੀਬਪੁਰਾ ਦੇ ਮੌਜੂਦਾ ਸਰਪੰਚ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੇ ਨਾਮ ਦੇ ਪਿਛੋਕੜ ਬਾਰੇ ਉਹ ਕੁਝ ਨਹੀਂ ਜਾਣਦੇ ਪ੍ਰੰਤੂ ਏਨਾ ਜਰੂਰ ਪਤਾ ਹੈ ਕਿ ਜਦੋਂ ਪਿੰਡ ਦਾ ਨਾਮ ਬਦਲਿਆ ਜਾ ਰਿਹਾ ਸੀ ਤਾਂ ਉਦੋਂ ਵਾਂਦਰ ਗੋਤ ਦੇ ਪਿੰਡ ਦੇ ਬਾਸ਼ਿੰਦਿਆਂ ਨੇ ਇਸ 'ਤੇ ਇਤਰਾਜ਼ ਕੀਤਾ ਸੀ। ਦੱਸਣਯੋਗ ਹੈ ਕਿ ਇਸ ਪਿੰਡ ਵਿਚ ਨਾਮ ਚਰਚਾ ਘਰ ਵੀ ਬਣਿਆ ਹੋਂਿÂਆ ਹੈ ਅਤੇ ਪਿੰਡ ਦੀ ਕਰੀਬ 3150 ਵੋਟ ਹੈ। ਇਸ ਪਿੰਡ ਵਿਚ 70 ਫੀਸਦੀ ਡੇਰਾ ਪ੍ਰੇਮੀ ਹਨ। ਸੂਤਰ ਦੱਸਦੇ ਹਨ ਕਿ ਪੰਚਾਇਤੀ ਵੋਟਾਂ ਦ ਚੱਕਰ ਵਿਚ ਤਤਕਾਲੀ ਆਗੂਆਂ ਨੇ ਪੰਚਾਇਤੀ ਮਤਾ ਪਾਸ ਕਰ ਦਿੱਤਾ ਸੀ ਜਿਸ 'ਤੇ ਕਾਂਗਰਸ ਸਰਕਾਰ ਨੇ ਮੋਹਰ ਲਾ ਦਿੱਤੀ ਸੀ।
                          ਪਿੰਡ ਦੀ ਤਤਕਾਲੀ ਮਹਿਲਾ ਸਰਪੰਚ ਮਲਕੀਤ ਕੌਰ ਦਾ ਕਹਿਣਾ ਸੀ ਕਿ ਪਿੰਡ ਦੇ ਪ੍ਰੇਮੀ ਡੇਰਾ ਸਿਰਸਾ ਤੋਂ ਪਿੰਡ ਦਾ ਨਾਮ ਕਢਵਾ ਕੇ ਲਿਆਏ ਸਨ ਕਿਉਂਕਿ ਪਹਿਲਾਂ ਪਿੰਡ ਦਾ ਨਾਮ ਠੀਕ ਨਹੀਂ ਸੀ। ਉਨ•ਾਂ ਆਖਿਆ ਕਿ ਬਹੁਗਿਣਤੀ ਲੋਕਾਂ ਦੀ ਮੰਗ ਸੀ ਜਿਸ ਕਰਕੇ ਪਿੰਡ ਦਾ ਨਾਮ ਤਬਦੀਲ ਕਰਨ ਵਾਸਤੇ ਮਤਾ ਪਾਇਆ ਸੀ। ਦੂਸਰੀ ਤਰਫ ਡੇਰਾ ਸਿਰਸਾ ਦੇ ਪਿੰਡ ਵਿਚਲੇ ਪੈਰੋਕਾਰ ਨਸੀਬ ਸਿੰਘ ਦਾ ਕਹਿਣਾ ਸੀ ਕਿ ਪੁਰਾਣੇ ਸਮਿਆਂ ਵਿਚ ਪਿੰਡ 'ਚ ਛੱਪੜ ਕਿਨਾਰੇ ਬੈਠੇ ਸਾਧੂ ਤੇ ਔਰਤਾਂ ਨੇ ਇਲਜ਼ਾਮ ਲਾ ਦਿੱਤੇ ਸਨ ਜਿਸ ਕਰਕੇ ਉਸ ਸਾਧੂ ਨੇ ਪਿੰਡ ਨੂੰ ਸਰਾਪ ਦਿੱਤਾ ਸੀ। ਪਿੰਡ ਵਿਚ ਕਾਫ਼ੀ ਸਮਾਂ ਪਹਿਲਾਂ ਜਦੋਂ ਸਾਹ ਸਤਿਨਾਮ ਜੀ ਆਏ ਸਨ ਤਾਂ ਲੋਕਾਂ ਨੇ ਬੇਨਤੀ ਕਿ ਉਨ•ਾਂ ਦੇ ਪਿੰਡ ਦਾ ਕੋਈ ਕੰਮ ਕਾਰ ਨਹੀਂ ਹੋ ਰਿਹਾ ਹੈ। ਪ੍ਰੇਮੀ ਨਸੀਬ ਸਿੰਘ ਨੇ ਦੱਸਿਆ ਕਿ ਸਾਹ ਸਤਿਨਾਮ ਜੀ ਨੇ ਉਦੋਂ ਵਰ ਦਿੱਤਾ ਸੀ ਕਿ ਇਹ ਅੱਜ ਤੋਂ ਇਹ ਨਸੀਬਾਂ ਵਾਲਾ ਪਿੰਡ ਹੋਵੇਗਾ ਜਿਸ ਕਰਕੇ ਇਸ ਪਿੰਡ ਦਾ ਨਾਮ ਨਸੀਬਪੁਰਾ ਪਿਆ ਹੈ। ਦੂਸਰੀ ਤਰਫ਼ ਲੋਕਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਦੇ ਨਾਮ ਤੇ ਪਿੰਡ ਦਾ ਨਾਮਕਰਨ ਹੋਇਆ ਹੈ ਅਤੇ ਕਾਂਗਰਸ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
                     ਇਸੇ ਤਰਾਂ ਹੀ ਗਠਜੋੜ ਸਰਕਾਰ ਨੇ ਡੇਢ ਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਦਾ ਨਾਮ ਤਬਦੀਲ ਕਰਕੇ 'ਪ੍ਰੇਮ ਕੋਟਲੀ' ਕਰ ਦਿੱਤਾ ਹੈ। ਡੇਰਾ ਪ੍ਰੇਮੀ ਇਸ ਪਿੰਡ ਵਿਚ ਜਿਆਦਾ ਹੋਣ ਕਰਕੇ ਪਿੰਡ ਦਾ ਨਾਮ ਤਬਦੀਲ ਕੀਤਾ ਗਿਆ ਹੈ ਅਤੇ ਹੁਣ ਸਿੱਖ ਪੈਰੋਕਾਰਾਂ ਨੇ ਇਸ 'ਤੇ ਸਖ਼ਤ ਇਤਰਾਜ਼ ਕਰਕੇ ਸੰਘਰਸ਼ ਵੀ ਵਿੱਢਿਆ ਸੀ। ਲੋਕਾਂ ਨੇ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਸਾਹ ਸਤਿਨਾਮ ਜੀ ਪਿੰਡ ਕੋਟਲੀ ਖੁਰਦ ਵਿਚ ਆਏ ਸਨ ਜਿਨ•ਾਂ ਨੇ ਪਿੰਡ ਪ੍ਰੇਮੀਆਂ ਦੀ ਗਿਣਤੀ ਜਿਆਦਾ ਹੋਣ ਕਰਕੇ ਆਖਿਆ ਸੀ , ਇਸ ਪਿੰਡ ਦਾ ਨਾਮ ਤਾਂ ਪ੍ਰੇਮ ਕੋਟਲੀ ਹੋਣਾ ਚਾਹੀਦਾ ਹੈ। ਪਿੰਡ ਦੇ ਡੇਰਾ ਪੈਰੋਕਾਰ ਇੱਛੁਕ ਸਨ ਕਿ ਪਿੰਡ ਦਾ ਨਾਮ ਤਬਦੀਲ ਹੋਵੇ। ਪੰਚਾਇਤੀ ਮਤਾ ਪੈਣ ਮਗਰੋਂ ਗਠਜੋੜ ਸਰਕਾਰ ਨੇ ਇਸ ਪਿੰਡ ਦਾ ਨਾਮ ਹੱਥੋਂ ਹੱਥੀਂ ਤਬਦੀਲ ਕਰ ਦਿੱਤਾ। ਪੰਜਾਬ ਚੋਣਾਂ 2017 ਦੀ ਚੋਣ ਪ੍ਰਚਾਰ ਦੌਰਾਨ ਕਾਫੀ ਅਕਾਲੀ ਅਤੇ ਕਾਂਗਰਸੀ ਨੇਤਾ ਡੇਰਾ ਸਿਰਸਾ ਵਿਚ ਗਏ ਸਨ ਜਿਨ•ਾਂ ਨੂੰ ਤਖਤ ਤੇ ਵੀ ਤਲਬ ਕੀਤਾ ਗਿਆ ਸੀ।
         

Monday, August 28, 2017

                                     ਲਾਲ ਗੁਆ ਬੈਠੇ
                          ਡੂੰਘੇ ਵੈਣਾਂ ਦਾ ਕੀ ਮਿਣਨਾ...
                                      ਚਰਨਜੀਤ ਭੁੱਲਰ  
ਬਠਿੰਡਾ  : ਪੰਚਕੂਲਾ ਹਿੰਸਾ ਨੇ ਮਾਂ ਸੰਦੀਪ ਕੌਰ ਨੂੰ ਬਿਨ•ਾਂ ਕਸੂਰੋਂ ਸਜ਼ਾ ਦੇ ਦਿੱਤੀ ਹੈ। ਜ਼ਿੰਦਗੀ ਭਰ ਇਹ ਹਿੰਸਾ ਇਸ ਮਾਂ ਦਾ ਦਮ ਘੁੱਟੇਗੀ। ਮਾਂ ਸੰਦੀਪ ਕੌਰ ਨੇ ਪੰਚਕੂਲਾ ਹਿੰਸਾ 'ਚ ਆਪਣਾ ਲਾਲ ਗੁਆ ਲਿਆ ਹੈ। 15 ਵਰਿ•ਆਂ ਦੇ ਫੌਤ ਹੋ ਗਏ ਬੱਚੇ ਲਵਪ੍ਰੀਤ ਸਿੰਘ ਨੂੰ ਨਾ 'ਇੰਸਾਂ' ਦੇ ਮਾਹਣੇ ਪਤਾ ਸਨ ਤੇ ਨਾ 'ਹਿੰਸਾ' ਦੇ। ਮ੍ਰਿਤਕ ਬੱਚੇ ਲਵਪ੍ਰੀਤ ਦੇ ਮਾਪੇ ਅੰਮ੍ਰਿਤਧਾਰੀ ਹਨ ਅਤੇ ਉਹ ਕਦੇ ਕਿਸੇ ਡੇਰੇ ਨਹੀਂ ਗਏ ਹਨ। ਲਵਪ੍ਰੀਤ ਆਪਣੀ ਭੂਆ ਕੋਲ ਰਾਜਸਥਾਨ ਗਿਆ ਹੋਇਆ ਸੀ ਜਿਥੋਂ ਉਹ ਸੰਗਤ 'ਚ ਬੈਠ ਕੇ ਪੰਚਕੂਲਾ ਚਲਾ ਗਿਆ। ਮੁਕਤਸਰ ਦੇ ਪਿੰਡ ਥੇੜੀ ਭਾਈਕਾ ਦੇ ਗਰੀਬ ਪਰਿਵਾਰ ਦਾ ਕਾਕਾ ਸਿੰਘ ਦਿਹਾੜੀ ਕਰਕੇ ਆਪਣੀ ਜ਼ਿੰਦਗੀ ਤੋਰ ਰਿਹਾ ਹੈ। ਜਦੋਂ ਘਰ ਦੇ ਵਸੀਲੇ ਛੋਟੇ ਪੈ ਗਏ ਤਾਂ ਲਵਪ੍ਰੀਤ ਨੂੰ ਛੇਵੀਂ ਕਲਾਸ ਚੋਂ ਹੀ ਹਟਾਉਣਾ ਪੈ ਗਿਆ। ਗੁਰਸਿੱਖ ਬਾਪ ਕਾਕਾ ਸਿੰਘ ਆਖਦਾ ਹੈ ਕਿ ਲਵਪ੍ਰੀਤ ਆਪਣੀ ਮਾਂ ਸੰਦੀਪ ਕੌਰ ਨਾਲ ਰਾਜਸਥਾਨ ਗਿਆ ਸੀ ਜਿਥੋਂ ਉਸ ਦੀ ਮਾਂ ਤਾਂ ਵਾਪਸ ਆ ਗਈ ਪ੍ਰੰਤੂ ਲਵਪ੍ਰੀਤ ਨੇ ਦੋ ਦਿਨਾਂ ਮਗਰੋਂ ਪਿੰਡ ਆਉਣ ਦੀ ਗੱਲ ਆਖੀ। ਹੁਣ ਉਹ ਕਦੇ ਪਿੰਡ ਨਹੀਂ ਆ ਸਕੇਗਾ। ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜੀ। ਲਟ ਲਟ ਬਦਲੇ ਸਿਵੇ 'ਚ ਹੀ ਇਸ ਗਰੀਬ ਪਰਿਵਾਰ ਦੇ ਅਰਮਾਨ ਦਫਨ ਹੋ ਗਏ।
                    ਬਾਪ ਆਖਦਾ ਹੈ ਕਿ ਉਸ ਦੀ ਬਰਾਬਰ ਦੀ ਬਾਂਹ ਟੁੱਟ ਗਈ ਹੈ ਅਤੇ ਜਦੋਂ ਕਿ ਮਾਂ ਜ਼ਿੰਦਗੀ ਭਰ ਮਿੱਟੀ ਫਰੋਲਦੀ ਰਹੇਗੀ। ਭੂਆ ਰਾਜਦੀਪ ਕੌਰ ਦੱਸਦੀ ਹੈ ਕਿ ਉਸ ਦਾ ਭਤੀਜਾ ਲਵਪ੍ਰੀਤ ਉਸ ਤੋਂ ਰੋਟੀ ਖਾ ਕੇ ਪਿੰਡ 'ਚ ਚਲਾ ਗਿਆ ਜਿਥੋਂ ਉਹ ਪਿੰਡ ਦੀ ਸੰਗਤ ਨਾਲ ਪੰਚਕੂਲਾ ਚਲਾ ਗਿਆ। ਭੂਆ ਨੂੰ ਵੀ ਉਲਾਂਭੇ ਦੀ ਜ਼ਿੰਦਗੀ ਭਰ ਪੰਡ ਚੁੱਕਣੀ ਪਵੇਗੀ। ਲਵਪ੍ਰੀਤ ਦੇ ਮਾਪੇ ਕਦੇ ਡੇਰਾ ਸਿਰਸਾ ਨਹੀਂ ਗਏ ਹਨ। ਪੰਚਕੂਲਾ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੀਤੇ ਦੀ ਸਜ਼ਾ ਦੇ ਦਿੱਤੀ ਹੈ ਪ੍ਰੰਤੂ ਜਿਨ•ਾਂ ਪਰਿਵਾਰਾਂ ਦੇ ਜੀਅ ਹਿੰਸਾ 'ਚ ਚਲੇ ਗਏ ਹਨ, ਉਨ•ਾਂ ਦੀ ਤਾਂ ਕਿਤੇ ਅਪੀਲ ਵੀ ਨਹੀਂ ਹੋ ਸਕੇਗੀ। ਡੇਰਾ ਸਿਰਸਾ ਦੇ ਹਿੰਸਾ ਫੈਲਾਉਣ ਵਾਲਿਆਂ ਨੂੰ ਤਾਂ ਕਾਨੂੰਨ ਸਬਕ ਸਿਖਾਏਗਾ। ਗੱਲ ਸਾਹਮਣੇ ਆਈ ਹੈ ਕਿ ਬਹੁਤੇ ਪੈਰੋਕਾਰਾਂ ਨੂੰ ਤਾਂ ਡੇਰਾ ਪ੍ਰਬੰਧਕ ਪੰਚਕੂਲਾ 'ਚ ਸਤਸੰਗ ਹੋਣ ਦੀ ਗੱਲ ਆਖ ਕੇ ਲੈ ਗਏ ਸਨ। ਬਰਨਾਲਾ ਦੇ ਪਿੰਡ ਬਡਬਰ ਦਾ ਜਗਰੂਪ ਸਿੰਘ ਸਤਸੰਗ ਕਰਕੇ ਹੀ ਪੰਚਕੂਲਾ ਗਿਆ ਸੀ ਜਿਥੇ ਹਿੰਸਾ ਦੀ ਗੋਲੀ ਨੇ ਉਸ ਨੂੰ ਫੁੰਡ ਦਿੱਤਾ।
                    ਜੋ ਡੇਰਾ ਸਿਰਸਾ 'ਚ ਜ਼ਿੰਦਗੀ ਦੀ ਤਲਾਸ਼ ਵਿਚ ਜਾਂਦੇ ਸਨ, ਅੱਜ ਉਨ•ਾਂ ਚੋਂ ਕੁਝ ਪਰਿਵਾਰ ਆਪਣੇ ਕਮਾਊ ਜੀਅ ਗੁਆ ਬੈਠੇ ਹਨ। ਲਹਿਰਾਗਾਗਾ ਦੇ ਰਿਕਸ਼ਾ ਚਾਲਕ ਮੱਘਰ ਸਿੰਘ ਦਾ 22 ਵਰਿ•ਆਂ ਦਾ ਲੜਕਾ ਰਣਜੀਤ ਸਿੰਘ ਵੀ ਪੰਚਕੂਲਾ ਹਿੰਸਾ ਦੀ ਭੇਟ ਚੜ• ਗਿਆ ਹੈ ਅਤੇ ਇਵੇਂ ਹੀ ਸੰਗਰੂਰ ਦੇ ਪਿੰਡ ਡੂਡੀਆ ਦਾ ਖੇਤੀ ਕਰਨ ਵਾਲਾ ਉਗਰਸੈਨ ਵੀ ਪੰਚਕੂਲਾ ਹਿੰਸਾ ਦਾ ਸ਼ਿਕਾਰ ਹੋ ਗਿਆ ਹੈ। ਪੰਚਕੂਲਾ ਹਿੰਸਾ ਉਨ•ਾਂ ਨੂੰ ਵੀ ਕਦੇ ਨਹੀਂ ਭੁੱਲੇਗੀ ਜਿਨ•ਾਂ ਨੂੰ ਡੇਰਾ ਪੈਰੋਕਾਰਾਂ ਦੀ ਮਾਰ ਧਾੜ ਦਾ ਸ਼ਿਕਾਰ ਹੋਣਾ ਪਿਆ ਹੈ। ਕਰੋੜਾਂ ਰੁਪਏ ਦੀ ਸੰਪਤੀ ਰਾਖ ਹੋ ਗਈ ਹੈ। ਹੁਣ ਤੱਕ ਇਸ ਹਿੰਸਾ ਵਿਚ 38 ਵਿਅਕਤੀ ਜਾਨ ਗੁਆ ਚੁੱਕੇ ਹਨ। ਡੇਰਾ ਮੁਖੀ ਨੂੰ ਬਚਾਉਣ ਦੇ ਚੱਕਰ ਵਿਚ ਡੇਰਾ ਪੈਰੋਕਾਰਾਂ ਨੇ ਸਮਾਜਿਕ ਭਾਈਚਾਰੇ ਨੂੰ ਵੀ ਤਾਰ ਤਾਰ ਕਰ ਦਿੱਤਾ ਹੈ ਅਤੇ ਇਹ ਦਾਗ ਵੀ ਪੈਰੋਕਾਰਾਂ ਦੇ ਮੱਥੇ ਤੋਂ ਕਦੇ ਮਿਟ ਨਹੀਂ ਸਕੇਗਾ। 

Sunday, August 27, 2017

                                 ਬਾਬਾ ਬੇਨਕਾਬ
                'ਟਮਾਟਰਾਂ' ਨੇ ਪੰਜਾਬ ਕੀਤਾ ਲਾਲ
                                ਚਰਨਜੀਤ ਭੁੱਲਰ    
ਬਠਿੰਡਾ  : ਡੇਰਾ ਸਿਰਸਾ ਤਰਫ਼ੋਂ 'ਗੁਪਤ ਕੋਡ' ਨਾਲ ਮਾਲਵੇ 'ਚ ਹਿੰਸਾ ਫੈਲਾਈ ਅਤੇ ਅੱਗਾਂ ਲਾਉਣ ਲਈ ਬਕਾਇਦਾ ਟੀਮਾਂ ਬਣਾਈਆਂ ਗਈਆਂ। ਬਠਿੰਡਾ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਡੇਰੇ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਗੁਰਦੇਵ ਸਿੰਘ ਨੇ ਪੁਲੀਸ ਪੁੱਛਗਿੱਛ 'ਚ ਇਹ ਅਹਿਮ ਖੁਲਾਸਾ ਕੀਤਾ ਹੈ। ਇਸ ਖ਼ੁਲਾਸੇ ਨੇ ਡੇਰਾ ਸਿਰਸਾ ਨੂੰ ਬੇਪਰਦ ਕਰ ਦਿੱਤਾ ਹੈ। ਪੁਲੀਸ ਅਨੁਸਾਰ ਇਸ ਭੰਗੀਦਾਸ ਨੇ ਮੰਨਿਆ ਹੈ ਕਿ ਜਦੋਂ ਡੇਰਾ ਮੁਖੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਤਾਂ ਉਸ ਨੇ ਅਗਾਊ ਬਣਾਈ ਟੀਮ ਦੇ ਮੈਂਬਰਾਂ ਨੂੰ ਫੋਨ ਖੜਕਾ ਦਿੱਤੇ ਜਿਨ•ਾਂ ਨੂੰ ਗੁਪਤ ਕੋਡ 'ਟਮਾਟਰ ਚੁਗਣੇ ਨੇ' ਦਾ ਸੁਨੇਹਾ ਦਿੱਤਾ ਗਿਆ ਜਿਸ ਮਗਰੋਂ ਮਾਲਵਾ ਖ਼ਿੱਤੇ 'ਚ ਦਰਜਨਾਂ ਥਾਂਵਾਂ ਤੇ ਸਰਕਾਰੀ ਸੰਪਤੀ ਨੂੰ ਅੱਗ ਲਾਏ ਜਾਣ ਦੀਆਂ ਵਾਰਦਾਤਾਂ ਵਾਪਰ ਗਈਆਂ। ਥਾਣਾ ਸਦਰ ਬਠਿੰਡਾ ਨੇ ਬੱਲੂਆਣਾ ਰੇਲਵੇ ਸਟੇਸ਼ਨ ਨੂੰ ਅੱਗ ਲਾਏ ਜਾਣ ਦੇ ਮਾਮਲੇ ਵਿਚ ਪੰਜ ਡੇਰਾ ਪੈਰੋਕਾਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਮੌਕੇ ਤੇ ਫਰਾਰ ਪੈਰੋਕਾਰ ਪ੍ਰਤਾਪ ਸਿੰਘ ਨੇ ਕੋਟਭਾਈ ਪੁਲੀਸ 'ਤੇ ਫਾਈਰਿੰਗ ਕਰ ਦਿੱਤੀ ਸੀ ਜਿਸ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਸੀ। ਇਨ•ਾਂ ਕੋਲੋਂ ਇੱਕ ਰਿਵਾਲਵਰ ਵੀ ਫੜਿਆ ਗਿਆ ਹੈ।
                      ਐਸ. ਐਸ. ਪੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਨੇ ਦੱਸਿਆ ਕਿ ਗੁਰਦੇਵ ਸਿੰਘ ਨੇ ਪੁੱਛਗਿੱਛ ਵਿਚ ਯੋਜਨਾਬੱਧ ਤਰੀਕੇ ਨਾਲ ਹਿੰਸਾ ਫੈਲਾਏ ਜਾਣ ਦੀ ਗੱਲ ਕਬੂਲ ਕੀਤੀ ਹੈ ਅਤੇ ਗੁਪਤ ਕੋਡ 'ਟਮਾਟਰ ਚੁਗਣੇ ਨੇ' ਵਰਤ ਕੇ ਪੈਰੋਕਾਰਾਂ ਨੂੰ ਹਿੰਸਾ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਐਸ.ਐਸ.ਪੀ ਨੇ ਦੱਸਿਆ ਕਿ 21 ਅਗਸਤ ਤੋਂ ਇਨ•ਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ। ਮਲੋਟ ਪੁਲੀਸ ਨੇ ਅੱਜ ਪੰਜ ਡੇਰਾ ਪੈਰੋਕਾਰਾਂ ਨੂੰ ਦਰਜਨ ਪੈਟਰੋਲ ਬੰਬਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਨ•ਾਂ ਵਲੋਂ ਮਲੋਟ ਰੇਲਵੇ ਸਟੇਸ਼ਨ ਨੂੰ ਅੱਗ ਲਾਈ ਸੀ। ਅੱਜ ਮਾਲਵੇ ਚੋਂ ਅੱਧੀ ਦਰਜਨ ਡੇਰਾ ਪੈਰੋਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਮਾਂ ਪੁਲੀਸ ਨੇ ਅੱਜ ਡੇਰੇ ਦੇ ਕਮੇਟੀ ਮੈਂਬਰ ਭੰਗੀਦਾਸ ਸਿੰਦਰਪਾਲ ਸਿੰਘ (ਵਾਸੀ ਪੱਕਾ ਕਲਾਂ) ਅਤੇ ਉਸ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿੰਦਰਪਾਲ ਸਿੰਘ ਫਰਾਰ ਹੋ ਗਿਆ ਹੈ ਜਦੋਂ ਕਿ ਉਸ ਦੇ ਲੜਕੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੀਤੇ ਕੱਲ ਅਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਵਿਚ ਇਸ ਪਿਤਾ ਪੁੱਤਰ ਦਾ ਹੱਥ ਦੱਸਿਆ ਜਾ ਰਿਹਾ ਹੈ।
                     ਥਾਣਾ ਰਾਮਾਂ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਆਖਿਆ ਕਿ ਹਿੰਸਾ ਫੈਲਾਉਣ ਵਿਚ ਸ਼ਰਾਰਤੀ ਤੱਤਾਂ ਦਾ ਹੱਥ ਹੈ ਅਤੇ ਡੇਰੇ ਤਰਫ਼ੋਂ ਕੋਈ ਯੋਜਨਾਬੰਦ ਹਿੰਸਾ ਨਹੀਂ ਫੈਲਾਈ ਗਈ ਹੈ ਅਤੇ ਇਹ ਬੇਬੁਨਿਆਦ ਤੱਥ ਹਨ। ਉਨ•ਾਂ ਆਖਿਆ ਕਿ ਕੁਝ ਸ਼ਰਾਰਤੀ ਲੋਕਾਂ ਨੇ ਜਾਣ ਬੁੱਝ ਕੇ ਇਹ ਵਾਰਦਾਤਾਂ ਕੀਤੀਆਂ ਹਨ।
                                         ਘਰਾਂ 'ਚ ਬਣੇ ਪੈਟਰੋਲ ਬੰਬ
ਡੇਰਾ ਪੈਰੋਕਾਰਾਂ ਨੇ ਮਾਲਵਾ ਖਿੱਤੇ ਵਿਚ ਹਿੰਸਾ ਫੈਲਾਉਣ ਲਈ ਆਪੋ ਆਪਣੇ ਘਰਾਂ ਵਿਚ ਹੀ ਪੈਟਰੋਲ ਬੰਬ ਤਿਆਰ ਕਰ ਲਏ ਸਨ। ਪੁਲੀਸ ਨੂੰ ਅੱਗ ਲਾਏ ਜਾਣ ਦੀਆਂ ਘਟਨਾਵਾਂ ਮਗਰੋਂ ਸਭ ਥਾਵਾਂ ਤੋਂ ਮਿਲਕ ਬਦਾਮ ਵਾਲੀਆਂ ਛੋਟੀਆਂ ਬੋਤਲਾਂ ਹੀ ਬਰਾਮਦ ਹੋਈਆਂ ਹਨ। ਆਈ.ਜੀ ਸ੍ਰੀ ਐਮ.ਐਸ.ਛੀਨਾ ਨੇ ਦੱਸਿਆ ਕਿ ਡੇਰਿਆਂ ਦੀ ਥਾਂ ਪੈਰੋਕਾਰਾਂ ਨੇ ਝਕਾਨੀ ਦੇ ਕੇ ਘਰਾਂ ਵਿਚ ਪੈਟਰੋਲ ਬੰਬ ਤਿਆਰ ਕੀਤੇ ਅਤੇ ਸਭ ਘਟਨਾਵਾਂ ਦਾ ਇੱਕੋ ਜੇਹਾ ਪੈਟਰਨ ਸੀ।
                                   ਡੇਰਾ ਪੈਰੋਕਾਰਾਂ ਦੇ 'ਲਾਕੇਟ' ਕਿਥੇ ਗਏ ?
ਤਲਖ਼ ਮਾਹੌਲ ਦੌਰਾਨ ਡੇਰਾ ਸਿਰਸਾ ਦੇ 'ਲਾਕੇਟ' ਪੈਰੋਕਾਰਾਂ ਦੇ ਗਲਿਆ ਚੋਂ ਗਾਇਬ ਹੋ ਗਏ ਹਨ। ਅੱਜ ਬਠਿੰਡਾ ਤੇ ਮਾਨਸਾ 'ਚ ਮੁੱਖ ਸੜਕਾਂ ਤੇ ਜਦੋਂ ਪੁਲੀਸ ਅਫਸਰਾਂ ਨੇ ਪੰਚਕੂਲਾ ਤੋਂ ਵਾਪਸ ਮੁੜ ਰਹੇ ਪੈਰੋਕਾਰਾਂ ਦੀ ਤਲਾਸ਼ੀ ਲਈ ਤਾਂ ਕਿਸੇ ਪੈਰੋਕਾਰ ਦੇ ਗਲੇ ਵਿਚ 'ਲਾਕੇਟ' ਨਜ਼ਰ ਨਹੀਂ ਪਿਆ। ਪੁਲੀਸ ਅਫਸਰਾਂ ਨੇ ਦੱਸਿਆ ਕਿ ਡੇਰਾ ਪੈਰੋਕਾਰ ਹੁਣ ਪਿਛਾਂਹ ਹਟ ਗਏ ਹਨ ਪ੍ਰੰਤੂ ਉਨ•ਾਂ ਵਲੋਂ ਸ਼ੱਕੀ ਪੈਰੋਕਾਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੰਚਕੂਲਾ ਤੋਂ ਵਾਪਸ ਆ ਰਹੇ ਪੈਰੋਕਾਰਾਂ ਦੇ ਨਾਮ ਪਤੇ ਨੋਟ ਕੀਤੇ ਜਾ ਰਹੇ ਹਨ।
       

Friday, August 25, 2017

                        ਕੇਂਦਰੀ ਬਲਾਂ ਦਾ 
   ਪੰਜਾਬ 'ਤੇ ਰੋਜ਼ਾਨਾ ਡੇਢ ਕਰੋੜ ਦਾ ਬੋਝ
                        ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਦਾ ਰੋਜ਼ਾਨਾ ਦਾ ਡੇਢ ਕਰੋੜ ਦਾ ਬੋਝ ਪਵੇਗਾ ਜਦੋਂ ਕਿ ਖ਼ਜ਼ਾਨਾ ਪਹਿਲਾਂ ਹੀ ਸੰਕਟ ਵਿਚ ਹੈ। ਪੰਚਕੂਲਾ ਅਦਾਲਤ ਚੋਂ ਡੇਰਾ ਸਿਰਸਾ ਦੇ ਮੁਖੀ ਦੇ  ਫੈਸਲੇ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਵਿਚ ਅਰਧ ਸੈਨਿਕ ਬਲਾਂ ਦੀਆਂ 150 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਨਿਰਧਾਰਤ ਰੇਟਾਂ ਤੇ ਕੇਂਦਰੀ ਬਲਾਂ ਦਾ ਖਰਚਾ ਰਾਜ ਸਰਕਾਰ ਵਲੋਂ ਚੁੱਕਿਆ ਜਾਵੇਗਾ ਜਿਸ ਤੋਂ ਸਾਫ ਹੈ ਕਿ ਪੰਜਾਬ ਅਤੇ ਹਰਿਆਣਾ ਨੂੰ ਡੇਰਾ ਸਿਰਸਾ ਦੇ ਮੁਖੀ ਦਾ ਫੈਸਲਾ ਕਾਫ਼ੀ ਮਹਿੰਗਾ ਪਵੇਗਾ। ਪੰਜਾਬ ਅਤੇ ਹਰਿਆਣਾ ਨੂੰ ਕੇਂਦਰੀ ਬਲਾਂ ਦਾ ਰੋਜ਼ਾਨਾ ਦਾ 2.65 ਕਰੋੜ ਰੁਪਏ ਦਾ ਖਰਚਾ ਪਵੇਗਾ। ਜੋ ਹੋਰ ਖਰਚੇ ਹਨ, ਉਹ ਵੱਖਰੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਕੇਂਦਰੀ ਬਲਾਂ ਦੀਆਂ 85 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ ਜਿਸ ਚੋਂ ਸਭ ਤੋਂ ਵੱਧ ਨੀਮ ਫੌਜੀ ਬਲ ਮਾਲਵਾ ਖ਼ਿੱਤੇ ਵਿਚ ਤਾਇਨਾਤ ਕੀਤੇ ਗਏ ਹਨ ਜਦੋਂ ਕਿ ਹਰਿਆਣਾ ਵਿਚ ਨੀਮ ਫੌਜੀ ਬਲਾਂ ਦੀਆਂ 65 ਦੇ ਕਰੀਬ ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ। ਤੱਥਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਤਰਫ਼ੋਂ ਪ੍ਰਤੀ ਕੰਪਨੀ 1.77 ਲੱਖ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਸੂਲ ਕੀਤੇ ਜਾਂਦੇ ਹਨ।
                       ਪੰਜਾਬ ਵਿਚ 85 ਕੰਪਨੀਆਂ ਦਾ ਰੋਜ਼ਾਨਾ ਦਾ ਕਰੀਬ 1.50 ਕਰੋੜ ਦਾ ਖਰਚਾ ਬਣ ਜਾਣਾ ਹੈ ਜਦੋਂ ਕਿ ਹਰਿਆਣਾ ਦੀਆਂ 65 ਕੰਪਨੀਆਂ ਦਾ ਪ੍ਰਤੀ ਦਿਨ ਦਾ 1.15 ਕਰੋੜ ਬਣ ਜਾਣਾ ਹੈ। ਕੇਂਦਰੀ ਬਲ ਘੱਟੋ ਘੱਟ ਦੋ ਹਫਤੇ ਤਾਇਨਾਤ ਰਹਿੰਦੇ ਹਨ ਤਾਂ ਪੰਜਾਬ ਅਤੇ ਹਰਿਆਣਾ 'ਤੇ ਕੇਂਦਰੀ ਬਲਾਂ ਦੇ ਖਰਚੇ ਦਾ 37 ਕਰੋੜ ਦਾ ਬੋਝ ਪੈ ਜਾਵੇਗਾ। ਜਦੋਂ ਜਨਵਰੀ 2016 ਵਿਚ ਪਠਾਨਕੋਟ ਅਟੈਕ ਹੋਇਆ ਸੀ ਤਾਂ ਉਦੋਂ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਸੀ ਅਤੇ ਇਹ ਤਾਇਨਾਤੀ 25 ਦਿਨ ਰਹੀ ਸੀ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਤਾਇਨਾਤੀ ਬਦਲੇ 6.35 ਕਰੋੜ ਦਾ ਬਿੱਲ ਭੇਜ ਦਿੱਤਾ ਸੀ ਜੋ ਰਾਜ ਸਰਕਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਦਾ ਕਹਿਣਾ ਸੀ ਕਿ ਅਰਧ ਸੈਨਿਕ ਬਲਾਂ ਦਾ ਬੋਝ ਕੇਂਦਰ ਸਰਕਾਰ ਚੁੱਕੇ ਕਿਉਂਕਿ ਇਹ ਮਾਮਲਾ ਹਰਿਆਣਾ ਤੇ ਕੇਂਦਰ ਨਾਲ ਜੁੜਿਆ ਹੋਇਆ ਹੈ। ਉਨ•ਾਂ ਆਖਿਆ ਕਿ ਕੇਂਦਰ ਨੂੰ ਤਾਂ ਪੁਰਾਣੇ ਸਮੇਂ ਵਿਚ ਪੰਜਾਬ ਵਿਚ ਕੇਂਦਰੀ ਬਲਾਂ ਦੀ ਤਾਇਨਾਤੀ ਦੇ 298 ਕਰੋੜ ਰੁਪਏ ਵੀ ਵਾਪਸ ਕਰਨੇ ਚਾਹੀਦੇ ਹਨ।
                     ਕੇਂਦਰੀ ਵਿੱਤ ਰਾਜ ਮੰਤਰੀ ਨੇ 6 ਅਗਸਤ 2017 ਨੂੰ ਡਾ. ਗਾਂਧੀ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਕੇਂਦਰ ਨੇ ਪੰਜਾਬ ਨੂੰ ਅੱਤਵਾਦ ਦੇ ਸਮੇਂ ਦੌਰਾਨ ਦਿੱਤੇ ਸਪੈਸ਼ਲ ਟਰਮ ਲੋਨ ਦੇ ਸਮੇਤ ਵਿਆਜ 9913 ਕਰੋੜ ਰੁਪਏ ਮੁਆਫ ਕਰ ਦਿੱਤੇ ਹਨ। ਵਿੱਤ ਰਾਜ ਮੰਤਰੀ ਨੇ ਅਰਧ ਸੈਨਿਕ ਬਲਾਂ ਦੇ ਖਰਚੇ ਦੇ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਡੇਰਾ ਮਾਮਲੇ ਕਾਰਨ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਨੇ ਆਪਣੀ ਮਾਲਵੇ ਵਿਚਲੀ ਬੱਸ ਸੇਵਾ ਬੰਦ ਕਰ ਦਿੱਤੀ ਹੈ ਜਿਸ ਨਾਲ ਕਰੀਬ ਦੋ ਕਰੋੜ ਰੁਪਏ ਪ੍ਰਤੀ ਦਿਨ ਦਾ ਨੁਕਸਾਨ ਝੱਲਣਾ ਪਵੇਗਾ। ਡੇਰਾ ਮਾਮਲੇ ਕਰਕੇ ਜੋ ਵਿੱਤੀ ਬੋਝ ਰਾਜ ਸਰਕਾਰ ਤੇ ਪਵੇਗਾ, ਉਹ ਵੱਖਰਾ ਹੈ।
                              ਡੇਰਾ ਮਾਮਲਾ
            ਸਰਕਾਰੀ ਸਕੂਲ ਬਣਾਇਆ ਜੇਲ
                            ਚਰਨਜੀਤ ਭੁੱਲਰ
ਬਠਿੰਡਾ : ਡੇਰਾ ਪੈਰੋਕਾਰਾਂ ਲਈ ਅਬੋਹਰ ਦਾ ਸਰਕਾਰੀ ਸਕੂਲ 'ਸਪੈਸ਼ਲ ਜੇਲ•' ਬਣੇਗਾ ਜਦੋਂ ਕਿ ਫਰੀਦਕੋਟ ਦਾ ਇੱਕ ਮੈਰਿਜ ਪੈਲੇਸ 'ਸਪੈਸ਼ਲ ਜੇਲ•' 'ਚ ਤਬਦੀਲ ਕੀਤਾ ਜਾਵੇਗਾ। ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)  ਵਿਚ ਹਜ਼ਾਰਾਂ ਬੱਚੇ ਪੜ•ਦੇ ਹਨ। ਲੋੜ ਪਈ ਤਾਂ ਇਸ ਸਰਕਾਰੀ ਸਕੂਲ ਦੇ ਕਲਾਸ ਰੂਮਾਂ ਵਿਚ ਡੇਰਾ ਪੈਰੋਕਾਰਾਂ ਨੂੰ ਬੰਦ ਕੀਤਾ ਜਾਵੇਗਾ। ਫਾਜਿਲਕਾ ਜੇਲ• ਦੇ ਸੁਪਰਡੈਂਟ ਸ੍ਰੀ ਉਪਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਬੋਹਰ ਦੇ ਸਰਕਾਰੀ ਸਕੂਲ ਨੂੰ ਲੋੜ ਪੈਣ 'ਤੇ ਸਪੈਸ਼ਲ ਜੇਲ• ਵਿਚ ਤਬਦੀਲ ਕੀਤਾ ਜਾਣਾ ਹੈ ਅਤੇ ਸਪੈਸ਼ਲ ਜੇਲ• ਵਾਸਤੇ ਇਸ ਸਕੂਲ ਦੀ ਸ਼ਨਾਖ਼ਤ ਕੀਤੀ ਗਈ ਹੈ। ਅਧਿਆਪਕਾਂ ਧਿਰਾਂ ਦਾ ਕਹਿਣਾ ਹੈ ਕਿ ਜੇਲ• ਵਿਭਾਗ ਵਲੋਂ ਵਿੱਦਿਆ ਦੇ ਮੰਦਰ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ। ਡੇਰਾ ਪੈਰੋਕਾਰਾਂ ਲਈ 10 ਸਪੈਸ਼ਲ ਜੇਲ•ਾਂ ਬਣਨਗੀਆਂ ਜਿਨ•ਾਂ ਵਾਸਤੇ ਜਗ•ਾ ਦੀ ਸ਼ਨਾਖ਼ਤ ਕਰ ਲਈ ਗਈ ਹੈ। ਏਡੀਜੀਪੀ (ਜੇਲ•ਾਂ) ਨੇ ਇਨ•ਾਂ ਸਪੈਸ਼ਲਾਂ ਜੇਲ•ਾਂ ਦੇ ਨਵੇਂ ਆਰਜ਼ੀ ਸੁਪਰਡੈਂਟਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਪੰਚਕੂਲਾ ਅਦਾਲਤ ਤਰਫ਼ੋਂ ਭਲਕੇ ਡੇਰਾ ਸਿਰਸਾ ਦੇ ਮੁਖੀ ਬਾਰੇ ਫੈਸਲਾ ਸੁਣਾਇਆ ਜਾਣਾ ਹੈ। ਪੰਜਾਬ ਸਰਕਾਰ ਨੂੰ ਖਦਸ਼ਾ ਹੈ ਕਿ ਡੇਰਾ ਪੈਰੋਕਾਰ ਕੋਈ ਹੰਗਾਮੀ ਹਾਲਤ ਪੈਦਾ ਕਰ ਸਕਦੇ ਹਨ ਜਿਸ ਨਾਲ ਸਿੱਝਣ ਲਈ ਪੰਜਾਬ ਵਿਚ 10 'ਸਪੈਸ਼ਲ ਜੇਲ•ਾਂ' ਬਣਾਈਆਂ ਗਈਆਂ ਹਨ ਜਿਨ•ਾਂ ਵਿਚ ਲੋੜ ਪੈਣ 'ਤੇ ਡੇਰਾ ਪੈਰੋਕਾਰਾਂ ਨੂੰ ਰੱਖਿਆ ਜਾਵੇਗਾ।
                       ਵੇਰਵਿਆਂ ਅਨੁਸਾਰ ਇਵੇਂ ਹੀ ਫਰੀਦਕੋਟ ਦੇ ਇੱਕ ਮੈਰਿਜ ਪੈਲੇਸ ਨੂੰ ਸਪੈਸ਼ਲ ਜੇਲ• ਵਿਚ ਤਬਦੀਲ ਕੀਤਾ ਜਾਣਾ ਹੈ। ਮਾਡਰਨ ਜੇਲ• ਫਰੀਦਕੋਟ ਵਿਚ ਲੋੜ ਪੈਣ 'ਤੇ 300 ਪੈਰੋਕਾਰਾਂ ਨੂੰ ਰੱਖਿਆ ਜਾ ਸਕੇਗਾ। ਜੇਲ• ਪ੍ਰਸ਼ਾਸਨ ਨੇ ਦੱਸਿਆ ਕਿ ਲੋੜ ਪੈਣ 'ਤੇ ਸ਼ਨਾਖ਼ਤ ਕੀਤੇ ਮੈਰਿਜ ਪੈਲੇਸ ਨੂੰ ਸਪੈਸ਼ਲ ਜੇਲ• ਬਣਾ ਦਿੱਤਾ ਜਾਵੇਗਾ। ਬਠਿੰਡਾ ਦੀ ਜੋ ਨਵੀਂ ਜ਼ਨਾਨਾ ਜੇਲ• ਬਣੀ ਹੈ, ਉਸ ਨੂੰ ਸਪੈਸ਼ਲ ਜੇਲ• ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਜੇਲ• ਹਾਲੇ ਚਾਲੂ ਨਹੀਂ ਹੋਈ ਸੀ ਪ੍ਰੰਤੂ ਹੁਣ ਲੋੜ ਪੈਣ ਕਰਕੇ ਇਸ ਜੇਲ• ਵਿਚ ਲਾਈਟਿੰਗ ਦਾ ਪ੍ਰਬੰਧ ਕਰਨ ਤੋਂ ਇਲਾਵਾ ਸੀਵਰੇਜ ਤੇ ਪਾਣੀ ਆਦਿ ਦੇ ਅੱਜ ਇੰਤਜ਼ਾਮ ਕੀਤੇ ਗਏ ਹਨ। ਜੇਲ• ਸੁਪਰਡੈਂਟ ਜੋਗਾ ਸਿੰਘ ਨੇ ਦੱਸਿਆ ਕਿ ਇਸ ਜ਼ਨਾਨਾ ਜੇਲ• ਵਿਚ ਕਰੀਬ ਇੱਕ ਹਜ਼ਾਰ ਬੰਦੀ ਰੱਖੇ ਜਾ ਸਕਣਗੇ ਅਤੇ ਜ਼ਨਾਨਾ ਜੇਲ• ਵਿਚ ਸਭ ਪ੍ਰਬੰਧ ਕਰ ਦਿੱਤੇ ਗਏ ਹਨ। ਫਿਰੋਜ਼ਪੁਰ ਵਿਚ ਸੀ-ਪਾਈਟ ਟਰੇਨਿੰਗ ਸੈਂਟਰ ਨੂੰ ਜੇਲ• ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਜੇਲ• ਦੇ ਸੁਪਰਡੈਂਟ ਸ੍ਰੀ ਅਜਮੇਰ ਸਿੰਘ ਦਾ ਕਹਿਣਾ ਸੀ ਕਿ ਟਰੇਨਿੰਗ ਸੈਂਟਰ ਦੀ ਸਪੈਸ਼ਲ ਜੇਲ• ਵਜੋਂ ਸ਼ਨਾਖ਼ਤ ਕੀਤੀ ਗਈ ਹੈ ਜਿਸ ਵਿਚ ਕਰੀਬ 700 ਬੰਦੀ ਰੱਖੇ ਜਾ ਸਕਣਗੇ।
                      ਜੇਲ• ਵਿਭਾਗ ਤਰਫ਼ੋਂ ਪੰਜਾਬ ਵਿਚ 10 ਸਪੈਸ਼ਲ ਜੇਲ•ਾਂ ਬਣਾਈਆਂ ਗਈਆਂ ਹਨ ਜਿਨ•ਾਂ ਬਾਰੇ ਮੌਕੇ ਤੇ ਹੀ ਨੋਟੀਫਿਕੇਸ਼ਨ ਜਾਰੀ ਹੋਵੇਗਾ। ਪੰਜਾਬ ਵਿਚ ਲੁਧਿਆਣਾ ਵਿਚ ਦੋ ਸਪੈਸ਼ਲ ਜੇਲ•ਾਂ ਬਣਨਗੀਆਂ ਜਦੋਂ ਕਿ ਇੱਕ ਸਪੈਸ਼ਲ ਜੇਲ• ਪਠਾਨਕੋਟ ਵਿਖੇ ਬਣਾਈ ਜਾਵੇਗੀ। ਇਸੇ ਤਰ•ਾਂ ਹੀ ਸੰਗਰੂਰ,ਜਲੰਧਰ ਅਤੇ ਮਾਨਸਾ ਵਿਚ ਸਪੈਸ਼ਲ ਜੇਲ• ਬਣੇਗੀ। ਮਾਨਸਾ ਜੇਲ• ਦੇ ਡਿਪਟੀ ਜੇਲ• ਸੁਪਰਡੈਂਟ ਸ੍ਰੀ ਗੁਰਜੀਤ ਬਰਾੜ ਨੇ ਦੱਸਿਆ ਕਿ ਮਾਨਸਾ ਵਿਚ ਸਪੈਸ਼ਲ ਜੇਲ• ਲਈ ਹਾਲੇ ਜਗ•ਾ ਸ਼ਨਾਖ਼ਤ ਨਹੀਂ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਜੋ ਪੰਜਾਬ ਵਿਚ ਮੌਜੂਦਾ ਜੇਲ•ਾਂ ਹਨ, ਉਨ•ਾਂ ਵਿਚ ਵੀ ਲੋੜ ਪੈਣ 'ਤੇ ਬੰਦੀ ਭੇਜੇ ਜਾਣਗੇ। ਸੰਪਰਕ ਕਰਨ ਤੇ ਜੇਲ• ਵਿਭਾਗ ਦੇ ਆਈ.ਜੀ ਅਤੇ ਡੀ.ਆਈ.ਜੀ ਨੇ ਫੋਨ ਨਹੀਂ ਚੁੱਕਿਆ।
                                       ਏਅਰ ਇੰਡੀਆ 'ਮੇਲਾ' ਲੁੱਟਣ ਲੱਗੀ
ਬਠਿੰਡਾ-ਦਿੱਲੀ ਉਡਾਣ ਲਈ ਡੇਰਾ ਮਾਮਲੇ ਕਰਕੇ ਕੋਈ ਸੀਟ ਨਹੀਂ ਮਿਲ ਰਹੀ ਹੈ ਅਤੇ ਟਿਕਟ ਦਾ ਕਿਰਾਇਆ ਵੀ ਕਰੀਬ 10 ਹਜ਼ਾਰ ਰੁਪਏ ਵਧ ਗਿਆ ਹੈ। ਆਮ ਦਿਨਾਂ ਵਿਚ ਬਠਿੰਡਾ ਦਿੱਲੀ ਉਡਾਣ ਦਾ ਕਿਰਾਇਆ ਕਰੀਬ 1900 ਰੁਪਏ ਹੈ ਜਦੋਂ ਕਿ ਅੱਜ ਦੀ ਬੁਕਿੰਗ 'ਚ 26 ਅਗਸਤ ਲਈ ਟਿਕਟ 11,795 ਰੁਪਏ ਵਿਚ ਮਿਲ ਰਹੀ ਹੈ। ਡੇਰਾ ਸਿਰਸਾ ਦੇ ਮੁਖੀ ਦੀ ਅਦਾਲਤੀ ਪੇਸ਼ੀ ਕਰਕੇ ਆਮ ਲੋਕ ਮਾਹੌਲ ਤੋਂ ਭੈਅ ਭੀਤ ਹਨ ਜਿਸ ਕਰਕੇ ਕੋਈ ਵੀ ਸੜਕੀਂ ਰਸਤੇ ਸਫ਼ਰ ਕਰਕੇ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਹੈ। ਏਦਾ ਦੇ ਹਾਲਾਤਾਂ ਵਿਚ ਬਠਿੰਡਾ ਦਿੱਲੀ ਉਡਾਣ ਦੇ ਕਿਰਾਏ ਵਿਚ ਬੜੌ•ਤਰੀ ਹੋ ਗਈ ਹੈ ਅਤੇ ਇਸ ਉਡਾਣ ਦੀ ਬੁਕਿੰਗ ਵੀ ਵਧ ਗਈ ਹੈ।  ਪੰਜਾਬ ਸਰਕਾਰ ਨੇ 11 ਦਸੰਬਰ 2016 ਨੂੰ ਬਠਿੰਡਾ ਦੇ ਹਵਾਈ ਅੱਡੇ ਨੂੰ ਚਾਲੂ ਕੀਤਾ ਗਿਆ ਸੀ ਅਤੇ ਹਫਤੇ ਚੋਂ ਤਿੰਨ ਦਿਨ ਬਠਿੰਡਾ ਦਿੱਲੀ ਉਡਾਣ ਮੰਗਲਵਾਰ,ਵੀਰਵਾਰ ਅਤੇ ਸਨਿਚਰਵਾਰ ਨੂੰ ਹੁੰਦੀ ਹੈ। ਵੇਰਵਿਆਂ ਅਨੁਸਾਰ ਅੱਜ ਜੋ ਦਿਲੀ ਤੋਂ ਬਠਿੰਡਾ ਫਲਾਈਟ ਆਈ ਹੈ, ਉਸ ਵਿਚ 45 ਯਾਤਰੀ ਆਏ ਹਨ ਜਦੋਂ ਕਿ ਬਠਿੰਡਾ ਤੋਂ ਦਿਲੀ ਲਈ 63 ਯਾਤਰੀਆਂ ਦੀ ਬੁਕਿੰਗ ਸੀ ਜੋ ਆਪਣੇ ਆਪ ਵਿਚ ਹੁਣ ਤੱਕ ਦਾ ਰਿਕਾਰਡ ਹੈ।
                  ਅੱਜ ਦਾ ਟਿਕਟ ਦਾ ਕਿਰਾਇਆ 5495 ਰੁਪਏ ਆ ਰਿਹਾ ਸੀ ਜਦੋਂ ਕਿ ਸਨਿੱਚਰਵਾਰ (26 ਅਗਸਤ) 'ਚ ਟਿਕਟ 11,795 ਰੁਪਏ ਵਿਚ ਉਪਲਬਧ ਹੈ। ਜਾਣਕਾਰੀ ਅਨੁਸਾਰ 26 ਅਗਸਤ ਲਈ ਹੁਣ ਤੱਕ 70 ਸੀਟਾਂ ਚੋਂ ਬਠਿੰਡਾ ਦਿੱਲੀ ਲਈ 55 ਸੀਟਾਂ ਦੀ ਬੁਕਿੰਗ ਹੋ ਚੁੱਕੀ ਹੈ ਜਦੋਂ ਕਿ ਦਿਲੀ ਤੋਂ ਬਠਿੰਡਾ ਲਈ 53 ਸੀਟਾਂ ਦੀ ਬੁਕਿੰਗ ਹੋ ਚੁੱਕੀ ਹੈ। ਏਅਰ ਇੰਡੀਆ ਦੇ ਮੈਨੇਜਰ ਸ੍ਰੀ ਰਮੇਸ਼ ਰਾਮ ਨੇ ਦੱਸਿਆ ਕਿ ਦੋ ਤਿੰਨ ਦਿਨਾਂ ਤੋਂ ਬੁਕਿੰਗ ਵਿਚ ਇਕਦਮ ਇਜਾਫਾ ਹੋਇਆ ਹੈ ਜਿਸ ਕਰਕੇ ਟਿਕਟ ਦੇ ਰੇਟ ਵਿਚ ਵੀ ਵਾਧਾ ਹੋਇਆ ਹੈ। ਸੂਤਰ ਆਖਦੇ ਹਨ ਕਿ ਭਾਵੇਂ ਡੇਰਾ ਮਾਮਲੇ ਕਰਕੇ ਹਰ ਕਾਰੋਬਾਰ ਨੂੰ ਸੱਟ ਵੱਜੀ ਹੈ ਪ੍ਰੰਤੂ ਏਅਰ ਇੰਡੀਆ ਨੂੰ ਇਨ•ਾਂ ਦਿਨਾਂ ਵਿਚ ਚੋਖਾ ਫਾਇਦਾ ਮਿਲ ਰਿਹਾ ਹੈ। ਇਸੇ ਦੌਰਾਨ ਭਾਰਤੀ ਰੇਲਵੇ ਨੇ ਕਰੀਬ 28 ਟਰੇਨਾਂ ਕੈਂਸਲ ਕਰ ਦਿੱਤੀਆਂ ਹਨ। ਟਰੇਨਾਂ ਕੈਂਸਲ ਹੋਣ ਕਰਕੇ ਹਜ਼ਾਰਾਂ ਯਾਤਰੀਆਂ ਦੀ ਬੁਕਿੰਗ ਵੀ ਨਾਲੋ ਨਾਲ ਕੈਂਸਲ ਹੋ ਗਈ ਹੈ ਜਿਨ•ਾਂ ਨੇ ਪਹਿਲਾਂ ਹੀ ਬੁਕਿੰਗ ਕਰਾਈ ਹੋਈ ਸੀ। 

Thursday, August 24, 2017

                        ਪੈਨਸ਼ਨ ਲੈਣ ਲਈ
             ਨੌਜਵਾਨ ਵੀ ਬੁੱਢੇ ਬਣ ਗਏ 
                         ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿਚ ਬੁਢਾਪਾ ਪੈਨਸ਼ਨ ਲੈਣ ਨੌਜਵਾਨ ਵੀ ਬੁੱਢੇ ਬਣ ਗਏ ਹਨ। ਹੁਣ ਤੱਕ ਰਾਜ 'ਚ 60 ਫੀਸਦੀ ਪੈਨਸ਼ਨਾਂ ਦੀ ਪੜਤਾਲ ਮੁਕੰਮਲ ਹੋ ਚੁੱਕੀ ਹੈ ਜਿਸ ਵਿਚ 42 ਹਜ਼ਾਰ ਲਾਭਪਾਤਰੀ ਅਯੋਗ ਨਿਕਲੇ ਹਨ। ਇਨ•ਾਂ ਚੋਂ ਕਰੀਬ 20 ਹਜ਼ਾਰ ਲਾਭਪਾਤਰੀ ਅੰਡਰਏਜ਼ ਸਨ ਜੋ ਬੁਢਾਪਾ ਪੈਨਸ਼ਨ ਲਈ ਉਮਰ ਦੀ ਯੋਗਤਾ ਪੂਰੀ ਨਹੀਂ ਕਰਦੇ ਸਨ। ਕੈਪਟਨ ਸਰਕਾਰ ਤਰਫ਼ੋਂ 14 ਜੁਲਾਈ ਤੋਂ ਪੈਨਸ਼ਨਾਂ ਦੀ ਪੜਤਾਲ ਦਾ ਕੰਮ ਸ਼ੁਰੂ ਕਰਾਇਆ ਗਿਆ ਹੈ। ਪੰਜਾਬ ਵਿਚ 19.89 ਲੱਖ ਲਾਭਪਾਤਰੀ ਚਾਰ ਤਰ•ਾਂ ਦੀ ਪੈਨਸ਼ਨ ਲੈ ਰਹੇ ਹਨ ਜਿਨ•ਾਂ ਵਿਚ ਬੁਢਾਪਾ ਪੈਨਸ਼ਨ, ਅਪਾਹਜਤਾ,ਵਿਧਵਾ ਪੈਨਸ਼ਨ ਅਤੇ ਆਸਰਿਤ ਬੱਚੇ ਸ਼ਾਮਿਲ ਹਨ। ਬੁਢਾਪਾ ਪੈਨਸ਼ਨਾਂ ਦੀ ਸਭ ਤੋਂ ਵੱਡੀ ਗਿਣਤੀ ਕਰੀਬ 13 ਲੱਖ ਲਾਭਪਾਤਰੀਆਂ ਦੀ ਹੈ। ਵੇਰਵਿਆਂ ਅਨੁਸਾਰ ਪੰਜਾਬ 'ਚ ਕੁੱਲ ਪੈਨਸ਼ਨਾਂ ਚੋਂ ਹੁਣ ਤੱਕ 12.04 ਲੱਖ ਪੈਨਸ਼ਨਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਨ•ਾਂ ਵਿਚ 3.5 ਫੀਸਦੀ ਲਾਭਪਾਤਰੀ ਅਯੋਗ ਨਿਕਲੇ ਹਨ। ਇਨ•ਾਂ ਲਾਭਪਾਤਰੀਆਂ ਨੂੰ ਲੰਘੇ ਤਿੰਨ ਵਰਿ•ਆਂ ਦੌਰਾਨ ਪੈਨਸ਼ਨਾਂ ਲੱਗੀਆਂ ਹਨ।
                         ਪੰਜਾਬ ਚੋਂ ਮਾਨਸਾ ਜ਼ਿਲ•ੇ ਦੀ ਅਯੋਗ ਪੈਨਸ਼ਨਾਂ ਵਿਚ ਝੰਡੀ ਹੈ ਜਿਥੇ 9 ਫੀਸਦੀ ਅਯੋਗ ਲਾਭਪਾਤਰੀ ਸਾਹਮਣੇ ਆਏ ਹਨ। ਇਸ ਜ਼ਿਲ•ੇ ਵਿਚ ਕਰੀਬ 85,500 ਲਾਭਪਾਤਰੀ ਪੈਨਸ਼ਨਾਂ ਲੈ ਰਹੇ ਹਨ ਜਿਨ•ਾਂ ਚੋਂ ਕਰੀਬ 57 ਹਜ਼ਾਰ ਲਾਭਪਾਤਰੀਆਂ ਦੀ ਪੜਤਾਲ ਮੁਕੰਮਲ ਹੋ ਚੁੱਕੀ ਹੈ। ਇਨ•ਾਂ ਚੋਂ ਪੰਜ ਹਜ਼ਾਰ ਲਾਭਪਾਤਰੀ ਅਯੋਗ ਨਿਕਲੇ ਹਨ। ਪੰਜਾਬ ਚੋਂ ਦੂਸਰੇ ਨੰਬਰ ਤੇ ਜ਼ਿਲ•ਾ ਸੰਗਰੂਰ ਹੈ ਜਿਥੇ ਕੁੱਲ 1.48 ਲੱਖ ਲਾਭਪਾਤਰੀ ਪੈਨਸ਼ਨ ਲੈ ਰਹੇ ਹਨ। ਹੁਣ ਤੱਕ ਹੋਈ ਪੜਤਾਲ ਵਿਚ ਇਸ ਜ਼ਿਲ•ੇ 'ਚ 8.24 ਫੀਸਦੀ ਲਾਭਪਾਤਰੀ ਅਯੋਗ ਨਿਕਲੇ ਹਨ ਜਿਨ•ਾਂ ਦੀ ਗਿਣਤੀ 9300 ਬਣਦੀ ਹੈ। ਇਵੇਂ ਬਠਿੰਡਾ ਜ਼ਿਲ•ੇ ਵਿਚ 1.24 ਫੀਸਦੀ ਭਾਵ ਕਰੀਬ ਤਿੰਨ ਹਜ਼ਾਰ ਲਾਭਪਾਤਰੀ ਅਯੋਗ ਸ਼ਨਾਖ਼ਤ ਹੋਏ ਹਨ। ਸੂਤਰ ਦੱਸਦੇ ਹਨ ਕਿ ਕਈ ਅਯੋਗ ਲਾਭਪਾਤਰੀ ਉਹ ਸ਼ਨਾਖ਼ਤ ਹੋਏ ਹਨ ਜੋ ਬੁਢਾਪਾ ਪੈਨਸ਼ਨ ਲੈਣ ਦੀ ਉਮਰ ਦੇ ਨੇੜੇ ਤੇੜੇ ਵੀ ਨਹੀਂ ਹਨ। ਅੰਡਰਏਜ ਲਾਭਪਾਤਰੀਆਂ ਵਿਚ ਜਿਆਦਾ ਗਿਣਤੀ ਔਰਤਾਂ ਦੀ ਹੈ ਜੋ ਬਜ਼ੁਰਗ ਬਣ ਕੇ ਬੁਢਾਪਾ ਪੈਨਸ਼ਨ ਲੈ ਰਹੀਆਂ ਹਨ। ਬੁਢਾਪਾ ਪੈਨਸ਼ਨ ਲਈ ਉਮਰ ਹੱਦ 58 ਸਾਲ (ਔਰਤਾਂ) ਅਤੇ ਪੁਰਸ਼ਾਂ ਦੀ ਉਮਰ ਹੱਦ 65 ਲੱਖ ਰੱਖੀ ਹੋਈ ਹੈ।
                        ਸੂਤਰ ਦੱਸਦੇ ਹਨ ਕਿ ਜੋ ਅੰਡਰਏਜ ਕੇਸ ਸ਼ਨਾਖ਼ਤ ਹੋਏ ਹਨ, ਉਨ•ਾਂ ਦੇ ਵੋਟਰ ਕਾਰਡ ਦੇਖ ਕੇ ਪੈਨਸ਼ਨਾਂ ਲਾਈਆਂ ਸਨ। ਪੰਜਾਬ ਸਰਕਾਰ ਨੇ ਜਨਵਰੀ 2016 ਵਿਚ ਬੁਢਾਪਾ ਪੈਨਸ਼ਨ 250 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਸੀ।  ਪੰਜਾਬ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਵਿਚ 1.30 ਲੱਖ ਨਵੀਆਂ ਬੁਢਾਪਾ ਪੈਨਸ਼ਨਾਂ ਲੱਗੀਆਂ ਸਨ। ਵੇਰਵਿਆਂ ਅਨੁਸਾਰ ਜ਼ਿਲ•ਾ ਮੁਕਤਸਰ ਵਿਚ 77,466 ਕੁੱਲ ਲਾਭਪਾਤਰੀ ਹਨ ਜਿਨ•ਾਂ ਚੋਂ 41,562 ਲਾਭਪਾਤਰੀਆਂ ਦੀ ਸ਼ਨਾਖ਼ਤ ਦਾ ਕੰਮ ਹੋ ਚੁੱਕਾ ਹੈ। ਇਸ ਜ਼ਿਲ•ੇ ਵਿਚ 1886 ਲਾਭਪਾਤਰੀ ਅਯੋਗ ਸ਼ਨਾਖ਼ਤ ਹੋਏ ਹਨ ਜਿਨ•ਾਂ ਚੋਂ 1495 ਅੰਡਰਏਜ ਵਿਅਕਤੀਆਂ ਨੂੰ ਬੁਢਾਪਾ ਪੈਨਸ਼ਨ ਲਾਈ ਹੋਈ ਸੀ। ਕਰੀਬ ਦੋ ਹਜ਼ਾਰ ਲਾਭਪਾਤਰੀ ਗਲਤ ਪਤੇ ਕਾਰਨ ਅਤੇ ਗੈਰਹਾਜ਼ਰ ਹੋਣ ਕਰਕੇ ਪੜਤਾਲ ਵਿਚ ਸ਼ਾਮਿਲ ਨਹੀਂ ਹੋ ਸਕੇ ਹਨ। ਲੁਧਿਆਣਾ ਜ਼ਿਲ•ੇ ਵਿਚ ਸਭ ਤੋਂ ਘੱਟ 0.89 ਫੀਸਦੀ ਭਾਵ ਕਰੀਬ ਇੱਕ ਹਜ਼ਾਰ ਲਾਭਪਾਤਰੀ ਹੀ ਅਯੋਗ ਸ਼ਨਾਖ਼ਤ ਹੋਏ ਹਨ ਜਦੋਂ ਕਿ ਜ਼ਿਲ•ਾ ਫਰੀਦਕੋਟ ਵਿਚ 1.27 ਫੀਸਦੀ ਭਾਵ 580 ਅਯੋਗ ਲਾਭਪਾਤਰੀ ਨਿਕਲੇ ਹਨ।
                    ਇਸੇ ਤਰ•ਾਂ ਜ਼ਿਲ•ਾ ਮੋਗਾ ਵਿਚ 1300 ਲਾਭਪਾਤਰੀ ਅਯੋਗ ਪਾਏ ਗਏ ਹਨ। ਵੇਰਵਿਆਂ ਅਨੁਸਾਰ ਜ਼ਿਲ•ਾ ਗੁਰਦਾਸਪੁਰ 'ਚ ਕਰੀਬ 2500 ਲਾਭਪਾਤਰੀ ਅਤੇ ਜ਼ਿਲ•ਾ ਅੰਮ੍ਰਿਤਸਰ ਵਿਚ ਕਰੀਬ 3500 ਲਾਭਪਾਤਰੀ (6.1 ਫੀਸਦੀ) ਅਯੋਗ ਸਨਾਖਤ ਹੋਏ ਹਨ। ਮਾਲਵੇ ਵਿਚ ਜਿਆਦਾ ਅਯੋਗ ਕੇਸ ਅੰਡਰਏਜ ਹੋਣ ਕਰਕੇ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਗਠਜੋੜ ਸਰਕਾਰ ਸਮੇਂ ਜਨਵਰੀ 2014 ਮਗਰੋਂ ਕਰਾਈ ਪੜਤਾਲ ਵਿਚ ਪੌਣੇ ਚਾਰ ਲੱਖ ਲਾਭਪਾਤਰੀ ਅਯੋਗ ਨਿਕਲੇ ਸਨ ਜਿਨ•ਾਂ ਚੋਂ ਬਹੁਤੇ ਮੁੜ ਯੋਗ ਬਣਾ ਦਿੱਤੇ ਗਏ ਸਨ। ਉਦੋਂ 10 ਵਰਿ•ਆਂ ਵਿਚ ਤਿੰਨ ਵਾਰੀ ਪੜਤਾਲ ਹੋਈ ਸੀ। ਕੈਪਟਨ ਸਰਕਾਰ ਨੇ ਹੁਣ ਬੁਢਾਪਾ ਪੈਨਸ਼ਨ ਲਈ ਸਲਾਨਾ ਆਮਦਨ 36 ਹਜ਼ਾਰ ਤੋਂ ਵਧਾ ਕੇ 60 ਹਜ਼ਾਰ ਕਰ ਦਿੱਤੀ ਹੈ ਅਤੇ ਜ਼ਮੀਨ ਦੋ ਏਕੜ ਤੋਂ ਵਧਾ ਕੇ ਢਾਈ ਏਕੜ ਕਰ ਦਿੱਤੀ ਹੈ।
                                        ਮਹੀਨੇ 'ਚ ਮੁਕੰਮਲ ਹੋਵੇਗੀ ਪੜਤਾਲ : ਖੰਨਾ
ਸਮਾਜਿਕ ਸੁਰੱਖਿਆ ਅਤੇ ਔਰਤਾਂ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਸਵਾਜੀਤ ਖੰਨਾ ਦਾ ਕਹਿਣਾ ਸੀ ਕਿ ਪੈਨਸ਼ਨਾਂ ਦੀ ਪੜਤਾਲ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ ਅਤੇ ਇੱਕ ਮਹੀਨੇ ਵਿਚ ਮੁਕੰਮਲ ਹੋਣ ਦੀ ਉਮੀਦ ਹੈ। ਮੁਢਲੇ ਪੜਤਾਲ ਅਯੋਗ ਪੈਨਸ਼ਨਾਂ ਦੀ ਸ਼ਨਾਖ਼ਤ ਹੋਣੀ ਹੈ, ਉਸ ਮਗਰੋਂ ਪੈਨਸ਼ਨਾਂ ਕੱਟਣ ਅਤੇ ਅਯੋਗ ਲਾਭਪਾਤਰੀਆਂ ਤੋਂ ਵਸੂਲੀ ਆਦਿ ਕਰਨ ਬਾਰੇ ਫੈਸਲਾ ਹੋਵੇਗਾ।
                             ਡੇਰਾ ਮਾਮਲਾ 
           ਪੁਲੀਸ ਕੋਲ ਪਿਆ ਡਾਂਗਾਂ ਦਾ ਟੋਟਾ
                            ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਖ਼ਿੱਤੇ 'ਚ ਹੁਣ ਡਾਂਗਾਂ ਦਾ ਟੋਟਾ ਪੈ ਗਿਆ ਹੈ ਅਤੇ ਕਿਧਰੋਂ ਵੀ ਦੁਕਾਨਾਂ ਤੋਂ ਡਾਂਗਾਂ ਨਹੀਂ ਮਿਲ ਰਹੀਆਂ ਹਨ। ਪੰਜਾਬ ਪੁਲੀਸ ਨੇ ਦੋ ਦਿਨਾਂ 'ਚ 'ਨਾਜ਼ਕ ਜ਼ੋਨ' 'ਚ ਕਰੀਬ ਚਾਰ ਹਜ਼ਾਰ ਨਵੀਆਂ ਡਾਂਗਾਂ ਖਰੀਦ ਲਈਆਂ ਹਨ। ਜਦੋਂ ਕਿ ਕੇਨ ਸੀਲਡ ਦੀ ਸਪਲਾਈ ਨਹੀਂ ਮਿਲ ਰਹੀ ਹੈ। ਏ.ਡੀ.ਜੀ.ਪੀ (ਲਾਅ ਐਂਡ ਆਰਡਰ) ਨੇ ਦੋ ਦਿਨ ਪਹਿਲਾਂ ਐਸ.ਐਸ.ਪੀਜ਼ ਨੂੰ ਪੱਤਰ ਜਾਰੀ ਕਰਕੇ ਡਾਂਗਾਂ ਆਦਿ ਖ੍ਰੀਦਣ ਦੀ 'ਖੁੱਲ•ੀ ਛੁੱਟੀ' ਦੇ ਦਿੱਤੀ ਹੈ। ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪੱਧਰ 'ਤੇ ਡਾਂਗਾਂ ਤੇ ਕੇਨ ਸੀਲਡਾਂ ਖਰੀਦ ਸਕਦੇ ਹਨ। ਪਹਿਲਾਂ ਮੁੱਖ ਦਫ਼ਤਰ ਵਲੋਂ ਇਹ ਖਰੀਦ ਹੁੰਦੀ ਰਹੀ ਹੈ। ਡੇਰਾ ਸਿਰਸਾ ਦੇ ਮੁਖੀ ਦੀ ਪੰਚਕੂਲਾ ਅਦਾਲਤ ਵਿਚ 25 ਅਗਸਤ ਨੂੰ ਪੇਸ਼ੀ ਹੈ ਜਿਸ ਦੇ ਮੱਦੇਨਜ਼ਰ ਪੁਲੀਸ ਵਲੋਂ ਸੰਭਾਵੀ ਗੜਬੜ ਨਾਲ ਸਿੱਜਣ ਲਈ ਇਹ ਬੰਦੋਬਸਤ ਕੀਤੇ ਜਾ ਰਹੇ ਹਨ।  ਵੇਰਵਿਆਂ ਅਨੁਸਾਰ ਬਠਿੰਡਾ ਪੁਲੀਸ ਨੇ ਇੱਕ ਹਜ਼ਾਰ ਨਵੀਂ ਡਾਂਗ ਖਰੀਦ ਕੀਤੀ ਹੈ। ਬਠਿੰਡਾ ਸ਼ਹਿਰ ਦੀਆਂ ਦੁਕਾਨਾਂ ਚੋਂ ਜਦੋਂ ਡਾਂਗਾਂ ਖਤਮ ਹੋ ਗਈਆਂ ਤਾਂ ਪੁਲੀਸ ਨੇ ਭੁੱਚੋ ਮੰਡੀ ਤੋਂ ਲੱਕੜ ਦੇ ਕਾਰੋਬਾਰੀ ਲੋਕਾਂ ਤੋਂ ਡਾਂਗ ਤਿਆਰ ਕਰਾਈ ਹੈ। ਮਲੇਰਕੋਟਲਾ ਤੋਂ ਪੁਲੀਸ ਨੇ 500 ਕੇਨਸੀਲਡਾਂ ਫੌਰੀ ਲਈਆਂ ਹਨ।
                     ਮਾਨਸਾ ਪੁਲੀਸ ਨੇ 200 ਨਵੀਆਂ ਕੇਨ ਸੀਲਡਾਂ ਖਰੀਦ ਕੀਤੀਆਂ ਹਨ ਜਦੋਂ ਕਿ ਜ਼ਿਲ•ੇ ਦੇ ਥਾਣੇਦਾਰਾਂ ਨੇ ਆਪਣੇ ਪੱਧਰ ਤੇ ਡਾਂਗਾਂ ਦਾ ਪ੍ਰਬੰਧ ਕਰ ਲਿਆ ਹੈ। ਮੁਕਤਸਰ ਪੁਲੀਸ ਨੇ ਹੁਣ 400 ਨਵੀਆਂ ਡਾਂਗਾਂ ਦੀ ਖਰੀਦ ਕੀਤੀ ਹੈ ਜਦੋਂ ਕਿ 1700 ਡਾਂਗਾਂ ਪਹਿਲਾਂ ਭੰਡਾਰ ਵਿਚ ਮੌਜੂਦ ਹਨ। ਪਤਾ ਲੱਗਾ ਹੈ ਕਿ ਬਰਨਾਲਾ, ਸੰਗਰੂਰ ਤੇ ਫਿਰੋਜ਼ਪੁਰ ਜ਼ਿਲ•ੇ ਵਿਚ ਐਸ.ਐਚ.ਓਜ ਨੂੰ ਆਪਣੇ ਪੱਧਰ ਤੇ ਡਾਂਗਾਂ ਖਰੀਦਣ ਵਾਸਤੇ ਹਦਾਇਤ ਹੈ।  ਮੋਗਾ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਪੱਲਿਓ ਖਰਚ ਕਰਕੇ ਡਾਂਗਾਂ ਖਰੀਦ ਕੀਤੀਆਂ ਹਨ। ਮੋਟੇ ਅੰਦਾਜ਼ੇ ਅਨੁਸਾਰ ਕਰੀਬ ਚਾਰ ਹਜ਼ਾਰ ਨਵੀਂ ਡਾਂਗ ਦੀ ਖਰੀਦ ਹੋਈ ਹੈ। ਫਾਜਿਲਕਾ ਜ਼ਿਲ•ੇ ਦੀ ਪੁਲੀਸ ਨੇ 200 ਕੇਨਸੀਲਡਾਂ ਅਤੇ ਫਿਰੋਜ਼ਪੁਰ ਜ਼ਿਲ•ੇ ਦੀ ਪੁਲੀਸ ਨੇ 300 ਕੇਨਸੀਲਡਾਂ ਦੀ ਮੰਗ ਕੀਤੀ ਹੈ। ਪਤਾ ਲੱਗਾ ਹੈ ਕਿ ਪੁਲੀਸ ਜ਼ਿਲਿ•ਆਂ ਵਿਚ ਕਾਫ਼ੀ ਸਮੇਂ ਤੋਂ ਨਵੀਆਂ ਡਾਂਗਾਂ ਆਈਆਂ ਹੀ ਨਹੀਂ ਸੀ ਅਤੇ ਕਾਫ਼ੀ ਗਿਣਤੀ ਵਿਚ ਡਾਂਗਾਂ ਟੁੱਟੀਆਂ ਹੋਈਆਂ ਸਨ।
                      ਹਰ ਜ਼ਿਲ•ੇ ਵਲੋਂ ਹੁਣ ਡਾਂਗਾਂ,ਕੇਨਸੀਲਡਾਂ ਅਤੇ ਹੋਰ ਸਾਜੋ ਸਮਾਨ ਦੀ ਮੰਗ ਰੱਖੀ ਗਈ ਹੈ। ਇਨ•ਾਂ ਜ਼ਿਲਿ•ਆਂ ਦੇ ਭੰਡਾਰ ਵਿਚ ਪਿਆ ਅਸਲਾ ਮੁਲਾਜ਼ਮਾਂ ਨੂੰ ਵੰਡ ਦਿੱਤਾ ਗਿਆ ਹੈ। ਇਸੇ ਦੌਰਾਨ ਪੁਲੀਸ ਦੇ ਸਾਰੇ ਥਾਣਿਆਂ ਤੇ ਮੋਰਚਾ ਬਣਾ ਦਿੱਤੇ ਗਏ ਹਨ ਅਤੇ ਹਰ ਥਾਣੇ ਦੇ ਮੋਰਚੇ 'ਤੇ ਐਲ.ਐਮ.ਜੀ ਲਗਾ ਦਿੱਤੀ ਗਈ ਹੈ। ਬਠਿੰਡਾ ਦੀ ਪੁਲੀਸ ਲਾਈਨ ਵਿਚ ਮੋਰਚੇ ਬਣਾਏ ਗਏ ਹਨ। ਇਵੇਂ ਦੂਸਰੇ ਜ਼ਿਲਿ•ਆਂ ਦੇ ਥਾਣਿਆਂ ਤੇ ਮੋਰਚੇ ਬਣਾਏ ਗਏ ਹਨ। ਸੂਤਰ ਦੱਸਦੇ ਹਨ ਕਿ ਡੇਰਾ ਪੈਰੋਕਾਰਾਂ ਨੇ ਵੀ ਨਾਮ ਚਰਚਾ ਘਰਾਂ ਵਿਚ ਡਾਂਗਾਂ ਆਦਿ ਇਕੱਠੀਆਂ ਕਰਨ ਦੀ ਸੂਚਨਾ ਹੈ ਪ੍ਰੰਤੂ ਇਸ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ। ਬਠਿੰਡਾ ਜ਼ੋਨ ਦੇ ਆਈ.ਜੀ ਨੇ ਫੋਨ ਨਹੀਂ ਚੁੱਕਿਆ ਜਦੋਂ ਕਿ ਬਠਿੰਡਾ ਦੇ ਐਸ.ਪੀ(ਐਚ) ਭੁਪਿੰਦਰ ਸਿੰਘ ਸਿੱਧੂ ਨੇ ਸਿਰਫ਼ ਏਨਾ ਹੀ ਆਖਿਆ ਕਿ ਲੋੜ ਮੁਤਾਬਿਕ ਸਾਜੋ ਸਮਾਨ ਦੀ ਖਰੀਦ ਕੀਤੀ ਗਈ ਹੈ। 

Sunday, August 20, 2017

                                                      ਜ਼ਿੰਦਗੀ ਦੇ 'ਸੁਪਰਮੈਨ' 
                             ਅਸੀਂ ਮਿੱਠੇ ਕਰ ਕਰ ਪੀਤੇ ਘੁੱਟ ਜ਼ਿੰਦਗੀ ਦੇ ਕੌੜੇ...
                                                         ਚਰਨਜੀਤ ਭੁੱਲਰ
ਬਠਿੰਡਾ : ਸੱਚਮੁੱਚ ਇਹ ਜ਼ਿੰਦਗੀ ਦੇ ਅਸਲੀ 'ਸੁਪਰਮੈਨ' ਹਨ ਜਿਨ•ਾਂ ਨੇ ਦੁੱਖਾਂ ਚੋਂ ਸੁੱਖ ਛਾਣੇ ਹਨ। ਛੋਟੇ ਉਮਰੇ ਜ਼ਿੰਦਗੀ ਦੇ ਕੌੜੇ ਘੁੱਟ ਇਨ•ਾਂ ਨੇ ਮਿੱਠੇ ਕਰ ਕਰ ਪੀਤੇ। ਉਨ•ਾਂ ਲਈ ਏਹ ਨਕਸ਼ਾ ਬਣੇ ਹਨ ਜੋ ਜ਼ਿੰਦਗੀ ਨੂੰ ਲੱਭਣ ਤੋਂ ਪਹਿਲਾਂ ਥੱਕ ਜਾਂਦੇ ਹਨ। ਉਨ•ਾਂ ਦੀ ਮੜਕ ਭੰਨੀ ਹੈ ਜੋ ਸਰਕਾਰੀ ਸਕੂਲਾਂ 'ਚ ਖੋਟ ਕੱਢਦੇ ਹਨ। ਗੱਲ ਉਨ•ਾਂ ਬੱਚਿਆਂ ਦੀ ਹੈ ਜਿਨ•ਾਂ ਦੇ ਸਿਰੜ ਨੇ ਬੋਝਲ ਮਾਹੌਲ ਨੂੰ ਟਿੱਚ ਕਰਕੇ ਜਾਣਿਆ ਹੈ। ਹਲਕਾ ਲੰਬੀ ਦੇ ਪਿੰਡ ਫਤੂਹੀਖੇੜਾ ਦੇ ਵਰਿੰਦਰ ਸਿੰਘ ਨੇ ਜ਼ਿੰਦਗੀ ਨੂੰ ਲੰਬੇ ਹੱਥੀਂ ਲਿਆ ਹੈ। ਤਾਹੀਓਂ ਸਮਾਂ ਵਰਿੰਦਰ ਦੀਆਂ ਖ਼ਾਹਸ਼ਾਂ ਨੂੰ ਕੈਦ ਨਹੀਂ ਕਰ ਸਕਿਆ। ਜਦੋਂ ਉਹ ਹਾਲੇ ਤੀਜੀ ਕਲਾਸ 'ਚ ਹੀ ਪੜ•ਦਾ ਸੀ ਕਿ ਮਾਂ ਛੱਡ ਕੇ ਚਲੀ ਗਈ। ਉਦੋਂ ਦਾਦੀ ਨੇ ਗਲ ਨਾਲ ਲਾ ਲਿਆ। ਕੈਂਸਰ ਪੀੜਤ ਦਾਦੀ ਹੁਣ ਪੋਤੇ ਦੀ ਢਾਰਸ ਬਣੀ ਹੋਈ ਹੈ।  ਵਰਿੰਦਰ ਉਦੋਂ ਅੱਠਵੀਂ ਵਿਚ ਸੀ ਜਦੋਂ ਉਸ ਦਾ ਟਰੱਕ ਡਰਾਇਵਰ ਬਾਪ ਰੂਪ ਸਿੰਘ ਲਾਪਤਾ ਹੋ ਗਿਆ ਸੀ। ਫਿਰ ਵੀ ਉਸ ਨੇ ਜ਼ਿੰਦਗੀ ਦਾ ਸੁਰ ਤੇ ਲੈਅ ਗੁਆਚਣ ਨਾ ਦਿੱਤਾ। ਤਾਏ ਨੇ ਉਸ ਦੇ ਸਿਰ 'ਤੇ ਹੱਥ ਰੱਖਿਆ ਤਾਂ ਉਸ ਨੇ ਕਿਤਾਬਾਂ ਚੋਂ ਭਵਿੱਖ ਦੇ ਨਕਸ਼ ਤਲਾਸਣੇ ਸ਼ੁਰੂ ਕਰ ਦਿੱਤੇ। ਸਰਕਾਰੀ ਸਕੂਲ 'ਚ ਪੜ• ਕੇ ਉਸ ਨੇ ਦਸਵੀਂ ਚੋਂ 90 ਫੀਸਦੀ ਅੰਕ ਹਾਸਲ ਕੀਤੇ ਅਤੇ ਜਮ•ਾ ਇੱਕ ਕਲਾਸ ਚੋਂ 87.1 ਫੀਸਦੀ ਅੰਕ ਲਏ। ਹੁਣ ਉਹ ਕਾਮਰਸ ਕਰ ਰਿਹਾ ਹੈ। ਉਸ ਕੋਲ ਬਾਪ ਦੀ ਤਸਵੀਰ ਬਚੀ ਹੈ ਜਾਂ ਫਿਰ ਤਾਏ ਦਾ ਸਿਰ 'ਤੇ ਰੱਖਿਆ ਹੱਥ। ਉਸ ਨੇ ਜ਼ਿੰਦਗੀ ਦਾ ਚੀੜ•ਾ ਚਿਹਰਾ ਵੇਖ ਲਿਆ ਹੈ।
                         ਫਾਜਿਲਕਾ ਦੇ ਪਿੰਡ ਰਾਮਪੁਰਾ ਨਰਾਇਣਪੁਰਾ ਦੇ ਸੁਖਰਾਜ ਸਿੰਘ ਦਾ ਪੈਰ ਪੈਰ ਤੇ ਹਾਲਾਤਾਂ ਨੇ ਦਮ ਘੁੱਟਿਆ। ਉਸ ਨੇ ਹਿੰਮਤ ਤੇ ਮਿਹਨਤ ਨਾਲ ਭਵਿੱਖ ਨੂੰ ਇੱਕ ਸੁਨਹਿਰੀ ਮਾਲਾ ਵਿਚ ਪਰੋਣਾ ਸ਼ੁਰੂ ਕਰ ਦਿੱਤਾ। ਉਸ ਨੂੰ ਨਹੀਂ ਭੁੱਲਦਾ ਉਹ ਦਿਨ ਜਦੋਂ ਉਹ ਪੰਜ ਵਰਿ•ਆਂ ਦਾ ਅਦਾਲਤ 'ਚ ਬੈਠਾ ਰੋਅ ਰਿਹਾ ਸੀ, ਛੱਡ ਕੇ ਜਾ ਰਹੀ ਮਾਂ ਨੇ ਇੱਕ ਵਾਰ ਵੀ ਪਿਛੇ ਮੁੜ ਕੇ ਨਹੀਂ ਤੱਕਿਆ ਸੀ। ਹਤਾਸ਼ ਹੋਈ ਦਾਦੀ ਨੇ ਬਚਪਨ ਦੇ ਹਉਕਿਆਂ ਦੇ ਮਾਹਣੇ ਸਮਝੇ। ਦਾਦੀ ਦੀ ਮੌਤ ਮਗਰੋਂ ਉਸ ਦਾ ਨਿੱਘ ਵੀ ਸਦਾ ਲਈ ਠੰਢਾ ਹੋ ਗਿਆ। ਉਸ ਕੋਲ ਹੁਣ ਗੁਰਬਤ ਬਚੀ ਹੈ ਜਾਂ ਫਿਰ ਬਿਮਾਰ ਬਾਪ ਜਿਸ ਦਾ ਇਲਾਜ ਚੱਲਦਾ ਹੈ। ਉਸ ਨੇ ਹਾਲਾਤਾਂ ਨੂੰ ਪੜਾਈ ਤੇ ਭਾਰੂ ਨਹੀਂ ਹੋਣ ਦਿੱਤਾ। ਸੁਖਰਾਜ ਨੇ ਦਸਵੀਂ ਚੋਂ 81.79 ਫੀਸਦੀ ਅਤੇ ਜਮ•ਾ ਇੱਕ ਚੋਂ 82 ਫੀਸਦੀ ਅੰਕ ਹਾਸਲ ਕੀਤੇ ਹਨ। ਹੁਣ ਉਹ ਕਾਮਰਸ ਦਾ ਵਿਦਿਆਰਥੀ ਹੈ। ਮੁਕਤਸਰ ਦੇ ਪਿੰਡ ਕਾਉਣੀ ਦੇ ਵਕੀਲ ਸਿੰਘ ਦੀ ਜ਼ਿੰਦਗੀ ਦਾ ਵਕੀਲ ਉਸ ਦਾ ਭਰਾ ਬਣਿਆ ਹੈ। ਜਦੋਂ ਮਾਂ ਦੀ ਮੌਤ ਹੋ ਗਈ ਤੇ ਬਾਪ ਜੇਲ• ਚਲਾ ਗਿਆ ਤਾਂ ਉਸ ਦੀ ਵਸਦੀ ਦੁਨੀਆ ਉੱਜੜ ਗਈ। ਵਕੀਲ ਦੀ ਜ਼ਿੰਦਗੀ ਬਣਾਉਣ ਲਈ ਉਸ ਦੇ ਭਰਾ ਚਮਕੌਰ ਸਿੰਘ ਨੇ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ।
                      ਵਕੀਲ ਖੁਦ ਪੜਾਈ ਕਰਦਾ ਤੇ ਭਰਾ ਉਸ ਵਾਸਤੇ ਮਜ਼ਦੂਰੀ ਕਰਦਾ। ਸਰਕਾਰੀ ਸਕੂਲ 'ਚ ਜਦੋਂ ਛੁੱਟੀਆਂ ਹੁੰਦੀਆਂ ਤਾਂ ਵਕੀਲ ਖੁਦ ਵੀ ਖੇਤਾਂ ਵਿਚ ਦਿਹਾੜੀ ਕਰਦਾ। ਚਮਕੌਰ ਨੇ ਆਪਣੀ ਖੁਦ ਦੀ ਪੜਾਈ ਆਪਣੇ ਭਰਾ ਤੋਂ ਕੁਰਬਾਨ ਕਰ ਦਿੱਤੀ। ਹੁਣ ਵਕੀਲ ਸਿੰਘ 12ਵੀਂ ਕਲਾਸ ਦਾ ਨਾਨ ਮੈਡੀਕਲ ਦਾ ਵਿਦਿਆਰਥੀ ਹੈ। ਉਸ ਨੇ ਦਸਵੀਂ ਚੋਂ 91 ਫੀਸਦੀ ਅੰਕ ਹਾਸਲ ਕੀਤੇ ਅਤੇ ਗਿਆਰਵੀਂ ਚੋਂ 72 ਫੀਸਦੀ। ਹੁਣ ਉਹ ਨਾਲੋਂ ਨਾਲ ਕੋਚਿੰਗ ਵੀ ਲੈ ਰਿਹਾ ਹੈ। ਸਰਕਾਰੀ ਸਕੂਲਾਂ 'ਚ ਪੜ•ੇ ਇਹ ਬੱਚੇ ਜ਼ਿੰਦਗੀ ਦੀ ਟੀਸੀ ਨੂੰ ਹੱਥ ਲਾਉਣ ਲਈ ਤੁਰੇ ਹਨ ਜਿਨ•ਾਂ ਕੋਲ ਨਾ ਸੁੱਖ ਸਹੂਲਤਾਂ ਹਨ ਅਤੇ ਨਾ ਹੀ ਵਸੀਲੇ। ਮਾਨਸਾ ਦੇ ਪਿੰਡ ਨਰਿੰਦਰਪੁਰਾ ਦੇ ਰਾਜਵੀਰ ਸਿੰਘ ਛੇਵੀਂ ਕਲਾਸ ਵਿਚ ਸੀ ਜਦੋਂ ਉਸ ਦਾ ਸਰੀਰਕ ਵਿਕਾਸ ਰੁਕ ਗਿਆ ਸੀ। ਸਾਥੀਆਂ ਨੇ ਉਸ ਦੇ ਕੱਦ ਦੇ ਨਕੋਰਾਂ ਮਾਰੀਆਂ। ਜਦੋਂ ਪੈਲੀ ਜੁਆਬ ਦੇ ਗਈ ਤਾਂ ਉਸ ਦਾ ਬਾਪ ਫੈਕਟਰੀ ਦਾ ਮਜ਼ਦੂਰ ਬਣ ਗਿਆ। ਛੋਟੇ ਕੱਦ ਦੇ ਰਾਜਵੀਰ ਨੇ ਉਦੋਂ ਹੀ ਨਿਸ਼ਾਨੇ ਮਿਥ ਲਏ ਸਨ। ਰਾਜਵੀਰ ਨੇ ਦਸਵੀਂ ਚੋਂ 87 ਫੀਸਦੀ ਅਤੇ ਗਿਆਰਵੀਂ ਚੋਂ 74 ਫੀਸਦੀ ਅੰਕ ਹਾਸਲ ਕੀਤੇ। ਹਿਸਾਬ ਚੋਂ ਉਸ ਨੇ 96 ਫੀਸਦੀ ਅਤੇ ਸਾਇੰਸ ਚੋਂ 89 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ। ਅਧਿਆਪਕ ਬਣਨਾ ਉਸ ਦਾ ਸੁਪਨਾ ਹੈ।
                      ਬਠਿੰਡਾ ਦੇ ਪਿੰਡ ਆਲੀਕੇ ਦੀ ਚਰਨਜੀਤ ਕੌਰ ਨੇ ਵੀ ਦਸਵੀਂ ਚੋਂ 84 ਫੀਸਦੀ ਅਤੇ ਗਿਆਰਵੀਂ 'ਚ 76 ਫੀਸਦੀ ਨੰਬਰ ਲਏ ਹਨ। ਤਿੰਨ ਵਰਿ•ਆਂ ਦੀ ਸੀ ਜਦੋਂ ਉਸ ਦੀ ਮਾਂ ਲਾਪਤਾ ਹੋ ਗਈ ਸੀ। ਬਾਪ ਮੰਜੇ ਤੇ ਹੈ ਤੇ ਤਾਇਆ ਹੀ ਉਸ ਦਾ ਸਭ ਕੁਝ ਹੈ। ਛੋਟੀ ਉਮਰੇ ਹੀ ਇਸ ਬੱਚੀ ਨੂੰ ਚੁੱਲ•ਾ ਚੌਂਕਾ ਸੰਭਾਲਣਾ ਪਿਆ। ਪਿੰਡ ਜੈ ਸਿੰਘ ਵਾਲਾ ਦੀ ਗੁਰਪ੍ਰੀਤ ਕੌਰ ਦੇ ਪਰਿਵਾਰ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ। ਬਾਪ ਦੀ ਮੌਤ ਹੋ ਗਈ ਤੇ ਮਾਂ ਨੂੰ ਇਕੱਲੀਵਿਧਵਾ ਪੈਨਸ਼ਨ ਦਾ ਸਹਾਰਾ ਹੈ ਜੋ ਕਈ ਕਈ ਮਹੀਨੇ ਮਿਲਦੀ ਨਹੀਂ ਹੈ। ਦਸਵੀਂ ਚੋਂ 83 ਫੀਸਦੀ ਅੰਕ ਲੈ ਕੇ ਬਾਰ•ਵੀਂ ਦੇ ਨਾਲ ਨਾਲ ਹੁਣ ਬੈਕਿੰਗ ਦੀ ਤਿਆਰੀ ਕਰ ਰਹੀ ਹੈ। ਇਵੇਂ ਹੀ ਗਿੱਦੜਬਹਾ ਦੀ ਪਲਕ ਦੇ ਬਾਪ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਸਿਲਾਈ ਦਾ ਕੰਮ ਕਰਕੇ ਬੱਚੇ ਪੜਾ ਰਹੀ ਹੈ। ਉਸ ਨੇ ਵੀ ਦਸਵੀਂ ਤੇ ਗਿਆਰਵੀਂ ਚੋਂ ਕ੍ਰਮਵਾਰ 85 ਫੀਸਦੀ ਅਤੇ 78 ਫੀਸਦੀ ਅੰਕ ਲਏ ਹਨ। ਭਾਵੇਂ ਵਕਤ ਨੇ ਇਨ•ਾਂ ਬੱਚਿਆਂ ਨੂੰ ਪੈਰ ਪੈਰ ਤੇ ਫੇਟ ਮਾਰੀ ਪ੍ਰੰਤੂ ਇਹ ਖੁਦ ਤਪੇ ਹੋਏ ਰਾਹਾਂ ਤੇ ਨੰਗੇ ਪੈਰੀਂ ਦੌੜੇ। ਦੌੜ ਇਵੇਂ ਜਾਰੀ ਰਹੀ ਤਾਂ ਇਨ•ਾਂ ਅੱਗੇ ਵਕਤ ਦਾ ਹਾਰਨਾ ਤੈਅ ਹੈ। ਇਹ ਹੋਣਹਾਰ ਸਭ ਬੱਚੇ ਹੁਣ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿਚ ਪੜ• ਰਹੇ ਹਨ।

Tuesday, August 15, 2017

                                        ਬੁੱਤ ਬੋਲਣਗੇ              
           ਸਰਕਾਰ ਹੋਈ ਬੁੱਤ ,ਜਾਗੇ ਸ਼ਹੀਦਾਂ ਦੇ ਪੁੱਤ
                                     ਚਰਨਜੀਤ ਭੁੱਲਰ
ਬਠਿੰਡਾ : ਜਦੋਂ ਸਰਕਾਰਾਂ ਬੁੱਤ ਹੋ ਜਾਣ ਤਾਂ ਪਰਿਵਾਰਾਂ ਨੂੰ ਦਿਹਾੜੀ ਕਰ ਕਰ ਕੇ ਸ਼ਹੀਦਾਂ ਦੇ ਬੁੱਤ ਲਾਉਣੇ ਪੈਂਦੇ ਹਨ। ਨੇਤਾ ਆਪਣੇ ਬਣ ਜਾਂਦੇ ਤਾਂ ਕੋਈ ਸ਼ਿਕਵਾ ਨਹੀਂ ਹੋਣਾ ਸੀ। ਜਦੋਂ ਹਕੂਮਤਾਂ ਨੇ ਹਰਾ ਦਿੱਤਾ ਤਾਂ ਪੁੱਤਰਾਂ ਨੇ ਮਜ਼ਦੂਰੀ ਕਰ ਕਰ ਕੇ ਸ਼ਹੀਦ ਬਾਪ ਦੇ ਬੁੱਤ ਲਗਾ ਦਿੱਤੇ। ਬਰਨਾਲਾ ਦੇ ਪਿੰਡ ਘੁੰਨਸ ਦੇ ਸ਼ਹੀਦ ਸਿਪਾਹੀ ਦਲੀਪ ਸਿੰਘ ਦੇ ਪਰਿਵਾਰ ਨੂੰ ਲੀਡਰਾਂ ਨੇ ਜਦੋਂ ਠਿੱਠ ਕੀਤਾ ਤਾਂ ਉਨ•ਾਂ ਖੁਦ ਬੁੱਤ ਲਾਉਣ ਦੀ ਠਾਣ ਲਈ। ਇੱਕ ਮੁੱਖ ਸੰਸਦੀ ਸਕੱਤਰ ਨੇ ਸ਼ਹੀਦ ਦੇ ਬੁੱਤ ਦਾ ਕੰਮ ਸ਼ੁਰੂ ਕਰਾ ਦਿੱਤਾ ਅਤੇ ਬੁੱਤ ਦਾ ਆਰਡਰ ਕਰ ਦਿੱਤਾ। ਜਦੋਂ ਪੈਸੇ ਦੇਣ ਦੀ ਗੱਲ ਆਈ ਤਾਂ ਪਾਸਾ ਵੱਟ ਲਿਆ। ਘੁੰਨਸ ਦਾ ਦਲੀਪ ਸਿੰਘ 12 ਦਸੰਬਰ 1971 ਵਿਚ ਸ਼ਹੀਦ ਹੋ ਗਿਆ ਸੀ। ਸ਼ਹੀਦ ਦਾ ਭਤੀਜਾ ਮੰਦਰ ਸਿੰਘ ਦੱਸਦਾ ਹੈ ਕਿ ਜਦੋਂ ਬੁੱਤ ਲਈ ਨੇਤਾ ਨੇ ਪੈਸੇ ਦੇਣ ਤੋਂ ਹੱਥ ਖੜ•ੇ ਕਰ ਦਿੱਤੇ ਤਾਂ ਉਨ•ਾਂ ਨੇ ਚਾਰ ਲੱਖ ਦਾ ਕਰਜ਼ਾ ਚੁੱਕਿਆ ਅਤੇ ਬੁੱਤ ਲਾਉਣ ਲਈ ਜਗ•ਾ ਖਰੀਦੀ। ਉਸ ਮਗਰੋਂ ਚਾਰੋ ਭਤੀਜਿਆਂ ਨੇ ਦਿਹਾੜੀਆਂ ਕਰਕੇ ਪੈਸੇ ਜੋੜੇ ਅਤੇ ਅਖੀਰ ਕਰੀਬ ਸਮੇਤ ਪਲਾਟ ਅੱਠ ਲੱਖ ਦੀ ਲਾਗਤ ਨਾਲ ਬੁੱਤ ਲਗਾ ਦਿੱਤਾ। ਮੰਦਰ ਸਿੰਘ ਦੱਸਦਾ ਹੈ ਕਿ ਉਹ ਹੁਣ ਮਜ਼ਦੂਰੀ ਕਰਕੇ ਕਰਜ਼ਾ ਉਤਾਰ ਦੇਣਗੇ। ਘੁੰਨਸ ਦੇ ਯੁਵਕ ਭਲਾਈ ਕਲੱਬ ਨੇ ਵੀ ਮਦਦ ਕੀਤੀ। ਪਰਿਵਾਰ ਆਖਦਾ ਹੈ ਕਿ ਉਹ ਆਜ਼ਾਦੀ ਦਿਹਾੜੇ ਤੇ ਸਮਾਗਮ ਕਰਨਗੇ।
                         ਸੰਗਰੂਰ ਦੇ ਪਿੰਡ ਡਸਕਾ ਦੇ ਨਾਇਕ ਗੁਰਬਚਨ ਸਿੰਘ ਦੀ ਵਿਧਵਾ ਰੂਪ ਕੌਰ ਨੂੰ ਸ਼ਹੀਦ ਪਤੀ ਦੀ ਨਿਸ਼ਾਨੀ ਲਈ ਹਰ ਸਰਕਾਰ ਦੇ ਬੂਹੇ ਤੇ ਜਾਣਾ ਪਿਆ। ਉਸ ਨੂੰ ਕੇਂਦਰ ਸਰਕਾਰ ਨੇ ਸੈਨਾ ਮੈਡਲ ਤਾਂ ਦਿੱਤਾ ਪ੍ਰੰਤੂ ਰਾਜ ਸਰਕਾਰ ਨੇ ਸ਼ਹੀਦ ਨੂੰ ਬੁੱਤ ਜੋਗਾ ਵੀ ਨਹੀਂ ਸਮਝਿਆ। ਵਿਧਵਾ ਕੋਲ ਸ਼ਹੀਦ ਦੀ ਇੱਕ ਚਿੱਠੀ ਤੇ ਫੌਜੀ ਵਰਦੀ ਬਚੀ ਹੈ। ਜਦੋਂ ਗੋਦ ਲਿਆ ਪੁੱਤ ਟਹਿਲ ਸਿੰਘ ਜਵਾਨ ਹੋਇਆ ਤਾਂ ਉਸ ਨੇ ਕਸਮ ਖਾ ਲਈ। ਪੁੱਤ ਨੇ ਟਰੈਕਟਰ ਤੇ ਡਰਾਇਵਰੀ ਕਰ ਕਰ ਕੇ ਪੈਸੇ ਜੋੜੇ ਅਤੇ ਜੈਪੁਰ ਤੋਂ ਸ਼ਹੀਦ ਬਾਪ ਦਾ ਬੁੱਤ ਬਣਾ ਲਿਆ। ਪੰਚਾਇਤ ਨੇ ਜਗ•ਾ ਦੇ ਦਿੱਤੀ ਅਤੇ ਟਹਿਲ ਸਿੰਘ ਨੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰ ਦਿੱਤੀ। ਪਰਿਵਾਰ ਦੱਸਦਾ ਹੈ ਕਿ ਸਾਲ 2004 ਵਿਚ ਸਰਕਾਰ ਵਲੋਂ ਐਲਾਨੀ ਰਾਸ਼ੀ ਹਾਲੇ ਤੱਕ ਨਹੀਂ ਪੁੱਜੀ ਹੈ। ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦੇ ਅਰਸ਼ਿੰਦਰ ਸਿੰਘ ਨੇ ਸ਼ਹੀਦ ਬਾਪ ਹਵਾਲਦਾਰ ਧਰਮਪਾਲ ਸਿੰਘ ਦਾ ਖੁਦ ਪਿੰਡ 'ਚ ਇੱਕ ਆਖਰੀ ਨਿਸ਼ਾਨੀ ਵਜੋਂ ਬੁੱਤ ਲਾਇਆ ਹੈ। ਵਿਧਵਾ ਪਾਲ ਕੌਰ ਕਰੀਬ 45 ਵਰੇ• ਤੋਂ ਬਰਸੀ ਮਨਾਉਂਦੀ ਆ ਰਹੀ ਹੈ। ਧਰਮਪਾਲ ਸਿੰਘ ਨੇ ਪਾਕਿ ਨਾਲ ਦੋ ਜੰਗਾਂ ਲੜੀਆਂ ਹਨ। ਅਰਸ਼ਇੰਦਰ ਦੱਸਦਾ ਹੈ ਕਿ ਜਦੋਂ ਸਰਕਾਰ ਨੇ ਪੱਲਾ ਨਾ ਫੜਾਇਆ ਤਾਂ ਉਸ ਨੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ। ਜਦੋਂ 60 ਹਜ਼ਾਰ ਇਕੱਠੇ ਹੋ ਗਏ ਤਾਂ ਉਸ ਨੇ ਬਾਪ ਦਾ ਬੁੱਤ ਬਣਾ ਲਿਆ। ਪੰਚਾਇਤ ਨੇ ਜਗ•ਾ ਦੇ ਦਿੱਤੀ।
                      ਉਸ ਨੂੰ ਸ਼ਿਕਵਾ ਹੈ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਮੁੱਖ ਗੇਟ ਤੋਂ ਉਸ ਦੇ ਬਾਪ ਦਾ ਨਾਮ ਹੁਣ ਗਾਇਬ ਹੋ ਗਿਆ ਹੈ। ਹੁਣ ਹਵਾਲਦਾਰ ਧਰਮਪਾਲ ਸਿੰਘ ਦੇ ਪਾਕਿਸਤਾਨ ਜੇਲ• ਵਿਚ ਜਿੰਦਾ ਹੋਣ ਦੀ ਭਿਣਕ ਨੇ ਪਰਿਵਾਰ ਦੀ ਉਮੀਦ ਜਗਾ ਦਿੱਤੀ ਹੈ। ਇਵੇਂ ਹੀ ਮੋਗਾ ਪਿੰਡ ਰਾਮੂੰਵਾਲਾ ਨਵਾਂ ਵਿਚ ਵੀ ਸ਼ਹੀਦ ਦੇ ਪਰਿਵਾਰ ਨਾਲ ਲੀਡਰਾਂ ਨੇ ਟਿੱਚਰਾਂ ਹੀ ਕੀਤੀਆਂ। ਸ਼ਹੀਦ ਰਘਬੀਰ ਸਿੰਘ ਜੰਮੂ ਸੈਕਟਰ ਵਿਚ ਸ਼ਹੀਦ ਹੋ ਗਿਆ ਸੀ। 17 ਸਾਲ ਪਹਿਲਾਂ ਇੱਕ ਮੰਤਰੀ ਨੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ ਅਤੇ ਇੱਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਇਹ ਵਾਅਦਾ ਵਫ਼ਾ ਨਾ ਹੋਇਆ। ਅਖੀਰ ਹੁਣ ਸ਼ਹੀਦ ਦੇ ਪਰਿਵਾਰ ਨੇ ਪਿੰਡ ਵਿਚ ਯਾਦਗਾਰੀ ਬਣਾਉਣੀ ਸ਼ੁਰੂ ਕੀਤੀ ਹੈ। ਸ਼ਹੀਦ ਦੇ ਪਿਤਾ ਅਮਰੀਕ ਸਿੰਘ ਅਨੁਸਾਰ ਯਾਦਗਾਰ ਤੇ ਕਰੀਬ ਤਿੰਨ ਲੱਖ ਖਰਚ ਆਉਣੇ ਹਨ ਜੋ ਪਰਿਵਾਰ ਪੱਲਿਓਂ ਖਰਚ ਕਰ ਰਿਹਾ ਹੈ। ਪੰਚਾਇਤ ਨੇ ਪੰਜ ਮਰਲੇ ਜਗ•ਾ ਦੇ ਦਿੱਤੀ ਤੇ ਇਹ ਯਾਦਗਾਰ ਉਸਰ ਗਈ। ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੇ ਆਹੂਜਾ ਦੇ ਪਰਿਵਾਰ ਨੂੰ ਇੱਕ ਬੁੱਤ ਹੀ ਨਸੀਬ ਨਹੀਂ ਹੋਇਆ ਹੈ। ਹਵਾਈ ਫੌਜ ਦਾ ਸੁਕੈਅਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ।
                        ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਤੇ ਰੈਡ ਕਰਾਸ ਬਠਿੰਡਾ ਨੇ 50 ਹਜ਼ਾਰ ਦਾ ਡਰਾਫਟ ਬਣਾ ਕੇ ਦਿੱਲੀ ਦੀ ਫਰਮ ਨੂੰ ਬੁੱਤ ਆਰਡਰ ਕਰ ਦਿੱਤਾ ਸੀ। ਅੱਜ ਤੱਕ ਨਾ ਬੁੱਤ ਆਇਆ ਹੈ। ਸ਼ਹੀਦ ਦਾ ਇਕਲੌਤਾ ਅੰਕੁਸ਼ ਆਹੂਜਾ 18 ਵਰਿ•ਆਂ ਤੋਂ ਬੁੱਤ ਨੂੰ ਉਡੀਕ ਰਿਹਾ ਹੈ। ਪਿੰਡ ਜੈਮਲ ਸਿੰਘ ਵਾਲਾ ਦੇ ਬੁੱਤਸਾਜ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਕਰੀਬ ਦਰਜਨ ਪਰਿਵਾਰ ਖੁਦ ਸ਼ਹੀਦਾਂ ਦੇ ਬੁੱਤ ਉਸ ਕੋਲੋ ਤਿਆਰ ਕਰਾ ਚੁੱਕੇ ਹਨ ਜਿਨ•ਾਂ ਤੋਂ ਸਰਕਾਰਾਂ ਨੇ ਮੁੱਖ ਮੋੜ ਲਿਆ ਸੀ। ਉਨ•ਾਂ ਦੱਸਿਆ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਦੇ ਪਰਿਵਾਰ ਆਖਦੇ ਹਨ ਕਿ ਜਦੋਂ ਸ਼ਹੀਦਾਂ ਦੇ ਬੁੱਤ ਬੋਲਣਗੇ ਤਾਂ ਇਨ•ਾਂ ਆਜ਼ਾਦੀ ਦਿਹਾੜੇ ਲੰਮੇ ਚੌੜੇ ਭਾਸ਼ਨ ਕਰਨ ਵਾਲੇ ਲੀਡਰਾਂ ਨੂੰ ਥਾਂ ਨਹੀਂ ਲੱਭਣੀ।
                                                ਸੰਸਦ ਮੈਂਬਰ ਨਹੀਂ ਦੇ ਸਕਦੇ ਫੰਡ
'ਆਪ' ਦੇ ਕਨਵੀਨਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਸੀ ਕਿ ਸੰਸਦੀ ਕੋਟੇ ਦੇ ਫੰਡਾਂ ਚੋਂ ਉਹ ਸ਼ਹੀਦਾਂ ਦੀ ਯਾਦਗਾਰ ਅਤੇ ਬੁੱਤ ਲਈ ਕੋਈ ਪੈਸਾ ਨਹੀਂ ਦੇ ਸਕਦੇ ਹਨ ਅਤੇ ਐਮ.ਪੀ ਲੈਡਜ਼ ਦੇ ਨੇਮ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ। ਕੇਂਦਰ ਨੂੰ ਇਨ•ਾਂ ਨੇਮਾਂ ਵਿਚ ਢਿੱਲ ਦੇਣੀ ਚਾਹੀਦੀ ਹੈ ਕਿਉਂਕਿ ਸ਼ਹੀਦਾਂ ਦੀ ਬਦੌਲਤ ਹੀ ਉਹ ਆਜ਼ਾਦੀ ਮਾਣ ਰਹੇ ਹਨ।

Friday, August 4, 2017

                               ਸਾਡੇ ਵਿਧਾਇਕ
                  ਪਲਕਾਂ ਤੇ ਬਿਠਾਏ 'ਲਾਡਲੇ'
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਏਦਾ ਦਾ ਕਈ ਵਿਧਾਇਕ ਹਨ ਜਿਨ•ਾਂ ਨੇ ਆਪਣੇ ਧੀਆਂ ਪੁੱਤਾਂ ਨੂੰ ਹੀ ਪੀ.ਏ ਰੱਖ ਲਿਆ ਹੈ। ਇਵੇਂ ਹੀ ਕਈ ਭਾਣਜੇ ਤੇ ਭਤੀਜੇ ਵੀ ਬਾਜੀ ਮਾਰ ਗਏ ਹਨ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਮਾਮਲੇ 'ਚ ਪਿਛੇ ਨਹੀਂ ਰਹੇ ਹਨ। ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਆਪਣੇ ਪੁੱਤਰ ਕਰਨ ਨਾਰੰਗ ਨੂੰ ਹੀ ਆਪਣਾ ਪੀ.ਏ ਰੱਖ ਲਿਆ ਹੈ। ਹੁਣ ਕਰਨ ਨਾਰੰਗ 'ਪੁੱਤਰ ਤੇ ਪੀ.ਏ' ਵਾਲੇ ਫਰਜ਼ ਨਿਭਾ ਰਿਹਾ ਹੈ। ਵਿਧਾਇਕ ਅਰੁਣ ਨਾਰੰਗ ਦਾ ਕਹਿਣਾ ਸੀ ਕਿ ਉਸ ਦਾ ਲੜਕਾ ਸ਼ੁਰੂ ਤੋਂ ਹੀ ਉਸ ਦਾ ਕੰਮ ਕਾਰ ਦੇਖਦਾ ਆ ਰਿਹਾ ਹੈ ਅਤੇ ਉਸ ਕੋਲ ਹੋਰ ਪ੍ਰਾਈਵੇਟ ਪੀ.ਏ ਵੀ ਹੈ। ਪੰਜਾਬ ਵਿਧਾਨ ਸਭਾ ਤੋਂ ਆਰ.ਟੀ.ਆਈ ਅਤੇ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਸ਼ਾਮ ਚੁਰਾਸੀ ਹਲਕੇ ਤੋਂ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਵੀ ਆਪਣੇ ਲੜਕੇ ਸੌਰਭ ਪਵਨ ਆਦੀਆ ਨੂੰ ਆਪਣਾ ਪੀ.ਏ ਰੱਖਿਆ ਹੈ। 30 ਵਰਿ•ਆਂ ਦਾ ਸੌਰਭ ਹੁਣ ਆਪਣੇ ਬਾਪ ਨਾਲ ਪੀ.ਏ ਦਾ ਫਰਜ਼ ਨਿਭਾਉਂਦਾ ਹੈ। ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਨੇ ਪੀ.ਏ ਦੀ 'ਸੇਵਾ' ਆਪਣੇ ਛੋਟੇ ਭਰਾ ਜਤਿੰਦਰ ਕੁਮਾਰ ਨੂੰ ਦਿੱਤੀ ਹੈ। ਵਿਧਾਇਕ ਦਾ ਕਹਿਣਾ ਸੀ ਕਿ ਜਤਿੰਦਰ ਕੁਮਾਰ ਸ਼ੁਰੂ ਤੋਂ ਹੀ ਪਾਰਟੀ ਵਿਚ ਕੰਮ ਕਰ ਰਿਹਾ ਹੈ ਜਿਸ ਕਰਕੇ ਪੀ.ਏ ਦਾ ਅਹੁਦਾ ਦਿੱਤਾ ਗਿਆ ਹੈ।
                     ਹਲਕਾ ਮਹਿਲ ਕਲਾਂ ਤੋਂ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਇਸ ਮਾਮਲੇ ਵਿਚ ਵੱਖਰੇ ਨਹੀਂ ਹਨ। ਵਿਧਾਇਕ ਪੰਡੋਰੀ ਨੇ ਆਪਣੇ ਸਕੇ ਭਾਣਜੇ ਕੁਲਵਿੰਦਰ ਸਿੰਘ ਨੂੰ ਆਪਣਾ ਪੀ.ਏ ਰੱਖ ਲਿਆ ਹੈ ਜੋ ਕਿ ਪਿੰਡ ਚੀਮਾ ਦਾ ਵਸਨੀਕ ਹੈ। ਵਿਧਾਇਕ ਪੰਡੋਰੀ ਦਾ ਤਰਕ ਹੈ ਕਿ ਉਸ ਦਾ ਭਾਣਜਾ ਪਾਰਟੀ ਦਾ ਪੁਰਾਣਾ ਵਰਕਰ ਵੀ ਹੈ ਅਤੇ ਸ਼ੁਰੂ ਤੋਂ ਹੀ ਉਸ ਦਾ ਦਫ਼ਤਰੀ ਕੰਮ ਦੇਖਦਾ ਹੈ। ਹਲਕਾ ਅਮਰਗੜ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਜੋ ਹੁਣ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕੀਤੇ ਜਾਣ ਤੋਂ ਚਰਚਾ ਵਿਚ ਹਨ, ਨੇ ਆਪਣੇ ਭਤੀਜੇ ਜਸਵਿੰਦਰ ਸਿੰਘ ਨੂੰ ਪੀ.ਏ ਵਜੋਂ ਆਪਣੇ ਨਾਲ ਤਾਇਨਾਤ ਕੀਤਾ ਹੈ। ਹਲਕਾ ਬੁਢਲਾਡਾ ਤੋਂ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੀ ਮਾਸੀ ਦੇ ਪੋਤਰੇ ਕੁਲਦੀਪ ਸਿੰਘ ਨੂੰ ਆਪਣਾ ਪੀ.ਏ ਰੱਖਿਆ ਹੈ। ਵਿਧਾਇਕ ਦਾ ਕਹਿਣਾ ਸੀ ਕਿ ਕੁਲਦੀਪ ਸਿੰਘ ਨੇ ਚੋਣਾਂ ਵਿਚ ਬਹੁਤ ਭੱਜ ਨੱਠ ਕੀਤੀ ਹੈ ਅਤੇ ਭਰੋਸਾ ਵਾਲਾ ਹੋਣ ਕਰਕੇ ਪੀ.ਏ ਰੱਖਿਆ ਹੈ। ਹਲਕਾ ਮੌੜ ਤੋਂ 'ਆਪ' ਦੇ ਵਿਧਾਇਕ ਜਗਦੇਵ ਕਮਾਲੂ ਨੇ ਵੀ ਆਪਣੇ ਰਿਸ਼ਤੇਦਾਰ ਰੇਸ਼ਮ ਸਿੰਘ ਰੋਮਾਣਾ (ਸੇਖਪੁਰਾ) ਨੂੰ ਆਪਣਾ ਪੀ.ਏ ਰੱਖਿਆ ਹੈ।
                          ਹਲਕਾ ਭਦੌੜ ਤੋਂ 'ਆਪ' ਦੇ ਵਿਧਾਇਕ ਪਿਰਮਲ ਸਿੰਘ ਨੇ ਤਾਂ ਪੁਰਾਣੇ ਅਕਾਲੀ ਵਿਧਾਇਕ ਬਲਵੀਰ ਸਿੰਘ ਘੁੰਨਸ ਦੇ ਪੀ.ਏ ਸੁਰਜੀਤ ਸਿੰਘ ਨੂੰ ਹੀ ਆਪਣਾ ਪੀ.ਏ ਰੱਖ ਲਿਆ ਹੈ। ਪਿਰਮਲ ਸਿੰਘ ਦਾ ਕਹਿਣ ਸੀ ਕਿ ਉਸ ਨੂੰ ਸੁਰਜੀਤ ਸਿੰਘ ਦੀ ਇਸ ਗੱਲ ਦਾ ਪਤਾ ਨਹੀਂ ਸੀ। ਵਿਧਾਨ ਸਭਾ ਤਰਫ਼ੋਂ ਵਿਧਾਇਕਾਂ ਦੇ ਪੀ.ਏ ਨੂੰ ਹੁਣ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਜੋ ਕਿ ਪਹਿਲਾਂ ਪੰਜ ਹਜ਼ਾਰ ਰੁਪਏ ਹੁੰਦੀ ਸੀ। ਇਸ ਤੋਂ ਇਲਾਵਾ ਭੋਆ ਹਲਕੇ ਦੇ ਵਿਧਾਇਕ ਅਮਿਤ ਵਿੱਜ ਨੇ ਪੰਜਾਬ ਦੀ ਥਾਂ ਹਰਿਆਣਾ ਦੇ ਰਮਨ ਸ਼ਰਮਾ ਨੂੰ ਅਤੇ ਜੰਡਿਆਲਾ ਤੋਂ ਵਿਧਾਇਕ ਸੁਖਵਿੰਦਰ ਡੈਨੀ ਨੇ ਮਾਝੇ ਦੀ ਥਾਂ ਮਾਲਵੇ ਦੇ ਮਾਨਸਾ ਜ਼ਿਲ•ੇ ਦੇ ਪਿੰਡ ਬਹਿਣੀਵਾਲ ਦੇ ਰਛਪਾਲ ਸਿੰਘ ਨੂੰ ਆਪਣਾ ਪੀ.ਏ ਰੱਖਿਆ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੋਹਾਲੀ ਦੇ ਰਾਜੇਸ਼ ਸ਼ਰਮਾ ਨੂੰ ਅਤੇ ਵਿਧਾਇਕ ਬਿਕਰਮ ਮਜੀਠੀਆ ਨੇ ਪਟਿਆਲਾ ਦੇ ਸ਼ਲਿੰਦਰ ਸਿੰਘ ਪੀ.ਏ ਰੱਖਿਆ ਹੈ ਜੋ ਉਨ•ਾਂ ਦੇ ਹਲਕੇ ਤੋਂ ਬਾਹਰਲੇ ਹਨ।
                         ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸਰਾ ਦਾ ਕਹਿਣਾ ਸੀ ਕਿ ਪੀ.ਏ ਦੀ ਚੋਣ ਪੂਰੀ ਤਰ•ਾਂ ਵਿਧਾਇਕਾ 'ਤੇ ਹੀ ਨਿਰਭਰ ਹੁੰਦੀ ਹੈ ਜੋ ਕਿਸੇ ਨੂੰ ਵੀ ਰੱਖ ਸਕਦੇ ਹਨ। ਦੱਸਣਯੋਗ ਹੈ ਕਿ ਪਿਛਲੀ ਗਠਜੋੜ ਸਰਕਾਰ ਸਮੇਂ ਦੋ ਮਹਿਲਾ ਵਿਧਾਇਕਾਂ ਨੇ ਆਪਣੇ ਪਤੀ ਪੀ.ਏ ਬਣਾਏ ਹੋਏ ਸਨ ਜਦੋਂ ਕਿ ਉਸ ਤੋਂ ਪਹਿਲੀ ਅਕਾਲੀ ਵਜ਼ਾਰਤ ਵੀ ਏਦਾ  ਹੀ ਚੱਲਦਾ ਰਿਹਾ ਹੈ। ਸੀ.ਪੀ.ਆਈ ਦੇ ਸਕੱਤਰ ਅਤੇ ਬੈਸਟ ਵਿਧਾਨਕਾਰ ਰਹਿ ਚੁੱਕੇ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਪੀ.ਏ ਕੰਪਿਊਟਰ ਆਦਿ ਦਾ ਮਾਹਰ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਵੀ ਸੂਰਤ ਵਿਚ ਡੰਮੀ ਨਹੀਂ ਹੋਣਾ ਚਾਹੀਦਾ। ਪੀ.ਏ ਸਿਰਫ਼ ਕਾਗ਼ਜ਼ਾਂ ਵਿਚ ਪੈਸੇ ਹਜ਼ਮ ਕਰਨ ਦਾ ਸਾਧਨ ਨਹੀਂ ਬਣਨਾ ਚਾਹੀਦਾ ਕਿਉਂਕਿ ਇਸ  ਦਾ ਅਸਰ ਵਿਧਾਇਕ ਦੀ ਕਾਰਗੁਜ਼ਾਰੀ ਤੇ ਪੈਂਦਾ ਹੈ। ਉਨ•ਾਂ ਦੱਸਿਆ ਕਿ ਪੀ.ਏ ਲਈ ਦਫ਼ਤਰ ਵੀ ਲਾਜ਼ਮੀ ਹੋਣਾ ਚਾਹੀਦਾ ਹੈ।