Saturday, October 29, 2016

                                      ਵਿਸ਼ਵ ਕਬੱਡੀ ਕੱਪ
                    ਐਤਕੀਂ ਪਰਨੀਤੀ ਲਾਏਗੀ ਠੁਮਕੇ
                                       ਚਰਨਜੀਤ ਭੁੱਲਰ
ਬਠਿੰਡਾ  : ਐਤਕੀਂ ਵਿਸ਼ਵ ਕਬੱਡੀ ਕੱਪ 'ਤੇ ਬਾਲੀਵੁੱਡ ਅਦਾਕਾਰਾ ਪਰੀਨੀਤੀ ਚੋਪੜਾ ਦੇ ਜਲਵੇ ਦਿਖਣਗੇ ਅਤੇ ਇਹ ਜਲਵਾ ਖਜ਼ਾਨੇ ਨੂੰ ਲੱਖਾਂ ਵਿਚ ਪਵੇਗਾ। ਚੋਣਾਂ ਕਰਕੇ ਐਤਕੀਂ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਵਿਚ ਰੰਗੀਨੀ ਦਿਖਣ ਨੂੰ ਮਿਲੇਗੀ। ਇਨ•ਾਂ ਸਮਾਰੋਹਾਂ ਤੇ ਸਰਕਾਰ ਸਵਾ ਚਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਮੁੰਬਈ ਦੀ ਫੈਰਿਸਵੀਲ ਕੰਪਨੀ ਇਨ•ਾਂ ਸਮਾਰੋਹਾਂ ਦੇ ਇੰਤਜ਼ਾਮ ਕਰੇਗੀ। ਖੇਡ ਵਿਭਾਗ ਪੰਜਾਬ ਨੇ ਇਸ ਕੰਪਨੀ ਨੂੰ ਕੰਮ ਅਲਾਟ ਕਰ ਦਿੱਤਾ ਹੈ ਅਤੇ 3 ਨਵੰਬਰ ਨੂੰ ਛੇਵੇਂ ਵਿਸ਼ਵ ਕਬੱਡੀ ਕੱਪ ਦਾ ਰੋਪੜ ਵਿਚ ਉਦਘਾਟਨ ਹੋਵੇਗਾ। ਬਾਲੀਵੁੱਡ ਸਟਾਰ ਪ੍ਰਿਅੰਕਾ ਚੋਪੜਾ ਨੇ ਚੌਥੇ ਵਿਸ਼ਵ ਕਬੱਡੀ ਕੱਪ ਮੌਕੇ ਬਠਿੰਡਾ ਵਿਚ 12 ਮਿੰਟ ਦੀ ਪੇਸ਼ਕਾਰੀ ਕੀਤੀ ਸੀ ਅਤੇ ਐਤਕੀਂ ਪ੍ਰਿਅੰਕਾ ਚੋਪੜਾ ਦੀ ਭੈਣ ਪ੍ਰਨੀਤੀ ਚੋਪੜਾ ਆਪਣੇ ਰੰਗ ਦਿਖਾਏਗੀ। ਵੇਰਵਿਆਂ ਅਨੁਸਾਰ ਉਦਘਾਟਨੀ ਸਮਾਰੋਹਾਂ ਵਿਚ ਨਵੀਂ ਤਕਨਾਲੋਜੀ ਦੇ ਰੰਗ ਵੀ ਦਿਖਣਗੇ। ਕਰੀਬ 30 ਹਜ਼ਾਰ ਦਰਸ਼ਕਾਂ ਨੂੰ ਰਿਸਟ ਬੈਂਡ ਦਿੱਤੇ ਜਾਣਗੇ। ਕੰਟਰੋਲ ਰੂਮ ਚੋਂ ਸਵਿੱਚ ਆਨ ਹੋਣ ਤੇ ਪੂਰੀ ਦਰਸ਼ਕ ਗੈਲਰੀ ਲਾਈਟਿੰਗ ਨਾਲ ਭਰ ਜਾਵੇਗੀ ਅਤੇ ਰਿਸਟ ਬੈਂਡ ਚਮਕ ਛੱਡਣਗੇ।
                  ਇਵੇਂ ਹੀ ਉਦਘਾਟਨੀ ਸਮਾਰੋਹਾਂ ਵਿਚ ਡਰੋਨ (ਉੱਡਣ ਵਾਲੇ ਮਿੰਨੀ ਜਹਾਜ਼) ਵੀ ਸਟੇਡੀਅਮ ਵਿਚ ਆਪਣਾ ਜਲਵਾ ਦਿਖਾਉਣਗੇ। ਇਨ•ਾਂ ਸਮਾਰੋਹਾਂ ਦੀ ਐਂਕਰਿੰਗ ਅਰਜਨ ਬਾਜਵਾ ਕਰਨਗੇ। ਉਦਘਾਟਨੀ ਸਮਾਰੋਹਾਂ ਵਿਚ ਗਾਇਕ ਗਿੱਪੀ ਗਰੇਵਾਲ,ਜਸਪਿੰਦਰ ਨਰੂਲਾ,ਨੂਰਾ ਸਿਸਟਰਜ਼ ਤੋਂ ਇਲਾਵਾ ਕਾਮੇਡੀ ਕਲਾਕਾਰ ਭਾਰਤੀ ਪੁੱਜ ਰਹੀ ਹੈ। ਸਮਾਪਤੀ ਸਮਾਰੋਹ ਉਪ ਮੁੱਖ ਮੰਤਰੀ ਦੇ ਹਲਕਾ ਜਲਾਲਾਬਾਦ ਵਿਚ ਹੋਣਗੇ। ਸਮਾਪਤੀ ਸਮਾਰੋਹਾਂ ਮੌਕੇ ਗਾਇਕ ਸੈਰੀ ਮਾਨ ਅਤੇ ਗਾਇਕਾ ਮਿਸ ਪੂਜਾ ਤੋਂ ਇਲਾਵਾ ਹਰਸ਼ਦੀਪ ਕੌਰ ਦੀ ਪੇਸ਼ਕਾਰੀ ਹੋਵੇਗੀ ਅਤੇ ਸਤਿੰਦਰ ਸੱਤੀ ਐਂਕਰਿੰਗ ਕਰੇਗੀ। ਫੈਰਿਸਵੀਲ ਕੰਪਨੀ ਦੀ ਐਮ.ਡੀ ਸ਼ੁਭਰਾ ਭਾਰਦਵਾਜ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਉਦਘਾਟਨੀ ਸਮਾਰੋਹਾਂ ਵਿਚ ਪ੍ਰਨੀਤੀ ਚੋਪੜਾ ਇੱਕ ਘੰਟੇ ਦੀ ਪੇਸ਼ਕਾਰੀ ਕਰੇਗੀ ਅਤੇ ਇਨ•ਾਂ ਸਮਾਰੋਹਾਂ ਵਿਚ ਨਵੀਂ ਤਕਨਾਲੋਜੀ ਦਾ ਕਮਾਲ ਵੀ ਵੇਖਣ ਨੂੰ ਮਿਲੇਗਾ ਜੋ ਭਾਰਤ ਵਿਚ ਪਹਿਲੀ ਦਫ਼ਾ ਹੋਵੇਗਾ। ਉਨ•ਾਂ ਦੱਸਿਆ ਕਿ ਐਤਕੀਂ ਸਮਾਰੋਹਾਂ ਵਿਚ ਕਾਫ਼ੀ ਕੁਝ ਨਵਾਂ ਵੇਖਣ ਨੂੰ ਮਿਲੇਗਾ।
                  ਦੱਸਣਯੋਗ ਹੈ ਕਿ ਕਈ ਵਰਿ•ਆਂ ਤੋਂ ਵਿਸ਼ਵ ਕਬੱਡੀ ਕੱਪ ਦੇ ਸਮਾਰੋਹਾਂ ਦਾ ਪ੍ਰਬੰਧ ਫੈਰਿਸਵੀਲ ਕੰਪਨੀ ਹੀ ਕਰ ਰਹੀ ਹੈ। ਪਿਛਲੇ ਵਰੇ• ਸਾਲ 2015 ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਕਰਕੇ ਕਬੱਡੀ ਕੱਪ ਮੁਲਤਵੀ ਕਰ ਦਿੱਤਾ ਗਿਆ ਸੀ। ਪਿਛਲੇ ਵਿਸ਼ਵ ਕਬੱਡੀ ਕੱਪਾਂ ਵਿਚ ਬਾਲੀਵੁੱਡ ਸਟਾਰ ਸਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਵੀ ਸ਼ਮੂਲੀਅਤ ਕਰ ਚੁੱਕੇ ਹਨ। ਐਤਕੀਂ ਚੋਣਾਂ ਨੇੜੇ ਹਨ ਜਿਸ ਕਰਕੇ ਸਰਕਾਰ ਨੌਜਵਾਨਾਂ ਨੂੰ ਖੁਸ਼ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਸਟੇਡੀਅਮਾਂ ਵਿਚ ਵੱਧ ਤੋਂ ਵੱਧ ਭੀੜ ਜੁਟਾਉਣ ਲਈ ਪਿੰਡਾਂ ਚੋਂ ਲੋਕਾਂ ਨੂੰ ਬੱਸਾਂ ਤੇ ਲਿਆਉਣ ਦੀ ਯੋਜਨਾ ਬਣੀ ਹੈ। ਇਹ ਕਬੱਡੀ ਕੱਪ ਪੰਜਾਬ ਦੇ 14 ਸ਼ਹਿਰਾਂ ਵਿਚ ਹੋਵੇਗਾ ਅਤੇ 17 ਨਵੰਬਰ ਨੂੰ ਸਮਾਪਤੀ ਹੋਵੇਗੀ। ਖਿਡਾਰੀਆਂ ਲਈ ਇਨਾਮੀ ਰਾਸ਼ੀ 7 ਕਰੋੜ ਰੁਪਏ ਰੱਖੀ ਗਈ ਹੈ। ਇਸ ਕਬੱਡੀ ਕੱਪ ਦਾ ਬਜਟ ਕਰੀਬ 19 ਕਰੋੜ ਰੁਪਏ ਹੋਵੇਗਾ। ਵਿਸ਼ੇਸ਼ ਗੱਲ ਇਹ ਹੋਵੇਗੀ ਕਿ ਐਤਕੀਂ ਪਾਕਿਸਤਾਨੀ ਟੀਮ ਕਬੱਡੀ ਕੱਪ ਵਿਚ ਨਹੀਂ ਦਿਖੇਗੀ ਜਦੋਂ ਕਿ ਸ੍ਰੀ ਲੰਕਾ ਦੀ ਕਬੱਡੀ ਟੀਮ ਪਹਿਲੀ ਦਫਾ ਕਬੱਡੀ ਕੱਪ ਵਿਚ ਸ਼ਮੂਲੀਅਤ ਕਰੇਗੀ।

Tuesday, October 25, 2016

                           ਵਜ਼ਾਰਤ ਚੋਂ ਝੰਡੀ
       ਹਰਸਿਮਰਤ ਕੋਲ ਛੇ ਕਰੋੜ ਦੇ ਗਹਿਣੇ !
                            ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਕਰੀਬ ਛੇ ਕਰੋੜ ਦੇ ਗਹਿਣੇ ਹਨ ਜਿਸ ਨੇ ਪੂਰੀ ਕੇਂਦਰੀ ਵਜ਼ਾਰਤ ਨੂੰ ਇਸ ਮਾਮਲੇ ਵਿਚ ਪਛਾੜ ਦਿੱਤਾ ਹੈ। ਕੇਂਦਰੀ ਮੰਤਰੀ ਬੀਬਾ ਬਾਦਲ ਨੇ ਲੰਘੇ ਮਾਲੀ ਵਰੇ• 2015-16 ਦੌਰਾਨ ਇੱਕੋ ਸਾਲ ਵਿਚ ਕਰੀਬ 62 ਲੱਖ ਰੁਪਏ ਦੇ ਗਹਿਣੇ ਖ਼ਰੀਦੇ ਹਨ ਜਾਂ ਫਿਰ ਇਸ ਜਵੈਲਰੀ ਦੀ ਕੀਮਤ ਵਧੀ ਹੈ। ਕੇਂਦਰੀ ਵਜ਼ਾਰਤ ਵਿਚ ਨੌ ਮਹਿਲਾਵਾਂ ਮੰਤਰੀ ਵਜੋਂ ਸ਼ਾਮਲ ਹਨ ਜਿਨ•ਾਂ ਚੋਂ ਕੋਈ ਵੀ ਮਹਿਲਾ ਮੰਤਰੀ ਗਹਿਣਿਆਂ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਬੀਬਾ ਬਾਦਲ ਦੇ ਨੇੜੇ ਤੇੜੇ ਵੀ ਨਹੀਂ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ 'ਜਵੈਲਰੀ' ਵਿਚ ਲੰਘੇ ਇੱਕ ਵਰ•ੇ ਵਿਚ ਵਾਧਾ ਹੋਇਆ ਹੈ ਜਦੋਂ ਕਿ ਬਾਕੀ ਕਿਸੇ ਮਹਿਲਾ ਮੰਤਰੀ ਦੇ 'ਗਹਿਣੇ' ਲੰਘੇ ਵਰਿ•ਆਂ ਵਿਚ ਵਧੇ ਨਹੀਂ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਧਾਨ ਮੰਤਰੀ ਦਫ਼ਤਰ ਵਿਚ ਜੋ ਸਾਲ 2015-16 ਦੀ ਤਾਜ਼ਾ ਰਿਟਰਨ ਦਾਖਲ ਕੀਤੀ ਗਈ ਹੈ, ਉਸ ਅਨੁਸਾਰ ਹੁਣ ਕੇਂਦਰੀ ਮੰਤਰੀ ਬੀਬਾ ਬਾਦਲ ਕੋਲ 6.02 ਕਰੋੜ ਦੇ ਗਹਿਣੇ ਹਨ ਜਦੋਂ ਕਿ ਸਾਲ 2014-15 ਦੌਰਾਨ ਕੇਂਦਰੀ ਮੰਤਰੀ ਕੋਲ 5.40 ਕਰੋੜ ਰੁਪਏ ਦੀ 'ਜਵੈਲਰੀ' ਸੀ। ਰਿਟਰਨ ਅਨੁਸਾਰ ਕੁਝ ਜਵੈਲਰੀ ਤਾਂ ਬੀਬਾ ਬਾਦਲ ਨੂੰ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਵਿਰਾਸਤ ਵਿਚ ਪ੍ਰਾਪਤ ਹੋਈ ਹੈ।
                        ਬੀਬਾ ਬਾਦਲ ਨੇ ਜਦੋਂ ਪਹਿਲੀ ਦਫਾ ਸਾਲ 2009 ਵਿਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ•ਾਂ ਕੋਲ ਤੋਹਫੇ ਵਿਚ ਮਿਲੇ ਅਤੇ ਖਰੀਦ ਕੀਤੇ 1.94 ਕਰੋੜ ਦੇ ਗਹਿਣੇ ਸਨ ਜਿਨ•ਾਂ ਦਾ ਵਜ਼ਨ 14.93 ਕਿਲੋ ਸੀ। ਤਾਜਾ ਰਿਟਰਨ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਇਸ ਰਿਟਰਨ ਮੁਤਾਬਿਕ 9 ਲੱਖ ਰੁਪਏ ਦੇ 'ਗਹਿਣੇ' ਹਨ। ਸੂਤਰ ਆਖਦੇ ਹਨ ਕਿ ਬੀਬਾ ਬਾਦਲ ਦੀ ਜਵੈਲਰੀ ਦੀ ਕੀਮਤ ਮਾਰਕੀਟ ਦੇ ਹਿਸਾਬ ਨਾਲ ਪਿਛਲੇ ਇੱਕ ਵਰ•ੇਂ ਦੌਰਾਨ ਵਧੀ ਹੈ ਤਾਜ਼ਾ ਵੇਰਵਿਆਂ ਅਨੁਸਾਰ ਕੇਂਦਰੀ ਮੰਤਰੀ ਮੇਨਕਾ ਗਾਂਧੀ ਕੋਲ 1.24 ਕਰੋੜ ਰੁਪਏ ਦੇ ਗਹਿਣੇ ਹਨ ਜਿਨ•ਾਂ ਵਿਚ 3.41 ਕਿਲੋ ਸੋਨਾ,85 ਕਿਲੋ ਸਿਲਵਰ ਅਤੇ ਛੇ ਗਰਾਮ ਦੇ ਕੀਮਤੀ ਸਟੋਨ ਵਗੈਰਾ ਹਨ। ਉਨ•ਾਂ ਕੋਲ ਕੁੱਲ ਸੰਪਤੀ 45.10 ਕਰੋੜ ਦੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਮਾਮਲੇ ਵਿਚ ਪਿਛੇ ਹਨ ਅਤੇ ਉਨ•ਾਂ ਕੋਲ ਸਿਰਫ਼ 30.48 ਲੱਖ ਦੇ ਗਹਿਣੇ ਹਨ ਜਦੋਂ ਕਿ ਉਨ•ਾਂ ਦੇ ਪਤੀ ਕੋਲ ਕੋਈ ਗਹਿਣਾ ਨਹੀਂ ਹੈ। ਉਂਜ, ਸੁਸਮਾ ਸਵਰਾਜ ਦੀ ਕੁੱਲ ਸੰਪਤੀ 26.18 ਕਰੋੜ ਦੀ ਹੈ। ਕੇਂਦਰੀ ਮੰਤਰੀ ਸਿਮਰਤੀ ਇਰਾਨੀ ਕੋਲ ਸਿਰਫ਼ 12.36 ਲੱਖ ਦੀ ਜਵੈਲਰੀ ਹੈ ਜਿਸ ਵਿਚ ਡਾਇਮੰਡ, ਸੋਨਾ ਅਤੇ ਕੀਮਤੀ ਸਟੋਨ ਸ਼ਾਮਿਲ ਹਨ ਜਦੋਂ ਕਿ ਉਨ•ਾਂ ਦੇ ਪਤੀ ਕੋਲ 23,171 ਦੇ ਗਹਿਣੇ ਹਨ।
                     ਇਵੇਂ ਕੇਂਦਰੀ ਮੰਤਰੀ ਉਮਾ ਭਾਰਤੀ ਕੋਲ 35 ਲੱਖ ਦੀ ਜਵੈਲਰੀ ਹੈ ਜਿਸ ਵਿਚ ਸੋਨੇ ਚਾਂਦੀ ਦੇ ਗਹਿਣੇ ਅਤੇ ਭਗਵਾਨ ਦੇ ਗਹਿਣੇ ਸ਼ਾਮਿਲ ਹਨ ਜਦੋਂ ਕਿ ਉਸ ਕੋਲ ਕੁੱਲ 1.72 ਕਰੋੜ ਦੀ ਸੰਪਤੀ ਹੈ। ਇਸੇ ਤਰ•ਾਂ ਮਹਿਲਾ ਕੇਂਦਰੀ ਮੰਤਰੀ ਨਿਰਮਲਾ ਸੀਥਾਰਮਨ ਕੋਲ ਵੀ 7.87 ਲੱਖ ਦੀ ਜਵੈਲਰੀ ਹੈ ਜਦੋਂ ਕਿ ਉਨ•ਾਂ ਦੇ ਪਤੀ ਕੋਲ 75 ਹਜ਼ਾਰ ਦੇ ਗਹਿਣੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਦੋਂ ਹਲਕੇ ਵਿਚ ਵਿਚਰਦੇ ਹਨ ਤਾਂ ਉਦੋਂ ਇਨ•ਾਂ ਗਹਿਣਿਆਂ ਦੀ ਚਮਕ ਬਹੁਤੀ ਨਜ਼ਰ ਨਹੀਂ ਪੈਂਦੀ ਹੈ ਪ੍ਰੰਤੂ ਉਨ•ਾਂ ਕੋਲ ਹਰ ਤਰ•ਾਂ ਦੇ ਗਹਿਣੇ ਮੌਜੂਦ ਹਨ। ਤਿੰਨ ਹੋਰ ਮਹਿਲਾ ਕੇਂਦਰੀ ਮੰਤਰੀ ਹਨ ਜੋ ਗਹਿਣਿਆਂ ਦੇ ਮਾਮਲੇ ਵਿਚ ਬੀਬਾ ਬਾਦਲ ਤੋਂ ਕਾਫ਼ੀ ਪਿਛੇ ਹਨ।
                                  ਏਨਾ ਤਾਂ ਗਰੀਬ ਦੇ ਘਰ ਆਟਾ ਨਹੀਂ ਹੁੰਦਾ : ਭਗਵੰਤ ਮਾਨ
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਪ੍ਰਤੀਕਰਮ ਹੈ ਕਿ ਗਰੀਬ ਦੇ ਘਰ ਵਿਚ ਏਨਾ ਆਟਾ ਨਹੀਂ ਹੁੰਦਾ ਜਿਨ•ੇ ਗਹਿਣੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਕੋਲ ਹਨ। ਉਨ•ਾਂ ਆਖਿਆ ਜੋ ਨੇਤਾ ਆਪਣੀ ਪਬਲਿਕ ਚੋਂ ਸਾਹ ਲੈਂਦੇ ਹਨ, ਉਨ•ਾਂ ਦੇ ਘਰਾਂ ਦੀ ਦੌਲਤ ਅਸਮਾਨੀ ਨਹੀਂ ਚੜ•ਦੀ। ਉਨ•ਾਂ ਆਖਿਆ ਕਿ ਅਗਾਮੀ ਚੋਣਾਂ ਵਿਚ ਪੰਜਾਬ ਦੇ ਆਮ ਲੋਕ ਹਰ ਮਾਮਲੇ ਦਾ ਲੇਖਾ ਜੋਖਾ ਕਰਨਗੇ। 

Monday, October 24, 2016

                                 ਸ਼੍ਰੋਮਣੀ ਕਮੇਟੀ ਨੇ
             ਅਸਥੀਆਂ 'ਕਬਾੜ' ਵਿਚ ਵੇਚੀਆਂ !
                                  ਚਰਨਜੀਤ ਭੁੱਲਰ
ਬਠਿੰਡਾ :  ਪੰਜਾਬੀ ਸੂਬਾ ਮੋਰਚਾ ਦੇ ਅਸਲ ਨਾਇਕ ਅੱਜ ਠੱਗੇ ਮਹਿਸੂਸ ਕਰ ਰਹੇ ਹਨ। ਸ਼ਹੀਦਾਂ ਦੇ ਪਰਿਵਾਰ ਆਖਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਉਨ•ਾਂ ਦੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਲਾਕਰ ਵੀ ਕਬਾੜ ਵਿਚ ਵੇਚ ਦਿੱਤੇ ਹਨ। ਪੰਜਾਬੀ ਸੂਬਾ ਸਮਾਰੋਹਾਂ ਦੇ 50 ਸਾਲਾਂ ਜਸ਼ਨਾਂ ਵਿਚੋਂ ਵੀ ਉਹ ਨਾਇਕ 'ਆਊਟ' ਹਨ ਜਿਨ•ਾਂ ਨੇ ਸੰਘਰਸ਼ਾਂ ਵਿਚ ਬੁਰੇ ਦਿਨ ਵੀ ਵੇਖੇ। ਪੰਜਾਬੀ ਸੂਬਾ ਮੋਰਚੇ ਦੌਰਾਨ ਬਠਿੰਡਾ ਜ਼ੇਲ• ਵਿਚ ਪੁਲੀਸ ਦੀ ਗੋਲੀ ਚੱਲੀ ਤਾਂ ਅੰਮ੍ਰਿਤਸਰ ਜ਼ਿਲ•ੇ ਦੇ ਚੈਂਚਲ ਸਿੰਘ,ਨਾਜ਼ਰ ਸਿੰਘ,ਜਸਵੰਤ ਸਿੰਘ ਤੇ ਰਣਜੀਤ ਸਿੰਘ ਸ਼ਹੀਦ ਹੋ ਗਏ। ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਨ•ਾਂ ਚਾਰੋਂ ਸ਼ਹੀਦਾਂ ਦੀ ਬਠਿੰਡਾ ਵਿਚ ਯਾਦਗਾਰ ਬਣਾਉਣ ਦਾ ਮਤਾ ਪਾਸ ਕੀਤਾ। ਅੱਜ ਤੱਕ ਇਹ ਯਾਦਗਾਰ ਉਸਰ ਨਹੀਂ ਸਕੀ ਹੈ। ਪਰਿਵਾਰ ਆਖਦੇ ਹਨ ਕਿ ਸ਼੍ਰੋਮਣੀ ਕਮੇਟੀ ਬਜਟ ਨਾ ਹੋਣ ਦੀ ਗੱਲ ਆਖ ਰਹੀ ਹੈ। ਪਰਿਵਾਰਾਂ ਨੇ ਦੱਸਿਆ ਕਿ ਉਨ•ਾਂ ਨੇ ਸ਼ਹੀਦਾਂ ਦੀਆਂ ਅਸਥੀਆਂ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ਵਿਚਲੇ ਲਾਕਰਾਂ ਵਿਚ ਲੰਮਾ ਅਰਸਾ ਪਹਿਲਾਂ ਰੱਖੀਆਂ ਸਨ ਪ੍ਰੰਤੂ ਹੁਣ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹ ਲਾਕਰ ਹੀ ਕਬਾੜ ਵਿਚ ਵੇਚ ਦਿੱਤੇ ਹਨ। ਸ਼ਹੀਦ ਚੈਂਚਲ ਸਿੰਘ ਦੇ ਲੜਕੇ ਅਜੈਬ ਸਿੰਘ ਦਾ ਪ੍ਰਤੀਕਰਮ ਸੀ ਕਿ ਕਿਸੇ ਨੇਤਾ ਨੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਿਸ ਕਰਕੇ ਅੱਜ ਪਛਤਾਵਾਂ ਹੈ ਕਿ ਉਨ•ਾਂ ਦੇ ਮਾਪੇ ਪੰਜਾਬੀ ਸੂਬੇ ਦੀ ਲੜਾਈ ਕਿਉਂ ਲੜੇ।
                   ਸ਼੍ਰੋਮਣੀ ਕਮੇਟੀ ਨੇ ਸ਼ਹੀਦਾਂ ਦੀਆਂ ਅਸਥੀਆਂ ਵਾਲੇ ਲਾਕਰ ਤੱਕ ਵੇਚ ਦਿੱਤੇ ਹਨ। ਉਨ•ਾਂ ਆਖਿਆ ਕਿ ਸਰਕਾਰ ਵਲੋਂ ਮਨਾਏ ਜਾ ਰਹੇ ਪੰਜਾਹ ਸਾਲਾਂ ਜ਼ਸਨ ਫੋਕੇ ਹਨ ਜਿਨ•ਾਂ ਵਾਸਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਸੱਦਾ ਪੱਤਰ ਹੀ ਨਹੀਂ ਦਿੱਤਾ ਗਿਆ ਹੈ। ਜਦੋਂ ਪੰਜਾਬੀ ਸੂਬਾ ਮੋਰਚੇ ਵਿਚ ਰਣਜੀਤ ਸਿੰਘ ਸ਼ਹੀਦ ਹੋਇਆ ਤਾਂ ਉਦੋਂ ਉਸ ਦੀ ਲੜਕੀ ਜਸਵੀਰ ਕੌਰ ਸਿਰਫ ਛੇ ਮਹੀਨਿਆਂ ਦੀ ਸੀ। ਜਸਵੀਰ ਕੌਰ ਦੱਸਦੀ ਹੈ ਕਿ ਉਸ ਨੇ ਤਾਂ ਸਿਰਫ ਬਾਪ ਦੀ ਤਸਵੀਰ ਹੀ ਵੇਖੀ ਹੈ। ਉਸ ਦਾ ਕਹਿਣਾ ਸੀ ਕਿ ਸਰਕਾਰ ਨੇ ਕਦੇ ਬਾਤ ਨਹੀਂ ਪੁੱਛੀ। ਘਰੇਲੂ ਹਾਲਾਤ ਮਾੜੇ ਹਨ ਅਤੇ ਉਸ ਨੂੰ ਤਾਂ ਸਰਕਾਰ ਨੇ ਪੈਨਸ਼ਨ ਵੀ ਨਹੀਂ ਲਾਈ। ਉਸ ਨੇ ਭਰੇ ਮਨ ਨਾਲ ਆਖਿਆ ਕਿ ਬਹੁਤ ਮਹਿਸੂਸ ਹੁੰਦਾ ਹੈ ਜਿਨ•ਾਂ ਲਈ ਮਾਪੇ ਜਾਨਾਂ ਵਾਰ ਗਏ, ਉਨ•ਾਂ ਨੂੰ ਸ਼ਹੀਦਾਂ ਦੇ ਵਾਰਸਾਂ ਦਾ ਚੇਤਾ ਵੀ ਨਹੀਂ। ਇਵੇਂ ਇਸੇ ਮੋਰਚੇ ਵਿਚ ਸ਼ਹੀਦ ਹੋਏ ਨਾਜ਼ਰ ਸਿੰਘ ਦੇ ਲੜਕੇ ਕੜਾਕਾ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਸ੍ਰੋਮਣੀ ਕਮੇਟੀ ਵਾਲੇ ਸਾਲ ਵਿਚ ਇੱਕ ਵਾਰ ਬਠਿੰਡਾ ਵਿਖੇ ਬੁਲਾਉਂਦੇ ਹਨ ਪ੍ਰੰਤੂ ਹੁਣ ਕੋਈ ਸਰਕਾਰੀ ਸੱਦਾ ਪੱਤਰ ਨਹੀਂ ਆਇਆ। ਇਹ ਪਰਿਵਾਰ ਹੁਣ ਸ਼ਹੀਦਾਂ ਦੀ ਇੱਕ ਯਾਦਗਾਰ ਵੇਖਣ ਨੂੰ ਤਰਸੇ ਪਏ ਹਨ।  ਵੇਰਵਿਆਂ ਅਨੁਸਾਰ ਪੰਜਾਬੀ ਸੂਬਾ ਮੋਰਚਾ ਵਿਚ 43 ਸ਼ਹੀਦ ਹੋਏ ਸਨ ਜਿਨ•ਾਂ ਚੋਂ 12 ਪਰਿਵਾਰਾਂ ਦੀ ਅੱਜ ਤੱਕ ਸਨਾਖਤ ਹੋ ਸਕੀ ਹੈ।
                      ਕਰੀਬ 69 ਹਜ਼ਾਰ ਵਿਅਕਤੀ ਉਦੋਂ ਮੋਰਚੇ ਵਿਚ ਕੁੱਦੇ ਸਨ। ਪੰਜਾਬੀ ਸੂਬੇ ਦੇ ਨਿਰਮਾਤਾ ਸੰਤ ਫਤਹਿ ਸਿੰਘ ਦੇ ਪਿੰਡ ਬਦਿਆਲਾ ਵਿਚ ਸੰਤਾਂ ਦੀ ਕੋਈ ਯਾਦਗਾਰ ਅੱਜ ਤੱਕ ਨਹੀਂ ਬਣੀ  ਹੈ। ਇੱਕ ਪੇਂਡੂ ਹਸਪਤਾਲ ਸੰਤਾਂ ਦੀ ਯਾਦ ਵਿਚ ਜੋ ਬਣਾਇਆ ਸੀ, ਉਸ ਦਾ ਹਾਲ ਬੁਰਾ ਹੈ। ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕੁਝ ਦਿਨ ਪਹਿਲਾਂ ਸੰਤ ਫਤਹਿ ਸਿੰਘ ਯਾਦ ਵਿਚ ਇੱਕ ਗੇਟ ਬਣਾਏ ਜਾਣ ਦਾ ਨੀਂਹ ਪੱਥਰ ਰੱਖਿਆ ਹੈ। ਅਕਾਲੀ ਸਰਕਾਰ ਹੁਣ ਪੰਜਾਬੀ ਸੂਬੇ ਦੇ ਪੰਜਾਹ ਸਾਲਾਂ ਸਮਾਗਮ ਕਰ ਰਹੀ ਹੈ ਪ੍ਰੰਤੂ ਇਸ ਸਰਕਾਰ ਨੇ ਇਸ ਤੋਂ ਪਹਿਲਾਂ ਅਸਲ ਨਾਇਕਾਂ ਨੂੰ ਵਿਸਾਰੀ ਰੱਖਿਆ। ਪੰਜਾਬੀ ਸੂਬਾ ਮੋਰਚੇ ਵਿਚ ਮੋਹਰੀ ਰਹੇ ਪਿੰਡ ਮੰਡੀ ਕਲਾਂ ਦੇ 94 ਵਰਿ•ਆਂ ਦੇ ਭਾਈ ਵੀਰ ਸਿੰਘ ਨਿਰਵੈਰ ਦਾ ਪ੍ਰਤੀਕਰਮ ਸੀ ਕਿ ਕਿਸੇ ਸੰਘਰਸ਼ੀ ਯੋਧੇ ਦੀ ਸਰਕਾਰ ਨੇ ਕੋਈ ਕਦਰ ਨਹੀਂ ਪਾਈ। ਉਸ ਨੇ ਪੂਰੇ ਪਰਿਵਾਰ ਸਮੇਤ ਜੇਲ• ਕੱਟੀ ਸੀ। ਜਸ਼ਨਾਂ ਦੀ ਥਾਂ ਸਰਕਾਰ ਮੋਰਚਿਆਂ ਵਿਚ ਡਟਣ ਵਾਲਿਆਂ ਦੀ ਸਾਰ ਲਵੇ। ਦੱਸਣਯੋਗ ਹੈ ਕਿ ਬਹੁਤੇ ਸੰਘਰਸ਼ੀ ਯੋਧੇ ਤਾਂ ਅੱਜ ਇਸ ਜਹਾਨ ਚੋਂ ਤੁਰ ਗਏ ਹਨ। ਨਜ਼ਰ ਮਾਰੀਏ ਤਾਂ ਅਕਾਲੀ ਸਰਕਾਰ ਨੇ ਐਨ ਅਸੈਂਬਲੀ ਚੋਣਾਂ ਤੋਂ ਪਹਿਲਾਂ 21 ਜੁਲਾਈ 2000 ਨੂੰ ਮੋਰਚੇ ਵਿਚ ਜੇਲ•ਾਂ ਕੱਟਣ ਵਾਲਿਆਂ ਨੂੰ 300 ਰੁਪਏ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਅਤੇ 5 ਅਕਤੂਬਰ 2001 ਨੂੰ 14 ਲੱਖ ਰੁਪਏ ਵੀ ਜਾਰੀ ਕੀਤੇ ਸਨ।
                        ਇਹ ਪੈਨਸ਼ਨ ਸਿਰਫ ਦੋ ਤਿੰਨ ਮਹੀਨੇ ਹੀ ਮਿਲੀ। ਸਾਲ 2000-01 ਵਿਚ 157 ਸੰਘਰਸ਼ੀ ਯੋਧਿਆਂ ਦੀ ਸਨਾਖਤ ਹੋਈ ਸੀ ਜਦੋਂ ਕਿ ਸਾਲ 2001-02 ਵਿਚ 610 ਯੋਧਿਆਂ ਨੂੰ ਇਹ ਪੈਨਸ਼ਨ ਚਾਲੂ ਕੀਤੀ ਗਈ ਸੀ। ਕਾਂਗਰਸੀ ਸਰਕਾਰ ਬਣਨ ਮਗਰੋਂ 10 ਮਈ 2002 ਨੂੰ ਇਹ ਪੈਨਸ਼ਨ ਸਕੀਮ ਹੀ ਬੰਦ ਕਰ ਦਿੱਤੀ ਗਈ ਸੀ। ਗਠਜੋੜ ਸਰਕਾਰ ਨੇ ਮਾਰਚ 2007 ਵਿਚ ਸੱਤਾ ਮੁੜ ਸੰਭਾਲੀ ਪ੍ਰੰਤੂ ਮੋਰਚੇ ਦੇ ਨਾਇਕਾਂ ਦਾ ਚੇਤਾ ਨਹੀਂ ਰਿਹਾ। ਹੁਣ ਕਰੀਬ ਨੌ ਵਰਿ•ਆਂ ਮਗਰੋਂ ਅਕਾਲੀ ਸਰਕਾਰ ਨੇ 8 ਦਸੰਬਰ 2015 ਪੰਜਾਬੀ ਸੂਬਾ ਮੋਰਚੇ ਦੇ ਯੋਧਿਆਂ ਅਤੇ ਉਨ•ਾਂ ਦੇ ਪਰਿਵਾਰਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਲੰਘੇ ਡੇਢ ਦਹਾਕੇ ਦੌਰਾਨ 25 ਫੀਸਦੀ ਨਾਇਕ ਤਾਂ ਦੁਨੀਆਂ ਚੋਂ ਹੀ ਤੁਰ ਗਏ ਹਨ। ਪਿੰਡ ਤਿਉਣਾ ਦੇ ਅੱਠ ਯੋਧਿਆਂ ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਬਠਿੰਡਾ ਦੇ ਸਾਬਕਾ ਐਮ.ਐਲ.ਏ ਸੁਰਜੀਤ ਸਿੰਘ ਨੂੰ ਵੀ ਇਹ ਪੈਨਸ਼ਨ ਲੱਗੀ ਸੀ ਪ੍ਰੰਤੂ ਹੁਣ ਸਾਬਕਾ ਵਿਧਾਇਕ ਦੀ ਮੌਤ ਹੋ ਚੁੱਕੀ ਹੈ। ਫਤਹਿਗੜ• ਨੌ ਅਬਾਦ ਦੇ ਚਾਰ ਜਣਿਆਂ ਚੋਂ ਗੁਲਜ਼ਾਰ ਸਿੰਘ ਦੀ ਮੌਤ ਹੋ ਚੁੱਕੀ ਹੈ।

Wednesday, October 19, 2016

                             ਕਾਨੂੰਨ ਤੋੜ ਕੇ 
          ਧੂੜਾਂ ਪੱਟ ਰਹੀ ਹੈ ਕੈਪਟਨ ਦੀ ਬੱਸ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸਾਨ ਯਾਤਰਾ ਲਈ ਜਿਹੜੀ ਬੱਸ ਵਰਤ ਰਹੇ ਹਨ, ਉਹ ਬਿਨਾਂ ਨੰਬਰ ਤੋਂ ਹੀ ਚੱਲ ਰਹੀ ਹੈ। ਮੋਟਰ ਵਾਹਨ ਐਕਟ ਮੁਤਾਬਕ ਹਰ ਵਾਹਨ ਦੇ ਅੱਗੇ ਤੇ ਪਿੱਛੇ ਰਜਿਸਟਰੇਸ਼ਨ ਨੰਬਰ ਹੋਣਾ ਲਾਜ਼ਮੀ ਹੈ। ਇਸ ਬੱਸ 'ਤੇ ਰਜਿਸਟਰੇਸ਼ਨ ਨੰਬਰ ਦੀ ਥਾਂ ਕੈਪਟਨ ਦੀ 'ਉਸਤਤ' ਵਾਲੇ ਨਾਅਰੇ ਅਤੇ ਤਸਵੀਰਾਂ ਛਾਪੀਆਂ ਗਈਆਂ ਹਨ। ਪਤਾ ਲੱਗਿਆ ਹੈ ਕਿ ਇਹ ਬੱਸ ਜ਼ਿਲ•ਾ ਮੁਕਤਸਰ ਦੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸ਼ਖ਼ਸ ਦੇ ਰਿਸ਼ਤੇਦਾਰਾਂ ਦੇ ਨਾਮ 'ਤੇ ਹੀ ਰਜਿਸਟਰਡ ਹੈ। ਇਹ ਬੱਸ 'ਕੈਂਪਰ ਵੈਨ' ਦੀ ਸ਼੍ਰੇਣੀ ਵਿੱਚ ਹੈ ਜਿਸ ਦਾ ਉੱਕਾ ਪੁੱਕਾ 75 ਹਜ਼ਾਰ ਟੈਕਸ ਭਰਿਆ ਹੋਇਆ ਹੈ।    ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਬੱਸ 'ਤੇ ਹੁਣ ਕਿਸਾਨ ਯਾਤਰਾ ਕੀਤੀ ਜਾ ਰਹੀ ਹੈ, ਸਾਲ 2007 ਵਿੱਚ ਇਹੋ ਬੱਸ ਵਿਕਾਸ ਯਾਤਰਾ ਲਈ ਵਰਤੀ ਗਈ ਸੀ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਆਗੂ ਨਵਕਰਨ ਨੇ ਦੱਸਿਆ ਕਿ ਸਾਲ 2007 ਵਾਲੀ ਪੁਰਾਣੀ ਬੱਸ ਵਿੱਚ ਤਬਦੀਲੀਆਂ ਕਰ ਕੇ ਹੁਣ ਵਰਤਿਆ ਜਾ ਰਿਹਾ ਹੈ। ਨਵਕਰਨ ਨੇ ਆਖਿਆ ਕਿ ਹੋਰਨਾਂ ਗੱਲਾਂ ਬਾਰੇ ਕਾਂਗਰਸੀ ਟੀਮ ਹੀ ਦੱਸ ਸਕਦੀ ਹੈ ਜਦਕਿ ਕਾਂਗਰਸੀ ਟੀਮ ਦਾ ਕਹਿਣਾ ਸੀ ਕਿ ਪ੍ਰਸ਼ਾਤ ਕਿਸ਼ੋਰ ਦੀ ਟੀਮ ਨੂੰ ਇਸ ਬਾਰੇ ਪਤਾ ਹੈ।
                      ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਹਰਮੇਲ ਸਿੰਘ ਦਾ ਕਹਿਣਾ ਸੀ ਕਿ ਜੇ ਵਾਹਨ 'ਤੇ ਰਜਿਸਟਰੇਸ਼ਨ ਨੰਬਰ ਪਲੇਟ ਨਹੀਂ ਹੈ ਤਾਂ ਇਹ ਮੋਟਰ ਵਾਹਨ ਐਕਟ ਦੀ ਉਲੰਘਣਾ ਹੈ, ਜਿਸ ਤਹਿਤ ਵਾਹਨ ਦਾ ਫੌਰੀ ਚਾਲਾਨ ਕੱਟਿਆ ਜਾਂਦਾ ਹੈ। ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਸਿਆਸੀ ਤੌਰ 'ਤੇ ਅਕਾਲੀ ਦਲ ਲਈ ਕੈਪਟਨ ਅਮਰਿੰਦਰ ਸਿੰਘ ਦੀ ਬੱਸ ਯਾਤਰਾ ਕਾਫੀ ਲਾਹੇ ਵਾਲੀ ਹੈ। ਕੈਪਟਨ ਨੂੰ ਤਾਂ ਉਹ ਖ਼ੁਦ ਹੀ ਅਜਿਹੀ ਇੱਕ ਹੋਰ ਬੱਸ ਦੇਣ ਨੂੰ ਤਿਆਰ ਹਨ ਕਿਉਂਕਿ ਇਹ ਬੱਸ ਜਿੱਥੇ ਜਾ ਰਹੀ ਹੈ, ਉਥੇ ਕਾਂਗਰਸ ਦਾ ਨੁਕਸਾਨ ਹੀ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲਵਾ ਦੇ ਅੱਠ ਜ਼ਿਲਿ•ਆਂ ਲਈ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ, ਜੋ ਅੱਜ ਦੇਰ ਸ਼ਾਮ ਬਠਿੰਡਾ ਪੁੱਜੀ। ਇਹ ਯਾਤਰਾ ਮੋਗਾ ਤੋਂ ਸ਼ੁਰੂ ਹੋਈ ਸੀ ਅਤੇ 19 ਅਕਤੂਬਰ ਨੂੰ ਫਿਰੋਜ਼ਪੁਰ ਵਿੱਚ ਸਮਾਪਤ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਦਾ ਅੱਜ ਬਠਿੰਡਾ ਪੁੱਜਣ 'ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਾਹੀ ਸਵਾਗਤ ਕੀਤਾ ਪਰ ਤਿਉਹਾਰਾਂ ਮੌਕੇ ਸ਼ਹਿਰ ਵਿੱਚ ਸ਼ਾਮ ਨੂੰ ਦਾਖ਼ਲ ਹੋਣ ਕਰ ਕੇ ਇਸ ਯਾਤਰਾ ਨਾਲ ਲੋਕਾਂ ਦੇ ਰੰਗ ਵਿੱਚ ਵੀ ਭੰਗ ਪਾਈ ਤੇ ਟਰੈਫਿਕ ਵਿੱਚ ਵਿਘਨ ਪਿਆ।
                       ਬਠਿੰਡਾ (ਸ਼ਹਿਰੀ) ਅਸੈਂਬਲੀ ਹਲਕੇ ਵਿਚ 'ਕਿਸਾਨ ਰੱਥ ਯਾਤਰਾ' ਮੌਕੇ ਕੈਪਟਨ ਅਮਰਿੰਦਰ ਸਿੰਘ ਦਾ ਪੁਰਾਣਾ ਜਲੌਅ ਗਾਇਬ ਰਿਹਾ। ਜੋ ਸ਼ਹਿਰੀ ਲੋਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਨਾਇਕ ਵਜੋਂ ਦੇਖਦੇ ਸਨ, ਉਹ ਭੱਲ ਅੱਜ ਬਠਿੰਡਾ ਸ਼ਹਿਰ ਵਿਚ ਗੁਆਚੀ ਨਜ਼ਰ ਆਈ। ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਤਾਂ ਸਾਹੀ ਸਵਾਗਤ ਕੀਤਾ ਪ੍ਰੰਤੂ ਆਮ ਸ਼ਹਿਰੀਆਂ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ 'ਕਿਸਾਨ ਰੱਥ' ਅੜਿੱਕਾ ਬਣਿਆ। ਕੈਪਟਨ ਅਮਰਿੰਦਰ ਸਿੰਘ ਕਰੀਬ ਡੇਢ ਘੰਟਾ ਪਛੜ ਕੇ ਬਠਿੰਡਾ ਦੇ ਰੋਜ਼ ਗਾਰਡਨ ਕੋਲ ਪੁੱਜੇ ਜਿਥੇ ਕਾਂਗਰਸੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਫੁੱਲਾਂ ਦੀ ਵਰਖਾ ਕੀਤੀ। ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟਾਂ ਦੇ ਦੋ ਪ੍ਰਮੁੱਖ ਦਾਅਵੇਦਾਰ ਮਨਪ੍ਰੀਤ ਸਿੰਘ ਬਾਦਲ ਅਤੇ ਹਰਮਿੰਦਰ ਸਿੰਘ ਜੱਸੀ ਨੇ ਕੈਪਟਨ ਦਾ ਸਵਾਗਤ ਕੀਤਾ। ਕਾਂਗਰਸ ਸ਼ਹਿਰੀ ਦੇ ਬਾਕੀ ਧੜਿਆਂ ਵਲੋਂ ਵੀ ਵੱਖ ਵੱਖ ਥਾਂਵਾਂ ਤੇ ਸਵਾਗਤੀ ਬੋਰਡ ਲਾਏ ਹੋਏ ਸਨ। ਏਨਾ ਜਰੂਰ ਹੈ ਕਿ ਕਾਫੀ ਅਰਸੇ ਮਗਰੋਂ ਕਾਂਗਰਸ ਵਿਚ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਹੈ ਅਤੇ ਖੰਭਿਆਂ ਤੇ ਕਾਂਗਰਸੀ ਝੰਡੇ ਨਜ਼ਰ ਪਏ ਹਨ।
                       ਕੈਪਟਨ ਦਾ ਕਿਸਾਨ ਰੱਥ ਅਮਰੀਕ ਸਿੰਘ ਰੋਡ ਤੋਂ ਹੁੰਦਾ ਹੋਇਆ ਗੋਲ ਡਿੱਗੀ ਤੱਕ ਆਇਆ। ਉਸ ਮਗਰੋਂ ਮਾਲ ਰੋਡ ਹੁੰਦਾ ਹੋਇਆ ਫੌਜੀ ਚੌਂਕ ਤੱਕ ਪੁੱਜਾ। ਕਾਂਗਰਸੀ ਵਰਕਰਾਂ ਨੇ ਕਿਸਾਨ ਰੱਥ ਦੇ ਅੱਗੇ ਅੱਗੇ ਚੱਲ ਕੇ ਕੈਪਟਨ ਦੀ ਹਮਾਇਤ ਵਿਚ ਨਾਅਰੇ ਵੀ ਲਾਏ। ਏਨਾ ਫਰਕ ਨਜ਼ਰ ਆਇਆ ਕਿ ਜਿਥੋਂ ਦੀ ਕਿਸਾਨ ਰੱਥ ਲੰਘਿਆ, ਉਥੋਂ ਦੇ ਦੁਕਾਨਦਾਰ ਭੱਜ ਭੱਜ ਕੇ ਦੁਕਾਨਾਂ ਚੋਂ ਨਿਕਲਦੇ ਨਹੀਂ ਵੇਖੇ ਗਏ। ਸਾਲ 2007 ਵਿਚ ਏਦਾ ਹੁੰਦਾ ਰਿਹਾ ਹੈ। ਹਾਲਾਂਕਿ ਵਪਾਰੀ ਵਰਗ ਅੰਦਰੋਂ ਅੰਦਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦਾ ਹੈ ਪ੍ਰੰਤੂ ਅੱਜ ਦੀ ਯਾਤਰਾ ਮੌਕੇ ਆਮ ਸ਼ਹਿਰੀ ਹਿੰਦੂ ਲੋਕ ਕਿਧਰੇ ਨਜ਼ਰ ਨਾ ਪਏ। ਪਿੰਡਾਂ ਤੋਂ ਆਏ ਲੋਕ ਅੱਜ ਇਸ ਯਾਤਰਾ ਮੌਕੇ ਫਾਈਰ ਬ੍ਰੀਗੇਡ ਕੋਲ ਪੁੱਜੇ ਹੋਏ ਸਨ।
                                     ਖੇਤਾਂ ਦੇ ਚੰਨ
                    ਮੇਰਾ ਲੁੱਟਿਆ ਗਿਆ ਸੁਹਾਗ...
                                   ਚਰਨਜੀਤ ਭੁੱਲਰ
ਬਠਿੰਡਾ : ਜਿਨ•ਾਂ ਦੇ ਖੇਤਾਂ ਦੇ ਚੰਨ ਸਦਾ ਲਈ ਜ਼ਿੰਦਗੀ ਚੋਂ ਰੁਖਸਤ ਹੋ ਗਏ ਹਨ, ਉਨ•ਾਂ ਤੋਂ ਜ਼ਿੰਦਗੀ ਦਾ ਚਾਣਨ ਕੋਹਾਂ ਦੂਰ ਹੈ। ਤਾਹੀਂਓ ਗਗਨਦੀਪ ਕੌਰ ਐਤਕੀਂ ਚੰਦ ਦੀ ਉਡੀਕ ਨਹੀਂ ਕਰੇਗੀ ਕਿਉਂਕਿ ਖੇਤਾਂ ਦੇ ਕਾਲੇ ਦਿਨਾਂ ਨੇ ਉਸ ਦੀ ਜ਼ਿੰਦਗੀ ਵਿਚ ਸਦਾ ਲਈ ਹਨੇਰਾ ਭਰ ਦਿੱਤਾ ਹੈ। ਉਸ ਨੇ ਪੂਰੇ 20 ਵਰੇ ਆਪਣੇ ਸੁਹਾਗ ਦੀ ਲੰਮੀ ਉਮਰ ਮੰਗੀ ਪ੍ਰੰਤੂ ਕਰਜ਼ੇ ਦੀਆਂ ਗੰਢਾਂ ਤੇ ਗੁੰਝਲਾਂ ਨੇ ਆਖਰ ਉਸ ਨੂੰ ਹਰਾ ਦਿੱਤਾ। ਜਦੋਂ ਭਲਕੇ ਹਰ ਸੁਹਾਗਣ ਕਰਵਾ ਚੌਥ ਦਾ ਤਿਉਹਾਰ ਮਨਾ ਰਹੀ ਹੋਵੇਗੀ ਤਾਂ ਠੀਕ ਉਦੋਂ ਵਿਧਵਾ ਇਹ ਆਪਣੀ ਜ਼ਿੰਦਗੀ ਦੇ ਵਹੀ ਖਾਤੇ ਫਰੋਲ ਰਹੀ ਹੋਵੇਗੀ। ਨਰਮਾ ਪੱਟੀ ਦੇ ਹਜ਼ਾਰਾਂ ਘਰਾਂ ਤੋਂ ਪੈਲੀ ਦੇ ਸੰਕਟ ਨੇ ਕਰਵਾ ਚੌਥ ਦੀ ਖੁਸ਼ੀ ਖੋਹ ਲਈ ਹੈ। ਇਨ•ਾਂ ਘਰਾਂ ਵਿਚ ਕਰਵਾ ਚੌਥ ਵਾਲੇ ਦਿਨ ਸਿਰਫ਼ ਖੇਤਾਂ ਦੇ ਭਲੇ ਦਿਨਾਂ ਲਈ ਅਰਦਾਸਾਂ ਹੁੰਦੀਆਂ ਹਨ। ਮਾਨਸਾ ਦੇ ਪਿੰਡ ਖਾਰਾ ਦੇ ਕਿਸਾਨ ਰੇਸ਼ਮ ਸਿੰਘ ਨੇ ਚਿੱਟੀ ਮੱਖੀ ਦੀ ਮਾਰ ਨਾ ਝੱਲਦੇ ਹੋਏ ਆਪਣੀ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਵਿਧਵਾ ਗਗਨਦੀਪ ਕੌਰ ਨੇ ਦੱਸਿਆ ਕਿ ਉਨ•ਾਂ ਨੇ ਹਰ ਕਰਵਾ ਚੌਥ ਬਹੁਤ ਰੂਹ ਨਾਲ ਮਨਾਇਆ ਪ੍ਰੰਤੂ ਐਤਕੀਂ 20 ਵਰਿ•ਆਂ ਪਹਿਲਾਂ ਕਰਵਾ ਚੌਥ ਆਇਆ ਹੈ, ਜਿਸ ਤੋਂ ਪਹਿਲਾਂ ਉਸ ਦੇ ਹੱਥ ਖਾਲੀ ਹਨ। ਉਸ ਨੇ ਆਖਿਆ ਕਿ 'ਮੈਂ ਤਾਂ ਇਹੋ ਸੁੱਖ ਮੰਗਦੀ ਹਾਂ ਕਿ ਖੇਤ ਕਿਸੇ ਘਰ ਦਾ ਸੁਹਾਗ ਨਾ ਉਜਾੜਨ।'
                      ਇਵੇਂ ਪਿੰਡ ਸਾਹਨੇਵਾਲੀ ਦੀ ਜਸਵਿੰਦਰ ਕੌਰ ਲਈ ਕਰਵਾ ਚੌਥ ਹੁਣ ਬੋਝ ਬਣ ਗਿਆ ਹੈ। ਉਹ ਆਪਣੇ ਸੁਹਾਗ ਤੋਂ ਹੱਥ ਧੋ ਬੈਠੀ ਹੈ। ਸਾਢੇ ਸੱਤ ਲੱਖ ਦੇ ਕਰਜ਼ ਨੇ ਉਸ ਤੋਂ ਚੰਦ ਵੇਖਣ ਦਾ ਹੱਕ ਹੀ ਖੋਹ ਲਿਆ ਹੈ। ਉਹ ਆਖਦੀ ਹੈ ਕਿ ਉਸ ਨੇ ਤਾਂ ਹਰ ਕਰਵਾ ਚੌਥ ਤੇ ਕਾਮਨਾ ਕੀਤੀ ਪ੍ਰੰਤੂ ਖੇਤਾਂ ਨੂੰ ਇਹ ਮਨਜ਼ੂਰ ਨਹੀਂ ਸੀ। ਉਸ ਦੇ ਨਸੀਬ ਵਿਚ ਹੁਣ ਦੁੱਖ ਤੇ ਹੰਝੂ ਬਚੇ ਹਨ, ਕਰਵਾ ਚੌਥ ਸਦਾ ਲਈ ਵਿਦਾ ਹੋ ਗਿਆ ਹੈ। ਪਿੰਡ ਸਿਰਸੀਵਾਲਾ ਦੀ ਵਿਧਵਾ ਜਸਵੀਰ ਕੌਰ ਹੁਣ ਕਿਸ ਲਈ ਕਾਮਨਾ ਕਰੇ। ਉਸ ਕੋਲ ਸਿਰਫ਼ ਪਤੀ ਦੀ ਤਸਵੀਰ ਬਚੀ ਹੈ ਜਾਂ ਫਿਰ ਆੜ•ਤੀਏ ਦਾ ਕਰਜ਼ਾ। ਜਸਵੀਰ ਕੌਰ ਆਖਦੀ ਹੈ ਕਿ ਉਹ ਹਰ ਸਾਲ ਕਰਵਾ ਚੌਥ ਤੇ ਸੁਹਾਗ ਤੇ ਖੇਤਾਂ ਦੀ ਸੁੱਖ ਦੀ ਮੰਗਦੀ ਪ੍ਰੰਤੂ ਚਿੱਟੀ ਮੱਖੀ ਦੀ ਮਾਰ ਨੇ ਉਸ ਦੀ ਜ਼ਿੰਦਗੀ ਹੀ ਠੱਗ ਲਈ। ਉਸ ਲਈ ਚੰਗੇ ਦਿਨਾਂ ਦੀ ਆਸ ਸਦਾ ਲਈ ਖਤਮ ਹੋ ਗਈ ਹੈ। ਉਸ ਦਾ ਪਤੀ ਪ੍ਰਿਤਪਾਲ ਕਰੀਬ ਛੇ ਮਹੀਨੇ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ। ਹੁਣ ਸਿਰ ਚਾਰ ਲੱਖ ਦਾ ਕਰਜ਼ਾ ਹੈ। ਪਿੰਡ ਗਿੱਦੜ ਦੀ ਵੀਰਾਂ ਕੌਰ ਦੀ ਹਰ ਕਰਵਾ ਚੌਥ ਨੇ ਪ੍ਰੀਖਿਆ ਲਈ। ਉਸ ਦਾ ਵਾਰ ਵਾਰ ਸੁਹਾਗ ਉਜੜਿਆ।
                   ਜਦੋਂ ਉਸ ਦਾ ਪਤੀ ਬਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਤਾਂ ਉਸ ਨੂੰ ਮਾਪਿਆਂ ਨੇ ਮ੍ਰਿਤਕ ਪਤੀ ਦੇ ਛੋਟੇ ਭਰਾ ਦੇ ਲੜ ਲਾ ਦਿੱਤਾ। ਜ਼ਿੰਦਗੀ ਸੰਭਲਣ ਤੋਂ ਪਹਿਲਾਂ ਉਹ ਵੀ ਖੁਦਕੁਸ਼ੀ ਕਰ ਗਿਆ। ਵੀਰਾਂ ਕੌਰ ਦੀ ਕੋਈ ਕਾਮਨਾ ਵੀ ਰਿਸ਼ਤੇ ਦੀ ਉਮਰ ਲੰਮੀ ਨਾ ਕਰ ਸਕੀ। ਇਨ•ਾਂ ਵਿਧਵਾਂ ਔਰਤਾਂ ਨੂੰ ਮੁੱਖ ਮੰਤਰੀ ਦੇ 'ਸੰਗਤ ਦਰਸ਼ਨਾਂ' ਅਤੇ ਕੈਪਟਨ ਦੀ ਰੱਥ ਯਾਤਰਾ ਚੋਂ ਬੈਂਕਾਂ ਦੇ ਨੋਟਿਸ ਅਤੇ ਆੜ•ਤੀਆਂ ਦੇ ਚਿਹਰੇ ਹੀ ਨਜ਼ਰ ਪੈਂਦੇ ਹਨ। ਇਹ ਔਰਤਾਂ ਨੂੰ ਹੁਣ ਇਕੱਲਤਾ ਦਾ ਸੰਤਾਪ ਭੋਗ ਰਹੀਆਂ ਹਨ। ਵੀਰਾਂ ਕੌਰ ਸਿਰਫ਼ ਆਪਣੇ ਅਪਾਹਜ ਇਕਲੌਤੇ ਲੜਕੇ ਸਿਕੰਦਰ ਚੋਂ ਹੀ ਦੁਨੀਆਂ ਵੇਖਦੀ ਹੈ। ਨਰਮਾ ਪੱਟੀ ਵਿਚ ਪਿਛਲੇ ਵਰੇ• ਚਿੱਟੀ ਮੱਖੀ ਦੀ ਸੱਟ ਨੇ ਹਜ਼ਾਰਾਂ ਔਰਤਾਂ ਨੂੰ ਵਿਧਵਾ ਬਣਾ ਦਿੱਤਾ ਹੈ ਜਿਨ•ਾਂ ਕੋਲ ਹੁਣ ਵਿਗੋਚਾ ਤੇ ਹੌਲ ਬਚੇ ਹਨ। ਇਨ•ਾਂ ਔਰਤਾਂ ਵਲੋਂ ਹੁਣ ਆਪਣੇ ਬੱਚਿਆਂ ਦੀ ਸੁੱਖ ਮੰਗੀ ਜਾ ਰਹੀ ਹੈ ਤਾਂ ਜੋ ਉਨ•ਾਂ ਦੀਆਂ ਨੂੰਹਾਂ ਸਦਾ ਸੁਹਾਗਣ ਰਹਿ ਸਕਣ।

Sunday, October 16, 2016

                            ਅਕਾਲੀ ਸਰਵੇ
            ਆਂਧਰਾ ਤੋਂ ਬੁਲਾਏ 'ਮਾਸਟਰ'
                            ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਭਲਾਈ ਸਕੀਮਾਂ ਦੀ ਫੀਡ ਬੈਕ ਬਹਾਨੇ ਪੰਜਾਬ ਦੀ ਸਿਆਸੀ ਨਬਜ਼ ਟਟੋਲਨ ਵਿਚ ਜੁਟੀ ਹੈ। ਆਂਧਰਾ ਪ੍ਰਦੇਸ਼ ਤੋਂ ਬੁਲਾਏ ਵਿਸ਼ੇਸ਼ ਮਾਹਿਰ ਤਰਫ਼ੋਂ ਇਸ ਫੀਡ ਬੈਕ ਪ੍ਰੋਜੈਕਟ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਠੀਕ ਉਵੇਂ ਜਿਵੇਂ ਕਾਂਗਰਸ ਤਰਫ਼ੋਂ ਪ੍ਰਸ਼ਾਤ ਕਿਸ਼ੋਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਰਕਾਰੀ ਪ੍ਰੋਜੈਕਟ ਕਰੀਬ 20 ਕਰੋੜ ਦਾ ਹੈ ਜਿਸ ਤਹਿਤ ਫੋਨ, ਵੁਆਇੰਸ ਸੁਨੇਹਾ ਅਤੇ ਫੀਲਡ ਵਿਚ ਸਰਵੇ ਕੀਤਾ ਜਾ ਰਿਹਾ ਹੈ। ਦੂਸਰੀ ਤਰਫ਼ ਪੰਜਾਬ ਵਿਚ ਕਰੀਬ ਢਾਈ ਸੌ ਸਾਬਕਾ ਸੈਨਿਕ ਵੀ ਗੁਪਤ ਸਰਵੇ ਲਈ ਮੋਰਚੇ ਵਿਚ ਉੱਤਰੇ ਹਨ ਜਿਨ•ਾਂ ਦਾ ਹਾਲੇ ਭੇਤ ਬਣਿਆ ਹੋਇਆ ਹੈ। ਭਾਵੇਂ ਇਹ ਸਾਬਕਾ ਸੈਨਿਕ ਕਿਸੇ ਕੰਨੜ ਟੀ.ਵੀ ਲਈ ਸਰਵੇ ਕਰਨ ਦੀ ਗੱਲ ਕਰ ਰਹੇ ਹਨ ਪ੍ਰੰਤੂ ਇਨ•ਾਂ ਦੀ ਗੁਪਤਤਾ ਤੋਂ ਕਈ ਸ਼ੰਕੇ ਖੜ•ੇ ਹੁੰਦੇ ਹਨ। ਵੇਰਵਿਆਂ ਅਨੁਸਾਰ ਪੰਜਾਬ ਕੈਬਨਿਟ ਨੇ 25 ਫਰਵਰੀ 2016 ਨੂੰ ਸਰਕਾਰੀ ਸਕੀਮਾਂ ਦੇ ਲੋਕਾਂ ਤੇ ਪੈ ਰਹੇ ਪ੍ਰਭਾਵ ਦਾ ਅਧਿਐਨ ਕਰਾਉਣ ਲਈ ਇੱਕ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਸੀ। ਇਸ ਪ੍ਰੋਜੈਕਟ ਲਈ ਇੱਕ ਪ੍ਰਾਈਵੇਟ ਫਰਮ ਨੇ 35 ਕਰੋੜ ਰੁਪਏ ਮੰਗੇ ਸਨ ਪ੍ਰੰਤੂ ਸਰਕਾਰ ਤੇ ਹੱਥ ਖੜ•ੇ ਕਰ ਦਿੱਤੇ। ਮਗਰੋਂ ਸਰਕਾਰ ਨੇ ਆਪਣੇ ਪੱਧਰ ਤੇ ਕਾਲ ਸੈਂਟਰ/ਆਈ.ਵੀ.ਆਰ.ਐਸ  ਫੈਸਿਲਿਟੀ ਸਥਾਪਿਤ ਕਰਕੇ ਸਰਕਾਰੀ ਏਜੰਸੀਆਂ ਤੋਂ ਫੀਡ ਬੈਕ/ਸਰਵੇ ਦਾ ਕੰਮ ਕਰਾਉਣ ਦਾ ਫੈਸਲਾ ਕੀਤਾ।
                       ਇਹ ਪ੍ਰੋਜੈਕਟ ਕਰੀਬ 6 ਮਹੀਨੇ ਲਈ ਹੀ ਤਿਆਰ ਕੀਤਾ ਗਿਆ ਅਤੇ ਲੋੜ ਪੈਣ ਤੇ ਹੋਰ ਛੇ ਮਹੀਨੇ ਦਾ ਵਾਧਾ ਹੋ ਸਕਦਾ ਹੈ। ਛੇ ਮਹੀਨੇ ਵਿਚ ਇੱਕ ਕਰੋੜ ਲੋਕਾਂ ਤੱਕ ਪਹੁੰਚ ਕਰਨ ਦਾ ਟੀਚਾ ਹੈ ਅਤੇ 31 ਜੁਲਾਈ ਤੱਕ ਕਰੀਬ 32 ਲੱਖ ਲੋਕਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਇਸ ਪ੍ਰੋਜੈਕਟ ਵਾਸਤੇ ਹੈਦਰਾਬਾਦ ਦੇ ਸ੍ਰੀ ਸਤਿਆ ਨਾਰਾਇਣਾ ਮਾਰੀਸੈਟੀ ਦੀ ਬਤੌਰ ਵਿਸ਼ੇਸ਼ ਕਾਰਜ ਅਫਸਰ/ਮੁੱਖ ਮੰਤਰੀ ਪੰਜਾਬ ਨਿਯੁਕਤੀ ਕੀਤੀ ਗਈ  ਹੈ ਜਿਸ ਨੂੰ ਦਫ਼ਤਰ,ਰਿਹਾਇਸ਼,ਟੈਲੀਫੂਨ ਅਤੇ ਸਟਾਫ ਕਾਰ ਆਦਿ ਦੀ ਸਹੂਲਤ ਦਿੱਤੀ ਗਈ ਹੈ। ਪੰਜਾਬ ਦੇ ਸਾਰੇ ਵਿਭਾਗਾਂ ਵਲੋਂ ਲਾਭਪਾਤਰੀਆਂ ਦੀਆਂ ਸਮੇਤ ਫੋਨ ਨੰਬਰ ਸੂਚੀਆਂ ਇਸ ਵਿਸ਼ੇਸ਼ ਕਾਰਜ ਅਫਸਰ ਹਵਾਲੇ ਕੀਤੀਆਂ ਗਈਆਂ ਹਨ। ਬੀ.ਐਸ.ਐਨ.ਐਲ ਅਤੇ ਨੈਸ਼ਨਲ ਇਨਫੋਟਿਕਸ ਸੈਂਟਰ ਇਸ ਪ੍ਰੋਜੈਕਟ ਵਿਚ ਭਾਗੀਦਾਰ ਹਨ। ਪ੍ਰੋਜੈਕਟ ਵਿਚ 125 ਫੀਡ ਬੈਕ ਅਫਸਰ ਅਤੇ ਕਾਲ ਸੈਂਟਰ ਵਿਚ 500 ਕਾਲ ਅਪਰੇਟਰ ਰੱਖਣ ਦੀ ਵਿਵਸਥਾ ਕੀਤੀ ਗਈ। ਫੀਡ ਬੈਕ ਅਫਸਰ ਦੀ ਤਨਖਾਹ ਪ੍ਰਤੀ ਮਹੀਨਾ 35 ਹਜ਼ਾਰ ਰੱਖੀ ਗਈ ਹੈ।ਪੰਜਾਬ ਭਰ ਵਿਚ ਲੋਕਾਂ ਦੇ ਘਰਾਂ ਵਿਚ ਫੀਡ ਬੈਕ ਵਾਲੇ ਫੋਨ ਪਿਛਲੇ ਕੁਝ ਸਮੇਂ ਤੋਂ ਖੜਕ ਰਹੇ ਹਨ। ਪ੍ਰੋਜੈਕਟ ਦੇ ਸ਼ੁਰੂ ਵਿਚ ਮੁੱਖ ਮੰਤਰੀ ਪੰਜਾਬ ਨੇ ਖੁਦ ਵੀ ਕੁਝ ਲਾਭਪਾਤਰੀਆਂ ਨੂੰ ਫੋਨ ਕੀਤੇ ਸਨ। ਫੀਡ ਬੈਕ ਅਫਸਰਾਂ ਵਲੋਂ ਪੰਜਾਬ ਵਿਚ ਮੈਨੂਅਲੀ ਵੀ ਸਰਵੇ ਕੀਤਾ ਜਾ ਰਿਹਾ ਹੈ।
                       ਸੂਤਰ ਆਖਦੇ ਹਨ ਕਿ ਫੀਡ ਬੈਕ ਤਾਂ ਬਹਾਨਾ ਹੈ ਅਤੇ ਸਰਕਾਰ ਇਸ ਬਹਾਨੇ ਲੋਕਾਂ ਦਾ ਸਿਆਸੀ ਮੂਡ ਜਾਣਨਾ ਚਾਹੁੰਦੀ ਹੈ। ਸਰਕਾਰ ਸੱਚਮੁੱਚ ਸੰਜੀਦਾ ਹੈ ਤਾਂ ਇਸ ਫੀਡ ਬੈਕ ਜਾਣਨ ਦੀ ਲੋੜ 9 ਵਰਿ•ਆਂ ਮਗਰੋਂ ਕਿਉਂ ਪਈ ਹੈ ਅਤੇ ਉਹ ਵੀ ਸਿਰਫ਼ ਛੇ ਮਹੀਨੇ ਲਈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਅਤੇ ਡਾਇਰੈਕਟਰ ਨਾਲ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਉਨ•ਾਂ ਫੋਨ ਅਟੈਂਡ ਨਹੀਂ ਕੀਤਾ। ਇਵੇਂ ਹੀ ਪੰਜਾਬ ਵਿਚ ਪਿਛਲੇ ਦਿਨਾਂ ਵਿਚ ਜਲੰਧਰ ਤੇ ਮੋਹਾਲੀ ਵਿਚ ਕਰੀਬ 250 ਸਾਬਕਾ ਸੈਨਿਕਾਂ ਦੀ ਗੁਪਤ ਸਰਵੇ ਲਈ ਟਰੇਨਿੰਗ ਹੋਈ ਹੈ ਜਿਨ•ਾਂ ਵਲੋਂ ਕੁਝ ਜ਼ਿਲਿ•ਆਂ ਵਿਚ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਬਠਿੰਡਾ ਜ਼ਿਲ•ੇ ਵਿਚ 20 ਅਕਤੂਬਰ ਤੋਂ ਇਹ ਕੰਮ ਸ਼ੁਰੂ ਹੋਣਾ ਹੈ। ਹਰ ਸਾਬਕਾ ਸੈਨਿਕ ਨੂੰ ਪ੍ਰਤੀ ਦਿਨ ਦੋ ਹਜ਼ਾਰ ਰੁਪਏ ਮਿਹਨਤਾਨਾ ਅਤੇ 500 ਰੁਪਏ ਦਾ ਤੇਲ ਖਰਚ ਦਿੱਤਾ ਜਾਣਾ ਹੈ। ਹਰ ਪਿੰਡ ਚੋਂ 45 ਲੋਕਾਂ ਤੋਂ 17 ਸੁਆਲ ਪੁੱਛੇ ਜਾਣੇ ਹਨ ਜੋ ਨਿਰੋਲ ਸਿਆਸੀ ਹਨ। ਸਰਵੇ ਲਈ ਤਿਆਰ ਪ੍ਰੋਫਾਰਮਾ ਮੋਬਾਇਲ ਟੈਬ ਵਿਚ ਹੀ ਹੈ ਜੋ ਹਰ ਸਾਬਕਾ ਸੈਨਿਕ ਨੂੰ ਦਿੱਤਾ ਗਿਆ ਹੈ। ਇਸ ਗੁਪਤ ਸਰਵੇ ਦਾ ਹਾਲੇ ਭੇਤ ਬਣਿਆ ਹੋਇਆ ਹੈ ਕਿ ਇਹ ਕਿਸ ਤਰਫ਼ੋਂ ਕਰਾਇਆ ਜਾ ਰਿਹਾ ਹੈ। ਕੁਝ ਸਾਬਕਾ ਸੈਨਿਕਾਂ ਦਾ ਕਹਿਣਾ ਸੀ ਕਿ ਕਰਨਾਟਕਾ ਦਾ ਇੱਕ ਟੀ.ਵੀ ਚੈੱਨਲ ਇਹ ਸਰਵੇ ਕਰਾ ਰਿਹਾ ਹੈ ਪ੍ਰੰਤੂ ਗੱਲ ਸਪੱਸ਼ਟ ਨਹੀਂ ਹੋ ਰਹੀ ਹੈ। 

Thursday, October 13, 2016

                                       ਕੌਣ ਰੋਕੂ 
              ਠੇਕੇਦਾਰਾਂ ਨੇ ਬਣਾਏ 'ਨਾਈਟ ਗੈਂਗ'
                                  ਚਰਨਜੀਤ ਭੁੱਲਰ
ਬਠਿੰਡਾ : ਸ਼ਰਾਬ ਠੇਕੇਦਾਰਾਂ ਦੇ ਹੁਣ ਗ਼ੈਰਕਨੂੰਨੀ ਤੌਰ ਤੇ 'ਨਾਈਟ ਗੈਂਗ' ਬਣਾ ਲਏ ਹਨ ਜੋ ਪੱਛਮੀ ਪੰਜਾਬ ਵਿਚ ਮੌਤ ਦੇ ਦੂਤ ਬਣ ਗਏ ਹਨ। ਤਾਜ਼ਾ ਨਿਸ਼ਾਨਾ ਮਾਨਸਾ ਦੇ ਪਿੰਡ ਘਰਾਂਗਣਾ ਦੇ ਦਲਿਤ ਨੌਜਵਾਨ ਨੂੰ ਬਣਾਇਆ ਗਿਆ ਹੈ ਬਠਿੰਡਾ, ਮਾਨਸਾ, ਫਰੀਦਕੋਟ ਤੇ ਫਾਜਿਲਕਾ ਵਿਚ ਏਦਾ ਦੇ 'ਨਾਈਟ ਗੈਂਗ' ਚੱਲ ਰਹੇ ਹਨ ਜੋ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਦੇ ਨਾਮ ਹੇਠ ਖੁਦ ਸਿੱਧੀ ਕਾਰਵਾਈ ਕਰਦੇ ਹਨ। ਫਾਜਿਲਕਾ ਕਾਂਡ ਸਮੇਤ ਮਾਲਵੇ ਵਿਚ ਦਰਜਨਾਂ ਦਲਿਤ ਲੋਕ ਇਨ•ਾਂ ਦਾ ਨਿਸ਼ਾਨਾ ਬਣ ਚੁੱਕੇ ਹਨ। ਠੇਕੇਦਾਰਾਂ ਵਲੋਂ ਜੇਲ•ਾਂ ਚੋਂ ਆਏ ਨੌਜਵਾਨਾਂ ਅਤੇ ਬੇਰੁਜ਼ਗਾਰਾਂ ਨੂੰ ਹਾਇਰ ਕਰਕੇ 'ਨਾਈਟ ਗੈਂਗ' ਬਣਾਏ ਹੋਏ ਹਨ ਜੋ ਆਪਣੇ ਤੌਰ ਤੇ ਸਿੱਧਾ ਹਮਲਾ ਕਰਦੇ ਹਨ।ਐਤਕੀਂ ਤਾਂ ਸਰਕਾਰ ਵੀ ਆਪਣੇ ਚਿਹੇਤੇ ਠੇਕੇਦਾਰਾਂ ਦੀ ਮਦਦ ਲਈ ਨਾਜਾਇਜ਼ ਸ਼ਰਾਬ ਦੇ ਧੜਾਧੜ ਪੁਲੀਸ ਕੇਸ ਦਰਜ ਕਰ ਰਹੀ ਹੈ। ਕਰ ਅਤੇ ਆਬਕਾਰੀ ਵਿਭਾਗ ਨੇ ਬਠਿੰਡਾ ਮਾਨਸਾ ਵਿਚ 1 ਅਪਰੈਲ ਤੋਂ 30 ਸਤੰਬਰ 2016 ਤੱਕ ਐਕਸਾਈਜ ਐਕਟ ਤਹਿਤ 520 ਪੁਲੀਸ ਕੇਸ ਦਰਜ ਕਰਾਏ ਹਨ ਜੋ ਹੁਣ ਤੱਕ ਦਾ ਰਿਕਾਰਡ ਹੈ। ਬਠਿੰਡਾ ਵਿਚ ਇਸ ਸਮੇਂ ਦੌਰਾਨ 310 ਕੇਸ ਦਰਜ ਕਰਾਏ ਗਏ ਅਤੇ ਲੰਘੇ ਚਾਰ ਮਹੀਨਿਆਂ ਤੋਂ ਤਾਂ ਔਸਤਨ ਰੋਜ਼ਾਨਾ ਦੋ ਪੁਲੀਸ ਕੇਸ ਦਰਜ ਹੋਏ ਹਨ। ਮਾਨਸਾ ਵਿਚ ਛੇ ਮਹੀਨਿਆਂ ਦੌਰਾਨ ਐਕਸਾਈਜ ਐਕਟ ਤਹਿਤ 210 ਕੇਸ ਦਰਜ ਹੋਏ ਹਨ।
                          ਅਹਿਮ ਸੂਤਰਾਂ ਅਨੁਸਾਰ ਠੇਕੇਦਾਰਾਂ ਦੇ ਇੱਕ 'ਨਾਈਟ ਗੈਂਗ' ਵਿਚ ਦਰਜਨ ਦੇ ਕਰੀਬ ਨੌਜਵਾਨ ਕੰਮ ਕਰਦੇ ਹਨ ਜਿਨ•ਾਂ ਨੂੰ ਬਕਾਇਦਾ ਅਸਲੇ ਸਮੇਤ ਤਿੰਨ ਤਿੰਨ ਚਾਰ ਚਾਰ ਗੱਡੀਆਂ ਦਿੱਤੀਆਂ ਹੋਈਆਂ ਹਨ ਅਤੇ ਰਾਤ ਵਕਤ ਇਹ ਗੈਂਗ ਗ਼ੈਰਕਨੂੰਨੀ ਤੌਰ ਤੇ ਨਾਕੇ ਵੀ ਲਾਉਂਦੇ ਹਨ। ਤਲਵੰਡੀ ਸਾਬੋ ਇਲਾਕੇ ਵਿਚ 'ਨਾਈਟ ਗੈਂਗ' ਵਲੋਂ ਇੱਕ ਵਾਹਨ ਸਵਾਰ ਨੂੰ ਨਾਜਾਇਜ਼ ਸ਼ਰਾਬ ਦੇ ਸ਼ੱਕ ਵਿਚ ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਮਗਰੋਂ ਠੇਕੇਦਾਰਾਂ ਨੇ ਪਰਿਵਾਰ ਨਾਲ ਸਮਝੌਤਾ ਕਰ ਲਿਆ। ਹੁਣ ਘਰਾਂਗਣਾ ਵਿਚ ਦਲਿਤ ਨੌਜਵਾਨ ਨੂੰ ਮਾਰ ਮੁਕਾਇਆ ਹੈ, ਉਨ•ਾਂ ਹਮਲਾਵਰਾਂ ਵਿਚ ਇੱਕ ਸ਼ਰਾਬ ਠੇਕੇਦਾਰ ਦੇ ਠੇਕੇਦਾਰ ਦਾ ਡਰਾਈਵਰ ਵੀ ਹੈ। 'ਨਾਈਟ ਗੈਂਗ' ਰਾਤ ਬਰਾਤੇ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਵੀ ਕਰਦੇ ਹਨ। ਜੋਗਾ ਪੁਲੀਸ ਨੇ 22 ਅਗਸਤ ਨੂੰ ਹੈਪੀ ਠੇਕੇਦਾਰ ਤੇ ਬੰਟੀ ਠੇਕੇਦਾਰ ਤੇ ਕੇਸ ਵੀ ਦਰਜ ਕੀਤਾ ਸੀ ਜਿਨ•ਾਂ ਨੇ ਭਾਈ ਦੇਸਾ ਦੇ ਢਾਬੇ ਤੇ ਕੁਲਵੰਤ ਸਿੰਘ ਤੇ ਹਮਲਾ ਕਰ ਦਿੱਤਾ ਸੀ। ਜ਼ਖਮੀ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਠੇਕੇਦਾਰਾਂ ਨੇ ਨਾਜਾਇਜ਼ ਸਰਾਬ ਦੇ ਮਾਮਲੇ ਵਿਚ ਨਿਸ਼ਾਨਾ ਬਣਾਇਆ।
                       ਦੱਸਣਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਹੀ 'ਨਾਈਟ ਗੈਂਗ' ਨੇ ਪਿੰਡ ਜਵਾਹਕੇ ਵਿਚ ਇੱਕ ਦਲਿਤ ਨੂੰ ਨਿਸ਼ਾਨਾ ਬਣਾਇਆ ਅਤੇ ਮਗਰੋਂ ਸਮਝੌਤਾ ਹੋਇਆ। ਪਿਛਲੇ ਵਰੇ• ਵੀ ਇਸੇ ਪਿੰਡ ਵਿਚ ਏਦਾ ਦੀ ਵਾਰਦਾਤ ਹੋਈ ਸੀ। ਸ਼ਰਾਬ ਦੇ ਠੇਕੇਦਾਰ ਆਖਦੇ ਹਨ ਕਿ ਉਨ•ਾਂ ਨੇ ਤਾਂ ਆਪਣੇ ਸੂਹੀਏ ਰੱਖੇ ਹੋਏ ਹਨ ਜੋ ਪੁਲੀਸ ਅਤੇ ਐਕਸਾਈਜ ਵਿਭਾਗ ਦੇ ਨੂੰ ਸਿਰਫ਼ ਨਾਜਾਇਜ਼ ਸ਼ਰਾਬ ਦੀ ਸੂਹ ਹੀ ਦਿੰਦੇ ਹਨ। ਉਨ•ਾਂ ਵਲੋਂ ਕਿਤੇ ਵੀ ਕਾਨੂੰਨ ਨੂੰ ਹੱਥ ਵਿਚ ਨਹੀਂ ਲਿਆ ਜਾਂਦਾ ਹੈ। ਜੈਤੋ ਥਾਣੇ ਵਿਚ ਕੁਝ ਹਫਤੇ ਪਹਿਲਾਂ ਇੱਕ ਠੇਕੇਦਾਰ ਤੇ ਇਸੇ ਤਰ•ਾਂ ਦਾ ਕੇਸ ਦਰਜ ਹੋਇਆ ਹੈ। ਗੋਨਿਆਣਾ ਇਲਾਕੇ ਵਿਚ ਤਾਂ 'ਨਾਈਟ ਗੈਂਗ' ਨਾਲ ਪੁਲੀਸ ਦਾ ਹੀ ਮੁਕਾਬਲਾ ਹੋ ਗਿਆ ਸੀ। ਠੇਕੇਦਾਰਾਂ ਵਲੋਂ ਪੁਲੀਸ ਥਾਣੇਦਾਰਾਂ ਨੂੰ ਵੀ ਪ੍ਰਾਈਵੇਟ ਗੱਡੀਆਂ ਦਿੱਤੇ ਜਾਣ ਦਾ ਮਾਮਲਾ ਉਦੋਂ ਉਭਰਿਆ ਸੀ। ਕੋਟਕਪੂਰਾ ਵਿਚ ਵੀ 'ਨਾਈਟ ਗੈਂਗ' ਦੀ ਕਾਰਵਾਈ ਤੋਂ ਰੌਲਾ ਪੈ ਚੁੱਕਾ ਹੈ। ਪੁਲੀਸ ਵੀ  ਇਨ•ਾਂ ਨੂੰ ਹੱਥ ਪਾਉਣ ਤੋਂ ਤ੍ਰਿਭਕਦੀ ਹੈ। ਮਾਨਸਾ ਦੇ ਈ.ਟੀ.ਓ ਪਿਆਰਾ ਸਿੰਘ ਦਾ ਕਹਿਣਾ ਸੀ ਕਿ ਠੇਕੇਦਾਰਾਂ ਦੇ ਆਦਮੀ ਨਾਕਾ ਵਗੈਰਾ ਤਾਂ ਨਹੀਂ ਲਾਉਂਦੇ ਹਨ ਪ੍ਰੰਤੂ ਉਹ ਪੁਲੀਸ ਨੂੰ ਨਾਲ ਲੈ ਕੇ ਰੇਡ ਜਰੂਰ ਕਰਾਉਂਦੇ ਹਨ।
                       ਸੂਤਰ ਦੱਸਦੇ ਹਨ ਕਿ ਵੱਡੇ ਗਰੁੱਪਾਂ ਵਾਲੇ ਜ਼ਿਲਿ•ਆਂ ਵਿਚ ਇਹ 'ਨਾਈਟ ਗੈਂਗ' ਚੱਲ ਰਹੇ ਹਨ। ਬਠਿੰਡਾ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਸਰਾਬ ਠੇਕੇਦਾਰ ਆਪਣੇ ਕੋਲ ਪ੍ਰਾਈਵੇਟ ਆਦਮੀ ਤਾਂ ਰੱਖਦੇ ਹਨ ਪ੍ਰੰਤੂ ਉਨ•ਾਂ ਦੀ ਕੋਈ ਗੈਰਕਾਨੂੰਨੀ ਕਾਰਵਾਈ ਦੀ ਜਾਣਕਾਰੀ ਨਹੀਂ। ਅਗਰ ਕੋਈ ਏਦਾ ਦੇ ਗੈਂਗ ਹਨ ਤਾਂ ਸਰਕਾਰ ਸਖ਼ਤੀ ਨਾਲ ਰੋਕੇਗੀ। ਉਨ•ਾਂ ਘਰਾਂਗਣਾ ਕਾਂਡ ਦੀ ਉਚ ਪੱਧਰੀ ਜਾਂਚ ਹੋਣ ਦੀ ਗੱਲ ਵੀ ਆਖੀ। ਦੂਸਰੀ ਤਰਫ਼ 'ਆਪ' ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣ ਸੀ ਕਿ ਸਰਕਾਰੀ ਸਰਪ੍ਰਸਤੀ ਹੇਠ 'ਨਾਈਟ ਗੈਂਗ' ਸ਼ਰਾਬ ਦੇ ਕਾਰੋਬਾਰ ਦੇ ਵਾਧੇ ਲਈ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਇਹ ਗੈਂਗ ਹੁਣ ਬਹੁਤੀ ਦੇਰ ਨਹੀਂ ਚੱਲਣਗੇ।
                                     ਮਾੜੇ ਅਨਸਰ ਬਖ਼ਸ਼ੇ ਨਹੀਂ ਜਾਣਗੇ : ਆਈ.ਜੀ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਐਸ.ਕੇ.ਅਸਥਾਨਾ ਦਾ ਕਹਿਣਾ ਸੀ ਕਿ ਉਹ ਠੇਕੇਦਾਰਾਂ ਨੂੰ ਏਦਾ ਦਾ ਮਾਮਲਾ ਧਿਆਨ ਵਿਚ ਆਉਣ ਤੇ ਤਾੜਦੇ ਹਨ। ਜਿਥੇ ਕਿਤੇ ਏਦਾ ਦਾ ਕੋਈ ਮਾਮਲਾ ਨੋਟਿਸ ਵਿਚ ਆਉਂਦਾ ਹੈ ਤਾਂ ਫੌਰੀ ਪੁਲੀਸ ਕਾਰਵਾਈ ਕੀਤੀ ਜਾਂਦੀ ਹੈ। ਉਨ•ਾਂ ਆਖਿਆ ਕਿ ਥੋੜੀ ਬਹੁਤੀ ਗੜਬੜ ਤਾਂ ਇਹ ਲੋਕ ਕਰਦੇ ਹਨ ਪ੍ਰੰਤੂ ਕੋਈ ਵੀ ਗੈਰਕਾਨੂੰਨੀ ਕਾਰਵਾਈ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ।

Monday, October 10, 2016

                                ਸਿਆਸੀ ਮੋਹ   
           ਹੁਣ 'ਅਕਾਲੀ' ਬਣੇ ਡੇਰਾ 'ਪਰੇਮੀ'
                               ਚਰਨਜੀਤ ਭੁੱਲਰ
ਬਠਿੰਡਾ : ਗਠਜੋੜ ਸਰਕਾਰ ਨੂੰ ਹੁਣ ਅਗਾਮੀ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਦਾ ਹੇਜ ਜਾਗਿਆ ਹੈ ਤਾਂ ਜੋ ਡੇਰਾ ਪੈਰੋਕਾਰਾਂ ਨੂੰ 'ਤੱਕੜੀ' ਦੇ ਨੇੜੇ ਕੀਤਾ ਜਾ ਸਕੇ। ਪਿਛਲੇ ਕੁਝ ਸਮੇਂ ਤੋਂ ਸਿਆਸੀ ਰਿਊੜੀਆਂ ਦੀ ਵੰਡ ਵਿਚ ਡੇਰਾ ਸਿਰਸਾ ਨੂੰ ਗੁਪਤ ਤੌਰ ਤੇ ਵੱਖਰਾ ਕੋਟਾ ਦਿੱਤਾ ਜਾਣ ਲੱਗਾ ਹੈ। ਭਾਵੇਂ ਇਹ ਸਭ ਕੁਝ ਜ਼ੁਬਾਨੀ ਹੁਕਮਾਂ ਤੇ ਹੈ ਪ੍ਰੰਤੂ ਪਿੰਡਾਂ ਵਿਚ ਇਸ ਦੇ ਚਰਚੇ ਜ਼ੋਰ ਫੜ ਗਏ ਹਨ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤਰਫੋਂ ਡੇਰਾ ਸਿਰਸਾ ਦੇ ਸਮਾਜਿਕ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਪ੍ਰੰਤੂ ਅਕਾਲੀ ਦਲ ਕਿਵੇਂ ਨਾ ਕਿਵੇਂ ਡੇਰਾ ਪੈਰੋਕਾਰਾਂ ਤੇ ਵੀ 'ਸੰਕਟ' ਦੀ ਘੜੀ ਵਿਚ ਟੇਕ ਰੱਖ ਰਿਹਾ ਹੈ। ਮਾਲਵੇ ਵਿਚ ਡੇਰਾ ਸਿਰਸਾ ਦਾ ਤਕੜਾ ਵੋਟ ਬੈਂਕ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਰਾਖਵੀਆਂ ਸੀਟਾਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਇਸੇ ਵਰਗ ਵਿਚ ਡੇਰਾ ਸਿਰਸਾ ਦਾ ਵੱਡਾ ਵੋਟ ਬੈਂਕ ਹੈ। ਅਹਿਮ ਸੂਤਰਾਂ ਅਨੁਸਾਰ ਗਠਜੋੜ ਸਰਕਾਰ ਨੇ ਪਿਛਲੇ ਦਿਨਾਂ ਵਿਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੈਂਬਰਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨਾਂ ਦੀ ਵੰਡ ਵਿਚ ਵੱਖਰਾ ਕੋਟਾ ਦਿੱਤਾ ਹੈ। ਉਂਜ, ਹਰ ਹਲਕੇ ਵਾਸਤੇ ਵੱਖਰਾ ਕੋਟਾ ਨਿਰਧਾਰਤ ਕੀਤਾ ਗਿਆ ਸੀ ਅਤੇ ਇਸ ਵਾਸਤੇ ਹਲਕਾ ਵਿਧਾਇਕ ਤੇ ਹਲਕਾ ਇੰਚਾਰਜ ਦੀ ਸਿਫਾਰਸ਼ ਤੇ ਹੀ ਟਿਊਬਵੈਲ ਕੁਨੈਕਸ਼ਨ ਦਿੱਤਾ ਜਾਂਦਾ ਹੈ।
                     ਸੂਤਰ ਦੱਸਦੇ ਹਨ ਕਿ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਹਰ ਮੈਂਬਰ ਵਲੋਂ ਪਿੰਡਾਂ ਵਿਚਲੇ ਡੇਰਾ ਪੈਰੋਕਾਰਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨ ਦਿਵਾਉਣ ਲਈ ਵੱਖਰੀਆਂ ਸੂਚੀਆਂ ਤਿਆਰ ਕੀਤੀਆਂ ਅਤੇ ਸਰਕਾਰ ਨੂੰ ਭੇਜੀਆਂ। ਹੁਣ ਜਦੋਂ ਡੇਰਾ ਪੈਰੋਕਾਰਾਂ ਦੇ ਧੜਾਧੜ ਕੁਨੈਕਸ਼ਨ ਲੱਗੇ ਤਾਂ ਡੇਰਾ ਸਿਰਸਾ ਲਈ ਵੱਖਰਾ ਕੋਟਾ ਹੋਣ ਦੀ ਗੱਲ ਖੁੱਲ•ੀ ਹੈ। ਪਾਵਰਕੌਮ ਦੇ ਅਫਸਰ 'ਆਫ ਰਿਕਾਰਡ' ਤਾਂ ਇਸ ਗੱਲ ਨੂੰ ਸਵੀਕਾਰ ਕਰ ਰਹੇ ਹਨ ਪ੍ਰੰਤੂ ਖੁੱਲ•ੇਆਮ ਕਹਿਣ ਤੋਂ ਡਰ ਰਹੇ ਹਨ। ਬਠਿੰਡਾ,ਮਾਨਸਾ ਤੇ ਮੁਕਤਸਰ ਵਿਚ ਜੋ ਡੇਰਾ ਸਿਰਸਾ ਦੇ ਜਿਆਦਾ ਪ੍ਰਭਾਵ ਵਾਲੇ ਪਿੰਡ ਹਨ, ਉਨ•ਾਂ ਵਿਚ ਇਹ ਕੁਨੈਕਸ਼ਨ ਆਏ ਹਨ। ਬਲਾਕ ਸੰਗਤ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਕਾਫੀ ਕੁਨੈਕਸ਼ਨ ਵੰਡੇ ਗਏ ਹਨ। ਇਵੇਂ ਹੀ ਬਠਿੰਡਾ ਜ਼ਿਲ•ੇ ਵਿਚ ਅਸਲਾ ਲਾਇਸੈਂਸ ਬਣਾਉਣ ਵਿਚ ਵੀ ਡੇਰਾ ਸਿਰਸਾ ਦੇ ਇੱਕ ਆਗੂ ਨੂੰ ਵੱਖਰਾ ਕੋਟਾ ਦਿੱਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਹਲਕਾ ਰਾਮਪੁਰਾ ਵਿਚਲੇ ਇਸ ਡੇਰਾ ਆਗੂ ਦੀ ਸਰਕਾਰੀ ਦਰਬਾਰੇ ਤੂਤੀ ਬੋਲਦੀ ਹੈ ਅਤੇ ਉਸ ਦਾ ਕੋਈ ਕੰਮ ਰੁਕਦਾ ਨਹੀਂ ਹੈ। ਬਹੁਤੇ ਡੇਰਾ ਪੈਰੋਕਾਰਾਂ ਦੇ ਅਸਲਾ ਲਾਇਸੈਂਸ ਡੇਰਾ ਸਿਰਸਾ ਦੇ ਇਸ ਆਗੂ ਦੇ ਰਾਹੀਂ ਬਣ ਰਹੇ ਹਨ।
                     ਪਿਛਾਂਹ ਨਜ਼ਰ ਮਾਰੀਏ ਤਾਂ ਪੰਜਾਬ ਸਰਕਾਰ ਨੇ 17 ਜਨਵਰੀ 2015 ਨੂੰ ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ਨੂੰ ਪੰਜਾਬ ਵਿਚ ਦਿਖਾਏ ਜਾਣ ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਹੋਰਨਾਂ ਪੰਥਕ ਧਿਰਾਂ ਨੇ ਇਸ ਫਿਲਮ ਦਾ ਵਿਰੋਧ ਕੀਤਾ ਸੀ। ਹੁਣ ਡੇਰਾ ਮੁਖੀ ਦੀ ਨਵੀਂ ਫਿਲਮ 'ਲਾਇਨ ਹਰਟ' 7 ਅਕਤੂਬਰ ਨੂੰ ਰਲੀਜ਼ ਹੋਈ ਹੈ ਜਿਸ ਵਾਸਤੇ ਸਰਕਾਰ ਨੇ ਸਭ ਰਾਹ ਖੋਲ• ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਅਫਸਰਾਂ ਨੂੰ ਗੁਪਤ ਹਦਾਇਤਾਂ ਹਨ ਕਿ ਡੇਰਾ ਆਗੂਆਂ ਦੇ ਕੰਮ ਤਰਜੀਹੀ ਅਧਾਰ ਤੇ ਕੀਤੇ ਜਾਣ। ਪੁਲੀਸ ਥਾਣਿਆਂ ਵਿਚ ਡੇਰਾ ਪੈਰੋਕਾਰਾਂ ਦੀ ਸ਼ਿਕਾਇਤ ਤੇ ਹੱਥੋਂ ਹੱਥ ਸੁਣਵਾਈ ਹੋ ਰਹੀ ਹੈ।
                                   ਡਿਪਟੀ ਕਮਿਸ਼ਨਰਾਂ ਨੂੰ ਸੂਚੀ ਦਿੱਤੀ : ਡੇਰਾ ਸਿਰਸਾ
ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸੀਨੀਅਰ ਮੈਂਬਰ ਬਲਰਾਜ ਸਿੰਘ ਨੇ ਪੁਸ਼ਟੀ ਕਰਦਿਆਂ ਆਖਿਆ ਕਿ ਪਿੰਡਾਂ ਦੇ ਲੋੜਵੰਦ ਡੇਰਾ ਪੈਰੋਕਾਰਾਂ ਨੂੰ ਨਵੇਂ ਟਿਊਬਵੈਲ ਕੁਨੈਕਸ਼ਨ ਦਿਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਸੂਚੀਆਂ ਸੌਂਪੀਆਂ ਹਨ ਅਤੇ ਪ੍ਰਸ਼ਾਸਨ ਨੇ ਇੱਕ ਦੋ ਇਤਰਾਜ਼ ਲਗਾਏ ਸਨ, ਜੋ ਦੂਰ ਕਰ ਦਿੱਤੇ ਗਏ ਹਨ। ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਬਲਾਕ ਪੱਧਰ ਤੇ ਅਜਿਹੀ ਸੂਚਨਾ ਹੋਵੇਗੀ, ਉਨ•ਾਂ ਕੋਲ ਕੋਈ ਜਾਣਕਾਰੀ ਨਹੀਂ ਹੈ।

Thursday, October 6, 2016

                             ਸ਼ਰਾਬ ਤੋਂ ਕਮਾਈ
          'ਪੰਥਕ ਸਰਕਾਰ' ਦਾ ਖਜ਼ਾਨਾ ਟੱਲੀ
                             ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਲੋਕ ਪੰਦਰਾਂ ਵਰਿ•ਆਂ ਵਿਚ 36 ਹਜ਼ਾਰ ਕਰੋੜ ਦੀ ਸ਼ਰਾਬ ਪੀ ਗਏ ਹਨ। ਠੇਕਿਆਂ ਦੀ ਕਮਾਈ ਨੇ ਸਰਕਾਰੀ ਖ਼ਜ਼ਾਨੇ ਨੂੰ ਤਾਂ ਟੱਲੀ ਕਰ ਦਿੱਤਾ ਹੈ ਜਦੋਂ ਕਿ ਲੋਕਾਂ ਦੇ ਬੋਝੇ ਖਾਲੀ ਹੋਏ ਹਨ। ਗਠਜੋੜ ਸਰਕਾਰ ਦੇ ਨੌਂ ਵਰਿ•ਆਂ ਵਿਚ ਲੋਕਾਂ ਨੇ ਕਰੀਬ 27 ਹਜ਼ਾਰ ਕਰੋੜ ਸ਼ਰਾਬ ਤੇ ਖਰਚ ਕੀਤੇ ਹਨ। ਪੰਜਾਬ ਸਰਕਾਰ ਸ਼ਰਾਬ ਦੀ ਕਮਾਈ ਨਾਲ ਵਿਕਾਸ ਕਰਨ ਵਿਚ ਜੁਟੀ ਹੋਈ ਹੈ। ਨੌਂ ਵਰਿ•ਆਂ ਦੀ ਔਸਤਨ ਵੇਖੀਏ ਤਾਂ ਪੰਜਾਬ ਦੇ ਲੋਕ ਰੋਜ਼ਾਨਾ ਔਸਤਨ 8.43 ਕਰੋੜ ਰੁਪਏ ਠੇਕਿਆਂ ਦੀ ਸ਼ਰਾਬ ਤੇ ਖਰਚ ਕਰ ਰਹੇ ਹਨ। ਚਾਲੂ ਮਾਲੀ ਵਰੇ• ਦੌਰਾਨ ਪੰਜਾਬ ਸਰਕਾਰ ਨੇ ਸ਼ਰਾਬ ਤੋਂ 5348.22 ਕਰੋੜ ਰੁਪਏ ਕਮਾਉਣ ਦਾ ਟੀਚਾ ਮਿਥਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2002-03 ਤੋਂ 2015-16 ਤੱਕ ਠੇਕਿਆਂ ਦੀ ਸ਼ਰਾਬ ਵੇਚ ਕੇ 36,373 ਕਰੋੜ ਰੁਪਏ ਕਮਾਏ ਹਨ। ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2007-08 ਤੋਂ ਸਾਲ 2015-16 ਤੱਕ ਠੇਕਿਆਂ ਤੋਂ ਆਮਦਨ 27697 ਕਰੋੜ ਰੁਪਏ ਰਹੀ ਹੈ। ਕੈਪਟਨ ਸਰਕਾਰ ਨੇ ਪੰਜ ਵਰਿ•ਆਂ ਵਿਚ ਸ਼ਰਾਬ ਤੋਂ 7326.25 ਕਰੋੜ ਰੁਪਏ ਕਮਾਏ ਸਨ ਜਦੋਂ ਕਿ ਗਠਜੋੜ ਸਰਕਾਰ ਨੇ ਪਹਿਲੇ ਕਾਰਜਕਾਲ ਦੌਰਾਨ 10,808 ਕਰੋੜ ਦੀ ਆਮਦਨ ਇਕੱਲੀ ਸਰਕਾਰ ਤੋਂ ਕੀਤੀ।
                        ਗਠਜੋੜ ਸਰਕਾਰ ਨੇ ਦੂਸਰੇ ਕਾਰਜਕਾਲ ਦੇ ਚਾਰ ਵਰਿ•ਆਂ ਦੌਰਾਨ ਹੀ 16,888 ਕਰੋੜ ਰੁਪਏ ਕਮਾ ਲਏ ਦੇਸ਼ ਦੇ ਕਈ ਸੂਬੇ ਸ਼ਰਾਬ ਬੰਦੀ ਦੇ ਰਾਹ ਪਏ ਹਨ ਅਤੇ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਪੂਰੇ ਦੇਸ਼ ਵਿਚ ਛਾਇਆ ਹੋਇਆ ਹੈ। ਮਾਲਵੇ ਦੇ ਪਿੰਡਾਂ ਵਿਚ ਇਹ ਹਾਲ ਹੈ ਕਿ ਪੀਣ ਵਾਲਾ ਸੁੱਧ ਪਾਣੀ ਮਿਲਦਾ ਨਹੀਂ ਜਦੋਂ ਕਿ ਠੰਢੀ ਬੀਅਰ ਪਿੰਡ ਪਿੰਡ ਮਿਲ ਰਹੀ ਹੈ। ਬਠਿੰਡਾ ਤੇ ਮਾਨਸਾ ਦੇ ਕਰੀਬ ਚਾਰ ਦਰਜਨ ਪਿੰਡਾਂ ਵਿਚ ਸਰਕਾਰੀ ਆਰ.ਓ ਪਲਾਂਟਾਂ ਨੂੰ ਜਿੰਦਰੇ ਵੱਜ ਗਏ ਹਨ ਪ੍ਰੰਤੂ ਠੇਕਿਆਂ ਦੇ ਬੂਹੇ ਖੁੱਲ•ੇ ਹੋਏ ਹਨ। ਸਾਇੰਟੈਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ ਦਾ ਪ੍ਰਤੀਕਰਮ ਹੈ ਕਿ ਸਰਕਾਰ ਲੋਕਾਂ ਨੂੰ ਸ਼ਰਾਬ ਪਿਲਾ ਕੇ ਸਰਕਾਰੀ ਬੋਝਾ ਭਰ ਰਹੀ ਹੈ ਅਤੇ ਸ਼ਰਾਬ ਦਾ ਕੋਟਾ ਹਰ ਸਾਲ ਵਧਾ ਰਹੀ ਹੈ। ਉਨ•ਾਂ ਆਖਿਆ ਕਿ ਸਰਕਾਰ ਪਿੰਡਾਂ ਦੇ ਹਰ ਗਲੀ ਮਹੱਲੇ ਸ਼ਰਾਬ ਪੁੱਜਦੀ ਕਰ ਦਿੱਤੀ ਹੈ। ਸਰਕਾਰ ਸੰਜੀਦਾ ਹੈ ਤਾਂ ਸਰਾਬ ਦਾ ਕੋਟਾ ਘਟਾਵੇ। ਉਨ•ਾਂ ਆਖਿਆ ਕਿ ਸ਼ਰਾਬ ਬੰਦੀ ਬਿਹਾਰ ਵਿਚ ਲਾਗੂ ਹੋ ਸਕਦੀ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ। ਵੇਰਵਿਆਂ ਅਨੁਸਾਰ ਸਾਲ 2002-03 ਵਿਚ ਪੰਜਾਬ ਵਿਚ ਰੋਜ਼ਾਨਾ ਔਸਤਨ ਠੇਕਿਆਂ ਦੀ ਸਰਾਬ ਤੋਂ ਕਮਾਈ 3.92 ਕਰੋੜ ਰੁਪਏ ਹੁੰਦੀ ਸੀ ਜਦੋਂ ਕਿ ਸਾਲ 2015-16 ਵਿਚ ਇਹੋ ਕਮਾਈ ਰੋਜ਼ਾਨਾ ਦੀ ਔਸਤਨ 13.26 ਕਰੋੜ ਰੁਪਏ ਹੋ ਗਈ ਹੈ।
                    ਪੰਜਾਬ ਸਰਕਾਰ ਨੇ ਸਪੋਰਟਸ, ਸਭਿਆਚਾਰ ਅਤੇ ਆਟਾ ਦਾਲ ਖਾਤਰ ਸ਼ਰਾਬ ਤੇ ਸੈੱਸ ਲਗਾਇਆ ਹੋਇਆ ਹੈ। ਇਨਕਲਾਬੀ ਗੀਤਕਾਰ ਜਗਸੀਰ ਜੀਦਾ ਨੇ ਇਕੋ ਪ੍ਰਤੀਕਰਮ ਦਿੱਤਾ ਕਿ ਸਰਕਾਰ ਠੇਕਿਆਂ ਦੀ ਸ਼ਰਾਬ ਵੇਚ ਕੇ ਖਿਡਾਰੀ ਪੈਦਾ ਕਰ ਰਹੀ ਹੈ। ਚਾਲੂ ਮਾਲੀ ਵਰੇ• ਦੀ ਕਮਾਈ ਦਾ ਟੀਚਾ ਐਤਕੀਂ ਸਰਾਬ ਤੋਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਤਿਆਰ ਨਹੀਂ ਹੈ। ਪੰਜਾਬ ਕਈ ਤਰ•ਾਂ ਦੇ ਸੰਕਟਾਂ ਵਿਚ ਫਸਿਆ ਹੋਇਆ ਅਤੇ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਬਿਗਲ ਵਜਾਇਆ ਹੋਇਆ ਹੈ। ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਔਸਤਨ ਪ੍ਰਤੀ ਦਿਨ ਸਰਕਾਰ ਸ਼ਰਾਬ ਤੋਂ 4.01 ਕਰੋੜ ਰੁਪਏ ਕਮਾ ਰਹੀ ਸੀ ਜਦੋਂ ਕਿ ਗਠਜੋੜ ਸਰਕਾਰ ਦੇ ਦੂਸਰੇ ਕਾਰਜਕਾਲ ਦੌਰਾਨ ਪ੍ਰਤੀ ਦਿਨ ਔਸਤਨ 9.25 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਸ਼ਰਾਬ ਤੋਂ ਹੋ ਰਹੀ ਹੈ। ਵੱਡੇ ਪਿੰਡਾਂ ਵਿਚ ਤਾਂ ਹੁਣ ਦੋ ਦੋ ਠੇਕੇ ਖੁੱਲ• ਗਏ ਹਨ। ਬਹੁਤੇ ਪਿੰਡਾਂ ਵਿਚ ਸਰਕਾਰ ਨੇ ਅੰਗਰੇਜ਼ੀ ਸਰਾਬ ਦੇ ਠੇਕੇ ਵੀ ਖੋਲੇ ਹਨ। 

Tuesday, October 4, 2016

                          ਘਪਲੇ ਦਾ ਮਾਮਲਾ    
     ਮਲੂਕਾ ਤੇ ਸੇਖੋਂ ਆਪਸ 'ਚ ਭਿੜੇ
                  ਚਰਨਜੀਤ ਭੁੱਲਰ
ਬਠਿੰਡਾ :  ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜਨਮੇਜਾ ਸਿੰਘ ਸੇਖੋਂ ਪੰਜਾਬ ਵਿਚ ਨਵੇਂ ਬਣੇ ਸੇਵਾ ਕੇਂਦਰਾਂ ਦੇ ਮਾਮਲੇ ਤੇ ਆਹਮੋ ਸਾਹਮਣੇ ਹੋ ਗਏ ਹਨ। ਇਹ ਸੇਵਾ ਕੇਂਦਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦਾ ਡਰੀਮ ਪ੍ਰੋਜੈਕਟ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੇਵਾ ਕੇਂਦਰਾਂ ਦੀ ਉਸਾਰੀ ਵਿਚ ਗੜਬੜ ਦੇ ਮਾਮਲੇ ਤੇ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਿੰਗ ਵਿੰਗ ਤੇ ਜਨਤਿਕ ਤੌਰ ਤੇ ਉਂਗਲ ਉਠਾ ਦਿੱਤੀ ਹੈ। ਜਦੋਂ ਕਿ ਦੂਸਰੀ ਤਰਫ਼ ਵਜ਼ੀਰ ਜਨਮੇਜਾ ਸਿੰਘ ਸੇਖੋਂ ਨੇ ਇਸ ਮਾਮਲੇ ਦੀ ਪੜਤਾਲ ਕਰਾਉਣ ਦਾ ਫੈਸਲਾ ਕੀਤਾ ਹੈ। ਮਲੂਕਾ ਵਲੋਂ ਮਾਮਲਾ ਜਨਤਿਕ ਤੌਰ ਤੇ ਮਾਮਲਾ ਉਠਾਉਣ ਤੇ ਵਜ਼ੀਰ ਸੇਖੋਂ ਨਾਖੁਸ਼ ਹਨ। ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਹੈ ਕਿ ਰਾਮਪੁਰਾ ਫੂਲ ਹਲਕੇ ਵਿਚ ਉਨ•ਾਂ ਨੇ ਉਦਘਾਟਨ ਮੌਕੇ ਜਦੋਂ ਸੇਵਾ ਕੇਂਦਰ ਵੇਖੇ ਤਾਂ ਕਈ ਖ਼ਾਮੀਆਂ ਧਿਆਨ ਵਿਚ ਆਈਆਂ ਅਤੇ ਕੁਆਲਟੀ ਵੀ ਚੰਗੀ ਨਹੀਂ ਹੈ। ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਿੰਗ ਵਿੰਗ ਦੇ ਅਫਸਰਾਂ ਨੇ ਜਿਆਦਾ ਅਸਟੀਮੇਟ ਬਣਾਏ ਹਨ ਅਤੇ ਉਸਾਰੀ ਕੁਆਲਟੀ ਵਾਲੀ ਨਹੀਂ ਹੈ। ਉਨ•ਾਂ ਆਖਿਆ ਕਿ ਉਹ ਆਪਣੇ ਹਲਕੇ ਦੇ ਸੇਵਾ ਕੇਂਦਰਾਂ ਦੀ ਸਟੱਡੀ ਕਰ ਰਹੇ ਹਨ। ਸਰਕਾਰ ਦਾ ਲੋਕਾਂ ਨੂੰ ਸਹੂਲਤਾਂ ਦੇਣ ਵਾਲਾ ਵੱਡਾ ਪ੍ਰੋਜੈਕਟ ਹੈ ਜਿਸ ਦਾ ਕੰਮ ਕੁਆਲਟੀ ਵਾਲਾ ਹੋਣਾ ਚਾਹੀਦਾ ਸੀ।
                     ਦੱਸਣਯੋਗ ਹੈ ਕਿ ਸ੍ਰੀ ਮਲੂਕਾ ਨੇ ਬੀਤੇ ਕੱਲ ਸੇਵਾ ਕੇਂਦਰਾਂ ਵਿਚ ਗੜਬੜ ਦੀ ਜਾਂਚ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਣ ਦੀ ਗੱਲ ਆਖੀ ਸੀ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਰਾਜ ਭਰ ਵਿਚ 2146 ਸੇਵਾ ਕੇਂਦਰ ਬਣਾਏ ਹਨ ਜਿਨ•ਾਂ ਚੋਂ ਸ਼ਹਿਰੀ ਖੇਤਰ ਵਿਚ 389 ਅਤੇ ਪੇਂਡੂ ਖੇਤਰਾਂ ਵਿਚ 1758 ਕੇਂਦਰ ਬਣਾਏ ਗਏ ਹਨ। ਇਨ•ਾਂ ਤੇ ਕਰੀਬ 500 ਕਰੋੜ ਰੁਪਏ ਦੀ ਲਾਗਤ ਆਈ ਹੈ। ਲੋਕ ਨਿਰਮਾਣ ਵਿਭਾਗ ਦੇ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ  'ਚੰਗਾ ਹੁੰਦਾ ਮਲੂਕਾ ਸਾਹਿਬ ਪਹਿਲਾਂ ਮਾਮਲਾ ਉਨ•ਾਂ ਦੇ ਧਿਆਨ ਵਿਚ ਲਿਆਉਂਦੇ ਅਤੇ ਫਿਰ ਮੁੱਖ ਮੰਤਰੀ ਪੰਜਾਬ ਨੂੰ ਜਾਣੂ ਕਰਾਉਂਦੇ'। ਉਨ•ਾਂ ਆਖਿਆ ਕਿ ਜਨਤਿਕ ਤੌਰ ਤੇ ਵਜ਼ੀਰ ਵਲੋਂ ਸੇਵਾ ਕੇਂਦਰਾਂ ਵਿਚ ਘਪਲੇ ਦੀ ਗੱਲ ਕਰਨ ਨਾਲ ਸਰਕਾਰ ਦਾ ਅਕਸ ਖਰਾਬ ਹੁੰਦਾ ਹੈ। ਉਨ•ਾਂ ਆਖਿਆ ਕਿ ਸੇਵਾ ਕੇਂਦਰਾਂ ਦੀ ਉਸਾਰੀ ਵਿਚ ਕਿਤੇ ਕੋਈ ਗੜਬੜ ਹੋਈ ਹੈ ਤਾਂ ਉਹ ਪੜਤਾਲ ਕਰਾਉਣਗੇ। ਸੇਖੋਂ ਨੇ ਆਖਿਆ ਕਿ ਅਸਲ ਵਿਚ ਉਪ ਮੁੱਖ ਮੰਤਰੀ ਦੀ ਦੇਖ ਰੇਖ ਵਿਚ ਹੀ ਸੇਵਾ ਕੇਂਦਰਾਂ ਦਾ ਪ੍ਰੋਜੈਕਟ ਤਿਆਰ ਹੋਇਆ ਹੈ ਅਤੇ ਇੰਜੀਨੀਅਰਿੰਗ ਵਿੰਗ ਨੇ ਹੀ ਅਸਟੀਮੇਟ ਵਗੈਰਾ ਤਿਆਰ ਕੀਤੇ ਹਨ। ਉਨ•ਾਂ ਨੂੰ ਤਾਂ ਇਨ•ਾਂ ਦੇ ਅਸਟੀਮੇਟ ਵਗੈਰਾ ਦੀ ਵੀ ਕੋਈ ਜਾਣਕਾਰੀ ਨਹੀਂ ਹੈ।
                   ਉਹ ਮਾਮਲੇ ਦੀ ਲੋਕ ਨਿਰਮਾਣ ਵਿਭਾਗ ਦੇ ਵਿਜੀਲੈਂਸ ਵਿੰਗ ਤੋਂ ਮੁਢਲੀ ਜਾਂਚ ਕਰਾਉਣਗੇ। ਅਗਰ ਇਸ ਜਾਂਚ ਵਿਚ ਕੋਈ ਗੜਬੜ ਸਾਹਮਣੇ ਆਈ ਤਾਂ ਉਹ ਵਿਜੀਲੈਂਸ ਬਿਊਰੋਂ ਪੰਜਾਬ ਤੋਂ ਪੜਤਾਲ ਕਰਾਉਣ ਦੀ ਸਿਫਾਰਸ਼ ਕਰਨਗੇ। ਉਨ•ਾਂ ਆਖਿਆ ਕਿ ਉਪ ਮੁੱਖ ਮੰਤਰੀ ਤਰਫ਼ੋਂ ਹੀ ਇਨ•ਾਂ ਕੇਂਦਰਾਂ ਦਾ ਡਿਜ਼ਾਇਨ ਵਗੈਰਾ ਤਿਆਰ ਕਰਾਇਆ ਗਿਆ ਹੈ ਅਤੇ ਏਡੀ ਵੱਡੀ ਗੜਬੜ ਹੋਣੀ ਸੰਭਵ ਨਹੀਂ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਉਨ•ਾਂ ਨੇ ਸੇਵਾ ਕੇਂਦਰਾਂ ਵਿਚ ਗੜਬੜ ਹੋਣ ਦੀ ਗੱਲ ਰੁਟੀਨ ਵਿਚ ਹੀ ਕੀਤੀ ਸੀ,ਨਾ ਕਿ ਕਿਸੇ ਨੂੰ ਟਾਰਗੈਟ ਕਰਨ ਵਾਸਤੇ। ਉਨ•ਾਂ ਆਖਿਆ ਕਿ ਜਨਮੇਜਾ ਸਿੰਘ ਸੇਖੋਂ ਦਾ ਇਸ ਮਾਮਲੇ ਵਿਚ ਕੋਈ ਰੋਲ ਨਹੀਂ ਹੈ ਅਤੇ ਇਹ ਗੜਬੜ ਤਾਂ ਅਫ਼ਸਰਸ਼ਾਹੀ ਨੇ ਕੀਤੀ ਹੈ। ਮਲੂਕਾ ਨੇ ਆਖਿਆ ਕਿ ਸੇਖੋਂ ਨੂੰ ਤਾਂ ਇਸ ਦਾ ਪਤਾ ਵੀ ਨਹੀਂ ਹੋਣਾ।
                
                              ਟਹਿਲ ਸੇਵਾ
   ਪਾਕਿਸਤਾਨੀ ਮਹਿੰਗੇ,ਕੇਜਰੀਵਾਲ ਸਸਤਾ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਪਾਕਿਸਤਾਨੀ ਪ੍ਰਾਹੁਣੇ ਕਾਫੀ ਮਹਿੰਗੇ ਪਏ ਹਨ ਜਦੋਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਖਾਤਰਦਾਰੀ ਸਸਤੀ ਪਈ ਹੈ। ਪੰਜਾਬ ਸਰਕਾਰ ਨੇ ਪਾਕਿਸਤਾਨੀ ਮਹਿਮਾਨਾਂ ਤੇ ਦਿਲ ਖੋਲ ਕੇ ਖਰਚ ਕੀਤਾ ਹੈ। ਉਂਜ ਪੰਜਾਬ ਸਰਕਾਰ ਨੂੰ ਲੰਘੇ ਨੌ ਸਾਲਾਂ ਵਿਚ ਸਰਕਾਰੀ ਪ੍ਰਾਹੁਣਿਆਂ (ਸਟੇਟ ਗੈਸਟ) ਦਾ ਸੇਵਾ ਪਾਣੀ ਕਰੀਬ 5.40 ਕਰੋੜ ਰੁਪਏ ਵਿਚ ਪਿਆ ਹੈ। ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਸਾਲ 2007-08 ਤੋਂ ਸਾਲ 2016-17 (ਜੂਨ 2016 ਤੱਕ) ਦੌਰਾਨ 857 ਸਟੇਟ ਗੈਸਟ/ਡੈਲੀਗੇਸ਼ਨ ਪੰਜਾਬ ਵਿਚ ਆਏ। ਪ੍ਰਾਹੁਣਚਾਰੀ ਵਿਭਾਗ ਤੋਂ ਪ੍ਰਾਪਤ ਤਾਜ਼ਾ ਆਰ. ਟੀ.ਆਈ ਦੇ ਵੇਰਵਿਆਂ ਅਨੁਸਾਰ ਇਸ ਮਹਿਕਮੇ ਨੂੰ ਪ੍ਰਤੀ ਸਟੇਟ ਗੈਸਟ/ਡੈਲੀਗੇਸ਼ਨ ਦੀ ਖ਼ਾਤਰਦਾਰੀ ਤੇ ਔਸਤਨ 63056 ਰੁਪਏ ਖਰਚ ਕੀਤੇ ਹਨ। ਗਠਜੋੜ ਸਰਕਾਰ ਦੇ ਪਹਿਲੇ ਕਾਰਜਕਾਲ ਦੇ ਪੰਜ ਵਰਿ•ਆਂ ਦੌਰਾਨ 538 ਸਟੇਟ ਗੈਸਟ ਅਤੇ ਦੂਸਰੇ ਕਾਰਜਕਾਲ ਦੌਰਾਨ 319 ਸਟੇਟ ਗੈਸਟ ਪੁੱਜੇ ਜਿਨ•ਾਂ ਵਾਸਤੇ ਸਰਕਾਰੀ ਖ਼ਜ਼ਾਨੇ ਚੋਂ ਰਹਿਣ ਸਹਿਣ, ਟਰਾਂਸਪੋਰਟ,ਖਾਣ ਪਾਣੀ ਤੇ ਤੋਹਫ਼ਿਆਂ ਤੇ ਖਰਚ ਕੀਤਾ ਗਿਆ ਹੈ। ਸਾਲ 2012-13 ਦੌਰਾਨ ਤਾਂ ਪ੍ਰਤੀ ਸਟੇਟ ਗੈਸਟ ਔਸਤਨ 1.23 ਲੱਖ ਰੁਪਏ ਦਾ ਖਰਚਾ ਆਇਆ।
                       ਸਰਕਾਰੀ ਵੇਰਵਿਆਂ ਅਨੁਸਾਰ ਸਾਲ 2014-15 ਦੌਰਾਨ ਅੰਮ੍ਰਿਤਸਰ ਜ਼ਿਲ•ੇ ਦੇ ਪਿੰਡ ਜਾਤੀ ਉਮਰਾ ਵਿਚ ਜਦੋਂ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਆਏ ਸਨ ਤਾਂ ਉਨ•ਾਂ ਦੀ ਆਓ ਭਗਤ ਤੇ 11.41 ਲੱਖ ਰੁਪਏ ਦਾ ਖਰਚਾ ਕੀਤਾ ਗਿਆ। ਇਵੇਂ ਫਰਵਰੀ 2014 ਵਿਚ ਜਦੋਂ ਸਰਕਾਰ ਨੇ ਖੇਤੀ ਨਿਵੇਸ਼ਕ ਸੰਮੇਲਨ ਕੀਤਾ ਸੀ ਤਾਂ  ਉਦੋਂ ਪਾਕਿਸਤਾਨ ਦੇ ਖੇਤੀ ਮੰਤਰੀ ਡਾ.ਇਜਾਜ ਮੋਨੀਰ ਡੈਲੀਗੇਸ਼ਨ ਸਮੇਤ ਪੁੱਜੇ ਸਨ ਜਿਨ•ਾਂ ਦੀ ਪ੍ਰਾਹੁਣਚਾਰੀ ਤੇ ਸਰਕਾਰ ਨੇ 8.71 ਲੱਖ ਰੁਪਏ ਖਰਚ ਕੀਤੇ,ਉਨ•ਾਂ ਨੂੰ ਤਾਜ ਹੋਟਲ ਵਿਚ ਠਹਿਰਾਇਆ ਗਿਆ ਸੀ। ਇਸ ਤੋਂ ਇਲਾਵਾ ਦਸੰਬਰ 2012 ਵਿਚ ਕਰਾਏ ਵਿਸ਼ਵ ਕਬੱਡੀ ਕੱਪ ਵਿਚ ਪੁੱਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਖ਼ਾਤਰਦਾਰੀ ਵੀ 15 ਲੱਖ ਰੁਪਏ ਵਿਚ ਪਈ ਸੀ। ਪਾਕਿਸਤਾਨੀ ਪੰਜਾਬ ਦੇ ਖੇਤੀ ਮੰਤਰੀ ਡਾ.ਫਾਰੂਖ ਜਾਵੇਦ ਫਰਵਰੀ 2014 ਵਿਚ ਜਦੋਂ ਪੰਜਾਬ ਆਏ ਤਾਂ ਉਨ•ਾਂ ਨੂੰ ਦਿੱਤੇ ਤੋਹਫ਼ਿਆਂ ਤੇ 54,653 ਰੁਪਏ ਖਰਚ ਕੀਤੇ ਗਏ। ਇਸ ਤੋਂ ਬਿਨ•ਾਂ ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਦੀ ਟਹਿਲ ਸੇਵਾ ਵੀ ਖ਼ਜ਼ਾਨੇ ਨੂੰ 14.03 ਲੱਖ ਵਿਚ ਪਈ ਸੀ। ਅਕਤੂਬਰ 2013 ਵਿਚ ਸ੍ਰੀ ਸ੍ਰੀ ਰਵੀ ਸ਼ੰਕਰ ਦੀ ਖ਼ਾਤਰਦਾਰੀ ਤੇ ਵੀ ਸਰਕਾਰ ਨੇ 1.71 ਲੱਖ ਰੁਪਏ ਖਰਚ ਕੀਤੇ ਸਨ।
                      'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਤਿੰਨ ਦਫ਼ਾ ਸਟੇਟ ਗੈਸਟ ਬਣੇ ਹਨ ਜਿਨ•ਾਂ ਤੇ ਖ਼ਾਤਰਦਾਰੀ ਤੇ ਪੰਜਾਬ ਸਰਕਾਰ ਨੇ 2381 ਰੁਪਏ ਖਰਚੇ ਹਨ। ਫਰਵਰੀ 2016 ਵਿਚ ਕੇਜਰੀਵਾਲ ਨੂੰ ਗੁਲਦਸ਼ਤਾ ਭੇਂਟ ਕਰਨ ਤੇ 1300 ਰੁਪਏ ਖਰਚ ਆਏ ਅਤੇ ਮਾਰਚ 2016 ਵਿਚ ਭੇਟ ਕੀਤੇ ਗੁਲਦਸਤੇ ਤੇ 850 ਰੁਪਏ ਖਰਚ ਆਏ। ਸਰਕਟ ਹਾਊਸ ਅੰਮ੍ਰਿਤਸਰ ਵਿਚ 25 ਫਰਵਰੀ ਤੋਂ 29 ਫਰਵਰੀ 2016 ਤੱਕ ਠਹਿਰ ਦੌਰਾਨ ਖਾਣ ਪੀਣ ਆਦਿ ਤੇ 231 ਰੁਪਏ ਖ਼ਜ਼ਾਨੇ ਚੋਂ ਖਰਚੇ ਗਏ।  ਸਰਕਾਰ ਦੇ ਵਜ਼ੀਰ ਅਤੇ ਹੋਰ ਅਧਿਕਾਰੀ ਜਦੋਂ ਵੀ ਪੰਜਾਬ ਵਿਚ ਆਏ ਤਾਂ ਉਹ ਸਰਕਟ ਹਾਊਸ ਹੀ ਠਹਿਰੇ ਜਦੋਂ ਕਿ ਪੰਜਾਬ ਦੇ ਵਜ਼ੀਰ ਅਤੇ ਉਪ ਮੁੱਖ ਮੰਤਰੀ ਆਮ ਤੌਰ ਤੇ ਪੰਜ ਤਾਰਾ ਹੋਟਲਾਂ ਵਿਚ ਠਹਿਰਨ ਨੂੰ ਤਰਜੀਹ ਦਿੰਦੇ ਹਨ। ਦੂਸਰੀ ਤਰਫ਼ ਭਾਰਤ ਦੇ ਰਾਸ਼ਟਰਪਤੀ ਦੇ ਲੜਕੇ ਅਭੀਜੀਤ ਮੁਖਰਜੀ ਦੀ ਜੁਲਾਈ 2014 ਵਿਚ ਪ੍ਰਾਹੁਣਚਾਰੀ ਤੇ ਸਿਰਫ਼ 1518 ਰੁਪਏ ਖਰਚ ਆਏ ਸਨ। ਪੰਜਾਬ ਸਰਕਾਰ ਨੇ ਚੀਫ਼ ਜਸਟਿਸ ਆਫ਼ ਇੰਡੀਆ ਦੇ ਦਸੰਬਰ 2012 ਵਿਚ ਕੀਤੇ ਅੰਮ੍ਰਿਤਸਰ ਦੌਰੇ ਤੇ 16.25 ਲੱਖ ਰੁਪਏ ਖਰਚੇ ਸਨ ਜਿਨ•ਾਂ ਵਿਚ ਮੁੱਖ ਤੌਰ ਤੇ ਵੱਡਾ ਖਰਚਾ ਤੋਹਫ਼ਿਆਂ ਦੀ ਖਰੀਦ ਤੇ ਕੀਤਾ ਗਿਆ।
                       ਦੂਜੇ ਪਾਸੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਫਰਵਰੀ 2013 ਵਿਚ ਪੰਜਾਬ ਦੌਰੇ ਦੌਰਾਨ ਦਿੱਤੇ ਤੋਹਫ਼ਿਆਂ ਤੇ ਸਿਰਫ਼ 9900 ਰੁਪਏ ਖਰਚ ਕਰਨੇ ਪਏ ਸਨ। ਸਟੇਟ ਮਹਿਮਾਨਾਂ ਵਿਚ ਕਾਫ਼ੀ ਡੈਲੀਗੇਸ਼ਨ ਅਤੇ ਜਸਟਿਸ ਆਦਿ ਵੀ ਸ਼ਾਮਲ ਹਨ। ਨਜ਼ਰ ਮਾਰੀਏ ਤਾਂ ਸਾਲ 2008-09 ਵਿਚ ਸਰਕਾਰ ਨੇ ਪ੍ਰਤੀ ਸਟੇਟ ਗੈਸਟ 1.34 ਲੱਖ ਰੁਪਏ ਖਰਚ ਕੀਤੇ ਹਨ ਅਤੇ ਇਸੇ ਤਰ•ਾਂ ਸਾਲ 2011-12 ਵਿਚ ਸਰਕਾਰ ਨੇ ਪ੍ਰਤੀ ਸਟੇਟ ਗੈਸਟ 2.28 ਲੱਖ ਰੁਪਏ ਖਰਚ ਕੀਤੇ ਹਨ। ਸਰਕਾਰੀ ਤੱਥਾਂ ਤੋਂ ਉਭਰਿਆ ਕਿ ਮਹਿਮਾਨਾਂ ਨੂੰ ਸਰਕਾਰ ਮਹਿੰਗੇ ਤੋਹਫ਼ੇ ਦਿੰਦੀ ਹੈ ਅਤੇ ਪੰਜ ਤਾਰਾ ਹੋਟਲਾਂ ਵਿਚ ਪ੍ਰਾਹੁਣਿਆਂ ਨੂੰ ਠਹਿਰਾਇਆ ਜਾਂਦਾ ਹੈ। ਭਾਵੇਂ ਗਠਜੋੜ ਸਰਕਾਰ ਨੇ ਦੂਸਰੇ ਕਾਰਜਕਾਲ ਦੌਰਾਨ ਖਰਚਾ ਕਰਨ ਵਿਚ ਹੱਥ ਘੁੱਟਿਆ ਹੈ ਪ੍ਰੰਤੂ ਚੋਣਾਂ ਵਾਲੇ ਵਰਿ•ਆਂ ਦੌਰਾਨ ਸਰਕਾਰੀ ਪ੍ਰਾਹੁਣਿਆਂ ਤੇ ਖਰਚਾ ਵਧਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਖਹਿਰਾ ਦਾ ਪ੍ਰਤੀਕਰਮ ਸੀ ਕਿ ਸਟੇਟ ਗੈਸਟ ਤੇ ਹੋਣ ਵਾਲੇ ਖਰਚੇ ਸਬੰਧੀ ਨਾਰਮਜ ਤੈਅ ਹੋਣੇ ਚਾਹੀਦੇ ਹਨ। ਪੰਜਾਬ ਵਿਚ ਸਥਿਤੀ ਵਿੱਤੀ ਐਮਰਜੈਂਸੀ ਵਰਗੀ ਬਣੀ ਹੈ ਤਾਂ ਠੀਕ ਏਦਾ ਦੇ ਹਾਲਾਤਾਂ ਮੌਕੇ ਸਰਕਾਰੀ ਮਹਿਮਾਨਾਂ ਤੇ ਖ਼ਜ਼ਾਨਾ ਲੁਟਾਉਣਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ। ਉਨ•ਾਂ ਆਖਿਆ ਕਿ ਸਟੇਟ ਗੈਸਟ ਸਰਕਾਰੀ ਸਰਕਟ ਹਾਊਸ ਵਿਚ ਠਹਿਰਾਏ ਜਾਣੇ ਚਾਹੀਦੇ ਹਨ।

Sunday, October 2, 2016

                               ਬੇਵੱਸ ਮਾਪੇ
           ਧੀਆਂ ਦੇ ਚਾਅ ਮਲਾਰਾਂ ਤੇ ਹੱਲਾ !
                             ਚਰਨਜੀਤ ਭੁੱਲਰ
ਬਠਿੰਡਾ  : ਕੌਮਾਂਤਰੀ ਤਣਾਓ ਨੇ ਸਰਹੱਦੀ ਕਿਸਾਨ ਸੋਹਣ ਸਿੰਘ ਦੀ ਲੜਕੀ ਦੇ ਵਿਆਹ ਦੇ ਚਾਅ ਟੋਟੇ ਕਰ ਦਿੱਤਾ ਹੈ। ਪਿੰਡ ਮੁਹਾਰ ਸੋਨਾ ਦਾ ਕਿਸਾਨ ਸੋਹਣ ਸਿੰਘ ਪਰਿਵਾਰ ਸਮੇਤ ਫਾਜਿਲਕਾ ਦੇ 'ਰਾਹਤ ਕੈਂਪ' ਵਿਚ ਬੈਠਾ ਹੈ ਜਿਸ ਦੀ ਧੀਅ ਦਾ ਵਿਆਹ 7 ਅਕਤੂਬਰ ਨੂੰ ਧਰਿਆ ਹੋਇਆ ਹੈ। ਅਣਕਿਆਸੇ ਤਣਾਓ ਨੇ ਇਸ ਧੀਅ ਦੇ ਸੁਫਨਿਆਂ ਤੇ ਅਚਨਚੇਤੀ ਹਮਲਾ ਬੋਲ ਦਿੱਤਾ ਹੈ। ਸਰਹੱਦੀ ਪਿੰਡਾਂ ਵਿਚ ਇਸ ਤਣਾਓ ਨੇ ਰੰਗ ਵਿਚ ਭੰਗ ਪਾ ਦਿੱਤਾ ਹੈ। ਫਿਰੋਜ਼ਪੁਰ ਦੇ ਪਿੰਡ ਗੱਟੀ ਰੀਮਾ ਦੇ ਬਲਵਿੰਦਰ ਸਿੰਘ ਦੇ ਘਰ ਵਿਆਹ ਰੱਖਿਆ ਹੋਇਆ ਹੈ ਤੇ ਉਪਰੋਂ ਹੁਣ ਪਿੰਡ ਖਾਲੀ ਹੋ ਗਏ ਹਨ। ਇਸ ਘਰੋਂ ਭਲਕੇ ਬਰਾਤ ਚੜਨੀ ਹੈ ਤੇ ਤਣਾਓ ਦੇ ਮਾਹੌਲ ਨੇ ਘਰ ਦੀ ਖੁਸ਼ੀ ਨੂੰ ਉਡਾ ਦਿੱਤਾ ਹੈ। ਫਾਜਿਲਕਾ ਅਤੇ ਫਿਰੋਜ਼ਪੁਰ ਵਿਚ ਦਰਜਨਾਂ ਵਿਆਹ ਸਾਹੇ ਅਤੇ ਮੰਗਣੀ ਦੇ ਪ੍ਰੋਗਰਾਮ ਕੈਂਸਲ ਹੋਏ ਹਨ। ਫਾਜਿਲਕਾ ਦੇ ਪਿੰਡ ਚੂਹੜੀ ਚਿਸ਼ਤੀ ਦੇ ਇਕਬਾਲ ਸਿੰਘ ਦੀ ਲੜਕੀ ਦਾ ਵਿਆਹ ਵੀ 11 ਅਕਤੂਬਰ ਦਾ ਹੈ। ਇਕਬਾਲ ਸਿੰਘ ਦਾ ਕਹਿਣਾ ਸੀ ਕਿ ਇਸ ਤਣਾਓ ਨੇ ਨਵੇਂ ਫਿਕਰ ਖੜ•ੇ ਕਰ ਦਿੱਤੇ ਹਨ ਅਤੇ ਮਾਹੌਲ ਸ਼ਾਂਤ ਹੋਣ ਦੀ ਹੀ ਕਾਮਨਾ ਕਰ ਰਹੇ ਹਨ ਤਾਂ ਜੋ ਲੜਕੀ ਦਾ ਵਿਆਹ ਖੁਸ਼ੀ ਖੁਸ਼ੀ ਨੇਪਰੇ ਚੜ ਸਕੇ। ਫਾਜਿਲਕਾ ਦੇ ਕਰਿਆਣਾ ਸਟੋਰ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿਚ ਦਰਜਨਾਂ ਘਰਾਂ ਵਿਚ ਵਿਆਹ ਸਾਹੇ ਰੱਖੇ ਹੋਏ ਸਨ ਜਿਨ•ਾਂ ਵਿਚ ਉਸ ਵਲੋਂ ਕਰਿਆਣਾ ਸਮਾਨ ਸਪਲਾਈ ਕੀਤਾ ਜਾਣਾ ਸੀ।
                    ਉਨ•ਾਂ ਦੱਸਿਆ ਕਿ ਹੁਣ ਦੁਬਿਧਾ ਬਣੀ ਹੋਈ ਹੈ। ਦੂਸਰੀ ਤਰਫ ਤਣਾਓ ਦੀ ਭੇਟ ਸੋਗ ਸਮਾਗਮ ਵੀ ਚੜੇ ਹਨ। ਪਿੰਡ ਪੱਕੀ ਚਿਸ਼ਤੀ ਵਿਚ ਤਾਰਾ ਸਿੰਘ ਦੀ ਪਤਨੀ ਦਾ ਭੋਗ ਸਮਾਗਮ ਚੱਲ ਰਿਹਾ ਸੀ ਜਦੋਂ ਕਿ ਪਿੰਡ ਖਾਲੀ ਕਰਨ ਦਾ ਸੁਨੇਹਾ ਆ ਗਿਆ। ਪਿੰਡ ਦੇ ਵਸਨੀਕ ਜਗਸੀਰ ਸਿੰਘ ਨੇ ਦੱਸਿਆ ਕਿ ਸੁਨੇਹਾ ਆਉਣ ਮਗਰੋਂ ਹੀ ਪਰਿਵਾਰ ਨੂੰ ਆਪਣੇ ਘਰ ਨੂੰ ਖਾਲੀ ਕਰਨਾ ਪਿਆ। ਇੱਥੋਂ ਲਾਗਲੀ ਇੱਕ ਢਾਣੀ ਵਿਚ ਸਧਾਰਨ ਪਾਠ ਪ੍ਰਕਾਸ਼ ਕਰਾਉਣ ਦਾ ਪ੍ਰੋਗਰਾਮ ਸੀ ਪ੍ਰੰਤੂ ਪਰਿਵਾਰ ਵਾਲਿਆਂ ਨੂੰ ਐਨ ਮੌਕੇ ਤੇ ਪ੍ਰੋਗਰਾਮ ਟਾਲਣੇ ਪਏ। ਇਸ ਤੋਂ ਬਿਨ•ਾਂ ਸਰਹੱਦੀ ਪਿੰਡਾਂ ਦੇ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੇ ਨੌਜਵਾਨ ਵੀ ਦੁਬਿਧਾ ਵਿਚ ਫਸ ਗਏ ਹਨ। ਤਹਿਸੀਲ ਪੱਟੀ ਦੇ ਪਿੰਡ ਗਿਲਪਾਂ ਦੇ ਮਨਪ੍ਰੀਤ ਸਿੰਘ ਦਾ ਵਿਦੇਸ਼ ਚੋਂ ਆਫਰ ਲੈਟਰ ਆ ਚੁੱਕਾ ਹੈ ਅਤੇ ਉਸ ਨੇ ਹੁਣ ਫੰਡ ਭੇਜਣੇ ਸਨ। ਉਨ•ਾਂ ਦਾ ਕਹਿਣਾ ਸੀ ਕਿ ਤਣਾਓ ਕਰਕੇ ਉਹ ਦੁਚਿਤੀ ਵਿਚ ਘਿਰ ਗਿਆ ਹੈ। ਫੰਡ ਭੇਜ ਦਿੱਤੇ ਤਾਂ ਪਿਛੋਂ ਕੋਈ ਆਫਤ ਆ ਪਈ ਤਾਂ ਉਸ ਦੇ ਮਾਪਿਆਂ ਦਾ ਕੀ ਬਣੇਗਾ। ਫਿਰੋਜ਼ਪੁਰ ਦੇ ਧੰਜੂ ਟਰੈਵਲਜ਼ ਦੇ ਮਾਲਕ ਜਗਦੇਵ ਧੰਜੂ ਦਾ ਕਹਿਣਾ ਸੀ ਕਿ ਕਈ ਨੌਜਵਾਨ ਵਿਦੇਸ਼ ਚੋਂ ਆਫਰ ਲੈਟਰ ਮਿਲਣ ਮਗਰੋਂ ਫੰਡ ਟਰਾਂਸਫਰ ਕਰਨ ਵਾਸਤੇ ਹਾਲੇ ਰੁਕ ਗਏ ਹਨ।
                  ਫਿਰੋਜ਼ਪੁਰ ਜ਼ਿਲ•ੇ ਦੇ ਦਰਜਨਾਂ ਗੁਰੂ ਘਰਾਂ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਵੀ ਧਾਰਮਿਕ ਧਿਰਾਂ ਵਲੋਂ ਲਿਆਂਦੇ ਜਾ ਚੁੱਕੇ ਹਨ। ਬਲਾਕ ਸੰਮਤੀ ਫਿਰੋਜ਼ਪੁਰ ਦੇ ਚੇਅਰਮੈਨ ਛਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੇ ਬਲਾਕ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਗੁਰੂ ਘਰਾਂ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਦੇ ਲਿਆਂਦੇ ਜਾ ਚੁੱਕੇ ਹਨ। ਬਾਬਾ ਸਰਬਜੀਤ ਸਿੰਘ ਨੇ ਦੱਸਿਆ ਕਿ ਇਨ•ਾਂ ਨੂੰ ਫਿਰੋਜ਼ਪੁਰ ਸ਼ਹਿਰ ਦੀ ਇੱਕ ਨਵੀਂ ਕੋਠੀ ਵਿਚ ਧਾਰਮਿਕ ਮਰਿਯਾਦਾ ਅਨੁਸਾਰ ਸ਼ੁਸੋਭਿਤ ਕੀਤਾ ਗਿਆ ਹੈ। ਪੇਂਡੂ ਨੌਜਵਾਨ ਕਲੱਬਾਂ ਨੂੰ ਖੇਡ ਟੂਰਨਾਮੈਂਟ ਕੈਂਸਲ ਕਰਨੇ ਪਏ ਹਨ। ਫਾਜਿਲਕਾ ਦੇ ਪਿੰਡ ਅਹਿਲ ਬੋਦਲਾ ਦੇ ਨੌਜਵਾਨ ਕਲੱਬ ਵਲੋਂ ਹਰ ਵਰੇ• ਪਹਿਲੀ ਅਕਤੂਬਰ ਤੋਂ ਟੂਰਨਾਮੈਂਟ ਕਰਾਇਆ ਜਾਂਦਾ ਹੈ। ਕਲੱਬ ਆਗੂ ਰਜਿੰਦਰ ਸਿੰਘ ਨੇ ਦੱਸਿਆ ਕਿ ਸਭ ਤਿਆਰੀ ਹੋ ਗਈ ਸੀ ਪ੍ਰੰਤੂ ਹੁਣ ਪ੍ਰੋਗਰਾਮ ਰੱਦ ਕਰਨਾ ਪਿਆ ਹੈ। ਇਵੇਂ ਪਿੰਡ ਪੱਕਾ ਚਿਸ਼ਤੀ ਵਿਚ ਵੀ ਕ੍ਰਿਕਟ ਟੂਰਨਾਮੈਂਟ ਰੱਖਿਆ ਹੋਇਆ ਸੀ ਜਿਸ ਨੂੰ ਰੱਦ ਕਰਨਾ ਪਿਆ ਹੈ। ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਫਾਜਿਲਕਾ ਸੁਰਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਖਾਲੀ ਕਰਾਏ ਪਿੰਡਾਂ ਦੇ ਬਹੁਤੇ ਲੋਕ ਆਪੋ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਚਲੇ ਗਏ ਹਨ।
                  ਇਵੇਂ ਹੀ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ.ਪੀ.ਨੱਢਾ ਨੇ 2 ਅਕਤੂਬਰ ਨੂੰ ਫਾਜਿਲਕਾ ਵਿਚ ਕੈਂਸਰ ਹਸਪਤਾਲ ਦੇ ਸਮਾਗਮਾਂ ਵਿਚ ਪੁੱਜਣਾ ਸੀ ਪ੍ਰੰਤੂ ਇਹ ਸਮਾਗਮ ਹੁਣ ਰੱਦ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਵੀ ਅੱਜ ਖੇਡ ਕਿੱਟਾਂ ਵੰਡਣ ਦਾ ਸਮਾਗਮ ਵੀ ਰੱਦ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਫਾਜਿਲਕਾ ਤੇ ਫਿਰੋਜ਼ੁਪਰ ਵਿਚ ਅੱਜ ਝੋਨੇ ਦੀ ਆਮਦ ਵੀ ਹੋ ਗਈ ਹੈ। ਅੱਜ ਫਾਜਿਲਕਾ,ਜਲਾਲਾਬਾਦ ਅਤੇ ਅਬੋਹਰ ਵਿਚ ਸਰਕਾਰੀ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦਾ ਝੋਨਾ ਸਰਕਾਰ ਨੇ ਪਹਿਲ ਦੇ ਅਧਾਰ ਤੇ ਖਰੀਦ ਕਰਨ ਦਾ ਫੈਸਲਾ ਕੀਤਾ ਹੈ। ਉਨ•ਾਂ ਦੱਸਿਆ ਕਿ ਅੱਜ ਫਸਲ ਦੀ ਪਹਿਲੀ ਬੋਲੀ ਲਗਾਈ ਗਈ ਹੈ।