Thursday, October 13, 2016

                                       ਕੌਣ ਰੋਕੂ 
              ਠੇਕੇਦਾਰਾਂ ਨੇ ਬਣਾਏ 'ਨਾਈਟ ਗੈਂਗ'
                                  ਚਰਨਜੀਤ ਭੁੱਲਰ
ਬਠਿੰਡਾ : ਸ਼ਰਾਬ ਠੇਕੇਦਾਰਾਂ ਦੇ ਹੁਣ ਗ਼ੈਰਕਨੂੰਨੀ ਤੌਰ ਤੇ 'ਨਾਈਟ ਗੈਂਗ' ਬਣਾ ਲਏ ਹਨ ਜੋ ਪੱਛਮੀ ਪੰਜਾਬ ਵਿਚ ਮੌਤ ਦੇ ਦੂਤ ਬਣ ਗਏ ਹਨ। ਤਾਜ਼ਾ ਨਿਸ਼ਾਨਾ ਮਾਨਸਾ ਦੇ ਪਿੰਡ ਘਰਾਂਗਣਾ ਦੇ ਦਲਿਤ ਨੌਜਵਾਨ ਨੂੰ ਬਣਾਇਆ ਗਿਆ ਹੈ ਬਠਿੰਡਾ, ਮਾਨਸਾ, ਫਰੀਦਕੋਟ ਤੇ ਫਾਜਿਲਕਾ ਵਿਚ ਏਦਾ ਦੇ 'ਨਾਈਟ ਗੈਂਗ' ਚੱਲ ਰਹੇ ਹਨ ਜੋ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਦੇ ਨਾਮ ਹੇਠ ਖੁਦ ਸਿੱਧੀ ਕਾਰਵਾਈ ਕਰਦੇ ਹਨ। ਫਾਜਿਲਕਾ ਕਾਂਡ ਸਮੇਤ ਮਾਲਵੇ ਵਿਚ ਦਰਜਨਾਂ ਦਲਿਤ ਲੋਕ ਇਨ•ਾਂ ਦਾ ਨਿਸ਼ਾਨਾ ਬਣ ਚੁੱਕੇ ਹਨ। ਠੇਕੇਦਾਰਾਂ ਵਲੋਂ ਜੇਲ•ਾਂ ਚੋਂ ਆਏ ਨੌਜਵਾਨਾਂ ਅਤੇ ਬੇਰੁਜ਼ਗਾਰਾਂ ਨੂੰ ਹਾਇਰ ਕਰਕੇ 'ਨਾਈਟ ਗੈਂਗ' ਬਣਾਏ ਹੋਏ ਹਨ ਜੋ ਆਪਣੇ ਤੌਰ ਤੇ ਸਿੱਧਾ ਹਮਲਾ ਕਰਦੇ ਹਨ।ਐਤਕੀਂ ਤਾਂ ਸਰਕਾਰ ਵੀ ਆਪਣੇ ਚਿਹੇਤੇ ਠੇਕੇਦਾਰਾਂ ਦੀ ਮਦਦ ਲਈ ਨਾਜਾਇਜ਼ ਸ਼ਰਾਬ ਦੇ ਧੜਾਧੜ ਪੁਲੀਸ ਕੇਸ ਦਰਜ ਕਰ ਰਹੀ ਹੈ। ਕਰ ਅਤੇ ਆਬਕਾਰੀ ਵਿਭਾਗ ਨੇ ਬਠਿੰਡਾ ਮਾਨਸਾ ਵਿਚ 1 ਅਪਰੈਲ ਤੋਂ 30 ਸਤੰਬਰ 2016 ਤੱਕ ਐਕਸਾਈਜ ਐਕਟ ਤਹਿਤ 520 ਪੁਲੀਸ ਕੇਸ ਦਰਜ ਕਰਾਏ ਹਨ ਜੋ ਹੁਣ ਤੱਕ ਦਾ ਰਿਕਾਰਡ ਹੈ। ਬਠਿੰਡਾ ਵਿਚ ਇਸ ਸਮੇਂ ਦੌਰਾਨ 310 ਕੇਸ ਦਰਜ ਕਰਾਏ ਗਏ ਅਤੇ ਲੰਘੇ ਚਾਰ ਮਹੀਨਿਆਂ ਤੋਂ ਤਾਂ ਔਸਤਨ ਰੋਜ਼ਾਨਾ ਦੋ ਪੁਲੀਸ ਕੇਸ ਦਰਜ ਹੋਏ ਹਨ। ਮਾਨਸਾ ਵਿਚ ਛੇ ਮਹੀਨਿਆਂ ਦੌਰਾਨ ਐਕਸਾਈਜ ਐਕਟ ਤਹਿਤ 210 ਕੇਸ ਦਰਜ ਹੋਏ ਹਨ।
                          ਅਹਿਮ ਸੂਤਰਾਂ ਅਨੁਸਾਰ ਠੇਕੇਦਾਰਾਂ ਦੇ ਇੱਕ 'ਨਾਈਟ ਗੈਂਗ' ਵਿਚ ਦਰਜਨ ਦੇ ਕਰੀਬ ਨੌਜਵਾਨ ਕੰਮ ਕਰਦੇ ਹਨ ਜਿਨ•ਾਂ ਨੂੰ ਬਕਾਇਦਾ ਅਸਲੇ ਸਮੇਤ ਤਿੰਨ ਤਿੰਨ ਚਾਰ ਚਾਰ ਗੱਡੀਆਂ ਦਿੱਤੀਆਂ ਹੋਈਆਂ ਹਨ ਅਤੇ ਰਾਤ ਵਕਤ ਇਹ ਗੈਂਗ ਗ਼ੈਰਕਨੂੰਨੀ ਤੌਰ ਤੇ ਨਾਕੇ ਵੀ ਲਾਉਂਦੇ ਹਨ। ਤਲਵੰਡੀ ਸਾਬੋ ਇਲਾਕੇ ਵਿਚ 'ਨਾਈਟ ਗੈਂਗ' ਵਲੋਂ ਇੱਕ ਵਾਹਨ ਸਵਾਰ ਨੂੰ ਨਾਜਾਇਜ਼ ਸ਼ਰਾਬ ਦੇ ਸ਼ੱਕ ਵਿਚ ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਮਗਰੋਂ ਠੇਕੇਦਾਰਾਂ ਨੇ ਪਰਿਵਾਰ ਨਾਲ ਸਮਝੌਤਾ ਕਰ ਲਿਆ। ਹੁਣ ਘਰਾਂਗਣਾ ਵਿਚ ਦਲਿਤ ਨੌਜਵਾਨ ਨੂੰ ਮਾਰ ਮੁਕਾਇਆ ਹੈ, ਉਨ•ਾਂ ਹਮਲਾਵਰਾਂ ਵਿਚ ਇੱਕ ਸ਼ਰਾਬ ਠੇਕੇਦਾਰ ਦੇ ਠੇਕੇਦਾਰ ਦਾ ਡਰਾਈਵਰ ਵੀ ਹੈ। 'ਨਾਈਟ ਗੈਂਗ' ਰਾਤ ਬਰਾਤੇ ਲੋਕਾਂ ਦੇ ਘਰਾਂ ਵਿਚ ਛਾਪੇਮਾਰੀ ਵੀ ਕਰਦੇ ਹਨ। ਜੋਗਾ ਪੁਲੀਸ ਨੇ 22 ਅਗਸਤ ਨੂੰ ਹੈਪੀ ਠੇਕੇਦਾਰ ਤੇ ਬੰਟੀ ਠੇਕੇਦਾਰ ਤੇ ਕੇਸ ਵੀ ਦਰਜ ਕੀਤਾ ਸੀ ਜਿਨ•ਾਂ ਨੇ ਭਾਈ ਦੇਸਾ ਦੇ ਢਾਬੇ ਤੇ ਕੁਲਵੰਤ ਸਿੰਘ ਤੇ ਹਮਲਾ ਕਰ ਦਿੱਤਾ ਸੀ। ਜ਼ਖਮੀ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਨੂੰ ਠੇਕੇਦਾਰਾਂ ਨੇ ਨਾਜਾਇਜ਼ ਸਰਾਬ ਦੇ ਮਾਮਲੇ ਵਿਚ ਨਿਸ਼ਾਨਾ ਬਣਾਇਆ।
                       ਦੱਸਣਯੋਗ ਹੈ ਕਿ ਦੋ ਕੁ ਮਹੀਨੇ ਪਹਿਲਾਂ ਹੀ 'ਨਾਈਟ ਗੈਂਗ' ਨੇ ਪਿੰਡ ਜਵਾਹਕੇ ਵਿਚ ਇੱਕ ਦਲਿਤ ਨੂੰ ਨਿਸ਼ਾਨਾ ਬਣਾਇਆ ਅਤੇ ਮਗਰੋਂ ਸਮਝੌਤਾ ਹੋਇਆ। ਪਿਛਲੇ ਵਰੇ• ਵੀ ਇਸੇ ਪਿੰਡ ਵਿਚ ਏਦਾ ਦੀ ਵਾਰਦਾਤ ਹੋਈ ਸੀ। ਸ਼ਰਾਬ ਦੇ ਠੇਕੇਦਾਰ ਆਖਦੇ ਹਨ ਕਿ ਉਨ•ਾਂ ਨੇ ਤਾਂ ਆਪਣੇ ਸੂਹੀਏ ਰੱਖੇ ਹੋਏ ਹਨ ਜੋ ਪੁਲੀਸ ਅਤੇ ਐਕਸਾਈਜ ਵਿਭਾਗ ਦੇ ਨੂੰ ਸਿਰਫ਼ ਨਾਜਾਇਜ਼ ਸ਼ਰਾਬ ਦੀ ਸੂਹ ਹੀ ਦਿੰਦੇ ਹਨ। ਉਨ•ਾਂ ਵਲੋਂ ਕਿਤੇ ਵੀ ਕਾਨੂੰਨ ਨੂੰ ਹੱਥ ਵਿਚ ਨਹੀਂ ਲਿਆ ਜਾਂਦਾ ਹੈ। ਜੈਤੋ ਥਾਣੇ ਵਿਚ ਕੁਝ ਹਫਤੇ ਪਹਿਲਾਂ ਇੱਕ ਠੇਕੇਦਾਰ ਤੇ ਇਸੇ ਤਰ•ਾਂ ਦਾ ਕੇਸ ਦਰਜ ਹੋਇਆ ਹੈ। ਗੋਨਿਆਣਾ ਇਲਾਕੇ ਵਿਚ ਤਾਂ 'ਨਾਈਟ ਗੈਂਗ' ਨਾਲ ਪੁਲੀਸ ਦਾ ਹੀ ਮੁਕਾਬਲਾ ਹੋ ਗਿਆ ਸੀ। ਠੇਕੇਦਾਰਾਂ ਵਲੋਂ ਪੁਲੀਸ ਥਾਣੇਦਾਰਾਂ ਨੂੰ ਵੀ ਪ੍ਰਾਈਵੇਟ ਗੱਡੀਆਂ ਦਿੱਤੇ ਜਾਣ ਦਾ ਮਾਮਲਾ ਉਦੋਂ ਉਭਰਿਆ ਸੀ। ਕੋਟਕਪੂਰਾ ਵਿਚ ਵੀ 'ਨਾਈਟ ਗੈਂਗ' ਦੀ ਕਾਰਵਾਈ ਤੋਂ ਰੌਲਾ ਪੈ ਚੁੱਕਾ ਹੈ। ਪੁਲੀਸ ਵੀ  ਇਨ•ਾਂ ਨੂੰ ਹੱਥ ਪਾਉਣ ਤੋਂ ਤ੍ਰਿਭਕਦੀ ਹੈ। ਮਾਨਸਾ ਦੇ ਈ.ਟੀ.ਓ ਪਿਆਰਾ ਸਿੰਘ ਦਾ ਕਹਿਣਾ ਸੀ ਕਿ ਠੇਕੇਦਾਰਾਂ ਦੇ ਆਦਮੀ ਨਾਕਾ ਵਗੈਰਾ ਤਾਂ ਨਹੀਂ ਲਾਉਂਦੇ ਹਨ ਪ੍ਰੰਤੂ ਉਹ ਪੁਲੀਸ ਨੂੰ ਨਾਲ ਲੈ ਕੇ ਰੇਡ ਜਰੂਰ ਕਰਾਉਂਦੇ ਹਨ।
                       ਸੂਤਰ ਦੱਸਦੇ ਹਨ ਕਿ ਵੱਡੇ ਗਰੁੱਪਾਂ ਵਾਲੇ ਜ਼ਿਲਿ•ਆਂ ਵਿਚ ਇਹ 'ਨਾਈਟ ਗੈਂਗ' ਚੱਲ ਰਹੇ ਹਨ। ਬਠਿੰਡਾ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਸਰਾਬ ਠੇਕੇਦਾਰ ਆਪਣੇ ਕੋਲ ਪ੍ਰਾਈਵੇਟ ਆਦਮੀ ਤਾਂ ਰੱਖਦੇ ਹਨ ਪ੍ਰੰਤੂ ਉਨ•ਾਂ ਦੀ ਕੋਈ ਗੈਰਕਾਨੂੰਨੀ ਕਾਰਵਾਈ ਦੀ ਜਾਣਕਾਰੀ ਨਹੀਂ। ਅਗਰ ਕੋਈ ਏਦਾ ਦੇ ਗੈਂਗ ਹਨ ਤਾਂ ਸਰਕਾਰ ਸਖ਼ਤੀ ਨਾਲ ਰੋਕੇਗੀ। ਉਨ•ਾਂ ਘਰਾਂਗਣਾ ਕਾਂਡ ਦੀ ਉਚ ਪੱਧਰੀ ਜਾਂਚ ਹੋਣ ਦੀ ਗੱਲ ਵੀ ਆਖੀ। ਦੂਸਰੀ ਤਰਫ਼ 'ਆਪ' ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣ ਸੀ ਕਿ ਸਰਕਾਰੀ ਸਰਪ੍ਰਸਤੀ ਹੇਠ 'ਨਾਈਟ ਗੈਂਗ' ਸ਼ਰਾਬ ਦੇ ਕਾਰੋਬਾਰ ਦੇ ਵਾਧੇ ਲਈ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਇਹ ਗੈਂਗ ਹੁਣ ਬਹੁਤੀ ਦੇਰ ਨਹੀਂ ਚੱਲਣਗੇ।
                                     ਮਾੜੇ ਅਨਸਰ ਬਖ਼ਸ਼ੇ ਨਹੀਂ ਜਾਣਗੇ : ਆਈ.ਜੀ
ਬਠਿੰਡਾ ਜ਼ੋਨ ਦੇ ਆਈ.ਜੀ ਸ੍ਰੀ ਐਸ.ਕੇ.ਅਸਥਾਨਾ ਦਾ ਕਹਿਣਾ ਸੀ ਕਿ ਉਹ ਠੇਕੇਦਾਰਾਂ ਨੂੰ ਏਦਾ ਦਾ ਮਾਮਲਾ ਧਿਆਨ ਵਿਚ ਆਉਣ ਤੇ ਤਾੜਦੇ ਹਨ। ਜਿਥੇ ਕਿਤੇ ਏਦਾ ਦਾ ਕੋਈ ਮਾਮਲਾ ਨੋਟਿਸ ਵਿਚ ਆਉਂਦਾ ਹੈ ਤਾਂ ਫੌਰੀ ਪੁਲੀਸ ਕਾਰਵਾਈ ਕੀਤੀ ਜਾਂਦੀ ਹੈ। ਉਨ•ਾਂ ਆਖਿਆ ਕਿ ਥੋੜੀ ਬਹੁਤੀ ਗੜਬੜ ਤਾਂ ਇਹ ਲੋਕ ਕਰਦੇ ਹਨ ਪ੍ਰੰਤੂ ਕੋਈ ਵੀ ਗੈਰਕਾਨੂੰਨੀ ਕਾਰਵਾਈ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ।

No comments:

Post a Comment