Saturday, October 29, 2016

                                      ਵਿਸ਼ਵ ਕਬੱਡੀ ਕੱਪ
                    ਐਤਕੀਂ ਪਰਨੀਤੀ ਲਾਏਗੀ ਠੁਮਕੇ
                                       ਚਰਨਜੀਤ ਭੁੱਲਰ
ਬਠਿੰਡਾ  : ਐਤਕੀਂ ਵਿਸ਼ਵ ਕਬੱਡੀ ਕੱਪ 'ਤੇ ਬਾਲੀਵੁੱਡ ਅਦਾਕਾਰਾ ਪਰੀਨੀਤੀ ਚੋਪੜਾ ਦੇ ਜਲਵੇ ਦਿਖਣਗੇ ਅਤੇ ਇਹ ਜਲਵਾ ਖਜ਼ਾਨੇ ਨੂੰ ਲੱਖਾਂ ਵਿਚ ਪਵੇਗਾ। ਚੋਣਾਂ ਕਰਕੇ ਐਤਕੀਂ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਵਿਚ ਰੰਗੀਨੀ ਦਿਖਣ ਨੂੰ ਮਿਲੇਗੀ। ਇਨ•ਾਂ ਸਮਾਰੋਹਾਂ ਤੇ ਸਰਕਾਰ ਸਵਾ ਚਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਮੁੰਬਈ ਦੀ ਫੈਰਿਸਵੀਲ ਕੰਪਨੀ ਇਨ•ਾਂ ਸਮਾਰੋਹਾਂ ਦੇ ਇੰਤਜ਼ਾਮ ਕਰੇਗੀ। ਖੇਡ ਵਿਭਾਗ ਪੰਜਾਬ ਨੇ ਇਸ ਕੰਪਨੀ ਨੂੰ ਕੰਮ ਅਲਾਟ ਕਰ ਦਿੱਤਾ ਹੈ ਅਤੇ 3 ਨਵੰਬਰ ਨੂੰ ਛੇਵੇਂ ਵਿਸ਼ਵ ਕਬੱਡੀ ਕੱਪ ਦਾ ਰੋਪੜ ਵਿਚ ਉਦਘਾਟਨ ਹੋਵੇਗਾ। ਬਾਲੀਵੁੱਡ ਸਟਾਰ ਪ੍ਰਿਅੰਕਾ ਚੋਪੜਾ ਨੇ ਚੌਥੇ ਵਿਸ਼ਵ ਕਬੱਡੀ ਕੱਪ ਮੌਕੇ ਬਠਿੰਡਾ ਵਿਚ 12 ਮਿੰਟ ਦੀ ਪੇਸ਼ਕਾਰੀ ਕੀਤੀ ਸੀ ਅਤੇ ਐਤਕੀਂ ਪ੍ਰਿਅੰਕਾ ਚੋਪੜਾ ਦੀ ਭੈਣ ਪ੍ਰਨੀਤੀ ਚੋਪੜਾ ਆਪਣੇ ਰੰਗ ਦਿਖਾਏਗੀ। ਵੇਰਵਿਆਂ ਅਨੁਸਾਰ ਉਦਘਾਟਨੀ ਸਮਾਰੋਹਾਂ ਵਿਚ ਨਵੀਂ ਤਕਨਾਲੋਜੀ ਦੇ ਰੰਗ ਵੀ ਦਿਖਣਗੇ। ਕਰੀਬ 30 ਹਜ਼ਾਰ ਦਰਸ਼ਕਾਂ ਨੂੰ ਰਿਸਟ ਬੈਂਡ ਦਿੱਤੇ ਜਾਣਗੇ। ਕੰਟਰੋਲ ਰੂਮ ਚੋਂ ਸਵਿੱਚ ਆਨ ਹੋਣ ਤੇ ਪੂਰੀ ਦਰਸ਼ਕ ਗੈਲਰੀ ਲਾਈਟਿੰਗ ਨਾਲ ਭਰ ਜਾਵੇਗੀ ਅਤੇ ਰਿਸਟ ਬੈਂਡ ਚਮਕ ਛੱਡਣਗੇ।
                  ਇਵੇਂ ਹੀ ਉਦਘਾਟਨੀ ਸਮਾਰੋਹਾਂ ਵਿਚ ਡਰੋਨ (ਉੱਡਣ ਵਾਲੇ ਮਿੰਨੀ ਜਹਾਜ਼) ਵੀ ਸਟੇਡੀਅਮ ਵਿਚ ਆਪਣਾ ਜਲਵਾ ਦਿਖਾਉਣਗੇ। ਇਨ•ਾਂ ਸਮਾਰੋਹਾਂ ਦੀ ਐਂਕਰਿੰਗ ਅਰਜਨ ਬਾਜਵਾ ਕਰਨਗੇ। ਉਦਘਾਟਨੀ ਸਮਾਰੋਹਾਂ ਵਿਚ ਗਾਇਕ ਗਿੱਪੀ ਗਰੇਵਾਲ,ਜਸਪਿੰਦਰ ਨਰੂਲਾ,ਨੂਰਾ ਸਿਸਟਰਜ਼ ਤੋਂ ਇਲਾਵਾ ਕਾਮੇਡੀ ਕਲਾਕਾਰ ਭਾਰਤੀ ਪੁੱਜ ਰਹੀ ਹੈ। ਸਮਾਪਤੀ ਸਮਾਰੋਹ ਉਪ ਮੁੱਖ ਮੰਤਰੀ ਦੇ ਹਲਕਾ ਜਲਾਲਾਬਾਦ ਵਿਚ ਹੋਣਗੇ। ਸਮਾਪਤੀ ਸਮਾਰੋਹਾਂ ਮੌਕੇ ਗਾਇਕ ਸੈਰੀ ਮਾਨ ਅਤੇ ਗਾਇਕਾ ਮਿਸ ਪੂਜਾ ਤੋਂ ਇਲਾਵਾ ਹਰਸ਼ਦੀਪ ਕੌਰ ਦੀ ਪੇਸ਼ਕਾਰੀ ਹੋਵੇਗੀ ਅਤੇ ਸਤਿੰਦਰ ਸੱਤੀ ਐਂਕਰਿੰਗ ਕਰੇਗੀ। ਫੈਰਿਸਵੀਲ ਕੰਪਨੀ ਦੀ ਐਮ.ਡੀ ਸ਼ੁਭਰਾ ਭਾਰਦਵਾਜ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਉਦਘਾਟਨੀ ਸਮਾਰੋਹਾਂ ਵਿਚ ਪ੍ਰਨੀਤੀ ਚੋਪੜਾ ਇੱਕ ਘੰਟੇ ਦੀ ਪੇਸ਼ਕਾਰੀ ਕਰੇਗੀ ਅਤੇ ਇਨ•ਾਂ ਸਮਾਰੋਹਾਂ ਵਿਚ ਨਵੀਂ ਤਕਨਾਲੋਜੀ ਦਾ ਕਮਾਲ ਵੀ ਵੇਖਣ ਨੂੰ ਮਿਲੇਗਾ ਜੋ ਭਾਰਤ ਵਿਚ ਪਹਿਲੀ ਦਫ਼ਾ ਹੋਵੇਗਾ। ਉਨ•ਾਂ ਦੱਸਿਆ ਕਿ ਐਤਕੀਂ ਸਮਾਰੋਹਾਂ ਵਿਚ ਕਾਫ਼ੀ ਕੁਝ ਨਵਾਂ ਵੇਖਣ ਨੂੰ ਮਿਲੇਗਾ।
                  ਦੱਸਣਯੋਗ ਹੈ ਕਿ ਕਈ ਵਰਿ•ਆਂ ਤੋਂ ਵਿਸ਼ਵ ਕਬੱਡੀ ਕੱਪ ਦੇ ਸਮਾਰੋਹਾਂ ਦਾ ਪ੍ਰਬੰਧ ਫੈਰਿਸਵੀਲ ਕੰਪਨੀ ਹੀ ਕਰ ਰਹੀ ਹੈ। ਪਿਛਲੇ ਵਰੇ• ਸਾਲ 2015 ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਕਰਕੇ ਕਬੱਡੀ ਕੱਪ ਮੁਲਤਵੀ ਕਰ ਦਿੱਤਾ ਗਿਆ ਸੀ। ਪਿਛਲੇ ਵਿਸ਼ਵ ਕਬੱਡੀ ਕੱਪਾਂ ਵਿਚ ਬਾਲੀਵੁੱਡ ਸਟਾਰ ਸਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਵੀ ਸ਼ਮੂਲੀਅਤ ਕਰ ਚੁੱਕੇ ਹਨ। ਐਤਕੀਂ ਚੋਣਾਂ ਨੇੜੇ ਹਨ ਜਿਸ ਕਰਕੇ ਸਰਕਾਰ ਨੌਜਵਾਨਾਂ ਨੂੰ ਖੁਸ਼ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਸਟੇਡੀਅਮਾਂ ਵਿਚ ਵੱਧ ਤੋਂ ਵੱਧ ਭੀੜ ਜੁਟਾਉਣ ਲਈ ਪਿੰਡਾਂ ਚੋਂ ਲੋਕਾਂ ਨੂੰ ਬੱਸਾਂ ਤੇ ਲਿਆਉਣ ਦੀ ਯੋਜਨਾ ਬਣੀ ਹੈ। ਇਹ ਕਬੱਡੀ ਕੱਪ ਪੰਜਾਬ ਦੇ 14 ਸ਼ਹਿਰਾਂ ਵਿਚ ਹੋਵੇਗਾ ਅਤੇ 17 ਨਵੰਬਰ ਨੂੰ ਸਮਾਪਤੀ ਹੋਵੇਗੀ। ਖਿਡਾਰੀਆਂ ਲਈ ਇਨਾਮੀ ਰਾਸ਼ੀ 7 ਕਰੋੜ ਰੁਪਏ ਰੱਖੀ ਗਈ ਹੈ। ਇਸ ਕਬੱਡੀ ਕੱਪ ਦਾ ਬਜਟ ਕਰੀਬ 19 ਕਰੋੜ ਰੁਪਏ ਹੋਵੇਗਾ। ਵਿਸ਼ੇਸ਼ ਗੱਲ ਇਹ ਹੋਵੇਗੀ ਕਿ ਐਤਕੀਂ ਪਾਕਿਸਤਾਨੀ ਟੀਮ ਕਬੱਡੀ ਕੱਪ ਵਿਚ ਨਹੀਂ ਦਿਖੇਗੀ ਜਦੋਂ ਕਿ ਸ੍ਰੀ ਲੰਕਾ ਦੀ ਕਬੱਡੀ ਟੀਮ ਪਹਿਲੀ ਦਫਾ ਕਬੱਡੀ ਕੱਪ ਵਿਚ ਸ਼ਮੂਲੀਅਤ ਕਰੇਗੀ।

No comments:

Post a Comment