Monday, December 30, 2019

                           ਬਿਜਲੀ ਸਮਝੌਤੇ       
          ਪੰਜਾਬ ਅੱਗੇ ਛਾਏਗਾ ਹਨੇਰਾ
                             ਚਰਨਜੀਤ ਭੁੱਲਰ
ਬਠਿੰਡਾ : ਬਿਜਲੀ ਸਮਝੌਤੇ ਪੰਜਾਬ ਦੇ ਲੋਕਾਂ ਨੂੰ ਹਰ ਵਰੇ੍ਹ ਝਟਕਾ ਦੇਣਗੇ। ਗੱਠਜੋੜ ਸਰਕਾਰ ਵਾਲੇ ਬਿਜਲੀ ਸਮਝੌਤੇ ਕਰਕੇ ਤੁਰ ਗਏ ਹਨ। ਭੁਗਤਣਾ ਹੁਣ ਪੰਜਾਬ ਦੇ ਲੋਕਾਂ ਨੂੰ ਪੈ ਰਿਹਾ ਹੈ। ਬਿਜਲੀ ਸਮਝੌਤੇ ਵੀਹ ਸਾਲ ਚੱਲਣੇ ਹਨ। ਬਿਜਲੀ ਏਨੀ ਮਹਿੰਗੀ ਹੋਏਗੀ ਕਿ ਪੰਜਾਬ ਬੌਂਦਲ ਜਾਏਗਾ। ਗੱਠਜੋੜ ਸਰਕਾਰ ਨੇ ਹੱਥੋਂ ਹੱਥ ਪ੍ਰਾਈਵੇਟ ਥਰਮਲਾਂ ਨਾਲ ਬਿਜਲੀ ਸਮਝੌਤੇ ਕੀਤੇ। ਵੱਡੀ ਸਮਰੱਥਾ ਵਾਲੇ ਥਰਮਲ ਲਾ ਲਏ। ਉਪਰੋਂ ਸਮਝੌਤੇ 25-25 ਸਾਲਾਂ ਲਈ ਕਰ ਲਏ। ਪਾਵਰਕੌਮ ਏਡੇ ਬੋਝ ਨੂੰ ਲੰਮਾ ਸਮਾਂ ਚੁੱਕ ਨਹੀਂ ਸਕੇਗਾ। ਗਠਜੋੜ ਹਕੂਮਤ ਨੇ ਜੋ ਪ੍ਰਾਈਵੇਟ ਥਰਮਲਾਂ ਦੇ ਅਨੁਕੂਲ ਸਮਝੌਤੇ ਕੀਤੇ। ਕੈਪਟਨ ਸਰਕਾਰ ਵੀ ਉਨ੍ਹਾਂ ਨੂੰ ਰੀਵਿਊ ਕਰਨ ਤੋਂ ਭੱਜ ਗਈ ਹੈ। ਬਿਜਲੀ ਬਿੱਲਾਂ ’ਚ ਹੁਣੇ ਜੋ ਵਾਧਾ ਹੋਇਆ, ਉਹ ਕੇਵਲ ਸ਼ੁਰੂਆਤ ਹੈ। ਅੱਗੇ ਕੀ ਹੋਵੇਗਾ, ਪਾਵਰਕੌਮ ਵੀ ਸੰਕਟ ਵਿਚ ਹੈ। ਪੰਜਾਬੀ ਟ੍ਰਿਬਿਊਨ ਨੂੰ ਜੋ ਵੇਰਵੇ ਹਾਸਲ ਹੋਏ ਹਨ, ਸੱਚਮੁੱਚ ਹੈਰਾਨ ਕਰਨ ਵਾਲੇ ਹਨ। ਗੱਠਜੋੜ ਸਰਕਾਰ ਸਮੇਂ ਤਲਵੰਡੀ ਸਾਬੋ ਪਾਵਰ ਪੋ੍ਰੋਜੈਕਟ (1980 ਮੈਗਾਵਾਟ) ਲੱਗਾ ਜੋ ਨਵੰਬਰ 2013 ਤੋਂ ਚਾਲੂ ਹੋਇਆ। ਰਾਜਪੁਰਾ ਥਰਮਲ ਪਾਵਰ ਪਲਾਂਟ (1400 ਮੈਗਾਵਾਟ) ਫਰਵਰੀ 2014 ਤੋਂ ਚੱਲਿਆ ਅਤੇ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਪਾਵਰ ਪ੍ਰੋਜੈਕਟ ਫਰਵਰੀ 2016 ਤੋਂ ਚਾਲੂ ਹੋਇਆ। ਬਿਜਲੀ ਸਮਝੌਤੇ ਜੋ ਇਨ੍ਹਾਂ ਫਰਮਾਂ ਨਾਲ ਹੋਏ, ਉਹ ਪੰਜਾਬ ਪੱਖੀ ਜਾਪਦੇ ਨਹੀਂ।
                ਪਾਵਰਕੌਮ ਨੂੰ ਜੋ ਬਾਹਰੋ ਬਿਜਲੀ ਸਸਤੀ ਮਿਲਦੀ ਹੈ, ਉਹ ਇਨ੍ਹਾਂ ਥਰਮਲਾਂ ਤੋਂ ਮਹਿੰਗੀ ਮਿਲ ਰਹੀ ਹੈ। ਬਿਜਲੀ ਸਮਝੌਤੇ ਤਹਿਤ ਪੂਰਾ ਵਰ੍ਹਾ ਬਿਜਲੀ ਖਰੀਦਣ ਲਈ ਪਾਵਰਕੌਮ ਪਾਬੰਦ ਹੈ। ਜਦੋਂ ਬਿਜਲੀ ਦੀ ਮੰਗ ਨਹੀਂ ਰਹੇਗੀ, ਉਦੋਂ ਵੀ ਪਾਵਰਕੌਮ ਪ੍ਰਾਈਵੇਟ ਥਰਮਲਾਂ ਨੂੰ ਖੜ੍ਹੇ ਹੋਣ ਦੀ ਸੂਰਤ ’ਚ ਵੀ ਪੈਸਾ ਤਾਰੇਗਾ। ਮਤਲਬ ਕਿ ਬਿਨਾਂ ਬਿਜਲੀ ਵਰਤੋਂ ਦੇ ਪੈਸਾ ਤਾਰੇਗਾ। ਪਾਵਰਕੌਮ ਮਾਲੀ ਵਰ੍ਹਾ 2013-14 ਤੋਂ ਨਵੰਬਰ 2019 ਤੱਕ ਪ੍ਰਾਈਵੇਟ ਥਰਮਲਾਂ ਤੋਂ 42,152 ਕਰੋੜ ਦੀ ਬਿਜਲੀ ਖਰੀਦ ਚੁੱਕਾ ਹੈ ਜਦੋਂ ਕਿ ਪਾਵਰਕੌਮ ਦੇ ਆਪਣੇ ਥਰਮਲਾਂ ਦੇ ਸਾਰੇ ਯੂਨਿਟ ਬੰਦ ਪਏ ਹਨ। ਪਾਵਰਕੌਮ ਨੇ ਇਨ੍ਹਾਂ ਪ੍ਰਾਈਵੇਟ ਥਰਮਲਾਂ ਨੂੰ 4183 ਕਰੋੜ ਰੁਪਏ ਬਿਨਾਂ ਬਿਜਲੀ ਲਏ ਵੀ ਖੜ੍ਹੇ ਥਰਮਲਾਂ ਦੇ ਤਾਰੇ ਹਨ।ਤੱਥ ਸਪੱਸ਼ਟ ਹਨ ਕਿ ਰਾਜਪੁਰਾ ਥਰਮਲ ਨੂੰ ਬਿਨਾਂ ਬਿਜਲੀ ਲਏ ਉਕਤ ਸਮੇਂ ਦੌਰਾਨ 1604 ਕਰੋੜ, ਤਲਵੰਡੀ ਸਾਬੋ ਥਰਮਲ ਪਲਾਂਟ ਨੂੰ 1968 ਕਰੋੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ 611 ਕਰੋੜ ਰੁਪਏ ਦਿੱਤੇ ਹਨ। ਸਮਝੌਤੇ ਪੰਜਾਬ ਪੱਖੀ ਹੁੰਦੇ ਤਾਂ ਇਹ 4183 ਕਰੋੜ ਬਚਾਏ ਜਾ ਸਕਦੇ ਹਨ ਜੋ ਕਿ ਪ੍ਰਾਈਵੇਟ ਕੰਪਨੀਆਂ ਦੀ ਝੋਲੀ ਪਏ ਹਨ। ਆਖਰ ਇਹ ਪੈਸਾ ਪੰਜਾਬ ਦੇ ਲੋਕਾਂ ਦੀ ਜੇਬ ਚੋ ਗਿਆ ਹੈ। ਚਾਲੂ ਮਾਲੀ ਵਰੇ੍ਹ ਦੌਰਾਨ ਪਾਵਰਕੌਮ ਇਨ੍ਹਾਂ ਥਰਮਲਾਂ ਤੋਂ 6512 ਕਰੋੜ ਦੀ ਬਿਜਲੀ ਖਰੀਦ ਚੁੱਕਾ ਹੈ ਜਿਸ ਚੋਂ 832 ਕਰੋੜ ਰੁਪਏ ਬਿਨਾਂ ਬਿਜਲੀ ਲਏ ਤਾਰੇ ਗਏ ਹਨ। ਪ੍ਰਾਈਵੇਟ ਥਰਮਲਾਂ ਨੂੰ ਮੌਜਾਂ ਹੀ ਮੌਜਾਂ ਹਨ।
               ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਵੀਕਾਰ ਕਰਦੇ ਹਨ ਕਿ ਬਿਜਲੀ ਸਮਝੌਤਿਆਂ ’ਤੇ ਕਾਂਗਰਸ ਸਰਕਾਰ ਨੇ ਗੌਰ ਨਹੀਂ ਕੀਤੀ। ਖਪਤਕਾਰਾਂ ਨੂੰ ਮਾਰੂ ਸਾਬਿਤ ਹੋ ਰਹੇ ਹਨ। ਨਜ਼ਰ ਮਾਰੀਏ ਤਾਂ ਹਰਿਆਣਾ ਸਰਕਾਰ ਨੇ ਪ੍ਰਾਈਵੇਟ ਥਰਮਲ ਲੱਗਣ ਹੀ ਨਹੀਂ ਦਿੱਤਾ। ਗੁਜਰਾਤ ਸਰਕਾਰ ਨੇ ਜੋ ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਕੀਤੇ ਹਨ, ਉਸ ’ਚ ਸਪੱਸ਼ਟ ਹੈ ਕਿ ਜਦੋਂ ਲੋੜ ਹੋਵੇਗੀ, ਗੁਜਰਾਤ ਸਰਕਾਰ ਬਿਜਲੀ ਖਰੀਦ ਕਰੇਗੀ। ਗੇਂਦ ਗੁਜਰਾਤ ਦੇ ਪਾਲੇ ਵਿਚ ਹੈ। ਸੌਖਾ ਸਮਝੀਏ ਤਾਂ ਜਦੋਂ ਥਰਮਲ ਬੰਦ ਵੀ ਹੁੰਦੇ ਹਨ, ਉਦੋਂ ਵੀ ਪਾਵਰਕੌਮ ਇਨ੍ਹਾਂ ਥਰਮਲਾਂ ਨੂੰ ਪ੍ਰਤੀ ਦਿਨ ਅੌਸਤਨ 1.72 ਕਰੋੜ ਦਿੰਦੀ ਹੈ ਅਤੇ ਪ੍ਰਤੀ ਮਹੀਨਾ ਅੌਸਤਨ 53.32 ਕਰੋੜ ਰੁਪਏ ਦਿੰਦੀ ਹੈ। ਇਵੇਂ ਹੀ ਪਾਵਰਕੌਮ ਪ੍ਰਤੀ ਦਿਨ ਅੌਸਤਨ ਇਨ੍ਹਾਂ ਥਰਮਲਾਂ ਤੋਂ 17.31 ਕਰੋੜ ਦੀ ਬਿਜਲੀ ਖਰੀਦ ਰਹੀ ਹੈ ਜੋ ਕਿ ਪ੍ਰਤੀ ਮਹੀਨਾ ਅੌਸਤਨ 536 ਕਰੋੜ ਰੁਪਏ ਦੀ ਬਣਦੀ ਹੈ।ਪਾਵਰਕੌਮ ਨੂੰ ਇਨ੍ਹਾਂ ਥਰਮਲਾਂ ਤੋਂ ਬਿਜਲੀ ਮਹਿੰਗੀ ਮਿਲਦੀ ਹੈ। ਚਾਲੂ ਮਾਲੀ ਵਰੇ੍ਹ ’ਤੇ ਨਜ਼ਰ ਮਾਰੀਏ ਤਾਂ ਪਾਵਰਕੌਮ ਨੂੰ ਬਾਹਰੋ ਬਿਜਲੀ 4.50 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ ਜਦੋਂ ਕਿ ਗੋਇੰਦਵਾਲ ਥਰਮਲ ਤੋਂ ਇਹੋ ਬਿਜਲੀ ਪ੍ਰਤੀ ਯੂਨਿਟ 9.37 ਰੁਪਏ ਮਿਲ ਰਹੀ ਹੈ। ਇਵੇਂ ਤਲਵੰਡੀ ਸਾਬੋ ਥਰਮਲ ਤੋਂ ਪ੍ਰਤੀ ਯੂਨਿਟ 5.04 ਰੁਪਏ ਮਿਲ ਰਹੀ ਹੈ।
              ਲੰਘੇ ਮਾਲੀ ਸਾਲ ਦੌਰਾਨ ਪਾਵਰਕੌਮ ਨੂੰ ਬਾਹਰੋ ਬਿਜਲੀ 4.31 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ ਜਦੋਂ ਕਿ ਗੋਇੰਦਵਾਲ ਥਰਮਲ ਤੋਂ 6.63 ਰੁਪਏ ਪ੍ਰਤੀ ਯੂਨਿਟ, ਤਲਵੰਡੀ ਥਰਮਲ ਤੋਂ 4.99 ਰੁਪਏ ਅਤੇ ਰਾਜਪੁਰਾ ਥਰਮਲ ਤੋਂ 4.67 ਰੁਪਏ ਪ੍ਰਤੀ ਯੂਨਿਟ ਮਿਲੀ।ਪਾਵਰਕੌਮ ਦੇ ਆਪਣੇ ਥਰਮਲ ਚੱਲਣ ਤਾਂ ਬਿਜਲੀ ਹੋਰ ਸਸਤੀ ਪਵੇ। ਕੈਪਟਨ ਸਰਕਾਰ ਨੇ ਬਠਿੰਡਾ ਥਰਮਲ ਨੂੰ ਤਾਂ ਪੱਕੇ ਤੌਰ ’ਤੇ ਬੰਦ ਹੀ ਕਰ ਦਿੱਤਾ ਹੈ। ਮੋਟੇ ਅੰਦਾਜੇ ਅਨੁਸਾਰ ਪੰਜਾਬ ’ਚ ਗਰਮੀਆਂ ’ਚ ਵੱਧ ਤੋਂ ਵੱਧ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਅਤੇ ਸਰਦੀਆਂ ਵਿਚ ਪੰਜ ਤੋਂ ਛੇ ਹਜ਼ਾਰ ਮੈਗਾਵਾਟ ਰਹਿ ਜਾਂਦੀ ਹੈ। ਤਿੰਨ ਮਹੀਨੇ ਜਿਆਦਾ ਮੰਗ ਰਹਿੰਦੀ ਹੈ ਜਦੋਂ ਕਿ ਬਿਜਲੀ ਸਮਝੌਤੇ ਪੂਰੇ ਸਾਲ ਲਈ ਹੋਏ ਹਨ। ਸੁਪਰੀਮ ਕੋਰਟ ਤਰਫੋਂ ਜੋ ਪ੍ਰਾਈਵੇਟ ਥਰਮਲਾਂ ਦੇ ਪੱਖ ’ਚ ਫੈਸਲਾ ਆਇਆ ਹੈ, ਉਸ ਮੁਤਾਬਿਕ ਪਾਵਰਕੌਮ ਹੁਣ ਤੱਕ 1815 ਕਰੋੜ ਰੁਪਏ ਦੋ ਥਰਮਲਾਂ ਨੂੰ ਤਾਰ ਚੁੱਕਾ ਹੈ ਜਦੋਂ ਕਿ 1320 ਕਰੋੜ ਰੁਪਏ ਹੋਰ ਦੇਣ ਪੈਣਗੇ।ਨਵੇਂ ਫੈਸਲੇ ਦਾ ਅਸਰ ਆਉਂਦੇ ਵਰ੍ਹਿਆਂ ਵਿਚ ਵੀ ਪਵੇਗਾ। ਪਾਵਰਕੌਮ ਨੂੰ ਹਰ ਵਰੇ੍ਹ 450 ਕਰੋੜ ਰੁਪਏ ਪ੍ਰਾਈਵੇਟ ਥਰਮਲਾਂ ਨੂੰ ਕੋਲਾ ਧੁਲਾਈ ਤੇ ਟਰਾਂਸਪੋਰਟ ਦੇ ਦੇਣੇ ਪੈਣਗੇ। ਹਰ ਵਰੇ੍ਹ ਇਸ ’ਚ ਪੰਜ ਫੀਸਦੀ ਵਾਧਾ ਹੁੰਦਾ ਰਹੇਗਾ। ਪੂਰੇ ਵੀਹ ਸਾਲ ਏਦਾਂ ਹੀ ਚੱਲਦਾ ਰਹੇਗਾ।
               ਦੋ ਫੈਸਲੇ ਹਾਲੇ ਪੈਂਡਿੰਗ ਪਏ, ਉਨ੍ਹਾਂ ’ਚ ਪ੍ਰਾਈਵੇਟ ਥਰਮਲ ਜਿੱਤੇ ਤਾਂ ਪਾਵਰਕੌਮ ਨੂੰ ਪ੍ਰਤੀ ਯੂਨਿਟ 50 ਪੈਸਾ ਹੋਰ ਝੱਲਣੇ ਪੈਣਗੇ। ਅਸਲ ’ਚ ਪੰਜਾਬ ਦੇ ਲੋਕ ਇਹ ਸਾਰਾ ਬੋਝ ਚੱਲਣਗੇ। ਇਸ ਤੋਂ ਬਿਨਾਂ ਕੈਪਟਨ ਸਰਕਾਰ ਨੇ ਬਿਜਲੀ ’ਤੇ 20 ਫੀਸਦੀ ਟੈਕਸ ਲਾਏ ਹੋਏ ਹਨ ਪ੍ਰੰਤੂ ਇਸ ਦੇ ਬਾਵਜੂਦ ਸਰਕਾਰ ਸਬਸਿਡੀ ਦੀ ਰਾਸ਼ੀ ਪਾਵਰਕੌਮ ਨੂੰ ਦੇਣੋਂ ਖੁੰਂਝ ਰਹੀ ਹੈ। ਕਰੀਬ 4300 ਕਰੋੋੜ ਦੀ ਸਬਸਿਡੀ ਹਾਲੇ ਬਕਾਇਆ ਖੜ੍ਹੀ ਹੈ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਹਰ ਵਰੇ੍ਹ 1100 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਕਰੀਬ 100 ਵੱਡੇ ਸਨਅਤਕਾਰਾਂ ਨੂੰ ਹਰ ਵਰੇ੍ਹ 500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ’ਤੇ ਦੇ ਰਹੀ ਹੈ।ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦਾ ਕਹਿਣਾ ਸੀ ਕਿ ਬਿਜਲੀ ਸਮਝੌਤੇ ਪੁਰਾਣੇ ਸਮੇਂ ਦੇ ਹੋਏ ਹਨ ਜਿਨ੍ਹਾਂ ਦੇ ਖ਼ਜ਼ਾਨੇ ’ਤੇ ਪੈਣ ਵਾਲੇ ਮਾਲੀ ਅਸਰਾਂ ਨੂੰ ਘਟਾਉਣ ਲਈ ਕਦਮ ਉਠਾਏ ਜਾ ਰਹੇ ਹਨ। ਕਾਨੂੰਨੀ ਮਾਹਿਰਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ ਤਾਂ ਜੋ ਸਮਝੌਤਿਆਂ ਦੇ ਮਾਲੀ ਪ੍ਰਭਾਵ ਨੂੰ ਕੰਟਰੋਲ ’ਚ ਕੀਤਾ ਜਾ ਸਕੇ।
                               ਬਠਿੰਡਾ ਥਰਮਲ ਪਰਾਲੀ ’ਤੇ ਨਹੀਂ ਚੱਲੇਗਾ ?
ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਨੂੰ ਪਰਾਲੀ ’ਤੇ ਚਲਾਉਣ ਦੀ ਯੋਜਨਾ ਤਿਆਗ ਦਿੱਤੀ ਹੈ ਜੋ ਇੱਕ ਵੱਡਾ ਝਟਕਾ ਹੈ। ਪਾਵਰਕੌਮ ਨੇ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ’ਤੇ ਚਲਾਉਣ ਦੀ ਤਜਵੀਜ਼ ਭੇਜੀ ਸੀ। ਉੱਚ ਪੱਧਰੀ ਮੀਟਿੰਗ ਵਿਚ ਥਰਮਲ ਨੂੰ ਪਰਾਲੀ ’ਤੇ ਚਲਾਏ ਜਾਣ ਦੀ ਥਾਂ ਬਠਿੰਡਾ ਥਰਮਲ ਦੀ 1799 ਏਕੜ ਜ਼ਮੀਨ ’ਤੇ ਸਨਅਤੀ ਅਤੇ ਬਿਜਨਿਸ਼ ਪਾਰਕ ਬਣਾਏ ਜਾਣ ਦੀ ਸੰਭਾਵਨਾ ਤਲਾਸ਼ੇ ਜਾਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਗੱਲ ਨਾ ਬਣੀ ਤਾਂ ਸਰਕਾਰ ਇਸ ਜ਼ਮੀਨ ਨੂੰ ਵੇਚਣ ਦੇ ਰਾਹ ਪਵੇਗੀ।
 



Sunday, December 29, 2019

                          ਵਿਚਲੀ ਗੱਲ        
     ਅਸੀਂ ਉਠਾਂਗੇ ਚੰਡੀ ਦੀ ਵਾਰ ਬਣਕੇ..
                          ਚਰਨਜੀਤ ਭੁੱਲਰ
ਬਠਿੰਡਾ : ਨਰਿੰਦਰ ਮੋਦੀ ਦੀ ਖੱਬੀ ਅੱਖ ਫਰਕੀ ਹੈ। ਸੂਰਜ ਨੂੰ ਲੱਗਾ ਗ੍ਰਹਿਣ ਵੇਖ ਰਿਹੈ। ਜਿਵੇਂ ਪੂਰਾ ਮੁਲਕ ਮੋਦੀ ਨੂੰ ਵੇਖ ਰਿਹੈ। ਸੂਰਜ ਵੀ ਢਲਦੇ ਨੇ। ਨਵੇਂ ਸਾਲ ਵੀ ਚੜ੍ਹਦੇ ਨੇ। ਜਵਾਨੀ ਇਕੱਲੇ ਤਾਰੇ ਨਹੀਂ ਤੋੜਦੀ। ਗਰੂਰ ਵੀ ਤੋੜਦੀ ਹੈ। ਅਮਿਤ ਸ਼ਾਹ ਪੁੱਛ ਰਹੇ ਨੇ। ਬਿੱਲੀ ਰਾਹ ਕੱਟ ਜਾਏ, ਫਿਰ ਕੇਹੜਾ ਉਪਾਅ ਕਰਾਂ। ਨਵਾਂ ਖ਼ੂਨ ਜਲੂਸ ਵੀ ਕੱਢਦੈ, ਨਾਲੇ ਵਹਿਮ ਵੀ। ਉਡੀਕ ਤਾਂ ਥੋੜੀ ਕਰਨੀ ਪਊ। ਈਰਖਾ ਦੀ ਮਿੱਟੀ ਝਾੜੀ ਹੁੰਦੀ। ਅੱਖ ਦੀ ਸ਼ਰਮ ਮੰਨਦੇ। ਨੇਰ੍ਹੀ ਕਿਥੇ ਉੱਠਣੀ ਸੀ। ਇੱਧਰ, ਹੰਸ ਰਾਜ ਹੰਸ ਉੱਠੇ ਨੇ,ਹੇਕ ਲਾਉਣ ਲਈ। ਕੁੜੀਆਂ ਤਾਂ ਕੁੜੀਆਂ ਨੇ..। ਹੁਣ ਹੋਸਟਲ ਖਾਲੀ ਨੇ, ਕੁੜੀਆਂ ਸੜਕਾਂ ’ਤੇ। ਭੈਣੋ ਅੌਰ ਭਾਈਓ.. ਹੰਸ ਰਾਜ ਤੋਂ ਕੁਛ ਅੌਰ ਹੀ ਗਾਤਾ ਰਹਾ।  ਖ਼ਲੀਲ ਜਿਬਰਾਨ ਦਾ ਪ੍ਰਵਚਨ ਸੁਣੋ। ‘ਬੁਲਬੁਲ ਕਦੇ ਪਿੰਜਰੇ ਵਿਚ ਆਲ੍ਹਣਾ ਨਹੀਂ ਬਣਾਉਂਦੀ ਤਾਂ ਕਿ ਗੁਲਾਮੀ ਕਿਤੇ ਉਸ ਦੀ ਅੌਲਾਦ ਦਾ ਨਸੀਬ ਨਾ ਬਣ ਜਾਏ।’ ਸਿਆਸੀ ਵਣਜਾਰੇ ਬਿਨਾਂ ਗੱਲ ਤੋਂ ਨਹੀਂ ਦਹਿਲੇ। ਚੂੜੀਆਂ ਦੇ ਦਿਨ ਪੁੱਗਣ ਲੱਗੇ ਨੇ। ਸਦਾ ਨਾ ਬਾਗੀ ਬੁਲਬੁਲ ਬੋਲੇ..। ਨਾਗਰਿਕਤਾ ਕਾਨੂੰਨ ਖ਼ਿਲਾਫ਼ ਸਬਰ ਦਾ ਪਿਆਲਾ ਛਲਕਿਐ। ਜਦੋਂ ਹਿੰਸਾ ਨੇ ਬਾਘੀ ਪਾਈ। ਫਿਰ ਚੁੱਲ੍ਹੇ ਕਿਥੋਂ  ਬਲਣੇ ਸੀ। ਲਟ ਲਟ ਸਿਵੇ ਜਲੇ। ਚੌਵੀ ਜਣੇ ਜ਼ਿੰਦਗੀ ਗੁਆ ਬੈਠੇ ਨੇ। ਜ਼ਹੀਰ ਦੀ ਮੇਰਠ ਹਿੰਸਾ ’ਚ ਮੌਤ ਹੋਈ। ਬੇਟੀ ਸ਼ਹਾਨਾ ਪੁੱਛ ਰਹੀ ਹੈ, ‘ਮੇਰਾ ਪਾਪਾ ਨੂੰ ਕਿਉਂ ਮਾਰਿਐ’। ਪੁਲੀਸ ਦੀ ਗੋਲੀ ਆਸਿਫ ਨੂੰ ਬਿੰਨ ਗਈ। ਗਰਭਵਤੀ ਪਤਨੀ ਬੱਚੇ ਨੂੰ ਕੀ ਦੱਸੇਗੀ। ਮੁਹੰਮਦ ਸਾਗਰ ਵਾਰਾਨਸੀ ’ਚ ਮਾਰਿਆ ਗਿਆ। ਸਿਰਫ਼ ਅੱਠ ਸਾਲ ਉਮਰ ਸੀ, ਮਾਪੇ ਉਮਰ ਭਰ ਕਲਪਣਗੇ।
       ਕੋਈ ਕੌਮੀ ਰਜਿਸਟਰ ਨਹੀਂ ਜਿਸ ’ਚ ਇਨ੍ਹਾਂ ਬੇਕਸੂਰਾਂ ਦੀ ਹੋਣੀ ਲਿਖੀ ਜਾ ਸਕੇ। ਤਿੰਨ ਸਾਲਾਂ ’ਚ 2465 ਫਿਰਕੂ ਦੰਗੇ ਹੋਏ ਹਨ। ਰੋਜ਼ਾਨਾ ਅੌਸਤਨ ਦੋ ਦੰਗੇ ਤੇ ਕੁੱਲ 373 ਨੇ ਜਾਨ ਗੁਆਈ। ਹਿੰਸਾ ਦਾ ਸੇਕ ਪਿੰਡੇ ਸੇਕਦਾ। ਬੱਚਿਆਂ ਨੂੰ ਪੁੱਛ ਕੇ ਦੇਖੋ। ਪੰਚਕੂਲਾ ਹਿੰਸਾ ਹੋਈੇ। ਥੇੜੀ ਭਾਈਕਾ (ਮੁਕਤਸਰ) ਦਾ ਬੱਚਾ ਲਵਪ੍ਰੀਤ ਭੇਟ ਚੜ ਗਿਆ। ਮਾਂ ਜ਼ਿੰਦਗੀ ਭਰ ਮਿੱਟੀ ਫਰੋਲੇਗੀ। ਇੱਕ ਸੌ ਜਾਨਾਂ ਨੋਟਬੰਦੀ ਨੇ ਵੀ ਲਈਆਂ। ਯੂ.ਪੀ ’ਚ ਦੋ ਛੋਟੇ ਬੱਚੇ ਫੌਤ ਹੋਏ। ਹਜ਼ੂਮੀ ਹਿੰਸਾ ਵਾਲੇ ਕੌਣ ਸਨ। ਕੱਪੜਿਆਂ ਤੋਂ ਪਛਾਣੇ ਨਹੀਂ ਗਏ। ਜਾਮੀਆ ਮਿਲੀਆ ਇਸਲਾਮੀਆ ਦਾ ਮੁਹੰਮਦ ਮਿਨਹਾਜੂਦੀਨ। ਪੁਲੀਸ ਦੀ ਕੁਟ ’ਚ ਅੱਖ ਦੀ ਰੋਸ਼ਨੀ ਗੁਆ ਬੈਠਾ ਹੈ। ਗੈਰਤ ਕੋਲ ਹੈ, ਤਾਹੀਂ ਆਖ ਰਿਹੈ.. ‘ਖ਼ੌਫ ਤਾਂ ਜਰੂਰ ਹੈ ਪਰ ਮੈਂ ਹਾਰ ਨਹੀਂ ਮੰਨੀ’। ਪ੍ਰਿਅੰਕਾ ਗਾਂਧੀ ਹੁਣ ਮੰਨੀ ਹੈ, ‘ਨੌਜਵਾਨ ਪਿੱਛੇ ਨਹੀਂ ਹਟਣਗੇ’ਜ਼ਮੀਰ ਤੋਂ ਤਖਤ ਆਕੀ ਹੋ ਜਾਏ। ਤਾਕਤ ਹਾਜ਼ਮਾ ਵਿਗਾੜ ਦੇਵੇ। ਉਦੋਂ ਕੋਈ ਧੀਅ ਡਫਲੀ ਚੁੱਕਦੀ ਹੈ, ਕੋਈ ਹੱਥਾਂ ਵਿਚ ਫੁੱਲ। ਕਸ਼ਮੀਰੋਂ ਆਈ ਕੁੜੀ ਬੋਲੀ, ‘ਹਮ ਫੂਲ ਉਗਾਨੇ ਵਾਲੇ ਹੈ..’। ਦਿੱਲੀ ’ਚ ਗੀਤ ਗੂੰਜ ਰਹੇ ਨੇ। ਜ਼ਾਬਤੇ ਵਿਚ ਨੇ ਤੇ ਰਜ਼ਾ ਵਿਚ ਵੀ। ਜੋ ਅੱਜ ਰਜਾਈ ’ਚ ਬੈਠੇ ਹਨ। ਉਨ੍ਹਾਂ ਦਾ ਬੁਢਾਪਾ ਰੁਲੇਗਾ। ਜਦੋਂ ਬੱਚੇ ਇਹ ਪੁੱਛਣਗੇ.. ਜਦੋਂ ਮੁਲਕ ਜਲਿਆ ਤਾਂ ਤੁਸੀਂ ਚੁੱਪ ਕਿਉਂ ਬੈਠੇ। ਮਰਹੂਮ ਕਵੀ ਲਾਲ ਸਿੰਘ ਦਿਲ ਆਖਦੈ, ‘ਬੰਦਾ ਜਲਾਉਂਦਾ ਹੈ ਜਦ ਵੀ ਕਿਸੇ ਦਿਲ ਨੂੰ, ਸੂਰਜ ਵੀ ਤਾਅ ਲੈ ਕੇ ਮਸਤਕ ਨੂੰ ਮਲਦੇ ਨੇ।’ ਜੋ ਹੱਥ ਮਲਦੇ ਰਹਿੰਦੇ ਨੇ, ਉਨ੍ਹਾਂ ਦੇ ਪੱਲੇ ਫਿਰ ਝੋਰਾ ਹੀ ਪੈਂਦੈ।
               ਮਾਓ-ਜੇ-ਤੁੰਗ ਦਾ ਸੰਦਰਭ ਹੋਰ ਸੀ, ‘ਬਿਨਾਂ ਆਂਡਾ ਤੋੜੇ ਆਮਲੇਟ ਨਹੀਂ ਬਣਦਾ’। ਏਹ ਤਾਂ ਦੇਸ਼ ਤੋੜਨ ਤੁਰ ਪਏ ਨੇ। ਜਵਾਨੀ ਸੜਕਾਂ ’ਤੇ ਲੇਟੀ ਹੈ, ਆਮਲੇਟ ਛੇਤੀ ਬਣਨਾ ਨਹੀਂ। ਜਰੂਰੀ ਨਹੀਂ, ਮਨੁੱਖ ਸਾਰੇ ਇੱਕੋ ਮਿੱਟੀ ਦੇ ਬਣੇ ਹੋਣ। ਹਰ ਮਿੱਟੀ ਦੀ ਆਪਣੀ ਖਸਲਤ ਹੈ। ਕਿਊਬਾ ਦੀ ਮਿੱਟੀ ’ਚ ਚੀ ਗਵੇਰਾ ਮੌਲਿਆ। ਚੀ ਗਵੇਰਾ ਦੀ ਧੀ ਅਲੀਡਾ ਗਵੇਰਾ ਬੱਚਿਆਂ ਦੀ ਡਾਕਟਰ ਹੈ। ਅਮਰੀਕੀ ਪਾਬੰਦੀ ਭਾਰੀ ਪੈ ਰਹੀ ਹੈ। ਬੱਚੇ ਇਲਾਜ ਤੋਂ ਵਾਂਝੇ ਨੇ, ਫਿਰ ਵੀ ਅੱਖ ’ਚ ਅੱਖ ਪਾਉਂਦੇ ਨੇ। ਅਲੀਡਾ ਗਵੇਰਾ ਇਸ ਨੂੰ ਮਿੱਟੀ ਦਾ ਪ੍ਰਤਾਪ ਦੱਸਦੀ ਹੈ। ਭਾਰਤੀ ਮਿੱਟੀ ਘੱਟ ਉਪਜਾਊ ਨਹੀਂ,ਹਰ ਖੇਤ ਦਾ ਇਤਿਹਾਸ ਹੈ। ਤਾਹੀਂ ਸ਼ਹਿਰਾਂ ’ਚ ਫਲੈਗ ਮਾਰਚ ਹੋ ਰਹੇ ਨੇ। ਅਮਿਤ ਸ਼ਾਹ ਬੋਲੇ, ‘ਟੁਕੜੇ ਟੁਕੜੇ ਗੈਂਗ ਨੂੰ ਸ਼ਜਾ ਦੇਣ ਦਾ ਵੇਲਾ ਹੈ।’ ਪੱਛਮੀ ਬੰਗਾਲ ਦੀ ਸ਼ੇਰ ਬੱਚੀ ਦੇਬੋ ਸਮਿੱਤਰਾ। ਜਾਵਧਪੁਰ ’ਵਰਸਿਟੀ ਦੀ ਸਟੇਜ ਤੋਂ ਡਿਗਰੀ ਲਈ। ਉਦੋਂ ਹੀ ਨਵੇਂ ਕਾਨੂੰਨ ਦੀ ਕਾਪੀ ਟੁਕੜੇ ਟੁਕੜੇ ਕਰ ਦਿੱਤੀ। ਗਵਰਨਰ ਦੇਖਦਾ ਰਹਿ ਗਿਆ। ਜਦੋਂ ਸਮਿੱਤਰਾ ‘ਹਮ ਕਾਗਜ ਨਹੀਂ ਦਿਖਾਏਗੇ’ ਆਖ ਕੇ ਸਟੇਜ ਤੋਂ ਉੱਤਰ ਗਈ। ਬਨਾਰਸ ਹਿੰਦੂ ’ਵਰਸਿਟੀ ਦਾ ਰਜਤ ਮੰਚ ’ਤੇ ਗਿਆ। ਡਿਗਰੀ ਲੈਣੋ ਨਾਂਹ ਕਰ ਦਿੱਤੀ। ਪਾਂਡੂਚਰੀ ’ਵਰਸਿਟੀ ਦੀ ਰਬੀਹਾ ਦੀ ਹਿੰਮਤ ਦੇਖੋ। ਰਾਮ ਨਾਥ ਕੋਵਿੰਦ ਅੱਗੇ ਨਾਅਰੇ ਨਾ ਮਾਰ ਦੇਵੇ। ਹਾਲ ’ਚ ਦਾਖਲ ਹੀ ਨਹੀਂ ਹੋਣ ਦਿੱਤਾ। ਕੌਣ ਆਖਦੈ ਕਿ ਸੱਪ ਦੇ ਸਾਹਮਣੇ ਦੀਵਾ ਨਹੀਂ ਬਲਦਾ। ਸ਼੍ਰੋਮਣੀ ਅਕਾਲੀ ਦਲ ਦੀ ਤਾਂ ਮਜਬੂਰੀ ਹੈ। ਹਰਸਿਮਰਤ ਨੇ ਵਜ਼ੀਰੀ ਛੱਡ ਦਿੱਤੀ ਤਾਂ ਪੰਜਾਬ ਦਾ ਵਿਕਾਸ ਕਿਵੇਂ ਹੋਊ।
        ਐਮ.ਪੀ ਨਰੇਸ਼ ਗੁਜਰਾਲ ਸੰਸਦ ’ਚ ਗੂਠਾ ਲਾ ਆਏ। ਹੁਣ ਲੀਕ ਕੁੱਟ ਰਹੇ ਹਨ। ਅਖੇ ਖਾਸ ਬਿੱਲਾਂ ’ਤੇ ਮੋਦੀ ਭਾਈਵਾਲਾਂ ਨਾਲ ਗੱਲ ਨਹੀਂ ਕਰਦਾ। ਅਮਰਿੰਦਰ ਕਿਹੜਾ ਕਰਦੈ, ਚਾਹੇ ਕਾਂਗਰਸੀ ਵਿਧਾਇਕਾਂ ਨੂੰ ਪੁੱਛ ਕੇ ਦੇਖ ਲਓ। ਸਭ ਦਾ ਹਾਲ ‘ ਚੋਰ ਦੀ ਮਾਂ ਕੋਠੀ ’ਚ ਮੂੰਹ’ ਵਾਲੈ। ਮਿਲਣ ਕਿਥੋਂ, ਮੁੱਖ ਮੰਤਰੀ ਤਾਂ ਠੰਡ ਮਨਾ ਰਹੇ ਨੇ। ਕੋਈ ਮਿਰਜ਼ਾ ਗਾਲਿਬ ਦਾ ਜਨਮ ਦਿਨ ਮਨਾ ਰਿਹੈ। ਗਾਲਿਬ ਤੋਂ ਯਾਦ ਆਇਐ। ‘ਮਨਪ੍ਰੀਤ ਬਾਦਲ ਅਗਲੀ ਚੋੋਣ ਸ਼ਾਇਦ ਦੁਆਬੇ ਚੋ ਲੜਨਗੇ’। ਗੱਲ ਪਤਾ ਨਹੀਂ ਕਿੰਨੀ ਕੁ ਸੱਚੀ ਹੈ। ਚਾਲ ਢਾਲ ਜਰੂਰ ਲੱਗ ਰਿਹੈ। ਭਗਵੰਤ ਮਾਨ ਕਾਮੇਡੀ ਕਰਦਾ ਹੁੰਦਾ ਸੀ, ‘ਪ੍ਰਧਾਨ ਸਾਹਿਬ ,ਮੈਨੂੰ ਫਲਾਣੇ ਹਲਕੇ ਤੋਂ ਟਿਕਟ ਦੇ ਦਿਓ, ਕਿਉਂਕਿ ਉਥੇ ਮੈਨੂੰ ਕੋਈ ਜਾਣਦਾ ਨਹੀਂ।’ ਸਮੁੱਚੇ ਦੇਸ਼ ’ਚ ਜੋ ਅੱਗ ਲੱਗੀ ਹੈ, ਉਸ ਨੂੰ ਕੋਈ ਭੁੱਲਿਆ ਨਹੀਂ। ਲੋਕ ਬਲਦੀ ਦੇ ਬੁੱਥੇ ਦਿੱਤੇ ਨੇ। ਮੋਦੀ ਤੇ ਸਾਹ ਦੀ ਜੋੜੀ, ਪੈਰਾਂ ’ਤੇ ਪਾਣੀ ਨਹੀਂ ਪੈਣ ਦਿੰਦੀ। ਦਸੰਬਰ ਦਾ ਪੈੜਾ ਹੀ ਮਾੜਾ ਸੀ। ਹਿੰਸਾ ’ਚ ਲੋਕ ਮਰ ਰਹੇ ਨੇ। ਅੜੀ ਛੱਡ ਨਹੀਂ ਰਹੇ। ਬੋਦੀ ਵਾਲੀ ਤਾਰਾ ਚੜਿਐ ਹੈ। ਜੇ ਹਾਲੇ ਵੀ ਨਾ ਬੋਲੇ ਤਾਂ ਬੁਢਾਪਾ ਰੁਲੇਗਾ ਹੀ ਰੁਲੇਗਾ। ਧੀਆਂ ਦੀ ਡਫਲੀ ਨੂੰ ਸੁਣੋ। ਮਸ਼ਾਲਾ ਬਾਲਣ ਦਾ ਸੁਨੇਹਾ ਜੋ ਦੇ ਰਹੀ ਹੈ। ਬੁਜ਼ਦਿਲੀ ਦਾ ਕੋਈ ਵੈਦ ਨਹੀਂ। ਵਾਲਟੇਅਰ ਦੀ ਗੱਲ ’ਤੇ ਗੌਰ ਕਰੋ, ‘ਇਮਾਨਦਾਰ ਲੋਕਾਂ ਦੀ ਬੁਜ਼ਦਿਲੀ ਦਾ ਨਤੀਜਾ ਬਦਮਾਸ਼ਾਂ ਦੀ ਜਿੱਤ ਯਕੀਨੀ ਬਣਾ ਦਿੰਦਾ ਹੈ।’ ਸੱਚ ਇਹ ਵੀ ਹੈ ਕਿ ਹਕੂਮਤ ਨੂੰ ਕੋਈ ਚੜ੍ਹੀ ਲੱਥੀ ਦੀ ਨਹੀਂ। ਹੁਣ ਦੇਖਣਾ ਪੈਣੈ ਕਿ ਨੌਜਵਾਨਾਂ ਦਾ ਛੇੜਾ ਕਿਥੋਂ ਤੱਕ ਜਾਂਦੈ।
         ਚਾਰ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਹਰ ਕੋਈ ਸਿਜਦਾ ਕਰ ਰਿਹੈ। ਸਰਬੰਸਦਾਨੀ ਦੀ ਨੇਤਾ ਗੱਲ ਤਾਂ ਕਰਦੇ ਨੇ, ਅਮਲ ਨਹੀਂ ਕਰਦੇ। ਸਰਹਿੰਦ ਦੀ ਦੀਵਾਰ ਤੋਂ ਹੀ ਸਿਆਸੀ ਜਮਾਤ ਕੁਝ ਸਿੱਖ ਲਵੇ। ਕਾਂਗਰਸੀ, ਪੁੱਤਾਂ ਨੂੰ ਸਿਆਸਤ ’ਚ ਲਾਂਚ ਕਰਨ ਲੱਗੇ ਹੋਏ ਨੇ। ਥੁੜਾਂ ਮਾਰੇ ਲੋਕ ਜ਼ਿੰਦਗੀ ਦੀ ਉਧੇੜ ਬੁਨਤ ’ਚ ਲੱਗੇ ਹੋਏ ਨੇ। ਸਰਕਾਰੀ ਸਕੂਲਾਂ ਦੇ ਬੱਚੇ ਠੰਡ ’ਚ ਲੱਗੇ ਹੋਏ ਨੇ। ਵਰਦੀਆਂ ਨਹੀਂ ਮਿਲੀਆਂ ਹਾਲੇ। ਪੰਜਾਬ ਦੇ ਸਰਕਾਰੀ ਸਕੂਲਾਂ ’ਤੇ ਨਜ਼ਰ ਮਾਰੋ। ਦਲਿਤ ਬੱਚਿਆਂ ਦੀ ਗਿਣਤੀ 57.3 ਫੀਸਦੀ ਤੋਂ 63.59 ਫੀਸਦੀ ਹੋ ਗਈ ਹੈ। ਲੰਘੇ ਦਸ ਵਰ੍ਹਿਆਂ ਵਿਚ। ਨਵੀਂ ਰਿਪੋਰਟ ਆਈ ਹੈ। ਦੇਸ਼ ਦਾ ਹਰ ਤੀਜਾ ਆਦਮੀ ਗਰੀਬੀ ਰੇਖਾ ਤੋਂ ਹੇਠਾਂ ਹੈ। ਉਪਰ ਸਿਰਫ਼ ਦੋ ਬੰਦੇ ਨੇ ਜਿਨ੍ਹਾਂ ਦੀ ਅੱਖ ਫਰਕੀ ਹੈ। ਸੜਕਾਂ ’ਤੇ ਹਜ਼ਾਰਾਂ ਉੱਤਰੇ ਨੇ। ਛੱਜੂ ਰਾਮ ਦੀ ਗੱਲ ਕਿਉਂ ਨਾ ਕਰੀਏ। ਉਹ ਸਮਾਨ ਬੰਨ੍ਹੀ ਬੈਠਾ ਹੈ ਤੇ ਤਿਆਰੀ ਜੰਤਰ ਮੰਤਰ ਦੀ ਖਿੱਚੀ ਹੈ। ਅਖੇ, ਸਾਰੇ ਪੰਜਾਬ ਦਾ ਠੇਕਾ ਲਿਆ। ਧੀਆਂ ਨੂੰ ਸ਼ਗਨ ਵੀ ਦੇਊ ਜਿਨ੍ਹਾਂ ਲਾਜ ਰੱਖ ਲਈ। ਨਵਾਂ ਸਾਲ ਚੜ੍ਹਨ ਵਾਲਾ। ਕਾਮਨਾ ਵੀ ਕਰ ਰਿਹੈੇ, ਚੰਗਾ ਹੋਵੇ ਜੇ ਦਿਨ ਬਦਲਣ। ਪੰਜਾਬ ’ਚ ਹਿੱਲ ਜੁੱਲ ਹੋਈ ਹੈ। ਆਪ ਸਭ ਨੂੰ ਵੀ ਨਵਾਂ ਵਰ੍ਹਾ ਮੁਬਾਰਕ.. ਭਾਰਤ ਮਾਤਾ ਦੀ ਜੈ।
   


Friday, December 27, 2019

                      ਕੋਈ ਮੋੜ ਲਿਆਓ 
  ਦਸ ਹਜ਼ਾਰ ਪੇਂਡੂ ਕਲੱਬ ‘ਸਵਰਗਵਾਸ’
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਪੇਂਡੂ ਨੌਜਵਾਨਾਂ ਨੂੰ ਫੋਕੀ ਹੱਲਾਸ਼ੇਰੀ ਵੀ ਨਹੀਂ ਦਿੱਤੀ, ਸਰਕਾਰੀ ਫੰਡ ਦੇਣੇ ਤਾਂ ਦੂਰ ਦੀ ਗੱਲ। ਤਾਹੀਂਓ ਪੰਜਾਬ ਭਰ ’ਚ ਕਰੀਬ 10 ਹਜ਼ਾਰ ਪੇਂਡੂ ਯੂਥ ਕਲੱਬ ‘ਸਵਰਗਵਾਸ’ ਹੋ ਗਏ ਹਨ। ਯੁਵਕ ਸੇਵਾਵਾਂ ਵਿਭਾਗ ਬਿਨਾਂ ਫੰਡਾਂ ਅਤੇ ਪ੍ਰੋਗਰਾਮਾਂ  ਤੋਂ ਢੋਲ ਕੁੱਟ ਰਿਹਾ ਹੈ। ਪੰਜਾਬ ਵਿਚ ਇਸ ਮਹਿਕਮੇ ਨਾਲ ਕੁੱਲ 13,800 ਪੇਂਡੂ ਯੂਥ ਕਲੱਬ ਜੁੜੇ ਹੋਏ ਹਨ ਜਿਨ੍ਹਾਂ ਚੋਂ ਕਰੀਬ 10 ਹਜ਼ਾਰ ਕਲੱਬ ਦਮ ਤੋੜ ਗਏ ਹਨ ਜਦੋਂ ਕਿ ਸਿਰਫ਼ 3800 ਕਲੱਬ ਹੀ ਜ਼ਿੰਦਾ ਹਨ। ਇਵੇਂ ਹੀ ਚੱਲਦਾ ਰਿਹਾ ਕਿ ਪਿੰਡਾਂ ਵਿਚ ਯੂਥ ਕਲੱਬ ਲੱਭਣੇ ਨਹੀਂ। ਦੁਆਬੇ ਵਿਚ ਤਾਂ ਪਹਿਲਾਂ ਹੀ ਯੂਥ ਕਲੱਬਾਂ ਲਈ ਮੁੰਡੇ ਮਿਲਦੇ ਨਹੀਂ ਹਨ।ਸਿਆਸੀ ਧਿਰਾਂ ਵੱਲੋਂ ਚੋਣਾਂ ਮੌਕੇ ਨੌਜਵਾਨਾਂ ਦੀ ਵਡਿਆਈ ਕੀਤੀ ਜਾਂਦੀ ਹੈ ਅਤੇ ਇਸ ਤਾਕਤ ਨੂੰ ਸਿਆਸੀ ਲਾਹੇ ਲਈ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਕਲੱਬਾਂ ’ਤੇ ਸਿਆਸੀ ਰੰਗ ਵੀ ਚੜ੍ਹਦਾ ਰਿਹਾ ਹੈ। ਮਿਸਾਲ ਦੇ ਤੌਰ ’ਤੇ ਜ਼ਿਲ੍ਹਾ ਫਾਜ਼ਿਲਕਾ ਵਿਚ ਅਕਾਲੀਆਂ ਨੇ ਆਖਰੀ ਵਰ੍ਹੇ ਵਿਚ ਰਾਤੋਂ ਰਾਤ 350 ਕਲੱਬ ਖੜ੍ਹੇ ਕਰ ਦਿੱਤੇ ਸਨ। ਜ਼ਿਲ੍ਹੇ ਭਰ ’ਚ ਹੁਣ 450 ਕਲੱਬ ਹਨ  ਜਿਨ੍ਹਾਂ ਚੋਂ ਸਿਰਫ਼ 7 ਫੀਸਦੀ ਹੀ ਕੰਮ ਕਰਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ’ਚ ਤਾਂ ਰੱਬ ਰਾਖਾ ਹੈ।
               ਪੰਜਾਬ ਚੋਂ ਸਭ ਤੋਂ ਵੱਧ ਪੇਂਡੂ ਯੂਥ ਕਲੱਬਾਂ 1565 ਜ਼ਿਲ੍ਹਾ ਪਟਿਆਲਾ ਵਿਚ  ਹਨ ਜਿਨ੍ਹਾਂ ਚੋਂ 1415 ਯੂਥ ਕਲੱਬ ਡੈੱਡ ਹਨ। ਮੁੱਖ ਮੰਤਰੀ ਦਫ਼ਤਰ ਤੋਂ ਨੇੜੇ ਹੀ ਯੁਵਕ ਸੇਵਾਵਾਂ ਦਾ ਦਫ਼ਤਰ ਹੈ ਜਿਥੇ ਨਾ ਚਪੜਾਸੀ ਹੈ ਅਤੇ ਨਾ ਕੋਈ ਸਟੈਨੋ। ਗੁਰਦਾਸਪੁਰ ਜ਼ਿਲ੍ਹੇ ਵਿਚ ਕੁੱਲ 900 ਪੇਂਡੂ ਕਲੱਬਾਂ ਹਨ ਜਦੋਂ ਕਿ 800 ਕਲੱਬਾਂ ਡੈੱਡ ਹਨ। ਸਹਾਇਕ ਡਾਇਰੈਕਟਰ ਰਵੀ ਪੌਲ ਨੇ ਦੱਸਿਆ ਕਿ ਕਈ ਕਲੱਬ ਤਾਂ 1984 ਵੇਲੇ ਦੇ ਬਣੇ ਹੋਏ ਹਨ। ਹੁਣ ਨਵੇਂ ਕਲੱਬ ਬਣਾ ਰਹੇ ਹਾਂ। ਸੂਤਰਾਂ ਮੁਤਾਬਿਕ ਗੁਰਦਾਸਪੁਰ ’ਚ ਤਾਂ ਮਹਿਕਮੇ ਦਾ ਦਫਤਰ ਵੀ ਦੋ ਸਾਲ ਪਹਿਲਾਂ ਹੀ ਬਣਿਆ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿਚ 1250 ਕਲੱਬਾਂ ਚੋਂ ਸਿਰਫ਼ 90 ਕਲੱਬਾਂ ਹੀ ਵਰਕਿੰਗ ਹਨ। ਬਠਿੰਡਾ ਜ਼ਿਲ੍ਹੇ ਵਿਚ 270 ਕਲੱਬਾਂ ਚੋਂ ਸਿਰਫ਼ 70 ਕਲੱਬਾਂ ਵਰਕਿੰਗ ਹਨ।ਕੈਪਟਨ ਸਰਕਾਰ ਨੇ ਸਮਾਰਟ ਫੋਨਾਂ ਵਾਸਤੇ ਬਜਟ ਰੱਖਿਆ ਹੈ ਪ੍ਰੰਤੂ ਯੂਥ ਕਲੱਬਾਂ ਨੂੰ ਪੌਣੇ ਤਿੰਨ ਵਰ੍ਹਿਆਂ ਤੋਂ ਧੇਲਾ ਨਹੀਂ ਦਿੱਤਾ। ਸ਼ਹੀਦੇ ਆਜਮ ਭਗਤ ਸਿੰਘ ਪੁਰਸਕਾਰ ਤਿੰਨ ਵਰ੍ਹਿਆਂ ਤੋਂ ਦਿੱਤਾ ਹੀ ਨਹੀਂ ਗਿਆ। ਪੇਂਡੂ ਕਲੱਬਾਂ ਨਾ ਫੰਡ ਮਿਲੇ ਹਨ ਅਤੇ ਨਾ ਹੀ ਖੇਡ ਕਿੱਟਾਂ। ਪੇਂਡੂ ਕਲੱਬਾਂ ਵਿਚ ਉਮਰ ਹੱਦ 16 ਤੋਂ 35 ਸਾਲ ਦੀ ਹੈ। ਬਹੁਤੇ ਕਲੱਬਾਂ ਦੇ ਅਹੁਦੇਦਾਰ ਵੀ ਬੁੱਢੇ ਹੋ ਗਏ ਹਨ। ਮੁਕਤਸਰ ਜ਼ਿਲ੍ਹੇ ਵਿਚ 247 ਕਲੱਬਾਂ ਚੋਂ 207 ਪੇਂਡੂ ਕਲੱਬਾਂ ਡੈੱਡ ਹਨ।
                ਜੋ ਐਕਟਿਵ ਕਲੱਬ ਹਨ, ਉਹ ਵੀ ਸਾਲ ਵਿਚ ਟਾਵੀਂ ਗਤੀਵਿਧੀ ਕਰਾਉਂਦੇ ਹਨ। ਦੁਆਬੇ ਵਿਚ ਸਭ ਤੋਂ ਮਾੜਾ ਹਾਲ ਹੈ। ਕਪੂਰਥਲਾ ਵਿਚ 350 ਚੋਂ 40 ਕਲੱਬਾਂ ਵਰਕਿੰਗ ਹਨ ਅਤੇ ਇਵੇਂ ਹੀ ਹੁਸ਼ਿਆਰਪੁਰ ’ਚ 500 ਚੋਂ 70 ਕਲੱਬਾਂ ਵਰਕਿੰਗ ਹਨ।ਦੁਆਬੇ ਵਿਚ ਨੌਜਵਾਨ ਵਿਦੇਸ਼ ਗਏ ਹਨ ਅਤੇ ਹੁਣ ਯੁਵਕ ਸੇਵਾਵਾਂ ਮਹਿਕਮੇ ਨੂੰ ਕਲੱਬਾਂ ਵਾਸਤੇ ਮੁੰਡੇ ਨਹੀਂ ਲੱਭਦੇ ਹਨ। ਲੁਧਿਆਣਾ ਜ਼ਿਲ੍ਹੇ ਵਿਚ 950 ਕਲੱਬਾਂ ਹਨ ਜਿਨ੍ਹਾਂ ਚੋਂ ਸਿਰਫ਼ 23 ਕਲੱਬ ਐਕਟਿਵ ਹਨ ਅਤੇ ਮਾਨਸਾ ਵਿਚ 215 ਕਲੱਬਾਂ ਚੋਂ 115 ਕਲੱਬ ਵਰਕਿੰਗ ਹਨ। ਇੱਕ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਪਹਿਲਾਂ ਕਲੱਬਾਂ ਵਾਲੇ ਮੁੰਡੇ ਸ਼ਾਮ ਨੂੰ ਖੇਡ ਮੈਦਾਨਾਂ ਵਿਚ ਮਿਲਦੇ ਸਨ ਪ੍ਰੰਤੂ ਹੁਣ ਉਹੀ ਮੁੰਡੇ ਆਈਲੈੱਟਸ ਸੈਟਰਾਂ ਵਿਚ ਬੈਠੇ ਹਨ। ਕੈਪਟਨ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਲਈ ਮੁਹਿੰਮ ਵਿੱਢੀ ਹੈ ਪ੍ਰੰਤੂ ਯੂਥ ਸ਼ਕਤੀ ਨੂੰ ਚੰਗੇ ਪਾਸੇ ਲਾਉਣ ਲਈ ਫੰਡ ਦਿੱਤੇ ਨਹੀਂ ਜਾ ਰਹੇ ਹਨ।  ਅਕਾਲੀ ਸਰਕਾਰ ਵੇਲੇ ਰਾਤੋਂ ਰਾਤ ਅਕਾਲੀ ਰੰਗ ਵਾਲੇ ਕਲੱਬ ਬਣੇ ਸਨ। ਪਤਾ ਲੱਗਾ ਹੈ ਕਿ ਕਾਂਗਰਸ ਸਰਕਾਰ ਪਿੰਡਾਂ ਵਿਚ ਨਵੇਂ ਕਲੱਬ ਬਣਾਉਣੇ ਸ਼ੁਰੂ ਕਰੇਗੀ। ਮਲੇਰਕੋਟਲਾ ਦੇ ਪਿੰਡਾਂ ਵਿਚ ਨਵੇਂ 50 ਕਲੱਬ ਬਣਾਏ ਹਨ।
               ਯੁਵਕ ਸੇਵਾਵਾਂ ਮਹਿਕਮੇ ਦੇ ਇੱਕ ਇੱਕ ਸਹਾਇਕ ਡਾਇਰੈਕਟਰਾਂ ਨੂੰ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਜਿਵੇਂ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਨੂੰ ਅੰਮ੍ਰਿਤਸਰ ਤੇ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ।ਇੱਕ ਮਸ਼ਵਰਾ ਇਹ ਵੀ ਹੈ ਕਿ ਸਪੋਰਟਸ ਤੇ ਯੁਵਕ ਸੇਵਾਵਾਂ ਮਹਿਕਮੇ ਨੂੰ ਇੱਕ ਕਰ ਦਿੱਤਾ ਜਾਵੇ, ਘੱਟੋ ਘੱਟ ਸਟਾਫ ਤਾਂ ਪੂਰਾ ਹੋ ਜਾਵੇਗਾ। ਦੂਸਰੀ ਤਰਫ ਕੇਂਦਰ ਸਰਕਾਰ ਦੇ ਮਹਿਕਮੇ ਨਹਿਰੂ ਯੁਵਾ ਕੇਂਦਰ ਨਾਲ ਜੁੜੀਆਂ ਯੂਥ ਕਲੱਬਾਂ ਐਕਟਿਵ ਹਨ। ਕਾਰਨ ਇਹ ਹੈ ਕਿ ਕੇਂਦਰ ਦੇ ਫੰਡ ਗਾਹੇ ਵਗਾਹੇ ਆਉਂਦੇ ਰਹਿੰਦੇ ਹਨ। ਯੁਵਾ ਸ਼ਕਤੀ ਨੂੰ ਮੁੜਾ ਦੇਣ ਵਾਸਤੇ ਕੈਪਟਨ ਸਰਕਾਰ ਕੋਲ ਕੋਈ ਪ੍ਰੋਗਰਾਮ ਨਹੀਂ ਹੈ।
                                 ਸੇਵਾ ਭਾਵ ’ਤੇ ਸਿਆਸਤ ਭਾਰੂ : ਮਾਨ
ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਅਤੇ ਲੇਖਕ ਭੁਪਿੰਦਰ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਜਵਾਨੀ ਦੇ ਸੇਵਾ ਭਾਵ ’ਤੇ ਹੁਣ ਸਿਆਸਤ ਭਾਰੂ ਪੈ ਗਈ ਹੈ। ਨੌਜਵਾਨਾਂ ’ਚ ਪੁਰਾਣਾ ਮਾਦਾ ਨਹੀਂ ਰਿਹਾ ਅਤੇ ਉਪਰੋਂ ਸਰਕਾਰ ਵੀ ਕੋਈ ਸਕੀਮ ਅਤੇ ਗਰਾਂਟ ਨਹੀਂ ਦੇ ਰਹੀ ਹੈ ਜਿਸ ਵਜੋਂ ਕਲੱਬਾਂ ਵਿਚ ਨਿਰਾਸ਼ਾ ਭਾਰੂ ਹੋ ਗਈ ਹੈ। ਸਰਕਾਰ ਸੁਹਿਰਦ ਹੈ ਤਾਂ ਇਨ੍ਹਾਂ ਯੂਥ ਕਲੱਬਾਂ ਦੇ ਜ਼ਰੀਏ ‘ਨਸ਼ਾ ਮੁਕਤ ਪੰਜਾਬ’ ਦਾ ਸੁਫਨਾ ਵੀ ਸਾਕਾਰ ਕਰ ਸਕਦੀ ਹੈ।
                          ਡੈੱਡ ਕਲੱਬਾਂ ਨੂੰ ਤਾੜਨਾ ਕਰਾਂਗੇ : ਚੇਅਰਮੈਨ
ਪੰਜਾਬ ਯੂਥ ਡਿਵੈਲਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦਾ ਕਹਿਣਾ ਸੀ ਕਿ ਉਹ ਨਾਨ ਐਕਟਿਵ ਕਲੱਬਾਂ ਨੂੰ ਪੱਤਰ ਜਾਰੀ ਕਰਕੇ ਐਕਟਿਵ ਹੋਣ ਦਾ ਮੌਕਾ ਦੇਣਗੇ। ਕੋਈ ਹੁੰਗਾਰਾ ਨਹੀਂ ਭਰੇਗਾ ਤਾਂ ਉਹ ਪਿੰਡਾਂ ਵਿਚ ਸਰਪੰਚਾਂ ਅਤੇ ਸਬੰਧਿਤ ਵਿਧਾਇਕਾਂ ਦੇ ਮਸ਼ਵਰੇ ਨਾਲ ਨਵੇਂ ਕਲੱਬਾਂ ਦੀ ਚੋਣ ਕਰਨਗੇ। ਅਕਾਲੀਆਂ ਦੇ ਬਣਾਏ ਕਲੱਬ ਹੁਣ ਕੰਮ ਨਹੀਂ ਕਰ ਰਹੇ ਹਨ। ਕਲੱਬਾਂ ਨੂੰ ਐਕਟਿਵ ਕਰਨ ਕਲੱਬਾਂ ਲਈ ਖੇਡ ਕਿੱਟਾਂ ਅਤੇ ਫੰਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਹੁਣ ਕਲੱਬਾਂ ਦੇ ਮਨਾਲੀ ਵਿਚ ਕੈਂਪ ਲਗਾਏ ਗਏ ਹਨ।



Wednesday, December 25, 2019

                         ਸਹਿਕਾਰੀ ਬੈਂਕ
   ਕਰਜ਼ਾਈ ਕਿਸਾਨਾਂ ਦੀ ਕਰਨਗੇ ਭੰਡੀ !
                          ਚਰਨਜੀਤ ਭੁੱਲਰ
ਬਠਿੰਡਾ  : ਸਹਿਕਾਰੀ ਖੇਤੀ ਵਿਕਾਸ ਬੈਂਕ ਹੁਣ ਵੱਡੇ ਡਿਫਾਲਟਰਾਂ ਨੂੰ ਲੋਕਾਂ ’ਚ ਭੰਡਣਗੇ ਤਾਂ ਜੋ ਫਸ ਹੋਈ ਰਕਮ ਵਸੂਲੀ ਜਾ ਸਕੇ। ਨਵੀਂ ਮੁਹਿੰਮ ਤਹਿਤ ਸਹਿਕਾਰੀ ਬੈਂਕਾਂ ’ਚ ਵੱਡੇ ਡਿਫਾਲਟਰਾਂ ਦੀਆਂ ਤਸਵੀਰਾਂ ਲੱਗਣਗੀਆਂ। ਇਨ੍ਹਾਂ ਡਿਫਾਲਟਰਾਂ ਨੂੰ ਸਮਾਜੀ ਤੌਰ ’ਤੇ ਭੰਡ ਕੇ ਉਨ੍ਹਾਂ ’ਤੇ ਵਸੂਲੀ ਲਈ ਦਬਾਓ ਬਣਾਏ ਜਾਣ ਦੀ ਵਿਉਂਤ ਹੈ। ਆਉਂਦੇ ਦਿਨਾਂ ਵਿਚ ਖੇਤੀ ਵਿਕਾਸ ਬੈਂਕਾਂ ਦੇ ਨੋਟਿਸ ਬੋਰਡਾਂ ’ਤੇ ਇਨ੍ਹਾਂ ਡਿਫਾਲਟਰਾਂ ਦੇ ਨਾਮ, ਪਤਾ ਟਿਕਾਣਾ ਅਤੇ ਤਸਵੀਰਾਂ ਜਨਤਿਕ ਹੋਣਗੀਆਂ। ਐਤਕੀਂ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਮਿਥੇ ਟੀਚੇ ਤੋਂ ਕਾਫ਼ੀ ਪਿਛਾਂਹ ਚੱਲ ਰਹੀ ਹੈ। ਇਵੇਂ ਪੰਜਾਬ ਦੇ ਕਰੀਬ 50 ਖੇਤੀ ਵਿਕਾਸ ਬੈਂਕਾਂ ਵਿਚ ਨਵੇਂ ਕਰਜ਼ੇ ਵੀ ਵੰਡੇ ਜਾਣੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ 89 ਖੇਤੀ ਵਿਕਾਸ ਬੈਂਕਾਂ ਹਨ ਜਿਨ੍ਹਾਂ ਦੇ ਕਰੀਬ 70 ਹਜ਼ਾਰ ਡਿਫਾਲਟਰ ਹਨ। ਇਨ੍ਹਾਂ ਡਿਫਾਲਟਰਾਂ ਵੱਲ ਕਰੀਬ 1700 ਕਰੋੜ ਰੁਪਏ ਦੀ ਰਾਸ਼ੀ ਫਸੀ ਹੋਈ ਹੈ। ਖੇਤੀ ਵਿਕਾਸ ਬੈਂਕਾਂ ਨੇ ਐਤਕੀਂ ਕਰੀਬ 2113 ਕਰੋੜ ਵਸੂਲ ਕਰਨੇ ਸਨ। ਉਂਜ ਵਸੂਲੀ ਦਾ ਟੀਚਾ 688 ਕਰੋੜ ਦਾ ਮਿਥਿਆ ਸੀ। ਵੱਡੀ ਰਾਸ਼ੀ ਨਰਮਾ ਪੱਟੀ ਦੇ ਡਿਫਾਲਟਰਾਂ ਵੱਲ ਫਸੀ ਹੋਈ ਹੈ। ਖੇਤੀ ਵਿਕਾਸ ਬੈਂਕਾਂ ਨੇ ਹਰ ਬੈਂਕ ਬਰਾਂਚ ਵਿਚ ਟੌਪ-15 ਵੱਡੇ ਡਿਫਾਲਟਰਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਦੀਆਂ ਤਸਵੀਰਾਂ ਜਨਤਿਕ ਬੋਰਡ ’ਤੇ ਲਾਈਆਂ ਜਾਣੀਆਂ ਹਨ।
                 ਪੰਜਾਬ ਦੇ ਇਨ੍ਹਾਂ ਬੈਂਕਾਂ ਦੇ 1335 ਵੱਡੇ ਡਿਫਾਲਟਰ ਹਨ ਜਿਨ੍ਹਾਂ ਖ਼ਿਲਾਫ਼ ਹੁਣ ਸਖ਼ਤੀ ਕੀਤੀ ਜਾਣੀ ਹੈ। ਵੱਡੇ ਡਿਫਾਲਟਰਾਂ ਵੱਲ ਕਰੀਬ 250 ਕਰੋੜ ਦੀ ਰਾਸ਼ੀ ਵਰ੍ਹਿਆਂ ਤੋਂ ਫਸੀ ਹੋਈ ਹੈ। ਖੇੇਤੀ ਵਿਕਾਸ ਬੈਂਕਾਂ ਦੀ ਪਿਛਲੇ ਸੀਜ਼ਨ ਵਿਚ 255 ਕਰੋੜ ਰੁਪਏ ਦੀ ਵਸੂਲੀ ਹੋਈ ਸੀ। ਚਾਲੂ ਸੀਜ਼ਨ ਦੀ ਵਸੂਲੀ ਮੁਹਿੰਮ 31 ਜਨਵਰੀ ਤੱਕ ਚੱਲਣੀ ਹੈ ਜਿਸ ਕਰਕੇ ਬੈਂਕ ਮੈਨੇਜਰਾਂ ਨੇ ਪਿੰਡਾਂ ਵਿਚ ਗੇੜੇ ਵਧਾਏ ਹੋਏ ਹਨ। ਜੋ ਬੈਂਕਾਂ ਦੇ ਵੱਡੇ ਡਿਫਾਲਟਰ ਹਨ, ਉਨ੍ਹਾਂ ਵਿਚ ਸਿਆਸੀ ਆਗੂ ਵੀ ਮੋਹਰੀ ਹਨ ਜਿਨ੍ਹਾਂ ਚੋਂ 4 ਆਗੂ ਥੋੜੇ ਦਿਨ ਪਹਿਲਾਂ ਹੀ ਬਣਦੀ ਵਸੂਲੀ ਤਾਰ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਅਕਾਲੀ ਦਲ ਨਾਲ ਸਬੰਧਿਤ ਦੋ ਆਗੂ ਵੀ ਵੱਡੇ ਡਿਫਾਲਟਰਾਂ ਵਿਚ ਸ਼ਾਮਿਲ ਹਨ ਜਿਨ੍ਹਾਂ ਦੀਆਂ ਤਸਵੀਰਾਂ ਜਨਤਿਕ ਬੋਰਡਾਂ ’ਤੇ ਲਾਉਣ ਦੀ ਤਿਆਰੀ ਕੀਤੀ ਗਈ ਹੈ। ਭਾਵੇਂ ਇਸ ਵਾਰ ਨਰਮੇ ਦਾ ਝਾੜ ਵਧਿਆ ਹੈ ਪ੍ਰੰਤੂ ਬੈਂਕਾਂ ਦੀ ਵਸੂਲੀ ਦਰ ਵਿਚ ਕੋਈ ਵੱਡਾ ਵਾਧਾ ਨਹੀਂ ਹੋਇਆ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਬੈਂਕ ਇਸ ਮਾਮਲੇ ਵਿਚ ਕਾਫ਼ੀ ਪਛੜੇ ਹੋਏ ਹਨ। ਤਾਹੀਓਂ ਕਾਫ਼ੀ ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣ ’ਤੇ ਪਾਬੰਦੀ ਲਗਾਈ ਹੋਈ ਹੈ।
        ਖੇਤੀ ਵਿਕਾਸ ਬੈਂਕਾਂ ਦੇ ਫੀਲਡ ਅਫਸਰਾਂ ਵੱਲੋਂ ਇਨ੍ਹਾਂ ਦਿਨਾਂ ਵਿਚ ਕਰਜ਼ਾਈ ਕਿਸਾਨਾਂ ਕੋਲ ਗੇੜੇ ਮਾਰੇ ਜਾ ਰਹੇ ਹਨ। ਸਹਿਕਾਰੀ ਖੇਤੀ ਵਿਕਾਸ ਬੈਂਕਾਂ ਤਰਫ਼ੋਂ ਚਾਲੂ ਮਾਲੀ ਸਾਲ ਦੌਰਾਨ ਕਰੀਬ 200 ਕਰੋੋੜ ਦੇ ਨਵੇਂ ਕਰਜ਼ੇ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਭਰ ਵਿਚ ਚੰਗੀ ਵਸੂਲੀ ਵਾਲੇ 50 ਖੇਤੀ ਵਿਕਾਸ ਬੈਂਕਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਨੂੰ ਨਵੇਂ ਕਰਜ਼ੇ ਦੇਣ ਵਾਸਤੇ ਫੰਡ ਦਿੱਤੇ ਜਾਣੇ ਹਨ। ਪਾਣੀ ਬਚਾਉਣ ਹਿੱਤ ਕਿਸਾਨਾਂ ਨੂੰ ਇਹ ਕਰਜ਼ ਮਾਈਕਰੋ ਸਿੰਜਾਈ ਵਾਸਤੇ ਨਵੇਂ ਲੋਨ ਦਿੱਤੇ ਜਾਣਗੇ। ਪੇਡਾ ਅਤੇ ਭੂਮੀ ਸੁਧਾਰ ਵਿਭਾਗਾਂ ਨਾਲ ਵੀ ਖੇਤੀ ਵਿਕਾਸ ਬੈਂਕਾਂ ਨੇ ਤਾਲਮੇਲ ਕੀਤਾ ਹੈ।ਪੰਜਾਬ ਰਾਜ ਖੇਤੀ ਵਿਕਾਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਚਰਨਦੇਵ ਸਿੰਘ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਹਰ ਖੇਤੀ ਵਿਕਾਸ ਬੈਂਕ ਦੇ ਵੱਡੇ ਪੰਦਰਾਂ ਡਿਫਾਲਟਰਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਇਨ੍ਹਾਂ ਡਿਫਾਲਟਰਾਂ ਦੀਆਂ ਤਸਵੀਰਾਂ ਬੈਂਕਾਂ ਦੇ ਨੋਟਿਸ ਬੋਰਡਾਂ ’ਤੇ ਜਨਤਿਕ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਐਤਕੀਂ ਵਸੂਲੀ 300 ਕਰੋੜ ਤੋਂ ਵਧ ਆਉਣ ਦੀ ਉਮੀਦ ਹੈ ਜੋ ਪਿਛਲੇ ਸੀਜ਼ਨ ਨਾਲੋਂ ਕਰੀਬ 50 ਕਰੋੜ ਜਿਆਦਾ ਹੋਵੇਗੀ। ਲੋਨ ਮੇਲੇ ਲਗਾ ਕੇ ਚੰਗੀ ਵਸੂਲੀ ਵਾਲੇ ਬੈਂਕ ਨਵੇਂ ਕਰਜ਼ੇ ਵੀ ਵੰਡਣਗੇ।
                  ਕਿਸਾਨਾਂ ਨੂੰ ਜਲੀਲ ਨਹੀਂ ਹੋਣ ਦਿਆਂਗੇ : ਯੂਨੀਅਨ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਪ੍ਰਤੀਕਰਮ ਸੀ ਕਿ ਉਹ ਖੇਤੀ ਕਰਜ਼ਦਾਰਾਂ ਦੀਆਂ ਤਸਵੀਰਾਂ ਬੈਂਕਾਂ ਵਿਚ ਨਹੀਂ ਲੱਗਣ ਦੇਣਗੇ ਕਿਉਂਕਿ ਇਹ ਕਿਸਾਨਾਂ ਨੂੰ ਜਲੀਲ ਕਰਨ ਦੀ ਮੁਹਿੰਮ ਹੈ। ਬੈਂਕਾਂ ਗੈਰ ਖੇਤੀ ਕਰਜ਼ੇ ਦੇ ਡਿਫਾਲਟਰਾਂ ਵੱਲ ਕੋਈ ਵੀ ਕਦਮ ਚੁੱਕਣ ਪ੍ਰੰਤੂ ਉਹ ਖੇਤੀ ਕਰਜ਼ੇ ਵਾਲੇ ਕਿਸਾਨਾਂ ਨੂੰ ਇਸ ਮਾਨਸਿਕ ਤੇ ਸਮਾਜਿਕ ਪੀੜਾ ਤੋਂ ਹਰ ਹੀਲੇ ਬਚਾਉਣਗੇ। ਉਨ੍ਹਾਂ ਆਖਿਆ ਕਿ ਖੇਤੀ ਘਾਟੇ ਦਾ ਧੰਦਾ ਹੈ ਅਤੇ ਕਿਸਾਨ ਤਾਂ ਪਹਿਲਾਂ ਹੀ ਆਪਣੀ ਜ਼ਮੀਨ ਬੈਂਕਾਂ ਕੋਲ ਗਿਰਵੀ ਰੱਖੀ ਬੈਠੇ ਹਨ।
     

Sunday, December 22, 2019

                                              ਵਿਚਲੀ ਗੱਲ
                     ਤੁਸੀਂ ਕਿਸ ਦੁਨੀਆਂ 'ਚ ਰਹਿੰਦੇ ਹੋ..!  
                                            ਚਰਨਜੀਤ ਭੁੱਲਰ
ਬਠਿੰਡਾ .. 'ਤੁਸੀਂ ਕਿਸ ਦੁਨੀਆਂ 'ਚੋਂ ਆਏ ਹੋ'। ਸਵਾਲ ਰਵੀਸ਼ ਕੁਮਾਰ ਨੇ ਪੁੱਛਿਆ। 'ਅਸੀਂ ਇਕੱਲੇ ਨਹੀਂ, ਮਾਪੇ ਵੀ ਆਏ ਨੇ'। ਜੁਆਬ ਨੌਜਵਾਨ ਧੀਆਂ ਨੇ ਦਿੱਤਾ। ਪਾਪਾਂ ਦਾ ਘੜਾ ਨੱਕੋ-ਨੱਕ ਭਰ ਜਾਏ। ਤਾਕਤ ਸਿਰ ਨੂੰ ਚੜ੍ਹ ਜਾਏ। ਫਿਰ ਜਵਾਨ ਬੱਚੇ ਘਰਾਂ 'ਚ ਨਹੀਂ ਬੈਠਦੇ। ਜੋ 'ਜਾਮੀਆ ਮਿਲੀਆ ਇਸਲਾਮੀਆ' 'ਚ ਪੜ੍ਹਨ ਬੈਠੇ। ਦਿੱਲੀ ਪੁਲੀਸ ਨੇ ਲਾਇਬ੍ਰੇਰੀ 'ਚ ਵੜ ਕੇ ਮਾਰਿਆ। ਲਾਇਬਰੇਰੀ 'ਚ ਕਿਤੇ ਮਾਂ ਨੇ ਇਹ ਵੇਲੇ ਸਿਰ ਲਾਇਬ੍ਰੇਰੀ ਭੇਜੇ ਹੁੰਦੇ ਤਾਂ ਰੀਡਿੰਗ ਰੂਮ ਦੀ ਮਰਿਆਦਾ ਸਮਝਦੇ। ਇੰਝ ਛੱਲੀਆਂ ਵਾਂਗੂ ਨਾ ਕੁੱਟਦੇ। ਕੁੜੀਆਂ ਨੂੰ ਲੀਰਾਂ ਦੀਆਂ ਗੁੱਡੀਆਂ ਸਮਝ ਬੈਠੇ। ਤਖ਼ਤ ਨੇ ਪਹਿਲਾਂ ਔਕਾਤ 'ਕਸ਼ਮੀਰ' ਦੀ ਨਾਪੀ। ਜਦੋਂ ਗਜ਼ ਲੈ ਕੇ 'ਕੰਨਿਆ ਕੁਮਾਰੀ' ਕੋਲ ਪੁੱਜੇ। ਜਵਾਨ ਖੂਨ ਨੇ ਉਬਾਲਾ ਖਾਧਾ। ਜ਼ਮੀਰਾਂ 'ਤੇ ਲਾਠੀ ਪੈ ਜਾਏ। ਫਿਰ ਰੋਹ ਲੱਠਮਾਰ ਬਣਦੈ। ਮਸ਼ਕਾਂ ਦਾ ਕੌਣ ਭਾਅ ਪੁੱਛਦੈ। ਅੱਗ ਜਦੋਂ ਦਿਲਾਂ 'ਚ ਲੱਗੀ ਹੋਵੇ। ਏਨੇ ਗਏ ਗੁਜ਼ਰੇ ਵੀ ਨਹੀਂ। ਹਕੂਮਤ ਜਿੰਨਾ ਸਮਝ ਬੈਠੀ। ਉਂਜ ਅੱਕ ਚੱਬਣਾ ਸੌਖਾ ਨਹੀਂ ਹੁੰਦਾ। ਸਿਰੋਂ ਪਾਣੀ ਲੰਘਦੈ ਤਾਂ ਪੁਲ਼ਾਂ 'ਤੇ ਗੂੰਜ ਪੈਂਦੀ ਹੈ। ਸਬਰ ਦੇ ਪਿਆਲੇ ਐਵੇਂ ਨਹੀਂ ਉੱਛਲੇ। ਅੰਦਰੋਂ ਭਰੇ ਪੀਤੇ ਬੈਠੇ ਸਨ। ਬੰਨ੍ਹ ਨਾਗਰਿਕਤਾ ਸੋਧ ਐਕਟ ਨੇ ਤੋੜ ਦਿੱਤੇ। ਉਪਰੋਂ ਲਾਇਬਰੇਰੀ ਦੀ ਬੇਅਦਬੀ ਕੌਣ ਝੱਲਦੈ। ਤਾਹੀਓਂ ਮੁਲਕ ਸੜਕਾਂ 'ਤੇ ਉਤਰਿਐ। ਦਿੱਲੀ ਦੇ ਜੰਤਰ-ਮੰਤਰ 'ਚ ਲੋਕ ਰੋਹ ਜੁੜਿਐ। 90 ਫੀਸਦੀ ਇਕੱਠ 25 ਸਾਲ ਤੱਕ ਦੀ ਜਵਾਨੀ ਦਾ ਹੈ। ਕਸੂਰ ਤਖ਼ਤ ਤੋਂ ਪੁੱਛ ਰਹੀ ਹੈ। ਜੋਸ਼ ਤੇ ਜਨੂੰਨ ਵੇਖ ਕੇ, ਰਵੀਸ਼ ਨੂੰ ਕਹਿਣਾ ਪਿਐ..! 'ਤੁਸੀਂ ਕਿਸ ਦੁਨੀਆਂ ਤੋਂ ਆਏ ਹੋ'।
           ਵੱਡੀਆਂ 'ਵਰਸਿਟੀਆਂ ਦਾ ਖੂਨ ਖੌਲਿਆ ਹੈ। ਰੀਡਿੰਗ ਰੂਮਾਂ 'ਚ ਬੈਠਣ ਵਾਲੇ ਹੁਣ ਚੌਰਾਹਿਆਂ 'ਚ ਬੈਠੇ ਹਨ। ਅਵਤਾਰ ਪਾਸ਼ ਦੀ ਰੂਹ ਨੇ ਹਲੂਣਾ ਦਿੱਤੈ 'ਸਭ ਤੋਂ ਖਤਰਨਾਕ ਪੁਲੀਸ ਦੀ ਕੁੱਟ ਨਹੀਂ ਹੁੰਦੀ'। ਸੱਤ ਬਚਨ ਆਖ ਮੁੰਡੇ ਸੁਫ਼ਨੇ ਜਗਾਉਣ ਮੁੜੇ ਨੇ। ਰਾਤੋ ਰਾਤ ਕੈਂਪਸਾਂ 'ਚੋਂ ਨਿਕਲ ਤੁਰੇ ਨੇ। ਯਸ਼ਵੰਤ ਸਿਨਹਾ ਆਖਦੈ, 'ਏਦਾ ਹੀ ਮੁੰਡੇ ਸੱਤ੍ਹਰਵੇਂ 'ਚ ਘਰਾਂ 'ਚੋਂ ਨਿਕਲੇ ਸਨ।' ਜਦੋਂ ਚੀਸ ਸਾਂਝੀ ਹੋਵੇ, ਲਹਿਰਾਂ ਨੂੰ ਟੋਚਨ ਪੈਂਦੇ ਨੇ। 'ਮੋਦੀ ਤੇ ਸ਼ਾਹ' ਤੋਂ ਹੁਣ ਥਾਹ ਨਹੀਂ ਪਾਈ ਜਾ ਰਹੀ। ਪਦੀੜ ਪੁਲੀਸ ਨੂੰ ਪਈ ਹੈ, ਲੋਕ ਰੋਹ ਦਾ ਕੁੰਭ ਜੋ ਦੇਸ਼ 'ਚ ਜੁੜਿਐ। ਪੰਜਾਬੀ ਮੁੰਡੇ ਕੁੰਭਕਰਨੀ ਨੀਂਦ ਸੁੱਤੇ ਪਏ ਨੇ। ਛੱਜੂ ਰਾਮ ਹੁੱਜਾਂ ਮਾਰ ਰਿਹੈ ਕਿ ਤੁਸੀਂ ਵੀ ਸੁਆਲ ਪੁੱਛੋ। ਲਓ ਪੁੱਛ ਲੈਂਦੇ ਹਾਂ, 'ਤੁਸੀਂ ਕਿਸ ਦੁਨੀਆਂ 'ਚ ਗੁਆਚੇ ਹੋ'? ਦਿਓ ਹੁਣ ਜੁਆਬ। ਬਰਨਾਲਾ ਕਾਲਜ ਦੇ ਮੁੰਡੇ ਬੋਲੇ, 'ਅਸੀਂ ਦਿਆਂਗੇ ਜੁਆਬ'।ਪ੍ਰੋ. ਸ਼ੋਇਬ ਜ਼ਫਰ ਨੇ ਜਦੋਂ ਪੁੱਛਿਆ, 'ਨੈੱਟ ਪੈਕ ਕਿਹੜਾ ਸਸਤੈ'। ਸਭ ਨੇ ਹੱਥੋਂ ਹੱਥ ਪੈਕ ਗਿਣਾ ਦਿੱਤੇ। ਚਲੋ ਇਹ ਵੀ ਦੱਸੋ, 'ਦਿੱਲੀ 'ਚ ਕਾਹਦਾ ਰੌਲਾ ਪਿਐ।' ਪ੍ਰੋਫੈਸਰ ਨੇ ਮੱਥੇ 'ਤੇ ਹੱਥ ਮਾਰਿਐ, ਜਦੋਂ ਬਹੁਤੇ ਬੋਲੋ, 'ਕਿਉਂ ਸਰ, ਕੀ ਹੋ ਗਿਆ ਉਥੇ।' ਪੰਜਾਬੀ ਗੁਆਚੇ ਜ਼ਰੂਰ ਨੇ ਪਰ ਕੌਣ ਆਖਦੈ ਕਿ ਵਿਹਲੇ ਨੇ। ਅੰਬਾਨੀ ਨੇ ਤਾਂ ਜੱਖਣਾ ਹੀ ਪੱਟ ਦਿੱਤੀ। ਕੋਈ ਸਟੇਟਸ ਪਾ ਰਿਹੈ, ਕੋਈ 'ਟਿੱਕ ਟੌਕ' ਚਲਾ ਰਿਹੈ, ਕੋਈ ਪੀਜ਼ੇ ਬਰਗਰ ਖਾ ਰਿਹੈ, ਕੋਈ ਟੈਟੂ ਬਣਵਾ ਰਿਹੈ ਤੇ ਕੋਈ ਫੇਸ਼ੀਅਲ ਵੀ ਕਰਵਾ ਰਿਹੈ। ਕਿਸੇ ਨੂੰ ਮਿੰਟ ਦੀ ਵਿਹਲ ਨਹੀਂ।
ਦਿੱਲੀ ਪੰਜਾਬ ਤੋਂ ਹੁਣ ਭੈਅ ਨਹੀਂ ਖਾਂਦੀ। ਪੰਜਾਬੀ ਖੂਨ ਖੌਲਦਾ ਨਹੀਂ, ਨਾ ਡੌਲ਼ੇ ਫਰਕਦੇ ਨੇ। ਮੌਤ ਨੂੰ ਮਖੌਲਾਂ ਕਰਨ ਵਾਲੇ ਠੇਠਰ ਬਣਾ ਕੇ ਰੱਖ 'ਤੇ। ਅਣਖ-ਰੜਕ ਦਾ ਨਾੜੂਆ ਹੀ ਕੱਟ ਦਿੱਤਾ। ਪੰਜਾਬ ਦੀ ਚਿੱਟੀ ਦਾੜ੍ਹੀ ਹੰਝੂਆਂ 'ਚ ਭਿੱਜੀ ਹੈ। 
            ਦੇਸ਼ ਦੀ ਜਵਾਨੀ ਕੂਕ ਰਹੀ ਹੈ ਪਰ ਪੰਜਾਬ ਹੁਣ ਖਾਮੋਸ਼ ਹੈ। ਟਾਵੇਂ ਸ਼ਹਿਰਾਂ 'ਚ ਨਾਅਰੇ ਗੂੰਜੇ। ਕਿਸੇ ਧਰਨੇ ਮੁਜ਼ਾਹਰੇ 'ਚ ਜਵਾਨੀ ਨਹੀਂ ਦਿੱਖਦੀ। ਜੰਤਰ ਮੰਤਰ ਤੋਂ ਪੰਜਾਬ ਗੈਰਹਾਜ਼ਰ ਹੈ। ਅਮਰਿੰਦਰ ਨੇ ਕਿਸੇ ਗੱਲੋਂ ਹੀ ਦੜ ਵੱਟੀ ਹੈ। ਪੰਜਾਬ ਨੇ ਮੁਲਕ ਦਾ ਕਟੋਰਾ ਭਰਿਆ। ਅੱਜ ਕਟੋਰਾ ਫੜ ਕੇ ਮੰਗਤਾ ਬਣਿਐ। ਸਿਆਸੀ ਜਮਾਤ ਨੇ ਐਸੇ ਮਧੋਲ਼ੇ, ਪੰਜਾਬੀ ਮੁੰਡੇ ਹੁਣ ਅੱਖ 'ਚ ਪਾਏ ਨਹੀਂ ਰੜਕਦੇ।ਆਓ ਪੁਰਾਣਾ ਪੰਜਾਬ ਦੇਖੀਏ। ਕਿੰਨੇ ਅਮੀਰ ਸੀ। ਬਾਬੇ ਨਾਨਕ ਦਾ ਕਿਰਤ ਦਾ ਫ਼ਲਸਫਾ ਤੇ ਨਾਲੇ ਚਮਕੌਰ ਦੀ ਗੜ੍ਹੀ ਵੀ। ਕਰਤਾਰ ਸਰਾਭੇ ਵੀ ਤੇ ਭਗਤ ਸਿੰਘ ਵੀ। ਕੁਰਬਾਨੀ 'ਚ ਕੋਈ ਸਾਨੀ ਨਹੀਂ ਸੀ। ਜਵਾਨ ਊਰਜਾ ਮੇਲਦੀ। ਕੋਈ ਪੰਜਾਬ ਵੱਲ ਮੂੰਹ ਨਾ ਕਰਦਾ। ਰਣ 'ਚ ਕੁੱਦਣੋਂ ਨਹੀਂ ਡਰਦੇ ਸਨ। ਸ਼ਾਹ ਮੁਹੰਮਦ ਲਿਖਦੈ, 'ਤੇਰੇ ਵੱਲ ਜੋ ਕਰੇਗਾ ਨਜ਼ਰ ਮੈਲੀ, ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ।' ਇਕੱਲੀ ਗ਼ਦਰ ਲਹਿਰ ਨਹੀਂ, ਕਿੰਨੀਆਂ ਲਹਿਰਾਂ ਦੇ ਅਸੀਂ ਵਾਰਸ ਹਾਂ। ਜਿਉਣਾ ਮੌੜ, ਜੱਗਾ ਡਾਕੂ, ਸੁੱਚਾ ਸੂਰਮਾ, ਦੁੱਲਾ ਭੱਟੀ ਤੇ ਹੋਰ, ਬੜੇ ਨਾਇਕ ਨੇ। ਅਣਖ ਹੀ ਪਛਾਣ ਸੀ। ਕੋਈ ਵੀ ਮੋਰਚਾ ਲੱਗਾ, ਪੰਜਾਬੀ ਨੌਜਵਾਨ ਬੀਂਡੀ ਜੁੜਿਆ। ਜਵਾਨੀ ਹਮੇਸ਼ਾ ਸਫ਼ਰ 'ਤੇ ਹੀ ਰਹੀ। ਮਿਹਨਤੀ ਜੁੱਸਾ ਤੇ ਉਪਰੋਂ ਪੜ੍ਹਨ ਦੀ ਮੱਸ। ਰਗਾਂ ਵਿਚ ਦੌੜਦਾ ਖੂਨ। ਨਾ ਥੱਕਦੇ, ਨਾ ਅੱਕਦੇ, ਡੋਲਣਾ ਤਾਂ ਕੀ ਸੀ।
            ਚੇਤੇ ਹੋਏਗਾ ਮੋਗੇ ਦਾ ਰੀਗਲ ਸਿਨੇਮਾ ਕਾਂਡ। 1972 'ਚ ਦੋ ਨੌਜਵਾਨ ਪੁਲੀਸ ਗੋਲੀ ਨੇ ਭੁੰਨ ਦਿੱਤੇ। ਅੰਦੋਲਨ ਪੂਰੇ ਪੰਜਾਬ ਵਿਚ ਫੈਲਿਆ। ਪ੍ਰਾਇਮਰੀ ਸਕੂਲਾਂ ਦੇ ਬੱਚੇ ਵੀ ਬਸਤੇ ਸੁੱਟ ਤੁਰੇ ਸਨ। ਸਾਲ 1980-81 ਵਿਚ ਚੱਲਿਆ ਬੱਸ ਕਿਰਾਇਆ ਘੋਲ। ਟੂਟੀ ਪੱਟ ਅਪਰੇਸ਼ਨ ਮਗਰੋਂ ਸਰਕਾਰ ਨੂੰ ਝੁਕਣਾ ਪਿਆ। ਜੇਠੂਕੇ ਵਾਲਾ ਝੰਡਾ ਅੱਠਵੀਂ 'ਚ ਸੀ, ਜਦੋਂ ਤੋਂ ਪੁਲੀਸ ਨੇ ਕੁੱਟਣਾ ਸ਼ੁਰੂ ਕੀਤੈ। ਮੁਲਾਜ਼ਮ ਤਾਕਤ ਤੋਂ ਵੀ ਤਖ਼ਤ ਡਰਦਾ ਸੀ। ਕਦੋਂ ਨੌਂ ਮਣ ਤੇਲ ਹੋਊ, ਕਦੋਂ ਰਾਧਾ ਨੱਚੂ'। ਇਸ ਸੋਚ 'ਚੋਂ ਤੱਤੀ ਧਾਰਾ ਨਿਕਲੀ। ਨੌਜਵਾਨਾਂ ਦੇ ਮਨਾਂ 'ਚ ਖਰੂਦ, ਨਾਲੇ ਬਾਰੂਦ ਸੀ। ਦਿੱਲੀ ਥਰ-ਥਰ ਕੰਬਦੀ ਸੀ। ਨਵੀਂ ਤਵਾਰੀਖ ਪੰਜਾਬੀ ਲਿਖਦੇ ਸਨ। ਪੰਜਾਬ ਮੁੰਦਰੀ ਦਾ ਨਗ ਐਵੇਂ ਨਹੀਂ ਬਣਿਆ ਸੀ।ਪੰਜਾਬ ਹੁਣ ਕਾਗਜ਼ੀ ਸ਼ੇਰ ਜਾਪਦੈ। ਪਾਸ਼ ਆਖਦੈ, 'ਤੁਸੀਂ ਕਣਕ ਦੇ ਵੱਢ ਵਿਚ ਕਿਰੇ ਹੋਏ ਛੋਲੇ ਹੋ ਤੇ ਮਿੱਟੀ ਨੇ ਤੁਹਾਡਾ ਵੀ ਹਿਸਾਬ ਕਰਨਾ ਹੈ।' ਪਿਛਾਂਹ ਨਜ਼ਰ ਮਾਰੋ, ਸਾਲ 1989 'ਚ ਤੇਲ ਦਾ ਡਰੰਮ ਹਜ਼ਾਰ 'ਚ। ਹੁਣ 13 ਹਜ਼ਾਰ 'ਚ ਭਰਦਾ ਹੈ। ਗੰਢੇ ਕੀ, ਜੋ ਮਰਜ਼ੀ ਭਾਅ ਵਧੇ। ਟੈਂਅ ਨਾ ਮੰਨਣ ਵਾਲੇ ਪੰਜਾਬੀ ਚੂੰ ਨਹੀਂ ਕਰਦੇ। 'ਘਰ ਨਾ ਬਾਰ, ਮੀਆਂ ਮਹੱਲੇਦਾਰ' ਵਾਲੀ ਗੱਲ ਹੈ। ਆਖਦੇ ਨੇ, 'ਰੱਬ ਡਾਢਿਆਂ ਦੇ ਵੱਸ ਨਾ ਪਾਵੇ'। ਬਾਦਲਾਂ ਦਾ ਮੁੱਛਾਂ 'ਤੇ ਹੱਥ ਜਾਂਦਾ ਸੀ ਜਦੋਂ ਧਰਨਿਆਂ 'ਚ ਬੁੱਢੇ ਠੇਰੇ ਬੈਠੇ ਦੇਖਦੇ। ਤਾਹੀਓਂ ਅਮਰਿੰਦਰ ਵੀ ਮੁੱਛਾਂ 'ਚ ਹੱਸਣੋਂ ਨਹੀਂ ਹਟਦਾ।
         ਬਾਦਲਾਂ ਦੇ ਆਖਰੀ ਪੰਜ ਸਾਲ ਵੇਖੋ। 51 ਹਜ਼ਾਰ ਲੋਕ ਅੰਦੋਲਨ ਹੋਏ। ਨੌਜਵਾਨ ਅੰਦੋਲਨ ਸਿਰਫ਼ 1756। ਪੰਜਾਹ ਫੀਸਦੀ ਇਕੱਲੇ ਮੁਲਾਜ਼ਮਾਂ ਦੇ। ਹੁਣ ਕੇਵਲ ਬੇਰੁਜ਼ਗਾਰ ਭਿੜ ਰਹੇ ਹਨ। ਪੰਜਾਬ 'ਚ 232 ਮੁੰਡੇ ਨੇ (18 ਤੋਂ 21 ਸਾਲ ਦੇ) ਜਿਨ੍ਹਾਂ ਦਾ ਨਾਮ ਭਗਤ ਸਿੰਘ ਹੈ। ਗੀਤ ਸੁਣਦੇ ਨੇ ਸਿੱਧੂ ਮੂਸੇ ਵਾਲੇ ਦੇ। ਤਿੰਨ ਸਾਲਾਂ 'ਚ 15,455 ਪੰਜਾਬੀ ਮੁੰਡੇ ਫੌਜ 'ਚ ਭਰਤੀ ਹੋਏ ਨੇ। ਫੌਜ ਨੂੰ ਪੰਜਾਬੀ ਗੱਭਰੂ ਲੱਭਦਾ ਨਹੀਂ। ਅਨੁਮਾਨ ਅਨੁਸਾਰ 2041 'ਚ 21 ਫੀਸਦੀ ਨੌਜਵਾਨ ਰਹਿ ਜਾਣਗੇ। ਬੇਕਾਰੀ ਦੇ ਭੰਨੇ ਬਹੁਤੇ ਉਦਾਸੀ 'ਚ ਹਨ। ਬਹੁਤੇ ਅੰਬਾਨੀ ਨੇ 'ਗੁਲਾਮ' ਬਣਾ ਰੱਖੇ ਨੇ। ਮੁਫ਼ਤ ਦੇ ਜੀਓ ਨਾਲ। ਕਿਸੇ ਨੂੰ ਮਰਜ਼ੀ ਪੁੱਛ ਲਓ। ਆਈਲੈੱਟਸ ਕਰਾਂਗੇ, ਭੱਜ ਜਾਵਾਂਗੇ। ਅਸੀਂ ਰਹਿਣਾ ਹੀ ਨਹੀਂ। ਪੰਜਾਬੀ ਪੁੱਤ ਹੁਣ ਡਾਲਰਾਂ ਦੇ ਪੁੱਤ ਬਣੇ ਨੇ। ਪੰਜਾਬ 'ਚੋਂ ਹੁਣ ਲਾਵਾ ਫੁੱਟਣਾ ਨਹੀਂ। ਜਿਥੋਂ ਡਰ ਐ, ਉਥੇ ਇੰਟਰਨੈੱਟ ਬੰਦ ਕਰ ਦਿੱਤਾ ਜਾਂਦੈ। ਪੰਜਾਬੀ ਇਸ ਗੱਲੋਂ ਡਰੀ ਜਾਂਦੇ ਨੇ। ਅਖੇ, ਸੜਕਾਂ 'ਤੇ ਬੈਠੇ, ਸਰਕਾਰ ਨੈੱਟ ਬੰਦ ਕਰੂ, ਫਿਰ ਸਾਡਾ ਕੀ ਬਣੂ। ਮਨਪ੍ਰੀਤ ਬਾਦਲ ਦਾ ਪੁੱਤ ਤਾਂ ਅਗਲੀ ਚੋਣ ਲੜੂ, ਕਿਸੇ ਭੇਤੀ ਨੇ ਦੱਸਿਆ। ਸੁਖਬੀਰ ਨੇ ਪਹਿਲਾਂ ਹੀ ਕਿਹਾ.. ਸਾਡੀ ਅਗਲੀ ਪੀੜ੍ਹੀ ਵੀ ਸੇਵਾ ਕਰੂ। ਰਹੀ ਗੱਲ ਛੱਜੂ ਰਾਮ ਦੀ। ਉਹ ਆਖ ਰਿਹੈ.. ਪੰਜਾਬ ਦੀ ਜਵਾਨੀ ਤਾਂ ਸੁੱਕਾ ਬਾਲਣ ਐ। ਤੀਲੀ ਦਿਖਾਉਣ ਦੀ ਲੋੜ ਐ। ਜਵਾਨੀ ਅੱਭੜਵਾਹੀ ਉੱਠੀ, ਜ਼ਰੂਰੀ ਨਹੀਂ ਫਿਰ ਠੀਕ ਰਾਹ 'ਤੇ ਦੌੜੇ। ਦੇਖਿਓ ਕਿਤੇ ਪੰਗਾ ਲੈ ਬੈਠੋਂ। ਅਮਿਤ ਸ਼ਾਹ ਨੂੰ ਕਿਤੇ ਚਿੱਤ ਚੇਤੇ ਸੀ। ਜੋ ਹੁਣ ਹੋ ਰਿਹਾ ਹੈ..!

Tuesday, December 17, 2019

                          ਸੈਸ਼ਨ ਬਣਿਆ ਫੈਸ਼ਨ 
       ਸੁਖਬੀਰ ਤੇ ਸਨੀ ਦਿਓਲ ਨੇ ਮਾਰੀ ਫਰਲੋ
                                ਚਰਨਜੀਤ ਭੁੱਲਰ
ਬਠਿੰਡਾ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ਸੈਸ਼ਨ ਚੋਂ ਫਰਲੋ ਮਾਰਨ ਵਿਚ ਝੰਡੀ ਲੈ ਗਏ ਹਨ ਜਦੋਂ ਕਿ ਐਮ.ਪੀ ਸਨੀ ਦਿਓਲ ਨੇ ਵੀ ਪ੍ਰਧਾਨ ਜੀ ਦੀ ਪੈੜ ਵਿਚ ਪੈੜ ਰੱਖੀ ਹੈ। ਉਂਜ ਤਾਂ ਇਹ ਆਗੂ ਸਟੇਜਾਂ ਤੋਂ ਪੰਜਾਬ ਦੇ ਹੱਕਾਂ ਲਈ ਦਿਨ ਰਾਤ ਜਾਗਣ ਦੀ ਗੱਲ ਕਰਦੇ ਹਨ ਪ੍ਰੰਤੂ ਪਾਰਲੀਮੈਂਟ ਵਿਚ ਜਾਣ ਦਾ ਇਨ੍ਹਾਂ ਕੋਲ ਸਮਾਂ ਨਹੀਂ ਹੈ। 17ਵੀਂ ਲੋਕ ਸਭਾ ਦੀ ਮੁਢਲੀ ਕਾਰਗੁਜ਼ਾਰੀ ਤੋਂ ਇਹ ਤੱਥ ਉਭਰੇ ਹਨ ਕਿ ਪਾਰਲੀਮੈਂਟ ਵਿਚ ਸਭ ਤੋਂ ਵੱਧ ਗੈਰਹਾਜ਼ਰੀ ਸੁਖਬੀਰ ਸਿੰਘ ਬਾਦਲ ਦੀ ਰਹੀ ਹੈ ਜਦੋਂ ਕਿ ਬਹੁਤੇ ਕਾਂਗਰਸੀ ਸੰਸਦ ਮੈਂਬਰਾਂ ਨੇ ਲੰਮਾ ਸਮਾਂ ਸੰਸਦ ਵਿਚ ਕੱਢਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਦੌਰਾਨ ਸਿਰਫ਼ ਪੰਜ ਦਿਨ ਹੀ ਹਾਜ਼ਰ ਰਹੇ ਜਦੋਂ ਕਿ ਉਨ੍ਹਾਂ ਦੀ ਸਮੁੱਚੀ ਹਾਜ਼ਰੀ ਸਿਰਫ਼ 29 ਫੀਸਦੀ ਬਣਦੀ ਹੈ ਜੋ ਪੰਜਾਬ ਦੇ ਸਭ ਸੰਸਦ ਮੈਂਬਰਾਂ ਤੋਂ ਘੱਟ ਹੈ। ਹੁਣ ਤੱਕ ਸੁਖਬੀਰ ਬਾਦਲ ਨੇ ਕੇਵਲ ਤਿੰਨ ਸੁਆਲ ਸੰਸਦ ਵਿਚ ਪੁੱਛੇ ਹਨ ਅਤੇ ਚਾਰ ਦਫ਼ਾ ਬਹਿਸ ਵਿਚ ਹਿੱਸਾ ਲਿਆ ਹੈ। 17ਵੀਂ ਲੋਕ ਸਭਾ ਦੀ ਸਮੁੱਚੀ ਕਾਰਗੁਜ਼ਾਰੀ ਦੇਖੀਏ ਤਾਂ ਗੁਰਦਾਸਪੁਰ ਤੋਂ ਐਮ.ਪੀ ਸਨੀ ਦਿਓਲ ਵੀ ਲੋਕਾਂ ਦੀ ਪਾਰਲੀਮੈਂਟ ਵਿਚ ਆਵਾਜ਼ ਨਹੀਂ ਬਣ ਸਕੇ। ਸ਼ਨੀ ਦਿਓਲ ਫਿਲਮੀ ਕਾਰੋਬਾਰ ਵਿਚ ਉਲਝੇ ਹੋਏ ਹਨ।
      ਐਮ.ਪੀ ਸਨੀ ਦਿਓਲ ਦੀ ਹੁਣ ਤੱਕ ਦੀ ਹਾਜ਼ਰੀ ਸਿਰਫ਼ 38 ਫੀਸਦੀ ਬਣਦੀ ਹੈ ਜਦੋਂ ਕਿ ਉਨ੍ਹਾਂ ਨੇ ਹਾਲੇ ਤੱਕ ਸੰਸਦ ਵਿਚ ਮੂੰਹ ਨਹੀਂ ਖੋਲ੍ਹਿਆ ਹੈ ਅਤੇ ਨਾ ਹੀ ਕੋਈ ਸੁਆਲ ਪੁੱਛਿਆ ਹੈ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਐਤਕੀਂ ਪਛੜ ਗਏ ਹਨ। ਭਾਵੇਂ ਸਰਦ ਰੁੱਤ ਸੈਸ਼ਨ ਵਿਚ ਉਨ੍ਹਾਂ ਦੀ ਹਾਜ਼ਰੀ 52 ਫੀਸਦੀ ਰਹੀ ਹੈ ਪ੍ਰੰਤੂ 17ਵੀਂ ਲੋਕ ਸਭਾ  ’ਚ ਸਮੁੱਚੀ ਹਾਜ਼ਰੀ ਸਿਰਫ਼ 43 ਫੀਸਦੀ ਰਹੀ ਹੈ। ਐਮ.ਪੀ ਭਗਵੰਤ ਮਾਨ ਨੇ ਹਾਲੇ ਤੱਕ ਸੰਸਦ ਵਿਚ ਕੋਈ ਲਿਖਤੀ ਸੁਆਲ ਨਹੀਂ ਪੁੱਛਿਆ ਹੈ ਪ੍ਰੰਤੂ ਉਨ੍ਹਾਂ ਨੇ 15 ਵਾਰ ਬਹਿਸ ਵਿਚ ਜਰੂਰ ਹਿੱਸਾ ਲਿਆ ਹੈ ਜਿਸ ਦੀ ਚਰਚਾ ਵੀ ਹੋਈ ਹੈ। ਚੌਥਾ ਨੰਬਰ ਫਰੀਦਕੋਟ ਤੋਂ ਐਮ.ਪੀ ਮੁਹੰਮਦ ਸਦੀਕ ਹੈ ਜਿਨ੍ਹਾਂ ਦੀ ਸਮੁੱਚੀ ਹਾਜ਼ਰੀ 71 ਫੀਸਦੀ ਰਹੀ ਹੈ ਜਦੋਂ ਕਿ ਉਨ੍ਹਾਂ ਨੇ ਹੁਣ ਤੱਕ ਦੋ ਸੁਆਲ ਪੁੱਛੇ ਹਨ ਅਤੇ 5 ਵਾਰ ਬਹਿਸ ਵਿਚ ਹਿੱਸਾ ਲਿਆ ਹੈ। ਪਟਿਆਲਾ ਤੋਂ ਐਮ.ਪੀ ਪ੍ਰਨੀਤ ਕੌਰ ਨੇ ਵੀ ਹਾਲੇ ਤੱਕ ਸੰਸਦ ਵਿਚ ਕੋਈ ਲਿਖਤੀ ਸੁਆਲ ਨਹੀਂ ਪੁੱਛਿਆ ਹੈ। ਜਦੋਂ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਸੰਸਦ ਮੈਂਬਰ ਬਣੇ ਸਨ ਤਾਂ ਉਨ੍ਹਾਂ ਦੀ ਪਾਰਲੀਮੈਂਟ ਵਿਚ ਸਮੁੱਚੀ ਹਾਜ਼ਰੀ ਸਿਰਫ਼ 6 ਫੀਸਦੀ ਹੀ ਰਹੀ ਸੀ।
               17ਵੀਂ ਲੋਕ ਸਭਾ ਵਿਚ ਸਭ ਤੋਂ ਵੱਧ ਹਾਜ਼ਰੀ ਸੰਸਦ ਮੈਂਬਰ ਅਮਰ ਸਿੰਘ ਦੀ 98 ਫੀਸਦੀ ਰਹੀ ਹੈ ਜਦੋਂ ਕਿ ਐਮ.ਵੀ ਰਵਨੀਤ ਬਿੱਟੂ ਤੇ ਸੰਤੋਖ ਚੌਧਰੀ ਦੀ ਹਾਜ਼ਰੀ 96-96 ਫੀਸਦੀ ਅਤੇ ਖਡੂਰ ਸਾਹਿਬ ਤੋਂ ਐਮ.ਪੀ ਜਸਬੀਰ ਸਿੰਘ ਡਿੰਪਾ ਦੀ ਹਾਜ਼ਰੀ 95 ਫੀਸਦੀ ਰਹੀ ਹੈ। ਐਮ.ਪੀ ਮਨੀਸ਼ ਤਿਵਾੜੀ ਅਤੇ ਗੁਰਜੀਤ ਅੌਜਲਾ ਦੀ ਹਾਜ਼ਰੀ 93-93 ਫੀਸਦੀ ਰਹੀ ਹੈ। ਐਮ.ਪੀ ਪ੍ਰਨੀਤ ਕੌਰ ਦੀ ਹਾਜ਼ਰੀ 88 ਫੀਸਦੀ ਰਹੀ ਹੈ। ਅਕਾਲੀ ਸੂਤਰ ਆਖਦੇ ਹਨ ਕਿ ਸ਼੍ਰੋ੍ਰਮਣੀ ਅਕਾਲੀ ਦਲ ਦੇ ਰੁਝੇਵੇਂ ਹੋਣ ਕਰਕੇ ਪਾਰਟੀ ਪ੍ਰਧਾਨ ਸੈਸ਼ਨ ਵਿਚ ਬਹੁਤਾ ਸਮਾਂ ਨਹੀਂ ਦੇ ਸਕੇ ਹਨ। ਦੇਖਿਆ ਜਾਵੇ ਤਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ  ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਸੁਖਬੀਰ ਬਾਦਲ ਤੋਂ ਘੱਟ ਨਹੀਂ ਗੁਜ਼ਰੇ ਹਨ। ਅਖਿਲੇਸ਼ ਯਾਦਵ ਦੀ ਵੀ ਹੁਣ ਤੱਕ ਦੀ ਹਾਜ਼ਰੀ 29 ਫੀਸਦੀ ਹੀ ਰਹੀ ਹੈ।
                                 ਲੋਕ ਆਵਾਜ਼ ਕੌਣ ਬਣੂ : ਡਾ. ਗਾਂਧੀ
ਸਾਬਕਾ ਐਮ.ਪੀ ਡਾ. ਧਰਮਵੀਰ ਗਾਂਧੀ ਆਖਦੇ ਹਨ ਕਿ ਐਮ.ਪੀ ਨੇ ਅਸਲੀ ਫਰਜ਼ ਤਾਂ ਪਾਰਲੀਮੈਂਟ ਵਿਚ ਅਦਾ ਕਰਨਾ ਹੁੰਦਾ ਹੈ। ਜੋ ਸੈਸ਼ਨ ਤੋਂ ਦੂਰ ਰਹਿੰਦੇ ਹਨ, ਉਸ ਤੋਂ ਸਾਫ ਹੈ ਕਿ ਉਨ੍ਹਾਂ ਨੂੰ ਲੋਕ ਹਿੱਤਾਂ ਦੀ ਪ੍ਰਵਾਹ ਨਹੀਂ। ਉਨ੍ਹਾਂ ਆਖਿਆ ਕਿ ਫਰਲੋ ਵਾਲੇ ਸੰਸਦ ਮੈਂਬਰਾਂ ਦਾ ਅਸਲ ਮਕਸਦ ਸਿਰਫ਼ ਸੱਤਾ ਹਾਸਲ ਕਰਨਾ ਹੀ ਹੁੰਦਾ ਹੈ। ਬਿਨਾਂ ਕੰਮ ਤੋਂ ਤਨਖਾਹ ਤੇ ਭੱਤੇ ਲੈਣਾ ਕਿਥੋਂ ਦਾ ਅਸੂਲ ਹੈ? ਇਸੇ ਕਰਕੇ ਲੋਕਾਂ ਦੇ ਮੁੱਦੇ ਅਣਗੌਲੇ ਰਹਿ ਜਾਂਦੇ ਹਨ।
                          ਹੰਸ ਰਾਜ ਵੀ ਦੋ ਦਿਨ ਹਾਜ਼ਰ ਰਹੇ
ਐਮ.ਪੀ ਹੰਸ ਰਾਜ ਹੰਸ ਇਸ ਸਰਦ ਰੁੱਤ ਸੈਸ਼ਨ ਵਿਚ ਸਿਰਫ਼ ਦੋ ਦਿਨ ਹੀ ਹਾਜ਼ਰ ਹੋਏ ਹਨ ਜਦੋਂ ਕਿ 17 ਦਿਨ ਉਹ ਗੈਰਹਾਜ਼ਰ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਸਮੁੱਚੀ ਹਾਜ਼ਰੀ 61 ਫੀਸਦੀ ਰਹੀ ਹੈ। ਹੇਮਾ ਮਾਲਿਨੀ ਦੀ ਹਾਜ਼ਰੀ 57 ਫੀਸਦੀ ਰਹੀ ਹੈ ਜਦੋਂ ਕਿ ਰਾਹੁਲ ਗਾਂਧੀ ਦੀ ਹਾਜ਼ਰੀ 50 ਫੀਸਦੀ ਰਹੀ ਹੈ। ਸਮੁੱਚੇ ਦੇਸ਼ ਚੋਂ ਸਭ ਤੋਂ ਵੱਧ ਫਰਲੋ ਉਤਰ ਪ੍ਰਦੇਸ਼ ਦੇ ਐਮ.ਪੀ ਅਤੁਲ ਕਮੁਾਰ ਨੇ ਮਾਰੀ ਹੈ ਜਿਨ੍ਹਾਂ ਦੀ ਹੁਣ ਤੱਕ ਦੀ ਹਾਜ਼ਰੀ ਸਿਰਫ਼ ਦੋ ਫੀਸਦੀ ਹੀ ਰਹੀ ਹੈ।
     

Sunday, December 15, 2019

                             ਵਿਚਲੀ ਗੱਲ
               ਪੁੱਤ! ਰੱਬ ਤੇਰਾ ਭਲਾ ਕਰੇ..!
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਭੋਗਾਂ ਤੇ ਵਿਆਹਾਂ ’ਤੇ, ਗੁਰੂ ਘਰਾਂ ’ਚ ਤੇ ਈਦਗਾਹਾਂ ’ਤੇ, ਗਲੀ ਮੁਹੱਲੇ, ਪੇਂਡੂ ਸੱਥਾਂ, ਨਾਲੇ ਲੰਗਰ ਦੀਆਂ ਚਾਹਾਂ ’ਤੇ। ਬੱਸ ਇੱਕੋ ਗੱਲ ਚੱਲਦੀ ਐ..! ‘ਤੇਰੀ ਨਿਗ੍ਹਾ ’ਚ ਕੋਈ ਕੁੜੀ ਹੈ।’ ਬੈਂਡ ਛੇ ਤੋਂ ਘੱਟ ਨਾ ਹੋਣ। ਅਧਖੜ ਉਮਰ ਦੇ, ਵਿਚੋਲੇ ਹੀ ਵਿਚੋਲੇ। ਹੇੜੀਆਂ ਦਿੰਦੇ ਫਿਰਦੇ ਨੇ ਪਿੰਡੋਂ ਪਿੰਡ। ਜਿਵੇਂ ਕਿਤੇ ਅੱਗ ਲੱਗੀ ਹੋਵੇ। ਕਿਧਰੋਂ ਤੇ ਕਿਤੋਂ ਵੀ, ਦੱਸ ਪਏ ਤਾਂ ਸਹੀ। ਫਿਰ ਗਦੌੜਾ ਹੱਥੋਂ ਹੱਥ ਫੇਰਦੇ ਨੇ। ਬਾਬਿਆਂ ਦੇ ਹੱਥ ਦੁਆ ਲਈ ਜੁੜਦੇ ਨੇ। ਜਿਉਂ ਪੋਤੇ ਦਾ ਰਾਹ ਪੱਧਰਾ ਹੁੰਦੈ। ਅਸੀਸਾਂ ਦਿੰਦੇ ਨੀਂ ਥੱਕਦੇ… ‘ਟਰੂਡੋ ਪੁੱਤ, ਜਿਉਂਦਾ ਰਹਿ, ਤੇਰੇ ਬੱਚੇ ਜਿਉਣ।’ ਅੱਗਿਓਂ ਹੁੰਗਾਰਾ ਬੇਬੇ ਭਰਦੀ ਐ..! ‘ਸਾਡੇ ਆਲ਼ੇ ਤਾਂ ਡੋਬਾ ਦੇਣੇ ਨਿਕਲੇ, ਤੂੰ ਬਚਾਅ ਲਿਆ ਪੁੱਤ।’ ਪੰਜਾਬ ਸਿਓਂ, ਛੇਤੀ ਕਿਤੇ ਹਾਰਦਾ ਸੀ। ਵਹਿੰਗੀ ਛੱਡ ਤੁਰਨਾ, ਸਰਬਣਾਂ ਦੀ ਮਜਬੂਰੀ ਬਣੀ ਹੈ। ਹੁਣ ਪੰਜਾਬ ਦੇ ਮਾੜੇ ਦਿਹਾੜੇ ਨੇ। ਕਿੰਗਰੇ ਢਹਿ ਗਏ ਨੇ, ਭੱਥੇ ’ਚ ਤੀਰ ਨਹੀਂ। ਹਾਲ ਤਾਂ ਤਿੜਕੇ ਘੜੇ ਨਾਲੋਂ ਭੈੜੇ ਨੇ। ਦੌਰ ਉਸ ਤੋਂ ਵੀ ਭੈੜੇ। ਪੰਜਾਬ ਹੀ ਬਿਗਾਨਾ ਹੋ ਗਿਆ। ਆਪਣਿਆਂ ਬੂਹੇ ਭੇੜ ਲਏ, ਟਰੂਡੋ ਨੇ ਖੋਲ੍ਹ ਦਿੱਤੇ। ਨਸ਼ੇ ਨਾਲੋਂ ਪਰਵਾਸ ਸੌ ਦਰਜੇ ਚੰਗੈ। ਘੜਮੱਸ ਐਵੇਂ ਤਾਂ ਨਹੀਂ ਮੱਚੀ। ਜਹਾਜ਼ ਕਿਤੇ ਛੁੱਟ ਨਾ ਜਾਏ। ਪੰਜਾਬੀ ਜੂਆ ਖੇਡਣ ਲੱਗੇ ਨੇ। ਦਾਅ ’ਤੇ ਸਭ ਕੁਝ ਲਾ ਦਿੱਤਾ। ਇੱਜ਼ਤ ਵੀ ਤੇ ਜ਼ਮੀਰ ਵੀ। ਕਾਰੋਬਾਰੀ ਮੇਲਾ ਲੁੱਟ ਰਹੇ ਨੇ। ਬਾਘੀਆਂ ਵਿਚੋਲੇ ਪਾ ਰਹੇ ਨੇ। ਹਿੰਗ ਲੱਗੇ ਨਾ ਫਟਕੜੀ। ਧੀਆਂ ਦਾ ਮੁੱਲ ਪੈਣ ਲੱਗਾ ਤੇ ਸੇਲ ਜ਼ਮੀਰਾਂ ਦੀ ਲੱਗੀ ਹੈ।
              ਪੰਜਾਬ ’ਚ ਜ਼ਮੀਨਾਂ ਦੇ ਮੁੱਲ ਕਿੰਨੇ ਵਧੇ ਸਨ। ਉਦੋਂ ਅਮਰਿੰਦਰ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਰਾਤੋਂ ਰਾਤ ਦਲਾਲ ਉੱਗੇ ਸਨ। ਅਮਰਿੰਦਰ ਹੁਣ ਦੂਜੀ ਪਾਰੀ ਖੇਡ ਰਿਹੈ। ਉਹੀ ਦਲਾਲ ਹੁਣ ਹੋਕੇ ਮਾਰ ਰਹੇ ਨੇ। ਕੋਈ ਹੈ ਸਾਢੇ ਛੇ ਬੈਂਡਾਂ ਵਾਲੀ ਕੁੜੀ। ਪੇਂਡੂ ਅਨਪੜ੍ਹ ਤੇ ਸਭ ਅੰਡਰ ਮੈਟ੍ਰਿਕ। ਫੱਟੇ ਲਟਕਾਈ ਫਿਰਦੇ ਨੇ ‘ਰਿਸ਼ਤੇ ਹੀ ਰਿਸ਼ਤੇ’। ਮਲਵਈ ਇੱਕ ਤਾਂ ਕਾਹਲੇ ਹੱਦੋਂ ਵੱਧ ਨੇ। ਨਾ ਅੱਗਾ ਵੇਖਣ ਤੇ ਨਾ ਪਿੱਛਾ। ਅੱਗਿਓਂ ਹੋ ਕੇ ਵਿਚੋਲੇ ਵਲ ਰਹੇ ਨੇ। ਹਰ ਪਿੰਡ ’ਚੋਂ ਘੱਟੋ ਘੱਟ ਤਿੰਨ ਚਾਰ ਵਿਚੋਲੇ ਉੱਠੇ ਨੇ। ਕਦੇ ਗੀਤ ਦੀ ਗੂੰਜ ਪੈਂਦੀ ਸੀ, ‘ਚੱਲ ਬਰਨਾਲੇ ਚੱਲੀਏ, ਮੋਟਰ ਮਿੱਤਰਾਂ ਦੀ।’ ਵਿਚੋਲੇ ਹੁਣ ਬੈਂਡਾਂ ਵਾਲੀ ਕੁੜੀ ਲੱਭਣ ਇਕੱਲੇ ਬਰਨਾਲੇ ਨਹੀਂ, ਸੰਗਰੂਰ ਪਟਿਆਲੇ ਵੀ ਜਾਂਦੇ ਨੇ। ਵਿਚੋਲਣਾਂ ਦੇ ਵੀ ਗੜ੍ਹ ਬਣੇ ਨੇ। ਮਾਨਸੇ ਵਾਲੇ ਇੱਕ ਵਿਚੋਲੇ ਦੀ ਸੁਣੋ। ਆਖਦੈ, ਸਾਢੇ ਛੇ ਬੈਂਡ ਵਾਲੀ ਕੁੜੀ ਦੀ ਵੁੱਕਤ ਐ। ਉਸ ਤੋਂ ਘੱਟ ਨਹੀਂ। ਵਿਚੋਲੇ ਲੱਖ ਤੋਂ ਲੈ ਕੇ ਢਾਈ ਲੱਖ ਕਮਾ ਰਹੇ ਨੇ। ਕੋਈ ਪ੍ਰਤੀ ਕਿੱਲਾ 10 ਹਜ਼ਾਰ ਰੁਪਏ ਕਮਿਸ਼ਨ ਲੈਂਦੈ। ਕੋਈ ਉੱਕਾ ਪੁੱਕਾ ਲੱਖਾਂ ਦਾ ਸੌਦਾ ਕਰਦੈ।ਪ੍ਰਚੂਨ ਵਾਲੇ, ਸਲੂਨ ਵਾਲੇ, ਸਭ ਵਿਚੋਲੇ ਬਣ ਗਏ ਨੇ। ਦਰਾਜ ਵਾਲਾ ਬਲਵੀਰ ਵੀ ਵਿਚੋਲਪੁਣਾ ਕਰਦੈ। ਆਖਦਾ ਹੈ ਕਿ ਸਭ ਬੈਂਡ ਦੇਖਦੇ ਨੇ, ਜਾਤ ਪਾਤ ਹੁਣ ਕੌਣ ਦੇਖਦੈ। ਖੈਰ, ਕੁਝ ਵੀ ਹੋਵੇ, ਪਰਵਾਸ ਨੇ ਵਲਗਣਾਂ ਨੂੰ ਤਾਂ ਭੰਨਿਐ।
              ਭਦੌੜ ਦਾ ਪਾਲਾ ਖਾਨ ਪ੍ਰੇਸ਼ਾਨ ਹੈ। ਮੱਝਾਂ ਦੇ ਸੌਦੇ ਕਰਾਵਾਉਂਦਾ ਸੀ, ਹੁਣ ਰਿਸ਼ਤੇ ਵੀ ਕਰਾਉਣ ਲੱਗ ਪਿਐ। ਉਸ ਲਈ ਸੌਦਾ, ਸੌਦਾ ਹੀ ਹੈ। ਪਾਲਾ ਖਾਨ ਨੂੰ ਕੋਈ ਫਰਕ ਨਹੀਂ ਲੱਗਦਾ ਪਸ਼ੂ ਮੰਡੀ ਤੇ ਸੰਜੋਗਾਂ ਦੀ ਮੰਡੀ ’ਚ। ਦੁੱਖ ਇਸ ਗੱਲੋਂ ਹੈ, ਜ਼ਮਾਨਾ ਹੁਣ ਕਿਧਰ ਨੂੰ ਹੋ ਤੁਰਿਐ। ਕੱਚੇ ਵਿਆਹ ਵੀ ਹੋ ਰਹੇ ਨੇ, ਪੱਕੇ ਵੀ। ਉਲਟਾ ਗੇੜ ਸ਼ੁਰੂ ਚੱਲਿਆ ਹੈ। ਜ਼ਮੀਨਾਂ ਵਾਲੇ ‘ਬੈਂਡਾਂ ਵਾਲੀ ਕੁੜੀ’ ਲੱਭ ਰਹੇ ਨੇ। ਕਿਸੇ ਭਾਅ ਵੀ ਮਿਲ ਜਾਏ। ਵਿਚੋਲੇ ਨਾਲ ਟਿੱਚਰ, ਕੀ ਭਾਅ ਪੈਂਦੀ ਐ। ਮੰਡੀ ਕਲਾਂ ਵਾਲੇ ਦੀਪੇ ਵਿਚੋਲੇ ਨੂੰ ਪੁੱਛ ਲਓ। ਹੋਇਆ ਇੰਝ, ਬੈਂਡ ਵਾਲੀ ਕੁੜੀ ਟਕਰਾ ਦਿੱਤੀ। ਮੁੰਡੇ ਵਾਲੇ ਫੀਸ ਦੇਣ ਤੋਂ ਭੱਜ ਗਏ। ਵਿਚੋਲੇ ਨੇ ਐਸੀ ਫੂਕ ਮਾਰੀ। ਭਾਂਡੇ ਰਾਤੋ-ਰਾਤ ਖਿੱਲਰ ਗਏ। ਇਵੇਂ ਇੱਕ ਵਾਹਵਾ ਮਸ਼ਹੂਰ ਨਾਮ ਹੈ ‘ਗੱਡੇ ਕੱਢ’ ਵਿਚੋਲਾ। ਛੜੇ ਤਾਂ ‘ਗੱਡੇ ਕੱਢ’ ਨੂੰ ਦੇਵਤੇ ਵਾਂਗੂ ਪੂਜਦੇ ਨੇ। ਕਈਆਂ ਨੂੰ ਜਹਾਜ਼ ਚੜ੍ਹਾ ਚੁੱਕੈ। ਪੰਜਾਬ ਦਾ ਕੁਝ ਬਣਦਾ, ਤਾਂ ਕਾਗਜ਼ੀ ਵਿਆਹ ਵੀ ਨਾ ਸਜਦੇ। ਨਕਲੀ ਫੁੱਫੜ, ਨਕਲੀ ਮਾਸੜ ਤੇ ਨਕਲੀ ਬਣਦੇ ਲਾਣੇਦਾਰ। ਕੋਈ ਕਸਰ ਰਹਿ ਨਾ ਜਾਏ।
             ‘ਧੀ ਜੰਮੇ, ਸਵਾ ਹੱਥ ਧਰਤੀ ਕੰਬੇ’, ਜ਼ਮਾਨਾ ਹੁਣ ਉਹ ਨਹੀਂ ਰਿਹਾ। ਕੁੜੀਆਂ ਦੇ ਦਿਨ ਫਿਰੇ ਨੇ। ਕਾਂਬਾ ਛਿੜਿਆ ਹੈ ਜੋ ਠੱਗੇ ਗਏ, ਠੱਗ ਲਾੜੀ ਹੱਥੋਂ। ਪੰਜਾਬ ਦੇ ‘ਨੰਦ ਕਿਸ਼ੋਰ’, ਹੁਣ ਨਿਹੱਥੇ ਜਾਪਦੇ ਨੇ। ਰਿਜ਼ਕ ਦੇ ਪਿੱਛੇ ਪਿੱਛੇ ਚੱਲੇ ਨੇ। ਕੁੜੀਆਂ ਦਾ ਪੱਲਾ ਫੜ ਕੇ। ਲੋਕ ਬੋਲੀ ਹੈ ‘ਬਾਰੀਂ ਬਰਸੀ ਖੱਟਣ ਗਿਆ ਸੀ..!’ ਏਹ ਤਾਂ ਭਵਿੱਖ ਦੀ ਕੁੱਖ ਵਿੱਚ ਹੈ, ਕੌਣ ਖੱਟ ਗਿਆ, ਕੌਣ ਪੱਟ ਗਿਆ। ਪੰਛੀ ਉੱਡ ਗਏ, ਰਹਿ ਗਈ ਚੋਗ ਖਿਲਾਰੀ। ਖੇਤਾਂ ’ਚੋਂ ਬਰਕਤ ਤੇ ਪਿੰਡਾਂ ’ਚੋਂ ਜੁਆਨੀ। ਦੀਵਾ ਲੈ ਕੇ ਲੱਭਣੀ ਪਊ। ਪੰਛੀ ਤੇ ਪਰਵਾਸ ਦਾ ਰਿਸ਼ਤਾ ਪੁਰਾਣਾ ਹੈ। ਪੰਜਾਬ ਦੇ ਇਤਿਹਾਸ ਦਾ ਬੁਰਾ ਦੌਰ ਚੱਲ ਰਿਹਾ ਹੈ। ਤੇਜ਼ ਰਫ਼ਤਾਰੀ ਪਰਵਾਸ ਕਿਤੇ ਪੰਜਾਬ ਨੂੰ ਝੰਬ ਨਾ ਦੇਵੇ। ਮਾਪੇ ਰੱਬ ਰੱਬ ਕਰ ਰਹੇ ਨੇ। ਫਿਰ ਘੜਾ ਤੇ ਘੜੋਲੀ ਕਿਤੇ ਨਹੀਂ ਵੱਜਣੇ। ਗਲੀਆਂ ’ਚ ਬੁੱਢੇ ਠੇਰੇ ਹੀ ਨਜ਼ਰੀਂ ਪੈਣਗੇ। ਅਰਦਾਸਾਂ ਕਰਨਗੇ, ‘ਮਾਲਕਾ! ਪ੍ਰਦੇਸੀਂ ਵਸਦੇ ਪੁੱਤਾਂ ’ਤੇ ਹੱਥ ਰੱਖੀ।’  ਸੰਯੁਕਤ ਰਾਸ਼ਟਰ ਦੀ ਹੁਣੇ ਰਿਪੋਰਟ ਆਈ ਹੈ। ਪਰਵਾਸ ’ਚ ਭਾਰਤ ਨੰਬਰ ਵਨ ਹੈ। ਵਿਦੇਸ਼ਾਂ ’ਚ 3.08 ਕਰੋੜ ਭਾਰਤੀ ਬੈਠੇ ਹਨ। ਇਸੇ ਵਰ੍ਹੇ 48 ਲੱਖ ਭਾਰਤੀਆਂ ਨੂੰ ਵੀਜ਼ੇ ਲੱਗੇ ਹਨ। ਪਹਿਲਾਂ ਪਰਵਾਸ ਮਜਬੂਰੀ ਨਹੀਂ ਸੀ। ਪਰਵਾਸ ਹੁਣ ਵੱਡਾ ਕਾਰੋਬਾਰ ਵੀ ਬਣਿਐ।
               ਪੰਜਾਬ ’ਚ ਰੋਜ਼ਾਨਾ 2800 ਪਾਸਪੋਰਟ ਬਣਦੇ ਨੇ। ਆਈਲੈੱਟਸ ਪ੍ਰੀਖਿਆ ਹਰ ਵਰ੍ਹੇ 3.36 ਲੱਖ ਵਿਦਿਆਰਥੀ ਦਿੰਦੇ ਨੇ। ਸਾਲਾਨਾ 1100 ਕਰੋੜ ਦਾ ਆਈਲੈੱਟਸ ਕਾਰੋਬਾਰ ਹੈ। ਪ੍ਰਤੀ ਵਿਦਿਆਰਥੀ 10 ਤੋਂ 15 ਲੱਖ ਦਾ ਸਰਮਾਇਆ ਵੀ ਪਰਵਾਸ ਕਰਦੈ। ਜ਼ਮੀਨਾਂ ਵੇਚ ਕੇ, ਕਰਜ਼ ਚੁੱਕ ਕੇ, ਮਾਪੇ ਬੱਚਿਆਂ ਨੂੰ ਵਿਦਾ ਕਰ ਰਹੇ ਨੇ, ਮੱਝਾਂ ਤੇ ਗਹਿਣੇ ਕਿਉਂ ਨਾ ਵੇਚਣੇ ਪੈਣ। ਹਵਾਈ ਕੰਪਨੀਆਂ ਦੀ ਛੱਤ ਲੱਛਮੀ ਨੇ ਪਾੜੀ ਹੈ। ਕੈਨੇਡਾ ਜਾਣ ਵਾਲੇ ਸਾਲ 2018 ਵਿੱਚ 1.79 ਲੱਖ ਹਵਾਈ ਮੁਸਾਫ਼ਰ ਸਨ। ਸਾਲ 2015 ਵਿਚ ਕੇਵਲ 59,921 ਸਨ। ਕੈਨੇਡੀਅਨ ਟਿਕਟ ’ਤੇ ਸਾਲਾਨਾ 1500 ਕਰੋੜ ਦਾ ਖਰਚਾ ਹੈ। ਪਰਵਾਸ ਕਈ ਘਰਾਂ ਨੂੰ ਰਾਸ ਵੀ ਆਇਐ। ਕਿੰਨੀਆਂ ਮਾਵਾਂ ਨੇ, ਜਿਨ੍ਹਾਂ ਪੁੱਤ ਨਸ਼ਾ ਛੁਡਾਊ ਕੇਂਦਰਾਂ ’ਚੋਂ ਸਿੱਧੇ ਜਹਾਜ਼ ਚੜ੍ਹਾਏ ਨੇ। ਕਈ ਧੀਆਂ ਨੇ ਪਹਿਲਾਂ ਕਰਜ਼ੇ ਲਾਹੇ, ਫਿਰ ਮਾਪੇ ਵਿਦੇਸ਼ ਪਹੁੰਚਾਏ। ਵੱਡੀ ਗੱਲ, ਕੁੜੀਆਂ ਨੇ ਦਿਲ ਨਹੀਂ ਛੱਡੇ। ਸ਼ੇਰ ਬੱਗੇ ਗਰਾਂ ਛੱਡ ਰਹੇ ਨੇ, ਮਾਂ ਛੱਡ ਰਹੇ ਨੇ। ਬਾਗ ਉੱਜੜ ਰਹੇ ਨੇ, ਗਾਲ੍ਹੜ ਪਟਵਾਰੀ ਹੱਸ ਰਹੇ ਨੇ। ਇਕੱਲੇ ‘ਆਟਾ ਦਾਲ’ ਵਾਲੇ ਪਿਛੇ ਰਹਿ ਜਾਣੇ ਨੇ। ਮੇਲੇ ਕਿਥੇ ਭਰਨਗੇ। ਨਾ ਤੀਆਂ ’ਚ ਧਮਾਲ ਦਿਖੂਗੀ। ਚਹੁੰ ਪਾਸੀ ਬਜ਼ੁਰਗ ਹੀ ਦਿਖਣਗੇ। ਸਿਆਸੀ ਪਟਵਾਰੀ ਫਿਰ ਮੁਫ਼ਤ ਤੀਰਥ ਯਾਤਰਾ ਕਰਾਉਣਗੇ।
              ਪੰਜਾਬ ਖੜਸੁੱਕ ਕਿਉਂ ਹੋ ਗਿਆ। ਬਹਾਰਾਂ ’ਤੇ ਡਾਕੇ ਕੌਣ ਮਾਰ ਗਿਆ। ਉਰਦੂ ਦਾ ਪ੍ਰਸਿੱਧ ਸ਼ੇਅਰ ਹੈ, ‘ਤੂ ਇਧਰ ਉਧਰ ਕੀ ਤੋ ਬਾਤ ਨਾ ਕਰ, ਯੇ ਬਤਾ ਕਾਫ਼ਲਾ ਕਿਉਂ ਲੁਟਾ..!’ ਹੁਣ ਪੁੱਛਣ ਵਾਲੇ ਹੀ ਪਰਵਾਸੀ ਹੋ ਗਏ ਨੇ। ਵਿਦੇਸ਼ਾਂ ’ਚ ਵਸੇ ਕਾਮਰੇਡਾਂ ਨੂੰ ਪੁੱਛ ਕੇ ਤਾਂ ਦੇਖੋ, ਜੋ ਸਰਮਾਏਦਾਰੀ ਦਾ ਝੂਲਾ ਝੂਟ ਰਹੇ ਨੇ।ਇੱਕ ਬੰਨ੍ਹਿਓ ਮਿਹਣੇ ਵੀ ਵੱਜ ਰਹੇ ਨੇ। ਪੰਜਾਬੀਓ..! ਭਗੌੜੇ ਨਾ ਹੋਵੋ, ਟੱਕਰ ਲਓ। ਘੁਪ ਹਨੇਰਾ ਹੀ ਏਨਾ ਹੈ, ਕੁਝ ਦਿਸਦਾ ਹੀ ਨਹੀਂ। ਟੱਕਰ ਕਿਥੋਂ ਲੈਣ, ਲੈਣ ਜੋਗੇ ਹੀ ਨਹੀਂ ਛੱਡੇ। ਜਸਟਿਨ ਟਰੂਡੋ ਜ਼ਰੂਰ ਅਸੀਸਾਂ ਲੈ ਰਿਹਾ ਹੈ। ਪੰਜਾਬੀ ਮਾਵਾਂ ਤੇ ਬਾਬਿਆਂ ਤੋਂ। ਛੱਜੂ ਰਾਮ ਪਸ਼ੂਆਂ ਵਾਲੇ ਵਾੜੇ ’ਚ ਬੈਠਾ। ਕੰਬਲ ਦੀ ਬੁੱਕਲ ਮਾਰੀ ਹੈ ਤੇ ਹੱਥ ’ਚ ਫਹੁੜਾ ਚੁੱਕਿਐ। ਮਾਂ ਭੜਕੀ ਐ, ‘ਥੋਡਾ ਬਹਿ ਜੇ ਬੇੜਾ, ਕੱਖ ਨਾ ਰਹੇ, ਘਰ ਉਜਾੜ ਕੇ ਰੱਖ ਦਿੱਤਾ।’ ਥੋਡਾ ਪਤੰਦਰ ਛੱਜੂ ਦੱਸੂ, ਆਟੇ ਦਾਣੇ ਦਾ ਭਾਅ। ਠੰਢ ਵਧ ਚੱਲੀ ਐ, ਨੀਲੇ ਚਿੱਟੇ ਪਸੀਨਾ ਪੂੰਝ ਰਹੇ ਨੇ। ਦੇਖੋ ਕਮਾਲ, ਸਰਦੀ ’ਚ ਗਰਮੀ ਦਾ ਅਹਿਸਾਸ..!

Saturday, December 14, 2019

                              ਵੱਢੀਖੋਰੀ ਮਾਮਲਾ 
       ਮੰਤਰੀ ਕਾਂਗੜ ਤੇ ਸ਼ੁਤਰਾਣਾ ’ਚ ਖੜਕੀ
                                 ਚਰਨਜੀਤ ਭੁੱਲਰ
ਬਠਿੰਡਾ : ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਅਤੇ ਹਲਕਾ ਪਾਤੜਾਂ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਵੱਢੀਖੋਰੀ ਦੇ ਮਾਮਲੇ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਹਨ। ਆਪਸੀ ਖੜਕਣ ਦੀ ਵਜਾ ਪਾਤੜਾਂ ਤਹਿਸੀਲ ’ਚ ਹੁੰਦੀ ਕੁਰੱਪਸ਼ਨ ਬਣੀ ਹੈ। ਹਲਕਾ ਪਾਤੜਾਂ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਅੱਜ ਮਾਲ ਮੰਤਰੀ ਪੰਜਾਬ ਕਾਂਗੜ ’ਤੇ ਇਲਜ਼ਾਮ ਲਾਏ ਹਨ ਕਿ ਮਾਲ ਮੰਤਰੀ ਹੁਣ ਤਹਿਸੀਲਦਾਰ ਸੰਧੂਰਾ ਸਿੰਘ ਨੂੰ ਬਚਾ ਰਹੇ ਹਨ ਕਿਉਂਕਿ ਤਹਿਸੀਲਦਾਰ ਮੰਤਰੀ ਦੇ ਨੇੜਲੇ ਇਲਾਕੇ ਦਾ ਬਾਸ਼ਿੰਦਾ ਹੈ। ਸ਼ੁਤਰਾਣਾ ਨੇ ਇਹ ਵੀ ਸ਼ਾਫ ਆਖ ਦਿੱਤਾ ਹੈ ਕਿ ਪੰਜਾਬ ਦੀਆਂ ਸਭ ਤਹਿਸੀਲਾਂ ’ਚ ਇਹੋ ਜੇਹਾ ਹਾਲ ਹੈ ਪ੍ਰੰਤੂ ਸਭ ਐਮ. ਐਲ. ਏ ਚੁੱਪ ’ਚ ਪਲੀ ਸਮਝ ਰਹੇ ਹਨ।  ਦੱਸਣਯੋਗ ਹੈ ਕਿ ਤਹਿਸੀਲ ਪਾਤੜਾਂ ਵਿਚ ਸੰਧੂਰਾ ਸਿੰਘ ਬਤੌਰ ਤਹਿਸੀਲਦਾਰ ਵਜੋਂ ਤਾਇਨਾਤ ਹਨ ਜੋ ਕਿ ਸਾਬਕਾ ਐਮ.ਪੀ ਹਾਕਮ ਸਿੰਘ ਮੀਆਂ ਦੇ ਸਪੁੱਤਰ ਹਨ। ਹਲਕਾ ਵਿਧਾਇਕ ਨਿਰਮਲ ਸਿੰਘ ਨੇ ਮਾਲ ਮੰਤਰੀ ਕੋਲ ਮੁੱਦਾ ਉਠਾਇਆ ਸੀ ਕਿ ਤਹਿਸੀਲਦਾਰ ਵਲੋਂ ਕੁਰੱਪਸ਼ਨ ਕੀਤੀ ਜਾ ਰਹੀ ਹੈ ਅਤੇ ਸਬੂਤ ਵਜੋਂ ਹਲਫੀਆ ਬਿਆਨ ਵੀ ਦਿਖਾਏ।
                ਮਾਲ ਮੰਤਰੀ ਨੇ ਇਹ ਆਖ ਕੇ ਪੱਲਾ ਝਾੜ ਲਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਹੀ ਤਹਿਸੀਲਦਾਰ ਸੰਧੂਰਾ ਸਿੰਘ ਦੀ ਤਾਇਨਾਤੀ ਪਾਤੜਾਂ ’ਚ ਕੀਤੀ ਗਈ ਹੈ। ਮਗਰੋਂ ਨਿਰਮਲ ਸਿੰਘ ਨੇ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਕਾਮਯਾਬ ਨਾ ਹੋ ਸਕੇ। ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹੁਣ ਤਹਿਸੀਲਦਾਰ ਪਾਤੜਾਂ ਖ਼ਿਲਾਫ਼ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲ ਕਰਦਿਆਂ ਆਖਿਆ ਕਿ ਉਹ ਮਾਲ ਮੰਤਰੀ ਨੂੰ ਮੁੜ 10 ਦਸੰਬਰ ਨੂੰ ਮਿਲੇ ਸਨ ਅਤੇ ਤਹਿਸੀਲਦਾਰ ਦੀ ਬਦਲੀ ਕਰਨ ਬਾਰੇ ਆਖਿਆ ਸੀ ਪ੍ਰੰਤੂ ਮਾਲ ਮੰਤਰੀ ਨੇ ਕੋਈ ਹੁੰਗਾਰਾ ਨਹੀਂ ਭਰਿਆ ਅਤੇ ਚੁੱਪ ਕਰ ਗਏ। ਉਨ੍ਹਾਂ ਆਖਿਆ ਕਿ ਤਹਿਸੀਲਦਾਰ ਖਿਲਾਫ ਮਾਰਕੀਟ ਕਮੇਟੀ ਪਾਤੜਾਂ ਦੇ ਸਾਬਕਾ ਚੇਅਰਮੈਨ ਜੈਪ੍ਰਤਾਪ ਸਿੰਘ ਨੇ ਹਲਫ਼ੀਆ ਬਿਆਨ ਦਿੱਤਾ ਹੈ। ਮਾਲ ਮੰਤਰੀ ਪਹਿਲੋਂ ਤਹਿਸੀਲਦਾਰ ਸੰਧੂਰਾ ਸਿੰਘ ਨੂੰ ਮੁਅੱਤਲ ਕਰਨ ਅਤੇ ਉਸ ਮਗਰੋਂ ਸਾਰੇ ਮਾਮਲੇ ਦੀ ਪੜਤਾਲ ਕਰ ਲੈਣ। ਉਨ੍ਹਾਂ ਆਖਿਆ ਕਿ ਮੁਦਈ ਦਾ ਹਲਫ਼ੀਆ ਬਿਆਨ ਝੂਠਾ ਪਾਇਆ ਗਿਆ ਤਾਂ ਉਸ ਤੇ ਕਾਰਵਾਈ ਕਰ ਦੇਣ।
                ਵਿਧਾਇਕ ਨੇ ਆਖਿਆ ਕਿ ਪੜਤਾਲ ਤਾਂ ਮਹਿਜ ਅੱਖਾਂ ਪੂੰਝਣ ਵਾਲੀ ਗੱਲ ਹੈ। ਵਿਧਾਇਕ ਨਿਰਮਲ ਸਿੰਘ ਨੇ ਆਖਿਆ ਕਿ ਸਾਰੇ ਕਿਤੇ ਹੀ ਤਹਿਸੀਲਾਂ ਵਿਚ ਇਹੋ ਜੇਹਾ ਹਾਲ ਹੈ ਅਤੇ ਬਾਕੀ ਐਮ.ਐਲ.ਏਜ਼ ਇਸ ਕਰਕੇ ਚੁੱਪ ਹਨ ਕਿ ਇੱਥੇ ਕੌਣ ਪੁੱਛਦਾ ਹੈ। ਦੁੱਖੀ ਸਾਰੇ ਹਨ ਪ੍ਰੰਤੂ ਬੋਲਦਾ ਕੋਈ ਨਹੀਂ। ਉਨ੍ਹਾਂ ਆਖਿਆ ਕਿ ਸਭ ਥਾਂ ਏਦਾਂ ਹੀ ਚੱਲ ਰਿਹਾ ਹੈ ਅਤੇ ਉਸ ਦੇ ਰੌਲਾ ਪਾਉਣ ਦੇ ਬਾਵਜੂਦ ਇੱਕ ਤਹਿਸੀਲਦਾਰ ਬਦਲਿਆ ਨਹੀਂ ਗਿਆ ਹੈ।  ਦੂਸਰੀ ਤਰਫ਼ ਤਹਿਸੀਲਦਾਰ ਸੰਧੂਰਾ ਸਿੰਘ ਦਾ ਕਹਿਣਾ ਸੀ ਕਿ ਉਸ ਖ਼ਿਲਾਫ਼ ਜੋ ਰੌਲਾ ਪਾਇਆ ਜਾ ਰਿਹਾ ਹੈ ,ਉਹ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਉਸ ’ਤੇ ਲਗਾਏ ਜਾ ਰਹੇ ਦੋਸ਼ਾਂ ਵਿਚ ਭੋਰਾ ਭਰ ਵੀ ਸਚਾਈ ਨਹੀਂ ਹੈ। ਨਾ ਹੀ ਅੱਜ ਤੱਕ ਉਨ੍ਹਾਂ ਖ਼ਿਲਾਫ਼ ਅਜਿਹੀ ਕੋਈ ਸ਼ਿਕਾਇਤ ਹੋਈ ਹੈ। ਉਹ ਸਭਨਾਂ ਦਾ ਸਤਿਕਾਰ ਕਰਦੇ ਹਨ।
                                     ਹੋਰ ਕਿਤੋਂ ਕੋਈ ਸ਼ਿਕਾਇਤ ਨਹੀਂ : ਕਾਂਗੜ    
ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਪੰਜਾਬ ਵਿਚ ਕਿਤੋਂ ਵੀ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ ਹੈ ਅਤੇ ਜੋ ਹੁਣ ਤਹਿਸੀਲਦਾਰ ਪਾਤੜਾਂ ਦਾ ਮਾਮਲਾ ਹਲਕਾ ਵਿਧਾਇਕ ਨੇ ਰੱਖਿਆ ਹੈ, ਉਸ ਬਾਰੇ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਮਾਮਲੇ ਦੀ ਜਾਂਚ ਕਰਨਗੇ। ਪੜਤਾਲ ਰਿਪੋਰਟ ਦੇ ਅਧਾਰ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਹੋਰ ਕਿਤੇ ਵੀ ਕਿਸੇ ਤਹਿਸੀਲਦਾਰ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਕਾਂਗੜ ਨੇ ਆਖਿਆ ਕਿ ਪਾਤੜਾਂ ਵਿਚ ਤਹਿਸੀਲਦਾਰ ਸੰਧੂਰਾ ਸਿੰਘ ਦੀ ਤਾਇਨਾਤੀ ਮੁੱਖ ਮੰਤਰੀ ਦਫਤਰ ਵੱਲੋਂ ਕੀਤੀ ਗਈ ਹੈ।


Thursday, December 12, 2019

                         ਸਿਆਸੀ ਮੌਸਮ
          ਓਹ ਮੌਜਾਂ ਭੁੱਲਦੀਆਂ ਨਹੀਂ..!
                            ਚਰਨਜੀਤ ਭੁੱਲਰ
ਬਠਿੰਡਾ  : ਬਾਦਲਾਂ ਦੇ ਹੈਲੀਕਾਪਟਰ ਦੀ ਹੁਣ ਅੰਬਰਾਂ ’ਚ ਗੂੰਜ ਨਹੀਂ ਪੈਂਦੀ। ਜਦੋਂ ਖ਼ਜ਼ਾਨਾ ਸਰਕਾਰੀ ਸੀ ਤਾਂ ਉਦੋਂ ਹੈਲੀਕਾਪਟਰ ਅਸਮਾਨੀ ਉੱਡਦਾ ਸੀ। ਪੌਣੇ ਤਿੰਨ ਸਾਲਾਂ ਤੋਂ ਰਾਜ ਭਾਗ ਵੀ ਨਹੀਂ ਅਤੇ ਨਾ ਹੀ ਹੈਲੀਕਾਪਟਰ ਵਾਲੇ ਬੁੱਲ੍ਹੇ ਰਹੇ ਹਨ। ਪੱਲਿਓਂ ਹੈਲੀਕਾਪਟਰ ਦਾ ਖਰਚਾ ਕੌਣ ਤਾਰਦੈ, ਤਾਹੀਓਂ ਹੁਣ ਬਾਦਲ ਜਿਆਦਾ ਸੜਕੀਂ ਰਸਤੇ ਹੀ ਪਿੰਡ ਬਾਦਲ ਦਾ ਸਫ਼ਰ ਕਰਦੇ ਹਨ। ਜਦੋਂ ਸਾਲ 2017 ਵਿਚ ਅਸੈਂਬਲੀ ਚੋਣਾਂ ਸਨ ਤਾਂ ਉਦੋਂ ਚੋਣਾਂ ਮੌਕੇ ਅੌਰਬਿਟ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਬਾਦਲ ਪਰਿਵਾਰ ਨੇ ਵਰਤਿਆ ਅਤੇ ਖਰਚਾ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਨੇ ਚੁੱਕਿਆ ਸੀ।ਗੱਠਜੋੜ ਸਰਕਾਰ ਸਮੇਂ ਵਿਸ਼ੇਸ਼ ਸਹੂਲਤ ਲਈ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿਚ ਹੈਲੀਪੈਡ ਬਣਾਇਆ ਗਿਆ ਸੀ ਜਿਥੇ ਪੁਲੀਸ ਦੀ ਗਾਰਦ ਦੀ ਤਾਇਨਾਤੀ ਸੀ। ਬਾਦਲ ਕਾਲਝਰਾਨੀ ਤੋਂ ਸੜਕੀਂ ਰਸਤੇ ਪਿੰਡ ਬਾਦਲ ਆਉਂਦੇ ਜਾਂਦੇ ਸਨ। ਹਕੂਮਤ ਬਦਲਣ ਮਗਰੋਂ ਵੀ ਪਿੰਡ ਕਾਲਝਰਾਨੀ ਵਿਚਲੇ ਹੈਲੀਪੈਡ ਤੇ ਗਾਰਦ ਦੀ ਤਾਇਨਾਤੀ ਰਹੀ। ਥੋੜੇ ਸਮੇਂ ਮਗਰੋਂ ਮੁਲਾਜ਼ਮਾਂ ਦੀ ਗਿਣਤੀ ਘਟਾ ਦਿੱਤੀ। ਬਠਿੰਡਾ ਪੁਲੀਸ ਨੇ ਹੁਣ ਪੂਰੀ ਗਾਰਦ ਹਟਾ ਲਈ ਹੈ ਅਤੇ ਪਿੰਡ ਕਾਲਝਰਾਨੀ ਦੇ ਲੋਕਾਂ ਨੇ ਦਾਣਾ ਮੰਡੀ ਵਿਚ ਫਸਲ ਸੁੱਟਣੀ ਸ਼ੁਰੂ ਕਰ ਦਿੱਤੀ ਹੈ। ਹੁਣ ਸਿਰਫ਼ ਵੀ.ਆਈ.ਪੀ ਰੂਮ ਬਚਿਆ ਹੈ। ਚਾਰੇ ਚੁਫੇਰੇ ਹੁਣ ਸੁੰਨਾ ਹੈ ਜਿਥੇ ਕਦੇ ਰੌਣਕਾਂ ਜੁੜਦੀਆਂ ਸਨ।
                   ਪਿੰਡ ਕਾਲਝਰਾਨੀ ਦੇ ਲੋਕਾਂ ਨੇ ਦੱਸਿਆ ਕਿ ਕੁਝ ਅਰਸੇ ਤੋਂ ਹੈਲੀਕਾਪਟਰ ਉੱਤਰਨਾ ਬੰਦ ਹੋਇਆ ਹੈ ਅਤੇ ਲੋਕਾਂ ਨੂੰ ਸ਼ਾਂਤੀ ਮਿਲੀ ਹੈ। ਖਾਸ ਕਰਕੇ ਕਿਸਾਨਾਂ ਨੂੰ ਫਸਲ ਸੁੱਟਣ ਵਾਸਤੇ ਜਗ੍ਹਾ ਮਿਲ ਗਈ ਹੈ। ਪਿੰਡ ਦੇ ਬਲਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਹੈਲੀਪੈਡ ਕਰਕੇ ਪਹਿਲੋਂ ਦਿੱਕਤ ਆਉਂਦੀ ਸੀ ਪ੍ਰੰਤੂ ਹੁਣ ਕਿਸਾਨਾਂ ਨੂੰ ਫਸਲ ਦੀ ਵੇਚ ਵੱਟਤ ਮੌਕੇ ਸੌਖ ਹੋ ਗਈ ਹੈ ਕਿਉਂਕਿ ਹੁਣ ਇਹ ਜਗ੍ਹਾ ਹੈਲੀਪੈਡ ਲਈ ਵਰਤੀ ਨਹੀਂ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਤੱਥ ਹਨ ਕਿ ਬਾਦਲ ਪਰਿਵਾਰ ਦਾ ਅੌਸਤਨ ਹਰ ਪੰਜਵਾਂ ਗੇੜਾ ਪਿੰਡ ਬਾਦਲ ਦਾ ਵੱਜਿਆ ਅਤੇ ਇਨ੍ਹਾਂ ਗੇੜਿਆਂ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਹੋਈ। ਜਦੋਂ ਬਾਦਲ ਕਾਲਝਰਾਨੀ ਪੁੱਜਦੇ ਹੁੰਦੇ ਸਨ ਤਾਂ ਉਦੋਂ ਦੋ ਜ਼ਿਲ੍ਹਿਆਂ ਦੇ ਪੁਲੀਸ ਅਫਸਰ ਸਵਾਗਤ ’ਚ ਖੜਦੇ ਸਨ। ਪੰਜਾਬ ਚੋਣਾਂ 2017 ਵੇਲੇ ਵੀ ਆਰਬਿਟ ਹੈਲੀਕਾਪਟਰ ਦੇ ਕੁੱਲ 104 ਗੇੜਿਆਂ ਚੋਂ 12 ਗੇੜੇ ਪਿੰਡ ਬਾਦਲ ਦੇ ਵੱਜੇ ਅਤੇ ਇਨ੍ਹਾਂ 27 ਦਿਨਾਂ ਦਾ ਹੈਲੀਕਾਪਟਰ ਖਰਚਾ 1.37 ਕਰੋੜ ਰੁਪਏ ਅਕਾਲੀ ਦਲ ਦੇ ਖ਼ਜ਼ਾਨੇ ਨੇ ਚੁੱਕਿਆ। ਹੁਣ ਬਾਦਲ ਪਰਿਵਾਰ ਦੇ ਮੈਂਬਰ ਜਦੋਂ ਕਦੇ ਦੂਰ ਦੁਰਾਡੇ ਤੋਂ ਆਉਂਦੇ ਹਨ ਤਾਂ ਉਹ ਭਿਸੀਆਣਾ ਹਵਾਈ ਅੱਡੇ ’ਤੇ ਉੱਤਰਦੇ ਹਨ ਜਿਥੋਂ ਸੜਕੀਂ ਰਸਤੇ ਪਿੰਡ ਬਾਦਲ ਪੁੱਜਦੇ ਹਨ।
                 ਗਠਜੋੜ ਸਰਕਾਰ ਨੇ ਦਸੰਬਰ 2012 ਵਿਚ ਸਰਕਾਰੀ ਖਜ਼ਾਨੇ ਚੋਂ ਕਰੀਬ 38 ਕਰੋੋੜ ਖਰਚ ਕਰਕੇ ‘ਬੈਲ-429’ ਹੈਲੀਕਾਪਟਰ ਖਰੀਦ ਕੀਤਾ ਸੀ। ਪਿੰਡ ਬਾਦਲ ਦੇ ਗੇੜਿਆਂ ਲਈ ਇਹ ਹੈਲੀਕਾਪਟਰ ਹੀ ਵਰਤਿਆ ਜਾਂਦਾ ਰਿਹਾ।ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਾਲਝਰਾਨੀ ਹੈਲੀਪੈਡ ’ਤੇ ਜੋ ਗਾਰਦ ਲਾਈ ਹੋਈ ਸੀ, ਉਹ ਵਾਪਸ ਬੁਲਾ ਲਈ ਗਈ ਹੈ ਅਤੇ ਹੁਣ ਕਦੇ ਹੈਲੀਪੈਡ ਦੀ ਵਰਤੋਂ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ ਕਮਰੇ ਵਿਚ ਏ.ਸੀ ਅਤੇ ਫਰਨੀਚਰ ਵਗੈਰਾ ਹੀ ਪਿਆ ਹੈ। ਦੱਸਣਯੋਗ ਹੈ ਕਿ ਪਹਿਲੋਂ ਹੈਲੀਪੈਡ ’ਤੇ ਪੱਕੇ ਤੌਰ ’ਤੇ ਛੇ ਪੁਲੀਸ ਮੁਲਾਜ਼ਮਾਂ ਤਾਇਨਾਤ ਕੀਤੇ ਹੋਏ ਸਨ। ਹੈਲੀਪੈਡ ਵਾਸਤੇ ਪਹਿਲਾਂ ਤਾਂ ਬਿਜਲੀ ਦਾ ਕੁੰਡੀ ਕੁਨੈਕਸ਼ਨ ਚੱਲਦਾ ਸੀ ਪ੍ਰੰਤੂ ਮਗਰੋਂ ਦਸੰਬਰ 2014 ਵਿਚ ਬਿਜਲੀ ਮੀਟਰ ਲਗਵਾ ਲਿਆ ਗਿਆ ਸੀ ਜਿਸ ਦਾ ਬਿੱਲ ਮੰਡੀ ਬੋਰਡ ਤਾਰਦਾ ਸੀ।
                ਜਦੋਂ ਪਹਿਲੀ ਵਾਰ ਸਾਲ 2007 ਵਿਚ ਗਠਜੋੜ ਸਰਕਾਰ ਬਣੀ ਸੀ ਤਾਂ ਉਦੋਂ ਦੇ ਪਹਿਲੇ ਪੰਜ ਵਰ੍ਹਿਆਂ ਦੌਰਾਨ ਬਾਦਲ ਪਰਿਵਾਰ ਨੇ ਹੈਲੀਕਾਪਟਰ ’ਤੇ ਪਿੰਡ ਬਾਦਲ ਦੇ 426 ਗੇੜੇ ਲਾਏ ਹਨ। ਉਦੋਂ ਸੁਖਬੀਰ ਸਿੰਘ ਬਾਦਲ ਨੇ ਪੰਜ ਵਰ੍ਹਿਆਂ ਦੌਰਾਨ ਪਿੰਡ ਬਾਦਲ ਆਉਣ ਜਾਣ ਲਈ 227 ਦਿਨ ਹੈਲੀਕਾਪਟਰ ਦੀ ਵਰਤੋਂ ਕੀਤੀ  ਸੀ ਅਤੇ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 189 ਦਿਨ ਹੈਲੀਕਾਪਟਰ ਵਰਤਿਆ ਸੀ। ਜਦੋਂ ਰਾਜ ਭਾਗ ਸੀ ਉਦੋਂ ਤਾਂ ਬਾਦਲ ਹਰਿਆਣਾ ਦੇ ਬਾਲਾਸਰ ਵੀ ਸਰਕਾਰੀ ਹੈਲੀਕਾਪਟਰ ਵਿਚ ਜਾਂਦੇ ਸਨ ਪ੍ਰੰਤੂ ਹੁਣ ਸੜਕੀ ਰਸਤੇ ਸਫ਼ਰ ਕਰਦੇ ਹਨ ਅਤੇ ਸਭ ਖਰਚਾ ਸਰਕਾਰ ਚੁੱਕਦੀ ਹੈ।
                                    ਵੀ.ਆਈ.ਪੀ ਸੜਕ ਤੇ ਬਰਿੱਜ ਵੀ ਬਣੇ ਸਨ
ਕੇਂਦਰੀ ਰੋਡ ਫੰਡ ਦੇ 30 ਕਰੋੋੜ ਰੁਪਏ ਦੀ ਲਾਗਤ ਨਾਲ ਸਾਲ 2011 ਵਿਚ ਪਿੰਡ ਬਾਦਲ ਤੋਂ ਬਠਿੰਡਾ ਤੱਕ ਚਹੁੰ ਮਾਰਗੀ ਸੜਕ ਬਣਾਈ ਗਈ ਸੀ। ਹਾਲਾਂਕਿ ਕੇਂਦਰੀ ਫੰਡ ਸਿਰਫ਼ ਟਰੈਫ਼ਿਕ ਜਿਆਦਾ ਹੋਣ ਦੀ ਸੂਰਤ ਵਿਚ ਸੜਕ ਲਈ ਵਰਤੇ ਜਾ ਸਕਦੇ ਹਨ। ਵਿਸ਼ੇਸ਼ ਸਹੂਲਤ ਲਈ ਖ਼ਜ਼ਾਨੇ ਚੋਂ 23 ਕਰੋੜ ਰੁਪਏ ਖਰਚ ਕਰਕੇ ਬਠਿੰਡਾ ਬਾਦਲ ਸੜਕ ’ਤੇ ਪੈਂਦੇ ਰੇਲਵੇ ਓਵਰ ਬਰਿੱਜ ਦੀ ਉਸਾਰੀ ਕੀਤੀ ਗਈ ਸੀ। ਰੇਲਵੇ ਨੇ ਇਤਰਾਜ਼ ਵੀ ਲਾਏ ਸਨ ਜਿਸ ਕਰਕੇ ਰੇਲਵੇ ਦੀ ਹਿੱਸੇਦਾਰੀ ਵਾਲਾ ਪੈਸਾ ਵੀ ਪੰਜਾਬ ਸਰਕਾਰ ਨੇ ਹੀ ਝੱਲਿਆ ਸੀ। ਇਸ ਸੜਕ ਮਾਰਗ ’ਤੇ ਹੀ ਨੰਨ੍ਹੀ ਛਾਂ ਚੌਂਕ ਬਣਾਇਆ ਗਿਆ ਸੀ।

                 


Wednesday, December 11, 2019

                          ਨਵੀਂ ਅਲਾਮਤ
           ਪੇਂਡੂ ਪੰਜਾਬ ਸ਼ੂਗਰ ਦੇ ਜੱਫੇ ’ਚ 
                           ਚਰਨਜੀਤ ਭੁੱਲਰ
ਬਠਿੰਡਾ : ਦਿਹਾਤੀ ਪੰਜਾਬ ਨੂੰ ਹੁਣ ਸ਼ੁੂਗਰ ਦੀ ਬਿਮਾਰੀ ਨੇ ਜੱਫਾ ਮਾਰ ਲਿਆ ਹੈ। ਜਦੋਂ ਤੋਂ ਪੰਜਾਬੀ ਬਾਬੇ ਨਾਨਕ ਦੇ ਬੋਲਾਂ ਤੋਂ ਥਿੜਕੇ ਹਨ, ਉਦੋਂ ਤੋਂ ਨਵੀਆਂ ਅਲਾਮਤਾਂ ਦੀ ਚੜ੍ਹ ਮੱਚੀ ਹੈ। ਪੇਂਡੂ ਪੰਜਾਬ ’ਚ ਅੌਸਤਨ ਹਰ ਨੌਵੇਂ ਵਿਅਕਤੀ ਨੂੰ ਸ਼ੂਗਰ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਸਰਵੇਖਣ ਪੇਂਡੂ ਪੰਜਾਬ ਨੂੰ ਹਲੂਣਾ ਦੇਣ ਵਾਲਾ ਹੈ। ਪੇਂਡੂ ਪੰਜਾਬ ’ਚ ਜੀਵਨ ਸ਼ੈਲੀ ਦੇ ਰਾਹ ਵਿਗੜੇ ਹਨ ਅਤੇ ਛੇਤੀ ਕਿਤੇ ਕੋਈ ਸਰੀਰ ਨੂੰ ਹਿਲਾਉਂਦਾ ਨਹੀਂ ਹੈ। ਖੁਸ਼ੀ ਗਮੀ ਦੇ ਪ੍ਰੋਗਰਾਮਾਂ ’ਚ ‘ਫਿੱਕੀ ਚਾਹ’ ਦੀ ਮੌਜੂਦਗੀ ਹਰ ਪੰਜਾਬੀ ਲਈ ਸਿੱਧਾ ਇਸ਼ਾਰਾ ਹੈ। ਤਾਹੀਓ ਹੁਣ ਪੰਜਾਬ ਵਿਚ ਮੈਡੀਕਲ ਕਾਰੋਬਾਰ ਚਮਕਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਜੋ 15 ਸੂਬਿਆਂ ਦੀ ਸਟੱਡੀ ਕੀਤੀ ਹੈ, ਉਸ ’ਚ ਤੱਥ ਉਭਰੇ ਹਨ ਕਿ ਪੇਂਡੂ ਪੰਜਾਬ ਨੇ ਸ਼ੂਗਰ ਦੀ ਬਿਮਾਰੀ ’ਚ ਝੰਡੀ ਲੈ ਲਈ ਹੈ। ਉਂਜ ਦੇਸ਼ ਵਿਚ 73 ਮਿਲੀਅਨ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੋਣ ਦਾ ਅਨੁਮਾਨ ਵੀ ਲਾਇਆ ਹੈ। ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਤਾਮਿਲਨਾਡੂ ਮਗਰੋਂ ਪੰਜਾਬ ਦਾ ਨੰਬਰ ਦੂਜਾ ਹੈ ਅਤੇ ਅੌਸਤਨ ਹਰ ਦਸਵਾਂ ਵਿਅਕਤੀ ਸ਼ੂਗਰ ਦੀ ਲਪੇਟ ਵਿਚ ਹੈ। ਪੇਂਡੂ ਪੰਜਾਬ ਦਾ ਨੰਬਰ ਪਹਿਲਾ ਹੈ ਅਤੇ ਅੌਸਤਨ ਹਰ ਨੌਵਾਂ ਵਿਅਕਤੀ (8.7 ਫੀਸਦੀ) ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ।
                 ਤਾਮਿਲਨਾਡੂ (ਦਿਹਾਤੀ) ਵਿਚ ਅੌਸਤਨ ਹਰ ਅੱਠਵਾਂ ਵਿਅਕਤੀ ਸ਼ੂਗਰ ਦੀ ਬਿਮਾਰੀ ਦੀ ਜਕੜ ਵਿਚ ਹੈ ਜਦੋਂ ਕਿ ਤ੍ਰਿਪਰਾ ਦਾ ਨੰਬਰ ਤੀਜਾ ਹੈ ਜਿਥੇ ਅੌਸਤਨ ਹਰ ਸੱਤਵਾਂ ਵਿਅਕਤੀ ਸ਼ੂਗਰ ਦਾ ਮਰੀਜ਼ ਹੈ। ਸ਼ਹਿਰੀ ਖ਼ਿੱਤੇ ’ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ (ਯੂ.ਟੀ) ਵਿਚ ਅੌਸਤਨ ਹਰ 14ਵਾਂ ਵਿਅਕਤੀ ਸ਼ੂਗਰ ਦਾ ਮਰੀਜ਼ ਹੈ। ਕੌਂਸਲ ਆਫ਼ ਹੋਮਿਓਪੈਥਿਕ ਸਿਸਟਮ ਆਫ਼ ਮੈਡੀਸਨ ਪੰਜਾਬ ਦੇ ਸਾਬਕਾ ਚੇਅਰਮੈਨ ਡਾ. ਭੁਪਿੰਦਰ ਸਿੰਘ ਗਿੱਦੜਬਹਾ ਆਖਦੇ ਹਨ ਕਿ ਪੰਜਾਬੀਆਂ ਨੇ ਜੀਵਨ ਜਾਂਚ ਵਿਗਾੜ ਲਈ ਹੈ। ਜੰਕ ਫੂਡ ਦਾ ਵਧਣਾ ਅਤੇ ਪਾਮਆਇਲ ਦੀ ਵਧੇਰੇ ਵਰਤੋਂ ਅਤੇ ਉਪਰੋਂ ਸਰੀਰਕ ਗਤੀਵਿਧੀ ਦਾ ਘਟਣਾ, ਸਭ ਸ਼ੂਗਰ ਦਾ ਸੱਦਾ ਦੇਣ ਦਾ ਪ੍ਰਬੰਧ ਹੈ। ਉਨ੍ਹਾਂ ਆਖਿਆ ਕਿ ਭੱਜ ਨੱਠ ਦੀ ਜ਼ਿੰਦਗੀ ਨੇ ਵੀ ਖੇਡ ਵਿਗਾੜੀ ਹੈ। ਪਹਿਲੋਂ ਪਿੰਡ ਚੋਂ ਟਾਵਾ ਮਰੀਜ਼ ਸ਼ੂਗਰ ਦਾ ਲੱਭਦਾ ਸੀ, ਹੁਣ ਕੋਈ ਕਮੀ ਨਹੀਂ। ਵਿਸ਼ਵ ਭਰ ਵਿਚ 14 ਨਵੰਬਰ ਨੂੰ ‘ਵਿਸ਼ਵ ਸ਼ੂਗਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੂਗਰ ਦੀ ਬਿਮਾਰੀ ਤੋਂ ਚੌਕਸ ਕਰਨ ਵਾਸਤੇ ‘ਈਟ ਹੈਲਦੀ, ਈਟ ਸੇਫ’ ਮੁਹਿੰਮ ਵਿੱਢੀ ਹੈ। ਇਵੇਂ ਪ੍ਰਧਾਨ ਮੰਤਰੀ ਨੇ ‘ਫਿਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਟੱਡੀ ਵਿਚ ਗੁਜਰਾਤ,ਅਸਾਮ,ਮਿਜ਼ੋਰਮ,ਮਨੀਪੁਰ ਦੀ ਸਥਿਤੀ ਬਿਹਤਰ ਹੈ।
                 ਬਿਹਾਰੀ ਲੋਕ ਸਰੀਰਕ ਕੰਮ ਜਿਆਦਾ ਕਰਦੇ ਹਨ ਜਿਸ ਵਜੋਂ ਬਿਹਾਰ ਵਿਚ ਸ਼ੂਗਰ ਦਾ ਹੱਲਾ ਕਾਫੀ ਘੱਟ ਹੈ ਜਿਥੇ ਸੌ ਪਿਛੇ ਸ਼ੂਗਰ ਦੇ ਸਿਰਫ਼ ਤਿੰਨ ਮਰੀਜ਼ ਹਨ। ਪੰਜਾਬ ਦੇ ਲੋਕ ਸ਼ੂਗਰ ਅਤੇ ਬਲੱਡ ਪੈੱ੍ਰਸ਼ਰ ਨੇ ਵੱਧ ਝੰਬੇ ਹਨ। ਨਾਲੋਂ ਨਾਲ ਪੰਜਾਬ ਮੋਟਾਪੇ ਦੀ ਮਾਰ ਹੇਠ ਵੀ ਹੈ। ਪੰਜਾਬੀ ਕਲਚਰ ਦੇ ਗਿਆਤਾ ਪ੍ਰੋ. ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਪੰਜਾਬੀ ਪਹਿਲੋਂ ਜੁੱਸੇ ਵਾਲੇ ਹੁੰਦੇ ਸਨ ਅਤੇ ਛਾਟਵੇਂ ਸਰੀਰ ਹੁੰਦੇ ਸਨ। ਵਰਜ਼ਸ਼ਾਂ ਅਤੇ ਸਰੀਰਕ ਕੰਮ ਕਰਨ ਵਿਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਆਖਿਆ ਕਿ ਜਦੋਂ ਤੋਂ ਪੰਜਾਬੀ ਸਰੀਰਕ ਕੰਮ ਛੱਡ ਗਏ ਹਨ, ਉਦੋਂ ਤੋਂ ਬਿਮਾਰੀ ਨੇ ਪੰਜਾਬੀ ਢਾਹੁਣੇ ਸ਼ੁਰੂ ਕੀਤੇ ਹਨ। ਦੱਸਣਯੋਗ ਹੈ ਕਿ ਪੰਜਾਬੀ ਵਿਚ ਜੰਕ ਫੂਡ ਦਾ ਕਾਰੋਬਾਰ ਤੇਜੀ ਨਾਲ ਵਧਿਆ ਹੈ ਅਤੇ ਹੁਣ ਪੰਜਾਬੀ ਦੁੱਧ ਮਲਾਈਆਂ ਝੱਲਣ ਜੋਗੇ ਨਹੀਂ ਰਹੇ ਹਨ ਜਿਸ ਕਰਕੇ ਪੰਜਾਬ ਦੇ ਲੋਕ ਹੁਣ ਫਿੱਕੀ ਚਾਹ ਨੂੰ ਵੀ ਫੂਕਾਂ ਮਾਰ ਕੇ ਪੀ ਰਹੇ ਹਨ।
                                            ਖਾਣ ਪੀਣ ’ਚ ਸੰਜਮ ਜਰੂਰੀ : ਸੰਧੂ
ਸਿਵਲ ਸਰਜਨ ਬਠਿੰਡਾ ਡਾ.ਅਮਰੀਕ ਸਿੰਘ ਸੰਧੂ ਆਖਦੇ ਹਨ ਕਿ ਜੀਵਨ ਜਾਂਚ ਵਿਚ ਬਦਲਾਓ ਅਤੇ ਹੱਥੀ ਕੰਮ ਘੱਟਣ ਕਰਕੇ ਸ਼ੂਗਰ ਦੀ ਬਿਮਾਰੀ ਦੀ ਮਾਰ ਵਧੀ ਹੈ। ਪੰਜਾਬੀ ਖਾਣ ਪੀਣ ’ਚ ਕੋਈ ਪਰਹੇਜ਼ ਨਹੀਂ ਕਰਦੇ। ਮੋਟਾਪਾ ਵੀ ਵਧ ਰਿਹਾ ਹੈ ਅਤੇ ਸਰੀਰਕ ਵਿਗਾੜ ਪੈਦਾ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬੀ ਆਪਣੇ ਖਾਣ ਪੀਣ ਦੇ ਤੌਰ ਤਰੀਕੇ ਬਦਲਣ ਅਤੇ ਹਰ ਛੇ ਮਹੀਨੇ ਮਗਰੋਂ ਸ਼ੂਗਰ ਅਤੇ ਬਲੱਡ ਪੈੱ੍ਰਸ਼ਰ ਜਰੂਰ ਚੈੱਕ ਕਰਾਉਣ ਜੋ ਸਰਕਾਰੀ ਹਸਪਤਾਲਾਂ ਚੋਂ ਮੁਫ਼ਤ ਟੈਸਟ ਹੁੰਦਾ ਹੈ। 


Sunday, December 8, 2019

                         ਵਿਚਲੀ ਗੱਲ 
      ਮੁੱਕਦੀ ਨਹੀਂ ਗ਼ਮਾਂ ਵਾਲੀ ਪੂਣੀ..!
                       ਚਰਨਜੀਤ ਭੁੱਲਰ
ਬਠਿੰਡਾ :  ਜ਼ਿੰਦਗੀ ਦਾ ਹਲਟ ਗਿੜ ਰਿਹਾ ਹੈ। ਮੌਣ ਉਦਾਸ ਹੈ ਤੇ ਟਿੰਡਾਂ ਖੁਸ਼ਕ। ਤਰੇਲੀ ਪੌਣਾਂ ਨੇ ਖਾਈ ਹੈ। ਮੁੜ ਜੋ ਰੁੱਤ ਆਈ ਹੈ। ਅੱਗਾ ਕਿਵੇਂ ਢਕੀਏ। ਚਹੁੰ ਪਾਸੇ ਅੱਗ ਹੀ ਅੱਗ ਹੈ, ਕਿਤੇ ਢਿੱਡ ਦੀ ਤੇ ਕਿਤੇ ਮਜ਼ਹਬ ਦੀ। ਅੱਗ ਨਾਲ ਖੇਡੋਗੇ ਤਾਂ ਘਰ ਕਿਵੇਂ ਬਚੇਗਾ। ਵਕਾਰਾਂ ਦੀ ਅੱਗ ਤਾਂ ਸਭ ਤੋਂ ਭੈੜੀ। ਜਦੋਂ ਸੋਚਾਂ ’ਚ ਦਰਿੰਦਗੀ ਮਘਦੀ ਹੈ। ਫਿਰ ‘ਤੰਦੂਰ ਕਾਂਡ’ ਦਾ ਧੂੰਆਂ ਅਸਮਾਨੀ ਚੜ੍ਹਦਾ ਹੈ। ਵੀਹ ਵਰ੍ਹੇ ਪਿਛਾਂਹ ਵੱਲ ਵੇਖੋ। ਤੰਦੂਰ ’ਚ ਨੈਣਾ ਸਾਹਨੀ ਸਾੜੀ ਗਈ। ਜਿਉਂ ਅਬਲਾ ਰਾਖ ਹੋ ਗਈ, ਦਰਿੰਦੀ ਸੋਚ ਲਾਟ ਹੋ ਗਈ। ਰੰਗਾ-ਬਿੱਲਾ ਨੂੰ ਵੀ ਕੌਣ ਭੁੱਲਿਐ। ਵਰ੍ਹਾ 1978 ’ਚ ਮੁੱਢ ਗੀਤਾ-ਸੰਜੇ ਤੋਂ ਬੱਝਾ। ਬੱਚੀ ਗੀਤਾ ਰੰਗੇ ਬਿੱਲੇ ਦਾ ਸ਼ਿਕਾਰ ਹੋਈ। ਦੋਵੇਂ ਭੈਣ ਭਰਾ ਮਾਰ ਕੇ ਸੁੱਟ ਦਿੱਤੇ। ਉਦੋਂ ਮੋਰਾਰਜੀ ਦੇਸਾਈ ਪੀੜਤਾਂ ਦੇ ਘਰ ਗਏ ਸਨ। ਜਲਾਦ ਕਾਲੂ ਤੇ ਫਕੀਰਾ ਨੇ ਰੰਗਾ ਬਿੱਲਾ ਨੂੰ 1982 ’ਚ ਫਾਂਸੀ ਦਿੱਤੀ। ਹਵਸ ਤੇ ਹਿੰਸਾ ਅੱਜ ਵੀ ਉਵੇਂ ਮੌਜੂਦ ਹੈ। ਰਾਹਾਂ ’ਤੇ ਜੋ ਹੁਣ ਲਟ ਲਟ ਬਲੀ ਹੈ। ਦੇਖ ਕੇ ਸੁੰਨ ਕਿਉਂ ਨਾ ਹੋਣ ਰਾਏਬਰੇਲੀ ਦੇ ਮੀਲ ਪੱਥਰ। ਹਰ ਨਿਆਣਾ-ਸਿਆਣਾ ਸੁੰਨ ਹੈ। ਅੱਗ ਪਹਿਲਾਂ ਯੂਪੀ ਦੇ ਉਨਾਓ ’ਚ ਬਲੀ। ਦਰਿੰਦਿਆਂ ਨੇ ਇੱਕ ਧੀ ਨਾਲ ਗੈਂਗਰੇਪ ਕੀਤਾ। ਸ਼ਰਮ ’ਚ ਉਨਾਓ ਡੁੱਬਿਆ। ਐਮ.ਪੀ ਸਾਕਸ਼ੀ ਮਹਾਰਾਜ ਦੇ ਸ਼ਰਮ ਨੇੜਿਓਂ ਲੰਘਦੀ ਤਾਂ ਉਹ ਜੇਲ੍ਹ ’ਚ ਵਿਧਾਇਕ ਕੁਲਦੀਪ ਸੇਂਗਰ ਨੂੰ ਕਦੇ ਨਾ ਮਿਲਦਾ। ਉਨਾਓ ਪੀੜਤਾ ਘਰੋਂ ਤਾਂ ਰਾਏਬਰੇਲੀ ਅਦਾਲਤ ਵੱਲ ਤੁਰੀ ਸੀ। ਜ਼ਮਾਨਤੀ ਦਰਿੰਦੇ ਮੁੜ ਟੱਕਰ ਗਏ, ਜਿਊਂਦੀ ਨੂੰ ਅੱਗ ਲਾ ਦਿੱਤੀ।
                ਦਿੱਲੀ ਧੀ ਨੂੰ ਬਚਾ ਨਾ ਸਕੀ। ਨਿਰਭਯਾ ਵਾਂਗ ਫੌਤ ਹੋ ਗਈ। ਪੀੜਤਾ ਆਖਰੀ ਸਾਹ ’ਤੇ ਸੀ। ਸੇਂਗਰ ਨੂੰ ਜਨਮ ਦਿਨ ਦੀ ਵਧਾਈ ਸਾਕਸ਼ੀ ਦੇ ਰਹੇ ਸਨ। ਇਵੇਂ ਹੈਦਰਾਬਾਦ ’ਚ ਹੈਵਾਨੀਅਤ ਨੱਚੀ। ਮਹਿਲਾ ਡਾਕਟਰ ਨਾਲ ਪਹਿਲਾਂ ਗੈਂਗਰੇਪ, ਫਿਰ ਅੱਗ ’ਚ ਸਾੜੀ। ਰੋਹ ਦੀ ਅੱਗ ਜਦੋਂ ਬਲਦੀ ਹੈ। ਹਕੂਮਤ ਠੰਢਾ ਛਿੜਕਦੀ ਹੈ। ਪੁਲੀਸ ਮੁਕਾਬਲੇ ’ਚ ਚਾਰੋਂ ਢੇਰ ਕਰ ਦਿੱਤੇ, ਦਰਿੰਦੀ ਸੋਚ ਫਿਰ ਝਕਾਨੀ ਦੇ ਗਈ। ਹੈਦਰਾਬਾਦ ਪੁਲੀਸ ਦੇ ਹੁਣ ਕੋਈ ਹਾਰ ਪਾ ਰਿਹੈ ਤੇ ਕੋਈ ਉਂਗਲ ਉਠਾ ਰਿਹੈ। ‘ਮੁਕਾਬਲਾ ਮਾਸਟਰ’ ਵਲੇਵੀਂ ਸੋਚ ਨੂੰ ਵਿੰਨ੍ਹ ਨਾ ਸਕਿਆ। ਦੇਸ਼ ’ਚ ਹਰ 29ਵੇਂ ਮਿੰਟ ‘ਚ ਇੱਕ ਅੌਰਤ ਦੀ ਪੱਤ ਲੁੱਟੀ ਜਾਂਦੀ ਹੈ। ਜਿਨਸੀ ਹਿੰਸਾ ਖ਼ਿਲਾਫ਼ ਹੁਣੇ ਕੌਮਾਂਤਰੀ ਮੁਜ਼ਾਹਰੇ ਹੋਏ ਹਨ। ਅਫ਼ਸੋਸ, ਹਰ ਪੀੜਤਾ ਦੇ ਹਿੱਸੇ ਕੈਂਡਲ ਮਾਰਚ ਨਹੀਂ ਆਉਂਦਾ। ਬਚਿੰਤ ਕੌਰ ਦੀ ਕਹਾਣੀ ‘ਭੁੱਬਲ ਦੀ ਅੱਗ‘ ਦਾ ਕਿਸ਼ਨ ਸਿਓ ਚੇਤੇ ਆ ਗਿਆ। ਇੰਜ ਜਾਪਦੈ, ਜਿਵੇਂ ਮੁਲਕ ਵੈਂਟੀਲੇਟਰ ‘ਤੇ ਹੋਵੇ, ਅਰਮਾਨ ਅਧਜਲੇ ਹੋਣ। ਕਾਂਗਰਸੀ ਅਧੀਰ ਰੰਜਨ ਚੌਧਰੀ ਆਖਦੈ, ‘ਇੱਕ ਪਾਸੇ ਰਾਮ ਮੰਦਰ ਬਣ ਰਿਹਾ, ਦੂਜੇ ਪਾਸੇ ਸੀਤਾ ਜਲਾਈ ਜਾ ਰਹੀ ਹੈ।’ ਸਾਲ 2012 ’ਚ ਜਦੋਂ ਨਿਰਭਯਾ ਕਾਂਡ ਵਾਪਰਿਆ ਸੀ। ਉਦੋਂ ਇਵੇਂ ਭਾਜਪਾਈ ਕੈਲਾਸ਼ ਬੋਲੇ, ‘ਸੀਤਾ ਲਛਮਣ ਰੇਖਾ ਲੰਘੇਗੀ ਤਾਂ ਰਾਵਨ ਅਪਹਰਨ ਕਰੇਗਾ ਹੀ।’ ਸਿਆਸੀ ਤੰਦੂਰੀਏ ਨੇ, ਇਨ੍ਹਾਂ ਦੇ ਮੂੰਹ ਕੌਣ ਫੜੂ। ਅੱਗ ’ਤੇ ਹੀ ਨਹੀਂ, ਕਿਤੇ ਵੀ ਰੋਟੀ ਸੇਕ ਸਕਦੇ ਹਨ।
                 ਗੋਆ ਦਾ ਰਾਜਪਾਲ ਸਤਿਆਪਾਲ, ਗਿਰਗਿਟ ਦਾ ਗੁਰੂ ਨਿਕਲਿਐ। ਨਾਸੀਂ ਧੂੰਆਂ ਲਿਆ ਦਿੱਤਾ ਸੀ ਕਸ਼ਮੀਰ ’ਚ। ਸਤਿਆਪਾਲ ਹੁਣ ਮੱਤਾਂ ਦੇ ਰਿਹੈ। ਅਖੇ, ‘ਜੋ ਦੂਜੇ ਦਾ ਦੁੱਖ ਨਾ ਜਾਣੇ, ਇਨਸਾਨ ਨਹੀਂ, ਸੜੇ ਹੋਏ ਆਲੂ ਹੁੰਦੇ ਨੇ।’ ਪਿਆਰੇ ਸਤਿਆਪਾਲ ਜੀ, ਜੋ ਜ਼ੁਬਾਨਾਂ ਨੂੰ ਤਾਲੇ ਲਾਉਣ, ਉਹ ਕੌਣ ਹੁੰਦੇ ਨੇ। ਜੁਆਬ ਦੇਣ ਲਈ ਰਾਹੁਲ ਬਜਾਜ ਉੱਠੇ ਨੇ। ਸਟੇਜ ’ਤੇ ਅਮਿਤ ਸ਼ਾਹ ਬੈਠੇ ਸਨ। ਉਦਯੋਗਪਤੀ ਬਜਾਜ ਦੇ ਜ਼ਰੂਰ ਡੌਲੇ ਫਰਕੇ ਹੋਣਗੇ। ਮੂੰਹ ’ਤੇ ਆਖ ਦਿੱਤਾ,‘ਲੋਕ ਥੋਡੇ ਕੋਲੋਂ ਡਰਦੇ ਨੇ, ਸਾਨੂੰ ਭਰੋਸਾ ਨਹੀਂ ਕਿ ਆਲੋਚਨਾ ਥੋਨੂੰ ਪਸੰਦ ਹੋਵੇਗੀ।’ ਚੇਤਿਆਂ ਨੂੰ ਹਲੂਣਾ ਦਿਓ। ਦੂਰਦਰਸ਼ਨ ’ਤੇ ਤੀਹ ਵਰ੍ਹਾਂ ਪਹਿਲਾਂ ਗੂੰਜ ਪੈਂਦੀ ਸੀ। ‘ਹਮਾਰਾ ਕੱਲ, ਹਮਾਰਾ ਆਜ, ਬੁਲੰਦ ਭਾਰਤ ਦੀ ਬੁਲੰਦ ਤਸਵੀਰ, ਹਮਾਰਾ ਬਜਾਜ’। ਬਜਾਜ ਚੇਤਕ ਸਕੂਟਰ ਦੇ ਮਾਲਕ ਬਜਾਜ ਤੋਂ ਰਿਹਾ ਨਹੀਂ ਗਿਆ ਹੋਣਾ। ਉਹ ਤਾਂ ਬੋਲ ਪਿਆ, ਬਾਕੀਆਂ ਨੂੰ ਸੱਪ ਸੁੰਘ ਗਿਆ। ਜਿਵੇਂ ਪੂਰੇ ਦੇਸ਼ ਨੂੰ।ਜ਼ੁਬਾਨਬੰਦੀ ਵੀ ਬਲਾਤਕਾਰ ਤੋਂ ਘੱਟ ਨਹੀਂ। ਲੋਕ ਪਤਾ ਨਹੀਂ ਕਿਹੜੇ ਹੱਡ ਮਾਸ ਦੇ ਬਣੇ ਨੇ, ਝੱਲੀ ਜਾ ਰਹੇ ਨੇ। ਸ਼ਿਵ ਕੁਮਾਰ ਬਟਾਲਵੀ ਦੇ ਆਪਣੇ ਗ਼ਮ ਸਨ, ‘ਮੇਰੇ ਹੱਡ ਹੀ ਅਵੱਲੇ ਨੇ, ਜੋ ਅੱਗ ਲਾਇਆਂ ਨਹੀਂ ਸੜਦੇ।’ ਗਾਂਂ ਦੀ ਰਾਤ ਨਹੀਂ, ਰੁੱਤ ਹੀ ਲੰਮੀ ਹੋ ਗਈ ਹੈ। ਫੁਕਾਰੇ ਮਾਰਦੇ ਫਿਰਦੇ ਨੇ, ਕੋਈ ਚੜ੍ਹੀ ਲੱਥੀ ਦੀ ਨਹੀਂ। ਪ੍ਰਸਿੱਧ ਕਹਾਣੀਕਾਰ ਕ੍ਰਿਸ਼ਨ ਚੰਦਰ ਦੀ ਰੂਹ ਕਿਉਂ ਨਾ ਤੜਫੀ ਹੋਊ।
                 ਭੈਣੋ ਅੌਰ ਭਾਈਓ… ਕਹਾਣੀ ਸੰਗ੍ਰਹਿ ‘ਜਾਮਨ ਕਾ ਪੇੜ’ ਦਸਵੀਂ ਦੇ ਸਿਲੇਬਸ ’ਚੋਂ ਹਟਾ ਦਿੱਤੀ ਹੈ। ਕ੍ਰਿਸ਼ਨ ਚੰਦਰ ਦੇ ਭਤੀਜੇ ਪਵਨ ਚੋਪੜਾ ਨੂੰ ਸੱਤੇ ਕੱਪੜੇ ਅੱਗ ਲੱਗੀ। ‘ਚਾਚਾ ਅੱਜ ਲਿਖਦੇ ਤਾਂ ਤਿਹਾੜ ਜੇਲ੍ਹ ‘ਚ ਹੁੰਦੇ।’ ਯਕੀਨ ਨਹੀਂ ਤਾਂ ਸੁਧਾ ਭਾਰਦਵਾਜ ਨੂੰ ਪੁੱਛ ਲਓ। ਅੱਗ ਬਿਨਾਂ ਧੂੰਆਂ ਨਹੀਂ ਉੱਠਦਾ। ਮਹਿੰਗਾਈ ਦੀ ਅੱਗ ਬਾਰੇ ਪੁੱਛਣੈ। ਨਿਰਮਲਾ ਸੀਤਾਰਾਮਨ ਨੂੰ ਨਾ ਪੁੱਛਿਓ, ਉਹ ਕਿਹੜਾ ਪਿਆਜ਼ ਖਾਂਦੀ ਐ। ਕਿਸੇ ਮਹਾਤੜ ਨੂੰ ਪੁੱਛ ਕੇ ਦੇਖਿਓ, ਜੋ ਦੁੱਖਾਂ ਨੇ ਭੁੰਨੇ ਪਏ ਨੇ। ਬਾਜ਼ਾਰਾਂ ’ਚ 100 ਰੁਪਏ ਤੋਂ ਘੱਟ ਨਹੀਂ ਮਿਲਦਾ। ਸੜਕਾਂ ਜਾਮ ਨੇ, ਮੋਦੀ ਜੀ ਚੁੱਪ ਨੇ, ਸੈਸ਼ਨ ਚੱਲ ਰਿਹਾ ਹੈ। ਦੇਸ਼ ’ਚ ਜੰਗਲ ਰਾਜ, ਪੰਜਾਬ ’ਚ ਮਾਫੀਆ ਰਾਜ, ਨਵੇਂ ਰੂਪ ਵਿਚ ਚੱਲ ਰਿਹੈ। ਨਾਲੋਂ ਨਾਲ ਫਰੈਂਡਲੀ ਮੈਚ ਵੀ ਚੱਲ ਰਿਹੈ। ਜਦੋਂ ਬੁਰਾ ਵਕਤ ਚੱਲ ਰਿਹਾ ਹੋਵੇ। ਉਦੋਂ ਨਾਸਾ ਦਾ ਸੈਟੇਲਾਈਟ ਵੀ ਫੇਲ੍ਹ ਹੋ ਜਾਂਦੈ। ਕੈਮਰੇ ’ਚ ਕੈਦ ਨਹੀਂ ਹੁੰਦੀ, ਦੁੱਖਾਂ ਦੀ ਅੱਗ ਤੇ ਹਿਜ਼ਰਾਂ ਦੇ ਘੁੱਟ। ਜਲ ਰਹੀ ਪਰਾਲੀ ਢਕੀ ਕਿਉਂ ਨਹੀਂ ਰਹਿੰਦੀ। ਚਿੱਟੇ ਦਿਨ ਟਾਹਲੀ ’ਤੇ ਲਟਕਦੇ ਜੱਗੇ ਛੁਪੇ ਰਹਿ ਜਾਂਦੇ ਨੇ। ਭਾਵੇਂ ਅੱਗ ਤੇ ਪਾਣੀ ਦਾ ਮੇਲ ਨਹੀਂ। ਫਿਰ ਵੀ ਗੰਗਾ ਜਲ ਦਾ ਛੱਟਾ ਕੰਮ ਨਹੀਂ ਆਉਣਾ। ਅਰਬ ਸਾਗਰ ਹੀ ਟੱਕਰ ਲੈ ਸਕਦੇ ਨੇ। ਹਾਫ਼ਿਜ਼ ਬਰਖ਼ੁਰਦਾਰ ਵੀ ਬੇਵੱਸ ਜਾਪਦਾ ਹੈ ‘ਕੌਣ ਬੁਝਾਏ ਹਾਫ਼ਜ਼ਾ, ਅੱਗ ਲੱਗੇ ਦਰਿਆ।’ ਫਿਰਕੂ ਅੱਗ ਖੁੱਲ੍ਹਾ ਖੇਡ ਖੇਡਦੀ ਹੈ। ਵੀਹ ਕਰੋੜ ਮੁਸਲਿਮ ਡਰੇ ਬੈਠੇ ਨੇ। ਅਮਿਤ ਸ਼ਾਹ ਟਲਨ ਵਾਲਾ ਨਹੀਂ। ਰਾਸ਼ਟਰੀ ਨਾਗਰਿਕ ਰਜਿਸਟਰ ਖੋਲ੍ਹੀ ਬੈਠਾ ਹੈ। ਦਿੱਲੀ ਵਿਚ ਅੰਗਹੀਣ ਧਰਨੇ ’ਤੇ ਬੈਠੇ ਹਨ। ਆਖਦੇ ਨੇ, ਪਹਿਲਾਂ ਸਾਡਾ ਖਾਤਾ ਖੋਲ੍ਹੋ, ਫਿਰ ਦਿਓ ਨਿਯੁਕਤੀ ਪੱਤਰ।
                ਪਾਪ ਕਦੇ ਤਰਿਆ ਨਹੀਂ, ਸੱਚ ਕਦੇ ਡੁੱਬਿਆ ਨਹੀਂ। ਨੂਰ ਮੁਹੰਮਦ ਨੂਰ ਦੀ ਗੱਲ ’ਤੇ ਗੌਰ ਜ਼ਰੂਰ ਕਰਨਾ, ‘ਚਲਦਾ ਰਹਿਣੈ ਆਪੇ ਕੰਮ ਜ਼ਮਾਨੇ ਦਾ, ਚਿੰਤਾ ਛੱਡੋ, ਥਲ ਵਿਚ ਵਾਂਗ ‘ਖਜੂਰ’ ਰਹੋ, ਕਾਲੀ ਰਾਤ ਸਵੇਰੇ ਮੁੱਕ ਹੀ ਜਾਣੀ ਹੈ, ਦਿਲ ਨਾ ਛੱਡੋ, ਕਿੰਨੇ ਵੀ ਮਜਬੂਰ ਰਹੋ।’ ਪੰਜਾਬੀਆਂ ਦੇ ਦਿਲਾਂ ’ਚ ਤਾਂ ਭਾਂਬੜ ਮੱਚੇ ਪਏ ਨੇ। ਪ੍ਰਸ਼ਾਂਤ ਕਿਸ਼ੋਰ ਨੂੰ ਲੱਭਦੇ ਫਿਰਦੇ ਨੇ, ਕਿਤੇ ਮਿਲ ਗਿਆ ਤਾਂ ਫਿਰ ਦੇਣਗੇ ਧਨੇਸੜੀ। ‘ਘਰ ਘਰ ਰੁਜ਼ਗਾਰ’ ਨੂੰ ਛੱਡੋ। ਸਮਾਰਟ ਫੋਨ ਮਿਲਣਗੇ। ਜਵਾਨੀ ਬੈਂਡਾਂ ’ਚ, ਨੇਤਾ ਜੇਬਾਂ ਗਰਮ ਕਰਨ ’ਚ ਉਲਝੇ ਨੇ। ਪੰਜਾਬੀ ਅੰਦਰੋਂ ਪ੍ਰੇਸ਼ਾਨ ਨੇ। ਕੋਈ ਰਾਹ ਨਹੀਂ ਲੱਭਦਾ। ਕਲੇਜੇ ਫੂਕੇ ਪਏ ਨੇ। ਅੱਗੇ ਗੱਲ ਨਾ ਕਰਿਓ, ਲੱਗਦੈ ਚੋਣਾਂ ਵੇਲੇ ਦੇਣਗੇ ਦੱਖੂਦਾਣੇ। ਕੋਈ ਭੁਲੇਖਾ ਹੈ ਤਾਂ ਬਾਦਲ ਗੇੜਾ ਮਾਰਿਓ। ਦੇਸ਼ ਦਾ ਗੇੜਾ ਮਾਰੋਗੇ, ‘ਵਿਕਾਸ’ ਘੱਟ, ਧੂੰਆਂ ਵੱਧ ਦਿਖੇਗਾ। ਮਨਾਂ ਦਾ ਵਿਕਾਸ ਕੌਣ ਕਰੂ। ਗੱਦੀ ਮਨਾਂ ਵਿਚ ਜ਼ਹਿਰਾਂ ਭਰ ਰਹੀ ਹੈ। ਜਾਤੀਵਾਦ, ਫਿਰਕੂ ਪਾੜਾ, ਸਮਾਜੀ ਵਿੱਥਾਂ, ਸਭ ਕੁਝ ਵਧਿਆ ਹੈ। ‘ਸੈਕੁਲਰ ਲੋਕ’ ਹਜ਼ਮ ਨਹੀਂ ਹੁੰਦੇ। ਛੱਜੂ ਰਾਮ ਦਾ ਮਨ ਉਬਾਲੇ ਖਾ ਰਿਹੈ, ਅੱਗ ਨਾਲ ਮੱਥਾ ਜੋ ਲਾਉਣੈ। ‘ਪਾਪੀ ਕੇ ਮਾਰਨੇ ਕੋ, ਪਾਪ ਮਹਾਂਬਲੀ ਹੈ’। ਅਖੇ ਗੱਲ ਹੁਣ ਕੈਂਡਲ ਮਾਰਚ ਨਾਲ ਨਹੀਂ ਬਣਨੀ। ਤਾਹੀਓਂ ‘ਸੈਂਡਲ ਮਾਰਚ’ ਕੱਢ ਰਿਹੈ..! ਆਪ ਅੱਗੇ ਤੇ ਪਿੱਛੇ ਅੌਰਤਾਂ, ਅੌਰਤਾਂ ਦੇ ਹੱਥਾਂ ’ਚ ਸੈਂਡਲ ਨੇ। ਕੋਈ ਟੱਕਰ ਗਿਆ ਤਾਂ ਸਮਝੋ ਖੈਰ ਨਹੀਂ। ਠਿੱਬੇ ਛਿੱਤਰਾਂ ਦੀ ਸੱਟ ਬੜੀ ਭੈੜੀ ਐ। ਉਪਰੋਂ ਠੰਡ ਦਾ ਮੌਸਮ ਹੈ।

Saturday, December 7, 2019

                                                             ਜ਼ਬਾਨਬੰਦੀ
                        ਕੇਂਦਰੀ ’ਵਰਸਿਟੀ ਦੇ ਸੱਪ ਨੇ ਡੰਗਿਆ ‘ਜੋਗੀ’
                                                          ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ’ਚ ਹੁਣ ਇੱਕ ਸੱਪ ਤੋਂ ਨਵਾਂ ਸਿਆਪਾ ਪਿਆ ਹੈ ਜਿਸ ਦੇ ਮਾਮਲੇ ’ਚ ਇਤਿਹਾਸ ਅਧਿਆਪਕ ਦੀ ਜੁਆਬ ਤਲਬੀ ਕੀਤੀ ਗਈ ਹੈ। ’ਵਰ ਸਿਟੀ ਦੇ ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਵਿਕਾਸ ਰਾਠੀ ਨੇ ਕਲਾਸ ਰੂਮ ਵਿਚ ਆਏ ਸੱਪ ਦਾ ਮਾਮਲਾ ਧਿਆਨ ਵਿਚ ਲਿਆ ਕੇ ਭੁੱਲ ਕਰ ਲਈ ਜਿਸ ਦਾ ਖਮਿਆਜ਼ਾ ਹੁਣ ਉਸ ਨੂੰ ਭੁਗਤਣਾ ਪੈ ਰਿਹਾ ਹੈ। ਬਠਿੰਡੇ ਦੀ ਪੁਰਾਣੀ ਧਾਗਾ ਮਿੱਲ ਵਿਚ ਕੇਂਦਰੀ ’ਵਰਸਿਟੀ ਦਾ ਕੈਂਪਸ ਚੱਲ ਰਿਹਾ ਹੈ ਜਿਸ ਦੇ ਇਤਿਹਾਸ ਵਿਭਾਗ ਦੇ ਕਲਾਸ ਰੂਮ ਵਿਚ ਸੱਪ ਆਉਣ ਤੋਂ ਨਵਾਂ ਵਿਵਾਦ ਛਿੜਿਆ ਹੈ। ਹੋਇਆ ਇੰਝ ਕਿ ਕਲਾਸ ਰੂਮ ਵਿਚ ਇੱਕ ਸੱਪ ਆ ਗਿਆ ਸੀ ਜਿਸ ਮਗਰੋਂ ਕਲਾਸ ਵਿਚ ਰੌਲਾ ਪੈ ਗਿਆ। ਸਹਾਇਕ ਪ੍ਰੋਫੈਸਰ ਵਿਕਾਸ ਰਾਠੀ ਨੇ 12 ਸਤੰਬਰ ਨੂੰ ’ਵਰਸਿਟੀ ਪ੍ਰਬੰਧਕਾਂ ਨੂੰ ਪੱਤਰ ਲਿਖ ਕੇ ਸਾਰੀ ਘਟਨਾ ਤੋਂ ਜਾਣੂ ਕਰਾਇਆ ਸੀ।
       ਸਹਾਇਕ ਪ੍ਰੋਫੈਸਰ ਅਨੁਸਾਰ 12 ਸਤੰਬਰ ਨੂੰ ਜਦੋਂ ਉਹ ਕਲਾਸ ਪੜ੍ਹਾ ਰਹੇ ਸਨ ਤਾਂ ਅਚਾਨਕ ਵਿਦਿਆਰਥੀਆਂ ਨੇ ਰੌਲਾ ਪਾ ਦਿੱਤਾ ਕਿ ਸੀਲਿੰਗ ’ਚ ਸੱਪ ਲਟਕ ਰਿਹਾ ਹੈ। ਜਿਉਂ ਹੀ ਅਧਿਆਪਕ ਨੇ ਸੀਲਿੰਗ ਵੱਲ ਨਜ਼ਰ ਮਾਰੀ ਤਾਂ ਟੁੱਟੀ ਹੋਈ ਸੀਲਿੰਗ ’ਚ ਸੱਪ ਲਟਕ ਰਿਹਾ ਸੀ ਅਤੇ ਵਿਦਿਆਰਥੀ ਕਲਾਸ ਰੂਮ ਚੋਂ ਬਾਹਰ ਨਿਕਲ ਗਏ। ਉਦੋਂ ਹੀ ਇਸ ਅਧਿਆਪਕ ਨੇ ’ਵਰਸਿਟੀ ਨੂੰ ਇਸ ਘਟਨਾ ਤੋਂ ਜਾਣੂ ਕਰਾ ਦਿੱਤਾ। ਜਵਾਹਰ ਲਾਲ ਨਹਿਰੂ ’ਵਰਸਿਟੀ ’ਚ ਪੜ੍ਹੇ ਇਸ ਸਹਾਇਕ ਪ੍ਰੋਫੈਸਰ ਨੇ ’ਵਰਸਿਟੀ ’ਤੇ ਸੁਆਲ ਵੀ ਉਠਾਏ ਅਤੇ ਫਿਟਨੈੱਸ ਸਰਟੀਫਿਕੇਟ ਵਗੈਰਾ ਦੀ ਗੱਲ ਵੀ ਕੀਤੀ। ’ਵਰਸਿਟੀ ਦੇ ਰਜਿਸਟਰਾਰ ਨੇ ਥੋੜੇ ਦਿਨ ਪਹਿਲਾਂ ਸਹਾਇਕ ਪ੍ਰੋਫੈਸਰ ਵਿਕਾਸ ਰਾਠੀ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਦਿੱਤਾ ਹੈ।   ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਇਸ ਪੱਤਰ ਮੁਤਾਬਿਕ ਸਹਾਇਕ ਪ੍ਰੋਫੈਸਰ ’ਤੇ ਉਂਗਲ ਖੜ੍ਹੀ ਕੀਤੀ ਗਈ ਹੈ
              ਰਜਿਸਟਰਾਰ ਨੇ ਲਿਖਿਆ ਹੈ ਕਿ ਜਿਉਂ ਹੀ ਉਨ੍ਹਾਂ ਨੂੰ ਕਲਾਸ ਰੂਮ ਵਿਚ ਸੱਪ ਆਉਣ ਬਾਰੇ ਲਿਖਿਆ ਪੱਤਰ ਮਿਲਿਆ ਤਾਂ ਉਨ੍ਹਾਂ ਨੇ ਸਕਿਊਰਿਟੀ ਟੀਮ ਕਲਾਸ ਰੂਮ ਵਿਚ ਭੇਜੀ। ਇਸ ਟੀਮ ਵੱਲੋਂ ਚਾਰੇ ਪਾਸੇ ਸਰਚ ਕੀਤੀ ਅਤੇ ਵੀਡੀਓਗਰਾਫੀ ਵੀ ਕੀਤੀ ਗਈ ਪ੍ਰੰਤੂ ਕਿਧਰੇ ਵੀ ਸੱਪ ਨਹੀਂ ਮਿਲਿਆ ਅਤੇ ਨਾ ਹੀ ਕੋਈ ਨਿਸ਼ਾਨ ਮਿਲੇ। ਸੀਲਿੰਗ ਵੀ ਠੀਕ ਪਾਈ ਗਈ ਅਤੇ ਸੱਪ ਦੇ ਚੜ੍ਹਨ ਵਾਸਤੇ ਕੋਈ ਜਗ੍ਹਾ ਵੀ ਨਹੀਂ ਦਿੱਖੀ। ‘ਕਾਰਨ ਦੱਸੋ ਨੋਟਿਸ’ ’ਚ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਸਹਾਇਕ ਪ੍ਰੋਫੈਸਰ ਨੇ ਸੱਪ ਆਉਣ ਦਾ ਝੂਠ ਬੋਲਿਆ ਹੈ ਅਤੇ ਜਾਣ ਬੁੱਝ ਕੇ ’ਵਰਸਿਟੀ ਦਾ ਮਾਹੌਲ ਖਰਾਬ ਕਰਨ ਵਾਸਤੇ ਏਦਾਂ ਕੀਤਾ ਹੈ। ਦੂਸਰੀ ਤਰਫ਼ ਹੁਣ ਸਹਾਇਕ ਪ੍ਰੋਫੈਸਰ ਨੇ ‘ਕਾਰਨ ਦੱਸੋ ਨੋਟਿਸ’ ਦਾ ਜੁਆਬ ਭੇਜਿਆ ਹੈ। ਇਸ ਜੁਆਬ ’ਚ ਸਹਾਇਕ ਪ੍ਰੋਫੈਸਰ ਨੇ ਪ੍ਰਬੰਧਕਾਂ ਤੋਂ ਸਕਿਊਰਿਟੀ ਟੀਮ ਵੱਲੋਂ ਕੀਤੀ ਵੀਡੀਓਗਰਾਫੀ ਦੀ ਕਾਪੀ ਅਤੇ ਹੋਰ ਕਾਗ਼ਜ਼ਾਤ ਮੰਗੇ ਗਏ ਹਨ।
              ਪੁੱÎਛਿਆ ਹੈ ਕਿ ਟੀਮ ਵਿਚ ਸੱਪ ਫੜਨ ਦੇ ਮਾਹਿਰ ਕੌਣ ਸਨ। ਇਹ ਪੇਸ਼ਕਸ਼ ਵੀ ਕੀਤੀ ਹੈ ਕਿ ਅਗਰ ’ਵਰਸਿਟੀ ਪ੍ਰਬੰਧਕ ਉਸ ਦੇ ਨਾਲ ਸਕਿਊਰਿਟੀ ਟੀਮ ਭੇਜਦੀ ਹੈ ਤਾਂ ਉਹ ਟੀਮ ਨੂੰ ਨਾ ਲੈ ਕੇ ਅੱਜ ਵੀ ਸੱਪ ਫੜ ਸਕਦੇ ਹਨ। ਸਹਾਇਕ ਪ੍ਰੋਫੈਸਰ ਵਿਕਾਸ ਰਾਠੀ ਦਾ ਕਹਿਣਾ ਸੀ ਕਿ ਪ੍ਰਬੰਧਕ ਅਸਲ ਮੁੱਦੇ ਨੂੰ ਦਬਾਉਣ ਲਈ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ ਜਦੋਂ ਕਿ ਉਸ ਨੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਨਜ਼ਰ ਤੋਂ ਇਹ ਮਾਮਲਾ ਵਰਸਿਟੀ ਦੇ ਧਿਆਨ ਵਿਚ ਲਿਆਂਦਾ ਸੀ। ਦੂਸਰੀ ਤਰਫ਼ ’ਵਰਸਿਟੀ ਰਜਿਸਟਰਾਰ ਨੇ ਫੋਨ ਨਹੀਂ ਚੁੱਕਿਆ।
                             ਜਾਣ ਬੁੱਝ ਕੇ ਮੁੱਦਾ ਬਣਾਇਆ : ਕੋਹਲੀ
ਕੇਂਦਰੀ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਕੇ.ਕੋਹਲੀ ਦਾ ਕਹਿਣਾ ਸੀ ਕਿ ਸਹਾਇਕ ਪ੍ਰੋਫੈਸਰ ਵੱਲੋਂ ਜਾਣ ਬੁੱਝ ਕੇ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਸਰਚ ਕਰਨ ’ਤੇ ਮੌਕੇ ’ਤੇ ਏਦਾਂ ਦੀ ਕੋਈ ਗੱਲ ਨਹੀਂ ਪਾਈ ਗਈ ਸੀ। ਉਨ੍ਹਾਂ ਆਖਿਆ ਕਿ ਅਸਲ ਵਿਚ ਸਹਾਇਕ ਪ੍ਰੋਫੈਸਰ ਦੀ ਪਤਨੀ ਦੀ ਯੋਗਤਾ ਦਾ ਇੱਕ ਮੁੱਦਾ ਚੱਲ ਰਿਹਾ ਹੈ। ਸ੍ਰੀ ਕੋਹਲੀ ਨੇ ਆਖਿਆ ਕਿ ਰਾਠੀ ਦੇ ਪ੍ਰੇਸ਼ਾਨ ਕਰਨ ਵਾਲੇ ਇਲਜ਼ਾਮ ਬਿਲਕੁਲ ਗਲਤ ਹਨ।



Sunday, December 1, 2019

                         ਵਿਚਲੀ ਗੱਲ
           ਸਿਆਸੀ ਕੁੰਭ ’ਚ ਜੇਬ ਕਤਰੇ..!
                          ਚਰਨਜੀਤ ਭੁੱਲਰ
ਬਠਿੰਡਾ : ਬਠਿੰਡੇ ਦਾ ਜੇਬ ਕਤਰਾ ਟੋਨੀ। ਜਹਾਨੋ ਤਾਂ ਚਲਾ ਗਿਆ। ਪਿੱਛੇ ਛੱਡ ਗਿਆ ਬੱਸ ਯਾਦਾਂ। ਨਾਲੇ ਸੈਂਕੜੇ ਨਵੇਂ ਚੇਲੇ ਬਾਲਕੇ। ਦੀਨ ਇਮਾਨ ਦਾ ਚੌਵੀ ਕੈਰੇਟ ਖ਼ਰਾ। ਧੰਨ ਹੋ ਗੁਰੂ ਜੀ! ਰੰਗਰੂਟ ਪੈਰ ਛੂਹ ਇਹੋ ਆਖਦੇ। ਟੋਨੀ ਦੀ ਸ਼ੋਭਾ ਨੂੰ ਵਿਸ਼ਰਾਮ ਚਿੰਨ੍ਹ ਲਾਉਣਾ ਅੌਖੈ। ਬਚਨਾਂ ਦਾ ਪੂਰਾ, ਸਿਰੜ ਦਾ ਪੱਕਾ। ਟੋਨੀ ਦੀ ਰੂਹ ਨੂੰ ਮਾਲਕ ਸ਼ਾਂਤੀ ਬਖ਼ਸੇ। ਜ਼ਿੰਦਗੀ ਭਰ ਇੱਕੋ ਅਸੂਲ ਪੁਗਾਇਆ। ਅਮੀਰ ਬਖ਼ਸਣਾ ਨਹੀਂ, ਗਰੀਬ ਛੇੜਣਾ ਨਹੀਂ। ਕੋਈ ਨਿਤਾਣਾ ਹੱਥ ਚੜ੍ਹਦਾ। ਬਿਨਾਂ ਦੇਰੀ ਪੱਲਿਓਂ ਵੀ ਦੇ ਦਿੰਦਾ। ਇੱਜ਼ਤ ਉਹ ਵੱਖਰੀ ਦਿੰਦਾ, ਅੌਰਤਾਂ ਤੇ ਨਾਲੇ ਬਜ਼ੁਰਗਾਂ ਨੂੰ। ਭਾਰਤੀ ਜਮਹੂਰੀ ਰਾਜ ’ਚ ਜੋ ਮਚਲੇ ਬਣੇ ਨੇ। ਟੋਨੀ ਕਦੇ ਉਨ੍ਹਾਂ ਤੋਂ ਪੱਗ ਨਾ ਲੈਂਦਾ। ਘੱਟੋ ਘੱਟ ਟੋਨੀ ਤੋਂ ਹੀ ਕੋਈ ਗੁਰ ਸਿੱਖ ਲੈਂਦੇ। ਪੁੱਛੋ ਇਹ ਨਾ, ਲੋਕ ਰਾਜ ਕਿਵੇਂ ਕਤਲ ਹੋਇਐ। ਖੁੱਲ੍ਹ ਕੇ ਏਹ ਦੱਸੋ, ਜੋ ਮਚਲੇ ਨੇ, ਉਹ ਜੇਬ ਕਤਰੇ ਨੇ। ਵਿਨੋਦ ਦੂਆ ਵੀ ਇਹੋ ਆਖ ਰਿਹੈ। ਪਰਜਾ ਨੇ ਜੇਬ ਨੂੰ ਘੁੱਟ ਕੇ ਹੱਥ ਪਾਇਐ। ਵੱਡੇ ਬਾਦਲ ਜੇਬ ’ਚ ਪਰਸ ਨਹੀਂ ਰੱਖਦੇ। ਅਮਰਿੰਦਰ ਦਾ ਪਤਾ ਨਹੀਂ। ਹੱਥਾਂ ’ਚ ਏਨੀ ਸਫਾਈ ਹੈ। ਚਿੱਟੇ ਦਿਨ ਜੇਬ ਕੱਟੀ ਜਾਂਦੀ ਹੈ। ਉਨੀਂਦਰਾ ਲੋਕਾਂ ਦਾ ਉਦੋਂ ਖੁੱਲ੍ਹਦੈ, ਜਦੋਂ ਨਵੀਂ ਜਿੱਤ ਦੇ ਢੋਲ ਵੱਜਦੇ ਨੇ। ਪੰਜ ਪੰਜ ਸਾਲ ਮਗਰੋਂ। ਹੁਣੇ ਮਹਾਰਾਸ਼ਟਰ ’ਚ ਵੱਜੇ ਨੇ।
               ਲੋਕ ਰਾਜ ’ਚ ਜਨਤਾ ਜਮੂਰਾ ਬਣੀ ਹੋਈ ਹੈ। ਨੇਤਾ ਮਦਾਰੀ ਹਨ, ਖਿਡਾਰੀ ਉਸ ਤੋਂ ਵੀ ਵੱਡੇ, ਡੁਗਡੁਗੀ ਵਜਾਉਂਦੇ ਹਨ, ਮਜ਼ਮਾ ਲਾਉਂਦੇ ਨੇ, ਨਾਲ ਹੱਥ ਦੀ ਸਫਾਈ ਵੀ ਦਿਖਾ ਜਾਂਦੇ ਨੇ। ਵਿਕਾਸ ਦਰ ਚਾਹੇ ਪਤਾਲ ’ਚ ਡਿੱਗ ਪਏ। ਮੰਦਾ ਹਾਲ ਚਾਹੇ ਮੰਦੀ ਕਰ ਦੇਵੇ। ਲੀਡਰਾਂ ਦੀ ਸਦਾ ਦੀਵਾਲੀ ਐ। ਝਾਰਖੰਡ ’ਚ ਅਮਿਤ ਸ਼ਾਹ ਬੋਲਿਆ, ‘ਮੈਂ ਬਾਣੀਆ ਹੂੰ’। ਮਹਾਰਾਸ਼ਟਰੀ ਹੱਟੀ ਕੋਈ ਹੋਰ ਹੀ ਲੁੱਟ ਗਿਐ। ਵਿਧਾਇਕ ਵੀ ਤਾਂ ਬੁੱਲ੍ਹੇ ਲੁਟਦੇ ਰਹੇ। ਪੰਜ ਤਾਰਾਂ ਹੋਟਲਾਂ ਵਿਚ। ਸਪਾ ਤੇ ਮਸਾਜ ਦਿਨ ਰਾਤ ਚੱਲੀ। ਪਹਿਲੋਂ ਕਰਨਾਟਕ ਦੀ ਜੇਬ ਕੱਟੀ ਗਈ। ਨਜ਼ਾਰੇ ਉਦੋਂ ਵੀ ਖੂਬ ਲਏ। ਵਿਧਾਇਕਾਂ ਦੀ ਚੱਤੋ ਪਹਿਰ ਬਸੰਤ ਸੀ। ‘ਫਲੋਰ ਟੈਸਟ’ ਤੋਂ ਪਹਿਲਾਂ ਇੰਜ ਹੀ ਹੁੰਦੈ। ਕਿਹੜਾ ਘੋੜਾ ਕਿਸ ਤਬੇਲੇ ਚਲਾ ਜਾਏ। ਇਸੇ ਡਰੋਂ ਰੱਸੇ ਪਾਉਣੇ ਪੈਂਦੇ ਨੇ। ਨਵੰਬਰ 2002 ਦਾ ਵਾਕਿਆ ਚੇਤੇ ਆਇਆ। ਬਾਦਲਾਂ ਨੇ 88 ਸ਼੍ਰੋਮਣੀ ਕਮੇਟੀ ਮੈਂਬਰ ਬਾਲਾਸਰ ਰੱਖੇ ਸਨ। ਸ਼੍ਰੋਮਣੀ ਕਮੇਟੀ ਹੱਥੋਂ ਨਾ ਨਿਕਲੇ। ਕਾਜੂ ਬਦਾਮ ਵੀ ਛਕਾਏ ਸਨ।ਕਿਤੇ ਭਾਫ਼ ਬਾਹਰ ਨਾ ਨਿਕਲੇ, ਜੰਮੂ ਕਸ਼ਮੀਰ ’ਚ ਦਰਜਨਾਂ ਨੇਤਾ ਤਾੜੇ ਹੋਏ ਹਨ। ਵਿਰੋਧੀ ਧਿਰ ’ਚ ਕੋਈ ਵੀ ਹੋਵੇ। ਇੱਕੋ ਰਟ ਲੱਗਦੀ ਐ, ਲੋਕ ਰਾਜ ਦਾ ਘਾਣ ਹੋ ਗਿਆ, ਜਮਹੂਰੀਅਤ ਦਾ ਕਤਲ ਹੋ ਗਿਆ।
               ਜਦੋਂ ਸੀਨਾ 56 ਇੰਚ ਦਾ ਹੋਵੇ, ਉਦੋਂ ਲੋਕ ਰਾਜ ਨਹੀਂ ਮਰਦਾ। ਲੋਕਾਂ ਦੇ ਅਰਮਾਨ ਸ਼ਹੀਦ ਹੁੰਦੇ ਨੇ। ਗਰੀਬ ਦੀ ਥਾਲੀ ਵਿੱਚੋਂ ਪਿਆਜ਼ ਰੁੜ ਜਾਂਦੈ। ਸਰ ਛੋਟੂ ਰਾਮ ਦੀ ਰੂਹ ਤੜਫਦੀ ਹੈ। ਗਯਾ ਰਾਮ ਬਾਘੀਆਂ ਪਾਉਂਦੇ ਨੇ। ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਬਣਾਉਂਦੇ ਨੇ। ਅਦਾਲਤਾਂ ਵਿੱਚੋਂ ਫੈਸਲੇ ਆਉਂਦੇ ਨੇ। ਕਦੇ ਅਮਰਿੰਦਰ ਦਾ ਸੱਚ ਜਿੱਤਦੈ ਤੇ ਕਦੇ ਬਾਦਲਾਂ ਦਾ। ਲੋਕ ਰਾਜ ਸਿਰ ਫੜ ਕੇ ਬੈਠ ਜਾਂਦੈ। ਭਾਰਤੀ ਸੰਵਿਧਾਨ ਬੁਢਾ ਹੋ ਗਿਆ ਹੈ। 70 ਸਾਲ ਦੀ ਉਮਰ ਭੋਗ ਚੁੱਕੈ। ਸੰਵਿਧਾਨ ਦੀ ਮਹਿਮਾ ਵੀ ਕਰ ਰਹੇ ਹਾਂ। ਬੋਲਣ ਵੀ ਨਹੀਂ ਦੇ ਰਹੇ। ਜ਼ੁਬਾਨ ਖਿੱਚਣ ਤੱਕ ਜਾਂਦੇ ਨੇ। ਸੰਵਿਧਾਨ ਆਖਦੈ, ਸਭ ਇੱਕ ਸਮਾਨ। ਗੱਦੀ ਵਾਲੇ ਫਿਰ ਵੀ ਮਹਾਨ। ਪੁੱਜ ਕੇ ਸ਼ੈਤਾਨ ਵੀ। ਪਰਜਾ ਕੀ ਕਰੇ.. ਮਾਈ ਬਾਪ ਕਹੇ, ਹੱਥ ਜੋੜੇ, ਪੈਰ ਛੂਹੇ, ਪੈਰਾਂ ’ਚ ਬੈਠੇ, ਗਲਾਂ ਵਿਚ ਹਾਰ ਪਾਵੇ, ਜ਼ਿੰਦਾਬਾਦ ਦੇ ਨਾਅਰੇ ਲਾਵੇ। ਇਹੋ ਤਰਾਸਦੀ ਹੈ ਜਮਹੂਰੀ ਰਾਜ ਦੀ। ਕਦੇ ਆਟਾ ਦਾਲ ਦਾ ਚੋਗਾ। ਕਿਤੇ ਬੁਢਾਪਾ ਪੈਨਸ਼ਨਾਂ ਦਾ। ਮੁਫ਼ਤ ਯਾਤਰਾ ਦਾ ਵੀ। ਸੰਗਤ ਦਰਸ਼ਨ ਪ੍ਰੋਗਰਾਮ ਦਾ ਇਸ਼ਾਰਾ ਸਮਝੋ। ਇਕੱਲੀ ਜਿਸਮ ਦੀ ਗੁਲਾਮੀ ਨਹੀਂ ਹੁੰਦੀ। ਰੂਹਾਂ ਤੇ ਮਨਾਂ ਦੀ ਵੀ ਹੁੰਦੀ ਹੈ। ਮੰਗੋਲਾਂ, ਮੁਗਲਾਂ, ਅਫਗਾਨਾਂ ਤੇ ਫਿਰ ਅੰਗਰੇਜ਼ਾਂ ਦੀ ਗੁਲਾਮੀ ਝੱਲੀ। ਬਹੁਤ ਲੰਮਾ ਅਰਸਾ, ਹੁਣ ਅੰਦਰੋਂ ਨਿਕਲ ਨਹੀਂ ਰਹੀ।
                ਰਾਜਸਥਾਨ ਹਾਈ ਕੋਰਟ ਨੇ ਹੁਣੇ ਆਖਿਐ। ਕੋਈ ਵਕੀਲ ‘ਮਾਈ ਲਾਰਡ’ ਭੁੱਲ ਕੇ ਵੀ ਅਦਾਲਤ ’ਚ ਨਾ ਆਖੇ। ਸਦਕੇ ਜਾਈਏ ਉਨ੍ਹਾਂ ਬਹਾਦਰਾਂ ਦੇ, ਜਿਹੜੇ ਲੀਡਰਾਂ ਨਾਲ ਸੈਲਫੀ ਲਈ ਤਣੇ ਤੁੜਾਉਂਦੇ ਨੇ। ਡਰਾਇੰਗ ਰੂਮ ’ਚ ਦੀਵਾਰ ’ਤੇ ਫੋਟੋ ਨਹੀਂ, ਪਰਿਵਾਰ ਦੀ ਸੋਚ ਟੰਗੀ ਹੁੰਦੀ ਹੈ। ਆਏ ਗਏ ਨੂੰ ਪਤਾ ਲੱਗੇ, ਫਲਾਣਾ ਲੀਡਰ ਕਿੰਨਾ ਨੇੜੇ ਐ। ਆਵਾ ਹੀ ਊਤ ਗਿਐ ਲੱਗਦੈ। ਕਿਥੋਂ ਵਾਰਸਾਂ ਨੂੰ ਲੱਭੇ। ਪੰਜਾਬ ਦੀ ਦੇਹ ਦਾ ਤਾਂ ਧੂੰਆਂ ਨਿਕਲ ਗਿਐ। ਹੱਕ ਸੱਚ ਹੁਣ ਕਿਹੜਾ ਸੌਖਾ ਮਿਲਦੈ। ਸੰਤੋਖ ਸਿੰਘ ਧੀਰ ਦੀ ਕਵਿਤਾ ਚੇਤੇ ’ਚ ਵੱਜੀ ਐ। ‘ਰਾਜਿਆ ਰਾਜ ਕਰੇਂਦਿਆ! ਤੇਰੀ ਦੇਖ ਲਈ ਜਮਹੂਰ, ਜਿੱਥੇ ਅੱਜ ਵੀ ਹੱਕ ਦੇ ਵਾਸਤੇ, ਸੂਲੀ ਚੜ੍ਹਨ ਮਨਸੂਰ।’ ਪੰਜ ਸਾਲਾਂ ਮਗਰੋਂ ਸਿਆਸੀ ਜੇਬ ਕਤਰੇ ਆਖਦੇ ਹਨ, ‘ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ’। ਫਿਰ ਲੋਕ ਪਲੀ ਪਲੀ ਨੂੰ ਤਰਸਦੇ ਨੇ। ਵਜ਼ੀਰਾਂ ਦੀ ਮਿੱਟੀ ਸੋਨਾ ਹੋਣ ਲੱਗਦੀ ਹੈ। ਖਜ਼ਾਨੇ ਵਿੱਚੋਂ ਚਾਰ ਸਾਲਾਂ ’ਚ ਐਮ.ਪੀਜ਼ ਦੀਆਂ ਤਨਖਾਹਾਂ, ਭੱਤਿਆਂ ’ਤੇ 1997 ਕਰੋੜ ਖਰਚੇ ਗਏ ਨੇ। ਲੋਕ ਰਾਜ ਦਾ ਸੋਮ ਰਸ ਕਿੰਨਾ ਮਿੱਠੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪੁੱਛੋ। ਬਾਬਾ ਬੜਬੋਲਾ ਦੱਸਦੈ, ਤਿੰਨ ਪੈਨਸ਼ਨਾਂ ਲੈਣਗੇ, ਜਦੋਂ ਸਾਬਕਾ ਬਣ ਗਏ। ਇੱਕ ਅਫਸਰੀ, ਇੱਕ ਵਿਧਾਇਕੀ ਤੇ ਇੱਕ ਐਮ.ਪੀ ਵਾਲੀ। ਪੰਜਾਬ ’ਚ 19 ਲੱਖ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਲੈਣ ਵਾਲੇ ਨੇ। ਤਿੰਨ ਮਹੀਨੇ ਤੋਂ ਪੈਨਸ਼ਨ ਨਹੀਂ ਮਿਲੀ।
                 ਯੂਪੀ ’ਚ 38 ਫ਼ੀਸਦੀ ਬੱਚੇ ਠੰਢ ’ਚ ਠਰ ਰਹੇ ਨੇ। ਵਰਦੀ ਨਹੀਂ ਮਿਲੀ। ਅਯੁੱਧਿਆ ਵਿਚ ਗਾਵਾਂ ਨੂੰ ‘ਗਰਮ ਕੋਟ’ ਪਹਿਨਾਏ ਜਾਣੇ ਹਨ। ਪੰਜਾਬ ਦੇ ਤਾਂ ‘ਨਛੱਤਰ’ ਮਾੜੇ ਨੇ। ਇਕੱਲਾ ਪਾਣੀ ਨਹੀਂ, ਖਜ਼ਾਨਾ ਵੀ ਊਣਾ ਹੈ। ਛੇ ਵਿਧਾਇਕ ਹੁਣ ਅੰਡੇਮਾਨ ਨਿਕੋਬਾਰ ਜਾਣਗੇ। ਸੰਕਟ ਵਿੱਚੋਂ ਕਿਵੇਂ ਪੰਜਾਬ ਕੱਢੀਏ, ਵਿਚਾਰ ਕਰਨ ਵਾਸਤੇ। ਲੋਕਾਂ ਦਾ ਹਾਜ਼ਮਾ ਵੱਡਾ ਹੈ। ਤੰਗੀ ਤੁਰਸ਼ੀ ਨਾਲ ਘੁਲਣਾ ਜੋ ਆ ਗਿਆ। ਇਨਕਲਾਬੀ ਕਵੀ ਲਾਲ ਸਿੰਘ ਦਿਲ ਨੇ ਇੰਜ ਬਿਆਨਿਆ ‘ਅਸੀਂ ਵੱਡੇ ਵੱਡੇ ਪਹਿਲਵਾਨ, ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ, ਲੜਨ ਲਈ ਭੁੱਖ ਨੰਗ ਨਾਲ।’ ਲੋਕ ਰਾਜ ਦੇ ਮੰਦਰ ’ਚ ਰੌਲਾ ਪਿਐ। ਅਖੇ ਸਿਆਸੀ ਪੁਜਾਰਨ ਨੇ ਠੀਕ ਨਹੀਂ ਬਿਆਨਿਆ। ਦੂਹਰੀ ਵਾਰ ਮੁਆਫ਼ੀ ਮੰਗਣੀ ਪਈ ਸਾਧਵੀ ਪ੍ਰਗਿਆ ਨੂੰ।ਮੰਦਰ ਦੀ ਮਰਿਆਦਾ ਦਾ ਕੌਣ ਖਿਆਲ ਰੱਖਦੈ। ਗਾਲ਼ੀ ਗਲੋਚ, ਮਾਰ ਕੁਟਾਪਾ ਤੇ ਖਿੱਚ-ਧੂਹ। ਢਾਈ ਸਾਲ ਪਹਿਲਾਂ ਤਾਮਿਲਨਾਡੂ ਵਿਧਾਨ ਸਭਾ ’ਚ ਇਹੋ ਹੋਇਆ। ਮਹਾਤਮਾ ਗਾਂਧੀ ਦੀ 150 ਸਾਲਾ ਜੈਅੰਤੀ ਮਨਾਈ ਹੈ। ਲੋਕ ਰਾਜ ਦੇ ਸਿਆਸੀ ਮਖੌਲੀਏ ਫਿਰ ਵੀ ਨਹੀਂ ਸੁਧਰੇ। ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਚੌਹਾਨ ਨੇ ਗੰਨਮੈਨ ਦੇ ਥੱਪੜ ਜੜ ਦਿੱਤਾ ਸੀ। ਉਵੇਂ ਹੀ ਸ਼ਿਮਲੇ ਆਸ਼ਾ ਕੁਮਾਰੀ ਨੇ ਮਹਿਲਾ ਗੰਨਮੈਨ ਦੇ। ਇੱਕ ਸਾਬਕਾ ਅਕਾਲੀ ਮੰਤਰੀ ਵੀ ਕੰਨ ਟੀਂਅ ਟੀਂਅ ਕਰਨ ਲਾ ਦਿੰਦੈ। ਜਿਹੜਾ ਘਰ ਨਹੀਂ ਦੇਖਿਆ, ਉਹੀ ਭਲਾ।
               ਰੱਸਾ ਚੱਬਣੋਂ ਕੌਣ ਹਟਦੈ। ਤਾਹੀਂ ਚੁਣਾਵੀਂ ਬਾਂਡ ਵਾਲਾ ਫੰਡਾ ਲਿਆਂਦਾ। ਗੁਪਤਦਾਨ ਦੇਈ ਜਾਓ। ਸਿਆਸੀ ਮਦਾਰੀ ਝੁਰਲੂ ਮਾਰ ਰਹੇ ਨੇ। ਹੁਣ ਕੁਰੱਪਸ਼ਨ ਦਾ ਕੰਬਲ ਖਹਿੜਾ ਨਹੀਂ ਛੱਡ ਰਿਹਾ। ਅਕਾਲੀ ਦਲ ‘ਲਿਫਾਫਾ ਕਲਚਰ’ ਤੋਂ ਕਿਵੇਂ ਜਾਨ ਛੁਡਾਵੇ। ਪਰਜਾ ਹੱਥ ਜੋੜੀ ਖੜ੍ਹੀ ਹੈ। ਹੁਣ ਤਾਂ ਬਖਸ਼ੋ। ਲੋਕਾਂ ਦਾ ਬੰਨ੍ਹ ਵੀ ਟੁੱਟਣ ਵਾਲੈ। ਦੁੱਲੇ ਜੰਮਣੋਂ ਤਾਂ ਹਟ ਗਈ, ਲੱਧੀ ਗੁੜ੍ਹਤੀ ਦੇਣਾ ਤਾਂ ਨਹੀਂ ਭੁੱਲੀ। ਪੁਰਾਣੀ ਖੁਰਾਕ ਤੇ ਜ਼ਮੀਰ ਅੰਦਰੋਂ ਕਦੋਂ ਜਾਗ ਪਏ, ਦੇਰ ਨਹੀਂ ਲੱਗਦੀ। ਅੌਹ ਦੇਖੋ, ਬੱਸ ਅੱਡੇ ’ਤੇ ਕਿਵੇਂ ਹੱਲਾ ਮੱਚਿਐ। ਕੋਈ ਵਿਚਾਲੇ ਢਾਹ ਰੱਖਿਐ, ਕੋਈ ਠੁੱਡਾ ਮਾਰ ਰਿਹੈ ਤੇ ਕੋਈ ਗੋਡੇ। ਪੈਂਦੀਆਂ ’ਚ ਕੌਣ ਖੜ੍ਹਦੈ। ਬੀਬੀਆਂ ਨੂੰ ਵੀ ਗੁੱਸਾ ਚੜ੍ਹਿਐ। ਜੇਬ ਕਤਰਾ ਛੱਜੂ ਰਾਮ ਦੀ ਜੇਬ ਨੂੰ ਹੱਥ ਪਾ ਬੈਠਾ। ਅੱਡੇ ਲਾਗਿਓਂ ਜਦੋਂ ਮੰਤਰੀ ਦੀ ਕਾਰ ਸ਼ੂਕਦੀ ਲੰਘੀ, ਟੋਨੀ ਦੀ ਰੂਹ ਦਾ ਫੱਕਾ ਨਾ ਰਿਹਾ।


Friday, November 29, 2019

                                                          ਮਾਫੀਏ ਦਾ ਸਿੱਕਾ 
                                ਜ਼ਮੀਨਾਂ ਨੱਪਣ ’ਚ ‘ਨੰਬਰ ਵਨ’ ਬਣੇ ਪੰਜਾਬੀ
                                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਜ਼ਮੀਨਾਂ ਨੱਪਣ ’ਚ ਝੰਡੀ ਲੈ ਗਿਆ ਹੈ। ਲੈਂਡ ਮਾਫੀਏ ਦੀ ਬਦੌਲਤ ਇਹ ਬਦਨਾਮੀ ਪੰਜਾਬ ਦੀ ਝੋਲੀ ਪਈ ਹੈ। ਜਦੋਂ ਹਕੂਮਤ ਦੀ ਥਾਪੀ ਹੋਵੇ, ਫਿਰ ਸਿਆਸੀ ਪਹੁੰਚ ਵਾਲੇ ਟਲਦੇ ਨਹੀਂ ਹਨ ਜਿਨ੍ਹਾਂ ਨੇ ਵੱਡੇ ਕਾਰੋਬਾਰ ਇਨ੍ਹਾਂ ਜ਼ਮੀਨਾਂ ’ਤੇ ਖੜ੍ਹੇ ਕਰ ਲਏ ਹਨ। ਭਾਵੇਂ ਸਰਕਾਰੀ ਮਹਿਕਮੇ ਵੀ ਇਸ ਮਾਮਲੇ ’ਚ ਪਿਛੇ ਨਹੀਂ ਰਹੇ ਹਨ। ਦੇਸ਼ ਭਰ ਚੋਂ ਪੰਜਾਬ ‘ਨੰਬਰ ਵਨ’ ਸਿਰਫ ਲੈਂਡ ਮਾਫੀਏ ਵੱਲੋਂ ਨੱਪੀ ਸੰਪਤੀ ਦੇ ਮਾਮਲੇ ’ਚ ਬਣਿਆ ਹੈ। ਪ੍ਰਾਈਵੇਟ ਲੋਕਾਂ/ਸੰਸਥਾਵਾਂ ਵੱਲੋਂ ਸਭ ਤੋਂ ਵੱਧ ਵਕਫ ਬੋਰਡ ਦੀ ਸੰਪਤੀ ਪੰਜਾਬ ’ਚ ਨੱਪੀ ਗਈ ਹੈ। ਕੇਂਦਰੀ ਘੱਟ ਗਿਣਤੀ ਮੰਤਰਾਲੇ ਨੇ ਤਾਜਾ ਖੁਲਾਸਾ ਕੀਤਾ ਹੈ ਕਿ ਪੰਜਾਬ ’ਚ ਵਕਫ ਬੋਰਡ ਦੀ ਪ੍ਰਾਪਰਟੀ ’ਤੇ ਸਭ ਤੋਂ ਵੱਧ ਨਜਾਇਜ਼ ਕਬਜ਼ੇ ਹਨ। ਦੱਸਿਆ ਹੈ ਕਿ ਵਕਫ ਬੋਰਡ ਦੀਆਂ 5610 ਸੰਪਤੀਆਂ ’ਤੇ ਪ੍ਰਾਈਵੇਟ ਲੋਕ/ਸੰਸਥਾਵਾਂ ਨੇ ਗੈਰਕਾਨੂੰਨੀ ਕਬਜ਼ੇ ਜਮਾਏ ਹੋਏ ਹਨ ਜਦੋਂ ਕਿ ਮੱਧ ਪ੍ਰਦੇਸ਼ ਵਿਚ 3240 ਜਾਇਦਾਦਾਂ ’ਤੇ ਪ੍ਰਾਈਵੇਟ ਲੋਕਾਂ ਤੇ ਸੰਸਥਾਵਾਂ ’ਦੇ ਨਜਾਇਜ਼ ਕਬਜ਼ੇ ਹਨ। ਪੰਜਾਬ ’ਚ ਨਜਾਇਜ਼ ਕਬਜ਼ੇ ਹੇਠਲੀ ਇਸ ਸੰਪਤੀ ਦੀ ਕੀਮਤ ਅਰਬਾਂ ਰੁਪਏ ਬਣਦੀ ਹੈ। ਪੱਛਮੀ ਬੰਗਾਲ ’ਚ 3082 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ ਜੋ ਦੇਸ਼ ਚੋਂ ਤੀਜੇ ਨੰਬਰ ’ਤੇ ਹੈ। ਇਵੇਂ ਹਰਿਆਣਾ ਰਾਜ ’ਚ 753, ਰਾਜਸਥਾਨ ਵਿਚ 164, ਮਹਾਰਾਸ਼ਟਰ ਵਿਚ 81, ਬਿਹਾਰ ਵਿਚ 180 ਅਤੇ ਤਾਮਿਲਨਾਡੂ ਵਿਚ 1335 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ।
                  ਉਂਜ ਦੇਸ਼ ਭਰ ਵਿਚ 5.94 ਲੱਖ ਵਕਫ ਸੰਪਤੀਆਂ ਦੀ ਸਨਾਖਤ ਹੋਈ ਹੈ ਜਿਨ੍ਹਾਂ ਚੋਂ 24,540 ਸੰਪਤੀਆਂ ਇਕੱਲੇ ਪੰਜਾਬ ਵਿਚ ਹਨ। ਬਠਿੰਡਾ ਸ਼ਹਿਰ ਵਿਚ ਕਈ ਕਾਂਗਰਸੀ ਅਤੇ ਅਕਾਲੀ ਦਲ ਨਾਲ ਸਬੰਧਿਤ ਲੋਕਾਂ ਨੇ ਵਕਫ ਬੋਰਡ ਦੀ ਸੰਪਤੀ ਨੱਪ ਕੇ ਕਾਰੋਬਾਰ ਖੜ੍ਹੇ ਕੀਤੇ ਹਨ। ਏਦਾਂ ਪੂਰੇ ਪੰਜਾਬ ਵਿਚ ਧੰਦਾ ਚੱਲ ਰਿਹਾ ਹੈ। ਵਕਫ ਬੋਰਡ ਦੇ ਰਾਖੇ ਖੁਦ ਸਰਕਾਰੀ ਹੱਥਾਂ ਵਿਚ ਖੇਡਦੇ  ਹਨ। ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਜਨੈਦ ਰਜ਼ਾ ਖ਼ਾਨ ਇਸ ਵੇਲੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਹਨ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਹਨ।ਪੰਜਾਬ ਵਿਚ ਵਕਫ ਬੋਰਡ ਦੇ 16 ਦਫਤਰ ਹਨ  ਜਦੋਂ ਕਿ ਵਕਫ ਬੋਰਡ ਦੇ ਨਾਮਜ਼ਦ ਕੀਤੇ 9 ਮੈਂਬਰ ਹਨ। ਵਕਫ ਬੋਰਡ ਦੇ ਮੈਂਬਰ ਸਾਜਿਦ ਹੁਸੈਨ ਨੇ ਸਪੱਸ਼ਟ ਆਖਿਆ ਕਿ ਵਕਫ ਸੰਪਤੀ ’ਤੇ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਨਜਾਇਜ਼ ਕਬਜ਼ੇ ਜਮਾਏ ਹਨ ਜਿਸ ਵਿਚ ਵਕਫ ਬੋਰਡ ਦੇ ਅਫਸਰਾਂ / ਮੁਲਾਜ਼ਮਾਂ ਦੀ ਵੀ  ਕਿਤੇ ਭੂਮਿਕਾ ਹੁੰਦੀ ਹੈ। ਸਰਕਾਰ ਨੇ ਹੁਣ ਪੰਜ ਵਿਸ਼ੇਸ਼ ਟ੍ਰਿਬਿਊਨਲ ਬਣਾਏ ਹਨ ਤਾਂ ਜੋ ਵਕਫ ਪ੍ਰਾਪਰਟੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਵਕਫ ਐਕਟ 1995 ਜਿਸ ਵਿਚ ਸਾਲ 2013 ਵਿਚ ਸੋਧ ਕੀਤੀ ਗਈ ਹੈ, ਦੇ ਤਹਿਤ ਸਟੇਟ ਵਕਫ ਬੋਰਡਜ਼ ਨੂੰ ਵਕਫ ਸੰਪਤੀ ਦੀ ਰਖਵਾਲੀ ਅਤੇ ਕਬਜ਼ੇ ਹਟਾਉਣ ਦੇ ਅਧਿਕਾਰ ਦਿੱਤੇ ਗਏ ਹਨ। ਨਵੀਂ ਸੋਧ ਵਿਚ ਬੋਰਡਾਂ ਨੂੰ ਵਧੇਰੇ ਤਾਕਤੀ ਬਣਾਇਆ ਗਿਆ ਹੈ।
                 ਸੂਤਰ ਦੱਸਦੇ ਹਨ ਕਿ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਵੱਡੇ ਸ਼ਹਿਰਾਂ ਵਿਚ ਵਕਫ ਸੰਪਤੀਆਂ ’ਤੇ ਸ਼ੋਅ ਰੂਮ ਬਣਾ ਲਏ ਹਨ। ਪੰਜਾਬ ਭਰ ਚੋਂ ਕਰੀਬ 518 ਸੰਪਤੀਆਂ ਦੇ ਕੇਸ ਅਦਾਲਤਾਂ ਵਿਚ ਵੀ ਚੱਲ ਰਹੇ ਹਨ। ਏਦਾਂ ਦੇ ਮਾਮਲੇ ਵੀ ਹਨ ਜਦੋਂ ਕਿ ਕੋਈ ਕੇਸ ਵਕਫ ਬੋਰਡ ਹਾਰਦਾ ਹੈ ਤਾਂ ਉਸ ਦੀ ਅਪੀਲ ਕਰਨ ਤੋਂ ਅਧਿਕਾਰੀ ਪਾਸਾ ਵੱਟਦੇ ਹਨ। ਸਭ ਕੁਝ ਮਿਲੀਭੁਗਤ ਨਾਲ ਚੱਲਦਾ ਹੈ। ਅਸਲ ਵਿਚ ਇਹ ਵਕਫ ਸੰਪਤੀ ਮੁਸਲਿਮ ਭਾਈਚਾਰੇ ਦੇ ਭਲਾਈ ਕੰਮਾਂ ਵਾਸਤੇ ਰਾਖਵੀਂ ਰੱਖੀ ਗਈ ਸੀ ਜੋ ਬਟਵਾਰੇ ਵੇਲੇ ਅਣਕਲੇਮਿਡ ਰਹਿ ਗਈ ਸੀ।  ਕੇਂਦਰ ਅਤੇ ਪੰਜਾਬ ਸਰਕਾਰ ਖੁਦ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਹੈ। ਕਬਰਾਂ ’ਤੇ ਸਕੂਲ ਤੇ ਹਸਪਤਾਲ ਉਗੇ ਹਨ ਜਦੋਂ ਕਿ ਮਸਜਿਦਾਂ ਵਾਲੀ ਥਾਂ ’ਤੇ ਪੁਲੀਸ ਚੌਂਕੀਆਂ ਅਤੇ ਦਾਣਾ ਮੰਡੀਆਂ ਬਣ ਗਈਆਂ ਹਨ। ਬਠਿੰਡਾ ਵਿਚ ਖਾਨਗਾਹ ਵਾਲੀ ਜਗਾ ’ਤੇ ਸਲਾਟਰ ਹਾਊਸ ਬਣਿਆ ਹੈ। ਤਲਵੰਡੀ ਸਾਬੋ ਵਿਚ ਮਸਜਿਦ ਵਾਲੀ ਜਗ੍ਹਾ ’ਤੇ ਤਹਿਸੀਲਦਾਰ ਦਫਤਰ ਹੈ। ਕਪੂਰਥਲਾ ਵਿਚ ਮਸਜਿਦ ਵਾਲੀ ਜਗਾਂ ’ਤੇ ਸ਼ਾਪਿੰਗ ਕੰਪਲੈਕਸ ਹੈ ਜਦੋਂ ਕਿ ਬੁਢਲਾਡਾ ਵਿਚ ਕਬਰਾਂ ਵਾਲੀ ਥਾਂ ’ਤੇ ਬੱਸ ਸਟੈਂਡ ਬਣਿਆ ਹੈ। ਸੰਗਰੂਰ ਤੇ ਬਠਿੰਡਾ ਵਿਚ ਖੇਡ ਸਟੇਡੀਅਮ ਬਣਾ ਦਿੱਤਾ ਗਿਆ ਹੈ।
     ਬਠਿੰਡਾ ’ਚ ਕਬਰਾਂ ਵਾਲੀ ਥਾਂ ਤੇ ਹਾਕੀ ਦਾ ਮੈਦਾਨ ਹੈ। ਜਦੋਂ ਮੈਦਾਨ ਵਿਚ ਪਾਣੀ ਭਰ ਦਿੱਤਾ ਜਾਂਦਾ ਹੈ ਤਾਂ ਕਈ ਥਾਵਾਂ ਤੋਂ ਜਗ੍ਹਾ ਕਬਰਾਂ ਕਰਕੇ ਹੇਠਾਂ ਬੈਠ ਜਾਂਦੀ ਹੈ। ਦੂਸਰੀ ਤਰਫ ਮੁਸਲਿਮ ਭਾਈਚਾਰੇ ਕੋਲ ਕਬਰਸਤਾਨ ਵਾਸਤੇ ਵੀ ਜਗ੍ਹਾ ਨਹੀਂ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ 60 ਸਕੂਲ ਵਕਫ ਬੋਰਡ ਦੀ ਸੰਪਤੀ ’ਤੇ ਨਜਾਇਜ਼ ਕਬਜ਼ਾ ਕਰਕੇ ਬਣੇ ਹੋਏ ਹਨ। ਪੰਜਾਬ ਵਕਫ ਬੋਰਡ ਦੀ 16 ਨਵੰਬਰ ਨੂੰ ਹੀ ਮੀਟਿੰਗ ਹੋਈ ਹੈ ਅਤੇ ਇਨ੍ਹਾਂ ਮੀਟਿੰਗਾਂ ਵਿਚ ਮੁੱਦੇ ਵਿਚਾਰੇ ਜਾਂਦੇ ਹਨ ਪ੍ਰੰਤੂ ਹਕੀਕਤ ਕਿਧਰੇ ਦਿਖਦੀ ਨਹੀਂ ਹੈ। ਵਕਫ ਬੋਰਡ ਦੇ ਚੇਅਰਮੈਨ ਨੇ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।
                        ਚੁਣੀ ਹੋਈ ਬਾਡੀ ਬਣੇ : ਖ਼ਾਨ
ਪੰਜਾਬ ਰਾਜਨੀਤੀ ਸਾਸਤਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬੀ ’ਵਰਸਿਟੀ ਦੇ ਸਾਬਕਾ ਡੀਨ ਡਾ. ਜਮਸ਼ੀਦ ਅਲੀ ਖ਼ਾਨ (ਸਾਬਕਾ ਪ੍ਰੋਫੈਸਰ) ਦਾ ਪ੍ਰਤੀਕਰਮ ਸੀ ਕਿ ਪੰਜਾਬ ’ਚ ਵਕਫ ਬੋਰਡ ਦੀ ਸੰਪਤੀ ਨੂੰ ਬਚਾਉਣ ਅਤੇ ਢੁਕਵੀਂ ਵਰਤੋਂ ਲਈ ਸ਼੍ਰੋਮਣੀ ਕਮੇਟੀ ਦੀ ਤਰਜ਼ ’ਤੇ ਵਕਫ ਬੋਰਡ ਦੀ ਚੁਣੇ ਹੀ ਬਾਡੀ ਬਣਨੀ ਚਾਹੀਦੀ ਹੈ। ਜੁਆਬਦੇਹੀ ਦੀ ਕਮੀ ਕਰਕੇ ਬੋਰਡ ਕਠਪੁਤਲੀ ਬਣ ਕੇ ਹੀ ਰਹਿ ਜਾਂਦਾ ਹੈ। ਬੋਰਡ ਦੇ ਅਫਸਰਾਂ/ਮੁਲਾਜ਼ਮਾਂ ਦੀ ਮਿਲੀਭੁਗਤ ਵਜੋਂ ਹੀ ਵਕਫ ਸੰਪਤੀ ਹੱਥੋਂ ਨਿਕਲੀ ਹੈ।
                           ਸਰਕਾਰਾਂ ਨੇ ਵੀ ਨੱਪੀ ਜ਼ਮੀਨ
ਸਰਕਾਰੀ ਤੇ ਪ੍ਰਾਈਵੇਟ ਨਜਾਇਜ਼ ਕਬਜ਼ੇ ਜੋੜੀਏ ਤਾਂ ਕਰੀਬ 10,864 ਸੰਪਤੀਆਂ ਨੱਪੀਆਂ ਹੋਈਆਂ ਹਨ। 235 ਸੰਪਤੀਆਂ ’ਤੇ ਰਾਜ ਸਰਕਾਰ ਅਤੇ 26 ਸੰਪਤੀਆਂ ’ਤੇ ਕੇਂਦਰ ਸਰਕਾਰ ਦੇ ਨਜਾਇਜ਼ ਕਬਜ਼ੇ ਹਨ। 198 ਪਿੰਡਾਂ ਵਿਚ ਗਰਾਮ ਪੰਚਾਇਤਾਂ ਦੇ ਕਬਜ਼ੇ ਹਨ। ਇਸੇ ਤਰ੍ਹਾਂ 1391 ਸੰਪਤੀਆਂ ’ਤੇ ਗੁਰਦੁਆਰੇ ਅਤੇ 144 ਥਾਵਾਂ ’ਤੇ ਮੰਦਰ ਬਣੇ ਹੋਏ ਹਨ। ਫਰੀਦਕੋਟ ਦੇ ਹਸਨ ਭੱਟੀ ਦੀ ਮਸਜਿਦ ਵਾਲੀ ਜਗ੍ਹਾ ’ਤੇ ਸਕੂਲ ਅਤੇ ਮੋਗਾ ਦੇ ਪਿੰਡ ਧੂਰਕੋਟ ਚੜ੍ਹਤ ਸਿੰਘ ਵਾਲਾ ’ਚ ਕਬਰਾਂ ’ਤੇ ਸੀਨੀਅਰ ਸੈਕੰਡਰੀ ਸਕੂਲ ਹੈ। ਸਮਾਨਾ ਵਿਚ ਸੀ.ਆਈ.ਏ ਸਟਾਫ ਦਾ ਦਫਤਰ ਅਤੇ ਰਾਜਪੁਰਾ ਵਿਚ ਪੁਲੀਸ ਚੌਂਕੀ ਬਣੀ ਹੋਈ ਹੈ।



Wednesday, November 27, 2019

                    ‘ਸਿੰਗਲ ਮੈਨ ਆਰਮੀ’ 
        ਸਰਪੰਚ ਨੇ ਤਸਕਰ ਵਾਹਣੀ ਪਾਏ
                         ਚਰਨਜੀਤ ਭੁੱਲਰ
ਬਠਿੰਡਾ : ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦਾ ਦਲਿਤ ਸਰਪੰਚ ‘ਸਿੰਗਲ ਮੈਨ ਆਰਮੀ’ ਹੈ ਜਿਸ ਨੇ ਨਸ਼ਾ ਤਸਕਰ ਵਾਹਣੀ ਪਾ ਲਏ ਹਨ। ਸਰਪੰਚ ਗੁਰਜੰਟ ਸਿੰਘ ਸਾਬਕਾ ਫੌਜੀ ਹੈ ਜੋ ਨਸ਼ਿਆਂ ਖਿਲਾਫ ਇਕੱਲਾ ਮੋਰਚੇ ’ਤੇ ਡਟਿਆ ਹੈ। ਸਮੁੱਚੀ ਪੰਚਾਇਤ ਸਾਬਕਾ ਫੌਜੀ ਦੀ ਪਿੱਠ ’ਤੇ ਖੜ੍ਹੀ ਹੈ ਜਦੋਂ ਕਿ ਪਿੰਡ ਦਾ ਥਾਪੜਾ ਹੈ। ਜਦੋਂ ਪਿੰਡ ਦੀ ਸਰਪੰਚੀ ਰਾਖਵੀਂ ਹੋ ਗਈ ਤਾਂ ਮੋਹਤਬਾਰਾਂ ਨੇ ਸਾਬਕਾ ਫੌਜੀ ਗੁਰਜੰਟ ਸਿੰਘ ਨੂੰ ਉਮੀਦਵਾਰੀ ਲਈ ਰਜਾਮੰਦ ਕੀਤਾ। ਦੋ ਲੱਖ ਰੁਪਏ ਲੋਕਾਂ ਨੇ ਪੱਲਿਓ ਦਿੱਤੇ। ਚੋਣਾਂ ’ਚ ਨਾ ਨਸ਼ਾ ਵੰਡਿਆ ਤੇ ਨਾ ਹੀ ਪੈਸਾ। ਬਹਿਣੀਵਾਲ ਪਿੰਡ ਦੀ ਕਰੀਬ 2850 ਵੋਟ ਹੈ ਅਤੇ ਨੌ ਮੈਂਬਰੀ ਪੰਚਾਇਤ ਹੈ। ਅਰਸਾ ਪਹਿਲਾਂ ਸਰਪੰਚ ਦੇ ਦੋ ਚਚੇਰੇ ਭਰਾ ਨਸ਼ੇ ’ਚ ਜਾਨ ਗੁਆ ਬੈਠੇ। ਗੁਰਜੰਟ ਸਿੰਘ ਨੇ ਗੋਦ ਲਏ ਪੁੱਤਰ ਅਮਰਿੰਦਰ ਨੂੰ ਇਹ ਹਵਾ ਤੋਂ ਬਚਾਉਣ ਲਈ ਬਠਿੰਡਾ ਰਿਹਾਇਸ਼ ਕਰ ਲਈ। ਜਦੋਂ ਹੁਣ ਲੋਕਾਂ ਨੇ ਸਾਬਕਾ ਫੌਜੀ ਨੂੰ ਪਿੰਡ ਦਾ ਮੁਖੀਆ ਥਾਪ ਦਿੱਤਾ ਤਾਂ ਉਸ ਨੇ ਨਸ਼ਾ ਤਸਕਰਾਂ ਨੂੰ ਲਲਕਾਰ ਮਾਰੀ। ਤਿੰਨ ਨਸ਼ਾ ਤਸਕਰ ਪਿਛਲੇ ਸਮੇਂ ਦੌਰਾਨ ਉਸ ਨੇ ਜੇਲ੍ਹ ਭਿਜਵਾਏ ਹਨ। ਕਰੀਬ ਇੱਕ ਦਰਜਨ ਨਸ਼ਾ ਤਸਕਰਾਂ ਨੇ ਸਰਪੰਚ ਅੱਗੇ ਤਸਕਰੀ ਤੋਂ ਤੌਬਾ ਕਰ ਲਈ ਹੈ। ਸਰਪੰਚ ਗੁਰਜੰਟ ਸਿੰਘ ਨੇ ਘਰੋ ਘਰੀ ਜਾ ਕੇ ਨਸ਼ਿਆਂ ਖਿਲਾਫ ਪ੍ਰਚਾਰ ਕੀਤਾ ਅਤੇ ਨੰਗਾ ਚਿੱਟਾ ਐਲਾਨ ਕੀਤਾ ਕਿ ਉਹ ਨਸ਼ਾ ਬਰਦਾਸ਼ਿਤ ਨਹੀਂ ਕਰੇਗਾ। ਪੁਲੀਸ ਪਿਛੇ ਹਟੀ ਤਾਂ ਖੁਦ ਟੱਕਰੇਗਾ।
                ਪਹਿਲੀ ਅਪਰੈਲ ਤੋਂ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਚਲਾ ਜਾਵੇਗਾ। ਸਰਪੰਚ ਗੁਰਜੰਟ ਸਿੰਘ ਆਖਦਾ ਹੈ ਕਿ ਉਸ ਨੇ ਪਹਿਲਾਂ ਖੁਦ ਸ਼ਰਾਬ ਨੂੰ ਹੱਥ ਲਾਉਣਾ ਬੰਦ ਕੀਤਾ। ਐਸ.ਐਸ.ਪੀ ਮਾਨਸਾ ਡਾ.ਨਰਿੰਦਰ ਭਾਰਗਵ ਖੁਦ ਇਸ ਸਰਪੰਚ ਨੂੰ ਹੱਲਾਸ਼ੇਰੀ ਦੇਣ ਲਈ ਪਿੰਡ ਬਹਿਣੀਵਾਲ ਪਹੁੰਚੇ। ਸਰਪੰਚ ਆਖਦਾ ਹੈ ਕਿ ਬਹਿਣੀਵਾਲ ’ਚ ਨਸ਼ਾ ਰਹੇਗਾ ਜਾਂ ਫਿਰ ਸਰਪੰਚ।ਬਹਿਣੀਵਾਲ ਦੀ ਮਹਿਲਾ ਨੰਬਰਦਾਰ ਸਿਮਰਜੀਤ ਕੌਰ ਦੱਸਦੀ ਹੈ ਕਿ ਮੌਜੂਦਾ ਸਰਪੰਚ ਨੇ ਕਿੰਨੀਆਂ ਧੀਆਂ ਭੈਣਾਂ ਦੇ ਘਰੇਲੂ ਝਗੜੇ ਰਜਾਮੰਦੀ ਨਾਲ ਸਿਰੇ ਲਾ ਦਿੱਤੇ ਹਨ। ਜਲਦੀ ਕੋਈ ਮਾਮਲਾ ਹੁਣ ਪੁਲੀਸ ’ਚ ਨਹੀਂ ਜਾਂਦਾ। ਜਾਣਕਾਰੀ ਅਨੁਸਾਰ ਵੱਡੀ ਗੱਲ ਇਹ ਕਿ ਸਾਬਕਾ ਫੌਜੀ ਨੇ ਪਿੰਡ ਦੇ ਸ਼ਹੀਦ ਫੌਜੀਆਂ ਅਤੇ ਸਾਬਕਾ ਸੈਨਿਕਾਂ ਦੀ ਯਾਦ ਤਾਜਾ ਕਰ ਦਿੱਤੀ ਹੈ। ਪਹਿਲੀ ਸੰਸਾਰ ਜੰਗ ’ਚ ਕੁੱਦੇ ਸੂਬੇਦਾਰ ਮੇਜਰ ਕਿਸ਼ਨ ਸਿੰਘ ਦੀ ਯਾਦ ਵਿਚ ਚੌਂਕ ਦਾ ਨਾਮਕਰਨ ਕੀਤਾ ਹੈ ਜਿਸ ਨੇ ਬੰਗਲੇ ਨੂੰ ਲੱਗੀ ਅੱਗ ਦੌਰਾਨ ਅੰਗਰੇਜ ਦੇ ਬੱਚਿਆਂ ਨੂੰ ਬਚਾਇਆ ਸੀ। ਕਿਸ਼ਨ ਸਿੰਘ ਨੂੰ ‘ਸਰਦਾਰ ਬਹਾਦਰ’ ਦਾ ਖਿਤਾਬ ਮਿਲਿਆ ਸੀ।
       ਏਸ਼ੀਅਨ ਗੋਲਡ ਮੈਡਲਿਸਟ ਸੂਬੇਦਾਰ ਗੋਬਿੰਦ ਸਿੰਘ ਦੀ ਯਾਦ ਨੂੰ ਵੀ ਇੱਕ ਹੋਰ ਚੌਂਕ ਤਾਜਾ ਕਰਦਾ ਹੈ। ਸੂਬੇਦਾਰ ਮੇਜਰ ਹੰਸਾ ਸਿੰਘ ਦੀ ਯਾਦ ਵਿਚ ਇੱਕ ਚੌਂਕ ਬਣਿਆ ਹੈ। ਪਿੰਡ ਦੀਆਂ ਗਲੀਆਂ ਦੇ ਨਾਮ ਸਾਬਕਾ ਫੌਜੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ। ਜਿਵੇਂ ਜੰਗ ਸਿੰਘ ਵਾਲੀ ਗਲੀ, ਸੌਦਾਗਰ ਸਿੰਘ ਵਾਲੀ ਗਲੀ ਆਦਿ। ਇੱਕ ਗਲੀ ਦਾ ਨਾਮ ਮਾਸਟਰ ਮਿਠੂ ਸਿੰਘ ਦੇ ਨਾਮ ’ਤੇ ਰੱਖਿਆ ਹੈ। ਬਹਿਣੀਵਾਲ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਪੰਚ ਹੱਕ ਸੱਚ ’ਤੇ ਪਹਿਰਾ ਦੇ ਰਿਹਾ ਹੈ ਜਿਸ ਕਰਕੇ ਹੁਣ 80 ਫੀਸਦੀ ਮਾਮਲੇ ਪਿੰਡ ਵਿਚ ਹੀ ਨਿਪਟ ਜਾਂਦੇ ਹਨ। ਬਠਿੰਡਾ ਤੋਂ ਰੋਜ਼ਾਨਾ ਪਿੰਡ ਆ ਕੇ ਰੈਗੂਲਰ ਵਿਕਾਸ ਕੰਮ ਕਰਾ ਰਿਹਾ ਹੈ।
             ਉਹ ਦੱਸਦਾ ਹੈ ਕਿ ਪਿੰਡ ਚੋਂ ਹੱਡਾ ਰੋੜੀ ਬਾਹਰ ਕੱਢੀ ਜਾਵੇਗੀ। ਜਦੋਂ ਸਰਪੰਚ ਨੂੰ ਪੁੱਛਿਆ ਕਿ ਤਸਕਰਾਂ ਤੋਂ ਡਰ ਨਹੀਂ ਲੱਗਦਾ, ਉਸ ਦਾ ਜੁਆਬ ਸੀ, ‘ਸੱਚੇ ਮਾਰਗ ਚੱਲਦਿਆ…..।’ ਪੰਚਾਇਤ ਮੈਂਬਰ ਜੁਗਰਾਜ ਸਿੰਘ ਦੱਸਦਾ ਹੈ ਕਿ ਸਰਪੰਚ ਨੇ ਤਾਂ ਭੁੱਲੇ ਵਿਰਸੇ ਬਜ਼ੁਰਗ ਫੌਜੀ ਪਿੰਡ ਨੂੰ ਯਾਦ ਕਰਾ ਦਿੱਤੇ ਹਨ। ਸਕੂਲ ਵਿਚ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਨਸ਼ੇ ਦੇ ਵਿਰੁਧ ਡਟਣ ਕਰਕੇ ਪਿੰਡ ਸਾਥ ਦੇ ਰਿਹਾ ਹੈ। ਪਤਾ ਲੱਗਾ ਹੈ ਕਿ ਕੁਝ ਵੱਡੇ ਲੋਕਾਂ ਨੂੰ ਸਰਪੰਚ ਹਜ਼ਮ ਵੀ ਨਹੀਂ ਹੋ ਰਿਹਾ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਮੇਜਰ ਸਿੰਘ ਕਮਾਲੂ ਵੀ ਪਿੰਡ ਬਹਿਣੀਵਾਲ ਵਿਚ ਗਏ ਹਨ ਅਤੇ ਇੱਕ ਪ੍ਰੋਗਰਾਮ ਵੀ ਨਸ਼ਿਆਂ ਖਿਲਾਫ ਕਰਾਇਆ ਹੈ।
                       ਦਲਿਤ ਸਰਪੰਚ ਦਾ ਅਨੋਖਾ ਐਲਾਨ
ਸਰਪੰਚ ਗੁਰਜੰਟ ਸਿੰਘ ਨੇ ਵੱਖਰਾ ਐਲਾਨ ਕੀਤਾ ਹੈ ਕਿ ਉਹ ਢਾਈ ਵਰ੍ਹਿਆਂ ਦੇ ਕਾਰਜਕਾਲ ਮਗਰੋਂ ਸਮੁੱਚੇ ਪਿੰਡ ਦਾ ਇਕੱਠ ਕਰੇਗਾ। ਆਪਣੇ ਸਾਰੇ ਕੰਮਾਂ ਦਾ ਵੇਰਵਾ ਲੋਕਾਂ ਵਿਚ ਰੱਖੇਗਾ। ਉੁਹ ਆਖਦਾ ਹੈ ਕਿ ਅਗਰ ਲੋਕਾਂ ਨੂੰ ਉਸ ਦੇ ਕੰਮ ਪਸੰਦ ਨਾ ਹੋਏ ਤਾਂ ਉਹ ਸਰਪੰਚੀ ਛੱਡ ਦੇਵੇਗਾ ਅਤੇ ਨਵੇਂ ਸਰਪੰਚ ਨੂੰ ਮੌਕਾ ਦੇਵੇਗਾ। ਪੰਚਾਇਤੀ ਲੋਕ ਰਾਜ ਵਿਚ ਇਹ ਇੱਕ ਨਵਾਂ ਤਜ਼ਰਬਾ ਹੈ ਅਤੇ ਕਈ ਪੱਛਮੀ ਮੁਲਕਾਂ ਵਿਚ ਇਸ ਤਰ੍ਹਾਂ ਦਾ ‘ਰੀਕਾਲ ਸਿਸਟਮ’ ਮੌਜੂਦ ਹੈ।
   






Tuesday, November 26, 2019

                                                       ਸਿੰਗਲ ਬੱਤੀ ਕੁਨੈਕਸ਼ਨ !
              ਸਾਹਬਾਂ ਦੇ ਚਾਨਣ ਅੱਗੇ ਖਜ਼ਾਨੇ ’ਚ ਨੇਰ੍ਹਾ 
                                                          ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਮਾਲਕਾਂ ਦੇ ਘਰਾਂ ਦਾ ਬਿਜਲੀ ਲੋਡ ਨੌਕਰਾਂ ਦੇ ਘਰਾਂ ਤੋਂ ਛੋਟਾ ਹੋਵੇ, ਗੱਲ ਪਚਾਉਣੀ ਅੌਖੀ ਹੋ ਜਾਂਦੀ ਹੈ। ਵੱਡੇ ਸਾਹਿਬਾਂ ਦੇ ਘਰਾਂ ਦੇ ਬਿਜਲੀ ਲੋਡ ਤਾਂ ਛੋਟੇ ਹਨ ਜਦੋਂ ਕਿ ਘਰਾਂ ਵਿਚਲੇ ਕੈਂਪ ਦਫਤਰਾਂ ਦੇ ਲੋਡ ਤੇ ਬਿੱਲ ਵੱਡੇ ਹਨ। ਕੈਂਪ ਦਫਤਰ ਦਾ ਬਿੱਲ ਖਜ਼ਾਨਾ ਤਾਰਦਾ ਹੈ ਜਦੋਂ ਕਿ ਘਰਾਂ ਦਾ ਬਿਜਲੀ ਬਿੱਲ ਅਫਸਰਾਂ ਨੇ ਜੇਬ ਚੋਂ ਭਰਨਾ ਹੁੰਦਾ ਹੈ। ਅਫਸਰੀ ਜੁਗਤ ਜਾਪਦੀ ਹੈ ਕਿ ਜੇਬ ਬਚਾਉਣ ਖਾਤਰ ਘਰਾਂ ਦੇ ਤਾਰ ਕੈਂਪ ਦਫਤਰਾਂ ਦੇ ਮੀਟਰਾਂ ਨਾਲ ਜੁੜੇ ਹਨ। ਫਿਰ ਵੀ ਪੰਜਾਬ ਦੇ ਕਮਿਸ਼ਨਰਾਂ/ਡਿਪਟੀ ਕਮਿਸ਼ਨਰਾਂ ਦੇ 45 ਬਿਜਲੀ ਮੀਟਰ, ਐਸ.ਐਸ.ਪੀਜ ਦੇ 45 ਮੀਟਰ ਅਤੇ ਡੀ.ਆਈ. ਜੀ/ ਆਈ. ਜੀ ਦੇ 14 ਮੀਟਰ 1.46 ਕਰੋੜ ਦੇ ਡਿਫਾਲਟਰ ਹਨ। ਪੰਜਾਬੀ ਟ੍ਰਿਬਿਊਨ ਤਰਫੋਂ ‘ਪਾਵਰਫੁੱਲ’ (ਵਿਸ਼ੇਸ਼ ਲੜੀ) ਤਹਿਤ ਜੋ ਤੱਥ ਉਜਾਗਰ ਕੀਤੇ ਗਏ ਸਨ, ਉਸ ਮਗਰੋਂ ਪਾਵਰਕੌਮ ਨੇ ਸਮੁੱਚੇ ਪੰਜਾਬ ਵਿਚਲੇ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਾਂ ਦੇ ਘਰਾਂ/ਕੈਂਪ ਦਫਤਰਾਂ ਦੀ (30 ਜੂਨ 2019 ਤੱਕ ਦੀ) ਬਿਜਲੀ ਖਪਤ/ਲੋਡ/ਬਕਾਇਆ ਰਾਸ਼ੀ ਆਦਿ ਦੇ ਵੇਰਵੇ ਇਕੱਠੇ ਕੀਤੇ ਜਿਨ੍ਹਾਂ ’ਚ ਰੌਚਕ ਮਾਮਲੇ ਸਾਹਮਣੇ ਆਏ ਹਨ।
               ਇਸ ਰਿਪੋਰਟ ਅਨੁਸਾਰ ਐਸ.ਐਸ.ਪੀ ਖੰਨਾ ਦੇ ਘਰ ਦਾ ਬਿਜਲੀ ਲੋਡ 0.2 ਕਿਲੋਵਾਟ ਹੈ ਜੋ ਕਿਸੇ ਗਰੀਬ ਦੀ ਢਾਰੇ ਨਾਲੋਂ ਵੀ ਘੱਟ ਜਾਪਦਾ ਹੈ ਜਿਸ ਦਾ ਸਾਲ 2018-19 ਦੌਰਾਨ ਕੋਈ ਬਿੱਲ ਨਹੀਂ ਆਇਆ। ਇਸ ਉੱਚ ਅਫਸਰ ਦੇ ਕੈਂਪ ਦਫਤਰ ’ਚ ਦੋ ਮੀਟਰ ਹਨ ਜਿਨ੍ਹਾਂ ਦਾ ਲੋਡ 15 ਕਿਲੋਵਾਟ ਅਤੇ 10.74 ਕਿਲੋਵਾਟ ਹੈ ਜਿਨ੍ਹਾਂ ਦਾ 2.34 ਲੱਖ ਦਾ ਬਕਾਇਆ ਹਾਲੇ ਖੜ੍ਹਾ ਹੈ। ਲੁਧਿਆਣਾ ਦੇ ਡੀ.ਆਈ.ਜੀ ਦੀ ਰਿਹਾਇਸ਼ ਦਾ ਬਿਜਲੀ ਲੋਡ 0.98 ਕਿਲੋਵਾਟ ਹੈ ਜਿਸ ਦੀ ਸਾਲ 2018-19 ਦੌਰਾਨ 1448 ਯੂਨਿਟ ਖਪਤ ਰਹੀ ਜਦੋਂ ਕਿ ਕੈਂਪ ਦਫਤਰ ਦਾ ਲੋਡ 8 ਕਿਲੋਵਾਟ ਹੈ ਜਿਸ ਦਾ ਬਿਜਲੀ 1.87 ਲੱਖ ਬਣਿਆ ਹੈ ਜੋ ਹਾਲੇ ਬਕਾਇਆ ਖੜ੍ਹਾ ਹੈ। ਪਟਿਆਲੇ ਦੇ ਡੀ.ਆਈ.ਜੀ ਦੇ ਘਰ ਦਾ ਲੋਡ 0.7 ਕਿਲੋਵਾਟ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ ਢਾਈ ਕਿਲੋਵਾਟ ਹੈ। ਫਾਜ਼ਿਲਕਾ ਦੇ ਐਸ.ਐਸ.ਪੀ ਦੇ ਘਰ ਦਾ 1.76 ਕਿਲੋਵਾਟ ਤੇ ਕੈਂਪ ਦਫਤਰ ਦਾ 2 ਕਿਲੋਵਾਟ ਲੋਡ ਹੈ। ਐਸ.ਐਸ.ਪੀ ਰੋਪੜ ਦੇ ਘਰ ਦਾ ਲੋਡ 3 ਕਿਲੋਵਾਟ ਤੇ ਕੈਂਪ ਦਫਤਰ ਦਾ 6 ਕਿਲੋਵਾਟ ਹੈ।
       ਸਰਕਾਰੀ ਰਿਪੋਰਟ (ਜੂਨ 2019) ਅਨੁਸਾਰ ਡਿਪਟੀ ਕਮਿਸ਼ਨਰ ਮੁਕਤਸਰ ਦੇ ਘਰ ਦਾ ਬਿਜਲੀ ਲੋਡ 2.96 ਕਿਲੋਵਾਟ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ 18.74 ਕਿਲੋਵਾਟ ਹੈ। ਕਪੂਰਥਲਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਲੋਡ 3 ਕਿਲੋਵਾਟ ਤੇ ਕੈਂਪ ਦਫਤਰ ਦਾ 17.5 ਕਿਲੋਵਾਟ ਹੈ। ਇਵੇਂ ਹੁਸ਼ਿਆਰਪੁਰ ਦੇ ਡੀ.ਸੀ ਦੀ ਰਿਹਾਇਸ਼ ਦਾ 7.44 ਕਿਲੋਵਾਟ ਲੋਡ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ 13.0 ਕਿਲੋਵਾਟ ਹੈ। ਡਿਪਟੀ ਕਮਿਸ਼ਨਰ (ਲੁਧਿਆਣਾ) ਦੀ ਕੋਠੀ ਦਾ 4.2 ਕਿਲੋਵਾਟ ਲੋਡ ਹੈ ਅਤੇ ਕੈਂਪ ਦਫਤਰ ਦਾ ਲੋਡ 7.88 ਕਿਲੋਵਾਟ ਹੈ। ਨਵਾਂ ਸ਼ਹਿਰ ਦੇ ਡੀ.ਸੀ ਦੇ ਕੈਂਪ ਦਫਤਰ ਦਾ ਲੋਡ 9.0 ਕਿਲੋਵਾਟ ਹੈ ਜਦ ਕਿ ਘਰ ਦਾ ਲੋਡ 7.44 ਕਿਲੋਵਾਟ ਹੀ ਹੈ। ਦੂਸਰੀ ਤਰਫ ਸੰਗਰੂਰ, ਬਰਨਾਲਾ ਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਦੇ ਲੋਡ ਜਿਆਦਾ ਹਨ ਜਦੋਂ ਕਿ ਕੈਂਪ ਦਫਤਰਾਂ ਦੇ ਘੱਟ ਹਨ।
             ਕੈਪਟਨ ਸਰਕਾਰ ਨੇ ਸਭ ਅਫਸਰਾਂ ਨੂੰ ਸ਼ੁਰੂ ’ਚ ਹਦਾਇਤ ਕੀਤੀ ਕਿ ਉਹ ਕੈਂਪ ਦਫਤਰਾਂ ਦੀ ਬਜਾਏ ਸਰਕਾਰੀ ਦਫਤਰਾਂ ਵਿਚ ਬੈਠ ਕੇ ਕੰਮ ਕਰਨ ਤਾਂ ਜੋ ਕੈਂਪ ਦਫਤਰਾਂ ਦੇ ਖਰਚੇ ਘਟਾਏ ਜਾ ਸਕਣ। ਕਿਸੇ ਅਫਸਰ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਨਤੀਜਾ ਇਹ ਨਿਕਲਿਆ ਹੈ ਕਿ ਅਫਸਰਾਂ ਦੇ ਘਰ/ਕੈਂਪ ਦਫਤਰ ਪਾਵਰਕੌਮ ਦੇ ਡਿਫਾਲਟਰ ਬਣ ਗਏ ਹਨ। ਪਾਵਰਕੌਮ ਦੇ ਉੱਚ ਅਫਸਰਾਂ ਨੇ ਲੰਮੇ ਅਰਸੇ ਮਗਰੋਂ ਜ਼ਿਲ੍ਹਾ ਮਾਲਕਾਂ ਦੇ ਬੂਹੇ ਖੜਕਾਏ ਹਨ। ਹਾਲਾਂਕਿ ਕੈਂਪ ਦਫਤਰ ਬਹੁਤ ਛੋਟੇ ਹਹਨ ਅਤੇ ਘਰ ਖੁੱਲ੍ਹੇ ਡੁੱਲੇ ਹਨ। ਰਿਪੋਰਟ ਅਨੁਸਾਰ ਡੀ.ਸੀ ਅੰਮ੍ਰਿਤਸਰ ਦੀ ਰਿਹਾਇਸ਼ ਵੱਲ ਕਰੀਬ 13 ਲੱਖ ਦਾ ਬਕਾਇਆ,ਡੀ.ਸੀ ਲੁਧਿਆਣਾ ਦੀ ਰਿਹਾਇਸ਼ ਵੱਲ 1.03 ਲੱਖ ਅਤੇ ਕੈਂਪ ਦਫਤਰ ਵੱਲ 1.16 ਲੱਖ ਦਾ ਬਕਾਇਆ, ਡੀ.ਸੀ ਬਠਿੰਡਾ ਦੀ ਰਿਹਾਇਸ਼ ਵੱਲ 1.52 ਲੱਖ ਤੇ ਕੈਂਪ ਦਫਤਰ ਵੱਲ 3.26 ਲੱਖ ਦਾ ਬਕਾਇਆ,ਫਰੀਦਕੋਟ ਦੇ ਡੀ.ਸੀ ਦੀ ਰਿਹਾਇਸ਼ ਵੱਲ 2.14 ਲੱਖ ਦਾ ਬਕਾਇਆ,ਡੀ.ਸੀ ਫਾਜ਼ਿਲਕਾ ਦੇ ਕੈਂਪ ਦਫਤਰ ਵੱਲ 2.71 ਲੱਖ ਦਾ ਬਕਾਇਆ ਖੜ੍ਹਾ ਹੈ।
               ਇਵੇਂ ਐਸ.ਐਸ.ਪੀ ਅੰਮ੍ਰਿਤਸਰ ਦੀ ਰਿਹਾਇਸ਼ ਵੱਲ 4.64 ਲੱਖ, ਐਸ.ਐਸ.ਪੀ ਬਠਿੰਡਾ ਦੀ ਰਿਹਾਇਸ਼ ਵੱਲ 1.78 ਲੱਖ ਤੇ ਕੈਂਪ ਦਫਤਰ ਵੱਲ 1.02 ਲੱਖ ਦਾ ਬਕਾਇਆ ਖੜ੍ਹਾ ਹੈ। ਐਸ.ਐਸ.ਪੀ ਲੁਧਿਆਣਾ ਦੇ ਕੈਂਪ ਦਫਤਰ ਵੱਲ 1.35 ਲੱਖ, ਐਸ. ਐਸ. ਪੀ ਮੋਹਾਲੀ ਦੇ ਕੈਂਪ ਦਫਤਰ ਵੱਲ 2.89 ਲੱਖ, ਐਸ.ਐਸ.ਪੀ ਪਠਾਨਕੋਟ ਦੇ ਕੈਂਪ ਦਫਤਰ ਵੱਲ 1.06 ਲੱਖ, ਡੀ.ਆਈ.ਜੀ ਪਟਿਆਲਾ ਦੀ ਰਿਹਾਇਸ਼ ਵੱਲ 4.10 ਲੱਖ ਤੇ ਕੈਂਪ ਦਫਤਰ ਵੱਲ 4.32 ਲੱਖ ਦਾ ਬਕਾਇਆ ਖੜ੍ਹਾ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਦਾ ਪ੍ਰਤੀਕਰਮ ਸੀ ਕਿ ਆਮ ਖਪਤਕਾਰ ਡਿਫਾਲਟਰ ਹੋ ਜਾਵੇ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਪ੍ਰੰਤੂ ਅਫਸਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਪਾਵਰਕੌਮ ਇਨ੍ਹਾਂ ਅਫਸਰਾਂ ਦੇ ਲੋਡ ਚੈੱਕ ਕਰੇ ਅਤੇ ਕਾਨੂੰਨੀ ਦਾਇਰੇ ਵਿਚ ਲਵੇ।
                       ਅਫਸਰਾਂ ਦੇ ਘਰਾਂ ਚੋਂ ਮੀਟਰ ਬਾਹਰ ਕੱਢੇ
ਪੰਜਾਬੀ ਟ੍ਰਿਬਿਊਨ ਦੀ ਖਬਰ ਰੰਗ ਲਿਆਈ ਹੈ ਜਿਸ ਮਗਰੋਂ ਪਾਵਰਕੌਮ ਨੇ ਵੱਡੇ ਅਫਸਰਾਂ ਨੂੰ ਹੱਥ ਪਾਉਣ ਦੀ ਜਰੁਅਤ ਕੀਤੀ ਹੈ। ਪਾਵਰਕੌਮ ਨੇ ਇੱਕ ਵਿਸ਼ੇਸ਼ ਮੁਹਿੰਮ ਤਹਿਤ ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼ ਦੇ ਘਰਾਂ ਚੋਂ ਕਰੀਬ 40 ਮੀਟਰ ਬਾਹਰ ਕੱਢ ਦਿੱਤੇ ਹਨ ਜੋ ਪਹਿਲਾਂ ਘਰਾਂ ਅੰਦਰ ਲੱਗੇ ਹੋਏ ਸਨ। ਗੁਰਦਾਸਪੁਰ, ਪਠਾਨਕੋਟ,ਫਤਹਿਗੜ੍ਹ ਸਾਹਿਬ,ਕਪੂਰਥਲਾ, ਰੋਪੜ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਅਤੇ ਕੈਂਪ ਦਫਤਰਾਂ ਅਤੇ ਇਵੇਂ ਹੀ ਅੰਮ੍ਰਿਤਸਰ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ, ਕਪੂਰਥਲਾ, ਜਲੰਧਰ,ਹਿੁਸ਼ਆਰਪੁਰ ਅਤੇ ਲੁਧਿਆਣਾ ਦੇ ਐਸ.ਐਸ.ਪੀਜ਼ ਦੇ ਘਰਾਂ/ਕੈਂਪ ਦਫਤਰਾਂ ਚੋਂ ਬਿਜਲੀ ਮੀਟਰ ਬਾਹਰ ਕੱਢ ਦਿੱਤੇ ਗਏ ਹਨ।
                       ਬਕਾਏ ਵਸੂਲੇ ਜਾ ਰਹੇ ਹਨ : ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ (ਵੰਡ) ਸ੍ਰੀ ਐਨ.ਕੇ.ਸ਼ਰਮਾ ਦਾ ਕਹਿਣਾ ਸੀ ਕਿ ਉੱਚ ਅਫਸਰਾਂ ਦੇ ਬਿਜਲੀ ਮੀਟਰ ਬਾਹਰ ਕੱਢ ਦਿੱਤੇ ਗਏ ਹਨ ਅਤੇ ਬਕਾਇਆ ਰਾਸ਼ੀ ਵਸੂਲਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦਫਤਰਾਂ ਦੇ ਬਕਾਏ ਤਾਂ ਸਰਕਾਰ ਪੱਧਰ ’ਤੇ ਭਰੇ ਜਾਣੇ ਹਨ। ਉੁਨ੍ਹਾਂ ਦੱਸਿਆ ਕਿ ਕੁਝ ਬਕਾਏ ਕਲੀਅਰ ਵੀ ਹੋਏ ਹਨ ਜਦੋਂ ਕਿ ਬਾਕੀ ਜਲਦੀ ਭਰਨ ਦਾ ਭਰੋਸਾ ਦਿੱਤਾ ਗਿਆ ਹੈ।


Sunday, November 24, 2019

                       ਵਿਚਲੀ ਗੱਲ 
             ਅਜੇ ਹਨੇਰਾ ਗਾੜ੍ਹਾ ਏ..!
                        ਚਰਨਜੀਤ ਭੁੱਲਰ
ਬਠਿੰਡਾ: ਛੱਜੂ ਰਾਮ ਪੁੱਛ ਰਿਹਾ ਹੈ, ‘ਬੁੱਧ ਕਿੱਥੇ ਮਿਲਣਗੇ’। ਕਿਸੇ ਗੱਲੋਂ ਪ੍ਰੇਸ਼ਾਨ ਜਾਪ ਰਿਹਾ ਹੈ। ਕਿਧਰੋਂ ਆਇਆ, ਕਿਧਰ ਜਾਣਾ। ਲੱਖਣ ਵੀ ਕਿਵੇਂ ਲਾਈਏ। ਨਾਲੇ ਕਿੰਝ ਸਮਝਾਈਏ ਕਿ ‘ਬੁੱਧਾਂ ਦੇ ਘਰ ਬੜੇ ਦੂਰ ਨੇ’। ਮੈਰਾਥਨ ਵਾਲੇ ਟਲਦੇ ਕਿੱਥੇ ਨੇ। ਛੱਜੂ ਕਠੋਰ ਜ਼ਰੂਰ ਹੈ, ਦਿਲ ਦਾ ਮਾੜਾ ਨਹੀਂ। ਲੋੜੋਂ ਵੱਧ ਕਾਹਲਾ ਨਹੀਂ, ਦਿਲ ’ਚ ਸਾੜਾ ਨਹੀਂ। ਥੋੜ੍ਹਾ ਜ਼ਿੱਦੀ ਜ਼ਰੂਰ ਹੈ, ਬੇਕਿਰਕ ਜੋ ਹਜ਼ੂਰ ਹੈ। ਉਦਾਸ ਜ਼ਰੂਰ ਹੈ ਪਰ ਨਿਰਾਸ਼ ਨਹੀਂ। ਤਾਹੀਂ ਬੁੱਧ ਦਾ ਰਾਹ ਪੁੱਛ ਰਿਹੈ। ਛੱਜੂ ਰਾਮਾ, ਪਹਿਲਾਂ ਤੂੰ ਦੱਸ, ਕਿਧਰੋਂ ਆਇਐ, ਚਾਹੇ ਕੰਨ ’ਚ ਦੱਸ ਦੇ। ਮਾਜਰਾ ਕੀ ਹੈ, ਸਾਨੂੰ ਵੀ ਦੱਸੋ। ਠਰੰਮਾ ਰੱਖੋ, ਜ਼ਰੂਰ ਦੱਸਾਂਗੇ। ਪਹਿਲੋਂ ਛੋਟੀ ਜੇਹੀ ਕਥਾ। ਸਾਧ ਸੰਗਤ ਜੀ, ਜਦੋਂ ਉਹ ਸੰਨਿਆਸੀ ਤੋਂ ਹੱਤਿਆਰਾ ਬਣਿਆ, ਪਹਾੜ ਦੇ ਸਿਖਰ ’ਤੇ ਚੜ੍ਹ ਬੈਠਾ। ਡਰਦੇ ਲੋਕ ਪਹਾੜ ਵੱਲ ਮੂੰਹ ਨਾ ਕਰਦੇ। ਨਾਲੇ ਕਤਲ ਕਰਦਾ, ਨਾਲੇ ਉਂਗਲਾਂ ਕੱਟ ਲੈਂਦਾ। ਮਨੁੱਖੀ ਉਂਗਲਾਂ ਦੀ ਮਾਲਾ ਗਲੋਂ ਨਾ ਲਾਹੁਦਾ। ਤਾਹੀਂਓ ਨਾਮ ਪਿਆ ਉਂਗਲੀਮਾਲ। ਸ਼ਿਸ਼ਾਂ ਨੇ ਰੋਕਿਆ, ਮਹਾਤਮਾ ਬੁੱਧ ਨਾ ਰੁਕੇ। ਬੁੱਧ ਦੇਖ ਉਂਗਲੀਮਾਲ ਦਹਾੜਿਆ। ‘ਟੋਟੇ ਟੋਟੇ ਕਰ ਦਿਆਂਗਾ’। ਬੁੱਧ ਬੋਲੇ, ਪਹਿਲਾਂ ਅੌਹ ਟਾਹਣੀ ਕੱਟੋ। ਜਿਉਂ ਹੀ ਟਾਹਣੀ ਕੱਟੀ। ਬੁੱਧ ਬੋਲੇ, ‘ਉਂਗਲੀਮਾਲ, ਹੁਣ ਟਾਹਣੀ ਨੂੰ ਜੋੜ ਦਿਓ।’
ਖਾਨੇ ਪੈ ਗਈ ਉਂਗਲੀਮਾਲ ਦੇ। ਬੁੱਧ ਨੇ ਜਦੋਂ ਕਿਹਾ, ‘ਕੱਟਣਾ ਸੌਖਾ, ਜੋੜਨਾ ਅੌਖਾ, ਨਹੀਂ ਜੋੜ ਸਕਦੇ ਤਾਂ ਫਿਰ ਤੋੜੋ ਵੀ ਨਾ।’ ਉਂਗਲੀਮਾਲ ਸੁਧਰ ਕੇ ਮੁੜ ਸੰਨਿਆਸੀ ਬਣ ਗਿਆ। ਐਵੇਂ ਨਹੀਂ ਪ੍ਰੇਸ਼ਾਨ ਛੱਜੂ ਰਾਮ। ਸੰਗਰੂਰ ਜ਼ਿਲ੍ਹੇ ’ਚੋਂ ਮੁੜਿਐ।                                                                                                                              ਉਂਗਲੀਮਾਲ ਪਤਾ ਨਹੀਂ ਕਿਹੜੀ ਜੂਨੇ ਹਾਲੇ ਵੀ ਭਟਕ ਰਿਹੈ। ਚੰਗਾਲੀਵਾਲਾ ਨੇ ਉਂਗਲੀਮਾਲ ਚੰਗਾ ਅਖਵਾ ਦਿੱਤਾ। ਜਗਮੇਲ ਪਹਿਲਾਂ ਲੱਤਾਂ ਗੁਆ ਬੈਠਾ, ਫਿਰ ਜਾਨ। ਚਾਰ ਸਾਲ ਪਿਛਾਂਹ ਝਾਕੋ। ਅਬੋਹਰ ’ਚ ਜੋ ਹੋਇਆ। ਭੀਮ ਟਾਂਕ ਦੇ ਹੱਥ ਪੈਰ ਵੱਢੇ, ਗੁਰਜੰਟ ਦਾ ਸੱਜਾ ਹੱਥ। ਮਾਂ ਕੁਸ਼ੱਲਿਆ ਦੇ ਹੱਥ ਖਾਲੀ ਨੇ। ਪੁੱਤ ਜੋ ਗੁਆ ਬੈਠੀ। ਥੋੜ੍ਹਾ ਹੋਰ ਪਿੱਛੇ ਦੇਖੋ। ਲੱਤਾਂ ਬਾਹਾਂ ਬੰਤ ਸਿੰਘ ਝੱਬਰ ਗੁਆ ਬੈਠਾ। ਜਲੂਰ ਵਾਲੀ ਮਾਈ ਗੁਰਦੇਵ ਕੌਰ ਵੀ ਬਚ ਨਾ ਸਕੀ। ਸਰਾਏਨਾਗਾ ਵਿਚ ਇੱਕ ਸਿਰਫਿਰੇ ਨੇ ਕਾਪੇ ਨਾਲ ਵਾਰ ਕੀਤੇ। ਲੜਕੀ ਦੇ ਹੱਥ ਵੱਢ ਦਿੱਤੇ। ਮਸਾਂ ਹੀ ਬਚੇ ਧਿਆਣੀ ਦੇ ਹੱਥ। ਭਾਗੀ ਵਾਂਦਰ ’ਚ ਇੱਕ ਤਸਕਰ ਦੇ ਹੱਥ ਪੈਰ ਵੱਢੇ ਸਨ।ਪੰਜਾਬ ਦੇ ਕੋਠੇ ਚੜ੍ਹ ਕੇ ਦਰਿੰਦਗੀ ਨੱਚ ਰਹੀ ਹੈ। ਉਹ ਵੀ ਵਰ੍ਹਿਆਂ ਤੋਂ। ਨੱਕ ਪੰਜਾਬ ਦਾ ਵੱਢਿਆ ਗਿਐ। ਬੁੱਧ ਦੇ ਹੁਣ ਵਸ ਦਾ ਰੋਗ ਨਹੀਂ। ਉਂਗਲੀਮਾਲ ਦੀ ਰੂਹ ਖਹਿੜਾ ਨਹੀਂ ਛੱਡ ਰਹੀ। ਜਗਦੀਸ਼ ਜੀਦਾ ਦੀ ਪੁਰਾਣੀ ਬੋਲੀ ਚੇਤੇ ਹੋਊ। ‘ਅਸੀਂ ਉਂਗਲਾਂ ’ਤੇ ਸਿੱਖ ਗਏ ਨਚਾਉਣਾ, ਜਦੋਂ ਦੇ ਬਣੇ ਖੇਡ ਮੰਤਰੀ।’ ਜ਼ੋਰਾਵਰ ਹੱਸ ਰਿਹਾ ਹੈ, ਦੇਸ਼ ਨੱਚ ਰਿਹਾ ਹੈ। ਬੁਲਡੋਜ਼ਰ ਲੈ ਕੇ ਹਾਕਮ ਨਿਕਲੇ ਨੇ, ਸਿੱਧੀ ਉਂਗਲ ਘਿਉ ਨਹੀਂ ਨਿਕਲ ਰਿਹਾ। ਜੇ.ਐਨ.ਯੂ ਦਾ ਨੇਤਰਹੀਣ ਸ਼ਸ਼ੀ ਭੂਸ਼ਣ ਖਤਾ ਕਰ ਬੈਠਾ। ਦਿੱਲੀ ਪੁਲੀਸ ਨੇ ਪੁੜੇ ਸੇਕ ਦਿੱਤੇ। ਸੰਗਰੂਰ ਪੁਲੀਸ ਨੇ ਬੇਰੁਜ਼ਗਾਰ ਮੁੰਡੇ ਝੰਬ ਦਿੱਤੇ। ਪਰਲੋਕ ’ਚ ਬੈਠੇ ਉਂਗਲੀਮਾਲ ਨੇ ਮੱਥੇ ’ਤੇ ਹੱਥ ਮਾਰਿਐ।
                ਦਿੱਲੀ ’ਚ ਸਿਕੰਦਰ ਲੋਧੀ ਦੇ ਜੈਕਾਰੇ ਗੂੰਜੇ ਨੇ। ਸੈਸ਼ਨ ਪਾਰਲੀਮੈਂਟ ’ਚ ਚੱਲ ਰਿਹੈ। ਹਾਕਮ ਬੋਲੇ ਕੁੱਕੜ ਬਣੇ ਨੇ। ਜੰਤਰ ਮੰਤਰ ’ਤੇ ਆਦਿ ਵਾਸੀ ਗੂੰਜ ਰਹੇ ਨੇ। ਪੁਲਾਂ ਦਾ ਕੰਮ ਜੋੜਨਾ ਹੁੰਦਾ ਹੈ। ਮਜ਼ਦੂਰਾਂ ਦਾ ਦਮ ਟੁੱਟਿਐ, ਕਿਸਾਨਾਂ ਦਾ ਲੱਕ। ਕਿਤੇ ਬੁੱਤ ਟੁੱਟਿਐ ਤੇ ਕਿਤੇ ਭਰੋਸਾ। ਰਾਜ ਭਾਗ ਚੁੱਪ ਕਦੋਂ ਤੋੜੇਗਾ। ਬਾਪ ਰਮਜ਼ਾਨ ਖ਼ਾਨ ਭਜਨ ਗਾ ਰਿਹਾ ਹੈ। ਪੁੱਤਰ ਫਿਰੋਜ਼ ਖਾਨ ਕਿੱਧਰ ਜਾਏ। ਸੰਸਕ੍ਰਿਤ ਨਾਲ ਪਿਆਰ ਕਰ ਬੈਠਾ। ਬਨਾਰਸ ਹਿੰਦੂ ’ਵਰਸਿਟੀ ’ਚ ਨਾਅਰੇ ਉੱਠੇ ਨੇ। ਅਖੇ, ਅਸੀਂ ਕਿਉਂ ਪੜ੍ਹੀਏ ਮੁਸਲਿਮ ਤੋਂ ਸੰਸਕ੍ਰਿਤ। ਘੋਲ ਖੇਡ ਭਾਸ਼ਾ ਤੇ ਧਰਮ ਦਾ ਹੋ ਰਿਹਾ ਹੈ।ਜਦੋਂ ਸੋਚ ਨੂੰ ਅਧਰੰਗ ਹੋ ਜਾਏ। ਫਿਰ ਦੀਵਾਰ ਖੜ੍ਹੀ ਹੁੰਦੀ ਹੈ। ‘ਸਟੈਚੂ ਆਫ ਯੂਨਿਟੀ’ ਤੋਂ ਵੀ ਵੱਡੀ। ਦੀਵਾਰ ਤੋਂ ਬਾਹਰ ਕਿਵੇਂ ਆਉਣ ਫਾਰੂਕ ਅਬਦੁੱਲਾ। ਚਾਹੇ ਸੰਤ ਰਾਮ ਉਦਾਸੀ ਹੌਸਲਾ ਦੇ ਰਿਹਾ। ‘ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਵਡੇਰਾ ਪਾੜਾ ਏ, ਹਿੰਮਤ ਰੱਖ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ।’ ਅਲੀਗੜ੍ਹ ਮੁਸਲਿਮ ’ਵਰਸਿਟੀ ਦੀ ਅਧਿਆਪਕਾ ਹੁਮਾ ਪ੍ਰਵੀਨ ਹਨੇਰੇ ’ਚ ਹੀ ਰਹੀ। ਹੁਮਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕੀਤੀ। ਇਬਾਰਤ ਇੰਝ ਸੀ ‘ਸਚ ਮੇ ਸੰਪਰਕ ਟੂਟ ਜਾਨਾ ਕਿਤਨਾ ਖਤਰਨਾਕ ਅੌਰ ਦੁਖਦ ਹੋਤਾ ਹੈ? ਚਾਹੇ ਚੰਦਰਯਾਨ ਹੋ ਜਾਂ ਕਸ਼ਮੀਰ।’ ਹਿੰਦੂ ਮਹਾਂ ਸਭਾ ਨੇ ਕਿਹਾ, ਦੇਸ਼ ਦੀ ਏਕਤਾ ਨੂੰ ਖਤਰਾ ਖੜ੍ਹਾ ਕੀਤੈ। ਅਲੀਗੜ੍ਹ ਪੁਲੀਸ ਨੇ ਹੁਮਾ ’ਤੇ ਪਰਚਾ ਦਰਜ ਕੀਤਾ।
                ਪੱਛਮੀ ਬੰਗਾਲ ’ਚ ਦੋ ਜਣੇ ਮਾਰ ਦਿੱਤੇ ਨੇ। ਭੀੜ ਭੜਕੀ ਹੋਈ ਸੀ, ਗਊ ਚੋਰੀ ਦਾ ਸ਼ੱਕ ਸੀ। ਉਂਗਲੀਮਾਲ ਦੀ ਸੋਚ ਅੱਜ ਵੀ ਉਪਜਾਊ ਹੈ। ਬੁਲਡੋਜ਼ਰ ਦਾ ਸਫਰ ਜਾਰੀ ਹੈ। ਹੁਣ ਹੈਰਾਨੀ ਨਹੀਂ ਹੁੰਦੀ ਦਵੇਂਦਰ ਫੜਨਵੀਸ ਦੇ ਮੁੜ ਮੁੱਖ ਮੰਤਰੀ ਬਣਨ ’ਤੇ। ਸਾਧਵੀ ਪ੍ਰਗਿਆ ਦੇ ਰੱਖਿਆ ਕਮੇਟੀ ਦੀ ਮੈਂਬਰ ਬਣਨ ’ਤੇ। ਖ਼ਰੇ ਸਿੱਕੇ ਹੁਣ ਕਿੱਥੇ ਚੱਲਦੇ ਨੇ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਸੁੱਕੇ ਹੀ ਮੁੜੇ ਹੋਣੇ ਨੇ। ਵਾਲ ਵਿੰਗਾ ਨਹੀਂ ਹੋਇਆ ਸਿਆਸੀ ਸੋਚ ਦਾ। ਹਜ਼ੂਮੀ ਹਿੰਸਾ ਦੇ ਭੰਨੇ ਨਿਆਂ ਮੰਗਦੇ ਨੇ। 80 ਫੀਸਦੀ ਅਦਾਲਤਾਂ ’ਚੋਂ ਬਰੀ ਹੋ ਰਹੇ ਹਨ। ਸਿਆਸੀ ਮੱਲ ਮੋੜੇ ਨਹੀਂ ਮੁੜਦੇ। ਅਮਰਿੰਦਰ ਕਿਹੜਾ ਵਿਦੇਸ਼ੋਂ ਹਾਲੇ ਮੁੜਿਆ। ਮਨਪ੍ਰੀਤ ਬਾਦਲ ਦਾ ਖਜ਼ਾਨਾ ਖੁਸ਼ਕ ਹੈ। ਬਠਿੰਡਾ ਵਾਲੇ ਆਖਦੇ ਨੇ, ਐਤਕੀਂ ਖੁਸ਼ਕੀ ਚੱਕ ਦੇਣੀ ਹੈ। ਦੱਸਾਂਗੇ ਮੌਕੇ ’ਤੇ।ਗਰੀਬ ਦੀ ਜਾਨ ਮੁੱਠੀ ’ਚ ਹੈ। ਲੀਡਰ ਕੱਛਾਂ ਵਜਾ ਰਹੇ ਨੇ। ਬੋਲਣਾ ਗੁਨਾਹ ਹੋ ਗਿਆ ਹੈ। ਜ਼ੋਰਾਵਰ ਮਾਰ ਵੀ ਰਿਹਾ ਤੇ ਰੋਣ ਵੀ ਨਹੀਂ ਦਿੰਦਾ। ਗੁਜਰਾਤ ’ਚ ਪੰਜਾਬੀ ਕਿਸਾਨ ਚੀਕ ਰਹੇ ਨੇ। ਕਿਸਾਨ ਬਿੱਕਰ ਸਿਓਂ ਆਖਦੈ, ‘ਮੋਦੀ ਨੇ ਸਾਨੂੰ ਕਾਹਦੀ ਸਜ਼ਾ ਦਿੱਤੀ ਹੈ।’ ਨਾ ਜ਼ਮੀਨ ਵੇਚ ਸਕਦੇ ਹਾਂ ਤੇ ਨਾ ਕੋਈ ਕਰਜ਼ਾ ਮਿਲਦੈ। ਮਾਫੀਆ ਪਿੱਛੇ ਪੈ ਜਾਂਦੈ, ਗੁਜਰਾਤ ਪੁਲੀਸ ਕੋਈ ਰਾਹ ਨਹੀਂ ਦਿੰਦੀ।
               ਘੱਟ ਪੰਜਾਬ ਪੁਲੀਸ ਵੀ ਨਹੀਂ। ਬਠਿੰਡਾ ਜ਼ਿਲ੍ਹੇ ਦੇ ਦੋ ਕਿਸਾਨ ਪਰਲੋਕ ’ਚ ਬੈਠੇ ਹਨ। ਪੁਲੀਸ ਨੇ ਇਨ੍ਹਾਂ ’ਤੇ ਪਰਚਾ ਦਰਜ ਕੀਤੈ। ਅਖੇ, ਪਰਾਲੀ ਨੂੰ ਅੱਗ ਲਾਈ ਹੈ। ਮੌੜ ਖੁਰਦ ਦਾ ਬ੍ਰਿਛ ਭਾਨ ਟੈਂਕੀ ’ਤੇ ਚੜ੍ਹਿਆ। ਦੱਸਣ ਲਈ ਕਿ ਉਹ ਜ਼ਿੰਦਾ ਹੈ। ਪੁਲੀਸ ਦੇਖ ਨਹੀਂ ਰਹੀ, ਪਰਿਵਾਰ ਵਾਲਿਆਂ ਨੇ ਮਰਿਆ ਸਾਬਿਤ ਕੀਤੈ।ਦੇਸ਼ ’ਚ 14 ਲੱਖ ਘਰਾਂ ’ਚ ਬਿਜਲੀ ਨਹੀਂ, ਦੀਵੇ ਜਗਾਉਣੇ ਪੈਂਦੇ ਨੇ। 37 ਫੀਸਦੀ ਸਕੂਲਾਂ ’ਚ ਇਹੋ ਹਾਲ ਹੈ। ਮੁਲਕ ’ਚ ਸੱਤ ਲੱਖ ਅਸਾਮੀਆਂ ਖਾਲੀ ਹਨ। ਅਕਲਾਂ ਬਾਝੋ ਵੀ ਖੂਹ ਖਾਲੀ ਨੇ। ਲੋਕ ਭਰੇ ਪੀਤੇ ਬੈਠੇ ਨੇ, ਝੱਖੜ ਝੁੱਲਦੇ ਦੇਰ ਨਹੀਂ ਲੱਗਦੀ। ਹਾਕਮ ਇਹ ਗੱਲ ਚੇਤੇ ਰੱਖਣ। ਕੋਈ ਰੁਜ਼ਗਾਰ ਮੰਗ ਰਿਹਾ ਹੈ ਤੇ ਕੋਈ ਛੱਤ। ਹੇਮਾ ਮਾਲਿਨੀ ‘ਬਾਂਦਰ ਸਫਾਰੀ’ ਮੰਗ ਰਹੀ ਹੈ। ਮਥੁਰਾ ਦੇ ਬਾਂਦਰਾਂ ਤੋਂ ਤੰਗ ਹੈ। ‘ਬਸੰਤੀ ਦੀ ਇੱਜ਼ਤ ਦਾ ਸੁਆਲ ਜਾਪਦੈ।’ ਝਾਰਖੰਡ ਪੁਲੀਸ ਨੂੰ ਕੌਣ ਸੁਆਲ ਪੁੱਛੇਗਾ। ਖੂੰਟੀ ਜ਼ਿਲ੍ਹੇ ’ਚ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤੈ। ਅਣਪਛਾਤੇ 10 ਹਜ਼ਾਰ ਆਦੀ ਵਾਸੀਆਂ ’ਤੇ।
               ਛੱਜੂ ਰਾਮ ਗੁੱਸੇ ਹੋ ਗਿਆ ਹੈ। ਅਖੇ, ਪੁੱਛਿਆ ਬੁੱਧ ਬਾਰੇ ਸੀ। ਵਿਚੋਂ ਹੀਰ ਕੋਈ ਹੋਰ ਹੀ ਛੇੜ ਲਈ। ਰਹਿਣ ਦੇ ਛੱਜੂਆ, ਨਾ ਛੇੜ ਛੇੜੇ। ਨਾਲੇ ਪਤੈ ਕਿ ਗੱਲ ਹੁਣ ਬੁੱਧ ਨਾਲ ਨਹੀਂ ਬਣਨੀ। ਅਕਲਾਂ ਨਾਲ ਸੋਧਾ ਲਾਉਣਾ ਪਊ। ਦੇਰ ਹੈ, ਅੰਧੇਰ ਨਹੀਂ। ਅੱਲ੍ਹਾ ਖੈਰ ਕਰੇ, ਕਿਤੇ ਲੋਕਾਂ ਦੀ ਬੁੱਧ ਨੂੰ ਸੁੱਧ ਆ ਜਾਵੇ। ਖਾਈ ਪਾਉਣ ਵਾਲੇ ਫਿਰ ਡਿੱਗਦੇ ਦੇਖੀ। ਯਮਦੂਤ ਕੋਲ ਬੈਠਾ ਉਂਗਲੀਮਾਲ ਹੱਸ ਰਿਹੈ। ਅਖੀਰ ’ਚ ਮਿਰਜ਼ਾ ਗਾਲਿਬ ਦਾ ਸ਼ੇਅਰ, ‘ਹਮ ਕੋ ਮਾਲੂਮ ਹੈ ਜੰਨਤ ਦੀ ਹਕੀਕਤ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਯੇ ਖਿਆਲ ਅੱਛਾ ਹੈ।’