Sunday, November 24, 2019

                       ਵਿਚਲੀ ਗੱਲ 
             ਅਜੇ ਹਨੇਰਾ ਗਾੜ੍ਹਾ ਏ..!
                        ਚਰਨਜੀਤ ਭੁੱਲਰ
ਬਠਿੰਡਾ: ਛੱਜੂ ਰਾਮ ਪੁੱਛ ਰਿਹਾ ਹੈ, ‘ਬੁੱਧ ਕਿੱਥੇ ਮਿਲਣਗੇ’। ਕਿਸੇ ਗੱਲੋਂ ਪ੍ਰੇਸ਼ਾਨ ਜਾਪ ਰਿਹਾ ਹੈ। ਕਿਧਰੋਂ ਆਇਆ, ਕਿਧਰ ਜਾਣਾ। ਲੱਖਣ ਵੀ ਕਿਵੇਂ ਲਾਈਏ। ਨਾਲੇ ਕਿੰਝ ਸਮਝਾਈਏ ਕਿ ‘ਬੁੱਧਾਂ ਦੇ ਘਰ ਬੜੇ ਦੂਰ ਨੇ’। ਮੈਰਾਥਨ ਵਾਲੇ ਟਲਦੇ ਕਿੱਥੇ ਨੇ। ਛੱਜੂ ਕਠੋਰ ਜ਼ਰੂਰ ਹੈ, ਦਿਲ ਦਾ ਮਾੜਾ ਨਹੀਂ। ਲੋੜੋਂ ਵੱਧ ਕਾਹਲਾ ਨਹੀਂ, ਦਿਲ ’ਚ ਸਾੜਾ ਨਹੀਂ। ਥੋੜ੍ਹਾ ਜ਼ਿੱਦੀ ਜ਼ਰੂਰ ਹੈ, ਬੇਕਿਰਕ ਜੋ ਹਜ਼ੂਰ ਹੈ। ਉਦਾਸ ਜ਼ਰੂਰ ਹੈ ਪਰ ਨਿਰਾਸ਼ ਨਹੀਂ। ਤਾਹੀਂ ਬੁੱਧ ਦਾ ਰਾਹ ਪੁੱਛ ਰਿਹੈ। ਛੱਜੂ ਰਾਮਾ, ਪਹਿਲਾਂ ਤੂੰ ਦੱਸ, ਕਿਧਰੋਂ ਆਇਐ, ਚਾਹੇ ਕੰਨ ’ਚ ਦੱਸ ਦੇ। ਮਾਜਰਾ ਕੀ ਹੈ, ਸਾਨੂੰ ਵੀ ਦੱਸੋ। ਠਰੰਮਾ ਰੱਖੋ, ਜ਼ਰੂਰ ਦੱਸਾਂਗੇ। ਪਹਿਲੋਂ ਛੋਟੀ ਜੇਹੀ ਕਥਾ। ਸਾਧ ਸੰਗਤ ਜੀ, ਜਦੋਂ ਉਹ ਸੰਨਿਆਸੀ ਤੋਂ ਹੱਤਿਆਰਾ ਬਣਿਆ, ਪਹਾੜ ਦੇ ਸਿਖਰ ’ਤੇ ਚੜ੍ਹ ਬੈਠਾ। ਡਰਦੇ ਲੋਕ ਪਹਾੜ ਵੱਲ ਮੂੰਹ ਨਾ ਕਰਦੇ। ਨਾਲੇ ਕਤਲ ਕਰਦਾ, ਨਾਲੇ ਉਂਗਲਾਂ ਕੱਟ ਲੈਂਦਾ। ਮਨੁੱਖੀ ਉਂਗਲਾਂ ਦੀ ਮਾਲਾ ਗਲੋਂ ਨਾ ਲਾਹੁਦਾ। ਤਾਹੀਂਓ ਨਾਮ ਪਿਆ ਉਂਗਲੀਮਾਲ। ਸ਼ਿਸ਼ਾਂ ਨੇ ਰੋਕਿਆ, ਮਹਾਤਮਾ ਬੁੱਧ ਨਾ ਰੁਕੇ। ਬੁੱਧ ਦੇਖ ਉਂਗਲੀਮਾਲ ਦਹਾੜਿਆ। ‘ਟੋਟੇ ਟੋਟੇ ਕਰ ਦਿਆਂਗਾ’। ਬੁੱਧ ਬੋਲੇ, ਪਹਿਲਾਂ ਅੌਹ ਟਾਹਣੀ ਕੱਟੋ। ਜਿਉਂ ਹੀ ਟਾਹਣੀ ਕੱਟੀ। ਬੁੱਧ ਬੋਲੇ, ‘ਉਂਗਲੀਮਾਲ, ਹੁਣ ਟਾਹਣੀ ਨੂੰ ਜੋੜ ਦਿਓ।’
ਖਾਨੇ ਪੈ ਗਈ ਉਂਗਲੀਮਾਲ ਦੇ। ਬੁੱਧ ਨੇ ਜਦੋਂ ਕਿਹਾ, ‘ਕੱਟਣਾ ਸੌਖਾ, ਜੋੜਨਾ ਅੌਖਾ, ਨਹੀਂ ਜੋੜ ਸਕਦੇ ਤਾਂ ਫਿਰ ਤੋੜੋ ਵੀ ਨਾ।’ ਉਂਗਲੀਮਾਲ ਸੁਧਰ ਕੇ ਮੁੜ ਸੰਨਿਆਸੀ ਬਣ ਗਿਆ। ਐਵੇਂ ਨਹੀਂ ਪ੍ਰੇਸ਼ਾਨ ਛੱਜੂ ਰਾਮ। ਸੰਗਰੂਰ ਜ਼ਿਲ੍ਹੇ ’ਚੋਂ ਮੁੜਿਐ।                                                                                                                              ਉਂਗਲੀਮਾਲ ਪਤਾ ਨਹੀਂ ਕਿਹੜੀ ਜੂਨੇ ਹਾਲੇ ਵੀ ਭਟਕ ਰਿਹੈ। ਚੰਗਾਲੀਵਾਲਾ ਨੇ ਉਂਗਲੀਮਾਲ ਚੰਗਾ ਅਖਵਾ ਦਿੱਤਾ। ਜਗਮੇਲ ਪਹਿਲਾਂ ਲੱਤਾਂ ਗੁਆ ਬੈਠਾ, ਫਿਰ ਜਾਨ। ਚਾਰ ਸਾਲ ਪਿਛਾਂਹ ਝਾਕੋ। ਅਬੋਹਰ ’ਚ ਜੋ ਹੋਇਆ। ਭੀਮ ਟਾਂਕ ਦੇ ਹੱਥ ਪੈਰ ਵੱਢੇ, ਗੁਰਜੰਟ ਦਾ ਸੱਜਾ ਹੱਥ। ਮਾਂ ਕੁਸ਼ੱਲਿਆ ਦੇ ਹੱਥ ਖਾਲੀ ਨੇ। ਪੁੱਤ ਜੋ ਗੁਆ ਬੈਠੀ। ਥੋੜ੍ਹਾ ਹੋਰ ਪਿੱਛੇ ਦੇਖੋ। ਲੱਤਾਂ ਬਾਹਾਂ ਬੰਤ ਸਿੰਘ ਝੱਬਰ ਗੁਆ ਬੈਠਾ। ਜਲੂਰ ਵਾਲੀ ਮਾਈ ਗੁਰਦੇਵ ਕੌਰ ਵੀ ਬਚ ਨਾ ਸਕੀ। ਸਰਾਏਨਾਗਾ ਵਿਚ ਇੱਕ ਸਿਰਫਿਰੇ ਨੇ ਕਾਪੇ ਨਾਲ ਵਾਰ ਕੀਤੇ। ਲੜਕੀ ਦੇ ਹੱਥ ਵੱਢ ਦਿੱਤੇ। ਮਸਾਂ ਹੀ ਬਚੇ ਧਿਆਣੀ ਦੇ ਹੱਥ। ਭਾਗੀ ਵਾਂਦਰ ’ਚ ਇੱਕ ਤਸਕਰ ਦੇ ਹੱਥ ਪੈਰ ਵੱਢੇ ਸਨ।ਪੰਜਾਬ ਦੇ ਕੋਠੇ ਚੜ੍ਹ ਕੇ ਦਰਿੰਦਗੀ ਨੱਚ ਰਹੀ ਹੈ। ਉਹ ਵੀ ਵਰ੍ਹਿਆਂ ਤੋਂ। ਨੱਕ ਪੰਜਾਬ ਦਾ ਵੱਢਿਆ ਗਿਐ। ਬੁੱਧ ਦੇ ਹੁਣ ਵਸ ਦਾ ਰੋਗ ਨਹੀਂ। ਉਂਗਲੀਮਾਲ ਦੀ ਰੂਹ ਖਹਿੜਾ ਨਹੀਂ ਛੱਡ ਰਹੀ। ਜਗਦੀਸ਼ ਜੀਦਾ ਦੀ ਪੁਰਾਣੀ ਬੋਲੀ ਚੇਤੇ ਹੋਊ। ‘ਅਸੀਂ ਉਂਗਲਾਂ ’ਤੇ ਸਿੱਖ ਗਏ ਨਚਾਉਣਾ, ਜਦੋਂ ਦੇ ਬਣੇ ਖੇਡ ਮੰਤਰੀ।’ ਜ਼ੋਰਾਵਰ ਹੱਸ ਰਿਹਾ ਹੈ, ਦੇਸ਼ ਨੱਚ ਰਿਹਾ ਹੈ। ਬੁਲਡੋਜ਼ਰ ਲੈ ਕੇ ਹਾਕਮ ਨਿਕਲੇ ਨੇ, ਸਿੱਧੀ ਉਂਗਲ ਘਿਉ ਨਹੀਂ ਨਿਕਲ ਰਿਹਾ। ਜੇ.ਐਨ.ਯੂ ਦਾ ਨੇਤਰਹੀਣ ਸ਼ਸ਼ੀ ਭੂਸ਼ਣ ਖਤਾ ਕਰ ਬੈਠਾ। ਦਿੱਲੀ ਪੁਲੀਸ ਨੇ ਪੁੜੇ ਸੇਕ ਦਿੱਤੇ। ਸੰਗਰੂਰ ਪੁਲੀਸ ਨੇ ਬੇਰੁਜ਼ਗਾਰ ਮੁੰਡੇ ਝੰਬ ਦਿੱਤੇ। ਪਰਲੋਕ ’ਚ ਬੈਠੇ ਉਂਗਲੀਮਾਲ ਨੇ ਮੱਥੇ ’ਤੇ ਹੱਥ ਮਾਰਿਐ।
                ਦਿੱਲੀ ’ਚ ਸਿਕੰਦਰ ਲੋਧੀ ਦੇ ਜੈਕਾਰੇ ਗੂੰਜੇ ਨੇ। ਸੈਸ਼ਨ ਪਾਰਲੀਮੈਂਟ ’ਚ ਚੱਲ ਰਿਹੈ। ਹਾਕਮ ਬੋਲੇ ਕੁੱਕੜ ਬਣੇ ਨੇ। ਜੰਤਰ ਮੰਤਰ ’ਤੇ ਆਦਿ ਵਾਸੀ ਗੂੰਜ ਰਹੇ ਨੇ। ਪੁਲਾਂ ਦਾ ਕੰਮ ਜੋੜਨਾ ਹੁੰਦਾ ਹੈ। ਮਜ਼ਦੂਰਾਂ ਦਾ ਦਮ ਟੁੱਟਿਐ, ਕਿਸਾਨਾਂ ਦਾ ਲੱਕ। ਕਿਤੇ ਬੁੱਤ ਟੁੱਟਿਐ ਤੇ ਕਿਤੇ ਭਰੋਸਾ। ਰਾਜ ਭਾਗ ਚੁੱਪ ਕਦੋਂ ਤੋੜੇਗਾ। ਬਾਪ ਰਮਜ਼ਾਨ ਖ਼ਾਨ ਭਜਨ ਗਾ ਰਿਹਾ ਹੈ। ਪੁੱਤਰ ਫਿਰੋਜ਼ ਖਾਨ ਕਿੱਧਰ ਜਾਏ। ਸੰਸਕ੍ਰਿਤ ਨਾਲ ਪਿਆਰ ਕਰ ਬੈਠਾ। ਬਨਾਰਸ ਹਿੰਦੂ ’ਵਰਸਿਟੀ ’ਚ ਨਾਅਰੇ ਉੱਠੇ ਨੇ। ਅਖੇ, ਅਸੀਂ ਕਿਉਂ ਪੜ੍ਹੀਏ ਮੁਸਲਿਮ ਤੋਂ ਸੰਸਕ੍ਰਿਤ। ਘੋਲ ਖੇਡ ਭਾਸ਼ਾ ਤੇ ਧਰਮ ਦਾ ਹੋ ਰਿਹਾ ਹੈ।ਜਦੋਂ ਸੋਚ ਨੂੰ ਅਧਰੰਗ ਹੋ ਜਾਏ। ਫਿਰ ਦੀਵਾਰ ਖੜ੍ਹੀ ਹੁੰਦੀ ਹੈ। ‘ਸਟੈਚੂ ਆਫ ਯੂਨਿਟੀ’ ਤੋਂ ਵੀ ਵੱਡੀ। ਦੀਵਾਰ ਤੋਂ ਬਾਹਰ ਕਿਵੇਂ ਆਉਣ ਫਾਰੂਕ ਅਬਦੁੱਲਾ। ਚਾਹੇ ਸੰਤ ਰਾਮ ਉਦਾਸੀ ਹੌਸਲਾ ਦੇ ਰਿਹਾ। ‘ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਵਡੇਰਾ ਪਾੜਾ ਏ, ਹਿੰਮਤ ਰੱਖ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ।’ ਅਲੀਗੜ੍ਹ ਮੁਸਲਿਮ ’ਵਰਸਿਟੀ ਦੀ ਅਧਿਆਪਕਾ ਹੁਮਾ ਪ੍ਰਵੀਨ ਹਨੇਰੇ ’ਚ ਹੀ ਰਹੀ। ਹੁਮਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕੀਤੀ। ਇਬਾਰਤ ਇੰਝ ਸੀ ‘ਸਚ ਮੇ ਸੰਪਰਕ ਟੂਟ ਜਾਨਾ ਕਿਤਨਾ ਖਤਰਨਾਕ ਅੌਰ ਦੁਖਦ ਹੋਤਾ ਹੈ? ਚਾਹੇ ਚੰਦਰਯਾਨ ਹੋ ਜਾਂ ਕਸ਼ਮੀਰ।’ ਹਿੰਦੂ ਮਹਾਂ ਸਭਾ ਨੇ ਕਿਹਾ, ਦੇਸ਼ ਦੀ ਏਕਤਾ ਨੂੰ ਖਤਰਾ ਖੜ੍ਹਾ ਕੀਤੈ। ਅਲੀਗੜ੍ਹ ਪੁਲੀਸ ਨੇ ਹੁਮਾ ’ਤੇ ਪਰਚਾ ਦਰਜ ਕੀਤਾ।
                ਪੱਛਮੀ ਬੰਗਾਲ ’ਚ ਦੋ ਜਣੇ ਮਾਰ ਦਿੱਤੇ ਨੇ। ਭੀੜ ਭੜਕੀ ਹੋਈ ਸੀ, ਗਊ ਚੋਰੀ ਦਾ ਸ਼ੱਕ ਸੀ। ਉਂਗਲੀਮਾਲ ਦੀ ਸੋਚ ਅੱਜ ਵੀ ਉਪਜਾਊ ਹੈ। ਬੁਲਡੋਜ਼ਰ ਦਾ ਸਫਰ ਜਾਰੀ ਹੈ। ਹੁਣ ਹੈਰਾਨੀ ਨਹੀਂ ਹੁੰਦੀ ਦਵੇਂਦਰ ਫੜਨਵੀਸ ਦੇ ਮੁੜ ਮੁੱਖ ਮੰਤਰੀ ਬਣਨ ’ਤੇ। ਸਾਧਵੀ ਪ੍ਰਗਿਆ ਦੇ ਰੱਖਿਆ ਕਮੇਟੀ ਦੀ ਮੈਂਬਰ ਬਣਨ ’ਤੇ। ਖ਼ਰੇ ਸਿੱਕੇ ਹੁਣ ਕਿੱਥੇ ਚੱਲਦੇ ਨੇ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਸੁੱਕੇ ਹੀ ਮੁੜੇ ਹੋਣੇ ਨੇ। ਵਾਲ ਵਿੰਗਾ ਨਹੀਂ ਹੋਇਆ ਸਿਆਸੀ ਸੋਚ ਦਾ। ਹਜ਼ੂਮੀ ਹਿੰਸਾ ਦੇ ਭੰਨੇ ਨਿਆਂ ਮੰਗਦੇ ਨੇ। 80 ਫੀਸਦੀ ਅਦਾਲਤਾਂ ’ਚੋਂ ਬਰੀ ਹੋ ਰਹੇ ਹਨ। ਸਿਆਸੀ ਮੱਲ ਮੋੜੇ ਨਹੀਂ ਮੁੜਦੇ। ਅਮਰਿੰਦਰ ਕਿਹੜਾ ਵਿਦੇਸ਼ੋਂ ਹਾਲੇ ਮੁੜਿਆ। ਮਨਪ੍ਰੀਤ ਬਾਦਲ ਦਾ ਖਜ਼ਾਨਾ ਖੁਸ਼ਕ ਹੈ। ਬਠਿੰਡਾ ਵਾਲੇ ਆਖਦੇ ਨੇ, ਐਤਕੀਂ ਖੁਸ਼ਕੀ ਚੱਕ ਦੇਣੀ ਹੈ। ਦੱਸਾਂਗੇ ਮੌਕੇ ’ਤੇ।ਗਰੀਬ ਦੀ ਜਾਨ ਮੁੱਠੀ ’ਚ ਹੈ। ਲੀਡਰ ਕੱਛਾਂ ਵਜਾ ਰਹੇ ਨੇ। ਬੋਲਣਾ ਗੁਨਾਹ ਹੋ ਗਿਆ ਹੈ। ਜ਼ੋਰਾਵਰ ਮਾਰ ਵੀ ਰਿਹਾ ਤੇ ਰੋਣ ਵੀ ਨਹੀਂ ਦਿੰਦਾ। ਗੁਜਰਾਤ ’ਚ ਪੰਜਾਬੀ ਕਿਸਾਨ ਚੀਕ ਰਹੇ ਨੇ। ਕਿਸਾਨ ਬਿੱਕਰ ਸਿਓਂ ਆਖਦੈ, ‘ਮੋਦੀ ਨੇ ਸਾਨੂੰ ਕਾਹਦੀ ਸਜ਼ਾ ਦਿੱਤੀ ਹੈ।’ ਨਾ ਜ਼ਮੀਨ ਵੇਚ ਸਕਦੇ ਹਾਂ ਤੇ ਨਾ ਕੋਈ ਕਰਜ਼ਾ ਮਿਲਦੈ। ਮਾਫੀਆ ਪਿੱਛੇ ਪੈ ਜਾਂਦੈ, ਗੁਜਰਾਤ ਪੁਲੀਸ ਕੋਈ ਰਾਹ ਨਹੀਂ ਦਿੰਦੀ।
               ਘੱਟ ਪੰਜਾਬ ਪੁਲੀਸ ਵੀ ਨਹੀਂ। ਬਠਿੰਡਾ ਜ਼ਿਲ੍ਹੇ ਦੇ ਦੋ ਕਿਸਾਨ ਪਰਲੋਕ ’ਚ ਬੈਠੇ ਹਨ। ਪੁਲੀਸ ਨੇ ਇਨ੍ਹਾਂ ’ਤੇ ਪਰਚਾ ਦਰਜ ਕੀਤੈ। ਅਖੇ, ਪਰਾਲੀ ਨੂੰ ਅੱਗ ਲਾਈ ਹੈ। ਮੌੜ ਖੁਰਦ ਦਾ ਬ੍ਰਿਛ ਭਾਨ ਟੈਂਕੀ ’ਤੇ ਚੜ੍ਹਿਆ। ਦੱਸਣ ਲਈ ਕਿ ਉਹ ਜ਼ਿੰਦਾ ਹੈ। ਪੁਲੀਸ ਦੇਖ ਨਹੀਂ ਰਹੀ, ਪਰਿਵਾਰ ਵਾਲਿਆਂ ਨੇ ਮਰਿਆ ਸਾਬਿਤ ਕੀਤੈ।ਦੇਸ਼ ’ਚ 14 ਲੱਖ ਘਰਾਂ ’ਚ ਬਿਜਲੀ ਨਹੀਂ, ਦੀਵੇ ਜਗਾਉਣੇ ਪੈਂਦੇ ਨੇ। 37 ਫੀਸਦੀ ਸਕੂਲਾਂ ’ਚ ਇਹੋ ਹਾਲ ਹੈ। ਮੁਲਕ ’ਚ ਸੱਤ ਲੱਖ ਅਸਾਮੀਆਂ ਖਾਲੀ ਹਨ। ਅਕਲਾਂ ਬਾਝੋ ਵੀ ਖੂਹ ਖਾਲੀ ਨੇ। ਲੋਕ ਭਰੇ ਪੀਤੇ ਬੈਠੇ ਨੇ, ਝੱਖੜ ਝੁੱਲਦੇ ਦੇਰ ਨਹੀਂ ਲੱਗਦੀ। ਹਾਕਮ ਇਹ ਗੱਲ ਚੇਤੇ ਰੱਖਣ। ਕੋਈ ਰੁਜ਼ਗਾਰ ਮੰਗ ਰਿਹਾ ਹੈ ਤੇ ਕੋਈ ਛੱਤ। ਹੇਮਾ ਮਾਲਿਨੀ ‘ਬਾਂਦਰ ਸਫਾਰੀ’ ਮੰਗ ਰਹੀ ਹੈ। ਮਥੁਰਾ ਦੇ ਬਾਂਦਰਾਂ ਤੋਂ ਤੰਗ ਹੈ। ‘ਬਸੰਤੀ ਦੀ ਇੱਜ਼ਤ ਦਾ ਸੁਆਲ ਜਾਪਦੈ।’ ਝਾਰਖੰਡ ਪੁਲੀਸ ਨੂੰ ਕੌਣ ਸੁਆਲ ਪੁੱਛੇਗਾ। ਖੂੰਟੀ ਜ਼ਿਲ੍ਹੇ ’ਚ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤੈ। ਅਣਪਛਾਤੇ 10 ਹਜ਼ਾਰ ਆਦੀ ਵਾਸੀਆਂ ’ਤੇ।
               ਛੱਜੂ ਰਾਮ ਗੁੱਸੇ ਹੋ ਗਿਆ ਹੈ। ਅਖੇ, ਪੁੱਛਿਆ ਬੁੱਧ ਬਾਰੇ ਸੀ। ਵਿਚੋਂ ਹੀਰ ਕੋਈ ਹੋਰ ਹੀ ਛੇੜ ਲਈ। ਰਹਿਣ ਦੇ ਛੱਜੂਆ, ਨਾ ਛੇੜ ਛੇੜੇ। ਨਾਲੇ ਪਤੈ ਕਿ ਗੱਲ ਹੁਣ ਬੁੱਧ ਨਾਲ ਨਹੀਂ ਬਣਨੀ। ਅਕਲਾਂ ਨਾਲ ਸੋਧਾ ਲਾਉਣਾ ਪਊ। ਦੇਰ ਹੈ, ਅੰਧੇਰ ਨਹੀਂ। ਅੱਲ੍ਹਾ ਖੈਰ ਕਰੇ, ਕਿਤੇ ਲੋਕਾਂ ਦੀ ਬੁੱਧ ਨੂੰ ਸੁੱਧ ਆ ਜਾਵੇ। ਖਾਈ ਪਾਉਣ ਵਾਲੇ ਫਿਰ ਡਿੱਗਦੇ ਦੇਖੀ। ਯਮਦੂਤ ਕੋਲ ਬੈਠਾ ਉਂਗਲੀਮਾਲ ਹੱਸ ਰਿਹੈ। ਅਖੀਰ ’ਚ ਮਿਰਜ਼ਾ ਗਾਲਿਬ ਦਾ ਸ਼ੇਅਰ, ‘ਹਮ ਕੋ ਮਾਲੂਮ ਹੈ ਜੰਨਤ ਦੀ ਹਕੀਕਤ ਲੇਕਿਨ ਦਿਲ ਕੇ ਬਹਿਲਾਨੇ ਕੋ ਗਾਲਿਬ ਯੇ ਖਿਆਲ ਅੱਛਾ ਹੈ।’

3 comments:

  1. ਬਹੁਤ ਡੂੰਘੀ ਸੱਟ ਮਾਰੀ ਆ ਭਰਾ। ਲੱਗੇ ਰਹੋ ਆਖਰੀ ਦਮ ਤੱਕ।

    ReplyDelete
  2. ਸੱਚ ਲਿਖਿਆ ਵੀਰ ਜੀ।

    ReplyDelete
  3. ਅੱਜ ਸਮਾਂ ਬਹੁਤ ਖਤਰਨਾਕ ਹੋ ਗਿਐ। ਮਹਾਰਾਸ਼ਟਰ ਚ ਜਦ ਐਨ ਸੀ ਪੀ, ਕਾਂਗਰਸ ਤੇ ਸ਼ਿਵ ਸੈਨਾ ਰਲਕੇ ਸਰਕਾਰ ਬਣਾ ਰਹੇ ਸਨ ਤਾਂ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਕਿ ਅਜਿਹਾ ਜੋੜ ਤੋੜ ਪ੍ਰਜਾਤੰਤਰ ਨਹੀਂ ਬਲਕਿ ਜੁਗਾੜ ਤੰਤਰ ਹਾ। ਪਰ ਜਦ ਓਹੀ ਭਾਰਤੀ ਜਨਤਾ ਪਾਰਟੀ ਦੂਜਿਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਤੋੜ ਕੇ ਸਰਕਾਰ ਬਣਾ ਰਹੇ ਹਨ ਤਾਂ ਓਹੀ ਢੰਗ ਪ੍ਰਜਾਤੰਤਰ ਤੇ ਲੋਕਤੰਤਰ ਬਣ ਜਾਂਦਾ ਹੈ। ਅੱਜ ਦੀ ਖਬਰ ਹੈ ਕਿ ਮਾਨਸਾ ਵਿੱਚ ਅਣਖ ਖਾਤਰ ਇੱਕ ਦਲਿਤ ਨੂੰ ਤੇਜ਼ਾਬ ਪਾ ਸਾੜ ਦਿੱਤਾ ਤੇ ਬਾਅਦ ਵਿੱਚ ਅੱਗ ਲਾ ਦਿੱਤੀ।

    ਲੋਕਾਂ ਵਿੱਚ ਸਹਿਣਸ਼ੀਲਤਾ ਬਿਲਕੁਲ ਖਤਮ ਹੋ ਗਈ ਹੈ।

    ReplyDelete