Friday, November 29, 2019

                                                          ਮਾਫੀਏ ਦਾ ਸਿੱਕਾ 
                                ਜ਼ਮੀਨਾਂ ਨੱਪਣ ’ਚ ‘ਨੰਬਰ ਵਨ’ ਬਣੇ ਪੰਜਾਬੀ
                                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਹੁਣ ਜ਼ਮੀਨਾਂ ਨੱਪਣ ’ਚ ਝੰਡੀ ਲੈ ਗਿਆ ਹੈ। ਲੈਂਡ ਮਾਫੀਏ ਦੀ ਬਦੌਲਤ ਇਹ ਬਦਨਾਮੀ ਪੰਜਾਬ ਦੀ ਝੋਲੀ ਪਈ ਹੈ। ਜਦੋਂ ਹਕੂਮਤ ਦੀ ਥਾਪੀ ਹੋਵੇ, ਫਿਰ ਸਿਆਸੀ ਪਹੁੰਚ ਵਾਲੇ ਟਲਦੇ ਨਹੀਂ ਹਨ ਜਿਨ੍ਹਾਂ ਨੇ ਵੱਡੇ ਕਾਰੋਬਾਰ ਇਨ੍ਹਾਂ ਜ਼ਮੀਨਾਂ ’ਤੇ ਖੜ੍ਹੇ ਕਰ ਲਏ ਹਨ। ਭਾਵੇਂ ਸਰਕਾਰੀ ਮਹਿਕਮੇ ਵੀ ਇਸ ਮਾਮਲੇ ’ਚ ਪਿਛੇ ਨਹੀਂ ਰਹੇ ਹਨ। ਦੇਸ਼ ਭਰ ਚੋਂ ਪੰਜਾਬ ‘ਨੰਬਰ ਵਨ’ ਸਿਰਫ ਲੈਂਡ ਮਾਫੀਏ ਵੱਲੋਂ ਨੱਪੀ ਸੰਪਤੀ ਦੇ ਮਾਮਲੇ ’ਚ ਬਣਿਆ ਹੈ। ਪ੍ਰਾਈਵੇਟ ਲੋਕਾਂ/ਸੰਸਥਾਵਾਂ ਵੱਲੋਂ ਸਭ ਤੋਂ ਵੱਧ ਵਕਫ ਬੋਰਡ ਦੀ ਸੰਪਤੀ ਪੰਜਾਬ ’ਚ ਨੱਪੀ ਗਈ ਹੈ। ਕੇਂਦਰੀ ਘੱਟ ਗਿਣਤੀ ਮੰਤਰਾਲੇ ਨੇ ਤਾਜਾ ਖੁਲਾਸਾ ਕੀਤਾ ਹੈ ਕਿ ਪੰਜਾਬ ’ਚ ਵਕਫ ਬੋਰਡ ਦੀ ਪ੍ਰਾਪਰਟੀ ’ਤੇ ਸਭ ਤੋਂ ਵੱਧ ਨਜਾਇਜ਼ ਕਬਜ਼ੇ ਹਨ। ਦੱਸਿਆ ਹੈ ਕਿ ਵਕਫ ਬੋਰਡ ਦੀਆਂ 5610 ਸੰਪਤੀਆਂ ’ਤੇ ਪ੍ਰਾਈਵੇਟ ਲੋਕ/ਸੰਸਥਾਵਾਂ ਨੇ ਗੈਰਕਾਨੂੰਨੀ ਕਬਜ਼ੇ ਜਮਾਏ ਹੋਏ ਹਨ ਜਦੋਂ ਕਿ ਮੱਧ ਪ੍ਰਦੇਸ਼ ਵਿਚ 3240 ਜਾਇਦਾਦਾਂ ’ਤੇ ਪ੍ਰਾਈਵੇਟ ਲੋਕਾਂ ਤੇ ਸੰਸਥਾਵਾਂ ’ਦੇ ਨਜਾਇਜ਼ ਕਬਜ਼ੇ ਹਨ। ਪੰਜਾਬ ’ਚ ਨਜਾਇਜ਼ ਕਬਜ਼ੇ ਹੇਠਲੀ ਇਸ ਸੰਪਤੀ ਦੀ ਕੀਮਤ ਅਰਬਾਂ ਰੁਪਏ ਬਣਦੀ ਹੈ। ਪੱਛਮੀ ਬੰਗਾਲ ’ਚ 3082 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ ਜੋ ਦੇਸ਼ ਚੋਂ ਤੀਜੇ ਨੰਬਰ ’ਤੇ ਹੈ। ਇਵੇਂ ਹਰਿਆਣਾ ਰਾਜ ’ਚ 753, ਰਾਜਸਥਾਨ ਵਿਚ 164, ਮਹਾਰਾਸ਼ਟਰ ਵਿਚ 81, ਬਿਹਾਰ ਵਿਚ 180 ਅਤੇ ਤਾਮਿਲਨਾਡੂ ਵਿਚ 1335 ਸੰਪਤੀਆਂ ’ਤੇ ਨਜਾਇਜ਼ ਕਬਜ਼ੇ ਹਨ।
                  ਉਂਜ ਦੇਸ਼ ਭਰ ਵਿਚ 5.94 ਲੱਖ ਵਕਫ ਸੰਪਤੀਆਂ ਦੀ ਸਨਾਖਤ ਹੋਈ ਹੈ ਜਿਨ੍ਹਾਂ ਚੋਂ 24,540 ਸੰਪਤੀਆਂ ਇਕੱਲੇ ਪੰਜਾਬ ਵਿਚ ਹਨ। ਬਠਿੰਡਾ ਸ਼ਹਿਰ ਵਿਚ ਕਈ ਕਾਂਗਰਸੀ ਅਤੇ ਅਕਾਲੀ ਦਲ ਨਾਲ ਸਬੰਧਿਤ ਲੋਕਾਂ ਨੇ ਵਕਫ ਬੋਰਡ ਦੀ ਸੰਪਤੀ ਨੱਪ ਕੇ ਕਾਰੋਬਾਰ ਖੜ੍ਹੇ ਕੀਤੇ ਹਨ। ਏਦਾਂ ਪੂਰੇ ਪੰਜਾਬ ਵਿਚ ਧੰਦਾ ਚੱਲ ਰਿਹਾ ਹੈ। ਵਕਫ ਬੋਰਡ ਦੇ ਰਾਖੇ ਖੁਦ ਸਰਕਾਰੀ ਹੱਥਾਂ ਵਿਚ ਖੇਡਦੇ  ਹਨ। ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਜਨੈਦ ਰਜ਼ਾ ਖ਼ਾਨ ਇਸ ਵੇਲੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਹਨ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਹਨ।ਪੰਜਾਬ ਵਿਚ ਵਕਫ ਬੋਰਡ ਦੇ 16 ਦਫਤਰ ਹਨ  ਜਦੋਂ ਕਿ ਵਕਫ ਬੋਰਡ ਦੇ ਨਾਮਜ਼ਦ ਕੀਤੇ 9 ਮੈਂਬਰ ਹਨ। ਵਕਫ ਬੋਰਡ ਦੇ ਮੈਂਬਰ ਸਾਜਿਦ ਹੁਸੈਨ ਨੇ ਸਪੱਸ਼ਟ ਆਖਿਆ ਕਿ ਵਕਫ ਸੰਪਤੀ ’ਤੇ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਨਜਾਇਜ਼ ਕਬਜ਼ੇ ਜਮਾਏ ਹਨ ਜਿਸ ਵਿਚ ਵਕਫ ਬੋਰਡ ਦੇ ਅਫਸਰਾਂ / ਮੁਲਾਜ਼ਮਾਂ ਦੀ ਵੀ  ਕਿਤੇ ਭੂਮਿਕਾ ਹੁੰਦੀ ਹੈ। ਸਰਕਾਰ ਨੇ ਹੁਣ ਪੰਜ ਵਿਸ਼ੇਸ਼ ਟ੍ਰਿਬਿਊਨਲ ਬਣਾਏ ਹਨ ਤਾਂ ਜੋ ਵਕਫ ਪ੍ਰਾਪਰਟੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਵਕਫ ਐਕਟ 1995 ਜਿਸ ਵਿਚ ਸਾਲ 2013 ਵਿਚ ਸੋਧ ਕੀਤੀ ਗਈ ਹੈ, ਦੇ ਤਹਿਤ ਸਟੇਟ ਵਕਫ ਬੋਰਡਜ਼ ਨੂੰ ਵਕਫ ਸੰਪਤੀ ਦੀ ਰਖਵਾਲੀ ਅਤੇ ਕਬਜ਼ੇ ਹਟਾਉਣ ਦੇ ਅਧਿਕਾਰ ਦਿੱਤੇ ਗਏ ਹਨ। ਨਵੀਂ ਸੋਧ ਵਿਚ ਬੋਰਡਾਂ ਨੂੰ ਵਧੇਰੇ ਤਾਕਤੀ ਬਣਾਇਆ ਗਿਆ ਹੈ।
                 ਸੂਤਰ ਦੱਸਦੇ ਹਨ ਕਿ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਵੱਡੇ ਸ਼ਹਿਰਾਂ ਵਿਚ ਵਕਫ ਸੰਪਤੀਆਂ ’ਤੇ ਸ਼ੋਅ ਰੂਮ ਬਣਾ ਲਏ ਹਨ। ਪੰਜਾਬ ਭਰ ਚੋਂ ਕਰੀਬ 518 ਸੰਪਤੀਆਂ ਦੇ ਕੇਸ ਅਦਾਲਤਾਂ ਵਿਚ ਵੀ ਚੱਲ ਰਹੇ ਹਨ। ਏਦਾਂ ਦੇ ਮਾਮਲੇ ਵੀ ਹਨ ਜਦੋਂ ਕਿ ਕੋਈ ਕੇਸ ਵਕਫ ਬੋਰਡ ਹਾਰਦਾ ਹੈ ਤਾਂ ਉਸ ਦੀ ਅਪੀਲ ਕਰਨ ਤੋਂ ਅਧਿਕਾਰੀ ਪਾਸਾ ਵੱਟਦੇ ਹਨ। ਸਭ ਕੁਝ ਮਿਲੀਭੁਗਤ ਨਾਲ ਚੱਲਦਾ ਹੈ। ਅਸਲ ਵਿਚ ਇਹ ਵਕਫ ਸੰਪਤੀ ਮੁਸਲਿਮ ਭਾਈਚਾਰੇ ਦੇ ਭਲਾਈ ਕੰਮਾਂ ਵਾਸਤੇ ਰਾਖਵੀਂ ਰੱਖੀ ਗਈ ਸੀ ਜੋ ਬਟਵਾਰੇ ਵੇਲੇ ਅਣਕਲੇਮਿਡ ਰਹਿ ਗਈ ਸੀ।  ਕੇਂਦਰ ਅਤੇ ਪੰਜਾਬ ਸਰਕਾਰ ਖੁਦ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਹੈ। ਕਬਰਾਂ ’ਤੇ ਸਕੂਲ ਤੇ ਹਸਪਤਾਲ ਉਗੇ ਹਨ ਜਦੋਂ ਕਿ ਮਸਜਿਦਾਂ ਵਾਲੀ ਥਾਂ ’ਤੇ ਪੁਲੀਸ ਚੌਂਕੀਆਂ ਅਤੇ ਦਾਣਾ ਮੰਡੀਆਂ ਬਣ ਗਈਆਂ ਹਨ। ਬਠਿੰਡਾ ਵਿਚ ਖਾਨਗਾਹ ਵਾਲੀ ਜਗਾ ’ਤੇ ਸਲਾਟਰ ਹਾਊਸ ਬਣਿਆ ਹੈ। ਤਲਵੰਡੀ ਸਾਬੋ ਵਿਚ ਮਸਜਿਦ ਵਾਲੀ ਜਗ੍ਹਾ ’ਤੇ ਤਹਿਸੀਲਦਾਰ ਦਫਤਰ ਹੈ। ਕਪੂਰਥਲਾ ਵਿਚ ਮਸਜਿਦ ਵਾਲੀ ਜਗਾਂ ’ਤੇ ਸ਼ਾਪਿੰਗ ਕੰਪਲੈਕਸ ਹੈ ਜਦੋਂ ਕਿ ਬੁਢਲਾਡਾ ਵਿਚ ਕਬਰਾਂ ਵਾਲੀ ਥਾਂ ’ਤੇ ਬੱਸ ਸਟੈਂਡ ਬਣਿਆ ਹੈ। ਸੰਗਰੂਰ ਤੇ ਬਠਿੰਡਾ ਵਿਚ ਖੇਡ ਸਟੇਡੀਅਮ ਬਣਾ ਦਿੱਤਾ ਗਿਆ ਹੈ।
     ਬਠਿੰਡਾ ’ਚ ਕਬਰਾਂ ਵਾਲੀ ਥਾਂ ਤੇ ਹਾਕੀ ਦਾ ਮੈਦਾਨ ਹੈ। ਜਦੋਂ ਮੈਦਾਨ ਵਿਚ ਪਾਣੀ ਭਰ ਦਿੱਤਾ ਜਾਂਦਾ ਹੈ ਤਾਂ ਕਈ ਥਾਵਾਂ ਤੋਂ ਜਗ੍ਹਾ ਕਬਰਾਂ ਕਰਕੇ ਹੇਠਾਂ ਬੈਠ ਜਾਂਦੀ ਹੈ। ਦੂਸਰੀ ਤਰਫ ਮੁਸਲਿਮ ਭਾਈਚਾਰੇ ਕੋਲ ਕਬਰਸਤਾਨ ਵਾਸਤੇ ਵੀ ਜਗ੍ਹਾ ਨਹੀਂ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ 60 ਸਕੂਲ ਵਕਫ ਬੋਰਡ ਦੀ ਸੰਪਤੀ ’ਤੇ ਨਜਾਇਜ਼ ਕਬਜ਼ਾ ਕਰਕੇ ਬਣੇ ਹੋਏ ਹਨ। ਪੰਜਾਬ ਵਕਫ ਬੋਰਡ ਦੀ 16 ਨਵੰਬਰ ਨੂੰ ਹੀ ਮੀਟਿੰਗ ਹੋਈ ਹੈ ਅਤੇ ਇਨ੍ਹਾਂ ਮੀਟਿੰਗਾਂ ਵਿਚ ਮੁੱਦੇ ਵਿਚਾਰੇ ਜਾਂਦੇ ਹਨ ਪ੍ਰੰਤੂ ਹਕੀਕਤ ਕਿਧਰੇ ਦਿਖਦੀ ਨਹੀਂ ਹੈ। ਵਕਫ ਬੋਰਡ ਦੇ ਚੇਅਰਮੈਨ ਨੇ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।
                        ਚੁਣੀ ਹੋਈ ਬਾਡੀ ਬਣੇ : ਖ਼ਾਨ
ਪੰਜਾਬ ਰਾਜਨੀਤੀ ਸਾਸਤਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬੀ ’ਵਰਸਿਟੀ ਦੇ ਸਾਬਕਾ ਡੀਨ ਡਾ. ਜਮਸ਼ੀਦ ਅਲੀ ਖ਼ਾਨ (ਸਾਬਕਾ ਪ੍ਰੋਫੈਸਰ) ਦਾ ਪ੍ਰਤੀਕਰਮ ਸੀ ਕਿ ਪੰਜਾਬ ’ਚ ਵਕਫ ਬੋਰਡ ਦੀ ਸੰਪਤੀ ਨੂੰ ਬਚਾਉਣ ਅਤੇ ਢੁਕਵੀਂ ਵਰਤੋਂ ਲਈ ਸ਼੍ਰੋਮਣੀ ਕਮੇਟੀ ਦੀ ਤਰਜ਼ ’ਤੇ ਵਕਫ ਬੋਰਡ ਦੀ ਚੁਣੇ ਹੀ ਬਾਡੀ ਬਣਨੀ ਚਾਹੀਦੀ ਹੈ। ਜੁਆਬਦੇਹੀ ਦੀ ਕਮੀ ਕਰਕੇ ਬੋਰਡ ਕਠਪੁਤਲੀ ਬਣ ਕੇ ਹੀ ਰਹਿ ਜਾਂਦਾ ਹੈ। ਬੋਰਡ ਦੇ ਅਫਸਰਾਂ/ਮੁਲਾਜ਼ਮਾਂ ਦੀ ਮਿਲੀਭੁਗਤ ਵਜੋਂ ਹੀ ਵਕਫ ਸੰਪਤੀ ਹੱਥੋਂ ਨਿਕਲੀ ਹੈ।
                           ਸਰਕਾਰਾਂ ਨੇ ਵੀ ਨੱਪੀ ਜ਼ਮੀਨ
ਸਰਕਾਰੀ ਤੇ ਪ੍ਰਾਈਵੇਟ ਨਜਾਇਜ਼ ਕਬਜ਼ੇ ਜੋੜੀਏ ਤਾਂ ਕਰੀਬ 10,864 ਸੰਪਤੀਆਂ ਨੱਪੀਆਂ ਹੋਈਆਂ ਹਨ। 235 ਸੰਪਤੀਆਂ ’ਤੇ ਰਾਜ ਸਰਕਾਰ ਅਤੇ 26 ਸੰਪਤੀਆਂ ’ਤੇ ਕੇਂਦਰ ਸਰਕਾਰ ਦੇ ਨਜਾਇਜ਼ ਕਬਜ਼ੇ ਹਨ। 198 ਪਿੰਡਾਂ ਵਿਚ ਗਰਾਮ ਪੰਚਾਇਤਾਂ ਦੇ ਕਬਜ਼ੇ ਹਨ। ਇਸੇ ਤਰ੍ਹਾਂ 1391 ਸੰਪਤੀਆਂ ’ਤੇ ਗੁਰਦੁਆਰੇ ਅਤੇ 144 ਥਾਵਾਂ ’ਤੇ ਮੰਦਰ ਬਣੇ ਹੋਏ ਹਨ। ਫਰੀਦਕੋਟ ਦੇ ਹਸਨ ਭੱਟੀ ਦੀ ਮਸਜਿਦ ਵਾਲੀ ਜਗ੍ਹਾ ’ਤੇ ਸਕੂਲ ਅਤੇ ਮੋਗਾ ਦੇ ਪਿੰਡ ਧੂਰਕੋਟ ਚੜ੍ਹਤ ਸਿੰਘ ਵਾਲਾ ’ਚ ਕਬਰਾਂ ’ਤੇ ਸੀਨੀਅਰ ਸੈਕੰਡਰੀ ਸਕੂਲ ਹੈ। ਸਮਾਨਾ ਵਿਚ ਸੀ.ਆਈ.ਏ ਸਟਾਫ ਦਾ ਦਫਤਰ ਅਤੇ ਰਾਜਪੁਰਾ ਵਿਚ ਪੁਲੀਸ ਚੌਂਕੀ ਬਣੀ ਹੋਈ ਹੈ।



1 comment:

  1. ਉਂਝ ਅਸੀਂ ਗੁਰੂ ਸਾਹਿਬ ਦਾ 550ਵਾ ਸਾਲ ਮਨਾ ਕੇ ਹਟੇ ਹਾ. ਕੀ ਓਹ ਗੋਂਗਲੂਆ ਤੋ ਮਿਟੀ ਝਾੜਨੀ ਵਾਂਗ ਸੀ

    ReplyDelete