Sunday, November 17, 2019

                          ਵਿਚਲੀ ਗੱਲ
         ਸਾਡੇ ਪਿੰਡ ਦੇ ਮੁੰਡੇ ਦੇਖ ਲਓ..!
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਤਬੇਲਾ ਖਾਲੀ ਪਿਆ ਹੈ। ਗਦੌੜਾ ਫੇਰਨ ਦੀ ਗੁੰਜਾਇਸ਼ ਵੀ ਨਹੀਂ ਬਚੀ। ਕੋਈ ਵੀ ਉਂਗਲ ਘਿਉ ’ਚ ਨਹੀਂ। ਪੰਜੇ ਤਾਂ ਦੂਰ ਦੀ ਗੱਲ, ਪਰਿੰਦੇ ਮੁੱਕ ਗਏ, ਦਰੱਖਤ ਸੁੱਕ ਗਏ, ਦੇਹ ਝੁਕ ਗਏ। ਭੱਠੀ ਵਾਲੀ ਹੁਣ ਕੀ ਭੁੰਨੇ। ਪੰਜਾਬ ਦੀ ਝੋਲੀ ’ਚ ਦਾਣੇ ਨਹੀਂ। ਜਦੋਂ ਮਾਲ ਮਾਤਾ ਦਾ ਹੋਵੇ। ਹੇਕ ਕਿਵੇਂ ਲੱਗੇ, ‘ਸਾਡੇ ਪਿੰਡ ਦੇ ਮੁੰਡੇ ਦੇਖ ਲਓ..!’ ਧਨੀ ਰਾਮ ਚਾਤ੍ਰਿਕ ਨੂੰ ਵੀ ਹੌਲ ਪੈ ਜਾਂਦਾ। ਜੇ ਕਿਤੇ ਅੱਜ ‘ਐ ਪੰਜਾਬ! ਕਰਾਂ ਕੀ ਸਿਫਤ ਤੇਰੀ’ ਲਿਖਦਾ। ਕਾਮਰੇਡ ਹੀ ਪਿਛੇ ਪੈ ਜਾਂਦੇ। ਮਿਰਚਾਂ ਵਾਰ ਉਤਾਰ ਦਿੰਦੇ, ਨਜ਼ਰ ਲੱਗੀ ਹੁੰਦੀ, ਜੋਕਾਂ ਦਾ ਇਲਾਜ ਨਹੀਂ।  ਬਠਿੰਡੇ ਵਾਲੇ ਮਰਹੂਮ ਪ੍ਰੋ. ਕਰਮ ਸਿੰਘ ਨੂੰ ਪੁਰਾਣੇ ਬਾਬੇ ਭੁੱਲੇ ਨਹੀਂ। ਪਹਿਲਵਾਨੀ ’ਚ ਜ਼ਿੰਦਗੀ ਕੱਢ ਗਿਆ। ਚਾਰ ਨਵੇਂ ਮੁੰਡੇ ਜੁੜਦੇ। ਗੱਠੜੀ ’ਚੋਂ ਪੁਰਾਣਾ ਪੰਜਾਬ ਕੱਢ ਬੈਠਦਾ। ਮੁੰਡਿਓ… ਛੰਨਾ ਦੁੱਧ ਦਾ ਇੱਕੋ ਸਾਹ ਡਕਾਰ ਜਾਂਦੇ। ਕੋਠੇ ਰੋਹੀ ਰਾਹ (ਸੰਗਰੂਰ) ਵਾਲਾ ਰੋਹੀ ਰਾਮ, ਹਲਟ ਗੇੜ ਕੇ ਕਿੱਲਾ ਭਰ ਦਿੰਦਾ। ਮੁੱਦਕਰ ਚੁੱਕਣੇ, ਮੂੰਗਲੀਆਂ ਫੇਰਨੀਆਂ, ਜੁੱਸਾ ਤੇ ਗੁੱਸਾ, ਰਹੇ ਰੱਬ ਦਾ ਨਾਮ। ਅਣਖ ਏਨੀ, ਕੋਈ ਅੱਖ ’ਚ ਅੱਖ ਕੀ ਪਾ ਜਾਏ। ਖੁਰਾਕਾਂ ਸ਼ੁੱਧ ਤੇ ਸਾਦੀਆਂ। ਮਿੱਥ ਕੇ ਡੰਡ ਬੈਠਕਾਂ ਮਾਰਦੇ। ਸ਼ਰਤਾਂ ਲਾ ਕੇ ਘਿਉ ਪੀਂਦੇ। ਦਰਸ਼ਨੀ ਜਵਾਨਾਂ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ। ਆਹ ਦਾਰੇ ਤਾਂ ਪਿੱਛੋਂ ਆਏ ਨੇ।
                 ਜੈਤੋ ਵਾਲੇ ਪ੍ਰੋ. ਗੁਰਦਿਆਲ ਸਿੰਘ ਵੀ ਤੁਰ ਗਏ। ਨਾਵਲ ‘ਪਰਸਾ’ ਦਾ ਨਾਇਕ, ਡਾਕੀਏ ਨੂੰ ਆਖਦੈ ‘ਦੁੱਧ ਹਜ਼ਮ ਕਰ ਲਵੇਗਾਂ ਜਾਂ ਚਾਹ ਲਿਆਂਵਾ’। ਤਾਹੀਓਂ ਪੰਜਾਬ ਨੂੰ ਗਸ਼ ਪਿਐ ਤੇ ਬਾਬਿਆਂ ਨੂੰ ਹੌਲ। ਮੱਧ ਕਾਲ ਵਾਲੇ ਦਿਨ ਕਿਥੇ । ਭਾਲਦੇ ਹੋ ਪੰਜਾਬ ਦੇ ਘਰੋਂ ਲੱਸੀ। ਨੰਦ ਲਾਲ ਨੂਰਪੁਰੀ ਨੇ ਕਦੇ ਵਡਿਆਈ ਕੀਤੀ ਸੀ। ‘ਬੱਲੇ ਜੱਟਾ ਬੱਲੇ, ਅੱਜ ਤੇਰਾ ਸਿੱਕਾ ਸਾਰੇ ਦੇਸ਼ ਵਿਚ ਚੱਲੇ’। ਨੰਦ ਸਿਓਂ ਜੀ, ਸਭ ਸਿੱਕੇ ਖੋਟੇ ਹੋ ਗਏ ਨੇ। ਕਦੇ ਗੱਲਾਂ ਜੁੜੀਆਂ ਸਨ। ‘ਤੇਲ ਹੱਟੀ ਦਾ, ਘਿਓ ਜੱਟੀ ਦਾ’, ‘ਪੰਜਾਬ ਦੇ ਜਵਾਨ, ਸ਼ੇਰ ਦੀ ਸੰਤਾਨ’, ‘ਪੰਜਾਬੀ ਨਾ ਪਿੜ ਛੱਡਣ, ਨਾ ਹੱਥ ਅੱਡਣ’। ਆਹ ਮੁੰਡੇ ਹੁਣ ਪੰਜਾਬ ਹੀ ਛੱਡ ਰਹੇ ਨੇ। ਅਖੇ, ‘ਜਹਾਂ ਦਾਣੇ ਤਹਾਂ ਖਾਣੇ’। ਬਿਹਾਰੀ ਹੱਸ ਹੱਸ ਦੂਹਰੇ ਹੋ ਰਹੇ ਨੇ। ਏਨਾ ਮਾੜਾ ਤਾਂ ਨਹੀਂ ਪੰਜਾਬ। ਕੋਈ ਘਾਟਾ ਨਹੀਂ ਕਿਧਰੇ। ਕੋਈ ਸ਼ੱਕ ਨਾ ਰਹੇ, ਆਓ ਮੇਰੇ ਨਾਲ ਤੁਰੋ। ਪੰਜਾਬ ਦਾ ਕੁੰਡਾ ਖੜਕਾ ਕੇ ਦੇਖੀਏ। ਪੰਜਾਬ ’ਚ ਕਰੀਬ 55 ਲੱਖ ਪਰਿਵਾਰ ਹਨ। ਤੈਰਵੀਂ ਨਜ਼ਰ ਅੌਸਤਨ ’ਤੇ ਮਾਰਦੇ ਹਾਂ। ਹਰ 14ਵੇਂ ਪਰਿਵਾਰ ਕੋਲ ਅਸਲਾ ਲਾਇਸੈਂਸ। ਹਰ ਘਰ ’ਚ ਸੱਤ ਮੋਬਾਈਲ/ ਲੈਂਡਲਾਈਨ ਫੋਨ। ਫੋਨ ਖਰਚਾ 2300 ਕਰੋੜ ਸਾਲ ਦਾ। ਸ਼ਰਾਬ ਦਾ ਠੇਕਾ 1950 ਵੋਟਾਂ ਪਿਛੇ ਇੱਕ।
                ਠੇਕੇ ਦੀ ਸ਼ਰਾਬ ’ਤੇ 17 ਵਰ੍ਹਿਆਂ ‘ਚ 52 ਹਜ਼ਾਰ ਕਰੋੜ ਉਡਾਏ। ਹਰ ਕਿਸਾਨ ’ਤੇ ਢਾਈ ਲੱਖ ਦਾ ਕਰਜ਼। ਆਟਾ ਦਾਲ ਵਾਲੇ ਕਾਰਡ ਹਰ ਤਿੰਨ ’ਚੋਂ ਦੋ ਘਰਾਂ ਕੋਲ।ਵਿਆਹਾਂ ’ਤੇ ਸਾਲਾਨਾ ਸ਼ਰਾਬ ਖਰਚ 500 ਕਰੋੜ ਰੁਪਏ। ਦੇਸ਼ ਭਰ ’ਚੋਂ ਤਲਾਕ ਪਟੀਸ਼ਨਾਂ ’ਚ ਝੰਡੀ। ਨੱਕ ਜਗਦੀਸ਼ ਭੋਲੇ ਨੇ ਵਢਾ ਦਿੱਤੀ। ਝੰਡੀ ਫੜੀ ਤਾਂ ਅਰਜਨ ਐਵਾਰਡੀ ਬਣਿਆ। ਪੁੱਠਾ ਰਾਹ ਫੜਿਆ ਤਾਂ ਬਦਨਾਮੀ ਦਾ ਘਰ ਬਣਿਆ। ਮੁਆਫ਼ੀ ਮੰਗ ਕੇ ਕੇਜਰੀਵਾਲ ਨੇ ਦਿੱਲੀ ਦਾ ਰਾਹ ਫੜਿਐ। ਮੁਸ਼ਕਰੀ ਨੀਲੇ ਚਿੱਟੇ ਹੱਸ ਰਹੇ ਹਨ। ਜਦੋਂ ਰਿਸ਼ਤੇ ਤਜਾਰਤੀ ਹੋ ਜਾਣ, ਖੂਨ ਸਫ਼ੈਦ ਹੋ ਜਾਂਦੈ। ਫਿਰ ਮਾਵਾਂ ਨੂੰ ਪੁੱਤ ਨਹੀਂ ਪਛਾਣਦੇ। ਹੁਣ ਤਾਂ ਪੰਜਾਬੀ ਪਛਾਣਨੇ ਅੌਖੇ ਨੇ। ਕੱਦ ਮਧਰੇ, ਇਕਹਿਰੇ ਸਰੀਰ, ਫਰੈਂਚ ਕੱਟ ਦਾੜ੍ਹੀ, ਕੰਨਾਂ ’ਚ ਮੁੰਦਰਾਂ, ਸਿਰਾਂ ’ਤੇ ਛੱਤੇ। ਪੰਮੀ ਬਾਈ ਨੂੰ ਭੰਗੜੇ ਲਈ ਗੱਭਰੂ ਨਹੀਂ ਲੱਭਦੇ। ਫੌਜੀ ਅਫ਼ਸਰ ਪੰਜਾਬ ’ਚੋਂ ਜੁੱਸਾ ਭਾਲੀ ਜਾ ਰਹੇ ਹਨ। ਛਾਤੀ ਫੁੱਲਦੀ ਨਹੀਂ, ਅਖੇ ਸਾਹ ਫੁੱਲ ਜਾਂਦੈ। ਮਾਲਵਾ, ਮੱਲਾਂ ਦੀ ਧਰਤੀ ਸੀ। ਇਸੇ ਮਿੱਟੀ ’ਚੋਂ ਜਿਊਣੇ ਮੌੜ ਤੇ ਸੁੱਚੇ ਸੂਰਮੇ ਜਨਮੇ। ਹੁਣ ਮਿੱਟੀ ਜਰਖੇਜ਼ ਨਹੀਂ ਰਹੀ। ਜ਼ਹਿਰਾਂ ਨੇ ਅੜ ਭੰਨ੍ਹ ਦਿੱਤੀ ਹੈ। ਬੈਂਕਾਂ ਵਾਲੇ ਕਿਸਾਨਾਂ ਨੂੰ ਧੂਹੀ ਫਿਰਦੇ ਨੇ।
              ਅਰਦਲੀ ਪੰਜਾਬ ਨੂੰ ਨਿੱਤ ਆਵਾਜ਼ਾਂ ਸੁਪਰੀਮ ਕੋਰਟ ’ਚ ਮਾਰ ਰਹੇ ਨੇ। ਮਿੱਟੀ ਪਾਣੀ ਪਲੀਤ ਹੋ ਗਿਐ। ‘ਜਵਾਨ ਤੇ ਕਿਸਾਨ’ ਮਰ ਰਹੇ ਨੇ। ਭਗਵੰਤ ਮਾਨ ਦਾ ਪਤਾ ਨਹੀਂ ਕਿਉਂ ਢਿੱਡ ਦੁੱਖਦੈ। ਅਖੇ, ਅਮਰਿੰਦਰ ਸਿਓਂ, ਵਿਦੇਸ਼ ਸ਼ਿਕਾਰ ਖੇਡਣ ਕਿਉਂ ਗਏ ਨੇ। ਨਰਿੰਦਰ ਮੋਦੀ ਜਾਣੀ ਜਾਣ ਨੇ। ਕੋਈ ਸ਼ੱਕ ਹੈ ਤਾਂ ਲਲਕਾਰਾ ਮਾਰ ਕੇ ਦੇਖ ਲਓ, ‘ਮਾਂ ਦਾ ਦੁੱਧ ਪੀਤੈ ਤਾਂ ਬਾਹਰ ਨਿਕਲ’, ਪੰਜਾਬ ਦਾ ਕੋਈ ਬੂਹਾ ਨਹੀਂ ਖੁੱਲ੍ਹਣਾ। ਕੇਂਦਰੀ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਹੁਣੇ ਖੁੱਲ੍ਹੀ ਹੈ। ਪੰਜਾਬ ’ਚ 47 ਫੀਸਦੀ ਨੂੰ ਬਚਪਨ ’ਚ ਮਾਂ ਦਾ ਦੁੱਧ ਨਸੀਬ ਨਹੀਂ ਹੋਇਆ। ਸ਼ਹਿਰੀ ਮਾਵਾਂ ਨੂੰ ਫਿਗਰ ਦਾ ਫਿਕਰ ਵੱਧ ਹੈ। 39.7 ਫੀਸਦੀ ਮਾਵਾਂ ਦੇ ਵੱਡੇ ਅਪਰੇਸ਼ਨਾਂ ਨਾਲ ਬੱਚੇ ਜਨਮੇ ਨੇ। ਚਾਰ ਕੁ ਵਰ੍ਹੇ ਪਹਿਲਾਂ ਖ਼ਬਰ ਆਈ ਸੀ ਪੰਜਾਬੀ ਮਾਵਾਂ ਦੇ ਦੁੱਧ ’ਚ ਕੀਟਨਾਸ਼ਕ ਮਿਲਣ ਦੀ। ਸ਼ੁੱਧ ਪਦਾਰਥ ਕਿਧਰੇ ਮਿਲਦੇ ਨਹੀਂ। ‘ਮਿਸ਼ਨ ਤੰਦਰੁਸਤ ਪੰਜਾਬ’ ਕਿੰਨਾ ਕੁ ਸ਼ੁੱਧ ਹੈ। ਹਾਲੇ ਦੇਖਣਾ ਪੈਣੈ। ਕਦੇ ਲੋਕ ਬੋਲੀ ਗੂੰਜਦੀ ਸੀ, ‘ਗੋਰੇ ਰੰਗ ’ਤੇ ਮਲਾਈਆਂ ਆਈਆਂ, ਕੱਚਾ ਦੁੱਧ ਪੀਣ ਵਾਲੀਏ’। ਨਾ ਕੱਚਾ ਦੁੱਧ ਰਿਹਾ, ਨਾ ਰੰਗ-ਰੂਪ। ਹੁਣੇ ਰਿਪੋਰਟ ਆਈ ਹੈ। ਸੁੰਦਰਤਾ ਉਤਪਾਦਾਂ (ਕਾਸਮੈਟਿਕਸ) ਦੀ ਵਿਕਰੀ। ਭਾਰਤ ’ਚ ਪੰਜ ਸਾਲਾਂ ’ਚ 60 ਫੀਸਦੀ ਵਧੀ ਹੈ।
               ਇੱਧਰ, ਪੰਜਾਬ ’ਚ ਮੱਝਾਂ ਦੀ ਗਿਣਤੀ ਘਟੀ ਹੈ। ਸੱਤ ਸਾਲਾਂ ’ਚ 11.59 ਲੱਖ ਮੱਝਾਂ ਘੱਟ ਗਈਆਂ। ਬੂਰੀਆਂ ਕਿਥੋਂ ਚੁੰਘਣਗੇ। ਡੇਅਰੀ ਮਹਿਕਮੇ ਵਾਲੇ ਇੰਦਰਜੀਤ ਸਿੰਘ ਨੇ ਦੱਸਿਐ, ‘ਪੰਜਾਬ ’ਚ ਦੁੱਧ ਦੀ ਘਰੇਲੂ ਖ਼ਪਤ 40 ਫੀਸਦੀ ਰਹਿ ਗਈ ਹੈ’। ਹੁਣ ਪੇਂਡੂ ਘਰਾਂ ਦੀ ਮਜਬੂਰੀ ਹੈ, ਦੁੱਧ ਵੇਚਣਾ, ਪੁੱਤ ਪ੍ਰਦੇਸ ਭੇਜਣਾ। ਜ਼ਮੀਨਾਂ ਤੇ ਪਸ਼ੂ ਵੀ ਵੇਚ ਰਹੇ ਨੇ। ਹੁਣ ਤਿਲਾਂ ’ ਚ ਤੇਲ ਨਹੀਂ। ਨਾ ਪੁਰਾਣੇ ਵੇਲੇ ਰਹੇ ਨੇ, ਨਾ ਲੋਕ। ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ‘ਕੱਚੇ ਦੁੱਧ ਵਰਗੇ ਲੋਕ’ ਪੜ੍ਹ ਕੇ ਦੇਖਿਓ। ਪਤਾ ਲੱਗੂ, ਪੰਜਾਬ ਦੇ ਪੁਰਾਣੇ ਸਟੱਫ ਦਾ। ਪੰਜਾਬੀ ਸਰੀਰ ਖੜਸੁੱਕ ਬਣ ਗਿਆ ਹੈ। ਨਾ ਦਿਲ ਗੁਰਦਾ ਰਿਹੈ, ਨਾ ਸਰੀਰ ਖੁਰਾਕ ਝੱਲਦੇ ਨੇ। ਜਣਨ ਤਾਕਤ ਵੀ ਘਟੀ ਹੈ। ਹਸਪਤਾਲਾਂ ਦਾ ਕਾਰੋਬਾਰ ਵਧਿਆ ਹੈ। ਹੁਣ ਸਰੀਰ ਫਰਕਦੇ ਨੇ, ਡੌਲੇ ਨਹੀਂ। ਪੰਜਾਬ ਦੀ ਅੱਖ ਕਦੋਂ ਦੀ ਫਰਕ ਰਹੀ ਹੈ। ਕੋਈ ਚੰਗਾ ਸਰਜਨ ਨਹੀਂ ਮਿਲ ਰਿਹਾ। ਸਿਆਸੀ ਭਲਵਾਨ ‘ਉਤਰ ਕਾਟੋ ਮੈਂ ਚੜ੍ਹਾ’ ਖੇਡ ਰਹੇ ਨੇ। ਰਸ ਮਲਾਈ ਖਾਣ ਵਾਲਿਆਂ ਪੱਲੇ ਕਚੀਚੀਆਂ ਨੇ। ਖਹਿੜਾ ‘ਚਿੱਟੇ’ ਤੋਂ ਛੁੱਟ ਨਹੀਂ ਰਿਹਾ। ਬਜ਼ੁਰਗਾਂ ਦਾ ਪਸੀਨਾ ਛੁੱਟ ਰਿਹੈ, ਸੋਚ ਸੋਚ ਕੇ ‘ਪੰਜਾਬ ਬੱਚੂ, ਤੇਰਾ ਬਣੂ ਕੀ’।
               ਪਹਿਲਾਂ ਅਕਾਲੀ ਆਖਦੇ ਰਹੇ ਪੰਜਾਬ ਤਾਂ ‘ਨੰਬਰ ਵਨ’ਸੂਬੈ। ਹੁਣ ਕਾਂਗਰਸੀ ਰਟ ਹੈ ਕਿ ਪੰਜਾਬ ਨੂੰ ‘ਨੰਬਰ ਵਨ’ ਬਣਾ ਦਿਆਂਗੇ। ਬਾਬਾ ਬੜਬੋਲਾ ਆਖਦੈ, ‘ਬੱਸ ਕਰੋ, ਪੰਜਾਬ ’ਤੇ ਰਹਿਮ ਕਰੋ।’ ਪ੍ਰੋ. ਨਿਰਮਲ ਜੌੜਾ ਦੇ ਨਾਟਕ ‘ਸੌਦਾਗਰ’ ਦਾ ਜਾਗਰ ਅਮਲੀ ਚੇਤੇ ਆ ਗਿਆ। ਨਾਟਕ ’ਚ ਜਾਗਰ ਆਖਦੈ ‘ਖਾਧੀ ਹੋਵੇ ਭੋਰਾ, ਫਿਰ ਬਿਆਨ ਦੇਣ ਨੂੰ ਦਿਲ ਕਰਦੈ।’ ਸੰਘ ਹੇਠੋਂ ਉਤਰੀ ਤਾਂ ਜਾਗਰ ਅਮਲੀ ਸ਼ੁਰੂ ਹੋ ਗਿਆ, ‘ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ, ਨਦੀਆਂ ’ਚ ਬੱਸਾਂ ਚਲਾ ਦਿਆਂਗੇ, ਮਣਾਂ ਮੂੰਹੀ ਸੜਕਾਂ ਬਣਾ ਦਿਆਂਗੇ’। ਪੰਡਾਲ ’ਚ ਸਭ ਵੱਖੀਆਂ ਫੜ ਕੇ ਬੈਠ ਗਏ। ਜਿਹੋ ਜੇਹੀ ਕੋਕੋ, ਓਹੋ ਜੇਹੇ ਬੱਚੇ। ਰਾਜ ਭਾਗ ਨੂੰ ਰੱਬ ਚੇਤੇ ਨਹੀਂ। ਸਾਢੇ ਚਾਰ ਹੱਥ ਸੀਮਾ ਤਾਂ ਦੂਰ ਦੀ ਗੱਲ। ਮਨਜੀਤ ਧਨੇਰ ਕਾਹਦਾ ਜੇਲ੍ਹ ’ਚੋਂ ਬਾਹਰ ਆਇਐ, ਛੱਜੂ ਰਾਮ ਦੇ ਕਿਤੇ ਪੱਬ ਨਹੀਂ ਲੱਗ ਰਹੇ। ਵੱਟ ਖਾ ਗਿਆ ਹੈ, ਨਾਲੇ ਸਣ ਦੇ ਰੱਸੇ ਵੱਟੀ ਜਾ ਰਹੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪੰਜਾਬੀ ਫੱਟੜ ਵੀ ਨੀ ਮਾਣ, ਦਿਲ ਨਾ ਹੌਲਾ ਕਰੋ। ਛੱਡ ਦਿਓ ਜੈਕਾਰੇ ਤੇ ਚੁੱਕ ਲਓ ਰੱਸੇ। ਜਦੋਂ ਧੂਹੋਂਗੇ, ਫਿਰ ਦੇਖਿਓ, ਕੁਰਸੀ ਦੀ ਪਦੀੜ ਪੈਂਦੀ।

2 comments: