Sunday, November 3, 2019

                        ਵਿਚਲੀ ਗੱਲ
             ਭਾਈ ਲਾਲੋ, ਬੂਹਾ ਖੋਲ੍ਹ !
                        ਚਰਨਜੀਤ ਭੁੱਲਰ
ਬਠਿੰਡਾ : ਲੰਘ ਆ ਬਾਬਾ, ਬੂਹੇ ਤਾਂ ਖੁੱਲ੍ਹੇ ਨੇ। ਖਿਦਮਤ ਕਿਵੇਂ ਕਰਾਂ, ਠੰਢੇ ਤਾਂ ਚੁੱਲ੍ਹੇ ਨੇ। ਕਿਵੇਂ ਝੱਲੇ ਨੇ ਦੁੱਖਾਂ ਦੇ ਸੇਕ, ਬੂਹਾ ਭੇੜ ਤੇ ਆਹ ਦੇਖ। ਬਾਬਾ! ਸੱਤ ਬੇਗਾਨੇ ਨਹੀਂ, ਤੇਰੇ ਕੁਝ ਤਾਂ ਲੱਗਦੇ ਹਾਂ। ਭੁੱਲ ਹੀ ਗਿਆ ਤੂੰ ਤਾਂ। ਚੰਗਾ ਫਿਰ ਤੂੰ ਹੀ ਦੱਸ, ਉਲਾਂਭੇ ਕਿਸ ਨੂੰ ਦੇਈਏ। ਅੌਹ ਮੰਜੇ ’ਤੇ ਬਾਪ ਪਿਐ। ਬਾਂਹ ਕੱਟੀ ਗਈ, ਰਿਕਸ਼ਾ ਇਕੋ ਹੱਥ ਚਲਾਇਆ। ਮਾਂ ਗੁਜ਼ਰ ਗਈ, ਛੋਟੇ ਨੂੰ ਢਾਬੇ ’ਤੇ ਲਾਇਐ। ਤੂੰ ਦੱਸ ਬਾਬਾ, ਕਿਵੇਂ ਅੱਜ ਰਾਹ ਭੁੱਲ ਆਇਆ। ਸੱਚ ਭੁੱਲ ਹੀ ਬੈਠਾ, ਬਾਬਾ ਤੇਰਾ 550ਵਾਂ ਪ੍ਰਕਾਸ਼ ਪੁਰਬ। ਮੁਬਾਰਕ ਹੋਵੇ..ਅੌਹ ਬਾਹਰ ਦੇਖ, ਪੰਥ ਤੇਰੇ ਦੀਆਂ ਗੂੰਜਾਂ। ਸੁਲਤਾਨਪੁਰ ਗੂੰਜਣ ਲਾ ਦਿੱਤੈ। ਅਮਰਿੰਦਰ ਕੋਲ ਸਰਕਾਰੀ ਖ਼ਜ਼ਾਨੈ। ਬਾਦਲਾਂ ਕੋਲ ਸ਼੍ਰੋਮਣੀ ਕਮੇਟੀ। ਯਮਲਾ ਜੱਟ ਗਾਉਂਦਾ ਮਰ ਗਿਆ। ‘ਸਤਿਗੁਰ ਨਾਨਕ ਆਜਾ, ਸੰਗਤ ਪਈ ਪੁਕਾਰਦੀ’। ਚੰਗਾ ਹੋਇਆ, ਤੂੰ ਅੱਜ ਆਇਐਂ। ਦੇਖ ਕਿਵੇਂ ਵੰਡ ਦਿੱਤੇ ਨੇ ਤੇਰੇ ਬਾਲੇ ਤੇ ਮਰਦਾਨੇ। ਬੋਲਣ ਤੋਂ ਪਹਿਲਾਂ ਹੀ ਜੇਲ੍ਹ ਵਿਖਾ ਦਿੰਦੇ ਨੇ ਅੱਜ ਦੇ ਬਾਬਰ। ਯੂਰਪੀ ਸੰਸਦ ਮੈਂਬਰ ਕੀ ਜਾਣਨ, ਕਿੰਨੀ ਮਨਹੂਸ ਏ ਕਸ਼ਮੀਰ ਵਾਦੀ ਦੀ ਸ਼ਾਂਤੀ। ਪਹਿਲੂ ਖਾਨ ਦਾ ਪਰਿਵਾਰ ਭੁਗਤ ਚੁੱਕੈ। ਹਜੂਮ ਹਰਲ ਹਰਲ ਕਰਦੇ ਫਿਰਦੇ ਨੇ। ਚੰਗਾ ਹੋਇਆ, ਤੂੰ ਭੇਸ ਵਟਾ ਕੇ ਆਇਐਂ। ਗ਼ਰੀਬਾਂ ਦੀ ‘ਮਨ ਦੀ ਬਾਤ’ ਕੌਣ ਸੁਣਦੈ, ਢਿੱਡ ਭਰੇ ਪਏ ਨੇ। ਹਾਕਮ ਚੀੜ੍ਹੇ ਬੜੇ ਨੇ, ਭਰੇ ਪੀਤੇ ਬੈਠੇ ਹਾਂ। ਏਨੇ ਲਿਫੇ ਹਾਂ, ਕੁੱਬ ਪੈ ਗਏ ਨੇ। ਪਤਾ ਨਹੀਂ, ਕਦੋਂ ਲੱਤ ਰਾਸ ਆਊ।
                 ਤੂੰ ਕਿਰਤ ਤੇ ਵੰਡ ਛਕਣ ਦਾ ਹੋਕਾ ਦਿੱਤਾ। ਬਾਬਾ, ਆ ਦਿਖਾਵਾਂ, ਤੈਨੂੰ ਤੇਰੇ ਲਾਲੋ, ਕਿਵੇਂ ਰੁਲਦੇ ਨੇ। ਢੋਲੇ ਦੀਆਂ ਮਲਕ ਭਾਗੋ ਲਾ ਰਹੇ ਨੇ। ਹੁਣ ਚੁੱਪ ਕਰ ਕੇ ਦੇਖਣਾ ਤੇ ਸੁਣਨਾ। ਪ੍ਰਕਾਸ਼ ਸਿੰਘ ਤੇ ਗੁਰਦਾਸ ਸਿੰਘ ਦੀ ਸੱਚੀ ਕਹਾਣੀ, ਸਭ ਤੋਂ ਪਹਿਲਾਂ। ਦੋਵੇਂ ਸਕੇ ਭਰਾ ਜਿਵੇਂ ਰਾਮ-ਲਛਮਣ ਦੀ ਜੋੜੀ। ਹਲ਼ ਤਾਂ ਨਹੀਂ ਵਾਹਿਆ, ਟਰੈਕਟਰ ਚਲਾਇਆ। ਬੁਰਾ ਵਕਤ ਆਇਆ। ਸੁਰ-ਲੈਅ ਜ਼ਿੰਦਗੀ ਦੀ ਗੁਆਚ ਗਈ। ਇਸੇ ਵਰ੍ਹੇ ਪ੍ਰਕਾਸ਼ ਸਿੰਘ ਖ਼ੁਦਕੁਸ਼ੀ ਕਰ ਗਿਆ। ਤਿੰਨ ਲੱਖ ਦੇ ਕਰਜ਼ੇ ’ਚ ਅਨਮੋਲ ਜਨਮ ਗੁਆ ਬੈਠਾ। ਪਿੰਡ ਝਲੂਰ (ਸੰਗਰੂਰ) ਦੇ ਪ੍ਰਕਾਸ਼ ਸਿੰਘ ਦੇ ਚਾਰ ਬੱਚੇ ਹੁਣ ਕਿੱਧਰ ਜਾਣ। ਕਿਰਤ ਦੇ ਸੱਚੇ ਸੇਵਕ ਬਣੇ, ਖੇਤ ਰਾਸ ਨਾ ਆਏ। ਅਮਰਿੰਦਰ ਸਿਓਂ ਕਿਹੜਾ ਬਾਜ਼ ਆਇਐ। ਢਾਈ ਵਰ੍ਹਿਆਂ ਦਾ ਹਾਲ ਦੇਖੋ। ਦੋ ਦਿਨਾਂ ’ਚ ਅੌਸਤਨ ਤਿੰਨ ਕਿਸਾਨ/ਮਜ਼ਦੂਰ ਖ਼ੁਦਕੁਸ਼ੀ ਕਰਦੇ ਨੇ। ਖੇਤਾਂ ਦੇ ਪ੍ਰਕਾਸ਼, ਖ਼ੁਦਕੁਸ਼ੀ ਦੇ ਰਾਹ ਪਏ ਨੇ, ਗੁਰਦਾਸ ਉਦਾਸੀ ਦੇ ਝੰਬੇ ਨੇ। ਭੁਲੇਖਾ ਨਾ ਖਾ ਜਾਈਂ, ਪਿੰਡ ਬਾਦਲ ਵਾਲੇ ‘ਦਾਸ’ ਤੇ ‘ਪਾਸ਼’ ਵਾਲੇ ਭਾਗ ਤੇਰੇ ਲਾਲੋ ਦੇ ਕਿੱਥੇ। ਬਾਦਲਾਂ ਦੇ ਘਰ ਕਾਹਦਾ ਘਾਟਾ। ਆਖਦੇ ਨੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ।
               ਵਿਛੜੇ ਧਾਮਾਂ ਦੇ ਦਰਸ਼ਨ ਜ਼ਰੂਰ ਕਰਾਂਗੇ। ਪਾਕਿ 20 ਡਾਲਰ ਫ਼ੀਸ ਮੁਆਫ਼ ਕਰੇ। ਬੀਬਾ ਹਰਸਿਮਰਤ ਬਾਦਲ ਨੇ ਵੀ ਆਖਿਐ। ‘ਉੱਡਦੇ ਪੰਛੀ’ ਦਾ ਇਸ਼ਾਰਾ ਸਮਝੋ। ਆਖ ਰਿਹੈ, ਬੀਬਾ ਜੀ, ਤੁਸੀਂ ਵੀ ਦਸਵੰਧ ਕੱਢੋ। ਚਲਾ ਦਿਓ ਅੌਰਬਿਟ ਬੱਸਾਂ ਮੁਫ਼ਤ ’ਚ। ਸਿਰਫ਼ ਦਸ ਦਿਨ ਸੰਗਤ ਲਈ। ਕਰੋ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ। ਨਾਲੇ ਪੁੰਨ ਨਾਲੇ ਫਲੀਆਂ। ਸ਼੍ਰੋਮਣੀ ਕਮੇਟੀ ਦਾ ਖ਼ਜ਼ਾਨਾ ਫਲਣਾ ਨਹੀਂ। ਦੱਸਦੇ ਨੇ, ਚੰਡੀਗੜ੍ਹ ਨੇੜੇ ਅਮਰਿੰਦਰ ਨੇ ਵੀ ਵੱਡਾ ਘਰ ਬਣਾਇਆ। ਹੁਣ ਵੱਡਾ ਦਿਲ ਵੀ ਦਿਖਾਵੇ। ਸੰਗਤ ਜਦੋਂ ਸੁਲਤਾਨਪੁਰ ਲੋਧੀ ਜਾਂਦੀ ਐ। ਰਸਤੇ ’ਚ ਬੜੇ ਟੌਲ ਪੈਂਦੇ ਨੇ। ਸਰਕਾਰੀ ਖ਼ਜ਼ਾਨੇ ਨੂੰ ਛੱਡੋ, ਮਹਿਲਾਂ ਦੀ ‘ਨੇਕ ਕਮਾਈ’ ਕਦੋਂ ਕੰਮ ਆਊ। ਜੇਬ ’ਚੋਂ ਭਰ ਦਿਓ ਟੌਲ। ਖੱਟੋ ਸੰਗਤ ਦਾ ਜਸ। ਬਾਬਾ ਤੂੰ ਤਾਂ ਤੇਰਾ ਤੇਰਾ ਤੋਲਿਆ। ਸੁਲਤਾਨਪੁਰ ’ਚ ਹੁਣ ਤੈਨੂੰ ਤੋਲਣਗੇ। ਦੋ ਸਟੇਜਾਂ ਐਵੇਂ ਨਹੀਂ ਸਜੀਆਂ। ਪੂਰੀ ਟਿੱਲ ਲਾਉਣਗੇ, ਆਖਣਗੇ ਸਾਥੋਂ ਬਿਨਾਂ ਬਾਬੇ ਦਾ ਕੋਈ ਕੁਝ ਨਹੀਂ ਲੱਗਦਾ। ਲੁਧਿਆਣੇ ਵਾਲਾ ਜਸਵੰਤ ਜ਼ਫ਼ਰ ਪੁੱਛਦੈ ਕਿ ਫਿਰ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’। ਹੁਣ ਦਿਓ ਜਵਾਬ। ਤਾਨਪੁਰ ਲੋਧੀ ਵਾਲਾ ਅਸ਼ਵਨੀ ਡਰਿਐ। ਮਜ਼ਦੂਰ ਅਸ਼ਵਨੀ ਕੋਲ ਇਕੋ ਕਮਰੈ। ਨਾ ਕੋਈ ਬੂਹਾ ਤੇ ਨਾ ਖਿੜਕੀ। ਕਦੋਂ ਡਿੱਗ ਪਏ, ਰੱਬ ਜਾਣਦੈ। ਜ਼ਿੰਦਗੀ ਦਾਅ ’ਤੇ ਲਾਈ ਐ, ਦਿਹਾੜੀ ਲੱਗਦੀ ਨਹੀਂ। ਜੁਆਬ ਕਿੱਥੋਂ ਦਿਆਂ।
            ਇੱਥੋਂ ਦੇ ਮਹਿਰਾ ਮਹੱਲੇ ਚੱਲਦੇ ਹਾਂ। ਵਿਧਵਾ ਕੌਸ਼ੱਲਿਆ ਕੋਲ ਆਪਣੀ ਛੱਤ ਨਹੀਂ। ਵਿਧਵਾ ਊਸ਼ਾ ਕੋਲ ਵਸੀਲਾ ਨਹੀਂ। ਪਿੰਡ ਬਾਦਲ ਵਾਲੇ ਮੰਗੂ ਦਾ ਹਾਲ ਵੀ ਇਹੋ ਹੈ। ਪੰਜਾਬ ਦੇ ਪਤਾ ਨਹੀਂ ਕੌਣ ਮੱਥੇ ਲੱਗਿਐ। ਜਦੋਂ ਗ੍ਰਹਿਣ ਲੱਗਾ ਹੋਵੇ, ਉਦੋਂ ਗ੍ਰਹਿ ਟਲਦੇ ਨਹੀਂ। ਚਾਹੇ ਪੰਜਾਬ ਦੇ ਸਿਰੋਂ ਲੱਖ ਕੌੜੀਆਂ ਮਿਰਚਾਂ ਵਾਰੋ। ਬਾਬਾ, ਤੂੰ ਤਾਂ ਵਲੀਆਂ ਦੇ ਵਲ ਕੱਢੇ। ਮਜ਼੍ਹਬਾਂ ਦੀ ਵਿੱਥ ਤੋੜੀ, ਕੁੜੱਤਣਾਂ ਦੀ ਵਲਗਣ। ਨਰਿੰਦਰ ਮੋਦੀ ਦੇ ਖ਼ਾਨੇ ਫਿਰ ਨਹੀਂ ਪੈਂਦੀ। ਪੈਰਾਂ ’ਤੇ ਪਾਣੀ ਅਮਿਤ ਸ਼ਾਹ ਨਹੀਂ ਪੈਣ ਦਿੰਦਾ। ਇਕੱਠ ਸਾਧ ਦੀ ਭੂਰੀ ’ਤੇ ਹੋਇਆ ਹੈ। ਸਿਆਣੇ ਆਖਦੇ ਨੇ ਮੁਸੀਬਤ ਕਦੇ ਕੱਲਿਆਂ ਨਹੀਂ ਆਉਂਦੀ। ਮੋਦੀ 9 ਨਵੰਬਰ ਨੂੰ ਸੁਲਤਾਨਪੁਰ ਆਉਣਗੇ। ਬਾਬੇ ਦੇ ਗ੍ਰਹਿਸਥੀ ਸਬਕ ਨੂੰ ਜ਼ਰੂਰ ਪੱਲੇ ਬੰਨ੍ਹਣ। ਪੰਜਾਬ ਦੇ ਲਾਲੋ ਆਖਦੇ ਨੇ, ਸਾਡੇ ਕੁਝ ਨਹੀਂ ਪੱਲੇ। ਇਮਰਾਨ ਭਾਅ ਬਖ਼ਸ਼ਦੈ, ਕਾਂਗਰਸੀ ਆਖਦੇ ਨੇ, ਨਵਜੋਤ ਸਿੱਧੂ ਦੇ ਕੁਝ ਨਹੀਂ ਪੱਲੇ। ਸੋਚਾਂ ’ਚ ਕੇਜਰੀਵਾਲ ਪਿਐ, ਅਖੇ ਪੰਜਾਬ ’ਚ ਕਾਠ ਦੀ ਹਾਂਡੀ ਕਿਵੇਂ ਚੜ੍ਹੂ। ਲੋਕਾਂ ਦਾ ਦਿਨ ਕਦੋਂ ਚੜ੍ਹੂ, ਬਾਬਾ ਸਾਨੂੰ ਤਾਂ ਏਹ ਦੱਸ। ਖੇਤੋਂ ਸੁੱਖ ਦਾ ਬੁੱਲਾ ਆਉਂਦੈ ਤਾਂ ਬਿਮਾਰੀ ਦਾ ਵਰੋਲਾ ਦੱਬ ਲੈਂਦੈ। ਪੰਜਾਬ ’ਚ ਕੈਂਸਰ ਨਾਲ 1.09 ਲੱਖ ਮੌਤਾਂ ਹੋਈਆਂ ਨੇ ਲੰਘੇ ਅੱਠ ਸਾਲਾਂ ਵਿਚ। ਹੁਣ ਪੰਜਾਬ ਅੱਠੋ ਅੱਠ ਨਹੀਂ ਮਾਰਦਾ।
                 ਸ਼ੁਕਰ ਐ ਬਾਬਾ, ਤੂੰ ਭਲੇ ਵੇਲੇ ਲੰਗਰ ਚਲਾ ਦਿੱਤਾ। ਕੋਈ ਜੀਅ ਭੁੱਖਾ ਨਹੀਂ ਸੌਂਦਾ। ਮਲਕ ਭਾਗੋ ਨੂੰ ਰੱਜ ਫਿਰ ਨਹੀਂ ਆਉਂਦਾ। ਸੁਖਜੀਤ ਸਿੰਘ ਨੂੰ ਵੱਜ ਨੇ ਮਾਰ ਦਿੱਤਾ। ਪਹਿਲਾਂ ਕੁਦਰਤ ਨੇ ਪ੍ਰੀਖਿਆ ਲਈ। ਹੁਣ ਅਮਰਿੰਦਰ ਲੈ ਰਿਹਾ। 60 ਦਿਨਾਂ ਤੋਂ ਸੰਗਰੂਰ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਐ। ਈਟੀਟੀ/ਟੈੱਟ ਪਾਸ ਹੈ। ਸਵਾ ਮਹੀਨਾ ਪਹਿਲਾਂ ਘਰ ਧੀ ਜਨਮੀ। ਹਾਲੇ ਮੂੰਹ ਨਹੀਂ ਦੇਖ ਸਕਿਆ। ਜਸਵੀਰ ਕੌਰ ਵੀ ਟੈਂਕੀ ’ਤੇ ਹੈ। ਮਾਂ ਦਾ ਅਪਰੇਸ਼ਨ ਹੋਇਐ, ਮੱਝ ਵੇਚਣੀ ਪਈ। ਜਦੋਂ ਅਰਮਾਨ ਗਿਰਵੀ ਰੱਖਣੇ ਪੈ ਜਾਣ, ਉਦੋਂ ਸਮਝ ਲਓ ਕਿ ਪੰਜਾਬ ਨੂੰ ਬਾਈਪਾਸ ਸਰਜਰੀ ਦੀ ਲੋੜ ਐ। ਗ਼ਰੀਬ ਆਖਦੇ ਨੇ ਸਾਨੂੰ ਆਟੇ ਦਾਲ ਦੀ ਨਹੀਂ, ਬਜ਼ੁਰਗ ਆਖਦੇ ਨੇ ਸਾਨੂੰ ਪੈਨਸ਼ਨ ਦੀ ਨਹੀਂ, ਧੀਆਂ ਆਖਦੀਆਂ ਨੇ ਸਾਨੂੰ ਸ਼ਗਨ ਦੀ ਨਹੀਂ, ਕਿਸਾਨ ਆਖਦੇ ਨੇ ਸਾਨੂੰ ਮੁਫ਼ਤ ਪਾਣੀ ਦੀ ਨਹੀਂ, ਕੁੜੀਆਂ ਆਖਦੀਆਂ ਨੇ ਸਾਨੂੰ ਸਾਈਕਲਾਂ ਦੀ ਨਹੀਂ, ਸਭ ਕਾਸੇ ਦੀ ਕੋਈ ਲੋੜ ਨਹੀਂ। ਸਾਨੂੰ ਤਾਂ ਮੌਕਿਆਂ ਤੇ ਸੁਖਾਵੇਂ ਹਾਲਾਤ ਦੀ ਲੋੜ ਹੈ, ਜਿਨ੍ਹਾਂ ’ਚ ਕਿਸੇ ਅੱਗੇ ਹੱਥ ਅੱਡਣੇ ਹੀ ਨਾ ਪੈਣ। ਪਿਆਰੇ ਲੋਕ ਰਾਜ, ਠੂਠਾ ਘੁੱਟ ਕੇ ਫੜ। ਕਿਤੇ ਕੋਈ ‘ਚਿੱਟੇ’ ਦਾ ਭੰਨਿਆ ਖੋਹ ਕੇ ਹੀ ਨਾ ਲੈ ਜਾਵੇ। ਬਾਬਾ, ਨਾਮ ਦੀ ਖੁਮਾਰੀ ਨੂੰ ਇਨ੍ਹਾਂ ਨੇ ਗਲੀਆਂ ’ਚ ਰੋਲ ਦਿੱਤੈ। ਸਭ ਸਿਆਸੀ ਠੂੰਹੇ ਨੇ। ਪੰਜਾਬ ਦਾ ਅੰਗ ਅੰਗ ਡੰਗਿਆ ਪਿਐ। ਇਨ੍ਹਾਂ ਨੇ ਤਾਂ ਵੇਈਂ ਨਹੀਂ ਬਖ਼ਸ਼ੀ। ਸੀਚੇਵਾਲ ਪਿੱਟ ਰਿਹੈ, ਕੋਈ ਸੁਣਦੈ।
               ਬਾਬਾ! ਦੇਖ, ਕਿਵੇਂ ਬੀਬੇ ਬੱਚੇ ਬਣੇ ਨੇ। ਪੰਡਾਲ ਸਜਾ ਰਹੇ ਨੇ। ਦੇਖੀ ਜਾਈਂ, ਏਦਾਂ ਗੱਲ ਕਰਨਗੇ ਜਿਵੇਂ ਉਹੀ ਤੇਰੇ ਸੱਚੇ ਵਾਰਸ ਨੇ। ਬਾਬਾ ਤੇਰੀ ਸੋਚ ਤਾਂ ਅੱਜ ਵੀ ਸਫ਼ਰ ’ਤੇ ਹੀ ਹੈ। ਕੋਈ ਗ਼ਦਰੀ ਬਾਬਿਆਂ ਨੂੰ ਯਾਦ ਕਰ ਰਿਹੈ। ਕੋਈ 34 ਦਿਨਾਂ ਤੋਂ ਬਰਨਾਲੇ ਜੇਲ੍ਹ ਅੱਗੇ ਡਟਿਐ। ਧੰਨ ਐ ਬਾਬਾ, ਏਨੇ ਠਰ੍ਹੰਮੇ ਨਾਲ ਸੁਣਦਾ ਰਿਹਾ, ਦੇਖਦਾ ਰਿਹਾ। ਆਖ਼ਰ ਬਾਬੇ ਨੇ ਵੀ ਮੱਥੇ ’ਤੇ ਹੱਥ ਮਾਰਿਐ। ਘਰ ਦੀ ਫਿਜ਼ਾ ਗੂੰਜ ਉੱਠੀ ‘ਕੂੜ ਨਿਖੁਟੇ ਨਾਨਕਾ, ੳੜਕਿ ਸਚਿ ਰਹੀ‘। ਕਿਸੇ ਨੇ ਹਜੂਮ ਨੂੰ ਖ਼ਬਰ ਕਰ ਦਿੱਤੀ। ਸੁਲਤਾਨਪੁਰ ਦੇ ਕਿਸੇ ਘਰ ’ਚ ਕੋਈ ਦੇਸ਼ ਵਿਰੋਧੀ ਘੁਸਿਆ। ਭੜਕੇ ਹਜੂਮ ਨੇ ਘਰ ਵੱਲ ਜ਼ੋਰ ਦੀ ਪੱਥਰ ਚਲਾ ਦਿੱਤੇ। ਜਿਉਂ ਹੀ ਪੱਥਰ ਵੱਜਿਆ, ਉੱਚੀ ਚੀਕ ਮਾਰੀ, ਇਕਦਮ ਮੰਜੇ ਤੋਂ ਉੱਠ ਕੇ ਬੈਠਾ ਹੋ ਗਿਆ। ਬਾਪੂ ਬੋਲਿਆ, ਪੁੱਤ ਛੱਜੂ ਰਾਮਾਂ, ਹਟ ਜਾ ਦਿਨੇ ਸੁਫ਼ਨੇ ਦੇਖਣੋਂ। ਜਾਹ ਮੂੰਹ ਧੋ ਲੈ, ਤੂੰ ਵੀ ਮੱਥਾ ਟੇਕ ਆ..। ਆਪੇ ਭਲੀ ਕਰੂ ਕਰਤਾਰ।

3 comments:

  1. America, Canada, UK ਦੇ constitution ਲਿਖਣ ਵਾਲਿਆ ਨੂ ਤਾ ਬਾਬੇ ਦੀ ਸਮਝ ਆ ਗਈ ਪਰ - ਜਿਹੜੇ ਝੰਡਾ ਬਰਦਾਰ ਹਨ ਆਵਦੇ ਆਪ ਨੂ ਸਿਖ ਅਖਵਾਓਨ ਵਾਲੇ - ਜੇ ਉਨਾ ਨੂ ਆਈ ਹੁੰਦੀ ਤਾ ਓਹ ਨਾ ਪੰਜਾਬ ਨੂ ਕੈਲੀਫ਼ੋਰਨਿਆ ਬਣਾ ਲੈਂਦੇ - ਜੋ ਇਸਲਾਮਾਬਾਦ ਤੇ ਦਿਲੀ ਕਦੇ ਸਿਖਾ ਦੇ ਥਲੇ ਹੁੰਦੀ ਸੀ - ਅਜ ਆਵਦਾ ਘਰ ਦੇਖਣ ਲਈ ਉਨਾ ਤੋ ਹੀ visa ਮੰਗੀ ਜਾਂਦੇ ਹਨ -
    Until the Partition of Punjab in 1947, the Punjab Province encompassed the present-day Indian states and union territories of Punjab, Haryana, Himachal Pradesh, Chandigarh, and Delhi; and the Pakistani provinces of Punjab and Islamabad Capital Territory. It bordered the Balochistan and Pashtunistan regions to the west, Kashmir to the north, the Hindi Belt to the east, and Rajasthan and Sindh to the south.

    https://en.wikipedia.org/wiki/Punjab

    ReplyDelete
    Replies
    1. "ਵਿਛੜੇ ਧਾਮਾਂ ਦੇ ਦਰਸ਼ਨ ਜ਼ਰੂਰ ਕਰਾਂਗੇ।"..........ਜਦੋ ਵਿਛੜਨ ਲਗੇ ਸੀ - ਉਦੋ ਚਲਾਕ ਹਿੰਦੂ ਤੇ ਮੁਸਲਮਾਨ ਤਾ ਜਾਗਦਾ ਸੀ - ਸਿਖ ਕਿਧਰ ਸੁਤੇ ਪੇ ਸੀ - ਆਵਦਾ ਘਰ ਬਾਰ ਉਦਰੋ ਤੇ ਇਧਰੋ ਛਡ ਕੇ ਆਪ ਕੋਈ ਘਰ ਦੀ ਮੰਗ ਨਹੀ ਕੀਤੀ - ਬਲੇ ਸ਼ੇਰੋ - ਇਸਰਾਇਲ ਵੀ ਤੁਹਾਡੋ ਤੋ ਸਿਆਣਾ - ਜਿਹੜਾ ਮਾਰੂ ਧਰਤੀ ਹੀ ਲੈ ਕੇ ਵਸਾ ਲਈ - ਆਵਦਾ ਘਰ ਤਾ ਆਵਦਾ ਘਰ ਹੀ ਹੁੰਦਾ - ਬਾਬਾ ਇਹੀ ਪੁਛੇਗਾ - ਜੋ ਉਸ ਨੇ ਸਿਖਾ ਨੇ ਕੁਰਬਾਨੀਆ ਦਿਤੀਆ - ਉਨਾ ਦਾ ਮੁਲ ਉਸ ਦੇ ਪੈਰੋਕਾਰਾ ਨੇ ਕੀ ਦਿਤਾ

      Delete
  2. "ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ"
    ਬਾਬਾ ਇਹ ਵੀ ਪੁਛੇਗਾ - ਤੁਸੀਂ ਗੁਰਬਾਣੀ ਨੂ ਪੜ ਪੜ ਕੇ ਗਡੀਆ ਹੀ ਲਦੀਆ - ਰਟੇ ਹੀ ਲਾਏ ਕਿ ਕੰਨ ਵਿਚ ਕੁਝ ਪਿਆ - ਜੇ ਪਿਆ ਹੁੰਦਾ ਤਾ ਇਹ ਹਾਲ ਨਹੀ ਹੋਣਾ ਸੀ - ਫਿਰ ਆਵਦਾ ਘਰ ਛਡ ਕੇ ਬਾਹਰ ਧਕੇ ਨਹੀ ਖਾਣੇ ਪੈਣੇ ਸੀ -

    ReplyDelete