Friday, January 29, 2021

                                                        ਭੈਣਾਂ ਦੀ ਵੰਗਾਰ
                                     ਭਰਾਵੋ! ਜੇ ਜ਼ਮੀਰ ਹੈ ਤਾਂ ਦਿੱਲੀ ਆਜੋ..
                                                         ਚਰਨਜੀਤ ਭੁੱਲਰ                    

ਚੰਡੀਗੜ੍ਹ : ਕਿਸਾਨੀ ਘੋਲ ਦੀ ਢਾਲ ਹੁਣ ਭੈਣਾਂ ਵੀ ਬਣੀਆਂ ਹਨ ਜਨ੍ਹਿਾਂ ਪੰਜਾਬ ਬੈਠੇ ਭਰਾਵਾਂ ਨੂੰ ਮਿਹਣਾ ਮਾਰਿਆ ਹੈ। ਕਿਸਾਨੀ ਸੰਘਰਸ਼ ’ਤੇ ਔਖ ਦੇ ਸਮੇਂ ’ਚ ਬੀਬੀਆਂ ਨੇ ਮੋਰਚੇ ਸੰਭਾਲੇ ਹਨ। ਦਿੱਲੀ ਮੋਰਚੇ ਤੋਂ ਅੱਜ ਹਰਿਆਣਾ ਦੇ ਦਰਜਨਾਂ ਪਿੰਡਾਂ ਵਿਚ ਔਰਤਾਂ ਨੇ ਲਾਮਬੰਦੀ ਕੀਤੀ ਹੈ। ਦਿੱਲੀ ਸਰਹੱਦ ’ਤੇ ਵਾਹਨਾਂ ਉਪਰ ਅੱਜ ਔਰਤਾਂ ਨੇ ਸਪੀਕਰ ਬੰਨ੍ਹ ਲਏ ਹਨ ਜਨ੍ਹਿਾਂ ਨੇ ਪ੍ਰਚਾਰ ਲਈ ਹਰਿਆਣਵੀਂ ਪਿੰਡਾਂ ਵਿਚ ਚਾਲੇ ਪਾਉਣੇ ਹਨ। ਹਰਿਆਣਵੀ ਕਿਸਾਨ ਵੀ ਪੰਜਾਬੀ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ। ਬਠਿੰਡਾ ਦੀ ਭੈਣ ਰੁਪਿੰਦਰ ਕੌਰ ਆਪਣੇ ਦੋ ਬੱਚਿਆਂ ਸਮੇਤ ਟਿਕਰੀ ਸਰਹੱਦ ’ਤੇ ਬੈਠੀ ਹੈ। ਉਸ ਨੇ ਅੱਜ ਵਾਪਸ ਮੁੜਨਾ ਸੀ ਪ੍ਰੰਤੂ ਉਸ ਨੇ ਘੋਲ ’ਤੇ ਬਿਪਤਾ ਦੇ ਪਲਾਂ ਨੂੰ ਦੇਖਦੇ ਹੋਏ ਪੰਜਾਬ ਵਾਪਸ ਆਉਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ। ਉਹ ਅੱਜ ਮੋਰਚੇ ਵਿਚ ਊਰੀ ਵਾਂਗੂ ਘੁੰਮੀ ਤੇ ਪੰਜਾਬ ’ਚ ਫੋਨ ਘੁੰਮਾ ਦਿੱਤੇ। ਉਸ ਨੇ ਕਿਹਾ,‘‘ਜੇ ਭਰਾ ਹੁਣ ਵੀ ਘਰਾਂ ਵਿਚ ਬੈਠੇ ਰਹੇ ਤਾਂ ਵਿਰਸਾ ਲਾਹਣਤਾਂ ਪਾਏਗਾ।’’ ਉਹ ਆਖਦੀ ਹੈ,‘‘ਭਰਾਵੋਂ! ਜੇ ਜ਼ਮੀਰ ਹੈ ਤਾਂ ਦਿੱਲੀ ਪਹੁੰਚੋ।’’ 

              ਕਿਸਾਨੀ ਪੰਡਾਲਾਂ ’ਚ ਅੱਜ ਔਰਤਾਂ ਦੇ ਇਕੱਠ ਵੀ ਜੁੜੇ ਹਨ। ਪਟਿਆਲਾ ਦੇ ਪਿੰਡ ਬਰਾਸ ਦੀ ਗੁਰਪ੍ਰੀਤ ਕੌਰ ਦੱਸਦੀ ਹੈ ਕਿ ਉਨ੍ਹਾਂ ਅੱਜ ਕਾਫਲੇ ’ਚ ਮਾਰਚ ਕੀਤਾ ਅਤੇ ਸਭ ਬੰਨਿਓ ਕਿਸਾਨ ਚੜ੍ਹਦੀ ਕਲਾ ਵਿਚ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਹਕੂਮਤੀ ਖੌਫ਼ ’ਚੋਂ ਸਭ ਉੱਭਰੇ ਹਨ। ਇਵੇਂ ਹੀ ਜ਼ਲ੍ਹਿਾ ਸਿਰਸਾ ਦੇ ਕਾਲਿਆਂ ਵਾਲੀ ਮੰਡੀ ਦੀ ਭੈਣ ਦਰਸ਼ਨ ਕੌਰ ੫੨ ਦਿਨਾਂ ਤੋਂ ਮੋਰਚੇ ’ਚ ਡਟੀ ਹੋਈ ਹੈ। ਉਸ ਦੇ ਪਰਿਵਾਰ ਵਾਲਿਆਂ ਨੇ ਵਾਪਸ ਆਉਣ ਲਈ ਜਦੋਂ ਕਿਹਾ ਤਾਂ ਉਸ ਨੇ ਜਵਾਬ ਦੇ ਦਿੱਤਾ। ਉਹ ਆਖਦੀ ਹੈ ਕਿ ਕਿਸਾਨੀ ਘੋਲ ਲਈ ਅਸਲ ਪਰਖ ਦਾ ਸਮਾਂ ਤਾਂ ਹੁਣ ਹੈ। ਉਹ ਇਸ ਮੌਕੇ ਕਿਵੇਂ ਪਿੱਠ ਦਿਖਾ ਜਾਵੇ। ਉਸ ਨੇ ਕਿਹਾ ਕਿ ‘ਵੀਰੋਂ, ਹੁਣ ਡਰ ਕੇ ਘਰਾਂ ’ਚ ਬੈਠ ਗਏ ਤਾਂ ਆਉਣ ਵਾਲੀ ਪੀੜ੍ਹੀਆਂ ਅੱਗੇ ਸ਼ਰਮਸਾਰ ਹੋਵੋਗੇ।’ ਪਤਾ ਲੱਗਾ ਹੈ ਕਿ ਅੱਜ ਦਿੱਲੀ ਤੋਂ ਸਵੇਰ ਵਕਤ ਤੁਰੇ ਕਈ ਟਰੈਕਟਰਾਂ ਵਾਲੇ ਉਦੋਂ ਦਿੱਲੀ ਵੱਲ ਮੁੜ ਪਏ ਜਦੋਂ ਪਿਛੋਂ ਮੋਰਚੇ ’ਚੋਂ ਭੈਣਾਂ ਨੇ ਫੋਨ ਖੜਕਾ ਦਿੱਤੇ। 

             ਅੰਮ੍ਰਿਤਸਰ ਦੀ ਭੈਣ ਦਲਜੀਤ ਕੌਰ ੨੭ ਨਵੰਬਰ ਤੋਂ ਕਿਸਾਨ ਮੋਰਚੇ ’ਚ ਕੁੱਦੀ ਹੋਈ ਹੈ। ਉਹ ਆਖਦੀ ਹੈ ਕਿ ਪੰਜਾਬ ਲਈ ਹੁਣ ਇਹ ਪ੍ਰੀਖਿਆ ਹੈ। ਉਸ ਨੇ ਕਿਹਾ ਕਿ ਅੱਜ ਪੈਲੀਆਂ ਨੂੰ ਹੱਥ ਪਊ, ਭਲਕ ਨੂੰ ਘਰਾਂ ਨੂੰ ਹੱਥ ਪਾਉਣਗੇ। ਉਸ ਨੇ ਅਪੀਲ ਕੀਤੀ ਕਿ ਹਰ ਘਰ ’ਚੋਂ ਇੱਕ ਇੱਕ ਜੀਅ ਹੁਣ ਦਿੱਲੀ ਪੁੱਜੇ। ਪੰਜਾਬ ਦੇ ਪਿੰਡਾਂ ਵਿਚ ਹੁਣ ‘ਦਿੱਲੀ ਚੱਲੋ’ ਦੇ ਹੋਕੇ ਗੂੰਜਣ ਲੱਗ ਪਏ ਹਨ। ਸੰਕਟ ਦੇ ਮੌਕੇ ਹੁਣ ਬਰਨਾਲਾ ਜ਼ਲ੍ਹਿੇ ’ਚੋਂ ਇੱਕ ਅਧਿਆਪਕ ਜਥੇਬੰਦੀ ਨੇ ਦਿੱਲੀ ਮੋਰਚੇ ਵਿਚ ਜਾਣ ਦਾ ਫੈਸਲਾ ਕੀਤਾ ਹੈ। ਬਜ਼ੁਰਗ ਔਰਤਾਂ ਵੀ ਮਿਹਣੇ ਦੇਣ ਲੱਗ ਪਈਆਂ ਹਨ ਕਿ ਜੇ ਹੁਣ ਘੇਸਲ ਵੱਟ ਗਏ ਤਾਂ ਪੱਟੇ ਜਾਵਾਂਗੇ। ਪੰਜਾਬ ਦੇ ਪਿੰਡਾਂ ਵਿਚ ਮੁੜ ਇੱਕ ਜੋਸ਼ ਉੱਠਿਆ ਹੈ। ਕਿਸਾਨੀ ਘੋਲ ਲਈ ਹੁਣ ਮੋੜ ਤਿਲਕਵਾਂ ਹੈ। ਘੋਲ ਦੇ ਭਵਿੱਖ ਲਈ ਹੁਣ ਲੋਕ ਛੱਤਰੀ ਦੀ ਲੋੜ ਹੈ। ਸਕੂਲੀ ਵਿਦਿਆਰਥਣ ਹਸ਼ਨਪ੍ਰੀਤ ਕੌਰ ਆਖਦੀ ਹੈ ਕਿ ਕਿੰਝ ਖਾਲੀ ਮੁੜ ਜਾਈਏ। ਉਸ ਨੇ ਭਾਵੁਕ ਸੁਰ ’ਚ ਕਿਹਾ ਕਿ ਭਰਾਵੋਂ! ਜੇ ਹੁਣ ਨਾ ਦਿੱਲੀ ਪੁੱਜੇ ਤਾਂ ਕਿਹੜੇ ਮੂੰਹ ਨਾਲ ਗੁੱਟ ’ਤੇ ਰੱਖੜੀ ਬੰਨ੍ਹਾਵੋਗੇ।’ ਕਿਸਾਨ ਆਗੂ ਮੇਘ ਰਾਜ ਰੱਲਾ ਨੇ ਦੱਸਿਆ ਕਿ ਅੱਜ ਹਰਿਆਣਾ ਦੀਆਂ ਔਰਤਾਂ ਨੇ ਦਿੱਲੀਓਂ ਮੁੜ ਰਹੇ ਕੁਝ ਲੋਕਾਂ ਨੂੰ ਮਿਹਣਾ ਵੀ ਦਿੱਤਾ, ‘ਜੇ ਵਾਪਸ ਮੁੜਨਾ ਹੈ ਤਾਂ ਚੂੜੀਆਂ ਲੈ ਜਾਓ।’ 

                                     ਔਰਤਾਂ ਦੇ ਕਾਫਲੇ ਜਾਣਗੇ: ਹਰਗੋਬਿੰਦ ਕੌਰ

ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਜਥੇਬੰਦੀ ਦੀ ਹੰਗਾਮੀ ਮੀਟਿੰਗ ਬੁਲਾ ਲਈ ਹੈ ਤਾਂ ਜੋ ਕਿਸਾਨੀ ਘੋਲ ਦੀ ਮਦਦ ਲਈ ਦਿੱਲੀ ਵੱਲ ਚਾਲੇ ਪਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਲਈ ਹੁਣ ਪ੍ਰੀਖਿਆ ਦੇ ਪਲ ਹਨ ਜਿਸ ਕਰਕੇ ਉਹ ਔਖੇ ਸਮੇਂ ’ਤੇ ਕਾਫਲਿਆਂ ਦੇ ਰੂਪ ਵਿਚ ਦਿੱਲੀ ਜਾਣਗੇ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ 18 ਜਨਵਰੀ ਨੂੰ ਦਿੱਲੀ ਜਾ ਚੁੱਕੇ ਹਨ। ਪਤਾ ਲੱਗਾ ਹੈ ਕਿ ਹੋਰ ਵੀ ਕਈ ਮੁਲਾਜ਼ਮ ਧਿਰਾਂ ਵੱਲੋਂ ਪ੍ਰੋਗਰਾਮ ਉਲੀਕੇ ਜਾ ਰਹੇ ਹਨ। 

Thursday, January 28, 2021

                                                              ਕਿਸਾਨ ਘੋਲ
                                               ਏਹ ਵੇਲਾ ਮੁੜ ਕੇ ਉੱਠਣ ਦਾ..!
                                                              ਚਰਨਜੀਤ ਭੁੱਲਰ                 

ਚੰਡੀਗੜ੍ਹ : ਬਠਿੰਡਾ ਦੇ  ਪਿੰਡ ਮੰਡੀ ਕਲਾਂ ਦੀ ਮਾਂ ਬਲਜਿੰਦਰ ਕੌਰ ‘ਦਿੱਲੀ ਮੋਰਚਾ’ ’ਚ ਇਕਲੌਤਾ ਪੁੱਤ ਗੁਆ ਬੈਠੀ ਹੈ। ਉਹ ਹੁਣ ਵੀ ਦਿੱਲੀ ਦੇ ਰਾਹ ਵੇਖ ਰਹੀ ਹੈ। ਕਿਸਾਨ ਘੋਲ ਫਤਿਹ ਹੋ ਜਾਏ, ਦੋਵੇਂ ਹੱਥ ਜੋੜ ਇਹੋ ਅਰਦਾਸ ਕਰਦੀ ਹੈ। ਨਵੇਂ ਬਣੇ ਹਾਲਾਤ ਮਗਰੋਂ ਇਸ ਮਾਂ ਨੇ ਦਿੱਲੀ ਬੈਠੇ ਕਿਸਾਨਾਂ ਨੂੰ ਹੌਸਲਾ ਦਿੱਤਾ ਹੈ ਕਿ ‘ਸ਼ਹਾਦਤਾਂ ਅਜਾਈਂ ਨਾ ਜਾਣ, ਅਸੀਂ ਤੁਹਾਡੇ ਨਾਲ ਹਾਂ, ਦੇਖਿਓ ਕਿਤੇ ਦਿਲ ਸੁੱਟ ਜਾਇਓ।’  ਇਸ ਮਾਂ ਦਾ ਪੁੱਤ ਮਨਪ੍ਰੀਤ ਸਿੰਘ (24) ਵਰ੍ਹਿਆਂ ਦਾ ਸੀ। ਟਰੈਕਟਰ ਲੈ ਕੇ ਦਿੱਲੀ ਗਿਆ ਸੀ। ਉਸ ਦਾ ਤਾਬੂਤ ਮੁੜਿਆ। ਇਨ੍ਹਾਂ ਮਾਪਿਆਂ ਨੇ ਦਿੱਲੀ ਤੋਂ ਟਰੈਕਟਰ ਹਾਲੇ ਤੱਕ ਵਾਪਸ ਨਹੀਂ ਲਿਆਂਦਾ। ਬਲਜਿੰਦਰ ਕੌਰ ਆਖਦੀ ਹੈ ਕਿ ਪੁੱਤ ਚਲਾ ਗਿਆ ਤਾਂ ਕੀ ਹੋਇਆ, ਹੁਣ ਟਰੈਕਟਰ ਕਿਸਾਨ ਘੋਲ ’ਚ ਸੀਰ ਪਾ ਰਿਹਾ ਹੈ। ਉਸ ਨੇ ਦੁਆ ਕੀਤੀ ਕਿ ਹਰ ਪੁੱਤ ਜਿੱਤ ਕੇ ਸਹੀ ਸਲਾਮਤ ਮੁੜੇ।

         ਪਿੰਡ ਚਾਉਕੇ ਦਾ ਜਸ਼ਨਪ੍ਰੀਤ 18ਵੇਂ ਵਰ੍ਹੇ ਵਿੱਚ ਸੀ। ਦਿੱਲੀ ਮੋਰਚੇ ’ਚ 2 ਜਨਵਰੀ ਨੂੰ ਫੌਤ ਹੋ ਗਿਆ। ਇਕਲੌਤੇ ਪੁੱਤ ਦੀ ਲਾਸ਼ ਪਿੰਡ ਮੁੜੀ। ਮਾਂ ਬਲਜਿੰਦਰ ਕੌਰ ਆਖਦੀ ਹੈ ਕਿ ਕਿਸਾਨ ਜੰਗ ਜਿੱਤ ਕੇ ਮੁੜਨ ਤਾਂ ਸਭ ਗਮ ਭੁੱਲ ਜਾਣਗੇ। ਉਹ ਆਖਦੀ ਹੈ ਕਿ ਜਸ਼ਨਪ੍ਰੀਤ ਦੇ ਬੂਟ ਹਾਲੇ ਵੀ ‘ਦਿੱਲੀ ਮੋਰਚੇ’ ’ਚ ਹਨ। ਮਾਂ ਆਖਦੀ ਹੈ ਕਿ ਸਰਕਾਰੀ ਚਾਲਾਂ ਕਿਸਾਨਾਂ ਨੂੰ ਹਰਾ ਨਹੀਂ ਸਕਣਗੀਆਂ। ਉਸ ਦਾ ਕਹਿਣਾ ਸੀ ਕਿ ਪੁੱਤ ਚਲੇ ਗਏ ਤਾਂ ਕੀ ਹੋਇਆ, ਉਹ ਅੱਜ ਵੀ ਕਿਸਾਨ ਘੋਲ ’ਚੋਂ ਸਾਹ ਲੈਂਦੇ ਹਨ।ਉਸ ਨੇ ਅਪੀਲ ਕੀਤੀ ਕਿ ‘ਭਰਾਵੋਂ! ਸ਼ਹਾਦਤਾਂ ਦੇਣ ਵਾਲਿਆਂ ਦਾ ਖਿਆਲ ਰੱਖਿਓ, ਦਮ ਰੱਖਣਾ ਤੇ ਜਿੱਤ ਕੇ ਮੁੜਨਾ।’ ਇਹ ਮਾਂ ਆਖਦੀ ਹੈ ਕਿ ਜਿਗਰ ਦਾ ਟੋਟਾ ਖੁਸ ਜਾਵੇ, ਇਸ ਤੋਂ ਵੱਡਾ ਗਮ ਕੀ ਹੋ ਸਕਦਾ ਹੈ। ਇਹ ਵੀ ਆਖਿਆ ਕਿ ਦਿੱਲੀ ਗਏ ਕਿਸਾਨ ਹੁਣ ਸ਼ਹਾਦਤਾਂ ਨੂੰ ਚੇਤੇ ਕਰਕੇ ਜੰਗ ਲੜਨ, ਕੋਈ ਤਾਕਤ ਨਹੀਂ ਹਰਾ ਸਕੇਗੀ। ਮਾਨਸਾ ਜ਼ਲ੍ਹਿੇ ਦੇ ਪਿੰਡ ਫੱਤਾ ਮਾਲੋਕਾ ਦਾ 22 ਵਰ੍ਹਿਆਂ ਦਾ ਜਤਿੰਦਰ ਵੀ ‘ਦਿੱਲੀ ਮੋਰਚਾ’ ਵਿੱਚ ਸ਼ਹੀਦ ਹੋ ਗਿਆ।

            ਮਾਂ ਮਨਪ੍ਰੀਤ ਕੌਰ ਗੁੰਮ ਸੁੰਮ ਹੈ। ਇਹ ਮਾਂ ਕਦੇ ਪੁੱਤ ਦੇ ਟਰੈਕਟਰ ਦੀ ਸੀਟ ’ਤੇ ਸਿਰ ਸੁੱਟ ਰੋਣ ਲੱਗ ਜਾਂਦੀ ਹੈ ਅਤੇ ਕਦੇ ਪੁੱਤ ਦਾ ਕੋਟ ਚੁੱਕ ਕੇ ਗਲ ਨਾਲ ਲਾਉਂਦੀ ਹੈ। ਬਾਪ ਸੁਖਪਾਲ ਸਿੰਘ ਦੱਸਦਾ ਹੈ ਕਿ ਕੈਨੇਡਾ ਭੇਜਣਾ ਚਾਹਿਆ ਪ੍ਰੰਤੂ ਜਤਿੰਦਰ ਨੇ ਖੇਤੀ ਕਰਨ ਨੂੰ ਤਰਜੀਹ ਦਿੱਤੀ। ਸ਼ੌਕ ਨਾਲ ਟਰਾਲੀ ਬਣਾਈ ਜੋ ਦਿੱਲੀ ਮੋਰਚੇ ’ਚ ਲੈ ਕੇ ਗਿਆ। ਜਤਿੰਦਰ ਫੌਤ ਹੋ ਗਿਆ ਅਤੇ ਹੁਣ ਉਸ ਦੀ ਟਰਾਲੀ ‘ਕਿਸਾਨ ਮੋਰਚੇ’ ’ਚ ਸੀਰ ਪਾ ਰਹੀ ਹੈ। ਬਾਪ ਨੇ ‘ਦਿੱਲੀ ਮੋਰਚੇ’ ’ਚ ਡਟੇ ਕਿਸਾਨਾਂ ਦਾ ਹੌਸਲਾ ਬੰਨ੍ਹਿਆ ਅਤੇ ਕਿਹਾ ਕਿ ‘ਅਸੀਂ ਤੁਹਾਡੇ ਨਾਲ ਹਾਂ, ਪਿਛਾਂਹ ਨਾ ਹਟਣਾ।’ ਦੱਸਣਯੋਗ ਹੈ ਦਿੱਲੀ ਮੋਰਚੇ ਵਿੱਚ ਕਰੀਬ 162 ਕਿਸਾਨ ਜਾਨ ਗੁਆ ਬੈਠੇ ਹਨ, ਜਨ੍ਹਿਾਂ ’ਚ ਕਈ ਇਕਲੌਤੇ ਪੁੱਤ ਸਨ।ਮੁਕਤਸਰ ਦੇ ਪਿੰਡ ਗੰਧੜ ਦਾ ਕਿਸਾਨ ਇਕਬਾਲ ਸਿੰਘ ਦਿੱਲੀ ਮੋਰਚੇ ਤੋਂ ਘਰ ਟਰੈਕਟਰ ਲੈਣ ਆਇਆ, ਫੌਤ ਹੋ ਗਿਆ। ਉਸ ਦਾ ਬਿਸਤਰਾ ਅੱਜ ਵੀ ‘ਦਿੱਲੀ ਮੋਰਚੇ’ ’ਚ ਲੱਗਾ ਹੋਇਆ ਹੈ। ਪਤਨੀ ਗੁਰਮੀਤ ਕੌਰ ਖੁਦ ਬਿਮਾਰ ਹੈ ਅਤੇ ਆਖਦੀ ਹੈ ਕਿ ਜਦੋਂ ਕਿਸਾਨ ਦਿੱਲੀ ’ਚੋਂ ਜਿੱਤ ਕੇ ਮੁੜਨਗੇ, ਉਦੋਂ ਹੀ ਪਤੀ ਦੇ ਚਲੇ ਜਾਣ ਦਾ ਦੁੱਖ ਭੁੱਲੇਗਾ। ਉਹ ਆਖਦੀ ਹੈ ਕਿ ਦਿੱਲੀ ’ਚ ਬੈਠੇ ਕਿਸਾਨਾਂ ਲਈ ਵੇਲਾ ਤਕੜੇ ਹੋ ਕੇ ਨਿੱਕਲਣ ਦਾ ਹੈ। ਉਸ ਨੇ ਸਿੰਘੂ/ਟਿੱਕਰੀ ਸਰਹੱਦ ’ਤੇ ਡਟੇ ਕਿਸਾਨਾਂ ਨੂੰ ਕਿਹਾ ਕਿ ‘ਦੇਖਿਓ ਕਿਤੇ ਸ਼ਹਾਦਤਾਂ ਰੁਲ ਨਾ ਜਾਣ।’

              ਮੋਗਾ ਜ਼ਲ੍ਹਿੇ ਦੇ ਪਿੰਡ ਭਿੰਡਰ ਕਲਾਂ ਦਾ ਮੱਖਣ ਖਾਨ ਵੀ ਦਿੱਲੀ ਮੋਰਚੇ ਦੇ ਲੇਖੇ ਆਪਣੀ ਜ਼ਿੰਦ ਲਾ ਗਿਆ। ਉਸ ਦੀ ਪਤਨੀ ਪਰਮਜੀਤ ਆਖਦੀ ਹੈ ਕਿ ਉਸ ਵਕਤ ਹੀ ਰੂਹ ਨੂੰ ਧਰਵਾਸ ਮਿਲੂ ਜਦੋਂ ਕਿਸਾਨਾਂ ਨੂੰ ਨਿਆਂ ਮਿਲੂ। ਇਸ ਪਰਿਵਾਰ ਨੇ ਕਿਹਾ ਕਿ ਕਿਸਾਨਾਂ ਦਾ ਸਰਕਾਰੀ ਚਾਲਾਂ ਕੁਝ ਨਹੀਂ ਵਿਗਾੜ ਸਕਣਗੀਆਂ। ਲੋੜ ਬੱਸ ਮੁੜ ਹੰਭਲਾ ਮਾਰਨ ਦੀ ਹੈ। ਮਾਨਸਾ ਦੇ ਪਿੰਡ ਭਾਦੜਾ ਦਾ ਜਗਸੀਰ ਸਿੰਘ ਵੀ ‘ਦਿੱਲੀ ਮੋਰਚੇ’ ਦੇ ਸ਼ਹੀਦਾਂ ਵਿਚ ਸ਼ਾਮਲ ਹੈ। ਉਸ ਦੇ ਪਰਿਵਾਰ ਵਾਲੇ ਕਾਮਨਾ ਕਰਦੇ ਹਨ ਕਿ ਦਿੱਲੀ ਮੋਰਚਾ ਫਤਹਿ ਹੋਵੇ।ਜਨ੍ਹਿਾਂ ਪਰਿਵਾਰਾਂ ਦੇ ਜੀਅ ਕਿਸਾਨ ਘੋਲ ਵਿੱਚ ਚਲੇ ਗਏ ਹਨ, ਉਹ ਹੁਣ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਦੀ ਸੁੱਖ ਮੰਗ ਰਹੇ ਹਨ। ਦਿੱਲੀ ਦੀ ਘਟਨਾ ਨੇ ਇਨ੍ਹਾਂ ਪਰਿਵਾਰਾਂ ਨੂੰ ਪ੍ਰੇਸ਼ਾਨ ਤਾਂ ਕੀਤਾ ਹੈ ਪ੍ਰੰਤੂ ਉਹ ਆਖਦੇ ਹਨ ਕਿ ਉਹ ਪੂਰੀ ਤਰ੍ਹਾਂ ਘੋਲ ਦੇ ਨਾਲ ਹਨ ਅਤੇ ਘੋਲ ਵਿੱਚ ਕੁੱਦੇ ਕਿਸਾਨਾਂ ਨੂੰ ਢਾਰਸ ਦੇ ਰਹੇ ਹਨ। ਇਹ ਮਾਪੇ ਆਖਦੇ ਹਨ ਕਿ ਵੇਲਾ ਢੇਰੀ ਢਾਹੁਣ ਦਾ ਨਹੀਂ ਬਲਕਿ ਮੁੜ ਉਠਣ ਦਾ ਹੈ। 

Monday, January 25, 2021

                                                               ਵਿਚਲੀ ਗੱਲ 
                                                    ਗਣਰਾਜ ਆਫ਼ ਕਿਸਾਨ
                                                             ਚਰਨਜੀਤ ਭੁੱਲਰ            

ਚੰਡੀਗੜ੍ਹ : ਏਹ ਪੈਲ਼ੀਆਂ ਦੇ ਜਾਏ, ਨਰੈਣ ਦੇ ਘਰ ਆਏ ਨੇ, ਢੱਠ ਮਕੌੜੇ ਬਣਕੇ, ਕੀੜੀਆਂ ਦਾ ਭੌਣ ਨਹੀਂ। ਨਾ ਏਹ ਖੱਬੂ ਨੇ, ਨਾ ਹੀ ਸੱਜੂ, ਖੇਤਾਂ ਦੇ ਧੰਨੇ ਜੱਟ ਨੇ, ਕੋਲ ਟਰੈਕਟਰ ਤੇ ਕਰੈਕਟਰ ਹੈ। ਲੈਫਟ-ਰਾਈਟ ਨਹੀਂ, ਬੱਸ ‘ਕਿਸਾਨ ਪਰੇਡ’ ਕਰਨਗੇ, ਖੜ੍ਹ ਕੇ ਦੁਨੀਆ ਵੇਖੇਗੀ, ਦਿੱਲੀ ਨੇ ਰਾਹ ਛੱਡੇ ਨੇ। ਟਰੈਕਟਰ ਖੇਤਾਂ ’ਚ ਨਹੀਂ, ਜਰਨੈਲੀ ਸੜਕਾਂ ’ਤੇ ਗੂੰਜੇ ਨੇ। ਚਾਚੇ ਤਾਏ, ਭੈਣ ਭਾਈ, ਦਾਦੇ ਪੋਤੇ, ਮਾਈ ਭਾਈ, ਸਭ ਦਿੱਲੀ ਜਾ ਬੈਠੇ ਨੇ। ‘ਚਿੱਟੀ ਪੱਗ’ ਨੂੰ ਦਾਗ ਨਾ ਲੱਗੇ, ਪਰਨੇ ਹੀ ਲਪੇਟ ਲਿਆਏ ਨੇ। ਰਾਜਪਥ ’ਤੇ ਜਵਾਨ, ਰਿੰਗ ਰੋਡ ’ਤੇ ਕਿਸਾਨ। ਬੰਨ੍ਹ ਲੰਮੇ ਕਾਫਲੇ, ਪਾਲ਼ਾਂ ’ਚ ਚੱਲਣਗੇ, ਟੋਚਨ ਸਿਦਕ ਤੇ ਸਿਰੜ ਨੂੰ ਕੀਤੈ। ਤਿਰੰਗੇ ਦੀ ਆਨ, ਖੇਤਾਂ ਦੀ ਸ਼ਾਨ ਲਈ, ਪੱਬ ਉੱਠਣਗੇ। ਕੋਈ ਸਿਆਸੀ ਯੱਭ ਨਾ ਉੱਠੇ, ਸਭਨਾਂ ਕੋਲ ਗਠੜੀ ਹੈ, ਜਿਸ ’ਚ ਜੋਸ਼, ਜਾਨੂੰਨ ਤੇ ਜ਼ਾਬਤਾ ਹੈ। ‘ਨਰਕ ਵਾਸੀ ਸੁਆਹ ਤੋਂ ਨਹੀਂ ਡਰਦੇ।’ ਧਰਤੀ ਪੁੱਤ ਧੱਕ ਪਾਉਣਗੇ, ਧਮਕ ਕਿੰਨਾ ਕੁ ਕੰਬਾਊ, ਧਰਤੀ ਹੇਠਲਾ ਬੌਲਦ ਜਾਣੇ। ਖੇਤੀ ਕਾਨੂੰਨਾਂ ਨੇ ਮਰਨ ਕੀਤੈ, ਧਰਨ ਕੱਢ ਕੇ ਮੁੜਨਗੇ। ‘ਸੂਰਜ ਤਪੇ, ਖੇਤੀ ਪੱਕੇ।’ ਦਾਣਾ ਟੋਹ ਤਾਂ ਵੇਖੋ, ਪੂਰਾ ਪੱਕ ਚੱਲਿਐ ‘ਕਿਸਾਨ ਅੰਦੋਲਨ’।

    ਖੇਤਾਂ ਦੀ ਢੂਹੀ ਨਾ ਲੱਗੇ, ਝੰਡੀ ਪੁੱਤਾਂ ਨੇ ਫੜ੍ਹੀ ਐ। ਘੋਲ ਖੇਡ ਕੋਈ ਨਵਾਂ ਨਹੀਂੇ। ਮਿੱਟੀ ਹੱਥਾਂ ਨੂੰ ਮਲੀ ਐ, ਦੋ ਹੱਥ ਕਰਨ ਲਈ। ਹੱਥ ਨੂੰ ਹੱਥ ਨੇ ਸਿਆਣਿਐ। ਓਧਰ ਦੇਖੋ, ਹਾਕਮਾਂ ਕੋਲ ਤਾਕਤ, ਦਿੱਲੀ ਪੁਲੀਸ ਕੋਲ ਡਾਂਗ ਐ। ਜਪਾਨੀ ਫ਼ਰਮਾਉਂਦੇ ਨੇ, ‘ਤੂਫਾਨ ਨੂੰ ਡਾਂਗ ਨਾਲ ਰੋਕਣਾ ਅੌਖੈ’। ਕਿਸਾਨ ਘੋਲ ਨੇ ਬੈਰੀਗੇਡ ਤੋੜੇ ਨੇ, ਜਾਤਾਂ, ਉਮਰਾਂ ਤੇ ਫਿਰਕੇ ਦੇ। ‘ਕਿਸਾਨ ਪਰੇਡ’ ਚੋਂ ਦਿਖੇਗਾ ਅੰਨਦਾਤੇ ਦੇ ਜਜ਼ਬਾਤ। ਹੁਣ ਝਾਕਾ ਟੁੱਟਿਐ, ਹਰ ਝਲਕੀ ਸਜੇਗੀ, ਜਿਸ ਚੋਂ ਦਿੱਖੇਗਾ, ਪੇਟ ਤੇ ਕਾਰਪੋਰੇਟ ਦੀ ਉਲਝਣਾਂ ਦਾ ਤੰਦ। ਏਨੇ ਸਿਰ ਜੁੜੇ ਨੇ, ਕਿਸਾਨੀ ਰੰਗ ਵੇਖ, ਪੰਜਾਬ ਜਰੂਰ ਬੋਲੇਗਾ, ਵਾਹ! ਕਿਆ ‘ਗਣਰਾਜ ਆਫ ਕਿਸਾਨ’ ਐ। ਜਦੋਂ ‘ਕਿਸਾਨ ਪਰੇਡ’ ਸਜੇਗੀ, ਇਲਾਹੀ ਤਾਕਤ ਕਿਧਰੋਂ ਜਰੂਰ ਮਿਲੂ। ਚੇਤਿਆਂ ’ਚ ਹਲ਼ ਵਾਹੁੰਦਾ ਬਾਬਾ ਨਾਨਕ ਆਊ। ਕਿਸਾਨ ਪੁੱਤਰਾਂ ਦੇ ਮਨਾਂ ’ਚ ਮਾਛੀਵਾੜਾ ਘੁੰਮੂ, ਨਾਲੇ ਚਮਕੌਰ ਦੀ ਗੜ੍ਹੀ। ਭਗਤ ਸਰਾਭੇ ਢਾਲ ਬਣਨਗੇ। ਥਾਪੀ ਸੁਕਰਾਤ ਦੇਵੇਗਾ, ‘ਤੋੜ ਦਿਓ ਪਿਆਲੇ ਦਾ ਗਰੂਰ।’ ਮਨਸੂਰ ਵੀ ਪਿੱਛੇ ਨਹੀਂ ਹਟੇਗਾ, ਸੂਲੀ ਦੇ ਵਾਰਸ ਮੱਥੇ ’ਤੇ ਹੱਥ ਮਾਰਨਗੇ।

             ਜਦੋਂ ਕਿਸਾਨ ਪੱਗਾਂ ਬੰਨ੍ਹਣਗੇ, ਉਦੋਂ ਚਾਚਾ ਅਜੀਤ ਸਿੰਘ ਵੀ ਯਾਦ ਆਊ। ਕਿਸਾਨ ਪਰੇਡ ਦੀ ਪਰਕਰਮਾ ਬਾਬਾ ਬੰਦਾ ਬਹਾਦਰ ਦੀ ਰੂਹ ਵੀ ਕਰੂ। ਕੋਈ ਬਜ਼ੁਰਗ ਧੰਨੇ ਭਗਤ ਤੋਂ ਕੁਰਬਾਨ ਜਾਏਗਾ। ਦੁੱਲਾ ਭੱਟੀ ਤੇ ਜਿਉਣਾ ਮੌੜ ਨੂੰ ਯਾਦ ਕਰ, ਨਵਾਂ ਖੂਨ ਉਬਾਲੇ ਖਾਏਗਾ। ਪੁਨਰਜਨਮ ਕਿਤੇ ਹੁੰਦਾ, ਸਰ ਛੋਟੂ ਰਾਮ ਤੇ ਲਾਲ ਬਹਾਦਰ ਸ਼ਾਸਤਰੀ ਵੀ ਆਉਂਦੇ, ਹਾਕਮਾਂ ਨੂੰ ਬਹਿ ਸਮਝਾਉਂਦੇ, ‘ਬਈ! ਝੱਖ ਨਾ ਮਾਰੋ, ਕਾਨੂੰਨਾਂ ’ਤੇ ਲੀਕ ਮਾਰੋ।’ ‘ਡੂੰਘੀ ਜੜ ਵਾਲਾ ਪੇੜ ਝੱਖੜ ਤੋਂ ਨਹੀਂ ਡਰਦਾ’, ਪੁਰਖੇ ਥਾਪੀ ਦੇਣਗੇ। ਬਾਬਲ ਦੀ ਪੱਗ ਦਿਮਾਗ ’ਚ ਘੁੰਮੂ ਟਰੈਕਟਰਾਂ ’ਤੇ ਬੈਠੀਆਂ ਬੀਬੀਆਂ ਦੇ। ਬੰਬੀਆਂ ਦਾ ਚੇਤਾ ਬੱਚਿਆਂ ਨੂੰ ਆਊ। ਸਹਾਰਨ ਮਾਜਰਾ (ਲੁਧਿਆਣਾ) ਦੀ 116 ਵਰ੍ਹਿਆਂ ਦੀ ਮਾਂ ਸੁਰਜੀਤ ਕੌਰ, ਤੋਹਫ਼ਾ ਦੇਣ ਆਏ ਕਾਂਗਰਸੀ ਨੇਤਾਵਾਂ ਨੂੰ ਬੋਲੀ, ‘ਮੇਰੇ ਜਨਮ ਦਿਨ ਨੂੰ ਛੱਡੋ, ਜੋ ਦਿੱਲੀ ਬੈਠੇ ਨੇ, ਉਨ੍ਹਾਂ ਦੀ ਸਾਰ ਲਓ।’ ਨਰੇਂਦਰ ਤੋਮਰ ਨੇ ਗੱਲਬਾਤ ਹੀ ਤੋੜਤੀ। 

           ‘ਕਭੀ ਨਾ ਛੋੜ੍ਹੇ ਖੇਤ’, ਏਹ ਜਗਦੀਸ਼ ਚੰਦਰ ਦਾ ਹਿੰਦੀ ਨਾਵਲ ਹੈ। ਕੇਂਦਰ ਪੜ੍ਹੇਗਾ ਤਾਂ ਸਮਝ ਪਊ, ਕਿਸਾਨ ਤੇ ਜ਼ਮੀਨ ਕਿਵੇਂ ਸਕੇ ਨੇ। ਜ਼ਮੀਨ ਦੀ ਲੱਜ ਲਈ ਕਿਸਾਨ ਕਿਸ ਹੱਦ ਤੱਕ ਜਾਂਦੈ, ਖੂਬ ਚਿਤਰਨ ਕੀਤਾ ਐ। ਜਿਨ੍ਹਾਂ ਸੰਘਰਸ਼ੀ ਪੈਂਤੀ ਪੜ੍ਹੀ ਐ, ਉਹ ਨਿਰਭੈ ਹੋ ਦਿੱਲੀ ਪੁੱਜੇ ਨੇ। ਪਿੜਾਂ ਦੇ ਪਾੜੇ, ਸਭ ਜਾਣਦੇ ਨੇ,  ਛੋਲੇ ਝੰਬ ਕੇ ਕਿਵੇਂ ਕੱਢੀਦੇ ਨੇ। ‘ਕੰਡੇ ਨਾਲ ਕੰਡਾ ਨਿਕਲੇ।’ ‘ਟਰੰਪ ਕਾਰਡ’ ਤਾਂ ਫੇਲ੍ਹ ਹੋਇਐ। ਸਾਜ਼ਿਸ਼ ਬਾਣੀ ਕਿਸਾਨਾਂ ਨੇ ਫੇਲ੍ਹ ਕੀਤੀ ਐ, ਜਦੋਂ ਧਮਕੀਆਂ ਦੇਣ ਲੱਗੇ  ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੋਂ ਬੋਲਿਆ, ‘ਆਹ ਖੂੰਡਾ ਦੀਂਹਦੈ।’ ‘ਕਿਸਾਨ ਪਰੇਡ’ ’ਚ ਬਲਬੀਰ ਰਾਜੇਵਾਲ ਦੀ ਸੂਝ-ਸਿਆਣਪ, ਜੋਗਿੰਦਰ ਉਗਰਾਹਾਂ ਦਾ ਅਨੁਸ਼ਾਸਨ, ਇੱਕੋ ਟਰੈਕਟਰ ’ਤੇ ਬੈਠਣਗੇ। ਮਜਾਲ ਐ ਕਿਸੇ ਵੀ ਕਿਸਾਨ ਨੇਤਾ ਦਾ ਕੋਈ ਆਖਾਂ ਮੋੜੇ। ਜ਼ਮੀਨ ਵਿਹੂਣੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਸ਼ਹਿਰੀਆਂ ਤੇ ਪ੍ਰਵਾਸੀਆਂ ਦੀ ਇੱਕੋ ਆਵਾਜ਼ ਐ, ‘ਕਾਲੇ ਕਾਨੂੰਨ ਰੱਦ ਕਰੋ।’ ਖਲੀਲ ਜਿਬਰਾਨ ਦਾ ਪ੍ਰਵਚਨ ਐ, ‘ਹੋਰਾਂ ਦੇ ਹੱਕਾਂ ਦੀ ਰਾਖੀ ਕਰਨਾ, ਮਨੁੱਖੀ ਸ਼ਾਨ ਅਤੇ ਮਨੁੱਖੀ ਸੁਹੱਪਣ ਦਾ ਸਿਖਰ ਹੁੰਦਾ ਹੈ।’

     ਸਿਲਤਾਂ ਵਾਂਗ ਚੁਭੇ ਨੇ ਖੇਤੀ ਕਾਨੂੰਨ। ‘ਕਿਸਾਨ ਪਰੇਡ’ ਦਾ ਬਿਗਲ ਐਵੇਂ ਨਹੀਂ ਵੱਜਿਆ। ਨਹੀਂ ਕਿਸਾਨ ਤਾਂ ਏਨਾ ਦਇਆਵਾਨ ਏ, ਸੁੱਤੀ ਧਰਤੀ ’ਤੇ ਵੀ ਹਲ਼ ਨਹੀਂ ਚਲਾਉਂਦਾ। ਏਨਾ ਸਮਾਂ ਚੁੱਪ ਰਹੇ, ਹੋ ਨਹੀਂਓ ਸਕਦਾ, ਤਾਹੀਂ ਦਸੌਂਧਾ ਸਿਓ ਬੋਲਿਐ, ‘ਜੱਟ ਤਾਂ ਜ਼ਮੀਨ ਵਰਗੈ, ਸੁੱਕੀ ਜ਼ਮੀਨ, ਨਿਰਾ ਲੋਹਾ, ਗਿੱਲੀ ਜ਼ਮੀਨ, ਨਿਰਾ ਗੋਹਾ।’ ਕਿਸਾਨ ਰਾਮ ਨਿਰਮਾਣ ਨੇ ਦਿੱਲੀ ਡੇਰਾ ਲਾਇਐ। ਉਹਦੇ ਪਿੰਡ ਚੁੱਘੇ ਕਲਾਂ ਜ਼ਮੀਨ ਬੰਜਰ ਬਣੀ ਐ, ਜੀਹਤੇ ਕਾਰਪੋਰੇਟਾਂ ਨੇ ਸੋਲਰ ਪਲਾਂਟ ਲਾਇਐ। ‘ਦਿੱਲੀ ਮੋਰਚੇ’ ’ਚ ਬਹੁਤੇ ਇੱਕੋ ਕੰਮ ’ਤੇ ਲੱਗੇ ਨੇ, ਬੱਸ ਝਾਕੀਆਂ ਦੀ ਤਿਆਰੀ ’ਚ। ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਦੱਸਦੀ ਹੈ, ਹਰ ਝਾਕੀ ‘ਭਾਰਤ ਦਰਸ਼ਨ’ ਕਰਾਏਗੀ। ਕੋਈ ਖੇਤੀ ਸ਼ਹੀਦਾਂ ਦੇ ਘਰਾਂ ’ਚ ਲਿਜਾਏਗੀ, ਕਿਸੇ ਝਾਕੀ ਚੋਂ ਡਿਗਰੀਧਾਰੀ ਨੌਜਵਾਨਾਂ ਦਾ ਰੁਦਨ ਦਿਖੇਗਾ। ਗੁਰੂਆਂ ਤੇ ਸੂਰਬੀਰਾਂ ਦੀ ਬਹਾਦਰੀ ਦੀ ਝਾਕੀ ਵੀ ਜੋਸ਼ ਭਰੇਗੀ। ਕਿੱਲੀ ਚਹਿਲ (ਮੋਗਾ) ਦੇ ਮੂਰਤੀਕਾਰ ਭਰਾ ਮਨਜੀਤ ਤੇ ਸੁਰਜੀਤ ਟਰਾਲੀ ’ਚ ਰੱਖ ਕੇ ‘ਬਲਦਾਂ ਦੀ ਜੋੜੀ’ ਲੈ ਆਏ ਨੇ, ਡਾ. ਸਵਾਮੀਨਾਥਨ ਵੀ ਪਿੱਛੇ ਖੜ੍ਹੈ।

    ਅਸੀਂ ਭਾਰਤੀ ਗਣਰਾਜ ਦੇ ਵਾਸੀ ਹਾਂ, ਜਿਥੇ ਮਾਂ ਵੀ ਬੱਚੇ ਨੂੰ ਰੋਏ ਬਿਨਾਂ ਦੁੱਧ ਨਹੀਓਂ ਦਿੰਦੀ। ਇਸੇ ਕਰਕੇ 26 ਜਨਵਰੀ ਨੂੰ ‘ਕਿਸਾਨ ਪਰੇਡ’ ਨਿਕਲੇਗੀ। ਪੰਜਾਬ ਦਾ ਹਰ ਮੂੰਹ ਦਿੱਲੀ ਵੱਲ ਐ। ਜੋ ਹਾਲੇ ਵੀ ‘ਸੰਘਰਸ਼ੀ ਸਮੁੰਦਰ’ ਦੇ ਕਿਨਾਰੇ ’ਤੇ ਬੈਠੇ ਹਨ, ਉਹ ਡੈਸਮੰਡ ਟੂੁਟੂੁ ਦੀ ਗੱਲ ਪੱਲੇ ਬੰਨ੍ਹ ਲਓ, ‘ਅਨਿਆਂ ਹੋਣ ਸਮੇਂ ਜੇ ਤੁਸੀਂ ਨਿਰਪੱਖ ਰਹਿੰਦੇ ਹੋ, ਤਾਂ ਸਮਝੋ ਤੁਸੀਂ ਜ਼ੁਲਮ ਕਰਨ ਵਾਲੀ ਧਿਰ ਦਾ ਸਾਥ ਦੇ ਰਹੇ ਹੋ।’ ਉਨ੍ਹਾਂ ਵੱਲ ਵੀ ਵੇਖੇ ਜੋ 58 ਦਿਨਾਂ ਤੋਂ ਦਿੱਲੀ ਦੀ ਜੂਹ ’ਤੇ ਬੈਠੇ ਗੱਜ ਰਹੇ ਨੇ, ‘ ਵਾਰਸ ਸ਼ਾਹ ਨਾ ਮੁੜਾਂ ਰਝੇਟੜੇ ਤੋਂ..। 26 ਜਨਵਰੀ 1967 ਵਾਲੇ ਦਿਨ ਦੂਰਦਰਸ਼ਨ ’ਤੇ ‘ਕ੍ਰਿਸ਼ੀ ਦਰਸ਼ਨ’ ਪ੍ਰੋਗਰਾਮ ਸ਼ੁਰੂ ਹੋਇਆ ਸੀ। ਸਰਕਾਰ ਨੇ ਦਿੱਲੀ ਨੇੜਲੇ 80 ਪਿੰਡਾਂ ’ਚ ਟੀਵੀ ਸੈੱਟ ਭੇਜੇ ਸਨ। ਹੁਣ ਸ਼ਾਸਤਰੀ ਦਾ ਜ਼ਮਾਨਾ ਨਹੀਂ। ਉਂਜ, ਗਣਤੰਤਰ ਦਿਵਸ ਗਣਰਾਜ ਦਾ ਅਹਿਸਾਸ ਕਰਾਉਦੈ। 21 ਤੋਪਾਂ ਦੀ ਸਲਾਮੀ, ਅਸਮਾਨ ਵਿਚਲੇ ਉੱਡਣ ਖਟੌਲੇ, ਭਾਸ਼ਣਾਂ ਦੀ ਲੰਮੀ ਲੜੀ, ਝਾਕੀਆਂ ਚੋਂ ਦਿੱਖਦਾ ਭਾਰਤ। ਖੇਤਾਂ ਦੀ ਝਾਕੀ ’ਤੇ ਸਦਾ ਲਈ ਪਰਦਾ ਨਾ ਡਿੱਗ ਪਏ, ‘ਕਿਸਾਨੀ ਘੋਲ’ ਤੋਂ 151 ਕਿਸਾਨ ਜਿੰਦ ਵਾਰ ਗਏ। ਹਕੂਮਤੀ ਅੱਖਾਂ ’ਚ ਨਾ ਪੀੜਾ ਦੇ ਹੰਝੂ ਦਿਖੇ, ਨਾ ਹੀ ਸ਼ਰਮ ਦੇ। ਖੇਤੀ ਤਾਂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਐ, ਜਿਹਨੇ ਬੇਬੇ ਦੇ ਵੀ ਕੁੱਬ ਪਾਤਾ। ਹਾਕਮ ਝੁਕਣ ਲਈ ਤਿਆਰ ਨਹੀਂ। 

            ਛੱਜੂ ਰਾਮ ਆਖਦੈ, ਕਿਸਾਨ ਕੋਈ ਛੋਟੇ ਵੈਦ ਨੇ। ਦਿੱਲੀ ਦਾ ਮਣਕਾ ਹਿੱਲਿਆ ਲੱਗਦੈ, ਤਾਹੀਓ ਝੁਕ ਨਹੀਂ ਰਹੀ। ਕਿਸਾਨਾਂ ਨੇ ਤਾਂ ਟਿੱਬੇ ਨਿਸਾਲ਼ੇ ਨੇ, ਮਣਕੇ ਤਾਂ ਖੱਬੇ ਹੱਥ ਦੀ ਖੇਡ ਐ। ‘ਕਿਸਾਨੀ ਲਹਿਰ’ ਕੋਈ ਬੇਰੰਗ ਚਿੱਠੀ ਨਹੀਂ, ਨਿਰੀ ਸਪੀਡ ਪੋਸਟ ਐ। ਪੰਜਾਬ ਉਡੀਕ ਰਿਹੈ, ਦਿੱਲੀਓਂ ਕਦੋਂ ਸੁੱਖ ਚਿੱਠੀ ਆਊ, ਤਾਹੀਂ ਟਰੈਕਟਰ ਭੇਜੇ ਨੇ।  

     


  


 

Monday, January 18, 2021

                                                            ਵਿਚਲੀ ਗੱਲ 
                                                ਬਾਗ ਨਾ ਉਜਾੜੋ ਤੋਤਿਓ..!
                                                            ਚਰਨਜੀਤ ਭੁੱਲਰ     

ਚੰਡੀਗੜ੍ਹ : ਜਨੌਰਾਂ ਨੂੰ ‘ਬਰਡ ਫਲੂ’ ਤੋਂ, ਰਾਜ-ਭਾਗ ਨੂੰ ‘ਸੰਘਰਸ਼ੀ ਫਲੂ’ ਤੋਂ, ਖ਼ੌਫ ਮਾਸਾ ਵੀ ਘੱਟ ਨਹੀਂ। ਗਲੋਬਲ ਵਾਰਮਿੰਗ ਤੋਂ ਬੇਜ਼ੁਬਾਨਾਂ ਨੂੰ, ਕੰਨਟਰੈਕਟ ਫਾਰਮਿੰਗ ਤੋਂ ਕਿਸਾਨਾਂ ਨੂੰ, ਬੱਸ ਖਤਰਾ ਹੀ ਖਤਰਾ ਹੈ। ਪੰਛੀਆਂ ਦੀ ਹੋਂਦ ਨੂੰ, ਕਿਸਾਨਾਂ ਦੇ ਵਜੂਦ ਨੂੰ, ਮਿਟ ਜਾਣ ਦਾ ਝੋਰਾ ਐ। ਘੁੱਗੀਆਂ ਤੇ ਗਟਾਰਾਂ, ਕਿਸਾਨ ਪਰਿਵਾਰਾਂ ਦੇ ਸਬਰ ਸੰਤੋਖ ਦਾ, ਜੇ ਕਿਤੇ ਮੁੱਲ ਪੈਂਦਾ। ਨਾ ਫੇਰ ਟਿੱਕਰੀ ਗੂੰਜਦਾ, ਨਾ ਹੀ ਸਿੰਘੂ। ਪੁਰਾਣਾ ਕਥਨ ਐ, ‘ਸਬਰ ਨਾਲ ਲੋਹੇ ਦੇ ਦਰਵਾਜੇ ਭੰਨੇ ਜਾ ਸਕਦੇ ਹਨ।’ ਅੰਨਦਾਤੇ ਦੇ ਸਬਰਾਂ ਦੇ ਪਿਆਲੇ ਛਲਕੇ ਨੇ। ਖੇਤਾਂ ਦਾ ਰਾਜਾ, ਰੰਕ ਹੋ ਗਿਆ, ਸੰਤੋਖ ਦਾ ਪੱਲਾ ਨਹੀਂ ਛੱਡਿਆ। ਨਾ ਕੋਈ ਸਿਕਵਾ, ਨਾ ਸ਼ਿਕਾਇਤ ਕੀਤੀ। ਐਨ ਅਖੀਰ ਜਦੋਂ ਸਿਰ ਆ ਪਈ, ਫੇਰ ਅੱਕ ਚੱਬਣਾ ਪਿਆ। ਤੁਸਾਂ ਨੇ ਲਕਬ ਦੇ ਦਿੱਤਾ, ਏਹ ਤਾਂ ‘ਮਾਓਵਾਦੀ ਫਲੂ’ ਐ। ਕੋਈ ਗੱਜਿਆ, ‘ਨਕਸਲੀ ਫਲੂ’ ਐ। ਹੇਮਾ ਮਾਲਿਨੀ ਵੀ ਨਾ ਟਲੀ, ‘ਏਹ ਬੇਸਮਝੀ ਦਾ ਫਲੂ ਐ’। ਗੁਮਾਸ਼ਤੇ ਵੀ ਬੋਲ ਉੱਠੇ, ਨਹੀਂ ਜੀ, ‘ਕਾਂਗਰਸੀ ਫਲੂ’ ਐ। ਹਜ਼ੂਰ ! ਏਹ ਤਾਂ ਭੋਲੇ ਪੰਛੇ ਨੇ ਜੋ ਸਿਆਸੀ ਚਾਲਾਂ ਚੋਂ ਨੌ ਬਰ ਨੌ ਹੋ ਨਿਕਲੇ ਨੇ। ਦਿੱਲੀ ਦੇ ਕੂੜ ਪ੍ਰਚਾਰ ਤੋਂ ਦੂਰ, ਜੂਹ ਦੇ ਨੇੜੇ ਬੈਠੇ ਨੇ। ‘ਸਮੁੰਦਰਾਂ ਦੇ ਵੱਡੇ ਜੇਰੇ।’

     ਕੋਰੋਨਾ ਮਹਾਂਮਾਰੀ ਬਰੂਹਾਂ ਤੇ ਪੁੱਜੀ, ਤੁਸਾਂ ਨੂੰ ਹੱਥਾਂ ਪੈਰਾਂ ਦੀ ਪਈ। ਹੁਣ ‘ਬਰਡ ਫਲੂ’ ਨੇ ਝਪੱਟੀ ਮਾਰੀ, ਹਾਕਮਾਂ ਪਲ ਨਾ ਸਹੀ। ਏਹ ਕਾਲੇ ਖੇਤੀ ਕਾਨੂੰਨ, ਚਿੱਟੇ ਦਿਨ ਵਾਂਗ ਸਾਫ ਨੇ। ਖੇਤਾਂ ਲਈ ਬਿਮਾਰੀ, ਕਿਸਾਨੀ ਲਈ ਮਹਾਂਮਾਰੀ ਨੇ। ਵੈਕਸੀਨ ਗੁਰੂ ਜੀ! ਬਿਨਾਂ ਦਵਾ ਤੋਂ ‘ਸੰਘਰਸ਼ੀ ਫਲੂ’ ਨਹੀਓਂ ਰੁਕਣਾ। ਸਭ ਹੱਦਾਂ ਬੰਨੇ ਟੱਪ ਗਿਐ, ਵਿਦੇਸ਼ਾਂ ’ਚ ਵੀ ਤੋਏ ਤੋਏ ਭਾਰਤੀ ਹਕੂਮਤ ਦੀ ਹੋਈ ਐ। ‘ਵਕਤ ਵਿਚਾਰੇ ਸੋ ਬੰਦਾ ਹੋਏ।’ ਜਿਵੇਂ ਨੇਤਾਵਾਂ ਨੂੰ ਵੋਟਾਂ ਦਾ, ਉਵੇਂ ਪੰਛੀਆਂ ਨੂੰ ਬੋਟਾਂ ਦਾ ਫਿਕਰ ਐ। ‘ਪੰਚਾਂ ਅੱਗੇ ਰੱਬ ਵੀ ਨਿੰਵਦੇ।’ ਕੋਈ ਸੱਤ ਬਿਗਾਨੇ ਨਹੀਂ, ਖੇਤਾਂ ਦੇ ਨਾਨੇ ਨੇ। ਲਿਖ ਦਿਓ ਨਵੀਂ ਕਿਸਾਨ-ਕਥਾ, ਤੁਸੀਂ ਕਲਮ ਚੁੱਕੋ। ਕਿਸਾਨ ਤੁਹਾਨੂੰ ਸਿਰਾਂ ’ਤੇ ਚੁੱਕਣਗੇ। ਸਰਕਾਰ ਜੀ ! ਹੱਦ ਨਾ ਕਰੋ, ਖੇਤੀ ਕਾਨੂੰਨਾਂ ਨੂੰ ਰੱਦ ਕਰੋ। ਭੋਲੇ ਪੰਛੀ ਛੇਤੀ ਘਰਾਂ ਨੂੰ ਪਰਤਣ। ਆਲ੍ਹਣਾ ਛੱਡਣਾ ਸੌਖਾ ਨਹੀਂ। ਤੁਸੀਂ ਹੁਣ ਇੰਝ ਨਾ ਕਰੋ। ਖਲੀਲ ਜਿਬਰਾਨ ਖਰਾ ਬੋਲ ਗਏ,‘ ਸਿਰਫ ਗੰੂਗੇ ਹੀ ਬੋਲਣ ਵਾਲਿਆਂ ਨਾਲ ਈਰਖਾ ਕਰਦੇ ਨੇ।’ ‘ਸੰਘਰਸ਼ੀ ਫਲੂ’ ਦਾ ਸਾਈਡ ਇਫੈਕਟ ਬਹੁਤ ਐ। ਰਾਸ ਇਕੱਲੇ ਘੁੰਮਣ ਕਲਾਂ (ਬਠਿੰਡਾ) ਵਾਲੇ ਬੰਤਾ ਸਿਓ ਨੂੰ ਆਏ ਨੇ।

     ਤੁਹਾਡੇ ਖੇਤੀ ਕਾਨੂੰਨ ਆਏ, ਇੱਧਰ ਕਿਸਾਨ ਘੋਲ ’ਚ ਬੱਚੇ ਵੀ ਆਏ। ਘੁੰਮਣ ਕਲਾਂ ਦਾ ਪੰਜ ਕੁ ਵਰ੍ਹਿਆਂ ਦਾ ਬੱਚਾ ਸ਼ਗਨਦੀਪ। ਜਨਮ ਤੋਂ ਬੋਲਣੋ ਅਸਮਰਥ ਸੀ। ਕੋਈ ਵੈਦ ਥਾਹ ਨਾ ਪਾ ਸਕਿਆ। ਬਾਪ ਗੋਦੀ ਚੁੱਕ ਬੱਚੇ ਨੂੰ ਕਿਸਾਨ ਘੋਲ ’ਚ ਲਿਆਉਣ ਲੱਗਾ। ਜਦੋਂ ਨਾਅਰੇ ਗੂੰਜਦੇ, ਮੁੱਕੇ ਤਣੇ ਜਾਂਦੇ, ਨਿੱਕਾ ਬੱਚਾ ਜੋਸ਼ ’ਚ ਬਾਂਹ ਖੜ੍ਹੀ ਕਰਦਾ। ਬਾਪ ਦੱਸਦਾ ਹੈ ਕਿ ਜੋ ਵੈਦ ਨਾ ਕਰ ਸਕੇ, ਕਿਸਾਨ ਅੰਦੋਲਨ ਨੇ ਕਰ ਦਿੱਤਾ। ਗੂੰਗਾ ਬੱਚਾ ਹੁਣ ਬੋਲਣ ਲੱਗ ਪਿਐ। ਕੁਦਰਤੀ ਕ੍ਰਿਸ਼ਮਾ ਕਹੋ, ਚਾਹੇ ਕਿਸਾਨੀ ਘੋਲ ਦਾ ਪ੍ਰਤਾਪ। ਕਿਸਾਨ ਘੋਲ ਨੂੰ ਪੰਜ ਭੱਠ ਬੁਖਾਰ ਚੜ੍ਹਿਐ। ਕੋਈ ਸ਼ੰਕਾ ਨਾ ਰਹੇ, ‘ਕਿਸਾਨ ਪਰੇਡ’ ਵੇਖ ਲੈਣਾ। ਹਰ ਰਾਜ ਦੀ ਲੋਕ ਗੰਗਾ, ਅੰਦੋਲਨੀ ਸਾਗਰ ’ਚ ਲੀਨ ਹੋਣ ਲੱਗੀ ਹੈ, ਕਿਸਾਨੀ ਮਹਾਂਸਾਗਰ ਐਵੇਂ ਨਹੀਂ ਬਣਿਆ। ਐਨ ਪੱਤਣਾਂ ’ਤੇ ਸਿਆਸੀ ‘ਮੌਕਾਟੇਰੀਅਨ’ ਖੜ੍ਹੇ ਨੇ, ਮਹਾਂਸਾਗਰ ’ਚ ਹੱਥ ਧੋਣ ਲਈ ਕਾਹਲੇ ਨੇ। ਪੰਜਾਬ ’ਚ ਹਜ਼ਾਰਾਂ ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਗਏ। ਕਿਸੇ ਸੱਥਰ ’ਤੇ ਸਿਆਸੀ ਨੇਤਾ ਨਹੀਂ ਪੁੱਜਿਆ। ਜਦੋਂ ਹੁਣ ‘ਸੰਘਰਸ਼ੀ ਫਲੂ’ ਆਇਐ, ਫੌਤ ਹੋਏ ਕਿਸਾਨਾਂ ’ਤੇ ਸਭ ਹੰਝੂ ਵਹਾਉਣ ਤੁਰੇ ਨੇ।

       ਦਿੱਲੀ ਘੋਲ ’ਚ ਫੌਤ 78 ਕਿਸਾਨ ਹੋਏ ਨੇ। ਭਾਰਤ ਸਰਕਾਰ ਦਾ ਇੱਕ ਹੰਝੂ ਵੀ ਹਿੱਸੇ ਨਹੀਂ ਆਇਆ। ਫੌਤ ਹੋਇਆ ਦੀ ਮਿੱਟੀ ਵੀ ਰੁਲ ਗਈ। ‘ਤੇਰਾ ਮੁਰਦਾ ਖ਼ਰਾਬ ਹੋਵੇ’, ਪੰਜਾਬ ਦੀ ਭੈੜੀ ਗਾਲ ਹੈ। ਕਿੰਨੇ ਪਰਿਵਾਰਾਂ ਨੇ ਇੰਝ ਹੀ ਝੱਲਿਆ। ਮੁਰਦੇ ਖਰਾਬ ਹੋਏ, ਪਰਿਵਾਰ ਖੱਜਲ ਹੋਏ। ਮੁਆਵਜ਼ੇ ਲਈ ਮੁਜ਼ਾਹਰੇ ਕਰਨੇ ਪਏ। ਉਪਰੋਂ ਕੇਂਦਰ ਦਾ ਕਰੂਰਪੁਣਾ  ਵੇਖਣਾ ਪਿਆ।ਪੁਰਾਣੇ ਆਖਦੇ ਨੇ, ‘ਪਾਟੇ ਅੰਬਰ ਨੂੰ ਸੀਣਾ ਅੌਖਾ’ ਦਿੱਲੀ ਮੋਰਚੇ ’ਚ ਹਰ ਬੇਬੇ ਦੇ ਹੱਥ ਕੰਧੂਈ ਸੂਈ ਐ। ਜੇ ਹਕੂਮਤ ਦੀ ਅੜੀ ਐ ਤਾਂ ਕਿਸਾਨਾਂ ਦਾ ਵੀ ਅੜਾ ਐ। ਤਾਹੀਓਂ ਕੌੜਤੁੰਮੇ ਬਣ ਗਏ ਨੇ। ‘ਬਰਡ ਫਲੂ’ ਜਨੌਰਾਂ ਲਈ ਜਾਨ ਦਾ ਖੌਅ ਬਣਿਐ। ਮੱਧ ਪ੍ਰਦੇਸ਼ ’ਚ ਸਭ ਤੋਂ ਵੱਧ ਕਾਂ ਮਰੇ ਨੇ। ਪੰਜਾਬ ਵਿਚ ਮੁਰਗੀਆਂ ’ਤੇ ਬਗਲੇ। ਕਬੂਤਰ, ਕੋਇਲਾਂ ਤੇ ਘੁੱਗੀਆਂ, ਸਭ ’ਤੇ ਸ਼ਨੀ ਗ੍ਰਹਿ ਭਾਰੂ ਐ। ਵਿਕਰੀ ਪੋਲਟਰੀ ਦੀ ਘਟੀ ਐ, ਉਂਝ ਤੋਤਿਆਂ ਦੇ ਭਾਅ ਵਧੇ ਨੇ। ਲਾਹੌਰ ’ਚ ਤੋਤਾ ਮੰਡੀ ਹੈ, ਤੋਤਿਆਂ ਦਾ ਟੋਟਾ ਪਿਐ। ਸਲੇਟੀ ਤੋਤੇ ਦੀ ਕੀਮਤ ਚਮਕੀ ਐ। ਦੇਸੀ ਤੋਤੇ ਦਾ ਵੀ ਭਾਅ ਬਣਿਐ। ਪੰਛੀ ਪ੍ਰੇਮੀ ਆਖਦੇ ਨੇ, ‘ਤੋਤੇ ਵਿਕਦੇ ਨਹੀਂ, ਉੱਡਦੇ ਚੰਗੇ ਲੱਗਦੇ ਨੇ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚੰਗਾ ਲੱਗਦੈ, ਮੋਰਾਂ ਨੂੰ ਦਾਣੇ ਪਾਉਣਾ, ਤੋਤਿਆਂ ਨਾਲ ਲਾਡ ਲਡਾਉਣਾ। ‘ਪਿੰਜਰੇ ਦਾ ਤੋਤਾ’, ਮਜਾਲ ਐ, ਆਖਾ ਮੋੜ ਜਾਏ।

              ਮਰਹੂਮ ਲਾਲ ਬਹਾਦਰ ਸ਼ਾਸਤਰੀ, ‘ਕਿਸਾਨ ਪ੍ਰੇਮ’ ਦੇ ਧਾਗੇ ’ਚ ਬੰਨ੍ਹੇ ਹੋਏ ਸਨ। ਜਦੋਂ ਮੁਲਕ ਅੰਨ ਨੂੰ ਤਰਸਿਆ ਸੀ, ਸ਼ਾਸਤਰੀ ਜੀ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਲਾਅਨ ’ਚ ਕਣਕ ਦੀ ਬਿਜਾਂਦ ਕਰਾ ਦਿੱਤੀ। ਦੇਸ਼ ਦਾ ਇਹ ਉਹ ਲਾਲ ਹੈ, ਜਿਸ ਨੇ ਉਦੋਂ ਇੱਕ ਡੰਗ ਦੀ ਰੋਟੀ ਵੀ ਛੱਡੀ ਸੀ। ਹੁਣ ਫੌਰੀ ਲੋੜ ਐ, ਮੌਜੂਦਾ ਹਕੂਮਤ ਰੋਟੀ ਨਹੀਂ, ਬੱਸ ਅੜੀ ਛੱਡੇ, ਵਾਅਦਾ ਰਿਹਾ, ਕਿਸਾਨ ਸਭ ਰਾਹ ਛੱਡਣਗੇ। ਖੇਤੀ ਕਾਨੂੰਨਾਂ ਤੋਂ ’ਕੱਲੇ ਕਿਸਾਨ ਨਹੀਂ, ਪੰਛੀ ਵੀ ਦਹਿਲੇ ਨੇ। ਵੱਟਾਂ ’ਤੇ ਕਿਸਾਨ ਜੋ ਨਹੀਂਓ ਦਿੱਖ ਰਿਹਾ। ਧਰਤੀ ਦੀ ਕੁੱਖ ’ਚ ਬੀਜ ਬੋਣ ਤੋਂ ਪਹਿਲਾਂ ਕਿਸਾਨ ਹਮੇਸ਼ਾ ਵੰਦਨਾ ਕਰਦੈ, ‘ ਹਾਲੇ ਪਾਲੀ ਦੇ ਭਾਗੀ, ਰਾਹੀਂ ਪਾਂਧੀ ਦੇ ਭਾਗੀ, ਚਿੜ੍ਹੀ ਜਨੌਰ ’ਤੇ ਭਾਗੀ।’ ਭੁਪਿੰਦਰ ਸਿੰਘ ਮਾਨ ਦੀ ਕਹਾਣੀ ‘ਮੰਗਲਾਚਰਨ’ ਨਵੇਂ ਹਾਲਾਤਾਂ ’ਤੇ ਉਂਗਲ ਧਰਦੀ ਐ। ਕਿਸਾਨਾਂ ਤੇ ਪੰਛੀਆਂ ਦਾ ਸਦੀਆਂ ਪੁਰਾਣਾ ਰਿਸ਼ਤੈ। ਚੀਨੇ ਕਬੂਤਰ ਤਾਂ ਸੰਗੀ ਰਹੇ ਨੇ। ਕਾਂ ਦਾ ਬਨੇਰੇ ਤੇ ਬੋਲਣਾ, ਸ਼ੁਭ ਸੁਨੇਹਾ ਦਿੰਦਾ ਰਿਹੈ। ਪੁਰਾਣੀ ਬੋਲੀ, ਨਵੇਂ ਪ੍ਰਸੰਗ ’ਚ ਫਿੱਟ ਬੈਠੀ ਐ, ‘ਸਿੱਟੇ ਨਾ ਉਜਾੜੋ ਤੋਤਿਓ, ਅਸਾਂ ਬਾਜਰੇ ਤੋਂ ਘੱਗਰਾ ਸਮਾਉਣਾ।’ ਸਿਮਰਤ ਸੁਮੈਰਾ ਦੀ ਨਵੀਂ ਤੁਕਬੰਦੀ ਵੀ ਘੱਟ ਨਹੀਂ, ‘ਜਿੰਨਾਂ ਦਾ ਧਨ ਸੀ ਕਾਲਾ, ਰੰਗਦਾਰ ਹੋ ਗਿਆ ਹੈ, ਸਾਡਾ ਪਸੀਨਾ ਐਵੇਂ ਬੇਕਾਰ ਹੋ ਗਿਆ ਹੈ/ ਕੈਸਾ ਤੁਫਾਨ ਆਇਆ ਉੱਜੜੇ ਨੇ ਆਸ਼ਿਆਨੇ, ਗਮਗੀਨ ਪੰਛੀਆਂ ਦਾ ਸੰਸਾਰ ਹੋ ਗਿਆ ਹੈ। ’

     ਖੇਤਾਂ ਨੂੰ ਨਵੇਂ ਯੁੱਗ ਦੇ ਪੰਛੀਆਂ ਤੋਂ ਖਤਰਾ ਹੈ। ਰਾਖੀ ਲਈ ਦਿੱਲੀ ਡੇਰਾ ਜਮਾਉਣਾ ਪਿਆ ਹੈ। ਜੇਠ ਮਹੀਨਾ ਖੇਤਾਂ ’ਚ ਝੱਲਿਆ, ਸਾਰਾ ਪੋਹ ਦਿੱਲੀ ’ਚ। ਕਿਸੇ ਨੇ ਠੀਕ ਹੀ ਕਿਹਾ, ‘ਸ਼ਿਕਾਰ ਹੋਣ ਵਾਲੇ ਪੰਛੀ ਗੀਤ ਨਹੀਂ ਗਾਉਂਦੇ।’ ਟਿੱਕਰੀ/ ਸਿੰਘੂ ਸਰਹੱਦ ’ਤੇ ਦਿਨ ਰਾਤ ਹੇਕਾਂ ਲੱਗਦੀਆਂ ਨੇ। ਕਿਤੇ ਪੰਛੀ ਭਾਸ਼ਾ ਸਮਝਦੇ ਹੁੰਦੇ, ਛੱਜੂ ਰਾਮ ਜਰੂਰ ਆਖਦਾ, ‘ਦੁਨੀਆਂ ਭਰ ਦੇ ਪੰਛੀਓ, ਇੱਕ ਹੋ ਜਾਓ।’ ‘ਬਰਡ ਫਲੂ’ ਦੀ ਫਿਰ ਐਸੀ ਦੀ ਤੈਸੀ। ‘ਸੰਘਰਸ਼ੀ ਫਲੂ’ ਦਾ ਰੰਗ ਉਘੜਿਐ, ਵੈਕਸੀਨ ਸਰਕਾਰ ਕੋਲ ਐ। ਅਖੀਰ ਅਚਾਰੀਆ ਰਜਨੀਸ਼ ਦੇ ਇੱਕ ਪ੍ਰਵਚਨ ਨਾਲ। ‘ ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਉਹ ਕੁਝ ਦੇ ਦਿੰਦਾ ਹੈ ਅਤੇ ਹਓਮੈ ਉਦੋਂ ਖੁਸ਼ ਹੁੰਦੀ ਹੈ ਜਦੋਂ ਇਹ ਕੁਝ ਲੈ ਲੈਂਦੀ ਹੈ।’ ਸੋ, ਵੇਲਾ ਹੁਣ ਦੇਣ ਦਾ ਹੈ। ਬਾਕੀ ਮਾਲਕਾਂ ਦੀ ਮਰਜ਼ੀ..।




  

       


 

 

Wednesday, January 13, 2021

                                                          ਧੁਖਦੀ ਜ਼ਿੰਦਗੀ
                                      ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ..!
                                                           ਚਰਨਜੀਤ ਭੁੱਲਰ        

ਚੰਡੀਗੜ੍ਹ : ਪੰਜਾਬ ’ਚ ਹਜ਼ਾਰਾਂ ਸੁੰਦਰੀਆਂ ਤੇ ਮੁੰਦਰੀਆਂ ਹਨ ਜਨ੍ਹਿਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ। ਇਨ੍ਹਾਂ ਧੀਆਂ ਨੂੰ ਤਾਂ ਲੋਹੜੀ ਦਾ ਸੇਕ ਵੀ ਨਸੀਬ ਨਹੀਂ ਹੋਇਆ, ਗੁੜ-ਗੱਚਕ ਤੇ ਮੂੰਗਫਲੀ ਤਾਂ ਦੂਰ ਦੀ ਗੱਲ। ਇਵੇਂ ਦੀਆਂ ਬੱਚੀਆਂ ਕਿਸ ਦਰਬਾਰ ਜਾਣ, ਜਨ੍ਹਿਾਂ ਕੋਲ ਰਹਿਣ ਲਈ ਛੱਤ ਨਹੀਂ, ਕਿਸੇ ਕੋਲ ਮਾਪਿਆਂ ਦੀ ਛਾਂ ਨਹੀਂ। ਅੱਜ ਜਦੋਂ ਲੋਹੜੀ ਦਾ ਤਿਉਹਾਰ ਹੈ ਤਾਂ ਇਨ੍ਹਾਂ ਬੱਚੀਆਂ ਅਤੇ ਪਰਿਵਾਰਾਂ ਨੂੰ ਗੁਰਬਤ ਕੰਬਣੀ ਛੇੜਦੀ ਹੈ। ਬਹੁਤੇ ਪਰਿਵਾਰ ਅੱਜ ਹਰੇ ਇਨਕਲਾਬ ਦਾ ਦੁੱਖ ਝੱਲ ਰਹੇ ਹਨ।ਜ਼ਲ੍ਹਿਾ ਮੋਗਾ ਦੇ ਪਿੰਡ ਕਾਲੇਕੇ ਦੀ ਹਰਸਿਮਰਤ ਕੌਰ ਤੇ ਹਰਪ੍ਰੀਤ ਕੌਰ ਦੀ ਜ਼ਿੰਦਗੀ ਅੱਜ ‘ਸੁੰਦਰੀ’ ਤੇ ‘ਮੁੰਦਰੀ’ ਤੋਂ ਬਦਤਰ ਹੈ। ਜਦੋਂ ਬਾਪ ਤਰਸੇਮ ਸਿੰਘ ਨੂੰ ਟੀਬੀ ਦੀ ਬਿਮਾਰੀ ਨੇ ਖੋਹ ਲਿਆ ਤਾਂ ਉਨ੍ਹਾਂ ਦਾ ਜਹਾਨ ਉੱਜੜ ਗਿਆ। ਛੱਡ ਕੇ ਮਾਂ ਪੇਕੇ ਚਲੀ ਗਈ ਤਾਂ ਇਨ੍ਹਾਂ ਦੋਵਾਂ ਬੱਚੀਆਂ ਕੋਲੋਂ ਨਿੱਘ ਖੁਸ ਗਈ। ਦਾਦੀ ਗੁਰਦੀਪ ਕੌਰ ਨੇ ਪੋਤੀਆਂ ਦੇ ਸਿਰ ’ਤੇ ਹੱਥ ਰੱਖਿਆ। ਛੇ ਮਹੀਨੇ ਪਹਿਲਾਂ ਦਾਦੀ ਵੀ ਰੱਬ ਨੂੰ ਪਿਆਰੀ ਹੋ ਗਈ। ਇਕੱਲਾ ਗੁਰਬਖਸ਼ ਸਿੰਘ ਦਾਦਾ ਬਚਿਆ ਹੈ।

             ਇਨ੍ਹਾਂ ਦੋਵੇਂ ਸਕੂਲੀ ਬੱਚੀਆਂ ਨੂੰ ਕੋਈ ਲੋਹੜੀ ਹੁਣ ਤਪਸ਼ ਨਹੀਂ ਵੰਡਦੀ। ਇਨ੍ਹਾਂ ਧੀਆਂ ਨੂੰ ਇੱਕੋ ਫਿਕਰ ਹੈ ਕਿ ਦਾਦਾ ਚਲਿਆ ਤਾਂ ਉਨ੍ਹਾਂ ਦੀ ਕੌਣ ਬਾਂਹ ਫੜੇਗਾ। ਇਹ ਹੋਣੀ ਖੇਤ ਮਜ਼ਦੂਰਾਂ ਤੇ ਕਿਸਾਨ ਪਰਿਵਾਰਾਂ ਦੇ ਬੱਚਿਆਂ ਦੀ ਹੈ ਜਨ੍ਹਿਾਂ ਨੂੰ ਖੇਤਾਂ ਦੇ ਸੰਕਟ ਨੇ ਝੰਬ ਦਿੱਤਾ ਹੈ। ਇਸੇ ਜ਼ਲ੍ਹਿੇ ਦੇ ਪਿੰਡ ਮੀਣੀਆਂ ਦਾ ਕਿਸਾਨ ਦੀਪਾ ਸਿੰਘ ਖੁਦਕੁਸ਼ੀ ਕਰ ਗਿਆ, ਪਿਛੇ ਪਤਨੀ ਤੇ ਦੋ ਬੱਚੇ ਹਨ। ਕੋਈ ਢਾਰਸ ਨਹੀਂ ਜਿਸ ਕਰਕੇ ਇਸ ਪਰਿਵਾਰ ਨੂੰ ਕਦੇ ਲੋਹੜੀ ਨੇ ਧਰਵਾਸ ਨਹੀਂ ਦਿੱਤਾ।ਮੁਕਤਸਰ ਦੇ ਪਿੰਡ ਚਿੱਬੜਾਂਵਾਲੀ ਦੀ ਵਿਧਵਾ ਅੰਗੂਰੀ ਦੇਵੀ ਦੀਆਂ ਛੇ ਪੋਤੀਆਂ ਨੂੰ ਘਰ ਦੀ ਛੱਤ ਨਸੀਬ ਨਹੀਂ ਹੋਈ। ਅੰਗੂਰੀ ਦੇਵੀ ਆਪਣੇ ਪਰਿਵਾਰ ਸਮੇਤ ਪਸ਼ੂਆਂ ਵਾਲੇ ਵਾੜੇ ਵਿਚ ਰਹਿ ਰਹੀ ਹੈ। ਪੋਤੀ ਨੰਦਨੀ ਤੇ ਉਰਮਾ ਦੇਵੀ ਕਿਸੇ ਅਜਿਹੇ ਦੁੱਲੇ ਦੀ ਉਡੀਕ ’ਚ ਹਨ ਜੋ ਉਨ੍ਹਾਂ ਦੇ ਭਾਗਾਂ ਵਿਚ ਰਹਿਣ ਜੋਗੀ ਥਾਂ ਲਿਖ ਦੇਵੇ। ਬੇਘਰ ਪਰਿਵਾਰ ਕਿਧਰ ਜਾਣ। ਬੱਚੀਆਂ ਦਾ ਬਾਪ ਹਰਜਿੰਦਰ ਆਖਦਾ ਹੈ ਕਿ ਮਜ਼ਦੂਰਾਂ ਦੀ ਜ਼ਿੰਦਗੀ ’ਚ ਕੋਈ ਤਿਉਹਾਰ ਨਹੀਂ ਰਿਹਾ।

             ਬਠਿੰਡਾ ਜ਼ਲ੍ਹਿੇ ਦੇ ਪਿੰਡ ਕੋਠਾ ਗੁਰੂ ਦੀ ਬੱਚੀ ਰਮਨਦੀਪ ਕੌਰ, ਦੁਰਗਾ ਕੌਰ ਅਤੇ ਗਗਨਦੀਪ ਕੌਰ ਤਿੰਨੋਂ ਭੈਣਾਂ ਹਨ। ਬਾਪ ਦਰਸ਼ਨ ਸਿੰਘ ਖੁਦਕੁਸ਼ੀ ਕਰ ਗਿਆ ਸੀ। ਪਿੱਛੇ ਪਾਲਣਹਾਰ ਦਾਦਾ ਤੇ ਦਾਦੀ ਹਨ। ਇਨ੍ਹਾਂ ਬੱਚੀਆਂ ਦੀ ਪੜ੍ਹਾਈ ਦਾਦਾ-ਦਾਦੀ ਦੀ ਦਿਹਾੜੀ ਨਾਲ ਚੱਲਦੀ ਹੈ। ਇਹ ਬਜ਼ੁਰਗ ਆਖਦੇ ਹਨ ਜਨ੍ਹਿਾਂ ਨਾਲ ਜ਼ਿੰਦਗੀ ਨੇ ਲੋਹੜਾ ਮਾਰਿਆ ਹੋਵੇ, ਉਨ੍ਹਾਂ ਦੇ ਬੱਚਿਆਂ ਦੇ ਹਿੱਸੇ ਲੋਹੜੀ ਕਿੱਥੇ। ਬਜ਼ੁਰਗਾਂ ਦਾ ਕਹਿਣਾ ਸੀ ਕਿ ਕੋਈ ਵੀ ਸਰਕਾਰ ਉਨ੍ਹਾਂ ਨੂੰ ਤਿੱਥ ਤਿਉਹਾਰਾਂ ਦੀ ਖੁਸ਼ੀ ਨਹੀਂ ਦੇ ਸਕੀ। ਪਿੰਡ ਖੁੰਡੇ ਹਲਾਲ ਦਾ ਇੱਕ ਬਜ਼ੁਰਗ ਜੋੜਾ ਘਰ ਨੂੰ ਤਰਸਦਾ ਮਰ ਗਿਆ। ਇਹ ਜੋੜਾ ਪਿੰਡ ਦੀ ਧਰਮਸ਼ਾਲਾ ਵਿੱਚ ਰਹਿੰਦਾ ਸੀ। ਧਰਮਸ਼ਾਲਾ ’ਚੋਂ ਹੀ ਉਨ੍ਹਾਂ ਦੀ ਅਰਥੀ ਉੱਠੀ। ਹੁਣ ਇਕਲੌਤਾ ਲੜਕਾ ਵੀ ਧਰਮਸ਼ਾਲਾ ’ਚ ਰਹਿ ਰਿਹਾ ਹੈ।

             ਬਰਨਾਲਾ ਦੇ ਪਿੰਡ ਚੀਮਾ ਦੀ ਲੜਕੀ ਚਰਨਜੀਤ ਕੌਰ ਦੇ ਹਿੱਸੇ ਤਾਂ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਦੁੱਖ ਆ ਗਏ। ਬਾਪ ਦੀ ਮੌਤ ਹੋ ਗਈ ਅਤੇ ਮਾਂ ਪੇਕੇ ਚਲੀ ਗਈ ਸੀ। ਉਦੋਂ ਚਰਨਜੀਤ ਕੌਰ ਛੇ ਮਹੀਨੇ ਦੀ ਸੀ। ਤਾਏ ਸੋਹਣ ਸਿੰਘ ਅਤੇ ਤਾਈ ਹਰਜੀਤ ਕੌਰ ਨੇ ਹੀ ਇਸ ਬੱਚੀ ਦੀ ਪਰਵਰਿਸ਼ ਕੀਤੀ। ਭਾਵੇਂ ਇਹ ਬੱਚੀ ਨੂੰ ਜਵਾਨ ਹੋਣ ਤੱਕ ਦੁੱਖ ਝੱਲਣੇ ਪਏ ਪਰ ਆਖਰ ਹੁਣ ਜ਼ਿੰਦਗੀ ਨੇ ਹੀ ਬਾਂਹ ਫੜ ਲਈ। ਜਲਦੀ ਹੀ ਉਹ ਕੈਨੇਡਾ ਜਾਣ ਵਾਲੀ ਹੈ।ਪੰਜਾਬ ਦੇ ਮਾਲਵਾ ਖਿੱਤੇ ’ਚ ਏਦਾਂ ਦੇ ਹਜ਼ਾਰਾਂ ਪਰਿਵਾਰ ਹਨ ਜਨ੍ਹਿਾਂ ਵਿਚ ਮਾਪੇ ਨਹੀਂ, ਘਰਾਂ ’ਚ ਬੱਚੇ ਹਨ ਜਨ੍ਹਿਾਂ ਨੂੰ ਦਾਦਾ ਦਾਦੀ ਜਾਂ ਤਾਇਆ ਤਾਈ ਪਾਲ ਰਹੇ ਹਨ। ਇਨ੍ਹਾਂ ਬੱਚੀਆਂ ਲਈ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ। ਇਹ ਬੱਚੇ ਰਾਮ ਭਰੋਸੇ ਹਨ।

                                       ਹਰੇ ਇਨਕਲਾਬ ਨੇ ਫੱਟ ਦਿੱਤੇ: ਨਸਰਾਲੀ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਹਰੇ ਇਨਕਲਾਬ ਨੇ ਖੇਤ ਮਜ਼ਦੂਰਾਂ ਨੂੰ ਵੱਡੇ ਫੱਟ ਦਿੱਤੇ ਹਨ। ਤਕਨੀਕ ਤੇ ਮਸ਼ੀਨਰੀ ਨੇ ਮਜ਼ਦੂਰਾਂ ਤੋਂ ਕੰਮ ਖੋਹਿਆ ਹੈ। ਨਾ ਬਾਲਣ ਮਿਲਦਾ ਹੈ ਅਤੇ ਨਾ ਪਾਥੀਆਂ। ਤੂੜੀ ਤੰਦ ਅਤੇ ਹਰਾ ਚਾਰਾ ਵੀ ਨਦੀਦ ਬਣ ਗਿਆ ਹੈ ਜਿਸ ਕਰਕੇ ਪਸ਼ੂ ਪਾਲਣ ਦੇ ਧੰਦੇ ਨੂੰ ਵੀ ਮਜ਼ਦੂਰਾਂ ਤੋਂ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਿਰਫ ਨਾਅਰੇ ਦਿੱਤੇ ਹਨ ਅਤੇ ਹਕੀਕਤ ਵਿਚ ਸਭ ਕੁਝ ਹੁੰਦਾ ਤਾਂ ਅੱਜ ਲੋਹੜੀ ਦੇ ਮੌਕੇ ਢੋਲ ਵੱਜਦੇ। 

Monday, January 11, 2021

                                                              ਵਿਚਲੀ ਗੱਲ 
                                                 ਦੱਸ ਅਸਾਂ ਨੂੰ ਚਾਰਾ ਕੋਈ..!
                                                           ਚਰਨਜੀਤ ਭੁੱਲਰ             

ਚੰਡੀਗੜ੍ਹ : ਤਖ਼ਤ ਵਾਲੇ! ਤੂੰ ਏਨਾ ਨਿਰਮੋਹਾ ਨਾ ਬਣ। ਏਹ ਖੇਤਾਂ ਦੇ ਕਰਨਲ ਨੇ, ਰੰਗਰੂਟ ਨਹੀਂ। ਇੰਜ ਚਿਹਰੇ ਨਾ ਪੜ੍ਹ, ਹੱਥਾਂ ਦੇ ਅੱਟਣ ਦੇਖ। ਮਿਟ ਗਈਆਂ ਲਕੀਰਾਂ, ਹੁਣ ਲੱਭਣ ਆਏ ਨੇ। ਦਾਦੇ ਦੀ ਹਰੀ ਕਰਾਂਤੀ, ਪਿਓ ਦੀ ਫਾਹੀ ਬਣੀ, ਪੱੁਤ ਲਈ ਡੂੰਘੀ ਖਾਈ। ਅੱਗਿਓਂ ਨਿਆਣੇ ਖਤਾ ਨਾ ਖਾਣ, ਚਾਚੇ ਨਹਿਰੂ ਦੇ ਵਾਰਸ ਬਣੋ। ਜ਼ਿੰਦਗੀ ਦੀ ਜਮ੍ਹਾਬੰਦੀ ਦੇਖ, ਬੇਜ਼ਮੀਨੇ ਭਾਵੇਂ ਹੋਣ, ਬੇਜ਼ਮੀਰੇ ਨਹੀਂ। ਭਿਖਾਰੀ ਨਹੀਂ, ਖੇਤਾਂ ਦੇ ਲਲਾਰੀ ਨੇ। ਸਿੰਘੂ ’ਚ ਰੰਗੋਲੀ ਐਵੇਂ ਨਹੀਂ ਸਜੀ। ‘ਚੰਗਾ ਬੀਜ ਸਮੁੰਦਰ ’ਚ ਵੀ ਡਿੱਗੇਗਾ, ਤਾਂ ਟਾਪੂ ਬਣਕੇ ਉਭਰੇਗਾ’। ਤਾਜ ਵਾਲੇ! ਤਖ਼ਤੀ ’ਤੇ ਲਿਖੇ ਨੂੰ ਪੜ੍ਹ, ‘ਜਾਂ ਮਰਾਂਗੇ, ਜਾਂ ਜਿੱਤਾਂਗੇ।’ ਕੋਈ ਭਰੋਸਾ ਤੋੜ ਜਾਏ, ਪਹਿਲੋਂ ਨਾਕੇ, ਫੇਰ ਉਹਦਾ ਗਰੂਰ ਤੋੜਦੇ ਨੇ। ਐਨੇ ਨਾਸਮਝ ਨਾ ਬਣੋ, ਏਹ ਨਿਉਂਦਾ ਵੀ ਮੋੜਦੇ ਨੇ, ਨਾਲੇ ਭਾਜੀ ਵੀ। ਮਹਾਤਮਾ ਬੁੱਧ ਨੂੰ ਧਿਆਓ, ‘ਰਾਹ ਅਸਮਾਨ ’ਚ ਨਹੀਂ ਹੁੰਦਾ, ਰਾਹ ਦਿਲ ’ਚ ਹੁੰਦਾ ਹੈ।’ ਦਿਲਾਂ ਨੂੰ ਦਿਲਾਂ ਦੇ ਰਾਹ ਬਣਦੇ, ਏਹ ਕਾਹਤੋਂ ਤਖ਼ਤੀ ਚੁੱਕਦੇ। ਤੁਸੀਂ ਇਨਸਾਫ਼ ਦਿਓ, ਤਾਰੀਖ਼ ਨੂੰ ਛੱਡੋ। ‘ਸਾਡੀ ਮੌਤ, ਉਨ੍ਹਾਂ ਦਾ ਹਾਸਾ।’

    ਸਿੰਘੂ ਸਰਹੱਦ ਦੇ ਤੰਬੂ ਦੇਖ। ਅੌਹ ਤੰਬੂ ਦੀ ਇਬਾਰਤ ’ਤੇ ਗੌਰ ਕਰ, ‘ਸਭ ਤੋਂ ਖਤਰਨਾਕ ਹੁੰਦਾ ਹੈ ਏਹ ਮੰਨ ਲੈਣਾ ਕਿ ਰੋਟੀ ਬਾਜ਼ਾਰ ਤੋਂ ਮਿਲਦੀ ਹੈ।’ ਉਸਤਾਦ ਅਰਸਤੂ, ‘ਮਹਾਨ’ ਬਣਾ ਗਿਆ ਸਿਕੰਦਰ ਨੂੰ। ਡੋਨਾਲਡ ਟਰੰਪ ਦਾ ਮੂੰਹ ਵਟ ਭਰਾ, ਇਨਸਾਨ ਬਣੂ ਜਾਂ ਮਹਾਨ, ਲੱਖਣ ਕਿਵੇਂ ਲਾਈਏ। ਅਮਰੀਕਾ ਮਾਰਕਾ ਸਿਰ ਤਾਂ ਜਾਗ ਪਏ। ਸਾਡੇ ਜੰਗਾਲੂ ਸਿਰ ਕਦੋਂ ਜਾਗਣਗੇ, ਵਾਹ ‘ਖੇਤਾਂ ਦੇ ਰਾਜੇ’ ਲਾ ਰਹੇ ਨੇ। ਦਸੌਧਾ ਸਿਓ ਹਿੱਕ ਥਾਪੜ ਰਿਹੈ, ‘ਬਈ ! ਟਰੰਪ ਤਾਂ ਕਰਤਾ ਜਾਮੇ ਦੇ ਮੇਚ, ਹੋਰਨਾਂ ਦਾ ਮੇਚਾ ਲਿਐ।’ ਬਾਤਾਂ ਵਾਲੇ! ਤਖ਼ਤੀ ਪੜ੍ਹ, ਬਤੰਗੜ੍ਹ ਨਾ ਬਣਾ।  ਅੱਤਵਾਦੀ ਨੇ, ਨਕਸਲ ਨੇ। ‘ਪਿਕਨਿਕ ਮਨਾਉਣ ਆਏ ਨੇ।’ ਆਓ ਸਿੰਘੂ/ਟਿੱਕਰੀ ਸਰਹੱਦ ਚੱਲੀਏ। ਭਾਈਓ! ਏਹ ਕਿਸਾਨਗੜ੍ਹ ਐ। ਹੁਣ ਅੱਖੀਂ ਡਿੱਠਾ ਹਾਲ ਸੁਣੋ। ਬ੍ਰਹਿਮੰਡ ਦੇ ਪਹਿਲੇ ਖ਼ਬਰਚੀ, ‘ਨਾਰਦ ਮੁਨੀ’ ਤੋਂ। ਸ਼ੁਰੂਆਤ ਬਹਾਦਰਗੜ੍ਹ ਦੇ ਸਿਵਿਆਂ ਤੋਂ। ਸਿਵਿਆਂ ’ਚ ਬਲਦੀ ਭੱਠੀ, ਭੱਠੀ ਕੋਲ ਕੌਣ ਸੌਂਦੈ। ਮੰਡੀ ਕਲਾਂ ਦੇ ਦਰਜਨਾਂ ਕਿਸਾਨ, ਜਿਨ੍ਹਾਂ ਨੇ ਸਿਵਿਆਂ ’ਚ ਸਿਰਹਾਣੇ ਲਾਏ ਨੇ। ਉੱਜਲ ਸਿੰਘ ਆਖਦੈ, ‘ਖੇਤੀ ਕਾਨੂੰਨ ਵੀ ਸਾਡੀ ਮੌਤ ਹੀ ਨੇ।’ ਕੋਈ ਮੁਰਦਾ ਫੂਕਣ ਆਏ ਦੰਗ ਰਹਿ ਗਏ। ‘ਏਹ ਕੇਹੀ ਪਿਕਨਿਕ’।

   ‘ਹੀਰਾ ਰਗੜਨ ਨਾਲ ਚਮਕਦੈ, ਮਨੁੱਖ ਸੰਘਰਸ਼ ਨਾਲ।’ ਕੈਮਰਾ ਟਿੱਕਰੀ ਸਟੇਜ ’ਤੇ ਪਿਐ। ਮੱਧ ਪ੍ਰਦੇਸ਼ ਦੀ ਸੱਤ ਵਰ੍ਹਿਆਂ ਦੀ ਬੱਚੀ। ਸਨਿਕਾ ਪਟੇਲ ਬੋਲੀ..‘ਮੈਂ ਕਿਸਾਨ ਕੀ ਬੇਟੀ ਹੂੰ।’ ਨਾਲੇ ਕਵਿਤਾ ਵੀ ਬੋਲ ਗਈ,‘ਲੇ ਮਸ਼ਾਲੇ ਚੱਲ ਪੜ੍ਹੇ ਐ, ਲੋਗ ਮੇਰੇ ਗਾਓਂ ਕੇ।’ ਓਧਰ ਵੀ ਵੇਖੋ, ਫੌਜੀ ਵਰਦੀ ’ਚ, ਸਰਹੱਦ ਤੋਂ ਡਿਪਟੀ ਕਮਾਂਡਰ ਆਇਐ। ਲੰਗਰ ਲਾਗੇ ਜੱਗਰ ਸਿਓ ਬੈਠੈ, 42 ਦਿਨਾਂ ਤੋਂ ਭਾਂਡੇ ਮਾਂਜ ਰਿਹੈ, ਨਕਲੀ ਲੱਤ ਕੋਲ ਪਈ ਐ।  ਪੰਜਾਬ ਤੋਂ ਹਜ਼ਾਰਾਂ ਮੁੰਡੇ ਦਿੱਲੀ ਸਰਹੱਦ ’ਤੇ ਆਏ ਨੇ। ਅਕਲਾਂ ਵਾਲੇ ! ਅਕਲ ਨੂੰ ਹੱਥ ਮਾਰ। ਤਖ਼ਤੀ ਨੂੰ ਨੇੜਿਓਂ ਤੱਕ। ਟਰੈਕਟਰਾਂ  ਵਾਲੇ ਮੁੰਡੇ ਜਿੱਦੀ ਬੜੇ ਨੇ, ਆਖਦੇ ਨੇ ‘ਅਲਗੋਜ਼ੇ ਛੱਡੋ, ਪੀਪਣੀ ਵਜਾਵਾਂਗੇ।’ ਕੋਈ ਸਿਰੜ ਸਿੰਘ ਐ, ਕੋਈ ਸਿਦਕ ਲਾਲ ਤੇ ਕੋਈ ਜੋਸ਼ ਖਾਨ। ਖੋਜੀ ਸੁਭਾਅ ਵਾਲਾ ਨਾਰਦ। ਧਰਮਿੰਦਰ ’ਤੇ ਸਨੀ ਦਿਓਲ ਨੂੰ ਲੱਭਦੈ। ਉਗ ਸੁੱਘ ਹੇਮਾ ਮਾਲਿਨੀ ਵੀ ਨਹੀਂ ਮਿਲੀ। 

     ਤਾਹੀਓਂ ਮਝੈਲ ਤਪੇ ਪਏ ਨੇ, ਅਖੇ ਢਾਈ ਕਿਲੋ ਦਾ ਹੱਥ ਕਿਤੇ ਮਿਲੇ ਤਾਂ ਸਹੀ। ਹੰਸ ਰਾਜ ਨਾਗਪੁਰੀ ਸੰਤਰੇ ਖਾ ਰਿਹੈ, ਮੌਜਾਂ ਹੀ ਮੌਜਾਂ। ਅਮਰੀਕਾ ਤੋਂ ਕਮਲਾ ਹੈਰਿਸ ਦਾ ਫੋਨ ਬੇਬੇ ਮਹਿੰਦਰ ਕੌਰ ਨੂੰ ਆਇਐ। ਮਾਸੀ ਜੀ! ਬੱਸ ਡਟੇ ਰਹਿਣਾ, ਦੇਰ ਐ ਅਧੇਰ ਨਹੀਂ। ਅੱਗਿਓਂ ਬੇਬੇ ਆਖਿਆ, ਕਮਲਾ ਪੁੱਤ! ਸਾਨੂੰ ਵੀ ਦੇ ਕੋਈ ਤਵੀਤ। ‘ਖਾਲੀ ਕੋਠੇ ਨੂੰ ਛੱਤ ਦੀ ਲੋੜ ਨਹੀਂ ਹੁੰਦੀ।’ ਪੋਹ ਆਇਆ, ਮੀਂਹ ਆਇਆ, ਨੇਰ੍ਹੀ ਆਈ, ਝੱਖੜ ਵੀ। ਦੁੱਲੇ ਭੱਟੀ ਦੀ ਨਾਬਰੀ, ਢੱਡ ’ਤੇ ਖੜ੍ਹਕ ਰਹੀ ਐ। ਅੱਗੇ ਲੋਹੜੀ ਜੋ ਆਉਣੀ ਹੈ। ਕੁਰਸੀ ਵਾਲੇ ! ਤੂੰ ਲੋਹੜਾ ਨਾ ਮਾਰਦਾ, ਜਵਾਨ ਪੁੱਤਾਂ ਦੇ ਸਿਵੇ ਨਾ ਬਲਦੇ। ਸਿਵੇ ਹਾਲੇ ਠੰਢੇ ਹੋਏ ਨਹੀਂ, ਬਾਪ ਮੁੜ ਸਿੰਘੂ ’ਤੇ ਆ ਬੈਠੇ ਨੇ। ਧੰਨ ਜਿਗਰਾ ਇਨ੍ਹਾਂ ਦਾ। ਇਨ੍ਹਾਂ ਨੂੰ ਸੱਤ ਬਿਗਾਨੇ ਨਾ ਸਮਝ। ਮਾਓ ਜੇ ਤੁੰਗ ਆਖਦੈ..‘ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ।’ ਤੁੰਗ ਤੋਂ ਨਹੀਂ ਸਿੱਖਣਾ, ਬਰਲਿਨ ਦੀ ਕੰਧ ਤੋਂ ਸਿੱਖ ਲਓ। ਲੀਰਾਂ ਦੀ ਖੁੱਦੋਂ ਕਿਵੇਂ ਖਿੱਲਰਦੀ ਐ, ਬੇਸ਼ੱਕ ਏਹ ਟਰੰਪ ਨੂੰ ਪੁੱਛ ਲਓ। ਅੰਨਦਾਤਾ ਨੇ, ਹਰੀ ਕਰਾਂਤੀ ਦੇ ਵਾਰਸ। ਹੁਣ ਖਾਮੋਸ਼ ਕਰਾਂਤੀ ਦਾ ਮੁੱਖ ਬੰਦ ਲਿਖਣ ਲੱਗੇ ਨੇ। ਸਰਬਜੀਤ ਕੌਰ ਜੱਸ ਨੇ ਬੋਲੀ ਪਾਈ ਐ, ‘ਵੇ ਆ ਪੁੱਟੀਏ ਮੁਹੱਬਤਾਂ ਦੇ ਖੇਤ ਚੋਂ, ਸੋਚਾਂ ’ਚ ਨਦੀਨ ਚੜ੍ਹਿਆ।’

             ਨਾਰਦ ਮੁਨੀ ਦੇ ਪੈਰ ਚੱਕਰ ਐ। ਦਿਨ ਢਲ ਚੱਲਿਆ ਹੈ, ਅੌਹ ਟਰਾਲੀ ’ਚ ਕੋਈ ਕਿਸਾਨ ਘੋੜਾ ਬਣਿਐ.. ਢੂਹੀ ’ਤੇ ਬੱਚਾ ਬੈਠੈ..‘ਚੱਲ ਮੇਰੇ ਘੋੜੇ..ਟਿੱਕ ਟਿੱਕ ਟਿੱਕ।’ ਟਰਾਲੀ ਦੇ ਨੇੜੇ ਖੜ੍ਹੇ ਬਾਪ ਗੁਰਮੇਲ ਸਿੰਘ ਨੇ ਪਿਓ ਪੁੱਤ ਦਾ ਲਾਡ ਵੇਖਿਆ, ਅੱਥਰੂ ਆਪ ਮੁਹਾਰੇ ਵਹਿ ਤੁਰੇ। ਘੋਲ ’ਚ ਜਵਾਨ ਪੁੱਤ ਵਿਗੋਚਾ ਦੇ ਗਿਆ। ਇਵੇਂ ਇੱਕ ਹੋਰ ਜਵਾਨ ਪੋਤਾ ਵਿਦਾ ਹੋਇਆ। ਬਿਰਧ ਦਾਦੀ ਨੇ ਗੱਚ ਭਰਿਆ, ਜਦੋਂ ਇੱਕ ਬੱਚਾ ਆਪਣੀ ਮਾਂ ਹੱਥੋਂ ਰੋਟੀ ਖਾਂਦਾ ਵੇਖਿਆ। ਨਰਿੰਦਰਪਾਲ ਕੌਰ ਦੀ ਤੁਕ ਢੁਕਵੀਂ ਐ.. ‘ਹੁਣ ਜਦ ਵੀ ਉਸ ਰੁੱਖ ’ਤੇ ਕੋਈ ਪੰਛੀ ਆਪਣੇ ਬੱਚਿਆਂ ਨੂੰ ਚੋਗਾ ਚੁਗਾਉਂਦਾ ਹੈ, ਉਸ ਨੂੰ ਘਰ ਬਹੁਤ ਯਾਦ ਆਉਂਦਾ ਹੈ। ’ਇਨ੍ਹਾਂ ਬਾਬਿਆਂ ਦਾ ਏਡਾ ਜੇਰਾ, ਗੁਆ ਕੇ ਵੀ ਡਟੇ ਨੇ। ‘ਮਾੜਾ ਹਾਕਮ ਖੁਦਾ ਦਾ ਕਹਿਰ’। ਤੋਮਰ ਦੇ ਹੱਥ ਖਾਲੀ ਨੇ। ਸਭ ਇੱਕੋ ਦੇ ਹੱਥ ਹੈ। ਇਨ੍ਹਾਂ ਹੱਥਾਂ ’ਚ ਖੇਤੀ ਕਾਨੂੰਨ ਨੇ। ਤਖ਼ਤੀ ’ਤੇ ਨਜ਼ਰ ਨਹੀਂ ਘੁੰਮਾ ਰਿਹਾ। ਹੁਣ 26 ਜਨਵਰੀ ਦੂਰ ਨਹੀਂ। ਗਾਜੀਪੁਰ ਸਰਹੱਦ ’ਤੇ ਬੈਠੀ ਕੁੜੀ ਪੂਨਮ ਪੰਡਿਤ ਗਰਜ਼ੀ, ‘ਘਰੋਂ ਸ਼ਹਾਦਤ ਦੇਣ ਲਈ ਤੁਰ ਆਈ ਹਾਂ।’ ‘ਤੁਸੀਂ ਹਰ ਕਿਸੇ ਨੂੰ ਆਪਣੇ ਉਪਰੋਂ ਲੰਘਣ ਦਿਓਗੇ, ਤੱਪੜ ਬਣ ਜਾਓਗੇ।’ ਸਮੁੱਚੀ ਕਿਸਾਨੀ ਨੇ ਖੰਘੂਰਾ ਮਾਰਿਆ। ਨਾਰਦ ਹਰ ਪੈੜ ਨੂੰ ਨੱਪ ਰਿਹੈ। ਤਖ਼ਤੀ ਅਤੇ ਖੰਘੂਰੇ ਦੇ ਮਾਅਨੇ ਹਕੂਮਤ ਕੀ ਜਾਣੇ।

     ਕੇਰਾਂ ਕਿਸੇ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ’ਤੇ ਪੱਥਰ ਮਾਰਿਆ। ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਪੱਥਰਬਾਜ ਨੂੰ ਫੜਨਾ ਚਾਹਿਆ। ਮਹਾਰਾਜੇ ਨੇ ਅਹਿਲਕਾਰਾਂ ਨੂੰ ਰੋਕਤਾ। ‘ਭਲਿਓ, ਏਸ ਪੱਥਰਬਾਜ ਨੇ ਸਾਨੂੰ ਅੌਕਾਤ ਦੱਸੀ ਐ ਕਿ ਏਹ ਰਾਜ ਭਾਗ ਉਨ੍ਹਾਂ ਦਾ ਦਿੱਤਾ ਹੋਇਐ।’ ਚਾਣਕਯ ਆਖਦੇ ਨੇ,‘ ਅੌਖੇ ਸਮੇਂ ਅੰਦਰ ਬੁੱਧੀ ਹੀ ਰਾਹ ਦਿਖਾਉਂਦੀ ਹੈ।’ ਅਕਲਾਂ ਦਾ ਛਾਬਾ ਖਾਲੀ ਹੋਵੇ, ਫੇਰ ਕੀ ਕਰੀਏ। ਛੱਜੂ ਰਾਮ ਪਿੰਡ ਗਿਐ, ਨਹੀਂ ਉਸ ਤੋਂ ਪੁੱਛ ਲੈਂਦੇ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸੁਆਲ ਕੀਤੈ। ‘ਜੈ ਚੰਦ’ ਪਤਾ ਕਿਸ ਨੂੰ ਆਖਦੇ ਨੇ। ਜੋ ਮੈਦਾਨ ਛੱਡ ਕੇ ਭੱਜੇ । ਟਿਕੈਤ ਨੇ ਜ਼ਮੀਰਾਂ ਨੂੰ ਹਲੂਣਾ ਦਿੱਤੈ। ‘ਜੋ ਸੋਧਾਂ ਲਈ ਮੰਨੇਗਾ, ‘ਜੈ ਚੰਦ’ ਕਹਾਏਗਾ। ਟਿਕੈਤ ਬਾਬੂ ਕੀ ਜਾਣੇ, ਘੋਲ ’ਚ ਬੈਠੇ ਸਾਰੇ ਖੇਤਾਂ ਦੇ ਸਕੇ ਪੁੱਤ ਨੇ। ਜੋ ਪਿੱਛੇ ਪੰਜਾਬ ਬੈਠੇ ਨੇ, ਉਹ ਵੀ ਜਲਦ ਆਉਣਗੇ। ਕੰਗਣਾ ਰਣੌਤ ਆਖਦੀ ਹੈ, ‘ਅਸਾਂ ਨਹੀਂਓ ਆ ਸਕਦੇ, ਥਾਣੇ ’ਚ ਨਿੱਤ ਹਾਜ਼ਰੀ ਲੱਗਦੀ ਐ।’ ਜੀਹਦੀ ਥਾਣੇ ਹਾਜ਼ਰੀ ਲੱਗੇ, ਉਸ ਨੂੰ ਕੀ ਆਖਦੇ ਨੇ ? ਪਤੇ ਦੀ ਗੱਲ ਏਹ ਹੈ ਕਿ ਜੇ ਕੰਧ ’ਤੇ ਲਿਖਿਆ ਨਾ ਪੜ੍ਹਿਆ ਜਾਵੇ, ਤਖ਼ਤੀ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। 

  

 

Saturday, January 9, 2021

                                                          ਖੇਤੀ ਵਿਕਾਸ ਬੈਂਕ
                                              ਰਸੂਖਵਾਨ ਵੱਡੇ, ਵਸੂਲੀ ਛੋਟੀ !
                                                            ਚਰਨਜੀਤ ਭੁੱਲਰ                           

ਚੰਡੀਗੜ੍ਹ : ਖੇਤੀ ਵਿਕਾਸ ਬੈਂਕਾਂ ਦੇ ਕਰਜ਼ੇ ਲਾਹੁਣ ਵਿੱਚ ਵੱਡੇ ਰਸੂਖਵਾਨਾਂ ਨਾਲੋਂ ਛੋਟੀ ਤੇ ਦਰਮਿਆਨੀ ਕਿਸਾਨੀ ਅੱਗੇ ਹੈ। ਪੰਜਾਬ ਦੇ ਵੀਆਈਪੀ ਹਲਕਿਆਂ ਵਿੱਚ ਵਸੂਲੀ ਦੀ ਦਰ ਨੂੰ ਵੱਡੀ ਸੱਟ ਲੱਗੀ ਹੈ। ਉਂਜ ਖੇਤੀ ਕਾਨੂੰਨਾਂ ਕਰ ਕੇ ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਦਰ ਭੁੰਜੇ ਡਿੱਗੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਰਾਹਤ ਲਈ ਨਵੀਂ ਸਕੀਮ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ 89ਖੇਤੀ ਵਿਕਾਸ ਬੈਂਕ ਹਨ ਜਨ੍ਹਿਾਂ ਦੀ ਵਸੂਲੀ ਦਰ ਹੁਣ ਤੱਕ 5.81 ਫੀਸਦ ਹੈ ਜੋ ਕਿ ਪਿਛਲੇ ਵਰ੍ਹੇ 9.10 ਫੀਸਦ ਸੀ।ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕਰੀਬ 69 ਹਜ਼ਾਰ ਕਰਜ਼ਈ ਕਿਸਾਨ ਹਨ ਜਨ੍ਹਿਾਂ ਵੱਲ ਖੇਤੀ ਵਿਕਾਸ ਬੈਂਕਾਂ ਦੇ 1958 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਇਨ੍ਹਾਂ ’ਚੋਂ 1335 ਵੱਡੇ ਤੇ ਰਸੂਖਵਾਨ ਕਰਜ਼ਦਾਰ ਹਨ ਜਨ੍ਹਿਾਂ ਵੱਲ 207 ਕਰੋੜ ਰੁਪਏ ਖੜ੍ਹੇ ਹਨ। ਪੰਜਾਬ ਸਰਕਾਰ ਵੱਲੋਂ ਹਰ ਬੈਂਕ ਦੇ ਟੌਪ-15 ਕਰਜ਼ਈ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਰਸੂਖਵਾਨ ਕਿਸਾਨਾਂ ’ਚੋਂ ਸਿਰਫ 63 ਕਿਸਾਨਾਂ ਨੇ 1.84 ਕਰੋੜ ਦੇ ਕਰਜ਼ੇ ਲਾਹੇ ਹਨ ਜੋ ਕਿ ਕੁੱਲ ਰਕਮ ਦਾ 0.89 ਫੀਸਦ ਬਣਦੀ ਹੈ।

            ਦੂਜੇ ਪਾਸੇ ਆਮ ਕਰਜ਼ਈ ਕਿਸਾਨਾਂ ਵੱਲੋਂ 119 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਜੋ ਕਿ 6.09 ਫ਼ੀਸਦ ਬਣਦੀ ਹੈ। ਇਸ ਤਰ੍ਹਾਂ ਰਸੂਖਵਾਨਾਂ ਨਾਲੋਂ ਜ਼ਿਆਦਾ ਅਦਾਇਗੀ ਆਮ ਕਿਸਾਨਾਂ ਵੱਲੋਂ ਕੀਤੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ਪਿਛਲੇ ਵਰ੍ਹੇ ਇਹੋ ਅਦਾਇਗੀ 8.54 ਫੀਸਦ ਸੀ। ਵੱਡੇ ਰਸੂਖਵਾਨਾਂ ’ਚ ਸਭਨਾਂ ਸਿਆਸੀ ਧਿਰਾਂ ਦੇ ਆਗੂ ਸ਼ਾਮਲ ਹਨ। ਖੇਤੀ ਕਾਨੂੰਨਾਂ ਦੇ ਸੰਕਟ ਕਰ ਕੇ ਸਰਕਾਰ ਨਰਮੀ ਵਰਤ ਰਹੀ ਹੈ। ਹਰ ਬੈਂਕ ਦੀ ਟੌਪ-15 ਸੂਚੀ ਵਾਲੇ 1335 ਰਸੂਖਵਾਨ ਕਿਸਾਨਾਂ ’ਚੋਂ 1311 ਕੋਲ ਪੰਜ ਏਕੜ ਜਾਂ ਇਸ ਤੋਂ ਵੱਧ ਜ਼ਮੀਨ ਵਾਲੇ ਹਨ। ਸਿਰਫ਼ 24 ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ। ਰਸੂਖਵਾਨਾਂ ’ਚ ਸਭ ਤੋਂ ਸਿਖ਼ਰ ’ਤੇ ਪਟਿਆਲਾ ਡਿਵੀਜ਼ਨ ਹੈ ਜਿਥੋਂ ਦੇ 510 ਵੱਡੇ ਕਰਜ਼ਈ ਕਿਸਾਨਾਂ ਵੱਲ 74.28 ਕਰੋੜ ਰੁਪਏ ਖੜ੍ਹੇ ਹਨ ਜਦੋਂ ਕਿ ਜਲੰਧਰ ਡਿਵੀਜ਼ਨ ਦੇ 465 ਕਿਸਾਨਾਂ ਵੱਲ 72.56 ਕਰੋੜ ਰੁਪਏ ਖੜ੍ਹੇ ਹਨ। ਫ਼ਿਰੋਜ਼ਪੁਰ ਡਿਵੀਜ਼ਨ ਦਾ ਤੀਜਾ ਨੰਬਰ ਹੈ ਜਿੱਥੋਂ ਦੇ 360 ਵੱਡੇ ਕਰਜ਼ਦਾਰਾਂ ਵੱਲ 61.08 ਕਰੋੜ ਰੁਪਏ ਦਾ ਬਕਾਇਆ ਹੈ।

              ਪੰਜਾਬ ਭਰ ’ਚੋਂ ਵਸੂਲੀ ’ਚ ਸਭ ਤੋਂ ਮੰਦਾ ਹਾਲ ਬੁਢਲਾਡਾ ਦੇ ਖੇਤੀ ਵਿਕਾਸ ਬੈਂਕ ਦਾ ਹੈ ਜਿੱਥੇ ਵਸੂਲੀ ਦਰ ਸਿਰਫ 1.31 ਫੀਸਦੀ ਹੈ ਅਤੇ ਦੂਸਰੇ ਨੰਬਰ ’ਤੇ ਸਭ ਤੋਂ ਮਾੜੀ ਵਸੂਲੀ ਦਰ ਮਾਨਸਾ ਬੈਂਕ ਦੀ 2.25 ਫੀਸਦ, ਜਲਾਲਾਬਾਦ ਬੈਂਕ ਦੀ 2.34 ਫੀਸਦ, ਲਹਿਰਾਗਾਗਾ ਬੈਂਕ ਦੀ 4.75 ਫੀਸਦ, ਰਾਜਪੁਰਾ ਬੈਂਕ ਦੀ 3.25 ਫੀਸਦ ਅਤੇ ਪਾਤੜਾਂ ਬੈਂਕ ਦੀ ਵਸੂਲੀ ਦਰ 3.45 ਫੀਸਦ ਹੈ। ਨਕੋਦਰ ਦੀ ਖੇਤੀ ਵਿਕਾਸ ਬੈਂਕ ਦੀ ਵਸੂਲੀ ਦਰ ਸਭ ਤੋਂ ਵੱਧ 58.22 ਫੀਸਦੀ ਰਹੀ ਹੈ। ਜ਼ਲ੍ਹਿਿਆਂ ’ਚੋਂ ਸਭ ਤੋਂ ਵੱਧ ਵਸੂਲੀ ਨਵਾਂ ਸ਼ਹਿਰ ਦੀ 30.43 ਫੀਸਦ ਹੈ।ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਰਜ਼ਾ ਵਸੂਲੀ ਦੀ ਥਾਂ ਫ਼ੌਰੀ ਕਰਜ਼ਿਆਂ ’ਤੇ ਲੀਕ ਮਾਰੇ। ਉਨ੍ਹਾਂ ਆਖਿਆ ਕਿ ਕਰਜ਼ਾ ਮੁਆਫ਼ੀ ਸਕੀਮ ’ਚ ਖੇਤੀ ਵਿਕਾਸ ਬੈਂਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਹੈ ਕਿ ਜ਼ਮੀਨਾਂ ਬਚਾਉਣ ਦਾ ਮਸਲਾ ਵੱਡਾ ਹੈ ਜਿਸ ਕਰ ਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਫ਼ੌਰੀ ਰਾਹਤ ਦੇਣੀ ਚਾਹੀਦੀ ਹੈ।

                                               ਨਵੀਂ ਸਕੀਮ 15 ਤੋਂ: ਐੱਮ.ਡੀ.

ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਖੇਤੀ ਵਿਕਾਸ ਬੈਂਕ ਕਿਸਾਨੀ ਦੇ ਭਲੇ ਲਈ ਬਣੇ ਹਨ ਜਿਸ ਕਰਕੇ ਕਿਸਾਨਾਂ ਨੂੰ ਪੀਨਲ ਵਿਆਜ ਤੋਂ ਛੋਟ ਦਿੱਤੀ ਗਈ ਹੈ ਜਿਸ ਤਹਿਤ 3333 ਕਿਸਾਨਾਂ ਨੂੰ 101 ਲੱਖ ਰੁਪਏ ਦੀ ਛੋਟ ਮਿਲੀ ਹੈ। ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਕਰਜ਼ਿਆਂ ਦੇ ਪੁਨਰਗਠਨ ਦੀ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਕਿਸਾਨੀ ਨੂੰ ਵੱਡੀ ਰਾਹਤ ਮਿਲੇਗੀ। 

Friday, January 8, 2021

                                                             ਗੁਪਤ ਪੱਤਰ 
                                  ਮਾਰਕਫੈੱਡ ਵਿੱਚ ਉੱਠਿਆ ਘਪਲੇ ਦਾ ਧੂੰਆਂ
                                                           ਚਰਨਜੀਤ ਭੁੱਲਰ                 

ਚੰਡੀਗੜ੍ਹ : ਮਾਰਕਫੈੱਡ ’ਚ ਹੁਣ ਘਪਲੇ ਦਾ ਧੂੰਆਂ ਉੱਠਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਪਤ ਪੱਤਰ ਮਿਲਣ ਮਗਰੋਂ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਾਰਕਫੈੱਡ ਦੇ ਮੌਜੂਦਾ ਚੇਅਰਮੈਨ ਵੱਲੋਂ ਹੀ ਸਹਿਕਾਰੀ ਅਦਾਰੇ ’ਚ ਘਪਲਾ ਹੋਣ ’ਤੇ ਉਂਗਲ ਉਠਾਈ ਗਈ ਹੈ, ਜਿਸ ਦੀ ਗੁਪਤ ਰਿਪੋਰਟ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭੇਜੀ ਸੀ। ਮਾਰਕਫੈੱਡ ਵਿੱਚ ਕੀਟਨਾਸ਼ਕਾਂ ਦੀ ਖਰੀਦ ਅਤੇ ਇੱਕ ਅਮਲਾ ਅਫ਼ਸਰ ਦੇ ਭੱਤਿਆਂ ਤੋਂ ਇਲਾਵਾ ਨਿਯਕੁਤੀਆਂ ਅਤੇ ਤਬਾਦਲਿਆਂ ’ਤੇ ਉਂਗਲ ਉੱਠੀ ਹੈ।ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਮੁੱਖ ਮੰਤਰੀ ਨੇ 28 ਦਸੰਬਰ, 2020 ਨੂੰ ਵਿੱਤ ਕਮਿਸ਼ਨਰ (ਸਹਿਕਾਰਤਾ) ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਹਫ਼ਤੇ ਵਿੱਚ ਰਿਪੋਰਟ ਦੇਣ ਲਈ ਆਖਿਆ। ਪੜਤਾਲ ਰਿਪੋਰਟ ਦੀ ਇੱਕ ਕਾਪੀ ਮੁੱਖ ਸਕੱਤਰ ਪੰਜਾਬ ਨੂੰ ਭੇਜਣ ਦੀ ਹਦਾਇਤ ਕੀਤੀ ਗਈ ਹੈ। ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਵੱਲੋਂ 30 ਜੁਲਾਈ, 2020 ਨੂੰ ਇਸ ਬਾਰੇ ਗੁਪਤ ਨੋਟ ਵੀ ਲਿਖਿਆ ਗਿਆ ਸੀ।

              ਮੁੱਖ ਮੰਤਰੀ ਨੇ ਚੇਅਰਮੈਨ ਵੱਲੋਂ ਉਠਾਏ ਤੱਥਾਂ ਦੀ ਜਾਂਚ ਲਈ ਆਖਿਆ ਹੈ। ਚੇਅਰਮੈਨ ਵੱਲੋਂ ਭੇਜੀ ਗੁਪਤ ਰਿਪੋਰਟ ਅਨੁਸਾਰ ਮਾਰਕਫੈੱਡ ਐਗਰੋ ਕੈਮੀਕਲਜ਼ ਮੁਹਾਲੀ ਦੇ ਇੱਕ ਪੁਰਾਣੇ ਡਿਪਟੀ ਜਨਰਲ ਮੈਨੇਜਰ ਵੱਲੋਂ ਮਾਰਕੀਟ ਤੋਂ ਵੱਧ ਭਾਅ ’ਤੇ ਕੀਟਨਾਸ਼ਕ ਖਰੀਦਣ ਦੀ ਗੱਲ ਆਖੀ ਗਈ ਹੈ। ਮੀਤਰੀਬੁਜ਼ਿਨ ਨਾਮ ਦੇ ਕੀਟਨਾਸ਼ਕ ਦੇ 40 ਹਜ਼ਾਰ ਪੈਕੇਟਾਂ ਦੀ ਖਰੀਦ ਕੀਤੀ ਗਈ ਸੀ, ਜਿਸ ਦਾ ਬਾਜ਼ਾਰੂ ਭਾਅ ਪ੍ਰਤੀ ਪੈਕੇਟ 40 ਰੁਪਏ ਸੀ, ਜਦਕਿ ਖਰੀਦ 72 ਰੁਪਏ ਪ੍ਰਤੀ ਪੈਕੇਟ ਕੀਤੀ ਗਈ। ਇਸੇ ਤਰ੍ਹਾਂ ਮਾਰਕਗੋਲਡ ਮਾਰਕਫੋਸ ਨਾਮ ਦੇ ਕੀਟਨਾਸ਼ਕ ਨੂੰ ਇਸ ਅਧਿਕਾਰੀ ਵੱਲੋਂ 9.30 ਲੱਖ ਵਿੱਚ ਵੇਚਿਆ ਗਿਆ ਸੀ, ਜਦਕਿ ਇਸ ਦੀ ਕੀਮਤ 41.50 ਲੱਖ ਰੁਪਏ ਸੀ। ਮਾਰਕਫੈੱਡ ਦੇ ਇੱਕ ਅਮਲਾ ਅਫ਼ਸਰ ਵੱਲੋਂ ਗ਼ਲਤ ਟੀ.ਏ ਬਿੱਲ ਵਸੂਲੇ ਜਾਣ ਦਾ ਮਸਲਾ ਵੀ ਹੈਰਾਨੀ ਵਾਲਾ ਹੈ। ਰਿਪੋਰਟ ਅਨੁਸਾਰ ਇਸ ਅਧਿਕਾਰੀ ਨੇ 29 ਜੁਲਾਈ, 2017 ਤੋਂ 31 ਜੁਲਾਈ, 2017 ਤਕ ਡਲਹੌਜ਼ੀ ਯਾਤਰਾ ਲਈ ਟੈਕਸੀ ਦਾ ਬਿੱਲ 13,430 ਰੁਪਏ ਕਲੇਮ ਕੀਤਾ ਹੈ ਜਦਕਿ ਇਸ ਅਧਿਕਾਰੀ ਨੇ ਅਸਲ ਵਿੱਚ ਅਦਾਰੇ ਦੇ ਇੱਕ ਕਲਰਕ ਦੀ ਗੱਡੀ ਵਿੱਚ ਸਫ਼ਰ ਕੀਤਾ ਸੀ।

             ਇਸੇ ਤਰ੍ਹਾਂ ਇਸ ਅਮਲਾ ਅਫ਼ਸਰ ਨੇ 25 ਸਤੰਬਰ 2017 ਨੂੰ ਉੱਤਰ ਪ੍ਰਦੇਸ਼ ਦੀ ਯਾਤਰਾ ਕੀਤੀ ਅਤੇ ਕਾਰ ਨੰਬਰ ਪੀਬੀ65ਐਕਸ 7065 ਦਾ 19,600 ਰੁਪਏ ਕਲੇਮ ਵਸੂਲ ਕਰ ਲਿਆ ਜਦਕਿ ਇਸ ਟੈਕਸੀ ਦੇ ਮਾਲਕ ਨੇ ਤਾਂ ਪਹਿਲਾਂ ਹੀ ਹੁਸ਼ਿਆਰਪੁਰ ਦੇ ਇੱਕ ਵਿਅਕਤੀ ਨੂੰ ਆਪਣੀ ਕਾਰ ਵੇਚ ਦਿੱਤੀ ਸੀ। ਚੇਅਰਮੈਨ ਨੇ ਇਸ ਅਧਿਕਾਰੀ ਵੱਲੋਂ ਵਸੀਲਿਆਂ ਤੋਂ ਵੱਧ ਸੰਪਤੀ ਬਣਾਏ ਜਾਣ ’ਤੇ ਉਂਗਲ ਧਰੀ ਹੈ। ਗੁਪਤ ਪੱਤਰ ’ਚ ਮਾਰਕਫੈੱਡ ਵਿੱਚ ਸੀਨੀਅਰ ਸਹਾਇਕਾਂ ਦੀ ਭਰਤੀ ਵਿੱਚ ਘਪਲਾ ਹੋਣ ਦੀ ਗੱਲ ਵੀ ਆਖੀ ਗਈ ਹੈ ਅਤੇ ਮਾਰਕਫੈੱਡ ਦਾ ਇੱਕ ਕਰਮਚਾਰੀ ਇਸ ਘਪਲੇ ਵਿੱਚ ਮੁਅੱਤਲ ਵੀ ਕੀਤਾ ਜਾ ਚੁੱਕਾ ਹੈ। ਮਾਰਕਫੈੱਡ ਵਿੱਚ ਪੰਜਾਬ ਐਗਰੋ ਦੇ ਕਰੀਬ 50 ਅਧਿਕਾਰੀ ਡੈਪੂਟੇਸ਼ਨ ’ਤੇ ਕੰਮ ਕਰ ਰਹੇ ਹਨ। ਚੇਅਰਮੈਨ ਨੇ ਨੁਕਤਾ ਉਠਾਇਆ ਕਿ ਡੈਪੂਟੇਸ਼ਨ ਵਾਲਿਆਂ ’ਚੋਂ ਦੋ ਅਧਿਕਾਰੀਆਂ ਨੂੰ ਜ਼ਲ੍ਹਿਾ ਮੈਨੇਜਰ ਲਾਇਆ ਗਿਆ ਹੈ, ਜਿਸ ਕਰਕੇ ਮਾਰਕਫੈੱਡ ਦੇ ਆਪਣੇ ਅਧਿਕਾਰੀਆਂ ’ਚ ਰੋਸ ਹੈ।

             ਚੇਅਰਮੈਨ ਨੇ ਕਿਹਾ ਹੈ ਕਿ ਮਾਰਕਫੈੱਡ ਵਿੱਚ ਕਰਮਚਾਰੀਆਂ ਦਾ ਗੁੱਸਾ ਭੜਕਣ ਤੋਂ ਪਹਿਲਾਂ ਐੱਮ.ਡੀ ਨੂੰ ਲੋੜੀਂਦੀਆਂ ਹਦਾਇਤਾਂ ਵੀ ਕੀਤੀਆਂ ਜਾਣ। ਸੂਤਰ ਆਖਦੇ ਹਨ ਕਿ ਅਸਲ ਵਿੱਚ ਅੰਦਰਖਾਤੇ ਮਾਰਕਫੈੱਡ ਦੇ ਚੇਅਰਮੈਨ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਰਮਿਆਨ ਖੜਕੀ ਹੋਈ ਹੈ, ਜਿਸ ਕਾਰਨ ਇਹ ਸ਼ਿਕਾਇਤ ਮੁੱਖ ਮੰਤਰੀ ਤਕ ਪੁੱਜੀ ਹੈ। ਜਾਣਕਾਰੀ ਅਨੁਸਾਰ ਮਾਰਕਫੈੱਡ ਦੇ ਅਧਿਕਾਰੀ ਹੁਣ ਮੁੱਖ ਮੰਤਰੀ ਵੱਲੋਂ ਮੰਗੀ ਰਿਪੋਰਟ ਦਾ ਜੁਆਬ ਤਿਆਰ ਕਰਨ ’ਚ ਉਲਝੇ ਹੋਏ ਹਨ।ਚੇਅਰਮੈਨ ਅਮਰਜੀਤ ਸਮਰਾ ਦਾ ਕਹਿਣਾ ਸੀ ਕਿ ਪੜਤਾਲ ਨੂੰ ਮੁਕੰਮਲ ਹੋ ਲੈਣ ਦਿਓ ਅਤੇ ਮੰਤਰੀ ਨੂੰ ਇਸ ਬਾਰੇ ਪਤਾ ਹੀ ਹੈ ਪਰ ਉਨ੍ਹਾਂ ਦੀ ਕਿਸੇ ਨਾਲ ਰੱਫੜ ਹੋਣ ਵਾਲੀ ਕੋਈ ਗੱਲ ਨਹੀਂ।

                                        ਮਾਮਲਾ ਧਿਆਨ ’ਚ ਨਹੀਂ: ਰੰਧਾਵਾ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਆਇਆ। ਜੇ ਕੋਈ ਸ਼ਿਕਾਇਤ ਆਵੇਗੀ ਤਾਂ ਉਹ ਪੜਤਾਲ ਕਰਾ ਲੈਣਗੇ। ਜੋ ਜ਼ਿੰਮੇਵਾਰ ਹੋਇਆ, ਉਸ ਖ਼ਿਲਾਫ਼ ਕਾਰਵਾਈ ਕਰਨਗੇ। ਬਤੌਰ ਮੰਤਰੀ ਉਹ ਫੰਡਾਂ ਦਾ ਪ੍ਰਬੰਧ ਕਰਦੇ ਹਨ ਅਤੇ ਅਦਾਰਿਆਂ ਦੀ ਸਥਿਤੀ ਬਿਹਤਰ ਬਣਾਉਣ ਲਈ ਕੰਮ ਕਰਦੇ ਹਨ। ਉਨ੍ਹਾਂ ਦਾ ਕਿਸੇ ਨਾਲ ਕੋਈ ਨਿੱਜੀ ਵਿਗਾੜ ਨਹੀਂ ਹੈ। 

Wednesday, January 6, 2021

                                                            ਟਰੈਕਟਰ ਪਰੇਡ 
                                        ਜੈ ਕਿਸਾਨ ਦੇ ਸੰਗ ਚੱਲੇਗਾ ਜੈ ਜਵਾਨ
                                                            ਚਰਨਜੀਤ ਭੁੱਲਰ                            

ਚੰਡੀਗੜ੍ਹ : ‘ਦਿੱਲੀ ਮੋਰਚਾ’ ਵਿੱਚ ‘ਜੈ ਕਿਸਾਨ’ ਦੇ ਨਾਲ ਹੁਣ ‘ਜੈ ਜਵਾਨ’ ਦਾ ਬਿਗਲ ਵੀ ਵੱਜੇਗਾ। ਸਾਬਕਾ ਫ਼ੌਜੀ ਹੁਣ ਘਰਾਂ ’ਚੋਂ ਨਿਕਲੇ ਹਨ। ਕਿਸਾਨ ਧਿਰਾਂ ਵੱਲੋਂ ਦਿੱਲੀ ’ਚ ਐਲਾਨੀ 26 ਜਨਵਰੀ ਦੀ ‘ਕਿਸਾਨ ਪਰੇਡ’ ਵਿੱਚ ਸਾਬਕਾ ਫ਼ੌਜੀ ਮੋਹਰੀ ਬਣ ਸਕਦੇ ਹਨ। ਪੰਜਾਬ-ਹਰਿਆਣਾ ਵਿੱਚ ਸਾਬਕਾ ਫ਼ੌਜੀਆਂ ਦੀ ਵੱਡੀ ਗਿਣਤੀ ਹੈ, ਜਨ੍ਹਿਾਂ ਵਿੱਚੋਂ ਜ਼ਿਆਦਾਤਰ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਜਵਾਨੀ ਸਰਹੱਦਾਂ ’ਤੇ ਹੰਢਾਈ ਹੈ। ਹੁਣ ਆਖ਼ਰੀ ਪਹਿਰ ਵਿੱਚ ਪੈਲੀਆਂ ਬਚਾਉਣ ’ਚ ਲੱਗੇ ਹੋਏ ਹਨ।ਬਠਿੰਡਾ ਦੇ ਪਿੰਡ ਜੰਗੀਰਾਣਾ ਦੀ ਹਰ ਗਲੀ ਵਿੱਚ ਸਾਬਕਾ ਫ਼ੌਜੀਆਂ ਅਤੇ ਮੌਜੂਦਾ ਫ਼ੌਜੀਆਂ ਦੇ ਘਰ ਹਨ। ਪਿੰਡ ਦੇ ਸਾਬਕਾ ਸਰਪੰਚ ਹਰੀ ਸਿੰਘ ਖੁਦ ਵੀ ਸਾਬਕਾ ਫ਼ੌਜੀ ਰਹੇ ਹਨ, ਉਨ੍ਹਾਂ ਦਾ ਕਹਿਣਾ ਸੀ ਕਿ 26 ਜਨਵਰੀ ਦੀ ‘ਕਿਸਾਨ ਪਰੇਡ’ ਲਈ ਉਹ ਪਿੰਡ ਦੇ ਸਾਬਕਾ ਫ਼ੌਜੀਆਂ ਨੂੰ ਪ੍ਰੇਰਨਗੇ ਤਾਂ ਜੋ ਸਭ ਦਿੱਲੀ ਮੋਰਚੇ ’ਚ ਸ਼ਮੂਲੀਅਤ ਕਰ ਸਕਣ। ਸੂਤਰ ਦੱਸਦੇ ਹਨ ਕਿ ਕਿਸਾਨ ਧਿਰਾਂ ਵੱਲੋਂ ‘ਕਿਸਾਨ ਪਰੇਡ’ ਦੌਰਾਨ ਟਰੈਕਟਰਾਂ ਉੱਤੇ ਸਾਬਕਾ ਫ਼ੌਜੀਆਂ ਨੂੰ ਵਰਦੀਆਂ ਪੁਆ ਕੇ ਬਿਠਾਏ ਜਾਣ ਦੀ ਯੋਜਨਾ ਹੈ, ਜਿਸ ਦਾ ਵੱਡਾ ਸੁਨੇਹਾ ਜਾਵੇਗਾ।

             ਐਕਸ ਸਰਵਿਸ ਮੈਨ ਲੀਗ ਬਰਨਾਲਾ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਫ਼ੌਜੀ ਪਹਿਲਾਂ ਵੀ ਬਰਨਾਲਾ ਸ਼ਹਿਰ ਵਿੱਚ ਕਿਸਾਨ ਮੋਰਚੇ ਦੀ ਹਮਾਇਤ ਵਿਚ ਪੈਦਲ ਮਾਰਚ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਸਾਬਕਾ ਫ਼ੌਜੀ ਖੇਤੀ ਹੀ ਕਰਦੇ ਹਨ, ਜਿਸ ਕਰਕੇ ਸਾਬਕਾ ਫ਼ੌਜੀ ਤੋਂ ਪਹਿਲਾਂ ਉਹ ਕਿਸਾਨ ਵੀ ਹਨ। ਉਹ ਇਸ ਮਾਮਲੇ ’ਚ ਪਿਛਾਂਹ ਨਹੀਂ ਹਟਣਗੇ। ਦੱਸਣਯੋਗ ਹੈ ਕਿ ਦਿੱਲੀ ਮੋਰਚੇ ’ਚ ਕਾਫ਼ੀ ਸਾਬਕਾ ਫ਼ੌਜੀ ਪਹਿਲਾਂ ਵੀ ਜਾ ਚੁੱਕੇ ਹਨ।ਭਾਰਤ-ਪਾਕਿ ਜੰਗ ’ਚ ਹਿੱਸਾ ਲੈਣ ਵਾਲੇ ਸਾਬਕਾ ਫ਼ੌਜੀ ਤਾਂ ਕਈ ਕਈ ਦਿਨਾਂ ਤੋਂ ਦਿੱਲੀ ਮੋਰਚੇ ਵਿੱਚ ਡਟੇ ਹੋਏ ਹਨ। ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦੀਆਂ ਕਈ ਐਸੋਸੀਏਸ਼ਨਾਂ ਤਰਫੋਂ ‘ਦਿੱਲੀ ਮੋਰਚੇ’ ਵਿੱਚ ਸ਼ਮੂਲੀਅਤ ਲਈ ਪੇਸ਼ਕਸ਼ ਆਈ ਹੈ ਅਤੇ ਉਹ ਕਿਸਾਨ ਪਰੇਡ ਵਿਚ ਸ਼ਾਮਲ ਹੋ ਸਕਦੇ ਹਨ। ਕਾਫ਼ੀ ਸਾਬਕਾ ਫ਼ੌਜੀ ਉਨ੍ਹਾਂ ਨੂੰ ਮਿਲ ਕੇ ਵੀ ਗਏ ਹਨ। ਪਤਾ ਲੱਗਾ ਹੈ ਕਿ ਸਾਬਕਾ ਫ਼ੌਜੀ ਅਫਸਰਾਂ ਵੱਲੋਂ ਤਗ਼ਮੇ ਵਾਪਸ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਗਿਆ ਹੈ। ਹਾਲਾਤਾਂ ਦੇ ਮੱਦੇਨਜ਼ਰ ਜਾਪਦਾ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਸਾਬਕਾ ਫ਼ੌਜੀ ‘ਕਿਸਾਨ ਪਰੇਡ’ ’ਚ ਸ਼ਮੂਲੀਅਤ ਕਰ ਸਕਦੇ ਹਨ।

             ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵਿਚ ਕਾਫ਼ੀ ਗਿਣਤੀ ਵਿਚ ਸਾਬਕਾ ਫ਼ੌਜੀ ਸ਼ਾਮਲ ਹਨ, ਜਨ੍ਹਿਾਂ ਵੱਲੋਂ ਹੁਣ ‘ਦਿੱਲੀ ਮੋਰਚੇ’ ਲਈ ਆਪਣੇ ਪਿੰਡਾਂ ਵਿਚਲੇ ਸਾਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਬੱਝਵੇਂ ਰੂਪ ਵਿਚ 26 ਜਨਵਰੀ ਵਾਲੇ ਦਿਨ ਸਾਬਕਾ ਫ਼ੌਜੀ ‘ਕਿਸਾਨ ਪਰੇਡ’ ਲਈ ਆ ਸਕਦੇ ਹਨ, ਜਿਸ ਨਾਲ ਕਿਸਾਨੀ ਅੰਦੋਲਨ ਨੂੰ ਹੋਰ ਬਲ ਮਿਲੇਗਾ। ਬੀਕੇਯੂ (ਡਕੌਂਦਾ) ਦੇ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਤਗ਼ਮੇ ਵਾਪਸ ਕਰਨ ਵਾਲੇ ਸਾਬਕਾ ਫ਼ੌਜੀ ਅਫਸਰਾਂ ਵੱਲੋਂ ਸੰਪਰਕ ਕੀਤਾ ਗਿਆ, ਜਨ੍ਹਿਾਂ ਨਾਲ 23 ਜਾਂ 24 ਜਨਵਰੀ ਨੂੰ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਬਕਾ ਫ਼ੌਜੀਆਂ ਦੇ ਵੀ ਅੱਜ ਸਰਕਾਰਾਂ ਪਾਸੋਂ ਹੱਥ ਖਾਲੀ ਹੀ ਹਨ ਅਤੇ ਹੁਣ ਖੇਤੀ ਵੀ ਸਭਨਾਂ ਤੋਂ ਖੋਹਣ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀਆਂ ਦੀ ਸ਼ਮੂਲੀਅਤ ਨਾਲ ਕਿਸਾਨ ਮੋਰਚੇ ਨੂੰ ਵੱਡਾ ਹੁਲਾਰਾ ਮਿਲੇਗਾ।

                                 ਪੰਜਾਬ ਅਤੇ ਹਰਿਆਣਾ ਿਵੱਚ 5.98 ਲੱਖ ਸਾਬਕਾ ਫ਼ੌਜੀ

ਵੇਰਵਿਆਂ ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ ਇਸ ਵੇਲੇ 5.98 ਲੱਖ ਸਾਬਕਾ ਫ਼ੌਜੀ ਹਨ, ਜਨ੍ਹਿਾਂ ਵਿੱਚੋਂ ਪੰਜਾਬ ਦੇ 3.08 ਲੱਖ ਅਤੇ ਹਰਿਆਣਾ ਦੇ 2.90 ਲੱਖ ਸਾਬਕਾ ਫ਼ੌਜੀ ਸ਼ਾਮਲ ਹਨ। ਪੰਜਾਬ ਦੇ 12,112 ਸਾਬਕਾ ਫ਼ੌਜੀ ਹਵਾਈ ਫ਼ੌਜ ਵਿੱਚੋਂ ਸੇਵਾਮੁਕਤ ਹੋਏ ਹਨ। ਦੇਸ਼ ਭਰ ਵਿੱਚ ਇਸ ਵੇਲੇ 26.75ਲੱਖ ਸਾਬਕਾ ਫ਼ੌਜੀ ਹਨ, ਜਨ੍ਹਿਾਂ ਵਿੱਚੋਂ 2.24 ਲੱਖ ਹਵਾਈ ਫ਼ੌਜ ਤੋਂ ਹਨ। ਪੰਜਾਬ ਵਿੱਚ ਮਾਝੇ ਦੇ ਕਈ ਪਿੰਡਾਂ ’ਚ ਸਾਬਕਾ ਫ਼ੌਜੀਆਂ ਦੀ ਫ਼ੌਜ ਹੈ 

Sunday, January 3, 2021

                                                           ਵਿਚਲੀ ਗੱਲ
                                                  ਚੋਣ ਨਿਸ਼ਾਨ ਫੌਹੜਾ..!
                                                         ਚਰਨਜੀਤ ਭੁੱਲਰ                      

ਚੰਡੀਗੜ੍ਹ: ਪਿੰਡ ਲੱਖੋਵਾਲ ਵਾਲਾ ਅਜਮੇਰ ਸਿਓਂ, ਪਿੰਡ ਲੰਗਾਹ ਵਾਲਾ ਸੁੱਚਾ ਸਿਓਂ। ਕੌਣ ਸ਼ਾਕਾਹਾਰੀ ਤੇ ਕੌਣ ਮਾਸਾਹਾਰੀ ਐ, ਏਹ ਤਾਂ ਇਲਮ ਨਹੀਂ, ਏਨਾ ਜ਼ਰੂਰ ਪਤੈ, ਤੀਕਸ਼ਣ ਸੂਦ ‘ਗੋਹਾਹਾਰੀ’ ਬਿਲਕੁਲ ਨਹੀਂ। ਨਵਾਂ ਵਰ੍ਹਾ, ਨਵਾਂ ਮਹੂਰਤ, ਭਲਾ ਕੋਈ ਇੰਝ ਕਰਦੈ। ਭਲੇਮਾਣਸੋ! ਤੀਕਸ਼ਣ ਹੁਸ਼ਿਆਰਪੁਰੀ ਭਾਜਪਾਈ ਮੰਤਰੀ ਰਹੇ ਨੇ, ਨਾਲੇ ਸਿਆਸੀ ਸਲਾਹਕਾਰ, ਉਹ ਵੀ ਵੱਡੇ ਬਾਦਲ ਦੇ। ਕੋਈ ਫੁੱਲ ਦਿੰਦੇ, ਕੋਈ ਤੋਹਫ਼ਾ ਦਿੰਦੇ, ਗੋਹਾ ਸਿਰ ’ਚ ਮਾਰਨੈਂ, ਉਪਰੋਂ ਪੰਜ ਕਲਿਆਣੀ ਮੱਝ ਦਾ, ਹੈ ਨਾ ਹਨੇਰ ਸਾਈਂ ਦਾ। ‘ਆਂਡੇ ਵੇਚਣ ਵਾਲੇ ਬਾਜ਼ਾਰ ’ਚ ਨਹੀਂ ਲੜਦੇ।’ ਤੀਕਸ਼ਣ ਸੂਦ ਭਰੇ ਬਾਜ਼ਾਰ ਗੱਜੇ, ‘ਦਿੱਲੀ ’ਚ ਕਿਸਾਨ ਪਿਕਨਿਕ ਮਨਾਉਣ ਜਾਂਦੇ ਨੇ’। ਵੱਟ ਖਾ ਗਏ ਬੇਗਮਪੁਰਾ ਦੇ ਛੋਕਰੇ। ‘ਸੱਦਿਆ ਪੰਚ, ਅਣਸੱਦਿਆ ਭੜੂਆ।’ ਨਵਾਂ ਸਾਲ ਆਊ, ਏਹ ਤਾਂ ਪਤਾ ਸੀ, ਨਾਲ ਗੋਹਾ ਲਿਆਊ, ਕਿੱਥੇ ਚਿੱਤ ਚੇਤੇ ਸੀ। ਨਵਾਂ ਵਰ੍ਹਾ ਚੜ੍ਹਿਆ, ਦੇਖਣ ਲਈ ਸੂਦ ਸਾਹਿਬ ਉੱਠੇ। ਅੱਗਿਓਂ ਵਿਹੜੇ ’ਚ ਗੋਹੇ ਦਾ ਢੇਰ ਮੱਥੇ ਲੱਗਿਆ। ਮਸਤਕ ’ਚ ਖੜਕੀ ਹੋਊ, ‘ਏਹ ਭੜੂਏ ‘ਪਿਕਨਿਕ’ ਦਾ ਸੂਦ ਮੋੜ ਗਏ।’ ਬਾਪੂ ਆਸਾ ਰਾਮ ਫ਼ਰਮਾਉਂਦੇ ਨੇ, ਪ੍ਰੇਮੀ ਜਨੋਂ! ‘ਗੁੱਸਾ ਅਕਲ ਕੋ ਖਾ ਜਾਤਾ ਐ।’ ਤੀਖਣ ਬੁੱਧੀ ਕੰਮ ਨਾ ਆਈ ਤੀਕਸ਼ਣ ਦੇ। ਭਲਾ ਕੀ ਖੱਟਿਆ, ਕਿਸਾਨਾਂ ਖ਼ਿਲਾਫ਼ ਬੋਲ ਕੇ, ਬੱਸ ਆਹ ਗੋਹਾ। ਪਹਿਲਾਂ ‘ਜੁੱਤੀ ਮਾਰ’ ਮੁਹਿੰਮ ਚੱਲੀ ਸੀ, ਕਿਤੇ ਹੁਣ ‘ਗੋਹਾਖਾਣੀ’ ਜ਼ੋਰ ਨਾ ਫੜ ਜਾਏ।

              ਕਿਸੇ ਪੇਂਡੂ ਘਰ ’ਚ ਗੋਹਾ ਸੁੱਟਿਆ ਹੁੰਦਾ। ਬੇਬੇ ਪਾਥੀਆਂ ਥੱਪ ਗੁਹਾਰਾ ਲਾਉਂਦੀ। ਬਾਪੂ ਫੌਹੜੇ ਨਾਲ ’ਕੱਠਾ ਕਰਦਾ। ਦਸੌਂਧਾ ਸਿੰਘ ਕਿਤੇ ਚੋਣ ਕਮਿਸ਼ਨਰ ਹੁੰਦਾ, ਸੂਦ ਸਾਹਿਬ ਨੂੰ ਚੋਣ ਨਿਸ਼ਾਨ ‘ਫੌਹੜਾ’ ਦਿੰਦਾ। ਜਿੰਨੀਆਂ ਮਰਜ਼ੀ ਵੋਟਾਂ ’ਕੱਠੀਆਂ ਕਰਦੇ। ‘ਸੱਟਾਂ ’ਚੋਂ ਵੀ ਖੱਟਾਂ’। ਬ੍ਰਹਮਾਕੁਮਾਰੀ ਸ਼ਿਵਾਨੀ ਦਾ ਪ੍ਰਵਚਨ, ‘ਭਾਈਓ, ਨੈਗੇਟਿਵ ਮਾਹੌਲ ਕੋ ਭੀ ਪਾਜ਼ੇਟਿਵ ਬਣਾਓ’। ਜਿੱਥੇ ਵਿਸ਼ਵਾਸ, ਉੱਥੇ ਧਰਵਾਸ।’ ਬਿਹਾਰ ਵਾਲੇ ਲੇਬਰ ਮੰਤਰੀ, ਵਿਜੇ ਕੁਮਾਰ ਸਿਨਹਾ। ਗਏ ਵੋਟਾਂ ਮੰਗਣ, ਅੱਕੇ ਲੋਕ ਗੋਹਾ ਲੈ ਪਿੱਛੇ ਪੈ ਗਏ। ਅਖੇ ਤਿੰਨ ਸਾਲ ਕਿੱਥੇ ਰਿਹਾ, ਹਲਕਾ ‘ਸਿਆਸੀ ਪਿਕਨਿਕ’ ਲਈ ਨਹੀਂ। ਸਿਨਹਾ ਨੇ ਗੁੱਸਾ ਪੀਤਾ, ਢੂਹੀ ’ਤੇ ਗੋਹਾ ਖਾਧਾ। ਵਿਜੇ ਦੀ ਸ਼ਾਨਦਾਰ ਵਿਜੇ ਹੋਈ। ਪਿਆਰੇ ਸੂਦ ਜੀ! ਕੀ ਪਤੈ, ਇਹ ਗੋਹਾ ਵੀ ਭਾਗਾਂ ਵਾਲਾ ਨਿਕਲੇ।ਮੁੱਖ ਮੰਤਰੀ ਅਮਰਿੰਦਰ ਸਿੰਘ ਬਿਨਾਂ ਗੱਲੋਂ ਡਰੇ ਨੇ। ਇੰਝ ਗੜ੍ਹਕੇ, ‘ਕੋਈ ਛੋਕਰਾ ਕਾਨੂੰਨ ਹੱਥ ’ਚ ਨਾ ਲਵੇ’, ਗੋਹਾ ਹੱਥ ’ਚ ਲੈ ਲੈਣ, ਮੁੱਖ ਮੰਤਰੀ ਨੇ ਸਪੱਸ਼ਟ ਨਹੀਂ ਕੀਤਾ। ਇਸ ਗੱਲੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਕੋਈ ਓਹਲਾ ਨਹੀਂ ਰੱਖਿਆ। ਨਵੀਂ ਯੋਜਨਾ ਐਲਾਨੀ, ਸਰਕਾਰ ਖਰੀਦ ਕਰੇਗੀ ਗੋਹਾ, ਡੇਢ ਰੁਪਏ ਕਿੱਲੋ। ਸੌਦਾ ਮਾੜਾ ਨਹੀਂ, ਕਿਤੇ ਸੂਦ ਜੀ ਲੱਖਣ ਲਾਉਂਦੇ, ਟਰੱਕ ਭਰ ਕੇ ਛੱਤੀਸਗੜ੍ਹ ਭੇਜਦੇ। ‘ਨਾਲੇ ਪੁੰਨ, ਨਾਲੇ ਫਲੀਆਂ’। ਨਾਲੇ ਕੀ ਪਤੈ, ਪੰਜਾਬੀ ਗੋਹੇ ਦਾ ਮੁੱਲ ਪੈ ਜਾਂਦਾ। ਛੱਤੀਸਗੜ੍ਹ ਸਰਕਾਰ ਫੌਰੀ ਪੰਜਾਬ ਨਾਲ ‘ਗੋਹਾ ਸਮਝੌਤਾ’ ਕਰਦੀ। 

             ਸਿਆਣੇ ਆਖਦੇ ਨੇ, ‘ਆਸਾਂ ’ਤੇ ਜਿਊਣ ਵਾਲਾ ਭੈੜੀਆਂ ਧੁਨਾਂ ਨਾਲ ਵੀ ਨੱਚਦੈ।’ ਸੱਚਮੁੱਚ ਇੰਝ ਹੁੰਦਾ, ਭੰਗੜੇ ਸਾਡੇ ਆਲੇ ਲੀਡਰਾਂ ਨੇ ਪਾਉਣੇ ਸਨ। ਭਾਵੇਂ ਤੁਸੀਂ ਲੱਖ ਆਖਦੇ, ‘ਗੋਹਾ ਮਾਫੀਆ’ ਖਾ ਗਿਆ ਪੰਜਾਬ ਨੂੰ। ਸੁਣੋ ਸਭਨਾਂ ਦੀ, ਮੰਨੋ ਮਨੀਰਾਮ ਦੀ। ਬਾਕੀ ਸੂਦ ਜੀ ਜਿਵੇਂ ਚੰਗਾ ਲੱਗੇ।ਖੇਤੀ ਕਾਨੂੰਨਾਂ ’ਤੇ ਜਿਵੇਂ ਪ੍ਰਧਾਨ ਮੰਤਰੀ ਨੇ ਹਿੰਡ ਫੜੀ ਹੈ, ਉਸ ਤੋਂ ਜਾਪਦੈ, ‘ਗੋਹਾ ਸੰਧੀ’ ਦਾ ਵੱਡਾ ਲਾਹਾ ਭਾਜਪਾਈ ਵੀਰਾਂ ਨੂੰ ਮਿਲੂ। ਤੀਕਸ਼ਣ ਜੀ ਤਾਂ ਮੌਕਾ ਗੁਆ ਬੈਠੇ। ਭਾਜਪਾ ਹਾਈਕਮਾਨ ’ਚ ਭੱਲ ਖੱਟਣੋਂ ਖੁੰਝ ਗਏ। ਇਹ ਭਾਜਪਾਈ ਏਜੰਡਾ ਵੀ ਤਾਂ ਹੈ। ਸੰਬਿਤ ਪਾਤਰਾ ਦੀ ਗੱਲ ਪੱਲੇ ਬੰਨ੍ਹਦੇ, ‘ਕੋਹੇਨੂਰ ਹੀਰੇ ਤੋਂ ਵਡਮੁੱਲਾ ਐ ਗਊ ਦਾ ਗੋਬਰ’। ਕੌਮੀ ਕਾਮਧੇਨੂ ਕਮਿਸ਼ਨ ਦੇ ਚੇਅਰਮੈਨ ਵੱਲਭ ਭਾਈ ਦਾ ਖੁਲਾਸਾ ਸੁਣੋ, ‘ਰੇਡੀਏਸ਼ਨ’ ਰੋਕਦੈ ਗਾਂ ਦਾ ਗੋਬਰ’। ਇੱਕ ਭਾਜਪਾਈ ਨੇ ‘ਨਾਸਾ’ ਦਾ ਹਵਾਲਾ ਦਿੱਤਾ, ‘ਪਰਮਾਣੂ ਬੰਬ ਦੇ ਅਸਰਾਂ ਨੂੰ ਵੀ ਗੋਹਾ ਬੇਅਸਰ ਕਰਦੈ।’ ਸੂਦ ਸਾਹਿਬ, ‘ਦੇਖਿਓ ਕਿਤੇ ਤੁਸੀਂ ਗੁੱਸਾ ਕਰ ਜਾਵੋ।’ਕਿਸਾਨ ਆਗੂ ਅਜਮੇਰ ਲੱਖੋਵਾਲ, ਮਜਾਲ ਐ ਗੁੱਸਾ ਕਰਨ। ਇਲਾਜ ਲਈ ਅਮਰੀਕਾ ਗਏ। ਖੇਤੀ ਕਾਨੂੰਨਾਂ ਬਾਰੇ ਭਿਣਕ ਪਈ, ਰੂਹ ਬੇਚੈਨ ਹੋ ਉੱਠੀ। ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਨੀਂਦ। ਸਿੰਘੂ ਸਰਹੱਦ ’ਤੇ ਕਿਸਾਨ ਪੋਹ ਝੱਲਦੇ ਹੋਣ, ਲੱਖੋਵਾਲ ਤੋਂ ਝੱਲ ਨਾ ਹੋਇਆ। ਅਮਰੀਕਾ ਤੋਂ ਸਿੱਧੇ ‘ਸਿੰਘੂ ਸਰਹੱਦ’ ਪੁੱਜੇ। ਹੱਥ ’ਚ ਖੂੰਡੀ, ਗਲ ’ਚ ਪਰਨਾ, ਨਿਮਰ ਹੋ ਸਟੇਜ ਤੋਂ ਬੋਲੇ। ਓਹੀ ਛੋਕਰੇ ਰੌਲਾ ਪਾਉਣ ਲੱਗੇੇ। ਭਲਿਓ, ਬਜ਼ੁਰਗਾਂ ਦਾ ਲਿਹਾਜ਼ ਰੱਖੋ। ਕਿਉਂ ਭੁੱਲ ਗਏ ਆਪਣੀ ਸੰਸਕ੍ਰਿਤੀ।

             ਬੋਲਣ ਨਾ ਦਿੱਤਾ ਲੱਖੋਪੁਰੀ ਦਾ ਵਾਸੀ। ‘ਜਾਨ ਬਚੀ ਸੋ ਲਾਖੋਂ ਪਾਏ’, ਲੱਖੋਵਾਲ ਸਟੇਜ ਤੋਂ ਉੱਤਰੇ। ਨਾਅਰਾ ਵੱਜਿਆ, ‘ਗੋ ਬੈਕ’। ਲੱਖੋਵਾਲ ਦੁਬਿਧਾ ’ਚ ਪੈ ਗਏ, ਬਈ! ਪਿੰਡ ਜਾਵਾਂ ਜਾਂ ਅਮਰੀਕਾ। ਯਾਦ ਕਰੋ ਉਹ ਵੇਲਾ, ਜਦੋਂ ਪੰਜਾਬ ’ਚ ਕਿਸਾਨ ਯੂਨੀਅਨ ਦੀ ਮੋੜ੍ਹੀ ਗੱਡੀ। ਚਾਰ ਚੁਫੇਰੇ ‘ਲੱਖੋਵਾਲ-ਲੱਖੋਵਾਲ’ ਹੋਈ ਸੀ, ਲੋਕਾਂ ’ਚ ਗੱਡਵੀਂ ਠਾਠ ਬਣੀ। ਪਿਛਲਾ ਵੇਲਾ ਵੀ ਭੁੱਲੇ ਨਹੀਂ। ਗੱਠਜੋੜ ਸਰਕਾਰ ਨੇ ਲੱਖੋਵਾਲ ਨੂੰ ‘ਝੰਡੀ ਵਾਲੀ ਕਾਰ’ ਦਿੱਤੀ। ਜੱਟ ਦੀ ਠਾਠ ਨਵਾਬੀ ਸੀ। ਕਿਸਾਨ ਦਿਲਾਂ ’ਚੋਂ ਲੱਖੋਵਾਲ ਦੀ ਗੱਡੀ ਕੱਚੇ ਉਤਰ ਗਈ।ਕਿੰਨੇ ਸੁਹਾਵਣੇ ਸਨ, ਉਹ ਦਿਨ। 20 ਲੱਖ ਵਾਲੀ ਕੈਮਰੀ, 14 ਹਜ਼ਾਰੀ ਘੁੰਮਣ ਵਾਲੀ ਕੁਰਸੀ, ਪਹਿਰੇ ’ਤੇ ਚਾਰ ਗੰਨਮੈਨ, ਹੂਟਰ ਵੱਜਦੇ, ਨਾਲੇ ਅਫ਼ਸਰਾਂ ਦੇ ਸਲੂਟ ਵੱਜਦੇ। ਲੱਖੋਵਾਲ ਵਾਲੇ ਘਰ ਦਾ ਕਿਰਾਇਆ 15 ਹਜ਼ਾਰ ਵੱਖਰਾ ਮਿਲਦਾ, ਉਹ ਵੀ ਚੜ੍ਹੇ ਮਹੀਨੇ। ਲੱਖੋਵਾਲ ਕੋਲ ਵੱਡਾ ਤਜਰਬੈ। ਵੱਡਾ ਨੇਤਾ, ਵੱਡਾ ਦਿਲ। ਦਿਲ ਕਰਦੈ, ਬਜ਼ੁਰਗਾਂ ਦੇ ਚਰਨਾਂ ’ਚ ਬੈਠਾਂ। ਗੱਲ ਮਨ ’ਤੇ ਨਹੀਂ ਲਾਉਂਦੇ। ਸਿੰਘੂ ਸਟੇਜ ਤੋਂ ਬੋਲੇ, ‘ਸੰਗਤੋ ਮੁਆਫ਼ ਕਰਨਾ।’ਰਸਕਿਨ ਇਵੇਂ ਆਖਦੇ ਹਨ, ‘ਪੈਸੇ ਦੇ ਘਮੰਡ ਨਾਲ ਆਦਮੀ ਫੁੱਲ ਤਾਂ ਸਕਦਾ ਹੈ ਪਰ ਫੈਲ ਨਹੀਂ ਸਕਦਾ।’ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਹੁਣ ਭੋਰਾ ਘਮੰਡ ਨਹੀਂ। ਬੀਬੀ ਜਗੀਰ ਕੌਰ ਕਾਹਤੋਂ ਤਪ ਗਏ। ਫ਼ਤਹਿਗੜ੍ਹ ਸਾਹਿਬ ’ਚ ਜਥੇਦਾਰ ਲੰਗਾਹ ਨੇ ਪਾਠ ਪ੍ਰਕਾਸ਼ ਕਰਾਏ। ਬੀਬੀ ਨੇ ਮੁਲਾਜ਼ਮ ਝਟਕਾ ਦਿੱਤੇ। ਪਵਿੱਤਰ ਧਰਤੀ ’ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਕਿੱਧਰੋਂ ਛੋਕਰੇ ਕਾਲੀਆਂ ਝੰਡੀਆਂ ਲੈ ਨਿਕਲੇ। ਕਿਤੇ ਲੰਗਾਹ ਦੀ ਹਾਅ ਤਾਂ ਨਹੀਂ ਲੱਗ ਗਈ।

              ‘ਗੋਹਾਖਾਣੀ’ ਨਾ ਹੋ ਜਾਏ, ਕਾਂਗਰਸੀ ਵੀ ਪੂਰੇ ਡਰੇ ਨੇ। ਚਿੱਟੀ ਪੁਸ਼ਾਕ ਤੋਂ ਦਾਗ਼ ਵੀ ਨਹੀਂ ਲੱਥਦੇ। ਛੋਕਦੇ ਆਖਦੇ ਹਨ, ‘ਛੇਤੀ ਕਾਂਗਰਸ ਨਾਲ ਵੀ ਮੜਿੱਕਾਂਗੇ।’ ਜਦੋਂ ਦੇ ਕਿਸਾਨ ਜਾਗੇ ਨੇ, ਲੀਡਰਾਂ ਨੂੰ ਨੀਂਦ ਕਿੱਥੇ। ਆਓ, ਹੁਣ ‘ਕਿਸਾਨਿਸਤਾਨ’ ਚੱਲੀਏ, ਜਿੱਥੇ ਪੋਹ ਦੀ ਗੋਡਣੀ ਲੱਗੀ ਐ। ਕੇਂਦਰ ਨਾਲ ਛੱਤੀ ਦਾ ਆਂਕੜਾ, ਕਿਸਾਨ 38 ਦਿਨਾਂ ਤੋਂ ਬੈਠੇ ਨੇ। ਸਿੰਘੂ/ਟਿਕਰੀ ਸਰਹੱਦ ’ਤੇ ‘ਸਬਰ ਤੇ ਜੋਸ਼’ ਇਕੱਠੇ ਧੂਣੀ ’ਤੇ ਬੈਠੇ ਨੇ। ਨਵਤੇਜ ਭਾਰਤੀ ਨੇ ਇੰਝ ਸਬਰ ਮਾਪਿਐ, ‘ਕਣਕ ਜਿਹੜੀ ਅਸੀਂ ਅੱਜ ਬੀਜੀ ਹੈ, ਅੱਧੇ ਵਰ੍ਹੇ ਨੂੰ ਖਾਵਾਂਗੇ ਇਹਦੀ ਰੋਟੀ/ਖੇਤਾਂ ਦੀ ਮਿੱਟੀ ਜਾਣਦੀ ਹੈ, ਸਾਡਾ ਸਬਰ ਕਿੰਨਾ ਲੰਮਾ ਹੈ।’ਕੌਤਕ ਟਿਕਰੀ ’ਤੇ ਵਰਤਿਐ। ਕਾਂਬਾ ਪੰਜਾਬ ’ਚ ਛਿੜਿਐ। ਕੈਪਟਨ ਦਾ ਖੂੰਡਾ ਗੁਆਚਿਐ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਇੱਕ ਖੂੰਡਾ ਦਿੱਲੀ ’ਚ ਲਈ ਫਿਰਦੈ। ਪੁਲੀਸ ਨੂੰ ਸ਼ੱਕ ਹੈ ਕਿ ਏਹ ਮਹਾਰਾਜੇ ਵਾਲਾ ਖੂੰਡੈ। ਦਿੱਲੀ ਨੂੰ ਕੋਈ ਸ਼ੱਕ ਨਹੀਂ। ‘ਖੋਤੇ ਨੂੰ ਡਾਂਗ, ਸਿਆਣੇ ਨੂੰ ਇਸ਼ਾਰਾ।’ਧੁੰਦ ’ਚ ਗੱਲ ਨਿਖਰੀ ਐ। ਅਸਲੀ ਨੇਤਾ ਉਹ ਜਿਹੜੇ ਦਿਲਾਂ ’ਤੇ ਰਾਜ ਕਰਨ। ਕਿਸਾਨ ਘੋਲ ਨੇ ‘ਜੈ ਜਵਾਨ, ਜੈ ਕਿਸਾਨ’ ਨੂੰ ਵੀ ਅਮਰ ਕੀਤੈ। ਰੌਨ ਪਾਲ ਸੱਚ ਸੁਣਾਉਂਦੇ ਨੇ, ‘ਅਸਲੀ ਦੇਸ਼ ਭਗਤੀ ਉਸ ਇੱਛਾ ਸ਼ਕਤੀ ਨੂੰ ਕਿਹਾ ਜਾਂਦੈ, ਜਿਸ ਅੰਦਰ ਸਰਕਾਰ ਦੀਆਂ ਗ਼ਲਤੀਆਂ ਨੂੰ ਵੰਗਾਰਨ ਦੀ ਹਿੰਮਤ ਹੁੰਦੀ ਹੈ।’ ਛੱਜੂ ਰਾਮ, ਪਾਬਲੋ ਨੇਰੂਦਾ ਪੜ੍ਹ ਰਿਹੈ, ‘ਤੁਸੀਂ ਸਾਰੇ ਦੇ ਸਾਰੇ ਫੁੱਲਾਂ ਨੂੰ ਤਾਂ ਕੱਟ ਸਕਦੇ ਹੋ ਪਰ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ।’ 

Friday, January 1, 2021

                                                    ਨਵਾਂ ਵਰ੍ਹਾ, ਨਵੀਂ ਉਮੀਦ
                                         ਪੰਜਾਬ ਵਿੱਚ ਚੜ੍ਹੇਗਾ ਨਵਾਂ ਸੂਰਜ
                                                         ਚਰਨਜੀਤ ਭੁੱਲਰ              

ਚੰਡੀਗੜ੍ਹ : ਪੰਜਾਬ ’ਚ ਨਵੇਂ ਵਰ੍ਹੇ ’ਤੇ ਨਵਾਂ ਫੁੱਲ ਖਿੜੇਗਾ। ਲੰਘਿਆ ਸਾਲ ਅਭੁੱਲ ਯਾਦ ਬਣੇਗਾ। ਨਵੀਂ ਉਮੀਦ, ਨਵੀਂ ਉਮੰਗ ਦਾ ਸੂਰਜ ਵਰ੍ਹਿਆਂ ਮਗਰੋਂ ਪੰਜਾਬ ਦਾ ਨਸੀਬ ਬਣੇਗਾ। ਕਿਸਾਨ ਅੰਦੋਲਨ ਨੇ ਪੰਜਾਬ ਨੂੰ ਨਵਾਂ ਜਨਮ ਦਿੱਤਾ ਹੈ। ਜੈਕਾਰਿਆਂ ਦੀ ਗੂੰਜ ’ਚ ਅੱਜ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਵਰ੍ਹਾ 2020 ਨੂੰ ਅਲਵਿਦਾ ਕਿਹਾ ਗਿਆ। ਨਵੇਂ ਜੋਸ਼ ਤੇ ਜਜ਼ਬੇ ਨਾਲ ਪੰਜਾਬ ਨੇ ਨਵੇਂ ਵਰ੍ਹੇ ਨੂੰ ‘ਜੀ ਆਇਆਂ ਨੂੰ’ ਆਖਿਆ। ਵਰ੍ਹਿਆਂ ਤੋਂ ਸੁੱਤਾ ਪੰਜਾਬ ਲੰਘੇ ਵਰ੍ਹੇ ਦੇ ਅਖੀਰ ’ਚ ਜਾਗਿਆ ਅਤੇ ਨਵੇਂ ਵਰ੍ਹੇ ’ਚ ਨਵੀਂ ਇਬਾਰਤ ਲਿਖੇਗਾ। ਮਾਨਸਾ ਦੀ ਬਜ਼ੁਰਗ ਪ੍ਰੀਤਮ ਕੌਰ ਦੇ ਪੋਤੇ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ, ਹੁਣ ਉਨ੍ਹਾਂ ਦਾ ਮਨ ਬਦਲ ਗਿਆ ਹੈ। ਬਜ਼ੁਰਗ ਆਖਦੀ ਹੈ ਕਿ ਕਿਸਾਨੀ ਘੋਲ ਨੇ ਨਵੇਂ ਸਬਕ ਦੇ ਦਿੱਤੇ ਹਨ ਤੇ ਉਸ ਦੇ ਪੋਤੇ ਹੁਣ ਵਧੇਰੇ ਜ਼ਿੰਮੇਵਾਰ ਬਣੇ ਹਨ। ਦਿੱਲੀ ਮੋਰਚੇ ’ਚ ਬੈਠੇ ਖਮਾਣੋਂ ਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਵੇਂ ਸਾਲ ’ਚ ਲੀਡਰਾਂ ਨੂੰ ਅਕਲ ਆਵੇ ਅਤੇ ਪ੍ਰਮਾਤਮਾ ਅਜਿਹੇ ਆਗੂਆਂ ਨੂੰ ਸੁਮੱਤ ਬਖਸ਼ੇ, ਇਹੋ ਅਰਦਾਸ ਕਰਦੇ ਹਾਂ। ਸਿੰਘੂ ਬਾਰਡਰ ’ਤੇ ਆਏ ਪ੍ਰੋ. ਜਗਤਾਰ ਸਿੰਘ ਜੋਗਾ ਆਖਦੇ ਹਨ ਕਿ ਕੋਵਿਡ ਨੇ ਲੰਘੇ ਵਰ੍ਹੇ ਦੇ ਅੱਧ ਤੱਕ ਮੌਤਾਂ ਵੰਡੀਆਂ ਪ੍ਰੰਤੂ ਕਿਸਾਨ ਘੋਲ ਨੇ ਪੰਜਾਬ ਨੂੰ ਸੋਝੀ ਵੰਡੀ ਹੈ ਜਿਸ ਦੀ ਲਗਰ ਨਵੇਂ ਵਰ੍ਹੇ ’ਚ ਫੈਲੇਗੀ। 

              ਸੰਗਰੂਰ ਦੇ ਪਿੰਡ ਰਾਮਗੜ੍ਹ ਦੇ ਨੌਜਵਾਨ ਗੁਰਪ੍ਰੀਤ ਨੇ ਕਿਹਾ ਕਿ ਨਵਾਂ ਵਰ੍ਹਾ ਨਵੀਂ ਕਹਾਣੀ ਲਿਖੇਗਾ ਅਤੇ ਉਹ ਜਿੱਤ ਕੇ ਵਾਪਸ ਪਰਤਣਗੇ। ਭਵਾਨੀਗੜ੍ਹ ਦਾ ਅਧਿਆਪਕ ਰਘਬੀਰ ਸਿੰਘ ਆਪਣੇ ਸਾਥੀ ਅਧਿਆਪਕਾਂ ਸਮੇਤ ਸਿੰਘੂ ਬਾਰਡਰ ’ਤੇ ਸਕੂਲੀ ਬੱਚਿਆਂ ਨੂੰ ਮੋਰਚੇ ਦੌਰਾਨ ਹੀ ਪੜ੍ਹਾ ਰਿਹਾ ਹੈ। ਉਸ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਘੋਲ ਨੇ ਜਾਗ ਲਾ ਦਿੱਤਾ ਹੈ, ਜਿਸ ਵਜੋਂ ਪੱਛਮੀ ਪ੍ਰਭਾਵ ਘਟੇਗਾ ਅਤੇ ਪੰਜਾਬ ਨਵਾਂ ਮੋੜਾ ਕੱਟੇਗਾ। ਜਲੰਧਰ ਦੇ ਪਿੰਡ ਜੰਡੂ ਸੰਘਾ ਦੀ ਇੰਜਨੀਅਰ ਲੜਕੀ ਦਰਸ਼ਪ੍ਰੀਤ ਕੌਰ ਸੰਘਾ ਨੇ ਸਿੰਘੂ ਮੋਰਚੇ ਤੋਂ ਵਾਪਸੀ ਮੌਕੇ ਦੱਸਿਆ ਕਿ ਕਿਸਾਨ ਘੋਲ ਸਮਾਜੀ ਰਿਸ਼ਤਿਆਂ ਵਿਚਲੀ ਕੁੜੱਤਣ ਨੂੰ ਦੂਰ ਕਰਨ ਦਾ ਵੱਡਾ ਜ਼ਰੀਆ ਬਣੇਗਾ। ਉਨ੍ਹਾਂ ਕਿਹਾ ਕਿ ਨਵਾਂ ਵਰ੍ਹਾ ਨਿਵੇਕਲੀ ਕਿਸਮ ਦਾ ਹੋਵੇਗਾ ਜਿਸ ’ਚ ਸਭ ਨੂੰ ‘ਜਾਗਦਾ ਪੰਜਾਬ’ ਦਿਖੇਗਾ। ਦੇਖਿਆ ਜਾਵੇ ਤਾਂ ਇਸ ਘੋਲ ’ਚ ਕਿਸਾਨ ਇੱਕ ਨਾਇਕ ਵਜੋਂ ਉਭਰਿਆ ਹੈ।ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ, ਜਿਸ ’ਤੇ ਕੰਗਣਾ ਰਣੌਤ ਨੇ ਟਿੱਪਣੀ ਕੀਤੀ ਸੀ, ਆਖਦੀ ਹੈ ਕਿ ਨਵੇਂ ਸਾਲ ’ਚ ਕਿਸਾਨੀ ਦਾ ਸੂਰਜ ਚੜ੍ਹੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਤਿੰਨ ਮਹੀਨੇ ਤੋਂ ਘੋਲ ਵਿਚ ਕੁੱਦੇ ਹੋਏ ਹਨ। ਪਹਿਲਾਂ ਸੜਕਾਂ, ਫਿਰ ਰੇਲ ਮਾਰਗਾਂ ਅਤੇ ਹੁਣ ਦਿੱਲੀ ਮੋਰਚੇ ’ਚ ਬੈਠੇ ਹਨ। 

              ਕਹਾਣੀਕਾਰ ਅਤਰਜੀਤ ਆਖਦੇ ਹਨ ਕਿ ਲੰਘੇ ਵਰ੍ਹੇ ਨੇ ਪੀੜਾਂ ਦਿੱਤੀਆਂ ਪ੍ਰੰਤੂ ਨਵਾਂ ਵਰ੍ਹਾ ਕਿਸਾਨੀ ਘੋਲ ਸਦਕਾ ਨਵੀਂ ਊਰਜਾ ਵੰਡੇਗਾ। ਨਵੀਆਂ ਸਾਂਝਾਂ ਦੀ ਤਸਵੀਰ ਵਾਹੀ ਜਾਵੇਗੀ। ਬਹੁਤੇ ਕਿਸਾਨ ਆਖਦੇ ਹਨ ਕਿ ਕਿਸਾਨ ਨਿਰਾਸ਼ਾ ਵਿਚ ਜਾਣ ਦੀ ਥਾਂ ਘੋਲਾਂ ’ਚ ਕੁੱਦਣ ਵਿਚ ਭਰੋਸਾ ਕਰਨਗੇ, ਇਹ ਨਵੇਂ ਵਰ੍ਹੇ ਦਾ ਪੰਜਾਬ ਹੋਵੇਗਾ। ਕਿਸਾਨ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਬਿੰਦੂ ਦੱਸਦੀ ਹੈ ਕਿ ਬੇਮੁੱਖ ਹੋਈ ਜਵਾਨੀ ਹੁਣ ਮੁੱਖ ਧਾਰਾ ਵਿਚ ਪਰਤੀ ਹੈ ਅਤੇ ਉਨ੍ਹਾਂ ਦੀ ਮਾਪਿਆਂ ਅਤੇ ਵਡੇਰਿਆਂ ਨਾਲ ਨੇੜਤਾ ਵਧੀ ਹੈ। ਉਨ੍ਹਾਂ ’ਚ ਸੋਝੀ ਵਧੀ ਹੈ ਅਤੇ ਉਨ੍ਹਾਂ ਦੇ ਨਾਇਕ ਬਦਲੇ ਹਨ। ਆਰਟਿਸਟ ਗੁਰਪ੍ਰੀਤ ਬਠਿੰਡਾ ਆਖਦਾ ਹੈ ਕਿ ਕਿਸਾਨੀ ਘੋਲ ਨੇ ਪੰਜਾਬ ਦੇ ਲੋਕਾਂ ਨੂੰ ਸਿਆਸੀ ਲੀਡਰਾਂ ਦੀ ਅੱਖ ਵਿਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਦੇ ਦਿੱਤੀ ਹੈ ਅਤੇ ਸਿਆਸੀ ਲੀਡਰਾਂ ਲਈ ਨਵਾਂ ਵਰ੍ਹਾ ਫਿਕਰਾਂ ਵਾਲਾ ਹੋਵੇਗਾ।