Sunday, March 31, 2019

                                                              ਵਿਚਲੀ ਗੱਲ         
                            ਨਗਰੀ ’ਚ ਪਿੱਪਲ ਲਾ ਕੇ ਗਜਾ ’ਤੇ ਨਿਕਲੇ ਸਾਧੂ
                                                             ਚਰਨਜੀਤ ਭੁੱਲਰ
ਬਠਿੰਡਾ : ਦਿਮਾਗ ’ਚ ਖੌਰੂ ਏਨਾ ਕੁ ਪਿਆ ਹੋਇਐ, ਸੋਝੀ ਨੂੰ ਵੀ ਕੁਝ ਨਹੀਂ ਸੁੱਝ ਰਿਹਾ। ਏਸ ਉਮਰ ’ਚ ਬੰਦਾ ਬੱਚਾ ਬਣ ਜਾਂਦੈ। ਤਾਹੀਂ ਇਕੱਲਾ ਹੀ ਗੱਲਾਂ ਕਰੀ ਜਾ ਰਿਹੈ। ਚੰਗਾ ਹੋਇਆ ਕਮਲਾ, ਤੂੰ ਪਹਿਲਾਂ ਤੁਰ ਗਈ। ਨਹੀਂ ਦੇਖ ਸਕਣਾ ਸੀ ਤੂੰ। ਸੱਤ ਬਿਗਾਨੇ ਨੂੰ ਏਦਾਂ ਕੋਈ ਘਰੋਂ ਨਹੀਂ ਕੱਢਦਾ। ਜਿਵੇਂ ਗਠੜੀ ਸਿਰ ’ਤੇ ਰੱਖ ਕੇ ਮੈਨੂੰ ਤੋਰਿਐ। ਪਿਆਰੀ ਕਮਲਾ, ਤੈਨੂੰ ਤਾਂ ਪਤੈ, ਘਰ ਕਿਵੇਂ ਬੰਨ੍ਹਿਆ ਸੀ। ‘ਤੂੰ ਹੀ ਦੱਸ, ਹੁਣ ਦਿਲ ਦੀ ਗੱਠ ਕਿਸ ਕੋਲ ਖੋਲਾ’। ਪਰਲੋਕ ’ਚ ਬੈਠੀ ਕਮਲਾ ਹੁਣ ਕੀ ਦੱਸੇ। ਕਮਲਾ ਅਡਵਾਨੀ ਦਾ ਤਾਂ ਉਦੋਂ ਮੱਥਾ ਠਣਕਿਆ ਸੀ। ਆਖਰੀ ਸਾਹ ਤੋਂ ਪਹਿਲਾਂ ਇਸ਼ਾਰਾ ਵੀ ਕੀਤਾ ਸੀ। ‘ਆਹ ਕੇਤਲੀ ਵਾਲੇ ਦੇ ਚਾਲੇ ਮੈਨੂੰ ਠੀਕ ਨਹੀਂ ਲੱਗਦੇ।’ ਮੀਆਂ ਅਡਵਾਨੀ ਸਮਝ ਨਾ ਸਕੇ। ਹੁਣ ਕਮਲਾ ਦਿਮਾਗ ਚੋਂ ਰੁਖਸਤ ਹੋਈ ਹੈ। ਮਿਰਜ਼ਾ ਗਾਲਿਬ ਆਣ ਵੜੇ। ‘ ਬੜੇ ਬੇਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ’। ਖਿਆਲਾਂ ’ਚ ਅਡਵਾਨੀ ਨੇ ਹੱਥ ਜੋੜੇ, ‘ਗਾਲਿਬ ਸਾਹਿਬ, ਘੱਟੋ ਘੱਟ ਤੁਸੀਂ ਤਾਂ ਰਹਿਮ ਕਰੋ।’ ਸੋਚਾਂ ਦਾ ਖੌਰੂ ਟਿਕਣ ਨਹੀਂ ਦੇ ਰਿਹਾ। ਚੇਤੇ ’ਚ ਹੁਣ ਸ਼ੇਖ ਫ਼ਰੀਦ ਘੁੰਮਿਐ ‘ਬੁੱਢਾ ਹੋਇਆ ਸ਼ੇਖ ਫ਼ਰੀਦ, ਕੰਬਣ ਲੱਗੀ ਦੇਹ’। ਬਾਬਾ, ‘ਅਭੀ ਤੋਂ ਮੈਂ ਜਵਾਨ ਹੂੰ’। ਮਲੇਸ਼ੀਆ ਵਾਲੇ ਪ੍ਰਧਾਨ ਮੰਤਰੀ ਵੱਲ ਦੇਖ। ਪੂਰੇ 93 ਸਾਲ ਦਾ, ਮੈਥੋਂ ਦੋ ਸਾਲ ਵੱਡਾ। ਮਿਰਜ਼ਾ ਗਾਲਿਬ ਨੇ ਟਿੱਚਰ ਕੀਤੀ ਹੋਊ, ‘ਹਜ਼ੂਰ, ਮਲੇਸ਼ੀਆ ’ਚ ਕੋਈ ਨਹੀਂ ਹੋਣਾ ‘ਚਾਹ ਵਾਲਾ’। ਕੁਰਸੀ ਵੇਖ ਕੇ ਕਦੇ ਕੋਈ ਦੇਹ ਕੰਬੀਂ ਐ। ਕਮਲਾ ਫਿਰ ਹਾਜ਼ਰ ਹੋਈ ਐ। ‘ ਕਿਉਂ ਝੂਰਦੇ ਹੋ ਜੀ, ਛੱਡੋ ਵੀ ਹੁਣ, ਬੱਸ, ਆਪਣਾ ਖਿਆਲ ਰੱਖਿਓ।’
          ਮੁਗੇਰੀ ਲਾਲ ਦੇ ਹੁਸੀਨ ਸੁਪਨੇ ਵੀ ਰਾਖ ਹੋ ਗਏ। ਸੁਪਨਿਆਂ ’ਚ ਕਿਤੇ ਮੁਗਲ ਗਾਰਡਨ ਦਿੱਖਦਾ ਸੀ ਅਤੇ ਕਦੇ ਉਹ ਵੱਡੀ ਕੁਰਸੀ। ਜੋ ਡਿਪਟੀ ਪ੍ਰਧਾਨ ਮੰਤਰੀ ਹੁੰਦੇ ਵੇਖੀ ਸੀ। ਹੁਣ ਆਪਣੇ ਆਪ ਨੂੰ ਕੋਸਦਾ ਵੀ ਹੈ। ਗੋਆ ਵਾਲੀ ਮੀਟਿੰਗ ’ਚ ਵੱਖੀ ਭੰਨੀ ਹੁੰਦੀ। ਆਹ ਦਿਨ ਤਾਂ ਨਾ ਵੇਖਣੇ ਪੈਂਦੇ। ‘ਚੌਕੀਦਾਰ’ ਆਣ ਖੜ੍ਹਾ ਹੋਇਆ, ‘ਗੁਰੂ ਜੀ, ਦਿਨ ਤਾਂ ਬੜੇ ਅੱਛੇ ਨੇ’। ਅਮਿਤ ਸਾਹ ਨੇ ਹੌਸਲਾ ਦਿੱਤਾ, ‘ਤੁਸੀਂ ਤਾਂ ਸਾਡੇ ਬਾਬਾ ਬੋਹੜ ਹੋ।’ ਮਾਰਗ ਦਰਸ਼ਕ ਮੰਡਲ ਦੀ ਸੋਭਾ ਵਧਾਓ। ਅਡਵਾਨੀ ਬਿਨਾਂ ਕਦੇ ਪੱਤਾ ਨਹੀਂ ਹਿੱਲਦਾ ਸੀ। ਹੁਣ ਸਮਝਿਐ, ਵਿਹੜੇ ’ਚ ਕੌਣ ਪਿੱਪਲ ਲਾਉਂਦੈ। ਅਮਿਤ ਸਾਹ ਨੇ ਫ਼ਾਰਮੂਲਾ ਘੜਿਐ। 75 ਸਾਲ ਤੋਂ ਉਪਰ ਦੇ ਬਾਬੇ ਅਰਾਮ ਕਰਨਗੇ। ਭਾਜਪਾਈ ਸ਼ਾਂਤਾ ਕੁਮਾਰ, ਕਲਰਾਜ ਮਿਸਰਾ ਤੇ ਕਰਿਆ ਮੁੰਡਾ ਮੌਕਾ ਤਾੜ ਗਏ। ਅਖੇ ਅਸੀਂ ਨੀ ਐਤਕੀਂ ਚੋਣ ਲੜਨੀ। ਕਰਿਆ ਮੁੰਡਾ ਨੇ ਇਹ ਵੀ ਆਖਿਆ, ‘ਮੈਂ ਤਾਂ ਹੁਣ ਪਿੰਡ ਜਾ ਕੇ ਖੇਤੀ ਕਰੂ’। 70 ਵਰ੍ਹਿਆਂ ਦੀ ਡਰੀ ਹੋਈ ਹੇਮਾ ਮਾਲਿਨੀ ਵੀ ਬੋਲੀ, ‘ਮੇਰੀ ਏਹ ਆਖਰੀ ਚੋਣ ਐਂ। ਬੀਬੀ ਸੁਸਮਾ ਸਵਰਾਜ ਉਸ ਤੋਂ ਵੀ ਸਮਝਦਾਰ ਨਿਕਲੀ। ਪਹਿਲਾਂ ਹੀ ਆਖਤਾ, ‘ਮੈਂ ਨਹੀਂ ਲੜਨੀ ਕੋਈ ਚੋਣ’। ਮੁਰਲੀ ਮਨੋਹਰ ਜੋਸ਼ੀ ਦੇ ਵੀ ਡਾਕਟਰੀ ਕੰਮ ਨਹੀਂ ਆਈ। 75 ਵਰ੍ਹਿਆਂ ਦੀ ਸੁਮਿੱਤਰਾ ਮਹਾਜਨ ਵੀ ਡਰੀ ਹੈ। ਵੱਡੀ ਬੀਬੀ ਬਿਜੋਇਆ ਚੱਕਰਵਰਤੀ ਵੀ। ਡਾਹਡੇ ਅੱਗੇ ਕਾਹਦਾ ਜ਼ੋਰ। ਅਮਿਤ-ਮੋਦੀ ਦੀ ਜੋੜੀ ਨੇ ਸਭਨਾਂ ਦੇ ਮੰਜੇ ‘ਤੂੜੀ ਵਾਲੇ ਕੋਠੇ’ ’ਚ ਡਾਹਤੇ ਨੇ।
                  ਕੇਜਰੀਵਾਲ ਹਮਦਰਦ ਬਣਿਆ ‘ਜਿਨ੍ਹਾਂ ਨੇ ਘਰ ਨੂੰ ਬਣਾਇਆ, ਉਨ੍ਹਾਂ ਨੂੰ ਘਰੋਂ ਕੱਢ ਦਿੱਤਾ।’ ਸ਼ਿਵ ਸੈਨਾ ਨੇ ਟਿੱਪਣੀ ਕੀਤੀ ‘ ਭੀਸ਼ਮ ਪਿਤਾਮਾ ਨੂੰ ਜਬਰੀ ਸੇਵਾ ਮੁਕਤ ਕੀਤੈ।’ 16ਵੀਂ ਲੋਕ ਸਭਾ ’ਚ 80 ਸਾਲ ਤੋਂ ਉਪਰ ਦੇ 11 ਭਾਜਪਾਈ ਐਮ.ਪੀ ਸਨ। ਵੱਧ ਪ੍ਰੇਸ਼ਾਨ ਸਭ ਤੋਂ ਵਡੇਰੀ ਉਮਰ ਦੇ ਐਲ.ਕੇ.ਅਡਵਾਨੀ ਹਨ। ਦੱਸਦੇ ਨੇ, ਮੋਦੀ ਨੇ ਸਾਹ ਨੂੰ ਮੰਤਰ ਦੱਸਿਆ ਸੀ ‘ ਝੋਟਾ ਮਰ ਗਿਐ, ਫਿਰ ਚਮ-ਜੂੰਆਂ ਦੀ ਕੀ ਮਜਾਲ।’ ਭਾਜਪਾ ਦੇ ਐਤਕੀਂ 25 ਤੋਂ 40 ਸਾਲ ਦੇ 13 ਐਮ.ਪੀ ਸਨ। ਜੋੜੀ ਦੇ ਨੱਕ ਹੇਠ ਨਾ ਨੌਜਵਾਨ ਆਉਂਦੇ ਨੇ। ਬਜ਼ੁਰਗਾਂ ਦਾ ਤੁਸੀਂ ਦੇਖ ਹੀ ਲਿਐ। ਨਜ਼ਰ ਮਾਰੀਏ ਤਾਂ ਰਾਮ ਜੇਠ ਮਲਾਨੀ 95 ਸਾਲ ਦੀ ਉਮਰ ’ਚ ਐਮ.ਪੀ ਹਨ। ਮੋਤੀ ਲਾਲ ਵੋਹਰਾ ਦੀ ਉਮਰ ਵੀ 90 ਸਾਲ ਹੈ। 1952 ਤੋਂ ਹੁਣ ਤੱਕ ਦਾ ਇਤਿਹਾਸ ਦੇਖੋ। ਕਾਮਰੇਡ ਇੰਦਰਜੀਤ ਗੁਪਤਾ ਸਭ ਤੋਂ ਵੱਧ 11 ਵਾਰ ਐਮ.ਪੀ ਰਹੇ। ਅਡਵਾਨੀ ਸੱਤ ਵਾਰ ਲੋਕ ਸਭਾ, ਚਾਰ ਵਾਰ ਰਾਜ ਸਭਾ ਮੈਂਬਰ ਬਣੇ। ‘ਉਮਰਾਂ ’ਚ ਕੀ ਰੱਖਿਐ’, ਕੋਈ ਇਨ੍ਹਾਂ ਬਾਬਿਆਂ ਨੂੰ ਪੁੱਛ ਕੇ ਦੇਖੋ ਜੋ ਬਿਮਾਰੀ ਦੇ ਲੱਛਣ ਦੇਖਣੋਂ ਖੁੰਝੇੇ। ਪਾਰਲੀਮੈਂਟ ’ਚ ਹੁੱਭ ਹੁੱਭ ਕੇ ਬੋਲਣ ਵਾਲੇ ਦੀ ਬੋਲਤੀ ਬੰਦ ਰਹੀ। ਅਡਵਾਨੀ ਦੀ ਹਾਜ਼ਰੀ 92 ਫੀਸਦੀ ਰਹੀ, ਪਾਰਲੀਮੈਂਟ ’ਚ ਪੰਜ ਵਰ੍ਹਿਆਂ ’ਚ ਬੋਲੇ ਤਿੰਨ ਮਿੰਟ। ਸਿਰਫ਼ 365 ਸ਼ਬਦ।
                15ਵੀਂ ਲੋਕ ਸਭਾ ’ਚ ਅਡਵਾਨੀ ਦੀ ਹਾਜ਼ਰੀ 91 ਫੀਸਦੀ ਰਹੀ, ਪਾਰਲੀਮੈਂਟ ਵਿਚ 35,926 ਸ਼ਬਦ ਬੋਲੇ ਸਨ। ਮੋਦੀ ਰਾਜ ’ਚ ਪੰਜ ਵਰੇ੍ਹ ਮੂਕ ਦਰਸ਼ਕ ਬਣੇ ਰਹੇ, ਹੁਣ ‘ਮਾਰਗ ਦਰਸ਼ਕ’ ਬਣੇ ਨੇ। ਹੰਸ ਰਾਜ ਹੰਸ ਗਾਉਂਦੈ ਫਿਰਦੈ, ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ।’ ਭਾਜਪਾ ਦੇ ਬਜ਼ੁਰਗ ਤਾਂ ਵਿਦਾ ਹੋ ਗਏ, ਦਿਨ ਰਾਜ ਨਾਥ ਨੂੰ ਵੀ ਅੱਛੇ ਨਹੀਂ ਜਾਪਦੇ। ਭਾਜਪਾ ਦੇ ਵਿਹੜੇ ਸਿੱਲ੍ਹੀ ਸਿੱਲ੍ਹੀ ਹਵਾ ਹਾਲੇ ਆਉਣੋ ਹਟੀ ਨਹੀਂ। ‘ਮਾਰਗ ਦਰਸ਼ਕ ਮੰਡਲ’ ਦੇ ਸਾਧੂ ਆਖਦੇ ਹਨ, ਹੁਣ ਨਗਰੀ ਦਾ ਰੱਬ ਰਾਖਾ। ਪੰਜਾਬ ਵਾਲੀ ਨਗਰੀ ਦਾ ਕੌਣ ਰਾਖਾ, ਇਹ ਵੀ ਤਾਂ ਦੱਸੋ। ਸੁਖਬੀਰ ਬਾਦਲ ਦੱਸਣ ਲੱਗਿਐ, ਕੈਪਟਨ ਤਾਂ ਘਰੋਂ ਨੀਂ ਨਿਕਲਦਾ , ਪੰਜਾਬ ਦੀ ਰਾਖੀ ਸੁਆਹ ਕਰੂ। ਲਓ, ਕਾਂਗਰਸੀ ਦਾ ਜੁਆਬ ਸੁਣੋ, ਚੋਣਾਂ ਵੇਲੇ ਤਾਂ ਨਿਕਲਦੈ। ਜੇ ਕਿਤੇ ਅਡਵਾਨੀ ਆਪਣੇ ਮਿੱਤਰ ਬਾਦਲ ਨਾਲ ਗੱਲ ਕਰਦੇ, ਜਰੂਰ ਕੋਈ ਹੱਲ ਨਿਕਲਦਾ। ਅਡਵਾਨੀ ਨਾਲੋਂ ਵੱਡੇ ਬਾਦਲ ਸਿਆਣੇ ਨਿਕਲੇ। ਅਕਾਲੀ ਵਿਹੜੇ ’ਚ ਕੋਈ ਚਾਹ ਵਾਲਾ ਖੰਘਣ ਨਹੀਂ ਦਿੱਤਾ। ਨਾਲੇ ਕਾਹਤੋਂ ਲੈਣ ਸਿਆਸੀ ਸੰਨਿਆਸ। ਮੋਦੀ ਤੇ ਸਾਹ ਕਿਤੇ ਵੱਡੇ ਬਾਦਲ ਤੋਂ ‘ਟਰੰਕ ਵਾਲੇ ਬਾਬੇ’ ਦੀ ਗੱਲ ਜਰੂਰ ਸੁਣਨ।
                ਪੁਰਾਣੇ ਵੇਲਿਆਂ ’ਚ ਕੁੜੀ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਇੱਕੋ ਸ਼ਰਤ ਰੱਖੀ, ਬਰਾਤ ’ਚ ਕੋਈ ਬਜ਼ੁਰਗ ਨਾ ਆਵੇ। ਬਰਾਤੀ ਇੱਕ ਬਾਬੇ ਨੂੰ ਟਰੰਕ ’ਚ ਬੰਦ ਕਰਕੇ ਲੈ ਗਏ। ਬਰਾਤ ਪੁੱਜੀ ਤਾਂ ਅੱਗਿਓਂ ਹੁਕਮ ਆਇਆ, ਹਰ ਬਰਾਤੀ ਇੱਕ ਇੱਕ ਬੱਕਰੇ ਖਾਵੇ। ਸਭ ਝਾਕਣ ਇੱਕ ਦੂਜੇ ਦੇ ਮੂੰਹ ਵੱਲ। ਟਰੰਕ ਖੋਲ੍ਹਿਆ ਤਾਂ ਬਾਬੇ ਨੇ ਮਸ਼ਵਰਾ ਦਿੱਤਾ, ਏਦਾਂ ਕਰੋਂ, ਸਭ ਬਰਾਤੀ ਇਕੱਠੇ ਬੈਠੋ, ਇੱਕ ਇੱਕ ਕਰਕੇ ਬੱਕਰਾ ਮੰਗਵਾਓ। ਜਦੋਂ ਬਰਾਤੀ ਸਭ ਬੱਕਰੇ ਛੱਕ ਗਏ, ਕੁੜੀ ਵਾਲਿਆਂ ਨੂੰ ਸ਼ੱਕ ਹੋਇਆ, ਬਰਾਤ ’ਚ ਜਰੂਰ ਕੋਈ ਬਜ਼ੁਰਗ ਆਇਆ। ਟਰੰਕ ਖੋਲਦਿਆਂ ਹੀ ਬਰਾਤ ਦੀ ਪੋਲ ਖੁੱਲ੍ਹ ਗਈ। ਸੌ ਹੱਥ ਰੱਸਾ, ਸਿਰੇ ਤੇ ਗੰਢ, ਤਾਹੀਂ ਤਾਂ ਸੰਕਟ ਵੇਲੇ ਅਕਾਲੀ ਟਰੰਕ ਖੋਲ੍ਹਦੇ ਨੇ। ਦੇਸ਼ ਦੇ ਲੋਕ ਅਕਲ ਵਾਲਾ ਟਰੰਕ ਕਦੋਂ ਖੋਲ੍ਹਣਗੇ। ਜੋ ਦੁੱਖਾਂ ਦੀ ਦਾਰੂ ਬਣਨ, ਪੀੜਾਂ ਦੇ ਰਾਹੀ ਬਣਨ, ਉਨ੍ਹਾਂ ਨੂੰ ਪਰਖੋ। ਜਿਨ੍ਹਾਂ ਦੀ ਚੜ੍ਹ ਮੱਚੀ ਐ, ਉਹ ਵੀ ਭੁਲੇਖੇ ’ਚ ਨਾ ਰਹਿਣ। ਏਹ ਵੋਟਰ ਵੀ ਘੱਟ ਚਾਲੂ ਨਹੀਂ, ਪਤਾ ਨਹੀਂ ਕਦੋਂ ਕੀਹਦਾ ਮੰਜਾ, ਤੂੜੀ ਵਾਲੇ ਕੋਠੇ ’ਚ ਡਾਹ ਦੇਣ। ਫਿਰ ਆਉਂਦੇ ਗਾਲਿਬ ਦਾ ਚੇਤਾ।



Sunday, March 24, 2019

                                                          ਵਿਚਲੀ ਗੱਲ    
                                 ਸੌਂ ਜਾ ਚੌਕੀਦਾਰਾ ਨਹੀਂ ਤਾਂ ਗੱਬਰ ਆ ਜੂ..!
                                                          ਚਰਨਜੀਤ ਭੁੱਲਰ
ਬਠਿੰਡਾ : ਭਰਪੂਰ ਸਿੰਘ ਦਾ ਹੁਣ ਚਿੱਤ ਨਹੀਂ ਟਿਕਦਾ। ਚਿਹਰੇ ਤੇ ਸਹਿਮ ਤੇ ਸਿਰ ’ਤੇ ਦੁੱਖਾਂ ਦੀ ਗਠੜੀ। ਮੁੰਡੇ ਪੜ੍ਹਨੋਂ ਹਟਾ ਲਏ, ਦੋ ਪੋਤੇ ਗੁਆ ਲਏ, ਖਾਤੇ ਵੀ ਖੁਲ੍ਹਾ ਲਏ। ਪੈਸੇ ਫਿਰ ਨੀ ਆਏ, ਤੁਸੀਂ ਦੱਸੋ, ਜਾਏ ਤਾਂ ਹੁਣ ਕਿਧਰ ਜਾਏ। ਜ਼ਿੰਦਗੀ ਭਰ ਖੋਖੇ ’ਤੇ ਚਾਹ ਵੇਚੀ, ਭਾਗ ਕਿਉਂ ਨਾ ਬਦਲੇ। ਬਿਮਾਰੀ ਆਈ, ਖੋਖਾ ਬੰਦ ਕਰਾ ਗਈ। ਭਰਪੂਰ ਸਿੰਘ ਇਕੱਲਾ ‘ਚਾਹ ਵਾਲਾ’ ਨਹੀਂ, ਪਟਿਆਲੇ ਦੇ ਪਿੰਡ ਸਵਾਜਪੁਰ ਦਾ ਚੌਕੀਦਾਰ ਵੀ ਹੈ। ਉਹ ਵੀ ਵੀਹ ਵਰ੍ਹਿਆਂ ਤੋਂ। ਸਮਝੋ ਪੂਰੀ ਤਰ੍ਹਾਂ ਬਾਹਰ ਹੈ, ਉੱਲੂ ਵਾਂਗੂ ਉਹ ਜਾਗਿਆ, ਉੱਲੂ ਕੋਈ ਹੋਰ ਹੀ ਸਿੱਧਾ ਕਰ ਗਿਐ। ਹੁਣ ਸਿਆਸੀ ‘ਗੱਬਰ’ ਤਾਂ ਮੁੜ ਬੁੱਕੇ ਨੇ, ਤਾਹੀਂ ਭਰਪੂਰ ਠਠੰਬਰ ਗਿਆ ਹੈ। ਫਰੰਗੀ ਰਾਜ ’ਚ ਚੌਕੀਦਾਰ ਪੀਪੇ ਖੜਕਾਉਂਦੇ ਸਨ। ਅੱਜ ਦੇ ‘ਚੌਕੀਦਾਰ’ ਮੁਲਕ ਖੜਕਾ ਜਾਂਦੇ ਨੇ, ਉਹ ਵੀ ਅੱਖ ਦੇ ਫੋਰੇ ਨਾਲ, ਹਿੰਮਤ ਨੂੰ ਦਾਦ। ਭਰਪੂਰ ਸਿੰਘ ਅੱਕਿਆ ਬੈਠਾ। ਚਾਹ ਵੀ ਵੇਚ ਲਈ, ਚੌਕੀਦਾਰੀ ਵੀ ਕਰ ਲਈ। ਨਾ ਦਿਨ ਬਦਲੇ ਤੇ ਨਾ ਰਾਤ। ਕਰਾਂ ਤਾਂ ਕੀ ਕਰਾਂ। ਚੌਕੀਦਾਰ ਮਹਿੰਗਾ ਸਿੰਘ ਦੀ ਮੰਨ ਲੈ। ਮੋਟੇ ਅੱਖਰਾਂ ’ਚ ਲਿਖ ‘ਮੈਂ ਭੀ ਉੱਲੂ’। ਐਵੇਂ ਨੀਂ ਗਾਲ੍ਹੜ ਪਟਵਾਰੀ ਬਣੇ। ਪਿੰਡ ਅਰਾਈਆਂ ਵਾਲਾ ਕਲਾਂ (ਫਰੀਦਕੋਟ) ’ਚ ਚਾਲੀ ਵਰ੍ਹਿਆਂ ਤੋਂ ‘ਜਾਗਦੇ ਰਹੋ’ ਦਾ ਹੋਕਾ ਦੇ ਰਿਹਾ। ਮਹਿੰਗਾ ਸਿੰਘ ਦਾ ਤਜਰਬਾ ਬੋਲਦੇ। ਗੱਦੀ ਬਦਲਦੀ ਹੈ, ਲੋਕਾਂ ਦੀ ਜ਼ਿੰਦਗੀ ਨਹੀਂ। ਮਹਿੰਗਾ ਸਿੰਘ ਛੋਟਾ ਸੀ ਤਾਂ ਬਾਪ ਗੁਜਰ ਗਿਆ। ਬਾਪ ਬਣਿਆ ਤਾਂ ਚਾਰ ਪੁੱਤ ਗੁਜਰ ਗਏ। ਮਹਿੰਗੇ ਦੀ ਜ਼ਿੰਦਗੀ ਵੀ ਸਸਤੇ ’ਚ ਗੁਜਰ ਗਈ। ਤਾਹੀਂ ਭੇਖੀਆਂ ਨੇ ਹੋਕਾ ਦਿੱਤੈ ‘ ਮੈਂ ਭੀ ਚੌਕੀਦਾਰ’।
                 ਗੁਲਾਬਗੜ੍ਹ (ਬਠਿੰਡਾ) ਦਾ ਚੌਕੀਦਾਰ ਬਿੰਦਰ ਸਿੰਘ ਆਖਦੈ ‘ਮਹਿੰਗਾ ਸਿਆਂ, ਦਿਲ ਹੌਲਾ ਨਾ ਕਰ’। ‘ਛਪੰਜਾ ਇੰਚ’ ’ਤੇ ਗੁੱਸਾ ਕਾਹਦਾ। ਵੱਡਾ ਨਾਢੂ ਖਾਂ, ਮੇਰੇ ਕੱਚੇ ਕਮਰੇ ’ਚ ਪੰਜ ਮਿੰਟ ਬਹਿ ਕੇ ਦਿਖਾਵੇ। ਚੱਕ ਮਹਿਮਾ (ਬਟਾਲਾ) ਦਾ ਨੌਜਵਾਨ ਚੌਕੀਦਾਰ ਯੂਸਫ਼ ਮਸੀਹ ਖੁਦਕੁਸ਼ੀ ਕਰ ਗਿਆ। ਮਾਂ ਆਖਦੀ ਹੈ ਕਿ ਬਿਨਾ ਪੁੱਤ ਤੋਂ ਕੋਈ ਰਹਿ ਕੇ ਦਿਖਾਵੇ। ਭਾਈਰੂਪੇ ਦੇ ਛੜੇ ਚੌਕੀਦਾਰ ਸਾਧੂ ਸਿੰਘ ਨੇ ਵੀ ਢਿੱਡ ਫਰੋਲਿਐ। ਅਖੇ, ਬੀਵੀ ਬਿਨਾਂ ਕਾਹਦੀ ਜ਼ਿੰਦਗੀ। ਦੇਸ਼ ਦਾ ਚੌਕੀਦਾਰ, ਸਾਧੂ ਨਾਲ ਸਹਿਮਤ ਨਹੀਂ। ਸੰਧੂ ਖੁਰਦ ਦੇ ਚੌਕੀਦਾਰ ਬਲਵਿੰਦਰ ਦੇ ਪਿਉ ਦਾਦੇ ਵੀ ਚੌਕੀਦਾਰ ਸਨ। ਭਲੇ ਵੇਲਿਆਂ ’ਚ ਕਾਲਜ ਗਿਆ, ਮਗਰੋਂ ੳੱੁਚ ਵਿੱਦਿਆ ਅੱਧ ਵਿਚਾਲੇ ਛੱਡ ਦਿੱਤੀ। ਆਖਦੈ, ਪਹਿਲਾਂ ਕਰਮ ਮਾਰ ਗਏ ਤੇ ਹੁਣ  ਮੋਦੀ। ਜੋਗਾਨੰਦ ਦੇ ਗੁਰਦੇਵ ਦਾ ਘਰ ਕੱਚਾ ਹੈ। ਚੌਕੀਦਾਰੀ ਵੀ ਕਰਦੈ, ਨਾਲੇ ਬੱਕਰੀਆਂ ਚਾਰਦੈ। ਜ਼ਿੰਦਗੀ ਤੋਂ ਸਤਿਆ ਆਖਦੈ, ‘ਕੇਹਾ ਚੌਕੀਦਾਰ ਐ, ਦੇਸ਼ ਨੂੰ ਹੀ ਚਾਰੀ ਜਾਂਦੈ।’ ਅੱਕਿਆ ਤਾਂ ਚੌਕੀਦਾਰ ਨਛੱਤਰ ਵੀ ਪਿਐ। ਕੋਈ ਪੇਸ਼ ਤਾਂ ਚੱਲੇ। ਬੁੜ ਬੁੜ ਕਰਦਾ ਫਿਰਦੈ, ‘ਮੈਨੂੰ ਤਾਂ ਏਹ ਰੰਗਾ-ਬਿੱਲਾ ਲੱਗਦੇ ਨੇ।’ ਟੇਵਾ ਆਪੋ ਆਪਣਾ, ਨਿਹਾਲੇ ਚੌਕੀਦਾਰ ਨੂੰ ਇਹ ‘ਗੰਗਾ ਦੇ ਪੰਡਤ’ ਲੱਗੀ ਜਾਂਦੇ ਨੇ। ਕੋਈ ਮਾਈ ਦਾ ਲਾਲ ਹੈ, ਜਿਨ੍ਹਾਂ ਨੂੰ ਇਨ੍ਹਾਂ ਦੇ ਦੁੱਖ ਵੀ ਆਪਣੇ ਲੱਗਣ।
               ‘ ਮੈਂ ਭੀ ਚੌਕੀਦਾਰ’ ਹੈਸ਼ਟੈਗ ਨਾਲ ਸਾਹਿਰ ਲੁਧਿਆਣਵੀ ਦੀ ਇਹ ਤੁਕ ‘ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗ਼ਰੀਬੋ ਕੀ ਮਹੱਬਤ ਕਾ ਉੜਾਯਾ ਹੈ ਮਜ਼ਾਕ’ ਬਿਲਕੁਲ ਖਹਿੰਦੀ ਐ। ਪ੍ਰਧਾਨ ਸਤਿਗੁਰ ਮਾਝੀ ਦੱਸਦਾ ਹੈ, ਪੰਜਾਬ ’ਚ 12 ਹਜ਼ਾਰ ਚੌਕੀਦਾਰ ਨੇ, 1250 ਰੁਪਏ ਮਹੀਨੇ ਦੇ ਮਿਲਦੇ ਨੇ, ਹਰਿਆਣਾ 7500 ਦਿੰਦਾ ਹੈ। ਮਹਾਂਪੁਰਸ਼ ਆਖਦੇ ਹਨ ‘ ਦੁੱਖ ਇੱਕ ਐਸਾ ਚੌਕੀਦਾਰ ਹੈ ਜੋ ਅਕਲ ਨੂੰ ਸੌਣ ਨਹੀਂ ਦਿੰਦਾ।’ ਉਧਰ ਸ਼ੋਲੇ ਫਿਲਮ ਦਾ ਗੱਬਰ ਰਾਮਗੜ੍ਹ ਦਾ ਅਸਲੀ ਚੌਕੀਦਾਰ ਬਣਿਆ ਫਿਰਦੈ। ਗੱਬਰ ਦੇ ਹੁੰਦੇ ਫਿਰ ਕਾਹਦਾ ਚੈਨ। ਹੁਣ ਤਾਂ ਮੁਲਕ ਵੀ ਰਾਮਗੜ੍ਹ ਲੱਗਦੈ। ਜੁਮਲੇ ਤੇ ਜੁਮਲਾ। ਦੇਸ਼ ਨੂੰ ਧਰਨ ਪਾ ਰੱਖੀ ਹੈ। ਹੁਣ ਚੌਕੀਦਾਰ ਚੌਕੀਦਾਰ ਖੇਡਣ ਲੱਗੇ ਨੇ। ਕਾਕਾ ਰਾਹੁਲ ਆਖਦੈ, ‘ਚੌਕੀਦਾਰ ਚੋਰ ਹੈ’। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਬਘੇਲਾ ਨਾਲ ਜੱਗੋਂ ਤੇਰ੍ਹਵੀਂ ਹੋਈ। ਘਰ ਚੋਰੀ ਹੋ ਗਈ, ਬੰਘੇਲਾ ਦਾ ਚੌਕੀਦਾਰ ਹੀ ਚੋਰ ਨਿਕਲਿਆ। ਨੀਰਵ ਮੋਦੀ ਲੰਡਨ ਦੀ ਸੜਕ ’ਤੇ ਨਿਕਲਿਆ। ‘ਟੈਲੀਗਰਾਫ’ ਵਾਲਿਆਂ ਨੇ ਪੈੜ੍ਹ ਨੱਪ ਲਈ। ਪਿਆਰੇ ਨੀਰਵ, ਹੁਣੇ ਲੰਡਨ ਦੀ ਜੇਲ੍ਹ ’ਚ ਹੋਲੀ ਖੇਡ ਕੇ ਹਟੇ ਨੇ। ਭੈਣ ਮਾਇਆਵਤੀ ਦੀ ਸੁਣੋ, ‘ਮੋਦੀ ਬੰਦਿਆਂ, ਪਹਿਲਾਂ ਕੇਤਲੀ ਚੁੱਕੀ ਤੇ ਹੁਣ ਚੌਕੀਦਾਰੀ।’ ਬਾਹਰਲੇ ਮੋਦੀ ਵੀ ਢੋਲੇ ਦੀਆਂ ਲਾ ਰਹੇ ਨੇ। ਬਾਹਰੋਂ ਤਾਂ ਕਾਲਾ ਧੰਨ ਆਇਆ ਨਹੀਂ, ਬੈਂਕਾਂ ਲੁੱਟ ਕੇ ਫੁਰਰ ਕਾਫ਼ੀ ਹੋ ਗਏ ਨੇ। ਦੇਸ਼ ਝਾਕਦਾ ਰਹਿ ਗਿਐ।
                  ਲੋਕ ਕਵੀ ਗੁਰਦਾਸ ਰਾਮ ਆਲਮ ਦੇ ਇਹ ਬੋਲ ਢੁਕਵੇਂ ਜਾਪਦੇ ਨੇ , ‘ਲੰਮੇ ਪੈ ਗਏ ਪੈਰ ਸੁੰਘ ਕੇ, ਕੁੱਤਾ ਭੌਂਕਿਆ ਨਾ ਕੋਈ ਵੀ ਸ਼ਿਕਾਰੀ, ਬਿਟ ਬਿੱਟ ਝਾਕਦੇ ਰਹੇ, ਚੌਕੀਦਾਰ ਤੇ ਲੰਬੜ ਪਟਵਾਰੀ।’ ਉਧਰ ਲੰਬੜਾਂ ਦੀ ਚੁੱਕੀ ਸਮਿਰਤੀ ਇਰਾਨੀ ਨੇ ਮੁੜ ਅਮੇਠੀ ’ਚ ਜਾ ਆਡਾ ਲਾਇਐ। ਚਾਪਲੂਸੀ ਦੀ ਕੋਈ ਹੱਦ ਹੁੰਦੀ ਤਾਂ ਦੇਸ਼ ਦਾ ਚੌਕੀਦਾਰ ‘ਫਕੀਰ’ ਨਾ ਬਣਦਾ। ਜਦੋਂ ਫਕੀਰ ਨੂੰ ਗੱਦੀ ਮਿਲੀ, ਉਦੋਂ ਚੱਲ ਅਚੱਲ ਸੰਪਤੀ 1.26 ਕਰੋੜ ਸੀ, ਹੁਣ 2.28 ਕਰੋੜ। ਅੰਬਾਨੀ ਤਾਂ ਇੱਕ ਇੰਚ ਵੀ ਬਾਹਰ ਨਹੀਂ। ਘੁੱਗੀ ਕੀ ਜਾਣੇ, ਪੱਤਣਾਂ ਦੇ ਤਾਰੂਆਂ ਨੂੰ। ਟਰੰਪ ਆਪਣੇ ਆਪ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਤਾਰੂ ਸਮਝਦੈ। ਸਾਡੇ ਫਕੀਰ ਦੀ ਰੀਸ ’ਚ ਕੱਲ ਨੂੰ ਟਰੰਪ ਆਖੂ ‘ਮੈਂ ਦੁਨੀਆ ਦਾ ਚੌਕੀਦਾਰ।’ ਟਿੱਚਰਾਂ ਨੂੰ ਲੋਕ ਹੀ ਲੱਭੇ ਨੇ। ਕਈ ਸਰਕਾਰੀ ਮਹਿਕਮੇ ਆਖਦੇ ਨੇ, ਦਸਵੀਂ ਪਾਸ ਨੂੰ ਮਿਲੂ ਚੌਕੀਦਾਰੀ। ਕਤਾਰਾਂ ’ਚ ਪੀ.ਐਚ.ਡੀ ਤੱਕ ਲੱਗਦੇ ਨੇ। ਭਾਜਪਾ ਦੇ 11 ਚੌਕੀਦਾਰ (ਐਮ.ਪੀ) ਅੰਡਰ ਮੈਟ੍ਰਿਕ ਹਨ। ਵਿਹਲ ਮਿਲੇ ਤਾਂ ਰੰਗੇ ਬਿੱਲੇ ਦੀ ਜੋੜੀ ਪੁਰਾਣੀ ਫਿਲਮ ‘ਚੌਕੀਦਾਰ’ ਦਾ ਗਾਣਾ ਜਰੂਰ ਸੁਣੇ ‘ਯੇ ਦੁਨੀਆ ਨਹੀਂ ਜਗੀਰ ਕਿਸੀ ਕੀ’। ਜਿਵੇਂ ਕਹਿੰਦੇ ਨੇ ਕਿ ‘ਜੌਂ ਲਿਸ਼ਕੇ, ਯਾਰ ਖਿਸਕੇ’, ਇਨ੍ਹਾਂ ਨੇ ਗਾਣਿਆਂ ਤੋਂ ਕੀ ਲੈਣੇ, ਮੁੱਠੀ ’ਚ ਜਦੋਂ ਦੁਨੀਆ ਐ। ਫਿਰ ਵੀ ਵਕਤ ਮਿਲੇ ਤਾਂ ਉਨ੍ਹਾਂ ਘਰਾਂ ’ਚ ਗੇੜਾ ਮਾਰਨ ਜਿਨ੍ਹਾਂ ਦੇ ਚੁੱਲ੍ਹੇ ਠੰਢੇ ਪਏ ਨੇ। ਗੈਸੀ ਚੁੱਲ੍ਹੇ ਵੰਡਤੇ, ਅਖੇ ਮੁਫ਼ਤ ਨੇ, ਲੈ ਲਓ, ਪਤਾ ਉਦੋਂ ਲੱਗਾ ਜਦੋਂ ਸਬਸਿਡੀ ਕਿਸ਼ਤ ’ਚ ਕੱਟ ਲਈ।
                  ਅਕਾਲੀ ਗੁੱਸਾ ਕਰ ਗਏ। ਕਹਿੰਦੇ, ਕਾਬਲ ਚੌਕੀਦਾਰ ਤਾਂ ਮੋਦੀ ਹੀ ਹੈ, ਕੱਲ ਦੇ ਜਵਾਕਾਂ ਤੋਂ ਕਿਥੇ ਦੇਸ਼ ਚੱਲਣੈ। ਸੁਖਬੀਰ ਬਾਦਲ ਦਾ ਤਰਕ ਹੈ, ‘ਡਾਕਟਰ ਦਾ ਮੁੰਡਾ ਡਾਕਟਰ ਬਣ ਸਕਦੈ, ਤਾਂ ਲੀਡਰ ਦਾ ਮੁੰਡਾ ਲੀਡਰ ਕਿਉਂ ਨਹੀਂ’। ਸਵਾਜਪੁਰ ਵਾਲਾ ਚੌਕੀਦਾਰ ਭਰਪੂਰ ਸਿੰਘ ਐਵੇਂ ਨਹੀਂ ਕੰਬਿਆ। ਜਰੂਰੀ ਨਹੀਂ ਹੁੰਦਾ, ਤੀਲੀ ਨਾਲ ਹੀ ਅੱਗ ਬਲੇ, ਤਪੇ ਹੋਏ ਚਿਹਰੇ ਵੀ ਭਾਂਬੜ ਮਚਾ ਦਿੰਦੇ ਨੇ। ਸਿਆਸੀ ਗੱਬਰ ਇਹ ਗੱਲ ਵੀ ਨਾ ਭੁੱਲਣ। ਮੱਚਦੀ ਅੱਗ ਵਿਚ ਫਿਰ ਕੋਈ ਨਹੀਂ ਖੜਦਾ। ਕੋਈ ਗੱਲ ਸੋਚ ਕੇ ਹੀ ਸੰਤ ਰਾਮ ਉਦਾਸੀ ਨੇ ਲਿਖਿਐ ਹੋਣੈ, ‘ਕੱਲ ‘ਜੈਲੂ’ ਚੌਕੀਦਾਰ ਦਿੰਦਾ ਫਿਰੇ ਹੋਕਾ, ਆਖੇ ਖੇਤਾਂ ਵਿਚ ਬੀਜੋ ਹਥਿਆਰ’। ਆਈ ਤੇ ਆ ਜਾਵੇ ਤਾਂ ਈਵੀਐਮ ਵੀ ਚੰਗਿਆੜੇ ਕੱਢ ਦਿੰਦੀ ਐ। ਮਹਿੰਗਾ ਸਿਆਂ, ਇਕੱਲਾ ਜਗਾਉਂਦਾ ਨਾ ਰਹੀ, ਵੋਟ ਜਰੂਰ ਪਾ ਕੇ ਆਈ।
   

Sunday, March 17, 2019

                         ਵਿਚਲੀ ਗੱਲ
ਅਦਰਕ ਦੇ ਖੇਤ ’ਚ ਡਾਰਵਿਨ ਦੇ ਬਾਂਦਰ !
                         ਚਰਨਜੀਤ ਭੁੱਲਰ
ਬਠਿੰਡਾ : ਚਾਰਲਿਸ ਡਾਰਵਿਨ ਨੂੰ ਪਰਲੋਕ ’ਚ ਵੀ ਕਾਹਦਾ ਡਰ। ਵਿੱਛੜੀ ਰੂਹ ਨੂੰ ਉਦੋਂ ਜਰੂਰ ਕਾਂਬਾ ਛਿੜਿਆ ਹੋਊ ਜਦੋਂ ਸੱਤਿਆਪਾਲ ਗਰਜ਼ੇ। ਨਾਲੇ ਕੇਂਦਰੀ ਮੰਤਰੀ ਦਾ ਮੂੰਹ ਕੌਣ ਫੜੂ। ਜਦੋਂ ਹਕੂਮਤ ਦੀ ਗੁੱਡੀ ਚੜ੍ਹੀ ਹੋਵੇ, ਫਿਰ ਰੂਹਾਂ ਨਾਲ ਵੀ ਪੇਚੇ ਪੈਂਦੇ ਨੇ। ਭਾਜਪਾ ਮੰਤਰੀ ਇੰਝ ਫਰਮਾਏ, ‘ਡਾਰਵਿਨ ਝੂਠ ਬੋਲਦੈ, ਪੂਰਵਜਾਂ ਨੇ ਕਦੇ ਆਖਿਐ ਕਿ ਬੰਦੇ ਬਾਂਦਰ ਤੋਂ ਬਣੇ ਨੇ, ਡਾਰਵਿਨ ਕੱਢੋ ਸਿਲੇਬਸ ਚੋ ਬਾਹਰ।’ ਚਾਰਲਸ ਪੱਕਾ ਡਰਿਆ ਹੋਊ। ਚਾਰਲਸ ਦੇ ਕੰਨ ’ਚ ਹਰਿਆਣੇ ਦੇ ਮਰਹੂਮ ਵਿਧਾਇਕ ਗਯਾ ਰਾਮ ਨੇ ਫੂਕ ਮਾਰੀ, ‘ਪਿਆਰੇ, ਚੇਤ ਚੜ੍ਹਿਐ, ਹੁਣ ਲਾਹੋ ਡਰ, ਚੋਣਾਂ ’ਚ ਤੇਰੇ ਬੋਲ ਤਾਂ ਹੀ ਪੁੱਗਣੇ ਨੇ।’  ਡਾਰਵਿਨ ਦੀ ਰੂਹ ਨੂੰ ਭਾਰਤੀ ਚੋਣਾਂ ਚੋਂ ਸਕੂਨ ਮਿਲਦੈ। ਚੋਣਾਂ ਦੇ ਮੌਸਮ ’ਚ ਹੀ ਬਾਂਦਰ ਟਪੂਸੀਆਂ ਦਾ ਮਜਮਾ ਬੱਝਦੈ। ਜਦੋਂ ਜ਼ਮੀਰ ਸੌਂਦੀ ਹੈ, ਅੰਦਰਲਾ ਬਾਂਦਰ ਜਾਗਦੈ। ਮੁਫ਼ਾਦ ਲਈ ਟਪੂਸੀਆਂ ਵੱਜਦੀਆਂ ਨੇ। ਇੱਕ ਦਲ ਚੋ ਦੂਜੇ ਦਲ ’ਚ। ਦਾਲ ਨਾ ਗਲੀ ਤਾਂ ਤੀਜੇ ਦਲ ’ਚ। ਗੱਲ ਫਿਰ ਵੀ ਨਾ ਬਣੇ ਤਾਂ ਘਰ ਵਾਪਸੀ। ਕਾਂਗਰਸੀ ਐਮ.ਐਲ.ਏ ਜਵਾਹਰ ਚਾਵੜ੍ਹਾ ਨੇ ਜਦੋਂ ਹੱਥ ’ਚ ‘ਫੁੱਲ’ ਫੜਿਆ,ਗੁਜਰਾਤ ਦਾ ਮੰਤਰੀ ਬਣ ਗਿਆ। ਸੋਨੀਆ ਦਾ ਟੌਮ ਹੁਣ ਭਾਜਪਾਈ ਹੋ ਗਿਆ। ਐਮ.ਪੀ ਘੁਬਾਇਆ ਰਾਹੁਲ ਦਾ ਹੋ ਗਿਆ। ਹਰਿਆਣਾ ਦੇ ਆਜ਼ਾਦ ਵਿਧਾਇਕ ਗਯਾ ਰਾਮ ਨੇ 1967 ’ਚ ਨੌ ਘੰਟਿਆਂ ’ਚ ਤਿੰਨ ਵਾਰ ਪਾਰਟੀ ਬਦਲੀ ਤਾਂ ਉਦੋਂ ਸਿਆਸੀ ਸਗੂਫਾ ‘ਆਇਆ ਰਾਮ, ਗਯਾ ਰਾਮ’ ਜਨਮਿਆ।
        ਗਯਾ ਰਾਮ ਦਾ ਵਿਧਾਇਕ ਮੁੰਡਾ ਉਦੇ ਭਾਨ ਗੁੱਸਾ ਕਰਦਾ ਹੈ। ਅਖੇ ਹੀਰਾ ਨੰਦ ਨੇ ਇੱਕੋ ਦਿਨ ’ਚ ਸੱਤ ਵਾਰੀ ਪਾਰਟੀ ਬਦਲੀ, ਉਸ ਦਾ ਨੂੰ ਕੋਈ ਕੁਝ ਨਹੀਂ ਕਹਿੰਦਾ। ਕੋਈ ਕੁਝ ਵੀ ਕਹੇ, ਗਯਾ ਰਾਮ 2009 ਵਿਚ ਫਾਨੀ ਸੰਸਾਰ ਤੋਂ ਵਿਦਾ ਹੋ ਗਏ। ਡਾਰਵਿਨ ਨੇ ਪਰਲੋਕ ’ਚ ਗਯਾ ਰਾਮ ਨੂੰ ਜਰੂਰ ਜੱਫੀ ਪਾਈ ਹੋਊ। ਦੁਨਿਆਵੀ ਸੰਸਾਰ ’ਚ ਜੋ ਸਿਆਸੀ ਜੱਫੀਆਂ ਪੈ ਰਹੀਆਂ ਹਨ, ਉਨ੍ਹਾਂ ਵੱਲ ਘੁੰਮਦੇ ਹਾਂ। ਜਦੋਂ ਨਵਜੋਤ ਸਿੱਧੂ ਨੇ ‘ਹੱਥ’ ਫੜਿਆ ਤਾਂ ਸੁਖਬੀਰ ਬਾਦਲ ਨੇ ਨਵਜੋਤ ਨੂੰ ਬਾਂਦਰ ਤੱਕ ਆਖ ਦਿੱਤਾ। ਹੁਣ ਬੱਬੀ ਬਾਦਲ ਟਕਸਾਲੀ ਹੋਇਆ, ਉਸ ਤੋਂ ਪਹਿਲਾਂ ਟਕਸਾਲੀ ਦਾ ਭਤੀਜਾ ਅਕਾਲੀ ਹੋਇਐ। ਸੁਖਬੀਰ ਬਾਦਲ ਚੱੁਪ ਹਨ। ਜਦੋਂ ਸੀਟਾਂ 14 ਰਹਿ ਗਈਆਂ, ਉਦੋਂ ਦਲ ਬੋਲਿਆ ਸੀ , ‘ਸਾਨੂੰ ਤਾਂ ਦਲ ਬਦਲੂ ਲੈ ਬੈਠੇ’। ਜਦੋਂ ਉੱਲੂ ਸਿੱਧਾ ਕਰਨਾ ਹੋਵੇ ਤਾਂ ਟਪੂਸੀ ਰੁੱਤ ਹੀ ਬਹਾਰ ਬਣਦੀ ਹੈ। ਕਾਲੇ ਕੋਲੇ ਦੁੱਧ ਧੋਤੇ ਬਣਦੇ ਹਨ। ਚੌਧਰੀ ਭਜਨ ਲਾਲ ਦੀ ਟਪੂਸੀ ਸਭਨੂੰ ਚੇਤੇ ਹੈ। ਵੈਸੇ, ਵੱਡੇ ਬਾਦਲ ਪਹਿਲਾਂ ਕਾਂਗਰਸੀ ਐਮ.ਐਲ.ਏ ਬਣੇ ਸਨ, ਥੋਨੂੰ ਇਸ ਦਾ ਚੇਤਾ ਹੈ। ਅਮਰਿੰਦਰ ਸਿੰਘ ਵੀ ਅਕਾਲੀ ਅਖਾੜੇ ’ਚ ਘੁੰਮਿਆ। ਬੀਰਦਵਿੰਦਰ ਤੇ ਜਗਮੀਤ ਬਰਾੜ ਦੇ ,ਕਿਆ ਕਹਿਣੈ। ਚੋਣ ਬਾਜ਼ਾਰ ਸਜਿਆ ਹੈ। ਟਿਕਟਾਂ ਦੀ ਵੰਡ ਮਗਰੋਂ ਬਾਂਦਰ ਟਪੂਸੀਆਂ ਦੇਖਿਓ। ਨੇਤਾਵਾਂ ’ਚ ਟਪੂਸੀ ਵਾਲਾ ਜ਼ੀਨ ਮਰਿਆ ਨਹੀਂ। ਤਾਹੀਂ ਡਾਰਵਿਨ ਦੀ ਰੂਹ ਜਿੰਦਾ ਹੈ।
                ਚੋਣਾਂ ਵੇਲੇ ਇਕੱਲੀ ਹਯਾ ਨਹੀਂ ਮਰਦੀ, ਇਖਲਾਕ ਵੀ ਦਫ਼ਨ ਹੁੰਦਾ ਹੈ। ਅਦਰਕ ਦੇ ਸੁਆਦ ਨੂੰ ਕੌਣ ਭੁੱਲਿਐੇ। ਦਲ ਬਦਲੀ ਵਿਰੋਧੀ ਕਾਨੂੰਨ ਵੀ ਬਣਿਆ। ਅਗਲਿਆਂ ਖੁੰਢਾ ਕਰਕੇ ਰੱਖ ਦਿੱਤਾ। ‘ਜਿੱਤਣ ਵਾਲੇ ਨੂੰ ਟਿਕਟ’, ਸਭ ਦਾ ਇਹੋ ਫੰਡਾ ਹੈ। ‘ਟਕਸਾਲੀ’ ਟੇਸ਼ਨ ਤੇ ਖੜ੍ਹੇ ਰਹਿ ਜਾਂਦੇ ਨੇ। ਚੋਣ ਕਮਿਸ਼ਨ ਨੇ ‘ਸਿਰੋਪੇ’ ਦੀ ਕੀਮਤ ਵਧਾਈ ਹੈ। ਇੱਧਰ ਤੁਰ ਫਿਰ ਕੇ ਮੇਲਾ ਦੇਖਣ ਵਾਲਿਆਂ ਨੇ ‘ਸਿਰੋਪੇ’ ਦੀ ਆਭਾ ਘਟਾਈ ਹੈ। ਵੋਟਰ ਬਾਦਸ਼ਾਹ ‘ਜਵਾਲੇ ਨੇ ਕਿਹੜਾ ਸਾਹ ਹੋਣ ਜਾਣੈ’ ਆਖ ਕੇ ਲੋਕ ਰਾਜ ਨਾਲ ਨਿਭਾਈ ਜਾ ਰਿਹੈ। ਭਾਰਤੀ ਲੋਕ ਰਾਜ 76ਵੇਂ ਵਰੇ੍ਹ ਵਿਚ ਹੈ। ਏਨੀ ਉਮਰ ਹੀ ਅਬੋਹਰ ਹਲਕੇ ਦੇ ਬਜ਼ੁਰਗ ਵੋਟਰ ਲੋਕ ਰਾਜ ਦੀ ਹੈ। ਵੋਟ ਲੈਣ ਵਾਲੇ ਲੋਕ ਰਾਜ ਨੂੰ ਜ਼ਿੰਦਗੀ ਨਹੀਂ ਦੇ ਸਕੇ। ਮੁਲਕ ਵਿਚ ‘ਲੋਕ ਰਾਜ’ ਨਾਮ ਵਾਲੇ 506 ਵੋਟਰ ਹਨ ਜਦੋਂ ਕਿ ਪੰਜਾਬ ’ਚ 62। ਦੇਸ਼ ਦਾ ਸਭ ਤੋਂ ਬਜ਼ੁਰਗ ‘ਲੋਕ ਰਾਜ’ ਨਾਮ ਦਾ ਵੋਟਰ ਅਖਨੂਰ (ਜੰਮੂ ਕਸ਼ਮੀਰ) ’ਚ ਹੈ। ਉਸ ਦੇ ਬੁਰੇ ਦਿਨਾਂ ’ਤੇ ਕੋਈ ਸਰਜੀਕਲ ਹਮਲਾ ਨਹੀਂ ਕਰ ਸਕਿਆ। ਚੋਣਾਂ ’ਚ ਨੇਤਾ ਚਾਲ, ਦਲ ਬਦਲੂ ਬਾਣੇ ਬਦਲ ਲੈਂਦੇ ਨੇ। ਜਿੱਤਣ ਮਗਰੋਂ ਜ਼ਿੰਦਗੀ ਬਦਲ ਲੈਂਦੇ ਨੇ। ਪੰਜਾਬ-ਹਰਿਆਣਾ ਦੀ ਵੋਟਰ ਸੂਚੀ ਦੇਖਿਓ। ਗਯਾ ਰਾਮ ਨਾਮ ਦੇ ਸਿਰਫ਼ 23 ਵੋਟਰ ਬਚੇ ਹਨ। ਗਯਾ ਰਾਮ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਹਰ ਇੱਟ ’ਤੇ ਬੈਠੇ ਹਨ।
     ਲੋਕ ਕੁਰਲਾਉਂਦੇ ਨੇ, ‘ਨੀਤੀ ਬਦਲੋ, ਨੁਹਾਰ ਬਦਲੋ, ਦਿਸ਼ਾ ਬਦਲੋ, ਸੋਚ ਬਦਲੋ, ਗ੍ਰਹਿ ਚਾਲ ਬਦਲੋ, ਘੱਟੋ ਘੱਟ ਜ਼ਿੰਦਗੀ ਤਾਂ ਬਦਲੋੋ’। ਮੋਦੀ ਕਹਿੰਦਾ ਰਿਹਾ ‘ਭੈਣੋ ਅੌਰ ਭਾਈਓ, ਪਹਿਲਾਂ ਨੋਟ ਬਦਲੋ’। ਰਾਹੁਲ ਗਾਂਧੀ ਆਖਦੈ, ‘ਨੋਟਬੰਦੀ ਵਾਲੀ ਸਰਕਾਰ ਬਦਲੋ’। ਮੁਹਾਵਰਾ ਹੈ ‘ਬਾਂਦਰ ਦੇ ਗਲ ਮੋਤੀਆਂ ਦੇ ਹਾਰ’। ਵੋਟਰਾਂ ਕੋਲ ਤਾਂ ਚਿੱਟਾ ਧਨ ਵੀ ਨਹੀਂ,  ਵੋਟਾਂ ਦੇ ਹਾਰ ਜਰੂਰ ਨੇ। ਹਾਰਾਂ ਜਿੱਤਾਂ ਦੇ ਚੱਕਰ ’ਚ ਕਿਤੇ ਸਾਧਾ ਸਿਓ ਨੂੰ ਨਾ ਭੁੱਲ ਜਾਈਏ। ਪਤਾ ਨਹੀਂ ਕਿਥੇ ਸਿਰ ਫੜੀ ਬੈਠਾ ਹੋਊ। ਦਲੂ ਬਦਲੂ ਤਾਂ ਗਰੀਬ ਸਾਧਾ ਸਿਓ ਦੇ ਪੈਰ ਵਰਗੇ ਵੀ ਨਹੀਂ। ਗੱਲ ਗਿਆਰਾਂ ਸਾਲ ਪੁਰਾਣੀ ਹੈ। ਸਰਾਵਾਂ ਵਾਲੇ ਪੁਲ (ਕੋਟਕਪੂਰਾ) ਦੇ ਬੋਹੜ ਥੱਲੇ ਚਾਹ ਦਾ ਖੋਖਾ ਹੁੰਦਾ ਸੀ। ਘਰ ਰੱਖੀ ਮੱਝ ਦਾ ਦੁੱਧ ਲੈ ਕੇ ਸਾਧਾ ਬੋਹੜ ਥੱਲੇ ਆਉਂਦਾ। ਦੁੱਧ ਖਤਮ ਹੋ ਜਾਂਦਾ, ਪਤੀਲਾ ਚੁੱਕ ਘਰੇ ਤੁਰ ਜਾਂਦਾ। ਗਰੀਬ ਚਾਹ ਵਾਲੇ ਨੇ ਹਵਾ ਤੋਂ ਬਚਾਓ ਲਈ ਇੱਕ ਬੰਨ੍ਹੇ ਕੱਪੜੇ ਦਾ ਬੈਨਰ ਤਾਣਿਆ ਹੋਇਆ ਸੀ। ਬੈਨਰ ’ਤੇ ਵੱਡੀ ਫੋਟੋ ਛਪੀ ਹੋਈ ਸੀ, ਥੱਲੇ ਲਿਖਿਆ ਹੋਇਆ ਸੀ, ‘ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ’।
               ਸਾਧੇ ਦੇ ਪੱਕੇ ਗ੍ਰਾਹਕ ਬਥੇਰੇ ਸਨ। 2007 ’ਚ ਸਰਕਾਰ ਬਦਲ ਗਈ, ਸਾਧਾ ਸਿਓ ਨੇ ਬੈਨਰ ਨਾ ਬਦਲਿਆ। ਜਦੋਂ ਤਤਕਾਲੀ ਲੋਕ ਸੰਪਰਕ ਅਫਸਰ ਵਾਹਿਗੁਰੂਪਾਲ ਦੀ ਨਜ਼ਰ ਬੈਨਰ ਤੇ ਪਈ ਤਾਂ ਉਸ ਤੋਂ ਰਿਹਾ ਨਾ ਗਿਆ, ‘ਸਾਧਾ ਸਿਆਂ, ਹੁਣ ਤਾਂ ਬਾਦਲ ਸਰਕਾਰ ਆ ਗਈ, ਆਹ ਕੈਪਟਨ ਆਲਾ ਬੈਨਰ ਤਾਂ ਬਦਲ ਲੈ, ਨਾਲੇ ਤੇਰਾ ਖੋਖਾ ਸਰਕਾਰੀ ਥਾਂ ’ਚ ਲੱਗਿਐ।ਕੁਝ ਪਲਾਂ ਦੀ ਚੁੱਪ ਮਗਰੋਂ ਸਾਧਾ ਸਿਓ ਆਖਣ ਲੱਗਾ ‘ ਨਾ ਮੈਨੂੰ ਕੈਪਟਨ ਨੇ ਕੁਝ ਦਿੱਤੈ, ਨਾ ਹੀ ਬਾਦਲਾਂ ਨੇ ਦੇਣੈ, ਮੱਝ ਤੋਰਾ ਤੋਰਦੀ ਐ।’ ਉਦੋਂ ਸਭ ਚੁੱਪ ਹੋ ਗਏ ਜਦੋਂ ਸਾਧਾ ਸਿਓ ਨੇ ਅਗਲੀ ਗੱਲ ਆਖੀ, ‘ਸਰਦਾਰਾ, ਗੱਲ ਤਾਂ ਤੇਰੀ ਠੀਕ ਐ, ਸਮਾਂ ਵਿਚਾਰਨਾ ਚਾਹੀਦੈ ਪਰ ਚਿੱਤ ਜੇਹਾ ਨਹੀਂ ਮੰਨਦਾ, ਬੈਨਰ ਬਦਲ ਲਿਆ ਤਾਂ ਲੋਕ ਦਲ ਬਦਲੂ ਜਾ ਕਹਿਣਗੇ।’ ਜਦੋਂ ਹੁਣ ਲੀਡਰਾਂ ਦੀ ਬਾਂਦਰ ਟਪੂਸੀਆਂ ਵੇਖਦੇ ਹਾਂ ਤਾਂ ਚੇਤੇ ’ਚ ਸਾਧੇ ਦੇ ਬੋਲ ਗੰੂਜਣ ਲੱਗਦੇ ਨੇ। ਕਾਸ਼ ! ਦਲ ਬਦਲੂ ਵੀ ਸਾਧਾ ਸਿਓ ਦਾ ਜੂਠਾ ਖਾ ਲੈਂਦੇ।






Sunday, March 10, 2019

                                                              ਵਿਚਲੀ ਗੱਲ  
                                 ਤੇਰੇ ਦਰ ’ਤੇ ਖੜ੍ਹੇ ਫਕੀਰ ਖਾਲੀ ਮੋੜੀਂ ਨਾ..!
                                                             ਚਰਨਜੀਤ ਭੁੱਲਰ
ਬਠਿੰਡਾ : ਤੁਸੀਂ ਨਹੀਂ ਭੁੱਲੇ ਹੋਵੋਗੇ, ਜਰੂਰ ਚੇਤੇ ਹੋਵੇਗਾ, ਮਹਾਸ਼ਾ ਧਰਮਪਾਲ ਗੁਲਾਟੀ। ਜਦੋਂ ਟੀ.ਵੀ ਮਸ਼ਹੂਰੀ ’ਚ ਇੱਕ ਸਰਦਾਰ ਵਡਿਆਈ ਕਰਦੈ  ‘ਬਾਦਸ਼ਾਹੋ ਤੁਸੀਂ ਤਾਂ ਮਸਾਲਿਆਂ ਦੇ ਸ਼ਹਿਨਸ਼ਾਹ ਹੋ’। ਅੱਗਿਓਂ ਮਹਾਸ਼ਾ ਜੀ ਆਖਦੇ ਨੇ ‘ਸਭ ਆਪ ਦੀ ਮੇਹਰਬਾਨੀ ਨਾਲ’। ਦੱਸਦੇ ਨੇ ਮਹਾਸ਼ਾ ਗੁਲ੍ਹਾਟੀ ਕਿਸੇ ਵੇਲੇ ਦਿੱਲੀ ’ਚ ਦੋ ਆਨਾ ਸਵਾਰੀ ਲਈ ਟਾਂਗਾ ਚਲਾਉਂਦੇ ਰਹੇ ਨੇ। ਸਿਆਣੇ ਆਖਦੇ ਨੇ, ਐਵੇਂ ਕਿਸੇ ਦੇ ਕੰਮ ’ਚ ਟੰਗ ਨਹੀਂ ਅੜਾਈਦੀ। ਚਲੋ ਮੰਨ ਲਿਆ, ਪਰ ਇੱਧਰ ਖੜ੍ਹੇ ਨਿਆਣਿਆਂ ਦੀ ਵੀ ਸਿਆਣੀ ਸੁਣ ਲੋ, ‘ਕਿਥੇ ਟਾਂਗਾ ਚਲਾਉਣਾ ਤੇ ਕਿਥੇ ਦੇਸ਼, ਅਖੇ ਫਰਕ ਹੀ ਬੜੈ।’ ਪਰ ਸਿਆਸੀ ਮਹਾਸ਼ੇ ਇਸ ਨੂੰ ਖੱਬੇ ਹੱਥ ਦੀ ਖੇਡ ਦੱਸਦੇ ਹਨ। ਜਦੋਂ ਬਸੰਤੀ ਨਾਲ ਹੋਵੇ ਤਾਂ ਫਿਰ ਕਾਹਦਾ ਡਰ ਭੌਅ। ਚੋਣ ਜ਼ਾਬਤਾ ਕਦੋਂ ਵੀ ਲੱਗ ਸਕਦੈ। ‘ਇੱਕ ਦਿਨ ਦੇ ਬਾਦਸ਼ਾਹੋ’, ਐਤਕੀਂ ਥੋੜਾ ਜ਼ਾਬਤੇ ’ਚ ਰਹਿਓ। ਚੋਣਾਂ ਦਾ ਮੇਲਾ ਬੱਝੇਗਾ, ਕਿਤੇ ਛਪਾਰ ਦਾ ਮੇਲਾ ਨਾ ਸਮਝ ਲਿਓ। ਜਦੋਂ ਦੇਸ਼ ਦਾ ਹਾਲ ਟਾਂਗੇ ਵਰਗਾ ਹੋਵੇ ਤਾਂ ਉਦੋਂ ਸੰਭਲਣਾ ਸਵਾਰੀਆਂ ਨੂੰ ਪੈਂਦਾ। ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਤਾਂ ਬਣ ਗਈ ਹੈ। ਇਕਦਮ ਸਿਆਸੀ ਝੱਖੜ ਝੱੁਲੇਗਾ, ਸਿਆਸੀ ਮਹਾਸ਼ੇ ਸਟੇਜਾਂ ਤੋਂ ਤਰਜ਼ਾਂ ਕੱਢਣਗੇ, ਹੱਥ ਜੋੜਨਗੇ। ਮਸ਼ਹੂਰੀ ਵਾਲੇ ਸਰਦਾਰ ਵਾਂਗੂ ਤੁਹਾਨੂੰ ਸ਼ਹਿਨਸ਼ਾਹ ਦੱਸਣਗੇ, ਖੁਦ ਸੇਵਾਦਾਰ ਬਣਕੇ ਤੁਹਾਡੀ ਮੇਹਰ ਮੰਗਣਗੇ। ਕਿਤੇ ਭੁੱਲ ਨਾ ਬੈਠਿਓ ਕਿ ‘ਤੁਸੀਂ ਇੱਕ ਦਿਨ ਦੇ ਰਾਜੇ ਹੋ, ਵੋਟ ਪਈ ਤਾਂ ਬਾਤ ਗਈ।’ ਲੌਗੋਂਵਾਲ ਵਾਲੇ ਸਾਧ ਵਾਂਗੂ ਮਗਰੋਂ ਥੋਨੂੰ ਟਿੱਚ ਹੀ ਜਾਣਨਗੇ।
                 ਭੁੱਲਿਓ ਨਾ, ਤੁਸੀਂ ਤਾਂ ਖੂਹ ਦੇ ਮੌਣ ’ਤੇ ਖੜ੍ਹੇ ਹੋ। ਚੇਤਾ ਮਾੜਾ ਹੈ ਤਾਂ ਬਾਬੇ ਰਾਮਦੇਵ ਦੀ ਮੰਨੋ ਕਿ ‘ਪਤੰਜਲੀ ਮੇਧਾਵਤੀ ਖਾਓ, ਦਿਮਾਗੀ ਫੁਰਤੀ ਵਧਾਓ।’ ਨਾਲ ਦੋ ਚਾਰ ਆਸਣ ਕਰ ਲਿਓ। ਬੱਸ ਕੁਝ ਵੀ ਕਰਿਓ, ਝੁਰਨਾ ਨਹੀਂ, ਕਿਤੇ ਮੁਕੇਸ਼ ਵਾਂਗੂ ਗਾਉਂਦੇ ਫਿਰੋ ‘ਜਾਨੇ ਕਹਾਂ ਗਏ ਵੋ ਦਿਨ’। ਐਵੇਂ ਕਮਲੇਸ਼ਵਰ ਦੀ ਕਹਾਣੀ ‘ ਇਤਨੇ ਅੱਛੇ ਦਿਨ’ ਵੀ ਨਾ ਦਿਮਾਗ ’ਚ ਘੁਮਾਉਂਦੇ ਫਿਰਿਓ। ਨਾ ਇਹ ਸੋਚਣਾ ਕਿ ‘ਬੁੱਲ੍ਹਿਆ ਅੱਛੇ ਦਿਨ ਕਿਧਰ ਗਏ’। ਜਦੋਂ ਚੋਣ ਜ਼ਾਬਤਾ ਲੱਗਦੈ, ਤਾਂ ਗਿਰਗਿਟ ਵਰਗਾ ਮਾਹੌਲ ਬਣਦੈ, ਸਿਆਸੀ ਪਰਿੰਦੇ ਭੇਸ ਬਦਲਦੇ ਨੇ। ਹੰਕਾਰੇ ਨੇਤਾ ਮਾਊਂ ਬਣ ਜਾਂਦੇ ਹਨ। ਹੇਰਵਾ ਵੀ ਕਰਦੇ ਹਨ। ਆਓ, ਪਹਿਲਾਂ ਕਾਨਪੁਰ ਦੀ ‘ਭਾਗਾਂ ਵਾਲੀ ਕੁਰਸੀ’ ਦਿਖਾਉਂਦੇ ਹਾਂ, ਫਿਰ ਅੱਗੇ ਚੱਲਾਂਗੇ। ਭਾਜਪਾ ਦੇ ਕਾਨਪੁਰੀ ਲੀਡਰਾਂ ਦਾ ਤਰਕ ਕਿ ਜਦੋਂ ਵੀ ਮੋਦੀ ਕਰਾਮਾਤੀ ਕੁਰਸੀ ’ਤੇ ਬੈਠੇ, ਉਨ੍ਹਾਂ ਦੇ ਭਾਗ ਜਾਗੇ ਨੇ। ਏਦਾਂ ਦੀ ਕੁਰਸੀ ਤਾਂ ਸਾਡੇ ਲੰਬੀ ਥਾਣੇ ਦੇ ਮਾਲਖ਼ਾਨੇ ਵਿਚ ਵੀ ਪਈ ਐ। ਸੰਗਤ ਦਰਸ਼ਨਾਂ ’ਚ ਵੱਡੇ ਬਾਦਲ ਇਸੇ ਕੁਰਸੀ ’ਤੇ ਬੈਠ ਕੇ ਖ਼ਜ਼ਾਨਾ ਵੰਡਦੇ ਸਨ। ਬਾਦਸ਼ਾਹੋ, ਤੁਸੀਂ ਨਾ ਮੁਰਾਰੀ ਲਾਲ ਬਣ ਜਾਇਓ। ਚੋਣ ਮੇਲੇ ’ਚ ਥੋਡੀ ਪੁੱਛਗਿੱਛ  ਪ੍ਰਾਹੁਣਿਆਂ ਵਾਂਗੂ ਹੋਊ। ਚਾਅ ’ਚ ਕਿਤੇ ਭੁੱਲ ਨਾ ਜਾਇਓ, ਪੁਰਾਣੇ ਹਿਸਾਬ ਕਿਤਾਬ। ਭੁੱਲਿਓ ਨਾ ਕਿ ਕਿਵੇਂ ਚੌਕੀਦਾਰ ਨੇ ਚਾਅ ਪੂਰੇ ਕੀਤੇ।  62 ਮੁਲਕਾਂ ਦੇ 86 ਦੌਰੇ ਪੂਰੇ 2025 ਕਰੋੜ ’ਚ ਪਏ ਹਨ। ਉਧਰ ਵਿਦੇਸ਼ ਮੰਤਰੀ ਬੀਬੀ ਸ਼ੁਸ਼ਮਾ ਐਵੇਂ ਸੁੱਕਣੀ ਪਈ ਹੈ। ਅਖੇ ਮੈਨੂੰ ‘ਵਿਸ਼ਵ ਦਰਸ਼ਨ’ ਨਹੀਂ ਕਰਾਏ। ਕਮਲ਼ੀਏ, ਜਸ਼ੋਦਰਾ ਬੇਨ ਦਾ ਢਿੱਡ ਫਰੋਲ ਕੇ ਦੇਖ। ਗੱਲ ਤੇ ਮੁੜੀਏ।
                ਚੋਣਾਂ ਕਰਕੇ ਚੌਕੀਦਾਰ ਹੁਣ ਟਲਿਆ। ਲੰਘੇ 100 ਦਿਨਾਂ ’ਚ ਸਿਰਫ਼ ਇੱਕ ਵਿਦੇਸ਼ ਦੌਰਾ ਕੀਤੈ। ਕਿਤੇ ਹੁਣ ਇਹ ਨਾ ਪੁੱਛਿਓ ਕਿ ਸੌ ਦਿਨਾਂ ’ਚ ਕਿੰਨਾ ਕਾਲਾ ਧੰਨ ਵਾਪਸ ਆਇਆ। ਪੰਜਾਬ ’ਚ ਤਾਂ ਚਿੱਟੇ ਦੀ ਗੱਲ ਵੀ ਚੱਲੂ। ਮੋਦੀ ਨੇ ਦੇਸ਼ ਦੇ ਦਸੰਬਰ ’ਚ 10, ਜਨਵਰੀ ਵਿਚ 11 ਤੇ ਫਰਵਰੀ ’ਚ 15 ਦੌਰੇ ਕੀਤੇ। ਇਨ੍ਹਾਂ ਅੱਠ ਦਿਨਾਂ ’ਚ ਅੱਠ ਸੂਬੇ ਗਾਹ ਦਿੱਤੇ। ਚੌਕੀਦਾਰ ਦੇ ਦੌਰੇ ਹਾਲੇ ਹੋਰ ਵਧਣਗੇ। ਗੱਲ ਪੱਲੇ ਬੰਨ੍ਹ ਲਓ, ਸੁਣੋ ਸਭ ਦੀ, ਕਰੋ ਮਨ ਦੀ। ਜਿਵੇਂ ਸਿਆਸੀ ਫਕੀਰ ਨੇ ਪੰਜ ਸਾਲਾਂ ’ਚ 53 ਵਾਰ ‘ਮਨ ਦੀ ਬਾਤ’ ਕੀਤੀ। ਹਰ ਬਾਤ ਦਾ ਅੌਸਤਨ ਖਰਚਾ 95 ਲੱਖ। ਵਾਰੀ ਹੁਣ ਥੋਡੀ ਐ। ਖਰੀਆਂ ਖਰੀਆਂ ਸੁਣਾਉਣ ਦੀ। ਭਾਜਪਾ ਮਿਹਣੇ ਦਿੰਦੀ ਹੈ ਕਿ ਕੈਪਟਨ ਕਿਹੜਾ ਘਰੋਂ ਨਿਕਲਦਾ। ਭਾਵੇਂ ਚੋਣਾਂ ਕਰਕੇ ਸਹੀ, ਹੁਣ ਤਾਂ ਅਮਰਿੰਦਰ ਨੇ ਘਰ ਛੱਡਿਐ। ਲੋਕ ਰਾਜ ਦੇ ਰਾਜਿਓ, ਦੇਖਿਓ ਕਿਤੇ ਚੋਣ ਮੇਲੇ ’ਚ ਮਛਰ ਜਾਓ। ਬਾਲਾਕਾਟ ’ਚ ਕਿੰਨੇ ਬੰਦੇ ਮਰੇ ਤੇ ਕਿੰਨੇ ਕਾਂ, ਇਸ ਚੱਕਰ ’ਚ ਨਹੀਂ ਪੈਣਾ। ਜਰਾ ਸੰਭਲ ਕੇ.. ਤੇਲ ਦੀ ਧਾਰ ਨਾ ਦੇਖਿਓ, ਤੇਲ ਦਾ ਭਾਅ ਜਰੂਰ ਚੇਤੇ ਰੱਖਿਓ। ਬੈਂਕਾਂ ਲੁੱਟ ਕੇ ਜੋ ਵਿਦੇਸ਼ ਦੌੜੇ, ਉਨ੍ਹਾਂ ਨੂੰ ਛੱਡੋ, ਤੁਸੀਂ ਆਪਣਾ ਬੈਂਕ ਖਾਤਾ ਜਰੂਰ ਚੈੱਕ ਕਰਨਾ। ਕਿਤੇ 15 ਲੱਖ ਬਿਨਾਂ ਵਰਤੇ ਨਾ ਪਏ ਰਹਿਣ। ਸੋਨੀਆ ਦਾ ਕਾਕਾ ਤੇ ਕਾਕੀ ਆਉਣਗੇ, ਯੂ.ਪੀ.ਏ ਦੇ ਘਪਲਿਆਂ ਦਾ ਸ਼ੀਸ਼ਾ ਉਨ੍ਹਾਂ ਨੂੰ ਵੀ ਵਿਖਾਉਣਾ। ਹੋਸ਼ ਨਾਲ, ਕਿਤੇ ਲਾਲਚ ’ਚ ਨਾ ਆ ਜਾਇਓ।
                 ਜਰੂਰ ਪੁੱਛਣਾ ਕਿ ਕਿੰਨੇ ਕੁੱਟ ਕੁੱਟ ਕੇ ਮਾਰੇ ਤੇ ਕਿੰਨੇ ਤਾਲੇ ਜ਼ਬਾਨਾਂ ਨੂੰ ਲਾਏ। ਛੁਪਾਉਣ ’ਚ ਚੌਕੀਦਾਰ ਸਭ ਦਾ ਪਿਓ ਹੈ। ਪ੍ਰਧਾਨ ਮੰਤਰੀ ਦਫ਼ਤਰ ਨੂੰ ਬੜੇ ਲੋਕਾਂ ਨੇ ਆਰ.ਟੀ.ਆਈ ਪਾਈ। ‘ਪ੍ਰਧਾਨ ਮੰਤਰੀ ਦੇ ਪ੍ਰਵਾਰ ’ਚ ਕੌਣ ਕੌਣ ਹੈ?’, ‘ਪ੍ਰਧਾਨ ਮੰਤਰੀ ਰਾਮ ਲੀਲਾ ’ਚ ਕੰਮ ਕਰਦੇ ਰਹੇ ਨੇ ? ’, ‘ ਐਮ.ਏ ਕਿੰਨੇ ਨੰਬਰਾਂ ’ਚ ਕੀਤੀ’। ਕਿਸੇ ਨੂੰ ਕੋਈ ਜੁਆਬ ਨਹੀਂ ਮਿਲਿਆ। ਪਾਰਲੀਮੈਂਟ ’ਚ ਪੰਜ ਸਾਲਾਂ ’ਚ ‘ਹਜ਼ੂਮੀ ਕਤਲਾਂ’ ਬਾਰੇ 36 ਸੁਆਲ ਹੋਏ, ਸਭ ਟਾਲ ਦਿੱਤੇ। ਨੋਟਬੰਦੀ ਬਾਰੇ 389 ਅਤੇ ਕਾਲੇ ਧੰਨ ਬਾਰੇ 368 ਸੁਆਲ ਪੁੱਛੇ ਗਏ। ਹਰਸਿਮਰਤ ਨੇ ਅਮਰਿੰਦਰ ਦਾ ਚਿੱਠਾ ਖੋਲ੍ਹਿਆ ਹੈ। ਮੋਦੀ ਨੂੰ ਦੁਬਾਰਾ ਮੌਕਾ ਦਿਓ, ਪਰ ਰਾਜੇ ਨੂੰ ਨਹੀਂ। ਰਾਜੇ ਦੇ ਰਾਜ ’ਚ 925 ਕਿਸਾਨ ਮਰੇ ਤੇ 450 ਜਵਾਨ। ਸਮਾਰਟ ਫੋਨ ਆਏ ਨਹੀਂ। ਕੱਚੇ ਮੁਲਾਜ਼ਮਾਂ ਦੀ ਹਾਹਾਕਾਰ ਮੱਚੀ ਹੈ। ਬੇਰੁਜ਼ਗਾਰ ਪੈਟਰੋਲ ਲੈ ਕੇ ਟੈਂਕੀਆਂ ’ਤੇ ਚੜ੍ਹੇ ਹੋਏ ਨੇ। ਇੱਧਰ, ਅਕਾਲੀਆਂ ਨੂੰ ਇੱਕੋ ਮੁੱਦਾ ਹੀ ਧੌਣ ਨਹੀਂ ਚੁੱਕਣ ਦੇ ਰਿਹਾ। ‘ਆਪ’ ਵਾਲੇ ਹਵਾ ਵਿਚ ਡਾਂਗਾਂ ਮਾਰੀ ਜਾਂਦੇ ਨੇ। ਸੁਖਪਾਲ ਖਹਿਰਾ ਤੇ ਬੈਂਸ ਭਰਾ ਵੀ ਟਟੀਹਰੀ ਬਣੇ ਹੋਏ ਨੇ। ਨਵੇਂ ਸਰਪੰਚਾਂ ਕੋਲ ਪਿੰਡਾਂ ’ਚ ਨੋਟਾਂ ਵਾਲੇ ਟਰੱਕ ਹੁਣ ਪੁੱਜੇ ਨੇ। ਚੋਣਾਂ ਵੇਲੇ ਝੂਠ ਸਰਹੱਦਾਂ ਟੱਪਦੇ ਨੇ।
     ਏਨੇ ਘੜਮੱਸ ’ਚ ਕਿਤੇ ਡੁੰਨ ਵੱਟਾ ਨਾ ਬਣ ਜਾਇਓ। ਬਦਾਮ ਗਿਰੀ ਚਾਹੇ ਨਾ ਵੀ ਖਾਇਓ, ਦਿਮਾਗ ਦੀ ਫਿਰਕੀ ਜਰੂਰ ਘੁਮਾਇਓ, ਬਟਨ ਦਬਾਇਓ। ਪਤਾ ਲੱਗੇ ਕਿ ਸ਼ਰਾਫ਼ਤ ਦੀ ਵੀ ਕੋਈ ਹੱਦ ਹੁੰਦੀ ਹੈ। ਨਾਲੇ ਕੰਨ ਹੋ ਜਾਣ ਕਿ ਸਦਾ ਦੀਵਾਲ਼ੀ ਸਾਧ ਦੀ ਨਹੀਂ ਹੁੰਦੀ। ਵਰੋਲਾ ਬਣੋਗੇ, ਤਾਂ ਸੁੱਕੇ ਪੱਤਿਆਂ ਵਾਂਗੂ ਖਿੰਡ ਜਾਣਗੇ। ਚੰਦ ਛਿੱਲੜਾਂ ’ਤੇ ਨਾ ਵਿਕ ਜਾਣਾ, ਨਾ ਹੀ ਰੈਲੀਆਂ ਦੇ ਇਕੱਠ ਬਣਨੈ, ਬੱਸ ਵੱਟ ਕੱਢਣੈ, ਜੋ ਸਿਆਸੀ ਮਹਾਸ਼ਿਆਂ ਨੇ ਭਰਾ-ਭਰਾ ’ਚ ਪਾਇਆ।




Friday, March 8, 2019

                         ਕਿਰਤ ਤੇ ਸਿਦਕ
          ਖੇਤਾਂ ’ਚ ਲੜੀ ‘ਭੰਮੇ ਦੀ ਰਾਣੀ’
                           ਚਰਨਜੀਤ ਭੁੱਲਰ
ਬਠਿੰਡਾ : ਜਦੋਂ ਖੇਤਾਂ ਦਾ ਰਾਜਾ ਖੁਦਕੁਸ਼ੀ ਕਰ ਗਿਆ ਤਾਂ ਵਿਧਵਾ ਰਾਣੀ ਕੌਰ ਨੂੰ ਜ਼ਿੰਦਗੀ ਸ਼ਰੀਕ ਬਣ ਕੇ ਟੱਕਰੀ। ਘਰ ਦੀ ਬਰਕਤ ਚਲੀ ਗਈ ਤੇ ਪੈਲ਼ੀਆਂ ਦੀ ਰੌਣਕ। ਪਤੀ ਨਿਰਮਲ ਸਿੰਘ ਤਾਂ ਕਰਜ਼ੇ ਤੋਂ ਹਾਰ ਮੰਨ ਗਿਆ। ਖੇਤੋਂ ਸੁਨੇਹਾ ਆਇਆ ਕਿ ‘ਨਿਰਮਲ ਸਿਓ ਨਹੀਂ ਰਿਹਾ’। ਖਿੰਡ ਪੁੰਡ ਗਏ ਆਲ੍ਹਣੇ ਨੇ ਰਾਣੀ ਕੌਰ ਨੂੰ ਸੁੰਨ ਕਰ ਦਿੱਤਾ। ਘਰ ਦਾ ਜੀਅ ਚਲਾ ਜਾਏ, ਉਪਰੋਂ ਸੱਤ ਲੱਖ ਦਾ ਕਰਜ਼ਾ , ਗੋਦ ’ਚ ਸਿਰਫ਼ ਤਿੰਨ ਸਾਲ ਦਾ ਬੱਚਾ। ਵਿਧਵਾ ਰਾਣੀ ਕੌਰ ਨੇ ਦੁੱਖਾਂ ਨਾਲ ਟੱਕਰ ਲੈਣ ਦੀ ਠਾਣੀ। ਵਿਧਵਾ ਦੀ ਹਿੰਮਤ ਤੇ ਕਿਰਤ ਨੇ ਅੱਜ ਭਾਣੇ ਦੀ ਗੋਡਣੀ ਲਵਾ ਦਿੱਤੀ ਹੈ। ਮਾਨਸਾ ਦੇ ਭੰਮੇ ਕਲਾਂ ਦੀ ਇਸ ਅੌਰਤ ਨੇ ਘਰ ਨੂੰ ਪੈਰਾਂ ’ਤੇ ਕਰ ਲਿਆ। ਤਾਹੀ ਇਰਾਦੇ ਬੋਲਦੇ ਹਨ ‘ ਅਸੀਂ ਮਰਨਾ ਨਹੀਂ, ਜੀਣਾ ਹੈ।’ ਵਿਧਵਾ ਰਾਣੀ ਨੇ ਇੰਝ ਵਿਥਿਆ ਸੁਣਾਈ, ‘ ਡੇਢ ਏਕੜ ਪੈਲੀ, ਸੱਤ ਲੱਖ ਦਾ ਕਰਜ਼, ਪਤੀ ਖ਼ੁਦਕਸ਼ੀ ਕਰ ਗਿਆ, ਬੱਚਾ ਛੋਟਾ ਤੇ ਦੁੱਖ ਵੱਡੇ। ਪੈਰਾਂ ਨੂੰ ਚੱਪਲਾਂ ਕਦੇ ਨਸੀਬ ਨਾ ਹੋਈਆਂ।’ ਵਿਧਵਾ ਦੀ ਅੱਗੇ ਸੁਣੋ  ‘ਬਾਬੇ ਨਾਨਕ ਨੂੰ ਧਿਆ ਕੇ ਖੁਦ ਪੈਲ਼ੀਆਂ ’ਚ ਜਾਣ ਲੱਗੀ’। ਜ਼ਮੀਨ ਠੇਕੇ ਤੇ ਦੇ ਦਿੱਤੀ, ਮੱਝਾਂ ਰੱਖ ਲਈਆਂ, ਕੱਟਰੂ ਪਾਲ ਲੈਣੇ, ਵੱਡੇ ਕਰਕੇ ਵੇਚ ਦੇਣੇ।’ ਅੱਗੇ ਵੀ ਸੁਣੋ ‘ ਕਈ ਵਰੇ੍ਹ ਲੱਗ ਗਏ, ਬੱਸ ਸੰਜਮ ਰੱਖਿਆ ਤੇ ਦਿਨ ਰਾਤ ਟਿਕਣ ਦੀ ਵਿਹਲ ਕਿਥੇ। ’ ਕਿਸਾਨਾਂ ਦੇ ਖੇਤਾਂ ’ਚ ਦਿਹਾੜੀ ਕਰਦੀ ਰਹੀ। ਅੱਜ ਦੇਖੋ, ਰਾਣੀ ਦੀ ਕਿਰਤ ਨੂੰ ਭਾਗ ਲੱਗ ਗਏ। ਸਰਕਾਰ ਨੇ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ। ਇਸ ਵਿਧਵਾ ਨੇ ਸਾਰਾ ਕਰਜ਼ਾ ਉਤਾਰ ਦਿੱਤਾ। ਘਰ ਵੀ ਚੰਗਾ ਪਾ ਲਿਆ।
                  ਇਕਲੌਤੇ ਬੇਟੇ ਸਤਿਗੁਰ ਨੂੰ ਪੜਾ ਕੇ ਖੇਤੀ ਵਿਚ ਪਾ ਦਿੱਤਾ। ਆਖਦੀ ਹੈ ਕਿ ਬੇਟਾ ਲਾਇਕ ਨਿਕਲਿਆ ਹੈ। ਹੁਣ ਸਤਿਗੁਰ ਖੁਦ ਠੇਕੇ ਦੇ ਪੈਲੀ ਲੈਂਦਾ ਹੈ। ਮਾਂ ਨੇ ਥੋੜਾ ਅਰਸਾ ਪਹਿਲਾਂ ਹੀ ਪੁੱਤ ਨੂੰ ਮੱਝਾਂ ਦਾ ਦੁੱਧ ਵੇਚ ਵੇਚ ਕੇ ਟਰੈਕਟਰ ਲੈ ਦਿੱਤਾ। ਆਖਣ ਲੱਗੀ ‘ਸੌ ਹੱਥ ਰੱਸਾ, ਸਿਰੇ ਤੇ ਗੰਢ, ਬੱਸ ਕਿਰਤ ਤੇ ਸਿਰੜ ਦਾ ਪੱਲਾ ਨਹੀਂ ਛੱਡਿਆ।’ ਪਿੰਡ ਜੇਠੂਕੇ (ਬਠਿੰਡਾ) ਦੀ ਮਹਿਲਾ ਗੁਰਮੀਤ ਕੌਰ ਤੇ ਵੀ ਬਿਪਤਾ ਦਾ ਪਹਾੜ ਡਿੱਗਾ ਸੀ। ਜਦੋਂ ਕਿਸਾਨ ਪਤੀ ਗੁਰਚਰਨ ਸਿੰਘ ਖੁਦਕੁਸ਼ੀ ਕਰ ਗਿਆ ਤਾਂ ਉਸ ਨੇ ਵੀ ਭਾਣਾ ਨਹੀਂ ਮੰਨਿਆ। ਇੱਕੋ ਗੱਲ ਦਾ ਪੱਲਾ ਫੜਿਆ ਕਿ ਬੱਚਿਆਂ ਨੂੰ ਕਦੀ ਬਾਪ ਦੀ ਕਮੀ ਦਾ ਅਹਿਸਾਸ ਨਹੀਂ ਹੋਣ ਦੇਣਾ। ਪਤੀ ਦੀ ਮੌਤ ਸਮੇਂ ਦੋ ਲੱਖ ਦਾ ਕਰਜ਼ਾ ਸੀ। ਨੌ ਸਾਲ ਦਾ ਬੇਟਾ ਤੇ ਸੱਤ ਸਾਲ ਦੀ ਬੇਟੀ। ਖੱਡੀ ਦਾ ਕੰਮ ਤੋਰਿਆ ਤੇ ਦੋ ਮੱਝਾਂ ਰੱਖ ਲਈਆਂ। ਬੱਚੇ ਵੀ ਪੜ੍ਹ ਗਏ ਤੇ ਕਰਜ਼ ਵੀ ਉਤਾਰ ਗਿਆ। ਖੱਡੀ ਦਾ ਕੰਮ ਰੁਕਿਆ ਤਾਂ ਸਿਲਾਈ ਦਾ ਕੰਮ ਸ਼ੁਰੂ ਕੀਤਾ। ਘਰ ਬਣਾ ਲਿਆ ਤੇ ਕਿਸੇ ਅੱਗੇ ਹੱਥ ਵੀ ਨਹੀਂ ਅੱਡੇ। ਹਿੰਮਤ ਅੱਗੇ ਹਥਿਆਰ ਸੁੱਟਦੀ ਤਾਂ ਪਿੰਡ ਚੀਮਾ (ਬਰਨਾਲਾ) ਦੀ ਸ਼ਿੰਦਰ ਕੌਰ ਵੀ ਸਰਕਾਰਾਂ ਦੇ ਮੰੂਹ ਵੱਲ ਵੇਖ ਰਹੀ ਹੁੰਦੀ। ਕਿਸਾਨ ਚੰਦ ਸਿੰਘ ਜਦੋਂ ਖੁਦਕੁਸ਼ੀ ਕਰ ਗਿਆ ਤਾਂ ਉਦੋਂ ਹੀ ਘਰ ਵਿਚ ਹਨੇਰ ਪੈ ਗਿਆ। ਵਿਧਵਾ ਸਾਹਮਣੇ ਦੋ ਧੀਆਂ ਤੇ ਇੱਕ ਪੁੱਤ ਦਾ ਭਵਿੱਖ ਸੀ। ਸਿਰ ’ਤੇ ਡੇਢ ਲੱਖ ਦਾ ਕਰਜ਼। ਉਦੋਂ ਗੁਰਬਤ ਨੇ ਵਿਧਵਾ ਦੇ ਪੈਰ ਉਖਾੜ ਦਿੱਤੇ। ਪੈਲੀ ਵਿਕ ਗਈ। ਉਸ ਨੇ ਫੈਕਟਰੀ ਵਿਚ ਦਿਹਾੜੀ ਕਰਨੀ ਸ਼ੁਰੂ ਕੀਤੀ।
          ਉਸ ਨੇ ਕਰਜ਼ ਚੁੱਕ ਕੇ ਮੱਝਾਂ ਰੱਖੀਆਂ ਤੇ ਫਿਰ ਦੁੱਧ ਵੇਚ ਵੇਚ ਕੇ ਕਿਸ਼ਤਾਂ ਤਾਰੀਆਂ। ਬੱਚੇ ਛੋਟੇ ਸਨ। ਦੋਵੇਂ ਧੀਆਂ ਨੂੰ ਪੜਾਇਆ ਤੇ ਫਿਰ ਵਿਆਹ ਕੀਤੇ। ਬਿਨਾਂ ਕਿਸੇ ਤੋਂ ਕੁੱਝ ਮੰਗੇ। ਬੱਸ ਉਸ ਨੂੰ ਆਪਣੇ ਹੱਥਾਂ ਤੇ ਮਾਣ ਰਿਹਾ। ਇਕਲੌਤਾ ਲੜਕਾ ਹੁਣ ਪੋਸਟ ਗਰੈਜੂਏਸ਼ਨ ਕਰ ਰਿਹਾ ਹੈ। ਇਨ੍ਹਾਂ ਅੌਰਤਾਂ ਦੇ ਜਜ਼ਬੇ ਨੂੰ ਸਲਾਮ ਜਿਨ੍ਹਾਂ ਨਿੱਤ ਦੀ ਜੰਗ ਲੜੀ। ਪਿੰਡ ਤਿਉਣਾ ਦੀ ਸੁਖਦੀਪ ਕੌਰ ਦਾ ਪਤੀ ਬਿਮਾਰੀ ਦੀ ਭੇਟ ਚੜ ਗਿਆ। ਦੋ ਕਨਾਲ ਜ਼ਮੀਨ ਵਿਕ ਗਈ। ਇਸ ਮਹਿਲਾ ਨੇ ਖੁਦ ਖੇਤੀ ਕਰਨੀ ਸ਼ੁਰੂ ਕੀਤੀ। ਮੱਝਾਂ ਵੀ ਰੱਖੀਆਂ। ਦੋ ਲੜਕੀਆਂ ਵਿਆਹੀਆਂ ਤੇ ਲੜਕਾ ਫੌਜ ਵਿਚ ਚਲਾ ਗਿਆ। ਹੁਣ ਬੱਚੇ ਆਖਦੇ ਹਨ ‘ ਮਾਂ ਤੂੰ ਤਾਂ ਕਰਜ਼ ਉਤਾਰ ਦਿੱਤਾ, ਹੁਣ ਤੇਰਾ ਕਰਜ਼ ਕਿਵੇਂ ਲਾਹੀਏ’। ਇੱਕ ਵਿਧਵਾ ਦੇ ਬੱਚੇ ਆਖਣ ਲੱਗੇ ‘ ਮਾਂ ਅਸੀਂ ਤਾਂ ਬੂਟ ਵੀ ਨਹੀਂ ਖਰੀਦ ਸਕਦੇ, ਸਾਨੂੰ ਮਰ ਜਾਣਾ ਚਾਹੀਦਾ ਹੈ’। ਮਾਂ ਬੋਲੀ ‘ਅਸੀਂ ਮਰਨਾ ਨਹੀਂ, ਜੀਣਾ ਹੈ।’ ਇਸ ਹਿੰਮਤ ਦਾ ਫਲ ਹੁਣ ਬੱਚੇ ਖਾ ਰਹੇ ਹਨ। ਵੱਡੀ ਗੱਲ, ਇਨ੍ਹਾਂ ਵਿਧਵਾਵਾਂ ਨੇ ਲੋਈ ਨੂੰ ਵੀ ਕੋਈ ਦਾਗ ਨਹੀਂ ਲੱਗਣ ਦਿੱਤਾ। ਕੋਠਾ ਗੁਰੂ ਦੀ ਸੁਖਪ੍ਰੀਤ ਕੌਰ ਦਾ ਪਤੀ ਖੁਦਕੁਸ਼ੀ ਕਰ ਗਿਆ। ਉਸ ਨੇ ਹਿੰਮਤ ਨਾਲ ਦਿਨ ਬਦਲ ਦਿੱਤੇ ਤੇ ਹੁਣ ਲੜਕੀ ਨੂੰ ਵਿਦੇਸ਼ ਭੇਜਿਆ ਹੈ। ਨਰਮਾ ਪੱਟੀ ਦੇ ਸੈਂਕੜੇ ਘਰਾਂ ਦੇ ਹਿੱਸੇ ਸੱਥਰ ਤੇ ਕੀਰਨੇ ਆਏ ਪਰ ਵਿਧਵਾ ਅੌਰਤਾਂ ਦੇ ਪ੍ਰਤੀਬੱਧਤਾ ਨੇ ਵਕਤ ਨੂੰ ਹਰਾ ਦਿੱਤਾ।
                        ਮਾਈ ਭਾਗੋ ਦੇ ਵਿਰਸੇ ਦਾ ਨਗ ਹਨ : ਸੁਰਿੰਦਰ ਢੁੱਡੀਕੇ
ਮਹਿਲਾ ਕਾਰਕੁੰਨ ਸੁਰਿੰਦਰ ਕੌਰ ਰਾਣੋ (ਢੁੱਡੀਕੇ) ਆਖਦੀ ਹੈ ਕਿ ਵਕਤ ਹੁਣ ਢੇਰੀ ਢਾਣ ਵਾਲਾ ਨਹੀਂ, ਬੁਲੰਦ ਹੌਸਲੇ ਤੇ ਅਮੀਰ ਵਿਰਸੇ ਤੋਂ ਅੌਰਤਾਂ ਸੇਧ ਲੈਣ, ਫਿਰ ਕਿਸੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ ਰਹਿਣੀ। ਅਸਲ ਵਿਚ ਇਹ ਅੌਰਤਾਂ ਚਾਨਣ ਮੁਨਾਰਾ ਹਨ ਜਿਨ੍ਹਾਂ ਦੀ ਹੌਸਲਾ ਅਫਜਾਈ ਹੋਣੀ ਚਾਹੀਦੀ ਹੈ ਜੋ ਮਾਈ ਭਾਗੋ ਦੀਆਂ ਵਾਰਸ ਹਨ।





Monday, March 4, 2019

                           ਘਰ ਘਰ ਪ੍ਰਦੇਸ਼
       ਜੈ ਹਿੰਦ ਤੋਂ ਬੈਂਡਾਂ ਤੱਕ ਪੁੱਜਾ ਚੱਕ ਬਖ਼ਤੂ
                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਚੱਕ ਬਖ਼ਤੂ ਦੇ ਕਿਸਾਨ ਹੁਣ ਖੇਤਾਂ ਚੋਂ ਨਹੀਂ, ਪ੍ਰਦੇਸ਼ਾਂ ਚੋਂ ਭਵਿੱਖ ਦੇਖਦੇ ਹਨ। ਪਿੰਡ ਦੇ ਮੁੰਡੇ ਵੀ ਸੁਪਨੇ ਹੁਣ ਪਿੰਡ ਦੇ ਨਹੀਂ ਲੈਂਦੇ। ਪਹਿਲਾਂ ਧੀਆਂ ਪ੍ਰਦੇਸ਼ ਦੀ ਡੰਡੀ ’ਤੇ ਤੁਰੀਆਂ ਜੋ ਹੁਣ ਜਰਨੈਲੀ ਸੜਕ ਬਣ ਗਈ ਹੈ। ਕਰੀਬ ਚਾਰ ਸੌ ਘਰਾਂ ਵਾਲਾ ਪੜ੍ਹਿਆ ਲਿਖਿਆ ਪਿੰਡ ਹੈ। ਕੋਈ ਮਹਿਕਮਾ ਨਹੀਂ ਜਿਸ ’ਚ ਇੱਥੋਂ ਦਾ ਮੁਲਾਜ਼ਮ ਨਾ ਹੋਵੇ। ਹੁਣ ਪ੍ਰਦੇਸ਼ ਜਾਣ ਦੀ ਰੀਸ ’ਚ ਉਲਝਿਆ ਹੋਇਆ। ਪਿੰਡ ਦਾ ਮਰਹੂਮ ਧਰਮ ਸਿੰਘ ਜਦੋਂ ਆਜ਼ਾਦ ਹਿੰਦ ਫੌਜ ’ਚ ਪ੍ਰਦੇਸ਼ ਗਿਆ, ਲੋਕ ਉਸ ਨੂੰ ‘ਜੈ ਹਿੰਦ’ ਆਖ ਕੇ ਬੁਲਾਉਂਦੇ ਸਨ। 1978 ਵਿਚ ਇਸ ਪਿੰਡ ਦੇ ਕਰੀਬ 20 ਜਣਿਆ ਨਾਲ ਇੱਕ ਏਜੰਟ ਨੇ ਇਰਾਨ ਲਿਜਾ ਠੱਗੀ ਮਾਰ ਲਈ। ਉਨ੍ਹਾਂ ਨੂੰ ਹੁਣ ਵੀ ‘ਈਰਾਨੀ’ ਆਖ ਕੇ ਲੋਕ ਛੇੜਦੇ ਨੇ। ਸਟੱਡੀ ਵੀਜ਼ੇ ਵਾਲਾ ਕੰਮ ਚੱਕ ਬਖ਼ਤੂ ਦੇ ਨਵੇਂ ਮੁੰਡਿਆਂ ਨੇ ਚੱਕਤਾ ਜਿਨ੍ਹਾਂ ਨੂੰ ‘ਬੈਂਡਾਂ ਵਾਲੇ’ ਆਖ ਦਿੱਤਾ ਜਾਂਦਾ। ਇਸ ਮਲਵਈ ਪਿੰਡ ਚੋਂ ਦੁਆਬੇ ਦੇ ਪਿੰਡ ਦਾ ਝਉਲਾ ਪੈਂਦਾ। 80 ਫੀਸਦੀ ਕਿਸਾਨੀ ਪੰਜ ਏਕੜ ਤੋਂ ਘੱਟ ਵਾਲੀ ਹੈ। ਕਰੀਬ ਪੰਜਾਹ ਮੁੰਡੇ ਕੁੜੀਆਂ ਸਟੱਡੀ ਨਿਊਂਜੀਲੈਂਡ, ਆਸਟਰੇਲੀਆ ਤੇ ਕੈਨੇਡਾ ਵਿਚ ‘ਸਟੱਡੀ ਵੀਜ਼ੇ’ ’ਤੇ ਗਏ ਹੋਏ ਹਨ। ਤਿੰਨ ਦਰਜਨ ਨੌਜਵਾਨ ਆਈਲੈੱਟਸ ਦੀ ਕੋਚਿੰਗ ਲੈ  ਰਹੇ ਹਨ। ਪਲਵਿੰਦਰ ਕੌਰ ਸਿੱਧੂ (ਆਸਟਰੇਲੀਆ) ਸਭ ਤੋਂ ਪਹਿਲੀ ਕੁੜੀ ਹੈ ਜਿਸ ਨੇ ਸਟੱਡੀ ਵੀਜ਼ੇ ਦਾ ਜਾਗ ਲਾਇਆ। ਪਿੰਡ ਦਾ ਦੋ ਹਜ਼ਾਰ ਏਕੜ ਰਕਬਾ ਝੋਨੇ ਕਣਕ ਦੇ ਚੱਕਰ ਵਿਚ ਪਿਆ ਹੈ। ਕਿਸਾਨ ਸਵਰਨ ਸਿੰਘ ਦੱਸਦਾ ਕਿ ਰੁਜ਼ਗਾਰ ਦੇ ਮੌਕੇ ਘੱਟ ਗਏ, ਜ਼ਮੀਨਾਂ ਕੁੱਝ ਪੱਲੇ ਨਹੀਂ ਪਾਉਂਦੀਆਂ, ਮਜਬੂਰੀ ਦੇ ਵਾਜੇ ਨੇ। ਕੋਈ ਕਰਜ਼ਾ ਚੁੱਕਦਾ ਤੇ ਕੋਈ ਖੇਤੀ ਲਿਮਟਾਂ ਬਣਾਉਂਦਾ, ਏਦਾਂ ਹੀ ਸਭ ਨੇ ਮੁੰਡੇ ਵਿਦੇਸ਼ ਪੜ੍ਹਨ ਘੱਲੇ ਨੇ।
           ਚੱਕ ਬਖ਼ਤੂ ਸਿੱਧੂ ਭਾਈਚਾਰੇ ਦਾ ਪਿੰਡ ਹੈ। ਤਾਹੀਂ ਭਾਈਚਾਰਾ ਵੀ ਕਾਇਮ ਹੈ। ਦੱਸਦੇ ਹਨ ਕਿ 1978 ਤੱਕ ਤਾਂ ਪੰਚਾਇਤ ਸਰਬਸੰਮਤੀ ਨਾਲ ਬਣਦੀ ਰਹੀ ਹੈ। ਸਿਆਸਤ ਨੇ ਇਸ ਪਿੰਡ ਨੂੰ ਵੀ ਮਿੱਧਿਆ ਹੈ। ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਅੌਸਤਨ ਹਰ ਦੂਜੇ ਘਰ ਦੀ ਬਾਰੀ ਪ੍ਰਦੇਸ਼ ’ਚ ਖੁੱਲ੍ਹਦੀ ਹੈ। ਖੇਤਾਂ ਨੂੰ ਬੂਰ ਪੈਣੋ ਹਟ ਗਿਆ, ਹੋਰ ਕੋਈ ਚਾਰਾ ਨਹੀਂ ਬਚਿਆ। ਉਨ੍ਹਾਂ ਦੱਸਿਆ ਕਿ ਨਸ਼ੇ ਤੋਂ ਪਿੰਡ ਰਹਿਤ ਹੈ, ਨੌਕਰੀਆਂ ਮੁੱਕ ਗਈਆਂ ਜਿਸ ਕਰਕੇ ਪਿੰਡ ਨੂੰ ਪ੍ਰਦੇਸ਼ੀ ਬਣਨਾ ਪੈ ਰਿਹਾ। ਕੈਨੇਡਾ ਤੋਂ ਪਰਤੇ ਮਾਸਟਰ ਮਲਕੀਤ ਸਿੰਘ ਦੱਸਦੇ ਹਨ ਕਿ ਕਰੀਬ 1978 ਵਿਚ ਮਲੇਸ਼ੀਆ ਸਿੰਘਾਪੁਰ ਜਾਣ ਵਾਲਾ ਪਿੰਡ ਦਾ ਸਭ ਤੋਂ ਪਹਿਲਾ ਪ੍ਰਵਾਰ ਗੁਰਨਾਮ ਸਿੰਘ ਤੇ ਸਰਬਨ ਸਿੰਘ ਦਾ ਹੈ ਜਿਨ੍ਹਾਂ ਦਾ ਅੱਗੇ ਲੜਕਾ ਸਿੰਘਾਪੁਰ ’ਚ ਪੁਲੀਸ ਅਫਸਰ ਵੀ ਹੈ। ਮਲਕੀਤ ਸਿੰਘ ਜੱਦੀ ਘਰ ਦਾ ਬੂਹਾ ਖੋਲ੍ਹਣ ਹਰ ਵਰੇ ਕੈਨੇਡਾ ਤੋਂ ਆਉਂਦਾ ਹੈ। ਪਿੰਡ ’ਚ ਛੇ ਮਹੱਲੇ ਹਨ। ਨੌਜਵਾਨ ਪ੍ਰਿਤਪਾਲ ਦੱਸਦਾ ਹੈ ਕਿ ਅਟਾਰੀ ਮਹੱਲੇ ਦੇ ਕਰੀਬ 40 ਘਰਾਂ ਚੋਂ 37 ਘਰਾਂ ਦੇ ਜੀਅ ਵਿਦੇਸ਼ ਚਲੇ ਗਏ ਹਨ। ਸਾਬਕਾ ਸਰਪੰਚ ਮਰਹੂਮ ਗੁਰਮੇਲ ਸਿੰਘੇ ਅੱਗੇ ਪਰਿਵਾਰ ਦੇ ਚਾਰ ਜੀਅ ਸਟੱਡੀ ਵੀਜ਼ੇ ਤੇ ਗਏ ਹਨ। ਪਰਵਾਸ ਦਾ ਮੁੱਢ ਉਦੋਂ ਬੱਝਾ ਜਦੋਂ ਸਾਲ 1968 ਵਿਚ ਭਾਈ ਅਜੈਬ ਸਿੰਘ ਦੀ ਧੀ ਕਰਮਜੀਤ ਕੌਰ ਵਿਆਹ ਕਰਾ ਕੇ ਇੰਗਲੈਂਡ ਗਈ। ਫਿਰ ਕਿੱਕਰ ਸਿੰਘ ਦੀ ਧੀ ਸੁਖਮਿੰਦਰ ਕੌਰ ਸਾਲ 1979 ਵਿਚ ਵਿਆਹ ਕਰਾ ਕੇ ਕੈਨੇਡਾ ਗਈ। ਨਾਲ ਹੀ ਪ੍ਰਵਾਰ ਤੇ ਸਕੇ ਸਬੰਧੀ ਚਲੇ ਗਏ। ਇੱਕ ਲੜਕੀ ਨਾਰਵੇ ਗਈ।
                1984 ਵਿਚ ਸੁਰਜੀਤ ਸਿੰਘ ਦੀ ਲੜਕੀ ਵਿਆਹ ਕਰਾ ਕੇ ਕੈਨੇਡਾ ਗਈ, ਉਸ ਨੇ ਪਹਿਲਾਂ ਪ੍ਰਵਾਰ ਬੁਲਾਇਆ, ਫਿਰ ਚਚੇਰੀ ਭੈਣ। ਅੱਗਿਓਂ ਚਚੇਰੀ ਭੈਣ ਨੇ ਵੀ ਪਰਿਵਾਰ ਸੱਦ ਲਿਆ। ਮਨੀਲਾ ਤੋਂ ਪਿੰਡ ਪਰਤੇ ਅਜੈਬ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਵੀਜ਼ੇ ਦੀ ਲੋੜ ਨਹੀਂ ਹੁੰਦੀ ਸੀ, ਉਦੋਂ ਮਨੀਲਾ ਜਿਆਦਾ ਗਏ। ਪਿੰਡ ਦੇ ਦਰਜਨਾਂ ਘਰਾਂ ਨੂੰ ਹੁਣ ਤਾਲੇ ਲਟਕ ਰਹੇ ਹਨ ਜਿਨ੍ਹਾਂ ਦੀ ਸਫਾਈ ਕਰਕੇ ਪ੍ਰਦੇਸ਼ੀ ਵਾਪਸ ਮੁੜ ਜਾਂਦੇ ਹਨ। ਕੇਵਲ ਸਿੰਘ ਦਾ ਟਰਾਂਟੋ ’ਚ ਵੱਡਾ ਸਟੋਰ ਹੈ। ਇੱਥੇ ਸਾਲ 2008 ਮਗਰੋਂ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ। ‘ ਪੈਸੇ ਦਾ ਕਿਵੇਂ ਪ੍ਰਬੰਧ ਕਰਦੇ ਨੇ’ ਇਹ ਪੁੱਛਣ ’ਤੇ ਸੱਥ ਵਿਚ ਬੈਠੇ ਕਿਸਾਨਾਂ ਦੀ ਜ਼ੁਬਾਨ ਨੂੰ ਤਾਲੇ ਲੱਗ ਗਏ। ਕੁਝ ਮਿੰਟਾਂ ਮਗਰੋਂ ਇੱਕ ਨੇ ਚੁੱਪ ਤੋੜੀ ‘ਮਰਦਾ ਜੱਟ ਕੀ ਨੀ ਕਰਦਾ, ਛਿੱਲੜ ਕਿਹਦੇ ਕੋਲ ਪਏ ਨੇ, ਸਭ ਨੇ ਲਿਮਟਾਂ ਚੁੱਕੀਆਂ ਨੇ’।  ਇੱਕ ਕਿਸਾਨ ਨੇ ਆਖਰੀ ਪੌਣਾ ਏਕੜ ਵੇਚ ਕੇ ਨੂੰਹ ਪੁੱਤ ਬਾਹਰ ਭੇਜੇ ਨੇ। ਕਰਜ਼ ਵਧਿਆ ਹੈ ਤੇ ਇਸ ਨੇ ਦਮ ਵੀ ਘੁੱਟਿਆ ਹੈ, ਸਭ ਨੇ ਬੱਸ ਇੱਕ ਠੰਢੇ ਬੁੱਲ੍ਹੇ ਦੀ ਉਡੀਕ ਵਿਚ। ਦਲਿਤ ਭਾਈਚਾਰੇ ਚੋਂ ਦਰਜਾ ਚਾਰ ਮੁਲਾਜ਼ਮ ਸੁਖਦੇਵ ਸਿੰਘ ਨੇ ਵੀ ਆਪਣਾ ਪੋਤਾ ਸਟੱਡੀ ਵੀਜ਼ੇ ਤੇ ਜਹਾਜ਼ ਚੜ੍ਹਾਇਆ। ਪਿੰਡ ਦੇ ਇੱਕ ਪਰਿਵਾਰ ਦੇ ਛੇ ਜੀਆਂ ਕੋਲ ਟੂਰਿਸਟ ਵੀਜ਼ੇ ਹਨ।
                ਪਿੰਡ ਦੇ ਕਈ ਮੁੰਡੇ ਬਠਿੰਡਾ ਤੇ ਪਟਿਆਲਾ ਤੋਂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਹਨ। ਇੱਕ ਬਜ਼ੁਰਗ ਨੇ ਪਰਵਾਸ ਦੇ ਦੁਖਾਂਤ ’ਤੇ ਉਂਗਲ ਧਰੀ ‘ ਕੀ ਕਰੀਏ ਜੀ, ਮੁੰਡਿਆਂ ਬਿਨਾਂ ਪਿੰਡ ਖਾਲੀ ਹੋਣ ਲੱਗਾ ਹੈ’। ਅੱਗੇ ਆਖਿਆ ‘ਪਿੰਡ ’ਚ ਤਾਂ ਅਣਪੜ੍ਹ ਰਹਿ ਜਾਣੇ ਨੇ ਜਾਂ ਫਿਰ ਪਹੁੰਚ ਤੋਂ ਸੱਖਣੇ’। ਪਿੰਡ ਵਿਚ ਟੂਰਨਾਮੈਂਟ ਹੋਣੋਂ ਤਾਂ ਹੁਣੇ ਹਟ ਗਿਆ। ਮਨਪ੍ਰੀਤ ਸਿੰਘ ਨੇ ਗੱਲ ਕੱਟੀ, ‘ਐਨ. ਆਰ.ਆਈ ਵੀਰ ਜਦੋਂ ਪਿੰਡ ਆਉਂਦੇ ਨੇ, ਕੋਈ ਗਰੀਬ ਧੀਆਂ ਦੇ ਵਿਆਹ ਕਰਾਉਂਦਾ, ਕੋਈ ਗਰੀਬ ਬੱਚਿਆਂ ਦੀ ਬਾਂਹ ਫੜਦਾ, ਕੋਈ ਮੈਡੀਕਲ ਕੈਂਪ ਲਗਵਾਉਂਦਾ।’ ਪਿੰਡ ਵਾਲੇ ਇਹ ਨਹੀਂ ਦੱਸ ਸਕੇ ਕਿ ਮਿੱਟੀ ਦਾ ਮੁੱਲ ਮੋੜਨ ਲਈ ਕਿੰਨੇ ਪ੍ਰਵਾਸੀ ਹਨ ਜਿਨ੍ਹਾਂ ਪਿੰਡ ਲਈ ਵੱਡਾ ਕੰਮ ਕੀਤਾ ਹੋਵੇ। ਲੋਕਾਂ ਨੇ ਦੱਸਿਆ ਕਿ ਸੱਥਾਂ ਵਿਚ ਚਰਚੇ ਪਿੰਡ ਦੇ ਨਹੀਂ, ਅਮਰੀਕਾ ਕੈਨੇਡਾ ਦੇ ਹੀ ਹੁੰਦੇ ਨੇ। ਉਂਜ, ਚੱਕ ਬਖਤੂ ਦੀ ਇੱਕ ਕੰਧ ’ਤੇ ਕੈਪਟਨ ਸਰਕਾਰ ਦਾ  ‘ਘਰ ਘਰ ਰੁਜ਼ਗਾਰ’ ਵਾਲਾ ਵੀ ਇੱਕ ਪੋਸਟਰ ਵੀ ਲੱਗਾ ਹੋਇਆ ਸੀ।
                            ਚੱਕ ਬਖ਼ਤੂ ’ਚ ਸਿਰਫ਼ ਵੋਟਾਂ ਦਾ ਵਾਸਾ
ਚੱਕ ਬਖਤੂ ਦੀ ਕਰੀਬ 2200 ਵੋਟ ਹੈ। ਚੱਕ ਬਖਤੂ -ਭੁੱਚੋ ਮੰਡੀ ਵਾਲੀ ਸੜਕ ਟੋਟੇ ਟੋਟੇ ਹੋਈ ਪਈ ਹੈ। ਹਲਕਾ ਵਿਧਾਇਕ ਪ੍ਰੀਤਮ ਕੋਟਭਾਈ ਦੀ ਨਜ਼ਰ ਵੀ ਨਹੀਂ ਪਈ। ਸਿਆਸਤ ਤੋਂ ਤਪੇ ਇੱਕ ਨੇ ਆਖਿਆ ਕਿ ‘ਪਿੰਡ ’ਚ ਤਾਂ ਵੋਟਾਂ ਹੀ ਰਹਿ ਗਈਆਂ ਨੇ’। ਨੌਕਰੀਆਂ ਵਾਲੇ ਕਈ ਸ਼ਹਿਰਾਂ ਵਿਚ ਵਸ ਗਏ, ਬਾਕੀ ਵਿਦੇਸ਼ ਗਏ। ਬਜ਼ੁਰਗ ਹਰਭਜਨ ਸਿੰਘ ਦੱਸਦਾ ਕਿ ਪਿੰਡ ਦੇ ਫੌਜ ਵਿਚ ਕਰਨਲ ਵੀ ਰਹੇ ਨੇ, ਹਰ ਵਿਭਾਗ ਵਿਚ ਉੱਚ ਅਹੁਦਿਆਂ ’ਤੇ ਵੀ ਬੈਠੇ ਹਨ। ਇੱਕ ਨੇ ਹੱਸਦੇ ਹੋਏ ਆਖਿਆ ਕਿ ਹਵਾਈ ਅੱਡੇ ਤੇ ਜਦੋਂ ਮਰਜ਼ੀ ਚਲੇ ਜਾਓ, ਚੱਕ ਬਖਤੂ ਦਾ ਕੋਈ ਨਾ ਕੋਈ ਜਰੂਰ ਮਿਲਜੂ।

Sunday, March 3, 2019

                                                           ਵਿਚਲੀ ਗੱਲ
                            ਕੋਠੇ ਚੜ੍ਹ ਕੇ ਵੇਖਿਓ,ਅਸੀਂ ਖੜ੍ਹਾਂਗੇ ਕੰਧ ਬਣ ਕੇੇ..!
                                                           ਚਰਨਜੀਤ ਭੁੱਲਰ
ਬਠਿੰਡਾ : ਮਿੱਤਰੋਂ ! ਅਸੀਂ ਲੜਾਂਗੇ, ਮੌਰਾਂ ’ਤੇ ਚੜ੍ਹਕੇ, ਅਸੀਂ ਖੜ੍ਹਾਂਗੇ, ਕੰਧ ਬੰਨ੍ਹ ਕੇ, ਅਸੀਂ ਖੁਭਾਂਗੇ, ਖੰਜਰ ਬਣ ਕੇ। ਨਾ ਲਿਫਣਾ ਹੈ ਤੇ ਨਾ ਝਿੱਪਣਾ। ਬੱਸ ਥੋੜਾ ਸਮਾਂ ਤਾਂ ਦੇ ਦਿਓ, ਮੰਜੇ ਚੋਂ ਉੱਠ ਖੜ੍ਹਾ ਹੋਵਾ। ਬਿਮਾਰੀ ਨੇ ਲੱਕ ਨਹੀਂ, ਰੀੜ੍ਹ ਦੀ ਹੱਡੀ ਤੋੜੀ, ਉਪਰੋਂ ਬਾਪ ਦਾ ਵਿਗੋਚਾ। ਮੰਗਤ ਤਾਂ ਨਿੱਤ ਹੀ ਜੰਗ ਲੜਦੈ। ਪੱਕਾ ਚਿਸ਼ਤੀ ਸਰਹੱਦ ਨਾਲ ਖਹਿੰਦਾ ਪਿੰਡ ਹੈ। ਭੈਣ ਦਾ ਵਿਆਹ ਰੱਖਿਆ। ਉਪਰੋਂ ਹੁਕਮ ਆਏ, ਖਾਲੀ ਕਰੋ ਪਿੰਡ। ਢਾਈ ਵਰੇ੍ਹ ਪਹਿਲਾਂ ਦੀ ਗੱਲ ਹੈ। ਜਦੋਂ ਸਰਜੀਕਲ ਹਮਲਾ ਹੋਇਆ। ਪਿਓ ਗੁਰਦੇਵ ਸਿਓ, ਪੁੱਤ ਮੰਗਤ ਦਾ ਮੰਜਾ ਫਾਜ਼ਿਲਕਾ ਕੈਂਪ ’ਚ ਚੁੱਕ ਲਿਆਇਆ। ਫਿਰ ਬਾਪ ਦੇ ਅੱਥਰੂ ਧੀ ਦੇ ਮਹਿੰਦੀ ਵਾਲੇ ਹੱਥਾਂ ’ਤੇ ਡਿੱਗੇ। ਬਾਪ ਦੀ ਅਰਥੀ ਕੈਂਪ ਚੋਂ ਉੱਠੀ। ਪਿੰਡ ਖਾਲੀ ਸੀ, ਸਿਵਾ ਬਲ ਰਿਹਾ ਸੀ। ਗੁਰਦੇਵ ਦਾ ਘਰ ਸਦਾ ਲਈ ਖਾਲੀ ਹੋ ਗਿਆ। ਤਿੰਨੋਂ ਧੀਆਂ ਦੇ ਵਿਆਹ ਪਿੰਡ ਨੇ ਕੀਤੇ। ਪੁੱਤ ਦੀ ਬਿਮਾਰੀ ’ਚ ਸਭ ਕੁਝ ਵਿੱਕ ਗਿਆ। ਢਾਈ ਏਕੜ ਜ਼ਮੀਨ ਬਚੀ ਹੈ, ਉਸ ਤੋਂ ਵੱਡਾ ਕਰਜ਼ਾ। ਮਾਂ ਪੁੱਤ ਪਿੰਡੋਂ ਚਲੇ ਗਏ ਨੇ। ਸਿਆਸੀ ਸੁੱਥਰੇ ਥੋੜਾ ਰੁੱਝੇ ਹੋਏ ਹਨ, ਚੋਣਾਂ ਦਾ ਕੀ ਪਤੈ। ਕਦੋਂ ਬਿਗਲ ਵੱਜ ਜਾਵੇ। ਮਾਂ ਪੁੱਤ ਵੋਟ ਵੀ ਪਾਉਣਗੇ ’ਤੇ ਲੜਨਗੇ ਵੀ। ਬੱਸ ਬਿਮਾਰੀ ਤੋਂ ਵਿਹਲੇ ਹੋ ਜਾਣ। ਬਰਨਾਲੇ ਦੇ ਪਿੰਡ ਬੀਹਲਾ ਦੇ ਬਜ਼ੁਰਗ ਜਸਪਾਲ ਸਿੰਘ ਦਾ ਵੀ ਖੂਨ ਖੌਲਿਆ। ਆਖਰੀ ਸਾਹ ਤੱਕ ਲੜਨਾ ਚਾਹੁੰਦਾ। ਦੁੱਖਾਂ ਦਾ ਏਰੀਆ ਕਮਾਂਡਰ ਜੋ ਹੋਇਆ। ਪਤਨੀ ਦਾ ਕੈਂਸਰ ,ਉਪਰੋਂ ਦੋ ਧੀਆਂ ਦੇ ਵਿਆਹ। ਪੂਰੀ ਪੈਲੀ ਵਿਕ ਗਈ, ਧੀਆਂ ਤਾਂ ਬੂਹੇ ਤੋਂ ਉਠਾ ਦਿੱਤੀਆਂ ,ਪਤਨੀ ਬਚਾ ਨਹੀਂ ਸਕਿਆ।
          ਪਤਨੀ ਦੀ ਸੱਧਰ ਲਈ ਨਵੀਂ ਰਸੋੋਈ ਬਣਾਈ ਪਰ ਮਾਲਕਣ ਤੁਰ ਗਈ। ਇਕਲੌਤਾ ਪੁੱਤ ਦਿਹਾੜੀ ਕਰਨ ਲੱਗਾ। ਮੁੰਡੇ ਨੇ ਪੁਰਾਣਾ ਟਰੈਕਟਰ ਨਹੀਂ ਵੇਚਣ ਦਿੱਤਾ, ਅਖੇ ਦਾਦੇ ਦੀ ਨਿਸ਼ਾਨੀ ਹੈ। ਪੁੱਤ ਸਾਊਦੀ ਅਰਬ ਭੇਜਿਆ। ਖੁਸ਼ੀਆਂ ਪਰਤਣ ਤੋਂ ਪਹਿਲਾਂ ਪੁੱਤ ਦਾ ਵਿਦੇਸ਼ੋਂ ਤਾਬੂਤ ਆ ਗਿਆ। ਪਿਛੇ ਬਚੀ ਹੈ, ’71 ਦੀ ਜੰਗ ਵੇਲੇ ਦੇ ਬਣਾਏ ਦੋ ਕਮਰੇ, ਇੱਕ ਰਸੋਈ, ਪੁਰਾਣਾ ਟਰੈਕਟਰ ਜਾਂ ਫਿਰ ਮੜ੍ਹੀਆਂ ਵਰਗੀ ਚੁੱਪ। ਖੇਤੀ ਦੇ ਮੋਰਚੇ ’ਤੇ ਬਥੇਰਾ ਲੜਿਆ। ਹੁਣ ਕਿਉਂ ਨਹੀਂ ਲੜੇਗਾ। ਬੱਸ ਥੋੜਾ ਸਮਾਂ ਦਿਓ, ਭਿੜੇਗਾ ਵੀ ਜਿਥੇ ਕਹੋਗੇ, ਈਵੀਐਮ ਦਾ ਬਟਨ ਦੀ ਦੱਬੂ, ਥੋੜਾ ਆਪਣੇ ਨਾਲ ਲੜਨ ਤੋਂ ਵਿਹਲਾ ਹੋ ਲਵੇ। ‘ਮੌਤ ਨਾਲ ਕੌਣ ਮੱਥਾ ਲਾਵੇ’ ਖ਼ੂਨਣ ਖੁਰਦ (ਮੁਕਤਸਰ) ਦਾ ਗੁਲਜ਼ਾਰ ਸਿੰਘ ਆਖਦੈ, ‘ਤੁਸੀਂ ਪਾਸੇ ਹੋ ਜਾਓ, ਮੈਂ ਟੱਕਰਾਂਗਾ’। ਦੁੱਖਾਂ ਦੇ ਸਤਲੁਜ ਨੇ 80 ਵਰ੍ਹਿਆਂ ਦੇ ਇਸ  ਮਜ਼ਦੂਰ ਨੂੰ ਪੱਤਣੋਂ ਉਖਾੜ ਦਿੱਤਾ। ਫਿਰ ਵੀ ਆਖਦੈ.. ਲੜਾਂਗਾ। ਇਸ ਬਾਬੇ ਦਾ ਰਾਹੂ ਕੇਤੂ ਕੀ ਵਿਗਾੜ ਦੇਣਗੇ।ਨੇਤਾ ਆਖਦੇ ਨੇ, ਭੁੱਲ ਜਾਓ ਤੇ ਮਿੱਟੀ ਪਾਓ, ਵੱਡੇ ਜਿਗਰੇ ਵਾਲੇ ਹੋ। ਸੱਚੀਓ ਦਲਿਤ ਬਾਬੇ ਦਾ ਜਿਗਰਾ ਵੱਡੈ। ਪਹਿਲਾਂ ਨੂੰਹ ਖੁਦਕੁਸ਼ੀ ਕਰ ਗਈ ਤੇ ਪਿਛੋਂ ਪੁੱਤ। ਪਤਨੀ ਵੀ ਸਾਥ ਛੱਡ ਗਈ। ਨੌ ਸਾਲ ਦੀ ਪੋਤੀ ਤੇ ਪੰਜ ਸਾਲ ਦਾ ਪੋਤਾ, ਇਸ ਉਮਰੇ ਇਨ੍ਹਾਂ ਨੂੰ ਪਾਲਣ ਲਈ ਹੀ ਤਾਂ ਬਾਬਾ ਦਿਹਾੜੀ ਕਰਦੈ। ‘ਹਿੰਦ’ ਦੀ ਲਾਜ ਲਈ ਬਾਬਾ ਲੜਨਾ ਚਾਹੁੰਦੈ, ਬੱਸ ਥੋੜਾ ਸਮਾਂ ਮੰਗਦੈ। ਆਖਦੈ, ਕੁਝ ਪਹਿਰ ਦਿਓ, ਜਰੂਰ ਲੜਾਂਗਾ, ਪਹਿਲਾਂ ਪੋਤੇ ਪੋਤੀ ਦੀ ਫੀਸ ਦਾ ਫਿਕਰ ਮੁਕਾ ਲਵਾਂ। ਆਹ ਜੋ ਪੰਜਾਬ ਦੀਆਂ ਸੜਕਾਂ ’ਤੇ ਕੂਕਦੇ ਨੇ, ਲੜਨਾ ਉਹ ਵੀ ਚਾਹੁੰਦੇ ਨੇ।
         ਬੀੜ ਭੋਲੂਵਾਲਾ (ਫਰੀਦਕੋਟ) ਦਾ ਜਗਦੀਸ਼ ਬਾਰਡਰ ’ਤੇ ਲੜਨਾ ਚਾਹੁੰਦਾ ਸੀ। ਕਿਸੇ ਫੌਜੀ ਭਰਤੀ ਵਿਚ ਗੱਲ ਨਾ ਬਣੀ। ਮਾਪੇ ਚਲ ਵਸੇ। ਇਹ ਜਵਾਨ ਹੁਣ ਬਿਨਾਂ ਵਰਦੀ ਤੋਂ ਲੜ ਰਿਹੈ। ਪਹਿਲਾ ਦਿਹਾੜੀ ਕੀਤੀ। ਫਿਰ ਟੈੱਟ ਪਾਸ ਕੀਤਾ। 12 ਵਰ੍ਹਿਆਂ ਤੋਂ ਪੰਜ ਹਜ਼ਾਰ ਵਾਲੀ ਨੌਕਰੀ ਕਰਦੈ। ਕਿਸਮਤ ਰੂੜੀ ਤੋਂ ਵੀ ਭੈੜੀ ਨਿਕਲੀ। ਦੇਸ਼ ਭਗਤੀ ਫਿਰ ਨਹੀਂ ਮਰੀ। ਥੋੜਾ ਠਹਿਰਨਾ, ਟੈਂਕੀ ’ਤੇ ਚੜ੍ਹ ਕੇ ਨਾਅਰੇ ਮਾਰ ਲਵੇ। ਜਦੋਂ ਸਰਕਾਰੀ ਊਠ ਦਾ ਬੁੱਲ੍ਹ ਡਿੱਗਿਆ ਤਾਂ ਫਿਰ ਜਰੂਰ ਲੜੇਗਾ। ਹਾਲੇ ਢਿੱਡ ਲਈ ਲੜ ਲਵੇ। ਵੈਸੇ ਤਾਂ ਪੂਰਾ ਪੰਜਾਬ ਹੀ ਅੱਠੋ ਅੱਠ ਮਾਰ ਰਿਹੈ। ਚਿੰਤਾ ਹੈ ਕਿ ਅਬਦਾਲੀ ਤੋਂ ਨਾ ਹਾਰਨ ਵਾਲੇ ਅਡਾਨੀ ਤੋਂ ਕਿਉਂ ਹਾਰ ਰਹੇ ਨੇ। ਪੰਜ ਹਵਾਈ ਅੱਡੇ ਹੁਣੇ ਮੁੱਠੀ ਵਿਚ ਕੀਤੇ ਨੇ। ਓ ਭਾਈ, ਥੋਡਾ ਢਿੱਡ ਕਿਓ ਦੁਖਦਾ, ਤੁਸੀਂ ‘ਜੈ ਹਿੰਦ’ ਦੇ ਨਾਅਰੇ ਲਾਓ। ਪਟਿਆਲੇ ਮਮਟੀ ਤੋਂ ਡਿੱਗੀ ਕਰਮਜੀਤ ਨੂੰ ਹਾਲੇ ਮੁਆਫ ਕਰਨਾ। ਜਦੋਂ ਗੋਡਿਆਂ ਤੋਂ ਨੌ ਬਰ ਨੌ ਹੋ ਗਈ ਤਾਂ ਜਰੂਰ ਖੜ੍ਹੀ ਹੋ ਕੇ ਆਖੇਗੀ ‘ਭਾਰਤ ਜ਼ਿੰਦਾਬਾਦ’। ਦਿੱਲੀ ਵਾਲੇ ਆਖਦੇ ਨੇ, ‘ਹੁਣ ਮਛਕਾਂ ਦਾ ਭਾਅ ਨਾ ਪੁੱਛੋ’। ਬੱਸ ਜ਼ੋਰ ਦੀ ਬੋਲੋ  ‘ਜੈ ਹਿੰਦ ਜੈ ਹਿੰਦ।’ ਕੱਲ ਦੇ ਨਿਆਣੇ ਕਦੇ ਸੜਕਾਂ ਜਾਮ ਕਰਦੇ ਨੇ ਤੇ ਕਦੇ ਪੁੱਲ। ਇੱਕ ਤਾਂ ਉੱਚੀ ਬਹੁਤ ਬੋਲਦੇ ਨੇ, ਅਖੇ ‘ਘਰ ਘਰ ਰੁਜ਼ਗਾਰ’ ਨੀ ਦਿੱਖਦਾ, ਦੋ ਕਰੋੜ ਨੌਕਰੀਆਂ ਕਿੱਥੇ ਨੇ। ਕੌਣ ਸਮਝਾਏ ਇਨ੍ਹਾਂ ਨੂੰ ਕਿ ‘ਮੋਦੀ ਹੈ ਤਾਂ ਮੁਮਕਿਨ ਹੈ’। ਯਕੀਨ ਨਹੀਂ ਤਾਂ ਕੋਈ ਚੈਨਲ ਚਲਾ ਕੇ ਦੇਖ ਲਓ। ਪੀ.ਐਚ.ਡੀ ਧੀਆਂ ਪੁੱਛਦੀਆਂ ਨੇ, ਸ਼ਹੀਦ ਹੋਏ ਅਰਮਾਨਾਂ ਦਾ ਕੀ ਕਰੀਏ।
                ਦੁਆਬੇ ਵਾਲੇ ਕੀ ਜਾਣਨ, ਕਪਾਹੀ ਦੇ ਫੁੱਲ ਕਿੰਨੇ ਮਹਿੰਗੇ ਪਏ ਨੇ। ਨਰਮਾ ਪੱਟੀ ਤਾਂ ਵਰ੍ਹਿਆਂ ਤੋਂ ਠੰਡੀ ਜੰਗ ਲੜ ਰਹੀ ਹੈ। ਹਰ ਘਰ ਚਿੱਟੀਆਂ ਚੁੰਨੀਆਂ ਨੇ। ਪੈਲੀ ਤੋਂ ਸਾਹ ਮਿਲਦੈ, ਕੈਂਸਰ ਨੱਪ ਲੈਂਦਾ। ਇਨ੍ਹਾਂ ਘਰਾਂ ’ਤੇ ਦੁੱਖਾਂ ਦੇ ਬੰਬ ਹੀ ਡਿੱਗੇ ਨੇ। ਧੰਨ ਨੇ, ਜਿਹੜੇ ਖਾਰੇ ਪਾਣੀ ਪੀ ਕੇ ਵੀ ਭਾਣੇ ਮੰਨਦੇ ਨੇ। ਪਾਸ਼ ਦੀ ਕਵਿਤਾ ‘ ਏਥੇ ਹਰ ਥਾਂ ਇੱਕ ਬਾਡਰ ਹੈ, ਜਿਥੇ ਸਾਡੇ ਹੱਕ ਖਤਮ ਹੁੰਦੇ ਹਨ, ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ’, ਦੇਸ਼ ਦਾ ਸੱਚ ਹੈ। ਅੱਗੇ ਚੋਣਾਂ ਹਨ, ਟਿਕਟਾਂ ਵੇਲੇ ਸ਼ਹਾਦਤਾਂ ਵਾਲੇ ਚੇਤੇ ਰਹਿਣਗੇ? ਲੋਕ ਸਭਾ ’ਚ 35 ਤਰ੍ਹਾਂ ਦੇ ਕਿੱਤਿਆਂ ਵਾਲੇ ਐਮ.ਪੀ ਹਨ, ਸਾਬਕਾ ਫੌਜੀਆਂ ਵਾਲਾ ਕਾਲਮ ਗਾਇਬ ਹੈ।ਮੁਲਕ ਦਾ ਢਿੱਡ ਭਰਨਾ ਹੋਵੇ, ਸਰਹੱਦਾਂ ’ਤੇ ਲੜਨਾ ਹੋਵੇ, ਅੱਗੇ ਪੰਜਾਬੀ ਨੇ। ਫੌਜ ’ਚ ਤਿੰਨ ਵਰ੍ਹਿਆਂ ਦੌਰਾਨ 15,180 ਪੰਜਾਬੀ ਭਰਤੀ ਹੋਏ। ਪੰਜ ਵਰ੍ਹਿਆਂ ਵਿਚ 52 ਪੰਜਾਬੀ ਜਵਾਨ ਦਹਿਸ਼ਤੀ ਹਮਲਿਆਂ ਵਿਚ ਸ਼ਹੀਦ ਹੋਏ ਹਨ। ਕੋਈ ਸਿਰ ਅਜਿਹਾ ਨਹੀਂ, ਜੋ ਪੁਲਵਾਮਾ ਦੇ ਸ਼ਹੀਦਾਂ ਲਈ ਨਾ ਝੁਕਿਆ ਹੋਵੇ। ਧੰਨ ਉਹ ਮਾਂਵਾਂ, ਜਿਨ੍ਹਾਂ ਸੁਪਨੇ ਤਾਂ ਸਿਰੋਂ ਪਾਣੀ ਵਾਰਨ ਦੇ ਲਏ, ਪੁੱਤਾਂ ਨੂੰ ਹੀ ਦੇਸ਼ ਤੋਂ ਵਾਰ ਦਿੱਤਾ। ਸਲਾਮ ਉਸ ਚੂੜੇ ਵਾਲੀ ਨੂੰ, ਜਿਸ ਦੇ ਹਿੱਸੇ ਜਵਾਨ ਪਤੀ ਦੀ ਪਹਿਲੀ ਛੁੱਟੀ ਵੀ ਨਹੀਂ ਆਈ। ਪਿਆਰੇ ਅਭਿਨੰਦਨ, ਵਿਹਲ ਮਿਲੀ ਤਾਂ ਤੋਪਾਤੋੜ ਐਂਕਰਾਂ ਤੋਂ ਵੀ ‘ਮਿਰਚਾਂ’ ਵਾਰੀ। ਆਖੀ, ਜੋ ਨਿੱਤ ਦੀ ਜੰਗ ਲੜਦੇ ਨੇ, ਵਿੰਗ ਕਮਾਂਡਰਾਂ ਤੋਂ ਘੱਟ ਨਹੀਂ।