Sunday, March 3, 2019

                                                           ਵਿਚਲੀ ਗੱਲ
                            ਕੋਠੇ ਚੜ੍ਹ ਕੇ ਵੇਖਿਓ,ਅਸੀਂ ਖੜ੍ਹਾਂਗੇ ਕੰਧ ਬਣ ਕੇੇ..!
                                                           ਚਰਨਜੀਤ ਭੁੱਲਰ
ਬਠਿੰਡਾ : ਮਿੱਤਰੋਂ ! ਅਸੀਂ ਲੜਾਂਗੇ, ਮੌਰਾਂ ’ਤੇ ਚੜ੍ਹਕੇ, ਅਸੀਂ ਖੜ੍ਹਾਂਗੇ, ਕੰਧ ਬੰਨ੍ਹ ਕੇ, ਅਸੀਂ ਖੁਭਾਂਗੇ, ਖੰਜਰ ਬਣ ਕੇ। ਨਾ ਲਿਫਣਾ ਹੈ ਤੇ ਨਾ ਝਿੱਪਣਾ। ਬੱਸ ਥੋੜਾ ਸਮਾਂ ਤਾਂ ਦੇ ਦਿਓ, ਮੰਜੇ ਚੋਂ ਉੱਠ ਖੜ੍ਹਾ ਹੋਵਾ। ਬਿਮਾਰੀ ਨੇ ਲੱਕ ਨਹੀਂ, ਰੀੜ੍ਹ ਦੀ ਹੱਡੀ ਤੋੜੀ, ਉਪਰੋਂ ਬਾਪ ਦਾ ਵਿਗੋਚਾ। ਮੰਗਤ ਤਾਂ ਨਿੱਤ ਹੀ ਜੰਗ ਲੜਦੈ। ਪੱਕਾ ਚਿਸ਼ਤੀ ਸਰਹੱਦ ਨਾਲ ਖਹਿੰਦਾ ਪਿੰਡ ਹੈ। ਭੈਣ ਦਾ ਵਿਆਹ ਰੱਖਿਆ। ਉਪਰੋਂ ਹੁਕਮ ਆਏ, ਖਾਲੀ ਕਰੋ ਪਿੰਡ। ਢਾਈ ਵਰੇ੍ਹ ਪਹਿਲਾਂ ਦੀ ਗੱਲ ਹੈ। ਜਦੋਂ ਸਰਜੀਕਲ ਹਮਲਾ ਹੋਇਆ। ਪਿਓ ਗੁਰਦੇਵ ਸਿਓ, ਪੁੱਤ ਮੰਗਤ ਦਾ ਮੰਜਾ ਫਾਜ਼ਿਲਕਾ ਕੈਂਪ ’ਚ ਚੁੱਕ ਲਿਆਇਆ। ਫਿਰ ਬਾਪ ਦੇ ਅੱਥਰੂ ਧੀ ਦੇ ਮਹਿੰਦੀ ਵਾਲੇ ਹੱਥਾਂ ’ਤੇ ਡਿੱਗੇ। ਬਾਪ ਦੀ ਅਰਥੀ ਕੈਂਪ ਚੋਂ ਉੱਠੀ। ਪਿੰਡ ਖਾਲੀ ਸੀ, ਸਿਵਾ ਬਲ ਰਿਹਾ ਸੀ। ਗੁਰਦੇਵ ਦਾ ਘਰ ਸਦਾ ਲਈ ਖਾਲੀ ਹੋ ਗਿਆ। ਤਿੰਨੋਂ ਧੀਆਂ ਦੇ ਵਿਆਹ ਪਿੰਡ ਨੇ ਕੀਤੇ। ਪੁੱਤ ਦੀ ਬਿਮਾਰੀ ’ਚ ਸਭ ਕੁਝ ਵਿੱਕ ਗਿਆ। ਢਾਈ ਏਕੜ ਜ਼ਮੀਨ ਬਚੀ ਹੈ, ਉਸ ਤੋਂ ਵੱਡਾ ਕਰਜ਼ਾ। ਮਾਂ ਪੁੱਤ ਪਿੰਡੋਂ ਚਲੇ ਗਏ ਨੇ। ਸਿਆਸੀ ਸੁੱਥਰੇ ਥੋੜਾ ਰੁੱਝੇ ਹੋਏ ਹਨ, ਚੋਣਾਂ ਦਾ ਕੀ ਪਤੈ। ਕਦੋਂ ਬਿਗਲ ਵੱਜ ਜਾਵੇ। ਮਾਂ ਪੁੱਤ ਵੋਟ ਵੀ ਪਾਉਣਗੇ ’ਤੇ ਲੜਨਗੇ ਵੀ। ਬੱਸ ਬਿਮਾਰੀ ਤੋਂ ਵਿਹਲੇ ਹੋ ਜਾਣ। ਬਰਨਾਲੇ ਦੇ ਪਿੰਡ ਬੀਹਲਾ ਦੇ ਬਜ਼ੁਰਗ ਜਸਪਾਲ ਸਿੰਘ ਦਾ ਵੀ ਖੂਨ ਖੌਲਿਆ। ਆਖਰੀ ਸਾਹ ਤੱਕ ਲੜਨਾ ਚਾਹੁੰਦਾ। ਦੁੱਖਾਂ ਦਾ ਏਰੀਆ ਕਮਾਂਡਰ ਜੋ ਹੋਇਆ। ਪਤਨੀ ਦਾ ਕੈਂਸਰ ,ਉਪਰੋਂ ਦੋ ਧੀਆਂ ਦੇ ਵਿਆਹ। ਪੂਰੀ ਪੈਲੀ ਵਿਕ ਗਈ, ਧੀਆਂ ਤਾਂ ਬੂਹੇ ਤੋਂ ਉਠਾ ਦਿੱਤੀਆਂ ,ਪਤਨੀ ਬਚਾ ਨਹੀਂ ਸਕਿਆ।
          ਪਤਨੀ ਦੀ ਸੱਧਰ ਲਈ ਨਵੀਂ ਰਸੋੋਈ ਬਣਾਈ ਪਰ ਮਾਲਕਣ ਤੁਰ ਗਈ। ਇਕਲੌਤਾ ਪੁੱਤ ਦਿਹਾੜੀ ਕਰਨ ਲੱਗਾ। ਮੁੰਡੇ ਨੇ ਪੁਰਾਣਾ ਟਰੈਕਟਰ ਨਹੀਂ ਵੇਚਣ ਦਿੱਤਾ, ਅਖੇ ਦਾਦੇ ਦੀ ਨਿਸ਼ਾਨੀ ਹੈ। ਪੁੱਤ ਸਾਊਦੀ ਅਰਬ ਭੇਜਿਆ। ਖੁਸ਼ੀਆਂ ਪਰਤਣ ਤੋਂ ਪਹਿਲਾਂ ਪੁੱਤ ਦਾ ਵਿਦੇਸ਼ੋਂ ਤਾਬੂਤ ਆ ਗਿਆ। ਪਿਛੇ ਬਚੀ ਹੈ, ’71 ਦੀ ਜੰਗ ਵੇਲੇ ਦੇ ਬਣਾਏ ਦੋ ਕਮਰੇ, ਇੱਕ ਰਸੋਈ, ਪੁਰਾਣਾ ਟਰੈਕਟਰ ਜਾਂ ਫਿਰ ਮੜ੍ਹੀਆਂ ਵਰਗੀ ਚੁੱਪ। ਖੇਤੀ ਦੇ ਮੋਰਚੇ ’ਤੇ ਬਥੇਰਾ ਲੜਿਆ। ਹੁਣ ਕਿਉਂ ਨਹੀਂ ਲੜੇਗਾ। ਬੱਸ ਥੋੜਾ ਸਮਾਂ ਦਿਓ, ਭਿੜੇਗਾ ਵੀ ਜਿਥੇ ਕਹੋਗੇ, ਈਵੀਐਮ ਦਾ ਬਟਨ ਦੀ ਦੱਬੂ, ਥੋੜਾ ਆਪਣੇ ਨਾਲ ਲੜਨ ਤੋਂ ਵਿਹਲਾ ਹੋ ਲਵੇ। ‘ਮੌਤ ਨਾਲ ਕੌਣ ਮੱਥਾ ਲਾਵੇ’ ਖ਼ੂਨਣ ਖੁਰਦ (ਮੁਕਤਸਰ) ਦਾ ਗੁਲਜ਼ਾਰ ਸਿੰਘ ਆਖਦੈ, ‘ਤੁਸੀਂ ਪਾਸੇ ਹੋ ਜਾਓ, ਮੈਂ ਟੱਕਰਾਂਗਾ’। ਦੁੱਖਾਂ ਦੇ ਸਤਲੁਜ ਨੇ 80 ਵਰ੍ਹਿਆਂ ਦੇ ਇਸ  ਮਜ਼ਦੂਰ ਨੂੰ ਪੱਤਣੋਂ ਉਖਾੜ ਦਿੱਤਾ। ਫਿਰ ਵੀ ਆਖਦੈ.. ਲੜਾਂਗਾ। ਇਸ ਬਾਬੇ ਦਾ ਰਾਹੂ ਕੇਤੂ ਕੀ ਵਿਗਾੜ ਦੇਣਗੇ।ਨੇਤਾ ਆਖਦੇ ਨੇ, ਭੁੱਲ ਜਾਓ ਤੇ ਮਿੱਟੀ ਪਾਓ, ਵੱਡੇ ਜਿਗਰੇ ਵਾਲੇ ਹੋ। ਸੱਚੀਓ ਦਲਿਤ ਬਾਬੇ ਦਾ ਜਿਗਰਾ ਵੱਡੈ। ਪਹਿਲਾਂ ਨੂੰਹ ਖੁਦਕੁਸ਼ੀ ਕਰ ਗਈ ਤੇ ਪਿਛੋਂ ਪੁੱਤ। ਪਤਨੀ ਵੀ ਸਾਥ ਛੱਡ ਗਈ। ਨੌ ਸਾਲ ਦੀ ਪੋਤੀ ਤੇ ਪੰਜ ਸਾਲ ਦਾ ਪੋਤਾ, ਇਸ ਉਮਰੇ ਇਨ੍ਹਾਂ ਨੂੰ ਪਾਲਣ ਲਈ ਹੀ ਤਾਂ ਬਾਬਾ ਦਿਹਾੜੀ ਕਰਦੈ। ‘ਹਿੰਦ’ ਦੀ ਲਾਜ ਲਈ ਬਾਬਾ ਲੜਨਾ ਚਾਹੁੰਦੈ, ਬੱਸ ਥੋੜਾ ਸਮਾਂ ਮੰਗਦੈ। ਆਖਦੈ, ਕੁਝ ਪਹਿਰ ਦਿਓ, ਜਰੂਰ ਲੜਾਂਗਾ, ਪਹਿਲਾਂ ਪੋਤੇ ਪੋਤੀ ਦੀ ਫੀਸ ਦਾ ਫਿਕਰ ਮੁਕਾ ਲਵਾਂ। ਆਹ ਜੋ ਪੰਜਾਬ ਦੀਆਂ ਸੜਕਾਂ ’ਤੇ ਕੂਕਦੇ ਨੇ, ਲੜਨਾ ਉਹ ਵੀ ਚਾਹੁੰਦੇ ਨੇ।
         ਬੀੜ ਭੋਲੂਵਾਲਾ (ਫਰੀਦਕੋਟ) ਦਾ ਜਗਦੀਸ਼ ਬਾਰਡਰ ’ਤੇ ਲੜਨਾ ਚਾਹੁੰਦਾ ਸੀ। ਕਿਸੇ ਫੌਜੀ ਭਰਤੀ ਵਿਚ ਗੱਲ ਨਾ ਬਣੀ। ਮਾਪੇ ਚਲ ਵਸੇ। ਇਹ ਜਵਾਨ ਹੁਣ ਬਿਨਾਂ ਵਰਦੀ ਤੋਂ ਲੜ ਰਿਹੈ। ਪਹਿਲਾ ਦਿਹਾੜੀ ਕੀਤੀ। ਫਿਰ ਟੈੱਟ ਪਾਸ ਕੀਤਾ। 12 ਵਰ੍ਹਿਆਂ ਤੋਂ ਪੰਜ ਹਜ਼ਾਰ ਵਾਲੀ ਨੌਕਰੀ ਕਰਦੈ। ਕਿਸਮਤ ਰੂੜੀ ਤੋਂ ਵੀ ਭੈੜੀ ਨਿਕਲੀ। ਦੇਸ਼ ਭਗਤੀ ਫਿਰ ਨਹੀਂ ਮਰੀ। ਥੋੜਾ ਠਹਿਰਨਾ, ਟੈਂਕੀ ’ਤੇ ਚੜ੍ਹ ਕੇ ਨਾਅਰੇ ਮਾਰ ਲਵੇ। ਜਦੋਂ ਸਰਕਾਰੀ ਊਠ ਦਾ ਬੁੱਲ੍ਹ ਡਿੱਗਿਆ ਤਾਂ ਫਿਰ ਜਰੂਰ ਲੜੇਗਾ। ਹਾਲੇ ਢਿੱਡ ਲਈ ਲੜ ਲਵੇ। ਵੈਸੇ ਤਾਂ ਪੂਰਾ ਪੰਜਾਬ ਹੀ ਅੱਠੋ ਅੱਠ ਮਾਰ ਰਿਹੈ। ਚਿੰਤਾ ਹੈ ਕਿ ਅਬਦਾਲੀ ਤੋਂ ਨਾ ਹਾਰਨ ਵਾਲੇ ਅਡਾਨੀ ਤੋਂ ਕਿਉਂ ਹਾਰ ਰਹੇ ਨੇ। ਪੰਜ ਹਵਾਈ ਅੱਡੇ ਹੁਣੇ ਮੁੱਠੀ ਵਿਚ ਕੀਤੇ ਨੇ। ਓ ਭਾਈ, ਥੋਡਾ ਢਿੱਡ ਕਿਓ ਦੁਖਦਾ, ਤੁਸੀਂ ‘ਜੈ ਹਿੰਦ’ ਦੇ ਨਾਅਰੇ ਲਾਓ। ਪਟਿਆਲੇ ਮਮਟੀ ਤੋਂ ਡਿੱਗੀ ਕਰਮਜੀਤ ਨੂੰ ਹਾਲੇ ਮੁਆਫ ਕਰਨਾ। ਜਦੋਂ ਗੋਡਿਆਂ ਤੋਂ ਨੌ ਬਰ ਨੌ ਹੋ ਗਈ ਤਾਂ ਜਰੂਰ ਖੜ੍ਹੀ ਹੋ ਕੇ ਆਖੇਗੀ ‘ਭਾਰਤ ਜ਼ਿੰਦਾਬਾਦ’। ਦਿੱਲੀ ਵਾਲੇ ਆਖਦੇ ਨੇ, ‘ਹੁਣ ਮਛਕਾਂ ਦਾ ਭਾਅ ਨਾ ਪੁੱਛੋ’। ਬੱਸ ਜ਼ੋਰ ਦੀ ਬੋਲੋ  ‘ਜੈ ਹਿੰਦ ਜੈ ਹਿੰਦ।’ ਕੱਲ ਦੇ ਨਿਆਣੇ ਕਦੇ ਸੜਕਾਂ ਜਾਮ ਕਰਦੇ ਨੇ ਤੇ ਕਦੇ ਪੁੱਲ। ਇੱਕ ਤਾਂ ਉੱਚੀ ਬਹੁਤ ਬੋਲਦੇ ਨੇ, ਅਖੇ ‘ਘਰ ਘਰ ਰੁਜ਼ਗਾਰ’ ਨੀ ਦਿੱਖਦਾ, ਦੋ ਕਰੋੜ ਨੌਕਰੀਆਂ ਕਿੱਥੇ ਨੇ। ਕੌਣ ਸਮਝਾਏ ਇਨ੍ਹਾਂ ਨੂੰ ਕਿ ‘ਮੋਦੀ ਹੈ ਤਾਂ ਮੁਮਕਿਨ ਹੈ’। ਯਕੀਨ ਨਹੀਂ ਤਾਂ ਕੋਈ ਚੈਨਲ ਚਲਾ ਕੇ ਦੇਖ ਲਓ। ਪੀ.ਐਚ.ਡੀ ਧੀਆਂ ਪੁੱਛਦੀਆਂ ਨੇ, ਸ਼ਹੀਦ ਹੋਏ ਅਰਮਾਨਾਂ ਦਾ ਕੀ ਕਰੀਏ।
                ਦੁਆਬੇ ਵਾਲੇ ਕੀ ਜਾਣਨ, ਕਪਾਹੀ ਦੇ ਫੁੱਲ ਕਿੰਨੇ ਮਹਿੰਗੇ ਪਏ ਨੇ। ਨਰਮਾ ਪੱਟੀ ਤਾਂ ਵਰ੍ਹਿਆਂ ਤੋਂ ਠੰਡੀ ਜੰਗ ਲੜ ਰਹੀ ਹੈ। ਹਰ ਘਰ ਚਿੱਟੀਆਂ ਚੁੰਨੀਆਂ ਨੇ। ਪੈਲੀ ਤੋਂ ਸਾਹ ਮਿਲਦੈ, ਕੈਂਸਰ ਨੱਪ ਲੈਂਦਾ। ਇਨ੍ਹਾਂ ਘਰਾਂ ’ਤੇ ਦੁੱਖਾਂ ਦੇ ਬੰਬ ਹੀ ਡਿੱਗੇ ਨੇ। ਧੰਨ ਨੇ, ਜਿਹੜੇ ਖਾਰੇ ਪਾਣੀ ਪੀ ਕੇ ਵੀ ਭਾਣੇ ਮੰਨਦੇ ਨੇ। ਪਾਸ਼ ਦੀ ਕਵਿਤਾ ‘ ਏਥੇ ਹਰ ਥਾਂ ਇੱਕ ਬਾਡਰ ਹੈ, ਜਿਥੇ ਸਾਡੇ ਹੱਕ ਖਤਮ ਹੁੰਦੇ ਹਨ, ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ’, ਦੇਸ਼ ਦਾ ਸੱਚ ਹੈ। ਅੱਗੇ ਚੋਣਾਂ ਹਨ, ਟਿਕਟਾਂ ਵੇਲੇ ਸ਼ਹਾਦਤਾਂ ਵਾਲੇ ਚੇਤੇ ਰਹਿਣਗੇ? ਲੋਕ ਸਭਾ ’ਚ 35 ਤਰ੍ਹਾਂ ਦੇ ਕਿੱਤਿਆਂ ਵਾਲੇ ਐਮ.ਪੀ ਹਨ, ਸਾਬਕਾ ਫੌਜੀਆਂ ਵਾਲਾ ਕਾਲਮ ਗਾਇਬ ਹੈ।ਮੁਲਕ ਦਾ ਢਿੱਡ ਭਰਨਾ ਹੋਵੇ, ਸਰਹੱਦਾਂ ’ਤੇ ਲੜਨਾ ਹੋਵੇ, ਅੱਗੇ ਪੰਜਾਬੀ ਨੇ। ਫੌਜ ’ਚ ਤਿੰਨ ਵਰ੍ਹਿਆਂ ਦੌਰਾਨ 15,180 ਪੰਜਾਬੀ ਭਰਤੀ ਹੋਏ। ਪੰਜ ਵਰ੍ਹਿਆਂ ਵਿਚ 52 ਪੰਜਾਬੀ ਜਵਾਨ ਦਹਿਸ਼ਤੀ ਹਮਲਿਆਂ ਵਿਚ ਸ਼ਹੀਦ ਹੋਏ ਹਨ। ਕੋਈ ਸਿਰ ਅਜਿਹਾ ਨਹੀਂ, ਜੋ ਪੁਲਵਾਮਾ ਦੇ ਸ਼ਹੀਦਾਂ ਲਈ ਨਾ ਝੁਕਿਆ ਹੋਵੇ। ਧੰਨ ਉਹ ਮਾਂਵਾਂ, ਜਿਨ੍ਹਾਂ ਸੁਪਨੇ ਤਾਂ ਸਿਰੋਂ ਪਾਣੀ ਵਾਰਨ ਦੇ ਲਏ, ਪੁੱਤਾਂ ਨੂੰ ਹੀ ਦੇਸ਼ ਤੋਂ ਵਾਰ ਦਿੱਤਾ। ਸਲਾਮ ਉਸ ਚੂੜੇ ਵਾਲੀ ਨੂੰ, ਜਿਸ ਦੇ ਹਿੱਸੇ ਜਵਾਨ ਪਤੀ ਦੀ ਪਹਿਲੀ ਛੁੱਟੀ ਵੀ ਨਹੀਂ ਆਈ। ਪਿਆਰੇ ਅਭਿਨੰਦਨ, ਵਿਹਲ ਮਿਲੀ ਤਾਂ ਤੋਪਾਤੋੜ ਐਂਕਰਾਂ ਤੋਂ ਵੀ ‘ਮਿਰਚਾਂ’ ਵਾਰੀ। ਆਖੀ, ਜੋ ਨਿੱਤ ਦੀ ਜੰਗ ਲੜਦੇ ਨੇ, ਵਿੰਗ ਕਮਾਂਡਰਾਂ ਤੋਂ ਘੱਟ ਨਹੀਂ।


7 comments:

  1. ਸਾਡੇ ਦੇਸ਼ ਦੇ ਕਪਟੀ ਰਾਜਨੀਤਿਕ ਆਗੂਆਂ ਦੀਆਂ ਨੀਤੀਆਂ ਕਾਰਨ ਭੁੱਖਮਰੀ, ਬੀਮਾਰੀ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੰਜਾਬੀਆਂ ਵੱਲੋਂ ਹਰ ਰੋਜ ਹੀ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਲੜੀ ਜਾ ਰਹੀ ਜੰਗ ਦੀ ਅਸਲੀਅਤ ਵਿਖਾ ਰਿਹਾ ਇਹ ਲੇਖ ਸੱਚੀ ਪੱਤਰਕਾਰੀ ਦਾ ਨਮੂਨਾ ਹੈ।

    ReplyDelete
    Replies
    1. ਮਹਾਰਾਜਾ ਰਣਜੀਤ ਸਿੰਘ ਤੇ ਮਾਲਵੇ ਰਾਜਿਆ ਵੇਲੇ ਸਿਖਾ ਕੋਲ ਇੱਕ ਬਹੁਤ ਵਧੀਆ ਮੋਕਾ ਸੀ ਪੰਜਾਬ ਨੂ democratic ਸਿਖ ਦੇਸ ਬਣਾਓਣ ਦਾ. ਪੰਜਾਬ ਤੇ ਕੈਲੀਫ਼ੋਰਨਿਆ ਦੇ ਮੋਸਮ ਤੇ ਮਿਟੀ ਵਿਚ ਬਹੁਤਾ ਫਰਕ ਨਹੀ - ਸਿਖ ਕਿਵੇ ਸਿਰਫ 1/5 ਹਿਸਾ ਵਿਚ ਰਹਿ ਗਏ? ਅਧਾ ਮੁਸਲਮਾਨ ਲੈ ਗਏ ਅਧਾ ਹਿੰਦੂ? ਹਰਿਆਣਾ ਵੀ NCR ਦਾ ਟੈਕ੍ਸ ਖਾਂਦਾ ਹੈ. ਹਿਮਾਚਲ tourism ਤੇ special ਟੈਕ੍ਸ status - ਪੰਜਾਬ ਫਿਰ ਵੀ ਅੰਨ data - NRI ਦੀ remittance ਤੇ ਪਲਦਾ ਹੈ

      Until the Partition of Punjab in 1947, the British Punjab Province encompassed the present-day Indian states and union territories of Punjab, Haryana, Himachal Pradesh, Chandigarh, and Delhi; and the Pakistani provinces of Punjab and Islamabad Capital Territory. It bordered the Balochistan and Pashtunistan regions to the west, Kashmir to the north, the Hindi Belt to the east, and Rajasthan and Sindh to the south.
      https://en.wikipedia.org/wiki/Punjab

      Delete
  2. 1975 Indira Gandhi Emergency ਵੇਲੇ ਮੋਦੀ ਆਪ ਤਾ ਸਿਖੀ ਭੇਸ ਵਿਚ ਪੰਜਾਬ ਵਿਚ ਲੁਕ ਗਿਆ ਸੀ!! ਫੋਟੋ ਦੇਖੋ India T.V
    Watch rare pics of Narendra Modi posing as a Sikh during Emergency
    New Delhi: The Emergency of 1975 was a turning point in the political career of Narendra Modi. That was the time when he came in touch with L K Advani and became a member of

    https://www.indiatvnews.com/politics/national/rare-pics-of-narendra-modi-posing-as-a-sikh-during-emergency-12506.html

    ReplyDelete
  3. ਵਿਚੋ ਗਲ ਇਹ ਹੈ ਕਿ ਇੰਡੀਆ ਵਿਚ election ਵੇਲੇ ਜਦੋ majority ਨੂ ਇਕਠਾ ਕਰਨਾ ਹੋਵੇ ਤਾ ਕਿਸੇ minority ਨੂ ਕੁਟ ਸੁਟੋ ਤੇ ਆਵਦੇ ਆਪ ਨੂ ਸ਼ੇਰ ਦਖਾਓ. 1984 ਦਿਲੀ ਦੰਗਿਆ ਤੋ ਬਾਦ ਰਾਜੀਵ ਗਾਂਧੀ ਕਦੇ ਨਹੀ ਹਾਰਿਆ ਸੀ. 2002 ਗੁਜਰਾਤ ਦੰਗਿਆ ਤੋ ਬਾਦ ਮੋਦੀ ਕੁਰਸੀ ਨਾਲ ਚਿਪਕ ਗਿਆ ਹੈ ਤੇ ਕਰੋੜਪਤੀ ਬਣ ਗਿਆ ਹੈ(ਇਸ ਦਾ ਲਿੰਕ ਹੈ ਮੇਰੇ ਕੋਲ. ਹੁਣ ਇਨਾ ਕੋਲ ਬ੍ਰਾਹਮਨ ਤੇ ਖਤਰੀ ਨੂ unite ਕਰਨ ਦਾ ਇਕੋ ਤਰੀਕਾ ਹੈ - ਮੁਸਲਮਾਨਾ ਨੂ ਕੁਟਨਾ - ਜਿਵੇ ਬਾਬਰੀ ਮਸਜਿਦ ਤੋ ਬਾਦ ਹੀ bjp ਜਿਤੀ ਤੇ ਕਾਰਗਿਲ ਵੇਲੇ ਵੀ.

    ReplyDelete
  4. ਗੁਜਰਾਤ ਦਾ ਬੋਰਡਰ ਵੇ ਲਗਦਾ ਹੈ ਪਾਕਿਸਤਾਨ ਨਾਲ - ਉਥੇ ਜਾ ਕੇ ਜੈਸ਼ ਵਾਲੇ ਤੇ rss ਵਾਲੇ ਡਾਂਗੋ ਡਾਂਗੀ ਹੋ ਜਾਨ.
    Times of India ਦੀ ਸਟੋਰੀ ਹੈ ਕੁਝ ਦਿਨਾ ਦੀ - ਮੋਹਨ ਭਗਵਤ ਦਾ ਬਿਆਨ ਹੈ ਅਖੇ ਓਹ 3 ਦਿਨਾ ਵਿਚ rss ਦੀ ਆਰਮੀ ਖੜੀ ਕਰ ਸਕਦਾ ਹੈ - ਜੇ ਭਲਾ ਕਿਸੇ ਮੁਸਲਮਾਨ ਜਾ ਸਿਖ ਨੇ ਇਹ ਬਿਆਨ ਦਿਤਾ ਹੋਵੇ ਤਾ ਉਸ ਤੇ ਦੇਸ ਧ੍ਰੋਹੀ ਦਾ ਮੁਕਦਮਾ ਨਹੀ ਹੋਇਆ ਹੁੰਦਾ ਹੁਣ ਤਕ
    https://timesofindia.indiatimes.com/india/rss-can-prepare-an-army-within-3-days-mohan-bhagwat/articleshow/62877231.cms

    ReplyDelete
  5. Punjab ਤਾ ਰਖਿਆ ਹੀ ਪਾਕਿਸਤਾਨ ਨੂ ਕੁਟਣ ਨੂ ਹੈ. ਸਾਡਾ ਪੰਜਾਬ ਕਿਨਾ ਵਡਾ ਤੇ ਇੱਕ ਨੰਬਰ ਸੂਬਾ ਹੁੰਦਾ ਸੀ ਤੇ ਗੁਜਰਾਤ ਵਰਗੇ ਭੂਖੇ ਮਰਦੇ ਹੁੰਦੇ ਸੀ ਅਜਾਦੀ ਤੋ ਪਹਿਲਾ. ਮੋਦੀ ਸਾਰਾ fDI ਦਾ ਸਾਰਾ ਪੈਸਾ ਉਥੇ ਸੁੱਟ ਰਹਿਆ ਹੈ ਤੇ ਪੰਜਾਬ ਨੂ ਬੋਰਡਰ state ਬਣਾ ਕੇ ਹੁਆ ਪੇਸ ਕਰੀ ਜਾਂਦਾ ਹੈ

    ReplyDelete
  6. Bjp - rss ਨੇ IT cell ਬਣਾਇਆ ਹੈ - ਇਨਾ ਦੀ trolls factory ਹੈ ਜੋ ਦੁਨੀਆ ਭਰ ਵਿਚ 24 ਘੰਟੇ, 7 ਦਿਨ, 12 ਮਹੀਨੇ minorities - ਮੁਸਲਮਾਨ, ਸਿਖ,ਤੇ ਵਿਰੋਧੀ ਜਿਵੇ ਕਾੰਗ੍ਰੇਸ ਵਗੈਰਾ ਦੇ ਵਿਰੁਧ ਲਿਖਦੇ ਹਨ - ਕਨੇਡਾ ਵਿਚ ਵੀ ਸਿਖਾ ਵਿਰੁਧ ਲਿਖਦੇ ਹਨ. ਸਾਰੀਆ ਬੋਲੀਆ ਵਿਚ ਲਿਖਦੇ ਹਨ. ਇਨਾ ਦੇ 150 ਜਿਨਾ ਨੂ ਮੋਦੀ ਨੇ ਬੁਲਾ ਕੇ ਸ਼ਾਬਾਸ਼ ਵੀ ਦਿਤੀ. ਕਈਆ ਕੋਲ ੧੦ -੧੦ ਫੋਨ ਹਨ. ਤੇ ਸਾਰੇ ਧਰ੍ਮਾ ਦੇ ਲੋਕਾ ਦੇ fake ਨਾਮ ਰਖ ਲੈਂਦੇ ਹਨ, fake ਆਰਮੀ page ਵੀ ਬਣਾਈ ਬੈਠੇ ਹਨ. fake ਮੁਸਲਮਾਨ ਧਰਮ ਦੇ page ਵੀ ਬਣਾਈ ਬੈਠੇ ਹਨ
    ਧੁਰਵ ਰਾਠੀ ਦੀ video ਹੈ ਹਿੰਦੀ ਵਿਚ ਹੈ
    https://www.youtube.com/watch?v=BL2ZYXLW5bU

    ReplyDelete