Sunday, March 31, 2019

                                                              ਵਿਚਲੀ ਗੱਲ         
                            ਨਗਰੀ ’ਚ ਪਿੱਪਲ ਲਾ ਕੇ ਗਜਾ ’ਤੇ ਨਿਕਲੇ ਸਾਧੂ
                                                             ਚਰਨਜੀਤ ਭੁੱਲਰ
ਬਠਿੰਡਾ : ਦਿਮਾਗ ’ਚ ਖੌਰੂ ਏਨਾ ਕੁ ਪਿਆ ਹੋਇਐ, ਸੋਝੀ ਨੂੰ ਵੀ ਕੁਝ ਨਹੀਂ ਸੁੱਝ ਰਿਹਾ। ਏਸ ਉਮਰ ’ਚ ਬੰਦਾ ਬੱਚਾ ਬਣ ਜਾਂਦੈ। ਤਾਹੀਂ ਇਕੱਲਾ ਹੀ ਗੱਲਾਂ ਕਰੀ ਜਾ ਰਿਹੈ। ਚੰਗਾ ਹੋਇਆ ਕਮਲਾ, ਤੂੰ ਪਹਿਲਾਂ ਤੁਰ ਗਈ। ਨਹੀਂ ਦੇਖ ਸਕਣਾ ਸੀ ਤੂੰ। ਸੱਤ ਬਿਗਾਨੇ ਨੂੰ ਏਦਾਂ ਕੋਈ ਘਰੋਂ ਨਹੀਂ ਕੱਢਦਾ। ਜਿਵੇਂ ਗਠੜੀ ਸਿਰ ’ਤੇ ਰੱਖ ਕੇ ਮੈਨੂੰ ਤੋਰਿਐ। ਪਿਆਰੀ ਕਮਲਾ, ਤੈਨੂੰ ਤਾਂ ਪਤੈ, ਘਰ ਕਿਵੇਂ ਬੰਨ੍ਹਿਆ ਸੀ। ‘ਤੂੰ ਹੀ ਦੱਸ, ਹੁਣ ਦਿਲ ਦੀ ਗੱਠ ਕਿਸ ਕੋਲ ਖੋਲਾ’। ਪਰਲੋਕ ’ਚ ਬੈਠੀ ਕਮਲਾ ਹੁਣ ਕੀ ਦੱਸੇ। ਕਮਲਾ ਅਡਵਾਨੀ ਦਾ ਤਾਂ ਉਦੋਂ ਮੱਥਾ ਠਣਕਿਆ ਸੀ। ਆਖਰੀ ਸਾਹ ਤੋਂ ਪਹਿਲਾਂ ਇਸ਼ਾਰਾ ਵੀ ਕੀਤਾ ਸੀ। ‘ਆਹ ਕੇਤਲੀ ਵਾਲੇ ਦੇ ਚਾਲੇ ਮੈਨੂੰ ਠੀਕ ਨਹੀਂ ਲੱਗਦੇ।’ ਮੀਆਂ ਅਡਵਾਨੀ ਸਮਝ ਨਾ ਸਕੇ। ਹੁਣ ਕਮਲਾ ਦਿਮਾਗ ਚੋਂ ਰੁਖਸਤ ਹੋਈ ਹੈ। ਮਿਰਜ਼ਾ ਗਾਲਿਬ ਆਣ ਵੜੇ। ‘ ਬੜੇ ਬੇਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ’। ਖਿਆਲਾਂ ’ਚ ਅਡਵਾਨੀ ਨੇ ਹੱਥ ਜੋੜੇ, ‘ਗਾਲਿਬ ਸਾਹਿਬ, ਘੱਟੋ ਘੱਟ ਤੁਸੀਂ ਤਾਂ ਰਹਿਮ ਕਰੋ।’ ਸੋਚਾਂ ਦਾ ਖੌਰੂ ਟਿਕਣ ਨਹੀਂ ਦੇ ਰਿਹਾ। ਚੇਤੇ ’ਚ ਹੁਣ ਸ਼ੇਖ ਫ਼ਰੀਦ ਘੁੰਮਿਐ ‘ਬੁੱਢਾ ਹੋਇਆ ਸ਼ੇਖ ਫ਼ਰੀਦ, ਕੰਬਣ ਲੱਗੀ ਦੇਹ’। ਬਾਬਾ, ‘ਅਭੀ ਤੋਂ ਮੈਂ ਜਵਾਨ ਹੂੰ’। ਮਲੇਸ਼ੀਆ ਵਾਲੇ ਪ੍ਰਧਾਨ ਮੰਤਰੀ ਵੱਲ ਦੇਖ। ਪੂਰੇ 93 ਸਾਲ ਦਾ, ਮੈਥੋਂ ਦੋ ਸਾਲ ਵੱਡਾ। ਮਿਰਜ਼ਾ ਗਾਲਿਬ ਨੇ ਟਿੱਚਰ ਕੀਤੀ ਹੋਊ, ‘ਹਜ਼ੂਰ, ਮਲੇਸ਼ੀਆ ’ਚ ਕੋਈ ਨਹੀਂ ਹੋਣਾ ‘ਚਾਹ ਵਾਲਾ’। ਕੁਰਸੀ ਵੇਖ ਕੇ ਕਦੇ ਕੋਈ ਦੇਹ ਕੰਬੀਂ ਐ। ਕਮਲਾ ਫਿਰ ਹਾਜ਼ਰ ਹੋਈ ਐ। ‘ ਕਿਉਂ ਝੂਰਦੇ ਹੋ ਜੀ, ਛੱਡੋ ਵੀ ਹੁਣ, ਬੱਸ, ਆਪਣਾ ਖਿਆਲ ਰੱਖਿਓ।’
          ਮੁਗੇਰੀ ਲਾਲ ਦੇ ਹੁਸੀਨ ਸੁਪਨੇ ਵੀ ਰਾਖ ਹੋ ਗਏ। ਸੁਪਨਿਆਂ ’ਚ ਕਿਤੇ ਮੁਗਲ ਗਾਰਡਨ ਦਿੱਖਦਾ ਸੀ ਅਤੇ ਕਦੇ ਉਹ ਵੱਡੀ ਕੁਰਸੀ। ਜੋ ਡਿਪਟੀ ਪ੍ਰਧਾਨ ਮੰਤਰੀ ਹੁੰਦੇ ਵੇਖੀ ਸੀ। ਹੁਣ ਆਪਣੇ ਆਪ ਨੂੰ ਕੋਸਦਾ ਵੀ ਹੈ। ਗੋਆ ਵਾਲੀ ਮੀਟਿੰਗ ’ਚ ਵੱਖੀ ਭੰਨੀ ਹੁੰਦੀ। ਆਹ ਦਿਨ ਤਾਂ ਨਾ ਵੇਖਣੇ ਪੈਂਦੇ। ‘ਚੌਕੀਦਾਰ’ ਆਣ ਖੜ੍ਹਾ ਹੋਇਆ, ‘ਗੁਰੂ ਜੀ, ਦਿਨ ਤਾਂ ਬੜੇ ਅੱਛੇ ਨੇ’। ਅਮਿਤ ਸਾਹ ਨੇ ਹੌਸਲਾ ਦਿੱਤਾ, ‘ਤੁਸੀਂ ਤਾਂ ਸਾਡੇ ਬਾਬਾ ਬੋਹੜ ਹੋ।’ ਮਾਰਗ ਦਰਸ਼ਕ ਮੰਡਲ ਦੀ ਸੋਭਾ ਵਧਾਓ। ਅਡਵਾਨੀ ਬਿਨਾਂ ਕਦੇ ਪੱਤਾ ਨਹੀਂ ਹਿੱਲਦਾ ਸੀ। ਹੁਣ ਸਮਝਿਐ, ਵਿਹੜੇ ’ਚ ਕੌਣ ਪਿੱਪਲ ਲਾਉਂਦੈ। ਅਮਿਤ ਸਾਹ ਨੇ ਫ਼ਾਰਮੂਲਾ ਘੜਿਐ। 75 ਸਾਲ ਤੋਂ ਉਪਰ ਦੇ ਬਾਬੇ ਅਰਾਮ ਕਰਨਗੇ। ਭਾਜਪਾਈ ਸ਼ਾਂਤਾ ਕੁਮਾਰ, ਕਲਰਾਜ ਮਿਸਰਾ ਤੇ ਕਰਿਆ ਮੁੰਡਾ ਮੌਕਾ ਤਾੜ ਗਏ। ਅਖੇ ਅਸੀਂ ਨੀ ਐਤਕੀਂ ਚੋਣ ਲੜਨੀ। ਕਰਿਆ ਮੁੰਡਾ ਨੇ ਇਹ ਵੀ ਆਖਿਆ, ‘ਮੈਂ ਤਾਂ ਹੁਣ ਪਿੰਡ ਜਾ ਕੇ ਖੇਤੀ ਕਰੂ’। 70 ਵਰ੍ਹਿਆਂ ਦੀ ਡਰੀ ਹੋਈ ਹੇਮਾ ਮਾਲਿਨੀ ਵੀ ਬੋਲੀ, ‘ਮੇਰੀ ਏਹ ਆਖਰੀ ਚੋਣ ਐਂ। ਬੀਬੀ ਸੁਸਮਾ ਸਵਰਾਜ ਉਸ ਤੋਂ ਵੀ ਸਮਝਦਾਰ ਨਿਕਲੀ। ਪਹਿਲਾਂ ਹੀ ਆਖਤਾ, ‘ਮੈਂ ਨਹੀਂ ਲੜਨੀ ਕੋਈ ਚੋਣ’। ਮੁਰਲੀ ਮਨੋਹਰ ਜੋਸ਼ੀ ਦੇ ਵੀ ਡਾਕਟਰੀ ਕੰਮ ਨਹੀਂ ਆਈ। 75 ਵਰ੍ਹਿਆਂ ਦੀ ਸੁਮਿੱਤਰਾ ਮਹਾਜਨ ਵੀ ਡਰੀ ਹੈ। ਵੱਡੀ ਬੀਬੀ ਬਿਜੋਇਆ ਚੱਕਰਵਰਤੀ ਵੀ। ਡਾਹਡੇ ਅੱਗੇ ਕਾਹਦਾ ਜ਼ੋਰ। ਅਮਿਤ-ਮੋਦੀ ਦੀ ਜੋੜੀ ਨੇ ਸਭਨਾਂ ਦੇ ਮੰਜੇ ‘ਤੂੜੀ ਵਾਲੇ ਕੋਠੇ’ ’ਚ ਡਾਹਤੇ ਨੇ।
                  ਕੇਜਰੀਵਾਲ ਹਮਦਰਦ ਬਣਿਆ ‘ਜਿਨ੍ਹਾਂ ਨੇ ਘਰ ਨੂੰ ਬਣਾਇਆ, ਉਨ੍ਹਾਂ ਨੂੰ ਘਰੋਂ ਕੱਢ ਦਿੱਤਾ।’ ਸ਼ਿਵ ਸੈਨਾ ਨੇ ਟਿੱਪਣੀ ਕੀਤੀ ‘ ਭੀਸ਼ਮ ਪਿਤਾਮਾ ਨੂੰ ਜਬਰੀ ਸੇਵਾ ਮੁਕਤ ਕੀਤੈ।’ 16ਵੀਂ ਲੋਕ ਸਭਾ ’ਚ 80 ਸਾਲ ਤੋਂ ਉਪਰ ਦੇ 11 ਭਾਜਪਾਈ ਐਮ.ਪੀ ਸਨ। ਵੱਧ ਪ੍ਰੇਸ਼ਾਨ ਸਭ ਤੋਂ ਵਡੇਰੀ ਉਮਰ ਦੇ ਐਲ.ਕੇ.ਅਡਵਾਨੀ ਹਨ। ਦੱਸਦੇ ਨੇ, ਮੋਦੀ ਨੇ ਸਾਹ ਨੂੰ ਮੰਤਰ ਦੱਸਿਆ ਸੀ ‘ ਝੋਟਾ ਮਰ ਗਿਐ, ਫਿਰ ਚਮ-ਜੂੰਆਂ ਦੀ ਕੀ ਮਜਾਲ।’ ਭਾਜਪਾ ਦੇ ਐਤਕੀਂ 25 ਤੋਂ 40 ਸਾਲ ਦੇ 13 ਐਮ.ਪੀ ਸਨ। ਜੋੜੀ ਦੇ ਨੱਕ ਹੇਠ ਨਾ ਨੌਜਵਾਨ ਆਉਂਦੇ ਨੇ। ਬਜ਼ੁਰਗਾਂ ਦਾ ਤੁਸੀਂ ਦੇਖ ਹੀ ਲਿਐ। ਨਜ਼ਰ ਮਾਰੀਏ ਤਾਂ ਰਾਮ ਜੇਠ ਮਲਾਨੀ 95 ਸਾਲ ਦੀ ਉਮਰ ’ਚ ਐਮ.ਪੀ ਹਨ। ਮੋਤੀ ਲਾਲ ਵੋਹਰਾ ਦੀ ਉਮਰ ਵੀ 90 ਸਾਲ ਹੈ। 1952 ਤੋਂ ਹੁਣ ਤੱਕ ਦਾ ਇਤਿਹਾਸ ਦੇਖੋ। ਕਾਮਰੇਡ ਇੰਦਰਜੀਤ ਗੁਪਤਾ ਸਭ ਤੋਂ ਵੱਧ 11 ਵਾਰ ਐਮ.ਪੀ ਰਹੇ। ਅਡਵਾਨੀ ਸੱਤ ਵਾਰ ਲੋਕ ਸਭਾ, ਚਾਰ ਵਾਰ ਰਾਜ ਸਭਾ ਮੈਂਬਰ ਬਣੇ। ‘ਉਮਰਾਂ ’ਚ ਕੀ ਰੱਖਿਐ’, ਕੋਈ ਇਨ੍ਹਾਂ ਬਾਬਿਆਂ ਨੂੰ ਪੁੱਛ ਕੇ ਦੇਖੋ ਜੋ ਬਿਮਾਰੀ ਦੇ ਲੱਛਣ ਦੇਖਣੋਂ ਖੁੰਝੇੇ। ਪਾਰਲੀਮੈਂਟ ’ਚ ਹੁੱਭ ਹੁੱਭ ਕੇ ਬੋਲਣ ਵਾਲੇ ਦੀ ਬੋਲਤੀ ਬੰਦ ਰਹੀ। ਅਡਵਾਨੀ ਦੀ ਹਾਜ਼ਰੀ 92 ਫੀਸਦੀ ਰਹੀ, ਪਾਰਲੀਮੈਂਟ ’ਚ ਪੰਜ ਵਰ੍ਹਿਆਂ ’ਚ ਬੋਲੇ ਤਿੰਨ ਮਿੰਟ। ਸਿਰਫ਼ 365 ਸ਼ਬਦ।
                15ਵੀਂ ਲੋਕ ਸਭਾ ’ਚ ਅਡਵਾਨੀ ਦੀ ਹਾਜ਼ਰੀ 91 ਫੀਸਦੀ ਰਹੀ, ਪਾਰਲੀਮੈਂਟ ਵਿਚ 35,926 ਸ਼ਬਦ ਬੋਲੇ ਸਨ। ਮੋਦੀ ਰਾਜ ’ਚ ਪੰਜ ਵਰੇ੍ਹ ਮੂਕ ਦਰਸ਼ਕ ਬਣੇ ਰਹੇ, ਹੁਣ ‘ਮਾਰਗ ਦਰਸ਼ਕ’ ਬਣੇ ਨੇ। ਹੰਸ ਰਾਜ ਹੰਸ ਗਾਉਂਦੈ ਫਿਰਦੈ, ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ।’ ਭਾਜਪਾ ਦੇ ਬਜ਼ੁਰਗ ਤਾਂ ਵਿਦਾ ਹੋ ਗਏ, ਦਿਨ ਰਾਜ ਨਾਥ ਨੂੰ ਵੀ ਅੱਛੇ ਨਹੀਂ ਜਾਪਦੇ। ਭਾਜਪਾ ਦੇ ਵਿਹੜੇ ਸਿੱਲ੍ਹੀ ਸਿੱਲ੍ਹੀ ਹਵਾ ਹਾਲੇ ਆਉਣੋ ਹਟੀ ਨਹੀਂ। ‘ਮਾਰਗ ਦਰਸ਼ਕ ਮੰਡਲ’ ਦੇ ਸਾਧੂ ਆਖਦੇ ਹਨ, ਹੁਣ ਨਗਰੀ ਦਾ ਰੱਬ ਰਾਖਾ। ਪੰਜਾਬ ਵਾਲੀ ਨਗਰੀ ਦਾ ਕੌਣ ਰਾਖਾ, ਇਹ ਵੀ ਤਾਂ ਦੱਸੋ। ਸੁਖਬੀਰ ਬਾਦਲ ਦੱਸਣ ਲੱਗਿਐ, ਕੈਪਟਨ ਤਾਂ ਘਰੋਂ ਨੀਂ ਨਿਕਲਦਾ , ਪੰਜਾਬ ਦੀ ਰਾਖੀ ਸੁਆਹ ਕਰੂ। ਲਓ, ਕਾਂਗਰਸੀ ਦਾ ਜੁਆਬ ਸੁਣੋ, ਚੋਣਾਂ ਵੇਲੇ ਤਾਂ ਨਿਕਲਦੈ। ਜੇ ਕਿਤੇ ਅਡਵਾਨੀ ਆਪਣੇ ਮਿੱਤਰ ਬਾਦਲ ਨਾਲ ਗੱਲ ਕਰਦੇ, ਜਰੂਰ ਕੋਈ ਹੱਲ ਨਿਕਲਦਾ। ਅਡਵਾਨੀ ਨਾਲੋਂ ਵੱਡੇ ਬਾਦਲ ਸਿਆਣੇ ਨਿਕਲੇ। ਅਕਾਲੀ ਵਿਹੜੇ ’ਚ ਕੋਈ ਚਾਹ ਵਾਲਾ ਖੰਘਣ ਨਹੀਂ ਦਿੱਤਾ। ਨਾਲੇ ਕਾਹਤੋਂ ਲੈਣ ਸਿਆਸੀ ਸੰਨਿਆਸ। ਮੋਦੀ ਤੇ ਸਾਹ ਕਿਤੇ ਵੱਡੇ ਬਾਦਲ ਤੋਂ ‘ਟਰੰਕ ਵਾਲੇ ਬਾਬੇ’ ਦੀ ਗੱਲ ਜਰੂਰ ਸੁਣਨ।
                ਪੁਰਾਣੇ ਵੇਲਿਆਂ ’ਚ ਕੁੜੀ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਇੱਕੋ ਸ਼ਰਤ ਰੱਖੀ, ਬਰਾਤ ’ਚ ਕੋਈ ਬਜ਼ੁਰਗ ਨਾ ਆਵੇ। ਬਰਾਤੀ ਇੱਕ ਬਾਬੇ ਨੂੰ ਟਰੰਕ ’ਚ ਬੰਦ ਕਰਕੇ ਲੈ ਗਏ। ਬਰਾਤ ਪੁੱਜੀ ਤਾਂ ਅੱਗਿਓਂ ਹੁਕਮ ਆਇਆ, ਹਰ ਬਰਾਤੀ ਇੱਕ ਇੱਕ ਬੱਕਰੇ ਖਾਵੇ। ਸਭ ਝਾਕਣ ਇੱਕ ਦੂਜੇ ਦੇ ਮੂੰਹ ਵੱਲ। ਟਰੰਕ ਖੋਲ੍ਹਿਆ ਤਾਂ ਬਾਬੇ ਨੇ ਮਸ਼ਵਰਾ ਦਿੱਤਾ, ਏਦਾਂ ਕਰੋਂ, ਸਭ ਬਰਾਤੀ ਇਕੱਠੇ ਬੈਠੋ, ਇੱਕ ਇੱਕ ਕਰਕੇ ਬੱਕਰਾ ਮੰਗਵਾਓ। ਜਦੋਂ ਬਰਾਤੀ ਸਭ ਬੱਕਰੇ ਛੱਕ ਗਏ, ਕੁੜੀ ਵਾਲਿਆਂ ਨੂੰ ਸ਼ੱਕ ਹੋਇਆ, ਬਰਾਤ ’ਚ ਜਰੂਰ ਕੋਈ ਬਜ਼ੁਰਗ ਆਇਆ। ਟਰੰਕ ਖੋਲਦਿਆਂ ਹੀ ਬਰਾਤ ਦੀ ਪੋਲ ਖੁੱਲ੍ਹ ਗਈ। ਸੌ ਹੱਥ ਰੱਸਾ, ਸਿਰੇ ਤੇ ਗੰਢ, ਤਾਹੀਂ ਤਾਂ ਸੰਕਟ ਵੇਲੇ ਅਕਾਲੀ ਟਰੰਕ ਖੋਲ੍ਹਦੇ ਨੇ। ਦੇਸ਼ ਦੇ ਲੋਕ ਅਕਲ ਵਾਲਾ ਟਰੰਕ ਕਦੋਂ ਖੋਲ੍ਹਣਗੇ। ਜੋ ਦੁੱਖਾਂ ਦੀ ਦਾਰੂ ਬਣਨ, ਪੀੜਾਂ ਦੇ ਰਾਹੀ ਬਣਨ, ਉਨ੍ਹਾਂ ਨੂੰ ਪਰਖੋ। ਜਿਨ੍ਹਾਂ ਦੀ ਚੜ੍ਹ ਮੱਚੀ ਐ, ਉਹ ਵੀ ਭੁਲੇਖੇ ’ਚ ਨਾ ਰਹਿਣ। ਏਹ ਵੋਟਰ ਵੀ ਘੱਟ ਚਾਲੂ ਨਹੀਂ, ਪਤਾ ਨਹੀਂ ਕਦੋਂ ਕੀਹਦਾ ਮੰਜਾ, ਤੂੜੀ ਵਾਲੇ ਕੋਠੇ ’ਚ ਡਾਹ ਦੇਣ। ਫਿਰ ਆਉਂਦੇ ਗਾਲਿਬ ਦਾ ਚੇਤਾ।



No comments:

Post a Comment