Sunday, March 17, 2019

                         ਵਿਚਲੀ ਗੱਲ
ਅਦਰਕ ਦੇ ਖੇਤ ’ਚ ਡਾਰਵਿਨ ਦੇ ਬਾਂਦਰ !
                         ਚਰਨਜੀਤ ਭੁੱਲਰ
ਬਠਿੰਡਾ : ਚਾਰਲਿਸ ਡਾਰਵਿਨ ਨੂੰ ਪਰਲੋਕ ’ਚ ਵੀ ਕਾਹਦਾ ਡਰ। ਵਿੱਛੜੀ ਰੂਹ ਨੂੰ ਉਦੋਂ ਜਰੂਰ ਕਾਂਬਾ ਛਿੜਿਆ ਹੋਊ ਜਦੋਂ ਸੱਤਿਆਪਾਲ ਗਰਜ਼ੇ। ਨਾਲੇ ਕੇਂਦਰੀ ਮੰਤਰੀ ਦਾ ਮੂੰਹ ਕੌਣ ਫੜੂ। ਜਦੋਂ ਹਕੂਮਤ ਦੀ ਗੁੱਡੀ ਚੜ੍ਹੀ ਹੋਵੇ, ਫਿਰ ਰੂਹਾਂ ਨਾਲ ਵੀ ਪੇਚੇ ਪੈਂਦੇ ਨੇ। ਭਾਜਪਾ ਮੰਤਰੀ ਇੰਝ ਫਰਮਾਏ, ‘ਡਾਰਵਿਨ ਝੂਠ ਬੋਲਦੈ, ਪੂਰਵਜਾਂ ਨੇ ਕਦੇ ਆਖਿਐ ਕਿ ਬੰਦੇ ਬਾਂਦਰ ਤੋਂ ਬਣੇ ਨੇ, ਡਾਰਵਿਨ ਕੱਢੋ ਸਿਲੇਬਸ ਚੋ ਬਾਹਰ।’ ਚਾਰਲਸ ਪੱਕਾ ਡਰਿਆ ਹੋਊ। ਚਾਰਲਸ ਦੇ ਕੰਨ ’ਚ ਹਰਿਆਣੇ ਦੇ ਮਰਹੂਮ ਵਿਧਾਇਕ ਗਯਾ ਰਾਮ ਨੇ ਫੂਕ ਮਾਰੀ, ‘ਪਿਆਰੇ, ਚੇਤ ਚੜ੍ਹਿਐ, ਹੁਣ ਲਾਹੋ ਡਰ, ਚੋਣਾਂ ’ਚ ਤੇਰੇ ਬੋਲ ਤਾਂ ਹੀ ਪੁੱਗਣੇ ਨੇ।’  ਡਾਰਵਿਨ ਦੀ ਰੂਹ ਨੂੰ ਭਾਰਤੀ ਚੋਣਾਂ ਚੋਂ ਸਕੂਨ ਮਿਲਦੈ। ਚੋਣਾਂ ਦੇ ਮੌਸਮ ’ਚ ਹੀ ਬਾਂਦਰ ਟਪੂਸੀਆਂ ਦਾ ਮਜਮਾ ਬੱਝਦੈ। ਜਦੋਂ ਜ਼ਮੀਰ ਸੌਂਦੀ ਹੈ, ਅੰਦਰਲਾ ਬਾਂਦਰ ਜਾਗਦੈ। ਮੁਫ਼ਾਦ ਲਈ ਟਪੂਸੀਆਂ ਵੱਜਦੀਆਂ ਨੇ। ਇੱਕ ਦਲ ਚੋ ਦੂਜੇ ਦਲ ’ਚ। ਦਾਲ ਨਾ ਗਲੀ ਤਾਂ ਤੀਜੇ ਦਲ ’ਚ। ਗੱਲ ਫਿਰ ਵੀ ਨਾ ਬਣੇ ਤਾਂ ਘਰ ਵਾਪਸੀ। ਕਾਂਗਰਸੀ ਐਮ.ਐਲ.ਏ ਜਵਾਹਰ ਚਾਵੜ੍ਹਾ ਨੇ ਜਦੋਂ ਹੱਥ ’ਚ ‘ਫੁੱਲ’ ਫੜਿਆ,ਗੁਜਰਾਤ ਦਾ ਮੰਤਰੀ ਬਣ ਗਿਆ। ਸੋਨੀਆ ਦਾ ਟੌਮ ਹੁਣ ਭਾਜਪਾਈ ਹੋ ਗਿਆ। ਐਮ.ਪੀ ਘੁਬਾਇਆ ਰਾਹੁਲ ਦਾ ਹੋ ਗਿਆ। ਹਰਿਆਣਾ ਦੇ ਆਜ਼ਾਦ ਵਿਧਾਇਕ ਗਯਾ ਰਾਮ ਨੇ 1967 ’ਚ ਨੌ ਘੰਟਿਆਂ ’ਚ ਤਿੰਨ ਵਾਰ ਪਾਰਟੀ ਬਦਲੀ ਤਾਂ ਉਦੋਂ ਸਿਆਸੀ ਸਗੂਫਾ ‘ਆਇਆ ਰਾਮ, ਗਯਾ ਰਾਮ’ ਜਨਮਿਆ।
        ਗਯਾ ਰਾਮ ਦਾ ਵਿਧਾਇਕ ਮੁੰਡਾ ਉਦੇ ਭਾਨ ਗੁੱਸਾ ਕਰਦਾ ਹੈ। ਅਖੇ ਹੀਰਾ ਨੰਦ ਨੇ ਇੱਕੋ ਦਿਨ ’ਚ ਸੱਤ ਵਾਰੀ ਪਾਰਟੀ ਬਦਲੀ, ਉਸ ਦਾ ਨੂੰ ਕੋਈ ਕੁਝ ਨਹੀਂ ਕਹਿੰਦਾ। ਕੋਈ ਕੁਝ ਵੀ ਕਹੇ, ਗਯਾ ਰਾਮ 2009 ਵਿਚ ਫਾਨੀ ਸੰਸਾਰ ਤੋਂ ਵਿਦਾ ਹੋ ਗਏ। ਡਾਰਵਿਨ ਨੇ ਪਰਲੋਕ ’ਚ ਗਯਾ ਰਾਮ ਨੂੰ ਜਰੂਰ ਜੱਫੀ ਪਾਈ ਹੋਊ। ਦੁਨਿਆਵੀ ਸੰਸਾਰ ’ਚ ਜੋ ਸਿਆਸੀ ਜੱਫੀਆਂ ਪੈ ਰਹੀਆਂ ਹਨ, ਉਨ੍ਹਾਂ ਵੱਲ ਘੁੰਮਦੇ ਹਾਂ। ਜਦੋਂ ਨਵਜੋਤ ਸਿੱਧੂ ਨੇ ‘ਹੱਥ’ ਫੜਿਆ ਤਾਂ ਸੁਖਬੀਰ ਬਾਦਲ ਨੇ ਨਵਜੋਤ ਨੂੰ ਬਾਂਦਰ ਤੱਕ ਆਖ ਦਿੱਤਾ। ਹੁਣ ਬੱਬੀ ਬਾਦਲ ਟਕਸਾਲੀ ਹੋਇਆ, ਉਸ ਤੋਂ ਪਹਿਲਾਂ ਟਕਸਾਲੀ ਦਾ ਭਤੀਜਾ ਅਕਾਲੀ ਹੋਇਐ। ਸੁਖਬੀਰ ਬਾਦਲ ਚੱੁਪ ਹਨ। ਜਦੋਂ ਸੀਟਾਂ 14 ਰਹਿ ਗਈਆਂ, ਉਦੋਂ ਦਲ ਬੋਲਿਆ ਸੀ , ‘ਸਾਨੂੰ ਤਾਂ ਦਲ ਬਦਲੂ ਲੈ ਬੈਠੇ’। ਜਦੋਂ ਉੱਲੂ ਸਿੱਧਾ ਕਰਨਾ ਹੋਵੇ ਤਾਂ ਟਪੂਸੀ ਰੁੱਤ ਹੀ ਬਹਾਰ ਬਣਦੀ ਹੈ। ਕਾਲੇ ਕੋਲੇ ਦੁੱਧ ਧੋਤੇ ਬਣਦੇ ਹਨ। ਚੌਧਰੀ ਭਜਨ ਲਾਲ ਦੀ ਟਪੂਸੀ ਸਭਨੂੰ ਚੇਤੇ ਹੈ। ਵੈਸੇ, ਵੱਡੇ ਬਾਦਲ ਪਹਿਲਾਂ ਕਾਂਗਰਸੀ ਐਮ.ਐਲ.ਏ ਬਣੇ ਸਨ, ਥੋਨੂੰ ਇਸ ਦਾ ਚੇਤਾ ਹੈ। ਅਮਰਿੰਦਰ ਸਿੰਘ ਵੀ ਅਕਾਲੀ ਅਖਾੜੇ ’ਚ ਘੁੰਮਿਆ। ਬੀਰਦਵਿੰਦਰ ਤੇ ਜਗਮੀਤ ਬਰਾੜ ਦੇ ,ਕਿਆ ਕਹਿਣੈ। ਚੋਣ ਬਾਜ਼ਾਰ ਸਜਿਆ ਹੈ। ਟਿਕਟਾਂ ਦੀ ਵੰਡ ਮਗਰੋਂ ਬਾਂਦਰ ਟਪੂਸੀਆਂ ਦੇਖਿਓ। ਨੇਤਾਵਾਂ ’ਚ ਟਪੂਸੀ ਵਾਲਾ ਜ਼ੀਨ ਮਰਿਆ ਨਹੀਂ। ਤਾਹੀਂ ਡਾਰਵਿਨ ਦੀ ਰੂਹ ਜਿੰਦਾ ਹੈ।
                ਚੋਣਾਂ ਵੇਲੇ ਇਕੱਲੀ ਹਯਾ ਨਹੀਂ ਮਰਦੀ, ਇਖਲਾਕ ਵੀ ਦਫ਼ਨ ਹੁੰਦਾ ਹੈ। ਅਦਰਕ ਦੇ ਸੁਆਦ ਨੂੰ ਕੌਣ ਭੁੱਲਿਐੇ। ਦਲ ਬਦਲੀ ਵਿਰੋਧੀ ਕਾਨੂੰਨ ਵੀ ਬਣਿਆ। ਅਗਲਿਆਂ ਖੁੰਢਾ ਕਰਕੇ ਰੱਖ ਦਿੱਤਾ। ‘ਜਿੱਤਣ ਵਾਲੇ ਨੂੰ ਟਿਕਟ’, ਸਭ ਦਾ ਇਹੋ ਫੰਡਾ ਹੈ। ‘ਟਕਸਾਲੀ’ ਟੇਸ਼ਨ ਤੇ ਖੜ੍ਹੇ ਰਹਿ ਜਾਂਦੇ ਨੇ। ਚੋਣ ਕਮਿਸ਼ਨ ਨੇ ‘ਸਿਰੋਪੇ’ ਦੀ ਕੀਮਤ ਵਧਾਈ ਹੈ। ਇੱਧਰ ਤੁਰ ਫਿਰ ਕੇ ਮੇਲਾ ਦੇਖਣ ਵਾਲਿਆਂ ਨੇ ‘ਸਿਰੋਪੇ’ ਦੀ ਆਭਾ ਘਟਾਈ ਹੈ। ਵੋਟਰ ਬਾਦਸ਼ਾਹ ‘ਜਵਾਲੇ ਨੇ ਕਿਹੜਾ ਸਾਹ ਹੋਣ ਜਾਣੈ’ ਆਖ ਕੇ ਲੋਕ ਰਾਜ ਨਾਲ ਨਿਭਾਈ ਜਾ ਰਿਹੈ। ਭਾਰਤੀ ਲੋਕ ਰਾਜ 76ਵੇਂ ਵਰੇ੍ਹ ਵਿਚ ਹੈ। ਏਨੀ ਉਮਰ ਹੀ ਅਬੋਹਰ ਹਲਕੇ ਦੇ ਬਜ਼ੁਰਗ ਵੋਟਰ ਲੋਕ ਰਾਜ ਦੀ ਹੈ। ਵੋਟ ਲੈਣ ਵਾਲੇ ਲੋਕ ਰਾਜ ਨੂੰ ਜ਼ਿੰਦਗੀ ਨਹੀਂ ਦੇ ਸਕੇ। ਮੁਲਕ ਵਿਚ ‘ਲੋਕ ਰਾਜ’ ਨਾਮ ਵਾਲੇ 506 ਵੋਟਰ ਹਨ ਜਦੋਂ ਕਿ ਪੰਜਾਬ ’ਚ 62। ਦੇਸ਼ ਦਾ ਸਭ ਤੋਂ ਬਜ਼ੁਰਗ ‘ਲੋਕ ਰਾਜ’ ਨਾਮ ਦਾ ਵੋਟਰ ਅਖਨੂਰ (ਜੰਮੂ ਕਸ਼ਮੀਰ) ’ਚ ਹੈ। ਉਸ ਦੇ ਬੁਰੇ ਦਿਨਾਂ ’ਤੇ ਕੋਈ ਸਰਜੀਕਲ ਹਮਲਾ ਨਹੀਂ ਕਰ ਸਕਿਆ। ਚੋਣਾਂ ’ਚ ਨੇਤਾ ਚਾਲ, ਦਲ ਬਦਲੂ ਬਾਣੇ ਬਦਲ ਲੈਂਦੇ ਨੇ। ਜਿੱਤਣ ਮਗਰੋਂ ਜ਼ਿੰਦਗੀ ਬਦਲ ਲੈਂਦੇ ਨੇ। ਪੰਜਾਬ-ਹਰਿਆਣਾ ਦੀ ਵੋਟਰ ਸੂਚੀ ਦੇਖਿਓ। ਗਯਾ ਰਾਮ ਨਾਮ ਦੇ ਸਿਰਫ਼ 23 ਵੋਟਰ ਬਚੇ ਹਨ। ਗਯਾ ਰਾਮ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਹਰ ਇੱਟ ’ਤੇ ਬੈਠੇ ਹਨ।
     ਲੋਕ ਕੁਰਲਾਉਂਦੇ ਨੇ, ‘ਨੀਤੀ ਬਦਲੋ, ਨੁਹਾਰ ਬਦਲੋ, ਦਿਸ਼ਾ ਬਦਲੋ, ਸੋਚ ਬਦਲੋ, ਗ੍ਰਹਿ ਚਾਲ ਬਦਲੋ, ਘੱਟੋ ਘੱਟ ਜ਼ਿੰਦਗੀ ਤਾਂ ਬਦਲੋੋ’। ਮੋਦੀ ਕਹਿੰਦਾ ਰਿਹਾ ‘ਭੈਣੋ ਅੌਰ ਭਾਈਓ, ਪਹਿਲਾਂ ਨੋਟ ਬਦਲੋ’। ਰਾਹੁਲ ਗਾਂਧੀ ਆਖਦੈ, ‘ਨੋਟਬੰਦੀ ਵਾਲੀ ਸਰਕਾਰ ਬਦਲੋ’। ਮੁਹਾਵਰਾ ਹੈ ‘ਬਾਂਦਰ ਦੇ ਗਲ ਮੋਤੀਆਂ ਦੇ ਹਾਰ’। ਵੋਟਰਾਂ ਕੋਲ ਤਾਂ ਚਿੱਟਾ ਧਨ ਵੀ ਨਹੀਂ,  ਵੋਟਾਂ ਦੇ ਹਾਰ ਜਰੂਰ ਨੇ। ਹਾਰਾਂ ਜਿੱਤਾਂ ਦੇ ਚੱਕਰ ’ਚ ਕਿਤੇ ਸਾਧਾ ਸਿਓ ਨੂੰ ਨਾ ਭੁੱਲ ਜਾਈਏ। ਪਤਾ ਨਹੀਂ ਕਿਥੇ ਸਿਰ ਫੜੀ ਬੈਠਾ ਹੋਊ। ਦਲੂ ਬਦਲੂ ਤਾਂ ਗਰੀਬ ਸਾਧਾ ਸਿਓ ਦੇ ਪੈਰ ਵਰਗੇ ਵੀ ਨਹੀਂ। ਗੱਲ ਗਿਆਰਾਂ ਸਾਲ ਪੁਰਾਣੀ ਹੈ। ਸਰਾਵਾਂ ਵਾਲੇ ਪੁਲ (ਕੋਟਕਪੂਰਾ) ਦੇ ਬੋਹੜ ਥੱਲੇ ਚਾਹ ਦਾ ਖੋਖਾ ਹੁੰਦਾ ਸੀ। ਘਰ ਰੱਖੀ ਮੱਝ ਦਾ ਦੁੱਧ ਲੈ ਕੇ ਸਾਧਾ ਬੋਹੜ ਥੱਲੇ ਆਉਂਦਾ। ਦੁੱਧ ਖਤਮ ਹੋ ਜਾਂਦਾ, ਪਤੀਲਾ ਚੁੱਕ ਘਰੇ ਤੁਰ ਜਾਂਦਾ। ਗਰੀਬ ਚਾਹ ਵਾਲੇ ਨੇ ਹਵਾ ਤੋਂ ਬਚਾਓ ਲਈ ਇੱਕ ਬੰਨ੍ਹੇ ਕੱਪੜੇ ਦਾ ਬੈਨਰ ਤਾਣਿਆ ਹੋਇਆ ਸੀ। ਬੈਨਰ ’ਤੇ ਵੱਡੀ ਫੋਟੋ ਛਪੀ ਹੋਈ ਸੀ, ਥੱਲੇ ਲਿਖਿਆ ਹੋਇਆ ਸੀ, ‘ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ’।
               ਸਾਧੇ ਦੇ ਪੱਕੇ ਗ੍ਰਾਹਕ ਬਥੇਰੇ ਸਨ। 2007 ’ਚ ਸਰਕਾਰ ਬਦਲ ਗਈ, ਸਾਧਾ ਸਿਓ ਨੇ ਬੈਨਰ ਨਾ ਬਦਲਿਆ। ਜਦੋਂ ਤਤਕਾਲੀ ਲੋਕ ਸੰਪਰਕ ਅਫਸਰ ਵਾਹਿਗੁਰੂਪਾਲ ਦੀ ਨਜ਼ਰ ਬੈਨਰ ਤੇ ਪਈ ਤਾਂ ਉਸ ਤੋਂ ਰਿਹਾ ਨਾ ਗਿਆ, ‘ਸਾਧਾ ਸਿਆਂ, ਹੁਣ ਤਾਂ ਬਾਦਲ ਸਰਕਾਰ ਆ ਗਈ, ਆਹ ਕੈਪਟਨ ਆਲਾ ਬੈਨਰ ਤਾਂ ਬਦਲ ਲੈ, ਨਾਲੇ ਤੇਰਾ ਖੋਖਾ ਸਰਕਾਰੀ ਥਾਂ ’ਚ ਲੱਗਿਐ।ਕੁਝ ਪਲਾਂ ਦੀ ਚੁੱਪ ਮਗਰੋਂ ਸਾਧਾ ਸਿਓ ਆਖਣ ਲੱਗਾ ‘ ਨਾ ਮੈਨੂੰ ਕੈਪਟਨ ਨੇ ਕੁਝ ਦਿੱਤੈ, ਨਾ ਹੀ ਬਾਦਲਾਂ ਨੇ ਦੇਣੈ, ਮੱਝ ਤੋਰਾ ਤੋਰਦੀ ਐ।’ ਉਦੋਂ ਸਭ ਚੁੱਪ ਹੋ ਗਏ ਜਦੋਂ ਸਾਧਾ ਸਿਓ ਨੇ ਅਗਲੀ ਗੱਲ ਆਖੀ, ‘ਸਰਦਾਰਾ, ਗੱਲ ਤਾਂ ਤੇਰੀ ਠੀਕ ਐ, ਸਮਾਂ ਵਿਚਾਰਨਾ ਚਾਹੀਦੈ ਪਰ ਚਿੱਤ ਜੇਹਾ ਨਹੀਂ ਮੰਨਦਾ, ਬੈਨਰ ਬਦਲ ਲਿਆ ਤਾਂ ਲੋਕ ਦਲ ਬਦਲੂ ਜਾ ਕਹਿਣਗੇ।’ ਜਦੋਂ ਹੁਣ ਲੀਡਰਾਂ ਦੀ ਬਾਂਦਰ ਟਪੂਸੀਆਂ ਵੇਖਦੇ ਹਾਂ ਤਾਂ ਚੇਤੇ ’ਚ ਸਾਧੇ ਦੇ ਬੋਲ ਗੰੂਜਣ ਲੱਗਦੇ ਨੇ। ਕਾਸ਼ ! ਦਲ ਬਦਲੂ ਵੀ ਸਾਧਾ ਸਿਓ ਦਾ ਜੂਠਾ ਖਾ ਲੈਂਦੇ।






4 comments:

  1. ਵਾਹ ਬਾਈ ਜੀ ਵਾਹ। ਤੁਹਾਡੀ ਕਲਮ ਨੂੰ ਸਲਾਮ ਹੈ। ਅਜੀਤ ਅਖਬਾਰ ਚ ਆਤਿਸ਼ਬਾਜ਼ੀ ਪੜਦਾ ਹੁੰਦਾ ਸੀ ਪਰ ਤੁਸੀਂ ਉਸਤੋਂ ਵੀ ਕਿਤੇ ਵਧੀਆ ਕਟਾਕਸ਼ ਕੀਤੇ ਨੇ ਅਖੌਤੀ ਲੋਕਤੰਤਰ ਤੇ ਉਸਦੇ ਦਲ ਬਦਲੂ ਨੁਮਾਇੰਦਿਆਂ ਤੇ। ਸ਼ੁਕਰਾਨੇ ਇਸ ਵੋਟਾਂ ਦੇ ਦੌਰ ਅੰਦਰ ਚੇਤਨਾ ਦੀ ਬੱਤੀ ਬਾਲਣ ਲਈ।

    ReplyDelete
  2. ਚਰਨਜੀਤ ਭੁੱਲਰ ਪੱਤਰਕਾਰ ਜਰੂਰ ਹੈ। ਪਰ ਪੀਲੀ ਪੱਤਰਕਾਰੀ ਤੋਂ ਕੋਹਾਂ ਦੂਰ ਹੈ। ਕਿਸੇ ਸਰਕਾਰ ਦੀ ਪੀਪਨੀ ਨਹੀਂ। ਸਿਰਫ ਲੋਕ ਹਿੱਤ ਦੀ ਗੱਲ ਕਰਦਾ ਹੈ। ਪੀਲੇ ਨੀਲੇ ਚਿੱਟੇ ਦਾ ਮੁਥਾਜ ਨਹੀਂ। ਸੱਚ ਬਿਆਨਦਾ ਹੈ। ਅਜਿਹੇ ਪਤਰਕਾਰਾਂ ਨੂੰ ਲੋਕ ਸਿਰਫਿਰੇ ਆਖਦੇ ਹਨ। ਜੋ ਵਹਿੰਦੀ ਗੰਗਾ ਵੀ ਹੱਥ ਨਹੀਂ ਧੋ ਸਕਦੇ। ਨੀਲੇ ਹਰੇ ਬੇਗੁਣੀ ਨੋਟਾਂ ਦਾ ਮੋਹ ਇਹਨਾਂ ਦੀ ਕਲਮ ਦੀ ਧਾਰ ਨਹੀਂ ਬਦਲ ਸਕਦਾ।
    ਸਲਾਮ ਵਾਇਆ ਪੰਜਾਬ ਨੂੰ।

    ReplyDelete
  3. ਵਾਹ ਭੁੱਲਰ ਸਾਹਬ ਚੰਗੀਆਂ ਟਕੋਰਾਂ ਕੀਤੀਆਂ ਦਲ ਬਦਲੂਆਂ ਤੇ

    ReplyDelete
  4. ਵਾਹ ਕੋਣ ਕਹਿੰਦਾ ਇੰਡੀਆ ਗਰੀਬ ਹੈ?
    ਚੌਕੀਦਾਰ ਆਪ ਹੀ ਕਰੋੜਪਤੀ ਤੇ ਉਸ ਦਾ ਖਬੇ ਸਜੇ ਹਥ ਦਾ ਮੁੰਡਾ - 100 ਕਰੋੜ ਦਾ ਮੁਨਾਫਾ ਕਮਾ ਗਿਆ - ਸੈਟ ਹੋ ਗਿਆ ਜਿੰਦਗੀ ਵਾਸਤੇ - ਜਿਥੇ ਪਹਿਲਾ ਸਾਲ ਵਿਚ ਸਿਰਫ 50 ਹਜਾਰ ਜੀ ਕਮਾਇਆ ਸੀ. ਇੰਦਿਰਾ ਗਾਂਧੀ ਦੀ emergency ਵੇਲੇ ਪੰਜਾਬ ਵਿਚ ਸਿਖੀ ਭੇਸ ਵਿਚ ਲੁਕ ਗਿਆ ਤੇ ਫਿਰ 2002 ਵਿਚ ਮੁਸਲਮਾਨਾ ਨੂ ਕੁਟ ਕੇ ਐਸਾ ਕੁਰਸਾ ਨਾਲ ਚ੍ਪਿਆ - 2014 ਵਿਚ ਹੀ ਕਰੋੜਪਤੀ ਸੀ finance ਮਿਨਿਸਟਰ ਜੇ ਚੋਣਾ ਹਾਰ ਗਿਆ ਤਾ ਹੋਰ election ਜਿਤਣ ਦੀ ਲੋੜ ਹੀ ਨਾ ਸਮਝੀ - ਕਿਓ ਇਨਾ ਦੇ ਪਿਓ ਦਾ ਹੀ ਰਾਜ ਹੈ
    https://timesofindia.indiatimes.com/india/Arun-Jaitley-is-richest-minister-PM-Narendra-Modi-has-assets-of-Rs-1-26-crore/articleshow/44543615.cms

    ReplyDelete