Thursday, March 28, 2024

                                                   ਵੱਡੇ ਤੇ ਛੋਟੇ ਭਰਾਵਾਂ ਦਾ
                                    ਹੁਣ ਤੋਲਿਆ ਜਾਊ ਸਿਆਸੀ ਵਜ਼ਨ
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਲੋਕ ਸਭਾ ਚੋਣਾਂ ’ਚ ਗੱਠਜੋੜ ਤੋਂ ਕਿਨਾਰਾ ਸਿਆਸੀ ਧਰਾਤਲ ’ਤੇ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਭਾਜਪਾ 1998 ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਚੋਣ ਪਿੜ ’ਚ ਇਕੱਲੀ ਨਿੱਤਰੇਗੀ। ਬੇਸ਼ੱਕ ਸੰਗਰੂਰ ਅਤੇ ਜਲੰਧਰ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਭਾਜਪਾ ਦੇ ਰਾਹ ਵੱਖੋ ਵੱਖਰੇ ਸਨ ਪਰ ਭਾਜਪਾ ਹੁਣ 13 ਲੋਕ ਸਭਾ ਸੀਟਾਂ ’ਤੇ ਆਪਣਾ ਸਿਆਸੀ ਵਜ਼ਨ ਤੋਲੇਗੀ। ਗੱਠਜੋੜ ਮੌਕੇ ਸ਼੍ਰੋਮਣੀ ਅਕਾਲੀ ਦਲ 10 ਸੀਟਾਂ ਤੋਂ ਚੋਣ ਲੜਦਾ ਰਿਹਾ ਹੈ ਜਦੋਂ ਕਿ ਭਾਜਪਾ ਦੇ ਹਿੱਸੇ ਤਿੰਨ ਸੀਟਾਂ ਰਹੀਆਂ ਹਨ। ਵੇਰਵਿਆਂ ਅਨੁਸਾਰ ਸਾਲ 2019 ਅਤੇ 2014 ਦੀਆਂ ਚੋਣਾਂ ਵਿਚ ਭਾਜਪਾ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕ੍ਰਮਵਾਰ 2 ਅਤੇ ਚਾਰ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਪੰਜਾਬ ਵਿਚ ਸਿੱਖ ਭਾਈਚਾਰੇ ਦੀ ਕਰੀਬ 57 ਫੀਸਦੀ ਅਤੇ ਹਿੰਦੂ ਭਾਈਚਾਰੇ ਦੀ 38 ਫੀਸਦੀ ਆਬਾਦੀ ਹੈ। ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਸ਼ਹਿਰੀ ਵੋਟਾਂ ਅਤੇ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਵੋਟ ਬੈਂਕ ਨੂੰ ਇੱਕੋ ਮੋਰੀ ਕੱਢਿਆ ਜਾਵੇ। 

        ਭਾਜਪਾ ਨੂੰ ਰਾਮ ਮੰਦਰ ਅਤੇ ਨਰਿੰਦਰ ਮੋਦੀ ਦੀਆਂ ਵਿਕਾਸ ਪ੍ਰਾਪਤੀਆਂ ’ਤੇ ਭਰੋਸਾ ਹੈ। ਸਿਆਸੀ ਮਾਹਿਰਾਂ ਅਨੁਸਾਰ ਭਾਜਪਾ ਵੱਲੋਂ ਹੁਣ 13 ਲੋਕ ਸਭਾ ਹਲਕਿਆਂ ਵਿਚ ਸ਼ਹਿਰੀ ਵੋਟ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਅਤੇ ਭਾਜਪਾ ਨੂੰ ਆਸ ਹੈ ਕਿ ਉਹ ਆਪਣੇ ਵੋਟ ਬੈਂਕ ਵਿਚ ਵਾਧਾ ਕਰਨ ਵਿਚ ਕਾਮਯਾਬ ਹੋਵੇਗੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਟਕਸਾਲੀ ਵੋਟ ਬੈਂਕ ’ਤੇ ਧਿਆਨ ਕੇਂਦਰਿਤ ਕਰਨਾ ਹੈ ਤਾਂ ਜੋ ਕਿਸਾਨਾਂ ਅਤੇ ਪੰਥਕ ਵੋਟ ਬੈਂਕ ਨੂੰ ਮੁੜ ਅਕਾਲੀ ਦਲ ਨਾਲ ਜੋੜਿਆ ਜਾ ਸਕੇ। ਦੇਖਣਾ ਹੋਵੇਗਾ ਕਿ ਕਿਸਾਨੀ ਅਕਾਲੀ ਦਲ ਦਾ ਕਿੰਨਾ ਕੁ ਸਾਥ ਦਿੰਦੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਐੱਨਡੀਏ ਨਾਲੋਂ ਨਾਤਾ ਤੋੜਿਆ ਸੀ ਤਾਂ ਉਸ ਮਗਰੋਂ ਹੋਈਆਂ ਅਸੈਂਬਲੀ ਚੋਣਾਂ (2002) ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਤਿੰਨ ਸੀਟਾਂ ਹਾਸਲ ਹੋਈਆਂ ਸਨ। ਸਿਆਸੀ ਹਲਕੇ ਆਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਲਈ ਆਪਣੇ ਟਕਸਾਲੀ ਵੋਟ ਬੈਂਕ ਦਾ ਭਰੋਸਾ ਜਿੱਤਣਾ ਮੁੱਖ ਚੁਣੌਤੀ ਹੋਵੇਗਾ। 

       ਸ਼੍ਰੋਮਣੀ ਅਕਾਲੀ ਦਲ ਨੂੰ ਰੰਜ ਹੈ ਕਿ ਭਾਜਪਾ ਹਕੂਮਤ ਨੇ ਬੰਦੀ ਸਿੰਘਾਂ ਅਤੇ ਕਿਸਾਨੀ ਮੁੱਦਿਆਂ ’ਤੇ ਨਰਮਗੋਸ਼ਾ ਨਹੀਂ ਦਿਖਾਇਆ ਹੈ। ਉਧਰ, ਭਾਜਪਾ ਇਸ ਗੱਲੋਂ ਧਰਵਾਸ ਵਿਚ ਹੈ ਕਿ ਅਕਾਲੀ ਦਲ ਦੇ ਮੌਜੂਦਾ ਪੈਂਤੜਿਆਂ ਕਰਕੇ ਭਾਜਪਾ ਦਾ ਸ਼ਹਿਰੀ ਵੋਟ ਬੈਂਕ ਦਾ ਧਰੁਵੀਕਰਨ ਹੋ ਜਾਵੇਗਾ। ਗੱਠਜੋੜ ਨਾ ਹੋਣ ਕਾਰਨ ਕਈ ਉਮੀਦਵਾਰਾਂ ਦੇ ਸੁਫਨਿਆਂ ’ਤੇ ਪਾਣੀ ਫਿਰ ਸਕਦਾ ਹੈ। ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਭਾਜਪਾ ਉਮੀਦਵਾਰ ਬਣਾ ਸਕਦੀ ਹੈ। ਬਠਿੰਡਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਸੰਭਾਵੀ ਉਮੀਦਵਾਰ ਹਨ। ਭਾਜਪਾ ਦੇ ਸੀਨੀਅਰ ਆਗੂ ਦਿਆਲ ਸੋਢੀ ਅਨੁਸਾਰ ਭਾਜਪਾ ਸਰਕਾਰ ਨੇ ਕਈ ਕਿਸਾਨ ਪੱਖੀ ਫੈਸਲੇ ਲਏ ਹਨ ਅਤੇ ਲੰਘੇ ਦਸ ਵਰ੍ਹਿਆਂ ਵਿਚ ਫਸਲਾਂ ਚੁੱਕਣ ਵਿਚ ਫੁਰਤੀ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪੇਂਡੂ ਖੇਤਰ ਵਿਚ ਆਧਾਰ ਖੁਸ ਚੁੱਕਾ ਹੈ ਜਿਸ ਦਾ ਲਾਹਾ ਭਾਜਪਾ ਨੂੰ ਮਿਲੇਗਾ।

                                                         ਮਿਸ਼ਨ ਭਾਜਪਾ 
                                      ਸਿਆਸੀ ਤੋਪ ਦਾ ਪੰਜਾਬ ਵੱਲ ਰੁਖ਼
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਭਾਜਪਾ ਦੇ ‘ਮਿਸ਼ਨ ਪੰਜਾਬ’ ਨੇ ਸਿਆਸੀ ਧਿਰਾਂ ’ਚ ਸਿਆਸੀ ਤੌਖਲੇ ਪੈਦਾ ਕਰ ਦਿੱਤੇ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਚੌਕੰਨੀ ਹੋ ਗਈ ਹੈ ਅਤੇ ਆਪਣੇ ਵਿਧਾਇਕਾਂ ਨੂੰ ਮੁਸਤੈਦ ਕਰ ਦਿੱਤਾ ਹੈ। ਦਿੱਲੀ ਵਿੱਚ ਅੱਜ ਜਲੰਧਰ ਤੋਂ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਤੇ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਲੰਘੇ ਦਿਨ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਭਾਜਪਾ ’ਚ ਸ਼ਾਮਲ ਹੋਏ ਸਨ। ਪੰਜਾਬ ਵਿਚ ਭਾਜਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ ਤੇ ਨਾਲ ਹੀ ਕਾਂਗਰਸ ਤੇ ‘ਆਪ’ ਨੂੰ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਨੇ ਦੂਸਰੇ ਸੂਬਿਆਂ ਵਾਂਗ ਹੁਣ ਪੰਜਾਬ ਵੱਲ ਆਪਣਾ ਰੁਖ਼ ਕਰ ਲਿਆ ਹੈ ਜਿਸ ਪਿੱਛੇ ਸਿਆਸੀ ਭੰਨਤੋੜ ਦੀ ਰਣਨੀਤੀ ਹੋ ਸਕਦੀ ਹੈ। ਲੰਘੇ ਦੋ ਦਿਨਾਂ ਦੌਰਾਨ ਕਾਂਗਰਸੀ ਤੇ ‘ਆਪ’ ਆਗੂਆਂ ਦੀ ਸ਼ਮੂਲੀਅਤ ਤੋਂ ਭਾਜਪਾ ਦੇ ਮਨਸੂਬੇ ਸਾਫ਼ ਹੋਣ ਲੱਗੇ ਹਨ। 

       ਆਉਂਦੇ ਦਿਨਾਂ ਵਿਚ ‘ਮਿਸ਼ਨ ਪੰਜਾਬ’ ਤਹਿਤ ਭਾਜਪਾ ਆਪਣੇ ਵਿਰੋਧੀਆਂ ਨੂੰ ਹੋਰ ਹਲੂਣਾ ਦੇ ਸਕਦੀ ਹੈ। ਇਸੇ ਦੌਰਾਨ ਅੱਜ ਈਡੀ ਵੱਲੋਂ ਪੰਜਾਬ ’ਚ ਮਾਰਿਆਂ ਛਾਪਿਆਂ ਤੋਂ ਵੀ ਸੰਕੇਤ ਮਿਲਦੇ ਹਨ ਕਿ ਭਾਜਪਾ ਦੇ ਇਰਾਦੇ ਠੀਕ ਨਹੀਂ। ਭਾਜਪਾ ਦੀ ਜਲੰਧਰ ਇਕਾਈ ਨੇ ਤਾਂ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਕਿਹਾ ਹੈ ਕਿ ‘ਆਪ’ ਵਰਕਰ ਭਾਜਪਾ ’ਚ ਸ਼ਾਮਲ ਹੋਏ ਆਗੂਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਨ ਜਿਨ੍ਹਾਂ ਨੂੰ ਰੋਕਿਆ ਜਾਵੇ। ਚਰਚੇ ਹਨ ਕਿ ਕਾਂਗਰਸ ’ਚੋਂ ਕੁੱਝ ਅਹਿਮ ਆਗੂ ਵੀ ਭਾਜਪਾ ’ਚ ਜਾ ਸਕਦੇ ਹਨ ਤੇ ਇਨ੍ਹਾਂ ਅਫਵਾਹਾਂ ਦੇ ਚੱਲਦਿਆਂ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਸਪੱਸ਼ਟ ਕਰਨਾ ਪਿਆ ਕਿ ਜੇ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਨਾ ਵੀ ਬਣਾਇਆ ਤਾਂ ਵੀ ਉਹ ਕਾਂਗਰਸ ’ਚ ਹੀ ਰਹਿਣਗੇ। ਰਵਨੀਤ ਬਿੱਟੂ ਦੀ ਭਾਜਪਾ ’ਚ ਸ਼ਮੂਲੀਅਤ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ ਜਦਕਿ ਪਹਿਲਾਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਡਾ. ਰਾਜ ਕੁਮਾਰ ਚੱਬੇਵਾਲ ‘ਆਪ’ ਦਾ ਪੱਲਾ ਫੜ੍ਹ ਚੁੱਕੇ ਹਨ।

        ਕਾਂਗਰਸ ਤੇ ‘ਆਪ’ ਨੇ ਭਾਜਪਾ ਦੀ ਟੇਢੀ ਨਜ਼ਰ ਨੂੰ ਤੱਕਦਿਆਂ ਆਪਣੇ ਆਗੂਆਂ ਨਾਲ ਤਾਲਮੇਲ ਵਧਾ ਦਿੱਤਾ ਹੈ। ਦੂਸਰੀ ਤਰਫ਼ ਭਾਜਪਾ ਦੀ ਟਕਸਾਲੀ ਲੀਡਰਸ਼ਿਪ ਅੰਦਰੋ-ਅੰਦਰੀ ਇਨ੍ਹਾਂ ਦਲ ਬਦਲੂਆਂ ਤੋਂ ਔਖ ਵਿੱਚ ਤਾਂ ਹੈ ਪਰ ਕੋਈ ਬੋਲਣ ਦੀ ਜੁਰੱਅਤ ਨਹੀਂ ਦਿਖਾ ਰਿਹਾ ਹੈ। ਕਈ ਟਕਸਾਲੀ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਦੀ ਪਹਿਲੀ ਕਤਾਰ ’ਚ ਹੁਣ ਪੁਰਾਣੇ ਕਾਂਗਰਸੀ ਬੈਠੇ ਹਨ ਜਦੋਂ ਕਿ ਪਾਰਟੀ ਦੇ ਟਕਸਾਲੀ ਲੀਡਰ ਹੁਣ ਦੂਜੀ ਸਫ਼ ’ਚ ਬੈਠੇ ਹਨ। ਸੂਤਰ ਆਖਦੇ ਹਨ ਕਿ ਭਾਜਪਾ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਜਦਕਿ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਉਮੀਦਵਾਰ ਬਣਾ ਸਕਦੀ ਹੈ। ਲੁਧਿਆਣਾ ਤੋਂ ਰਵਨੀਤ ਬਿੱਟੂ ਅਤੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਾਈ ਜਾ ਸਕਦੀ ਹੈ।

        ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁਤਾਬਕ ਕਦੇ ਕੋਈ ਸੋਚ ਨਹੀਂ ਸਕਦਾ ਸੀ ਕਿ ਕਾਂਗਰਸੀ ਟਿਕਟ ’ਤੇ ਤਿੰਨ ਵਾਰ ਐੱਮਪੀ ਬਣੇ ਰਵਨੀਤ ਬਿੱਟੂ ਇਸ ਤਰ੍ਹਾਂ ਪਾਰਟੀ ਨਾਲ ਗੱਦਾਰੀ ਕਰਨਗੇ। ਉਨ੍ਹਾਂ ਕਿਹਾ, ‘‘ਹਲਕੇ ਦੇ ਲੋਕਾਂ ਦਾ ਫੋਨ ਨਾ ਚੁੱਕਣਾ ਬਿੱਟੂ ਦੀ ਆਦਤ ਸੀ ਜਿਸ ਕਰ ਕੇ ਲੋਕਾਂ ਵਿੱਚ ਉਸ ਦਾ ਆਧਾਰ ਖੁਰ ਚੁੱਕਾ ਸੀ। ਪੰਜਾਬ ਦੇ ਲੋਕ ਗੱਦਾਰੀ ਕਰਨ ਵਾਲਿਆਂ ਨੂੰ ਕਦੇ ਮੁਆਫ਼ ਨਹੀਂ ਕਰਦੇ।’’ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਨਾ ਭੁੱਲਣ ਵਾਲੀ ਗੱਦਾਰੀ ਕੀਤੀ ਹੈ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਪਿਆਰ ਕਰਨ ਵਾਲੇ ਲੋਕ ਅੱਜ ਖ਼ੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਰਵਨੀਤ ਬਿੱਟੂ ਨੂੰ ਭੁਗਤਣਾ ਪਵੇਗਾ।

Monday, March 25, 2024

                                                        ਸਿਆਸੀ ਟੇਵਾ
                             ਰਾਜਸੀ ਧਿਰਾਂ ਨੂੰ ‘ਗਾਰੰਟੀ’ ਨਹੀਂ ਦਿੰਦਾ ਪੰਜਾਬ
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦਾ ਵੋਟਰ ਲੋਕ ਸਭਾ ਚੋਣਾਂ ’ਚ ਕਿਸੇ ਵੀ ਸਿਆਸੀ ਪਾਰਟੀ ਨੂੰ ਪੱਕੀ ‘ਗਾਰੰਟੀ’ ਨਹੀਂ ਦਿੰਦਾ ਅਤੇ ਸਿਆਸੀ ਧਿਰਾਂ ਦੇ ਕਿਆਸ ਕਦੇ ਸਹੀ ਅਤੇ ਕਦੇ ਗ਼ਲਤ ਹੁੰਦੇ ਰਹੇ ਹਨ। ਸੱਤਾਧਾਰੀ ਤੇ ਵਿਰੋਧੀ ਧਿਰ ਨੇ ਵੋਟਰਾਂ ਨੂੰ ਹਮੇਸ਼ਾ ਚੋਣਾਂ ਮੌਕੇ ਚੋਗਾ ਪਾਇਆ ਪ੍ਰੰਤੂ ਵੋਟਰਾਂ ਨੇ ਵੋਟ ਦਾ ਇਸਤੇਮਾਲ ਕਰਨ ਸਮੇਂ ਆਪਣੀ ਜ਼ਮੀਰ ਦੀ ਸੁਣੀ। ਲੋਕ ਸਭਾ ਚੋਣਾਂ ਦੇ ਅਤੀਤ ਦੇ ਨਤੀਜੇ ਦੇਖਿਆਂ ਇਹ ਗੱਲ ਪੱਲੇ ਪੈਂਦੀ ਹੈ ਕਿ ਕੋਈ ਵੀ ਸਿਆਸੀ ਧਿਰ ਚੋਣ ਨਤੀਜਿਆਂ ਬਾਰੇ ਅਗਾਊਂ ਅੰਦਾਜ਼ੇ ਨਹੀਂ ਲਾ ਸਕਦੀ। ਆਮ ਆਦਮੀ ਪਾਰਟੀ ਦੇ ਦਾਅਵੇ ਅਤੀਤ ਦੇ ਚੁਣਾਵੀਂ ਰੌਂਅ ਨੂੰ ਕਿੰਨਾ ਕੁ ਮੋੜਾ ਦੇਣਗੇ, ਚੋਣ ਨਤੀਜਿਆਂ ਤੋਂ ਹੀ ਪਤਾ ਚੱਲੇਗਾ। ਤੱਥਾਂ ਅਨੁਸਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੂਬੇ ’ਚ ਕਾਂਗਰਸ ਸਰਕਾਰ ਸੀ ਤੇ ਉਸ ਸਮੇਂ ਸੱਤਾਧਾਰੀ ਧਿਰ ਨੂੰ ਅੱਠ ਸੀਟਾਂ ਮਿਲੀਆਂ। ਦੂਸਰਾ ਪਾਸਾ ਦੇਖੀਏ ਕਿ ਜਦੋਂ 2004 ਵਿਚ ਕਾਂਗਰਸੀ ਰਾਜ ਭਾਗ ਦੌਰਾਨ ਲੋਕ ਸਭਾ ਦੇ ਨਤੀਜੇ ਆਏ ਤਾਂ ਸੱਤਾਧਾਰੀ ਧਿਰ ਨੂੰ ਸਿਰਫ਼ ਦੋ ਸੀਟਾਂ ਹਾਸਲ ਹੋਈਆਂ।

         ਇਵੇਂ ਪੰਜਾਬ ’ਚ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਤਾਂ ਉਦੋਂ ਸੱਤਾਧਾਰੀ ਧਿਰ ਨੂੰ ਸਾਲ 2014 ਵਿਚ ਚਾਰ ਸੀਟਾਂ ਅਤੇ ਸਾਲ 2009 ਵਿੱਚ ਵੀ ਚਾਰ ਸੀਟਾਂ ਹੀ ਮਿਲੀਆਂ ਸਨ। 2019 ਵਿਚ ਕਾਂਗਰਸੀ ਹਕੂਮਤ ਸਮੇਂ ਸ਼੍ਰੋਮਣੀ ਅਕਾਲੀ ਦਲ ਦੋ ਸੀਟਾਂ ਤੱਕ ਹੀ ਸੀਮਿਤ ਰਹਿ ਗਿਆ। ਪੰਜਾਬ ਦੇ ਵੋਟਰ ਨੇ ਕਦੇ ਵੀ ਸੱਤਾਧਾਰੀ ਧਿਰ ਨੂੰ ਵੋਟਾਂ ਦੀ ਪੱਕੀ ਗਾਰੰਟੀ ਨਹੀਂ ਦਿੱਤੀ। ਰਾਜਸੀ ਰੁਝਾਨ ਦੇਖੀਏ ਤਾਂ ਸਾਲ 1996 ਤੋਂ ਬਾਅਦ ਕਾਂਗਰਸ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਦੋ ਦਫਾ ਸਾਲ 1999 ਅਤੇ ਸਾਲ 2009 ਵਿਚ ਅੱਠ ਅੱਠ ਸੀਟਾਂ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਸਾਲ 1996 ਅਤੇ ਸਾਲ 1998 ਵਿਚ ਅੱਠ-ਅੱਠ ਸੀਟਾਂ ਅਤੇ ਮੁੜ ਸਾਲ 2004 ਵਿਚ ਵੀ ਅੱਠ ਸੀਟਾਂ ਜਿੱਤਿਆਂ ਹਨ। ਆਮ ਆਦਮੀ ਪਾਰਟੀ ਦਾ ਹੁਣ ਦਾਅਵਾ ਹੈ ਕਿ ਉਹ ‘13-0’ ਕਰਨਗੇ। ਪੁਰਾਣੇ ਰੁਝਾਨ ਨੂੰ ਮੋੜਾ ਦੇਣਾ ‘ਆਪ’ ਲਈ ਔਖਾ ਜਾਪਦਾ ਹੈ।ਅਗਾਂਹ ਦੇਖੀਏ ਤਾਂ ਸਾਲ 1996 ਤੋਂ ਵਰ੍ਹਾ 2019 ਤੱਕ ਲੋਕ ਸਭਾ ਦੀਆਂ ਸੱਤ ਚੋਣਾਂ ਹੋਈਆਂ ਹਨ। 

        ਇਨ੍ਹਾਂ ਸੱਤ ਚੋਣਾਂ ਚੋਂ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਵਾਰ ਵੱਧ ਸੀਟਾਂ ਹਾਸਲ ਕੀਤੀਆਂ ਹਨ ਜਦਕਿ ਕਾਂਗਰਸ ਨੇ ਤਿੰਨ ਵਾਰ ਵੱਧ ਸੀਟਾਂ ਪ੍ਰਾਪਤ ਕੀਤੀਆਂ ਹਨ। ਕਿਸੇ ਸਿਆਸੀ ਧਿਰ ਨੂੰ ਇਨ੍ਹਾਂ ਸੱਤ ਚੋਣਾਂ ਦੌਰਾਨ ਵੱਧ ਤੋਂ ਵੱਧ ਅੱਠ ਸੀਟਾਂ ਮਿਲੀਆਂ ਹਨ। ‘ਆਪ’ ਨੂੰ 2014 ਵਿਚ ਪਹਿਲੀ ਵਾਰ ਚਾਰ ਸੀਟਾਂ ਪ੍ਰਾਪਤ ਹੋਈਆਂ ਸਨ ਜਦਕਿ ਸਾਲ 2019 ਵਿਚ ਇਕੱਲੀ ਸੰਗਰੂਰ ਲੋਕ ਸਭਾ ਸੀਟ ਤੋਂ ਭਗਵੰਤ ਮਾਨ ਨੇ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ ਨੂੰ ਅਕਾਲੀ ਦਲ ਨਾਲ ਗੱਠਜੋੜ ਦੇ ਹੁੰਦੇ ਹੋਏ ਸਾਲ 1998 ਅਤੇ ਸਾਲ 2004 ਵਿਚ ਤਿੰਨ-ਤਿੰਨ ਸੀਟਾਂ ’ਤੇ ਜਿੱਤ ਹਾਸਲ ਹੋਈ ਜਦਕਿ ਸਾਲ 1999 ਅਤੇ ਸਾਲ 2009 ਵਿਚ ਸਿਰਫ ਇੱਕ-ਇੱਕ ਸੀਟ ’ਤੇ ਹੀ ਸਬਰ ਕਰਨਾ ਪਿਆ। ਪਿਛਲੀ 2019 ਅਤੇ ਸਾਲ 2014 ਵਾਲੀ ਚੋਣ ਵਿਚ ਭਾਜਪਾ ਨੂੰ ਕੇਵਲ ਦੋ ਦੋ ਸੀਟਾਂ ਪ੍ਰਾਪਤ ਹੋਈਆਂ। ਪੰਜਾਬੀ ਸੂਬਾ ਬਣਨ ਮਗਰੋਂ ਸਾਲ 1991 ਵਿਚ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ 12 ਸੀਟਾਂ ਜਿੱਤੀਆਂ ਸਨ ਤੇ ਇਸੇ ਤਰ੍ਹਾਂ 1980 ਵਿੱਚ ਮੁੜ ਇੰਦਰਾ ਗਾਂਧੀ ਦਾ ਉਭਾਰ ਹੋਇਆ ਤਾਂ ਉਸ ਵਕਤ ਵੀ 12 ਸੀਟਾਂ ਪ੍ਰਾਪਤ ਹੋਈਆਂ ਸਨ।

         ਸਾਲ 1957 ਵਿਚ ਕਾਂਗਰਸ ਨੇ ਸਾਂਝੇ ਪੰਜਾਬ ਵੇਲੇ ਕੁੱਲ 22 ਸੀਟਾਂ ’ਚੋਂ 21 ਸੀਟਾਂ ਜਿੱਤੀਆਂ ਸਨ ਅਤੇ ਇੱਕ ਸੀਟ ਸੀਪੀਆਈ ਦੇ ਹਿੱਸੇ ਆਈ ਸੀ। ਪਹਿਲੀਆਂ ਆਮ ਚੋਣਾਂ ਵਿਚ ਸਾਲ 1952 ਵਿਚ ਕੁੱਲ 16 ਸੀਟਾਂ ਜਿੱਤੀਆਂ ਸਨ। ਬਹੁਜਨ ਸਮਾਜ ਪਾਰਟੀ ਦੀ ਤਿੰਨ ਲੋਕ ਸਭਾ ਚੋਣਾਂ ਹੀ ਕਾਰਗੁਜ਼ਾਰੀ ਠੀਕ ਰਹੀ ਹੈ ਜਿਨ੍ਹਾਂ ’ਚੋਂ ਸਾਲ 1989 ਅਤੇ ਸਾਲ 1991 ਦੀਆਂ ਚੋਣਾਂ ਵਿਚ ਬਸਪਾ ਨੇ ਇੱਕ ਇੱਕ ਸੀਟ ਜਿੱਤੀ ਜਦਕਿ ਸਾਲ 1996 ਵਿਚ ਬਸਪਾ ਨੇ ਤਿੰਨ ਸੀਟਾਂ ਜਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ (ਮਾਨ) ਨੇ ਸਾਲ 1989 ਵਿਚ ਸਭ ਤੋਂ ਵੱਧ ਛੇ ਸੀਟਾਂ ਜਿੱਤੀਆਂ ਸਨ ਤੇ ਸਾਲ 1999 ਵਿਚ ਇੱਕ ਸੀਟ ਜਿੱਤੀ ਸੀ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੀ ਜ਼ਿਮਨੀ ਚੋਣ ਵੀ ਜਿੱਤੀ ਹੈ। ਆਜ਼ਾਦ ਉਮੀਦਵਾਰ ਸਾਲ 1952 ਤੋਂ ਹੁਣ ਤੱਕ ਸਿਰਫ ਦੋ ਵਾਰ ਹੀ ਕਾਮਯਾਬ ਹੋਏ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਤਿੰਨ ਵਾਰ ਉਮੀਦਵਾਰ ਜਿੱਤੇ ਹਨ। ਮਾਰਕਸਵਾਦੀ ਪਾਰਟੀ ਦਾ ਕੇਵਲ ਇੱਕ ਉਮੀਦਵਾਰ 1977 ਵਿਚ ਜੇਤੂ ਰਿਹਾ ਸੀ।

Saturday, March 23, 2024

                                               ਪੋਤੜਾ ਗਣਰਾਜ...!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ‘ਮਾਈ ਲਾਰਡ’, ਕਿਸੇ ਦੇ ਦਵੰਨੀ ਦੇ ਰਵਾਦਾਰ ਨਹੀਂ। ਲੋਈ ’ਤੇ ਕੋਈ ਦਾਗ਼ ਹੁੰਦਾ, ‘ਚੋਣ ਬਾਂਡ ਸਕੀਮ’ ਦੀ ਇੰਜ ਧੋਤੀ ਨਾ ਉਤਾਰਦਾ। ‘ਮਾਈ ਲਾਰਡ’, ਅਸਾਂ ਦਾ ਗਣਰਾਜ ਹੁੰਦਾ, ਤੁਸਾਂ ਨੂੰ ਗਾਰਡ ਆਫ਼ ਆਨਰ ਦਿੰਦੇ, ਨਾਲੇ ਇੱਕ ਸੌ ਇੱਕੀ ਤੋਪਾਂ ਦੀ ਸਲਾਮੀ। ਹਕੂਮਤ ਦੀ ਢਕੀ ਰਿੱਝਣ ਨਹੀਓਂ ਦਿੱਤੀ। ਤਾਹੀਓਂ ਭਾਜਪਾ ਦੀ ਖਾੜੀ ’ਚੋਂ ਏਨਾ ਤੂਫ਼ਾਨ ਉਠਿਐ। ‘ਮਾਈ ਲਾਰਡ’ ਨੇ ਜ਼ਰੂਰ ਕਿਸੇ ਮਹਾਪੁਰਸ਼ ਦਾ ਜੂਠਾ ਛਕਿਆ ਹੋਊ। ਫ਼ਿਲਮ ‘ਮਾਚਿਸ’ ਦਾ ਹੀਰੋ ਚੰਦਰਚੂੜ ਸਿੰਘ ਵੀ, ਇਸੇ ਖ਼ੁਸ਼ੀ ’ਚ ਚਰਖਾ ਚਲਾ ਰਿਹੈ...‘ਚੱਪਾ ਚੱਪਾ ਚਰਖਾ ਚੱਲੇ।’

       ਨਿਆਣੀ ਉਮਰੇ ‘ਮਾਈ ਲਾਰਡ’ ਨੂੰ, ਜ਼ਰੂਰ ਪਿਤਾ ਜੀ ਨੇ ਚੰਡਿਆ ਹੋਊ, ਮਾਂ ਨੇ ਕੰਨ ਪੁੱਟੇ ਹੋਣਗੇ, ਕੁੰਦਨ ਕੋਈ ਐਵੇਂ ਥੋੜ੍ਹਾ ਬਣਦੇ ਨੇ। ਰੰਜਨ ਗੋਗੋਈ ਤਾਂ ਜਣਾ ਖ਼ਣਾ ਵੀ ਬਣ ਸਕਦੈ। ਸੱਚ ਹੈ ਕਿ ਬੰਦੇ ਨਿਆਂ ਉਡੀਕਦੇ ਬਿਰਖ ਵੀ ਬਣਦੇ ਨੇ ਪਰ ਆਹ ਫ਼ਿਲਮ ਵਿਚਲਾ ਅਦਾਲਤੀ ਸੀਨ ਥੋੜ੍ਹਾ ਧਰਵਾਸ ਦਿੰਦੈ, ‘ਸਾਲੋਂ ਮੇਂ ਏਕ ਬਾਰ ਕਭੀ ਕੋਈ ਐਸਾ ਕੇਸ ਆਤਾ ਹੈ, ਜਬ ਇਸ ਕੁਰਸੀ ਪੇ ਬੈਠਣੇ ਕਾ ਕੋਈ ਅਫ਼ਸੋਸ ਨਹੀਂ ਹੋਤਾ।’ ਇਨਸਾਫ਼, ਉਂਜ ਗਲੀ ਵਿਚ ਲੇਟਿਆ ਹੋਇਆ ਕੁੱਤਾ ਐ, ਜੀਹਨੂੰ ਆਉਂਦਾ ਜਾਂਦਾ ਕੋਈ ਵੀ ਲੱਤ ਮਾਰ ਦਿੰਦੈ।

       ਇੱਕ ਓਹ ਸੁਨਹਿਰੀ ਯੁੱਗ ਸੀ, ਜਦ ‘ਗੁਪਤ ਸਾਮਰਾਜ’ ਛਾਇਆ। ਜਿਨ੍ਹਾਂ ਸਥਿਰਤਾ ਨੂੰ ਗੁਆਇਆ, ਉਨ੍ਹਾਂ ‘ਕੇਲਾ ਗਣਰਾਜ’ ਅਖਵਾਇਆ। ਅੱਜ ਦੇ ਗ਼ਰੀਬ ਜਣਾਂ ਨੇ ਗੁਪਤ ਚੰਦਾ ਪਾਇਆ, ਇਹਨੂੰ ‘ਚੰਦਾ ਸਾਮਰਾਜ’ ਕਹੋ ਜਾਂ ਫਿਰ ‘ਪੋਤੜਾ ਗਣਰਾਜ’। ‘ਲੰਬਰਦਾਰ ਦਾ ਜ਼ੋਰ, ਦਿਨ ਦਾ ਹਾਕਮ ਰਾਤ ਦਾ ਚੋਰ।’ ਅਸਾਡੇ ਸਿਆਸਤਦਾਨ ਜਲੇਬੀ ਵਰਗੇ ਸਿੱਧੇ ਨੇ, ਨਾ ਕੋਈ ਵਿੰਗ ਨਾ ਵਲ, ਇੰਜ ਜਾਪਦੈ ਜਿਵੇਂ ਰੱਬ ਦੇ ਗੁਮਾਸ਼ਤੇ ਹੋਣ। ਮੁੱਕਦੀ ਗੱਲ ਇਹ ਕਿ ਉਪਰਲੇ ਦੋਵੇਂ ਪ੍ਰੇਮੀ ਜਣਾਂ ਨੇ ਲੱਖਣ ਲਾਇਆ, ਫਿਰ ਝੁਰਲੂ ਘੁਮਾਇਆ, ਚੰਦਾਗਿਰੀ ਦਾ ਜਿੰਨ ਫ਼ਰਮਾਇਆ, ਹੁਕਮ ਮੇਰੇ ਆਕਾ। ਜਿੰਨ ਬੋਤਲ ’ਚ ਪਾਇਆ, ਉਪਰ ‘ਚੋਣ ਬਾਂਡ ਸਕੀਮ’ ਦਾ ਸਟਿੱਕਰ ਲਾਇਆ, ਲਓ ਫਿਰ ਸਜ ਗਈ ਦੁਕਾਨ।

       ਚੋਣ ਬਾਂਡ ਏਦਾਂ ਦਾ ‘ਗੁਪਤ ਦਾਨ’ ਐ ਕਿ ਸਿਆਸਤਦਾਨਾਂ ਨੂੰ ਚੰਦਾ ਦੇਣ ਵਾਲਿਆਂ ਦੀ ਭਾਫ਼ ਨਹੀਂ ਨਿਕਲਦੀ। ਐਵੇਂ ‘ਮਾਈ ਲਾਰਡ’ ਦੇ ‘ਅਕਲ ਦਾਨ’ ਨੇ ਪੋਤੜਾਪੁਰੀ ਵਾਲੇ ਧੋ ਸੁੱਟੇ। ‘ਸੇਵਾਦਾਰ ਬੈਂਕ’ ਹੁਣ ਫੁੱਟ ਫੁੱਟ ਦੱਸਦੀ ਪਈ ਐ ਕਿ ਕੀਹਨੇ ਚੰਦਾ ਦਿੱਤਾ, ਕੀਹਨੇ ਲਿਆ। ‘ਕੀ ਖੱਟ ਲਿਆ ਠੋਡੀ ਨੂੰ ਹੱਥ ਲਾ ਕੇ, ਲਾਲਾ ਲਾਲਾ ਹੋਗੀ ਮਿੱਤਰਾ’। ਦੇਸ਼ ਦੇ ਧਨਾਢਾਂ ਨੂੰ ‘ਗੁਪਤ ਦਾਨ’ ਲਈ ਜ਼ਰੂਰ ਆਹ ਗਾਣੇ ਨੇ ਪ੍ਰੇਰਿਆ ਹੋਊ, ‘ਗ਼ਰੀਬੋਂ ਕੀ ਸੁਣੋ, ਵੋ ਤੁਮਹਾਰੀ ਸੁਣੇਗਾ, ਤੁਮ ਏਕ ਪੈਸਾ ਦੋਗੇ ਵੋਹ ਦਸ ਲਾਖ ਦੇਗਾ।’ ਮਾਈ ਲਾਰਡ! ਪੋਤੜੇ ਫਰੋਲ ਕੇ ਚੰਗਾ ਨਹੀਂਓ ਕੀਤਾ। ਕੋਈ ਇੰਜ ਵੀ ਗ਼ਰੀਬਾਂ ਦੇ ਢਿੱਡ ’ਤੇ ਦੋਵੇਂ ਲੱਤਾਂ ਜੋੜ ਕੇ ਮਾਰਦੈ। ‘ਪੁੱਟਿਆ ਪਹਾੜ, ਨਿਕਲਿਆ ਹਾਥੀ’।

       ‘ਗੁਪਤ ਦਾਨ, ਮਹਾਂ ਕਲਿਆਣ’ ਯੁੱਗਾਂ ਯੁਗਾਂਤਰਾ ਤੋਂ ਚੱਲਦਾ ਹੈ। ਗੁਰੂ ਘਰਾਂ ’ਚ ਜਾਣ ਵਾਲੇ ਬਿਨਾਂ ਫਲ ਦੀ ਇੱਛਾ ਰੱਖੇ… ਗੁਪਤ ਦਾਨ ਦਿੰਦੇ ਨੇ, ਰੱਬ ਦੁੱਗਣਾ ਕਰ ਕੇ ਮੋੜਦੈ। ਧਰਤੀ ’ਤੇ ਦੇਸ਼ ਦਾ ਨੇਤਾ ਰੱਬ ਹੈ। ਧਨਾਢਪੁਰੀਏ ਵੀ ਤਾਂ ਓਹਦੀ ਰਜ਼ਾ ’ਚ ‘ਗੁਪਤ ਦਾਨ’ ਦਿੰਦੇ ਨੇ, ਧਰਤੀ ਵਾਲਾ ਰੱਬ ਗੱਫੇ ਭਰ ਕੇ ਮੋੜਦੈ। ‘ਸੇਵਾਦਾਰ ਬੈਂਕ’ ਦੇ ਇਨ੍ਹਾਂ ਤੱਥਾਂ ’ਤੇ ਜ਼ਰਾ ਨਜ਼ਰ ਘੁੰਮਾਇਓ, ਮੇਘਾ ਇੰਜੀਨੀਅਰਿੰਗ ਕੰਪਨੀ ਨੇ 56 ਕਰੋੜ ਦੇ ਚੋਣ ਬਾਂਡ ਖ਼ਰੀਦੇ। ਰੱਬ ਨੇ ਐਸੀ ਸੁਣੀ, ਬੁਲੇਟ ਟਰੇਨ ਸਟੇਸ਼ਨ ਦਾ ਠੇਕਾ ਬਖ਼ਸ਼ ਦਿੱਤਾ। ਵੇਦਾਂਤਾ ਨੇ 25 ਕਰੋੜ ਦਾ ‘ਗੁਪਤ ਦਾਨ’ ਦਿੱਤਾ, ਇਨਾਮ ’ਚ ਕੋਇਲਾ ਖਾਨ ਮਿਲ ਗਈ। ਇੱਕ ਹੋਰ ਕੰਪਨੀ ਨੇ 140 ਕਰੋੜ ਦਾ ਦਾਨ ਦਿੱਤਾ, ਸੁਰੰਗ ਦੇ ਠੇਕਾ ਦੀ ਦਾਤ ਮਿਲ ਗਈ।

       ਉਪਰਲਾ ਰੱਬ ਤਾਂ ਸੁਸਤੂ ਮੱਲ ਐ। ਅਸਾਡੇ ਆਲਾ ਰੱਬ ਬਰੂਸ ਲੀ ਵਰਗੈ। ‘ਫਿਊਚਰ ਗੇਮਿੰਗ’ ਵਾਲਾ ਪਾਪੀ ਜੁਆਰੀਆ, ਰੱਬ ਤੋਂ ਆਕੀ ਹੋਇਆ। ਧਰਤੀ ਆਲੇ ਰੱਬ ਦੀ ਈਡੀ ਚੋਂ ਜਮਦੂਤਾਂ ਦਾ ਝਓਲਾ ਪੈਂਦੈ। ਜੁਆਰੀਏ ਨੇ ਪਾਪ ਧੋਣ ਲਈ ਸਿਆਸੀ ਗੰਗਾ ’ਚ ਡੁਬਕੀ ਲਾਈ, ਨਾਲੇ 1368 ਕਰੋੜ ਦੀ ਸੇਵਾ ਨਿਭਾਈ। ਓਸ ਮੌਲਾ ਨੇ ਵੀ ਕ੍ਰਿਸ਼ਮਾ ਹੀ ਕਰ ਦਿੱਤਾ। ਤਾਹੀਂ ਇੱਕ ਫ਼ੀਸਦ ਚੰਦਾਪੁਰੀਆਂ ਕੋਲ ਦੇਸ਼ ਦੀ 40 ਫ਼ੀਸਦ ਦੌਲਤ ਹੈ। ਖ਼ਜ਼ਾਨੇ ਭਰਪੂਰ ਹੋਣ ਤਾਂ ਦਸਵੰਧ ਕਿਉਂ ਨਾ ਕੱਢਿਆ ਜਾਵੇ। ‘ਐਵੇਂ ਦੋ ਕਲਬੂਤ ਬਣਾਏ, ਤੇਰੀ ਮੇਰੀ ਇੱਕ ਜਿੰਦੜੀ।’

        ਦਲੇਰ ਮਹਿੰਦੀ ਨੇ ਵੀ ਰੱਬ ਦੇ ਯਾਰਾਂ ਨੂੰ ਦੇਖ ਹੇਕ ਲਾਈ ਐ, ‘ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ…’ ਵੈਸੇ ਸਿਆਸਤ ਕੋਈ ਗੁਰੂ ਘਰ ਨਹੀਂ ਕਿ ਫਲ ਦੀ ਆਸ ਰੱਖੀ ਜਾਵੇ। ਘਰੋਂ ਖਾ ਕੇ ਅਕਲ ਵੰਡਣਾ ਵੀ ਦਾਨ ਬਰਾਬਰ ਹੈ। ਅਦਾਲਤੀ ਦਖ਼ਲ ਨੇ ਤਾਂ ਪੋਤੜਾ ਘਾਟੀ ’ਚ ਭੰਗ ਪਾ’ਤੀ। ਬਾਬਾ ਸ਼ੇਕਸਪੀਅਰ ਆਖਦੈ, ‘ਜਿਸ ਦੇ ਸਿਰ ’ਤੇ ਤਾਜ, ਉਸ ਦੇ ਸਿਰ ’ਤੇ ਖਾਜ’। ‘ਮਾਈ ਲਾਰਡ’ ਨੇ ਖਰਖਰਾ ਫੇਰ ਬਾਬੇ ਦੇ ਬੋਲ ਹੀ ਪੁਗਾਏ ਜਾਪਦੇ ਨੇ।

        ਚੰਦਾ ਮੱਲ ਵੀ ਰੱਬ ਨੂੰ ਉਂਗਲੀ ’ਤੇ ਨਚਾਉਂਦੇ ਰਹੇ। ਸਿਆਸਤ ਉਵੇਂ ਹੀ ‘ਰੋਟੀ’ ਫ਼ਿਲਮ ਵਾਲੀ ਬੁਲਬੁਲ ਵਾਂਗੂ ਠੁਮਕੇ ਲਾਉਂਦੀ ਰਹੀ, ‘ਨਾਚ ਮੇਰੀ ਬੁਲਬੁਲ, ਤੁਝੇ ਪੈਸਾ ਮਿਲੇਗਾ, ਕਹਾਂ ਕਦਰਦਾਨ, ਹਮੇਂ ਐਸਾ ਮਿਲੇਗਾ।’ ਦਾਨਚੰਦੀਏ ਹੁਣ ਮੁਜ਼ਾਹਰੇ ਕਰ ਰਹੇ ਨੇ ਕਿ ਅਖੇ ਸਾਡੇ ਗੁਪਤ ਦਾਨ ਦੇ ਕੱਪੜੇ ਕਿਉਂ ਉਤਾਰੇ। ਤੇਈਆ ਤਾਪ ਚੜਿਆ ਪਿਐ। ਜਿਹੜੇ ਰੱਬ ਨੂੰ ਟੱਬ ਦੱਸਦੇ ਪਏ ਸਨ, ‘ਮਾਈ ਲਾਰਡ’ ਨੇ ਪਹਿਲਾਂ ਉਨ੍ਹਾਂ ਦੇ ਪੋਤੜੇ ਫਰੋਲੇ, ਫੇਰ ਉਸੇ ਟੱਬ ’ਚ ਪੋਤੜੇ ਨਚੋੜੇ ਵੀ। ਕੋਈ ਕੰਧ ਓਹਲੇ ਖੜ੍ਹਾ ਪੁੱਛਦਾ ਪਿਐ, ਇਹ ਪੋਤੜਾ ਕੀ ਬਲਾ ਹੈ। ਬਈ! ਪਹਿਲਾਂ ਜੀਹਨੂੰ ਪੋਤੜਾ ਆਖਦੇ ਸੀ, ਅੱਜ ਓਹ ਡਾਈਪਰ ਅਖਵਾਉਂਦੈ।

        ਕੰਧ ਆਲੇ ਪਾਸਿਓਂ ਆਵਾਜ਼ ਆਈ, ਫੇਰ ਤਾਂ ਆਹ ‘ਗੁਪਤ ਚੰਦਾ’ ਲੈਣ ਵਾਲੇ  ‘ਡਾਈਪਰ ਬ੍ਰਦਰਜ਼’ ਹੋਏ। ਲੱਗਦੈ ‘ਮਾਈ ਲਾਰਡ’ ਵੀ ਨਿੱਕਾ ਹੁੰਦਾ ਸਕੂਲ ’ਚ ਰੋਟੀ ਪੋਣੇ ’ਚ ਲਿਜਾਂਦਾ ਹੋਵੇਗਾ। ਹੁਣ ਤੁਸੀਂ ਪੁੱਛੋਗੇ, ਏਹ ਪੋਣਾ ਕਿਸ ਸ਼ੈਅ ਦਾ ਨਾਂ ਐ। ਪੋਣਾ ਮਤਲਬ ਕੱਪੜੇ ਦਾ ਨੈਪਕਿਨ। ਵੈਸੇ ਪੋਤੜੇ ਫਰੋਲਨ ਦਾ ਜਿਗਰਾ ਕਿਸੇ ਪੋਣੇ ਵਾਲੇ ਕੋਲ ਹੀ ਹੋ ਸਕਦੈ। ਇੱਕ ਸੰਗਰਾਮੀ ਬਾਬਾ ਹੁੰਦਾ ਸੀ ਤੇਜਾ ਸਿੰਘ ਸੁਤੰਤਰ। ਲੋਕਾਂ ਨੇ ਸੁਤੰਤਰ ਨੂੰ ਐਮਪੀ ਬਣਾ ਮੁੱਲ ਮੋੜਿਆ। ਪਾਰਲੀਮੈਂਟ ’ਚ ਆਖ਼ਰੀ ਸਾਹ ਲਿਆ। ਕੋਲੋਂ ਇੱਕ ਝੋਲਾ ਮਿਲਿਆ, ਝੋਲੇ ’ਚ ਪੋਣਾ ਸੀ, ਪੋਣੇ ’ਚ ਇੱਕ ਰੋਟੀ ਤੇ ਰੋਟੀ ’ਚ ਅਚਾਰ ਸੀ।

       ਪੋਣਾ ਤੇ ਪੋਤੜਾ, ਦੋਵੇਂ ਹੁੰਦੇ ਤਾਂ ਖੱਦਰ ਦੇ ਹੀ ਨੇ। ਪੋਣਾ ਰੋਟੀ ਬੰਨ੍ਹਣ ਦੇ ਕੰਮ ਆਉਂਦੇ, ਪੋਤੜਾ ਡਾਈਪਰ ਦਾ ਕੰਮ ਦਿੰਦੈ। ਦੇਸ਼ ਕਾ ਨੇਤਾ ਮਲਮਲ ਬਣਿਐ, ਤਾਹੀਓਂ ਜਨਤਾ ਦੀ ਜ਼ਿੰਦਗੀ ਖੱਦਰ ਵਰਗੀ ਹੈ। ਐਵੇਂ ਦਿਲ ਹੌਲਾ ਨਾ ਕਰੋ, ਨੇਤਾਵਾਂ ਵਾਂਗੂੰ ਢੋਲੇ ਦੀਆਂ ਲਾਓ, ਸ਼ਾਹਰੁਖ਼ ਖ਼ਾਨ ਵੀ ਇਹੋ ਸਮਝਾ ਰਿਹੈ, ‘ਬੜੇ ਬੜੇ ਦੇਸ਼ੋਂ ਮੇਂ ਐਸੀ ਛੋਟੀ ਛੋਟੀ ਬਾਤੇਂ ਹੋਤੀ ਰਹਿਤੀ ਹੈਂ।’ ਹਾਲੇ ਵੀ ਦਿਮਾਗ਼ ’ਚ ਨਹੀਂ ਪਈ ਤਾਂ ਕਬੀਰ ਨੂੰ ਧਿਆਓ, ‘ਚਿੜੀ ਚੋਂਚ ਭਰ ਲੈ ਗਈ, ਨਦੀ ਨਾ ਘਟਿਓ ਨੀਰ।’ ਜੇ ਗੁਪਤ ਦਾਸਾਂ ਨੇ ਚਾਰ ਛਿੱਲੜ ਰੱਬ ਨੂੰ ਦੇ ਵੀ ਦਿੱਤੇ ਤਾਂ ਭਲਾ ਥੋਡਾ ਕਿਉਂ ਢਿੱਡ ਦੁਖਦਾ। ਬੇਘਰ ਸਿੰਘ ਕਿਤੇ ਪਿਛਲੇ ਕਰਮਾਂ ’ਚ ਦਾਨ ਕਰਦਾ ਤਾਂ ਅੱਜ ਫੁੱਟਪਾਥ ’ਤੇ ਨਾ ਸੌਣਾ ਪੈਂਦਾ।

         ਲੋਕ ਸਭਾ ਚੋਣਾਂ ਦਾ ਢੋਲ ਵੱਜਿਆ ਹੈ, ਤੁਸਾਂ ‘ਵੋਟ ਦਾਨ’ ਕਰਨਾ ਨਾ ਭੁੱਲਣਾ। ਲਓ ਆਹ ਢਾਈ ਦਹਾਕੇ ਪੁਰਾਣੀ ਗੱਲ ਵੀ ਸੁਣਦੇ ਜਾਓ। ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਆਪਣੇ ਨਿਆਣਿਆਂ ਦੇ ਪੋਤੜੇ ਸਰਕਾਰੀ ਖ਼ਜ਼ਾਨੇ ਚੋਂ ਖ਼ਰੀਦਦਾ ਰਿਹਾ। ਰੌਲਾ ਪਿਆ ਤਾਂ ਪਾਰਲੀਮੈਂਟ ਨੇ ‘ਵਿਸ਼ੇਸ਼ ਪੋਤੜਾ ਕਮੇਟੀ’ ਬਣਾ ਦਿੱਤੀ। ਜਾਂਚ ’ਚ ਪਾਇਆ ਕਿ ਬੈਂਜਾਮਿਨ ਦਿਨ ’ਚ ਦਸ ਦਸ ਵਾਰ ਨਿਆਣੇ ਦੇ ਪੋਤੜੇ ਬਦਲਦਾ ਸੀ, ਹਜ਼ਾਰਾਂ ਡਾਲਰ ਦੇ ਖ਼ਜ਼ਾਨੇ ’ਚੋਂ ਪੋਤੜੇ ਖ਼ਰੀਦ ਸੁੱਟੇ। ਨਘੋਚੀਓ! ਉਹ ਰੱਬ ਦਾ ਜੀਅ ਪੋਤੜਿਆਂ ਦਾ ਏਡਾ ਖ਼ਰਚਾ ਭਲਾ ਪੱਲਿਓਂ ਥੋੜ੍ਹਾ ਚੁੱਕ ਸਕਦਾ ਸੀ। ਆਖ਼ਰ ’ਚ ਪੋਤੜਾ ਸਾਮਰਾਜ ਨੂੰ ਸ਼ਾਹਰੁਖ਼ ਖ਼ਾਨ ਦੀ ਆਹ ਨਸੀਹਤ, ‘ਆਮ ਆਦਮੀ ਕੀ ਤਾਕਤ ਦਾ ਅਨੁਮਾਨ ਮਤ ਲਗਾਓ।’

(22 ਮਾਰਚ, 2024)

Thursday, March 21, 2024

                                                         ਸ਼ੌਕ ਬੰਦੂਕਾਂ ਦਾ
                                           ਪੰਜਾਬਣਾਂ ਦੇ ਕਿਆ ਕਹਿਣੇ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਜਦੋਂ ਹਥਿਆਰਾਂ ਦੀ ਗੱਲ ਚੱਲਦੀ ਹੈ ਤਾਂ ਪੰਜਾਬਣਾਂ ਵੀ ਕਿਸੇ ਤੋਂ ਘੱਟ ਨਹੀਂ ਅਖਵਾਉਂਦੀਆਂ। ਇਸ ਨੂੰ ਪਹਿਲੀ ਨਜ਼ਰੇ ਸ਼ੌਕ ਕਹੋ ਜਾਂ ਫਿਰ ਸੁਰੱਖਿਆ ਦਾ ਮਾਮਲਾ, ਏਨਾ ਜ਼ਰੂਰ ਹੈ ਕਿ ਪੰਜਾਬ ’ਚ ਔਰਤਾਂ ਵੱਲੋਂ ਅਸਲਾ ਲਾਇਸੈਂਸ ਬਣਾਉਣ ਦਾ ਰੁਝਾਨ ਵਧਿਆ ਹੈ। ਪੰਜਾਬੀ ਗੀਤਾਂ ਤੇ ਫਿਲਮਾਂ ਨੇ ਇਸ ਸ਼ੌਕ ਨੂੰ ਹਵਾ ਦਿੱਤੀ ਹੈ। ਪੰਜਾਬ ਸਰਕਾਰ ਦੇ ਤਾਜ਼ਾ ਅੰਕੜੇ ਹਨ ਕਿ ਸੂਬੇ ਵਿਚ 3784 ਔਰਤਾਂ ਕੋਲ ਅਸਲਾ ਲਾਇਸੈਂਸ ਹਨ, ਜਿਨ੍ਹਾਂ ਦੇ ਆਧਾਰ ’ਤੇ 4328 ਹਥਿਆਰ ਰੱਖੇ ਹੋਏ ਹਨ। ਚੋਣਾਂ ਕਰ ਕੇ ਇਨ੍ਹਾਂ ਔਰਤਾਂ ਨੂੰ ਵੀ ਹੁਣ ਆਪਣੇ ਹਥਿਆਰ ਜਮ੍ਹਾਂ ਕਰਾਉਣੇ ਪੈਣੇ ਹਨ। ਪੰਜਾਬ ਵਿਚ ਇਸ ਵੇਲੇ 2.38 ਲੱਖ ਅਸਲਾ ਲਾਇਸੈਂਸ ਹਨ, ਜਿਨ੍ਹਾਂ ’ਤੇ 2.87 ਲੱਖ ਹਥਿਆਰ ਚੜ੍ਹੇ ਹੋਏ ਹਨ। ਆਰਮਜ਼ ਐਕਟ 1959 ਦੇ ਸਾਲ 2016 ਵਿਚ ਸੋਧੇ ਹੋਏ ਨਿਯਮਾਂ ਅਨੁਸਾਰ ਆਮ ਵਿਅਕਤੀ ਇੱਕ ਅਸਲਾ ਲਾਇਸੈਂਸ ’ਤੇ ਦੋ ਹਥਿਆਰ ਰੱਖਣ ਦਾ ਹੱਕਦਾਰ ਹੈ, ਜਦੋਂਕਿ ਸਪੋਰਟਸ ਕਰਨ ਵਾਲਿਆਂ ਨੂੰ ਇੱਕੋ ਲਾਇਸੈਂਸ ’ਤੇ ਦੋ ਤੋਂ ਜ਼ਿਆਦਾ ਹਥਿਆਰ ਰੱਖਣ ਦੀ ਸੁਵਿਧਾ ਹੈ।

        ਸੂਬੇ ’ਚੋਂ ਬਠਿੰਡਾ ਜ਼ਿਲ੍ਹਾ ਲਾਇਸੈਂਸਾਂ ’ਚ ਪਹਿਲੇ ਨੰਬਰ ’ਤੇ ਹੈ, ਜਿਥੇ 20,184 ਅਸਲਾ ਲਾਇਸੈਂਸ ਹਨ ਅਤੇ ਜ਼ਿਲ੍ਹੇ ਵਿਚ 26,229 ਲਾਇਸੈਂਸੀ ਹਥਿਆਰ ਹਨ। ਔਰਤਾਂ ਕੋਲ ਲਾਇਸੈਂਸਾਂ ਦੀ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਵਿਚ ਸਭ ਤੋਂ ਵੱਧ 375 ਔਰਤਾਂ ਕੋਲ ਲਾਇਸੈਂਸ ਹਨ, ਜਿਨ੍ਹਾਂ ’ਤੇ 453 ਹਥਿਆਰ ਦਰਜ ਹਨ। ਦੂਜਾ ਨੰਬਰ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਹੈ, ਜਿਥੇ ਔਰਤਾਂ ਕੋਲ 323 ਲਾਇਸੈਂਸਾਂ ’ਤੇ 383 ਹਥਿਆਰ ਦਰਜ ਹਨ। ਤੀਜਾ ਨੰਬਰ ਬਠਿੰਡਾ ਜ਼ਿਲ੍ਹੇ ਦਾ ਆਉਂਦਾ ਹੈ, ਜਿਥੇ ਔਰਤਾਂ ਕੋਲ 314 ਲਾਇਸੈਂਸ ਹਨ, ਜਦੋਂਕਿ ਹਥਿਆਰਾਂ ਦੀ ਗਿਣਤੀ 400 ਹੈ। ਫਿਰੋਜ਼ਪੁਰ ਵਿਚ ਔਰਤਾਂ ਕੋਲ 245 ਅਤੇ ਗੁਰਦਾਸਪੁਰ ’ਚ 241 ਕੋਲ ਲਾਇਸੈਂਸ ਹਨ।ਪੰਜਾਬੀ ’ਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਡਾ. ਸੁਖਮਿੰਦਰ ਕੌਰ ਦਾ ਕਹਿਣਾ ਹੈ ਕਿ ਔਰਤਾਂ ਸਮਾਜ ਵਿਚ ਵਾਪਰ ਰਹੀਆਂ ਦਿਲ ਹਿਲਾਊ ਘਟਨਾਵਾਂ ਦੇ ਮੱਦੇਨਜ਼ਰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੇ ਲਾਇਸੈਂਸ ਲੈਣ ਵੱਲ ਕਦਮ ਵਧਾਏ ਹਨ। 

       ਵੇਰਵਿਆਂ ਅਨੁਸਾਰ ਪੰਜਾਬ ਦੀ ਆਰਥਿਕ ਰਾਜਧਾਨੀ ਸਮਝੇ ਜਾਂਦੇ ਜ਼ਿਲ੍ਹਾ ਲੁਧਿਆਣਾ ’ਚ ਸਿਰਫ 104 ਔਰਤਾਂ ਕੋਲ ਲਾਇਸੈਂਸ ਹਨ। ਜ਼ਿਲ੍ਹਾ ਸੰਗਰੂਰ ’ਚ ਔਰਤਾਂ ਕੋਲ 227 ਤੇ ਬਰਨਾਲਾ _ਚ 77 ਔਰਤਾਂ ਕੋਲ ਲਾਇਸੈਂਸ ਹਨ। ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਸੂਬਾ ਕਨਵੀਨਰ ਹਰਪਾਲ ਕੌਰ ਕੋਟਲਾ ਨੇ ਕਿਹਾ ਕਿ ਸਵੈ-ਰੱਖਿਆ ਲਈ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਔਰਤਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਵਿਚ ਕੁੱਲ ਲਾਇਸੈਂਸਾਂ ਚੋਂ ਕਰੀਬ 60,144 ਅਸਲਾ ਲਾਇਸੈਂਸਾਂ ’ਤੇ 1,21,845 ਹਥਿਆਰ ਦਰਜ ਹਨ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਕੋਲ ਦੋ-ਦੋ ਹਥਿਆਰ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ 5057 ਲਾਇਸੈਂਸਾਂ ’ਤੇ 10,206 ਹਥਿਆਰ ਚੜ੍ਹੇ ਹੋਏ ਹਨ, ਜਦੋਂਕਿ ਤਰਨ ਤਾਰਨ ਜ਼ਿਲ੍ਹੇ ਵਿਚ 4096 ਲਾਇਸੈਂਸਾਂ ’ਤੇ 8281 ਹਥਿਆਰ ਦਰਜ ਹਨ। ਫਰੀਦਕੋਟ ’ਚ 3232 ਲਾਇਸੈਂਸਾਂ ’ਤੇ 6520 ਹਥਿਆਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 3732 ਲੋਕਾਂ ਕੋਲ 7668 ਹਥਿਆਰ ਹਨ।

       ਕਲਚਰ ਦਾ ਪ੍ਰਭਾਵ ਦੇਖੀਏ ਤਾਂ ਪੰਜਾਬੀ ਫਿਲਮ ‘ਨਿੱਕਾ ਜੈਲਦਾਰ’ ਦੀ ਬੇਬੇ ਨਿਰਮਲ ਰਿਸ਼ੀ ਪ੍ਰਤੱਖ ਮਿਸਾਲ ਹੈ ਜੋ ਪਿਸਤੌਲ ਗਲ ’ਚ ਲਟਕਾ ਕੇ ਰੱਖਦੀ ਹੈ ਅਤੇ ਗੱਲ ਗੱਲ ’ਤੇ ਗੋਲੀ ਚਲਾਉਣ ਦੀ ਗੱਲ ਕਰਦੀ ਹੈ। ਇੱਕ ਪੱਖ ਇਹ ਵੀ ਹੈ ਕਿ ਪੰਜਾਬ ਵਿਚ ਸ਼ੂਟਿੰਗ ਗੇਮ ਦਾ ਕਾਫੀ ਰੁਝਾਨ ਵਧਿਆ ਹੈ ਜਿਸ ਕਰਕੇ ਖਿਡਾਰਣਾਂ ਨੇ ਵੀ ਕਾਫੀ ਲਾਇਸੈਂਸ ਲਏ ਹੋ ਸਕਦੇ ਹਨ। ਦਿੱਲੀ ’ਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ.ਰਵਿੰਦਰ ਰਵੀ ਅਲੱਗ ਨਜ਼ਰੀਏ ਤੋਂ ਦੇਖਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਕਲਚਰ ’ਚ ਗੀਤਾਂ ਤੇ ਫਿਲਮਾਂ ਨੇ ਗੰਨ ਨੂੰ ਵੀ ਸਟੇਟਸ ਸਿੰਬਲ ਬਣਾ ਦਿੱਤਾ ਹੈ। ਆਰਥਿਕ ਖੇਤਰ ਵਿਚ ਔਰਤ ਦਾ ਦਬਦਬਾ ਵਧਿਆ ਹੈ ਅਤੇ ਉਹ ਬਰਾਬਰ ਦੀ ਭਾਗੀਦਾਰ ਬਣਨ ਲੱਗੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਪੱਖੋਂ ਲਾਇਸੈਂਸ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਘੱਟ ਹੋਵੇਗੀ, ਜਦੋਂਕਿ ਜ਼ਿਆਦਾ ਮਸਲਾ ਸਟੇਟਸ ਸਿੰਬਲ ਦਾ ਜਾਪਦਾ ਹੈ।

Saturday, March 2, 2024

                                                      ‘ਸ਼ਾਨਨ ਪ੍ਰਾਜੈਕਟ’ 
                                  ਪੰਜਾਬ ਨੂੰ ਰਾਹਤ, ਹਿਮਾਚਲ ਨੂੰ ਝਟਕਾ !
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਕੇਂਦਰ ਸਰਕਾਰ ਨੇ ਅੱਜ ਹਿਮਾਚਲ ਪ੍ਰਦੇਸ਼ ਵਿਚਲੇ ‘ਸ਼ਾਨਨ ਪਾਵਰ ਪ੍ਰਾਜੈਕਟ’ ਨੂੰ ਸਟੇਟਸ-ਕੋ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਫੌਰੀ ਖਤਰਾ ਟਲ ਗਿਆ ਹੈ। ‘ਸ਼ਾਨਨ ਪ੍ਰਾਜੈਕਟ’ ਦੀ ਲੀਜ਼ ਭਲਕੇ 2 ਮਾਰਚ ਨੂੰ ਖ਼ਤਮ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਖ਼ਦਸ਼ਾ ਸੀ ਕਿ ਹਿਮਾਚਲ ਪ੍ਰਦੇਸ਼ ਸਰਕਾਰ ਇਸ ਪ੍ਰਾਜੈਕਟ ਦੀ ਲੀਜ਼ ਖ਼ਤਮ ਹੁੰਦਿਆਂ ਹੀ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ। ਇਸੇ ਕਰ ਕੇ ਸੂਬਾ ਸਰਕਾਰ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਬਿਜਲੀ ਅਧਿਕਾਰੀਆਂ ਅਤੇ ਐਡਵੋਕੇਟ ਜਨਰਲ ਦਫ਼ਤਰ ਨਾਲ ਇਸ ਸਬੰਧੀ ਮੀਟਿੰਗਾਂ ਕਰ ਰਹੇ ਸਨ ਅਤੇ ਇਸ ਬਾਰੇ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ਼ ਕਰਨ ਲਈ ਹਰੀ ਝੰਡੀ ਵੀ ਦੇ ਦਿੱਤੀ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਹੁਣ ਕੇਂਦਰ ਨੇ ਜਾਰੀ ਕੀਤੇ ਇਕ ਪੱਤਰ ਵਿੱਚ ਕਿਹਾ ਹੈ ਕਿ ਲੋਕ ਹਿੱਤ ਦੇ ਮੱਦੇਨਜ਼ਰ ‘ਸ਼ਾਨਨ ਪਾਵਰ ਪ੍ਰਾਜੈਕਟ’ ਨੂੰ ਸਟੇਟਸ-ਕੋ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਪ੍ਰਾਜੈਕਟ ਤੋਂ 110 ਮੈਗਾਵਾਟ ਦੇ ਬਿਜਲੀ ਉਤਪਾਦਨ ਵਿੱਚ ਕੋਈ ਅੜਿੱਕਾ ਨਾ ਪਵੇ।

          ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਸਿਆਸੀ ਹਾਲਾਤ ਵਿੱਚ ਪੰਜਾਬ ਦੇ ਪੱਖ ’ਤੇ ਮੋਹਰ ਲਗਾ ਦਿੱਤੀ ਹੈ ਅਤੇ ਇਸ ਮਾਮਲੇ ਨੂੰ ਹੁਣ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਅੱਜ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਮੰਤਰਾਲੇ ਵੱਲੋਂ ‘ਸ਼ਾਨਨ ਪਾਵਰ ਪ੍ਰਾਜੈਕਟ’ ਬਾਰੇ ਆਖਰੀ ਫੈਸਲਾ ਲਏ ਜਾਣ ਤੱਕ ਇਸ ਪ੍ਰਾਜੈਕਟ ’ਤੇ ਸਟੇਟਸ-ਕੋ ਰਹੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਆਪਣੇ ਇਰਾਦੇ ਜ਼ਾਹਿਰ ਕਰ ਚੁੱਕੇ ਹਨ ਕਿ 2 ਮਾਰਚ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਇੰਜਨੀਅਰਾਂ ਦੀ ਟੀਮ ‘ਸ਼ਾਨਨ ਪਾਵਰ ਪ੍ਰਾਜੈਕਟ’ ਦਾ ਅਸਾਸਿਆਂ ਸਣੇ ਚਾਰਜ ਸੰਭਾਲ ਲਵੇਗੀ। ਪੰਜਾਬ ਦੇ ਬਿਜਲੀ ਵਿਭਾਗ ਦੀ ਟੀਮ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੀ ਉਪਰੋਕਤ ਕੋਸ਼ਿਸ਼ ਨੂੰ ਰੋਕਣ ਲਈ ਕਾਨੂੰਨੀ ਮਸ਼ਵਰੇ ਲੈਣ ਵਿੱਚ ਲੱਗੀ ਹੋਈ ਸੀ ਅਤੇ ਅੱਜ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਵੀ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ।

         ਦੱਸਣਯੋਗ ਹੈ ਕਿ ਪੰਜਾਬ ਪੁਨਰਗਠਨ ਐਕਟ 1966 ਤਹਿਤ ‘ਸ਼ਾਨਨ ਪ੍ਰਾਜੈਕਟ’ ਪੰਜਾਬ ਨੂੰ ਅਲਾਟ ਹੋਇਆ ਸੀ ਪ੍ਰੰਤੂ ਹਿਮਾਚਲ ਪ੍ਰਦੇਸ਼ 3 ਮਾਰਚ 1925 ਨੂੰ ਮੰਡੀ ਦੇ ਰਾਜਾ ਜੋਗਿੰਦਰ ਸਿੰਘ ਅਤੇ ਬਰਤਾਨਵੀ ਹਕੂਮਤ ਦਰਮਿਆਨ ਹੋਈ 99 ਸਾਲਾਂ ਦੀ ਲੀਜ਼ ਦਾ ਹਵਾਲਾ ਦੇ ਰਿਹਾ ਹੈ। ਇਸ ਲੀਜ਼ ਦੀ ਮਿਆਦ ਭਲਕੇ 2 ਮਾਰਚ ਨੂੰ ਖ਼ਤਮ ਹੋਣੀ ਹੈ। ਉੱਧਰ, ਪੰਜਾਬ ਸਰਕਾਰ ਆਖ ਚੁੱਕੀ ਹੈ ਕਿ ਆਜ਼ਾਦੀ ਮਗਰੋਂ ਸਾਰੇ ਅਸਾਸੇ ਭਾਰਤੀ ਹਕੂਮਤ ਅਧੀਨ ਆਉਣ ਕਰ ਕੇ ਪੁਰਾਣੀ ਲੀਜ਼ ਦਾ ਕੋਈ ਤੁਕ ਨਹੀਂ ਰਹਿ ਜਾਂਦਾ ਹੈ। ਪੰਜਾਬ ਪੁਨਰਗਠਨ ਐਕਟ 1965 ਵਿੱਚ ‘ਸ਼ਾਨਨ ਪਾਵਰ ਪ੍ਰਾਜੈਕਟ’ ਪੰਜਾਬ ਨੂੰ ਸੌਂਪਿਆ ਗਿਆ ਸੀ ਅਤੇ ਭਾਰਤ ਸਰਕਾਰ ਨੇ ਪਹਿਲੀ ਮਈ 1967 ਅਤੇ 22 ਮਾਰਚ 1972 ਨੂੰ ਪੱਤਰ ਭੇਜ ਕੇ ‘ਸ਼ਾਨਨ ਪਾਵਰ ਪ੍ਰਾਜੈਕਟ’ ਦੀ ਮੁਕੰਮਲ ਮਾਲਕੀ ਪੰਜਾਬ ਦੀ ਹੋਣ ’ਤੇ ਮੋਹਰ ਲਗਾਈ ਹੋਈ ਹੈ। ਪਾਵਰਕੌਮ ਦੇ 110 ਮੈਗਾਵਾਟ ਸਮਰੱਥਾ ਵਾਲੇ ਇਸ ਸ਼ਾਨਨ ਹਾਈਡਰੋ ਪ੍ਰਾਜੈਕਟ ਤੋਂ ਸੂਬੇ ਨੂੰ ਸਸਤੀ ਬਿਜਲੀ ਮਿਲਦੀ ਹੈ। ਹਿਮਾਚਲ ਪ੍ਰਦੇਸ਼ ਨਾਲ ਹੁਣ ਬਿਜਲੀ ਪ੍ਰਾਜੈਕਟਾਂ ਨੂੰ ਲੈ ਕੇ ਅੰਤਰ-ਰਾਜੀ ਵਿਵਾਦ ਪੈਦਾ ਹੋ ਗਿਆ ਹੈ। ਕੇਂਦਰ ਸਰਕਾਰ ਪਹਿਲਾਂ ਵੀ ਸ਼ਾਨਨ ਪ੍ਰਾਜੈਕਟ ਸਬੰਧੀ ਹਿਮਾਚਲ ਪ੍ਰਦੇਸ਼ ਦੇ ਦਾਅਵਿਆਂ ਨੂੰ ਖਾਰਜ ਕਰ ਚੁੱਕੀ ਹੈ।

                                  ਪ੍ਰਾਜੈਕਟ ਦਾ ਲਾਹੌਰ ਤੋਂ ਹੋਇਆ ਸੀ ਮਹੂਰਤ

ਹਾਲਾਂਕਿ, ਸ਼ਾਨਨ ਪ੍ਰਾਜੈਕਟ ਦੀ ਮੁਢਲੀ ਕੀਮਤ 2.50 ਕਰੋੜ ਰੁਪਏ ਸੀ ਪ੍ਰੰਤੂ ਹੁਣ ਇਹ ਅਸਾਸੇ ਕਰੀਬ 1600 ਕਰੋੜ ਰੁਪਏ ਦੇ ਹਨ ਅਤੇ ਇਸ ਦੀ ਸਮਰੱਥਾ ਵੀ ਪਾਵਰਕੌਮ ਨੇ ਵਧਾ ਕੇ 110 ਮੈਗਾਵਾਟ ਕਰ ਲਈ ਹੈ। ਇਸ ਪ੍ਰਾਜੈਕਟ ਦੀ ਮੁੱਢਲੀ ਸਮਰੱਥਾ 48 ਮੈਗਾਵਾਟ ਸੀ। ਬਰਤਾਨਵੀ ਹਕੂਮਤ ਸਮੇਂ ਤਤਕਾਲੀ ਮੁੱਖ ਇੰਜਨੀਅਰ ਕਰਨਲ ਬੈਟੀ ਨੇ ਇਸ ਦਾ ਨਿਰਮਾਣ ਕੀਤਾ ਸੀ। ਇਹ ਪ੍ਰਾਜੈਕਟ 1932 ਵਿੱਚ ਮੁਕੰਮਲ ਹੋਇਆ ਸੀ ਅਤੇ 1933 ਵਿੱਚ ਲਾਹੌਰ ਤੋਂ ਇਸ ਦਾ ਉਦਘਾਟਨ ਹੋਇਆ ਸੀ।