Thursday, March 28, 2024

                                                   ਵੱਡੇ ਤੇ ਛੋਟੇ ਭਰਾਵਾਂ ਦਾ
                                    ਹੁਣ ਤੋਲਿਆ ਜਾਊ ਸਿਆਸੀ ਵਜ਼ਨ
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਲੋਕ ਸਭਾ ਚੋਣਾਂ ’ਚ ਗੱਠਜੋੜ ਤੋਂ ਕਿਨਾਰਾ ਸਿਆਸੀ ਧਰਾਤਲ ’ਤੇ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਭਾਜਪਾ 1998 ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਚੋਣ ਪਿੜ ’ਚ ਇਕੱਲੀ ਨਿੱਤਰੇਗੀ। ਬੇਸ਼ੱਕ ਸੰਗਰੂਰ ਅਤੇ ਜਲੰਧਰ ਦੀ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਭਾਜਪਾ ਦੇ ਰਾਹ ਵੱਖੋ ਵੱਖਰੇ ਸਨ ਪਰ ਭਾਜਪਾ ਹੁਣ 13 ਲੋਕ ਸਭਾ ਸੀਟਾਂ ’ਤੇ ਆਪਣਾ ਸਿਆਸੀ ਵਜ਼ਨ ਤੋਲੇਗੀ। ਗੱਠਜੋੜ ਮੌਕੇ ਸ਼੍ਰੋਮਣੀ ਅਕਾਲੀ ਦਲ 10 ਸੀਟਾਂ ਤੋਂ ਚੋਣ ਲੜਦਾ ਰਿਹਾ ਹੈ ਜਦੋਂ ਕਿ ਭਾਜਪਾ ਦੇ ਹਿੱਸੇ ਤਿੰਨ ਸੀਟਾਂ ਰਹੀਆਂ ਹਨ। ਵੇਰਵਿਆਂ ਅਨੁਸਾਰ ਸਾਲ 2019 ਅਤੇ 2014 ਦੀਆਂ ਚੋਣਾਂ ਵਿਚ ਭਾਜਪਾ ਨੇ ਦੋ-ਦੋ ਸੀਟਾਂ ਜਿੱਤੀਆਂ ਸਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕ੍ਰਮਵਾਰ 2 ਅਤੇ ਚਾਰ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਪੰਜਾਬ ਵਿਚ ਸਿੱਖ ਭਾਈਚਾਰੇ ਦੀ ਕਰੀਬ 57 ਫੀਸਦੀ ਅਤੇ ਹਿੰਦੂ ਭਾਈਚਾਰੇ ਦੀ 38 ਫੀਸਦੀ ਆਬਾਦੀ ਹੈ। ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਸ਼ਹਿਰੀ ਵੋਟਾਂ ਅਤੇ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਵੋਟ ਬੈਂਕ ਨੂੰ ਇੱਕੋ ਮੋਰੀ ਕੱਢਿਆ ਜਾਵੇ। 

        ਭਾਜਪਾ ਨੂੰ ਰਾਮ ਮੰਦਰ ਅਤੇ ਨਰਿੰਦਰ ਮੋਦੀ ਦੀਆਂ ਵਿਕਾਸ ਪ੍ਰਾਪਤੀਆਂ ’ਤੇ ਭਰੋਸਾ ਹੈ। ਸਿਆਸੀ ਮਾਹਿਰਾਂ ਅਨੁਸਾਰ ਭਾਜਪਾ ਵੱਲੋਂ ਹੁਣ 13 ਲੋਕ ਸਭਾ ਹਲਕਿਆਂ ਵਿਚ ਸ਼ਹਿਰੀ ਵੋਟ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਅਤੇ ਭਾਜਪਾ ਨੂੰ ਆਸ ਹੈ ਕਿ ਉਹ ਆਪਣੇ ਵੋਟ ਬੈਂਕ ਵਿਚ ਵਾਧਾ ਕਰਨ ਵਿਚ ਕਾਮਯਾਬ ਹੋਵੇਗੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਟਕਸਾਲੀ ਵੋਟ ਬੈਂਕ ’ਤੇ ਧਿਆਨ ਕੇਂਦਰਿਤ ਕਰਨਾ ਹੈ ਤਾਂ ਜੋ ਕਿਸਾਨਾਂ ਅਤੇ ਪੰਥਕ ਵੋਟ ਬੈਂਕ ਨੂੰ ਮੁੜ ਅਕਾਲੀ ਦਲ ਨਾਲ ਜੋੜਿਆ ਜਾ ਸਕੇ। ਦੇਖਣਾ ਹੋਵੇਗਾ ਕਿ ਕਿਸਾਨੀ ਅਕਾਲੀ ਦਲ ਦਾ ਕਿੰਨਾ ਕੁ ਸਾਥ ਦਿੰਦੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਐੱਨਡੀਏ ਨਾਲੋਂ ਨਾਤਾ ਤੋੜਿਆ ਸੀ ਤਾਂ ਉਸ ਮਗਰੋਂ ਹੋਈਆਂ ਅਸੈਂਬਲੀ ਚੋਣਾਂ (2002) ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਤਿੰਨ ਸੀਟਾਂ ਹਾਸਲ ਹੋਈਆਂ ਸਨ। ਸਿਆਸੀ ਹਲਕੇ ਆਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਲਈ ਆਪਣੇ ਟਕਸਾਲੀ ਵੋਟ ਬੈਂਕ ਦਾ ਭਰੋਸਾ ਜਿੱਤਣਾ ਮੁੱਖ ਚੁਣੌਤੀ ਹੋਵੇਗਾ। 

       ਸ਼੍ਰੋਮਣੀ ਅਕਾਲੀ ਦਲ ਨੂੰ ਰੰਜ ਹੈ ਕਿ ਭਾਜਪਾ ਹਕੂਮਤ ਨੇ ਬੰਦੀ ਸਿੰਘਾਂ ਅਤੇ ਕਿਸਾਨੀ ਮੁੱਦਿਆਂ ’ਤੇ ਨਰਮਗੋਸ਼ਾ ਨਹੀਂ ਦਿਖਾਇਆ ਹੈ। ਉਧਰ, ਭਾਜਪਾ ਇਸ ਗੱਲੋਂ ਧਰਵਾਸ ਵਿਚ ਹੈ ਕਿ ਅਕਾਲੀ ਦਲ ਦੇ ਮੌਜੂਦਾ ਪੈਂਤੜਿਆਂ ਕਰਕੇ ਭਾਜਪਾ ਦਾ ਸ਼ਹਿਰੀ ਵੋਟ ਬੈਂਕ ਦਾ ਧਰੁਵੀਕਰਨ ਹੋ ਜਾਵੇਗਾ। ਗੱਠਜੋੜ ਨਾ ਹੋਣ ਕਾਰਨ ਕਈ ਉਮੀਦਵਾਰਾਂ ਦੇ ਸੁਫਨਿਆਂ ’ਤੇ ਪਾਣੀ ਫਿਰ ਸਕਦਾ ਹੈ। ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਭਾਜਪਾ ਉਮੀਦਵਾਰ ਬਣਾ ਸਕਦੀ ਹੈ। ਬਠਿੰਡਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਸੰਭਾਵੀ ਉਮੀਦਵਾਰ ਹਨ। ਭਾਜਪਾ ਦੇ ਸੀਨੀਅਰ ਆਗੂ ਦਿਆਲ ਸੋਢੀ ਅਨੁਸਾਰ ਭਾਜਪਾ ਸਰਕਾਰ ਨੇ ਕਈ ਕਿਸਾਨ ਪੱਖੀ ਫੈਸਲੇ ਲਏ ਹਨ ਅਤੇ ਲੰਘੇ ਦਸ ਵਰ੍ਹਿਆਂ ਵਿਚ ਫਸਲਾਂ ਚੁੱਕਣ ਵਿਚ ਫੁਰਤੀ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪੇਂਡੂ ਖੇਤਰ ਵਿਚ ਆਧਾਰ ਖੁਸ ਚੁੱਕਾ ਹੈ ਜਿਸ ਦਾ ਲਾਹਾ ਭਾਜਪਾ ਨੂੰ ਮਿਲੇਗਾ।

No comments:

Post a Comment