Friday, August 31, 2018

                                                         ਅੰਨ੍ਹਾ ਵੰਡੇ  ਸ਼ੀਰਨੀ...
          ਵਿਧਾਇਕਾਂ ਦੇ ਫਰਜ਼ੰਦਾਂ ਦੀ ਅੱਖ ਚੇਅਰਮੈਨੀ ’ਤੇ 
                                                          ਚਰਨਜੀਤ ਭੁੱਲਰ
ਬਠਿੰਡਾ : ਕਾਂਗਰਸੀ ਵਿਧਾਇਕਾਂ ਦੇ ‘ਲਾਡਲੇ’ ਚੇਅਰਮੈਨ ਬਣਨ ਲਈ ਕਾਹਲੇ ਜਾਪਦੇ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਐਲਾਨ ਮਗਰੋਂ ਉਹ ਪੱਬਾਂ ਭਾਰ ਹੋ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅਖਾੜੇ ’ਚ ਦੋ ਚਾਰ ਦਿਨਾਂ ’ਚ ਲੀਡਰਾਂ ਦੇ ਧੀਆਂ ਪੁੱਤ ਨਜ਼ਰ ਪੈਣੇ ਸ਼ੁਰੂ ਹੋ ਜਾਣਗੇ। ਕਈ ਵਿਧਾਇਕ ਤਾਂ ਇਸ ਕਰਕੇ ਇਨ੍ਹਾਂ ਚੋਣਾਂ ’ਚ ਆਪਣੇ ਪੁੱਤਾਂ ਨੂੰ ਨਹੀਂ ਉਤਾਰ ਰਹੇ ਕਿਉਂਕਿ ਉਨ੍ਹਾਂ ਦੀ ਅੱਖ ਅਗਲੀਆਂ ਅਸੈਂਬਲੀ ਚੋਣਾਂ ’ਤੇ ਹੈ। ਗੱਠਜੋੜ ਸਰਕਾਰ ਸਮੇਂ ਅਕਾਲੀ ਲੀਡਰਾਂ ਦੇ ਧੀਆਂ ਪੁੱਤ ਚੇਅਰਮੈਨ ਬਣੇ ਸਨ ਤੇ ਹੁਣ ਵਾਰੀ ਕਾਂਗਰਸ ਸਰਕਾਰ ਦੀ ਜਾਪਦੀ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸ਼ੁਰੂਆਤ 4 ਸਤੰਬਰ ਤੋਂ ਹੋਣੀ ਹੈ। ਕਾਂਗਰਸੀ ਲੀਡਰਾਂ ਨੇ ਇਸ ਬਾਬਤ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਆਪਣੇ ਨੌਜਵਾਨ ਲੜਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਤਾਰ ਰਹੇ ਹਨ ਜੋ ਪਹਿਲਾਂ ਹੀ ਸਿਆਸਤ ’ਚ ਸਰਗਰਮ ਹੈ। ਉਨ੍ਹਾਂ ਦਾ ਚੋਣ ਹਲਕਾ ਪੱਤੋ ਹੀਰਾ ਸਿੰਘ ਰਾਖਵਾਂ ਹੋ ਗਿਆ ਹੈ। ਵਿਧਾਇਕ ਦਰਸ਼ਨ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਜਨਰਲ ਹਲਕੇ ਤੋਂ ਚੋਣ ਲੜੇਗਾ ਜੋ ਪਹਿਲਾਂ ਹੀ ਲੋਕਾਂ ਵਿਚ ਵਿਚਰਦਾ ਆ ਰਿਹਾ ਹੈ। ਉਨ੍ਹਾਂ ਆਖਿਆ ਕਿ ਚੋਣ ਹਲਕੇ ਦਾ ਹਾਲੇ ਫਾਈਨਲ ਨਹੀਂ ਕੀਤਾ ਹੈ।
                  ਸੂਤਰ ਆਖਦੇ ਹਨ ਕਿ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀ ਚੇਅਰਮੈਨੀ ’ਤੇ ਸਭਨਾਂ ਦੀ ਅੱਖ ਹੈ। ਹਲਕਾ ਸਰਦੂਲਗੜ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੇ ਲੜਕੇ ਬਿਕਰਮ ਮੋਫਰ ਨੇ ਵੀ ਚੋਣ ਮੈਦਾਨ ਵਿਚ ਉਤਰਨ ਦਾ ਫੈਸਲਾ ਕੀਤਾ ਹੈ। ਹਲਕਾ ਜੈਤੋ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਦੇ ਲੜਕੇ ਦੀ ਇੱਛਾ ਲੋਕ ਸਭਾ ਚੋਣ ਲੜਨ ਦੀ ਹੈ। ਸਾਬਕਾ ਵਿਧਾਇਕ ਪੰਜਗਰਾਈਂ ਦਾ ਕਹਿਣਾ ਸੀ ਕਿ ਉਸ ਦਾ ਲੜਕਾ ਤਾਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਆਪਣੇ ਨੌਜਵਾਨ ਲੜਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਹਲਕਾ ਹਰਪਾਲਪੁਰ ਜ਼ੋਨ ਤੋਂ ਚੋਣ ਲੜਾ ਰਹੇ ਹਨ। ਵਿਧਾਇਕ ਜਲਾਲਪੁਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਗਗਨਦੀਪ ਯੂਥ ਕਾਂਗਰਸ ਦਾ ਪ੍ਰਧਾਨ ਵੀ ਹੈ ਅਤੇ ਉਹ ਹਲਕੇ ਵਿਚ ਕੰਮ ਵੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉੱਤਰੇਗਾ। ਹਲਕਾ ਸ਼ੁਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ ਇਸ ਮਾਮਲੇ ’ਚ ਫ਼ੈਸਲਾ ਮਹਾਰਾਣੀ ਪ੍ਰਨੀਤ ਕੌਰ ’ਤੇ ਛੱਡ ਦਿੱਤਾ ਹੈ।
       ਵਿਧਾਇਕ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਅਗਰ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਉਨ੍ਹਾਂ (ਨਿਰਮਲ ਸਿੰਘ) ਦੇ ਬੇਟੇ ਨੂੰ ਚੋਣ ਲੜਨ ਲਈ ਆਖਣਗੇ ਤਾਂ ਉਹ ਜ਼ਰੂਰ ਚੋਣ ਲੜਾਉਣਗੇ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਚਰਚੇ ਤਾਂ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਲੜਕੇ ਦੇ ਵੀ ਚੋਣ ਲੜਨ ਦੇ ਚੱਲੇ ਸਨ ਪ੍ਰੰਤੂ ਇਸ ’ਚ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ। ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਲੜਕਾ ਵੀ ਭੁੱਚੋ ਕਲਾਂ ਹਲਕੇ ਵਿਚ ਕਾਫ਼ੀ ਸਰਗਰਮ ਹੈ ਪ੍ਰੰਤੂ ਵਿਧਾਇਕ ਕੋਟਭਾਈ ਨੇ ਚੋਣ ਲੜਾਏ ਜਾਣ ਤੋਂ ਇਨਕਾਰ ਕੀਤਾ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦਾ ਲੜਕਾ ਵੀ ਹਲਕਾ ਮਲੋਟ ਵਿਚ ਕਾਫ਼ੀ ਸਰਗਰਮੀ ਨਾਲ ਵਿਚਰ ਰਿਹਾ ਹੈ ਪ੍ਰੰਤੂ ਉਨ੍ਹਾਂ ਦੇ ਲੜਕੇ ਵੱਲੋਂ ਚੋਣ ਲੜਨ ਦਾ ਹਾਲੇ ਤੱਕ ਕੋਈ ਸੰਕੇਤ ਨਹੀਂ ਹੋਇਆ ਹੈ। ਪਤਾ ਲੱਗਾ ਹੈ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਪੋਤਰਾ ਵੀ ਹਲਕਾ ਸਮਾਣਾ ਵਿਚ ਵਿਚਰ ਰਿਹਾ ਹੈ ਪ੍ਰੰਤੂ ਹਲਕਾ ਸਮਾਣਾ ’ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੋਵੇਂ ਚੋਣ ਹਲਕੇ ਰਾਖਵੇਂ ਹੋ ਗਏ ਹਨ ਜਿਸ ਕਰਕੇ ਉਨ੍ਹਾਂ ਦੇ ਚੋਣ ਲੜਨ ਦੇ ਚਾਂਸ ਘੱਟ ਜਾਪਦੇ ਹਨ।
                  ਸੰਗਰੂਰ ਦੇ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਆਪਣੇ ਲੜਕੇ ਨੂੰ ਵੱਡੀ ਚੋਣ ਲੜਾਉਣ ਦੇ ਇੱਛੁਕ ਹਨ। ਕਾਂਗਰਸੀ ਵਿਧਾਇਕ ਧੀਮਾਨ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵਰਕਰਾਂ ਦਾ ਹੱਕ ਕਿਉਂ ਮਾਰੀਏ। ਅਗਰ ਮੌਕਾ ਮਿਲਿਆ ਤਾਂ ਉਹ ਆਪਣੇ ਲੜਕੇ ਨੂੰ ਅਸੈਂਬਲੀ ਜਾਂ ਪਾਰਲੀਮੈਂਟ ਦੀ ਚੋਣ ਲੜਾਉਣਗੇ। ਹਲਕਾ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਉਹ ਇਸ ਹੱਕ ਵਿਚ ਨਹੀਂ ਹਨ ਕਿ ਸਾਰਾ ਕੁੱਝ ਘਰ ਵਿਚ ਹੀ ਰੱਖ ਲਿਆ ਜਾਵੇ, ਵਰਕਰਾਂ ਅਤੇ ਹੋਰਨਾਂ ਆਗੂਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਬਹੁਤੇ ਕਾਂਗਰਸੀ ਵਿਧਾਇਕ ਹਾਲੇ ਪੱਤੇ ਨਹੀਂ ਖ਼ੋਲ ਰਹੇ ਹਨ। ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਲੜਕਾ ਵੀ ਹਲਕੇ ਵਿਚ ਕਾਫ਼ੀ ਕੰਮ ਕਰ ਰਿਹਾ ਹੈ।
                ਊਰਜਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਚੋਣਾਂ ਦੀ ਤਿਆਰੀ ਲਈ 1 ਸਤੰਬਰ ਨੂੰ ਪਿੰਡ ਕਾਂਗੜ ਦੇ ਗੁਰੂ ਘਰ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਲਈ ਹੈ। ਇਸੇ ਤਰ੍ਹਾਂ ਅਕਾਲੀ ਦਲ ਅਤੇ ਕਾਂਗਰਸ ਨੇ ਹਲਕਾ ਸਰਦੂਲਗੜ੍ਹ ਦੀ ਮੀਟਿੰਗ 31 ਅਗਸਤ ਨੂੰ ਸੱਦ ਲਈ ਹੈ। ਬਹੁਤੇ ਵਿਧਾਇਕ ਆਪਣੇ ਧੀਆਂ ਪੁੱਤਾਂ ਨੂੰ ਵੱਡੀ ਛਾਲ ਲਵਾਉਣਾ ਚਾਹੁੰਦੇ ਹਨ ਜਿਸ ਕਰਕੇ ਉਨ੍ਹਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਛੋਟਾ ਵੀ ਸਮਝ ਰਹੇ ਹਨ।
       


Thursday, August 30, 2018

                   ਪੰਚਾਇਤੀ ਅੜਿੱਕਾ
     ਬੰਦ ਨਹੀਂ ਹੋਣਗੇ ਸ਼ਰਾਬ ਦੇ ਠੇਕੇ ! 
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਅਗਲੇ ਮਾਲੀ ਵਰੇ੍ਹ ਦੌਰਾਨ ਸ਼ਰਾਬ ਦੇ ਠੇਕੇ ਬੰਦ ਨਹੀਂ ਹੋਣਗੇ। ਪੰਜਾਬ ਵਿਚ ਗਰਾਮ ਪੰਚਾਇਤਾਂ ਭੰਗ ਹੋ ਚੁੱਕੀਆਂ ਹਨ ਅਤੇ ਨਵੀਆਂ ਪੰਚਾਇਤਾਂ ਦੀ ਚੋਣ ਅਕਤੂਬਰ ਮਹੀਨੇ ਵਿਚ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਐਲਾਨ ਦਿੱਤੀਆਂ ਹਨ। ਪੰਚਾਇਤਾਂ ਭੰਗ ਹੋਣ ਕਰਕੇ ਪਿੰਡਾਂ ਵਿਚ ਸ਼ਰਾਬ ਦੇ  ਠੇਕੇ ਬੰਦ ਕਰਾਉਣ ਲਈ ਪੰਚਾਇਤੀ ਮਤੇ ਨਹੀਂ ਪੈ ਸਕਣਗੇ। ਨਿਯਮਾਂ ਅਨੁਸਾਰ ਠੇਕੇ ਬੰਦ ਕਰਾਉਣ ਲਈ ਪੰਚਾਇਤੀ ਮਤੇ 30 ਸਤੰਬਰ ਤੱਕ ਕਰ ਅਤੇ ਆਬਕਾਰੀ ਮਹਿਕਮੇ ਨੂੰ ਦੇਣੇ ਹੁੰਦੇ ਹਨ ਜਿਨ੍ਹਾਂ ਦੀ ਉਸ ਮਗਰੋਂ ਨਿੱਜੀ ਸੁਣਵਾਈ ਹੁੰਦੀ ਹੈ। ਗਰਾਮ ਪੰਚਾਇਤਾਂ ਦੇ ਹੁਣ ਪ੍ਰਬੰਧਕ ਲੱਗੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਨੇ ਸਿਰਫ਼ ਵਿਕਾਸ ਕਾਰਜ ਕਰਾਉਣ ਦੇ ਹੀ ਅਧਿਕਾਰ ਦਿੱਤੇ ਹਨ।  ਵੇਰਵਿਆਂ ਅਨੁਸਾਰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ਤਹਿਤ ਕੋਈ ਵੀ ਪੰਚਾਇਤ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹੇ ਜਾਣ ਦਾ ਫ਼ੈਸਲਾ ਲੈ ਸਕਦੀ ਹੈ। ਪੰਚਾਇਤੀ ਮਤਾ ਦੋ ਤਿਹਾਈ ਬਹੁਮਤ ਨਾਲ ਪਾਸ ਹੋਣਾ ਲਾਜ਼ਮੀ ਹੈ ਅਤੇ ਪਿੰਡ ਵਿਚ ਪਿਛਲੇ ਦੋ ਸਾਲਾਂ ਦੌਰਾਨ ਕੋਈ ਆਬਕਾਰੀ ਜੁਰਮ ਨਹੀਂ ਹੋਣਾ ਚਾਹੀਦਾ ਹੈ।
                  ਪੰਚਾਇਤੀ ਮਤਾ ਹਰ ਸੂਰਤ ਵਿਚ 30 ਸਤੰਬਰ ਤੱਕ ਸਰਕਾਰ ਕੋਲ ਪੁੱਜਣਾ ਲਾਜ਼ਮੀ ਹੈ। ਹੁਣ ਜਦੋਂ ਪੰਚਾਇਤਾਂ ਭੰਗ ਹਨ ਤਾਂ ਇਹ ਮਤੇ ਪੈਣੇ ਹੀ ਨਹੀਂ ਹਨ ਜਿਸ ਕਰਕੇ ਅਗਲੇ ਮਾਲੀ ਵਰੇ੍ਹ ਦੌਰਾਨ ਸ਼ਰਾਬ ਦੇ ਠੇਕਿਆਂ ਦੇ ਬੰਦ ਹੋਣ ਦੇ ਆਸਾਰ ਕਾਫ਼ੀ ਮੱਧਮ ਹਨ। ਪੰਜਾਬ ਸਰਕਾਰ ਨੂੰ ਇਸ ਦਾ ਮਾਲੀ ਤੌਰ ਤੇ ਫ਼ਾਇਦਾ ਹੈ ਕਿਉਂਕਿ ਠੇਕੇ ਬੰਦ ਹੋਣ ਨਾਲ ਖ਼ਜ਼ਾਨੇ ਨੂੰ ਸੱਟ ਵੱਜਦੀ ਹੈ। ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਪੰਚਾਇਤਾਂ ਭੰਗ ਹੋਣ ਦਾ ਇਸ ਨਜ਼ਰੀਏ ਤੋਂ ਪੂਰਾ ਲਾਹਾ ਲਵੇਗੀ। ਪਿਛਾਂਹ ਨਜ਼ਰ ਮਾਰੀਏ ਤਾਂ ਸਾਲ 2009-10 ਤੋਂ ਸਾਲ 2017-18 ਤੱਕ ਪੰਜਾਬ ਭਰ ਵਿਚ 908 ਪੰਚਾਇਤੀ ਮਤੇ ਸਰਕਾਰ ਕੋਲ ਪੰਚਾਇਤਾਂ ਵੱਲੋਂ ਭੇਜੇ ਗਏ ਹਨ ਜਿਨ੍ਹਾਂ ਚੋਂ 518 ਪੰਚਾਇਤੀ ਮਤੇ ਪ੍ਰਵਾਨ ਹੋਏ ਹਨ ਜਿਸ ਦਾ ਮਤਲਬ ਕਿ ਇਨ੍ਹਾਂ ਪਿੰਡਾਂ ਵਿਚ ਠੇਕੇ ਬੰਦ ਹੋਏ ਹਨ। ਸਭ ਤੋਂ ਅੱਗੇ ਜ਼ਿਲ੍ਹਾ ਸੰਗਰੂਰ ਹੈ ਅਤੇ ਇਸ ਜ਼ਿਲ੍ਹੇ ਚੋਂ ਇਸੇ ਸਮੇਂ ਦੌਰਾਨ 371 ਪੰਚਾਇਤੀ ਮਤੇ ਭੇਜੇ ਗਏ ਹਨ ਜਿਨ੍ਹਾਂ ਚੋਂ 166 ਮਤੇ ਪ੍ਰਵਾਨ ਹੋਏ ਹਨ। ਲੰਘੇ ਮਾਲੀ ਦੌਰਾਨ ਪੰਜਾਬ ਦੀਆਂ 86 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਮਤੇ ਪਾਏ ਸਨ ਜਿਨ੍ਹਾਂ ਚੋਂ  46 ਪਿੰਡਾਂ ਵਿਚ ਠੇਕੇ ਬੰਦ ਹੋਏ ਸਨ।
                    ਪਿਛਲੇ 9 ਵਰ੍ਹਿਆਂ ਦੌਰਾਨ ਸਭ ਤੋਂ ਜ਼ਿਆਦਾ ਪੰਚਾਇਤੀ ਮਤੇ ਸਾਲ 2015-16 ਦੌਰਾਨ ਪਏ ਸਨ ਜੋ ਕਿ 232 ਦੇ ਕਰੀਬ ਸਨ ਜਿਨ੍ਹਾਂ ਦੇ ਆਧਾਰ ਤੇ ਪੰਜਾਬ ਭਰ ’ਚ 163 ਠੇਕੇ ਬੰਦ ਹੋਏ ਸਨ। ਪੰਜਾਬ ਸਰਕਾਰ ਵੱਲੋਂ ਸਾਲ 2016-17 ਦੌਰਾਨ 80 ਫ਼ੀਸਦੀ ਪੰਚਾਇਤਾਂ ਦੇ ਮਤੇ ਪ੍ਰਵਾਨ ਕੀਤੇ ਸਨ ਅਤੇ ਇਸ ਵਰੇ੍ਹ ਦੌਰਾਨ ਪੰਜਾਬ ਭਰ ਚੋਂ 92 ਪੰਚਾਇਤੀ ਮਤੇ ਭੇਜੇ ਗਏ ਸਨ ਜਿਨ੍ਹਾਂ ਚੋਂ 81 ਮਤੇ ਪ੍ਰਵਾਨ ਕੀਤੇ ਗਏ ਸਨ। ਜ਼ਿਲ੍ਹਾ ਸੰਗਰੂਰ ਵਿਚ ਤਾਂ ਠੇਕੇ ਬੰਦ ਕਰਾਉਣ ਲਈ ਚੱਲੀ ਮੁਹਿੰਮ ਕਾਫ਼ੀ ਸਫਲ ਵੀ ਰਹੀ ਹੈ। ਸੂਤਰ ਆਖਦੇ ਹਨ ਕਿ ਅਗਰ ਸਰਕਾਰ ਮਤੇ ਦੇਣ ਦੀ ਆਖ਼ਰੀ ਤਰੀਕ ਵਿਚ ਵੀ ਵਾਧਾ ਕਰ ਦਿੰਦੀ ਹੈ ਤਾਂ ਵੀ ਨਵੀਆਂ ਪੰਚਾਇਤਾਂ ਇਸ ਮਾਮਲੇ ’ਤੇ ਫ਼ੌਰੀ ਤੌਰ ’ਤੇ ਟਾਲ਼ਾ ਵੱਟ ਸਕਦੀਆਂ ਹਨ। ਵਧੀਕ ਕਰ ਅਤੇ ਆਬਕਾਰੀ ਕਮਿਸ਼ਨਰ ਗੁਰਤੇਜ ਸਿੰਘ ਨੇ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।
                      ਆਖ਼ਰੀ ਤਰੀਕ ’ਚ ਵਾਧਾ ਹੋਵੇ : ਮਾਨ
ਸਾਇੰਨਟੈਫਿਕ ਅਵੇਅਰਨੈਸ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ (ਸੰਗਰੂਰ) ਦਾ ਕਹਿਣਾ ਸੀ ਕਿ ਫੋਰਮ ਨੇ ਬਹੁਤ ਮਿਹਨਤ ਨਾਲ ਪੰਚਾਇਤਾਂ ਨੂੰ ਜਾਗਰੂਕ ਕਰਕੇ ਠੇਕੇ ਬੰਦ ਕਰਾਉਣ ਲਈ ਮੁਹਿੰਮ ਬਣਾਈ ਸੀ ਪ੍ਰੰਤੂ ਹੁਣ ਪੰਚਾਇਤੀ ਚੋਣਾਂ ਹੋਣੀਆਂ ਹਨ ਜਿਸ ਕਰਕੇ ਅੜਿੱਕਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਮਤੇ ਦੇਣ ਦੀ ਤਰੀਕ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਨਵੀਆਂ ਪੰਚਾਇਤਾਂ ਨੂੰ ਠੇਕੇ ਬੰਦ ਕਰਾਉਣ ਦਾ ਮੌਕਾ ਮਿਲ ਸਕੇ।


   



Sunday, August 26, 2018

                           ਪੁਰਾਣਾ ਪੇਚਾ
  ‘ਸਿਕੰਦਰ’ ਨੂੰ ਹਰਾ ਸਕੇਗਾ ਹੁਣ ‘ਜਰਨੈਲ’ ?
                          ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਪੇਚਾ ਪਾਉਣ ਵਾਲੇ ਅੰਮ੍ਰਿਤਧਾਰੀ ਬਜ਼ੁਰਗ ਜਰਨੈਲ ਸਿੰਘ ਹਮੀਰਗੜ੍ਹ ਦੀ ਟੇਕ ਹੁਣ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ’ਤੇ ਹੈ। ਗੱਠਜੋੜ ਸਰਕਾਰ ਸਮੇਂ ਦਰਜ ਹੋਏ ਪੁਲੀਸ ਕੇਸ ਨੂੰ ਖ਼ਾਰਜ ਕਰਾਉਣ ਲਈ ਉਸ ਨੇ ਗਿੱਲ ਕਮਿਸ਼ਨ ਕੋਲ ਲਿਖਤੀ ਅਪੀਲ ਕੀਤੀ ਹੈ। ਹਲਕਾ ਰਾਮਪੁਰਾ ਦੇ ਪਿੰਡ ਹਮੀਰਗੜ੍ਹ ਦਾ ਜਰਨੈਲ ਸਿੰਘ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਉਸ ਨੇ 20 ਨਵੰਬਰ 2015 ਨੂੰ ਪਿੰਡ ਹਮੀਰਗੜ੍ਹ ’ਚ ਰੱਖੀ ਸਦਭਾਵਨਾ ਰੈਲੀ ਵਿਚ ਆਏ ਤਤਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਮਲੂਕਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਪਹਿਲਾਂ ਹੀ ਉਸ ਨੂੰ ਰੋਕ ਦਿੱਤਾ ਸੀ। ਉਦੋਂ ਯੂਥ ਬਰਗੇਡ ਨੇ ਇਸ ਬਜ਼ੁਰਗ ਦੀ ਕੁੱਟਮਾਰ ਕੀਤੀ ਸੀ। ਦੱਸਣਯੋਗ ਹੈ ਕਿ ਥਾਣਾ ਦਿਆਲਪੁਰਾ ਦੀ ਪੁਲੀਸ ਨੇ ਉਦੋਂ ਹੀ ਐਫ.ਆਈ.ਆਰ ਨੰਬਰ 180 ਤਹਿਤ ਜਰਨੈਲ ਸਿੰਘ ਤੇ ਧਾਰਾ 353,186,120 ਬੀ ਲਗਾ ਕੇ ਕੇਸ ਦਰਜ ਕਰ ਦਿੱਤਾ ਸੀ। ਬਜ਼ੁਰਗ ਦੀ ਜ਼ਿਆਦਾ ਕੱੁਟਮਾਰ ਹੋਣ ਕਰਕੇ ਉਸ ਨੂੰ ਫ਼ਰੀਦਕੋਟ ਦੇ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ ਸੀ ਅਤੇ ਮਗਰੋਂ ਪੁਲੀਸ ਨੇ ਬਜ਼ੁਰਗ ਜਰਨੈਲ ਸਿੰਘ ਨੂੰ 28 ਨਵੰਬਰ ਨੂੰ ਹਸਪਤਾਲ ਚੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ।
                  ਇੱਕ ਦਸੰਬਰ 2015 ਨੂੰ ਇਸ ਬਜ਼ੁਰਗ ਬਠਿੰਡਾ ਜੇਲ੍ਹ ਚੋਂ ਰਿਹਾਅ ਹੋ ਗਿਆ ਸੀ। ਉਸ ਨੇ ਵੀ ਉਦੋਂ ਐਸ.ਐਸ.ਪੀ ਬਠਿੰਡਾ ਨੂੰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਦਰਖਾਸਤ ਦਿੱਤੀ ਸੀ ਪ੍ਰੰਤੂ ਉਸ ਦੀ ਕੋਈ ਸੁਣਵਾਈ ਨਾ ਹੋਈ। ਤਾਹੀਓ ਉਸ ਨੂੰ ਫੂਲ ਅਦਾਲਤ ਵਿਚ ਇਸਤਗਾਸਾ ਦਾਇਰ ਕਰਨਾ ਪਿਆ। ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜਰਨੈਲ ਸਿੰਘ ਹਮੀਰਗੜ੍ਹ ਦੇ ਮਨ ਵਿਚ ਰੋਸ ਸੀ। ਜਰਨੈਲ ਸਿੰਘ ਹਮੀਰਗੜ੍ਹ ਕੋਟਕਪੂਰਾ ਦੇ ਉਸ ਧਰਨੇ ਵਿਚ ਵੀ ਸ਼ਾਮਿਲ ਸੀ ਜਿੱਥੇ ਪੁਲੀਸ ਨੇ ਗੋਲੀ ਚਲਾਈ ਸੀ। ਹੁਣ ਜਰਨੈਲ ਸਿੰਘ ਰੋਜ਼ਾਨਾ ਬਰਗਾੜੀ ਵਿਚ ਚੱਲ ਰਹੇ ਇਨਸਾਫ਼ ਮੋਰਚੇ ਵਿਚ ਸ਼ਾਮਿਲ ਹੋ ਰਿਹਾ ਹੈ। ਉਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਵੀ ਆਪਣੇ ਬਿਆਨ ਦਰਜ ਕਰਾਏ ਹਨ। ਜਰਨੈਲ ਸਿੰਘ ਹਮੀਰਗੜ੍ਹ ਦਾ ਕਹਿਣਾ ਸੀ ਕਿ ਉਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਕੋਟਕਪੂਰਾ ਧਰਨੇ ਦੀ ਹਕੀਕਤ ਬਿਆਨੀ ਹੈ। ਉਨ੍ਹਾਂ ਦੱਸਿਆ ਕਿ ਦਿਆਲਪੁਰਾ ਪੁਲੀਸ ਵੱਲੋਂ ਦਰਜ ਕੀਤੇ ਝੂਠੇ ਕੇਸ ਨੂੰ ਖ਼ਾਰਜ ਕਰਾਉਣ ਲਈ ਮਹਿਤਾਬ ਸਿੰਘ ਕਮਿਸ਼ਨ ਕੋਲ ਅਕਤੂਬਰ 2017 ਵਿਚ ਦਰਖਾਸਤ ਦਿੱਤੀ ਸੀ ਕਿਉਂਕਿ ਉਦੋਂ ਕੁੱਟਮਾਰ ਵੀ ਉਸ ਦੀ ਹੀ ਹੋਈ ਅਤੇ ਪੁਲੀਸ ਕੇਸ ਵੀ ਉਸ ’ਤੇ ਹੀ ਪੁਲੀਸ ਨੇ ਦਰਜ ਕਰ ਦਿੱਤਾ।
           ਜਰਨੈਲ ਹਮੀਰਗੜ੍ਹ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਹਿਤਾਬ ਸਿੰਘ ਕਮਿਸ਼ਨ ਤੋਂ ਪੂਰਨ ਇਨਸਾਫ਼ ਮਿਲਣ ਦੀ ਉਮੀਦ ਹੈ ਅਤੇ ਉਹ ਇਨਸਾਫ਼ ਲਈ ਪੂਰੀ ਤਰ੍ਹਾਂ ਲੜਾਈ ਲੜੇਗਾ। ਦੂਸਰੀ ਤਰਫ਼ ਫੂਲ ਅਦਾਲਤ ਵਿਚ ਬਜ਼ੁਰਗ ਜਰਨੈਲ ਸਿੰਘ ਖ਼ਿਲਾਫ਼ ਦਰਜ ਐਫ.ਆਈ.ਆਰ ਦਾ ਕੇਸ ਚੱਲ ਰਿਹਾ ਹੈ। ਇਸ ਕੇਸ ਵਿਚ ਸਾਬਕਾ ਮੰਤਰੀ ਮਲੂਕਾ ਦੇ ਤਤਕਾਲੀ ਪੀਏ ਕੁਲਦੀਪ ਚੰਦ ਨੇ ਫੂਲ ਅਦਾਲਤ ਵਿਚ ਆਪਣੇ ਬਿਆਨ ਕਲਮਬੱਧ ਕਰਾ ਦਿੱਤੇ ਹਨ। ਜਰਨੈਲ ਸਿੰਘ ਦੇ ਐਡਵੋਕੇਟ ਬਿਮਲ ਕੁਮਾਰ ਦਾ ਕਹਿਣਾ ਸੀ ਕਿ ਮੱੁਦਈ ਕੁਲਦੀਪ ਚੰਦ ਦੇ ਬਿਆਨ ਕਲਮਬੱਧ ਹੋ ਗਏ ਹਨ ਅਤੇ ਉਨ੍ਹਾਂ ਦਾ ਕਰਾਸ ਐਗਜਾਈਮਨ ਹੋਣਾ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਦੇਸ਼ ਗਏ ਹੋਣ ਕਰਕੇ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਅਤੇ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਮਲੂਕਾ ਨੇ ਫੋਨ ਨਹੀਂ ਚੁੱਕਿਆ।






Thursday, August 23, 2018

                        ਵਜ਼ੀਰਾਂ ਨੇ ਹੱਥ ਖੋਲ੍ਹੇ
 ਚਾਹ ਪਾਣੀ ਨੇ ਖਜ਼ਾਨੇ ਨੂੰ ਲਿਆਂਦਾ ਉਬਾਲਾ
                           ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਵਜ਼ੀਰਾਂ ਦਾ ਚਾਹ ਪਾਣੀ ਖ਼ਜ਼ਾਨੇ ਨੂੰ ਉਬਾਲੇ ਦੇਣ ਲੱਗਾ ਹੈ। ਮੱੁਢਲੇ ਪੜਾਅ ’ਤੇ ਸਰਕਾਰ ਦੀ ਕਿਫ਼ਾਇਤੀ ਮੁਹਿੰਮ ਨੇ ਰੰਗ ਦਿਖਾਇਆ ਸੀ। ਹੁਣ ਪ੍ਰਾਹੁਣਚਾਰੀ ਦੀ ਟਹਿਲ ਸੇਵਾ ਲਈ ਹੱਥ ਖੱੁਲਣ ਲੱਗਾ ਹੈ। ਕੈਪਟਨ ਸਰਕਾਰ ਦੇ ਪਹਿਲੇ ਵਰੇ੍ਹ ਦੌਰਾਨ ਮੁੱਖ ਮੰਤਰੀ ਅਤੇ ਵਜ਼ੀਰਾਂ ਦੇ ਚਾਹ ਪਾਣੀ ਸਰਕਾਰੀ ਖ਼ਜ਼ਾਨੇ ਨੂੰ ਕਰੀਬ 28 ਲੱਖ ਰੁਪਏ ਵਿਚ ਪਿਆ ਹੈ। ਭਾਵੇਂ ਇਹ ਰਾਸ਼ੀ ਵੱਡੀ ਨਹੀਂ ਪ੍ਰੰਤੂ ਜਦੋਂ ਖ਼ਜ਼ਾਨਾ ਸੰਕਟ ’ਚ ਹੋਵੇ ਤਾਂ ਪਾਈ ਪਾਈ ਦਾ ਸਹਾਰਾ ਬਣਦਾ ਹੈ। ਕੈਪਟਨ ਸਰਕਾਰ ਦੇ ਪ੍ਰਾਹੁਣੇ ਕਰੀਬ 5.34 ਲੱਖ ਰੁਪਏ ਦਾ ਤਾਂ ਪਾਣੀ ਹੀ ਪੀ ਗਏ ਹਨ। ਦੂਸਰੀ ਤਰਫ਼ ਚਾਰੇ ਪਾਸੇ ਸਰਕਾਰ ਖ਼ਰਚੇ ਤੇ ਕੱਟ ਲਗਾ ਰਹੀ ਹੈ। ਪੰਜਾਬ ਦੇ ਹਰ ਕੋਨੇ ’ਚ ਨਾਅਰੇ ਵੱਜ ਰਹੇ ਹਨ। ਪ੍ਰਾਹੁਣਚਾਰੀ ਮਹਿਕਮੇ ਤੋਂ ਮਿਲੇ ਆਰਟੀਆਈ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਰੋਜ਼ਾਨਾ ਹੋਣ ਵਾਲੀਆਂ ਮੀਟਿੰਗਾਂ ਵਿਚ ਚਾਹ ਪਾਣੀ ਤੇ ਕਰੀਬ ਇੱਕ ਵਰੇ੍ਹ ਦੌਰਾਨ 12.33 ਲੱਖ ਰੁਪਏ ਦਾ ਖਰਚਾ ਆਇਆ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਦਫ਼ਤਰ ਦੀ ਥਾਂ ਰਿਹਾਇਸ਼ ’ਤੇ ਹੀ ਮੀਟਿੰਗਾਂ ਜ਼ਿਆਦਾ ਕੀਤੀਆਂ ਜਾਂਦੀਆਂ ਹਨ।
                   ਛੇ ਵਜ਼ੀਰਾਂ ਦਾ ਚਾਹ ਪਾਣੀ ਦਾ ਵੱਖਰਾ ਖਰਚਾ 11.65 ਲੱਖ ਰੁਪਏ ਰਿਹਾ ਹੈ ਜੋ ਕਰੀਬ ਇੱਕ ਵਰੇ੍ਹ ਦਾ ਹੈ। ਵਜ਼ੀਰਾਂ ਨੇ ਮੱੁਢਲੇ ਮਹੀਨਿਆਂ ਦੌਰਾਨ ਤਾਂ ਚਾਹ ਪਾਣੀ ਤੇ ਖ਼ਰਚੇ ’ਚ ਸੰਜਮ ਵਰਤੀ ਅਤੇ ਮਗਰੋਂ ਥੋੜ੍ਹਾ ਹੱਥ ਖੋਲ੍ਹ ਦਿੱਤਾ। ਵਜ਼ੀਰਾਂ ਚੋਂ ਸਭ ਤੋਂ ਵੱਧ ਚਾਹ ਪਾਣੀ ਦਾ ਖਰਚਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਰਿਹਾ ਹੈ ਜੋ ਕਿ 3.37 ਲੱਖ ਰੁਪਏ ਬਣਦਾ ਹੈ।ਤੱਥਾਂ ਅਨੁਸਾਰ ਦੂਸਰਾ ਨੰਬਰ ਵਜ਼ੀਰ ਰਜ਼ੀਆ ਸੁਲਤਾਨਾ ਦਾ ਹੈ ਜਿਨ੍ਹਾਂ ਦੇ ਚਾਹ ਪਾਣੀ ਅਤੇ ਸਨੈਕਸ ਦਾ ਖਰਚਾ 2.71 ਲੱਖ ਰੁਪਏ ਆਇਆ ਹੈ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਚਾਹ ਪਾਣੀ ਦਾ ਖਰਚਾ 2.48 ਲੱਖ ਰੁਪਏ ਹੈ। ਦੱਸਦੇ ਹਨ ਕਿ ਬਾਜਵਾ ਤਾਂ ਸਭ ਤੋਂ ਪਹਿਲਾਂ ਦਫ਼ਤਰ ਪੁੱਜਦੇ ਹਨ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਮਹਿਮਾਨਾਂ ਦੇ ਚਾਹ ਪਾਣੀ ’ਤੇ 2.12 ਲੱਖ ਰੁਪਏ ਖ਼ਰਚ ਕੀਤੇ ਹਨ ਜਦੋਂ ਵਜ਼ੀਰ ਅਰੁਣਾ ਚੌਧਰੀ ਦਾ ਖਰਚਾ 82,780 ਰੁਪਏ ਆਇਆ ਹੈ। ਸਭ ਤੋਂ ਘੱਟ ਚਾਹ ਪਾਣੀ ਦਾ ਖਰਚਾ ਵਜ਼ੀਰ ਨਵਜੋਤ ਸਿੱਧੂ ਦਾ ਹੈ ਜੋ ਕਿ ਸਿਰਫ਼ 13,118 ਰੁਪਏ ਹੈ। ਬਾਕੀ ਵਜ਼ੀਰਾਂ ਦਾ ਵੇਰਵਾ ਦਿੱਤਾ ਨਹੀਂ ਗਿਆ ਹੈ।
         ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਫ਼ਤਰ ਵਿਚ ਕੀਤੀਆਂ ਮੀਟਿੰਗਾਂ ’ਚ ਮਹਿਮਾਨਾਂ ਨੂੰ 2.80 ਲੱਖ ਰੁਪਏ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ 88,282 ਰੁਪਏ ਦਾ ਖਰਚਾ ਕੀਤਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕੀਤੀਆਂ ਮੀਟਿੰਗਾਂ ਦੌਰਾਨ ਚਾਹ ਪਾਣੀ ਦਾ ਖਰਚਾ 1137 ਰੁਪਏ ਹੀ ਰਿਹਾ ਹੈ। ਪੰਜਾਬ ਭਵਨ ਨੂੰ ਸਾਲ 2017-18 ਦੌਰਾਨ ਸਰਕਾਰ ਤੋਂ ਸਵਾ ਕਰੋੜ ਰੁਪਏ ਦੇ ਫ਼ੰਡ ਪ੍ਰਾਪਤ ਹੋਏ ਸਨ ਜਿਨ੍ਹਾਂ ਚੋਂ ਸਰਕਾਰ ਨੇ ਕਰੀਬ 80 ਲੱਖ ਰੁਪਏ ਦਾ ਖ਼ਰਚ ਕੀਤਾ ਹੈ। ਪੰਜਾਬ ਭਵਨ ਵੱਲ ਕਰੀਬ 20 ਲੱਖ ਰੁਪਏ ਦੀਆਂ ਦੇਣਦਾਰੀਆਂ ਵੀ ਸਿਰ ਖੜ੍ਹੀਆਂ ਹਨ। ਇਹ ਤਾਂ ਸਿਰਫ਼ ਦਿਸਦੇ ਫ਼ੰਡ ਹਨ ਜੋ ਦੂਸਰੇ ਵਿਭਾਗਾਂ ਵੱਲੋਂ ਖ਼ਰਚੇ ਕੀਤੇ ਜਾਂਦੇ ਹਨ, ਉਹ ਵੱਖਰੇ ਹਨ।
           ਵੇਰਵਿਆਂ ਅਨੁਸਾਰ ਸਿਵਲ ਸਕੱਤਰੇਤ/ਵਿਧਾਨ ਸਭਾ ਕੰਟੀਨ ਵਾਸਤੇ ਮੈਟੀਰੀਅਲ ਐਂਡ ਸਪਲਾਈ ਮੱਦ ਤਹਿਤ ਸਰਕਾਰ ਵੱਲੋਂ 1.20 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਸੀ ਜਿਸ ਚੋਂ 1.17 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ। ਪ੍ਰਾਈਵੇਟ ਹੋਟਲਾਂ ਵਿਚ ਲੰਚ/ਡਿਨਰ ਅਤੇ ਰਿਫਰੈਂਸਮੈਂਟ ਤੇ ਹੁੰਦੇ ਖ਼ਰਚੇ ਵੱਖਰੇ ਹਨ। ਦੱਸਦੇ ਹਨ ਕਿ ਖ਼ਜ਼ਾਨਾ ਮੰਤਰੀ ਤਾਂ ਆਪਣੇ ਮਹਿਮਾਨਾਂ ਨੂੰ ਸਾਫ਼ ਆਖ ਦਿੰਦੇ ਹਨ ਕਿ ਖ਼ਜ਼ਾਨੇ ਦੀ ਹਾਲਤ ਚਾਹ ਪਾਣੀ ਪਿਲਾਉਣ ਜੋਗੀ ਨਹੀਂ ਹੈ। ਨਵੇਂ ਬਣੇ ਵਜ਼ੀਰਾਂ ਦਾ ਖਰਚਾ ਹਾਲੇ ਦਿੱਤਾ ਨਹੀਂ ਗਿਆ ਹੈ। ਸਰਕਾਰੀ ਅਧਿਕਾਰੀ ਆਖਦੇ ਹਨ ਕਿ ਗੱਠਜੋੜ ਸਰਕਾਰ ਦੇ ਮੁਕਾਬਲੇ ਇਹ ਖਰਚਾ ਕਈ ਗੁਣਾ ਘੱਟ ਹੈ ਅਤੇ ਸਰਕਾਰ ਹੱਥ ਘੁੱਟ ਕੇ ਹੀ ਖ਼ਾਤਰਦਾਰੀ ਕਰਦੀ ਹੈ।






Tuesday, August 21, 2018

                                                           ਖਜ਼ਾਨੇ ਦਾ ਲੁਤਫ
                       ਪਹਾੜਾਂ ’ਚ ਗੂੰਜਾਂ ਪਾਉਂਦਾ ਹੈ ਮਹਾਰਾਜੇ ਦਾ ਹੈਲੀਕਾਪਟਰ
                                                             ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਹੈਲੀਕਾਪਟਰ ਦੀ ਗੂੰਜ ਹੁਣ ਪੰਜਾਬ ਤੋਂ ਵੱਧ ਪਹਾੜਾਂ ’ਚ ਪੈਂਦੀ ਹੈ। ਜਿਉਂ ਹੀ ਗਰਮੀ ਦਸਤਕ ਦਿੰਦੀ ਹੈ, ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਦੀਆਂ ਉਡਾਰੀਆਂ ਭਰਨ ਲੱਗਦਾ ਹੈ। ਮੁੱਖ ਮੰਤਰੀ ਪੰਜਾਬ ਦਾ ਅੌਸਤਨ ਹਰ ਮਹੀਨੇ ਹਿਮਾਚਲ ਪ੍ਰਦੇਸ਼ ਦਾ ਗੇੜਾ ਰਿਹਾ ਹੈ। ਬੇਸ਼ੱਕ ਗੱਠਜੋੜ ਸਰਕਾਰ ਨਾਲੋਂ ਹੈਲੀਕਾਪਟਰ ਦਾ ਖਰਚਾ ਘਟਿਆ ਹੈ ਪ੍ਰੰਤੂ ਸਰਕਾਰੀ ਹੈਲੀਕਾਪਟਰ ਦਾ ਸ਼ਿਮਲੇ ਦਾ ਗੇੜੇ ਤੇ ਗੇੜਾ ਰਿਹਾ ਹੈ। ਕਿਸੇ ਤੋਂ ਗੱਲ ਗੱੁਝੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਵਾਦੀਆਂ ਨਾਲ ਨੇੜਿਓ ਜੁੜੇ ਹਨ। ਉਨ੍ਹਾਂ ਦਾ ਫਾਰਮ ਹਾਊਸ ਵੀ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਅਮਰਿੰਦਰ ਸਿੰਘ ਨੇ ਜ਼ਿਆਦਾ ਗੇੜੇ ਕਾਂਡਿਆਲੀ (ਨੇੜੇ ਸ਼ਿਮਲਾ) ਦੇ ਲਾਏ ਹਨ। ਹਿਮਾਚਲ ਪ੍ਰਦੇਸ਼ ਦੇ ਆਮ ਰਾਜ ਪ੍ਰਬੰਧ ਵਿਭਾਗ ਤੋਂ ਆਰਟੀਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਦੇ ਦੌਰਿਆਂ ਦੌਰਾਨ ਸਟੇਟ ਮਹਿਮਾਨ ਹੁੰਦੇ ਹਨ। ਸਰਕਾਰੀ ਤੱਥਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ 19 ਮਈ ਤੋਂ 23 ਮਈ 2018 ਤੱਕ ਬਤੌਰ ਸਟੇਟ ਮਹਿਮਾਨ ਮਨਾਲੀ ਦੇ ਹੋਟਲ ਉਰਵਸ਼ੀ ਰਿਟਰੀਟ ਵਿਚ ਠਹਿਰੇ। ਉਨ੍ਹਾਂ ਦੇ ਨੇੜਲੇ ਦੋ ਸਟਾਫ਼ ਮੈਂਬਰ ਵੀ ਬਤੌਰ ਸਟੇਟ ਮਹਿਮਾਨ ਠਹਿਰੇ।
                  ਜੈੱਡ ਪਲੱਸ ਸੁਰੱਖਿਆ ਹੋਣ ਕਰਕੇ ਹਿਮਾਚਲ ਸਰਕਾਰ ਨੇ ਪੰਜ ਦਿਨ ਸਖ਼ਤ ਸੁਰੱਖਿਆ ਪਹਿਰਾ ਰੱਖਿਆ। ਕਰੀਬ 45 ਸੁਰੱਖਿਆ ਅਫ਼ਸਰਾਂ ਤੇ ਮੁਲਾਜ਼ਮਾਂ ਲਈ ਠਹਿਰ ਦਾ ਵੱਖਰਾ ਪ੍ਰਬੰਧ ਕੀਤਾ ਗਿਆ। ਪਾਇਲਟ ਤੇ ਐਸਕਾਰਟ ਲਈ ਦੋ ਇਨੋਵਾ ਅਤੇ ਦੋ ਜਿਪਸੀਆਂ ਦਿੱਤੀਆਂ ਗਈਆਂ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮਨਾਲੀ ਦੌਰੇ ਦਾ ਖਰਚਾ ਵੀ ਚੁੱਕਿਆ ਹੈ। ਦੱਸਣਯੋਗ ਹੈ ਕਿ ਅਮਰਿੰਦਰ ਦਾ ਇਹ ਦੌਰਾ ਕਾਫ਼ੀ ਚਰਚਾ ਵਿਚ ਵੀ ਰਿਹਾ ਹੈ। ਦੋ ਹਫ਼ਤਿਆਂ ਮਗਰੋਂ ਹੀ ਮੁੱਖ ਮੰਤਰੀ ਮੁੜ 8 ਜੂਨ ਨੂੰ ਹਿਮਾਚਲ ਪ੍ਰਦੇਸ਼ ਚਲੇ ਗਏ ਜਿੱਥੇ ਉਹ ਕਾਂਡਿਆਲੀ ਵਿਚ 12 ਜੂਨ 2018 ਤੱਕ ਠਹਿਰੇ। ਇਨ੍ਹਾਂ ਪੰਜ ਦਿਨਾਂ ਦਾ ਖਰਚਾ ਵੀ ਪ੍ਰਾਹੁਣਚਾਰੀ ਮਹਿਕਮੇ ਨੇ ਚੁੱਕਿਆ। ਦੂਸਰੀ ਤਰਫ਼ ਹੈਲੀਕਾਪਟਰ ਦਾ ਖਰਚਾ ਪੰਜਾਬ ਸਰਕਾਰ ਚੁੱਕਦੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪਰੈਲ 2017 ਨੂੰ ਸ਼ਿਮਲਾ/ਕਾਂਡਿਆਲੀ ਵਿਚ ਠਹਿਰੇ ਸਨ। ਉਨ੍ਹਾਂ ਨੇ ਮੁੜ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ਵਿਖੇ ਪੰਜ ਦਿਨ ਬਿਤਾਏ।
                  ਭੁੱਲਿਆ ਕਿਸੇ ਤੋਂ ਇਹ ਵੀ ਨਹੀਂ ਕਿ ਮੁੱਖ ਮੰਤਰੀ ਨੇ ਸਹੁੰ ਚੱੁਕਣ ਮਗਰੋਂ ਪੰਜਾਬ ਦੇ ਬਹੁਤ ਘੱਟ ਗੇੜੇ ਲਾਏ ਹਨ। ਅਹਿਮ ਸਮਾਗਮਾਂ ’ਤੇ ਵੀ ਵਜ਼ੀਰ ਹੀ ਹਾਜ਼ਰੀ ਭਰਦੇ ਹਨ। ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿਚ ਮੁੱਖ ਮੰਤਰੀ ਨੇ ਇੱਕ ਵੀ ਗੇੜਾ ਹਾਲੇ ਤੱਕ ਨਹੀਂ ਮਾਰਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਜੋ ਆਰਟੀਆਈ ਤਹਿਤ ਸਰਕਾਰੀ ਹੈਲੀਕਾਪਟਰ ਦੀ ਲਾਗ ਬੱੁਕ ਪ੍ਰਾਪਤ ਕੀਤੀ ਹੈ,ਉਸ ਅਨੁਸਾਰ ਹੈਲੀਕਾਪਟਰ ਨੇ ਦਰਜਨਾਂ ਗੇੜੇ ਚੰਡੀਗੜ੍ਹ-ਸ਼ਿਮਲਾ ਦੇ ਲਾਏ ਹਨ। ਕੈਪਟਨ ਸਰਕਾਰ ਦੇ ਹੈਲੀਕਾਪਟਰ ਦਾ 27 ਅਪਰੈਲ 2017 ਨੂੰ ਸ਼ਿਮਲਾ ਦਾ ਗੇੜਾ ਰਿਹਾ ਅਤੇ ਪੰਜ ਦਿਨਾਂ ਮਗਰੋਂ ਹੀ ਮੁੜ ਪਹਿਲੀ ਮਈ ਨੂੰ ਹੈਲੀਕਾਪਟਰ ਸ਼ਿਮਲਾ ਉੱਤਰਿਆ। ਫਿਰ 31 ਮਈ ਨੂੰ ਵੀ ਹੈਲੀਕਾਪਟਰ ਦਾ ਸ਼ਿਮਲੇ ਦਾ ਗੇੜਾ ਰਿਹਾ। 1 ਜੂਨ 2017 ਨੂੰ ਇੱਥੋਂ ਦਾ ਹੀ ਟਰਿੱਪ ਰਿਹਾ। 24 ਜੂਨ 2017 ਨੂੰ ਤਾਂ ਹੈਲੀਕਾਪਟਰ ਨੇ ਸ਼ਿਮਲਾ ਦੇ ਦੋ ਗੇੜੇ ਲਾਏ। ਇਵੇਂ ਹੀ 15 ਸਤੰਬਰ ਅਤੇ 17 ਸਤੰਬਰ 2017 ਨੂੰ ਵੀ ਹੈਲੀਕਾਪਟਰ ਹਿਮਾਚਲ ’ਚ ਗੂੰਜਿਆ। ਹੈਲੀਕਾਪਟਰ ਦੇ 20 ਅਕਤੂਬਰ ਅਤੇ 23 ਅਕਤੂਬਰ 2017 ਨੂੰ ਵੀ ਸ਼ਿਮਲਾ ਦੇ ਗੇੜੇ ਰਹੇ।
                 ਨਿਰਪੱਖ  ਹਲਕੇ ਆਖਦੇ ਹਨ ਕਿ ਗੱਠਜੋੜ ਸਰਕਾਰ ਸਮੇਂ ਸਰਕਾਰੀ ਹੈਲੀਕਾਪਟਰ ਨੂੰ ਭੋਗਾਂ ਤੇ ਵਿਆਹਾਂ ਤੇ ਜਾਣ ਲਈ ਵਰਤਿਆ ਜਾਂਦਾ ਸੀ ਅਤੇ ਹੁਣ ਹੈਲੀਕਾਪਟਰ ਨੂੰ ਪਹਾੜਾਂ ਦੀ ਸੈਰ ਲਈ ਵਰਤਿਆ ਜਾਣ ਲੱਗਾ ਹੈ। ਹੈਲੀਕਾਪਟਰ ਦਾ 27 ਦਸੰਬਰ 2017 ਨੂੰ ਦੇਹਰਾਦੂਨ ਦਾ ਗੇੜਾ ਵੀ ਰਿਹਾ ਹੈ।  ਇਸੇ ਤਰ੍ਹਾਂ 8 ਜੁਲਾਈ 2017 ਨੂੰ ਹੈਲੀਕਾਪਟਰ ਨੇ ਕੇਦਾਰ ਨਾਥ ਤੇ ਬਦਰੀਨਾਥ ਦਾ ਚੱਕਰ ਵੀ ਲਾਇਆ ਹੈ। ਉਸ ਤੋਂ ਪਹਿਲਾਂ 7 ਅਪਰੈਲ 2017 ਨੂੰ ਹੈਲੀਕਾਪਟਰ ਵੈਸ਼ਨੋ ਦੇਵੀ ਦਾ ਚੱਕਰ ਵੀ ਲਾ ਕੇ ਆਇਆ ਹੈ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਤੋਂ ਇਲਾਵਾ ਹੈਲੀਕਾਪਟਰ ਦੀ ਵਰਤੋਂ ਦੂਸਰੇ ਵੀਆਈਪੀਜ਼ ਨੇ ਵੀ ਕੀਤੀ ਹੈ। ਸੂਤਰਾਂ ਅਨੁਸਾਰ ਰਾਜਪਾਲ ਪੰਜਾਬ ਵੱਲੋਂ ਧਾਰਮਿਕ ਸਥਾਨਾਂ ਦੀ ਯਾਤਰਾ ਮੌਕੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ।
        ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਮੁੱਖ ਮੰਤਰੀ ਤੋਂ ਇਲਾਵਾ ਗਵਰਨਰ ਵੀ ਕਰਦੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਹੈਲੀਕਾਪਟਰ ਦੇ ਖ਼ਰਚੇ ਕਾਫ਼ੀ ਘੱਟ ਗਏ ਹਨ ਅਤੇ ਸਰਕਾਰ ਨੂੰ ਪ੍ਰਾਈਵੇਟ ਹੈਲੀਕਾਪਟਰ ਵੀ ਹਾਇਰ ਕਰਨ ਦੀ ਲੋੜ ਨਹੀਂ ਪਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਕਈ ਵਾਰ ਪਾਇਲਟ ਵੀ ਟਰੇਨਿੰਗ ਲਈ ਚਲੇ ਜਾਂਦੇ ਹਨ।




Monday, August 20, 2018

                                ਮੌੜ ਕਾਂਡ   
       ਹੁਣ ਤਣ ਪੱਤਣ ਲੱਗੇਗੀ ਧਮਾਕੇ ਦੀ ਜਾਂਚ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਹੁਣ ਮੌੜ ਬੰਬ ਧਮਾਕੇ ਦੀ ਜਾਂਚ ਨੂੰ ਤਣ ਪੱਤਣ ਲਾਏਗੀ। ਵਿਸ਼ੇਸ਼ ਜਾਂਚ ਟੀਮ ਲਈ ਬਰਗਾੜੀ ਕਾਂਡ ਮਗਰੋਂ ਹੁਣ ਮੌੜ ਧਮਾਕੇ ਦੀ ਜਾਂਚ ਨੂੰ ਆਖ਼ਰੀ ਮੋੜ ਤੱਕ ਲਿਜਾਣਾ ਮੁੱਖ ਏਜੰਡਾ ਹੈ। ਕਰੀਬ ਪੰਜ ਮਹੀਨੇ ਤੋਂ ਮੌੜ ਕਾਂਡ ਦੀ ਜਾਂਚ ਠੰਡੇ ਬਸਤੇ ਵਿਚ ਪਾਈ ਹੋਈ ਸੀ ਕਿਉਂਕਿ ਮੌੜ ਕਾਂਡ ਦੀ ਪੈੜ ਡੇਰਾ ਸਿਰਸਾ ਦੇ ਬੂਹੇ ਤੱਕ ਪੁੱਜ ਗਈ ਸੀ। ਪੰਜਾਬ ਪੁਲੀਸ ਦੇ ਮੁਖੀ ਨੇ ਹੁਣ ਮੌੜ ਕਾਂਡ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਦਾ ਅਚਨਚੇਤ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਮੁੜ ਬਠਿੰਡਾ ਜ਼ਿਲ੍ਹੇ ਦਾ ਤਬਾਦਲਾ ਕਰ ਦਿੱਤਾ ਹੈ ਜਿਨ੍ਹਾਂ ਨੂੰ ਪਹਿਲਾਂ 19 ਮਾਰਚ ਨੂੰ ਥਾਣਾ ਦਿਆਲਪੁਰਾ (ਬਠਿੰਡਾ) ਤੋਂ ਬਦਲ ਕੇ ਸੀਆਈਏ ਸਟਾਫ਼ ਸਰਹਿੰਦ ਵਿਖੇ ਤਾਇਨਾਤ ਕਰ ਦਿੱਤਾ ਸੀ।  ਪੰਜਾਬ ਪੁਲੀਸ ਵੱਲੋਂ ਮੌੜ ਕਾਂਡ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਜਿਸ ਦੇ ਚੇਅਰਮੈਨ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਹਨ ਜਦੋਂ ਕਿ ਐਸ.ਪੀ ਰਜਿੰਦਰ ਸਿੰਘ ਸੋਹਲ, ਡੀ.ਐਸ.ਪੀ ਸੁਲੱਖਣ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਟੀਮ ਦੇ ਮੈਂਬਰ ਹਨ। ਇੰਸਪੈਕਟਰ ਦਲਬੀਰ ਸਿੰਘ ਇਸ ਜਾਂਚ ਦੇ ਤਫ਼ਤੀਸ਼ੀ ਅਫ਼ਸਰ ਹਨ ਅਤੇ ਉਹ ਕਾਂਡ ਦੀ ਹਰ ਘੁਣਤਰ ਤੋਂ ਵਾਕਫ਼ ਹਨ।
                  ਦਲਬੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਰੋਪੜ ਰੇਂਜ ਤੋਂ ਬਦਲੀ ਬਠਿੰਡਾ ਦੀ ਹੋ ਗਈ ਹੈ ਅਤੇ ਹਾਲੇ ਅਗਲੀ ਤਾਇਨਾਤੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਬਰਗਾੜੀ ਇਨਸਾਫ਼ ਮੋਰਚਾ ਨੇ ਵੀ ਦੋ ਦਿਨਾਂ ਤੋਂ ਮੌੜ ਬੰਬ ਕਾਂਡ ਨੂੰ ਮੁੱਖ ਮੁੱਦੇ ਦੇ ਤੌਰ ਤੇ ਉਭਾਰਨਾ ਸ਼ੁਰੂ ਕੀਤਾ ਹੈ।  ਦੂਸਰੀ ਤਰਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ 21 ਅਗਸਤ ਨੂੰ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਨਿੱਜੀ ਪੇਸ਼ੀ ਹੈ ਜਿਨ੍ਹਾਂ ਨੂੰ ਹਾਈਕੋਰਟ ਨੇ 3 ਅਗਸਤ ਨੂੰ ਤਲਬ ਕੀਤਾ ਸੀ। ਪਾਤੜਾਂ ਦੇ ਗੁਰਜੀਤ ਸਿੰਘ ਵਗ਼ੈਰਾ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੌੜ ਧਮਾਕੇ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਮੰਗ ਕੀਤੀ ਹੈ। ਇਸੇ ਦੌਰਾਨ 24 ਅਗਸਤ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਜਿੱਥੇ ਮੌੜ ਬੰਬ ਧਮਾਕੇ ਦੀ ਜਾਂਚ ਦਾ ਮੁੱਦਾ ਵੀ ਉੱਠ ਸਕਦਾ ਹੈ। ਏਦਾ ਦੇ ਹਾਲਾਤਾਂ ਵਿਚ ਮੌੜ ਧਮਾਕੇ ਦੀ ਜਾਂਚ ਨੂੰ ਕਿਸੇ ਬੰਨ੍ਹੇ ਲਾਉਣਾ ਸਰਕਾਰ ਦੀ ਮਜਬੂਰੀ ਵੀ ਜਾਪਣ ਲੱਗੀ ਹੈ। ਸਿਆਸੀ ਤੌਰ ਤੇ ਵੀ ਧਮਾਕੇ ਦੀ ਮੱਠੀ ਜਾਂਚ ਹਾਕਮ ਧਿਰ ਨੂੰ ਸੇਕ ਲਾ ਸਕਦੀ ਹੈ। ਥਾਣਾ ਮੌੜ ਦੇ ਮੁੱਖ ਥਾਣਾ ਅਫ਼ਸਰ ਗੁਰਦੇਵ ਸਿੰਘ ਭੱਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੌੜ ਕਾਂਡ ਦੀ ਮਿਸਲ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤੀ ਹੈ।
                 ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ 31 ਜਨਵਰੀ 2017 ਨੂੰ ਮੌੜ ਮੰਡੀ ਵਿਖੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਹੋਇਆ ਸੀ ਜਿਸ ’ਚ ਜੱਸੀ ਤਾਂ ਬਚ ਗਏ ਸਨ ਪ੍ਰੰਤੂ ਇਸ ਧਮਾਕੇ ਵਿਚ 7 ਜਾਨਾਂ ਚਲੀਆਂ ਗਈਆਂ ਸਨ ਅਤੇ 12 ਦੇ ਕਰੀਬ ਜ਼ਖਮੀ ਹੋ ਗਏ ਸਨ। ਧਮਾਕਾ ਮਾਰੂਤੀ ਕਾਰ ਵਿਚ ਹੋਇਆ ਸੀ। ਵਿਸ਼ੇਸ਼ ਜਾਂਚ ਟੀਮ ਨੇ ਚਾਰ ਗਵਾਹਾਂ ਦੇ ਬਿਆਨ 8 ਫਰਵਰੀ 2018 ਨੂੰ ਤਲਵੰਡੀ ਸਾਬੋ ਦੀ ਅਦਾਲਤ ਵਿਚ ਕਲਮਬੱਧ ਕਰਾਏ ਸਨ। ਮੌੜ ਕਾਂਡ ਮਾਮਲੇ ’ਚ ਫਰਵਰੀ 2018 ’ਚ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਦਿੱਤਾ ਸੀ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬੰਬ ਧਮਾਕੇ ’ਚ ਵਰਤੀ ਕਾਰ ਨੂੰ ਡੇਰਾ ਸਿਰਸਾ ਦੀ ਵੀਆਈਪੀ ਵਰਕਸ਼ਾਪ ਵਿਚ ਗੁਰਤੇਜ ਸਿੰਘ ਕਾਲਾ ਦੀ ਹਦਾਇਤ ਤੇ ਤਿਆਰ ਕਰਾਇਆ ਗਿਆ ਸੀ ਅਤੇ ਰਾਤੋਂ ਰਾਤ ਵਰਕਸ਼ਾਪ ਚੋਂ ਕਾਰ ਗ਼ਾਇਬ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਲਈ ਹੁਣ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਹੀ ਮੁੱਖ ਚੁਣੌਤੀ ਹੈ ਜਿਸ ਮਗਰੋਂ ਹੀ ਡੇਰਾ ਸਿਰਸਾ ਦੀ ਵਿਸਥਾਰਤ ਭੂਮਿਕਾ ਦਾ ਖ਼ੁਲਾਸਾ ਹੋਵੇਗਾ। ਅਹਿਮ ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮ ਨੂੰ ਗੁਰਤੇਜ ਕਾਲਾ ਦੇ ਹਿਸਾਰ ਵਿਚ ਹੋਣ ਦੀ ਸੂਹ ਮਿਲੀ ਸੀ ਪ੍ਰੰਤੂ ਉੱਥੋਂ ਕੋਈ ਪ੍ਰਾਪਤੀ ਹੱਥ ਨਹੀਂ ਲੱਗ ਸਕੀ ਸੀ।

Sunday, August 19, 2018

                                 ਬੁਖ਼ਾਰ ਦਾ ਝਟਕਾ
              ਸਰਗਰਮ ਸਿਆਸਤ ਛੱਡਣਗੇ ਬਾਦਲ !
                                   ਚਰਨਜੀਤ ਭੁੱਲਰ
ਬਠਿੰਡਾ :  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਖ਼ਾਰ ਚੜ੍ਹਨ ਮਗਰੋਂ ਮੈਡੀਕਲ ਟੀਮ ਨੇ ਉਨ੍ਹਾਂ ਦੀ ਨਕਲੋ-ਹਰਕਤ ਘਰ ਤੱਕ ਸੀਮਤ ਕਰ ਦਿੱਤੀ ਹੈ ਅਤੇ ਟੀਮ ਬੁਖ਼ਾਰ ਮਗਰੋਂ ਹੋਈ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਜੁਟ ਗਈ ਹੈ। ਅਚਨਚੇਤ ਹੋਏ ਬੁਖ਼ਾਰ ਨੇ ਸਰੀਰਕ ਤੌਰ ’ਤੇ ਬਾਦਲ ਨੂੰ ਹਲੂਣਾ ਦੇ ਦਿੱਤਾ ਹੈ ਜਿਸ ਮਗਰੋਂ ਬਾਦਲ ਦੀ ਮੈਡੀਕਲ ਟੀਮ ਫਿਕਰਮੰਦ ਵੀ ਹੋਈ ਹੈ। ਮੈਡੀਕਲ ਟੀਮ ਤਰਫ਼ੋਂ ਦਿਨ ਵਿਚ ਦੋ ਦੋ ਵਾਰ ਸਾਬਕਾ ਮੁੱਖ ਮੰਤਰੀ ਨੂੰ ਹਲਕੀ ਕਸਰਤ ਕਰਾਈ ਜਾ ਰਹੀ ਹੈ। ਪੀ.ਜੀ.ਆਈ ਦੇ ਡਾ.ਤਲਵਾੜ ਤਰਫ਼ੋਂ ਬਾਦਲ ਨੂੰ ਬੁਖ਼ਾਰ ਹੋਣ ਮਗਰੋਂ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਹੈ। ਦਿਨ ਰਾਤ ਲੋਕਾਂ ’ਚ ਗੇੜਾ ਰੱਖਣ ਵਾਲੇ ਬਾਦਲ ਹੁਣ ਆਪਣੇ ਘਰ ਦੀ ਚਾਰਦੀਵਾਰੀ ਤੱਕ ਸੀਮਤ ਹੋ ਗਏ ਹਨ। ਸ੍ਰੀ ਬਾਦਲ ਦਾ ਨਾਮ ਭਾਰਤ ਦੇ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨਾਂ ਵਿਚ ਆਉਂਦਾ ਹੈ। ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਬਾਦਲ ਲੰਘੇ ਸ਼ਨਿਚਰਵਾਰ ਹਰਿਆਣਾ ਵਿਚਲੇ ਬਾਲਾਸਰ ਫਾਰਮ ਹਾਊਸ ’ਤੇ ਗਏ ਸਨ ਅਤੇ ਅਗਲੇ ਦਿਨ ਐਤਵਾਰ ਨੂੰ ਵਾਪਸ ਪਿੰਡ ਬਾਦਲ ਪਰਤ ਆਏ ਸਨ। ਬਾਲਾਸਰ ਫਾਰਮ ਹਾਊਸ ਦੇ ਗੇੜੇ ਦੌਰਾਨ ਹੀ ਸ੍ਰੀ ਬਾਦਲ ਗਰਮੀ ਤੋਂ ਪੀੜਤ ਹੋ ਗਏ ਅਤੇ ਉਨ੍ਹਾਂ ਨੂੰ ਵਾਪਸੀ ’ਤੇ ਬੁਖ਼ਾਰ ਹੋ ਗਿਆ।
                  ਅਹਿਮ ਸੂਤਰ ਦੱਸਦੇ ਹਨ ਕਿ ਬੁਖ਼ਾਰ ਤਾਂ ਹੁਣ ਠੀਕ ਹੋ ਗਿਆ ਹੈ ਪ੍ਰੰਤੂ ਉਨ੍ਹਾਂ ਨੂੰ ਕਮਜ਼ੋਰੀ ਨੇ ਝੰਬ ਦਿੱਤਾ ਹੈ। ਸੂਤਰਾਂ ਅਨੁਸਾਰ ਦੋ ਦਿਨ ਪਹਿਲਾਂ ਜਦੋਂ ਅਚਾਨਕ ਉੱਠੇ ਤਾਂ ਉਨ੍ਹਾਂ ਨੇ ਚੱਕਰ ਵੀ ਮਹਿਸੂਸ ਕੀਤਾ। ਉਸ ਮਗਰੋਂ ਡਾਕਟਰਾਂ ਨੇ ਫ਼ੌਰੀ ਮੌਕਾ ਸੰਭਾਲਿਆ ਪ੍ਰੰਤੂ ਸ੍ਰੀ ਬਾਦਲ ਹੁਣ ਠੀਕ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਘਰ ਅੰਦਰ ਵੀ ਪਬਲਿਕ ਨੂੰ ਹਾਲੇ ਮਿਲਣ ਤੋਂ ਗੁਰੇਜ਼ ਕਰਨ ਦੀ ਡਾਕਟਰੀ ਸਲਾਹ ਮਿਲੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 17 ਅਗਸਤ ਨੂੰ ਮਰਹੂਮ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਸਸਕਾਰ ’ਤੇ ਵੀ ਨਹੀਂ ਜਾ ਸਕੇ। ਬਾਦਲ ਆਖ਼ਰੀ ਦਫ਼ਾ 12 ਜੂਨ ਨੂੰ ਹਲਕਾ ਲੰਬੀ ਦੇ ਪਿੰਡਾਂ ਵਿਚ ਗਏ ਸਨ ਅਤੇ ਉਸ ਮਗਰੋਂ ਚੰਡੀਗੜ੍ਹ ਵੀ ਗਏ ਸਨ। ਹੁਣ ਕੱੁਝ ਸਮੇਂ ਤੋਂ ਪਿੰਡ ਬਾਦਲ ਵਿਚ ਹਨ। ਵਿਧਾਨ ਸਭਾ ਦੇ ਆਗਾਮੀ ਸੈਸ਼ਨ ਚੋਂ ਵੀ ਬਾਦਲ ਦੇ ਗ਼ੈਰਹਾਜ਼ਰ ਰਹਿਣ ਦੀ ਹੀ ਜ਼ਿਆਦਾ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਹੁਣ ਸ੍ਰੀ ਬਾਦਲ ਘਰ ਵਿਚ ਜ਼ਿਆਦਾ ਸਮਾਂ ਆਰਾਮ ਕਰਦੇ ਹਨ, ਕਸਰਤ ਕਰਦੇ ਹਨ ਅਤੇ ਟੀਵੀ ਦੇਖਦੇ ਹਨ।
          ਕੈਪਟਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਬਾਦਲ ਦੀ ਸਿਹਤ ਦੇ ਮੱਦੇਨਜ਼ਰ ਮੈਡੀਕਲ ਟੀਮ ਅਤੇ ਹੋਰ ਬੰਦੋਬਸਤ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਹੈ। ਕੈਪਟਨ ਸਰਕਾਰ ਨੇ ਬਾਦਲ ਦੀ ਮੈਡੀਕਲ ਟੀਮ ਵਿਚ ਚਾਰ ਵਿਸ਼ੇਸ਼ ਡਾਕਟਰਾਂ ਦੀ ਤਾਇਨਾਤੀ ਕੀਤੀ ਹੈ ਜਿਨ੍ਹਾਂ ਚੋਂ ਇੱਕ ਡਾਕਟਰ ਥੋੜ੍ਹਾ ਸਮਾਂ ਪਹਿਲਾਂ ਹੀ ਅਸਤੀਫ਼ਾ ਦੇ ਗਏ ਹਨ। ਦੋ ਫਾਰਮਾਸਿਸਟਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਦੋ ਫਿਜਿਓਥਰੈਪਿਸਟ ਤਾਇਨਾਤ ਕੀਤੇ ਹਨ ਜਿਨ੍ਹਾਂ ਚੋਂ ਇੱਕ ਮਾਲਵਾ ਲਈ ਅਤੇ ਇੱਕ ਮਾਝੇ ਦੁਆਬੇ ਲਈ ਬਾਦਲ ਦੇ ਨਾਲ ਲਾਇਆ ਗਿਆ ਹੈ। ਹੁਣ ਫਿਜਿਓਥਰੈਪਿਸਟ ਵੱਲੋਂ ਸ੍ਰੀ ਬਾਦਲ ਨੂੰ ਸਵੇਰ ਸ਼ਾਮ ਦੋ ਵਕਤ ਹਲਕੀ ਕਸਰਤ ਕਰਾਈ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਡਾਕਟਰੀ ਟੀਮ ਦਾ ਮੁੱਖ ਫੋਕਸ ਸ੍ਰੀ ਬਾਦਲ ਨੂੰ ਕਮਜ਼ੋਰੀ ਚੋਂ ਕੱਢਣਾ ਹੈ ਅਤੇ ਹੱਡੀਆਂ ਨੂੰ ਕਮਜ਼ੋਰ ਪੈਣ ਤੋਂ ਰੋਕਣਾ ਹੈ। ਕਸਰਤ ਦੌਰਾਨ ਟੀਮ ਵੱਲੋਂ ਸ੍ਰੀ ਬਾਦਲ ਦੀ ਦਿਲ ਦੀ ਧੜਕਣ ਵੀ ਵਾਰ ਵਾਰ ਚੈੱਕ ਕੀਤੀ ਜਾਂਦੀ ਹੈ।
                 ਦੱਸਣਯੋਗ ਹੈ ਕਿ ਜਨਤਿਕ ਤੌਰ ’ਤੇ ਆਖ਼ਰੀ ਦਫ਼ਾ ਸ੍ਰੀ ਬਾਦਲ ਨੇ 11 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਵਿਚ ਸ਼ਮੂਲੀਅਤ ਕੀਤੀ ਸੀ। ਅੱਠ ਦਸੰਬਰ 1927 ਨੂੰ ਜਨਮੇ ਬਾਦਲ ਹੁਣ ਕਰੀਬ 91 ਵਰ੍ਹਿਆਂ ਦੇ ਹੋ ਗਏ ਹਨ। ਸਿਆਸਤ ’ਚ ਪੰਜਾਹ ਵਰ੍ਹਿਆਂ ਤੋਂ ਉੱਪਰ ਦਾ ਸਫ਼ਰ ਤੈਅ ਕਰ ਲਿਆ ਹੈ। ਚਰਚੇ ਹਨ ਕਿ ਸ੍ਰੀ ਬਾਦਲ ਨੇੜ ਭਵਿੱਖ ਵਿਚ ਸਰਗਰਮ ਸਿਆਸਤ ਤੋਂ ਲਾਂਭੇ ਵੀ ਹੋ ਸਕਦੇ ਹਨ। 
                         ਹੁਣ ਬੁਖ਼ਾਰ ਠੀਕ ਹੈ : ਮੈਡੀਕਲ ਟੀਮ
ਮੈਡੀਕਲ ਟੀਮ ਦੇ ਇੰਚਾਰਜ ਡਾ.ਅਨੁਰਾਗ ਵਸ਼ਿਸ਼ਟ ਦਾ ਕਹਿਣਾ ਸੀ ਕਿ ਸ੍ਰੀ ਬਾਦਲ ਨੂੰ ਇੱਕ ਦੋ ਦਿਨ ਬੁਖ਼ਾਰ ਹੋ ਗਿਆ ਸੀ ਜੋ ਹੁਣ ਬਿਲਕੁਲ ਠੀਕ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁਖ਼ਾਰ ਕਾਰਨ ਹੀ ਕਮਜ਼ੋਰੀ ਪੈ ਗਈ ਹੈ ਜਿਸ ਕਰਕੇ ਹੀ ਸ੍ਰੀ ਬਾਦਲ ਨੂੰ ਮੂਵਮੈਂਟ ਨਾ ਕਰਨ ਦਾ ਮਸ਼ਵਰਾ ਦਿੱਤਾ ਗਿਆ ਹੈ। ਡਾ.ਵਸ਼ਿਸ਼ਟ ਨੇ ਆਖਿਆ ਕਿ ਉਹ ਇਸ ਮਾਮਲੇ ਹੋਰ ਕੱੁਝ ਨਹੀਂ ਦੱਸ ਸਕਦੇ।




Wednesday, August 15, 2018

                     ਦਾਨ ਦਾ ਭੇਤ
  ਜਦੋਂ ਬਾਦਲਾਂ ਨੇ ਕੀਤੀ ਜੇਬ ਢਿੱਲੀ !
                    ਚਰਨਜੀਤ ਭੁੱਲਰ
ਬਠਿੰਡਾ  :  ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਦੀ ਅੌਰਬਿਟ ਕੰਪਨੀ ਨੇ ਮੋਟਾ ਗੱਫਾ ‘ਦਾਨ’ ਦਿੱਤਾ ਹੈ ਜਿਸ ਨੇ ਸਿਆਸੀ ਅਚੰਭਾ ਖੜ੍ਹਾ ਕਰ ਦਿੱਤਾ ਹੈ। ਬਾਦਲ ਪਰਿਵਾਰ ਦੀ ਇਹ ‘ਫਰਾਖਦਿੱਲੀ’ ਸਿਆਸੀ ਹਲਕਿਆਂ ਲਈ ਹਜ਼ਮ ਕਰਨੀ ਮੁਸ਼ਕਲ ਜਾਪਦੀ ਹੈ। ਸ਼ਾਇਦ ਏਦਾ ਪਹਿਲੀ ਦਫ਼ਾ ਹੋਇਆ ਹੈ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਖ਼ਜ਼ਾਨਾ ‘ਭਰਪੂਰ’ ਕੀਤਾ ਹੋਵੇ। ਅੌਰਬਿਟ ਰਿਜ਼ਾਰਟਸ ਪ੍ਰਾਈਵੇਟ ਲਿਮਟਿਡ ਗੁੜਗਾਓਂ ਅਤੇ ਡੱਬਵਾਲੀ ਟਰਾਂਸਪੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2017-18 ਦੌਰਾਨ ਸਿਆਸੀ ਚੰਦੇ ਵਜੋਂ 1.81 ਕਰੋੜ ਰੁਪਏ ਦਾ ‘ਦਾਨ’ ਦਿੱਤਾ ਹੈ। ਕੈਪਟਨ ਹਕੂਮਤ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਣ ਵਾਲਾ ਸਿਆਸੀ ਚੰਦਾ ਘੱਟ ਗਿਆ ਹੈ ਪ੍ਰੰਤੂ ਇਕੱਲੇ ਬਾਦਲ ਪਰਿਵਾਰ ਨੇ ਲੰਘੇ ਮਾਲੀ ਵਰੇ੍ਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ ਪ੍ਰਾਪਤ ਚੰਦੇ ਦਾ 80 ਫ਼ੀਸਦੀ ਚੰਦਾ ਦੇ ਦਿੱਤਾ ਹੈ।  ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜੋ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਾਪਤ ਸਿਆਸੀ ਚੰਦੇ ਦੀ ਰਿਟਰਨ ਭੇਜੀ ਹੈ, ਉਸ ਅਨੁਸਾਰ ਸਾਲ 2017-18 ਦੌਰਾਨ ਅਕਾਲੀ ਦਲ ਨੂੰ 126 ਦਾਨੀਆਂ ਤੋਂ ਕੁੱਲ 2.28 ਕਰੋੜ ਰੁਪਏ ਪ੍ਰਾਪਤ ਹੋਏ ਹਨ ਜਦੋਂ ਕਿ ਗੱਠਜੋੜ ਸਰਕਾਰ ਸਮੇਂ ਸਾਲ 2016-17 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 115 ਦਾਨੀਆਂ ਤੋਂ 15.45 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ।
                 ਉਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ 1.80 ਲੱਖ ਰੁਪਏ ਚੰਦੇ ਵਜੋਂ ਦਿੱਤੇ ਸਨ। ਸਾਲ 2017-18 ਦੌਰਾਨ ਬਾਦਲ ਪਰਿਵਾਰ ਦੀ ਡੱਬਵਾਲੀ ਟਰਾਂਸਪੋਰਟ ਕੰਪਨੀ ਨੇ ਛੇ ਬੈਂਕ ਐਂਟਰੀਆਂ ਰਾਹੀਂ ਅਕਾਲੀ ਦਲ ਨੂੰ 94.50 ਰੁਪਏ ਅਤੇ ਅੌਰਬਿਟ ਰਿਜ਼ਾਰਟਸ ਪ੍ਰਾਈਵੇਟ ਲਿਮਟਿਡ ਗੁੜਗਾਓਂ ਨੇ 10 ਐਂਟਰੀਆਂ ਰਾਹੀਂ ਅਕਾਲੀ ਦਲ ਨੂੰ 87 ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਬਾਦਲ ਪਰਿਵਾਰ ਦੀਆਂ ਇਨ੍ਹਾਂ ਕੰਪਨੀਆਂ ਵੱਲੋਂ ਕੰਪਨੀਜ਼ ਐਕਟ ਦੀ ਧਾਰਾ 182 ਤਹਿਤ ਇਹ ਚੰਦਾ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਆਮਦਨ ਕਰ ਐਕਟ ਦੀ ਧਾਰਾ 80 ਜੀਜੀਬੀ ਤਹਿਤ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਚੰਦੇ ’ਤੇ ਆਮਦਨ ਕਰ ਤੋਂ ਸੌ ਫੀਸਦੀ ਛੋਟ ਮਿਲਦੀ ਹੈ। ਬਾਹਰੀ ਤੌਰ ਤੇ ਇਹ ਸਾਫ਼ ਹੈ ਕਿ ਬਾਦਲ ਪਰਿਵਾਰ ਨੂੰ 1.81 ਕਰੋੜ ਰੁਪਏ ’ਤੇ ਆਮਦਨ ਕਰ ਦੀ ਸੌ ਫ਼ੀਸਦੀ ਛੋਟ ਮਿਲੇਗੀ। ਸੂਤਰ ਆਖਦੇ ਹਨ ਕਿ ਚੰਦਾ ਲੈਣ ਵਾਲਾ ਅਤੇ ਦੇਣ ਵਾਲਾ ਇੱਕੋ ਹਨ ਜਿਸ ਪਿੱਛੇ ਜ਼ਰੂਰ ਕੋਈ ਭੇਤ ਹੋਵੇਗਾ। ਇਸ ਤੋਂ ਬਿਨਾਂ ਲੰਘੇ ਮਾਲੀ ਵਰੇ੍ਹ ਦੌਰਾਨ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤੋਂ 2.70 ਲੱਖ ਰੁਪਏ ਬਤੌਰ ਚੰਦਾ ਪ੍ਰਾਪਤ ਹੋਏ ਹਨ।
          ਦੱਸਣਯੋਗ ਹੈ ਕਿ ਚੋਣਾਂ ਸਮੇਂ ਚੋਣ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੌਰਬਿਟ ਕੰਪਨੀ ਦੇ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਸਾਰਾ ਖਰਚਾ ਸ਼੍ਰੋਮਣੀ ਅਕਾਲੀ ਦਲ ਦਾ ਖ਼ਜ਼ਾਨਾ ਚੁੱਕਦਾ ਹੈ। ਹਕੂਮਤ ਬਦਲੀ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੰਦਾ ਦੇਣ ਵਾਲੇ ਸਨਅਤੀ ਘਰਾਣੇ ਪਾਸਾ ਵੱਟ ਗਏ ਹਨ। ਸੱਤਿਆ ਇਲੈਕਟ੍ਰੋਰਲ ਗਰੁੱਪ ਨੇ ਅਕਾਲੀ ਦਲ ਨੂੰ ਸਾਲ 2016-17 ਵਿਚ ਦੋ ਕਰੋੜ ਰੁਪਏ ਦਾ ਚੰਦਾ ਦਿੱਤਾ ਸੀ। ਲੁਧਿਆਣਾ ਸ਼ਹਿਰ ਦੀਆਂ ਤਿੰਨ ਸਾਈਕਲ ਕੰਪਨੀਆਂ ਨੇ ਅਕਾਲੀ ਦਲ ਨੂੰ 20 ਲੱਖ ਰੁਪਏ ਦਾ ਸਿਆਸੀ ਚੰਦਾ ਦਿੱਤਾ ਸੀ ਪ੍ਰੰਤੂ ਐਤਕੀਂ ਸਿਰਫ਼ ਏ-ਵਨ ਸਾਈਕਲ ਕੰਪਨੀ ਨੇ ਇੱਕ ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਬਾਕੀ ਸਭ ਕੰਪਨੀਆਂ ਨੇ ਹੱਥ ਘੁੱਟ ਲਏ ਹਨ। ਸਾਬਕਾ ਅਕਾਲੀ ਵਜ਼ੀਰਾਂ ਨੇ 45-45 ਹਜ਼ਾਰ ਰੁਪਏ ਚੰਦੇ ਵਜੋਂ ਅਕਾਲੀ ਦਲ ਨੂੰ ਜ਼ਰੂਰ ਦਿੱਤੇ ਹਨ। ਗੁੜਗਾਓਂ ਦੀ ਇੱਕ ਹੋਰ ਕੰਪਨੀ ਨੇ ਤਿੰਨ ਲੱਖ ਦਾ ਚੰਦਾ ਦਿੱਤਾ ਹੈ। ਸਾਬਕਾ ਵਜ਼ੀਰ ਸੁਰਜੀਤ ਸਿੰਘ ਰੱਖੜਾ ਨੇ ਛੇ ਲੱਖ ਰੁਪਏ ਅਤੇ ਪਟਿਆਲਾ ਤੋਂ ਚੋਣ ਲੜਨ ਵਾਲੇ ਜੋਗਿੰਦਰ ਸਿੰਘ ਨੇ 4.16 ਲੱਖ ਰੁਪਏ ਦਾ ਚੰਦਾ ਦਿੱਤਾ ਹੈ ਜਦੋਂ ਕਿ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਨੂੰ 50 ਹਜ਼ਾਰ ਦਿੱਤੇ ਹਨ। ਦਾਨੀਆਂ ਵਿਚ ਸਭ ਤੋਂ ਜ਼ਿਆਦਾ ਦਾਨੀ ਫ਼ਤਿਹਗੜ੍ਹ ਸਾਹਿਬ,ਰੋਪੜ ਅਤੇ ਪਟਿਆਲਾ ਜ਼ਿਲ੍ਹੇ ਦੇ ਦਾਨੀ ਹਨ। ਚਾਰ ਚਾਰ ਹਜ਼ਾਰ ਰੁਪਏ ਦਾ ਚੰਦਾ ਦੇਣ ਵਾਲੇ ਵੀ ਕਾਫ਼ੀ ਦਾਨੀ ਹਨ। ਅਕਾਲੀ ਦਲ ਦੇ ਖ਼ਜ਼ਾਨਚੀ ਸ੍ਰੀ ਐਨ.ਕੇ.ਸ਼ਰਮਾ ਨੇ ਪਹਿਲਾਂ ਫ਼ੋਨ ਚੁੱਕਿਆ ਨਹੀਂ ਅਤੇ ਫਿਰ ਫ਼ੋਨ ਲਗਾਤਾਰ ਬੰਦ ਆਉਂਦਾ ਰਿਹਾ।
   

Sunday, August 12, 2018

                     ਦਹਿਸ਼ਤ ਦਾ ਰਾਜ
  ਗੈਂਗਸਟਰਾਂ ਨੇ ਵਾਹਣੀਂ ਪਾਏ ਜੇਲ੍ਹ ਅਫਸਰ
                        ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ ਦੀ ਨੌਕਰੀ ਦੀ ਹੁਣ ਨਾ ‘ਠੁੱਕ’ ਰਹੀ ਹੈ ਅਤੇ ਨਾ ਹੀ ‘ਠਾਠ’। ਬੇਲਗ਼ਾਮ ਗੈਂਗਸਟਰਾਂ ਨੇ ਜੇਲ੍ਹਾਂ ’ਚ ਦਹਿਸ਼ਤੀ ਮਾਹੌਲ ਸਿਰਜ ਦਿੱਤਾ ਹੈ। ਏਦਾਂ ਦੇ ਹਾਲਾਤਾਂ ’ਚ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕਰ ਲਈ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਕਰੀਬ ਸਵਾ ਸੌ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। ਬਹੁਤੇ ਸਵੈ ਇੱਛਾ ਨਾਲ ਸੇਵਾ ਮੁਕਤੀ ਲੈ ਗਏ ਅਤੇ ਕਈਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਗੱਠਜੋੜ ਵਜ਼ਾਰਤ ਦੇ ਸਮੇਂ ਤੋਂ ਜੇਲ੍ਹਾਂ ’ਚ ਦਹਿਸ਼ਤ ਦੌਰ ਦਾ ਮੁੱਢ ਬੱਝਾ ਜਿਸ ਤੋਂ ਹਾਲੇ ਤੱਕ ਜੇਲ੍ਹਾਂ ਮੁਕਤ ਨਹੀਂ ਹੋਈਆਂ। ਸਵੈ ਇੱਛਾ ਸੇਵਾ ਮੁਕਤੀ (ਵੀਆਰਐਸ) ਅਤੇ ਅਸਤੀਫ਼ਾ ਦੇਣ ਪਿੱਛੇ ਅਧਿਕਾਰੀ ਤੇ ਮੁਲਾਜ਼ਮ ਤਰਕ ਤਾਂ ਘਰੇਲੂ ਹਾਲਤ ਅਤੇ ਸਿਹਤ ਠੀਕ ਨਾ ਹੋਣ ਦਾ ਹੀ ਦਿੰਦੇ ਹਨ ਪ੍ਰੰਤੂ ਲੁਕਵੇਂ ਕਾਰਨ ਹੋਰ ਹੁੰਦੇ ਹਨ। ਆਰਟੀਆਈ ਵੇਰਵਿਆਂ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਐਟ ਕਪੂਰਥਲਾ ਦੇ ਨਵੰਬਰ 2011 ਤੋਂ ਹੁਣ ਤੱਕ 21 ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। 19 ਅਫ਼ਸਰਾਂ/ ਮੁਲਾਜ਼ਮਾਂ ਨੇ ਵੀਆਰਐਸ ਲੈ ਲਈ ਹੈ ਜਦੋਂ ਕਿ ਸਹਾਇਕ ਸੁਪਰਡੈਂਟ ਅਤੇ ਇੱਕ ਵਾਰਡਰ ਨੇ ਅਸਤੀਫ਼ਾ ਦਿੱਤਾ ਹੈ।
                   ਬਹੁਗਿਣਤੀ ਨੇ ਘਰੇਲੂ ਕਾਰਨਾਂ ਦਾ ਵਾਸਤਾ ਪਾਇਆ ਹੈ। ਇੱਕ ਸਹਾਇਕ ਸੁਪਰਡੈਂਟ ਨੇ ਜੇਲ੍ਹ ਦੀ ਨੌਕਰੀ ਛੱਡ ਕੇ ਪੰਜਾਬ ਪੁਲੀਸ ’ਚ ਸਬ ਇੰਸਪੈਕਟਰ ਦੀ ਨੌਕਰੀ ਜੁਆਇਨ ਕੀਤੀ ਹੈ। ਸੰਗਰੂਰ  ਜੇਲ੍ਹ ਦੇ ਅੱਠ ਅਫ਼ਸਰਾਂ/ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ। ਇਸ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਘਰੇਲੂ ਹਾਲਾਤ ਠੀਕ ਨਾ ਹੋਣ ਕਰਕੇ ਅਸਤੀਫ਼ਾ ਦੇ ਦਿੱਤਾ। ਸੰਗਰੂਰ ਜੇਲ੍ਹ ’ਚ ਬੰਦ ਕੈਦੀ ਰਾਜੀਵ ਕੁਮਾਰ ਨੇ 30 ਮਈ 2015 ਨੂੰ ਸਹਾਇਕ ਜੇਲ੍ਹ ਸੁਪਰਡੈਂਟ ਜਗਮੇਲ ਸਿੰਘ ਨੂੰ ਧਮਕੀ ਦਿੱਤੀ ਅਤੇ ਚਾਰ ਹਵਾਲਾਤੀਆਂ ਨੇ 13 ਅਪ੍ਰੈਲ 2017 ਨੂੰ ਸੁਪਰਡੈਂਟ ਹਰਦੀਪ ਭੱਟੀ ਅਤੇ ਸਹਾਇਕ ਸੁਪਰਡੈਂਟ ਕੈਲਾਸ਼ ਕੁਮਾਰ ਨੂੰ ਧਮਕੀ ਦਿੱਤੀ। ਬਠਿੰਡਾ ਜੇਲ੍ਹ ’ਚ ਲੰਘੇ ਤਿੰਨ ਵਰ੍ਹਿਆਂ ਦੌਰਾਨ ਚਾਰ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ ਜਿਨ੍ਹਾਂ ’ਚ ਇੱਕ ਸਹਾਇਕ ਸੁਪਰਡੈਂਟ ਵੀ ਸ਼ਾਮਿਲ ਹੈ। ਫ਼ਰੀਦਕੋਟ ਜੇਲ੍ਹ ਦੇ ਸੱਤ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕੀਤੀ ਹੈ ਜਿਨ੍ਹਾਂ ਚੋਂ ਦੋ ਨੇ ਅਸਤੀਫ਼ੇ ਦਿੱਤੇ ਹਨ। ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਗੈਂਗਸਟਰਾਂ ਨੇ ਧਮਕੀ ਵੀ ਦਿੱਤੀ ਜਿਸ ਦੀ ਥਾਣੇ ਵਿਚ ਰਿਪੋਰਟ ਦਰਜ ਵੀ ਕਰਾਈ ਗਈ ਪ੍ਰੰਤੂ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
           ਕੱੁਝ ਜੇਲ੍ਹ ਅਫ਼ਸਰਾਂ ਦਾ ਪ੍ਰਤੀਕਰਮ ਸੀ ਕਿ ਸਹੀ ਅਫ਼ਸਰਾਂ ਲਈ ਹੁਣ ਜੇਲ੍ਹ ਦੀ ਨੌਕਰੀ ਦੁੱਭਰ ਹੋ ਗਈ ਹੈ। ਗੈਂਗਸਟਰ ਥੋੜ੍ਹੀ ਸਖ਼ਤੀ ਤੇ ਅੱਖਾਂ ਦਿਖਾਉਣ ਲੱਗੇ ਜਾਂਦੇ ਹਨ। ਸਕਿਉਰਿਟੀ ਜੇਲ੍ਹ ਨਾਭਾ ਦੇ ਸਹਾਇਕ ਸੁਪਰਡੈਂਟ ਨੇ ਪੰਜਾਬ ਪੁਲੀਸ ਦੀ ਸਬ ਇੰਸਪੈੱਕਟਰੀ ਨੂੰ ਤਰਜੀਹ ਦਿੱਤੀ ਹੈ। ਸਬ ਜੇਲ੍ਹ ਦਸੂਹਾ ਦੇ ਇੱਕ ਮੁਲਾਜ਼ਮ ਨੇ ਵੀਆਰਐਸ ਲਈ ਹੈ ਅਤੇ ਇਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਇੱਕ ਹਵਾਲਾਤੀ ਨੇ ਫ਼ੋਨ ਤੇ ਧਮਕੀ ਦਿੱਤੀ ਹੈ। ਥਾਣੇ ਨੂੰ ਰਿਪੋਰਟ ਵੀ ਦਿੱਤੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਕੇਂਦਰੀ ਜੇਲ੍ਹ ਲੁਧਿਆਣਾ ਦੇ 10 ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਲੰਘੇ ਪੰਜ ਵਰ੍ਹਿਆਂ ਦੌਰਾਨ ਨੌਕਰੀ ਨੂੰ ਅਲਵਿਦਾ ਆਖਿਆ ਹੈ ਜਿਨ੍ਹਾਂ ਚੋਂ ਦੋ ਨੇ ਅਸਤੀਫ਼ਾ ਦਿੱਤਾ ਹੈ। ਇਸ ਜੇਲ੍ਹ ’ਚ 67 ਅਸਾਮੀਆਂ ਖ਼ਾਲੀ ਪਈਆਂ ਹਨ। ਫ਼ਿਰੋਜ਼ਪੁਰ ਜੇਲ੍ਹ ਦੇ ਅੱਠ ਹੈਡਵਾਰਡਰ ਅਤੇ ਵਾਰਡਰਾਂ ਨੇ ਨੌਕਰੀ ਛੱਡੀ ਹੈ ਜਦੋਂ ਕਿ ਰੋਪੜ ਜੇਲ੍ਹ ਦੇ ਅੱਠ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸਵੈ ਇੱਛਾ ਨਾਲ ਸੇਵਾ ਮੁਕਤੀ ਲੈ ਲਈ ਹੈ ਜਿਨ੍ਹਾਂ ’ਚ ਦੋ ਸਹਾਇਕ ਸੁਪਰਡੈਂਟ ਵੀ ਸ਼ਾਮਿਲ ਹਨ। ਸੂਤਰ ਦੱਸਦੇ ਹਨ ਕਿ ਜੇਲ੍ਹਾਂ ਦੇ ਮਾਹੌਲ ਨੂੰ ਦੇਖਦੇ ਹੋਏ ਹੁਣ ਤਾਂ ਕੋਈ ਜੇਲ੍ਹ ਸੁਪਰਡੈਂਟ ਵੀ ਲੱਗਣ ਨੂੰ ਤਿਆਰ ਨਹੀਂ ਹੈ।
                 ਇਹ ਵੀ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਜੇਲ੍ਹਾਂ ’ਚ ਨਸ਼ੇ ਤੇ ਮੋਬਾਈਲ ਦੀ ਵਰਤੋਂ ਵੀ ਰੁਕੀ ਨਹੀਂ ਅਤੇ ਇਹ ਧੰਦਾ ਜੇਲ੍ਹ ਸਟਾਫ਼ ਦੀ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਹੈ। ਬਹੁਤੇ ਜੇਲ੍ਹ ਅਧਿਕਾਰੀ ਜੇਲ੍ਹਾਂ ’ਚ ਦੋ ਨੰਬਰ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਦੇ ਕੇ ਹੱਥ ਵੀ ਰੰਗ ਰਹੇ ਹਨ। ਜੇਲ੍ਹਾਂ ’ਚ ਲੜਾਈ ਝਗੜੇ ਵੀ ਪਹਿਲਾਂ ਨਾਲੋਂ ਵਧੇ ਹਨ। ਪੰਜਾਬ ਵਿਚ ਇਸ ਵੇਲੇ ਛੋਟੀਆਂ ਵੱਡੀਆਂ 26 ਜੇਲ੍ਹਾਂ ਹਨ ਜਿਨ੍ਹਾਂ ਦੀ 23,218 ਬੰਦੀਆਂ ਨੂੰ ਸੰਭਾਲਣ ਦੀ ਸਮਰੱਥਾ ਹੈ। ਇਨ੍ਹਾਂ ਜੇਲ੍ਹਾਂ ’ਚ ਵਾਰਡਰ ਗਾਰਦ ਦੀਆਂ 2683 ਅਸਾਮੀਆਂ ਪ੍ਰਵਾਨਿਤ ਹਨ ਜਿਨ੍ਹਾਂ ਚੋਂ 789 ਖ਼ਾਲੀ ਪਈਆਂ ਹਨ। ਜੇਲ੍ਹਾਂ ਦੀ ਸੁਰੱਖਿਆ ਤੇ ਪੰਜਾਬ ਪੁਲੀਸ/ਆਈਆਰਬੀ/ਪੀਏਪੀ/ਹੋਮ ਗਾਰਡ ਅਤੇ ਪੈਸਕੋ ਦੇ ਕਰੀਬ 1867 ਜਵਾਨ ਤਾਇਨਾਤ ਕੀਤੇ ਹੋਏ ਹਨ। ਹੁਣ ਛੇ ਜੇਲ੍ਹਾਂ ਦੀ ਸੁਰੱਖਿਆ ਕੇਂਦਰੀ ਸਨਅਤੀ ਸੁਰੱਖਿਆ ਦਲ ਨੂੰ ਦਿੱਤੀ ਜਾਣੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ ਸਵਾ ਦੋ ਸੌ ਗੈਂਗਸਟਰ ਬੰਦ ਹਨ ਜਿਨ੍ਹਾਂ ਚੋਂ 35 ਖ਼ਤਰਨਾਕ ਗੈਂਗਸਟਰ ਹਨ।
                    ਹੁਣ ਨੌਬਤ ਨਹੀਂ ਆਵੇਗੀ : ਜੇਲ੍ਹ ਮੰਤਰੀ
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਹੁਣ ਉਹ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦੀ ਨੌਬਤ ਨਹੀਂ ਆਉਣ ਦੇਣਗੇ। ਜਿਥੇ ਕਿਤੇ ਵੀ ਜੇਲ੍ਹ ਅਫਸਰਾਂ ਨੂੰ ਧਮਕੀ ਮਿਲੀ ਹੈ, ਉਨ੍ਹਾਂ ਅਫਸਰਾਂ ਨੂੰ ਫੌਰੀ ਸੁਰੱਖਿਆ ਮਹੱਈਆ ਕਰਾਈ ਗਈ ਹੈ। ਅਗਰ ਕਿਸੇ ਹੋਰ ਅਧਿਕਾਰੀ ਨੂੰ ਧਮਕੀ ਮਿਲੀ ਤਾਂ ਉਸ ਨੂੰ ਵੀ ਸੁਰੱਖਿਆ ਦੇਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜੇਲ੍ਹ ਵਾਰਡਰ ਤਾਂ ਸ਼ਾਇਦ ਤਰੱਕੀ ਦੇ ਮੌਕੇ ਨਾ ਹੋਣ ਕਰਕੇ ਵੀਆਰਐਸ ਲੈ ਰਹੇ ਹਨ।




Friday, August 10, 2018

                     ਖਜ਼ਾਨਾ ਸਰਕਾਰੀ ਏ..
  ਐਮ.ਪੀ ਖ਼ਾਲਸਾ ਦੀ ਭੱਤੇ ਲੈਣ ’ਚ ਝੰਡੀ
                        ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ ਭੱਤੇ (ਟੀਏ/ਡੀਏ) ਲੈਣ ’ਚ ਝੰਡੀ ਲੈ ਲਈ ਹੈ ਜਦੋਂ ਕਿ ਐਮ.ਪੀ ਡਾ. ਧਰਮਵੀਰ ਗਾਂਧੀ ਭੱਤੇ ਲੈਣ ’ਚ ਸਭ ਤੋਂ ਪਿੱਛੇ ਖੜ੍ਹੇ ਹਨ। ਹਵਾਈ ਯਾਤਰਾ ਤੇ ਰਹਿਣ ਵਾਲੇ ਸੰਸਦ ਮੈਂਬਰਾਂ ਦੇ ਭੱਤੇ ਜ਼ਿਆਦਾ ਬਣਦੇ ਹਨ। ਪੰਜਾਬ ਦੇ ਦੋ ਤਿੰਨ ਐਮ.ਪੀ ਤਾਂ ਮੁਫ਼ਤ ਦੀ ਹਵਾਈ ਸੇਵਾ ਦਾ ਕੋਈ ਮੌਕਾ ਖੁੰਝਣ ਹੀ ਨਹੀਂ ਦਿੰਦੇ ਹਨ। ਫ਼ਤਿਹਗੜ੍ਹ ਸਾਹਿਬ ਤੋਂ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ 1 ਅਪਰੈਲ 2015 ਤੋਂ 30  ਜੂਨ 2018 ਤੱਕ ਕਰੀਬ 39.73 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਖ਼ਾਲਸਾ ਅੌਸਤਨ 3400 ਰੁਪਏ ਰੋਜ਼ਾਨਾ ਟੀ.ਏ/ਡੀ.ਏ ਲੈ ਰਹੇ ਹਨ। ਪ੍ਰਤੀ ਮਹੀਨਾ ਉਹ ਅੌਸਤਨ 1.01 ਲੱਖ ਰੁਪਏ ਟੀ.ਏ/ਡੀ.ਏ ਲੈ ਰਹੇ ਹਨ। ਵੇਰਵਿਆਂ ਅਨੁਸਾਰ ਐਮ.ਪੀ ਖ਼ਾਲਸਾ ਦੀ ਸੰਸਦ ਵਿਚ ਕਾਰਗੁਜ਼ਾਰੀ ਪੰਜਾਬ ਦੇ ਬਾਕੀ ਸੰਸਦ ਮੈਂਬਰਾਂ ਦੇ ਮੁਕਾਬਲੇ ਚੋਟੀ ਦੀ ਨਹੀਂ ਹੈ। ਐਮ.ਪੀ ਖ਼ਾਲਸਾ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਚੁੱਕਿਆ ਨਹੀਂ। ਵੱਧ ਭੱਤੇ ਲੈਣ ਵਾਲੇ ਐਮ.ਪੀ ਤਰਕ ਦਿੰਦੇ ਹਨ ਕਿ ਉਹ ਲੋਕ ਮਸਲਿਆਂ ਨੂੰ ਲੈ ਕੇ ਭੱਜ ਨੱਠ ਜ਼ਿਆਦਾ ਕਰਦੇ ਹਨ ਜਿਸ ਕਰਕੇ ਭੱਤਿਆਂ ਦੀ ਰਾਸ਼ੀ ਵੱਧ ਬਣ ਜਾਂਦੀ ਹੈ।
                ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਪੰਜਾਬ ਚੋਂ ਏਦਾ ਦੇ ਐਮ.ਪੀ ਹਨ ਜਿਨ੍ਹਾਂ ਨੇ ਸਭ ਤੋਂ ਘੱਟ 6.54 ਲੱਖ ਰੁਪਏ ਟੀ.ਏ/ਡੀ.ਏ ਲਿਆ ਹੈ। ਐਮ.ਪੀ ਗਾਂਧੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਿਰਫ਼ ਦੋ ਵਾਰ ਹਵਾਈ ਸਫ਼ਰ ਸਰਕਾਰੀ ਖ਼ਰਚੇ ਤੇ ਕੀਤਾ ਹੈ ਅਤੇ ਬਾਕੀ ਸਫ਼ਰ ਉਨ੍ਹਾਂ ਨੇ ਸੜਕੀ ਰਸਤੇ ਹੀ ਕੀਤਾ ਹੈ। ਉਨ੍ਹਾਂ ਆਖਿਆ ਕਿ ਭੱਤਿਆਂ ਨੂੰ ਕਾਰਗੁਜ਼ਾਰੀ ਨਾਲ ਨਹੀਂ ਜੋੜਿਆ ਜਾ ਸਕਦਾ। ਭੱਤੇ ਲੈਣ ’ਚ ਦੂਜਾ ਨੰਬਰ ਫ਼ਿਰੋਜ਼ਪੁਰ ਤੋਂ ਅਕਾਲੀ ਐਮ.ਪੀ ਸ਼ੇਰ ਸਿੰਘ ਘੁਬਾਇਆ ਦਾ ਆਉਂਦਾ ਹੈ ਜਿਨ੍ਹਾਂ ਨੇ ਲੰਘੇ 39 ਮਹੀਨਿਆਂ ਵਿਚ 29 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ। ਤੀਸਰੇ ਸਥਾਨ ’ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਹਨ ਜਿਨ੍ਹਾਂ ਨੇ 27.90 ਲੱਖ ਰੁਪਏ ਟੀ.ਏ/ਡੀ.ਏ ਵਜੋਂ ਹਾਸਲ ਕੀਤੇ ਹਨ। ਐਮ.ਪੀ ਚੰਦੂਮਾਜਰਾ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਹਨ। ਅਕਾਲੀ ਦਲ ਦੇ ਸੂਤਰ ਆਖਦੇ ਹਨ ਕਿ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਜ਼ਿਆਦਾ ਹੋਣ ਕਰਕੇ ਚੰਦੂਮਾਜਰਾ ਦੇ ਭੱਤੇ ਜ਼ਿਆਦਾ ਬਣੇ ਹਨ। ਦੂਸਰੀ ਤਰਫ਼ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਸਭ ਤੋਂ ਘੱਟ ਭੱਤੇ ਲੈਣ ਵਾਲੇ ਸੰਸਦ ਮੈਂਬਰਾਂ ਚੋਂ ਦੂਜੇ ਨੰਬਰ ਤੇ ਹਨ ਜਿਨ੍ਹਾਂ ਨੇ ਇਸ ਸਮੇਂ ਦੌਰਾਨ 6.84 ਲੱਖ ਰੁਪਏ ਭੱਤਿਆਂ ਵਜੋਂ ਪ੍ਰਾਪਤ ਕੀਤੇ ਹਨ।
               ਭਗਵੰਤ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਚੋਂ ਭੱਤੇ ਬਹੁਤ ਸੰਜਮ ਨਾਲ ਲਏ ਹਨ ਅਤੇ ਸੜਕੀ ਤੇ ਰੇਲ ਰਸਤੇ ਸਫ਼ਰ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਵੇਰਵਿਆਂ ਅਨੁਸਾਰ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਤਨਖ਼ਾਹ,45 ਹਜ਼ਾਰ ਰੁਪਏ ਹਲਕਾ ਭੱਤਾ ਅਤੇ 15 ਹਜ਼ਾਰ ਰੁਪਏ ਦਫ਼ਤਰੀ ਭੱਤਾ ਮਿਲਦਾ ਹੈ। ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਐਮ.ਪੀ ਪ੍ਰੋ.ਸਾਧੂ ਸਿੰਘ ਨੇ ਉਕਤ ਸਮੇਂ ਦੌਰਾਨ 8.88 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ ਰਵਨੀਤ ਬਿੱਟੂ ਨੇ ਭੱਤਿਆਂ ਵਜੋਂ 11.67 ਲੱਖ ਰੁਪਏ ਹਾਸਲ ਕੀਤੇ ਹਨ। ਜਲੰਧਰ ਤੋਂ ਕਾਂਗਰਸੀ ਐਮ.ਪੀ ਸੰਤੋਖ ਚੌਧਰੀ ਦੇ ਭੱਤਿਆਂ ਦਾ ਬਿੱਲ 11.82 ਲੱਖ ਰੁਪਏ ਬਣਿਆ ਹੈ।
             ਅਕਾਲੀ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਸਮੇਂ ਦੌਰਾਨ 12.39 ਲੱਖ ਰੁਪਏ ਦੇ ਭੱਤੇ ਪ੍ਰਾਪਤ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੋ ਵਰ੍ਹਿਆਂ ਵਿਚ ਬਤੌਰ ਐਮ.ਪੀ 2.41 ਲੱਖ ਰੁਪਏ ਦੇ ਭੱਤੇ ਹਾਸਲ ਕੀਤੇ ਸਨ। ਉਨ੍ਹਾਂ ਨੇ ਸਿਰਫ਼ ਚਾਰ ਦਫ਼ਾ ਇਹ ਭੱਤੇ ਲਏ ਹਨ। ਮੌਜੂਦਾ ਸੰਸਦ ਮੈਂਬਰਾਂ ਦੀ ਮਿਆਦ ਦਾ ਇਹ ਆਖ਼ਰੀ ਵਰ੍ਹਾ ਹੈ। ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸ਼ਲਾ ਦਾ ਕਹਿਣਾ ਹੈ ਕਿ ਪੰਜ ਵਰ੍ਹਿਆਂ ਮਗਰੋਂ ਹਰ ਐਮ.ਪੀ ਆਪਣੀ ਕਾਰਗੁਜ਼ਾਰੀ ਅਤੇ ਸਰਕਾਰੀ ਖ਼ਜ਼ਾਨੇ ਚੋਂ ਲਈ ਤਨਖ਼ਾਹ ਅਤੇ ਸਾਰੇ ਭੱਤਿਆਂ ਦਾ ਰਿਪੋਰਟ ਕਾਰਡ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਰੇ। ਉਨ੍ਹਾਂ ਆਖਿਆ ਕਿ ਐਮ.ਪੀ ਆਪਣੇ ਕੰਮਾਂ ਦੀ ਚਰਚਾ ਤਾਂ ਚੋਣਾਂ ਸਮੇਂ ਕਰਦੇ ਹਨ ਪ੍ਰੰਤੂ ਖ਼ਜ਼ਾਨੇ ਚੋਂ ਲਈ ਰਕਮ ਤੇ ਸਹੂਲਤਾਂ ਦੀ ਚਰਚਾ ਕਿਧਰੇ ਵੀ ਨਹੀਂ ਕਰਦੇ ।


Wednesday, August 8, 2018

                             ਬਹਿਬਲ ਗੋਲੀ ਕਾਂਡ  
            ਕੈਪਟਨ ਨੇ ਪੁਲੀਸ ਅਫ਼ਸਰ ਬਖ਼ਸ਼ੇ ?
                                ਚਰਨਜੀਤ ਭੁੱਲਰ
ਬਠਿੰਡਾ : ਫਰੀਦਕੋਟ ਪੁਲੀਸ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਅੱਜ ਦੇਰ ਸ਼ਾਮ ਕੋਟਕਪੂਰਾ (ਸ਼ਹਿਰੀ) ਥਾਣੇ ’ਚ ਅਣਪਛਾਤਿਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ ਜਦੋਂ ਕਿ ਬਹਿਬਲ ਗੋਲੀ ਕਾਂਡ ’ਚ ਪੁਲੀਸ ਅਫਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਲ ਗਿਆ ਹੈ। ਅੱਜ ਡੀ.ਜੀ.ਪੀ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਦੁਪਹਿਰ ਮਗਰੋਂ ਇਰਾਦਾ ਕਤਲ ਦਾ ਪੁਲੀਸ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਕਰੀਬ ਪੌਣੇ ਤਿੰਨ ਵਰ੍ਹਿਆਂ ਮਗਰੋਂ ਪੁਲੀਸ ਨੇ ਕੋਟਕਪੂਰਾ ਕਾਂਡ ਦੇ ਮਾਮਲੇ ’ਚ ਪੁਲੀਸ ਕੇਸ ਦਰਜ ਕੀਤਾ ਹੈ ਪ੍ਰੰਤੂ ਫਿਲਹਾਲ ਉਹ ਵੀ ਅਣਪਛਾਤਿਆਂ ਖਿਲਾਫ। ਦੇਰ ਸ਼ਾਮ ਕੋਟਕਪੁੂਰਾ ਪੁਲੀਸ ਨੇ ਐਫ. ਆਈ. ਆਰ ਦਰਜ ਕਰਨ ਦੀ ਕਾਰਵਾਈ ਵਿੱਢੀ।  ਵੇਰਵਿਆਂ ਅਨੁਸਾਰ ਕੋਟਕਪੂਰਾ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੇ ਪੀੜਤਾਂ ਨੂੰ ਬਿਆਨ ਦੇਣ ਲਈ ਬੁਲਾਇਆ। ਗੋਲੀ ਕਾਂਡ ਵਿਚ ਜ਼ਖਮੀ ਹੋਏ ਅਜੀਤ ਸਿੰਘ ਦੇ ਬਿਆਨਾਂ ਤੇ ਧਾਰਾ 307 ਤਹਿਤ ਅਣਪਛਾਤਿਆਂ ਤੇ ਕੇਸ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਜ਼ਿਲ੍ਹਾ ਬਰਨਾਲਾ ਦਾ ਬਸ਼ਿੰਦਾ ਹੈ ਜਿਸ ਦੀ ਲੱਤ ਵਿਚ ਗੋਲੀ ਕਾਂਡ ਦੌਰਾਨ ਗੋਲੀ ਲੱਗੀ ਸੀ। ਜ਼ਖਮੀ ਹੋਣ ਕਰਕੇ ਉਸ ਦਾ ਲੁਧਿਆਣਾ ਦੇ ਡੀ.ਐਮ.ਸੀ ਵਿਚ ਇਲਾਜ ਚੱਲਿਆ ਸੀ।
                 ਦੱਸਣਯੋਗ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਮਗਰੋਂ ਪੰਜਾਬ ਭਰ ਵਿਚ ਰੋਸ ਧਰਨੇ ਲੱਗੇ ਸਨ ਜਿਸ ਤਹਿਤ ਕੋਟਕਪੂਰਾ,ਬਹਿਬਲ ਕਲਾਂ,ਗੋਨਿਆਣਾ ਆਦਿ ਵਿਖੇ ਵੀ ਸਿੱਖ ਸੰਗਤਾਂ ਵੱਲੋਂ ਰੋਸ ਧਰਨੇ ਲਾਏ ਗਏ ਸਨ। ਵੇਰਵਿਆਂ ਅਨੁਸਾਰ ਪੁਲੀਸ ਮੁਖੀ ਨੇ ਅੱਜ ਐੱਸ.ਐੱਸ.ਪੀ ਫ਼ਰੀਦਕੋਟ ਨੂੰ ਚੰਡੀਗੜ੍ਹ ਉਚੇਚੇ ਤੌਰ ਤੇ ਬੁਲਾਇਆ ਸੀ। ਅਹਿਮ ਸੂਤਰਾਂ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਬਾਜਾਖਾਨਾ ਥਾਣੇ ਵਿਚ ਦਰਜ ਐਫ.ਆਈ.ਆਰ ਨੰਬਰ 130 ਵਿਚ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਾਲ ਦਿੱਤਾ ਗਿਆ ਹੈ ਜਿਸ ’ਤੇ ਪੂਰੇ ਸਿੱਖ ਜਗਤ ਦੀ ਨਜ਼ਰ ਲੱਗੀ ਹੋਈ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤਾਂ ਇਸ ਮਾਮਲੇ ਵਿਚ ਪੁਲੀਸ ਅਫਸਰਾਂ ਦੇ ਨਾਮ ਵੀ ਜ਼ਾਹਰ ਕਰ ਚੁੱਕੇ ਸਨ। ਸੂਤਰਾਂ ਅਨੁਸਾਰ ਹੁਣ ਪੁਲੀਸ ਅਫਸਰਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਮਾਮਲੇ ਤੇ ਅੰਦਰੋਂ ਅੰਦਰੀ ਮੋੜਾ ਕੱਟ ਲਿਆ ਹੈ। 
                ਦੱਸਣਯੋਗ ਹੈ ਕਿ ਕੋਟਕਪੂਰਾ ਚੌਂਕ ਵਿਚ ਜਦੋਂ ਸਿੱਖ ਸੰਗਤਾਂ ਰੋਸ ਵਜੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ ਵਿਚ ਧਰਨਾ ਦੇ ਰਹੀਆਂ ਸਨ ਤਾਂ ਪੁਲੀਸ ਨੇ 14 ਅਕਤੂਬਰ 2015 ਦੀ ਸਵੇਰ ਨੂੰ ਠੀਕ 6.40 ਵਜੇ ਫਾਇਰਿੰਗ ਕਰ ਦਿੱਤੀ ਅਤੇ ਅੱਥਰੂ ਗੈੱਸ ਛੱਡੀ ਗਈ ਜਿਸ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਦੋਂ ਕਿ ਤਿੰਨ ਚਾਰ ਹੋਰ ਫੱਟੜ ਹੋਏ ਸਨ। ਅੱਥਰੂ ਗੈੱਸ ਦੀ ਲਪੇਟ ਵਿਚ ਸੈਂਕੜੇ ਆਏ ਸਨ। ਫ਼ਰੀਦਕੋਟ ਪੁਲੀਸ ਨੇ ਉਦੋਂ ਉਲਟਾ ਪੁਲੀਸ ਮੁਲਾਜ਼ਮਾਂ ਦੇ ਬਿਆਨਾਂ ’ਤੇ 11 ਸਿੱਖ ਪੈਰੋਕਾਰਾਂ ’ਤੇ ਥਾਣਾ ਸਿਟੀ ਕੋਟਕਪੂਰਾ ਵਿਚ ਐਫ.ਆਈ.ਆਰ ਨੰਬਰ 192 ਦਰਜ ਕਰ ਲਈ ਸੀ। ਸਿੱਖ ਸੰਗਤਾਂ ਦੀ ਉਦੋਂ ਕੋਈ ਸੁਣਵਾਈ ਨਾ ਹੋਈ ਅਤੇ ਨਾ ਹੀ ਕੋਈ ਕੇਸ ਦਰਜ ਹੋਇਆ ਸੀ।
                ਉਸੇ ਦਿਨ ਬਹਿਬਲ ਕਲਾਂ ਦੇ ਧਰਨੇ ’ਤੇ ਪੁਲੀਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਵੇਰਵਿਆਂ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੋਟਕਪੂਰਾ/ਬਹਿਬਲ ਗੋਲੀ ਕਾਂਡ ਮਾਮਲੇ ’ਚ ਕੋਟਕਪੂਰਾ ਵਿਚ ਨਵੀਂ ਐਫ.ਆਈ.ਆਰ ਅਤੇ ਬਾਜਾਖਾਨਾ ਵਿਚ ਦਰਜ 130 ਨੰਬਰ ਐਫ.ਆਈ.ਆਰ ਵਿਚ 10 ਪੁਲੀਸ ਅਫ਼ਸਰ ਤੇ ਮੁਲਾਜ਼ਮਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ। ਗ੍ਰਹਿ ਵਿਭਾਗ ਪੰਜਾਬ ਨੇ ਹਫ਼ਤਾ ਪਹਿਲਾਂ ਡੀ.ਜੀ.ਪੀ ਨੂੰ ਇਹ ਕੇਸ ਦਰਜ ਕੀਤੇ ਜਾਣ ਦੀ ਸਿਫ਼ਾਰਸ਼ ਭੇਜ ਦਿੱਤੀ ਸੀ।
                            ਕੇਸ ਦਰਜ ਕਰ ਲਿਆ ਹੈ : ਐਸ.ਐਸ.ਪੀ
ਐਸ.ਐਸ.ਪੀ ਫਰੀਦਕੋਟ ਸ੍ਰੀ ਰਾਜਬਚਨ ਸਿੰਘ ਸੰਧੂ ਦਾ ਕਹਿਣਾ ਸੀ ਕਿ ਕੋਟਕਪੂਰਾ ਕਾਂਡ ’ਚ ਜ਼ਖਮੀ ਹੋਏ ਅਜੀਤ ਸਿੰਘ ਦੇ ਬਿਆਨਾਂ ਤੇ ਅੱਜ ਅਣਪਛਾਤਿਆਂ ਖਿਲਾਫ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਨੇ ਪਹਿਲਾਂ ਕਦੇ ਪੁਲੀਸ ਤੱਕ ਪਹੁੰਚ ਹੀ ਨਹੀਂ ਕੀਤੀ ਅਤੇ ਕਮਿਸ਼ਨ ਕੋਲ ਬਿਆਨ ਦਰਜ ਕਰਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬਾਜਾਖਾਨਾ ’ਚ ਦਰਜ ਐਫ.ਆਈ.ਆਰ ਨੰਬਰ 130 ਵਿਚ ਹੋਰ ਨਾਮਜ਼ਦਗੀ ਸਬੰਧੀ ਕੋਈ ਹਦਾਇਤ ਪ੍ਰਾਪਤ ਨਹੀਂ ਹੋਈ ਹੈ ਅਤੇ ਉਂਜ ਵੀ ਇਹ ਕੇਸ ਹੁਣ ਸੀ.ਬੀ.ਆਈ ਕੋਲ ਹੈ।
                        ਫੋਕੀ ਐਫ.ਆਈ.ਆਰ ਮਨਜ਼ੂਰ ਨਹੀਂ : ਇਨਸਾਫ਼ ਮੋਰਚਾ
ਬਰਗਾੜੀ ਇਨਸਾਫ਼ ਮੋਰਚਾ ਦੇ ਪ੍ਰਬੰਧਕੀ ਮੈਂਬਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਅਣਪਛਾਤਿਆਂ ਖ਼ਿਲਾਫ਼ ਦਰਜ ਕੇਸ ਮਨਜ਼ੂਰ ਨਹੀਂ ਹੈ ਕਿਉਂਕਿ ਗੋਲੀ ਕਾਂਡ ਦੀ ਬਣੀ ਵੀਡੀਓ ਵਿਚ ਗੋਲੀ ਚਲਾਉਣ ਵਾਲੇ ਅਫ਼ਸਰ ਤੇ ਮੁਲਾਜ਼ਮ ਸਾਫ਼ ਨਜ਼ਰ ਆ ਰਹੇ ਹਨ ਜਿਸ ਕਰਕੇ ਕੋਟਕਪੂਰਾ ਥਾਣੇ ਵਿਚ ਬਾਈਨੇਮ ਐਫ.ਆਈ.ਆਰ ਦਰਜ ਕੀਤੀ ਜਾਵੇ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਉਨ੍ਹਾਂ ਦਾ ਮੋਰਚਾ ਜਾਰੀ ਰਹੇਗਾ।

Tuesday, August 7, 2018

                                 ਡੋਪ ਟੈਸਟ
             ਕਿੱਟਾਂ ਦੀ ਖ਼ਰੀਦ ’ਚ ਘਾਲਾ ਮਾਲਾ 
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਡੋਪ ਟੈਸਟ ਕਿੱਟਾਂ ਦੀ ਖ਼ਰੀਦ ’ਚ ਘਾਲਾ ਮਾਲਾ ਹੋਣ ਲੱਗਾ ਹੈ। ਗ੍ਰਹਿ ਮੰਤਰਾਲੇ ਨੇ ਲਾਇਸੈਂਸੀ ਹਥਿਆਰ ਲੈਣ ਲਈ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ। ਸਿਹਤ ਮਹਿਕਮੇ ਨੂੰ ਇਹ ਕੇਂਦਰੀ ਫ਼ੈਸਲਾ ਰਾਸ ਆ ਗਿਆ ਹੈ ਜਿਸ ਦੇ ਸਰਕਾਰੀ ਖ਼ਜ਼ਾਨੇ ਨੂੰ ਡੋਪ ਟੈਸਟਾਂ ਨੇ ‘ਟੱਲੀ’ ਕਰ ਦਿੱਤਾ ਹੈ। ਡੋਪ ਟੈੱਸਟ ਅਸਲਾ ਸ਼ੌਕੀਨਾਂ ਦੀ ਜੇਬ ਨੂੰ ਡੰਗ ਮਾਰ ਰਹੇ ਹਨ। ਸਰਕਾਰੀ ਹਸਪਤਾਲਾਂ ਵੱਲੋਂ ਖ਼ਰੀਦ ਕੀਤੀ  ਡੋਪ ਟੈਸਟ ਕਿੱਟ ਦਾ ਰੇਟ ਹਰ ਸ਼ਹਿਰ ਵਿਚ ਵੱਖੋ ਵੱਖਰਾ ਹੈ ਜਿਸ ਤੋਂ ਮਾਮਲਾ ਸ਼ੱਕੀ ਜਾਪਦਾ ਹੈ। ਸਿਹਤ ਵਿਭਾਗ ਨੇ 17 ਅਪਰੈਲ 2018 ਤੋਂ ਡੋਪ ਟੈੱਸਟ ਅਤੇ ਮੈਡੀਕਲ ਟੈੱਸਟਾਂ ਦੀ ਫ਼ੀਸ 1500 ਰੁਪਏ ਕਰ ਦਿੱਤੀ ਜੋ ਕਿ ਪਹਿਲਾਂ 750 ਰੁਪਏ ਪ੍ਰਤੀ ਟੈੱਸਟ ਸੀ। ਆਰ.ਟੀ.ਆਈ ਵੇਰਵਿਆਂ ਅਨੁਸਾਰ ਸਿਵਲ ਹਸਪਤਾਲ ਮੁਕਤਸਰ ਨੇ ਅਸਲਾ ਲਾਇਸੈਂਸ ਲੈਣ ਦੇ ਸ਼ੌਕੀਨਾਂ ਤੋਂ 13.02 ਲੱਖ ਰੁਪਏ ਇਕੱਲੇ ਡੋਪ ਟੈੱਸਟਾਂ ਤੋਂ ਕਮਾ ਲਏ ਹਨ। ਮੁਕਤਸਰ ਹਸਪਤਾਲ ਨੇ ਜੂਨ ਮਹੀਨੇ ਤੱਕ 1012 ਡੋਪ ਟੈੱਸਟ ਕੀਤੇ । ਡੋਪ ਟੈੱਸਟਾਂ ਵਿਚ 138 ਕੇਸ ਪਾਜੇਟਿਵ ਆਏ ਸਨ। ਜਦੋਂ ਪਾਜੇਟਿਵ ਕੇਸਾਂ ਨੇ ਮੁੜ ਫ਼ੀਸ ਭਰ ਕੇ ਡੋਪ ਟੈਸਟ ਕਰਾਏ ਤਾਂ ਇਨ੍ਹਾਂ ਚੋਂ ਸਿਰਫ਼ ਪੰਜ ਕੇਸ ਹੀ ਪਾਜੇਟਿਵ ਰਹਿ ਗਏ।
                  ਸੂਤਰ ਆਖਦੇ ਹਨ ਕਿ ਜਦੋਂ ਮੁੜ ਫ਼ੀਸ ਭਰ ਕੇ ਟੈੱਸਟ ਕਰਾਉਣ ਦੀ ਸੁਵਿਧਾ ਹੈ ਤਾਂ ਡੋਪ ਟੈੱਸਟ ਦਾ ਮਤਲਬ ਕੀ ਰਹਿ ਜਾਂਦਾ ਹੈ। ਸਿਵਲ ਹਸਪਤਾਲ ਮੋਗਾ ਨੇ ਚਾਰ ਮਹੀਨਿਆਂ ਵਿਚ ਡੋਪ ਟੈਸਟਾਂ ਤੋਂ 15.71 ਲੱਖ ਰੁਪਏ ਕਮਾਏ ਹਨ। ਮੋਗਾ ਹਸਪਤਾਲ ’ਚ 1470 ਡੋਪ ਟੈਸਟ ਹੋਏ ਜਿਨ੍ਹਾਂ ਚੋਂ 124 ਕੇਸ ਪਾਜੇਟਿਵ ਆਏ ਹਨ। ਦਿਲਚਸਪ ਤੱਥ ਹਨ ਕਿ ਇਨ੍ਹਾਂ ਟੈੱਸਟਾਂ ਤੇ ਮਹਿਕਮੇ ਨੇ ਸਿਰਫ਼ 2.76 ਲੱਖ ਰੁਪਏ ਖ਼ਰਚ ਕੀਤੇ ਜਦੋਂ ਕਿ ਕਮਾਈ 15.71 ਲੱਖ ਰੁਪਏ ਦੀ ਕੀਤੀ। ਬਰਨਾਲਾ ਹਸਪਤਾਲ ਨੇ ਡੋਪ ਟੈੱਸਟ ਕਿੱਟ 200 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖ਼ਰੀਦ ਕੀਤੀ ਜਦੋਂ ਕਿ ਡੋਪ ਟੈੱਸਟਾਂ ਤੋਂ ਕਮਾਈ ਕਈ ਗੁਣਾ ਜ਼ਿਆਦਾ ਹੋਈ ਹੈ। ਇਸ ਹਸਪਤਾਲ ਵਿਚ ਲੰਘੇ ਤਿੰਨ ਮਹੀਨਿਆਂ ਵਿਚ 667 ਡੋਪ ਟੈੱਸਟ ਹੋਏ ਜਿਨ੍ਹਾਂ ਚੋਂ 51 ਕੇਸ ਪਾਜੇਟਿਵ ਆਏ ਹਨ। ਪਾਜੇਟਿਵ ਕੇਸਾਂ ਨੇ ਮੁੜ ਡੋਪ ਟੈੱਸਟ ਕਰਾਇਆ ਤਾਂ 18 ਕੇਸ ਨੈਗੇਟਿਵ ਆਏ ਹਨ। ਏਦਾ ਜਾਪਦਾ ਹੈ ਕਿ ਜਿਵੇਂ ਲਾਇਸੈਂਸ ਲੈਣ ਲਈ ਕਿਤੇ ਵੀ ਡੋਪ ਟੈੱਸਟ ਅੜਿੱਕਾ ਨਹੀਂ ਬਣਿਆ।
       ਸਰਕਾਰੀ ਹਸਪਤਾਲ ਲੁਧਿਆਣਾ ਨੇ ਡੋਪ ਟੈਸਟ ਕਿੱਟ 79.08 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖਰੀਦ ਕੀਤੀ ਹੈ। ਹਸਪਤਾਲ ਨੇ ਬਜ਼ਾਰ ਚੋਂ 4580 ਕਿੱਟਾਂ ਖ਼ਰੀਦ ਕੀਤੀਆਂ ਹਨ ਜਦੋਂ ਕਿ 9250 ਸਰਕਾਰ ਨੇ ਕਿੱਟਾਂ ਦਿੱਤੀਆਂ। ਬਜ਼ਾਰ ਚੋਂ ਖ਼ਰੀਦ ਕੀਤੀਆਂ ਕਿੱਟਾਂ ਤੇ 3.62 ਲੱਖ ਰੁਪਏ ਦਾ ਖ਼ਰਚ ਆਇਆ ਜਦੋਂ ਕਿ ਇਸ ਹਸਪਤਾਲ ਨੂੰ ਹੁਣ ਤੱਕ ਡੋਪ ਟੈੱਸਟਾਂ ਤੋਂ ਕਮਾਈ 17.89 ਲੱਖ ਰੁਪਏ ਦੀ ਹੋਈ ਹੈ। ਸਿਵਲ ਹਸਪਤਾਲ ਫ਼ਾਜ਼ਿਲਕਾ ਨੇ ਮਲਟੀ ਡਰੱਗ ਡੋਪ ਟੈੱਸਟ ਕਿੱਟ 200 ਰੁਪਏ ਪ੍ਰਤੀ ਕਿੱਟ ਅਤੇ ਸਿੰਗਲ ਡਰੱਗ ਡੋਪ ਟੈੱਸਟ ਕਿੱਟ 35 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖ਼ਰੀਦ ਕੀਤੀ। ਡੋਟ ਟੈੱਸਟ ਕਿੱਟਾਂ ਦੀ ਖ਼ਰੀਦ ’ਤੇ 49,600 ਰੁਪਏ ਖ਼ਰਚ ਕੀਤੇ ਹਨ ਜਦੋਂ ਕਿ ਕਮਾਈ 7.36 ਲੱਖ ਰੁਪਏ ਦੀ ਹੋਈ ਹੈ। ਫ਼ਾਜ਼ਿਲਕਾ ਹਸਪਤਾਲ ਵਿਚ 521 ਡੋਪ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਚੋਂ 22 ਕੇਸ ਪਾਜੇਟਿਵ ਆਏ ਹਨ। ਮਾਨਸਾ ਦੇ ਸਿਵਲ ਹਸਪਤਾਲ ਨੇ ਮਲਟੀ ਕਾਰਡ ਕਿੱਟ 200 ਰੁਪਏ ਅਤੇ ਸਿੰਗਲ ਟੈੱਸਟ ਕਿੱਟ 35 ਰੁਪਏ ਵਿਚ ਪ੍ਰਤੀ ਕਿੱਟ ਖ਼ਰੀਦ ਕੀਤੀ ਹੈ।
                ਜੂਨ ਮਹੀਨੇ ਤੱਕ ਇਸ ਹਸਪਤਾਲ ਵਿਚ ਅਸਲਾ ਲਾਇਸੈਂਸ ਲੈਣ ਵਾਲਿਆਂ ਦੇ 772 ਡੋਪ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਚੋਂ 71 ਪਾਜੇਟਿਵ ਆਏ ਹਨ। ਸਿਵਲ ਹਸਪਤਾਲ ਨੇ ਕਿੱਟਾਂ ਦੀ ਖ਼ਰੀਦ ਤੇ 84,490 ਰੁਪਏ ਖ਼ਰਚ ਕੀਤੇ ਜਦੋਂ ਕਿ ਡੋਪ ਟੈੱਸਟਾਂ ਤੋਂ ਆਮਦਨ 9.52 ਲੱਖ ਰੁਪਏ ਦੀ ਹੋਈ ਹੈ। ਸਿਵਲ ਹਸਪਤਾਲ ਗੁਰਦਾਸਪੁਰ ਨੇ ਡੋਪ ਟੈਸਟ ਕਿੱਟਾਂ ਦੀ ਖ਼ਰੀਦ ਤੇ 2.55 ਲੱਖ ਰੁਪਏ ਖ਼ਰਚ ਕੀਤੇ ਹਨ ਜਦੋਂ ਕਿ ਡੋਪ ਟੈੱਸਟਾਂ ਤੋਂ ਕਮਾਈ 12.19 ਲੱਖ ਰੁਪਏ ਦੀ ਕਮਾਈ ਕੀਤੀ ਹੈ।   ਹੁਣ ਤੱਕ ਇਸ ਹਸਪਤਾਲ ਵਿਚ 931 ਡੋਪ ਟੈੱਸਟ ਹੋ ਚੁੱਕੇ ਹਨ। ਇੱਥੇ ਛੇ ਕੇਸ ਦੁਬਾਰਾ ਟੈੱਸਟ ਕਰਨ ਤੇ ਨੈਗੇਟਿਵ ਆਏ। ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਹਸਪਤਾਲ ਨੇ ਪ੍ਰਤੀ ਡੋਪ ਟੈਸਟ ਕਿੱਟ 92 ਰੁਪਏ ਵਿਚ ਖ਼ਰੀਦ ਕੀਤੀ ਹੈ ਅਤੇ ਹੁਣ ਤੱਕ 1550 ਕਿੱਟਾਂ ਦੀ ਖ਼ਰੀਦ ਕੀਤੀ ਹੈ। ਇੱਥੇ 541 ਡੋਪ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਚੋਂ 64 ਕੇਸ ਪਾਜੇਟਿਵ ਆਏ ਹਨ। ਅਬੋਹਰ ਹਸਪਤਾਲ ਨੇ ਕਰੀਬ 2.32 ਲੱਖ ਰੁਪਏ ਡੋਪ ਟੈੱਸਟਾਂ ਚੋਂ ਕਮਾਏ ਹਨ। ਸਮਰਾਲਾ ਹਸਪਤਾਲ ਨੇ ਪ੍ਰਤੀ ਕਿੱਟ ਕਰੀਬ 42 ਰੁਪਏ ਖ਼ਰਚ ਕੀਤੇ ਹਨ। ਮਾਛੀਵਾੜਾ ਹਸਪਤਾਲ ਨੇ ਡੋਪ ਟੈੱਸਟ ਕਿੱਟ 380 ਰੁਪਏ ਵਿਚ ਖ਼ਰੀਦ ਕੀਤੀ ਹੈ।
                 ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਇੱਕੋ ਤਰ੍ਹਾਂ ਦੀ ਡੋਪ ਟੈੱਸਟ ਕਿੱਟ ਦੀ ਕੀਮਤ ਹਰ ਹਸਪਤਾਲ ਵਿਚ ਵੱਖੋ ਵੱਖਰੀ ਹੈ ਜਿਸ ਤੋਂ ਇਸ ਖ਼ਰੀਦ ਵਿਚ ਘਪਲਾ ਜਾਪਦਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।  ਉਨ੍ਹਾਂ ਆਖਿਆ ਕਿ ਡੋਪ ਟੈਸਟ ਸਰਕਾਰ ਨੇ ਕਮਾਈ ਦਾ ਧੰਦਾ ਬਣਾ ਲਿਆ ਹੈ। ਪੱਖ ਜਾਣਨ ਲਈ ਸਿਹਤ ਵਿਭਾਗ ਦੀ ਡਾਇਰੈਕਟਰ ਨੂੰ ਵਾਰ ਵਾਰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਚੁੱਕਿਆ ਨਹੀਂ। ਸਰਕਾਰੀ ਅਧਿਕਾਰੀ ਆਖਦੇ ਹਨ ਕਿ 1500 ਰੁਪਏ ਵਿਚ ਇਕੱਲਾ ਡੋਪ ਟੈਸਟ ਨਹੀਂ ਬਲਕਿ ਹੋਰ ਮੈਡੀਕਲ ਟੈੱਸਟ ਵੀ ਕੀਤੇ ਜਾਂਦੇ ਹਨ।

Saturday, August 4, 2018

                             ਗੁਪਤ ਰਿਪੋਰਟ 
           ਦਾਦੂਵਾਲ ਨੂੰ ਭੀਖੀ ’ਚ ਮਾਰਨਾ ਸੀ
                             ਚਰਨਜੀਤ ਭੁੱਲਰ
ਬਠਿੰਡਾ : ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ’ਚ ਕਈ ਗੁੱਝੇ ਭੇਤ ਬੰਦ ਹਨ ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਭਾਫ਼ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ‘ਗੁਪਤ ਰਿਪੋਰਟ’ ਪੁਲੀਸ ਮੁਖੀ ਨੂੰ ਸੌਂਪ ਦਿੱਤੀ ਸੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਨੂੰ ਜਨਤਿਕ ਕੀਤਾ ਜਾਵੇ। ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਿਕ ਕਰਨ ਤੋਂ ਪਿੱਛੇ ਹਟ ਰਹੀ ਹੈ ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵਧ ਗਏ ਹਨ। ਪੰਜਾਬੀ ਟ੍ਰਿਬਿਊਨ ਨੂੰ ਜੋ ਇਸ ‘ਗੁਪਤ ਰਿਪੋਰਟ’ ਦੇ ਤੱਥ ਪ੍ਰਾਪਤ ਹੋਏ ਹਨ, ਉਨ੍ਹਾਂ ’ਚ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਡੇਰਾ ਮੁਖੀ ਦੇ ਪੀ.ਏ ਰਾਕੇਸ਼ ਦਿੜ੍ਹਬਾ ਨੇ ਬਰਗਾੜੀ ਕਾਂਡ ’ਚ ਮੁੱਖ ਭੂਮਿਕਾ ਨਿਭਾਈ। ਵੇਰਵਿਆਂ ਅਨੁਸਾਰ ਡੇਰਾ ਮੁਖੀ ਦੇ ਪੀ.ਏ ਦੇ ਇਸ਼ਾਰੇ ’ਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਲਈ ਦੋ ਪੜਾਵੀਂ ਸਾਜ਼ਿਸ਼ ਘੜੀ। ਪਹਿਲੀ ਸਾਜ਼ਿਸ਼ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਅਤੇ ਦੂਸਰੀ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀ। ਰਿਪੋਰਟ ਅਨੁਸਾਰ ਡੇਰਾ ਮੁਖੀ ਦੇ ਪੀ.ਏ ਰਾਕੇਸ਼ ਦਿੜ੍ਹਬਾ ਦੀ ਹਦਾਇਤ ਨੇ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭਿਖੀ ਵਿਖੇ ਮਾਰਨ ਦੀ ਯੋਜਨਾ ਬਣਾਈ। ਦਾਦੂਵਾਲ ਦੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ’ਚ ਪ੍ਰੇਮੀ ਭੇਜੇ ਜਾਣ ਦੀ ਯੋਜਨਾ ਸੀ ਤਾਂ ਜੋ ਹਮਲਾਵਰ ਬਚ ਕੇ ਨਿਕਲ ਸਕਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਯੋਜਨਾ ਫਲਾਪ ਹੋ ਗਈ।
           ਰਿਪੋਰਟ ਅਨੁਸਾਰ ਉਦੋਂ ਡੇਰਾ ਆਗੂ ਤੈਸ਼ ’ਚ ਆ ਗਏ ਜਦੋਂ ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਦੇ 21 ਤੋਂ 23 ਮਈ 2015 ਤੱਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚ ਲੱਗੇ ਦੀਵਾਨ ਤੋਂ ਪ੍ਰਭਾਵਿਤ ਹੋਏ ਕੱੁਝ ਪ੍ਰੇਮੀਆਂ ਨੇ ਡੇਰੇ ਦੇ ਲਾਕਟ ਉਤਾਰ ਦਿੱਤੇ। ਮਹਿੰਦਰਪਾਲ ਬਿੱਟੂ ਨੇ ਇਸ ਬਾਰੇ ਫ਼ੌਰੀ ਸੂਚਨਾ ਡੇਰਾ ਸਿਰਸਾ ਭੇਜੀ ਜਿੱਥੋਂ ਸਿੱਖ ਪੈਰੋਕਾਰਾਂ ਨੂੰ ਸਬਕ ਸਿਖਾਉਣ ਦੇ ਆਦੇਸ਼ ਦਿੱਤੇ ਗਏ। ਬਿੱਟੂ ਨੇ ਡੇਰੇ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਾਥੀ ਨਿਸ਼ਾਨ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਦੀਪ ਸਿੰਘ ਨੀਲਾ ਫ਼ਰੀਦਕੋਟ, ਸੁਖਜਿੰਦਰ ਸਿੰਘ ਸੰਨ੍ਹੀ ਕੋਟਕਪੂਰਾ ਨਾਲ ਨਵੀਂ ਵਿਉਂਤ ਬਣਾਈ ਜਿਸ ਤਹਿਤ ਸੰਨ੍ਹੀ ਤੇ ਨੀਲੇ ਨੇ ਮੱਲਕੇ,ਬਰਗਾੜੀ,ਸਾਹੋਕੇ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰਾਂ ਦੇ ਆਸੇ ਪਾਸੇ ਰੈਕੀ ਕੀਤੀ। ਰਿਪੋਰਟ ਅਨੁਸਾਰ ਨੀਲਾ ਤੇ ਸੰਨੀ ਮੋਟਰ ਸਾਈਕਲ (ਪੀ. ਬੀ. 04 ਟੀ 0930) ਤੇ ਬੁਰਜ ਜਵਾਹਰ ਸਿੰਘ ਵਾਲਾ ਗਏ। ਇਸ ਟੀਮ ਦੇ ਮੈਂਬਰ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ’ਚ ਗੁਰਦੇਵ ਸਿੰਘ ਪ੍ਰੇਮੀ ਦੀ ਦੁਕਾਨ ਤੇ ਗਏ ਜਿੱਥੋਂ ਕੋਲਡ ਡਰਿੰਕ ਪੀਣ ਮਗਰੋਂ ਉਹ ਗੁਰੂ ਘਰ ਵਿਚ ਗਏ। ਗੁਰੂ ਘਰ ਚੋਂ ਸਰੂਪ ਚੁੱਕਣ ਮਗਰੋਂ ਮੋਟਰ ਸਾਈਕਲ ਤੇ ਫ਼ਰਾਰ ਹੋ ਗਏ। ਕੋਟਕਪੂਰਾ ਸਾਈਡ ਉਡੀਕ ’ਚ ਖੜੇ ਬਲਜੀਤ ਸਿੰਘ ਤੇ ਸ਼ਕਤੀ ਨੂੰ ਇਹ ਸਰੂਪ ਦੇ ਦਿੱਤੇ ਜਿਨ੍ਹਾਂ ਨੇ ਸਰੂਪ ਸਮੇਤ ਆਲਟੋ ਕਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਖੜ੍ਹੀ ਕਰ ਦਿੱਤੀ।
                ਸ਼ਾਮ ਵਕਤ ਇਹ ਸਰੂਪ ਸਿੱਖਾਂਵਾਲਾ ਦੇ ਬਲਜੀਤ ਸਿੰਘ ਦੇ ਘਰ ਪਹੁੰਚਾਏ ਗਏ ਜਿੱਥੇ ਸੰਦੂਕ ’ਚ ਕਰੀਬ ਤਿੰਨ ਸਾਢੇ ਤਿੰਨ ਮਹੀਨੇ ਸਰੂਪ ਪਏ ਰਹੇ। ਜਦੋਂ ਸਤੰਬਰ 2015 ’ਚ ਫ਼ਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਵਿਵਾਦਾਂ ਦੇ ਡਰੋਂ ਡੇਰਾ ਮੁਖੀ ਦੀ ਫ਼ਿਲਮ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਡੇਰਾ ਆਗੂਆਂ ਨੇ ਸਾਜ਼ਿਸ਼ ਨੂੰ ਅਗਲੇ ਪੜਾਅ ’ਚ ਦਾਖਲ ਕਰ ਦਿੱਤਾ। ਸਾਜ਼ਿਸ਼ ਤਹਿਤ ਸ਼ਕਤੀ ਸਿੰਘ ਨੇ ਬਰਗਾੜੀ ਤੋਂ ਸਾਫ਼ ਕਾਗ਼ਜ਼ ਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦੇ ਦਿੱਤੇ ਜਿੱਥੇ ਸੰਨ੍ਹੀ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਭਾਸ਼ਾ ’ਚ ਪੋਸਟਰ ਲਿਖੇ। ਸ਼ਕਤੀ,ਸੰਨ੍ਹੀ,ਭੋਲੇ ਤੇ ਬਲਜੀਤ ਸਿੰਘ ਨੇ 24 ਅਤੇ 25 ਸਤੰਬਰ 2015 ਦੀ ਸ਼ਾਮ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ’ਚ ਇਹ ਪੋਸਟਰ ਲਾ ਦਿੱਤੇ। ਇਵੇਂ 12 ਅਕਤੂਬਰ 2015 ਦੀ ਸਵੇਰ ਨੂੰ ਤਿੰਨ ਵਜੇ ਨਿਸ਼ਾਨ ਸਿੰਘ ਦੀ ਕਾਰ ’ਚ ਸਿੱਖਾਂਵਾਲਾ ਤੋਂ ਬਲਜੀਤ ਸਿੰਘ ਦੇ ਘਰੋਂ ਸਰੂਪ ਲਿਆਂਦੇ ਗਏ।  ਰਿਪੋਰਟ ਦੇ ਤੱਥਾਂ ਅਨੁਸਾਰ ਕਾਰ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅੰਗ ਪਾੜੇ ਗਏ। ਸ਼ਨੀ, ਨਿਸ਼ਾਨ ਤੇ ਭੋਲੇ ਨੇ ਪਵਿੱਤਰ ਅੰਗ ਖਿਲਾਰ ਦਿੱਤੇ। ਕੱੁਝ ਅੰਗ ਪ੍ਰਦੀਪ ਕੁਮਾਰ ਨੂੰ ਖਿਲਾਰਨ ਲਈ ਦਿੱਤੇ ਪ੍ਰੰਤੂ ਉਸ ਨੇ ਇਹ ਅੰਗ ਰਜਵਾਹੇ ਵਿਚ ਜਲ ਪ੍ਰਵਾਹ ਕਰ ਦਿੱਤੇ।
               ਇਸੇ ਦੌਰਾਨ ਜਦੋਂ ਪੂਰੇ ਪੰਜਾਬ ’ਚ ਰੋਸ ਵਜੋਂ ਧਰਨੇ ਮੁਜ਼ਾਹਰੇ ਹੋਣ ਲੱਗੇ ਤਾਂ 26-27 ਅਕਤੂਬਰ 2015 ਨੂੰ ਹਰਸ਼ ਧੂਰੀ ਦੇ ਆਦੇਸ਼ਾਂ ਤੇ ਬਿੱਟੂ ਨੇ ਦੋ ਡੇਰਾ ਪੈਰੋਕਾਰਾਂ ਨੂੰ ਬਾਕੀ ਬਚਦੇ ਅੰਗ ਉਸ ਤੱਕ ਪਹੁੰਚਾਉਣ ਲਈ ਆਖਿਆ। ਬਿੱਟੂ ਨੇ ਆਪਣੇ ਬਚਾਓ ਲਈ ਗੁਰੂ ਗੰ੍ਰਥ ਸਾਹਿਬ ਦੀ ਜਿਲਦ ਆਪਣੀ ਬੇਕਰੀ ਦੀ ਭੱਠੀ ਵਿਚ ਜਲਾ ਦਿੱਤੀ  ਅਤੇ ਬਾਕੀ ਬਚਦਾ ਸਰੂਪ ਡਰੇਨ ਵਿਚ ਸੁੱਟ ਦਿੱਤਾ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਜਾਂਚ ਟੀਮ ਕਰੀਬ ਪੌਣੇ ਤਿੰਨ ਵਰ੍ਹਿਆਂ ਤੋਂ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਸੀ। ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ ਕਰ ਰਹੀ ਹੈ। ਕੈਪਟਨ ਸਰਕਾਰ ਤੋਂ ਇਸ਼ਾਰਾ ਮਿਲਣ ਮਗਰੋਂ ਜਾਂਚ ਟੀਮ ਨੇ ਬਰਗਾੜੀ ਕਾਂਡ ਦਾ ਪੂਰਾ ਮਾਮਲਾ ਦਿਨਾਂ ਵਿਚ ਹੀ ਸੁਲਝਾ ਦਿੱਤਾ। ਪੰਥਕ ਆਗੂ  ਆਖਦੇ ਹਨ ਕਿ ਪਤਾ ਨਹੀਂ ਕਿ ਕੈਪਟਨ ਸਰਕਾਰ ਕਿਸ ਗੱਲ ਦੇ ਡਰੋਂ ਰਿਪੋਰਟ ਨੂੰ ਹੁਣ ਜਨਤਿਕ ਨਹੀਂ ਕਰ ਰਹੀ। ਜਾਂਚ ਟੀਮ ਦੇ ਮੁਖੀ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਨੇ ਤੱਥਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁਕੰਮਲ ਰਿਪੋਰਟ ਪੁਲੀਸ ਮੁਖੀ ਦੇ ਰਾਹੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਸੀਬੀਆਈ ਨੂੰ ਸੌਂਪ ਦਿੱਤੀ ਹੈ।



Friday, August 3, 2018

                             ਬਠਿੰਡਾ ਰੈਲੀ
         ਹਾਈਕਮਾਨ ਖ਼ਿਲਾਫ਼ ਖੁੱਲ੍ਹੀ ਬਗ਼ਾਵਤ
                             ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ (ਆਪ) ਦੇ ਕਰੀਬ ਇੱਕ ਤਿਹਾਈ ਬਾਗ਼ੀ ਵਿਧਾਇਕਾਂ ਨੇ ਅੱਜ ‘ਬਠਿੰਡਾ ਰੈਲੀ’ ’ਚ ਮਜ਼ਬੂਤ ਤਾਕਤੀ ਵਿਖਾਵਾ ਕਰਕੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ ਜਿਸ ਨਾਲ ਪੰਜਾਬ ’ਚ ਹੁਣ ‘ਆਪ’ ਦੇ ਦੁਫਾੜ ਹੋਣ ਲਈ ਜ਼ਮੀਨੀ ਮੁੱਢ ਬੱਝ ਗਿਆ ਹੈ। ਖਹਿਰਾ ਧੜੇ ਨੇ ਅੱਜ ‘ਆਪ’ ਦੀ ਹਾਈਕਮਾਨ ਖ਼ਿਲਾਫ਼ ਨੂੰ ਸਿੱਧੀ ਚੁਣੌਤੀ ਦੇ ਕੇ ਪੰਜਾਬ ਯੂਨਿਟ ਨੂੰ ਖ਼ੁਦਮੁਖ਼ਤਿਆਰ ਐਲਾਨ ਦਿੱਤਾ। ‘ਬਠਿੰਡਾ ਰੈਲੀ’ ਨੂੰ ਅੱਜ ਵੱਡਾ ਹੁੰਗਾਰਾ ਮਿਲਣ ਮਗਰੋਂ ਬਾਗ਼ੀ ਧੜੇ ਨੇ ਦਿੱਲੀ ਪ੍ਰਤੀ ਆਪਣੇ ਤੇਵਰ ਤਿੱਖੇ ਕਰ ਲਏ। ਬਾਗ਼ੀ ਧੜੇ ਨੇ ਹਾਈਕਮਾਨ ਨੂੰ ਦੋ ਟੁੱਕ ਲਫ਼ਜ਼ਾਂ ’ਚ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਹੁਣ ਹਾਈਕਮਾਨ ਦੇ ਫ਼ੈਸਲੇ ਮਨਜ਼ੂਰ ਨਹੀਂ।  ਬਠਿੰਡਾ ਰੈਲੀ ’ਚ ਅੱਜ ਸੁਖਪਾਲ ਸਿੰਘ ਖਹਿਰਾ ਸਮੇਤ ਸੱਤ ‘ਆਪ’ ਵਿਧਾਇਕਾਂ ਨੇ ਹਾਜ਼ਰੀ ਭਰੀ ਜਿਨ੍ਹਾਂ ਨੇ ਹਿੱਕ ਥਾਪੜ ਕੇ ਹਾਈਕਮਾਨ ਖ਼ਿਲਾਫ਼ ਭੜਾਸ ਕੱਢੀ। ਕਰੀਬ ਤਿੰਨ ਘੰਟੇ ਚੱਲੇ ਤਿੱਖੇ ਭਾਸ਼ਣਾਂ ਮੌਕੇ ਨਾਅਰੇ ਵੀ ਗੂੰਜਦੇ ਰਹੇ ਪ੍ਰੰਤੂ ‘ਆਪ’ ਦੇ ਦੋ ਤਿਹਾਈ ਵਿਧਾਇਕਾਂ ਵੱਲੋਂ ਰੈਲੀ ਤੋਂ ਬਣਾਈ ਦੂਰੀ ਨੇ ਬਾਗ਼ੀ ਧੜੇ ਨੂੰ ਅੰਦਰੋਂ ਸੂਤੀ ਰੱਖਿਆ। ਕਨਵੈੱਨਸ਼ਨ ਦੇ ਅਖੀਰ ’ਚ ਛੇ ਮਤੇ ਪਾਸ ਕੀਤੇ ਗਏ ਜਿਨ੍ਹਾਂ ਲਈ ਜੁੜੇ ਇਕੱਠ ਤੋਂ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ ਗਈ।
                  ਬਾਗ਼ੀ ਧੜੇ ਨੇ ਅੱਜ ਮਤਾ ਪਾਸ ਕਰਕੇ ‘ਆਪ’ ਦਾ ਪੰਜਾਬ ਯੂਨਿਟ ਭੰਗ ਕਰਕੇ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਅਤੇ ਪੰਜਾਬ ਯੂਨਿਟ ਨੂੰ ਖ਼ੁਦਮੁਖ਼ਤਿਆਰ ਬਣਾਉਣ ਦਾ ਫ਼ੈਸਲਾ ਕੀਤਾ। ਪੰਜਾਬ ਯੂਨਿਟ ਰਾਸ਼ਟਰੀ ਪਾਰਟੀ ਨੂੰ ਪਾਰਟੀ ਦੇ ਫ਼ੈਸਲਿਆਂ ਤੋਂ ਜਾਣੂ ਕਰਾਉਂਦਾ ਰਹੇਗਾ।ਬਾਗ਼ੀ ਵਿਧਾਇਕਾਂ ਨੇ ਮਤਾ ਪਾਸ ਕਰਕੇ ‘ਆਪ’ ਵੱਲੋਂ ਐਲਾਨੇ ਨਵੇਂ ਵਿਰੋਧੀ ਧਿਰ ਦੇ ਨੇਤਾ ਦੀ ਨਿਯੁਕਤੀ ਨੂੰ ਖ਼ਾਰਜ ਕਰਕੇ ਹਾਈਕਮਾਨ ਨੂੰ ਅਲਟੀਮੇਟਮ ਦਿੱਤਾ ਕਿ ਹਫ਼ਤੇ ਦੇ ਅੰਦਰ ‘ਆਪ’ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਵਿਰੋਧੀ ਧਿਰ ਦੇ ਨਵੇਂ ਨੇਤਾ ਦੀ ਚੋਣ ਕੀਤੀ ਜਾਵੇ। ਬਾਗ਼ੀ ਧੜੇ ਨੇ ਐਲਾਨ ਕੀਤਾ ਕਿ ਉਹ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨਗੇ। 22 ਜ਼ਿਲ੍ਹਾ ਪ੍ਰੋਗਰਾਮ ਕਰਨ ਮਗਰੋਂ ਮਾਝੇ, ਦੁਆਬੇ ਅਤੇ ਮਾਲਵੇ ਵਿਚ ਵੱਡੇ ਇਕੱਠ ਕੀਤੇ ਜਾਣਗੇ। ਮਤੇ ਰਾਹੀਂ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਪਾਰਟੀ ਦੀ ਬਿਹਤਰੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
         ਬਾਗ਼ੀ ਧੜੇ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਹਮਖ਼ਿਆਲ ਪਾਰਟੀਆਂ ਨਾਲ ਮਿਲ ਕੇ ਤੀਸਰਾ ਬਦਲ ਉਸਾਰਿਆ ਜਾਵੇਗਾ ਜੋ ਪੰਜਾਬੀਆਂ ਦੇ ਹੱਕਾਂ ਤੇ ਮਸਲਿਆਂ ਦੀ ਸਹੀ ਤਰਜਮਾਨੀ ਕਰੇਗਾ। ਕੇਂਦਰੀ ਹਾਈਕਮਾਨ ਦੇ ਦਲਿਤ ਪੱਤੇ ’ਤੇ ਦਹਿਲਾ ਮਾਰਨ ਲਈ ਅੱਜ ਖਹਿਰਾ ਧੜੇ ਨੇ ਪੰਜਾਬੀ ਪੱਤਾ ਖੇਡਿਆ। ਬਾਗ਼ੀ ਵਿਧਾਇਕਾਂ ਨੇ ਸਟੇਜ ਤੋਂ ਪੰਥਕ ਚਿਹਰਾ ਵੀ ਵਿਖਾਇਆ ਤੇ ਪੰਜਾਬੀਆਂ ਦੀ ਅਣਖ ਤੇ ਗ਼ੈਰਤ ਦੀ ਤੰਦ ਵਾਰ ਵਾਰ ਛੇੜੀ ਗਈ। ਭਾਵੁਕ ਹੋਏ ਸੁਖਪਾਲ ਖਹਿਰਾ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਦਿੱਤਾ ਕਿ ਉਹ ਰੈਲੀ ਤੋਂ ਦੂਰ ਰਹਿਣ ਵਾਲੇ ‘ਆਪ’ ਵਿਧਾਇਕਾਂ ਨੂੰ ਪਿੰਡਾਂ ਵਿਚ ਨਾ ਵੜਨ ਦੇਣ। ਕੇਂਦਰੀ ਹਾਈਕਮਾਨ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਟਿਕਟਾਂ ਵੇਚਣ, ਟਿਕਟਾਂ ਦੀ ਗ਼ਲਤ ਵੰਡ ਅਤੇ ਹਾਈਕਮਾਂਡ ਦੀ ਗੈਰਜਮਹੂਰੀ ਸੋਚ ਨੂੰ ਨਿਸ਼ਾਨੇ ਤੇ ਰੱਖਿਆ ਗਿਆ।
           ਸੁਖਪਾਲ ਖਹਿਰਾ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ਵਿਚ ਪੰਜਾਬ ਦੇ ਬੁਨਿਆਦੀ ਮਸਲੇ ਚੰਡੀਗੜ੍ਹ ਦਾ ਮੁੱਦਾ,ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦੀ ਗੱਲ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਉਭਾਰਿਆ। ਉਨ੍ਹਾਂ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਰਾਇਲਟੀ ਲੈਣ ਦੀ ਗੱਲ ਦੁਹਰਾਈ। ਖਹਿਰਾ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਇਲਾਵਾ ਚੁਰਾਸੀ ਦੇ ਦੰਗਿਆਂ ਦੀ ਗੱਲ ਵੀ ਕੀਤੀ।  ਖਹਿਰਾ ਨੇ ਬਾਦਲ ਤੇ ਕੈਪਟਨ ਪਰਿਵਾਰ ਦੀ ‘ਦੋਸਤਾਨਾ ਮੈਚ’ ਦੀ ਗੱਲ ਕਰਦੇ ਹੋਏ ਪੰਜਾਬ ਨੂੰ ਦੋ ਟੱਬਰਾਂ ਵੱਲੋਂ ਲੁੱਟੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਕਿਸਾਨੀ ਤੇ ਜਵਾਨੀ ਤੋਂ ਇਲਾਵਾ ਵਪਾਰੀਆਂ ਦੇ ਦੁੱਖਾਂ ਦਰਦਾਂ ਦਾ ਮੁੱਦਾ ਵੀ ਛੋਹਿਆ। ਖਹਿਰਾ ਨੇ ਆਖਿਆ ਕਿ ਹਾਈਕਮਾਨ ਦੇ ਦੋ ਸੂਬੇਦਾਰਾਂ ਨੇ ਪੰਜਾਬ ਵਿਚ ਚੋਣਾਂ ਵੇਲੇ ਟਿਕਟਾਂ ਵੇਚੀਆਂ ਅਤੇ ਗ਼ਲਤ ਟਿਕਟਾਂ ਦੀ ਵੰਡ ਕਰਕੇ ਪਾਰਟੀ ਪੰਜਾਬ ਵਿਚ ਸੌ ਸੀਟਾਂ ਤੋਂ 20 ਸੀਟਾਂ ਤੱਕ ਸਿਮਟ ਗਈ। ਉਨ੍ਹਾਂ ਆਖਿਆ ਕਿ ਪੰਡਾਲ ਵਿਚ ਦੂਸਰੀਆਂ ਪਾਰਟੀਆਂ ਦੇ ਲੋਕ ਵੀ ਆਏ ਹਨ ਅਤੇ ਆਓ ਹੁਣ ਪੰਜਾਬ ਵਿਚ ਤੀਸਰਾ ਬਦਲ ਪੈਦਾ ਕਰੀਏ।
           ਖਹਿਰਾ ਨੇ ਆਖਿਆ ਕਿ ਲੋਕ ਤਾਕਤ ਮਿਲੀ ਤਾਂ ਉਹ ਬੇਅਦਬੀ ਤੇ ਗੋਲੀਕਾਂਡ ਦੇ ਮਾਮਲੇ ’ਚ ਸਭ ਦੋਸ਼ੀਆਂ ਨੂੰ ਅੰਦਰ ਭੇਜ ਦੇਣਗੇ ਅਤੇ ਇਸੇ ਤਰ੍ਹਾਂ ਨਸ਼ਿਆਂ ਦੇ ਵੱਡੇ ਤਸਕਰਾਂ ਨੂੰ ਫੜਕੇ ਅੰਦਰ ਕੀਤਾ ਜਾਵੇਗਾ। ਖਹਿਰਾ ਨੇ ਆਖਿਆ ਕਿ ਹਾਈਕਮਾਨ ਨੇ ਹਮੇਸ਼ਾ ਪੰਜਾਬ ਦੀ ਲੀਡਰਸ਼ਿਪ ਦਾ ਨਿਰਾਦਰ ਕੀਤਾ ਅਤੇ ਉਸ ਦੇ ਖ਼ਿਲਾਫ਼ ਸਾਜ਼ਿਸ਼ਾਂ ਰਚੀਆਂ ਗਈਆਂ। ਖਹਿਰਾ ਨੇ ਆਖਿਆ ਕਿ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਨਵੀਂ ਸ਼ੁਰੂਆਤ ਕਰਨਗੇ। ਉਹ ਦਲਿਤਾਂ ਦੇ ਵਿਰੋਧ ਵਿਚ ਨਹੀਂ ਬਲਕਿ ਸਭਨਾਂ ਵਰਗਾਂ ਦੇ ਪ੍ਰਤੀਨਿਧ ਹਨ।   ਖਹਿਰਾ ਧੜੇ ਚੋਂ ਸੀਨੀਅਰ ਵਿਧਾਇਕ ਕੰਵਰ ਸੰਧੂ ਨੇ ਕਨਵੈੱਨਸ਼ਨ ਵਿਚ ਮਤੇ ਪੜੇ ਅਤੇ ਉਸ ਤੋਂ ਪਹਿਲਾਂ ਸੰਧੂ ਨੇ ਆਖਿਆ ਕਿ ਜਦੋਂ ਦਿੱਲੀ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ ਲੋਕ ਕਚਹਿਰੀ ਵਿਚ ਆਏ ਹਨ। ਉਨ੍ਹਾਂ ਆਖਿਆ ਕਿ ਜਿਵੇਂ ‘ਆਪ’ ਸਰਕਾਰ ਨੇ ਦਿੱਲੀ ਵਿਚ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਚੰਗਾ ਕੰਮ ਕੀਤਾ ਹੈ, ਉਵੇਂ ਪੰਜਾਬ ਯੂਨਿਟ ਕਰਨਾ ਚਾਹੁੰਦੀ ਹੈ ਪ੍ਰੰਤੂ ਹਾਈਕਮਾਨ ਪੰਜਾਬ ਦੀ ਖ਼ੁਦਮੁਖ਼ਤਿਆਰੀ ਦੇ ਮਾਮਲੇ ਤੇ ਚੁੱਪ ਹੋ ਜਾਂਦੀ ਹੈ ਜਦੋਂ ਕਿ ਖ਼ੁਦ ਐਲ.ਜੀ ਦਫ਼ਤਰ ਵਿਚ ਧਰਨਾ ਮਾਰ ਕੇ ਖ਼ੁਦਮੁਖ਼ਤਿਆਰੀ ਮੰਗਦੀ ਹੈ।
                    ਕੰਵਰ ਸੰਧੂ ਨੇ ਚੋਣਾਂ ਵਿਚ 50 ਸੀਟਾਂ ਗ਼ਲਤ ਟਿਕਟਾਂ ਦੀ ਵੰਡ ਕਰਕੇ ਹਾਰਨ ਦੀ ਗੱਲ ਆਖੀ। ਉਹ ਕੈਨੇਡਾ ਦੀ ਲਿਬਰਲ ਪਾਰਟੀ ਵਰਗੀ ਖ਼ੁਦਮੁਖ਼ਤਿਆਰੀ ਚਾਹੁੰਦੇ ਹਨ।  ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਆਖਿਆ ਕਿ ਹਾਈਕਮਾਨ ਵਿਰੋਧੀ ਧਿਰ ਦੇ ਨੇਤਾ ਦੇ ਫ਼ੈਸਲੇ ਤੇ ਮੁੜ ਵਿਚਾਰ ਕਰੇ ਜਿਸ ਨਾਲ ਪਾਰਟੀ ਦਾ ਛਵੀ ਦਾ ਚੰਗਾ ਸੁਨੇਹਾ ਜਾਵੇਗਾ। ਉਨ੍ਹਾਂ ਆਖਿਆ ਕਿ ਹੋਰਨਾਂ ਅਹੁਦਿਆਂ ਤੇ ਕਦੇ ਦਲਿਤ ਨੇਤਾ ਲਾਏ ਜਾਣ ਦਾ ਚੇਤਾ ਨਹੀਂ ਆਇਆ ਅਤੇ ਖਹਿਰਾ ਨੂੰ ਲਾਹੁਣ ਲਈ ਦਲਿਤ ਪੱਤਾ ਹਾਈਕਮਾਨ ਨੇ ਖੇਡਿਆ। ਵਿਧਾਇਕ ਜਗਦੇਵ ਕਮਾਲੂ ਨੇ ਆਖਿਆ ਕਿ ਅੱਜ ਨਵੀਂ ਸ਼ੁਰੂਆਤ ਹੋਈ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ। ਵਿਧਾਇਕ ਪਿਰਮਲ ਸਿੰਘ ਨੇ ਆਖਿਆ ਕਿ ਹਾਈਕਮਾਨ ਨੇ ਪਹਿਲਾਂ ਛੋਟੇਪੁਰ, ਗੁਰਪ੍ਰੀਤ ਘੁੱਗੀ, ਡਾ.ਗਾਂਧੀ ਵਰਗੇ ਆਗੂ ਪਾਰਟੀ ਚੋਂ ਬਾਹਰ ਕੀਤੇ ਅਤੇ ਹੁਣ ਜਦੋਂ ਖਹਿਰਾ ਦੀ ਬਦੌਲਤ ਪਾਰਟੀ ਮੁੜ ਖੜ੍ਹੀ ਹੋਈ ਸੀ ਤਾਂ ਬਿਨਾਂ ਕੋਈ ਮਸ਼ਵਰਾ ਕੀਤੇ ਖਹਿਰਾ ਨੂੰ ਲਾਂਭੇ ਕਰ ਦਿੱਤਾ।
                    ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਬੈਂਸ ਭਰਾਵਾਂ ਦੇ ਦਲਿਤ ਮੋਹ ਦਾ ਪੱਖ ਰੱਖਿਆ। ਉਨ੍ਹਾਂ ਹਾਈਕਮਾਨ ਵੱਲੋਂ ਟਿਕਟਾਂ ਵੇਚਣ ਦੇ ਇਲਜ਼ਾਮ ਵੀ ਲਾਏ। ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਨੇ ਪਾਰਟੀ ਵੱਲੋਂ ਦਲਿਤਾਂ ਦੀ ਕੀਤੀ ਅਣਦੇਖੀ ਦੀ ਗੱਲ ਉਠਾਉਂਦੇ ਹੋਏ ਪੰਜਾਬ ਯੂਨਿਟ ਦੀ ਖ਼ੁਦਮੁਖ਼ਤਿਆਰੀ ਦੀ ਗੱਲ ਕੀਤੀ। ਰੈਲੀ ਨੂੰ ਗਾਇਕ ਅਤੇ ਆਗੂ ਜੱਸੀ ਜਸਰਾਜ, ਕਿਸਾਨ ਵਿੰਗ ਦੇ ਦਲਜੀਤ ਸਿੰਘ ਸਦਰਪੁਰਾ, ਦੀਪਕ ਬਾਂਸਲ ਬਠਿੰਡਾ, ਨਵਜੋਤ ਕੌਰ ਲੰਬੀ,ਅੰਮ੍ਰਿਤਸਰ ਤੋਂ ਆਏ ਸੁਰੇਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। ਰੈਲੀ ਵਿਚ ‘ਆਪ’ ਆਗੂ ਮਨਜੀਤ ਸਿੰਘ ਬਿੱਟੀ ਰਾਮਪੁਰਾ,ਜਗਦੀਪ ਸੰਧੂ ਗਿੱਦੜਬਾਹਾ ਆਦਿ ਵੀ ਹਾਜ਼ਰ ਸਨ। ਸਟੇਜ ਸੰਚਾਲਨ ਗੁਰਪ੍ਰਤਾਪ ਸਿੰਘ ਨੇ ਕੀਤਾ।
                              ਮਜੀਠੀਆ ਖ਼ਿਲਾਫ਼ ਖਹਿਰਾ ਦੀ ਭੇਤਭਰੀ ਚੁੱਪ
ਸੁਖਪਾਲ ਖਹਿਰਾ ਦੇ ਇੱਕ ਘੰਟੇ ਦੇ ਭਾਸ਼ਣ ’ਚ ਬਿਕਰਮ ਮਜੀਠੀਆ ਨਿਸ਼ਾਨੇ ਤੇ ਨਹੀਂ ਰਹੇ ਜਿਸ ਤੋਂ ਨਵੇਂ ਚਰਚੇ ਛਿੜ ਗਏ ਹਨ। ਅਕਸਰ ਨਸ਼ਿਆਂ ਦੇ ਮਾਮਲੇ ਤੇ ਖਹਿਰਾ ਮਜੀਠੀਆ ਨੂੰ ਦੋਹੇਂ ਹੱਥੀ ਲੈਂਦੇ ਰਹੇ ਹਨ ਪ੍ਰੰਤੂ ਅੱਜ ਖਹਿਰਾ ਨੇ ਮਜੀਠੀਆ ਖ਼ਿਲਾਫ਼ ਚੁੱਪ ਹੀ ਵੱਟ ਲਈ। ਸਿਰਫ਼ ਏਨਾ ਹੀ ਆਖਿਆ ਕਿ ਅਮਰਿੰਦਰ ਸਿੰਘ ਨੇ ਮਜੀਠੀਆ ਦਾ ਕੇਸ ਸੀਬੀਆਈ ਨੂੰ ਦੇਣ ਤੋਂ ਇਹ ਆਖ ਕੇ ਗੁਰੇਜ਼ ਕੀਤਾ ਸੀ ਕਿ ਮਾਮਲੇ ਲਟਕ ਜਾਂਦੇ ਹਨ ਪ੍ਰੰਤੂ ਬਹਿਬਲ ਗੋਲੀ ਕਾਂਡ ਦੀ ਸੀ.ਬੀ.ਆਈ ਜਾਂਚ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਖਹਿਰਾ ਨੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਮੁਆਫ਼ੀ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ। ਖਹਿਰਾ ਦੀ ਇਸ ਚੁੱਪ ਤੋਂ ਲੋਕ ‘ਦਾਲ ’ਚ ਕੁੱਝ ਕਾਲਾ’ ਹੋਣ ਦੇ ਅੰਦਾਜ਼ੇ ਲਾਉਂਦੇ ਰਹੇ।
                                       ਬਠਿੰਡਾ ਰੈਲੀ ਦੀਆਂ ਝਲਕੀਆਂ 
.. ਸੁਖਪਾਲ ਖਹਿਰਾ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਦੀ ਥਾਂ ‘ਪੰਜਾਬੀ ਏਕਤਾ ਜ਼ਿੰਦਾਬਾਦ’ ਨੂੰ ਤਰਜੀਹ ਦਿੱਤੀ। ਖਹਿਰਾ ਨੇ ਆਖਿਆ ਕਿ ਇਨਕਲਾਬ ਵਾਲੀ ਗੱਲ ਪੁਰਾਣੀ ਹੋ ਗਈ ਅਤੇ ਲੋਕਾਂ ਨੂ ੰ ਇਸ ਨਾਅਰੇ ਤੋਂ ਏਦਾ ਲੱਗਦਾ ਕਿ ਪਤਾ ਨਹੀਂ ਕੀ ਹੋ ਜਾਵੇਗਾ।
.. ਪੰਜਾਬ ’ਚ ‘ਆਪ’ ਦੀ ਪਹਿਲੀ ਅਜਿਹੀ ਕਨਵੈੱਨਸ਼ਨ ਸੀ ਜਿਸ ’ਚ ਅਰਵਿੰਦ ਕੇਜਰੀਵਾਲ ਦੀ ਥਾਂ ਸੁਖਪਾਲ ਖਹਿਰਾ ਦੇ ਨਾਅਰੇ ਲੱਗੇ। ‘ਆਪ’ ਦੀ ਰਵਾਇਤੀ ਦਿੱਖ ਗ਼ਾਇਬ ਰਹੀ ਜਦੋਂ ਕਿ ਕਈ ਵਾਹਨਾਂ ਤੇ ਕੇਜਰੀਵਾਲ ਦੇ ਪੋਸਟਰ ਲੱਗੇ ਹੋਏ ਸਨ।
…... ਬਠਿੰਡਾ ਮਾਨਸਾ ਜ਼ਿਲ੍ਹੇ ਚੋਂ ‘ਆਪ’ ਦੇ ਪੰਜ ਵਿਧਾਇਕਾਂ ਚੋਂ ਰੈਲੀ ਵਿਚ ਦੋ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆਂ ਅਤੇ ਜਗਦੇਵ ਸਿੰਘ ਕਮਾਲੂ ਮੌਜੂਦ ਰਹੇ ਹਨ ਜਦੋਂ ਕਿ ਬਾਕੀ ਵਿਧਾਇਕਾਂ ਨੇ ਪਾਸਾ ਵੱਟਿਆ।
... ਪੰਡਾਲ ’ਚ ਪੁੱਜੇ ਲੋਕਾਂ ਨੂੰ ਨਾ ਪਾਣੀ ਮਿਲਿਆ ਅਤੇ ਨਾ ਲੰਗਰ। ਗਰਮੀ ਕਾਫ਼ੀ ਹੋਣ ਕਰਕੇ ਲੋਕਾਂ ਨੂੰ ਪਸੀਨੇ ਆਉਂਦੇ ਰਹੇ।
.. ‘ਆਪ’ ਰੈਲੀ ਵਿਚ ਨਾ ਕੋਈ ਪੋਸਟਰ ਦਿੱਖਿਆ ਅਤੇ ਨਾ ਹੀ ਝੰਡੇ ਦਿਖੇ। ਕੋਈ ਟੋਪੀ ਵੀ ਨਹੀਂ ਦਿੱਖੀ। ਮੁਨੀਸ਼ ਸਸੋਦਿਆ,ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਨਿਸ਼ਾਨੇ ਤੇ ਰਹੇ।
.. ਬਾਗ਼ੀ ਧੜੇ ਨੇ ਖਹਿਰਾ ਨੂੰ ਕਦੇ ਪਾਣੀਆਂ ਦਾ ਰਾਖਾ ਦੱਸਿਆ ਅਤੇ ਨਿਡਰ ਜਰਨੈਲ ਦੱਸਿਆ। ਖਹਿਰਾ ਦੀ ਪ੍ਰਸੰਸਾ ਦੇ ਪੁਲ ਬੱਝਦੇ ਰਹੇ। ਰੈਲੀ ਵਿਚ ਢਾਡੀਆਂ ਨੇ ਵੀ ਰੰਗ ਬੰਨ੍ਹਿਆ।
.. ਬੈਂਸ ਭਰਾਵਾਂ ਨੇ ਵੀ ਖਹਿਰਾ ਦੀ ਰੈਲੀ ਦੀ ਕਾਮਯਾਬੀ ਵਿਚ ਯੋਗਦਾਨ ਪਾਇਆ। ਦਾਖਾ ਹਲਕੇ ਤੋਂ ਆਏ ਇੱਕ ਬਜ਼ੁਰਗ ਨੇ ਦੱਸਿਆ ਕਿ ਉਸ ਦਾ ਪੁੱਤ ਬੈਂਸ ਭਰਾਵਾਂ ਨਾਲ ਹੈ ਅਤੇ ਉਹ ਦੋ ਬੱਸਾਂ ਲੈ ਕੇ ਆਏ ਹਨ।
.. ‘ਆਪ’ ਦੇ ਦਿੱਲੀ ਗਏ ਵਿਧਾਇਕ ਜਦੋਂ ਹਸਪਤਾਲ ਵਿਚ ਅੱਜ ਸੰਸਦ ਮੈਂਬਰ ਭਗਵੰਤ ਮਾਨ ਦਾ ਹਾਲ ਚਾਲ ਪੁੱਛ ਰਹੇ ਸਨ ਤਾਂ ਬਾਗ਼ੀ ਧੜੇ ਦੀ ਸਟੇਜ ਤੋਂ ਭਗਵੰਤ ਮਾਨ ਨੂੰ ਮਿੱਠੇ ਮਿਹਣੇ ਮਾਰੇ ਜਾ ਰਹੇ ਸਨ।
... ‘ਆਪ’ ਦੇ ਸਹਿ ਕਨਵੀਨਰ ਡਾ. ਬਲਵੀਰ ਸਿੰਘ ਪਟਿਆਲਾ ਨਿਸ਼ਾਨੇ ਤੇ ਰਹੇ ਅਤੇ ਖਹਿਰਾ ਨੇ ਤਾਂ ਉਨ੍ਹਾਂ ਨੂੰ ਬਲਵੀਰੋ ਭਾਬੀ ਤੱਕ ਆਖ ਦਿੱਤਾ।
.. ਰੈਲੀ ਵਿਚ ਬਾਗ਼ੀ ਧੜੇ ਨੇ ਵਾਰ ਵਾਰ ਪ੍ਰਵਾਸੀ ਪੰਜਾਬੀਆਂ ਦੀ ਚਰਚਾ ਕੀਤੀ। ਆਖਿਆ ਗਿਆ ਕਿ ਪ੍ਰਵਾਸੀ ਪੰਜਾਬੀਆਂ ਨੇ ਅੱਜ ਦੀ ਰੈਲੀ ਲਈ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਹੈ।
..  ਰੈਲੀ ਦਾ ਸਟੇਜ ਸੰਚਾਲਨ ਵੀ ਮਝੈਲ ਆਗੂ ਵਲੋਂ ਕੀਤਾ ਗਿਆ ਅਤੇ ਰੈਲੀ ਦਾ ਟੈਂਟ ਵੀ ਤਰਨਤਾਰਨ ਤੋਂ ਮੰਗਵਾਇਆ ਗਿਆ।
 


Wednesday, August 1, 2018

                               ਬਾਦਸ਼ਾਹੀ ਚਾਲਾਂ 
   ਐਸ.ਡੀ.ਐਮ ਨੂੰ ‘ਇਨਾਮ’, ‘ਜਰਨੈਲ’ ਬਹਾਲ
                               ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੀ ‘ਬਾਦਸ਼ਾਹੀ ਚਾਲ’ ਦੇਖੋ ਕਿ ਜਿਸ ਐੱਸ.ਡੀ.ਐਮ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਸੂਰਵਾਰ ਦੱਸਿਆ ਹੈ, ਉਸ ਨੂੰ ਹੀ ਹਕੂਮਤ ਨੇ ਮੁੜ ਕੋਟਕਪੂਰਾ ਦੇ ਐੱਸ.ਡੀ.ਐਮ ਦੀ ਕੁਰਸੀ ਦੇ ਦਿੱਤੀ ਹੈ। ਜਸਟਿਸ ਰਣਜੀਤ ਸਿੰਘ ਨੇ 30 ਜੂਨ ਨੂੰ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਅਤੇ ਉਸ ਮਗਰੋਂ 13 ਜੁਲਾਈ ਨੂੰ ਮੁੱਖ ਮੰਤਰੀ ਨੇ ਗੋਲੀ ਕਾਂਡ ’ਚ ਕਮਿਸ਼ਨ ਵੱਲੋਂ ਕਸੂਰਵਾਰ ਐਲਾਨੇ ਐਸ.ਡੀ.ਐਮ ਹਰਜੀਤ ਸਿੰਘ ਸੰਧੂ ਨੂੰ ਇੱਕ ਨਹੀਂ ਬਲਕਿ ਦੋ ਸਬ ਡਵੀਜ਼ਨਾਂ ਦੀ ਗੱਦੀ ਦੇ ਦਿੱਤੀ। ਮਤਲਬ ‘ਡਬਲ ਇਨਾਮ’ ਦੇ ਦਿੱਤਾ। ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਸੀ.ਬੀ.ਆਈ ਤੋਂ ਕਰਾਏ ਜਾਣ ਦੀ ਸਿਫ਼ਾਰਸ਼ ਨੇ ਮੁੱਖ ਮੰਤਰੀ ’ਤੇ ਉਂਗਲ ਖੜ੍ਹੀ ਕਰੀ ਹੈ। ਚਰਚੇ ਹਨ ਕਿ ‘ਦੋਸਤਾਨਾ ਮੈਚ’ ਖੇਡਿਆ ਜਾ ਰਿਹਾ ਹੈ। ਜਦੋਂ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ ਤਾਂ ਉਦੋਂ ਕੋਟਕਪੂਰਾ ਦੇ ਐੱਸ.ਡੀ.ਐਮ ਹਰਜੀਤ ਸਿੰਘ ਸੰਧੂ ਸਨ, ਉਸ ਮਗਰੋਂ ਉਨ੍ਹਾਂ ਨੂੰ ਚੋਣਾਂ ਸਮੇਂ ਬਦਲ ਕੇ ਫ਼ਿਰੋਜ਼ਪੁਰ ਲਗਾ ਦਿੱਤਾ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਇਸ ਐਸ.ਡੀ.ਐਮ ਨੂੰ ਵੀ ਕਸੂਰਵਾਰ ਦੱਸਿਆ ਗਿਆ ਹੈ।
                ਕਮਿਸ਼ਨ ਦੀ ਰਿਪੋਰਟ ਮਿਲਣ ਤੋਂ 13 ਦਿਨਾਂ ਮਗਰੋਂ ਹੀ ਕੈਪਟਨ ਹਕੂਮਤ ਨੇ ਹਰਜੀਤ ਸੰਧੂ ਨੂੰ ਫ਼ਿਰੋਜ਼ਪੁਰ ਤੋਂ ਬਦਲ ਕੇ ਐਸ.ਡੀ.ਐਮ ਫ਼ਰੀਦਕੋਟ ਲਗਾ ਦਿੱਤਾ ਅਤੇ ਨਾਲ ਹੀ ਕੋਟਕਪੂਰਾ ਸਬ ਡਵੀਜ਼ਨ ਦਾ ਐਡੀਸ਼ਨਲ ਚਾਰਜ ਦੇ ਦਿੱਤਾ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਕੈਪਟਨ ਹਕੂਮਤ ਕਮਿਸ਼ਨ ਵੱਲੋਂ ਦੋਸ਼ੀ ਠਹਿਰਾਏ ਲੋਕਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ , ਭਾਵੇਂ ਉਹ ਬਾਦਲ ਹੋਣ ਤੇ ਚਾਹੇ ਕੋਈ ਐਸ.ਡੀ.ਐਮ।  ਚਰਚਾ ਹੈ ਕਿ ਸਰਕਾਰ ਨੇ ਗੋਲੀ ਦੇ ਹੁਕਮ ਦੇਣ ਵਾਲੇ ਐੱਸ.ਡੀ.ਐਮ ਨੂੰ ਮੁੜ ਕੋਟਕਪੂਰਾ ਲਗਾ ਕੇ ਲੋਕਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ। ਅੱਜ ਪੀ.ਸੀ.ਐੱਸ ਐਸੋਸੀਏਸ਼ਨ ਨੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਮਿਲਕੇ ਸੰਧੂ ਨੂੰ ਗੋਲੀ ਕਾਂਡ ਵਿਚ ਬੇਕਸੂਰ ਦੱਸਿਆ। ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗੁਪਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ। ਸੂਤਰਾਂ ਅਨੁਸਾਰ ਹੁਣ ਸਰਕਾਰ ਅੰਦਰੋਂ ਅੰਦਰੀ ਫਰੋਲਾ ਫਰਾਲੀ ਕਰਨ ਵਿਚ ਜੁਟੀ ਹੈ ਕਿ ਐਸ.ਡੀ.ਐਮ ਹਰਜੀਤ ਸੰਧੂ ਨੂੰ ਮੁੜ ਕੋਟਕਪੂਰਾ ਦਾ ਐਸ.ਡੀ.ਐਮ ਲਗਾਏ ਜਾਣ ਦੇ ਹੁਕਮ ਕਿਵੇਂ ਜਾਰੀ ਹੋ ਗਏ।
       ਕੈਪਟਨ ਸਰਕਾਰ ਦਾ ਇੱਕ ਹੋਰ ਨਮੂਨਾ ਦੇਖੋ ਕਿ ਪੰਜਾਬ ਪੁਲੀਸ ਦੇ ਮੁਖੀ ਨੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ’ਚ ਕਮਿਸ਼ਨ ਵੱਲੋਂ ਕਸੂਰਵਾਰ ਠਹਿਰਾਏ ਤਤਕਾਲੀ ਪੁਲੀਸ ਮੁਖੀ ਸੁਮੇਧ ਸੈਣੀ ਦੇ ਪੁਰਾਣੇ ‘ਜਰਨੈਲ’ ਇੰਸਪੈਕਟਰ ਨੂੰ ਬਹਾਲ ਕਰ ਦਿੱਤਾ ਹੈ। ਖਨਣ ਮਾਮਲੇ ’ਚ ਵੀ ਸਰਕਾਰ ਦਾ ਅਸਲੀ ਰੰਗ ਉੱਘੜਿਆ ਹੈ। ਲੁਧਿਆਣਾ ਦੇ ਥਾਣਾ ਮੇਹਰਬਾਨ ਵਿਚ ਤਾਇਨਾਤ ਥਾਣੇਦਾਰ ਜਰਨੈਲ ਸਿੰਘ ਦੀ ਪਿੰਡ ਬੂਥਗੜ ਦੇ ਸਰਪੰਚ ਅਮਰਿੰਦਰ ਸਿੰਘ ਨਾਲ ਤਲਖ਼ੀ ਤੇ ਧਮਕੀਆਂ ਵਾਲੀ ਵੁਆਇਸ ਸੋਸ਼ਲ ਮੀਡੀਆ ਤੇ ਵਾਈਰਲ ਹੋਣ ਮਗਰੋਂ ਪੰਜਾਬ ਪੁਲੀਸ ਨੇ ਥਾਣੇਦਾਰ ਜਰਨੈਲ ਸਿੰਘ ਨੂੰ 14 ਮਾਰਚ 2018 ਨੂੰ ਡਿਸਮਿਸ ਕਰ ਦਿੱਤਾ ਸੀ। ਪੰਜਾਬ ਪੁਲੀਸ ਮੁਖੀ ਨੇ ਹੁਣ ਚੱੁਪ ਚੁਪੀਤੇ ਖਨਣ ਵਾਲੇ ਮਾਮਲੇ ’ਚ ਉਦੋਂ ਕਸੂਰਵਾਰ ਮੰਨੇ ਗਏ ਥਾਣੇਦਾਰ ਜਰਨੈਲ ਨੂੰ ਨੌਕਰੀ ਤੇ ਇਕੱਲਾ ਬਹਾਲ ਨਹੀਂ ਕੀਤਾ ਬਲਕਿ  ਉਸ ਨੂੰ ਉਸ ਦੇ ਗ੍ਰਹਿ ਜ਼ਿਲ੍ਹੇ ਬਠਿੰਡਾ ਵਿਚ ਤਾਇਨਾਤ ਕਰ ਦਿੱਤਾ ਹੈ। ਇੱਥੋਂ ਤੱਕ ਕਿ ਉਸ ਨੂੰ ਬਹਾਲ ਵੀ 14 ਮਾਰਚ ਤੋਂ ਹੀ ਕੀਤਾ ਗਿਆ ਹੈ। ਸਭ ਬਕਾਏ ਵੀ ਦੇ ਦਿੱਤੇ ਗਏ ਹਨ।
               ਜਦੋਂ ਇਹ ਮਾਮਲਾ ਚਰਚਾ ਵਿਚ ਸੀ ਤਾਂ ਉਦੋਂ ਸਰਕਾਰ ਨੇ ਖਣਨ ਮਾਮਲੇ ’ਚ ਆਪਣਾ ਸਖ਼ਤੀ ਵਾਲਾ ਚਿਹਰਾ ਦਿਖਾ ਕੇ ਥਾਣੇਦਾਰ ਬਰਖ਼ਾਸਤ ਕੀਤਾ ਸੀ । ਜਦੋਂ ਮਾਮਲਾ ਸ਼ਾਂਤ ਹੋ ਗਿਆ ਤਾਂ ਇਸ ਥਾਣੇਦਾਰ ਨੂੰ ਚੱੁਪ ਚੁਪੀਤੇ ਬਠਿੰਡਾ ਦੀ ਪੁਲੀਸ ਲਾਈਨ ਵਿਚ ਹਾਜ਼ਰ ਕਰਾ ਦਿੱਤਾ। ਸੂਤਰਾਂ ਅਨੁਸਾਰ ਜਦੋਂ ਸੁਮੇਧ ਸੈਣੀ ਬਠਿੰਡਾ ਦੇ ਐੱਸ.ਐੱਸ.ਪੀ ਹੁੰਦੇ ਸਨ ਤਾਂ ਉਦੋਂ ਜਰਨੈਲ ਸਿੰਘ ਉਨ੍ਹਾਂ ਦਾ ਗੰਨਮੈਨ ਸੀ। ਸੁਮੇਧ ਸੈਣੀ ਦੇ ਸਮੇਂ ਦੌਰਾਨ ਹੀ ਉਸ ਨੂੰ ਤਰੱਕੀ ਤੇ ਤਰੱਕੀ ਮਿਲੀ। ਜਦੋਂ ਗੈਂਗਸਟਰ ਦਵਿੰਦਰ ਬੰਬੀਹਾ ਦਾ ਪੁਲੀਸ ਮੁਕਾਬਲਾ ਹੋਇਆ ਸੀ ਤਾਂ ਉਦੋਂ ਜਰਨੈਲ ਸਿੰਘ ਥਾਣਾ ਫੂਲ ਵਿਚ ਥਾਣੇਦਾਰ ਸੀ। ਡੀ.ਜੀ.ਪੀ ਸੈਣੀ ਨੇ ਉਦੋਂ ਜਰਨੈਲ ਸਿੰਘ ਨੂੰ ਲੋਕਲ ਰੈਂਕ ਦੇ ਇੰਸਪੈਕਟਰ ਬਣਾ ਦਿੱਤਾ। ਹੁਣ ਪੁਲੀਸ ਮੁਖੀ ਨੇ ‘ਕੌੜਾ’ ਬੋਲਣ ਵਾਲੇ ਥਾਣੇਦਾਰ ਨੂੰ ਬਹਾਲ ਕਰਕੇ ਬਠਿੰਡਾ ਭੇਜਿਆ ਜਿਸ ਨੇ 12 ਜੂਨ ਨੂੰ ਜੁਆਇਨ ਕਰ ਲਿਆ। ਪੁਲੀਸ ਅਫ਼ਸਰਾਂ ਨੇ ਉਸ ਦਾ ਭੇਤ ਰੱਖਣ ਲਈ ਹਾਲੇ ਕੋਈ ਅਹਿਮ ਅਹੁਦੇ ਤੇ ਤਾਇਨਾਤ ਨਹੀਂ ਕੀਤਾ ਹੈ। ਕੋਈ ਪੱਕੀ ਡਿਊਟੀ ਨਹੀਂ ਦਿੱਤੀ ਹੈ।
        ਬਠਿੰਡਾ ਦੇ ਆਈ.ਜੀ ਸ੍ਰੀ ਐਮ.ਐਫ.ਫਾਰੂਕੀ ਨੇ ਪੁਸ਼ਟੀ ਕੀਤੀ ਕਿ ਜਰਨੈਲ ਸਿੰਘ ਨੇ ਪੁਲੀਸ ਲਾਈਨ ਬਠਿੰਡਾ ਵਿਚ ਜੁਆਇਨ ਕਰ ਲਿਆ ਹੈ। ਦੂਸਰੀ ਤਰਫ਼ ਪਿੰਡ ਬੂਥਗੜ ਦੇ ਸਰਪੰਚ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਤੇ ਅਦਾਲਤੀ ਲੜਾਈ ਲੜਨਗੇ ਅਤੇ ਇਸ ਬਾਰੇ ਉਹ ਆਪਣੇ ਵਕੀਲ ਨਾਲ ਮਸ਼ਵਰਾ ਕਰਨਗੇ। ਥਾਣੇਦਾਰ ਜਰਨੈਲ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਪੁਲੀਸ ਮੁਖੀ ਕੋਲ ਅਪੀਲ ਕਰਕੇ ਆਪਣਾ ਸਾਰਾ ਰਿਕਾਰਡ ਤੇ ਤੱਥ ਰੱਖੇ ਸਨ। ਸਚਾਈ ਨੂੰ ਦੇਖਦੇ ਹੋਏ ਪੁਲੀਸ ਮੁਖੀ ਨੇ ਉਸ ਨੂੰ ਬਕਾਇਦਾ ਪੜਤਾਲ ਮਗਰੋਂ ਨੌਕਰੀ ਤੇ ਬਰਖ਼ਾਸਤਗੀ ਵਾਲੇ ਦਿਨ ਤੋਂ ਬਹਾਲ ਕਰ ਦਿੱਤਾ ਹੈ। ਉਸ ਨੇ ਇੱਕ ਖਨਣ ਮਾਮਲੇ ’ਚ ਸਰਪੰਚ ਦੀ ਸਿਫ਼ਾਰਸ਼ ਨਹੀਂ ਮੰਨੀ ਸੀ ਜਿਸ ਤੋਂ ਖ਼ਫ਼ਾ ਹੋ ਕੇ ਉਸ ਨੇ ਸਾਜ਼ਿਸ਼ ਰਚੀ ਸੀ।