Wednesday, August 1, 2018

                               ਬਾਦਸ਼ਾਹੀ ਚਾਲਾਂ 
   ਐਸ.ਡੀ.ਐਮ ਨੂੰ ‘ਇਨਾਮ’, ‘ਜਰਨੈਲ’ ਬਹਾਲ
                               ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੀ ‘ਬਾਦਸ਼ਾਹੀ ਚਾਲ’ ਦੇਖੋ ਕਿ ਜਿਸ ਐੱਸ.ਡੀ.ਐਮ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਸੂਰਵਾਰ ਦੱਸਿਆ ਹੈ, ਉਸ ਨੂੰ ਹੀ ਹਕੂਮਤ ਨੇ ਮੁੜ ਕੋਟਕਪੂਰਾ ਦੇ ਐੱਸ.ਡੀ.ਐਮ ਦੀ ਕੁਰਸੀ ਦੇ ਦਿੱਤੀ ਹੈ। ਜਸਟਿਸ ਰਣਜੀਤ ਸਿੰਘ ਨੇ 30 ਜੂਨ ਨੂੰ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਅਤੇ ਉਸ ਮਗਰੋਂ 13 ਜੁਲਾਈ ਨੂੰ ਮੁੱਖ ਮੰਤਰੀ ਨੇ ਗੋਲੀ ਕਾਂਡ ’ਚ ਕਮਿਸ਼ਨ ਵੱਲੋਂ ਕਸੂਰਵਾਰ ਐਲਾਨੇ ਐਸ.ਡੀ.ਐਮ ਹਰਜੀਤ ਸਿੰਘ ਸੰਧੂ ਨੂੰ ਇੱਕ ਨਹੀਂ ਬਲਕਿ ਦੋ ਸਬ ਡਵੀਜ਼ਨਾਂ ਦੀ ਗੱਦੀ ਦੇ ਦਿੱਤੀ। ਮਤਲਬ ‘ਡਬਲ ਇਨਾਮ’ ਦੇ ਦਿੱਤਾ। ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਸੀ.ਬੀ.ਆਈ ਤੋਂ ਕਰਾਏ ਜਾਣ ਦੀ ਸਿਫ਼ਾਰਸ਼ ਨੇ ਮੁੱਖ ਮੰਤਰੀ ’ਤੇ ਉਂਗਲ ਖੜ੍ਹੀ ਕਰੀ ਹੈ। ਚਰਚੇ ਹਨ ਕਿ ‘ਦੋਸਤਾਨਾ ਮੈਚ’ ਖੇਡਿਆ ਜਾ ਰਿਹਾ ਹੈ। ਜਦੋਂ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ ਤਾਂ ਉਦੋਂ ਕੋਟਕਪੂਰਾ ਦੇ ਐੱਸ.ਡੀ.ਐਮ ਹਰਜੀਤ ਸਿੰਘ ਸੰਧੂ ਸਨ, ਉਸ ਮਗਰੋਂ ਉਨ੍ਹਾਂ ਨੂੰ ਚੋਣਾਂ ਸਮੇਂ ਬਦਲ ਕੇ ਫ਼ਿਰੋਜ਼ਪੁਰ ਲਗਾ ਦਿੱਤਾ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਇਸ ਐਸ.ਡੀ.ਐਮ ਨੂੰ ਵੀ ਕਸੂਰਵਾਰ ਦੱਸਿਆ ਗਿਆ ਹੈ।
                ਕਮਿਸ਼ਨ ਦੀ ਰਿਪੋਰਟ ਮਿਲਣ ਤੋਂ 13 ਦਿਨਾਂ ਮਗਰੋਂ ਹੀ ਕੈਪਟਨ ਹਕੂਮਤ ਨੇ ਹਰਜੀਤ ਸੰਧੂ ਨੂੰ ਫ਼ਿਰੋਜ਼ਪੁਰ ਤੋਂ ਬਦਲ ਕੇ ਐਸ.ਡੀ.ਐਮ ਫ਼ਰੀਦਕੋਟ ਲਗਾ ਦਿੱਤਾ ਅਤੇ ਨਾਲ ਹੀ ਕੋਟਕਪੂਰਾ ਸਬ ਡਵੀਜ਼ਨ ਦਾ ਐਡੀਸ਼ਨਲ ਚਾਰਜ ਦੇ ਦਿੱਤਾ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਕੈਪਟਨ ਹਕੂਮਤ ਕਮਿਸ਼ਨ ਵੱਲੋਂ ਦੋਸ਼ੀ ਠਹਿਰਾਏ ਲੋਕਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ , ਭਾਵੇਂ ਉਹ ਬਾਦਲ ਹੋਣ ਤੇ ਚਾਹੇ ਕੋਈ ਐਸ.ਡੀ.ਐਮ।  ਚਰਚਾ ਹੈ ਕਿ ਸਰਕਾਰ ਨੇ ਗੋਲੀ ਦੇ ਹੁਕਮ ਦੇਣ ਵਾਲੇ ਐੱਸ.ਡੀ.ਐਮ ਨੂੰ ਮੁੜ ਕੋਟਕਪੂਰਾ ਲਗਾ ਕੇ ਲੋਕਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਿਆ ਹੈ। ਅੱਜ ਪੀ.ਸੀ.ਐੱਸ ਐਸੋਸੀਏਸ਼ਨ ਨੇ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਮਿਲਕੇ ਸੰਧੂ ਨੂੰ ਗੋਲੀ ਕਾਂਡ ਵਿਚ ਬੇਕਸੂਰ ਦੱਸਿਆ। ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗੁਪਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ। ਸੂਤਰਾਂ ਅਨੁਸਾਰ ਹੁਣ ਸਰਕਾਰ ਅੰਦਰੋਂ ਅੰਦਰੀ ਫਰੋਲਾ ਫਰਾਲੀ ਕਰਨ ਵਿਚ ਜੁਟੀ ਹੈ ਕਿ ਐਸ.ਡੀ.ਐਮ ਹਰਜੀਤ ਸੰਧੂ ਨੂੰ ਮੁੜ ਕੋਟਕਪੂਰਾ ਦਾ ਐਸ.ਡੀ.ਐਮ ਲਗਾਏ ਜਾਣ ਦੇ ਹੁਕਮ ਕਿਵੇਂ ਜਾਰੀ ਹੋ ਗਏ।
       ਕੈਪਟਨ ਸਰਕਾਰ ਦਾ ਇੱਕ ਹੋਰ ਨਮੂਨਾ ਦੇਖੋ ਕਿ ਪੰਜਾਬ ਪੁਲੀਸ ਦੇ ਮੁਖੀ ਨੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ’ਚ ਕਮਿਸ਼ਨ ਵੱਲੋਂ ਕਸੂਰਵਾਰ ਠਹਿਰਾਏ ਤਤਕਾਲੀ ਪੁਲੀਸ ਮੁਖੀ ਸੁਮੇਧ ਸੈਣੀ ਦੇ ਪੁਰਾਣੇ ‘ਜਰਨੈਲ’ ਇੰਸਪੈਕਟਰ ਨੂੰ ਬਹਾਲ ਕਰ ਦਿੱਤਾ ਹੈ। ਖਨਣ ਮਾਮਲੇ ’ਚ ਵੀ ਸਰਕਾਰ ਦਾ ਅਸਲੀ ਰੰਗ ਉੱਘੜਿਆ ਹੈ। ਲੁਧਿਆਣਾ ਦੇ ਥਾਣਾ ਮੇਹਰਬਾਨ ਵਿਚ ਤਾਇਨਾਤ ਥਾਣੇਦਾਰ ਜਰਨੈਲ ਸਿੰਘ ਦੀ ਪਿੰਡ ਬੂਥਗੜ ਦੇ ਸਰਪੰਚ ਅਮਰਿੰਦਰ ਸਿੰਘ ਨਾਲ ਤਲਖ਼ੀ ਤੇ ਧਮਕੀਆਂ ਵਾਲੀ ਵੁਆਇਸ ਸੋਸ਼ਲ ਮੀਡੀਆ ਤੇ ਵਾਈਰਲ ਹੋਣ ਮਗਰੋਂ ਪੰਜਾਬ ਪੁਲੀਸ ਨੇ ਥਾਣੇਦਾਰ ਜਰਨੈਲ ਸਿੰਘ ਨੂੰ 14 ਮਾਰਚ 2018 ਨੂੰ ਡਿਸਮਿਸ ਕਰ ਦਿੱਤਾ ਸੀ। ਪੰਜਾਬ ਪੁਲੀਸ ਮੁਖੀ ਨੇ ਹੁਣ ਚੱੁਪ ਚੁਪੀਤੇ ਖਨਣ ਵਾਲੇ ਮਾਮਲੇ ’ਚ ਉਦੋਂ ਕਸੂਰਵਾਰ ਮੰਨੇ ਗਏ ਥਾਣੇਦਾਰ ਜਰਨੈਲ ਨੂੰ ਨੌਕਰੀ ਤੇ ਇਕੱਲਾ ਬਹਾਲ ਨਹੀਂ ਕੀਤਾ ਬਲਕਿ  ਉਸ ਨੂੰ ਉਸ ਦੇ ਗ੍ਰਹਿ ਜ਼ਿਲ੍ਹੇ ਬਠਿੰਡਾ ਵਿਚ ਤਾਇਨਾਤ ਕਰ ਦਿੱਤਾ ਹੈ। ਇੱਥੋਂ ਤੱਕ ਕਿ ਉਸ ਨੂੰ ਬਹਾਲ ਵੀ 14 ਮਾਰਚ ਤੋਂ ਹੀ ਕੀਤਾ ਗਿਆ ਹੈ। ਸਭ ਬਕਾਏ ਵੀ ਦੇ ਦਿੱਤੇ ਗਏ ਹਨ।
               ਜਦੋਂ ਇਹ ਮਾਮਲਾ ਚਰਚਾ ਵਿਚ ਸੀ ਤਾਂ ਉਦੋਂ ਸਰਕਾਰ ਨੇ ਖਣਨ ਮਾਮਲੇ ’ਚ ਆਪਣਾ ਸਖ਼ਤੀ ਵਾਲਾ ਚਿਹਰਾ ਦਿਖਾ ਕੇ ਥਾਣੇਦਾਰ ਬਰਖ਼ਾਸਤ ਕੀਤਾ ਸੀ । ਜਦੋਂ ਮਾਮਲਾ ਸ਼ਾਂਤ ਹੋ ਗਿਆ ਤਾਂ ਇਸ ਥਾਣੇਦਾਰ ਨੂੰ ਚੱੁਪ ਚੁਪੀਤੇ ਬਠਿੰਡਾ ਦੀ ਪੁਲੀਸ ਲਾਈਨ ਵਿਚ ਹਾਜ਼ਰ ਕਰਾ ਦਿੱਤਾ। ਸੂਤਰਾਂ ਅਨੁਸਾਰ ਜਦੋਂ ਸੁਮੇਧ ਸੈਣੀ ਬਠਿੰਡਾ ਦੇ ਐੱਸ.ਐੱਸ.ਪੀ ਹੁੰਦੇ ਸਨ ਤਾਂ ਉਦੋਂ ਜਰਨੈਲ ਸਿੰਘ ਉਨ੍ਹਾਂ ਦਾ ਗੰਨਮੈਨ ਸੀ। ਸੁਮੇਧ ਸੈਣੀ ਦੇ ਸਮੇਂ ਦੌਰਾਨ ਹੀ ਉਸ ਨੂੰ ਤਰੱਕੀ ਤੇ ਤਰੱਕੀ ਮਿਲੀ। ਜਦੋਂ ਗੈਂਗਸਟਰ ਦਵਿੰਦਰ ਬੰਬੀਹਾ ਦਾ ਪੁਲੀਸ ਮੁਕਾਬਲਾ ਹੋਇਆ ਸੀ ਤਾਂ ਉਦੋਂ ਜਰਨੈਲ ਸਿੰਘ ਥਾਣਾ ਫੂਲ ਵਿਚ ਥਾਣੇਦਾਰ ਸੀ। ਡੀ.ਜੀ.ਪੀ ਸੈਣੀ ਨੇ ਉਦੋਂ ਜਰਨੈਲ ਸਿੰਘ ਨੂੰ ਲੋਕਲ ਰੈਂਕ ਦੇ ਇੰਸਪੈਕਟਰ ਬਣਾ ਦਿੱਤਾ। ਹੁਣ ਪੁਲੀਸ ਮੁਖੀ ਨੇ ‘ਕੌੜਾ’ ਬੋਲਣ ਵਾਲੇ ਥਾਣੇਦਾਰ ਨੂੰ ਬਹਾਲ ਕਰਕੇ ਬਠਿੰਡਾ ਭੇਜਿਆ ਜਿਸ ਨੇ 12 ਜੂਨ ਨੂੰ ਜੁਆਇਨ ਕਰ ਲਿਆ। ਪੁਲੀਸ ਅਫ਼ਸਰਾਂ ਨੇ ਉਸ ਦਾ ਭੇਤ ਰੱਖਣ ਲਈ ਹਾਲੇ ਕੋਈ ਅਹਿਮ ਅਹੁਦੇ ਤੇ ਤਾਇਨਾਤ ਨਹੀਂ ਕੀਤਾ ਹੈ। ਕੋਈ ਪੱਕੀ ਡਿਊਟੀ ਨਹੀਂ ਦਿੱਤੀ ਹੈ।
        ਬਠਿੰਡਾ ਦੇ ਆਈ.ਜੀ ਸ੍ਰੀ ਐਮ.ਐਫ.ਫਾਰੂਕੀ ਨੇ ਪੁਸ਼ਟੀ ਕੀਤੀ ਕਿ ਜਰਨੈਲ ਸਿੰਘ ਨੇ ਪੁਲੀਸ ਲਾਈਨ ਬਠਿੰਡਾ ਵਿਚ ਜੁਆਇਨ ਕਰ ਲਿਆ ਹੈ। ਦੂਸਰੀ ਤਰਫ਼ ਪਿੰਡ ਬੂਥਗੜ ਦੇ ਸਰਪੰਚ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਤੇ ਅਦਾਲਤੀ ਲੜਾਈ ਲੜਨਗੇ ਅਤੇ ਇਸ ਬਾਰੇ ਉਹ ਆਪਣੇ ਵਕੀਲ ਨਾਲ ਮਸ਼ਵਰਾ ਕਰਨਗੇ। ਥਾਣੇਦਾਰ ਜਰਨੈਲ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਪੁਲੀਸ ਮੁਖੀ ਕੋਲ ਅਪੀਲ ਕਰਕੇ ਆਪਣਾ ਸਾਰਾ ਰਿਕਾਰਡ ਤੇ ਤੱਥ ਰੱਖੇ ਸਨ। ਸਚਾਈ ਨੂੰ ਦੇਖਦੇ ਹੋਏ ਪੁਲੀਸ ਮੁਖੀ ਨੇ ਉਸ ਨੂੰ ਬਕਾਇਦਾ ਪੜਤਾਲ ਮਗਰੋਂ ਨੌਕਰੀ ਤੇ ਬਰਖ਼ਾਸਤਗੀ ਵਾਲੇ ਦਿਨ ਤੋਂ ਬਹਾਲ ਕਰ ਦਿੱਤਾ ਹੈ। ਉਸ ਨੇ ਇੱਕ ਖਨਣ ਮਾਮਲੇ ’ਚ ਸਰਪੰਚ ਦੀ ਸਿਫ਼ਾਰਸ਼ ਨਹੀਂ ਮੰਨੀ ਸੀ ਜਿਸ ਤੋਂ ਖ਼ਫ਼ਾ ਹੋ ਕੇ ਉਸ ਨੇ ਸਾਜ਼ਿਸ਼ ਰਚੀ ਸੀ।



No comments:

Post a Comment