
ਕੈਪਟਨ ਨੇ ਪੁਲੀਸ ਅਫ਼ਸਰ ਬਖ਼ਸ਼ੇ ?
ਚਰਨਜੀਤ ਭੁੱਲਰ
ਬਠਿੰਡਾ : ਫਰੀਦਕੋਟ ਪੁਲੀਸ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਅੱਜ ਦੇਰ ਸ਼ਾਮ ਕੋਟਕਪੂਰਾ (ਸ਼ਹਿਰੀ) ਥਾਣੇ ’ਚ ਅਣਪਛਾਤਿਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ ਜਦੋਂ ਕਿ ਬਹਿਬਲ ਗੋਲੀ ਕਾਂਡ ’ਚ ਪੁਲੀਸ ਅਫਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਲ ਗਿਆ ਹੈ। ਅੱਜ ਡੀ.ਜੀ.ਪੀ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਦੁਪਹਿਰ ਮਗਰੋਂ ਇਰਾਦਾ ਕਤਲ ਦਾ ਪੁਲੀਸ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਕਰੀਬ ਪੌਣੇ ਤਿੰਨ ਵਰ੍ਹਿਆਂ ਮਗਰੋਂ ਪੁਲੀਸ ਨੇ ਕੋਟਕਪੂਰਾ ਕਾਂਡ ਦੇ ਮਾਮਲੇ ’ਚ ਪੁਲੀਸ ਕੇਸ ਦਰਜ ਕੀਤਾ ਹੈ ਪ੍ਰੰਤੂ ਫਿਲਹਾਲ ਉਹ ਵੀ ਅਣਪਛਾਤਿਆਂ ਖਿਲਾਫ। ਦੇਰ ਸ਼ਾਮ ਕੋਟਕਪੁੂਰਾ ਪੁਲੀਸ ਨੇ ਐਫ. ਆਈ. ਆਰ ਦਰਜ ਕਰਨ ਦੀ ਕਾਰਵਾਈ ਵਿੱਢੀ। ਵੇਰਵਿਆਂ ਅਨੁਸਾਰ ਕੋਟਕਪੂਰਾ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੇ ਪੀੜਤਾਂ ਨੂੰ ਬਿਆਨ ਦੇਣ ਲਈ ਬੁਲਾਇਆ। ਗੋਲੀ ਕਾਂਡ ਵਿਚ ਜ਼ਖਮੀ ਹੋਏ ਅਜੀਤ ਸਿੰਘ ਦੇ ਬਿਆਨਾਂ ਤੇ ਧਾਰਾ 307 ਤਹਿਤ ਅਣਪਛਾਤਿਆਂ ਤੇ ਕੇਸ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਜ਼ਿਲ੍ਹਾ ਬਰਨਾਲਾ ਦਾ ਬਸ਼ਿੰਦਾ ਹੈ ਜਿਸ ਦੀ ਲੱਤ ਵਿਚ ਗੋਲੀ ਕਾਂਡ ਦੌਰਾਨ ਗੋਲੀ ਲੱਗੀ ਸੀ। ਜ਼ਖਮੀ ਹੋਣ ਕਰਕੇ ਉਸ ਦਾ ਲੁਧਿਆਣਾ ਦੇ ਡੀ.ਐਮ.ਸੀ ਵਿਚ ਇਲਾਜ ਚੱਲਿਆ ਸੀ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਮਗਰੋਂ ਪੰਜਾਬ ਭਰ ਵਿਚ ਰੋਸ ਧਰਨੇ ਲੱਗੇ ਸਨ ਜਿਸ ਤਹਿਤ ਕੋਟਕਪੂਰਾ,ਬਹਿਬਲ ਕਲਾਂ,ਗੋਨਿਆਣਾ ਆਦਿ ਵਿਖੇ ਵੀ ਸਿੱਖ ਸੰਗਤਾਂ ਵੱਲੋਂ ਰੋਸ ਧਰਨੇ ਲਾਏ ਗਏ ਸਨ। ਵੇਰਵਿਆਂ ਅਨੁਸਾਰ ਪੁਲੀਸ ਮੁਖੀ ਨੇ ਅੱਜ ਐੱਸ.ਐੱਸ.ਪੀ ਫ਼ਰੀਦਕੋਟ ਨੂੰ ਚੰਡੀਗੜ੍ਹ ਉਚੇਚੇ ਤੌਰ ਤੇ ਬੁਲਾਇਆ ਸੀ। ਅਹਿਮ ਸੂਤਰਾਂ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਬਾਜਾਖਾਨਾ ਥਾਣੇ ਵਿਚ ਦਰਜ ਐਫ.ਆਈ.ਆਰ ਨੰਬਰ 130 ਵਿਚ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਾਲ ਦਿੱਤਾ ਗਿਆ ਹੈ ਜਿਸ ’ਤੇ ਪੂਰੇ ਸਿੱਖ ਜਗਤ ਦੀ ਨਜ਼ਰ ਲੱਗੀ ਹੋਈ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤਾਂ ਇਸ ਮਾਮਲੇ ਵਿਚ ਪੁਲੀਸ ਅਫਸਰਾਂ ਦੇ ਨਾਮ ਵੀ ਜ਼ਾਹਰ ਕਰ ਚੁੱਕੇ ਸਨ। ਸੂਤਰਾਂ ਅਨੁਸਾਰ ਹੁਣ ਪੁਲੀਸ ਅਫਸਰਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਮਾਮਲੇ ਤੇ ਅੰਦਰੋਂ ਅੰਦਰੀ ਮੋੜਾ ਕੱਟ ਲਿਆ ਹੈ।
ਦੱਸਣਯੋਗ ਹੈ ਕਿ ਕੋਟਕਪੂਰਾ ਚੌਂਕ ਵਿਚ ਜਦੋਂ ਸਿੱਖ ਸੰਗਤਾਂ ਰੋਸ ਵਜੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ ਵਿਚ ਧਰਨਾ ਦੇ ਰਹੀਆਂ ਸਨ ਤਾਂ ਪੁਲੀਸ ਨੇ 14 ਅਕਤੂਬਰ 2015 ਦੀ ਸਵੇਰ ਨੂੰ ਠੀਕ 6.40 ਵਜੇ ਫਾਇਰਿੰਗ ਕਰ ਦਿੱਤੀ ਅਤੇ ਅੱਥਰੂ ਗੈੱਸ ਛੱਡੀ ਗਈ ਜਿਸ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਦੋਂ ਕਿ ਤਿੰਨ ਚਾਰ ਹੋਰ ਫੱਟੜ ਹੋਏ ਸਨ। ਅੱਥਰੂ ਗੈੱਸ ਦੀ ਲਪੇਟ ਵਿਚ ਸੈਂਕੜੇ ਆਏ ਸਨ। ਫ਼ਰੀਦਕੋਟ ਪੁਲੀਸ ਨੇ ਉਦੋਂ ਉਲਟਾ ਪੁਲੀਸ ਮੁਲਾਜ਼ਮਾਂ ਦੇ ਬਿਆਨਾਂ ’ਤੇ 11 ਸਿੱਖ ਪੈਰੋਕਾਰਾਂ ’ਤੇ ਥਾਣਾ ਸਿਟੀ ਕੋਟਕਪੂਰਾ ਵਿਚ ਐਫ.ਆਈ.ਆਰ ਨੰਬਰ 192 ਦਰਜ ਕਰ ਲਈ ਸੀ। ਸਿੱਖ ਸੰਗਤਾਂ ਦੀ ਉਦੋਂ ਕੋਈ ਸੁਣਵਾਈ ਨਾ ਹੋਈ ਅਤੇ ਨਾ ਹੀ ਕੋਈ ਕੇਸ ਦਰਜ ਹੋਇਆ ਸੀ।
ਉਸੇ ਦਿਨ ਬਹਿਬਲ ਕਲਾਂ ਦੇ ਧਰਨੇ ’ਤੇ ਪੁਲੀਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਵੇਰਵਿਆਂ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੋਟਕਪੂਰਾ/ਬਹਿਬਲ ਗੋਲੀ ਕਾਂਡ ਮਾਮਲੇ ’ਚ ਕੋਟਕਪੂਰਾ ਵਿਚ ਨਵੀਂ ਐਫ.ਆਈ.ਆਰ ਅਤੇ ਬਾਜਾਖਾਨਾ ਵਿਚ ਦਰਜ 130 ਨੰਬਰ ਐਫ.ਆਈ.ਆਰ ਵਿਚ 10 ਪੁਲੀਸ ਅਫ਼ਸਰ ਤੇ ਮੁਲਾਜ਼ਮਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ। ਗ੍ਰਹਿ ਵਿਭਾਗ ਪੰਜਾਬ ਨੇ ਹਫ਼ਤਾ ਪਹਿਲਾਂ ਡੀ.ਜੀ.ਪੀ ਨੂੰ ਇਹ ਕੇਸ ਦਰਜ ਕੀਤੇ ਜਾਣ ਦੀ ਸਿਫ਼ਾਰਸ਼ ਭੇਜ ਦਿੱਤੀ ਸੀ।
ਕੇਸ ਦਰਜ ਕਰ ਲਿਆ ਹੈ : ਐਸ.ਐਸ.ਪੀ
ਐਸ.ਐਸ.ਪੀ ਫਰੀਦਕੋਟ ਸ੍ਰੀ ਰਾਜਬਚਨ ਸਿੰਘ ਸੰਧੂ ਦਾ ਕਹਿਣਾ ਸੀ ਕਿ ਕੋਟਕਪੂਰਾ ਕਾਂਡ ’ਚ ਜ਼ਖਮੀ ਹੋਏ ਅਜੀਤ ਸਿੰਘ ਦੇ ਬਿਆਨਾਂ ਤੇ ਅੱਜ ਅਣਪਛਾਤਿਆਂ ਖਿਲਾਫ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਨੇ ਪਹਿਲਾਂ ਕਦੇ ਪੁਲੀਸ ਤੱਕ ਪਹੁੰਚ ਹੀ ਨਹੀਂ ਕੀਤੀ ਅਤੇ ਕਮਿਸ਼ਨ ਕੋਲ ਬਿਆਨ ਦਰਜ ਕਰਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬਾਜਾਖਾਨਾ ’ਚ ਦਰਜ ਐਫ.ਆਈ.ਆਰ ਨੰਬਰ 130 ਵਿਚ ਹੋਰ ਨਾਮਜ਼ਦਗੀ ਸਬੰਧੀ ਕੋਈ ਹਦਾਇਤ ਪ੍ਰਾਪਤ ਨਹੀਂ ਹੋਈ ਹੈ ਅਤੇ ਉਂਜ ਵੀ ਇਹ ਕੇਸ ਹੁਣ ਸੀ.ਬੀ.ਆਈ ਕੋਲ ਹੈ।
ਫੋਕੀ ਐਫ.ਆਈ.ਆਰ ਮਨਜ਼ੂਰ ਨਹੀਂ : ਇਨਸਾਫ਼ ਮੋਰਚਾ
ਬਰਗਾੜੀ ਇਨਸਾਫ਼ ਮੋਰਚਾ ਦੇ ਪ੍ਰਬੰਧਕੀ ਮੈਂਬਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਅਣਪਛਾਤਿਆਂ ਖ਼ਿਲਾਫ਼ ਦਰਜ ਕੇਸ ਮਨਜ਼ੂਰ ਨਹੀਂ ਹੈ ਕਿਉਂਕਿ ਗੋਲੀ ਕਾਂਡ ਦੀ ਬਣੀ ਵੀਡੀਓ ਵਿਚ ਗੋਲੀ ਚਲਾਉਣ ਵਾਲੇ ਅਫ਼ਸਰ ਤੇ ਮੁਲਾਜ਼ਮ ਸਾਫ਼ ਨਜ਼ਰ ਆ ਰਹੇ ਹਨ ਜਿਸ ਕਰਕੇ ਕੋਟਕਪੂਰਾ ਥਾਣੇ ਵਿਚ ਬਾਈਨੇਮ ਐਫ.ਆਈ.ਆਰ ਦਰਜ ਕੀਤੀ ਜਾਵੇ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਉਨ੍ਹਾਂ ਦਾ ਮੋਰਚਾ ਜਾਰੀ ਰਹੇਗਾ।
No comments:
Post a Comment