Tuesday, August 7, 2018

                                 ਡੋਪ ਟੈਸਟ
             ਕਿੱਟਾਂ ਦੀ ਖ਼ਰੀਦ ’ਚ ਘਾਲਾ ਮਾਲਾ 
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਡੋਪ ਟੈਸਟ ਕਿੱਟਾਂ ਦੀ ਖ਼ਰੀਦ ’ਚ ਘਾਲਾ ਮਾਲਾ ਹੋਣ ਲੱਗਾ ਹੈ। ਗ੍ਰਹਿ ਮੰਤਰਾਲੇ ਨੇ ਲਾਇਸੈਂਸੀ ਹਥਿਆਰ ਲੈਣ ਲਈ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ। ਸਿਹਤ ਮਹਿਕਮੇ ਨੂੰ ਇਹ ਕੇਂਦਰੀ ਫ਼ੈਸਲਾ ਰਾਸ ਆ ਗਿਆ ਹੈ ਜਿਸ ਦੇ ਸਰਕਾਰੀ ਖ਼ਜ਼ਾਨੇ ਨੂੰ ਡੋਪ ਟੈਸਟਾਂ ਨੇ ‘ਟੱਲੀ’ ਕਰ ਦਿੱਤਾ ਹੈ। ਡੋਪ ਟੈੱਸਟ ਅਸਲਾ ਸ਼ੌਕੀਨਾਂ ਦੀ ਜੇਬ ਨੂੰ ਡੰਗ ਮਾਰ ਰਹੇ ਹਨ। ਸਰਕਾਰੀ ਹਸਪਤਾਲਾਂ ਵੱਲੋਂ ਖ਼ਰੀਦ ਕੀਤੀ  ਡੋਪ ਟੈਸਟ ਕਿੱਟ ਦਾ ਰੇਟ ਹਰ ਸ਼ਹਿਰ ਵਿਚ ਵੱਖੋ ਵੱਖਰਾ ਹੈ ਜਿਸ ਤੋਂ ਮਾਮਲਾ ਸ਼ੱਕੀ ਜਾਪਦਾ ਹੈ। ਸਿਹਤ ਵਿਭਾਗ ਨੇ 17 ਅਪਰੈਲ 2018 ਤੋਂ ਡੋਪ ਟੈੱਸਟ ਅਤੇ ਮੈਡੀਕਲ ਟੈੱਸਟਾਂ ਦੀ ਫ਼ੀਸ 1500 ਰੁਪਏ ਕਰ ਦਿੱਤੀ ਜੋ ਕਿ ਪਹਿਲਾਂ 750 ਰੁਪਏ ਪ੍ਰਤੀ ਟੈੱਸਟ ਸੀ। ਆਰ.ਟੀ.ਆਈ ਵੇਰਵਿਆਂ ਅਨੁਸਾਰ ਸਿਵਲ ਹਸਪਤਾਲ ਮੁਕਤਸਰ ਨੇ ਅਸਲਾ ਲਾਇਸੈਂਸ ਲੈਣ ਦੇ ਸ਼ੌਕੀਨਾਂ ਤੋਂ 13.02 ਲੱਖ ਰੁਪਏ ਇਕੱਲੇ ਡੋਪ ਟੈੱਸਟਾਂ ਤੋਂ ਕਮਾ ਲਏ ਹਨ। ਮੁਕਤਸਰ ਹਸਪਤਾਲ ਨੇ ਜੂਨ ਮਹੀਨੇ ਤੱਕ 1012 ਡੋਪ ਟੈੱਸਟ ਕੀਤੇ । ਡੋਪ ਟੈੱਸਟਾਂ ਵਿਚ 138 ਕੇਸ ਪਾਜੇਟਿਵ ਆਏ ਸਨ। ਜਦੋਂ ਪਾਜੇਟਿਵ ਕੇਸਾਂ ਨੇ ਮੁੜ ਫ਼ੀਸ ਭਰ ਕੇ ਡੋਪ ਟੈਸਟ ਕਰਾਏ ਤਾਂ ਇਨ੍ਹਾਂ ਚੋਂ ਸਿਰਫ਼ ਪੰਜ ਕੇਸ ਹੀ ਪਾਜੇਟਿਵ ਰਹਿ ਗਏ।
                  ਸੂਤਰ ਆਖਦੇ ਹਨ ਕਿ ਜਦੋਂ ਮੁੜ ਫ਼ੀਸ ਭਰ ਕੇ ਟੈੱਸਟ ਕਰਾਉਣ ਦੀ ਸੁਵਿਧਾ ਹੈ ਤਾਂ ਡੋਪ ਟੈੱਸਟ ਦਾ ਮਤਲਬ ਕੀ ਰਹਿ ਜਾਂਦਾ ਹੈ। ਸਿਵਲ ਹਸਪਤਾਲ ਮੋਗਾ ਨੇ ਚਾਰ ਮਹੀਨਿਆਂ ਵਿਚ ਡੋਪ ਟੈਸਟਾਂ ਤੋਂ 15.71 ਲੱਖ ਰੁਪਏ ਕਮਾਏ ਹਨ। ਮੋਗਾ ਹਸਪਤਾਲ ’ਚ 1470 ਡੋਪ ਟੈਸਟ ਹੋਏ ਜਿਨ੍ਹਾਂ ਚੋਂ 124 ਕੇਸ ਪਾਜੇਟਿਵ ਆਏ ਹਨ। ਦਿਲਚਸਪ ਤੱਥ ਹਨ ਕਿ ਇਨ੍ਹਾਂ ਟੈੱਸਟਾਂ ਤੇ ਮਹਿਕਮੇ ਨੇ ਸਿਰਫ਼ 2.76 ਲੱਖ ਰੁਪਏ ਖ਼ਰਚ ਕੀਤੇ ਜਦੋਂ ਕਿ ਕਮਾਈ 15.71 ਲੱਖ ਰੁਪਏ ਦੀ ਕੀਤੀ। ਬਰਨਾਲਾ ਹਸਪਤਾਲ ਨੇ ਡੋਪ ਟੈੱਸਟ ਕਿੱਟ 200 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖ਼ਰੀਦ ਕੀਤੀ ਜਦੋਂ ਕਿ ਡੋਪ ਟੈੱਸਟਾਂ ਤੋਂ ਕਮਾਈ ਕਈ ਗੁਣਾ ਜ਼ਿਆਦਾ ਹੋਈ ਹੈ। ਇਸ ਹਸਪਤਾਲ ਵਿਚ ਲੰਘੇ ਤਿੰਨ ਮਹੀਨਿਆਂ ਵਿਚ 667 ਡੋਪ ਟੈੱਸਟ ਹੋਏ ਜਿਨ੍ਹਾਂ ਚੋਂ 51 ਕੇਸ ਪਾਜੇਟਿਵ ਆਏ ਹਨ। ਪਾਜੇਟਿਵ ਕੇਸਾਂ ਨੇ ਮੁੜ ਡੋਪ ਟੈੱਸਟ ਕਰਾਇਆ ਤਾਂ 18 ਕੇਸ ਨੈਗੇਟਿਵ ਆਏ ਹਨ। ਏਦਾ ਜਾਪਦਾ ਹੈ ਕਿ ਜਿਵੇਂ ਲਾਇਸੈਂਸ ਲੈਣ ਲਈ ਕਿਤੇ ਵੀ ਡੋਪ ਟੈੱਸਟ ਅੜਿੱਕਾ ਨਹੀਂ ਬਣਿਆ।
       ਸਰਕਾਰੀ ਹਸਪਤਾਲ ਲੁਧਿਆਣਾ ਨੇ ਡੋਪ ਟੈਸਟ ਕਿੱਟ 79.08 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖਰੀਦ ਕੀਤੀ ਹੈ। ਹਸਪਤਾਲ ਨੇ ਬਜ਼ਾਰ ਚੋਂ 4580 ਕਿੱਟਾਂ ਖ਼ਰੀਦ ਕੀਤੀਆਂ ਹਨ ਜਦੋਂ ਕਿ 9250 ਸਰਕਾਰ ਨੇ ਕਿੱਟਾਂ ਦਿੱਤੀਆਂ। ਬਜ਼ਾਰ ਚੋਂ ਖ਼ਰੀਦ ਕੀਤੀਆਂ ਕਿੱਟਾਂ ਤੇ 3.62 ਲੱਖ ਰੁਪਏ ਦਾ ਖ਼ਰਚ ਆਇਆ ਜਦੋਂ ਕਿ ਇਸ ਹਸਪਤਾਲ ਨੂੰ ਹੁਣ ਤੱਕ ਡੋਪ ਟੈੱਸਟਾਂ ਤੋਂ ਕਮਾਈ 17.89 ਲੱਖ ਰੁਪਏ ਦੀ ਹੋਈ ਹੈ। ਸਿਵਲ ਹਸਪਤਾਲ ਫ਼ਾਜ਼ਿਲਕਾ ਨੇ ਮਲਟੀ ਡਰੱਗ ਡੋਪ ਟੈੱਸਟ ਕਿੱਟ 200 ਰੁਪਏ ਪ੍ਰਤੀ ਕਿੱਟ ਅਤੇ ਸਿੰਗਲ ਡਰੱਗ ਡੋਪ ਟੈੱਸਟ ਕਿੱਟ 35 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖ਼ਰੀਦ ਕੀਤੀ। ਡੋਟ ਟੈੱਸਟ ਕਿੱਟਾਂ ਦੀ ਖ਼ਰੀਦ ’ਤੇ 49,600 ਰੁਪਏ ਖ਼ਰਚ ਕੀਤੇ ਹਨ ਜਦੋਂ ਕਿ ਕਮਾਈ 7.36 ਲੱਖ ਰੁਪਏ ਦੀ ਹੋਈ ਹੈ। ਫ਼ਾਜ਼ਿਲਕਾ ਹਸਪਤਾਲ ਵਿਚ 521 ਡੋਪ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਚੋਂ 22 ਕੇਸ ਪਾਜੇਟਿਵ ਆਏ ਹਨ। ਮਾਨਸਾ ਦੇ ਸਿਵਲ ਹਸਪਤਾਲ ਨੇ ਮਲਟੀ ਕਾਰਡ ਕਿੱਟ 200 ਰੁਪਏ ਅਤੇ ਸਿੰਗਲ ਟੈੱਸਟ ਕਿੱਟ 35 ਰੁਪਏ ਵਿਚ ਪ੍ਰਤੀ ਕਿੱਟ ਖ਼ਰੀਦ ਕੀਤੀ ਹੈ।
                ਜੂਨ ਮਹੀਨੇ ਤੱਕ ਇਸ ਹਸਪਤਾਲ ਵਿਚ ਅਸਲਾ ਲਾਇਸੈਂਸ ਲੈਣ ਵਾਲਿਆਂ ਦੇ 772 ਡੋਪ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਚੋਂ 71 ਪਾਜੇਟਿਵ ਆਏ ਹਨ। ਸਿਵਲ ਹਸਪਤਾਲ ਨੇ ਕਿੱਟਾਂ ਦੀ ਖ਼ਰੀਦ ਤੇ 84,490 ਰੁਪਏ ਖ਼ਰਚ ਕੀਤੇ ਜਦੋਂ ਕਿ ਡੋਪ ਟੈੱਸਟਾਂ ਤੋਂ ਆਮਦਨ 9.52 ਲੱਖ ਰੁਪਏ ਦੀ ਹੋਈ ਹੈ। ਸਿਵਲ ਹਸਪਤਾਲ ਗੁਰਦਾਸਪੁਰ ਨੇ ਡੋਪ ਟੈਸਟ ਕਿੱਟਾਂ ਦੀ ਖ਼ਰੀਦ ਤੇ 2.55 ਲੱਖ ਰੁਪਏ ਖ਼ਰਚ ਕੀਤੇ ਹਨ ਜਦੋਂ ਕਿ ਡੋਪ ਟੈੱਸਟਾਂ ਤੋਂ ਕਮਾਈ 12.19 ਲੱਖ ਰੁਪਏ ਦੀ ਕਮਾਈ ਕੀਤੀ ਹੈ।   ਹੁਣ ਤੱਕ ਇਸ ਹਸਪਤਾਲ ਵਿਚ 931 ਡੋਪ ਟੈੱਸਟ ਹੋ ਚੁੱਕੇ ਹਨ। ਇੱਥੇ ਛੇ ਕੇਸ ਦੁਬਾਰਾ ਟੈੱਸਟ ਕਰਨ ਤੇ ਨੈਗੇਟਿਵ ਆਏ। ਫ਼ਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਹਸਪਤਾਲ ਨੇ ਪ੍ਰਤੀ ਡੋਪ ਟੈਸਟ ਕਿੱਟ 92 ਰੁਪਏ ਵਿਚ ਖ਼ਰੀਦ ਕੀਤੀ ਹੈ ਅਤੇ ਹੁਣ ਤੱਕ 1550 ਕਿੱਟਾਂ ਦੀ ਖ਼ਰੀਦ ਕੀਤੀ ਹੈ। ਇੱਥੇ 541 ਡੋਪ ਟੈੱਸਟ ਕੀਤੇ ਗਏ ਹਨ ਜਿਨ੍ਹਾਂ ਚੋਂ 64 ਕੇਸ ਪਾਜੇਟਿਵ ਆਏ ਹਨ। ਅਬੋਹਰ ਹਸਪਤਾਲ ਨੇ ਕਰੀਬ 2.32 ਲੱਖ ਰੁਪਏ ਡੋਪ ਟੈੱਸਟਾਂ ਚੋਂ ਕਮਾਏ ਹਨ। ਸਮਰਾਲਾ ਹਸਪਤਾਲ ਨੇ ਪ੍ਰਤੀ ਕਿੱਟ ਕਰੀਬ 42 ਰੁਪਏ ਖ਼ਰਚ ਕੀਤੇ ਹਨ। ਮਾਛੀਵਾੜਾ ਹਸਪਤਾਲ ਨੇ ਡੋਪ ਟੈੱਸਟ ਕਿੱਟ 380 ਰੁਪਏ ਵਿਚ ਖ਼ਰੀਦ ਕੀਤੀ ਹੈ।
                 ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਇੱਕੋ ਤਰ੍ਹਾਂ ਦੀ ਡੋਪ ਟੈੱਸਟ ਕਿੱਟ ਦੀ ਕੀਮਤ ਹਰ ਹਸਪਤਾਲ ਵਿਚ ਵੱਖੋ ਵੱਖਰੀ ਹੈ ਜਿਸ ਤੋਂ ਇਸ ਖ਼ਰੀਦ ਵਿਚ ਘਪਲਾ ਜਾਪਦਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।  ਉਨ੍ਹਾਂ ਆਖਿਆ ਕਿ ਡੋਪ ਟੈਸਟ ਸਰਕਾਰ ਨੇ ਕਮਾਈ ਦਾ ਧੰਦਾ ਬਣਾ ਲਿਆ ਹੈ। ਪੱਖ ਜਾਣਨ ਲਈ ਸਿਹਤ ਵਿਭਾਗ ਦੀ ਡਾਇਰੈਕਟਰ ਨੂੰ ਵਾਰ ਵਾਰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਚੁੱਕਿਆ ਨਹੀਂ। ਸਰਕਾਰੀ ਅਧਿਕਾਰੀ ਆਖਦੇ ਹਨ ਕਿ 1500 ਰੁਪਏ ਵਿਚ ਇਕੱਲਾ ਡੋਪ ਟੈਸਟ ਨਹੀਂ ਬਲਕਿ ਹੋਰ ਮੈਡੀਕਲ ਟੈੱਸਟ ਵੀ ਕੀਤੇ ਜਾਂਦੇ ਹਨ।

No comments:

Post a Comment