Monday, August 20, 2018

                                ਮੌੜ ਕਾਂਡ   
       ਹੁਣ ਤਣ ਪੱਤਣ ਲੱਗੇਗੀ ਧਮਾਕੇ ਦੀ ਜਾਂਚ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਹੁਣ ਮੌੜ ਬੰਬ ਧਮਾਕੇ ਦੀ ਜਾਂਚ ਨੂੰ ਤਣ ਪੱਤਣ ਲਾਏਗੀ। ਵਿਸ਼ੇਸ਼ ਜਾਂਚ ਟੀਮ ਲਈ ਬਰਗਾੜੀ ਕਾਂਡ ਮਗਰੋਂ ਹੁਣ ਮੌੜ ਧਮਾਕੇ ਦੀ ਜਾਂਚ ਨੂੰ ਆਖ਼ਰੀ ਮੋੜ ਤੱਕ ਲਿਜਾਣਾ ਮੁੱਖ ਏਜੰਡਾ ਹੈ। ਕਰੀਬ ਪੰਜ ਮਹੀਨੇ ਤੋਂ ਮੌੜ ਕਾਂਡ ਦੀ ਜਾਂਚ ਠੰਡੇ ਬਸਤੇ ਵਿਚ ਪਾਈ ਹੋਈ ਸੀ ਕਿਉਂਕਿ ਮੌੜ ਕਾਂਡ ਦੀ ਪੈੜ ਡੇਰਾ ਸਿਰਸਾ ਦੇ ਬੂਹੇ ਤੱਕ ਪੁੱਜ ਗਈ ਸੀ। ਪੰਜਾਬ ਪੁਲੀਸ ਦੇ ਮੁਖੀ ਨੇ ਹੁਣ ਮੌੜ ਕਾਂਡ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਦਾ ਅਚਨਚੇਤ ਹੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਮੁੜ ਬਠਿੰਡਾ ਜ਼ਿਲ੍ਹੇ ਦਾ ਤਬਾਦਲਾ ਕਰ ਦਿੱਤਾ ਹੈ ਜਿਨ੍ਹਾਂ ਨੂੰ ਪਹਿਲਾਂ 19 ਮਾਰਚ ਨੂੰ ਥਾਣਾ ਦਿਆਲਪੁਰਾ (ਬਠਿੰਡਾ) ਤੋਂ ਬਦਲ ਕੇ ਸੀਆਈਏ ਸਟਾਫ਼ ਸਰਹਿੰਦ ਵਿਖੇ ਤਾਇਨਾਤ ਕਰ ਦਿੱਤਾ ਸੀ।  ਪੰਜਾਬ ਪੁਲੀਸ ਵੱਲੋਂ ਮੌੜ ਕਾਂਡ ਦੀ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਜਿਸ ਦੇ ਚੇਅਰਮੈਨ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਹਨ ਜਦੋਂ ਕਿ ਐਸ.ਪੀ ਰਜਿੰਦਰ ਸਿੰਘ ਸੋਹਲ, ਡੀ.ਐਸ.ਪੀ ਸੁਲੱਖਣ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਟੀਮ ਦੇ ਮੈਂਬਰ ਹਨ। ਇੰਸਪੈਕਟਰ ਦਲਬੀਰ ਸਿੰਘ ਇਸ ਜਾਂਚ ਦੇ ਤਫ਼ਤੀਸ਼ੀ ਅਫ਼ਸਰ ਹਨ ਅਤੇ ਉਹ ਕਾਂਡ ਦੀ ਹਰ ਘੁਣਤਰ ਤੋਂ ਵਾਕਫ਼ ਹਨ।
                  ਦਲਬੀਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਰੋਪੜ ਰੇਂਜ ਤੋਂ ਬਦਲੀ ਬਠਿੰਡਾ ਦੀ ਹੋ ਗਈ ਹੈ ਅਤੇ ਹਾਲੇ ਅਗਲੀ ਤਾਇਨਾਤੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਬਰਗਾੜੀ ਇਨਸਾਫ਼ ਮੋਰਚਾ ਨੇ ਵੀ ਦੋ ਦਿਨਾਂ ਤੋਂ ਮੌੜ ਬੰਬ ਕਾਂਡ ਨੂੰ ਮੁੱਖ ਮੁੱਦੇ ਦੇ ਤੌਰ ਤੇ ਉਭਾਰਨਾ ਸ਼ੁਰੂ ਕੀਤਾ ਹੈ।  ਦੂਸਰੀ ਤਰਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ 21 ਅਗਸਤ ਨੂੰ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਨਿੱਜੀ ਪੇਸ਼ੀ ਹੈ ਜਿਨ੍ਹਾਂ ਨੂੰ ਹਾਈਕੋਰਟ ਨੇ 3 ਅਗਸਤ ਨੂੰ ਤਲਬ ਕੀਤਾ ਸੀ। ਪਾਤੜਾਂ ਦੇ ਗੁਰਜੀਤ ਸਿੰਘ ਵਗ਼ੈਰਾ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੌੜ ਧਮਾਕੇ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਮੰਗ ਕੀਤੀ ਹੈ। ਇਸੇ ਦੌਰਾਨ 24 ਅਗਸਤ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਜਿੱਥੇ ਮੌੜ ਬੰਬ ਧਮਾਕੇ ਦੀ ਜਾਂਚ ਦਾ ਮੁੱਦਾ ਵੀ ਉੱਠ ਸਕਦਾ ਹੈ। ਏਦਾ ਦੇ ਹਾਲਾਤਾਂ ਵਿਚ ਮੌੜ ਧਮਾਕੇ ਦੀ ਜਾਂਚ ਨੂੰ ਕਿਸੇ ਬੰਨ੍ਹੇ ਲਾਉਣਾ ਸਰਕਾਰ ਦੀ ਮਜਬੂਰੀ ਵੀ ਜਾਪਣ ਲੱਗੀ ਹੈ। ਸਿਆਸੀ ਤੌਰ ਤੇ ਵੀ ਧਮਾਕੇ ਦੀ ਮੱਠੀ ਜਾਂਚ ਹਾਕਮ ਧਿਰ ਨੂੰ ਸੇਕ ਲਾ ਸਕਦੀ ਹੈ। ਥਾਣਾ ਮੌੜ ਦੇ ਮੁੱਖ ਥਾਣਾ ਅਫ਼ਸਰ ਗੁਰਦੇਵ ਸਿੰਘ ਭੱਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੌੜ ਕਾਂਡ ਦੀ ਮਿਸਲ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤੀ ਹੈ।
                 ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ 31 ਜਨਵਰੀ 2017 ਨੂੰ ਮੌੜ ਮੰਡੀ ਵਿਖੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਹੋਇਆ ਸੀ ਜਿਸ ’ਚ ਜੱਸੀ ਤਾਂ ਬਚ ਗਏ ਸਨ ਪ੍ਰੰਤੂ ਇਸ ਧਮਾਕੇ ਵਿਚ 7 ਜਾਨਾਂ ਚਲੀਆਂ ਗਈਆਂ ਸਨ ਅਤੇ 12 ਦੇ ਕਰੀਬ ਜ਼ਖਮੀ ਹੋ ਗਏ ਸਨ। ਧਮਾਕਾ ਮਾਰੂਤੀ ਕਾਰ ਵਿਚ ਹੋਇਆ ਸੀ। ਵਿਸ਼ੇਸ਼ ਜਾਂਚ ਟੀਮ ਨੇ ਚਾਰ ਗਵਾਹਾਂ ਦੇ ਬਿਆਨ 8 ਫਰਵਰੀ 2018 ਨੂੰ ਤਲਵੰਡੀ ਸਾਬੋ ਦੀ ਅਦਾਲਤ ਵਿਚ ਕਲਮਬੱਧ ਕਰਾਏ ਸਨ। ਮੌੜ ਕਾਂਡ ਮਾਮਲੇ ’ਚ ਫਰਵਰੀ 2018 ’ਚ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਦਿੱਤਾ ਸੀ। ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਬੰਬ ਧਮਾਕੇ ’ਚ ਵਰਤੀ ਕਾਰ ਨੂੰ ਡੇਰਾ ਸਿਰਸਾ ਦੀ ਵੀਆਈਪੀ ਵਰਕਸ਼ਾਪ ਵਿਚ ਗੁਰਤੇਜ ਸਿੰਘ ਕਾਲਾ ਦੀ ਹਦਾਇਤ ਤੇ ਤਿਆਰ ਕਰਾਇਆ ਗਿਆ ਸੀ ਅਤੇ ਰਾਤੋਂ ਰਾਤ ਵਰਕਸ਼ਾਪ ਚੋਂ ਕਾਰ ਗ਼ਾਇਬ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਲਈ ਹੁਣ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਹੀ ਮੁੱਖ ਚੁਣੌਤੀ ਹੈ ਜਿਸ ਮਗਰੋਂ ਹੀ ਡੇਰਾ ਸਿਰਸਾ ਦੀ ਵਿਸਥਾਰਤ ਭੂਮਿਕਾ ਦਾ ਖ਼ੁਲਾਸਾ ਹੋਵੇਗਾ। ਅਹਿਮ ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮ ਨੂੰ ਗੁਰਤੇਜ ਕਾਲਾ ਦੇ ਹਿਸਾਰ ਵਿਚ ਹੋਣ ਦੀ ਸੂਹ ਮਿਲੀ ਸੀ ਪ੍ਰੰਤੂ ਉੱਥੋਂ ਕੋਈ ਪ੍ਰਾਪਤੀ ਹੱਥ ਨਹੀਂ ਲੱਗ ਸਕੀ ਸੀ।

1 comment:

  1. ਮੈ ਕਦੇ ਹੁਣ ਬਾਈ ਯਾਦਵਿੰਦਰ ਕਰਫ੍ਯੂ ਨਹੀ ਦੇਖਿਆ abpsanjha ਤੇ. ਪਹਿਲਾ ਉਸ ਦੀ ਇੱਕ ਇੰਟਰਵਿਯੂ ਸੀ ਕਿਸੇ ਕਾੰਗ੍ਰੇਸੀ ਨਾਲ ਜਿਸ ਦਾ ਨਾਮ ਕੋਈ ਗੋਰਾ ਹੈ ਜੋ ਜਸੀ ਦਾ ਰਿਸ਼ਤੇਦਾਰ ਵੀ ਅਖਵਾਓਦਾ ਹੈ ਉਸ ਨੇ ਦਸਿਆ ਸੀ ਕਿ ਰਾਮ ਰਹੀਮ ਨੇ ਕਰਵਾਇਆ ਇਹ ਸਾਰੇ ਕੁਝ ਆਪ ਪਾਰਟੀ ਨੂ ਬਦਨਾਮ ਕਰਨ ਲਈ ਤੇ ਜਿਤ ਗਿਆ ਜਸੀ?

    ReplyDelete