Sunday, August 19, 2018

                                 ਬੁਖ਼ਾਰ ਦਾ ਝਟਕਾ
              ਸਰਗਰਮ ਸਿਆਸਤ ਛੱਡਣਗੇ ਬਾਦਲ !
                                   ਚਰਨਜੀਤ ਭੁੱਲਰ
ਬਠਿੰਡਾ :  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਖ਼ਾਰ ਚੜ੍ਹਨ ਮਗਰੋਂ ਮੈਡੀਕਲ ਟੀਮ ਨੇ ਉਨ੍ਹਾਂ ਦੀ ਨਕਲੋ-ਹਰਕਤ ਘਰ ਤੱਕ ਸੀਮਤ ਕਰ ਦਿੱਤੀ ਹੈ ਅਤੇ ਟੀਮ ਬੁਖ਼ਾਰ ਮਗਰੋਂ ਹੋਈ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਜੁਟ ਗਈ ਹੈ। ਅਚਨਚੇਤ ਹੋਏ ਬੁਖ਼ਾਰ ਨੇ ਸਰੀਰਕ ਤੌਰ ’ਤੇ ਬਾਦਲ ਨੂੰ ਹਲੂਣਾ ਦੇ ਦਿੱਤਾ ਹੈ ਜਿਸ ਮਗਰੋਂ ਬਾਦਲ ਦੀ ਮੈਡੀਕਲ ਟੀਮ ਫਿਕਰਮੰਦ ਵੀ ਹੋਈ ਹੈ। ਮੈਡੀਕਲ ਟੀਮ ਤਰਫ਼ੋਂ ਦਿਨ ਵਿਚ ਦੋ ਦੋ ਵਾਰ ਸਾਬਕਾ ਮੁੱਖ ਮੰਤਰੀ ਨੂੰ ਹਲਕੀ ਕਸਰਤ ਕਰਾਈ ਜਾ ਰਹੀ ਹੈ। ਪੀ.ਜੀ.ਆਈ ਦੇ ਡਾ.ਤਲਵਾੜ ਤਰਫ਼ੋਂ ਬਾਦਲ ਨੂੰ ਬੁਖ਼ਾਰ ਹੋਣ ਮਗਰੋਂ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਹੈ। ਦਿਨ ਰਾਤ ਲੋਕਾਂ ’ਚ ਗੇੜਾ ਰੱਖਣ ਵਾਲੇ ਬਾਦਲ ਹੁਣ ਆਪਣੇ ਘਰ ਦੀ ਚਾਰਦੀਵਾਰੀ ਤੱਕ ਸੀਮਤ ਹੋ ਗਏ ਹਨ। ਸ੍ਰੀ ਬਾਦਲ ਦਾ ਨਾਮ ਭਾਰਤ ਦੇ ਸਭ ਤੋਂ ਵੱਡੀ ਉਮਰ ਦੇ ਸਿਆਸਤਦਾਨਾਂ ਵਿਚ ਆਉਂਦਾ ਹੈ। ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਬਾਦਲ ਲੰਘੇ ਸ਼ਨਿਚਰਵਾਰ ਹਰਿਆਣਾ ਵਿਚਲੇ ਬਾਲਾਸਰ ਫਾਰਮ ਹਾਊਸ ’ਤੇ ਗਏ ਸਨ ਅਤੇ ਅਗਲੇ ਦਿਨ ਐਤਵਾਰ ਨੂੰ ਵਾਪਸ ਪਿੰਡ ਬਾਦਲ ਪਰਤ ਆਏ ਸਨ। ਬਾਲਾਸਰ ਫਾਰਮ ਹਾਊਸ ਦੇ ਗੇੜੇ ਦੌਰਾਨ ਹੀ ਸ੍ਰੀ ਬਾਦਲ ਗਰਮੀ ਤੋਂ ਪੀੜਤ ਹੋ ਗਏ ਅਤੇ ਉਨ੍ਹਾਂ ਨੂੰ ਵਾਪਸੀ ’ਤੇ ਬੁਖ਼ਾਰ ਹੋ ਗਿਆ।
                  ਅਹਿਮ ਸੂਤਰ ਦੱਸਦੇ ਹਨ ਕਿ ਬੁਖ਼ਾਰ ਤਾਂ ਹੁਣ ਠੀਕ ਹੋ ਗਿਆ ਹੈ ਪ੍ਰੰਤੂ ਉਨ੍ਹਾਂ ਨੂੰ ਕਮਜ਼ੋਰੀ ਨੇ ਝੰਬ ਦਿੱਤਾ ਹੈ। ਸੂਤਰਾਂ ਅਨੁਸਾਰ ਦੋ ਦਿਨ ਪਹਿਲਾਂ ਜਦੋਂ ਅਚਾਨਕ ਉੱਠੇ ਤਾਂ ਉਨ੍ਹਾਂ ਨੇ ਚੱਕਰ ਵੀ ਮਹਿਸੂਸ ਕੀਤਾ। ਉਸ ਮਗਰੋਂ ਡਾਕਟਰਾਂ ਨੇ ਫ਼ੌਰੀ ਮੌਕਾ ਸੰਭਾਲਿਆ ਪ੍ਰੰਤੂ ਸ੍ਰੀ ਬਾਦਲ ਹੁਣ ਠੀਕ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਘਰ ਅੰਦਰ ਵੀ ਪਬਲਿਕ ਨੂੰ ਹਾਲੇ ਮਿਲਣ ਤੋਂ ਗੁਰੇਜ਼ ਕਰਨ ਦੀ ਡਾਕਟਰੀ ਸਲਾਹ ਮਿਲੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 17 ਅਗਸਤ ਨੂੰ ਮਰਹੂਮ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਸਸਕਾਰ ’ਤੇ ਵੀ ਨਹੀਂ ਜਾ ਸਕੇ। ਬਾਦਲ ਆਖ਼ਰੀ ਦਫ਼ਾ 12 ਜੂਨ ਨੂੰ ਹਲਕਾ ਲੰਬੀ ਦੇ ਪਿੰਡਾਂ ਵਿਚ ਗਏ ਸਨ ਅਤੇ ਉਸ ਮਗਰੋਂ ਚੰਡੀਗੜ੍ਹ ਵੀ ਗਏ ਸਨ। ਹੁਣ ਕੱੁਝ ਸਮੇਂ ਤੋਂ ਪਿੰਡ ਬਾਦਲ ਵਿਚ ਹਨ। ਵਿਧਾਨ ਸਭਾ ਦੇ ਆਗਾਮੀ ਸੈਸ਼ਨ ਚੋਂ ਵੀ ਬਾਦਲ ਦੇ ਗ਼ੈਰਹਾਜ਼ਰ ਰਹਿਣ ਦੀ ਹੀ ਜ਼ਿਆਦਾ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਹੁਣ ਸ੍ਰੀ ਬਾਦਲ ਘਰ ਵਿਚ ਜ਼ਿਆਦਾ ਸਮਾਂ ਆਰਾਮ ਕਰਦੇ ਹਨ, ਕਸਰਤ ਕਰਦੇ ਹਨ ਅਤੇ ਟੀਵੀ ਦੇਖਦੇ ਹਨ।
          ਕੈਪਟਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਬਾਦਲ ਦੀ ਸਿਹਤ ਦੇ ਮੱਦੇਨਜ਼ਰ ਮੈਡੀਕਲ ਟੀਮ ਅਤੇ ਹੋਰ ਬੰਦੋਬਸਤ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਹੈ। ਕੈਪਟਨ ਸਰਕਾਰ ਨੇ ਬਾਦਲ ਦੀ ਮੈਡੀਕਲ ਟੀਮ ਵਿਚ ਚਾਰ ਵਿਸ਼ੇਸ਼ ਡਾਕਟਰਾਂ ਦੀ ਤਾਇਨਾਤੀ ਕੀਤੀ ਹੈ ਜਿਨ੍ਹਾਂ ਚੋਂ ਇੱਕ ਡਾਕਟਰ ਥੋੜ੍ਹਾ ਸਮਾਂ ਪਹਿਲਾਂ ਹੀ ਅਸਤੀਫ਼ਾ ਦੇ ਗਏ ਹਨ। ਦੋ ਫਾਰਮਾਸਿਸਟਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਦੋ ਫਿਜਿਓਥਰੈਪਿਸਟ ਤਾਇਨਾਤ ਕੀਤੇ ਹਨ ਜਿਨ੍ਹਾਂ ਚੋਂ ਇੱਕ ਮਾਲਵਾ ਲਈ ਅਤੇ ਇੱਕ ਮਾਝੇ ਦੁਆਬੇ ਲਈ ਬਾਦਲ ਦੇ ਨਾਲ ਲਾਇਆ ਗਿਆ ਹੈ। ਹੁਣ ਫਿਜਿਓਥਰੈਪਿਸਟ ਵੱਲੋਂ ਸ੍ਰੀ ਬਾਦਲ ਨੂੰ ਸਵੇਰ ਸ਼ਾਮ ਦੋ ਵਕਤ ਹਲਕੀ ਕਸਰਤ ਕਰਾਈ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਡਾਕਟਰੀ ਟੀਮ ਦਾ ਮੁੱਖ ਫੋਕਸ ਸ੍ਰੀ ਬਾਦਲ ਨੂੰ ਕਮਜ਼ੋਰੀ ਚੋਂ ਕੱਢਣਾ ਹੈ ਅਤੇ ਹੱਡੀਆਂ ਨੂੰ ਕਮਜ਼ੋਰ ਪੈਣ ਤੋਂ ਰੋਕਣਾ ਹੈ। ਕਸਰਤ ਦੌਰਾਨ ਟੀਮ ਵੱਲੋਂ ਸ੍ਰੀ ਬਾਦਲ ਦੀ ਦਿਲ ਦੀ ਧੜਕਣ ਵੀ ਵਾਰ ਵਾਰ ਚੈੱਕ ਕੀਤੀ ਜਾਂਦੀ ਹੈ।
                 ਦੱਸਣਯੋਗ ਹੈ ਕਿ ਜਨਤਿਕ ਤੌਰ ’ਤੇ ਆਖ਼ਰੀ ਦਫ਼ਾ ਸ੍ਰੀ ਬਾਦਲ ਨੇ 11 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਵਿਚ ਸ਼ਮੂਲੀਅਤ ਕੀਤੀ ਸੀ। ਅੱਠ ਦਸੰਬਰ 1927 ਨੂੰ ਜਨਮੇ ਬਾਦਲ ਹੁਣ ਕਰੀਬ 91 ਵਰ੍ਹਿਆਂ ਦੇ ਹੋ ਗਏ ਹਨ। ਸਿਆਸਤ ’ਚ ਪੰਜਾਹ ਵਰ੍ਹਿਆਂ ਤੋਂ ਉੱਪਰ ਦਾ ਸਫ਼ਰ ਤੈਅ ਕਰ ਲਿਆ ਹੈ। ਚਰਚੇ ਹਨ ਕਿ ਸ੍ਰੀ ਬਾਦਲ ਨੇੜ ਭਵਿੱਖ ਵਿਚ ਸਰਗਰਮ ਸਿਆਸਤ ਤੋਂ ਲਾਂਭੇ ਵੀ ਹੋ ਸਕਦੇ ਹਨ। 
                         ਹੁਣ ਬੁਖ਼ਾਰ ਠੀਕ ਹੈ : ਮੈਡੀਕਲ ਟੀਮ
ਮੈਡੀਕਲ ਟੀਮ ਦੇ ਇੰਚਾਰਜ ਡਾ.ਅਨੁਰਾਗ ਵਸ਼ਿਸ਼ਟ ਦਾ ਕਹਿਣਾ ਸੀ ਕਿ ਸ੍ਰੀ ਬਾਦਲ ਨੂੰ ਇੱਕ ਦੋ ਦਿਨ ਬੁਖ਼ਾਰ ਹੋ ਗਿਆ ਸੀ ਜੋ ਹੁਣ ਬਿਲਕੁਲ ਠੀਕ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁਖ਼ਾਰ ਕਾਰਨ ਹੀ ਕਮਜ਼ੋਰੀ ਪੈ ਗਈ ਹੈ ਜਿਸ ਕਰਕੇ ਹੀ ਸ੍ਰੀ ਬਾਦਲ ਨੂੰ ਮੂਵਮੈਂਟ ਨਾ ਕਰਨ ਦਾ ਮਸ਼ਵਰਾ ਦਿੱਤਾ ਗਿਆ ਹੈ। ਡਾ.ਵਸ਼ਿਸ਼ਟ ਨੇ ਆਖਿਆ ਕਿ ਉਹ ਇਸ ਮਾਮਲੇ ਹੋਰ ਕੱੁਝ ਨਹੀਂ ਦੱਸ ਸਕਦੇ।




1 comment:

  1. ਬੁਖਾਰ ਕਿ ਬਰਗਾੜੀ ਦਾ ਸਚ ਬਾਹਰ ਆ ਰਹਿਆ ਹੈ ਉਸ ਦਾ ਬੁਖਾਰ ਚੜ ਗਿਆ. ਉਦਰੋ ਚੰਦੁ ਵੀ ਕਹਿੰਦਾ ਮੈ ਤਾ bjp govt ਵਿਚ ਮਿਨਿਸਟਰ ਬਣ ਜਾਣਾ ਸੀ ਕਿਸੇ ਨੇ ਬੇੜੀ ਵਿਚ ਵਟੇ ਪਾ ਦਿਤੇ..ਲਗਦਾ ਚੰਦੂ ਵੀ ਮਹੋਲ ਮ੍ਜ੍ਝ ਗਿਆ ਹੈ..

    ReplyDelete