Friday, August 10, 2018

                     ਖਜ਼ਾਨਾ ਸਰਕਾਰੀ ਏ..
  ਐਮ.ਪੀ ਖ਼ਾਲਸਾ ਦੀ ਭੱਤੇ ਲੈਣ ’ਚ ਝੰਡੀ
                        ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ ਭੱਤੇ (ਟੀਏ/ਡੀਏ) ਲੈਣ ’ਚ ਝੰਡੀ ਲੈ ਲਈ ਹੈ ਜਦੋਂ ਕਿ ਐਮ.ਪੀ ਡਾ. ਧਰਮਵੀਰ ਗਾਂਧੀ ਭੱਤੇ ਲੈਣ ’ਚ ਸਭ ਤੋਂ ਪਿੱਛੇ ਖੜ੍ਹੇ ਹਨ। ਹਵਾਈ ਯਾਤਰਾ ਤੇ ਰਹਿਣ ਵਾਲੇ ਸੰਸਦ ਮੈਂਬਰਾਂ ਦੇ ਭੱਤੇ ਜ਼ਿਆਦਾ ਬਣਦੇ ਹਨ। ਪੰਜਾਬ ਦੇ ਦੋ ਤਿੰਨ ਐਮ.ਪੀ ਤਾਂ ਮੁਫ਼ਤ ਦੀ ਹਵਾਈ ਸੇਵਾ ਦਾ ਕੋਈ ਮੌਕਾ ਖੁੰਝਣ ਹੀ ਨਹੀਂ ਦਿੰਦੇ ਹਨ। ਫ਼ਤਿਹਗੜ੍ਹ ਸਾਹਿਬ ਤੋਂ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ 1 ਅਪਰੈਲ 2015 ਤੋਂ 30  ਜੂਨ 2018 ਤੱਕ ਕਰੀਬ 39.73 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਖ਼ਾਲਸਾ ਅੌਸਤਨ 3400 ਰੁਪਏ ਰੋਜ਼ਾਨਾ ਟੀ.ਏ/ਡੀ.ਏ ਲੈ ਰਹੇ ਹਨ। ਪ੍ਰਤੀ ਮਹੀਨਾ ਉਹ ਅੌਸਤਨ 1.01 ਲੱਖ ਰੁਪਏ ਟੀ.ਏ/ਡੀ.ਏ ਲੈ ਰਹੇ ਹਨ। ਵੇਰਵਿਆਂ ਅਨੁਸਾਰ ਐਮ.ਪੀ ਖ਼ਾਲਸਾ ਦੀ ਸੰਸਦ ਵਿਚ ਕਾਰਗੁਜ਼ਾਰੀ ਪੰਜਾਬ ਦੇ ਬਾਕੀ ਸੰਸਦ ਮੈਂਬਰਾਂ ਦੇ ਮੁਕਾਬਲੇ ਚੋਟੀ ਦੀ ਨਹੀਂ ਹੈ। ਐਮ.ਪੀ ਖ਼ਾਲਸਾ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਚੁੱਕਿਆ ਨਹੀਂ। ਵੱਧ ਭੱਤੇ ਲੈਣ ਵਾਲੇ ਐਮ.ਪੀ ਤਰਕ ਦਿੰਦੇ ਹਨ ਕਿ ਉਹ ਲੋਕ ਮਸਲਿਆਂ ਨੂੰ ਲੈ ਕੇ ਭੱਜ ਨੱਠ ਜ਼ਿਆਦਾ ਕਰਦੇ ਹਨ ਜਿਸ ਕਰਕੇ ਭੱਤਿਆਂ ਦੀ ਰਾਸ਼ੀ ਵੱਧ ਬਣ ਜਾਂਦੀ ਹੈ।
                ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਪੰਜਾਬ ਚੋਂ ਏਦਾ ਦੇ ਐਮ.ਪੀ ਹਨ ਜਿਨ੍ਹਾਂ ਨੇ ਸਭ ਤੋਂ ਘੱਟ 6.54 ਲੱਖ ਰੁਪਏ ਟੀ.ਏ/ਡੀ.ਏ ਲਿਆ ਹੈ। ਐਮ.ਪੀ ਗਾਂਧੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਿਰਫ਼ ਦੋ ਵਾਰ ਹਵਾਈ ਸਫ਼ਰ ਸਰਕਾਰੀ ਖ਼ਰਚੇ ਤੇ ਕੀਤਾ ਹੈ ਅਤੇ ਬਾਕੀ ਸਫ਼ਰ ਉਨ੍ਹਾਂ ਨੇ ਸੜਕੀ ਰਸਤੇ ਹੀ ਕੀਤਾ ਹੈ। ਉਨ੍ਹਾਂ ਆਖਿਆ ਕਿ ਭੱਤਿਆਂ ਨੂੰ ਕਾਰਗੁਜ਼ਾਰੀ ਨਾਲ ਨਹੀਂ ਜੋੜਿਆ ਜਾ ਸਕਦਾ। ਭੱਤੇ ਲੈਣ ’ਚ ਦੂਜਾ ਨੰਬਰ ਫ਼ਿਰੋਜ਼ਪੁਰ ਤੋਂ ਅਕਾਲੀ ਐਮ.ਪੀ ਸ਼ੇਰ ਸਿੰਘ ਘੁਬਾਇਆ ਦਾ ਆਉਂਦਾ ਹੈ ਜਿਨ੍ਹਾਂ ਨੇ ਲੰਘੇ 39 ਮਹੀਨਿਆਂ ਵਿਚ 29 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ। ਤੀਸਰੇ ਸਥਾਨ ’ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਹਨ ਜਿਨ੍ਹਾਂ ਨੇ 27.90 ਲੱਖ ਰੁਪਏ ਟੀ.ਏ/ਡੀ.ਏ ਵਜੋਂ ਹਾਸਲ ਕੀਤੇ ਹਨ। ਐਮ.ਪੀ ਚੰਦੂਮਾਜਰਾ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਹਨ। ਅਕਾਲੀ ਦਲ ਦੇ ਸੂਤਰ ਆਖਦੇ ਹਨ ਕਿ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਜ਼ਿਆਦਾ ਹੋਣ ਕਰਕੇ ਚੰਦੂਮਾਜਰਾ ਦੇ ਭੱਤੇ ਜ਼ਿਆਦਾ ਬਣੇ ਹਨ। ਦੂਸਰੀ ਤਰਫ਼ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਸਭ ਤੋਂ ਘੱਟ ਭੱਤੇ ਲੈਣ ਵਾਲੇ ਸੰਸਦ ਮੈਂਬਰਾਂ ਚੋਂ ਦੂਜੇ ਨੰਬਰ ਤੇ ਹਨ ਜਿਨ੍ਹਾਂ ਨੇ ਇਸ ਸਮੇਂ ਦੌਰਾਨ 6.84 ਲੱਖ ਰੁਪਏ ਭੱਤਿਆਂ ਵਜੋਂ ਪ੍ਰਾਪਤ ਕੀਤੇ ਹਨ।
               ਭਗਵੰਤ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਚੋਂ ਭੱਤੇ ਬਹੁਤ ਸੰਜਮ ਨਾਲ ਲਏ ਹਨ ਅਤੇ ਸੜਕੀ ਤੇ ਰੇਲ ਰਸਤੇ ਸਫ਼ਰ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਵੇਰਵਿਆਂ ਅਨੁਸਾਰ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਤਨਖ਼ਾਹ,45 ਹਜ਼ਾਰ ਰੁਪਏ ਹਲਕਾ ਭੱਤਾ ਅਤੇ 15 ਹਜ਼ਾਰ ਰੁਪਏ ਦਫ਼ਤਰੀ ਭੱਤਾ ਮਿਲਦਾ ਹੈ। ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਐਮ.ਪੀ ਪ੍ਰੋ.ਸਾਧੂ ਸਿੰਘ ਨੇ ਉਕਤ ਸਮੇਂ ਦੌਰਾਨ 8.88 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ ਰਵਨੀਤ ਬਿੱਟੂ ਨੇ ਭੱਤਿਆਂ ਵਜੋਂ 11.67 ਲੱਖ ਰੁਪਏ ਹਾਸਲ ਕੀਤੇ ਹਨ। ਜਲੰਧਰ ਤੋਂ ਕਾਂਗਰਸੀ ਐਮ.ਪੀ ਸੰਤੋਖ ਚੌਧਰੀ ਦੇ ਭੱਤਿਆਂ ਦਾ ਬਿੱਲ 11.82 ਲੱਖ ਰੁਪਏ ਬਣਿਆ ਹੈ।
             ਅਕਾਲੀ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਸਮੇਂ ਦੌਰਾਨ 12.39 ਲੱਖ ਰੁਪਏ ਦੇ ਭੱਤੇ ਪ੍ਰਾਪਤ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੋ ਵਰ੍ਹਿਆਂ ਵਿਚ ਬਤੌਰ ਐਮ.ਪੀ 2.41 ਲੱਖ ਰੁਪਏ ਦੇ ਭੱਤੇ ਹਾਸਲ ਕੀਤੇ ਸਨ। ਉਨ੍ਹਾਂ ਨੇ ਸਿਰਫ਼ ਚਾਰ ਦਫ਼ਾ ਇਹ ਭੱਤੇ ਲਏ ਹਨ। ਮੌਜੂਦਾ ਸੰਸਦ ਮੈਂਬਰਾਂ ਦੀ ਮਿਆਦ ਦਾ ਇਹ ਆਖ਼ਰੀ ਵਰ੍ਹਾ ਹੈ। ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸ਼ਲਾ ਦਾ ਕਹਿਣਾ ਹੈ ਕਿ ਪੰਜ ਵਰ੍ਹਿਆਂ ਮਗਰੋਂ ਹਰ ਐਮ.ਪੀ ਆਪਣੀ ਕਾਰਗੁਜ਼ਾਰੀ ਅਤੇ ਸਰਕਾਰੀ ਖ਼ਜ਼ਾਨੇ ਚੋਂ ਲਈ ਤਨਖ਼ਾਹ ਅਤੇ ਸਾਰੇ ਭੱਤਿਆਂ ਦਾ ਰਿਪੋਰਟ ਕਾਰਡ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਰੇ। ਉਨ੍ਹਾਂ ਆਖਿਆ ਕਿ ਐਮ.ਪੀ ਆਪਣੇ ਕੰਮਾਂ ਦੀ ਚਰਚਾ ਤਾਂ ਚੋਣਾਂ ਸਮੇਂ ਕਰਦੇ ਹਨ ਪ੍ਰੰਤੂ ਖ਼ਜ਼ਾਨੇ ਚੋਂ ਲਈ ਰਕਮ ਤੇ ਸਹੂਲਤਾਂ ਦੀ ਚਰਚਾ ਕਿਧਰੇ ਵੀ ਨਹੀਂ ਕਰਦੇ ।


No comments:

Post a Comment