Tuesday, August 21, 2018

                                                           ਖਜ਼ਾਨੇ ਦਾ ਲੁਤਫ
                       ਪਹਾੜਾਂ ’ਚ ਗੂੰਜਾਂ ਪਾਉਂਦਾ ਹੈ ਮਹਾਰਾਜੇ ਦਾ ਹੈਲੀਕਾਪਟਰ
                                                             ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਦੇ ਹੈਲੀਕਾਪਟਰ ਦੀ ਗੂੰਜ ਹੁਣ ਪੰਜਾਬ ਤੋਂ ਵੱਧ ਪਹਾੜਾਂ ’ਚ ਪੈਂਦੀ ਹੈ। ਜਿਉਂ ਹੀ ਗਰਮੀ ਦਸਤਕ ਦਿੰਦੀ ਹੈ, ਹੈਲੀਕਾਪਟਰ ਹਿਮਾਚਲ ਪ੍ਰਦੇਸ਼ ਦੀਆਂ ਉਡਾਰੀਆਂ ਭਰਨ ਲੱਗਦਾ ਹੈ। ਮੁੱਖ ਮੰਤਰੀ ਪੰਜਾਬ ਦਾ ਅੌਸਤਨ ਹਰ ਮਹੀਨੇ ਹਿਮਾਚਲ ਪ੍ਰਦੇਸ਼ ਦਾ ਗੇੜਾ ਰਿਹਾ ਹੈ। ਬੇਸ਼ੱਕ ਗੱਠਜੋੜ ਸਰਕਾਰ ਨਾਲੋਂ ਹੈਲੀਕਾਪਟਰ ਦਾ ਖਰਚਾ ਘਟਿਆ ਹੈ ਪ੍ਰੰਤੂ ਸਰਕਾਰੀ ਹੈਲੀਕਾਪਟਰ ਦਾ ਸ਼ਿਮਲੇ ਦਾ ਗੇੜੇ ਤੇ ਗੇੜਾ ਰਿਹਾ ਹੈ। ਕਿਸੇ ਤੋਂ ਗੱਲ ਗੱੁਝੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਵਾਦੀਆਂ ਨਾਲ ਨੇੜਿਓ ਜੁੜੇ ਹਨ। ਉਨ੍ਹਾਂ ਦਾ ਫਾਰਮ ਹਾਊਸ ਵੀ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਅਮਰਿੰਦਰ ਸਿੰਘ ਨੇ ਜ਼ਿਆਦਾ ਗੇੜੇ ਕਾਂਡਿਆਲੀ (ਨੇੜੇ ਸ਼ਿਮਲਾ) ਦੇ ਲਾਏ ਹਨ। ਹਿਮਾਚਲ ਪ੍ਰਦੇਸ਼ ਦੇ ਆਮ ਰਾਜ ਪ੍ਰਬੰਧ ਵਿਭਾਗ ਤੋਂ ਆਰਟੀਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਦੇ ਦੌਰਿਆਂ ਦੌਰਾਨ ਸਟੇਟ ਮਹਿਮਾਨ ਹੁੰਦੇ ਹਨ। ਸਰਕਾਰੀ ਤੱਥਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ 19 ਮਈ ਤੋਂ 23 ਮਈ 2018 ਤੱਕ ਬਤੌਰ ਸਟੇਟ ਮਹਿਮਾਨ ਮਨਾਲੀ ਦੇ ਹੋਟਲ ਉਰਵਸ਼ੀ ਰਿਟਰੀਟ ਵਿਚ ਠਹਿਰੇ। ਉਨ੍ਹਾਂ ਦੇ ਨੇੜਲੇ ਦੋ ਸਟਾਫ਼ ਮੈਂਬਰ ਵੀ ਬਤੌਰ ਸਟੇਟ ਮਹਿਮਾਨ ਠਹਿਰੇ।
                  ਜੈੱਡ ਪਲੱਸ ਸੁਰੱਖਿਆ ਹੋਣ ਕਰਕੇ ਹਿਮਾਚਲ ਸਰਕਾਰ ਨੇ ਪੰਜ ਦਿਨ ਸਖ਼ਤ ਸੁਰੱਖਿਆ ਪਹਿਰਾ ਰੱਖਿਆ। ਕਰੀਬ 45 ਸੁਰੱਖਿਆ ਅਫ਼ਸਰਾਂ ਤੇ ਮੁਲਾਜ਼ਮਾਂ ਲਈ ਠਹਿਰ ਦਾ ਵੱਖਰਾ ਪ੍ਰਬੰਧ ਕੀਤਾ ਗਿਆ। ਪਾਇਲਟ ਤੇ ਐਸਕਾਰਟ ਲਈ ਦੋ ਇਨੋਵਾ ਅਤੇ ਦੋ ਜਿਪਸੀਆਂ ਦਿੱਤੀਆਂ ਗਈਆਂ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮਨਾਲੀ ਦੌਰੇ ਦਾ ਖਰਚਾ ਵੀ ਚੁੱਕਿਆ ਹੈ। ਦੱਸਣਯੋਗ ਹੈ ਕਿ ਅਮਰਿੰਦਰ ਦਾ ਇਹ ਦੌਰਾ ਕਾਫ਼ੀ ਚਰਚਾ ਵਿਚ ਵੀ ਰਿਹਾ ਹੈ। ਦੋ ਹਫ਼ਤਿਆਂ ਮਗਰੋਂ ਹੀ ਮੁੱਖ ਮੰਤਰੀ ਮੁੜ 8 ਜੂਨ ਨੂੰ ਹਿਮਾਚਲ ਪ੍ਰਦੇਸ਼ ਚਲੇ ਗਏ ਜਿੱਥੇ ਉਹ ਕਾਂਡਿਆਲੀ ਵਿਚ 12 ਜੂਨ 2018 ਤੱਕ ਠਹਿਰੇ। ਇਨ੍ਹਾਂ ਪੰਜ ਦਿਨਾਂ ਦਾ ਖਰਚਾ ਵੀ ਪ੍ਰਾਹੁਣਚਾਰੀ ਮਹਿਕਮੇ ਨੇ ਚੁੱਕਿਆ। ਦੂਸਰੀ ਤਰਫ਼ ਹੈਲੀਕਾਪਟਰ ਦਾ ਖਰਚਾ ਪੰਜਾਬ ਸਰਕਾਰ ਚੁੱਕਦੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪਰੈਲ 2017 ਨੂੰ ਸ਼ਿਮਲਾ/ਕਾਂਡਿਆਲੀ ਵਿਚ ਠਹਿਰੇ ਸਨ। ਉਨ੍ਹਾਂ ਨੇ ਮੁੜ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ਵਿਖੇ ਪੰਜ ਦਿਨ ਬਿਤਾਏ।
                  ਭੁੱਲਿਆ ਕਿਸੇ ਤੋਂ ਇਹ ਵੀ ਨਹੀਂ ਕਿ ਮੁੱਖ ਮੰਤਰੀ ਨੇ ਸਹੁੰ ਚੱੁਕਣ ਮਗਰੋਂ ਪੰਜਾਬ ਦੇ ਬਹੁਤ ਘੱਟ ਗੇੜੇ ਲਾਏ ਹਨ। ਅਹਿਮ ਸਮਾਗਮਾਂ ’ਤੇ ਵੀ ਵਜ਼ੀਰ ਹੀ ਹਾਜ਼ਰੀ ਭਰਦੇ ਹਨ। ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿਚ ਮੁੱਖ ਮੰਤਰੀ ਨੇ ਇੱਕ ਵੀ ਗੇੜਾ ਹਾਲੇ ਤੱਕ ਨਹੀਂ ਮਾਰਿਆ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਜੋ ਆਰਟੀਆਈ ਤਹਿਤ ਸਰਕਾਰੀ ਹੈਲੀਕਾਪਟਰ ਦੀ ਲਾਗ ਬੱੁਕ ਪ੍ਰਾਪਤ ਕੀਤੀ ਹੈ,ਉਸ ਅਨੁਸਾਰ ਹੈਲੀਕਾਪਟਰ ਨੇ ਦਰਜਨਾਂ ਗੇੜੇ ਚੰਡੀਗੜ੍ਹ-ਸ਼ਿਮਲਾ ਦੇ ਲਾਏ ਹਨ। ਕੈਪਟਨ ਸਰਕਾਰ ਦੇ ਹੈਲੀਕਾਪਟਰ ਦਾ 27 ਅਪਰੈਲ 2017 ਨੂੰ ਸ਼ਿਮਲਾ ਦਾ ਗੇੜਾ ਰਿਹਾ ਅਤੇ ਪੰਜ ਦਿਨਾਂ ਮਗਰੋਂ ਹੀ ਮੁੜ ਪਹਿਲੀ ਮਈ ਨੂੰ ਹੈਲੀਕਾਪਟਰ ਸ਼ਿਮਲਾ ਉੱਤਰਿਆ। ਫਿਰ 31 ਮਈ ਨੂੰ ਵੀ ਹੈਲੀਕਾਪਟਰ ਦਾ ਸ਼ਿਮਲੇ ਦਾ ਗੇੜਾ ਰਿਹਾ। 1 ਜੂਨ 2017 ਨੂੰ ਇੱਥੋਂ ਦਾ ਹੀ ਟਰਿੱਪ ਰਿਹਾ। 24 ਜੂਨ 2017 ਨੂੰ ਤਾਂ ਹੈਲੀਕਾਪਟਰ ਨੇ ਸ਼ਿਮਲਾ ਦੇ ਦੋ ਗੇੜੇ ਲਾਏ। ਇਵੇਂ ਹੀ 15 ਸਤੰਬਰ ਅਤੇ 17 ਸਤੰਬਰ 2017 ਨੂੰ ਵੀ ਹੈਲੀਕਾਪਟਰ ਹਿਮਾਚਲ ’ਚ ਗੂੰਜਿਆ। ਹੈਲੀਕਾਪਟਰ ਦੇ 20 ਅਕਤੂਬਰ ਅਤੇ 23 ਅਕਤੂਬਰ 2017 ਨੂੰ ਵੀ ਸ਼ਿਮਲਾ ਦੇ ਗੇੜੇ ਰਹੇ।
                 ਨਿਰਪੱਖ  ਹਲਕੇ ਆਖਦੇ ਹਨ ਕਿ ਗੱਠਜੋੜ ਸਰਕਾਰ ਸਮੇਂ ਸਰਕਾਰੀ ਹੈਲੀਕਾਪਟਰ ਨੂੰ ਭੋਗਾਂ ਤੇ ਵਿਆਹਾਂ ਤੇ ਜਾਣ ਲਈ ਵਰਤਿਆ ਜਾਂਦਾ ਸੀ ਅਤੇ ਹੁਣ ਹੈਲੀਕਾਪਟਰ ਨੂੰ ਪਹਾੜਾਂ ਦੀ ਸੈਰ ਲਈ ਵਰਤਿਆ ਜਾਣ ਲੱਗਾ ਹੈ। ਹੈਲੀਕਾਪਟਰ ਦਾ 27 ਦਸੰਬਰ 2017 ਨੂੰ ਦੇਹਰਾਦੂਨ ਦਾ ਗੇੜਾ ਵੀ ਰਿਹਾ ਹੈ।  ਇਸੇ ਤਰ੍ਹਾਂ 8 ਜੁਲਾਈ 2017 ਨੂੰ ਹੈਲੀਕਾਪਟਰ ਨੇ ਕੇਦਾਰ ਨਾਥ ਤੇ ਬਦਰੀਨਾਥ ਦਾ ਚੱਕਰ ਵੀ ਲਾਇਆ ਹੈ। ਉਸ ਤੋਂ ਪਹਿਲਾਂ 7 ਅਪਰੈਲ 2017 ਨੂੰ ਹੈਲੀਕਾਪਟਰ ਵੈਸ਼ਨੋ ਦੇਵੀ ਦਾ ਚੱਕਰ ਵੀ ਲਾ ਕੇ ਆਇਆ ਹੈ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਤੋਂ ਇਲਾਵਾ ਹੈਲੀਕਾਪਟਰ ਦੀ ਵਰਤੋਂ ਦੂਸਰੇ ਵੀਆਈਪੀਜ਼ ਨੇ ਵੀ ਕੀਤੀ ਹੈ। ਸੂਤਰਾਂ ਅਨੁਸਾਰ ਰਾਜਪਾਲ ਪੰਜਾਬ ਵੱਲੋਂ ਧਾਰਮਿਕ ਸਥਾਨਾਂ ਦੀ ਯਾਤਰਾ ਮੌਕੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ।
        ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਮੁੱਖ ਮੰਤਰੀ ਤੋਂ ਇਲਾਵਾ ਗਵਰਨਰ ਵੀ ਕਰਦੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਹੈਲੀਕਾਪਟਰ ਦੇ ਖ਼ਰਚੇ ਕਾਫ਼ੀ ਘੱਟ ਗਏ ਹਨ ਅਤੇ ਸਰਕਾਰ ਨੂੰ ਪ੍ਰਾਈਵੇਟ ਹੈਲੀਕਾਪਟਰ ਵੀ ਹਾਇਰ ਕਰਨ ਦੀ ਲੋੜ ਨਹੀਂ ਪਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਕਈ ਵਾਰ ਪਾਇਲਟ ਵੀ ਟਰੇਨਿੰਗ ਲਈ ਚਲੇ ਜਾਂਦੇ ਹਨ।




No comments:

Post a Comment