Friday, August 31, 2018

                                                         ਅੰਨ੍ਹਾ ਵੰਡੇ  ਸ਼ੀਰਨੀ...
          ਵਿਧਾਇਕਾਂ ਦੇ ਫਰਜ਼ੰਦਾਂ ਦੀ ਅੱਖ ਚੇਅਰਮੈਨੀ ’ਤੇ 
                                                          ਚਰਨਜੀਤ ਭੁੱਲਰ
ਬਠਿੰਡਾ : ਕਾਂਗਰਸੀ ਵਿਧਾਇਕਾਂ ਦੇ ‘ਲਾਡਲੇ’ ਚੇਅਰਮੈਨ ਬਣਨ ਲਈ ਕਾਹਲੇ ਜਾਪਦੇ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਐਲਾਨ ਮਗਰੋਂ ਉਹ ਪੱਬਾਂ ਭਾਰ ਹੋ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅਖਾੜੇ ’ਚ ਦੋ ਚਾਰ ਦਿਨਾਂ ’ਚ ਲੀਡਰਾਂ ਦੇ ਧੀਆਂ ਪੁੱਤ ਨਜ਼ਰ ਪੈਣੇ ਸ਼ੁਰੂ ਹੋ ਜਾਣਗੇ। ਕਈ ਵਿਧਾਇਕ ਤਾਂ ਇਸ ਕਰਕੇ ਇਨ੍ਹਾਂ ਚੋਣਾਂ ’ਚ ਆਪਣੇ ਪੁੱਤਾਂ ਨੂੰ ਨਹੀਂ ਉਤਾਰ ਰਹੇ ਕਿਉਂਕਿ ਉਨ੍ਹਾਂ ਦੀ ਅੱਖ ਅਗਲੀਆਂ ਅਸੈਂਬਲੀ ਚੋਣਾਂ ’ਤੇ ਹੈ। ਗੱਠਜੋੜ ਸਰਕਾਰ ਸਮੇਂ ਅਕਾਲੀ ਲੀਡਰਾਂ ਦੇ ਧੀਆਂ ਪੁੱਤ ਚੇਅਰਮੈਨ ਬਣੇ ਸਨ ਤੇ ਹੁਣ ਵਾਰੀ ਕਾਂਗਰਸ ਸਰਕਾਰ ਦੀ ਜਾਪਦੀ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸ਼ੁਰੂਆਤ 4 ਸਤੰਬਰ ਤੋਂ ਹੋਣੀ ਹੈ। ਕਾਂਗਰਸੀ ਲੀਡਰਾਂ ਨੇ ਇਸ ਬਾਬਤ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਆਪਣੇ ਨੌਜਵਾਨ ਲੜਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉਤਾਰ ਰਹੇ ਹਨ ਜੋ ਪਹਿਲਾਂ ਹੀ ਸਿਆਸਤ ’ਚ ਸਰਗਰਮ ਹੈ। ਉਨ੍ਹਾਂ ਦਾ ਚੋਣ ਹਲਕਾ ਪੱਤੋ ਹੀਰਾ ਸਿੰਘ ਰਾਖਵਾਂ ਹੋ ਗਿਆ ਹੈ। ਵਿਧਾਇਕ ਦਰਸ਼ਨ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਜਨਰਲ ਹਲਕੇ ਤੋਂ ਚੋਣ ਲੜੇਗਾ ਜੋ ਪਹਿਲਾਂ ਹੀ ਲੋਕਾਂ ਵਿਚ ਵਿਚਰਦਾ ਆ ਰਿਹਾ ਹੈ। ਉਨ੍ਹਾਂ ਆਖਿਆ ਕਿ ਚੋਣ ਹਲਕੇ ਦਾ ਹਾਲੇ ਫਾਈਨਲ ਨਹੀਂ ਕੀਤਾ ਹੈ।
                  ਸੂਤਰ ਆਖਦੇ ਹਨ ਕਿ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀ ਚੇਅਰਮੈਨੀ ’ਤੇ ਸਭਨਾਂ ਦੀ ਅੱਖ ਹੈ। ਹਲਕਾ ਸਰਦੂਲਗੜ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੇ ਲੜਕੇ ਬਿਕਰਮ ਮੋਫਰ ਨੇ ਵੀ ਚੋਣ ਮੈਦਾਨ ਵਿਚ ਉਤਰਨ ਦਾ ਫੈਸਲਾ ਕੀਤਾ ਹੈ। ਹਲਕਾ ਜੈਤੋ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਦੇ ਲੜਕੇ ਦੀ ਇੱਛਾ ਲੋਕ ਸਭਾ ਚੋਣ ਲੜਨ ਦੀ ਹੈ। ਸਾਬਕਾ ਵਿਧਾਇਕ ਪੰਜਗਰਾਈਂ ਦਾ ਕਹਿਣਾ ਸੀ ਕਿ ਉਸ ਦਾ ਲੜਕਾ ਤਾਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਆਪਣੇ ਨੌਜਵਾਨ ਲੜਕੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਹਲਕਾ ਹਰਪਾਲਪੁਰ ਜ਼ੋਨ ਤੋਂ ਚੋਣ ਲੜਾ ਰਹੇ ਹਨ। ਵਿਧਾਇਕ ਜਲਾਲਪੁਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਗਗਨਦੀਪ ਯੂਥ ਕਾਂਗਰਸ ਦਾ ਪ੍ਰਧਾਨ ਵੀ ਹੈ ਅਤੇ ਉਹ ਹਲਕੇ ਵਿਚ ਕੰਮ ਵੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਉੱਤਰੇਗਾ। ਹਲਕਾ ਸ਼ੁਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ ਇਸ ਮਾਮਲੇ ’ਚ ਫ਼ੈਸਲਾ ਮਹਾਰਾਣੀ ਪ੍ਰਨੀਤ ਕੌਰ ’ਤੇ ਛੱਡ ਦਿੱਤਾ ਹੈ।
       ਵਿਧਾਇਕ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਅਗਰ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਉਨ੍ਹਾਂ (ਨਿਰਮਲ ਸਿੰਘ) ਦੇ ਬੇਟੇ ਨੂੰ ਚੋਣ ਲੜਨ ਲਈ ਆਖਣਗੇ ਤਾਂ ਉਹ ਜ਼ਰੂਰ ਚੋਣ ਲੜਾਉਣਗੇ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਚਰਚੇ ਤਾਂ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਲੜਕੇ ਦੇ ਵੀ ਚੋਣ ਲੜਨ ਦੇ ਚੱਲੇ ਸਨ ਪ੍ਰੰਤੂ ਇਸ ’ਚ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ। ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਲੜਕਾ ਵੀ ਭੁੱਚੋ ਕਲਾਂ ਹਲਕੇ ਵਿਚ ਕਾਫ਼ੀ ਸਰਗਰਮ ਹੈ ਪ੍ਰੰਤੂ ਵਿਧਾਇਕ ਕੋਟਭਾਈ ਨੇ ਚੋਣ ਲੜਾਏ ਜਾਣ ਤੋਂ ਇਨਕਾਰ ਕੀਤਾ ਹੈ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦਾ ਲੜਕਾ ਵੀ ਹਲਕਾ ਮਲੋਟ ਵਿਚ ਕਾਫ਼ੀ ਸਰਗਰਮੀ ਨਾਲ ਵਿਚਰ ਰਿਹਾ ਹੈ ਪ੍ਰੰਤੂ ਉਨ੍ਹਾਂ ਦੇ ਲੜਕੇ ਵੱਲੋਂ ਚੋਣ ਲੜਨ ਦਾ ਹਾਲੇ ਤੱਕ ਕੋਈ ਸੰਕੇਤ ਨਹੀਂ ਹੋਇਆ ਹੈ। ਪਤਾ ਲੱਗਾ ਹੈ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਪੋਤਰਾ ਵੀ ਹਲਕਾ ਸਮਾਣਾ ਵਿਚ ਵਿਚਰ ਰਿਹਾ ਹੈ ਪ੍ਰੰਤੂ ਹਲਕਾ ਸਮਾਣਾ ’ਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੋਵੇਂ ਚੋਣ ਹਲਕੇ ਰਾਖਵੇਂ ਹੋ ਗਏ ਹਨ ਜਿਸ ਕਰਕੇ ਉਨ੍ਹਾਂ ਦੇ ਚੋਣ ਲੜਨ ਦੇ ਚਾਂਸ ਘੱਟ ਜਾਪਦੇ ਹਨ।
                  ਸੰਗਰੂਰ ਦੇ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਆਪਣੇ ਲੜਕੇ ਨੂੰ ਵੱਡੀ ਚੋਣ ਲੜਾਉਣ ਦੇ ਇੱਛੁਕ ਹਨ। ਕਾਂਗਰਸੀ ਵਿਧਾਇਕ ਧੀਮਾਨ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵਰਕਰਾਂ ਦਾ ਹੱਕ ਕਿਉਂ ਮਾਰੀਏ। ਅਗਰ ਮੌਕਾ ਮਿਲਿਆ ਤਾਂ ਉਹ ਆਪਣੇ ਲੜਕੇ ਨੂੰ ਅਸੈਂਬਲੀ ਜਾਂ ਪਾਰਲੀਮੈਂਟ ਦੀ ਚੋਣ ਲੜਾਉਣਗੇ। ਹਲਕਾ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਉਹ ਇਸ ਹੱਕ ਵਿਚ ਨਹੀਂ ਹਨ ਕਿ ਸਾਰਾ ਕੁੱਝ ਘਰ ਵਿਚ ਹੀ ਰੱਖ ਲਿਆ ਜਾਵੇ, ਵਰਕਰਾਂ ਅਤੇ ਹੋਰਨਾਂ ਆਗੂਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਬਹੁਤੇ ਕਾਂਗਰਸੀ ਵਿਧਾਇਕ ਹਾਲੇ ਪੱਤੇ ਨਹੀਂ ਖ਼ੋਲ ਰਹੇ ਹਨ। ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਲੜਕਾ ਵੀ ਹਲਕੇ ਵਿਚ ਕਾਫ਼ੀ ਕੰਮ ਕਰ ਰਿਹਾ ਹੈ।
                ਊਰਜਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਚੋਣਾਂ ਦੀ ਤਿਆਰੀ ਲਈ 1 ਸਤੰਬਰ ਨੂੰ ਪਿੰਡ ਕਾਂਗੜ ਦੇ ਗੁਰੂ ਘਰ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸੱਦੀ ਲਈ ਹੈ। ਇਸੇ ਤਰ੍ਹਾਂ ਅਕਾਲੀ ਦਲ ਅਤੇ ਕਾਂਗਰਸ ਨੇ ਹਲਕਾ ਸਰਦੂਲਗੜ੍ਹ ਦੀ ਮੀਟਿੰਗ 31 ਅਗਸਤ ਨੂੰ ਸੱਦ ਲਈ ਹੈ। ਬਹੁਤੇ ਵਿਧਾਇਕ ਆਪਣੇ ਧੀਆਂ ਪੁੱਤਾਂ ਨੂੰ ਵੱਡੀ ਛਾਲ ਲਵਾਉਣਾ ਚਾਹੁੰਦੇ ਹਨ ਜਿਸ ਕਰਕੇ ਉਨ੍ਹਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਛੋਟਾ ਵੀ ਸਮਝ ਰਹੇ ਹਨ।
       


No comments:

Post a Comment