Monday, March 30, 2020

                                                           ਇੱਕ ਸੱਚ ਏਹ ਵੀ..
                                ਪੰਜਾਬ ਦੀ ਜ਼ਿੰਦਗੀ ’ਚੋਂ ਪਠਲਾਵਾ ‘ਬੇਦਖ਼ਲ’
                                                              ਚਰਨਜੀਤ ਭੁੱਲਰ
ਚੰਡੀਗੜ੍ਹ : ਨਵਾਂ ਸ਼ਹਿਰ ਜ਼ਿਲ੍ਹੇ ਦਾ ਪਿੰਡ ਪਠਲਾਵਾ ਪਲ-ਪਲ ਮਰ ਰਿਹਾ ਹੈ। ਇੱਥੇ ਲੋਕਾਂ ਦੀ ਜ਼ਿੰਦਗੀ ਸਹਿਕ ਰਹੀ ਹੈ ਜਿਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਪੰਜਾਬ ਦਾ ਪਹਿਲਾ ਮਰੀਜ਼ ਗਿਆਨੀ ਬਲਦੇਵ ਸਿੰਘ ਇਸੇ ਪਿੰਡ ਦਾ ਸੀ ਜਿਸ ਦੀ 18 ਮਾਰਚ ਨੂੰ ਮੌਤ ਹੋਈ ਹੈ। ਉਸ ਮਗਰੋਂ ਪਿੰਡ ਪਠਲਾਵਾ ਬੇਦਖ਼ਲੀ ਦੀ ਜ਼ਿੰਦਗੀ ਭੋਗਣ ਲੱਗਾ ਹੈ। ਪਠਲਾਵਾ ਇਸ ਵੇਲੇ ਪੰਜਾਬ ‘ਚ ਕਰੋਨਾ ਦਾ ਕੇਂਦਰ ਬਿੰਦੂ ਹੈ। ਸੂਬਾ ਸਰਕਾਰ ਕਰੋਨਾ ਨੂੰ ਲੈ ਕੇ ਕਿੰਨੀ ਕੁ ਸੰਜੀਦਾ ਹੈ, ਇਸ ਦਾ ਪਤਾ ਪਠਲਾਵਾ ਦੀ ਜ਼ਮੀਨੀ ਹਕੀਕਤ ਤੋਂ ਲੱਗਦਾ ਹੈ। ਵੇਰਵਿਆਂ ਅਨੁਸਾਰ ਬਲਦੇਵ ਸਿੰਘ ਤੋਂ ਕਰੋਨਾ ਦੀ ਲਾਗ ਦਾ ਪਸਾਰਾ ਹੋਇਆ ਅਤੇ ਡੇਢ ਦਰਜਨ ਪਾਜ਼ੇਟਿਵ ਕੇਸ ਨਿਕਲੇ ਹਨ। ਚੁਫੇਰ ਵਾਲੇ 15 ਪਿੰਡਾਂ ਨੂੰ ਸੀਲ ਕਰਨਾ ਪਿਆ ਹੈ। ਹੁਣ ਤੱਕ 350 ਦੇ ਕਰੀਬ ਨਮੂਨੇ ਲਏ ਗਏ ਹਨ। ਦੋ ਦਿਨਾਂ ਤੋਂ ਨਮੂਨੇ ਨੈਗੇਟਿਵ ਆਉਣੇ ਸ਼ੁਰੂ ਹੋਏ ਹਨ ਜੋ ਪਠਲਾਵਾ ਲਈ ਰਾਹਤ ਦੀ ਖ਼ਬਰ ਹੈ। ਦੂਜੇ ਪਾਸੇ ਇਸ ਪਿੰਡ ਨੂੰ ‘ਸਮਾਜਿਕ ਬਾਈਕਾਟ‘ ਵਰਗੇ ਮਾਹੌਲ ‘ਚੋਂ ਲੰਘਣਾ ਪੈ ਰਿਹਾ ਹੈ। ਲੋਕ ਆਖਦੇ ਹਨ ਕਿ ਕਸੂਰ ਜਾਣੇ-ਅਣਜਾਣੇ ‘ਚ ਕਿਸੇ ਇੱਕ ਦਾ ਹੈ ਪਰ ਭੁਗਤ ਸਾਰਾ ਪਿੰਡ ਰਿਹਾ ਹੈ।‘ਪੰਜਾਬੀ ਟ੍ਰਿਬਿਊਨ‘ ਵੱਲੋਂ ਜ਼ਮੀਨੀ ਹਕੀਕਤ ਜਾਣਨ ਲਈ ਪਠਲਾਵਾ ਦੇ ਪਤਵੰਤਿਆਂ ਨਾਲ ਗੱਲ ਕੀਤੀ ਗਈ। ਸਰਕਾਰੀ ਹਸਪਤਾਲ ‘ਚ ਦਾਖ਼ਲ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਨਾਲ ਇੰਜ ਦਾ ਸਲੂਕ ਹੋ ਰਿਹਾ ਹੈ ਜਿਵੇਂ ਉਹ ਮੁਜਰਮ ਹੋਣ। ਡਾਕਟਰ ਅਤੇ ਸਟਾਫ ਡਰਦੇ ਨੇੜੇ ਨਹੀਂ ਲੱਗਦੇ।
              ਇਲਾਜ ਤੋਂ ਨਾਖੁਸ਼ ਹਰਪਾਲ ਸਿੰਘ ਮੁਤਾਬਕ ਰੋਜ਼ਾਨਾ ਦੀ ਕੋਈ ਨਜ਼ਰਸਾਨੀ ਨਹੀਂ ਹੋ ਰਹੀ ਅਤੇ ਟੈਸਟ ਵੀ ਰੈਗੂਲਰ ਨਹੀਂ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਲਾਜ ਲਈ ਚੰਗੇ ਹਸਪਤਾਲ ‘ਚ ਦਾਖ਼ਲ ਕਰਾਏ। ਪਠਲਾਵਾ ਦਾ ਨੌਜਵਾਨ ਹਰਪ੍ਰੀਤ ਸਿੰਘ ਦੱਸਦਾ ਹੈ ਕਿ ਕਰੋਨਾ ਮਰੀਜ਼ ਦੀ ਮੌਤ ਮਗਰੋਂ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਤੱਕ ਪਿੰਡ ‘ਚ ਨਹੀਂ ਭੇਜੇ। ਪਿੰਡ ਦੀ ਏਕਨੂਰ ਸਮਾਜ ਭਲਾਈ ਸੰਸਥਾ ਨੇ ਇੱਕ ਲੱਖ ਰੁਪਏ ਖ਼ਰਚ ਕਰਕੇ ਚਾਰ ਹਜ਼ਾਰ ਮਾਸਕ ਅਤੇ ਅੱਠ ਪੇਟੀਆਂ ਸੈਨੇਟਾਈਜ਼ਰ ਖੁਦ ਖਰੀਦ ਕੇ ਘਰ-ਘਰ ਵੰਡੇ ਹਨ। ਇੱਥੋਂ ਤੱਕ ਕਿ ਘਰੋਂ-ਘਰੀਂ ਜਾ ਕੇ ਸਰਵੇ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਪਿੰਡ ਤਰਫ਼ੋਂ ਮਾਸਕ ਮੁਹੱਈਆ ਕਰਾਏ ਗਏ। ਹਰਪ੍ਰੀਤ ਨੇ ਕਿਹਾ ਕਿ ਪ੍ਰਸ਼ਾਸਨ ਨੇ ਕੀਟਾਣੂ ਮੁਕਤ ਕਰਨ ਵਾਲੀ 30 ਲੀਟਰ ਦਵਾਈ ਭੇਜੀ ਸੀ ਜਿਸ ਦਾ ਪਿੰਡ ਦੇ ਨੌਜਵਾਨਾਂ ਨੇ ਖੁਦ ਹੀ ਛਿੜਕਾਅ ਕੀਤਾ। ਸੰਤ ਬਾਬਾ ਘਨੱਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦਾ ਚੈਰੀਟੇਬਲ ਹਸਪਤਾਲ ਪ੍ਰਸ਼ਾਸਨ ਨੇ ਬੰਦ ਕਰਾ ਦਿੱਤਾ। ਦਵਾਈਆਂ ਵੀ ਕਲੱਬ ਸ਼ਹਿਰ ਤੋਂ ਖਰੀਦ ਕੇ ਲਿਆ ਰਿਹਾ ਹੈ। ਪ੍ਰਧਾਨ ਨੇ ਦੱਸਿਆ ਕਿ ਕਰੋਨਾ ਦੇ ਨਮੂਨੇ ਲੈਣ ਲਈ ਡਾਕਟਰੀ ਟੀਮਾਂ ਜ਼ਰੂਰ ਆਈਆਂ ਪ੍ਰੰਤੂ ਆਮ ਇਲਾਜ ਵਾਸਤੇ ਜੋ ਐਂਬੂਲੈਂਸ ਤੇ ਡਾਕਟਰ ਭੇਜੇ ਗਏ ਸਨ, ਉਹ ਪਿੰਡੋਂ ਬਾਹਰ ਰੁਕ ਜਾਂਦੇ ਸਨ। ਹੁਣ ਜਦੋਂ ਰਿਪੋਰਟਾਂ ਨੈਗੇਟਿਵ ਆਈਆਂ ਤਾਂ ਡਾਕਟਰ ਪਿੰਡ ‘ਚ ਆਉਣ ਲੱਗ ਪਏ ਹਨ।
               ਉਨ੍ਹਾਂ ਆਖਿਆ ਕਿ ਸਰਕਾਰ ਨੇ ਬਣਦਾ ਰੋਲ ਨਹੀਂ ਨਿਭਾਇਆ। ਪਿੰਡ ਸਹਿਮ ਵਿਚ ਹੈ ਅਤੇ ਲੋਕ ਦਹਿਲੇ ਹੋਏ ਹਨ।ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਢਾਰਸ ਦੇਣ ਖਾਤਰ ਹਾਕਮ ਧਿਰ ਦੇ ਆਗੂਆਂ ਨੂੰ ਪਿੰਡ ਆਉਣਾ ਚਾਹੀਦਾ ਸੀ ਪ੍ਰੰਤੂ ਇਹ ਲੀਡਰ ਖੁਦ ਹੀ ਪਿੰਡ ਤੋਂ ਡਰਨ ਲੱਗ ਪਏ ਹਨ। ਨੌਜਵਾਨਾਂ ਨੇ ਦੱਸਿਆ ਕਿ ਹਾਕਮ ਧਿਰ ਅਤੇ ਵਿਰੋਧੀ ਧਿਰ ਨੇ ਪਿੰਡ ਤੋਂ ਇੱਕੋ ਜਿੰਨੀ ਦੂਰੀ ਬਣਾਈ ਹੋਈ ਹੈ। ਅੌਖ ਦੀ ਘੜੀ ਵਿਚ ਪਿੰਡ ਨੂੰ ਇਕੱਲਾ ਛੱਡ ਦਿੱਤਾ ਗਿਆ ਹੈ। ਮ੍ਰਿਤਕ ਬਲਦੇਵ ਸਿੰਘ ਦੇ ਘਰ ਨੂੰ ਜਿੰਦਰਾ ਵੱਜਾ ਹੋਇਆ ਹੈ ਅਤੇ ਮੁਹੱਲੇ ਦੇ ਲੋਕਾਂ ਨੇ ਜਿੰਦਰਾ ਮਾਰ ਕੇ ਬੱਚੇ ਅੰਦਰ ਤਾੜੇ ਹੋਏ ਹਨ। ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਨਾਲ ਸੀਲ ਹਨ। ਪਠਲਾਵਾ ‘ਚ ਪੰਜ ਗੁਰੂ ਘਰ ਹਨ ਜਿਨ੍ਹਾਂ ‘ਚ ਹੁਣ ਕੋਈ ਨਹੀਂ ਜਾਂਦਾ। ਕਿਸਾਨਾਂ ਨੂੰ ਖੇਤਾਂ ਵਿਚ ਹਰਾ ਚਾਰਾ ਲਿਆਉਣ ਦੀ ਛੋਟ ਹੈ। ਇੱਕ ਐੱਨਆਰਆਈ ਪਰਿਵਾਰ ਪਿੰਡ ‘ਚ ਫਸਿਆ ਹੋਇਆ ਹੈ। ਪਿੰਡ ਦੀ ਗਰਭਵਤੀ ਅੌਰਤ ਲਖਵਿੰਦਰ ਕੌਰ ਨੇ ਇਲਾਜ ਵਾਸਤੇ ਸ਼ਹਿਰ ਜਾਣਾ ਸੀ ਪ੍ਰੰਤੂ ਉਹ ਜਾ ਨਾ ਸਕੀ। ਅਲਰਜੀ ਦਾ ਮਰੀਜ਼ ਮੋਹਨ ਲਾਲ ਸ਼ਹਿਰੋਂ ਦਵਾਈ ਲਿਆਉਣਾ ਚਾਹੁੰਦਾ ਹੈ। ਪਿੰਡ ਦਾ ਮੈਡੀਕਲ ਸਟੋਰ ਤੇ ਲੈਬ ਬੰਦ ਹਨ। ਦੋ ਆਟਾ ਚੱਕੀਆਂ ਅੱਜ ਚੱਲੀਆਂ ਹਨ ਜਦੋਂ ਕਿ ਪਰਚੂਨ ਦੀਆਂ ਦੁਕਾਨਾਂ ਬੰਦ ਹਨ। ਗਲੀਆਂ ਸੁੰਨੀਆਂ ਹਨ ਅਤੇ ਖ਼ੌਫ ਦਾ ਪਹਿਰਾ ਹੈ।
              ਪਤਵੰਤੇ ਗੁਰਚਰਨ ਸਿੰਘ ਦਾ ਪ੍ਰਤੀਕਰਮ ਸੀ ਕਿ ਪਠਲਾਵਾ ਸਮਾਜਿਕ ਮੌਤ ਝੱਲ ਰਿਹਾ ਹੈ ਅਤੇ ਲੋਕਾਂ ਨੂੰ ਸਹਿਮ ‘ਚੋਂ ਕੱਢਣ ਦੀ ਥਾਂ ਸਰਕਾਰੀ ਡਾਕਟਰ ਖੁਦ ਪਿੰਡ ਦੇ ਲੋਕਾਂ ਨਾਲ ਅਛੂਤਾਂ ਵਾਲਾ ਵਿਵਹਾਰ ਕਰਨ ਲੱਗ ਪਏ ਹਨ। ਉਹ ਆਪਣੀ ਭੈਣ ਨੂੰ ਲੈ ਕੇ ਗਏ ਪ੍ਰੰਤੂ ਡਾਕਟਰਾਂ ਨੇ ਇੰਜ ਦਵਾਈ ਸੁੱਟੀ ਜਿਵੇਂ ਕੋਈ ਕੁੱਤੇ ਨੂੰ ਰੋਟੀ ਪਾਉਂਦਾ ਹੈ। ਪਤਾ ਲੱਗਾ ਹੈ ਕਿ ਐੱਸਡੀਐੱਮ ਬੀਤੇ ਕੱਲ ਪਿੰਡ ਆਏ ਸਨ ਅਤੇ ਰਾਸ਼ਨ ਦੀਆਂ 25 ਕਿੱਟਾਂ ਦੇ ਕੇ ਗਏ ਹਨ। ਪਿੰਡ ਦੇ ਇੱਕ ਐੱਨਆਰਆਈ ਨੇ ਵਾਅਦਾ ਕੀਤਾ ਹੈ ਕਿ ਉਹ 200 ਕਿੱਟਾਂ ਦੇ ਪੈਸੇ ਭੇਜ ਦੇਵੇਗਾ। ਦਿਹਾੜੀਦਾਰ ਜਸਪਾਲ ਸਿੰਘ ਤਾਂ ਰੋ ਹੀ ਪਿਆ। ਉਹ ਦੱਸਦਾ ਹੈ ਕਿ ਜਦੋਂ ਪਿੰਡ ਸੀਲ ਕੀਤਾ ਗਿਆ ਤਾਂ ਉਦੋਂ ਜੇਬ ‘ਚ ਪੰਜ ਸੌ ਰੁਪਏ ਸਨ, ਹੁਣ ਪਿੰਡ ਦੇ ਲੋਕ ਬਾਂਹ ਨਾ ਫੜਦੇ ਤਾਂ ਉਸ ਨੇ ਭੁੱਖੇ ਮਰ ਜਾਣਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੱਲਾ ਝਾੜ ਲਿਆ ਹੈ ਅਤੇ ਜੋ 25 ਕਿੱਟਾਂ ਰਾਸ਼ਨ ਭੇਜਿਆ, ਉਹ ਲੋੜਵੰਦਾਂ ਨੂੰ ਨਹੀਂ ਮਿਲਿਆ। ਪਿੰਡ ਦੇ ਖੇਤਾਂ ਵਿਚ 70 ਦੇ ਕਰੀਬ ਪਰਵਾਸੀ ਮਜ਼ਦੂਰ ਬੈਠੇ ਹਨ, ਜਿਨ੍ਹਾਂ ਨੂੰ ਰਾਸ਼ਨ ਕਿਸਾਨ ਪਰਿਵਾਰ ਦੇ ਰਹੇ ਹਨ। ਪਿੰਡ ਦੇ ਕਿਸਾਨ ਸੰਤੋਖ ਸਿੰਘ ਦੀ ਦੋ ਏਕੜ ਆਲੂ ਦੀ ਫਸਲ ਖਰਾਬ ਹੋ ਗਈ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਸਪਰੇਅ ਨਹੀਂ ਕਰ ਸਕਿਆ ਤੇ ਮੌਸਮ ਖਰਾਬ ਹੋ ਗਿਆ। ਹੁਣ ਆਲੂ ਵਾਹੁਣੇ ਹੀ ਪੈਣੇ ਨੇ। ਕਿਸਾਨਾਂ ਨੇ ਫਿਕਰ ਜ਼ਾਹਰ ਕੀਤਾ ਕਿ ਹਾੜੀ ਦੀ ਫਸਲ ਲਈ ਲੇਬਰ ਨੇ ਪਿੰਡ ਵੱਲ ਮੂੰਹ ਨਹੀਂ ਕਰਨਾ ਅਤੇ ਕੰਬਾਇਨਾਂ ਵਾਲੇ ਕਿਤੇ ਨਾਂਹ ਨਾ ਕਰ ਜਾਣ।
               ਪਠਲਾਵਾ ਦੇ ਟਰੱਕ ਮਾਲਕ ਜਸਵਿੰਦਰ ਸਿੰੰਘ ਨੇ ਦੱਸਿਆ ਕਿ ਉਸ ਦਾ ਇੱਕ ਟਰੱਕ ਬੰਗਾ ‘ਚ ਲੋਡ ਹੋਇਆ ਖੜ੍ਹਾ ਸੀ। ਜਿਉਂ ਹੀ ਬਲਦੇਵ ਸਿੰਘ ਦੀ ਮੌਤ ਦੀ ਖ਼ਬਰ ਆਈ ਤਾਂ ਟਰੱਕ ਯੂਨੀਅਨ ਵਾਲਿਆਂ ਨੇ ਟਰੱਕ ਅਣਲੋਡ ਕਰਾ ਦਿੱਤਾ ਅਤੇ ਪਠਲਾਵਾ ਦੇ ਸਭ ਲੋਕਾਂ ਨੂੰ ਯੂਨੀਅਨ ‘ਚੋਂ ਬਾਹਰ ਕੱਢ ਦਿੱਤਾ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਆਪਣੀ ਗਲਤੀ ਛੁਪਾਉਣ ਲਈ ਸਾਰਾ ਭਾਂਡਾ ਬਲਦੇਵ ਸਿੰਘ ‘ਤੇ ਭੰਨ ਦਿੱਤਾ ਜੋ ਚਾਰ ਹਸਪਤਾਲਾਂ ਵਿਚ ਇਲਾਜ ਲਈ ਭਟਕਦਾ ਰਿਹਾ। ਸਰਕਾਰ ਨੇ ਵੇਲੇ ਸਿਰ ਉਸ ਨੂੰ ਇਕਾਂਤਵਾਸ ਕਿਉਂ ਨਹੀਂ ਭੇਜਿਆ। ਅੌਰਤਾਂ ਦਾ ਕਹਿਣਾ ਸੀ ਕਿ ਮੰਨ ਵੀ ਲਈਏ ਤਾਂ ਇੱਕ ਵਿਅਕਤੀ ਦੀ ਸਜ਼ਾ ਪੂਰੇ ਪਿੰਡ ਨੂੰ ਕਿਉਂ ਦਿੱਤੀ ਜਾ ਰਹੀ ਹੈ। ਪਿੰਡ ਵਾਸੀ ਮੱਖਣ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੀ ਧੀ ਦਾ ਵਿਆਹ ਹੁਣ ਪਿੱਛੇ ਪਾਉਣਾ ਪੈ ਰਿਹਾ ਹੈ। ਨੌਜਵਾਨ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਦਰਜਨਾਂ ਲੋਕ ਡਿਪਰੈਸ਼ਨ ਵਿਚ ਚਲੇ ਗਏ ਹਨ ਜੋ ਘਰਾਂ ਨੂੰ ਅੰਦਰੋਂ ਜਿੰਦਰੇ ਮਾਰੀ ਬੈਠੇ ਹਨ। ਪਿੰਡ ਦਾ ਕਹਿਣਾ ਹੈ ਕਿ ਸਰਕਾਰ ਨੇ ਵੀ ਪਠਲਾਵਾ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਅਤੇ ਉਪਰੋਂ ਸਮਾਜ ਨੇ ਪਿੰਡ ਨੂੰ ਛੇਕਣ ਵਾਲਾ ਰਵੱਈਆ ਧਾਰ ਲਿਆ। ਪਿੰਡ ‘ਚ ਸਬਜ਼ੀ ਅਤੇ ਗੈਸ ਵਗੈਰਾ ਆਉਣ ਲੱਗ ਪਈ ਹੈ ਪ੍ਰੰਤੂ ਹਾਲੇ ਤੱਕ ਸਿਹਤ ਮਹਿਕਮੇ ਦਾ ਕੋਈ ਵੱਡਾ ਅਧਿਕਾਰੀ ਪਿੰਡ ਨਹੀਂ ਆਇਆ।
                                    ਬਿਹਤਰ ਉਪਰਾਲੇ ਕਰ ਰਹੇ ਹਾਂ: ਡਿਪਟੀ ਕਮਿਸ਼ਨਰ
ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਆਖਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਹਰ ਤਰ੍ਹਾਂ ਦੇ ਬਿਹਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 75 ਕੇਸ ਨੈਗੇਟਿਵ ਆਏ ਹਨ। ਉਹ ਖੁਦ ਇਨ੍ਹਾਂ ਪਿੰਡਾਂ ਵਿਚ ਜਾ ਰਹੇ ਹਨ ਅਤੇ ਲੋਕਾਂ ਨੂੰ ਸਹਿਮ ‘ਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਵਗੈਰਾ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਐੱਸਐੱਮਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਦਾ ਡਾਕਟਰਾਂ ਵੱਲੋਂ ਰੈਗੂਲਰ ਚੈੱਕਅਪ ਕੀਤਾ ਜਾ ਰਿਹਾ ਅਤੇ ਕਿਸੇ ਨਾਲ ਕੋਈ ਮਾੜਾ ਸਲੂਕ ਨਹੀਂ ਕੀਤਾ ਜਾ ਰਿਹਾ ਹੈ।

Sunday, March 29, 2020

                           ਵਿਚਲੀ ਗੱਲ
               ਜ਼ਿੰਦਗੀ ਦੀ ਗੇਮ ਜ਼ੀਰੋ..!
                          ਚਰਨਜੀਤ ਭੁੱਲਰ
ਚੰਡੀਗੜ੍ਹ : ਜ਼ਿਲ੍ਹਾ ਨਵਾਂ ਸ਼ਹਿਰ ਹੈ ਤੇ ਕਿੱਸਾ ਪੁਰਾਣਾ। ਪਿੰਡ ਪਠਲਾਵਾ ਦੇ ਚੇਤੇ ’ਚ ਘੁੰਮਿਐ। ਪਲੇਗ ਨੇ ਉਦੋਂ ਕਈ ਪਿੰਡ ਹਿਲਾਏ। ਬਿਨ ਬੁਲਾਏ ਯਮਦੂਤ ਇੰਝ ਆਏ ਜਿਵੇਂ ਕੱਫਨਾਂ ਦੇ ਬਜਾਜੀ ਹੋਣ। ਅੱਗਿਓਂ ਟੱਕਰੇ ਕੋਈ ਸਿੱਧ ਪੁਰਸ਼, ਜਿਨ੍ਹਾਂ ਪੁੱਠਾ ਹਲ਼ ਵਾਹਿਆ। ਬਿਮਾਰੀ ਛੂ ਮੰਤਰ ਹੋ ਗਈ, ਨਾਲੇ ਯਮਦੂਤ। ਪਿੰਡ ਦਾ ਇੱਥੋਂ ਹੀ ਨਾਮ ਬੱਝਾ ‘ਪਠਲਾਵਾ’। ਕੋਈ ਮੰਨੇ ਚਾਹੇ ਨਾ, ਪਿੰਡ ਦੇ ਬਜ਼ੁਰਗ ਜ਼ਰੂਰ ਮੰਨਦੇ ਹਨ। ਪਿੰਡ ਤੱਤੀ ’ਵਾ ਤੋਂ ਬਚਿਆ ਰਿਹਾ। ਕਰੋਨਾ ਤੋਂ ਹੁਣ ਕਿਵੇਂ ਬਚਦਾ। ਵੱਡੇ ਵੱਡੇ ਲਾਟ ਨੀ ਬਚੇ। ਗਿਆਨੀ ਬਲਦੇਵ ਸਿਓਂ ਕੀਹਦਾ ਵਿਚਾਰੈ। ਪਠਲਾਵਾ ਦਾ ਏਹ ਗਿਆਨੀ। ਇਟਲੀ ਗਿਆ ਤਾਂ ਕਥਾ ਕਰਨ ਸੀ, ਮੁੜਦਾ ਕਰੋਨਾ ਮੋਢੇ ਚੁੱਕ ਲਿਆਇਆ। ਪੰਜਾਬ ’ਚ ਕਰੋਨਾ ਮਰੀਜ਼ ਦਾ ਪਹਿਲਾ ਸਿਵਾ ਪਠਲਾਵਾ ’ਚ ਬਲਿਆ। ਪੰਜਾਬ ਨੂੰ ਪਿੱਸੂ ਪਏ ਹੋਏ ਨੇ, ਜਿੰਨੇ ਮੂੰਹ, ਓਨੀਆਂ ਗੱਲਾਂ। ਤਪਿਆ ਪਿਐ ਪੰਜਾਬ। ਅਖੇ ਗਿਆਨੀ ਜੀ, ਘਰੇ ਟਿਕ ਕੇ ਨਹੀਂ ਬੈਠ ਸਕਦੇ ਸੀ। ਸਾਨੂੰ ਬਿਨਾਂ ਗੱਲੋਂ ਟਿੰਢੀ ਦੇ ਬੀਅ ’ਤੇ ਚਾੜ੍ਹਤਾ। ਗਿਆਨੀ ਜੀ ਵਿਦੇਸ਼ੋਂ ਆਏ। ਦੂਜੇ ਦਿਨ ਹੋਲੇ ਮਹੱਲੇ ’ਚ ਚਲੇ ਗਏ। ‘ਖਾਮੋਸ਼ ਕਾਤਲ’ ਨੇ ਮੇਲੇ ’ਚ ਛਿੱਟਾ ਦੇ ਦਿੱਤਾ। ਲੰਗਰ ਲਾਇਆ, ਨਾਲੇ ਪ੍ਰਸ਼ਾਦ ਵੰਡਿਆ। ਲੱਕ ਨਾਲ ਮੌਤ ਬੰਨ੍ਹ ਕੇ ਪਿੰਡ ਮੁੜੇ। ਘਰ ਦੇ ਅੱਠ ਮੈਂਬਰ, ਪਠਲਾਵਾ ਦੇ ਕੁੱਲ 11 ਜਣੇ, ਕਰੋਨਾ ਪਾਜ਼ੇਟਿਵ ਹਨ। ਜਾਂਦੀ ਉਮਰੇ ਗਿਆਨੀ ਜੀ ਦੇ ਢੋਲ ਵੱਜ ਗਏ। 550 ਜਣੇ ਤਾਂ ਅਗਿਆਨੀ ਹੀ ਨਿਕਲੇ, ਜੋ ਗਿਆਨੀ ਜੀ ਤੋਂ ਖ਼ਤਾ ਖਾ ਗਏ। ‘ਛੱਡੋ ਜੀ, ਜੋ ਮਾਲਕ ਦੀ ਰਜ਼ਾ, ਪੂਰੀ ਦੁਨੀਆਂ ’ਤੇ ਕੋਈ ਗ੍ਰਹਿ ਲੱਗਦੈ।’ ਦੱਸੋ ਭਲਾ, ਏਦਾਂ ਦਾ ਬਿਆਨ ਕੌਣ ਦੇ ਸਕਦੈ।
                ਪਠਲਾਵਾ ਹੁਣ ਮੌਤ ਦੇ ਸਾਏ ਹੇਠ ਹੈ। ਪਿੰਡ ਵੱਲ ਕੋਈ ਮੂੰਹ ਨਹੀਂ ਕਰਦਾ। ਖੰਘਣਾ ਤਾਂ ਦੂਰ ਦੀ ਗੱਲ। ਜਲੰਧਰ ਵਾਲਾ ਪੱਤਰਕਾਰ ਆਈ.ਪੀ.ਸਿੰਘ ਆਖਦੈ, ਗਿਆਨੀ ਜੀ ਦਾ ਕੋਈ ਕਸੂਰ ਨਹੀਂ। ਸਰਕਾਰ ਘੂਕ ਸੁੱਤੀ ਰਹੀ, ਹਸਪਤਾਲ ਡੁੰਨਵੱਟਾ ਬਣ ਗਏ। ਖ਼ੈਰ, ਕਸੂਰ ਕਿਸੇ ਦਾ ਹੋਵੇ। ਗਿਆਨੀ ਜੀ ਪੰਜਾਬ ਨੂੰ ਕਲਬੂਤ ਦੇ ਗਏ। ਭਾਵੇਂ ਸਰਕਾਰ ਨੇ ਠੀਕਰਾ ਗਿਆਨੀ ਜੀ ’ਤੇ ਭੰਨਿਐ। ਲੱਗਦੈ ਪਠਲਾਵਾ ਨੂੰ ਹੁਣ ਗਿਆਨੀ ਜੀ ਦਾ ਯਾਦਗਾਰੀ ਗੇਟ ਨਹੀਂ ਬਣਾਉਣਾ ਪੈਣਾ। ਅੱਗੇ ਤੁਰਦੇ ਹਾਂ। ਭੀਲਵਾੜਾ (ਰਾਜਸਥਾਨ) ਵੀ ‘ਮਿੰਨੀ ਇਟਲੀ’ ਬਣ ਗਿਐ। ਨਰਾਇਣ ਸਿੰਘ ਮੌਤ ਦਾ ਦੂਤ ਬਣਿਐ। ਖ਼ੁਦ ਤਾਂ ਕਰੋਨਾ ਨਾਲ ਫ਼ੌਤ ਹੋ ਗਿਆ। ਪਿੱਛੇ ਪੁੱਤ ਪੋਤੇ ਵੀ ਰਗੜੇ ਗਏ। ਭੀਲਵਾੜਾ ਵਿਚ 21 ਪਾਜ਼ੇਟਿਵ ਕੇਸ ਨਿਕਲੇ ਨੇ। ਦੱਖਣੀ ਕੋਰੀਆ ’ਚ ‘ਮਰੀਜ਼ ਨੰਬਰ-31’ ਦੇ ਚਰਚੇ ਹਨ। ਹਸਪਤਾਲ ਦੇ ਬੈੱਡ ਨੰਬਰ ਇਕੱਤੀ ’ਤੇ ਜੋ ਮਹਿਲਾ ਪਈ, ਪਹਿਲਾਂ ਗਿਰਜਾ ਘਰ, ਫਿਰ ਹੋਟਲ ਤੇ ਅੱਗੇ ਬਾਜ਼ਾਰਾਂ ’ਚ ਘੁੰਮੀ। ਬਾਰਾਂ ਦਿਨਾਂ ’ਚ ਪੰਜ ਹਜ਼ਾਰ ਦਾ ਸਿਰ ਪਲੋਸ ਗਈ। ਆਸਟਰੀਆ ’ਚ ਇੱਕ ਸਾਕੀ ਨੇ ਪਿਆਲੇ ਵੰਡ ਦਿੱਤੇ। ਰਿਜ਼ੌਰਟ ਨੇ ਆਪਣਾ ਮਰੀਜ਼ ਛੁਪਾ ਲਿਆ। ਕਿੰਨੇ ਹੀ ਹੁਣ ਮਦਹੋਸ਼ੀ ’ਚ ਪਏ ਹਨ। ਡੋਨਲਡ ਟਰੰਪ ਹੁਣ ਚੀਨ ’ਤੇ ਦੰਦੀਆਂ ਵੱਢ ਰਿਹੈ।
                ‘ਗੇਮ ਜ਼ੀਰੋ’ ਨੇ ਇਟਲੀ ਮਸਲ ਦਿੱਤਾ। ਰੋਮ ਇਕੱਲਾ ਨਹੀਂ, ਸਭ ਸ਼ਹਿਰ ਜਲ ਰਹੇ ਨੇ। ਇਟਲੀ ਦਾ ਸ਼ਹਿਰ ਮਿਲਾਨ, ਜਿੱਥੇ ਫੁੱਟਬਾਲ ਦੀ ‘ਚੈਂਪੀਅਨਜ਼ ਲੀਗ’ ਹੋਈ। ਸਟੇਡੀਅਮ ’ਚ ਬਰਗਾਮੋ (ਇਟਲੀ) ਦੇ 40 ਹਜ਼ਾਰ ਦਰਸ਼ਕ, ਸਪੇਨ ਦੇ 2500 ਦਰਸ਼ਕ ਸਜੇ। ਇਟਲੀ ਦੀ ਕਲੱਬ ਟੀਮ ਨੇ ਚਾਰ ਗੋਲ ਕੀਤੇ। ਖੁਸ਼ੀ ’ਚ ਚਾਲੀ ਹਜ਼ਾਰ ਦਰਸ਼ਕਾਂ ਨੇ ਚਾਰ ਵਾਰ ਇਕ ਦੂਜੇ ਨੂੰ ਚੁੰਮਿਆ। ਦਰਸ਼ਕਾਂ ’ਚ ਕਿਤੇ ‘ਖਾਮੋਸ਼ ਕਾਤਲ’ ਵੀ ਬੈਠਾ ਸੀ। ਇਕੱਲੇ ਬਰਗਾਮੋ ’ਚ ਸੱਤ ਹਜ਼ਾਰ ਨੂੰ ਮੌਤ ਨੇੜੇ ਕਰ ਦਿੱਤਾ। ਸਪੇਨ ਮੈਚ ਵੀ ਹਾਰਿਆ ਤੇ ਜ਼ਿੰਦਗੀ ਵੀ। ਕਰੋਨਾ ਮਹਾਮਾਰੀ ਮਗਰੋਂ ਚਾਰ ਗੋਲਾਂ ਵਾਲੇ ਮੈਚ ਨੂੰ ‘ਗੇਮ ਜ਼ੀਰੋ’ ਦਾ ਨਾਮ ਮਿਲਿਐ। ਦੁਨੀਆਂ ’ਚ ਜੋ ਨਹੀਂ ਰਹੇ, ਉਹ ਵਿਸ਼ਵ ਨੂੰ ‘ਜਾਗਦੇ ਰਹੋ’ ਦਾ ਹੋਕਾ ਦੇ ਗਏ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਪ੍ਰਿੰਸ ਚਾਰਲਸ, ਟਰੂਡੋ ਦੀ ਪਤਨੀ, ਸਪੇਨ ਦੇ ਪ੍ਰਧਾਨ ਮੰਤਰੀ ਦੀ ਬੀਵੀ, ਆਸਟਰੇਲੀਆ ਦਾ ਗ੍ਰਹਿ ਮੰਤਰੀ, ਬ੍ਰਿਟੇਨ ਦੀ ਸਿਹਤ ਮੰਤਰੀ, ਕਿੰਨੇ ਵੀ.ਵੀ.ਆਈ.ਪੀ ਨੇ ਜਿਨ੍ਹਾਂ ਨੂੰ ਕਰੋਨਾ ਨੇ ਅੌਕਾਤ ਦਿਖਾਈ ਹੈ। ਯੂਰੋਪ ਦਾ ਮਹਾਮਾਰੀ ਨਾਲ ਵਾਹ ਪੁਰਾਣਾ ਹੈ। 14ਵੀਂ ਸਦੀ ਵਿਚ ਪਲੇਗ ਤੇ 2009 ’ਚ ਸਵਾਈਨ ਫਲੂ। ਚੇਚਕ, ਹੈਜ਼ਾ, ਮਲੇਰੀਆ, ਸਾਰਸ, ਬਰਡ ਫਲੂ, ਨਿਪਾਹ, ਡੇਂਗੂ, ਜ਼ੀਕਾ ਵਾਇਰਸ, ਹੋਰ ਕਿੰਨੇ ਹੀ ਰੋਗ ਨੇ ਜੋ ਵਿਸ਼ਵ ਨੂੰ ਲੰਮਾ ਪਾ ਗਏ। ਕੋਈ ਰੋਗ ਸੂਰਾਂ ਤੋਂ ਫੈਲਿਆ ਤੇ ਕੋਈ ਚੂਹਿਆਂ ਤੋਂ।                                                                                   ਚੀਨ ਨੇ ਹੁਣੇ ਵਣ ਜੀਵ ਬਾਜ਼ਾਰ ਬੰਦ ਕੀਤੈ, ਜਿੱਥੇ ਜਿਊਂਦੇ ਜੀਵਾਂ ਦੀ ਮੰਡੀ ਲੱਗਦੀ ਸੀ। ਕੋਈ ਚਮਗਿੱਦੜ ਦਾ ਸੂਪ ਪੀਂਦਾ ਸੀ ਤੇ ਕੋਈ ਕੇਕੜੇ ਖਾਂਦਾ ਸੀ। ਜੰਗਲੀ ਚੂਹੇ ਤੇ ਸੱਪਾਂ ਦੇ ਸ਼ੌਕੀ ਵੀ ਹਨ। ਭਾਰਤ ਦੀ ਚਾਦਰ ਛੋਟੀ ਹੈ ਤੇ ਮੈਲੀ ਵੀ ਹੈ। ਚਾਦਰ ’ਚ ਸੁੰਗੜ ਕੇ ਪੈਣਾ ਆ ਗਿਐ। ਤਾਹੀਓਂ ਪ੍ਰਧਾਨ ਮੰਤਰੀ ਨੇ ਸਭ ਘਰੋ-ਘਰੀ ਤਾੜੇ ਹਨ। ਖ਼ੈਰ ਪਰਹੇਜ਼ ਤਾਂ ਚੰਗਾ ਹੈ। ਘੱਟੋ ਘੱਟ ਆਪਣੀ ਜ਼ਿੰਦਗੀ ਬਾਰੇ ਤਾਂ ਸੋਚੋ। ਅਮਰਿੰਦਰ ਨੇ ਵੀ ਪ੍ਰਸ਼ਾਸਕੀ ਰੰਗ ਦਿਖਾਇਐ, ਜਿਵੇਂ ਪੰਜਾਬ ਪੁਲੀਸ ਨੇ ਆਪਣੇ ਲੰਮੇ ਹੱਥ ਦਿਖਾਏ ਨੇ। ਪੁਲੀਸ ‘ਲਛਮਣ ਰੇਖਾ’ ਹੀ ਟੱਪ ਗਈ। ਸਖ਼ਤੀ ’ਤੇ ਕਾਹਦਾ ਇਤਰਾਜ਼ ਸੀ। ਅੱਜ ਕੱਲ੍ਹ ਖੰਘਣ ’ਤੇ ਜ਼ਰੂਰ ਹੈ। ਕਦੇ ਮੁਹੰਮਦ ਸਦੀਕ ਗਾਉਂਦਾ ਹੁੰਦਾ ਸੀ। ‘ਮਿੱਤਰਾਂ ਦੀ ਖੰਘ ਵਿਚ ਖੰਘ ਬੱਲੀਏ।’ ਹੁਣ ਖੰਘ ਦੇ ਡਰੋਂ ਸਦੀਕ ਘਰੇ ਡਰਿਆ ਬੈਠੈ। ਥੋਡੇ ‘ਖੰਘ ਵਾਲੀ ਦਵਾਈ’ ਚੇਤੇ ’ਚ ਵੱਜੀ ਹੋਊ, ਨਾਲੇ ਰਾਜਾ ਵੜਿੰਗ। ਮਹਾਮਾਰੀ ਜੰਗ ਤੋਂ ਘੱਟ ਨਹੀਂ ਹੁੰਦੀ, ‘ਜ਼ਿੰਦਗੀ ਹਰ ਕਦਮ ਇਕ ਨਵੀਂ ਜੰਗ ਹੈ’। ਪੰਜਾਬ ਦਾ ਰਾਜ ਪੰਛੀ ਬਾਜ਼ ਹੈ। ਬਾਜ਼ ਤੋਂ ਸਿੱਖੋ, ਤਕਲੀਫ਼ਾਂ ਨਾਲ ਜੂਝਣਾ। ਮੁਸੀਬਤਾਂ ਨੂੰ ਕਿਵੇਂ ਟੱਕਰਨੈ। ਇਹੋ ਗੱਲ ਛੱਜੂ ਰਾਮ ਸਮਝਾ ਰਿਹੈ। ’ਕੱਲੇ ਪ੍ਰਵਚਨਾਂ ਨਾਲ ਕਿੱਥੇ ਢਿੱਡ ਭਰਦੈ। ਭੁੱਖ ਕਿਹੜਾ ਬਿਮਾਰੀ ਤੋਂ ਘੱਟ ਹੈ। ਰੋਟੀ ਮਿਲੂ ਤਾਂ ਇਲਾਜ ਹੋਊ। ਗ਼ਰੀਬ ਬੰਦਾ ਦੋਹਰੀ ਜੰਗ ਲੜ ਰਿਹੈ। ਕਰੋਨਾ ਖ਼ਿਲਾਫ਼ ਤੇ ਦੂਜੀ ਢਿੱਡ ਦੀ।
               ਸਿਆਣਿਆ ਦਾ ਕਹਿਣੈ ‘ਗ਼ਰੀਬਾਂ ਲਈ ਮੌਤ ਸਭ ਤੋਂ ਚੰਗੀ ਡਾਕਟਰ ਹੁੰਦੀ ਹੈ।’ ਕਾਮਰੇਡਾਂ ਨੇ ਗਿਲਾ ਕੀਤਾ ਹੈ। ਉਧਰੋਂ, ਜਗਸੀਰ ਜੀਦਾ ਦੀ ਬੋਲੀ ਖੜ੍ਹਕੀ ਹੈ ‘ਹੱਕ ਮੰਗੀਏ ਬਰਾਬਰ ਦੇ, ਕਾਹਤੋਂ ਬੂਟ ਪਾਲਿਸ਼ਾਂ ਕਰੀਏ’। ਸਾਥੀਓ, ਪਹਿਲਾਂ ਕਰੋਨਾ ਨਾਲ ਸਿੱਝ ਲਓ। ਅਕਲ ਨੂੰ ਹੱਥ ਵੀ ਮਾਰੋ। ਕਿਊਬਾ ਤੋਂ ਹੀ ਸਿੱਖ ਲਵੋ। ਕੇਵਲ 1.10 ਕਰੋੜ ਦੀ ਆਬਾਦੀ ਹੈ। ਸਿਹਤ ਪ੍ਰਬੰਧਾਂ ’ਚ ਪੂਰੇ ਵਿਸ਼ਵ ਨੂੰ ਦੀਵਾ ਦਿਖਾ ਰਿਹਾ ਹੈ। ਕਿਊਬਾ ’ਚ ਇਕ ਹਜ਼ਾਰ ਆਬਾਦੀ ਪਿੱਛੇ 8 ਡਾਕਟਰ ਹਨ। ਭਾਰਤ ’ਚ ਸਿਰਫ਼ 0.8 ਫ਼ੀਸਦੀ। ਮੁਫ਼ਤ ਸਿੱਖਿਆ ਤੇ ਮੁਫ਼ਤ ਸਿਹਤ ਪ੍ਰਬੰਧ ਹਨ। ਕਿਊਬਾ ਨੇ 92 ਡਾਕਟਰ ਇਟਲੀ ਭੇਜੇ ਹਨ। ਚੀ ਗਵੇਰਾ ਦੀ ਡਾਕਟਰ ਧੀ ਵੀ ਬਾਲ ਭਲਾਈ ਦੇ ਲੇਖੇ ਲੱਗੀ ਹੈ। ਅਸੀਂ ਤਾਲੀ ਤੇ ਥਾਲੀ ਵਜਾ ਰਹੇ ਹਾਂ। ਭਾਂਡੇ ਖਾਲੀ ਹਨ, ਸਰਕਾਰੀ ਤੇ ਗ਼ਰੀਬ ਲੋਕਾਂ ਦੇ ਵੀ। ਭਾਰਤ ਸਰਕਾਰ ਨੇ 1.70 ਲੱਖ ਕਰੋੜ ਦਾ ਪੈਕੇਜ ਦਿੱਤੈ, 60 ਫ਼ੀਸਦੀ ਗ਼ਰੀਬ ਲੋਕਾਂ ਲਈ। ਕਰੋਨਾ ਨੇ ਗ਼ਰੀਬ ਦੇ ਗਲ ’ਗੂਠਾ ਦਿੱਤਾ ਹੈ। ਕਿਤੇ ਬੱਚੇ ਰੋਟੀ ਮੰਗ ਰਹੇ ਨੇ। ਕਿਤੇ ਬੱਚੇ ਘਾਹ ਖਾ ਰਹੇ ਨੇ।
               ਰੁਜ਼ਗਾਰ ਖੁਹਾ ਕੇ ਗੁਜਰਾਤ ਤੋਂ ਰਮੇਸ਼ ਮੀਣਾ ਪੈਦਲ ਰਾਜਸਥਾਨ ਲਈ ਤੁਰਿਆ। ਪਤਨੀ ਦੇ ਫਰੈਕਚਰ ਹੈ, ਜੋ ਮੋਢੇ ’ਤੇ ਚੁੱਕੀ ਹੈ। ਜਰਨੈਲੀ ਸੜਕਾਂ ’ਤੇ ਭੀੜਾਂ ਹਨ। ਮਦਦ ਲਈ ਕੋਈ ਹੱਥ ਨਹੀਂ ਉੱਠ ਰਿਹਾ। ਯੂਰੋਪ ’ਚ ਕਈ ਅਰਬਪਤੀ ਉੱਠੇ ਹਨ, ‘ਅਸੀਂ ਚੁੱਕਾਂਗੇ ਬੋਝ।’ ਸਾਡੇ ਤਾਂ ਇੱਕ-ਅੱਧੇ ਨੂੰ ਛੱਡ ਕੇ ਸਭ ਛਾਪਲ ਗਏ ਹਨ। ਸਿਆਸੀ ਜਮਾਤ ਤੋਂ ਕੀ ਆਸ ਰੱਖੀਏ। ਪੰਜਾਬ ਦੇ ਮੌਜੂਦਾ 117 ਵਿਧਾਇਕਾਂ ਕੋਲ ਕੁੱਲ 1378 ਕਰੋੜ ਦੀ ਸੰਪਤੀ ਹੈ। ਦੋ ਨੰਬਰ ਵਾਲੇ ਧਨ ਨੂੰ ਛੱਡ ਕੇ। ਕੋਈ ਦਸਵੰਧ ਨਹੀਂ ਕੱਢਦਾ। ਅੌਖੇ ਸਮੇਂ ਤਾਂ ਮਾੜੇ ਘਰ ਵੀ ਸੰਦੂਕ ਹਿਲਾ ਦਿੰਦੇ ਨੇ। ਏਹ ਧਨਾਢ, ਮਹਾਮਾਰੀ ਤੋਂ ਹੀ ਕੁਝ ਸਿੱਖ ਲੈਣ। ਜ਼ਿੰਦਗੀ ਚਾਰ ਦਿਹਾੜੇ। ਜੋ ਆਮ ਲੋਕ ਘਰਾਂ ’ਚ ਤੜੇ ਬੈਠੇ ਹਨ, ਉਹ ਹੱਸ ਖੇਡ ਕੇ ਸਮਾਂ ਕੱਢਣ। ਅਖ਼ੀਰ ’ਚ ਇਨ੍ਹਾਂ ਸੱਜਣਾਂ ਦੀ ਦਿਲੀ ਆਵਾਜ਼, ‘ਇੱਕੀ ਦਿਨ, ਚੌਵੀ ਘੰਟੇ, ਬੀਵੀ ਨਾਲ ਰਹਿਣਾ ਤੂੰ ਕੀ ਜਾਣੇ ਨਰਿੰਦਰ ਬਾਬੂ।’

Friday, March 27, 2020

                                                           ਆਫਤ ਦੀ ਘੜੀ 
                                  ਪੰਜਾਬ ਦੇ ਮੰਤਰੀ ਲੋਕਾਂ ਤੋਂ ਮੀਲਾਂ ਦੂਰ..!
                                                              ਚਰਨਜੀਤ ਭੁੱਲਰ
ਚੰਡੀਗੜ੍ਹ : ਕੈਬਨਿਟ ਵਜ਼ੀਰਾਂ ਨੇ ਅੌਖ ਦੇ ਪਲਾਂ ’ਚ ਲੋਕਾਂ ਤੋਂ ਮੀਲਾਂ ਦੀ ਦੂਰੀ ਬਣਾ ਲਈ ਹੈ। ਪੰਜਾਬ ’ਚ ਇੱਕ ਤਾਂ ਕਰੋਨਾ ਦਾ ਭੈਅ, ਉਪਰੋਂ ਰੋਜ਼ਮੱਰ੍ਹਾ ਲੋੜਾਂ ਦਾ ਸੰਕਟ, ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੈ। ਪੰਜਾਬ ਦੇ ਲੋਕ ਖਾਸ ਕਰ ਦੋ ਤਿੰਨ ਦਿਨਾਂ ਤੋਂ ਰਾਹ ਤੱਕ ਰਹੇ ਹਨ। ਵਿਧਾਇਕ ਤੇ ਵਜ਼ੀਰ ਕਿਧਰੇ ਨਜ਼ਰ ਨਹੀਂ ਪੈ ਰਹੇ। ਵੱਡਾ ਮਸਲਾ ਰਾਸ਼ਨ ਪਾਣੀ ਦਾ ਬਣ ਚੱਲਿਆ ਹੈ। ਕਰਫਿਊ ਦੀ ਤੰਦ ’ਚ ਫਸੇ ਲੋਕ ਢਿੱਡ ਦੀ ਉਲਝਣ ਕਿਵੇਂ ਸੁਲਝਾਉਣ। ਵਜ਼ੀਰਾਂ ਨੇ ਚੰਡੀਗੜ੍ਹ ’ਚ ਡੇਰੇ ਲਾ ਰੱਖੇ ਹਨ। ਹਲਕੇ ਦੇ ਲੋਕ ਕਿਥੇ ਫਰਿਆਦ ਕਰਨ। ਜਿਨ੍ਹਾਂ ਵੋਟਾਂ ਪਾਈਆਂ, ਉਹ ਬਿਪਤਾ ਮੌਕੇ ਕਿਸ ਦੇ ਗਲ ਲੱਗਣ। ਪੰਜ ਵਜ਼ੀਰਾਂ ਨੇ ਹਲਕੇ ਦੇ ਲੋਕਾਂ ਨੂੰ ਤਰਜੀਹ ਦਿੱਤੀ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਗੱਲੋਂ ਨਿਵੇਕਲੇ ਨਿੱਤਰੇ ਹਨ। ਕਰੋਨਾ ਆਫਤ ਮਗਰੋਂ ਉਹ ਆਪਣੇ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਲੋਕਾਂ ਨੂੰ ਸਮਾਂ ਦੇ ਰਹੇ ਹਨ। ਮੰਤਰੀ ਚੰਨੀ ਆਖਦਾ ਹੈ ਕਿ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਕਿ ਇਸ ਅੌਖੀ ਘੜੀ ਵਿਚ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦੇਵਾਂ। ਅੌਖੇ ਸਮੇਂ ’ਚ ਲੋਕਾਂ ਤੋਂ ਮੂੰਹ ਕਿਵੇਂ ਫੇਰ ਲੈਂਦਾ। ਉਸ ਨੇ ਪੇਂਡੂ ਤੇ ਸ਼ਹਿਰਾਂ ਸਿਹਤ ਕੇਂਦਰਾਂ ਦਾ ਦੌੌਰਾ ਕੀਤਾ ਹੈ। ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਹਨ। ਨਾਲੋਂ ਨਾਲ ਰਾਸ਼ਨ ਦੀ ਸਮੱਸਿਆ ਹੱਲ ਕਰਨ ਵਾਸਤੇ ਜੁਟੇ ਹੋਏ ਹਾਂ। ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਆਪਣੇ ਹਲਕੇ ਕਪੂਰਥਲਾ ’ਚ ਪੁੱਜੇ ਹੋਏ ਹਨ।
         ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਚੰਡੀਗੜ੍ਹ ’ਚ ਡੇਰਾ ਜਮਾਇਆ ਹੈ। ਉਹ ਕੌਮਾਂਤਰੀ ਆਫਤ ਮਗਰੋਂ ਹਲਕੇ ’ਚ ਨਹੀਂ ਗਏ। ਮਹਿਲਾ ਮੰਤਰੀ ਦੇ ਪਤੀ ਅਸ਼ੋਕ ਚੌਧਰੀ ਦਾ ਤਰਕ ਸੀ ਕਿ ਹਲਕੇ ’ਚ ਗਏ ਤਾਂ ਇਕੱਠ ਹੋਵੇਗਾ ਜੋ ਕਰਫਿਊ ਦੀ ਉਲੰਘਣਾ ਹੋਵੇਗੀ। ਮਾਹੌਲ ਠੀਕ ਹੋਣ ’ਤੇ ਜਾਣਗੇ। ਉਹ ਹਲਕੇ ਨਾਲ ਪੂਰੀ ਤਰ੍ਹਾਂ ਸੰਪਰਕ ’ਚ ਹਨ। ਲੋਕਾਂ ਦੇ ਫੋਨ ਅਟੈਂਡ ਕਰ ਰਹੇ ਹਨ ਅਤੇ ਮਸਲੇ ਹੱਲ ਕਰ ਰਹੇ ਹਨ। ਪਿੰਡ ਪਿੰਡ ਟੀਮਾਂ ਭੇਜੀਆਂ ਗਈਆਂ ਹਨ। ਰਾਸ਼ਨ ਦਾ ਮਸਲਾ ਹੱਲ ਕੀਤਾ ਹੈ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਆਪਣੇ ਹਲਕੇ ਤੋਂ ਦੂਰ ਚੰਡੀਗੜ੍ਹ ਵਿਚ ਬੈਠੇ ਹਨ। ਬਤੌਰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਵੀ ਪੰਜਾਬ ਦਾ ਕੋਈ ਦੌਰਾ ਨਹੀਂ ਕੀਤਾ ਹੈ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਫਾਰਮ ਹਾਊਸ ਸਿਸਵਾਂ ’ਚ ਬੈਠੇ ਹਨ। ਉਨ੍ਹਾਂ ਨੇ ਵੀ ਕੋਈ ਦੌਰਾ ਨਹੀਂ ਕੀਤਾ ਹੈ। ਪਤਾ ਲੱਗਾ ਹੈ ਕਿ ਬਾਦਲ ਪਰਿਵਾਰ ਵੀ ਆਪਣੇ ਪਿੰਡ ਬਾਦਲ ਵਿਚ ਘਰ ਬੈਠਾ ਹੈ। ਵਜ਼ੀਰ ਭਾਰਤ ਭੂਸ਼ਨ ਆਸ਼ੂ ਵੀ ਅੱਜ ਦੁਪਹਿਰ ਤੱਕ ਚੰਡੀਗੜ੍ਹ ਵਿਚ ਹੀ ਸਨ। ਉਨ੍ਹਾਂ ਦੱਸਿਆ ਕਿ ਅੱਜ ਹਲਕੇ ਵਿਚ ਜਾ ਰਹੇ ਹਨ। ਇਵੇਂ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਉਹ ਵੀ ਅੱਜ ਹਲਕੇ ਵਿਚ ਜਾ ਰਹੇ ਹਨ ਅਤੇ ਸਭ ਪ੍ਰਬੰਧਾਂ ਦੀ ਦੇਖ ਰੇਖ ਕਰਨਗੇ। ਉਨ੍ਹਾਂ ਦੱਸਿਆ ਕਿ ਸਰਕਾਰ ਤਰਫ਼ੋਂ ਡਿਪਟੀ ਕਮਿਸ਼ਨਰਾਂ ਨੂੰ 25 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ।
               ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਸਾਬਕਾ ਮੈਂਬਰ ਤੋਤਾ ਸਿੰਘ ਦਾ ਡੇਢ ਸਾਲ ਦਾ ਪੋਤਾ ਰਾਤ ਤੋਂ ਬਿਮਾਰ ਹੈ। ਇਲਾਜ ਖੁਣੋਂ ਤੜਫਦਾ ਰਿਹਾ। ਤੋਤਾ ਸਿੰਘ ਨੇ ਆਖਿਆ ਕਿ ਬੱਚੇ ਨੂੰ ਕੁਝ ਹੋ ਗਿਆ, ਮੁੱਖ ਮੰਤਰੀ ਜਿੰਮੇਵਾਰ ਹੋਣਗੇ। ਇਵੇਂ ਵਿਧਾਇਕ ਚੰਡੀਗੜ੍ਹ ਵਿਚ ਬੈਠੇ ਹਨ। ਵਿਧਾਇਕ ਕੁਲਬੀਰ ਜੀਰਾ ਆਖਦੇ ਹਨ ਕਿ ਉਹ ਹਲਕੇ ’ਚ ਜਾਣਾ ਚਾਹੁੰਦੇ ਹਨ ਪ੍ਰੰਤੂ ਕਰਫਿਊ ਕਰਕੇ ਫਸ ਗਏ ਹਨ। ਉਨ੍ਹਾਂ ਪਾਸਾਂ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਅੱਜ ਲੋਕਾਂ ਨੂੰ ਇਸ ਮੌਕੇ ਲੋੜ ਹੈ ਅਤੇ ਜਿਸ ਕਰਕੇ ਵਿਧਾਇਕ/ਵਜ਼ੀਰ ਵੀ ਹਲਕਿਆਂ ਵਿਚ ਜਾਣ। ਵਿਧਾਇਕ ਪਰਮਿੰਦਰ ਪਿੰਕੀ ਆਖ ਰਹੇ ਹਨ ਕਿ ਉਹ ਤਾਂ ਕਰਫਿਊ ਕਰਕੇ ਚੰਡੀਗੜ੍ਹ ਵਿਚ ਫਸੇ ਪ੍ਰੰਤੂ ਵਜ਼ੀਰਾਂ ਨੂੰ ਜ਼ਿਲ੍ਹਿਆਂ ਵਿਚ ਜਾਣਾ ਚਾਹੀਦਾ ਹੈ ਅਤੇ ਪ੍ਰਬੰਧਾਂ ਦੀ ਮੌਨੀਟਰਿੰਗ ਕਰਨੀ ਚਾਹੀਦੀ ਹੈ। ਵਿਧਾਇਕ ਸੁਖਪਾਲ ਭੁੱਲਰ ਤੇ ਗੁਰਕੀਰਤ ਕੋਟਲੀ ਵੀ ਚੰਡੀਗੜ੍ਹ ਵਿਚ ਹੀ ਹਨ। ਵਿਰੋਧੀ ਧਿਰ ਦੇ ਵਿਧਾਇਕ ਵੀ ਅੌਖੇ ਮੌਕੇ ਬਹੁਤਾ ਨਜ਼ਰ ਨਹੀਂ ਪੈ ਰਹੇ ਹਨ। ‘ਆਪ’ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਆਪਣੇ ਹਲਕੇ ਤੋਂ ਮੀਲਾਂ ਦੂਰ ਬੈਠੇ ਹਨ। ਸਟੇਟ ਯੂਥ ਐਵਾਰਡੀ ਅੰਗਰੇਜ਼ ਸਿੰਘ ਦਾ ਕਹਿਣਾ ਸੀ ਕਿ ਸਮਾਜੀ ਸੇਵੀ ਲੋਕ ਤਾਂ ਸਿਹਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ’ਚ ਵਿਚਰ ਰਹੇ ਹਨ ਜਦੋਂ ਕਿ ਚੁਣੇ ਹੋਏ ਨੁਮਾਇੰਦੇ ਗੈਰਹਾਜ਼ਰ ਹਨ। ਲੋਕ ਨੁਮਾਇੰਦੇ ਨਿੱਜੀ ਤੌਰ ’ਤੇ ਆਫਤ ਕੰਮਾਂ ਲਈ ਪੈਸਾ ਦੇਣ। ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਆਖਦੇ ਹਨ ਕਿ ਘੱਟੋ ਘੱਟ ਜ਼ਿਲ੍ਹਿਆਂ ਵਿਚ ਬੈਠ ਕੇ ਮੰਤਰੀ ਨਿਗਰਾਨੀ ਤਾਂ ਕਰ ਸਕਦੇ ਹਨ।
              ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਆਫਤੀ ਘੜੀ ਵਿਚ ਪੰਜਾਬ ਦੇ ਨੇੜੇ ਵੀ ਢੁੱਕ ਨਹੀਂ ਰਹੇ ਹਨ। ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜਰੂਰ ਆਪਣੇ ਹਲਕੇ ਵਿਚ ਮੌਜੂਦ ਹਨ ਅਤੇ ਖੁਦ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਲੱਮ ਇਲਾਕਿਆਂ ਵਿਚ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਹਰ ਪਿੰਡ ਨਾਲ ਉਹ ਜੁੜੇ ਹੋਏ ਹਨ ਤਾਂ ਜੋ ਲੋਕਾਂ ਨੂੰ ਕੋਈ ਤਕਲੀਫ਼ ਨਾ ਆਵੇ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਆਪਣੇ ਹਲਕੇ ਵਿਚ ਆਏ ਹੋਏ ਹਨ। ਵਜ਼ੀਰ ਓ.ਪੀ.ਸੋਨੀ ਵੀ ਅੰਮ੍ਰਿਤਸਰ ਵਿਚ ਹਨ। ਬਾਕੀ ਸਾਰੇ ਵਜ਼ੀਰ ਪੰਜਾਬ ਤੋਂ ਬਾਹਰ ਹੀ ਹਨ। ਸੰਸਦ ਮੈਂਬਰ ਵੀ ਕਿਧਰੇ ਦਿੱਖ ਨਹੀਂ ਰਹੇ। ਲੋਕ ਆਖਦੇ ਹਨ ਕਿ ਨੁਮਾਇੰਦੇ ਕਰੋਨਾ ਦੇ ਡਰੋਂ ਰਾਬਤਾ ਨਾ ਤੋੜਨ। ਘੱਟੋ ਘੱਟ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਬੈਠ ਕੇ ਇੰਤਜ਼ਾਮ ਤਾਂ ਕਰਾ ਦੇਣ। ਬੀ.ਕੇ.ਯੂ (ਲੱਖੋਵਾਲ) ਦੇ ਆਗੂ ਸਰੂਪ ਸਿੰਘ ਰਾਮਾਂ ਨੇ ਦੱਸਿਆ ਕਿ ਕਣਕ ਤੇ ਕਾਲੇ ਤੇਲੇ ਦਾ ਹਮਲਾ ਹੋ ਗਿਆ ਹੈ ਅਤੇ ਕਿਸਾਨਾਂ ਨੂੰ ਕਿਧਰੋਂ ਕੀਟਨਾਸ਼ਕ ਨਹੀਂ ਮਿਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤੀ ਮਹਿਕਮਾ ਪਿੰਡਾਂ ਵਿਚ ਕੀਟਨਾਸ਼ਕਾਂ ਦੀ ਸਪਲਾਈ ਦਾ ਪ੍ਰਬੰਧ ਕਰੇ। ਗੋਬਿੰਦਪੁਰਾ ਦਾ ਕੁਲਦੀਪ ਸਿੰਘ ਆਖਦਾ ਹੈ ਕਿ ਉਹ ਪੱਕੇ ਹੋਏ ਬੇਰਾਂ ਦਾ ਕੀ ਕਰਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਬਠਿੰਡਾ ’ਚ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ। ਬਾਕੀ ਬਹੁਤੇ ਵਿਧਾਇਕ ਹਲਕਿਆਂ ਚੋਂ ਗਾਇਬ ਹੀ ਹਨ। ਲੋਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਤਾਂ ਪਹਿਲੋਂ ਹੀ ਬੰਦ ਕਰ ਦਿੱਤਾ ਸੀ।
                              ਗੰਨਮੈਨਾਂ ਦੀ ਛੁੱਟੀ
ਕਰੋਨਾ ਦੇ ਡਰੋਂ ਲੀਡਰਾਂ ਨੇ ਗੰਨਮੈਨਾਂ ਅਤੇ ਡਰਾਈਵਰਾਂ ਨੂੰ ਛੁੱਟੀ ਕਰ ਦਿੱਤੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਹੁਣ ਖੁਦ ਹੀ ਗੱਡੀ ਚਲਾ ਰਹੇ ਹਨ। ਮੰਤਰੀ ਚਰਨਜੀਤ ਚੰਨੀ ਵੀ ਖੁਦ ਗੱਡੀ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਡਰਾਈਵਰਾਂ ਅਤੇ ਗੰਨਮੈਨਾਂ ਨੂੰ ਛੁੱਟੀ ਦੇ ਦਿੱਤੀ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਅੌਜਲਾ ਵੀ ਹੁਣ ਖੁਦ ਗੱਡੀ ਚਲਾਉਂਦੇ ਹਨ। ਬਾਕੀ ਕਈ ਵਜ਼ੀਰਾਂ ਨੇ ਗੰਨਮੈਨ ਕਾਫ਼ੀ ਘਟਾ ਦਿੱਤੇ ਹਨ।


Thursday, March 26, 2020

                                                       ਹੱਥ ਖਾਲੀ, ਚੁੱਲ੍ਹੇ ਠੰਢੇ 
                                      ਚੱਕੀ ਦੇ ਪੁੜਾਂ ’ਚ ਪਿਸ ਗਈ ਜ਼ਿੰਦਗੀ
                                                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਇੱਕ ਬੰਨੇ੍ਹ ਖੂਹ ਤੇ ਦੂਜੇ ਪਾਸੇ ਖਾਈ ਹੈ। ਕਰੋਨਾ ਦੀ ਅਲਾਮਤ ਵੀ ਵੱਡੀ ਹੈ ਤੇ ਭੁੱਖ ਦਾ ਮਸਲਾ ਵੀ ਛੋਟਾ ਨਹੀਂ। ਗਰੀਬ ਪੁੱਛ ਰਹੇ ਹਨ ਕਿ ਉਹ ਕਿਧਰ ਜਾਣ। ਕਰੋਨਾ ਤੋਂ ਬਚ ਗਏ ਤਾਂ ਭੁੱਖ ਤੋਂ ਕਿਵੇਂ ਬਚਾਂਗੇ। ਹੱਥ ਖਾਲੀ ਹਨ ਤੇ ਚੁੱਲ੍ਹੇ ਠੰਢੇ ਹਨ। ਹੱਥ ਧੋਣ ਲਈ ਸਾਬਣ ਤਾਂ ਦੂਰ ਦੀ ਗੱਲ, ਪੀਪਿਆਂ ’ਚ ਆਟਾ ਨਹੀਂ। ਬਰਨਾਲੇ ਦੀ ਮਹਿਲਾ ਆਸ਼ਾ ਨੂੰ ਕੋਈ ਉਮੀਦ ਨਹੀਂ ਬਚੀ। ਦੋ ਦਿਨਾਂ ਤੋਂ ਬੱਚੇ ਭੁੱਖੇ ਹਨ। ਅੱਜ ਪਤੀ ਨੂੰ ਲੈ ਕੇ ਗੁਰੂ ਘਰ ਵੱਲ ਗਈ ਤਾਂ ਪੁਲੀਸ ਨੇ ਮੋੜ ਦਿੱਤਾ। ਇਕੱਲੀ ਆਸ਼ਾ ਨਹੀਂ, ਕਰੀਬ ਦੋ ਸੌ ਝੁੱਗੀ ਝੌਂਪੜੀ ਵਾਲੇ ਨਿਹੱਥੇ ਹੋ ਗਏ ਹਨ। ਵਿਧਵਾ ਰਾਣੀ ਦੇਵੀ ਗਠੀਏ ਦੀ ਮਰੀਜ਼ ਹੈ । ਦੋਵੇਂ ਬੱਚੇ ਬਿਮਾਰ ਪੈ ਗਏ ਹਨ ਤੇ ਘਰ ਚੁੱਲ੍ਹਾ ਠੰਢਾ ਹੈ। ਮਜ਼ਦੂਰ ਦਿਆ ਰਾਮ ਪੁੱਛਦਾ ਹੈ ਕਿ ਘਰ ’ਚ ਆਟਾ ਨਹੀਂ, ਬੱਚੇ ਰੋਟੀ ਮੰਗਦੇ ਹਨ, ਕਿਧਰ ਜਾਈਏ। ਮੋਹਾਲੀ ਦੇ ਫੇਜ਼ ਛੇ ਦੇ ਨੇੜੇ ਜੁਝਾਰ ਨਗਰ ’ਚ ਸਿਕਲੀਗਰਾਂ ਦੇ 150 ਘਰ ਹਨ। ਦਿਹਾੜੀਦਾਰ ਮਹਾਂ ਸਿੰਘ ਦੱਸਦਾ ਹੈ ਕਿ ਕਰੋਨਾ ਤੋਂ ਪਹਿਲਾਂ ਭੁੱਖ ਹੀ ਕਿਤੇ ਚਪੇਟ ’ਚ ਨਾ ਲੈ ਲਵੇ। ਨਾ ਸ਼੍ਰੋਮਣੀ ਕਮੇਟੀ ਬਹੁੜੀ ਹੈ ਅਤੇ ਨਾ ਹੀ ਸਰਕਾਰ। ਗਿੱਦੜਬਾਹਾ ਦੇ ਭਾਰੂ ਚੌਂਕ ’ਚ 25 ਪ੍ਰਵਾਸੀ ਪਰਿਵਾਰ ਹਨ। ਰਿਕਸ਼ਾ ਚਾਲਕ ਮਹਿਤਾਬ ਬਿਮਾਰ ਹੈ ਤੇ ਅਪਰੇਸ਼ਨ ਦੀ ਫੌਰੀ ਲੋੜ ਹੈ। ਉਹ ਸਿਰਫ਼ ਰੋਟੀ ਮੰਗਦਾ ਹੈ। ‘ਖ਼ੁਸ਼ੂ ਫਾਊਡੇਸ਼ਨ’ ਵਾਲੇ ਜਦੋਂ ਰੋਟੀ ਦੇ ਗਏ, ਲੂਣ ਨਾਲ ਖਾਣ ਲੱਗ ਪਿਆ। ਚੀਮਾ ਮੰਡੀ (ਸੰਗਰੂਰ) ਦੀ ਝੁੱਗੀ ਝੌਂਪੜੀ ’ਚ ਸਮਾਜ ਸੇਵੀ ਮਾਸਕ ਵੰਡਣ ਗਏ। ਅੱਗਿਓਂ ਅੌਰਤਾਂ ਨੇ ਕਿਹਾ ਕਿ ਪਹਿਲੋਂ ਭੁੱਖ ਵਾਲੀ ਭੱਠੀ ਬੁਝਾਓ।
        ਮੁਕਤਸਰ ਦੀ ਚੱਕ ਬੀੜ ਸਰਕਾਰ ਬਸਤੀ ’ਚ ਕਰੀਬ 44 ਘਰ ਹਨ। ਨਿੱਤ ਕਮਾ ਕੇ ਖਾਣ ਵਾਲਾ ਹਰੀ ਚੰਦ ਅੱਜ ਸਾਥੀਆਂ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਰਾਸ਼ਨ ਮੰਗਣ ਗਿਆ। ਕਿਸੇ ਨੇ ਦਰਖਾਸਤ ਹੀ ਨਹੀਂ ਫੜੀ। ਖੁੰਡੇ ਹਲਾਲ ਦਾ ਹਰਜਿੰਦਰ ਸਿੰਘ ਦਾ ਸੱਤ ਜੀਆਂ ਦਾ ਪਰਿਵਾਰ ਇੱਕੋ ਕਮਰੇ ’ਚ ਰਹਿੰਦਾ ਹੈ, ਕਿਵੇਂ ਦੂਰੀ ਬਣਾ ਕੇ ਰੱਖੇ। ਨਵੇਂ ਸਰਵੇ ਅਨੁਸਾਰ ਮਜ਼ਦੂਰਾਂ ਦੇ 39 ਫੀਸਦੀ ਪਰਿਵਾਰਾਂ ਕੋਲ ਇੱਕ ਇੱਕ ਕਮਰਾ ਹੈ। ਪਰਹੇਜ਼ ਤੇ ਘਰਾਂ ’ਚ ਰਹਿਣ ਨਾਲ ਸਭ ਪੂਰੀ ਤਰ੍ਹਾਂ ਸਹਿਮਤ ਹਨ। ਮਸਲਾ ਬੱਸ ਰੋਟੀ ਪਾਣੀ ਦੇ ਗੁਜ਼ਾਰਾ ਦਾ ਹੈ।  ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜੱਸੀ ਪੇਧਨੀ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਮਾਸਕ ਵੀ ਵੰਡੇ ਤੇ ਰਾਸ਼ਨ ਵੀ। ਪੰਜਾਬ ’ਚ ਕਰੀਬ 7.50 ਲੱਖ ਖੇਤ ਮਜ਼ਦੂਰ ਪਰਿਵਾਰ ਹਨ। ਆਗੂ ਲਛਮਣ ਸੇਵੇਵਾਲਾ ਆਖਦਾ ਹੈ ਕਿ ਕਰੋਨਾ ਦੀ ਆਫਤ ਵਾਂਗ ਮਜ਼ਦੂਰਾਂ ਦੀਆਂ ਲੋੜਾਂ ਦਾ ਮਸਲਾ ਵੀ ਵੱਡਾ ਹੈ। ਆਲੂ ਕਾਸ਼ਤਕਾਰ ਹਰਚਰਨ ਢਿੱਲੋਂ (ਕਰਾੜ ਵਾਲਾ) ਆਖਦਾ ਹੈ ਕਿ ਆਲੂ ਦੀ ਪੁਟਾਈ ਲਈ ਮਜ਼ਦੂਰ ਨਹੀਂ ਮਿਲ ਰਹੇ ਹਨ। ਅਬੋਹਰ ’ਚ ਸਰੋਂ੍ਹ ਦੀ ਪੱਕੀ ਫਸਲ ਝੜਨ ਲੱਗੀ ਹੈ ਤੇ ਕਿੰਨੂ ਦੇ ਬਾਗਾਂ ਨੂੰ ਲੇਬਰ ਦਾ ਟੋਟਾ ਹੈ। ਪਿੰਡ ਰਾਜਪੁਰਾ ਦੇ ਨਸ਼ੀਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਲੇਬਰ ਨੂੰ ਰੋਕ ਰਹੀ ਹੈ। ਕਿਸਾਨ ਵਿਨੋਦ ਨੇ ਦੱਸਿਆ ਕਿ ਖੇਤਾਂ ਵਿਚ ਅਵਾਰਾ ਪਸ਼ੂ ਖੁੱਲ੍ਹੇ ਫਸਲਾਂ ਨੂੰ ਚਪਟ ਕਰਨ ਲੱਗੇ ਹਨ ਅਤੇ ਕਿਸਾਨ ਪੁਲੀਸ ਦੇ ਡਰੋਂ ਖੇਤ ਨਹੀਂ ਜਾਂਦੇ। ਰਾਖੇ ਵੀ ਭੱਜ ਗਏ ਹਨ।
               ਦੁੱਧ, ਸਬਜ਼ੀਆਂ ਅਤੇ ਦਵਾਈਆਂ ਦੀ ਡਲਿਵਰੀ ਦੇ ਸਰਕਾਰੀ ਦਾਅਵੇ ਹਨ। ਤਸਵੀਰਾਂ ਵਿਚ ਸਰਕਾਰ ਮੁਸਤੈਦ ਹੈ ਪ੍ਰੰਤੂ ਜ਼ਮੀਨੀ ਹਕੀਕਤ ਏਦਾਂ ਦੀ ਨਹੀਂ। ਪੰਜਾਬ ਦੇ ਕਰੀਬ 35 ਹਜ਼ਾਰ ਕੈਂਸਰ ਮਰੀਜ਼ਾਂ ਬਿਪਤਾ ’ਚ ਹਨ। ਰਾਮਪੁਰਾ ਦੀ ਕੈਂਸਰ ਮਰੀਜ਼ ਕਿਰਨਜੀਤ ਕੌਰ ਸਧਾਣਾ ਓ.ਪੀ.ਡੀ ਬੰਦ ਹੋਣ ਕਰਕੇ ਕੀਮੋਥਰੈਪੀ ਨਹੀਂ ਕਰਾ ਸਕੀ। ਓ.ਪੀ.ਡੀ ਬੰਦੀ ਕਰਕੇ ਕੈਂਸਰ ਮਰੀਜ਼ਾਂ ਨੂੰ ਜ਼ਿੰਦਗੀ ਛੋਟੀ ਜਾਪਣ ਲੱਗੀ ਹੈ। ਮੈਡੀਕਲ ਸਟੋਰ ਵੀ ਬੰਦ ਹਨ। ਪਿੰਡ ਸ਼ਾਹਪੁਰ (ਸੰਗਰੂਰ) ’ਚ ਪੁਲੀਸ ਨੇ ਆਰ.ਐਮ.ਪੀ ਡਾਕਟਰ ਕੁੱਟੇ ਜਿਸ ਮਗਰੋਂ ਸਭ ਦੁਕਾਨਾਂ ਬੰਦ ਹਨ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ ਆਖਦੇ ਹਨ ਕਿ ਉਹ ਸਰਕਾਰੀ ਮਦਦ ਲਈ ਬਤੌਰ ਵਲੰਟੀਅਰ ਕੰਮ ਕਰਨ ਲਈ ਤਿਆਰ ਹਨ। ਪਿੰਡ ਤੂੰਗਾਂ (ਪਟਿਆਲਾ) ’ਚ ਕੋਈ ਮੈਡੀਕਲ ਸਹੂਲਤ ਨਹੀਂ। ਕਿਸਾਨ ਭੁਪਿੰਦਰ ਸਿੰਘ ਨੂੰ ਫੌਰੀ ਇਲਾਜ ਵਾਸਤੇ ਥਾਣੇ ਤੋਂ ਪ੍ਰਵਾਨਗੀ ਲੈਣੀ ਪਈ। ਗੋਨਿਆਣਾ ਦੇ ਸਾਬਕਾ ਚੇਅਰਮੈਨ ਸੁਖਮਿੰਦਰ ਸਿੰਘ ਦਾ ਕਹਿਣਾ ਸੀ ਕਿ ਮੈਡੀਕਲ ਸਟੋਰ ਨਾ ਖੁੱਲ੍ਹੇ ਤਾਂ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗ ਜਾਵੇਗੀ। ਕਪੂਰਥਲਾ ਦੇ ਪਿੰਡਾਂ ਵਿਚ ਦੁੱਧ ਖਰਾਬ ਹੋਣ ਲੱਗਾ ਹੈ। ਪਿੰਡ ਖੱਸਣ ਦੇ ਸਾਬਕਾ ਸਰਪੰਚ ਐਨ.ਐਸ.ਕੰਗ ਨੇ ਦੱਸਿਆ ਕਿ ਪਹਿਲੋਂ ਰੋਜ਼ਾਨਾ 50 ਕੁਇੰਟਲ ਦੁੱਧ ਪਿੰਡੋਂ ਸ਼ਹਿਰ ਜਾਂਦਾ ਸੀ। ਹੁਣ ਦੋਧੀ ਨਹੀਂ ਆ ਰਹੇ ਜਿਸ ਕਰਕੇ ਘਰਾਂ ਵਿਚ ਦੁੱਧ ਸੰਭਾਲਣਾ ਅੌਖਾ ਹੋ ਗਿਆ ਹੈ। ਦੋਧੀ ਸਸਤੇ ਭਾਅ ਦੁੱਧ ਖਰੀਦਣ ਲੱਗੇ ਹਨ।
       ਰਾਮਪੁਰਾ ਦਾ ਡੇਅਰੀ ਮਾਲਕ ਜਸਵਿੰਦਰ ਬੱਲੋ੍ਹ ਕਰੀਬ ਡੇਢ ਦਰਜਨ ਪਿੰਡਾਂ ਚੋਂ ਪਹਿਲਾਂ ਦੁੱਧ ਇਕੱਠਾ ਕਰਦਾ ਸੀ। ਹੁਣ ਸਭ ਕੁਝ ਬੰਦ ਹੈ। ਦੋਧੀ ਯੂਨੀਅਨ ਪੰਜਾਬ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਦੱਸਦੇ ਹਨ ਕਿ ਪੰਜਾਬ ’ਚ ਕਰੀਬ ਢਾਈ ਲੱਖ ਦੋਧੀ ਹਨ ਜਿਨ੍ਹਾਂ ਵੱਲੋਂ 60 ਫੀਸਦੀ ਦੁੱਧ ਦੀ ਕੁਲੈਕਸ਼ਨ ਕੀਤੀ ਜਾਂਦੀ ਹੈ। ਹੁਣ ਦੁੱਧ ਘਰਾਂ ਵਿਚ ਖਰਾਬ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਪਲਾਈ ਦਾ ਸੀਮਿਤ ਸਮਾਂ ਕਰਕੇ ਕੋਈ ਢੁਕਵਾਂ ਹੱਲ ਕੱਢੇ। ਪੇਂਡੂ ਲੋਕਾਂ ਆਖਦੇ ਹਨ ਕਿ ਪੁਲੀਸ ਦਹਿਸ਼ਤ ਕਰਕੇ ਕਿਸਾਨ ਖੇਤਾਂ ਨੂੰ ਪਾਣੀ ਵੀ ਲਾਉਣ ਤੋਂ ਡਰਦੇ ਹਨ। ਹਾਲਾਂਕਿ ਸਰਕਾਰੀ ਸਖ਼ਤੀ ਜਾਇਜ਼ ਹੈ ਅਤੇ ਲੋਕ ਆਫਤ ਨੂੰ ਸਮਝਦੇ ਵੀ ਹਨ। ਲੋਕ ਇਸ ਗੱਲੋਂ ਦੁੱਖੀ ਹਨ ਕਿ ਬਦਲਵੇਂ ਪ੍ਰਬੰਧ ਨਹੀਂ ਕੀਤੇ। ਸ਼ਹਿਰਾਂ ’ਚ ਸਬਜ਼ੀਆਂ ਦੀ ਸਪਲਾਈ ਨਹੀਂ।ਡਿਪਟੀ ਕਮਿਸ਼ਨਰ ਆਖਦੇ ਹਨ ਕਿ ਸਬਜ਼ੀਆਂ ਦੀ ਹੋਮ ਡਲਿਵਰੀ ਹੈ ਬਠਿੰਡਾ ਦੇ ਜ਼ਿਲ੍ਹਾ ਮੰਡੀ ਅਫਸਰ ਪ੍ਰੀਤ ਕੰਵਰ ਸਿੰਘ ਦਾ ਕਹਿਣਾ ਸੀ ਕਿ ਸ਼ਹਿਰ ਵਿਚ 250 ਰੇਹੜੀਆਂ ਤੇ ਟਰਾਲੀਆਂ ਹੋਮ ਡਲਿਵਰੀ ਲਈ ਭੇਜੀਆਂ ਹਨ। ਹਰ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਐਮਰਜੈਂਸੀ ਨੰਬਰ ਵੀ ਜਾਰੀ ਕੀਤੇ ਗਏ ਹਨ। ਭਗਤਾ ਭਾਈ ਦੇ ਨਛੱਤਰ ਸਿੱਧੂ ਇਸ ਗੱਲੋਂ ਪ੍ਰੇਸ਼ਾਨ ਹੈ ਕਿ ਦੋ ਦਿਨਾਂ ਤੋਂ ਫੋਨ ਨਹੀਂ ਲੱਗ ਰਿਹਾ। ਇੱਥੋਂ ਦਾ ਹੀ ਪੋਲਟਰੀ ਮਾਲਕ ਰਾਜਵਿੰਦਰ ਸਿੰਘ ਪੁਲੀਸ ਡਰੋਂ ਫਾਰਮ ’ਤੇ ਜਾ ਨਹੀਂ ਸਕਿਆ। ਦੂਸਰੇ ਸੂਬਿਆਂ ਤੋਂ ਸਬਜ਼ੀਆਂ ਆਮਦ ਰੁਕ ਗਈ ਹੈ।
                ਜਲੰਧਰ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਡਿੰਪੀ ਸਚਦੇਵਾ ਦਾ ਕਹਿਣਾ ਸੀ ਕਿ ਗੁਜਰਾਤ, ਮਹਾਰਾਸ਼ਟਰ ਤੇ ਕਰਨਾਟਕਾ ਤੋਂ ਆਉਣ ਵਾਲੀ ਸਬਜ਼ੀ ਦੀ ਆਮਦ ਘਟੀ ਹੈ ਜਿਸ ਦਾ ਕੋਈ ਹੱਲ ਕੱਢਣਾ ਪਵੇਗਾ। ਪ੍ਰਸ਼ਾਸਨ ਨੇ ਰੇਹੜੀ ਵਾਲਿਆਂ ਨੂੰ ਪਾਸ ਜਾਰੀ ਕੀਤੇ ਹਨ ਪ੍ਰੰਤੂ ਹਾਲੇ ਗੱਡੀ ਲੀਹ ਨਹੀਂ ਪਈ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਕੌਮਾਂਤਰੀ ਆਫਤ ਦੇ ਟਾਕਰੇ ਲਈ ਪੰਜਾਬੀਆਂ ਨੂੰ ਕੁਝ ਤੰਗੀ ਕੱਟਣੀ ਪੈ ਸਕਦੀ ਹੈ ਪ੍ਰੰਤੂ ਇਹ ਸਭ ਕੁਝ  ਮਨੁੱਖੀ ਭਲੇ ਲਈ ਹੈ। ਅਗਰ ਕੈਂਸਰ ਮਰੀਜ਼ਾਂ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਫੌਰੀ ਮਹਿਕਮੇ ਨਾਲ ਸੰਪਰਕ ਕਰਨ। ਮਹਿਕਮਾ ਦਵਾਈ ਦੀ ਹੋਮ ਡਲਿਵਰੀ ਦੇਵੇਗਾ। ਦੋਧੀਆਂ ਨੂੰ ਰਿਆਇਤ ਦਿੱਤੀ ਗਈ ਹੈ ਅਤੇ ਸਬਜ਼ੀ ਉਤਪਾਦਕਾਂ ਲਈ ਨਵੀਂ ਅਡਵਾਈਜ਼ਰੀ ਜਾਰੀ ਹੋਵੇਗੀ। ਗਰੀਬ ਬਸਤੀਆਂ ਵਿਚ ਪ੍ਰਸ਼ਾਸਨ ਤਰਫ਼ੋਂ ਰਾਸ਼ਨ ਵਗੈਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਕਰੋਨਾ ਦੇ ਕਹਿਰ ਨੂੰ ਸਮਝਣ ਅਤੇ ਆਪਣੀ ਜ਼ਿੰਦਗੀ ਲਈ ਸਹਿਯੋਗ ਕਰਨ।
                    ਸੈਂਕੜੇ ਸ਼ਹਿਦ ਮੱਖੀ ਪਾਲਕ ਕਸੂਤੇ ਫਸੇ
ਪੰਜਾਬ ਦੇ ਸੈਂਕੜੇ ਸ਼ਹਿਦ ਮੱਖੀ ਪਾਲਕ ਦੂਜੇ ਰਾਜਾਂ ਵਿਚ ਫਸ ਗਏ ਹਨ। ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਪਿੰਦਰ ਧਾਲੀਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਧੂ ਮੱਖੀ ਪਾਲਕਾਂ ਦੀ ਸੁਰੱਖਿਅਤ ਘਰ ਵਾਪਸੀ ਦੀ ਮੰਗ ਕੀਤੀ ਹੈ। ਇਹ ਮੱਖੀ ਪਾਲਕ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂ.ਪੀ ਵਿਚ ਸਰੋਂ੍ਹ ਦੀ ਫਸਲ ਕਰਕੇ ਗਏ ਹੋਏ ਸਨ ਪ੍ਰੰਤੂ ਹੁਣ ਆਵਾਜਾਈ ਬੰਦ ਹੋਣ ਕਰਕੇ ਫਸ ਗਏ ਹਨ। ਉਨ੍ਹਾਂ ਨੂੰ ਤਾਪਮਾਨ ਕਰਕੇ ਮਧੂ ਕਲੋਨੀਆਂ ਦੇ ਖਤਮ ਹੋਣ ਦਾ ਡਰ ਵੀ ਬਣਿਆ ਹੈ। ਫਿਰੋਜ਼ਪੁਰ, ਬਠਿੰਡਾ ਤੇ ਮਾਨਸਾ ਦੇ ਮਧੂ ਮੱਖੀ ਪਾਲਕਾਂ ਨੂੰ ਦੂਸਰੇ ਰਾਜਾਂ ਵਿਚ ਰਾਸ਼ਨ ਦੀ ਮੁਸ਼ਕਲ ਵੀ ਆ ਗਈ ਹੈ।




Sunday, March 22, 2020

                        ਵਿਚਲੀ ਗੱਲ
      ਨਹੀਂਓਂ ਛੱਡਣਾ ਤਖਤ ਹਜ਼ਾਰਾ..!
                       ਚਰਨਜੀਤ ਭੁੱਲਰ
ਚੰਡੀਗੜ੍ਹ :  ਦੇਖਿਓ ਕਿਤੇ ਭਾਫ ਬਾਹਰ ਨਾ ਕੱਢ ਦਿਓ। ਪਤਾ ਨਹੀਂ ਗੱਲ ਭਲੇ ਦੀ ਹੈ ਜਾਂ ਨਹੀਂ ਪਰ ਪਤੇ ਦੀ ਜ਼ਰੂਰ ਹੈ। ਸ਼ਾਇਦ ਥੋਡਾ ਹੀ ਕਸੂਰ ਹੈ। ਇਸੇ ਗੱਲੋਂ ਕੁਰਸੀ ’ਚ ਗਰੂਰ ਹੈ। ਪੰਜਾਬ ਦਾ ਜੋ ਹਜ਼ੂਰ ਹੈ। ਗੱਜ ਵੱਜ ਕੇ ਆਖ ਰਿਹੈ, ‘ਅਭੀ ਤੋ ਮੈਂ ਜਵਾਨ ਹੂੰ’। ਪੰਜਾਬੀ ਤਾਂ ਸਿਰੇ ਦੇ ਭੌਂਦੂ ਨੇ। ਐਵੇਂ ਗ਼ਲਤ ਟੇਵੇ ਲਾਉਂਦੇ ਰਹੇ। ਮੁੱਖ ਮੰਤਰੀ ਨੂੰ ਖੁਦ ਦੱਸਣਾ ਪਿਐ, ‘ਬੁੱਢਾ ਨਹੀਂ, ਜਵਾਨ ਹਾਂ’। ਗੁੱਝਾ ਤੀਰ ਮਹਾਰਾਜੇ ਨੇ ਚਲਾ ਦਿੱਤੈ। ਐਵੇਂ ਤਾਲੀ ਨਾ ਠੋਕ ਦਿਓ। ਖੱਬੇ-ਸੱਜੇ ਕਿਤੇ ਵੀ ਬੈਠ ਜਾਓ। ਪਹਿਲਾਂ ਪੁਰਾਣੀ ਕਥਾ-ਕਹਾਣੀ ਸੁਣੋ। ਸਦੀਆਂ ਤੋਂ ਇਹ ਰਹੱਸ ਬਣਿਆ ਹੋਇਆ ਹੈ। ਕਿਤੇ ਇੱਕ ਕ੍ਰਿਸ਼ਮਈ ਝਰਨਾ ਮੌਜੂਦ ਹੈ, ਜਿਸ ਦੀ ਖੋਜ ਜਾਰੀ ਹੈ। ਜੋ ਵੀ ਝਰਨੇ ਦਾ ਪਾਣੀ ਪੀਂਦਾ ਹੈ, ਉਹ ਕਦੇ ਬੁੱਢਾ ਨਹੀਂ ਹੁੰਦਾ। ਵਹਿੰਦਾ ਹੋਇਆ ਪਾਣੀ, ਲਿਆ ਦਿੰਦੈ ਜਵਾਨੀ। ਅਮਰਿੰਦਰ ਸਿਓਂ ਐਵੇਂ ਨਹੀਂ ਬੋਲੇ। ਇੰਝ ਲੱਗਦੈ, ਜਿਵੇਂ ਜਨਾਬ ਹੋਰਾਂ ਨੂੰ ਝਰਨਾ ਲੱਭ ਗਿਆ ਹੋਵੇ। ਦੋ ਚਾਰ ਬੂੰਦਾਂ ਪੀ ਆਏ ਹੋਣ। ਹਿੰਗ ਲੱਗੇ ਨਾ ਫਟਕੜੀ। ਸਸਤਾ ਨੁਸਖ਼ਾ ਹੈ। ਦੇਖਿਓ ਕਿਤੇ ਤੁਸੀਂ ਝਰਨਾ ਲੱਭਣ ਨਾ ਤੁਰ ਪਿਓ। ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ। ਤਿੰਨ ਵਰ੍ਹਿਆਂ ’ਚ ਜੋ ਮਾਰੀਆਂ ਮੱਲਾਂ। ਅਮਰਿੰਦਰ ਨੇ ਹੁਣੇ ਖੋਲ੍ਹ ਕੇ ਦੱਸੀਆਂ ਨੇ। ਨਾਲੇ ਦੱਸਿਆ ਕਿ ਅਗਲੀ ਚੋਣ ਵੀ ਲੜਾਂਗਾ। ਇਹੋ ਤਾਂ ਲੋਕ ਰਾਜ ਹੈ ਭਾਈ। ਚੋਣਾਂ ਲੜ ਕੇ ਤਾਂ ਬਾਦਲ ਨਹੀਂ ਥੱਕਿਆ। ਜਨਵਰੀ 2017 ਦਾ ਕੋਈ ਮਰਜ਼ੀ ਅਖ਼ਬਾਰ ਫਰੋਲਣਾ। ਉਦੋਂ ਅਮਰਿੰਦਰ ਨੇ ਥਾਂ-ਥਾਂ ਆਖਿਆ, ‘ਇਹ ਮੇਰੀ ਆਖ਼ਰੀ ਚੋਣ ਹੈ।’ ਜਿਵੇਂ ਵੱਡਾ ਬਾਦਲ ਵੀ ਆਖਦਾ ਰਿਹੈ।
               ਪੰਜਾਬ ਦੇ ਲੋਕ ਬੇਵਕੂਫ਼ ਨਹੀਂ, ਮਹਾਂਮੂਰਖ ਵੀ ਹਨ। ਅੱਤ ਦਾ ਭਰੋਸਾ ਕਰਦੇ ਹਨ। ਅਮਰਿੰਦਰ ਨੂੰ ਕੁਰਸੀ ਫੜਾ ਦਿੱਤੀ। ਭਲਿਓ ਲੋਕੋ, ਭਲੇ ਦਾ ਜ਼ਮਾਨਾ ਨਹੀਂ, ਹੁਣ ਕੁਰਸੀ ਕੌਣ ਛੱਡਦੈ। ਭਾਰਤ ’ਚ ਸਭ ਤੋਂ ਵੱਡੀ ਉਮਰ ਦੇ ਇਕੱਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ। ਬਾਕੀ ਸਭ ਮੁੱਖ ਮੰਤਰੀ ਛੋਟੇ ਨੇ। ਹਿਮਾਚਲ ਵਾਲੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਪੂਰੇ 87 ਸਾਲ ਦੇ ਹੋ ਗਏ ਹਨ। ਇੰਝ ਗੜ੍ਹਕ ਨਾਲ ਬੋਲੇ, ‘ਸ਼ੇਰ ਕਦੇ ਬੁੱਢਾ ਨਹੀਂ ਹੁੰਦਾ।’ ਵੈਸੇ ਇਹ ਵੀ ਕਿਹਾ ਜਾਂਦੈ, ਖੁਰਾਕ ਸਹੀ ਮਿਲਦੀ ਰਹੇ, ਘੋੜਾ ਤੇ ਆਦਮੀ ਕਦੇ ਬੁੱਢੇ ਨਹੀਂ ਹੁੰਦੇ। ਪਿੰਡਾਂ ’ਚ ਆਖਿਆ ਜਾਂਦੈ, ਫਲਾਣਾ ਸਿਓਂ ਨੇ ਪਤਾ ਨਹੀਂ ਕੀ ਚਿੜੇ ਖਾਧੇ ਨੇ।’ ਚਿੜਿਆਂ ਨੂੰ ਛੱਡੋ, ‘ਖਰਗੋਸ਼ ਤੇ ਚੀਤੇ’ ਵਾਲੀ ਕਹਾਣੀ ਤਾਂ ਸੁਣੀ ਹੋੋਊ। ਬੁੱਢਾ ਚੀਤਾ ਭੁੱਖ ਦਾ ਸਤਾਇਆ। ਵਾਹੋ-ਦਾਹੀ ਖਰਗੋਸ਼ ਮਗਰ ਦੌੜਿਆ। ਆਖ਼ਰ ਹੰਭ ਗਿਆ। ਖਰਗੋਸ਼ ਨੇ ਖੁੱਡ ’ਚ ਵੜ ਕੇ ਜਾਨ ਬਚਾਈ। ਚੀਤਾ ਖੁੱਡ ਦੇ ਬਾਹਰ ਬੈਠ ਗਿਆ। ਖੁੱਡ ’ਚ ਖਰਗੋਸ਼ ’ਤੇ ਪਾਣੀ ਡਿੱਗਾ। ਜਿਉਂ ਹੀ ਖਰਗੋਸ਼ ਖੁੱਡ ਤੋਂ ਬਾਹਰ ਝਾਕਿਆ। ਬੁੱਢਾ ਚੀਤਾ ਰੋ ਰਿਹਾ ਸੀ। ਚੀਤਾ ਮਹਾਰਾਜ, ਤੁਹਾਡੀ ਅੱਖ ’ਚ ਹੰਝੂ। ਕੀ ਦੱਸਾਂ ਖਰਗੋਸ਼ ਭਾਈ, ‘ਮੈਂ ਬੁੱਢਾ ਹੋ ਗਿਆ, ਅੱਜ ਤੇਰਾ ਸ਼ਿਕਾਰ ਕਰਨੋਂ ਵੀ ਗਿਐ।’ ਖਰਗੋਸ਼ ਬੋਲਿਆ, ਰੋ ਮੱਤ ਪਿਆਰੇ, ਤੂੰ ਬੁੱਢਾ ਨਹੀਂ ਹੋਇਆ, ਤੇਰਾ ਟੀਚਾ ਗ਼ਲਤ ਸੀ, ਤਾਹੀਓਂ ਮੈਂ ਜਿੱਤ ਗਿਆ।’ ਚੀਤਾ ਸ਼ਰਮ ’ਚ ਡੁੱਬ ਗਿਆ। ਜਦੋਂ ਖਰਗੋਸ਼ ਨੇ ਬਾਤ ਸਮਝਾਈ, ‘ਮਹਾਰਾਜ, ਮੈਂ ਦੌੜਿਆ ਜ਼ਿੰਦਗੀ ਲਈ, ਤੂੰ ਇੱਕ ਵੇਲੇ ਦੇ ਸ਼ਿਕਾਰ ਲਈ’।
              ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਦੌੜ ਜ਼ਿੰਦਗੀ ਲਈ ਹੈ। ਹਾਕਮਾਂ ਦੀ ਪਤਾ ਨਹੀਂ। ‘ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੱਝ ਨੂੰ।’ ਸਿਆਸੀ ਸੰਨਿਆਸੀ ਕਿੱਦਾਂ ਦੇ ਹਨ। ਆਖਦੇ ਨੇ ਕੁਰਸੀ ਵਾਲਾ ਕੰਬਲ ਨਹੀਂ ਛੱਡਦਾ। ਨਵਜੋਤ ਸਿੱਧੂ ਨੇ ਹਿੱਕ ਥਾਪੜੀ ਸੀ, ਅਖੇ, ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਿਆ ਤਾਂ ਮੈਂ ਸਿਆਸਤ ਛੱਡ ਦਿਆਂਗਾ।’ ਕਦੋਂ ਦੇ ਰਾਹੁਲ ਗਾਂਧੀ ਹਾਰੇ ਨੇ, ‘ਜਿੱਤੇਗਾ ਪੰਜਾਬ’ ਚੈਨਲ ਲੈ ਕੇ ਨਵਜੋਤ ਸਿੱਧੂ ਹਾਜ਼ਰ ਹੈ। ਪੰਜਾਬੀ ਭੋਲੇ ਪੰਛੀ ਨੇ, ਗੱਲਾਂ ’ਚ ਛੇਤੀ ਆਉਂਦੇ ਨੇ। ਨਹੀਂ ਜਾਣਦੇ ਕਿ ਸਿਆਸੀ ਲੋਕਾਂ ਦੀ ਪ੍ਰਜਾਤੀ ਇੱਕੋ ਹੈ, ਮੂਲ ਸੁਭਾਅ ਇੱਕੋ ਹੈ। ਸਿਰਫ਼ ਅਦਾਕਾਰੀ ਦਾ ਵਖਰੇਵਾਂ ਹੈ। ਵੱਡੇ ਬਾਦਲ ਆਖਦੇ ਰਹੇ ਨੇ, ਆਖਰੀ ਚੋਣ ਲੜ ਰਿਹਾ ਹਾਂ। ਹੁਣ ਉਹ ਬੋਲੇ ਨੇ, ਸਿਹਤ ਨੇ ਸਾਥ ਦਿੱਤਾ, ਪਾਰਟੀ ਨੇ ਹੁਕਮ ਕੀਤਾ, ਤਾਂ ਜ਼ਰੂਰ ਲੜਾਂਗੇ ਚੋਣ। ਖੈਰ, ਕੰਮ ਦੀ ਸਮਰੱਥਾ ’ਚ ਵੱਡੇ ਬਾਦਲ ਕਿਤੇ ਤਕੜੇ ਪਏ ਨੇ। ਸ਼੍ਰੋਮਣੀ ਅਕਾਲੀ ਦਲ ਦਾ ਪਤਾ ਨਹੀਂ, ਕਾਂਗਰਸ ਨੂੰ ਭੁਲੇਖਾ ਜ਼ਰੂਰ ਹੈ ਕਿ ਲੋਕਾਂ ਕੋਲ ਬਦਲ ਨਹੀਂ। ਚੋਣਾਂ ’ਚ ਪੰਜਾਬ ਨੂੰ ‘ਪਟਿਆਲਾ ਪੈੱਗ’ ਲਵਾ ਦਿਆਂਗੇ। ਫਿਰ ਬਾਜ਼ੀ ਮਾਰ ਲਵਾਂਗੇ। ਪੁਰਾਣੀ ਗੱਲ ਵੀ ਸੁਣੋ, ਦੱਸਦੇ ਹਨ ਕਿ ਮੈਚ ’ਚ ਅੰਗਰੇਜ਼ੀ ਟੀਮ ਨੂੰ ਹਰਾਉਣ ਲਈ ‘ਪਟਿਆਲਾ ਪੈੱਗ’ ਲਗਵਾਏ ਗਏ। ਅੰਗਰੇਜ਼ਾਂ ਦੀ ਟੀਮ ਤਕੜੀ ਸੀ। ਤਰਕੀਬ ਕੱਢੀ ਗਈ, ਮੈਚ ਤੋਂ ਪਹਿਲੀ ਰਾਤ ਦੁੱਗਣੀ ਸ਼ਰਾਬ ਦੇ ਹਾੜੇ ਲਵਾ ਦਿੱਤੇ। ਖਿਡਾਰੀ ਲੁੜਕ ਗਏ, ਮੈਚ ਪਟਿਆਲਾ ਟੀਮ ਜਿੱਤ ਗਈ।
               ਸੱਚ ਇਹ ਵੀ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ..! ਲੋਕ ਏਨੇ ਵੀ ਮੂਰਖ ਨਹੀਂ ਕਿ ਪਹਾੜੋਂ ਉਤਰੇ ਜੋਗੀਆਂ ਦੇ ਹਾਰ ਪਾਈ ਜਾਣ। ਘੂਰੀ ਵੱਟ ਲੈਣ, ਫਿਰ ਸੰਨਿਆਸੀ ਬਣਾਉਂਦੇ ਵੀ ਦੇਰ ਨਹੀਂ ਲਾਉਂਦੇ। ‘ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇਹ..!’ ਫਰੀਦ ਕੀ ਜਾਣੇ, ਕੁਰਸੀ ਦਾ ਨਸ਼ਾ। ਐਸੀ ਬਲਾ ਹੈ ਕਿ ਬੁਢਾਪਾ ਨੇੜੇ ਨਹੀਂ ਢੁੱਕਣ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੋਈ ਮੋਦੀ ਵਰਗਾ ਨੌਜਵਾਨ ਆ ਜਾਏ। ਫਿਰ ਮੁਰਲੀ ਮਨੋਹਰ ਜੋਸ਼ੀ ਤੇ ਅਡਵਾਨੀ ਨੂੰ ਬੁਢਾਪਾ ਝੱਲਣਾ ਪੈਂਦਾ ਹੈ। ਮੌਜੂਦਾ ਲੋਕ ਸਭਾ ’ਚ ਸਿਰਫ ਛੇ ਫੀਸਦ ਐੱਮਪੀ 70 ਸਾਲ ਤੋਂ ਵੱਧ ਉਮਰ ਦੇ ਹਨ। 42 ਫੀਸਦ ਸੰਸਦ ਮੈਂਬਰ 56 ਤੋਂ 70 ਸਾਲ ਦੀ ਉਮਰ ਦੇ ਹਨ। 1962 ਤੱਕ ਕੋਈ ਐੱਮਪੀ ਵੀ 70 ਸਾਲ ਦੀ ਉਮਰ ਦੇ ਨੇੜੇ ਤੇੜੇ ਨਹੀਂ ਸੀ। ਮੌਜੂਦਾ ਲੋਕ ਸਭਾ ’ਚ ਯੂਪੀ ਵਾਲਾ ਸਫ਼ੀਕੁਰ ਰਹਿਮਾਨ ਅਤੇ ਫਾਰੂਕ ਅਬਦੁੱਲਾ ਉਮਰਾਂ ’ਚ ਸਭ ਤੋਂ ਸੀਨੀਅਰ ਹਨ। ਰਹਿਮਾਨ 89 ਸਾਲ ਦਾ ਹੈ ਤੇ ਫਾਰੂਕ 82 ਸਾਲ ਦਾ। ਮੁਹੰਮਦ ਸਦੀਕ 81 ਸਾਲ ਦਾ ਹੈ, ਅਮਰਿੰਦਰ ਤੋਂ ਵੱਡਾ ਹੈ। ਤੂੰਬੀ ਅਜੇ ਵੀ ਟੁਣਕ ਰਹੀ ਹੈ। ਬਿਨਾਂ ਝਰਨੇ ਦਾ ਪਾਣੀ ਪੀਤੇ। ਜਦੋਂ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਸੀ। ਕਿਸੇ ਨੇ ਚਿੱਟੇ ਵਾਲ ਦੇਖ ਕੇ ਬੁੱਢਾ ਆਖ ਦਿੱਤਾ। ਗੁੱਸਾ ਕਰ ਗਿਆ, ‘ਵਾਲ ਸਫੈਦ ਹੋਏ ਨੇ, ਦਿਲ ਦਾ ਜਵਾਨ ਹਾਂ’। ਓਬਾਮਾ ਨੇ ਕਦੇ ਵਾਲ ਨਹੀਂ ਰੰਗੇ। ਉਦੋਂ ਹਿਲੇਰੀ ਕਲਿੰਟਨ ਖ਼ਫਾ ਹੋਈ ਜਦੋਂ ਟਰੰਪ ਨੇ ਕਿਹਾ ਸੀ ‘ਏਹ ਬੀਬੀ ਤਾਂ ਵਾਲ ਰੰਗਦੀ ਹੈ।’
                ਕੋਈ ਕੁਝ ਵੀ ਕਰੇ, ਕੁਰਸੀ ਨੂੰ ਚਿੰਬੜੇ ਰਹਿਣਾ, ਵਿਸ਼ਵ ਵਿਆਪੀ ਫ਼ਿਤਰਤ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ‘ਮੋਦੀ ਦੇ ਨਾਲ ਹੀ ਸਿਆਸਤ ਛੱਡਾਂਗੀ।’ ਕੇਂਦਰੀ ਮੰਤਰੀ ਗਿਰੀਰਾਜ ਦਾ ਤਰਕ ਸੁਣੋ, ‘ਜਦੋਂ ਆਬਾਦੀ ਕੰਟਰੋਲ ਕਾਨੂੰਨ ਲਾਗੂ ਹੋ ਗਿਆ, ਉਦੋਂ ਹੀ ਸਿਆਸਤ ਤੋਂ ਸੰਨਿਆਸ ਲੈ ਲਵਾਂਗਾ।’ ਪੰਜਾਬ ਵਿੱਚ 53 ਫੀਸਦ ਵੋਟਰ ਨੌਜਵਾਨ ਹਨ। ਬਹੁਤੇ ਜਹਾਜ਼ ਚੜ੍ਹਨ ਲਈ ਕਾਹਲੇ ਨੇ, ਬਾਕੀ ਕਚੀਚੀਆਂ ਵੱਟ ਕੇ ਘੁੰਮ ਰਹੇ ਨੇ। ‘ਖਾਲੀ ਸੰਖ਼ ਵਜਾਏ ਦੀਪਾ’। ਕਸੂਰ ਕਿਸੇ ਦੀਪੇ ਦਾ ਨਹੀਂ, ਸਿਆਸੀ ਰਹਿਬਰਾਂ ਦਾ ਹੈ। ਬੁਢਲਾਡੇ ਦੀ ਇੱਕ ਮਾਂ ਨੇ ਪੁੱਤ ਦਾ ਨਾਮ ਰੱਖਿਆ ‘ਰਾਜ ਕੁਮਾਰ’। ਟੈੱਟ ਪਾਸ ਹੈ, 41 ਸਾਲ ਦਾ ਹੋ ਗਿਆ, ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ ਨੇ। ‘ਘਰ-ਘਰ ਰੁਜ਼ਗਾਰ’ ਹਾਲੇ ਨਹੀਂ ਪੁੱਜਾ।ਤੇਜਾ ਰੁਹੇਲਾ (ਫਾਜ਼ਿਲਕਾ) ਦੀ ਇੱਕ ਸਰਹੱਦੀ ਮਾਂ ਨੇ ਬੱਚੇ ਦਾ ਨਾਮ ਰੱਖਿਆ ‘ਪ੍ਰਿੰਸ’। ਬੱਚੇ ਦੀ ਉਮਰ ਹਾਲੇ ਸਾਢੇ ਚਾਰ ਸਾਲ ਹੈ, ਸਿਰ ਦੇ ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ ਨੇ। ਪੌਣ ਪਾਣੀ ਨੂੰ ਕਸੂਰ ਦਿਓ ਜਾਂ ਫਿਰ ਫਿਕਰਾਂ ਦੀ ਪੰਡ ਨੂੰ। ਜਵਾਨੀ ਤੋਂ ਪਹਿਲਾਂ ਹੀ ਮੁੰਡੇ ਬੁੱਢੇ ਹੋਣ ਲੱਗੇ ਹਨ। ਕੋਈ ਤਕਦੀਰੀ ਝਰਨਾ ਵੀ ਨਹੀਂ ਲੱਭ ਰਿਹਾ। ਨਵੀਂ ਅਲਾਮਤ ਜ਼ਰੂਰ ਲੱਭੀ ਹੈ। ਨਾਮ ਕਰੋਨਾਵਾਇਰਸ ਹੈ। ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ। ਬਚਾਅ ’ਚ ਹੀ ਬਚਾਓ ਹੈ। ਗੱਲ ਛੱਜੂ ਰਾਮ ਦੀ ’ਚ ਵੀ ਦਮ ਲੱਗਦੈ। ਘਰੇ ਬੈਠਾ ਭਾਂਡੇ ਖੜਕਾ ਰਿਹਾ ਹੈ। ਅਖੇ, ਕਰੋਨਾ ਤੋਂ ਬਚ ਗਏ ਤਾਂ ਭੁੱਖ ਨਾਲ ਮਰਾਂਗੇ। ਨਾਲੇ ਆਖ ਰਿਹੈ, ਝਰਨਾ ਕਿਉਂ ਲੱਭਾਂ, ਕੋਈ ਤਕੜੀ ਮੋਟੀ ਡਾਂਗ ਭਾਲੂੰ..!

Sunday, March 15, 2020

                    ਵਿਚਲੀ ਗੱਲ        
         ਚਾਚਾ ਚੋਰ, ਭਤੀਜਾ ਕਾਜ਼ੀ..!
                   ਚਰਨਜੀਤ ਭੁੱਲਰ
ਚੰਡੀਗੜ੍ਹ : ਤਮਾਸ਼ਾ ਹਾਸੇ ਦਾ ਬਣਦੈ, ਚਾਹੇ ਬਣ ਜਾਏ। ਹੁੰਦੇ ਪੰਜਾਬ ਪੁਲੀਸ ਵਾਲੇ, ਸਭ ਦੇ 'ਮਾਮੇ' ਹੀ ਨੇ । ਸਿਆਸਤ 'ਚ ਕੋਈ ਸਕਾ ਨਹੀਂ ਹੁੰਦਾ। ਇਸੇ ਗੱਲੋਂ ਬੰਦੇ ਨੂੰ ਕਿਹਾ ਜਾਂਦੈ, 'ਬੰਦਾ ਬਣ ਕੇ ਰਹਿ'। ਜਨੌਰਾਂ ਨੂੰ ਨਸੀਹਤ ਨਹੀਂ ਦੇਣੀ ਪੈਂਦੀ। ਦਿਲ ਦੀ ਲੱਗੀ ਨੂੰ ਬੁਝਾਉਣ ਲਈ ਹਰ ਕੋਈ ਕਾਹਲੈ। ਸਿਆਸਤ ਦੇ ਸਰਵਣ ਪੁੱਤ ਗੁਆਚੇ ਨੇ। ਭਾਜਪਾ ਨੂੰ ਹੁਣੇ 'ਭਾਣਜਾ' ਲੱਭਿਆ ਹੈ। ਮੱਧ ਪ੍ਰਦੇਸ਼ 'ਚ ਢੋਲ ਵੱਜੇ ਨੇ। ਲੰਗੋਟ 'ਮਾਮਾ' ਕਸਣ ਲੱਗਾ ਹੈ। ਮੁਲਕ ਦੇ ਤੱਪੜ ਰੁਲੇ ਪਏ ਨੇ। ਕਿਤੇ ਸ਼ੇਅਰ ਬਾਜ਼ਾਰ ਗੋਤੇ ਖਾ ਰਿਹੈ ਤੇ ਕਿਤੇ ਕਾਰੋਬਾਰ। ਕਸਰਾਂ ਕਰੋਨਾਵਾਇਰਸ ਕੱਢ ਰਿਹੈ। ਹੰਭੇ ਲੋਕ ਕਰਨ ਵੀ ਕੀ। ਮੋਦੀ ਆਖਦੈ, 'ਹੱਥ ਨਾ ਮਿਲਾਓ, ਨਮਸਤੇ ਕਰੋ।'ਜਦੋਂ ਬਿਜਲੀ ਲਿਸ਼ਕਦੀ ਤੇ ਕੜਕਦੀ ਹੋਵੇ, ਮਾਮੇ-ਭਾਣਜੇ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਂਦੈ। ਕਿਤੇ ਬਿਜਲੀ ਡਿੱਗ ਨਾ ਪਏ। ਸ਼ਿਵਰਾਜ ਸਿੰਘ ਚੌਹਾਨ ਨੂੰ ਮੱਧ ਪ੍ਰਦੇਸ਼ 'ਚ ਸਭ 'ਮਾਮਾ' ਆਖਦੇ ਨੇ। ਭਾਜਪਾ ਦੇ ਘਰ ਕਾਹਦਾ ਘਾਟਾ, ਚੌਹਾਨ ਤਿੰਨ ਵਾਰੀ ਮੁੱਖ ਮੰਤਰੀ ਬਣੇ। ਚੌਥੀ ਪਾਰੀ ਖੇਡਣ ਲਈ ਜਾਂਘੀਆ ਕਸਿਐ। ਚੌਹਾਨ ਆਖਦੈ ਕਿ ਹੁਣ ਤਾਂ ਬਜ਼ੁਰਗ ਵੀ ਉਸ ਨੂੰ 'ਮਾਮਾ' ਆਖਣ ਲੱਗੇ ਨੇ। ਚੰਦ ਦਿਨ ਪਹਿਲਾਂ ਜਯੋਤਿਰਾਦਿਤਿਆ ਸਿੰਧੀਆ ਕਾਂਗਰਸ ਦਾ ਸੀ। ਹੁਣ ਚੌਹਾਨ 'ਮਾਮੇ' ਦਾ ਹੋ ਗਿਆ। ਮਾਮਾ-ਭਾਣਜਾ ਇਕੱਠੇ ਹੋਏ ਨੇ। ਬਿਜਲੀ ਲੋਕ ਫ਼ਤਵੇ 'ਤੇ ਡਿੱਗੀ ਹੈ। ਇਖ਼ਲਾਕ ਹੁੱਬਕੋ-ਹੁੱਬਕੀ ਰੋਇਆ ਹੈ।
          ਸਿੰਧੀਆ ਨੇ 'ਹੱਥ' ਛੱਡਿਐ, 'ਕਮਲ' ਨੂੰ ਫੜਿਐ। ਨਵੰਬਰ 2018 ਚੋਣਾਂ 'ਚ ਸਿੰਧੀਆ ਇਵੇਂ ਆਖਦੇ ਸਨ। 'ਇੱਕ ਮਾਮਾ ਕੰਸ ਸੀ ਤੇ ਇੱਕ ਸ਼ਕੁਨੀ। ਤੀਜਾ ਮਾਮਾ ਮੱਧ ਪ੍ਰਦੇਸ਼ 'ਚ ਹੈ।' ਕੁਰਸੀ ਨੂੰ ਹੱਥ ਪਾਉਣਾ ਹੋਵੇ। ਫਿਰ ਮਾਮੇ 'ਚੋਂ ਰੱਬ ਦਿਖਦਾ ਹੈ। ਸਿੰਧੀਆ ਦਿੱਲੀਓਂ ਵਾਪਸ ਆਏ। ਸਿੱਧੇ 'ਮਾਮੇ' ਸ਼ਿਵਰਾਜ ਦੇ ਘਰ ਪੁੱਜੇ। ਮਾਮੀ ਸਾਧਨਾ ਦੇ ਪੈਰੀਂ ਹੱਥ ਲਾਏ। ਮਾਮੀ ਨੇ ਤੱਤਾ ਫੁਲਕਾ ਲਾਹ ਕੇ ਖੁਆਇਆ। ਮਾਮਾ ਸਿਆਸੀ ਰੋਟੀਆਂ ਸੇਕਦਾ ਰਿਹਾ। ਭੂਆ ਯਸ਼ੋਧਰਾ ਸਿੰਧੀਆ ਬੋਲੀ, 'ਭਤੀਜਾ ਘਰ ਆਇਐ, ਬੱਸ ਮਿਟ ਗਈਆਂ ਦੂਰੀਆਂ, ਮਿਟ ਗਏ ਫਾਸਲੇ..! ਚਾਚਾ ਨਹਿਰੂ ਦੀ ਰੂਹ ਕੰਬੀ ਹੋਊ। ਪ੍ਰਿਅੰਕਾ ਗਾਂਧੀ ਦੇ ਬੱਚੇ ਹੱਸੇ ਹੋਣੇ ਨੇ। 'ਤੂੰ ਟੱਟੂ ਦਾ ਮਾਮੈ'। ਰਾਹੁਲ ਗਾਂਧੀ ਸਿਰ ਫੜ ਕੇ ਬੈਠਾ। ਜ਼ਮੀਰ ਗਹਿਣੇ ਹੋ ਜਾਏ, ਫਿਰ ਮਾਨੇਸਰ ਦੇ ਪੰਜ ਤਾਰਾ ਹੋਟਲ 'ਚ ਮਜ਼ਮਾ ਬੱਝਦੈ। ਭਾਜਪਾ ਨੇ ਰਾਤੋਂ ਰਾਤ ਆਪਣੇ 106 ਵਿਧਾਇਕ ਕਤਾਰ 'ਚ ਖੜ•ੇ ਕੀਤੇ। ਅੱਧੀ ਰਾਤ ਨੂੰ ਜਹਾਜ਼ ਭਰ ਕੇ ਹੋਟਲ ਲੈ ਆਏ। ਇੰਝ ਲੱਗਦੈ ਜਿਵੇਂ ਇੱਜੜ ਨੂੰ ਵਾੜੇ 'ਚ ਤਾੜਿਆ ਹੋਵੇ। ਵਿਧਾਇਕ ਮੌਜਾਂ ਲਈ ਜ਼ਮੀਰ ਤੋਂ ਆਕੀ ਨੇ। ਮਹਾਰਾਸ਼ਟਰ ਤੇ ਕਰਨਾਟਕ ਦੇ ਵਿਧਾਇਕ ਵੀ ਵਾੜਿਆਂ ਤੋਂ ਜਾਣੂ ਨੇ। ਪੰਜਾਬ ਦੇ ਕਾਂਗਰਸੀ ਇਵੇਂ ਦੇ 'ਅੱਛੇ ਦਿਨ' ਉਡੀਕ ਰਹੇ ਨੇ।ਡਾ. ਹਰਨੇਕ ਕੋਮਲ ਦਾ ਦੋਹਾ ਹੈ; 'ਦਲ ਬਦਲੀ ਦਾ ਆ ਗਿਆ ਹੁਣ ਤਾਂ ਜਿਵੇਂ ਭੁਚਾਲ,ਰਹਿੰਦਾ ਹੁਣ ਤਾਂ ਯਾਦ ਨਾ ਕੌਣ ਹੈ ਕਿਸ ਦੇ ਨਾਲ।'
          ਯੂ.ਪੀ 'ਚ ਭਤੀਜਾ ਅਖਿਲੇਸ਼ ਯਾਦਵ ਹੁਣ ਭੂਆ ਮਾਇਆਵਤੀ ਤੋਂ ਦੂਰ ਹੈ। 'ਆਇਆ ਰਾਮ, ਗਯਾ ਰਾਮ'। ਚੇਲਿਆਂ ਦਾ ਵੱਡਾ ਪੰਡਾਲ ਸਜ ਗਿਆ ਹੈ, ਤਾਹੀਓਂ ਗਯਾ ਰਾਮ ਪ੍ਰਲੋਕ 'ਚ ਸਿਰ ਉੱਚਾ ਕਰੀ ਬੈਠੈ। ਪਹਿਲਾਂ ਸਿਆਸਤ 'ਚ ਇਕੱਲਾ ਭਾਈ-ਭਤੀਜਾਵਾਦ ਸੀ। ਹੁਣ ਸਿਆਸਤ 'ਚ ਮਾਮਾਵਾਦ, ਕੁੜਮਵਾਦ ਅਤੇ ਸਾਲਾਵਾਦ ਵੀ ਪ੍ਰਗਟ ਹੋਇਐ। ਜੱਟਾਂ ਬਾਰੇ ਤਾਂ ਆਖਿਆ ਜਾਂਦੈ, 'ਜੱਟ ਜੱਟਾਂ ਦੇ ਸਾਲੇ, ਵਿਚੇ ਘਾਲੇ ਮਾਲੇ'। ਇੱਕ ਕਵੀ ਨੇ ਰਿਸ਼ਤਿਆਂ ਦਾ ਇੰਝ ਵਰਨਣ ਕੀਤੈ, 'ਕੋਈ ਚਾਚੇ ਦਾ ਜੁਆਈ, ਕੋਈ ਮਾਮੇ ਦਾ ਜੁਆਈ/ਕੋਈ ਸਾਢੂ ਕੋਈ ਸਾਲਾ, ਕੋਈ ਸਾਲੇ ਦਾ ਵੀ ਸਾਲਾ।' ਭਾਰਤੀ ਸਿਆਸਤ 'ਚ 34 ਪਰਿਵਾਰ ਨੇ, ਜਿਨ•ਾਂ ਦੀ ਅੰਗਲੀ ਸੰਗਲੀ ਕੁਰਸੀ ਦੀ ਪਰਿਕਰਮਾ ਕਰ ਰਹੀ ਹੈ। 'ਘਰ ਵਿੱਚ ਸਾਲਾ, ਕੰਧ ਵਿੱਚ ਆਲਾ।' ਲਾਲੂ ਪ੍ਰਸ਼ਾਦ ਨੂੰ ਇਲਮ ਹੋ ਚੁੱਕੈ। ਲਾਲੂ ਦੇ ਸਾਲੇ ਸਾਧੂ ਯਾਦਵ ਨੂੰ ਕੌਣ ਭੁੱਲਿਐ। ਵੇਲਾ ਆਇਆ, ਪ੍ਰਾਹੁਣੇ ਨੂੰ ਠਿੱਬੀ ਲਾ ਗਿਆ। ਕਸ਼ਮੀਰ ਵਾਲੇ ਫਾਰੂਕ ਅਬਦੁੱਲਾ ਨੂੰ ਹੁਣ ਥੋੜ•ਾ ਸਾਹ ਆਇਐ। ਗੁਲਾਮ ਮੁਹੰਮਦ ਸ਼ਾਹ, ਫਾਰੂਕ ਅਬਦੁੱਲਾ ਦਾ ਸਾਲਾ, ਉਮਰ ਅਬਦੁੱਲਾ ਦਾ ਮਾਮਾ ਸੀ। ਫਾਰੂਕ ਲਾਡ ਨਾਲ ਗੁਲਸ਼ਾਹ ਵੀ ਆਖਦੇ ਸਨ। ਆਖਰ ਗੁਲ ਖਿਲਾ ਹੀ ਦਿੱਤਾ। ਕਾਂਗਰਸ ਨਾਲ ਮਿਲ ਕੇ ਪ੍ਰਾਹੁਣੇ ਫਾਰੂਕ ਅਬਦੁੱਲਾ ਦੀ ਸਰਕਾਰ ਡੇਗ ਦਿੱਤੀ। ਖੁਦ ਮੁੱਖ ਮੰਤਰੀ ਬਣ ਬੈਠਾ ਸੀ।
         ਦੱਸਦੇ ਨੇ ਕਿ ਇੱਕ ਵਿਧਾਨ ਸਭਾ ਦਾ ਸਾਬਕਾ ਸਪੀਕਰ ਤੇ ਸਾਬਕਾ ਸੰਸਦ ਮੈਂਬਰ ਹੁੰਦਾ ਸੀ। ਸਾਲੇ ਨੂੰ ਸਿਆਸਤੀ ਗੁਰ ਸਿਖਾਉਣ ਲੱਗਾ। ਜਦੋਂ ਸਾਲਾ ਅਕਲੋਂ ਖਾਲੀ ਨਿਕਲਿਐ। ਭੱਠੇ 'ਤੇ ਮੁਨਸ਼ੀ ਲਵਾ ਦਿੱਤਾ। ਗੱਲ ਨਾ ਬਣੀ, ਬਜਾਜੀ ਦੀ ਦੁਕਾਨ ਕਰਾ ਦਿੱਤੀ। ਅਖਾੜਾ ਫਿਰ ਨਾ ਜੰਮਿਆ, ਆਖ਼ਰ ਪੰਜਾਬ ਵਾਪਸ ਭੇਜ ਦਿੱਤਾ। ਕਿਸਮਤ ਦੇ ਕੜਛੇ ਸਮਝੋ, ਹੁਣ ਉਹ ਸਾਲਾ ਸਾਹਿਬ, ਬਾਬਾ ਬਣਿਆ ਹੋਇਐ, ਸੰਗਤ ਧੰਨ ਹੋਇਆ ਮਹਿਸੂਸ ਕਰਦੀ ਹੈ। ਸੁਖਬੀਰ ਬਾਦਲ ਨੇ ਇਸੇ ਮਹੀਨੇ ਬਠਿੰਡੇ ਦੀ ਰੋਸ ਰੈਲੀ 'ਚ ਕਿਹਾ। 'ਚੱਕ ਫਤਹਿ ਸਿੰਘ ਵਾਲੇ ਮੇਰੇ ਨਾਨਕੇ ਨੇ, ਬਾਦਲ ਸਾਹਿਬ ਦੇ ਸਹੁਰੇ, ਇੱਥੇ ਥੋਡੇ 'ਚ ਹੀ ਛੋਟਾ ਹੁੰਦਾ ਖੇਡਦਾ ਰਿਹਾ।' ਛੋਟੇ ਬਾਦਲ ਨੇ ਅਪਣੱਤ ਦਿਖਾਈ। ਖੈਰ, ਉਦੋਂ ਵੱਡੇ ਬਾਦਲ ਨੇ ਮੱਤ ਦਿਖਾਈ ਸੀ। ਜਦੋਂ 1998 'ਚ ਪੰਚਾਇਤੀ ਚੋਣਾਂ ਸਨ। ਵੱਡੇ ਬਾਦਲ ਦੇ ਦੋ ਸਾਲੇ, ਦੋਵੇਂ ਸਰਪੰਚ ਬਣਨਾ ਚਾਹੁੰਦੇ ਸਨ। ਵੱਡੇ ਬਾਦਲ ਨੇ ਦੋਵੇਂ ਖੁਸ਼ ਕਰ ਦਿੱਤੇ। ਸਹੁਰੇ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਦੋ ਟੋਟੇ ਕਰ ਦਿੱਤੇ। ਨਵੀਂ ਪੰਚਾਇਤ 'ਭਾਈ ਹਰਜੋਗਿੰਦਰ ਨਗਰ' ਬਣਾ ਦਿੱਤੀ।ਉਦੋਂ ਕਹਾਣੀਕਾਰ ਗੁਰਬਚਨ ਭੁੱਲਰ ਨੇ ਇੰਝ ਬਿਆਨੀ ਕੀਤੀ ਸੀ।' ਜਿਉਂਦਾ ਰਹਿ ਚੱਕ ਫਤਹਿ ਸਿੰਘ ਵਾਲਿਆ, ਉਮਰਾਂ ਮਾਣੇ, ਜੇ ਕਿਤੇ ਬਾਦਲ ਦੇ ਸੱਤ ਸਾਲੇ ਹੁੰਦੇ ਤਾਂ ਫਿਰ ਤੇਰਾ ਕੀ ਬਣਦਾ।' ਖੈਰ, ਵੱਡੇ ਬਾਦਲ ਸਿਆਣੇ ਨੇ, ਸਰਪੰਚੀ ਤੋਂ ਅਗਾਂਹ ਨਾ ਦੇਖਣ ਦਿੱਤਾ। ਹੁਣ 'ਨਵੀਆਂ ਗੁੱਡੀਆਂ, ਨਵੇਂ ਪਟੋਲੇ'। ਸਭ ਦੇ ਸਾਲੇ ਸਵਾ ਸ਼ੇਰ ਬਣੇ ਹੋਏ ਨੇ।
        ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਚੌਹਾਨ। ਸਾਲੇ ਹੱਥੋਂ ਧੋਖਾ ਖਾ ਗਿਆ, ਹੁਣ ਨਵੇਂ ਭਾਣਜੇ ਨੇ ਗਮ ਭੁਲਾਏ ਨੇ। ਚੌਹਾਨ ਦਾ ਸਾਲਾ ਸੰਜੇ ਕਮਲ ਨਾਥ ਦੀ ਝੋਲੀ ਜਾ ਬੈਠਾ ਸੀ। ਚੌਹਾਨ ਨੂੰ ਇੱਕ ਚੜ•ੇ ਇੱਕ ਉਤਰੇ। ਸਿੰਧੀਆ ਨੇ 'ਮਾਮੇ' ਦਾ ਮੁੱਲ ਪਾਇਆ ਹੈ। ਹੁਣ ਇਹ ਨਾ ਆਖਿਓ, 'ਚਾਚਾ ਚੋਰ, ਭਤੀਜਾ ਕਾਜ਼ੀ।' ਚਾਚਾ ਲਾਡੀ ਰਾਮ ਇਸ ਗੱਲੋਂ ਖ਼ਰਾ ਹੈ। ਸ਼ੁਤਰਾਣਾ (ਪਟਿਆਲਾ) ਦਾ ਬਿੰਦਰ ਰਾਮ ਤੇ ਗੋਂਦੀ ਰਾਮ ਸੜਕ ਹਾਦਸੇ ਦਾ ਸ਼ਿਕਾਰ ਹੋਏ। ਪੂਰੀ ਰਾਤ ਵਾਹਨ ਲਾਸ਼ਾਂ ਨੂੰ ਦਰੜਦੇ ਰਹੇ। ਬਿੰਦਰ ਰਾਮ ਦੀ ਪਤਨੀ ਵੀ ਜਹਾਨੋਂ ਚਲੀ ਗਈ। ਦੋ ਬੱਚੀਆਂ ਅਨਾਥ ਹੋ ਗਈਆਂ। ਚਾਚਾ ਲਾਡੀ ਰਾਮ ਅੱਗੇ ਆਇਆ,'ਮੇਰਾ ਖੂਨ ਹੈ, ਮੈਂ ਪਾਲਾਂਗਾ ਇਨ•ਾਂ ਨੂੰ'। ਲਾਡੀ ਰਾਮ ਦਿਹਾੜੀਦਾਰ ਹੈ। ਭੈਣ ਤੇ ਬਾਪ ਵੀ ਦੁਨੀਆਂ 'ਚ ਨਹੀਂ। ਖੁਦ ਦਾ ਚੂਲਾ ਟੁੱਟਿਐ। ਨਾ ਜ਼ਮੀਨ ਹੈ ਤੇ ਨਾ ਜਾਇਦਾਦ। ਬੱਸ ਇੱਕ ਜ਼ਮੀਰ ਤੇ ਹੌਸਲਾ ਬਚਿਐ। ਆਪਣੀਆਂ ਧੀਆਂ ਸਮੇਤ ਚਾਰ ਬੱਚੇ ਪਾਲ ਰਿਹੈ। ਫਰੀਦਕੋਟ ਦਾ ਪਿੰਡ ਭਗਤੂਆਣਾ। ਜਦੋਂ ਮਾਂ ਗੁੰਮਸ਼ੁਦਾ ਹੋ ਗਈ, ਚਾਰੋ ਬੱਚੇ ਗੁੰਮਸੁੰਮ ਹੋ ਗਏ। ਚਾਚਾ ਹਰਨੇਕ ਸਿੰਘ ਮਜ਼ਦੂਰੀ ਕਰਦੈ। ਉਸ ਦੇ ਖੁਦ ਦੇ ਦੋ ਬੱਚੇ ਹਨ। ਚਾਚਾ ਹਰਨੇਕ ਸਿੰਘ ਚਾਰੋਂ ਬੱਚੇ ਪਾਲ ਰਿਹੈ।
       ਪਿੰਡ ਪਿਥੋ (ਬਠਿੰਡਾ) ਦਾ ਕਿਸਾਨ ਅਜੈਬ ਸਿੰਘ ਤੇ ਪਤਨੀ ਸੁਖਮੰਦਰ ਕੌਰ, ਦੋਵੇਂ ਫੌਤ ਹੋ ਗਏ। ਮਰਹੂਮ ਕਿਸਾਨ ਦੇ ਬੱਚਿਆਂ ਦਾ ਸਹਾਰਾ ਤਾਇਆ ਅਤੇ ਮਾਮਾ ਬਣੇ ਹਨ। ਏਹ ਵੀ ਚਾਚੇ ਤਾਏ ਹਨ। ਜੋ ਕੁਦਰਤ ਦੀ ਰਜ਼ਾ 'ਚ ਹਨ। ਖ਼ੂਨ ਦਾ ਰੰਗ ਸਫ਼ੈਦ ਨਹੀਂ ਹੋਣ ਦੇ ਰਹੇ। ਦੂਜੇ ਬੰਨ•ੇ, ਸਿਆਸੀ ਮਾਮੇ ਤੇ ਸਾਲੇ ਹਨ, ਜਿਨ•ਾਂ ਨੂੰ ਕੁਰਸੀ ਦੇ ਪਾਵੇ ਹੀ ਦਿੱਖਦੇ ਹਨ। 'ਇਨਸਾਫ਼ ਦੀ ਦੇਵੀ', ਭਾਵੇਂ ਅੱਖਾਂ 'ਤੇ ਪੱਟੀ ਬੰਨ•ੀ ਹੈ, ਨੂੰ ਸਭ ਕੁਝ ਦਿਖਦੈ। ਲਖਨਊ 'ਚ ਕੰਧ 'ਤੇ ਲੱਗੇ ਪੋਸਟਰ ਵੀ ਦਿਖੇ। ਯੋਗੀ ਸਰਕਾਰ ਹਲੂਣੀ ਗਈ। ਜਿਵੇਂ ਵਿਸ਼ਵ ਕਰੋਨਾਵਾਇਰਸ ਨੇ ਹਲੂਣਿਆ ਤੇ 'ਯੈੱਸ ਬੈਂਕ' ਨੇ ਅਰਥਚਾਰਾ। ਬੈਂਕਾਂ ਅੱਗੇ ਲੋਕ ਕਤਾਰਾਂ 'ਚ ਲੱਗੇ ਹਨ। ਪਰਮਿੰਦਰ ਸੋਢੀ ਦਾ ਇਹ ਵਿਚਾਰ ਢੁਕਵਾਂ ਜਾਪਦੈ,' ਖਾਲੀ ਜੇਬਾਂ ਵਾਲਾ ਬੰਦਾ ਬਾਜ਼ਾਰ 'ਚੋਂ ਕਾਹਲੀ ਨਾਲ ਲੰਘਦਾ ਹੈ।' ਤਾਹੀਓਂ ਛੱਜੂ ਰਾਮ ਚੱਕਵੇਂ ਪੈਰੀਂ ਜਾ ਰਿਹੈ। ਸਮਾਪਤੀ ਡਾ. ਜਗਤਾਰ ਦੇ ਇਨ•ਾਂ ਬੋਲਾਂ ਨਾਲ, 'ਇਹ ਜੁਗਨੂੰ ਹੈ ਇਹ ਜਗ ਜਗ ਕੇ ਬੁਝੇਗਾ ਫਿਰ ਜਗੇਗਾ/ਲੜੇਗਾ ਪਰ ਹਨੇਰੇ ਨਾਲ ਆਖਰ ਤੱਕ ਲੜੇਗਾ।'

Sunday, March 8, 2020

                           ਵਿਚਲੀ ਗੱਲ
           ਅਸਾਂ ਆਪ ਲਿਖੀ ਤਕਦੀਰ
                          ਚਰਨਜੀਤ ਭੁੱਲਰ
ਬਠਿੰਡਾ : ਆਟੇ ਦੀ ਚਿੜੀ ਨਹੀਂ। ਕੋਈ ਮੋਮ ਦੀ ਗੁੱਡੀ ਨਹੀਂ। ਨਾ ਏਹ ਕੂੰਜ ਹੈ, ਨਾ ਪੁਕਾਰ ਹੈ। ਜੋ ਜਗ ਰਹੀ ਬਨੇਰੇ ’ਤੇ, ਏਹ ਨ੍ਹੇਰਿਆਂ ਲਈ ਵੰਗਾਰ ਹੈ। ਏਹਨੂੰ ਝੋਲੇ ਵਾਲਾ ਬਾਪੂ ‘ਲਾਡੋ ਪੁੱਤ’ ਆਖਦੈ। ਸੱਧਰਾਂ ਨੂੰ ਲਕਵਾ ਮਾਰ ਜਾਵੇ। ਗਰਜ਼ਾਂ ਦੇ ਵਰੋਲੇ ਉੱਠ ਪੈਣ। ਫੇਰ ਉੱਡਣਾ ਭੁੱਲ ਜਾਂਦੇ ਨੇ, ਖੇਤਾਂ ਦੇ ਸੁਪਰਮੈਨ। ਕੋਈ ‘ਲਾਡੋ ਪੁੱਤ’ ਮਿਲ ਜਾਏ। ਕਾਂਬਾ ਫਿਰ ਟੁੰਡੀ ਲਾਟਾਂ ਨੂੰ ਛਿੜਦੈ। ਪਿੰਜਰੇ ਦਾ ਟੁੱਟਣਾ, ਸ਼ਿਕਾਰੀ ਦਾ ਡਰ ਬਣਦੈ। ਇੰਝ ਬਰਨਾਲੇ ’ਚ ਹੋਇਐ। ‘ਬਾਪੂ ਬਚਾਓ’ ਲਹਿਰ ਤੁਰੀ ਹੈ। ਝੰਡਾ ਪਿੰਡ ਨੱਤ (ਸੰਗਰੂਰ) ਦੀ ਗਰੈਜੂਏਟ ਕੁੜੀ ਨੇ ਚੁੱਕਿਐ। ਸੋਲ਼ਾਂ ਪੇਂਡੂ ਧੀਆਂ ਦੀ ਬ੍ਰਿਗੇਡ ਪਿੰਡ-ਪਿੰਡ ਮਾਰਚ ਕਰ ਰਹੀ ਹੈ। ਕਰਜ਼ੇ ਦਾ ਚੀੜ੍ਹਾ ਰੂਪ ਵੇਖਿਆ। ਗੁਰਮੀਤ ਨੇ ਫੌਰੀ ਬ੍ਰਿਗੇਡ ਬਣਾ ਲਈ। ਪੇਂਡੂ ਕੁੜੀਆਂ ਦੀ ਇਹ ‘ਸੋਲ਼ਾਂ ਬਟਾਲੀਅਨ’ ਹੈ। ਇੱਕੋ ਮਿਸ਼ਨ ਤੇ ਇੱਕੋ ਨਿਸ਼ਾਨਾ। ਬਾਪੂ ਕਿਵੇਂ ਬਚਾਉਣੇ ਨੇ। ਸ਼ਾਹੂਕਾਰਾਂ ਤੇ ਬੈਂਕਾਂ ਦੀ ਠੱਗੀ ਤੋਂ। ਕਰਜ਼ੇ ’ਚ ਗ਼ੈਰ-ਕਾਨੂੰਨੀ ਜ਼ਰਬਾਂ। ਟਿੱਡੀ ਦਲ ਦੇ ਹੱਲੇ ਤੋਂ ਘੱਟ ਨਹੀਂ। ਸ਼ਾਹੂਕਾਰਾਂ ਦਾ ਵਿਆਜ ’ਤੇ ਵਿਆਜ। ਬੈਂਕਾਂ ਦੇ ਫਾਈਲਾਂ ’ਚ ਛੁਪੇ ਬੇਲੋੜੇ ਖਰਚੇ। ਭੋਲੇ ਬਾਪੂ ਕਿਥੋਂ ਫੜਨ ਜੋਗੇ ਨੇ। ਇਸ ਬ੍ਰਿਗੇਡ ਨੇ ਫੜੇ ਨੇ। ਇਕੱਲੇ ਪੇਂਡੂ ਬਰਨਾਲੇ ’ਚੋਂ 72 ਕੇਸ ਲੱਭੇ ਨੇ। ਕਿਸਾਨਾਂ ਨੂੰ ਰਾਹਤ ਮਿਲੀ ਹੈ। ਜੰਗ ਹਾਲੇ ਸ਼ੁਰੂ ਹੋਈ ਹੈ..! ਨੱਤ ਪਿੰਡ ਦੀ ਕੁੜੀ ਗੁਰਮੀਤ ਨੇ ਜਦੋਂ ਬਰਨਾਲੇ ਕਚਹਿਰੀ ’ਚ ਝੋਲੇ ਵਾਲਾ ਬਾਪੂ ਵੇਖਿਆ। ਹੱਥ ’ਚ ਸੋਟੀ, ਸੋਚਾਂ ’ਚ ਡੁੱਬਾ। ਕਰਜ਼ ਲਈ ਫਰਿਆਦਾਂ ਕਰਦਾ। ਗੁਰਮੀਤ ਨੇ ਬਾਪੂ ਨੂੰ ਬਿਠਾਇਆ। ਮਸਲਾ ਅੱਖ ਦੇ ਫੋਰੇ ਹੱਲ ਕਰਾਇਆ। ਨਾਲੇ ਬਾਪੂ ਕਰਜ਼ ਤੋਂ ਬਚਾਇਆ।‘ਜਿਉਂਦੀ ਰਹਿ ਮੇਰੀ ਲਾਡੋ ਪੁੱਤ’, ਆਖ ਸਿਰ ਪਲੋਸਿਆ। ਬਾਪੂ ਪਿੰਡ ਚਲਾ ਗਿਆ। ਧੀਆਂ ਦੀ ਬ੍ਰਿਗੇਡ ’ਚ ਪੇਂਡੂ ਕੁੜੀਆਂ ਨੇ। ਪੜ੍ਹੀਆਂ-ਲਿਖੀਆਂ ਨੇ ਜਿਨ੍ਹਾਂ ਨੇ ਤਿੰਨ ਕਾਊਂਟਰ ਲਾਏ ਨੇ। ਤਪਾ, ਧਨੌਲ਼ਾ ਤੇ ਬਰਨਾਲੇ ਤਹਿਸੀਲ ’ਚ।
               ਖੇਤੀ ਲਿਮਟਾਂ ਦੇ ਕੇਸ ਹੋਣ, ਭਾਵੇਂ ਖੇਤੀ ਕਰਜ਼ ਦੇ। ਮਰਜ਼ ਦਾ ਮਾਮੂਲੀ ਖਰਚਾ ਲੈਂਦੀਆਂ ਨੇ। ਕਰਜ਼ੇ ਨਾਲ ਜੁੜੀ ਲੁੱਟ ਤੋਂ ਕਿਵੇਂ ਬਚਣਾ। 19 ਪਿੰਡਾਂ ਦੀਆਂ ਸੱਥਾਂ ’ਚ ਇਸ ਬ੍ਰਿਗੇਡ ਨੇ ਨੁਕਤੇ ਦੱਸੇ ਹਨ। ਲੁੱਟ ਦੇ ਵਪਾਰੀ, ਅੱਖਾਂ ਮਸਲ ਰਹੇ ਨੇ। ਅੱਜ ਕੌਮਾਂਤਰੀ ਮਹਿਲਾ ਦਿਵਸ ਹੈ। ਸਲਾਮ ਇਨ੍ਹਾਂ ਕੁੜੀਆਂ ਨੂੰ, ਜਿਨ੍ਹਾਂ ਹਰ ਕਿਸਾਨ ’ਚੋਂ ਆਪਣਾ ਪਿਉ-ਦਾਦਾ ਦਿਖਦੈ। ਬ੍ਰਿਗੇਡ ਦਾ ਸੁਫ਼ਨਾ ਹੈ, ‘ਹਰ ਘਰ ਦਾ ਚੁੱਲ੍ਹਾ ਬਲੇ’। ਆਓ, ਹੁਣ ਫਿਰੋਜ਼ਪੁਰ ਦੇ ਪਿੰਡ ਮਰਖਾਈ ਚੱਲਦੇ ਹਾਂ। ਉਥੋਂ ਦੀ ਰਮਨਦੀਪ ਕੌਰ ਨੂੰ ਵੀ ਦਾਦ ਦਿੰਦੇ ਹਾਂ, ਜਿਸ ਨੇ ਨਿੱਕੀ ਉਮਰੇ ਹੀ ਵੇਖ ਲਈ ਘਰਾਂ ’ਚ ਹੁੰਦੀ ਚਾਚੀਆਂ-ਤਾਈਆਂ ਦੀ ਕੁੱਟਮਾਰ। ਸੜਕ ’ਤੇ ਭਰੂਣ ਦੇਖਿਆ। ਧੁਰ ਅੰਦਰੋਂ ਝੰਜੋੜੀ ਗਈ। ਭਰੂਣ ਹੱਤਿਆ ਖ਼ਿਲਾਫ਼ ਕੰਧ ਬਣ ਗਈ। ਵਿਆਹ ਹੋਇਆ, ਦਾਜ ਦੇ ਲਾਲਚੀ ਵੇਖ ਲਏ। ਪਤੀ ਤੋਂ ਤਲਾਕ ਬਿਹਤਰ ਲੱਗਾ। ਦੂਜਾ ਪਤੀ ਵੀ ਨਸ਼ੇੜੀ ਨਿਕਲਿਆ। ਨਸ਼ੇ ਨੇ ਵੈਣ ਪੁਆ ਦਿੱਤੇ। ਰਮਨ ਨੇ ਪਤੀ ਦੇ ਸਿਵੇ ’ਤੇ ਸਹੁੰ ਖਾਧੀ। ‘ਪੰਜਾਬ ਦੀਆਂ ਧੀਆਂ ਨੂੰ ਚਿੱਟੀ ਚੁੰਨੀ ਨਹੀਂ ਲੈਣ ਦਿਆਂਗੀ’। ਤਸਕਰਾਂ ਖ਼ਿਲਾਫ਼ ਨਿੱਤਰੀ। ਧਮਕੀਆਂ ਮਿਲੀਆਂ, ਮਾਪਿਆਂ ’ਤੇ ਹਮਲੇ ਹੋਏ। ਪਿੰਡ ਮੇਹਰ ਸਿੰਘ ਵਾਲਾ ’ਚ ਚਿੱਟੇ ਨਾਲ ਇੱਕ ਨੌਜਵਾਨ ਫੌਤ ਹੋ ਗਿਆ। ਪੁਲੀਸ ਅਫ਼ਸਰ ਪਿੰਡ ਆਏ, ਸਿੱਧੀ ਪੈ ਨਿਕਲੀ ਇਹ ਸ਼ੇਰ ਬੱਚੀ। ਚੜ੍ਹ ਗਈ ਗੁੱਡੀ, ਹੁਣ ਪਿੰਡ-ਪਿੰਡ ਜਾਂਦੀ ਹੈ। ਹਰ ਕੋਈ ਇਹੋ ਆਖਦੈ, ‘ਧੀਏ ਤੇਰੇ ਬੱਚੇ ਜੀਣ’। ਰਮਨਦੀਪ ਦੀ ਲਲਕਾਰ ਦਾ ਪ੍ਰਤਾਪ ਸਮਝੋ। ਉਸ ਨੇ ਚਿੱਟਾ ਹਰਾ ਦਿੱਤਾ, ਕਿੰਨੇ ਪੁੱਤ ਬਚਾ ਲਏ। ਲੌਗੋਂਵਾਲ ਸਕੂਲ ਦੀ ਵੈਨ ਨੂੰ ਅੱਗ ਲੱਗੀ। ਕਿੰਨੇ ਬੱਚੇ ਬਚਾਅ ਲਏ ਅਮਨਦੀਪ ਕੌਰ ਨੇ। ਇਸ ਸਕੂਲੀ ਬੱਚੀ ਨੂੰ ਵੀ ਸਲਾਮ।
                ਪੱਖੋਵਾਲ (ਲੁਧਿਆਣਾ) ਦੀ ਜਸਵੀਰ ਕੌਰ। ਕਿੰਨੇ ਅਨਾਥ ਬੱਚੇ ਅਪਣਾ ਲਏ। ਜਾਣਨਾ ਹੋਵੇ ਤਾਂ ਧਾਮ ਤਲਵੰਡੀ ਚਲੇ ਜਾਇਓ। ਆਪ ਤਾਂ ਜਵਾਨ ਉਮਰੇ ਘਰ ਬਾਰ ਛੱਡ ਆਈ। ਅਨਾਥ ਬੱਚੇ ਆਖਦੇ ਹਨ, ‘ਸਾਨੂੰ ਮਾਂ ਮਿਲ ਗਈ’। ਕਵੀ ਗੁਰਭਜਨ ਗਿੱਲ ਨੇ ਇੰਝ ਸ਼ਬਦ ਬੁਣੇ ਨੇ, ‘ਮੇਰੀ ਮਾਂ ਨੂੰ ਸਵੈਟਰ ਬੁਣਨਾ ਨਹੀਂ ਸੀ ਆਉਂਦਾ ਪਰ ਉਹ ਰਿਸ਼ਤੇ ਬੁਣਨਾ ਜਾਣਦੀ ਸੀ..!’ ਅੱਜ ਬੀਬੀਆਂ ਦਾ ਦਿਨ ਹੈ, ਅੱਗੇ ਤੁਰਦੇ ਹਾਂ। ਮੁਕਤਸਰ ਦਾ ਪਿੰਡ ਜਗਤ ਸਿੰਘ ਵਾਲਾ। ਗਰੈਜੂਏਟ ਕੁੜੀ ਹਰਜਿੰਦਰ ਕੌਰ। ਅੱਗੋਂ ਪਿਛਿਓਂ ਪੰਜ ਮੌਤਾਂ ਵੇਖੀਆਂ। ਮਾਪੇ ਜਿੱਤੀ ਬਾਜ਼ੀ ਹਾਰ ਗਏ। ਅਸਮਾਨੋਂ ਗੁੱਡੀ ਟੁੱਟ ਗਈ। ਬਾਪ ਚਲਾ ਗਿਆ, ਨਾਲੇ ਭਰਾ। ਜਦੋਂ ਹਰਜਿੰਦਰ ਖੇਤਾਂ ਦਾ ਪੁੱਤ ਬਣੀ। ਮਾਂ ਨੇ ਆਖਿਆ ‘ਕਬੀਲਦਾਰੀ ਦਾ ਕੰਡਾ ਛੋਟੀ ਨੇ ਕੱਢ ਦਿੱਤਾ’। ਘਰ ਵੀ ਸੰਭਾਲਦੀ ਹੈ, ਨਾਲੇ ਖੇਤ ਵੀ। ਪਿੰਡ ਹੁਣ ਆਖਦੈ, ‘ਵਾਹ ਧੀਏ’। ਵਾਹ-ਵਾਹ ਪਿੰਡ ਭਰਾਜ (ਸੰਗਰੂਰ) ਦੀ ਨਰਿੰਦਰ ਕੌਰ ਨੇ ਵੀ ਖੱਟੀ।ਜਦੋਂ ਪਿੰਡ ‘ਚ ਸਿਆਸੀ ਦਹਿਸ਼ਤ ਸੀ। ਚੋਣਾਂ ਦੇ ਦਿਨ ਸਨ। ਉਹ ਅੱਗ ਦੀ ਨਾਲ ਬਣ ਗਈ। ਨਰਿੰਦਰ ਕੌਰ ਇਕੱਲੀ ਪੋਲਿੰਗ ਬੂਥ ’ਤੇ ਬੈਠੀ। ਪੋਲਿੰਗ ਏਜੰਟ ਬਣੀ, ਵਿਰੋਧੀ ਰੋਣ ਹਾਕੇ ਹੋ ਗਏ। ਇਕੱਲੀ ਖੇਤੀ ਨਹੀਂ, ਪੜ੍ਹਦੀ ਵੀ ਹੈ। ਉਂਜ ਵੀ ‘ਸੁੰਦਰ ਮੁੰਦਰੀਏ ਤੇਰਾ…’ ਵਾਲਾ ਜ਼ਮਾਨਾ ਬਦਲਿਐ। ਅੱਜ ਦੀ ਲੱਧੀ ਹੁਣ ਕਨ੍ਹੱਈਏ ਜੰਮਦੀ ਹੈ। ਕੁੱਖ ਸੁਲੱਖਣੀ ਹੈ, ਆਇਸ਼ੀ ਘੋਸ਼ ਜੰਮਦੀ ਹੈ। ਬਾਬੇ ਨੇ ਆਖਿਆ ‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’। ਉੱਤਲੇ ਭਾਜਪਾਈ ਫਿਰ ਨਹੀਂ ਸਮਝਦੇ। ਯੂਪੀ ਵਾਲੇ ਯੋਗੀ ਨੇ ਤਾਂ ਕੀ ਸਮਝਣੈ। ਐਂਟੀ ਰੋਮੀਓ ਸਕੁਐਡ ਖੜ੍ਹੇ ਕੀਤੇ। ਅਖੇ, ਕੁੜੀਓ, ਜੀਵਨ ਸਾਥੀ ਚੁਣਨ ’ਚ ਮਰਜ਼ੀ ਨਹੀਂ ਚੱਲਣੀ।
               ਹੱਕ ਸੱਚ ਦੀ ਚਿਣਗ ਅਤੇ ਮਾਂ ਦਾ ਜਿਗਰਾ ਵੇਖਣਾ ਹੋਵੇ, ਬੰਗਾਲੀ ਲੇਖਿਕਾ ਮਹਾਸ਼ਵੇਤਾ ਦੇਵੀ ਦਾ ਨਾਵਲ ‘1084ਵੇਂ ਦੀ ਮਾਂ ’ ਜਾਂ ਫਿਰ ਮੈਕਸਿਮ ਗੋਰਕੀ ਦਾ ਰੂਸੀ ਨਾਵਲ ‘ਮਾਂ’ ਪੜ੍ਹ ਲੈਣਾ। ਮੁਕਤਸਰ ਦੇ ਇੱਕ ਪਿੰਡ ਦੇ ਸਿਵੇ ’ਚ ਚੋਰੀ ਹੋਈ। ਮਾਂ ਦੇ ਫੁੱਲ ਚੋਰੀ ਹੋ ਗਏ, ਪੁੱਤ ਹੀ ਚੋਰ ਨਿਕਲੇ। ਮਹਿਲਾ ਦਿਵਸ ਹੈ, ਹੈ ਤਾਂ ਗੁਸਤਾਖ਼ੀ। ਫਾਜ਼ਿਲਕਾ ਦੀ ਪਾਰੋ ਦੇਵੀ ਦੀ ਉਮਰ 75 ਸਾਲ ਹੈ, ਨਸ਼ਾ ਤਸਕਰੀ ਦੇ 100 ਕੇਸ ਦਰਜ ਨੇ। ਇਸ ਮਾਈ ਦੇ ਪੁੱਤ ਪੋਤੇ, ਨੂੰਹਾਂ ਧੀਆਂ ਅਤੇ ਜਵਾਈ। ਸਭ ‘ਚਿੱਟਾ’ ਕਾਰੋਬਾਰ ਕਰਦੇ ਨੇ। ਦੁਨੀਆ ਰੰਗ ਬਿਰੰਗੀ। ਅਬੋਹਰ ’ਚ ਉਹ ਵੀ ਪਿੰਡ ਨੇ, ਜਿਥੇ ਅੱਜ ਵੀ ਅੌਰਤਾਂ ‘ਘੁੰਡ’ ਕੱਢਦੀਆਂ ਨੇ। ਜਦੋਂ ਹਾਕਮ ‘ਘੁੰਡ’ ਕੱਢ ਲੈਣ, ਉਦੋਂ ਦਾਦੀਆਂ ਨੂੰ ਸ਼ਾਹੀਨ ਬਾਗ ’ਚ ਬੈਠਣਾ ਪੈਂਦਾ। ਵਿਰਸਾ ਬੇਹੱਦ ਅਮੀਰ ਹੈ, ਮਾਈ ਭਾਗੋ ਵੀ ਹੈ, ਰਾਣੀ ਝਾਂਸੀ ਵੀ।ਦੀਦਾਰ ਸੰਧੂ ਦਾ ਇੱਕ ਗੀਤ ਬਹੁਤ ਵੱਜਿਐ। ‘ਨਾ ਮਾਰ ਜਾਲਮਾ ਵੇ, ਪੇਕੇ ਤੱਤੜੀ ਦੇ ਦੂਰ..!’ ਜਿਉਂ ਹੀ ਨਾਗਰਿਕਤਾ ਕਾਨੂੰਨ ਦਾ ਕਰੰਟ ਲੱਗਾ, ਧੀਆਂ ਨੇ ਦੱਸ ਦਿੱਤਾ ਕਿ ਉਹ ਕਿਸਮਤ ਪੁੜੀਆਂ ਨਹੀਂ। ਗੁੱਡੀਆਂ ਨੇ ਮੰਡਾਸੇ ਬੰਨ੍ਹੇ ਨੇ ਗੁੰਡਿਆਂ ਖ਼ਿਲਾਫ਼। ਗੱਲ ਥੋੜ੍ਹੀ ਪੁਰਾਣੀ ਹੈ। ਲੋਹਾਖੇੜਾ ਦੀ ਇੱਕ ਕੁੜੀ ਨੇ ਰਫ਼ਲ ਚੁੱਕੀ ਸੀ। ਉਸ ਮੁੰਡੇ ਦੇ ਘਰ ਅੱਗੇ ਜਾ ਦਹਾੜੀ ਜਿਹਨੇ ਮਾੜੀ ਅੱਖ ਨਾਲ ਵੇਖਿਆ ਸੀ। ਕੇਰਲਾ ਦਾ ਸ਼ਬਰੀਮਾਲਾ ਮੰਦਰ। ਪਾਬੰਦੀ ਅੌਰਤਾਂ ਦੇ ਦਾਖ਼ਲੇ ’ਤੇ ਲੱਗੀ ਹੈ। ਕਵਿਤਾ ਤੇ ਫਾਤਿਮਾ ਨੇ ਜੁਰਅਤ ਦਿਖਾਈ। ਦਿਮਾਗ ਜਗੇ ਨੇ, ਹੌਸਲੇ ਵਧੇ ਨੇ, ਅੌਰਤਾਂ ਨੇ ਪਰਵਾਜ਼ ਭਰੀ ਹੈ, ਜਾਲ ਯਰਕੇ ਨੇ।
              ਪਿਛਲੇ ਦਿਨਾਂ ਦੀ ਗੱਲ ਹੈ। ਕਸ਼ਮੀਰ ਦੀ ਬੇਟੀ ਇਫ਼ਰਾ ਨੇ ਹਰਿਆਣਾ ਦੇ ਹਿੰਦੂ ਭਰਾ ਅਜੇ ਨੂੰ ਗੁਰਦਾ ਦਿੱਤੈ। ਗੀਤਾ ਨੇ ਮੁਸਲਿਮ ਜੁਬੈਦਾ ਬਾਨੋ ਨੂੰ ਗੁਰਦਾ ਦਿੱਤਾ। ਕਮਲ ਨਾਥ ਗੁਰਦੇ ਖ਼ਰਾਬ ਕਰਨ ਦੇ ਰਾਹ ਪਿਐ। ਮੱਧ ਪ੍ਰਦੇਸ਼ ’ਚ ਅੌਰਤਾਂ ਲਈ ਵੱਖਰੇ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਘੱਟ ਪੰਜਾਬੀ ਵੀ ਨਹੀਂ। ਧੀਆਂ ਨੂੰਹਾਂ ਦੇ ਨਾਮ ’ਤੇ ਠੇਕੇ ਚਲਾ ਰਹੇ ਨੇ। ਸਰਕਾਰੀ ਸਕੀਮ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਗਵਾਹ ਹੈ ਕਿ ਅੌਰਤਾਂ ਲਈ ਹਾਲੇ ਦਿੱਲੀ ਦੂਰ ਹੈ। ਤਾਜ਼ਾ ਰਿਪੋਰਟ ਸੁਣੋ। ਅਦਾਲਤਾਂ ’ਚ 2.44 ਲੱਖ ਬਲਾਤਕਾਰ ਦੇ ਕੇਸ ਪੈਂਡਿੰਗ ਹਨ, 66,994 ਇਕੱਲੇ ਯੂਪੀ ਵਿਚ। ਹਰਿਆਣਾ ਦੀ ਖਾਪ ਪੰਚਾਇਤ, ਬੰਗਾਲ ਦੀ ਸਾਲਸੀ ਸਭਾ, ਅੌਰਤਾਂ ਦੇ ਪੈਰ ਦਾ ਕੰਡਾ ਹਨ। ਇਸ ਗੱਲੋਂ ਛੱਜੂ ਰਾਮ ਸਿਆਣੈ, ਅੌਰਤਾਂ ਦੇ ਕੰਮ ’ਚ ਦਖ਼ਲ ਨਹੀਂ ਦਿੰਦਾ। ਗੱਲ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਵੀ ਸਿਆਣੀ ਹੈ, ‘ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ/ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ ’ਤੇ।

Wednesday, March 4, 2020

                       ਸਰਕਾਰੀ ਜੁਗਤ
       ਏਦਾਂ ਹੁੰਦੇ ਨੇ ਪਿੰਡ ‘ਨਸ਼ਾ ਮੁਕਤ’ !
                        ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਸਰਕਾਰ ਹੁਣ ‘ਨਸ਼ਾ ਮੁਕਤ ਪੰਜਾਬ’ ਦਿਖਾਉਣ ਖਾਤਰ ਪੰਚਾਇਤਾਂ ਤੋਂ ਮਤੇ ਪਵਾ ਰਹੀ ਹੈ ਤਾਂ ਜੋ ਵਾਹ ਵਾਹ ਖੱਟੀ ਜਾ ਸਕੇ। ਪੰਜਾਬ ਪੁਲੀਸ ਨੇ ਨਸ਼ਾ ਮੁਕਤ ਪਿੰਡਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜ਼ਬਾਨੀ ਹੁਕਮ ਕਰਕੇ ‘ਨਸ਼ਾ ਮੁਕਤ ਪਿੰਡ’ ਹੋਣ ਦੇ ਮਤੇ ਪਾਸ ਕਰਾ ਰਿਹਾ ਹੈ। ਹਾਲਾਂਕਿ ਨਸ਼ਾ ਮੁਕਤ ਪਿੰਡਾਂ ਦੀ ਗਿਣਤੀ ਆਟੇ ’ਚ ਲੂਣ ਬਰਾਬਰ ਹੈ। ਪੁਲੀਸ ਨੇ ਉਨ੍ਹਾਂ ਪਿੰਡਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਪਿੰਡਾਂ ਵਿਚ ਤਿੰਨ ਵਰ੍ਹਿਆਂ ਤੋਂ ਕੋਈ ਨਸ਼ਾ ਤਸਕਰੀ ਦਾ ਜੁਰਮ ਨਹੀਂ ਹੋਇਆ ਹੈ। ਉਂਜ,ਇਨ੍ਹਾਂ ਪਿੰਡਾਂ ਵਿਚ ਨਸ਼ੇੜੀ ਬਥੇਰੇੇ ਹਨ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਪੁਲੀਸ ਨੇ 22 ਪਿੰਡ ਸ਼ਨਾਖ਼ਤ ਕੀਤੇ ਹਨ ਜਿਨ੍ਹਾਂ ਵਿਚ ਕਾਂਗਰਸ ਸਰਕਾਰ ਬਣਨ ਮਗਰੋਂ ਨਸ਼ਾ ਤਸਕਰੀ ਦਾ ਕੋਈ ਜੁਰਮ ਨਹੀਂ ਹੋਇਆ ਹੈ। ਵੈਸੇ ਸ਼ਰਾਬ ਦੇ ਠੇਕੇ ਵੀ ਇਨ੍ਹਾਂ ਪਿੰਡਾਂ ਵਿਚ ਮੌਜੂਦ ਹਨ। ਤਲਵੰਡੀ ਸਾਬੋ ਦੇ ਪਿੰਡ ਫੱਤਾਬਾਲੂ, ਕੌਰੇਆਣਾ, ਮਿਰਜੇਆਣਾ ਅਤੇ ਮੈਨੂੰਆਣਾ ਨੂੰ ਇਸ ਨਸ਼ਾ ਮੁਕਤ ਪਿੰਡਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਪਿੰਡ ਕੌਰੋੋਆਣਾ ਦੀ ਮਹਿਲਾ ਸਰਪੰਚ ਜਸਮੇਲ ਕੌਰ ਦਾ ਕਹਿਣਾ ਸੀ ਕਿ ਬੀ.ਡੀ.ਪੀ.ਓ ਤਰਫ਼ੋਂ ਨਸ਼ਾ ਮੁਕਤ ਪਿੰਡ ਹੋਣ ਦਾ ਮਤਾ ਪਾਸ ਕਰਨ ਵਾਸਤੇ ਆਖਿਆ ਗਿਆ ਹੈ  ਪ੍ਰੰਤੂ ਉਹ ਮਤੇ ਵਿਚ ਹਕੀਕਤ ਲਿਖਣਗੇ। ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਨਾਲੋਂ ਪਿੰਡ ਵਿਚ ਨਸ਼ਾ ਥੋੜਾ ਹੈ ਪ੍ਰੰਤੂ ਕੁਝ ਨਸ਼ੇੜੀ ਪਿੰਡ ਵਿਚ ਜਰੂਰ ਹਨ। ਜਾਣਕਾਰੀ ਅਨੁਸਾਰ ਗੋਨਿਆਣਾ ਬਲਾਕ ਦੇ ਪਿੰਡ ਅਮਰਗੜ੍ਹ,ਲੱਖੀ ਜੰਗਲ,ਕੋਠੇ ਲਾਲ ਸਿੰਘ ਅਤੇ ਕੋਠੇ ਸੰਧੂ ਵਾਲੇ ਵੀ ਨਸ਼ਾ ਮੁਕਤ ਪਿੰਡ ਐਲਾਨੇ ਗਏ ਹਨ।
              ਰਾਮਪੁਰਾ ਬਲਾਕ ਦਾ ਪਿੰਡ ਮੰਡੀ ਖੁਰਦ ਵੀ ਇਸ ਸੂਚੀ ਵਿਚ ਸ਼ਾਮਿਲ ਹੈ ਜਿਥੋਂ ਦੇ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਹਾਲੇ ਸਰਕਾਰੀ ਹੁਕਮ ਤਾਂ ਇਸ ਬਾਰੇ ਪੁੱਜੇ ਨਹੀਂ ਹਨ ਪ੍ਰੰਤੂ ਪਿੰਡ ’ਚ ਕੋਈ ਨਸ਼ਾ ਨਾ ਕਰਦਾ ਹੋਵੇ, ਅਜਿਹੀ ਗੱਲ ਨਹੀਂ ਹੈ। ਪਿੰਡ ਵਿਚ ਕਦੇ ਨਸ਼ਾ ਮੁਕਤੀ ਬਾਰੇ ਯੋਜਨਾਬੱਧ ਤਰੀਕੇ ਨਾਲ ਕੋਈ ਮੁਹਿੰਮ ਵੀ ਨਹੀਂ ਚੱਲੀ ਹੈ। ਸੂਤਰ ਦੱਸਦੇ ਹਨ ਕਿ ਕੁਝ ਲੋਕਾਂ ਨੇ ਸਰਕਾਰ ਨੂੰ ਪਿੰਡ ਚੋਂ ਸ਼ਰਾਬ ਦਾ ਠੇਕਾ ਬਾਹਰ ਕੱਢਣ ਦੀ ਮੰਗ ਰੱਖੀ ਸੀ ਜੋ ਅੱਜ ਤੱਕ ਸਰਕਾਰ ਨੇ ਪੂਰੀ ਨਹੀਂ ਕੀਤੀ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਹਰਜਿੰਦਰ ਸਿੰਘ ਜੱਸਲ ਦਾ ਕਹਿਣਾ ਸੀ ਕਿ ਪੁਲੀਸ ਤਰਫ਼ੋਂ ਅਜਿਹੇ ਪਿੰਡਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ ਜਿਸ ਨੂੰ ਮਹਿਕਮੇ ਵੱਲੋਂ ਵੈਰੀਫਾਈ ਕੀਤਾ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਬਠਿੰਡਾ ਜ਼ਿਲ੍ਹੇ ਦੇ ਸਿਰਫ਼ 7 ਫੀਸਦੀ ਪਿੰਡ ਹੀ ਪੁਲੀਸ ਨੂੰ ਨਸ਼ਾ ਮੁਕਤ ਲੱਭੇ ਹਨ ਜਿਨ੍ਹਾਂ ਦੀ ਹਕੀਕਤ ਕੁਝ ਹੋਰ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ 1279 ਪੰਚਾਇਤਾਂ ਹਨ ਜਿਨ੍ਹਾਂ ਚੋਂ ਸਿਰਫ਼ 65 ਪਿੰਡ ਨਸ਼ਾ ਮੁਕਤ ਐਲਾਨੇ ਗਏ ਹਨ ਜੋ ਕਿ 5.8 ਫੀਸਦੀ ਬਣਦੇ ਹਨ। ਰਾਜਪਾਲ ਪੰਜਾਬ ਤਰਫ਼ੋਂ ਇਨ੍ਹਾਂ ਪਿੰਡਾਂ ਨੂੰ ਸਨਮਾਨਿਆ ਵੀ ਗਿਆ ਹੈ। ਪੁਲੀਸ ਨਸ਼ਾ ਦੇ ਜੁਰਮ ਦੇ ਅਧਾਰ ’ਤੇ ਅੰਕੜਾ ਤਿਆਰ ਕਰ ਰਹੀ ਹੈ। ਜ਼ਿਲ੍ਹਾ ਬਰਨਾਲਾ ਵਿਚ 121 ਪਿੰਡ ਹਨ ਅਤੇ 175 ਪੰਚਾਇਤਾਂ ਹਨ। ਸੂਤਰਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਵਿਚ ਛੇ ਪਿੰਡ ਨਸ਼ਾ ਮੁਕਤ ਸ਼ਨਾਖ਼ਤ ਹੋਏ ਹਨ ਜੋ  4.95 ਫੀਸਦੀ ਬਣਦੇ ਹਨ।  ਜ਼ਿਲ੍ਹਾ ਸੰਗਰੂਰ ਵਿਚ ਕਰੀਬ 30 ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ ਹੈ।
               ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਗਰੂਰ ਨਰÎਭਿੰਦਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਪੰਚਾਇਤਾਂ ਤਰਫ਼ੋਂ ਮਤਾ ਪਾ ਕੇ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੇ ਗਏ ਹਨ। ਦੂਸਰੀ ਤਰਫ਼ ਸਾਇੰਸਟੈਫਿਕ ਅਵੇਅਰਨੈੱਸ ਐਂਡ ਸੋਸ਼ਲ ਵੈਲਫੇਅਰ ਸੰਗੂਰਰ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਏਦਾਂ ਦਾ ਪਾਖੰਡ ਛੱਡੇ ਅਤੇ ਅਗਰ ਸੁਹਿਰਦ ਹੈ ਤਾਂ ਚੋਣ ਮੈਨੀਫੈਸਟੋ ’ਚ ਕੀਤੇ ਵਾਅਦੇ ਅਨੁਸਾਰ ਹਰ ਵਰੇ੍ਹ ਪੰਜ ਫੀਸਦੀ ਪਿੰਡਾਂ ਚੋਂ ਸ਼ਰਾਬ ਦੇ ਠੇਕੇ ਬੰਦ ਕਰੇ। ਉਨ੍ਹਾਂ ਕਿਹਾ ਕਿ ਲੋੜ ਵਿਖਾਵੇ ਦੀ ਨਹੀਂ, ਨਸ਼ੇ ਦੀ ਜੜ੍ਹ ਨੂੰ ਪੁੱਟਣ ਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਹਰਿਆਣਾ ਦੀ ਦੋ ਨੰਬਰ ਦੀ ਸ਼ਰਾਬ ਸ਼ਰੇਆਮ ਵਿਕਦੀ ਹੈ, ਕੋਈ ਰੋਕਣ ਵਾਲਾ ਨਹੀਂ। ਸਰਕਾਰ ਨੇ ਐਤਕੀਂ 58 ਪਿੰਡਾਂ ਦੇ ਸ਼ਰਾਬਬੰਦੀ ਦੇ ਪਾਏ ਮਤਿਆਂ ਚੋਂ ਸਿਰਫ਼ 8 ਮਤੇ ਹੀ ਪ੍ਰਵਾਨ ਕੀਤੇ ਹਨ। ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਇਹ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਜਦੋਂ ਕਿ ਕੁਝ ਜ਼ਿਲ੍ਹਿਆਂ ਵਿਚ ਹਾਲੇ ਨਸ਼ਾ ਮੁਕਤ ਪਿੰਡ ਸ਼ਨਾਖ਼ਤ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੁਖਪਾਲ ਸਿੰਘ ਨੇ ਦੱਸਿਆ ਕਿ ਹਾਲੇ ਉਨ੍ਹਾਂ ਕੋਲ ਅਜਿਹੀ ਕੋਈ ਸੂਚੀ ਨਹੀਂ ਆਈ ਹੈ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਵਿਚ ਵੀ ਏਦਾ ਦੀ ਕੋਈ ਮੁਹਿੰਮ ਸ਼ੁਰੂ ਨਹੀਂ ਹੋਈ ਹੈ। ਪਤਾ ਲੱਗਾ ਹੈ ਕਿ ਹਰ ਜ਼ਿਲ੍ਹੇ ਵਿਚ ਪੁਲੀਸ ਤਰਫ਼ੋਂ ਅਜਿਹੇ ਪਿੰਡ ਸ਼ਨਾਖ਼ਤ ਕੀਤੇ ਜਾ ਚੁੱਕੇ ਹਨ। ਜੋ ਪੰਚਾਇਤਾਂ ਨਸ਼ਾ ਮੁਕਤ ਹਨ, ਉਨ੍ਹਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਜਾ ਰਹੀ ਹੈ।                                           ਸੁੱਖਾ ਸਿੰਘ ਵਾਲਾ ਦੀ ਵੱਖਰੀ ਪਛਾਣ
ਬਠਿੰਡਾ ਜ਼ਿਲ੍ਹੇ ਦਾ ਪਿੰਡ ਸੁੱਖਾ ਸਿੰਘ ਵਾਲਾ ਇਸ ਮਾਮਲੇ ਵਿਚ ਪ੍ਰਸੰਸਾ ਦੇ ਯੋਗ ਬਣਦਾ ਹੈ ਜਿਥੋਂ ਦੀ ਪੰਚਾਇਤ ਨੇ ਖੁਦ ਹੀ ਪੁਲੀਸ ਨੂੰ ਲਿਖਤੀ ਰੂਪ ਵਿਚ ਦਿੱਤਾ ਹੈ ਕਿ ਅਗਰ ਉਨ੍ਹਾਂ ਦੇ ਪਿੰਡ ਦਾ ਕੋਈ ਵਿਅਕਤੀ ਨਸ਼ੇ ਦੇ ਮਾਮਲੇ ਵਿਚ ਫੜਿਆ ਗਿਆ ਤਾਂ ਪੰਚਾਇਤ ਜਾਂ ਪਿੰਡ ਦਾ ਕੋਈ ਮੋਹਤਬਾਰ ਉਸ ਆਦਮੀ ਦੀ ਪੈਰਵਾਈ ਲਈ ਪਿਛੇ ਨਹੀਂ ਆਵੇਗਾ। ਪਿੰਡ ਦੇ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ ਹੈ ਪ੍ਰੰਤੂ ਕੁਝ ਕੁ ਲੋਕ ਸ਼ਰਾਬ ਪੀਣ ਦੇ ਜਰੂਰ ਆਦੀ ਹਨ। ਕੋਈ ਆਧੁਨਿਕ ਨਸ਼ਾ ਲੈਣ ਵਾਲਾ ਨਹੀਂ ਹੈ।


Sunday, March 1, 2020


                       ਵਿਚਲੀ ਗੱਲ          
          ਬੀਜੇ ਅੰਬ, ਲੱਗੇ ਅੱਕ
                      ਚਰਨਜੀਤ ਭੁੱਲਰ
ਬਠਿੰਡਾ :  ‘ਸ਼ੋਅਲੇ’ ਫ਼ਿਲਮ ਦਾ ਮਸ਼ਹੂਰ ਡਾਇਲਾਗ, ਬੋਲਿਆ ਤਾਂ ਵੱਡੇ ਕਾਂਗਰਸੀ ਧਨੰਤਰ ਨੇ, ਯਾਦ ਮਨੋਰੰਜਨ ਕਾਲੀਆ ਨੇ ਕਰਾਇਆ। ਖ਼ਾਨੇ ’ਚ ਵੱਡੇ ਬਾਦਲ ਨੇ ਪਾਇਆ। ਪਤਾ ਨਹੀਂ ਕਾਹਤੋਂ, ਗੁੱਸਾ ਸੁਨੀਲ ਜਾਖੜ ਨੂੰ ਆਇਆ। ਗੱਲ ਪੱਲੇ ਅਮਰਿੰਦਰ ਨੇ ਬੰਨ੍ਹ ਲਈ। ਹਾਕੀ ਵਾਲਾ ਪ੍ਰਗਟ ਸਿਓ, ‘ਖੂੰਡਾ’ ਲੱਭਦਾ ਫਿਰਦੈ। ਧੂਮ ਅਬੋਹਰ ਰੈਲੀ ’ਚ ਇਸੇ ਖੂੰਡੇ ਦੀ ਸੀ। ਪੂਰਾ ਫਿਲਮੀ ਸੀਨ ਬਣਾ ਧਰਿਆ। ਇੰਝ ਬੋਲੇ ਕੈਪਟਨ ਦੇ ਚੇਲੇ, ‘ਦੂਰ-ਦੂਰ ਗਾਓਂ ਮੇਂ ਜਬ ਕੋਈ ਅਕਾਲੀਓਂ ਕਾ ਬੱਚਾ ਰੋਤਾ ਹੈ ਤੋ ਉਸ ਕੇ ਮਾਂ ਬਾਪ ਕਹਿਤੇ ਹੈਂ ਕਿ ਬੱਚਾ ਚੁੱਪ ਹੋਜਾ, ਨਹੀਂ ਤੋ ਕੈਪਟਨ ਆ ਜਾਏਗਾ’। ਚੋਣਾਂ ਵਾਲਾ ਮਾਹੌਲ ਤੱਤਾ ਸੀ। ਗੱਲ ਇਹ ਨਵੰਬਰ 2011 ਦੀ ਹੈ। ਸੁਣਾਈ ਭਾਜਪਾਈ ਕਾਲੀਆ ਨੇ। ਉਹ ਵੀ ਅਸੈਂਬਲੀ ਸੈਸ਼ਨ ’ਚ।ਗੱਠਜੋੜ ਦੀ ਦੂਸਰੀ ਪਾਰੀ ਸੀ। ਵਿਰੋਧੀ ਬੈਂਚਾਂ ’ਤੇ ਕਾਂਗਰਸੀ ਬੈਠੇ ਸਨ। ਕਾਲੀਆ ਜੀ, ਵਿਰੋਧੀ ਧਿਰ ਵੱਲ ਘੁੰਮੇ। ਮੁਸਕਰਾਏ ਤੇ ਫਿਰ ਇੰਝ ਬੋਲੇ, ‘ਅਬੋਹਰ ’ਚ ਤੁਸੀਂ ਕੈਪਟਨ ਦੀ ਤੁਲਨਾ ਖਲਨਾਇਕ ਗੱਬਰ ਨਾਲ ਕੀਤੀ। ਸੋ ਤੁਸੀਂ ਜੋ ਸੋਚਿਆ, ਉਥੇ ਅੱਜ ਬੈਠੇ ਹੋ।’ ਕਾਲੀਆ ਥੋੜ੍ਹਾ ਗੱਠਜੋੜ ਵੱਲ ਮੁੜੇ, ‘ਫਿਰ ਵੀਰੂ (ਧਰਮਿੰਦਰ) ਤੇ ਜੈ (ਅਮਿਤਾਭ ਬਚਨ) ਕੌਣ ਬਣੇ, ਉਹ ਅਕਾਲੀ ਤੇ ਭਾਜਪਾ ਬਣੇ’। ਕਾਲੀਆ ਮੁੜ ਵਿਰੋਧੀ ਬੈਂਚਾਂ ਵੱਲ ਕੁਣੱਖਾ ਝਾਕੇ। ਇੰਝ ਬੋਲੇ, ‘ਜਾਖੜ ਜੀ, ‘ਸ਼ੋਅਲੇ’ ਫ਼ਿਲਮ ਤੁਸੀਂ ਪੂਰੀ ਨਹੀਂ ਦੇਖੀ ਹੋਣੀ। ਅਖੀਰ ’ਚ ਸੰਜੀਵ ਕੁਮਾਰ ਬੋਲਦਾ ਹੈ, ‘ਯੇ ਹਾਥ ਮੁਝ ਕੋ ਦੇ ਦੋ ਗੱਬਰ’। ਤੁਸੀਂ ਪੰਜਾਬੀਆਂ ਤੋਂ ਮੰਗਿਆ, ਲੋਕਾਂ ਨੇ ਥੋਨੂੰ ਤੋੜ ਦਿੱਤਾ। ਸੁਭਾਅ ਪੱਖੋਂ ਜਾਖੜ ਨਿਮਰ ਨੇ, ਕਚੀਚੀ ਤਾਂ ਜ਼ਰੂਰ ਵੱਟੀ ਹੋਊ। ਜਾਖੜ ਨੇ ਸੈਸ਼ਨ ’ਚ ਇੰਝ ਧਰਵਾਸ ਬੰਨ੍ਹਿਆ। ‘ਕੁਛ ਤੋ ਵਜਾ ਰਹੀ ਹੋਗੀ, ਯੂ ਹੀ ਤੋਂ ਕੋਈ ਬੇਵਫ਼ਾ ਨਹੀਂ ਹੋਤਾ।’
               ਵੱਡੇ ਬਾਦਲ ਨੇ ਠੰਢਾ ਛਿੜਕਿਆ। ‘ਜਾਖੜ ਸਾਹਿਬ, ਅਬੋਹਰ ਰੈਲੀ ’ਚ ਤੁਸੀਂ ਪੈੱਨ ਦਿੱਤਾ, ਕਿਹਾ ਖੂੰਡੇ ਦੀ ਥਾਂ ਪੈੱਨ ਵਰਤੋ। ਅਮਰਿੰਦਰ ਨੇ ਵਗਾਹ ਮਾਰਿਆ, ਕਿਹਾ ਮੈਂ ਤਾਂ ਖੂੰਡਾ ਹੀ ਵਰਤਾਂਗਾ।’ ਖੈਰ, ਉਹ ਸਮਾਂ ਵੀ ਲੰਘ ਗਿਆ। ਪੰਜਾਬ ਨੂੰ ਨਵੀਂ ਆਸ ਤੇ ਉਮੀਦ ਜਾਗੀ। ਅਮਰਿੰਦਰ ਨੂੰ ਮੁੜ ਗੱਦੀ ਦਿੱਤੀ। ਅੱਜ ਮਾਰਚ ਮਹੀਨੇ ਦੀ ਸ਼ੁਰੂਆਤ ਹੈ। ਦੁੱਗਣੀ ਖੁਸ਼ੀ ਵਾਲਾ ਮਹੀਨਾ ਹੈ। ਮੁੱਖ ਮੰਤਰੀ ਦਾ 11 ਮਾਰਚ ਨੂੰ ਜਨਮ ਦਿਨ ਹੈ। ਸਹੁੰ ਚੁੱਕ ਸਮਾਗਮ 16 ਮਾਰਚ ਨੂੰ ਹੋਇਆ ਸੀ। ਤਿੰਨ ਸਾਲ ਲੰਘਣ ਵਾਲੇ ਨੇ। ਗੁਟਕਾ ਸਾਹਿਬ ਵਾਲੀ ਸਹੁੰ ਚੋਣਾਂ ਤੋਂ ਪਹਿਲਾਂ ਸੀ। ਪੰਜਾਬ ਦੀ ਖੱਬੀ ਅੱਖ ਫਰਕੀ ਸੀ। ਜਦੋਂ ਅਮਰਿੰਦਰ ਸਿੰਘ ਬੋਲੇ, ‘ਸਿਆਸੀ ਰੰਜਿਸ਼ ਤਹਿਤ ਕੋਈ ਐਕਸ਼ਨ ਨਹੀਂ ਹੋਵੇਗਾ, ਇਹ ਸਮਾਂ ਇਸ ਸਭ ਕਾਸੇ ਤੋਂ ਉਪਰ ਉੱਠਣ ਦਾ ਹੈ।’ ਉਦੋਂ ਕਿਸੇ ਅੱਕੇ ਨੇ ਟਕੋਰ ਮਾਰੀ। ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’। ਇੱਕੋ ਰੱਟ ’ਤੇ ਵਿਧਾਇਕ ਪਰਗਟ ਸਿਓਂ ਅੜਿਐ। ਅਖੇ ਲੋਕ 1984 ਵਾਲਾ ਅਤੇ ਸਾਲ 2003 ਵਾਲਾ ਕੈਪਟਨ ਭਾਲਦੇ ਨੇ। ਉਦੋਂ ਸ਼ਿਮਲਾ ’ਚ ਅਮਰਿੰਦਰ ਗੋਲਫ਼ ਖੇਡ ਰਹੇ ਸਨ। ਜਦੋਂ ਰੇਡੀਓ ਤੋਂ ਖ਼ਬਰ ਸੁਣੀ। ਦਰਬਾਰ ਸਾਹਿਬ ’ਚ ਫੌਜ ਦਾਖ਼ਲ ਹੋਣ ਦੀ। ਗੋਲਫ਼ ਛੱਡ ਦਿੱਲੀ ਪੁੱਜੇ। ਇੰਦਰਾ ਗਾਂਧੀ ਨੂੰ ਅਸਤੀਫ਼ਾ ਦੇ ਕੇ ਮੁੜੇ। ਨਾਲੇ ਲੋਕ ਸਭਾ ਦੀ ਮੈਂਬਰੀ ਛੱਡੀ। ਕੰਦੂਖੇੜਾ ’ਚ ਉਦੋਂ ਗਰਜੇ ਜਦੋਂ ਪੰਜਾਬ ਦੀ ਪੱਗ ਦਾ ਸੁਆਲ ਸੀ। ‘ਕੰਦੂਖੇੜਾ ਕਰੂ ਨਿਬੇੜਾ’, ਨਾਅਰਾ ਕੌਮਾਂਤਰੀ ਹਵਾ ’ਚ ਵੀ ਗੂੰਜਿਆ ਸੀ। ਵੱਡੇ ਬਾਦਲ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਦੋਂ ਤਾਰੀਫ਼ ’ਚ ਬੋਲੇ ਸਨ। ‘ਕਪਤਾਨ ਸਾਹਿਬ, ਇੱਕ ਹੱਥ ’ਚ ਲਾਲਟੈਨ, ਦੂਜੇ ਹੱਥ ਭਾਲਾ ਲੈ ਕੇ ਖੜ੍ਹੇ, ਕਿਤੇ ਪੰਜਾਬ ਨਾਲ ਕੋਈ ਬੇਈਮਾਨੀ ਨਾ ਹੋ ਜਾਏ।’ ਕੈਪਟਨ 1986 ’ਚ ਕੰਦੂਖੇੜਾ ’ਚ ਨੰਗੇ ਧੜ ਡਟਿਆ ਸੀ।
               ਵੇਲਾ ਆਇਆ, ਪੰਜਾਬ ਨੇ ਮੁੱਲ ਪਾਇਆ। ਰਾਜ ਭਾਗ ਸੌਂਪ ਦਿੱਤਾ। ਰਵੀ ਸਿੱਧੂ ਦੇ ਲਾਕਰ ਫਰੋਲੇ, ਅੰਦਰ ਦੇ ਦਿੱਤਾ। ਕੁਰੱਪਸ਼ਨ ਖ਼ਿਲਾਫ਼ ਕੁੱਦਿਆ। ਪਾਣੀਆਂ ਦਾ ਰਾਖਾ ਵੀ ਬਣਿਆ। ਅਰੁਣ ਜੇਤਲੀ ਵੀ ਹਰਾਇਆ। ਵੋ ਭੀ ਦਿਨ ਥੇ..! ਅਮਰਿੰਦਰ ਹੁਣ ਦਿਲਾਂ ਦਾ ਰਾਜਾ ਨਹੀਂ ਰਿਹਾ। ਮਹਿਰਾਜ ਪਿੰਡ ਵਾਲਿਆਂ ਦਾ ‘ਚੋਰ ਦੀ ਮਾਂ ਕੋਠੀ ’ਚ ਮੂੰਹ’ ਵਾਲਾ ਹਾਲ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ’ਤੇ ਨਜ਼ਰ ਘੁੰਮਾਓ। ਨੌਂ ਨੁਕਤੇ ਦੱਸੇ ਗਏ। ਅਕਾਲੀ ਰਾਜ ਦੇ ਸੱਤ ਮਾਫੀਏ, ਪੰਜ ਘੁਟਾਲੇ ਗਿਣਾਏ। ਡਰੱਗ, ਖਣਨ, ਸ਼ਰਾਬ, ਲੈਂਡ, ਕੇਬਲ, ਟਰਾਂਸਪੋਰਟ, ਲਾਟਰੀ ਮਾਫੀਆ। ਫੂਡ ਘੁਟਾਲਾ, ਸਫਾਈ ਘੁਟਾਲਾ, ਹਾਊਸਿੰਗ ਘੁਟਾਲਾ, ਨੌਕਰੀ ਘੁਟਾਲਾ ਤੇ ਸਿੱਖਿਆ ਘੁਟਾਲਾ। ਨਿਗ੍ਹਾ ਸਿੱਧੀ ਹੋਵੇ, ਫਿਰ ਵਾਲ ਵਿੰਗਾ ਨਹੀਂ ਹੁੰਦਾ। ਬਾਦਸ਼ਾਹੀ ਲਾਲਟੈਨ ਦਾ ਤੇਲ ਮੁੱਕਿਆ ਲੱਗਦੈ। ਕਿੱਧਰ ਗਿਆ ਉਹ ਕਪਤਾਨ। ਸ਼ੇਰ ਨੂੰ ਢਾਹ ਕੇ ਦੰਦ ਗਿਣਨ ਵਾਲਾ। ‘ਸ਼ੋਅਲੇ’ ਦਾ ਗਾਣਾ ਗੂੰਜਿਐ। ਯੇ ਦੋਸਤੀ… ਹਮ ਨਹੀਂ ਤੋੜੇਂਗੇ। ਪੰਜਾਬ ਸੋਚਾਂ ਵਿਚ ਡੁੱਬਿਐ। ‘ਬੀਜੇ ਅੰਬ, ਲੱਗੇ ਅੱਕ’।ਹਾਕਮਾਂ ਨੇ ਅੱਖਾਂ ’ਤੇ ਪੱਟੀ ਬੰਨ੍ਹੀ ਹੈ। ਹਕੂਮਤੀ ਮੇਲਾ ਕਾਂਗਰਸੀ ਲੁੱਟ ਰਹੇ ਨੇ। ਅਕਾਲੀ ਘੁਟਾਲੇ ਗਿਣਾ ਰਹੇ ਨੇ। ਅਮਨ ਅਰੋੜਾ ਵਿਧਾਨ ਸਭਾ ਅੱਗੇ ਤੱਕੜੀ ਲਈ ਬੈਠੈ। ਬੈਂਸ ਭਰਾ ਆਖਦੇ ਨੇ, ਘੱਟ ਨਾ ਤੋਲੀਂ, ਕੈਪਟਨ ਥੋੜ੍ਹਾ ਨਹੀਂ ਚੜ੍ਹਨ ਦਿੰਦੇ। ਦਿੱਲੀ ’ਚ ਅਮਰਿੰਦਰ ਸਿੰਘ ਨੂੰ ਹੁਣੇ ‘ਆਦਰਸ਼ ਮੁੱਖ ਮੰਤਰੀ’ ਦਾ ਖਿਤਾਬ ਮਿਲਿਐ। ਹਰਸਿਮਰਤ ਬਾਦਲ ਬੋਲੀ, ‘ਵਿਹਲਾ ਮੁੱਖ ਮੰਤਰੀ’।
              ਪੰਜਾਬ ਹੁਣ ਨਵਾਂ ਰਹਿਬਰ ਲੱਭ ਰਿਹੈ, ਜੋ ਲੋਕਾਂ ਲਈ ਜਾਗੇ। ਅਮੀਰ ਅਜ਼ੀਜ਼ ਦੀ ਕਵਿਤਾ ਦੇਸ਼ ’ਚ ਛਾਈ ਹੈ, ‘ਸਭ ਯਾਦ ਰੱਖਾ ਜਾਏਗਾ’। ਭਾਵੇਂ ਕਿਤੇ ਹੋਰ ਇਸ਼ਾਰਾ ਹੈ। ਮਨਪ੍ਰੀਤ ਬਾਦਲ ਨੇ ਬਜਟ ਦਿੱਤੈ। ‘ਕਿਸੇ ਦਾ ਹੱਥ ਚੱਲੇ, ਕਿਸੇ ਦੀ ਜੀਭ।’ ਲੋਕ ਤ੍ਰਾਹ ਤ੍ਰਾਹ ਕਰ ਰਹੇ ਨੇ। ‘ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਏ।’ ਇਕੱਲਾ ਖੂੰਡਾ ਨਹੀਂ ਗੁਆਚਿਆ। ਸਿਆਸੀ ਭੱਲ ਵੀ ਗੁਮਸ਼ੁਦਾ ਹੈ। ਨਾ ਪੁਰਾਣੀ ਮੜਕ ਰਹੀ ਹੈ ਤੇ ਨਾ ਹੁਣ ਰੜਕ। ਹੱਥ ’ਚ ਹੁਣ ਭਾਲਾ ਕਿਥੋਂ ਦਿਖਣਾ ਸੀ। ਗੁਮਾਸ਼ਤੇ ਆਖਦੇ ਨੇ, ‘ਖੂੰਡੇ’ ਨੂੰ ਛੱਡੋ, ਅੰਬ ਖਾਓ, ਪੇੜ ਦਾ ਕੀ ਗਿਣਨਾ। ਗਿਟਕਾਂ ਦਾ ਕੀ ਕਰੀਏ, ਲੋਕ ਪੁੱਛ ਰਹੇ ਨੇ। ਹੁਣ ਕੇਂਦਰ ਖ਼ਿਲਾਫ਼ ਵੀ ਕਦੇ ਮੂੰਹ ਨਹੀਂ ਖੁੱਲ੍ਹਦਾ। ਨਵਜੋਤ ਸਿੱਧੂ ਲੂਰ੍ਹੀਆਂ ਲੈਂਦਾ ਘੁੰਮ ਰਿਹੈ। ਭਗਵੰਤ ਮਾਨ ਨੂੰ ਲੱਗਦੈ, ਕਿਹੜਾ ਵੇਲਾ ਆਵੇ ਜਦੋਂ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪੈ ਜਾਏ। ਗੱਲ ‘ਸ਼ੋਅਲੇ’ ਫਿਲਮ ਤੋਂ ਤੁਰੀ ਸੀ। ਵੀਰੂ (ਧਰਮਿੰਦਰ) ਵਾਂਗੂ ਲੋਕ ਟੈਂਕੀਆਂ ’ਤੇ ਵੀ ਚੜ੍ਹਦੇ ਨੇ। ਕੀਹਦੀ ਮਾਂ ਨੂੰ ਮਾਸੀ ਕਹਿਣ। ਕੋਈ ਸੁਣਨ ਵਾਲਾ ਹੀ ਨਹੀਂ।ਟਰੰਪ ਨੇ ਵੀ ‘ਸ਼ੋਅਲੇ’ ਨੂੰ ਯਾਦ ਕੀਤਾ। ਫਿਲਮ ਦੇਖੀ ਹੋਏਗੀ, ਐਵੇਂ ਥੋੜ੍ਹਾ ਕੋਈ ਵਿਸ਼ਵ ਦਾ ‘ਗੱਬਰ’ ਬਣ ਜਾਂਦੈ। ‘ਆਹ ਵੀ ਬੇਲੀ, ਔਹ ਵੀ ਬੇਲੀ’ ਆਖਦਾ ਪਿੰਡੋਂ ਪਿੰਡ ਘੁੰਮ ਰਿਹੈ। ਟਰੰਪ ਨਵੇਂ ਯੁੱਗ ਦਾ ਵਣਜਾਰੈ, ਮਾਲ ਵੇਚ ਕੇ ਔਹ ਗਿਆ। ਟਰੰਪ ਦਿੱਲੀ ਸੜਦੀ ਵੇਖ ਗਿਆ। ਜਾਂਦਾ ਹੋਇਆ ਹਿਟਲਰ ਦੇ ਜਰਮਨ ’ਚ ਵੀ ਕੁਝ ਪਲ ਠਹਿਰਿਆ।
            ਉਨ੍ਹਾਂ ਨੂੰ ਕੀ ਮਿਲਿਆ, ਜੋ ਨਫ਼ਰਤੀ ਬੰਬ ਨੇ। ਜਿਨ੍ਹਾਂ ਦਾ ਗੁਆਚਿਐ, ਕੋਈ ਉਨ੍ਹਾਂ ਦਾ ਢਿੱਡ ਫਰੋਲ ਕੇ ਵੀ ਦੇਖੇ। ਕਿਸੇ ਦਾ ਜਵਾਨ ਪੁੱਤ ਗਿਆ ਤੇ ਕਿਸੇ ਦੀ ਜਵਾਨ ਧੀ। ਸਕੂਲ ਤੱਕ ਸਾੜ ਦਿੱਤੇ। ਕਿਤਾਬਾਂ ਦਾ ਕੀ ਕਸੂਰ ਸੀ, ਰਾਖ ਬਣਾ ਦਿੱਤੀਆਂ, ਬੈਂਚ ਸਾੜੇ, ਕਿੱਧਰ ਜਾਣ ਪਾੜੇ ਜਿਨ੍ਹਾਂ ਛੋਟੀ ਉਮਰੇ ਧੂੰਆਂ ਵੇਖ ਲਿਆ। ਦਿੱਲੀ ਦੀ ਹਿੰਸਾ ’ਚ 48 ਜ਼ਿੰਦਗੀਆਂ ਖ਼ਾਕ ਹੋਈਆਂ। ਇੰਝ ਜਾਪ ਰਿਹਾ, ਜਿਵੇਂ ਮੁਲਕ ’ਚ ‘ਕੋਟਲਾ ਛਪਾਕੀ’ ਖੇਡੀ ਜਾ ਰਹੀ ਹੋਵੇ। ਗੋਲ ਦਾਇਰੇ ’ਚ ਲੋਕ ਬਿਠਾ ਰੱਖੇ ਹਨ। ਹਾਕਮਾਂ ਦੀ ਜੋੜੀ ਕੋਲ ‘ਕੋੜਲਾ’ ਹੈ। ਕੋਈ ਪਿਛੇ ਮੁੜ ਕੇ ਝਾਕੇਗਾ, ਉਨ੍ਹਾਂ ਨਾਲ ਦਿੱਲੀ ਵਾਲੀ ਹੋਊ। ਰਹੀਮ ਚਾਚਾ ਝਾਕਿਆ ਨਹੀਂ, ਬੋਲਿਆ ਹੈ, ‘ਇਤਨਾ ਸੰਨਾਟਾ ਕਿਉਂ ਹੈ ਭਾਈ’। ‘ਸ਼ੋਅਲੇ’ ਫਿਲਮ ਦੀ ਨਾਇਕਾ ਬਸੰਤੀ ਪਤਾ ਨਹੀਂ ਕਿਉਂ ਚੁੱਪ ਹੈ। ਲੱਗਦੈ ਕਨ੍ਹੱਈਆ ਕੁਮਾਰ ਜ਼ਰੂਰ ਜੁਆਬ ਦੇਊ। ਸਬਰ ਦੀ ਪ੍ਰੀਖਿਆ ’ਚ ਸ਼ਾਹੀਨ ਬਾਗ ਬੈਠਿਆ। ਗਿਆਨਵਾਨ ਆਖਦੇ ਨੇ, ‘ਖੁਸ਼ ਕੌਮਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ।’ ਛੱਜੂ ਰਾਮ ਸੌ ਫੀਸਦੀ ਸਹਿਮਤ ਹੈ। ਆਖਦਾ ਹੈ ਕਿ ਤੁਰੀ ਹੋਈ ਤਾਂ ਜੂੰ ਮਾਣ ਨਹੀਂ ਹੁੰਦੀ। ਆਈ ’ਤੇ ਆਏ ਲੋਕ, ਸ਼ੇਰਾਂ ਨੂੰ ਢਾਹੁੰਦੇ ਵੀ ਨੇ ਤੇ ਦੰਦ ਵੀ ਗਿਣਦੇ ਨੇ।