Sunday, March 1, 2020


                       ਵਿਚਲੀ ਗੱਲ          
          ਬੀਜੇ ਅੰਬ, ਲੱਗੇ ਅੱਕ
                      ਚਰਨਜੀਤ ਭੁੱਲਰ
ਬਠਿੰਡਾ :  ‘ਸ਼ੋਅਲੇ’ ਫ਼ਿਲਮ ਦਾ ਮਸ਼ਹੂਰ ਡਾਇਲਾਗ, ਬੋਲਿਆ ਤਾਂ ਵੱਡੇ ਕਾਂਗਰਸੀ ਧਨੰਤਰ ਨੇ, ਯਾਦ ਮਨੋਰੰਜਨ ਕਾਲੀਆ ਨੇ ਕਰਾਇਆ। ਖ਼ਾਨੇ ’ਚ ਵੱਡੇ ਬਾਦਲ ਨੇ ਪਾਇਆ। ਪਤਾ ਨਹੀਂ ਕਾਹਤੋਂ, ਗੁੱਸਾ ਸੁਨੀਲ ਜਾਖੜ ਨੂੰ ਆਇਆ। ਗੱਲ ਪੱਲੇ ਅਮਰਿੰਦਰ ਨੇ ਬੰਨ੍ਹ ਲਈ। ਹਾਕੀ ਵਾਲਾ ਪ੍ਰਗਟ ਸਿਓ, ‘ਖੂੰਡਾ’ ਲੱਭਦਾ ਫਿਰਦੈ। ਧੂਮ ਅਬੋਹਰ ਰੈਲੀ ’ਚ ਇਸੇ ਖੂੰਡੇ ਦੀ ਸੀ। ਪੂਰਾ ਫਿਲਮੀ ਸੀਨ ਬਣਾ ਧਰਿਆ। ਇੰਝ ਬੋਲੇ ਕੈਪਟਨ ਦੇ ਚੇਲੇ, ‘ਦੂਰ-ਦੂਰ ਗਾਓਂ ਮੇਂ ਜਬ ਕੋਈ ਅਕਾਲੀਓਂ ਕਾ ਬੱਚਾ ਰੋਤਾ ਹੈ ਤੋ ਉਸ ਕੇ ਮਾਂ ਬਾਪ ਕਹਿਤੇ ਹੈਂ ਕਿ ਬੱਚਾ ਚੁੱਪ ਹੋਜਾ, ਨਹੀਂ ਤੋ ਕੈਪਟਨ ਆ ਜਾਏਗਾ’। ਚੋਣਾਂ ਵਾਲਾ ਮਾਹੌਲ ਤੱਤਾ ਸੀ। ਗੱਲ ਇਹ ਨਵੰਬਰ 2011 ਦੀ ਹੈ। ਸੁਣਾਈ ਭਾਜਪਾਈ ਕਾਲੀਆ ਨੇ। ਉਹ ਵੀ ਅਸੈਂਬਲੀ ਸੈਸ਼ਨ ’ਚ।ਗੱਠਜੋੜ ਦੀ ਦੂਸਰੀ ਪਾਰੀ ਸੀ। ਵਿਰੋਧੀ ਬੈਂਚਾਂ ’ਤੇ ਕਾਂਗਰਸੀ ਬੈਠੇ ਸਨ। ਕਾਲੀਆ ਜੀ, ਵਿਰੋਧੀ ਧਿਰ ਵੱਲ ਘੁੰਮੇ। ਮੁਸਕਰਾਏ ਤੇ ਫਿਰ ਇੰਝ ਬੋਲੇ, ‘ਅਬੋਹਰ ’ਚ ਤੁਸੀਂ ਕੈਪਟਨ ਦੀ ਤੁਲਨਾ ਖਲਨਾਇਕ ਗੱਬਰ ਨਾਲ ਕੀਤੀ। ਸੋ ਤੁਸੀਂ ਜੋ ਸੋਚਿਆ, ਉਥੇ ਅੱਜ ਬੈਠੇ ਹੋ।’ ਕਾਲੀਆ ਥੋੜ੍ਹਾ ਗੱਠਜੋੜ ਵੱਲ ਮੁੜੇ, ‘ਫਿਰ ਵੀਰੂ (ਧਰਮਿੰਦਰ) ਤੇ ਜੈ (ਅਮਿਤਾਭ ਬਚਨ) ਕੌਣ ਬਣੇ, ਉਹ ਅਕਾਲੀ ਤੇ ਭਾਜਪਾ ਬਣੇ’। ਕਾਲੀਆ ਮੁੜ ਵਿਰੋਧੀ ਬੈਂਚਾਂ ਵੱਲ ਕੁਣੱਖਾ ਝਾਕੇ। ਇੰਝ ਬੋਲੇ, ‘ਜਾਖੜ ਜੀ, ‘ਸ਼ੋਅਲੇ’ ਫ਼ਿਲਮ ਤੁਸੀਂ ਪੂਰੀ ਨਹੀਂ ਦੇਖੀ ਹੋਣੀ। ਅਖੀਰ ’ਚ ਸੰਜੀਵ ਕੁਮਾਰ ਬੋਲਦਾ ਹੈ, ‘ਯੇ ਹਾਥ ਮੁਝ ਕੋ ਦੇ ਦੋ ਗੱਬਰ’। ਤੁਸੀਂ ਪੰਜਾਬੀਆਂ ਤੋਂ ਮੰਗਿਆ, ਲੋਕਾਂ ਨੇ ਥੋਨੂੰ ਤੋੜ ਦਿੱਤਾ। ਸੁਭਾਅ ਪੱਖੋਂ ਜਾਖੜ ਨਿਮਰ ਨੇ, ਕਚੀਚੀ ਤਾਂ ਜ਼ਰੂਰ ਵੱਟੀ ਹੋਊ। ਜਾਖੜ ਨੇ ਸੈਸ਼ਨ ’ਚ ਇੰਝ ਧਰਵਾਸ ਬੰਨ੍ਹਿਆ। ‘ਕੁਛ ਤੋ ਵਜਾ ਰਹੀ ਹੋਗੀ, ਯੂ ਹੀ ਤੋਂ ਕੋਈ ਬੇਵਫ਼ਾ ਨਹੀਂ ਹੋਤਾ।’
               ਵੱਡੇ ਬਾਦਲ ਨੇ ਠੰਢਾ ਛਿੜਕਿਆ। ‘ਜਾਖੜ ਸਾਹਿਬ, ਅਬੋਹਰ ਰੈਲੀ ’ਚ ਤੁਸੀਂ ਪੈੱਨ ਦਿੱਤਾ, ਕਿਹਾ ਖੂੰਡੇ ਦੀ ਥਾਂ ਪੈੱਨ ਵਰਤੋ। ਅਮਰਿੰਦਰ ਨੇ ਵਗਾਹ ਮਾਰਿਆ, ਕਿਹਾ ਮੈਂ ਤਾਂ ਖੂੰਡਾ ਹੀ ਵਰਤਾਂਗਾ।’ ਖੈਰ, ਉਹ ਸਮਾਂ ਵੀ ਲੰਘ ਗਿਆ। ਪੰਜਾਬ ਨੂੰ ਨਵੀਂ ਆਸ ਤੇ ਉਮੀਦ ਜਾਗੀ। ਅਮਰਿੰਦਰ ਨੂੰ ਮੁੜ ਗੱਦੀ ਦਿੱਤੀ। ਅੱਜ ਮਾਰਚ ਮਹੀਨੇ ਦੀ ਸ਼ੁਰੂਆਤ ਹੈ। ਦੁੱਗਣੀ ਖੁਸ਼ੀ ਵਾਲਾ ਮਹੀਨਾ ਹੈ। ਮੁੱਖ ਮੰਤਰੀ ਦਾ 11 ਮਾਰਚ ਨੂੰ ਜਨਮ ਦਿਨ ਹੈ। ਸਹੁੰ ਚੁੱਕ ਸਮਾਗਮ 16 ਮਾਰਚ ਨੂੰ ਹੋਇਆ ਸੀ। ਤਿੰਨ ਸਾਲ ਲੰਘਣ ਵਾਲੇ ਨੇ। ਗੁਟਕਾ ਸਾਹਿਬ ਵਾਲੀ ਸਹੁੰ ਚੋਣਾਂ ਤੋਂ ਪਹਿਲਾਂ ਸੀ। ਪੰਜਾਬ ਦੀ ਖੱਬੀ ਅੱਖ ਫਰਕੀ ਸੀ। ਜਦੋਂ ਅਮਰਿੰਦਰ ਸਿੰਘ ਬੋਲੇ, ‘ਸਿਆਸੀ ਰੰਜਿਸ਼ ਤਹਿਤ ਕੋਈ ਐਕਸ਼ਨ ਨਹੀਂ ਹੋਵੇਗਾ, ਇਹ ਸਮਾਂ ਇਸ ਸਭ ਕਾਸੇ ਤੋਂ ਉਪਰ ਉੱਠਣ ਦਾ ਹੈ।’ ਉਦੋਂ ਕਿਸੇ ਅੱਕੇ ਨੇ ਟਕੋਰ ਮਾਰੀ। ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’। ਇੱਕੋ ਰੱਟ ’ਤੇ ਵਿਧਾਇਕ ਪਰਗਟ ਸਿਓਂ ਅੜਿਐ। ਅਖੇ ਲੋਕ 1984 ਵਾਲਾ ਅਤੇ ਸਾਲ 2003 ਵਾਲਾ ਕੈਪਟਨ ਭਾਲਦੇ ਨੇ। ਉਦੋਂ ਸ਼ਿਮਲਾ ’ਚ ਅਮਰਿੰਦਰ ਗੋਲਫ਼ ਖੇਡ ਰਹੇ ਸਨ। ਜਦੋਂ ਰੇਡੀਓ ਤੋਂ ਖ਼ਬਰ ਸੁਣੀ। ਦਰਬਾਰ ਸਾਹਿਬ ’ਚ ਫੌਜ ਦਾਖ਼ਲ ਹੋਣ ਦੀ। ਗੋਲਫ਼ ਛੱਡ ਦਿੱਲੀ ਪੁੱਜੇ। ਇੰਦਰਾ ਗਾਂਧੀ ਨੂੰ ਅਸਤੀਫ਼ਾ ਦੇ ਕੇ ਮੁੜੇ। ਨਾਲੇ ਲੋਕ ਸਭਾ ਦੀ ਮੈਂਬਰੀ ਛੱਡੀ। ਕੰਦੂਖੇੜਾ ’ਚ ਉਦੋਂ ਗਰਜੇ ਜਦੋਂ ਪੰਜਾਬ ਦੀ ਪੱਗ ਦਾ ਸੁਆਲ ਸੀ। ‘ਕੰਦੂਖੇੜਾ ਕਰੂ ਨਿਬੇੜਾ’, ਨਾਅਰਾ ਕੌਮਾਂਤਰੀ ਹਵਾ ’ਚ ਵੀ ਗੂੰਜਿਆ ਸੀ। ਵੱਡੇ ਬਾਦਲ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਦੋਂ ਤਾਰੀਫ਼ ’ਚ ਬੋਲੇ ਸਨ। ‘ਕਪਤਾਨ ਸਾਹਿਬ, ਇੱਕ ਹੱਥ ’ਚ ਲਾਲਟੈਨ, ਦੂਜੇ ਹੱਥ ਭਾਲਾ ਲੈ ਕੇ ਖੜ੍ਹੇ, ਕਿਤੇ ਪੰਜਾਬ ਨਾਲ ਕੋਈ ਬੇਈਮਾਨੀ ਨਾ ਹੋ ਜਾਏ।’ ਕੈਪਟਨ 1986 ’ਚ ਕੰਦੂਖੇੜਾ ’ਚ ਨੰਗੇ ਧੜ ਡਟਿਆ ਸੀ।
               ਵੇਲਾ ਆਇਆ, ਪੰਜਾਬ ਨੇ ਮੁੱਲ ਪਾਇਆ। ਰਾਜ ਭਾਗ ਸੌਂਪ ਦਿੱਤਾ। ਰਵੀ ਸਿੱਧੂ ਦੇ ਲਾਕਰ ਫਰੋਲੇ, ਅੰਦਰ ਦੇ ਦਿੱਤਾ। ਕੁਰੱਪਸ਼ਨ ਖ਼ਿਲਾਫ਼ ਕੁੱਦਿਆ। ਪਾਣੀਆਂ ਦਾ ਰਾਖਾ ਵੀ ਬਣਿਆ। ਅਰੁਣ ਜੇਤਲੀ ਵੀ ਹਰਾਇਆ। ਵੋ ਭੀ ਦਿਨ ਥੇ..! ਅਮਰਿੰਦਰ ਹੁਣ ਦਿਲਾਂ ਦਾ ਰਾਜਾ ਨਹੀਂ ਰਿਹਾ। ਮਹਿਰਾਜ ਪਿੰਡ ਵਾਲਿਆਂ ਦਾ ‘ਚੋਰ ਦੀ ਮਾਂ ਕੋਠੀ ’ਚ ਮੂੰਹ’ ਵਾਲਾ ਹਾਲ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ’ਤੇ ਨਜ਼ਰ ਘੁੰਮਾਓ। ਨੌਂ ਨੁਕਤੇ ਦੱਸੇ ਗਏ। ਅਕਾਲੀ ਰਾਜ ਦੇ ਸੱਤ ਮਾਫੀਏ, ਪੰਜ ਘੁਟਾਲੇ ਗਿਣਾਏ। ਡਰੱਗ, ਖਣਨ, ਸ਼ਰਾਬ, ਲੈਂਡ, ਕੇਬਲ, ਟਰਾਂਸਪੋਰਟ, ਲਾਟਰੀ ਮਾਫੀਆ। ਫੂਡ ਘੁਟਾਲਾ, ਸਫਾਈ ਘੁਟਾਲਾ, ਹਾਊਸਿੰਗ ਘੁਟਾਲਾ, ਨੌਕਰੀ ਘੁਟਾਲਾ ਤੇ ਸਿੱਖਿਆ ਘੁਟਾਲਾ। ਨਿਗ੍ਹਾ ਸਿੱਧੀ ਹੋਵੇ, ਫਿਰ ਵਾਲ ਵਿੰਗਾ ਨਹੀਂ ਹੁੰਦਾ। ਬਾਦਸ਼ਾਹੀ ਲਾਲਟੈਨ ਦਾ ਤੇਲ ਮੁੱਕਿਆ ਲੱਗਦੈ। ਕਿੱਧਰ ਗਿਆ ਉਹ ਕਪਤਾਨ। ਸ਼ੇਰ ਨੂੰ ਢਾਹ ਕੇ ਦੰਦ ਗਿਣਨ ਵਾਲਾ। ‘ਸ਼ੋਅਲੇ’ ਦਾ ਗਾਣਾ ਗੂੰਜਿਐ। ਯੇ ਦੋਸਤੀ… ਹਮ ਨਹੀਂ ਤੋੜੇਂਗੇ। ਪੰਜਾਬ ਸੋਚਾਂ ਵਿਚ ਡੁੱਬਿਐ। ‘ਬੀਜੇ ਅੰਬ, ਲੱਗੇ ਅੱਕ’।ਹਾਕਮਾਂ ਨੇ ਅੱਖਾਂ ’ਤੇ ਪੱਟੀ ਬੰਨ੍ਹੀ ਹੈ। ਹਕੂਮਤੀ ਮੇਲਾ ਕਾਂਗਰਸੀ ਲੁੱਟ ਰਹੇ ਨੇ। ਅਕਾਲੀ ਘੁਟਾਲੇ ਗਿਣਾ ਰਹੇ ਨੇ। ਅਮਨ ਅਰੋੜਾ ਵਿਧਾਨ ਸਭਾ ਅੱਗੇ ਤੱਕੜੀ ਲਈ ਬੈਠੈ। ਬੈਂਸ ਭਰਾ ਆਖਦੇ ਨੇ, ਘੱਟ ਨਾ ਤੋਲੀਂ, ਕੈਪਟਨ ਥੋੜ੍ਹਾ ਨਹੀਂ ਚੜ੍ਹਨ ਦਿੰਦੇ। ਦਿੱਲੀ ’ਚ ਅਮਰਿੰਦਰ ਸਿੰਘ ਨੂੰ ਹੁਣੇ ‘ਆਦਰਸ਼ ਮੁੱਖ ਮੰਤਰੀ’ ਦਾ ਖਿਤਾਬ ਮਿਲਿਐ। ਹਰਸਿਮਰਤ ਬਾਦਲ ਬੋਲੀ, ‘ਵਿਹਲਾ ਮੁੱਖ ਮੰਤਰੀ’।
              ਪੰਜਾਬ ਹੁਣ ਨਵਾਂ ਰਹਿਬਰ ਲੱਭ ਰਿਹੈ, ਜੋ ਲੋਕਾਂ ਲਈ ਜਾਗੇ। ਅਮੀਰ ਅਜ਼ੀਜ਼ ਦੀ ਕਵਿਤਾ ਦੇਸ਼ ’ਚ ਛਾਈ ਹੈ, ‘ਸਭ ਯਾਦ ਰੱਖਾ ਜਾਏਗਾ’। ਭਾਵੇਂ ਕਿਤੇ ਹੋਰ ਇਸ਼ਾਰਾ ਹੈ। ਮਨਪ੍ਰੀਤ ਬਾਦਲ ਨੇ ਬਜਟ ਦਿੱਤੈ। ‘ਕਿਸੇ ਦਾ ਹੱਥ ਚੱਲੇ, ਕਿਸੇ ਦੀ ਜੀਭ।’ ਲੋਕ ਤ੍ਰਾਹ ਤ੍ਰਾਹ ਕਰ ਰਹੇ ਨੇ। ‘ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਏ।’ ਇਕੱਲਾ ਖੂੰਡਾ ਨਹੀਂ ਗੁਆਚਿਆ। ਸਿਆਸੀ ਭੱਲ ਵੀ ਗੁਮਸ਼ੁਦਾ ਹੈ। ਨਾ ਪੁਰਾਣੀ ਮੜਕ ਰਹੀ ਹੈ ਤੇ ਨਾ ਹੁਣ ਰੜਕ। ਹੱਥ ’ਚ ਹੁਣ ਭਾਲਾ ਕਿਥੋਂ ਦਿਖਣਾ ਸੀ। ਗੁਮਾਸ਼ਤੇ ਆਖਦੇ ਨੇ, ‘ਖੂੰਡੇ’ ਨੂੰ ਛੱਡੋ, ਅੰਬ ਖਾਓ, ਪੇੜ ਦਾ ਕੀ ਗਿਣਨਾ। ਗਿਟਕਾਂ ਦਾ ਕੀ ਕਰੀਏ, ਲੋਕ ਪੁੱਛ ਰਹੇ ਨੇ। ਹੁਣ ਕੇਂਦਰ ਖ਼ਿਲਾਫ਼ ਵੀ ਕਦੇ ਮੂੰਹ ਨਹੀਂ ਖੁੱਲ੍ਹਦਾ। ਨਵਜੋਤ ਸਿੱਧੂ ਲੂਰ੍ਹੀਆਂ ਲੈਂਦਾ ਘੁੰਮ ਰਿਹੈ। ਭਗਵੰਤ ਮਾਨ ਨੂੰ ਲੱਗਦੈ, ਕਿਹੜਾ ਵੇਲਾ ਆਵੇ ਜਦੋਂ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪੈ ਜਾਏ। ਗੱਲ ‘ਸ਼ੋਅਲੇ’ ਫਿਲਮ ਤੋਂ ਤੁਰੀ ਸੀ। ਵੀਰੂ (ਧਰਮਿੰਦਰ) ਵਾਂਗੂ ਲੋਕ ਟੈਂਕੀਆਂ ’ਤੇ ਵੀ ਚੜ੍ਹਦੇ ਨੇ। ਕੀਹਦੀ ਮਾਂ ਨੂੰ ਮਾਸੀ ਕਹਿਣ। ਕੋਈ ਸੁਣਨ ਵਾਲਾ ਹੀ ਨਹੀਂ।ਟਰੰਪ ਨੇ ਵੀ ‘ਸ਼ੋਅਲੇ’ ਨੂੰ ਯਾਦ ਕੀਤਾ। ਫਿਲਮ ਦੇਖੀ ਹੋਏਗੀ, ਐਵੇਂ ਥੋੜ੍ਹਾ ਕੋਈ ਵਿਸ਼ਵ ਦਾ ‘ਗੱਬਰ’ ਬਣ ਜਾਂਦੈ। ‘ਆਹ ਵੀ ਬੇਲੀ, ਔਹ ਵੀ ਬੇਲੀ’ ਆਖਦਾ ਪਿੰਡੋਂ ਪਿੰਡ ਘੁੰਮ ਰਿਹੈ। ਟਰੰਪ ਨਵੇਂ ਯੁੱਗ ਦਾ ਵਣਜਾਰੈ, ਮਾਲ ਵੇਚ ਕੇ ਔਹ ਗਿਆ। ਟਰੰਪ ਦਿੱਲੀ ਸੜਦੀ ਵੇਖ ਗਿਆ। ਜਾਂਦਾ ਹੋਇਆ ਹਿਟਲਰ ਦੇ ਜਰਮਨ ’ਚ ਵੀ ਕੁਝ ਪਲ ਠਹਿਰਿਆ।
            ਉਨ੍ਹਾਂ ਨੂੰ ਕੀ ਮਿਲਿਆ, ਜੋ ਨਫ਼ਰਤੀ ਬੰਬ ਨੇ। ਜਿਨ੍ਹਾਂ ਦਾ ਗੁਆਚਿਐ, ਕੋਈ ਉਨ੍ਹਾਂ ਦਾ ਢਿੱਡ ਫਰੋਲ ਕੇ ਵੀ ਦੇਖੇ। ਕਿਸੇ ਦਾ ਜਵਾਨ ਪੁੱਤ ਗਿਆ ਤੇ ਕਿਸੇ ਦੀ ਜਵਾਨ ਧੀ। ਸਕੂਲ ਤੱਕ ਸਾੜ ਦਿੱਤੇ। ਕਿਤਾਬਾਂ ਦਾ ਕੀ ਕਸੂਰ ਸੀ, ਰਾਖ ਬਣਾ ਦਿੱਤੀਆਂ, ਬੈਂਚ ਸਾੜੇ, ਕਿੱਧਰ ਜਾਣ ਪਾੜੇ ਜਿਨ੍ਹਾਂ ਛੋਟੀ ਉਮਰੇ ਧੂੰਆਂ ਵੇਖ ਲਿਆ। ਦਿੱਲੀ ਦੀ ਹਿੰਸਾ ’ਚ 48 ਜ਼ਿੰਦਗੀਆਂ ਖ਼ਾਕ ਹੋਈਆਂ। ਇੰਝ ਜਾਪ ਰਿਹਾ, ਜਿਵੇਂ ਮੁਲਕ ’ਚ ‘ਕੋਟਲਾ ਛਪਾਕੀ’ ਖੇਡੀ ਜਾ ਰਹੀ ਹੋਵੇ। ਗੋਲ ਦਾਇਰੇ ’ਚ ਲੋਕ ਬਿਠਾ ਰੱਖੇ ਹਨ। ਹਾਕਮਾਂ ਦੀ ਜੋੜੀ ਕੋਲ ‘ਕੋੜਲਾ’ ਹੈ। ਕੋਈ ਪਿਛੇ ਮੁੜ ਕੇ ਝਾਕੇਗਾ, ਉਨ੍ਹਾਂ ਨਾਲ ਦਿੱਲੀ ਵਾਲੀ ਹੋਊ। ਰਹੀਮ ਚਾਚਾ ਝਾਕਿਆ ਨਹੀਂ, ਬੋਲਿਆ ਹੈ, ‘ਇਤਨਾ ਸੰਨਾਟਾ ਕਿਉਂ ਹੈ ਭਾਈ’। ‘ਸ਼ੋਅਲੇ’ ਫਿਲਮ ਦੀ ਨਾਇਕਾ ਬਸੰਤੀ ਪਤਾ ਨਹੀਂ ਕਿਉਂ ਚੁੱਪ ਹੈ। ਲੱਗਦੈ ਕਨ੍ਹੱਈਆ ਕੁਮਾਰ ਜ਼ਰੂਰ ਜੁਆਬ ਦੇਊ। ਸਬਰ ਦੀ ਪ੍ਰੀਖਿਆ ’ਚ ਸ਼ਾਹੀਨ ਬਾਗ ਬੈਠਿਆ। ਗਿਆਨਵਾਨ ਆਖਦੇ ਨੇ, ‘ਖੁਸ਼ ਕੌਮਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ।’ ਛੱਜੂ ਰਾਮ ਸੌ ਫੀਸਦੀ ਸਹਿਮਤ ਹੈ। ਆਖਦਾ ਹੈ ਕਿ ਤੁਰੀ ਹੋਈ ਤਾਂ ਜੂੰ ਮਾਣ ਨਹੀਂ ਹੁੰਦੀ। ਆਈ ’ਤੇ ਆਏ ਲੋਕ, ਸ਼ੇਰਾਂ ਨੂੰ ਢਾਹੁੰਦੇ ਵੀ ਨੇ ਤੇ ਦੰਦ ਵੀ ਗਿਣਦੇ ਨੇ।

No comments:

Post a Comment