Monday, March 30, 2020

                                                           ਇੱਕ ਸੱਚ ਏਹ ਵੀ..
                                ਪੰਜਾਬ ਦੀ ਜ਼ਿੰਦਗੀ ’ਚੋਂ ਪਠਲਾਵਾ ‘ਬੇਦਖ਼ਲ’
                                                              ਚਰਨਜੀਤ ਭੁੱਲਰ
ਚੰਡੀਗੜ੍ਹ : ਨਵਾਂ ਸ਼ਹਿਰ ਜ਼ਿਲ੍ਹੇ ਦਾ ਪਿੰਡ ਪਠਲਾਵਾ ਪਲ-ਪਲ ਮਰ ਰਿਹਾ ਹੈ। ਇੱਥੇ ਲੋਕਾਂ ਦੀ ਜ਼ਿੰਦਗੀ ਸਹਿਕ ਰਹੀ ਹੈ ਜਿਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਪੰਜਾਬ ਦਾ ਪਹਿਲਾ ਮਰੀਜ਼ ਗਿਆਨੀ ਬਲਦੇਵ ਸਿੰਘ ਇਸੇ ਪਿੰਡ ਦਾ ਸੀ ਜਿਸ ਦੀ 18 ਮਾਰਚ ਨੂੰ ਮੌਤ ਹੋਈ ਹੈ। ਉਸ ਮਗਰੋਂ ਪਿੰਡ ਪਠਲਾਵਾ ਬੇਦਖ਼ਲੀ ਦੀ ਜ਼ਿੰਦਗੀ ਭੋਗਣ ਲੱਗਾ ਹੈ। ਪਠਲਾਵਾ ਇਸ ਵੇਲੇ ਪੰਜਾਬ ‘ਚ ਕਰੋਨਾ ਦਾ ਕੇਂਦਰ ਬਿੰਦੂ ਹੈ। ਸੂਬਾ ਸਰਕਾਰ ਕਰੋਨਾ ਨੂੰ ਲੈ ਕੇ ਕਿੰਨੀ ਕੁ ਸੰਜੀਦਾ ਹੈ, ਇਸ ਦਾ ਪਤਾ ਪਠਲਾਵਾ ਦੀ ਜ਼ਮੀਨੀ ਹਕੀਕਤ ਤੋਂ ਲੱਗਦਾ ਹੈ। ਵੇਰਵਿਆਂ ਅਨੁਸਾਰ ਬਲਦੇਵ ਸਿੰਘ ਤੋਂ ਕਰੋਨਾ ਦੀ ਲਾਗ ਦਾ ਪਸਾਰਾ ਹੋਇਆ ਅਤੇ ਡੇਢ ਦਰਜਨ ਪਾਜ਼ੇਟਿਵ ਕੇਸ ਨਿਕਲੇ ਹਨ। ਚੁਫੇਰ ਵਾਲੇ 15 ਪਿੰਡਾਂ ਨੂੰ ਸੀਲ ਕਰਨਾ ਪਿਆ ਹੈ। ਹੁਣ ਤੱਕ 350 ਦੇ ਕਰੀਬ ਨਮੂਨੇ ਲਏ ਗਏ ਹਨ। ਦੋ ਦਿਨਾਂ ਤੋਂ ਨਮੂਨੇ ਨੈਗੇਟਿਵ ਆਉਣੇ ਸ਼ੁਰੂ ਹੋਏ ਹਨ ਜੋ ਪਠਲਾਵਾ ਲਈ ਰਾਹਤ ਦੀ ਖ਼ਬਰ ਹੈ। ਦੂਜੇ ਪਾਸੇ ਇਸ ਪਿੰਡ ਨੂੰ ‘ਸਮਾਜਿਕ ਬਾਈਕਾਟ‘ ਵਰਗੇ ਮਾਹੌਲ ‘ਚੋਂ ਲੰਘਣਾ ਪੈ ਰਿਹਾ ਹੈ। ਲੋਕ ਆਖਦੇ ਹਨ ਕਿ ਕਸੂਰ ਜਾਣੇ-ਅਣਜਾਣੇ ‘ਚ ਕਿਸੇ ਇੱਕ ਦਾ ਹੈ ਪਰ ਭੁਗਤ ਸਾਰਾ ਪਿੰਡ ਰਿਹਾ ਹੈ।‘ਪੰਜਾਬੀ ਟ੍ਰਿਬਿਊਨ‘ ਵੱਲੋਂ ਜ਼ਮੀਨੀ ਹਕੀਕਤ ਜਾਣਨ ਲਈ ਪਠਲਾਵਾ ਦੇ ਪਤਵੰਤਿਆਂ ਨਾਲ ਗੱਲ ਕੀਤੀ ਗਈ। ਸਰਕਾਰੀ ਹਸਪਤਾਲ ‘ਚ ਦਾਖ਼ਲ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਨਾਲ ਇੰਜ ਦਾ ਸਲੂਕ ਹੋ ਰਿਹਾ ਹੈ ਜਿਵੇਂ ਉਹ ਮੁਜਰਮ ਹੋਣ। ਡਾਕਟਰ ਅਤੇ ਸਟਾਫ ਡਰਦੇ ਨੇੜੇ ਨਹੀਂ ਲੱਗਦੇ।
              ਇਲਾਜ ਤੋਂ ਨਾਖੁਸ਼ ਹਰਪਾਲ ਸਿੰਘ ਮੁਤਾਬਕ ਰੋਜ਼ਾਨਾ ਦੀ ਕੋਈ ਨਜ਼ਰਸਾਨੀ ਨਹੀਂ ਹੋ ਰਹੀ ਅਤੇ ਟੈਸਟ ਵੀ ਰੈਗੂਲਰ ਨਹੀਂ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਲਾਜ ਲਈ ਚੰਗੇ ਹਸਪਤਾਲ ‘ਚ ਦਾਖ਼ਲ ਕਰਾਏ। ਪਠਲਾਵਾ ਦਾ ਨੌਜਵਾਨ ਹਰਪ੍ਰੀਤ ਸਿੰਘ ਦੱਸਦਾ ਹੈ ਕਿ ਕਰੋਨਾ ਮਰੀਜ਼ ਦੀ ਮੌਤ ਮਗਰੋਂ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਤੱਕ ਪਿੰਡ ‘ਚ ਨਹੀਂ ਭੇਜੇ। ਪਿੰਡ ਦੀ ਏਕਨੂਰ ਸਮਾਜ ਭਲਾਈ ਸੰਸਥਾ ਨੇ ਇੱਕ ਲੱਖ ਰੁਪਏ ਖ਼ਰਚ ਕਰਕੇ ਚਾਰ ਹਜ਼ਾਰ ਮਾਸਕ ਅਤੇ ਅੱਠ ਪੇਟੀਆਂ ਸੈਨੇਟਾਈਜ਼ਰ ਖੁਦ ਖਰੀਦ ਕੇ ਘਰ-ਘਰ ਵੰਡੇ ਹਨ। ਇੱਥੋਂ ਤੱਕ ਕਿ ਘਰੋਂ-ਘਰੀਂ ਜਾ ਕੇ ਸਰਵੇ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਪਿੰਡ ਤਰਫ਼ੋਂ ਮਾਸਕ ਮੁਹੱਈਆ ਕਰਾਏ ਗਏ। ਹਰਪ੍ਰੀਤ ਨੇ ਕਿਹਾ ਕਿ ਪ੍ਰਸ਼ਾਸਨ ਨੇ ਕੀਟਾਣੂ ਮੁਕਤ ਕਰਨ ਵਾਲੀ 30 ਲੀਟਰ ਦਵਾਈ ਭੇਜੀ ਸੀ ਜਿਸ ਦਾ ਪਿੰਡ ਦੇ ਨੌਜਵਾਨਾਂ ਨੇ ਖੁਦ ਹੀ ਛਿੜਕਾਅ ਕੀਤਾ। ਸੰਤ ਬਾਬਾ ਘਨੱਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦਾ ਚੈਰੀਟੇਬਲ ਹਸਪਤਾਲ ਪ੍ਰਸ਼ਾਸਨ ਨੇ ਬੰਦ ਕਰਾ ਦਿੱਤਾ। ਦਵਾਈਆਂ ਵੀ ਕਲੱਬ ਸ਼ਹਿਰ ਤੋਂ ਖਰੀਦ ਕੇ ਲਿਆ ਰਿਹਾ ਹੈ। ਪ੍ਰਧਾਨ ਨੇ ਦੱਸਿਆ ਕਿ ਕਰੋਨਾ ਦੇ ਨਮੂਨੇ ਲੈਣ ਲਈ ਡਾਕਟਰੀ ਟੀਮਾਂ ਜ਼ਰੂਰ ਆਈਆਂ ਪ੍ਰੰਤੂ ਆਮ ਇਲਾਜ ਵਾਸਤੇ ਜੋ ਐਂਬੂਲੈਂਸ ਤੇ ਡਾਕਟਰ ਭੇਜੇ ਗਏ ਸਨ, ਉਹ ਪਿੰਡੋਂ ਬਾਹਰ ਰੁਕ ਜਾਂਦੇ ਸਨ। ਹੁਣ ਜਦੋਂ ਰਿਪੋਰਟਾਂ ਨੈਗੇਟਿਵ ਆਈਆਂ ਤਾਂ ਡਾਕਟਰ ਪਿੰਡ ‘ਚ ਆਉਣ ਲੱਗ ਪਏ ਹਨ।
               ਉਨ੍ਹਾਂ ਆਖਿਆ ਕਿ ਸਰਕਾਰ ਨੇ ਬਣਦਾ ਰੋਲ ਨਹੀਂ ਨਿਭਾਇਆ। ਪਿੰਡ ਸਹਿਮ ਵਿਚ ਹੈ ਅਤੇ ਲੋਕ ਦਹਿਲੇ ਹੋਏ ਹਨ।ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਢਾਰਸ ਦੇਣ ਖਾਤਰ ਹਾਕਮ ਧਿਰ ਦੇ ਆਗੂਆਂ ਨੂੰ ਪਿੰਡ ਆਉਣਾ ਚਾਹੀਦਾ ਸੀ ਪ੍ਰੰਤੂ ਇਹ ਲੀਡਰ ਖੁਦ ਹੀ ਪਿੰਡ ਤੋਂ ਡਰਨ ਲੱਗ ਪਏ ਹਨ। ਨੌਜਵਾਨਾਂ ਨੇ ਦੱਸਿਆ ਕਿ ਹਾਕਮ ਧਿਰ ਅਤੇ ਵਿਰੋਧੀ ਧਿਰ ਨੇ ਪਿੰਡ ਤੋਂ ਇੱਕੋ ਜਿੰਨੀ ਦੂਰੀ ਬਣਾਈ ਹੋਈ ਹੈ। ਅੌਖ ਦੀ ਘੜੀ ਵਿਚ ਪਿੰਡ ਨੂੰ ਇਕੱਲਾ ਛੱਡ ਦਿੱਤਾ ਗਿਆ ਹੈ। ਮ੍ਰਿਤਕ ਬਲਦੇਵ ਸਿੰਘ ਦੇ ਘਰ ਨੂੰ ਜਿੰਦਰਾ ਵੱਜਾ ਹੋਇਆ ਹੈ ਅਤੇ ਮੁਹੱਲੇ ਦੇ ਲੋਕਾਂ ਨੇ ਜਿੰਦਰਾ ਮਾਰ ਕੇ ਬੱਚੇ ਅੰਦਰ ਤਾੜੇ ਹੋਏ ਹਨ। ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਨਾਲ ਸੀਲ ਹਨ। ਪਠਲਾਵਾ ‘ਚ ਪੰਜ ਗੁਰੂ ਘਰ ਹਨ ਜਿਨ੍ਹਾਂ ‘ਚ ਹੁਣ ਕੋਈ ਨਹੀਂ ਜਾਂਦਾ। ਕਿਸਾਨਾਂ ਨੂੰ ਖੇਤਾਂ ਵਿਚ ਹਰਾ ਚਾਰਾ ਲਿਆਉਣ ਦੀ ਛੋਟ ਹੈ। ਇੱਕ ਐੱਨਆਰਆਈ ਪਰਿਵਾਰ ਪਿੰਡ ‘ਚ ਫਸਿਆ ਹੋਇਆ ਹੈ। ਪਿੰਡ ਦੀ ਗਰਭਵਤੀ ਅੌਰਤ ਲਖਵਿੰਦਰ ਕੌਰ ਨੇ ਇਲਾਜ ਵਾਸਤੇ ਸ਼ਹਿਰ ਜਾਣਾ ਸੀ ਪ੍ਰੰਤੂ ਉਹ ਜਾ ਨਾ ਸਕੀ। ਅਲਰਜੀ ਦਾ ਮਰੀਜ਼ ਮੋਹਨ ਲਾਲ ਸ਼ਹਿਰੋਂ ਦਵਾਈ ਲਿਆਉਣਾ ਚਾਹੁੰਦਾ ਹੈ। ਪਿੰਡ ਦਾ ਮੈਡੀਕਲ ਸਟੋਰ ਤੇ ਲੈਬ ਬੰਦ ਹਨ। ਦੋ ਆਟਾ ਚੱਕੀਆਂ ਅੱਜ ਚੱਲੀਆਂ ਹਨ ਜਦੋਂ ਕਿ ਪਰਚੂਨ ਦੀਆਂ ਦੁਕਾਨਾਂ ਬੰਦ ਹਨ। ਗਲੀਆਂ ਸੁੰਨੀਆਂ ਹਨ ਅਤੇ ਖ਼ੌਫ ਦਾ ਪਹਿਰਾ ਹੈ।
              ਪਤਵੰਤੇ ਗੁਰਚਰਨ ਸਿੰਘ ਦਾ ਪ੍ਰਤੀਕਰਮ ਸੀ ਕਿ ਪਠਲਾਵਾ ਸਮਾਜਿਕ ਮੌਤ ਝੱਲ ਰਿਹਾ ਹੈ ਅਤੇ ਲੋਕਾਂ ਨੂੰ ਸਹਿਮ ‘ਚੋਂ ਕੱਢਣ ਦੀ ਥਾਂ ਸਰਕਾਰੀ ਡਾਕਟਰ ਖੁਦ ਪਿੰਡ ਦੇ ਲੋਕਾਂ ਨਾਲ ਅਛੂਤਾਂ ਵਾਲਾ ਵਿਵਹਾਰ ਕਰਨ ਲੱਗ ਪਏ ਹਨ। ਉਹ ਆਪਣੀ ਭੈਣ ਨੂੰ ਲੈ ਕੇ ਗਏ ਪ੍ਰੰਤੂ ਡਾਕਟਰਾਂ ਨੇ ਇੰਜ ਦਵਾਈ ਸੁੱਟੀ ਜਿਵੇਂ ਕੋਈ ਕੁੱਤੇ ਨੂੰ ਰੋਟੀ ਪਾਉਂਦਾ ਹੈ। ਪਤਾ ਲੱਗਾ ਹੈ ਕਿ ਐੱਸਡੀਐੱਮ ਬੀਤੇ ਕੱਲ ਪਿੰਡ ਆਏ ਸਨ ਅਤੇ ਰਾਸ਼ਨ ਦੀਆਂ 25 ਕਿੱਟਾਂ ਦੇ ਕੇ ਗਏ ਹਨ। ਪਿੰਡ ਦੇ ਇੱਕ ਐੱਨਆਰਆਈ ਨੇ ਵਾਅਦਾ ਕੀਤਾ ਹੈ ਕਿ ਉਹ 200 ਕਿੱਟਾਂ ਦੇ ਪੈਸੇ ਭੇਜ ਦੇਵੇਗਾ। ਦਿਹਾੜੀਦਾਰ ਜਸਪਾਲ ਸਿੰਘ ਤਾਂ ਰੋ ਹੀ ਪਿਆ। ਉਹ ਦੱਸਦਾ ਹੈ ਕਿ ਜਦੋਂ ਪਿੰਡ ਸੀਲ ਕੀਤਾ ਗਿਆ ਤਾਂ ਉਦੋਂ ਜੇਬ ‘ਚ ਪੰਜ ਸੌ ਰੁਪਏ ਸਨ, ਹੁਣ ਪਿੰਡ ਦੇ ਲੋਕ ਬਾਂਹ ਨਾ ਫੜਦੇ ਤਾਂ ਉਸ ਨੇ ਭੁੱਖੇ ਮਰ ਜਾਣਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੱਲਾ ਝਾੜ ਲਿਆ ਹੈ ਅਤੇ ਜੋ 25 ਕਿੱਟਾਂ ਰਾਸ਼ਨ ਭੇਜਿਆ, ਉਹ ਲੋੜਵੰਦਾਂ ਨੂੰ ਨਹੀਂ ਮਿਲਿਆ। ਪਿੰਡ ਦੇ ਖੇਤਾਂ ਵਿਚ 70 ਦੇ ਕਰੀਬ ਪਰਵਾਸੀ ਮਜ਼ਦੂਰ ਬੈਠੇ ਹਨ, ਜਿਨ੍ਹਾਂ ਨੂੰ ਰਾਸ਼ਨ ਕਿਸਾਨ ਪਰਿਵਾਰ ਦੇ ਰਹੇ ਹਨ। ਪਿੰਡ ਦੇ ਕਿਸਾਨ ਸੰਤੋਖ ਸਿੰਘ ਦੀ ਦੋ ਏਕੜ ਆਲੂ ਦੀ ਫਸਲ ਖਰਾਬ ਹੋ ਗਈ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਸਪਰੇਅ ਨਹੀਂ ਕਰ ਸਕਿਆ ਤੇ ਮੌਸਮ ਖਰਾਬ ਹੋ ਗਿਆ। ਹੁਣ ਆਲੂ ਵਾਹੁਣੇ ਹੀ ਪੈਣੇ ਨੇ। ਕਿਸਾਨਾਂ ਨੇ ਫਿਕਰ ਜ਼ਾਹਰ ਕੀਤਾ ਕਿ ਹਾੜੀ ਦੀ ਫਸਲ ਲਈ ਲੇਬਰ ਨੇ ਪਿੰਡ ਵੱਲ ਮੂੰਹ ਨਹੀਂ ਕਰਨਾ ਅਤੇ ਕੰਬਾਇਨਾਂ ਵਾਲੇ ਕਿਤੇ ਨਾਂਹ ਨਾ ਕਰ ਜਾਣ।
               ਪਠਲਾਵਾ ਦੇ ਟਰੱਕ ਮਾਲਕ ਜਸਵਿੰਦਰ ਸਿੰੰਘ ਨੇ ਦੱਸਿਆ ਕਿ ਉਸ ਦਾ ਇੱਕ ਟਰੱਕ ਬੰਗਾ ‘ਚ ਲੋਡ ਹੋਇਆ ਖੜ੍ਹਾ ਸੀ। ਜਿਉਂ ਹੀ ਬਲਦੇਵ ਸਿੰਘ ਦੀ ਮੌਤ ਦੀ ਖ਼ਬਰ ਆਈ ਤਾਂ ਟਰੱਕ ਯੂਨੀਅਨ ਵਾਲਿਆਂ ਨੇ ਟਰੱਕ ਅਣਲੋਡ ਕਰਾ ਦਿੱਤਾ ਅਤੇ ਪਠਲਾਵਾ ਦੇ ਸਭ ਲੋਕਾਂ ਨੂੰ ਯੂਨੀਅਨ ‘ਚੋਂ ਬਾਹਰ ਕੱਢ ਦਿੱਤਾ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਆਪਣੀ ਗਲਤੀ ਛੁਪਾਉਣ ਲਈ ਸਾਰਾ ਭਾਂਡਾ ਬਲਦੇਵ ਸਿੰਘ ‘ਤੇ ਭੰਨ ਦਿੱਤਾ ਜੋ ਚਾਰ ਹਸਪਤਾਲਾਂ ਵਿਚ ਇਲਾਜ ਲਈ ਭਟਕਦਾ ਰਿਹਾ। ਸਰਕਾਰ ਨੇ ਵੇਲੇ ਸਿਰ ਉਸ ਨੂੰ ਇਕਾਂਤਵਾਸ ਕਿਉਂ ਨਹੀਂ ਭੇਜਿਆ। ਅੌਰਤਾਂ ਦਾ ਕਹਿਣਾ ਸੀ ਕਿ ਮੰਨ ਵੀ ਲਈਏ ਤਾਂ ਇੱਕ ਵਿਅਕਤੀ ਦੀ ਸਜ਼ਾ ਪੂਰੇ ਪਿੰਡ ਨੂੰ ਕਿਉਂ ਦਿੱਤੀ ਜਾ ਰਹੀ ਹੈ। ਪਿੰਡ ਵਾਸੀ ਮੱਖਣ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੀ ਧੀ ਦਾ ਵਿਆਹ ਹੁਣ ਪਿੱਛੇ ਪਾਉਣਾ ਪੈ ਰਿਹਾ ਹੈ। ਨੌਜਵਾਨ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਦਰਜਨਾਂ ਲੋਕ ਡਿਪਰੈਸ਼ਨ ਵਿਚ ਚਲੇ ਗਏ ਹਨ ਜੋ ਘਰਾਂ ਨੂੰ ਅੰਦਰੋਂ ਜਿੰਦਰੇ ਮਾਰੀ ਬੈਠੇ ਹਨ। ਪਿੰਡ ਦਾ ਕਹਿਣਾ ਹੈ ਕਿ ਸਰਕਾਰ ਨੇ ਵੀ ਪਠਲਾਵਾ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਅਤੇ ਉਪਰੋਂ ਸਮਾਜ ਨੇ ਪਿੰਡ ਨੂੰ ਛੇਕਣ ਵਾਲਾ ਰਵੱਈਆ ਧਾਰ ਲਿਆ। ਪਿੰਡ ‘ਚ ਸਬਜ਼ੀ ਅਤੇ ਗੈਸ ਵਗੈਰਾ ਆਉਣ ਲੱਗ ਪਈ ਹੈ ਪ੍ਰੰਤੂ ਹਾਲੇ ਤੱਕ ਸਿਹਤ ਮਹਿਕਮੇ ਦਾ ਕੋਈ ਵੱਡਾ ਅਧਿਕਾਰੀ ਪਿੰਡ ਨਹੀਂ ਆਇਆ।
                                    ਬਿਹਤਰ ਉਪਰਾਲੇ ਕਰ ਰਹੇ ਹਾਂ: ਡਿਪਟੀ ਕਮਿਸ਼ਨਰ
ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਆਖਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਹਰ ਤਰ੍ਹਾਂ ਦੇ ਬਿਹਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 75 ਕੇਸ ਨੈਗੇਟਿਵ ਆਏ ਹਨ। ਉਹ ਖੁਦ ਇਨ੍ਹਾਂ ਪਿੰਡਾਂ ਵਿਚ ਜਾ ਰਹੇ ਹਨ ਅਤੇ ਲੋਕਾਂ ਨੂੰ ਸਹਿਮ ‘ਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਵਗੈਰਾ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਐੱਸਐੱਮਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਦਾ ਡਾਕਟਰਾਂ ਵੱਲੋਂ ਰੈਗੂਲਰ ਚੈੱਕਅਪ ਕੀਤਾ ਜਾ ਰਿਹਾ ਅਤੇ ਕਿਸੇ ਨਾਲ ਕੋਈ ਮਾੜਾ ਸਲੂਕ ਨਹੀਂ ਕੀਤਾ ਜਾ ਰਿਹਾ ਹੈ।

2 comments:

  1. The name we can say with proud for Punjabi journalism. May this pen be write for the needy as usual.

    ReplyDelete
  2. ਮੋਟੇ ਢਿਡਾ ਵਾਲੇ isolate ਹੋ ਗਏ ਕਿ ਰਿਪੋਸ਼ ਹੋ ਗਏ - ਲੋਕਾ ਨੂ ਆਪੋ ਆਪਣੀ

    ReplyDelete