Sunday, March 22, 2020

                        ਵਿਚਲੀ ਗੱਲ
      ਨਹੀਂਓਂ ਛੱਡਣਾ ਤਖਤ ਹਜ਼ਾਰਾ..!
                       ਚਰਨਜੀਤ ਭੁੱਲਰ
ਚੰਡੀਗੜ੍ਹ :  ਦੇਖਿਓ ਕਿਤੇ ਭਾਫ ਬਾਹਰ ਨਾ ਕੱਢ ਦਿਓ। ਪਤਾ ਨਹੀਂ ਗੱਲ ਭਲੇ ਦੀ ਹੈ ਜਾਂ ਨਹੀਂ ਪਰ ਪਤੇ ਦੀ ਜ਼ਰੂਰ ਹੈ। ਸ਼ਾਇਦ ਥੋਡਾ ਹੀ ਕਸੂਰ ਹੈ। ਇਸੇ ਗੱਲੋਂ ਕੁਰਸੀ ’ਚ ਗਰੂਰ ਹੈ। ਪੰਜਾਬ ਦਾ ਜੋ ਹਜ਼ੂਰ ਹੈ। ਗੱਜ ਵੱਜ ਕੇ ਆਖ ਰਿਹੈ, ‘ਅਭੀ ਤੋ ਮੈਂ ਜਵਾਨ ਹੂੰ’। ਪੰਜਾਬੀ ਤਾਂ ਸਿਰੇ ਦੇ ਭੌਂਦੂ ਨੇ। ਐਵੇਂ ਗ਼ਲਤ ਟੇਵੇ ਲਾਉਂਦੇ ਰਹੇ। ਮੁੱਖ ਮੰਤਰੀ ਨੂੰ ਖੁਦ ਦੱਸਣਾ ਪਿਐ, ‘ਬੁੱਢਾ ਨਹੀਂ, ਜਵਾਨ ਹਾਂ’। ਗੁੱਝਾ ਤੀਰ ਮਹਾਰਾਜੇ ਨੇ ਚਲਾ ਦਿੱਤੈ। ਐਵੇਂ ਤਾਲੀ ਨਾ ਠੋਕ ਦਿਓ। ਖੱਬੇ-ਸੱਜੇ ਕਿਤੇ ਵੀ ਬੈਠ ਜਾਓ। ਪਹਿਲਾਂ ਪੁਰਾਣੀ ਕਥਾ-ਕਹਾਣੀ ਸੁਣੋ। ਸਦੀਆਂ ਤੋਂ ਇਹ ਰਹੱਸ ਬਣਿਆ ਹੋਇਆ ਹੈ। ਕਿਤੇ ਇੱਕ ਕ੍ਰਿਸ਼ਮਈ ਝਰਨਾ ਮੌਜੂਦ ਹੈ, ਜਿਸ ਦੀ ਖੋਜ ਜਾਰੀ ਹੈ। ਜੋ ਵੀ ਝਰਨੇ ਦਾ ਪਾਣੀ ਪੀਂਦਾ ਹੈ, ਉਹ ਕਦੇ ਬੁੱਢਾ ਨਹੀਂ ਹੁੰਦਾ। ਵਹਿੰਦਾ ਹੋਇਆ ਪਾਣੀ, ਲਿਆ ਦਿੰਦੈ ਜਵਾਨੀ। ਅਮਰਿੰਦਰ ਸਿਓਂ ਐਵੇਂ ਨਹੀਂ ਬੋਲੇ। ਇੰਝ ਲੱਗਦੈ, ਜਿਵੇਂ ਜਨਾਬ ਹੋਰਾਂ ਨੂੰ ਝਰਨਾ ਲੱਭ ਗਿਆ ਹੋਵੇ। ਦੋ ਚਾਰ ਬੂੰਦਾਂ ਪੀ ਆਏ ਹੋਣ। ਹਿੰਗ ਲੱਗੇ ਨਾ ਫਟਕੜੀ। ਸਸਤਾ ਨੁਸਖ਼ਾ ਹੈ। ਦੇਖਿਓ ਕਿਤੇ ਤੁਸੀਂ ਝਰਨਾ ਲੱਭਣ ਨਾ ਤੁਰ ਪਿਓ। ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ। ਤਿੰਨ ਵਰ੍ਹਿਆਂ ’ਚ ਜੋ ਮਾਰੀਆਂ ਮੱਲਾਂ। ਅਮਰਿੰਦਰ ਨੇ ਹੁਣੇ ਖੋਲ੍ਹ ਕੇ ਦੱਸੀਆਂ ਨੇ। ਨਾਲੇ ਦੱਸਿਆ ਕਿ ਅਗਲੀ ਚੋਣ ਵੀ ਲੜਾਂਗਾ। ਇਹੋ ਤਾਂ ਲੋਕ ਰਾਜ ਹੈ ਭਾਈ। ਚੋਣਾਂ ਲੜ ਕੇ ਤਾਂ ਬਾਦਲ ਨਹੀਂ ਥੱਕਿਆ। ਜਨਵਰੀ 2017 ਦਾ ਕੋਈ ਮਰਜ਼ੀ ਅਖ਼ਬਾਰ ਫਰੋਲਣਾ। ਉਦੋਂ ਅਮਰਿੰਦਰ ਨੇ ਥਾਂ-ਥਾਂ ਆਖਿਆ, ‘ਇਹ ਮੇਰੀ ਆਖ਼ਰੀ ਚੋਣ ਹੈ।’ ਜਿਵੇਂ ਵੱਡਾ ਬਾਦਲ ਵੀ ਆਖਦਾ ਰਿਹੈ।
               ਪੰਜਾਬ ਦੇ ਲੋਕ ਬੇਵਕੂਫ਼ ਨਹੀਂ, ਮਹਾਂਮੂਰਖ ਵੀ ਹਨ। ਅੱਤ ਦਾ ਭਰੋਸਾ ਕਰਦੇ ਹਨ। ਅਮਰਿੰਦਰ ਨੂੰ ਕੁਰਸੀ ਫੜਾ ਦਿੱਤੀ। ਭਲਿਓ ਲੋਕੋ, ਭਲੇ ਦਾ ਜ਼ਮਾਨਾ ਨਹੀਂ, ਹੁਣ ਕੁਰਸੀ ਕੌਣ ਛੱਡਦੈ। ਭਾਰਤ ’ਚ ਸਭ ਤੋਂ ਵੱਡੀ ਉਮਰ ਦੇ ਇਕੱਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ। ਬਾਕੀ ਸਭ ਮੁੱਖ ਮੰਤਰੀ ਛੋਟੇ ਨੇ। ਹਿਮਾਚਲ ਵਾਲੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਪੂਰੇ 87 ਸਾਲ ਦੇ ਹੋ ਗਏ ਹਨ। ਇੰਝ ਗੜ੍ਹਕ ਨਾਲ ਬੋਲੇ, ‘ਸ਼ੇਰ ਕਦੇ ਬੁੱਢਾ ਨਹੀਂ ਹੁੰਦਾ।’ ਵੈਸੇ ਇਹ ਵੀ ਕਿਹਾ ਜਾਂਦੈ, ਖੁਰਾਕ ਸਹੀ ਮਿਲਦੀ ਰਹੇ, ਘੋੜਾ ਤੇ ਆਦਮੀ ਕਦੇ ਬੁੱਢੇ ਨਹੀਂ ਹੁੰਦੇ। ਪਿੰਡਾਂ ’ਚ ਆਖਿਆ ਜਾਂਦੈ, ਫਲਾਣਾ ਸਿਓਂ ਨੇ ਪਤਾ ਨਹੀਂ ਕੀ ਚਿੜੇ ਖਾਧੇ ਨੇ।’ ਚਿੜਿਆਂ ਨੂੰ ਛੱਡੋ, ‘ਖਰਗੋਸ਼ ਤੇ ਚੀਤੇ’ ਵਾਲੀ ਕਹਾਣੀ ਤਾਂ ਸੁਣੀ ਹੋੋਊ। ਬੁੱਢਾ ਚੀਤਾ ਭੁੱਖ ਦਾ ਸਤਾਇਆ। ਵਾਹੋ-ਦਾਹੀ ਖਰਗੋਸ਼ ਮਗਰ ਦੌੜਿਆ। ਆਖ਼ਰ ਹੰਭ ਗਿਆ। ਖਰਗੋਸ਼ ਨੇ ਖੁੱਡ ’ਚ ਵੜ ਕੇ ਜਾਨ ਬਚਾਈ। ਚੀਤਾ ਖੁੱਡ ਦੇ ਬਾਹਰ ਬੈਠ ਗਿਆ। ਖੁੱਡ ’ਚ ਖਰਗੋਸ਼ ’ਤੇ ਪਾਣੀ ਡਿੱਗਾ। ਜਿਉਂ ਹੀ ਖਰਗੋਸ਼ ਖੁੱਡ ਤੋਂ ਬਾਹਰ ਝਾਕਿਆ। ਬੁੱਢਾ ਚੀਤਾ ਰੋ ਰਿਹਾ ਸੀ। ਚੀਤਾ ਮਹਾਰਾਜ, ਤੁਹਾਡੀ ਅੱਖ ’ਚ ਹੰਝੂ। ਕੀ ਦੱਸਾਂ ਖਰਗੋਸ਼ ਭਾਈ, ‘ਮੈਂ ਬੁੱਢਾ ਹੋ ਗਿਆ, ਅੱਜ ਤੇਰਾ ਸ਼ਿਕਾਰ ਕਰਨੋਂ ਵੀ ਗਿਐ।’ ਖਰਗੋਸ਼ ਬੋਲਿਆ, ਰੋ ਮੱਤ ਪਿਆਰੇ, ਤੂੰ ਬੁੱਢਾ ਨਹੀਂ ਹੋਇਆ, ਤੇਰਾ ਟੀਚਾ ਗ਼ਲਤ ਸੀ, ਤਾਹੀਓਂ ਮੈਂ ਜਿੱਤ ਗਿਆ।’ ਚੀਤਾ ਸ਼ਰਮ ’ਚ ਡੁੱਬ ਗਿਆ। ਜਦੋਂ ਖਰਗੋਸ਼ ਨੇ ਬਾਤ ਸਮਝਾਈ, ‘ਮਹਾਰਾਜ, ਮੈਂ ਦੌੜਿਆ ਜ਼ਿੰਦਗੀ ਲਈ, ਤੂੰ ਇੱਕ ਵੇਲੇ ਦੇ ਸ਼ਿਕਾਰ ਲਈ’।
              ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਦੌੜ ਜ਼ਿੰਦਗੀ ਲਈ ਹੈ। ਹਾਕਮਾਂ ਦੀ ਪਤਾ ਨਹੀਂ। ‘ਬੱਕਰਾ ਰੋਵੇ ਜਿੰਦ ਨੂੰ, ਕਸਾਈ ਰੋਵੇ ਮਿੱਝ ਨੂੰ।’ ਸਿਆਸੀ ਸੰਨਿਆਸੀ ਕਿੱਦਾਂ ਦੇ ਹਨ। ਆਖਦੇ ਨੇ ਕੁਰਸੀ ਵਾਲਾ ਕੰਬਲ ਨਹੀਂ ਛੱਡਦਾ। ਨਵਜੋਤ ਸਿੱਧੂ ਨੇ ਹਿੱਕ ਥਾਪੜੀ ਸੀ, ਅਖੇ, ਰਾਹੁਲ ਗਾਂਧੀ ਅਮੇਠੀ ਤੋਂ ਹਾਰ ਗਿਆ ਤਾਂ ਮੈਂ ਸਿਆਸਤ ਛੱਡ ਦਿਆਂਗਾ।’ ਕਦੋਂ ਦੇ ਰਾਹੁਲ ਗਾਂਧੀ ਹਾਰੇ ਨੇ, ‘ਜਿੱਤੇਗਾ ਪੰਜਾਬ’ ਚੈਨਲ ਲੈ ਕੇ ਨਵਜੋਤ ਸਿੱਧੂ ਹਾਜ਼ਰ ਹੈ। ਪੰਜਾਬੀ ਭੋਲੇ ਪੰਛੀ ਨੇ, ਗੱਲਾਂ ’ਚ ਛੇਤੀ ਆਉਂਦੇ ਨੇ। ਨਹੀਂ ਜਾਣਦੇ ਕਿ ਸਿਆਸੀ ਲੋਕਾਂ ਦੀ ਪ੍ਰਜਾਤੀ ਇੱਕੋ ਹੈ, ਮੂਲ ਸੁਭਾਅ ਇੱਕੋ ਹੈ। ਸਿਰਫ਼ ਅਦਾਕਾਰੀ ਦਾ ਵਖਰੇਵਾਂ ਹੈ। ਵੱਡੇ ਬਾਦਲ ਆਖਦੇ ਰਹੇ ਨੇ, ਆਖਰੀ ਚੋਣ ਲੜ ਰਿਹਾ ਹਾਂ। ਹੁਣ ਉਹ ਬੋਲੇ ਨੇ, ਸਿਹਤ ਨੇ ਸਾਥ ਦਿੱਤਾ, ਪਾਰਟੀ ਨੇ ਹੁਕਮ ਕੀਤਾ, ਤਾਂ ਜ਼ਰੂਰ ਲੜਾਂਗੇ ਚੋਣ। ਖੈਰ, ਕੰਮ ਦੀ ਸਮਰੱਥਾ ’ਚ ਵੱਡੇ ਬਾਦਲ ਕਿਤੇ ਤਕੜੇ ਪਏ ਨੇ। ਸ਼੍ਰੋਮਣੀ ਅਕਾਲੀ ਦਲ ਦਾ ਪਤਾ ਨਹੀਂ, ਕਾਂਗਰਸ ਨੂੰ ਭੁਲੇਖਾ ਜ਼ਰੂਰ ਹੈ ਕਿ ਲੋਕਾਂ ਕੋਲ ਬਦਲ ਨਹੀਂ। ਚੋਣਾਂ ’ਚ ਪੰਜਾਬ ਨੂੰ ‘ਪਟਿਆਲਾ ਪੈੱਗ’ ਲਵਾ ਦਿਆਂਗੇ। ਫਿਰ ਬਾਜ਼ੀ ਮਾਰ ਲਵਾਂਗੇ। ਪੁਰਾਣੀ ਗੱਲ ਵੀ ਸੁਣੋ, ਦੱਸਦੇ ਹਨ ਕਿ ਮੈਚ ’ਚ ਅੰਗਰੇਜ਼ੀ ਟੀਮ ਨੂੰ ਹਰਾਉਣ ਲਈ ‘ਪਟਿਆਲਾ ਪੈੱਗ’ ਲਗਵਾਏ ਗਏ। ਅੰਗਰੇਜ਼ਾਂ ਦੀ ਟੀਮ ਤਕੜੀ ਸੀ। ਤਰਕੀਬ ਕੱਢੀ ਗਈ, ਮੈਚ ਤੋਂ ਪਹਿਲੀ ਰਾਤ ਦੁੱਗਣੀ ਸ਼ਰਾਬ ਦੇ ਹਾੜੇ ਲਵਾ ਦਿੱਤੇ। ਖਿਡਾਰੀ ਲੁੜਕ ਗਏ, ਮੈਚ ਪਟਿਆਲਾ ਟੀਮ ਜਿੱਤ ਗਈ।
               ਸੱਚ ਇਹ ਵੀ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ..! ਲੋਕ ਏਨੇ ਵੀ ਮੂਰਖ ਨਹੀਂ ਕਿ ਪਹਾੜੋਂ ਉਤਰੇ ਜੋਗੀਆਂ ਦੇ ਹਾਰ ਪਾਈ ਜਾਣ। ਘੂਰੀ ਵੱਟ ਲੈਣ, ਫਿਰ ਸੰਨਿਆਸੀ ਬਣਾਉਂਦੇ ਵੀ ਦੇਰ ਨਹੀਂ ਲਾਉਂਦੇ। ‘ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇਹ..!’ ਫਰੀਦ ਕੀ ਜਾਣੇ, ਕੁਰਸੀ ਦਾ ਨਸ਼ਾ। ਐਸੀ ਬਲਾ ਹੈ ਕਿ ਬੁਢਾਪਾ ਨੇੜੇ ਨਹੀਂ ਢੁੱਕਣ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੋਈ ਮੋਦੀ ਵਰਗਾ ਨੌਜਵਾਨ ਆ ਜਾਏ। ਫਿਰ ਮੁਰਲੀ ਮਨੋਹਰ ਜੋਸ਼ੀ ਤੇ ਅਡਵਾਨੀ ਨੂੰ ਬੁਢਾਪਾ ਝੱਲਣਾ ਪੈਂਦਾ ਹੈ। ਮੌਜੂਦਾ ਲੋਕ ਸਭਾ ’ਚ ਸਿਰਫ ਛੇ ਫੀਸਦ ਐੱਮਪੀ 70 ਸਾਲ ਤੋਂ ਵੱਧ ਉਮਰ ਦੇ ਹਨ। 42 ਫੀਸਦ ਸੰਸਦ ਮੈਂਬਰ 56 ਤੋਂ 70 ਸਾਲ ਦੀ ਉਮਰ ਦੇ ਹਨ। 1962 ਤੱਕ ਕੋਈ ਐੱਮਪੀ ਵੀ 70 ਸਾਲ ਦੀ ਉਮਰ ਦੇ ਨੇੜੇ ਤੇੜੇ ਨਹੀਂ ਸੀ। ਮੌਜੂਦਾ ਲੋਕ ਸਭਾ ’ਚ ਯੂਪੀ ਵਾਲਾ ਸਫ਼ੀਕੁਰ ਰਹਿਮਾਨ ਅਤੇ ਫਾਰੂਕ ਅਬਦੁੱਲਾ ਉਮਰਾਂ ’ਚ ਸਭ ਤੋਂ ਸੀਨੀਅਰ ਹਨ। ਰਹਿਮਾਨ 89 ਸਾਲ ਦਾ ਹੈ ਤੇ ਫਾਰੂਕ 82 ਸਾਲ ਦਾ। ਮੁਹੰਮਦ ਸਦੀਕ 81 ਸਾਲ ਦਾ ਹੈ, ਅਮਰਿੰਦਰ ਤੋਂ ਵੱਡਾ ਹੈ। ਤੂੰਬੀ ਅਜੇ ਵੀ ਟੁਣਕ ਰਹੀ ਹੈ। ਬਿਨਾਂ ਝਰਨੇ ਦਾ ਪਾਣੀ ਪੀਤੇ। ਜਦੋਂ ਬਰਾਕ ਓਬਾਮਾ ਅਮਰੀਕੀ ਰਾਸ਼ਟਰਪਤੀ ਸੀ। ਕਿਸੇ ਨੇ ਚਿੱਟੇ ਵਾਲ ਦੇਖ ਕੇ ਬੁੱਢਾ ਆਖ ਦਿੱਤਾ। ਗੁੱਸਾ ਕਰ ਗਿਆ, ‘ਵਾਲ ਸਫੈਦ ਹੋਏ ਨੇ, ਦਿਲ ਦਾ ਜਵਾਨ ਹਾਂ’। ਓਬਾਮਾ ਨੇ ਕਦੇ ਵਾਲ ਨਹੀਂ ਰੰਗੇ। ਉਦੋਂ ਹਿਲੇਰੀ ਕਲਿੰਟਨ ਖ਼ਫਾ ਹੋਈ ਜਦੋਂ ਟਰੰਪ ਨੇ ਕਿਹਾ ਸੀ ‘ਏਹ ਬੀਬੀ ਤਾਂ ਵਾਲ ਰੰਗਦੀ ਹੈ।’
                ਕੋਈ ਕੁਝ ਵੀ ਕਰੇ, ਕੁਰਸੀ ਨੂੰ ਚਿੰਬੜੇ ਰਹਿਣਾ, ਵਿਸ਼ਵ ਵਿਆਪੀ ਫ਼ਿਤਰਤ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ‘ਮੋਦੀ ਦੇ ਨਾਲ ਹੀ ਸਿਆਸਤ ਛੱਡਾਂਗੀ।’ ਕੇਂਦਰੀ ਮੰਤਰੀ ਗਿਰੀਰਾਜ ਦਾ ਤਰਕ ਸੁਣੋ, ‘ਜਦੋਂ ਆਬਾਦੀ ਕੰਟਰੋਲ ਕਾਨੂੰਨ ਲਾਗੂ ਹੋ ਗਿਆ, ਉਦੋਂ ਹੀ ਸਿਆਸਤ ਤੋਂ ਸੰਨਿਆਸ ਲੈ ਲਵਾਂਗਾ।’ ਪੰਜਾਬ ਵਿੱਚ 53 ਫੀਸਦ ਵੋਟਰ ਨੌਜਵਾਨ ਹਨ। ਬਹੁਤੇ ਜਹਾਜ਼ ਚੜ੍ਹਨ ਲਈ ਕਾਹਲੇ ਨੇ, ਬਾਕੀ ਕਚੀਚੀਆਂ ਵੱਟ ਕੇ ਘੁੰਮ ਰਹੇ ਨੇ। ‘ਖਾਲੀ ਸੰਖ਼ ਵਜਾਏ ਦੀਪਾ’। ਕਸੂਰ ਕਿਸੇ ਦੀਪੇ ਦਾ ਨਹੀਂ, ਸਿਆਸੀ ਰਹਿਬਰਾਂ ਦਾ ਹੈ। ਬੁਢਲਾਡੇ ਦੀ ਇੱਕ ਮਾਂ ਨੇ ਪੁੱਤ ਦਾ ਨਾਮ ਰੱਖਿਆ ‘ਰਾਜ ਕੁਮਾਰ’। ਟੈੱਟ ਪਾਸ ਹੈ, 41 ਸਾਲ ਦਾ ਹੋ ਗਿਆ, ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ ਨੇ। ‘ਘਰ-ਘਰ ਰੁਜ਼ਗਾਰ’ ਹਾਲੇ ਨਹੀਂ ਪੁੱਜਾ।ਤੇਜਾ ਰੁਹੇਲਾ (ਫਾਜ਼ਿਲਕਾ) ਦੀ ਇੱਕ ਸਰਹੱਦੀ ਮਾਂ ਨੇ ਬੱਚੇ ਦਾ ਨਾਮ ਰੱਖਿਆ ‘ਪ੍ਰਿੰਸ’। ਬੱਚੇ ਦੀ ਉਮਰ ਹਾਲੇ ਸਾਢੇ ਚਾਰ ਸਾਲ ਹੈ, ਸਿਰ ਦੇ ਵਾਲ ਚਿੱਟੇ ਆਉਣੇ ਸ਼ੁਰੂ ਹੋ ਗਏ ਨੇ। ਪੌਣ ਪਾਣੀ ਨੂੰ ਕਸੂਰ ਦਿਓ ਜਾਂ ਫਿਰ ਫਿਕਰਾਂ ਦੀ ਪੰਡ ਨੂੰ। ਜਵਾਨੀ ਤੋਂ ਪਹਿਲਾਂ ਹੀ ਮੁੰਡੇ ਬੁੱਢੇ ਹੋਣ ਲੱਗੇ ਹਨ। ਕੋਈ ਤਕਦੀਰੀ ਝਰਨਾ ਵੀ ਨਹੀਂ ਲੱਭ ਰਿਹਾ। ਨਵੀਂ ਅਲਾਮਤ ਜ਼ਰੂਰ ਲੱਭੀ ਹੈ। ਨਾਮ ਕਰੋਨਾਵਾਇਰਸ ਹੈ। ਦੁਨੀਆਂ ਦਾ ਕੋਈ ਕੋਨਾ ਨਹੀਂ ਛੱਡਿਆ। ਬਚਾਅ ’ਚ ਹੀ ਬਚਾਓ ਹੈ। ਗੱਲ ਛੱਜੂ ਰਾਮ ਦੀ ’ਚ ਵੀ ਦਮ ਲੱਗਦੈ। ਘਰੇ ਬੈਠਾ ਭਾਂਡੇ ਖੜਕਾ ਰਿਹਾ ਹੈ। ਅਖੇ, ਕਰੋਨਾ ਤੋਂ ਬਚ ਗਏ ਤਾਂ ਭੁੱਖ ਨਾਲ ਮਰਾਂਗੇ। ਨਾਲੇ ਆਖ ਰਿਹੈ, ਝਰਨਾ ਕਿਉਂ ਲੱਭਾਂ, ਕੋਈ ਤਕੜੀ ਮੋਟੀ ਡਾਂਗ ਭਾਲੂੰ..!

No comments:

Post a Comment