Wednesday, April 26, 2017

                              ਆੜੀ ਟੁੱਟੀ !
      ਕੇਜਰੀਵਾਲ ਨਾਲ ਰੁੱਸਿਆ ਭਗਵੰਤ ਮਾਨ
                               ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ 'ਕੱਟੀ' ਕਰ ਦਿੱਤੀ ਹੈ ਜੋ ਐਮਸੀਡੀ ਚੋਣਾਂ ਦੇ ਨਤੀਜੇ ਤੋਂ ਐਨ ਪਹਿਲਾਂ 'ਆਪ' ਲਈ ਵੱਡਾ ਝਟਕਾ ਹੈ। ਜਦੋਂ ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਆਗੂ ਐਚ.ਐਸ. ਫੂਲਕਾ ਵਲੋਂ ਪੰਜਾਬ ਯਾਤਰਾ ਸ਼ੁਰੂ ਕਰਨ ਦੀ ਤਿਆਰੀ ਹੈ ਤਾਂ ਠੀਕ ਉਸ ਸਮੇਂ ਭਗਵੰਤ ਮਾਨ ਨੇ 'ਆਪ' ਕਨਵੀਨਰ ਕੇਜਰੀਵਾਲ ਨਾਲ ਆਪਣੀ ਨਰਾਜ਼ਗੀ ਦੀ ਗੱਲ ਉਠਾਈ ਹੈ। ਭਗਵੰਤ ਮਾਨ ਨੇ ਫਿਲਹਾਲ 'ਆਪ' ਦੀ ਕਿਸੇ ਗਤੀਵਿਧੀ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਚੋਣਾਂ ਦੇ ਨਤੀਜੇ ਮਗਰੋਂ ਭਗਵੰਤ ਮਾਨ ਨੇ ਖੁੱਲ• ਕੇ ਵਿਚਰਨਾ ਬੰਦ ਕਰ ਦਿੱਤਾ ਹੈ ਜਿਸ ਤੋਂ ਲੋਕ ਆਪੋ ਆਪਣੇ ਕਿਆਸ ਲਗਾ ਰਹੇ ਹਨ। ਵੇਰਵਿਆਂ ਅਨੁਸਾਰ ਭਗਵੰਤ ਮਾਨ ਨੇ ਕਰੀਬ ਤਿੰਨ ਹਫਤੇ ਪਹਿਲਾਂ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿਚ ਦੋ ਘੰਟੇ ਗੁਪਤ ਮੀਟਿੰਗ ਕੀਤੀ ਜਿਸ ਵਿਚ ਭਗਵੰਤ ਨੇ ਪੰਜਾਬ ਚੋਣਾਂ ਤੇ ਲੰਮੀ ਚੌੜੀ ਚਰਚਾ ਕੀਤੀ। ਉਨ•ਾਂ ਕੇਜਰੀਵਾਲ ਨੂੰ ਚੋਣਾਂ 'ਚ 'ਆਪ' ਤਰਫ਼ੋਂ ਹੋਈਆਂ ਗਲਤੀਆਂ ਦੀ ਗਿਣਤੀ ਕਰਾਈ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬੀ ਟ੍ਰਿਬਿਊਨ ਨਾਲ 'ਵਿਸ਼ੇਸ਼ ਗੱਲਬਾਤ' ਦੌਰਾਨ ਕਈ ਅਹਿਮ ਨੁਕਤੇ ਸਾਂਝੇ ਕੀਤੇ।
                        ਭਗਵੰਤ ਮਾਨ ਨੇ ਆਖਿਆ ਕਿ ਪਹਿਲਾਂ ਟਿਕਟਾਂ ਦੀ ਵੰਡ ਵਿਚ ਗਲਤ ਫੈਸਲੇ ਹੋਏ ਅਤੇ ਉਸ ਨੂੰ ਟਿਕਟਾਂ ਦੀ ਵੰਡ ਦੇ ਮਾਮਲੇ ਵਿਚ ਲਾਂਭੇ ਕੀਤਾ ਅਤੇ ਫਿਰ 'ਆਪ' ਚੋਣਾਂ ਵਿਚ ਬਿਨ•ਾਂ ਕਪਤਾਨ ਤੋਂ ਮੁਹੱਲੇ ਦੀ ਕ੍ਰਿਕਟ ਟੀਮ ਵਾਂਗ ਖੇਡੀ। ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਦੇ ਨਾਮ ਦਾ ਵੀ ਐਲਾਨ ਕਰਦੇ ਪਰ ਪਾਰਟੀ ਨੇ ਇਸ ਨੂੰ ਸੰਜੀਦਗੀ ਨਾਲ ਨਹੀਂ ਲਿਆ। ਉਨ•ਾਂ ਆਖਿਆ ਕਿ ਉਸ ਨੇ ਚੋਣਾਂ ਦੌਰਾਨ 500 ਰੈਲੀਆਂ ਕੀਤੀਆਂ ਅਤੇ ਜਾਨ ਤੋੜ ਕੇ ਦਿਨ ਰਾਤ ਮਿਹਨਤ ਕੀਤੀ ਪ੍ਰੰਤੂ ਉਸ ਨੂੰ ਦਿੱਲੀਓ ਕਦੇ ਸ਼ਾਬਾਸ਼ ਨਹੀਂ ਮਿਲੀ, ਉਲਟਾ ਝਿੜਕਾਂ ਜਰੂਰ ਮਿਲਦੀਆਂ ਸਨ। ਉਨ•ਾਂ ਆਖਿਆ ਕਿ ਉਸ ਨੇ ਆਪਣੇ ਹਲਕੇ ਦੀਆਂ 9 ਸੀਟਾਂ ਚੋਂ ਇਨ•ਾਂ ਚੋਣਾਂ ਵਿਚ ਪੰਜ ਸੀਟਾਂ ਜਿੱਤੀਆਂ। ਉਸ ਦੇ ਇਲਾਕੇ ਵਿਚ ਹੀ 'ਆਪ' ਨੂੰ ਵੱਡੀ ਜਿੱਤ ਮਿਲੀ ਹੈ।  ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਚੋਣਾਂ ਮਗਰੋਂ 'ਆਪ' ਦੀ ਪੀਏਸੀ ਦੀ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ ਅਤੇ ਨਾ ਹੀ ਉਹ ਵਿਸਾਖੀ ਮੇਲੇ ਤੇ ਪੁੱਜੇ ਸਨ। ਦਿੱਲੀ ਦੀ ਜਿਮਨੀ ਚੋਣ ਅਤੇ ਐਮਸੀਡੀ ਚੋਣਾਂ ਤੋਂ ਭਗਵੰਤ ਮਾਨ ਦੂਰ ਹੀ ਰਹੇ ਹਨ। ਭਗਵੰਤ ਮਾਨ ਨੇ ਮੰਨਿਆ ਕਿ ਉਸ ਦੇ 'ਆਪ' ਕਨਵੀਨਰ ਨਾਲ ਪੰਜਾਬ ਚੋਣਾਂ ਦੇ ਕੁਝ ਨੁਕਤਿਆਂ ਤੇ ਗਿਲੇ ਸ਼ਿਕਵੇ ਹਨ ਜਿਨ•ਾਂ ਵਾਰੇ ਮੀਟਿੰਗ ਵਿਚ ਦੱਸ ਦਿੱਤਾ ਗਿਆ ਸੀ।
 ਭਗਵੰਤ ਮਾਨ ਨੇ ਕੇਜਰੀਵਾਲ ਵਲੋਂ ਈਵੀਐਮ ਮਸ਼ੀਨਾਂ ਤੇ ਲਏ ਸਟੈਂਡ ਨਾਲੋਂ ਵੀ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਮਾਨ ਨੇ ਆਖਿਆ ਕਿ ਈਵੀਐਮ ਮਸ਼ੀਨਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ, ਕਿਸੇ ਦੇ ਕਸੂਰ ਦੀ ਥਾਂ 'ਆਪ' ਲੀਡਰਸ਼ਿਪ ਨੂੰ ਆਤਮ ਪੜਚੋਲ ਕਰਨੀ ਚਾਹੀਦੀ ਹੈ। ਦਿੱਲੀ ਚੋਣਾਂ ਵੀ 'ਆਪ' ਰਿਕਾਰਡ ਸੀਟਾਂ ਨਾਲ ਜਿੱਤੀ ਹੀ ਸੀ।ਉਨ•ਾਂ ਆਖਿਆ ਕਿ 'ਆਪ' ਨੇ ਪੰਜਾਬ ਚੋਣਾਂ ਦੌਰਾਨ ਵੱਡੀਆਂ ਗਲਤੀਆਂ ਕੀਤੀਆਂ ਜਿਸ ਦਾ ਨੁਕਸਾਨ ਹੋਇਆ ਹੈ। ਭਗਵੰਤ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਪਿਆਰ ਦੇ ਉਹ ਹਮੇਸ਼ਾ ਰਿਣੀ ਹਨ। ਐਮ.ਪੀ ਨੇ ਆਖਿਆ ਕਿ ਉਹ ਪਹਿਲੀ ਮਈ ਤੋਂ ਕੁਝ ਦਿਨਾਂ ਲਈ ਆਪਣੇ ਬੱਚਿਆਂ ਨੂੰ ਮਿਲਣ ਅਮਰੀਕਾ ਜਾ ਰਹੇ ਹਨ ਅਤੇ ਉਸ ਮਗਰੋਂ 25 ਮਈ ਨੂੰ ਉਹ ਮਾਲਵਾ ਖਿੱਤੇ ਵਿਚ ਧੰਨਵਾਦੀ ਦੌਰਾ ਕਰਨਗੇ। ਉਨ•ਾਂ ਦੱਸਿਆ ਕਿ ਉਸ ਨੇ ਕੇਜਰੀਵਾਲ ਨਾਲ ਮੀਟਿੰਗ ਕਰਕੇ ਪੰਜਾਬ ਚੋਣਾਂ ਦੇ ਮਾਮਲੇ ਤੇ ਕੌੜੀਆਂ ਪਰ ਸੱਚੀਆਂ ਗੱਲਾਂ ਕੀਤੀਆਂ ਹਨ। ਭਗਵੰਤ ਮਾਨ ਨੇ ਕੁਝ ਗੱਲਾਂ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ 'ਆਪ' ਕਨਵੀਨਰ ਕੇਜਰੀਵਾਲ ਸਮਝ ਨਹੀਂ ਸਕੇ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ। ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਨਾ ਕਰਨਾ ਵੱਡੀ ਗਲਤੀ ਰਹੀ ਹੈ ਅਤੇ ਉਸ ਤੋਂ ਵੱਡੀ ਗਲਤੀ ਗਰਮ ਤਬੀਅਤ ਵਾਲੇ ਆਗੂਆਂ ਨਾਲ 'ਆਪ' ਆਗੂਆਂ ਨੇ ਮੀਟਿੰਗ ਕਰਕੇ ਕਰ ਦਿੱਤੀ।
                        ਉਨ•ਾਂ ਦੇ ਦਿਲ ਵਿਚ ਕੇਜਰੀਵਾਲ ਦਾ ਬਹੁਤ ਸਤਿਕਾਰ ਹੈ ਅਤੇ ਪਾਰਟੀ ਦੇ ਨਾਲ ਡਟ ਕੇ ਖੜ•ੇ ਹਨ ਪ੍ਰੰਤੂ ਦਿੱਲੀ ਦੀ ਲੀਡਰਸ਼ਿਪ ਦੇ ਓਵਰ ਕੌਨਫੀਡੈਂਸ ਨੇ ਨੁਕਸਾਨ ਜਰੂਰ ਕੀਤਾ ਹੈ। ਨਹਿਰੀ ਪਾਣੀਆਂ ਦੇ ਮਾਮਲੇ ਤੇ ਵੀ ਪਾਰਟੀ ਸਟੈਂਡ ਸਪੱਸ਼ਟ ਨਹੀਂ ਕਰ ਸਕੀ। ਉਨ•ਾਂ ਆਖਿਆ ਕਿ 'ਆਪ' ਕਨਵੀਨਰ ਨੂੰ ਆਪਣੇ ਲਹਿਜੇ ਵਿਚ ਬਦਲਾਓ ਕਰਨਾ ਪਵੇਗਾ ਕਿਉਂਕਿ 'ਆਪ' ਤੋਂ ਲੋਕਾਂ ਨੂੰ ਉਮੀਦਾਂ ਹਨ। ਜਦੋਂ ਇਹ ਪੁੱਛਿਆ ਕਿ ਉਹ ਪਾਰਟੀ ਤੋਂ ਲਾਂਭੇ ਵੀ ਹੋ ਸਕਦੇ ਹਨ ਤਾਂ ਭਗਵੰਤ ਮਾਨ ਨੇ ਆਖਿਆ ਕਿ ਏਦਾ ਦੀ ਕੋਈ ਵੀ ਗੱਲ ਨਹੀਂ ਹੈ। ਉਨ•ਾਂ ਦੇ ਕੁਝ ਗਿੱਲੇ ਸ਼ਿਕਵੇ ਹਨ ਜਿਨ•ਾਂ ਤੋਂ ਕੇਜਰੀਵਾਲ ਨੂੰ ਜਾਣੂ ਕਰਾਇਆ ਗਿਆ ਹੈ। ਭਗਵੰਤ ਮਾਨ ਨੇ 'ਆਪ' ਕਨਵੀਨਰ ਨੂੰ ਆਪਣੀ ਨਰਾਜ਼ਗੀ ਦੱਸ ਦਿੱਤੀ ਕਿ 'ਮੇਰਾ ਪਾਰਟੀ ਨੇ ਮੁੱਲ ਨਹੀਂ ਪਾਇਆ'। ਉਨ•ਾਂ ਆਖਿਆ ਕਿ ਉਸ ਨੇ ਫਿਲਹਾਲ ਪਾਰਟੀ ਤੋਂ ਛੁੱਟੀ ਮੰਗੀ ਹੈ ਅਤੇ ਪਾਰਟੀ ਪ੍ਰੋਗਰਾਮਾਂ 'ਚ ਹਿੱਸਾ ਲੈਣ ਤੋਂ ਵੀ ਮਾਫ਼ੀ ਮੰਗੀ ਹੈ। ਮਾਨ ਨੇ ਆਖਿਆ ਕਿ ਤੀਸਰੇ ਬਦਲ ਦੀ ਪੰਜਾਬ ਵਿਚ ਉਮੀਦ ਮਰੀ ਨਹੀਂ ਹੈ, ਪੰਜਾਬ ਚੋਣਾਂ ਵਿਚ ਅਕਾਲੀਆਂ ਨੂੰ ਸਿਆਸੀ ਤੌਰ ਤੇ ਖਤਮ ਕਰਨਾ ਅਤੇ ਮੁੱਖ ਵਿਰੋਧੀ ਧਿਰ ਦੇ ਰੂਪ ਵਿਚ ਆਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਵਾਢੀ ਵਿਚ ਰੁੱਝੇ ਹੋਏ ਹਨ ਜਿਸ ਕਰਕੇ ਉਨ•ਾਂ ਨੇ ਧੰਨਵਾਦੀ ਦੌਰਾ ਲੇਟ ਰੱਖਣ ਦਾ ਫੈਸਲਾ ਕੀਤਾ ਹੈ।

Sunday, April 23, 2017

                                                      ਨਾ ਖ਼ੁਸ਼ੀ ਖਰੀਦ ਸਕੇ,ਨਾ ਗਮ ਸਕੇ ਵੇਚ
                                    ਜ਼ਿੰਦਗੀ ਨਾ ਹੋ ਸਕੇ ਅਸੀਂ ਤੇਰੇ ਮੇਚ
                                                                  ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਖੇਮੂਆਣਾ 'ਚ ਮੌਤ ਦੀ ਹਿੰਡ ਨੇ ਬਜ਼ੁਰਗ ਫੂਲਾ ਸਿੰਘ ਨੂੰ ਹਰਾ ਦਿੱਤਾ ਹੈ। ਹੁਣ ਸਿਵਾਏ ਗਰੀਬੀ ਤੋਂ, ਉਹ ਸਭ ਕੁਝ ਗੁਆ ਬੈਠਾ ਹੈ। ਗੁਰਦੇ ਫੇਲ• ਹੋਣ ਮਗਰੋਂ ਉਸ ਦੇ ਹੱਥੋਂ ਮੁੱਠੀ ਦੀ ਰੇਤ ਵਾਂਗੂ ਇੱਕ ਇੱਕ ਕਰਕੇ ਤਿੰਨ ਪੁੱਤ ਕਿਰ ਗਏ। ਚੌਥੇ ਪੁੱਤ ਦੀ ਜ਼ਿੰਦਗੀ ਉਧਾਰੇ ਸ਼ਾਹਾਂ ਤੇ ਚੱਲ ਰਹੀ ਹੈ। ਜਦੋਂ ਅੰਗ ਹੀ ਜੁਆਬ ਦੇ ਗਏ ਤਾਂ ਸਾਕ ਕੀ ਕਰਦੇ। ਇਸ ਮਜ਼ਦੂਰ ਲਈ ਸਰਕਾਰੀ ਖ਼ਜ਼ਾਨਾ ਹਮੇਸ਼ਾ ਖਾਲੀ ਹੀ ਬਹੁੜਿਆ। ਪੰਜਾਬ ਖੁਸ਼ਹਾਲ ਹੁੰਦਾ ਤਾਂ ਨਿੱਕੇ ਬੱਚਿਆਂ ਨੂੰ ਇਲਾਜ ਲਈ ਦਰ ਦਰ ਮੰਗਣਾ ਨਾ ਪੈਂਦਾ ਹੈ। ਸਰਕਾਰੀ ਸਿਹਤ ਸੇਵਾ ਭਲੀ ਹੁੰਦੀ ਤਾਂ ਇਸ ਮਜ਼ਦੂਰ ਦਾ ਮੌਤਾਂ ਨਾਲ ਪੱਕਾ ਰਿਸ਼ਤਾ ਨਾ ਜੁੜਦਾ। ਜਦੋਂ ਥੋੜੇ ਦਿਨ ਪਹਿਲਾਂ ਉਸਦਾ ਇੱਕ ਪੁੱਤ ਜਸਕਰਨ ਗੁਰਦੇ ਫੇਲ• ਹੋਣ ਕਰਕੇ ਜਹਾਨੋਂ ਚਲਾ ਗਿਆ ਤਾਂ ਸਸਕਾਰ ਲਈ ਲੱਕੜਾਂ ਪਿੰਡ ਦੇ ਘਰ ਘਰ ਚੋਂ ਇਕੱਠੀਆਂ ਕੀਤੀਆਂ। ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਜਸਕਰਨ ਦੀ ਪਤਨੀ ਸੁਖਪ੍ਰੀਤ ਕੌਰ ਨੂੰ ਭੋਗ ਮੌਕੇ ਝੋਲੀ ਅੱਡ ਤੇ ਬੈਠਣਾ ਨਾ ਪੈਂਦਾ। ਫੂਲਾ ਸਿੰਘ ਦੀ ਜ਼ਿੰਦਗੀ ਦੇ ਬੁਰੇ ਦਿਨਾਂ ਦੀ ਉਦੋਂ ਸ਼ੁਰੂਆਤ ਹੋਈ ਜਦੋਂ ਉਸਦੇ ਵੱਡੇ ਲੜਕੇ ਬਲਵੀਰ ਸਿੰਘ ਦੀ ਭਰ ਜਵਾਨੀ 'ਚ ਗੁਰਦੇ ਫੇਲ• ਹੋਣ ਕਰਕੇ ਮੌਤ ਹੋ ਗਈ ਅਤੇ ਮਗਰੋਂ ਮ੍ਰਿਤਕ ਲੜਕੇ ਦੀ ਪਤਨੀ ਰਾਜਪਾਲ ਕੌਰ ਘਰ ਛੱਡ ਕੇ ਚਲੀ ਗਈ। 19 ਵਰਿ•ਆਂ ਦੀ ਉਮਰ 'ਚ ਉਸ ਦਾ ਦੂਸਰਾ ਲੜਕਾ ਮੋਟੂ ਸਿੰਘ ਵੀ ਉਸੇ ਬਿਮਾਰੀ ਤੋਂ ਹਾਰ ਗਿਆ।
                         ਇਵੇਂ ਹੀ ਫੂਲਾ ਸਿੰਘ ਦੀ ਪਤਨੀ ਗੁਰਮੀਤ ਕੌਰ ਵੀ ਗੁਰਦੇ ਫ਼ੇਲ• ਹੋਣ ਕਰਕੇ ਮੌਤ ਦੇ ਮੂੰਹ ਜਾ ਪਈ। ਥੋੜੇ ਦਿਨ ਪਹਿਲਾਂ ਉਸ ਦਾ ਤੀਸਰਾ ਲੜਕਾ ਜਸਕਰਨ ਸਿੰਘ ਇਲਾਜ ਖੁਣੋਂ ਜ਼ਿੰਦਗੀ ਨੂੰ ਵਿਗੋਚਾ ਦੇ ਗਿਆ। ਪਰਿਵਾਰ ਕੋਲ ਸਿਵਾਏ ਅਰਦਾਸਾਂ ਤੋਂ, ਇਲਾਜ ਲਈ ਕੋਈ ਪੈਸਾ ਨਹੀਂ ਸੀ। ਹੁਣ ਚੌਥਾ ਇੱਕੋ ਇੱਕ ਪੁੱਤ ਸੁਖਵੀਰ ਸਿੰਘ ਬਚਿਆ ਹੈ ਜਿਸ ਦੇ ਲਈ ਫੂਲਾ ਸਿੰਘ ਆਪਣਾ ਇੱਕ ਗੁਰਦਾ ਦੇਣ ਲਈ ਤਿਆਰ ਹੈ ਪ੍ਰੰਤੂ ਇਲਾਜ ਦਾ 4 ਲੱਖ ਦਾ ਖਰਚਾ ਕੌਣ ਦੇਵੇਗਾ। ਸੁਖਵੀਰ ਦੀ ਪਤਨੀ  ਦੀ ਜਾਪੇ ਦੌਰਾਨ ਮੌਤ ਹੋ ਗਈ ਸੀ। ਮਹਿੰਗੇ ਇਲਾਜ ਨੇ ਇਸ ਪਰਿਵਾਰ ਦੇ ਕੰਧਾਂ ਕੌਲੇ ਵੀ ਹਿਲਾ ਕੇ ਰੱਖ ਦਿੱਤੇ ਹਨ। ਥੋੜੇ ਦਿਨ ਪਹਿਲਾਂ ਜਦੋਂ ਜਸਕਰਨ ਸਿੰਘ ਦਾ ਭੋਗ ਪਿਆ ਤਾਂ ਗਰੰਥੀ ਸਿੰਘ ਨੇ ਇਕੱਠੀ ਹੋਈ ਭੇਟਾ ਵੀ ਮ੍ਰਿਤਕ ਦੀ ਪਤਨੀ ਨੂੰ ਦੇ ਦਿੱਤੀ। ਭੋਗ ਮੌਕੇ ਜਦੋਂ ਮ੍ਰਿਤਕ ਦੀ ਪਤਨੀ ਰਾਜਪ੍ਰੀਤ ਕੌਰ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਝੋਲੀ ਅੱਡ ਕੇ ਬੈਠ ਗਈ ਤਾਂ ਹਰ ਬੰਦੇ ਦੇ ਅੱਖਾਂ ਦੇ ਹੰਝੂ ਵੀ ਖੁਸ਼ਕ ਹੋ ਗਏ। ਹੁਣ ਇਸ ਮਜ਼ਦੂਰ ਦੇ ਆਖਰੀ ਪੁੱਤਰ ਦੇ ਇਲਾਜ ਲਈ ਘਰ 'ਚ ਕੋਈ ਪੈਸਾ ਨਹੀਂ ਹੈ। ਮੌਤ ਦੀ ਹੁਣ ਸੁਖਵੀਰ 'ਤੇ ਅੱਖ ਹੈ।

                       ਤਾਹੀਓਂ ਸੁਖਵੀਰ ਦੇ ਨਿੱਕੇ ਨਿੱਕੇ ਬੱਚੇ ਪਿੰਡ ਦੇ ਘਰ ਘਰ ਚੋਂ ਆਪਣੇ ਬਾਪ ਦੇ ਇਲਾਜ ਲਈ ਮੰਗ ਰਹੇ ਹਨ। ਕੋਈ ਕਣਕ ਦੇ ਰਿਹਾ ਹੈ ਤੇ ਕੋਈ ਨਗਦ ਪੈਸੇ। ਪਿੰਡ ਵਾਲੇ ਹੀ ਇਨ•ਾਂ ਦੀ ਢਾਰਸ ਬਣੇ ਹਨ। ਜਦੋਂ ਬਿਮਾਰੀ ਦੇ ਹੱਲਾ ਪਿਆ ਤਾਂ ਮਜ਼ਦੂਰ ਫੂਲਾ ਸਿੰਘ ਨੂੰ ਇਲਾਜ ਖਾਤਰ ਦੋ ਮੱਝਾਂ, ਛੱਤ ਦੇ ਗਾਡਰ,ਪੱਖਾ ਅਤੇ ਥੋੜੀ ਬਹੁਤੀ ਥਾਂ ਵੀ ਵੇਚਣੀ ਪਈ। ਬਿਜਲੀ ਬਿੱਲ ਨਾ ਭਰਨ ਕਰਕੇ ਬਿਜਲੀ ਵਾਲਿਆਂ ਨੇ ਮੀਟਰ ਪੁੱਟ ਦਿੱਤਾ। ਪਾਣੀ ਲਈ ਘਰ ਵਿਚ ਨਲਕਾ ਤੱਕ ਨਹੀਂ ਹੈ। ਘਰ ਦੀਆਂ ਨੂੰਹਾਂ ਨੇ ਸਿਰਾਂ ਦੇ ਸਾਈਂ ਬਚਾਉਣ ਲਈ ਈਸਾਈ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਉਥੋਂ ਹੀ ਖੈਰ ਪੈ ਜਾਵੇ। ਮਜ਼ਦੂਰ ਫੂਲਾ ਸਿੰਘ ਆਖਦਾ ਹੈ ਕਿ ਉਸ ਦਾ ਪੂਰਾ ਘਰ ਹੀ ਗੁਆਚ ਗਿਆ ਹੈ। ਅਗਰ ਕੈਪਟਨ ਅਮਰਿੰਦਰ ਸਿੰਘ ਥੋੜਾ ਬਹੁਤਾ ਦਰਦ ਰੱਖਦੇ ਹਨ ਤਾਂ ਉਹ ਉਸਦੇ ਆਖਰੀ ਬੇਟੇ ਦੀ ਜਾਨ ਬਚਾਉਣ ਲਈ ਬਹੁੜਨ। ਲੜਕੇ ਦਾ ਗੁਰਦਾ ਨਾ ਬਦਲਿਆ ਤਾਂ ਮੌਤ ਦੂਰ ਨਹੀਂ।
                         ਉਹ ਖੁਦ ਗੁਰਦਾ ਦੇਣ ਨੂੰ ਤਿਆਰ ਹੈ ਪ੍ਰੰਤੂ ਇਲਾਜ ਦਾ ਖਰਚਾ ਜ਼ਿੰਦਗੀ ਦੇ ਰਾਹ ਵਿਚ ਰੋੜਾ ਬਣ ਗਿਆ ਹੈ। ਡੀ.ਟੀ.ਐਫ ਦੇ ਆਗੂ ਰੇਸ਼ਮ ਸਿੰਘ, ਈ.ਟੀ.ਟੀ ਅਧਿਆਪਕ ਆਗੂ ਗੁਰਪ੍ਰੀਤ ਸਿੰਘ ਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਛਿੰਦਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੀਆਂ ਸਿਹਤ ਸੇਵਾਵਾਂ ਦੀ ਮਜ਼ਦੂਰ ਫੂਲਾ ਸਿੰਘ ਦਾ ਪਰਿਵਾਰ ਮੂੰਹ ਬੋਲਦੀ ਤਸਵੀਰ ਹੈ। ਗੁਰਾਂ ਦੇ ਪੰਜਾਬ 'ਚ ਹੈ ਕੋਈ, ਜੋ ਮਜ਼ਦੂਰ ਦੇ ਅਖੀਰਲੇ ਬੱਚੇ ਦੀ ਜ਼ਿੰਦਗੀ ਬਚਾ ਸਕੇ। 

Tuesday, April 18, 2017

                                 ਕੈਪਟਨ ਹਕੂਮਤ 'ਚ
             ਹੁਣ ' ਹਲਕਾ ਸੇਵਾਦਾਰ ' ਪ੍ਰਗਟ ਹੋਏ
                                   ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਵਿਚ ਹੁਣ 'ਹਲਕਾ ਸੇਵਾਦਾਰ' ਪ੍ਰਗਟ ਹੋ ਗਏ ਹਨ। ਗਠਜੋੜ ਸਰਕਾਰ ਸਮੇਂ 'ਹਲਕਾ ਇੰਚਾਰਜ' ਸਨ ਜਿਨ•ਾਂ ਦੀ ਥਾਂ ਹੁਣ 'ਹਲਕਾ ਸੇਵਾਦਾਰ' ਲੈਣ ਲੱਗੇ ਹਨ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਪੰਜਾਬ 'ਚ ਹਲਕਾ ਇੰਚਾਰਜ ਦੀ ਪ੍ਰਥਾ ਬਿਲਕੁਲ ਖਤਮ ਹੋਵੇਗੀ। ਕਾਂਗਰਸ ਸਰਕਾਰ ਨੇ ਥਾਣਿਆਂ ਦੀ ਪੁਰਾਣੀ ਹੱਦਬੰਦੀ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਭਾਵੇਂ 'ਹਲਕਾ ਇੰਚਾਰਜ' ਦਾ ਗੈਰ ਸੰਵਿਧਾਨਿਕ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਪ੍ਰੰਤੂ ਕਾਂਗਰਸ ਦੇ ਹਾਰੇ ਹੋਏ ਉਮੀਦਵਾਰ ਹੁਣ ਬਤੌਰ 'ਹਲਕਾ ਸੇਵਾਦਾਰ' ਕੰਮ ਕਰਨ ਲੱਗੇ ਹਨ। ਬਠਿੰਡਾ, ਮਾਨਸਾ, ਫਰੀਦਕੋਟ ਤੇ ਬਰਨਾਲਾ ਦੇ ਹਾਰੇ ਹੋਏ ਕਾਂਗਰਸੀ ਉਮੀਦਵਾਰ ਲੋਕ ਇਕੱਠਾਂ 'ਚ ਆਪਣੇ ਆਪ ਨੂੰ 'ਹਲਕਾ ਸੇਵਾਦਾਰ' ਵਜੋਂ ਪੇਸ਼ ਕਰਦੇ ਹਨ। ਅਪਰੈਲ ਦੇ ਦੂਸਰੇ ਹਫਤੇ ਜਦੋਂ ਖਰੀਦ ਕੇਂਦਰਾਂ ਵਿਚ ਕਣਕ ਦੀ ਫਸਲ ਪੁੱਜੀ ਤਾਂ ਕਾਂਗਰਸ ਦੇ ਹਾਰੇ ਹੋਏ ਉਮੀਦਵਾਰਾਂ ਨੇ ਖਰੀਦ ਏਜੰਸੀਆਂ ਦੇ ਅਫਸਰਾਂ ਦੀ ਹਾਜ਼ਰੀ ਵਿਚ ਕਣਕ ਦੀ ਖਰੀਦ ਸ਼ੁਰੂ ਕਰਾਈ। ਪੰਜ ਜ਼ਿਲਿ•ਆਂ ਦੇ ਕਰੀਬ ਸੱਤ ਅੱਠ ਹਾਰੇ ਕਾਂਗਰਸੀ ਉਮੀਦਵਾਰਾਂ ਨੇ ਖਰੀਦ ਅਫਸਰਾਂ ਨੂੰ ਬਕਾਇਦਾ ਜ਼ੁਬਾਨੀ ਹਦਾਇਤਾਂ ਵੀ ਜਾਰੀ ਕੀਤੀਆਂ।
                      ਸੂਤਰ ਦੱਸਦੇ ਹਨ ਕਿ ਥਾਣਿਆਂ ਵਿਚ ਇਨ•ਾਂ ਹਲਕਾ ਸੇਵਾਦਾਰਾਂ ਨੇ ਹੀ ਆਪਣੀ ਪਸੰਦ ਦੇ ਥਾਣੇਦਾਰ ਤਾਇਨਾਤ ਕਰਾਏ ਹਨ। ਆਪੋ ਆਪਣੇ ਹਲਕੇ ਵਿਚ ਪੈਂਦੀ ਟਰੱਕ ਯੂਨੀਅਨ 'ਤੇ ਵੀ 'ਹਲਕਾ ਇੰਚਾਰਜਾਂ' ਦੀ ਪਸੰਦ ਦੇ ਆਗੂ ਕਾਬਜ਼ ਹੋਏ ਹਨ। ਪੁਲੀਸ ਅਫਸਰ ਵੀ ਇਨ•ਾਂ ਹਲਕਾ ਸੇਵਾਦਾਰਾਂ ਦੇ ਫੋਨ ਉਡੀਕਦੇ ਹਨ। ਸਰਕਾਰੀ ਅਫਸਰ ਹਲਕੇ ਵਿਚਲੇ ਕਿਸੇ ਵੀ ਖਾਸ ਕੰਮ ਨੂੰ ਹਲਕਾ ਸੇਵਾਦਾਰਾਂ ਤੋਂ ਪੁੱਛੇ ਬਿਨ•ਾਂ ਨਹੀਂ ਕਰਦੇ ਹਨ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਰੇ ਹੋਏ ਉਮੀਦਵਾਰ ਹੀ ਪੁਲੀਸ ਅਤੇ ਸਿਵਲ ਦੇ ਅਫਸਰਾਂ ਨੂੰ ਹਦਾਇਤਾਂ ਦਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਜਿਨ•ਾਂ ਨੇ ਮਾਨਸਾ ਹਲਕੇ ਤੋਂ ਚੋਣ ਲੜੀ  ਸੀ, ਦਾ ਪ੍ਰਤੀਕਰਮ ਸੀ ਕਿ ਹੁਣ ਕਾਂਗਰਸੀ ਨੇਤਾ ਨਵੀਂ ਸਰਕਾਰ ਦੇ 'ਹਲਕਾ ਸੇਵਾਦਾਰ' ਬਣ ਕੇ ਹਰ ਤਰ•ਾਂ ਦੇ ਪ੍ਰਸ਼ਾਸਨਿਕ ਕੰਮਾਂ ਵਿਚ ਦਾਖਲ ਰਹੇ ਹਨ। ਪੇਂਡੂ ਵਿਕਾਸ ਮਹਿਕਮੇ ਦੇ ਅਫਸਰਾਂ ਨੂੰ ਕਾਂਗਰਸ ਦੇ ਹਾਰੇ ਉਮੀਦਵਾਰ ਹਦਾਇਤਾਂ ਜਾਰੀ ਕਰ ਰਹੇ ਹਨ ਅਤੇ ਥਾਣੇਦਾਰ ਉਨ•ਾਂ ਨੂੰ ਪੁੱਛ ਕੇ ਫੈਸਲੇ ਲੈਂਦੇ ਹਨ। ਦੱਸਣਯੋਗ ਹੈ ਕਿ ਬਠਿੰਡਾ ਮਾਨਸਾ ਜ਼ਿਲ•ੇ ਵਿਚ ਛੇ ਹਲਕਿਆਂ ਵਿਚ ਕਾਂਗਰਸ ਚੋਣ ਹਾਰੀ ਹੈ। ਪੰਜਾਬ ਵਿਚ 40 ਸੀਟਾਂ ਤੋਂ ਕਾਂਗਰਸ ਚੋਣ ਹਾਰੀ ਹੈ।
                       'ਆਪ' ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਦੇ ਹਲਕੇ ਵਿਚ ਵਿਸਾਖੀ ਮੇਲੇ ਮੌਕੇ ਆਮ ਲੋਕਾਂ ਲਈ ਕੀਤੇ ਗਏ ਪ੍ਰਸ਼ਾਸਨਿਕ ਪ੍ਰਬੰਧਾਂ ਵਿਚ ਚੁਣੇ ਹੋਏ ਨੁਮਾਇੰਦੇ ਦੀ ਥਾਂ ਹਾਰੇ ਹੋਏ ਕਾਂਗਰਸੀ ਉਮੀਦਵਾਰ ਨੂੰ ਅਫਸਰਾਂ ਨੇ ਮਾਣ ਸਨਮਾਨ ਦਿੱਤਾ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀ ਹਾਰੇ ਉਮੀਦਵਾਰਾਂ ਤੋਂ ਹੁਕਮ ਪ੍ਰਾਪਤ ਕਰ ਰਹੇ ਹਨ। ਦੂਸਰੀ ਤਰਫ਼ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਉਮੀਦਵਾਰ ਖੁਸ਼ਬਾਜ ਜਟਾਣਾ ਨੇ ਸਪੱਸ਼ਟ ਕੀਤਾ ਕਿ ਉਹ ਤਾਂ ਚੋਣ ਲੜਨ ਤੋਂ ਪਹਿਲਾਂ ਵੀ ਕਿਸਾਨਾਂ ਦੀ ਹਮਾਇਤ ਵਿਚ ਮੰਡੀਆਂ ਵਿਚ ਜਾਂਦਾ ਸੀ ਅਤੇ ਹੁਣ ਵੀ ਉਹ ਬਤੌਰ ਕਾਂਗਰਸੀ ਆਗੂ ਖਰੀਦ ਕੇਂਦਰਾਂ ਵਿਚ ਆੜ•ਤੀਆਂ ਦੇ ਸੱਦੇ ਤੇ ਜਾਂਦਾ ਹੈ। ਮਾਨਸਾ ਵਿਚ ਕਾਂਗਰਸ ਦੀ ਹਾਰੀ ਉਮੀਦਵਾਰ ਮੰਜੂ ਬਾਂਸਲ ਵਲੋਂ ਨਗਰ ਕੌਂਸਲ ਨੂੰ ਮਿਲੀ ਨਵੀਂ ਫਾਈਰ ਬ੍ਰੀਗੇਡ ਦੀ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਜਿਸ ਤੇ ਇਤਰਾਜ਼ ਵੀ ਉੱਠੇ ਸਨ। ਹਲਕਾ ਭਦੌੜ ਤੋਂ 'ਆਪ' ਵਿਧਾਇਕ ਪਿਰਮਲ ਸਿੰਘ ਦਾ ਕਹਿਣਾ ਸੀ ਕਿ ਕੁਝ ਵੀ ਨਹੀਂ ਬਦਲਿਆ ਹੈ ਅਤੇ ਹਾਰੇ ਉਮੀਦਵਾਰ ਆਪਣੇ ਆਪ ਨੂੰ 'ਹਲਕਾ ਸੇਵਾਦਾਰ' ਵਜੋਂ ਪੇਸ਼ ਕਰਕੇ ਪਿੰਡਾਂ ਚੋਂ ਲੋਕਾਂ ਤੋਂ ਹੋਣ ਵਾਲੇ ਵਿਕਾਸ ਕੰਮਾਂ ਦੀਆਂ ਸੂਚੀਆਂ ਮੰਗ ਰਹੇ ਹਨ।
                     ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇੱਕੋ ਗੱਲ ਆਖੀ ਹੈ ਕਿ ਉਨ•ਾਂ ਨੂੰ ਬਤੌਰ ਵਿਧਾਇਕ ਪ੍ਰਸ਼ਾਸਨ ਨੇ ਕਦੇ ਸੱਦਿਆ ਨਹੀਂ ਹੈ ਅਤੇ ਕੇਵਲ ਥਾਣਿਆਂ ਦੀ ਹੱਦਬੰਦੀ ਬਦਲਣ ਨਾਲ 'ਹਲਕਾ ਇੰਚਾਰਜ' ਪ੍ਰਬੰਧ ਖਤਮ ਹੋਣ ਵਾਲਾ ਨਹੀਂ ਹੈ। ਉਨ•ਾਂ ਆਖਿਆ ਕਿ ਜਦੋਂ ਤੱਕ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ ਅਤੇ ਵਿਕਾਸ ਦੇ ਕੰਮਾਂ ਵਿਚ ਭਾਗੀਦਾਰ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਹਲਕਾ ਇੰਚਾਰਜੀ ਸਿਸਟਮ ਖਤਮ ਨਹੀਂ ਹੋਵੇਗਾ।

ਫੋਟੋ ਕੈਪਸ਼ਨ : ਨਗਰ ਕੌਂਸਲ ਮਾਨਸਾ ਦੀ ਫਾਈਰ ਬ੍ਰੀਗੇਡ ਦੀ ਨਵੀਂ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੀ ਹੋਈ ਹਾਰੀ ਹੋਈ ਕਾਂਗਰਸੀ ਉਮੀਦਵਾਰ ਮੰਜੂ ਬਾਂਸਲ।

Sunday, April 16, 2017

                                         ਕਪਤਾਨ ਦਾ ਝਟਕਾ
                  ਬਾਦਲਾਂ ਦੇ 'ਦਿਆਲ' ਦੇ ਗੁਦਾਮ ਖਾਲੀ
                                          ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਅਤੇ ਸਾਬਕਾ ਅਕਾਲੀ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਦੇ ਓਪਨ ਪਲਿੰਥਾਂ ਨੂੰ ਅਨਾਜ ਭੰਡਾਰਨ ਲਈ ਅਣਫਿੱਟ ਐਲਾਨ ਦਿੱਤਾ ਗਿਆ ਹੈ। ਖਰੀਦ ਏਜੰਸੀਆਂ ਵਰਿ•ਆਂ ਤੋਂ ਕੋਲਿਆਂਵਾਲੀ ਦੇ ਪਲਿੰਥਾਂ ਤੇ ਕਣਕ ਭੰਡਾਰ ਕਰ ਰਹੀਆਂ ਸਨ ਜਿਨ•ਾਂ ਨੇ ਐਤਕੀਂ ਇਨ•ਾਂ ਪਲੰਥਾਂ 'ਤੇ ਕਣਕ ਭੰਡਾਰ ਕਰਨ ਤੋਂ ਪਾਸਾ ਵੱਟ ਲਿਆ ਹੈ। ਪਲੰਥਾਂ ਤੇ ਢੁਕਵੇਂ ਪ੍ਰਬੰਧ ਨਾ ਹੋਣ ਕਰਕੇ ਇਨ•ਾਂ ਨੂੰ ਅਣਫਿੱਟ ਘੋਸ਼ਿਤ ਕੀਤਾ ਗਿਆ ਹੈ। ਪਿਛਲੇ ਵਰਿ•ਆਂ ਵਿਚ ਇਨ•ਾਂ ਪਲੰਥਾਂ 'ਤੇ ਭੰਡਾਰ ਕੀਤੀ ਕਣਕ ਵੀ ਖਰਾਬ ਹੋ ਗਈ ਹੈ। ਸੂਤਰਾਂ ਅਨੁਸਾਰ ਇਨ•ਾਂ ਪਲੰਥਾਂ 'ਤੇ ਅਨਾਜ ਭੰਡਾਰਨ ਦਾ ਕਰੀਬ 15 ਲੱਖ ਰੁਪਏ ਸਲਾਨਾ ਕਿਰਾਇਆ ਤਾਰਿਆ ਜਾ ਰਿਹਾ ਸੀ। ਪਿੰਡ ਕੋਲਿਆਂਵਾਲੀ ਲਾਗੇ ਹੀ ਕੋਲਿਆਂ ਵਾਲੀ ਪਰਿਵਾਰ ਦੀਆਂ ਤਿੰਨ ਓਪਨ ਪਲਿੰਥਾਂ ਹਨ ਜਿਨ•ਾਂ ਦੀ ਸਮਰੱਥਾ ਕਰੀਬ 5.50 ਲੱਖ ਬੋਰੀ ਭੰਡਾਰਨ ਦੀ ਹੈ। ਇਨ•ਾਂ ਚੋਂ ਦੋ ਪਲਿੰਥਾਂ ਦਿਆਲ ਸਿੰਘ ਕੋਲਿਆਂ ਵਾਲੀ ਦੇ ਨਾਮ ਤੇ ਹਨ ਜਦੋਂ ਕਿ ਇੱਕ ਪਲਿੰਥ ਉਨ•ਾਂ ਦੇ ਲੜਕੇ ਪਰਮਿੰਦਰ ਸਿੰਘ ਦੇ ਨਾਮ 'ਤੇ ਹੈ। ਭਾਰਤੀ ਖੁਰਾਕ ਨਿਗਮ ਦੇ ਮੈਨੇਜਰ (ਕੁਆਲਟੀ ਕੰਟਰੋਲ) ਅਤੇ ਡਿਪੂ ਮੈਨੇਜਰ ਮਲੋਟ ਨੇ ਇਨ•ਾਂ ਪਲੰਥਾਂ ਦੀ ਪੜਤਾਲ ਮਗਰੋਂ 12 ਅਪਰੈਲ ਨੂੰ ਆਪਣੇ ਉੱਚ ਅਫਸਰਾਂ ਨੂੰ ਪੱਤਰ ਲਿਖ ਕੇ ਇਨ•ਾਂ ਪਲੰਥਾਂ ਨੂੰ ਅਨਾਜ ਭੰਡਾਰਨ ਲਈ ਅਣਫਿੱਟ ਐਲਾਨ ਦਿੱਤਾ ਹੈ।
                              ਭਾਰਤੀ ਖੁਰਾਕ ਨਿਗਮ ਦੇ ਡਿਪੂ ਮੈਨੇਜਰ ਮਲੋਟ ਸ੍ਰੀ ਵਿਵੇਕ ਦਾ ਕਹਿਣਾ ਸੀ ਕਿ ਇਹ ਓਪਨ ਪਲਿੰਥਾਂ ਨਿਯਮਾਂ ਤੋਂ ਉਲਟ ਨੀਵੀਂ ਥਾਂ ਤੇ ਹਨ ਅਤੇ ਇਨ•ਾਂ ਵਿਚ ਲਾਈਟਿੰਗ ਆਦਿ ਦਾ ਕੋਈ ਪ੍ਰਬੰਧ ਨਹੀਂ ਹੈ। ਟਰਾਂਸਪੋਰਟੇਸ਼ਨ ਦੀ ਮੂਵਮੈਂਟ ਦੀ ਵੀ ਸਮੱਸਿਆ ਹੈ। ਉਨ•ਾਂ ਦੱਸਿਆ ਕਿ ਪਲੰਥਾਂ ਟੁੱਟੀਆਂ ਹੋਈਆਂ ਹਨ ਅਤੇ ਇਨ•ਾਂ ਦੀ ਸਥਿਤੀ ਅਨਾਜ ਭੰਡਾਰਨ ਵਾਲੀ ਨਹੀਂ ਹੈ। ਉਨ•ਾਂ ਨੇ ਮੁੱਖ ਦਫ਼ਤਰ ਨੂੰ ਪੱਤਰ ਭੇਜ ਕੇ ਜਾਣੂ ਕਰਾ ਦਿੱਤਾ ਹੈ। ਜਾਣਕਾਰੀ ਅਨੁਸਾਰ ਮਾਰਕਫੈਡ ਤਰਫ਼ੋਂ ਕਰੀਬ ਤਿੰਨ ਲੱਖ ਬੋਰੀ ਕਣਕ ਪਿਛਲੇ ਵਰੇ• ਇਨ•ਾਂ ਪਲਿੰਥਾਂ ਤੇ ਭੰਡਾਰ ਕੀਤੀ ਹੋਈ ਸੀ ਜਿਸ ਦਾ ਕਰੀਬ 9 ਲੱਖ ਰੁਪਏ ਕਿਰਾਇਆ ਦਿੱਤਾ ਗਿਆ ਹੈ। ਮਾਰਕਫੈਡ ਨੇ ਹੁਣ ਇਨ•ਾਂ ਪਲਿੰਥਾਂ ਤੋਂ ਅਨਾਜ ਹੋਰਨਾਂ ਥਾਵਾਂ ਤੇ ਸ਼ਿਫਟ ਕਰ ਦਿੱਤਾ ਹੈ। ਮਾਰਕਫੈਡ ਸੂਤਰਾਂ ਨੇ ਦੱਸਿਆ ਕਿ ਉਹ ਐਤਕੀਂ ਇਨ•ਾਂ ਪਲਿੰਥਾਂ ਤੇ ਅਨਾਜ ਭੰਡਾਰ ਨਹੀਂ ਕਰਨਗੇ। ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਦੇ ਦਿਆਲ ਸਿੰਘ ਕੋਲਿਆਂ ਵਾਲੀ ਖੁਦ ਚੇਅਰਮੈਨ ਰਹੇ ਹਨ ਅਤੇ ਪੰਜਾਬ ਐਗਰੋ ਨੇ ਪਿਛਲੇ ਵਰ•ੇ ਕਰੀਬ 8 ਹਜ਼ਾਰ ਮੀਟਰਿਕ ਟਨ ਕਣਕ ਇਨ•ਾਂ ਓਪਨ ਪਲਿੰਥਾਂ ਤੇ ਭੰਡਾਰ ਕੀਤੀ ਹੋਈ ਸੀ।
                        ਪੰਜਾਬ ਐਗਰੋ ਮੁਕਤਸਰ ਦੇ ਜ਼ਿਲ•ਾ ਮੈਨੇਜਰ ਸ੍ਰੀ ਬੀ.ਪੀ. ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ•ਾਂ ਆਖਿਆ ਕਿ ਭਾਰਤੀ ਖੁਰਾਕ ਨਿਗਮ ਦਾ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿਚ ਇਨ•ਾਂ ਪਲਿੰਥਾਂ ਨੂੰ ਅਣਫਿੱਟ ਐਲਾਨਿਆ ਗਿਆ ਹੈ। ਉਨ•ਾਂ ਦੱਸਿਆ ਕਿ ਐਤਕੀਂ ਉਹ ਇਨ•ਾਂ ਪਲਿੰਥਾਂ 'ਤੇ ਅਨਾਜ ਭੰਡਾਰਨ ਨਹੀਂ ਕਰਨਗੇ ਕਿਉਂਕਿ ਭਾਰਤੀ ਖੁਰਾਕ ਨਿਗਮ ਇਤਰਾਜ਼ ਉਠਾ ਸਕਦਾ ਹੈ। ਇਵੇਂ ਹੀ ਪਨਸਪ ਨੇ ਵੀ ਇਨ•ਾਂ ਪਲਿੰਥਾਂ ਤੇ ਅਨਾਜ ਭੰਡਾਰ ਕੀਤਾ ਹੋਇਆ ਸੀ।  ਪਨਸਪ ਦੀ ਸਾਲ 2014-15 ਦੀ ਕਰੋੜਾਂ ਦੀ ਕਣਕ ਇਨ•ਾਂ ਪਲਿੰਥਾਂ ਤੇ ਹੀ ਰਾਖ ਬਣ ਗਈ ਹੈ। ਪਨਸਪ ਦੇ ਜ਼ਿਲ•ਾ ਮੈਨੇਜਰ ਸ੍ਰੀ ਮਾਨਵ ਜਿੰਦਲ ਦਾ ਕਹਿਣਾ ਸੀ ਕਿ ਇਨ•ਾਂ ਪਲਿੰਥਾਂ ਤੇ ਜੋ ਉਨ•ਾਂ ਦੀ ਏਜੰਸੀ ਦੀ ਕੁਝ ਕਾਰਨਾਂ ਕਰਕੇ ਕਣਕ ਡੈਮੇਜ ਹੋ ਗਈ ਸੀ ਜਿਸ ਦੇ ਟੈਂਡਰ ਹੋ ਚੁੱਕੇ ਹਨ। ਉਨ•ਾਂ ਦੱਸਿਆ ਕਿ ਉਹ ਹੁਣ ਨਵਾਂ ਅਨਾਜ ਇਨ•ਾਂ ਪਲਿੰਥਾਂ ਤੇ ਭੰਡਾਰ ਨਹੀਂ ਕਰ ਰਹੇ ਹਨ ਕਿਉਂਕਿ ਸਰਕਾਰੀ ਪਾਲਿਸੀ ਇਜਾਜ਼ਤ ਨਹੀਂ ਦਿੰਦੀ ਹੈ। ਸੂਤਰ ਆਖਦੇ ਹਨ ਕਿ ਏਦਾ ਦੇ ਹਾਲਾਤਾਂ ਵਿਚ ਸਾਬਕਾ ਚੇਅਰਮੈਨ ਦੀਆਂ ਤਿੰਨੋਂ ਓਪਨ ਪਲਿੰਥਾਂ ਖਾਲੀ ਰਹਿ ਸਕਦੀਆਂ ਹਨ। ਪੰਜਾਬ ਵਿਚ ਹਕੂਮਤ ਤਬਦੀਲੀ ਮਗਰੋਂ ਪਹਿਲੀ ਦਫਾ ਇਸ ਤਰ•ਾਂ ਦੀ ਸਥਿਤੀ ਬਣੀ ਹੈ।
                                       ਸਿਆਸੀ ਕਾਰਨ ਹੋ ਸਕਦਾ ਹੈ : ਕੋਲਿਆਂਵਾਲੀ
ਸਾਬਕਾ ਚੇਅਰਮੈਨ ਸ੍ਰ. ਦਿਆਲ ਸਿੰਘ ਕੋਲਿਆਂ ਵਾਲੀ ਦਾ ਕਹਿਣਾ ਸੀ ਕਿ ਉਨ•ਾਂ ਦੀਆਂ ਓਪਨ ਪਲਿੰਥਾਂ ਨਵੀਆਂ ਬਣੀਆਂ ਹੋਈਆਂ ਹਨ ਅਤੇ ਕਿਧਰੋਂ ਵੀ ਕੋਈ ਪਲਿੰਥ ਟੁੱਟੀ ਨਹੀਂ ਹੈ ਅਤੇ ਸਭ ਪਲਿੰਥਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ। ਪਲਿੰਥਾਂ ਨੂੰ ਪੱਕੀ ਸੜਕ ਜਾਂਦੀ ਹੈ ਅਤੇ ਕੋਈ ਵੀ ਖਾਮੀ ਨਹੀਂ ਹੈ। ਖੁਰਾਕ ਨਿਗਮ ਦੇ ਫੈਸਲੇ ਵਾਰੇ ਕੁਝ ਪਤਾ ਨਹੀਂ ਹੈ। ਉਨ•ਾਂ ਆਖਿਆ ਕਿ ਸਿਆਸੀ ਅਧਾਰ ਤੇ ਹੀ ਅਜਿਹਾ ਕੀਤਾ ਜਾ ਰਿਹਾ ਹੋਵੇਗਾ, ਹੋਰ ਤਾਂ ਕੋਈ ਕਾਰਨ ਨਹੀਂ ਲੱਗਦਾ ਹੈ। 

Monday, April 10, 2017

                               ਸਭ ਅੱਛਾ ਨਹੀਂ
      ਵਿਸਾਖੀ ਸਮਾਗਮਾਂ ਚੋਂ ਜਥੇਦਾਰ 'ਆਊਟ'
                               ਚਰਨਜੀਤ ਭੁੱਲਰ
ਬਠਿੰਡਾ : ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਵਿਸਾਖੀ ਸਮਾਗਮਾਂ ਦੀ ਤਿਆਰੀ ਚੋਂ ਬਿਲਕੁਲ 'ਆਊਟ' ਹੋ ਗਏ ਹਨ। ਐਨ ਵਿਸਾਖੀ ਦਿਹਾੜੇ ਦੇ ਮੌਕੇ ਤੇ ਜਥੇਦਾਰ ਦੀ ਤਖਤ ਸਾਹਿਬ ਤੋਂ ਗੈਰਹਾਜ਼ਰੀ ਤੋਂ ਜਾਪਦਾ ਹੈ ਕਿ 'ਸਭ ਅੱਛਾ ਨਹੀਂ ਹੈ'। ਬਠਿੰਡਾ ਮਾਨਸਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਸ ਮੌਕੇ ਜਥੇਦਾਰ ਗੁਰਮੁਖ ਸਿੰਘ ਤੋਂ ਅੰਦਰਖਾਤੇ ਔਖੇ ਹੋ ਗਏ ਹਨ। ਇਨ•ਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਦੀ ਗੈਰਹਾਜ਼ਰੀ ਵਿਚ ਵਿਸਾਖੀ ਦਿਹਾੜੇ ਦੇ ਸਭ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਏ ਹਨ। ਵਿਸਾਖੀ ਦਿਹਾੜੇ ਦੇ ਐਨ ਮੌਕੇ ਤੇ ਜਥੇਦਾਰ ਦਾ ਰੱਫੜ ਖੜ•ਾ ਹੋ ਗਿਆ ਹੈ। ਰਵਾਇਤ ਇਹੋ ਰਹੀ ਹੈ ਕਿ ਤਖਤ ਦੇ ਜਥੇਦਾਰ ਵਲੋਂ ਵਿਸਾਖੀ ਮੇਲੇ ਦੇ ਪ੍ਰਬੰਧਾਂ ਦੀ ਤਿਆਰੀ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਆਪਣੀ ਰਿਹਾਇਸ਼ ਤੇ ਸੱਦੀ ਜਾਂਦੀ ਹੈ। ਵੇਰਵਿਆਂ ਅਨੁਸਾਰ ਪਿਛਲੇ ਵਰੇ• ਦੀ ਵਿਸਾਖੀ ਤੇ ਜਥੇਦਾਰ ਗੁਰਮੁਖ ਸਿੰਘ ਨੇ ਆਪਣੀ ਰਿਹਾਇਸ਼ ਤੇ ਇਨ•ਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਸੀ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਸਨ। ਐਤਕੀਂ ਜਥੇਦਾਰ ਨੇ ਮੀਟਿੰਗ ਸੱਦਣ ਤੋਂ ਪਾਸਾ ਵੱਟ ਲਿਆ ਹੈ ਜਿਸ ਤੋਂ ਦਾਲ ਵਿਚ ਕੁਝ ਕਾਲਾ ਹੋਣ ਦੇ ਸੰਕੇਤ ਹਨ। ਉਹ ਕਾਫ਼ੀ ਦਿਨ ਪਹਿਲਾਂ ਤਖਤ ਸਾਹਿਬ ਤੋਂ ਚਲੇ ਗਏ ਸਨ। ਬਠਿੰਡਾ ਲੋਕ ਸਭਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਪੱਧਰ 'ਤੇ 5 ਅਪਰੈਲ ਨੂੰ ਦਮਦਮਾ ਸਾਹਿਬ ਵਿਖੇ ਮੀਟਿੰਗ ਸੱਦ ਲਈ ਸੀ । ਅੱਜ ਮੁੜ ਇਨ•ਾਂ ਮੈਂਬਰਾਂ ਦੀ ਮੀਟਿੰਗ ਸੀ ਜਿਸ ਚੋਂ ਜਥੇਦਾਰ ਗੈਰਹਾਜ਼ਰ ਸਨ।
                          ਸੂਤਰ ਦੱਸਦੇ ਹਨ ਕਿ ਥੋੜੇ ਦਿਨ ਪਹਿਲਾਂ ਜਥੇਦਾਰ ਗੁਰਮੁਖ ਸਿੰਘ ਦੀ ਦਮਦਮਾ ਸਾਹਿਬ ਵਿਖੇ ਰਿਹਾਇਸ਼ ਤੇ ਧਾਰਮਿਕ ਸਮਾਗਮ ਸਨ ਅਤੇ ਇਨ•ਾਂ ਸਮਾਗਮਾਂ ਵਿਚ ਆਏ ਰਿਸ਼ਤੇਦਾਰਾਂ ਲਈ ਜਦੋਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਤੋਂ ਚਾਰ ਏ.ਸੀ ਕਮਰੇ ਮੰਗੇ ਤਾਂ ਸ਼੍ਰੋ੍ਰਮਣੀ ਕਮੇਟੀ ਦੇ ਸਥਾਨਿਕ ਪ੍ਰਬੰਧਕਾਂ ਨੇ ਪਹਿਲਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਪ੍ਰਵਾਨਗੀ ਲਈ ਸੀ। ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਅਕਾਲੀ ਉਮੀਦਵਾਰ ਡੇਰਾ ਸਿਰਸਾ ਵੋਟਾਂ ਮੰਗਣ ਚਲੇ ਗਏ ਸਨ ਤਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਜਥੇਦਾਰ ਗੁਰਮੁਖ ਸਿੰਘ ਨੇ ਖੁੱਲ• ਤੇ ਇਸ ਦੀ ਵਿਰੋਧਤਾ ਕੀਤੀ ਸੀ। ਉਦੋਂ ਤੋਂ ਬਾਦਲ ਪਰਿਵਾਰ ਵੀ ਅੰਦਰਖਾਤੇ ਜਥੇਦਾਰ ਤੋਂ ਖੁਸ਼ ਨਹੀਂ ਹੈ। ਜੋ ਸ਼੍ਰੋਮਣੀ ਕਮੇਟੀ ਮੈਂਬਰ ਪਹਿਲਾਂ ਜਥੇਦਾਰ ਦੇ ਨੇੜੇ ਸਨ, ਉਨ•ਾਂ ਨੇ ਵੀ ਦੂਰੀ ਬਣਾ ਲਈ ਹੈ। ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਦਾ ਕਹਿਣਾ ਸੀ ਕਿ ਜਥੇਦਾਰ ਗੁਰਮੁਖ ਸਿੰਘ ਵਿਸਾਖੀ ਦਿਹਾੜੇ ਮੌਕੇ ਗੈਰਹਾਜ਼ਰ ਹੋ ਗਏ ਹਨ ਅਤੇ ਐਤਕੀਂ ਉਨ•ਾਂ ਨੇ ਕੋਈ ਤਿਆਰੀ ਮੀਟਿੰਗ ਨਹੀਂ ਬੁਲਾਈ ਜਦੋਂ ਕਿ ਪਿਛਲੇ ਵਰੇ• ਸਾਰੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ ਸੀ।
                      ਉਨ•ਾਂ ਆਖਿਆ ਕਿ ਜਥੇਦਾਰ ਦੀ ਗੈਰਹਾਜ਼ਰੀ ਵਿਚ ਉਨ•ਾਂ ਨੂੰ ਹੀ ਸਾਰੇ ਪ੍ਰਬੰਧ ਦੇਖਣੇ ਪੈ ਰਹੇ ਹਨ ਜਿਨ•ਾਂ ਵਿਚ ਮੁੱਖ ਤੌਰ ਤੇ ਸਿਆਸੀ ਕਾਨਫਰੰਸਾਂ,ਲੰਗਰ ਅਤੇ ਸਮਾਗਮਾਂ ਲਈ ਜਗ•ਾ ਅਲਾਟ ਕੀਤੀ ਗਈ ਹੈ। ਮਾਨਸਾ ਜ਼ਿਲ•ੇ ਚੋਂ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਮਿਠੂ ਸਿੰਘ ਕਾਹਨਕੇ ਦਾ ਕਹਿਣਾ ਸੀ ਕਿ ਜਥੇਦਾਰ ਨੂੰ ਵਿਸਾਖੀ ਦਿਹਾੜੇ ਮੌਕੇ ਤਖਤ ਤੇ ਹਾਜ਼ਰ ਰਹਿਣਾ ਚਾਹੀਦਾ ਸੀ ਕਿਉਂਕਿ ਇਹ ਕੌਮ ਦਾ ਵੱਡਾ ਦਿਹਾੜਾ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਮੈਂਬਰ ਬੀਬੀ ਜੋਗਿੰਦਰ ਕੌਰ ਦਾ ਕਹਿਣਾ ਸੀ ਕਿ ਜਥੇਦਾਰ ਨੂੰ ਵਿਸਾਖੀ ਤੋਂ 20 ਦਿਨ ਪਹਿਲਾਂ ਤਖਤ ਤੇ ਹਾਜ਼ਰ ਰਹਿਣਾ ਚਾਹੀਦਾ ਸੀ ਕਿਉਂਕਿ ਧਾਰਮਿਕ ਸਮਾਗਮਾਂ ਸਬੰਧੀ ਉਨ•ਾਂ ਨੇ ਹੀ ਸਾਰੇ ਪ੍ਰਬੰਧ ਉਲੀਕਣੇ ਸਨ। ਜਥੇਦਾਰ ਦੀ ਗੈਰਹਾਜ਼ਰੀ ਕਰਕੇ ਉਨ•ਾਂ ਨੂੰ ਦਿੱਕਤ ਆ ਰਹੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਨੇ ਆਖਿਆ ਕਿ ਜਥੇਦਾਰ ਗੁਰਮੁਖ ਸਿੰਘ ਦੁਆਬੇ ਵਿਚ ਸਮਾਗਮਾਂ ਵਿਚ ਗਏ ਹੋਏ ਹਨ ਅਤੇ ਅੱਜ ਸ਼ਾਮ ਤੱਕ ਉਨ•ਾਂ ਦੇ ਤਖਤ ਤੇ ਆਉਣ ਦੀ ਸੰਭਾਵਨਾ ਹੈ। ਜਦੋਂ ਪੱਖ ਲੈਣ ਲਈ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ। ਇਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ.ਕ੍ਰਿਪਾਲ ਸਿੰਘ ਬੰਡੂਗਰ ਨੇ ਵੀ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।

Sunday, April 9, 2017

                               ਮਿਹਰ ਦਾ ' ਹੱਥ ' 
            ਬਾਦਲਾਂ ਲਈ ' ਸਪੈਸ਼ਲ ਹੈਲੀਪੈਡ ' !
                                  ਚਰਨਜੀਤ ਭੁੱਲਰ
ਬਠਿੰਡਾ : ਭਾਵੇਂ ਪੰਜਾਬ 'ਚ ਰਾਜ ਬਦਲ ਗਿਆ ਹੈ ਪ੍ਰੰਤੂ 'ਸੇਵਾ' ਬਿਨ•ਾਂ ਰੋਕ ਜਾਰੀ ਹੈ। ਕੈਪਟਨ ਹਕੂਮਤ ਦੀ ਠੰਡੀ ਨਜ਼ਰ ਦਾ ਪ੍ਰਤਾਪ ਹੈ ਕਿ ਬਾਦਲ ਪਰਿਵਾਰ ਨੂੰ 'ਸਪੈਸ਼ਲ ਹੈਲੀਪੈਡ' ਦੀ ਸਹੂਲਤ ਬੇਰੋਕ ਜਾਰੀ ਹੈ। ਬਾਦਲ ਪਰਿਵਾਰ ਨੇ ਪਿੰਡ ਬਾਦਲ ਆਉਣ ਜਾਣ ਲਈ ਹੁਣ ਔਰਬਿਟ ਹੈਲੀਕਾਪਟਰ ਦੀ ਵਰਤੋਂ ਸ਼ੁਰੂ ਕੀਤੀ ਹੈ। ਗਠਜੋੜ ਸਰਕਾਰ ਸਮੇਂ ਪਿੰਡ ਕਾਲਝਰਾਨੀ ਵਿਚ ਆਰਜੀ ਹੈਲੀਪੈਡ ਬਣਿਆ ਹੋਇਆ ਸੀ ਜਿਥੇ ਛੇ ਮੁਲਾਜ਼ਮਾਂ ਦੀ ਗਾਰਦ ਪੱਕੇ ਤੌਰ ਤੇ ਲਾਈ ਹੋਈ ਹੈ। ਹਕੂਮਤ ਬਦਲਣ ਮਗਰੋਂ ਜ਼ਿਲ•ਾ ਪੁਲੀਸ ਨੇ ਇਹ ਗਾਰਦ ਵਾਪਸ ਨਹੀਂ ਬੁਲਾਈ ਬਲਕਿ 'ਸਪੈਸ਼ਲ ਹੈਲੀਪੈਡ' ਲਈ ਗਾਰਦ ਤਾਇਨਾਤ ਕੀਤੀ ਹੈ। ਪੰਜਾਬ ਵਿਚ ਹੋਰ ਕਿਧਰੇ ਵੀ ਏਦਾ ਪ੍ਰਾਈਵੇਟ ਹੈਲੀਕਾਪਟਰ ਲਈ 'ਸਪੈਸ਼ਲ ਹੈਲੀਪੈਡ' ਦੀ ਸਹੂਲਤ ਨਹੀਂ ਦਿੱਤੀ ਹੋਈ ਹੈ। ਜਦੋਂ ਸਰਕਾਰ ਸੀ ਤਾਂ ਉਦੋਂ ਨਿਯਮ ਅਤੇ ਸੁਰੱਖਿਆ ਅਜਿਹੀ ਮੰਗ ਕਰਦੇ ਸਨ। ਵੇਰਵਿਆਂ ਅਨੁਸਾਰ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿਚ ਕਈ ਵਰਿ•ਆਂ ਤੋਂ ਫਸਲ ਨਹੀਂ ਆ ਸਕੀ ਹੈ ਕਿਉਂਕਿ ਇਸ ਦਾਣਾ ਮੰਡੀ ਨੂੰ ਹੈਲੀਪੈਡ ਵਜੋਂ ਵਰਤਿਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਬਦਲਣ ਮਗਰੋਂ ਉਨ•ਾਂ ਨੂੰ ਇਹ ਦਾਣੀ ਮੰਡੀ ਵੀ ਮਿਲ ਜਾਵੇਗੀ ਪ੍ਰੰਤੂ ਕੈਪਟਨ ਹਕੂਮਤ ਨੇ ਸਭ ਕੁਝ ਕਾਇਮ ਰੱਖ ਦਿੱਤਾ ਹੈ।
                         ਹਾਲਾਂਕਿ ਕਾਂਗਰਸ ਸਰਕਾਰ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ ਪ੍ਰੰਤੂ ਮੌਜੂਦਾ ਸਰਕਾਰ ਬਾਦਲ ਪਰਿਵਾਰ ਨੂੰ ਸਪੈਸ਼ਲ ਹੈਲੀਪੈਡ ਦੀ ਸੁਵਿਧਾ ਜਾਰੀ ਰੱਖ ਰਹੀ ਹੈ। ਜਦੋਂ ਵੀ ਬਾਦਲ ਪਰਿਵਾਰ ਦਾ ਹੈਲੀਕਾਪਟਰ ਇੱਥੇ ਲੈਂਡ ਕਰਦਾ ਹੈ ਤਾਂ ਦੋ ਥਾਣਿਆਂ ਦੀ ਪੁਲੀਸ ਹਾਜ਼ਰ ਹੁੰਦੀ ਹੈ। ਐਬੂਲੈਂਸ ਤੇ ਫਾਈਰ ਬ੍ਰੀਗੇਡ ਦੀਆਂ ਗੱਡੀਆਂ ਤੋਂ ਇਲਾਵਾ ਪੁਲੀਸ ਰੂਟ ਵੀ ਲੱਗਦਾ ਹੈ। ਸੂਤਰ ਆਖਦੇ ਹਨ ਕਿ ਜੈੱਡ ਪਲੱਸ ਸੁਰੱਖਿਆ ਕਰਕੇ ਅਜਿਹਾ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਹੈਲੀਪੈਡ ਦੀ ਗਾਰਦ ਵਿਚ ਤਿੰਨ ਪੁਲੀਸ ਮੁਲਾਜ਼ਮ ਤਾਂ ਪਿੰਡ ਬਾਦਲ ਦੇ ਹੀ ਵਸਨੀਕ ਦੱਸੇ ਜਾ ਰਹੇ ਹਨ। ਹਾਲ ਵਿਚ ਵਿਚ 5 ਅਪਰੈਲ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਇਸ ਹੈਲੀਪੈਡ ਤੇ ਲੈਂਡ ਕੀਤਾ ਸੀ। ਸੂਤਰ ਦੱਸਦੇ ਹਨ ਕਿ ਬਾਦਲ ਪਰਿਵਾਰ ਆਪਣਾ ਪ੍ਰਾਈਵੇਟ ਔਰਬਿਟ ਕੰਪਨੀ ਦਾ ਹੈਲੀਕਾਪਟਰ ਆਉਣ ਜਾਣ ਵਾਸਤੇ ਵਰਤ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਹੈਲੀਕਾਪਟਰ ਤੇ ਆਏ ਹਨ। ਹੈਲੀਪੈਡ ਦੇ ਦੋ ਕਮਰੇ ਹਨ ਜਿਨ•ਾਂ ਚੋਂ ਇੱਕ ਏ.ਸੀ ਕਮਰਾ ਬਾਦਲ ਪਰਿਵਾਰ ਲਈ ਰਾਖਵਾਂ ਹੈ ਜਦੋਂ ਕਿ ਦੂਸਰਾ ਕਮਰਾ ਗਾਰਦ ਵਰਤਦੀ ਹੈ।
                       ਹੈਲੀਪੈਡ ਤੇ ਲੱਗੇ ਬਿਜਲੀ ਦੇ ਮੀਟਰ ਦਾ ਬਿੱਲ ਮਾਰਕੀਟ ਕਮੇਟੀ ਗਿੱਦੜਬਹਾ ਵਲੋਂ ਭਰਿਆ ਜਾ ਰਿਹਾ ਹੈ। ਪਹਿਲਾਂ ਇੱਥੇ ਕੁੰਡੀ ਕੁਨੈਕਸ਼ਨ ਚੱਲਦਾ ਸੀ ਅਤੇ ਫਰਵਰੀ 2014 ਵਿਚ ਮਾਰਕੀਟ ਕਮੇਟੀ ਨੇ ਹੈਲੀਪੈਡ ਲਈ ਬਕਾਇਦਾ ਬਿਜਲੀ ਕੁਨੈਕਸ਼ਨ ਲੈ ਲਿਆ ਸੀ।          ਪਿੰਡ ਕਾਲਝਰਾਨੀ ਦੇ ਆਗੂ ਬਲਵੰਤ ਸਿੰਘ ਦਾ ਪ੍ਰਤੀਕਰਮ ਸੀ ਕਿ ਪਿੰਡ ਵਾਲਿਆਂ ਤੋਂ ਦਾਣਾ ਮੰਡੀ ਇਸ ਹੈਲੀਪੈਡ ਨੇ ਖੋਹ ਲਈ ਅਤੇ ਦਬਾਓ ਪੈਣ ਮਗਰੋਂ ਸਰਕਾਰ ਨੇ ਨਵੀਂ ਦਾਣਾ ਮੰਡੀ ਹੋਰ ਥਾਂ ਤੇ ਬਣਾ ਦਿੱਤੀ। ਉਨ•ਾਂ ਆਖਿਆ ਕਿ ਗਾਰਦ ਵੀ ਪਹਿਲਾਂ ਦੀ ਤਰ•ਾਂ ਹੀ ਲੱਗੀ ਹੋਈ ਹੈ। ਥਾਣਾ ਨੰਦਗੜ• ਦੇ ਮੁੱਖ ਥਾਣਾ ਅਫਸਰ ਸ੍ਰੀ ਬਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਹੈਲੀਪੈਡ ਤੇ ਗਾਰਦ ਜ਼ਿਲ•ਾ ਪੁਲੀਸ ਵਲੋਂ ਲਾਈ ਹੋਈ ਹੈ। ਉਨ•ਾਂ ਦੱਸਿਆ ਕਿ ਬਾਦਲ ਪਰਿਵਾਰ ਕਦੇ ਕਦਾਈ ਹੈਲੀਕਾਪਟਰ ਰਾਹੀਂ ਇੱਥੇ ਆਉਂਦਾ ਰਹਿੰਦਾ ਹੈ।
                                      ਜੈੱਡ ਪਲੱਸ ਸੁਰੱਖਿਆ ਕਰਕੇ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਦੀ ਮੂਵਮੈਂਟ ਪਿੰਡ ਬਾਦਲ ਆਉਣ ਜਾਣ ਦੀ ਕਾਫੀ ਜਿਆਦਾ ਹੈ ਅਤੇ ਜੈੱਡ ਪਲੱਸ ਸੁਰੱਖਿਆ ਹੋਣ ਕਰਕੇ ਇੱਕ ਦਿਨ ਗਾਰਦ ਪਹਿਲਾਂ ਲਾਈ ਜਾਣੀ ਹੁੰਦੀ ਹੈ। ਉਹ ਇਸ ਨੂੰ ਰੀਵਿਊ ਵੀ ਕਰਨਗੇ ਅਤੇ ਅਜਿਹਾ ਨਿਯਮਾਂ ਮੁਤਾਬਿਕ ਹੀ ਹੈ।  

Wednesday, April 5, 2017

                                ਚੌਧਰ ਹੀ ਚੌਧਰ      
         ਹੁਣ ' ਕੌਫੀ ਟੇਬਲ ਬੁੱਕ ' ਕਟਹਿਰੇ 'ਚ !
                                ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਦੀ ਸਿਆਸੀ ਭਾਫਾਂ ਵਾਲੀ 'ਕੌਫੀ ਟੇਬਲ ਬੁੱਕ' 'ਤੇ ਹੁਣ ਉਂਗਲ ਉੱਠੀ ਹੈ ਜੋ ਚੋਣਾਂ ਤੋਂ ਐਨ ਪਹਿਲਾਂ ਰਲੀਜ਼ ਹੋਈ ਸੀ। ਬਾਦਲਾਂ ਨੂੰ ਖੁਸ਼ ਕਰਨ ਲਈ 'ਕੌਫੀ ਟੇਬਲ ਬੁੱਕ' ਵਿਚ ਸਭ ਵਿਰੋਧੀ ਖੂੰਜੇ ਲਾ ਦਿੱਤੇ ਗਏ। ਨਵੀਂ ਹਕੂਮਤ ਨੇ ਚੇਅਰਮੈਨ ਕੇ.ਡੀ.ਚੌਧਰੀ ਦੀ ਛੁੱਟੀ ਕਰ ਦਿੱਤੀ ਹੈ ਜਿਸ ਮਗਰੋਂ 'ਕੌਫੀ ਟੇਬਲ ਬੁੱਕ' ਵੀ ਹੁਣ ਸਟੋਰ 'ਚ ਧੂੜ ਫੱਕ ਰਹੀ ਹੈ। ਲੱਖਾਂ ਰੁਪਏ ਖਰਚ ਕੇ ਛਾਪੀ ਇਸ 'ਕੌਫੀ ਟੇਬਲ ਬੁੱਕ' 'ਚ ਹਰ ਪਾਸੇ ਸਾਬਕਾ ਚੇਅਰਮੈਨ ਸ੍ਰੀ ਕੇ.ਡੀ.ਚੌਧਰੀ ਨੇ ਥਾਂ ਮੱਲੀ ਹੋਈ ਹੈ। ਮੋਟੇ ਨਜ਼ਰੇ 'ਕੌਫੀ ਟੇਬਲ ਬੁੱਕ' ਚੋਂ ਸਿਆਸੀ ਲਕੀਰ ਸਾਫ ਦਿੱਖਦੀ ਹੈ। ਬਾਦਲ ਪਰਿਵਾਰ ਅਤੇ ਚੌਧਰੀ ਪਰਿਵਾਰ ਨੇ ਏਨੀ ਥਾਂ ਇਸ ਐਲਬਮ ਵਿਚ ਮੱਲੀ ਹੈ ਕਿ ਬਿਜਲੀ ਸੈਕਟਰ ਦੇ ਸਭ ਪੁਰਾਣੇ ਖਿਡਾਰੀ ਆਊਟ ਹੋ ਗਏ ਹਨ।ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਐਨ ਪਹਿਲਾਂ 23 ਦਸੰਬਰ 2016 ਨੂੰ ਇਹ ਐਲਬਮ ਰਲੀਜ਼ ਕੀਤੀ ਸੀ ਜਿਸ ਵਿਚ ਸਾਲ 1959 ਤੋਂ ਹੁਣ ਤੱਕ ਦੇ ਬਿਜਲੀ ਸੈਕਟਰ ਦੇ ਇਤਿਹਾਸ ਤੇ ਪ੍ਰਾਪਤੀਆਂ ਦੀ ਚਰਚਾ ਹੈ। ਵੇਰਵਿਆਂ ਅਨੁਸਾਰ ਪਾਵਰਕੌਮ ਤਰਫੋਂ 114 ਪੰਨਿਆਂ ਦੀ 'ਕੌਫੀ ਟੇਬਲ ਬੁੱਕ' ਤੇ ਸਮੇਤ ਟੈਕਸ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਪ੍ਰਤੀ ਬੁੱਕ ਕਰੀਬ 2500 ਰੁਪਏ ਦੀ ਲਾਗਤ ਆਈ ਹੈ।
                          ਭਾਵੇਂ ਇਹ ਐਲਬਮ ਰਲੀਜ ਪਹਿਲਾਂ ਕਰ ਦਿੱਤੀ ਗਈ ਪ੍ਰੰਤੂ ਇਸ ਦੀਆਂ ਪੂਰੀਆਂ ਕਾਪੀਆਂ ਜਨਵਰੀ 2017 ਵਿਚ ਮੁੱਖ ਦਫ਼ਤਰ ਪੁੱਜੀਆਂ ਜਿਨ•ਾਂ ਚੋਂ ਕਰੀਬ 500 ਕਾਪੀਆਂ ਹਾਲੇ ਤੱਕ ਵੰਡੀਆਂ ਨਹੀਂ ਜਾ ਸਕੀਆਂ ਹਨ।  ਪੰਜਾਬੀ ਟ੍ਰਿਬਿਊਨ ਵਲੋਂ ਕੀਤੇ ਮੁਲਾਂਕਣ ਅਨੁਸਾਰ 'ਕੌਫੀ ਟੇਬਲ ਬੁੱਕ' ਵਿਚ ਤਤਕਾਲੀ ਚੇਅਰਮੈਨ ਸ੍ਰੀ ਕੇ.ਡੀ.ਚੌਧਰੀ ਦੀਆਂ ਕਰੀਬ 50 ਤਸਵੀਰਾਂ ਹਨ ਜਦੋਂ ਕਿ ਉਨ•ਾਂ ਦੀ ਧਰਮਪਤਨੀ ਸ੍ਰੀਮਤੀ ਨੀਲਮ ਚੌਧਰੀ ਦੀਆਂ ਕਰੀਬ 32 ਤਸਵੀਰਾਂ ਹਨ। ਨਜ਼ਰ ਮਾਰੀਏ ਤਾਂ ਬਿਜਲੀ ਬੋਰਡ ਦੇ 1959 ਤੋਂ 2010 ਤੱਕ ਦੇ ਇਤਿਹਾਸ ਤੇ ਪ੍ਰਾਪਤੀਆਂ ਦੀ ਚਰਚਾ ਹੈ ਅਤੇ ਇਨ•ਾਂ 51 ਵਰਿ•ਆਂ ਦੀਆਂ ਪ੍ਰਾਪਤੀਆਂ ਅਤੇ ਇਤਿਹਾਸ ਦਰਸਾਉਣ ਲਈ ਪ੍ਰਮੁੱਖ ਸ਼ਖਸੀਅਤਾਂ ਦੀਆਂ ਸਿਰਫ਼ 10 ਤਸਵੀਰਾਂ ਹਨ ਜਿਨ•ਾਂ ਵਿਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀਆਂ ਤਸਵੀਰਾਂ ਵੀ ਸ਼ਾਮਿਲ ਹਨ।ਪਾਵਰਕੌਮ ਦੇ ਬਣਨ ਮਗਰੋਂ ਸਾਲ 2010 ਤੋਂ ਦਸੰਬਰ 2017 ਤੱਕ ਦੇ ਬਿਜਲੀ ਖੇਤਰ ਦੇ ਇਤਿਹਾਸ ਤੇ ਪ੍ਰਾਪਤੀਆਂ ਸਬੰਧੀ ਪ੍ਰਮੁੱਖ ਸ਼ਖਸੀਅਤਾਂ ਦੀਆਂ ਕਰੀਬ 100 ਤਸਵੀਰਾਂ ਹਨ।
                         ਇਨ•ਾਂ ਤਸਵੀਰਾਂ ਵਿਚ ਇਕੱਲੇ ਬਾਦਲ ਪਰਿਵਾਰ ਦੀਆਂ 17 ਤਸਵੀਰਾਂ ਹਨ। ਲਹਿਰਾ ਮੁਹੱਬਤ ਥਰਮਲ ਦਾ ਨੀਂਹ ਪੱਧਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਰੱਖਿਆ ਸੀ ਅਤੇ ਇਸ ਥਰਮਲ ਦੇ ਦੂਸਰੇ ਪੜਾਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਸੀ। ਇਹ ਦੋਵੇਂ ਤਸਵੀਰਾਂ 'ਕੌਫੀ ਟੇਬਲ ਬੁੱਕ' ਚੋਂ ਗਾਇਬ ਹਨ। ਅੱਤਵਾਦ ਦੇ ਸਮੇਂ ਸਾਲ 1980 ਤੋਂ 1991 ਤੱਕ ਦੇ ਚੇਅਰਮੈਨ ਐਨ.ਐਸ.ਬਸੰਤ ਦੀ ਸਿਰਫ਼ ਇੱਕ ਪਾਸਪੋਰਟ ਸਾਈਜ਼ ਫੋਟੋ ਛਾਪੀ ਗਈ ਹੈ ਜਿਸ ਦਾ ਬਿਜਲੀ ਖੇਤਰ ਵਿਚ ਵੱਡਾ ਯੋਗਦਾਨ ਹੈ ਅਤੇ ਰੋਪੜ ਥਰਮਲ ਉਨ•ਾਂ ਦੀ ਪ੍ਰਾਪਤੀ ਦਾ ਵੱਡਾ ਹਿੱਸਾ ਹੈ। 'ਊਰਜਾ ਲੇਡੀਜ਼ ਕਲੱਬ' ਦੀਆਂ 'ਕੌਫੀ ਟੇਬਲ ਬੁੱਕ' ਵਿਚ 32 ਤਸਵੀਰਾਂ ਹਨ। ਪ੍ਰਾਈਵੇਟ ਥਰਮਲਾਂ ਨੂੰ ਪ੍ਰਮੁਖਤਾ ਦਿੱਤੀ ਗਈ ਹੈ ਜਿਥੇ ਪਾਵਰਕੌਮ ਤੇ ਧੇਲਾ ਖਰਚ ਨਹੀਂ ਹੋਇਆ ਹੈ। ਪੀ.ਐਸ.ਈ.ਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜ.ਬਲਦੇਵ ਸਿੰਘ ਸਰਾਂ ਦਾ ਪ੍ਰਤੀਕਰਮ ਸੀ ਕਿ ਪੁਰਾਣੇ ਚੇਅਰਮੈਨ ਚੌਧਰੀ ਨੇ ਆਪਣੀ ਵਡਿਆਈ ਅਤੇ ਬਾਦਲ ਪਰਿਵਾਰ ਨੂੰ ਖੁਸ਼ ਕਰਨ ਖਾਤਰ ਪਾਵਰਕੌਮ ਦੇ ਖ਼ਜ਼ਾਨੇ ਦੀ ਕੌਫੀ ਟੇਬਲ ਬੁੱਕ ਪ੍ਰਕਾਸ਼ਿਤ ਕਰਕੇ ਦੁਰਵਰਤੋਂ ਕੀਤੀ ਹੈ ਜਿਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ।
                        ਇਵੇਂ ਹੀ ਬਠਿੰਡਾ ਥਰਮਲ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਪੁਰਾਣੇ ਚੇਅਰਮੈਨ ਨੇ ਆਪਣੀ ਵਾਹ ਵਾਹ ਲਈ ਬੁੱਕ ਛਾਪੀ ਜਿਸ ਚੋਂ ਅਹਿਮ ਸ਼ਖਸੀਅਤਾਂ ਨੂੰ ਆਊਟ ਕੀਤਾ ਹੈ। ਮੁੱਖ ਇੰਜੀਨੀਅਰ (ਪਲੈਨਿੰਗ) ਸ੍ਰੀ ਅਰੁਣ ਗੁਪਤਾ ਦਾ ਕਹਿਣਾ ਸੀ ਕਿ ਬਿਜਲੀ ਸੈਕਟਰ ਦੇ ਇਤਿਹਾਸ ਤੇ ਪ੍ਰਾਪਤੀਆਂ ਤੋਂ ਜਾਣੂ ਕਰਾਉਣ ਲਈ 'ਕੌਫੀ ਟੇਬਲ ਬੁੱਕ' ਛਾਪੀ ਗਈ ਹੈ ਜਿਸ ਦੀ ਬਕਾਇਦਾ ਕਮੇਟੀ ਬਣੀ ਸੀ ਜਿਸ ਵਲੋਂ ਮੈਟਰ ਅਤੇ ਤਸਵੀਰਾਂ ਆਦਿ ਦੀ ਚੋਣ ਕੀਤੀ ਗਈ ਹੈ। ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਚੁਆਇਸ ਨਹੀਂ ਹੈ। ਉਨ•ਾਂ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Tuesday, April 4, 2017

                    ਕੈਪਟਨ ਲਈ ਚੁਣੌਤੀ
      ਪੰਜਾਬ 'ਚ ਕੈਂਸਰ ਨਾਲ ਰੋਜ਼ਾਨਾ 43 ਮੌਤਾਂ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਰੋਜ਼ਾਨਾ ਔਸਤਨ 43 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ ਜਦੋਂ ਕਿ ਔਸਤਨ 85 ਮਨੁੱਖੀ ਜਾਨਾਂ ਨੂੰ ਕੈਂਸਰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਕੈਪਟਨ ਸਰਕਾਰ ਲਈ ਇਹ ਚੁਣੌਤੀ ਤੋਂ ਘੱਟ ਨਹੀਂ। ਖਾਸ ਕਰਕੇ ਮਾਲਵਾ ਖ਼ਿੱਤੇ ਨੂੰ ਤਾਂ ਕੈਂਸਰ ਨੇ ਮੰਜੇ ਵਿਚ ਪਾ ਦਿੱਤਾ ਹੈ। ਮਹਿੰਗੇ ਇਲਾਜ ਕਰਕੇ ਗਰੀਬ ਮਰੀਜ਼ਾਂ ਕੋਲ ਸਿਵਾਏ ਅਰਦਾਸ ਕਰਨ ਤੋਂ ਕੋਈ ਚਾਰਾ ਨਹੀਂ ਬਚਦਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤੱਥ ਪੰਜਾਬ ਨੂੰ ਫਿਕਰਮੰਦ ਕਰਨ ਵਾਲੇ ਹਨ ਅਤੇ ਨਵੀਂ ਸਰਕਾਰ ਨੂੰ ਹਲੂਣਾ ਦੇਣ ਵਾਲੇ ਹਨ। ਪੰਜਾਬ ਚੋਂ ਬਠਿੰਡਾ,ਮਾਨਸਾ ਤੇ ਮੁਕਤਸਰ ਜ਼ਿਲ•ੇ 'ਚ ਇਸ ਅਲਾਮਤ ਨੇ ਸੱਥਰ ਵਿਛਾ ਦਿੱਤੇ ਹਨ। ਬਹੁਤੇ ਬੱਚੇ ਵੀ ਹੁਣ ਸਕੂਲਾਂ ਨਹੀਂ ਜਾਂਦੇ, ਬੀਕਾਨੇਰ ਜਾਂਦੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿਚ 1 ਜਨਵਰੀ 2014 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਕੈਂਸਰ ਨਾਲ ਹੋਈਆਂ ਹਨ ਅਤੇ ਹਰ ਵਰੇ• ਇਹ ਦਰ ਵੱਧ ਰਹੀ ਹੈ। ਸਾਲ 2014 ਵਿਚ 15,171, ਸਾਲ 2015 ਵਿਚ 15,784 ਅਤੇ ਸਾਲ 2016 ਵਿਚ 16423 ਮੌਤਾਂ ਦਾ ਕਾਰਨ ਕੈਂਸਰ ਬਣਿਆ ਹੈ। ਇਨ•ਾਂ ਤਿੰਨ ਵਰਿ•ਆਂ ਵਿਚ ਕੈਂਸਰ ਨੇ 93,690 ਲੋਕਾਂ ਨੂੰ ਆਪਣੀ ਜਕੜ ਵਿਚ ਲਿਆ ਹੈ।
                              ਕੇਂਦਰ ਸਰਕਾਰ ਨੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਸਟੇਟ ਕੈਂਸਰ ਇੰਸਟੀਚੂਟ ਖੋਲਿ•ਆ ਹੈ ਜਦੋਂ ਕਿ ਜ਼ਿਲ•ਾ ਹੁਸ਼ਿਆਰਪੁਰ ਅਤੇ ਫਾਜਿਲਕਾ ਦੇ ਜ਼ਿਲ•ਾ ਹਸਪਤਾਲਾਂ ਵਿਚ ਕੈਂਸਰ ਕੇਅਰ ਸੈਂਟਰ ਖੋਲ•ੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਔਰਤਾਂ ਨੂੰ ਛਾਤੀ ਦਾ ਕੈਂਸਰ ਵੀ ਹੈ ਜਿਸ ਨਾਲ ਤਿੰਨ ਵਰਿ•ਆਂ ਵਿਚ 3814 ਔਰਤਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ•ਾਂ ਤਿੰਨ ਵਰਿ•ਆਂ ਵਿਚ ਛਾਤੀ ਦੇ ਕੈਂਸਰ ਦੀ 9453 ਔਰਤਾਂ ਤੇ ਮਾਰ ਪਈ ਹੈ। ਪੰਜਾਬ ਵਿਚ ਹਰ ਵਰੇ• ਔਸਤਨ 31 ਹਜ਼ਾਰ ਲੋਕ ਕੈਂਸਰ ਦੀ ਲਪੇਟ ਵਿਚ ਆ ਰਹੇ ਹਨ। ਮਾਲਵਾ ਖ਼ਿੱਤੇ ਨੂੰ ਪਹਿਲਾਂ ਫਸਲਾਂ ਨੇ ਖੁਦਕੁਸ਼ੀ ਦੇ ਰਾਹ ਤੋਰਿਆ ਸੀ ਅਤੇ ਹੁਣ ਕੈਂਸਰ ਦਾ ਕਹਿਰ ਲੋਕਾਂ ਨੂੰ ਕਰਜ਼ਾਈ ਕਰ ਰਿਹਾ ਹੈ। ਇਵੇਂ ਸਰਵਾਈਕਲ ਕੈਂਸਰ ਨੇ ਵੀ ਤਿੰਨ ਵਰਿ•ਆਂ ਵਿਚ 6425 ਲੋਕਾਂ ਤੇ ਹੱਲਾ ਬੋਲਿਆ ਹੈ ਅਤੇ ਇਸ ਨਾਲ 4191 ਲੋਕ ਮੌਤ ਦੇ ਮੂੰਹ ਜਾ ਪਏ ਹਨ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵੀ ਸਥਾਪਿਤ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਬਠਿੰਡਾ ਵਿਚ ਅਡਵਾਂਸਡ ਕੈਂਸਰ ਡਾਇਗੋਨੈਸਟਿਕ ਟਰੀਟਮੈਂਟ ਅਤੇ ਰਿਸਰਚ ਇੰਸਟੀਚੂਟ ਖੋਲਿ•ਆ ਹੈ ਅਤੇ ਮੈਡੀਕਲ ਕਾਲਜ ਫਰੀਦਕੋਟ ਵਿਚ ਕੈਂਸਰ ਵਿਭਾਗ ਬਣਾਇਆ ਹੈ।
                            ਕੈਂਸਰ ਮਾਹਿਰ ਡਾ.ਮਨਜੀਤ ਜੌੜਾ ਦਾ ਕਹਿਣਾ ਸੀ ਕਿ ਅਸਲ ਵਿਚ ਪੰਜਾਬ ਵਿਚ ਕੈਂਸਰ ਵਾਰੇ ਚੇਤਨਤਾ ਪ੍ਰੋਗਰਾਮ ਨਹੀਂ ਹੈ ਅਤੇ ਖਾਸ ਕਰਕੇ ਮਾਲਵਾ ਵਿਚ ਕੈਂਸਰ ਕੇਸ ਉਦੋਂ ਡਿਟੈਕਟ ਹੁੰਦੇ ਹਨ ਜਦੋਂ ਕਿ ਮਰੀਜ਼ ਤੀਸਰੇ ਜਾਂ ਆਖਰੀ ਪੜਾਅ ਤੇ ਹੁੰਦਾ ਹੈ। ਪ੍ਰਤੀ ਲੱਖ ਆਬਾਦੀ ਪਿਛੇ ਕੈਂਸਰ ਮਰੀਜ਼ਾਂ ਦੀ ਕੌਮੀ ਔਸਤ 80 ਮਰੀਜ਼ਾਂ ਦੀ ਹੈ ਜਦੋਂ ਕਿ ਪੰਜਾਬ ਵਿਚ ਇਹ ਔਸਤ 90 ਮਰੀਜ਼ਾਂ ਦੀ ਹੈ। ਉਨ•ਾਂ ਦੱਸਿਆ ਕਿ ਮਾਲਵਾ ਖ਼ਿੱਤੇ ਵਿਚ ਇਹ ਔਸਤ 135 ਮਰੀਜ਼ਾਂ ਦੀ ਹੈ। ਸ਼੍ਰੋ੍ਰਮਣੀ ਕਮੇਟੀ ਤਰਫ਼ੋਂ ਵੀ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਮਦਦ ਕੀਤੀ ਜਾਂਦੀ ਹੈ ਪ੍ਰੰਤੂ ਇਹ ਮਦਦ ਮਰੀਜ਼ਾਂ ਨੂੰ ਜ਼ਿੰਦਗੀ ਦੇ ਨੇੜੇ ਲਿਜਾਣ ਲਈ ਕਾਫ਼ੀ ਨਹੀਂ ਹੈ। ਨਾਗਰਿਕ ਚੇਤਨਾ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਬਾਂਸਲ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਲਵਾ ਖ਼ਿੱਤੇ ਵਿਚ ਕੈਂਸਰ ਦੀ ਜੜ ਲੱਭੀ ਜਾਵੇ ਤਾਂ ਜੋ ਲੋਕ ਇਸ ਬਿਮਾਰੀ ਤੋਂ ਬਚ ਸਕਣ। ਉਨ•ਾਂ ਮੁੱਖ ਮੰਤਰੀ ਪੰਜਾਬ ਨੂੰ ਕੈਂਸਰ ਦੇ ਕਾਰਨ ਦੀ ਵਿਸਥਾਰਤ ਖੋਜ ਕਰਾਉਣ ਵਾਰੇ ਆਖਿਆ ਹੈ। ਦੱਸਣਯੋਗ ਹੈ ਕਿ ਕੈਂਸਰ ਦਾ ਕਹਿਰ ਵੱਧਣ ਕਰਕੇ ਬਠਿੰਡਾ ਵਿਚ ਕੈਂਸਰ ਦੇ ਪ੍ਰਾਈਵੇਟ ਹਸਪਤਾਲ ਵੀ ਵਧਣ ਲੱਗੇ ਹਨ। ਲੋਕ ਨਵੀਂ ਸਰਕਾਰ ਤੋਂ ਨਵੀਂ ਉਮੀਦ ਲਾਈ ਬੈਠੇ ਹਨ।