Sunday, April 23, 2017

                                                      ਨਾ ਖ਼ੁਸ਼ੀ ਖਰੀਦ ਸਕੇ,ਨਾ ਗਮ ਸਕੇ ਵੇਚ
                                    ਜ਼ਿੰਦਗੀ ਨਾ ਹੋ ਸਕੇ ਅਸੀਂ ਤੇਰੇ ਮੇਚ
                                                                  ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਖੇਮੂਆਣਾ 'ਚ ਮੌਤ ਦੀ ਹਿੰਡ ਨੇ ਬਜ਼ੁਰਗ ਫੂਲਾ ਸਿੰਘ ਨੂੰ ਹਰਾ ਦਿੱਤਾ ਹੈ। ਹੁਣ ਸਿਵਾਏ ਗਰੀਬੀ ਤੋਂ, ਉਹ ਸਭ ਕੁਝ ਗੁਆ ਬੈਠਾ ਹੈ। ਗੁਰਦੇ ਫੇਲ• ਹੋਣ ਮਗਰੋਂ ਉਸ ਦੇ ਹੱਥੋਂ ਮੁੱਠੀ ਦੀ ਰੇਤ ਵਾਂਗੂ ਇੱਕ ਇੱਕ ਕਰਕੇ ਤਿੰਨ ਪੁੱਤ ਕਿਰ ਗਏ। ਚੌਥੇ ਪੁੱਤ ਦੀ ਜ਼ਿੰਦਗੀ ਉਧਾਰੇ ਸ਼ਾਹਾਂ ਤੇ ਚੱਲ ਰਹੀ ਹੈ। ਜਦੋਂ ਅੰਗ ਹੀ ਜੁਆਬ ਦੇ ਗਏ ਤਾਂ ਸਾਕ ਕੀ ਕਰਦੇ। ਇਸ ਮਜ਼ਦੂਰ ਲਈ ਸਰਕਾਰੀ ਖ਼ਜ਼ਾਨਾ ਹਮੇਸ਼ਾ ਖਾਲੀ ਹੀ ਬਹੁੜਿਆ। ਪੰਜਾਬ ਖੁਸ਼ਹਾਲ ਹੁੰਦਾ ਤਾਂ ਨਿੱਕੇ ਬੱਚਿਆਂ ਨੂੰ ਇਲਾਜ ਲਈ ਦਰ ਦਰ ਮੰਗਣਾ ਨਾ ਪੈਂਦਾ ਹੈ। ਸਰਕਾਰੀ ਸਿਹਤ ਸੇਵਾ ਭਲੀ ਹੁੰਦੀ ਤਾਂ ਇਸ ਮਜ਼ਦੂਰ ਦਾ ਮੌਤਾਂ ਨਾਲ ਪੱਕਾ ਰਿਸ਼ਤਾ ਨਾ ਜੁੜਦਾ। ਜਦੋਂ ਥੋੜੇ ਦਿਨ ਪਹਿਲਾਂ ਉਸਦਾ ਇੱਕ ਪੁੱਤ ਜਸਕਰਨ ਗੁਰਦੇ ਫੇਲ• ਹੋਣ ਕਰਕੇ ਜਹਾਨੋਂ ਚਲਾ ਗਿਆ ਤਾਂ ਸਸਕਾਰ ਲਈ ਲੱਕੜਾਂ ਪਿੰਡ ਦੇ ਘਰ ਘਰ ਚੋਂ ਇਕੱਠੀਆਂ ਕੀਤੀਆਂ। ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਜਸਕਰਨ ਦੀ ਪਤਨੀ ਸੁਖਪ੍ਰੀਤ ਕੌਰ ਨੂੰ ਭੋਗ ਮੌਕੇ ਝੋਲੀ ਅੱਡ ਤੇ ਬੈਠਣਾ ਨਾ ਪੈਂਦਾ। ਫੂਲਾ ਸਿੰਘ ਦੀ ਜ਼ਿੰਦਗੀ ਦੇ ਬੁਰੇ ਦਿਨਾਂ ਦੀ ਉਦੋਂ ਸ਼ੁਰੂਆਤ ਹੋਈ ਜਦੋਂ ਉਸਦੇ ਵੱਡੇ ਲੜਕੇ ਬਲਵੀਰ ਸਿੰਘ ਦੀ ਭਰ ਜਵਾਨੀ 'ਚ ਗੁਰਦੇ ਫੇਲ• ਹੋਣ ਕਰਕੇ ਮੌਤ ਹੋ ਗਈ ਅਤੇ ਮਗਰੋਂ ਮ੍ਰਿਤਕ ਲੜਕੇ ਦੀ ਪਤਨੀ ਰਾਜਪਾਲ ਕੌਰ ਘਰ ਛੱਡ ਕੇ ਚਲੀ ਗਈ। 19 ਵਰਿ•ਆਂ ਦੀ ਉਮਰ 'ਚ ਉਸ ਦਾ ਦੂਸਰਾ ਲੜਕਾ ਮੋਟੂ ਸਿੰਘ ਵੀ ਉਸੇ ਬਿਮਾਰੀ ਤੋਂ ਹਾਰ ਗਿਆ।
                         ਇਵੇਂ ਹੀ ਫੂਲਾ ਸਿੰਘ ਦੀ ਪਤਨੀ ਗੁਰਮੀਤ ਕੌਰ ਵੀ ਗੁਰਦੇ ਫ਼ੇਲ• ਹੋਣ ਕਰਕੇ ਮੌਤ ਦੇ ਮੂੰਹ ਜਾ ਪਈ। ਥੋੜੇ ਦਿਨ ਪਹਿਲਾਂ ਉਸ ਦਾ ਤੀਸਰਾ ਲੜਕਾ ਜਸਕਰਨ ਸਿੰਘ ਇਲਾਜ ਖੁਣੋਂ ਜ਼ਿੰਦਗੀ ਨੂੰ ਵਿਗੋਚਾ ਦੇ ਗਿਆ। ਪਰਿਵਾਰ ਕੋਲ ਸਿਵਾਏ ਅਰਦਾਸਾਂ ਤੋਂ, ਇਲਾਜ ਲਈ ਕੋਈ ਪੈਸਾ ਨਹੀਂ ਸੀ। ਹੁਣ ਚੌਥਾ ਇੱਕੋ ਇੱਕ ਪੁੱਤ ਸੁਖਵੀਰ ਸਿੰਘ ਬਚਿਆ ਹੈ ਜਿਸ ਦੇ ਲਈ ਫੂਲਾ ਸਿੰਘ ਆਪਣਾ ਇੱਕ ਗੁਰਦਾ ਦੇਣ ਲਈ ਤਿਆਰ ਹੈ ਪ੍ਰੰਤੂ ਇਲਾਜ ਦਾ 4 ਲੱਖ ਦਾ ਖਰਚਾ ਕੌਣ ਦੇਵੇਗਾ। ਸੁਖਵੀਰ ਦੀ ਪਤਨੀ  ਦੀ ਜਾਪੇ ਦੌਰਾਨ ਮੌਤ ਹੋ ਗਈ ਸੀ। ਮਹਿੰਗੇ ਇਲਾਜ ਨੇ ਇਸ ਪਰਿਵਾਰ ਦੇ ਕੰਧਾਂ ਕੌਲੇ ਵੀ ਹਿਲਾ ਕੇ ਰੱਖ ਦਿੱਤੇ ਹਨ। ਥੋੜੇ ਦਿਨ ਪਹਿਲਾਂ ਜਦੋਂ ਜਸਕਰਨ ਸਿੰਘ ਦਾ ਭੋਗ ਪਿਆ ਤਾਂ ਗਰੰਥੀ ਸਿੰਘ ਨੇ ਇਕੱਠੀ ਹੋਈ ਭੇਟਾ ਵੀ ਮ੍ਰਿਤਕ ਦੀ ਪਤਨੀ ਨੂੰ ਦੇ ਦਿੱਤੀ। ਭੋਗ ਮੌਕੇ ਜਦੋਂ ਮ੍ਰਿਤਕ ਦੀ ਪਤਨੀ ਰਾਜਪ੍ਰੀਤ ਕੌਰ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਝੋਲੀ ਅੱਡ ਕੇ ਬੈਠ ਗਈ ਤਾਂ ਹਰ ਬੰਦੇ ਦੇ ਅੱਖਾਂ ਦੇ ਹੰਝੂ ਵੀ ਖੁਸ਼ਕ ਹੋ ਗਏ। ਹੁਣ ਇਸ ਮਜ਼ਦੂਰ ਦੇ ਆਖਰੀ ਪੁੱਤਰ ਦੇ ਇਲਾਜ ਲਈ ਘਰ 'ਚ ਕੋਈ ਪੈਸਾ ਨਹੀਂ ਹੈ। ਮੌਤ ਦੀ ਹੁਣ ਸੁਖਵੀਰ 'ਤੇ ਅੱਖ ਹੈ।

                       ਤਾਹੀਓਂ ਸੁਖਵੀਰ ਦੇ ਨਿੱਕੇ ਨਿੱਕੇ ਬੱਚੇ ਪਿੰਡ ਦੇ ਘਰ ਘਰ ਚੋਂ ਆਪਣੇ ਬਾਪ ਦੇ ਇਲਾਜ ਲਈ ਮੰਗ ਰਹੇ ਹਨ। ਕੋਈ ਕਣਕ ਦੇ ਰਿਹਾ ਹੈ ਤੇ ਕੋਈ ਨਗਦ ਪੈਸੇ। ਪਿੰਡ ਵਾਲੇ ਹੀ ਇਨ•ਾਂ ਦੀ ਢਾਰਸ ਬਣੇ ਹਨ। ਜਦੋਂ ਬਿਮਾਰੀ ਦੇ ਹੱਲਾ ਪਿਆ ਤਾਂ ਮਜ਼ਦੂਰ ਫੂਲਾ ਸਿੰਘ ਨੂੰ ਇਲਾਜ ਖਾਤਰ ਦੋ ਮੱਝਾਂ, ਛੱਤ ਦੇ ਗਾਡਰ,ਪੱਖਾ ਅਤੇ ਥੋੜੀ ਬਹੁਤੀ ਥਾਂ ਵੀ ਵੇਚਣੀ ਪਈ। ਬਿਜਲੀ ਬਿੱਲ ਨਾ ਭਰਨ ਕਰਕੇ ਬਿਜਲੀ ਵਾਲਿਆਂ ਨੇ ਮੀਟਰ ਪੁੱਟ ਦਿੱਤਾ। ਪਾਣੀ ਲਈ ਘਰ ਵਿਚ ਨਲਕਾ ਤੱਕ ਨਹੀਂ ਹੈ। ਘਰ ਦੀਆਂ ਨੂੰਹਾਂ ਨੇ ਸਿਰਾਂ ਦੇ ਸਾਈਂ ਬਚਾਉਣ ਲਈ ਈਸਾਈ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਉਥੋਂ ਹੀ ਖੈਰ ਪੈ ਜਾਵੇ। ਮਜ਼ਦੂਰ ਫੂਲਾ ਸਿੰਘ ਆਖਦਾ ਹੈ ਕਿ ਉਸ ਦਾ ਪੂਰਾ ਘਰ ਹੀ ਗੁਆਚ ਗਿਆ ਹੈ। ਅਗਰ ਕੈਪਟਨ ਅਮਰਿੰਦਰ ਸਿੰਘ ਥੋੜਾ ਬਹੁਤਾ ਦਰਦ ਰੱਖਦੇ ਹਨ ਤਾਂ ਉਹ ਉਸਦੇ ਆਖਰੀ ਬੇਟੇ ਦੀ ਜਾਨ ਬਚਾਉਣ ਲਈ ਬਹੁੜਨ। ਲੜਕੇ ਦਾ ਗੁਰਦਾ ਨਾ ਬਦਲਿਆ ਤਾਂ ਮੌਤ ਦੂਰ ਨਹੀਂ।
                         ਉਹ ਖੁਦ ਗੁਰਦਾ ਦੇਣ ਨੂੰ ਤਿਆਰ ਹੈ ਪ੍ਰੰਤੂ ਇਲਾਜ ਦਾ ਖਰਚਾ ਜ਼ਿੰਦਗੀ ਦੇ ਰਾਹ ਵਿਚ ਰੋੜਾ ਬਣ ਗਿਆ ਹੈ। ਡੀ.ਟੀ.ਐਫ ਦੇ ਆਗੂ ਰੇਸ਼ਮ ਸਿੰਘ, ਈ.ਟੀ.ਟੀ ਅਧਿਆਪਕ ਆਗੂ ਗੁਰਪ੍ਰੀਤ ਸਿੰਘ ਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਛਿੰਦਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦੀਆਂ ਸਿਹਤ ਸੇਵਾਵਾਂ ਦੀ ਮਜ਼ਦੂਰ ਫੂਲਾ ਸਿੰਘ ਦਾ ਪਰਿਵਾਰ ਮੂੰਹ ਬੋਲਦੀ ਤਸਵੀਰ ਹੈ। ਗੁਰਾਂ ਦੇ ਪੰਜਾਬ 'ਚ ਹੈ ਕੋਈ, ਜੋ ਮਜ਼ਦੂਰ ਦੇ ਅਖੀਰਲੇ ਬੱਚੇ ਦੀ ਜ਼ਿੰਦਗੀ ਬਚਾ ਸਕੇ। 

No comments:

Post a Comment