Monday, April 10, 2017

                               ਸਭ ਅੱਛਾ ਨਹੀਂ
      ਵਿਸਾਖੀ ਸਮਾਗਮਾਂ ਚੋਂ ਜਥੇਦਾਰ 'ਆਊਟ'
                               ਚਰਨਜੀਤ ਭੁੱਲਰ
ਬਠਿੰਡਾ : ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਵਿਸਾਖੀ ਸਮਾਗਮਾਂ ਦੀ ਤਿਆਰੀ ਚੋਂ ਬਿਲਕੁਲ 'ਆਊਟ' ਹੋ ਗਏ ਹਨ। ਐਨ ਵਿਸਾਖੀ ਦਿਹਾੜੇ ਦੇ ਮੌਕੇ ਤੇ ਜਥੇਦਾਰ ਦੀ ਤਖਤ ਸਾਹਿਬ ਤੋਂ ਗੈਰਹਾਜ਼ਰੀ ਤੋਂ ਜਾਪਦਾ ਹੈ ਕਿ 'ਸਭ ਅੱਛਾ ਨਹੀਂ ਹੈ'। ਬਠਿੰਡਾ ਮਾਨਸਾ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਸ ਮੌਕੇ ਜਥੇਦਾਰ ਗੁਰਮੁਖ ਸਿੰਘ ਤੋਂ ਅੰਦਰਖਾਤੇ ਔਖੇ ਹੋ ਗਏ ਹਨ। ਇਨ•ਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਦੀ ਗੈਰਹਾਜ਼ਰੀ ਵਿਚ ਵਿਸਾਖੀ ਦਿਹਾੜੇ ਦੇ ਸਭ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਏ ਹਨ। ਵਿਸਾਖੀ ਦਿਹਾੜੇ ਦੇ ਐਨ ਮੌਕੇ ਤੇ ਜਥੇਦਾਰ ਦਾ ਰੱਫੜ ਖੜ•ਾ ਹੋ ਗਿਆ ਹੈ। ਰਵਾਇਤ ਇਹੋ ਰਹੀ ਹੈ ਕਿ ਤਖਤ ਦੇ ਜਥੇਦਾਰ ਵਲੋਂ ਵਿਸਾਖੀ ਮੇਲੇ ਦੇ ਪ੍ਰਬੰਧਾਂ ਦੀ ਤਿਆਰੀ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਆਪਣੀ ਰਿਹਾਇਸ਼ ਤੇ ਸੱਦੀ ਜਾਂਦੀ ਹੈ। ਵੇਰਵਿਆਂ ਅਨੁਸਾਰ ਪਿਛਲੇ ਵਰੇ• ਦੀ ਵਿਸਾਖੀ ਤੇ ਜਥੇਦਾਰ ਗੁਰਮੁਖ ਸਿੰਘ ਨੇ ਆਪਣੀ ਰਿਹਾਇਸ਼ ਤੇ ਇਨ•ਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਸੀ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਸਨ। ਐਤਕੀਂ ਜਥੇਦਾਰ ਨੇ ਮੀਟਿੰਗ ਸੱਦਣ ਤੋਂ ਪਾਸਾ ਵੱਟ ਲਿਆ ਹੈ ਜਿਸ ਤੋਂ ਦਾਲ ਵਿਚ ਕੁਝ ਕਾਲਾ ਹੋਣ ਦੇ ਸੰਕੇਤ ਹਨ। ਉਹ ਕਾਫ਼ੀ ਦਿਨ ਪਹਿਲਾਂ ਤਖਤ ਸਾਹਿਬ ਤੋਂ ਚਲੇ ਗਏ ਸਨ। ਬਠਿੰਡਾ ਲੋਕ ਸਭਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਪੱਧਰ 'ਤੇ 5 ਅਪਰੈਲ ਨੂੰ ਦਮਦਮਾ ਸਾਹਿਬ ਵਿਖੇ ਮੀਟਿੰਗ ਸੱਦ ਲਈ ਸੀ । ਅੱਜ ਮੁੜ ਇਨ•ਾਂ ਮੈਂਬਰਾਂ ਦੀ ਮੀਟਿੰਗ ਸੀ ਜਿਸ ਚੋਂ ਜਥੇਦਾਰ ਗੈਰਹਾਜ਼ਰ ਸਨ।
                          ਸੂਤਰ ਦੱਸਦੇ ਹਨ ਕਿ ਥੋੜੇ ਦਿਨ ਪਹਿਲਾਂ ਜਥੇਦਾਰ ਗੁਰਮੁਖ ਸਿੰਘ ਦੀ ਦਮਦਮਾ ਸਾਹਿਬ ਵਿਖੇ ਰਿਹਾਇਸ਼ ਤੇ ਧਾਰਮਿਕ ਸਮਾਗਮ ਸਨ ਅਤੇ ਇਨ•ਾਂ ਸਮਾਗਮਾਂ ਵਿਚ ਆਏ ਰਿਸ਼ਤੇਦਾਰਾਂ ਲਈ ਜਦੋਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਤੋਂ ਚਾਰ ਏ.ਸੀ ਕਮਰੇ ਮੰਗੇ ਤਾਂ ਸ਼੍ਰੋ੍ਰਮਣੀ ਕਮੇਟੀ ਦੇ ਸਥਾਨਿਕ ਪ੍ਰਬੰਧਕਾਂ ਨੇ ਪਹਿਲਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਪ੍ਰਵਾਨਗੀ ਲਈ ਸੀ। ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਅਕਾਲੀ ਉਮੀਦਵਾਰ ਡੇਰਾ ਸਿਰਸਾ ਵੋਟਾਂ ਮੰਗਣ ਚਲੇ ਗਏ ਸਨ ਤਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਜਥੇਦਾਰ ਗੁਰਮੁਖ ਸਿੰਘ ਨੇ ਖੁੱਲ• ਤੇ ਇਸ ਦੀ ਵਿਰੋਧਤਾ ਕੀਤੀ ਸੀ। ਉਦੋਂ ਤੋਂ ਬਾਦਲ ਪਰਿਵਾਰ ਵੀ ਅੰਦਰਖਾਤੇ ਜਥੇਦਾਰ ਤੋਂ ਖੁਸ਼ ਨਹੀਂ ਹੈ। ਜੋ ਸ਼੍ਰੋਮਣੀ ਕਮੇਟੀ ਮੈਂਬਰ ਪਹਿਲਾਂ ਜਥੇਦਾਰ ਦੇ ਨੇੜੇ ਸਨ, ਉਨ•ਾਂ ਨੇ ਵੀ ਦੂਰੀ ਬਣਾ ਲਈ ਹੈ। ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਦਾ ਕਹਿਣਾ ਸੀ ਕਿ ਜਥੇਦਾਰ ਗੁਰਮੁਖ ਸਿੰਘ ਵਿਸਾਖੀ ਦਿਹਾੜੇ ਮੌਕੇ ਗੈਰਹਾਜ਼ਰ ਹੋ ਗਏ ਹਨ ਅਤੇ ਐਤਕੀਂ ਉਨ•ਾਂ ਨੇ ਕੋਈ ਤਿਆਰੀ ਮੀਟਿੰਗ ਨਹੀਂ ਬੁਲਾਈ ਜਦੋਂ ਕਿ ਪਿਛਲੇ ਵਰੇ• ਸਾਰੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ ਸੀ।
                      ਉਨ•ਾਂ ਆਖਿਆ ਕਿ ਜਥੇਦਾਰ ਦੀ ਗੈਰਹਾਜ਼ਰੀ ਵਿਚ ਉਨ•ਾਂ ਨੂੰ ਹੀ ਸਾਰੇ ਪ੍ਰਬੰਧ ਦੇਖਣੇ ਪੈ ਰਹੇ ਹਨ ਜਿਨ•ਾਂ ਵਿਚ ਮੁੱਖ ਤੌਰ ਤੇ ਸਿਆਸੀ ਕਾਨਫਰੰਸਾਂ,ਲੰਗਰ ਅਤੇ ਸਮਾਗਮਾਂ ਲਈ ਜਗ•ਾ ਅਲਾਟ ਕੀਤੀ ਗਈ ਹੈ। ਮਾਨਸਾ ਜ਼ਿਲ•ੇ ਚੋਂ ਸ਼੍ਰੋਮਣੀ ਕਮੇਟੀ ਮੈਂਬਰ ਮਾਸਟਰ ਮਿਠੂ ਸਿੰਘ ਕਾਹਨਕੇ ਦਾ ਕਹਿਣਾ ਸੀ ਕਿ ਜਥੇਦਾਰ ਨੂੰ ਵਿਸਾਖੀ ਦਿਹਾੜੇ ਮੌਕੇ ਤਖਤ ਤੇ ਹਾਜ਼ਰ ਰਹਿਣਾ ਚਾਹੀਦਾ ਸੀ ਕਿਉਂਕਿ ਇਹ ਕੌਮ ਦਾ ਵੱਡਾ ਦਿਹਾੜਾ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਮੈਂਬਰ ਬੀਬੀ ਜੋਗਿੰਦਰ ਕੌਰ ਦਾ ਕਹਿਣਾ ਸੀ ਕਿ ਜਥੇਦਾਰ ਨੂੰ ਵਿਸਾਖੀ ਤੋਂ 20 ਦਿਨ ਪਹਿਲਾਂ ਤਖਤ ਤੇ ਹਾਜ਼ਰ ਰਹਿਣਾ ਚਾਹੀਦਾ ਸੀ ਕਿਉਂਕਿ ਧਾਰਮਿਕ ਸਮਾਗਮਾਂ ਸਬੰਧੀ ਉਨ•ਾਂ ਨੇ ਹੀ ਸਾਰੇ ਪ੍ਰਬੰਧ ਉਲੀਕਣੇ ਸਨ। ਜਥੇਦਾਰ ਦੀ ਗੈਰਹਾਜ਼ਰੀ ਕਰਕੇ ਉਨ•ਾਂ ਨੂੰ ਦਿੱਕਤ ਆ ਰਹੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਨੇ ਆਖਿਆ ਕਿ ਜਥੇਦਾਰ ਗੁਰਮੁਖ ਸਿੰਘ ਦੁਆਬੇ ਵਿਚ ਸਮਾਗਮਾਂ ਵਿਚ ਗਏ ਹੋਏ ਹਨ ਅਤੇ ਅੱਜ ਸ਼ਾਮ ਤੱਕ ਉਨ•ਾਂ ਦੇ ਤਖਤ ਤੇ ਆਉਣ ਦੀ ਸੰਭਾਵਨਾ ਹੈ। ਜਦੋਂ ਪੱਖ ਲੈਣ ਲਈ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ•ਾਂ ਫੋਨ ਨਹੀਂ ਚੁੱਕਿਆ। ਇਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ.ਕ੍ਰਿਪਾਲ ਸਿੰਘ ਬੰਡੂਗਰ ਨੇ ਵੀ ਰੁਝੇਵੇਂ ਵਿਚ ਹੋਣ ਦੀ ਗੱਲ ਆਖੀ।

1 comment:

  1. April 14, Original Nanaksahi calender, ਬਾਈ ਥੋਨੂ ਵੈੱਸਾਖੀ ਦੀ ਵਧਾਈ ਹੋਵੇ!

    ਕਨੇਡਾ ਤੋ

    ReplyDelete