Monday, March 4, 2019

                           ਘਰ ਘਰ ਪ੍ਰਦੇਸ਼
       ਜੈ ਹਿੰਦ ਤੋਂ ਬੈਂਡਾਂ ਤੱਕ ਪੁੱਜਾ ਚੱਕ ਬਖ਼ਤੂ
                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਚੱਕ ਬਖ਼ਤੂ ਦੇ ਕਿਸਾਨ ਹੁਣ ਖੇਤਾਂ ਚੋਂ ਨਹੀਂ, ਪ੍ਰਦੇਸ਼ਾਂ ਚੋਂ ਭਵਿੱਖ ਦੇਖਦੇ ਹਨ। ਪਿੰਡ ਦੇ ਮੁੰਡੇ ਵੀ ਸੁਪਨੇ ਹੁਣ ਪਿੰਡ ਦੇ ਨਹੀਂ ਲੈਂਦੇ। ਪਹਿਲਾਂ ਧੀਆਂ ਪ੍ਰਦੇਸ਼ ਦੀ ਡੰਡੀ ’ਤੇ ਤੁਰੀਆਂ ਜੋ ਹੁਣ ਜਰਨੈਲੀ ਸੜਕ ਬਣ ਗਈ ਹੈ। ਕਰੀਬ ਚਾਰ ਸੌ ਘਰਾਂ ਵਾਲਾ ਪੜ੍ਹਿਆ ਲਿਖਿਆ ਪਿੰਡ ਹੈ। ਕੋਈ ਮਹਿਕਮਾ ਨਹੀਂ ਜਿਸ ’ਚ ਇੱਥੋਂ ਦਾ ਮੁਲਾਜ਼ਮ ਨਾ ਹੋਵੇ। ਹੁਣ ਪ੍ਰਦੇਸ਼ ਜਾਣ ਦੀ ਰੀਸ ’ਚ ਉਲਝਿਆ ਹੋਇਆ। ਪਿੰਡ ਦਾ ਮਰਹੂਮ ਧਰਮ ਸਿੰਘ ਜਦੋਂ ਆਜ਼ਾਦ ਹਿੰਦ ਫੌਜ ’ਚ ਪ੍ਰਦੇਸ਼ ਗਿਆ, ਲੋਕ ਉਸ ਨੂੰ ‘ਜੈ ਹਿੰਦ’ ਆਖ ਕੇ ਬੁਲਾਉਂਦੇ ਸਨ। 1978 ਵਿਚ ਇਸ ਪਿੰਡ ਦੇ ਕਰੀਬ 20 ਜਣਿਆ ਨਾਲ ਇੱਕ ਏਜੰਟ ਨੇ ਇਰਾਨ ਲਿਜਾ ਠੱਗੀ ਮਾਰ ਲਈ। ਉਨ੍ਹਾਂ ਨੂੰ ਹੁਣ ਵੀ ‘ਈਰਾਨੀ’ ਆਖ ਕੇ ਲੋਕ ਛੇੜਦੇ ਨੇ। ਸਟੱਡੀ ਵੀਜ਼ੇ ਵਾਲਾ ਕੰਮ ਚੱਕ ਬਖ਼ਤੂ ਦੇ ਨਵੇਂ ਮੁੰਡਿਆਂ ਨੇ ਚੱਕਤਾ ਜਿਨ੍ਹਾਂ ਨੂੰ ‘ਬੈਂਡਾਂ ਵਾਲੇ’ ਆਖ ਦਿੱਤਾ ਜਾਂਦਾ। ਇਸ ਮਲਵਈ ਪਿੰਡ ਚੋਂ ਦੁਆਬੇ ਦੇ ਪਿੰਡ ਦਾ ਝਉਲਾ ਪੈਂਦਾ। 80 ਫੀਸਦੀ ਕਿਸਾਨੀ ਪੰਜ ਏਕੜ ਤੋਂ ਘੱਟ ਵਾਲੀ ਹੈ। ਕਰੀਬ ਪੰਜਾਹ ਮੁੰਡੇ ਕੁੜੀਆਂ ਸਟੱਡੀ ਨਿਊਂਜੀਲੈਂਡ, ਆਸਟਰੇਲੀਆ ਤੇ ਕੈਨੇਡਾ ਵਿਚ ‘ਸਟੱਡੀ ਵੀਜ਼ੇ’ ’ਤੇ ਗਏ ਹੋਏ ਹਨ। ਤਿੰਨ ਦਰਜਨ ਨੌਜਵਾਨ ਆਈਲੈੱਟਸ ਦੀ ਕੋਚਿੰਗ ਲੈ  ਰਹੇ ਹਨ। ਪਲਵਿੰਦਰ ਕੌਰ ਸਿੱਧੂ (ਆਸਟਰੇਲੀਆ) ਸਭ ਤੋਂ ਪਹਿਲੀ ਕੁੜੀ ਹੈ ਜਿਸ ਨੇ ਸਟੱਡੀ ਵੀਜ਼ੇ ਦਾ ਜਾਗ ਲਾਇਆ। ਪਿੰਡ ਦਾ ਦੋ ਹਜ਼ਾਰ ਏਕੜ ਰਕਬਾ ਝੋਨੇ ਕਣਕ ਦੇ ਚੱਕਰ ਵਿਚ ਪਿਆ ਹੈ। ਕਿਸਾਨ ਸਵਰਨ ਸਿੰਘ ਦੱਸਦਾ ਕਿ ਰੁਜ਼ਗਾਰ ਦੇ ਮੌਕੇ ਘੱਟ ਗਏ, ਜ਼ਮੀਨਾਂ ਕੁੱਝ ਪੱਲੇ ਨਹੀਂ ਪਾਉਂਦੀਆਂ, ਮਜਬੂਰੀ ਦੇ ਵਾਜੇ ਨੇ। ਕੋਈ ਕਰਜ਼ਾ ਚੁੱਕਦਾ ਤੇ ਕੋਈ ਖੇਤੀ ਲਿਮਟਾਂ ਬਣਾਉਂਦਾ, ਏਦਾਂ ਹੀ ਸਭ ਨੇ ਮੁੰਡੇ ਵਿਦੇਸ਼ ਪੜ੍ਹਨ ਘੱਲੇ ਨੇ।
           ਚੱਕ ਬਖ਼ਤੂ ਸਿੱਧੂ ਭਾਈਚਾਰੇ ਦਾ ਪਿੰਡ ਹੈ। ਤਾਹੀਂ ਭਾਈਚਾਰਾ ਵੀ ਕਾਇਮ ਹੈ। ਦੱਸਦੇ ਹਨ ਕਿ 1978 ਤੱਕ ਤਾਂ ਪੰਚਾਇਤ ਸਰਬਸੰਮਤੀ ਨਾਲ ਬਣਦੀ ਰਹੀ ਹੈ। ਸਿਆਸਤ ਨੇ ਇਸ ਪਿੰਡ ਨੂੰ ਵੀ ਮਿੱਧਿਆ ਹੈ। ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਅੌਸਤਨ ਹਰ ਦੂਜੇ ਘਰ ਦੀ ਬਾਰੀ ਪ੍ਰਦੇਸ਼ ’ਚ ਖੁੱਲ੍ਹਦੀ ਹੈ। ਖੇਤਾਂ ਨੂੰ ਬੂਰ ਪੈਣੋ ਹਟ ਗਿਆ, ਹੋਰ ਕੋਈ ਚਾਰਾ ਨਹੀਂ ਬਚਿਆ। ਉਨ੍ਹਾਂ ਦੱਸਿਆ ਕਿ ਨਸ਼ੇ ਤੋਂ ਪਿੰਡ ਰਹਿਤ ਹੈ, ਨੌਕਰੀਆਂ ਮੁੱਕ ਗਈਆਂ ਜਿਸ ਕਰਕੇ ਪਿੰਡ ਨੂੰ ਪ੍ਰਦੇਸ਼ੀ ਬਣਨਾ ਪੈ ਰਿਹਾ। ਕੈਨੇਡਾ ਤੋਂ ਪਰਤੇ ਮਾਸਟਰ ਮਲਕੀਤ ਸਿੰਘ ਦੱਸਦੇ ਹਨ ਕਿ ਕਰੀਬ 1978 ਵਿਚ ਮਲੇਸ਼ੀਆ ਸਿੰਘਾਪੁਰ ਜਾਣ ਵਾਲਾ ਪਿੰਡ ਦਾ ਸਭ ਤੋਂ ਪਹਿਲਾ ਪ੍ਰਵਾਰ ਗੁਰਨਾਮ ਸਿੰਘ ਤੇ ਸਰਬਨ ਸਿੰਘ ਦਾ ਹੈ ਜਿਨ੍ਹਾਂ ਦਾ ਅੱਗੇ ਲੜਕਾ ਸਿੰਘਾਪੁਰ ’ਚ ਪੁਲੀਸ ਅਫਸਰ ਵੀ ਹੈ। ਮਲਕੀਤ ਸਿੰਘ ਜੱਦੀ ਘਰ ਦਾ ਬੂਹਾ ਖੋਲ੍ਹਣ ਹਰ ਵਰੇ ਕੈਨੇਡਾ ਤੋਂ ਆਉਂਦਾ ਹੈ। ਪਿੰਡ ’ਚ ਛੇ ਮਹੱਲੇ ਹਨ। ਨੌਜਵਾਨ ਪ੍ਰਿਤਪਾਲ ਦੱਸਦਾ ਹੈ ਕਿ ਅਟਾਰੀ ਮਹੱਲੇ ਦੇ ਕਰੀਬ 40 ਘਰਾਂ ਚੋਂ 37 ਘਰਾਂ ਦੇ ਜੀਅ ਵਿਦੇਸ਼ ਚਲੇ ਗਏ ਹਨ। ਸਾਬਕਾ ਸਰਪੰਚ ਮਰਹੂਮ ਗੁਰਮੇਲ ਸਿੰਘੇ ਅੱਗੇ ਪਰਿਵਾਰ ਦੇ ਚਾਰ ਜੀਅ ਸਟੱਡੀ ਵੀਜ਼ੇ ਤੇ ਗਏ ਹਨ। ਪਰਵਾਸ ਦਾ ਮੁੱਢ ਉਦੋਂ ਬੱਝਾ ਜਦੋਂ ਸਾਲ 1968 ਵਿਚ ਭਾਈ ਅਜੈਬ ਸਿੰਘ ਦੀ ਧੀ ਕਰਮਜੀਤ ਕੌਰ ਵਿਆਹ ਕਰਾ ਕੇ ਇੰਗਲੈਂਡ ਗਈ। ਫਿਰ ਕਿੱਕਰ ਸਿੰਘ ਦੀ ਧੀ ਸੁਖਮਿੰਦਰ ਕੌਰ ਸਾਲ 1979 ਵਿਚ ਵਿਆਹ ਕਰਾ ਕੇ ਕੈਨੇਡਾ ਗਈ। ਨਾਲ ਹੀ ਪ੍ਰਵਾਰ ਤੇ ਸਕੇ ਸਬੰਧੀ ਚਲੇ ਗਏ। ਇੱਕ ਲੜਕੀ ਨਾਰਵੇ ਗਈ।
                1984 ਵਿਚ ਸੁਰਜੀਤ ਸਿੰਘ ਦੀ ਲੜਕੀ ਵਿਆਹ ਕਰਾ ਕੇ ਕੈਨੇਡਾ ਗਈ, ਉਸ ਨੇ ਪਹਿਲਾਂ ਪ੍ਰਵਾਰ ਬੁਲਾਇਆ, ਫਿਰ ਚਚੇਰੀ ਭੈਣ। ਅੱਗਿਓਂ ਚਚੇਰੀ ਭੈਣ ਨੇ ਵੀ ਪਰਿਵਾਰ ਸੱਦ ਲਿਆ। ਮਨੀਲਾ ਤੋਂ ਪਿੰਡ ਪਰਤੇ ਅਜੈਬ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਵੀਜ਼ੇ ਦੀ ਲੋੜ ਨਹੀਂ ਹੁੰਦੀ ਸੀ, ਉਦੋਂ ਮਨੀਲਾ ਜਿਆਦਾ ਗਏ। ਪਿੰਡ ਦੇ ਦਰਜਨਾਂ ਘਰਾਂ ਨੂੰ ਹੁਣ ਤਾਲੇ ਲਟਕ ਰਹੇ ਹਨ ਜਿਨ੍ਹਾਂ ਦੀ ਸਫਾਈ ਕਰਕੇ ਪ੍ਰਦੇਸ਼ੀ ਵਾਪਸ ਮੁੜ ਜਾਂਦੇ ਹਨ। ਕੇਵਲ ਸਿੰਘ ਦਾ ਟਰਾਂਟੋ ’ਚ ਵੱਡਾ ਸਟੋਰ ਹੈ। ਇੱਥੇ ਸਾਲ 2008 ਮਗਰੋਂ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ। ‘ ਪੈਸੇ ਦਾ ਕਿਵੇਂ ਪ੍ਰਬੰਧ ਕਰਦੇ ਨੇ’ ਇਹ ਪੁੱਛਣ ’ਤੇ ਸੱਥ ਵਿਚ ਬੈਠੇ ਕਿਸਾਨਾਂ ਦੀ ਜ਼ੁਬਾਨ ਨੂੰ ਤਾਲੇ ਲੱਗ ਗਏ। ਕੁਝ ਮਿੰਟਾਂ ਮਗਰੋਂ ਇੱਕ ਨੇ ਚੁੱਪ ਤੋੜੀ ‘ਮਰਦਾ ਜੱਟ ਕੀ ਨੀ ਕਰਦਾ, ਛਿੱਲੜ ਕਿਹਦੇ ਕੋਲ ਪਏ ਨੇ, ਸਭ ਨੇ ਲਿਮਟਾਂ ਚੁੱਕੀਆਂ ਨੇ’।  ਇੱਕ ਕਿਸਾਨ ਨੇ ਆਖਰੀ ਪੌਣਾ ਏਕੜ ਵੇਚ ਕੇ ਨੂੰਹ ਪੁੱਤ ਬਾਹਰ ਭੇਜੇ ਨੇ। ਕਰਜ਼ ਵਧਿਆ ਹੈ ਤੇ ਇਸ ਨੇ ਦਮ ਵੀ ਘੁੱਟਿਆ ਹੈ, ਸਭ ਨੇ ਬੱਸ ਇੱਕ ਠੰਢੇ ਬੁੱਲ੍ਹੇ ਦੀ ਉਡੀਕ ਵਿਚ। ਦਲਿਤ ਭਾਈਚਾਰੇ ਚੋਂ ਦਰਜਾ ਚਾਰ ਮੁਲਾਜ਼ਮ ਸੁਖਦੇਵ ਸਿੰਘ ਨੇ ਵੀ ਆਪਣਾ ਪੋਤਾ ਸਟੱਡੀ ਵੀਜ਼ੇ ਤੇ ਜਹਾਜ਼ ਚੜ੍ਹਾਇਆ। ਪਿੰਡ ਦੇ ਇੱਕ ਪਰਿਵਾਰ ਦੇ ਛੇ ਜੀਆਂ ਕੋਲ ਟੂਰਿਸਟ ਵੀਜ਼ੇ ਹਨ।
                ਪਿੰਡ ਦੇ ਕਈ ਮੁੰਡੇ ਬਠਿੰਡਾ ਤੇ ਪਟਿਆਲਾ ਤੋਂ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਹਨ। ਇੱਕ ਬਜ਼ੁਰਗ ਨੇ ਪਰਵਾਸ ਦੇ ਦੁਖਾਂਤ ’ਤੇ ਉਂਗਲ ਧਰੀ ‘ ਕੀ ਕਰੀਏ ਜੀ, ਮੁੰਡਿਆਂ ਬਿਨਾਂ ਪਿੰਡ ਖਾਲੀ ਹੋਣ ਲੱਗਾ ਹੈ’। ਅੱਗੇ ਆਖਿਆ ‘ਪਿੰਡ ’ਚ ਤਾਂ ਅਣਪੜ੍ਹ ਰਹਿ ਜਾਣੇ ਨੇ ਜਾਂ ਫਿਰ ਪਹੁੰਚ ਤੋਂ ਸੱਖਣੇ’। ਪਿੰਡ ਵਿਚ ਟੂਰਨਾਮੈਂਟ ਹੋਣੋਂ ਤਾਂ ਹੁਣੇ ਹਟ ਗਿਆ। ਮਨਪ੍ਰੀਤ ਸਿੰਘ ਨੇ ਗੱਲ ਕੱਟੀ, ‘ਐਨ. ਆਰ.ਆਈ ਵੀਰ ਜਦੋਂ ਪਿੰਡ ਆਉਂਦੇ ਨੇ, ਕੋਈ ਗਰੀਬ ਧੀਆਂ ਦੇ ਵਿਆਹ ਕਰਾਉਂਦਾ, ਕੋਈ ਗਰੀਬ ਬੱਚਿਆਂ ਦੀ ਬਾਂਹ ਫੜਦਾ, ਕੋਈ ਮੈਡੀਕਲ ਕੈਂਪ ਲਗਵਾਉਂਦਾ।’ ਪਿੰਡ ਵਾਲੇ ਇਹ ਨਹੀਂ ਦੱਸ ਸਕੇ ਕਿ ਮਿੱਟੀ ਦਾ ਮੁੱਲ ਮੋੜਨ ਲਈ ਕਿੰਨੇ ਪ੍ਰਵਾਸੀ ਹਨ ਜਿਨ੍ਹਾਂ ਪਿੰਡ ਲਈ ਵੱਡਾ ਕੰਮ ਕੀਤਾ ਹੋਵੇ। ਲੋਕਾਂ ਨੇ ਦੱਸਿਆ ਕਿ ਸੱਥਾਂ ਵਿਚ ਚਰਚੇ ਪਿੰਡ ਦੇ ਨਹੀਂ, ਅਮਰੀਕਾ ਕੈਨੇਡਾ ਦੇ ਹੀ ਹੁੰਦੇ ਨੇ। ਉਂਜ, ਚੱਕ ਬਖਤੂ ਦੀ ਇੱਕ ਕੰਧ ’ਤੇ ਕੈਪਟਨ ਸਰਕਾਰ ਦਾ  ‘ਘਰ ਘਰ ਰੁਜ਼ਗਾਰ’ ਵਾਲਾ ਵੀ ਇੱਕ ਪੋਸਟਰ ਵੀ ਲੱਗਾ ਹੋਇਆ ਸੀ।
                            ਚੱਕ ਬਖ਼ਤੂ ’ਚ ਸਿਰਫ਼ ਵੋਟਾਂ ਦਾ ਵਾਸਾ
ਚੱਕ ਬਖਤੂ ਦੀ ਕਰੀਬ 2200 ਵੋਟ ਹੈ। ਚੱਕ ਬਖਤੂ -ਭੁੱਚੋ ਮੰਡੀ ਵਾਲੀ ਸੜਕ ਟੋਟੇ ਟੋਟੇ ਹੋਈ ਪਈ ਹੈ। ਹਲਕਾ ਵਿਧਾਇਕ ਪ੍ਰੀਤਮ ਕੋਟਭਾਈ ਦੀ ਨਜ਼ਰ ਵੀ ਨਹੀਂ ਪਈ। ਸਿਆਸਤ ਤੋਂ ਤਪੇ ਇੱਕ ਨੇ ਆਖਿਆ ਕਿ ‘ਪਿੰਡ ’ਚ ਤਾਂ ਵੋਟਾਂ ਹੀ ਰਹਿ ਗਈਆਂ ਨੇ’। ਨੌਕਰੀਆਂ ਵਾਲੇ ਕਈ ਸ਼ਹਿਰਾਂ ਵਿਚ ਵਸ ਗਏ, ਬਾਕੀ ਵਿਦੇਸ਼ ਗਏ। ਬਜ਼ੁਰਗ ਹਰਭਜਨ ਸਿੰਘ ਦੱਸਦਾ ਕਿ ਪਿੰਡ ਦੇ ਫੌਜ ਵਿਚ ਕਰਨਲ ਵੀ ਰਹੇ ਨੇ, ਹਰ ਵਿਭਾਗ ਵਿਚ ਉੱਚ ਅਹੁਦਿਆਂ ’ਤੇ ਵੀ ਬੈਠੇ ਹਨ। ਇੱਕ ਨੇ ਹੱਸਦੇ ਹੋਏ ਆਖਿਆ ਕਿ ਹਵਾਈ ਅੱਡੇ ਤੇ ਜਦੋਂ ਮਰਜ਼ੀ ਚਲੇ ਜਾਓ, ਚੱਕ ਬਖਤੂ ਦਾ ਕੋਈ ਨਾ ਕੋਈ ਜਰੂਰ ਮਿਲਜੂ।

2 comments:

  1. ਕਦੇ ਕਿਸੇ ਨੇ ਲਮੀ ਸੋਚੀ ਹੈ? ਸਿਖਾ ਦਾ ਕੀ ਬਣੂ? ਜੇ ਵੋਟਾ ਹੀ ਨਾ ਰਹੀਆ? ਫਿਰ ਲਭ ਲਿਓ 1/5 ਹਿਸਾ ਵੀ ਨਹੀ ਰਹਿਣਾ!! ਕਦੇ ਅਜ ਦਾ ਇਸਲਮਾਬਾਦ, ਚੰਡੀਗੜ੍ਹ, ਦਿਲੀ ਪੰਜਾਬ ਵਿਚ ਹੁੰਦੀ ਸੀ ਸਿਖਾ ਤੇ ਥਲੇ? Israel- ਇਸਰਾਇਲ ਦੇ jews west ਵਿਚ ਕਾਮਯਾਬ ਸਨ - ਅਮਰੀਕਾ ਵਿਚ ਪੈਸਾ, hollywood, education ਇਨਾ ਦੇ control ਵਿਚ - ਫਿਰ ਇਨਾ ਨੂ ਆਵਦਾ ਦੇਸ, ਮਾਰੂਥਲ ਵਿਚ ਬਣਾਓਣ ਦੀ ਕੀ ਲੋੜ ਪਈ middle east ਵਿਚ? ਆਵਦਾ ਦੇਸ ਆਵਦਾ ਹੀ ਹੁੰਦਾ ਹੈ - ਨਹੀ ਤਾ ਸਾਡੇ ਨਾਲ ਵੀ Palestinians ਵਾਲੀ ਹੋਣੀ ਹੈ ..ਨਾ ਘਰ ਦੇ ਨਾ ਘਾਟ ਦੇ. 1930 ਵਿਚ ਅਮਰੀਕਾ ਵਿਚ ਵੀ ਕਾਲ ਪੈ ਗਿਆ ਸੀ - depression. ਸਾਡੇ ਕਈ ਰਿਸ਼ਤੇਦਾਰ ਅਮਰਿਕਾ ਤੋ ਵਾਪਸ ਪਿੰਡ ਮੁੜ ਆਏ ਸੀ. ਅਮਰੀਕਾ ਵਿਚ ਅਮੀਰ ਗੋਰੇ ਜਮੀਨ ਲੈ ਕੇ ਰਖਦੇ ਹਨ - ਜੇ ਇਸ ਸਿਸਟਮ fail ਹੋ ਗਿਆ ਤਾਂ ਜਮੀਨ ਤਾ ਵਾਹ ਕੇ ਭੂਖੇ ਨਹੀ ਮਰਦੇ!!! ਕਮਲੇ ਸਿਖ - ਆਵਦੀ ਜਮੀਨ ਛਡ ਕੇ ਦਿਹਾੜੀਆ ਕਰਨ ਨੂ ਵਿਦੇਸ਼ ਜਾਈ ਜਾਂਦੇ ਹਨ - ਮਾੜੀ ਗਲ ਨਹੀ - ਪਰ ਆਵਦੇ ਜਵਾਕਾ ਨੂ ਜਮੀਨ ਨਾਲ ਜੋੜ ਕੇ ਰਖੋ. ਪੰਜਾਬ ਲੈ ਕੇ ਆਵੋ. ਖੇਤੀ ਸਖਾਓ, ਸਿਖੀ ਨਾਲ ਜੋੜੋ. Capitalism ਤਾ ਸਿਸਟਮ ਹੈ - ਕਦੇ ਵੀ ਟੁਟ ਸਕਦਾ ਹੈ. 2008 ਵਿਚ ਮਾਰਕੀਟ ਡਿਗਣ ਲਗੀ ਸੀ - ਓਬਾਮਾ govt ਨੇ ਬਹੁਤ ਪੈਸਾ ਛਾਪ ਕੇ ਬੈਂਕਾ ਨੂ ਦਿਤਾ ਸੀ. ਉਸ ਵਿਚੋ ਹੀ ਬਹੁਤ ਪੈਸਾ ਇੰਡੀਆ ਤੇ ਚੀਨ ਆਇਆ ਹੈ FDI ਵਿਚ.
    ਸਿਖਾ ਦਾ ਕੋਈ leader ਹੀ ਨਹੀ ਸੀ ਕਦੇ - ਪੋਲੀਟੀਕਲ ਆਵਦੀ ਕੁਰਸੀ ਤੇ ਹੈ, ਹੈਂ ਮੈ ਮੈ ਵਿਚ - ਤੇ ਅਨਪੜ ਜ੍ਫੇਮਾਰ ਪੈਸਿਆ ਨੂ ਜਫ਼ੇ. ਮਹਾਰਾਜਾ ਰਣਜੀਤ ਸਿੰਘ ਤੇ ਮਾਲਵੇ ਦੇ ਰਾਜੇ ਵੀ ਬਹੁਤ ਆਗਾਹ ਵਧੂ ਸੋਚ ਦੇ ਮਾਲਕ ਨਹੀ ਸੀ. ਸਿਰਫ ਆਵਦੇ ਢਿਡ ਤਕ ਹੀ ਸੋਚੀ. ਜੇ ਲਬੀ ਸੋਚੀ ਹੁੰਦੀ - ਓਹ ਵੀ 1947 ਤੋ ਪਹਿਲਾ ਵਾਲੇ ਅਣਵੰਡੇ ਪੰਜਾਬ ਨੂ ਕੈਲੀਫ਼ੋਰਨਿਆ ਬਣਾ ਸਕਦੇ ਸੀ - ਫਿਰ ਗੋਰੇ ਇਥੇ ਪੜਨ ਆਓਦੇ..ਤੇ ਅਸੀਂ ਆਵਦੇ ਘਰੇ ਰਹਿੰਦੇ

    ReplyDelete
  2. ਸਿਖਾ ਦੇ ਜੈ ਹਿੰਦ ਕਹਿਣ ਦਾ ਕੋਈ ਮੁਲ ਨਾ ਪਿਆ!! ਗੁਜਰਾਤੀਆ ਨੇ ਕਦੇ ਨਹੀ ਕਹਿਆ - ਸਾਰੀ ਮਲਾਈ ਓਹ ਤੇ bjp ਵਾਲੀਆ ਸਟੇਟਾਂ ਹੀ ਖਾ ਗਈਆ!!!
    ਮਰਨ ਨੂ ਗਰੀਬ ਜਨਤਾ. 1/5 ਪੰਜਾਬ ਤਾ ਰਖਿਆ ਹੀ ਪਾਕਿਸਤਾਨ ਨਾਲ ਲੜਾਈ ਵਾਸਤੇ ਹਾਲਾ ਕਿ ਗੁਜਰਾਤ ਦਾ ਬੋਰਡਰ ਵੀ ਲਗਦਾ ਹੈ - ਫਿਰ ਅਮ੍ਬਾਨੀ ਦਾ ਜੰਗ ਵਾਲਾ ਸਮਾਨ ਕੋਣ ਲਵੇਗਾ?

    ReplyDelete