Friday, March 8, 2019

                         ਕਿਰਤ ਤੇ ਸਿਦਕ
          ਖੇਤਾਂ ’ਚ ਲੜੀ ‘ਭੰਮੇ ਦੀ ਰਾਣੀ’
                           ਚਰਨਜੀਤ ਭੁੱਲਰ
ਬਠਿੰਡਾ : ਜਦੋਂ ਖੇਤਾਂ ਦਾ ਰਾਜਾ ਖੁਦਕੁਸ਼ੀ ਕਰ ਗਿਆ ਤਾਂ ਵਿਧਵਾ ਰਾਣੀ ਕੌਰ ਨੂੰ ਜ਼ਿੰਦਗੀ ਸ਼ਰੀਕ ਬਣ ਕੇ ਟੱਕਰੀ। ਘਰ ਦੀ ਬਰਕਤ ਚਲੀ ਗਈ ਤੇ ਪੈਲ਼ੀਆਂ ਦੀ ਰੌਣਕ। ਪਤੀ ਨਿਰਮਲ ਸਿੰਘ ਤਾਂ ਕਰਜ਼ੇ ਤੋਂ ਹਾਰ ਮੰਨ ਗਿਆ। ਖੇਤੋਂ ਸੁਨੇਹਾ ਆਇਆ ਕਿ ‘ਨਿਰਮਲ ਸਿਓ ਨਹੀਂ ਰਿਹਾ’। ਖਿੰਡ ਪੁੰਡ ਗਏ ਆਲ੍ਹਣੇ ਨੇ ਰਾਣੀ ਕੌਰ ਨੂੰ ਸੁੰਨ ਕਰ ਦਿੱਤਾ। ਘਰ ਦਾ ਜੀਅ ਚਲਾ ਜਾਏ, ਉਪਰੋਂ ਸੱਤ ਲੱਖ ਦਾ ਕਰਜ਼ਾ , ਗੋਦ ’ਚ ਸਿਰਫ਼ ਤਿੰਨ ਸਾਲ ਦਾ ਬੱਚਾ। ਵਿਧਵਾ ਰਾਣੀ ਕੌਰ ਨੇ ਦੁੱਖਾਂ ਨਾਲ ਟੱਕਰ ਲੈਣ ਦੀ ਠਾਣੀ। ਵਿਧਵਾ ਦੀ ਹਿੰਮਤ ਤੇ ਕਿਰਤ ਨੇ ਅੱਜ ਭਾਣੇ ਦੀ ਗੋਡਣੀ ਲਵਾ ਦਿੱਤੀ ਹੈ। ਮਾਨਸਾ ਦੇ ਭੰਮੇ ਕਲਾਂ ਦੀ ਇਸ ਅੌਰਤ ਨੇ ਘਰ ਨੂੰ ਪੈਰਾਂ ’ਤੇ ਕਰ ਲਿਆ। ਤਾਹੀ ਇਰਾਦੇ ਬੋਲਦੇ ਹਨ ‘ ਅਸੀਂ ਮਰਨਾ ਨਹੀਂ, ਜੀਣਾ ਹੈ।’ ਵਿਧਵਾ ਰਾਣੀ ਨੇ ਇੰਝ ਵਿਥਿਆ ਸੁਣਾਈ, ‘ ਡੇਢ ਏਕੜ ਪੈਲੀ, ਸੱਤ ਲੱਖ ਦਾ ਕਰਜ਼, ਪਤੀ ਖ਼ੁਦਕਸ਼ੀ ਕਰ ਗਿਆ, ਬੱਚਾ ਛੋਟਾ ਤੇ ਦੁੱਖ ਵੱਡੇ। ਪੈਰਾਂ ਨੂੰ ਚੱਪਲਾਂ ਕਦੇ ਨਸੀਬ ਨਾ ਹੋਈਆਂ।’ ਵਿਧਵਾ ਦੀ ਅੱਗੇ ਸੁਣੋ  ‘ਬਾਬੇ ਨਾਨਕ ਨੂੰ ਧਿਆ ਕੇ ਖੁਦ ਪੈਲ਼ੀਆਂ ’ਚ ਜਾਣ ਲੱਗੀ’। ਜ਼ਮੀਨ ਠੇਕੇ ਤੇ ਦੇ ਦਿੱਤੀ, ਮੱਝਾਂ ਰੱਖ ਲਈਆਂ, ਕੱਟਰੂ ਪਾਲ ਲੈਣੇ, ਵੱਡੇ ਕਰਕੇ ਵੇਚ ਦੇਣੇ।’ ਅੱਗੇ ਵੀ ਸੁਣੋ ‘ ਕਈ ਵਰੇ੍ਹ ਲੱਗ ਗਏ, ਬੱਸ ਸੰਜਮ ਰੱਖਿਆ ਤੇ ਦਿਨ ਰਾਤ ਟਿਕਣ ਦੀ ਵਿਹਲ ਕਿਥੇ। ’ ਕਿਸਾਨਾਂ ਦੇ ਖੇਤਾਂ ’ਚ ਦਿਹਾੜੀ ਕਰਦੀ ਰਹੀ। ਅੱਜ ਦੇਖੋ, ਰਾਣੀ ਦੀ ਕਿਰਤ ਨੂੰ ਭਾਗ ਲੱਗ ਗਏ। ਸਰਕਾਰ ਨੇ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ। ਇਸ ਵਿਧਵਾ ਨੇ ਸਾਰਾ ਕਰਜ਼ਾ ਉਤਾਰ ਦਿੱਤਾ। ਘਰ ਵੀ ਚੰਗਾ ਪਾ ਲਿਆ।
                  ਇਕਲੌਤੇ ਬੇਟੇ ਸਤਿਗੁਰ ਨੂੰ ਪੜਾ ਕੇ ਖੇਤੀ ਵਿਚ ਪਾ ਦਿੱਤਾ। ਆਖਦੀ ਹੈ ਕਿ ਬੇਟਾ ਲਾਇਕ ਨਿਕਲਿਆ ਹੈ। ਹੁਣ ਸਤਿਗੁਰ ਖੁਦ ਠੇਕੇ ਦੇ ਪੈਲੀ ਲੈਂਦਾ ਹੈ। ਮਾਂ ਨੇ ਥੋੜਾ ਅਰਸਾ ਪਹਿਲਾਂ ਹੀ ਪੁੱਤ ਨੂੰ ਮੱਝਾਂ ਦਾ ਦੁੱਧ ਵੇਚ ਵੇਚ ਕੇ ਟਰੈਕਟਰ ਲੈ ਦਿੱਤਾ। ਆਖਣ ਲੱਗੀ ‘ਸੌ ਹੱਥ ਰੱਸਾ, ਸਿਰੇ ਤੇ ਗੰਢ, ਬੱਸ ਕਿਰਤ ਤੇ ਸਿਰੜ ਦਾ ਪੱਲਾ ਨਹੀਂ ਛੱਡਿਆ।’ ਪਿੰਡ ਜੇਠੂਕੇ (ਬਠਿੰਡਾ) ਦੀ ਮਹਿਲਾ ਗੁਰਮੀਤ ਕੌਰ ਤੇ ਵੀ ਬਿਪਤਾ ਦਾ ਪਹਾੜ ਡਿੱਗਾ ਸੀ। ਜਦੋਂ ਕਿਸਾਨ ਪਤੀ ਗੁਰਚਰਨ ਸਿੰਘ ਖੁਦਕੁਸ਼ੀ ਕਰ ਗਿਆ ਤਾਂ ਉਸ ਨੇ ਵੀ ਭਾਣਾ ਨਹੀਂ ਮੰਨਿਆ। ਇੱਕੋ ਗੱਲ ਦਾ ਪੱਲਾ ਫੜਿਆ ਕਿ ਬੱਚਿਆਂ ਨੂੰ ਕਦੀ ਬਾਪ ਦੀ ਕਮੀ ਦਾ ਅਹਿਸਾਸ ਨਹੀਂ ਹੋਣ ਦੇਣਾ। ਪਤੀ ਦੀ ਮੌਤ ਸਮੇਂ ਦੋ ਲੱਖ ਦਾ ਕਰਜ਼ਾ ਸੀ। ਨੌ ਸਾਲ ਦਾ ਬੇਟਾ ਤੇ ਸੱਤ ਸਾਲ ਦੀ ਬੇਟੀ। ਖੱਡੀ ਦਾ ਕੰਮ ਤੋਰਿਆ ਤੇ ਦੋ ਮੱਝਾਂ ਰੱਖ ਲਈਆਂ। ਬੱਚੇ ਵੀ ਪੜ੍ਹ ਗਏ ਤੇ ਕਰਜ਼ ਵੀ ਉਤਾਰ ਗਿਆ। ਖੱਡੀ ਦਾ ਕੰਮ ਰੁਕਿਆ ਤਾਂ ਸਿਲਾਈ ਦਾ ਕੰਮ ਸ਼ੁਰੂ ਕੀਤਾ। ਘਰ ਬਣਾ ਲਿਆ ਤੇ ਕਿਸੇ ਅੱਗੇ ਹੱਥ ਵੀ ਨਹੀਂ ਅੱਡੇ। ਹਿੰਮਤ ਅੱਗੇ ਹਥਿਆਰ ਸੁੱਟਦੀ ਤਾਂ ਪਿੰਡ ਚੀਮਾ (ਬਰਨਾਲਾ) ਦੀ ਸ਼ਿੰਦਰ ਕੌਰ ਵੀ ਸਰਕਾਰਾਂ ਦੇ ਮੰੂਹ ਵੱਲ ਵੇਖ ਰਹੀ ਹੁੰਦੀ। ਕਿਸਾਨ ਚੰਦ ਸਿੰਘ ਜਦੋਂ ਖੁਦਕੁਸ਼ੀ ਕਰ ਗਿਆ ਤਾਂ ਉਦੋਂ ਹੀ ਘਰ ਵਿਚ ਹਨੇਰ ਪੈ ਗਿਆ। ਵਿਧਵਾ ਸਾਹਮਣੇ ਦੋ ਧੀਆਂ ਤੇ ਇੱਕ ਪੁੱਤ ਦਾ ਭਵਿੱਖ ਸੀ। ਸਿਰ ’ਤੇ ਡੇਢ ਲੱਖ ਦਾ ਕਰਜ਼। ਉਦੋਂ ਗੁਰਬਤ ਨੇ ਵਿਧਵਾ ਦੇ ਪੈਰ ਉਖਾੜ ਦਿੱਤੇ। ਪੈਲੀ ਵਿਕ ਗਈ। ਉਸ ਨੇ ਫੈਕਟਰੀ ਵਿਚ ਦਿਹਾੜੀ ਕਰਨੀ ਸ਼ੁਰੂ ਕੀਤੀ।
          ਉਸ ਨੇ ਕਰਜ਼ ਚੁੱਕ ਕੇ ਮੱਝਾਂ ਰੱਖੀਆਂ ਤੇ ਫਿਰ ਦੁੱਧ ਵੇਚ ਵੇਚ ਕੇ ਕਿਸ਼ਤਾਂ ਤਾਰੀਆਂ। ਬੱਚੇ ਛੋਟੇ ਸਨ। ਦੋਵੇਂ ਧੀਆਂ ਨੂੰ ਪੜਾਇਆ ਤੇ ਫਿਰ ਵਿਆਹ ਕੀਤੇ। ਬਿਨਾਂ ਕਿਸੇ ਤੋਂ ਕੁੱਝ ਮੰਗੇ। ਬੱਸ ਉਸ ਨੂੰ ਆਪਣੇ ਹੱਥਾਂ ਤੇ ਮਾਣ ਰਿਹਾ। ਇਕਲੌਤਾ ਲੜਕਾ ਹੁਣ ਪੋਸਟ ਗਰੈਜੂਏਸ਼ਨ ਕਰ ਰਿਹਾ ਹੈ। ਇਨ੍ਹਾਂ ਅੌਰਤਾਂ ਦੇ ਜਜ਼ਬੇ ਨੂੰ ਸਲਾਮ ਜਿਨ੍ਹਾਂ ਨਿੱਤ ਦੀ ਜੰਗ ਲੜੀ। ਪਿੰਡ ਤਿਉਣਾ ਦੀ ਸੁਖਦੀਪ ਕੌਰ ਦਾ ਪਤੀ ਬਿਮਾਰੀ ਦੀ ਭੇਟ ਚੜ ਗਿਆ। ਦੋ ਕਨਾਲ ਜ਼ਮੀਨ ਵਿਕ ਗਈ। ਇਸ ਮਹਿਲਾ ਨੇ ਖੁਦ ਖੇਤੀ ਕਰਨੀ ਸ਼ੁਰੂ ਕੀਤੀ। ਮੱਝਾਂ ਵੀ ਰੱਖੀਆਂ। ਦੋ ਲੜਕੀਆਂ ਵਿਆਹੀਆਂ ਤੇ ਲੜਕਾ ਫੌਜ ਵਿਚ ਚਲਾ ਗਿਆ। ਹੁਣ ਬੱਚੇ ਆਖਦੇ ਹਨ ‘ ਮਾਂ ਤੂੰ ਤਾਂ ਕਰਜ਼ ਉਤਾਰ ਦਿੱਤਾ, ਹੁਣ ਤੇਰਾ ਕਰਜ਼ ਕਿਵੇਂ ਲਾਹੀਏ’। ਇੱਕ ਵਿਧਵਾ ਦੇ ਬੱਚੇ ਆਖਣ ਲੱਗੇ ‘ ਮਾਂ ਅਸੀਂ ਤਾਂ ਬੂਟ ਵੀ ਨਹੀਂ ਖਰੀਦ ਸਕਦੇ, ਸਾਨੂੰ ਮਰ ਜਾਣਾ ਚਾਹੀਦਾ ਹੈ’। ਮਾਂ ਬੋਲੀ ‘ਅਸੀਂ ਮਰਨਾ ਨਹੀਂ, ਜੀਣਾ ਹੈ।’ ਇਸ ਹਿੰਮਤ ਦਾ ਫਲ ਹੁਣ ਬੱਚੇ ਖਾ ਰਹੇ ਹਨ। ਵੱਡੀ ਗੱਲ, ਇਨ੍ਹਾਂ ਵਿਧਵਾਵਾਂ ਨੇ ਲੋਈ ਨੂੰ ਵੀ ਕੋਈ ਦਾਗ ਨਹੀਂ ਲੱਗਣ ਦਿੱਤਾ। ਕੋਠਾ ਗੁਰੂ ਦੀ ਸੁਖਪ੍ਰੀਤ ਕੌਰ ਦਾ ਪਤੀ ਖੁਦਕੁਸ਼ੀ ਕਰ ਗਿਆ। ਉਸ ਨੇ ਹਿੰਮਤ ਨਾਲ ਦਿਨ ਬਦਲ ਦਿੱਤੇ ਤੇ ਹੁਣ ਲੜਕੀ ਨੂੰ ਵਿਦੇਸ਼ ਭੇਜਿਆ ਹੈ। ਨਰਮਾ ਪੱਟੀ ਦੇ ਸੈਂਕੜੇ ਘਰਾਂ ਦੇ ਹਿੱਸੇ ਸੱਥਰ ਤੇ ਕੀਰਨੇ ਆਏ ਪਰ ਵਿਧਵਾ ਅੌਰਤਾਂ ਦੇ ਪ੍ਰਤੀਬੱਧਤਾ ਨੇ ਵਕਤ ਨੂੰ ਹਰਾ ਦਿੱਤਾ।
                        ਮਾਈ ਭਾਗੋ ਦੇ ਵਿਰਸੇ ਦਾ ਨਗ ਹਨ : ਸੁਰਿੰਦਰ ਢੁੱਡੀਕੇ
ਮਹਿਲਾ ਕਾਰਕੁੰਨ ਸੁਰਿੰਦਰ ਕੌਰ ਰਾਣੋ (ਢੁੱਡੀਕੇ) ਆਖਦੀ ਹੈ ਕਿ ਵਕਤ ਹੁਣ ਢੇਰੀ ਢਾਣ ਵਾਲਾ ਨਹੀਂ, ਬੁਲੰਦ ਹੌਸਲੇ ਤੇ ਅਮੀਰ ਵਿਰਸੇ ਤੋਂ ਅੌਰਤਾਂ ਸੇਧ ਲੈਣ, ਫਿਰ ਕਿਸੇ ਮੂਹਰੇ ਹੱਥ ਅੱਡਣ ਦੀ ਲੋੜ ਨਹੀਂ ਰਹਿਣੀ। ਅਸਲ ਵਿਚ ਇਹ ਅੌਰਤਾਂ ਚਾਨਣ ਮੁਨਾਰਾ ਹਨ ਜਿਨ੍ਹਾਂ ਦੀ ਹੌਸਲਾ ਅਫਜਾਈ ਹੋਣੀ ਚਾਹੀਦੀ ਹੈ ਜੋ ਮਾਈ ਭਾਗੋ ਦੀਆਂ ਵਾਰਸ ਹਨ।





2 comments:

  1. ਬਾਈ ਇਨਾ ਨੂ ਮਹਿਲਾ ਦਿਵਸ ਤੇ ਵਿਸੇਸ ਸਨਮਾਨ ਕਰਨਾ ਬਣੰਦਾ ਹੈ. ਤੇ ਜੋ ਹੁਣੇ ਜਿਹੇ ਕਪਟੈਨ ਸਰਕਾਰ ਨੇ ਕਰਜ਼ੇ ਮੁਆਫ ਕੀਤੇ ਹਨ - ਇਨਾ ਨੂ ਵੀ 2 -2 ਲਖ ਦਵਾਓ, ਕਿਰਪਾ ਕਰਕੇ ਜੀ
    ਇਹ ਸਚ ਮੁਚ ਹੀ ਸਿਖੀ ਤੇ ਮਾਈ ਭਾਗੋ ਜੀ ਦੀਆਂ ਵਾਰਸ ਹਨ. ਪ੍ਰਮਾਤਮਾ ਮੇਰੇ ਸੋਹਣੇ ਪੰਜਾਬ ਨੂ- ਜੋ ਭਾਵੇ 1/5 ਹੀ ਰਹਿ ਗਿਆ ਹੈ ਨਲਾਇਕ male leaders ਕਰਕੇ - ਪੰਜਾਬ ਨੂ ਚੜਦੀ ਕਲਾ ਵਿਚ ਰਖੇ ਜੀ

    ReplyDelete