Sunday, March 24, 2019

                                                          ਵਿਚਲੀ ਗੱਲ    
                                 ਸੌਂ ਜਾ ਚੌਕੀਦਾਰਾ ਨਹੀਂ ਤਾਂ ਗੱਬਰ ਆ ਜੂ..!
                                                          ਚਰਨਜੀਤ ਭੁੱਲਰ
ਬਠਿੰਡਾ : ਭਰਪੂਰ ਸਿੰਘ ਦਾ ਹੁਣ ਚਿੱਤ ਨਹੀਂ ਟਿਕਦਾ। ਚਿਹਰੇ ਤੇ ਸਹਿਮ ਤੇ ਸਿਰ ’ਤੇ ਦੁੱਖਾਂ ਦੀ ਗਠੜੀ। ਮੁੰਡੇ ਪੜ੍ਹਨੋਂ ਹਟਾ ਲਏ, ਦੋ ਪੋਤੇ ਗੁਆ ਲਏ, ਖਾਤੇ ਵੀ ਖੁਲ੍ਹਾ ਲਏ। ਪੈਸੇ ਫਿਰ ਨੀ ਆਏ, ਤੁਸੀਂ ਦੱਸੋ, ਜਾਏ ਤਾਂ ਹੁਣ ਕਿਧਰ ਜਾਏ। ਜ਼ਿੰਦਗੀ ਭਰ ਖੋਖੇ ’ਤੇ ਚਾਹ ਵੇਚੀ, ਭਾਗ ਕਿਉਂ ਨਾ ਬਦਲੇ। ਬਿਮਾਰੀ ਆਈ, ਖੋਖਾ ਬੰਦ ਕਰਾ ਗਈ। ਭਰਪੂਰ ਸਿੰਘ ਇਕੱਲਾ ‘ਚਾਹ ਵਾਲਾ’ ਨਹੀਂ, ਪਟਿਆਲੇ ਦੇ ਪਿੰਡ ਸਵਾਜਪੁਰ ਦਾ ਚੌਕੀਦਾਰ ਵੀ ਹੈ। ਉਹ ਵੀ ਵੀਹ ਵਰ੍ਹਿਆਂ ਤੋਂ। ਸਮਝੋ ਪੂਰੀ ਤਰ੍ਹਾਂ ਬਾਹਰ ਹੈ, ਉੱਲੂ ਵਾਂਗੂ ਉਹ ਜਾਗਿਆ, ਉੱਲੂ ਕੋਈ ਹੋਰ ਹੀ ਸਿੱਧਾ ਕਰ ਗਿਐ। ਹੁਣ ਸਿਆਸੀ ‘ਗੱਬਰ’ ਤਾਂ ਮੁੜ ਬੁੱਕੇ ਨੇ, ਤਾਹੀਂ ਭਰਪੂਰ ਠਠੰਬਰ ਗਿਆ ਹੈ। ਫਰੰਗੀ ਰਾਜ ’ਚ ਚੌਕੀਦਾਰ ਪੀਪੇ ਖੜਕਾਉਂਦੇ ਸਨ। ਅੱਜ ਦੇ ‘ਚੌਕੀਦਾਰ’ ਮੁਲਕ ਖੜਕਾ ਜਾਂਦੇ ਨੇ, ਉਹ ਵੀ ਅੱਖ ਦੇ ਫੋਰੇ ਨਾਲ, ਹਿੰਮਤ ਨੂੰ ਦਾਦ। ਭਰਪੂਰ ਸਿੰਘ ਅੱਕਿਆ ਬੈਠਾ। ਚਾਹ ਵੀ ਵੇਚ ਲਈ, ਚੌਕੀਦਾਰੀ ਵੀ ਕਰ ਲਈ। ਨਾ ਦਿਨ ਬਦਲੇ ਤੇ ਨਾ ਰਾਤ। ਕਰਾਂ ਤਾਂ ਕੀ ਕਰਾਂ। ਚੌਕੀਦਾਰ ਮਹਿੰਗਾ ਸਿੰਘ ਦੀ ਮੰਨ ਲੈ। ਮੋਟੇ ਅੱਖਰਾਂ ’ਚ ਲਿਖ ‘ਮੈਂ ਭੀ ਉੱਲੂ’। ਐਵੇਂ ਨੀਂ ਗਾਲ੍ਹੜ ਪਟਵਾਰੀ ਬਣੇ। ਪਿੰਡ ਅਰਾਈਆਂ ਵਾਲਾ ਕਲਾਂ (ਫਰੀਦਕੋਟ) ’ਚ ਚਾਲੀ ਵਰ੍ਹਿਆਂ ਤੋਂ ‘ਜਾਗਦੇ ਰਹੋ’ ਦਾ ਹੋਕਾ ਦੇ ਰਿਹਾ। ਮਹਿੰਗਾ ਸਿੰਘ ਦਾ ਤਜਰਬਾ ਬੋਲਦੇ। ਗੱਦੀ ਬਦਲਦੀ ਹੈ, ਲੋਕਾਂ ਦੀ ਜ਼ਿੰਦਗੀ ਨਹੀਂ। ਮਹਿੰਗਾ ਸਿੰਘ ਛੋਟਾ ਸੀ ਤਾਂ ਬਾਪ ਗੁਜਰ ਗਿਆ। ਬਾਪ ਬਣਿਆ ਤਾਂ ਚਾਰ ਪੁੱਤ ਗੁਜਰ ਗਏ। ਮਹਿੰਗੇ ਦੀ ਜ਼ਿੰਦਗੀ ਵੀ ਸਸਤੇ ’ਚ ਗੁਜਰ ਗਈ। ਤਾਹੀਂ ਭੇਖੀਆਂ ਨੇ ਹੋਕਾ ਦਿੱਤੈ ‘ ਮੈਂ ਭੀ ਚੌਕੀਦਾਰ’।
                 ਗੁਲਾਬਗੜ੍ਹ (ਬਠਿੰਡਾ) ਦਾ ਚੌਕੀਦਾਰ ਬਿੰਦਰ ਸਿੰਘ ਆਖਦੈ ‘ਮਹਿੰਗਾ ਸਿਆਂ, ਦਿਲ ਹੌਲਾ ਨਾ ਕਰ’। ‘ਛਪੰਜਾ ਇੰਚ’ ’ਤੇ ਗੁੱਸਾ ਕਾਹਦਾ। ਵੱਡਾ ਨਾਢੂ ਖਾਂ, ਮੇਰੇ ਕੱਚੇ ਕਮਰੇ ’ਚ ਪੰਜ ਮਿੰਟ ਬਹਿ ਕੇ ਦਿਖਾਵੇ। ਚੱਕ ਮਹਿਮਾ (ਬਟਾਲਾ) ਦਾ ਨੌਜਵਾਨ ਚੌਕੀਦਾਰ ਯੂਸਫ਼ ਮਸੀਹ ਖੁਦਕੁਸ਼ੀ ਕਰ ਗਿਆ। ਮਾਂ ਆਖਦੀ ਹੈ ਕਿ ਬਿਨਾ ਪੁੱਤ ਤੋਂ ਕੋਈ ਰਹਿ ਕੇ ਦਿਖਾਵੇ। ਭਾਈਰੂਪੇ ਦੇ ਛੜੇ ਚੌਕੀਦਾਰ ਸਾਧੂ ਸਿੰਘ ਨੇ ਵੀ ਢਿੱਡ ਫਰੋਲਿਐ। ਅਖੇ, ਬੀਵੀ ਬਿਨਾਂ ਕਾਹਦੀ ਜ਼ਿੰਦਗੀ। ਦੇਸ਼ ਦਾ ਚੌਕੀਦਾਰ, ਸਾਧੂ ਨਾਲ ਸਹਿਮਤ ਨਹੀਂ। ਸੰਧੂ ਖੁਰਦ ਦੇ ਚੌਕੀਦਾਰ ਬਲਵਿੰਦਰ ਦੇ ਪਿਉ ਦਾਦੇ ਵੀ ਚੌਕੀਦਾਰ ਸਨ। ਭਲੇ ਵੇਲਿਆਂ ’ਚ ਕਾਲਜ ਗਿਆ, ਮਗਰੋਂ ੳੱੁਚ ਵਿੱਦਿਆ ਅੱਧ ਵਿਚਾਲੇ ਛੱਡ ਦਿੱਤੀ। ਆਖਦੈ, ਪਹਿਲਾਂ ਕਰਮ ਮਾਰ ਗਏ ਤੇ ਹੁਣ  ਮੋਦੀ। ਜੋਗਾਨੰਦ ਦੇ ਗੁਰਦੇਵ ਦਾ ਘਰ ਕੱਚਾ ਹੈ। ਚੌਕੀਦਾਰੀ ਵੀ ਕਰਦੈ, ਨਾਲੇ ਬੱਕਰੀਆਂ ਚਾਰਦੈ। ਜ਼ਿੰਦਗੀ ਤੋਂ ਸਤਿਆ ਆਖਦੈ, ‘ਕੇਹਾ ਚੌਕੀਦਾਰ ਐ, ਦੇਸ਼ ਨੂੰ ਹੀ ਚਾਰੀ ਜਾਂਦੈ।’ ਅੱਕਿਆ ਤਾਂ ਚੌਕੀਦਾਰ ਨਛੱਤਰ ਵੀ ਪਿਐ। ਕੋਈ ਪੇਸ਼ ਤਾਂ ਚੱਲੇ। ਬੁੜ ਬੁੜ ਕਰਦਾ ਫਿਰਦੈ, ‘ਮੈਨੂੰ ਤਾਂ ਏਹ ਰੰਗਾ-ਬਿੱਲਾ ਲੱਗਦੇ ਨੇ।’ ਟੇਵਾ ਆਪੋ ਆਪਣਾ, ਨਿਹਾਲੇ ਚੌਕੀਦਾਰ ਨੂੰ ਇਹ ‘ਗੰਗਾ ਦੇ ਪੰਡਤ’ ਲੱਗੀ ਜਾਂਦੇ ਨੇ। ਕੋਈ ਮਾਈ ਦਾ ਲਾਲ ਹੈ, ਜਿਨ੍ਹਾਂ ਨੂੰ ਇਨ੍ਹਾਂ ਦੇ ਦੁੱਖ ਵੀ ਆਪਣੇ ਲੱਗਣ।
               ‘ ਮੈਂ ਭੀ ਚੌਕੀਦਾਰ’ ਹੈਸ਼ਟੈਗ ਨਾਲ ਸਾਹਿਰ ਲੁਧਿਆਣਵੀ ਦੀ ਇਹ ਤੁਕ ‘ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗ਼ਰੀਬੋ ਕੀ ਮਹੱਬਤ ਕਾ ਉੜਾਯਾ ਹੈ ਮਜ਼ਾਕ’ ਬਿਲਕੁਲ ਖਹਿੰਦੀ ਐ। ਪ੍ਰਧਾਨ ਸਤਿਗੁਰ ਮਾਝੀ ਦੱਸਦਾ ਹੈ, ਪੰਜਾਬ ’ਚ 12 ਹਜ਼ਾਰ ਚੌਕੀਦਾਰ ਨੇ, 1250 ਰੁਪਏ ਮਹੀਨੇ ਦੇ ਮਿਲਦੇ ਨੇ, ਹਰਿਆਣਾ 7500 ਦਿੰਦਾ ਹੈ। ਮਹਾਂਪੁਰਸ਼ ਆਖਦੇ ਹਨ ‘ ਦੁੱਖ ਇੱਕ ਐਸਾ ਚੌਕੀਦਾਰ ਹੈ ਜੋ ਅਕਲ ਨੂੰ ਸੌਣ ਨਹੀਂ ਦਿੰਦਾ।’ ਉਧਰ ਸ਼ੋਲੇ ਫਿਲਮ ਦਾ ਗੱਬਰ ਰਾਮਗੜ੍ਹ ਦਾ ਅਸਲੀ ਚੌਕੀਦਾਰ ਬਣਿਆ ਫਿਰਦੈ। ਗੱਬਰ ਦੇ ਹੁੰਦੇ ਫਿਰ ਕਾਹਦਾ ਚੈਨ। ਹੁਣ ਤਾਂ ਮੁਲਕ ਵੀ ਰਾਮਗੜ੍ਹ ਲੱਗਦੈ। ਜੁਮਲੇ ਤੇ ਜੁਮਲਾ। ਦੇਸ਼ ਨੂੰ ਧਰਨ ਪਾ ਰੱਖੀ ਹੈ। ਹੁਣ ਚੌਕੀਦਾਰ ਚੌਕੀਦਾਰ ਖੇਡਣ ਲੱਗੇ ਨੇ। ਕਾਕਾ ਰਾਹੁਲ ਆਖਦੈ, ‘ਚੌਕੀਦਾਰ ਚੋਰ ਹੈ’। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਬਘੇਲਾ ਨਾਲ ਜੱਗੋਂ ਤੇਰ੍ਹਵੀਂ ਹੋਈ। ਘਰ ਚੋਰੀ ਹੋ ਗਈ, ਬੰਘੇਲਾ ਦਾ ਚੌਕੀਦਾਰ ਹੀ ਚੋਰ ਨਿਕਲਿਆ। ਨੀਰਵ ਮੋਦੀ ਲੰਡਨ ਦੀ ਸੜਕ ’ਤੇ ਨਿਕਲਿਆ। ‘ਟੈਲੀਗਰਾਫ’ ਵਾਲਿਆਂ ਨੇ ਪੈੜ੍ਹ ਨੱਪ ਲਈ। ਪਿਆਰੇ ਨੀਰਵ, ਹੁਣੇ ਲੰਡਨ ਦੀ ਜੇਲ੍ਹ ’ਚ ਹੋਲੀ ਖੇਡ ਕੇ ਹਟੇ ਨੇ। ਭੈਣ ਮਾਇਆਵਤੀ ਦੀ ਸੁਣੋ, ‘ਮੋਦੀ ਬੰਦਿਆਂ, ਪਹਿਲਾਂ ਕੇਤਲੀ ਚੁੱਕੀ ਤੇ ਹੁਣ ਚੌਕੀਦਾਰੀ।’ ਬਾਹਰਲੇ ਮੋਦੀ ਵੀ ਢੋਲੇ ਦੀਆਂ ਲਾ ਰਹੇ ਨੇ। ਬਾਹਰੋਂ ਤਾਂ ਕਾਲਾ ਧੰਨ ਆਇਆ ਨਹੀਂ, ਬੈਂਕਾਂ ਲੁੱਟ ਕੇ ਫੁਰਰ ਕਾਫ਼ੀ ਹੋ ਗਏ ਨੇ। ਦੇਸ਼ ਝਾਕਦਾ ਰਹਿ ਗਿਐ।
                  ਲੋਕ ਕਵੀ ਗੁਰਦਾਸ ਰਾਮ ਆਲਮ ਦੇ ਇਹ ਬੋਲ ਢੁਕਵੇਂ ਜਾਪਦੇ ਨੇ , ‘ਲੰਮੇ ਪੈ ਗਏ ਪੈਰ ਸੁੰਘ ਕੇ, ਕੁੱਤਾ ਭੌਂਕਿਆ ਨਾ ਕੋਈ ਵੀ ਸ਼ਿਕਾਰੀ, ਬਿਟ ਬਿੱਟ ਝਾਕਦੇ ਰਹੇ, ਚੌਕੀਦਾਰ ਤੇ ਲੰਬੜ ਪਟਵਾਰੀ।’ ਉਧਰ ਲੰਬੜਾਂ ਦੀ ਚੁੱਕੀ ਸਮਿਰਤੀ ਇਰਾਨੀ ਨੇ ਮੁੜ ਅਮੇਠੀ ’ਚ ਜਾ ਆਡਾ ਲਾਇਐ। ਚਾਪਲੂਸੀ ਦੀ ਕੋਈ ਹੱਦ ਹੁੰਦੀ ਤਾਂ ਦੇਸ਼ ਦਾ ਚੌਕੀਦਾਰ ‘ਫਕੀਰ’ ਨਾ ਬਣਦਾ। ਜਦੋਂ ਫਕੀਰ ਨੂੰ ਗੱਦੀ ਮਿਲੀ, ਉਦੋਂ ਚੱਲ ਅਚੱਲ ਸੰਪਤੀ 1.26 ਕਰੋੜ ਸੀ, ਹੁਣ 2.28 ਕਰੋੜ। ਅੰਬਾਨੀ ਤਾਂ ਇੱਕ ਇੰਚ ਵੀ ਬਾਹਰ ਨਹੀਂ। ਘੁੱਗੀ ਕੀ ਜਾਣੇ, ਪੱਤਣਾਂ ਦੇ ਤਾਰੂਆਂ ਨੂੰ। ਟਰੰਪ ਆਪਣੇ ਆਪ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਤਾਰੂ ਸਮਝਦੈ। ਸਾਡੇ ਫਕੀਰ ਦੀ ਰੀਸ ’ਚ ਕੱਲ ਨੂੰ ਟਰੰਪ ਆਖੂ ‘ਮੈਂ ਦੁਨੀਆ ਦਾ ਚੌਕੀਦਾਰ।’ ਟਿੱਚਰਾਂ ਨੂੰ ਲੋਕ ਹੀ ਲੱਭੇ ਨੇ। ਕਈ ਸਰਕਾਰੀ ਮਹਿਕਮੇ ਆਖਦੇ ਨੇ, ਦਸਵੀਂ ਪਾਸ ਨੂੰ ਮਿਲੂ ਚੌਕੀਦਾਰੀ। ਕਤਾਰਾਂ ’ਚ ਪੀ.ਐਚ.ਡੀ ਤੱਕ ਲੱਗਦੇ ਨੇ। ਭਾਜਪਾ ਦੇ 11 ਚੌਕੀਦਾਰ (ਐਮ.ਪੀ) ਅੰਡਰ ਮੈਟ੍ਰਿਕ ਹਨ। ਵਿਹਲ ਮਿਲੇ ਤਾਂ ਰੰਗੇ ਬਿੱਲੇ ਦੀ ਜੋੜੀ ਪੁਰਾਣੀ ਫਿਲਮ ‘ਚੌਕੀਦਾਰ’ ਦਾ ਗਾਣਾ ਜਰੂਰ ਸੁਣੇ ‘ਯੇ ਦੁਨੀਆ ਨਹੀਂ ਜਗੀਰ ਕਿਸੀ ਕੀ’। ਜਿਵੇਂ ਕਹਿੰਦੇ ਨੇ ਕਿ ‘ਜੌਂ ਲਿਸ਼ਕੇ, ਯਾਰ ਖਿਸਕੇ’, ਇਨ੍ਹਾਂ ਨੇ ਗਾਣਿਆਂ ਤੋਂ ਕੀ ਲੈਣੇ, ਮੁੱਠੀ ’ਚ ਜਦੋਂ ਦੁਨੀਆ ਐ। ਫਿਰ ਵੀ ਵਕਤ ਮਿਲੇ ਤਾਂ ਉਨ੍ਹਾਂ ਘਰਾਂ ’ਚ ਗੇੜਾ ਮਾਰਨ ਜਿਨ੍ਹਾਂ ਦੇ ਚੁੱਲ੍ਹੇ ਠੰਢੇ ਪਏ ਨੇ। ਗੈਸੀ ਚੁੱਲ੍ਹੇ ਵੰਡਤੇ, ਅਖੇ ਮੁਫ਼ਤ ਨੇ, ਲੈ ਲਓ, ਪਤਾ ਉਦੋਂ ਲੱਗਾ ਜਦੋਂ ਸਬਸਿਡੀ ਕਿਸ਼ਤ ’ਚ ਕੱਟ ਲਈ।
                  ਅਕਾਲੀ ਗੁੱਸਾ ਕਰ ਗਏ। ਕਹਿੰਦੇ, ਕਾਬਲ ਚੌਕੀਦਾਰ ਤਾਂ ਮੋਦੀ ਹੀ ਹੈ, ਕੱਲ ਦੇ ਜਵਾਕਾਂ ਤੋਂ ਕਿਥੇ ਦੇਸ਼ ਚੱਲਣੈ। ਸੁਖਬੀਰ ਬਾਦਲ ਦਾ ਤਰਕ ਹੈ, ‘ਡਾਕਟਰ ਦਾ ਮੁੰਡਾ ਡਾਕਟਰ ਬਣ ਸਕਦੈ, ਤਾਂ ਲੀਡਰ ਦਾ ਮੁੰਡਾ ਲੀਡਰ ਕਿਉਂ ਨਹੀਂ’। ਸਵਾਜਪੁਰ ਵਾਲਾ ਚੌਕੀਦਾਰ ਭਰਪੂਰ ਸਿੰਘ ਐਵੇਂ ਨਹੀਂ ਕੰਬਿਆ। ਜਰੂਰੀ ਨਹੀਂ ਹੁੰਦਾ, ਤੀਲੀ ਨਾਲ ਹੀ ਅੱਗ ਬਲੇ, ਤਪੇ ਹੋਏ ਚਿਹਰੇ ਵੀ ਭਾਂਬੜ ਮਚਾ ਦਿੰਦੇ ਨੇ। ਸਿਆਸੀ ਗੱਬਰ ਇਹ ਗੱਲ ਵੀ ਨਾ ਭੁੱਲਣ। ਮੱਚਦੀ ਅੱਗ ਵਿਚ ਫਿਰ ਕੋਈ ਨਹੀਂ ਖੜਦਾ। ਕੋਈ ਗੱਲ ਸੋਚ ਕੇ ਹੀ ਸੰਤ ਰਾਮ ਉਦਾਸੀ ਨੇ ਲਿਖਿਐ ਹੋਣੈ, ‘ਕੱਲ ‘ਜੈਲੂ’ ਚੌਕੀਦਾਰ ਦਿੰਦਾ ਫਿਰੇ ਹੋਕਾ, ਆਖੇ ਖੇਤਾਂ ਵਿਚ ਬੀਜੋ ਹਥਿਆਰ’। ਆਈ ਤੇ ਆ ਜਾਵੇ ਤਾਂ ਈਵੀਐਮ ਵੀ ਚੰਗਿਆੜੇ ਕੱਢ ਦਿੰਦੀ ਐ। ਮਹਿੰਗਾ ਸਿਆਂ, ਇਕੱਲਾ ਜਗਾਉਂਦਾ ਨਾ ਰਹੀ, ਵੋਟ ਜਰੂਰ ਪਾ ਕੇ ਆਈ।
   

No comments:

Post a Comment